Mere Agle Vi Nahin Likhange (Punjabi Story) : Gurcharan Singh Sehnsra

ਮੇਰੇ ਅਗਲੇ ਵੀ ਨਹੀਂ ਲਿਖਣਗੇ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ

ਮਾਰਚ 1934 ਦੇ ਆਖ਼ਰੀ ਦਿਨਾਂ ਦਾ ਲਹਡਾ ਵੇਲਾ ਸੀ, ਅੰਮ੍ਰਿਤਸਰ ਮਲਵਈ ਬੁੰਗੇ ਦੀ ਗੱਲ ਹੈ।

ਬੁੰਗੇ ਦੀਆਂ ਬਜ਼ਾਰ ਦੀਆਂ ਦੁਕਾਨਾਂ ਦੇ ਪਿੱਛੇ ਵਿਹੜੇ ਵਿੱਚ ਦੋਂਹ ਪਖਿਆਂ ਦੀ ਇੱਕ ਪੁਰਾਣੀ ਢੱਠਣ ਕਿਨਾਰੇ ਕੋਠੜੀ ਵਿੱਚ ਦੇਸ਼ ਭਗਤ ਪਰਵਾਰ-ਸਹਾਇਕ ਕਮੇਟੀ ਦਾ ਦਫ਼ਤਰ ਸੀ। ਮੀਹਾਂ ਨਾਲ਼ ਛੱਤ ਤੋਂ ਖੁਰ ਖੁਰ ਬਾਹਰ ਕੰਧਾਂ ਤੇ ਜੰਮੀ ਮਿੱਟੀ ਦੀ ਕਾਲਿਤਣ ਤੋਂ ਪਤਾ ਨਹੀਂ ਸੀ ਲੱਗਦਾ, ਕਿ ਪੁਰਾਣੀਆਂ ਤੇ ਬੋਦੀਆਂ ਪੈ ਚੁਕੀਆਂ ਇੱਟਾਂ ਚੂਨੇ ਨਾਲ਼ ਚਿਣੀਆਂ ਹੋਇਆਂ ਸਨ ਜਾਂ ਗਾਰੇ ਨਾਲ਼। ਨੀਂਹ ਲਾਗਿਉਂ ਤਿੰਨਾਂ ਚਹੁੰ ਵਾਰਾਂ ਦੀਆਂ ਇੱਟਾਂ ਦੇ ਪਿੰਡੇ ਕੱਲਰ ਨੇ ਖੋਰ ਛੱਡੇ ਸਨ। ਬੂਹੇ ਦੀ ਚੁਗਾਠ ਤੇ ਤਖਤੇ ਹਵਾ ਪਾਣੀ ਤੇ ਧੁੱਪ ਦੀ ਮਾਰ ਨਾਲ਼ ਮੈਲੇ ਤੇ ਖੱਖਰ ਖਾਹਦੇ ਹੋ ਕੇ ਕਾਲੇ ਹੋਏ ਸਨ।

ਅੰਦਰ ਕੱਚੇ ਫਰਸ਼ ਦੀ ਝਾੜੂ ਬਹਾਰੀ ਤੋਂ ਬਿਨਾਂ ਹੋਰ ਕੋਈ ਸਫਾਈ ਨਹੀਂ ਸੀ। ਕੰਧਾਂ ਉਤੇ ਬਹੁਤ ਸਾਲਾਂ ਤੋਂ ਹੋਈ ਕਲੀ ਦੀਆਂ ਕਈ ਥਾਵਾਂ ਤੋਂ ਟਾਕੀਆਂ ਪਾਈਆਂ ਹੋਈਆਂ ਸਨ ਤੇ ਗਾਰੇ ਦੀ ਲਿਪਾਈ ਦੀਆਂ ਟਾਕੀਆਂ ਦਿਸ ਰਹੀਆਂ ਸਨ। ਹੇਠਲੇ ਕੁਝ ਵਾਰ ਸਲਾਅਬ ਨਾਲ਼ ਖੁਰ ਕੇ ਇੱਟਾਂ ਦੀ ਸੁਰਖੀ ਡੇਗ ਰਹੇ ਸਨ। ਇੱਕ ਬੋਦੀ ਜਿਹੀ ਸਤੀਰੀ ਉੱਤੇ ਅਨਘੜਤ ਕੜੀਆਂ ਤੇ ਸਿਰਕੀਆਂ ਦੀ ਧੁਆਖੀ ਹੋਈ ਛੱਤ ਇਸ ਤਰ੍ਹਾਂ ਜਾਪਦੀ ਸੀ, ਜਿਵੇਂ ਕਾਲੋਂ ਦਾ ਲੇਪਣ ਫੇਰਿਆ ਹੋਵੇ। ਧੁਆਖੀਆਂ ਕੜੀਆਂ ਦੀਆਂ ਸਿਰਕੀਆਂ ਨਾਲ਼ ਲੱਗੀਆਂ ਵੱਖੀਆਂ ਤੇ ਕੰਧਾਂ ਦੀਆਂ ਨੁੱਕਰਾਂ ਵਿੱਚ ਥਾਂ ਥਾਂ ਕਕਹਿਣਿਆਂ ਦੇ ਬਣਾਏ ਹੋਏ ਚਿੱਟੇ ਚਿੱਟੇ ਘਰ ਕਾਲੀ ਪੈ ਚੁੱਕੀ ਛੱਤ 'ਤੇ ਕਮਰੇ ਦੇ ਹਨੇਰੇ ਵਿੱਚ ਰਾਤ ਦੇ ਤਾਰਿਆਂ ਵਾਂਗ ਚਮਕਦੇ ਨਜ਼ਰ ਆਉਂਦੇ ਸਨ।

ਪਿਛਲੀ ਕੰਧ ਨਾਲ਼ ਖੜੀ ਕੀਤੀ ਲਕੜ ਦੀ ਇਕ ਪੰਜ ਫੁੱਟੀ ਪੁਰਾਣੀ ਅਲਮਾਰੀ ਵਿੱਚ ਦਫ਼ਤਰ ਦੇ ਰਜਿਸਟਰ ਤੇ ਕਾਗਜ਼ ਪੱਤਰ ਸਨ, ਜਿਸ ਦੇ ਅੱਗੇ ਇਕ ਟੁੱਟਣ ਲਾਗੇ ਆਈ ਕੁਰਸੀ ਤੇ ਇੱਕ ਪੁਰਾਣਾ ਮੇਜ਼ ਰੱਖੇ ਸਨ। ਮੇਜ਼ ਉਤੇ ਲਾਲ ਨੀਤੀ ਦਵਾਤਾਂ ਵਾਲ਼ੇ ਲੱਕੜ ਦੇ ਕਲਮਦਾਨ ਵਿੱਚ ਦੋ ਨੀਲੇ ਤੇ ਇਕ ਲਾਲ ਡੰਕ ਪਏ ਸਨ। ਇਸ ਤੋਂ ਇਲਾਵਾ ਮੇਜ਼ ਉੱਤੇ ਰੱਖ ਕੇ ਲਿਖਣ ਵਾਲ਼ਾ ਸਿਆਹੀ ਚੂਸ ਲੱਗਾ ਇੱਕ ਵੱਡਾ ਸਾਰਾ ਗੱਤਾ, ਪਿੰਨਾਂ ਵਾਲ਼ੀ ਪੈਡ ਤੇ ਲੱਕੜ ਦਾ ਫੁੱਟਾ ਸੀ। ਮੈਂ ਮੇਜ਼ ਉੱਤੇ ਲੱਤਾਂ ਰੱਖੀ ਇਸ ਕੁਰਸੀ ਉੱਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ। ਮੇਜ਼ ਦੇ ਪਰਲੇ ਪਾਸੇ ਬੂਹੇ ਤੋਂ ਥੋੜ੍ਹਾ ਹੀ ਅੱਗੇ ਇੱਕ ਹੋਰ ਟੁੱਟੀ ਜਿਹੀ ਕੁਰਸੀ ਪਈ ਸੀ, ਜੋ ਆਇਆਂ ਦੇ ਬੈਠਣ ਲਈ ਰੱਖੀ ਹੋਈ ਸੀ।

ਬਾਹਰ ਇੱਕ ਝੌਲਾ ਜਿਹਾ ਪਿਆ। ਵੇਖਿਆ ਤਾਂ ਇਕ ਸਮੱਧਰ ਜਿਹਾ ਬੰਦਾ ਬੂਹੇ ਅੱਗੇ ਖਲੋਤਾ ਸੀ।

'ਦੇਸ਼ ਭਗਤਾਂ ਦਾ ਦਫ਼ਤਰ ਇਹੀ ਹੈ? ਉਸ ਨੇ ਓਪਰੇ ਜਿਹੇ ਉਚਾਰਨ ਵਿੱਚ ਬਾਹਰੋਂ ਹੀ ਪੁਛਿਆ।

'ਹਾਂ', ਮੈਂ ਉਸ ਵੱਲ ਵੇਖੇ ਬਿਨਾਂ ਹੀ ਜੁਆਬ ਦਿੱਤਾ।

ਉਹ ਪਿਛਾਂਹ ਮੁੜਿਆ ਤੇ ਝਟ ਕੁ ਮਗਰੋਂ ਫੇਰ ਅੰਦਰ ਆ ਕੇ ਖਾਲੀ ਕੁਰਸੀ ਲਾਗੇ ਖਲੋ ਗਿਆ। ਉਹ ਬੜਾ ਸਹਿਮਿਆ ਤੇ ਡੌਰ ਭੌਰ ਜਿਹਾ ਜਾਪਦਾ ਸੀ। ਉਸ ਨੇ ਚੰਗੀਆਂ ਪੜ੍ਹਾਕੂ ਨਜ਼ਰਾਂ ਨਾਲ਼ ਕੋਠੜੀ ਦੀਆਂ ਚਾਰੇ ਨੁੱਕਰਾਂ ਵੇਖੀਆਂ। ਉਸ ਦੀ ਨਿਗਾਹ ਮੇਰੇ ਉਤੇ ਆ ਕੇ ਟਿਕ ਗਈ ਤੇ 'ਹਰਨਾਮ ਸਿੰਘ ਟੁੰਡੀਲਾਟ ਕਿੱਥੇ ਹੈ' ਪੁਛ ਕੇ ਉਸ ਨੇ ਆਪਣਾ ਆਉਣਾ ਦੱਸ ਦਿੱਤਾ।

'ਉਹ ਤਾਂ ਪਿੰਡ ਗਏ ਹੋਏ ਨੇ।'

ਇਹ ਸੁਣਦਿਆਂ ਹੀ ਉਸ ਦੇ ਚਿਹਰੇ ਤੇ ਨਿਰਾਸਤਾ ਦਾ ਲੇਪਣ ਫਿਰ ਗਿਆ। ਉਹ ਜ਼ਰਾ ਝੁਕਿਆ ਤੇ ਫੇਰ ਬੋਲਿਆ।

'ਤੁਹਾਡਾ ਨਾਂ।'

'ਗੁਰਚਰਨ ਸਿੰਘ।' 'ਮੇਰਾ ਨਾਂ ਸੁਣ ਕੇ ਉਹ ਸੋਚੀਂ ਪੈ ਗਿਆ, ਜਿਵੇਂ ਕੋਈ ਗੰਭੀਰ ਫੈਸਲਾ ਕਰਨ ਵਿੱਚ ਲੱਗ ਪਿਆ ਹੋਵੇ।

ਏਨੇ ਵਿਚ ਮੈਂ ਉਸ ਨੂੰ ਚੰਗੀ ਤਰ੍ਹਾਂ ਵੇਖ ਲਿਆ। ਉਹ ਰੰਗੋਂ ਸੌਲਾ ਤੇ ਕੱਦੋਂ ਮੱਧਰਾ ਪਰ ਗਠਵੇਂ ਸਰੀਰ ਦਾ ਕਾਬਲੀ ਬੰਦਾ ਸੀ। ਕੁੜਤਾ ਤੇ ਸਲਵਾਰ ਚਿੱਟੇ, ਸਿਰੇ 'ਤੇ ਨਸਵਾਰੀ ਮਸ਼ਹਦੀ ਲੁੰਗੀ ਜਾਕਟ ਦੇ ਪੇਸ਼ ਕਾਲੇ ਸੂਫ ਦੋ ਤੇ ਅੰਦਰਸ ਤੇ ਪਿੱਠ ਲੱਠੇ ਦੀ, ਉਸ ਦੇ ਮੈਲੇ ਤੇ ਮਧੋਲੇ ਹੋਏ ਕਪੜੇ ਦੱਸਦੇ ਸਨ ਕਿ ਉਹ ਕਈ ਦਿਨਾਂ ਤੋਂ ਸਾਫ਼ ਨਹੀਂ ਸਨ ਕੀਤੇ ਗਏ। ਅਨੁਸਾਂਭੀ ਸੁਕਭੂਰਲੀ ਅੱਧੀ ਕੁ ਗਿੱਠ ਕੁ ਲੰਮੀ ਦਾਹੜੀ ਬੋਹੜ ਦੀਆਂ ਦਾਹੜਾਂ ਵਾਂਗ ਠੋਡੀ ਤੋਂ ਸਣ ਦੀਆਂ ਰੱਸੀਆਂ ਬਣ ਕੇ ਹੇਠਾਂ ਲਮਕੀ ਹੋਈ ਸੀ। ਵੱਟਾਂ ਵਾਲ਼ੀ ਬੱਧੀ ਲੁੰਗੀ ਵਿਚੋਂ ਧੌਣ ਉੱਤੇ ਕਾਲੇ ਵਾਲਾਂ ਦੀਆਂ ਮੈਲ ਜੰਮੀਆਂ ਬੂੰਦਾਂ ਨਿਕਲੀਆਂ ਹੋਈਆਂ ਸਨ। ਉਸ ਦੇ ਮੂੰਹ ਤੇ ਹੱਥਾਂ ਦੀ ਖੁਸ਼ਕੀ ਤੋਂ ਦਿਸਦਾ ਸੀ ਕਿ ਪਿਛਲੇ ਦਿਨਾਂ ਵਿੱਚ ਉਸ ਨੂੰ ਆਪਣੀ ਕਾਇਆ ਸਵਾਰਨ ਦਾ ਮੌਕਾ ਹੀ ਨਹੀਂ ਮਿਲ਼ਿਆ। ਉਸ ਦਾ ਜੁੱਸਾ ਥਕੇਵੇਂ ਤੇ ਨੀਂਦਰੇ ਦਾ ਭੰਨਿਆ ਹੋਇਆ ਮਾਲੂਮ ਹੁੰਦਾ ਸੀ।

ਉਹ ਸੋਚਦਾ ਸੋਚਦਾ ਖੱਬੇ ਹੱਥ ਨਾਲ਼ ਆਪਣੇ ਕੰਨ ਦੇ ਪਿਛਾੜੀ ਖੁਰਕਣ ਲੱਗ ਪਿਆ। ਫੇਰ ਇਕ ਦਮ ਪਿਛਾਂਹ ਹੱਟ ਕੇ ਉਸ ਨੇ ਅੰਦਰੋਂ ਬੂਹਾ ਬੰਦ ਕਰ ਲਿਆ ਤੇ ਮੁੜ ਆਪਣੀ ਥਾਂ ਆ ਖਲੋਤਾ। ਉਸ ਦਾ ਚਿਹਰਾ ਕੁਝ ਕਰ ਲੈਣ ਲਈ ਰੁਮਕਣ ਲੱਗ ਪਿਆ ਸੀ।

ਮੈਂ ਡਰ ਗਿਆ, 'ਮਤਾ ਮੈਨੂੰ ਮਾਰੇ?'

ਮੈਂ ਵੀ ਅੱਗੋਂ ਸਾਵਧਾਨ ਹੋ ਗਿਆ। ਅਖ਼ਬਾਰ ਮੇਜ਼ ਉਤੇ ਰੱਖ ਕੇ ਲੱਤਾਂ ਹੇਠਾਂ ਕਰ ਲਈਆਂ ਤੇ ਹਰ ਆਈ ਦਾ ਮੁਕਾਬਲਾ ਕਰਨ ਲਈ ਬੰਦਿਆਂ ਵਾਂਗ ਹੋ ਬੈਠਾ।

ਉਸ ਨੇ ਨਿਉਂ ਕੇ ਆਪਣੇ ਸੱਜੇ ਪੈਰ ਦੇ ਬੂਟ ਨੂੰ ਹੱਥ ਪਾਇਆ। ਮੈਂ ਜਾਤਾ ਲੱਗੀਆਂ ਪੈਣ। ਮੈਂ ਵੀ ਇਕ ਦਮ ਉਠ ਕੇ ਕੁਰਸੀ ਪਿਛੇ ਹੋ ਖਲੋਤਾ ਤੇ ਅੱਗੋਂ ਚੁੱਕ ਕੇ ਮਾਰਨ ਲਈ ਦੋਵੇਂ ਹੱਥ ਕੁਰਸੀ ਦੀਆਂ ਬਾਹੀਆਂ ਨੂੰ ਪਾ ਲਏ।

ਪਰ ਲੜਾਈ ਦੀ ਨੌਬਤ ਨ ਆਈ। ਉਸ ਨੇ ਬੂਟ ਲਾਹ ਕੇ ਮੇਜ਼ ਤੇ ਰੱਖ ਦਿੱਤਾ, ਉਸ ਦਾ ਪਤਾਵਾ ਪੁੱਟਿਆ ਤੇ ਵਿਚੋਂ ਇਕ ਤਹਿ ਕੀਤਾ ਹੋਇਆ ਕਾਗਜ਼ ਖਿੱਚ ਕੇ ਮੈਨੂੰ ਫੜਾ ਦਿੱਤਾ। ਇਹ ਇਕ ਚਿੱਠੀ ਸੀ।

ਮੇਰਾ ਧੜਕੂ ਦੂਰ ਹੋਇਆ ਤੇ ਮੇਰੇ ਲੂੰ ਲੂੰ ਵਿੱਚ ਖੁਸ਼ੀ ਦੀ ਲਹਿਰ ਫਿਰ ਗਈ ਤੇ ਲੜਾਈ ਵਾਸਤੇ ਤਿਆਰ ਵੱਟਿਆ ਹੋਇਆ ਚਿਹਰਾ ਖੁਲ੍ਹ ਗਿਆ।

ਫੇਰ ਉਸ ਨੇ ਦੂਸਰੇ ਬੂਟ ਵਿੱਚੋਂ ਵੀ ਇਸ ਤਰ੍ਹਾਂ ਦੀ ਇਕ ਹੋਰ ਚਿੱਠੀ ਕੱਢੀ। ਉਪਰੰਤ ਉਸ ਨੇ ਜਾਕਟ ਲਾਹੀ ਤੇ ਉਸ ਦੀ ਗਰਦਨ ਦੇ ਅੰਦਰਸ ਨੂੰ ਉਧੇੜ ਕੇ ਇਕ ਹੋਰ ਕਾਗਜ਼ ਖਿੱਚ ਲਿਆ।

ਮੈਨੂੰ ਤਾਂ ਖੁਸ਼ੀਆਂ ਚੜ੍ਹ ਗਈਆਂ ਤੇ ਉਸ ਬੰਦੇ ਦੇ, ਜਿਸ ਤੋਂ ਪਹਿਲਾਂ ਮੈਨੂੰ ਬਹੁਤ ਡਰ ਗਿਆ ਸਾਂ, ਮੈਂ ਦਿਲ ਹੀ ਦਿਲ ਵਿੱਚ ਵਾਰੇ ਵਾਰੇ ਜਾਣ ਲੱਗ ਪਿਆ।

'ਇਹ ਕਾਬਲੋਂ ਲਿਆਇਆ ਹਾਂ' ਉਸ ਨੇ ਪਸ਼ਤੋ ਤਰਜ਼ ਦੀ ਪੰਜਾਬੀ ਬੋਲਦਿਆਂ ਇਨ੍ਹਾਂ ਨੂੰ ਲਿਆਉਣ ਦੀ ਸਾਰੀ ਵਿਥਿਆ ਦਸ ਦਿਤੀ।

ਮੈਂ ਉਸ ਦਾ ਬਹੁਤ ਹੀ ਬੜਾ ਧੰਨਵਾਦ ਕੀਤਾ ਤੇ ਉਸ ਨੂੰ ਬੈਠਣ ਲਈ ਤੇ ਪਾਣੀ ਧਾਣੀ ਪੀਣ ਲਈ ਬੜਾ ਜ਼ੋਰ ਲਾਇਆ ਪਰ ਉਹ ਨਾ ਮੰਨਿਆ ਤੇ ਫੋਕਾ ਹੀ ਚਲਿਆ ਗਿਆ।

ਮੇਰੇ ਧੰਨ ਧੰਨ ਹੋ ਗਈ। ਬਲਿਹਾਰ ਜਾਈਏ, ਉਸ ਸਾਧਾਰਣ ਜਿਹੇ ਅਫਗਾਨੀ ਦੇ ਜੋ ਆਪਣੇ ਜਾਮੇ ਅੰਦਰ ਸਾਡੀ ਇਨਕਲਾਬੀ ਲਹਿਰ ਦਾ ਬਹੁਤ ਕੁਝ ਲੁਕਾ ਕੇ ਲਿਆਇਆ ਸੀ।

ਮੈਂ ਚਿੱਠੀਆਂ ਵੇਖੀਆਂ, ਇਕ ਉਰਦੂ ਵਿਚ ਸਾਡੇ ਨਾਂ ਸੀ, ਦੂਸਰੀਆਂ ਅੰਗਰੇਜ਼ੀ ਦੀਆਂ ਮਦਰਾਸ ਤੇ ਇੰਦੌਰ ਤੇ ਸਾਡੇ ਕਮਿਊਨਿਸਟ ਅੱੱਡਿਆਂ ਵੱਲ ਲਿਖੀਆਂ ਹੋਈਆਂ ਸਨ। ਦੂਸਰੀਆਂ ਚਿੱਠੀਆਂ ਨੂੰ ਡਾਕ ਰਾਹੀਂ ਭੇਜਣ ਵੇਲੇ ਸੀ.ਆਈ.ਡੀ ਦੇ ਸੈਂਸਰ ਤੋਂ ਬਚਾਉਣ ਲਈ ਸਾਡੀ ਚਿੱਠੀ ਵਿੱਚ ਉਨ੍ਹਾਂ ਦੇ ਝੂਠੇ ਪਤੇ ਲਿਖੇ ਹੋਏ ਸਨ। ਮੈਂ ਤਿੰਨੇ ਚਿੱਠੀਆਂ ਪੜ੍ਹੀਆਂ, ਮਦਰਾਸ ਵਾਲੀ ਚਿੱਠੀ ਉਥੋਂ ਅਗਾਂਹ ਪੈਰਿਸ ਨੂੰ ਫਰਾਂਸ ਦੀ ਕਮਿਊਨਿਸਟ ਪਾਰਟੀ ਦੇ ਲੁਕਵੇਂ ਪਤੇ ਉਤੇ ਸੀ, ਜਿਸ ਨੇ ਉਸਨੂੰ ਕਮਿਊਨਿਸਟ ਕੌਮਾਂਤਰੀ ਪਾਸ ਪੁਚਾਉਣਾ ਸੀ। ਤੇ ਇੰਦੌਰ ਵਾਲ਼ੀ ਹਿੰਦੋਸਤਾਨ ਗ਼ਦਰ ਪਾਰਟੀ ਦੇ ਕੈਲੇਫੋਰਨੀਆਂ (ਅਮਰੀਕਾ) ਵਿਚਲੇ ਝੂਠੇ ਐਡਰੈਸ ਉਤੇ ਜਾਣੀ ਸੀ, ਜਿੱਥੋਂ ਫਿਰ ਉਹ ਗ਼ਦਰ ਪਾਰਟੀ ਦੇ ਸਾਨਫ਼ਰਾਂਸਿਸਕੋ ਵਿੱਚ ਹੈਡ ਕੁਆਟਰ ਪਹੁੰਚਣੀ ਸੀ। ਦੇਸ ਤੇ ਪ੍ਰਦੇਸ ਦੇ ਇਨਕਲਾਬੀ ਅੱਡਿਆਂ ਤੇ ਬੰਦਿਆਂ ਨਾਲ਼ ਚਿੱਠੀ ਪੱਤਰ ਨੂੰ ਅੰਗਰੇਜ਼ੀ ਸੈਂਸਰ ਤੋਂ ਬਚਾਉਣ ਲਈ ਸਾਨੂੰ ਇਸ ਤਰ੍ਹਾਂ ਦੀ ਖਚਰ ਖੇਡ ਕਰਨੀ ਪੈਂਦੀ ਸੀ।

ਇਹ ਚਿੱਠੀਆਂ ਬਾਬਾ ਗੁਰਮੁਖ ਸਿੰਘ ਦੀਆਂ ਸਨ, ਜੋ ਉਸ ਨੇ ਕਾਬਲ ਜੇਲ੍ਹ ਵਿੱਚੋਂ ਲਿਖ ਕੇ ਭਿਜਵਾਈਆਂ ਸਨ।

ਕਾਬਲ ਵਿੱਚ ਗ਼ਦਰ ਪਾਰਟੀ ਦਾ ਇਨਕਲਾਬੀ ਘੋਰਨਾ 1921-22 ਤੋਂ ਚਲਿਆ ਆ ਰਿਹਾ ਸੀ, ਜਦ ਤੋਂ ਮਾਸਟਰ ਊਧਮ ਸਿੰਘ ਕਸੇਲ ਮਦਰਾਸ ਦੀਆਂ ਜੇਲ੍ਹਾਂ ਵਿੱਚੋਂ ਭਜ ਕੇ ਅਕਾਲੀ ਲਹਿਰ ਦੇ ਅਸਰ ਰਸੂਖ ਨਾਲ਼ ਉੱਥੇ ਪੁਜੇ ਸਨ ਤੇ ਤੇਜਾ ਸਿੰਘ ਸਵਤੰਤਰ ਦਾ ਪਰਚਾਰਕ ਜਥਾ ਅਫਗਾਨਿਸਤਾਨ ਦੇ ਸਿੱਖਾਂ ਵਿਚ ਪਰਚਾਰ ਕਰਨ ਗਿਆ ਹੋਇਆ ਸੀ। ਉਪਰੰਤ ਬਾਬਾ ਗੁਰਮੁਖ ਸਿੰਘ ਜਦ ਅਕੋਲਾ ਜੇਲ੍ਹ ਵਿੱਚ ਲਿਆਂਦੇ ਜਾ ਰਹੇ ਗੱਡੀ ਵਿੱਚੋਂ ਹੀ ਭਜ ਕੇ ਕਾਬਲ ਪਹੁੰਚ ਗਏ ਤਾਂ ਇਹ ਘੋਰਨਾ ਬਹੁਤ ਸਰਗਰਮ ਹੋ ਗਿਆ। ਇਹ ਸਾਡੀ, ਹਿੰਦ ਵਿਚ ਤੇ ਖਾਸ ਕਰ ਪੰਜਾਬ ਅੰਦਰ, ਅਜ਼ਾਦੀ ਦੀ ਇਨਕਲਾਬੀ ਲਹਿਰ ਤੋਂ ਅਮਰੀਕਾ ਵਿੱਚ ਗ਼ਦਰ ਪਾਰਟੀ ਵਿਚਾਲੇ ਜੋੜ ਮੇਲ ਦਾ ਕੰਮ ਦੇਣ ਲਗ ਪਿਆ। ਅਮਰੀਕਾ ਤੋਂ ਗ਼ਦਰ ਪਾਰਟੀ ਦੀ ਸਹਾਇਤਾ ਤੇ ਅਗਵਾਈ ਪਹਿਲਾਂ ਪਹਿਲਾਂ ਬਹੁਤੀ ਇਸ ਰਸਤੇ ਹੀ ਆਉਂਦੀ ਰਹੀ।

ਅਫਗਾਨਿਸਤਾਨ ਦਾ ਉਨ੍ਹਾਂ ਦਿਨਾਂ ਵਿਚ ਬਾਦਸ਼ਾਹ ਅਮਾਨੁਲਾ ਖ਼ਾਂ ਅੰਗਰੇਜ਼ੀ ਸਾਮਰਾਜ ਦਾ ਬੜਾ ਕੱਟੜ ਵਿਰੋਧੀ ਤੇ ਅਜ਼ਾਦੀ ਪਸੰਦ ਬੰਦਾ ਸੀ। ਉਹ ਅੰਗਰੇਜ਼ਾਂ ਨਾਲ਼ ਖਾਰ ਖਾਂਦਾ ਸੀ ਤੇ ਰੂਸ ਨਾਲ ਯਾਰੀ ਵਧਾ ਰਿਹਾ ਸੀ। ਇਸ ਲਈ ਉਹ ਗ਼ਦਰ ਪਾਰਟੀ ਦਾ ਹਮਾਇਤੀ ਤੇ ਸ਼ਰਨ ਦਾਤਾ ਸੀ। ਉਸ ਨੇ ਗ਼ਦਰ ਪਾਰਟੀ ਦੇ ਹਿੰਦੁਸਤਾਨ ਅੰਦਰ ਇਨਕਲਾਬੀ ਲਹਿਰ ਦੇ ਸੰਚਾਲਕਾਂ ਦੀ ਬੜੀ ਮਦਦ ਕੀਤੀ ਰੱਖੀ। ਇੱਥੋਂ ਤਕ ਕਿ ਤੇਜਾ ਸਿੰਘ ਸਵਤੰਤਰ ਨੂੰ ਆਪਣੀ ਸਰਕਾਰ ਵੱਲੋਂ ਤੁਰਕੀ ਦੀ ਫੌਜੀ ਅਕਾਡਮੀ ਵਿਚ ਭੇਜਕੇ ਫੌਜੀ ਅਫਸਰੀ ਦੀ ਸਿੱਖਿਆ ਤੇ ਜੰਗੀ ਵਿੱਦਿਆ ਦਿਵਾਈ। ਜਦ 1925-26 ਵਿਚ ਆ ਕੇ ਹਿੰਦੁਸਤਾਨ ਦੀ ਕੌਮੀ ਲਹਿਰ ਅੰਦਰ ਇਨਕਲਾਬੀ ਪਖ ਜ਼ੋਰ ਫੜ ਕੇ ਉਜਾਗਰ ਹੋਣ ਲਗ ਪਿਆ ਤਾਂ ਅੰਗਰੇਜ਼ਾਂ ਨੂੰ ਡਰ ਲੱਗਾ, ਕਿ ਮਤਾਂ ਇਨਕਲਾਬੀ ਲਹਿਰ ਅਮਾਨੁਲਾ ਨਾਲ ਜੋੜ ਜੋੜ ਲਵੇ। ਅੰਗਰੇਜ਼ੀ ਸਾਮਰਾਜ ਸਾਡੀ ਕੌਮੀ ਅਜ਼ਾਦੀ ਦੀ ਇਨਕਲਾਬੀ ਲਹਿਰ ਤੇ ਸੋਵੀਅਤ ਦੇਸ਼ ਦੀ ਜਗਤ ਇਨਕਲਾਬੀ ਹਸਤੀ ਵਿਚਕਾਰ ਅਫਗਾਨਿਸਤਾਨ ਦੇ ਰੱਖੇ ਹੋਏ ਇਸ ਤਲਪਟ ਨੂੰ ਕਦੇ ਬਰਦਾਸ਼ਤ ਨਹੀਂ ਸੀ ਕਰ ਸਕਦਾ ਕਿ ਉਹ ਅੰਗਰੇਜ਼ ਦਾ ਵਿਰੋਧੀ ਤੇ ਉਸ ਦੀ ਦੁਸ਼ਮਣ ਇਨਕਲਾਬੀ ਲਹਿਰ ਦਾ ਸਹਾਇਕ ਤੇ ਹਮਾਇਤੀ ਹੋ ਜਾਵੇ।

ਇਸ ਲਈ ਉਸ ਨੇ ਅਮਾਨੁਲਾ ਖ਼ਾਂ ਵਿਰੁੱਧ ਕਰੋੜਾਂ ਰੁਪੈ ਖ਼ਰਚ ਕੇ ਮੁਲਾਣਿਆਂ ਤੋਂ ਫਤਵੇ ਦਿਵਾਏ ਤੇ ਬਗ਼ਾਵਤ ਕਰਵਾ ਦਿੱਤੀ ਤੇ ਆਪਣੇ ਲਾਈ ਲਗ ਜਨਰਲ ਨਾਦਰ ਖ਼ਾਂ ਨੂੰ ਫੌਜੀ ਸਹਾਇਤਾ ਦੇ ਕੇ ਕਾਬਲ ਦੇ ਤਖਤ ਉਤੇ ਬਿਠਾ ਦਿੱਤਾ।

ਗ਼ਦਰ ਪਾਰਟੀ ਖੁਦ ਅੰਗਰੇਜ਼ ਵਿਰੋਧੀ ਹੋਣ ਕਰਕੇ ਅਮਾਨੁਲਾ ਖ਼ਾਂ ਦੀ ਹਮਾਇਤੀ ਤੇ ਅੰਗਰੇਜ਼ ਦੇ ਪਿਠੂ ਜਰਨਲ ਨਾਦਰ ਖ਼ਾਂ ਦੀ ਵਿਰੋਧੀ ਸੀ। ਨਾਦਰ ਖ਼ਾਂ ਗ਼ਦਰ ਪਾਰਟੀ ਨੂੰ ਉਸੇ ਤਰ੍ਹਾਂ ਆਪਣਾ ਬਾਗੀ ਸਮਝਦਾ ਸੀ, ਜਿਸ ਤਰ੍ਹਾਂ ਅੰਗਰੇਜ਼ ਸਮਝਦੇ ਸਨ। ਇਸ ਲਈ ਉੁਸ ਨੇ ਸਾਡਾ ਕਾਬਲ ਦਾ ਗ਼ਦਰੀ ਅੱਡਾ ਬੰਦ ਕਰਵਾ ਦਿਤਾ। ਜਿੱਥੋਂ ਦੇ ਗ਼ਦਰੀ ਲੀਡਰ ਜਾਂ ਤਾਂ ਮਾਸਕੋ ਨਿਕਲ ਗਏ, ਜਾਂ ਹਿੰਦੁਸਤਾਨ ਨੂੰ ਆ ਗਏ ਤੇ ਦੋ ਚਾਰ ਜੋ ਅਫਿਗਾਨਿਸਤਾਨ ਦੀ ਸਰਕਾਰ ਦੇ ਹੱਥ ਆਏ, ਉਹ ਜੇਲ੍ਹ ਬੰਦ ਕਰ ਦਿੱਤੇ ਗਏ। ਸਾਡਾ ਗ਼ਦਰੀਆਂ ਦਾ ਬਾਹਰਲੇ ਦੇਸ਼ਾਂ ਤੋਂ ਲੁਕ ਛੁਪ ਕੇ ਘਰ ਆਉਣਾ ਤੇ ਘਰੋਂ ਬਾਹਰ ਜਾਣਾ ਬਹੁਤਾ ਅਫਗਾਨਿਸਤਾਨ ਤੇ ਰੂਸ ਵਿੱਚ ਦੀ ਹੋ ਕੇ ਸੀ। ਸਾਡਾ ਇਹ ਖੁੱਲ੍ਹਾ ਰਾਹ ਬੰਦ ਹੋ ਗਿਆ। ਪਰ ਇਸ ਰਾਹ ਦੀਆਂ ਸਾਡੀਆਂ ਲੁਕਵੀਆਂ ਠਾਹਰਾਂ ਤੇ ਸਹਾਇਕ ਵਾਕਫੀਆਂ ਅਜੇ ਵੀ ਅਫਗਾਨਿਸਤਾਨ ਵਿੱਚ ਮੌਜੂਦ ਸਨ, ਜਿਨ੍ਹਾਂ ਨੂੰ ਹੋਰ ਕੋਈ ਰਾਹ ਨਾ ਲਭਾ ਤਾਂ ਵਰਤਣਾ ਪੈਂਦਾ ਸੀ।

ਉਨ੍ਹਾਂ ਦਿਨ੍ਹਾਂ ਵਿਚ ਇਰਾਨੀ ਤੇ ਅਫਗਾਨੀ ਹਕੂਮਤਾਂ ਪਾਸ, ਜੋ ਅੰਗਰੇਜ਼ੀ ਸਾਮਰਾਜ ਦੇ ਹੰਟਰ ਹੇਠ ਚਲਦੀਆਂ ਸਨ, ਰਾਜ ਕਾਜ ਦੀ ਐਨੀ ਤਕੜੀ, ਵਿਸ਼ਾਲ ਤੇ ਚਾਤਰ ਮਸ਼ੀਨਰੀ ਨਹੀਂ ਸੀ ਹੁੰਦੀ, ਜੋ ਰੂਸ ਨਾਲ਼ ਤੇ ਹਿੰਦੁਸਤਾਨ ਨਾਲ਼ ਲੱਗਦੀਆਂ ਸਰਹੱਦਾਂ ਉੱਤੋਂ ਨਿਗਰਾਨੀ ਵਾਸਤੇ ਖ਼ੁਦ ਆਪਣੇ ਸੂਹੇ ਰਖ ਸਕਦੀ। ਕਮਿਊਨਿਸਟ ਵਿਚਾਰਾਂ ਦੇ ਬੰਦਿਆਂ ਦੀ ਸਰਹੱਦਾਂ ਉਤੋਂ ਆਵਾਜਾਈ ਨੂੰ ਤਾੜਣ, ਲੱਭਣ ਤੇ ਰੋਕਣ ਵਾਸਤੇ ਅੰਗਰੇਜ਼ੀ ਸਾਮਰਾਜ ਦਾ ਇਹਨਾਂ ਦੇਸ਼ਾਂ ਦੀਆਂ ਹੱਦਾਂ ਉੱਤੇ ਆਪਣਾ ਖੁਫੀਆ ਅਮਲਾ ਕੰਮ ਕਰਦਾ ਸੀ। ਉਸ ਨੇ ਸਰਹੱਦਾਂ ਉਤੇ ਲੱਗੇ ਇਹਨਾਂ ਦੇਸ਼ਾਂ ਦੀਆਂ ਗਾਰਦਾਂ ਨੂੰ ਪੈਸੇ ਦੇਣੇ ਕਰਕੇ ਭਾੜੇ ਕੀਤਾ ਹੋਇਆ ਸੀ ਤੇ ਇਹਨਾਂ ਤੋਂ ਇਲਾਵਾ ਵੀ ਆਪਣੇ ਰਾਜਦੂਤ ਦੇ ਮਾਤਹਿਤ ਆਪਣੇ ਲੁਕਵੇਂ ਬੰਦੇ ਤਨਖਾਹਾਂ ਉਤੇ ਲਾਏ ਸਨ। ਸੋ ਐਨਾ ਅਫਗਾਨੀ ਜਾ ਇਰਾਨੀ ਹਿੱਤਾਂ ਲਈ ਨਹੀਂ, ਜਿੰਨਾ ਅੰਗਰੇਜ਼ ਦੇ ਸਾਮਰਾਜੀ ਹਿੱਤਾਂ ਲਈ ਹਿੰਦ ਜਾਂ ਰੂਸ ਤੋਂ ਚੋਰੀ ਲੰਘਣ ਲੰਘਾਉਣ ਵਾਲ਼ੇ ਬੰਦਿਆਂ ਨੂੰ ਤਾੜਦੇ ਤੇ ਉਥੋਂ ਦੀ ਪੁਲਸ ਪਾਸੋਂ ਫੜਵਾ ਦਿੰਦੇ। ਸਾਨੂੰ ਅਫਗਾਨਿਸਤਾਨ ਵਿੱਚ ਨਿਰੋਲ ਅਫਗਾਨਿਸਤਾਨ ਦੀ ਪੁਲਸ ਪਾਸੋਂ ਕੋਈ ਡਰ ਜਾਂ ਖ਼ਤਰਾ ਨਹੀਂ ਸੀ ਹੁੰਦਾ। ਸਾਨੂੰ ਅੰਗਰੇਜ਼ੀ ਜਾਸੂਸਾਂ ਦਾ ਬੜਾ ਧਿਆਨ ਤੇ ਖਿਆਲ ਰੱਖਣਾ ਪੈਂਦਾ ਸੀ, ਜੋ ਨਾਦਰ ਖ਼ਾਂ ਦੀ ਹਕੂਮਤ ਵਿੱਚ ਸਾਡੇ ਬਹੁਤ ਸਿਰ ਹੋ ਗਏ ਸਨ।

ਇਨ੍ਹਾਂ ਚਿੱਠੀਆਂ ਵਿੱਚ ਲਿਖਿਆ ਸੀ ਕਿ ਬਾਬਾ ਗੁਰਮੁਖ ਸਿੰਘ ਤੇ ਬਾਬਾ ਪ੍ਰਿਥੀ ਸਿੰਘ ਨੂੰ ਪਹਿਲਾਂ ਜੂਨ 1933 ਵਿੱਚ ਰੂਸ ਦੀ ਸਰਹੱਦ ਤੋਂ ਅਫਗਾਨਿਸਤਾਨ ਵਿੱਚ ਵੜਦਿਆਂ ਹੀ ਬਦੱਖਸ਼ਾਂ ਦੇ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਜਦ ਕਈ ਦਿਨ ਸਰਹੱਦ ਦੀ ਚੌਂਕੀ ਵਿੱਚ ਬੰਦ ਕਰਕੇ ਉਨ੍ਹਾਂ ਨੂੰ ਪੈਦਲ ਤੋਰ ਕੇ ਕਾਬਲ ਲਿਜਾਇਆ ਜਾ ਰਿਹਾ ਸੀ ਤਾਂ ਇਕ ਰਾਤ ਉਹ ਗਾਰਦ ਨੂੰ ਸੁਤੀ ਛੱਡ ਕੇ ਭੱਜ ਗਏ। ਉਹ ਹਿੰਦੁਸਤਾਨ ਦੀ ਸਰਹੱਦ ਵੱਲ ਤੁਰ ਪਏ। ਇਸ ਤਰ੍ਹਾਂ ਲੁਕ ਛੁਪ ਕੇ ਤੁਰੇ ਜਾਂਦਿਆਂ ਉਨ੍ਹਾਂ ਨੂੰ ਮਹੀਨਾ ਹੋ ਗਿਆ। ਅਖ਼ੀਰ ਜੁਲਾਈ ਵਿੱਚ ਜਦ ਉਹ ਅਫਗਾਨਿਸਤਾਨ ਤੋਂ ਹਿੰਦੁਸਤਾਨ ਦੇ ਪਠਾਣਾਂ ਦੇ ਅਜ਼ਾਦ ਇਲਾਕੇ ਵਿੱਚ ਦਾਖ਼ਲ ਹੋਣੋ ਕੇਵਲ ਦੋ ਮੀਲ ਰਹਿ ਗਏ ਤਾਂ ਉਹ ਫੇਰ ਫੜੇ ਗਏ। ਹੁਣ ਤਾਂ ਤਕੜੀ ਗਾਰਦ ਲਾ ਕੇ ਉਹਨਾਂ ਨੂੰ ਕਾਬਲ ਲਿਜਾਇਆ ਤੇ ਜੇਲ੍ਹ ਬੰਦ ਕਰ ਦਿਤਾ ਗਿਆ।

ਇਹਨਾਂ ਚਿਠੀਆਂ ਵਿੱਚ ਇਹ ਵੀ ਕਿਹਾ ਗਿਆ ਸੀ, ਕਿ ਕਾਬਲ ਸਰਕਾਰ ਕੈਦੀਆਂ ਨੂੰ ਆਪਣੇ ਪਾਸੋਂ ਰੋਟੀ ਕਪੜਾ ਨਹੀਂ ਦਿੰਦੀ। ਕੈਦੀ ਜਾਂ ਤਾਂ ਆਪਣੇ ਘਰਦਿਆਂ ਤੋਂ ਮੰਗਵਾ ਕੇ ਖਾਣ ਹੰਢਾਉਣ, ਨਹੀਂ ਤਾਂ ਉਹਨਾਂ ਨੂੰ ਬੇੜੀਆਂ ਲਾ ਕੇ ਸਵੇਰੇ ਸ਼ਾਮ ਸ਼ਹਿਰ ਦੀਆਂ ਗਲੀਆਂ ਬਜ਼ਾਰਾਂ ਵਿੱਚ ਦਰ ਦਰ ਫੇਰਿਆ ਤੇ ਰੋਟੀ ਕਪੜਾ ਮੰਗਵਾਇਆ ਜਾਂਦਾ। ਉਹਨਾਂ ਨੇ ਇਸ ਮਨੁੱਖ-ਹੀਣਤਾ ਵਿਰੁੱਧ ਸਿੱਡਾ ਬੰਨ੍ਹ ਲਿਆ ਤੇ ਸਰਕਾਰ ਪਾਸੋਂ ਰੋਟੀ ਕਪੜਾ ਲੈਣ ਵਾਸਤੇ ਭੁੱਖ ਹੜਤਾਲ ਕਰ ਦਿਤੀ।

ਅੰਗਰੇਜ਼ੀ ਹਕੂਮਤ ਵਿਰੁੱਧ ਹਥਿਆਰਬੰਦ ਬਗ਼ਾਵਤ ਕਰਨ ਦੇ ਦੋਸ਼ ਵਿਚ 1915-16 ਵਿਚ ਉਮਰ ਕੈਦ ਕੀਤੇ ਤੇ ਉੱਨੀ ਉੱਨੀ ਸਾਲ ਕੈਦ ਕੱਟ ਕੇ ਰਿਹਾ ਹੋਏ ਤੇ ਹੋ ਰਹੇ ਸੂਰਬੀਰ ਦੇਸ਼ ਭਗਤਾਂ ਨੂੰ ਪੰਜਾਬ ਵਿਚ ਸਤਿਕਾਰ ਨਾਲ ਬਾਬੇ ਆਖਿਆ ਜਾਣ ਲਗ ਪਿਆ। ਸੰਤ ਬਾਬਾ ਵਸਾਖਾ ਸਿੰਘ ਦਦੇਹਰ ਦੇ ਉੱਦਮ ਤੇ ਪ੍ਰਧਾਨਗੀ ਹੇਠ ਗ਼ਦਰ ਪਾਰਟੀ ਵਾਲਿਆਂ ਨੇ ਰਾਜਸੀ ਕੈਦੀਆਂ ਦੇ ਦੁਖੀ ਤੇ ਗਰੀਬ ਪਰਿਵਾਰਾਂ ਦੀ ਸਹਾਇਤਾ ਕਰਨ ਵਾਸਤੇ 1921 ਵਿਚ ਹੀ ਅੰਮ੍ਰਿਤਸਰ ਵਿਖੇ ਦੇਸ਼ ਭਗਤ ਪਰਿਵਾਰ-ਸਹਾਇਕ ਕਮੇਟੀ ਬਣਾ ਲਈ ਸੀ। ਪਿਛੋਂ ਅਮਰੀਕਾ ਤੋਂ ਆਏ ਹੋਏ ਇਹਨਾਂ ਬਾਬਿਆਂ ਦੇ ਨਾਲ ਦੇ ਗ਼ਦਰੀਆਂ ਨੇ ਦੇਸ਼ ਦੀ ਅਜ਼ਾਦੀ ਪ੍ਰਾਪਤ ਕਰਨ ਤੇ ਇਸ ਤੋਂ ਉਪਰੰਤ ਸੋਸ਼ਲਿਜ਼ਮ ਦੀ ਸਥਾਪਨਾ ਕਰਨ ਵੱਲ ਵਧਣ ਦਾ ਘੋਲ ਲੜਨ ਵਾਸਤੇ ਪੰਜਾਬ ਵਿਚ 'ਕਿਰਤੀ', ਨਾਂ ਦਾ ਮਾਹਵਾਰੀ ਪਰਚਾ 1926 ਵਿਚ ਜਾਰੀ ਕੀਤਾ ਤੇ ਕਿਰਤੀ ਕਿਸਾਨ ਪਾਰਟੀ ਬਣਾਈ। ਇਸ ਲਈ ਇਸ ਪਾਰਟੀ ਦੇ ਵਰਕਰਾਂ ਨੂੰ 'ਕਿਰਤੀ' ਆਖਿਆ ਜਾਂਦਾ ਸੀ ਤੇ ਪਰਿਵਾਰ-ਸਹਾਇਕ ਕਮੇਟੀ ਦੇ ਪੁਰਾਣੇ ਗ਼ਦਰੀਆਂ ਨੂੰ ਬਾਬੇ। ਅਸੀਂ ਕਿਰਤੀ ਤੇ ਬਾਬੇ ਤੋਂ ਉਤੋਂ ਭਾਂਵੇ ਦੋ ਸਾਂ, ਪਰ ਵਿਚੋਂ ਇਕੋ ਸਾਂ।

ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦਾ ਸਕੱਤਰ ਸੀ ਤੇ ਮੈਂ ਉਦੋਂ ਹਫਤਾਵਾਰ 'ਕਿਰਤੀ', ਦਾ ਐਡੀਟਰ ਤੇ ਕਿਰਤੀ ਕਿਸਾਨ ਪਾਰਟੀ ਦਾ ਸਹਾਇਕ ਸਕੱਤਰ। ਬਾਬੇ ਦੇ ਪਿੰਡ ਗਏ ਹੋਣ ਕਰਕੇ ਮੈਂ ਉਸ ਦਫਤਰ ਵਿਚ ਬੈਠਾ ਸਾਂ। ਉਸ ਦਿਨ ਬਾਬਾ ਜਵਾਲਾ ਸਿੰਘ ਠੱਠੀਆਂ ਏਥੇ ਗੁਰੂ ਰਾਮਦਾਸ ਸਰਾਂ ਵਿਚ ਸਨ। ਮੈਂ ਇਹ ਚਿੱਠੀਆਂ ਜਾ ਕੇ ਓਹਨਾ ਨੂੰ ਪੜਕੇ ਸੁਣਾਈਆਂ ਤੇ ਅਸਾਂ ਮੌਕੇ ਤੇ ਮੌਜੂਦ ਹੋਰਨਾਂ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਅੰਗਰੇਜ਼ੀ ਦੀਆਂ ਚਿੱਠੀਆਂ ਸੀ. ਆਈ. ਡੀ. ਦੀਆਂ ਨਜ਼ਰਾਂ ਤੋਂ ਬਚਾ ਕੇ ਉਹਨਾਂ ਵਿਚ ਦਿਤੇ ਪਤਿਆਂ ਉਤੇ ਡਾਕੇ ਪਾ ਦਿੱਤੀਆਂ। ਅਖ਼ਬਾਰਾਂ ਨੂੰ ਉਹਨਾਂ ਦੀ ਗਰਿਫਤਾਰੀ ਤੇ ਭੁੱਖ ਹੜਤਾਲ ਦੀ ਖ਼ਬਰ ਦੇ ਦਿੱਤੀ। ਫੇਰ ਭੱਜ ਦੌੜ ਕਰਕੇ ਸਰਕਾਰ ਵਲੋਂ ਪਿੰਡਾਂ ਵਿਚ ਬੰਦ ਕੀਤੇ ਹੋਏ ਹੋਰਨਾਂ ਬਾਬਿਆਂ ਤੇ ਕਿਰਤੀ ਆਗੂਆਂ ਨਾਲ ਸਲਾਹ ਕੀਤੀ ਤੇ ਇਹਨਾਂ ਦੀ ਰਿਹਾਈ ਵਾਸਤੇ ਐਜੀਟੇਸ਼ਨ ਤੇ ਹੋਰ ਜਤਨ ਕਰਨ ਦਾ ਪ੍ਰੋਗਰਾਮ ਬਣਾਇਆ।

ਅਸਾਂ ਦੇਸ਼ ਭਗਤ ਪਰਿਵਾਰ-ਸਹਾਇਕ ਕਮੇਟੀ ਵਲੋਂ ਕਾਂਗਰਸੀ, ਅਕਾਲੀ, ਅਹਿਰਾਰੀ, ਨੌਜਵਾਨ ਭਾਰਤ ਸਭਾਈ ਤੇ ਕਿਰਤੀ ਲੀਡਰਾਂ ਤੋਂ ਇਹਨਾਂ ਗ਼ਦਰੀ ਬਾਬਿਆਂ ਦੀ ਰਿਹਾਈ ਦੀ ਮੰਗ ਤੇ ਇਨਾਂ ਨੂੰ ਅੰਗਰੇਜ਼ੀ ਹਕੂਮਤ ਦੇ ਹਵਾਲੇ ਨਾ ਕਰਨ ਦੇ ਮੁਤਾਲਬੇ ਕਰਨ ਦੇ ਬਿਆਨ ਦਿਵਾਉਣੇ ਆਰੰਭ ਕਰ ਦਿਤੇ। ਕਾਂਗਰਸੀ, ਅਕਾਲੀ, ਅਹਿਰਾਰੀ ਤੇ ਕਿਰਤੀ ਕਿਸਾਨ ਪਾਰਟੀ ਦੇ ਜਲਸਿਆਂ ਵਿਚ ਰਿਹਾਈ ਦੀਆਂ ਮੰਗਾਂ ਗੂੰਜਣ ਲੱਗ ਪਈਅਆਂ, ਅਫਿਗਾਨ ਸਰਕਾਰ ਨੂੰ ਬੁਰਾ ਭਲਾ ਆਖਿਆ ਜਾਣਾ ਸ਼ੁਰੂ ਹੋ ਗਿਆ ਤੇ ਉਸ ਨੂੰ ਅੰਗਰੇਜ਼ੀ ਸਾਮਰਾਜ ਦੀ ਕਠਪੁਤਲੀ ਨ ਬਨਣ ਦੀਆਂ ਮੱਤਾਂ ਦਿੱਤੀਆਂ ਜਾਣ ਲੱਗੀਆਂ। ਦੇਸੀ ਅਖ਼ਬਾਰਾਂ ਵਿਚ ਨੋਟ ਤੇ ਐਡੀਟੋਰੀਅਲ ਲਿਖਣੇ ਸ਼ੁਰੂ ਹੋ ਗਏ। ਗੱਲ ਕੀ ਪੰਜਾਬ ਤੇ ਦਿੱਲੀ ਵਿਚ ਤਾਂ ਚੰਗੀ ਐਜੀਟੇਸ਼ਨ ਚਲ ਪਈ ਉਪਰੰਤ ਬੰਗਾਲ, ਬੰਬਈ ਤੇ ਮਦਰਾਸ ਵਿਚੋਂ ਵੀ ਆਵਾਜ਼ ਉਠਣ ਲੱਗ ਪਈ। ਅਸੀਂ ਇਸ ਐਜੀਟੇਸ਼ਨ ਦੀਆਂ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਤੇ ਲੇਖਾਂ ਦੀਆਂ ਕਾਤਰਾਂ ਕਟ ਕਟ ਕਾਬਲ ਵਲੋਂ ਸ਼ਿਮਲੇ ਵਿਚ ਬੈਠੇ ਰਾਜਦੂਤ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਮੁਹਿੰਮ ਵਿਚ ਅਹਿਰਾਰੀ ਲੀਡਰਾਂ ਨੇ ਸਾਨੂੰ ਬੜਾ ਕੰਮ ਦਿੱਤਾ। ਮੌਲਾਣਾ ਅਤਾਉਲਾ ਸ਼ਾਹ ਬੁਖਾਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਲੈ ਕੇ ਦੋ ਵਾਰ ਸ਼ਿਮਲੇ ਗਏ ਤੇ ਲੁਕਵੇਂ ਤੌਰ ਤੇ ਕਾਬਲ ਦੇ ਰਾਜਦੂਤ ਨੂੰ ਮਿਲੇ। ਇਨਾਂ ਗ਼ਦਰੀਆਂ ਦੀ ਰਿਹਾਈ ਦੀ ਮੰਗ ਕੀਤੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਾਬਲ ਸਰਕਾਰ ਕਿਸੇ ਕੀਮਤ ਉਤੇ ਵੀ ਇਨਾਂ ਨੂੰ ਹਿੰਦੁਸਤਾਨ ਦੀ ਅੰਗਰੇਜ਼ੀ ਹਕੂਮਤ ਦੇ ਹਵਾਲੇ ਨ ਕਰੇ। ਰਾਜਦੂਤ ਨੇ ਆਪਣੀ ਸਰਕਾਰ ਨੂੰ ਇਨਾਂ ਦੀ ਰਿਹਾਈ ਦੀ ਸਿਫਾਰਸ਼ ਕਰਨ ਦਾ ਯਕੀਨ ਦਿਵਾਇਆ ਤੇ ਦਸਿਆ ਕਿ ਕਾਬਲ ਸਰਕਾਰ ਨੇ ਉਹਨਾਂ ਦੀ ਗਰਿਫ਼ਤਾਰੀ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪੜਦਿਆਂ ਹੀ ਉਨਾਂ ਨੂੰ ਚੰਗੀ ਰੋਟੀ ਤੇ ਕੱਪੜਾ ਦੇਣਾ ਸ਼ੁਰੂ ਕਰ ਦਿੱਤਾ ਸੀ ਤੇ ਉਨਾਂ ਭੁੱਖ ਹੜਤਾਲ ਛੱਡ ਦਿੱਤੀ ਸੀ।

ਇਸ ਐਜੀਟੇਸ਼ਨ ਨੇ ਕਾਬਲ ਤੇ ਅੰਗਰੇਜ਼ ਦੀਆਂ ਸਰਕਾਰਾਂ ਨੂੰ ਲੋਕ ਰਾਏ ਅਗੇ ਜਵਾਬੀਆ ਕਰ ਦਿੱਤਾ। ਇਨਹਾਂ ਦੋਹਾਂ ਧਿਰਾਂ ਨੇ ਆਪਣੀ ਸਫਾਈ ਲਈ ਹਿੰਦੁਸਤਾਨ ਵਿਚ ਆਪਣੇ ਨੀਮ ਸਰਕਾਰੀ ਅਖ਼ਬਾਰਾਂ ਵਿਚ ਗ਼ਦਰ ਪਾਰਟੀ ਦੀਆਂ ਇਨਕਲਾਬੀ ਕਰਨੀਆਂ ਨੂੰ ਖ਼ੂਨ ਖਰਾਬੇ ਦਾ ਨਾਂ ਦੇ ਕੇ ਭੜੇ ਭਿਆਨਕ ਨਕਸ਼ੇ ਖਿਚਵਾਉਣੇ ਸ਼ੁਰੂ ਕੀਤੇ ਤੇ ਦੁਹਾਈ ਪਾ ਦਿੱਤੀ, ਕਿ ”ਇਹ ਗ਼ਦਰੀ ਬੜੇ ਖ਼ੂਨੀ ਤੇ ਡਾਕੂ ਹਨ ਤੇ ਹਿੰਦੁਸਤਾਨ ਵਿਚ ਬੀਜਣ ਲਈ ਰੂਸ ਤੋਂ ਕਮਿਊਨਿਜ਼ਮ ਦੇ ਬੀਆਂ ਦੀ ਪੰਡ ਚੁਕੀ ਆਉਂਦੇ ਕਾਬਲ ਸਰਕਾਰ ਨੇ ਗਰਿਫਤਾਰ ਕਰ ਲਏ ਸਨ। ਇਹਨਾਂ ਨੂੰ ਗਰਿਫਤਾਰ ਕਰ ਕੇ ਉਸ ਨੇ ਹਿੰਦੁਸਤਾਨ ਨੂੰ ਖ਼ੂਨ ਖਰਾਬੇ ਤੋਂ ਬਚਾ ਲਿਆ ਹੈ।” ਕਲਕੱਤੇ ਦੇ 'ਸਟੇਟਸਮੈਨ' ਤੇ ਲਾਹੌਰ ਦੇ 'ਸਿਵਲ ਐਂਡ ਮਿਲਟਰੀ ਗਜ਼ਟ' ਨਾਂ ਦੇ ਗੋਰੇ ਅਖ਼ਬਾਰਾਂ ਨੇ ਇਹੋ ਜਿਹਾ ਬਹੁਤ ਬਕਵਾਸ ਛਾਪਿਆ। ਗੁਪਾਲ ਸਿੰਘ ਖਾਲਸਾ ਨੇ 'ਸਟੇਟਸਮੈਨ' ਵਿਚ ਗ਼ਦਰ ਪਾਰਟੀ ਵਿਰੁੱਧ ਅਮਰੀਕਾ ਵਿਚ ਕਤਲਾਂ ਦੀਆਂ ਊਜਾਂ ਦੇ ਲਗਾਤਾਰ ਲੇਖ ਛਪਵਾਏ।

ਲਾਹੌਰੋਂ ਬਖਸ਼ੀਸ਼ ਸਿੰਘ ਨੇ ਆਪਣੇ 'ਖਾਲਸਾ' ਨਾਮੀ ਅੰਗਰੇਜ਼ੀ ਹਫਤਾਵਾਰੀ ਪਰਚੇ ਤੇ ਕਰਮਚੰਦ ਨੇ ਆਪਣੇ 'ਪਾਰਿਸ' ਨਾਂ ਦੇ ਉਰਦੂ ਹਫਤਾਵਾਰੀ ਵਿਚ ਕਾਬਲ ਸਰਕਾਰ ਦੀ ਹਮਾਇਤ ਤੇ ਗ਼ਦਰ ਪਾਰਟੀ ਦੇ ਇਹਨਾਂ ਸੂਰਵੀਰਾਂ ਨੂੰ ਅਮਾਨੁਲਾ ਖਾਂ ਦੇ ਹੱਕ ਵਿਚ ਕਾਬਲ ਵਿਚ ਬਗ਼ਾਵਤ ਕਰਾਉਣ ਦੇ ਦੋਸ਼ ਲਾਉਣੇ ਆਰੰਭ ਕਰ ਦਿਤੇ ਤੇ ਇਨਾਂ ਨੂੰ ਕਾਬਲ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਨਜਾਇਜ਼ ਤੌਰ ਤੇ ਉਲਟਾਉਣ ਵਾਲੇ ਦਸਿਆ। ਸਾਨੂੰ ਕਾਬਲ ਦੇ ਰਾਜ ਨਿਵਾਸ ਤੋਂ ਪਤਾ ਲੱਗਾ ਕਿ ਬਖਸ਼ੀਸ਼ ਸਿੰਘ 'ਖਾਲਸਾ' ਤੇ ਕਰਮ ਚੰਦ 'ਪਾਰਸ' ਕਾਬਲ ਸਰਕਾਰ ਨੂੰ ਪੰਜਾਬ ਸਰਕਾਰ ਦੀ ਰਾਜਸੀ ਹਵਾ ਦਾ ਪਤਾ ਸੁਰ ਦੱਸੀ ਰੱਖਣ ਲਈ ਉਸ ਦੇ ਤਨਖਾਹਦਾਰ ਬੰਦੇ ਸਨ।

* * * * *

ਸਾਨੂੰ ਇਨਾਂ ਅਖ਼ਬਾਰਾਂ ਤੇ ਇਨਹਾਂ ਵਿਚ ਲਿਖਣ ਵਾਲਿਆਂ ਵਿਰੁਧ ਬਹੁਤ ਗੁੱਸਾ ਆ ਰਿਹਾ ਸੀ। ਗੋਰੇ ਅਖ਼ਬਾਰਾਂ ਅਗੇ ਤਾਂ ਅਸੀਂ ਤਰਲੇ ਕਰਨੋ ਰਹੇ, ਪਰ 'ਖਾਲਸਾ' ਤੇ 'ਪਾਰਿਸ' ਨੂੰ ਰੋਕਣ ਲਈ ਅਸੀਂ ਪੱਕੀ ਸਲਾਹ ਕਰ ਲਈ ਤੇ ਮਤਾ ਪਕਾਇਆ ਕਿ ਉਨਾਂ ਦੀ ਜਾ ਕੇ ਮਿੱਨਤ ਸਮਾਜਤ ਕੀਤੀ ਜਾਏ ਕਿ ਉਹ ਗ਼ਦਰੀਆਂ ਵਿਰੁੱਧ ਲਿਖਣੋ ਹਟ ਜਾਣ।

ਬਾਬਾ ਜੁਆਲਾ ਸਿੰਘ ਤੇ ਮੈਂ, ਲਹੌਰੋਂ ਸਰਦੂਲ ਸਿੰਘ ਵਕੀਲ ਨੂੰ ਲੈ ਕੇ, ਬਖਸ਼ੀਸ਼ ਸਿੰਘ 'ਖਾਲਸਾ' ਨੂੰ ਸ਼ਾਹੀ ਮੁਹੱਲੇ ਵਿਚ ਉਸ ਦੇ ਘਰ ਮਿਲੇ। ਉਹ ਬੜਾ ਬੀਬਾ ਨਿਕਲਿਆ ਤੇ ਨ ਲਿਖਣਾ ਮੰਨ ਗਿਆ। ਉਪਰੰਤ ਉਸ ਨੇ ਗ਼ਦਰੀਆਂ-ਵਿਰੁੱਧ ਨ ਕੇਵਲ ਲਿਖਣਾ ਹੀ ਬੰਦ ਕਰ ਦਿੱਤਾ, ਸਗੋਂ ਆਪਣੇ ਪਰਚੇ ਵਿਚ ਲਿਖਿਆ ਕਿ ਇਨਾਂ ਗ਼ਦਰੀ ਬਾਬਿਆਂ ਦੀ ਅੰਗਰੇਜ਼ ਦੇ ਆਖੇ ਲੱਗੇ ਕੇ ਕੀਤੀ ਗਰਿਫ਼ਤਾਰੀ ਉਤੇ ਪੰਜਾਬ ਦੇ ਗ਼ੈਰ-ਸਰਕਾਰੀ ਲੋਕ-ਖੇਤਰ ਵਿਚ ਕਾਬਲ ਸਰਕਾਰ ਵਿਰੁੱਧ ਬੜੀ ਘਿਰਨਾ ਪੈਦਾ ਹੋ ਰਹੀ ਹੈ ਤੇ ਸਭ ਹਿੰਦੂ ਮੁਸਲਮਾਨ ਉਸ ਨੂੰ ਲਾਹਨਤਾਂ ਪਾ ਰਹੇ ਹਨ।'

ਉਸ ਨੇ ਕਾਬਲ ਸਰਕਾਰ ਨੂੰ ਇਹ ਵੀ ਸਲਾਹ ਦਿੱਤੀ ਕਿ 'ਉਸ ਨੂੰ ਸਤ ਬਿਗਾਨੀ ਹਕੂਮਤ ਦੇ ਲਾਭਾਂ ਲਈ ਗਵਾਂਢ ਦੇ ਰਾਜਸੀ ਖੇਤਰ ਨਾਲ ਨਹੀਂ ਵਿਗਾੜਨੀ ਚਾਹੀਦੀ ਤੇ ਇਹਨਾਂ ਗ਼ਦਰੀਆਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ।'

ਫੇਰ ਇਕ ਦਿਨ ਬਾਬਾ ਜਵਾਲਾ ਸਿੰਘ, ਹਜ਼ਾਰ ਸਿੰਘ ਸਿੰਗਰ ਤੇ ਮੈਂ ਕਰਮ ਸਿੰਘ 'ਪਾਰਸ' ਨੂੰ ਮਿਲਣ ਲਾਹੌਰ ਗਏ। ਇਸ ਦਾ ਦਫ਼ਤਰ 'ਟਰਬਿਊਨ' ਵਾਲੀ ਸੜਕ (ਫਲੈਮਿੰਗ ਰੋਡ) ਉਤੇ ਇਕ ਚੁਬਾਰੇ ਉਤੇ ਸੀ। ਉਹ ਮੋਟੇ ਸਾਰੇ ਰੋਡੇ ਸਿਰ ਵਾਲਾ ਭਾਰੀ ਸਰੀਰ ਦਾ ਆਰੀਆ ਸਮਾਜੀ ਮਹਾਸ਼ਾ ਸੀ। ਉਹ ਕੰਧ ਨਾਲ਼ ਲਾ ਕੇ ਡਾਹੀ ਹੋਈ ਵੱਡੀ ਮੇਜ਼ ਮੂਹਰੇ ਇਕ ਕੁਰਸੀ ਉਤੇ ਬੈਠਾ ਸੀ। ਅਸਾਂ ਨਮਸਤੇ ਕੀਤੀ। ਉਸ ਨੇ ਸਾਡਾ ਬੜਾ ਆਦਰ ਮਾਣ ਕੀਤਾ। ਸਾਨੂੰ ਪਾਣੀ ਧਾਣੀ ਵੀ ਪੁਛਿਆ ਤੇ ਬੈਠਣ ਲਈ ਆਪਣੇ ਪਾਸੇ ਹੀ ਤਿੰਨ ਕੁਰਸੀਆਂ ਡਾਹ ਲਈਆਂ। ਅਸੀਂ ਬੈਠ ਗਏ। ਹਜ਼ਾਰਾ ਸਿੰਘ ਦੀ ਕੁਰਸੀ ਸਾਥੋਂ ਪਿਛੇ ਸੀ।

ਉਸ ਦੀ ਆਓ ਬਹਿ ਜਾਓ ਤੋਂ ਅਸੀਂ ਆਪਣੇ ਕੰਮ ਨੂੰ ਬੜਾ ਸੌਖਾ ਜਾਤਾ। ਪਰ ਜਦ ਅਸਾਂ ਗੱਲ ਚਲਾਈ ਤਾਂ ਉਸ ਦੀਆਂ ਹਵਾਵਾਂ ਹੀ ਹੋਰ ਸਨ। ਅਸਾਂ ਅਜ਼ਾਦੀ ਦੀ ਲਹਿਰ ਦੇ ਹਿੱਤਾਂ, ਗ਼ਦਰ ਪਾਰਟੀ ਦੀਆਂ ਕਰਨੀਆਂ ਤੇ ਕੁਰਬਾਨੀਆਂ, ਦੇਸ਼ ਭਗਤੀ ਤੇ ਮਨੁੱਖੀ ਪਿਆਰ ਦੇ ਬੜੇ ਵਾਸਤੇ ਪਾਏ, ਤਰਲੇ ਕੀਤੇ ਪਰ ਉਹ ਨ ਮੰਨਿਆ। ਅਖੀਰ ਬਾਬਾ ਜਵਾਲਾ ਸਿੰਘ ਨੇ ਅੱਖਾਂ ਵਿਚ ਅੱਥਰੂ ਲਿਆਉਂਦਿਆਂ ਹੋਇਆਂ ਆਪਣੀ ਪੱਗ ਲਾਹ ਕੇ ਉਹਦੇ ਪੈਰਾਂ ਉਤੇ ਰੱਖ ਦਿੱਤੀ ਪਰ ਉਹ ਔਂਤਰਾ ਫਿਰ ਵੀ ਨ ਪੰਘਰਿਆ। ਅੰਤ ਮੈਂ ਗਰਮ ਹੋ ਪਿਆ ਤੇ ਬਜ਼ੁਰਗ ਦੀ ਪਤ ਨ ਰੱਖਣ ਉਤੇ ਉਸ ਨੂੰ ਮੰਦਾ ਚੰਗਾ ਲੱਗਾ ਆਖਣ। ਇਸ ਤੇ ਉਹ ਸਗੋਂ ਆਪੇ ਤੋਂ ਬਾਹਰ ਹੋ ਗਿਆ ਤੇ ਡਹਿ ਪਿਆ ਗ਼ਦਰ ਪਾਰਟੀ ਨੂੰ ਆਬਾਹ ਤਬਾਹ ਬਕਣ।

ਮੈਂ ਤੇ ਬਾਬਾ ਹਾਰ ਹੰਭ ਕੇ ਉਠਣ ਹੀ ਵਾਲੇ ਸਾਂ, ਕਿ ਪਿਛਲੀ ਕੁਰਸੀ ਤੋਂ ਹਜ਼ਾਰਾ ਸਿੰਘ ਸਿੰਗਰ ਦੀ ਮਾਡੇ ਮੋਢਿਆਂ ਉਤੋਂ ਦੀ ਕੜਕਵੀਂ ਧਮਕੀ 'ਲਿਖੇਂਗਾ?' ਨੇ ਸਾਰਾ ਚੁਬਾਰਾ ਗੁੰਜਾ ਦਿੱਤਾ।

ਮੈਂ ਤੇ ਬਾਬਾ ਤਬਕ ਪਏ। ਵੇਖਿਆ ਤਾਂ ਲਾਲੇ ਨੂੰ ਕੁਝ ਹੋ ਗਿਆ ਸੀ। ਉਸ ਦੇ ਸਰੀਰ ਨੂੰ ਚੜੀ ਹੋਈ ਕੁੜੱਤਣ ਦੀ ਸਾਰੀ ਭੁੱਖ ਪਤਾ ਨਹੀਂ ਕਿਧਰ ਉਡ ਗਈ ਤੇ ਇਕ ਦਮ ਪੀਲਾ ਪੈ ਗਿਆ ਸੀ। ਉਸ ਦਾ ਮੂੰਹ ਅਡਿਆ ਗਿਆ, ਅੱਖਾਂ ਟੱਡੀਆਂ ਗਈਆਂ ਤੇ ਸਰੀਰ ਇਸ ਤਰਾਂ ਸਿਥਲ ਹੋ ਗਿਆ, ਜਿਵੇਂ ਉਸ ਦੇ ਸਰੀਰ ਦੀ ਕੇਵਲ ਹਰਕਤ ਹੀ ਨਹੀਂ, ਸਗੋਂ ਜੋਤ ਵੀ ਖਲੋ ਗਈ ਹੋਵੇ। ਉਹ ਮੋਮ ਦਾ ਨਿਰਜੀਵ ਬੁਤ ਦਿਸ ਰਿਹਾ ਸੀ।

ਜਦ ਇਹ ਜਾਚਣ ਲਈ ਅਸਾਂ ਪਿਛੇ ਹਜ਼ਾਰਾ ਸਿੰਘ ਵੱਲ ਵੇਖਿਆ, ਕਿ ਉਸ ਨੇ 'ਲਿਖੇਂਗਾ' ਕੀ ਕੜਕ ਵਿਚ ਲਾਲੇ ਨੂੰ ਕੀ ਕੱਢ ਮਾਰਿਆ ਸੀ, ਤਾਂ ਉੁਹ ਕੁਰਸੀ ਤੋਂ ਉਠ ਕੇ ਲਾਲੇ ਵੱਲ ਪਿਸਤੌਲ ਸਿੱਧਾ ਕਰੀ ਖਲੋਤਾ ਸੀ।

'ਉਏ! ਇਹ ਕੀ?' ਕਹਿੰਦਾ ਹੋਇਆ ਬਾਬਾ ਜਵਾਲਾ ਸਿੰਘ ਹਜ਼ਾਰਾ ਸਿੰਘ ਨੂੰ ਹਟਕਣ ਲਈ ਉਠ ਖਲੋਤਾ। ਪਰ ਇਧਰ ਲਾਲਾ ਦੇ ਦੋਵੇਂ ਹੱਥ ਹਿਲੇ ਤੇ ਹੌਲੀ ਹੌਲੀ ਛਾਤੀ ਕੋਲ ਆ ਕੇ ਜੁੜ ਗਏ ਤੇ ਉਹ ਆਹਿਸਤਾ ਆਹਿਸਤਾ ਢਿਗ ਵਾਂਗ ਬਾਬਾ ਜਵਾਲਾ ਸਿੰਘ ਦੇ ਪੈਰੀਂ ਡਿੱਗ ਪਿਆ।

'ਬਾਬਾ ਜੀ! ਬ... ਖ... ਸ਼ ਲ... ਓ। ਮੇ...ਰੇ ਅ... ਗ... ਲੇ ਵੀ ਨ...ਹੀਂ ਲਿ... ਖ... ਣ... ਗੇ।' ਉਹ ਬੜੀ ਕੰਬਵੀਂ ਤੇ ਉਖੜਵੀਂ ਲੰਮੇਰੀ ਆਵਾਜ਼ ਵਿਚ ਇਕੱਲਾ ਇਕੱਲਾ ਅੱਖਰ ਡਡਿਆ ਰਿਹਾ ਸੀ ਤੇ ਬਾਲੰ ਵਾਂਗ ਡਡੋਲਿਕਾ ਹੋ ਕੇ ਮਾਫ਼ੀਆਂ ਮੰਗਣ ਲੱਗ ਪਿਆ ਸੀ।

ਮੈਂ ਲਾਲਾ ਨੂੰ ਬਾਬੇ ਦੇ ਪੈਰਾਂ ਤੋਂ ਚੁਕ ਕੇ ਸਿੱਧਾ ਕੀਤਾ ਤੇ ਕੁਰਸੀ ਤੇ ਬਠਾ ਦਿੱਤਾ। ਉਹ ਬੱਗਾ ਪੂਣੀ ਹੋਇਆ ਅਜੇ ਵੀ ਰੋਈ ਤੇ ਹੱਥ ਜੋੜੀ ਪਿਛਲੇ ਲਿਖੇ ਦੀਆਂ ਮਾਫ਼ੀਆਂ ਮੰਗੀ ਤੇ ਅਗਾਂਹ ਲਿਖਣ ਤੋਂ ਕਲਮੇ ਪੜੀ ਜਾ ਰਿਹਾ ਸੀ।

ਹਜ਼ਾਰਾ ਸਿੰਘ ਪਿਸਤੌਲ ਜੇਬ ਵਿਚ ਪਾ ਚੁਕਾ ਸੀ। ਪਰ ਲਾਲਾ ਦੀਆਂ ਅੱਖਾਂ ਅੱਥਰੂ ਸੁਟੀ ਉਸ ਵੱਲ ਇਸ ਤਰਾਂ ਇਕ ਟਕ ਵੇਖੀ ਜਾ ਰਹੀਆਂ ਸਨ, ਜਿਸ ਤਰਾਂ ਪਿਉ ਤੋਂ ਮਾਰ ਖਾ ਕੇ ਬੱਚਾ ਮਾਫ਼ੀ ਮਿਲਣ ਦੀ ਤਾਂਘ ਤੇ ਹੋਰ ਕੁਟ ਨ ਪੈਣ ਦੀ ਲੋਚਣਾ ਵਿਚ ਰੋਂਦਾ ਰੋਂਦਾ ਉਸ ਵੱਲ ਵੇਖਦਾ ਰਹਿੰਦਾ ਹੈ।

ਅਸੀਂ ਉਸ ਨੂੰ ਚੁਪ ਕਰਾਇਆ, ਦਿਲਾਸਾ ਦਿੱਤਾ ਤੇ ਉਠ ਕੇ ਤੁਰ ਪਏ।

ਹਜ਼ਾਰਾ ਸਿੰਘ ਨੇ ਕਸਾਈਆਂ ਵਰਗੀਆਂ ਕਹਿਰਵਾਨ ਅੱਖਾਂ ਨਾਲ ਲਾਲੇ ਵੱਲ ਫੇਰ ਤਕਦਿਆਂ ਦਬਕਾ ਮਾਰਿਆ।

'ਵੇਖੀਂ?'

'ਖਾਤਰ ਜਮਾਂ ਰੱਖੋ। ਮੈਂ ਮੁੜ ਕੇ ਕਦੀ ਨਹੀਂ ਲਿਖਾਂਗਾ।' ਸਾਨੂੰ ਪੌੜੀਆਂ ਉਤਰਦਿਆਂ ਨੂੰ ਲਾਲੇ ਦੀ ਤੌਬਾ ਸੁਣੀ ਗਈ।

ਬਾਹਰ ਆ ਕੇ ਅਸੀਂ ਹਜ਼ਾਰਾ ਸਿੰਘ ਨੂੰ ਬੜੇ ਗੁਸੇ ਹੋਏ ਕਿ 'ਉਸ ਨੇ ਪਿਸਤੌਲ ਲਿਆਂਦਾ ਤੇ ਇਹ ਤਮਾਸ਼ਾ ਕੀਤਾ ਹੀ ਕਿਉਂ? ਸਾਨੂੰ ਦੋਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਨਾਮਾਨੀਮ ਪਿਸਤੌਲ ਲਿਆਇਆ ਸੀ। ਅਸੀਂ ਹੁਣ ਸਮਝੇ ਕਿ ਉਹ ਭਰ ਗਰਮੀਆਂ ਵਿਚ ਓਵਰਕੋਟ ਪਾ ਕੇ ਕਿਉਂ ਆਇਆ ਸੀ।

ਬਾਬਾ ਜੀ! ਤੁਹਾਨੂੰ ਨਹੀਂ ਪਤਾ, ਇਹੋ ਜਿਹੇ ਕਿਸ ਤਰਾਂ ਸਿੱਧੇ ਕਰੀ ਦੇ ਨੇ।' ਅਸੀਂ ਚੁਪ ਕਰ ਗਏ। ਕਿਸੇ ਪਵਾੜੇ ਵਿਚ ਨਾ ਪੈਣ ਤੇ ਆਪਣਾ ਕੰਮ ਹੋ ਜਾਣ ਦੀ ਖੁਸ਼ੀ ਵਿਚ ਗੱਲ ਆਈ ਗਈ ਕਰ ਛੱਡੀ।

ਸਾਡਾ ਇਹ ਦਾਅ ਫੁਰ ਗਿਆ। 'ਪਾਰਸ' ਦੇ ਅਗਲੇ ਪਰਚੇ ਵਿਚ ਇਨਾਂ ਗ਼ਦਰੀਆਂ ਦੇ ਹੱਕ ਵਿਚ ਲਿਖਿਆ ਤੇ ਰਿਹਾਈ ਦੀ ਮੰਗ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਅਸਾਂ ਲਾਲੇ ਨੂੰ ਬੜਿਆਂ ਬੜਿਆਂ ਕਾਂਗਰਸੀ ਲੀਡਰਾਂ ਪਾਸੋਂ ਅਖਵਾਇਆ ਸੀ। ਨੌਜਵਾਨ ਭਾਰਤ ਸਭਾ ਵਾਲਿਆਂ ਨੇ 'ਪਾਰਸ' ਵਿਰੁੱਧ ਮੁਜ਼ਾਹਰਿਆਂ ਵਿਚ ਇਸ ਦੀ ਅਰਥੀ ਕੱਢੀ ਤੇ 'ਪਾਰਸ' ਦੇ ਪਰਚੇ ਬਾਜ਼ਾਰ ਵਿਚ ਸਾੜੇ ਸਨ, ਪਰ ਉਹ ਬੰਦੇ ਦਾ ਪੁੱਤਰ ਨਹੀਂ ਸੀ ਬਣਿਆ।

ਸਾਡੀ ਐਜੀਟੇਸ਼ਨ ਬਹੁਤ ਚੜ ਗਈ। ਕਾਬਲ ਦੇ ਹਿੰਦ ਵਿਚ ਆਪਣੇ ਹਮਾਇਤੀ ਅਖ਼ਬਾਰਾਂ ਨੇ ਇਸ ਦੀ ਹਮਾਇਤ ਕਰਨੀ ਆਰੰਭ ਕਰ ਦਿੱਤੀ। ਪੈਰਿਸ ਨੂੰ ਭੇਜੀ ਚਿੱਠੀ ਦੇ ਵੀ ਫੁਲ ਖਿੜਨ ਲੱਗ ਪਏ। ਯੋਰਪ ਤੇ ਅਮਰੀਕਾ ਦੀਆਂ ਨ ਕੇਵਲ ਕਮਿਊਨਿਸਟ ਪਾਰਟੀਆਂ ਸਗੋਂ ਸਾਮਰਾਜ ਵਿਰੋਧੀ ਜਮਹੂਰੀ ਅਖ਼ਬਾਰਾਂ ਨੇ ਵੀ ਕਾਬਲ ਸਰਕਾਰ ਦੀ ਨਿੰਦਾ ਕਰਕੇ ਇਨਾਂ ਗ਼ਦਰੀਆਂ ਦੀ ਰਿਹਾਈ ਦੀਆਂ ਮੰਗਾਂ ਆਰੰਭ ਕਰ ਦਿੱਤੀਆਂ। ਇਸ ਜਗਤ-ਲੋਕ-ਰੌਲੇ ਦਾ ਕਾਬਲ ਸਰਕਾਰ ਉਤੇ ਅਸਰ ਪੈਣ ਲੱਗ ਪਿਆ।

ਮੌਲਾਨਾ ਅਤਾਉਲਾ ਸ਼ਾਹ ਬੁਖਾਰੀ ਦੇ ਹੱਥੀਂ ਕਾਬਲ ਰਾਜਦੂਤ ਨੇ ਸਾਨੂੰ ਸੁਨੇਹਾ ਭੇਜਿਆ, ਕਿ 'ਕਾਬਲ ਸਰਕਾਰ ਗੁਰਮੁਖ ਸਿੰਘ ਤੇ ਪਿਰਥੀ ਸਿੰਘ ਨੂੰ ਇਸ ਸ਼ਰਤ ਉਤੇ ਰਿਹਾ ਕਰਨ ਲਈ ਤਿਆਰ ਹੈ ਕਿ ਉਹ ਅਫਿਗਾਨਿਸਤਾਨ ਧਰਤੀ ਛੱਡ ਜਾਣ ਤੇ ਮੁੜੇ ਕੇ ਕਦੇ ਏਥੇ ਨ ਆਉਣ।

ਅਸੀਂ ਮੰਨ ਗਏ। ਪਰ ਮੁਹਲਤ ਮੰਗੀ ਕਿ ਸਾਨੂੰ ਉਨਾਂ ਦਾ ਅਫਿਗਾਨਿਸਤਾਨ ਵਿਚੋਂ ਕਿਧਰੇ ਲੈ ਜਾਣ ਦਾ ਬੰਦੋਬਸਤ ਕਰ ਲੈਣ ਦਿੱਤਾ ਜਾਏ।

ਉਸ ਵੇਲੇ ਉਨਾਂ ਦੇ ਸਿੱਧਾ ਨਿੱਤਰ ਕੇ ਹਿੰਦੁਸਤਾਨ ਆਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਏਥੇ ਅੰਗਰੇਜ਼ੀ ਹਕੂਮਤ ਉਨਾਂ ਨੂੰ ਡੈਣ ਵਾਂਗ ਝੱਫਣ ਲਈ ਮੂੰਹ ਖੋਲੀ ਤਿਆਰ ਖੜੀ ਸੀ, ਕਿਉਂਕਿ ਉਹ ਦੋਵੇਂ ਅੰਗਰੇਜ਼ੀ ਰਾਜ ਦੀਆਂ ਜੇਲਾਂ ਵਿਚੋਂ ਭੱਜੇ ਹੋਏ ਸਨ। ਇਰਾਨ ਜਾਣ ਤਾਂ ਉਥੇ ਫੇਰ ਗਰਿਫ਼ਤਾਰੀ ਅਵੱਸ਼ ਸੀ। ਇਰਾਨ ਹਕੂਮਤ ਤਾਂ ਅਫਿਗਾਨਿਸਤਾਨ ਨਾਲੋਂ ਵੀ ਜ਼ਿਆਦਾ ਅੰਗਰੇਜ਼ਾਂ ਹੇਠ ਲੱਗੀ ਹੋਈ ਸੀ।

ਅਸਾਂ ਮੁੜ ਪੈਰਿਸ ਦੀ ਕਮਿਊਨਿਸਟ ਪਾਰਟੀ ਨੂੰ ਚਿੱਠੀ ਲਿਖੀ ਤੇ ਉਨਾਂ ਅਗਾਂਹ ਸੋਵੀਅਤ ਰੂਸ ਦੀ ਕਮਿਊਨਿਸਟ ਪਾਰਟੀ ਨੂੰ ਲਿਖਿਆ। ਇਸ ਤੇ ਸੋਵੀਅਤ ਨੇ ਉਨਾਂ ਨੂੰ ਸੋਵੀਅਤ ਦੇਸ਼ ਦੇ ਵਸਨੀਕੀ ਹੱਕ ਦੇ ਕੇ ਕਾਬਲੋਂ ਰੂਸ ਲੈ ਆਂਦਾ।

ਉਥੋਂ ਉਹ ਉਸੇ ਸਾਲ ਦੇ ਅਖੀਰ ਤੇ ਮੁੜ ਚੋਰੀ ਚੋਰੀ ਹਿੰਦੁਸਤਾਨ ਆ ਗਏ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਚਰਨ ਸਿੰਘ ਸਹਿੰਸਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •