Maut Di Kaamna (Punjabi Story) : Prem Parkash

ਮੌਤ ਦੀ ਕਾਮਨਾ (ਕਹਾਣੀ) : ਪ੍ਰੇਮ ਪ੍ਰਕਾਸ਼

ਮੇਰੇ ਚਾਚਾ ਸੋਮਨਾਥ ਭੱਲਾ ਉਰਫ ਸੋਮੀ ਸ਼ਾਹ ਦੀ ਕਿਰਿਆ ਗੌੜਾਂ ਵਾਲੇ ਮੰਦਰ 'ਚ ਹੁਣੇ ਮੁੱਕੀ ਏ। ਸਾਰੇ ਸਾਕ ਸਬੰਧੀ ਤੋਰ ਦਿੱਤੇ ਗਏ ਨੇ। ਹੁਣ ਸ਼ਾਹਾਂ ਦੀ ਏਸ ਖਸਤਾ ਹਾਲ ਹਵੇਲੀ ਦੇ ਵਿਹੜੇ 'ਚ ਅਸੀਂ ਚਾਚੇ ਤਾਏ ਦੇ ਪੁੱਤ, ਨੂੰਹਾਂ ਤੇ ਪੋਤੇ ਪੋਤੀਆਂ ਬਹਿ ਕੇ ਅੱਠ ਨੌਂ ਮਹੀਨਿਆਂ ਦੇ ਦੁੱਖ ਨੂੰ ਆਖਰੀ ਵਾਰ ਮੰਨ ਕੇ ਵਿਦਾ ਕਰ ਰਹੇ ਹਾਂ। ਪੰਡਤ ਜੀ ਥਾਲ 'ਚ ਲੱਡੂ, ਰੋਲੀ, ਮੌਲੀ ਤੇ ਹੋਰ ਪਤਾ ਨਹੀਂ ਕੀ ਕੀ ਪਾਈ ਕਥਾ ਦਾ ਭੋਗ ਪਾਉਣ ਲਈ ਆਖਰੀ ਮੰਤਰ ਪੜ੍ਹ ਰਹੇ ਨੇ। ਫੇਰ ਸਭ ਨੂੰ 'ਸੁਖੀ ਵਸੋਂ' ਦਾ ਆਸ਼ੀਰਵਾਦ ਦੇਣ ਬਾਅਦ ਉਹ ਵੀ ਆਪਣਾ ਤੁਲਾ ਦਾਨ ਲੈ ਕੇ ਤੁਰ ਜਾਣਗੇ। ਤੁਲਾ ਦਾਨ ਮੈਂ ਈ ਕਰਨਾ ਏ। ਮੈਂ ਹੀ ਸਭ ਤੋਂ ਵੱਡਾ ਹਾਂ। ਚਾਚੇ ਦਾ ਮੁੰਡਾ ਛੋਟਾ ਸੀ, ਏਸ ਲਈ ਮੈਂ ਹੀ ਚਾਚੇ ਦੇ ਮਰਨ 'ਤੇ ਕਰਮੀ ਧਰਮੀ ਬੈਠਿਆ ਸੀ।
ਤੜਕੇ ਤਿੰਨ ਵਜੇ ਸਾਹ ਪੂਰੇ ਹੋਏ ਸੀ। ਅਸੀਂ ਅੱਧ ਰਾਤ ਦੇ ਜਾਗਦੇ ਸੀ। ਕੋਈ ਵੀ ਡਾਕਟਰ ਅਤਿਵਾਦੀਆਂ ਤੋਂ ਡਰਦਾ ਰਾਤ ਨੂੰ ਦੇਖਣ ਨਹੀਂ ਸੀ ਆਇਆ। ਤਾਈ ਦੇ ਕਹਿਣ 'ਤੇ ਅਸੀਂ ਬੀਮਾਰ ਨੂੰ ਢਾਈ ਵਜੇ ਈ ਮੰਜੇ 'ਤੋਂ ਲਾਹ ਲਿਆ ਸੀ। ਤਾਈ ਨੇ ਪੱਕਾ ਫਰਸ਼ ਗਊ ਦੇ ਗੋਹੇ ਨਾਲ ਲਿੱਪ ਲਿਆ ਸੀ। ਸਿਰ ਦਾ ਕੱਪੜਾ ਸੁਆਰ ਕੇ ਉਹਨੇ ਚਾਚੇ ਦੇ ਪੈਰਾਂ ਨੂੰ ਹੱਥ ਲਾ ਕੇ ਦੇਖਿਆ ਸੀ। ਚੂੰਢੀ ਵੱਢ ਕੇ ਦੇਖੀ ਤੇ ਮੈਂ ਨਬਜ਼ ਟੋਂਹਦਾ ਰਿਹਾ।...'ਬੱਸ।...'ਹੇ ਰਾਮ' ਆਖ ਕੇ ਤਾਈ ਨੇ ਮੂੰਹ ਢਕ ਦਿੱਤਾ ਸੀ। ਸਾਰੇ ਘਰ 'ਚ ਮਾਤਮ ਛਾ ਗਿਆ ਸੀ। ਜ਼ਨਾਨੀਆਂ ਰੋ ਰਹੀਆਂ ਸਨ ਤੇ ਮਰਦ ਇਕ ਬੈਠਕ ਦੀਆਂ ਮੰਜੀਆਂ ਚੱਕ ਕੇ ਦਰੀਆਂ ਵਿਛਾ ਕੇ ਬਹਿ ਗਏ ਸੀ।
ਇਹ ਸੀਨ ਏਸੇ ਘਰ ਦਾ ਨਹੀਂ, ਪਿਛਲੇ ਕਈ ਵਰ੍ਹਿਆਂ ਤੋਂ ਬਹੁਤੇ ਹਿੰਦੂਆਂ ਦੇ ਤੇ ਕੁਝ ਸਿੱਖਾਂ ਦੇ ਘਰਾਂ 'ਚ ਵੀ ਬਣ ਰਹੇ ਨੇ।...ਦਿਨ ਚੜ੍ਹੇ ਹੋਰ ਲੋਕ 'ਕੱਠੇ ਹੋਣ ਲੱਗ ਪਏ ਸੀ। ਮੈਂ ਅੱਡੇ ਵਾਲੇ ਪੀ ਸੀ ਓ, ਜਿਥੇ ਦਿਨ ਰਾਤ ਸੀ ਆਰ ਪੀ ਐਫ ਦਾ ਪਹਿਰਾ ਰਹਿੰਦਾ ਏ, ਤੋਂ ਸਾਰੇ ਸਾਕਾਂ ਨੂੰ ਫੋਨ 'ਤੇ ਸੂਚਨਾ ਦੇ ਦਿੱਤੀ ਸੀ ਕਿ ਸਸਕਾਰ ਪੂਰੇ ਸਵਾ ਬਾਰਾਂ ਵਜੇ ਕਰ ਦੇਣਾ ਏ। ਤਾਂ ਜੋ ਸਾਰੇ ਸਾਕ ਦਿਨ ਛਿਪਣ ਤੋਂ ਪਹਿਲਾਂ ਪਹਿਲਾਂ ਆਪਣੇ ਘਰਾਂ ਨੂੰ ਮੁੜ ਜਾਣ। ਦੂਰ ਦੇ ਸਾਕਾਂ ਨੂੰ ਕਿਹਾ ਕਿ ਤੁਸੀਂ ਕਿਰਿਆ 'ਤੇ ਈ ਆ ਜਾਣਾ। ਹੁਣ ਕੌਣ ਕਰੇ ਏਨੀਆਂ ਰਸਮਾਂ, ਵੱਢ ਟੁੱਕ ਤੇ ਗੋਲੀਆਂ ਨਾਲ ਰੋਜ਼ ਹੁੰਦੀਆਂ ਏਨੀਆਂ ਮੌਤਾਂ ਦੇ ਜ਼ਮਾਨੇ 'ਚ...। ਸਭ ਕੁਝ ਆਪਣੇ ਆਪ ਹੋਣ ਲੱਗ ਪਿਆ ਸੀ। ਪਿਛਲੇ ਅੱਠਾਂ ਕੁ ਵਰ੍ਹਿਆਂ ਤੋਂ ਇਹ ਫੂਹੜੀਆਂ ਵਿਛਣੀਆਂ ਆਮ ਜਿਹੀ ਗੱਲ ਹੋ ਗਈ ਸੀ। ਦਿੱਲੀ ਬੈਠੇ ਦਾ ਮੇਰਾ ਦਿਲ ਹਰ ਵੇਲੇ ਏਥੇ ਈ ਰਹਿੰਦਾ ਸੀ। ਕਲਪਨਾ ਨੇ ਮੇਰਾ ਜਿਊਣਾ ਔਖਾ ਕਰ ਦਿੱਤਾ ਸੀ। ਮੈਂ ਵੀ ਏਥੇ ਦੀਆਂ ਫੂਹੜੀਆਂ 'ਤੇ ਆਣ ਬੈਠਾ।
ਬਰ੍ਹਮੇ ਪਾਧੇ ਦੇ ਮੁੰਡੇ ਨੇ ਮੰਦਰ 'ਤੋਂ ਫਰਸ਼ ਲਿਆ ਕੇ ਦਰਾਂ ਅੱਗੇ ਵਿਛਾ ਦਿੱਤੇ। ਲੋਕ ਆਈ ਗਏ, ਬਹਿ ਕੇ ਗੋਡਾ ਨੀਵਾਂ ਕਰ ਕੇ ਚਲੇ ਜਾਂਦੇ ਰਹੇ। ਨਾਲ ਦੇ ਤਿੰਨ ਮੁਹੱਲੇ ਹਿੰਦੂ ਸਿੱਖਾਂ ਦੇ ਰਲ ਮਿਲੇ ਨੇ। ਜੱਟ, ਗੌੜ ਬ੍ਰਾਹਮਣ ਤੇ ਤਰਖਾਣ ਲੁਹਾਰ ਬਹੁਤੇ। ਫਕੀਰੀਆ ਮਿਸਤਰੀ ਆਪੇ ਪ੍ਰਬੰਧ ਕਰ ਕੇ ਬਾਂਸ ਦੀ ਸੀੜ੍ਹੀ ਤਿਆਰ ਕਰਨ ਲੱਗ ਪਿਆ ਸੀ।
ਫੂਹੜੀ 'ਤੇ ਬੈਠੇ ਲੋਕ ਮਰਨ ਵਾਲੇ ਦੀਆਂ ਗੱਲਾਂ ਤੋਂ ਅੱਕ ਕੇ ਆਮ ਗੱਲਾਂ ਕਰ ਰਹੇ ਸੀ। ਕੋਈ ਹਿੰਦੂ ਨਾਲ ਬੈਠੇ ਸਿੱਖ ਸਾਹਮਣੇ ਸਿੱਖ ਖਾੜਕੂਆਂ ਨੂੰ ਨਿੰਦਦਾ ਨਹੀਂ ਸੀ। ਜਿਹੜਾ ਆਉਂਦਾ ਸੀ, ਚਾਚੇ ਦੇ ਮੁੰਡੇ ਤੇ ਮੇਰੇ ਕੋਲ ਮੌਤ ਦਾ ਅਫਸੋਸ ਕਰਦਾ ਤੇ ਔਖਾ ਜਿਹਾ ਸਾਹ ਭਰ ਕੇ 'ਜੋ ਭਾਵੀ ਨੂੰ ਮਨਜ਼ੂਰ' ਆਖ ਕੇ ਚੁੱਪ ਕਰਕੇ ਬਹਿ ਜਾਂਦਾ। ਕੋਈ ਜਣਾ ਏਨਾ ਜ਼ਰੂਰ ਕਹਿੰਦਾ, ''ਬਸ ਜੀ, ਜਿੰਨੇ ਸਾਹ ਲੈਣੇ ਸੀ...। ਦਵਾਈ ਕੀ ਕਰ ਸਕਦੀ ਐ।''
ਜਦ ਦਿਨ ਚੜ੍ਹੇ ਨੂੰ ਚਾਚੇ ਦਾ ਸਾਲਾ, ਸਾਲੀ ਤੇ ਹੋਰ ਸਾਕ ਆਏ ਤਾਂ ਅੰਦਰ ਬਾਹਰ ਚੀਕਾਂ ਪਈਆਂ। ਫੇਰ ਅੰਦਰਲੇ ਵਿਹੜੇ 'ਚ ਬਹਿ ਕੇ ਰੋਣ ਬਾਅਦ ਸਿੱਖ ਖਾੜਕੂਆਂ ਵਲੋਂ ਚਾਚੇ ਨੂੰ ਚੱਕ ਲਿਜਾਣ ਤੇ ਤਿੰਨਾਂ ਮਹੀਨਿਆਂ ਬਾਅਦ ਪੁਲਿਸ ਵਲੋਂ ਅਤਿਵਾਦੀਆਂ ਦੇ ਮਰਨ ਬਾਅਦ ਚਾਚੇ ਦੀ ਰਿਹਾਈ ਤੇ ਫੇਰ ਲੰਮੀ ਬੀਮਾਰੀ ਦੀਆਂ ਗੱਲਾਂ ਹੋਈਆਂ। ਸਾਰੀਆਂ ਔਰਤਾਂ ਰਿਸ਼ਤੇਦਾਰ ਸਨ।
''ਉਹ ਤਾਂ ਰੁਪਈਆ ਮੰਗਦੇ ਸੀ ਦੋ ਲੱਖ ਨਗਦ।''
ਛੁਡਾਉਣ ਵਾਲਾ ਵਿਚੋਲਾ ਕਹਿੰਦਾ।
''...ਨਾਲੇ ਕਹਿੰਦੇ, ਜੇ ਰੁਪਈਆ ਤਿਆਰ ਨਹੀਂ ਤਾਂ ਦੋ ਕੀਲੇ ਲਵਾ ਦਿਓ ਜਰਨੈਲ ਸਿੰਘ ਬਰਾੜ ਦੇ ਨਾਉਂ। ਬੈਅ ਕਰਾ ਦਿਓ।'' ਗਵਾਂਢੀ ਬਾਬਾ ਗੁਰਬਖਸ਼ਾ ਬੋਲਿਆ।
''ਮੈਂ ਕਿਹਾ, ''ਭਾਈ, ਜੇ ਕੀਲੇ ਲਵਾ ਵੀ ਦੇਂਦੇ ਤਾਂ...ਇਹ ਹਾਲ ਖ਼ਬਰਨੀ ਕਦ ਦਾ ਕੀਤਾ ਪਿਆ ਹੋਣਾ ਸੀ।...ਇਹ ਕੋਈ ਜਿਊਣ ਦਾ ਹੱਜ ਸੀ?''
ਅੱਗੇ ਮੈਂ ਕੁਝ ਨਾ ਬੋਲ ਸਕਿਆ। ਮਤੇ ਇਹ ਗੱਲਾਂ ਕੰਧਾਂ ਪਾੜ ਕੇ ਦੂਜੇ ਖਾੜਕੂਆਂ ਤਕ ਪਹੁੰਚ ਜਾਣ। ਹਾਲੇ ਕਿਹੜਾ ਮੁੱਕਿਆ ਏ ਕੰਮ।
ਉੱਠ ਕੇ ਮੈਂ ਇਕ ਦਰੀ ਹੋਰ ਵਿਛਾਣ ਲੱਗ ਪਿਆ ਸੀ। ਤਦੇ ਚਾਚੇ ਦੇ ਆੜੀ ਮਿਸਤਰੀ ਕੁੰਦਨ ਸਿੰਘ ਨੇ ਮੇਰੇ ਕੰਨ 'ਚ ਕਿਹਾ, ''ਮੈਂ ਚੌਕੀਦਾਰ ਨੂੰ ਮਰਗ ਬਾਰੇ ਦੱਸ ਦਿੱਤੈ। ਚਾਰਜੀ ਘਨਸ਼ਾਮ ਆ ਗਿਐ।''
ਮੈਂ ਵੀ ਕੰਮ ਦੇ ਬਹਾਨੇ ਰੋਣ ਵਾਲਿਆਂ ਤੋਂ ਬਾਹਰ ਹੋ ਗਿਆ ਸੀ। ਹੁਣ ਕਿੰਨਾ ਕੁ ਰੋਵਾਂ? ਪਿਛਲੇ ਕਈ ਸਾਲ ਦਿੱਲੀ ਬੈਠਾ ਰੋਂਦਾ ਰਿਹਾ ਹਾਂ। ਹੁਣ ਸਾਲ ਤੋਂ ਹੈਥੇ ਰੋ ਰਿਹਾ ਹਾਂ। ਪਹਿਲਾਂ ਚਾਚੇ ਦੇ ਚੱਕਣ 'ਤੇ, ਜਦ ਰਾਤ ਨੂੰ ਆਏ ਸੀ ਪ੍ਰਾਹੁਣੇ ਬਣ ਕੇ। ਉਹ ਗੱਡੀ ਬਾਹਰ ਖੜ੍ਹੀ ਕਰ ਕੇ ਅੰਦਰ ਆਏ ਚਾਚੇ ਨੂੰ ਮਿਲਣ। ਦੋ ਗੱਲਾਂ ਕੀਤੀਆਂ ਤੇ ਕਹਿੰਦੇ ਸੁਣਦੇ ਨਾਲ ਲੈ ਗਏ। ਸਾਨੂੰ ਉਦੋਂ ਪਤਾ ਲੱਗਿਆ ਜਦ ਚਾਚੇ ਦੀ ਥਾਂ ਓਪਰਿਆਂ ਦਾ ਫੋਨ ਆਇਆ, ''ਆਪਣਾ ਬੰਦਾ ਚਾਹੀਦੈ ਤਾਂ ਦੋ ਲੱਖ ਰੁਪਈਆ ਲੈ ਕੇ ਫਲਾਣੀ ਤਰੀਕ ਨੂੰ ਫਲਾਣੀ ਥਾਂ 'ਤੇ ਮਿਲੋ, ਐਨੇ ਵਜੇ। ਕਿਸੇ ਨੂੰ ਦੱਸਣਾ ਨਹੀਂ। ਨਹੀਂ ਤਾਂ ਦੂਜੇ ਦਿਨ ਆਪਣੇ ਪਿੰਡ ਦੇ ਰਾਹ 'ਚੋਂ ਇਹਦੀ ਲੋਥ ਚੱਕ ਲਿਓ।...ਆਪੇ ਲੱਭ ਕੇ।''
ਅਸੀਂ ਅੰਗਾਂ ਸਾਕਾਂ ਤੇ ਵਾਕਫਾਂ ਨਾਲ ਸਲਾਹ ਕੀਤੀ। ਪੁਲਿਸ ਨੂੰ ਦੱਸੇ ਬਿਨਾ ਵਿਚੋਲਿਆਂ ਰਾਹੀਂ ਸੌਦਾ ਕਰਨ ਦੇ ਜਤਨ ਕੀਤੇ। ਫੇਰ ਦੋ ਮਹੀਨਿਆਂ ਬਾਅਦ ਪੁਲਿਸ ਵਲੋਂ ਛੁਡਾਣ 'ਤੇ ਮਹੀਨਾ ਭਰ ਚਾਚੇ ਨੂੰ ਘਰ 'ਚ ਜਿਉਂਦਿਆਂ ਰੱਖਣ ਲਈ ਪੁਲਿਸ ਦਾ ਮੂੰਹ ਭਰਦੇ ਰਹੇ। ਫੇਰ ਚਾਚੇ ਦੀਆਂ ਬੀਮਾਰੀਆਂ ਲੱਭਦਿਆਂ ਤੇ ਇਲਾਜ ਕਰਾਉਂਦਿਆਂ ਸਮਾਂ ਸਦੀ ਵਾਂਗ ਲੰਘਿਆ। ਲੁਧਿਆਣੇ ਦੇ ਹਸਪਤਾਲ ਦੇ ਗੇੜੇ। ਇਲਾਜਾਂ ਤੋਂ ਨਿਰਾਸ਼ ਹੋ ਕੇ ਘਰ ਬਹਿ ਗਏ ਸੀ। ਆਪਣੇ ਲਹੂ ਦੇ ਜੀਅ ਨੂੰ ਆਪਣੇ ਸਾਹਮਣੇ ਤਿਲ ਤਿਲ ਕਰ ਕੇ ਮਰਦੇ ਨੂੰ ਦੇਖਣ ਲਈ। ਤੇ ਹੁਣ ਕੱਫਨ 'ਚ ਲਿਪਟਿਆ...।
ਜਦ ਅਸੀਂ ਪੁਲਿਸ ਤੋਂ ਚਾਚੇ ਨੂੰ ਲੈ ਕੇ ਆਏ ਤਾਂ ਉਹ ਸਾਨੂੰ ਤੇ ਘਰ ਨੂੰ ਇੰਜ ਦੇਖਦਾ ਸੀ, ਜਿਵੇਂ ਉਹਦੇ ਲਈ ਸਭ ਕੁਝ ਓਪਰਾ ਹੋਵੇ। ਇਕ ਉਹਨੇ ਚੰਗੀ ਤਰ੍ਹਾਂ ਮੈਨੂੰ ਪਛਾਣਿਆ ਸੀ। ਉਹਨੂੰ ਵੀ ਮੇਰਾ ਈ ਨਾਂ ਯਾਦ ਸੀ। ਜਦ ਕੋਈ ਗੱਲ ਹੁੰਦੀ ਤਾਂ ਹਾਕ ਮਾਰਦਾ, ''ਦੇਵ ਰਾਜ!'' ਸੁਫਨਿਆਂ 'ਚ ਵੀ ਉਹਨੂੰ ਮੈਂ ਈ ਦਿੱਸਦਾ ਸੀ। ਅਸੀਂ ਅੱਠਵੀਂ ਤਕ 'ਕੱਠੇ ਪੜ੍ਹੇ ਸੀ। ਰਾਤ ਨੂੰ ਚੁਬਾਰੇ 'ਚ ਇਕੋ ਮੰਜੇ 'ਤੇ ਕੱਠੇ ਸੌਂਦੇ ਸੀ। ਫੇਰ ਇਹ ਸਕੂਲੋਂ ਹਟ ਗਿਆ ਤੇ ਮੈਂ ਵੱਡੇ ਸਕੂਲ ਚਲਿਆ ਗਿਆ। ਜਦ ਪੂਰੇ ਟੱਬਰ ਦੇ ਸਾਰੇ ਜੀਅ ਵਿਆਹੇ ਗਏ ਤਦ ਸਾਡੇ ਘਰ ਅੱਡੋ ਅੱਡ ਹੋਏ ਸੀ। ਫੇਰ ਵੀ ਰੋਟੀ ਵੇਲੇ ਕੋਈ ਜਣਾ ਜਿਥੇ ਬੈਠਾ ਹੁੰਦਾ, ਉਥੇ ਈ ਰੋਟੀ ਖਾ ਲੈਂਦਾ। ਉਥੇ ਈ ਤਾਸ਼ ਖੇਡਦਾ ਸੌਂ ਜਾਂਦਾ।
ਸਾਰਾ ਟੱਬਰ ਉਹਦੇ ਗਵਾਚਣ 'ਤੇ ਏਨਾ ਨਹੀਂ ਸੀ ਰੋਇਆ, ਜਿੰਨਾ ਹੁਣ ਰੋ ਰਿਹਾ ਸੀ।...ਜਦ ਚਾਚਾ ਖਾੜਕੂਆਂ ਤੋਂ ਛੁੱਟ ਕੇ ਆਇਆ ਸੀ ਤਾਂ ਉਹਦਾ ਸਰੀਰ ਤਾਂ ਅੱਗੇ ਨਾਲੋਂ ਭਾਰੀ ਸੀ। ਚਿਹਰਾ ਵੀ ਚੰਗਾ ਲੱਗਦਾ ਸੀ, ਪਰ ਅੱਖਾਂ ਜਿਵੇਂ ਘੁੰਮਦੀਆਂ ਨਹੀਂ ਸਨ। ਧਿਰੀ ਕਿਸੇ ਨੂੰ ਦੇਖਦੀ ਤਾਂ ਉਸੇ 'ਤੇ ਟਿਕੀ ਰਹਿੰਦੀ। ਇਕ ਵਾਰ ਤਾਂ ਉਹਨੇ ਮੈਨੂੰ ਆਪਣੇ ਮੁੰਡੇ ਤੇ ਚਾਚੀ ਬਾਰੇ ਪੁੱਛ ਈ ਲਿਆ, ''ਇਹ ਕੌਣ ਨੇ?''
ਅਸੀਂ ਰੋਟੀ ਪਾ ਕੇ ਦਿੱਤੀ, ਉਹਨੇ ਖਾ ਲਈ। ਫੇਰ ਓਸੇ ਮੰਜੇ 'ਤੇ ਪੈ ਕੇ ਸੌਂ ਗਿਆ। ਮੈਂ ਜਾ ਕੇ ਆਪਣੇ ਦੋਸਤ ਡਾਕਟਰ ਲੂੰਬਾ ਨੂੰ ਬੁਲਾ ਲਿਆਇਆ। ਉਹਨੇ ਚੈੱਕ ਅੱਪ ਕੀਤਾ। ਕੁਝ ਗੱਲਾਂ ਪੁੱਛੀਆਂ। ਉਹਨੇ ਕੋਈ ਦਵਾਈ ਨਹੀਂ ਦਿੱਤੀ। ਕਹਿੰਦਾ, ''ਹਾਲੇ ਇਕ ਹਫਤਾ ਇਹਨੂੰ ਨਵੇਂ ਹਾਲਾਤ ਨੂੰ ਸਮਝਣ ਦਿਓ। ਹੌਲ ਤੋਂ ਬਾਹਰ ਨਿਕਲਣ ਦਿਓ।''
ਦੂਜੇ ਦਿਨ ਅਖ਼ਬਾਰਾਂ 'ਚ ਚੌਕ ਮਹਿਤੇ ਤੋਂ ਆਏ ਨਵੇਂ ਡੀ ਐਸ ਪੀ ਖਰਬੰਦਾ, ਜੀਹਦੇ ਹੱਥ 'ਚ ਸਾਰਾ ਕੇਸ ਤੇ ਖਾੜਕੂ ਜਰਨੈਲ ਸਿੰਘ ਬਰਾੜ ਦੇ ਫਾਰਮ ਹਾਊਸ 'ਤੇ ਹਮਲਾ ਬੋਲਣ ਦੀ ਅਖਬਾਰਾਂ 'ਚ ਖਬਰ ਸੀ, ਨੇ ਲੰਮੀ ਚੌੜੀ ਕਹਾਣੀ ਪਾਈ ਸੀ। ਰੱਬ ਜਾਣੇ ਕੀ ਸੱਚ ਸੀ ਤੇ ਕੀ ਝੂਠ। ਅਖਬਾਰਾਂ 'ਚ ਖਬਰ ਨਾਲ ਸੜਦੇ ਫਾਰਮ ਹਾਊਸ ਦੀ ਫੋਟੋ ਵੀ ਛਪੀ ਸੀ। ਜੀਹਦੇ ਵਿਚ ਦੂਰ ਖੜ੍ਹੇ ਪੁਲਿਸ ਕਰਮਚਾਰੀ ਘੇਰਾ ਪਾਈਂ ਫਾਇਰਿੰਗ ਕਰਦੇ ਦਿਸਦੇ ਸੀ। ਉਹਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਮੁਖਬਰ ਤੋਂ ਉਸ ਡੇਰੇ 'ਚ ਖਾੜਕੂਆਂ ਦੇ ਰਹਿਣ ਦਾ ਪਤਾ ਚੱਲਿਆ। ਨਾਲੇ ਉਨ੍ਹਾਂ ਨਾਲ ਲਾਲਾ ਸੋਮ ਨਾਥ ਭੱਲਾ ਉਰਫ ਸੋਮੀ ਦੇ ਹੋਣ ਦਾ। ਪੁਲਿਸ ਨੇ ਅੱਧੀ ਕੁ ਰਾਤ ਨੂੰ ਛਾਪਾ ਮਾਰਿਆ ਤਾਂ ਅੰਦਰੋਂ ਮਾਡਰਨ ਵੈਪਨਾਂ ਤੋਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ। ਕੋਈ ਢਾਈ ਘੰਟੇ ਗੋਲੀਆਂ ਚੱਲਦੀਆਂ ਰਹੀਆਂ। ਅਸੀਂ ਬਰਸਟਾਂ ਮਾਰ ਕੇ ਦਰਵਾਜ਼ੇ ਤੋੜ ਦਿੱਤੇ। ਜਦ ਅੰਦਰੋਂ ਗੋਲੀ ਆਓਣੀ ਬੰਦ ਹੋ ਗਈ ਤਾਂ ਪੁਲਿਸ ਨੇ ਨੇੜੇ ਹੋ ਕੇ ਬਾਰੀਆਂ ਤੋੜ ਦਿੱਤੀਆਂ। ਦੋ ਕਮਰਿਆਂ ਨੂੰ ਅੱਗ ਲਾ ਦਿੱਤੀ। ਅੰਦਰ ਗਏ ਤਾਂ ਵੱਡੇ ਕਮਰੇ 'ਚ ਚਾਰ ਖਾੜਕੂਆਂ ਦੀਆਂ ਬੇਪਛਾਣ ਲਾਸ਼ਾਂ ਮਿਲੀਆਂ। ਪੰਜਵਾਂ ਬੇਹੋਸ਼ ਪਿਆ ਸੀ। ਲਾਲਾ ਸੋਮਨਾਥ ਇਕ ਹੋਰ ਕਮਰੇ 'ਚ ਮੰਜੇ ਦੇ ਥੱਲੇ ਪਿਆ ਸੀ। ਉਹਦੇ ਕੋਲ ਇਕ ਜ਼ਨਾਨੀ ਲੁਕੀ ਬੈਠੀ ਸੀ। ਉਹ ਆਪਣਾ ਨਾਂ ਭਾਨ ਕੌਰ ਉਰਫ ਭਾਨੀ, ਪਿੰਡ ਚਹਿਲਾਂ ਦੇ ਝਿਊਰਾਂ ਦੀ ਨੂੰਹ ਦੱਸਦੀ ਏ। ਉਹ ਕਹਿੰਦੀ ਕਿ ਉਹਨੂੰ ਉਹ ਖੇਤ ਗਈ ਨੂੰ ਚੱਕ ਲਿਆਏ ਸੀ। ਉਹ ਡੇਰੇ 'ਚ ਰੋਟੀ ਪਕਾਉਂਦੀ ਤੇ ਡੰਗਰ ਸਾਂਭਦੀ ਸੀ।
ਛੇਵਾਂ ਖਾੜਕੂ ਖੂੰਜੇ ਦੇ ਕਮਰੇ ਵਿਚੋਂ ਮਿਲਿਆ। ਇਹਦੀ ਪਛਾਣ ਜਰਨੈਲ ਸਿੰਘ ਬਰਾੜ ਦੇ ਰੂਪ 'ਚ ਹੋਈ। ਉਹ ਗੋਲੀਆਂ ਨਾਲ ਜ਼ਖਮੀ ਸੀ। ਹਸਪਤਾਲ ਲਿਜਾਂਦਿਆਂ ਉਹਦੀ ਮੌਤ ਹੋ ਗਈ। ਇਹਦੇ 'ਤੇ ਸੱਤ ਕਤਲ ਕੇਸ ਸਨ। ਸਿਰ 'ਤੇ ਪੱਚੀ ਲੱਖ ਰੁਪਏ ਦਾ ਇਨਾਮ ਸੀ। ਇਹਨੇ ਕਈ ਬੰਦੇ ਅਗਵਾ ਕੀਤੇ ਸਨ। ਲਾਸ਼ਾਂ ਦੀ ਪਛਾਣ ਹੋਣੀ ਏ।...ਹਾਂ, ਹਾਂ, ਬੰਦੇ ਛੇ ਈ ਸੀ। ਹੋ ਸਕਦੈ ਕਿ ਕੋਈ ਭੱਜ ਗਿਆ ਹੋਵੇ। ਛੇ ਏ.ਕੇ. ਸੰਤਾਲੀ, ਦੋ ਕਾਰਬਾਈਨਾਂ ਤੇ ਬਾਰਾਂ ਹੈਂਡ ਗਰਨੇਡ, ਚਾਰ ਦੇਸੀ ਪਿਸਤੌਲਾਂ ਕੁਝ ਆਰ ਡੀ ਐਕਸ ਤੇ ਕਈ ਕਿਸਮਾਂ ਦੇ ਕਾਰਤੂਸ ਮਿਲੇ ਨੇ।...ਉਨ੍ਹਾਂ ਨੇ ਮੁਕਾਬਲੇ ਵੇਲੇ ਚਲਾਏ ਵੀ ਬਥੇਰੇ।
ਹਾਲੇ ਸਾਨੂੰ ਆਪ ਨੂੰ ਕੁਝ ਪਤਾ ਨਹੀਂ ਸੀ ਲੱਗਿਆ ਕਿ ਚਾਚੇ ਨਾਲ ਕੀ ਬੀਤੀ ਏ ਜਾਂ ਖਾੜਕੂਆਂ ਦਾ ਕੀ ਬਣਿਆ ਤੇ ਲੋਕਾਂ ਨੂੰ ਪਤਾ ਨਹੀਂ ਕਿਥੋਂ ਖਬਰਾਂ ਮਿਲ ਗਈਆਂ। ਕਹਿੰਦੇ ਇਹ ਤਾਂ ਝਗੜਾ ਜ਼ਮੀਨ ਦਾ ਸੀ। ਬਰਾੜ ਨਾਲ ਸੌਦਾ ਹੋ ਗਿਆ ਸੀ ਦੋ ਕਿੱਲਿਆਂ ਦਾ। ਬਿਆਨਾ ਨਹੀਂ ਸੀ ਹੋਇਆ। ਲਾਲੇ ਮੁੱਕਰ ਗਏ। ਦੇਵ ਰਾਜ ਨੇ ਰੋਕ ਦਿੱਤੇ। ਕਹਿੰਦਾ ਕਾਹਨੂੰ ਮਿੱਟੀ ਦੇ ਭਾਅ ਦੇਣੀ ਐ। ਪਹਿਲਾਂ ਸੌਦਾ ਕੁਲਛੇਤਰ ਦੇ ਨੇੜੇ ਦੀ ਜ਼ਮੀਨ ਦਾ ਕਰ ਲਈਏ।...ਹੁਣ ਤਾਂ ਡੀ ਐਸ ਪੀ ਖਰਬੰਦਾ ਨੂੰ ਸ਼ਾਹਾਂ ਨੇ ਪੈਸਾ ਚੜ੍ਹਾਇਆ। ਤਦ ਉਹਨੇ ਰੇਡ ਮਾਰਿਆ। ਉਹਨੇ ਵੀ ਫੇਰ ਕਸਰ ਨਹੀਂ ਛੱਡੀ। ਬਰਾੜ ਸਣੇ ਸਾਰੇ ਖਾੜਕੂ ਸਣੇ ਡੇਰੇ ਦੇ ਫੂਕ ਦਿੱਤੇ। ਹੁਣ ਸੋਮੀ ਅੱਧਾ ਸ਼ੁਦਾਈ ਹੋਇਆ ਫਿਰਦੈ। ਇਲਾਜ ਕਰਾ ਰਹੇ ਨੇ ਲੁਧਿਆਣੇ ਦੇ ਹਸਪਤਾਲ 'ਚੋਂ। ਭਾਈ ਸਾਨੂੰ ਕੀ ਪਤਾ, ਇਹ ਗੱਲਾਂ ਤਾਂ ਭਾਨੀ ਦੱਸਦੀ ਐ। ਜਿਹੜੀ ਚਾਰ ਮਹੀਨੇ ਡੇਰੇ ਰਹੀ, ਹੁਣ ਠਾਣੇ ਬੈਠੀ ਐ। ਹੁਣ ਉਹਦੀ ਸੇਵਾ ਵੀ ਹੁੰਦੀ ਐ ਤੇ ਰਾਖੀ ਵੀ। ਬਈ ਕਿਤੇ ਕੋਈ ਗੋਲੀ ਨਾ ਮਾਰ ਦੇਵੇ। ਬਾਹਰ ਨ੍ਹੀਂ ਨਿਕਲਣ ਦਿੰਦੇ। ਹੌਲਦਰ ਮੱਘਰ ਸਿਉਂ ਕਹਿੰਦਾ ਸੀ ਬਈ ਉਹ ਘੜਘੁੱਲੇ ਵਰਗੀ ਹੋਈ ਪਈ ਐ, ਲੁੱਚੀ ਜਹਾਨ ਦੀ। ਪਹਿਲਾਂ ਖਾੜਕੂ ਖਵਾਂਦੇ ਰਹੇ ਤੇ ਹੁਣ ਪੁਲਿਸ।
ਕੁਝ ਦਿਨ ਬਾਅਦ ਪੁਲਿਸ ਹਿਰਾਸਤ 'ਚ ਬੈਠੀ ਭਾਨੀ ਦਾ ਬਿਆਨ ਅਖਬਾਰਾਂ 'ਚ ਛਪਿਆ। ਕਹਿੰਦੀ, ''ਮੈਨੂੰ ਤਾਂ ਪਤਾ ਨਹੀਂ ਉਹ ਬੰਦੇ ਕੀ ਕਰਦੇ ਸੀ। ਕਿਥੇ ਜਾਂਦੇ ਸੀ ਤੇ ਕਿਥੋਂ ਆਉਂਦੇ ਸੀ। ਮੈਂ ਤੇ ਬਾਬਾ ਸੋਮੀ ਕੱਲੇ ਹੁੰਦੇ ਸੀ ਪਿੱਛੇ, ਡੰਗਰਾਂ ਦੀ ਸਾਂਭ ਸੰਭਾਲ ਨੂੰ, ਘਰ ਦੀ ਸਾਫ ਸਫਾਈ ਕਰਨ ਤੇ ਰੋਟੀ ਪਾਣੀ ਤਿਆਰ ਕਰਨ ਨੂੰ।..ਨਹੀਂ ਜੀ, ਉਨ੍ਹਾਂ ਨੇ ਪਹਿਲੇ ਤਿੰਨ ਦਿਨ ਬਾਬੇ ਨੂੰ ਕੁਸ਼ ਨਹੀਂ ਕਿਹਾ। ਫੇਰ ਜਦ ਪਿਛਲਿਆਂ ਨੇ ਕੁਸ਼ ਨਾ ਕੀਤਾ ਤਾਂ ਐਵੇਂ ਮਾਰੀ ਜਾਂਦੇ। ਜਿਵੇਂ ਜਾਨਵਰਾਂ ਨਾਲ ਖੇਲ੍ਹਾਂ ਕਰੀਦੀਆਂ ਨੇ। ਬਾਬੇ ਦੇ ਸੱਟਾਂ ਵੀ ਬਹੁਤ ਲੱਗਦੀਆਂ। ਉਹ ਡਰਦਾ ਮਾਰਿਆ ਊਂਈ ਗਿਰੀ ਜਾਂਦਾ। ਸਾਰਿਆਂ ਮੂਹਰੇ ਹੱਥ ਜੋੜੀ ਜਾਂਦਾ। ਕਦੇ ਮੇਰੇ ਮੂਹਰੇ ਵੀ ਜੋੜ ਕੇ ਖੜ੍ਹ ਜਾਂਦਾ। ਮੈਨੂੰ ਬੜੀ ਸ਼ਰਮ ਆਉਂਦੀ। ਸਿਆਣੇ ਬਿਆਣੇ ਤੇ ਏਨੀਆਂ ਇੱਜ਼ਤਾਂ ਵਾਲੇ ਬਾਬੇ ਨਾਲ ਹੁੰਦਾ ਇਹ ਕਾਰਾ ਦੇਖ ਕੇ। ਮੈਨੂੰ ਜਦ ਕਦੇ ਮੌਕਾ ਮਿਲਦਾ, ਉਨ੍ਹਾਂ ਦੇ ਗਿਆਂ 'ਤੇ, ਮੈਂ ਤੱਤੇ ਲੋਗੜ ਦਾ ਸੇਕ ਦਿੰਦੀ ਹੁੰਦੀ ਸੀ, ਬਾਬੇ ਦੀਆਂ ਗੁੱਝੀਆਂ ਸੱਟਾਂ 'ਤੇ।"
ਚਾਚੇ ਨੂੰ ਲੁਧਿਆਣੇ ਦੇ ਡਾਕਟਰ ਦੀ ਦਵਾਈ ਨਾਲ ਫਰਕ ਪੈਣ ਲੱਗ ਗਿਆ ਸੀ ਤਾਂ ਉਹ ਪਹਿਲਾਂ ਘਰਦਿਆਂ ਤੇ ਫੇਰ ਰਿਸ਼ਤੇਦਾਰਾਂ ਨੂੰ ਪਛਾਨਣ ਲੱਗ ਗਿਆ ਸੀ। ਪਰ ਜਦ ਉਹਨੂੰ ਡਰ ਲੱਗਦਾ ਤਾਂ ਮੈਨੂੰ ਹਾਕਾਂ ਮਾਰਨ ਲੱਗ ਪੈਂਦਾ। ਮੈਂ ਕਈ ਕਈ ਘੰਟੇ ਉਹਦੇ ਕੋਲ ਬੈਠਾ ਉਹਦੇ ਨਾਲ ਗੱਲਾਂ ਕਰਦਾ ਰਹਿੰਦਾ। ਕਿੱਥੇ ਤਾਂ ਪੰਜਾਬ ਤੋਂ ਹਿੰਦੂ ਭੱਜ ਕੇ ਦਿੱਲੀ ਨੂੰ ਜਾ ਰਹੇ ਸਨ ਤੇ ਕਿੱਥੇ ਮੈਂ ਦਿੱਲੀ ਤੋਂ ਏਥੇ ਆਇਆ ਬੈਠਾ ਸੀ। ਚਾਚੇ ਦੀ ਯਾਦ ਸ਼ਕਤੀ ਪੰਜਵਾਂ ਕੁ ਹਿੱਸਾ ਕੰਮ ਕਰਦੀ ਸੀ। ਉਹਨੂੰ ਬਚਪਨ ਦੀਆਂ ਸਕੂਲ ਵੇਲੇ ਦੀਆਂ ਗੱਲਾਂ ਵਧ ਯਾਦ ਸਨ। ਆਪਣੇ ਵਿਆਹ ਤੇ ਆਪਣੇ ਬੱਚਿਆਂ ਦੇ ਬਚਪਨ ਵਾਲਾ ਖਾਨਾ ਖਾਲੀ ਸੀ। ਏਸ ਕਰਕੇ ਮੈਨੂੰ ਫੜੀ ਬੈਠਾ ਦੱਸੀ-ਪੁੱਛੀ ਜਾਂਦਾ, ਉਹ ਜਿਹੜਾ ਆਪਣਾ ਮਾਸਟਰ ਹੁੰਦਾ ਸੀ ਨਾ ਢਿੱਡਲ।
ਆਪਾਂ ਜਦ ਛੇੜਦੇ...। ਉਹ ਜਦ ਕੁਝ ਚਿਰ ਚੁੱਪ ਬਹਿੰਦਾ ਤਾਂ ਕਹਿੰਦਾ, ''ਮੈਨੂੰ ਰੋਟੀ ਦੇ ਦੇ। ਭੁੱਖ ਲੱਗੀ ਐ। ਮੈਂ ਥੋੜ੍ਹੀ ਜਿਹੀ ਦੇ ਦਿੰਦਾ। ਕਿਉਂਕਿ ਉਹਨੇ ਵਾਰ ਵਾਰ ਮੰਗਣੀ ਹੁੰਦੀ। ਉਹ ਕਦੇ ਰੋਟੀ ਦੇਣ ਆਈ ਚਾਚੀ ਦੇ ਕਦੇ ਕਿਤੇ ਹੱਥ ਲਾ ਦਿੰਦਾ। ਉਹਨੂੰ ਪਤਾ ਈ ਨਾ ਹੁੰਦਾ ਕਿ ਕੋਈ ਹੋਰ ਵੀ ਦੇਖ ਰਿਹਾ ਏ। ਕਦੇ ਮੈਨੂੰ ਕਹਿੰਦਾ, ''ਚੱਲ ਆਪਾਂ ਢਿੱਡਲ ਮਾਸਟਰ ਦੇ ਘਰ ਚੱਲੀਏ।''
ਉਹਨੂੰ ਕੁਝ ਯਾਦ ਈ ਨਹੀਂ ਸੀ ਕਿ ਇਹ ਗੱਲ ਪੰਜਾਹ ਬਵੰਜਾ ਸਾਲ ਪੁਰਾਣੀ ਏ। ਡਾਕਟਰਾਂ ਦਾ ਕਹਿਣਾ ਸੀ ਕਿ ਇਹ ਅਲਜ਼ਾਈਮਰ ਦੀ ਬੀਮਾਰੀ ਏ। ਬੰਦੇ ਦੀਆਂ ਯਾਦਾਂ ਖੁੱਡਿਆਂ 'ਚ ਬੈਠੇ ਕਬੂਤਰਾਂ ਵਰਗੀਆਂ ਹੁੰਦੀਆਂ ਨੇ। ਕਦੇ ਕੋਈ ਕਬੂਤਰ ਉੱਡ ਜਾਂਦਾ ਏ। ਖਾਨਾ ਖਾਲੀ ਹੋ ਜਾਂਦਾ ਏ। ਕਦੇ ਉਹ ਮੁੜ ਵੀ ਆਉਂਦਾ ਏ। ਦੇਖੋ, ਜੇ ਫਰਕ ਪੈ ਜਾਵੇ। ਲੱਕ ਜਾਂ ਸਿਰ ਦੀ ਸੱਟ ਕਰ ਕੇ ਸਾਰਾ ਨਰਵਸ ਸਿਸਟਮ ਵੀ ਖਰਾਬ ਹੋ ਸਕਦਾ ਏ।
ਚਾਚਾ ਸੋਮੀ ਭੁੱਖ-ਭੁੱਖ ਕਰਦਾ ਕਿੰਨੀਆਂ ਈ ਰੋਟੀਆਂ ਖਾ ਜਾਂਦਾ। ਉਹਦਾ ਪੇਟ ਖਰਾਬ ਹੋ ਜਾਂਦਾ। ਅਸੀਂ ਫੇਰ ਪੇਟ ਦੀਆਂ ਦਵਾਈਆਂ ਦੇਣ ਲੱਗ ਪੈਂਦੇ। ਇਕ ਦਿਨ ਉਹ ਸਵੇਰੇ ਉੱਠ ਕੇ ਮੈਨੂੰ ਲੱਭਦਾ ਸਾਡੇ ਘਰ ਆ ਗਿਆ। ਮੇਰੇ ਪਿਤਾ ਜੀ ਬੀਮਾਰ ਸਨ। ਮੈਂ ਆਪਣੇ ਘਰ ਸੌਣ ਲੱਗ ਪਿਆ ਸੀ। ਕਹਿੰਦਾ, ਇਹ ਕੌਣ ਪਿਐ? ਮੈਂ ਕਿਹਾ, ''ਪਿਤਾ ਜੀ''। ਉਹਨੇ ਮੂੰਹ ਨੰਗਾ ਕਰ ਕੇ ਦੇਖਿਆ। ਕੁਝ ਪਲ ਸੋਚਦਾ ਰਿਹਾ ਤੇ ਫੇਰ ਰੋਣ ਲੱਗ ਪਿਆ। ਕਹਿੰਦਾ, ਇਹ ਬੀਰਾ ਜੀ ਐ? ਇਹ ਕਿਥੇ ਚਲਿਆ ਗਿਆ ਸੀ?...ਮੈਂ ਭਲਾ ਕੀ ਦੱਸਦਾ। ਉਹਨੇ ਪਿਤਾ ਜੀ ਨੂੰ 'ਪੈਰੀ ਪੈਣਾ' ਕਿਹਾ ਤੇ ਪਰ੍ਹੇ ਹੋ ਕੇ ਬਹਿ ਕੇ ਸੋਚਦਾ ਰਿਹਾ।
ਮੈਨੂੰ ਲੱਗਿਆ ਕਿ ਉਹਦੀ ਯਾਦ ਦਾ ਇਕ ਖਾਨਾ ਖੁਲ੍ਹ ਗਿਆ ਏ। ਉਹ ਸਭ ਨੂੰ ਪਛਾਨਣ ਲੱਗ ਪਿਆ। ਪਰ ਬੀਤਿਆ ਸਮਾਂ ਪੂਰੀ ਤਰ੍ਹਾਂ ਉਹਦੀ ਪਕੜ 'ਚ ਨਹੀਂ ਸੀ ਆਉਂਦਾ। ਅਸੀਂ ਡਾਕਟਰ ਦੇ ਗਏ ਤਾਂ ਉਹ ਖੁਸ਼ ਸੀ ਕਿ ਉਹਦੇ ਮਰੀਜ਼ 'ਚ ਫਰਕ ਪੈ ਰਿਹਾ ਸੀ। ਪਰ ਉਹਦੇ ਲੱਕ ਦੀ ਕਮਜ਼ੋਰੀ ਨਹੀਂ ਸੀ ਜਾਂਦੀ ਪਈ। ਉਹ ਬਹਿ ਤਾਂ ਧੱਕ ਦੇ ਕੇ ਜਿਸਮ ਸਿੱਟ ਕੇ ਜਾਂਦਾ ਸੀ, ਪਰ ਉੱਠਣ ਲਈ ਕਿਸੇ ਦਾ ਸਹਾਰਾ ਭਾਲਦਾ ਸੀ। ਡਾਕਟਰ ਨੇ ਬਹੁਤ ਸਾਰੇ ਚੈਕਅਪ ਤੇ ਟੈਸਟਾਂ ਦੇ ਬਾਅਦ ਦੱਸਿਆ ਕਿ ਇਹਦੇ ਸੈਂਸਿਰੀ ਸਿਸਟਮ 'ਚ ਖਰਾਬੀ ਪੈਦਾ ਹੋ ਗਈ ਏ। ਇਹਦੇ ਨਾਲ ਲੱਕ ਵਾਲਾ ਹਿੱਸਾ ਡੈਡ ਹੋਣ ਲੱਗ ਪਿਆ ਏ। ਇਹ ਬੀਮਾਰੀ ਆਪੇ ਠੀਕ ਵੀ ਹੋ ਸਕਦੀ ਏ ਤੇ ਵਧ ਵੀ ਸਕਦੀ ਏ।...ਇਹਦੀਆਂ ਲੱਤਾਂ ਤੇ ਲੱਕ ਦੀ ਮਾਲਿਸ਼ ਕਰਿਆ ਕਰੋ।
ਜਦ ਦੋ ਮਹੀਨਿਆਂ ਬਾਅਦ ਕੋਈ ਫਰਕ ਨਾ ਪਿਆ ਤਾਂ ਅਸੀਂ ਸੋਚਦੇ ਕਿ ਜੇ ਇੰਨਾ ਕੁ ਹੀ ਰਹੇ ਤਾਂ ਵੀ ਠੀਕ ਏ। ਉਹਦੀ ਯਾਦ ਸ਼ਕਤੀ ਤਾਂ ਥੋੜ੍ਹੀ ਬਹੁਤ ਮੁੜ ਰਹੀ ਸੀ। ਤਦੇ ਉਹ ਸਵੇਰੇ ਉੱਠ ਕੇ ਸਾਡੇ ਘਰ ਆਉਂਦਾ ਤੇ ਪਹਿਲਾਂ ਪਿਤਾ ਜੀ ਦੇ ਮੰਜੇ ਕੋਲ ਜਾਂਦਾ। ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ''ਬੀਰੇ ਪੈਰੀ ਪੈਨਾ'' ਕਹਿੰਦਾ ਤੇ ਫੇਰ ਮੇਰੇ ਨਾਲ ਗੱਲਾਂ ਕਰਦਾ ਚਾਹ ਪੀਂਦਾ। ਉਹਨੂੰ ਖਾੜਕੂਆਂ ਦੇ ਡੇਰੇ ਦੀਆਂ ਗੱਲਾਂ ਵੀ ਯਾਦ ਆਉਣ ਲੱਗ ਪਈਆਂ ਸਨ। ਉਨ੍ਹਾਂ ਦੇ ਚਿਹਰੇ ਵੀ। ਭਾਨੀ ਦੀਆਂ ਖਲਾਈਆਂ ਰੋਟੀਆਂ ਵੀ।...ਥਾਣੇ 'ਚ ਭਾਨੀ ਨੇ ਵੀ ਦੱਸਿਆ ਸੀ ਉਹਨੂੰ ਸੁਫਨੇ ਵਾਂਗ ਕੁਝ ਕੁਝ ਯਾਦ ਏ ਕਿ ਜਦ ਵੀ ਸ਼ਾਹ ਨੂੰ ਕੋਈ ਬੰਦਾ ਬਹੁਤਾ ਤੰਗ ਕਰਦਾ ਸੀ ਤਾਂ ਭਾਨੀ ਆ ਕੇ ਛੁਡਾ ਕੇ ਆਪਣੀ ਖੁਰਲੀ ਵਾਲੇ ਕਮਰੇ 'ਚ ਲੈ ਜਾਂਦੀ ਸੀ।
''ਭਾਨੀ ਹੁਣ ਕਿੱਥੇ?'' ਅਚਾਨਕ ਚਾਚੇ ਨੇ ਪੁੱਛਿਆ ਸੀ। ਮੈਂ ਨਹੀਂ ਦੱਸਿਆ ਕਿ ਉਹ ਜੁਡੀਸ਼ੀਅਲ ਰੀਮਾਂਡ 'ਤੇ ਪੁਲਿਸ ਹਿਰਾਸਤ 'ਚ ਏ। ਸਿਰਫ ਏਨਾ ਕਿਹਾ, ''ਆਪਣੇ ਘਰ ਚਲੀ ਗਈ ਹੋਣੀ ਐ।''
ਸਮਾਂ ਪੈਣ ਨਾਲ ਪੁਲਿਸ ਤਕੜੀ ਹੋ ਗਈ। ਖਾੜਕੂਆਂ ਦੇ ਨਾਲ ਉਨ੍ਹਾਂ ਦੇ ਟੱਬਰ ਵੀ ਖਤਮ ਕੀਤੇ ਜਾਣ ਲੱਗੇ। ਉਨ੍ਹਾਂ ਦੇ ਲੀਡਰਾਂ ਨੇ ਈ ਉਨ੍ਹਾਂ ਨੂੰ ਮਰਵਾ ਦਿੱਤਾ, ਮੁਖਬਰੀਆਂ ਕਰ ਕਰ ਕੇ। ਹਾਲਾਤ ਨਾਰਮਲ ਹੋਣ ਲੱਗ ਪਏ। ਮੇਰਾ ਟੱਬਰ ਮੈਨੂੰ ਦਿੱਲੀ ਸੱਦੇ। ਪਰ ਮੇਰਾ ਮਨ ਆਪਣੇ ਬੀਮਾਰ ਪਿਤਾ ਜੀ ਤੇ ਚਾਚੇ ਸੋਮੀ ਨੂੰ ਛੱਡ ਕੇ ਜਾਣ ਨੂੰ ਮੰਨੇ ਨਾ। ਅਸਲ 'ਚ ਮੇਰੇ ਮਨ 'ਚ ਇਹ ਸੰਸਾ ਪੈ ਗਿਆ ਸੀ ਕਿ ਹੁਣ ਪਿਤਾ ਜੀ ਨੇ ਬਚਣਾ ਨਹੀਂ। ਚਾਚਾ ਵੀ ਇਵੇਂ ਰਿੜਕ ਰਿੜਕ ਕੇ ਮਰ ਜਾਊਗਾ। ਚਾਚਾ ਤਾਂ ਪੂਰਾ ਹੋ ਗਿਆ, ਹੁਣ ਪਿਤਾ ਜੀ ਦੀ ਵਾਰੀ ਏ। ਉਹ ਆਪ ਕਹਿ ਰਹੇ ਨੇ ਕਿ ਅਜਿਹੇ ਦਿਨ ਦੇਖਣ ਤੋਂ ਪਹਿਲਾਂ ਈ ਮੇਰੀ ਗੱਲ ਮੁੱਕ ਜਾਂਦੀ ਤਾਂ ਚੰਗਾ ਹੁੰਦਾ। ਜਿੱਦਣ ਉਨ੍ਹਾਂ ਨੂੰ ਰਾਤ ਨੂੰ ਟੱਟੀਆਂ ਲੱਗਦੀਆਂ ਨੇ ਤਾਂ ਤਾਈ ਦਾ ਸਾਰਾ ਟੱਬਰ ਮੇਰੇ ਨਾਲ ਜਾਗਦਾ ਏ। ਆਖਰੀ ਸਾਹ ਦੀ ਉਡੀਕ ਕਰਦਾ ਏ। ਹੁਣ ਖਾੜਕੂ ਤੇ ਉਨ੍ਹਾਂ ਦੇ ਰਿਸ਼ਤੇਦਾਰ ਜ਼ਮੀਨਾਂ ਵੇਚ ਵੇਚ ਕੇ ਯੂ ਪੀ ਜਾਂ ਵਲੈਤ ਨੂੰ ਭੱਜਣ ਲੱਗ ਪਏ ਸੀ। ਪੁਲਿਸ ਦਾ ਰਾਜ ਹੋ ਗਿਆ ਏ। ਉਹ ਜੀਹਨੂੰ ਚਾਹੁਣ ਬਚਾ ਲੈਣ ਤੇ ਜੀਹਨੂੰ ਚਾਹੁਣ ਮਾਰ ਦੇਣ।
ਹੁਣ ਚੋਣਾਂ ਹੋਈਆਂ ਤਾਂ ਅਕਾਲੀ ਸਰਕਾਰ ਬਣ ਗਈ ਏ। ਹਿੰਦੂਆਂ ਨੂੰ ਮਾਰ ਮੁਕਾਣ ਲਈ 'ਧਰਮ ਯੁੱਧ' ਦੀ ਸਹੁੰ ਖਾਣ ਵਾਲੇ ਮੰਤਰੀ ਬਣ ਗਏ ਨੇ। ਬਹੁਤ ਸਾਰੇ ਖਾੜਕੂ ਜਾਂ ਸ਼ੱਕੀ ਖਾੜਕੂ ਰਿਹਾਅ ਕਰ ਦਿੱਤੇ ਗਏ ਨੇ। ਉਨ੍ਹਾਂ ਨੂੰ ਮੁੜ ਵਸਾਓਣਾ ਸ਼ੁਰੂ ਹੋ ਗਿਆ ਏ। ਦਰਬਾਰ ਸਾਹਿਬ 'ਤੇ ਫੌਜੀ ਹਮਲੇ ਵੇਲੇ ਫੌਜ ਤੋਂ ਭਗੌੜੇ ਹੋਏ ਧਰਮੀ ਫੌਜੀਆਂ ਨੂੰ ਸਰੋਪੇ ਤੇ ਸਨਮਾਨ ਦਿੱਤੇ ਜਾ ਰਹੇ ਨੇ। ਪੈਨਸ਼ਨਾਂ ਲਾਓਣ ਦੇ ਐਲਾਨ ਕੀਤੇ ਜਾ ਰਹੇ ਨੇ। ਅਤਿਵਾਦੀਆਂ 'ਤੇ ਹਮਲੇ ਕਰਨ ਵਾਲੇ ਪੁਲਿਸ ਅਫਸਰਾਂ ਦੇ ਖਿਲਾਫ ਮੁਕੱਦਮੇ ਚਲਾਏ ਜਾ ਰਹੇ ਨੇ। ਮਰਨ ਵਾਲੇ ਸ਼ੱਕੀ ਅਤਿਵਾਦੀਆਂ ਦੀਆਂ ਪਤਨੀਆਂ ਨੂੰ ਪੈਨਸ਼ਨਾਂ ਲਾਈਆਂ ਜਾ ਰਹੀਆਂ ਨੇ। ਉਨ੍ਹਾਂ 'ਚ ਚਾਚੇ ਸੋਮੀ ਨੂੰ ਚੱਕਣ ਵਾਲੇ ਜਰਨੈਲ ਸਿੰਘ ਬਰਾੜ ਦੀ ਪਤਨੀ ਵੀ ਸ਼ਾਮਲ ਏ। ਉਹ ਆਪਣੇ ਪੁੱਤ ਤੇ ਧੀ ਨੂੰ ਲੈ ਕੇ ਯੂ ਪੀ 'ਚ ਕਿਤੇ ਜਾ ਲੁਕੀ ਸੀ।
ਲੋਕੀਂ ਆਪਣੇ ਬੀਮਾਰ ਜੀਆਂ ਦੇ ਰਾਜ਼ੀ ਹੋਣ ਤੇ ਲੰਮੀ ਉਮਰ ਭੋਗਣ ਦੀ ਕਾਮਨਾ ਕਰਦੇ ਨੇ। ਕਦੇ ਮੈਂ ਵੀ ਕੀਤੀ ਸੀ। ਪਰ ਫੇਰ ਅਜਿਹਾ ਦਿਨ ਵੀ ਆਇਆ ਕਿ ਮੈਂ ਪਹਿਲਾਂ ਚਾਚੇ ਸੋਮੀ ਤੇ ਫੇਰ ਪਿਤਾ ਜੀ ਦੀ ਮੌਤ ਦੀ ਕਾਮਨਾ ਕੀਤੀ ਸੀ।
ਦਿਨ ਚੰਗੇ ਮੁੜਨ ਦੀ ਆਸ 'ਚ ਮੈਂ ਦਿੱਲੀ ਮੁੜਨ ਦੀ ਤਿਆਰੀ ਕਰਨ ਲੱਗਿਆ ਤਾਂ ਪਿਤਾ ਜੀ ਓਸੇ ਸ਼ਾਮ ਨੂੰ ਪੂਰੇ ਹੋ ਗਏ। ਫੇਰ ਸਾਰੇ ਅੰਗ ਸਾਕ ਜੁੜੇ। ਦਿੱਲੀ ਤੋਂ ਮੇਰਾ ਵੱਡਾ ਮੁੰਡਾ ਆ ਗਿਆ। ਰੀਤਾਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਚੌਥੇ ਦਿਨ ਈ ਉਠਾਲਾ ਕਰ ਦਿੱਤਾ ਗਿਆ। ਫੇਰ ਸਾਰੇ ਅੰਗ ਸਾਕ ਆਪਣੇ ਆਪਣੇ ਘਰੀਂ ਕੰਮਾਂ 'ਤੇ ਚਲੇ ਗਏ।
ਅਗਲੀ ਸਵੇਰ ਨੂੰ ਜਦ ਮੇਰਾ ਛੋਟਾ ਭਾਈ ਮੈਨੂੰ ਸਕੂਟਰ 'ਤੇ ਬਹਾ ਕੇ ਰੇਲਵੇ ਸਟੇਸ਼ਨ 'ਤੇ ਛੱਡਣ ਚੱਲਿਆ ਤਾਂ ਤਾਈ ਕਹਿੰਦੀ, ''ਭਾਈ ਪਹਿਲਾਂ ਗੁਰਦਵਾਰੇ ਤੇ ਦੇਵੀ ਦੁਆਲੇ ਮੱਥਾ ਟੇਕ ਆਓ। ਮਰਨ ਵਾਲਿਆਂ ਦੀਆਂ ਆਤਮਾਵਾਂ ਠੰਢੀਆਂ ਸਪੁੱਤੀਆਂ ਹੋ ਕੇ ਬਹਿ ਜਾਂਦੀਆਂ ਨੇ।'' ਓਸ ਸਵੇਰ ਪਹਿਲੀ ਵਾਰ ਮੈਂ ਤਾਈ ਦੀ ਗੱਲ ਨਾ ਮੰਨੀ। ਮੈਂ ਬਾਬੇ ਦੀ ਹਵੇਲੀ ਮੂਹਰੇ ਜੁੱਤੀ ਲਾਹ ਕੇ ਮੱਥਾ ਟੇਕਿਆ। ਫੇਰ ਭਾਈ ਦੇ ਘਰ ਦੇ ਦਰਾਂ 'ਤੇ ਸਿਰ ਨਿਵਾਇਆ। ਜਿਥੇ ਪਿਤਾ ਜੀ ਸਾਨੂੰ ਲੈ ਕੇ ਆਏ ਸੀ। ਫੇਰ ਆਪਣੇ ਚਾਚੇ ਤੇ ਬਾਪ ਦੀ ਮੌਤ ਦੀ ਕਲਪਨਾ ਕਰਨ ਵਾਲੇ ਏਸ ਪਾਪੀ ਨੇ ਕਾਮਨਾ ਕੀਤੀ ਕਿ ...'ਹੇ ਖੂਨੀ ਧਰਤੀ ਮਾਂ! ਮੈਨੂੰ ਮੁੜ ਕੇ ਤੇਰੇ ਦਰਸ਼ਨ ਨਸੀਬ ਨਾ ਹੋਣ'

  • ਮੁੱਖ ਪੰਨਾ : ਕਹਾਣੀਆਂ, ਪ੍ਰੇਮ ਪ੍ਰਕਾਸ਼
  • ਮੁੱਖ ਪੰਨਾ : ਪੰਜਾਬੀ ਕਹਾਣੀਆਂ