Maut Di Galion Paar (Punjabi Story) : Gurcharan Singh Sehnsra

ਮੌਤ ਦੀ ਗਲਿਓਂ ਪਾਰ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ

ਇਕੇਰਾਂ ਮੈਂ ਜੂਨ 1942 ਵਿੱਚ ਕਾਕਾ ਖ਼ਾਂ ਖਟਕ ਨੂੰ ਲੈਣ ਲਈ ਬਹਾਦਰ ਖੇਲ ਗਿਆ।

ਬਹਾਦਰ ਖੇਲ ਖਟਕ ਪਠਾਣਾਂ ਦਾ ਕੁਹਾਟ ਦੇ ਜ਼ਿਲੇ ਵਿੱਚ ਬਹੁਤ ਵੱਡਾ ਤੇ ਮਸ਼ਹੂਰ ਪਿੰਡ ਹੈ। ਸਰਹੱਦ ਦੇ ਪਠਾਣ ਕਬੀਲਿਆਂ ਵਿੱਚ ਖਟਕ ਸਭ ਤੋਂ ਵੱਧ ਵਸੋਂ ਤੇ ਇਲਾਕੇ ਵਾਲਾ ਕਬੀਲਾ ਹੈ। ਜ਼ਿਲਾ ਪਸ਼ਾਵਰ ਦੀ ਨੁਸ਼ਹਿਰਾ ਤਹਿਸੀਲ ਤੇ ਜ਼ਿਲੇ ਕੁਹਾਟ ਦੀ ਹੰਗੋ ਦੀ ਤਹਿਸੀਲ ਛੱਡ ਕੇ ਬਾਕੀ ਸਭ ਤਹਿਸੀਲਾਂ ਵਿੱਚ ਇਹ ਖਟਕ ਹੀ ਵਸਦੇ ਹਨ। ਇਹ ਕਬੀਲਾ ਸਾਰੇ ਦਾ ਸਾਰਾ ਅੰਗਰੇਜ਼ੀ ਇਲਾਕੇ ਵਿੱਚ ਸੀ।

ਇਹਨਾਂ ਖਟਕਾਂ ਦੀਆਂ ਬਗ਼ਾਵਤੀ ਮਾਰਧਾੜ ਤੇ ਆਜ਼ਾਦੀ ਦੀਆਂ ਰਵਾਇਤਾਂ ਬਹੁਤ ਮਸ਼ਹੂਰ ਹਨ। ਇਹਨਾਂ ਨੇ ਉਤਰ ਪੱਛਮ ਵਲੋਂ ਆਪਣੀ ਜਨਮਭੂਮੀ ਤੇ ਹੋਣ ਵਾਲੇ ਹਮਲਿਆਂ ਅਤੇ ਖਾਹ ਮਖਾਹ ਭਿੜਨ ਆਏ ਸ਼ਰੀਕ ਕਬੀਲਿਆਂ ਦਾ ਬੜਾ ਵਿਰੋਧ ਕੀਤਾ ਤੇ ਸਮਾਂ ਪਾ ਕੇ ਆਪਣੀ ਆਜ਼ਾਦੀ ਨੂੰ ਬਰਕਰਾਰ ਕਰ ਲਿਆ। ਇਹਨਾਂ ਦੇ ਇੱਕ ਵਡੇਰੇ ਖੁਸ਼ਹਾਲ ਖ਼ਾਂ ਖਟਕ ਨੇ ਮੁਗ਼ਲ ਬਾਦਸ਼ਾਹੀ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕਿਆ ਤੇ ਔਰੰਗਜ਼ੇਬ ਵਿਰੁੱਧ ਆਪਣੇ ਕਬੀਲੇ ਦੀ ਆਜ਼ਾਦੀ ਵਾਸਤੇ ਸਾਰੀ ਉਮਰ ਲੜਾਈ ਲੜੀ। ਔਰੰਗਜ਼ੇਬ ਨੂੰ ਇਹਨਾਂ ਦੀ ਆਜ਼ਾਦੀ ਦੀ ਜੰਗ ਨੂੰ ਦਬਾਉਣ ਲਈ ਦੋ ਵਾਰ ਲਸ਼ਕਰ ਕਸ਼ੀ ਕਰਨੀ ਪਈ ਤੇ ਉਸ ਦੀਆਂ ਫੌਜ਼ਾ ਦਾ ਕਾਫ਼ੀ ਸਮਾਂ ਖੁਸ਼ਹਾਲ ਖ਼ਾਂ ਦੇ ਝੰਡੇ ਹੇਠ ਲੜੀ ਜਾ ਰਹੀ ਲੜਾਈ ਨੂੰ ਹਰਾਉਣ ਵਾਸਤੇ ਲੱਗਾ। ਪਰ ਖੁਸ਼ਹਾਲ ਖ਼ਾਂ ਨੇ ਫੇਰ ਵੀ ਮੁਗ਼ਲਾਂ ਦੀ ਈਨ ਨ ਮੰਨੀ। ਖੁਸ਼ਹਾਲ ਖ਼ਾਂ ਜਿਥੇ ਰਣ ਦਾ ਜੋਧਾ ਸੀ ਉਥੇ ਪਠਾਣ ਆਜ਼ਾਦੀ ਦਾ ਇੱਕ ਮਹਾਨ ਕਵੀ ਵੀ ਸੀ। ਉਸ ਦੀ ਪਸ਼ਤੋ ਕਵਿਤਾ ਦਾ ਸੰਗ੍ਰਹਿ ਪਠਾਣਾਂ ਨੂੰ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਹਥਿਆਰ ਫੜਨ ਲਈ ਵੰਗਾਰਦਾ ਤੇ ਗ਼ੁਲਾਮੀ ਦੇ ਜੀਵਨ ਨੂੰ ਧਿਰਕਾਰਦਾ ਹੈ। ਉਸ ਦੀਆਂ ਪਸ਼ਤੋਂ ਕਵਿਤਾਵਾਂ ਦੇ ਟੱਪੇ ਪਠਾਣ ਇਸ ਤਰ੍ਹਾਂ ਗਾਉਂਦੇ ਹਨ, ਜਿਸ ਤਰ੍ਹਾਂ ਪੰਜਾਬ ਦੇ ਲੋਕ ਹੀਰ। ਇਸ ਕਵਿਤਾ ਨੇ ਪਠਾਣਾਂ ਅੰਦਰ ਗ਼ੁਲਾਮੀ ਵਿਰੁੱਧ ਘਿਰਣਾਂ ਤੇ ਆਜ਼ਾਦੀ ਲਈ ਤੜਪ ਤੇ ਜੂਝ ਪੈਦਾ ਕਰ ਛੱਡੀ ਹੈ। ਇਹਨਾਂ ਸਿਫਤਾਂ ਕਰਕੇ ਖਟਕ ਪਠਾਣ ਆਪਣੇ ਇੱਕ ਨ ਇੱਕ ਪੁੱਤਰ ਦਾ ਨਾਂ ਖ਼ੁਸ਼ਹਾਲ ਖ਼ਾਂ ਰੱਖਦੇ ਹਨ।

ਇਤਿਹਾਸ ਗਵਾਹ ਹੈ ਕਿ ਪਠਾਣਾਂ ਦਾ ਕਬੀਲੇਦਾਰ ਸਮਾਜ ਨ ਕੇਵਲ ਇੱਕ ਦੂਜੇ ਕਬੀਲੇ ਦੇ ਹੇਠਾਂ ਲੱਗਣੋਂ ਨਫਰਤ ਕਰਦਾ ਰਿਹਾ, ਸਗੋਂ ਹਰ ਚੜ੍ਹ ਆਏ ਆਜ਼ਾਦੀ ਦੇ ਦੁਸ਼ਮਣ ਦਾ ਮੁਕਾਬਲਾ ਕਰਦਾ ਰਿਹਾ। ਉਹਨਾਂ ਨੇ ਜਿਥੋਂ ਮੁਗ਼ਲ ਰਾਜ ਨਾਲ਼ ਆਪਣੀ ਆਜ਼ਾਦੀ ਵਾਸਤੇ ਆਹਢਾ ਲਾਈ ਰੱਖਿਆ, ਉਥੇ ਸਿੱਖਾਂ ਤੋਂ ਆਪਣੀ ਆਜ਼ਾਦੀ ਬਚਾਉਣ ਲਈ ਅਕੋੜੇ, ਤੇ ਨੁਸ਼ਹਿਰੇ ਦੀਆਂ ਜਾਨ ਹੀਲਵੀਆਂ ਲੜਾਈਆਂ ਲੜੀਆਂ। ਇਹਨਾਂ ਲੜਾਈਆਂ ਵਿੱਚ ਖਟਕ ਮਲਖਊਆ ਹੀ ਬਾਹਲਾ ਭਾਰੂ ਸੀ। ਅੰਗਰੇਜ਼ ਦੀ ਗ਼ੁਲਾਮੀ ਨੂੰ ਵੀ ਉਹਨਾਂ ਦਿਲੋਂ ਕਦੇ ਨਾ ਕਬੂਲਿਆ ਤੇ ਉਸ ਨੂੰ ਘਿਰਨਾ ਵਜੋਂ ਹਮੇਸ਼ਾਂ ‘ਫਰੰਗੀ ਬੱਚਾ’ ਆਖਿਆ। ਉਹ ਅੰਗਰੇਜ਼ਾਂ ਵਿਰੁੱਧ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਹਰ ਮੋਰਚੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਦੀਆਂ ਅੰਗਰੇਜ਼ੀ ਹਕੂਮਤ ਵਿਰੱਧ ਟੱਕਰਾਂ ਅੰਗਰੇਜ਼ੀ ਸਾਮਰਾਜ ਲਈ ਸਾਰੀ ਉਮਰ ਸਿਰ ਦਰਦ ਬਣੀਆਂ ਰਹੀਆਂ।

ਬਹਾਦਰ ਖੇਲ ਕੁਹਾਟ ਬਨੂੰ ਸੜਕ ਉਤੇ ਬੰਨੂੰਓਂ ਨੇੜੇ ਤੇ ਕੁਹਾਟੋਂ ਦੂਰ ਹੈ, ਕੁਹਾਟ ਇਥੋਂ 40 ਮੀਲ ਉੱਤਰ ਵੱਲ ਤੇ ਬਨੂੰ 17 ਮੀਲ ਦੱਖਣ ਵੱਲ। ਪਰ ਇਹਨੂੰ ਕੁਹਾਟ ਦਾ ਜ਼ਿਲ੍ਹਾ ਲਗਦਾ ਹੈ। ਲੂਣ ਮਿਆਣੀ ਵਾਲੇ ਪਹਾੜ ਦੀ ਪੰਜਾਬ ਵਾਲੀ ਧਾਰ ਅਟਕ ਦਰਿਆ ਨੂੰ ਨੀਵਾਂ ਹੋ ਕੇ ਪਾਰ ਕਰਦੀ ਤੇ ਫੇਰ ਦੋਂਹ ਧਾਰਾ ਵਿੱਚ ਪਾਟ ਕੇ ਲਹਿੰਦੇ ਵੱਲ ਹੰਗੋ ਤੱਕ ਚਲਦੀ ਜਾਂਦੀ ਹੈ। ਇਸ ਦੀ ਦੱਖਣੀ ਧਾਰ ਵਿੱਚ ਬਹਾਦਰ ਖੇਲ ਤੇ ਕਰਕ ਲਾਗਿਉਂ ਲੂਣ ਨਿਕਲਦਾ ਹੈ ਤੇ ਕਰਕ ਤਾਂ ਲੂਣ ਦੀ ਬਾਕਾਇਦਾ ਮੰਡੀ ਹੈ। ਸਰਹੱਦ ਵਿੱਚ ਇਹਨਾਂ ਧਾਰਾਂ ਨੂੰ ਚਿੱਟਾ ਪਹਾੜ ਆਖਦੇ ਹਨ। ਇਹਨਾਂ ਧਾਰਾਂ ਦਾ ਬਹਾਦਰ ਖੇਲ ਵਾਲਾ ਵਿਰਲ ਚੜ੍ਹਦੇ ਤੋਂ ਲਹਿੰਦੇ ਵੱਲ ਚਲਾ ਗਿਆ ਹੈ, ਜੋ ਸੱਤ ਮੀਲ ਤੋਂ ਦੱਸ ਬਾਰਾਂ ਮੀਲ ਤੱਕ ਚੌੜਾ ਤੇ ਕੋਈ ਚਾਲੀ ਮੀਲ ਲੰਮਾ ਹੈ। ਬਹਾਦਰ ਖੇਲ ਬੰਨੂੰ ਵਾਲੇ ਪਾਸੇ ਦੀ ਦੱਖਣੀ ਧਾਰ ਦੇ ਉਤਰ ਵਿੱਚ ਬੰਨੂੰ ਕੁਹਾਟ ਸੜਕ ਤੋਂ ਦੋ ਫਰਲਾਂਗ ਤੇ ਧਾਰ ਤੋਂ ਇੱਕ ਮੀਲ ਹਟਵਾਂ ਹੈ। ਇਥੋਂ ਇੱਕ ਕੱਚੀ ਸੜਕ ਹੰਗੋ ਤੋਂ ਅਗਾਂਹ ਪਾਰਾ ਚਿਨਾਰ ਨੂੰ ਗਈ ਹੈ।

ਇਸ ਪਹਾੜੀ ਧਾਰ ਦਾ ਨਾਂ ਇਸ ਇਲਾਕੇ ਵਿੱਚ ਬਹਾਦਰ ਖੇਲ ਦੀ ਧਾਰ ਹੈ। ਬੰਨੂੰ ਕੁਹਾਟ ਸੜਕ ਬਹਾਦਰ ਖੇਲ ਆ ਕੇ ਦੱਖਣੀ ਧਾਰ ਦੇ ਤਿੰਨ ਕੁ ਮੀਲ ਦੇ ਗਲੇ ਵਿੱਚ ਦੀ ਲੰਘਦੀ ਹੈ। ਇਸ ਗਲੇ ਦੇ ਬਹਾਦਰ ਖੇਲ ਵਾਲੇ ਪਾਸੇ ਉਚੀ ਧਾਰ ਦੇ ਹੇਠ ਦੀ ਲੰਘਣ ਲਈ ਇੱਕ ਸੁਰੰਗ ਬਣਾਈ ਹੋਈ ਹੈ। ਸੁਰੰਗ ਤੋਂ ਅਗਾਂਹ ਗਲਾ ਇੱਕ ਖੱਡ ਦੀ ਵੱਖੀ ਵੱਖੀ ਇਸ ਧਾਰ ਨੂੰ ਚੀਰ ਜਾਂਦਾ ਹੈ। ਇਸ ਨੂੰ ਬਹਾਦਰ ਖੇਲ ਦਾ ਗਲਾ ਆਖਦੇ ਹਨ ਤੇ ਗਲਿਓਂ ਪਾਰ ਅਗੇ ਬੰਨੂੰ ਤਕ ਸਵਾਏ ਸੁੱਕੇ ਨਾਲਿਆਂ ਦੇ ਡੂੰਘਾਣਾ ਤੋਂ ਬਾਕੀ ਚੌਦਾਂ ਮੀਲ ਦਾ ਸਭ ਰਾਹ ਪੱਧਰ ਹੀ ਪੱਧਰ ਹੈ।

ਇਹ ਗਲਾ ਦੇਸ਼ ਭਰ ਉਤੇ ਅੰਗਰੇਜ਼ੀ ਰਾਜ ਅਧਿਕਾਰ ਦਾ ਸਭ ਤੋਂ ਖ਼ਤਰਨਾਕ ਥਾਂ ਸੀ। ਇਥੇ ਫਕੀਰ ਇਪੀ ਦੇ ਪਾਰਾ ਚਿਨਾਰ ਵਾਲੇ ਖ਼ਲੀਫੇ ਦੀਆਂ ਵਜ਼ੀਰੀ ਧਾੜਾਂ ਹਮਲੇ ਕਰਦੀਆਂ ਰਹਿੰਦੀਆਂ ਸਨ, ਜੋ ਆਮ ਸਵਾਰੀਆਂ ਤੇ ਲਾਰੀਆਂ ਨੂੰ ਲੁੱਟ ਲੈਣਾ ਤਾਂ ਕੀ ਫੌਜੀ ਕਾਨਵੋਈਆਂ ਨੂੰ ਵੀ ਸੁੱਕਾ ਨਹੀਂ ਸਨ ਲੰਘਣ ਦਿੰਦੀਆਂ। ਇਹਨਾਂ ਲੁੱਟਮਾਰ ਦੇ ਹਮਲਿਆਂ ਤੋਂ ਕਾਨਵੋਈਆਂ ਦੀ ਆਵਾਜਾਈ ਹਥਿਆਰਬੰਦ ਫ਼ੌਜਾਂ ਦੇ ਪਹਿਰੇ ਹੇਠ ਕਰਾਈ ਜਾਂਦੀ ਸੀ। ਇਸ ਦੇ ਉਦਾਲੇ ਦੇ ਪਹਾੜ ਦੀਆਂ ਸੜਕੋਂ ਹਟਵੀਆਂ ਪਰ ਸਿਖਰਲੀਆਂ ਥਾਵਾਂ ਉਤੇ ਸਵੇਰੇ ਛੇ ਵਜੇ ਤੋਂ ਪਹਿਲਾਂ ਆ ਕੇ ਮਲੀਸ਼ੀਏ ਦੀਆਂ ਗਾਰਦਾਂ ਝੰਡੀ ਸ਼ੀਸ਼ਾ ਫ਼ੜਕੇ, ਦੂਰਬੀਨਾਂ ਲਾ ਕੇ, ਮਸ਼ੀਨ ਗੰਨਾਂ ਬੀੜ ਕੇ ਤੇ ਰਫ਼ਲਾਂ ਸੇਧ ਕੇ ਮੋਰਚੇ ਮੱਲ ਲੈਂਦੀਆਂ ਤੇ ਖੱਡ ਵਿਚਲੇ ਸੜਕ ਦੇ ਮੋੜਾਂ, ਇਸ ਸੜਕ ਨੂੰ ਪਹਾੜ ਵਿੱਚ ਦੀ ਆਉਣ ਵਾਲੇ ਲਾਂਘਿਆਂ ਤੇ ਸੜਕ ਦੀਆਂ ਪੁਲੀਆਂ ਹੇਠ ਹਥਿਆਰਬੰਦ ਸਿਪਾਹੀ ਲੁੱਕ ਕੇ ਪਹਿਰੇ ਤੇ ਬੈਠ ਜਾਂਦੇ। ਫੇਰ ਛੇ ਵਜੇ ਤੋਂ ਲੈ ਕੇ ਦਸ ਵਜੇ ਤਕ ਫੌਜੀ ਕਾਨਵੋਈਆਂ ਲੰਘਦੀਆਂ ਤੇ ਦਸ ਵਜੇ ਤੋਂ ਲੈ ਕੇ ਦੋ ਵਜੇ ਤਕ ਮੁਸਾਫ਼ਿਰ ਲਾਰੀਆਂ, ਟਰੱਕ ਤੇ ਸਿਵਲ ਢੁਹਾਈ ਦੀ ਆਵਾਜਾਈ ਲਗੀ ਰਹਿੰਦੀ। ਦੋ ਵਜੇ ਸੜਕ ਬੰਦ ਹੋ ਜਾਂਦੀ ਤੇ ਪਹਿਰੇ ਹਟਾ ਲਏ ਜਾਂਦੇ। ਇਸ ਲਈ ਕੁਹਾਟ ਤੋਂ ਬੰਨੂੰ ਵਿੱਚ ਆਵਾਜਾਈ ਦਾ ਸਮਾਂ ਇਸ ਤਰ੍ਹਾਂ ਬੱਧਾ ਹੋਇਆ ਸੀ ਕਿ ਉਹ ਚਲ ਕੇ ਦਸ ਵਜੇ ਨੂੰ ਗਲੇ ਦੇ ਮੂੰਹ ਤੇ ਆ ਜਾਣ ਤੇ ਦੋ ਵਜੇ ਤਕ ਇਸ ਨੂੰ ਲੰਘ ਜਾਣ। ਦੋ ਵਜੇ ਤੋਂ ਬਾਅਦ ਇਸ ਗਲੇ ਵਿੱਚ ਦੀ ਆਵਾਜਾਈ ਬੰਦ ਹੋ ਜਾਂਦੀ ਸੀ। ਫੇਰ ਨਾ ਕੋਈ ਮੋਟਰ ਲੰਘੇ ਤੇ ਨਾ ਬੰਦੇ ਦੀ ਜ਼ਾਤ। ਇਸ ਥਾਂ ਨੂੰ ਲੋਕ ਬੋਲ ਚਾਲ ਵਿੱਚ ਮੌਤ ਦਾ ਗਲਾ ਆਖਦੇ ਸਨ।

*****

ਮੈਂ ਬਹਾਦਰ ਖੇਲ ਕਈ ਵਾਰ ਜਾ ਚੁੱਕਾ ਸਾਂ ਤੇ ਲਾਰੀ ਵਿਚ ਬੈਠ ਕੇ ਦੋ ਤਿੰਨ ਵਾਰ ਇਸ ਗਲੇ ਵਿਚ ਦੀ ਵੀ ਲੰਘਿਆ ਸਾਂ। ਮੈਨੂੰ ਕਦੇ ਵੀ ਕੋਈ ਔਕੜ ਪੇਸ਼ ਨਹੀਂ ਸੀ ਆਈ। ਪਰ ਉਸ ਦਿਨ ਜਦ ਮੈਂ ਬਹਾਦਰ ਖੇਲ ਗਿਆ ਤਾਂ ਪਤਾ ਲਗਾ ਕਿ ਮੇਰੀਆਂ ਸਰਹੱਦ ਵਿਚ ਆਉਣ ਜਾਣ ਵਾਲੀਆਂ ਸਭ ਥਾਵਾਂ ਵਿਚੋਂ ਜ਼ਿਆਦਾ ਬੇਯਕੀਨੀ ਤੇ ਨਿਆਸਰੀ ਥਾਂ ਇਹ ਬਹਾਦਰ ਖੇਲ ਸੀ। ਅਗੇ ਜਿੰਨੀ ਵਾਰ ਵੀ ਮੈਂ ਗਿਆ ਕਾਕਾ ਖੁਸ਼ਹਾਲ ਖ਼ਾਂ ਮੇੇਰੇ ਨਾਲ ਹੁੰਦਾ ਸੀ, ਜਾਂ ਅਗੇ ਘਰ ਮਿਲ ਜਾਂਦਾ ਸੀ। ਉਸ ਦਿਨ ਉਹ ਘਰ ਤਾਂ ਕੀ ਪਿੰਡ ਵਿਚ ਹੀ ਨਹੀਂ ਸੀ। ਘਰੋਂ ਪਤਾ ਲਗਾ ਕਿ ਉਹ ਬੀਮਾਰ ਸੀ ਉਥੋਂ ਯਾਰਾਂ ਮੀਲ ਦੂਰ ਕਰਕ ਹਸਪਤਾਲ ਵਿਚ ਦਾਖਲ ਸੀ।

ਕਾਕੇ ਨੇ ਤਾਂ ਮੇਰੀ ਆਪਣੇ ਘਰ ਦੇ ਕਿਸੇ ਜੀ ਨਾਲ ਤੇ ਨ ਪਿੰਡ ਵਿਚ ਕਿਸੇ ਇਤਬਾਰੀ ਬੰਦੇ ਨਾਲ ਵਾਕਫੀ ਕਰਵਾਈ ਹੋਈ ਸੀ। ਜਿਸ ਕਰਕੇ ਕਾਕੇ ਖੁਸ਼ਹਾਲ ਖ਼ਾਂ ਤੋਂ ਬਿਨਾਂ ਉਸ ਪਿੰਡ ਵਿਚ ਨਾ ਮੇਰਾ ਕੋਈ ਜਾਣੂ ਸੀ ਤਾਂ ਨਾ ਝਾਲੂ।

‘‘ਹੁਣ ਮੈਂ ਕਹੀਦੀ ਮਾਂ ਨੂੰ ਮਾਸੀ ਆਖਾਂ?’’

ਦੋ ਵਜ ਗਏ ਸਨ। ਹੁਣ ਤਾਂ ਲਾਰੀ ਨ ਕੁਹਾਟ ਨੂੰ ਜਾਣੀ ਸੀ ਤੇ ਨਾ ਅਗਾਂਹ ਬੰਨੂੰ ਨੂੰ। ਮੈਂ ਤਾਂ ਪਹਿਲਾਂ ਹੀ ਕੁਹਾਟ ਤੋਂ ਆਈ ਆਖ਼ਰੀ ਲਾਰੀ ਵਿਚੋਂ ਉਤਰਿਆ ਸਾਂ।

ਪਿੰਡੋਂ ਤਾਂ ਮੈਂ ਵਾਪਸ ਸੁਰੰਗ ਦੇ ਬੂਹੇ ਅੱਗੇ ਲਾਰੀਆਂ ਦੇ ਅੱਡੇ ਨੂੰ ਤੁਰ ਆਇਆ। ਰਾਹ ਵਿਚ ਮੁੜੇ ਆਉਂਦੇ ਦੇ ਦਿਲ ਨੂੰ ਡੋਬੂ ਪੈ ਪੈ ਜਾਣ।

‘ਕਿਥੇ ਜਾਵਾਂ? ਕਿਥੇ ਰਹਾਂ?’ ਡਾਹਢਾ ਫਸਿਆ! ਬੜੀ ਮੁਸੀਬਤ ਬਣੀ। ਐਨੀ ਔਖੀ ਘੜੀ ਪਿਛਲੇ ਸਾਰੇ ਰਾਜਸੀ ਜੀਵਨ ਵਿਚ ਪੇਸ਼ ਨਹੀਂ ਸੀ ਆਈ। ਜੇ ਮੈਂ ਪਿੰਡ ਕਿਸੇ ਮਸੀਤ ਵਿਚ ਰਹਿੰਦਾ ਸਾਂ, ਤਾਂ ਸਾਰੇ ਪਿੰਡ ਵਿਚ ਕਾਂ ਵੱਟੀ ਫਿਰ ਜਾਣੀ ਸੀ। ਇਹ ਪਿੰਡ ਲੁੱਟ ਖੋਹ ਦੇ ਪਿੜ ਵਿਚ ਹੋਣ ਕਰਕੇ ਓਪਰੇ ਬੰਦਿਆਂ ਦੇ ਆਉਣ ਜਾਣ ਦਾ ਪਤਾ ਸੁਰ ਰੱਖਣ ਵਾਸਤੇ ਪੁਲਸ ਨੇ ਇਥੇ ਕਈ ਬੰਦੇ ਖ਼ਰੀਦੇ ਹੋਏ ਸਨ।

ਸੁਰੰਗ ਦੇ ਬੂਹੇ ਅੱਗੇ ਥਾਣਾ ਸੀ। ਸਰਹੱਦ ਦੀ ਪੁਲਸ ਨੂੰ ਮੇਰੇ ਸੂਬਾ ਸਰਹੱਦ ਵਿਚ ਆਉਣ ਜਾਣ ਦੀ ਬਿੜਕ ਸੀ। ਇਸ ਲਈ ਮੇਰੇ ਵਰਗੇ ਓਪਰੇ ਬੰਦੇ ਦੀ ਏਥੇ ਗਰਿਫ਼ਤਾਰੀ ਅਵੱਸ਼ ਸੀ।

ਸੁਰੰਗ ਦੇ ਬੂਹੇ ਤਕ ਦਾ ਮੀਲ ਕੁ ਪੈਂਡਾ ਆਉਂਦਿਆਂ ਮੈਂ ਇਹ ਪੱਕੀ ਸਲਾਹ ਕਰ ਲਈ ਕਿ ਬਹਾਦਰ ਖੇਲ ਨਾ ਰਹਾਂ ਤੇ ਔਖੇ ਸੌਖੇ ਕਾਕੇ ਦੇ ਮਜਰ ਕਰਕ ਚਲਿਆ ਜਾਵਾਂ। ਅਜੇ ਪੈਦਲ ਜਾਣ ਲਈ ਕਾਫ਼ੀ ਦਿਨ ਬਾਕੀ ਸੀ ਤੇ ਇਹ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।

ਕਰਕ ਨੂੰ ਜਾਣ ਲਈ ‘ਮੌਤ ਦਾ ਗਲਾ’ ਲੰਘਣਾ ਪੈਣਾ ਸੀ।

ਸੁਰੰਗ ਤਕ ਆਉਂਦਿਆਂ ਢਾਈ ਤਿੰਨ ਵਜ ਗਏ। ਜਦ ਥਾਣੇ ਸਾਹਮਣੇ ਆ ਕੇ ਸੁਰੰਗ ਉਤਲੇ ਪਹਾੜ ਵੱਲ ਵੇਖਿਆ ਤਾਂ ਉਸ ਉਤੇ ਗੱਡੇ ਇਕ ਕਾਲੇ ਚਿੱਟੇ ਡੱਬਾਂ ਨਾਲ ਪੋਚੇ ਹੋਏ ਉਚੇ ਲੰਮੇ ਖੰਬੇ ਉਤੇ ਲਮਕਾਇਆ ਹੋਇਆ ਸੂਚਨਾ ਦੇਣ ਵਾਲਾ ਕਾਲਾ ਤਵਾ ਉਤਾਂਹ ਚੁਕਿਆ ਹੋਇਆ ਸੀ, ਜਿਸ ਦਾ ਮਤਲਬ ਕਿ ਸੁਰੰਗ ਆਵਾਜਾਈ ਵਾਸਤੇ ਬੰਦ ਸੀ।

ਕਰਕ ਜਾਣ ਦਾ ਫੈਸਲਾ ਤਾਂ ਮੈਂ ਕਰ ਲਿਆ, ਪਰ ਉਥੇ ਜਾਣ ਲਈ ਸਿਰ ਤਲੀ ਤੇ ਰੱਖਣਾ ਪੈਣਾ ਸੀ। ਜੇ ਬਹਾਦਰ ਖੇਲ ਗਰਿਫ਼ਤਾਰੀ ਸਿਰ ਤੇ ਕੂਕਦੀ ਸੀ ਤਾਂ ਗਲੇ ਵਿਚ ਮੌਤ ਮੂੰਹ ਅੱਡੀ ਖੜੀ ਸੀ। ਇਕ ਬੰਨੇ ਖੂਹ, ਇਕ ਬੰਨੇ ਖਾਤਾ! ਸੋਚਿਆ, ਅੰਗਰੇਜ਼ ਦੇ ਹੱਥੋਂ ਗਰਿਫ਼ਤਾਰ ਹੋ ਕੇ ਮਾਰ ਕੁਟ ਖਾਣ ਤੇ ਤਸੀਹੇ ਝਲਣ ਨਾਲੋਂ, ਤੇ ਜੇ, ਰੱਬ ਨਾ ਕਰੇ, ਕਿਤੇ ਕਮਜ਼ੋਰੀ ਦਿਖਾ ਗਿਆ ਤਾਂ ਪਾਰਟੀ ਦੇ ਭੇਤ ਦੱਸਣ ਨਾਲੋਂ ਵਜ਼ੀਰੀਆਂ ਤੋਂ ਮੌਤ ਦਾ ਖਤਰਾ ਸਹੇੜਨਾ ਚੰਗਾ ਹੈ। ਇਸ ਤਰ੍ਹਾਂ ਮਰਨ ਨਾਲ ਪਾਰਟੀ ਦੇ ਭੇਤ ਤਾਂ ਬਚ ਜਾਣਗੇ ਤੇ ਜੇ ਪਾਰ ਨਿਕਲ ਗਿਆ ਤਾਂ ਸੱਤੇ ਖੈਰਾਂ! ਜਾਨ ਵੀ ਬਚ ਗਈ ਤੇ ਪਾਰਟੀ ਦੇ ਭੇਤ ਵੀ ਪਾਸ ਹੀ ਰਹਿ ਜਾਣਗੇ। ਚੌਂਕੀ ਪਹਿਰਾ ਅਜੇ ਹਟਿਆ ਹੀ ਹੈ, ਲੁੱਟਮਾਰ ਵਾਲੇ ਐਨੀ ਛੇਤੀ ਤਾਂ ਨਹੀਂ ਆ ਚਲੇ। ਕਿਹੜਾ ਕੋਈ ਕਾਫਲਾ ਲੰਘਣ ਲੱਗਾ ਸੀ, ਜਿਸ ਦੀ ਉਹਨਾਂ ਨੂੰ ਖਬਰ ਪੁੱਜ ਜਾਣੀ ਸੀ ਤੇ ਉਹਨਾਂ ਆ ਪੈਣਾ ਸੀ। ਜੇ ਉਹ ਆ ਵੀ ਜਾਣ ਤਾਂ ਹੋ ਸਕਦਾ ਹੈ, ਮੈਨੂੰ ਫਰੰਗੀ ਬਚੇ ਦਾ ਦੁਸ਼ਮਣ ਸਮਝ ਕੇ ਛੱਡ ਦੇਣ। ਜਾਂ ਬਹੁਤ ਕਰਨਗੇ ਤਾਂ ਜੇਬ ਦਾ ਮਾਲ ਲੈ ਲੈਣਗੇ, ਹੋਰ ਕੀ ਕਰਨਗੇ?’ ਇਹ ਸਾਰਾ ਅੱਗਾ ਪਿਛਾ ਵਿਚਾਰ ਕੇ ਮੈਂ ਪੱਕ ਪਕਾ ਲਿਆ ਕਿ ਗਰਿਫ਼ਤਾਰ ਹੋ ਕੇ ਲਾਹੌਰ ਕਿਲ੍ਹੇ ਵਿਚ ਛਿਲ ਲਹਾਉਣ ਨਾਲੋਂ ਲੁੱਟੇ ਮਾਰੇ ਜਾਣਾ ਚੰਗਾ।

ਇਸ ਫੈਸਲੇ ਤੇ ਮੈਂ ਦਰਿੜ੍ਹ ਹੋ ਗਿਆ। ਕਿਉਂਕਿ ਮੈਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਸੀ, ਕਿ ‘ਵਜ਼ੀਰੀ ਹਵਾ ਤਾਂ ਹੈ ਹੀ ਨਹੀਂ, ਜੋ ਅਗੋਂ ਡੱਕ ਹਟਦਿਆਂ ਹੀ ਆ ਜਾਣਗੇ। ਅਕਸਰ ਬੰਦੇ ਹਨ। ਆਪਣੇ ਘਰਾਂ ਵਿਚ ਬੈਠੇ ਹੋਣਗੇ, ਉਹਨਾਂ ਦੇ ਆਉਂਦਿਆਂ ਤਕ ਤਾਂ ਮੈਂ ਗਲਾ ਲੰਘ ਹੀ ਜਾਵਾਂਗਾ।’ ਇਸ ਲਈ ਕਰਕ ਜਾਣ ਦੀ ਸਲਾਹ ਮੈਂ ਪੱਕੀ ਕਰ ਲਈ।

ਸੁਰੰਗ ਦੇ ਬੂਹੇ ਅੱਗੇ ਸੜਕ ਉਤੇ ਸੱਜੇ ਹੱਥ ਦਸਾਂ ਪੰਦਰਾਂ ਦੁਕਾਨਾਂ ਦਾ ਇਕ ਨਿੱਕਾ ਜਿਹਾ ਬਾਜ਼ਾਰ ਸੀ, ਉਥੋਂ ਚਾਹ ਦੀਆਂ ਦੋ ਠੂਠੀਆਂ ਪੀਤੀਆਂ ਤੇ ਤੰਦੂਰ ਤੋਂ ਬਚ ਕੇ ਭੱਠੀ ਵਿਚ ਡਿੱਗਣ ਲਈ ਸੁਰੰਗ ਵਿਚ ਵੜ ਗਿਆ।

ਸੁਰੰਗ ਤਾਂ ਮੈਂ ਬਹੁਤ ਹੀ ਡਰਕੇ ਲੰਘੀ। ਅਗਲੇ ਖ਼ਤਰੇ ਦੇ ਡਰ ਤੋਂ ਨਹੀਂ, ਸਗੋਂ ਪਿਛਲੇ ਦੇ। ਡਰ ਸੀ ਕਿ ਮਤਾਂ ਦੁਕਾਨਾਂ ਤੋਂ ਕੋਈ ਕਮ ਅਕਲ ‘ਸਨੇਹੀ’ ਜਾਂ ‘ਫ਼ਰਜ਼ਾਂ ਦਾ ਪੂਰਾ’ ਪੁਲਸੀਆ ਗਲੇ ਵਿਚ ਤੁਰੇ ਜਾਂਦੇ ਨੂੰ ਆਵਾਜ਼ ਮਾਰ ਬੈਠੇ, ‘ਓਏ ਭਲਿਆ ਮਾਣਸਾ ਕਿਧਰ ਜਾਣਾ ਏਂ? ਲੁੱਟਿਆ ਮਾਰਿਆ ਜਾਏਂਗਾ। ਹੁਣ ਤਾਂ ਐਡੀ ਵੱਡੀ ਅੰਗਰੇਜ਼ੀ ਸਰਕਾਰ ਵੀ ਇਥੋਂ ਨਹੀਂ ਲੰਘਦੀ, ਤੂੰ ਇਕੱਲਾ ਮੌਤ ਦੇ ਮੂੰਹ ਕਿਉਂ ਪੈਨਾ ਏਂ? ‘ਇਸ ਰੋਕਣ ਵਾਲੀ ਆਵਾਜ਼ ਤੋਂ, ਜੋ ਸੁਖੈਣ ਹਾਲਤਾਂ ਵਿਚ ਭਾਵੇਂ ਨਿਹਮਤ ਹੁੰਦੀ, ਪਰ ਹੁਣ ਤਾਂ ਘਾਤਕ ਸੀ। ਜੋ ਆਵਾਜ਼ ਦੇਣ ਵਾਲੇ ਵਾਸਤੇ ਤਾਂ ਭਾਵੇਂ ਪਰਉਪਕਾਰ ਸੀ, ਪਰ ਮੇਰੇ ਵਾਸਤੇ ਗਰਿਫ਼ਤਾਰੀ ਦੀ ਲਾਜ਼ਮੀ ਸੱਦ ਸੀ। ਪਰ ਮੇਰੀ ਕਿਸਮਤ ਨੂੰ ਇਹ ਖ਼ਤਰਾ ਹਕੀਕੀ ਨ ਬਣਿਆਂ ਤੇ ਮੇਰੇ ਵੱਲ ਕਿਸੇ ਦਾ ਧਿਆਨ ਨ ਪਿਆ।

ਜਦ ਸੁਰੰਗ ਲੰਘ ਲਈ ਤਾਂ ਮੈਂ ਸ਼ੇਰ ਹੋ ਗਿਆ। ਹੁਣ ਪਿਛੋਂ ਕਿਸੇ ਦੇ ਵੇਖਣ ਤੇ ਆਵਾਜ਼ ਮਾਰਨ ਦਾ ਖ਼ਤਰਾ ਨਹੀਂ ਸੀ ਰਹਿ ਗਿਆ।

ਕਿਉਂਕਿ ਸੁਰੰਗ ਸਤਰੰਗੀ ਪੀਂਘ ਵਾਂਗ ਖੱਬੇ ਹੱਥ ਨੂੰ ਮੁੜਵੀਂ ਜਿਹੀ ਸੀ ਤੇ ਉਸ ਦਾ ਅਗਲਾ ਸਿਰਾ ਪਿਛਲੇ ਸਿਰੇ ਤੋਂ ਉਹਲੇ ਹੋ ਜਾਂਦਾ ਸੀ। ਹੁਣ ਮੈਂ ਪਿਛੋਂ ਦੁਕਾਨਾਂ ਤੋਂ ਆਉਣ ਵਾਲੀ ਆਵਾਜ਼ ਦੇ ਖ਼ਤਰੇ ਤੋਂ ਤਾਂ ਸੁਰਖਰੂ ਹੋ ਗਿਆ ਸਾਂ ਪਰ ਅੱਗੇ ਉਹ ਖ਼ਤਰਾ ਸੀ, ਜਿਸ ਤੋਂ ਡਰਦੀ ਪੰਜਾ ਮਹਾਂ ਦੀਪਾਂ ਤੇ ਰਾਜ ਕਰ ਰਹੀ ਅੰਗਰੇਜ਼ੀ ਸਾਮਰਾਜ ਤਾਕਤ ਵੀ ਪਰਾਣ ਛੱਡ ਬੈਠੀ ਸੀ। ਇਹ ਉਸ ਦਾ ਨਿੱਤ ਦਾ ਕਿੱਤਾ ਸੀ। ਹਰ ਰੋਜ਼ ਦੋ ਵਜੇ ਤੋਂ ਬਾਅਦ ਅਗਲੇ ਸਵੇਰ ਦੇ ਛੇ ਵਜੇ ਤਕ ਇਥੋਂ ਅੰਗਰੇਜ਼ੀ ਰਾਜ ਨੂੰ ਵਾਪਸ ਬੁਲਾ ਲਿਆ ਜਾਂਦਾ ਸੀ ਤੇ ਐਤਵਾਰ ਨੂੰ ਤਾਂ ਬਿਲਕੁਲ ਹੀ ਮੂੰਹ ਨਹੀਂ ਸੀ ਵਿਖਾਇਆ ਜਾਂਦਾ ਤੇ ਸਾਰਾ ਦਿਨ ਆਵਾਜਾਈ ਬੰਦ ਰਹਿੰਦੀ।

ਮੈਂ, ਇਸ ਬਿਗਾਨੀ ਹਕੂਮਤ ਦੀ ਗ਼ੁਲਾਮੀ ਤੋਂ ਦੇਸ਼ ਆਜ਼ਾਦ ਕਰਵਾਉਣ ਵਾਲੀ ਕੌਮੀ ਆਜ਼ਾਦੀ ਦੀ ਲਹਿਰ ਦੇ ਇਨਕਲਾਬੀ ਪੱਖ ਦੀ ਇਕ ਜਥੇਬੰਦ ਸਿਆਸੀ ਸ਼ਕਤੀ ਦਾ ਨਾਚੀਜ਼ ਜਿਹਾ ਸਿਪਾਹੀ ਇਸ ਖ਼ਤਰੇ ਨੂੰ ਅੱਖਾਂ ਅਗੇ ਨਚਦਾ ਵੇਖ ਕੇ ਵੀ ਇਸ ਮੌਤ ਦੀ ਘਾਟੀ ਵਿਚ ਦੁੜੰਗੇ ਮਾਰਦਾ ਜਾ ਰਿਹਾ ਸਾਂ।

ਮੇਰੇ ਸੱਜੇ ਹੱਥ ਉੱਚਾ ਪਹਾੜ ਸੀ, ਜਿਸ ਦੀ ਵੱਖੀ ਵਿਚ ਇਹ ਸੜਕ ਬਣੀ ਹੋਈ ਸੀ ਤੇ ਖੱਬੇ ਹੱਥ ਡੂੰਘੀ ਖਡ ਵਿਚ ਇਕ ਸੁੱਕਾ ਨਾਲਾ ਸੀ, ਜੋ ਸੜਕ ਦੇ ਨਾਲ ਨਾਲ ਹੇਠਾਂ ਦੱਖਣ ਨੂੰ ਉਤਰਦਾ ਜਾਂਦਾ ਸੀ ਤੇ ਦੋ ਕੁ ਮੀਲ ਜਾ ਕੇ ਚੜ੍ਹਦੇ ਵੱਲ ਅਟਕ ਦਰਿਆ ਵਿਚ ਪੈਣ ਲਈ ਮੁੜ ਗਿਆ ਸੀ। ਇਸ ਨਾਲੇ ਦੇ ਪਰਲੇ ਕੰਢੇ ਪਹਾੜ ਫੇਰ ਉੱਚਾ ਚੜ੍ਹ ਗਿਆ ਸੀ। ਜਾਣੋ ਇਹ ਦਰਿਸ਼ ਇਸ ਤਰ੍ਹਾਂ ਸੀ, ਜਿਸ ਤਰ੍ਹਾਂ ਲੰਘਦੇ ਹੋਏ ਸੱਪ ਨੇ ਪਹਾੜ ਨੂੰ ਘਸਰ ਦੇ ਨਾਲੇ ਵਾਸਤੇ ਖੱਡ ਬਣਾ ਦਿੱਤੀ ਹੋਵੇ।

ਚਿਟੇ ਪਹਾੜ ਦੀ ਇਹ ਸੜਕ ਪਹਾੜ ਵਾਂਗ ਹੀ ਰੁਖਾਂ ਦਰਖਤਾਂ ਤੋਂ ਸੱਖਣੀ ਸੀ। ਨਾਲਿਉਂ ਪਾਰ ਤੇ ਉਰਾਰ ਦੇ ਪਹਾੜਾਂ ਦੀਆਂ ਨੇੜੇ ਦੂਰ ਦਿਸ ਰਹੀਆਂ ਬੂਥੀਆਂ ਤੇ ਕਮਰੋੜਾਂ ਉਤੇ ਧੁਪ ਨਾਲ ਚਿਟਿਆਇਆ ਹੋਇਆ ਨੀਲਾ ਆਕਾਸ਼ ਇਸ ਤਰ੍ਹਾਂ ਜਾਪਦਾ ਸੀ, ਜਿਸ ਤਰ੍ਹਾਂ ਕਲਰਾਠੇ ਪਾਣੀ ਦੀ ਸਾਫ ਤੇ ਨਿਰਮਲ ਝੀਲ ਗਲੇ ਨੂੰ ਢੱਕਣ ਲਈ ਪਹਾੜਾਂ ਉਤੇ ਮੂਧੀ ਮਾਰ ਦਿੱਤੀ ਗਈ ਹੋਵੇ।

ਖ਼ਤਰੇ ਨਾਲ ਧਕ ਧਕ ਵਜ ਰਿਹਾ ਦਿਲ ਤੇ ਗਲੇ ਨੂੰ ਛੇਤੀ ਲੰਘ ਜਾਣ ਦੀ ਮਨ ਵਿਚ ਸਮਾਈ ਚੇਸ਼ਟਾ ਕੁਦਰਤ ਦੀ ਇਸ ਖੇਡ ਨੂੰ ਪ੍ਰਤੀਤ ਕਰਨ ਤੇ ਵੇਖਣ ਤੋਂ ਨਾ ਰਹਿ ਸਕੇ।

ਜੂਨ ਮਹੀਨੇ ਦੀ ਪਿਛਲੇ ਪਹਿਰ ਦੀ ਕੜਕਵੀਂ ਧੁਪ ਨੇ ਪਹਾੜ ਦੀ ਡੱਕ ਲੱਗ ਕੇ ਪੈਰਾਂ ਹੇਠਲੀ ਲੁਕ ਵਾਲੀ ਸਲੇਟੀ ਸੜਕ ਨੂੰ ਤਵੇ ਵਾਂਗ ਤਪਾਇਆ ਹੋਇਆ ਸੀ। ਉਤੋਂ ਧੁਪ ਤੇ ਹੇਠੋਂ ਸੜਕ ਦੇ ਸੇਕ ਨਾਲ ਮੈਂ ਮੱਛੀ ਵਾਂਗ ਭੁਜ ਰਿਹਾ ਸਾਂ। ਪਰ ਮੈਂ ਵਜ਼ੀਰੀਆਂ ਦੇ ਹਮਲੇ ਦੇ ਡਰ ਵਾਲਾ ਇਹ ਮੌਤ ਦਾ ਟੋਟਾ ਲੰਘ ਜਾਣ ਦੀ ਧੁੰਨ ਵਿਚ ਸ਼ਮਸ ਤਬਰੇਜ਼ ਬਣਿਆ ਵਾਹੋ ਦਾਹੀ ਰਿੜ੍ਹੀ ਜਾ ਰਿਹਾ ਸਾਂ। ਮੈਨੂੰ ਮੌਤ ਦਾ ਡੁਬਕਾ ਪਿੱਛੋਂ ਧੱਕ ਰਿਹਾ ਸੀ ਤੇ ਦੇਸ਼ ਦੀ ਆਜ਼ਾਦੀ ਦੀ ਲਗਣ ਅੱਗੋਂ ਖਿੱਚ ਰਹੀ ਸੀ ਤੇ ਮੈਂ ਤਾਂਗੇ ਦੇ ਅੱਖ-ਪਟੀਆਂ ਲੱਗੇ ਘੋੜੇ ਵਾਂਗ ਬਿਨਾਂ ਆਸੇ ਪਾਸੇ ਵੇਖੇ ਸਿੱਧਾ ਸੜਕੇ ਸੜਕ ਧਮਕੜੇ ਪਿਆ ਹੋਇਆ ਸਾਂ।

ਰਾਹ ਵਿਚ ਨ ਕੋਈ ਬੰਦਾ ਨਜ਼ਰੀਂ ਆਇਆ ਤੇ ਨ ਪਰਿੰਦਾ। ਸਭ ਉਜਾੜ ਹੀ ਉਜਾੜ। ਪਹਾੜ ਦੀਆਂ ਖੱਡਾਂ, ਵੱਖੀਆਂ, ਖੋਰਾਂ ਤੇ ਉਤਰਦੀਆਂ ਚੜ੍ਹਾਈਆਂ ਸਭ ਸੁੰਞੀਆਂ, ਇਸ ਤਰ੍ਹਾਂ ਜਾਪਦਾ ਸੀ, ਕਿ ਵਜ਼ੀਰੀਆਂ ਤੋਂ ਨਿਰਾ ਅੰਗਰੇਜ਼ੀ ਰਾਜ ਹੀ ਡਰ ਕੇ ਮੈਦਾਨ ਨਹੀਂ ਸੀ ਛੱਡ ਗਿਆ, ਸਗੋਂ ਕੁਦਰਤ ਦੇ ਹੋਰ ਜੀ ਵੀ ਨੱਸ ਗਏ ਸਨ।

ਜਿਵੇਂ ਜਿਵੇਂ ਮੈਂ ਗਲੇ ਦੇ ਪੰਧ ਨੂੰ ਨਬੇੜੀ ਜਾ ਰਿਹਾ ਸਾਂ, ਮੇਰਾ ‘ਕੋਈ ਆ ਨ ਜਾਵੇ, ਕੋਈ ਆ ਨ ਜਾਵੇ’ ਵਾਲਾ ਧੜਕੂ ਘੱਟਦਾ ਜਾਂਦਾ ਸੀ ਤੇ ਲੁਟੇ ਮਾਰੇ ਜਾਣ ਦੀ ਸੰਭਾਵਨਾ ਤਕਰੀਬਨ ਹਟ ਹੀ ਗਈ ਸੀ, ਹੁਣ ਸਗੋਂ ਇਕ ਹੋਰ ਭੈ ਇਸ ਦੀ ਥਾਂ ਲੈਂਦਾ ਜਾ ਰਿਹਾ ਸੀ, ਜੋ ਦਾਈ ਦੇ ਪੁਗਾਅ ਦੇ ਨੇੜੇ ਜਾਂਦਿਆਂ ਇਕ ਵੱਡਾ ਸਾਰਾ ਸਵਾਲ ਬਣ ਗਿਆ। ਉਹ ਇਹ, ਕਿ ‘ਗਲਾਅ ਲੰਘ ਕੇ ਕਰਕ ਕਿਸ ਤਰ੍ਹਾਂ ਪਹੁੰਚਾਂਗਾ?’ ਅੱਗੇ ਸਾਰਾ ਹੀ ਰਸਤਾ ਓਬੜ ਸੀ। ਜਿਧਰ ਮੈਂ ਅਗੇ ਕਦੀ ਨਹੀਂ ਸਾਂ ਗਿਆ। ‘ਭਲਾ ਜੇ ਉਥੇ ਪਹੁੰਚ ਹੀ ਗਿਆ ਤਾਂ ਕਾਕੇ ਨੂੰ ਕਿਸ ਤਰ੍ਹਾਂ ਲੱਭਾਂਗਾ?’ ਫਿਰ ਤੋਂਖਲਾ ਇਹ ਸੀ ਕਿ ‘ਜੇ ਕਾਕਾ ਓਥੇ ਵੀ ਨ ਹੋਇਆ ਤਾਂ ਕੀ ਬਣੂ?’ ਇਨ੍ਹਾਂ ਹੀ ਡਰਾਕਲ ਸੋਚਾਂ ਦੇ ਸਮੁੰਦਰ ਵਿਚ ਡੁਬਦਾ ਤਰਦਾ ਮੈਂ ਗਲਾਅ ਲੰਘ ਕੇ ਕਰਕ ਵਾਲੀ ਸੜਕ ਦੇ ਮੋੜ ਉਤੇ ਜਾ ਖ਼ਲੋਤਾ।

‘ਲਲੂ ਕਰੇ ਵਲੱਲੀਆਂ ਸਮਾਂ ਸਿੱਧੀਆਂ ਪਾਵੇ।’ ਮੈਂ ਦੁਸੜਕੇ ਉਤੇ ਗੱਡੀ ਹੋਈ ਫੱਟੀ ਤੋਂ ਅੰਗਰੇਜ਼ੀ ਵਿਚ ਲਿਖਿਆ ‘ਕਰਕ ਅੱਠ ਮੀਲ’ ਪੜ੍ਹ ਕੇ ਅਜੇ ਪਿਛਾਂ ਹਟਿਆ ਹੀ ਸਾਂ ਕਿ ਬੰਨੂੰ ਵਲੋਂ ਇਕ ਲਾਰੀ ਆਈ ਤੇ ਭੌਂ ਕੇ ਕਰਕ ਵਾਲੀ ਸੜਕ ਤੇ ਖਲੋ ਗਈ। ਉਸ ਨੇ ਕਰਕ ਜਾਣਾ ਸੀ। ਕੁਝ ਸਵਾਰੀਆਂ ਉਤਰੀਆਂ। ਉਸ ਮੈਨੂੰ ਵੀ ਚੜ੍ਹਾ ਲਿਆ। ਹੇਠਾਂ ਸੀਟਾਂ ਤੇ ਪੈਰਾਂ ਵਾਲੀ ਥਾਂ ਤੇ ਸਭ ਸਵਾਰੀਆਂ ਭਰੀਆਂ ਹੋਈਆਂ ਸਨ ਤੇ ਛੱਤ ਉਤੇ ਵੀ ਦਸ ਪੰਦਰਾਂ ਬੰਦੇ ਬੈਠੇ ਸਨ। ਮੈਨੂੰ ਛੱਤ ਉਤੇ ਥਾਂ ਮਿਲੀ। ਮੇਰਾ ਚਵਾਨੀ ਵਿਚ ਹੀ ਸਰ ਗਿਆ ਤੇ ਅੱਠ ਮੀਲਾਂ ਦੇ ਨਾ ਕੇਵਲ ਪੈਂਡੇ ਤੋਂ ਸਗੋਂ ਢਾਈ ਘੰਟੇ ਦਾ ਸਮਾਂ ਖਰਾਬ ਕਰਨੋਂ ਵੀ ਬਚ ਗਿਆ। ਮੈਂ ਵੀਹਾਂ ਮਿੰਟਾਂ ਵਿਚ ਕਰਕ ਪਹੁੰਚ ਗਿਆ। ਅਜੇ ਢਾਈ ਘੰਟੇ ਸੂਰਜ ਡੁਬਣ ਵਿਚ ਸਨ।

ਮੈਂ ਪੁਛ ਪੁਛਾ ਕੇ ਹਸਪਤਾਲ ਪੁਜ ਗਿਆ। ਇਹ ਹਸਪਤਾਲ ਇਲਾਕੇ ਦੇ ਪਛੜੇਵੇਂ ਤੇ ਇਸ ਵੱਲ ਅੰਗਰੇਜ਼ੀ ਹਕੂਮਤ ਦੀ ਲਾਪਰਵਾਹੀ ਦੀ ਮੂੰਹ ਬੋਲਦੀ ਤਸਵੀਰ ਸੀ। ਇਹ ਨਿਕੇ ਜਿਹੇ ਵਿਹੜੇ ਵਾਲਾ ਤਿੰਨਾਂ ਚਹੁੰ ਕੋਠੜੀਆਂ ਦਾ ਅਨਸੰਵਾਰਿਆ ਕੱਚਾ ਘਰ ਸੀ, ਜਿਸ ਦੇ ਫਰਸ਼ ਵੀ ਕੱਚੇ ਸਨ ਤੇ ਵਿਹੜੇ ਵਿਚ ਗੋਡੇ ਗੋਡੇ ਘੱਟਾ ਸੀ। ਕਾਕਾ ਇਕ ਨਿੱਕੀ ਜਿਹੀ ਸਬਾਤ ਵਿਚ ਟੁਟੀ ਜਿਹੀ ਮੰਜੀ ਉਤੇ ਇਕੱਲਾ ਹੀ ਪਿਆ ਸੀ। ਉਹ ਟਾਈਫਾਈਡ ਦਾ ਬੀਮਾਰ ਸੀ। ਦਵਾਈਆਂ ਤੇ ਖੁਰਾਕ ਰੱਖਣ ਵਾਲੀ ਕੋਈ ਡੋਲੀ ਡਾਲੀ ਉਥੇ ਨਹੀਂ ਸੀ ਤੇ ਨਾ ਕੋਈ ਕੰਧ ਵਿਚ ਅਲਮਾਰੀ ਜਾਂ ਆਲਾ ਸੀ। ਦਵਾਈਆਂ ਦੀਆਂ ਸ਼ੀਸ਼ੀਆਂ ਤੇ ਪਾਣੀ ਦਾ ਲੋਟਾ ਭੁੰਜੇ ਜ਼ਮੀਨ ਤੇ ਪਏ ਸਨ।

ਕਾਕੇ ਨੇ ਮੈਨੂੰ ਵੇਖ ਕੇ ਸਲਾਮਦੁਆ ਕੀਤੀ, ਪਰ ਉਹ ਪਹਿਲੀਆਂ ਮਿਲਣੀਆਂ ਵਾਂਗ ਚਿਹਰੇ ਤੇ ਖੇੜਾ ਨਾ ਲਿਆ ਸਕਿਆ। ਉਹ ਡਰਿਆ ਜਿਹਾ ਤੇ ਘਾਬਰਿਆ ਜਿਹਾ ਪ੍ਰਤੀਤ ਹੋਣ ਲੱਗ ਪਿਆ।

ਇਸ ਦੀ ਵਜ੍ਹਾ ਉਸ ਨੇ ਇਹ ਦੱਸੀ ਕਿ ਸਰਹੱਦ ਦੀ ਸਰਕਾਰ ਨੂੰ ਮੇਰੇ ਬਹਾਦਰ ਖੇਲ ਆਉਣ ਤੇ ਕਾਕੇ ਨਾਲ ਫਿਰਨ ਤੁਰਨ ਦੀ ਸੂਹ ਮਿਲ ਗਈ ਹੋਈ ਸੀ ਤੇ ਪੁਲਸ ਨੇ ਪਿੰਡ ਵਿਚ ਤੇ ਸੁਰੰਗ ਦੇ ਬੂਹੇ ਅੱਗੇ ਮੇਰਾ ਪਤਾ ਲਾਉਣ ਤੇ ਮੈਨੂੰ ਗਰਫ਼ਿਤਾਰ ਕਰਨ ਲਈ ਉਚੇਚੇ ਪੁਲਸੀਏ ਲਾਏ ਹੋਏ ਸਨ। ਇਸ ਕਰਕੇ ਸੀ. ਆਈ. ਡੀ. ਦਾ ਬੰਦਾ ਕਾਕੇ ਦੇ ਪਿਛੇ ਫਿਰ ਕੇ ਨਿਗਰਾਨੀ ਕਰਦਾ ਸੀ ਤੇ ਉਹ ਕਾਕੇ ਨਾਲ ਏਥੇ ਕਰਕ ਹਸਪਤਾਲ ਆਇਆ ਹੋਇਆ ਸੀ। ਮੇਰੇ ਚੰਗੇ ਕਰਮਾਂ ਨੂੰ ਉਹ ਦੋ ਮਿੰਟ ਹੋਏ, ਹਸਪਤਾਲ ਵਿਚੋਂ ਕਿਤੇ ਬਾਹਰ ਗਿਆ ਸੀ।

ਮੈਂ ਰੱਬ ਤਵੱਕਲੀ ਬਚ ਗਿਆ ਸਾਂ। ਪੁਲਸ ਦੀ ਨਿਗਰਾਨੀ ਨੇ ਸਮੇਂ ਨਾਲ ਵਾਰਾ ਨਹੀਂ ਸੀ ਖਾਂਦਾ। ਮੈਂ ਲਾਗੇ ਹੀ ਕਾਕੇ ਦੇ ਦਸੇ ਹੋਏ ਇਕ ਪਿੰਡ ਚਲਿਆ ਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਚਰਨ ਸਿੰਘ ਸਹਿੰਸਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •