Maxim Gorky Di Pratibha : Gurdial Singh

ਮੈਕਸਿਮ ਗੋਰਕੀ ਦੀ ਪ੍ਰਤਿਭਾ : ਗੁਰਦਿਆਲ ਸਿੰਘ

ਮੈਕਸਿਸਮ ਗੋਰਕੀ ਉਨ੍ਹੀਵੀਂ ਸਦੀ ਦੇ ਪ੍ਰਸਿੱਧ ਰੂਸੀ ਲੇਖਕਾਂ ਵਿਚ ਸ਼ਾਮਲ ਹੈ, ਜਿਸ ਨੂੰ ਉਸ ਦੇ ਨਾਵਲ ‘ਮਾਂ’ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਮੈਂ ਉਸ ਦੀ ਤਿੰਨ ਭਾਗਾਂ ਵਿਚ ਲਿਖੀ ਸਵੈਜੀਵਨੀ ਕਰਕੇ ਵੀ ਉਹਨੂੰ ਵੱਡਾ ਲੇਖਕ ਮੰਨਦਾ ਰਿਹਾ ਹਾਂ ਜਿਸ ਦਾ ਪਹਿਲਾ ਭਾਗ ‘ਮੇਰਾ ਬਚਪਨ’ ਮੈਂ ਅਨੁਵਾਦ ਕੀਤਾ ਸੀ।
ਗੋਰਕੀ ਦੀ ਸਵੈਜੀਵਨੀ ਨੂੰ ਉਹਦੀਆਂ ਬਹੁਤ ਪ੍ਰਸਿੱਧ ਰਚਨਾਵਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਹੁਣੇ ਜਿਹੇ ਉਹਦੀ ਸਵੈਜੀਵਨੀ ਦੇ ਤਿੰਨੇ ਭਾਗ ਦੁਬਾਰਾ ਛਪੇ ਹਨ। ਹੇਠ ਦਿੱਤਾ ਪ੍ਰਸੰਗ ਉਸ ਦੀ ਸਵੈਜੀਵਨੀ ਦੇ ਦੂਜੇ ਭਾਗ ‘ਮੇਰੇ ਸ਼ਗਿਰਦੀ ਦੇ ਦਿਨ’ ਵਿਚੋਂ ਲਿਆ ਹੈ। ਇਸ ਵਿਚ ਉਹਨੇ ਉਸ ਸਮੇਂ ਦਾ ਹਾਲ ਦੱਸਿਆ ਹੈ ਜਦੋਂ ਉਹ ਅੱਲ੍ਹੜ ਉਮਰ ਵਿਚ ਦਰਿਆ ਵਿਚ ਚਲਣ ਵਾਲੇ ਜਹਾਜ਼ ਵਿਚ ਭਾਂਡੇ ਮਾਂਜਣ ਦਾ ਕੰਮ ਕਰਦਾ ਸੀ। ਜਹਾਜ਼ ਦੀ ਰਸੋਈ ਦੇ ਬਾਵਰਚੀ (ਸਮੂਰੀ) ਦਾ ਜ਼ਿਕਰ ਹੈ ਜੋ ਵਿਲੱਖਣ ਪਾਤਰ ਹੈ। ਇਸੇ ਪ੍ਰਸੰਗ ਵਿਚ ਮਹਾਨ ਰੂਸੀ ਲੇਖਕ ਗੋਗੋਲ ਦੇ ਛੋਟੇ ਨਾਵਲ ‘ਤਾਰਾਸ ਬਲਬਾ’ ਦਾ ਵੀ ਜ਼ਿਕਰ ਹੈ ਜਿਸ ਦੇ ਮੁੱਖ ਪਾਤਰ ਤਾਰਾਸ ਬਲਬਾ ਦਾ ਛੋਟਾ ਪੁੱਤਰ ਦੁਸ਼ਮਣਾਂ ਨਾਲ ਰਲ ਕੇ (ਇਕ ਹੁਸੀਨ ਕੁੜੀ ਦੇ ਪ੍ਰੇਮ ਕਾਰਨ) ਆਪਣੀ ਹੀ ਫੌਜ ਦੇ ਵਿਰੁੱਧ ਲੜਨ ਆਉਂਦਾ ਹੈ ਤਾਂ ਤਾਰਾਸ ਬਲਬਾ ਆਪਣੇ ਉਸ ਪੁੱਤਰ ਨੂੰ ਆਪ ਮਾਰਦਾ ਹੈ। ਉਸ ਬਾਰੇ ਸਮੂਰੀ ਦੇ ਵਿਚਾਰ ਤੇ ਭਾਵਨਾਵਾਂ ਦਾ ਜ਼ਿਕਰ ਬਹੁਤ ਰੌਚਕ ਹੈ। ਅਜਿਹੇ ਸਾਧਾਰਨ ਪਾਤਰਾਂ ਦੇ ਮਹੱਤਵ ਦਾ ਜਿਸ ਗਹਿਰਾਈ ਨਾਲ ਗੋਰਕੀ ਜ਼ਿਕਰ ਕਰਦਾ ਹੈ, ਉਹ ਉਸ ਦੇ ਵੱਡਾ ਲੇਖਕ ਹੋਣ ਦਾ ਪ੍ਰਮਾਣ ਹੈ। ਉਸ ਪਾਤਰ ਦਾ ਜ਼ਿਕਰ ਹੇਠ ਲਿਖੇ ਅਨੁਸਾਰ ਹੈ;
ਇਕ ਦਿਨ ਮੈਂ (ਗੋਰਕੀ) ਉਹਨੂੰ ਕਹਿ ਬੈਠਾ:
‘‘ਤੁਸੀਂ ਬਾਵਰਚੀ ਕਿਵੇਂ ਬਣ ਗਏ, ਜਦੋਂ ਕਿ ਦੂਜੇ (ਤੁਹਾਡੇ ਜਿਹੇ ਕੋਈ) ਚੋਰ ਤੇ ਕਾਤਲ ਬਣ ਗਏ ਨੇ?’’
‘‘ਮੈਂ ਬਾਵਰਚੀ ਨਹੀਂ, ਬਾਵਰਚੀਖਾਨੇ ਦਾ ਦਰੋਗਾ ਹਾਂ। ਬਾਵਰਚੀ ਸਿਰਫ ਤੀਵੀਆਂ ਈ ਹੁੰਦੀਆਂ ਨੇ’’ ਉਹਨੇ ਨਾਸਾਂ ਫੁਲਾ ਕੇ ਕਿਹਾ; ਫੇਰ ਇਕ ਪਲ ਸੋਚਣ ਪਿੱਛੋਂ ਕਿਹਾ:
‘‘ਲੋਕਾਂ ਦਾ ਫਰਕ ਉਨ੍ਹਾਂ ਦੇ ਦਿਮਾਗਾਂ ’ਚ ਹੁੰਦੈ। ਕੁਝ ਲੋਕੀਂ ਹੁਸ਼ਿਆਰ ਹੁੰਦੇ ਨੇ, ਕੁਝ ਨਾਲਾਇਕ ਤੇ ਕੁਝ ਨਿਰੇ ਬੁੱਧੂ। ਠੀਕ ਕਿਤਾਬਾਂ ਪੜ੍ਹਨ ਨਾਲ ਹੁਸ਼ਿਆਰ ਹੋਈਦੈ-ਕਾਲੇ ਜਾਦੂ ਦੀਆਂ ਤੇ ਹੋਰ, ਸਾਰੀਆਂ ਈ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ। ਠੀਕ ਕਿਤਾਬਾਂ ਲੱਭਣ ਦਾ ਇਕੋ ਢੰਗ ਇਹੋ ਈ ਹੁੰਦੈ।’’
ਉਹ ਮੈਨੂੰ ਹਮੇਸ਼ਾ ਹੀ ਕਹਿੰਦਾ ਰਹਿੰਦਾ ਸੀ:
‘‘ਪੜ੍ਹ, ਜੇ ਤੈਨੂੰ ਕਿਸੇ ਕਿਤਾਬ ਦੀ ਸਮਝ ਨਾ ਲੱਗੇ ਉਹਨੂੰ ਸੱਤ ਵਾਰੀ ਪੜ੍ਹ। ਜੇ ਸੱਤ ਵਾਰਾਂ ਨਾਲ ਕੁਝ ਨਾ ਬਣੇ ਤਾਂ ਬਾਰਾਂ ਵਾਰੀ ਪੜ੍ਹ।’’
ਸਮੂਰੀ, ਸਮੇਤ ਚੁੱਪ-ਗੜੁੱਪ ਰਸਦੀਏ ਦੇ, ਜਹਾਜ਼ ਵਿਚ ਹਰੇਕ ਨਾਲ ਹੀ ਰੁੱਖਾ ਬੋਲਦਾ ਸੀ ਤੇ ਜਦੋਂ ਕਦੀ ਉਹ ਕਿਸੇ ਨਾਲ ਗੱਲ ਕਰਦਾ, ਉਹ ਘਿਰਣਾ ਨਾਲ ਹੇਠਲਾ ਬੁੱਲ੍ਹ ਬਾਹਰ ਨੂੰ ਲਮਕਾ ਲੈਂਦਾ। ਆਪਣੀਆਂ ਮੁੱਛਾਂ ਨੂੰ ਵੱਟ ਚਾੜ੍ਹਦਾ, ਤੇ ਲਫਜ਼ਾਂ ਨੂੰ ਇੰਜ ਥੁਕਦਾ ਜਿਵੇਂ ਪੱਥਰ ਦੇ ਵੱਟੇ ਸੁੱਟ ਰਿਹਾ ਹੋਵੇ। ਪਰ ਮੇਰੇ ਨਾਲ ਉਹ ਨਰਮੀ ਤੇ ਧਿਆਨ ਨਾਲ ਪੇਸ਼ ਆਉਂਦਾ ਸੀ, ਭਾਵੇਂ ਉਹਦੇ ਇਸ ਧਿਆਨ ਵਿਚ ਕੁਝ ਅਜਿਹਾ ਵੀ ਹੁੰਦਾ ਸੀ ਜਿਹੜਾ ਮੈਨੂੰ ਡਰਾ ਦਿੰਦਾ ਸੀ। ਮੈਨੂੰ ਮਹਿਸੂਸ ਹੁੰਦਾ ਕਿ ਨਾਨੀ ਦੀ ਭੈਣ ਵਾਂਗ, ਬਾਵਰਚੀ ਵੀ ਕੁਝ ਕੁਝ ਉਲਾਰ ਸੀ।
‘‘ਪੜ੍ਹਨਾ ਬੰਦ ਕਰ।’’ ਉਹ ਕਹਿੰਦਾ, ਤੇ ਕਿੰਨਾ ਚਿਰ ਲੇਟਿਆ ਰਹਿੰਦਾ। ਉਹਦੀਆਂ ਅੱਖਾਂ ਮੀਟੀਆਂ ਹੁੰਦੀਆਂ, ਨੱਕ ਵਿਚੋਂ ਭਾਰਾ ਭਾਰਾ ਸਾਹ ਆ ਰਿਹਾ ਹੁੰਦਾ। ਉਹਦਾ ਵੱਡਾ ਸਾਰਾ ਢਿੱਡ ਹੇਠਾਂ-ਉੱਤੇ ਹੋ ਰਿਹਾ ਹੁੰਦਾ। ਉਹਦੇ ਹੱਥ ਲੋਥ ਵਾਂਗ ਛਾਤੀ ਉੱਤੇ ਰੱਖੇ ਹੁੰਦੇ। ਉਹਦੀਆਂ ਸੜੀਆਂ ਹੋਈਆਂ, ਵਾਲਾਂ ਵਾਲੀਆਂ ਉਂਗਲਾਂ ਇੰਜ ਫਰਕ ਰਹੀਆਂ ਹੁੰਦੀਆਂ ਜਿਵੇਂ ਉਹ ਅਦਿੱਸ ਸਿਲਾਈਆਂ ਨਾਲ ਕੋਈ ਅਦਿੱਸ ਜੁਰਾਬ ਬੁਣ ਰਹੀਆਂ ਹੋਣ। ਫੇਰ ਚਾਣਚੱਕ ਹੀ ਉਹ ਬੁੜ-ਬੁੜਾਉਣ ਲਗ ਪੈਂਦਾ।
‘‘ਮਿਸਾਲ ਦੇ ਤੌਰ ’ਤੇ ਦਿਮਾਗ਼ ਨੂੰ ਲਵੋ ਤੇ ਵੇਖੋ, ਉਹਦਾ ਕੀ ਬਣਾ ਸਕਦੇ ਹੋ। ਦਿਮਾਗ਼ ਕੰਜੂਸੀ ਨਾਲ ਦਿੱਤਾ ਜਾਂਦੈ, ਤੇ ਸਭ ਨੂੰ ਇਕੋ ਜਿੰਨਾ ਨਹੀਂ ਦਿੱਤਾ ਜਾਂਦਾ। ਜੇ ਕਦੀ ਇਹ ਸਾਰਿਆਂ ਕੋਲ ਇਕੋ ਜਿੰਨਾ ਹੁੰਦਾ-ਪਰ ਇਹ ਹੁੰਦਾ ਨਹੀਂ। ਇਕ ਜਣਾ ਸਮਝਦੈ, ਦੂਜਾ ਨਹੀਂ ਸਮਝਦਾ ਤੇ ਤੀਜੇ ਨੂੰ ਸਮਝਣ ਦੀ ਖਾਹਿਸ਼ ਈ ਕੋਈ ਨਹੀਂ।’’
ਲਫਜ਼ਾਂ ’ਤੇ ਥਿੜਕਦਾ ਉਹ ਮੈਨੂੰ ਆਪਣੀ ਜ਼ਿੰਦਗੀ ਦੀਆਂ ਫੌਜੀ ਹੋਣ ਵੇਲੇ ਦੀਆਂ ਕਹਾਣੀਆਂ ਸੁਣਾਉਂਦਾ। ਮੈਨੂੰ ਉਹਦੀਆਂ ਕਹਾਣੀਆਂ ਵਿਚੋਂ ਕਦੇ ਵੀ ਕੋਈ ਗੱਲ ਨਾ ਲੱਭਦੀ ਤੇ ਉਹ ਹਮੇਸ਼ਾ ਹੀ ਬੇ-ਸੁਆਦੀਆਂ ਹੁੰਦੀਆਂ- ਖਾਸ ਕਰਕੇ ਇਸ ਗੱਲੋਂ ਕਿ ਉਹ ਕਦੀ ਵੀ ਮੁੱਢੋਂ ਸ਼ੁਰੂ ਨਹੀਂ ਸੀ ਕਰਦਾ, ਸਗੋਂ ਉੱਥੋਂ, ਜਿੱਥੋਂ ਕਿਤੋਂ ਵੀ ਵੀ ਉਹਦਾ ਮਨ ਕਰਦਾ ਸ਼ੁਰੂ ਕਰ ਦਿੰਦਾ।
‘‘ਫੇਰ ਕੀ ਹੋਇਆ ਕਿ ਰੈਜਮੈਂਟ ਦੇ ਕਮਾਂਡਰ ਨੇ ਉਸ ਫੌਜੀ ਨੂੰ ਬੁਲਾਇਆ ਤੇ ਉਹਨੂੰ ਕਹਿਣ ਲੱਗਾ, ‘‘ਤੈਨੂੰ ਕੀ ਕਿਹਾ ਸੀ ਲਫਟੈਨ ਨੇ?’ ਤੇ ਉਹਨੇ ਹਰ ਗੱਲ ਦਾ ਜਵਾਬ ਦੇ ਦਿੱਤਾ, ਜਿਵੇਂ ਉਹ ਹੋਈ ਸੀ, ਇਸ ਲਈ ਕਿ ਫੌਜੀ ਨੂੰ ਸੱਚ ਦੱਸਣਾ ਈ ਪੈਂਦਾ ਏ। ਕਮਾਂਡਰ ਨੇ ਉਹਦੇ ਵੱਲ ਤੱਕਿਆ, ਜਿਵੇਂ ਉਹ ਪੱਥਰ ਦੀ ਕੰਧ ਹੋਵੇ। ਫੇਰ ਉਹਨੇ ਮੂੰਹ ਭੁਆ ਲਿਆ ਤੇ ਨਜ਼ਰਾਂ ਨੀਵੀਆਂ ਕਰ ਲਈਆਂ। ਗੱਲ ਹੋਈ ਨਾ!’’
ਬਾਵਰਚੀ ਨੇ ਖਿਚਵਾਂ ਸਾਹ ਲਿਆ ਤੇ ਮੁੜ ਬੁੜਬੜਾਣ ਲੱਗ ਪਿਆ।
‘‘ਹੈ ਨਾ ਜਿਵੇਂ ਮੈਨੂੰ ਪਤਾ ਹੋਵੇ, ਬੰਦੇ ਨੂੰ ਕੀ ਕਹਿਣਾ ਚਾਹੀਦੈ ਤੇ ਕੀ ਨਹੀਂ। ਲਫਟੈਨ ਨੂੰ ਉਨ੍ਹਾਂ ਜੇਲ੍ਹ ’ਚ ਬੰਦ ਕਰ ਦਿੱਤਾ ਤੇ ਉਹਦੀ ਮਾਂ ਨੂੰ…ਵਾਹ ਉਇ ਮਨਾਂ! ਮੈਨੂੰੂ ਕਦੀ ਕਿਸੇ ਨੇ ਕੁਝ ਨਹੀਂ ਸਿਖਾਇਆ।’’
ਗਰਮੀ ਪੈ ਰਹੀ ਸੀ। ਹਰ ਚੀਜ਼ ਹੌਲੀ ਹੌਲੀ ਡੋਲ ਰਹੀ ਸੀ ਤੇ ਆਵਾਜ਼ ਕਰ ਰਹੀ ਸੀ। ਕੈਬਿਨ ਦੀਆਂ ਧਾਤ ਦੀਆਂ ਕੰਧਾਂ ਤੋਂ ਪਾਰ ਪੈਡਲ-ਪਹੀਏ ਠੱਪ-ਠੱਪ ਵਜਦੇ ਤੇ ਪਾਣੀ ਉਛਾਲੇ ਖਾਂਦਾ। ਦਰਿਆ, ਤਾਕੀ ਅੱਗੋਂ ਚੌੜੇ ਵਹਿਣ ਵਿਚ ਵਹਿੰਦਾ ਜਾਂਦਾ। ਦੂਰ ਚਰਾਂਦਾਂ ਦੀ ਇਕ ਪੱਟੀ ਦਿੱਸ ਰਹੀ ਸੀ। ਰੁੱਖ ਨਜ਼ਰਾਂ ਵਿਚ ਪਲਮ ਰਹੇ ਸਨ। ਮੇਰੇ ਕੰਨ ਇਨ੍ਹਾਂ ਸਭਨਾਂ ਆਵਾਜ਼ਾਂ ਨਾਲ ਇੰਨੇ ਇਕਰਸ ਹੋ ਗਏ ਸਨ ਕਿ ਮੈਨੂੰ ਸਿਰਫ ਚੁੱਪ ਹੀ ਮਹਿਸੂਸ ਹੁੰਦੀ ਸੀ, ਭਾਵੇਂ ਜਹਾਜ਼ ਦੇ ਅਗਲੇ ਹਿੱਸੇ ਵਿਚ ਮਲਾਹ ਇਕਸਾਰ ਆਵਾਜ਼ ’ਚ ਦੁਹਰਾਂਦਾ ਰਹਿੰਦਾ ਸੀ:
‘‘ਸਤ-ਤ। ਸਤ-ਤ।’’
ਮੈਂ ਹਰ ਚੀਜ਼ ਤੋਂ ਅਭਿੱਜ ਰਹਿਣਾ ਚਾਹੁੰਦਾ ਸਾਂ। ਨਾ ਗੱਲਾਂ ਸੁਣਨੀਆਂ ਚਾਹੁੰਦਾ ਸਾਂ, ਨਾ ਕੰਮ ਕਰਨਾ, ਸਿਰਫ ਬਾਵਰਚੀਖਾਨੇ ਦੀ ਤੱਤੀ, ਥਿੰਦੀ ਹਵਾੜ ਦੀ ਮਾਰ ਤੋਂ ਦੂਰ ਕਿਤੇ ਛਾਂ ਵਿਚ ਬੈਠਣਾ ਤੇ ਪਾਣੀ ਉੱਤੋਂ ਤਿਲਕਦੀ ਇਸ ਚੁੱਪ ਚੁਪੀਤੀ, ਥੱਕੀ-ਟੁੱਟੀ ਜ਼ਿੰਦਗੀ ਉੱਤੇ ਉਂਘਲਾਂਦੀਆਂ ਨੀਝਾਂ ਲਾਣੀਆਂ ਚਾਹੁੰਦਾ ਸਾਂ।
‘ਪੜ੍ਹ!’’ ਬਾਵਰਚੀ ਨੇ ਖਿਝ ਕੇ ਮੈਨੂੰ ਕਿਹਾ।
ਪਹਿਲੇ ਦਰਜੇ ਦੇ ਬੈਰੇ ਤਕ ਵੀ ਉਸ ਤੋਂ ਡਰਦੇ ਸਨ। ਇੰਜ ਲੱਗਦਾ ਸੀ ਕਿ ਮਸਕੀਨ, ਮੂੰਹ-ਮੀਟੇ ਰਸਦੀਏ ਦੇ ਦਿਲ ਵਿਚ ਵੀ ਸਮੂਰੀ ਦਾ ਸਹਿਮ ਬੈਠਾ ਹੋਇਆ ਸੀ।
‘‘ਓਏ ਸੂਰਾ!’’ ਸਮੂਰੀ ਸ਼ਰਾਬਖਾਨੇ ਦੇ ਬੈਰਿਆਂ ਨੂੰ ਦਬਕਾ ਮਾਰਦਾ। ‘‘ਏਧਰ ਆ ਓਇ ਚੋਰਾ! ਆਦਮਖੋਰਾ, ਛੱਤਰਿਆ!’’
ਜਹਾਜ਼ ਦੇ ਮਜ਼ਦੂਰ ਤੇ ਭੱਠ-ਝੋਕੇ ਉਹਦੀ ਇੱਜ਼ਤ ਕਰਦੇ, ਤੇ ਏਥੋਂ ਤਕ ਕਿ ਉਹਦੀ ਖੁਸ਼ਾਮਦ ਵੀ। ਉਹ ਉਨ੍ਹਾਂ ਨੂੰ ਤਰੀ ਵਿਚੋਂ ਗੋਸ਼ਤ ਦੇ ਟੁਕੜੇ ਦੇ ਦਿੰਦਾ ਤੇ ਉਨ੍ਹਾਂ ਦੇ ਟੱਬਰ ਤੇ ਪਿੰਡ ਦੇ ਰਹਿਣ-ਸਹਿਣ ਬਾਰੇ ਪੁੱਛਦਾ। ਮੈਲੇ ਤੇ ਥਿੰਦੇ ਬਾਇਲੋਰੂਸੀ ਭਠਝੋਕੇ ਜਹਾਜ਼ ਦੀ ਜੂਠ ਸਮਝੇ ਜਾਂਦੇ ਸਨ। ਰੂਸੀ ਉਨ੍ਹਾਂ ਨੂੰ ਯਾਕ ਸਦਦੇ ਸਨ ਤੇ ਇਹ ਕਹਿ ਕੇ ਚਿੜਾਂਦੇ ਸਨ:
‘‘ਯਾਕ, ਯਾਕ, ਕਰੋ ਸੂ ਕਿੱਸਾ ਪਾਕ।’’
ਇਹਦੇ ਨਾਲ ਸਮੂਰੀ ਨੂੰ ਤਾਅ ਚੜ੍ਹ ਜਾਂਦਾ। ਉਹ ਭੜਕ ਪੈਂਦਾ ਤੇ ਉਹਦਾ ਮੂੰਹ ਲਾਲ ਹੋ ਜਾਂਦਾ। ਉਹ ਭੱਠ-ਝੋਕਿਆਂ ਨੂੰ ਦਬਕਾ ਮਾਰਦਾ:
‘‘ਇੰਜ ਉਤੋਂ ਦੀ ਕਿਉਂ ਲੰਘ ਜਾਣ ਦੇਂਦੇ ਓ; ਮੂੰਹ ਭੰਨ ਕੇ ਰੱਖ ਦਿਓ, ਸਾਲੇ ਕੈਟਸੈਪਾਂ ਦਾ!’’
ਇਕ ਵਾਰੀ ਅਮਲੇ ਦੇ ਅੜਬ ਤੇ ਸ਼ਕਲਵੰਦ ਫੋਰਮੈਨ ਨੇ ਉਹਨੂੰ ਕਿਹਾ:
‘‘ਯਾਕ ਤੇ ਖੋਖੋਲ, ਦੋਵੇਂ ਈ ਮਾਤਾ ਦਾ ਮਾਲ ਨੇ।
ਬਾਵਰਚੀ ਨੇ ਉਹਨੂੰ ਪੇਟੀ ਤੇ ਧੌਣ ਤੋਂ ਫੜ ਲਿਆ ਤੇ ਸਿਰੋਂ ਉਤਾਂਹ ਚੁੱਕ ਕੇ ਝੂਣਨ ਲਗ ਪਿਆ।
‘‘ਕਹੇਂ ਤਾਂ ਭੜਥਾ ਬਣਾ ਦਿਆਂ ਤੇਰਾ!’’ ਉਹ ਕੜਕਿਆ।
ਅਕਸਰ ਝਗੜੇ ਹੁੰਦੇ ਰਹਿੰਦੇ ਸਨ, ਜਿਹੜੇ ਲੜਾਈਆਂ ਦੀ ਸ਼ਕਲ ਵਿਚ ਮੁਕਦੇ, ਪਰ ਕਦੀ ਵੀ ਕਿਸੇ ਨੇ ਸਮੂਰੀ ਨੂੰ ਨਹੀਂ ਸੀ ਮਾਰਿਆ। ਇਕ ਤਾਂ ਇਹ ਗੱਲ ਸੀ ਕਿ ਉਹ ਏਨਾ ਤਗੜਾ ਸੀ, ਜਿੰਨਾ ਆਮ ਬੰਦਾ ਨਹੀਂ ਹੁੰਦਾ, ਤੇ ਦੂਜੇ ਕਪਤਾਨ ਦੀ ਪਤਨੀ ਜੋ ਮਰਦਾਵੇਂ ਮੂੰਹ ਤੇ ਮੁੰਡਿਆਂ ਵਾਂਗ ਕੱਟੇ ਵਾਲਾਂ ਵਾਲੀ ਲੰਮ-ਸਲੰਮੀ ਤੇ ਸੁਹਣੀ ਸੀ-ਉਸ ਨਾਲ ਉਹਦੀ ਚੰਗੀ ਬਣਦੀ ਸੀ।
ਉੱਹ ਮੱਟ ਦੇ ਮੱਟ ਵੋਦਕਾ ਪੀ ਜਾਂਦਾ ਸੀ, ਪਰ ਉਹਨੂੰ ਚੜ੍ਹੀ ਕਦੀ ਨਹੀਂ ਸੀ। ਉਹ ਸਵੇਰੇ ਪੀਣੀ ਸ਼ੁਰੂ ਕਰਦਾ, ਚਾਰ ਵਾਰਾਂ ਵਿਚ ਬੋਤਲ ਮੁਕਾ ਛੱਡਦਾ, ਤੇ ਬੀਅਰ ਉਹ ਸਾਰਾ ਸਾਰਾ ਦਿਨ ਸੁੜਕਦਾ ਰਹਿੰਦਾ। ਹੌਲੀ ਹੌਲੀ ਉਹਦੇ ਮੂੰਹ ’ਤੇ ਲਾਲੀ ਚੜ੍ਹ ਜਾਂਦੀ ਤੇ ਉਹਦੀਆਂ ਕਾਲੀਆਂ ਅੱਖਾਂ ਫੈਲ ਜਾਂਦੀਆਂ, ਜਿਵੇਂ ਹੈਰਾਨ ਹੋਵੇ।
ਕਦੀ ਕਦੀ ਰਾਤੀਂ ਉਹ ਘੰਟਿਆਂਬੱਧੀ ਡੈੱਕ ’ਤੇ ਬੈਠਾ ਰਹਿੰਦਾ। ਉਹਦਾ ਵੱਡਾ ਸਾਰਾ ਚਿੱਟਾ ਆਕਾਰ ਪਿੱਛੇ ਹਟ ਰਹੀਆਂ ਦੂਰੀਆਂ ਉੱਤੇ ਨਿਗ੍ਹਾ ਟਿਕਾਈ ਰਖਦਾ। ਇਹੋ ਜਿਹੇ ਵੇਲੇ ਬਹੁਤੇ ਲੋਕ ਉਸ ਤੋਂ ਤ੍ਰਹਿੰਦੇ ਸਨ, ਪਰ ਮੈਨੂੰ ਉਹਦੇ ਉੱਤੇ ਤਰਸ ਆਉਂਦਾ ਸੀ।
ਲਾਲ-ਮੂੰਹਾਂ ਤੇ ਮੁੜ੍ਹਕੇ ਭਿੱਜਾ, ਯਾਕੋਵ ਈਵਾਨੋਵਿਚ ਰਸੋਈ ਵਿਚੋਂ ਨਿਕਲਦਾ, ਆਪਣੀ ਗੰਜੀ ਟੋਟਣੀ ਖੁਰਕਦਾ ਤੇ ਫੇਰ ਐਵੇਂ ਹੱਥ ਮਾਰ ਕੇ ਅਲੋਪ ਹੋ ਜਾਂਦਾ। ਜਾਂ ਉਹ ਦੂਰੋਂ ਕਿਤੋਂ ਆਵਾਜ਼ ਮਾਰਦਾ:
‘‘ਮੱਛੀ ਤ੍ਰੱਕ ਰਹੀ ਏ।’’
‘‘ਇਹਦਾ ਸਲਾਦ ਬਣਾ ਲਓ।’’
‘‘ਜੇ ਕਿਸੇ ਨੇ ਮੱਛੀ ਦੀ ਤਰੀ ਜਾਂ ਉਬਲੀ ਹੋਈ ਮੱਛੀ ਮੰਗ ਲਈ ਫੇਰ?’’
‘‘ਬਣਾ ਲੈ। ਉਹ ਸਾਰਾ ਕੁਝ ਖਾ ਲੈਂਦੇ ਨੇ।’’
ਕਦੀ ਕਦੀ ਮੈਂ ਉਹਦੇ ਕੋਲ ਜਾਣ ਦਾ ਹੌਸਲਾ ਕਰਦਾ।
‘‘ਕੀ ਗੱਲ ਏ?’’ ਕੁਝ ਜ਼ੋਰ ਲਾ ਕੇ ਮੂੰਹ ਵੱਲ ਭੁਆਉਂਦਿਆਂ ਪੁੱਛਦਾ।
‘‘ਕੁਝ ਨਹੀਂ।’’
‘‘ਚੱਲ ਠੀਕ ਏ ਫੇਰ।’’
ਇਕ ਵਾਰੀ ਮੈਂ ਉਹਨੂੰ ਕਿਹਾ:
‘‘ਤੁਸੀਂ ਸਾਰਿਆਂ ਨੂੰ ਏਨਾਂ ਡਰਾ ਕਿਉਂ ਦੇਂਦੇ ਓ? ਤੁਸੀਂ ਤੇ ਬਹੁਤ ਚੰਗੇ ਓ।’’
ਮੈਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਇਸ ਸਵਾਲ ਨਾਲ ਉਹਨੂੰ ਗੁੱਸਾ ਨਾ ਚੜ੍ਹਿਆ।
‘‘ਚੰਗਾ ਮੈਂ ਸਿਰਫ ਤੇਰੇ ਨਾਲ ਆਂ,’’ ਉਹਨੇ ਜਵਾਬ ਦਿੱਤਾ। ਪਰ ਛੇਤੀ ਹੀ ਸੋਚਾਂ-ਡੁੱਬੇ, ਸੁਖਾਵੇਂ ਲਹਿਜੇ ਵਿਚ ਕਹਿਣ ਲੱਗਾ, ‘‘ਜਾਂ ਸ਼ੈਦ ਮੈਂ ਸਾਰਿਆਂ ਨਾਲ ਈ ਚੰਗਾ ਹਾਂ, ਪਰ ਮੈਂ ਕਦੀ ਵਿਖਾਵਾ ਨਹੀਂ ਕਰਦਾ। ਬੰਦੇ ਨੂੰ ਚੰਗਾ ਹੋਣ ਦਾ ਵਿਖਾਵਾ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਲੋਕ ਉਹਦਾ ਘੋਗਾ ਚਿੱਤ ਕਰ ਦੇਣਗੇ। ਚੰਗੇ ਬੰਦੇ ’ਤੇ ਲੋਕੀਂ ਇੰਜ ਚੜ੍ਹ ਜਾਂਦੇ ਨੇ ਜਿਵੇਂ ਸੁੱਕੇ-ਰੜੇ ਥਾਂ ਉਤੇ ਚਿੱਕੜ ਚੜ੍ਹ ਕੇ ਉਸ ਥਾਂ ਦਾ ਨਾਂ-ਨਿਸ਼ਾਨ ਮਿਟਾ ਦਿੰਦੈ। ਜਾ ਮੈਨੂੰ ਥੋੜ੍ਹੀ ਕੁ ਬੀਅਰ ਲਿਆ ਦੇ।’’
ਜਦੋਂ ਉਹਨੇ ਗਲਾਸ ਭਰ ਕੇ ਬੀਅਰ ਪੀ ਲਈ ਤਾਂ ਆਪਣੀਆਂ ਮੁੱਛਾਂ ਚੱਟਦਿਆਂ ਕਹਿਣ ਲੱਗਾ:
‘‘ਪੰਖੇਰੂਆ ਜੇ ਤੂੰ ਰਤਾ ਕੁ ਵੱਡਾ ਹੁੰਦਾ, ਤਾਂ ਤੈਨੂੰ ਮੈਂ ਬੜੀਆਂ ਈ ਗੱਲਾਂ ਸੁਣਾ ਸਕਦਾ ਸਾਂ। ਮੈਨੂੰ ਸੁਣਾਉਣ ਜੋਗੀਆਂ ਦੋ ਚਾਰ ਗੱਲਾਂ ਆਉਂਦੀਆਂ ਨੇ-ਮੂਰਖ ਨਹੀਂ ਮੈਂ। ਤੈਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ। ਬੰਦੇ ਨੂੰ ਜਿਹੜੀ ਗੱਲ ਦੀ ਸਮਝ ਹੋਣੀ ਚਾਹੀਦੀ ਏ ਉਹ ਕਿਤਾਬਾਂ ਹੀ ਉਹਨੂੰ ਦੱਸਦੀਆਂ ਨੇ। ਕਿਤਾਬ ਖਾਸ ਚੀਜ਼ ਏ। ਬੀਅਰ ਪੀਏਂਗਾ?’’
‘ਮੈਨੂੰ ਚੰਗੀ ਨਹੀਂ ਲੱਗਦੀ।’’
‘‘ਠੀਕ ਏ। ਪੀਣੀਂ ਵੀ ਸ਼ੁਰੂ ਨਾ ਕਰੀਂ। ਸ਼ਰਾਬ ਪੀਣਾ ਦੁਖਦਾਈ ਏ, ਬਹੁਤ ਵੱਡਾ ਦੁੱਖ। ਵੋਦਕਾ ਸ਼ੈਤਾਨ ਦਾ ਕੰਮ ਏਂ। ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਤੈਨੂੰ ਸਕੂਲੇ ਪਾਂਦਾ। ਅਨਪੜ੍ਹ ਤਾਂ ਬੱਸ ਢੱਗਾ ਹੁੰਦੈ ਨਿਰਾ। ਚਾਹੋ ਤਾਂ ਸ਼ੈਫਟਾਂ ਵਿਚਾਲੇ ਖਲ੍ਹਿਆਰ ਦਿਓ ਭਾਵੇਂ ਗੋਸ਼ਤ ਬਣਾ ਲਓ- ਉਹ ਸਿਰਫ ਆਪਣੀ ਪੂਛ ਈ ਹਿਲਾਂਦਾ ਰਹਿੰਦੈ।’’
ਕਪਤਾਨ ਦੀ ਵਹੁਟੀ ਨੇ ਉਹਨੂੰ ਗੋਗੋਲ ਦੀ ਇਕ ਕਿਤਾਬ ਦਿੱਤੀ। ਮੈਂ ਉਹਨੂੰ ‘ਭਿਆਨਕ ਬਦਲਾ’ ਕਹਾਣੀ ਪੜ੍ਹ ਕੇ ਸੁਣਾਈ ਤੇ ਮੈਨੂੰ ਉਹ ਬਹੁਤ ਚੰਗੀ ਲੱਗੀ, ਪਰ ਸਮੂਰੀ ਗੁੱਸੇ ਨਾਲ ਕੜਕਿਆ।
‘‘ਐਵੇਂ ਯਬ੍ਹਲੀਆਂ ਮਾਰੀਆਂ ਹੋਈਆਂ ਨੇ। ਖਿਆਲੀ ਕਹਾਣੀ ਏਂ। ਜ਼ਰੂਰ ਹੋਰ ਤਰ੍ਹਾਂ ਦੀਆਂ ਕਿਤਾਬਾਂ ਵੀ ਹੋਣੀਆਂ ਨੇ।’’ ਉਹਨੇ ਕਿਤਾਬ ਮੈਥੋਂ ਲੈ ਲਈ ਤੇ ਕਪਤਾਨ ਦੀ ਪਤਨੀ ਕੋਲੋਂ ਇਕ ਹੋਰ ਲੈ ਆਇਆ।
‘‘ਐਹ ਲੈ, ਪੜ੍ਹ ਤਾਰਾਸ-ਇਹਦਾ ਦੂਜਾ ਨਾਂ ਕੀ ਏ?’’ ਉਹਨੇ ਉਦਾਸੀ ਨਾਲ ਹੁਕਮ ਦਿੱਤਾ। ‘‘ਕਹਾਣੀ ਲਭ। ਕਹਿੰਦੀ ਸੀ ਚੰਗੀ ਏ। ਕਿਸ ਲਈ ਚੰਗੀ ਏ? ਸ਼ੈਦ ਉਹਦੇ ਲਈ ਚੰਗੀ ਹੋਵੇ ਤੇ ਮੇਰੇ ਲਈ ਮੰਦੀ। ਵੇਖਿਐ ਵਾਲ ਕਿੰਜ ਕਟਾਏ ਹੋਏ ਨੇ? ਕੰਨ ਵੀ ਕਿਉਂ ਨਹੀਂ ਕਟਾ ਲਏ?’’
ਜਦੋਂ ਅਸੀਂ ਉਸ ਥਾਂ ’ਤੇ ਪਹੁੰਚੇ, ਜਿੱਥੇ ਤਾਰਾਸ, ਓਸਤਾਪ ਨੂੰ ਲੜਨ ਲਈ ਵੰਗਾਰਦਾ ਹੈ, ਰਸੋਈਆ ਭਰੜਾਇਆ ਹਾਸਾ ਹੱਸਣ ਲੱਗ ਪਿਆ।
‘‘ਕਿਵੇਂ ਏ ਫੇਰ?’’ ਉਹਨੇ ਕਿਹਾ, ‘‘ਇਕ ਕੋਲ ਦਿਮਾਗ ਏ ਤੇ ਦੂਜੇ ਕੋਲ ਤਾਕਤ। ਕਿਹੋ ਜਿਹੀਆਂ ਚੀਜ਼ਾਂ ਲਿਖਦੇ ਨੇ, ਊਠ ਨਾ ਹੋਣ ਤਾਂ।’’
ਉਹ ਧਿਆਨ ਨਾਲ ਸੁਣਦਾ, ਪਰ ਅਕਸਰ ਬੁੜ-ਬੁੜ ਕਰਦਾ।
‘‘ਹੂੰ ਬੇਵਕੂਫ! ਇਕੋ ਵਾਰ ਨਾਲ ਬੰਦੇ ਨੂੰ ਮੋਢੇ ਤੋਂ ਲੱਕ ਤਕ ਨਹੀਂ ਚੀਰਿਆ ਜਾ ਸਕਦਾ। ਤੇ ਨਾ ਬੰਦੇ ਨੂੰ ਬਰਛੇ ਉਤੇ ਟੰਗਿਆ ਜਾ ਸਕਦਾ ਏ, ਬਰਛਾ ਤਾਂ ਟੁੱਟ ਜਾਏਗਾ। ਮੈਂ ਆਪ ਫੌਜੀ ਨਹੀਂ ਰਿਹਾ ਭਲਾਂ?’’
ਆਂਦਰੀ ਦੀ ਗੱਦਾਰੀ ਨਾਲ ਉਹਨੂੰ ਬਹੁਤ ਧੱਕਾ ਲੱਗਾ।
‘‘ਹੈ ਨਾ ਜੂਠ ਕਿਸੇ ਥਾਂ ਦੀ?… ਤੀਵੀਂ ਪਿੱਛੇ! ਹੂੰ।’’
ਪਰ ਜਦੋਂ ਤਾਰਾਸ ਨੇ ਆਪਣੇ ਪੁੱਤਰ ਨੂੰ ਮਾਰਿਆ, ਸਮੂਰੀ ਨੇ ਆਪਣੀਆਂ ਲੱਤਾਂ ਫੱਟੇ ਦੇ ਪਾਸੇ ਵਲ ਲਮਕਾ ਲਈਆਂ। ਸਿਰ ਨੂੰ ਹੱਥਾਂ ਵਿਚ ਘੁੱਟ ਲਿਆ ਤੇ ਰੋਣ ਲੱਗ ਪਿਆ। ਹੌਲੀ-ਹੌਲੀ ਅੱਥਰੂ ਉਹਦੀਆਂ ਗੱਲ੍ਹਾਂ ’ਤੇ ਤਿਲਕਣ ਲੱਗ ਪਏ। ਫੇਰ ਫਰਸ਼ ਉਤੇ ਤ੍ਰਿਪਣ ਲੱਗੇ। ਉਹਨੇ ਨੱਕ ਸੁੜਕਿਆ ਤੇ ਬੁੜ ਬੁੜ ਕੀਤੀ।
‘‘ਯਾ ਖੁਦਾ, ਯਾ ਖੁਦਾ!’’
ਇਕਦਮ ਹੀ ਉਹ ਮੈਨੂੰ ਭਬਕ ਕੇ ਪਿਆ।
‘‘ਪੜ੍ਹੀ ਚਲ। ਸ਼ੈਤਾਨ ਦੀਏ ਉਲਾਦੇ, ਪੜ੍ਹੀ ਚਲ!’’
ਜਦੋਂ ਮਰ ਰਹੇ ਓਸਤਾਪ ਨੇ ਆਪਣੇ ਪਿਓ ਨੂੰ ਆਵਾਜ਼ ਦਿੱਤੀ:: ‘‘ਬਾਪੂ! ਸੁਣਦੇ ਪਏ ਓ?’’
‘‘ਸਭ ਖਤਮ ਹੋ ਗਿਐ’’, ਸਮੂਰੀ ਨੇ ਰੁਆਂਸੀ ਜਿਹੀ ਆਵਾਜ਼ ’ਚ ਕਿਹਾ। ‘‘ਸਭ ਕੁਝ। ਬੱਸ ਪੱਕ ਗਿਆ ਸਭੋ ਕੁਝ। ਉਫ਼! ਕੇਡਾ ਚੰਦਰਾ ਬੰਦਾ ਏ! ਉਹਨੀਂ ਦਿਨੀਂ ਅਸਲੀ ਬੰਦੇ ਹੁੰਦੇ ਸਨ। ਉਹ ਤਾਰਾਸ ਹੈ ਨਾ? ਰੱਬ ਦੀ ਸਹੁੰ, ਅਸਲੀ ਬੰਦਾ ਏ।’’
ਉਹਨੇ ਕਿਤਾਬ ਮੇਰੇ ਹੱਥੋਂ ਲੈ ਲਈ ਤੇ ਉਹਦੀ ਜਿਲਦ ਨੂੰ ਆਪਣੇ ਅੱਥਰੂਆਂ ਨਾਲ ਭਿਉਂਦਿਆਂ, ਉਹਨੂੰ ਧਿਆਨ ਨਾਲ ਵਾਚਿਆ।
‘‘ਚੰਗੀ ਕਿਤਾਬ ਦਿਨ-ਦਿਹਾਰ ਵਰਗੀ ਹੁੰਦੀ ਏ।’’ ਅੱਥਰੂ ਵਹਾਂਦਿਆਂ ਉਹਨੇ ਕਿਹਾ।
ਇਸ ਪਿੱਛੋਂ ਅਸੀਂ‘ਈਵਨੋਹ’ ਪੜ੍ਹਿਆ। ਸਮੂਰੀ ਨੂੰ ਰਿਚਰਡ ਪਲੈਨਾਤਾਜ਼ੇਨੇਤ ਚੰਗਾ ਲੱਗਿਆ।
‘‘ਇਹ ਹੋਇਆ ਨਾ ਬਾਦਸ਼ਾਹ!’’ ਉਹਨੇ ਪ੍ਰਭਾਵਸ਼ਾਲੀ ਢੰਗ ਨਾਲ ਕਿਹਾ। ਪਰ ਮੈਨੂੰ ਕਿਤਾਬ ਅਕਾ ਦੇਣ ਵਾਲੀ ਲੱਗੀ।
ਆਮ ਤੌਰ ’ਤੇ ਸਾਡੇ ਸੁਆਦ ਵੱਖੋ-ਵੱਖਰੇ ਸਨ। ਮੈਨੂੰ ‘ਰਹਿੰਦੂ ਟਾਮ ਜੋਹਨ ਦੇ ਇਤਿਹਾਸ’ ਦੇ ਪੁਰਾਣੇ ਅਨੁਵਾਦ ‘ਥਾਮਸ ਜੋਹਨ ਦੀ ਕਹਾਣੀ’ ਨੇ ਕੀਲ ਲਿਆ।
‘‘ਮੂਰਖਤਾ!’’ ਸਮੂਰੀ ਨੇ ਬੁੜ-ਬੁੜ ਕੀਤੀ। ‘‘ਮੈਂ ਥਾਮਸ ਨੂੰ ਕੀ ਸਮਝਨਾਂ? ਕੀ ਲੈਣੇ ਮੈਂ ਉਸ ਕੋਲੋਂ? ਹੋਰ ਕਿਤਾਬਾਂ ਵੀ ਤਾਂ ਹੋਣਗੀਆਂ।’’
ਇਕ ਦਿਨ ਮੈਂ ਉਹਨੂੰ ਦੱਸਿਆ ਕਿ ਮੈਨੂੰ ਪਤਾ ਸੀ ਕਿ ਹੋਰ ਕਿਤਾਬਾਂ ਵੀ ਹੁੰਦੀਆਂ ਨੇ-ਵਰਜਿਤ ਕੀਤੀਆਂ ਹੋਈਆਂ ਕਿਤਾਬਾਂ, ਗੁਪਤ ਕਿਤਾਬਾਂ ਜਿਹੜੀਆਂ ਰਾਤ ਵੇਲੇ ਭੋਰਿਆਂ ਵਿਚ ਪੜ੍ਹੀਆਂ ਜਾਂਦੀਆਂ ਸਨ।
ਉਹਦੀਆਂ ਅੱਖਾਂ ਅੱਡੀਆਂ ਗਈਆਂ ਤੇ ਮੁੱਛਾਂ ਖੜ੍ਹੀਆਂ ਹੋ ਗਈਆਂ।
‘‘ਕੀ ਕਿਹਾ ਈ? ਕਿੱਡੇ ਝੂਠ ਬੋਲ ਰਿਹੈਂ?’’
‘‘ਮੈਂ ਝੂਠ ਨਹੀਂ ਬੋਲ ਰਿਹਾ। ਇਕ ਵਾਰੀ ਪਾਪ ਮੰਨਣ ਵੇਲੇ ਪਾਦਰੀ ਨੇ ਮੈਥੋਂ ਉਨ੍ਹਾਂ ਬਾਰੇ ਪੁੱਛਿਆ ਸੀ, ਤੇ ਉਸ ਤੋਂ ਪਹਿਲਾਂ ਮੈਂ ਲੋਕਾਂ ਨੂੰ ਪੜ੍ਹਦਿਆਂ ਤੇ ਰੋਂਦਿਆਂ ਸੁਣਿਆਂ ਸੀ।’’
ਬਾਵਰਚੀ ਨੇ ਮੇਰੇ ਵੱਲ ਬੁਝੀਆਂ-ਬੁਝੀਆਂ ਅੱਖਾਂ ਨਾਲ ਤੱਕਿਆ।
‘‘ਕੌਣ ਰੋਇਆ ਸੀ!’’ ਉਹਨੇ ਪੁੱਛਿਆ।
‘‘ਸੁਣਨ ਵਾਲੀ ਇਕ ਤੀਵੀਂ। ਦੂਜੀ ਤਾਂ ਡਰ ਕੇ ਭੱਜ ਵੀ ਗਈ ਸੀ।’’
‘‘ਉਠ-ਉਠ ਸੁਫਨੇ ਵੇਖ ਰਿਹੈਂ,‘‘ ਹੌਲੀ-ਹੌਲੀ ਅੱਖਾਂ ਸੁੰਗੇੜਦਿਆਂ ਸਮੂਰੀ ਨੇ ਕਿਹਾ। ਪਰ ਕੁਝ ਅਟਕਣ ਪਿੱਛੋਂ, ਉਹਨੇ ਆਖਿਆ:
‘‘ਜ਼ਰੂਰ ਕਿਤੇ ਨਾ ਕਿਤੇ ਕੋਈ ਭੇਤ ਵਾਲੀ ਗੱਲ ਏ। ਹੋਏ ਬਿਨਾਂ ਰਹਿ ਈ ਨਹੀਂ ਸਕਦੀ.. ਪਰ ਮੈਂ ਬਹੁਤ ਬੁੱਢਾ ਹੋ ਗਿਆਂ… ਪਰ ਉਸ ਕਿਸਮ ਦਾ ਨਹੀਂ… ਫੇਰ ਜਦੋਂ ਕਦੀ ਖਿਆਲ ਆਉਂਦੈ…’’
ਉਹ ਏਡੀ ਖੁਸ਼-ਬਿਆਨੀ ਨਾਲ ਘੰਟਿਆਂਬੱਧੀ ਬੋਲ ਸਕਦਾ ਸੀ।
ਅਸਲੋਂ ਅਚੇਤੇ ਹੀ, ਮੈਨੂੰ ਪੜ੍ਹਨ ਦੀ ਆਦਤ ਪੈ ਗਈ, ਤੇ ਮੈਂ ਖੁਸ਼ੀ ਨਾਲ ਪੜ੍ਹਦਾ। ਕਿਤਾਬਾਂ ਜੋ ਦੱਸਦੀਆਂ, ਉਹ ਜ਼ਿੰਦਗੀ ਤੋਂ ਸੁਖਦਾਈ ਹੱਦ ਤਕ ਵੱਖਰਾ ਹੁੰਦਾ ਤੇ ਇਹਦੇ ਨਾਲ ਜ਼ਿੰਦਗੀ ਨਿਤ ਔਖੇਰੀ ਹੁੰਦੀ ਜਾਂਦੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਦਿਆਲ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ