Mere Pita Ji (Lekh) : Gurbakhsh Singh Preetlari

ਮੇਰੇ ਪਿਤਾ ਜੀ (ਲੇਖ) : ਗੁਰਬਖ਼ਸ਼ ਸਿੰਘ ਪ੍ਰੀਤਲੜੀ

ਦੇਵੀ ਮਾਂ ਦੀ ਕਹਾਣੀ ਸੁਣਾਂਦਿਆਂ, ਇੱਕ ਥਾਂ ਆਪਣੇ ਪਿਤਾ ਜੀ ਬਾਰੇ ਮੈਂ ਆਖਿਆ ਹੈ, ਕਿ ਧਰਮਸਾਲੋਂ ਮੇਰਾ ਨੱਠਿਆ ਰਹਿਣਾ ਸੁਣ ਕੇ ਉਨ੍ਹਾਂ ਮੈਨੂੰ ਆਪਣੇ ਮੰਜੇ ਤੋਂ ਉਠਾ ਦਿੱਤਾ; ਤੇ ਧਰਮਸਾਲ ਦੀ ਥਾਂ ਸਕੂਲੇ ਪਾਣ ਦੀ ਮੇਰੀ ਮੰਗ ਉੱਤੇ ਉਨ੍ਹਾਂ ਆਖਿਆ ਸੀ: “ਓਥੇ ਤੂੰ ਬੜੀਆਂ ਪੂਰੀਆਂ ਪਾਏਂਗਾ।”

ਪਰ ਇਹ ਸਖਤ ਸੁਭਾਅ ‘ਚੋਂ ਨਿਕਲੇ ਲਫ਼ਜ਼ ਨਹੀਂ ਸਨ। ਮਾਂ ਦੇ ਬੇਮੇਚੇ ਪਿਆਰ ਨੂੰ ਸਾਂਵੇ ਰੱਖਣ ਵਾਲੀ ਕਿਸੇ ਪਿਤਾ ਦੀ ਸੁਭਾਵਕ ਇਹਤਿਆਤ ਸੀ। ਉਂਜ ਉਹ ਸਨ ਖਾਸ ਤੌਰ ‘ਤੇ ਨਰਮ-ਦਿਲ ਆਦਮੀ। ਤਿੰਨਾਂ ਭਰਾਵਾਂ ਦੇ ਘਰ ਇੱਕੋ ਹੀ ਸੰਤਾਨ ਹੋਣ ਕਰਕੇ ਬੜੀਆਂ ਰੀਝਾਂ ਨਾਲ ਪਲੇ ਸਨ ਤੇ ਮਾਂ ਆਪਣੀ ਦੀ ਸਿਆਣਪ ਕਰਕੇ ਲਾਡਲੇ ਹੁੰਦਿਆਂ ਵੀ ਵਿਗੜੇ ਨਹੀਂ ਸਨ।

ਕਦੇ ਨੌਕਰ ਨੂੰ ਵੀ ਉਨ੍ਹਾਂ ਝਿੜਕਿਆ ਨਹੀਂ ਸੀ। ਓਦੋਂ ਦੇ ਆਪਣੇ ਘਰ ਵਿੱਚ ਉੱਚੀ ਬੋਲ ਸੁਣੇ ਦੀ ਮੈਨੂੰ ਸੰਭਾਲ ਨਹੀਂ। ਉੱਚੀ ਆਵਾਜ਼ ਘਰ ਵਿੱਚ ਜਦੋਂ ਕਦੇ ਮੇਰੇ ਕੰਨੀਂ ਪੈਂਦੀ, ਜਿਥੇ ਵੀ ਹੁੰਦਾ ਮੈਂ ਪਿਤਾ ਜੀ ਦੇ ਕਮਰੇ ਵਿੱਚ ਆ ਜਾਂਦਾ; ਓਦੋਂ ਉਹ ਵਾਜੇ ਉਤੇ ਗੌਂ ਰਹੇ ਹੁੰਦੇ ਸਨ। ਕੀ ਗੌਂ ਰਹੇ ਹੁੰਦੇ ਸਨ, ਇਹ ਪਤਾ ਮੈਨੂੰ ਨਹੀਂ ਸੀ, ਪਰ ਬੋਲ ਮੈਨੂੰ ਬੜਾ ਚੰਗਾ ਲੱਗਦਾ ਸੀ।

ਦੋ ਹਫ਼ਤਿਆਂ ਦੀ ਗੱਲ ਹੈ, ਉਨ੍ਹਾਂ ਦੇ ਇੱਕ ਦੋਸਤ ਕੋਲ ਤਿੰਨ ਦਿਨ ਰਹਿਣ ਦੀ ਖੁਸ਼ੀ ਮੈਨੂੰ ਮਿਲੀ। ਅੱਜ 87 ਵਰ੍ਹੇ ਇਹਨਾਂ ਦੀ ਉਮਰ ਹੈ। ਬੜੇ ਤਕੜੇ ਤੇ ਰਾਂਗਲੀ ਤਬੀਅਤ ਦੇ ਮਾਲਕ ਹਨ, ਕਦੇ ਚੀਫ਼ ਜਸਟਿਸ ਰਹਿ ਚੁੱਕੇ ਹਨ- ਰਾਇ ਬਹਾਦਰ ਲਹਿਣਾ ਸਿੰਘ ।

ਇਹ ਜਦੋਂ ਮੈਨੂੰ ਮਿਲਣ, ਮੇਰੇ ਪਿਤਾ ਜੀ ਦੀ ਕੋਈ ਗੱਲ ਜ਼ਰੂਰ ਸੁਣਾਂਦੇ ਹਨ। ਐਤਕੀਂ ਇਹਨਾਂ ਵਾਰਸ ਸ਼ਾਹ ਦੀ “ਹੀਰ” ਵਿੱਚੋਂ ਹੇਠਲੇ ਟੱਪੇ ਬੜੀ ਤਰੰਗ ਵਿੱਚ ਗੌਂ ਕੇ ਸੁਣਾਏ।

ਹੀਰ ਆਖਿਆ ਜੋਗੀਆ ਝੂਠ ਆਖੇਂ,
ਕੌਣ ਰੁਠੜੇ ਯਾਰ ਮਨਾਉਂਦਾ ਏ।
ਐਸਾ ਕੋਈ ਨਾ ਡਿੱਠਾ ਮੈਂ ਢੂੰਡ ਥੱਕੀ,
ਜਿਹੜਾ ਗਿਆਂ ਨੂੰ ਮੋੜ ਲਿਆਉਂਦਾ ਏ।
ਦੁਖਾਂ ਵਾਲਿਆਂ ਨੂੰ ਗੱਲਾਂ ਸੁਖ ਦੀਆਂ ਵੇ,
ਕਿੱਸੇ ਜੋੜ ਜਹਾਨ ਸੁਣਾਉਂਦਾ ਏ
ਦੇਵਾਂ ਚੂਰੀਆਂ ਘਿਓ ਦੇ ਬਾਲ ਦੀਵੇ,
ਵਾਰਸਸ਼ਾਹ ਜੇ ਸੁਣਾਂ ਮੈਂ ਆਉਂਦਾ ਏ।

“ਤੇਰੇ ਭਾਈਆ ਜੀ ਇਹ ਬੜੀ ਲਟਕ ਨਾਲ ਗੌਂਦੇ ਹੁੰਦੇ ਸਨ,” ਉਨ੍ਹਾਂ ਦੱਸਿਆ। “ਤਦ ਅਸੀਂ ਤੁਹਾਡੇ ਗੁਆਂਢਲੇ ਘਰ ਵਿੱਚ ਰਹਿੰਦੇ ਹੁੰਦੇ ਸਾਂ। ਉਹ ਤਿੰਨ ਕੁ ਵਰ੍ਹੇ ਮੈਥੋਂ ਵੱਡੇ ਹੋਣਗੇ, ਪਰ ਹਰ ਕਿਸੇ ਦੇ ਹਾਣੀ ਹੋਣ ਦੀ ਸਿਫ਼ਤ ਉਨ੍ਹਾਂ ਵਿੱਚ ਸੀ। ਉਹ ਕਈ ਵਾਰ ਮੇਰੇ ਕੋਲ ਆ ਜਾਂਦੇ, ਮੈਂ ਘੜਾ ਵਜਾਂਦਾ ਤੇ ਉਹ ਗੌਂਦੇ ਹੁੰਦੇ ਸਨ।”

ਇਹ ਸੁਣ ਕੇ ਪਿਤਾ ਜੀ ਦੀਆਂ ਕਈ ਸੁਰਾਂ ਮੈਂ ਆਪਣੇ ਅਚੇਤ ਮਨ ਵਿੱਚੋਂ ਪੁਟ ਕੇ ਪਛਾਣ ਲਈਆਂ:

ਚਸ਼ਮਿ ਚਿਰਾਗ ਜਿਨ੍ਹਾਂ ਦੇ ਦੀਦੇ,
ਉਹ ਕਾਹਨੂੰ ਬਾਲਣ ਦੀਵੇ।
ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆ,
ਉਹ ਬਾਝ ਸ਼ਰਾਬਾਂ ਖੀਵੇ।
ਸੈ ਪਤੰਗੇ ਮਰ ਮਰ ਜਾਂਦੇ,
ਤਰਸ ਨਾਹੀਂ ਇਸ ਦੀਵੇ।
ਮੰਗੀ ਮੌਤ ਮਿਲੇ ਦਰਗਾਹੋਂ,
ਦੁਖੀਆ ਇੱਕ ਨਾ ਜੀਵੇ।

ਇਹ ਚਾਰ ਟੱਪੇ ਮੇਰੀ ਯਾਦ ਦੀਆਂ ਤਹਿਆਂ ਵਿਚ ਅਟਕੇ ਸਿਆਣੀ ਉਮਰੇ ਆਪੇ ਹੀ ਮੇਰੇ ਬੁੱਲ੍ਹਾਂ ਉਤੇ ਆ ਗਏ ਸਨ।

ਮੇਰੀ ਉਮਰ ਦਾ ਅੱਠਵਾਂ ਵਰ੍ਹਾ ਅਜੇ ਪੂਰਾ ਨਹੀਂ ਸੀ ਹੋਇਆ ਕਿ ਉਨ੍ਹਾਂ ਦੀ ਉਮਰ ਦਾ ਅਖੀਰਲਾ- ਸੈਂਤੀਵਾਂ- ਵਰ੍ਹਾ ਪੂਰਾ ਹੋ ਗਿਆ। ਸੁਪਨੇ ਵਿੱਚ ਵੇਖੀਆਂ ਗੱਲਾਂ ਵਰਗੀ ਹੀ ਮੈਨੂੰ ਉਨ੍ਹਾਂ ਦੀ ਯਾਦ ਏ, ਤੇ ਏਸ ਯਾਦ ਦੁਆਲੇ ਸੁਪਨਿਆਂ ਵਰਗੀ ਹੀ ਵਡਿੱਤਣ ਦਾ ਪ੍ਰਭਾਵ ਹੋਵੇਗਾ। ਹੋ ਸਕਦਾ ਹੈ, ਜੇ ਹੋਰ ਕੁੱਝ ਵਰ੍ਹੇ ਉਨ੍ਹਾਂ ਨੂੰ ਵੇਖਿਆ ਹੁੰਦਾ ਤਾਂ ਉਹ ਮੈਨੂੰ ਏਡੇ ਵੱਡੇ ਦਿਸਣੋਂ ਹਟ ਗਏ ਹੁੰਦੇ ਪਰ ਹੁਣ ਤਾਂ ਇਹੋ ਯਾਦ ਹੈ ਕਿ ਉਹ ਬੜੇ ਸੋਹਣੇ ਕੱਪੜੇ ਪਾਂਦੇ ਸਨ, ਉਨ੍ਹਾਂ ਦੀ ਚੜ੍ਹਤਲ ਦੀ ਗੱਲ ਜਣੇ ਖਣੇ ਦੇ ਮੂੰਹ ਉਤੇ ਹੁੰਦੀ ਸੀ, ਲੋਕ ਉਨ੍ਹਾਂ ਨੂੰ ਚੰਗਾ ਸਮਝਦੇ ਸਨ, ਖਾਸ ਕਰ ਗਲੀ ਮੁਹੱਲੇ ਤੇ ਸਾਕ ਬਰਾਦਰੀ ਦੀਆਂ ਇਸਤ੍ਰੀਆਂ ਉਚੇਚਾ ਮਿਲਣ ਆਉਂਦੀਆਂ, ਯਾਦ ਕਰਦੀਆਂ, ਤੇ ਉਨ੍ਹਾਂ ਨਾਲ ਗੱਲਾਂ ਕਰ ਕੇ ਖੁਸ਼ ਹੁੰਦੀਆਂ ਸਨ।

ਉਨ੍ਹਾਂ ਦੀ ਨੌਕਰੀ ਸਮੇਂ ਭਾਵੇਂ ਟੱਬਰ ਸਾਡਾ ਵੱਡਾ ਨਹੀਂ ਸੀ, ਪਰ ਘਰ ਸਾਡਾ ਭਰਿਆ ਰਹਿੰਦਾ ਸੀ। ਤਿੰਨ ਹੋਰ ਆਦਮੀ ਸਾਡੇ ਘਰ ਰਹਿੰਦੇ ਸਨ। ਦੋਹ ਨੂੰ ਮੈਂ ਚਾਚਾ ਤੇ ਇਕ ਨੂੰ ਮਾਮਾ ਆਖਦਾ ਸਾਂ। ਸਾਡੇ ਸਾਕਾਂ ਵਿੱਚੋਂ ਹੀ ਸਨ, ਨੌਕਰੀ ਜਾਂ ਕੰਮ ਢੂੰਡਣ ਲਈ ਆਏ ਹੋਏ ਸਨ। ਜਦੋਂ ਭਾਈਆ ਜੀ ਦੌਰਿਓਂ ਆਉਂਦੇ, ਉਹ ਇਹਨਾਂ ਨਾਲ ਰਲ ਕੇ ਵਰਜ਼ਿਸ਼ਾਂ ਕਰਦੇ: ਡੰਡ ਬੈਠਕਾਂ, ਮੁਗਦਰ ਮੁੰਗਲੀਆਂ, ਛਾਲਾਂ, ਸੂਆ ਟੱਪਣਾ- ਉਨ੍ਹਾਂ ਦਾ ਮੇਰੀਆਂ ਅੱਖਾਂ ਅੱਗੇ ਫਿਰਦਾ ਹੈ।

ਪਰ ਹੱਸਣੀ ਹਸੌਣੀ ਤਬੀਅਤ ਦੇ ਹੁੰਦਿਆਂ ਵੀ ਜਦੋਂ ਉਹ ਇਕੱਲੇ ਹੁੰਦੇ, ਗੰਭੀਰ ਜਿਹੇ ਦਿਸਦੇ ਸਨ। ਉਨ੍ਹਾਂ ਦੇ ਬੜੇ ਪਿਆਰੇ ਦੋਸਤ, ਸਰਦਾਰ ਰਘਬੀਰ ਸਿੰਘ, ਜਿਨ੍ਹਾਂ ਦਾ ਹਿੱਸਾ ਮੇਰੀ ਜੀਵਨ-ਕਹਾਣੀ ਵਿੱਚ ਚੋਖਾ ਹੈ, ਮੈਨੂੰ ਦੱਸਦੇ ਹੁੰਦੇ ਸਨ ਕਿ ਭਾਈਆ ਜੀ ਨੂੰ ਆਪਣੀ ਨੌਕਰੀ ਦੀ ਛੁਟਿਤਣ ਕਈ ਵਾਰ ਉਦਾਸ ਕਰ ਦੇਂਦੀ ਸੀ।

“ਉਹ ਹੈ ਸਨ ਬੜੇ ਵਧੀਆ ਇਨਸਾਨ-” ਚਾਚਾ ਰਘਬੀਰ ਸਿੰਘ ਜੀ ਦੱਸਦੇ ਸਨ- “ਪਰ ਨੌਕਰੀ ਵਿਚ ਨਿਰੇ ਓਵਰਸੀਅਰ ਹੀ ਹੋਣ ਦੀ ਬੇਆਰਾਮੀ ਉਨ੍ਹਾਂ ਨੂੰ ਰਹਿੰਦੀ ਸੀ।”

“ਉਨ੍ਹਾਂ ਕੋਈ ਵੱਡੀ ਜਮਾਤ ਓਦੋਂ ਕਿਉਂ ਨਾ ਪਾਸ ਕਰ ਲਈ,” ਮੈਂ ਨਿੱਕਾ ਹੁੰਦਾ ਚਾਚਾ ਜੀ ਕੋਲੋਂ ਪੁੱਛਦਾ ਸਾਂ।

“ਨਾ ਘਰ ਤੇ ਨਾ ਆਲੇ-ਦੁਆਲੇ ਹੀ ਕੋਈ ਪੜ੍ਹਿਆ ਲਿਖਿਆ ਹੋਣ ਕਰਕੇ ਤੇ ਨਾ ਹੀ ਓਸ ਵੇਲੇ ਨੌਕਰੀ ਦੀ ਕੋਈ ਖਾਸ ਲੋੜ ਹੋਣ ਕਰਕੇ, ਚੰਗੀ ਪ੍ਰੇਰਣਾ ਕਿਤੋਂ ਮਿਲੀ ਨਾ, ਤੇ ਉਹ ਰੁੜਕੀ ਦੀ ਛੋਟੀ ਜਮਾਤ ਵਿੱਚ, ਜਿੱਥੇ ਦਾਖਲਾ ਮਿਲਿਆ, ਦਾਖਲ ਹੋ ਗਏ। ਪਰ ਉਨ੍ਹਾਂ ਦੀ ਪੋਸ਼ਸ਼ ਤੇ ਅੰਗਰੇਜ਼ੀ ਦੀ ਲਿਆਕਤ ਐਗਜ਼ੈਕਵਿਟ ਇੰਜੀਨੀਅਰਾਂ ਦ ਧਿਆਨ ਖਿੱਚ ਲੈਂਦੀਆਂ ਸਨ।”

ਉਨ੍ਹਾਂ ਵਿੱਚ ਕੋਈ ਖਾਸ ਗੱਲ ਹੋਣ ਦਾ ਅਨੁਭਵ ਮੈਨੂੰ ਵੀ ਹੈ, ਉਨ੍ਹਾਂ ਦੇ ਨੇੜੇ ਰਹਿਣ ਵਾਲੇ ਉਨ੍ਹਾਂ ਨੂੰ ਪਿਆਰ ਦੀ ਹੱਦ ਤੱਕ ਪਸੰਦ ਕਰਨ ਲੱਗ ਪੈਂਦੇ ਸਨ ਤੇ ਉਨ੍ਹਾਂ ਦਾ ਕੋਈ ਕੰਮ ਕਰਨ ਵਿੱਚ ਚਾਅ ਜਿਹਾ ਮਹਿਸੂਸ ਕਰਦੇ ਸਨ। ਉਪਰ ਜ਼ਿਕਰ ਕੀਤੇ ਸ੍ਰ: ਰਘਬੀਰ ਸਿੰਘ ਜੀ ਦਾ ਉਨ੍ਹਾਂ ਨਾਲ ਇਸ਼ਕ ਸਾਡੀ ਸਾਰੀ ਬਰਾਦਰੀ ਤੇ ਨਹਿਰ ਦੇ ਸਾਰੇ ਮਹਿਕਮੇ ਵਿੱਚ ਕਹਾਣੀ ਬਣ ਗਿਆ ਸੀ।

ਸਰਦਾਰ ਰਘਬੀਰ ਸਿੰਘ ਜੀ ਦੀ ਪਹਿਲੀ ਪਤਨੀ ਮਰ ਗਈ ਸੀ, ਦੂਜੀ ਪਤਨੀ ਨਾਲ ਉਨ੍ਹਾਂ ਦਾ ਵਿਆਹ ਹੋਇਆ। ਨਵੀਂ ਪਤਨੀ ਪੰਜਾਬੀ ਤੇ ਹਿੰਦੀ ਦੀ ਮਿਡਲ ਪਾਸ, ਚੰਗਾ ਉਰਦੂ ਪੜ੍ਹ ਸਕਣ ਵਾਲੀ ਇਸਤ੍ਰੀ ਸੀ। ਰੰਗ ਤੇ ਸੂਰਤ ਦਾ ਵੀ ਉਨ੍ਹਾਂ ਨੂੰ ਸਹੀ ਮਾਣ ਹੋ ਸਕਦਾ ਸੀ।

ਪਰ ਚਾਚਾ ਜੀ ਨੂੰ ਨਵੇਂ ਵਿਆਹ ਨਾਲੋਂ ਵੀ ਬਹੁਤ ਨਸ਼ਾ ਆਪਣੀ ਦੋਸਤੀ ਦਾ ਸੀ। ਇੱਕ ਦਿਨ ਵੀ ਜਿਹੜਾ ਉਹ ਆਪਣੇ ਦੋਸਤ ਕੋਲ ਗੁਜ਼ਾਰ ਸਕਣ, ਉਹ ਹੋਰ ਕਿਧਰੇ ਨਹੀਂ ਸਨ ਗੁਜ਼ਾਰਦੇ। ਨਵੇਂ ਵਿਆਹ ਨੂੰ ਨਵੇਕਲਿਆਂ ਮਾਣਨ ਦੀ ਥਾਂ ਉਹ ਆਪਣੇ ਦੋਸਤ ਕੋਲ ਹੀ ਆ ਗਏ।

ਨਵੀਂ ਪਤਨੀ ਨੂੰ - ਜਿਨ੍ਹਾਂ ਨੂੰ ਹੁਣ ਅਸੀਂ ਆਪਣੀ ਮਾਂ, ਆਪਣਾ ਪਿਤਾ ਤੇ ਸਭੋ ਕੁੱਝ ਹੀ ਸਮਝਦੇ ਹਾਂਏਸ ਗੱਲ ਦੀ ਸਹੀ ਸ਼ਿਕਾਇਤ ਸੀ। ਉਹਨਾਂ ਦਿਨਾਂ ਦੇ ਆਪਣੇ ਅਹਿਸਾਸ ਦੀ ਗੱਲ ਕਰਦਿਆਂ ਇੱਕ ਵਾਰੀ ਮੈਨੂੰ ਐਉਂ ਦੱਸਿਆ :

“ਮੈਨੂੰ ਤੇਰੇ ਭਾਈਆ ਜੀ ਨਾਲ ਈਰਖਾ ਹੋ ਜਾਣੀ ਕੁਦਰਤੀ ਸੀ। ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰਦਾ, ਤੇਰੇ ਚਾਚਾ ਜੀ ਨੂੰ ਤਾਂ ਓਹਨੀਂ ਦਿਨੀਂ ਹੋਰ ਕੋਈ ਗੱਲ ਆਉਂਦੀਓ ਹੀ ਨਹੀਂ ਸੀ-ਸੁਣ ਸੁਣ ਕੇ ਥੱਕ ਜਾਂਦੀ ਸੀ। ਹਰ ਕੋਈ ਖੁਸ਼ਾਮਦੀਆਂ ਵਾਂਗ ਅੱਗੇ ਅੱਗੇ ਪੈ ਕੇ ਉਨ੍ਹਾਂ ਦਾ ਕੰਮ ਕਰਦਾ- ਵੇਖ ਵੇਖ ਮੈਂ ਅੱਕ ਜਾਂਦੀ ਸਾਂ। ਉਨ੍ਹਾਂ ਨੂੰ ਭਾਵੇਂ ਇਹ ਖੁਸ਼ਾਮਦ ਪਸੰਦ ਨਹੀਂ ਸੀ, ਕਈ ਵਾਰ ਉਹ ਝਾੜ ਝੰਬ ਛੱਡਦੇ ਤੇ ਆਪਣਾ ਕੰਮ ਆਪ ਕਰ ਲੈਂਦੇ, ਪਰ ਫੇਰ ਵੀ ਉਨ੍ਹਾਂ ਦੁਆਲੇ ਦਾ ਸਾਰਾ ਖਲਾਰਾ ਮੈਨੂੰ ਭਾਉਂਦਾ ਨਹੀਂ ਸੀ। ਮੇਰਾ ਖਿਆਲ ਉਹ ਬਹੁਤ ਰੱਖਦੇ ਸਨ, ਇੱਕ ਦਿਨ ਤੇਰੇ ਚਾਚਾ ਜੀ ਨੂੰ ਏਸ ਤਰ੍ਹਾਂ ਸਮਝਾਉਂਦਿਆਂ ਵੀ ਮੈਂ ਉਨ੍ਹਾਂ ਨੂੰ ਸੁਣਿਆ - “ਇਹ ਦਿਨ ਕੋਈ ਬਾਹਰ ਕੱਟਣ ਵਾਲੇ ਨੇ?- ਜਾ ਕੇਸਰਾ ਦੇਈ ਨੂੰ ਲਿਜਾ ਕੇ ਇਕੱਠੇ ਕਿਤੇ ਛੁੱਟੀ ਮਾਣੋ!” ਓਦਣ ਤੋਂ ਮੇਰਾ ਦਿਲ ਉਨ੍ਹਾਂ ਲਈ ਨਰਮ ਹੋਣਾ ਸ਼ੁਰੂ ਹੋ ਗਿਆ - ਤੇ ਹੌਲੀ ਹੌਲੀ ਮੈਨੂੰ ਸਾਫ ਹੋ ਗਿਆ, ਕਿ ਇਹ ਪਿਆਰ ਜਿਹੜਾ ਉਨ੍ਹਾਂ ਉਤੇ ਸੁੱਟਿਆ ਜਾ ਰਿਹਾ ਸੀ, ਉਨ੍ਹਾਂ ਨੂੰ ਇਹਦੀ ਲੋੜ ਨਹੀਂ ਸੀ, ਸਗੋਂ ਉਨ੍ਹਾਂ ਉਤੇ ਭਾਰ ਸੀ। ਇਹ ਖਿਆਲ ਆਉਣ ਦੀ ਢਿੱਲ ਸੀ ਕਿ ਮੇਰਾ ਜੀਅ ਵੀ ਕਰਨ ਲੱਗ ਪਿਆ ਕਿ ਉਨ੍ਹਾਂ ਦਾ ਕੋਈ ਕੰਮ ਹੋਵੇ ਤਾਂ ਮੈਂ ਕਰ ਛੱਡਿਆ ਕਰਾਂ। ਉਹ ਬੀਮਾਰ ਹੋ ਗਏ -ਸਾਰੇ ਉਨ੍ਹਾਂ ਉਤੇ ਡਿੱਗੇ ਰਹਿੰਦੇ ਸਨ, ਮੇਰੇ ਕਰਨ ਵਾਲਾ ਕੋਈ ਕੰਮ ਨਹੀਂ ਰਹਿੰਦਾ ਸੀ। ਪੇਸ਼ਾਬ ਵਾਲਾ ਪਾਟ ਮੈਨੂੰ ਮੰਜੇ ਹੇਠਾਂ ਪਿਆ ਦਿਸਿਆ। ਦਿਲ ਆਇਆ ਇਹੀ ਚੁੱਕ ਕੇ ਬਾਹਰ ਸੁੱਟ ਆਵਾਂ। ਸੰਙ ਜਿਹੀ ਆ ਗਈ, ਪਰ ਰਿਹਾ ਨਾ ਹੀ ਗਿਆ, ਤੇ ਓੜਕ ਮੈਂ ਪਾਟ ਚੁੱਕ ਹੀ ਲਿਆ।

“ਵੇਖ ਕੇ ਉਨ੍ਹਾਂ ਬੜੇ ਦੁੱਖ ਨਾਲ ਆਖਿਆ, “ਕੇਸਰਾ ਦੇਈਏ, ਤੈਨੂੰ ਤਾਂ ਮੈਂ ਬੜੀ ਸਿਆਣੀ ਜਾਤਾ ਸੀ- ਤੂੰ ਵੀ ਅਹਿਮਕਾਂ ਦੇ ਟੋਲੇ ਵਿੱਚ ਰਲ ਗਈਓਂ- ਇਹ ਤੂੰ ਕਾਹਨੂੰ ਚੁੱਕਣਾ ਸੀ?”

“ਪਰ ਮੈਂ ਖੁਸ਼ਾਮਦ ਕਰਨ ਲਈ ਬਿਲਕੁਲ ਨਹੀਂ ਸੀ ਚੁੱਕਿਆ, ਉਹ ਬੜਾ ਸੋਹਣਾ-ਦਿਲ ਇਨਸਾਨ ਮੈਨੂੰ ਲੱਗਿਆ ਸੀ। ”

ਓੜਕ ਉਨ੍ਹਾਂ ਨੌਕਰੀ ਛੱਡਣ ਦਾ ਖਿਆਲ ਪਕਾ ਹੀ ਲਿਆ, ਤੇ ਲੰਮੀ ਛੁੱਟੀ ਲੈ ਕੇ ਉਹ ਅੰਮ੍ਰਿਤਸਰ ਮੇਰੀ ਮਾਤਾ ਜੀ ਦੇ ਪੇਕੀਂ ਆ ਰਹੇ, ਉਥੇ ਉਨ੍ਹਾਂ ਮੈਨੂੰ ਪੰਡਤ ਬੈਜਨਾਥ ਹਾਈ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ।

ਇਹ ਸਕੂਲ ਫ਼ਤਿਹਾਬਾਦ ਦੇ ਸਕੂਲ ਨਾਲੋਂ ਏਸ ਗੱਲੋਂ ਤਾਂ ਚੰਗਾ ਸੀ ਕਿ ਏਥੇ ਉਸ ਤਰ੍ਹਾਂ ਦੀ ਕੁੱਟ ਨਹੀਂ ਸੀ ਪੈਂਦੀ, ਨਾ ਉਸਤਾਦ ਉਸ ਤਰ੍ਹਾਂ ਦੀਆਂ ਗਾਲ੍ਹਾਂ ਕੱਢਦੇ ਸਨ , ਪਰ ਉਥੋਂ ਦਾ ਕੋਈ ਕੋਈ ਉਸਤਾਦ ਕਦੇ ਕਦੇ ਪਿਆਰ ਦੀ ਗੱਲ ਵੀ ਕਰਦਾ ਹੁੰਦਾ ਸੀ, ਸਾਡੇ ਘਰ ਦਿਆਂ ਦੀ ਸੁਖ ਪੁੱਛ ਲੈਂਦਾ ਸੀ। ਕਦੇ ਕੋਈ ਮੁੰਡਾ ਬਹੁਤੇ ਦਿਨ ਗੈਰ-ਹਾਜ਼ਰ ਰਹੇ ਤਾਂ ਉਹਦੇ ਘਰ ਵੀ ਚਲਾ ਜਾਂਦਾ ਸੀ। ਦੁੱਧ ਲੱਸੀ ਵਾਲੇ ਘਰਾਂ ਨਾਲ ਤਾਂ ਕਈ ਉਸਤਾਦਾਂ ਦੀ ਚੋਖੀ ਸਾਂਝ ਹੁੰਦੀ ਸੀ।

ਓਦੋਂ ਮੈਨੂੰ ਉਹ ਉਸਤਾਦ ਚੰਗੇ ਨਹੀਂ ਸਨ ਲੱਗਦੇ, ਪਰ ਏਥੇ ਤਾਂ ਮੈਨੂੰ ਯਾਦ ਆਉਣ ਲੱਗ ਪਏ। ਏਥੇ ਇੱਕ ਇੱਕ ਜਮਾਤ ਦੇ ਦੋ-ਦੋ, ਤਿੰਨ-ਤਿੰਨ ਸੈਕਸ਼ਨ ਸਨ, ਕਿਸੇ ਉਸਤਾਦ ਨਾਲ ਸਾਂਝ ਦਾ ਨਿੱਘ ਉੱਕਾ ਨਹੀਂ ਸੀ। ਦਵਾਤਾਂ ਵੀ ਸਕੂਲੋਂ ਮਿਲਦੀਆਂ ਸਨ, ਉਹਨਾਂ ਵਿੱਚ ਸਿਆਹੀ ਚਪੜਾਸੀ ਭਰ ਦੇਂਦਾ ਸੀ। ਖੁਆਸਪੁਰੇ ਦਵਾਤ ਆਪਣੀ ਦਾ ਹੀ ਬੜਾ ਆਹਰ ਸੀ, ਉਹਨੂੰ ਸਾਫ਼ ਕਰਨਾ, ਉਹਦੇ ਵਿੱਚ ਸੂਫ਼ ਪਾਉਣਾ, ਸ਼ਾਹੀ ਭਿਉਣੀ। ਏਥੋਂ ਦਾ ਸਕੂਲ ਮੈਨੂੰ ਰਤਾ ਚੰਗਾ ਨਾ ਲੱਗਾ। ਮੈਂ ਉਦਾਸ ਉਦਾਸ ਰਹਿਣ ਲੱਗ ਪਿਆ। ਆਖਰ ਏਸ ਉਦਾਸੀ ਦਾ ਬਦਲਾ ਮੈਂ ਸਕੂਲ ਕੋਲੋਂ ਲੈਣ ਦਾ ਢੰਗ ਸੋਚ ਹੀ ਲਿਆ। ਅੱਖ ਬਚਾ ਕੇ ਦੋ ਦਵਾਤਾਂ ਦੀ ਸ਼ਾਹੀ ਮੈਂ ਰੋਜ਼ ਡੋਲ੍ਹ ਛੱਡਦਾ ਸਾਂ, ਤੇ ਛੁੱਟੀ ਵੇਲੇ ਖਾਲੀ ਦਵਾਤਾਂ ਨੂੰ ਆਪਣੀ ਛੱਤਰੀ ਵਿੱਚ ਪਾ ਕੇ, ਛੱਤਰੀ ਖੋਲੇ੍ਹ ਬਿਨਾਂ ਘਰ ਆ ਜਾਂਦਾ ਸਾਂ। ਸਾਡੇ ਘਰ ਵਿੱਚ ਭਿੱਤਾਂ ਵਾਲਾ ਇੱਕ ਡੂੰਘਾ ਆਲ਼ਾ ਹੁੰਦਾ ਸੀ, ਉਹਦੇ ਵਿੱਚ ਦਵਾਤਾਂ ਲੁਕਾ ਛੱਡਦਾ ਸਾਂ- ਹੌਲੀ ਹੌਲੀ ਉਹ ਸਾਰਾ ਆਲ਼ਾ ਭਰ ਗਿਆ -ਕੋਈ ਪੰਜਾਹ ਦਵਾਤਾਂ ਮੈਂ ਚੁੱਕ ਲਿਆਇਆ ਸਾਂ। ਜਦੋਂ ਕੋਈ ਵੇਖਦਾ ਨਾ ਹੋਵੇ, ਮੈਂ ਦਵਾਤਾਂ ਦੀਆਂ ਪਾਲ਼ਾਂ ਲੱਗੀਆਂ ਨੂੰ ਨਜ਼ਰ ਮਾਰ ਕੇ ਖੁਸ਼ ਹੋ ਲੈਂਦਾ ਸਾਂ।

ਪੜ੍ਹਾਈ ਮੈਨੂੰ ਚੰਗੀ ਨਹੀਂ ਸੀ ਲੱਗਦੀ। ਮਾਸਟਰ ਕਿਸੇ ਬਾਰੇ ਮੈਨੂੰ ਕੁੱਝ ਪਤਾ ਨਹੀਂ ਸੀ, ਕਿੱਥੇ ਰਹਿੰਦੇ ਨੇ, ਇਹਨਾਂ ‘ਚੋਂ ਕਿਸੇ ਦਾ ਟੱਬਰ ਵੀ ਸੀ ਕਿ ਨਹੀਂ। ਫ਼ਤਿਹਾਬਾਦ ਦਾ ਮੌਲਵੀ ਕਿਸੇ ਕਿਸੇ ਦਿਨ ਅੱਧਾ ਅੱਧਾ ਘੰਟਾ ਆਪਣੇ ਨਿੱਕੇ ਮਮ੍ਹਦੇ ਦੀ ਮਾਂ ਦੀਆਂ ਗੱਲਾਂ ਕਰਦਾ ਰਹਿੰਦਾ ਸੀ, ਤੇ ਇਹ ਗੱਲਾਂ ਸਬਕ ਨਾਲੋਂ ਸਾਨੂੰ ਵਧੇਰੇ ਚੰਗੀਆਂ ਲੱਗਦੀਆਂ ਸਨ। ਓਦਣ ਮੌਲਵੀ ਹੋਰੀਂ ਬਿਲਕੁਲ ਗੁੱਸੇ ਨਹੀਂ ਸਨ ਹੁੰਦੇ, ਨਾ ਪਿਛਲਾ ਸਬਕ ਸੁਣਦੇ ਸਨ- ਅਗਲਾ ਪੜ੍ਹਾ ਕੇ ਫੇਰ ਕੋਈ ਮਮ੍ਹਦੇ ਦੀ ਮਾਂ ਦੀ ਗੱਲ ਛੇੜ ਲੈਂਦੇ ਸਨ: “ਸੁਬਹਾਨ ਅੱਲਾਹ-ਮੁਹੰਮਦ ਦੀ ਮਾਂ ਸੇਵੀਆਂ ਖੂਬ ਉਬਾਲਦੀ ਏ।”

ਰਾਤੀਂ ਅਸੀਂ ਵੀ ਘਰ ਜਾ ਕੇ ਸੇਵੀਆਂ ਲਈ ਜ਼ਿੱਦ ਕਰਦੇ - ਤੇ ਕਈ ਵਾਰੀ ਦੂਜੇ ਦਿਨ ਕਿਸੇ ਮੁੰਡੇ ਦੀ ਮਾਂ ਸ਼ੱਕਰ ਘਿਓ ਪਾ ਕੇ ਸੇਵੀਆਂ ਦਾ ਛੰਨਾ ਮੌਲਵੀ ਜੀ ਲਈ ਵੀ ਭੇਜ ਦਿੰਦੀ।

ਅੰਮ੍ਰਿਤਸਰ ਦੇ ਰੁੱਖੇ ਸਕੂਲ ਨੂੰ ਪੰਜਾਹ ਦਵਾਤਾਂ ਉਤੇ ਤਾਂ ਵਾਧੂ ਖਰਚ ਕਰਨਾ ਹੀ ਪਵੇਗਾ, ਇਹਦੀ ਮੈਨੂੰ ਖੁਸ਼ੀ ਸੀ, ਤੇ ਜੇ ਘਰ ਵਿੱਚ ਏਡਾ ਕੁ ਆਲਾ ਹੋਰ ਹੁੰਦਾ ਤਾਂ ਮੈਂ ਸੌ ਪੂਰੀਆਂ ਕਰ ਦੇਣੀਆਂ ਸਨ।

ਪਰ ਸਾਰਾ ਸੁਆਦ ਖਰਾਬ ਹੋ ਗਿਆ ਜਿੱਦਣ ਭਾਈਆ ਜੀ ਦੀ ਨਜ਼ਰੇ ਮੇਰਾ ਆਲ਼ਾ ਚੜ੍ਹ ਗਿਆ । ਵੇਖ ਕੇ ਉਹ ਹੈਰਾਨ ਹੋ ਗਏ। ਪੁੱਛਿਆ, ਮੈਂ ਕੁੱਝ ਦੱਸਾਂ ਨਾ। ਓੜਕ ਮੇਰੇ ਦਿਲੋਂ ਉਨ੍ਹਾਂ ਗੱਲ ਬਾਹਰ ਕਢਾ ਹੀ ਲਈ। ਮੇਰੀ ਮਾਂ ਨੂੰ ਮੇਰੀ ਕਰਤੂਤ ਦੱਸੀ ਤੇ ਮੈਨੂੰ ਇੱਕ ਟੋਕਰੀ ਦੇ ਕੇ ਆਖਿਆ ਕਿ ਉਹਦੇ ਵਿੱਚ ਸਾਰੀਆਂ ਦਵਾਤਾਂ ਧਰ ਲਵਾਂ। ਉਹ ਚਾਹੁੰਦੇ ਸਨ ਮੇਰੇ ਨਾਲ ਜਾ ਕੇ ਉਹ ਹੈਡ ਮਾਸਟਰ ਨੂੰ ਇਹ ਦਵਾਤਾਂ ਮੋੜਨ।ਭਾਬੀ ਜੀ ਨਾ ਮੰਨਣ, ਉਨ੍ਹਾਂ ਨੂੰ ਦੁਖ ਹੋ ਰਿਹਾ ਸੀ- ਕਾਕੇ ਨੂੰ ਬੜੀ ਸ਼ਰਮ ਆਵੇਗੀ, ਹਾਣੀਆਂ ਦੇ ਸਾਮ੍ਹਣੇ ਕੀਕਰ ਹੋਵੇਗਾ।

ਆਪਣੀ ਚੋਰੀ ਦਾ ਭਾਰ ਚੁੱਕ ਕੇ ਮੈਥੋਂ ਵੀ ਤੁਰਿਆ ਨਾ ਜਾਏ, ਪਰ ਭਾਈਆ ਜੀ ਜਦੋਂ ਕਿਸੇ ਗੱਲ ਉਤੇ ਤੁਲ ਜਾਂਦੇ, ਅਗਾਂਹ ਪਿਛਾਂਹ ਨਹੀਂ ਸਨ ਹੁੰਦੇ। ਮਾਂ ਪੁੱਤਰ ਕਿਸੇ ਦੀ ਕੋਈ ਨਾ ਮੰਨੀ। ਸਿਰਫ਼ ਏਨੀ ਗੱਲ ਦਾ ਭਰੋਸਾ ਦਿਵਾ ਗਏ-“ਇਹਦੇ ਹਾਣੀਆਂ ਨੂੰ ਪਤਾ ਨਹੀਂ ਲੱਗੇਗਾ -ਸਿਰਫ਼ ਹੈਡਮਾਸਟਰ ਕੋਲ ਹੀ ਇਹਨੂੰ ਖੜਾਂਗਾ- ਇਹਦੇ ਚਾਲਚਲਣ ਦੀ ਮਜਬੂਤੀ ਲਈ ਇਹ ਬੜਾ ਜਰੂਰੀ ਏ।”

ਬੜੀ ਹੀ ਔਖੀ ਉਹ ਘੜੀ ਸੀ, ਜਦੋਂ ਚਿੱਕ ਚੁੱਕ ਕੇ ਭਾਈਆ ਜੀ ਨੇ ਮੈਨੂੰ ਹੈਡਮਾਸਟਰ ਦੇ ਕਮਰੇ ਵਿੱਚ ਅਗਾਂਹ ਧੱਕ ਦਿੱਤਾ। ਚਾਹਿਆ, ਮੌਤ ਆ ਜਾਵੇ, ਪਰ ਮੌਤ ਤਾਂ ਆਉਣੀ ਨਹੀਂ ਸੀ, ਜ਼ਿੰਦਗੀ ਦਾ ਇੱਕ ਵੱਡਾ ਸਬਕ ਆ ਗਿਆ।

ਘਰ ਆ ਕੇ ਭਾਈਆ ਜੀ ਨੇ ਮੈਨੂੰ ਬੜਾ ਪਿਆਰ ਕੀਤਾ, ਤੇ ਮੇਰੀ ਮਾਂ ਨੂੰ ਆਖਿਆ, “ਤੇਰਾ ਪੁੱਤਰ ਪਹਿਲੇ ਔਖੇ ਇਮਤਿਹਾਨ ਵਿੱਚੋਂ ਪਾਸ ਹੋ ਗਿਐ- ਦੋ ਚੀਜ਼ਾਂ ‘ਚੋ ਜਿਹੜੀ ਇਹ ਮੰਗੇ ਮੈਂ ਲੈ ਦਿਆਂਗਾ- ਦੱਸ ਤੈਨੂੰ ਘੜੀ ਲੈ ਦਿਆਂ ਕਿ ਨਵੇਂ ਕੱਪੜੇ ਸੁਆ ਦਿਆਂ?”

ਭਾਈਆ ਜੀ ਨੂੰ ਖਾਸ ਖੁਸ਼ ਵੇਖ ਕੇ ਸਾਰੇ ਦਿਨ ਦੀ ਮੇਰੀ ਉਦਾਸੀ ਦੂਰ ਹੋ ਗਈ।

“ਸੱਚੀਂ ਘੜੀ ਲੈ ਦਿਓਗੇ?” ਮੈਂ ਪੁੱਛਿਆ।

“ਹਾਂ ਬਿਲਕੁਲ ਸੱਚੀਂ,” ਤੇ ਆਪਣੇ ਬੋਝੇ ‘ਚੋਂ ਢੱਕਣ ਵਾਲੀ ਚਾਂਦੀ ਦੀ ਘੜੀ ਕੱਢ ਕੇ ਆਖਿਆ, “ਏਸੇ ਤਰ੍ਹਾਂ ਟਿਕ ਟਿਕ ਕਰਦੀ।”

“ਤਾਂ ਮੈਨੂੰ ਘੜੀ ਲੈ ਦਿਓ!”

“ਬੜਾ ਖਚਰਾ ਏ- ਜਾਣਦੈ ਕੱਪੜੇ ਤਾਂ ਇਹਨਾਂ ਫੇਰ ਵੀ ਸੁਆ ਦੇਣੇ ਨੇ-” ਤੇ ਓਦਣ ਹੀ ਭਾਈਆ ਜੀ ਨੇ ਕਿਤੇ ਚਿੱਠੀ ਲਿਖ ਪਾਈ।

ਜਦੋਂ ਆਇਆ ਪਾਰਸਲ ਖੁੱਲ੍ਹਾ, ਮੇਰੇ ਅੰਦਰ ਮਾਲਕਾਨਾ ਖੁਸ਼ੀ ਦੀ ਪਹਿਲੀ ਅਤਿ ਨੇ ਠਾਠਾਂ ਮਾਰੀਆਂ। ਕਈ ਦਿਨ ਮੈਂ ਘੜੀ ਨੂੰ ਨਾਲ ਲੈ ਕੇ ਸੌਂਦਾ ਰਿਹਾ। ਮੇਰੇ ਸੁਪਨਿਆ ਵਿੱਚ ਵੀ ਉਹ ਟਿਕ ਟਿਕ ਕਰਦੀ ਸੀ।

ਇਹ ਵੱਡੀ ਸਾਰੀ ਘੜੀ ਸੀ, ਪੂਰੇ ਦੋ ਇੰਚ ਇਹਦੀ ਗੋਲਾਈ ਸੀ, ਸ਼ਾਇਦ ਚੌਂਹ ਰੁਪਈਆਂ ਤੋਂ ਵੀ ਘੱਟ ਤੋਂ ਆਈ ਹੋਵੇ, ਪਰ ਕਿੰਨੇ ਹੀ ਵਰ੍ਹੇ ਇਹ ਮੇਰੀ ਖਜ਼ਾਨੇ ਵਰਗੀ ਦੌਲਤ ਬਣੀ ਰਹੀ।

ਇੱਕ ਹੋਰ ਗੱਲ ਉਨ੍ਹਾਂ ਦੀ ਜਿਹੜੀ ਮੇਰੇ ਦਿਲ ਉਤੇ ਨਕਸ਼ੀ ਹੋਈ ਹੈ, ਉਨ੍ਹਾਂ ਦੀ ਆਪਣੀ ਮਾਂ ਨਾਲ ਮੁਹੱਬਤ ਸੀ। ਮੇਰੀ ਮਾਂ ਦੇ ਕੋਲ ਬੈਠੇ ਉਨ੍ਹਾਂ ਨੂੰ ਵੇਖਿਆ ਮੈਨੂੰ ਚੇਤੇ ਨਹੀਂ ਪਰ, ਆਪਣੀ ਮਾਂ ਦੇ ਨਾਲ ਇੱਕੋ ਮੰਜੇ ਉਤੇ ਬੈਠੇ ਉਹ ਮੈਨੂੰ ਭੁੱਲਦੇ ਨਹੀਂ।

“ਮੇਰਾ ਪਸ਼ੌਰ!” ਬੇਬੇ ਆਂਹਦੀ।

“ਮੇਰੀ ਬੇਬੇ! ” ਭਾਈਆ ਜੀ ਆਂਹਦੇ, ਤੇ ਉਨ੍ਹਾਂ ਦੀ ਤੱਕਣੀ ਵਿੱਚ ਆਪਣੀ ਮਾਂ ਲਈ ਇੱਕ ਅਨੋਖਾ ਹੀ ਆਦਰ ਹੁੰਦਾ ।

ਉਨ੍ਹਾਂ ਦੀਆਂ ਰੁਚੀਆਂ ਧਾਰਮਿਕ ਬਿਲਕੁਲ ਨਹੀਂ ਸਨ। ਉਨ੍ਹਾਂ ਦੇ ਸਮੇਂ ਆਪਣੇ ਘਰ ਵਿੱਚ ਕੋਈ ਧਾਰਮਿਕ ਰਸਮ ਹੁੰਦੀ ਮੈਂ ਨਹੀਂ ਸੀ ਵੇਖੀ। ਉਨ੍ਹਾਂ ਦੇ ਬਾਅਦ ਕੁੱਝ ਸਿਆਣਿਆਂ ਹੋ ਕੇ ਜਦੋਂ ਮੈਂ ਉਨ੍ਹਾਂ ਦੀ ਲਾਇਬਰੇਰੀ ਫੋਲੀ ਤਾਂ ਉਨ੍ਹਾਂ ਦੇ ਵਿਸ਼ਵਾਸਾਂ ਦੀ ਤਸਵੀਰ ਮੇਰੇ ਸਾਮ੍ਹਣੇ ਸਾਫ਼ ਹੋ ਗਈ।

ਫ਼ਾਰਸੀ ਦੀਆਂ ਕਿਤਾਬਾਂ ਸਨ, ਉਰਦੂ ਦੀਆਂ ਸਨ, ਵਾਰਸ ਸ਼ਾਹ ਦੀ “ਹੀਰ” ਸੀ, “ਅਫ਼ਸਾਨਾ-ਏ- ਅਜਾਇਬ” ਇੱਕ ਲੰਮਾ ਨਾਵਲ ਸੀ, ਅੰਗਰੇਜ਼ੀ ਦੇ ਕਈ ਨਾਵਲ ਸਨ, ਜਿਨ੍ਹਾਂ ਵਿੱਚੋਂ “ਈਸਟ ਲੀਅਨ” ਨਾਵਲ ਮੈਂ ਵੀ ਬੜੇ ਸ਼ੌਕ ਨਾਲ ਪੜ੍ਹਿਆ ।

ਜਿਸ ਕਿਤਾਬ ਉਤੇ ਉਨ੍ਹਾਂ ਦੇ ਹੱਥਾਂ ਦੀਆਂ ਕਈ ਲਕੀਰਾਂ ਤੇ ਨੋਟ ਸਨ, ਉਹ ਸਵਾਮੀ ਰਾਮ ਤੀਰਥ ਦੇ “ਅਲਿਫ਼” ਰਿਸਾਲਿਆਂ ਦੀ ਜਿਲਦ ਸੀ, ਉਰਦੂ ਵਿੱਚ ਏਸ ਰਸਾਲੇ ਦੇ ਚਾਰ ਪੰਜ ਅੰਕ ਹੀ ਸਨ, ਸਰਵਰਕ ਉਤੇ ਵੱਡਾ ਸਾਰਾ “ਅਲਿਫ਼” ਖਿੱਚਿਆ ਹੁੰਦਾ ਸੀ।

ਉਨ੍ਹਾਂ ਦੇ ਹੱਥੀਂ ਲਿਖੇ ਨੋਟਾਂ ਤੋਂ ਮੈਨੂੰ ਐਊਂ ਜਾਪਦਾ ਸੀ, ਜਿਉਂ ਸਵਾਮੀ ਰਾਮ ਤੀਰਥ ਦੇ “ਕਾਦਰ” ਤੇ “ਕੁਦਰਤ” ਦੀ ਏਕਤਾ ਵਿੱਚ ਬੇ-ਬੰਧਨ ਜਿਹੇ ਵਿਸ਼ਵਾਸ ਨੇ ਉਨ੍ਹਾਂ ਨੂੰ ਕੁਝ ਤਸੱਲੀ ਦਿੱਤੀ ਸੀ। ਰਸਮੀ ਮਜ਼੍ਹਬ ਤੋਂ ਉਹ ਏਨੇ ਬੇਵਾਸਤਾ ਸਨ, ਕਿ ਜੇ ਸਿੰਘ-ਸਭਾ ਦੀ ਤਹਿਰੀਕ ਉਦੋਂ ਚੱਲੀ ਹੁੰਦੀ ਤਾਂ ਉਨ੍ਹਾਂ ਨੂੰ ਨਾਸਤਕ ਹੀ ਆਖਿਆ ਜਾਣਾ ਸੀ।

ਖੁਦਮੁਖਤਾਰੀ ਲਈ ਉਨ੍ਹਾਂ ਦੇ ਦਿਲ ਵਿੱਚ ਕੋਈ ਤੜਪਣ ਸੀ। ਏਸ ਕਰਕੇ ਨੌਕਰੀ ਛੱਡ ਕੇ ਕੋਈ ਕੰਮ ਉਹ ਕਰਨਾ ਚਾਹੁੰਦੇ ਸਨ। ਕੰਕਰ-ਚੂਨੇ ਦੇ ਕਾਰਖਾਨੇ ਦੀ ਤਜਵੀਜ਼ ਉਨ੍ਹਾਂ ਪੱਕੀ ਕਰ ਲਈ। ਸਿਆਲਕੋਟ ਆਪਣੇ ਘਰ ਆ ਕੇ ਸ਼ਹਿਰ ਤੇ ਛਾਉਣੀ ਦੇ ਵਿਚਕਾਰ ਉਨ੍ਹਾਂ ਕੁੱਝ ਜ਼ਮੀਨ ਲੰਮੇ ਠੇਕੇ ਉਤੇ ਲੈ ਲਈ, ਕੋਠੇ ਚਾੜ੍ਹ ਲਈ, ਇਸ਼ਤਿਹਾਰ ਵੰਡ ਦਿੱਤੇ। ਇੰਜਣ ਉਦੋਂ ਸਿੱਧੇ ਵਲੈਤੋਂ ਹੀ ਆਉਂਦੇ ਸਨ। ਅੱਜ ਉਹ ਇੰਜਣ ਬੜੀ ਉਡੀਕ ਬਾਅਦ ਸਟੇਸ਼ਨ ਉਤੇ ਪਹੁੰਚ ਰਿਹਾ ਸੀ। ਘਰ ਵਿੱਚ ਬੜਾ ਚਾਅ ਸੀ, ਅੱਜ ਸਾਡਾ ਇੰਜਣ ਆਉਣਾ ਹੈ- ਭਾਈਆ ਜੀ ਚੰਗੀ ਤਰ੍ਹਾਂ ਤਿਆਰ ਹੋ ਕੇ ਘਰੋਂ ਨਿਕਲੇ, ਮੇਰਾ ਸਕੂਲ ਉਨ੍ਹਾਂ ਦੇ ਰਾਹ ਵਿੱਚ ਸੀ, ਮੈਂ ਵੀ ਉਨ੍ਹਾਂ ਨਾਲ ਤੁਰ ਪਿਆ।

ਪਰ ਚਾਅ ਤੇ ਸੋਗ ਦੇ ਸਿਰੇ ਕਈ ਵਾਰ ਆਪਸ ਵਿੱਚ ਮਿਲੇ ਹੁੰਦੇ ਹਨ। ਦੁਪਹਿਰੀ ਜਦ ਮੈਂ ਸਕੂਲੋਂ ਮੁੜਿਆ ਤਾਂ ਸਾਰਾ ਘਰ ਚੁੱਪ ਚਾਪ, ਤੇ ਪੀੜੋ ਪੀੜ ਸੀ। ਭਾਈਆ ਜੀ ਨੂੰ ਸਖਤ ਪੇਟ -ਦਰਦ ਹੋ ਰਹੀ ਸੀ। ਉਹ ਤੜਫ ਰਹੇ ਸਨ। ਹਕੀਮ ਆਏ, ਡਾਕਟਰ ਆਏ, ਸੋਝੀ ਕਿਸੇ ਨੂੰ ਪਈ ਨਾ। ਓਸੇ ਰਾਤੀਂ ਰੋਟੀ ਖਾ ਕੇ ਅਸੀਂ ਬੱਚੇ ਸੁੱਤੇ ਹੀ ਸਾਂ ਕਿ ਸ਼ੋਰ ਮਚ ਗਿਆ, “ਸਰਦਾਰ ਜੀ ਬੋਲਦੇ ਨਹੀਂ!”

ਗੁਆਂਢੀਆਂ ਵੱਲੋਂ, ਪਿਤਾ ਜੀ ਨੂੰ ਹੇਠਲੀ ਛੱਤੇ ਲਿਆਂਦਾ ਗਿਆ। ਗੁਆਂਢ ਵਿੱਚ ਹੀ ਇੱਕ ਡਾਕਟਰ ਰਹਿੰਦੇ ਸਨ, ਪਰ ਸਹੀ ਗੱਲ ਦੱਸਣ ਦਾ ਉਨ੍ਹਾਂ ਨੂੰ ਹੌਸਲਾ ਨਾ ਪਿਆ । ਵੱਡੇ ਹਸਪਤਾਲੋਂ ਵੱਡਾ ਡਾਕਟਰ ਹੀਰਾ ਲਾਲ ਬੁਲਾਇਆ ਗਿਆ। ਓਸ ਦੱਸਿਆ ਕਿ ਮੌਤ ਚਿਰੋਕੀ ਹੋ ਚੁੱਕੀ ਸੀ।

ਸਵੇਰੇ ਅਜੇ ਸਾਰਿਆਂ ਨੇ ਉਨ੍ਹਾਂ ਨੂੰ ਪੂਰੀ ਸਿਹਤ ਵਿੱਚ ਵੇਖਿਆ ਸੀ। ਦਿਨ ਚੜ੍ਹਦੇ ਤੱਕ ਮੌਤ ਦੀ ਖਬਰ ਦੂਰ ਨੇੜੇ ਖਿਲਰ ਗਈ। ਕਹਿਰ ਦੀ ਮੌਤ ਇਹਨੂੰ ਲੋਕ ਆਖਦੇ ਸਨ।

ਅੰਦਰ ਬਾਹਰ ਸਾਡਾ ਸਨੇਹੀਆਂ ਨਾਲ ਭਰ ਗਿਆ। ਮਸ਼ੀਨ ਵਾਲੀ ਜ਼ਮੀਨ ਤੋਂ ਮੁਸਲਮਾਨ ਕਿਸਾਨ ਆਪਣੀਆਂ ਵਹੁਟੀਆਂ ਸਮੇਤ ਪਹੁੰਚ ਗਏ। ਸਭ ਤੋਂ ਦਰਦਨਾਕ ਰੋਣਾ ਇਨ੍ਹਾਂ ਮੁਸਲਮਾਨ ਇਸਤ੍ਰੀਆਂ ਦਾ ਸੀ। ਉਹਨਾਂ ਰੋ ਰੋ ਦੱਸਿਆ ਕਿ ਕਿਸ ਤਰ੍ਹਾਂ ਸ਼ੁਰੂ ਸ਼ੁਰੂ ਵਿੱਚ ਉਹਨਾਂ ਸਰਦਾਰ ਦੀ ਮੌਤ ਲਈ ਨਿਆਜ਼ਾਂ ਮੰਨੀਆਂ ਸਨ। ਉਹਦੇ ਕਰਕੇ ਉਹਨਾਂ ਦੀ ਜ਼ਮੀਨ ਉਹਨਾਂ ਕੋਲੋਂ ਖੁਸ ਗਈ ਸੀ। ਜ਼ਮੀਨ ਉਹਨਾਂ ਦੀ ਰੋਟੀ ਸੀ। ਕੋਠੇ ਚੜ੍ਹਦਿਆਂ ਉਤੇ ਕਈ ਵਾਰ ਪੱਥਰ ਸੁੱਟੇ ਸਨ। “ਪਰ ਸਰਦਾਰ ਸੀ ਕਿ ਕੋਈ ਫਰਿਸ਼ਤਾ ਸੀ- ਹੌਲੀ ਹੌਲੀ ਉਸ ਸਾਨੂੰ ਬਿਲਕੁਲ ਮੋਹ ਹੀ ਲਿਆ।”

ਕਈ ਤਾਂ ਉਨ੍ਹਾਂ ਨੂੰ ਪਿਆਰ ਹੀ ਕਰਨ ਲੱਗ ਪਈਆਂ ਸਨ। ਉਨ੍ਹਾਂ ਦੇ ਆਦਮੀਆਂ ਨੂੰ ਭਾਈਆ ਜੀ ਨੇ ਕੰਮਾਂ ਉਤੇ ਲਾ ਲਿਆ ਤੇ ਆਖਿਆ ਸੀ ਕਿ ਜ਼ਮੀਨ ਨਾਲੋਂ ਬਹੁਤੀ ਲਹਿਰ ਬਹਿਰ ਉਹ ਲਿਆ ਦੇਣਗੇ। ਉਹਨਾਂ ਦੇ ਬੱਚਿਆਂ ਲਈ ਖਿਡੌਣੇ ਆਂਦੇ, ਉਹਨਾਂ ਦੇ ਆਦਮੀਆਂ ਨੂੰ ਖੁੱਲ੍ਹੀਆਂ ਪੇਸ਼ਗੀਆਂ ਦਿੱਤੀਆਂ।

ਪਰ ਜਿਹੜੇ ਅੱਥਰੂ ਕਈ ਜਵਾਨ ਇਸਤ੍ਰੀਆਂ ਦੀਆਂ ਅੱਖਾਂ ‘ਚੋਂ ਛੰਮ ਛੰਮ ਡਿੱਗ ਰਹੇ ਸਨ, ਉਹ ਮੈਂ ਹੁਣ ਜਾਣਦਾ ਹਾਂ, ਨਾ ਉਹਨਾਂ ਦੇ ਆਦਮੀਆਂ ਨੂੰ ਦਿੱਤੀਆ ਪੇਸ਼ਗੀਆਂ, ਤੇ ਨਾ ਬੱਚਿਆਂ ਨੂੰ ਦਿੱਤੇ ਖਿਡੋਣਿਆਂ ਕਰਕੇ ਸਨ, ਕਿਸੇ ਸ਼ੁਭ-ਚਿੰਤਕ ਦਿਲ ਦੀ ਜਾਦੂਗਰੀ ਸਨ।

(1903)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਖ਼ਸ਼ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ