Mashkaan Da Mull (Punjabi Story) : Omkar Sood Bahona
ਮਸ਼ਕਾਂ ਦਾ ਮੁੱਲ (ਕਹਾਣੀ) : ਓਮਕਾਰ ਸੂਦ ਬਹੋਨਾ
"ਤਾਇਆ ਗੁੱਲੀ ਘੜ ਦੇ!"ਤਾਰੇ ਨੇ ਹੱਥ 'ਚ ਫੜ੍ਹਿਆ ਤੂਤ ਦਾ ਦੋ ਕੁ ਫੁੱਟ ਲੰਬਾ ਡੰਡਾ ਦੀਨੇ
ਲੁਹਾਰ ਵੱਲ ਵਧਾਉਂਦਿਆਂ ਹੁਕਮੀ ਲਹਿਜ਼ੇ ਵਿੱਚ ਕਿਹਾ । ਦੀਨਾ ਅੱਜ ਭਰਿਆ ਪੀਤਾ ਬੈਠਾ ਸੀ,ਉਦਾਸ ਸੋਚਾਂ ਵਿੱਚ
ਗੁੰਮ । ਉਹ ਤਾਰੇ ਦੀ ਅਵਾਜ਼ ਸੁਣ ਕੇ ਹਵਬੜਾਇਆਂ ਵਾਂਗ ਤਾਰੀ ਵੱਲ ਝਾਕਿਆ ਤੇ ਫਿਰ ਗੁੱਸੇ ਭਰੀ ਧੀਮੀ ਅਵਾਜ਼
ਵਿੱਚ ਬੋਲਿਆ, "ਭੱਜ ਜਾਹ,ਭੱਜ ਜਾਹ ਤੇਜੀ ਨਾਲ ਜਿਧਰੋਂ ਆਇਆਂ ਉਧਰੇ ਹੀ । ਜੇ ਖੜ੍ਹਾ ਰਿਹਾ ਤਾਂ ਤੇਸਾ ਮਾਰੂੰ
ਪੁੜਪੁੜੀ 'ਚ………ਚੱਲ ਉੱਡ ਜਾਹ ਇੱਥੋਂ…ਤਿੱਤਰ ਹੋਜਾ !!!" ਦੀਨੇ ਤਾਏ ਵੱਲੀਂ ਹੈਰਾਨ-ਪਰੇਸ਼ਾਨ ਵੇਖਦਾ ਤਾਰੀ
ਆਪਣੇ ਅੱਧ-ਖੁਲ੍ਹੇ ਜਿਹੇ ਧਾਗੇ ਨੂੰ ਜੂੜੇ ਦੁਆਲੇ ਲਪੇਟਦਾ ਪਿਛਾਂਹ ਮੁੜ ਆਇਆ ।
"……ਅੱਜ ਕੀ ਹੋ ਗਿਆ ਤਾਏ ਨੂੰ ? ਅੱਗੇ ਤਾਂ ਕਦੇ ਨਹੀਂ ਇਉਂ ਸੜ-ਬਲ ਕੇ ਬੋਲਿਆ ਸੀ !"
ਤਾਰੀ ਦੀਨੇ ਬਾਰੇ ਸੋਚਦਾ ਜਾ ਰਿਹਾ ਸੀ । ਤਾਰੀ ਨੂੰ ਦੀਨੇ ਦੀ ਖੋਦੀ ਦਾਹੜੀ ਦੇ ਚਾਰ ਕੁ ਵਾਲ ਅਜੇ ਵੀ ਗੁੱਸੇ ਨਾਲ
ਕੰਬਦੇ ਵਿਖਾਈ ਦੇ ਰਹੇ ਸਨ । ਉਸਦੀਆਂ ਚੁੰਨ੍ਹੀਆਂ ਅੱਖਾਂ ਚੂਹੇ ਦੇ ਆਨਿਆਂ ਵਾਂਗ ਬਾਹਰ ਨੂੰ ਨਿਕਲੀਆਂ
ਅਜੇ ਵੀ ਤਾਰੀ ਨੂੰ ਡਰਾ ਰਹੀਆਂ ਸਨ । ਤਾਰੀ ਗਲੀ ਦਾ ਮੋੜ ਮੁੜ ਕੇ ਆਪਣੇ ਘਰ ਵੱਲ ਨੂੰ ਹੋ ਲਿਆ । ਹੱਥ 'ਚ
ਫੜ੍ਹਿਆ ਤੂਤ ਦਾ ਡੰਡਾ ਉਹਨੇ ਕੋਲ ਦੀ ਲੰਘ ਰਹੀ ਲੰਡਰ ਜਿਹੀ ਡੱਬੀ ਕੁੱਤੀ ਦੇ ਢੂਕਣੇ 'ਚ ਧੈ ਦੇਣੇ ਮਾਰਿਆ । ਕੁੱਤੀ
'ਚਊਂ-ਚਊਂ' ਕਰਦੀ ਸਹੇ ਵਾਂਗ ਭੱਜ ਗਈ । ਤਾਰੀ ਭੱਜੀ ਜਾਂਦੀ ਕੁੱਤੀ ਵੱਲ ਵੇਖ ਕੇ ਆਪਮੁਹਾਰਾ ਹੱਸਿਆ ਤੇ ਫਿਰ ਦੀਨੇ
ਬਾਰੇ ਸੋਚਣ ਲੱਗਿਆ ।
ਗਲੀ ਦੇ ਅਨੇਕਾਂ ਬੱਚੇ ਦੀਨੇ ਕੋਲ ਗੁੱਲੀ-ਡੰਡਾ ਘੜਾਉਣ ਆਉਂਦੇ ਸਨ । ਉਹ ਆਪਣੇ ਮੂਹਰੇ
ਲੋਹੇ ਦੀ ਅਹਿਰਨ ਤੇ ਲੱਕੜ ਦਾ ਇੱਕ ਗੁਟਖਾ ਜਿਹਾ ਰੱਖੀ ਪੀੜ੍ਹੀ 'ਤੇ ਬੈਠਾ ਜਿਵੇਂ ਬੱਚਿਆਂ ਨੂੰ ਹੀ ਉਡੀਕ ਰਿਹਾ
ਹੁੰਦਾ ਸੀ । ਉਹ ਗੁੱਲੀ ਘੜਾਉਣ ਆਏ ਕਿਸੇ ਬੱਚੇ ਨੂੰ ਕਦੇ ਨਹੀਂ ਸੀ ਮੋੜਦਾ । ਨਾ ਹੀ ਭੱਜ ਕੇ ਪੈਂਦਾ ਸੀ,
ਸਗੋਂ ਕਹਿੰਦਾ ਸੀ, "ਆ ਜਾ ਸ਼ੇਰਾ,ਬਹਿ ਜਾ……ਲਿਆ ਫੜਾ ਲੱਕੜੀ, ਗੁੱਲੀ-ਡੰਡਾ ਘੜ ਦਿਆਂ!" ਤੇ ਪਲਾਂ ਵਿੱਚ
ਉਹਦਾ ਤੇਸਾ ਲੱਕੜ ਦੇ ਗੁਟਖੇ 'ਤੇ 'ਠੱਕ-ਠੱਕ' ਵੱਜਣਾ ਸ਼ੁਰੂ ਹੋ ਜਾਂਦਾ ਸੀ । ਤੇਸੇ ਦੀ ਹਰ 'ਠੱਕ' ਦੇ ਨਾਲ ਉਹਦੀਆਂ
ਅੱਖਾਂ ਝਪਕਦੀਆਂ ਇਉਂ ਲੱਗਦੀਆਂ ਜਿਵੇਂ ਬਿਜਲੀ ਦੇ ਛੋਟੇ-ਛੋਟੇ ਬਲਬ ਜਗ-ਬੁਝ ਰਹੇ ਹੋਣ । ਉਹ ਦੋਹਾਂ ਪਾਸਿਆਂ
ਤੋਂ ਤਿੱਖੀ ਕੀਤੀ ਨੋਕਦਾਰ ਗੁੱਲੀ ਤੇ ਡੇਢ ਕੁ ਫੁੱਟ ਤੂਤ ਦੇ ਡੰਡੇ ਦੇ ਮੂਹਰਲੇ ਪਾਸੇ ਇੱਕ ਖਾਂਚਾ ਜਿਹਾ ਬਣਾ ਕੇ
ਆਪਣੀ ਗੁੱਲੀ-ਡੰਡਾ ਘੜਨ ਦੀ ਕਲਾ ਦਾ ਨਮੂਨਾ ਪੇਸ਼ ਕਰ ਦਿੰਦਾ ਸੀ । ਗੁੱਲੀ ਘੜ ਕੇ ਉਹ ਆਪ ਵੀ ਖੁਸ਼ ਹੁੰਦਾ ਤੇ
ਕੋਈ ਮਜ਼ੇਦਾਰ ਮਸ਼ਕਰੀ ਜਿਹੀ ਕਰ ਕੇ ਬੱਚੇ ਨੂੰ ਵੀ ਖੁਸ਼ ਕਰ ਦਿੰਦਾ ਸੀ । ਕਈ ਵਾਰ ਉਹ ਆਪਣੀ ਇੱਕੋ-ਇੱਕ ਬੁੱਢੀ ਜਿਹੀ
ਮੱਝ ਨੂੰ ਨਲਕੇ ਤੋਂ ਪਾਣੀ ਪਿਆ ਰਿਹਾ ਹੁੰਦਾ । ਜੇ ਕੋਈ ਬੱਚਾ ਆ ਕੇ ਗੁੱਲੀ ਘੜਨ ਲਈ ਕਹਿੰਦਾ ਤਾਂ ਦੀਨਾ
ਬੜੀ ਮਿੱਠੀ ਜਿਹੀ ਅਵਾਜ਼ ਵਿੱਚ ਕਹਿੰਦਾ, "ਸ਼ੇਰਾ ਬੱਸ ਦੋ ਮਿੰਟ ਰੁਕ ਜਾਹ! ਮਹਿੰ ਨੂੰ ਪਾਣੀ ਪਿਆ ਕੇ ਤੇਰਾ ਕੰਮ
ਕਰਦਾਂ! ਬਹਿ ਜਾ ਮੱਖਣਾ, ਖੜ੍ਹਾ-ਖੜ੍ਹਾ ਥੱਕ ਜਾਏਂਗਾ!"
ਤਾਇਆ ਦੀਨਾ ਸਭ ਬੱਚਿਆਂ ਨੂੰ ਬਹੁਤ ਚੰਗਾ ਲੱਗਦਾ ਸੀ । ਤਾਰੀ ਨੂੰ ਵੀ ਬਹੁਤ ਪਿਆਰਾ
ਲੱਗਦਾ ਸੀ । ਕਈ ਵਾਰ ਕੋਲ ਬੈਠਾ ਕੋਈ ਸਿਆਣਾ ਬੰਦਾ ਆਖਦਾ, "ਦੀਨਿਆਂ ਤੂੰ ਰਹਿਣ ਦਿਆ ਕਰ ਜਵਾਕਾਂ ਨੂੰ
ਗੁੱਲੀਆਂ ਘੜ੍ਹ ਕੇ ਦੇਣ ਨੂੰ! ਐਵੇਂ ਕਿਸੇ ਦਾ ਮੂੰਹ-ਮੱਥਾ ਭੰਨਣਗੇ !" ਪਰ ਦੀਨਾ ਅੱਗਿਓਂ ਬੱਚਿਆਂ ਦਾ
ਹੀ ਪੱਖ ਲੈਂਦਾ ਆਖਦਾ, "ਕੋਈ ਨ੍ਹੀਂ ਭੰਨਦੇ ਮੂੰਹ-ਮੱਥਾ! ਨਿਆਣੇ ਆਂ……ਹੁਣ ਹੀ ਤਾਂ ਇਨ੍ਹਾਂ ਦੇ
ਖੇਡਣ ਦੇ ਦਿਨ ਆ!"
"ਉਹ ਤਾਂ ਠੀਕ ਆ ਦੀਨਿਆਂ,ਪਰ ਗੁੱਲੀ-ਡੰਡੇ ਤੋਂ ਬਿਨਾਂ ਹੋਰ ਵੀ ਅਨੇਕਾਂ ਖੇਡਾਂ ਹਨ । ਇਹ ਜਵਾਕ ਕੋਈ ਹੋਰ ਨ੍ਹੀਂ
ਖੇਡ, ਖੇਡ ਸਕਦੇ ਭਲਾ! ਇਹ ਗੁੱਲੀ-ਡੰਡੇ ਦੀ ਖਤਰਨਾਕ ਖੇਡ ਆ, ਜਾਂ ਫਿਰ ਇਹ ਖੁਲੇ ਮੈਦਾਨਾਂ ਦੀ ਖੇਡ ਆ । ਇੱਥੇ
ਗਲੀਆਂ 'ਚ ਨਹੀਂ ਵਾਰਾ ਖਾਂਦੀ ਇਹੋ ਜਿਹੀ ਖੇਡ……!" ਪਰ ਦੀਨਾ ਦਲੀਲਾਂ ਦੇ ਕੇ ਬੱਚਿਆਂ ਦਾ ਪੱਖ ਪੂਰਦਾ ਅਗਲੇ
ਨੂੰ ਚੁੱਪ ਕਰਾ ਦਿੰਦਾ ਸੀ । ਤਾਹੀਓਂ ਬੱਚਿਆਂ ਨੂੰ ਪਿਆਰਾ ਲੱਗਦਾ ਸੀ ਦੀਨਾ । …………ਸੋਚੀਂ ਡੁਬਿਆ ਤਾਰੀ
ਪਤਾ ਨਹੀਂ ਕਿਹੜੇ ਵੇਲੇ ਆਪਣੇ ਘਰ ਜਾ ਵੜਿਆ । ਘਰੇ ਪੈਰ ਪਾਉਂਦਿਆਂ ਹੀ ਵਿਹੜੇ 'ਚ ਮੰਜੀ ਡਾਹੀ ਬੈਠੀ ਮਾਂ ਦੀ
ਨਿਗਾਹ ਉਸ 'ਤੇ ਪਈ । ਤਾਰੀ ਦੀ ਮਾਂ ਬੁੜ੍ਹਕ ਕੇ ਉੱਠੀ ਤੇ ਤਾਰੀ ਦੇ ਹੱਥ 'ਚ ਫੜ੍ਹਿਆ ਤੂਤ ਦਾ ਡੰਡਾ ਉਹਦੇ
ਹੱਥੋਂ ਖੋਹ ਕੇ ਕੋਠੇ 'ਤੇ ਵਗਾਹ ਮਾਰਿਆ । ਬੋਲੀ, "ਲਗਦਿਆ ਗੁੱਲੀ-ਡੰਡੇ ਦਿਆ,ਇਹ ਕੋਈ ਖੇਡ ਆ!ਬਿੰਦ ਕੁ
ਹੋਇਆ ਦੀਨੇ ਲੁਹਾਰ ਦੇ ਪੋਤੇ ਦੀ ਅੱਖ ਨਾਈਆਂ ਦੇ ਮੇਲੂ ਨੇ ਗੁੱਲੀ ਮਾਰ ਕੇ ਭੰਨ 'ਤੀ । ਵਿਚਾਰਾ ਹੋ ਗਿਆ ਇੱਕ
ਅੱਖੋਂ ਅੰਨ੍ਹਾ । ਇਹ ਟੁੱਟ ਪੈਣਾ ਦੀਨਾ ਵੀ ਘੜ-ਘੜ ਦਿੰਦਾ ਸੀ ਗੁੱਲੀਆਂ ਧਗੜਿਆਂ ਨੂੰ………ਦੀਨੇ ਦਾ ਕੀ
ਗਿਆ,ਉਮਰ ਭਰ ਲਈ ਦਾਗ਼ੀ ਹੋ ਗਿਆ ਵਿਚਾਰਾ ਨਿਆਣਾ!"
ਮਾਂ ਦੀ ਗੱਲ ਤੋਂ ਤਾਰੀ ਨੂੰ ਸਭ ਕੁਝ ਸਮਝ ਆ ਗਿਆ ਕਿ ਕਿਉਂ ਭੱਜ ਕੇ ਪਿਆ ਸੀ ਦੀਨਾ,
ਕਿਉਂਕਿ ਅੱਜ ਉਹਦੇ ਆਪਣੇ ਪੋਤੇ ਦੀ ਅੱਖ ਜਾਂਦੀ ਰਹੀ ਸੀ । ਇਸੇ ਲਈ ਉਦਾਸ ਨਿਮੋਝੂਣਾ ਬੈਠਾ ਸੀ ਦੀਨਾ । ਤਾਰੀ ਨੇ
ਸੋਚਿਆ ਕਿ ਦੀਨਾ ਹੁਣ ਕਦੇ ਵੀ ਉਨ੍ਹਾਂ ਨੂੰ ਗੁੱਲੀ ਘੜ ਕੇ ਨਹੀਂ ਦੇਵੇਗਾ । ਤਾਰੀ ਨੇ ਫੈਸਲਾ ਕੀਤਾ ਕਿ ਹੁਣ ਉਹ
ਗੁੱਲੀ-ਡੰਡੇ ਵਰਗੀ ਖ਼ਤਰਨਾਕ ਖੇਡ ਸਿਰਫ ਖੁੱਲ੍ਹੇ ਮੈਦਾਨਾਂ ਵਿੱਚ ਹੀ ਖੇਡਿਆ ਕਰੇਗਾ ।