Mera Gulla Kithe Hai ? (Story in Punjabi) : Padma Sachdev
ਮੇਰਾ ਗੁੱਲਾ ਕਿੱਥੇ ਹੈ? (ਕਹਾਣੀ) : ਪਦਮਾ ਸਚਦੇਵ
ਚਾਰੇ ਪਾਸੇ ਪਹਾੜਾਂ ਵਿਚ ਘਿਰੀ ਡਲ ਲੇਕ ਨਗੀਨੇ ਵਾਂਗ ਚਮਕ ਰਹੀ ਸੀ। ਡਲ ਲੇਕ ਦੀ ਛਾਤੀ 'ਤੇ ਇੱਕ
ਸ਼ਿਕਾਰਾ ਹੌਲੀ ਹੌਲੀ ਅੱਗੇ ਵਧ ਰਿਹਾ ਸੀ। ਮੈਂ ਅਧ-ਲੇਟੀ ਜਿਹੀ ਹਿਮਾਲਿਆ ਦੀ ਹਵਾ ਆਪਣੇ ਚਿਹਰੇ 'ਤੇ ਮਹਿਸੂਸ
ਕਰ ਰਹੀ ਸੀ। ਬੀਰ-ਬਹੂਟੀ ਵਾਂਗ ਹੌਲੀ ਹੌਲੀ ਮਸਤ ਹਵਾ ਮੇਰੇ ਚਿਹਰੇ 'ਤੇ ਰੀਂਗ ਰਹੀ ਸੀ। ਇਸਦਾ ਕੋਈ ਰੰਗ
ਨਾ ਸੀ। ਇਸ ਨੂੰ ਮੈਂ ਅੱਖਾਂ ਬੰਦ ਕਰ ਕੇ ਹੀ ਮਹਿਸੂਸਣਾ ਚਾਹੁੰਦੀ ਸੀ।
ਸ਼ਿਕਾਰੇ ਦੇ ਚੱਪੂ ਗੁੱਲੇ ਦੇ ਹੱਥ ਫੜੇ
ਸਨ। ਸ਼ਿਕਾਰਾ ਹਾਊਸਬੋਟਾਂ ਦੀ ਕਤਾਰ ਤੋਂ ਰਤਾ ਅਗਾਂਹ ਵਧਿਆ। ਪਿੱਛੇ ਲਾਲੀਤਾ, ਖ਼ੁਸ਼ਾਮਦੀਦ, ਬਹਿਸ਼ਤ- ਕਈ
ਹਾਊਸਬੋਟ ਬਜ਼ੁਰਗਾਂ ਵਾਂਗ ਸਿਰ ਜੋੜੀ ਬੈਠੇ ਸਨ। ਸ਼ਿਕਾਰਾ ਚੱਲ ਰਿਹਾ ਸੀ। ਚੱਪੂ ਦੀ ਹਲਕੀ ਜਿਹੀ ਆਵਾਜ਼ ਦੀ
ਲੈਅ ਮਹੌਲ ਵਿਚ ਰਸ ਘੋਲ ਰਹੀ ਸੀ। ਲਹਿਰਾਂ ਜਿਵੇਂ ਇੱਕ ਲਹਿਰ ਦੇ ਰਹੀਆਂ ਸਨ। ਸ੍ਰਿਸ਼ਟੀ ਹੈਰਾਨ-ਜਿਹੀ
ਖੜ੍ਹੀ ਦੀ ਖੜ੍ਹੀ ਰਹਿ ਕੇ ਡਲ ਲੇਕ ਵਿਚ ਆਪਣਾ ਚਿਹਰਾ ਦੇਖ ਰਹੀ ਸੀ। ਅਚਾਨਕ ਗੁੱਲੇ ਦੇ ਹੱਥ ਰੁਕ ਗਏ। ਚੱਪੂ
ਚੱਲਣਾ ਬੰਦ ਹੋਇਆ ਤਾਂ ਸੰਗੀਤ ਖਲੋਅ ਗਿਆ। ਮੈਂ ਰਤਾ ਕੁ ਅੱਖ ਦੀ ਕੋਰ ਖੋਲ੍ਹੀ। ਸਾਮ੍ਹਣੇ ਕਮਲਾਂ ਦਾ ਪਸਾਰਾ
ਸੀ। ਦੂਰ ਤੱਕ ਫੈਲੇ ਕਮਲ, ਕਮਲ-ਹੀ-ਕਮਲ ਆਪਣੀਆਂ ਡੰਡੀਆਂ 'ਤੇ ਚਾਂਭਲਦੇ, ਵਲ ਖਾਂਦੇ, ਸੰਗਦੇ ਕਮਲ ਝੂਮ
ਰਹੇ ਸਨ। ਆਸਪਾਸ ਨਿੱਕੇ ਡੋਂਗਿਆਂ ਵਿਚ ਬੈਠੇ ਬੱਚਿਆਂ ਦੇ ਹੱਥਾਂ ਵਿਚ ਵੀ ਕਮਲ ਸਨ। ਇੱਕ ਅੱਠ-ਨੌਂ ਸਾਲ ਦੀ
ਨੰਗ-ਧੜੰਗ ਕੁੜੀ ਆਪਣੇ ਡੋਂਗੇ ਵਿਚੋਂ ਧੜੰਮ ਦੇਣੀ ਪਾਣੀ ਵਿਚ ਕੁੱਦੀ। ਪਾਰਦਰਸ਼ੀ ਪਾਣੀ ਹੇਠਾਂ ਘਾਅ ਮੱਛਰੀ
ਸੀ। ਬੇਅਟਕ ਨਹਾਈ ਤੁਰੀ ਜਾਂਦੀ ਘਾਅ ਦੇ ਪੱਤੇ ਹੱਦੋਂ ਵੱਧ ਚਿਕਨੇ ਅਤੇ ਤਿਲਕ੍ਹਵੇਂ ਹੋ ਰਹੇ ਸਨ। ਇਸ ਪਾਣੀ
ਵਿਚ ਕੁੜੀ ਦੀ ਦੇਹ ਇੱਕ ਮੱਛੀ ਵਾਂਗ ਉਲਟਦੀ-ਪਲਟਦੀ ਉਤਾਂਹ ਨੂੰ ਆਈ। ਉਸਨੇ ਸਿਰ ਬਾਹਰ ਕੱਢ ਕੇ ਝਟਕਿਆ
ਅਤੇ ਝਟਕ ਕੇ ਅੱਖਾਂ ਖੋਲ੍ਹੀਆਂ। ਉਸਦੇ ਹੱਥ ਵਿਚ ਲਾਲ ਕਮਲ ਸੀ। ਦੂਰ ਚਾਰ-ਚਿਨਾਰੀ ਦੇ ਚਾਰੇ ਚਿਨਾਰ
ਇੱਕ ਦੂਜੇ ਵੰਨੀ ਪਿੱਠ ਕਰ ਕੇ ਖੜ੍ਹੇ ਮਨੁੱਖ ਹੋ ਗਏ। ਉਨ੍ਹਾਂ ਦਿਆਂ ਹੱਥਾਂ ਵਿਚ ਵੀ ਇੱਕ-ਇੱਕ ਲਾਲ ਕਮਲ ਸੀ।
ਕੁੜੀ ਨੇ ਹਫ਼ੀ ਹੋਈ ਨੇ ਮੈਨੂੰ ਪੁੱਛਿਆ, "ਲਾਲ ਕਮਲ ਲਏਂਗੀ?" ਮੈਂ ਅੱਖਾਂ ਮੀਚੀ-ਮੀਚੀ ਹੀ ਕਿਹਾ- "ਨਹੀਂ।"
ਉਸਨੇ ਕਿਹਾ-"ਲੈ, ਲੈਣਾ ਪਏਗਾ। ਹਰ ਸਾਲ ਤੂੰ ਇੱਥੇ ਆ ਕੇ ਮੈਥੋਂ ਕਮਲ ਲੈਂਦੀ ਹੈਂ? ਇਹ ਕਮਲ ਤੈਨੂੰ ਲੈਣਾ
ਹੀ ਪਏਗਾ।" ਮੈਂ ਹਿਮਾਲਿਆ ਦੀ ਗੋਦ ਵਿਚ ਝੂਟਦੀ ਰਹੀ ਸੀ। ਉਸਦੀ ਬਦਤਮੀਜ਼ੀ 'ਤੇ ਹੈਰਾਨੀ ਨਾਲ ਚੌਂਕ ਕੇ ਮੈਂ
ਅੱਖਾਂ ਖੋਲ੍ਹੀਆਂ ਅਤੇ ਗੁੱਲੇ ਕੰਨੀ ਦੇਖਿਆ। ਉਸਦੇ ਹੱਥਾਂ ਵਿਚ ਚੱਪੂ ਬਦਲ ਰਹੇ ਸਨ। ਉਸਦੇ ਦੋਹਾਂ ਹੱਥਾਂ ਵਿਚ ਵੀ
ਲਾਲ ਕਮਲ ਸਨ। ਮੈਂ ਧਿਆਨ ਨਾਲ ਤੱਕਿਆ, ਉਨ੍ਹਾਂ ਵਿਚੋਂ ਲਹੂ ਵਹਿ ਰਿਹਾ ਸੀ। ਗੁੱਲੇ ਦੇ ਚਿਹਰੇ 'ਤੇ ਦਹਿਸ਼ਤ
ਸੀ। ਅਚਾਨਕ ਕੁੜੀ ਦੀ ਆਵਾਜ਼ ਗੂੰਜੀ- "ਲੈ ਲੈ, ਇਹ ਕਮਲ ਲੈ ਲੈ। ਇੱਕ ਰੁਪਿਆ ਹੀ ਦੇ ਦਵੀਂ।"
ਹੁਣ ਮੈਂ
ਕੁੜੀ ਨੂੰ ਦੇਖਿਆ। ਉਹ ਪਾਣੀ ਵਿਚ ਖੜ੍ਹੀ ਸੀ। ਡਲ ਦਾ ਪਾਣੀ ਜੰਮ ਗਿਆ ਸੀ। ਉਹ ਸ਼ੀਸ਼ੇ ਵਾਂਗ ਚਮਕ ਰਿਹਾ
ਸੀ। ਅਸਮਾਨ ਬੇਰੰਗ-ਬੇਨੂਰ ਸੀ। ਡਲ ਦੇ ਜੰਮੇ ਹੋਏ ਪਾਣੀ ਦੀ ਚਮਕ ਅੱਖਾਂ ਨੂੰ ਚੁਭਣ ਲੱਗੀ। ਮੈਂ ਵੇਖਿਆ, ਜੰਮੇ
ਹੋਏ ਪਾਣੀ 'ਤੇ ਕੁੜੀ ਅਡੋਲ ਖੜ੍ਹੀ ਸੀ। ਉਸਦੇ ਹੱਥਾਂ ਵਿਚ ਲਾਲ ਕਮਲ ਸਨ। ਉਨ੍ਹਾਂ ਵਿਚੋਂ ਖੂਨ ਚੋਅ ਰਿਹਾ ਸੀ।
ਟਪ-ਟਪ-ਟਪ! ਜੰਮੀ ਹੋਈ ਝੀਲ 'ਤੇ ਖੂਨ ਦੀਆਂ ਪਰਤਾਂ-ਦਰ-ਪਰਤਾਂ ਸਨ। ਕਮਲ ਦੀਆਂ ਅੱਖਾਂ ਵਿਚ
ਉਤਰਿਆ ਹੋਇਆ ਖੂਨ ਵਹਿ ਰਿਹਾ ਸੀ। ਕੁੜੀ ਦੀ ਆਵਾਜ਼ ਫੇਰ ਗੂੰਜੀ, "ਲੈ ਵੀ! ਕਮਲ ਨਹੀਂ ਲਏਂਗੀ? ਵੇਖ,
ਇਸ ਵਾਰ ਡਲ ਵਿਚ ਸਿਰਫ਼ ਲਾਲ ਕਮਲ ਖਿੜੇ ਹਨ। ਪੀਲੇ ਜਾਂ ਸਫ਼ੇਦ ਕਮਲ ਨਹੀਂ ਖਿੜੇ। ਹੁਣ ਏਥੇ ਕਦੇ ਵੀ
ਪੀਲੇ ਜਾਂ ਸਫ਼ੇਦ ਕਮਲ ਨਹੀਂ ਹੋਣਗੇ, ਸਿਰਫ਼ ਲਾਲ ਹੀ ਕਮਲ ਹੋਣਗੇ। ਲੈ, ਲੈ ਵੀ ਹੁਣ!"
ਮੈਂ ਹੁਣ ਪੂਰੀਆਂ
ਅੱਖਾਂ ਖੋਲ੍ਹ ਦਿੱਤੀਆਂ। ਕਮਲ ਦੇ ਫੁੱਲ ਤੋਂ ਖੂਨ ਦਾ ਤੁਪਕਾ ਇਓਂ ਹੀ ਤੁਪਕਦਾ, ਜਿਵੇਂ ਸਮੁੰਦਰ ਵਿਚ ਡੁੱਬਦੇ ਸੂਰਜ
ਦੀ ਲਾਲੀ ਦਾ ਇੱਕ ਤੁਪਕਾ। ਕੁੜੀ ਝਟਪਟ ਵੱਡੀ ਹੋ ਗਈ ਸੀ। ਉਹ ਅਜੇ ਵੀ ਬੇਕੱਪੜਾ ਸੀ। ਉਸਦੇ ਸਰੀਰ 'ਤੇ
ਪਾਣੀ ਦੀ ਥਾਂ ਲਹੂ ਦੇ ਤੁਪਕੇ ਸਨ। ਉਸਦੇ ਹੱਥਾਂ ਵਿਚ ਕਮਲ ਦੇ ਫੁੱਲ ਸਨ। ਉਨ੍ਹਾਂ ਤੋਂ ਤੁਪਕਦੇ ਲਹੂ ਦੇ ਤੁਪਕੇ
ਜੰਮੀ ਹੋਈ ਡਲ 'ਤੇ ਡਿੱਗਦੇ ਅਤੇ ਫੈਲ ਕੇ ਗੋਲ ਹੋ ਜਾਂਦੇ। ਮੈਂ ਕੁੜੀ ਵੱਲ ਤੱਕਿਆ। ਉਹ ਮੁਸਕਾਈ। ਓਸ ਹਾਸੀ
ਵਿਚ ਦਹਿਸ਼ਤ ਦਾ ਦਰਿਆ ਪਾਰ ਕਰ ਲੈਣ ਵਾਲੀ ਪੀੜ ਸੀ। ਮੈਨੂੰ ਜਾਪਿਆ, ਇਹ ਲੱਲਡੱਡ ਵਾਂਗ ਹੱਸ ਰਹੀ
ਹੈ। ਜਿਵੇਂ ਲੱਲਡੱਡ ਦੀ ਸੱਸ ਉਸਨੂੰ ਪੱਥਰ ਹੇਠਾਂ ਰੱਖ ਕੇ ਉਤੋਂ ਚੌਲ ਪਰੋਸ ਕੇ ਦੇਂਦੀ ਸੀ, ਤਾਂ ਜੋ ਉਹ ਜ਼ਿਆਦਾ
ਜਾਪਣ, ਅਤੇ ਲੱਲਡੱਡ ਮੁਸਕਾਂਦੀ ਸੀ, ਉਂਝ ਹੀ ਉਹ ਕੁੜੀ ਮੁਸਕ੍ਰਾਂਦੀ ਸੀ। ਉਸਨੂੰ ਦੇਖ ਕੇ ਮੈਨੂੰ ਡਰ ਲੱਗਾ। ਮੈਂ
ਗੁੱਲੇ ਵੱਲ ਦੇਖਿਆ। ਉਹ ਓਥੇ ਹੈ ਨਹੀਂ ਸੀ। ਮੇਰਾ ਸ਼ਿਕਾਰਾ ਬਿਨ ਮੱਲਾਹ ਡੋਲ ਰਿਹਾ ਸੀ। ਚੱਪੂ ਡਲ 'ਤੇ ਖੋਹੇ ਹੋਏ
ਖੰਭਾਂ ਵਾਂਗ ਪਏ ਸਨ। ਮੈਂ ਜ਼ੋਰ ਦੀ ਪੁੱਛਿਆ, "ਗੁੱਲੇ, ਤੂੰ ਕਿੱਥੇ ਹੈਂ, ਕਿੱਥੇ ਹੈ ਮੇਰਾ ਗੁੱਲਾ, ਗੁੱਲੇ ਤੂੰ ਕਿੱਥੇ ਹੈਂ,
ਕਿੱਥੇ ਹੈਂ?"
ਮੈਂ ਹਿਚਕੀਆਂ ਲੈ ਕੇ ਰੋ ਰਹੀ ਸੀ। ਮੇਰੀ ਜਾਗ ਖੁੱਲ੍ਹ ਗਈ। ਮੈਂ ਆਪਣੇ ਘਰ ਵਿਚ ਆਪਣੇ ਸੌਣ ਵਾਲੇ ਕਮਰੇ ਵਿਚ
ਸੀ। ਕੁਝ ਚਿਰ ਮੈਨੂੰ ਸਮਝ ਨਾ ਆਈ ਕਿ ਮੈਂ ਕਿੱਥੇ ਹਾਂ। ਮੈਂ ਅੱਖਾਂ ਫਾੜ-ਫਾੜ ਚਾਰੇ ਪਾਸੇ ਦੇਖਿਆ।
ਮੈਂ ਲਾਲ ਕਮਲ ਦੇ ਖੂਨ ਦੇ ਹੰਝੂ ਰੋਂਦੇ ਫੁੱਲਾਂ ਦਾ ਨਜ਼ਾਰਾ ਭੁਲਾਅ ਦੇਣਾ ਚਾਹੁੰਦੀ ਸੀ। ਆਪਣੀ ਆਵਾਜ਼ ਸੁਣਨੀ
ਚਾਹੁੰਦੀ ਸੀ। ਮੇਰੀ ਆਵਾਜ਼ ਅੰਦਰ, ਕਿਤੇ ਬਹੁਤ ਅੰਦਰ, ਮੇਰੀ ਰੂਹ ਦੀ ਬੌਲ਼ੀ ਦੇ ਹੇਠਾਂ, ਬਹੁਤ ਹੇਠਾਂ ਸੀ। ਮੈਂ
ਕੋਸ਼ਿਸ਼ ਕਰ ਕੇ ਕਿਹਾ, "ਮੈਂ ਕਿੱਥੇ ਹਾਂ?"
ਮੈਂ ਘਰ ਵਿਚ ਸੀ। ਆਪਣੇ ਬਿਸਤਰ 'ਤੇ ਸੀ, ਪਰ ਮੇਰਾ ਗੁੱਲਾ ਕਿੱਥੇ ਗਿਆ? ਮੈਂ ਫੇਰ ਚਾਰੇ ਪਾਸੇ ਦੇਖਿਆ
ਅਤੇ ਰੋ ਕੇ ਕਿਹਾ, "ਮੇਰਾ ਗੁੱਲਾ ਕਿੱਥੇ ਹੈ?" ਮੈਂ ਆਪਣੀ ਆਵਾਜ਼ ਸੁਣ ਕੇ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ।
ਟੈਲੀਫ਼ੋਨ 'ਤੇ ਐਵੇਂ ਹੀ ਕੋਈ ਖਿਆਲੀ ਨੰਬਰ ਡਾਇਲ ਕੀਤਾ। ਉਹ ਵੱਜ ਰਿਹਾ ਸੀ। ਸਾਮ੍ਹਣੇ ਘੜੀ 'ਤੇ ਸਵੇਰ ਦੇ
ਵਾਰ ਵੱਜੇ ਸਨ। ਘੜੀ ਟਿੱਕ ਟਿੱਕ ਕਰ ਰਹੀ ਸੀ। ਤਾਂ ਇਹ ਸੁਫ਼ਨਾ ਸੀ। ਪਰ ਕਿੰਨਾ ਸੱਚਾ, ਕਿੰਨਾ ਉਘੜਿਆ,
ਕਿੰਨਾ ਰੌਸ਼ਨ! ਇਸ ਭਿਆਣਕ ਸੱਚ ਨੇ ਫੇਰ ਇਹ ਸੁਆਲ ਮੇਰੇ ਅੱਗੇ ਲਿਆ ਧਰਿਆ, ਕਿੱਥੇ ਹੈ ਮੇਰਾ ਗੁੱਲਾ?
ਇਹ ਗੁੱਲਾ ਕਿਸੇ ਕਿੱਸੇ ਦਾ ਹੀਰੋ ਨਹੀਂ, ਕਿਸੇ ਕਹਾਣੀ ਦਾ ਪਾਤਰ ਨਹੀਂ, ਕਿਸੇ ਕਥਾ ਦਾ ਰਾਜਕੁਮਾਰ ਨਹੀਂ, ਇਹ
ਸੱਚਮੁਚ ਦਾ ਗੁੱਲਾ ਸੀ। ਇਹ ਸੱਚਮੁਚ ਦਾ ਗੁੱਲਾ ਹੈ। ਮੇਰਾ ਆਪਣਾ ਗੁੱਲਾ, ਮੇਰਾ ਗੁਲਾਮ ਮੁਹੰਮਦ। ਹਰ ਵੇਲੇ
ਹੱਸਦਾ ਰਹਿੰਦਾ ਸੀ। ਡਿਊਟੀ 'ਤੇ ਆਉਂਦਾ ਤਾਂ ਵੀ ਖੁਸ਼ ਹੁੰਦਾ, ਜਾਣ ਲੱਗਦਾ ਤਾਂ ਵੀ ਖੁਸ਼ ਹੁੰਦਾ। ਉਸਦੀ ਉਨ੍ਹੀਂ
ਦਿਨੀਂ ਨਵੀਂ ਨਵੀਂ ਸ਼ਾਦੀ ਹੋਈ ਸੀ। ਸਾਰਾ ਦਿਨ ਸੰਗਿਆ ਜਿਹਾ ਰਹਿੰਦਾ ਸੀ। ਮੈਂ ਉਸਦੀ ਬੀਵੀ ਦੇ ਬਾਰੇ ਪੁੱਛਿਆ
ਤਾਂ ਸੰਗ ਕੇ ਭੱਜ ਜਾਂਦਾ ਤੇ ਹੱਸ ਪੈਂਦਾ। ਇਸ ਗੱਲ ਨੂੰ ਬੱਤੀ ਜਾਂ ਤੇਤੀ ਵਰ੍ਹੇ ਹੋ ਗਏ। ਮੈਂ ਹਸਪਤਾਲ ਵਿਚ
ਦਾਖ਼ਲ ਸੀ। ਉਹ ਓਥੇ ਮੇਰੇ ਵਾੱਰਡ ਵਿਚ ਖ਼ਿਦਮਤਗਾਰ ਸੀ।
ਸ਼ੁਰੂ ਦੇ ਦਿਨਾਂ ਵਿਚ ਜਦੋਂ ਮੈਂ ਬਹੁਤ ਬਿਮਾਰ ਸੀ,
ਓਦੋਂ ਦਾ ਗੁੱਲਾ ਤਾਂ ਬਹੁਤਾ ਯਾਦ ਨਹੀਂ, ਪਰ ਹੋਸ਼ ਵਿਚ ਆਉਣ ਤੋਂ ਬਾਅਦ ਦਾ ਗੁੱਲਾ ਯਾਦ ਹੈ। ਉਸਦਾ ਘਰ
ਨਿਸ਼ਾਤ ਬਾਗ ਦੇ ਨੇੜੇ ਸੀ। ਉਸਦਾ ਪਿਓ ਦੁੱਧ ਵੇਚਦਾ ਸੀ। ਉਨ੍ਹਾਂ ਦੀਆਂ ਗਾਵਾਂ-ਮੱਝਾਂ ਸਨ। ਗੁੱਲਾ ਵਾੱਰਡ ਵਿਚ
ਆ ਕੇ ਪੁੱਛਦਾ, "ਕਿਆ ਛੂਈ ਖਬਰ?" ਉਹ ਮੇਰਾ ਹਾਲ ਹਮੇਸ਼ਾ ਕਸ਼ਮੀਰੀ ਵਿਚ ਹੀ ਪੁੱਛਦਾ ਸੀ। ਮੈਂ ਮੁਸਕ੍ਰਾਅ
ਕੇ ਕਹਿੰਦੀ, "ਠੀਕ ਹਾਂ, ਗੁੱਲੇ!" ਉਹ ਖੁਸ਼ ਹੋ ਜਾਂਦਾ। ਇੱਕ ਦਿਨ ਪੁੱਛਣ ਲੱਗਾ, "ਤੁਸੀਂ ਗਾਂ ਨੂੰ ਮਾਂ ਕਹਿੰਦੇ ਹੋ
ਨਾ?" ਮੈਂ ਕਿਹਾ, "ਹਾਂ।" ਉਹ ਖਚਰੀ ਜਿਹੀ ਹਾਸੀ ਹੱਸ ਕੇ ਕਹਿੰਦਾ, "ਗਾਂ ਨੂੰ ਕਿਓਂ ਮਾਂ ਕਹਿੰਦੇ ਓ?" ਮੈਂ ਬੜੀ
ਤਸੱਲੀ ਨਾਲ ਕਿਹਾ, "ਗੁੱਲੇ, ਜਿਸਦੀ ਮਾਂ ਨਹੀਂ ਰਹਿੰਦੀ ਨਾ, ਉਸਨੂੰ ਵੀ ਗਾਂ ਦੇ ਦੁੱਧ 'ਤੇ ਪਾਲਿਆ ਜਾ ਸਕਦਾ
ਹੈ। ਏਸ ਲਈ ਇਹ ਮਾਂ ਹੀ ਤਾਂ ਹੋਈ।" ਗੁੱਲੇ ਨੂੰ ਨੁਕਤਾ ਸਮਝ ਆ ਗਿਆ। ਸਿਰ ਹਿਲਾਅ ਕੇ ਬੋਲਿਆ, "ਹਾਂ,
ਇਹ ਠੀਕ ਹੈ। ਫੇਰ ਤਾਂ ਗਾਂ ਸਭ ਦੀ ਮਾਂ ਹੈ।" ਮੈਂ ਕਿਹਾ, "ਹਾਂ, ਸਭ ਦੀ।" "ਮੈਂ ਗਾਵਾਂ ਦੀ ਖੂਬ ਖਿਦਮਤ ਕਰਦਾ
ਹਾਂ। ਰੋਜ਼ ਸਵੇਰੇ ਹਨੇਰੇ ਵਿਚ ਜਦੋਂ ਮਸਜਿਦ ਵਿਚ ਅਜ਼ਾਨ ਹੁੰਦੀ ਹੈ, ਮੈਂ ਉੱਠ ਪੈਂਦਾ ਹਾਂ। ਸਕੀਨਾ ਸੁੱਤੀ ਰਹਿੰਦੀ ਹੈ।"
ਮੈਂ ਮੁਸਕਰਾਅ ਕੇ ਪੁੱਛਿਆ, "ਤੇਰੀ ਬੀਵੀ, ਨਾ?" "ਤੂੰ ਤਾਂ ਮੋਜ ਹੈਂ ਬਈ।" "ਹਾਂ, ਮਾਂ ਤੋਂ ਕੁਝ ਨਹੀਂ
ਲੁਕਿਆ ਰਹਿੰਦਾ।" "ਫੇਰ ਮੈਂ ਤੈਨੂੰ ਮੋਜ ਹੀ ਆਖਾਂਗਾ।" "ਹਾਂ, ਮੋਜ ਹੀ ਕਿਹਾ ਕਰ।" ਇਸ ਤਰ੍ਹਾਂ ਗੁਲਾਮ ਮੁਹੰਮਦ
ਉਰਫ਼ ਗੁੱਲਾ ਮੇਰਾ ਪੁੱਤਰ ਹੋ ਗਿਆ।ਗੁੱਲਾ ਮੈਥੋਂ ਸੱਤ ਅੱਠ ਸਾਲ ਹੀ ਵੱਡਾ ਸੀ, ਪਰ ਉਸਦੇ ਚਿਹਰੇ ਦੀ ਮਾਸੂਮੀਅਤ
ਕਿਸੇ ਵੀ ਬੱਚੇ ਜਿਹੀ ਹੋ ਸਕਦੀ ਸੀ। ਮੋਜ ਕਹਿਣ ਤੋਂ ਬਾਅਦ, ਨਾ ਸਿਰਫ਼ ਉਹ ਮੇਰਾ ਖ਼ਾਸ ਖ਼ਿਆਲ
ਹੀ ਰੱਖਦਾ, ਸਗੋਂ ਬਹੁਤ ਇੱਜ਼ਤ ਵੀ ਬਹੁਤ ਕਰਦਾ ਸੀ।
ਉਹ ਪਹਾੜੀਆਂ 'ਤੇ ਗਾਵਾਂ ਨੂੰ ਚਰਨ ਛੱਡ ਆਉਂਦਾ ਤਾਂ
ਓਥੋਂ ਕੋਈ ਅਣਲੱਭਦਾ ਫੁੱਲ ਜਾਂ ਪੱਤਾ ਮੇਰੇ ਲਈ ਜ਼ਰੂਰ ਲਈ ਆਉਂਦਾ। ਹਰ ਐਤਵਾਰ ਨੂੰ ਉਹ ਪਸ਼ੂਆਂ ਨੂੰ ਗਿੱਲੇ
ਕੱਪੜੇ ਨਾਲ ਪੂੰਝਦਾ ਜਾਂ ਗਰਮੀਆਂ ਵਿਚ ਨਵਾ੍ਹਉਂਦਾ ਸੀ, ਫੇਰ ਮੈਨੂੰ ਕਹਿੰਦਾ, "ਗਊਆਂ ਮੇਰੇ ਨਾਲ ਬੜਾ ਪਿਆਰ
ਕਰਦੀਆਂ ਹਨ। ਸ਼ਾਮ ਨੂੰ ਚਾਰਾ ਪਾਉਂਦਾ ਹਾਂ ਤਾਂ ਪਿਆਰ ਨਾਲ ਹੱਥ ਚੱਟਦੀਆਂ ਹਨ, ਪੂੰਝਦਾ ਹਾਂ ਤਾਂ ਐਨ ਚੁੱਪ
ਕਰ ਕੇ ਖੜ੍ਹੀਆਂ ਰਹਿੰਦੀਆਂ ਹਨ। ਮੈਂ ਕਿਹਾ- "ਇਨਸਾਨ ਕਰਨ ਨਾ ਕਰਨ, ਪਰ ਪਸ਼ੂ ਖਿਦਮਤ ਦੀ ਕਦਰ ਕਰਦੇ
ਹਨ। ਵੇਖ ਨਾ, ਤੂੰ ਮੇਰੀ ਏਨੀ ਸੇਵਾ ਕਰਦਾ ਹੈਂ! ਤੂੰ ਮੈਨੂੰ ਬਹੁਤ ਅੱਛਾ ਲੱਗਦਾ ਹੈਂ।" ਗੁੱਲਾ ਹੱਸਿਆ। ਮੇਰੀ ਚਾਦਰ
ਬਦਲਦਾ ਹੋਇਆ ਬੋਲਿਆ,"ਤੂੰ ਤਾਂ ਮੇਰੀ ਮੋਜ ਹੈਂ ਨਾ!" "ਹਾਂ ਗੁੱਲੇ!" ਸਵੇਰੇ ਦਾਤਣ ਜਾਂ ਅਖਰੋਟ ਦੇ ਪੱਤੇ ਵੀ
ਮੈਨੂੰ ਗੁੱਲਾ ਲਿਆ ਕੇ ਦੇਂਦਾ। ਫੇਰ ਕਹਿੰਦਾ- "ਇਸ ਨਾਲ ਦੰਦ ਐਨ ਚਿੱਟੇ ਹੁੰਦੇ ਹਨ।" ਕਦੇ ਕਦੇ ਕੋਈ ਅਜਿਹਾ
ਫੁੱਲ ਮੇਰੇ ਕੋਲ ਕਿਸੇ ਦਵਾਈ ਦੀ ਖਾਲੀ ਬੋਤਲ ਵਿਚ ਰੱਖ ਕੇ ਕਹਿੰਦਾ-"ਏਸ ਸਾਲ ਇਹ ਫੁੱਲ ਵਾਹਵਾ ਖਿੜੇ
ਹਨ। ਬੱਸ, ਇੱਕ ਤੋੜ ਲਿਆਇਆ ਹਾਂ। ਅਜਿਹਾ ਫੁੱਲ ਤੈਨੂੰ ਕਦੇ ਨਹੀਂ ਮਿਲੇਗਾ।" ਮੈਂ ਜੰਗਲੀ ਫੁੱਲਾਂ ਨੂੰ ਸੁੰਘਦੀ।
ਉਨ੍ਹਾਂ ਵਿਚੋਂ ਖੱਟੀ-ਮਿੱਠੀ ਖੁਸ਼ਬੋਅ ਆਉਂਦੀ। ਜੰਗਲੀ ਗੁਲਾਬ ਦੀ ਮਹਿਕ ਨਿਰਾਲੀ ਹੀ ਹੁੰਦੀ। ਉਸਦੇ ਪੀਲੇ
ਚਮਕਦੇ ਰੰਗ ਵਿਚ ਵੀ ਗਜਬ ਦਾ ਨਿਖਾਰ ਅਤੇ ਖਿੱਚ ਹੁੰਦੀ। ਉਸਦੀ ਖੁਸ਼ਬੋਈ ਵਿਚ ਹਿਮਾਲਿਆ ਤੋਂ ਆਈ ਹਵਾ
ਦੀ ਤਾਜ਼ਗੀ ਹੁੰਦੀ। ਮੇਰੀ ਚਾਰਪਾਈ 'ਤੇ ਸਾਰਾ ਦਿਨ ਜੰਗਲੀ ਗੁਲਾਬ ਆਪਣੀਆਂ ਮਹਿਕ ਭਰੀਆਂ ਲਪਟਾਂ ਛੱਡਦਾ
ਰਹਿੰਦਾ। ਆਪਣੇ ਘਰੋਂ ਵਿਛੜਣ ਦਾ ਦੁੱਖ ਕਿਸਨੂੰ ਨਹੀਂ ਹੁੰਦਾ! ਪੂਰੇ ਕਮਰੇ ਵਿਚ ਪਸਰੀ ਉਸਦੀ ਮਹਿਕ ਵਿਚ
ਗੁਆਚੀ-ਗੁਆਚੀ ਮੈਂ ਉਸਦੇ ਦੁੱਖ ਦਾ ਨਾਪ ਕਰਦੀ ਰਹਿੰਦੀ।
ਇੱਕ ਦਿਨ ਗੁੱਲਾ ਬੜਾ ਖੁਸ਼ ਸੀ। ਆਉਂਦਿਆਂ ਹੀ ਕਹਿੰਦਾ,"ਹੇ ਮੋਜੀ, ਆਜ ਅਸੀ ਓਸਤ ਬਖ਼ਸੀ ਸਾਹਿਬ
ਆਮੁਤ।" (ਹੇ ਮਾਂ, ਅੱਜ ਸਾਡੇ ਵੱਲ ਬਖਸ਼ੀ ਸਾਹਿਬ ਆਏ ਸਨ।) ਮੈਂ ਉਂਝ ਹੀ ਪੁੱਛ ਲਿਆ, "ਕੌਣ ਬਖਸ਼ੀ
ਸਾਹਿਬ?" "ਲੈ, ਕਸ਼ਮੀਰ ਦੇ ਪ੍ਰਾਈਮ ਮਨਿਸਟਰ। ਮੋਜੀ, ਤੂੰ ਪਾਗਲ ਹੈਂ?" ਮੈਂ ਪੁੱਛਿਆ, "ਜੰਮੂ ਦੇ ਨਹੀਂ?"
"ਹਾਂ, ਜੰਮੂ ਦੇ ਵੀ।" ਮੈਂ ਉਸਨੂੰ ਛੇੜਦਿਆਂ ਪੁੱਛਿਆ, "ਬਖ਼ਸ਼ੀ ਸਾਹਿਬ ਨੇ ਤੈਨੂੰ ਕੀ ਕਿਹਾ?" "ਮੈਨੂੰ ਕੀ ਕਹਿਣਾ
ਸੀ? ਅਸੀਂ ਸਲਾਮ ਕੀਤਾ। ਉਸਨੇ ਵੀ ਸਲਾਮ ਕੀਤਾ। ਬੱਸ।" ਮੈਂ ਫੇਰ ਉਸਨੂੰ ਛੇੜਿਆ, "ਬਖ਼ਸ਼ੀ ਸਾਹਿਬ ਨੇ ਤੇਰਾ
ਨਾਮ ਨਹੀਂ ਪੁੱਛਿਆ?" ਉਹ ਸੰਗ ਗਿਆ, ਫੇਰ ਕਹਿੰਦਾ,"ਤੂੰ ਪਾਗਲ ਹੈਂ? ਉਹ ਮੇਰਾ ਨਾਂ ਕਿਓਂ ਪੁੱਛਦੇ? ਜੋ ਮੇਰਾ
ਨਾਮ, ਓਹੀ ਉਨ੍ਹਾਂ ਦਾ ਨਾਮ।" "ਪਰ ਤੇਰਾ ਨਾਂ ਤਾਂ ਗੁੱਲਾ ਹੈ।" ਉਹ ਲਾਪਰਵਾਹੀ ਨਾਲ ਕਹਿੰਦਾ, "ਹਾਂ, ਜਦੋਂ ਉਹ
ਨਿੱਕਾ ਹੁੰਦਾ ਹੋਏਗਾ, ਓਦੋਂ ਉਸਦਾ ਨਾਂ ਵੀ ਗੁੱਲਾ ਹੀ ਹੋਏਗਾ। ਕਸ਼ਮੀਰ ਵਿਚ ਹਰ ਗੁਲਾਮ ਮੁਹੰਮਦ ਕਦੇ ਨਾ ਕਦੇ
ਗੁੱਲਾ ਜ਼ਰੂਰ ਹੁੰਦਾ ਹੈ।" ਮੈਂ ਉਸਨੂੰ ਸੁਆਲੀਆ ਨਿਗਾਹਾਂ ਨਾਲ ਤੱਕਿਆ।
ਉਹ ਕਹਿੰਦਾ, " ਇਹ ਸੱਚ ਹੈ। ਦੇਖ, ਜਿਹੜਾ ਗੁਲਾਮ ਮੁਹੰਮਦ ਰੇਡੀਓ 'ਤੇ ਗਾਉਂਦਾ ਹੈ ਨਾ, ਉਸਦਾ ਨਾਂ ਵੀ
ਬਚਪਨ ਵਿਚ ਗੁੱਲਾ ਸੀ। ਉਸਨੇ ਮੈਨੂੰ ਦੱਸਿਆ ਸੀ।" ਫੇਰ ਉਹ ਮੇਰੀ ਟੇਬਲ ਸਾਫ਼ ਕਰਦਿਆਂ ਹੱਬਾ ਖ਼ਾਤੂਨ ਦਾ
ਗੀਤ ਗਾਉਣ ਲੱਗਾ: "ਵਰੀਵੈਨ ਸਥ ਵਾਰੇ ਛਸ ਨੋ.....ਚਾਰ ਕਰ ਮਿਓਨ ਮਾਲਿੱਨਯੋ ਹੋ...ਵਰਿਵੈਨ ਸਥ..."
(ਸਹੁਰਿਆਂ ਨਾਲ ਨਿਭ ਨਹੀਂ ਰਹੀ ਹੈ। ਓ ਪੇਕੇਵਾਲਿਓ, ਮੇਰਾ ਕੋਈ ਉਪਾਅ ਕਰੋ..) ਮੈਂ ਸੁਣਦੀ ਰਹੀ। ਫੇਰ
ਉਸਦੀ ਨਜ਼ਰ ਮੇਰੇ 'ਤੇ ਪਈ ਤਾਂ ਬੋਲਿਆ,"ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਿਆ। ਇੱਥੇ ਬੱਚਿਆਂ ਦੇ ਵਾੱਰਡ ਵਿਚ
ਇੱਕ ਗੁੱਲਾ ਆਇਆ ਹੈ।" ਫੇਰ ਉਹ ਹੱਸ ਪਿਆ। ਮੈਂ ਪੁੱਛਿਆ, "ਕਿਹੜਾ ਗੁੱਲਾ?" "ਓਹੀ, ਜਿਸਦਾ ਸਿਰ ਸਾਫ਼
ਹੈ। ਸਾਫ਼, ਬਿਲਕੁਲ ਸਾਫ਼।" "ਸਾਫ਼? ਕੀ ਮਤਲਬ ਸਾਫ਼? ਕੀ ਤੇਰਾ ਸਿਰ ਸਾਫ਼ ਨਹੀਂ?" "ਓਫ਼ੋ! ਉਸਦੇ ਸਿਰ 'ਤੇ
ਉਸਤਰਾ ਫਿਰਿਆ ਹੈ। ਉਸਦੇ ਸਿਰ ਵਿਚ ਬਿਮਾਰੀ ਸੀ ਨਾ!" ਮੈਂ ਕਿਹਾ- "ਅੱਛਾ, ਉਹੀ ਜੋ ਲੰਮਾ ਜਿਹਾ ਕੁਰਤਾ
ਪਹਿਨੀ ਪੂਰੇ ਵਾੱਰਡ ਵਿਚ ਘੁੰਮਦਾ ਰਹਿੰਦਾ ਹੈ?" "ਹਾਂ, ਹਾਂ, ਓਹੀ।" ਫੇਰ ਜਦੋਂ ਡਾੱਕਟਰ ਵਾੱਰਡ ਵਿਚ ਰਾਊਂਡ
ਕਰ ਕੇ ਚਲੇ ਗਏ, ਤਾਂ ਗੁੱਲਾ ਗੁੱਲੇ ਨੂੰ ਲੈ ਆਇਆ। ਉਹ ਪੰਜ-ਛੇ ਸਾਲਾਂ ਦਾ ਮੁੰਡਾ ਸੀ। ਉਸਨੂੰ ਸਿਰ ਵਿਚ
ਬਿਮਾਰੀ ਸੀ। ਪੂਰੇ ਸਫ਼ਾਚੱਟ ਸਿਰ 'ਤੇ ਇੱਕ ਪਾਸੇ ਪੱਟੀ ਬੱਝੀ ਸੀ, ਪਰ ਉਹ ਇਸ ਤੋਂ ਬੇਪਰਵਾਹ ਸੀ। ਆਉਂਦਿਆਂ
ਹੀ ਕਹਿੰਦਾ, "ਆਪਾ, ਤੇਰੇ ਕੋਲ ਬਿਸਕੁਟ ਹੈ?" ਮੈਂ ਹੈਰਾਨ ਹੋ ਕੇ ਉਹਨੂੰ ਦੇਖਿਆ। ਪਹਿਲੀ ਮੁਲਾਕਾਤ
ਵਿਚ ਇਹ ਕਿਹੋ ਜਿਹਾ ਸੁਆਲ? ਉਹ ਮੈਨੂੰ ਬੇਵਕੂਫ਼ ਸਮਝ ਕੇ ਬੋਲਿਆ, " ਨਹੀਂ ਪਤਾ? ਬਿਸਕੁਟ ਗੋਲ-ਗੋਲ,
ਮਿੱਠੇ ਜਿਹੇ।" ਮੈਂ ਪੁੱਛਿਆ, "ਬਿਸਕੁਟ ਦਾ ਕੀ ਕਰੇਂਗਾ?" ਉਸਨੇ ਕਿਹਾ, "ਕੁਝ ਨਹੀਂ, ਦੇਖਾਂਗਾ ਕਿਹੋ ਜਿਹਾ ਹੁੰਦਾ
ਹੈ।" ਇਹ ਕਹਿ ਕੇ ਉਹ ਚਲਾ ਗਿਆ। ਜਾਂਦਿਆਂ ਜਾਂਦਿਆਂ ਕਹਿੰਦਾ- "ਫੇਰ ਆਊਂਗਾ, ਹੁਣ ਜਾਂਦਾ ਹਾਂ।" ਸ਼ਾਮੀੰ
ਮੈਂ ਗੋਲ ਬਿਸਕੁਟਾਂ ਦਾ ਪੈਕਟ ਮੰਗਵਾਇਆ। ਫੇਰ ਕਿਸੇ ਨੂੰ ਕਹਿ ਕੇ ਗੁੱਲੇ ਨੂੰ ਸੱਦ ਭੇਜਿਆ। ਆਪਣੇ ਸਿਰ ਦੀ
ਫਿਕਰ ਕੀਤੇ ਬਗ਼ੈਰ ਉਹ ਭੱਜਦਾ ਹੋਇਆ ਆਇਆ ਅਤੇ ਆਉਂਦਿਆਂ ਹੀ ਉਤਾਵਲ ਨਾਲ ਕਹਿੰਦਾ, "ਬਿਸਕੁਟ
ਆ ਗਏ?" ਉਸਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ, ਪਰ ਮੈਂ ਇਹ ਸੁਣਿਆ ਸੀ ਕਿ ਸਿਰ ਵਿਚ ਟੀਬੀ ਹੁੰਦੀ ਹੈ ਤਾਂ
ਆਦਮੀ ਜ਼ਹੀਨ ਹੋ ਜਾਂਦਾ ਹੈ। ਉਹ ਆ ਕੇ ਮੇਰੀ ਚਾਰਪਾਈ 'ਤੇ ਤਸੱਲੀ ਨਾਲ ਇਓਂ ਬੈਠਾ, ਜਿਵੇਂ ਹਮੇਸ਼ਾ ਤੋਂ ਇੱਥੇ
ਹੀ ਬੈਠਦਾ ਆਇਆ ਹੋਏ। ਫੇਰ ਕਹਿੰਦਾ, "ਦੇ ਦਿਓ ਨਾ!" ਮੈਂ ਉਸਦੀ ਝੋਲੀ ਵਿਚ ਬਿਸਕੁਟਾਂ ਦਾ ਪੈਕੇਟ ਰੱਖ
ਦਿੱਤਾ।
ਉਸਤੋਂ ਬਾਅਦ ਉਸਨੇ ਮੇਰੇ ਵੱਲ ਨਾ ਤੱਕਿਆ। ਪੈਕੇਟ ਫਾੜ ਕੇ ਬਿਸਕੁਟ ਖਾਣ ਲੱਗਾ। ਅਜਿਹੀ ਰੂਹ ਨਾਲ
ਖਾਂਦੇ ਨੂੰ ਵੇਖ ਮੈਨੂੰ ਹੱਦੋਂ ਵੱਧ ਤ੍ਰਿਪਤੀ ਹੋਈ। ਉਹ ਹਰ ਬਿਸਕੁਟ ਨੂੰ ਕੁਤਰ ਲੈਂਦਾ, ਤਾਂ ਕਿ ਮੈਂ ਨਾ ਮੰਗ ਲਵਾਂ। ਫੇਰ
ਜਦੋਂ ਪੂਰਾ ਪੈਕੇਟ ਖਤਮ ਹੋਇਆ ਤਾਂ ਤਸੱਲੀ ਨਾਲ ਕਹਿੰਦਾ, "ਬਿਸਕੁਟ ਅੱਛੇ ਸੀ।" ਮੈਂ ਕਿਹਾ- "ਮੈਨੂੰ ਕੀ ਪਤਾ!
ਮੈਨੂੰ ਤਾਂ ਤੂੰ ਇੱਕ ਵੀ ਨਹੀਂ ਦਿੱਤਾ।" "ਏਨੇ ਥੋੜ੍ਹੇ ਸੀ, ਤੈਨੂੰ ਕੀ ਦੇਂਦਾ! ਪਰ ਹਾਂ, ਕੱਲ੍ਹ ਜ਼ਰੂਰ ਦਿਆਂਗਾ।" ਇਹ
ਆਖ ਉਹ ਹੱਥ ਝਾੜ ਕੇ ਚਲੇ ਗਿਆ। ਹੁਣ ਮੈਂ ਗੁੱਲੇ ਲਈ ਰੋਜ਼ ਬਿਸਕੁਟ ਮੰਗਾਉਂਦੀ ਸੀ ਅਤੇ ਉਹ ਤਸੱਲੀ ਨਾਲ
ਖਾ ਕੇ, ਹੱਥ ਪੂਂਝ ਕੇ ਚਲਾ ਜਾਂਦਾ। ਆਪਣੇ ਮੂੰਹ ਵਿਚ ਬਿਸਕੁਟ ਤੁੰਨੀ ਉਹ ਇੱਕ ਦਿਨ ਬੋਲਿਆ," ਆਪਾ (ਭੈਣ),
ਤੂੰ ਦੁਖੀ ਨਾ ਹੋ। ਜਦ ਮੈਂ ਪੰਜਵੀਂ ਵਿਚ ਚੜ੍ਹਾਂਗਾ, ਤਾਂ ਤੇਰੇ ਨਾਲ ਨਿਕਾਹ ਕਰ ਲਵਾਂਗਾ।" ਮੈਂ ਗੰਭੀਰਤਾ ਨਾਲ
ਪੁੱਛਿਆ, "ਤੇ ਤੈਨੂੰ ਓਦੋਂ ਵੀ ਬਿਸਕੁਟ ਲਿਆ ਕੇ ਦੇਣੇ ਪੈਣਗੇ?" ਉਹ ਹੋਣ ਵਾਲੇ ਸ਼ੌਹਰ ਦੇ ਰੁਅਬ ਨਾਲ ਬੋਲਿਆ,
"ਹਾਂ, ਬਿਸਕੁਟਾਂ ਬਗੈਰ ਮੈਂ ਤੇਰੇ ਨਾਲ ਸ਼ਾਦੀ ਥੋੜ੍ਹਾ ਹੀ ਕਰਾਂਗਾ ਤੇ ਓਦੋਂ ਮੈਂ ਵੱਡਾ ਹੋ ਜਾਵਾਂਗਾ ਤੇ ਸ਼ਾਮ ਤੱਕ ਤੈਨੂੰ ਸੌ
ਰੁਪਿਆ ਕਮਾਅ ਕੇ ਦਿਆਂਗਾ। ਜਦੋਂ ਗਰਮੀਆਂ 'ਚ ਹਿੰਦੋਸਤਾਨ ਤੋਂ ਵਿਜ਼ਿਟਰ ਆਉਣਗੇ, ਓਦੋਂ ਮੈਂ ਦਿਨ ਰਾਤ ਕੰਮ
ਕਰ ਕੇ ਤੇਰੇ ਲਈ ਰੁਪਏ ਕਮਾਵਾਂਗਾ। ਹਾਂ, ਪਰ ਦੇਖ, ਖਾਣਾ ਤੈਨੂੰ ਹੀ ਬਨਾਉਣਾ ਪਏਗਾ। ਮੈਂ ਤੈਨੂੰ ਮੁਰਗਾ ਕਟਾਅ
ਕੇ ਲਿਆ ਦਿਆਂਗਾ।" ਮੈਂ ਕਿਹਾ, "ਤੂੰ ਕਿਓਂ ਨਹੀਂ ਕੱਟੇਂਗਾ?" "ਨਾ-ਨਾ, ਮੈਂ ਕਿਓਂ ਕੱਟਾਂ? ਮੈਨੂੰ ਖੂਨ ਤੋਂ ਡਰ ਲੱਗਦਾ
ਹੈ।" ਮੈਂ ਕਿਹਾ, "ਗੁੱਲੇ, ਤੂੰ ਤਾਂ ਨਿੱਕਾ ਹੈਂ। ਸ਼ਾਦੀ ਕਿਵੇਂ ਹੋਏਗੀ?" "ਮੈਂ ਓਦੋਂ ਨਿੱਕਾ ਥੋੜ੍ਹਾ ਹੀ ਰਹਾਂਗਾ। ਮੈਂ ਬਹੁਤ
ਵੱਡਾ ਹੋ ਜਾਵਾਂਗਾ। ਓਦੋਂ ਤੂੰ ਮੈਨੂੰ ਗੁਲਾਮ ਮੁਹੰਮਦ ਆਖੀਂ, ਗੁੱਲਾ ਨਹੀਂ, ਅਤੇ ਜਦੋਂ ਮੈਂ ਵੱਡਾ ਹੋ ਜਾਵਾਂਗਾ, ਤਾਂ ਤੂੰ
ਛੋਟੀ ਹੋ ਜਾਈਂ, ਅਤੇ ਜਦੋਂ ਕਾਜ਼ੀ ਸਾਹਿਬ ਨਿਕਾਹ ਲਈ ਪੁੱਛਣ, ਓਦੋਂ ਹਾਂ ਆਖ ਕਰ ਦਈਂ, ਪਰ ਖਾਣਾ ਬਨਾਉਣਾ
ਸਿੱਖੀਂ। ਮੇਰੀ ਮਾਂ ਓਦੋਂ ਖਾਣਾ ਨਹੀਂ ਬਣਾਏਗੀ। ਹਾਂ, ਤੂੰ ਹੀ ਬਣਾਈਂ।" "ਤੂੰ ਕੀ ਕੀ ਖਾਏਂਗਾ?" "ਕੀ ਖਾਵਾਂਗਾ? ਹਾਕ
ਅਤੇ ਭਾਤ। (ਸਾਗ ਅਤੇ ਚੌਲ)। ਕਦੇ ਕਦੇ ਤੂੰ ਉਸ ਵਿਚ ਗੋਸ਼ਤ ਵੀ ਪਾਈਂ, ਫੇਰ ਉਹ ਮਜ਼ੇਦਾਰ ਹੋਏਗਾ।" ਮੈਂ ਇੱਕ
ਆਗਿਆਕਾਰਨ ਹੋਣ-ਵਾਲੀ ਘਰਵਾਲੀ ਵਾਂਗ ਸਿਰ ਝੁਕਾਅ ਮਨਜ਼ੂਰ ਕਰ ਲਿਆ ਤੇ ਕਿਹਾ, "ਮੀਟ ਦੀ ਤਰੀ ਵਿਚ
ਹਾਕ ਵਾਹਵਾ ਨਰਮ ਹੋ ਜਾਏਗਾ।" "ਮੈਂ ਤੈਨੂੰ ਪਿੰਡੋਂ ਸ਼ਾਲੀ (ਕਸ਼ਮੀਰੀ ਚੌਲ) ਮੰਗਾਅ ਦਿਆਂਗਾ। ਉਹ ਚੌਲ ਅੱਛਾ
ਹੁੰਦਾ ਹੈ। ਹਿੰਦੋਸਤਾਨ 'ਚ ਕਿਤੇ ਵੀ ਨਹੀਂ ਮਿਲਦਾ।" ਬਿਸਕੁਟ ਖਾ ਚੁੱਕਣ ਬਾਅਦ ਘਰ ਦੇ ਖਾਣੇ ਦੀ ਯਾਦ ਆਉਂਦਿਆਂ
ਹੀ ਗੁੱਲੇ ਨੂੰ ਮਾਂ ਯਾਦ ਆਈ। ਕਹਿਣ ਲੱਗਾ, "ਮੇਰੀ ਮਾਂ ਬਹੁਤ ਅੱਛਾ ਗੋਸ਼ਤ ਰਿੰਨ੍ਹਦੀ ਹੈ। ਜਦੋਂ ਵੀ ਮੁਰਗਾ
ਕੱਟਦਾ ਸੀ, ਮੈਂ ਓਥੋਂ ਚਲੇ ਜਾਂਦਾ ਸੀ। ਮੈਨੂੰ ਉਸ ਤੋਂ ਡਰ ਲੱਗਦਾ ਸੀ। ਮੁਰਗੇ ਨੂੰ ਪਤਾ ਲੱਗ ਜਾਂਦਾ ਸੀ, ਉਸਨੂੰ
ਕੱਟਿਆ ਜਾਏਗਾ, ਏਸ ਲਈ ਉਹ ਜ਼ੋਰ ਜ਼ੋਰ ਦੀ ਰੋਂਦਾ ਸੀ।" ਮੈਂ ਕਿਹਾ, "ਫੇਰ ਤੂੰ ਉਸਨੂੰ ਖਾਂਦਾ ਕਿਓਂ ਹੈ?" ਉਹ
ਬੋਲਿਆ, "ਖ਼ੁਦਾ ਨੇ ਉਸਨੂੰ ਖਾਣ ਲਈ ਬਣਾਇਆ ਹੈ।" ਮੈਂ ਉਸਦੇ ਸਿਰ 'ਤੇ ਲਾਡ ਨਾਲ ਹੱਥ ਫੇਰਿਆ, ਫਿਰ ਪੁੱਛਿਆ,
"ਗੁੱਲੇ, ਖ਼ੁਦਾ ਨੇ ਤੈਨੂੰ ਤੇ ਮੈਨੂੰ ਬਿਮਾਰ ਕਿਓਂ ਕਰ ਦਿੱਤਾ?" ਉਹ ਸੋਚਣ ਜਿਹਾ ਲੱਗਾ। ਫੇਰ ਵੱਡੇ-ਬਜ਼ੁਰਗਾਂ
ਵਾਂਗ ਬੋਲਿਆ, "ਆਪਣੇ ਆਪਣੇ ਗੁਨਾਹ ਤਾਂ ਭੁਗਤਣੇ ਹੀ ਪੈਂਦੇ ਹਨ।" ਮੈਂ ਕਿਹਾ, "ਗੁੱਲੇ, ਤੂੰ ਤਾਂ ਕੋਈ ਗੁਨਾਹ
ਨਹੀਂ ਕੀਤਾ। ਮੈਂ ਵੀ ਨਹੀਂ ਕੀਤਾ। ਫੇਰ ਇਹ ਮੂਜੀ ਬਿਮਾਰੀ ਕਿਓਂ ਹੋਈ?" ਗੁੱਲਾ ਗੰਭੀਰ ਹੋ ਗਿਆ। ਫੇਰ ਕਹਿੰਦਾ
ਹੈ,"ਅਸੀਂ ਜੋ ਗੁਨਾਹ ਕਰਦੇ ਹਾਂ ਉਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ। ਅੱਲਾ ਮੀਆਂ ਆਪ ਹਿਸਾਬ ਰੱਖਦੇ ਹਨ।" ਉਹ
ਜਿਵੇਂ ਇਸ ਬਖੇੜੇ ਵਿਚ ਪੈਣਾ ਨਹੀਂ ਚਾਹੁੰਦਾ ਸੀ। ਇਹ ਕਹਿ ਕੇ ਭੱਜ ਗਿਆ। ਮੈਂ ਉਸਨੂੰ ਜਾਂਦੇ ਨੂੰ ਦੇਖਦੀ ਰਹੀ। ਫੇਰ
ਇੱਕ ਦਿਨ ਮੂੰਹ ਵਿਚ ਬਿਸਕੁਟ ਭਰੀ ਉਸਨੇ ਕਿਹਾ ਸੀ,"ਆਪਾ, ਮੇਰੇ ਗੁਨਾਹ ਖਤਮ ਹੋ ਗਏ। ਮੈਂ ਠੀਕ ਹੋ ਗਿਆ
ਹਾਂ।ਅੱਜ ਵੱਡੇ ਸਾਹਿਬ ਨੇ ਆ ਕੇ ਕਿਹਾ, ਪਿੰਡੋਂ ਕਿਸੇ ਨੂੰ ਸੱਦ ਲਓ। ਮੈਨੂੰ ਆ ਕੇ ਲੈ ਜਾਏਗਾ। ਆਪਾ, ਤੈਨੂੰ ਵੀ ਖ਼ੁਦਾ
ਛੇਤੀ ਹੀ ਨਿਜਾਤ ਦਏਗਾ।" ਉਸਨੇ ਬਜ਼ੁਰਗਾਂ ਵਾਂਗ ਦੋਏ ਹੱਥ ਉੱਤੇ ਚੁੱਕ ਕੇ ਕਿਹਾ," ਆਮੀਨ!" ਮੈਂ ਵੀ ਕਿਹਾ,"ਸੁੰਬ
ਆਮੀਨ!"
ਫੇਰ ਵੀ ਗੁੱਲਾ ਹੈ ਸੀ। ਉਹ ਮੇਰੀ ਖ਼ਿਦਮਤ ਕਰਦਾ ਸੀ ਤੇ ਸਾਰੇ ਕਸ਼ਮੀਰ ਦੀਆਂ ਖ਼ਬਰਾਂ ਮੈਨੂੰ ਸੁਣਾਉਂਦਾ ਸੀ। ਉਹ
ਜਦ ਤਰੰਗ ਵਿਚ ਹੁੰਦਾ, ਮੈਨੂੰ ਕਹਿੰਦਾ," ਮੇਰੇ ਪਿਓ ਨੂੰ ਤਾਂ ਬਖ਼ਸ਼ੀ ਸਾਹਿਬ ਨੇ ਪਾਲਿਆ ਹੈ।" ਮੈਂ ਪੁੱਛਦੀ, "ਉਹ
ਕਿਵੇਂ?" ਉਹ ਕਹਿੰਦਾ," ਮੇਰਾ ਭਰਾ ਤਾਂ ਉਸੇ ਕੋਲ ਚੌਕੀਦਾਰ ਸੀ। ਬਖ਼ਸ਼ੀ ਸਾਹਿਬ ਵੱਡਾ ਆਦਮੀ ਹੋਇਆ ਤਾਂ
ਉਸਨੂੰ ਕਾਂਸਪਿਟਲ ਬਣਾਅ ਦਿੱਤਾ। ਬਖ਼ਸ਼ੀ ਸਾਹਿਬ ਹੀ ਉਸਦਾ ਬਾਪ ਹੈ।" ਮੈਂ ਉਸਦੀ ਇਸ ਇਬਾਦਤ 'ਤੇ ਹੈਰਾਨ
ਰਹਿ ਜਾਂਦੀ।ਕਿੰਨਾ ਸਿੱਧਾ-ਸੱਚਾ ਇਨਸਾਨ ਸੀ ਮੇਰਾ ਗੁੱਲਾ। ਏਨੇ ਸਾਲਾਂ ਬਾਅਦ ਸੁਫ਼ਨੇ ਵਿਚ ਆਇਆ ਵੀ ਤਾਂ ਕਦੋਂ,
ਜਦੋਂ ਕਮਲ ਦੇ ਫੁੱਲਾਂ ਵਿਚੋਂ ਮਹਿਕ ਦੀ ਥਾਂ ਖ਼ੂਨ ਦੀਆਂ ਬੂੰਦਾਂ ਚੋਅਣ ਲੱਗੀਆਂ। ਜਦ ਅੱਗ ਲੱਗ ਗਈ। ਜਦੋਂ ਕਸ਼ਮੀਰ
ਇੱਕ ਖ਼ਬਰ ਹੋ ਗਿਆ। ਏਸ ਗੁੱਲੇ ਨੂੰ ਤਾਂ ਮੈਂ ਜਾਣਦੀ ਸੀ; ਪਰ ਇਹ ਕੌਣ ਗ਼ੁਲਾਮ ਮੁਹੰਮਦ ਹੈ, ਜਿਸਦੀ ਤਸਵੀਰ
ਅੱਜ ਅਖ਼ਬਾਰ ਦੇ ਮੁੱਖ ਸਫ਼ੇ 'ਤੇ ਹੈ, ਜਿਸਦੇ ਹੱਥ ਵਿਚ ਏ ਕੇ 47 ਹੈ, ਜਿਸਦੇ ਮੂੰਹ 'ਤੇ ਨਕਾਬ ਹੈ, ਜਿਸਦੇ ਹੱਥਾਂ 'ਤੇ
ਖ਼ੂਨ ਲੱਗਾ ਹੈ, ਜਿਨ੍ਹਾਂ ਵਿਚ ਬੰਦੂਕ ਹੈ, ਜੋ ਕਿਸੇ ਨੂੰ ਵੀ ਮਾਰ ਸਕਦੀ ਹੈ? ਜੇ ਇਹੋ ਮੇਰਾ ਗੁੱਲਾ ਹੈ ਤਾਂ ਇਸਦੇ ਮਾਸੂਮ
ਹੱਥਾਂ ਵਿਚ ਬੰਦੂਕ ਫੜਾਉਣਵਾਲੇ ਹੱਥ ਕਿਸਦੇ ਹਨ, ਇਸਦਾ ਜ਼ਿੰਮੇਦਾਰ ਕੌਣ ਹੈ, ਕੌਣ ਹੈ ਇਸਦਾ ਜ਼ਿੰਮੇਦਾਰ?
(ਹਿੰਦੀ ਤੋਂ ਅਨੁਵਾਦ: ਪੂਨਮ ਸਿੰਘ;
'ਪ੍ਰੀਤ ਲੜੀ' ਤੋਂ ਧੰਨਵਾਦ ਸਹਿਤ)