Marhi Da Deeva (Kahani Roop) : Gurdial Singh
'ਮੜ੍ਹੀ ਦਾ ਦੀਵਾ' ਨਾਵਲ ਦੀ ਕਹਾਣੀ : ਗੁਰਦਿਆਲ ਸਿੰਘ
ਇਹ ਨਾਵਲ ਪੰਜਾਬ ਦੇ ‘ਮਾਲਵਾ’ ਇਲਾਕੇ ਨਾਲ ਸੰਬੰਧਤ ਉਨ੍ਹਾਂ ਲੋਕਾਂ ਦੀ ਕਹਾਣੀ ਨੂੰ ਪੇਸ਼ ਕਰਦਾ ਹੈ ਜੋ ਉਸ ਸਮੇਂ ਦੀ ਪੰਜਾਬ ਦੀ ਜਾਗੀਰਦਾਰੀ-ਪ੍ਰਥਾ ਨਾਲ ਜੂਝਦੇ ਹਨ । ਇਹ ਲੋਕ ਹੱਡ-ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਅਤਿ ਗਰੀਬੀ ਦਾ ਜੀਵਨ ਭੋਗਦੇ ਹਨ । ਨਾਵਲਕਾਰ ਨੇ ਨਾਵਲ ਵਿਚਲੇ ਮੁੱਖ ਪਾਤਰ ਜਗਸੀਰ ਅਤੇ ਉਸ ਦੀ ਮਾਂ ਨੰਦੀ ਦੇ ਡੂੰਘੇ ਸੰਤਾਪ ਦੀ ਕਥਾ ਨੂੰ ਉਲੀਕਣ ਦਾ ਯਤਨ ਕੀਤਾ ਹੈ । ਇਸ ਵਿਚਲੇ ਪੇਂਡੂ ਲੋਕ ਦਿਆਨਤਦਾਰ ਭੋਲੇ ਭਾਲੇ ਤੇ ਵਫ਼ਾਦਾਰ ਹੋਣ ਦੇ ਬਾਵਜੂਦ ਸੰਤਾਪ ਭੋਗਦੇ ਹਨ। ਪਰ ਆਪਣੇ ਮਿੱਟੀ ਦੇ ਮੋਹ ਨਾਲ ਪੂਰੀ ਸ਼ਿਦਤ ਨਾਲ ਬੱਝੇ ਰਹਿੰਦੇ ਹਨ । ਇਹ ਜਿੰਦਗੀ ਭਰ ਆਪਣੀਆਂ ਸਧਰਾਂ ਤੇ ਇਛਾਵਾਂ ਦਾ ਗਲਾ ਘੋਟਦੇ ਰਹਿੰਦੇ ਹਨ, ਪਰ ਸੰਘਰਸ਼ ਕਰਨ ਪ੍ਰਤੀ ਜਾਗਰੂਕ ਨਹੀਂ ਹੁੰਦੇ ।
ਨਾਵਲ ਦੀ ਅਰੰਭਲੀ ਸਥਿਤੀ ਵਿਚ ਨਾਵਲ ਦੇ ਮੁੱਖ ਪਾਤਰ ਜਗਸੀਰ ਦੀ ਬਿਰਧ ਮਾਂ ਨੰਦੀ ਆਪਣੀ ਝੁੱਕੀ ਕਮਰ ਤੇ ਕੰਬਦੀ ਦੇਹ ਨਾਲ ਡੰਗੋਰੀ ਫੜੀ ਸੂਟ੍ਹੀ ਦੇ ਘਰ ਆਉਂਦੀ ਹੈ । ਨੰਦੀ ਨੂੰ ਆਪਣੇ ਵਿਹੜੇ ਵਿਚ ਬੈਠਿਆਂ ਹੀ ਝਾਉਲਾ ਪੈਂਦਾ ਹੈ ਕਿ ਕੋਈ ਬੰਦਾ ਸੂਟ੍ਹੀ ਦੇ ਘਰੋਂ ਨਿਕਲ ਕੇ ਬਈ ਵਲ ਤੁਰਿਆ ਹੈ । ਨੰਦੀ ਨੇ ਜਦੋਂ ਉਸ ਨੂੰ ਇਸ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਉਸਦਾ ਭੂਆ ਦਾ ਪੁੱਤਰ ਆਪਣੀ ਮੁਟਿਆਰ ਧੀ ਲਈ ਘੁੱਦੇ ਦੇ ਮੁੰਡੇ ਨੂੰ ਵੇਖਣ ਆਇਆ ਸੀ । ਇਹ ਸੁਣ ਕੇ ਨੰਦੀ ਨੂੰ ਆਪਣੇ ਪੁੱਤਰ ਦੇ ਵਿਆਹ ਦਾ ਗ਼ਮ ਇਕ ਵਾਰੀ ਫੇਰ ਖਾਣ ਲਗਦਾ ਹੈ । ਉਸਦਾ ਜਗਸੀਰ ਬਿਆਲੀ ਕੁ ਵਰ੍ਹਿਆਂ ਦਾ ਹੋ ਚੁੱਕਾ ਸੀ । ਇਸ ਤੋਂ ਇਲਾਵਾ ਜਗਸੀਰ ਦਾ ਵਿਆਹ ਨਾ ਹੋਣ ਦਾ ਕਾਰਨ ਉਸਦਾ ਗਰੀਬ ਹੋਣਾ, ਛੋਟੀ ਜਾਤ ਦਾ ਹੋਣਾ ਅਤੇ ਉਸਦੇ ਨਾਨਕਿਆਂ ਦਾ ਨਾ ਹੋਣਾ ਸੀ । ਨੰਦੀ ਵੀ ਉੱਚਾ ਸੁਣਦੀ ਸੀ ਜਿਸ ਕਾਰਨ ਕੋਈ ਵੀ ਔਰਤ ਉਸ ਕੋਲ ਬੈਠ ਕੇ ਰਾਜ਼ੀ ਨਹੀਂ ਸੀ ।
ਨੰਦੀ ਦੀਆਂ ਚਾਰ ਧੀਆਂ ਤੇ ਇਕੋ ਇਕ ਪੁੱਤ ਜਗਸੀਰ ਸੀ । ਉਸਨੇ ਖੂਬ਼ ਚਾਵ੍ਹਾਂ ਨਾਲ ਤੇ ਤਕਲੀਫਾਂ ਨਾਲ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ। ਪਰ ਉਸ ਦਾ ਵਿਆਹ ਨਾ ਕਰਵਾ ਸਕੀ । ਪੰਦਰ੍ਹਾ ਕੁ ਵਰ੍ਹੇ ਪਹਿਲਾਂ ਜਗਸੀਰ ਦਾ ਪਿਉ ਮਰ ਚੁੱਕਾ ਸੀ । ਨੰਦੀ ਨੇ ਬੜੇ ਤਰਲੇ ਕੀਤੇ ਕਿ ਉਸਦਾ ਪਤੀ ਕਿਸੇ ਨੂੰ ਪੈਸੇ ਦੇ ਕੇ ਪੁੱਤਰ ਦਾ ਵਿਆਹ ਕਰਵਾ ਦੇਵੇ, ਪਰ ਉਸ ਨੇ ਨੰਦੀ ਦੀ ਇਕ ਨਾ ਸੁਣੀ । ਉਸ ਨੇ ਆਪਣੀਆਂ ਚਾਰਾਂ ਧੀਆਂ ਦਾ ਵਿਆਹ ਤਾਂ ਕਰ ਦਿੱਤਾ, ਪਰ ਚਾਰੋਂ ਸੁੱਖੀ ਨਹੀਂ ਸਨ । ਪੇਕਿਆਂ ਵਿੱਚੋਂ ਕੋਈ ਹੈ ਨਹੀਂ ਸੀ, ਜੋ ਉਸ ਦਾ ਸਾਥ ਦੇਂਦਾ । ਅਸਲ ਵਿਚ ਨੰਦੀ ਸਾਂਹਸੀਆਂ ਦੀ ਧੀ ਸੀ । ਉਸਦੇ ਟੱਪਰੀਵਾਸ ਮਾਪੇ ਜਦੋਂ ਦੇਸ-ਪਰਦੇਸ਼ ਘੁੰਮਦੇ ਆਏ ਤਾਂ ਉਸ ਦਾ ਮੇਲ ਜਗਸੀਰ ਦੇ ਪਿਉ ਨਾਲ ਹੋ ਗਿਆ ਸੀ । ਉਸ ਨੇ ਘਰੋਂ ਨੱਸ ਕੇ ਉਸ ਨਾਲ ਵਿਆਹ ਕਰਵਾ ਲਿਆ ਸੀ, ਜਿਸ ਕਾਰਨ ਉਸ ਦੇ ਪੇਕਿਆਂ ਨੇ ਉਸ ਨਾਲੋਂ ਰਿਸ਼ਤਾ ਤੋੜ ਦਿੱਤਾ ਸੀ । ਨੰਦੀ ਆਪਣੇ ਅੰਦਰਲੇ ਦੁੱਖ ਨੂੰ ਆਪਣੇ ਪੁੱਤਰ ਨਾਲ ਸਾਂਝਾ ਕਰਦੀ ਹੈ ਅਤੇ ਜਗਸੀਰ ਆਪਣੀ ਮਾਂ ਦੇ ਦੁੱਖਾਂ ਨੂੰ ਸੁਣ ਕੇ ਉਸਦਾ ਧਿਆਨ ਹੋਰ ਪਾਸੇ ਲਗਾਉਣ ਲਈ ਆਪਣੇ ਖੇਤਾਂ ਦੀ ਗੱਲ ਕਰਨ ਲਗ ਪੈਂਦਾ ਹੈ । ਨੰਦੀ ਆਪਣੀ ਸਦੂੰਕੜੀ ਵਿੱਚੋਂ ਥੋੜੇ ਜਿਹੇ ਪੈਸੇ ਦੇ ਕੇ ਸਾਮਾਨ ਲਿਆਉਣ ਲਈ ਆਖਦੀ ਹੈ ਅਤੇ ਨਾਲ ਹੀ ਉਸ ਨੂੰ ਚਿਤਾਵਨੀ ਦਿੰਦੀ ਹੈ ਕਿ ਉਹ ਉਸ ਦੇ ਮਰਨ ਤਕ ਕਦੀ ਵੀ ਸਦੂੰਕੜੀ ਨੂੰ ਨਾ ਹੱਥ ਲਾਵੇ ਅਤੇ ਇਸ ਵਿਚ ਬਚੇ ਰੁਪਇਆਂ ਨਾਲ ਉਸ ਉਪਰ ਕਫ਼ਨ ਪਾ ਦੇਵੇ । ਇਸ ਗਲ ਨੁੰ ਮਜ਼ਾਕ ਵਲ ਲਿਜਾਉਂਦਿਆ ਜਗਸੀਰ ਮਾਂ ਨੂੰ ਦੁਸ਼ਾਲਾ ਪਾਵੇਗਾ ਕਹਿ ਕੇ ਹਸਾਉਂਦਾ ਹੈ ।
ਜਗਸੀਰ ਜਿਹਨਾਂ ਖੇਤਾਂ ਨੂੰ ਆਪਣਾ ਮੰਨਦਾ ਹੈ। ਅਸਲ ਵਿਚ ਉਹ ਪਿੰਡ ਦੇ ਇਕ ਭੱਦਰ ਪੁਰਸ਼ ਧਰਮ ਸਿੰਘ ਦੇ ਹਨ । ਇਹਨਾਂ ਖੇਤਾਂ ਵਿਚ ਪਹਿਲਾਂ ਉਸਦਾ ਪਿਤਾ ਕੰਮ ਕਰਦਾ ਸੀ ਤੇ ਹੁਣ ਉਹ ਉਹ ਰੋਜ਼ ਸਵੇਰੇ ਉੱਠ ਕੇ ਤਿਆਰ ਹੋ ਕੇ ਚਾਹ ਪੀਣ ਤੋਂ ਬਾਅਦ ਧਰਮ ਸਿੰਘ ਦੇ ਘਰੋਂ ਬਲਦ ਲੈ ਕੇ ਖੇਤਾਂ ਵਲ ਜਾਂਦਾ ਹੈ । ਧਰਮ ਸਿੰਘ ਦਾ ਪੁੱਤਰ ਭੰਤਾ ਸਿੰਘ ਜਗਸੀਰ ਨੂੰ ਪਸੰਦ ਨਹੀਂ ਕਰਦਾ ਅਤੇ ਉਸ ਦੇ ਵਿਰੁਧ ਹੈ । ਪਰ, ਧਰਮ ਸਿੰਘ ਆਪਣੇ ਪੁੱਤਰ ਦੀ ਪਰਵਾਹ ਨਹੀਂ ਕਰਦਾ । ਉਹ ਜਗਸੀਰ ਨੂੰ ਆਪਣਾ ਪੁੱਤਰ ਹੀ ਸਮਝਦਾ ਹੈ ਕਿਉੰਕਿ ਉਸਦੇ ਪਿਤਾ ਨੇ ਹਮੇਸ਼ਾ ਉਸਦਾ ਸਾਥ ਦਿੱਤਾ ਸੀ । ਉਸ ਨੇ ਇਕ ਪੈਲੀ ਜਗਸੀਰ ਨੂੰ ਦੇ ਦਿੱਤੀ ਹੋਈ ਹੈ । ਭੰਤਾ ਇਸ ਪੈਲੀ ਨੂੰ ਜਗਸੀਰ ਕੋਲੌਂ ਵਾਪਸ ਲੈਣਾ ਚਾਹੁੰਦਾ ਹੈ । ਜਗਸੀਰ ਦੀ ਪੈਲੀ ਦੀ ਹਾਲਤ ਬੜੀ ਖ਼ਰਾਬ ਹੈ। ਪਰ ਉਹ ਭੰਤੇ ਨੂੰ ਪਾਣੀ ਦੇਣ ਲਈ ਕਹਿਣ ਦੀ ਹਿਮੰਤ ਨਹੀਂ ਕਰ ਪਾਂਦਾ । ਉਹ ਬਲਦਾਂ ਨਾਲ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੀ ਪੈਲੀ ਨੂੰ ਵਾਹ ਲੈਂਦਾ ਹੈ । ਉਸ ਦੀ ਮਾਂ ਨੰਦੀ ਹਫ਼ਦੀ ਹੋਈ ਉਸ ਲਈ ਤੇ ਬਲਦਾਂ ਲਈ ਰੋਟੀ ਅਤੇ ਮੜ੍ਹੀ ’ਤੇ ਚੜ੍ਹਾਉਣ ਲਈ ਗੁੜ੍ਹ ਤੇ ਚੋਲ ਵੀ ਲਿਆਉਂਦੀ ਹੈ । ਨੰਦੀ ਦੇ ਪਤੀ ਦੀ ਮੜ੍ਹੀ ਇਸ ਖੇਤ ਦੇ ਇਕ ਤਰਫ਼ ਲਗੇ ਟਾਹਲੀ ਦੇ ਰੁੱਖ ਹੇਠਾਂ ਹੈ । ਉਹ ਗੁੜ੍ਹ ਤੇ ਚੌਂਲ ਚੜ੍ਹਾਉਣ ਤੋਂ ਬਾਅਦ ਉਹ ਇਕ ਵਾਰ ਫੇਰ ਆਪਣੇ ਪਤੀ ਨਾਲ ਨਰਾਜ਼ਗੀ ਜ਼ਾਹਿਰ ਕਰਦੀ ਹੋਈ ਆਖਦੀ ਹੈ ਕਿ ਉਹ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਜਗਸੀਰ ਦਾ ਵਿਆਹ ਨਹੀਂ ਕਰ ਕੇ ਗਿਆ । ਰੋਟੀ ਖਾਂਦਿਆਂ ਜਗਸੀਰ ਆਪਣੀ ਬੁੱਢੀ ਮਾਂ ਦੀ ਬੇਵਸੀ ਤੋ ਦੁੱਖੀ ਹੋ ਜਾਂਦਾ ਹੈ ਅਤੇ ਪੂਰੀ ਰੋਟੀ ਵੀ ਨਹੀਂ ਖਾ ਸਕਦਾ ।
ਜਗਸੀਰ ਆਪਣੇ ਹੋਰ ਦੋਸਤਾਂ ਨਾਲ ਆਪਣੇ ਇਕ ਦੋਸਤ ਨਿੱਕੇ ਦੇ ਵਿਆਹ ’ਤੇ ਜਾਂਦਾ ਹੈ । ਜਗਸੀਰ ਦੀ ਨਰੋਈ ਦੇਹ ਤੇ ਸੁਹਣਾ ਸੁਨੱਖਾ ਮੱਥਾ ਦੇਖ ਕੇ ਕਈ ਕੁੜੀਆਂ ਉਸ ਨਾਲ ਠੱਠਾ-ਮਖੌਲ ਕਰਦੀਆਂ ਹਨ । ਇਹ ਸਥਿਤੀ ਉਸ ਦੇ ਮਨ ਵਿਚ ਤਰੰਗਾ ਪੈਦਾ ਕਰਦੀ ਹੈ । ਪਰ, ਇਹ ਉਹਨਾਂ ਤਰੰਗਾਂ ਨੂੰ ਦਬਾ ਲੈਂਦਾ ਹੈ । ਨਿੱਕੇ ਦੀ ਪਤਨੀ ਭਾਨੀ ਦੀ ਘੁੰਡ ਚੁਕਾਈ ਸਮੇਂ ਜਗਸੀਰ ਉਸ ਦੇ ਮੁਖੜੇ ਨੂੰ ਵੇਖ ਕੇ ਆਪਣੇ ਮਨ ਵਿਚ ਉਸ ਪ੍ਰਤੀ ਖਿਚ ਮਹਿਸੂਸ ਕਰਦਾ ਹੈ ਅਤੇ ਅੰਦਰੋ-ਅੰਦਰੀ ਉਸ ਨਾਲ ਪਿਆਰ ਕਰਨ ਲਗ ਪੈਂਦਾ ਹੈ । ਉਹ ਜਦੋਂ ਵੀ ਸੌਂਦਾ, ਉਸਨੂੰ ਭਾਨੀ ਦੇ ਸੁਫ਼ਨੇ ਆਉਂਦੇ ਹਨ । ਉਹ ਕਿਸੇ ਬਹਾਨੇ ਭਾਨੀ ਨਾਲ ਗੱਲਾਂ ਕਰਨਾ ਚਾਹੁੰਦਾ ਹੈ । ਇਸ ਦਾ ਮੌਕਾ ਉਸ ਨੂੰ ਮਿਲ ਵੀ ਜਾਂਦਾ ਹੈ ਜਦੋਂ ਧਰਮ ਸਿੰਘ ਉਸ ਨੂੰ ਪਿੰਡੌਂ ਕੁਝ ਸਾਮਾਨ ਲਿਆਉਣ ਲਈ ਭੇਜਦਾ ਹੈ । ਸਾਮਾਨ ਲੈਣ ਤੋਂ ਪਹਿਲਾਂ ਉਹ ਆਪਣੇ ਦੋਸਤ ਨਿੱਕੇ ਨਾਈ ਦੇ ਘਰ ਜਾਂਦਾ ਹੈ । ਨਿੱਕਾ ਘਰ ਨਹੀਂ ਹੁੰਦਾ ਤਾਂ ਉਹ ਭਾਨੀ ਨਾਲ ਖ਼ੂਬ ਗੱਲਾਂ ਕਰਦਾ ਹੈ । ਭਾਨੀ ਵੀ ਉਸ ਨੂੰ ਦਲੇਰੀ ਨਾਲ ਪੇਸ਼ ਆਉਂਦੀ ਹੈ । ਉਹ ਉਸਦੀ ਅਤੇ ਉਸਦੇ ਸਰੀਰ ਦੀ ਤਾਰੀਫ਼ ਕਰਦੀ ਹੈ ਅਤੇ ਉਸ ਵਲ ਖਿਚ ਰਖਣ ਲਗ ਪੈਂਦੀ ਹੈ ।
ਪਰ, ਇਸ ਮੁਲਾਕਾਤ ਦਾ ਨਿੱਕੇ ਨੂੰ ਪਤਾ ਚਲ ਜਾਂਦਾ ਹੈ । ਉਹ ਭਾਨੀ ਨੂੰ ਬਹੁਤ ਕੁੱਟਦਾ ਹੈ । ਜਗਸੀਰ ਨੂੰ ਜਦੋਂ ਇਸ ਕੁੱਟ ਦਾ ਪਤਾ ਲਗਦਾ ਹੈ ਤਾਂ ਉਹ ਸ਼ਰਾਬ ਦੇ ਨਸ਼ੇ ਵਿਚ ਨਿੱਕੇ ਦੇ ਘਰ ਜਾ ਕੇ ਉਸ ਨੂੰ ਬੁਰਾ-ਭਲਾ ਕਹਿੰਦਾ ਹੈ । ਖ਼ੂਨ ਖਰਾਬੇ ਦੇ ਡਰ ਕਾਰਨ ਪਿੰਡ ਦੇ ਕੁਝ ਲੋਕ ਜਗਸੀਰ ਨੂੰ ਉਸਦੇ ਘਰ ਪੰਹੁਚਾ ਦੇਂਦੇ ਹਨ । ਪਰ, ਇਸ ਘਟਨਾ ਦਾ ਡਿੰਢੋਂਰਾ ਪੂਰੇ ਪਿੰਡ ਵਿਚ ਪੈ ਜਾਂਦਾ ਹੈ ਭਾਨੀ ਦਾ ਪਿਉ ਤੇ ਭਰਾ ਆ ਕੇ ਉਸ ਨੂੰ ਲੈ ਜਾਂਦੇ ਹਨ । ਭਾਨੀ ਢਾਈ-ਤਿੰਨ ਸਾਲ ਘਰ ਵਾਪਸ ਨਹੀਂ ਆਉਂਦੀ । ਇਸ ਸਭ ਕੁਝ ਦਾ ਜਿੰਮੇਵਾਰ, ਜਗਸੀਰ ਆਪਣੇ ਆਪ ਨੂੰ ਸਮਝਦਾ ਹੈ । ਉਸ ਅੰਦਰ ਗੁਨਾਹ ਦੀ ਭਾਵਨਾ ਘਰ ਕਰ ਜਾਂਦੀ ਹੈ । ਆਪਣੇ ਗੁਨਾਹ ਤੋਂ ਬਚਣ ਲਈ ਉਹ ਅਫ਼ੀਮ ਦਾ ਸਹਾਰਾ ਲੈਣ ਲਗਦਾ ਹੈ । ਨਿੱਕਾ ਮੌਕਾ ਪਾ ਕੇ ਭਾਨੀ ਨੂੰ ਘਰ ਲੈ ਆਉਂਦਾ ਹੈ । ਜਗਸੀਰ ਕਿਸੇ ਤਰ੍ਹਾਂ ਨਿੱਕੇ ਦੇ ਘਰ ਜਾ ਕੇ ਭਾਨੀ ਨੂੰ ਆਪਣੇ ਮਨ ਦੀ ਅਵਸਥਾ ਤਾਂ ਦਸ ਦਿੰਦਾ ਹੈ। ਪਰ ਦੁਬਾਰਾ ਕਈ ਮਹੀਨੇ ਉਸ ਦੇ ਘਰ ਨਹੀਂ ਜਾਂਦਾ । ਨਿੱਕੇ ਤੇ ਜਗਸੀਰ ਦੀ ਮੁੜ ਦੋਸਤੀ ਹੋ ਜਾਂਦੀ ਹੈ । ਭਾਨੀ ਦੇ ਬੱਚੇ ਹੋ ਜਾਂਦੇ ਹਨ । ਉਹ ਉਹਨਾਂ ਦੇ ਘਰ ਆਉਂਦਾ-ਜਾਂਦਾ ਰਹਿੰਦਾ ਹੈ । ਉਹ ਭਾਨੀ ਦੇ ਨਿੱਕੇ-ਨਿੱਕੇ ਕੰਮਾ ਵਿਚ ਹੱਥ ਵੰਡਾਉਂਦਾ ਹੈ । ਦੋਵੇਂ ਇਕ ਦੂਜੇ ਨਾਲ ਆਪਣਾ ਦੁੱਖ ਵੀ ਸਾਂਝਾ ਕਰਦੇ ਹਨ । ਭਾਨੀ ਦੇ ਬੱਚੇ ਉਸ ਨੂੰ ਚਾਚਾ-ਚਾਚਾ ਕਹਿ ਕੇ ਬੁਲਾਂਦੇ ਹਨ । ਜਗਸੀਰ ਭਾਨੀ ਦੀ ਖੁਸ਼ੀ ਵਿਚ ਹੀ ਖੁਸ਼ ਰਹਿੰਦਾ ਹੈ । ਨਿੱਕੇ ਦੋਸਤ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ । ਪਰ, ਜਗਸੀਰ ਇਕ ਅਨੋਖੇ ਦਰਦ ਨਾਲ ਆਪਣੇ ਆਪ ਨੂੰ ਵਿੰਨਿਆ ਮਹਿਸੂਸ ਕਰਦਾ ਹੈ ।
ਜਗਸੀਰ ਇਕ ਚੰਗਾ ਕਾਮਾ ਬਣ ਜਾਂਦਾ ਹੈ । ਹੁਣ ਖੇਤਾਂ ਦਾ ਕੰਮ ਧਰਮ ਸਿੰਘ ਦਾ ਪੁੱਤਰ ਭੰਤਾ ਸੰਭਾਲਦਾ ਹੈ ਉਹ ਜਗਸੀਰ ਕੋਲੌਂ ਬਹੁਤ ਕੰਮ ਲੈਂਦਾ ਹੈ ਉਸ ਦਾ ਸਾਰਾ ਕੰਮ ਕਰਨ ਤੋਂ ਬਾਅਦ ਜਗਸੀਰ ਆਪਣੀ ਪੈਲੀ ਦਾ ਕੰਮ ਕਰਦਾ ਹੈ । ਭੰਤਾ ਜਗਸੀਰ ਨੂੰ ਕਈ ਤਰ੍ਹਾਂ ਦੇ ਵਿਅੰਗ ਕਰਦਾ ਹੈ । ਉਸ ਦੇ ਪਿਤਾ ਨੂੰ ਗਾਲ੍ਹਾਂ ਕਢਦਾ ਹੈ । ਪਰ, ਉਹ ਫੇਰ ਵੀ ਚੁੱਪ ਰਹਿੰਦਾ ਹੈ ਠੰਡੀਆ ਰਾਤਾਂ ਵਿਚ ਪਾਣੀ ਦਾ ਕੰਮ ਕਰਦਿਆਂ ਉਸ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ । ਭੰਤਾ ਟਾਹਲੀ ਹੇਠ ਬੈਠਾ ਅੱਗ ਸੇਕਦੇ ਉਸ ਉਪਰ ਹੁਕਮ ਚਲਾਉਂਦਾ ਰਹਿੰਦਾ ਹੈ । ਉਸ ਦੇ ਜਾਣ ਤੋਂ ਬਾਅਦ ਜਗਸੀਰ ਆਪਣੀ ਥਕਾਵਟ ਤੇ ਠੰਡਕ ਨੂੰ ਖ਼ਤਮ ਕਰਨ ਲਈ ਅਫ਼ੀਮ ਦਾ ਸਹਾਰਾ ਲੈਂਦਾ ਹੈ । ਆਪਣੇ ਪਿਤਾ ਦੀ ਮੜੀ ਦੇ ਕੋਲ ਬਲਦੀ ਅੱਗ ਨੂੰ ਸੇਕਦਾ ਹੈ ਅਤੇ ਗੁੱਛਾ-ਮੁਛਾ ਹੋ ਕੇ ਪਿਆ ਰਹਿੰਦਾ ਹੈ । ਨੀਂਦ ਖੁਲ੍ਹਣ ’ਤੇ ਉਹ ਆਪਣੇ ਘਰ ਵਲ ਚਲ ਪੈਂਦਾ ਹੈ। ਪਰ ਉਸ ਨੂੰ ਤੇਜ਼ ਬੁਖਾਰ ਚੜ੍ਹ ਜਾਂਦਾ ਹੈ । ਉਹ ਦੋ ਤਿੰਨ ਦਿਨ ਖੇਤਾਂ ਵਲ ਨਹੀਂ ਜਾ ਸਕਦਾ ਬੁਖ਼ਾਰ ਕਾਰਨ ਉਸ ਦੀਆ ਲੱਤਾਂ ਕੰਬਦੀਆਂ ਸਨ । ਆਪਣੀ ਮਾਂ ਦੇ ਸੌਂ ਜਾਣ ਤੋਂ ਪਿਛੋਂ ਉਹ ਹਿਮਤ ਕਰ ਕੇ ਆਪਣੇ ਦੁੱਖ-ਸੁੱਖ ਦੇ ਸਾਥੀ ਰੌਣਕੀ ਦੀ ਭੱਠੀ ਵਲ ਨੂੰ ਤੁਰ ਪੈਂਦਾ ਹੈ, ਪਰ ਕਮਜ਼ੋਰੀ ਕਾਰਨ ਉਹ ਥੋੜੀ ਦੂਰੀ ’ਤੇ ਹੀ ਇਕ ਲਕੜੀ ਦੇ ਮੁੱਢ ਤੇ ਬੈਠ ਜਾਂਦਾ ਹੈ । ਉਸ ਦੀ ਨਜ਼ਰ ਆਪਣੇ ਵਿਹੜੇ ਦੇ ਮਕਾਨਾਂ ਵਲ ਪੈਂਦੀ ਹੈ । ਉਹ ਸੋਚਦਾ ਹੈ ਕਿ ਇਨ੍ਹਾਂ ਘੁਰਨੇ ਵਰਗ ਮਕਾਨਾਂ ਵਿਚ ਵਰ੍ਹਿਆਂ ਤੋਂ ਲੋਕ ਦਿਨ ਕੱਟ ਰਹੇ ਹਨ । ਕੋਠੇ ਛਤਣ ਦੀ ਉਹਨਾਂ ਵਿਚ ਹਿਮੰਤ ਨਹੀਂ । ਉਹ ਸਭ ਕਿਸਮਤ ਦੇ ਭਰੋਸੇ ਜੀਅ ਰਹੇ ਹਨ । ਉਹਨਾਂ ਦੇ ਚਿਹਰੇ ਹਮੇਸ਼ਾ ਬੁੱਝੇ ਰਹਿਦੇ ਹਨ । ਉਸ ਅੰਦਰੋਂ ਇਹ ਕਹਾਵਤ ‘‘ਬੰਦਿਆਂ ਤੇਰੀਆਂ ਦਸ ਦੇਹੀਆਂ, ਇਕੋ ਗਈ ਵਿਹਾ, ਬਾਕੀ ਕਿੱਧਰ ਗਈਆਂ’’ ਨਿਕਲਦੀ ਹੈ ਜੋ ਨਿਮਨ ਵਰਗ ਦੇ ਦੁੱਖਾਂ ਵਲ ਇਸ਼ਾਰਾ ਕਰਦੀ ਹੈ । ਇਹ ਸੋਚਦਿਆਂ ਉਹ ਉਠ ਕੇ ਰੌਣਕੀ ਦੀ ਭੱਠੀ ’ਤੇ ਪੁਜਦਾ ਹੈ । ਰੌਣਕੀ ਦੀ ਪਤਨੀ ਸਭ ਕੁਝ ਸੁਣ ਕੇ ਕਿਧਰੇ ਚਲੀ ਗਈ ਹੋਈ ਹੈ । ਇਸ ਲਈ ਉਹ ਇੱਕਲਾ ਹੀ ਰਹਿ ਰਿਹਾ ਹੈ । ਜਗਸੀਰ ਨੂੰ ਬੁਖ਼ਾਰ ਚੜ੍ਹਿਆ ਵੇਖ ਕੇ ਉਸ ਨੂੰ ਦੋ ਗੋਲੀਆਂ ਖਾਣ ਨੂੰ ਦੇਂਦਾ ਹੈ । ਦੋਵੇਂ ਦੋਸਤ ਇਕ ਦੂਜੇ ਦੀ ਜਿੰਦਗੀ ਦੇ ਦੁੱਖ ਫਰੋਲਦੇ ਹਨ । ਰੌਣਕੀ ਦਾ ਦਰਦ ਉਸ ਦੀਆਂ ਅੱਖਾਂ ਵਿਚੋਂ ਹੰਝੂ ਬਣ ਕੇ ਵਹਿ ਤੁਰਦਾ ਹੈ ।
ਗੱਲਾਂ ਕਰਦਿਆਂ ਘੰਟੇ ਬੀਤ ਜਾਂਦੇ ਹਨ । ਇਸ ਦੌਰਾਨ ਉਹਨਾਂ ਨੂੰ ‘‘ਜਾਗੋ ਆਈ ਐ’’ ਦੀ ਅਵਾਜ਼ ਆਉਂਦੀ ਹੈ । ਪਿੰਡ ਦੀਆਂ ਮੁਟਿਆਰਾਂ ਕਿਸੇ ਦੇ ਵਿਆਹ ਦੀ ਖੁਸ਼ੀ ਵਿਚ ਜਾਗੋ ਕੱਢ ਰਹੀਆਂ ਹਨ । ਇਹਨਾਂ ਦੇ ਕੋਲ ਪੁਜਣ ਤੇ ਇਕ ਮਟਿਆਰ ਨੇ ਰੌਣਕੀ ਨੂੰ ਧੱਕਾ ਮਾਰਿਆ ਤੇ ਮਜ਼ਾਕ ਵੀ ਕੀਤਾ । ਸਹਿਜੇ ਸਹਿਜੇ ਇਹ ਅੱਗੇ ਵਲ ਚਲੀਆਂ ਗਈਆਂ । ਉਹਨਾਂ ਦੇ ਜਾਣ ਤੋਂ ਬਾਅਦ ਦੋਵੇਂ ਉਹਨਾਂ ਮੁਟਿਆਰਾਂ ਦੀਆਂ ਮਿਠੀਆਂ ਟਕੋਰਾਂ, ਮਜ਼ਾਕਾਂ ਤੇ ਉਹਨਾਂ ਦੀ ਅਕਲ ਮੂੰਹ-ਜ਼ੋਰੀ ਬਾਰੇ ਗੱਲਾਂ ਕਰਦੇ ਰਹਿੰਦੇ ਹਨ । ਫੇਰ ਦੋਵੇਂ ਉਥੇ ਹੀ ਸੌਂ ਜਾਦੇ ਹਨ । ਸਵੇਰੇ ਉੱਠ ਕੇ ਉਹ ਆਪਣੇ ਘਰ ਆ ਜਾਂਦਾ ਹੈ । ਬ਼ੁਖਾਰ ਤਾਂ ਉਤਰ ਗਿਆ ਪਰ ਕਮਜ਼ੋਰੀ ਕਾਰਨ ਜਗਸੀਰ ਚਲ ਫਿਰ ਨਹੀਂ ਸਕਦਾ । ਇਕ ਹਫ਼ਤੇ ਬਾਅਦ ਉਹ ਖੇਤਾਂ ਵਲ ਜਾਣ ਦੀ ਹਿਮੰਤ ਕਰਦਾ ਹੈ । ਰਸਤੇ ਵਿਚ ਉਸਨੂੰ ਆਪਣਾ ਦੋਸਤ ਨਿੱਕਾ ਨਾਈ ਮਿਲਦਾ ਹੈ । ਰਸਮੀ ਗੱਲਬਾਤ ਕਰਨ ਤੋਂ ਬਾਅਦ ਦੋਵੇਂ ਆਪਣੇ ਆਪਣੇ ਰਸਤੇ ਵਲ ਚਲੇ ਜਾਂਦੇ ਹਨ । ਨਿੱਕੇ ਨੂੰ ਜਗਸੀਰ ਦਾ ਆਪਣੇ ਘਰ ਆ ਕੇ ਬੱਚਿਆਂ ਨਾਲ ਖੇਡਣਾ ਬੁਰਾ ਤਾਂ ਨਹੀਂ ਲਗਦਾ ਸੀ, ਪਰ ਲੋਕਾਂ ਦੀਆਂ ਗੱਲਾਂ ਸੁਣ ਕੇ ਉਹ ਜਗਸੀਰ ਨਾਲ ਰੜਕ ਜ਼ਰੂਰ ਰਖਣ ਲਗ ਪੈਂਦਾ ਹੈ । ਨਿੱਕੇ ਦੀ ਇਸ ਰੜਕ ਨੂੰ ਉਸਦਾ ਭੂਆ ਦਾ ਪੁੱਤਰ ਹੋਰ ਵਧਾ ਦੇਂਦਾ ਹੈ । ਉਹ ਨਹੀਂ ਚਾਹੁੰਦਾ ਕਿ ਜਗਸੀਰ ਨਿੱਕੇ ਦੇ ਘਰ ਜਾਵੇ । ਨਿੱਕੇ ਦਾ ਜਗਸੀਰ ਪ੍ਰਤੀ ਰਵਈਆ ਬਹੁਤ ਰੁੱਖਾ ਹੋ ਜਾਂਦਾ ਹੈ । ਜਿਸ ਕਾਰਨ ਉਹ ਨਿੱਕੇ ਦੇ ਘਰ ਜਾਣਾ ਘਟ ਕਰ ਦੇਂਦਾ ਹੈ ।
ਜਗਸੀਰ ਨੇ ਖੇਤਾਂ ਵਿਚ ਕੰਮ ਕਰਨਾ ਫੇਰ ਸ਼ੁਰੂ ਕਰ ਦਿੱਤਾ । ਇਕ ਦਿਨ ਉਸ ਨੇ ਆਪਣੇ ਖੇਤ ਦੀ ਟਾਹਲੀ ਨੂੰ ਡਿੱਗਿਆ ਦੇ ਖਿਆ ਅਤੇ ਉਥੇ ਕਈ ਬੰਦੇ ਵੀ ਖਲੋਤੇ ਦੇਖੇ । ਉਹਨਾਂ ਨਾਲ ਗੱਲਬਾਤ ਕਰਨ ਤੇ ਉਸ ਨੂੰ ਪਤਾ ਚਲਦਾ ਹੈ ਕਿ ਭੰਤੇ ਨੇ ਇਸ ਟਾਹਲੀ ਦਾ ਸੌਦਾ ਮੰਡੀ ਵਾਲੇ ਟਾਲ੍ਹੀਏ ਸ਼ਾਹ ਨਾਲ ਕਰ ਲਿਆ ਹੈ ਅਤੇ ਉਹ ਉਸ ਦੇ ਹੀ ਬੰਦੇ ਹਨ । ਜਗਸੀਰ ਨੂੰ ਬਹੁਤ ਗੁੱਸਾ ਆਉਂਦਾ ਹੈ। ਪਰ ਪਿੰਡ ਵਲ ਜਾਂਦਿਆ ਉਸ ਦਾ ਗੁੱਸਾ ਉਦਾਸੀ ਵਿਚ ਬਦਲ ਜਾਂਦਾ ਹੈ । ਅੱਜ ਉਸ ਨੂੰ ਆਪਣਾ ਨੀਵੀਂ ਜਾਤ ਦਾ ਸੀਰੀ ਹੋਣਾ ਬਹੁਤ ਬੁਰਾ ਲਗਦਾ ਹੈ । ਉਹ ਘਰ ਪੁੱਜ ਕੇ ਆਪਣੀ ਮਾਂ ਨੰਦੀ ਨੂੰ ਮਿਲੇ ਬਗੈਰ ਕੋਠੜੀ ਵਿਚ ਜਾ ਕੇ ਮੰਜੇ ਉੱਤੇ ਲੇਟ ਜਾਂਦਾ ਹੈ । ਮਾਂ ਦੇ ਪੁਛੱਣ ’ਤੇ ਉਹ ਰੋਂਦਾ ਹੈ ਅਤੇ ਟਾਹਲੀ ਦੀ ਗੱਲ ਵੀ ਦੱਸਦਾ ਹੈ । ਨੰਦੀ ਗੁੱਸੇ ਵਿਚ ਬੁੜਬੜਾਉਂਦੀ ਧਰਮ ਸਿੰਘ ਦੇ ਘਰ ਪੁੱਜਦੀ ਹੈ । ਉਹ ਧਰਮ ਸਿੰਘ ਨੂੰ ਆਪਣੇ ਪਤੀ ਦੇ ਪੁੱਤਰ ਦੀ ਗੁਲਾਮੀ, ਮਿਹਨਤ-ਮੁਸ਼ਕਤ ਦਾ ਮਿਹਣਾ ਮਾਰਦੀ ਹੈ । ਧਰਮ ਸਿੰਘ ਨੰਦੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ । ਉਸ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਉਹ ਸਮਝ ਜਾਂਦਾ ਹੈ ਕਿ ਇਹ ਸਭ ਕੁਝ ਉਸਦੇ ਪੁੱਤਰ ਭੰਤੇ ਦਾ ਕੀਤਾ ਹੋਇਆ ਹੈ । ਉਹ ਨੰਦੀ ਨੂੰ ਮੰਜੇ ਉਪਰ ਬਿਠਾ, ਆਪ ਹੇਠਾਂ ਬੈਠ ਉਸ ਨੂੰ ਤਸਲੀ ਦੇਂਦਾ ਹੈ । ਪਰ, ਧਰਮ ਸਿੰਘ ਦੀ ਪਤਨੀ ਧੰਨੋ ਇਹ ਸਭ ਕੁਝ ਦੇਖ ਆਪੇ ਤੋ ਬਾਹਰ ਹੋ ਜਾਂਦੀ ਹੈ । ਨੰਦੀ ਆਪਣੇ ਪਤੀ ਵਲੋਂ ਲਗਾਈ ਹੋਈ ਟਾਹਲੀ ਅਤੇ ਉਸਦੀ ਮੜ੍ਹੀ ਨੂੰ ਟੁੱਟਦਿਆਂ ਦੇ ਕੀਰਨੇ ਪਾਂਦੀ ਹੈ । ਉਸ ਨੂੰ ਆਪਣੇ ਪਤੀ ਦੇ ਅੰਤਿਮ ਬੋਲ ਵੀ ਯਾਦ ਆਉਂਦੇ ਹਨ ਜੋ ਉਸ ਨੇ ਕਹੇ ਸਨ ਕਿ ਉਸਦੀ ਮੜ੍ਹੀ ਉਪਰ ਦੀਵਾ ਜਲਾਇਆ ਕਰੇ । ਧਰਮ ਸਿੰਘ ਨੰਦੀ ਨੂੰ ਸਹਾਰਾ ਦੇਂਦੇ ਹੋਏ ਉਸ ਨੂੰ ਘਰ ਛਡ ਕੇ ਆਉਣ ਦੇ ਬਹਾਨੇ ਜਗਸੀਰ ਨੂੰ ਵੀ ਮਿਲਦਾ ਹੈ । ਉਹ ਬਹੁਤ ਦੁੱਖੀ ਹੈ । ਆਪਣੀ ਪੱਗ ਦੇ ਲੜ੍ਹ ਨਾਲ ਆਪਣੀਆਂ ਅੱਖਾਂ ਪੂੰਝਦਾ ਹੈ । ਜਿਸ ਨੂੰ ਜਗਸੀਰ ਮਹਿਸੂਸ ਕਰਦਾ ਹੈ ।
ਦੂਸਰੇ ਦਿਨ ਜਗਸੀਰ ਸਾਰਾ ਦਿਨ ਘਰ ਹੀ ਪਿਆ ਰਿਹਾ। ਪਰ ਦਿਨ ਛੁਪਣ ਨਾਲ ਉਹ ਉਠ ਕੇ ਬਾਹਰ ਤੁਰ ਪੈਂਦਾ ਹੈ । ਰਸਤੇ ਵਿਚ ਉਸ ਨੂੰ ਭੰਤਾ ਮਿਲ ਪੈਂਦਾ ਹੈ । ਉਸ ਨੂੰ ਦੇਖ ਕੇ ਜਗਸੀਰ ਦੇ ਤਨ-ਬਦਨ ਵਿਚੋਂ ਅੱਗ ਨਿਕਲਣ ਲਗ ਪੈਂਦੀ ਹੈ । ਪਰ ਉਹ ਉਸ ਨੂੰ ਕੁਝ ਆਖ ਨਹੀਂ ਸਕਿਆ । ਭੰਤਾ ਉਸ ਨੂੰ ਟਕੋਰਾਂ ਮਾਰਦਾ ਹੈ ਲੇਕਿਨ ਜਗਸੀਰ ਆਪਣੇ ਪਿਤਾ ਦੀ ਮੜ੍ਹੀ ਤੋੜ੍ਹੇ ਜਾਣ ਕਾਰਨ ਬਹ੍ਰਤ ਪਰੇਸ਼ਾਨ ਸੀ । ਹਨ੍ਹੇਰਾ ਹੋਣ ’ਤੇ ਉਹ ਖੇਤਾਂ ਕੋਲ ਪੁਜਿਆ । ਉਸ ਨੂੰ ਅਸਮਾਨ ਤੇ ਖਿਲਰੇ ਤਾਰੇ, ਉਸ ਨੂੰ ਅੱਖਾਂ ਵਿਚ ਲਟਕੇ ਅਥਰੂ ਜਾਪਦੇ ਹਨ । ਜੋ ਨਾ ਤਾਂ ਡਿੱਗਦੇ ਹਨ ਤੇ ਨਾ ਹੀ ਸੁਕਦੇ ਹਨ । ਉਹ ਹਮੇਸ਼ਾ ਭਾਨੀ ਨੂੰ ਕਿਹਾ ਕਰਦਾ ਸੀ ਕਿ ਉਹ ਉਸ ਲਈ ਅਸਮਾਨ ਤੋਂ ਤਾਰੇ ਤੋੜ ਕੇ ਲਿਆਵੇਗਾ, ਪਰ ਉਹ ਇਹ ਨਹੀਂ ਕਰ ਸਕਿਆ । ਅਜ ਉਸ ਦੇ ਆਪਣੇ ਖੇਤ ਵਿਚ ਡਿੱਗੀ ਹੋਈ ਟਾਹਲੀ ਸਖਣੀ ਪਈ ਹੋਈ ਸੀ। ਪਰ ਉਹ ਕੁਝ ਨਹੀਂ ਕਰ ਸਕਦਾ । ਉਹ ਟਾਹਣੀ ਦੇ ਮੁੱਢ’ਤੇ ਬੜੇ ਪਿਆਰ ਨਾਲ ਹੱਥ ਫੇਰਦਾ ਹੈ ਜਿਵੇਂ ਕੋਈ ਬਲਦਾ ਦੀ ਪਿੱਠ ’ਤੇ ਹੱਥ ਫੇਰਦਾ ਹੈ ।
ਕੁਝ ਦਿਨਾਂ ਬਾਅਦ ਉਸ ਨੂੰ ਪੁੱਟੀ ਹੋਈ ਟਾਹਲੀ ਹੇਠ ਇਕ ਟੋਆ ਜਿਹਾ ਦਿਸਿਆ । ਧਿਆਨ ਨਾਲ ਵੇਖਣ ’ਤੇ ਉਸ ਨੂੰ ਪਤਾ ਚਲਿਆ ਕਿ ਉਹ ਉਸ ਦੇ ਪਿਤਾ ਦੀ ਮੜ੍ਹੀ ਦੀ ਕਲੀ ਕੀਤੀ ਹੋਈ ਇੱਟ ਹੈ । ਉਹ ਟੋਏ ਵਿਚ ਵੜ ਗਿਆ । ਉਸ ਨੇ ਇਕ ਇਕ ਕਰਕੇ ਸਭ ਇੱਟਾਂ ਕਢ ਲਈਆਂ । ਇਹਨਾਂ ਸਾਰੀਆਂ ਇੱਟਾਂ ਨੂੰ ਚੁੱਕ ਕੇ ਉਹ ਘਰ ਲੈ ਆਇਆ । ਨੰਦੀ ਦੀ ਜਾਣਕਾਰੀ ਤੋਂ ਬਿਨਾਂ ਹੀ ਉਸ ਨੇ ਇਹਨਾਂ ਇੱਟਾਂ ਦੀ ਅਤੇ ਮਿਟੀ ਦੀ ਮਦਦ ਨਾਲ ਘਰ ਦੇ ਵਿਹੜੇ ਵਿਚ ਹੀ ਪਿਤਾ ਦੀ ਮੜ੍ਹੀ ਬਣਾ ਲਈ । ਇਸ ਨਾਲ ਉਸ ਨੂੰ ਬਹੁਤ ਤਸੱਲੀ ਹੋਈ ਕਿਉਂਕਿ ਇਸ ਨਾਲ ਪਿਤਾ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ ਅਤੇ ਉਸਦੇ ਪਿਤਾ ਦੀ ਅੰਤਿਮ ਇੱਛਾ ਵੀ ਜੁੜੀ ਹੋਈ ਸੀ । ਇਹਨਾਂ ਸੋਚਾਂ ਵਿਚ ਹੀ ਘਿਰਿਆ ਉਹ ਕੋਠੜੀ ਵਿਚ ਜਾ ਲੰਮਾ ਪੈ ਗਿਆ ਤੇ ਪਤਾ ਨਹੀਂ ਉਹ ਕਦੋਂ ਸੌਂ ਗਿਆ । ਸਵੇਰੇ ਚੰਗਾ ਦਿਨ ਨਿਕਲਣ ਮਗਰੋਂ ਨੰਦੀ ਉਸ ਨੂੰ ਝੂਣ ਝੂਣ ਕੇ ਜਗਾ ਰਹੀ ਸੀ । ਜਗਸੀਰ ਉਠ ਕੇ ਚੁਪ ਕੀਤਾ ਬਾਹਰ ਨਿਕਲ ਗਿਆ - - - ।
ਅਗਲੇ ਤਿੰਨ ਕਾਂਡਾ ਵਿਚ ਨਾਵਲਕਾਰ ਧਰਮ ਸਿੰਘ ਦੇ ਸੰਕਟ ਦੀ ਗੱਲ ਕਰਦਾ ਹੈ । ਧਰਮ ਸਿੰਘ ਦਾ ਪੁੱਤਰ ਭੰਤਾ ਤੇ ਉਸ ਦੀ ਪਤਨੀ ਧੰਨੋ ਉਸ ਕੌਲੋਂ ਵੱਖ ਹੋਣਾ ਚਾਹੁੰਦੇ ਹਨ ਅਤੇ ਜ਼ਮੀਨ ਦੀ ਵੰਡ ਕਰਾਉਣੀ ਉਹਨਾਂ ਦਾ ਮਕਸਦ ਹੈ । ਪਰ ਧਰਮ ਸਿੰਘ ਪਿੰਡ ਵਿਚ ਆਪਣੀ ਇਜ਼ਤ ਕਾਰਨ ਇਸ ਦੇ ਹੱਕ ਵਿਚ ਨਹੀਂ ਹੈ । ਦੂਜੇ ਪਾਸੇ ਨੰਦੀ ਦੀ ਗੁਆਂਢਣ ਸੂਟ੍ਹੀ ਸਵੇਰ ਸਾਰ ਉਸ ਕੋਲੋਂ ਸੱਬਲ ਮੰਗਣ ਆਉਦੀ ਹੈ ਤਾਂ ਵਿਹੜੇ ਵਿਚ ਬਣਾਈ ਮੜ੍ਹੀ ਨੂੰ ਵੇਖ ਕੇ ਠਠੰਬਰ ਜਾਂਦੀ ਹੈ । ਉਹ ਨੰਦੀ ਕੋਲੋਂ ਉਸ ਬਾਰੇ ਪੁਛਦੀ ਹੈ, ਪਰ ਉਹ ਤਾਂ ਆਪ ਇਸ ਮੜ੍ਹੀ ਬਾਰੇ ਨਹੀਂ ਜਾਣਦੀ । ਉਸ ਨੂੰ ਵੇਖ ਕੇ ਉਸ ਨੂੰ ਸਮਝਣ ਵਿਚ ਦੇਰ ਨਹੀਂ ਲਗੱਦੀ ਕਿ ਇਹ ਸਭ ਕੁਝ, ਧਰਮ ਸਿੰਘ ਦੇ ਪੁੱਤਰ ਦਾ ਕੀਤਾ ਹੋਂਇਆ ਹੈ । ਉਹ ਧਰਮ ਸਿੰਘ ਤੇ ਉਸ ਦੇ ਪਰਿਵਾਰ ਨੂੰ ਖੂਬ ਗਾਲ੍ਹਾਂ ਕਢਦੀ ਹੈ ਅਤੇ ਉਸ ਦੇ ਪਤੀ ਵਲੌਂ ਇਸ ਪਰਿਵਾਰ ਲਈ ਕੀਤੇ ਕੰਮਾ ਨੂੰ ਯਾਦ ਕਰਦਿਆਂ ਰੌਂਦੀ ਹੈ । ਘਰ ਪਰਤਣ’ਤੇ ਜਗਸੀਰ ਮਾਂ ਦੀ ਇਹ ਹਾਲਤ ਵੇਖਦਾ ਹੈ । ਪਰ ਆਪਣਾ ਸਿਰ ਭਾਰਾ ਹੋਣ ਕਾਰਨ, ਉਹ ਅੰਦਰ ਜਾ ਕੇ ਲੇਟ ਜਾਂਦਾ ਹੈ । ਦੂਜੇ ਦਿਨ ਸਾਰੇ ਪਿੰਡ ਵਿਚ ਮੜ੍ਹੀ ਦੀ ਗੱਲ ਫੈਲ ਜਾਦੀ ਹੈ । ਕਈ ਔਰਤਾਂ ਉਸ ਨੂੰ ਵੇਖਣ ਵੀ ਆਉਂਦੀਆਂ ਹਨ । ਉਸ ਪਿਛੋਂ ਜਗਸੀਰ ਕਾਫ਼ੀ ਦਿਨ ਬੀਮਾਰ ਰਹਿੰਦਾ ਹੈ । ਨੰਦੀ ਉਸ ਦਾ ਇਲਾਜ ਕਰਦੀ ਕਰਦੀ ਆਪ ਮੰਜੇ ’ਤੇ ਪੈ ਜਾਂਦੀ ਹੈ । ਕੁਝ ਦਿਨ ਬਾਅਦ ਜਗਸੀਰ ਤਾਂ ਆਪਣੇ ਦੋਸਤ ਰੌਣਕੀ ਦੀਆਂ ਗੋਲੀਆਂ ਖਾ ਕੇ ਠੀਕ ਹੋ ਜਾਂਦਾ ਹੈ, ਪਰ ਉਸਦੀ ਮਾਂ ਨੰਦੀ ਦੀ ਹਾਲਤ ਵਿਗੜ ਜਾਂਦੀ ਹੈ । ਇਕ ਰਾਤ ਨੰਦੀ ਮਰ ਜਾਂਦੀ ਹੈ, ਅਤੇ ਸਵੇਰੇ ਖਬਰ ਮਿਲਣ ’ਤੇ ਪਿੰਡ ਦੇ ਲੋਕਾ ਦੇ ਨਾਲ ਨਾਲ ਧਰਮ ਸਿੰਘ ਵੀ ਜਗਸੀਰ ਨੂੰ ਅਫ਼ਸੋਸ ਕਰਨ ਆਉਂਦਾ ਹੈ । ਧਰਮ ਸਿੰਘ ਜਗਸੀਰ ਨੂੰ ਅਫ਼ਸੋਸ ਕਰਦਾ ਹੈ ਅਤੇ ਉਸ ਦੇ ਪਰਿਵਾਰ ਵਲੋਂ ਉਸ ਨਾਲ ਕੀਤੇ ਵਰਤਾਉ ਬਾਰੇ ਦੱਸ ਕੇ ਆਪਣਾ ਮਨ ਹਲਕਾ ਕਰਦਾ ਹੈ । ਉਹ ਜਗਸੀਰ ਨੂੰ ਬੱਚਿਆਂ ਵਾਂਗ ਥਾਪੜਦਾ ਹੋਇਆ ਕਿਰਿਆ-ਕਰਮ ਅਤੇ ਮਰਨਾ ਕਰਨ ਲਈ ਖੁਲ੍ਹਾ ਪੈਸਾ ਦੇਂਦਾ ਹੈ । ਪਰ, ਉਸ ਦੇ ਪਰਿਵਾਰ ਕੋਲੋਂ ਇਹ ਸਹਿਣ ਨਹੀਂ ਹੁੰਦਾ ਅਤੇ ਉਹ ਧਰਮ ਸਿੰਘ ਨੂੰ ਘਰੋਂ ਜਾਣ ਲਈ ਮਜ਼ਬੂਰ ਕਰ ਦੇਂਦੇ ਹਨ ।
ਮਾਂ ਦੇ ਮਰਨ ਤੋਂ ਬਾਅਦ ਜਗਸੀਰ ਆਪਣੇ ਘਰ ਵਿਚ ਹੀ ਬੰਦ ਹੋ ਕੇ ਰਹਿ ਜਾਂਦਾ ਹੈ । ਉਸ ਦਾ ਦੋਸਤ ਰੌਣਕੀ ਉਸ ਕੋਲ ਆਉਂਦਾ ਜਾਂਦਾ ਹੈ । ਦੋਵੇਂ ਮਿਲ ਕੇ ਦਿਨ ਗੁਜ਼ਾਰਦੇ ਹਨ । ਰੋਟੀ ਇੱਕਠੇ ਮਿਲ ਕੇ ਖਾਂਦੇ ਹਨ । ਇਕ ਦੂਜੇ ਨਾਲ ਆਪਣਾ ਦੁੱਖ ਫ਼ਰੋਲਦੇ ਹਨ । ਇਸ ਤਰ੍ਹਾਂ ਰੌਣਕੀ ਜਗਸੀਰ ਨੂੰ ਘੋਰ ਨਿਰਾਸ਼ਾ ਵਿਚੋਂ ਕੱਢਦਾ ਹੈ । ਜਗਸੀਰ ਹਿਮੰਤ ਕਰ ਕੇ ਧਰਮ ਸਿੰਘ ਦੇ ਘਰ ਜਾਂਦਾ ਹੈ । ਉਹ ਜਿਉਂ ਹੀ ਖੇਤ ਵਾਹੁਣ ਲਈ ਬਲਦ ਖੋਲਣ ਲਗਦਾ ਹੈ ਤਾਂ ਧੰਨੋ ਉਸ ਨੂੰ ਬੁਰਾ-ਭਲਾ ਕਹਿੰਦੀ ਹੈ ਅਤੇ ਘਰੋਂ ਨਿਕਲ ਜਾਣ ਲਈ ਆਖਦੀ ਹੈ । ਧੰਨੋ ਦੀਆਂ ਗੱਲਾਂ ਸੁਣਕੇ ਜਗਸੀਰ ਉਨ੍ਹਾਂ ਕਦਮਾਂ ਨਾਲ ਹੀ ਘਰ ਵਾਪਸ ਮੁੜ ਆਉਂਦਾ ਹੈ ।
ਇਸ ਘਟਨਾ ਤੋਂ ਬਾਅਦ ਜਗਸੀਰ ਦਾ ਮਨ ਬੁੱਝ ਜਾਂਦਾ ਹੈ । ਧੰਨੋ ਦੀਆ ਕੋੜੀਆਂ ਗੱਲਾਂ ਉਸ ਨੂੰ ਹਿਲਾ ਦੇਂਦੀਆਂ ਹਨ । ਧਰਮ ਸਿੰਘ ਦੇ ਘਰੋਂ ਚਲੇ ਜਾਣ ਲਈ ਵੀ ਉਹ ਜਗਸੀਰ ਨੂੰ ਜਿੰਮੇਵਾਰ ਮੰਨਦੀ ਹੈ । ਇਕ ਦਿਨ ਰੌਣਕੀ ਜਗਸੀਰ ਨੂੰ ਆ ਕੇ ਦੱਸਦਾ ਹੈ ਕਿ ਪਿੰਡ ਵਿਚ ਇਹ ਚਰਚਾ ਜੋਰਾਂ ’ਤੇ ਹੈ ਕਿ ਘਰ ਦੇ ਕਲੇਸ਼ ਤੋਂ ਤੰਗ ਆ ਕੇ ਧਰਮ ਸਿੰਘ ਘਰੋਂ ਚਲਾ ਗਿਆ ਹੈ । ਉਹ ਤਾਂ ਪਹਿਲਾਂ ਹੀ ਇਹ ਸਭ ਕੁਝ ਜਾਣਦਾ ਹੈ। ਪਰ ਉਹ ਰੌਣਕੀ ਨੂੰ ਕੁਝ ਨਹੀਂ ਕਹਿੰਦਾ । ਰੌਣਕੀ ਦੇ ਚਲੇ ਜਾਣ ਤੋਂ ਬਾਅਦ ਸੋਚਾਂ ਵਿਚ ਡੁੱਬਿਆ ਜਗਸੀਰ ਆਪਣੇ ਆਪ ਨੂੰ ਕੋਸਦਾ ਹੈ ਕਿ ਜੇ ਉਹ ਆਪਣੀ ਮਾਂ ਦਾ ਮਰਨਾ ਧਰਮ ਸਿੰਘ ਦੇ ਪੈਸਿਆਂ ਨਾਲ ਨਾ ਕਰਦਾ ਤਾਂ ਸ਼ਾਇਦ ਇੰਜ ਨਾ ਹੁੰਦਾ । ਇਸ ਤੋਂ ਬਾਅਦ ਆਸਤਾ-ਆਸਤਾ ਜਗਸੀਰ ਦੀ ਸਿਹਤ ਵਿਗੜਣੀ ਅਰੰਭ ਹੋ ਜਾਂਦੀ ਹੈ । ਰੌਣਕੀ ਜਗਸੀਰ ਨੂੰ ਦਵਾਈ ਦਿੰਦਾ ਹੈ ਅਤੇ ਉਸ ਨੇ ਰੋਟੀ ਖਾਣੀ ਵੀ ਬੰਦ ਕਰ ਦਿੱਤੀ ਹੈ । ਉਸ ਨੂੰ ਆਪਣੀ ਦੁੱਖਭਰੀ ਜਿੰਦਗੀ ਯਾਦ ਆਉਂਦੀ ਹੈ । ਉਸ ਨੂੰ ਆਪਣੀ ਮੌਤ ਨਜਦੀਕ ਆਉਂਦੀ ਪ੍ਰਤੀਤ ਹੁੰਦੀ ਹੈ । ਉਹ ਆਪਣੇ ਦੋਸਤ ਰੌਣਕੀ ਨੂੰ ਭਾਨੀ ਨੂੰ ਸੱਦਣ ਲਈ ਕਹਿੰਦਾ ਹੈ, ਪਰ ਭਾਨੀ ਆਪਣੇ ਭਰਾ ਦੇ ਵਿਆਹ ’ਤੇ ਪੇਕੇ ਗਈ ਹੋਈ ਹੈ । ਉਹ ਮਰਨ ਤੋਂ ਪਹਿਲਾਂ ਆਪਣੇ ਦੋਸਤ ਨੂੰ ਕਹਿੰਦਾ ਹੈ ਕਿ ਉਹ ਭਾਨੀ ਨੂੰ ਆਖੇ ਕਿ ਉਹ ਉਸਦੀ ਮੜ੍ਹੀ ਉੱਤੇ ਜ਼ਰੂਰ ਆਇਆ ਕਰੇ
ਰੌਣਕੀ ਨੇ ਜਗਸੀਰ ਦੇ ਫੁੱਲ ਜਲ-ਪ੍ਰਵਾਹ ਕਰਨ ਤੋਂ ਬਾਅਦ ਉਸਦੀ ਆਖਰੀ ਇੱਛਾ ਅਨੁਸਾਰ ਉਸਦੀ ਮੜ੍ਹੀ ਬਣਵਾ ਦਿੱਤੀ । ਭਾਨੀ ਭਰਾ ਦੇ ਵਿਆਹ ਤੋਂ ਆ ਚੁੱਕੀ ਸੀ । ਉਸ ਦੀ ਹਿਮੰਤ ਨਹੀਂ ਹੋਈ ਕਿ ਉਹ ਉਸ ਨੂੰ ਮੜ੍ਹੀ ਪੋਚਣ ਲਈ ਕਹੇ । ਪਰ, ਉਸ ਨੂੰ ਮੜ੍ਹੀ ’ਤੇ ਦੀਵਾ ਜਗਦਾ ਦਿਸਿਆ । ਉਹ ਸਮਝ ਗਿਆ । ਉਸ ਨੂੰ ਦੀਵੇ ਦੀ ਲੌਅ ਕੰਬਦੀ, ਪਾਟਦੀ, ਅਡੋਲ ਅਤੇ ਫੇਰ ਉੱਚੀ ਹੁੰਦੀ ਪ੍ਰਤੀਤ ਹੁੰਦੀ ਹੈ । ਉਸ ਨੇ ਭਾਨੀ ਨੂੰ ਮੜ੍ਹੀ ਤੋਂ ਮੁੱੜਦਿਆਂ ਵੀ ਵੇਖਿਆ । ਰੌਣਕੀ ਨੂੰ ਭਾਨੀ ਵੀ ਦੀਵੇ ਦੀ ਲੋਅ ਵਾਂਗ ਲਗਦੀ ਹੈ । ਰੌਣਕੀ ਆਪਣੀਆਂ ਅੱਖਾਂ ਪੂੰਝਦਿਆਂ ਭਾਨੀ ਦੇ ਪਿੱਛੇ-ਪਿੱਛੇ ਚਲ ਪੈਂਦਾ ਹੈ । ਇਸ ਦੇ ਨਾਲ ਹੀ ਨਾਵਲ ਦਾ ਅੰਤ ਹੋ ਜਾਂਦਾ ਹੈ । ਇਹ ਇਕ ਦੁਖਾਂਤਕ ਨਾਵਲ ਹੈ ।