Punjabi Kavita
  

Mata Kheevi Ji: Surjit Singh Dila Ram

ਮਾਤਾ ਖੀਵੀ ਜੀ: ਸੁਰਜੀਤ ਸਿੰਘ "ਦਿਲਾ ਰਾਮ"

ਸਮਾਜ ਦੀ ਉਚਾਈ ਮਾਪਣ ਦਾ ਸਹੀ ਪੈਮਾਨਾ ਇਸਤਰੀ ਨੂੰ ਦਿੱਤਾ ਜਾਂਦਾ ਦਰਜਾ ਹੈ।ਬਹੁਤ ਸਾਰੇ ਧਰਮਾਂ ਵਿਚ ਇਸਤਰੀਆਂ ਨਾਲ ਵਿਤਕਰੇ ਕੀਤੇ ਜਾਂਦੇ ਰਹੇ ਹਨ ।ਉਨ੍ਹਾਂ ਨੂੰ ਹਮੇਸ਼ਾ ਆਪਣੀ ਗੋਲੀ,ਪੈਰ ਦੀ ਜੁੱਤੀ ਸਮਝ ਕੇ ਰੱਖਿਆ ਜਾਂਦਾ ਰਿਹਾ ਹੈ।ਪਰੰਤੂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀਆਂ ਨੂੰ ਮਰਦਾਂ ਬਰਾਬਰ ਸਤਿਕਾਰ ਦਿੱਤਾ ਹੈ।ਸਮਾਜ ਵਿਚ ਇਸਤਰੀਆਂ ਨਾਲ ਸੰਬੰਧਤ ਅਜਿਹੀਆਂ ਪ੍ਰਥਾਵਾਂ ਦਾ ਖੰਡਨ ਕੀਤਾ ਹੈ ਜਿਹੜੀਆਂ ਕਿ ਇਸਤਰੀ ਨੂੰ ਗੁਲਾਮ ਕਰਦੀਆਂ ਰਹੀਆਂ ਹਨ। ਗੁਰੂ ਸਹਿਬਾਨ ਦੇ ਨਾਲ ਨਾਲ ਗੁਰੂ ਮਹਿਲਾਂ ਦੀ ਵੀ ਨਿਵੇਕਲੀ ਦੇਣ ਰਹੀ ਹੈ।ਗੁਰੂ ਅੰਗਦ ਸਾਹਿਬ ਜੀ ਸਮੇਂ ਉਨ੍ਹਾਂ ਦੇ ਸੁਪਤਨੀ ਮਾਤਾ ਖੀਵੀ ਜੀ ਨੇ ਬਿਨਾਂ ਕਿਸੇ ਭੇਦ ਭਾਵ,ਊਚ ਨੀਚ ਦੇ ਵਿਤਕਰੇ ਤੋਂ ਸੇਵਾ ਕੀਤੀ।ਮਾਤਾ ਖੀਵੀ ਜੀ ਅਜਿਹੇ ਪਹਿਲੇ ਸਿੱਖ ਇਸਤਰੀ ਹਨ ਜਿਨ੍ਹਾਂ ਦਾ ਜਿਕਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ।

ਮਾਤਾ ਖੀਵੀ ਦਾ ਜੀ ਜਨਮ ਖਡੂਰ ਦੇ ਨੇੜੇ ਸੰਘਰ ਪਿੰਡ ਵਿਖੇ ਭਾਈ ਦੇਵੀ ਚੰਦ ਖੱਤਰੀ ਦੇ ਘਰ ਹੋਇਆ। ਦੇਵੀ ਚੰਦ ਜੀ ਇਕ ਵੱਡੇ ਹਟਵਾਣੀਏ ਤੇ ਸ਼ਾਹੂਕਾਰ ਸਨ। ਮਾਈ ਵੀਰਾਈ , ਜਿਹੜੇ ਕਿ ਚੌਧਰੀ ਤੱਖਤ ਮੱਲ, ਮੱਤੇ ਦੀ ਸਰਾਂ ਵਾਲਿਆਂ ਦੀ ਸਪੁੱਤਰੀ ਸਨ, ਨੇ ਖੀਵੀ ਜੀ ਦਾ ਰਿਸ਼ਤਾ ਭਾਈ ਲਹਿਣਾ ਜੀ ਨਾਲ ਪੱਕਾ ਕਰਾ ਦਿੱਤਾ। ਮਹਾਨਕੋਸ਼ ਦੇ ਅਨੁਸਾਰ ਮਾਤਾ ਖੀਵੀ ਜੀ ਦਾ ਵਿਆਹ ਸੰਨ 1519ਈ: ਵਿਚ ਹੋਇਆ। ਕੁਝ ਕਾਰਨਾਂ ਕਰਕੇ ਚੌਧਰੀ ਤੱਖ਼ਤ ਮੱਲ ਨੇ ਭਾਈ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਜੀ ਨੂੰ ਨੌਕਰੀ ਤੋਂ ਵੱਖਰਾ ਕਰ ਦਿੱਤਾ।ਭਾਈ ਦੇਵੀ ਚੰਦ ਜੀ ਬਾਬਾ ਫੇਰੂ ਤੇ ਭਾਈ ਲਹਿਣਾ ਜੀ ਨੂੰ ਸੰਘਰ ਵਿਖੇ ਹੀ ਲੈ ਆਏ। ਬਾਬਾ ਫੇਰੂ ਜੀ ਨੇ ਹਰੀਕੇ ਪੱਤਣ ਦੁਕਾਨ ਪਾ ਲਈ ।ਛੇਤੀ ਹੀ ਆਪ ਜੀ ਖਡੂਰ ਮੁੜ ਆਏ ਤੇ ਸ਼ਾਹੂਕਾਰਾ ਕਰਨ ਲੱਗੇ ਅਤੇ ਨਾਲ ਦੁਕਾਨ ਵੀ ਰੱਖੀ। 1526 ਈ: ਨੂੰ ਬਾਬਾ ਫੇਰੂ ਜੀ ਚੜਾਈ ਕਰ ਗਏ ।ਉਨ੍ਹਾਂ ਦੇ ਜਾਣ ਤੋਂ ਬਾਅਦ ਸਾਰਾ ਕੰਮ-ਕਾਜ ਭਾਈ ਲਹਿਣਾ ਜੀ ਨੇ ਸੰਭਾਲ ਲਿਆ। ਬਾਬਾ ਫੇਰੂ ਜੀ ਨਾ ਸਿਰਫ਼ ਦੇਵੀ ਭਗਤ ਸਨ, ਸਗੋਂ ਹਰ ਸਾਲ ਪਹਾੜਾਂ ਵਾਲੀ ਦੇਵੀ ਦੇ ਦਰਸ਼ਨ ਨੂੰ ਜੱਥਾ ਵੀ ਲੈ ਜਾਂਦੇ ਸਨ ਅਤੇ ਉਸ ਸੰਗ ਦੇ ਜਥੇਦਾਰ ਵੀ ਸਨ। ਪਿਤਾ ਜੀ ਚਲ੍ਹਾਣੇ ਤੋਂ ਬਾਅਦ ਜਿੱਥੇ ਘਰ ਦੀ ਜ਼ਿੰਮੇਵਾਰੀ ਉਹਨਾਂ ਉੱਤੇ ਪਈ, ਉਥੇ ਸੰਗ ਨੂੰ ਲੈ ਜਾਣ ਦੀ ਜਥੇਦਾਰੀ ਵੀ ਉਨ੍ਹਾਂ ਸਿਰ ਆਈ। ਭਾਈ ਲਹਿਣਾ ਜੀ ਕਈ ਸਾਲ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ। ਇਕ ਵਾਰੀ ਖਡੂਰ ਸਾਹਿਬ ਵਿਖੇ ਹੀ ਭਾਈ ਜੋਧ ਜੀ ਦੇ ਮੂੰਹੋਂ ਗੁਰੂ ਨਾਨਕ ਜੀ ਦੀ ਬਾਣੀ ਸੁਣ ਕੇ ਕਰਤਾਰਪੁਰ ਜਾਣ ਦੀ ਵਿਚਾਰ ਬਣਾਈ।ਸੰਗ ਦੇ ਸਾਥੀਆਂ ਨੂੰ ਰਾਹ ਵਿਚ ਛੱਡ ਕੇ ਕਰਤਾਰਪੁਰ ਆਏ ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਕੇ ਉਥੇ ਹੀ ਟਿਕਣ ਦਾ ਮਨ ਬਣਾ ਲਿਆ। ਭਾਈ ਦਾਸੂ ਜੀ ਤੇ ਬੀਬੀ ਅਮਰੋ ਜੀ ਦਾ ਜਨਮ ਹੋ ਚੁੱਕਿਆ ਸੀ। ਜਦੋਂ ਜੱਥਾ ਜੰਮੂ ਤੋਂ ਪਹਾੜ ਵਾਲੀ ਦੇਵੀ ਦੇ ਦਰਸ਼ਨ ਕਰ ਖਡੂਰ ਮੁੜ ਆਇਆ ਤਾਂ ਆ ਕੇ ਕਿਸੇ ਨੇ ਮਾਤਾ ਖੀਵੀ ਜੀ ਨੂੰ ਕਿਹਾ 'ਤੇਰਾ ਪਤੀ, ਤੇਰਾ ਸਾਥ ਛੱਡ ਕੇ ਕਰਤਾਰਪੁਰ ਦਾ ਹੋ ਗਿਆ। ਠੰਢੇ ਸੁਭਾਓ ਦੀ ਮੂਰਤ ਖੀਵੀ ਅਡੋਲ ਰਹੀ।ਜਦੋਂ ਸਾਰਿਆਂ ਲਾ-ਲਾ ਕੇ ਗੱਲਾਂ ਕੀਤੀਆਂ ਤੇ ਕਿਹਾ, “ਲਹਿਣਾ` (ਜੀ) ਕਰਤਾਰਪੁਰ ਹੀ ਨਾਨਕ ਦੇ ਪਾਸ ਰਹਿ ਪਿਆ , ਸੰਗ ਨੂੰ ਜਵਾਬ ਦੇ ਦਿੱਤਾ। ਆਪ ਸਾਧ ਹੋ ਕੇ ਬੈਠ ਗਿਆ ਤੇ ਤਪੇ(ਗੁਰੂ ਨਾਨਕ ਜੀ) ਦੇ ਦੁਆਰੇ ਹੀ ਧੂਣੀ ਰਮਾ ਲਈ ਹੈ। ਮਾਤਾ ਖੀਵੀ ਜੀ ਨੇ ਸਿਰਫ਼ ਇਹ ਹੀ ਆਖਿਆ ਜਿਥੇ ਉਹ ਜਿਸ ਹਾਲ 'ਚ ਮੈਨੂੰ ਰੱਖੇਗਾ, ਉਸ ਹਾਲ 'ਚ ਹੀ ਰਹਾਂਗੀ।' ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਤੋਂ ਘਰ ਖਡੂਰ ਦੀ ਸਾਰ ਲੈਣ ਲਈ ਭਾਈ ਲਹਿਣਾ ਜੀ ਨੂੰ ਭੇਜਿਆ ਤਾਂ ਮਾਤਾ ਖੀਵੀ ਜੀ ਨੇ ਸਾਫ਼ ਦੇਖ ਲਿਆ ਕਿ ਉਹਨਾਂ ਦਾ ਦਿਲ ਘਰ ਦੇ ਕੰਮਾਂ ਵਿਚ ਨਹੀਂ ਲੱਗਦਾ ਤੇ ਦੁਕਾਨ ਦਾ ਸਾਰਾ ਕੰਮ ਵੀ ਆਪਣੇ ਭਣੇਵੇਂ ਨੂੰ ਸੌਂਪ ਰਹੇ ਹਨ ਤੇ ਆਪ ਜੀ ਨੇ ਸਿਰਫ ਇਨ੍ਹਾਂ ਹੀ ਕਿਹਾ "ਬਾਹਰ ਨਾ ਜਾਓ, ਘਰ ਰਹਿ ਜੋਗ ਕਮਾਓ, ਜਿਵੇਂ ਤੁਸੀਂ ਆਖੋਗੇ ਮੈ ਉਸੇ ਤਰ੍ਹਾਂ ਹੀ ਤੁਰਾਂਗੀ,ਤੁਹਾਡੇ ਤਪ ਵਿੱਚ ਮੈ ਕਦੇ ਰੋੜਾ ਨਹੀਂ ਬਣਦੀ। ਉਸ ਸਮੇਂ ਭਾਈ ਲਹਿਣਾ ਜੀ ਨੇ ਕਿਹਾ 'ਜਿਸ ਕੋਲ ਮੈਂ ਚਲਿਆ ਹਾਂ, ਉਹ ਜੋਗੀ, ਜੰਗਮ, ਸੰਨਿਆਸੀ ਸਰੇਵੜਾ ਨਹੀਂ, ਉਸ ਨੇ ਗ੍ਰਹਿਸਤ ਵਿੱਚ ਉਦਾਸੀ ਦਾ ਰਾਹ ਦਿਖਾਇਆ ਹੈ।'

ਮਾਤਾ ਜੀ ਨੇ ਕਿਸੇ ਪ੍ਰਕਾਰ ਤੋਂ ਨਾ ਰੋਕਿਆ ।ਬੱਚੇ ਭਾਵੇਂ ਬਹੁਤ ਛੋਟੇ ਸਨ ਪਰ ਉਨ੍ਹਾਂ ਦਾ ਸਾਰਾ ਭਾਰ ਮਾਤਾ ਜੀ ਨੇ ਆਪਣੇ ਸਿਰ ਉੱਤੇ ਚੁੱਕ ਲਿਆ। ਉਸ ਸਮੇਂ ਮਾਤਾ ਖੀਵੀ ਜੀ ਦੀ ਇਹ ਕੁਰਬਾਨੀ ਕੋਈ ਘੱਟ ਨਹੀਂ ਸੀ।ਮਾਤਾ ਖੀਵੀ ਜੀ ਨੂੰ ਉਸ ਸਮੇਂ ਇਹ ਨਹੀਂ ਸੀ ਪਤਾ ਕਿ 'ਦੀਨ-ਦੁਨੀ' ਦਾ ਛਤਰ ਉਸੇ ਦੇ ਪਤੀ ਉੱਤੇ ਝੂਲਣਾ ਹੈ।ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਜੀ ਕੋਲ ਖੁਸ਼ੀ ਨਾਲ ਭੇਜਦੇ ਸਨ।

ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਹਰ ਪ੍ਰੀਖਿਆ ਵਿਚੋਂ ਖਰੇ ਉਤਰੇ।ਗੁਰੂ ਪਦਵੀ ਸੌਂਪ ਗੁਰੂ ਨਾਨਕ ਸਾਹਿਬ ਜੀ ਨੇ ਲਹਿਣੇ ਤੋਂ ਗੁਰੂ ਅੰਗਦ ਬਣਾ ਦਿੱਤਾ।ਸ਼ਬਦ ਦੀ ਦਾਤ ਲੈ ਕੇ ਗੁਰੂ ਅੰਗਦ ਸਾਹਿਬ ਜੀ ਖਡੂਰ ਮੁੜ ਆਏ।

ਮਾਤਾ ਜੀ ਦਾ ਸੁਭਾਅ ਵੀ ਬਹੁਤ ਮਿੱਠਾ ਸੀ । ਖਡੂਰ ਸਾਹਿਬ ਪਰਿਵਾਰ ਵਿਚ ਰਹਿੰਦਿਆਂ ਕਦੇ ਕਿਸੇ ਨਾਲ ਗੁੱਸਾ ਗਿਲਾ ਨਹੀਂ ਕੀਤਾ, ਸਗੋਂ ਮਿੱਠਾ ਬੋਲ ਕੇ ਸਭ ਨੂੰ ਆਪਣੇ ਵਲ ਕਰ ਲੈਂਦੇ। ਕਿਸੇ ਦੀ ਹਿੰਮਤ ਨਾ ਹੁੰਦੀ ਕਿ ਉਨ੍ਹਾਂ ਦੇ ਸੁਭਾਅ ਅੱਗੇ ਕੋਈ ਬੋਲ ਸਕੇ। ਮਾਤਾ ਖੀਵੀ ਜੀ ਆਪਣੀ ਦੋਹਰੀ ਜ਼ਿੰਮੇਵਾਰੀ ਨੂੰ ਬੜੇ ਵਧੀਆ ਢੰਗ ਨਾਲ ਨਿਭਾ ਰਹੇ ਸਨ । ਗੁਰੂ ਅੰਗਦ ਦੇਵ ਜੀ ਨੂੰ ਭੇਟ ਕੀਤੀ ਮਾਇਆ ਆਪਣੇ ਨਿੱਜੀ ਪਰਿਵਾਰ ਨੂੰ ਕਦੇ ਵਰਤਣ ਨਾ ਦਿੱਤੀ । ਮਾਤਾ ਖੀਵੀ ਜੀ ਆਪ ਘਰੋਂ ਅਣ-ਚੋਪੜੀ ਰੋਟੀ ਪਕਾ ਕੇ ਲਿਆਉਂਦੇ ਤੇ ਪੁੱਤਰਾਂ ਨੂੰ ਆਪਣੀ ਦੁਕਾਨ ਸਾਂਭਣ ਲਈ ਕਿਹਾ ਕਰਦੇ।
ਭੇਟਾ ਨੂੰ ਨਿੱਜ ਲਈ ਵਰਤਣਾ ਗੁਰੂ ਅੰਗਦ ਦੇਵ ਜੀ ਠੀਕ ਨਹੀਂ ਸਮਝਦੇ ਸਨ।
ਜੋ ਕੁਝ ਆਉਂਦਾ, ਲੰਗਰ ਵਿਚ ਪੈਂਦਾ। ਲੰਗਰ ਵਿਚ ਖੀਰ, ਕੜਾਹ,ਸਭ ਕੁਝ ਬਣਦਾ ਪਰ ਗੁਰੂ ਅੰਗਦ ਦੇਵ ਜੀ ਉਹ ਕੁਝ ਖਾਂਦੇ, ਜੋ ਮਾਤਾ ਜੀ ਘਰੋਂ ਪਕਾ ਕੇ ਲਿਆਉਂਦੇ।
ਤਾਰੀਖ਼-ਇ-ਪੰਜਾਬ ਕ੍ਰਿਤ ਕਨ੍ਹਈਆ ਲਾਲ ਵਿਚ ਵੀ ਲਿਖਿਆ ਹੈ ਕਿ ਗੁਰੂ ਜੀ ਆਪਣੇ ਹੱਥਾਂ ਨਾਲ ਮਿਹਨਤ ਕਰਦੇ ਤੇ ਉਸ ਦੀ ਆਮਦਨੀ ਨਾਲ ਭੋਜਨ ਖਾਂਦੇ।
ਮਾਤਾ ਖੀਵੀ ਜੀ ਨੇ ਬੱਚੀਆਂ ਨੂੰ ਘਰੇ ਪਰਿਵਾਰ ਸਾਂਭਣ ਦੇ ਨਾਲ ਕੋਲ ਬਿਠਾ ਕੇ ਬਾਣੀ ਵੀ ਯਾਦ ਕਰਾਈ। ਐਸੀ ਸਿੱਖਿਆ ਦਿੱਤੀ ਕਿ ਉਨ੍ਹਾਂ ਕਦੇ ਨਾ ਵਿਸਾਰੀ ।

ਭਾਈ ਬਲਵੰਡ ਜੀ ਦੀ ਵਾਰ ਅਨੁਸਾਰ,' ਮਾਤਾ ਖੀਵੀ ਜੀ ਆਪਣੇ ਪਤੀ ਵਾਂਗ ਬਹੁਤ ਭਲੇ ਹਨ, ਮਾਤਾ ਜੀ ਦੀ ਛਾਂ ਬਹੁਤ ਪੱਤ੍ਰਾ ਵਾਲੀ ਸੰਘਣੀ ਹੈ।ਜਿਵੇਂ ਮਾਂ ਦੀ ਠੰਢੀ ਛਾਂ ਹੈ,ਇਸੇ ਤਰ੍ਹਾਂ ਉਨ੍ਹਾਂ ਪਾਸ ਬੈਠਿਆਂ ਵੀ ਹਿਰਦੇ ਵਿਚ ਸ਼ਾਂਤੀ ਤੇ ਠੰਢ ਪੈਂਦੀ ਹੈ।
ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤ੍ਰਾਲੀ।।
ਬੀਬੀ ਅਮਰੋ ਜੀ ਮਾਤਾ ਖੀਵੀ ਜੀ ਦੀ ਸਪੁੱਤਰੀ ਸੀ ,ਇਨ੍ਹਾਂ ਨੂੰ ਬਾਣੀ ਬਹੁਤ ਕੰਠ ਸੀ।ਇਨ੍ਹਾਂ ਦੇ ਨਿੱਤ ਉਠ ਬਾਣੀ ਪੜ੍ਹਨ ਕਾਰਨ ਹੀ ਭਾਈ ਅਮਰਦਾਸ ਜੀ ਦੀ ਖਿੱਚ ਗੁਰੂ ਅੰਗਦ ਸਾਹਿਬ ਨੂੰ ਮਿਲਣ ਦੀ ਹੋਈ।
ਮਨ ਨੂੰ ਅਜਿਹੀ ਚੋਟ ਲੱਗੀ ਕਿ ਬੀਬੀ ਅਮਰੋ ਜੀ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਆਏ । ਫਿਰ ਗੁਰੂ ਜੀ ਦੇ ਹੋ ਗਏ ਤੇ ਐਸੀ ਘਾਲ ਘਾਲੀ ਕਿ 'ਪਿਉ ਦਾਦੇ ਜੇਵੇਹਾ ਪੋਤਾ ਪ੍ਰਵਾਨ ਹੋਆ'।

ਜੇਕਰ ਧਿਆਨ ਨਾਲ ਨਜ਼ਰ ਮਾਰੀਏ ਤਾਂ ਗੁਰੂ ਅਮਰਦਾਸ ਨੂੰ ਸਿੱਖੀ ਵਲ ਪ੍ਰੇਰਨ ਦਾ ਮਾਣ ਮਾਤਾ ਖੀਵੀ ਜੀ ਨੂੰ ਹੀ ਜਾਂਦਾ ਹੈ।ਮਾਂ ਦੇ ਦੁੱਧ ਅਤੇ ਗੁੜ੍ਹਤੀ ਨੇ ਇਹ ਚਮਤਕਾਰ ਦਿਖਾਇਆ, ਜਿਸ ਨੂੰ ਕਦੇ ਅੱਖਾਂ ਤੋਂ ਓਹਲੇ ਨਹੀਂ ਕੀਤਾ ਜਾ ਸਕਦਾ।

ਮਾਤਾ ਖੀਵੀ ਜੀ ਆਪਣੀ ਸੰਤਾਨ ਨੂੰ ਕਿਵੇਂ ਕੀਲ ਕੇ ਰੱਖਦੀ ਸੀ। ਇਸ ਦੀ ਇਕ ਉਦਾਹਰਣ ਉਸ ਸਮੇਂ ਦੀ ਹੈ, ਜਦੋ ਘੋੜੀ ਤੇ ਸਵਾਰ ਹੋ ਦਾਸੂ ਜੀ ਨੇ ਗੁਰੂ ਅਮਰਦਾਸ ਜੀ ਦਾ ਪਿੱਛਾ ਕੀਤਾ ਸੀ। ਮਾਤਾ ਖੀਵੀ ਨੂੰ ਜਦ ਦਾਤੂ ਜੀ ਤੇ ਦਾਸੂ ਜੀ ਵਲੋਂ ਗੁਰੂ ਅਮਰਦਾਸ ਜੀ ਨੂੰ ਬਾਸਰਕੇ ਰਾਹ ਵਿਚ ਘੇਰ ਲੈਣ ਦੀ ਖ਼ਬਰ ਮਿਲੀ ਤਾਂ ਆਪ ਜੀ ਉਸ ਸਮੇਂ ਤੁਰ ਕੇ ਗੁਰੂ ਅਮਰਦਾਸ ਜੀ ਦੇ ਪਾਸ ਗਏ ਅਤੇ ਉਨ੍ਹਾਂ ਨਿਮਰਤਾ ਵਿਚ ਭਿੱਜ ਜੋ ਸ਼ਬਦ ਆਖੇ, ਉਹ ਸ਼ਬਦ ਹਰ ਮਾਂ ਨੂੰ ਸਦਾ ਚੇਤੇ ਰੱਖਣੇ ਚਾਹੀਦੇ ਹਨ।ਇਥੇ ਇਹ ਵੀ ਯਾਦ ਰਵੇ ਕਿ ਗੁਰੂ ਅਮਰਦਾਸ ਜੀ ਉਸ ਸਮੇਂ ਅਜੇ ਗੁਰੂ ਨਹੀਂ ਸਨ ਬਣੇ । ਮਾਤਾ ਖੀਵੀ ਜੀ ਨੂੰ ਬਾਸਰਕੇ ਦੇਖ ਕੇ ਗੁਰੂ ਅਮਰਦਾਸ ਜੀ ਨੇ ਕਿਹਾ, "ਤੁਸਾਂ ਕਿਉਂ ਖੇਚਲ ਕੀਤੀ, ਮੈਨੂੰ ਬੁਲਾ ਲੈਣਾ ਸੀ" । ਮਾਤਾ ਜੀ ਨੇ ਕਿਹਾ, “ਗੁਰੂ ਨਾਨਕ ਦੇ ਘਰ ਦੀ ਦੌਲਤ ਹੀ ਗਰੀਬੀ ਹੈ, ਨਿਮਰਤਾ ਹੈ । ਮੈਂ ਦੋਵੇਂ ਬੱਚੇ ਨਾਲ ਲੈ ਕੇ ਆਈ ਹਾਂ। ਇਨ੍ਹਾਂ ਨੇ ਲੋਕਾਂ ਦੇ ਚੁੱਕ 'ਚਆਪ ਜੀ ਦੀ ਬੇਅਦਬੀ ਕੀਤੀ ਹੈ। ਆਪ ਜੀ ਨੂੰ ਘੇਰਿਆ ਹੈ । ਆਪ ਮਿਹਰ ਕਰੋ, ਭੁੱਲਣਹਾਰ ਜਾਣ ਕੇ ਤੇ ਆਪਣੇ ਸਮਝ ਕੇ ਬਖ਼ਸ਼ ਦਿਓ ਨੇ । ਗੁਰੂ ਅਮਰਦਾਸ ਜੀ ਨੇ ਕਿਹਾ "ਬਖ਼ਸ਼ਸ਼ ਦਾਤਾ ਤਾਂ ਗੁਰੂ ਅੰਗਦ ਦੇਵ ਜੀ ਹੀ ਹਨ ਤਾਂ ਮਾਤਾ ਜੀ ਨੇ ਹੋਰ ਨਿਮਰ ਹੋ ਕੇ ਕਿਹਾ, “ਮੈਨੂੰ ਪਤਾ ਹੈ ਕਿ ਇਹ ਅਪਰਾਧ ਬਖ਼ਸ਼ਣ ਯੋਗ ਨਹੀਂ, ਮਿਹਰ ਕਰ ਦਿਓ ਨੇ । ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੇ ਧੰਨ ਮਾਤਾ ਖੀਵੀ ਜੀ ਕਹਿ ਕੇ ਬੱਚਿਆਂ ਨੂੰ ਛਾਤੀ ਨਾਲ ਲਗਾ ਲਿਆ। ਫਿਰ ਜਦ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਜੀ ਨੂੰ, ਅਮਰਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਦੀ ਖ਼ਬਰ ਦਿੱਤੀ ਤਾਂ ਆਪ ਜੀ ਨੇ ਖੁਸ਼ੀ ਮਨਾਈ।ਗੁਰੂ ਅੰਗਦ ਦੇਵ ਜੀ ਨੇ ਕਿਹਾ, “ਸਾਨੂੰ ਪਤਾ ਹੈ ਕਿ ਤੁਸੀਂ ਰਜ਼ਾ ਵਿਚ ਰਾਜ਼ੀ ਹੋ । ਪੁੱਤਰਾਂ ਦੀ ਗੱਲ ਵੀਚਾਰੋ । ਮਾਤਾ ਜੀ ਨੇ ਪੁੱਤਰਾਂ ਦੇ ਸੰਬੰਧ ਵਿਚ ਕਿਹਾ, “ਪੁੱਤਰ ਪੁੱਤਰਪੁਣੇ ਵਿਚ ਹਨ, ਤੁਸੀਂ ਹੀ ਮਿਹਰ ਕਰੋ । ਮਾਤਾ ਜੀ ਦੋਵੇ ਪੁੱਤਰਾਂ ਨੂੰ ਬਹੁਤ ਸਮਝਾਉਂਦੇ ਰਹੇ । ਬੜੇ ਮਿੱਠੇ ਢੰਗ ਨਾਲ ਕਹਿੰਦੇ ਕਿ ਇਹ ਮੇਰੀ ਜਾਂ ਤੇਰੀ ਸਿਫ਼ਾਰਸ਼ ਦੀ ਗੱਲ ਨਹੀਂ, ਕਿਸੇ ਦੇ ਹੱਥ ਕੁਝ ਨਹੀਂ, ਸਭ ਕੁਝ ਕਰਤਾਰ ਦੇ ਅਧੀਨ ਹੈ।
ਕਹਿ ਕਾਹੂ ਕੇ ਕਰ ਬਿਥੈ, ਸਭ ਕਰਤਾਰ ਅਧੀਨੈ ॥
ਭਾਈ ਕੇਸਰ ਸਿੰਘ ਨੇ ਬੰਸਾਵਲੀਨਾਮਾ ਵਿਚ ਲਿਖਿਆ ਹੈ ਕਿ
ਮਾਤਾ ਜੀ ਸਮਝਾਉਂਦੇ ਕਿ , 'ਪੰਡ ਭਾਰੀ ਹੈ, ਤੁਸਾਂ ਤੇ ਚੁਕੀ ਨਾ ਜਾਸੀ । ਇਹ ਚੁਕੇਗਾ ਸਾਰੀ ।ਛੇ ਮਹੀਨੇ ਤੱਕ ਮਾਤਾ ਜੀ ਸਮਝਾਉਂਦੇ ਰਹੇ।
ਦੋਵੇਂ ਪੁੱਤਰਾਂ ਚੋਂ ਗੱਦੀ ਕਿਸ ਨੂੰ ਨਾ ਮਿਲਣ ਦਾ ਰੋਸ ਹੋਇਆ।ਦਾਸੂ ਜੀ ਗੁਰਗੱਦੀ ਜਾ ਬੈਠੇ । ਉਨ੍ਹਾਂ ਦਾ ਸਿਰ ਫਿਰ ਗਿਆ।

ਇਸੇ ਤਰ੍ਹਾਂ ਜਦੋਂ ਭਰੇ ਦਰਬਾਰ ਵਿਚ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਤਾਂ ਗੁਰੂ ਪਾਤਸ਼ਾਹ ਨੇ ਉਸ ਦੇ ਪੈਰ ਪਕੜ ਲਏ ਤੇ ਕਿਹਾ " ਤੁਹਾਡੇ ਚਰਨ ਕੋਮਲ ਤੇ ਮੇਰੇ ਹੱਡ ਕਰੜੇ' ਹਨ ਇਹ ਆਖ ਕੇ ਆਪ ਜੀ ਨੇ ਖਿਮਾ ਦੀ ਹੱਦ ਦੱਸੀ। ਅਹੰਕਾਰੀ ਦਾਤੂ ਦਾ ਪੈਰ ਪੀੜਾ ਨਾਲ ਐਸਾ ਵਿਗੜਿਆ ਕਿ ਪਿਛੋਂ ਗੁਰੂ ਅਰਜਨ ਜੀ ਦੀ ਚਰਨ-ਛੁਹ ਨਾਲ ਹੀ ਠੀਕ ਹੋ ਸਕਿਆ।
ਪੈਰ ਵਿਚ ਪੀੜ ਉਠਣ ’ਤੇ ਵੀ ਮਾਂ ਦਾ ਹਿਰਦਾ ਪਿਘਲਿਆ ਨਹੀਂ।ਉਨ੍ਹਾਂ ਦਾਤੂ ਦਾ ਸਾਥ ਨਾ ਦਿੱਤਾ । ਉਹ ਮਨਮੁਖ ਦਾ ਸਾਥ ਕਿਵੇਂ ਦੇ ਸਕਦੇ ਸਨ।

ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਵੀ ਮਾਤਾ ਜੀ ਲੰਗਰ ਦੀ ਸੇਵਾ ਕਰਦੇ ਰਹੇ । ਖਡੂਰ ਸਾਹਿਬ ਉਸੇ ਤਰ੍ਹਾਂ ਲੰਗਰ ਜਾਰੀ ਰਹਿਆ । ਗੁਰੂ ਅਮਰਦਾਸ ਜੀ ਵੇਲੇ ਲੰਗਰ ਵਿਚ ਨਿੱਤ ਘਿਉ ,ਮੈਦਾ ਪੱਕਦਾ ਤੇ ਰਬਾਬੀ ਸੱਤਾ ਜੀ ਨੇ ਫਿਰ ‘"ਨਿਤ ਰਸੋਈ ਤੇਰੀਐ, ਘਿਉ ਮੈਦਾ ਖਾਣੂ" ਦੀ ਧੁਨੀ ਉਠਾਈ ।

ਭਾਵੇਂ ਮਾਤਾ ਜੀ ਕਾਫ਼ੀ ਬਿਰਧ ਹੋ ਗਏ ਸਨ ਪਰ ਲੰਗਰ ਦੀ ਨਿਗਰਾਨੀ ਪੂਰੀ ਤਰ੍ਹਾਂ ਕਰਦੇ । ਜਦੋ ਅੰਮ੍ਰਿਤਸਰ ਵੱਸਿਆ ਤਾਂ ਆਪ ਜੀ ਕੁਝ ਚਿਰ ਉੱਥੇ ਵੀ ਆ ਕੇ ਸੇਵਾ ਕਰਦੇ ਰਹੇ । ਸੰਨ 1582 ਵਿਚ ਆਪ ਜੀ ਖਡੂਰ ਸਾਹਿਬ ਹੀ ਅਕਾਲ ਚਲਾਣਾ ਕਰ ਗਏ ਅਤੇ ਗੁਰੂ ਅਰਜਨ ਦੇਵ ਜੀ ਨੇ ਆਪ ਆ ਕੇ ਹੱਥੀਂ ਸਸਕਾਰ ਕੀਤਾ।
ਮਾਤਾ ਖੀਵੀ ਜੀ ਨੇ ਜੋ ਸੇਵਾ ਦੀ ਰੀਤ ਚਲਾਈ, ਉਹ ਹੁਣ ਤੱਕ ਚੱਲਦੀ ਆ ਰਹੀ ਹੈ । ਜੇ ਪਹਿਲੀ ਸਿੱਖ ਬੇਬੇ ਨਾਨਕੀ ਸੀ ਤਾਂ ਪਹਿਲੀ ਸੇਵਿਕਾ ਮਾਤਾ ਖੀਵੀ ਜੀ ਸਨ।