Marwa Ditta Angrezi Ne : Dr. Faqir Chand Shukla
ਮਰਵਾ ਦਿੱਤਾ ਅੰਗਰੇਜ਼ੀ ਨੇ (ਵਿਅੰਗ) : ਫ਼ਕੀਰ ਚੰਦ ਸ਼ੁਕਲਾ
ਮੈਲਬਰਨ (ਆਸਟਰੇਲੀਆ) ਆਇਆਂ ਹਾਲੇ ਮੈਨੂੰ ਥੋੜ੍ਹਾ ਚਿਰ ਹੀ ਹੋਇਆ ਸੀ। ਪਤਾ ਨਹੀਂ ਕਿਉਂ ਕੁਝ ਦਿਨਾਂ ਤੋਂ ਮੈਨੂੰ ਕੁਝ ਜ਼ਿਆਦਾ ਹੀ ਠੰਢ ਮਹਿਸੂਸ ਹੋਣ ਲੱਗੀ ਸੀ ਤੇ ਹਰ ਵੇਲੇ ਕਾਂਬਾ ਜਿਹਾ ਛਿੜਿਆ ਰਹਿੰਦਾ। ਭਾਵੇਂ ਘਰ ਵਿੱਚ ਇੰਟਰਨਲ ਹੀਟਿੰਗ ਦਾ ਬੰਦੋਬਸਤ ਸੀ ਪਰ ਮੈਂ ਸਾਰਾ ਦਿਨ ਘਰੇ ਤਾਂ ਨਹੀਂ ਬੈਠੇ ਰਹਿਣਾ ਸੀ। ਕੰਮਕਾਜ ਵੀ ਤਾਂ ਕਰਨਾ ਸੀ। …ਤੇ ਜ਼ਿਆਦਾ ਹੀਟਿੰਗ ਦਾ ਵਾਧੂ ਬਿੱਲ ਵੀ ਤਾਂ ਮੈਨੂੰ ਹੀ ਭਰਨਾ ਪੈਣਾ ਸੀ।
ਮੈਂ ਕਿੰਨੇ ਸਾਰੇ ਕੱਪੜੇ ਪਾ ਲਏ ਪਰ ਇਸ ਤਰ੍ਹਾਂ ਤੁਰਨ ਵੇਲੇ ਔਖਿਆਈ ਹੁੰਦੀ ਸੀ ਅਤੇ ਥੋੜ੍ਹਾ ਤੁਰਨ ਮਗਰੋਂ ਹੀ ਸਾਹ ਚੜ੍ਹ ਜਾਂਦਾ। ਆਖਰਕਾਰ ਮੈਂ ਥੌਰਨਬਰੀ ਲਾਗੇ ਇੱਕ ਫਾਰਮੇਸੀ ’ਤੇ ਦਵਾਈ ਲੈਣ ਲਈ ਚਲਾ ਗਿਆ। ਕਾਊਂਟਰ ’ਤੇ ਖਲੋਤੀ ਗੋਰੀ ਕੁੜੀ ਨੇ ਡਾਕਟਰ ਦੀ ਸਿਫ਼ਾਰਸ਼ ਤੋਂ ਬਿਨਾਂ ਦਵਾਈ ਦੇਣ ਤੋਂ ਨਾਂਹ ਕਰ ਦਿੱਤੀ। ਮੈਂ ਡੰਡਾਸ ਸਟ੍ਰੀਟ, ਮੁਰਰੇ ਰੋਡ ਅਤੇ ਹਾਈਵੇ ਸਟਰੀਟ ਸਥਿਤ ਫਾਰਮੇਸੀਆਂ ’ਤੇ ਵੀ ਗਿਆ ਪਰ ਕੋਈ ਵੀ ਦਵਾਈ ਦੇਣ ਲਈ ਨਹੀਂ ਮੰਨਿਆ।
ਮੈਨੂੰ ਬੜੀ ਖਿੱਝ ਆਈ, ‘‘ਲੈ ਹੁਣ ਐਨੀ ਕੁ ਗੱਲ ਲਈ ਡਾਕਟਰ ਕੋਲ ਜਾਣਾ ਪਵੇਗਾ? ਲੁਧਿਆਣੇ ਹੁੰਦਾ ਤਾਂ ਲੋਕਾਂ ਨੇ ਹੀ ਬਥੇਰੀਆਂ ਦਵਾਈਆਂ ਦੱਸ ਦੇਣੀਆਂ ਸਨ, ਨਹੀਂ ਤਾਂ ਕੈਮਿਸਟ ਨੇ ਆਪੇ ਦੇ ਦੇਣੀ ਸੀ।’’
ਵਾਕਿਫ਼ ਬੰਦਿਆਂ ਤੋਂ ਪਤਾ ਲੱਗਿਆ ਕਿ ਐਥੇ ਤਾਂ ਡਾਕਟਰ ਤੋਂ ਪਹਿਲਾਂ ਸਮਾਂ ਲੈਣਾ ਪੈਂਦਾ ਹੈ। ਇਹ ਨਹੀਂ ਕਿ ਜਦੋਂ ਜੀਅ ਕੀਤਾ ਮੂੰਹ ਚੁੱਕ ਕੇ ਤੁਰ ਪਏ।
ਇੱਕ ਚੀਨੀ ਡਾਕਟਰ ਗਾਵਰ ਸਟਰੀਟ ’ਤੇ ਸੀ। ਉਹ ਸਾਰੇ ਕਹਿੰਦੇ ਸੀ ਕਿ ਉਹ ਹੋਰਾਂ ਦੇ ਮੁਕਾਬਲੇ ਘੱਟ ਡਾਲਰ ਲੈਂਦਾ ਹੈ। ਫੋਨ ਕਰਕੇ ਪਤਾ ਕੀਤਾ। ਉਸ ਕੋਲ ਤਾਂ ਰਾਤ ਤਕ ਵਾਰੀ ਨਹੀਂ ਆਉਣੀ ਸੀ ਪਰ ਹਾਈਵੇ ਵਾਲੇ ਡਾਕਟਰ ਨੇ ਗਿਆਰਾਂ ਵਜੇ ਦਾ ਸਮਾਂ ਦੇ ਦਿੱਤਾ।
ਮੈਂ ਸਮੇਂ ਸਿਰ ਉਸ ਦੀ ਕਲੀਨਿਕ ’ਤੇ ਜਾ ਪੁੱਜਾ। ਡਾਕਟਰ ਨੇ ਪੁੱਛਿਆ ਕਿ ਉਹ ਮੇਰੇ ਲਈ ਕੀ ਕਰ ਸਕਦਾ ਹੈ।
‘‘ਡਾਕਟਰ ਆਈ’ਮ ਫੀਲਿੰਗ ਕੋਲਡ,’’ ਉਸ ਨੂੰ ਦੱਸਿਆ ਤਾਂ ਉਸ ਮੈਨੂੰ ਫੇਰ ਪੁੱਛਿਆ, ‘‘ਕਦੋਂ ਤੋਂ…!’’
‘‘ਜੀ, ਤਿੰਨ-ਚਾਰ ਦਿਨ ਤਾਂ ਹੋ ਹੀ ਗਏ।’’
‘‘ਕੀ ਥੋਡਾ ਨੱਕ ਬੰਦ ਰਹਿੰਦੈ ਜਾਂ ਵਗਦੈ?’’ ਉਸ ਫੇਰ ਪੁੱਛਿਆ।
‘‘ਨੋ ਡਾਕਟਰ।’’
‘‘ਛਿੱਕਾਂ ਆਉਂਦੀਆਂ ਨੇ?’’
‘‘ਨੋ ਸਰ।’’
‘‘ਗਲੇ ’ਚ ਖਰਾਸ਼ ਜਾਂ ਦਰਦ…?’’
‘‘ਨਹੀਂ ਡਾਕਟਰ।’’
‘‘ਖਾਂਸੀ ਆਉਂਦੀ ਐ? ਬਲਗਮ ਤਾਂ ਨਹੀਂ ਨਿਕਲਦੀ?’’
‘‘ਨਹੀਂ ਡਾਕਟਰ ਸਾਹਿਬ, ਅਜਿਹਾ ਤਾਂ ਕੁਝ ਵੀ ਨਹੀਂ ਹੁੰਦਾ।’’ ਮੇਰੇ ਇੰਜ ਆਖਣ ’ਤੇ ਡਾਕਟਰ ਜਿਵੇਂ ਕੁਝ ਸੋਚਣ ਲੱਗਾ ਸੀ। ਮੈਂ ਵੀ ਸੋਚੀਂ ਪੈ ਗਿਆ ਸੀ। ਕਿਤੇ ਡਾਕਟਰ ਮੇਰੇ ‘ਕੋਲਡ’ ਆਖਣ ਨੂੰ ਜ਼ੁਕਾਮ ਤਾਂ ਨਹੀਂ ਸਮਝ ਰਿਹਾ ਪਰ ਜ਼ੁਕਾਮ ਨੂੰ ਤਾਂ ਅੰਗਰੇਜ਼ੀ ਵਿੱਚ ‘ਬੈਡ ਕੋਲਡ’ ਆਖਦੇ ਹਨ, ਮੈਂ ਸੋਚਿਆ।
ਡਾਕਟਰ ਨੇ ਸਟੈਥੋਸਕੋਪ ਨਾਲ ਮੇਰੇ ਦਿਲ ਦੀ ਧੜਕਣ ਵੇਖੀ। ਮੇਰੀ ਬਾਂਹ ’ਤੇ ਇੱਕ ਪਟਾ ਜਿਹਾ ਲਪੇਟ ਦਿੱਤਾ ਤੇ ਇੱਕ ਮਸ਼ੀਨ ਰਾਹੀਂ ਮੇਰਾ ਬਲੱਡ ਪ੍ਰੈਸ਼ਰ ਅਤੇ ਪਲਸ ਰੇਟ ਵੀ ਮਾਪਿਆ। ਉਸ ਨੇ ਕੁਝ ਹੋਰੇ ਤਰ੍ਹਾਂ ਦਾ ਥਰਮਾਮੀਟਰ ਮੇਰੇ ਕੰਨ ਵਿੱਚ ਲਾ ਕੇ ਟੈਂਪਰੇਚਰ ਨੋਟ ਕੀਤਾ। ਮੇਰੇ ਲਈ ਹੈਰਾਨੀ ਵਾਲੀ ਗੱਲ ਸੀ ਕਿ ਟੈਂਪਰੇਚਰ ਕੰਨ ਰਾਹੀਂ ਵੀ ਵੇਖਿਆ ਜਾਂਦਾ ਹੈ।
ਮੈਂ ਇਹ ਸੋਚਦਿਆਂ ਕਿ ਡਾਕਟਰ ਕਿਤੇ ਮੈਨੂੰ ਜ਼ੁਕਾਮ ਹੋਇਆ ਤਾਂ ਨਹੀਂ ਸਮਝ ਰਿਹਾ, ਮੁੜ ਆਖਿਆ, ‘‘ਆਈ ਡਾਂਟ ਹੈਵ ਕੋਲਡ, ਬਟ ਫੀਲਿੰਗ ਕੋਲਡ।’’
‘‘ਸੌਰੀ ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਕੀ ਕਹਿ ਰਹੇ ਹੋ,’’ ਡਾਕਟਰ ਬੋਲਿਆ, ‘‘ਪਲੀਜ਼ ਟਰਾਈ ਟੂ ਐਕਸਪਲੇਨ ਪਰੋਪਰਲੀ।’’
ਮੈਂ ਸੋਚਿਆ ਠੰਢ ਦੀ ਅੰਗਰੇਜ਼ੀ ‘ਕੋਲਡ’ ਸ਼ਾਇਦ ਇਸ ਨੂੰ ਸਮਝ ਨਹੀਂ ਆਈ। ਮੈਨੂੰ ਕਈ ਵਾਰੀ ਕਾਂਬਾ ਜਿਹਾ ਵੀ ਲੱਗਦਾ ਸੀ। ਇਸ ਲਈ ਮੈਂ ਝੱਟ ਆਖਿਆ, ‘‘ਆਈ’ਮ ਸ਼ਿਵਰਿੰਗ ਆਲਸੋ (ਮੈਨੂੰ ਕਾਂਬਾ ਵੀ ਲੱਗਦੈ)।’’
‘‘ਅੋਹ ਆਈ ਸੀ,’’ ਡਾਕਟਰ ਨੇ ਮੈਨੂੰ ਬੈੱਡ ’ਤੇ ਲੇਟਣ ਦਾ ਇਸ਼ਾਰਾ ਕੀਤਾ।
‘‘ਤੁਸੀਂ ਕਦੇ ਬਲੱਡ ਟੈਸਟ ਕਰਵਾਇਐ?’’
‘‘ਹਾਂ ਜੀ, ਡਾਕਟਰ’’।
‘‘ਹੀਮੋਗਲੋਬਿਨ ਕਿੰਨੀ ਸੀ?’’
‘‘ਜੀ ਪੂਰੀ ਤਰ੍ਹਾਂ ਤਾਂ ਚੇਤੇ ਨੀ ਪਰ ਵਾਹਵਾ ਸੀ,’’ ਮੈਂ ਦੱਸਿਆ।
‘‘ਤੁਸੀਂ ਵੈੱਜ ਹੋ ਜਾਂ ਨੌਨ ਵੈੱਜ?’’
‘‘ਜੀ ਮੈਂ ਤਾਂ ਪੱਕਾ ਵੈਜੀਟੇਰੀਅਨ ਹਾਂ। ਆਂਡਾ ਵੀ ਨਹੀਂ ਖਾਂਦਾ।’’
‘‘ਤੁਹਾਨੂੰ ਬਲੱਡ ਟੈਸਟ ਕਰਵਾਉਣਾ ਚਾਹੀਦਾ। ਕਮਜ਼ੋਰੀ ਕਰਕੇ ਵੀ ਜ਼ਿਆਦਾ ਠੰਢ ਮਹਿਸੂਸ ਹੋਣ ਲੱਗਦੀ ਹੈ। ਨਾਲੇ ਵੈਜੀਟੇਰੀਅਨ ਲੋਕਾਂ ਵਿੱਚ ਆਮ ਤੌਰ ’ਤੇ ਹੀਮੋਗਲੋਬਿਨ ਦੀ ਘਾਟ ਹੁੰਦੀ ਹੈ।’’ ਡਾਕਟਰ ਨੇ ਆਪਣੀ ਰਾਇ ਦੱਸੀ।
ਉਸ ਮੇਰੀਆਂ ਉਂਗਲਾਂ ਦੇ ਨਹੁੰ, ਜੀਭ ਅਤੇ ਅੱਖਾਂ ਦੀਆਂ ਪਲਕਾਂ ਦਾ ਅੰਦਰਲਾ ਪਾਸਾ ਚੈੱਕ ਕੀਤਾ।
ਮੈਂ ਬੈੱਡ ’ਤੇ ਲੰਮਾ ਪੈ ਗਿਆ ਸੀ। ਉਸ ਮੇਰੇ ਸਰੀਰ ’ਤੇ ਕਈ ਥਾਵਾਂ ਉੱਤੇ ਹੱਥ ਨਾਲ ਦਬਾ ਕੇ ਪੁੱਛਿਆ ਕਿ ਉੱਥੇ ਦਰਦ ਤਾਂ ਨਹੀਂ ਹੁੰਦਾ, ਹੱਥ ਫੇਰਦਿਆਂ ਫੇਰਦਿਆਂ ਉਸ ਨੇ ਹੱਥ ਨਾਲ ਜਦੋਂ ਮੇਰੀ ਛਾਤੀ ਤੇ ਦਿਲ ਦੇ ਲਾਗੇ ਦੱਬਿਆ ਤਾਂ ਮੇਰੇ ਮੂੰਹ ’ਚੋਂ ‘ਹਾਇ’ ਨਿਕਲ ਗਈ।
‘‘ਕੀ ਐਥੇ ਦਰਦ ਹੁੰਦੈ?’’ ਮੇਰੇ ਚਿਹਰੇ ਦੇ ਭਾਵ ਪੜ੍ਹਦਿਆਂ ਉਸ ਪੁੱਛਿਆ।
‘‘ਜੀ ਹਾਂ।’’
‘‘ਕਦੋਂ ਤੋਂ?’’
‘‘ਕੁਝ ਦਿਨਾਂ ਤੋਂ!’’ ਮੈਂ ਆਖ ਦਿੱਤਾ ਪਰ ਉਸੇ ਵੇਲੇ ਮੈਨੂੰ ਖਿਆਲ ਆਇਆ ਕਿ ਮੇਰੀ ਛਾਤੀ ’ਤੇ ਤਾਂ ਵਾਲ ਤੋੜ ਹੋਇਆ ਹੈ। ਇਸ ਲਈ ਡਾਕਟਰ ਦੇ ਦੱਬਣ ਨਾਲ ਪੀੜ ਹੋਈ ਸੀ। ਮੈਂ ਡਾਕਟਰ ਨੂੰ ਇਹ ਦੱਸਣਾ ਚਾਹੁੰਦਾ ਸਾਂ ਪਰ ਮੈਥੋਂ ਵਾਲ ਤੋੜ ਦੀ ਅੰਗਰੇਜ਼ੀ ਹੀ ਨਹੀਂ ਬਣ ਰਹੀ ਸੀ। ਮੈਂ ਹਾਲੇ ਸੋਚੀਂ ਹੀ ਪਿਆ ਹੋਇਆ ਸੀ ਕਿ ਉਸ ਮੈਨੂੰ ਫੇਰ ਪੁੱਛ ਲਿਆ, ‘‘ਜਦੋਂ ਦਰਦ ਹੁੰਦੈ ਤਾਂ ਕੀ ਖੱਬੀ ਬਾਂਹ ਵੱਲ ਵੀ ਜਾਂਦੈ?’’
‘‘ਜੀ ਕਦੇ ਕਦਾਈਂ ਇੰਜ ਵੀ ਹੁੰਦਾ ਹੈ।’’
ਪਰ ਉਸੇ ਵੇਲੇ ਮੈਨੂੰ ਖਿਆਲ ਆਇਆ ਕਿ ਬਾਂਹ ’ਚ ਪੀੜ ਤਾਂ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਮੈਨੂੰ ਸੌਣ ਵੇਲੇ ਸਿਰ ਹੇਠਾਂ ਬਾਂਹ ਲੈਣ ਦੀ ਆਦਤ ਹੈ ਪਰ ਹਾਲੇ ਮੈਂ ਅੰਗਰੇਜ਼ੀ ਬਣਾ ਵੀ ਨਹੀਂ ਸਕਿਆ ਸੀ ਕਿ ਡਾਕਟਰ ਨੇ ਕੁਝ ਟੈਸਟ ਕਰਵਾਉਣ ਦੀ ਸਲਾਹ ਦਿੱਤੀ।
ਮੈਂ ਸੋਚਣ ਲੱਗਾ ਕਿ ਕਿਤੇ ਮੇਰੇ ਵਾਲ ਤੋੜ ਅਤੇ ਬਾਂਹ ਵਿੱਚ ਹੁੰਦੀ ਪੀੜ ਨੂੰ ਡਾਕਟਰ ਹਾਰਟ ਪ੍ਰੋਬਲਮ ਨਾਲ ਤਾਂ ਨਹੀਂ ਮੇਲ ਰਿਹਾ।
ਮੈਂ ਆਪਣੇ ਵੱਲੋਂ ਉਸ ਨੂੰ ਅੰਗਰੇਜ਼ੀ ਵਿੱਚ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਾ ਹੋਇਆ।
ਮੈਨੂੰ ਡਾਕਟਰ ’ਤੇ ਖਿੱਝ ਵੀ ਆ ਰਹੀ ਸੀ। ਇਹ ਕਿੱਦਾਂ ਦਾ ਡਾਕਟਰ ਹੈ ਜਿਹੜਾ ਐਨੀ ਗੱਲ ਵੀ ਨਹੀਂ ਸਮਝ ਸਕਦਾ।
ਅਚਾਨਕ ਹੀ ਮੈਨੂੰ ਆਪਣੇ ਪਿੰਡ ਖਿਜ਼ਰਾਬਾਦ ’ਚ ਪੜ੍ਹਨ ਵੇਲੇ ਦੇ ਦਿਨ ਚੇਤੇ ਆ ਗਏ। ਸਾਨੂੰ ਪੜ੍ਹਾਉਣ ਵਾਲੇ ਗਿਆਨੀ ਜੀ ਪੜ੍ਹਾਉਂਦੇ ਸਨ ਤਾਂ ਪੰਜਾਬੀ ਪਰ ਅੰਗਰੇਜ਼ੀ ਨੂੰ ਵੀ ਲੋੜੋਂ ਵੱਧ ਮੂੰਹ ਮਾਰਦੇ ਸਨ।
ਗਿਆਨੀ ਜੀ ਕਿਸੇ ਮੁੰਡੇ ਨੂੰ ਕਿਤੇ ਜਾਣ ਲਈ ਆਖਦੇ ਤੇ ਜੇ ਉਹ ਰਤਾ ਕੁ ਵੀ ਨਾਂਹ ਨੁੱਕਰ ਕਰਦਾ ਤਾਂ ਉਹ ਝੱਟ ਅੰਗਰੇਜ਼ੀ ਵਿੱਚ ਆਖਦੇ, ‘‘ਯੂ ਗੋ, ਨੌਟ ਗੋ ਮਾਈ ਗੋ ਯਾਨੀ ਜਾਣੈ ਜਾਹ, ਨਹੀਂ ਜਾਣਾ ਨਾ ਜਾਹ, ਮੈਨੂੰ ਕੀ।’’
ਇਸੇ ਤਰ੍ਹਾਂ ਜੇ ਉਨ੍ਹਾਂ ਨਾਲ ਗੱਲ ਕਰਦਿਆਂ ਕੋਈ ਟੌਕ ਦਿੰਦਾ ਤਾਂ ਉਹ ਗੁੱਸੇ ਵਿੱਚ ਆਖਿਆ ਕਰਦੇ, ‘‘ਵੈੱਨ ਆਈ ਟੌਕ, ਹੀ ਟੌਕ, ਵਾਈ ਯੂ ਮਿਡਲ ਮਿਡਲ ਟੌਕ’’ ਤੇ ਅਸੀਂ ਉਨ੍ਹਾਂ ਦੀ ਅੰਗਰੇਜ਼ੀ ਸਮਝ ਜਾਇਆ ਕਰਦੇ ਸਾਂ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਜਦੋਂ ਮੈਂ ਤੇ ਉਹ ਗੱਲਾਂ ਕਰ ਰਹੇ ਹਾਂ ਤਾਂ ਤੂੰ ਵਿਚਕਾਰ ਕਿਉਂ ਬੋਲਦਾ ਏਂ…।
ਪਰ ਪਤਾ ਨਹੀਂ ਇਹ ਅੰਗਰੇਜ਼ ਡਾਕਟਰ ਕਿੱਥੋਂ ਦਾ ਪੜ੍ਹਿਆ ਹੋਇਆ ਸੀ ਜਿਸ ਨੂੰ ਮੇਰੀ ਗੱਲ ਹੀ ਸਮਝ ਨਹੀਂ ਆ ਰਹੀ ਸੀ।
ਸਾਡੇ ਪਿੰਡ ਦੀ ਇੱਕ ਕੁੜੀ ਲੰਡਨ ’ਚ ਵਿਆਹੀ ਹੋਈ ਸੀ। ਇੱਕ ਵਾਰੀ ਉਸ ਦਾ ਮੁੰਡਾ ਥੋੜ੍ਹਾ ਢਿੱਲਾ ਪੈ ਗਿਆ। ਉਹ ਉਸ ਨੂੰ ਇੱਕ ਅੰਗਰੇਜ਼ ਡਾਕਟਰ ਕੋਲ ਲੈ ਗਈ ਤੇ ਉਸ ਦੀ ਬੀਮਾਰੀ ਦੱਸਣ ਲੱਗੀ, ‘‘ਜੀ, ਨਾ ਤਾਂ ਏਹ ਈਟਦਾ, ਨਾ ਡਰਿੰਕਦਾ, ਬਸ ਵੀਪਦਾ ਈ ਵੀਪਦਾ।’’
ਡਾਕਟਰ ਤੁਰੰਤ ਸਮਝ ਗਿਆ ਤੇ ਬੋਲਿਆ, ‘‘ਨੋ ਈਟਿੰਗ, ਨੋ ਡਰਿੰਕਿੰਗ, ਆਲਵੇਜ਼ ਵੀਪਿੰਗ…’’ ਤੇ ਉਸ ਨੇ ਚੈੱਕ ਕਰਕੇ ਦਵਾਈ ਦੇ ਦਿੱਤੀ।
ਮੈਂ ਲਗਪਗ ਹਰ ਰੋਜ਼ ਪਰੈਸਟਨ ਵਿਖੇ ਡੈਰੀਬਨ ਲਾਇਬਰੇਰੀ ਵਿੱਚ ਜਾਇਆ ਕਰਦਾ ਸੀ। ਉੱਥੇ ਇੱਕ ਚੀਨੀ ਕੁੜੀ ਨਾਲ ਦੋਸਤੀ ਹੋ ਗਈ ਸੀ। ਕਿਸੇ ਕਾਰਨ ਮੈਂ 7-8 ਦਿਨ ਲਾਇਬਰੇਰੀ ਨਾ ਜਾ ਸਕਿਆ। ਜਦੋਂ ਗਿਆ ਤਾਂ ਉਹ ਚੀਨਣ ਮੈਨੂੰ ਵੇਖਦਿਆਂ ਸਾਰ ਹੀ ਬੋਲੀ, ‘‘ਲੌਂਗ ਟਾਈਮ, ਨੋ ਸੀ।’’ ਪਹਿਲਾਂ ਤਾਂ ਮੇਰੇ ਕੁਝ ਪੱਲੇ ਨਾ ਪਿਆ ਪਰ ਜਦੋਂ ਮੈਂ ਆਪਣੇ ਗਿਆਨੀ ਜੀ ਦੀ ਅੰਗਰੇਜ਼ੀ ਨਾਲ ਮੇਲ ਕੀਤਾ ਤਾਂ ਤੁਰੰਤ ਸਾਰੀ ਗੱਲ ਸਮਝ ਆ ਗਈ ਕਿ ਉਸ ਦੇ ਕਹਿਣ ਦਾ ਮਤਲਬ ਸੀ ਕਿ ਲੰਮੇ ਸਮੇਂ ਤੋਂ ਵਿਖਾਈ ਨਹੀਂ ਦਿੱਤਾ। ‘ਲੌਂਗ ਟਾਈਮ’ ਯਾਨੀ ਲੰਮਾ ਸਮਾਂ ਅਤੇ ‘ਨੋ ਸੀ’, ਨਹੀਂ ਵੇਖਿਆ।
ਇੱਕ ਦਿਨ ਪੁਲੀਸ ਵੱਲੋਂ ਫੋਨ ਆਇਆ ਸੀ। ਸਵੈਨਸਟਨ ਰੋਡ ’ਤੇ ਕਿਸੇ ਵਾਕਿਫ਼ ਦਾ ਐਕਸੀਡੈਂਟ ਹੋ ਗਿਆ ਸੀ। ਅਸੀਂ ਤਿੰਨ ਜਣੇ ਉੱਥੇ ਜਾ ਪੁੱਜੇ। ਇੱਕ ਗੋਰੀ ਕੌਪਸ (ਸਿਪਾਹੀ) ਉਸ ਤੋਂ ਪੁੱਛਗਿੱਛ ਕਰ ਰਹੀ ਸੀ ਕਿ ਉਸ ਨੇ ਕਿਵੇਂ ਐਕਸੀਡੈਂਟ ਕਰ ਦਿੱਤਾ ਪਰ ਸਾਡਾ ਐਮ.ਐੱਸ ਸੀ. ਪਾਸ ਨੌਜਵਾਨ ਉਸ ਨੂੰ ਸਮਝਾ ਨਹੀਂ ਪਾ ਰਿਹਾ ਸੀ। ਆਖਰਕਾਰ ਉਹ ਗੋਰੀ (ਸਿਪਾਹੀ) ਬੱਚਿਆਂ ਦੀਆਂ ਖੇਡਣ ਵਾਲੀਆਂ ਦੋ ਕਾਰਾਂ ਉਸ ਕੋਲ ਲੈ ਆਈ ਤੇ ਕਹਿਣ ਲੱਗੀ, ‘‘ਏਹ ਦੋ ਕਾਰਾਂ ਨੇ। ਸਮਝ ਲੈ ਇੱਕ ਤੇਰੀ ਟੈਕਸੀ ਹੈ ਤੇ ਦੂਜੀ ਜਿਸ ਨਾਲ ਤੂੰ ਐਕਸੀਡੈਂਟ ਕੀਤੈ। ਹੁਣ ਮੈਨੂੰ ਸਮਝਾ ਤੂੰ ਏਹ ਐਕਸੀਡੈਂਟ ਕਿਵੇਂ ਕੀਤਾ?’’
ਮੁੰਡੇ ਨੇ ਜਿਵੇਂ ਤਿਵੇਂ ਸਮਝਾ ਦਿੱਤਾ।
ਆਖਿਰ ਉਹ ਗੋਰੀ ਸਿਪਾਹੀ ਬੋਲੀ, ‘‘ਵੇਖਣ ਨੂੰ ਤਾਂ ਤੂੰ ਪੜ੍ਹਿਆ ਲਿਖਿਆ ਸਾਊ ਜਿਹਾ ਬੰਦਾ ਜਾਪਦੈਂ। ਫੇਰ ਟੈਕਸੀ ਗਲਤ ਮੋੜ ਕੇ ਏਹ ਐਕਸੀਡੈਂਟ ਕਿਵੇਂ ਕਰ ਦਿੱਤਾ?’’
ਉਸ ਦੇ ਇੰਜ ਪੁੱਛਣ ’ਤੇ ਸਾਡੇ ਪੰਜਾਬੀ ਨੌਜਵਾਨ ਨੇ ਆਪਣੀ ਅੰਗਰੇਜ਼ੀ ਦੇ ਤਾਂ ਜਿਵੇਂ ਫੱਟੇ ਚੁੱਕ ਸੁੱਟੇ, ‘‘ਮੀ ਟਾਇਰ, ਸਰਕਲਜ਼ ਇਨ ਹੈੱਡ।’’
ਉਸ ਗੋਰੀ ਨੂੰ ਤਾਂ ਕੀ ਪੱਲੇ ਪੈਣਾ ਸੀ, ਪਹਿਲਾਂ ਤਾਂ ਸਾਡੇ ਵੀ ਉਪਰੋਂ ਦੀ ਲੰਘ ਗਈ। ਆਖਿਰ ਨਾਲ ਗਏ ਬੰਦੇ ਨੇ ਗੋਰੀ ਨੂੰ ਸਮਝਾਇਆ ਕਿ ਉਸ ਦੇ ਕਹਿਣ ਦਾ ਮਤਲਬ ਹੈ, ‘‘ਉਹ ਥੱਕਿਆ ਹੋਇਆ ਸੀ ਤੇ ਉਸ ਦਾ ਸਿਰ ਚਕਰਾ ਰਿਹਾ ਸੀ,’’ ਤਾਂ ਉਹ ਗੋਰੀ ਵੀ ਮੁਸਕਰਾ ਪਈ ਸੀ।
ਇੱਕ ਸਾਡਾ ਇੰਜਨੀਅਰ ਵੀ ਐਥੇ ਆ ਕੇ ਸਕਿਉਰਟੀ ਯਾਨੀ ਚੌਕੀਦਾਰੀ ਦਾ ਕੰਮ ਕਰ ਰਿਹਾ ਸੀ। ਇੱਕ ਵਾਰੀ ਉਹ ਸਾਡੇ ਨਾਲ ਸੜਕ ’ਤੇ ਤੁਰਿਆ ਜਾ ਰਿਹਾ ਸੀ ਕਿ ਉਸ ਦਾ ਵਾਕਿਫ਼ ਇੱਕ ਅੰਗਰੇਜ਼ ਮਿਲ ਗਿਆ। ਅੰਗਰੇਜ਼ ਨੇ ਉਸ ਨੂੰ ਪੁੱਛਿਆ, ‘‘ਹਾਊ ਆਰ ਯੂ ਗੋਇੰਗ ਬਡੀ, ਯਾਨੀ ਕਿਵੇਂ ਗੁਜ਼ਰ ਰਹੀ ਏ ਦੋਸਤ?’’ ਪਰ ਸਾਡੇ ਇੰਜਨੀਅਰ ਨੇ ਸਮਝ ਲਿਆ ਕਿ ਉਹ ਪੁੱਛ ਰਿਹਾ ਕੰਮ ’ਤੇ ਕਿਵੇਂ ਜਾਂਦੈ। ਉਸ ਤੁਰੰਤ ਆਖਿਆ, ‘‘ਬਾਈ ਬਸ।’’
ਉਸ ਦਾ ਜਵਾਬ ਸੁਣ ਕੇ ਅੰਗਰੇਜ਼ ਤਾਂ ਜਿਵੇਂ ਡੌਰ-ਭੌਰ ਹੀ ਹੋ ਗਿਆ ਸੀ।
ਪਤਾ ਨਹੀਂ ਮੈਨੂੰ ਇਹ ਗੱਲਾਂ ਕਿਉਂ ਚੇਤੇ ਆਉਣ ਲੱਗੀਆਂ ਸਨ। ਇਹ ਵੀ ਹੋ ਸਕਦਾ ਹੈ ਕਿ ਮੈਂ ਆਪਣੇ ਆਪ ਨੂੰ ਹੌਸਲਾ ਦੇ ਰਿਹਾ ਹੋਵਾਂ ਕਿ ਫ਼ਿਕਰ ਨਾ ਕਰ, ਤੂੰ ਇਨ੍ਹਾਂ ਨਾਲੋਂ ਫੇਰ ਵੀ ਚੰਗਾ ਹੈ। ਇਹ ਲੋਕ ਤਾਂ ਇੰਡੀਆ ਤੋਂ ਅੰਗਰੇਜ਼ੀ ਦਾ ਟੈਸਟ ਆਈਲੈਟਸ ਪਾਸ ਕਰਕੇ ਐਥੇ ਆਏ ਹਨ। ਰੱਬ ਜਾਣੇ, ਇਹ ਟੈਸਟ ਕਿਵੇਂ ਪਾਸ ਕਰ ਲੈਂਦੇ ਹਨ।
… ਤੇ ਡਾਕਟਰ ਨੂੰ ਮੇਰੀ ਅੰਗਰੇਜ਼ੀ ਦੀ ਸਮਝ ਨਹੀਂ ਪਈ ਜਾਪਦੀ ਸੀ। ਉਸ ਚੈਕਅੱਪ ਕਰਨ ਮਗਰੋਂ ਆਖਿਆ, ‘‘ਇੰਜ ਤਾਂ ਕੋਈ ਐਬਨਾਰਮੇਲਟੀ ਨਹੀਂ ਜਾਪਦੀ। ਮੈਂ ਇਹ ਟੈਸਟ ਲਿਖ ਦਿੱਤੇ ਨੇ। ਇਨ੍ਹਾਂ ਦੀ ਰਿਪੋਰਟ ਆਉਣ ਮਗਰੋਂ ਹੀ ਮੈਂ ਕੋਈ ਇਲਾਜ ਕਰ ਸਕਾਂਗਾ।’’
ਘਰ ਨੂੰ ਵਾਪਸ ਆਉਂਦਿਆਂ ਮੈਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਠੰਢ ਮਹਿਸੂਸ ਹੋਣ ਲੱਗੀ ਸੀ। ਸ਼ਾਇਦ ਇਸ ਕਰਕੇ ਵੀ ਕਿਉਂਕਿ ਡਾਕਟਰ ਨੇ 55 ਡਾਲਰ ਲੈ ਲਏ ਸਨ। ਮੇਰੇ ਆਖਣ ’ਤੇ ਕਿ ਇਹ ਤਾਂ ਬਹੁਤ ਜ਼ਿਆਦਾ ਹਨ, ਉਸ ਸਪਸ਼ਟ ਕੀਤਾ ਸੀ, ‘‘ਵੀਹ ਮਿੰਟਾਂ ਤਕ 35 ਡਾਲਰ ਤੇ ਵੀਹ ਤੋਂ ਵੱਧ ਸਮਾਂ ਲੱਗਣ ’ਤੇ 55 ਡਾਲਰ ਪਰ ਤੁਸੀਂ ਤਾਂ… ਲੋੜੋਂ ਵੱਧ ਸਮਾਂ ਲੈ ਲਿਆ।’’ ਡਾਕਟਰ ਜਿਵੇਂ 55 ਡਾਲਰ ਲੈ ਕੇ ਵੀ ਖ਼ੁਸ਼ ਨਹੀਂ ਜਾਪ ਰਿਹਾ ਸੀ।
ਮੈਂ ਸੋਚ ਰਿਹਾ ਸੀ ਕਿ ਜੇ ਅੰਗਰੇਜ਼ੀ ਲਫ਼ਜ਼ ਸੁੱਝ ਜਾਂਦੇ ਤਾਂ ਇੰਜ ਰਗੜਾ ਤਾਂ ਨਾ ਲੱਗਦਾ ਪਰ ਅਗਲੇ ਹੀ ਪਲ ਮਨ ਵਿੱਚ ਇਹ ਖਿਆਲ ਵੀ ਆ ਰਿਹਾ ਸੀ ਕਿ ਇਸ ਨਾਲੋਂ ਤਾਂ ਚੰਗਾ ਹੁੰਦਾ 15-20 ਡਾਲਰਾਂ ਦੀ ਵਧੀਆ ਕਿਸਮ ਦੀ ਵਾਈਨ ਦੀ ਬੋਤਲ ਖਰੀਦ ਲੈਂਦਾ। ਜੋ ਚਾਰ ਘੁੱਟ ਅੰਦਰ ਜਾਂਦਿਆਂ ਸਾਰ ਹੀ ਠੰਢ ਵੀ ਦੂਰ ਹੋ ਜਾਣੀ ਸੀ ਤੇ ਮਨ ਵਿੱਚ ਇਹ ਗਿਲਾ ਵੀ ਨਹੀਂ ਰਹਿਣਾ ਸੀ ਕਿ ਮਰਵਾ ਦਿੱਤਾ ਅੰਗਰੇਜ਼ੀ ਨੇ ਕਿਉਂਕਿ ਦੋ ਘੁੱਟ ਲਾਉਣ ਮਗਰੋਂ ਤਾਂ ਅਨਪੜ੍ਹ ਬੰਦਾ ਵੀ ਅੰਗਰੇਜ਼ੀ ਬੋਲਣ ਲੱਗਦਾ ਐ, ਮੇਰੇ ਕੋਲ ਤਾਂ ਸੁੱਖ ਨਾਲ ਫੇਰ ਵੀ ਕਈ ਵੱਡੀਆਂ-ਵੱਡੀਆਂ ਡਿਗਰੀਆਂ ਹਨ।