Mera Pind (Punjabi Essay) : Mohinder Singh Randhawa

ਮੇਰਾ ਪਿੰਡ (ਲੇਖ) : ਮਹਿੰਦਰ ਸਿੰਘ ਰੰਧਾਵਾ

ਕਿੰਨੇ ਸੁਹਣੇ ਹਨ ਹੁਸ਼ਿਆਰਪੁਰ ਦੇ ਪਿੰਡ।

ਸਾਰੇ ਭਾਰਤ ਵਰਸ਼ ਵਿਚ ਇਹ ਹੀ ਇਲਾਕਾ ਹੈ, ਜਿਥੇ ਮੈਦਾਨਾਂ ਤੋਂ ਹਿਮਾਲੀਆਂ ਦੀਆਂ ਬਰਫ਼ ਨਾਲ ਢੱਕੀਆਂ ਚੋਟੀਆਂ ਏਨੀਆਂ ਸਾਫ਼ ਦਿਖਾਈ ਦਿੰਦੀਆਂ ਹਨ। ਸ਼ਿਵਾਲਕ ਦੀਆਂ ਉੱਚੀਆਂ ਨੀਲੀਆਂ ਪਹਾੜੀਆਂ ਨੇ ਤਾਂ ਸੀਰੋਵਾਲ ਤੇ ਉਪਜਾਊ ਇਲਾਕੇ ਨੂੰ ਹੋਰ ਵੀ ਸ਼ਿੰਗਾਰ ਦਿੱਤਾ ਹੈ। ਚਾਰੇ ਪਾਸੇ ਅੰਬਾਂ ਦੇ ਬਾਗ਼ ਤੇ ਟਾਹਲੀਆਂ ਦੀਆਂ ਝਿੜੀਆਂ ਦੇ ਪਿੰਡ ਵੀ ਬੋਦਲਾਂ, ਜਿਹਦੀ ਜੂਹ ਵਿਚ ਹੈ ‘ਗਗਨਾਂ ਸਾਹਿਬੱ ਦਾ ਇਤਿਹਾਸਕ ਗੁਰਦਵਾਰਾ।

ਹਰ ਮਹੀਨੇ ਤੇ ਹਰ ਰੁੱਤੇ ਇਸ ਪਿੰਡ ਤੇ ਇਲਾਕੇ ਦੀਆਂ ਰੌਣਕਾਂ ਤੇ ਬਦਲਦੇ ਨਜ਼ਾਰੇ ਬੜੇ ਹੀ ਮਨਭਾਉਣੇ ਹਨ। ਬਰਸਾਤ ਵਿਚ ਜਦ ਚਾਰੇ ਪਾਸਿਉਂ ਘਨਘੋਰ ਕਾਲੀਆਂ ਘਟਾ ਉਠਦੀਆਂ, ਤੇ ਸਾੜ ਸਾੜ ਮੀਂਹ ਦੇ ਛਰਾਟੇ ਪੈਂਦੇ, ਤਾਂ ਬੱਦਲਾਂ ਦੀ ਗਰਜ ਸੁਣ ਕੇ ਮੋਰ ਚਾਰੇ ਪਾਸਿਉਂ ਕੈਓਂ ਕੈਓਂ ਦਾ ਹੱਲਾ ਮਚਾ ਦਿੰਦੇ। ਰਾਤ ਵੇਲੇ ਡੱਡੂਆਂ ਦੀ ਗੁੜੈਂ ਗੁੜੈਂ ਸਾਰੀ ਹਵਾ ਨੂੰ ਭਰ ਦਿੰਦੀ। ਜਦ ਡੱਡੂ ਹਟ ਜਾਂਦੇ ਤਾਂ ਬਿੰਡੇ ਆਪਣਾ ਟੀਂ ਟੀਂ ਦਾ ਰਾਗ ਛੇੜ ਦਿੰਦੇ। ਰਾਤ ਨੂੰ ਪਿੱਪਲ ਹੇਠ ਛਪੜੀ ਦੇ ਜੁਗਨੂੰਆਂ ਦਾ ਨਾਚ ਸ਼ੁਰੂ ਹੋ ਜਾਂਦਾ, ਤੇ ਇੰਜ ਲਗਦਾ ਜਿਵੇਂ ਤਾਰਿਆਂ ਦਾ ਮੀਂਹ ਪੈ ਰਿਹਾ ਹੋਵੇ।

ਦਿਨ ਵੇਲੇ ਗਊਆਂ ਮੱਝਾਂ ਨੇ ਰੱਕੜ ਵਿਚ ਚਰਨਾ ਤੇ ਉਨ੍ਹਾਂ ਪਿਛੇ ਚਿੱਟੇ ਚਿੱਟੇ ਬਗਲਿਆਂ ਨੇ ਟਿੱਡੀਆਂ ਚੁਗਦੇ ਫਿਰਨਾ। ਵੱਛਿਆਂ ਨੇ ਖ਼ੁਸ਼ੀ ਵਿਚ ਆ ਕੇ ਪੂਛਾਂ ਉਤਾਂਹ ਨੂੰ ਚੁਕ ਦੌੜਨਾ। ਬਰਸਾਤ ਦਾ ਮੌਸਮ ਬੰਦਿਆਂ ਨੂੰ ਹੀ ਖ਼ੁਸ਼ੀ ਨਹੀਂ ਦਿੰਦਾ, ਪਸ਼ੂ ਪੰਛੀ ਵੀ ਇਸ ਖ਼ੁਸ਼ੀ ਵਿਚ ਸਾਂਝੀ ਹੁੰਦੇ ਬੱਦਲਾਂ ਦਾ ਸਵਾਗਤ ਕਰਦੇ ਹਨ। ਸਲੇਟੀ ਬੱਦਲਾਂ ਵਿਚ ਚਿੱਟੇ ਬਗਲਿਆਂ ਦੀਆਂ ਡਾਰਾਂ ਹੋਰ ਵੀ ਸੋਂਹਦੀਆਂ ਤੇ ਇੰਜ ਲਗਦਾ ਜਿਵੇਂ ਰੱਬ ਦੇ ਗਲ ਚਿੱਟੇ ਫੁੱਲਾਂ ਦੀ ਵਰਮਾਲਾ ਹੋਵੇ।

ਬਰਸਾਤ ਵਿਚ ਅੰਬਾਂ ਦੇ ਬਾਗ਼ਾਂ ਵਿਚ ਖ਼ੂਬ ਗਹਿਮਾ ਗਹਿਮ ਹੁੰਦੀ। ਦਿਨੇਂ ਕੋਇਲਾਂ ਦੀ “ਤੂਹੋ ਤੂਹੋ" ਤੇ ਰਾਤ ਬਬੀਹਿਆਂ ਦੀ “ਪੀ ਕਹਾਂ ਪੀ ਕਹਾਂ” ਹਵਾ ਨੂੰ ਭਰ ਦਿੰਦੀ। ਅਸੀਂ ਸਵੇਰੇ ਹੀ ਬਾਗ਼ਾਂ ਵਿਚ ਨਿਕਲ ਜਾਂਦੇ ਤੇ ਕਮੰਡਲ ਵਿਚ ਪਾਣੀ ਭਰ ਕੇ ਦਰੱਖ਼ਤਾਂ ਹੇਠ ਡਿੱਗੇ ਹੋਏ ਅੰਬਾਂ ਨੂੰ ਚੁਗ ਚੁਗ ਪਾਣੀ ਵਿਚ ਧੋ ਕੇ ਚੂਪਦੇ ਜਾਂਦੇ।

ਪੰਦਰਾਂ ਵੀਹ ਬੂਟਿਆਂ ਦੇ ਅੰਬ ਚੂਪ ਲੈਂਦੇ ਤਾਂ ਪਤਾ ਲਗ ਜਾਂਦਾ ਕਿ ਸਭ ਤੋਂ ਸਵਾਦੀ ਅੰਬ ਕਿਹੜੇ ਬੂਟੇ ਦੇ ਹਨ। ਫੇਰ ਓਸੇ ਬੂਟੇ ਦੇ ਅੰਬਾਂ ਦਾ ਟੋਕਰਾ ਮੰਗਵਾ ਲੈਂਦੇ ਤੇ ਠੰਢੇ ਪਾਣੀ ਵਿਚ ਧੋ ਕੇ ਬਾਲਟੀ ਭਰ ਲੈਂਦੇ। ਇਨ੍ਹਾਂ ਹੁਸ਼ਿਆਰਪੁਰੀ ਪਿੰਡਾਂ ਦਾ ਠੰਢਾ ਪਾਣੀ ਵੀ ਨਿਆਮਤ ਹੈ। ਗਰਮੀਆਂ ਵਿਚ ਵੀ ਐਨਾ ਠੰਢਾ, ਜੇ ਨਹਾਉ ਤਾਂ ਕਾਂਬਾ ਲਗ ਜਾਵੇ।ਅੰਬਾਂ ਨੂੰ ਠੰਢਾ ਕਰ ਕੇ ਰੱਜ ਕੇ ਚੂਪਣਾ। ਕੋਈ ਸੰਧੂਰੀ, ਕੋਈ ਤੋਤੇ ਰੰਗਾ, ਕੋਈ ਹਰਾ, ਕੋਈ ਮਿੱਠਾ, ਕੋਈ ਖਟਮਿੱਠਾ, ਕੋਈ ਖੱਟਾ, ਕੋਈ ਸੌਂਫ਼ੀਆ। ਮੁਸਲਮਾਨਾਂ ਦੇ ਬਹਿਸ਼ਤ ਵਿਚ ਹੂਰਾਂ ਤੇ ਪਾਣੀ ਦੇ ਚਸ਼ਮੇ ਦਸੇ ਜਾਂਦੇ ਹਨ। ਸਾਡੇ ਹੁਸ਼ਿਆਰਪੁਰੀਆਂ ਦੇ ਬਹਿਸ਼ਤ ਵਿਚ ਤਾਂ ਮਿੱਠੇ ਅੰਬ ਹੀ ਹਨ। ਤੇ ਇਨ੍ਹਾਂ ਨੂੰ ਕਿਹੜੀ ਚੀਜ਼ ਮਾਤ ਕਰ ਸਕਦੀ ਹੈ ? ਸਾਡੇ ਮੁਸਲਮਾਨ ਭਰਾਵਾਂ ਨੂੰ ਪਤਾ ਨਹੀਂ ਅਗਲੇ ਜਨਮ ਵਿਚ ਹੂਰਾਂ ਲਭਣ ਕਿ ਨਾ ਲਭਣ, ਪਰ ਸਾਡਾ ਬਹਿਸ਼ਤ ਤਾਂ ਸਾਡੇ ਕੋਲ ਹੈ, ਤੇ ਹਰ ਤੀਸਰੇ ਸਾਲ ਸਾਵਣ ਭਾਦਰੋਂ ਦਿਆਂ ਮਹੀਨਿਆਂ ਵਿਚ ਅਸੀਂ ਇਹਨੂੰ ਮਾਣ ਸਕਦੇ ਹਾਂ। ਕੰਮ ਦੇ ਫ਼ਿਕਰਾਂ ਦੇ ਭੁੰਨੇ ਹੋਏ ਤੇ ਸ਼ਹਿਰਾਂ ਤੋਂ ਅੱਕੇ ਹੋਏ ਕਈ ਆਦਮੀ ਮੈਥੋਂ ਪੁਛਦੇ ਹਨ, ਸਾਡੀ ਬੀਮਾਰੀ ਦਾ ਕੀ ਇਲਾਜ ਹੈ ਤੇ ਸਾਡੀ ਰੂਹ ਨੂੰ ਸਕੂਨ ਕਿਵੇਂ ਹੋਵੇ ? ਇਨ੍ਹਾਂ ਨੂੰ ਮੈਂ ਇਹੋ ਸਲਾਹ ਦਿੰਦਾ ਹਾਂ, “ਜਾਓ ਹੁਸ਼ਿਆਰਪੁਰ ਦੇ ਬਾਗ਼ਾਂ ਵਿਚ ਪੰਦਰਾਂ ਦਿਨ ਅੰਬ ਚੂਪੋ ਤੇ ਭੁੱਲ ਜਾਓ ਕਿ ਤੁਸੀਂ ਪੜ੍ਹੇ ਲਿਖੇ ਹੋ।”

ਅੰਬ ਮੁੱਕੇ ਤਾਂ ਮੱਕੀ ਦੀਆਂ ਛੱਲੀਆਂ ਪੱਕੀਆਂ। ਖੇਤਾਂ ਵਿਚ ਛਾਪਿਆਂ ਦੀ ਅੱਗ ਬਾਲ ਕੇ ਛੱਲੀਆਂ ਭੁੰਨ ਕੇ ਚਬਣੀਆਂ ਤੇ ਘਰ ਆ ਕੇ ਖੱਟੀ ਲੱਸੀ ਦਾ ਗਲਾਸ ਲੂਣ ਤੇ ਕਾਲੀ ਮਿਰਚ ਪਾ ਕੇ ਪੀ ਲੈਣਾ। ਛੱਲੀਆਂ ਪੱਕਣੀਆਂ ਤਾਂ ਮੁਰਮਰੇ ਝਿਊਰੀ ਦੀ ਭੱਠੀ 'ਚ ਭੁਨਾਉਣੇ, ਹੋਰ ਪੱਕ ਜਾਵਣ ਤਾਂ ਖਿੱਲਾਂ। ਸਿਆਲਾਂ ਨੂੰ ਵੇਲਣੇ ਚਲਣੇ ਤੇ ਹਵਾ ਤੱਤੇ ਗੁੜ ਤੇ ਰਾਬ ਦੀ ਮਹਿਕ ਨਾਲ ਭਰ ਜਾਣੀ ਕਿੰਨੀ ਸੁਆਦਲੀ ਹੈ ਤੱਤੇ ਤੱਤੇ ਗੁੜ ਤੇ ਰਾਬ ਦੀ ਮਹਿਕ ? ਮੈਨੂੰ ਹਾਲੇ ਤਾਈਂ ਵੀ ਆਉਂਦੀ ਹੈ। ਰਾਤ ਨੂੰ ਭੱਠੀ ਕੋਲ ਹੀ ਕੰਬਲ ਵਲ੍ਹੇਟ ਕੇ ਖੋਰੀ 'ਤੇ ਪੈ ਜਾਣਾ ਤੇ ਜੱਟਾਂ ਦੀਆਂ ਗੱਲਾਂ ਸੁਣਨੀਆਂ। ਗਪੋਸ਼ਟੀਆਂ ਵਿਚ ਬੋਦਲਾਂ ਵਾਲਿਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਅੱਧਾ ਪਿੰਡ ਵਿਹਲਾ ਹੈ ਤੇ ਥੜ੍ਹਿਆਂ ਦੇ ਮੁੱਢਾਂ ਉਤੇ ਢਾਣੀਆਂ ਦੀਆਂ ਢਾਣੀਆਂ ਬੈਠੀਆਂ ਦਿਸਦੀਆਂ ਹਨ।

ਜਦ ਪਾਲਾ ਵਧ ਜਾਂਦਾ ਤਾਂ ਦੀਵਾਨਖ਼ਾਨੇ ਦੇ ਵਰਾਂਡੇ ਵਿਚ ਧੂਣੀ ਸੇਕਣੀ, ਨਾਲੇ ਜੱਟਾਂ ਨੇ ਸਣ ਕਢਣੀ ਦੇ ਸੇਙਣੀਆ ਨੂੰ ਜਲਾਉਣਾ। ਗੋਪੀ ਚੰਦ, ਬਿਕਰਮਾਜੀਤ, ਰਾਜਾ ਭੋਜ ਤੇ ਪੂਰਨ ਭਗਤ ਦੀਆਂ ਕਹਾਣੀਆਂ ਬੜੇ ਗ਼ੌਰ ਨਾਲ ਸੁਣਨੀਆਂ। ਕਦੇ ਕਦੇ ਜੱਟਾਂ ਨੂੰ ਸਾਇੰਸ ਸਮਝਾਉਣ ਦੀ ਕੋਸ਼ਿਸ਼ ਕਰਨੀ ਤੇ ਦਸਣਾ ਕਿ ਧਰਤੀ ਗੋਲ ਹੈ ਤੇ ਸੂਰਜ ਦੇ ਆਲੇ-ਦੁਆਲੇ ਘੁੰਮਦੀ ਹੈ। ਇਕ ਰਾਜਾ ਸਿੰਘ ਮਹੀਆਂ ਦਾ ਵਪਾਰੀ ਸੀ। ਉਸ ਨੇ ਪੈਸਾ ਵੀ ਕਾਫ਼ੀ ਜੋੜਿਆ ਸੀ, ਪਰ ਰਹਿੰਦਾ ਸੀ ਬਹੁਤ ਮੈਲੀ ਕੁਚੈਲੀ ਕੋਠੜੀ ਵਿਚ। ਉਹਨੂੰ ਕਹਿਣਾਂ, “ਚਾਚਾ ਘੋਰ ਨਰਕ ਵਿਚ ਕਿਉਂ ਰਹਿਨਾਂ ਹੈਂ, ਪੈਸਾ ਨਾਲ ਬੰਨ੍ਹ ਕੇ ਲੈ ਜਾਵੇਂਗਾ ? ਇਕ ਹਵਾਦਾਰ ਕੋਠਾ ਛੱਤ ਲੈ।” ਉਸ ਨੇ ਕਹਿਣਾ “ਉਦੋਂ ਛੱਤਾਂਗੇ ਜਦੋਂ ਧਰਤੀ ਘੁੰਮਣੋਂ ਹਟ ਜਾਊ ਕਿਤੇ ਕੋਠੇ ਦਾ ਮੂੰਹ ਹੀ ਦੂਸਰੇ ਪਾਸੇ ਨਾ ਹੋ ਜਾਵੇ।"

ਪੋਹ ਦੇ ਮਹੀਨੇ ਪਾਲਾ ਹੋਰ ਵਧ ਜਾਂਦਾ ਹੈ। ਪਹਾੜ ਵਲੋਂ ਢਾਡੂ ਚਲਦਾ ਰਾਤ ਨੂੰ ਕੁਹਰਾ ਜੰਮਦਾ ਤੇ ਛੱਪੜਾਂ 'ਤੇ ਬਰਫ਼ ਦੀ ਤਹਿ ਜੰਮ ਜਾਂਦੀ। ਧੁੱਪ ਵਿਚ ਸੂਰਜ ਇੰਜ ਵਿਖਾਈ ਦਿੰਦਾ ਜਿਵੇਂ ਚੰਦ ਹੋਵੇ। ਮੱਝਾਂ ਪਾਣੀ ਪੀਣ ਨੂੰ ਛੱਪੜ ਵਲ ਨੱਸਦੀਆਂ, ਥੋਥਨੀ ਪਾਣੀ ਵਿਚ ਵਾੜਦੀਆਂ, ਪਰ ਸੁੰਨ ਲਗਦੇ ਸਾਰ ਝੱਟ ਹੀ ਬਾਹਰ ਕਢ ਲੈਂਦੀਆਂ। ਖੇਸ ਦੀ ਝੁੰਮ ਮਾਰੀ ਤੇ ਬਾਹਾਂ ਦੀ ਕੈਂਚੀ ਬਣਾਈ ਜੱਟ ਠੁਰ ਠੁਰ ਕਰਦੇ, ਪਰ ਆਪਣੇ ਕੰਮ ਹਿੰਮਤ ਨਾਲ ਕਰੀ ਜਾਂਦੇ। ਮੈਨੂੰ ਪਾਲਾ ਬਹੁਤ ਲਗਦਾ ਹੈ। ਗਰਮ ਸਵੈਟਰ ਤੇ ਕੋਟ ਪਾਈ ਤੇ ਸਿਰ 'ਤੇ ਗਰਮ ਗਲੂਬੰਦ ਲਪੇਟੀ ਜਦ ਸਵੇਰੇ ਘਰੋਂ ਨਿਕਲਣਾ ਤੇ ਖੇਤਾਂ ਵਲ ਜੰਗਲ ਪਾਣੀ ਜਾਣਾ, ਤਾਂ ਚਰਨ ਸਿੰਘ ਮਸੰਦ ਨੇ ਕਹਿਣਾ, “ਸਰਦਾਰ ਜੀ ਤੁਸੀਂ ਪੂਣੀ ਵਾਂਗ ਲਿਪਟੇ ਹੋਏ ਕਿਥੇ ਜਾ ਰਹੇ ਹੋ ?” ਪੋਹ ਦੇ ਮਹੀਨੇ ਕੋਠੇ 'ਤੇ ਧੁੱਪ ਸੇਕਣ ਦਾ ਬੜਾ ਸਵਾਦ ਹੈ, ਤੇ ਸਾਗ ਤੇ ਮੱਕੀ ਦੀ ਰੋਟੀ ਤਾਂ ਕੁਝ ਹੋਰ ਹੀ ਅਨੰਦ ਦੇਂਦੀ ਹੈ।

ਫੱਗਣ, ਚੇਤ ਵਿਚ ਖੇਤਾਂ ਵਿਚ ਖ਼ੂਬ ਬਹਾਰਾਂ ਹੋਣੀਆਂ। ਸਰ੍ਹੋਂ ਦੇ ਪੀਲੇ ਫੁੱਲਾਂ ਨਾਲ ਕਣਕਾਂ ਦੇ ਖੇਤ ਇੰਜ ਲਗਣੇ ਜਿਵੇਂ ਇਕ ਸਾਵੀ ਤਸਵੀਰ ਪੀਲੇ ਚੌਖ਼ਟੇ ਵਿਚ ਜੁੜੀ ਹੋਵੇ। ਸਾਗ ਤੋੜਨ ਵਾਲੀਆਂ ਦੇ ਲਾਲ, ਪੀਲੇ, ਨੀਲੇ, ਦੁਪੱਟੇ ਹਰੀਆਂ ਫ਼ਸਲਾਂ ਵਿਚ ਕਿੰਨੇ ਸੁਹਣੇ ਲਗਦੇ ਹਨ। ਮੁੰਡਿਆਂ ਨੇ ਛੋਲਿਆਂ ਦੀਆਂ ਟਾਂਟਾਂ ਤੇ ਪਟਾਕੇ ਵਜਾਉਣੇ ਤੇ ਜੌਆਂ ਦੀਆਂ ਕੂੰਬਲਾਂ ਦੀਆਂ ਪੀਪਣੀਆਂ। ਨੰਗੇ ਪੈਰੀਂ ਠੰਢੀ ਰੇਤ 'ਤੇ ਚਲਣਾ ਤਾਂ ਹੋਰ ਵੀ ਸਵਾਦ ਆਉਣਾ। ਇਹ ਜ਼ਿਮੀਂਦਾਰਾਂ ਲਈ ਵਿਹਲ ਦਾ ਮਹੀਨਾ ਹੈ। ਵਿਸਾਖੀ ਦੇ ਮੇਲੇ 'ਤੇ ਘੋਲ ਹੋਣੇ ਤੇ ਮੁੰਡਿਆਂ ਨੇ ਲੱਡੂ ਜਲੇਬੀਆਂ ਰੱਜ ਰੱਜ ਕੇ ਖਾਣੀਆਂ।

ਜਦ ਕਣਕਾਂ ਦੀਆਂ ਵਾਢੀਆਂ ਹੋ ਚੁਕਦੀਆਂ ਤਾਂ ਜ਼ਿਮੀਂਦਾਰ ਗਹਾਈ ਵਿਚ ਰੁਝ ਜਾਂਦੇ। ਜਲਦੀ ਜਲਦੀ ਧੁੱਪ ਵਿਚ ਫਲ੍ਹੇ ਚਲਣੇ ਤੇ ਛੱਜਾਂ ਨਾਲ ਉਡਾਈਆਂ ਹੋਣੀਆਂ। ਜਦ ਜੇਠ ਹਾੜ ਦੇ ਮਹੀਨੇ ਦਾਣੇ ਘਰ ਆ ਜਾਂਦੇ ਤਾਂ ਨੇਂਦਿਆਂ ਦਾ ਦੌਰ ਸ਼ੁਰੂ ਹੋਣਾ। ਇਨ੍ਹਾਂ ਨੇਂਦਿਆਂ ਵਿਚ ਪਿੰਡ ਦੇ ਲੋਕ ਇਕ ਦੂਜੇ ਨੂੰ ਦਾਅਵਤਾਂ ਖਵਾਉਂਦੇ-ਮਾਂਹ ਦੀ ਦਾਲ ਤੇ ਮਿਰਚਾਂ ਨਾਲ ਲਾਲ ਰੰਗਿਆ ਹੋਇਆ ਖੱਟੀ ਲੱਸੀ ਦੇ ਪਕੌੜੀਆਂ ਦਾ ਰੈਤਾ ਤੇ ਲੋਹ ਦੇ ਮੰਡੇ। ਇਹ 1918 ਦੀ ਗੱਲ ਹੈ, ਜਦ ਪਿੰਡਾਂ ਵਿਚ ਚੋਣਾਂ ਦੀ ਬੀਮਾਰੀ ਨਹੀਂ ਸੀ ਆਈ ਤੇ ਲੋਕ ਮੈਂਬਰੀਆਂ, ਮਨਿਸਟਰੀਆਂ ਦੇ ਸੁਫ਼ਨੇ ਨਹੀਂ ਸੀ ਲੈਂਦੇ, ਸਾਰੇ ਬੜੇ ਪਿਆਰ ਸਲੂਕ ਨਾਲ ਰਹਿੰਦੇ ਤੇ ਇਕ ਦੂਜੇ ਦੇ ਦੁਖ ਸੁਖ ਦੇ ਸਾਂਝੀ ਹੁੰਦੇ ਹਨ।

ਜਦ ਮੂੰਹ ਝਾਖਰਾ ਹੀ ਹੋਣਾ ਤੇ ਹਾਲੀ ਸਵੇਰ ਦਾ ਤਾਰਾ ਚਮਕਦਾ ਹੋਣਾ ਤਾਂ ਅਸੀਂ ਰੋਟੀਆਂ ਤੇ ਅੰਬ ਦਾ ਅਚਾਰ ਪਰਨੇ ਵਿਚ ਬੰਨ੍ਹ ਕੇ ਬਲੱਗੜਾਂ ਦੇ ਸਕੂਲ ਨੂੰ ਜਾਣਾ। ਬਹੁਤ ਸਾਰਿਆਂ ਨੇ ਤਾਂ ਸਕੂਲ ਪਹੁੰਚ ਜਾਣਾ, ਪਰ ਕਈਆਂ ਨੇ ਪੀਰ-ਫਲਾਹੀ ਹੀ ਰਹਿ ਜਾਣਾ ਤੇ ਸ਼ਾਮ ਨੂੰ ਘਰ ਆ ਕੇ ਦਸਣਾ ਕਿ ਪੜ੍ਹ ਆਏ ਹਾਂ।

ਬਹੁਤ ਸਾਰੇ ਲੋਕ ਗਰਮੀ ਨਹੀਂ ਪਸੰਦ ਕਰਦੇ। ਪਰ ਮੈਨੂੰ ਗਰਮੀਆਂ ਦੇ ਮਹੀਨੇ ਬਹੁਤ ਚੰਗੇ ਲਗਦੇ। ਦਿਨੇ ਠੰਢੇ ਪਾਣੀ ਨਾਲ ਨਹਾਉਣ ਦਾ ਸਵਾਦ ਤੇ ਰਾਤ ਕੋਠੇ ਦੀ ਛੱਤ ਉਤੇ ਸੌਣ ਦਾ ਆਨੰਦ। ਖੁੱਲ੍ਹੇ ਆਸਮਾਨ ਹੇਠਾਂ ਸੌਂ ਕੇ ਕੁਦਰਤ ਨਾਲ ਸਿੱਧਾ ਸੰਬੰਧ ਪੈਦਾ ਹੋ ਜਾਂਦਾ ਹੈ। ਮੰਜੇ ਤੇ ਪੈ ਕੇ ਚੰਨ ਤਾਰਿਆਂ ਵਲ ਵੇਖਣਾ ਤੇ ਵੇਖ-ਵੇਖ ਕੇ ਰੱਜਣਾ। ਚੰਨ ਦਾ ਅਸਮਾਨ ਵਿਚ ਰੋਜ਼ਾਨਾ ਸਫ਼ਰ ਕਿੰਨਾ ਸਵਾਦਲਾ ਹੈ। ਪਹਾੜਾਂ ਦੇ ਪਿਛੋਕੜ 'ਚੋਂ ਧੁੰਦਲੀ ਜਿਹੀ ਰੌਸ਼ਨੀ ਦਿਸਣੀ ਤੇ ਹੌਲੀ ਹੌਲੀ ਤੇਜ਼ ਹੋਣੀ ਤੇ ਸਾਰੇ ਅਸਮਾਨ ਵਿਚ ਫੈਲ ਜਾਣੀ। ਚੰਨ ਦੇ ਬੱਦਲਾਂ ਦੀ ਲੁਕਣ ਮੀਚੀ ਨੇ ਹੋਰ ਵੀ ਸਵਾਦ ਦੇਣਾ। ਧਰੂ ਤਾਰੇ ਦੇ ਸਤ ਰਿਸ਼ੀਆਂ ਨੂੰ ਉੱਤਰੀ ਆਕਾਸ਼ ਵਿਚ ਬੜੀ ਨੀਝ ਨਾਲ ਵੇਖਣਾ ਤੇ ਧਰੂ ਭਗਤ ਦੀ ਕਹਾਣੀ ਯਾਦ ਆਉਂਦੀ। ‘ਛੜਿਆਂ ਦੇ ਰਾਹ’ (ਮਿਲਕੀ ਵੇ) ਨੇ ਹਨੇਰੀ ਰਾਤ ਵਿਚ ਹੋਰ ਵੀ ਚਮਕਣਾ ਤੇ ਖ਼ਿਆਲ ਆਉਣਾ ਕਿ ਇਸ ਧੁੰਦਲੀ ਜਿਹੀ ਆਸਮਾਨੀ ਪੇਟੀ ਵਿਚ ਲੱਖਾਂ ਸੂਰਜ ਤੇ ਸ੍ਰਿਸ਼ਟੀਆਂ ਘੁੰਮ ਰਹੀਆਂ ਹਨ ਤੇ ਕਈਆਂ ਵਿਚ ਜ਼ਿੰਦਗੀ ਸਾਡੀ ਧਰਤੀ ਨਾਲੋਂ ਵੀ ਅਗਾਂਹ ਵਧੀ ਹੋਈ ਹੋਵੇਗੀ ? ਇਕ ਤਾਰਿਆਂ ਦਾ ਗੁੱਛਾ ਜਿਹਾ ਹੈ, ਜਿਸ ਨੂੰ ਤੰਗਲੀ ਕਹਿੰਦੇ ਹਨ। ਇਸ ਨੂੰ ਵੇਖ ਕੇ ਵਕਤ ਦਾ ਅੰਦਾਜ਼ਾ ਲਾਉਣਾ ਤੇ ਸੌਣ ਦੀ ਤਿਆਰੀ ਕਰਨੀ। ਕੁੱਤਿਆਂ ਦੀ ਚਊਂ ਚਊਂ ਨੇ ਰਾਤ ਦੀ ਚੁੱਪ ਨੂੰ ਹੋਰ ਵੀ ਉਘਾੜਨਾ। ਰਾਤ ਦੀ ਚੁੱਪ ਵਿਚ ਕਿੰਨੀ ਸ਼ਾਂਤੀ ਹੁੰਦੀ ਹੈ ਤੇ ਇਸ ਤੋਂ ਹੀ ਸਾਨੂੰ ਤਾਕਤ ਤੇ ਜ਼ਿੰਦਗੀ ਮਿਲਦੀ ਹੈ। ਕਦੇ ਕਦਾਈਂ ਤੜਕਸਾਰ ਹੀ ਅੱਖ ਖੁੱਲ੍ਹ ਜਾਣੀ ਤੇ ਸਵੇਰ ਦੇ ਤਾਰੇ ਵਲ ਵੇਖਣਾ। ਇਸ ਦੀ ਚਮਕ ਕਿੰਨੀ ਭਲੀ ਲਗਦੀ ਹੈ ਤੇ ਇੰਜ ਮਾਲੂਮ ਹੁੰਦਾ ਹੈ ਜਿਵੇਂ ਇਹ ਆਸਮਾਨ ਦਾ ਦੀਵਾ ਹੋਵੇ। ਇਸ ਵੇਲੇ ਸਾਰਾ ਪਿੰਡ ਸੌਂ ਰਿਹਾ ਹੋਣਾ ਤੇ ਮੈਨੂੰ ਇੰਜ ਲਗਣਾ ਜਿਵੇਂ ਸਾਰੀ ਪ੍ਰਕਿਰਤੀ ਦੀ ਸੁੰਦਰਤਾ ਦਾ ਮਾਲਕ ਮੈਂ ਹੀ ਹੋਵਾਂ ਤੇ ਇਸ ਦੇ ਭੇਤ ਮੈਨੂੰ ਹੀ ਮਾਲੂਮ ਹੋਣ। ਇਸ ਦੀ ਸੁੰਦਰਤਾ ਨੂੰ ਮਾਣਦੇ ਆਪਣਾ ਆਪ ਬਿਲਕੁਲ ਭੁੱਲ ਜਾਣਾ ਤੇ ਇਕ ਖ਼ੁਮਾਰੀ ਜਿਹੀ ਚੜ੍ਹ ਜਾਣੀ।

ਅੰਬਾਂ ਦੇ ਬਾਗ਼ ਹੁਸ਼ਿਆਰਪੁਰ ਦੇ ਵਸਨੀਕਾਂ ਨੂੰ ਨਾ ਸਿਰਫ਼ ਜਿਸਮਾਨੀ ਖ਼ੁਰਾਕ ਹੀ ਦਿੰਦੇ ਹਨ, ਇਨ੍ਹਾਂ ਤੋਂ ਪੇਂਡੂ ਜਨਤਾ ਨੂੰ ਰੂਹਾਨੀ ਖ਼ੁਰਾਕ ਵੀ ਮਿਲਦੀ ਹੈ। ਹਰ ਇਕ ਬਾਗ਼ ਵਿਚ ਸੰਤਾਂ ਦਾ ਡੇਰਾ ਹੁੰਦਾ ਹੈ ਤੇ ਲੋਕ ਵਿਹਲੇ ਵੇਲੇ ਬਾਣੀ ਦਾ ਪਾਠ ਸੁਣਨ ਆਉਂਦੇ। ਸਾਡੇ ਪਿੰਡ ਦੇ ਬਾਗ਼ ਵਿਚ ਸੰਤ ਨਰਾਇਣ ਸਿੰਘ, ਸੰਤ ਹਰਨਾਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਬੜੀ ਰੌਣਕ ਲਾ ਛਡੀ ਸੀ। ਗਰਮੀ ਦੀਆਂ ਛੁੱਟੀਆਂ ਵਿਚ ਸਰੋਤਿਆਂ ਵਿਚ ਅਸੀਂ ਵੀ ਸ਼ਾਮਲ ਹੋ ਜਾਂਦੇ। ਸੰਤ ਨਰਾਇਣ ਸਿੰਘ ਬੜੇ ਨੇਕ ਇਨਸਾਨ ਸਨ, ਚਿੱਟਾ ਭਰਵਾਂ ਦਾਹੜਾ, ਚਿਹਰੇ ਉਤੇ ਨੂਰ, ਤੇ ਮਿੱਠਾ ਬੋਲ।ਜਦ ਵੀ ਗੱਲ ਕਰਨ, ਸ਼ਾਂਤੀ ਤੇ ਖ਼ੁਸ਼ੀ ਦੇਣ। ਸੰਤ ਹਰਨਾਮ ਸਿੰਘ ਯੋਗ ਵਸ਼ਿਸ਼ਟ ਤੇ ਸੂਰਜ ਪ੍ਰਕਾਸ਼ ਦੀ ਬੜੀ ਅੱਛੀ ਕਥਾ ਕਰਦੇ ਤੇ ਅਸੀਂ ਬੜੇ ਧਿਆਨ ਨਾਲ ਸੁਣਦੇ।

ਬਾਗ਼ਾਂ ਵਿਚ ਬੜੀ ਸਫ਼ਾਈ ਰਹਿੰਦੀ ਤੇ ਝਾੜੂ ਦੇਣ ਵਾਲਿਆਂ ਦੀ ਕੋਈ ਕਮੀ ਨਾ ਰਹਿੰਦੀ। ਕਹਿੰਦੇ ਹਨ ਕਿ ਭਾਦੋਂ ਦੀਆਂ ਕੜਕਦੀਆਂ ਧੁੱਪਾਂ ਜੱਟ ਨੂੰ ਸਾਧ ਬਣਾ ਦਿੰਦੀਆਂ ਹਨ। ਸੰਤਾਂ ਦਾ ਸੇਵਾਦਾਰ ਇਕ ਗੰਗੂ ਨਾਮ ਦਾ ਜੱਟ ਸੀ। ਗੋਡੀਆਂ ਤੋਂ ਅੱਕਿਆ ਹੋਇਆ ਬਾਗ਼ੀਂ ਆ ਗਿਆ। ਮੈਂ ਪੁੱਛਿਆ, “ਗੰਗੂ ਕੋਈ ਭਜਨ ਪਾਠ ਵੀ ਕਰਦਾ ਹੈਂ ?” ਉਹ ਬੋਲਿਆ, “ਸਮਾਧੀ ਤਾਂ ਲਗਣ ਹੀ ਨਹੀਂ ਦਿੰਦੇ, ਕਦੀ ਕਹਿੰਦੇ ਪਾਣੀ ਭਰ, ਕਦੀ ਕਹਿੰਦੇ ਝਾੜੂ ਦੇਹ।”

ਸਰੋਤਿਆਂ ਵਿਚੋਂ ਗੁਆਂਢੀ ਪਿੰਡ ਦਾ ਰਾਜਪੂਤ ਚੌਧਰੀ ਭੀਖ ਖਾਂ ਸੰਤਾਂ ਦਾ ਤੇ ਗੁਰਬਾਣੀ ਦਾ ਬੜਾ ਪ੍ਰੇਮੀ ਸੀ।ਅੰਬਾਂ ਹੇਠਾਂ ਮੰਜਿਆਂ ਦੀ ਕਤਾਰ ਲਗੀ ਹੋਣੀ ਤੇ ਸਭ ਤੋਂ ਚੌੜੇ ਮੰਜੇ 'ਤੇ ਚੌਧਰੀ ਸਾਹਿਬ ਬਰਾਜਮਾਨ ਹੋਣੇ। ਨਾਲੇ ਸੁੱਖੇ ਦਾ ਦੌਰ ਚਲਣਾ ਤੇ ਨਾਲੇ ਕਥਾ ਹੋਣੀ। ਚੌਧਰੀ ਸਾਹਿਬ ਬੜੇ ਵਿਸ਼ਾਲ ਦਿਲ ਦੇ ਸਨ। ਅੱਧੀ ਕੁ ਜ਼ਮੀਨ ਸਾਡੇ ਚਾਚੇ ਸਰਦਾਰ ਮਿਹਰ ਸਿੰਘ ਦੇ ਕੋਲ ਗਹਿਣੇ ਧਰ ਚੁਕੇ ਹਨ। ਮਿਹਰ ਸਿੰਘ ਬੜੇ ਕਿਰਸੀ ਸਨ ਤੇ ਸੰਤਾਂ ਨੂੰ ਚੜ੍ਹਾਵਾ ਘਟ ਹੀ ਚੜ੍ਹਾਉਂਦੇ ਸਨ। ਕਿਰਸੀ ਵੀ ਕਿਉਂ ਨਾ ਹੁੰਦੇ ਬੜੀ ਮਿਹਨਤ ਮੁਸ਼ੱਕਤ ਨਾਲ ਦੌਲਤ ਪੈਦਾ ਕੀਤੀ ਸੀ। ਜਦ ਮੀਂਹ ਪੈਂਦਾ ਤਾਂ ਟਾਹਲੀਆਂ ਲਾਉਂਦੇ ਤੇ ਹੋਰ ਕੋਈ ਕੰਮ ਦਾ ਹੋਣਾ ਤਾਂ ਸੁਣ ਹੀ ਕਢਣੀ ਜਾਂ ਗੰਡਾਸੇ ਨਾਲ ਪੱਠੇ ਕੁਤਰਨੇ। ਸੰਤ ਹਰਨਾਮ ਸਿੰਘ ਹਮੇਸ਼ਾ ਇਹੋ ਪਰਚਾਰ ਕਰਦੇ, “ਮਾਇਆ ਦੇ ਜਾਲ ਵਿਚ ਫਸਣਾ ਨਹੀਂ ਚਾਹੀਦਾ। ਜੋ ਕਮਾਓ ਉਸ ਵਿਚੋਂ ਸਾਧਾਂ ਸੰਤਾਂ ਦੀ ਸੇਵਾ ਕਰੋ।”

ਮਿਹਰ ਸਿੰਘ ਦੀ ਕਿਰਸ ਤੇ ਸੰਜਮ ਨੂੰ ਸਾਹਮਣੇ ਰਖਦੇ ਹੋਏ ਉਹ ਕਬੀਰ ਸਾਹਿਬ ਦਾ ਇਹ ਸ਼ਬਦ ਉਚਾਰਨ ਕਰਦੇ :

“ਸੂਮੇ ਧਨ ਰਾਖਨ ਕੋ ਦੀਆ
ਮੁਗਧ ਕਹੇ ਧਨ ਮੇਰਾ।
ਜਮ ਕਾ ਡੰਡ ਮੂੰਡ ਮੇਂ ਲਾਗੇ
ਖਿਨ ਮੈਂ ਕਰੈ ਨਬੇਰਾ।"

ਜਦ ਪਿਛਲੀਆਂ ਦੋ ਲਾਈਨਾਂ ਉਚਾਰਨੀਆਂ, ਤਾਂ ਚੌਧਰੀ ਭੀਖੇ ਖਾਂ ਨੇ ਵੀ ਸਾਥ ਹੀ ਬੋਲਣਾ ਤੇ ਬੜਾ ਹਾਸਾ ਪੈਣਾ।

ਅੰਮ੍ਰਿਤ ਵੇਲੇ ਸੰਤਾਂ ਨੇ ਖੂਹੀ ਉਤੇ ਇਸ਼ਨਾਨ ਕਰਨਾ, ਤੇ ਮੈਂ ਢੀਂਗਲੀ ਨਾਲ ਡੋਲ ਕਢਣੇ। ਪਾਲੇ ਦਾ ਮੌਸਮ ਹੋਣਾ, ਪਾਣੀ 'ਚੋਂ ਭਾਫ਼ਾਂ ਨਿਕਲਣੀਆਂ ਤੇ ਸੰਤਾਂ ਨੇ ਕਛਹਿਰਾ ਮਲਣਾ ਤੇ ਕਹਿਣਾ, “ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ।” ਸੰਤਾਂ ਦੀ ਸੇਵਾ ਕਰ ਕੇ ਬੜਾ ਸਵਾਦ ਆਉਣਾ। ਇਨ੍ਹਾਂ ਰਸਮਾਂ ਨਾਲ ਹੀ ਨਿਮਰਤਾ ਤੇ ਸੇਵਾ ਭਾਵ ਪੈਦਾ ਹੁੰਦਾ ਹੈ ਜੋ ਅੱਜ ਕਲ੍ਹ ਖ਼ਤਮ ਹੋ ਰਿਹਾ ਹੈ।

ਖੂਹੀ ਦੇ ਕੋਲ ਜਿਥੇ ਜ਼ਿੰਦਗੀ ਦੇ ਨਜ਼ਾਰੇ ਵਿਖਾਈ ਦੇਣੇ, ਉਥੇ ਮੌਤ ਦੀਆਂ ਝਲਕਾਂ ਵੀ ਦਿਸਣੀਆਂ। ਪਿੰਡ ਵਿਚ ਕਿਸੇ ਦੀ ਮ੍ਰਿਤੂ ਹੋ ਜਾਣੀ ਤਾਂ ਬਾਹਰੋਂ ਮਕਾਣਾਂ ਆਉਣੀਆਂ। ਤੀਵੀਆਂ ਦੇ ਜਥਿਆਂ ਨੇ ਖੂਹੀ ਕੋਲ ਡੇਰੇ ਲਾਉਣੇ। ਪਹਿਲਾਂ ਤਾਂ ਸਾਰੀਆਂ ਹੱਸਦੀਆਂ ਖੇਡਦੀਆਂ ਹੋਣੀਆਂ, ਪਰ ਖੂਹੀ ਕੋਲ ਆ ਕੇ ਸਾਰੀਆਂ ਨੇ ਘੱਗਰੇ ਮੋਢਿਆਂ ਤੋਂ ਲਾਹ ਕੇ ਪਹਿਨ ਲੈਣੇ ਤੇ ਝਟ ਕੀਰਨੇ ਪਾਉਣ ਲਗ ਜਾਣਾ। ਪਿੰਡ ਪਹੁੰਚਦੇ ਸਾਰ ਹੀ, ਮੀਰਜ਼ਾਦੀ ਨੇ ਸਭ ਦਾ ਚਾਰਜ ਲੈ ਲੈਣਾ ਤੇ “ਹਾਇ ਹਾਇ ਸ਼ੇਰਾ" ਕਹਿ ਕੇ ਪਰੇਡ ਕਰਾਉਣੀ।

ਗਰਮੀਆਂ ਦੇ ਮਹੀਨਿਆਂ ਵਿਚ ਜਦ ਮੀਹਾਂ ਦੀਆਂ ਉਡੀਕਾਂ ਹੁੰਦੀਆਂ ਹਨ, ਤਾਂ ਪਿੰਡ ਵਾਲਿਆਂ ਨੂੰ ਕੰਮ ਘਟ ਹੁੰਦਾ ਹੈ। ਛਿੰਝਾਂ ਪੈਂਦੀਆਂ ਤੇ ਪਿੰਡ ਦੇ ਪਹਿਲਵਾਨ ਬਦਾਮ ਖਾ ਕੇ ਕਸਰਤਾਂ ਕਰਦੇ ਤੇ ਮਿਲਖੀ ਅਪਣਾ ਪੰਜ ਮਣ ਦਾ ਵੱਟਾ ਚੁੱਕਦਾ। ਟਾਹਲੀਆਂ ਦੀਆਂ ਝਿੜੀਆਂ ਵਿਚ ਕੁਲਾਰਾਂ ਵਾਲੇ ਨਕਲੀਏ ਸਾਰਾ ਜ਼ੋਰ ਲਾ ਲਾ ਕੇ ਨਕਲਾਂ ਲਾਉਂਦੇ। ਕਈ ਵਾਰ ਲੋਕੀ ਕਾਫ਼ੀ ਦੇਰ ਤਾਈਂ ਉਨ੍ਹਾਂ ਨੂੰ ਕੋਈ ਪੈਸਾ ਨਾ ਦਿੰਦੇ ਤਾਂ ਉਹ ਆਪੋ ਵਿਚੀ ਗੱਲ ਬਾਤ ਦਾ ਢੰਗ ਇਸ ਤਰ੍ਹਾਂ ਪਰਤਾਉਂਦੇ ਭਾਈ ! ਇਹ ਲਗਦਾ ਤਾਂ ਪਿੰਡ ਸ਼ੌਕੀਨਾਂ ਦਾ ਏ, ਪਰ ਹੈ ਠੰਢੇ ਠਾਰ। ਲਗਦਾ ਹੈ ਜਿਵੇਂ ਸਾਰਿਆਂ ਨੇ ਧਨੀਆਂ-ਪੀਤਾ ਹੋਇਆ ਹੋਵੇ।” ਇਹ ਸੁਣ ਦੁਨੀਆਂ ਹੱਸ ਹੱਸ ਕੇ ਲੋਟ ਪੋਟ ਹੋ ਜਾਂਦੀ ਅਤੇ ਨਕਲੀਆ ਫੇਰ ਆਪਣੀ ਗੱਲ ਸ਼ੁਰੂ ਕਰ ਦਿੰਦਾ :

“ਇਕ ਚੀਜ਼ ਐਸੀ ਹੈ ਜਿਹੜੀ ਰੱਬ ਪਾਸ ਵੀ ਹੈ ਨਹੀਂ।"
“ਕੀ ?”
“ਰੱਬ ਪਾਸ ਗੁੱਸਾ ਹੈ ਨਹੀਂ।”
“ਇਕ ਚੀਜ਼ ਐਸੀ ਹੈ ਜਿਹੜੀ ਆਸਮਾਨ ਵਿਚ ਹੈ ਨਹੀਂ।”
“ਉਹ ਕੀ ?”
“ਦਰੱਖ਼ਤ।”
“ਇਕ ਚੀਜ਼ ਐਸੀ ਜਿਹੜੀ ਧਰਤੀ 'ਤੇ ਹੈ ਨਹੀਂ!”
“ਉਹ ਕੀ ?”
"ਤਾਰੇ!"
“ਇਕ ਚੀਜ਼ ਐਸੀ ਜਿਹੜੀ ਇਨ੍ਹਾਂ ਚੌਧਰੀਆਂ ਪਾਸ ਵੀ ਹੈ ਨਹੀਂ।”
“ਉਹ ਕੀ ?”
“ਇਨ੍ਹਾਂ ਪਾਸ ਨਾਂਹ ਹੈ ਨਹੀਂ।”

ਅਤੇ ਵਿਆਹੁਣ ਆਏ ਜੱਟ ਚੌਧਰੀ ਸ਼ਰਮਾ ਕੇ ਸੁਣਦੇ ਸਾਰ ਹੀ ਝਟ ਰੁਪਈਆ ਕਢ ਕੇ ਨਕਲੀਆਂ ਨੂੰ ਫੜਾ ਦਿੰਦੇ।

ਇਸ ਤਰ੍ਹਾਂ ਲੋਕ ਖੁਸ਼ੀਆਂ ਮਾਣਦੇ ਤੇ ਲੁੱਡੀਆਂ ਪਾਉਂਦੇ ਰਹਿੰਦੇ।

ਰਾਤਾਂ ਨੂੰ ਰਾਸਾਂ ਪੈਂਦੀਆਂ। ਰਾਸਧਾਰੀਏ ਆਮ ਤੌਰ ਤੇ ਕ੍ਰਿਸ਼ਨ ਲੀਲ੍ਹਾ ਹੀ ਕਰਦੇ ਅਤੇ ਬਾਰਾਂ ਬਾਰਾਂ ਸਾਲ ਦੇ ਮੁੰਡੇ ਮੂੰਹ 'ਤੇ ਆਟਾ ਮਲ ਕੇ ਗੋਪੀਆਂ ਬਣਦੇ। ਗੋਪੀਆਂ ਨੂੰ ਵੇਖ ਜੱਟ ਬੜਾ ਖੌਹਰੂ ਪਾਉਂਦੇ ਅਤੇ ਦੁਆਨੀਆਂ ਦਾ ਮੀਂਹ ਵਰ੍ਹਾ ਦਿੰਦੇ।

ਕਦੇ ਕਦੇ ਜਲਸੇ ਵਾਲਿਆਂ ਦੀ ਪਾਰਟੀ ਵੀ ਆਉਂਦੀ ਜਿਨ੍ਹਾਂ ਵਿਚ ਨਬੀਆਂ, ਕਾਲੂ ਅਤੇ ਮੌਲੇ ਭਰਾਈ ਦੇ ਢੱਡ ਸਾਰੰਗੀ ਵਾਲੀ ਪਾਰਟੀ ਬੜੀਆਂ ਰੌਣਕਾਂ ਲਾਉਂਦੀ। ਜਲਸਾ ਪਾਰਟੀ ਦੇ ਸਾਹਮਣੇ ਪਿੰਡ ਵਿਚ ਤਿੰਨ ਨੱਚਾਰ ਮੁੰਡੇ ਘੱਗਰੇ ਪਾ ਕੇ ਮੋਰਾਂ ਵਾਂਗ ਪੈਲਾਂ ਪਾਉਂਦੇ ਨੱਚਦੇ। ਉਨ੍ਹਾਂ ਦੇ ਪਿੱਛੇ ਢੋਲਕ ਵਾਲਾ ਵੱਜਦ ਵਿਚ ਆ ਕੇ ਢਮਕ ਢਮਕ ਕਰਦਾ ਤੇ ਸਾਰੰਗੀ ਵਾਲਾ ਬੜੀ ਮਸਤੀ ਨਾਲ ਸਾਰੰਗੀ ਵਜਾਉਂਦਾ। ਖੜਤਾਲਾਂ ਵਾਲਾ ਪੋਸਤ ਦੇ ਲੋਰ ਵਿਚ ਢੱਡ ਵਾਲੇ ਨਾਲ ਮਿਲ ਕੇ ਬੋਲ ਚੁਕਦਾ :

“ਦੇਵਾ ਆਦਿ ਕੁਆਰੀਏ
ਤੁਠੜੀਆਂ ਵਰ ਦੇਹ,
ਵਿਚ ਪਹਾੜੀਂ ਆਸਣ ਤੇਰੇ
ਮੇਰੇ ਕਾਰਜ ਸਿਧ ਕਰ ਦੇਹ।”

ਤੇ ਇਸ ਤੋਂ ਬਾਅਦ ਝੱਟ ਜਲਸਾ ਪਾਰਟੀ ਦੇ ਮੋਢੀ ਨੇ ਦੋਹੜਾ ਚੁਕਣਾ ਤਾਂ ਨੱਚਾਰ ਨੇ ਅਖਾੜੇ ਵਿਚ ਇੰਜ ਦੌੜ ਕੇ ਆਉਣਾ ਜਿਵੇਂ ਕੁੱਕੜ ਕੁਕੜੀ ਵੱਲ।

ਕਦੇ ਕਦੇ ਪਹਾੜ ਦੇ ਝੀਊਰ ਰਾਤ ਜਾਗਰੇ ਕਰਦੇ ਅਤੇ ਪੂਰਨ ਭਗਤ ਦੀ ਕਥਾ ਗਾ ਕੇ ਸੁਣਾਉਂਦੇ। ਇਸ ਤਰ੍ਹਾਂ ਪਿੰਡਾਂ ਦੇ ਲੋਕ ਸ਼ੁਗਲ ਕਰਦੇ ਹੋਏ ਮੋਟੇ ਠੁੱਲ੍ਹੇ ਸੁਭਾਓ ਨਾਲ ਭਰਵੀਆਂ ਖ਼ੁਸ਼ੀਆਂ ਵਿਚ ਵਿਚਰਦੇ ਰਹਿੰਦੇ।

('ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ)

  • ਮੁੱਖ ਪੰਨਾ : ਮਹਿੰਦਰ ਸਿੰਘ ਰੰਧਾਵਾ : ਪੰਜਾਬੀ ਲੇਖ ਤੇ ਹੋਰ ਰਚਨਾਵਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ