Mehmooda (Story in Punjabi) : Saadat Hasan Manto

ਮਹਿਮੂਦਾ (ਕਹਾਣੀ) : ਸਆਦਤ ਹਸਨ ਮੰਟੋ

ਮੁਸਤਕੀਮ ਨੇ ਮਹਿਮੂਦਾ ਨੂੰ ਪਹਿਲੀ ਵਾਰ ਆਪਣੀ ਸ਼ਾਦੀ ਉੱਤੇ ਵੇਖਿਆ। ਆਰਸੀ ਮਸਹਫ਼ ਦੀ ਰਸਮ ਅਦਾ ਹੋ ਰਹੀ ਸੀ ਕਿ ਅਚਾਨਕ ਉਸ ਨੂੰ ਦੋ ਵੱਡੀਆਂ ਵੱਡੀਆਂ....... ਗ਼ੈਰ-ਮਾਮੂਲੀ ਤੌਰ ਉੱਤੇ ਵੱਡੀਆਂ ਅੱਖਾਂ ਵਿਖਾਈ ਦਿੱਤੀਆਂ....... ਇਹ ਮਹਿਮੂਦਾ ਦੀਆਂ ਅੱਖਾਂ ਸਨ ਜੋ ਅਜੇ ਤੱਕ ਕੰਵਾਰੀਆਂ ਸਨ।

ਮੁਸਤਕੀਮ, ਔਰਤਾਂ ਅਤੇ ਲੜਕੀਆਂ ਦੇ ਝੁਰਮੁਟ ਵਿੱਚ ਘਿਰਿਆ ਸੀ....... ਮਹਿਮੂਦਾ ਦੀਆਂ ਅੱਖਾਂ ਦੇਖਣ ਦੇ ਬਾਅਦ ਉਸਨੂੰ ਉੱਕਾ ਮਹਿਸੂਸ ਨਾ ਹੋਇਆ ਕਿ ਆਰਸੀ ਮਸਹਫ਼ ਦੀ ਰਸਮ ਕਦੋਂ ਸ਼ੁਰੂ ਹੋਈ ਅਤੇ ਕਦੋਂ ਖ਼ਤਮ ਹੋਈ। ਉਸ ਦੀ ਦੁਲਹਨ ਕਿਵੇਂ ਦੀ ਸੀ, ਇਹ ਦੱਸਣ ਲਈ ਉਸ ਨੂੰ ਮੌਕਾ ਦਿੱਤਾ ਗਿਆ ਸੀ। ਮਗਰ ਮਹਿਮੂਦਾ ਦੀਆਂ ਅੱਖਾਂ ਉਸ ਦੀ ਦੁਲਹਨ ਅਤੇ ਉਸ ਦੇ ਦਰਮਿਆਨ ਇੱਕ ਸਾਇਆ ਮਖ਼ਮਲੀ ਪਰਦੇ ਦੇ ਵਾਂਗ ਖੜੀਆਂ ਹੋ ਗਈਆਂ।

ਉਸ ਨੇ ਚੋਰੀ ਚੋਰੀ ਕਈ ਵਾਰ ਮਹਿਮੂਦਾ ਦੀ ਤਰਫ਼ ਵੇਖਿਆ। ਉਸ ਦੀਆਂ ਹਾਣੀ ਲੜਕੀਆਂ ਸਭ ਚਹਿਚਹਾ ਰਹੀਆਂ ਸੀ। ਮੁਸਤਕੀਮ ਨਾਲ ਵੱਡੇ ਜੋਰਾਂ ਤੇ ਛੇੜਖ਼ਾਨੀ ਹੋ ਰਹੀ ਸੀ। ਮਗਰ ਉਹ ਅਲਗ-ਥਲਗ, ਖਿੜਕੀ ਦੇ ਕੋਲ ਗੋਡਿਆਂ ਉੱਤੇ ਠੋਡੀ ਜਮਾਏ, ਖ਼ਾਮੋਸ਼ ਬੈਠੀ ਸੀ।

ਉਸ ਦਾ ਰੰਗ ਗੋਰਾ ਸੀ। ਵਾਲ਼ ਫੱਟੀਆਂ ਉੱਤੇ ਲਿਖਣ ਵਾਲੀ ਸਿਆਹੀ ਦੇ ਵਾਂਗ ਕਾਲੇ ਅਤੇ ਚਮਕੀਲੇ ਸਨ। ਉਸ ਨੇ ਸਿੱਧਾ ਚੀਰ ਕੱਢ ਰੱਖ਼ਿਆ ਸੀ ਜੋ ਉਸ ਦੇ ਅੰਡਾਕਾਰ ਚਿਹਰੇ ਉੱਤੇ ਬਹੁਤ ਸਜਦਾ ਸੀ। ਮੁਸਤਕੀਮ ਦਾ ਅੰਦਾਜ਼ਾ ਸੀ ਕਿ ਉਸ ਦਾ ਕਦ ਛੋਟਾ ਹੈ ਇਸਲਈ ਜਦੋਂ ਉਹ ਉੱਠੀ ਤਾਂ ਉਸ ਦੀ ਤਸਦੀਕ ਹੋ ਗਈ।

ਲਿਬਾਸ ਬਹੁਤ ਮਾਮੂਲੀ ਕਿਸਮ ਦਾ ਸੀ। ਦੁਪੱਟਾ ਜਦੋਂ ਉਸ ਦੇ ਸਿਰ ਤੋਂ ਢਿਲਕਿਆ ਅਤੇ ਫ਼ਰਸ਼ ਤੱਕ ਜਾ ਪਹੁੰਚਿਆ ਤਾਂ ਮੁਸਤਕੀਮ ਨੇ ਵੇਖਿਆ ਕਿ ਉਸ ਦਾ ਸੀਨਾ ਬਹੁਤ ਠੋਸ ਅਤੇ ਮਜ਼ਬੂਤ ਸੀ। ਭਰਿਆ ਭਰਿਆ ਜਿਸਮ, ਤਿੱਖੀ ਨੱਕ, ਚੌੜਾ ਮੱਥਾ, ਛੋਟਾ ਜਿਹਾ ਬੁੱਲ੍ਹੀਆਂ ਦਾ ਬੂਹਾ....... ਅਤੇ ਅੱਖਾਂ....... ਜੋ ਵੇਖਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਵਿਖਾਈ ਦਿੰਦੀਆਂ ਸੀ।

ਮੁਸਤਕੀਮ ਆਪਣੀ ਦੁਲਹਨ ਨੂੰ ਘਰ ਲੈ ਆਇਆ। ਦੋ ਤਿੰਨ ਮਹੀਨੇ ਬੀਤ ਗਏ। ਉਹ ਖ਼ੁਸ਼ ਸੀ, ਇਸਲਈ ਕਿ ਉਸ ਦੀ ਪਤਨੀ ਖ਼ੂਬਸੂਰਤ ਅਤੇ ਬਾ-ਸਲੀਕਾ ਸੀ....... ਲੇਕਿਨ ਉਹ ਮਹਿਮੂਦਾ ਦੀਆਂ ਅੱਖਾਂ ਹਾਲੇ ਨਹੀਂ ਭੁੱਲ ਸਕਿਆ ਸੀ। ਉਸ ਨੂੰ ਅਜਿਹਾ ਮਹਿਸੂਸ ਹੁੰਦਾ ਸੀ ਕਿ ਉਹ ਉਸ ਦੇ ਦਿਲ-ਦਿਮਾਗ਼ ਉੱਤੇ ਉਘੜ ਗਈਆਂ ਹੋਣ।

ਮੁਸਤਕੀਮ ਨੂੰ ਮਹਿਮੂਦਾ ਦਾ ਨਾਮ ਪਤਾ ਨਹੀਂ ਸੀ....... ਇੱਕ ਦਿਨ ਉਸ ਨੇ ਆਪਣੀ ਪਤਨੀ, ਕੁਲਸੁਮ ਨੂੰ ਗੱਲੀਂ ਗੱਲੀਂ ਪੁੱਛਿਆ। “ਉਹ....... ਉਹ ਕੁੜੀ ਕੌਣ ਸੀ ਸਾਡੀ ਸ਼ਾਦੀ ਵਿੱਚ....... ਜਦੋਂ ਆਰਸੀ ਮਸਹਫ਼ ਦੀ ਰਸਮ ਅਦਾ ਹੋ ਰਹੀ ਸੀ, ਉਹ ਇੱਕ ਕੋਨੇ ਵਿੱਚ ਖਿੜਕੀ ਦੇ ਕੋਲ ਬੈਠੀ ਹੋਈ ਸੀ।”

ਕੁਲਸੁਮ ਨੇ ਜਵਾਬ ਦਿੱਤਾ। “ਮੈਂ ਕੀ ਕਹਿ ਸਕਦੀ ਹਾਂ....... ਉਸ ਵਕਤ ਕਈ ਲੜਕੀਆਂ ਸਨ। ਪਤਾ ਨਹੀਂ ਤੁਸੀਂ ਕਿਸ ਦੇ ਬਾਰੇ ਪੁੱਛ ਰਹੇ ਹੋ।”

ਮੁਸਤਕੀਮ ਨੇ ਕਿਹਾ। “ਉਹ....... ਉਹ ਜਿਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਸਨ।”

ਕੁਲਸੁਮ ਸਮਝ ਗਈ। “ਓਹ....... ਤੁਹਾਡਾ ਮਤਲਬ ਮਹਿਮੂਦਾ ਤੋਂ ਹੈ....... ਹਾਂ, ਵਾਕਈ ਉਸ ਦੀਆਂ ਅੱਖਾਂ ਬਹੁਤ ਵੱਡੀਆਂ ਹਨ, ਲੇਕਿਨ ਬੁਰੀਆਂ ਨਹੀਂ ਲੱਗਦੀਆਂ....... ਗ਼ਰੀਬ ਘਰਾਣੇ ਦੀ ਕੁੜੀ ਹੈ। ਬਹੁਤ ਕਮ ਗੋ (ਘੱਟ ਬੋਲਣ ਵਾਲੀ) ਅਤੇ ਸ਼ਰੀਫ....... ਕੱਲ ਹੀ ਉਸ ਦੀ ਸ਼ਾਦੀ ਹੋਈ ਹੈ।”

ਮੁਸਤਕੀਮ ਨੂੰ ਗ਼ੈਰ-ਇਰਾਦੀ ਤੌਰ ਤੇ ਇੱਕ ਧੱਕਾ ਜਿਹਾ ਲਗਾ। “ਉਸ ਦੀ ਸ਼ਾਦੀ ਹੋ ਗਈ ਕੱਲ੍ਹ?”

“ਹਾਂ....... ਮੈਂ ਕੱਲ ਉਥੇ ਹੀ ਤਾਂ ਗਈ ਸੀ....... ਮੈਂ ਤੁਹਾਨੂੰ ਕਿਹਾ ਨਹੀਂ ਸੀ ਕਿ ਮੈਂ ਉਸ ਨੂੰ ਇੱਕ ਅੰਗੂਠੀ ਦਿੱਤੀ ਹੈ?”

“ਹਾਂ ਹਾਂ....... ਮੈਨੂੰ ਯਾਦ ਆ ਗਿਆ....... ਲੇਕਿਨ ਮੈਨੂੰ ਇਹ ਪਤਾ ਨਹੀਂ ਸੀ ਕਿ ਤੂੰ ਜਿਸ ਸਹੇਲੀ ਦੀ ਸ਼ਾਦੀ ਉੱਤੇ ਜਾ ਰਹੀ ਹੈਂ, ਉਹੀ ਕੁੜੀ ਹੈ, ਵੱਡੀਆਂ ਵੱਡੀਆਂ ਅੱਖਾਂ ਵਾਲੀ....... ਕਿੱਥੇ ਸ਼ਾਦੀ ਹੋਈ ਹੈ ਉਸ ਦੀ?”

ਕੁਲਸੁਮ ਨੇ ਗਿਲੋਰੀ (ਪਾਨ ਦਾ ਬੀੜਾ) ਬਣਾ ਕੇ ਆਪਣੇ ਖ਼ਾਵੰਦ ਨੂੰ ਦਿੰਦੇ ਹੋਏ ਕਿਹਾ। “ਆਪਣੇ ਅਜ਼ੀਜ਼ਾਂ ਵਿੱਚ....... ਖ਼ਾਵੰਦ ਉਸ ਦਾ ਰੇਲਵੇ ਵਰਕਸ਼ਾਪ ਵਿੱਚ ਕੰਮ ਕਰਦਾ ਹੈ, ਡੇਢ ਸੌ ਰੁਪਿਆ ਮਹੀਨਾ ਤਨਖ਼ਾਹ ਹੈ....... ਸੁਣਿਆ ਹੈ ਬੇਹੱਦ ਸ਼ਰੀਫ ਆਦਮੀ ਹੈ।”

ਮੁਸਤਕੀਮ ਨੇ ਗਿਲੋਰੀ ਕਿੱਲੇ ਦੇ ਹੇਠਾਂ ਦਬਾਈ। “ਚਲੋ, ਅੱਛਾ ਹੋ ਗਿਆ ਹੈ....... ਕੁੜੀ ਵੀ, ਜਿਵੇਂ ਕਿ ਤੂੰ ਕਹਿੰਦੀ ਹੈਂ, ਸ਼ਰੀਫ ਹੈ।”

ਕੁਲਸੁਮ ਕੋਲੋਂ ਨਾ ਰਿਹਾ ਗਿਆ। ਉਸਨੂੰ ਤਅੱਜੁਬ ਸੀ ਕਿ ਉਸ ਦਾ ਖ਼ਾਵੰਦ ਮਹਿਮੂਦਾ ਵਿੱਚ ਇੰਨੀ ਦਿਲਚਸਪੀ ਕਿਉਂ ਲੈ ਰਿਹਾ ਹੈ। “ਹੈਰਤ ਹੈ ਕਿ ਤੁਸੀਂ ਉਸ ਨੂੰ ਮਹਿਜ਼ ਇੱਕ ਨਜ਼ਰ ਦੇਖਣ ਤੇ ਵੀ ਯਾਦ ਰੱਖਿਆ।”

ਮੁਸਤਕੀਮ ਨੇ ਕਿਹਾ। “ਉਸ ਦੀਆਂ ਅੱਖਾਂ ਕੁੱਝ ਅਜਿਹੀਆਂ ਹਨ ਕਿ ਆਦਮੀ ਉਨ੍ਹਾਂ ਨੂੰ ਭੁੱਲ ਨਹੀਂ ਸਕਦਾ....... ਕੀ ਮੈਂ ਝੂਠ ਕਹਿੰਦਾ ਹਾਂ?”

ਕੁਲਸੁਮ ਦੂਜਾ ਪਾਨ ਬਣਾ ਰਹੀ ਸੀ। ਥੋੜ੍ਹੇ ਵਕਫ਼ੇ ਦੇ ਬਾਅਦ ਉਹ ਆਪਣੇ ਖ਼ਾਵੰਦ ਨੂੰ ਮੁਖ਼ਾਤਬ ਹੋਈ। “ਮੈਂ ਉਸ ਦੇ ਬਾਰੇ ਕੁੱਝ ਕਹਿ ਨਹੀਂ ਸਕਦੀ। ਮੈਨੂੰ ਤਾਂ ਉਸ ਦੀਆਂ ਅੱਖਾਂ ਵਿੱਚ ਕੋਈ ਕਸ਼ਿਸ਼ ਨਜ਼ਰ ਨਹੀਂ ਆਉਂਦੀ....... ਮਰਦ ਜਾਣ ਕਿਨ੍ਹਾਂ ਨਿਗਾਹਾਂ ਨਾਲ ਵੇਖਦੇ ਹਨ।”

ਮੁਸਤਕੀਮ ਨੇ ਮੁਨਾਸਿਬ ਖ਼ਿਆਲ ਕੀਤਾ ਕਿ ਇਸ ਵਿਸ਼ੇ ਤੇ ਹੁਣ ਹੋਰ ਗੁਫਤੁਗੂ ਨਹੀਂ ਹੋਣੀ ਚਾਹੀਦੀ ਹੈ। ਇਸਲਈ ਜਵਾਬ ਵਿੱਚ ਮੁਸਕੁਰਾ ਕੇ ਉਹ ਉਠਿਆ ਅਤੇ ਆਪਣੇ ਕਮਰੇ ਵਿੱਚ ਚਲਾ ਗਿਆ....... ਐਤਵਾਰ ਦੀ ਛੁੱਟੀ ਸੀ। ਆਮ ਵਾਂਗ ਉਸਨੂੰ ਆਪਣੀ ਪਤਨੀ ਦੇ ਨਾਲ ਮੈਟਿਨੀ ਸ਼ੋ ਦੇਖਣ ਜਾਣਾ ਚਾਹੀਦਾ ਹੈ ਸੀ, ਮਗਰ ਮਹਿਮੂਦਾ ਦਾ ਜ਼ਿਕਰ ਛੇੜ ਕੇ ਉਸ ਨੇ ਆਪਣੀ ਤਬੀਅਤ ਮੁਕੱਦਰ ਕਰ ਲਈ ਸੀ।

ਉਸ ਨੇ ਆਰਾਮ-ਕੁਰਸੀ ਉੱਤੇ ਲੇਟ ਕੇ ਤਿਪਾਈ ਉਪਰੋਂ ਇੱਕ ਕਿਤਾਬ ਚੁੱਕੀ ਜਿਸਨੂੰ ਉਹ ਦੋ ਵਾਰ ਪੜ੍ਹ ਚੁੱਕਿਆ ਸੀ। ਪਹਿਲਾ ਵਰਕ ਕੱਢਿਆ ਅਤੇ ਪੜ੍ਹਨ ਲਗਾ, ਮਗਰ ਹਰਫ ਗਡਮਡ ਹੋ ਕੇ ਮਹਿਮੂਦਾ ਦੀਆਂ ਅੱਖਾਂ ਬਣ ਜਾਂਦੇ। ਮੁਸਤਕੀਮ ਨੇ ਸੋਚਿਆ। “ਸ਼ਾਇਦ ਕੁਲਸੁਮ ਠੀਕ ਕਹਿੰਦੀ ਸੀ ਕਿ ਉਸਨੂੰ ਮਹਿਮੂਦਾ ਦੀਆਂ ਅੱਖਾਂ ਵਿੱਚ ਕੋਈ ਕਸ਼ਿਸ਼ ਨਜ਼ਰ ਨਹੀਂ ਆਉਂਦੀ....... ਹੋ ਸਕਦਾ ਹੈ ਕਿਸੇ ਹੋਰ ਮਰਦ ਨੂੰ ਵੀ ਨਜ਼ਰ ਨਾ ਆਏ।"

ਇੱਕ ਸਿਰਫ ਮੈਂ ਹਾਂ ਜਿਸਨੂੰ ਵਿਖਾਈ ਦਿੱਤੀ ਹੈ....... ਪਰ ਕਿਓਂ...... ਮੈਂ ਅਜਿਹਾ ਕੋਈ ਇਰਾਦਾ ਨਹੀਂ ਕੀਤਾ ਸੀ....... ਮੇਰੀ ਅਜਿਹੀ ਕੋਈ ਖ਼ਾਹਿਸ਼ ਨਹੀਂ ਸੀ ਕਿ ਉਹ ਮੇਰੇ ਲਈ ਪੁਰ-ਕਸ਼ਿਸ਼ ਬਣ ਜਾਵੇ....... ਇੱਕ ਲਹਿਜ਼ੇ ਦੀ ਤਾਂ ਗੱਲ ਸੀ। ਬਸ ਮੈਂ ਇੱਕ ਨਜ਼ਰ ਵੇਖਿਆ ਅਤੇ ਉਹ ਮੇਰੇ ਦਿਲ ਦਿਮਾਗ਼ ਉੱਤੇ ਛਾ ਗਈ। ਇਸ ਵਿੱਚ ਨਾ ਉਨ੍ਹਾਂ ਅੱਖਾਂ ਦਾ ਕੁਸੂਰ ਹੈ, ਨਾ ਮੇਰੀਆਂ ਅੱਖਾਂ ਦਾ ਜਿਨ੍ਹਾਂ ਨਾਲ ਮੈਂ ਉਨ੍ਹਾਂ ਨੂੰ ਵੇਖਿਆ ਸੀ।”

ਇਸ ਦੇ ਬਾਅਦ ਮੁਸਤਕੀਮ ਨੇ ਮਹਿਮੂਦਾ ਦੀ ਸ਼ਾਦੀ ਦੇ ਬਾਰੇ ਸੋਚਣਾ ਸ਼ੁਰੂ ਕੀਤਾ। “ਤਾਂ ਹੋ ਗਈ ਉਸ ਦੀ ਸ਼ਾਦੀ....... ਚਲੋ ਅੱਛਾ ਹੋਇਆ....... ਲੇਕਿਨ ਦੋਸਤ ਇਹ ਕੀ ਗੱਲ ਹੈ ਕਿ ਤੇਰੇ ਦਿਲ ਵਿੱਚ ਹਲਕੀ ਜਿਹੀ ਟੀਸ ਉੱਠਦੀ ਹੈ....... ਕੀ ਤੂੰ ਚਾਹੁੰਦਾ ਸੀ ਕਿ ਉਸ ਦੀ ਸ਼ਾਦੀ ਨਾ ਹੋਵੇ....... ਹਮੇਸ਼ਾ ਕੰਵਾਰੀ ਰਹੇ, ਕਿਉਂਕਿ ਤੇਰੇ ਦਿਲ ਵਿੱਚ ਉਸ ਨਾਲ ਸ਼ਾਦੀ ਕਰਨ ਦੀ ਖ਼ਾਹਿਸ਼ ਤਾਂ ਕਦੇ ਪੈਦਾ ਨਹੀਂ ਹੋਈ, ਤੁਸੀਂ ਉਸ ਦੇ ਬਾਰੇ ਕਦੇ ਇੱਕ ਲਹਿਜ਼ੇ ਲਈ ਵੀ ਨਹੀਂ ਸੋਚਿਆ, ਫਿਰ ਜਲਨ ਕਿਵੇਂ ਦੀ....... ਇੰਨੀ ਦੇਰ ਤੈਨੂੰ ਉਸਨੂੰ ਦੇਖਣ ਦਾ ਕਦੇ ਖ਼ਿਆਲ ਨਹੀਂ ਆਇਆ, ਪਰ ਹੁਣ ਤੂੰ ਕਿਉਂ ਉਸਨੂੰ ਵੇਖਣਾ ਚਾਹੁੰਦਾ ਹੈਂ....... ਫ਼ਰਜ਼ ਕਰੋ ਵੇਖ ਵੀ ਲਿਆ ਤਾਂ ਕੀ ਕਰ ਲਵੇਂਗਾ, ਉਸਨੂੰ ਉਠਾ ਕੇ ਆਪਣੀ ਜੇਬ ਵਿੱਚ ਰੱਖ ਲਵੇਂਗਾ....... ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਨੋਚ ਕੇ ਆਪਣੇ ਬਟੂਏ ਵਿੱਚ ਪਾ ਲਵੇਂਗਾ....... ਬੋਲ - ਨਾ, ਕੀ ਕਰੇਂਗਾ?”

ਮੁਸਤਕੀਮ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਅਸਲ ਵਿੱਚ ਉਸਨੂੰ ਪਤਾ ਹੀ ਨਹੀਂ ਸੀ ਕਿ ਉਹ ਕੀ ਚਾਹੁੰਦਾ ਹੈ। ਜੇਕਰ ਕੁੱਝ ਚਾਹੁੰਦਾ ਵੀ ਹੈ ਤਾਂ ਕਿਉਂ ਚਾਹੁੰਦਾ ਹੈ।

ਮਹਿਮੂਦਾ ਦੀ ਸ਼ਾਦੀ ਹੋ ਚੁੱਕੀ ਸੀ, ਅਤੇ ਉਹ ਵੀ ਸਿਰਫ ਇੱਕ ਰੋਜ਼ ਪਹਿਲਾਂ। ਯਾਨੀ ਉਸ ਵਕਤ ਜਦੋਂ ਕਿ ਮੁਸਤਕੀਮ ਕਿਤਾਬ ਦੇ ਵਰਕੇ ਫ਼ੋਲ ਰਿਹਾ ਸੀ, ਮਹਿਮੂਦਾ ਯਕੀਨਨ ਦੁਲਹਨ ਦੇ ਲਿਬਾਸ ਵਿੱਚ ਜਾਂ ਤਾਂ ਆਪਣੇ ਮੈਕੇ ਜਾਂ ਆਪਣੀ ਸਹੁਰੀਂ ਸ਼ਰਮਾਈ ਲੱਜਾਈ ਬੈਠੀ ਸੀ....... ਉਹ ਖ਼ੁਦ ਸ਼ਰੀਫ ਸੀ, ਉਸ ਦਾ ਸ਼ੌਹਰ ਵੀ ਸ਼ਰੀਫ ਸੀ, ਰੇਲਵੇ ਵਰਕਸ਼ਾਪ ਵਿੱਚ ਮੁਲਾਜ਼ਮ ਸੀ ਅਤੇ ਡੇਢ ਸੌ ਰੁਪਏ ਮਹੀਨਾ ਤਨਖ਼ਾਹ ਲੈਂਦਾ ਸੀ....... ਬੜੀ ਖੁਸ਼ੀ ਦੀ ਗੱਲ ਸੀ। ਮੁਸਤਕੀਮ ਦੀ ਦਿਲੀ ਖ਼ਾਹਿਸ਼ ਸੀ ਕਿ ਉਹ ਖ਼ੁਸ਼ ਰਹੇ....... ਸਾਰੀ ਉਮਰ ਖ਼ੁਸ਼ ਰਹੇ....... ਲੇਕਿਨ ਉਸ ਦੇ ਦਿਲ ਵਿੱਚ ਜਾਣ ਕਿਉਂ ਇੱਕ ਟੀਸ ਸੀ ਉੱਠਦੀ ਸੀ ਅਤੇ ਉਸਨੂੰ ਬੇਕਰਾਰ ਬਣਾ ਜਾਂਦੀ ਸੀ।

ਮੁਸਤਕੀਮ ਆਖ਼ਰ ਇਸ ਨਤੀਜੇ ਉੱਤੇ ਪਹੁੰਚਿਆ ਕਿ ਇਹ ਸਭ ਬਕਵਾਸ ਹੈ। ਉਸਨੂੰ ਮਹਿਮੂਦਾ ਦੇ ਬਾਰੇ ਉੱਕਾ ਸੋਚਣਾ ਨਹੀਂ ਚਾਹੀਦਾ ਹੈ....... ਦੋ ਬਰਸ ਬੀਤ ਗਏ। ਇਸ ਦੌਰਾਨ ਵਿੱਚ ਉਸਨੂੰ ਮਹਿਮੂਦਾ ਦੇ ਬਾਰੇ ਕੁੱਝ ਪਤਾ ਨਹੀਂ ਲੱਗਿਆ ਅਤੇ ਨਾ ਉਸ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂ ਕਿ ਉਹ ਅਤੇ ਉਸ ਦਾ ਖ਼ਾਵੰਦ ਬੰਬਈ ਵਿੱਚ ਡੋਂਗਰੀ ਦੀ ਇੱਕ ਗਲੀ ਵਿੱਚ ਰਹਿੰਦੇ ਸਨ....... ਪਰ ਮੁਸਤਕੀਮ ਡੋਂਗਰੀ ਤੋਂ ਬਹੁਤ ਦੂਰ ਮਾਹਿਮ ਵਿੱਚ ਰਹਿੰਦਾ ਸੀ, ਲੇਕਿਨ ਜੇਕਰ ਉਹ ਚਾਹੁੰਦਾ ਤਾਂ ਬੜੀ ਸੌਖ ਨਾਲ ਮਹਿਮੂਦਾ ਨੂੰ ਵੇਖ ਸਕਦਾ ਸੀ।

ਇੱਕ ਦਿਨ ਕੁਲਸੁਮ ਹੀ ਨੇ ਉਸ ਨੂੰ ਕਿਹਾ। “ਤੁਹਾਡੀ ਉਸ ਵੱਡੀਆਂ ਵੱਡੀਆਂ ਅੱਖਾਂ ਵਾਲੀ ਮਹਿਮੂਦਾ ਦੇ ਨਸੀਬ ਬਹੁਤ ਬੁਰੇ ਨਿਕਲੇ !”

ਚੌਂਕ ਕੇ ਮੁਸਤਕੀਮ ਨੇ ਤਸ਼ਵੀਸ਼ ਭਰੇ ਲਹਿਜੇ ਵਿੱਚ ਪੁੱਛਿਆ। “ਕਿਉਂ ਕੀ ਹੋਇਆ?”

ਕੁਲਸੁਮ ਨੇ ਗਿਲੋਰੀ ਬਣਾਉਂਦੇ ਹੋਏ ਕਿਹਾ। “ਉਸ ਦਾ ਖ਼ਾਵੰਦ ਇੱਕ ਦਮ ਮੌਲਵੀ ਹੋ ਗਿਆ ਹੈ।”

“ਤਾਂ ਇਸ ਨਾਲ ਕੀ ਹੋਇਆ?”

“ਤੁਸੀਂ ਸੁਣ ਤਾਂ ਲਓ....... ਹਰ - ਵਕਤ ਮਜ਼ਹਬ ਦੀਆਂ ਗੱਲਾਂ ਕਰਦਾ ਰਹਿੰਦਾ ਹੈ....... ਲੇਕਿਨ ਬੜੀਆਂ ਊਟਪਟਾਂਗ ਕਿਸਮ ਦੀਆਂ। ਵਜ਼ੀਫ਼ੇ ਕਰਦਾ ਹੈ, ਚਿੱਲੇ ਕੱਟਦਾ ਹੈ ਅਤੇ ਮਹਿਮੂਦਾ ਨੂੰ ਮਜਬੂਰ ਕਰਦਾ ਹੈ ਕਿ ਉਹ ਵੀ ਅਜਿਹਾ ਕਰੇ। ਫ਼ਕੀਰਾਂ ਦੇ ਕੋਲ ਘੰਟਿਆਂ ਬੈਠਾ ਰਹਿੰਦਾ ਹੈ। ਘਰ ਵਾਰ ਤੋਂ ਬਿਲਕੁਲ ਗ਼ਾਫਿਲ ਹੋ ਗਿਆ ਹੈ।

“ਦਾੜ੍ਹੀ ਵਧਾ ਲਈ ਹੈ। ਹੱਥ ਵਿੱਚ ਹਰ ਵਕਤ ਤਸਬੀਹ ਹੁੰਦੀ ਹੈ। ਕੰਮ ਤੇ ਕਦੇ ਜਾਂਦਾ ਹੈ , ਕਦੇ ਨਹੀਂ ਜਾਂਦਾ....... ਕਈ ਕਈ ਦਿਨ ਗਾਇਬ ਰਹਿੰਦਾ ਹੈ....... ਉਹ ਬੇਚਾਰੀ ਕੁੜ੍ਹਦੀ ਰਹਿੰਦੀ ਹੈ। ਘਰ ਵਿੱਚ ਖਾਣ ਨੂੰ ਕੁੱਝ ਹੁੰਦਾ ਨਹੀਂ, ਇਸ ਲਈ ਫ਼ਾਕੇ ਕਰਦੀ ਹੈ। ਜਦੋਂ ਉਸ ਕੋਲ ਸ਼ਿਕਾਇਤ ਕਰਦੀ ਹੈ ਤਾਂ ਅੱਗੋਂ ਜਵਾਬ ਇਹ ਹੁੰਦਾ ਹੈ....... ਫ਼ਾਕਾਕਸ਼ੀ ਅੱਲ੍ਹਾ ਤਬਾਰਕ-ਓ-ਤਾਲਾ ਨੂੰ ਬਹੁਤ ਪਿਆਰੀ ਹੈ।” ਕੁਲਸੁਮ ਨੇ ਇਹ ਸਭ ਕੁੱਝ ਇੱਕ ਸਾਹ ਵਿੱਚ ਕਿਹਾ।

ਮੁਸਤਕੀਮ ਨੇ ਪੰਦਨੀਆ ਵਿੱਚੋਂ ਥੋੜ੍ਹੀ ਸੀ ਸੁਪਾਰੀ ਚੁੱਕ ਕੇ ਮੂੰਹ ਵਿੱਚ ਪਾਈ। “ਕਿਤੇ ਦਿਮਾਗ਼ ਤਾਂ ਨਹੀਂ ਚੱਲ ਗਿਆ ਉਸ ਦਾ?”

ਕੁਲਸੁਮ ਨੇ ਕਿਹਾ। “ਮਹਿਮੂਦਾ ਦਾ ਤਾਂ ਇਹੀ ਖ਼ਿਆਲ ਹੈ....... ਖ਼ਿਆਲ ਕੀ, ਉਸ ਨੂੰ ਯਕੀਨ ਹੈ। ਗਲੇ ਵਿੱਚ ਵੱਡੇ ਵੱਡੇ ਮਣਕਿਆਂ ਵਾਲੀ ਮਾਲਾ ਪਾਈ ਫਿਰਦਾ ਹੈ। ਕਦੇ ਕਦੇ ਚਿੱਟੇ ਰੰਗ ਦਾ ਚੋਲਾ ਵੀ ਪਹਿਨਦਾ ਹੈ।”

ਮੁਸਤਕੀਮ ਗਿਲੋਰੀ ਲੈ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਆਰਾਮ ਕੁਰਸੀ ਵਿੱਚ ਲੇਟ ਕੇ ਸੋਚਣ ਲਗਾ। “ਇਹ ਕੀ ਹੋਇਆ....... ਅਜਿਹਾ ਸ਼ੌਹਰ ਤਾਂ ਜਾਨ ਲਈ ਮੁਸੀਬਤ ਹੁੰਦਾ ਹੈ....... ਗ਼ਰੀਬ ਕਿਸ ਮੁਸੀਬਤ ਵਿੱਚ ਫਸ ਗਈ ਹੈ। ਮੇਰਾ ਖ਼ਿਆਲ ਹੈ ਕਿ ਪਾਗਲਪਨ ਦੇ ਰੋਗਾਣੂ ਉਸ ਦੇ ਸ਼ੌਹਰ ਵਿੱਚ ਸ਼ੁਰੂ ਹੀ ਤੋਂ ਮੌਜੂਦ ਹੋਣਗੇ ਜੋ ਹੁਣ ਇੱਕ ਦਮ ਜ਼ਾਹਰ ਹੋਏ ਹਨ....... ਲੇਕਿਨ ਸਵਾਲ ਇਹ ਹੈ ਕਿ ਹੁਣ ਮਹਿਮੂਦਾ ਕੀ ਕਰੇਗੀ। ਉਸ ਦਾ ਇੱਥੇ ਕੋਈ ਰਿਸ਼ਤੇਦਾਰ ਵੀ ਨਹੀਂ। ਕੁੱਝ ਜਣੇ ਸ਼ਾਦੀ ਕਰਨ ਲਾਹੌਰ ਤੋਂ ਆਏ ਸਨ ਅਤੇ ਵਾਪਸ ਚਲੇ ਗਏ ਸਨ....... ਕੀ ਮਹਿਮੂਦਾ ਨੇ ਆਪਣੇ ਮਾਂ-ਪਿਉ ਨੂੰ ਲਿਖਿਆ ਹੋਵੇਗਾ....... ਨਹੀਂ, ਉਸ ਦੇ ਮਾਂ ਬਾਪ ਤਾਂ ਜਿਵੇਂ ਕਿਿ ਕੁਲਸੁਮ ਨੇ ਇੱਕ ਵਾਰ ਕਿਹਾ ਸੀ ਉਸ ਦੇ ਬਚਪਨ ਹੀ ਵਿੱਚ ਮਰ ਗਏ ਸਨ। ਸ਼ਾਦੀ ਉਸ ਦੇ ਚਾਚੇ ਨੇ ਕੀਤੀ ਸੀ। ਡੋਂਗਰੀ....... ਪਹਾੜੀ ਵਿੱਚ ਸ਼ਾਇਦ ਉਸ ਦੀ ਜਾਣ ਪਹਿਚਾਣ ਦਾ ਕੋਈ ਹੋਵੇ....... ਨਹੀਂ, ਜਾਣ ਪਹਿਚਾਣ ਦਾ ਕੋਈ ਹੁੰਦਾ ਤਾਂ ਉਹ ਫ਼ਾਕੇ ਕਿਉਂ ਕਰਦੀ....... ਕੁਲਸੁਮ ਕਿਉਂ ਨਾ ਉਸਨੂੰ ਆਪਣੇ ਇੱਥੇ ਲੈ ਆਏਂ....... ਪਾਗਲ ਹੋ ਗਏ ਹੋ ਮੁਸਤਕੀਮ....... ਹੋਸ਼ ਵਿੱਚ ਆਓ।”

ਮੁਸਤਕੀਮ ਨੇ ਇੱਕ ਵਾਰ ਫਿਰ ਇਰਾਦਾ ਕਰ ਲਿਆ ਕਿ ਉਹ ਮਹਿਮੂਦਾ ਦੇ ਬਾਰੇ ਨਹੀਂ ਸੋਚੇਗਾ, ਇਸ ਲਈ ਕਿ ਉਸ ਦਾ ਕੋਈ ਫ਼ਾਇਦਾ ਨਹੀਂ ਸੀ, ਬੇਕਾਰ ਦੀ ਮਗ਼ਜ਼-ਪੱਚੀ ਸੀ।

ਬਹੁਤ ਦਿਨਾਂ ਦੇ ਬਾਅਦ ਕੁਲਸੁਮ ਨੇ ਇੱਕ ਦਿਨ ਉਸਨੂੰ ਦੱਸਿਆ ਕਿ ਮਹਿਮੂਦਾ ਦਾ ਸ਼ੌਹਰ ਜਿਸ ਦਾ ਨਾਮ ਜਮੀਲ ਸੀ, ਕਰੀਬ ਕਰੀਬ ਪਾਗਲ ਹੋ ਗਿਆ ਹੈ।

ਮੁਸਤਕੀਮ ਨੇ ਪੁੱਛਿਆ। “ਕੀ ਮਤਲਬ?”

ਕੁਲਸੁਮ ਨੇ ਜਵਾਬ ਦਿੱਤਾ। “ਮਤਲਬ ਇਹ ਕਿ ਹੁਣ ਉਹ ਰਾਤ ਨੂੰ ਇੱਕ ਸੈਕੰਡ ਲਈ ਨਹੀਂ ਸੌਂਦਾ। ਜਿੱਥੇ ਖੜਾ ਹੈ, ਬਸ ਉਥੇ ਹੀ ਘੰਟਿਆਂ ਖ਼ਾਮੋਸ਼ ਖੜਾ ਰਹਿੰਦਾ ਹੈ....... ਮਹਿਮੂਦਾ ਗ਼ਰੀਬ ਰੋਂਦੀ ਰਹਿੰਦੀ ਹੈ ..... ਮੈਂ ਕੱਲ ਉਸ ਦੇ ਕੋਲ ਗਈ ਸੀ। ਬੇਚਾਰੀ ਨੂੰ ਕਈ ਦਿਨ ਦਾ ਫਾਕਾ ਸੀ। ਮੈਂ ਵੀਹ ਰੁਪਏ ਦੇ ਆਈ ਕਿਉਂਕਿ ਮੇਰੇ ਕੋਲ ਏਨੇ ਹੀ ਸਨ।”

ਮੁਸਤਕੀਮ ਨੇ ਕਿਹਾ। “ਬਹੁਤ ਅੱਛਾ ਕੀਤਾ ਤੂੰ....... ਜਦੋਂ ਤੱਕ ਉਸ ਦਾ ਖ਼ਾਵੰਦ ਠੀਕ ਨਹੀਂ ਹੁੰਦਾ, ਕੁੱਝ ਨਾ ਕੁੱਝ ਦੇ ਆਇਆ ਕਰ ਤਾਂਕਿ ਗ਼ਰੀਬ ਨੂੰ ਫ਼ਾਕਿਆਂ ਦੀ ਨੌਬਤ ਨਾ ਆਏ।”

ਕੁਲਸੁਮ ਨੇ ਥੋੜ੍ਹੇ ਠਹਿਰਾ ਦੇ ਬਾਅਦ ਅਜੀਬੋ ਗ਼ਰੀਬ ਲਹਿਜੇ ਵਿੱਚ ਕਿਹਾ। “ਅਸਲ ਵਿੱਚ ਗੱਲ ਕੁੱਝ ਹੋਰ ਹੈ।”

“ਕੀ ਮਤਲਬ?”

“ਮਹਿਮੂਦਾ ਦਾ ਖ਼ਿਆਲ ਹੈ ਕਿ ਜਮੀਲ ਨੇ ਮਹਿਜ਼ ਇੱਕ ਢੌਂਗ ਰਚਾ ਰੱਖਿਆ ਹੈ। ਉਹ ਪਾਗਲ ਵਾਗਲ ਹਰਗਿਜ਼ ਨਹੀਂ....... ਗੱਲ ਇਹ ਹੈ ਕਿ ਉਹ.......”

“ਉਹ ਕੀ?”

“ਉਹ....... ਔਰਤ ਦੇ ਕਾਬਿਲ ਨਹੀਂ....... ਨੁਕਸ ਦੂਰ ਕਰਨ ਲਈ ਉਹ ਫ਼ਕੀਰਾਂ ਅਤੇ ਸੰਨਿਆਸੀਆਂ ਕੋਲੋਂ ਟੂਣੇ ਟੋਟਕੇ ਲੈਂਦਾ ਰਹਿੰਦਾ ਹੈ।”

ਮੁਸਤਕੀਮ ਨੇ ਕਿਹਾ, “ਇਹ ਗੱਲ ਤਾਂ ਪਾਗਲ ਹੋਣ ਨਾਲੋਂ ਜ਼ਿਆਦਾ ਅਫ਼ਸੋਸਨਾਕ ਹੈ....... ਮਹਿਮੂਦਾ ਲਈ ਤਾਂ ਇਹ ਸਮਝੋ ਕਿ ਵਿਵਾਹਿਤ ਜ਼ਿੰਦਗੀ ਇੱਕ ਖ਼ਲਾ ਬਣ ਕੇ ਰਹਿ ਗਈ ਹੈ।”

ਮੁਸਤਕੀਮ ਆਪਣੇ ਕਮਰੇ ਵਿੱਚ ਚਲਾ ਗਿਆ। ਉਹ ਬੈਠ ਕੇ ਮਹਿਮੂਦਾ ਦੀ ਬੁਰੀ ਦੇ ਬਾਰੇ ਸੋਚਣ ਲਗਾ। “ਅਜਿਹੀ ਔਰਤ ਦੀ ਜ਼ਿੰਦਗੀ ਕੀ ਹੋਵੇਗੀ ਜਿਸ ਦਾ ਸ਼ੌਹਰ ਬਿਲਕੁਲ ਸਿਫ਼ਰ ਹੋਵੇ। ਕਿੰਨੇ ਅਰਮਾਨ ਹੋਣਗੇ ਉਸ ਦੇ ਸੀਨੇ ਵਿੱਚ। ਉਸ ਦੀ ਜਵਾਨੀ ਨੇ ਕਿੰਨੇ ਕੰਬਾ ਦੇਣ ਵਾਲੇ ਸੁਪਨਾ ਵੇਖੇ ਹੋਣਗੇ। ਉਸ ਨੇ ਆਪਣੀ ਸਹੇਲੀਆਂ ਕੋਲੋਂ ਕੀ ਕੁੱਝ ਨਹੀਂ ਸੁਣਿਆ ਹੋਵੇਗਾ....... ਕਿੰਨੀ ਨਾ-ਉਮੀਦੀ ਹੋਈ ਹੋਵੇਗੀ ਗ਼ਰੀਬ ਨੂੰ, ਜਦੋਂ ਉਸਨੂੰ ਚਾਰੇ ਤਰਫ਼ ਖ਼ਲਾ ਹੀ ਖ਼ਲਾ ਨਜ਼ਰ ਆਇਆ ਹੋਵੇਗਾ....... ਉਸ ਨੇ ਆਪਣੀ ਗੋਦ ਹਰੀ ਹੋਣ ਦੇ ਬਾਰੇ ਵੀ ਕਈ ਵਾਰ ਸੋਚਿਆ ਹੋਵੇਗਾ....... ਜਦੋਂ ਡੋਂਗਰੀ ਵਿੱਚ ਕਿਸੇ ਦੇ ਬੱਚਾ ਪੈਦਾ ਹੋਣ ਦੀ ਇੱਤਲਾ ਉਸਨੂੰ ਮਿਲਦੀ ਹੋਵੇਗੀ ਤਾਂ ਬੇਚਾਰੀ ਦੇ ਦਿਲ ਉੱਤੇ ਇੱਕ ਮੁੱਕਾ ਜਿਹਾ ਲੱਗਦਾ ਹੋਵੇਗਾ....... ਹੁਣ ਕੀ ਕਰੇਗੀ....... ਅਜਿਹਾ ਨਾ ਹੋਵੇ ਖ਼ੁਦ-ਕਸ਼ੀ ਕਰ ਲਵੇ....... ਦੋ ਬਰਸ ਤੱਕ ਉਸ ਨੇ ਕਿਸੇ ਨੂੰ ਇਹ ਭੇਤ ਨਹੀਂ ਦੱਸਿਆ ਮਗਰ ਉਸ ਦਾ ਸੀਨਾ ਫਟ ਪਿਆ। ਖ਼ੁਦਾ ਉਸ ਦੇ ਹਾਲ ਉੱਤੇ ਰਹਿਮ ਕਰੇ!”

ਬਹੁਤ ਦਿਨ ਬੀਤ ਗਏ। ਮੁਸਤਕੀਮ ਅਤੇ ਕੁਲਸੁਮ ਛੁੱਟੀਆਂ ਵਿੱਚ ਪੰਚਗਨੀ ਚਲੇ ਗਏ। ਉੱਥੇ ਢਾਈ ਮਹੀਨੇ ਰਹੇ। ਵਾਪਸ ਆਏ ਤਾਂ ਇੱਕ ਮਹੀਨੇ ਦੇ ਬਾਅਦ ਕੁਲਸੁਮ ਦੇ ਮੁੰਡਾ ਪੈਦਾ ਹੋਇਆ....... ਉਹ ਮਹਿਮੂਦਾ ਦੇ ਨਹੀਂ ਜਾ ਸਕੀ। ਲੇਕਿਨ ਇੱਕ ਦਿਨ ਉਸ ਦੀ ਇੱਕ ਸਹੇਲੀ ਜੋ ਮਹਿਮੂਦਾ ਨੂੰ ਜਾਣਦੀ ਸੀ, ਉਸ ਨੂੰ ਮੁਬਾਰਕਬਾਦ ਦੇਣ ਲਈ ਆਈ। ਉਸ ਨੇ ਗੱਲਾਂ ਗੱਲਾਂ ਵਿੱਚ ਕੁਲਸੁਮ ਨੂੰ ਕਿਹਾ। “ਕੁੱਝ ਸੁਣਿਆ ਤੂੰ....... ਉਹ ਮਹਿਮੂਦਾ ਹੈ ਨਾ, ਵੱਡੀਆਂ ਵੱਡੀਆਂ ਅੱਖਾਂ ਵਾਲੀ!”

ਕੁਲਸੁਮ ਨੇ ਕਿਹਾ। “ਹਾਂ ਹਾਂ....... ਡੋਂਗਰੀ ਵਿੱਚ ਰਹਿੰਦੀ ਹੈ।”

“ਖ਼ਾਵੰਦ ਦੀ ਬੇਪਰਵਾਹੀ ਨੇ ਗ਼ਰੀਬ ਨੂੰ ਬੁਰੀਆਂ ਗੱਲਾਂ ਤੇ ਮਜਬੂਰ ਕਰ ਦਿੱਤਾ।” ਕੁਲਸੁਮ ਦੀ ਸਹੇਲੀ ਦੀ ਆਵਾਜ਼ ਵਿੱਚ ਦਰਦ ਸੀ।

ਕੁਲਸੁਮ ਨੇ ਭਾਰੀ ਦੁੱਖ ਨਾਲ ਪੁੱਛਿਆ। “ਕਿਵੇਂ ਦੀਆਂ ਬੁਰੀਆਂ ਗੱਲਾਂ ਤੇ?”

“ਹੁਣ ਉਸ ਦੇ ਗ਼ੈਰ ਮਰਦਾਂ ਦਾ ਆਣਾ ਜਾਣਾ ਹੋ ਗਿਆ ਹੈ।”

“ਝੂਠ!” ਕੁਲਸੁਮ ਦਾ ਦਿਲ ਧਕ ਧਕ ਕਰਨ ਲਗਾ।

ਕੁਲਸੁਮ ਦੀ ਸਹੇਲੀ ਨੇ ਕਿਹਾ। “ਨਹੀਂ ਕੁਲਸੁਮ, ਮੈਂ ਝੂਠ ਨਹੀਂ ਕਹਿੰਦੀ....... ਮੈਂ ਪਰਸੋਂ ਉਸ ਨੂੰ ਮਿਲਣ ਗਈ ਸੀ। ਬੂਹੇ ਤੇ ਦਸਤਕ ਦੇਣ ਹੀ ਵਾਲੀ ਸੀ ਕਿ ਅੰਦਰੋਂ ਇੱਕ ਨੌਜਵਾਨ ਮਰਦ ਜੋ ਮੈਮਨ ਲੱਗਦਾ ਸੀ , ਬਾਹਰ ਨਿਕਲਿਆ ਅਤੇ ਤੇਜ਼ੀ ਨਾਲ ਹੇਠਾਂ ਉੱਤਰ ਗਿਆ। ਮੈਂ ਫਿਰ ਉਸ ਨੂੰ ਮਿਲਣਾ ਮੁਨਾਸਿਬ ਨਹੀਂ ਸਮਝਿਆ ਅਤੇ ਵਾਪਸ ਚਲੀ ਆਈ।”

“ਇਹ ਤੂੰ ਬਹੁਤ ਬੁਰੀ ਖ਼ਬਰ ਸੁਣਾਈ....... ਖ਼ੁਦਾ ਉਸ ਨੂੰ ਗੁਨਾਹ ਦੇ ਰਸਤੇ ਤੋਂ ਬਚਾਈ ਰੱਖੇ....... ਹੋ ਸਕਦਾ ਹੈ ਉਹ ਮੈਮਨ ਉਸ ਦੇ ਖ਼ਾਵੰਦ ਦਾ ਕੋਈ ਦੋਸਤ ਹੋਵੇ।” ਕੁਲਸੁਮ ਨੇ ਖ਼ੁਦ ਨੂੰ ਫ਼ਰੇਬ ਦਿੰਦੇ ਹੋਏ ਕਿਹਾ।

ਉਸ ਦੀ ਸਹੇਲੀ ਮੁਸਕੁਰਾਈ। “ਦੋਸਤ, ਚੋਰਾਂ ਦੀ ਤਰ੍ਹਾਂ ਬੂਹਾ ਖੋਲ੍ਹ ਕੇ ਭੱਜਿਆ ਨਹੀਂ ਕਰਦੇ।”

ਕੁਲਸੁਮ ਨੇ ਆਪਣੇ ਖ਼ਾਵੰਦ ਨਾਲ ਗੱਲ ਕੀਤੀ ਤਾਂ ਉਸਨੂੰ ਬਹੁਤ ਦੁੱਖ ਹੋਇਆ। ਉਹ ਕਦੇ ਰੋਇਆ ਨਹੀਂ ਸੀ ਪਰ ਜਦੋਂ ਕੁਲਸੁਮ ਨੇ ਉਸਨੂੰ ਇਹ ਦਰਦਨਾਕ ਗੱਲ ਦੱਸੀ ਕਿ ਮਹਿਮੂਦਾ ਨੇ ਗੁਨਾਹ ਦਾ ਰਸਤਾ ਇਖ਼ਤਿਆਰ ਕਰ ਲਿਆ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਸ ਨੇ ਉਸੀ ਵਕਤ ਤਹਈਆ ਕਰ ਲਿਆ ਕਿ ਮਹਿਮੂਦਾ ਉਨ੍ਹਾਂ ਦੇ ਇੱਥੇ ਰਹੇਗੀ, ਇਸਲਈ ਉਸ ਨੇ ਆਪਣੀ ਪਤਨੀ ਨੂੰ ਕਿਹਾ। “ਇਹ ਬੜੀ ਭਿਅੰਕਰ ਗੱਲ ਹੈ....... ਤੂੰ ਇਵੇਂ ਕਰ, ਹੁਣੇ ਜਾ ਅਤੇ ਮਹਿਮੂਦਾ ਨੂੰ ਇੱਥੇ ਲੈ ਆ!”

ਕੁਲਸੁਮ ਨੇ ਬੜੇ ਰੁੱਖੇਪਣ ਨਾਲ ਕਿਹਾ “ਮੈਂ ਉਸਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੀ!”

“ਕਿਉਂ?” ਮੁਸਤਕੀਮ ਦੇ ਲਹਿਜੇ ਵਿੱਚ ਹੈਰਤ ਸੀ।

“ਬਸ, ਮੇਰੀ ਮਰਜ਼ੀ....... ਉਹ ਮੇਰੇ ਘਰ ਵਿੱਚ ਕਿਉਂ ਰਹੇ....... ਇਸ ਲਈ ਕਿ ਤੁਹਾਨੂੰ ਉਸ ਦੀਆਂ ਅੱਖਾਂ ਪਸੰਦ ਹਨ?” ਕੁਲਸੁਮ ਦੇ ਬੋਲਣ ਦਾ ਅੰਦਾਜ਼ ਬਹੁਤ ਜ਼ਹਿਰੀਲਾ ਅਤੇ ਤਨਜ਼ੀਆ ਸੀ।

ਮੁਸਤਕੀਮ ਨੂੰ ਬਹੁਤ ਗੁੱਸਾ ਆਇਆ, ਮਗਰ ਪੀ ਗਿਆ। ਕੁਲਸੁਮ ਨਾਲ ਬਹਿਸ ਕਰਨਾ ਬਿਲਕੁਲ ਫ਼ਜ਼ੂਲ ਸੀ। ਇੱਕ ਸਿਰਫ਼ ਇਹੀ ਹੋ ਸਕਦਾ ਸੀ ਕਿ ਉਹ ਕੁਲਸੁਮ ਨੂੰ ਕੱਢ ਕੇ ਮਹਿਮੂਦਾ ਨੂੰ ਲੈ ਆਏ....... ਮਗਰ ਉਹ ਅਜਿਹੇ ਕਦਮਾਂ ਦੇ ਬਾਰੇ ਸੋਚ ਹੀ ਨਹੀਂ ਸਕਦਾ ਸੀ। ਮੁਸਤਕੀਮ ਦੀ ਨੀਅਤ ਮੁਢੋਂ ਨੇਕ ਸੀ। ਉਸ ਨੂੰ ਖ਼ੁਦ ਇਸ ਦਾ ਅਹਿਸਾਸ ਸੀ। ਦਰਅਸਲ ਉਸ ਨੇ ਕਿਸੇ ਗੰਦੇ ਨਜ਼ਰੀਏ ਤੋਂ ਮਹਿਮੂਦਾ ਨੂੰ ਵੇਖਿਆ ਹੀ ਨਹੀਂ ਸੀ....... ਚਾਹੇ ਉਸ ਦੀਆਂ ਅੱਖਾਂ ਉਸ ਨੂੰ ਵਾਕਈ ਪਸੰਦ ਸਨ, ਇੰਨੀਆਂ ਕਿ ਉਹ ਬਿਆਨ ਨਹੀਂ ਕਰ ਸਕਦਾ ਸੀ।

ਉਹ ਗੁਨਾਹ ਦਾ ਰਸਤਾ ਇਖ਼ਤਿਆਰ ਕਰ ਚੁੱਕੀ ਸੀ। ਹਾਲੀਂ ਉਸ ਨੇ ਸਿਰਫ ਕੁਝ ਕਦਮ ਹੀ ਚੁੱਕੇ ਸਨ। ਉਸ ਨੂੰ ਤਬਾਹੀ ਦੇ ਖੱਡੇ ਤੋਂ ਬਚਾਇਆ ਜਾ ਸਕਦਾ ਸੀ....... ਮੁਸਤਕੀਮ ਨੇ ਕਦੇ ਨਮਾਜ਼ ਨਹੀਂ ਪੜ੍ਹੀ ਸੀ, ਕਦੇ ਰੋਜ਼ਾ ਨਹੀਂ ਰੱਖਿਆ ਸੀ, ਕਦੇ ਖ਼ੈਰਾਤ ਨਹੀਂ ਦਿੱਤੀ ਸੀ....... ਖ਼ੁਦਾ ਨੇ ਉਸ ਨੂੰ ਕਿੰਨਾ ਅੱਛਾ ਮੌਕਾ ਦਿੱਤਾ ਸੀ ਕਿ ਉਹ ਮਹਿਮੂਦਾ ਨੂੰ ਗੁਨਾਹ ਦੇ ਰਸਤੇ ਤੋਂ ਘਸੀਟ ਕੇ ਲੈ ਆਏ ਅਤੇ ਤਲਾਕ ਵਗ਼ੈਰਾ ਦਿਲਵਾ ਕੇ ਉਸ ਦਾ ਕਿਸੇ ਹੋਰ ਨਾਲ ਵਿਆਹ ਕਰ ਦੇਵੇ....... ਮਗਰ ਉਹ ਇਹ ਸਵਾਬ ਦਾ ਕੰਮ ਨਹੀਂ ਕਰ ਸਕਦਾ ਸੀ। ਇਸ ਲਈ ਕਿ ਉਹ ਬੀਵੀ ਦਾ ਦਬੇਲ ਸੀ।

ਬਹੁਤ ਦੇਰ ਤੱਕ ਮੁਸਤਕੀਮ ਦੀ ਜ਼ਮੀਰ ਉਸ ਨੂੰ ਝੰਜੋੜਦੀ ਰਹੀ। ਇੱਕ ਦੋ ਵਾਰ ਉਸ ਨੇ ਕੋਸ਼ਿਸ਼ ਕੀਤੀ ਕਿ ਉਸ ਦੀ ਪਤਨੀ ਰਜ਼ਾਮੰਦ ਹੋ ਜਾਵੇ। ਮਗਰ ਜਿਵੇਂ ਕਿ ਮੁਸਤਕੀਮ ਨੂੰ ਪਤਾ ਸੀ, ਅਜਿਹੀ ਕੋਸ਼ਿਸ਼ਾਂ ਬੇਕਾਰ ਸਨ।

ਮੁਸਤਕੀਮ ਦਾ ਖਿਆਲ ਸੀ ਕਿ ਹੋਰ ਕੁੱਝ ਨਹੀਂ ਤਾਂ ਕੁਲਸੁਮ, ਮਹਿਮੂਦਾ ਨੂੰ ਮਿਲਣ ਜ਼ਰੂਰ ਜਾਵੇਗੀ। ਮਗਰ ਉਸ ਨੂੰ ਨਾ-ਉਮੀਦੀ ਪੱਲੇ ਪਈ। ਕੁਲਸੁਮ ਨੇ ਉਸ ਰੋਜ਼ ਦੇ ਬਾਅਦ ਮਹਿਮੂਦਾ ਦਾ ਨਾਮ ਤੱਕ ਨਹੀਂ ਲਿਆ।

ਹੁਣ ਕੀ ਹੋ ਸਕਦਾ ਸੀ....... ਮੁਸਤਕੀਮ ਖ਼ਾਮੋਸ਼ ਰਿਹਾ।

ਕਰੀਬ ਕਰੀਬ ਦੋ ਬਰਸ ਬੀਤ ਗਏ। ਇੱਕ ਦਿਨ ਘਰੋਂ ਨਿਕਲ ਕੇ ਮੁਸਤਕੀਮ ਇੰਜ ਹੀ ਤਫ਼ਰੀਹਨ ਫੁਟਪਾਥ ਉੱਤੇ ਚਹਿਲਕਦਮੀ ਕਰ ਰਿਹਾ ਸੀ ਕਿ ਉਸ ਨੇ ਕਸਾਈਆਂ ਦੀ ਬਿਲਡਿੰਗ ਦੀ ਗਰਾਂਊਡ ਫਲੋਰ ਦੀ ਖੋਲੀ ਦੇ ਬਾਹਰ, ਥੜੇ ਉੱਤੇ ਮਹਿਮੂਦਾ ਦੀਆਂ ਅੱਖਾਂ ਦੀ ਝਲਕ ਵੇਖੀ। ਮੁਸਤਕੀਮ ਦੋ ਕਦਮ ਅੱਗੇ ਨਿਕਲ ਗਿਆ ਸੀ। ਫ਼ੌਰਨ ਮੁੜ ਕੇ ਉਸ ਨੇ ਗ਼ੌਰ ਨਾਲ ਵੇਖਿਆ....... ਮਹਿਮੂਦਾ ਹੀ ਸੀ। ਉਹੀ ਵੱਡੀਆਂ ਵੱਡੀਆਂ ਅੱਖਾਂ....... ਉਹ ਇੱਕ ਯਹੂਦਨ ਦੇ ਨਾਲ ਜੋ ਉਸ ਖੋਲੀ ਵਿੱਚ ਰਹਿੰਦੀ ਸੀ, ਗੱਲਾਂ ਕਰਨ ਵਿੱਚ ਮਸਰੂਫ ਸੀ।

ਉਸ ਯਹੂਦਨ ਨੂੰ ਸਾਰਾ ਮਾਹਿਮ ਜਾਣਦਾ ਸੀ। ਅਧਖੜ ਉਮਰ ਦੀ ਔਰਤ ਸੀ। ਉਸ ਦਾ ਕੰਮ ਅਯਾਸ਼ ਮਰਦਾਂ ਲਈ ਜਵਾਨ ਲੜਕੀਆਂ ਮੁਹਈਆ ਕਰਨਾ ਸੀ। ਉਸ ਦੀਆਂ ਆਪਣੀਆਂ ਦੋ ਜਵਾਨ ਲੜਕੀਆਂ ਸਨ ਜਿਨ੍ਹਾਂ ਤੋਂ ਉਹ ਪੇਸ਼ਾ ਕਰਵਾਂਦੀ ਸੀ....... ਮੁਸਤਕੀਮ ਨੇ ਜਦੋਂ ਮਹਿਮੂਦਾ ਦਾ ਚਿਹਰਾ ਨਿਹਾਇਤ ਹੀ ਬੇਹੂਦਾ ਤੌਰ ਉੱਤੇ ਮੇਕਅੱਪ ਕੀਤਾ ਹੋਇਆ ਵੇਖਿਆ ਤਾਂ ਉਹ ਲਰਜ਼ ਉੱਠਿਆ। ਜ਼ਿਆਦਾ ਦੇਰ ਤੱਕ ਇਹ ਦਰਦਨਾਕ ਦ੍ਰਿਸ਼ ਦੇਖਣ ਦੀ ਤਾਬ ਉਸ ਵਿੱਚ ਨਹੀਂ ਸੀ....... ਉੱਥੋਂ ਫ਼ੌਰਨ ਚੱਲ ਦਿੱਤਾ।

ਘਰ ਪਹੁੰਚ ਕੇ ਉਸ ਨੇ ਕੁਲਸੁਮ ਨਾਲ ਇਨ੍ਹਾਂ ਵਾਕਿਆਂ ਦਾ ਜ਼ਿਕਰ ਨਹੀਂ ਕੀਤਾ....... ਕਿਉਂਕਿ ਇਸ ਦੀ ਹੁਣ ਜ਼ਰੂਰਤ ਹੀ ਨਹੀਂ ਰਹੀ ਸੀ। ਮਹਿਮੂਦਾ ਹੁਣ ਮੁਕੰਮਲ ਇਸਮਤ-ਫਰੋਸ਼ ਔਰਤ ਬਣ ਚੁੱਕੀ ਸੀ....... ਮੁਸਤਕੀਮ ਦੇ ਸਾਹਮਣੇ ਜਦੋਂ ਵੀ ਉਸ ਦਾ ਬੇਹੂਦਾ ਅਤੇ ਫ਼ੁਹਸ਼ ਤੌਰ ਤੇ ਮੇਕਅੱਪ ਕੀਤਾ ਹੋਇਆ ਚਿਹਰਾ ਆਉਂਦਾ ਤਾਂ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ। ਉਸ ਦੀ ਜ਼ਮੀਰ ਉਸ ਨੂੰ ਕਹਿੰਦੀ, “ਮੁਸਤਕੀਮ ! ਜੋ ਕੁੱਝ ਤੁਸੀਂ ਵੇਖਿਆ ਹੈ, ਉਸ ਦਾ ਸਬੱਬ ਤੂੰ ਹੈਂ....... ਕੀ ਹੋਇਆ ਸੀ ਜੇਕਰ ਤੂੰ ਆਪਣੀ ਪਤਨੀ ਦੀ ਕੁਝ ਰੋਜ਼ਾ ਨਾਰਾਜ਼ਗੀ ਅਤੇ ਖ਼ਫਗੀ ਬਰਦਾਸ਼ਤ ਕਰ ਲੈਂਦੇ। ਜ਼ਿਆਦਾ ਤੋਂ ਜ਼ਿਆਦਾ ਉਹ ਗੁੱਸੇ ਵਿੱਚ ਆ ਕੇ ਆਪਣੇ ਮੈਕੇ ਚੱਲੀ ਜਾਂਦੀ....... ਮਗਰ ਮਹਿਮੂਦਾ ਦੀ ਜ਼ਿੰਦਗੀ ਇਸ ਗੰਦਗੀ ਤੋਂ ਤਾਂ ਬੱਚ ਜਾਂਦੀ ਜਿਸ ਵਿੱਚ ਉਹ ਇਸ ਵਕਤ ਧਸੀ ਹੋਈ ਹੈ....... ਕੀ ਤੁਹਾਡੀ ਨੀਅਤ ਨੇਕ ਨਹੀਂ ਸੀ....... ਜੇਕਰ ਤੂੰ ਸੱਚਾਈ ਤੇ ਸੀ ਅਤੇ ਸੱਚਾਈ ਉੱਤੇ ਰਹਿੰਦੇ ਤਾਂ ਕੁਲਸੁਮ ਇੱਕ ਨਾ ਇੱਕ ਦਿਨ ਆਪਣੇ ਆਪ ਠੀਕ ਹੋ ਜਾਂਦੀ....... ਤੂੰ ਬੜਾ ਜ਼ੁਲਮ ਕੀਤਾ....... ਬਹੁਤ ਬੜਾ ਗੁਨਾਹ ਕੀਤਾ।”

ਮੁਸਤਕੀਮ ਹੁਣ ਕੀ ਕਰ ਸਕਦਾ ਸੀ....... ਕੁੱਝ ਵੀ ਨਹੀਂ। ਪਾਣੀ ਸਿਰ ਤੋਂ ਲੰਘ ਚੁੱਕਿਆ ਸੀ। ਚਿੜੀਆਂ ਸਾਰਾ ਖੇਤ ਚੁਗ ਗਈਆਂ ਸਨ। ਹੁਣ ਕੁੱਝ ਨਹੀਂ ਹੋ ਸਕਦਾ ਸੀ। ਮਰਦੇ ਹੋਏ ਮਰੀਜ਼ ਨੂੰ ਆਖ਼ਰੀ ਦਮ ਤੇ ਆਕਸੀਜਨ ਸੁੰਘਾਉਣ ਵਾਲੀ ਗੱਲ ਸੀ।

ਥੋੜ੍ਹੇ ਦਿਨਾਂ ਦੇ ਬਾਅਦ ਬੰਬਈ ਦੀ ਫ਼ਿਜ਼ਾ ਫ਼ਿਰਕਾਵਾਰਾਨਾ ਫ਼ਸਾਦਾਂ ਦੇ ਸਬੱਬ ਬੜੀ ਖ਼ਤਰਨਾਕ ਹੋ ਗਈ। ਬਟਵਾਰੇ ਦੇ ਸਬੱਬ ਮੁਲਕ ਦੇ ਲੰਬਕਾਰ ਅਤੇ ਵਿਥਕਾਰ ਵਿੱਚ ਤਬਾਹੀ ਅਤੇ ਗ਼ਾਰਤਗਰੀ ਦਾ ਬਾਜ਼ਾਰ ਗਰਮ ਸੀ। ਲੋਕ ਲਗਾਤਾਰ ਹਿੰਦੁਸਤਾਨ ਛੱਡਕੇ ਪਾਕਿਸਤਾਨ ਜਾ ਰਹੇ ਸਨ। ਕੁਲਸੁਮ ਨੇ ਮੁਸਤਕੀਮ ਨੂੰ ਮਜਬੂਰ ਕੀਤਾ ਕਿ ਉਹ ਵੀ ਬੰਬਈ ਛੱਡ ਦੇਵੇ ..... ਚੁਨਾਂਚੇ ਜੋ ਪਹਿਲਾ ਜਹਾਜ਼ ਮਿਲਿਆ, ਉਸ ਦੀਆਂ ਸੀਟਾਂ ਬੁੱਕ ਕਰਾਕੇ ਮੀਆਂ ਬੀਵੀ ਕਰਾਚੀ ਪਹੁੰਚ ਗਏ ਅਤੇ ਛੋਟਾ ਮੋਟਾ ਕੰਮ-ਕਾਜ ਸ਼ੁਰੂ ਕਰ ਦਿੱਤਾ।

ਢਾਈ ਬਰਸ ਦੇ ਬਾਅਦ ਇਹ ਕੰਮ-ਕਾਜ ਤਰੱਕੀ ਕਰ ਗਿਆ, ਇਸ ਲਈ ਮੁਸਤਕੀਮ ਨੇ ਮੁਲਾਜ਼ਮਤ ਦਾ ਖ਼ਿਆਲ ਤਰਕ ਕਰ ਦਿੱਤਾ....... ਇੱਕ ਦਿਨ ਸ਼ਾਮ ਨੂੰ ਦੁਕਾਨ ਤੋਂ ਉਠ ਕੇ ਉਹ ਟਹਿਲਦਾ ਟਹਿਲਦਾ ਸਦਰ ਜਾ ਨਿਕਲਿਆ...... ਜੀ ਚਾਹਿਆ ਕਿ ਇੱਕ ਪਾਨ ਖਾਧਾ ਜਾਵੇ। ਵੀਹ ਤੀਹ ਕਦਮ ਦੇ ਫ਼ਾਸਲੇ ਤੇ ਉਸਨੂੰ ਇੱਕ ਦੁਕਾਨ ਨਜ਼ਰ ਆਈ ਜਿਥੇ ਕਾਫ਼ੀ ਭੀੜ ਸੀ। ਅੱਗੇ ਵੱਧ ਕੇ ਉਹ ਦੁਕਾਨ ਦੇ ਕੋਲ ਪਹੁੰਚਿਆ....... ਕੀ ਵੇਖਦਾ ਹੈ ਕਿ ਮਹਿਮੂਦਾ ਪਾਨ ਲਗਾ ਰਹੀ ਹੈ। ਝੁਲਸੇ ਹੋਏ ਚਿਹਰੇ ਤੇ ਉਸੇ ਕਿਸਮ ਦਾ ਫ਼ੁਹਸ਼ ਮੇਕਅੱਪ ਸੀ। ਲੋਕ ਉਸ ਨੂੰ ਗੰਦੇ ਗੰਦੇ ਮਜ਼ਾਕ ਕਰ ਰਹੇ ਸਨ ਅਤੇ ਉਹ ਹਸ ਰਹੀ ਹੈ....... ਮੁਸਤਕੀਮ ਦੇ ਹੋਸ਼ ਉਹ ਹਵਾਸ ਗਾਇਬ ਹੋ ਗਏ। ਕਰੀਬ ਸੀ ਕਿ ਉੱਥੋਂ ਭੱਜ ਜਾਵੇ ਕਿ ਮਹਿਮੂਦਾ ਨੇ ਉਸਨੂੰ ਪੁਕਾਰਿਆ, “ਏਧਰ ਆਓ ਦੁਲਹਾ ਮੀਆਂ....... ਤੁਹਾਨੂੰ ਇੱਕ ਫਸਟ ਕਲਾਸ ਪਾਨ ਖਿਲਾਏਂ....... ਅਸੀਂ ਤਾਂ ਤੁਹਾਡੀ ਸ਼ਾਦੀ ਵਿੱਚ ਸ਼ਰੀਕ ਸਾਂ!” ਮੁਸਤਕੀਮ ਬਿਲਕੁਲ ਪਥਰਾ ਗਿਆ।

(ਅਨੁਵਾਦ : ਚਰਨ ਗਿੱਲ)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ