Mehardeen - Pani ! (Punjabi Story) : Naurang Singh
ਮਿਹਰਦੀਨ – ਪਾਣੀ ! (ਕਹਾਣੀ) : ਨੌਰੰਗ ਸਿੰਘ
ਮਨੁੱਖ-ਨਿਗਾਹਾਂ ਸਦਾ ਹੀ ਵੱਡੀਆਂ ਚੀਜ਼ਾਂ ਉੱਤੇ ਟਿਕਣ ਦੀਆਂ ਆਦੀ ਹਨ । ਵੱਡਾ ਮਨੁੱਖ, ਵੱਡਾ ਗਵੱਈਆ, ਵੱਡਾ ਲੀਡਰ ਜਾਂ ਵੱਡਾ ਬ੍ਰਿਛ, ਵੱਡੀ ਬਿਲਡਿੰਗ ਤੇ ਹੋਰਨਾਂ ਵੱਡੀਆਂ ਚੀਜ਼ਾਂ ਉੱਤੇ ।
ਇਸ ਦਾ ਸੁਭਾਓ ਕੁਝ ਇਹੋ ਜਿਹਾ ਬਣਿਆ ਹੋਇਆ ਹੈ ਕਿ ਨਿਕੀਆਂ ਚੀਜ਼ਾਂ ਤੱਕਣ ਦੀ ਇਹਦੇ ਵਿਚ ਰੁਚੀ ਹੀ ਨਹੀਂ ਜਾਪਦੀ। ਏਸ ਬਹੁਤ ਘੱਟ ਹੀ ਇਹ ਸੋਚਿਆ ਹੋਵੇਗਾ ਕਿ ਇਕ ਘਾ ਦਾ ਤਿਣ ਉਹਦੀ ਦੁਨਿਆਂ ਨੂੰ ਕਿਹੋ ਜਿਹੀ ਬਣਾਂਦਾ ਰਹਿੰਦਾ ਹੈ, ਜਦ ਕਿ ਉਹ ਵੱਡੇ ਬ੍ਰਿਛਾਂ ਦੀਆਂ ਉੱਚੀਆਂ ਟੀਸੀਆਂ ਉੱਤੇ ਹੀ ਤਕਦਾ ਰਹਿੰਦਾ ਹੈ। ਟੈਗੋਰ ਨੇ ਆਖਿਆ ਹੈ - ਚੌੜੀ ਧਰਤੀ, ਘਾਹ – ਤਿਣਕਿਆਂ ਨਾਲ ਆਪਣੀ ਮਹਾਨਤਾ ਸੁਖਦਾਈ ਬਣਾਂਦੀ ਹੈ –।
ਮੁਨ੍ਹੇਰੇ ਹੀ ਪ੍ਰੀਤ ਨਗਰ ਦੀ ਖ਼ਾਮੋਸ਼ ਫ਼ਿਜ਼ਾ ਵਿਚੋਂ ਲੰਘਦੀ ਕਿਸੇ ਹੱਥ-ਨਲਕੇ ਦੀ ਚੀਕੂੰ ਚੀਕੂੰ ਕੰਨਾਂ ਨੂੰ ਠੁਕਰਾਂਦੀ ਹੈ। ਬਹਾਰ, ਬਰਸਾਤ, ਹੁਨਾਲੇ ਤੇ ਲਹੂ ਜਮਾਂਦੇ ਸਿਆਲੇ ਵਿਚ ਬਿਸਤਰਿਓਂ ਨਿਕਲ ਕੇ ਨਲਕੇ ਤੇ ਨਿਗਾਹ ਮਾਰੋ ਇਕ ਪਤਲਾ, ਲੰਮਾ ਪੱਕੇ ਰੰਗ ਦਾ ਯੁਵਕ ਖਲੋਤਾ ਦਿਖਾਈ ਦੇਵੇਗਾ। ਗਲ ਕਾਠੇ ਦਾ ਘਸਿਆ ਤੇ ਭਿਜਿਆ ਅਧੀਆਂ ਬਾਹਵਾਂ ਦਾ ਝੱਗਾ, ਲਕ ਗੋਡਿਆਂ ਤੀਕਰ ਅਧ-ਭਿੱਜੀ ਖੱਦਰ ਦੀ ਤਹਿਮਤ, ਸਿਰ ਤੇ ਵੱਟਾਂ ਵਾਲੀ ਹੰਢੀ ਹੋਈ ਪਗੜੀ, ਪੈਰ ਕਦੇ ਨੰਗੇ ਤੇ ਕਦੇ ਕੋਈ ਛਿੱਤਰ — ਮਿਹਰਦੀਨ।
ਡੂੰਘੇ ਤੜਕੇ ਦਾ ਤਾਰਾ ਜਦੋਂ ਚੜ੍ਹਦਾ ਹੈ। ਹਾਲੀ ਹਲ ਲੈ ਕੇ ਘਰੋਂ ਨਿਕਲ ਟੁਰਦਾ ਹੈ, ਮੰਦਰ ਤੋਂ ਘੰਟੇ ਦੀ ਟਣਕਾਰ ਅਜੇ ਉਠੀ ਨਹੀਂ ਹੁੰਦੀ, ਤੇ ਨਾ ਹੀ ਮੁੱਲਾਂ ਅਜ਼ਾਂ ਦਿੱਤੀ ਹੁੰਦੀ ਹੈ - ਓਦੋਂ ਮਿਹਰ ਦੀਨ ਮੋਢੇ ਉੱਤੇ ਮਸ਼ਕ ਲਮਕਾ ਕੇ ਨਲਕੇ ਤੇ ਆ ਅਪੜਦਾ ਹੈ।
ਜੀਕਰ ਖੂਹ ਦੀਆਂ ਟਿੰਡਾਂ ਭਰ ਭਰ ਖ਼ਾਲੀ ਹੁੰਦੀਆਂ ਪੈਲੀਆਂ ਨੂੰ ਸਿੰਜਦੀਆਂ ਹਨ ਓਕਰ ਹੀ ਮਿਹਰਦੀਨ ਨੇ ਜ਼ਿੰਦਗੀ ਵਿਚ ਅਨੇਕਾਂ ਮਸ਼ਕਾਂ ਭਰੀਆਂ ਤੇ ਵੰਡ ਘੱਤੀਆਂ। ਉਹਦੀ ਮਸ਼ਕ ਪਤਾ ਨਹੀਂ ਕਦੋਂ ਤੋਂ ਆਪਾ ਵਾਰਦੀ ਆਉਂਦੀ ਹੈ।
ਉਹ ਨਲਕੇ ਦੀ ਹੱਥੀ ਨੂੰ ਦਬਾਂਦਾ ਜਾਂਦਾ ਹੈ, ਮਸ਼ਕ ਤੇ ਨਲਕੇ ਦੇ ਬੁਲ੍ਹ ਜੁੜੇ ਹੁੰਦੇ ਹਨ। ਇਕ ਧਾਰ ਨਲਕੇ ਦੇ ਹਿਰਦਿਓਂ ਉਮਲ੍ਹ ਕੇ ਮਸ਼ਕ ਦੇ ਅੰਦਰ ਨਿਘਰਦੀ ਚਲੀ ਜਾਂਦੀ ਹੈ। ਮਿਹਰਦੀਨ ਦੀ ਬਾਂਹ ਭਾਵੇਂ ਤਾਂਹ ਠਾਂਹ ਉਠਦੀ ਹੈ, ਪਰ ਨਿਗਾਹਾਂ ਨਲਕੇ ਤੇ ਮਸ਼ਕ ਦੇ ਮੇਲ ਉਤੇ ਖਲੋਤੀਆਂ ਰਹਿੰਦੀਆਂ ਹਨ।
ਮੁੱਦਤ ਦੀ ਗਲ ਹੈ ਜਦੋਂ ਇਹਦੇ ਘਰਦਿਆਂ ਮਸ਼ਕ ਇਹਦੀ ਵੱਖੀ ਉੱਤੇ ਰਖ ਦਿੱਤੀ ਸੀ। ਇਹਦੀ ਜ਼ਿੰਦਗੀ ਨੇ ਹੋਰ ਤੇ ਪਤਾ ਨਹੀਂ ਕੀ ਕੁਝ ਵੇਖਿਆ ਹੈ। ਪਰ ਇਕ ਚੀਜ਼ ਇਹਦੇ ਤਸੱਵਰਾਂ ਵਿਚ ਲਹਿ ਗਈ ਜਾਪਦੀ ਹੈ — ਅਡੋਲ ਖਲੋਤੇ ਨਲਕੇ ਦਾ ਮਸ਼ਕ ਦੇ ਨਰਮ ਮੂੰਹ ਨਾਲ ਛੁਹਿਆ ਹੋਇਆ ਮੂੰਹ।
ਮਿਹਰਦੀਨ ਹੱਥੀ ਨੂੰ ਨਪਦਾ ਨਪਦਾ ਕੁਝ ਮੁਸਕ੍ਰਾਂਦਾ ਜਿਹਾ ਹੁੰਦਾ ਹੈ, ਤੇ ਹੁੰਦਾ ਬਿਲਕੁਲ ਮਗਨ ਹੈ। ਨਲਕੇ ਦੀ ਚੀਕੂੰ ਚੀਕੂੰ ਉਹਦੇ ਮਨ ਨੂੰ ਇਕਾਗਰ ਕਰ ਦੇਂਦੀ ਹੈ, ਜੀਕਰ ਸਾਜ਼ਾਂ ਦੀ ਝਨਕਾਰ ਨਾਲ ਬੇਕਰਾਰ ਹਿਰਦਾ।
ਖਬਰੇ ਉਹਨੂੰ ਕੋਈ ਦਾਸਤਾਨ ਚੇਤੇ ਆਉਂਦੀ ਹੋਵੇ — ਕਿਹੜਾ ਹਿਰਦਾ ਹੈ ਜਿਸਦੇ ਵਿਚ ਕਦੇ ਖ਼ੁਸ਼ੀ ਦੀਆਂ ਘੜੀਆਂ ਨਹੀਂ ਆਈਆਂ — ਮਿਹਰਦੀਨ ਨੂੰ ਦੋ ਜੁੜੇ ਮੂੰਹ ਤੱਕ ਕੇ ਆਪਣੇ ਬੀਤੇ ਅਫ਼ਸਾਨੇ ਚੇਤੇ ਆ ਜਾਂਦੇ ਹੋਣਗੇ — ਖ਼ਬਰੇ ਉਹਦਾ ਵਿਆਹ, ਘਰ ਆਈ ਸਜਰੀ ਵਹੁਟੀ, ਘੁੰਡ ਚੁਕਾਈ, ਪਹਿਲੀਆਂ ਛੇੜਾ ਛਾੜੀਆਂ, ਤੇ ਉਸ ਜੀਵਨ ਦੀਆਂ ਹੋਰ ਸਾਰੀਆਂ ਨਿਘੀਆਂ ਯਾਦਾਂ।
ਕੋਈ ਕੁੱਤਾ ਆ ਕੇ ਮਿਹਰਦੀਨ ਦੀ ਲੱਤ ਨੂੰ ਲੁਕ-ਲਿੱਪਿਆ ਕਿੱਲਾ ਸਮਝ ਕੇ ਸੁੰਘਦਾ ਹੈ, ਪਰ ਮਿਹਰ ਦੀਨ ਨੂੰ ਕਖ ਪਤਾ ਨਹੀਂ ਲਗਦਾ। ਕੁੱਤਾ ਸੁੰਘ ਸੰਘ ਕੇ ਟੁਰ ਜਾਂਦਾ ਹੈ। ਕੋਈ ਵਡੀ ਗਲ ਨਹੀਂ ਕਿਸੇ ਕੁੱਤੇ ਏਸ ਅਹਿੱਲ ਟੰਗ ਉਤੇ ਕਦੇ ਮੂਤਰ ਹੀ ਕਰ ਦਿੱਤਾ ਹੋਵੇ, ਪਰ ਮਿਹਰ ਦੀਨ ਨੂੰ ਉਹਦੀ ਦੁਨੀਆਂ ਵਿਚੋਂ ਇਹੋ ਜਿਹੀਆਂ ਸਾਧਾਰਨ ਘਟਨਾਆਂ ਨਹੀਂ ਕਢ ਸਕਦੀਆਂ।
ਮਿਹਰਦੀਨ ਪਾਣੀ! - ਮਿਹਰਦੀਨ ਪਾਣੀ!
ਲਗਾਤਾਰ ਦੁੰਹ ਤਿੰਨਾਂ ਕੋਠੀਆਂ ਵਿਚੋਂ ਵਾਜਾਂ ਉਠ ਕੇ ਮਿਹਰ ਦੀਨ ਦੀ ਲਿਵ ਤੋੜ ਘੱਤਦੀਆਂ ਹਨ। ਉਹਦੀ ਧੌਣ ਉਠਦੀ ਹੈ। ਕਿਸੇ ਲੁਪਤ ਸੰਸਾਰ ਤੋਂ ਵਸਦੀ ਰਸਦੀ ਦੁਨੀਆ ਵਿਚ ਆ ਕੇ ਉਹ ਹੌਲੀ ਦੇਣੀ ਆਖ ਦੇਂਦਾ ਹੈ — “ਆਇਆ ਜੀ!"
ਇਕ ਸਾਹ ਜਿਹਾ ਖਿਚ ਤੇ ਮਸ਼ਕ, ਕੁਛੜੇ ਮਾਰ ਕੇ ਉਹ ਟੁਰ ਪੈਂਦਾ ਹੈ, ਪਰ ਆਲੇ ਦੁਆਲੇ ਦੀਆਂ ਕੋਠੀਆਂ ਚੋਂ ਵਾਜਾਂ ਉਹਦੇ ਕੰਨਾਂ ਵਿਚ ਗੂੰਜਦੀਆਂ ਹਨ — ਮਿਹਰ ਦੀਨ ਪਾਣੀ!
ਇਨ੍ਹਾਂ ਵਾਜਾਂ ਨੇ ਰਾਤੀਂ ਖ਼ਾਬਾਂ ਵਿਚ ਵੀ ਉਹਨੂੰ ਕਈ ਵਾਰ ਬੇਕਰਾਰ ਕੀਤਾ ਹੋਵੇਗਾ, ਤੇ ਕਿੰਨੀ ਵਾਰੀ ਉਭੜਵਾਹਿਆ ਉਠ ਕੇ ਕਿੱਲੀਓਂ ਮਸ਼ਕ ਲਾਹ ਕੇ ਬਾਹਰ ਰਾਤ ਦੇ ਸਨਾਟਿਆਂ ਨੂੰ ਤਕ ਉਹ ਲੱਜਿਤ ਹੋਇਆ ਹੋਵੇਗਾ।
ਮਸ਼ਕ ਲਈ ਜਾਂਦਾ ਉਹ ਪਿਛੇ ਮੁੜ ਕੇ ਕਦੇ ਨਹੀਂ ਤਕਦਾ। ਵਿਕਟਰ ਹਿਊਗੋ ਦਾ ਕਥਨ ਹੈ, "ਮੁਸੀਬਤਾਂ ਮਾਰੇ ਪਿੱਛੇ ਪਰਤ ਕੇ ਨਹੀਂ ਤਕਦੇ, ਉਹ ਜਾਣਦੇ ਹੁੰਦੇ ਨੇ ਕਿ ਬਦਕਿਸਮਤੀ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ" ਜਿਹੜੀ ਕੋਠੀ ਅਗੋਂ ਲੰਘਦਾ ਹੈ ਓਥੋਂ ਹੀ “ਮਿਹਰ ਦੀਨ ਪਾਣੀ" ਸੁਣਾਈ ਦੇਂਦਾ ਹੈ, ਜਿਉਂ ਜਿਉਂ ਉਹ ਵਾਜਾਂ ਸੁਣਦਾ ਹੈ, ਉਹਦੇ ਪੈਰ ਤਿਖੇਰੇ ਹੁੰਦੇ ਚਲੇ ਜਾਂਦੇ ਹਨ, ਓੜਕ ਕਿਸੇ ਕੋਠੀ ਵਿਚ ਜਾ ਕੇ ਉਹ ਮਸ਼ਕ ਪਲਟ ਦੇਂਦਾ ਹੈ।
ਕੀ ਮਸ਼ਕ ਉਲੱਦ ਕੇ ਉਹ ਕੁਝ ਹੌਲਾ ਹੌਲਾ ਮਹਿਸੂਸ ਕਰਦਾ ਹੋਵੇਗਾ? ਮਸ਼ਕ ਖ਼ਾਲੀ ਹੋਣ ਨਾਲ ਉਹਦੇ ਮਨ ਉਤੇ ਇਕ ਮਸ਼ਕ ਨਾਲੋਂ ਕਿਤੇ ਵਡੇਰਾ ਬੋਝ ਆ ਟਿਕਦਾ ਹੈ, ਜਦੋਂ ਲਾਗਲੀ ਕੋਠੀਓਂ ਕੋਈ ਰਤਾ ਮੱਥਾ ਸੁੰਘੇੜ ਕੇ ਆਖ ਦੇਂਦਾ ਹੈ — “ਦੇਰ ਹੋ ਗਈ ਹੈ ਮਿਹਰ ਦੀਨ-ਪਾਣੀ।”
"ਲਓ ਲਿਆਇਆ ਜੀ” ਉੱਤਰ ਦੇਂਦਿਆਂ ਭਾਵੇਂ ਉਹਦਾ ਮਨ ਭਾਰੂ ਹੁੰਦਾ ਹੈ ਕਿ ਕਦੋਂ ਪਾਣੀ ਪੁਚਾ ਦਿਆਂ, ਪਰ ਉਹਦੇ ਕਾਲੇ ਬੁਲ੍ਹਾਂ ਵਿਚੋਂ ਚਿੱਟੇ ਦਿਸਦੇ ਦੰਦ ਤੇ ਬੇ-ਸ਼ਿਕਨ ਮੱਥਾ ਉਹਦੇ ਕਿਸੇ ਲੁਕਵੇਂ ਖੇੜੇ ਦਾ ਪਤਾ ਲਾ ਦੇਦੇ ਹਨ।
ਕਈ ਵਾਰੀ ਮਿਹਰ ਦੀਨ ਦੇ ਆਲੇ ਦੁਆਲੇ ਕੰਮਾਂ ਕਾਰਾਂ ਤੇ ਜਾਣ ਵਾਲਿਆਂ ਦੀਆਂ ਕਾਹਲੀਆਂ ਵਾਜਾਂ ਦਾ ਝੁਰਮਟ ਟੁਟ ਪੈਂਦਾ ਹੈ। ਏਨੀਆਂ ਪਾਣੀ ਮੰਗਦੀਆਂ ਵਾਜਾਂ ਵਿਚੋਂ ਲੰਘ ਕੇ ਕੱਲੇ ਮਿਹਰ ਦੀਨ ਨੂੰ ਤਕ ਕਈ ਵਾਰੀ ਖ਼ਿਆਲ ਆਉਂਦਾ ਹੁੰਦਾ ਹੈ ਕਿ ਵੇਖੀਏ ਹੁਣ ਉਹ ਕਿਹੜੀ ਰੌ ਵਿਚ ਉੱਤਰ ਦੇਵੇਗਾ। ਓਪਰੇ ਨੂੰ ਤੇ ਇਉਂ ਜਾਪਣ ਲਗਦਾ ਹੈ ਕਿ ਉਹ ਹੁਣੇ ਮਸ਼ਕ ਸੁਟ ਕੇ ਆਖ ਦੇਵੇਗਾ — “ਮੈਥੋਂ ਨਹੀਂ ਇਹ ਕੰਮ ਹੁੰਦਾ ਜੀ, ਮੈਂ ਏਸ ਨੌਕਰੀਓਂ ਬਾਜ਼ ਆਇਆ” ਪਰ ਏਨੇ ਬੋਲਾਂ ਦੀ ਭੀੜ ਵਿਚੋਂ ਲੰਘਦਾ ਮਿਹਰ ਦੀਨ ਹਸਦੇ ਮੂੰਹ "ਹੁਣੇ ਲਿਆਇਆ ਜੀ” ਆਖ ਕੇ ਚਕ੍ਰਿਤ ਕਰ ਦੇਂਦਾ ਹੈ। ਕੇਡਾ ਸੁਆਦਲਾ ਠਰ੍ਹੰਮਾ ਹੈ।
ਉਹ ਕਿਸੇ ਅਨੋਖੀ ਮਿਟੀ ਦਾ ਸਾਜਿਆ ਜਾਪਦਾ ਹੈ। ਖ਼ਬਰੇ ਕੜਕਦੇ ਸਿਆਲਿਆਂ ਤੇ ਲੂੰਹਦੀਆਂ ਧੁੱਪਾਂ ਨੇ ਮਸ਼ਕਾਂ ਭਰਦੇ ਮਿਹਰਦੀਨ ਦੇ ਮਨ ਨੂੰ ਜਮਾ ਜਮਾ ਕੇ ਢਾਲ ਢਾਲ ਕਿਹੜੇ ਸੰਚਿਆਂ ਵਿਚ ਢਾਲਿਆ ਹੈ। ਇਕ ਵਿਗਾਸ ਜਿਹਾ ਉਹਦੇ ਮੂੰਹ ਉਤੇ ਕਿਉਂ ਦਿਸਦਾ ਰਹਿੰਦਾ ਹੈ?
ਉਹ ਕੋਈ ਵੱਡਾ ਆਦਮੀ ਨਹੀਂ, ਕੋਈ ਉੱਘੀ ਹਸਤੀ ਨਹੀਂ, ਪਿੰਡ ਦਾ ਚੌਧਰੀ ਨਹੀਂ, ਆਪਣੀ ਸਮਾਜ ਦਾ ਕੋਈ ਸਿਰ-ਕੱਢ ਮਨੁੱਖ ਨਹੀਂ, ਇਕ ਉੱਕਾ ਹੀ ਸਾਧਾਰਨ ਪਿੰਡ ਦੀ ਨੁਕਰੇ ਕੱਚੇ ਕੋਠੇ ਵਿਚ ਰਹਿਣ ਵਾਲੀ ਜਿੰਦ।
ਉਹਦੀ ਰਾਹ ਵਿਚ ਕੋਈ ਚੀਜ਼ ਘਟ ਹੀ ਰੋਕ ਪਾਉਂਦੀ ਹੈ। ਝਖੜਾਂ ਵਿਚੋਂ ਉਹ ਲੰਘ ਆਉਂਦਾ ਹੈ। ਪਾਣੀਆਂ ਨੂੰ ਚੀਰ ਲੈਂਦਾ ਹੈ, ਜੰਮਦੇ ਕੱਕਰ ਤੇ ਝੁਲਸਦੀਆਂ ਲੂਆਂ ਉਹਦੇ ਬੰਜਰ ਸਰੀਰ ਤੇ ਕੋਈ ਅਸਰ ਨਹੀਂ ਪਾਉਂਦੀਆਂ। ਨਲਕਾ ਜੇਕਰ ਰਾਤ ਭਰ ਉਹਦੀ ਉਡੀਕ ਵਿਚ ਓਦਰ ਗਿਆ ਹੁੰਦਾ ਹੈ। ਉਹ ਹਰ ਹੀਲੇ ਪਿੰਡੋਂ ਪ੍ਰੀਤ ਨਗਰ ਪਹੁੰਚਦਾ ਹੈ।
ਉਹ ਨਲਕੇ ਤੇ ਖਲੋਤਾ ਖਲੋਤਾ ਹਥੀ ਚੁਕਦਾ ਦਬਦਾ ਹੈ। ਹਥੀ ਦੀ ਚੀਕੂੰ ਚੀਕੂ ਵਿਚ ਉਹਦੀ ਸੁਰਤ ਜੁੜ ਜਾਂਦੀ ਹੈ ਤੇ ਨਲਕੇ-ਮਸ਼ਕ ਦੇ ਜੁੜੇ ਬੁਲ੍ਹਾਂ ਤੇ ਉਹਦੀਆਂ ਨਿਗਾਹਾਂ। ਨਲਕੇ ਦੀ ਆਤਮਾ ਵਿਚੋਂ ਫੁਟਦੀ ਧਾਰ ਤਿਹਾਈ ਮਸ਼ਕ ਪੀਂਦੀ ਜਾਂਦੀ ਹੈ। ਮਿਹਰ ਦੀਨ ਹੱਥੀ ਨਪਦਾ ਤੇ ਮੁਸਕ੍ਰਾਂਦਾ ਜਾਂਦਾ ਹੈ।
('ਬੋਝਲ ਪੰਡ' ਵਿੱਚੋਂ)