Mela Maveshian (Punjabi Story) : Gurdial Singh

ਮੇਲਾ ਮਵੇਸ਼ੀਆਂ (ਕਹਾਣੀ) : ਗੁਰਦਿਆਲ ਸਿੰਘ

ਟਿੱਬੀ ਉਤੇ ਈ, ਉਨ੍ਹਾਂ ਦੇ ਪਿੰਡ ਦਾ ਭੁਰੂ ਟਾਂਗਰੀ ਆਪਣੀ ਦਾਤੀ-ਸਿੰਗੀ ਮੱਝ ਦੇ ਸਿੰਗ ਤੇਲ ਨਾਲ ਲਿਸ਼ਕਾਈ, ਉਹਦੀਆਂ ਚਿਚੜੀਆਂ ਤੋੜਣ ਮੰਡਿਆ ਪਿਆ ਸੀ। ਬਿੰਦੇ-ਝੱਟੇ ਉਹ ਮੂੰਹ ਚੁੱਕ ਕੇ, ਸਾਹਮਣੇ ਪਸ਼ੂਆਂ ਤੇ ਬੰਦਿਆਂ ਦੀ ਭੀੜ ਵੱਲ ਇੰਜ ਝਾਕਦਾ ਜਿਵੇਂ ਉਹਨੂੰ ਅਜੇ ਵੀ ਕਿਸੇ ਗਾਹਕ ਦੀ ਆਸ ਹੋਵੇ।
ਸੰਤੂ ਨੇ ਉਸ ਵਲ ਵੇਖ ਕੇ ਪਾਲੇ ਨੂੰ ਕਿਹਾ, ''ਵੇਖੀਂ ਉਇ ਬਾਈ ਇਹਦੀਆਂ ਲੱਤਾਂ ਵੇਖੀਂ!''
ਪਾਲਾ ਉਸ ਵਲ ਝਾਕ ਕੇ ਹੱਸ ਪਿਆ। ਭੁਰੂ ਦੀਆਂ ਲੱਤਾਂ ਸੱਚੀਂ ਈ ਕੱਟੇ ਵਰਗੀਆਂ ਸਨ।
ਟਿੱਬੀ ਤੋਂ ਹੇਠ ਲਹਿੰਦਿਆਂ ਈ ਉਹ ਜਿਵੇਂ ਕਿਸੇ ਹੋਰ ਦੁਨੀਆਂ ਵਿੱਚ ਆ ਵੜੇ ਹੋਣ। ਖੁਲ੍ਹੇ ਚੌੜੇ ਰਾਹ ਦੇ ਦੋਹੀਂ ਪਾਸੀਂ ਤੰਬੂਆਂ ਵਿੱਚ ਭਾਂਤ-ਭਾਂਤ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਸਪਰਿੰਗਾਂ ਵਾਲੇ ਲਾਟੂ, ਚਿੱਟੀਆਂ ਡੰਡੀਆਂ ਵਾਲੇ ਚਾਕੂ, ਰਬੜ ਦੇ ਬਾਵੇ, ਰੰਗ ਬਰੰਗੀਆਂ ਡੋਰੀਆਂ, ਧਲਿਆਰੇ, ਝਾਂਜਰਾਂ, ਘੁੰਗਰਾਲਾ ਸਭ ਕੁਝ ਸੀ। ਸੰਤੂ ਨੇ ਖੀਸੇ 'ਚ ਪਾਈ ਚੁਆਨੀ ਟੋਹ ਕੇ ਵੇਖੀ ਤੇ ਰੁੱਖੇ ਬੁੱਲ੍ਹਾਂ ਤੇ ਜੀਭ ਫੇਰਨ ਲੱਗ ਪਿਆ। ਫੇਰ ਕੁਝ ਜੇਰਾ ਕਰਕੇ ਪਾਲੇ ਦੇ ਮੋਢੇ ਤੇ ਹੱਥ ਧਰਦਿਆਂ ਬੋਲਿਆ, ''ਉਇ ਬਾਈ! ਕੁਸ ਖਾਣ ਵਾਲੀ ਚੀਜ਼ ਲਈਏ?''
''ਕੀ ਲਏਂਗਾ?''
'ਕੁਸ ਲੈ ਲੈਨੇ ਐਂ?'' ਸੰਤੂ ਨੇ ਸਧਰਾਈਆਂ ਨਜ਼ਰਾਂ ਨਾਲ ਤੰਬੂਆਂ ਵਲ ਤੱਕਦਿਆਂ ਕਿਹਾ।
''ਕੁਸ ਕੀ ਤੂੰ ਉੱਠ ਘੋੜਾ ਲਏਂਗਾ? ਡੂਢ ਆਨੇ ਦੀ ਤਾਂ ਤੇਰੇ ਕੋਲ ਭਾਨ ਐਂ!''
''ਕਾਹਨੂੰ, ਚੁਆਨੀ ਐ।''
''ਚੰਗਾ। ਗਾਹਾਂ ਚੱਲ ਕੇ ਜਲੇਬੀਆਂ ਖਾਵਾਂਗੇ। ਸਾਂਭ ਕੇ ਰੱਖੀਂ ਐਵੇਂ ਭੀੜ 'ਚ ਕਿਤੇ ਡੇਗ ਬੈਠੇਂਗਾ।''
ਜਲੇਬੀਆਂ ਦਾ ਨਾਂ ਸੁਣ ਕੇ ਸੰਤੂ ਨੇ ਫੇਰ ਬੁੱਲ੍ਹਾਂ ਤੇ ਜੀਭ ਫੇਰੀ ਤੇ ਮੋੜ ਉਤੇ ਲੱਗੇ ਵੱਡੇ ਤੰਬੂਆਂ ਵਲ ਝਾਕਣ ਲੱਗ ਪਿਆ। ਕਿੱਕਰ ਬੇਰੀ ਦੇ ਫੱਟਾਂ ਉਤੇ ਬੈਠੇ ਜੱਟ, ਮੂਹਰੇ ਇੱਟਾਂ ਉਤੇ ਟਿਕਾਈਆਂ ਪੁਰਾਣੀਆਂ ਬਤੀਰੀਆਂ ਤੇ ਧਰੇ ਵਡੇ-ਵੱਡੇ ਪਿੱਤਲ ਦੇ ਥਾਲਾਂ ਵਿੱਚ ਰੋਟੀ ਖਾਈ ਜਾਂਦੇ ਸਨ। ਸੰਤੂ ਨੂੰ ਹੈਰਾਨੀ ਹੋਈ ਕਿ ਰੋਟੀ ਖਾਣ ਦਾ ਇਹ ਕਿਹੜਾ ਵੇਲਾ ਹੋਇਆ? ਪਰ ਉਦੋਂ ਈ ਉਹਦੀ ਨਿਗਾਹ ਵੱਡੇ-ਵੱਡੇ ਬੁਰਕ ਮਾਰਦੇ ਇੱਕ ਧੱਕੜ ਜਿਹੇ ਬੰਦੇ ਤੇ ਜਾ ਪਈ। ਉਹ ਇੱਕ ਰੋਟੀ ਦੀ ਜਿਵੇਂ ਇੱਕੋ ਬੁਰਕੀ ਕਰਦਾ ਸੀ, ਤੇ ਇਸ ਬੁਰਕੀ ਨਾਲ ਬਾਟੀ ਦੀ ਸਾਰੀ ਦਾਲ ਵੀ ਸਮੇਟ ਲੈਂਦਾ ਸੀ। ਤਵੇ ਜਿੜੀਆਂ-ਜਿੜੀਆਂ ਤੰਦੂਰ ਦੀਆਂ ਰੋਟੀਆਂ ਦੀ ਗਿੱਠ ਉੱਚੀ ਬਹੀ ਉਹਦੇ ਮੂਹਰੇ ਪਈ ਹੋਈ ਸੀ।
''ਵੇਖੀਂ ਬਈ, ਅਹੁ ਬੰਦਾ ਰੋਟੀ ਕਿਮੇਂ ਖਾਂਦੈ!''
''ਖਾਂਦਾ ਕਾਹਨੂੰ ਐਂ, ਚਰਦੈ!'' ਪਾਲੇ ਨੇ ਓਧਰ ਝਾਕ ਕੇ ਕਿਹਾ, ਤੇ ਉਹ ਮੁਸਕਰਾ ਪਏ।
ਆਲੇ-ਦੁਆਲੇ ਜਲੇਬੀਆਂ ਵਾਲੀ ਕੋਈ ਦੁਕਾਨ ਈ ਨਹੀਂ ਸੀ ਦਿਸਦੀ। ਇੱਕ ਪਾਟੇ ਮੈਲੇ-ਜਿਹੇ ਤੰਬੂ ਵਿੱਚ ਮਖਾਣੇ, ਫਿੱਕੀਆਂ ਖਿੱਲਾਂ ਤੇ ਰਿਉੜੀਆਂ ਪਤਾਸਿਆਂ ਵਾਲੀਆਂ ਲੋਹੇ ਦੀਆਂ ਪਰਾਤਾਂ ਰੱਖੀ ਇਅਕ ਕਾਲਾ ਧੂਤ , ਘੋਨ-ਮੋਨ ਹਲਵਾਈ ਜ਼ਰੂਰ ਬੈਠਾ ਸੀ। ਪਤਾਸਿਆਂ ਉਤੇ ਮੱਖੀਆਂ ਤੇ ਭਰਿੰਡਾਂ ਦਾ ਜਿਵੇਂ ਖੱਖਰ ਲਗਿਆ ਹੋਇਆ ਹੋਵੇ। ਉਹ ਹਲਵਾਈ ਜਦੋਂ ਉਚਾ ਸਾਰਾ ਹੋਕਾ ਦਿੰਦਾ ਤਾਂ ਬੱਕਰੀ ਦੇ ਮੇਮਣੇ ਵਾਂਗੂੰ ਮਿਆਂਕਦਾ ਲਗਦਾ। ਉਹਦੇ ਕਾੜ੍ਹਣੀ ਜਿੱਡੇ ਸਿਰ, ਤੇ ਊਠ ਵਰਗੇ ਬੁੱਲ੍ਹਾਂ ਵਿਚੋਂ ਏਨੀ ਬਰੀਕ ਜਿਹੀ ਆਵਾਜ਼ ਬੜੀ ਓਪਰੀ ਲਗਦੀ।
''ਉਇ ਬਾਈ!'' ਸੰਤੂ ਨੇ ਉਭੜਵਾਹਿਆਂ ਪਾਲੇ ਨੂੰ ਕਿਹਾ, ''ਅਹੁ ਰੇੜ੍ਹੀ ਆਲੇ ਤੋਂ ਮਿੱਠੇ ਛੋਲੇ ਲਈਏ, ਪੰਜਾਂ ਪੈਸਿਆਂ ਦੇ?''
''ਜਾਹ ਉਇ! ਭਾਲਿਆ ਪਸ਼ੂਆਂ ਆਲਾ ਖਾਈਆ। ਘਰੇ ਕਦੇ ਛੋਲੇ ਨ੍ਹੀਂ ਵੇਖੇ?'' ਪਾਲੇ ਨੇ ਉਸ ਵੱਲ ਘੂਰ ਕੇ ਤੱਕਿਆ।
ਸੰਤੂ ਨੇ ਨੀਵੀਂ ਪਾ ਲਈ ਤੇ ਹੱਥ ਬਾਹਰ ਕੱਢ ਕੇ ਖੀਸਾ ਬਾਹਰੋਂ ਘੁੱਟ ਕੇ ਫੜ ਲਿਆ।
ਉਨ੍ਹਾਂ ਦੇ ਸਾਹਮਣੇ ਈ ਇਕ ਬੰਦੇ ਦੇ ਦੁਆਲੇ ਕੱਠੇ ਹੋਏ ਦਸ ਪੰਦਰਾਂ ਜਣੇ ਇਉਂ ਰੌਲਾ ਪਾ ਰਹੇ ਸਨ ਜਿਵੇਂ ਉਹ ਉਨ੍ਹਾਂ ਦਾ ਕੁਝ ਚੁਕ ਚੁਰਾ ਲਿਆਇਆ ਹੋਵੇ। ਉਸ ਬੰਦੇ ਨੇ ਇੱਕ ਹੱਥ ਨਾਲ ਤਾਂ ਮੁਰਦੜੇ ਜਿਹੇ ਵਹਿੜਕੇ ਦੀ ਨੱਥ ਫੜੀ ਹੋਈ ਸੀ, ਪਰ ਦੂਜੀ ਬਾਹੋਂ ਫੜਕੇ ਉਹਨੂੰ ਦੋ ਬੰਦੇ ਜਿਵੇਂ ਧੂਣ ਲੱਗੇ ਹੋਏ ਸਨ। ਉਨ੍ਹਾਂ ਵਿਚੋਂ ਇਕ ਵੱਡੀਆਂ ਵੱਡੀਆਂ ਭੂਰੀਆਂ ਮੁੱਛਾਂ ਤੇ ਲਾਲ-ਅੱਖਾਂ ਵਾਲਾ ਬੰਦਾ ਵਹਿੜਕੇ ਵਾਲੇ ਨੂੰ ਕੁੱਦ-ਕੁੱਦ ਪੈ ਰਿਹਾ ਸੀ।
''ਉਇ ਤੂੰ ਬੰਦੈਂ ਕਿ ਪਸ਼ੂ? ਰੁਪਈਆ ਫੜ ਚੁੱਪ ਕਰਕੇ! ਕੱਲ੍ਹ ਨੂੰ ਇਹਨੂੰ ਕਾਰੰਗੇ ਨੂੰ ਕਿਸੇ ਨੇ ਪਸੇਰੀ ਛੋਲਿਆਂ ਵੱਟੇ ਨ੍ਹੀਂ ਸਿਆਨਣਾ-ਭਾਲਦੈ ਸਾਢੇ ਪੰਜ ਸੌ! ਤੂੰ ਸ਼ੁਕਰ ਕਰ ਬਮਾਰੀ ਤੇਰੇ ਮਗਰੋਂ ਲਹੂ!''
ਪਰ ਵਹਿੜਕੇ ਵਾਲਾ ''ਊਂਹੂੰ, ਊਂਹੂੰ'' ਕਰਦਾ ਸਿਰ ਮਾਰੀ ਜਾਂਦਾ ਸੀ। ਆਲੇ-ਦੁਆਲੇ ਖੜੋਤੇ ਬੰਦਿਆਂ 'ਚੋਂ ਕਈ ਘੂਰ-ਘੂਰ ਉਸ ਵੱਲ ਵੇਖ ਰਹੇ ਸਨ, ਕਈ ਚੁੱਪ-ਕੀਤੇ ਮੁਸ਼ਕੜੀਏ ਹੱਸ ਰਹੇ ਸਨ।
ਖੱਬੇ ਪਾਸੇ ਦੂਰ ਤਕ ਰੁੱਖਾਂ ਹੇਠ ਪਸ਼ੂ ਈ ਪਸ਼ੂ ਖੜੋਤੇ ਸਨ,ਮੱਝਾਂ, ਬਲਦ, ਗਾਈਆਂ, ਊਠ। ਚਾਰ-ਚੁਫੇਰਿਓਂ ਹਰੇ-ਸੁੱਕੇ ਪੱਠਿਆਂ ਤੇ ਗੋਹੇ ਦਾ ਰਲਵਾਂ ਮੁਸ਼ਕ ਆ ਰਿਹਾ ਸੀ। ਤੇ ਇਸ ਨਾਲ ਸੰਤੂ ਨੂੰ ਜਿਵੇਂ ਨਸ਼ਾ-ਜਿਹਾ ਚੜ੍ਹਨ ਲਗ ਪਿਆ।
ਸਾਹਮਣੇ, ਪਿੱਪਲ ਹੇਠ 'ਬਾਵਾ ਜੀ' ਦਾ ਵੱਡਾ ਛਤਰ ਗੱਡਿਆ ਹੋਇਆ ਸੀ। ਸੰਤੂ ਨੇ ਪਾਲੇ ਨੂੰ ਬਾਹੋਂ ਹਲੂਣਦਿਆਂ ਕਿਹਾ, ''ਓਇ ਬਾਈ! ਆ ਆਉਬੇ ਦਰਿਆਈ ਘੋੜੇ ਵੇਖੀਏ!''
''ਛੱਡ ਉਇ ਪਰ੍ਹੇ-ਲਗਦਾ ਦਰਿਆਈ ਘੋੜਿਆਂ ਦਾ ਉਹ ਤਾਂ ਠੱਗ ਕੱਠੇ ਹੋਏ ਵੇ ਐ,ਓਦੇਂ ਵੇਖ ਖਾਂ, ਇੰਦਾ ਚਾਚਾ ਦਸਦਾ ਸੀ।''
ਸੰਤੂ ਨੇ ਹਿਰਖੀ ਨਜ਼ਰ ਨਾਲ ਪਾਲੇ ਵਲ ਵੇਖਿਆ ਤੇ ਫੇਰ ਛਤਰ ਵਲ ਨਿਗ੍ਹਾ ਗੱਡ ਲਈ। ਨਿੱਕੇ-ਨਿੱਕੇ ਕਈ ਮੁੰਡੇ ਵਾਹਣ 'ਚ ਬੈਠੀਆਂ ਭੇਡਾਂ ਵਾਂਗ ਛਤਰ ਦੇ ਆਲੇ ਦੁਆਲੇ ਕੱਠੇ ਹੋਏ ਬੈਠੇ ਸਨ। ਟੁੱਟੀ ਬਾਲਟੀ ਵਰਗੇ ਲਾਊਡ ਸਪੀਕਰ ਵਿਚੋਂ ਇੱਕ ਗੀਤ ਦੀ 'ਚੂੰ-ਚੂੰ' ਸੁਣਾਈ ਦੇ ਰਹੀ ਸੀ। 'ਬਾਵਾ ਜੀ', ਦੁਆਈਆਂ ਵਾਲੀਆਂ ਰੰਗ-ਬਰੰਗੀਆਂ ਸ਼ੀਸ਼ੀਆਂ ਮੂਹਰੇ ਰੱਖੀ, ਵੱਡੇ ਸਾਰੇ ਟਰੰਕ ਦਾ ਢਾਸਣਾ ਲਾ ਕੇ ਪਸਰੇ ਪਏ ਸਨ। ਭਾਰਾ ਢਿੱਡ, ਮੋਟੀ ਧੌਣ ਤੇ ਘੋਨ-ਮੋਨ ਸਿਰ ਬੜਾ ਓਪਰਾ ਜਿਹਾ ਲਗਦਾ ਸੀ। (ਦੋ ਵਰ੍ਹੇ ਪਹਿਲਾਂ ਜਦੋਂ ਉਹ ਦੋਏ ਭਰਾ ਇਉਂ ਈ ਕਪਾਹ ਦੀ ਰੁੱਤੇ, ਖੇਤੋਂ ਚੋਰੀਓਂ ਭੱਜ ਕੇ ਮੇਲਾ ਵੇਖਣ ਆਏ ਸਨ, ਉਦੋਂ ਇਹ 'ਬਾਵਾ ਜੀ' ਏਨੇ ਨਰੋਏ ਨਹੀਂ ਸਨ ਦਿੱਸੇ, ਪਰ ਹੁਣ ਤਾਂ ਮਾਨਾ ਦੇ ਭੂਰੇ ਸਾਨ੍ਹ ਵਰਗੇ ਹੋਏ ਲਗਦੇ ਸਨ) ਮਰਿਆ ਹੋਇਆ ਦਰਿਆਈ ਘੋੜਾ, ਮਗਰ ਮੱਛ ਤੇ ਸਰਾਲ੍ਹ ਵੀ ਨਹੀਂ ਦਿੱਸੇ, ਸ਼ਾਇਦ ਉਹ ਮੁੰਡਿਆਂ ਦੇ ਉਹਲੇ ਸਨ।
''ਬਾਈ! ਮੈਂ ਵੇਖ-ਲਾਂ, ਅਹੁ,'', ਝਕਦਿਆਂ ਝਕਦਿਆਂ ਸੰਤੂ ਨੇ ਜ਼ੋਰਾ ਕਰਕੇ ਪਾਲੇ ਤੋਂ ਪੁੱਛਿਆ।
ਪਰ ਪਾਲੇ ਦਾ ਧਿਆਨ ਸਾਹਮਣਿਓਂ ਆਉਂਦੇ ਇੱਕ ਘੁੰਗਰਾਲਾਂ ਵੇਚਣ ਵਾਲੇ ਵਲ ਸੀ। ਸੰਤੂ ਨੂੰ ਵੀ ਉਹ ਬੰਦਾ ਬੜਾ ਅਜੀਬ ਲਗਿਆ। ਤੇੜ ਡੱਬ ਖੜੱਬਾ ਭੋਥਾ ਤੇ ਪੈਰੋਂ-ਸਿਰੋਂ ਉਹ ਨੰਗਾ ਸੀ। ਮੋਢਿਆਂ ਉਤੇ ਧਲਿਆਰੇ, ਘੁੰਗਰਾਲਾਂ ਤੇ ਲਾਲ ਹਰੇ ਰੰਗ ਦੀਆਂ ਗਾਨੀਆਂ ਲਮਕਾਈਆਂ ਹੋਈਆਂ ਸਨ। ਪਸਲੀਆਂ ਤੇ ਹਸਲੀ ਦੇ ਹੱਡ ਵੱਛਰੂ ਦੇ ਸਿੰਗਾਂ ਵਾਂਗ ਉਭਰੇ ਹੋਏ। ਦੋਹਾਂ ਹੱਥਾਂ ਵਿੱਚ ਦੋ ਘੁੰਗਰਾਲਾਂ ਫੜ ਕੇ ਉਹ ਪਹਿਲਾਂ ਉਹਨਾਂ ਨੂੰ ਜ਼ੋਰ-ਜ਼ੋਰ ਦੀ ਛਣਕਾਉਂਦਾ ਤੇ ਪਿਛੋਂ, ''ਲੈ ਜਾ ਬੇਲੀਆ, ਲੈ ਜਾ ਬੇਲੀਆ'' ਕਹਿੰਦਿਆਂ, ਉਭੜਵਾਹਾ ''ਹਊ'' ਕਰਕੇ ਢੱਠੇ ਵਾਂਗ ਬੜ੍ਹਕਦਿਆਂ ਟਪੂਸੀ ਮਾਰ ਕੇ ਦੋ ਕਦਮ ਅਗਾਂਹ ਆ ਜਾਂਦਾ। ਸਾਹਮਣੇ ਆ ਕੇ ਉਹਨੇ ਬੜ੍ਹਕ ਮਾਰਨ ਤੋਂ ਪਹਿਲਾਂ ਘੱਗੀ-ਪਾਟੀ ਵਾਜ ਨਾਲ ਇੱਕ ਬੇਮੇਲ ਗੀਤ ਜਿਹਾ ਵੀ ਗਾਇਆ-
''ਸਾਵਾ ਬੜ੍ਹਕਾਂ ਮਾਰੂ
ਤੋਰ ਪੰਜਾਬਣ ਦੀ!''
ਸੰਤੂ ਨੂੰ ਮੱਲੋਮੱਲੀ ਹਾਸੀ ਆ ਗਈ। ਉਸ ਪਾਲੇ ਤੋਂ ਪੁੱਛਿਆ, ''ਇਹ ਕੀ ਕਹਿੰਦੈ, ਬਾਈ?''
ਪਾਲਾ ਮੁਸਕਰਾਂਦਿਆਂ ਉਸ ਬੰਦੇ ਵਲ ਵੇਂਹਦਾ ਰਿਹਾ। ਪਰ ਅਚਾਨਕ ਉਹਨੂੰ ਡਰ ਜਿਹਾ ਲਗਿਆ ਤੇਉਸ ਸੰਤੂ ਦੀ ਬਾਂਹ ਫੜ ਕੇ ਆਖਿਆ, ''ਛੇਤੀ ਛੇਤੀ ਵੇਖ ਲੈ ਜਿਹੜਾ ਕੁਸ਼ ਵੇਖਣੈਂ ਕੰਜਰਾ, ਦਿਨ ਤਾਂ ਗਿਆ!''
ਸੰਤੂ ਨੇ ਆਸੇ-ਪਾਸੇ ਨਿਗਾਹ ਮਾਰੀ ਕੀ ਵੇਖੇ, ਕੀ ਨਾ ਵੇਖੇ! ਕਾਹਲੇ-ਕਾਹਲੇ ਤੁਰਦਿਆਂ ਉਨ੍ਹਾਂ ਸਾਰੇ ਮੇਲੇ ਵਿੱਚ ਦੋ ਗੇੜੇ ਹੋਰ ਲਾਏ। ਕਿਤੇ-ਕਿਤੇ ਪਲ ਝੱਟ ਖੜੋਤੇ ਵੀ। ਸੰਤੂ ਨੇ ਦੋ ਤਿੰਨ ਵਾਰੀ ਪਾਲੇ ਤੋਂ ਚੁਆਨੀ ਖਰਚਣ ਦੀ ਸਲਾਹ ਫੇਰ ਪੁੱਛੀ, ਪਰ ਖਰਚਣ ਨਾ ਦਿੱਤੀ। ਭੁੱਖ ਦੋਹਾਂ ਨੂੰ ਬੜੀ ਲੱਗੀ ਹੋਈ ਸੀ ਜਦੋਂ 'ਘੁੰਗਰੂਆਂ ਵਾਲੀ' ਸ਼ਰਦਾਈ ਵਾਲੇ ਕੋਲ ਆ ਕੇ ਖਲੋਤੇ ਤਾਂ ਤਿਹ ਵੀ ਲਗ ਆਈ।
''ਹੈਂ ਉਇ ਬਾਈ, ਇਹਨੂੰ 'ਘੁੰਗਰੂਆਂ ਆਲੀ ਸ਼ਰਦਾਈ' ਕਿਉਂ ਕਹਿੰਦੇ ਐ?'' ਸੰਤੂ ਨੇ ਪੁੱਛਿਆ।
''ਤੈਨੂੰ ਆਪ ਨ੍ਹੀਂ ਦੀਂਹਦਾ?, ਇਹ ਘੁੰਗਰੂਆਂ ਆਲੇ ਘੋਟੇ ਨਾਲ ਰਗੜ ਕੇ ਪਿਉਂਦੈ।''
ਸੰਤੂ ਨੂੰ ਫੇਰ ਹਾਸੀ ਆ ਗਈ। ਸ਼ਰਦਾਈ ਰਗੜਣ ਵਾਲਾ ਬੰਦਾ ਘੋਟੇ ਨਾਲ ਬੰਨ੍ਹੇ ਘੁੰਗਰੂਆਂ ਦੀ ਭਾਲ ਨਾਲ ਈ ਆਪਣੀਆਂ ਵਿੰਗੜ ਤੇ ਸੁਕੜੂ ਲੱਤਾਂ ਇਉਂ ਹਿਲਾਉਂਦਾ ਸੀ ਜਿਵੇਂ ਵਹਿੜ ਦੇ ਮੱਖ ਲੜਦੀ ਹੋਵੇ।
''ਵੇਖੀਂ ਉਇ ਬਾਈ, ਹੇਠੋਂ ਛੜਾਂ-ਜੀਆਂ ਕਿਮੇਂ ਮਾਰਦੈ, ਆਪਣੇ ਵਛਰੂ ਆਂਗੂੰ!'' ਸੰਤੂ ਨੇ ਠਹਾਕਾ ਮਾਰ ਕੇ ਕਿਹਾ।
ਪਰ ਜਿਵੇਂ ਜਿਵੇਂ ਸੂਰਜ ਹੇਠਾਂ ਲਹਿੰਦਾ ਜਾ ਰਿਹਾ ਸੀ। ਪਾਲੇ ਨੂੰ ਫ਼ਿਕਰ ਪੈਂਦਾ ਜਾਂਦਾ ਸੀ। ਉਸ ਸੰਤੂ ਦੀ ਬਾਂਹ ਫੜ ਕੇ ਖਿਚਦਿਆਂ ਕਿਹਾ, ''ਚੱਲ ਹੁਣ ਪਿੰਡ ਨੂੰ ਚਲੀਏ ਨਹੀਂ ਤਾਂ ਬਾਪੂ ਸਾਰੀ ਰਾਤ ਘਮਟੱਟੂ ਬਣਾ ਕੇ ਵਿਹੜੇ 'ਚ ਕੀੜਿਆਂ ਆਲੇ ਭੌਣਾਂ ਤੇ ਸਿਟ ਛਡੂ, ਕਿਸੇ ਨੇ ਗੋਤ ਨੀਂ ਪੁੱਛਣਾ!''
ਸੰਤੂ ਵੀ ਬਾਪੂ ਦਾ ਨਾਂ ਸੁਣ ਕੇ ਤ੍ਰਹਿ ਗਿਆ। ਬਾਪੂ ਜਦੋਂ ਵੀ ਉਨ੍ਹਾਂ ਨੂੰ ਕੁੱਟਣ ਲਗਦਾ ਇੱਕ ਅਧੀ ਪਰਾਣੀ ਤੋੜੇ ਬਿਨਾਂ ਨਹੀਂ ਸੀ ਹਟਦਾ। ਸੰਤੂ ਨੂੰ ਇੰਜ ਲਗਦਾ ਜਿਵੇਂ ਉਹਨੇ ਉਨ੍ਹਾਂ ਦੋਹਾਂ ਭਰਾਵਾਂ ਉਤੇ, ਬਲਦਾਂ ਨਾਲੋਂ ਵਧੇਰੇ ਪਰਾਣੀਆਂ ਤੋੜੀਆਂ ਸਨ।
ਦਿਨ ਛਿਪ ਚਲਿਆ ਸੀ। ਉਹ ਕਾਹਲੇ ਪੈਰੀਂ ਮੁੜ ਪਏ। ਪਰ ਪਾਲੇ ਨੇ ਦਾਣਿਆਂ ਵਾਲੀ ਰੇੜ੍ਹੀ ਕੋਲ ਆ ਕੇ ਆਪੋ ਈ ਆਖਿਆ, ''ਭੂਕੜੇ ਚੱਬਣੇ ਐਂ?''
ਸੰਤੂ ਨੇ ਖੀਸੇ 'ਚ ਚੁਆਨੀ ਰੜਕਾਈ ਤੇ ਸਿਰ ਹਿਲਾ ਦਿੱਤਾ। ਪਰ ਜਦੋਂ ਰੇੜ੍ਹੀ ਵਾਲਾ ਦਾਣੇ ਤੋਲਣ ਲੱਗਿਆ ਤਾਂ ਪਾਲੇ ਨੇ ਨਿਮਕੀ ਜਿਹੀ ਨਾਲ ਉਹਨੂੰ ਕਿਹਾ, ''ਬਾਈ, ਹਾਅ ਮਾੜੇ ਜੇ ਮਿੱਠੇ ਭੂਕੜੇ ਵੀ ਪਾ-ਦੀਂ ਪੰਜ ਪੈਸਿਆਂ ਦੇ!''
''ਆਹਾ! ਮੂੰਹ ਤਾਂ ਵੇਖ ਮਿੱਠੇ ਭੂਕੜੇ ਖਾਣ ਆਲਿਆਂ ਦਾ!'' ਦਾਣਿਆਂ ਵਾਲੇ ਨੇ ਉਨ੍ਹਾਂ ਨੂੰ ਟਿੱਚਰ ਕਰਦਿਆਂ ਕਿਹਾ, ਪਰ ਮਿੱਠੇ ਛੋਲੇ ਫੇਰ ਵੀ ਨਾ ਪਾਏ।
''ਮਾਮੇ ਮੇਰੇ ਨੇ ਕੁਸ਼ ਵੀ ਨ੍ਹੀਂ ਉਇ ਦਿੱਤੇ!'' ਅਗਾਂਹ ਆ ਕੇ ਝੋਲੀ 'ਚ ਪਾਏ ਭੂਕੜਿਆਂ ਵੱਲ ਝਾਕਦਿਆਂ, ਰੇੜ੍ਹੀ ਵਾਲੇ ਵਲ ਘੂਰ ਕੇ ਪਾਲੇ ਕਿਹਾ ਤੇ ਡੂਢ-ਡੂਢ ਲੱਪ ਦਾਣੇ ਉਨਾਂ ਵੰਡ ਲਏ। ਫੇਰ ਉਥੇ ਈ ਖੜੋ ਕੇ ਲੱਪ-ਲੱਪ ਦਾ ਫੱਕਾ ਮਾਰ ਕੇ ਮੂੰਹ ਭਰ ਲਏ ਤੇ ਹਾਬੜਿਆਂ ਵਾਂਗ ਅੱਧ ਨਿਗਲੇ ਕਰ ਕੇ ਨਘਾਰਦਿਆਂ ਪਿੰਡ ਨੂੰ ਭਜ ਤੁਰੇ। ਰਹਿੰਦੀ ਅੱਧੀ ਲੱਪ ਉਨ੍ਹਾਂ ਦੋ ਵਾਰੀ ਕਰਕੇ ਭਜਦਿਆਂ ਈ ਚੱਬੀ। ਪਾਲੇ ਨੇ ਚਾਰ ਕੁ ਦਾਣੇ ਉਸ 'ਚੋਂ ਵੀ ਬਚਾ ਕੇ ਜੇਬ 'ਚ ਪਾ ਲਏ। ਉਨ੍ਹਾਂ 'ਚੋਂ ਅੱਧੇ ਰਿਹਾੜ ਕਰ ਕੇ ਸੰਤੂ ਲੈ ਗਿਆ। ਫੇਰ ਉਹ ਚਬੋਲਦਿਆਂ ਖਾਸੀ ਵਾਟ ਉਵੇਂ ਛਿੱਤਰ ਘਸਾਊ ਰੇਵੀਆ ਚਾਲ ਭੱਜੇ ਗਏ। ਤੇ ਇੰਜ ਦਾਣੇ ਚਬੋਲਦਿਆਂ ਪਾਲੇ ਨੂੰ ਖੁਰਲੀ ਦੇ ਖੂੰਜਿਆਂ ਵਿਚੋਂ ਚਰ੍ਹੀ ਦੇ ਕੁਤਰੇ ਦੀਆਂ ਬਚੀਆਂ-ਖੁਚੀਆਂ ਗੰਢਾਂ ਨੂੰ ਮੂੰਹ ਮਾਰਦਾ ਆਪਣਾ ਕੱਟਾ ਚੇਤੇ ਆ ਗਿਆ। ਉਸ ਮੁਸਕਰਾ ਕੇ ਪਿਛਾਂਹ ਵੇਖਿਆ, ਪਰ ਸੰਤੂ ਕਿਧਰੇ ਨਾ ਦਿਸਿਆ। ਉੱਚੀ ਉੱਚੀ ਦੋ ਤਿੰਨ ਵਾਜਾਂ ਮਾਰੀਆਂ ਤਾਂ ਸੰਤੂ ਇੱਕ ਮੌਲੇ ਬਲਦ ਦੇ ਕੋਲੋਂ ਦੀ, ਬਤਾਰੂ ਵਾਂਗ ਤੜਾਫੇ ਮਾਰਦਾ ਨਿਕਲਿਆ। ''ਓ ਬਾਈ, ਓ ਬਾਈ। ਅਹੁ ਡੰਗਰਹਾਂ ਆਲੇ ਹਸਪਤਾਲ ਦੀ ਕੰਧ ਤੇ ਇੱਕ ਅਕਬਾਰ ਲੱਗਿਆ ਵਿਐ। ਉਸ ਤੇ ਲਿਖਿਐ 'ਮੇਲਾ ਮਬੇਸੀਆਂ, ਨਾਲੇ ਬਲਦ ਤੇ ਮੈਸ ਦੀ ਮੂਰਤ ਬਣੀ ਵੀ ਐ, ਇਹ 'ਮੇਲਾ ਮਬੇਸੀਆ' ਕੀ ਹੋਇਆ?'' ਸੰਤੂ ਨੇ ਪਾਲੇ ਦੇ ਬਰਾਬਰ ਆ ਕੇ ਪੁੱਛਿਆ।
''ਪਹਿਲਾਂ ਤੂੰ ਸਾਹ ਲੈ ਲੈ। ਲਗਦਾ ਕੁਸ਼ ਮੇਲੇ ਮਬੇਸੀਆਂ' ਦਾ ਡੂਢ ਅੱਖਰ ਪੜ੍ਹ ਕੇ ਵੱਡਾ ਪੜਾਕੂ ਬਣਿਆਂ ਫਿਰਦੈ।'' ਪਾਲਾ ਚਲਾਕੀ ਨਾਲ ਆਪਣਾ ਅਣਜਾਣਪੁਣਾ ਲੁਕਾ ਗਿਆ।
ਟਿੱਬੀ ਤੇ ਆ ਕੇ ਉਹ ਹੌਲੀ ਹੋ ਗਏ ਤੇ ਬਿੰਦ ਦਾ ਬਿੰਦ ਖੜੋ ਕੇ ਪਿਛਾਂਹ ਤੱਕਣ ਲੱਗ ਪਏ। ਦੂਰ ਤਕ, ਕਾਲੇ-ਘਸਮੈਲੇ ਰੰਗ ਦੇ ਪਸ਼ੂਆਂ ਤੇ ਬੰਦਿਆਂ ਦੀਆਂ ਸ਼ਕਲਾਂ ਅਡੋ-ਅੱਡ ਪਛਾਣੀਆਂ ਨਹੀਂ ਸਨ ਜਾਂਦੀਆਂ। ਸੰਤੂ ਜਿਵੇਂ ਗਹੁ ਨਾਲ ਵੇਖ ਕੇ ਜਾਚਣ ਦਾ ਯਤਨ ਕਰ ਰਿਹਾ ਸੀ ਕਿ ਬੰਦੇ ਪਸ਼ੂਆਂ ਨੂੰ ਧੂਹੀ ਫਿਰਦੇ ਸਨ ਜਾਂ ਪਸ਼ੂ ਬੰਦਿਆਂ ਨੂੰ। ਕਈ ਜੱਟ ਭੁੰਜੇ ਚਾਦਰੇ ਵਿਛਾ ਕੇ ਲੰਮੇ ਵੀ ਪੈ ਗਏ ਸਨ। ਉਨ੍ਹਾਂ ਦੇ ਕੱਟੇ ਵੱਛੇ ਇਉਂ ਕੋਲ ਖੜੋਤੇ ਸਨ ਜਿਵੇਂ ਉਨ੍ਹਾਂ ਤੇ ਪਹਿਰਾ ਦੇ ਰਹੇ ਹੋਣ। ਅਸਮਾਨ ਦੂਰ ਤਕ ਧੂੜ ਨਾਲ ਅਟਿਆ ਹੋਇਆ ਸੀ। ਧੂੜ ਉਤੇ ਪਸਰੀ ਘਸਮੈਲੀ ਲਾਲੀ ਬੜੀ ਡਰਾਉਣੀ ਲਗਦੀ ਸੀ।
''ਉਇ ਤੂੰ ਗਾਹਾਂ ਤੁਰ, ਅਜੇ ਵੇਖ-ਵੇਖ ਰੱਜਿਆ ਨ੍ਹੀਂ? ਬਾਪੂ ਦਾ ਪਤੈ ਕਿ ਨਹੀਂ, ਪਤੰਦਰ ਦਾ? ਮਾਰ-ਮਾਰ ਸੁਜਾ ਦੂ! ਫੇਰ ਤਾਂ ਅਧਾ-ਅਧਾ ਪਹਿਰ ਥੂਕ੍ਹਣੋਂ ਨ੍ਹੀਂ ਹਟਦਾ ਹੁੰਦਾ!'' ਪਾਲੇ ਨੇ ਉਹਨੂੰ ਮੌਜ ਨਾਲ ਖੜੋਤਾ ਵੇਖ ਕੇ ਝਿੜਕਿਆ।
ਸੰਤੂ ਦੀਆਂ ਧੂੜ ਭਰੀਆਂ ਲੱਤਾਂ ਕੰਬਣ ਲੱਗ ਪਈਆਂ। ਨੰਗੇ ਪੈਰਾਂ ਦੀਆਂ ਪਾਤਲੀਆਂ ਵਿਚੋਂ ਸੇਕ ਨਿਕਲਦਾ ਜਾਪਿਆ। ਉਹ ਭੱਜ ਕੇ ਪਾਲੇ ਦੇ ਨਾਲ ਜਾ ਰਲਿਆ।
ਫੇਰ ਜਿਉਂ ਜਿਉਂ ਉਹ ਵਾਹੋ ਦਾਹੀ ਪਿੰਡ ਦੇ ਨੇੜੇ ਹੁੰਦੇ ਗਏ ਉਨ੍ਹਾਂ ਨੂੰ ਮੇਲੇ ਦੀਆਂ ਗੱਲਾਂ ਭੁੱਲਣ ਲਗ ਪਈਆਂ। ਹੌਲੀ-ਹੌਲੀ ਖਲਾਅ ਵਿੱਚ, ਸੰਘਣੇ-ਭਾਰੇ, ਪਰੇਤਾਂ ਵਰਗੇ ਰੁੱਖਾਂ ਦੀਆਂ ਟੀਸੀਆਂ ਉਤੋਂ ਦੀ, ਭੂਤ ਵਾਂਗ ਬਾਪੂ ਦਾ ਪਰਛਾਵਾਂ ਪਸਰਦਾ ਦਿੱਸਿਆ।
''ਇਹ ਚੁਆਨੀ ਤੂੰ ਕਿਥੋਂ ਲਈ ਸੀ ਉਇ?-ਬਾਪੂ ਦੀ ਜੇਬ 'ਚੋਂ ਕੱਢੀ ਸੀ?'' ਸੂਏ ਦੇ ਪੁਲ ਤੇ ਆਕੇ ਪਾਲੇ ਨੇ ਪੁੱਛਿਆ।
''ਕਾਹਨੂੰ, ਕਪਾਹ ਵੇਚੀ ਸੀ।''
''ਅੱਜ ਤੇਰੀਆਂ ਟੰਗਾਂ ਤਾਂ ਫੇਰ ਸਾਬਤ ਹੈ ਨੀਂ ਸਮਝ...!''
ਸੰਤੂ ਦਾ ਪਿੰਡਾ ਜਿਵੇਂ ਨਾਲ ਦੀ ਨਾਲ ਸੁੰਨ ਹੋ ਗਿਆ। ਪਰ ਦੂਜੇ ਪਲ ਈ ਉਹਦੇ ਅੰਦਰ ਭਬੂਕੇ ਵਾਂਗ ਕੁਝ ਮੱਚ ਪਿਆ। ਉਸ ਵਹਿੜਕੇ ਵਾਂਗ ਮੱਛਰਦਿਆਂ ਬੜ੍ਹਕ ਜਿਹੀ ਮਾਰ ਕੇ ਕਿਹਾ, ''ਦੇਖੀ ਜਾਊ ਫੇਰ, ਮੈਂ ਵੀ ਉਹਨੂੰ....ਉਹਨੂੰ ਫੇਰ ਅੱਜ ਦੇਊਂ ਧਨੇਸੜੀ!...ਅਸੀਂ ਕੋਈ ਮੇਲਾ ਮਬੇਸੀ ਐਂ!''
ਤੇ ਸੰਤੂ ਖ਼ਾਲੀ ਖੀਸੇ ਤੇ ਜੇਬ ਨੂੰ ਹੱਥ ਪਾਈਂ ਮੇਮਣੇ ਵਾਂਗ ਕੁਦਾੜੀਆਂ ਮਾਰਦਾ ਪਾਲੇ ਦੇ ਮੂਹਰੇ ਭੱਜ ਤੁਰਿਆ। ਪਾਲਾ ਹੈਰਾਨ ਹੋਇਆ ਉਸ ਵਲ ਵੇਂਹਦਾ, ਪਿਛਾਂਹ ਰਹਿ ਗਿਆ।
('ਮਸਤੀ ਬੋਤਾ' ਵਿਚੋਂ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਦਿਆਲ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ