Meri Filmi Aatam-Katha : Balraj Sahni

ਮੇਰੀ ਫਿਲਮੀ ਆਤਮ-ਕਥਾ : ਬਲਰਾਜ ਸਾਹਨੀ

ਮੇਰੀ ਫਿਲਮੀ ਆਤਮ-ਕਥਾ (ਸਵੈ-ਜੀਵਨੀ) ਬਲਰਾਜ ਸਾਹਨੀ

ਪਹਿਲਾ ਭਾਗ

1
ਫਿਲਮਾਂ ਵਿਚ ਇਕ ਚੀਜ਼ ਨੂੰ 'ਫਲੈਸ਼-ਬੈਕ' ਆਖਦੇ ਹਨ, ਅਰਥਾਤ ਵਰਤਮਾਨ ਤੋਂ ਭੂਤਕਾਲ ਵਿਚ ਛਾਲ ਮਾਰ ਜਾਣਾ। ਅਤੇ 'ਫਲੈਸ਼-ਬੈਕ' ਤਾਂ ਹੀ ਸਫਲ ਹੁੰਦਾ ਹੈ, ਜੇ ਵਰਤਮਾਨ ਦੇ ਡਰਾਮੇ ਦਾ ਦਰਸ਼ਕਾਂ ਨੂੰ ਚੋਖਾ ਅਹਿਸਾਸ ਕਰਾ ਦਿੱਤਾ ਜਾਏ। ਫੇਰ, ਉਹਨਾਂ ਨੂੰ ਉਂਗਲੀ ਲਾ ਕੇ ਭੂਤ, ਭਵਿੱਖ ਕਿਤੇ ਵੀ ਫਿਰਾਇਆ ਜਾ ਸਕਦਾ ਹੈ।
ਆਪਣੀ ਫਿਲਮੀ ਜੀਵਨ-ਕਥਾ ਦਾ 'ਫਲੈਸ਼-ਬੈਕ' ਸ਼ੁਰੂ ਕਰਨ ਤੋਂ ਪਹਿਲਾਂ ਆਓ ਜ਼ਰਾ ਵਰਤਮਾਨ ਦੇ ਗੁਲਜ਼ਾਰ ਵਿਚ ਥੋੜਾ ਟਹਿਲ ਲਈਏ।
ਚੈਂਬੂਰ ਦਾ ਇਲਾਕਾ। ਸਟੂਡੀਓ ਦਾ ਮੇਕ-ਅੱਪ-ਰੂਮ। ਮੇਕ-ਅੱਪ-ਮੈਨ ਨੇ, ਰੀਤ ਅਨੁਸਾਰ, ਮੇਕ-ਅੱਪ ਦਾ ਪਹਿਲਾ ਟਿੱਕਾ ਸ਼ੀਸ਼ੇ ਨੂੰ ਲਾਇਆ, ਫੇਰ ਮੇਰਾ ਮੇਕ-ਅੱਪ ਸ਼ੁਰੂ ਕੀਤਾ। ਹੁਣ ਇਹ ਖਤਮ ਹੋ ਚੁੱਕਿਆ ਹੈ। ਸਿਰਫ ਵਾਲਾਂ ਨੂੰ ਕਾਲਾ ਕਰਨਾ ਬਾਕੀ ਰਹਿ ਗਿਆ ਹੈ। ਮਹੀਨੇ ਡੇਢ ਤੋਂ ਮੈਂ ਖਿਜ਼ਾਬ ਇਸਤੇਮਾਲ ਨਹੀਂ ਕੀਤਾ। ਏਸ ਲਈ ਬੁਰਸ਼ ਨਾਲ ਕਾਲੀ ਪੈਨਸਿਲ ਘੂਹ-ਘੂਹ ਕੇ ਵਾਲਾਂ ਉਪਰ ਫੇਰ ਰਿਹਾ ਹਾਂ, ਜੋ ਕਿ ਬੜੇ ਟੰਟੇ ਵਾਲਾ ਕੰਮ ਹੈ।
ਹੁਣੇ ਡਰੈਸਮੈਨ ਮੇਰੀ ਫੌਜੀ ਵਰਦੀ ਤੇ ਕਾਲੇ ਡਬਲ ਬੂਟ ਰੱਖ ਗਿਆ ਹੈ। ਇਹਨਾਂ ਦੀ ਤਿੱਖੀ ਪਾਲਸ਼ ਦੀ ਬੋ ਨਾਲ ਕਮਰਾ ਭਰ ਗਿਆ ਹੈ, ਜਿਸ ਤੋਂ ਅਨੁਮਾਨ ਕੀਤਾ ਜਾ ਸਕਦਾ ਹੈ ਕਿ ਕਮਰਾ ਬਹੁਤ ਹੀ ਛੋਟਾ ਹੈ। ਦਰਅਸਲ, ਵੱਡੇ ਸਾਰੇ ਇਕ ਕਮਰੇ ਵਿਚ ਦੋ ਹੋਰ ਕੰਧਾਂ ਪਾ ਕੇ ਤਿੰਨ ਕੰਪਾਰਟਮੈਂਟ ਜਿਹੇ ਬਣਾ ਛੱਡੇ ਹਨ। ਦਸ ਕੁ ਸਾਲ ਪਹਿਲਾਂ, ਜਦੋਂ ਫਿਲਮਸਟਾਰ, ਭਗਵਾਨ ਦਾਦਾ ਨੇ ਇਹ ਸਟੂਡੀਓ ਆਪਣੇ ਹੱਥ ਵਿਚ ਲੈ ਲਿਆ ਸੀ, ਤਾਂ ਇਹ ਮੇਕ-ਅੱਪ-ਰੂਮ ਉਹਨਾਂ ਨੇ ਆਪ ਬੜੇ ਸ਼ੌਕ ਨਾਲ ਬਣਵਾਏ ਸਨ। ਉਦੋਂ ਉਹਨਾਂ ਦੀ ਪਿਕਚਰ "ਅਲਬੇਲਾ" ਬੜੇ ਜੋ.ਰਾਂ ਨਾਲ ਹਿੱਟ ਹੋਈ ਸੀ। ਭਗਵਾਨ ਦਾਦਾ ਦਾ ਸਵਾਲੀ ਅਦਾ ਨਾਲ ਠੁਮਕ-ਠੁਮਰ ਕੇ ਨੱਚਣਾ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ। ਮਜ਼ਦੂਰ ਤਬਕਾ ਤਾਂ ਭਗਵਾਨ ਦਾਦਾ ਉਪਰ ਸਦਾ ਤੋਂ ਹੀ ਜਾਨ ਵਾਰਦਾ ਰਿਹਾ ਹੈ। ਇਕ ਵਾਰੀ ਇਕ ਟੈਕਸੀ-ਡਰਾਈਵਰ ਦੇ ਮੂੰਹੋਂ ਮੈਂ ਸੁਣਿਆਂ ਸੀ, "ਅਰੇ, ਏਕ ਬਾਰ ਵੋਹ ਕਹਿ ਦੇ ਕਿ ਮੁਝੇ ਤੇਰੀ ਗਾੜੀ ਚਾਹੀਏ, ਖੁਦਾ ਕੀ ਕਸਮ, ਉਸੀ ਵਕਤ ਚਾਬੀ ਹਵਾਲੇ ਕਰਕੇ ਨੀਚੇ ਉਤਰ ਜਾਊਂ।" ਰਾਜ ਕਪੂਰ, ਦਲੀਪ ਕੁਮਾਰ, ਨਿਰਸੰਦੇਹ ਕਈ ਗੁਣਾਂ ਵਧ ਸ਼ੁਹਰਤ-ਯਾਫਤਾ ਹਨ, ਪਰ ਗਰੀਬ ਤਬਕਾ ਮਾਰਧਾੜ ਦੀਆਂ ਪਿਕਚਰਾਂ ਜ਼ਿਆਦਾ ਵੇਖਦਾ ਹੈ, ਜਿਸ ਕਰਕੇ ਭਗਵਾਨ ਦਾਦਾ ਦਾ ਉਹਨਾਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਹੈ।
ਉਹ ਪਰਦੇ ਉਤੇ ਹੂਬਹੂ ਅਨਪੜ੍ਹਾਂ ਵਾਂਗ ਹੀ ਅਨਪੜ੍ਹ ਅਤੇ ਗੰਵਾਰਾਂ ਵਾਂਗ ਹੀ ਗੰਵਾਰ ਦਿਸਦੇ ਹਨ। ਲੋਕਾਂ ਨੂੰ ਇੰਜ ਲਗਦਾ ਹੈ, ਜਿਵੇਂ ਉਹਨਾਂ ਦਾ ਆਪਣਾ ਕੋਈ ਸਗਾ-ਸਬੰਧੀ ਉਠ ਕੇ ਇਤਨੀ ਉੱਚੀ ਥਾਂ ਪਹੁੰਚ ਗਿਆ ਹੋਵੇ, ਗੀਤਾ ਬਾਲੀ ਵਰਗੀ ਹੁਸੀਨਾ ਨਾਲ ਰੁਮਾਂਸ ਲੜਾ ਰਿਹਾ ਹੋਵੇ। ਭਗਵਾਨ ਦਾਦਾ ਪਹਿਲਾਂ ਸੋਸ਼ਲ ਪਿਕਚਰਾਂ ਵਿਚ ਘੱਟ-ਵੱਧ ਹੀ ਕਦੇ ਆਏ ਸਨ। ਸੋਸ਼ਲ, ਸਟੰਟ, ਅਤੇ ਧਾਰਮਿਕ - ਹਿੰਦੀ ਪਿਕਚਰਾਂ ਦੇ ਇਹ ਤਿੰਨ ਮੁਖ ਵਿਭਾਗ ਹਨ।
ਇਕ ਵਿਭਾਗ ਦੇ ਅਦਾਕਾਰ ਲਈ ਦੂਜ ਵਿਚ ਪੈਰ ਧਰਨਾ ਬੜਾ ਔਖਾ ਹੈ। ਏਸੇ ਲਈ "ਅਲਬੇਲਾ" ਭਗਵਾਨ ਦਾਦਾ ਨੇ ਆਪ ਬਣਾਈ ਸੀ। ਬੜਾ ਮੁਨਾਫਾ ਖੱਟਿਆ। ਝੱਟ ਇਕ ਸਟੂਡੀਓ ਲੀਜ਼ ਤੇ ਲੈ ਲਿਆ। ਜਿਸ ਮੇਕ-ਅੱਪ-ਰੂਮ ਵਿਚ ਇਸ ਵੇਲੇ ਮੈਂ ਬੈਠਾ ਹੋਇਆ ਹਾਂ, ਉਹ ਸਟੂਡੀਓ ਦੀ ਮੌਜੂਦਾ ਮਾਲਕਣ ਨੇ, ਮਾਣ ਦੇਣ ਲਈ, ਦਾਦਾ ਲਈ ਰਾਖਵਾਂ ਰੱਖਿਆ ਹੋਇਆ ਹੈ। ਪਰ ਹੁਣ ਸਟੂਡੀਓ ਦੀ ਆਪਣੀ ਕਿਸਮਤ ਵੀ ਡਗਮਗਾਈ ਹੋਈ ਹੈ। ਦੋ ਵਿਚੋਂ ਇਕ "ਫਲੋਰ" ਤਾਂ ਇਕ ਫੈਕਟਰੀ ਦੇ ਕਬਜ਼ੇ ਵਿਚ ਜਾ ਚੁੱਕਿਆ ਹੈ। ਉਥੇ ਟੈਲੀਵੀਯਨ ਦੇ ਸੈੱਟ ਜੋੜੇ ਜਾ ਰਹੇ ਹਨ।
ਮੇਰਾ ਖਾਸ ਲਿਹਾਜ਼ ਕਰਕੇ ਚਾਬੀ ਭਗਵਾਨ ਦਾਦਾ ਦੇ ਘਰੋਂ ਮੰਗਵਾਈ ਗਈ ਹੈ, ਕਿਉਂਕਿ ਬਾਕੀ ਦੇ ਦੋਵੇਂ ਕਮਰੇ ਨਿਰੂਪਾ ਰਾਏ ਅਤੇ ਲਲਿਤਾ ਪਵਾਰ ਨੇ ਮੱਲੇ ਹੋਏ ਹਨ। ਦੋ ਹੀਰੋ ਇਕ ਮੇਕ-ਅਪ-ਰੂਮ ਵਿਚ ਬੇਸ਼ਕ ਸਮਾ ਜਾਣ, ਪਰ ਦੋ ਹੀਰੋਇਨਾਂ ਦਾ ਸਮਾਣਾ ਮੁਸ਼ਕਲ ਹੈ, ਖਾਸ ਕਰ ਕੇ ਜਦ ਕਿ ਉਹ ਹੀਰੋਇਨ ਤੋਂ ਹਟ ਕੇ ਸਾਬਕਾ ਹੀਰੋਇਨ ਦੇ ਪਹਿਰੇ ਵਿਚ ਪ੍ਰਵੇਸ਼ ਕਰ ਚੁੱਕੀਆਂ ਹੋਣ।
ਸਭ ਫਿਲਮ-ਸਟਾਰਾਂ ਨੇ ਇਕ ਦਿਨ ਉਸੇ ਅਸਤਾਚਲ ਦੇ ਦੇਸ਼ ਜਾਣਾ ਹੈ। ਕਿਥੇ ਗਈ ਗੀਤਾ ਬਾਲੀ? ਚੰਗਾ ਈ ਹੋਇਆ, ਮਰ ਗਈ। ਮੈਨੂੰ ਪਤਾ ਹੈ, ਕਿਵੇਂ ਅਸਤਾਚਲ ਦੀ ਸੁਰਖ ਰੰਗਤ ਭਖਦੇ ਕੋਲਿਆਂ ਵਾਂਗ ਉਸ ਦਾ ਅੰਗ-ਅੰਗ ਸਾੜਦੀ ਹੁੰਦੀ ਸੀ। ਓਹਨੀਂ ਦਿਨੀਂ ਤਿੰਨ-ਚਾਰ ਪਿਕਚਰਾਂ ਵਿਚ ਅਸੀਂ ਇਕੱਠੇ ਹੀਰੋ ਹੀਰੋਇਨ ਆਏ ਸਾਂ। ਇਕ ਦਿਨ ਐਮ. ਐਂਡ ਟੀ. ਸਟੂਡੀਓ ਵਿਚ (ਉਹ ਵੀ ਹੁਣ ਇਕ ਫੈਕਟਰੀ ਵਿਚ ਬਦਲ ਚੁਕਿਆ ਹੈ) ਉਹਨੂੰ ਮੈਂ ਆਪਣੇ ਕੰਨੀਂ ਇਕ ਸਹੇਲੀ ਨੂੰ ਕਹਿੰਦਿਆਂ ਸੁਣਿਆਂ ਸੀ, "ਹੁਣ ਤਾਂ ਬਸ ਇਹੋ ਬੂਥੀ-ਸੜਿਆ ਬਲਰਾਜ ਸਾਹਣੀ ਹੀ ਰਹਿ ਗਿਆ ਏ ਮੇਰੇ ਭਾਗਾਂ ਵਿਚ ਹੀਰੋ ਬਣਨ ਲਈ।" ਉਸ ਤੋਂ ਕੁਝ ਵਰ੍ਹੇ ਪਹਿਲਾਂ, ਜਦੋਂ ਉਸ ਦੀ ਗੁੱਡੀ ਅਸਮਾਨਾਂ ਵਿਚ ਚੜ੍ਹੀ ਹੋਈ ਸੀ, ਉਸ ਨੇ ਇਕ ਪਿਕਚਰ ਵਿਚ, ਕਹਾਣੀ ਬੇਹੱਦ ਪਸੰਦ ਹੋਣ ਦੇ ਬਾਵਜੂਦ, ਕੰਮ ਕਰਨ ਤੋਂ ਸਿਰਫ ਇਸ ਲਈ ਇਨਕਾਰ ਕਰ ਦਿਤਾ ਸੀ ਕਿ ਡਾਇਰੈਕਟਰ ਨੇ ਹੀਰੋ ਮੈਨੂੰ ਲੈਣ ਬਾਰੇ ਸੋਚਿਆ ਹੋਇਆ ਸੀ। ਪ੍ਰੋਡਿਊਸਰ ਨੇ ਮਿੰਟਾਂ ਵਿਚ ਡਾਇਰੈਕਟਰ ਦਾ ਦਿਮਾਗ ਟਿਕਾਣੇ ਲਾ ਦਿੱਤਾ।
ਭਗਵਾਨ ਦਾਦਾ ਵੀ ਹੁਣ ਲਗਭਗ ਰਿਟਾਇਰ ਹੀ ਹੋ ਚੁੱਕੇ ਹਨ। ਮੇਕ-ਅੱਪ-ਰੂਮ ਨੂੰ ਤਾਲਾ ਮਾਰ ਕੇ ਰੱਖਣਾ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਗੱਲ ਆਖੀ ਜਾ ਸਕਦੀ ਹੈ। ਪਰ ਕੀ ਪਤਾ, ਉਹਨਾਂ ਲਈ ਇਹ ਕੋਈ ਯਾਦਾਂ ਦਾ ਤਾਜ-ਮਹੱਲ ਹੋਵੇ?
ਹਰ ਸਟੂਡੀਓ ਦਾ ਮੇਕ-ਅੱਪ-ਰੂਮ ਇਕ ਤਰ੍ਹਾਂ ਨਾਲ ਯਾਦਾਂ ਦਾ ਤਾਜ-ਮਹੱਲ ਹੀ ਹੈ। ਇਸ ਦੇ ਸ਼ੀਸ਼ੇ ਵਿਚ ਐਕਟਰੈਸ ਜਾਂ ਐਕਟਰ ਦਾ ਚਿਹਰਾ ਹੀ ਨਹੀਂ, ਆਤਮਾ ਵੀ ਅਕਸ ਛੱਡਦੀ ਹੈ। ਪਰ ਕੀ ਲਾਭ ਇਸ ਕਿੱਸੇ ਨੂੰ ਛੇੜ ਕੇ? ਅਜੀਬ ਨਿਰਾਲੀ ਦੁਨੀਆਂ ਹੈ ਸਾਡੀ ਤਮਾਸ਼ੇ ਵਾਲਿਆਂ ਦੀ - ਅਸੀਂ ਜਿਹੜੇ ਦੁਨੀਆਂ ਨੂੰ ਹਸਾਂਦੇ-ਰੁਆਂਦੇ ਹਾਂ, ਲੋਕਾਂ ਦੇ ਤਸੱਵਰ ਨੂੰ ਉਡਾ ਕੇ ਇਕ ਤਲਿਸਮੀ ਸੰਸਾਰ ਵਿਚ ਲੈ ਜਾਂਦੇ ਹਾਂ। ਅਚਿੰਤੇ ਅਸੀਂ ਆਪ ਵੀ ਉਸੇ ਸੰਸਾਰ ਵਿਚ ਜਾ ਵੱਸਦੇ ਹਾਂ। ਆਪਣੀ ਅਸਲੀ ਜ਼ਿੰਦਗੀ ਨੂੰ ਵੀ ਨਾਟਕ ਅਤੇ ਫਿਲਮ ਬਣਾ ਛਡਦੇ ਹਾਂ। ਅਤੇ ਇੰਜ ਸਾਡੇ ਪਰਵਾਨਿਆਂ ਦਾ ਮਜ਼ਾ ਦੂਣਾਚੌਣਾ ਹੋ ਜਾਂਦਾ ਹੈ। ਫਿਲਮ-ਸਟਾਰ ਦੀ ਜਿਤਨੀ ਚੌੜੀ ਮੋਟਰ ਕੋਲੋਂ ਲੰਘ ਜਾਏ, ਪਰਵਾਨੇ ਦੀ ਖੁਸ਼ੀ ਦਾ ਪਾਰਾਵਾਰ ਨਹੀਂ। ਇਤਨੀ ਖੁਸ਼ੀ ਉਸ ਨੂੰ ਮੋਟਰ ਆਪਣੇ ਨਾਂ ਲਿਖਵਾ ਕੇ ਵੀ ਨਾ ਮਿਲੇ।
ਵੱਡੇ ਤੋਂ ਵੱਡਾ ਅਤੇ ਛੋਟੇ ਤੋਂ ਛੋਟਾ ਫਿਲਮ-ਸਟਾਰ ਫਿਲਮੀ ਰਸਾਲਾ ਕੇਵਲ ਆਪਣੀ ਫੋਟੋ ਵੇਖਣ ਦੀ ਆਸ ਨਾਲ ਖੋਲ੍ਹਦਾ ਹੈ। ਰੋਜ਼ਾਨਾ ਅਖਬਾਰ ਵਿਚ ਸਭ ਤੋਂ ਵੱਡੀ ਖਬਰ ਸ਼ਹਿਰ ਵਿਚ ਚੱਲ ਰਹੀ ਉਸ ਦੀ ਆਪਣੀ ਪਿਕਚਰ ਦਾ ਇਸ਼ਤਿਹਾਰ ਹੈ। ਭਾਵੇਂ ਉਹ ਕਿਤਨੇ ਹਫਤਿਆਂ ਤੋਂ ਰੋਜ਼ਾਨਾ ਛੱਪ ਰਿਹਾ ਹੋਵੇ - ਨਿਗਾਹ ਤੀਰ ਵਾਂਗ ਉੱਡ ਕੇ ਉਸੇ ਉੱਤੇ ਜਾਂਦੀ ਹੈ। ਇਸ਼ਤਿਹਾਰ ਵਿਚ ਠੀਕ ਥਾਂ ਆਪਣਾ ਨਾਂ ਛਪਿਆ ਵੇਖ ਕੇ ਉਹਨੂੰ ਉਹੀ ਤਸੱਲੀ ਹੁੰਦੀ ਹੈ, ਜੋ ਇਕ ਸਿਗਰਟ ਪੀਣ ਵਾਲੇ ਨੂੰ ਛਾਤੀ ਵਿੱਚ ਡੂੰਘਾ ਧੂੰਆਂ ਖਿੱਚ ਕੇ। ਸ਼ਾਇਦ ਦੁਨੀਆਂ ਦੀ ਹੋਰ ਕੋਈ ਖੁਸ਼ੀ ਏਸ ਖਿਆਲੀ ਖੁਸ਼ੀ ਦਾ ਮੁਕਾਬਲਾ ਨਹੀਂ ਕਰ ਸਕਦੀ।
ਖਿਆਲੀ ਖੁਸ਼ੀਆਂ, ਜਿਨ੍ਹਾਂ ਉੱਪਰ ਖੂਬਸੂਰਤ ਮੇਕ-ਅੱਪ ਕੀਤਾ ਹੋਇਆ ਹੋਵੇ, ਅਤੇ ਜੋ ਤੇਜ਼ ਬਿਜਲੀ ਦੀਆਂ ਲਾਈਟਾਂ ਵਿਚ ਜਗਮਗਾ ਰਹੀਆਂ ਹੋਣ, ਫਿਲਮ-ਸਟਾਰ ਨੂੰ ਬਹੁਤ ਚੰਗੀਆਂ ਲਗਦੀਆਂ ਹਨ। ਇਸ ਤਰ੍ਹਾਂ ਜ਼ਿੰਦਗੀ ਦੇ ਸਾਰੇ ਤੂਲਅਰਜ਼ ਵਿਕਰਤ ਪਰ ਸੁਖਾਵੇਂ ਹੋ ਜਾਂਦੇ ਹਨ, ਜਿਵੇਂ ਗੁਲਾਈਦਾਰ ਸ਼ੀਸ਼ੇ ਵਿਚ ਸ਼ਕਲਾਂ ਬੇ-ਮਾਪ ਹੋ ਜਾਂਦੀਆਂ ਹਨ; ਤੇ ਫੇਰ, ਖਿਆਲੀ ਖੁਸ਼ੀਆਂ ਦਾ ਅਰਗਵਾਨੀ ਜਾਮ ਇਕ ਦਿਨ ਸੁਹਲ ਹੱਥਾਂ ਵਿਚੋਂ ਡਿੱਗ ਕੇ ਚੂਰ-ਚੂਰ ਹੋ ਜਾਂਦਾ ਹੈ। ਲਾਈਟਾਂ ਗੁੱਲ ਹੋ ਜਾਂਦੀਆਂ ਹਨ। ਕਿਸੇ ਨੂੰ ਜ਼ਿੰਦਗੀ ਅਤੇ ਕਿਸੇ ਨੂੰ ਮੌਤ ਆਪਣੇ ਖਹੁਰੇ ਹੱਥਾਂ ਨਾਲ ਖਿੱਚ ਕੇ ਕਲਪਨਾ-ਲੋਕ ਵਿਚੋਂ ਬਾਹਰ ਕੱਢ ਲਿਆਂਦੀ ਹੈ। ਉਹਨਾਂ ਹਜ਼ਾਰਾਂ ਅਤੇ ਲੱਖਾਂ ਨਜ਼ਰਾਂ ਦੇ ਪਰਛਾਵੇਂ ਅਚਾਨਕ ਗੁਆਚ ਜਾਂਦੇ ਹਨ, ਜੋ ਫਿਲਮ-ਸਟਾਰ ਲਈ ਫੁੱਲਾਂ ਦੀ ਸੇਜ ਬਣੇ ਹੋਏ ਸਨ। ਜੇ ਬਾਕੀ ਦੀ ਰਹਿੰਦ-ਖੂੰਦ ਦਾ ਨਾਂ ਜਿੰ.ਦਗੀ ਹੈ, ਤਾਂ ਉਹ ਮੌਤ ਤੋਂ ਕਿਸੇ ਤਰ੍ਹਾਂ ਵੀ ਬਿਹਤਰ ਨਹੀਂ। ਆਪਣੀ ਨਿੱਕੀ ਜਹੀ ਜ਼ਿੰਦਗੀ ਵਿਚ ਇਸ ਮੇਕ-ਅਪ-ਰੂਮ ਦੇ ਸ਼ੀਸ਼ੇ ਨੇ ਕੀ-ਕੀ ਨਹੀਂ ਵੇਖਿਆ ਹੋਣਾ! ਜਦੋਂ ਇਹ ਨਵਾਂ-ਨਵਾਂ ਬਣਿਆਂ ਸੀ, ਕਿਤਨਾ ਹੁਸੀਨ ਸੀ ਇਹ ਕਮਰਾ! ਕੱਲ੍ਹ ਦੀ ਗੱਲ ਜਾਪਦੀ ਹੈ, ਜਦੋਂ ਇਕ ਸ਼ਾਮ ਸੁਰਗਵਾਸੀ ਕਾਮੀਡੀਅਨ ਰਾਧਾਕ੍ਰਿਸ਼ਨ, ਭਗਵਾਨ ਦਾਦਾ, ਮੈਂ ਅਤੇ ਇਕ-ਦੋ ਹੋਰ ਬੰਦਿਆਂ ਨੇ ਏਥੇ ਬੈਠ ਕੇ ਵ੍ਹਿਸਕੀ ਪੀਤੀ ਸੀ। ਕਮਾਲ ਦੇ ਮੂਡ ਵਿਚ ਸੀ ਰਾਧਾਕ੍ਰਿਸ਼ਨ ਉਸ ਸ਼ਾਮ। ਬੋਤਲ ਹਾਲੀ ਖੁੱਲ੍ਹੀ ਨਹੀਂ ਸੀ ਕਿ ਉਹ ਚਾਰ ਪੈਗਾਂ ਜਿਤਨੀ ਮੌਜ ਵਿਚ ਆ ਗਿਆ ਸੀ। ਇਕ-ਇਕ ਗਲ ਐਸੀ ਚਮਤਕਾਰੀ ਨਿਕਲਦੀ ਸੀ ਉਹਦੇ ਮੂੰਹੋਂ ਕਿ ਕਾਗਜ਼ ਪੈਨਸਿਲ ਲੈ ਕੇ ਨੋਟ ਕਰਨ ਨੂੰ ਜੀਅ ਚਾਹੁੰਦਾ ਸੀ। ਅਤੇ ਸਚਮੁਚ, ਜਿਤਨੇ ਗੁਣੀ, ਜ਼ਬਾਨ ਦੇ ਮਾਹਿਰ, ਦਿਲ ਵਾਲੇ, ਅਤੇ ਰੰਗੀਨ ਮਿਜ਼ਾਜ ਆਦਮੀ ਪਿਛਲੇ ਵੀਹਾਂ ਵਰ੍ਹਿਆਂ ਵਿਚ ਮੈਂ ਇਸ ਫਿਲਮ ਲਾਈਨ ਵਿਚ ਵੇਖੇ ਹਨ, ਹੋਰ ਕਿਤੇ ਨਹੀਂ ਵੇਖੇ। ਸਗੋਂ ਸਦਾ ਹੈਰਾਨ ਹੁੰਦਾ ਆਇਆ ਹਾਂ ਕਿ ਇਤਨੀਆਂ ਅਲੋਕਾਰ ਸ਼ਖਸੀਅਤਾਂ ਦੇ ਮਾਲਕ ਇਤਨੀਆਂ ਥਰਡ-ਕਲਾਸ ਫਿਲਮਾਂ ਬਣਾਨ ਵਿਚ ਕਿਵੇਂ ਕਾਮਯਾਬ ਹੋ ਜਾਂਦੇ ਹਨ!
ਅਤੇ ਅਗਲੇ ਦਿਨ ਰਾਧਾਕ੍ਰਿਸ਼ਨ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਸੀ।
ਕਮਰੇ ਦੀ ਇਕ ਦੀਵਾਰ ਨਾਲ, ਉਸ ਦੀ ਪੂਰੀ ਲੰਬਾਈ ਜਿਤਨਾ, ਗੁਦਾਜ਼, ਲਾਲ ਰੰਗ ਦਾ ਦੀਵਾਨ ਲੱਗਾ ਹੋਇਆ ਹੈ, ਜਿਵੇਂ ਏਅਰ ਕੰਡੀਸ਼ੰਡ ਰੇਲਵੇ ਕੰਪਾਰਟਮੈਂਟ ਵਿਚ ਵੇਖੀਦਾ ਹੈ। ਕੰਪਾਰਟਮੈਂਟ ਦੀ ਬਾਰੀ ਵਾਲੀ ਥਾਂ ਵੱਡਾ ਸਾਰਾ ਚੌਰਸ ਸ਼ੀਸ਼ਾ ਲੱਗਾ ਹੋਇਆ ਹੈ, ਜਿਸ ਦੇ ਅਗੇ ਮੈਂ ਵਾਲ ਕਾਲੇ ਕਰਨ ਦਾ ਕੰਮ ਕਰੀਬ-ਕਰੀਬ ਮੁਕੰਮਲ ਕਰ ਚੁੱਕਿਆ ਹਾਂ। ਸ਼ੀਸ਼ੇ ਦੇ ਆਸ-ਪਾਸ, ਉੱਪਰ-ਥੱਲੇ, ਤੇਜ਼ ਬਲਬ ਜਗ ਰਹੇ ਹਨ। ਮੇਕ-ਅੱਪ ਦੇ ਸਾਮਾਨ ਆਦਿ ਲਈ ਸ਼ੈਲਫ ਅਤੇ ਖਾਨੇ ਵੀ ਬਣੇ ਹੋਏ ਹਨ। ਦੀਵਾਨ ਦੇ ਸਾਹਮਣੇ ਵਾਲੀ ਦੂਜੀ ਕੰਧ ਖਾਲੀ ਹੈ - ਸਿਵਾਏ ਕੱਪੜੇ ਟੰਗਣ ਲਈ ਲਗਾਏ ਇਕ ਡੰਡੇ ਅਤੇ ਨਿਕਸੁਕ ਧਰਨ ਵਾਲੇ ਨਿੱਕੇ ਜਿਹੇ ਸ਼ੈਲਫ ਦੇ, ਇਹ ਖਾਲ-ਮੁਖਾਲੀ ਕੰਧ ਕਮਰੇ ਦੀ ਮੌਜੂਦਾ ਤਰਸ-ਯੋਗ ਹਾਲਤ ਨੂੰ ਬਿਆਨ ਕਰ ਰਹੀ ਹੈ। ਗੰਦਗੀ ਤੇ ਮੈਲ ਦੀਆਂ ਤੈਹਾਂ ਇਸ ਤਰ੍ਹਾਂ ਚੱੜ੍ਹੀਆਂ ਹੋਈਆਂ ਹਨ, ਜਿਵੇਂ ਕਿਸੇ ਗਿੱਲੀ ਕਿਤਾਬ ਦੇ ਸਾਰੇ ਸਫੇ ਜੁੜ ਜਾਣ ਅਤੇ ਹੇਠਲੀ ਇਬਾਰਤ ਉਤਲੀ ਨਾਲ ਰਲਗੱਡ ਹੋ ਜਾਵੇ, ਜਾਂ ਜਿਵੇਂ ਕੋਈ ਅੱਜ-ਕੱਲ੍ਹ ਦੇ ਫੈਸ਼ਨ ਦਾ ਚਿੱਤ੍ਰਕਾਰ ਖਾਹਮਖਾਹ ਕੈਨਵਸ ਉਪਰ ਰੰਗ ਦੇ ਛੱਟੇ ਮਾਰਦਾ ਗਿਆ ਹੋਵੇ ਕਿ ਆਪ-ਮੁਹਾਰੇ ਕੋਈ ਨਾ ਕੋਈ ਸ਼ਕਲ ਉਭਰ ਆਵੇਗੀ। ਮੇਕ-ਅੱਪ ਦੇ ਰੰਗਦਾਰ ਧੱਬੇ, ਪਾਨ ਦੀਆਂ ਬੁੱਕਾਂ, ਰਸਗੁੱਲਿਆਂ ਦੀ ਚਾਸ ਅਤੇ ਹੋਰ ਕਈ ਤਰ੍ਹਾਂ ਦੇ ਦਾਗ ਹਨ, ਜਿਨ੍ਹਾਂ ਵਲ ਜੇ ਧਿਆਨ ਨਾਲ ਵੇਖਣ ਲੱਗੀਏ ਤਾਂ ਦਿਲ ਕੱਚਾ ਹੋਣ ਲਗ ਜਾਏ। ਸਟੂਡੀਓ ਦੇ ਮਾਲਕਾਂ ਲਈ ਅੱਜ-ਕੱਲ੍ਹ ਫਿਲਮੀ ਧੰਦਾ ਉਤਨਾ ਲਾਹੇਵੰਦਾ ਨਹੀਂ ਰਿਹਾ, ਏਸ ਲਈ ਉਸ ਨੂੰ ਸਾਫ-ਸੁਫਰਾ ਰਖਣ ਲਈ ਉਹ ਇਕ ਕੌਡੀ ਖਰਚਣਾ ਵੀ ਪਸੰਦ ਨਹੀਂ ਕਰਦੇ। ਜ਼ਮੀਨ, ਜਾਇਦਾਦ ਦੀਆਂ ਕੀਮਤਾਂ ਅਸਮਾਨੇ ਚੜ੍ਹੀਆਂ ਹੋਈਆਂ ਹਨ। ਸਟੂਡੀਓ ਨੂੰ ਵੇਚ-ਵੱਟ ਕੇ ਉਹ ਬਿਨਾਂ ਖੇਚਲ ਕੀਤੇ ਬੇਹਿਸਾਬ ਪੂੰਜੀ ਹਾਸਲ ਕਰ ਸਕਦੇ ਹਨ। ਫੇਰ, ਇਸ ਫਿਲਮਾਂ ਦੇ ਚੰਦਰੇ ਧੰਦੇ ਤੋਂ ਕੀ ਲੈਣਾ, ਜਿਸ ਵਿਚ ਲੱਖਾਂ ਤੋਂ ਕੱਖ ਹੁੰਦਿਆਂ ਦੇਰ ਨਹੀਂ ਲਗਦੀ? ਏਸ ਸਟੂਡੀਓ ਦੀ ਮਾਲਕਣ ਵੀ ਅਵੱਸ਼ ਬੜੀ ਰੀਝ ਨਾਲ ਉਸ ਦਿਨ ਨੂੰ ਉਡੀਕ ਰਹੀ ਹੋਵੇਗੀ, ਜਦੋਂ ਫੈਕਟਰੀ ਵਾਲੇ ਦੂਜਾ ਫਲੋਰ ਵੀ ਕਿਰਾਏ ਉਤੇ ਲੈ ਲੈਣਗੇ। ਫੇਰ, ਵਰਕਰਾਂ ਨੂੰ ਧੱਕਾ ਦੇ ਕੇ ਸਟੂਡੀਓ ਤੋਂ ਬਾਹਰ ਕਰਨ ਦਾ ਉਹਨੂੰ ਚੰਗਾ ਬਹਾਨਾ ਮਿਲ ਜਾਏਗਾ। ਚੂੰ ਵੀ ਨਹੀਂ ਕਰ ਸਕਣਗੇ ਉਹ। ਆਪੇ ਮਰ-ਖੱਪ ਜਾਣਗੇ ਕਿਤੇ। ਕਿਸੇ ਨੂੰ ਕੀ!
ਕਿਤਨਾ ਜਵਾਨ-ਜਵਾਨ ਲਗ ਰਿਹਾ ਹਾਂ ਮੈਂ ਵਾਲ ਕਾਲੇ ਕਰਕੇ! ਹੋ ਕੀ ਗਿਆ ਜੇ ਹੁਣ ਤੱਕ ਲਗਭਗ ਸਾਰਾ ਹੀ ਝਾਟਾ ਚਿੱਟਾ ਹੋ ਚੁਕਿਆ ਹੈ ਤਾਂ! ਅੱਧਾ ਕੁ ਤਾਂ ਫਿਲਮਾਂ ਵਿਚ ਦਾਖਲ ਹੋਣ ਵੇਲੇ ਤੋਂ ਹੀ ਚਿੱਟਾ ਸੀ। ਕਿਸੇ ਤੋਂ ਕੀ ਲੁਕਾਉਣਾ, ਮੈਨੂੰ ਵਾਲ ਕਾਲੇ ਕਰਦਿਆਂ ਵੀਹ ਸਾਲ ਤੋਂ ਉੱਪਰ ਹੋ ਚੁਕੇ ਹਨ। ਕੁਝ ਵਾਲ ਪਿਛਲੀ ਵੱਡੀ ਜੰਗ ਵਿਚ ਬੰਮਾਂ ਦੇ ਧਮਾਕਿਆਂ ਨੇ, ਅਤੇ ਕੁਝ ਮੇਰੀ ਅੱਲੜ੍ਹ ਅਤੇ ਅੱਥਰੀ ਜਵਾਨੀ ਦੇ ਸਿਰ ਚੁੱਕਦਿਆਂ ਹੀ ਧੌਣ ਉੱਪਰ ਵੱਜੇ ਧੱਕਿਆਂ ਤੇ ਹੂਰਿਆਂ ਨੇ ਸਫੈਦ ਕਰ ਸੁੱਟੇ ਸਨ। ਇਕ ਤਰ੍ਹਾਂ ਨਾਲ ਮੇਰਾ ਫਿਲਮਾਂ ਵਿਚ ਆਉਣਾ ਬੁਢਾਪੇ ਵਿਚੋਂ ਜਵਾਨੀ ਵਲ ਕਦਮ ਪੁਟਣ ਬਰਾਬਰ ਸੀ। ਪਰ ਹੁਣ ਆਪਣੇ ਆਪ ਨੂੰ ਤੇ ਦੁਨੀਆਂ ਨੂੰ ਧੋਖਾ ਦੇ-ਦੇ ਕੇ ਥੱਕ ਗਿਆ ਹਾਂ। ਜਿਤਨਾ ਵਕਤ ਵਸਮੇਂ ਥੱਪਣ ਵਿਚ ਲੱਗਦਾ ਹੈ, ਕਿਉਂ ਨਾ ਕੁਝ ਪੜ੍ਹ-ਲਿਖ ਲਵਾਂ। ਹੁਣ ਕਿਤਨੀ ਕੁ ਰਹਿ ਗਈ ਹੈ ਹਯਾਤੀ? ਫੇਰ, ਸ਼ਬਨਮ ਦਾ ਵਿਆਹ ਹੋ ਗਿਆ ਹੈ। ਪਰੀਕਸ਼ਤ ਸਤਾਈਆਂ ਵਰ੍ਹਿਆਂ ਦਾ ਗੱਭਰੂ ਜਵਾਨ ਹੈ, ਮੈਥੋਂ ਦੂਣੀ-ਚੌਣੀ ਦੱਖ ਵਾਲਾ। ਪ੍ਰੋਡੀਊਸਰਾਂ ਦੀਆਂ ਭੁੱਖੀਆਂ ਨਜ਼ਰਾਂ ਉਸ ਦਾ ਹਰ ਵੇਲੇ ਪਿੱਛਾ ਕਰਦੀਆਂ ਹਨ। ਜਿਤਨਾ ਫਿਲਮਾਂ ਬਾਰੇ ਮੈਂ ਵੀਹ ਵਰ੍ਹੇ ਝੱਖਾਂ ਮਾਰ ਕੇ ਸਿੱਖਿਆ ਹੈ, ਉਹ ਪ੍ਰਵੇਸ਼ ਕਰਨ ਤੋਂ ਪਹਿਲਾਂ ਸਿੱਖ ਚੱਕਿਆ ਹੈ। ਫੇਰ, ਇਹ ਤੱਪੜ-ਘਸੀਟ ਕਰਨ ਦੀ ਕੀ ਲੋੜ?
ਫੌਜੀ ਮੇਜਰ ਦੀ ਵਰਦੀ ਪੁਆਣ ਵਿਚ ਡਰੈਸ-ਮੈਨ ਨੇ ਮੇਰੀ ਮਦਦ ਕੀਤੀ ਹੈ। ਹੁਣ ਢੁਕਵੇਂ ਫੁਰਤੀਲੇ ਅੰਦਾਜ਼ ਵਿਚ ਮੈਂ ਸਟੂਡੀਓ ਦੇ ਵਿਸ਼ਾਲ ਅਹਾਤੇ ਵਿਚੋਂ ਲੰਘਦਾ ਆਫਿਸ ਵਲ ਜਾ ਰਿਹਾ ਹਾਂ। ਇਕ ਪ੍ਰੋਡੀਊਸਰ ਨੂੰ ਟੈਲੀਫੋਨ ਕਰਨਾ ਹੈ ਜਿਸ ਨੇ ਕੱਲ੍ਹ ਰਾਤੀਂ ਬੜੀ ਜੁਗਤ ਨਾਲ ਮੇਰਾ ਅਪਮਾਨ ਕੀਤਾ ਸੀ। ਨਹਿਲੇ ਦਾ ਜਵਾਬ ਦਹਿਲੇ ਨਾਲ ਦੇਣਾ ਹੈ।
ਉਹ ਪ੍ਰੋਡੀਊਸਰ ਤੇ ਮੈਂ ਕਿਸੇ ਜ਼ਮਾਨੇ ਕਾਲਿਜ ਵਿਚ ਇਕੱਠੇ ਪੜ੍ਹੇ ਸਾਂ। ਮੇਰੇ ਦਿਲ ਵਿਚ ਦੋਸਤੀ ਦੀ ਬੜੀ ਡੂੰਘੀ ਕਦਰ ਹੈ, ਏਸੇ ਲਈ ਜਿਤਨਾ ਹੋ ਸਕੇ ਦੋਸਤਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ, ਇਤਨੇ ਵਰ੍ਹਿਆਂ ਤੋਂ ਅਸੀਂ ਦੋਵੇਂ ਆਪਣੀਆਪਣੀ ਵੱਖਰੀ ਨੁੱਕਰੇ ਸਫਲਤਾ ਦੀ ਪੜਸਾਂਗ ਚੜ੍ਹ ਰਹੇ ਸਾਂ। ਖੋਰੇ ਕਿਹੜੇ ਮਨਹੂਸ ਦਿਨ ਮੈਂ ਉਸ ਦੇ ਢਾਹੇ ਚੱੜ੍ਹ ਗਿਆ।
ਹਰ ਮੁਮਕਿਨ ਢੰਗ ਨਾਲ ਮੈਂ ਦੋਸਤੀ ਉਪਰ ਹਰਫ ਨਾ ਆਉਣ ਦੇਣ ਦੀ ਕੋਸ਼ਿਸ਼ ਕੀਤੀ ਸੀ। ਪੈਸਿਆਂ ਦੀ ਆਪਣੇ ਮੂੰਹੋਂ ਕਦੇ ਗੱਲ ਨਹੀਂ ਸੀ ਕੀਤੀ। ਜੋ ਉਸ ਦਿਤੇ, ਲੈ ਲਏ - ਦੂਜਿਆਂ ਕੋਲੋਂ ਜੋ ਲੈਂਦਾ ਹਾਂ, ਉਸ ਦਾ ਅੱਧ-ਪਚੱਧ। ਵੇਲੇ-ਕੁਵੇਲੇ ਜਦੋਂ ਵੀ ਉਸ ਨੇ ਬੁਲਾਇਆ, ਦੂਜਿਆਂ ਦਾ ਕੰਮ ਛਡ ਕੇ ਪਹਿਲਾਂ ਉਸ ਦਾ ਕੰਮ ਕੀਤਾ। ਫੇਰ ਵੀ, ਜ਼ਾਲਮ ਦਾ ਜੀਅ ਨਹੀਂ ਭਰਿਆ। ਮਸਾਂ ਰਾਈ ਦੇ ਦਾਣੇ ਜਿਤਨਾ ਹੁਣ ਕੰਮ ਬਾਕੀ ਰਹਿ ਗਿਆ ਸੀ, ਅਤੇ ਐਨ ਏਸ ਵੇਲੇ ਉਹਨੇ ਪਿਛੋਂ ਲੱਤ ਕਢ ਮਾਰੀ ਮੈਨੂੰ। ਚੰਗਾ, ਉਹ ਵੀ ਕੀ ਯਾਦ ਕਰੇਗਾ। ਹੇਠੀ ਸਹਿਣਾ ਤਾਂ ਮੈਂ ਵੀ ਨਹੀਂ ਸਿੱਖਿਆ। ਪਰ ਕਾਰਨ ਕੀ ਉਸ ਦੇ ਇੰਜ ਕਰਨ ਦਾ? ਸਮਝ ਨਹੀਂ ਸੀ ਆ ਰਿਹਾ।
ਰਾਤੀਂ ਮੈਂ ਕਿਤਨਾ ਚਿਰ ਸੌਂ ਨਹੀਂ ਸਾਂ ਸਕਿਆ। ਸਵੇਰੇ ਉਠਦਿਆਂ ਸਾਰ ਫੇਰ ਦਿਮਾਗ ਖੌਲ ਪਿਆ ਸੀ। ਤਨ-ਬਦਨ ਇੰਜ ਤਪ ਰਿਹਾ ਸੀ, ਜਿਵੇਂ ਠੂਏਂ ਨੇ ਡੰਗ ਮਾਰਿਆ ਹੋਵੇ।
ਕੱਲ੍ਹ, ਘਰੋਂ ਨਿਕਲਣ ਤੋਂ ਪਹਿਲਾਂ ਡਾਇਰੀ ਵੇਖੀ ਸੀ। ਸੈਕਰੇਟਰੀ ਨੇ ਲਿਖਿਆ ਹੋਇਆ ਸੀ ਕਿ ਚੈਂਬੂਰ ਦੀ ਸ਼ੂਟਿੰਗ ਪਿਛੋਂ ਸ਼ਾਮੀਂ ਸਤ ਤੋਂ ਦਸ ਵਜੇ ਤਕ ਦਾਦਰ ਦੇ ਉਸ ਦੋਸਤ ਪਰੋਡੀਊਸਰ ਦੀ ਪਿਕਚਰ ਦੇ ਦੋ ਸ਼ਾਟ ਦੇਣ ਜਾਣਾ ਹੈ। ਠੀਕ ਵਕਤ ਸਿਰ ਮੈਂ ਥੱਕਿਆ-ਹਾਰਿਆ ਉਸ ਦੀ ਹਾਜ਼ਰੀ ਭਰਨ ਜਾ ਪੁੱਜਿਆ ਸਾਂ। ਅਗੇ ਵੇਖਿਆ ਉਹ ਨਿਸ਼ਚਿੰਤ ਹੋ ਕੇ ਸਟੂਡੀਓ ਦੇ ਹਾਤੇ ਵਿਚ ਕਿਸੇ ਹੋਰ ਆਰਟਿਸਟ ਦੇ ਸ਼ਾਟ ਲੈ ਰਿਹਾ ਸੀ। ਮੇਰੇ ਵਲ ਉਹਨੇ ਇੰਜ ਮੁੜ ਕੇ ਵੇਖਿਆ, ਜਿਵੇਂ ਬਿਨਾਂ ਦਸਤਕ ਦਿਤੇ ਉਸ ਦੇ ਸੌਣ-ਕਮਰੇ ਵਿਚ ਵੜ ਆਇਆ ਹੋਵਾਂ। ਫੇਰ, ਕਿਤਨਾ ਚਿਰ ਉਹ ਏਧਰ-ਉਧਰ ਦੀਆਂ ਮਾਰਦਾ ਰਿਹਾ - ਕਦੇ ਹੀਰੋਇਨ ਨਾਲ, ਕਦੇ ਹੀਰੋ ਨਾਲ। ਅਸਲੀ ਗੱਲ ਦਾ ਜ਼ਿਕਰ ਤਕ ਨਹੀਂ। ਮੇਰਾ ਸ਼ਾਟ ਕਦੋਂ ਲੈਣਾ ਹੈ, ਲੈਣਾ ਵੀ ਹੈ ਕਿ ਨਹੀਂ, ਜਾਂ ਮੈਨੂੰ ਖਾਹ-ਮਖਾਹ ਬੁਲਾ ਲੈਣ ਦਾ ਕੋਈ ਅਫਸੋਸ ਈ ਹੋਵੇ। ਉਸ ਦੇ ਅਮਲੇ ਨੇ ਵੀ ਕੋਈ ਪੁਛ ਪਰਤੀਤ ਨਹੀਂ ਸੀ ਕੀਤੀ। ਉਵੇਂ ਹੀ ਮੂੰਹ ਚੁਕ ਕੇ ਮੈਂ ਵਾਪਸ ਤੁਰ ਆਇਆ ਸਾਂ।
ਰਾਹ ਵਿਚ ਸੋਚਿਆ, ਸ਼ੈਦ ਮੇਰੇ ਆਪਣੇ ਵਲੋਂ ਗਲਤੀ ਹੋ ਗਈ ਹੋਵੇ। ਮੈਂ ਡਾਇਰੀ ਗਲਤ ਪੜ੍ਹੀ ਹੋਵੇ। ਘਰ ਆ ਕੇ ਤਸਦੀਕ ਕੀਤੀ ਸੀ। ਨਾ ਮੈਂ ਤੇ ਨਾ ਮੇਰੇ ਸੈਕਰੇਟਰੀ ਨੇ ਕੋਈ ਗਲਤੀ ਕੀਤੀ ਸੀ। ਮੇਰੇ ਅੰਦਰ ਗੁੱਸੇ ਦਾ ਭਾਂਬੜ ਜਿਹਾ ਬਲ ਪਿਆ ਸੀ।
ਖਾਣੇ ਦੀ ਮੇਜ਼ ਉਤੇ ਪਰੀਕਸ਼ਤ ਆਪਣੇ ਇਕ ਦੋਸਤ ਨੂੰ ਦੱਸ ਰਿਹਾ ਸੀ, ਕਿਵੇਂ ਰੂਸੀ ਫਿਲਮ-ਸਟਾਰਾਂ ਨੂੰ ਉਤਨੀ ਹੀ ਤਨਖਾਹ ਮਿਲਦੀ ਹੈ, ਜਿਤਨੀ ਕਿਸੇ ਇੰਜੀਨੀਅਰ ਜਾਂ ਪ੍ਰੋਫੈਸਰ ਨੂੰ। ਸਾਧਾਰਨ ਲੋਕਾਂ ਵਾਂਗ ਹੀ ਉਹ ਬੱਸਾਂ-ਟਰੇਨਾਂ ਵਿਚ ਬੈਠ ਕੇ ਆਉਂਦੇ-ਜਾਂਦੇ ਹਨ। ਕਿਸੇ ਵਿਰਲੇ ਕੋਲ ਮੋਟਰ ਹੋਵੇਗੀ। ਨਾ ਕੋਈ ਉਹਨਾਂ ਦੇ ਕੰਮ ਨੂੰ ਅਤੇ ਨਾ ਹੀ ਉਹਨਾਂ ਦੀ ਸ਼ਖਸੀਅਤ ਨੂੰ ਗੈਰ-ਮਾਮੂਲੀ ਅਹਿਮੀਅਤ ਦੇਂਦਾ ਹੈ। ਸਗੋਂ ਫਿਲਮਾਂ ਦੇ ਲੇਖਕ ਜਾਂ ਡਾਇਰੈਕਟਰ ਉਹਨਾਂ ਤੋਂ ਕਿਤੇ ਜ਼ਿਆਦਾ ਪੈਸੇ ਲੈਂਦੇ ਹਨ।
ਮੈਂ ਵਿਚੇ ਬੋਲ ਪਿਆ, "ਉੱਥੋਂ ਦੀ ਤੇ ਸਾਡੀ ਸਮਾਜਕ ਬਣਤਰ ਦਾ ਬੜਾ ਫਰਕ ਹੈ। ਇਥੇ ਹਿੰਦੁਸਤਾਨ ਵਿਚ ਝੂਠੀ ਸ਼ਾਨ ਵਿਖਾਏ ਬਗੈਰ ਇਨਸਾਨ ਦੀ ਆਪਣੇ ਘਰ ਵਿਚ ਕਦਰ ਨਹੀਂ ਹੁੰਦੀ, ਬਾਹਰ ਦਾ ਕੀ ਆਖ।"
ਪਰੀਕਸ਼ਤ ਅਤੇ ਉਸ ਦਾ ਦੋਸਤ ਹੈਰਾਨ ਹੋ ਕੇ ਮੇਰੇ ਵਲ ਵੇਖਣ ਲਗ ਪਏ ਸਨ।
ਕੁਝ ਸਮੇਂ ਤੋਂ ਮੇਰਾ ਉਹ ਦੋਸਤ ਪ੍ਰੋਡੀਊਸਰ ਆਪਣੀ ਅਗਲੀ ਪਿਕਚਰ ਦੇ ਕਾਂਟਰੈਕਟ ਬਾਰੇ ਇਸ਼ਾਰਿਆਂ ਨਾਲ ਗੱਲ ਤੋਰ ਰਿਹਾ ਸੀ। ਬੜੀ ਸ਼ਾਨਦਾਰ ਕਹਾਣੀ ਹੈ। ਬੜਾ ਸ਼ਾਨਦਾਰ ਰੋਲ ਹੈ। ਪਰ ਮੈਂ ਮਸ਼ਟੋ ਮਾਰ ਜਾਂਦਾ ਸਾਂ। ਜਿਸ ਥਾਂ ਰੂਹ ਤਕੱਲਫਾਂ ਵਿਚ ਟੰਗੀ ਰਹੇ, ਉਥੇ ਕੰਮ ਕਰਨ ਦਾ ਸੁਆਦ ਨਹੀਂ ਆਉਂਦਾ। ਸ਼ੈਦ ਉਸ ਨੇ ਮੇਰੀ ਖਾਮੋਸ਼ੀ ਦਾ ਮਤਲਬ ਆਕੜ ਕੱਢਿਆ ਹੋਵੇ। ਸ਼ੈਦ ਸੋਚਿਆ ਹੋਵੇ ਕਿ ਮੈਂ ਪੈਸੇ ਵਧ ਮੰਗਣ ਦਾ ਮਨਸੂਬਾ ਬੰਨ੍ਹ ਰਿਹਾ ਹਾਂ। ਏਸੇ ਕਰਕੇ ਮੈਨੂੰ ਹੌਲਿਆਂ ਪਾਣ ਦਾ ਉਹਨੇ ਇਹ ਤਰੀਕਾ ਕੱਢਿਆ ਹੋਵੇ। ਕਿਤਨੀ ਹੋਛੀ ਹਰਕਤ ਸੀ। ਚੰਗਾ ਪੋਚਾ ਫੇਰਿਆ ਤੀਹ ਵਰ੍ਹੇ ਪੁਰਾਣੀ ਦੋਸਤੀ ਉੱਪਰ!
ਹੁਣ ਮੈਂ ਸਟੂਡੀਓ ਦੀ ਕੈਂਟੀਨ ਕੋਲੋਂ ਲੰਘ ਰਿਹਾ ਸਾਂ। ਕਿਚਨ ਦੀ ਬਾਰੀ ਵਿਚੋਂ ਦੋ ਕਰਮਚਾਰੀ ਮੁੰਡੇ ਬਾਹਰ ਝਾਕ ਰਹੇ ਸਨ। ਇਕ ਸੋਲ੍ਹਾਂ ਕੁ ਵਰ੍ਹਿਆਂ ਦਾ, ਇਕ ਵੀਹਾਂ ਪੰਝੀਆਂ ਦਾ। ਉਹਨਾਂ ਨੂੰ ਵੇਖ ਕੇ ਦੂਰੋਂ ਹੀ ਮੈਂ ਆਪਣੀ ਫੋਜੀ ਜੰਗਲ-ਹੈਟ ਦਰੁਸਤ ਕਰਨੀ ਸ਼ੁਰੂ ਕਰ ਦਿਤੀ ਸੀ। "ਹੈਲੋ ਬਲਰਾਜ," ਨਿੱਕੇ ਮੁੰਡੇ ਨੇ ਵਾਜ ਮਾਰੀ, ਜਿਵੇਂ ਮੈਂ ਉਸ ਦੇ ਹਾਣ ਦਾ ਹੀ ਹੋਵਾਂ। "ਹੈਲੋ," ਮੈਂ ਲਾਪਰਵਾਹੀ ਨਾਲ ਹਸ ਕੇ ਜਵਾਬ ਦਿਤਾ, ਤੇ ਅਗੇ ਲੰਘ ਗਿਆ। ਚਾਲ ਰੱਤਾ ਕੁ ਹੋਰ ਚੁਸਤ ਹੋ ਗਈ। "ਧਰਮਿੰਦਰ ਕਾ ਬਾਪ!" ਦੂਜੇ ਨੇ ਨਾਹਰਾ ਗੁੰਜਾਇਆ। ਮੇਰੀ ਚਾਲ ਰਤਾ ਕੁ ਢਿੱਲੀ ਪੈ ਗਈ।
ਅਜੀਬ ਅਧ-ਵਿਚਾਲੀ ਹਾਲਤ ਹੈ ਅੱਜਕੱਲ੍ਹ ਮੇਰੀ। ਰਵੇਲ ਸਾਹਬ ਦੀ ਪਿਕਚਰ, "ਸੰਘਰਸ਼" ਵਿਚ ਵਿਜੰਤੀਮਾਲਾ ਦੇ ਆਸ਼ਿਕੇ-ਜ਼ਾਰ ਦਾ ਰੋਲ ਕਰ ਰਿਹਾ ਹਾਂ। ਦਲੀਪ ਕੁਮਾਰ ਮੇਰਾ ਰਕੀਬ ਹੈ। ਅਤੇ ਸ਼ਾਮ ਬੈਹਲ ਸਾਹਬ ਦੀ ਪਿਕਚਰ "ਦੁਨੀਆਂ' ਵਿਚ ਉਹੀ ਵਿਜੰਤੀਮਾਲਾ ਮੇਰੀ ਲੜਕੀ ਬਣੀ ਹੋਈ ਹੈ। ਅੱਧੀਆਂ ਪਿਕਚਰਾਂ ਵਿਚ ਜਵਾਨ, ਅੱਧੀਆਂ ਵਿਚ ਬੁੱਢਾ। ਪਿਕਚਰ ਦੇ ਪਹਿਲੇ ਹਿੱਸੇ ਵਿਚ ਜਵਾਨ, ਪਿਛਲੇ ਵਿਚ ਬੁੱਢਾ।
ਇਕ ਗੱਲ ਅਵੱਸ਼ ਪ੍ਰੋਡੀਊਸਰਾਂ ਨੂੰ ਚੁਭਦੀ ਹੋਵੇਗੀ ਕਿ ਉਮਰ ਢੱਲਣ ਦੇ ਬਾਵਜੂਦ ਮੇਰੀ "ਮਾਰਕਿਟ" ਢਹਿੰਦੀਆਂ ਕਲਾਂ ਵਲ ਜਾਣ ਦਾ ਨਾਂ ਨਹੀਂ ਲੈਂਦੀ। ਸਗੋਂ ਰੁਮਾਂਸ ਦੇ ਰੋਲ, ਜੋ ਜਵਾਨੀ ਵਿਚ ਨਹੀਂ ਸਨ ਕੀਤੇ, ਮੈਂ ਅੱਜ-ਕੱਲ੍ਹ ਕਰ ਰਿਹਾ ਹਾਂ।
ਜਵਾਨੀ ਦੇ ਦਿਨੀਂ ਪਰਵਾਨਿਆਂ ਨੇ ਆਪਣੇ ਖਤਾਂ ਵਿਚ ਮੇਰੀ ਖੂਬਸੂਰਤੀ ਦਾ ਕਦੇ ਜ਼ਿਕਰ ਨਹੀਂ ਸੀ ਕੀਤਾ। ਹੁਣ ਕੁੜੀਆਂ ਲਿਖਦੀਆਂ ਹਨ, 'ਆਏ ਦਿਨ ਬਹਾਰ ਕੇ' ਮੇ ਸਫੇਦ ਸੂਟ ਪਹਿਨ ਕਰ ਆਪ ਕਿਤਨੇ ਅੱਛੇ ਲਗਤੇ ਹੈਂ! ਕਿਆ ਆਪ ਉਸ ਪੋਜ਼ ਮੇਂ ਮੁਝੇ ਅਪਨਾ ਏਕ ਰੰਗੀਨ ਫੋਟੋ ਭੇਜ ਸਕੇਂਗੇ?" ਅਤੇ ਮੈਂ ਸੋਚਣ ਤੇ ਮਜਬੂਰ ਹੋ ਜਾਂਦਾ ਹਾਂ ਕਿ ਕੀ ਮੈਂ ਓਹੀ ਕਲਾਕਾਰ ਹਾਂ, ਜਿਸ ਨੇ 'ਦੋ ਬਿਘਾ ਜ਼ਮੀਨ' ਵਰਗੀਆਂ ਪਿਕਚਰਾਂ ਵਿਚ ਕੰਮ ਕੀਤਾ ਸੀ?
ਉਸ ਪ੍ਰੋਡੀਊਸਰ ਦੋਸਤ ਦੀ ਪਿਕਚਰ ਵਿਚ ਵੀ ਤਾਂ ਮੈਂ ਜਵਾਨ ਆਦਮੀ ਦਾ ਹੀ ਰੋਲ ਕਰ ਰਿਹਾ ਹਾਂ। ਸ਼ੈਦ ਉਹ ਖਾਰ ਖਾ ਗਿਆ ਹੋਵੇ ਮੇਰੀ ਵਧਦੀ ਸ਼ੁਹਰਤ ਤੋਂ, ਮੇਰੀ ਲਮਕਦੀ ਫਿਲਮੀ ਜਵਾਨੀ ਤੋਂ। ਸੋਚਦਾ ਹੋਵੇ, ਇਹ ਦੂਜਾ ਅਸ਼ੋਕ ਕੁਮਾਰ ਕਿੱਥੋਂ ਪੈਦਾ ਹੋ ਗਿਆ? ਮੇਰਾ ਅਪਮਾਨ ਕਰਕੇ ਸ਼ੈਦ ਉਸ ਨੇ ਆਪਣਾ ਅਹਿਸਾਸੇ-ਕਮਤਰੀ ਸਹਿਲਾਇਆ ਹੋਵੇ? ਤਾਂ ਤੇ ਬਹੁਤੀ ਮਾੜੀ ਗੱਲ ਨਹੀਂ। ਦਿਲ ਕੁਝ ਹੋਰ ਬਸ਼ਾਸ਼ ਹੋ ਗਿਆ। ਚਾਲ ਵਿਚ ਫੇਰ ਵਾਧੂ ਚੁਸਤੀ ਆ ਗਈ। ਦਿਮਾਗ ਉੱਚੀਆਂ ਉਡਾਰੀਆਂ ਮਾਰਨ ਲਗ ਪਿਆ। ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਹਾਲੀਵੁਡ ਵਿਚ ਤਾਂ ਮੇਰੀ ਉਮਰੇ ਪਹੁੰਚ ਕੇ ਹੀ ਫਿਲਮ ਐਕਟਰ ਸਿਖਰਾਂ ਛੁੰਹਦੇ ਹਨ। ਕੀ ਪਤਾ ਉਲਟੀ ਗੰਗਾ ਇਸ ਦੇਸ਼ ਵਿਚ ਵਹਾਣ ਦੀ ਜ਼ਿੰਮੇਦਾਰੀ ਮੇਰੇ ਮੋਢਿਆਂ ਤੇ ਹੀ ਪੈਣੀ ਹੋਵੇ? ਜੇ ਇੰਜ ਹੀ ਹੋਣੀ ਵਾਪਰ ਗਈ, ਤਾਂ ਦਲੀਪ ਕੁਮਾਰ, ਰਾਜ ਕਪੂਰ ਤੇ ਦੇਵ ਆਨੰਦ ਦੀ ਕੀ ਹਾਲਤ ਹੋਵੇਗੀ? ਉਹ ਤਾਂ ਸਾਰੇ ਮੈਥੋਂ ਦਸ-ਦਸ, ਬਾਰਾਂ-ਬਾਰਾਂ ਵਰ੍ਹੇ ਛੋਟੇ ਹਨ? ਉਹਨਾਂ ਦਾ ਤਾਂ ਖਾਣਾ, ਪੀਣਾ, ਸੌਣਾ, ਉੱਠਣਾ, ਬੈਠਣਾ ਹਰਾਮ ਹੋ ਜਾਏਗਾ।
ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸ਼ੇਖ-ਚਿੱਲੀਪੁਣੇ ਵਿਚੋਂ ਖਿਚ ਕੇ ਬਾਹਰ ਲਿਆਂਦਾ। ਕਿੱਥੇ ਜਾ ਪੁਜਿਆ ਏਂ ਮਨਾਂ? ਜ਼ਾਤ ਦੀ ਕੋਹੜਕਿਰਲੀ, ਸ਼ਤੀਰੀਆਂ ਨੂੰ ਜੱਫੇ? ਜਿਤਨੀ ਸ਼ੁਹਰਤ ਉਹਨਾਂ ਅਦਾਕਾਰਾਂ ਨੇ ਹੰਡਾਈ ਹੈ, ਉਹ ਤੇਰੇ ਸੁਪਨਿਆਂ ਵਿਚ ਨਹੀਂ ਆ ਸਕਦੀ। ਜ਼ਰਾ ਹੋਸ਼ ਠਿਕਾਣੇ ਤਾਂ ਕਰ ਆਪਣੇ।
ਅਹਾਤੇ ਵਿਚ ਬੇਕਾਰ ਹੋਏ ਪੁਰਾਣੇ ਸੈੱਟਾਂ ਦੇ, ਧਾਰਮਕ ਪਿਕਚਰਾਂ ਦੇ ਦੇਵੀ ਦੇਵਤਿਆਂ ਦੇ, ਥਾਂ-ਥਾਂ ਢੇਰ ਲਗੇ ਹੋਏ ਸਨ। ਕਦੇ ਨਾ ਕਦੇ ਏਸੇ ਕਿਸੇ ਢੇਰ ਹੇਠ ਬਲਰਾਜ ਦੀਆਂ ਹੱਡੀਆਂ ਵੀ ਰੁਲਦੀਆਂ ਮਿਲਣਗੀਆਂ - ਮਨ ਵਿਚ ਖਿਆਲ ਉੱਠਿਆ। ਕਿੱਥੇ ਗਿਆ ਸਹਿਗਲ, ਤੇ ਕਿੱਥੇ ਗਈਆਂ ਕਾਨਨ ਬਾਲਾ, ਪਹਾੜੀ ਸਾਨਯਾਲ, ਜਮੁਨਾ, ਬਰੂਆ, ਅਤੇ ਚੰਦਰ ਮੋਹਨ ਦੀਆਂ ਸ਼ੁਹਰਤਾਂ? ਇਕ ਨਾ ਇਕ ਦਿਨ ਮੇਰੇ ਪ੍ਰੋਡੀਊਸਰ ਦੋਸਤ ਨੇ ਵੀ ਓਸੇ ਮੁਕਾਮ ਉਤੇ ਪਹੁੰਚਣਾ ਹੈ, ਜਿੱਥੇ ਨਿਊ ਥੇਟਰਜ਼ ਅਤੇ ਪ੍ਰਭਾਤ ਫਿਲਮ ਕੰਪਨੀ ਵਾਲੇ ਪਹੁੰਚ ਚੁੱਕੇ ਹਨ। ਕੋਈ ਦੋ ਦਿਨ ਪਹਿਲਾਂ, ਕੋਈ ਪਿੱਛੋਂ। ਹੁਣ ਤਾਂ ਬੰਬਈ ਵਿਚ ਸਟੂਡੀਓ ਵੀ ਹੌਲੀ-ਹੌਲੀ ਖਾਤਮੇ ਵਲ ਜਾ ਰਹੇ ਹਨ। ਸਰਕਾਰ ਗੁਰੂ ਦੱਤ ਦੇ ਸਟੂਡੀਓ ਵਿਚੋਂ ਦੀ ਸੜਕ ਕੱਢਣ ਉੱਤੇ ਤੁਲੀ ਹੋਈ ਹੈ। ਸੈਂਟਰਲ ਸਟੂਡੀਓ ਸਫਾਏ ਹਸਤੀ ਤੋਂ ਮਿੱਟ ਚੁੱਕਾ ਹੈ। ਉਸ ਦੀ ਥਾਂ ਦਸ-ਦਸ ਮੰਜ਼ਲ ਦੀਆਂ ਬਿਲਡਿੰਗਾਂ ਬਣ ਚੁੱਕੀਆਂ ਹਨ। ਪਰ ਜਦੋਂ ਵੀ ਮੈਂ ਉਸ ਪਾਸਿਓਂ ਲੰਘਦਾ ਹਾਂ, ਉਹਨਾਂ ਬਿਲਡਿੰਗਾਂ ਵਿਚੋਂ ਅਣਗਿਣਤ ਯਾਦਾਂ ਉੱਠ ਕੇ ਮੇਰੇ ਚੁਤਰਫੀਂ ਉਡਣ ਲਗ ਪੈਂਦੀਆਂ ਹਨ - ਚੁੜੇਲਾਂ ਵਾਂਗ। ਮਰਨ ਤੋਂ ਕੁਝ ਦਿਨ ਪਹਿਲਾਂ ਏਸੇ ਸੈਂਟਰਲ ਸਟੂਡੀਓ ਵਿਚ ਯਾਕੂਬ ਨੇ ਮੇਰੇ ਨਾਲ ਆਪਣੀ ਅਖੀਰਲੀ ਸ਼ੂਟਿੰਗ ਕੀਤੀ ਸੀ। ਅਲ ਨਾਸਿਰ ਵੀ ਸੀ ਓਸੇ ਫਿਲਮ ਵਿਚ। ਉਹ ਕੁਝ ਅਰਸਾ ਪਹਿਲਾਂ ਮਰ ਗਿਆ ਸੀ। ਕਈ ਵਰ੍ਹੇ ਫਿਲਮ ਬੰਦ ਪਈ ਰਹੀ, ਜੋ ਫੇਰ "ਅਕੇਲਾ" ਦੇ ਨਾਂ ਹੇਠ ਨਸ਼ਰ ਹੋਈ ਸੀ। ਹਵਾ ਵਿਚ ਜਾਂ ਸਿਨੇਮਾ ਦੇ ਪਰਦੇ ਉਤੇ ਥਿਰਕਣ ਵਾਲੇ ਇਹੋ ਪਰਛਾਵੇਂ ਹੀ ਤਾਂ ਫਿਲਮੀ ਅਦਾਕਾਰ ਦੀ ਜ਼ਿੰਦਗੀ ਦੀ ਅਸਲੀਅਤ ਹਨ। ਸਟੂਡੀਓ ਨੂੰ ਮਸਮਾਰ ਕਰ ਕੇ ਉਹ ਅਸਲੀਅਤ ਸਾਥੋਂ ਖੋਹਣ ਦਾ ਉਹਨਾਂ ਨੂੰ ਕੀ ਅਧਿਕਾਰ ਸੀ? ਮੈਂ ਉਹਨਾਂ ਨੂੰ ਕਦੇ ਮਾਫ ਨਹੀਂ ਕਰ ਸਕਦਾ।
ਅਤੇ ਆਪਣੇ ਪ੍ਰੋਡੀਊਸਰ ਦੋਸਤ ਨੂੰ ਵੀ ਮੈਂ ਮਾਫ ਨਹੀਂ ਕਰ ਸਕਦਾ। ਉਹਨੇ ਅਪਮਾਨ ਸੱਚਮੁੱਚ ਕੀਤਾ, ਜਾਂ ਮੈਨੂੰ ਵਹਿਮ ਹੋਇਆ, ਬਦਲਾ ਤਾਂ ਮੈਂ ਜ਼ਰੂਰ ਲਵਾਂਗਾ। ਬੜੀ ਚੰਗੀ ਸਕੀਮ ਬਣਾਈ ਹੋਈ ਹੈ ਮੈਂ ਵੀ, ਜਿਸ ਅਨੁਸਾਰ ਇਕ ਦਿਨ ਸਿਖਰ ਦੁਪਹਿਰੇ ਉਹ ਤੇ ਉਹਦਾ ਸਾਰਾ ਅਮਲਾ ਬੰਬਈ ਸ਼ਹਿਰ ਦੀਆਂ ਸੜਕਾਂ ਉਤੇ ਕੈਮਰਾ ਲਾ ਕੇ ਮੈਨੂੰ ਰੱਜ-ਰੱਜ ਕੇ ਉਡੀਕਣਗੇ ਅਤੇ ਮੈਂ ਓਸੇ ਸਮੇਂ ਦਿੱਲੀ ਦੀ ਹਵਾ ਖਾ ਰਿਹਾ ਹੋਵਾਂਗਾ। ਆਪੇ ਨਸੀਹਤ ਹੋ ਜਾਵੇਗੀ। ਪਹੁੰਚ ਗਿਆ ਟੈਲੀਫੋਨ ਕੋਲ। ਕੀ ਨੰਬਰ ਹੈ? 343…
ਆਓ, ਹੁਣ 'ਫਲੈਸ਼-ਬੈਕ' ਸ਼ੁਰੂ ਕਰੀਏ।

2
ਸਭ ਤੋਂ ਪਹਿਲਾ ਫਿਲਮੀ ਅਨੁਭਵ ਮੈਨੂੰ ਸੱਤਾਂ-ਅੱਠਾਂ ਸਾਲਾਂ ਦੀ ਉਮਰ ਵਿਚ ਹੋਇਆ।
ਰਾਵਲਪਿੰਡੀ ਸ਼ਹਿਰ ਵਿਚ ਪਲੇਗ ਦਾ ਖਤਰਾ ਉੱਠ ਪਿਆ ਸੀ। ਮੇਰੀ ਮਾਂ ਨੇ ਘਰ ਵਿਚ ਇਕ ਚੂਹਾ ਟੱਪਦਾ ਵੇਖਿਆ। ਉਸੇ ਦਿਨ ਉਹ ਬੱਚਿਆਂ ਨੂੰ ਨਾਲ ਲੈ ਕੇ ਭੇਰੇ ਚਲੀ ਗਈ, ਜੋ ਸਾਹਨੀਆਂ ਦਾ ਪੁਸ਼ਤੈਨੀ ਟਿਕਾਣਾ ਹੈ। ਇਥੇ ਸਾਹਨੀਆਂ ਦਾ ਆਪਣਾ ਅਲੱਗ ਮਹੱਲਾ ਹੈ, ਸੇਠੀਆਂ ਦਾ ਅਲੱਗ, ਅਤੇ ਇਸੇ ਤਰ੍ਹਾਂ ਹੋਰ ਸਾਰੀਆਂ ਖੁਖਰੈਣ ਖੱਤਰੀ ਜ਼ਾਤਾਂ ਦਾ ਅਲੱਗ। ਇਹ ਕਦੋਂ ਤੇ ਕਿੰਜ ਹੋਇਆ, ਰੱਬ ਜਾਣੇ।
ਮੇਰੀ ਮਾਂ ਨੇ ਸਾਨੂੰ ਸਰੀਰਕ ਤੌਰ ਤੇ ਤਾਂ ਸੁਰਖਿਅਤ ਕਰ ਲਿਆ, ਪਰ ਮਾਨਸਿਕ ਤੌਰ ਤੇ ਬੜੇ ਸੰਗੀਨ ਖਤਰਿਆਂ ਵਿਚ ਧੱਕ ਦਿਤਾ। ਭੇਰਾ ਨਾਂ ਨੂੰ ਤਾਂ ਸ਼ਹਿਰ ਸੀ, ਪਰ ਵਾਤਾਵਰਣ ਨਿਰਾਪੁਰਾ ਪੇਂਡੂ ਸੀ। ਅਜ ਕਲ ਦੇ ਪੇਂਡੂ ਵਾਤਾਵਰਣ ਦਾ ਅੰਗਰੇਜ਼ਾਂ ਵੇਲੇ ਦੇ ਵਾਤਾਵਰਣ ਨਾਲ ਕੋਈ ਮੁਕਾਬਲਾ ਨਹੀਂ। ਬੇਸ਼ਕ ਉਸ ਵੇਲੇ ਚੀਜ਼ਾਂ ਸਸਤੀਆਂ ਸਨ, ਆਰਥਕ ਨਿਸਚਿੰਤਤਾ ਵੀ ਵਧੇਰੇ ਸੀ, ਪਰ ਪੁਲਿਸ ਤੇ ਅਫਸਰੀ ਦਹਿਸ਼ਤ ਹੱਦਾਂ ਟੱਪਦੀ ਸੀ। ਮਨੁੱਖ ਨਾਲ ਕੇਵਲ ਸਲੂਕ ਹੀ ਪਸ਼ੂ ਵਾਲਾ ਨਹੀਂ ਸੀ ਕੀਤਾ ਜਾਂਦਾ, ਬਲਕਿ ਉਹਨੂੰ ਪਸ਼ੂ ਬਣਾ ਛੱਡਣ, ਉਸ ਅੰਦਰੋਂ ਸਾਰੀ ਸਭਿਅ ਮਨੁੱਖਤਾ ਖਤਮ ਕਰ ਦੇਣ ਦੀ ਵੀ ਉਸ ਨਜ਼ਾਮ ਨੇ ਪੂਰੀ ਵਿਉਂਤ ਬੰਨ੍ਹੀ ਹੋਈ ਸੀ। ਹਰ ਪ੍ਰਕਾਰ ਦੀ ਬਦਚਲਨੀ, ਜਹਾਲਤ ਅਤੇ ਨਹੂਸਤ ਨੂੰ ਸ਼ਹਿ ਦਿੱਤੀ ਜਾਂਦੀ ਸੀ। ਸ਼ਰੀਫਾਂ ਲਈ ਇਜ਼ਤ ਨਾਲ ਝੱਟ ਲੰਘਾਣਾ ਦਿਨ-ਬਦਿਨ ਮੁਸ਼ਕਲ ਹੁੰਦਾ ਜਾ ਰਿਹਾ ਸੀ। ਜਿਹੜੇ ਇਸ ਪ੍ਰਵਿਰਤੀ ਦਾ ਵਿਰੋਧ ਕਰ ਸਕਦੇ ਸਨ, ਉਹ ਧਨ-ਦੌਲਤ ਦੇ ਲਾਲਚ ਵਿਚ ਰਾਵਲਪਿੰਡੀ ਤੇ ਲਾਹੌਰ ਵਰਗੇ ਵਡੇ ਸ਼ਹਿਰਾਂ ਨੂੰ ਨੱਠ ਜਾਣ ਦੇ ਮੌਕਿਆਂ ਦੀ ਭਾਲ ਵਿਚ ਰਹਿੰਦੇ ਸਨ। ਗਿਰਾਵਟ ਦਾ ਪਰਚਮ ਦਿਨੋ-ਦਿਨ ਬੁਲੰਦ ਹੁੰਦਾ ਜਾ ਰਿਹਾ ਸੀ। 1947 ਵਿਚ ਪੰਜਾਬੀਆਂ ਨੇ ਤੀਵੀਂਆਂ ਵਿਰੁਧ ਜਿਸ ਵਹਿਸ਼ਤ ਦਾ ਸਬੂਤ ਦਿਤਾ, ਉਸ ਦੀ ਤਿਆਰੀ ਦਾ ਮੁੱਢ ਦੂਰ-ਦਰਸ਼ੀ ਅੰਗਰੇਜ਼ ਸਰਕਾਰ ਨੇ ਉਦੋਂ ਤੋਂ ਬੰਨ੍ਹਣਾ ਸ਼ੁਰੂ ਕੀਤਾ ਸੀ।
ਇਕ ਦਿਨ ਸਾਡੇ ਸਕੂਲ ਵਿਚ ਐਲਾਨ ਹੋਇਆ ਕਿ ਰਾਤੀਂ ਸਭਨਾਂ ਵਿਦਿਆਰਥੀਆਂ ਨੂੰ "ਬਾਇਸਕੋਪ" ਵਿਖਾਣ ਲਈ ਲੈ ਜਾਇਆ ਜਾਏਗਾ। ਬਾਇਸਕੋਪ ਲਈ ਮੰਡੂਆ ਸਾਡੇ ਘਰ ਦੇ ਨੇੜੇ, ਪਰ ਸ਼ਹਿਰੋਂ ਬਾਹਰ, ਇਕ ਮੈਦਾਨ ਵਿਚ ਕਨਾਤਾਂ ਲਾ ਕੇ ਬਣਾਇਆ ਗਿਆ ਸੀ। ਛੱਤ ਖੁੱਲ੍ਹੀ। ਇਸ ਲਈ ਸ਼ੋ ਰਾਤ ਨੂੰ ਤਾਰਿਆਂ ਹੇਠ ਹੁੰਦੇ ਸਨ। ਪਰਦੇ ਦੇ ਲਾਗੇ ਇਕ ਉੱਚੇ ਮਚਾਨ ਉਪਰ ਬੁਲਾਰਾ ਖੜਾ ਰਹਿੰਦਾ। ਫਿਲਮਾਂ ਬੋਲਦੀਆਂ ਨਹੀਂ ਸਨ। ਬਣ ਕੇ ਵੀ ਵਲੈਤੋਂ ਆਉਂਦੀਆਂ ਸਨ। ਬੁਲਾਰਾ ਉਹਨਾਂ ਦੀ ਕਹਾਣੀ ਨਾਲ-ਨਾਲ ਬਿਆਨ ਕਰਦਾ ਜਾਂਦਾ ਸੀ।
ਸਾਰਾ ਸਕੂਲ ਸ਼ੋ ਵੇਖਣ ਜਾ ਰਿਹਾ ਸੀ, ਮਾਸਟਰ ਅਤੇ ਹੈਡਮਾਸਟਰ ਵੀ। ਅਤੇ ਸਾਡੇ ਦੇਸ ਵਿਚ ਮਾਸਟਰਾਂ ਨੂੰ ਇਖਲਾਕੀ ਫਰਿਸ਼ਤੇ ਮੰਨਣ, ਭੇਡਾਂ ਨੂੰ ਭੇੜੀਏ ਦਾ ਆਸਾਨ ਸ਼ਿਕਾਰ ਬਣਾ ਦੇਣ ਦੀ ਪਰੰਪਰਾ ਬੜੀ ਪੁਰਾਣੀ ਹੈ। ਮਾਂ ਨੇ ਖੁਸ਼ੀ ਨਾਲ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਜਾਣ ਦੀ ਇਜਾਜ਼ਤ ਦੇ ਦਿਤੀ। ਸਕੂਲ ਵਾਲਿਆਂ ਨੂੰ ਸ਼ੋ ਅੱਧੀ ਟਿਕਟ ਉਤੇ ਵਿਖਾਇਆ ਜਾਣਾ ਸੀ। ਇਹ ਵੀ ਤਾਂ ਉਸ ਦੇ ਨਰੋਇਆ ਅਤੇ ਗੁਣਕਾਰੀ ਹੋਣ ਦਾ ਹੀ ਸਬੂਤ ਸੀ।
ਮੈਂ ਪੰਜਤਾਲੀ ਵਰ੍ਹੇ ਪਹਿਲਾਂ ਦੀ ਗੱਲ ਕਰ ਰਿਹਾ ਹਾਂ। ਉਸ ਫਿਲਮ ਦੀ ਕਹਾਣੀ ਬਾਰੇ ਏਨਾ ਹੀ ਯਾਦ ਹੈ ਕਿ ਉਹ ਜਸੂਸੀ ਜਿਹੀ ਸੀ। ਪਰ ਜਿਹੜੀ ਗੱਲ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ, ਅਤੇ ਸਦਾ ਯਾਦ ਰਹੇਗੀ, ਉਹ ਇਹ ਕਿ ਅਦਾਕਾਰੀ ਕਰਦਿਆਂ ਨਾਇਕਾ ਕਈ ਝਾਕੀਆਂ ਵਿਚ ਇਕਦਮ ਅਲਫ ਨੰਗੀ ਹੋ ਜਾਂਦੀ ਸੀ। ਅਤੇ ਬੁਲਾਰਾ ਬੋਲਦਾ ਸੀ - "ਸਾਹਿਬਾਨ, ਖਿਆਲ ਰਖੀਏ, ਯੇ ਨੰਗੀ ਨਹੀਂ ਹੈ। ਅਬ ਇਸ ਨੇ ਜਾਦੂਈ ਪੋਸ਼ਾਕ ਪਹਿਨ ਲੀ ਹੈ, ਜਿਸ ਕੀ ਮਦਦ ਸੇ ਯੇ ਕਹੀਂ ਭੀ ਜਾ ਸਕਤੀ ਹੈ। ਯੇ ਸਭ ਕੋ ਦੇਖ ਸਕਤੀ ਹੈ ਮਗਰ ਇਸ ਕੋ ਕੋਈ ਨਹੀਂ ਦੇਖ ਸਕਤਾ!"
ਸੰਭਵ ਹੈ, ਉਹ ਠੀਕ ਹੀ ਕਹਿੰਦਾ ਹੋਵੇ। ਨਗਨ ਅਵਸਥਾ ਵਿਚ ਉਸ ਮੇਮ ਦਾ ਮੂੰਹ ਤਾਂ ਸਫੈਦ ਰਹਿੰਦਾ ਸੀ, ਪਰ ਸਰੀਰ ਸਾਰਾ ਕਾਲਾ ਹੋ ਜਾਂਦਾ ਸੀ। ਜਾਂ ਤਾਂ ਉਸ ਦੇ ਨੰਗੇ ਸਰੀਰ ਉਪਰ ਕਾਲਾ ਮੇਕ-ਅੱਪ ਮਲ ਦੇਂਦੇ ਹੋਣਗੇ, ਜਾਂ ਕੋਈ ਚੁਮਟਣੀ ਪੁਸ਼ਾਕ ਪਹਿਨਾ ਦੇਂਦੇ ਹੋਣਗੇ। ਨਾ ਤਾਂ ਸਾਡੇ ਹੈਡਮਾਸਟਰ, ਅਤੇ ਨਾ ਹੀ ਉਪਸਥਿਤ ਸ਼ਰੀਫਾਂ ਵਿਚੋਂ ਹੋਰ ਕਿਸੇ ਨੇ ਏਸ ਅਸ਼ਲੀਲਤਾ ਦਾ ਵਿਰੋਧ ਕੀਤਾ। ਔਰਤਾਂ ਨੂੰ ਸਿਨੇਮੇ ਲੈ ਜਾਣ ਦਾ ਓਦੋਂ ਰਿਵਾਜ ਨਹੀਂ ਸੀ। ਐਵੇਂ ਰੌਲਾ-ਗੌਲਾ ਪਾ ਕੇ ਆਪਣਾ ਸਵਾਦ ਕਿਉਂ ਖਰਾਬ ਕੀਤਾ ਜਾਏ? ਬੁਲਾਰੇ ਨੇ ਕਹਿ ਜੁ ਦਿੱਤਾ ਕਿ ਉਹ ਨੰਗੀ ਨਹੀਂ। ਬੱਚੇ ਸਰਲ ਜੀਵ ਹੁੰਦੇ ਹਨ। ਉਹਨਾਂ ਅਵੱਸ਼ ਬੁਲਾਰੇ ਦੀ ਗੱਲ ਉਤੇ ਯਕੀਨ ਕਰ ਲਿਆ ਹੋਵੇਗਾ। ਇਸ ਤਰ੍ਹਾਂ ਇਖਲਾਕੀ ਸੱਟ ਵਜਣ ਦੀ ਕੋਈ ਖਾਸ ਸੰਭਾਵਨਾ ਨਾ ਰਹੀ। ਫੇਰ, ਆਪਣਾ ਮਜ਼ਾ ਕਿਉਂ ਖਰਾਬ ਕੀਤਾ ਜਾਏ। ਮੁਮਕਨ ਹੈ, ਕਿਸੇ ਵਿਅਕਤੀ ਨੂੰ ਉੱਠ ਕੇ ਵਿਰੋਧ ਕਰਨ ਦਾ ਖਿਆਲ ਆਇਆ ਵੀ ਹੋਵੇ। ਪਰ ਆਲੇ-ਦੁਆਲੇ ਸਭਨਾਂ ਨੂੰ ਪਾਪ ਦਾ ਹਿੱਸੇਦਾਰ ਬਣਿਆ ਵੇਖ ਕੇ ਉਹ ਵੀ ਖਾਮੋਸ਼ ਹੀ ਰਹਿ ਗਿਆ, ਜਿਵੇਂ ਬਲੈਕ ਨਾ ਕਰਨਾ ਚਾਹੁੰਦੇ ਹੋਏ ਵੀ ਕਈ ਫਿਲਮਕਾਰ ਬਲੈਕ ਕਰਦੇ ਹਨ, ਜਿਵੇਂ ਸੰਨ ਸੰਤਾਲੀ ਵੇਲੇ, ਸੌ-ਸੌ ਮਰਦਾਂ ਨੂੰ ਕਿਸੇ ਬੇ-ਸਹਾਰਾ ਧੀ-ਭੈਣ ਨਾਲ ਸਰੇ-ਬਜ਼ਾਰ ਜ਼ਨਾਂ ਕਰਦਿਆਂ ਵੇਖ ਕੇ ਵੀ ਲੋਕ ਖਾਮੋਸ਼ ਹੀ ਰਹੇ। ਆਲਾ-ਦੁਆਲਾ ਬੜਾ ਬਲਵਾਨ ਹੁੰਦਾ ਹੈ, ਅਤੇ ਪੰਜਾਬੀਆਂ ਲਈ ਉਹ ਵਿਸ਼ੇਸ਼ ਤੌਰ ਤੇ ਇਖਲਾਕੀ ਕਮਜ਼ੋਰੀ ਦਾ ਕਾਰਨ ਬਣਿਆ ਹੈ।
ਮੈਨੂੰ ਨਹੀਂ ਯਾਦ, ਉਸ ਵੇਲੇ ਮੇਰੇ ਅੰਦਰ ਕੋਈ ਲਿੰਗ-ਭਾਵ ਜਾਗਰਤ ਹੋਇਆ ਸੀ ਜਾਂ ਨਹੀਂ। ਪਰ ਮੱਸ ਫੁਟਣ ਦੇ ਦਿਨ ਬਹੁਤ ਦੂਰ ਨਹੀਂ ਸਨ। ਅਤੇ ਬਾਲਗ ਹੁੰਦਿਆਂ ਸਾਰ ਉਸ ਤੀਵੀਂ ਦੀਆਂ ਨੰਗੀਆਂ ਛਾਤੀਆਂ ਦੇ ਕਲੋਜ਼-ਅਪ ਮੇਰੇ ਲਈ ਲਿੰਗ ਵਾਸ਼ਨਾ ਦਾ ਇੱਕ ਲੱਜ਼ਤ ਭਰਿਆ ਸਾਮਾਨ ਬਣ ਗਏ। ਇਸ ਨਾਲ ਮੇਰੀ ਸਰੀਰਕ ਅਤੇ ਮਾਨਸਿਕ ਹਾਨੀ ਕਿੰਨੀ ਹੋਈ, ਮੈਂ ਨਹੀਂ ਕਹਿ ਸਕਦਾ। ਪਰ ਲਾਭ ਕੋਈ ਨਹੀਂ ਹੋਇਆ, ਏਨਾ ਮੈਂ ਜ਼ਰੂਰ ਕਹਿ ਸਕਦਾ ਹਾਂ।
ਦੋ-ਚਾਰ ਦਿਨ ਮਗਰੋਂ, ਮੈਂ ਏਸ ਤੋਂ ਵੀ ਗਿਰੇ ਹੋਏ ਦਰਜੇ ਦੀ ਇਕ ਫਿਲਮ ਵੇਖੀ। ਸਾਡਾ ਰਸੋਈਆ ਮੈਨੂੰ ਨਾਲ ਲੈ ਕੇ ਮੰਡੂਏ ਦੀ ਕਨਾਤ ਦੇ ਪਿਛਵਾੜੇ ਇਕ ਦਰੱਖਤ ਉਤੇ ਚੜ੍ਹ ਗਿਆ, ਕਿਉਂਕਿ ਟਿਕਟ ਜੋਗੇ ਪੈਸੇ ਉਸ ਕੋਲ ਨਹੀਂ ਸਨ। ਦਰੱਖਤ ਕਨਾਤ ਤੋਂ ਦੂਰ ਸੀ, ਪਰ ਪਰਦੇ ਉਤੇ ਚਲਦੀਆਂ ਤਸਵੀਰਾਂ ਸਾਨੂੰ ਚੰਗੀ ਤਰ੍ਹਾਂ ਦਿਖਾਈ ਦੇਂਦੀਆਂ ਸਨ। ਸ਼ੋ ਸ਼ੁਰੂ ਹੁੰਦਿਆਂ ਸਾਰ, ਪਹਿਲੀ ਹੀ ਝਾਕੀ ਵਿਚ ਇਕ ਮਰਦ ਤੇ ਇਕ ਔਰਤ, ਕੁੱਤਿਆਂ ਵਰਗੀ ਨਿਰਲੱਜਤਾ ਨਾਲ, ਅਤੇ ਹੂ-ਬ-ਹੂ ਉਸੇ ਤਰ੍ਹਾਂ ਭੋਗ ਵਿਚ ਜੁਟ ਪਏ। ਮੇਰੇ ਲਈ ਇਹ ਬੜਾ ਹੀ ਭਿਆਨਕ ਦ੍ਰਿਸ਼ ਸੀ, ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਕੀ ਕਰ ਰਹੇ ਹਨ। ਮੈਂ ਜ਼ੋਰ ਜ਼ੋਰ ਦੀ ਚੀਕ ਉਠਿਆ ਅਤੇ ਨੌਕਰ ਨੂੰ, ਜੋ ਮੈਥੋਂ ਉਪਰ ਵਾਲੀ ਸ਼ਾਖ ਤੇ ਚੜ੍ਹਿਆ ਹੋਇਆ ਸੀ, ਪੈਰੋਂ ਫੜ ਕੇ ਹੇਠਾਂ ਧਰੀਕਣ ਲਗ ਪਿਆ। ਪਹਿਲਾਂ ਤਾਂ ਉਸ ਨੇ ਮੈਨੂੰ ਚੁੱਪ ਰਹਿਣ ਦੀ ਡਾਂਟ ਦਿਤੀ, ਪਰ ਜਦੋਂ ਮੈਂ ਕਿਸੇ ਹੀਲੇ ਚੁੱਪ ਨਾ ਹੋਇਆ ਤਾਂ ਉਹ ਬੇ-ਦਿਲੀ ਨਾਲ ਹੇਠਾਂ ਲਹਿਣ ਉਤੇ ਮਜ਼ਬੂਰ ਹੋ ਗਿਆ।
ਉਸ ਵੇਲੇ ਉਸ ਦ੍ਰਿਸ਼ ਨਾਲ ਮੈਨੂੰ ਕੇਵਲ ਘ੍ਰਿਣਾ ਹੋਈ ਸੀ, ਪਰ ਜਿਉਂ-ਜਿਉਂ ਮੈਂ ਬਾਲਗ ਹੁੰਦਾ ਗਿਆ, ਘ੍ਰਿਣਾ ਵਿਚ ਆਕਰਸ਼ਣ ਦਾ ਵੀ ਮਿਸ਼ਰਣ ਹੁੰਦਾ ਗਿਆ। ਮੈਨੂੰ ਅਫਸੋਸ ਹੋਣ ਲਗ ਪੈਂਦਾ, ਮੈਂ ਕਿਉਂ ਰਸੋਈਏ ਦਾ ਸੁਆਦ ਖਰਾਬ ਕੀਤਾ। ਖੋਰੇ ਕਿੰਨੇ ਚਿਰਾਂ ਬਾਅਦ ਵਿਚਾਰੇ ਨੂੰ ਜ਼ਿੰਦਗੀ ਵਿਚ ਕੋਈ ਸੁਆਦ ਨਸੀਬ ਹੋਇਆ ਸੀ!
ਇਹ ਸੀ ਫਿਲਮਾਂ ਨਾਲ ਮੇਰੀ ਸਭ ਤੋਂ ਪਹਿਲੀ ਮੁਲਾਕਾਤ। ਜੇ ਏਸ ਪਿਛੋਂ ਮੈਂ ਜੀਵਨ ਵਿਚ ਕੋਈ ਹੋਰ ਫਿਲਮ ਨਾ ਵੀ ਵੇਖੀ ਹੁੰਦੀ, ਤਾਂ ਵੀ ਕਹਿ ਸਕਦਾ ਸਾਂ ਕਿ ਇਸਤ੍ਰੀ ਨੂੰ ਕੇਵਲ ਪੁਰਸ਼ ਦੇ ਕਾਮ-ਭੁਖ-ਮਿਟਾਊ ਪਦਾਰਥ-ਰੂਪ ਵਿਚ ਵੇਖਣ ਦੀ ਸਿੱਖਿਆ ਮੈਨੂੰ ਬੜੀ ਪ੍ਰਬਲਤਾ ਨਾਲ ਦਿੱਤੀ ਜਾ ਚੁੱਕੀ ਸੀ।
ਅੱਜ ਦੇ ਜ਼ਮਾਨੇ ਵਿਚ, ਪਿੰਡਾਂ ਵਿਚ ਅਜਿਹੀ ਦਲੇਰੀ ਨਾਲ ਨਗਨ-ਫਿਲਮਾਂ (ਜੋ ਖੁਫੀਆ ਅਤੇ ਗੈਰ-ਕਾਨੂੰਨੀ ਤੌਰ ਤੇ ਬਾਹਰ ਦੇ ਦੇਸ਼ਾਂ ਵਿਚੋਂ ਦਰਾਮਦ ਕੀਤੀਆਂ ਜਾਂਦੀਆਂ ਹਨ) ਵਿਖਾਣਾ ਸੰਭਵ ਨਹੀਂ। ਪਰ ਅਜ ਵੀ ਪਿੰਡਾਂ ਦੇ ਨਿਰਦੋਸ਼ ਅਤੇ ਸਰਲ ਲੋਕਾਂ ਨੂੰ ਹੋਰ ਕਈ ਤਰੀਕਿਆਂ ਨਾਲ ਸ਼ਹਿਰੀ ਲਿੰਗ-ਗਿਰਾਵਟ ਦਾ ਸ਼ਿਕਾਰ ਬਣਾ ਕੇ ਖਰਾਬ ਕੀਤਾ ਜਾਂਦਾ ਹੈ। ਇਸ ਦਾ ਮੂਲ ਕਾਰਨ, ਸਿਖਿਅਤ ਵਰਗ ਦਾ ਅੰਗਰੇਜ਼ਾਂ ਦੀ ਚਾਲੂ ਕੀਤੀ ਪਿੰਡਾਂ ਵਲੋਂ ਉਪਰਾਮ ਰਹਿਣ ਦੀ ਨਿੰਦਨੀਕ ਨੀਤੀ ਉਪਰ ਅਜੇ ਵੀ ਅਮਲ ਕਰੀ ਜਾਣਾ ਹੈ। ਜੇ ਚੰਗੇ ਵਿਚਾਰਾਂ ਵਾਲੇ ਸ਼ਹਿਰੀ ਲੋਕ ਪਿੰਡਾਂ ਨਾਲ ਆਪਣਾ ਮੇਲ-ਮਿਲਾਪ ਕਾਇਮ ਰਖਣ, ਤਾਂ ਲੁੱਚੇ ਸ਼ਹਿਰੀ ਅਨਸਰ ਨੂੰ ਬੇਧੜਕ ਹੋ ਕੇ ਪਿੰਡਾਂ ਵਿਚ ਖਰੂਦ ਮਚਾਣ ਦੀ ਖੁਲ੍ਹ ਨਾ ਮਿਲੇ। ਅਤੇ ਇੰਜ ਅਸੀਂ ਆਪਣੇ ਸੁਹਣੇ ਲੋਕ-ਨ੍ਰਿਤ ਅਤੇ ਲੋਕ-ਗੀਤ ਵੀ ਬਰਬਾਦ ਹੋਣ ਤੋਂ ਬਚਾ ਸਕੀਏ। ਪਰ ਨਗਾਰ-ਖਾਨੇ ਵਿਚ ਤੂਤੀ ਦੀ ਵਾਜ ਭਲਾ ਕੌਣ ਸੁਣਦਾ ਹੈ!
ਉਸ ਪਿਛੋਂ ਕਈ ਵਰ੍ਹੇ ਮੈਂ ਹੋਰ ਕੋਈ ਫਿਲਮ ਨਾ ਵੇਖੀ। ਰਾਵਲਪਿੰਡੀ ਸ਼ਹਿਰ ਵਿਚ ਉਦੋਂ ਕੋਈ ਸਿਨੇਮਾ ਨਹੀਂ ਸੀ। ਜ਼ਿਆਦਾ ਰਿਵਾਜ ਥਿਏਟਰਾਂ ਦਾ ਸੀ। ਮੇਰੇ ਸਕੂਲ ਦੇ ਸਾਥੀ ਇਹਨਾਂ ਥਿਏਟਰਾਂ ਦੇ ਬਹੁਤ ਦਿਲਚਸਪ ਕਿੱਸੇ ਸੁਣਾਂਦੇ - ਪਰ ਮੇਰੇ ਪਿਤਾ ਜੀ ਕੱਟੜ ਆਰੀਆ ਸਮਾਜੀ ਸਨ, ਅਤੇ ਮੈਂ ਵੀ ਉਹਨਾਂ ਦੀ ਆਗਿਆ ਦਾ ਉਲੰਘਣ ਕਰਨ ਬਾਰੇ ਕਦੇ ਸੋਚ ਨਹੀਂ ਸਾਂ ਸਕਦਾ। ਇਹ ਮੇਰੇ ਜੀਵਨ ਦਾ ਬੜਾ ਧਰਮਾਕਲ ਯੁੱਗ ਸੀ। ਮੈਨੂੰ ਸੁਪਨੇ ਵੀ ਪਰਮਾਤਮਾ ਦੇ ਆਉਂਦੇ ਹੁੰਦੇ ਸਨ। ਇਕ ਸੁਪਨੇ ਵਿਚ ਮੈਂ ਭਗਵਾਨ ਨੂੰ ਪੂਰਬੀਆਂ ਵਾਲੀ ਦੁਪੱਲੀ ਟੋਪੀ ਪਾਈ ਆਪਣੇ ਮਕਾਨ ਦੀਆਂ ਪੌੜੀਆਂ ਵਿੱਚ ਬੈਠੇ ਦੇਖਿਆ।
ਜਦੋਂ ਮੈਂ ਦਸਵੀਂ ਜਮਾਤੇ ਚੱੜ੍ਹਿਆ ਤਾਂ "ਰੂਪਰਟ ਆਫ ਹੈਂਟਜ਼ਾਂ" ਨਾਮਕ ਇਕ ਅੰਗਰੇਜ਼ੀ ਨਾਵਲ ਸਾਨੂੰ ਕੋਰਸ ਵਿੱਚ ਲੱਗਾ। ਅਚਾਨਕ ਇਕ ਦਿਨ ਖਬਰ ਉੱਡੀ ਕਿ ਸਾਰੀ ਜਮਾਤ, ਸਣੇ ਮਾਸਟਰ ਅਤੇ ਹੈਡਮਾਸਟਰ, ਸ਼ਹਿਰ ਵਿਚ ਪਹਿਲਾ ਸਿਨੇਮਾ, "ਰੋਜ਼" ਖੁਲ੍ਹਣ ਦੇ ਸਮਾਰੋਹ ਵਿਚ ਸ਼ਾਮਲ ਹੋਣ ਜਾ ਰਹੀ ਹੈ, ਅਤੇ ਫਿਲਮ ਵੀ "ਰੂਪਰਟ ਆਫ ਹੈਂਟਜ਼ਾਂ" ਵਿਖਾਈ ਜਾਏਗੀ, ਜੋ ਸਾਡੇ ਕੋਰਸ ਵਿਚ ਲੱਗੀ ਹੋਈ ਸੀ।
ਕਿੰਨੇ ਚਲਾਕ ਹੁੰਦੇ ਹਨ ਸਰਮਾਏਦਾਰ!
ਮੇਰੇ ਪਿਤਾ ਜੀ ਮੱਘ ਦੇ ਕੋਲ ਟਹਿਲਦੇ ਕਿੰਨਾ ਚਿਰ ਸੋਚ ਵਿਚ ਡੁੱਬੇ ਰਹੇ ਕਿ ਮੈਨੂੰ ਜਾਣ ਦੀ ਇਜਾਜ਼ਤ ਦੇਣ ਜਾਂ ਨਾ। ਨਵਾਂ ਜ਼ਮਾਨਾ ਉਹਨਾਂ ਦੀ ਚੇਤਨਾ ਦੇ ਬੂਹੇ ਉਪਰ ਧੱਕੇ ਮਾਰ ਰਿਹਾ ਸੀ। ਬੂਹਾ ਖੋਲ੍ਹਣ ਕਿ ਨਾ, ਉਹ ਫੈਸਲਾ ਕਰਨੋਂ ਅਸਮਰਥ ਸਨ। ਅਖੀਰ ਉਹਨਾਂ ਹੈਡਮਾਸਟਰ ਨੂੰ ਘਰ ਬੁਲਾ ਕੇ ਪੁੱਛਿਆ। ਮੈਂ ਵੀ ਆਪਣੀ ਕਿਸਮਤ ਦਾ ਫੈਸਲਾ ਸੁਣਨ ਲਈ ਦੋਨਾਂ ਬਜ਼ੁਰਗਾਂ ਦੇ ਵਾਰਤਾਲਾਪ ਦਾ ਗਵਾਹ ਬਣਿਆਂ।
ਹੈਡਮਾਸਟਰ ਨੇ ਕਿਹਾ:
"ਇੰਨੇ ਪੁਰਾਣੇ ਖਿਆਲਾਂ ਵਾਲੇ ਨਾ ਬਣੋ, ਲਾਲਾ ਜੀ। ਫਿਲਮਾਂ ਕੇਵਲ ਮਨੋਰੰਜਨ ਲਈ ਨਹੀਂ ਬਣਾਈਆਂ ਜਾਂਦੀਆਂ, ਉਹ ਤਾਂ ਇਕ ਕਲਾ ਹਨ। ਉਹਨਾਂ ਵਿਚੋਂ ਸਿੱਖਿਆ ਵੀ ਮਿਲਦੀ ਹੈ। ਇਹ ਫਿਲਮ ਤਾਂ ਸਕੂਲ ਵਿਚ ਕੋਰਸ ਵਿੱਚ ਲਗੀ ਕਿਤਾਬ ਦੇ ਅਧਾਰ 'ਤੇ ਬਣਾਈ ਗਈ ਹੈ। ਭਲਾ ਏਸ ਤੋਂ ਕੀ ਇਖਲਾਕੀ ਨੁਕਸਾਨ ਪਹੁੰਚ ਸਕਦਾ ਹੈ? ਬੱਚਿਆਂ ਲਈ ਏਸੇ ਕਰਕੇ ਤਾਂ ਟਿਕਟ ਅੱਧਾ ਕਰ ਦਿਤਾ ਗਿਆ ਹੈ। ਸ਼ਹਿਰ ਦੇ ਸਾਰੇ ਸਕੂਲਾਂ ਦੇ ਦਸਵੀਂ ਜਮਾਤ ਦੇ ਮੁੰਡੇ ਜਾ ਰਹੇ ਹਨ। ਨੁਕਸਾਨ ਤਾਂ ਨਾ ਜਾਣ ਵਿਚ ਹੋ ਸਕਦਾ ਹੈ, ਜਾਣ ਵਿਚ ਨਹੀਂ।"
ਪਿਤਾ ਜੀ ਨੇ ਇਜਾਜ਼ਤ ਦੇ ਦਿੱਤੀ।
ਅਜਿਹਾ ਸਮਾਰੋਹ ਕਦੇ ਕਿਸੇ ਵੇਖਿਆ ਨਹੀਂ ਸੀ, ਜੋ ਉਸ ਦਿਨ "ਰੋਜ਼" ਸਿਨੇਮਾ ਦੇ ਉਦਘਾਟਨ ਸਮੇਂ ਵਾਪਰਿਆ।
ਅੰਗਰੇਜ਼ ਡਿਪਟੀ ਕਮਿਸ਼ਨਰ ਅਤੇ ਕਿਤਨੇ ਰਾਏ ਸਾਹਿਬ ਤੇ ਖਾਨ ਸਾਹਿਬ ਵੀ ਪਧਾਰੇ ਸਨ। ਸਿਨੇਮੇ ਦੇ ਮਾਲਕ ਨੂੰ ਹੋਰ ਕੀ ਚਾਹੀਦਾ ਸੀ? ਪਰ ਫਿਲਮ ਦੇ ਵਿਦਿਅਕ ਪੱਖ ਤੋਂ ਸਾਨੂੰ ਉੱਕਾ ਕੋਈ ਲਾਭ ਨਾ ਪਹੁੰਚਿਆ, ਕਿਉਂਕਿ ਜੋ ਕਹਾਣੀ ਪਰਦੇ ਉਤੇ ਵੇਖੀ, ਉਹ ਨਾਵਲ ਦੇ ਪਲਾਟ ਨਾਲੋਂ ਬਹੁਤ ਭਿੰਨ ਸੀ। ਹਾਂ, ਇਕ ਗੱਲ ਨੇ ਭਾਵੇਂ ਅਵੱਸ਼ ਪ੍ਰਭਾਵਿਤ ਕੀਤਾ। ਉਹ ਇਹ ਕਿ ਇਕੋ ਸ਼ਕਲ ਦੇ ਦੋ ਆਦਮੀ ਬਾਰ-ਬਾਰ ਨਾਇਕਾ ਦੀਆਂ ਚੁੰਮੀਆਂ ਲੈਂਦੇ ਸਨ। ਅਵੱਸ਼ ਹੈਡਮਾਸਟਰ ਸਾਹਿਬ ਨੂੰ ਵੀ ਇਹ ਗੱਲ ਇਤਰਾਜ਼-ਯੋਗ ਮਹਿਸੂਸ ਹੋਈ ਹੋਵੇਗੀ, ਕਿਉਂਕਿ ਪਿਤਾ ਜੀ ਵਾਂਗ, ਉਹ ਵੀ ਕੱਟੜ ਆਰੀਆ ਸਮਾਜੀ ਸਨ, ਨਾਲੇ ਨਾਵਲ ਵਿਚ ਤਾਂ ਚੁੰਮੀਆਂ ਦਾ ਕੋਈ ਜ਼ਿਕਰ ਨਹੀਂ ਸੀ।
ਏਸ ਪਿਛੋਂ ਜਦੋਂ ਵੀ ਫਿਲਮ ਵੇਖਣੀ ਹੋਵੇ, ਪਿਤਾ ਜੀ ਨੂੰ ਇਹ ਆਖ ਕੇ ਕਾਇਲ ਕਰੀਦਾ ਸੀ ਕਿ ਉਹ ਇਕ ਉੱਤਮ ਦਰਜੇ ਦੇ ਇਖਲਾਕੀ ਨਾਵਲ ਉਪਰ ਆਧਾਰਤ ਹੈ। ਜੇ ਫੇਰ ਵੀ ਇਜਾਜ਼ਤ ਨਾ ਮਿਲਦੀ, ਤਾਂ ਚੋਰੀ ਜਾਣ ਦਾ ਵੀ ਹੌਲੀ ਹੌਲੀ ਹੌਸਲਾ ਹੋਣ ਲਗ ਪਿਆ।
"ਰੋਜ਼" ਸਿਨੇਮਾ ਸ਼ਹਿਰ ਅੰਦਰ ਸੀ। ਮਗਰੋਂ ਉਸ ਵਿਚ ਆਮ ਤੌਰ ਤੇ ਹਿੰਦੁਸਤਾਨੀ ਫਿਲਮਾਂ ਵਿਖਾਈਆਂ ਜਾਣ ਲਗ ਪਈਆਂ ਸਨ, ਪਰ ਕਦੇ ਕਦੇ ਐਲਮੋਂ ਲਿੰਕਨ ਆਦਿ ਦੀਆਂ ਅੰਗਰੇਜ਼ੀ ਲੜੀਵਾਰ ਫਿਲਮਾਂ ਵੀ ਆਉਂਦੀਆਂ ਸਨ। ਜਿਨ੍ਹਾਂ ਦੋ ਹਿੰਦੁਸਤਾਨੀ ਫਿਲਮਾਂ ਦਾ ਮੇਰੇ ਉਪਰ ਵਿਸ਼ੇਸ਼ ਅਸਰ ਪਿਆ, ਉਹਨਾਂ ਵਿਚੋਂ ਇਕ ਸੀ, "ਹੀਰ ਰਾਂਝਾ।" ਏਸ ਫਿਲਮ ਵਿਚ ਕਹਾਣੀ ਦੇ ਕਿਰਦਾਰਾਂ ਨੇ ਮੈਨੂੰ ਉਤਨਾ ਪ੍ਰਭਾਵਤ ਨਹੀਂ ਕੀਤਾ ਜਿਤਨਾ ਦਰੱਖਤ ਹੇਠਾਂ ਬੈਠ ਕੇ, ਨੰਗੋਜੇ ਵਜਾ ਕੇ, ਪਿੰਡ ਦੇ ਇਕਤਰਿਤ ਲੋਕਾਂ ਨੂੰ ਹੀਰ ਸੁਣਾਨ ਵਾਲੇ ਕਿੱਸਾ ਗੋ ਨੇ। ਫਿਲਮ ਖਾਮੋਸ਼ ਸੀ। ਪਰ ਕਿੱਸਾ ਗੋ ਵਾਲੀ ਪਰਿਸਥਿਤੀ ਦਾ ਆਪਣਾ ਇਕ ਜਾਦੂਈ ਸੰਗੀਤ ਸੀ, ਜਿਸ ਨੂੰ ਯਾਦ ਕਰਕੇ ਵਾਰ ਵਾਰ ਮੇਰੇ ਗਲੇਡੂ ਭਰ ਆਉਂਦੇ ਸਨ।
ਇਕ ਹੋਰ ਫਿਲਮ ਸੀ, 'ਅਨਾਰਕਲੀ'। ਇਸ ਵਿਚ ਸੁਲੋਚਨਾ (ਰੂਬੀ ਮੇਅਰਸ) ਦੀ ਅਪੂਰਬ ਸੁੰਦਰਤਾ ਦਾ ਮੇਰੇ ਉੱਪਰ ਲੋਹੜੇ ਦਾ ਅਸਰ ਪਿਆ। ਅਖੀਰਲੀ ਝਾਕੀ ਸੀ, ਅਨਾਰਕਲੀ ਦਾ ਸਾਰਾ ਸਰੀਰ ਦੀਵਾਰ ਵਿਚ ਚਿਣਿਆ ਜਾ ਚੁੱਕਿਆ ਹੈ। ਕੇਵਲ ਚਿਹਰਾ ਖੁਲ੍ਹਾ ਰਹਿ ਗਿਆ ਹੈ - ਇੱਟਾਂ ਵਿਚ ਘਿਰਿਆ, ਆਖਰਾਂ ਦਾ ਮਾਸੂਮ, ਸੁੰਦਰ, ਮਜ਼ਲੂਮ ਚਿਹਰਾ। ਅਕਬਰ ਆਖਰੀ ਇੱਟ ਜੜਨ ਦਾ ਹੁਕਮ ਸੁਣਾਨ ਤੋਂ ਪਹਿਲਾਂ ਕਿੰਨਾ ਚਿਰ ਸੋਚਾਂ ਵਿਚ ਡੁੱਬਿਆ ਟਹਿਲਦਾ ਰਹਿੰਦਾ ਹੈ। ਅਖੀਰ, ਮੂੰਹ ਫੇਰ ਕੇ ਹੱਥ ਦੇ ਇਸ਼ਾਰੇ ਨਾਲ ਉਹ ਹੁਕਮ ਦੇ ਹੀ ਛੱਡਦਾ ਹੈ। ਅਨਾਰਕਲੀ ਦੇ ਚਿਹਰੇ ਨੂੰ ਇੱਟ-ਗਾਰੇ ਨਾਲ ਪੋਚ ਦਿੱਤਾ ਜਾਂਦਾ ਹੈ। ਏਸ ਤੋਂ ਵਡਾ ਜ਼ੁਲਮ ਦੁਨੀਆਂ ਵਿਚ ਹੋਰ ਕੀ ਹੋ ਸਕਦਾ ਸੀ? ਮੈਂ ਕਿੰਨੀਆਂ ਰਾਤਾਂ ਸੌਂ ਨਾ ਸਕਿਆ। ਗਰਮੀਆਂ ਦੇ ਦਿਨ ਸਨ। ਅਸੀਂ ਉਪਰ ਕੋਠੇ ਤੇ ਸੌਂਦੇ ਹੁੰਦੇ ਸਾਂ। ਸਾਰੀ-ਸਾਰੀ ਰਾਤ ਮੇਰੇ ਦਿਲ ਵਿਚ ਚੀਸਾਂ ਤੇ ਕੁਰਲਾਹਟਾਂ ਉੱਠਦੀਆਂ ਰਹਿੰਦੀਆਂ। ਅਨਾਰਕਲੀ ਦੀ ਸੁੰਦਰਤਾ ਅਭੁੱਲ ਸੀ। ਉਹ ਕੇਵਲ ਪਰਦੇ ਉਤੇ ਖੇਡਣ ਵਾਲੀ ਪਰਛਾਈਂ ਨਹੀਂ ਸੀ, ਉਹ ਮੇਰੇ ਹਿਰਦੇ ਦੀਆਂ ਡੂੰਘਾਣਾਂ ਵਿਚ ਉਤਰੀ ਇਕ ਸਚਿਆਈ ਸੀ, ਮੇਰੇ ਜੀਵਨ ਦਾ ਅਨਿਖੜਵਾਂ ਭਾਗ। ਅਤੇ ਵਿਚਾਰੀ ਨੂੰ ਅਜਿਹੀ ਬੇ-ਦਰਦੀ ਨਾਲ ਮਾਰ ਦਿੱਤਾ ਗਿਆ ਸੀ। ਮੈਂ ਕਿਸੇ ਹਾਲ ਯਕੀਨ ਕਰਨ ਲਈ ਤਿਆਰ ਨਹੀਂ ਸਾਂ ਕਿ ਸੁਲੋਚਨਾ ਦੇ ਚਿਹਰੇ ਉਤੇ ਸੱਚ-ਮੁੱਚ ਇੱਟ ਨਹੀਂ ਸੀ ਧਰੀ ਗਈ, ਉਹ ਨਿਰੋਲ ਇਕ "ਸਿਨੇਮਾ ਟ੍ਰਿਕ" ਸੀ। ਸ਼ਾਇਦ ਜੇ ਉਸ ਵੇਲੇ ਕੋਈ ਮੈਨੂੰ ਉਹ "ਟ੍ਰਿਕ" ਸਮਝਾਉਣ ਲਗ ਪੈਂਦਾ, ਤਾਂ ਮੈਂ ਉਹਦੇ ਮੂੰਹ 'ਤੇ ਧੱਫਾ ਕਢ ਮਾਰਦਾ। ਮੇਰੇ ਲਈ ਅਨਾਰਕਲੀ ਸੱਚ-ਮੁੱਚ ਮਰ ਗਈ ਸੀ! ਸੁਲੋਚਨਾ ਮਰ ਗਈ ਸੀ! ਮੇਰੀ ਦੁਨੀਆਂ ਤਾਰੀਕ ਹੋ ਗਈ ਸੀ!
ਪਰ ਸੁਲੋਚਨਾ ਹੁਣ ਵੀ ਜੀਊਂਦੀ ਜਾਗਦੀ ਹੈ, ਅਤੇ ਕਈ ਫਿਲਮਾਂ ਵਿਚ ਮੇਰੇ ਨਾਲ ਕੰਮ ਵੀ ਕਰ ਚੁੱਕੀ ਹੈ। ਜਦੋਂ ਵੀ ਮੈਂ ਉਸ ਨੂੰ ਆਪਣੇ ਉਸ ਅਲ੍ਹੜਪਣੇ ਦੇ ਪਾਗਲਪਨ ਬਾਰੇ ਦਸਦਾ ਹਾਂ, ਉਹ ਹੱਸ ਛਡਦੀ ਹੈ। ਅਜ ਮੈਂ ਆਪ ਫਿਲਮੀ ਕਲਾਕਾਰ ਹਾਂ ਅਤੇ ਉਸ ਦੇ "ਹੱਸ ਛਡਣ" ਦਾ ਕਾਰਨ ਪੂਰੀ ਤਰ੍ਹਾਂ ਸਮਝਦਾ ਹਾਂ। ਪਰ ਫੇਰ ਵੀ ਜੀਅ ਚਾਹੁੰਦਾ ਹੈ, ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਸਮਝਾ ਸਕਾਂ ਕਿ ਮੇਰਾ ਉਹ ਪਾਗਲਪਨ ਕੋਈ ਮਜ਼ਾਕ ਨਹੀਂ ਸੀ, ਉਹ ਸਚ-ਮੁਚ ਮੇਰੇ ਜੀਵਨ ਦਾ ਪਹਿਲਾ ਪਿਆਰ ਸੀ।
"ਹਕੀਕਤ" ਫਿਲਮ ਦੀ ਸ਼ੂਟਿੰਗ ਲਈ ਅਸੀਂ ਜੀਪਾਂ ਵਿਚ ਕਸ਼ਮੀਰੋਂ ਲਦਾਖ ਜਾ ਰਹੇ ਸਾਂ। ਇਕ ਰਾਤ ਦਰਾਸ ਨਾਮਕ ਸਥਾਨ ਤੇ ਪੜਾਅ ਪਿਆ। ਫੌਜ ਦੇ ਕਰਨੈਲ ਨੇ ਸਾਨੂੰ ਸਤਿਕਾਰ ਨਾਲ "ਮੈਸ" ਦੀ ਇਮਾਰਤ ਵਿਚ ਠਹਿਰਾਇਆ। ਨਹਾ-ਧੋ ਕੇ ਅਸੀਂ ਬੈਠਕ ਵਿਚ ਇਕੱਤਰ ਹੋਏ। ਯੁਨਿਟ ਦੇ ਸਾਰੇ ਫੌਜੀ ਅਫਸਰ ਬੜੇ ਚਾਅ ਨਾਲ ਸਾਨੂੰ ਮਿਲਣ ਆਏ ਸਨ। ਕਿਉਂ ਨਾ ਆਉਂਦੇ, ਸਾਡੇ ਨਾਲ ਧਰਮਿੰਦਰ ਸੀ, ਤੇ ਪ੍ਰੀਆ ਅਤੇ ਇੰਦਰਾਨੀ ਮੁਕਰਜੀ ਵਰਗੀਆਂ ਸੁੰਦਰ ਐਕਟਰੈਸਾਂ ਵੀ ਸਨ। ਗੱਲਾਂ ਕਰਦੇ ਕਰਦੇ ਅਧਖੜ ਕਰਨੈਲ ਦੀ ਨਜ਼ਰ ਇਕ ਕੋਨੇ ਵਿਚ ਪਛੜ ਕੇ ਬੈਠੀ ਸੁਲੋਚਨਾ ਵਲ ਚਲੀ ਗਈ। ਉਹ ਨਜ਼ਰ ਹਟਾ ਨਾ ਸਕਿਆ। ਹੌਲੀ ਹੌਲੀ ਓਸ ਚਿਹਰੇ ਨੇ ਉਸ ਦੇ ਯਾਦ-ਮਹਿਲ ਵਿਚ ਪੁਰਾਣੇ ਨਕਸ਼ ਉਭਾਰਨੇ ਸ਼ੁਰੂ ਕੀਤੇ। ਤੇ ਫੇਰ ਉਹਨੇ ਉਸ ਨੂੰ ਪਛਾਣ ਲਿਆ, ਆਪਣੀ ਜਵਾਨੀ ਦੇ ਦਿਨਾਂ ਦੀ ਪਿਆਰੀ ਅਦਾਕਾਰਾ ਨੂੰ। ਅਤੇ ਫੇਰ ਉਸ ਦੀ ਜੋ ਦਸ਼ਾ ਹੋਈ, ਬਿਆਨ ਨਹੀਂ ਕੀਤੀ ਜਾ ਸਕਦੀ। ਉਸ ਸ਼ਾਮ ਬਾਕੀ ਦੇ ਅਸੀਂ ਸਾਰੇ ਕਲਾਕਾਰ ਸਿਫਰ ਹੋ ਕੇ ਰਹਿ ਗਏ। ਸੁਲੋਚਨਾ ਪਲ-ਝੱਟ ਲਈ ਫੇਰ ਉਸੇ ਤਲਿਸਮੀ ਸਿੰਘਾਸਨ ਤੇ ਬਿਰਾਜਮਾਨ ਹੋਈ, ਜਿਸ ਤੋਂ ਉਤਰਿਆਂ ਉਹਨੂੰ ਲੰਮਾ ਸਮਾਂ ਬੀਤ ਚੁੱਕਾ ਸੀ। ਪੰਜਾਹ ਸਾਲ ਦੀ ਉਮਰ ਦੇ ਉਸ ਕਰਨੈਲ ਉਪਰ ਓਹੋ ਉਨਮਾਦ ਸਵਾਰ ਹੋ ਗਿਆ ਸੀ, ਜਿਸ ਦਾ ਮੈਂ 14 ਸਾਲ ਦੀ ਉਮਰੇ ਸ਼ਿਕਾਰ ਹੋਇਆ ਸਾਂ।
ਜਿਹੜੇ ਵਿਦਵਾਨ ਫਿਲਮਾਂ ਦਾ ਨਾਂ ਸੁਣਦਿਆਂ ਹੀ ਨਫਰਤ ਨਾਲ ਨੱਕ-ਭੌਂ ਚੜ੍ਹਾ ਲੈਂਦੇ ਹਨ, ਉਹਨਾਂ ਨੂੰ ਸਿਨੇਮੇ ਦੇ ਅਮੋੜ ਅਤੇ ਵਿਆਪਕ ਅਸਰਾਂ ਉਪਰ ਸੰਜੀਦਗੀ ਨਾਲ ਗੌਰ ਕਰਨਾ ਚਾਹੀਦਾ ਹੈ।

3
ਸਕੂਲ ਦਾ ਜ਼ਮਾਨਾ ਲੰਘਿਆ, ਕਾਲਿਜ ਦਾ ਆਇਆ। ਬੋਦੀ, ਜੰਝੂ, ਪਜਾਮਾ ਰੁਖਸਤ ਹੋਏ, ਪਤਲੂਨ ਆ ਗਈ। ਸਿਰ ਉਤੇ ਹੈਟ ਧਰਨ ਦੇ ਦਿਨ ਦੀਆਂ ਉਡੀਕਾਂ ਮਨ ਵਿਚ ਜਾਗਰਤ ਹੋ ਗਈਆਂ। ਬਾਈਸਿਕਲ ਘਰ ਵਾਲਿਆਂ ਵਲੋਂ ਮੈਟਰਿਕ ਪਾਸ ਕਰਨ ਦਾ ਦੂਜਾ ਸਰਟੀਫਿਕੇਟ ਹੁੰਦਾ ਹੈ, ਅਤੇ ਜਦੋਂ ਸਾਈਕਲ ਉਤੇ ਲੱਤ ਧਰ ਲਈ, ਫੇਰ ਪੁੱਛ ਕੇ ਸਿਨੇਮਾ ਥੋੜਾ ਜਾਈਦਾ ਹੈ।
ਓਦੋਂ ਰਾਵਲਪਿੰਡੀ ਸ਼ਹਿਰ ਦੀ ਅਹਿਮੀਅਤ ਅੰਗਰੇਜ਼ੀ ਫੌਜਾਂ ਦੀ ਵੱਡੀ ਛਾਵਣੀ ਹੋਣ ਤੋਂ ਛੁੱਟ ਹੋਰ ਕੋਈ ਨਹੀਂ ਸੀ। ਏਸੇ ਅਨੁਸਾਰ ਲੋਕਾਂ ਦੀਆਂ ਸੋਚਾਂ ਵੀ ਮਹਿਦੂਦ ਸਨ। ਸਿਖਅਤ ਵਰਗ ਦਾ ਸਰੀਰ ਤਾਂ ਸ਼ਹਿਰ ਵਿਚ, ਪਰ ਆਤਮਾ ਕੈਨਟੋਨਮਿੰਟ ਅਤੇ ਸਿਵਲ ਲਾਈਨ ਦੇ ਨਵੇਲੇ, ਸੁਅੱਛ, ਅਤੇ ਸਭਿਅ ਵਾਤਾਵਰਨ ਵਿਚ ਵਿਚਰਦੀ ਸੀ। ਦੇਸੀ ਪੁਸ਼ਾਕ, ਦੇਸੀ ਖੁਰਾਕ, ਦੇਸੀ ਰਹਿਤ ਸਿਖਅਤਾਂ ਦੀਆਂ ਨਜ਼ਰਾਂ ਵਿਚ, ਕਿਸੇ ਨਾ ਕਿਸੇ ਮਿਕਦਾਰ, ਘਟੀਆ ਅਤੇ ਪਿਛਾਂਹ-ਖਿੱਚੂ ਚੀਜ਼ਾਂ ਸਨ, ਜਿਨ੍ਹਾਂ ਤੋਂ ਬੰਦਾ ਜਿਤਨਾ ਦੂਰ ਹੋ ਜਾਏ, ਉਤਨਾ ਹੀ ਵਕਾਰ ਵਧਦਾ ਸੀ। ਅਤੇ ਜਿਸ ਰਾਹ ਉਤੇ ਕਾਲਿਜ ਦੇ ਪ੍ਰੋਫੈਸਰ ਤੁਰਨ, ਵਿਦਿਆਰਥੀਆਂ ਨੇ ਵੀ ਤਾਂ ਉਸੇ ਰਾਹ ਤੁਰਨਾ ਸੀ।
ਸਦਰ ਵਾਲੇ ਸਿਨੇਮੇ ਸਾਫ ਸੁਥਰੇ ਅਤੇ ਸ਼ਾਨਦਾਰ ਸਨ। ਉਹਨਾਂ ਵਿਚ ਅੰਗਰੇਜ਼ੀ ਪਿਕਚਰਾਂ ਵਿਖਾਈਆਂ ਜਾਂਦੀਆਂ ਸਨ, ਅਤੇ ਵੇਖਣ ਵਾਲਿਆਂ ਦੀ ਬਹੁ-ਸੰਖਿਆ ਵੀ ਅੰਗਰੇਜ਼ ਹੁੰਦੀ ਸੀ। ਜੇ ਭਾਗ ਚੰਗੇ ਹੋਣ ਤਾਂ ਕਿਸੇ ਕਿਸੇ ਦਿਨ ਕੋਈ ਸੁਨਹਿਰੀ ਰੂਪ ਵਾਲੀ ਸੁੰਦਰੀ ਵੀ ਨਾਲ ਦੀ ਸੀਟ ਉਤੇ ਆ ਬੈਠਦੀ ਸੀ। ਜਿਤਨੀਆਂ ਫਿਲਮਾਂ ਤਲਿਸਮੀ, ਉਤਨਾ ਹੀ ਸਿਨਮਿਆਂ ਦਾ ਵਾਤਾਵਰਣ ਅਲੌਕਿਕ, ਰੋਮਾਂਟਿਕ, ਮਾਦਕ। ਮੇਮਾਂ ਦੇ ਲਿਬਾਸ ਉਹਨਾਂ ਦੇ ਸੁਡੌਲ ਜਿਸਮਾਂ ਨਾਲ ਕਿਤਨਾ ਇਨਸਾਫ ਕਰਦੇ ਸਨ! ਕਿਤਨੀ ਆਜ਼ਾਦੀ ਨਾਲ ਉਹ ਆਪਣੇ ਪ੍ਰੇਮੀਆਂ ਦੀ ਜੱਫੀ ਵਿਚ ਜਾ ਵੜਦੀਆਂ ਸਨ! ਕਿਸ ਉਤਾਵਲ ਨਾਲ ਚੁੰਮਨ ਦੇਣ ਲਈ ਲਿਫ ਲਿਫ ਜਾਂਦੀਆਂ ਸਨ! ਜਦੋਂ ਵੀ ਕੋਈ ਵਲੈਤੀ ਫਿਲਮ ਵੇਖ ਕੇ ਆਓ, ਕਿਤਨੇ ਕਿਤਨੇ ਦਿਨ ਖੁਮਾਰੀ ਜਹੀ ਚੜ੍ਹੀ ਰਹਿੰਦੀ ਸੀ।
ਫਿਲਮਾਂ ਦੇ ਉਸ ਖਾਮੋਸ਼ ਯੁੱਗ ਦੀ ਡੋਲੋਰਸ ਕਾਸਟੈਲੋ ਇਕ ਜਗ-ਮਗਾਂਦੀ ਤਾਰਿਕਾ ਸੀ। ਜਾਨ ਬੈਰੀਮੋਰ ਨਾਲ ਉਸ ਦੀ ਜੋੜੀ ਵਾਹ-ਵਾਹ ਫੱਬਦੀ ਸੀ। ਦੋਵੇਂ ਬਹੁਤ ਸਾਰੀਆਂ ਫਿਲਮਾਂ ਵਿਚ ਇਕੱਠੇ ਆਉਂਦੇ ਸਨ। ਉਹਨਾਂ ਦੇ ਪ੍ਰੇਮ-ਦ੍ਰਿਸ਼ ਵਿਸ਼ੇਸ਼ ਉਤੇਜਕ ਹੁੰਦੇ ਸਨ। ਰਾਤੀਂ ਰਾਜਕੁਮਾਰੀ ਦੇ ਰੂਪ ਵਿਚ ਡੋਲੋਰਸ ਘੂਕ ਸੁੱਤੀ ਪਈ ਹੈ। ਅਚਾਨਕ ਅਕਾਸ਼ ਵਿਚ ਬੱਦਲ ਘਿਰ ਆਉਂਦੇ ਹਨ ਅਤੇ ਜ਼ੋਰ ਦੀ ਬਿਜਲੀ ਕੜਕਦੀ ਹੈ। ਡੋਲੋਰਸ ਤ੍ਰਹਿ ਕੇ ਕਮਰੇ ਵਿਚੋਂ ਬਾਹਰ ਉੱਠ ਦੌੜਦੀ ਹੈ, ਆਪਣੇ ਸਲੀਪਿੰਗ ਗਾਊਨ ਵਿਚ ਹੀ। ਬਿਖਰੇ ਬਾਲ, ਬਿਖਰੇ ਹੋਸ਼-ਹਵਾਸ। ਬਾਹਰ ਬਰਾਂਡੇ ਵਿਚ ਜਾਨ, ਇਕ ਜਾਂਬਾਜ਼ ਸੂਰਮਾ, ਕਿਲੇ ਦਾ ਬਾਂਕਾ ਅਫਸਰ, ਘਾਤ ਵਿਚ ਖੜਾ ਹੈ। ਦਿਨੇ ਡੋਲੋਰਸ ਨੇ ਸਾਰੀ ਉਮਰ ਉਸ ਦਾ ਮੂੰਹ ਨਾ ਵੇਖਣ ਦੀ ਸਹੁੰ ਖਾਧੀ ਸੀ। ਪਰ ਹੁਣ ਸਭ ਭੁਲ ਭੁਲਾ ਕੇ ਉਸ ਦੀਆਂ ਬਾਹਾਂ ਵਿਚ ਲਿਪਟ ਗਈ। ਆਪਣੇ ਮਖਸੂਸ ਜੇਤੂ ਅੰਦਾਜ਼ ਨਾਲ ਜਾਨ ਬੈਰੀਮੋਰ ਨੇ ਕੈਮਰੇ ਦੇ ਬਿਲਕੁਲ ਨੇੜੇ ਆ ਜਾਣ ਦਾ ਇਤਜ਼ਾਰ ਕੀਤਾ, ਤਾਂ ਜੋ ਪਰਦੇ ਉੱਪਰ ਸਿਰਫ ਉਹਨਾਂ ਦੋਵਾਂ ਦੇ ਚਿਹਰੇ ਹੀ ਰਹਿ ਜਾਣ। ਅਤੇ ਫੇਰ ਉਸ ਨੇ ਡੋਲੋਰਸ ਦਾ ਹੇਠਲਾ ਬੁੱਲ੍ਹ ਆਪਣੇ ਬੁੱਲ੍ਹਾਂ ਵਿਚ ਸਮੇਟ ਲਿਆ। ਹੁਣ ਵੀ ਉਹ ਲੰਮੀ ਚੁੰਮੀ ਕਦੇ ਕਦੇ ਮੇਰੀ ਯਾਦ ਵਿਚ ਬਿਜਲੀਆਂ ਲਿਸ਼ਕਾ ਜਾਂਦੀ ਹੈ। "ਪੈਥੇ ਗਜ਼ਟ", "ਪਿਕਚਰ ਗੋਅਰ" ਅਤੇ ਦੂਜੀਆਂ ਫਿਲਮੀ ਪੱਤਰਕਾਵਾਂ ਵਿਚ ਜਾਨ ਦੇ ਪ੍ਰੇਮ-ਦ੍ਰਿਸ਼ਾਂ ਦੀ ਟੈਕਨੀਕ ਉਪਰ ਲੰਮੇ ਲੰਮੇ ਲੇਖ ਛਪਦੇ ਸਨ। ਅਸੀਂ ਉਹਨਾਂ ਨੂੰ ਬੜੇ ਗੌਰ ਨਾਲ ਪੜ੍ਹਦੇ ਅਤੇ ਉਹਨਾਂ ਉਪਰ ਲੰਮੇਂ ਲੰਮੇਂ ਤਬਸਰੇ ਕਰਦੇ ਸਾਂ।
ਪਰ ਮਾਤਾ-ਪਿਤਾ ਦੇ ਸਾਹਮਣੇ ਅਸੀਂ ਇਹਨਾਂ ਫਿਲਮਾਂ ਦੇ ਉੱਚੇ ਅਖਲਾਕੀ ਮਿਆਰਾਂ ਅਤੇ ਆਦਰਸ਼ਾਂ ਦਾ ਹੀ ਜ਼ਿਕਰ ਕਰਦੇ ਸਾਂ। ਇਹ ਸੰਸਾਰ ਦੇ ਉੱਘੇ ਸਾਹਿਤਕਾਰਾਂ, ਵਿਕਟਰ ਹਿਉਗੋ, ਚਾਰਲਜ਼ ਡਿਕਨਜ਼, ਅਲੈਗਜ਼ਾਂਡਰ ਡਿਊਮਾ, ਵਾਲਟਰ ਸਕਾਟ ਆਦਿ ਦੀਆਂ ਮਹਾਨ ਰਚਨਾਵਾਂ ਦੇ ਆਧਾਰ ਉਤੇ ਬਣਾਈਆਂ ਜਾਂਦੀਆਂ ਸਨ। ਫੇਰ, ਵਾਰਤਾਲਾਪ ਅਤੇ ਕਹਾਣੀ ਦੀ ਤੋਰ ਬਿਆਨ ਕਰਨ ਲਈ ਪਰਦੇ ਉਤੇ ਅੰਗਰੇਜ਼ੀ ਵਿਚ ਲਿਖੇ ਟਾਈਟਲ ਆ ਜਾਂਦੇ ਸਨ। ਇਸ ਤਰ੍ਹਾਂ ਮਨੋਰੰਜ਼ਨ ਦੇ ਨਾਲ ਨਾਲ ਅਭਿਆਸ ਵੀ ਹੋ ਜਾਂਦਾ ਸੀ। ਅੰਗਰੇਜ਼ੀ ਵਿਚ ਚੰਗੇ ਨੰਬਰ ਲੈਣ ਦਾ ਇਹ ਬਹੁਤ ਵਧੀਆ ਸਾਧਨ ਨਿਕਲ ਆਇਆ ਸੀ।
ਅਜਿਹੀਆਂ ਦਲੀਲਾਂ ਸੁਣ ਕੇ ਮਾਪੇ ਚੁੱਪ ਜ਼ਰੂਰ ਹੋ ਜਾਂਦੇ, ਪਰ ਤਸੱਲੀ ਉਹਨਾਂ ਨੂੰ ਨਹੀਂ ਸੀ ਹੁੰਦੀ। ਕਿਸੇ ਵੀ ਤਫਰੀਹ ਵਾਲੀ ਚੀਜ਼ ਦੇ ਇਤਨਾ ਨਿਰਦੋਸ਼ ਅਤੇ ਬੇਜ਼ਰਰ ਹੋਣ ਦਾ ਉਹਨਾਂ ਨੂੰ ਯਕੀਨ ਨਹੀਂ ਸੀ ਆਉਂਦਾ।
ਫਿਲਮਾਂ ਵਿਚ ਕੇਵਲ ਰੋਮਾਂਸ ਦਾ ਪਹਿਲੂ ਹੀ ਵੱਟ-ਕੱਢਵਾਂ ਨਹੀਂ ਸੀ ਹੁੰਦਾ, ਜਾਂਬਾਜ਼ੀ ਦੇ ਦ੍ਰਿਸ਼ ਵੀ ਤੜਫਾ ਛਡਦੇ ਸਨ। "ਕਾਸੈਕਸ" ਨਾਮਕ ਫਿਲਮ ਵਿਚ ਜਾਨ ਗਿਲਬਰਟ ਨੇ ਤਲਵਾਰਬਾਜ਼ੀ ਅਤੇ ਘੁੜਸਵਾਰੀ ਦੇ ਐਸੇ ਬੇਪਨਾਹ ਕਰਤਬ ਕੀਤੇ ਸਨ ਕਿ ਅਗਲੇ ਹੀ ਦਿਨ ਸਾਡੇ ਸਾਰੇ ਵਿਦਿਆਰਥੀ ਵਰਗ ਨੇ ਰੂਸੀ ਫੈਸ਼ਨ ਦੀਆਂ ਮੋਟੀਆਂ ਮੋਟੀਆਂ, ਗੋਲ ਗੋਲ, ਨੱਕ ਤੀਕਰ ਲਮਕਦੀ ਬੁਰ ਵਾਲੀਆਂ ਟੋਪੀਆਂ ਸਿਵਾ ਲਈਆਂ ਸਨ, ਜੋ ਕਈ ਵਰ੍ਹੇ ਪਿੰਡੀ ਵਿਚ ਫੈਸ਼ਨ ਬਣੀਆਂ ਰਹੀਆਂ। ਹੀਰੋ ਦੇ ਬਹਾਦਰੀ ਦੇ ਕਰਤਬ ਵੇਖ ਕੇ ਬਾਹਰ ਆਉਂਦਿਆਂ ਸਾਰ ਕੁਝ ਨਾ ਕੁਝ ਆਪ ਵੀ ਕਰ ਗੁਜ਼ਰਨ ਲਈ ਦਿਲ ਮਚਲ ਉਠਦਾ ਸੀ, ਪਰ ਲਾਚਾਰ ਹੋ ਕੇ ਬਾਈਸਿਕਲ ਦੀਆਂ ਵੱਖੀਆਂ ਤੋੜਨ ਤੋਂ ਸਿਵਾ ਭੜਾਸ ਕਢਣ ਦਾ ਹੋਰ ਕੋਈ ਸਾਮਾਨ ਨਹੀਂ ਸੀ ਲੱਭਦਾ।
ਜਿਥੇ ਫੁੱਲ ਹੈ, ਉਥੇ ਖਾਰ ਵੀ ਹੈ। ਸਦਰ ਦੇ ਸਿਨਮਿਆਂ ਦੀ ਇਕ ਖਰਾਬੀ ਡਾਹਢਾ ਮਜ਼ਾ ਮਾਰਦੀ ਸੀ। ਹਰ ਸ਼ੋ ਪਿਛੋਂ "ਗਾਡ ਸੇਵ ਦੀ ਕਿੰਗ" ਲਈ ਖਲੋਣਾ ਪੈਂਦਾ, ਜੋ ਭਰੀ ਕਲਾਸ ਵਿਚ ਆਪਣੇ ਮੂੰਹ ਤੇ ਆਪ ਚਪੇੜ ਮਾਰਨ ਵਾਲੀ ਸਜ਼ਾ ਵਾਂਗ ਸੀ। ਇਕ ਵਾਰ ਮੇਰੇ ਦੋਸਤ ਨੇ ਉੱਠਣ ਵਿਚ ਕੁਝ ਢਿੱਲ ਕੀਤੀ ਤਾਂ ਪਿਛੋਂ ਕਾੜ ਕਰਦਾ ਇਕ ਗੋਰੇ ਦਾ ਮੁਸ਼ਟੂ ਉਸ ਦੇ ਸਿਰ ਤੇ ਆ ਕੇ ਵਜਿਆ। ਅਜਿਹੇ ਅਪਮਾਨ ਨਿੱਤ ਸਹਿਣੇ ਪੈਂਦੇ ਸਨ।
ਹੋਰ ਇਕ ਦਿਨ। ਮੈਂ ਓਹੋ ਪੋਸਤੀਨ ਦੀ ਫੁੰਡੀ ਹੋਈ ਗੋਲ ਟੋਪੀ ਪਾਈ, ਜੋ ਸਾਧਾਰਨ ਲੋਕਾਂ ਨੂੰ ਦੂਰੋਂ ਬੜੀ ਅਜੀਬ ਲਗਦੀ ਸੀ, ਪਰ ਜਿਸ ਵਿਚ - ਮੇਰੇ ਮਿੱਤਰਾਂ ਦੇ ਕਥਨ ਅਨੁਸਾਰ, ਸਗੋਂ ਖੁਦ ਆਈਨਾ ਵੀ ਸ਼ਾਇਦ ਸੀ - ਮੈਂ ਹੂਬਹੂ ਜਾਨ ਗਿਲਬਰਟ ਮਲੂਮ ਹੁੰਦਾ ਸਾਂ, ਮੈਂ ਮਾਲ ਰੋਡ ਉਪਰ ਬੇਤਹਾਸ਼ਾ ਸਾਈਕਲ ਉਡਾਈ ਜਾ ਰਿਹਾ ਸਾਂ। ਉਸ ਦਿਨ ਵਾਲੀ ਫਿਲਮ ਵਿਚ ਗਿਲਬਰਟ ਨੇ ਘੁੜਸਵਾਰੀ ਦੀ ਥਾਂ ਸਕੀ ਚਲਾਣ ਦੇ ਕਮਾਲ ਵਿਖਾਏ ਸਨ। ਫਿਲਮ ਦੇ ਅਖੀਰ ਵਿੱਚ ਉਸ ਦੀ ਮਾਸ਼ੂਕ ਦੀ ਬੇਵਫਾਈ ਦਾ ਰਾਜ਼ ਖੁਲ੍ਹ ਗਿਆ ਸੀ। ਪਸ਼ਚਾਤਾਪ ਦੀ ਅਗਨੀ ਵਿਚ ਬਲਦਾ ਉਹ ਸਕੀਆਂ ਉਪਰ ਪੈਰ ਧਰ ਕੇ ਬਰਫਾਂ ਲੱਦੇ ਪਹਾੜਾਂ ਦੇ ਪਾਸੇ ਚੀਰਦਾ ਆਪਣੀ ਭੋਲੀ ਭਾਲੀ ਦੇਵੀ-ਸਰੂਪ ਪਤਨੀ ਕੋਲ ਜਾ ਪੁੱਜਿਆ ਸੀ।
ਓਦੋਂ ਮੈਨੂੰ ਨਹੀਂ ਸੀ ਪਤਾ ਕਿ ਹੀਰੋ ਨੂੰ ਇਤਨੀਆਂ ਤੇਜ਼ ਸਕੀਆਂ, ਜਾਂ ਘੋੜਾ ਆਪ ਦੁੜਾਉਣ ਦੀ ਲੋੜ ਨਹੀਂ ਹੁੰਦੀ। ਕੇਵਲ ਕਲੋਜ਼-ਅਪ ਹੀ ਹੀਰੋ ਦੇ ਹੁੰਦੇ ਹਨ, ਅਤੇ ਉਹ ਬੜੀ ਅਸਾਨੀ ਨਾਲ ਸਟੂਡੀਓ ਦੇ ਅੰਦਰ ਹੀ ਲੈ ਲਏ ਜਾਂਦੇ ਹਨ। "ਲਾਂਗ" ਅਤੇ "ਮੀਡੀਅਮ" ਸ਼ਾਟਾਂ ਲਈ, ਜਿਨ੍ਹਾਂ ਵਿਚ ਸ਼ਕਲ ਪਛਾਣਨੀ ਔਖੀ ਹੁੰਦੀ ਹੈ, ਹੀਰੋ ਦੀ ਥਾਂ ਕੋਈ ਹੋਰ ਆਦਮੀ ਲੈ ਲੈਂਦਾ ਹੈ, ਜਿਸ ਨੂੰ ਘੋੜਾ ਦੁੜਾਉਣਾ ਅਤੇ ਸਕੀ ਚਲਾਉਣੀ ਸੱਚਮੁੱਚ ਆਉਂਦੀ ਹੋਵੇ। ਅਤੇ ਸਿਰ-ਧੜ ਦੀ ਬਾਜ਼ੀ ਉਹਨੂੰ ਵੀ ਲਾਉਣ ਦੀ ਲੋੜ ਨਹੀਂ, ਸ਼ੂਟਿੰਗ ਕਰਨ ਵੇਲੇ ਕੈਮਰੇ ਦੀ ਰਫਤਾਰ ਥੋੜੀ ਜਿਹੀ ਹੌਲੀ ਕਰਨ ਦੀ ਲੋੜ ਹੈ, ਪਰਦੇ ਤੇ ਤਸਵੀਰਾਂ ਆਪੇ ਦੂਣੀ-ਚੌਣੀ ਰਫਤਾਰ ਨਾਲ ਦੌੜਨ ਲਗ ਪੈਣਗੀਆਂ। ਇਹਨਾਂ ਨੂੰ 'ਟ੍ਰਿਕ-ਸ਼ਾਟ' ਆਖਦੇ ਹਨ। ਤਲਵਾਰਬਾਜ਼ੀ, ਪਿਸਤੌਲਬਾਜ਼ੀ, ਮੁੱਕੇਬਾਜ਼ੀ, ਹਨੇਰੀ, ਤੂਫਾਨ, ਭੁਚਾਲ ਆਦਿ ਸਭ ਕੈਮਰੇ ਦੀ ਚਲਾਕੀ ਹੁੰਦੇ ਹਨ, ਜਿਸ ਦਾ ਇਕ ਵਾਰੀ ਪਤਾ ਲਗ ਜਾਏ ਤਾਂ ਸਾਰਾ ਸੁਆਦ ਫਿੱਕਾ ਪੈ ਜਾਂਦਾ ਹੈ।
ਜੇ ਮੈਨੂੰ ਅਜਿਹੀਆਂ ਵਿਚਲੀਆਂ ਗੱਲਾਂ ਦਾ ਪਤਾ ਹੁੰਦਾ ਤਾਂ ਇੰਜ ਮੌਤ ਦੇ ਮੂੰਹ ਵਿਚ ਪੈ ਕੇ ਸਾਈਕਲ ਨਾ ਨਠਾਇਆ ਕਰਦਾ। ਚੌਰਾਹੇ ਤੇ ਅਪੜਨ ਤੋਂ ਬਿੰਦ ਕੁ ਪਹਿਲਾਂ ਮੈਂ ਵੇਖਿਆ, ਸੱਜਿਓਂ ਇਕ ਮੋਟਰ ਸਾਈਕਲ ਆ ਰਹੀ ਹੈ। ਮੈਂ ਇਕ ਦਮ ਬਰੇਕ ਮਾਰੀ ਅਤੇ ਜਾਨ ਗਿਲਬਰਟ ਵਰਗੀ ਹੀ ਅਦਾਕਾਰੀ ਨਾਲ ਚੂਇੰਗ ਗੰਮ ਚਿੱਥਦਿਆਂ ਐਨ ਸਮੇਂ ਸਿਰ ਪੈਰ ਪੈਡਲ ਤੋਂ ਹੇਠਾਂ ਉਤਾਰ ਕੇ ਸੜਕ ਉਤੇ ਜਾਮ ਹੋ ਗਿਆ। ਮੋਟਰ ਸਾਈਕਲ ਵਾਲੇ ਲਈ ਸਾਰੀ ਸੜਕ ਖਾਲੀ ਪਈ ਸੀ, ਪਰ ਉਸ ਦਾ ਸਵਾਰ ਇਕ ਮਗਰੂਰ ਅੰਗਰੇਜ਼ ਸੀ, ਜੋ ਬੜੀ ਹੀ ਬਦਤਮੀਜ਼ੀ ਨਾਲ ਮੈਨੂੰ ਗੰਦੀਆਂ ਗਾਲ੍ਹਾਂ ਕਢਦਾ ਅੱਗੇ ਨਿਕਲ ਗਿਆ। ਪਿਛੇ ਉਸ ਨੇ ਇਕ ਮੇਮ ਬਿਠਾਈ ਹੋਈ ਸੀ। ਇਸ ਕਾਰਨ ਅਪਮਾਨ ਹੋਰ ਵੀ ਅਸਹਿ ਸੀ, ਹਾਲਾਂਕਿ ਉਸ ਪਰੀ-ਜ਼ਾਤ ਨਾਲ ਮੇਰੀਆਂ ਅੱਖਾਂ ਮਿਲੀਆਂ ਤਾਂ ਉਹਨਾਂ ਵਿਚ ਹਮਦਰਦੀ ਅਤੇ ਨਿੱਘ ਸਾਫ ਨਜ਼ਰ ਆ ਗਿਆ ਸੀ। ਜੇ ਮੇਰੀ ਸਾਈਕਲ ਨਾਲ ਵੀ ਇੰਜਨ ਲਗਾ ਹੁੰਦਾ, ਤਾਂ ਮੈਂ ਅਵੱਸ਼ ਉਸ ਬਦਤਮੀਜ਼ ਦਾ ਪਿੱਛਾ ਕਰਕੇ ਉਹਨੂੰ ਮਜ਼ਾ ਚਖਾਉਣਾ ਸੀ। ਦਿਲ ਮਸੋਸ ਕੇ ਰਹਿ ਗਿਆ।
ਪਰ ਇਹੋ ਜਹੀਆਂ ਬਦਸਲੂਕੀਆਂ ਵਡੇ ਵਡੇ ਰਾਏ ਬਹਾਦਰਾਂ ਅਤੇ ਖਾਨ ਬਹਾਦਰਾਂ ਨਾਲ ਵੀ ਹੋ ਜਾਂਦੀਆਂ ਸਨ, ਫੇਰ ਪ੍ਰੋਫੈਸਰ ਤੇ ਮੁੰਡਿਆਂ ਦਾ ਕੀ ਆਖ? ਹਰ ਕੋਈ ਉਨ੍ਹਾਂ ਤੋਂ ਬਚਣ ਦੇ ਆਪਣੇ ਖਾਸ ਨਿੱਜੀ ਢੰਗ ਸੋਚਦਾ ਸੀ। ਇਹਨਾਂ ਵਿਚ ਇੰਤਕਾਮ ਜਾਂ ਵਿਰੋਧ ਦਾ ਕੋਈ ਜਜ਼ਬਾ ਨਹੀਂ ਸੀ ਹੁੰਦਾ, ਸਗੋਂ ਅਮਿਣਵੀਆਂ ਮਿਹਨਤਾਂ ਕਰਕੇ ਅੰਦਰੋਂ ਬਾਹਰੋਂ ਆਪਣੇ ਆਪ ਨੂੰ ਪੂਰਨ-ਰੂਪ ਅੰਗਰੇਜ਼ੀ ਸੱਚੇ ਵਿਚ ਢਾਲ ਲੈਣਾ ਹਰ ਕਿਸੇ ਦਾ ਆਦਰਸ਼ ਬਣ ਗਿਆ ਸੀ। ਹਰ ਕੋਈ ਇਹੋ ਸੁਪਨਾ ਵੇਖਦਾ ਸੀ ਕਿ ਕਦੇ ਨਾ ਕਦੇ ਉਹਨੂੰ ਅੰਗਰੇਜ਼ ਆਪਣੇ ਬਰਾਬਰ ਦਾ ਦਰਜਾ ਦੇਣ, ਆਪਣੀ ਬਿਰਾਦਰੀ ਵਿਚ ਰਲਾਉਣ। ਅਤੇ ਇਹ ਕੋਈ ਅਨਹੋਣੀ ਗੱਲ ਵੀ ਨਹੀਂ ਸੀ। ਪੰਜਾਬ ਧੁਰ ਪੁਰਾਤਨ ਕਾਲ ਤੋਂ ਆਰੀਆ, ਯੂਨਾਨੀ, ਤੁਰਕੀ ਅਤੇ ਅਨੇਕਾਂ ਹੋਰ ਗੋਰੀਆਂ ਹਮਲਾਵਰ ਕੌਮਾਂ ਲਈ ਭਾਰਤ ਦਾ ਪ੍ਰਵੇਸ਼-ਦੁਆਰ ਰਿਹਾ ਹੈ। ਏਥੇ ਕੌਮਾਂ ਅਤੇ ਨਸਲਾਂ ਦੇ ਰੱਜ-ਰੱਜ ਕੇ ਮਿਸ਼ਰਣ ਹੋਏ ਹਨ। ਏਸੇ ਕਾਰਨ ਇਸ ਖਿੱਤੇ ਵਿਚ ਅਚੰਭਿਤ ਕਰਨ ਦੀ ਹੱਦ ਤਕ ਗੋਰੇ ਅਤੇ ਸੁਨੱਖੇ ਲੋਕ ਵੇਖਣ ਵਿਚ ਆਉਂਦੇ ਹਨ। ਇਸ ਦੀ ਤਸਦੀਕ ਵਿਚ ਕੇਵਲ ਇਤਨਾ ਹੀ ਕਹਿਣਾ ਕਾਫੀ ਹੈ ਕਿ ਪੰਜਾਬ ਸਦਾ ਤੋਂ ਹੀਰੋਆਂ-ਹੀਰੋਇਨਾਂ ਲਈ ਫਿਲਮਸਾਜ਼ਾਂ ਦੀ ਤਲਾਸ਼-ਗਾਹ ਰਿਹਾ ਹੈ। ਦਲੀਪ ਕੁਮਾਰ, ਰਾਜ ਕਪੂਰ, ਰਾਜ ਕੁਮਾਰ, ਰਾਜਿੰਦਰ ਕੁਮਾਰ, ਦੇਵ ਆਨੰਦ, ਧਰਮਿੰਦਰ, ਸ਼ਸ਼ੀ ਕਪੂਰ, ਸ਼ੰਮੀ ਕਪੂਰ ਅਤੇ ਕਿਤਨੇ ਹੀ ਹੋਰ ਹੀਰੋ ਓਸੇ ਪਾਸੇ ਦੇ ਲੋਕ ਹਨ। ਸਾਡਾ ਪਿੰਡੀ, ਪਿਸ਼ੌਰ ਤਾਂ ਏਸ ਲਿਹਾਜ਼ ਤੋਂ ਹੋਰ ਵੀ ਜ਼ਿਆਦਾ ਮੁਮਤਾਜ਼ ਰਿਹਾ ਹੈ।
ਏਸ ਨਾਚੀਜ਼ ਲੇਖਕ ਨੂੰ ਵੀ ਉਹਦੀ ਫਿਲਮੀ ਜ਼ਿੰਦਗੀ ਵਿਚ ਕਈ ਵਾਰ ਗੈਰੀ ਕੂਪਰ, ਰੋਨਾਲਡ ਕਾੱਲਮੈਨ, ਹਮਫਰੀ ਬੋਗਾਰਟ, ਐਨਥਨੀ ਕਵਿਨ ਆਦਿ ਨਾਲ ਤਸ਼ਬੀਹ ਦਿਤੀ ਜਾਂਦੀ ਰਹੀ ਹੈ। ਦੇਵ ਆਨੰਦ ਦੇ ਇੰਡੀਅਨ ਗਰੈਗਰੀ ਪੈਕ ਅਖਵਾਉਣ ਤੋਂ ਤਾਂ ਸਭ ਜਾਣੂ ਸਨ।
ਆਪਣੇ ਸਵੈ-ਮਾਣ ਦੀ ਰਖਿਆ ਲਈ ਬਾਕੀ ਹਿੰਦੁਸਤਾਨ ਵਿਚ ਭਾਰਤੀਆਂ ਨੇ ਗਾਂਧੀ ਜੀ ਦੀ ਰਾਹ ਫੜੀ, ਪਰ ਪੰਜਾਬੀਆਂ ਨੂੰ ਨੱਕਾਲੀ ਦੀ ਰਾਹ ਫੜਨਾ ਬਹੁਤ ਲਾਹੇਵੰਦਾ ਰਿਹਾ, ਅਤੇ ਇਸ ਨੂੰ ਉਹ ਏਸ ਆਜ਼ਾਦੀ ਦੇ ਯੁੱਗ ਵਿਚ ਵੀ ਛੱਡਣ ਲਈ ਤਿਆਰ ਨਹੀਂ। ਸਗੋਂ ਸੱਚ ਤਾਂ ਇਹ ਹੈ ਕਿ ਹੁਣ ਬਾਕੀ ਹਿੰਦੁਸਤਾਨ ਵੀ ਗਾਂਧੀ ਜੀ ਦੀ ਰਾਹ ਛੱਡ ਕੇ ਨੱਕਾਲੀ ਵਾਲੀ ਰਾਹ ਵਲ ਖਿਚੀਂਦਾ ਆ ਰਿਹਾ ਹੈ।
ਸਾਡੀ ਫਿਲਮ ਇੰਡਸਟਰੀ ਵਿਚ ਵੀ ਕਦੇ ਗਾਂਧੀ ਅਤੇ ਟੈਗੋਰ ਤੋਂ ਪ੍ਰੇਰਨਾ ਲੈ ਕੇ ਰਾਸ਼ਟਰੀ ਭਾਵਨਾਵਾਂ ਜਾਗ੍ਰਤ ਹੋਈਆਂ ਸਨ, "ਨਿਊ ਥੇਟਰ" ਅਤੇ "ਪ੍ਰਭਾਤ ਫਿਲਮ ਕੰਪਨੀ" ਵਰਗੀਆਂ ਸੰਸਥਾਵਾਂ ਬਣੀਆਂ ਸਨ। ਪਰ ਅਜ, ਪੰਜਾਬੀਆਂ ਦੇ ਅਸਰ ਹੇਠ, ਮੈਦਾਨ ਵਿਚ ਨਕਲ ਦਾ ਝੰਡਾ ਬੜੀ ਮਜ਼ਬੂਤੀ ਨਾਲ ਗੱਡਿਆ ਜਾ ਚੁੱਕਿਆ ਹੈ।
ਇਕ ਤਰ੍ਹਾਂ ਵੇਖੋ ਤਾਂ ਹੈ ਗੱਲ ਮਜ਼ਾਕ ਦੀ। ਪਰ ਕੁਦਰਤ ਦੀ ਸਿਤਮ-ਜ਼ਰੀਫੀ ਨੇ ਇਕ ਹਾਸੇ ਵਾਲੀ ਚੀਜ਼ ਨੂੰ ਵੀ ਗੰਭੀਰ ਬਣਾ ਛਡਿਆ ਹੈ।
ਜੇ ਪੂਰੀ ਦੀ ਪੂਰੀ ਕੌਮ ਆਪਣੇ ਆਪ ਨੂੰ ਧੋਖਾ ਦੇ ਸਕਦੀ ਸੀ, ਤਾਂ ਮੈਂ ਤਾਂ ਮਸਾਂ ਸਤਾਰਾਂ-ਅਠਾਰਾਂ ਵਰ੍ਹਿਆਂ ਦਾ ਬਾਲ ਸਾਂ। ਜਦੋਂ ਵੀ ਮੈਂ ਕੋਈ ਵਲੈਤੀ ਪਿਕਚਰ ਵੇਖ ਕੇ ਘਰ ਪਹੁੰਚਦਾ ਤਾਂ ਪਹਿਲਾ ਕੰਮ ਹੁੰਦਾ, ਸ਼ੀਸ਼ੇ ਵਿਚ ਮੁਖਤਲਿਫ ਜ਼ਾਵੀਆਂ ਤੋਂ ਆਪਣੀ ਸ਼ਕਲ ਨਿਹਾਰਨਾ, ਅਤੇ ਅਜੀਬ ਗੱਲ ਹੈ, ਸਦਾ ਮੈਨੂੰ ਉਸ ਵਿਚ ਉਸ ਫਿਲਮ ਦੇ ਹੀਰੋ ਦੀ ਝਲਕ ਸਾਫ ਨਜ਼ਰ ਆਉਂਦੀ ਸੀ! ਮੈਂ ਇਸ ਚਮਤਕਾਰ ਉਤੇ ਆਪ ਬੜਾ ਹੈਰਾਨ ਸਾਂ ਕਿ ਕਿਵੇਂ ਇਕ ਇਕੱਲੇ ਆਦਮੀ ਦੀ ਸ਼ਕਲ ਹਾਲੀਵੁਡ ਦੇ ਸਾਰਿਆਂ ਹੀ ਹੀਰੋਆਂ ਨਾਲ ਮੇਲ ਖਾ ਸਕਦੀ ਹੈ। ਮੈਂ ਸ਼ੀਸ਼ੇ ਦਾ ਖਹਿੜਾ ਉਸ ਵੇਲੇ ਤਕ ਨਾ ਛਡਦਾ ਜਦੋਂ ਉਪਰ ਮੁਘ ਤੋਂ ਪਿਤਾ ਜੀ ਜਾਂ ਮਾਤਾ ਜੀ ਦੀ ਗੁੱਸੇ ਭਰੀ ਹਾਕ ਸਿਰ ਤੇ ਬੰਬਾਰ ਵਾਂਗ ਨਾ ਵਜਦੀ। ਉਹ ਸਖਤੀ ਨਾਲ ਦੇਰ ਨਾਲ ਆਉਣ ਦਾ ਕਾਰਨ ਪੁਛਦੇ, ਅਤੇ ਮੈਂ ਝਟ ਕੋਈ ਕੱਚਾ ਪੱਕਾ ਝੂਠ ਮਾਰ ਛਡਦਾ।
ਮੁੜ ਮੁੜ ਝੂਠ ਬੋਲਣ ਦੀ ਏਸ ਆਦਤ ਨੇ ਸੱਚੀ ਸਾਫ ਤੇ ਖਰੀ ਗੱਲ ਮੂੰਹ ਉਤੇ ਕਹਿਣ ਦੀ ਤਾਕਤ ਵੀ ਮੇਰੇ ਕਿਰਦਾਰ ਵਿਚੋਂ ਮਨਫੀ ਕਰ ਦਿਤੀ। ਮੇਰੇ ਅੰਦਰ ਅਣਖ ਦੀ ਘਾਟ ਨਹੀਂ, ਅਤੇ ਨਾ ਹੀ ਅੱਜ ਤੱਕ ਕੋਈ ਮਾਈ ਦਾ ਲਾਲ ਮੈਨੂੰ ਆਪਣੀ ਵਡਿਆਈ ਦੇ ਜ਼ੋਰ ਉਤੇ ਝੁਕਾ ਸਕਿਆ ਹੈ। ਪਰ ਫੇਰ ਵੀ, ਰੋਜ਼ ਦੇ ਵਰਤਾਰੇ ਵਿਚ, ਮੈਂ ਹਰ ਇਨਸਾਨ ਦੇ ਹਜ਼ੂਰ ਵਿਚ ਇਕ ਕਸੂਰਵਾਰ ਵਾਂਗ ਹੀ ਪੇਸ਼ ਹੁੰਦਾ ਹਾਂ, ਭਾਵੇਂ ਉਹ ਮੈਥੋਂ ਵੱਡਾ ਹੋਵੇ, ਭਾਵੇਂ ਛੋਟਾ, ਜਿਵੇਂ, ਮੈਂ ਉਸ ਤੋਂ ਆਪਣਾ ਕੋਈ ਕਸੂਰ ਲੁਕਾ ਰਿਹਾ ਹੋਵਾਂ। ਮੈਨੂੰ ਆਪਣੀ ਫਿਲਮੀ ਕਾਮਯਾਬੀ ਅਤੇ ਸ਼ੁਹਰਤ ਵੀ ਇਕ ਕਸੂਰ ਹੀ ਜਾਪਦੀ ਹੈ। ਲੋਕੀਂ ਮੇਰੇ ਮਿਜ਼ਾਜ ਦੀ ਨਿਮਰਤਾ ਦਾ ਜ਼ਿਕਰ ਕਰਦੇ ਹਨ। ਪਰ ਏਸ ਨਿਮਰਤਾ ਵਿਚ ਕਾਫੀ ਹਿੱਸਾ ਏਸ ਦੋਖੀਪਣ ਦੇ ਅਹਿਸਾਸ ਦਾ ਵੀ ਹੈ। ਨਿੱਕਿਆਂ ਹੁੰਦਿਆਂ ਤੋਂ ਮਾਪਿਆਂ ਨੇ ਫਿਲਮਾਂ ਨੂੰ ਗੁਨਾਹ ਦੇ ਰੂਪ ਵਿਚ ਵੇਖਣ ਦੀ ਮੈਨੂੰ ਆਦਤ ਪਾ ਛੱਡੀ ਹੈ।
ਮੇਰਾ ਬਚਪਨ ਸੰਸਾਰ ਦੀ ਫਿਲਮ-ਕਲਾ ਦੇ ਵੀ ਬਚਪਨ ਦਾ ਜ਼ਮਾਨਾ ਸੀ। ਉਸ ਵਿਚ ਅਸਾਧਾਰਨ ਆਕਰਸ਼ਣ ਵੀ ਕੇਵਲ ਮੈਨੂੰ ਨਹੀਂ, ਸਾਰੀ ਦੀ ਸਾਰੀ ਪੀੜ੍ਹੀ ਨੂੰ ਹੀ ਹੋਇਆ ਸੀ। ਮੈਨੂੰ ਕੱਲ੍ਹ ਵਾਂਗ ਯਾਦ ਹੈ ਜਦੋਂ ਫਿਲਮਾਂ ਵਿਚ ਦਾਖਲ ਹੋਣ ਲਈ ਬੰਬਈ ਰਵਾਨਾ ਹੁੰਦੇ ਪ੍ਰਿਥਵੀ ਰਾਜ ਕਪੂਰ ਅਤੇ ਜਗਦੀਸ਼ ਸੇਠੀ ਆਪਣੇ ਮਿੱਤਰਾਂ ਨੂੰ ਅਲਵਿਦਾ ਕਹਿਣ ਰਾਵਲਪਿੰਡੀ ਦੇ ਨੇੜੇ ਕੋਹਮਰੀ ਤਸ਼ਰੀਫ ਲਿਆਏ ਸਨ। ਉਹਨਾਂ ਦੇ ਮੁਕਾਬਲੇ ਵਿਚ ਮੈਂ ਅਜੇ ਕਮਸਿਨ ਸਾਂ, ਪਰ ਆਪਣੇ ਆਲੇ ਦੁਆਲੇ ਜੋ ਕੁਝ ਹੋ ਰਿਹਾ ਸੀ, ਉਸ ਨੂੰ ਬੜੇ ਗੌਰ ਨਾਲ ਵੇਖਦਾ ਸਾਂ। ਪੰਜਾਬ ਦੇ ਮਨਚਲੇ ਹੁਸੀਨ ਗੱਭਰੂਆਂ ਲਈ ਗੋਰੀ ਹਕੂਮਤ ਨੇ ਵਿਕਾਸ ਦੇ ਸਾਰੇ ਰਾਹ ਬੰਦ ਕੀਤੇ ਹੋਏ ਸਨ, ਪਰ ਫੇਰ ਵੀ ਉਹਨਾਂ ਨੂੰ ਰੋਕ ਕੇ ਰੱਖਣਾ ਬੜਾ ਔਖਾ ਸੀ। ਅਤੇ ਫਿਲਮ ਇਕ ਐਸਾ ਮੈਦਾਨ ਸੀ ਜਿਸ ਦੇ ਵਿਸ਼ਾਲ ਕਾਲਪਨਿਕ ਘੇਰੇ ਵਿਚ ਪੰਜਾਬੀ ਗਭਰੂਆਂ ਨੂੰ ਉਹ ਸਾਰੇ ਕਾਰਨਾਮੇ ਕਰਨ ਦੀ ਖੁਲ੍ਹ ਸੀ ਜਿਨ੍ਹਾਂ ਦੀ ਜੀਵਨ ਇਜਾਜ਼ਤ ਨਹੀਂ ਸੀ ਦੇਂਦਾ।
ਹਰੀ ਰਾਮ ਸੇਠੀ ਵੀ ਸਾਡੇ ਸ਼ਹਿਰ ਦੇ ਇਕ ਪਾਰਲੇ ਦਰਜੇ ਦੇ ਅਲਬੇਲੇ ਗੱਭਰੂ ਸਨ। ਪੰਜਾਬ ਵਿਚ ਸਭ ਤੋਂ ਪਹਿਲੀ ਸਰਮਾਏਦਾਰ ਫਿਲਮ ਕੰਪਨੀ ਉਹਨਾਂ ਦੀ ਹਿੰਮਤ ਨਾਲ ਰਾਵਲਪਿੰਡੀ ਵਿਚ ਹੀ ਬਣੀ ਸੀ। ਨਾਂ ਸੀ, "ਪੰਜਾਬ ਫਿਲਮ ਕੰਪਨੀ"। ਤੇ ਪਹਿਲੀ ਫਿਲਮ ਸੀ, "ਅਬਲਾ"। ਉਸ ਦੀ ਸ਼ੂਟਿੰਗ ਵੀ ਰਾਵਲਪਿੰਡੀ ਵਿਚ ਹੋਈ। ਤਿਲਕ ਭਸੀਨ, ਬਾਵਾ ਭੀਸ਼ਮ ਸਿੰਘ, ਅਤੇ ਕਿਤਨਿਆਂ ਹੀ ਹੋਰ ਮੇਰੇ ਮਿੱਤਰਾਂ ਨੇ ਉਸ ਵਿਚ ਪਾਰਟ ਕੀਤਾ ਸੀ। ਹੀਰੋ ਨੂੰ ਡਾਇਰੈਕਟਰ ਬੰਗਾਲ ਤੋਂ ਭਰਤੀ ਕਰਕੇ ਲਿਆਏ ਸਨ। ਇਸ ਗੱਲ ਦੀ ਸਾਰੇ ਸ਼ਹਿਰ ਦੇ ਨੌਜਵਾਨਾਂ ਨੂੰ ਖਾਰ ਸੀ। ਅਸੀਂ ਸ਼ੂਟਿੰਗ ਵੇਲੇ ਹੀਰੋ ਦੇ ਆਲੇ ਦੁਆਲੇ ਗੇੜੇ ਮਾਰਦੇ, ਉਹਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੇ ਕਿ ਹੁਸਨ ਦੇ ਨੁਕਤੇ ਤੋਂ ਉਹ ਸਾਡੀ ਚੀਚੀ ਦੀ ਉਂਗਲ ਦੀ ਬਰਾਬਰੀ ਨਹੀਂ ਸੀ ਕਰਦਾ।
ਮੋਟਾ ਕਾਮਿਡੀਅਨ ਰਾਮ ਅਵਤਾਰ, ਜੋ ਹੁਣ ਵੀ ਪਿਕਚਰਾਂ ਵਿਚ ਕੰਮ ਕਰਦਾ ਹੈ, ਓਸੇ ਜ਼ਮਾਨੇ ਪਿੰਡੀਓਂ ਨੱਠ ਕੇ ਆਇਆ ਸੀ। ਸੁਰਗਵਾਸੀ ਪ੍ਰਹਿਲਾਦ ਦੱਤ ਬੰਬਈ ਦੀ ਫਿਲਮ ਇੰਡਸਟਰੀ ਦਾ ਇਕ ਬਹੁਤ ਹੀ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਕੈਮਰਾਮੈਨ ਹੋ ਗੁਜ਼ਰਿਆ ਹੈ। ਉਸ ਦੇ ਕੀਤੇ ਕਈ ਫਿਲਮੀ ਅਵਿਸ਼ਕਾਰ ਯੋਰਪ ਅਤੇ ਅਮਰੀਕਾ ਵਿੱਚ ਵੀ ਸਲਾਹੇ ਜਾ ਚੁਕੇ ਹਨ। ਅਜ ਉਹ ਇਸ ਸੰਸਾਰ ਵਿਚ ਨਹੀਂ। ਪਰ ਮੈਨੂੰ ਯਾਦ ਹੈ ਉਹ ਤੇ ਮੇਰਾ ਇਕ ਹੋਰ ਮਿੱਤਰ, ਤਿਲਕ ਭਸੀਨ ਪਿੰਡੀ ਪਾਇੰਟ ਅਤੇ ਕਸ਼ਮੀਰ ਪਾਇੰਟ ਦੀਆਂ ਸੈਰਾਂ ਦੇ ਦੌਰਾਨ ਹਮੇਸ਼ਾਂ "ਦੋ ਰੀਲਰ" ਕਾਮਿਡੀਆਂ ਦੇ "ਸਿਚੂਏਸ਼ਨ" ਸੋਚਦੇ ਰਹਿੰਦੇ ਸਨ। ਇਕ ਵਾਰੀ ਕਿਸੇ ਲੁਕੇ ਹੋਏ ਖਜ਼ਾਨੇ ਦੀ ਤਲਾਸ਼ ਵਿਚ ਉਸ ਅੰਗਰੇਜ਼ ਦੀ ਕੋਠੀ ਦੇ ਹਾਤੇ ਦੀ ਚਿੱਟੀ ਬੁੱਤੀ ਪੁਟ ਸੁੱਟੀ, ਤਾਂ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ। ਪ੍ਰਹਿਲਾਦ ਦੱਤ ਨੇ ਏਸ ਤੋਂ ਕੁਝ ਹੀ ਵਰ੍ਹੇ ਪਿਛੋਂ ਆਪਣੇ ਹੱਥ ਨਾਲ ਇਕ "ਮੂਵੀ ਕੈਮਰਾ" ਬਣਾ ਕੇ ਵਿਖਾ ਦਿਤਾ, ਅਤੇ ਉਸ ਦੀਆਂ ਸ਼ੁਹਰਤਾਂ ਦੂਰ ਦੂਰ ਤਕ ਫੈਲ ਗਈਆਂ। ਜੇ ਮੈਂ ਗਲਤੀ ਨਹੀਂ ਕਰਦਾ ਤਾਂ ਉਸ ਨੇ ਭਗਤ ਸਿੰਘ ਦੀ ਇਨਕਲਾਬੀ ਪਾਰਟੀ ਲਈ ਬੰਮ ਵੀ ਬਣਾਏ ਸਨ। ਉਸ ਦਾ ਸਾਥੀ ਹਰਬੰਸ ਭਲੱਾ ਹੁਣ ਵੀ ਮਦਰਾਸ ਵਿਚ ਫਿਲਮਾਂ ਦਾ ਕੰਮ ਕਰਦਾ ਹੈ। ਆਪਣੀ ਲੈਬਾਰਟਰੀ ਹੈ ਉਸ ਦੀ।
ਜੈ ਕਿਸ਼ਨ ਨੰਦਾ, ਜਿਨ੍ਹਾਂ "ਇਸ਼ਾਰ" ਵਰਗੀਆਂ ਕਾਮਯਾਬ ਫਿਲਮਾਂ ਡਾਇਰੈਕਟ ਕੀਤੀਆਂ ਹਨ, ਉਸੇ ਜ਼ਮਾਨੇ ਫਿਲਮੀ ਹੀਰੋ ਬਣਨ ਲਈ ਜਰਮਨੀ ਉਠ ਦੌੜੇ ਸਨ। ਆਰ. ਸੀ. ਤਲਵਾੜ ਹਾਲੀਵੁੱਡ ਜਾ ਪੁੱਜੇ। ਹੋਰ ਵੀ ਕਿਤਨੇ ਹੀ ਮੇਰੀ ਜਾਣ ਪਛਾਣ ਦੇ ਬੰਦੇ ਮੈਥੋਂ ਪਹਿਲਾਂ ਤੋਂ ਫਿਲਮਾਂ ਵਿਚ ਆਏ ਹੋਏ ਸਨ।
1930 ਵਿਚ ਮੇਰੀ ਜ਼ਿੰਦਗੀ ਨੇ ਇਕ ਇਤਿਹਾਸਕ ਮੋੜ ਖਾਧਾ। ਮੈਂ ਪਿੰਡੀ ਛੱਡ ਕੇ ਲਾਹੌਰ ਗੌਰਮਿੰਟ ਕਾਲਿਜ ਬੀ. ਏ. ਵਿਚ ਦਾਖਲ ਹੋਇਆ। ਏਸੇ ਸਾਲ ਫਿਲਮਾਂ ਨੇ ਵੀ ਖਾਮੋਸ਼ੀ ਦਾ ਦਾਮਨ ਛਡ ਕੇ ਬੋਲਣ ਦੇ ਯੁੱਗ ਵਿਚ ਪ੍ਰਵੇਸ਼ ਕੀਤਾ। ਅਚਾਨਕ ਖਬਰ ਉੱਡੀ ਕਿ "ਆਲਮ ਆਰਾ" ਨਾਂ ਦੀ ਪਹਿਲੀ "ਟਾਕੀ" ਫਿਲਮ ਕੈਪੀਟਲ ਸਿਨੇਮਾ ਵਿਚ ਵਿਖਾਈ ਜਾ ਰਹੀ ਹੈ, ਜਿਸ ਵਿਚ ਪ੍ਰਿਥਵੀ ਰਾਜ ਕਪੂਰ ਅਤੇ ਜਗਦੀਸ਼ ਸੇਠੀ ਕੰਮ ਕਰ ਰਹੇ ਹਨ। ਮੈਂ ਬੜੇ ਚਾਅ ਨਾਲ ਵੇਖਣ ਗਿਆ। ਭੀੜਾਂ ਦਾ ਕੋਈ ਅੰਤ ਨਹੀਂ ਸੀ।
ਏਸੇ ਸਿਨੇਮਾ ਵਿਚ ਇਕ ਹਫਤਾ ਪਹਿਲਾਂ ਜਦੋਂ ਮੈਂ ਜੀਨ ਹਾਰਲੋ (ਉਸ ਜ਼ਮਾਨੇ ਦੀ ਮਾਰਲਿਨ ਮੁਨਰੋ, ਜੋ ਮਾਰਲਿਨ ਵਾਂਗ ਹੀ ਭਰੀ ਜੁਆਨੀ ਵਿਚ ਬੇਮੌਤ ਮੋਈ ਸੀ) ਦੀ ਪਿਕਚਰ "ਹੈਲਜ਼ ਏਂਜਲਸ" ਦਾ ਟਿਕਟ ਖਰੀਦ ਰਿਹਾ ਸਾਂ, ਮੈਨੂੰ ਖਬਰ ਮਿਲੀ ਕਿ ਅੰਦਰ ਸਾਡੀ ਰਾਵਲਪਿੰਡੀ ਵਾਲੀ ਫਿਲਮ "ਅਬਲਾ" ਦਾ ਪ੍ਰਾਈਵੇਟ ਸ਼ੋ ਹੋ ਰਿਹਾ ਹੈ, ਅਤੇ ਇਮਤਿਆਜ਼ ਅਲੀ ਤਾਜ ਅਤੇ ਅਹਿਮਦ ਸ਼ਾਹ ਬੁਖਾਰੀ ਵਰਗੇ ਪਾਰਖੂ ਵੇਖਣ ਆਏ ਹੋਏ ਹਨ। ਬੁਖਾਰੀ ਮੇਰੇ ਪਰੋਫੈਸਰ ਸਨ। ਕੁਝ ਮਿੰਟਾਂ ਬਾਅਦ ਸ਼ੋ ਖਤਮ ਹੋਇਆ ਤਾਂ ਮੈਂ ਬੁਖਾਰੀ ਸਾਹਬ ਕੋਲੋਂ ਬੜੇ ਦਾਈਏ ਨਾਲ ਅੱਗੇ ਵਧ ਕੇ ਰਾਏ ਪੁਛੀ। ਉਹ ਬੜੇ ਉਦਾਸ ਹੋ ਕੇ ਕਹਿਣ ਲਗੇ, "ਟੈਕਨੀਕਲ ਲਿਹਾਜ਼ ਤੋਂ ਇਹ ਫਿਲਮ ਚੰਗੀ ਤੋਂ ਚੰਗੀ ਅਮਰੀਕਨ ਫਿਲਮ ਦਾ ਮੁਕਾਬਲਾ ਕਰ ਸਕਦੀ ਹੈ। ਕਿਤਨੇ ਅਫਸੋਸ ਦੀ ਗੱਲ ਹੈ ਕਿ ਬਨਾਣ ਵਾਲਿਆਂ ਨੂੰ ਇਤਨਾ ਰੁਪਿਆ ਖਰਚ ਕਰਨ ਵੇਲੇ ਇਸ ਗੱਲ ਦਾ ਖਿਆਲ ਨਹੀਂ ਆਇਆ ਕਿ ਖਾਮੋਸ਼ ਫਿਲਮਾਂ ਦਾ ਜ਼ਮਾਨਾ ਖਤਮ ਹੋ ਰਿਹਾ ਹੈ।"
ਲਾਲਾ ਹਰੀ ਰਾਮ ਸੇਠੀ ਉਸ ਫਿਲਮ ਕਾਰਨ ਬਰਬਾਦ ਹੋ ਗਏ। ਪਰ ਉਸ ਵੇਲੇ ਮੈਨੂੰ ਇਸ ਗੱਲ ਦਾ ਰੰਜ ਨਹੀਂ ਸੀ, ਸਗੋਂ ਅਭਿਮਾਨ ਮਹਿਸੂਸ ਹੁੰਦਾ ਸੀ, ਕਿ ਅਖੀਰ ਰਾਵਲਪਿੰਡੀ ਵਾਲਿਆਂ ਨੇ ਵਲੈਤ ਵਾਲਿਆਂ ਦੀ ਬਰਾਬਰੀ ਕਰਕੇ ਵਿਖਾ ਹੀ ਦਿਤੀ।
ਏਸ ਤੋਂ ਉਲਟ "ਆਲਮ ਆਰਾ" ਟੈਕਨੀਕਲ ਲਿਹਾਜ਼ ਤੋਂ ਇਕ ਨਿਹਾਇਤ ਘਟੀਆ ਫਿਲਮ ਸੀ, ਪਰ ਉਸ ਦੇ ਬਣਾਨ ਵਾਲੇ ਮਾਲਾਮਾਲ ਹੋ ਗਏ। ਫਿਲਮ ਲਾਈਨ ਵਿਚ ਅਜਿਹੇ ਹਨ੍ਹੇਰ ਰੋਜ਼ ਹੁੰਦੇ ਹਨ। ਘਟੀਆ ਫਿਲਮਾਂ ਕਾਮਯਾਬ ਹੋ ਜਾਂਦੀਆਂ ਹਨ, ਵਧੀਆ ਫੇਲ੍ਹ। ਪਰ ਓਦੋਂ ਮੈਨੂੰ ਇਹਨਾਂ ਗੱਲਾਂ ਦਾ ਕੁਝ ਨਹੀਂ ਸੀ ਪਤਾ। ਅਤੇ ਨਾ ਹੀ ਇਸ ਗੱਲ ਦਾ ਪਤਾ ਸੀ ਕਿ ਤਕਨੀਕ ਸ਼ਬਦ ਦਾ ਫਿਲਮਾਂ ਦੇ ਸੰਪਰਕ ਵਿਚ ਠੀਕ ਠੀਕ ਕੀ ਅਰਥ ਹੁੰਦਾ ਹੈ।
ਲਾਹੌਰ ਵਿਚ ਮੈਂ ਘਰ ਦੇ ਅਕੁੰਸ਼ ਤੋਂ ਆਜ਼ਾਦ ਸਾਂ, ਕਿਉਂਕਿ ਹੋਸਟਲ ਵਿਚ ਰਹਿੰਦਾ ਸਾਂ। ਹੁਣ ਫਿਲਮਾਂ ਵੇਖਣ ਤੋਂ ਮੈਨੂੰ ਕੋਈ ਰੋਕ ਨਹੀਂ ਸੀ ਸਕਦਾ। ਹਫਤੇ ਵਿਚ ਘਟੋ ਘਟ ਤਿੰਨ ਅਮਰੀਕੀ ਫਿਲਮਾਂ ਤਾਂ ਜ਼ਰੂਰ ਵੇਖ ਛਡਦਾ, ਅਤੇ ਉਹਨਾਂ ਦਾ ਅਸਰ ਮੇਰੀ ਚੇਤਨਾ ਉਪਰ ਦਿਨੋਂ ਦਿਨ ਬੜਾ ਗੰਭੀਰ ਹੁੰਦਾ ਜਾ ਰਿਹਾ ਸੀ। ਪਰ ਅਜੇ ਵੀ ਫਿਲਮ ਐਕਟਰ ਬਣਨ ਦਾ ਖਿਆਲ ਮੇਰੇ ਮਨ ਵਿਚ ਕਦੇ ਤੀਬਰਤਾ ਨਾਲ ਨਹੀਂ ਸੀ ਉਠਦਾ। ਜੇ ਐਕਟਰ ਬਣਨਾ ਹੋਵੇ ਤਾਂ ਬੰਦਾ ਹਾਲੀਵੁਡ ਜਾ ਕੇ ਬਣੇ ਹਿੰਦੁਸਤਾਨੀ ਫਿਲਮਾਂ ਵਿਚ ਪੈ ਕੇ ਆਪਣੇ ਆਪ ਨੂੰ ਕਿਉਂ ਖਰਾਬ ਕਰੇ?
ਐਮ. ਏ. ਵਿਚ ਪੁਜਦਿਆਂ ਮੇਰੀ ਸਾਹਿਤਕ ਸੂਝ ਕਾਫੀ ਨਿੱਖਰ ਚੁਕੀ ਸੀ। ਗੌਰਮਿੰਟ ਕਾਲਿਜ ਦੀ ਨਾਟਕ-ਮੰਡਲੀ ਵਿਚ ਵੀ ਮੈਂ ਮੈਂ ਮੂੰਹ ਮਾਰਨ ਲਗ ਪਿਆ ਸਾਂ, ਜਿਸ ਦੇ ਰੂਹੇ-ਰਵਾਂ ਬੁਖਾਰੀ ਸਾਹਬ ਸਨ। ਉਹਨਾਂ ਦੇ ਸਾਥੀ ਪ੍ਰੋਫੈਸਰ ਜੀ. ਡੀ. ਸੋਂਧੀ, ਈਸ਼ਵਰ ਚੰਦਰ ਨੰਦਾ, ਅਤੇ ਇਮਤਿਆਜ਼ ਅਲੀ ਤਾਜ ਵੀ ਦੇਸ਼-ਵਿਆਪੀ ਸ਼ੁਹਰਤ ਦੇ ਮਾਲਕ ਸਨ। ਮੈਂ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਯਥਾਰਥਵਾਦੀ ਨਾਟ ਅਤੇ ਅਭਿਨਯ ਕਲਾ ਦੀਆਂ ਮੁਢਲੀਆਂ ਕਦਰਾਂ ਸਿਧਾਂਤਕ ਤੌਰ ਉਤੇ ਅੰਗਰੇਜ਼ੀ ਸਾਹਿਤ ਦੇ ਐਮ. ਏ. ਦੇ ਅਧਿਅਨ ਨੇ, ਅਤੇ ਅਮਲੀ ਤੌਰ ਉਤੇ ਗੌਰਮਿੰਟ ਕਾਲਜ ਲਾਹੌਰ ਦੀ ਡਰਾਮੈਟਿਕ ਸੋਸਾਇਟੀ ਨੇ ਹੀ ਪਹਿਲੋਂ ਪਹਿਲ ਮੈਨੂੰ ਸਿਖਾਈਆਂ। ਜਦੋਂ ਟੀਚੇ ਸਪਸ਼ਟ ਹੋ ਜਾਣ ਤਾਂ ਬਾਕੀ ਖੇਡ ਲਗਨ ਅਤੇ ਮਿਹਨਤ ਹੀ ਰਹਿ ਜਾਂਦੀ ਹੈ। ਕਦੇ ਨਾ ਕਦੇ ਠੋਕਰਾਂ ਖਾਂਦਾ ਇਨਸਾਨ ਉਹਨਾਂ ਟੀਚਿਆਂ ਤੀਕ ਅਪੜ ਹੀ ਜਾਂਦਾ ਹੈ। ਮੈਂ ਆਪਣੇ ਉਪਰੋਕਤ ਬਜ਼ੁਰਗਾਂ ਦੀ ਯਾਦ ਨੂੰ ਸਲਾਮ ਭੇਜਦਾ ਹਾਂ, ਜਿਨ੍ਹਾਂ ਨੇ ਆਰਟ ਵਿਚ ਮੈਨੂੰ ਸਰਬੋਤੱਮ ਟੀਚਿਆਂ ਦੇ ਦਰਸ਼ਨ ਕਰਾਏ। ਫੇਰ ਇਕ ਹੋਰ ਧਮਾਕਾ ਹੋਇਆ। ਕਲਕੱਤੇ "ਨਿਊ ਥੇਟਰਜ਼" ਤੋਂ ਬਣ ਕੇ ਆਈ "ਪੂਰਨ ਭਗਤ" ਨਾਮਕ ਫਿਲਮ ਲਾਹੌਰ ਮੈਕਲੋਡ ਰੋਡ ਦੇ ਇਕ ਸਿਨੇਮਾ ਵਿਚ ਨਸ਼ਰ ਹੋਈ। ਏਸ ਫਿਲਮ ਨੇ ਮੇਰੇ ਵਰਗੇ ਪੜ੍ਹੇ ਲਿਖੇ, ਅੰਗਰੇਜ਼-ਪਰਸਤ, ਪੰਜਾਬੀ ਨੌਜਵਾਨਾਂ ਦੀ ਜ਼ਿੰਦਗੀ ਵਿਚ ਤੂਫਾਨ ਜਿਹਾ ਲੈ ਆਉਂਦਾ। ਸਾਨੂੰ ਹਿੰਦੁਸਤਾਨੀ ਫਿਲਮਾਂ ਬਾਰੇ ਆਪਣਾ ਨਜ਼ਰੀਆ ਇਕ ਦਮ ਬਦਲਣਾ ਪੈ ਗਿਆ।
ਪੂਰਨ ਭਗਤ ਮੈਂ ਕੋਈ ਛੇ ਵਾਰੀ ਵੇਖੀ, ਨਾ ਸਿਰਫ ਆਪ ਵੇਖੀ, ਸਗੋਂ ਕਿਤਨੇ ਹੋਰ ਲੋਕਾਂ ਨੂੰ ਨਾਲ ਖਿੱਚ ਖਿੱਚ ਕੇ ਲੈ ਗਿਆ। ਕੱਲ੍ਹ ਤੀਕਰ ਅਸੀਂ ਭਾਰਤੀ ਸੰਸਕ੍ਰਿਤੀ ਦੇ ਨਿਖੇਧੀ ਕਰਨ ਵਾਲੇ ਅਤੇ ਦੁਸ਼ਮਣ ਸਾਂ, ਅਜ ਕੱਟੜ ਦੇਸ਼-ਭਗਤ ਬਣ ਗਏ।
ਪੂਰਨ ਭਗਤ, ਦੇਵਦਾਸ, ਚੰਡੀਦਾਸ਼..ਇਕ ਤੋਂ ਬਾਅਦ ਇਕ ਸਿਖਰਾਂ ਛੋਂਹਦੇ ਸ਼ਾਹਕਾਰ...ਸਹਿਗਲ ਦਾ ਪ੍ਰਗਟ ਹੋਣਾ...ਪ੍ਰਭਾਤ ਫਿਲਮ ਕੰਪਨੀ ਦੀਆਂ ਫਿਲਮਾਂ, ਦੁਨੀਆਂ ਨਾ ਮਾਨੇ, ਅੰਮ੍ਰਿਤ ਮੰਥਨ, ਆਦਮੀ... ਪਰ ਮੇਰਾ ਖਿਆਲ ਨਹੀਂ ਕਿ ਵਲੈਤੀ ਫਿਲਮਾਂ ਲਈ ਮੇਰਾ ਸ਼ੌਕ ਫੇਰ ਵੀ ਕਿਸੇ ਮਿਕਦਾਰ ਵਿਚ ਘਟਿਆ ਹੋਵੇ। ਹਿੰਦੀ ਫਿਲਮਾਂ ਹਾਲਾਂ ਵੀ ਮੇਰੇ ਮਨ-ਇੱਛਤ ਮਿਆਰਾਂ ਤੋਂ ਬਹੁਤ ਨੀਵੀਆਂ ਸਨ। ਉਹਨਾਂ ਵਿਚ ਜ਼ਿੰਦਗੀ ਨੂੰ ਹੂਬਹੂ ਜ਼ਿੰਦਗੀ ਦੇ ਰੰਗਾਂ ਵਿਚ ਪੇਸ਼ ਕਰਨ ਦੀ ਯੋਗਤਾ ਹਾਲੇ ਵੀ ਨਹੀਂ ਸੀ ਆਈ।
ਕਾਲਿਜ ਦਾ ਦੌਰ ਖਤਮ ਹੋਇਆ। ਜੀਵਨ ਦੇ ਅਖਾੜੇ ਵਿਚ ਉਤਰਨ ਦਾ ਵੇਲਾ ਆਇਆ। ਪੈਂਦਿਆਂ ਹੀ ਬੜੀਆਂ ਪੁੱਠੀਆਂ ਮਾਰਾਂ ਖਾਧੀਆਂ! ਨਕਸੀਰ ਵਗਣ ਲਗ ਪਈ। ਮੂੰਹ-ਮੱਥਾ ਸੁੱਜ ਗਿਆ, ਬਾਂਹ ਰੁਮਾਲ ਵਿਚ ਟੰਗਣੀ ਪਈ। ਸ਼ਾਇਰ ਨੇ ਨਜ਼ਾਰਾ ਬੜੇ ਸੁਹਣੇ ਲਫਜ਼ਾਂ ਵਿਚ ਬੰਨ੍ਹਿਆ ਹੈ -
'ਇਕਬਾਲ' ਤੇਰੇ ਇਸ਼ਕ ਨੇ ਸਭ ਬੱਲ ਦੀਏ ਨਿਕਾਲ
ਮੁੱਦਤ ਸੇ ਆਰਜ਼ੂ ਥੀ ਕਿ ਸੀਧਾ ਕਰੇ ਕੋਈ!

ਵੇਖਿਆ ਕਿ ਐਮ. ਏ. ਦੀ ਡਿਗਰੀ ਦਾ ਜਿਹੜਾ ਫੜਕਾ ਹੱਥ ਵਿਚ ਲਈ ਫਿਰਦੇ ਹਾਂ, ਕਾਰੋਬਾਰੀ ਦੁਨੀਆਂ ਵਿਚ ਉਸ ਦਾ ਮੁੱਲ ਦੋ ਕੌਡੀ ਵੀ ਨਹੀਂ ਸੀ। ਆਪਣੀ ਗੋਰੀ ਰੰਗਤ, ਜਿਸ ਦਾ ਅਸੀਂ ਠੰਡੀ ਸੜਕ ਉਪਰ ਇਤਨੇ ਠਾਠ ਨਾਲ ਵਿਖਾਲਾ ਕਰਦੇ ਹੁੰਦੇ ਸਾਂ, ਹਾਕਮਾਂ ਦੀਆਂ ਨਜ਼ਰਾਂ ਵਿਚ ਸਾਨੂੰ ਹੋਰ ਵੀ ਜ਼ਿਆਦਾ "ਕਾਲਾ ਆਦਮੀ" ਬਣਾਉਂਦੀ ਸੀ। ਪਿਤਾ ਜੀ ਦੇ ਕਹਿਣ ਉਤੇ ਆਪਣਾ ਘਰ ਦਾ ਬਣਿਆ ਬਣਾਇਆ ਕਪੜੇ ਦਾ ਕਾਰ-ਵਿਹਾਰ ਸਾਂਭਿਆ, ਪਰ ਬਹੁਤੇ ਦਿਨ ਨਹੀਂ। ਕਪੜਾ ਵੇਚਣ ਵਾਲਿਆਂ ਦੀ ਦੁਨੀਆਂ ਬੜੀ ਹੋਰ ਤਰ੍ਹਾ ਦੀ ਹੁੰਦੀ ਹੈ। ਐਮ. ਏ. ਪਾਸ ਆਦਮੀ ਲਈ ਉਸ ਵਿਚ ਖੁਭਣਾ ਬੜਾ ਮੁਸ਼ਕਲ ਹੈ।
1936 ਦਾ ਸਾਲ ਸੀ ਸ਼ੈਦ। ਮੈਂ ਘਰੋਂ ਨੱਠ ਕੇ ਕਲਕੱਤੇ ਜਾ ਵੜਿਆ। ਪੰਡਤ ਸੁਦਰਸ਼ਨ ਜੀ ਦਾ ਦਰ ਜਾ ਖੜਕਾਇਆ। ਉਹ ਓਦੋਂ ਨਿਊ ਥੇਟਰਜ਼ ਦੀਆਂ ਚਿੱਤਰ-ਕਥਾਵਾਂ ਲਿਖਿਆ ਕਰਦੇ ਸਨ। ਮੈਂ ਉਹਨਾਂ ਤੋਂ ਪੁਛਿਆ ਕਿ ਮੇਰੇ ਫਿਲਮਾਂ ਵਿਦ ਦਾਖਲ ਹੋਣ ਬਾਰੇ ਉਹਨਾਂ ਦੀ ਕੀ ਰਾਏ ਹੈ।
ਉਹਨਾਂ ਥੋੜ੍ਹਾ ਜਿਹਾ ਮੈਨੂੰ ਗਲਤ ਸਮਝਿਆ। ਉਹਨਾਂ ਸਮਝਿਆ ਕਿ ਮੈਂ ਵੀ ਉਹਨਾਂ ਅਣਪੜ੍ਹ ਨੌਜਵਾਨਾਂ ਵਿਚੋਂ ਹਾਂ ਜਿਹੜੇ ਫਿਲਮਾਂ ਖਾਤਰ ਘਰ-ਬਾਰ ਛੱਡ ਕੇ ਨੱਠ ਤੁਰਦੇ ਹਨ। ਵਾਸਤਵ ਵਿਚ, ਮੈਂ ਸੰਜ਼ੀਦਗੀ ਨਾਲ ਜੀਵਨ ਵਿਚ ਰਾਹ ਟੋਲ ਰਿਹਾ ਸਾਂ। ਮੇਰੀ ਗੱਲ ਸੁਣਦਿਆਂ ਹੀ ਉਹ ਆਵੇਸ਼ ਵਿਚ ਆ ਗਏ ਅਤੇ ਫਿਲਮ ਲਾਈਨ ਬਾਰੇ ਮੈਨੂੰ ਇਕ ਡਰਾਉਣਾ ਜਿਹਾ ਲੈਕਚਰ ਸੁਣਾਉਣਾ ਸ਼ੁਰੂ ਕਰ ਦਿਤਾ, ਜੋ ਇੰਜ ਜਾਪਿਆ, ਉਹਨਾਂ ਅਜਿਹੇ ਮੌਕਿਆਂ ਲਈ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਸੀ। ਉਹ ਮੇਰੇ ਪਿਤਾ ਜੀ ਨੂੰ ਜਾਣਦੇ ਸਨ, ਅਤੇ ਇਹ ਠੀਕ ਗੱਲ ਸੀ ਕਿ ਪਿਤਾ ਜੀ ਕਿਸੇ ਸੂਰਤ ਵੀ ਮੈਨੂੰ ਫਿਲਮਾਂ ਵਿਚ ਪੈਣ ਦੀ ਇਜਾਜ਼ਤ ਨਹੀਂ ਸਨ ਦੇ ਸਕਦੇ। ਫੇਰ ਜੇ ਮੈਂ ਸਚਮੁਚ ਫਿਲਮਾਂ ਵਿਚ ਆ ਵੜਿਆ, ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ - ਜਿਸ ਦੀ ਇਸ ਲਾਈਨ ਵਿਚ ਕਾਮਯਾਬ ਹੋਣ ਨਾਲੋਂ ਕਿਤੇ ਵਧ ਸੰਭਾਵਨਾ ਸੀ - ਤਾਂ ਦੋਸ਼ ਸਾਰਾ ਮੇਰੇ ਪਿਤਾ ਜੀ ਉਹਨਾਂ ਉਤੇ ਨਾ ਪਾ ਦੇਣਗੇ! ਉਹ ਡਰ ਗਏ ਸਨ।
ਕੁਝ ਦਿਨ ਲਾਵਾਰਸੀ ਦੇ ਆਲਮ ਵਿਚ ਕਲਕੱਤੇ ਸ਼ਹਿਰ ਦੀਆਂ ਗਲੀਆਂ ਕੱਛ ਕੇ ਮੈਂ ਵਾਪਸ ਰਾਵਲਪਿੰਡੀ ਪੁਜ ਗਿਆ। ਇਕ ਸਾਲ ਹੋਰ ਬੀਤ ਗਿਆ। ਜ਼ਿੰਦਗੀ ਦੀ ਖਹੁਰੀ ਰਗੜ ਨੇ ਬਦਨ ਉਤੇ ਕੁਝ ਹੋਰ ਝਰੀਟਾਂ ਪਾਈਆਂ। ਆਕੜ ਹੋਰ ਵੀ ਬਹੁਤ ਸਾਰੀ ਭੱਜ-ਟੁੱਟ ਗਈ। ਏਸੇ ਦੌਰਾਨ ਸ਼ਾਈ ਵੀ ਹੋ ਗਈ। ਪਿੰਡੀ ਫੇਰ ਦਿਲ ਹੁੱਸੜ ਪਿਆ। ਫੇਰ ਕਲਕੱਤੇ ਉਠ ਦੌੜਿਆ। ਫੇਰ ਪੰਡਤ ਸੁਦਰਸ਼ਨ ਜੀ ਦਾ ਦਰ ਜਾ ਖੜਕਾਇਆ।
ਉਹਨਾਂ ਇਸ ਵਾਰੀ ਮਿਲਦਿਆਂ ਸਾਰ ਢੇਰ ਅਸੀਸਾਂ ਸ਼ੁਰੂ ਕਰ ਦਿਤੀਆਂ। ਤਾਰੀਫਾਂ ਦੇ ਪੁਲ ਬੰਨ੍ਹ ਦਿਤੇ। ਆਪਣੀ ਧਰਮ ਪਤਨੀ ਜੀ ਨੂੰ ਬੁਲਾ ਕੇ ਦਸਿਆ ਕਿ ਮੈਂ ਹੀ ਉਹ ਨੌਜਵਾਨ ਸਾਂ ਜਿਸ ਦੀ ਉਹ ਉਸ ਅਗੇ ਇਤਨੀ ਵਾਰੀ ਤਾਰੀਫ ਕਰ ਚੁੱਕੇ ਸਨ - ਉਹ ਇਕੋ ਇਕ ਨੌਜਵਾਨ ਜਿਸ ਨੇ ਉਹਨਾਂ ਦੀ ਨਸੀਹਤ ਉਤੇ ਅਮਲ ਕਰ ਕੇ ਫਿਲਮਾਂ ਦਾ ਇਰਾਦਾ ਝੱਟ ਛੱਡ ਦਿਤਾ ਸੀ। ਉਹਨਾਂ ਮੇਰੀ ਪਤਨੀ ਦੀ ਖਾਤਰ ਤਵਾਜ਼ੋ ਕੀਤੀ, ਮੇਰੇ ਘਰ ਵਾਲਿਆਂ ਦਾ ਹਾਲ-ਹਵਾਲ ਪੁਛਣਾ ਸ਼ੁਰੂ ਕਰ ਦਿਤਾ। "ਹੁਣ ਤੂੰ ਕੀ ਕਰਦਾ ਹੈਂ, ਬੇਟਾ?" ਉਹਨਾਂ ਦੀ ਪਤਨੀ ਨੇ ਪੁਛਿਆ।
ਇਸ ਹਾਲਤ ਵਿਚ ਮੈਂ ਕਿਵੇਂ ਕਹਿ ਸਕਦਾ ਸਾਂ ਕਿ ਦਰ ਅਸਲ ਮੈਂ ਫਿਲਮਾਂ ਦਾ ਖਿਆਲ ਛੱਡਿਆ ਨਹੀਂ, ਸਗੋਂ ਇਸ ਵਾਰੀ ਮੂੰਹ ਪਾੜ ਕੇ ਉਹਨਾਂ ਦੀ ਮਦਦ ਮੰਗਣ ਆਇਆ ਹਾਂ। "ਬਿਜ਼ਨੈਸ," ਮੈਂ ਜੁਆਬ ਦਿਤਾ, ਅਤੇ ਅਸੀਂ ਦੋਵੇਂ ਮੀਆਂਬੀਵੀ ਉੱਠ ਕੇ ਚਲੇ ਆਏ। ਕੁਝ ਸਮਾਂ ਹੋਰ ਲੰਘ ਗਿਆ, ਅਤੇ ਤਰ੍ਹਾਂ ਤਰ੍ਹਾ ਦੀ ਭਟਕਣਾਂ ਕਰਦਿਆਂ ਜਿਸ ਦਾ ਸਾਹਿਤ ਅਤੇ ਰਾਜਨੀਤੀ ਨਾਲ ਫਿਲਮਾਂ ਤੋਂ ਕਿਤੇ ਜ਼ਿਆਦਾ ਤਅੱਲਕ ਹੈ, ਮੈਨੂੰ ਅਗਿਯੇਅ ਅਤੇ ਹਜ਼ਾਰੀ ਪਰਸਾਦ ਦਵਿਵੇਦੀ ਜੀ ਦੇ ਰਸੂਖ ਨਾਲ ਸ਼ਾਂਤੀ ਨਿਕੇਤਨ ਵਿਚ ਨੌਕਰੀ ਮਿਲ ਗਈ। ਇਸ ਤਰ੍ਹਾਂ ਮੇਰਾ ਸਵੈਮਾਣ, ਜੋ ਲਗਭਗ ਉਦੋਂ ਤਕ ਸਾਰੇ ਦਾ ਸਾਰਾ ਨਸ਼ਟ ਹੋ ਚੁੱਕਿਆ ਸੀ, ਇਕਦਮ ਸਾਰੇ ਦਾ ਸਾਰਾ ਵਾਪਸ ਆ ਗਿਆ - ਸੂਦ ਸਣੇ। ਤਨਖਾਹ ਤਾਂ ਕੇਵਲ ਪੰਜਾਹ ਰੁਪਏ ਮਾਹਵਾਰ ਸੀ, ਪਰ ਗੁਰੂ ਦੇਵ ਟੈਗੋਰ ਦੇ ਨਾਂ ਸਦਕਾ (ਉਦੋਂ ਉਹ ਜ਼ਿੰਦਾ ਸਨ) ਸ਼ਾਂਤੀ ਨਿਕੇਤਨ ਦੀ ਅਧਿਆਪਕੀ ਕਿਸੇ ਵੱਡੀ ਤੋਂ ਵੱਡੀ ਯੂਨੀਵਰਸਿਟੀ ਦੀ ਪ੍ਰੋਫੈਸਰੀ ਤੋਂ ਵੀ ਵੱਧ ਮਾਣ ਰੱਖਦੀ ਸੀ। ਜਦੋਂ ਅਸੀਂ ਪੂਜਾ ਦੀਆਂ ਛੁੱਟੀਆਂ ਵਿਚ ਰਾਵਲਪਿਡੀ ਪਹੁੰਚੇ ਤਾਂ ਲਗਭਗ ਸਾਰੇ ਦਾ ਸਾਰਾ ਸ਼ਹਿਰ ਫੁੱਲਾਂ ਦੇ ਹਾਰ ਫੜ ਕੇ ਸਟੇਸ਼ਨ ਉਤੇ ਸਾਡੇ ਸੁਆਗਤ ਲਈ ਪਹੁੰਚਿਆ ਹੋਇਆ ਸੀ।
ਸ਼ਾਂਤੀ ਨਿਕੇਤਨ ਵਿਚ ਗੁਜ਼ਾਰੇ ਦਿਨ ਬੜੇ ਅਣਮੋਲ ਸਨ। ਮੇਰੀ ਪਤਨੀ ਦਮਿਯੰਤੀ (ਦੱਮੋ) ਨੂੰ ਵੀ ਸਵੈ-ਵਿਕਾਸ ਦੇ ਐਸੇ ਅਵਸਰ ਨਸੀਬ ਹੋ ਗਏ, ਜੋ ਰਾਵਲਪਿੰਡੀ ਦੇ ਤੰਗ ਦਾਇਰੇ ਵਿਚ ਉਸ ਲਈ ਅਕਲਪਿਤ ਸਨ। ਏਥੇ ਹੀ ਉਸ ਨੇ ਬੀ. ਏ. ਕੀਤਾ, ਅਤੇ ਹੋਰ ਅਨੇਕ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਭਾਗ ਲਿਆ। ਅਸੀਂ ਦੋਵੇਂ ਬੜੇ ਸੰਤੁਸ਼ਟ ਸਾਂ।
ਇਕ ਦੋ ਵਾਰੀ ਜਦੋਂ ਛੁੱਟੀਆਂ ਵਿਚ ਕਲਕੱਤੇ ਗਏ, ਤਾਂ ਆਪਣੇ ਫਿਲਮਾਂ ਵਾਲੇ ਮਿੱਤਰਾਂ ਦੇ ਵੀ ਦਰਸ਼ਨ ਕੀਤੇ। ਪ੍ਰਿਥਵੀ ਰਾਜ ਕਪੂਰ ਦੱਮੋਂ ਦੇ ਵਡੇ ਵੀਰ ਦੇ ਬੜੇ ਡੂੰਘੇ ਦੋਸਤ ਸਨ। ਅਸੀਂ ਪ੍ਰਿਥਵੀ ਰਾਜ ਜੀ ਦੇ ਘਰ ਗਏ। ਬੜੇ ਪਿਆਰ ਨਾਲ ਮਿਲੇ ਉਹ। ਹੁਣ ਵੀ ਜਦੋਂ ਮਿਲ ਬੈਠਦੇ ਹਾਂ, ਇਸ ਮਿਲਣੀ ਦਾ ਜ਼ਿਕਰ ਉਹ ਬੜੇ ਪਿਆਰ ਭਰੇ ਸ਼ਬਦਾਂ ਵਿਚ ਕਰਦੇ ਹਨ। ਰਾਜ ਕਪੂਰ ਉਦੋਂ ਬਾਰਾਂ ਕੁ ਵਰ੍ਹਿਆਂ ਦਾ ਮਨਮੋਹਣਾ ਬਾਲਕ ਸੀ।
ਪ੍ਰਿਥਵੀ ਅਤੇ ਜਗਦੀਸ਼ ਭਾਪਾ ਸਾਨੂੰ ਨਿਊ ਥੇਟਰ ਸ਼ੂਟਿੰਗ ਵਿਖਾਣ ਵੀ ਲੈ ਗਏ। ਸਹਿਗਲ ਅਤੇ ਲੀਲਾ ਦੇਸਾਈ ਦੀ ਸ਼ੂਟਿੰਗ ਚੱਲ ਰਹੀ ਸੀ। ਪ੍ਰੈਜ਼ੀਡੈਂਟ ਸੀ ਨਾਂ ਸ਼ੈਦ ਫਿਲਮ ਦਾ। ਨਿਤਿਨ ਬੋਸ ਡਾਇਰੈਕਟ ਕਰ ਰਹੇ ਸਨ। ਸਹਿਗਲ ਸੈਟ ਦੀ ਦੀਵਾਰ ਪਿਛੇ ਲੁੱਕ ਕੇ ਸਿਗਰਟ ਦਾ ਕਸ਼ ਮਾਰ ਆਂਦੇ ਸਨ, ਹਾਲਾਂਕਿ ਸੈਟ ਉਤੇ ਸਿਗਰਟ ਪੀਣ ਦੀ ਮਨਾਹੀ ਸੀ। ਪਰ ਸਹਿਗਲ ਨੂੰ ਰੋਕਣ ਦੀ ਜੁਰੱਤ ਕੌਣ ਕਰ ਸਕਦਾ ਸੀ? ਸਹਿਗਲ ਨੂੰ ਨਹੀਂ ਸੀ ਪਤਾ, ਧੂੰਆਂ ਬਾਹਰ ਵਾਲਿਆਂ ਨੂੰ ਦਿਸ ਜਾਂਦਾ ਹੈ। ਉਹ ਆਪਣੀ ਥਾਂ ਚਲਾਕ ਬਣੇ ਹੋਏ ਸਨ, ਨਿਤਿਨ ਬੋਸ ਆਪਣੀ ਥਾਂ।
ਕਿਸ ਨੂੰ ਖਿਆਲ ਆ ਸਕਦਾ ਸੀ ਕਿ ਇਕ ਦਿਨ ਦੱਮੋ ਪ੍ਰਿਥਵੀ ਰਾਜ ਜੀ ਦੇ ਨਾਲ "ਦੀਵਾਰ" ਵਿਚ ਮੁੱਖ ਰੋਲ ਕਰੇਗੀ। ਮੈਂ ਲੀਲਾ ਦੇਸਾਈ ਦੀ ਫਿਲਮ "ਕਾਬੁਲੀਵਾਲਾ" ਵਿਚ ਪਠਾਣ ਬਣਾਂਗਾ, ਜਾਂ ਅਮੀਯ ਚਕਰਵਰਤੀ ਦੇ ਮਰਨ ਪਿਛੋਂ ਨਿਤਿਨ ਬੋਸ "ਕਠਪੁਤਲੀ" ਮੁਕੰਮਲ ਕਰਨਗੇ!
ਇਕ ਹੋਰ ਮਜ਼ੇਦਾਰ ਘਟਨਾ ਵੀ ਵਰਣਨ ਯੋਗ ਹੈ। ਦੱਮੋ ਨੇ ਅਗਲੇ ਦਿਨ ਕਿਹਾ, "ਅਸਲ ਮਿਲਣ ਲਾਇਕ ਬੰਦਾ ਤਾਂ ਬਰੂਆ ਹੈ, ਉਸ ਨੂੰ ਮਿਲੇ ਬਗੈਰ ਟੁਰ ਜਾਣ ਵਿਚ ਕੀ ਸੁਆਦ?"
ਸੋ ਅਗਲੇ ਦਿਨ ਪੁੱਛਦੇ ਪੁੱਛਾਂਦੇ ਅਸੀਂ ਪੀ. ਸੀ. ਬਰੂਆ ਦੇ ਮਕਾਨ 'ਤੇ ਜਾ ਪੁੱਜੇ। ਉਸ ਦੇ ਸਕੱਤਰ ਨੇ ਪੁੱਛ ਗਿੱਛ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸਾਂ ਉਹਨੂੰ ਗੌਲਿਆ ਹੀ ਨਾ ਅਤੇ ਸਿੱਧੇ ਜਾ ਕੇ ਬੈਠਕ ਵਿਚ ਕੁਰਸੀਆਂ ਉਤੇ ਬਹਿ ਗਏ। ਬੈਠਕ ਕਿਤਾਬਾਂ ਨਾਲ ਭਰੀ ਪਈ ਸੀ। ਮੈਨੂੰ ਯਾਦ ਆਂਦਾ ਹੈ ਕਿ ਐਨਸਾਈਕੋਲੋਪੀਡੀਆ ਬ੍ਰਿਟੈਨਿਕਾ ਦਾ ਪੂਰਾ ਸੈਟ ਪਿਆ ਹੋਇਆ ਸੀ। ਅਸੀਂ ਖੂਬ ਪ੍ਰਭਾਵਤ ਹੋਏ।
ਉੱਪਰ ਜਾ ਕੇ ਸਕੱਤਰ ਨੇ ਅਵੱਸ਼ ਦੱਸਿਆ ਹੋਵੇਗਾ ਕਿ ਅਸੀਂ ਸ਼ਾਂਤੀ ਨਿਕੇਤਨ ਤੋਂ ਆਏ ਸਾਂ। ਸ਼ੈਦ ਇਸੇ ਕਰਕੇ ਬਰੂਆ ਸਾਹਬ ਨੇ ਸਾਨੂੰ ਚੰਦ ਮਿੰਟਾਂ ਲਈ ਮਿਲਣਾ ਮੰਜ਼ੂਰ ਕਰ ਲਿਆ, ਭਾਵੇਂ ਉਸ ਦਿਨ ਉਹਨਾਂ ਦੀ ਪਤਨੀ ਦੀ ਤਬੀਅਤ ਠੀਕ ਨਹੀਂ ਸੀ।
ਪਤਨੀ? ਕੌਣ? ਜਮੁਨਾ? ਅਸੀਂ ਜਾਣਣ ਲਈ ਤਰਲੋ ਮੱਛੀ ਹੋ ਰਹੇ ਸਾਂ। ਪਰ ਪੁੱਛਣ ਦੀ ਹਿੰਮਤ ਕਿਸ ਕੋਲ ਸੀ? ਬਰੂਆ ਆਏ। ਬੜੇ ਥੱਕੇ ਲਗ ਰਹੇ ਸਨ, ਜਿਵੇਂ ਸਾਰੀ ਰਾਤ ਨਾ ਸੁੱਤੇ ਹੋਣ। ਵੇਖਣ ਲਗ ਪਏ ਸਾਡੇ ਵਲ ਸੁਆਲੀਆਂ ਅਦਾ ਨਾਲ। ਹੋਰ ਤਾਂ ਕੁਝ ਸੁਝਿਆ ਨਹੀਂ, ਅਸਾਂ ਉਹਨਾਂ ਦੀਆਂ ਫਿਲਮਾਂ ਉਪਰ ਤਬਸਰੇ ਸ਼ੁਰੂ ਕਰ ਦਿਤੇ, ਜਿਵੇਂ ਆਪਣੀ ਫਿਲਮੀ ਕਾਬਲੀਅਤ ਦੀ ਧਾਂਕ ਬਿਠਾ ਰਹੇ ਹੋਈਏ। "ਮੁਕਤੀ" ਵਿਚ ਉਹ ਸੀਨ ਇੰਜ ਕਿਉਂ ਨਾ ਬਣਾਇਆ। "ਮੰਜ਼ਿਲ" ਵਿਚ ਉਸ ਪਾਰਟ ਲਈ ਜੇ ਉਸ ਦੀ ਥਾਂ ਓਸ ਕਲਾਕਾਰ ਨੂੰ ਲੈ ਲੈਂਦੇ?...
ਬਰੂਆ ਚੁਪਚਾਪ ਸੁਣਦੇ ਰਹੇ। ਇਹੋ ਜਹੇ ਕਮਲਿਆਂ ਨਾਲ ਪਹਿਲੀ ਵਾਰ ਵਾਹ ਨਹੀਂ ਸੀ ਪਿਆ ਉਹਨਾਂ ਦਾ। ਅਖੀਰ ਜਦੋਂ ਅਸਾਂ ਬੋਲਣਾ ਬੰਦ ਕੀਤਾ ਤਾਂ ਉਹ ਕਾਫੀ ਚਿਰ, ਦੇਵ ਦਾਸ ਦੇ ਕਿਰਦਾਰ ਵਾਂਗ, ਖਾਮੋਸ਼ ਬੈਠੇ ਰਹੇ। ਫੇਰ ਬੋਲੇ, "ਤੁਸੀਂ ਫਿਲਮਾਂ ਵਿਚ ਕੰਮ ਕਰਨਾ ਚਾਹੁੰਦੇ ਹੋ, ਹੈ ਨਾ?"
ਅਜਿਹੇ ਬੇਬਾਕ ਸਵਾਲ ਲਈ ਅਸੀਂ ਤਿਆਰ ਨਹੀਂ ਸਾਂ। "ਹਾਂ ਹਾ, ਕਿਉਂ ਨਹੀਂ," ਮੈਥੋਂ ਪਹਿਲਾਂ ਹੀ ਸ਼ਰਾਰਤ ਨਾਲ ਹੱਸ ਕੇ ਦਮੋ ਨੇ ਕਹਿ ਛਡਿਆ।
"ਚੰਗੀ ਗੱਲ ਹੈ। ਕਲ੍ਹ ਸਵੇਰੇ ਦਸ ਵਜੇ ਤੁਸੀਂ ਸਟੂਡੀਓ ਆ ਜਾਣਾ।"
ਅਤੇ ਇਹ ਕਹਿ ਕੇ ਬਰੂਆ ਨੇ ਸਾਨੂੰ ਰੁਖਸਤ ਕਰ ਦਿੱਤਾ। ਸਾਰਾ ਦਿਨ ਅਸੀਂ ਹਵਾ ਵਿਚ ਉਡਦੇ ਰਹੇ। ਫਿਲਮਾਂ ਦੇ ਪਹਿਲੇ ਨੰਬਰ ਦੇ ਡਾਇਰੈਕਟਰ ਨੇ ਸਾਨੂੰ ਫਿਲਮੀ ਅਦਾਕਾਰ ਬਣਨ ਦੀ ਆਪ ਆਪਣੇ ਮੂੰਹੋਂ ਦਾਅਵਤ ਦਿਤੀ ਸੀ!! ਉਦੋਂ ਸਾਨੂੰ ਨਹੀਂ ਸੀ ਪਤਾ ਕਿ ਡਾਇਰੈਕਟਰ "ਡਫਰਾਣ" ਲਈ ਜਾਣ ਬੁੱਝ ਕੇ ਇੰਜ ਕਰਦੇ ਹਨ। ਬਹੁਤ ਮੁਮਕਨ ਹੈ, ਜੇ ਅਸੀਂ ਅਗਲੇ ਦਿਨ ਸੱਚਮੁੱਚ ਸਟੂਡੀਓ ਜਾ ਵੜਦੇ, ਤਾਂ ਬਰੂਆ ਸਾਨੂੰ ਮਿਲਣ ਤੋਂ ਹੀ ਇਨਕਾਰ ਕਰ ਦੇਂਦੇ। ਪਰ ਇਕ ਗਲੋਂ ਮੈਨੂੰ ਯਕੀਨ ਹੁੰਦਾ ਹੈ ਕਿ ਬਰੂਆ ਨੇ "ਡਫਰਾਇਆ" ਨਹੀਂ ਸੀ, ਕਿਉਂਕਿ ਬਾਅਦ ਵਿਚ ਜਦੋਂ ਵੀ ਸ਼ਾਂਤੀਨਿਕੇਤਨ ਮੇਰਾ ਤੇ ਦੱਮੋ ਦਾ ਕੋਈ ਮਾੜਾ ਮੋਟਾ ਝਗੜਾ ਹੋ ਜਾਂਦਾ ਉਹ ਮੈਨੂੰ ਡਰਾਣ ਲਈ ਬਰੂਆ ਦਾ ਆਪਣੇ ਹੱਥੀਂ ਲਿਖਿਆ ਇਕ ਖਤ ਕੱਢ ਕੇ ਵਿਖਾ ਦੇਂਦੀ। ਇਸ ਵਿਚ ਬਰੂਆ ਨੇ ਉਹਨੂੰ ਫੇਰ ਵਿਸ਼ਵਾਸ ਦਿਵਾਇਆ ਸੀ ਕਿ ਉਹ ਉਹਨੂੰ ਆਪਣੀ ਅਗਲੀ ਫਿਲਮ ਲਈ ਇਕ ਪ੍ਰਮੁਖ ਰੋਲ ਦੇਣ ਲਈ ਤਿਆਰ ਹਨ।
ਫੇਰ ਇਕ ਦਿਨ ਸ਼ਾਂਤੀਨਿਕੇਤਨ ਤੋਂ ਅਸੀਂ ਸੇਵਾ-ਗਰਾਮ ਜਾ ਪਹੁੰਚੇ। ਉਥੇ ਫਿਲਮਾਂ ਦੇ ਖਿਆਲ ਤੋਂ ਉੱਕਾ ਹੀ ਦੂਰ ਹੋ ਗਏ। ਮੇਰੀਆਂ ਕਹਾਣੀਆਂ ਹੁਣ ਹਿੰਦੀ ਪਤ੍ਰਿਕਾਵਾਂ ਵਿਚ ਆਮ ਛਪਣ ਲੱਗ ਪਈਆਂ ਸਨ ਅਤੇ ਉਮਰ ਦੇ ਹਿਸਾਬ ਨਾਲ ਜ਼ਰੂਰਤ ਤੋਂ ਕੁਝ ਵਧ ਸ਼ੁਹਰਤ ਹਾਸਲ ਹੋ ਗਈ ਸੀ। ਸੰਸਾਰ ਵਿਚ ਵੀ ਬੜੀਆਂ ਜ਼ਬਰਦਸਤ ਤਬਦੀਲੀਆਂ ਹੋ ਰਹੀਆਂ ਸਨ। ਦੂਸਰੀ ਵਡੀ ਲਾਮ ਦਾ ਮੁੱਢ ਬਝ ਰਿਹਾ ਸੀ। ਹਿਟਲਰ ਤੇ ਮੁਸੋਲਿਨੀ ਦੀਆਂ ਫੌਜਾਂ ਯੋਰਪ ਵਿਚ ਦਗੜ ਦਗੜ ਕਰ ਰਹੀਆਂ ਸਨ। ਸੁਭਾਸ਼ ਬੋਸ ਦੇ ਪ੍ਰਧਾਨ ਚੁਣੇ ਜਾਣ ਪਿਛੋਂ ਗਾਂਧੀ ਜੀ ਨੇ ਉਹਨੂੰ ਅਸਤੀਫਾ ਦੇਣ ਉਤੇ ਮਜਬੂਰ ਕਰ ਦਿੱਤਾ ਸੀ, ਜਿਸ ਕਰ ਕੇ ਸਾਰੇ ਮੁਲਕ ਵਿਚ ਬੇਚੈਨੀ ਫੈਲੀ ਹੋਈ ਸੀ। ਸੇਵਾਗਰਮ ਅਸੀਂ ਨਿਤ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ, ਮੌਲਾਨਾ ਅਜ਼ਾਦ, ਅਤੇ ਹੋਰ ਕਿਤਨੇ ਹੀ ਦੇਸ਼ ਦੇ ਵੱਡੇ ਵੱਡੇ ਲੀਡਰਾਂ ਦੇ ਦਰਸ਼ਨ ਕਰਦੇ। ਇਕ ਵਾਰ ਦੱਮੋ ਨੇ ਆਪਣੇ ਹੱਥ ਨਾਲ ਚਾਹ ਬਣਾ ਕੇ ਸਰ ਸਟੈਫੋਰਡ ਕ੍ਰਿਪਸ ਅਤੇ ਜਵਾਹਰ ਲਾਲ ਨੂੰ ਪਿਲਾਈ ਸੀ। ਡਾਕਟਰ ਜ਼ਾਕਿਰ ਹੁਸੈਨ ਸਾਡੇ ਤਾਲੀਮੀ ਸੰਘ ਦੇ ਪ੍ਰਧਾਨ ਸਨ, ਜਿਸ ਵਿਚ ਮੈਂ ਕੰਮ ਕਰਦਾ ਸਾਂ। ਅਜਿਹੇ ਕੇਂਦਰੀ ਅਤੇ ਮਹੱਤਵ-ਪੂਰਨ ਵਾਤਾਵਰਣ ਵਿਚ ਰਹਿੰਦਿਆਂ, ਜਦੋਂ ਕਸਤੂਰਬਾ, ਮੀਰਾਬੇਨ, ਅਤੇ ਆਸ਼ਾਬੇਨ ਵਰਗੀਆਂ ਹਸਤੀਆਂ ਨਾਲ ਸਾਡਾ ਰੋਜ਼ ਦਾ ਉੱਠਣਾ ਬੈਠਣਾ ਸੀ, ਭਲਾ ਫਿਲਮਾਂ ਜਹੀ ਬੇਮਤਲਬ ਚੀਜ਼ ਵਲ ਸਾਡਾ ਧਿਆਨ ਕਿਵੇਂ ਜਾ ਸਕਦਾ ਸੀ?
ਵੇਖਦਿਆਂ ਵੇਖਦਿਆਂ ਦੂਸਰੀ ਆਲਮਗੀਰ ਜੰਗ ਛਿੜ ਪਈ। ਇਕਦਮ ਮੇਰੇ ਜੀਵਨ ਇਤਿਹਾਸ ਨੇ ਵੀ ਫੇਰ ਇਕ ਪਲਟਾ ਖਾਧਾ ਅਤੇ ਦੱਮੋ ਤੇ ਮੈਂ ਬੀ. ਬੀ. ਸੀ, ਲੰਦਨ ਵਿਚ ਐਨਾਊਂਸਰ ਦਾ ਕੰਮ ਕਰਨ ਲਈ ਸੇਵਾਗਰਾਮ ਨੂੰ ਅਲਵਿਦਾ ਕਹਿ ਕੇ ਯੋਰਪ ਦੀਆਂ ਉਡਾਰੀਆਂ ਮਾਰ ਗਏ।

4
ਲੰਡਨ ਵਿਚ ਸ਼ੁਰੂ ਦੇ ਚਾਰ-ਪੰਜ ਮਹੀਨੇ ਰੌਣਕਾਂ ਈ ਰੌਣਕਾਂ ਵੇਖੀਆਂ। ਸਰਦੀਆਂ ਵਿਚ ਹਿਟਲਰ ਪੋਲੈਂਡ ਨੂੰ ਦਰੜ ਕੇ ਬਹਿ ਗਿਆ ਸੀ। ਫੇਰ, ਅਗਲੀ ਬਹਾਰ, ਸਗੋਂ ਹੁਨਾਲੇ ਤੀਕਰ, ਉਸ ਨੇ ਹੋਰ ਕੋਈ ਕਦਮ ਨਾ ਚੁੱਕਿਆ। ਸਾਰਾ ਇੰਗਲੈਂਡ ਇਸ ਧੋਖੇ ਦਾ ਸ਼ਿਕਾਰ ਹੋਇਆ ਜਾਪਦਾ ਸੀ ਕਿ ਹਿਟਲਰ ਨੂੰ ਜੋ ਚਾਹੀਦਾ ਸੀ ਉਹਨੇ ਲੈ ਲਿਆ ਸੀ, ਹੁਣ ਤਾਂ ਲੜਾਈ ਸਿਰਫ ਨਾਂ ਦੀ ਹੈ। ਲੋਕੀਂ ਚੈਨ ਦੇ ਚਿੜੇ ਉਡਾ ਰਹੇ ਸਨ। ਚੈਂਬਰਲੇਨ-ਸਰਕਾਰ ਸੁਸਰੀ ਦੀ ਨੀਂਦਰ ਸੁੱਤੀ ਪਈ ਸੀ। ਇਤਨਾ ਧਨ-ਐਸ਼ਵਰਜ, ਇਤਨਾ ਹਾਸਾ-ਖੇੜਾ, ਇਤਨਾ ਰੱਜਿਆ-ਪੁੱਜਿਆ ਜੀਵਨ ਮੈਂ ਸੁਫਨਿਆਂ ਵਿਚ ਵੀ ਕਦੇ ਨਹੀਂ ਸੀ ਵੇਖਿਆ। ਵਧੀਆ ਜੀਊਣਾ, ਸੰਸਾਰਕ ਸੁੱਖਾਂ ਦਾ ਨਿਝੱਕ, ਬੇਰੋਕ, ਅਤੇ ਭਰਪੂਰ ਮਜ਼ਾ ਲੁਟਣਾ - ਇਹੋ ਹਰ ਕਿਸੇ ਦਾ ਜੀਵਨ-ਮਨੋਰਥ ਜਾਪਦਾ ਸੀ। ਸੇਵਾ-ਗਰਾਮ ਅਤੇ ਸ਼ਾਂਤੀ-ਨਿਕੇਤਨ ਵਿਚ ਰਹਿ ਕੇ ਇਤਨਾ ਜ਼ਰੂਰ ਸਮਝ ਗਿਆ ਸਾਂ ਕਿ ਇਸ ਸਾਰੇ ਧਨ-ਐਸ਼ਵਰਜ ਨੂੰ ਸਾਡੇ ਦੇਸ਼ ਦੀ ਹੀ ਰੱਤ ਚੂਸ ਕੇ ਸਿੰਜੀਆ ਗਿਆ ਹੈ, ਪਰ ਮਨ ਦੇ ਸੁਚੇਤ ਸੰਸਕਾਰਾਂ ਨਾਲੋਂ ਅਚੇਤ ਸੰਸਕਾਰ ਜ਼ਿਆਦਾ ਪਰਬਲ ਹੁੰਦੇ ਹਨ। ਹਿੰਦੁਸਤਾਨ ਵਿਚ ਸੁਨਹਿਰੀ ਵਾਲਾਂ ਵਾਲੀਆਂ ਅਪੱਸਰਾਵਾਂ ਦੂਰੋਂ-ਦੂਰੋਂ ਦਿਸਦੀਆਂ ਸਨ, ਇਥੇ ਭਾਵੇਂ ਝੁੱਟੀ ਮਾਰ ਕੇ ਜਿਤਨੀਆਂ ਬੋਚ ਲਓ। ਉੱਥੇ ਜੀਵਨ ਤੰਗੀਆਂ, ਚਿੰਤਾਵਾਂ, ਦੁਬਿਧਾਵਾਂ, ਥੁੜਾਂ੍ਹ, ਕੁਰੱਖਤਗੀਆਂ, ਖਿੱਚਾਂ ਤੇ ਕਲਹਿ ਨਾਲ ਭਰਿਆ ਪਿਆ ਸੀ, ਏਥੇ ਬਹੁਲਤਾਵਾਂ, ਬੇਪਰਵਾਹੀਆਂ, ਖੁੱਲ੍ਹਾਂ ਅਤੇ ਸਹੂਲਤਾਂ ਦਾ ਅੰਤ ਨਹੀਂ ਸੀ। ਵਗਦੀ ਗੰਗਾ ਵਿਚ ਨਹਾਣ ਨੂੰ ਕਿਸ ਦਾ ਜੀ ਨਹੀਂ ਲਲਚਾ ਪੈਂਦਾ!
ਏਥੇ ਮੇਰੇ ਲਈ ਉੱਤਮ ਦਰਜੇ ਦੀ ਕਲਾ ਨਾਲ ਵਾਕਫੀਅਤ ਹਾਸਲ ਕਰਨ ਦੇ ਵੀ ਚੰਗੇ ਮੌਕੇ ਸਨ, ਇਹ ਮੈਂ ਭੁੱਲ ਹੀ ਗਿਆ। ਮੈਂ ਨਾਟਕ ਵੇਖ ਸਕਦਾ ਸਾਂ, ਸ਼ਾਹਕਾਰ ਸੰਗੀਤ ਸੁਣ ਸਕਦਾ ਸਾਂ, ਚਿਤਰਸ਼ਾਲਾਵਾਂ ਦਾ ਅਧਿਅਨ ਕਰ ਸਕਦਾ ਸਾਂ, ਪਰ ਇਹਨਾਂ ਲਈ ਮੈਨੂੰ ਵਿਹਲ ਨਹੀਂ ਸੀ। ਰੰਗ-ਰਲੀਆਂ ਮਨਾਣ ਵਿਚ ਮੇਰੀ ਤਨਖਾਹ ਦਾ ਇਤਨਾ ਵੱਡਾ ਹਿੱਸਾ ਖਰਚ ਹੋ ਜਾਂਦਾ ਸੀ ਕਿ ਸਿਨੇਮਾ, ਅਤੇ ਨਾਚ-ਗਾਣੇ ਦੇ ਨਗਨ "ਰਿਵਯੂ" ਵਰਗੇ ਸਸਤੇ ਤਮਾਸ਼ੇ ਵੇਖ ਕੇ ਹੀ ਮੈਂ ਸੰਤੁਸ਼ਟ ਹੋ ਜਾਂਦਾ ਸਾਂ।
ਅਤੇ ਫੇਰ ਅਕਸਮਾਤ ਅਸਮਾਨਾਂ ਤੋਂ ਹਿਟਲਰ ਦਾ ਕਹਿਰ ਟੁੱਟ ਪਿਆ। ਵੇਖਦਿਆਂ ਵੇਖਦਿਆਂ ਸਭ ਖੁਸ਼ਹਾਲੀਆਂ ਨਸ਼ਟ-ਭ੍ਰਸ਼ਟ ਹੋਣ ਲਗ ਪਈਆਂ। ਜਵਾਨ ਉਮਰ ਵਿਚ ਓਸ ਤਬਾਹੀ ਦੇ ਤਾਂਡਵ ਦਾ ਵੀ ਇਕ ਆਪਣਾ ਨਸ਼ਾ ਸੀ। ਪਰ ਜਦੋਂ ਮੌਤ ਨੇੜਿਓਂ ਆ ਕੇ ਮੁੜ ਮੁੜ ਅੱਖਾਂ ਵਿਚ ਘੂਰਨ ਲੱਗਦੀ ਤਾਂ ਡਰ ਵੀ ਲਗਣ ਲਗ ਪੈਂਦਾ। ਡਰ ਮੌਤ ਦਾ ਇਤਨਾ ਨਹੀਂ ਸੀ, ਜਿਤਨਾ ਪਰਦੇਸ ਵਿਚ ਮਰਨ ਦਾ, ਬੇਮਤਲਬ ਮਰਨ ਦਾ। ਉਸ ਲੜਾਈ ਨਾਲ ਮੇਰਾ ਲਗਾਅ ਨਹੀਂ ਸੀ, ਨਾ ਮੇਰੇ ਦੇਸ ਦਾ। ਇਹ ਗੱਲ ਅੰਦਰ ਖਹੁ ਜਿਹੀ ਪੈਦਾ ਕੀਤੀ ਰੱਖਦੀ ਸੀ।
ਹੁਣ ਸਿਨੇਮਾ ਜਾਣ ਦਾ ਮਤਲਬ ਕੇਵਲ ਤਫਰੀਹ ਨਹੀਂ ਸੀ ਰਿਹਾ, ਮਨ ਦੀ ਚਿੰਤਾ ਅਤੇ ਘਬਰਾਹਟ ਤੋਂ ਕੁਝ ਚਿਰ ਲਈ ਨਿਜਾਤ ਲੈਣਾ ਵੀ ਲੋੜੀਂਦਾ ਸੀ। ਜਿਤਨਾ ਚਿਰ ਸਿਨੇਮਾ ਦੇ ਅੰਦਰ ਬੈਠਾ ਰਹਿੰਦਾ, ਮਨ-ਪਰਚਾਵਾ ਬਣਿਆ ਰਹਿੰਦਾ। ਪਰ ਬਾਹਰ ਆ ਕੇ ਫੇਰ ਅਸਲੀਅਤ ਦੂਣੇ ਧਮਾਕੇ ਨਾਲ ਹਮਲਾ ਬੋਲ ਦੇਂਦੀ। ਕੋਈ ਵੇਲਾ ਸੀ ਜਦੋਂ ਫਿਲਮ ਵਿਚ ਵੇਖੇ ਪਰਛਾਵਿਆਂ ਦਾ ਅਸਰ ਕਿਤਨਾ ਕਿਤਨਾ ਚਿਰ ਨਸ਼ਿਆਉਂਦਾ ਰਹਿੰਦਾ ਸੀ। ਹੁਣ ਬਾਹਰ ਆਉਂਦਿਆਂ ਸਾਰ ਉਹ ਪਰਛਾਵੇਂ ਬੇਮਤਲਬ ਅਤੇ ਫਿੱਕੇ ਮਹਿਸੂਸ ਹੋਣ ਲੱਗ ਪੈਂਦੇ। ਇੰਜ ਜਾਪਦਾ ਸੀ ਜਿਵੇਂ ਉਹ ਸਾਰਾ ਵਕਤ ਮੈਨੂੰ ਬੁੱਧੂ ਬਣਾਉਂਦੇ ਰਹੇ ਹੋਣ। ਕਦੇ ਫਿਲਮਾਂ ਨੂੰ ਮੈਂ ਇਤਨੀ ਵਡੀ ਅਹਿਮੀਅਤ ਦਿਤੀ ਹੋਈ ਸੀ, ਹੁਣ ਮੈਨੂੰ ਸਾਫ ਦਿਸ ਪਿਆ ਕਿ ਉਹ ਜੀਵਨ ਦੀਆਂ ਖਹੁਰੀਆਂ ਹਕੀਕਤਾਂ ਤੋਂ ਵਕਤੀ ਜਿਹਾ ਛੁਟਕਾਰਾ ਲੈਣ ਦਾ ਸਾਧਨ ਮਾਤਰ ਹੁੰਦੀਆਂ ਹਨ, ਸ਼ਰਾਬ, ਸਿਗਰਟ, ਜਾਂ ਔਰਤਬਾਜ਼ੀ ਵਾਂਗ ਇਕ ਨਸ਼ਾ ਜਿਹਾ। ਕਦੇ ਫਿਲਮਾਂ ਮੇਰੀ ਨਜ਼ਰ ਵਿਚ ਇਕ ਆਰਟ ਸਨ, ਹੁਣ ਉਹ ਉਸ ਪੱਧਰ ਤੋਂ ਬਹੁਤ ਨੀਵੀਂਆਂ ਡਿੱਗ ਪਈਆਂ।
ਫੇਰ, ਕੁਝ ਚਿਰ ਮਗਰੋਂ ਇਕ ਐਸਾ ਹਾਦਸਾ ਹੋਇਆ, ਜਿਸ ਨੇ ਫੇਰ ਮੈਨੂੰ ਆਪਣੀ ਰਾਏ ਤਬਦੀਲ ਕਰਨ ਲਈ ਮਜਬੂਰ ਕਰ ਦਿਤਾ। ਰੂਸ ਹੁਣ ਲੜਾਈ ਵਿਚ ਆ ਗਿਆ ਸੀ, ਅੰਗਰੇਜ਼ਾਂ ਦਾ ਸਾਥੀ ਤੇ ਇਤਹਾਦੀ ਬਣ ਚੁੱਕਾ ਸੀ। ਟਾਟਨਹੈਮ ਕੋਰਟ ਰੋਡ ਦੇ ਇਕ ਸਿਨੇਮਾ ਵਿਚ ਰੂਸੀ ਫਿਲਮਾਂ ਵਿਖਾਈਆਂ ਜਾਣ ਲੱਗ ਪਈਆਂ।
ਪਹਿਲੀ ਫਿਲਮ ਜੋ ਮੈਂ ਵੇਖੀ ਉਸ ਦਾ ਨਾਂ ਸੀ, "ਸਰਕਸ"। ਇਸ ਦੀ ਕਹਾਣੀ ਮੈਨੂੰ ਹੁਣ ਤਕ ਨਹੀਂ ਭੁੱਲੀ। ਅਮਰੀਕਾ ਤੋਂ ਇਕ ਸਰਕਸ ਮਾਸਕੋ ਆਉਂਦਾ ਹੈ, ਜਿਸ ਦੀ ਖੇਡ ਲੋਕਾਂ ਵਿਚ ਅਤਿਅੰਤ ਮਕਬੂਲ ਹੋ ਜਾਂਦੀ ਹੈ। ਸਭ ਤੋਂ ਵਧ ਅਚੰਭੇ ਵਾਲੀ ਅਤੇ ਖਤਰਨਾਕ ਖੇਡ ਹੈ ਇਕ ਕੁੜੀ ਨੂੰ ਤੋਪ ਦੇ ਮੂੰਹ ਵਿਚ ਭਰ ਕੇ ਪਿਛੋਂ ਬਰੂਦ ਦਾ ਪਲੀਤਾ ਲਗਾ ਕੇ ਉਡਾ ਦੇਣਾ। ਕੁੜੀ ਉੱਡਦੀ ਉੱਡਦੀ ਸਰਕਸ ਦੇ ਤੰਬੂ ਦੀ ਛੱਤ ਨਾਲ ਜਾ ਲਗਦੀ ਹੈ ਤੇ ਫੇਰ ਹੇਠਾਂ ਇਕ ਜਾਲ ਵਿਚ ਝੋਪ ਲਈ ਜਾਂਦੀ ਹੈ। ਬੜੀ ਖੂਬਸੂਰਤ ਸੀ ਉਹ ਕੁੜੀ। ਇਕ ਰੂਸੀ ਨੌਜਵਾਨ, ਜੋ ਆਪ ਸਰਕਸ ਦਾ ਕਲਾਬਾਜ਼ ਸੀ, ਉਸ ਵਲ ਖਿੱਚਿਆ ਗਿਆ। ਉਹ ਉਹਨੂੰ ਮਿਲਣ ਦੀ ਹਰ ਸੰਭਵ ਕੋਸ਼ਸ਼ ਕਰਦਾ, ਪਰ ਕੁੜੀ ਹਮੇਸ਼ਾਂ ਟਾਲ ਜਾਂਦੀ। ਉਹ ਕਦੇ ਆਪਣੇ ਕਮਰੇ ਵਿਚੋਂ ਬਾਹਰ ਈ ਨਹੀਂ ਸੀ ਨਿਕਲਦੀ। ਰੂਸੀ ਮੁੰਡਾ ਸਖਤ ਹੈਰਾਨ ਸੀ ਕਿ ਕਿਉਂ ਉਹ ਕੁੜੀ ਇਤਨੀ ਸ਼ਰਮਾਕਲ ਅਤੇ ਡਰੂ ਹੈ। ਇਕ ਦਿਨ ਉਹ ਚਲਾਕੀ ਨਾਲ ਚੋਰੀ ਉਹਦੇ ਕਮਰੇ ਵਿਚ ਜਾ ਵੜਿਆ। ਕੀ ਵੇਖਦਾ ਹੈ, ਉਹ ਇਕ ਕਾਲੇ ਸਿਆਹ ਨੀਗਰੋ ਬੱਚੇ ਨੂੰ ਛਾਤੀ ਨਾਲ ਕੇ ਦੁੱਧ ਪਿਆ ਰਹੀ ਹੈ। ਉਹ ਹੱਕਾ ਬੱਕਾ ਰਹਿ ਗਿਆ। ਪਹਿਲਾਂ ਤਾਂ ਕੁੜੀ ਨੇ ਉਸ ਨੂੰ ਡਾਂਟਿਆ-ਫਟਕਾਰਿਆ, ਫੇਰ ਫੁਟ-ਫੁਟ ਕੇ ਰੋਣ ਲਗ ਪਈ। ਉਸ ਰੂਸੀ ਮੁੰਡੇ ਵਲ ਉਹ ਆਪ ਵੀ ਖਿੱਚ ਮਹਿਸੂਸ ਕਰ ਰਹੀ ਸੀ, ਏਸੇ ਕਰਕੇ ਉਸ ਤੋਂ ਲੁਕਣ ਦੀ ਕੋਸ਼ਸ਼ ਕਰਦੀ ਸੀ। ਉਹਦਾ ਮਨ ਆਤਮ-ਗਲਾਨੀ ਦਾ ਸ਼ਿਕਾਰ ਸੀ। ਪਿੱਛੇ ਅਮਰੀਕਾ ਵਿਚ ਉਸ ਦਾ ਇਕ ਨੀਗਰੋ ਮੁੰਡੇ ਨਾਲ ਪਿਆਰ ਹੋਇਆ ਸੀ। ਦੋਵੇਂ ਬੜਾ ਲੁਕ-ਛਿਪ ਕੇ ਮਿਲਦੇ ਸਨ, ਪਰ ਹਜ਼ਾਰ ਇਹਤਿਆਤ ਕਰਦਿਆਂ ਵੀ ਕੁੜੀ ਨੂੰ ਗਰਭ ਠਹਿਰ ਗਿਆ। ਭੈਭੀਤ ਹੋ ਕੇ ਉਹ ਘਰੋਂ ਨੱਠ ਗਈ। ਉਹ ਜਾਣਦੀ ਸੀ ਕਿ ਜੇ ਕਿਸੇ ਨੂੰ ਪਤਾ ਚੱਲ ਗਿਆ ਤਾਂ ਲੋਕੀਂ ਭਾਵੇਂ ਉਸ ਦੀ ਜਾਨ ਬਖਸ਼ ਦੇਣ, ਪਰ ਉਸ ਦੇ ਨੀਗਰੋ ਪ੍ਰੇਮੀ ਨੂੰ ਜ਼ਰੂਰ ਜਾਨੋਂ ਮਾਰ ਛਡਣਗੇ। ਔਖੇ ਵੇਲੇ ਇਕ ਚਲਾਕ ਆਦਮੀ ਉਸ ਦਾ ਸਹਾਇਕ ਬਣਦਾ ਹੈ ਅਤੇ ਝੂਠੇ ਸਬਜ਼-ਬਾਗ ਵਿਖਾ ਕੇ ਉਸ ਨੂੰ ਇਕ ਸਰਕਸ ਦੇ ਮਾਲਕ ਅੱਗੇ ਵੇਚ ਛੱਡਦਾ ਹੈ। ਉਹ ਜ਼ਾਲਮ ਮਾਲਕ ਪਰਿਸਥਿਤੀ ਦਾ ਖੂਬ ਲਾਭ ਉਠਾਉਂਦਾ ਹੈ। ਉਹ ਉਸ ਦੁਖੀ ਕੁੜੀ ਅਤੇ ਉਸ ਦੇ ਕਾਲੇ ਕਲੂਟ ਬੱਚੇ ਨੂੰ ਸ਼ਰਨ ਤਾਂ ਅਵੱਸ਼ ਦੇਂਦਾ ਹੈ, ਪਰ ਪੂਰੀ ਤਰ੍ਹਾਂ ਆਪਣਾ ਗੁਲਾਮ ਬਣਾ ਕੇ। ਉਹ ਹਰ ਵਕਤ ਉਸ ਨੂੰ ਡਰਾਉਂਦਾ ਰਹਿੰਦਾ ਹੈ ਕਿ ਜੇ ਉਸ ਨੇ ਜ਼ਰਾ ਵੀ ਬਾਹਰ ਦੀ ਦੁਨੀਆਂ ਵਿਚ ਕਦਮ ਧਰਿਆ ਤਾਂ ਉਹ ਉਸ ਦਾ ਰਾਜ਼ ਫਾਸ਼ ਕਰ ਦੇਵੇਗਾ, ਅਤੇ ਲੋਕੀਂ ਉਸ ਨੂੰ "ਲਿੰਚ" ਕਰ ਦੇਣਗੇ। ਇਸੇ ਡਰਾਵੇ ਮਾਰਿਅ ਉਹ ਆਪਣੇ ਕਮਰੇ ਵਿਚੋਂ ਬਾਹਰ ਨਹੀਂ ਸੀ ਨਿਕਲਦੀ। ਏਸੇ ਕਰਕੇ ਉਹ ਉਸ ਰੂਸੀ ਨੌਜਵਾਨ ਦੀਆਂ ਪੇਸ਼ਕਦਮੀਆਂ ਤੋ ਡਰਦੀ ਸੀ।
ਰੂਸੀ ਨੌਜਵਾਨ ਉਸ ਦੀ ਕਰੁਣ ਕਹਾਣੀ ਸੁਣ ਕੇ ਜ਼ੋਰ ਦਾ ਹੱਸ ਪੈਂਦਾ ਹੈ। ਉਹ ਉਸ ਨੂੰ ਦਸਦਾ ਹੈ ਕਿ ਇਨਕਲਾਬੀ ਸੋਵੀਅਤ ਦੇਸ਼ ਵਿਚ ਕਾਲੇ-ਗੋਰੇ, ਜ਼ਾਤ-ਪਾਤ, ਊਚ-ਨੀਚ ਅਤੇ ਧਰਮ-ਮਜ਼ਹਬ ਦੇ ਸਭ ਵਿਤਕਰੇ ਸਦਾ ਲਈ ਖਤਮ ਹੋ ਚੁੱਕੇ ਹਨ, ਸਭ ਇਨਸਾਨ ਮੁਕੰਮਲ ਤੌਰ ਤੇ ਬਰਾਬਰ ਹਨ। ਉਹਨੂੰ ਏਥੇ ਕਿਸੇ ਕਿਸਮ ਦਾ ਡਰ ਨਹੀਂ।
ਕੁੜੀ ਨੂੰ ਯਕੀਨ ਨਹੀਂ ਆਉਂਦਾ ਕਿ ਕੋਈ ਗੋਰੀ ਕੌਮ ਕਦੇ ਕਾਲੀ ਨਸਲ ਦੇ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇ ਸਕਦੀ ਹੈ। ਝੱਕ-ਝੱਕ ਤੇ ਅਤੇ ਲੁਕ-ਲੁਕ ਕੇ ਉਹ ਮੁੰਡੇ ਨਾਲ, ਮਾਲਕ ਤੋਂ ਚੋਰੀ, ਮਾਸਕੋ ਸ਼ਹਿਰ ਵਿਚ ਫਿਰਦੀ-ਤੁਰਦੀ ਹੈ। ਉਹਨੂੰ ਗਿਆਨ ਹੁੰਦਾ ਹੈ ਕਿ ਮੁੰਡਾ ਦਰਅਸਲ ਸੱਚ ਕਹਿ ਰਿਹਾ ਸੀ। ਉਹ ਉਸ ਦੇ ਮਾਂ-ਬਾਪ ਨੂੰ ਮਿਲਦੀ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਪਤਾ ਹੈ ਕਿ ਉਹ ਕਾਲੇ ਬੱਚੇ ਦੀ ਮਾਂ ਹੈ। ਉਹਨਾਂ ਤੋਂ ਵੀ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਰਜਵਾਂ ਪਿਆਰ ਤੇ ਮਾਣ ਮਿਲਦਾ ਹੈ। ਹੌਲੀ ਹੌਲੀ ਕੁੜੀ ਵਿਚ ਹਿੰਮਤ ਆ ਜਾਂਦੀ ਹੈ। ਕੁਝ ਦਿਨਾਂ ਅੰਦਰ ਹੀ ਦੋਵਾਂ ਦੀ ਦੋਸਤੀ ਪ੍ਰੇਮ ਵਿਚ ਬਦਲ ਜਾਂਦੀ ਹੈ, ਅਤੇ ਉਹ ਨਿਧੜਕ ਸਰਕਸ ਦੇ ਮਾਲਕ ਕੋਲ ਜਾ ਕੇ ਆਪਣੇ ਸ਼ਾਦੀ ਕਰਨ ਦੇ ਫੇਸਲੇ ਦਾ ਐਲਾਨ ਕਰ ਦੇਂਦੇ ਹਨ, ਜਿਸ ਦਾ ਅੰਤਰ-ਰਾਸ਼ਟਰੀ ਕਾਨੂੰਨ ਅਨੁਸਾਰ ਉਹ ਕੋਈ ਵਿਰੋਧ ਨਹੀਂ ਕਰ ਸਕਦਾ।
ਅਮਰੀਕਨ ਸਰਕਸ ਚਲੀ ਜਾਂਦੀ ਹੈ। ਕੁੜੀ-ਮੁੰਡਾ ਦੋਵੇਂ ਹੁਣ ਇਕ ਰੂਸੀ ਸਰਕਸ ਵਿਚ ਕੰਮ ਕਰਨ ਲਗ ਜਾਂਦੇ ਹਨ; ਅਤੇ ਫਿਲਮ ਦੇ ਅਖੀਰ ਵਿਚ ਵਿਖਾਇਆ ਜਾਂਦਾ ਹੈ ਕਿ ਕਿਵੇਂ ਉਸ ਕੁੜੀ ਦਾ ਨੀਗਰੋ ਬਾਲ ਨਾ ਕੇਵਲ ਸਰਕਸ ਦੇ ਸਾਥੀਆਂ ਦਾ, ਸਗੋਂ ਸਾਰੇ ਮਾਸਕੋ, ਸਾਰੇ ਰੂਸ, ਸਾਰੇ ਸੋਵੀਅਤ ਯੁਨੀਅਨ ਦੀਆਂ ਕੌਮਾਂ - ਉਜ਼ਬੇਕ, ਤਾਜਿਕ, ਤੁਰਕਮਾਨੀ, ਮੰਗੋਲੀ, ਆਰਮੀਨੀ ਆਦਿ ਦੀਆਂ ਅੱਖਾਂ ਦਾ ਤਾਰਾ ਬਣ ਜਾਂਦਾ ਹੈ। ਇਹ ਅਖੀਰਲਾ ਸੀਨ ਇਤਨੇ ਕਮਾਲ ਦੇ ਅੰਦਾਜ਼ ਨਾਲ ਵਿਖਾਇਆ ਗਿਆ ਸੀ ਕਿ ਮੇਰੇ ਲੂੰ-ਕੰਡੇ ਖੜੇ ਹੋ ਗਏ।
ਇਸ ਫਿਲਮ ਦਾ ਮੇਰੇ ਉਪਰ ਕਿਤਨਾ ਡੂੰਘਾ ਪ੍ਰਭਾਵ ਪਿਆ ਕਿ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਜਦੋਂ ਬਾਹਰ ਨਿਕਲਿਆ ਤਾਂ ਹਵਾਈ ਹਮਲੇ ਦਾ ਸਾਇਰਨ ਵੱਜ ਚੁੱਕਿਆ ਸੀ। ਘੁੱਪ ਹਨੇਰੇ ਵਿਚ ਮੇਰੀਆਂ ਅੱਖਾਂ ਨੂੰ ਤੇ ਮੂੰਹ ਨੂੰ ਹਵਾ ਵਿਚ ਕੁਝ ਚੁੱਭਦਾ-ਚੁੱਭਦਾ ਮਹਿਸੂਸ ਹੋਇਆ। ਵਾਲਾਂ ਵਿਚ ਵੀ ਕੱਚ ਦੇ ਨਿੱਕੇ ਨਿੱਕੇ ਟੁਕੜਿਆਂ-ਭਰੀ ਮਿੱਟੀ ਡਿੱਗ ਰਹੀ ਸੀ। ਕਿਤੇ ਨੇੜੇ ਹੀ ਬੰਮ ਡਿੱਗਿਆ ਸੀ ਸ਼ੈਦ। ਪਰ ਮੈਂ ਇਹਨਾਂ ਸਾਰੀਆਂ ਕੁਲਫਤਾਂ ਤੋਂ ਬੇਖਬਰ ਸਾਂ। ਮੇਰੇ ਅੰਦਰ ਇਕ ਅਜੀਬ ਅਹਿਸਾਸ ਠਾਠਾਂ ਮਾਰ ਰਿਹਾ ਸੀ। ਇਨਸਾਨ ਕਿਤਨਾ ਮਹਾਨ ਹੈ। ਜ਼ਿੰਦਗੀ ਕਿਤਨੀ ਮਹਾਨ ਹੈ ਤੇ ਕਿਤਨੀ ਜੀਣਯੋਗ ਹੈ, ਮੈਂ ਆਪਣੇ ਅੰਦਰ ਫੌਲਾਦ ਜਿਹਾ ਮਹਿਸੂਸ ਕਰ ਰਿਹਾ ਸਾਂ। ਮੇਰੇ ਸਾਰੇ ਡਰ-ਭੌ ਲਹਿ ਗਏ ਸਨ।
ਇਹ ਪ੍ਰਭਾਵ ਅਮਰੀਕਨ ਫਿਲਮਾਂ ਦੇ ਪ੍ਰਭਾਵ ਤੋਂ ਇਕਦਮ ਉਲਟ ਸੀ। ਅਮਰੀਕਨ ਫਿਲਮਾਂ ਇਨਸਾਨ ਨੂੰ ਘਟੀਆ, ਆਪਣੀਆਂ ਪਰਿਸਥਿਤੀਆਂ ਅਤੇ ਬਿਰਤੀਆਂ ਦਾ ਗੁਲਾਮ ਵਿਖਾਉਂਦੀਆ ਸਨ, ਤੇ ਉਸ ਦੀਆਂ ਅੰਦਰੂਨੀ ਤਾਕਤਾਂ ਦੇ ਨਹੀਂ, ਉਸ ਦੀਆਂ ਕਮਜ਼ੋਰੀਆਂ ਦੇ ਰਾਗ ਅਲਾਪਦੀਆਂ ਸਨ।
ਦੋ-ਤਿੰਨ ਦਿਨਾਂ ਪਿਛੋਂ ਇਸ ਫਿਲਮ ਨੂੰ ਦੁਬਾਰਾ ਵੇਖਣ ਦੀ ਮੇਰੀ ਇੱਛਾ ਹੋਈ। ਜਦੋਂ ਮੈਂ ਹਾਲ ਵਿਚ ਵੜਿਆ ਤਾਂ ਫਿਲਮ ਸ਼ੁਰੂ ਹੋ ਚੁੱਕੀ ਸੀ। ਮੈਂ ਨਹੀਂ ਵੇਖ ਸਕਿਆ ਕਿ ਮੇਰੇ ਆਲੇ ਦੁਆਲੇ ਕੌਣ ਬੈਠੇ ਹੋਏ ਸਨ। ਪਰ ਜਦੋਂ ਫਿਲਮ ਖਤਮ ਹੋਈ, ਅਤੇ ਰੌਸ਼ਨੀਆਂ ਜਗੀਆਂ ਤਾਂ ਮੈਂ ਵੇਖਿਆ, ਫੌਜੀ ਵਰਦੀਆਂ ਪਾਈ ਅਮਰੀਕਨ ਨੀਗਰੋ ਸਿਪਾਹੀਆਂ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ। ਉਹਨਾਂ ਦੇ ਚਿਹਰਿਆਂ ਉੱਪਰ ਵੀ ਓਹੀ ਚਮਕ ਸੀ, ਜੋ ਮੈਂ ਆਪਣੇ ਚਿਹਰੇ ਉਤੇ ਮਹਿਸੂਸ ਕਰ ਰਿਹਾ ਸਾਂ। ਉਹਨਾਂ ਨਾਲ ਵੀ ਆਪਣੇ ਦੇਸ ਵਿਚ ਓਸੇ ਕਿਸਮ ਦਾ ਸਲੂਕ ਹੁੰਦਾ ਸੀ, ਜੋ ਇਕ ਕਾਲੇ ਆਦਮੀ ਦੀ ਹੈਸੀਅਤ ਵਿਚ ਮੈਂ ਸਹਿੰਦਾ ਆਇਆ ਸਾਂ।
ਉਹਨਾਂ ਅਮਰੀਕਨ ਨੀਗਰੋ ਸਿਪਾਹੀਆਂ ਦੀ ਭਾਰੀ ਸੰਖਿਆ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜੇ ਇਹ ਰੂਸੀ ਫਿਲਮ "ਪ੍ਰਾਪੇਗੈਂਡਾ' ਸੀ, ਤਾਂ ਉਸ ਪ੍ਰਾਪੇਗੈਂਡੇ ਵਿਚ ਬੜੀ ਸਚਿਆਈ ਸੀ। ਮੈਨੂੰ ਓਦੋਂ ਅਹਿਸਾਸ ਹੋਇਆ ਕਿ ਪ੍ਰਾਪੇਗੈਂਡਾ ਝੂਠਾ ਵੀ ਹੋ ਸਕਦਾ ਹੈ, ਤੇ ਸੱਚਾ ਵੀ। ਪ੍ਰਾਪੇਗੈਂਡਾ ਹਰ ਹਾਲਤ ਵਿਚ ਬੁਰੀ ਚੀਜ਼ ਨਹੀਂ, ਉਹ ਚੰਗੀ ਚੀਜ਼ ਵੀ ਹੋ ਸਕਦਾ ਹੈ। ਉਸ ਤੋਂ ਬਾਅਦ ਜਿਹੜੀ ਵੀ ਰੂਸੀ ਫਿਲਮ ਉਸ ਸਿਨੇਮਾ ਵਿਚ ਆਉਂਦੀ, ਮੈਂ ਉਸ ਨੂੰ ਜ਼ਰੂਰ ਵੇਖਣ ਜਾਂਦਾ, ਕਿਉਂਕਿ ਉਹ ਮੈਨੂੰ ਘੱਟ ਤੋਂ ਘੱਟ ਕੁਝ ਦਿਨਾਂ ਲਈ ਡਰ ਤੋਂ ਨਿਜਾਤ ਦਿਵਾ ਦੇਂਦੀ ਸੀ। ਉਹ ਫਿਲਮਾਂ ਵੇਖ ਕੇ ਮੇਰਾ ਮਨੁੱਖਤਾ ਵਿਚ ਵਿਸ਼ਵਾਸ ਵਧਦਾ ਸੀ। ਮੈਂ ਬਲਵਾਨ ਹੋ ਜਾਂਦਾ ਸਾਂ। "ਅਲੈਗਜ਼ਾਂਡਰ ਨੈਵਸਕੀ", "ਬੈਟਲਸ਼ਿਪ ਪੋਟਾਮਕਿਨ", "ਬਾਲਟਿਕ ਡੈਪਯੂਟੀ", "ਚੇਪਾਯੇਵ", "ਸ਼ਾਰਜ਼", "ਮਾਂ", "ਗੋਰਕੀ ਦੀ ਜੀਵਨ-ਕਥਾ", "ਵਾਲਗਾ-ਵਾਲਗਾ" ਅਤੇ ਕਿਤਨੀਆਂ ਹੋਰ ਰੂਸੀ ਫਿਲਮਾਂ ਮੈਂ ਵੇਖੀਆਂ।
ਮੈਨੂੰ ਸੋਵੀਅਤ ਫਿਲਮ-ਕਲਾ ਬਾਰੇ ਹੋਰ ਜਾਣਨ ਦੀ ਖਾਹਸ਼ ਪੈਦਾ ਹੋਈ। ਮੈਂ ਕਿਤਾਬਾਂ ਪੜ੍ਹੀਆਂ, ਅਤੇ ਮੈਨੂੰ ਪਤਾ ਲੱਗਾ ਕਿ ਇਹ ਫਿਲਮਾਂ ਕੇਵਲ ਮੈਨੂੰ ਹੀ ਚੰਗੀਆਂ ਨਹੀਂ ਸਨ ਲੱਗੀਆਂ, ਸਗੋਂ ਸੰਸਾਰ ਭਰ ਦੇ ਫਿਲਮਕਾਰਾਂ ਨੇ ਮੁਕਤ-ਕੰਠ ਨਾਲ ਉਹਨਾਂ ਦੀ ਪ੍ਰਸੰਸਾ ਕੀਤੀ ਸੀ, ਅਤੇ ਉਹਨਾਂ ਨੂੰ ਫਿਲਮੀ ਇਤਿਹਾਸ ਵਿਚ ਸ਼ਾਹਕਾਰ ਫਿਲਮਾਂ ਦਾ ਦਰਜਾ ਦਿੱਤਾ ਸੀ। ਮੈਂ ਆਈਜ਼ਨਸਟਾਈਨ ਅਤੇ ਪੁਦਾਵਕਿਨ ਆਦਿ ਦੇ ਨਾਵਾਂ ਤੋਂ ਵਾਕਫ ਹੋਇਆ। ਚਰਖਾਸੋਵ ਦੀ ਐਕਟਿੰਗ ਦਾ ਮੈਂ ਦਿਲੋਂ-ਮਨੋਂ ਸ਼ੈਦਾਈ ਹੋ ਗਿਆ। ਓਦੋਂ ਮੈਨੂੰ ਕਲਪਨਾ ਵੀ ਨਹੀਂ ਸੀ ਹੋ ਸਕਦੀ ਕਿ ਇਕ ਦਿਨ ਮੈਂ ਆਪ ਚਰਖਾਸੋਵ ਅਤੇ ਪੁਦਾਵਕਿਨ ਦੇ ਦੇਸ਼ ਜਾਵਾਂਗਾ, ਤੇ ਜਿਵੇਂ ਮੈਂ ਉਹਨਾਂ ਦੀਆਂ ਫਿਲਮਾਂ ਵੇਖੀਆਂ ਹਨ, ਉਹ ਵੀ ਮੇਰੀ ਫਿਲਮ, "ਦੋ ਬਿਘਾ ਜ਼ਮੀਨ" ਵੇਖਣਗੇ ਅਤੇ ਉਤਨੀ ਹੀ ਤਾਰੀਫ ਕਰਨਗੇ ਅਤੇ ਉਹ ਵੀ ਹਿੰਦੁਸਤਾਨ ਆਉਣਗੇ ਅਤੇ ਅਸੀਂ ਇਕ-ਦੂਜੇ ਨੂੰ ਗਲਵਕੜੀ ਪਾ ਸਕਾਂਗੇ। ਇਸ ਤਰ੍ਹਾਂ ਸੋਵੀਅਤ ਯੁਨੀਅਨ ਨਾਲ, ਮਾਰਕਸਵਾਦ ਅਤੇ ਲੈਨਿਨਵਾਦ ਨਾਲ, ਮੇਰੀ ਪਛਾਣ ਪਹਿਲਾਂ ਫਿਲਮਾਂ ਰਾਹੀਂ ਹੀ ਹੋਈ। ਮੈਂ ਉਸ ਦੇਸ਼ ਬਾਰੇ ਜਾਣਨ ਲਈ ਉਤਸੁਕ ਹੋ ਗਿਆ, ਜਿਹੜਾ ਇਤਨੀਆਂ ਵਧੀਆ ਫਿਲਮਾਂ ਬਣਾਉਂਦਾ ਸੀ। ਅਮਰੀਕਨ ਫਿਲਮਾਂ ਬਾਰੇ ਮੇਰਾ ਤਲਿਸਮ ਉਤਰ ਗਿਆ। ਉਹ ਮੈਨੂੰ ਸੋਵੀਅਤ ਫਿਲਮਾਂ ਦੇ ਮੁਕਾਬਲੇ ਵਿਚ ਫਿੱਕੀਆਂ ਤੇ ਘਟੀਆ ਜਾਪਣ ਲਗ ਪਈਆਂ। ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਹੁਣ ਵੀ ਹਰ ਸੋਵੀਅਤ ਫਿਲਮ ਨੂੰ ਸ਼ਾਹਕਾਰ ਮੰਨਦਾ ਹਾਂ। ਅਜੀਬ ਜਿਹੀ ਗੱਲ ਹੈ ਕਿ ਲੜਾਈ ਤੋਂ ਬਾਅਦ ਦੇ ਜ਼ਮਾਨੇ ਵਿਚ ਸੋਵੀਅਤ ਫਿਲਮਾਂ ਦਾ ਮਿਆਰ ਇਕ ਦਮ ਡਿੱਗ ਗਿਆ ਸੀ, ਅਤੇ ਇਸ ਗੱਲ ਨੂੰ ਰੂਸੀ ਵੀ ਮੰਨਦੇ ਹਨ। ਉਹ ਇਸ ਦਾ ਦੋਸ਼ ਸਟਾਲਿਨ ਦੀ ਧੱਕੇਸ਼ਾਹੀ ਨੂੰ ਦੇਂਦੇ ਹਨ। ਇਸ ਵਿਚ ਕਿਤਨਾ ਕੁ ਸੱਚ ਹੈ, ਉਹੋ ਜਾਣਨ। ਮੇਰਾ ਆਪਣਾ ਅਨੁਭਵ ਇਹ ਹੈ ਕਿ ਜਿਤਨਾ ਪ੍ਰਭਾਵ ਮੇਰੇ ਉਪਰ ਸੋਵੀਅਤ ਫਿਲਮਾਂ ਦਾ ਓਦੋਂ ਪਿਆ ਸੀ, ਉਹ ਅਜ-ਕਲ ਦੀਆਂ ਸੋਵੀਅਤ ਫਿਲਮਾਂ ਦਾ ਨਹੀਂ ਪੈਂਦਾ। ਪਰ ਇਸ ਵਿਚ ਵੀ ਸ਼ੱਕ ਨਹੀਂ ਕਿ ਜਿਤਨੀਆਂ ਸੋਵੀਅਤ ਫਿਲਮਾਂ ਵੇਖਣ ਦਾ ਮੌਕਾ ਮੈਨੂੰ ਲੰਡਨ ਵਿਚ ਮਿਲਦਾ ਸੀ ਉਹ ਅਜਕਲ ਹਿੰਦੁਸਤਾਨ ਵਿਚ ਨਹੀਂ ਮਿਲਦਾ। ਏਸ ਲਈ, ਹੋ ਸਕਦਾ ਹੈ ਕਿ ਮੇਰਾ ਅਨੁਮਾਨ ਗਲਤ ਵੀ ਹੋਵੇ।
ਮਾਰਕਸਵਾਦ ਬਾਰੇ ਕਿਤਾਬਾਂ ਪੜ੍ਹਦਿਆਂ ਮੈਨੂੰ ਰਜਨੀ ਪਾਮਦੱਤ ਅਤੇ ਕ੍ਰਿਸ਼ਨ ਮੈਨਨ ਦੀਆਂ ਕਿਤਾਬਾਂ ਦਾ ਵੀ ਪਤਾ ਲੱਗਾ। ਮੈਨੂੰ ਸਮਝ ਆਉਣਾ ਸ਼ੁਰੂ ਹੋਇਆ ਕਿ ਸੰਸਾਰ-ਜੰਗ ਕਿਉਂ ਹੁੰਦੀ ਹੈ, ਫਾਸ਼ਿਜ਼ਮ ਅਤੇ ਸਾਮਰਾਜਵਾਦ ਕੀ ਚੀਜ਼ ਹਨ, ਹਿੰਦੁਸਤਾਨ ਕਿਉਂ ਗੁਲਾਮ ਹੈ, ਸਮਾਜਵਾਦ ਦਾ ਆਦਰਸ਼ ਕਿਵੇਂ ਮਨੁੱਖਤਾ ਲਈ ਵਿਕਾਸ ਦਾ ਇਕ ਨਵਾਂ ਪੜਾਅ ਹੈ। ਸੋਵੀਅਤ ਯੁਨੀਅਨ ਓਦੋਂ ਸਖਤ ਖਤਰੇ ਵਿਚੋਂ ਲੰਘ ਰਿਹਾ ਸੀ ਅਤੇ ਬੇਪਨਾਹ ਦਲੇਰੀ ਨਾਲ ਲੜ ਰਿਹਾ ਸੀ। ਸਾਰੇ ਸੰਸਾਰ ਦੀਆਂ ਨਜ਼ਰਾਂ ਸਟਾਲਿਨਗਰਾਡ ਅਤੇ ਲੈਨਿਨਗਰਾਡ ਵਲ ਲੱਗੀਆਂ ਹੋਈਆਂ ਸਨ। ਸਾਡੇ ਆਪਣੇ ਦੇਸ਼ ਵਿਚ ਸਾਮਰਾਜੀ ਜ਼ੁਲਮ ਨੇ ਕਹਿਰ ਢਾਹਿਆ ਹੋਇਆ ਸੀ। ਬੰਗਾਲ ਦੇ ਕਾਲ ਦੀਆਂ ਖਬਰਾਂ, ਗਾਂਧੀ ਅਤੇ ਨਹਿਰੂ ਦੇ ਕੈਦ ਹੋਣ ਦੀਆਂ ਖਬਰਾਂ ਦਿਲ ਨੂੰ ਬੜਾ ਸਖਤ ਬੇਚੈਨ ਕਰਦੀਆਂ ਸਨ, ਪਰ ਨਾਲ ਇਹ ਵੀ ਪਤਾ ਸੀ ਕਿ ਸਾਰੇ ਅਨਿਆਂ ਦੇ ਬਾਵਜੂਦ ਸਾਡੇ ਰਾਸ਼ਟਰੀ ਅੰਦੋਲਨ ਦੀਆਂ ਆਸਾਂ ਸਮਾਜਵਾਦ ਅਤੇ ਲੋਕਵਾਦ ਦੀ ਜਿੱਤ ਨਾਲ ਜੁੜੀਆਂ ਹੋਈਆਂ ਹਨ, ਹਿਟਲਰ ਦੀ ਫਾਸ਼ਿਸਟ ਬਰਬਰੀਅਤ ਨਾਲ ਨਹੀਂ।
ਇਸ ਤਰ੍ਹਾਂ ਮੈਨੂੰ ਆਪਣੇ ਰੇਡੀਓ ਦੇ ਕੰਮ ਵਿਚ ਵੀ ਇਕ ਨਵਾਂ ਸੁਆਦ ਜਿਹਾ ਪ੍ਰਤੀਤ ਹੋਣ ਲੱਗ ਪਿਆ। ਮੈਂ ਆਪਣੇ ਹਿੰਦੀ ਅਤੇ ਉਰਦੂ ਦੇ ਉਚਾਰਨ ਨੂੰ ਸੁਆਰਨ ਉਪਰ ਬੜੀ ਮਿਹਨਤ ਕੀਤੀ। ਮੈਂ ਜਾਨ ਗੀਲਗੁਡ, ਟੀ. ਐਸ਼ ਈਲੀਅਟ, ਜਾਰਜ ਆਰਵੈਲ, ਹੈਰਲਡ ਲਾਸਕੀ, ਲਾਇਨਲ ਫੀਲਡਨ, ਗਿਲਬਰਟ ਹਾਰਡਿੰਗ ਅਤੇ ਕਿਤਨੇ ਈ ਹੋਰ ਸ਼ਰੋਮਣੀ ਚਿੰਤਕਾਂ, ਸਾਹਿਤਕਾਰਾਂ ਤੇ ਕਲਾਕਾਰਾਂ ਨਾਲ ਦੋਸਤੀਆਂ ਲਾਈਆਂ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ, ਬਹੁਤ ਕੁਝ ਹਾਸਲ ਕੀਤਾ। ਲੜਾਈ ਦੇ ਜ਼ਮਾਨੇ ਦਾ ਇਕ ਲਾਭ ਇਹ ਵੀ ਸੀ ਕਿ ਯੋਰਪ ਤੇ ਅਮਰੀਕਾ ਦੇ ਵਧੀਆ ਤੋਂ ਵਧੀਆ ਫਿਲਮ ਤੇ ਸਟੇਜ ਐਕਟਰ-ਐਕਟਰੈਸਾਂ ਬੀ. ਬੀ. ਸੀ. ਉਪਰ ਪ੍ਰੋਗਰਾਮ ਕਰਨ ਆਉਂਦੇ ਸਨ, ਰੇਡੀਓ-ਨਾਟਕ ਖੇਡਦੇ ਸਨ, ਮਨੋਰੰਜਕ ਪਰੋਗਰਾਮ ਕਰਦੇ ਸਨ। ਬਾਬ ਹੋਪ, ਲਾਰੰਸ ਓਲੀਵੀਅਰ, ਮਾਈਕਲ ਰੈਡਗਰੇਵ, ਬੇਬ ਡੇਨੀਅਲ, ਵਿਵਅਨ ਲੀ ਅਤੇ ਕਿਤਨੇ ਈ ਹੋਰ ਕਲਾਕਾਰਾਂ ਦੇ ਕੰਮਾਂ ਨੂੰ ਨੇੜਿਓਂ ਵੇਖਣ ਦਾ ਮੈਨੂੰ ਮੌਕਾ ਮਿਲਿਆ। ਮੈਂ ਉਹਨਾਂ ਵਿਚ ਸਭ ਤੋਂ ਵੱਡੀ ਸਿਫਤ ਇਹ ਵੇਖੀ ਕਿ ਉਹ ਵਕਤ ਦੇ ਬੜੇ ਪਾਬੰਦ ਸਨ। ਰਿਹਰਸਲ ਹੋਵੇ ਭਾਵੇਂ ਬ੍ਰਾਡਕਾਸਟ, ਉਹ ਕਦੇ ਅਧੇ ਮਿੰਟ ਦੀ ਵੀ ਦੇਰ ਨਹੀਂ ਸਨ ਕਰਦੇ, ਅਤੇ ਕੰਮ ਵੇਲੇ ਦੁਨੀਆਂ-ਜਹਾਨ ਭੁੱਲ ਜਾਂਦੇ ਸਨ। ਉਹਨਾਂ ਦੇ ਕੰਮ ਦਾ ਸਿਲਸਿਲਾ ਇਕ ਮਸ਼ਨਿ ਵਾਂਗ ਚੱਲਦਾ ਸੀ। ਮਿਲ ਕੇ ਕੰਮ ਕਰਨ ਵੇਲੇ ਕਿਸੇ ਨੂੰ ਵਡੇ-ਛੋਟੇ ਦਾ ਅਹਿਸਾਸ ਨਹੀਂ ਸੀ ਰਹਿੰਦਾ। ਸਭ ਨਾਲ ਇਕੋ ਜਿਹਾ ਸਲੂਕ ਹੁੰਦਾ ਸੀ। ਅਤੇ ਆਪਸ ਵਿਚ ਵੀ ਉਹ ਇਕ ਦੂਜੇ ਨਾਲ ਘੁਲ-ਮਿਲ ਜਾਂਦੇ ਸਨ। ਲਗਨ ਅਤੇ ਕੰਮ ਵਿਚ ਖੁੱਭਣ ਦਾ ਇਕ ਅਜੀਬ ਸੁੰਦਰ ਵਾਤਾਵਰਣ ਪੈਦਾ ਹੋ ਜਾਂਦਾ ਸੀ, ਜਿਸ ਦੇ ਮੁਕਾਬਲੇ ਵਿਚ ਅਸਾਂ ਹਿੰਦੁਸਤਾਨੀਆਂ ਦੇ ਢਿਲਮਿਲ ਯਕੀਨੇ ਤੌਰ-ਤਰੀਕੇ ਦਿਲ ਨੂੰ ਬੜੇ ਹੀ ਚੁਭਦੇ ਸਨ। ਹਿੰਦੁਸਤਾਨੀ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਕਦੇ ਵੀ ਰਿਹਰਸਲ ਲਈ ਵਕਤ ਸਿਰ ਨਹੀਂ ਸਨ ਆਉਂਦੇ। ਖਰੜਾ ਵੇਲੇ ਸਿਰ ਤਿਆਰ ਨਾ ਹੁੰਦਾ। ਅੰਗਰੇਜ਼ ਕਲਾਕਾਰਾਂ ਦਾ ਕੰਮ ਵੇਖ ਕੇ ਮੈਂ ਇਕ ਗੱਲ ਜ਼ਰੂਰ ਪੱਲੇ ਬੰਨ੍ਹ ਲਈ ਕਿ ਆਰਟ ਦੀ ਪ੍ਰੇਰਨਾ ਦਰਗਾਹੋਂ ਨਹੀਂ ਆਉਂਦੀ, ਸਗੋਂ ਸਵੈ-ਸੰਜਮ, ਸਾਧਨਾ, ਮਿਹਨਤ ਅਤੇ ਪਾਬੰਦੀ ਨਾਲ ਆਉਂਦੀ ਹੈ। ਅਦਾਕਾਰੀ ਦੇ ਮੈਦਾਨ ਵਿਚ ਮੇਰੇ ਕਲਪਿਤ ਮਿਆਰ ਹੋਰ ਉੱਚੇ ਹੋਏ, ਤੇ ਸਮਝ ਆਈ ਕਿ ਖਰਾ ਕੀ ਹੈ ਤੇ ਖੋਟਾ ਕੀ। ਮੈਂ ਉਹਨਾਂ ਦਿਨਾਂ ਵਿਚ ਬੜੀ ਮਿਹਨਤ ਕੀਤੀ, ਅਤੇ ਹਿੰਦੁਸਤਾਨ ਵਾਪਸ ਆ ਕੇ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਸਾਡੇ ਲੰਡਨ ਤੋਂ ਪੇਸ਼ ਕੀਤੇ ਕਈ ਡਰਾਮੇ ਇਥੇ ਕਾਫੀ ਸ਼ੌਕ ਨਾਲ ਸੁਣੇ ਅਤੇ ਪਸੰਦ ਕੀਤੇ ਗਏ ਸਨ।
ਬੀ. ਬੀ. ਸੀ. ਵਿਚ ਕੰਮ ਕਰਦਿਆਂ, ਅਤੇ ਉੱਤਮ ਅੰਗਰੇਜ਼ ਕਲਾਕਾਰਾਂ ਨੂੰ ਸਟੂਡੀਓ ਵਿਚ ਰਿਹਰਸਲ ਕਰਦੇ ਵੇਖਦਿਆਂ ਮੈਂ ਇਸ ਨਤੀਜੇ ਉਤੇ ਵੀ ਪਹੁੰਚ ਗਿਆ ਕਿ ਰੇਡੀਓ ਉਪਰ ਨਕਲੀ ਢੰਗ ਨਾਲ ਆਵਾਜ਼ ਦੇ ਉਤਾਰ-ਚੜ੍ਹਾਅ ਪੈਦਾ ਕਰਨਾ ਗਲਤੀ ਹੈ। ਭਾਵਨਾਂ ਯਥਾਰਥ ਅਤੇ ਸੱਚੀ ਹੋਣੀ ਚਾਹੀਦੀ ਹੈ। ਆਵਾਜ਼ ਦੀ ਬਿਲਕੁਲ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਕਿਵੇਂ ਨਿਕਲਦੀ ਹੈ ਜਾਂ ਨਿਕਲਣੀ ਚਾਹੀਦੀ ਹੈ। ਮੈਂ ਆਵਾਜ਼ ਦੀ "ਟਰੇਨਿੰਗ' ਬਾਰੇ ਸੋਚਣਾ ਬਿਲਕੁਲ ਛੱਡ ਦਿੱਤਾ। ਇਸ ਲਈ ਮੈਂ ਅੰਗਰੇਜ਼ ਕਲਾਕਾਰਾਂ ਦਾ ਬੜਾ ਮਸ਼ਕੂਰ ਹਾਂ।
ਲੜਾਈ ਜਿਉਂ ਜਿਉਂ ਗੰਭੀਰ ਹੁੰਦੀ ਗਈ, ਮੇਰਾ ਜੀਵਨ ਬਾਰੇ ਦ੍ਰਿਸ਼ਟੀਕੋਣ ਵੀ ਗੰਭੀਰ ਹੁੰਦਾ ਗਿਆ। ਅਤੇ ਜੋ ਮੈਂ ਆਪਣੇ ਬਾਰੇ ਕਹਿ ਰਿਹਾ ਹਾਂ ਉਹ ਮੇਰੀ ਪਤਨੀ ਦੱਮੋਂ ਉੱਪਰ ਵੀ ਉਤਨਾ ਹੀ ਲਾਗੂ ਹੁੰਦਾ ਸੀ। ਉਹ ਵੀ ਬੀ. ਬੀ. ਸੀ. ਦੀ ਮੁਲਾਜ਼ਮ ਸੀ। ਪਰੋਗਰਾਮਾਂ ਵਿਚ ਉਹ ਵੀ ਉਤਨਾ ਹੀ ਭਾਗ ਲੈਂਦੀ ਸੀ। ਸਗੋਂ ਮਾਈਕ ਉਤੇ ਮੇਰੇ ਮੁਕਾਬਲੇ ਵਿਚ ਉਹ ਕਿਤੇ ਜ਼ਿਆਦਾ ਨਿਝੱਕ ਸੀ। ਫੌਜੀ ਵੀਰਾਂ ਲਈ ਸੰਗੀਤ ਦੇ ਪਰੋਗਰਾਮ ਪਹਿਲੋਂ ਪਹਿਲ ਉਸੇ ਨੇ ਪੇਸ਼ ਕਰਨੇ ਸ਼ੁਰੂ ਕੀਤੇ ਸਨ, ਅਤੇ ਹਰ ਹਫਤੇ ਉਹਨੂੰ ਦੂਰ-ਦੁਰੇਡੇ ਦੇਸ਼ਾਂ ਤੋਂ ਸਰੋਤਿਆਂ ਦੇ ਸੈਂਕੜੇ ਖੱਤ ਆਉਂਦੇ ਸਨ, ਅਤੇ ਕਈ ਵਾਰੀ ਅਫਰੀਕਾ ਅਤੇ ਆਸਟਰੇਲੀਆ ਤੋਂ ਜਾਮ, ਪਨੀਰ, ਚਾਹ ਅਤੇ ਹੋਰ ਕਿਤਨੀਆਂ ਸੁਗਾਤਾਂ ਦੇ ਪਾਰਸਲ ਵੀ।
ਅਸੀਂ ਦੋਵੇਂ ਲੰਡਨ ਦੇ ਯੂਨਿਟੀ ਥੇਟਰ ਦੇ ਮੈਂਬਰ ਵੀ ਬਣ ਗਏ। ਹੁਣ ਕੋਈ ਵੀ ਚੰਗਾ ਨਾਟਕ ਜਾਂ ਕਨਸਰਟ (ਸੰਗੀਤਪਰੋਗਰਾਮ) ਹੋਵੇ, ਅਸੀਂ ਵੇਖੇ ਬਿਨਾਂ ਨਹੀਂ ਸਾਂ ਛੱਡਦੇ। ਅਭਿਨੇ ਕਲਾ ਲਈ ਸਾਡੀ ਰੀਝ ਬੜੀ ਪਰਬਲ ਹੋ ਚੁੱਕੀ ਸੀ।
ਪਰ ਅਜੇ ਵੀ ਸਾਡੇ ਮਨ ਵਿਚ ਫਿਲਮਾਂ ਵਿਚ ਕੰਮ ਕਰਨ ਦਾ ਕਦੇ ਖਿਆਲ ਨਹੀਂ ਸੀ ਉੱਠਿਆ। ਹਾਂ, ਦਿਨੋਂ ਦਿਨ ਵਾਪਸ ਜਾਣ ਦੀ ਇੱਛਾ ਜ਼ਰੂਰ ਪਰਬਲ ਹੁੰਦੀ ਜਾ ਰਹੀ ਸੀ। ਅਸੀਂ ਆਪਣੇ ਲਾਡਲੇ ਲਾਲ ਪਰੀਖਸ਼ਤ ਨੂੰ ਜੋ ਮਸਾਂ ਦਸਾਂ ਮਹੀਨਿਆਂ ਦਾ ਸੀ, ਮਾਂ ਕੋਲ ਛੱਡ ਆਏ ਸਾਂ। ਮੇਰੀ ਮਾਂ ਨੇ ਲੜਾਈ ਦੇ ਜ਼ਮਾਨੇ ਵਿਚ ਉਹਨੂੰ ਸਾਡੇ ਨਾਲ ਘੱਲਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਮੈਂ ਦੱਮੋਂ ਦੀਆਂ ਅੱਖਾਂ ਨੂੰ ਆਪਣੇ ਬੱਚੇ ਲਈ ਸਹਿਕਦਾ ਵੇਖ ਕੇ ਕਈ ਵਾਰੀ ਤੜਪ-ਤੜਪ ਜਾਂਦਾ ਸਾਂ। ਹਿੰਦੁਸਤਾਨ ਵਾਪਸ ਜਾਣ ਤੋਂ ਪਹਿਲਾਂ ਇਕ ਹੋਰ ਕਾਬਿਲੇ ਜ਼ਿਕਰ ਘਟਨਾ ਹੋਈ। ਚੀਨ ਵੀ ਉਦੋਂ ਇਤਿਹਾਦੀ ਦੇਸ਼ਾਂ ਵਿਚ ਸ਼ਾਮਲ ਹੋ ਚੁੱਕਾ ਸੀ। ਬੀ. ਬੀ. ਸੀ. ਦਾ ਇਕ ਪ੍ਰਤੀਨਿਧ-ਦਲ ਸਾਰੇ ਚੀਨ ਦਾ ਚੱਕਰ ਲਗਾ ਕੇ ਆਇਆ, ਅਤੇ ਉਹਨਾਂ ਦੇ ਦਿੱਤੇ ਬਿਆਨ ਅਤੇ ਭਾਸ਼ਣ ਸਾਡੇ ਵਿਭਾਗ ਵਿਚ ਵੀ ਆਏ। ਉਹਨਾਂ ਤੋਂ ਪਤਾ ਲੱਗਾ ਕਿ ਜਾਪਾਨ ਦੇ ਖਿਲਾਫ ਸਭ ਤੋਂ ਵੱਧ ਜਾਂ-ਨਿਸਾਰੀ ਨਾਲ ਉੱਤਰੀ ਚੀਨ ਦੀਆਂ ਕਮਿਊਨਿਸਟ ਫੌਜਾਂ ਲੜ ਰਹੀਆਂ ਹਨ। ਉਹਨਾਂ ਫੋਜਾਂ ਬਾਰੇ ਬੜੇ ਵਚਿੱਤਰ ਹਾਲ ਉਹਨਾਂ ਲਿਖੇ ਸਨ। ਉਹ ਫੌਜੀ ਲੜਦੇ ਵੀ ਸਨ, ਅਤੇ ਨਾਲ-ਨਾਲ ਕਿਸਾਨਾਂ ਨਾਲ ਮਿਲ ਕੇ ਖੇਤੀ ਵੀ ਕਰਦੇ ਸਨ। ਹਰ ਫੌਜੀ ਜਥੇ ਨੇ ਆਪਣਾ ਨਾਟਕ-ਮੰਡਲ ਵੀ ਬਣਾਇਆ ਹੋਇਆ ਸੀ, ਜੋ ਨਿੱਤ ਦੀਆਂ ਜੰਗੀ, ਸਿਆਸੀ, ਅਤੇ ਸਮਾਜਿਕ ਘਟਨਾਵਾਂ ਨੂੰ ਲੈ ਕੇ ਝਟ ਨਾਟਕ ਤਿਆਰ ਕਰ ਲੈਂਦਾ ਸੀ ਤੇ ਪਿੰਡਾਂ ਦੇ ਲੋਕਾਂ ਦਾ ਮਨੋਰੰਜਨ ਵੀ ਕਰਦਾ ਸੀ, ਉੱਤਮ ਸਿੱਖਿਆ ਵੀ ਦੇਂਦਾ ਸੀ, ਤੇ ਉਹਨਾਂ ਦੇ ਗਿਆਨ-ਚਖਸ਼ੂ ਵੀ ਖੋਲ੍ਹਦਾ ਸੀ। ਉਸ ਥੇਟਰ ਦਾ ਨਾਂ ਸੀ, 'ਪੀਪਲਜ਼ ਥੇਟਰ'।
ਪ੍ਰਤਿਨਿਧ-ਦਲ ਆਪਣੇ ਨਾਲ ਬਹੁਤ ਸਾਰਾ ਚੀਨੀ ਸੰਗੀਤ ਵੀ ਰਿਕਾਰਡ ਕਰਕੇ ਲਿਆਇਆ ਸੀ, ਜਿਸ ਵਿਚੋਂ ਬਹੁਤ ਸਾਰਾ "ਚੀਨੀ ਪੀਪਲਜ਼ ਥੇਟਰ" ਦੇ ਕਲਾਕਾਰਾਂ ਦਾ ਸੀ। ਕੁਝ ਇਕ ਨਾਟਕਾਂ ਦੇ ਖਰੜੇ ਵੀ ਉਹ ਲਿਆਏ ਸਨ, ਜੋ ਅਸਾਂ ਅਨੁਵਾਦ ਕਰਕੇ ਬ੍ਰਾਡਕਾਸਟ ਕੀਤੇ।
ਮੈਂ ਅਤੇ ਮੇਰੀ ਪਤਨੀ ਏਸ ਪੀਪਲਜ਼ ਥੇਟਰ ਵਲ ਬਹੁਤ ਖਿੱਚੇ ਗਏ। ਅਜਿਹੇ ਥੇਟਰ ਦੀ ਤਾਂ ਸਾਡੇ ਭਾਰਤ ਵਿਚ ਵੀ ਬੜੀ ਲੋੜ ਹੈ, ਅਸੀਂ ਸੋਚਦੇ। ਕਿਉਂ ਨਾ ਸਾਡੇ ਦੇਸ਼ ਵਿਚ ਵੀ ਪਿੰਡ-ਪਿੰਡ ਨਾਟਕ-ਮੰਡਲੀਆਂ ਹੋਣ, ਜੋ ਲੋਕਾਂ ਦੀ ਚੇਤਨਾ ਜਾਗਰਤ ਕਰਨ। ਮੈਂ ਆਪਣੇ ਕਾਲਜ ਦੇ ਜ਼ਮਾਨੇ ਵਿਚ ਨੋਰਾ ਰਿਚਰਡ ਨੂੰ ਇਹੋ ਜਿਹਾ ਇਕ ਤਜਰਬਾ ਕਰਦੇ ਵੇਖਿਆ ਸੀ, ਅਤੇ ਉਹ ਬੜਾ ਸਫਲ ਰਿਹਾ ਸੀ। ਨੋਰਾ ਰਿਚਰਡ ਨੇ ਪੇਂਡੂ ਜੀਵਨ ਦੀਆਂ ਝਾਕੀਆਂ ਬੜੇ ਯਥਾਰਥ ਨਾਲ ਪੇਸ਼ ਕੀਤੀਆਂ ਸਨ। ਕੋਈ ਵਡੇ ਸੈੱਟ ਨਹੀਂ ਸਨ ਲਾਏ, ਕੋਈ ਸਟੇਜੀ ਅਡੰਬਰ ਨਹੀਂ ਸੀ ਰਚਿਆ। ਸਾਰੇ ਪਰੋਗਰਾਮ ਉਤੇ ਮੁਸ਼ਕਲ ਨਾਲ ਦਸ ਰੁਪਏ ਖਰਚ ਹੋਏ ਹੋਣਗੇ। ਉਹਨਾਂ ਨਾਟਕਾਂ ਦਾ ਮੈਂ ਰਾਵਲਪਿੰਡੀ ਦੇ ਰੇਲ-ਮਜ਼ਦੂਰਾਂ ਅਤੇ ਉਹਨਾਂ ਦੇ ਪਰਵਾਰਾਂ ਉਪਰ ਅਤਿਅੰਤ ਡੂੰਘਾ ਪ੍ਰਭਾਵ ਪੈਂਦਾ ਵੇਖਿਆ ਸੀ। ਏਸੇ ਤਰ੍ਹਾਂ ਦੀ ਘਟਨਾ ਇਕ ਵਾਰੀ ਸ਼ਾਂਤੀਨਿਕੇਤਨ ਵਿਚ ਵੀ ਹੋਈ ਸੀ, ਅਤੇ ਮਹਾਨ ਚਿਤਰਕਾਰ ਨੰਦ ਲਾਲ ਬੋਸ ਕੋਲੋਂ ਮੈਨੂੰ ਇਕ ਵਡਮੁੱਲੀ ਸਿੱਖਿਆ ਮਿਲੀ ਸੀ। ਇਸ ਪ੍ਰਸੰਗ ਵਿਚ ਉਸ ਦਾ ਜ਼ਿਕਰ ਵੀ ਮੈਂ ਕਰਨਾ ਚਾਹਾਂਗਾ।
ਸ਼ਾਂਤੀਨਿਕੇਤਨ ਦੇ ਇਕ ਵਿਦਿਆਰਥੀ ਨੇ ਬਰਨਾਰਡ ਸ਼ਾਹ ਦੇ ਨਾਟਕ, "ਆਰਮਜ਼ ਐਂਡ ਦੀ ਮੈਨ" ਦਾ ਹਿੰਦੀ ਵਿਚ ਤਰਜਮਾ ਕੀਤਾ। ਮੈਨੂੰ ਉਹ ਤਰਜਮਾ ਪਸੰਦ ਆਇਆ, ਅਤੇ ਮੈਂ ਉਹਨੂੰ ਸਟੇਜ ਉਤੇ ਖੇਡਣ ਦਾ ਫੈਸਲਾ ਕਰ ਲਿਆ। ਰਿਹਰਸਲਾਂ ਤਾਂ ਮੈਂ ਕਰਦਾ ਚਲਾ ਗਿਆ, ਪਰ ਬਾਕੀ ਟੈਕਨੀਕਲ ਗੱਲਾਂ ਵਲ ਮੈਂ ਧਿਆਨ ਨਾ ਦਿਤਾ, ਕਿਉਂਕਿ ਮੈਨੂੰ ਉਹਨਾਂ ਦਾ ਕੋਈ ਗਿਆਨ ਹੀ ਨਹੀਂ ਸੀ। ਮੈਂ ਸੋਚਿਆ, ਜਦੋਂ ਖੇਡਣ ਦਾ ਦਿਨ ਨੇੜੇ ਆਵੇਗਾ, ਵੇਖਿਆ ਜਾਵੇਗਾ। ਅਖੀਰ, ਉਹ ਦਿਨ ਸਿਰ ਉਤੇ ਆ ਹੀ ਪਹੁੰਚਿਆ। ਅਤੇ ਜਦੋਂ ਕਿਰਦਾਰਾਂ ਦੀਆਂ ਪੋਸ਼ਾਕਾਂ ਅਤੇ ਦੂਜੀ ਸਟੇਜ-ਸਮਿਗਰੀ ਦੀ ਲਿਸਟ ਬਣੀ ਤਾਂ ਮੇਰਾ ਕਲੇਜਾ ਬੈਠ ਗਿਆ - ਕਿਤਨੀਆਂ ਹੀ ਫੌਜੀ ਵਰਦੀਆਂ ਚਾਹੀਦੀਆਂ ਸਨ, ਅਤੇ ਬੰਦੂਕਾਂ, ਪਿਸਤੌਲ, ਕਾਰਤੂਸ ਟੁੰਗਣ ਵਾਲੀਆਂ ਪੇਟੀਆਂ, ਗੋਡੇ ਤੀਕਰ ਆਉਣ ਵਾਲੇ ਬੂਟ, ਹੈਲਮੈਟ, ਅਤੇ ਖੋਰੇ ਹੋਰ ਕੀ ਕੀ।
ਇਕ ਅਧਿਆਪਕ ਸਾਥੀ ਨੇ ਤਜਵੀਜ਼ ਦਿਤੀ ਕਿ ਫੋਰਨ ਕਿਸੇ ਨੂੰ ਇਹ ਚੀਜ਼ਾਂ ਕਿਰਾਏ ਉਤੇ ਲੈ ਆਉਣ ਲਈ ਕਲਕੱਤੇ ਭੇਜ ਦਿੱਤਾ ਜਾਏ। ਪਰ ਕਿਰਾਇਆ ਘਟ ਤੋਂ ਘਟ ਸੌ ਰੁਪਿਆ ਤਾਂ ਜ਼ਰੂਰ ਹੀ ਲੱਗੇਗਾ। ਉਹ ਸੌ ਰੁਪਿਆ ਅਸੀਂ ਕਿਥੋਂ ਲਿਆਉਂਦੇ? ਸਾਡੇ ਕੋਲ ਤਾਂ ਦਸ ਰੁਪਏ ਵੀ ਨਹੀਂ ਸਨ?
ਖਬਰ ਮਿਲੀ ਕਿ ਟੀਕਮਗੜ੍ਹ ਦੇ ਹਿੰਦੀ-ਪ੍ਰੇਮੀ ਮਹਾਰਾਜਾ ਸਾਹਬ ਸ਼ਾਂਤੀ-ਨਿਕੇਤਨ ਪਧਾਰੇ ਹੋਏ ਹਨ, ਅਤੇ ਗੈਸਟ-ਹਾਊਸ ਵਿਚ ਨਿਵਾਸ ਕੀਤਾ ਹੋਇਆ ਹੈ। ਮੈਂ ਉਹਨਾਂ ਤੋਂ ਜਾ ਕੇ ਸੌ ਰੁਪਏ ਮੰਗ ਲਿਆਇਆ। ਮੈਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਪਰਾਹੁਣਿਆਂ ਕੋਲੋਂ ਚੰਦਾ ਮੰਗਣ ਦੀ ਸ਼ਾਂਤੀਨਿਕੇਤਨ ਵਿਚ ਸਖਤ ਮਨਾਹੀ ਹੈ। ਗੱਲ ਬਾਹਰ ਨਿਕਲ ਗਈ। ਅਧਿਅਖਸ਼ ਜੀ ਨੇ ਮੈਨੂੰ ਆਪਣੇ ਦਫਤਰ ਬੁਲਾ ਕੇ ਸਖਤ ਡਾਂਟਿਆ ਅਤੇ ਮੰਗ ਕੀਤੀ ਕਿ ਮੈਂ ਫੋਰਨ ਪੈਸੇ ਵਾਪਸ ਕਰ ਆਵਾਂ। ਮੈਨੂੰ ਵੀ ਗੁੱਸਾ ਆ ਗਿਆ। ਮੈਂ ਕਿਹਾ, "ਨਾ ਤਾਂ ਤੁਸੀਂ ਆਪ ਸਾਡੀ ਕੋਈ ਮਦਦ ਕਰਦੇ ਹੋ, ਅਤੇ ਜੇ ਅਸੀਂ ਮਜਬੂਰਨ ਕਿਸੇ ਕੋਲੋਂ ਮਦਦ ਮੰਗੀਏ ਤਾਂ ਗੁੱਸਾ ਕਰਦੇ ਹੋ। ਕੀ ਤੁਸੀਂ ਇਹੋ ਚਾਹੁੰਦੇ ਹੋ ਕਿ ਸਾਡਾ ਨਾਟਕ ਨਾ ਹੋਵੇ?"
ਅਧਿਅਖਸ਼ ਖਾਮੋਸ਼ ਰਹੇ। ਮੈਂ ਬਾਹਰ ਆ ਕੇ ਐਲਾਨ ਕਰ ਦਿਤਾ ਕਿ ਨਾਟਕ ਨਹੀਂ ਹੋਵੇਗਾ।
ਥੋੜੀ ਦੇਰ ਬਾਅਦ ਜਦੋਂ ਮੈਂ ਸਾਂਝੇ ਕਿਚਨ ਵਿਚੋਂ ਰੋਟੀ ਖਾ ਕੇ ਬਾਹਰ ਨਿਕਲ ਰਿਹਾ ਸਾਂ ਤਾਂ ਵੇਖਿਆ ਮਾਸਟਰ ਮੋਸ਼ਾਏ (ਨੰਦ ਲਾਲ ਬੋਸ) ਮੇਰੀ ਉਡੀਕ ਵਿਚ ਖੜੇ ਸਨ। ਉਹ ਮੈਨੂੰ ਕੋਲ ਬੁਲਾ ਕੇ ਗੰਭੀਰਤਾ ਨਾਲ ਕਹਿਣ ਲਗੇ, "ਮੈਂ ਸੁਣਿਆਂ ਏਂ, ਨਾਟਕ ਦਾ ਐਲਾਨ ਕਰਕੇ ਤੂੰ ਉਹਨੂੰ ਕੈਂਸਲ ਕਰ ਦਿਤਾ ਏ। ਕੀ ਇਹ ਠੀਕ ਏ?"
"ਹਾਂ ਜੀ", ਮੈਂ ਕਿਹਾ।
"ਪਰ ਇਸ ਤਰ੍ਹਾਂ ਤਾਂ ਸ਼ਾਂਤੀਨਿਕੇਤਨ ਵਿਚ ਅਜ ਤੀਕਰ ਕਦੇ ਨਹੀਂ ਹੋਇਆ।"
ਮੈਨੂੰ ਫੇਰ ਗੁੱਸਾ ਆ ਗਿਆ। ਮੈਨੂੰ ਜਾਪਿਆ, ਜਿਵੇਂ ਉਹ ਵੀ ਮੇਰੀ ਲਾਚਾਰੀ ਦਾ ਮਜ਼ਾਕ ਉਡਾ ਰਹੇ ਹਨ। ਪਰ ਉਹਨਾਂ ਬੜੇ ਠਰੰਮੇ ਨਾਲ ਕਿਹਾ, ਆ ਮੇਰੇ ਨਾਲ ਕਲਾ-ਭਵਨ। ਤੈਨੂੰ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਲੋੜ ਏ, ਅਸੀਂ ਮੁਹੱਈਆ ਕਰ ਦਿਆਂਗੇ।"
ਮੈਨੂੰ ਵਿਸ਼ਵਾਸ ਨਾ ਆਇਆ। ਭਲਾ ਉਹ ਮੈਨੂੰ ਫੌਜੀ ਵਰਦੀਆਂ, ਬੰਦੂਕਾਂ ਅਤੇ ਪਿਸਤੌਲ ਕਿਥੋਂ ਕਢ ਕੇ ਦੇਣਗੇ? ਪਰ ਉਹ ਇਕ ਮਹਾਨ ਕਲਾਕਾਰ ਸਨ, ਮੈਂ ਉਹਨਾਂ ਦੀ ਅਵੱਗਿਆ ਵੀ ਨਹੀਂ ਸੀ ਕਰ ਸਕਦਾ। ਮੈਂ ਚੁੱਪ ਚਾਪ ਉਹਨਾਂ ਨਾਲ ਤੁਰ ਪਿਆ। ਕਲਾ-ਭਵਨ ਪਹੁੰਚ ਕੇ ਮੈਂ ਉਹਨਾਂ ਨੂੰ ਆਪਣੀ ਫਹਿਰਿਸਤ ਸੁਣਾ ਦਿਤੀ।
"ਫੌਜੀ ਵਰਦੀਆਂ? ਕਿਸ ਕਿਸਮ ਦੀਆਂ ਫੌਜੀ ਵਰਦੀਆਂ?" ਉਹ ਕਹਿਣ ਲਗੇ।
"ਕੋਈ ਵੀ ਫੌਜੀ ਵਰਦੀਆਂ ਮਿਲ ਜਾਣ, ਕੰਮ ਚਲ ਜਾਏਗਾ।"
"ਪਰ ਬਰਨਾਰਡ ਸ਼ਾਹ ਦਾ ਨਾਟਕ ਤਾਂ ਸਰਬੀਆ ਦੇਸ਼ ਬਾਰੇ ਹੈ। ਤੈਨੂੰ ਤਾਂ ਸਰਬੀਅਨ ਫੌਜੀ ਵਰਦੀਆਂ, ਹੈਲਮੈਟ, ਆਦਿ ਚਾਹੀਦੇ ਹੋਣਗੇ"
ਮੈਨੂੰ ਉਹ ਫੇਰ ਮਜ਼ਾਕ ਕਰਦੇ ਜਾਪੇ।
"ਮੈਨੂੰ ਕੀ ਪਤਾ ਸਰਬੀਅਨ ਵਰਦੀਆਂ ਕਿਹੋ ਜਹੀਆਂ ਹੁੰਦੀਆਂ ਨੇ, ਕੋਈ ਵੀ ਵਰਦੀਆਂ ਹੋਣ, ਕੰਮ ਚਲ ਜਾਏਗਾ," ਮੈਂ ਖਿਝ ਕੇ ਕਿਹਾ।
"ਨਹੀਂ। ਅਸੀਂ ਤੈਨੂੰ ਸਰਬੀਅਨ ਫੌਜੀ ਵਰਦੀਆਂ ਹੀ ਦਿਆਂਗੇ," ਇਹ ਕਹਿ ਕੇ ਉਹ ਅਲਮਾਰੀ ਵਿਚੋਂ ਇਕ ਵਡੀ ਸਾਰੀ ਕਿਤਾਬ ਕਢ ਲਿਆਏ, ਜਿਸ ਵਿਚ ਹਰ ਮੁਲਕ ਦੇ ਫੌਜੀ ਸਿਪਾਹੀਆਂ ਦੀਆਂ ਰੰਗੀਨ ਤਸਵੀਰਾਂ ਛਾਪੀਆਂ ਹੋਈਆਂ ਸਨ। ਸਰਬੀਅਨ ਸਿਪਾਹੀਆਂ ਅਤੇ ਅਫਸਰਾਂ ਦੀਆਂ ਤਸਵੀਰਾਂ ਵੀ ਨਿਕਲ ਆਈਆਂ। ਹੁਣ ਮੈਨੂੰ ਮਾਸਟਰ ਮੋਸ਼ਾਏ ਦੀਆਂ ਗੱਲਾਂ ਉਤੇ ਕੁਝ ਕੁਝ ਇਤਬਾਰ ਹੋਣਾ ਸ਼ੁਰੂ ਹੋਇਆ।
"ਦੋ ਦਿਨਾਂ ਬਾਅਦ ਆਵੀਂ। ਅਸੀਂ ਤੈਨੂੰ ਸਾਰੀਆਂ ਚੀਜ਼ਾਂ ਦੇ ਦਿਆਂਗੇ।"
ਉਸੇ ਦਿਨ ਮਾਸਟਰ ਮੋਸ਼ਾਏ ਨੇ ਸਾਰੇ ਕਲਾ-ਭਵਨ ਦੇ ਮੁੰਡੇ-ਕੁੜੀਆਂ ਨੂੰ ਏਸ ਕੰਮ 'ਤੇ ਲਾ ਦਿੱਤਾ। ਮਿੱਟੀ ਅਤੇ ਸੀਮਿੰਟ ਰਲਾ ਕੇ ਹੈਲਮੈਟਾਂ ਬਣਾ ਦਿੱਤੀਆਂ ਗਈਆਂ, ਗੱਤੇ ਅਤੇ ਟਿਸ਼ੂ ਪੇਪਰ ਦੇ ਲੰਮੇ ਬੂਟ, ਪੇਟੀਆਂ, ਪਿਸਤੌਲਾਂ ਆਦਿ। ਵਿਦਿਆਰਥੀਆਂ ਕੋਲੋਂ ਖਾਕੀ ਬਰਸਾਤੀ ਕੋਟ ਮੰਗ-ਮੰਗ ਕੇ ਖੌਰੇ ਉਹਨਾਂ ਦਾ ਕੀ ਕੀ ਰੂਪ ਬਦਲਿਆ ਗਿਆ। ਦੋ ਦਿਨਾਂ ਅੰਦਰ ਸਾਰਾ ਸਾਮਾਨ ਤਿਆਰ ਸੀ। ਜਦੋਂ ਅਸਾਂ ਉਹ ਨਾਟਕ ਖੇਡਿਆ ਤਾਂ ਆਪ ਗੁਰੂਦੇਵ ਟੈਗੋਰ ਨੇ ਰੱਜ-ਰੱਜ ਕੇ ਪ੍ਰਸੰਸਾ ਕੀਤੀ।
ਨਾਟਕ ਦੇ ਅੰਤ ਪਿਛੋਂ ਮੈਂ ਵੇਖਿਆ, ਮਾਸਟਰ ਮੋਸ਼ਾਏ ਫੇਰ ਉਸੇ ਤਰ੍ਹਾਂ ਹਾਲ ਦੇ ਬਾਹਰ ਮੇਰੀ ਉਡੀਕ ਵਿਚ ਖੜੇ ਸਨ, ਜਿਵੇਂ ਦੋ ਦਿਨ ਪਹਿਲਾਂ ਕਿਚਨ ਤੋਂ ਬਾਹਰ ਮਿਲੇ ਸਨ। ਹੁਣ ਮੈਂ ਖੁਸ਼ੀ ਖੁਸ਼ੀ ਉਹਨਾਂ ਕੋਲ ਗਿਆ ਤੇ ਉਹਨਾਂ ਦਾ ਬੜਾ ਧੰਨਵਾਦ ਕੀਤਾ। ਉਹ ਮੁਸਕਰਾ ਕੇ ਕਹਿਣ ਲਗੇ, "ਇਕ ਗੱਲ ਹਮੇਸ਼ਾਂ ਯਾਦ ਰਖੀਂ। ਹਜ਼ਾਰ ਰੁਪਏ ਖਰਚ ਕਰ ਕੇ ਕੋਈ ਬੁੱਧੁ ਵੀ ਨਾਟਕ ਖੇਡ ਸਕਦਾ ਏ। ਕਲਾਕਾਰ ਉਹ ਹੈ, ਜੋ ਉਹੀ ਨਾਟਕ ਦਸ ਰੁਪਏ ਵਿਚ ਖੇਡ ਕੇ ਦਿਖਾ ਦੇਵੇ।" ਕਈ ਵਾਰੀ ਮੈਂ ਸੋਚਦਾ ਹਾਂ ਕਿ ਕਿਤਨਾ ਖੁਸ਼ਕਿਸਮਤ ਹਾਂ ਮੈਂ, ਜਿਸ ਨੂੰ ਇਤਨੇ ਮਹਾਨ ਵਿਅਕਤੀਆਂ ਦੇ ਨੇੜੇ ਹੋਣ ਅਤੇ ਉਹਨਾਂ ਤੋਂ ਸਿੱਖਿਆ ਲੈਣ ਦਾ ਮੌਕਾ ਮਿਲਿਆ।
ਚੀਨ ਦੇ ਪੀਪਲਜ਼ ਥੇਟਰ ਦੇ ਹਾਲ ਪੜ੍ਹ ਕੇ ਨੋਰਾ ਰਿਚਰਡ ਅਤੇ ਨੰਦ ਲਾਲ ਬੋਸ ਦੀ ਸਿੱਖਿਆ ਮੁੜ ਚੇਤੇ ਆਈ। ਦਿਲ ਵਿਚ ਰੀਝਾਂ ਜਾਗੀਆਂ - ਕਾਸ਼, ਜੇ ਕਦੇ ਸਾਡੇ ਦੇਸ਼ ਵਿਚ ਵੀ ਇਹੋ ਜਹੇ ਪੀਪਲਜ਼ ਥੇਟਰ ਦੀ ਲਹਿਰ ਟੁਰ ਪਏ! ਕਿਤਨਾ ਸੁਆਦ ਆਏ ਇਹੋ ਜਿਹੇ ਨਾਟਕ-ਮੰਡਲ ਵਿਚ ਕੰਮ ਕਰਕੇ।
ਉਸ ਵੇਲੇ ਮੈਨੂੰ ਕਿਵੇਂ ਖਿਆਲ ਆ ਸਕਦਾ ਸੀ ਕਿ ਬੰਬਈ ਵਿਚ ਖਵਾਜਾ ਅਹਿਮਦ ਅੱਬਾਸ ਅਤੇ ਕਲਕੱਤੇ ਵਿਚ ਬਿਨਾਏ ਰਾਏ ਅਤੇ ਸ਼ੰਭੂ ਮਿਤਰਾਂ ਵਰਗੇ ਲੋਕ ਹੂਬਹੂ ਏਸੇ ਤਰ੍ਹਾਂ ਦੇ ਥੇਟਰ ਦੀ ਸਥਾਪਨਾ ਕਰ ਰਹੇ ਸਨ, ਅਤੇ ਇਕ ਦਿਨ ਮੈਂ ਤੇ ਦੱਮੋਂ ਵੀ ਉਹਨਾਂ ਦੇ ਸਾਥੀ ਜਾਂ ਬਣਾਂਗੇ?
1944 ਦੇ ਸ਼ੁਰੂ ਵਿਚ ਜਰਮਨੀ ਦੀ ਹਾਰ ਯਕੀਨੀ ਹੋ ਗਈ। ਸਮੁੰਦਰੀ ਰਾਹ ਖੁੱਲ੍ਹਣ ਲਗ ਪਏ, ਅਤੇ ਅਸੀਂ ਮਈ ਮਹੀਨੇ ਲੰਡਨ ਤੋਂ ਦੇਸ ਵਲ ਰਵਾਨਾ ਹੋ ਗਏ। ਬੀ. ਬੀ. ਸੀ. ਦੇ ਉੱਚ ਅਧਿਕਾਰੀਆਂ ਨੇ ਸਾਨੂੰ ਚੰਗੇ ਸਰਟੀਫਿਕੇਟ ਦੇਣੇ ਚਾਹੇ, ਪਰ ਅਸਾਂ ਨਿਮਰਤਾ ਪੂਰਵਕ ਇਨਕਾਰ ਕਰ ਦਿਤਾ। ਭਾਵੇਂ ਰੇਡੀਓ ਦੀ ਤੇ ਭਾਵੇਂ ਕੋਈ ਹੋਰ, ਹਿੰਦੁਸਤਾਨ ਜਾ ਕੇ ਸਰਕਾਰੀ ਨੌਕਰੀ ਕਰਨ ਦਾ ਸਾਡਾ ਉੱਕਾ ਕੋਈ ਇਰਾਦਾ ਨਹੀਂ ਸੀ! ਅਸਾਂ ਇਕ ਆਜ਼ਾਦ ਦੇਸ਼ ਵਿਚ ਰਹਿ ਕੇ ਆਜ਼ਾਦੀ ਦਾ ਸੁਆਦ ਚੱਖਿਆ ਸੀ। ਉਸ ਆਜ਼ਾਦੀ ਨੂੰ ਅਸੀਂ ਕਿਸੇ ਹਾਲ ਵੀ ਗਿਰਵੀ ਰਖਣਾ ਨਹੀਂ ਸਾਂ ਚਾਹੁੰਦੇ। ਪਰ ਫਿਰ, ਦੇਸ ਜਾ ਕੇ ਕਰਾਂਗੇ ਕੀ? ਇਸ ਸਵਾਲ ਦਾ ਵੀ ਸਾਡੇ ਕੋਲ ਕੋਈ ਜੁਆਬ ਨਹੀਂ ਸੀ। ਰਹਿ-ਰਹਿ ਕੇ ਸ਼ਾਂਤੀਨਿਕੇਤਨ ਹੀ ਅੱਖਾਂ ਦੇ ਸਾਹਮਣੇ ਆਂਦਾ ਸੀ। ਦਿਲ ਕਰਦਾ ਸੀ ਕਿ ਉਥੇ ਹੀ ਵਾਪਸ ਚਲੇ ਜਾਈਏ। ਉਥੇ ਅਸਾਂ ਬਹੁਤ ਹੀ ਪਿਆਰੇ ਦਿਨ ਗੁਜ਼ਾਰੇ ਸਨ। ਪਰ ਉਥੇ ਸਾਨੂੰ ਹੁਣ ਕੋਈ ਵਾਪਸ ਲਏਗਾ ਵੀ?

5
ਅਪਰੈਲ 1944 ਅਸੀਂ ਜਹਾਜ਼ ਤੋਂ ਬੰਬਈ ਉਤਰੇ। ਏਥੇ ਸਾਡੇ ਲਈ ਸਭ ਕੁਝ ਓਪਰਾ-ਓਪਰਾ ਸੀ - ਲੋਕ, ਆਬੋ ਹਵਾ, ਪਹਿਰਾਵਾ। ਜੇ ਉਸ ਵੇਲੇ ਮੈਥੋਂ ਕੋਈ ਪੁੱਛਦਾ, "ਕੀ ਤੂੰ ਬੰਬਈ ਵਿਚ ਹਮੇਸ਼ਾਂ ਲਈ ਵਸ ਜਾਣਾ ਪਸੰਦ ਕਰੇਂਗਾ?" ਤਾਂ ਮੈਂ ਨਾਂਹ ਵਿਚ ਸਿਰ ਹਲਾਂਦਿਆਂ ਜ਼ਰਾ ਢਿੱਲ ਨਹੀਂ ਸੀ ਕਰਨੀ। ਪਰ ਫੇਰ ਵੀ, ਦੇਸ ਮੁੜ ਆਣ ਦੀ ਮੈਨੂੰ ਭਰਪੂਰ ਖੁਸ਼ੀ ਸੀ। ਮੈਂ ਓਸੇ ਦਿਨ ਬੜੇ ਸ਼ੌਕ ਨਾਲ ਪਤਲੂਨ ਲਾਹ ਕੇ ਥੋਤੀ ਬੰਨ੍ਹ ਲਈ, ਜਿਵੇਂ ਸ਼ਾਂਤੀ ਨਿਕੇਤਨ ਤੇ ਸੇਵਾਗਰਾਮ ਵਿਚ ਬੰਨਦਾ ਸਾਂ। ਪਾਨ ਮੂੰਹ ਵਿਚ ਰੱਖਿਆ। ਅਤੇ ਜਦ ਇਕ ਬਿਜਲੀ ਦੇ ਖੰਭੇ ਕੋਲ ਥੁੱਕਣ ਲਗਿਆਂ ਕੰਧ ਉਤੇ ਸ਼ਾਂਤਰਾਮ ਦੀ ਨਵੀਂ ਫਿਲਮ "ਸ਼ਕੁੰਤਲਾ" ਦਾ ਇਸ਼ਤਿਹਾਰ ਪੜ੍ਹਿਆ, ਤਾਂ ਸਰੀਰ ਵਿਚ ਖੁਸ਼ੀ ਦੀਆਂ ਝਰਨਾਟਾਂ ਛਿੜ ਪਈਆਂ।
ਚਾਰ ਸਾਲ ਹੋ ਗਏ ਸਨ ਪ੍ਰਭਾਤ ਫਿਲਮ ਕੰਪਨੀ ਅਤੇ ਸ਼ਾਂਤਾਰਾਮ ਜੀ ਦੀ ਪਿਛਲੀ ਫਿਲਮ, "ਆਦਮੀ" ਵੇਖਿਆਂ। ਉਸ ਦਾ ਵੀ ਮੈਂ ਕੇਵਲ ਮਰਾਠੀ ਰੂਪਾਂਤਰ ਵੇਖਿਆ ਸੀ - "ਮਾਣਸ"। ਠੇਠ ਮਰਾਠੀ ਸ਼ਹਿਰ, ਪੂਨੇ ਵਿਚ। ਓਥੇ ਮੈਂ "ਹਿੰਦੁਸਤਾਨੀ ਤਾਲੀਮੀ ਸੰਘ" ਦੀ ਪਹਿਲੀ ਕਾਨਫਰੰਸ ਦੇ ਮੌਕੇ ਉਤੇ ਸੇਵਾਗਰਾਮ ਤੋਂ ਗਿਆ ਹੋਇਆ ਸਾਂ। ਏਸੇ ਕਾਨਫਰੰਸ ਵਿਚ ਅੱਪਾ ਸਾਹਿਬ ਪੰਤ ਨਾਲ ਮੇਰੀ ਦੋਸਤੀ ਹੋ ਗਈ ਸੀ, ਜੋ ਅਜਕਲ ਸੰਯੁਕਤ ਅਰਬ ਗਣਰਾਜ ਵਿਚ ਹਿੰਦੁਸਤਾਨ ਦੇ ਰਾਜਦੂਤ ਲੱਗੇ ਹੋਏ ਹਨ। ਉਹ ਆਕਸਫੋਰਡ ਦੀ ਤਾਲੀਮ ਖਤਮ ਕਰ ਕੇ ਨਵੇਂ ਨਵੇਂ ਆਏ ਸਨ ਓਦੋਂ, ਅਤੇ ਝੱਟ ਆਪਣਾ ਆਪ ਆਜ਼ਾਦੀ ਦੀ ਤਹਿਰੀਕ ਨੂੰ ਅਰਪਣ ਕਰ ਦਿੱਤਾ ਸੀ। ਇਕ ਰਿਆਸਤ ਦਾ ਰਾਜਕੁਮਾਰ ਇਤਨੀ ਵੱਡੀ ਕੁਰਬਾਨੀ ਕਰੇ, ਬੜੀ ਅਚੰਭੇ ਵਾਲੀ ਗੱਲ ਸੀ। ਮੈਂ ਉਹਨਾਂ ਤੋਂ ਬੜਾ ਪ੍ਰਭਾਵਤ ਹੋਇਆ ਸਾਂ। ਪੂਨੇ ਵਿਚ ਉਹਨਾਂ ਦਾ ਆਪਣਾ ਪੁਰਾਣਾ ਘਰ ਸੀ - ਪੇਸ਼ਵਾਈ ਠਾਠ ਦਾ। ਓਥੇ ਇਕ ਸ਼ਾਮ ਭੋਜਨ ਕਰ ਕੇ ਭਾਰਤੀ ਸਾਰਾਭਾਈ, ਅੱਪਾ ਪੰਤ, ਅਤੇ ਮੈਂ ਇਹ ਪਿਕਚਰ ਵੇਖਣ ਗਏ ਸਾਂ, ਜੋ ਉਹਨਾਂ ਦੇ ਘਰ ਦੇ ਨੇੜੇ ਹੀ ਚਲ ਰਹੀ ਸੀ। ਕਿਤਨਾ ਡੂੰਘਾ ਅਸਰ ਪਿਆ ਸੀ ਮੇਰੇ ਉੱਪਰ ਉਸ ਪਿਕਚਰ ਦਾ ਕਿ ਕੀ ਦੱਸਾਂ! ਇਤਨਾ ਯਥਾਰਥ ਵਾਤਾਵਰਣ ਬੱਝਦਾ ਮੈਂ ਅਜ ਤਕ ਨਿਊ-ਥੀਏਟਰਜ਼ ਦੀ ਕਿਸੇ ਪਿਕਚਰ ਵਿਚ ਵੀ ਨਹੀਂ ਸੀ ਵੇਖਿਆ। ਜਿਵੇਂ ਸਿਨੇਮੇ ਵਿਚ ਬਹਿ ਕੇ ਫੇਰ ਉਸੇ ਪੂਨਾ ਸ਼ਹਿਰ ਵਿਚ ਟੁਰ ਫਿਰ ਰਿਹਾ ਹੋਵਾਂ। ਰਸੋਈ ਅਤੇ ਗੁਸਲਖਾਨੇ ਤੱਕ ਉਹੀ ਸਨ, ਜੋ ਮੈਂ ਆਪਣੀ ਠਹਿਰਣ ਵਾਲੀ ਥਾਂ ਉਤੇ ਰੋਜ਼ ਵੇਖਦਾ ਤੇ ਤਰਸਦਾ ਸਾਂ।
ਮੈਥੋਂ ਰਿਹਾ ਨਾ ਗਿਆ। ਉਸੇ ਰਾਤ ਸ੍ਰੀ ਵੀ. ਸ਼ਾਂਤਰਾਮ ਨੂੰ ਇਕ ਲੰਮਾ ਸਾਰਾ ਪ੍ਰਸੰ.ਸਾ-ਪੱਤਰ ਮੈਂ ਲਿਖ ਭੇਜਿਆ। ਜਵਾਬ ਆਉਣ ਦੀ ਭਲਾ ਮੈਨੂੰ ਕੀ ਆਸ ਉਮੈਦ ਹੋਣੀ ਸੀ? ਪਰ ਮੈਂ ਹੈਰਾਨ ਰਹਿ ਗਿਆ, ਜਦੋਂ ਕੇਵਲ ਜਵਾਬ ਹੀ ਨਹੀਂ ਆਇਆ, ਸਗੋਂ ਉਨ੍ਹਾਂ ਮੈਨੂੰ ਸਟੂਡੀਓ ਮਿਲਣ ਆਣ ਦੀ ਦਾਅਵਤ ਵੀ ਦਿੱਤੀ।
ਮੈਂ ਨਿਸਚਿਤ ਸਮੇਂ ਤੇ ਪ੍ਰਭਾਤ ਸਟੂਡੀਓ ਪਹੁੰਚ ਗਿਆ। ਫਾਟਕ ਉਤੇ ਇਕ ਸੱਜਣ ਨੇ ਮੇਰਾ ਸੁਆਗਤ ਕੀਤਾ ਅਤੇ ਬੜੀ ਨਿਮਰਤਾ ਨਾਲ ਮੈਨੂੰ ਉਪਰ ਵਾਲੀ ਮੰਜ਼ਲ ਦੇ ਇਕ ਕਮਰੇ ਵਿਚ ਬਿਠਾ ਕੇ ਚਲਾ ਗਿਆ। ਉਸੇ ਕਮਰੇ ਵਿਚ ਸਾਦੀ ਜਿਹੀ, ਕਾਲੇ ਰੰਗ ਦੀ, ਬਾਬੂਆਂ ਵਾਲੀ ਟੋਪੀ ਪਾਈ, ਜਿਸ ਦਾ ਉਸ ਜ਼ਮਾਨੇ ਵਿਚ ਮਹਾਰਾਸ਼ਟਰੀਆਂ ਵਿਚ ਬੜਾ ਰਿਵਾਜ ਸੀ, ਇਕ ਆਦਮੀ ਪਹਿਲਾਂ ਤੋਂ ਚੁੱਪ-ਚਾਪ ਬੈਠਾ ਹੋਇਆ ਸੀ, ਜਿਵੇਂ ਉਹ ਵੀ ਕਿਸੇ ਨੂੰ ਉਡੀਕ ਰਿਹਾ ਹੋਵੇ। ਝਟ ਕੁ ਪਿਛੋਂ ਉਸ ਆਦਮੀ ਨੇ ਮੈਥੋਂ ਅੰਗਰੇਜ਼ੀ ਵਿਚ ਪੁਛਿਆ, "ਕੀ ਮਿਸਟਰ ਸਾਹਨੀ ਤੁਸੀਂ ਹੋ?"
"ਜੀ।"
"ਮੇਰਾ ਨਾਂ ਸ਼ਾਂਤਾਰਾਮ ਹੈ," ਉਹਨੇ ਧੀਮੇ ਜਿਹੇ ਅੰਦਾਜ਼ ਵਿਚ ਕਿਹਾ ਅਤੇ ਹੱਥ ਜੋੜ ਕੇ ਮੈਨੂੰ ਨਮਸਤੇ ਕੀਤੀ।
ਮੈਂ ਅਵਾਕ ਜਿਹਾ ਹੋ ਕੇ ਉਸ ਵਲ ਵੇਖ ਰਿਹਾ ਸਾਂ। ਕੀ ਕੋਈ ਏਸ ਹਦ ਤਕ ਸਾਧਾਰਨ ਆਦਮੀ ਫਿਲਮ ਡਾਇਰੈਕਟਰ ਹੋ ਸਕਦਾ ਹੈ? ਬਰੂਆ ਦੇ ਘਰ ਵੀ ਸਾਦਗੀ ਵੇਖੀ ਸੀ, ਪਰ ਆਪਣੇ ਵਰਗਾ ਸੁਸਿਖਸ਼ਤ ਅਤੇ ਨਵੀਂ ਰੌਸ਼ਨੀ ਦਾ ਆਦਮੀ ਦਿਸਿਆ ਸੀ ਉਹ। ਏਸ ਆਦਮੀ ਦਾ ਤਾਂ ਕਿਸੇ ਪ੍ਰਾਇਮਰੀ ਸਕੂਲ ਦਾ ਅਧਿਆਪਕ ਹੋਣਾ ਜ਼ਿਆਦਾ ਸੁਭਾਵਕ ਸੀ।
ਮੈਂ ਆਪਣੀ ਕੁਰਸੀ ਚੁੱਕ ਕੇ ਉਹਨਾਂ ਦੇ ਨੇੜੇ ਲੈ ਗਿਆ, ਅਤੇ ਦੁਬਾਰਾ ਦੱਸਿਆ ਕਿ ਮੈਂ ਉਹਨਾਂ ਦੀ ਫਿਲਮ ਤੋਂ ਕਿਤਨਾ ਪ੍ਰਭਾਵਿਤ ਹੋਇਆ ਸਾਂ। ਉਹਨਾਂ ਜੁਆਬ ਦਿੱਤਾ ਕਿ ਉਹ ਵੀ ਮੇਰੇ ਨਾਂ ਤੋਂ ਨਾਵਾਕਫ ਨਹੀਂ, ਹਿੰਦੀ ਪਤ੍ਰਿਕਾਵਾਂ ਵਿਚ ਮੇਰੀਆਂ ਕਹਾਣੀਆਂ ਦੀਆਂ ਨਜ਼ਰਾਂ ਵਿਚੋਂ ਗੁਜ਼ਰੀਆਂ ਹਨ।
ਮੈਂ ਫੇਰ ਹੱਕਾ-ਬੱਕਾ ਹੋ ਕੇ ਉਹਨਾਂ ਵਲ ਵੇਖਦਾ ਰਹਿ ਗਿਆ। "ਤੁਸੀਂ...ਮੇਰੀਆਂ...ਕਹਾਣੀਆਂ..." ਮੈਂ ਰੁੱਕ-ਰੁੱਕ ਕੇ ਕਿਹਾ।
"ਜੀ ਹਾਂ। 'ਹੰਸ', 'ਵਿਸ਼ਾਲ ਭਾਰਤ' ਅਤੇ ਹੋਰ ਵੀ ਕਈ ਹਿੰਦੀ ਮਾਸਿਕ ਪਤ੍ਰਿਕਾਵਾਂ ਸਾਡੇ ਕੋਲ ਆਉਂਦੀਆਂ ਨੇ। ਜੇ ਤੁਹਾਨੂੰ ਆਪਣੀ ਕਿਸੇ ਕਹਾਣੀ ਬਾਰੇ ਵਿਸ਼ਵਾਸ ਹੋਵੇ ਕਿ ਉਸ ਦੇ ਅਧਾਰ ਉਤੇ ਚੰਗੀ ਫਿਲਮ ਬਣ ਸਕਦੀ ਹੈ, ਤਾਂ ਸਾਡੇ ਕੋਲ ਅਵੱਸ਼ ਭੇਜਣਾ, ਬਸ਼ਰਤੇ ਕਿ ਉਹ ਛੱਪ ਚੁੱਕੀ ਹੋਵੇ। ਜੇ ਹੋਰ ਕਿਸੇ ਲੇਖਕ ਦੀ ਰਚਨਾ ਤੁਹਾਨੂੰ ਖਾਸ ਪਸੰਦ ਆਵੇ, ਤਾਂ ਉਹ ਵੀ ਭੇਜਣਾ। ਅਸੀਂ ਉੱਤਮ ਤੋਂ ਉੱਤਮ ਸਾਹਿਤ ਨੂੰ ਫਿਲਮਾਉਣਾ ਚਾਹੁੰਦੇ ਹਾਂ।"
ਬਾਰੀ ਵਿਚੋਂ ਬਾਹਰ, ਸਟੂਡੀਓ ਦੇ ਵਿਸ਼ਾਲ ਹਾਤੇ ਵਿਚ, ਸ਼ੂਟਿੰਗ ਲਈ ਖੜਾ ਕੀਤਾ, ਦੋ-ਦੋ, ਤਿੰਨ-ਤਿੰਨ ਮੰਜ਼ਲੇ ਮਕਾਨਾਂ ਦਾ ਇਕ ਮਹੱਲਾ ਦਿਸ ਰਿਹਾ ਸੀ। ਇਹ ਕੱਪੜੇ ਨਾਲ ਜੜੀਆਂ ਲੱਕੜੀ ਦੀਆਂ ਚੁਖਾਟਾਂ ਨਹੀਂ ਸਨ, ਜਿਨ੍ਹਾਂ ਨੂੰ ਫਿਲਮਾਂ ਵਿਚ ਦਾਖਲ ਹੋਣ ਪਿਛੋਂ ਵੇਖ ਵੇਖ ਕੇ ਮੈਂ ਅੱਕ ਗਿਆ ਹਾਂ। ਇਹ ਇੱਟ-ਗਾਰੇ ਦੇ ਪੱਕੇ ਮਕਾਨ ਸਨ, ਸਿਰਫ ਛੱਤਾਂ ਨਹੀਂ ਸਨ ਪਈਆਂ। ਦੂਰੋਂ ਵੇਖਿਆਂ, ਉਹਨਾਂ ਦੀ ਅਧੂਰੀ ਜਹੀ ਸੰਪੂਰਨਤਾ ਮਨ ਵਿਚ ਅਜੀਬ ਜਿਹੀ ਬੇਚੈਨੀ ਪੈਦਾ ਕਰਦੀ ਸੀ। ਪ੍ਰਭਾਤ ਫਿਲਮ ਕੰਪਨੀ ਦੇ ਨਿਰਮਾਤਾਵਾਂ ਦੇ ਯਥਾਰਥਵਾਦੀ ਦ੍ਰਿਸ਼ਟੀਕੋਣਾਂ ਦਾ ਉਹ ਸ਼ਾਨਦਾਰ ਸਬੂਤ ਪੇਸ਼ ਕਰ ਰਹੀਆਂ ਸਨ। "ਤੁਸੀਂ ਸਟੂਡੀਓ ਵੇਖਣਾ ਚਾਹੋਗੇ?" ਸ਼ਾਂਤਰਾਮ ਨੇ ਪੁਛਿਆ।
"ਜੀ ਕਲਕੱਤ ਵਿਚ ਨਿਊ-ਥੀਏਟਰਜ਼ ਦਾ ਸਟੂਡੀਓ ਮੈਂ ਵੇਖ ਚੁੱਕਿਆ ਹਾਂ, ਏਸ ਲਈ ਸਟੂਡੀਓ ਵੇਖਣ ਦੀ ਮੈਨੂੰ ਖਾਸ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ। ਤੁਹਾਡੇ ਦਰਸ਼ਨ ਕਰਕੇ ਮੈਨੂੰ ਆਸ ਤੋਂ ਵੱਧ ਮੁਰਾਦ ਮਿਲ ਗਈ ਏ।"
ਮੈਨੂੰ ਇੰਜ ਲਗਾ, ਜਿਵੇਂ ਮੈਂ ਇਕ ਪਵਿੱਤਰ ਤੇ ਸੁੱਚੀ ਥਾਂ ਉਤੇ ਬੈਠਾ ਹੋਇਆ ਸਾਂ। ਜਿਵੇਂ ਉਹ ਵੀ ਸ਼ਾਂਤੀ ਨਿਕੇਤਨ ਜਾਂ ਸੇਵਾਗਰਾਮ ਦਾ ਹੀ ਇਕ ਭਾਗ ਸੀ। ਮੈਨੂੰ ਮਾਣ ਜਿਹਾ ਮਹਿਸੂਸ ਹੋ ਰਿਹਾ ਸੀ। ਇਹੋ ਜਿਹੇ ਮਹਾਨ ਵਿਅਕਤੀ ਦਾ ਵਿਅਰਥ ਗੱਲਾਂ ਵਿਚ ਵਕਤ ਜ਼ਾਇਆ ਕਰਨਾ ਮੈਨੂੰ ਕਸੂਰ ਜਾਪਣ ਲਗ ਪਿਆ ਸੀ।...
ਇਹ ਸੀ ਪ੍ਰਭਾਤ ਸਟੂਡੀਓ ਅਤੇ ਉਸ ਦੇ ਰੂਹੇ-ਰਵਾਂ, ਵੀ. ਸ਼ਾਂਤਾਰਾਮ ਨਾਲ ਮੇਰੀ ਪਹਿਲੀ ਪਛਾਣ। ਇਸ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਚਾਰ ਵਰ੍ਹਿਆਂ ਬਾਅਦ ਮੈਂ ਉਹਨਾਂ ਦੀ ਨਵੀਂ ਫਿਲਮ ਨੂੰ ਕਿਤਨੇ ਚਾਅ ਨਾਲ, ਅਤੇ ਕਿਤਨੀਆਂ ਉੱਚੀਆਂ ਉਮੀਦਾਂ ਲੈ ਕੇ ਵੇਖਣ ਗਿਆ ਹੋਵਾਂਗਾ। ਕਾਲੀਦਾਸ ਦੀ ਸਰਬ-ਉਤਕ੍ਰਿਸ਼ਟ ਰਚਨਾ, ਅਤੇ ਸ਼ਾਂਤਾਰਾਮ ਜਹੇ ਡਾਇਰੈਕਟਰ ਦਾ ਦਿਗਦਰਸ਼ਨ! ਹੋਰ ਕੀ ਚਾਹੀਦਾ ਸੀ?
ਪਰ ਮੇਰੀਆਂ ਸਾਰੀਆਂ ਉਮੀਦਾਂ ਖਾਕ ਵਿਚ ਮਿਲ ਗਈਆਂ। ਇੰਜ ਜਾਪਿਆ, ਜਿਵੇਂ ਮੈਨੂੰ ਕਿਸੇ ਪਹਾੜ ਦੀ ਚੋਟੀ ਤੋਂ ਹੇਠਾਂ ਪਟਕ ਦਿੱਤਾ ਗਿਆ ਹੋਵੇ, ਕਲਾ ਦੀਆਂ ਸਾਰੀਆਂ ਕਦਰਾਂ-ਕੀਮਤਾਂ ਉਪਰ ਜਿਵੇਂ ਛੁਰੀ ਫੇਰ ਦਿੱਤੀ ਗਈ ਹੋਵੇ। ਸੰਸਕ੍ਰਿਤ ਦਾ ਮੈਨੂੰ ਬਚਪਨ ਤੋਂ ਸ਼ੌਕ ਰਿਹਾ ਹੈ, ਅਤੇ 'ਅਭਿਗਿਆਨ ਸ਼ਕੁੰਤਲਮ' ਨੂੰ ਮੈਂ ਕੋਮਲ ਅਨੁਭੂਤੀਆਂ ਦਾ ਪੁਸ਼ਪਹਾਰ ਮੰਨਦਾ ਹਾਂ। ਸ਼ਾਂਤਾਰਾਮ ਜਿਹਾ ਡਾਇਰੈਕਟਰ ਉਹਨੂੰ ਇਤਨਾ ਕੁਰੱਖਤ ਤੇ ਭੱਦਾ ਬਣਾ ਕੇ ਪੇਸ਼ ਕਰੇਗਾ, ਦਿਲ ਮੰਨਣ ਨੂੰ ਤਿਆਰ ਨਹੀਂ ਸੀ ਹੁੰਦਾ। ਕਿਤੇ ਕੋਈ ਹੋਰ ਸ਼ਾਂਤਾਰਾਮ ਤਾਂ ਨਹੀਂ ਸੀ ਨਿਕਲ ਆਇਆ? ਮੇਰੀ ਆਤਮਾ ਬੜੀ ਵਿਆਕੁਲ ਹੋ ਗਈ। ਗਰਮੀ ਅਤੇ ਗੰਦਗੀ ਨੇ ਪਹਿਲਾਂ ਹੀ ਪਰੇਸ਼ਾਨ ਕੀਤਾ ਹੋਇਆ ਸੀ। ਹੁਣ ਤਾਂ ਸਾਰੀ ਭੁੱਖ-ਤਰੇਹ ਹੀ ਮਰ ਗਈ। ਅਗਲੇ ਦਿਨ ਜਦੋਂ ਮੈਂ ਬੈਂਕ ਵਿਚੋਂ ਪੈਸੇ ਕਢਾ ਰਿਹਾ ਸਾਂ ਤਾਂ ਵੇਖਿਆ ਕਿ ਨਾਲ ਦੀ ਖਿੜਕੀ ਉਤੇ ਖੱਦਰ ਦਾ ਕੁੜਤਾ ਪਾਜਾਮਾ ਪਾਈ ਚੇਤਨ ਆਨੰਦ ਖੜਾ ਹੈ।
ਗੌਰਮਿੰਟ ਕਾਲਿਜ, ਲਾਹੌਰ ਵਿਚ ਚੇਤਨ ਆਨੰਦ ਤੇ ਮੈਂ ਇਕੱਠੇ ਪੜ੍ਹੇ ਸਾਂ। ਭਾਵੇਂ ਉਹ ਮੈਥੋਂ ਦੋ ਜਮਾਤਾਂ ਪਿੱਛੇ ਸੀ, ਅਸੀਂ ਚੰਗੇ ਦੋਸਤ ਸਾਂ। ਅੰਗਰੇਜ਼ੀ ਵਿਚ ਕਵਿਤਾ ਲਿਖਣ ਅਤੇ ਨਾਟਕ ਖੇਡਣ ਦਾ ਦੋਵਾਂ ਨੂੰ ਸ਼ੌਕ ਸੀ। ਦੋਵਾਂ ਨੂੰ ਕਾਲਿਜ ਦੀ ਖੁਸ਼ਵੱਜਾ ਅਤੇ ਖੁਸ਼-ਮਿਜ਼ਾਜ ਸ਼ਖਸੀਅਤ ਗਿਣ ਕੇ ਲਡਿਆਇਆ ਤੇ ਵਿਗਾੜਿਆ ਜਾਂਦਾ ਸੀ। ਜਦੋਂ ਮੈਂ ਵਲੈਤ ਰਵਾਨਾ ਹੋਇਆ ਸਾਂ, ਤਾਂ ਚੇਤਨ ਡੇਰਾਦੂਨ ਸਕੂਲ ਵਿਚ ਅਧਿਆਪਕ ਸੀ। ਅਚਾਨਕ ਉਹਨੂੰ ਬੰਬਈ ਵਿਚ ਵੇਖ ਕੇ ਹੈਰਾਨੀ ਵੀ ਹੋਈ, ਤੇ ਰੱਜਵੀਂ ਖੁਸ਼ੀ ਵੀ।
ਚੇਤਨ ਨੇ ਦਸਿਆ ਕਿ ਪੜ੍ਹਾਉਣਾ ਛਡ ਕੇ ਉਹ ਫਿਲਮਾਂ ਵਿਚ ਆ ਗਿਆ ਹੈ ਤੇ ਏਸ ਵੇਲੇ ਤਿੰਨ-ਚਾਰ ਫਿਲਮਾਂ ਵਿਚ ਹੀਰੋ ਹੈ। (ਜੇ ਮੈਂ ਗਲਤੀ ਨਹੀਂ ਕਰਦਾ ਤਾਂ ਨਰਗਿਸ ਸਭ ਤੋਂ ਪਹਿਲਾਂ ਚੇਤਨ ਨਾਲ ਹੀਰੋਇਨ ਆਈ ਸੀ।) ਬੈਂਕ ਵਿਚ ਖੜੇ ਖੜੇ ਬਹੁਤੀਆਂ ਗੱਲਾਂ ਨਹੀਂ ਸਨ ਹੋ ਸਕਦੀਆਂ। ਚੇਤਨ ਨੇ ਦੂਜੇ ਦਿਨ ਸਾਨੂੰ ਰੋਟੀ ਉਤੇ ਬੁਲਾ ਲਿਆ। ਓਦੋਂ ਉਸ ਦਾ ਘਰ ਬਾਂਦਰੇ ਵਿਚ ਪਾਲੀ ਹਿੱਲ ਉਤੇ ਸੀ। ਉਸ ਪਹਾੜੀ ਨੂੰ ਵੇਖ ਕੇ ਸਾਡੇ ਦਿਲ ਨੂੰ ਰੌਣਕ ਆ ਗਈ। ਇੰਜ ਲਗਾ, ਜਿਵੇਂ ਕਿਸੇ ਪਹਾੜੀ ਨਗਰ ਵਿਚ ਆ ਗਏ ਹੋਈਏ। ਬੰਬਈ ਸ਼ਹਿਰ ਦੇ ਨੇੜੇ-ਤੇੜੇ ਇਤਨੀਆਂ ਖੂਬਸੂਰਤ ਪਹਾੜੀਆਂ ਹਨ, ਇਹ ਸਾਨੂੰ ਪਹਿਲੀ ਵਾਰੀ ਪਤਾ ਲੱਗਾ, ਤੇ ਮਨ ਵਿਚ ਬੈਠੀ ਬੰਬਈ ਦੀ ਮੁਖਾਲਫਤ ਕੁਝ ਘੱਟ ਗਈ। ਪਹਾੜ ਦੀ ਢਲਵਾਣ ਉਤੇ ਬਣਿਆ ਚੇਤਨ ਦਾ ਘਰ ਬੇਹੱਦ ਸੁੰਦਰ ਤੇ ਪਹਾੜੀ ਬੰਗਲਿਆਂ ਵਾਂਗ ਹੀ ਸੀ। ਉਪਰ ਵਾਲੀ ਛੱਤ 'ਤੇ ਉਸ ਦਾ ਐਂਗਲੋ-ਇੰਡੀਅਨ ਮਾਲਕ ਆਪ ਰਹਿੰਦਾ ਸੀ। ਬੜਾ ਰੰਗੀਨ-ਮਿਜ਼ਾਜ ਤੇ ਅਲਬੇਲਾ ਨੌਜਵਾਨ ਸੀ ਉਹ, ਚੇਤਨ ਨੇ ਦੱਸਿਆ। ਸਾਰਾ-ਸਾਰਾ ਦਿਨ ਉਹ ਆਪਣੇ ਦੋਸਤਾਂ ਮਿਤਰਾਂ ਨਾਲ ਬੀਅਰ ਪੀਂਦਾ, ਬੈਂਡ ਵਜਾਉਂਦਾ, ਤੇ ਨਾਚ ਕਰਦਾ। ਜਿਤਨਾ ਚਿਰ ਅਸੀਂ ਚੇਤਨ ਕੋਲ ਬੈਠੇ ਰਹੇ, ਉਪਰ ਲੱਕੜ ਵਾਲੀ ਛੱਤ ਉਤੇ ਜੋੜਿਆਂ ਦੇ ਨੱਚਣ ਦਾ ਖੜਾਕ ਹੁੰਦਾ ਰਿਹਾ, ਜੋ ਪਹਾੜੀ ਨਗਰ ਦੀ ਤਸਵੀਰ ਨੂੰ ਹੋਰ ਮੁਕੰਮਲ ਕਰਦਾ ਸੀ।
ਉਸ ਐਂਗਲੋ-ਇੰਡੀਅਨ ਦਾ ਨਾਂ ਵਰਨਾਨ ਸੀ। ਤਿੰਨ ਵਰ੍ਹੇ ਪਿਛੋਂ ਦੇਸ਼ ਵਿਚ ਆਜ਼ਾਦੀ ਆਈ ਅਤੇ ਬਦਲੇ ਹੋਏ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲਣ ਵਿਚ ਉਹ ਉੱਕ ਹੀ ਅਸਮਰਥ ਰਿਹਾ। ਘਰ ਵਿਕ ਗਿਆ, ਫਾਕਿਆਂ ਦੀ ਨੌਬਤ ਆ ਗਈ। ਕੁਝ ਸਾਲਾਂ ਪਿਛੋਂ ਮੈਂ ਉਹਨੂੰ ਚੇਤਨ ਦੀ ਡਰਾਇਵਰੀ ਕਰਦੇ ਵੇਖਿਆ। ਹੁਣ ਉਹ ਇਸ ਸੰਸਾਰ ਵਿਚ ਨਹੀਂ, ਪਰ ਜਦੋਂ ਵੀ ਉਸ ਨੂੰ ਯਾਦ ਕਰਦਾ ਹਾਂ, ਇਕ ਗੈਰ-ਮਾਮੂਲੀ ਅਤੇ ਹੱਦ ਦਰਜੇ ਦੇ ਅਣਖੀਲੇ ਕਿਰਦਾਰ ਦਾ ਚਿਹਰਾ ਸਾਹਮਣੇ ਆਉਂਦਾ ਹੈ। ਹੁਣ ਉਸ ਦਾ ਪੁੱਤਰ, ਨੋਇਲ ਜਵਾਨ ਹੋ ਗਿਆ ਹੈ। ਚੇਤਨ ਦੀ ਫਿਲਮ 'ਹਕੀਕਤ' ਵਿਚ ਉਹ ਅਸਿਸਟੈਂਟ ਕੈਮਰਾਮੈਨ ਸੀ। ਹੋਰ ਇਕ-ਦੋ ਸਾਲਾਂ ਅੰਦਰ ਉਹ ਪੂਰਾ ਕੈਮਰਾਮੈਨ ਬਣ ਜਾਏਗਾ। ਵੇਖਣ ਵਿਚ ਉਹ ਵੀ ਅੰਗਰੇਜ਼ ਹੀ ਲੱਗਦਾ ਹੈ, ਪਰ ਪਿਓ ਨੂੰ ਹਿੰਦੁਸਤਾਨੀ ਬਣਨ ਵਿਚ ਜਿਤਨੀ ਤਕਲੀਫ ਹੋਈ, ਉਸ ਨੂੰ ਨਹੀਂ ਹੋਈ। ਮੇਰੇ ਦਿਲ ਵਿਚ ਉਸ ਲਈ ਬੜਾ ਪਿਆਰ ਹੈ।
ਚੇਤਨ ਨਾਲ ਗੱਪਾਂ ਮਾਰਦਿਆਂ ਪਤਾ ਲੱਗਾ ਕਿ ਲੜਾਈ ਦੇ ਦੌਰਾਨ ਫਿਲਮੀ ਸੰਸਾਰ ਵਿਚ ਬੜੀਆਂ ਜ਼ਬਰਦਸਤ ਤਬਦੀਲੀਆਂ ਆਈਆਂ ਹਨ। ਹੁਣ ਕੇਵਲ ਸਟੂਡੀਓ ਦੇ ਮਾਲਕ ਫਿਲਮਾਂ ਨਹੀਂ ਬਣਾਉਂਦੇ, ਅਤੇ ਨਾ ਹੀ ਐਕਟਰ ਜਾਂ ਡਾਇਰੈਕਟਰ ਤਨਖਾਹ ਲੈ ਕੇ ਕੰਮ ਕਰਦੇ ਹਨ। ਫਿਲਮਾਂ ਦੀ ਮੰਗ ਬਹੁਤ ਵਧ ਗਈ ਹੈ, ਇਸ ਲਈ ਆਪ ਫਿਲਮ ਬਣਾਉਣ ਦੀ ਥਾਂ ਮਾਲਕ ਸਟੂਡੀਓ ਨੂੰ ਕਿਰਾਏ ਉਤੇ ਦੇ ਕੇ ਜ਼ਿਆਦਾ ਪੈਸੇ ਖੱਟ ਸਕਦਾ ਹੈ। ਇਕ-ਇਕ ਸਟੂਡੀਓ ਵਿਚ ਦਿਨੇਂ-ਰਾਤੀਂ ਲਗਾਤਾਰ ਅੱਠ-ਅੱਠ, ਦਸ-ਦਸ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ। ਪ੍ਰੋਡੀਊਸਰ ਧਨੀਆਂ ਕੋਲੋਂ ਸਰਮਾਇਆ ਲੈਂਦਾ ਹੈ, ਤੇ ਅੱਗੋਂ ਡਾਇਰੈਕਟਰ, ਕਹਾਣੀਕਾਰ, ਕਲਾਕਾਰਾਂ ਤੇ ਟੈਕਨੀਸ਼ਨਾਂ ਆਦਿ ਨਾਲ ਠੇਕਾ ਕਰਦਾ ਹੈ। ਸਭ ਨੂੰ ਖੁਲ੍ਹ ਹੈ ਕਿ ਇਕੋ ਵਾਰ ਭਾਵੇਂ ਜਿਤਨੇ ਪਰੋਡੀਊਸਰਾਂ ਦੀਆਂ ਫਿਲਮਾਂ ਵਿਚ ਕੰਮ ਕਰਨ। ਠੇਕੇ ਉਤੇ ਕੰਮ ਕਰਕੇ ਇਕ ਲੋਕ-ਪ੍ਰੀਅ ਕਲਾਕਾਰ ਮਹੀਨੇ ਵਿਚ ਤੀਹ-ਚਾਲ੍ਹੀ ਹਜ਼ਾਰ ਤੱਕ ਕਮਾ ਸਕਦਾ ਹੈ। ਸਹਿਗਲ ਦੀ ਆਮਦਨੀ ਏਸ ਵੇਲੇ ਇਸ ਤੋਂ ਵੀ ਜ਼ਿਆਦਾ ਹੈ, ਹਾਲਾਂਕਿ ਨਿਊ-ਥਇੇਟਰਜ਼ ਵਿਚ ਉਸ ਨੂੰ ਮਸਾਂ ਚਾਰ-ਪੰਜ ਹਜ਼ਾਰ ਮਿਲਦੇ ਸਨ। ਕਲਾਕਾਰਾਂ ਦੀ ਗੁੱਡੀ ਅਸਮਾਨ ਉਤੇ ਚੜ੍ਹ ਗਈ ਹੈ, ਕਿਉਂਕਿ ਉਹਨਾਂ ਦੇ ਨਾਵਾਂ ਨੂੰ ਵੇਖ ਕੇ ਹੀ ਧਨੀ ਪ੍ਰੋਡੀਊਸਰ ਨੂੰ ਸਰਮਾਇਆ ਦੇਂਦੇ ਹਨ, ਅਤੇ ਅੱਗੋਂ ਫਿਲਮ ਵਿਕਦੀ ਵੀ 'ਸਟਾਰਾਂ' ਦੇ ਸਿਰ 'ਤੇ ਹੀ ਹੈ। ਇਸ ਨੂੰ "ਸਟਾਰ ਸਿਸਟਮ" ਆਖਦੇ ਹਨ।
ਇਹਨਾਂ ਵੇਰਵਿਆਂ ਦਾ ਸਾਡੇ ਪੱਲੇ ਖਾਸ ਕੁਝ ਵੀ ਨਹੀਂ ਸੀ ਪੈ ਰਿਹਾ, ਅਤੇ ਨਾ ਹੀ ਹੁਣ ਤੀਕਰ ਕਦੇ ਪਿਆ ਹੈ। ਆਪਣੇ ਪਿਤਾ ਜੀ ਦਾ ਵਪਾਰ ਮੈਂ ਇਤਨਾ ਉਕਤਾ ਕੇ ਛੱਡਿਆ ਸੀ ਕਿ ਉਮਰ ਭਰ ਕਦੇ ਉਸ ਦੇ ਨੇੜੇ ਨਾ ਜਾਣ ਦਾ ਪੱਕਾ ਨਿਸਚਾ ਕਰ ਚੁੱਕਾ ਸਾਂ। ਪਰ ਇਹ ਸੁਣ ਕੇ ਜ਼ਰੂਰ ਖੁਸ਼ੀ ਹੋਈ ਕਿ ਸ਼ਰੀਫ ਸਮਾਜ ਵਿਚ ਹੁਣ ਫਿਲਮੀ ਧੰਦੇ ਨੂੰ ਉਤਨੀ ਬੁਰੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ, ਜਿਤਨਾ ਲੜਾਈ ਤੋਂ ਪਹਿਲਾਂ ਦੇ ਜ਼ਮਾਨੇ ਵਿਚ ਵੇਖਿਆ ਜਾਂਦਾ ਸੀ। ਚੰਗੇ-ਚੰਗੇ ਘਰਾਂ ਦੇ ਕੁੜੀਆਂ-ਮੁੰਡੇ ਇਸ ਵਿਚ ਆ ਰਹੇ ਸਨ। ਕ੍ਰਿਸ਼ਨ ਚੰਦਰ, ਉਪੇਂਦਰ ਨਾਥ ਅਸ਼ਕ, ਸਆਦਤ ਹਸਨ ਮੰਟੋ, ਭਗਵਤੀ ਚਰਨ ਵਰਮਾ, ਜੋਸ਼ ਮਲੀਹਾਬਾਦੀ, ਸਾਗਰ ਨਿਜ਼ਾਮੀ ਤੇ ਹੋਰ ਕਿਤਨੇ ਹੀ ਚੋਟੀ ਦੇ ਲੇਖਕ, ਜੋ ਪਹਿਲਾਂ ਕਦੇ ਲਿਖਣ ਵਿਚੋਂ ਕਮਾਈ ਦੀ ਉਮੀਦ ਨਹੀਂ ਸਨ ਕਰ ਸਕਦੇ, ਹੁਣ ਬੰਬਈ ਵਿਚ ਵੱਸ ਗਏ ਸਨ, ਤੇ ਫਿਲਮਾਂ ਲਈ ਕਹਾਣੀਆਂ - ਗਾਣੇ ਆਦਿ ਲਿਖ ਕੇ ਹਜ਼ਾਰਾਂ ਰੁਪਏ ਕਮਾ ਰਹੇ ਸਨ।
ਕ੍ਰਿਸ਼ਨ ਚੰਦਰ ਵੀ ਸਾਡਾ ਕਾਲਿਜ ਦੇ ਜ਼ਮਾਨੇ ਦਾ ਹਾਣੀ ਸੀ, ਭਾਵੇਂ ਅਸੀਂ ਗੌਰਮਿੰਟ ਕਾਲਿਜ ਵਿਚ ਪੜ੍ਹੇ ਸਾਂ, ਤੇ ਉਹ ਐਫ਼ ਸੀ. ਕਾਲਿਜ ਵਿਚ। ਇਕ ਵਾਰੀ ਉਹਨੇ ਮੈਨੂੰ ਆਪ ਦੱਸਿਆ ਸੀ ਕਿ ਮੇਰੀਆਂ ਕਹਾਣੀਆਂ ਪੜ੍ਹ ਕੇ ਹੀ ਉਹਨੂੰ ਕਹਾਣੀਕਾਰ ਬਣਨ ਦਾ ਖਿਆਲ ਆਇਆ ਸੀ। ਪਰ ਇਸ ਵਿਚ ਸ਼ੱਕ ਨਹੀਂ ਕਿ ਮੇਰੇ ਵਲੈਤ ਤੁਰਨ ਤੀਕਰ ਉਹਨੇ ਅਜੇ ਉਰਦੂ ਵਿਚ ਉਤਨਾ ਨਾਮਣਾ ਨਹੀਂ ਸੀ ਖੱਟਿਆ, ਜਿਤਨਾ ਮੈਂ ਹਿੰਦੀ ਵਿਚ ਖੱਟ ਚੁੱਕਾ ਸਾਂ। 'ਦੋ ਫਰਲਾਂਗ ਲੰਬੀ ਸੜਕ' ਉਹਦੀ ਪਹਿਲੀ ਕਹਾਣੀ ਸੀ, ਜਿਸ ਲਈ ਉਹਨੂੰ ਭਰਪੂਰ ਸ਼ਲਾਘਾ ਮਿਲੀ। ਪਰ, ਚੇਤਨ ਨੇ ਦੱਸਿਆ, ਲੜਾਈ ਦੇ ਦਿਨਾਂ ਵਿਚ ਉਹਨੇ ਬੇ-ਹਿਸਾਬ ਲਿਖਿਆ ਹੈ, ਤੇ ਉਰਦੂ ਸਾਹਿਤ ਵਿਚ ਪ੍ਰਮੁਖ ਸਥਾਨ ਹਾਸਲ ਕਰ ਲਿਆ ਹੈ। ਉਸ ਦੀ ਬੰਗਾਲ ਦੇ ਕਾਲ ਬਾਰੇ ਲਿਖੀ ਲੰਮੀ ਕਹਾਣੀ, 'ਅੰਨ ਦਾਤਾ' ਨੇ ਤਹਿਲਕਾ ਮਚਾ ਦਿੱਤਾ ਹੈ।
ਇੰਗਲੈਂਡ ਵਿਚ ਮੈਂ ਪੂਰੇ ਚਾਰ ਸਾਲ ਕੁਝ ਵੀ ਨਹੀਂ ਸੀ ਲਿਖਿਆ, ਪਰ ਆਪਣੇ ਆਪ ਨੂੰ ਸਾਹਿਤਕਾਰਾਂ ਵਿਚ ਗਿਣਨ ਦਾ ਮੈਨੂੰ ਅਜੇ ਵੀ ਚਾਅ ਸੀ। ਇਹ ਸੋਚ ਕੇ ਮਨ ਨੂੰ ਹੌਸਲਾ ਹੋਇਆ ਕਿ ਜੇ ਹੋਰ ਕੋਈ ਕੰਮ ਨਾ ਬਣਿਆ, ਤਾਂ ਫਿਲਮਾਂ ਲਈ ਕਹਾਣੀਆਂ ਲਿਖ ਕੇ ਸ਼ੈਦ ਮੈਂ ਵੀ ਰੋਜ਼ੀ ਕਮਾਣ ਯੋਗ ਹੋ ਸਕਾਂ। ਐਕਟਰ ਬਣਨ ਦਾ ਮੈਨੂੰ ਉਸ ਵੇਲੇ ਵੀ ਖਿਆਲ ਨਹੀਂ ਆਇਆ। ਮੈਂ ਹਾਲਾਂ ਵੀ ਫਿਲਮਾਂ ਨੂੰ ਦੂਰੋਂ-ਦੂਰੋਂ ਹੀ ਵੇਖ ਰਿਹਾ ਸਾਂ, ਜਿਵੇਂ ਮੇਰੇ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਸੀ।
"ਚੇਤਨ ਯਾਰ, ਤੂੰ ਕਹਿੰਦਾ ਏਂ ਫਿਲਮਾਂ ਨੇ ਤਰੱਕੀ ਕੀਤੀ ਏ, ਪਰ ਸ਼ਾਂਤਾਰਾਮ ਦੀ ਫਿਲਮ ਵੇਖ ਕੇ ਤਾਂ ਮੈਨੂੰ ਤਰੱਟੀ ਚੌੜ ਦਾ ਅਹਿਸਾਸ ਹੋਇਆ ਸੀ।"
ਚੇਤਨ ਹੱਸ ਪਿਆ ਤੇ ਬੜੀ ਸਿਆਣਿਆਂ ਵਾਲੀ ਮੁਦਰਾ ਬਣਾ ਕੇ ਕਹਿਣ ਲੱਗਾ, "ਇਹ ਸ਼ਾਂਤਾਰਾਮ ਨੇ 'ਬਾਕਸ ਆਫਿਸ' ਫਿਲਮ ਬਣਾਈ ਏ।"
ਦੱਮੋਂ ਤੇ ਮੈਂ ਹੈਰਾਨ ਹੋ ਕੇ ਉਸ ਦੇ ਵਲ ਵੇਖਦੇ ਰਹਿ ਗਏ। ਇਹ ਲਫਜ਼ ਫਿਲਮਾਂ ਦੇ ਸਿਲਸਿਲੇ ਵਿਚ ਅਸਾਂ ਪਹਿਲੀ ਵਾਰੀ ਸੁਣਿਆਂ ਸੀ। ਇਹ ਨਹੀਂ ਸੀ ਪਤਾ ਕਿ ਅੱਗੋਂ ਜਾ ਕੇ ਇਸ ਮਨਹੂਸ ਸ਼ਬਦ ਨਾਲ ਰੋਜ਼ ਦਾ ਵਾਹ ਪਏਗਾ।
"ਕੀ ਮਤਲਬ?" ਮੈਂ ਪੁਛਿਆ।
"ਮਤਲਬ ਇਹ ਕਿ ਹੁਣ ਫਿਲਮਾਂ ਦੀ ਕਾਮਯਾਬੀ ਦੀ ਸ਼ਰਤ ਉਹਨਾਂ ਦੀ ਕਲਾਤਮਿਕ ਪੱਧਰ ਨਹੀਂ, ਸਗੋਂ ਇਹ ਹੈ ਕਿ ਉਹ ਪੈਸਾ ਕਿਤਨਾ ਖੱਟਦੀਆਂ ਨੇ। 'ਸ਼ਕੁੰਤਲਾ' ਕਲਾ ਦੇ ਪੱਖ ਤੋਂ ਭਾਵੇਂ ਘਟੀਆ ਰਹੀ ਹੋਵੇ, ਪਰ ਵਪਾਰਕ ਪੱਖ ਤੋਂ ਖੂਬ ਕਾਮਯਾਬ ਏ। ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਰਹੀ ਏ।"
"ਪਰ ਪਹਿਲਾਂ ਵੀ ਤਾਂ ਸ਼ਾਂਤਾਰਾਮ ਦੀਆਂ ਫਿਲਮਾਂ ਚਲਦੀਆਂ ਹੀ ਸਨ," ਮੈਂ ਕਿਹਾ।
"ਹੁਣ ਉਤਨੀ ਕਾਮਯਾਬੀ ਨਾਲ ਕੁਝ ਨਹੀਂ ਬਣਦਾ। ਫਿਲਮਾਂ ਦੀ ਲਾਗਤ ਜੁ ਬਹੁਤ ਵਧ ਗਈ ਏ। ਨਾਲੇ, ਲੋਕਾਂ ਦੀ ਰੁਚੀ ਵੀ ਬਦਲ ਗਈ ਏ। ਉਹ ਸੰਜੀਦਾ, ਦੁਖਾਂਤਕ ਅਤੇ ਆਦਰਸ਼ਵਾਦੀ ਫਿਲਮਾਂ ਨਹੀਂ ਵੇਖਣਾ ਚਾਹੁੰਦੇ। ਉਹ ਚਾਹੁੰਦੇ ਹਨ, ਮਨੋਰੰਜਨ, ਨਾਚ-ਗਾਣੇ, ਹਾਸੇ-ਖੇਡਾਂ, ਤਫਰੀਹ।"
"ਤੇਰਾ ਮਤਲਬ ਏ, ਨਿਊ-ਥਇੇਟਰਜ਼ ਦੀਆਂ ਫਿਲਮਾਂ ਨਾਲ ਮਨੋਰੰਜਨ ਨਹੀਂ ਸੀ ਹੁੰਦਾ?"
"ਮਧਿਅਮ ਵਰਗੀ ਸਿਖਿਅਤ ਲੋਕਾਂ ਦਾ ਜ਼ਿਆਦਾ, ਪਰ ਸਮੂਹ ਜਨਤਾ ਦਾ ਘਟ। ਤੇ ਇਕੋ ਤਰ੍ਹਾਂ ਦੀ ਫਿਲਮ ਬਾਰ-ਬਾਰ ਵੇਖ ਕੇ ਲੋਕੀਂ ਤੰਗ ਵੀ ਆ ਗਏ ਸਨ। ਨਿਊ-ਥੀਏਟਰ ਤੇ ਪ੍ਰਭਾਤ ਨੇ ਕੇਵਲ ਦੁਖਾਂਤ ਦੀ ਲੀਕ ਫੜੀ ਹੋਈ ਸੀ। ਤੇ ਉਹਨਾਂ ਦੀਆਂ ਫਿਲਮਾਂ ਦੀ ਚਾਲ ਵੀ ਸੁਸਤ, ਗਾਣੇ ਵੀ ਸੁਸਤ। ਇਸ ਵਿਚ ਸ਼ੱਕ ਨਹੀਂ ਕਿ ਉਹ ਫਿਲਮਾਂ ਨੂੰ ਪਹਿਲਾਂ ਨਾਲੋਂ ਉਚੇਰੀ ਪੱਧਰ ਤੇ ਲੈ ਆਏ ਸਨ, ਪਰ ਇਹ ਵੀ ਮੰਨਣਾ ਪਏਗਾ ਕਿ ਸਮਾਜ ਦੀਆਂ ਬੁਨਿਆਦੀ ਹਕੀਕਤਾਂ ਨੂੰ ਉਹਨਾਂ ਦਲੇਰੀ ਨਾਲ ਕਦੇ ਨਹੀਂ ਸੀ ਛੁਹਿਆ। ਉਹ ਭਾਵਨਾ ਦੀ ਬਹੁਲਤਾ ਲਿਆਉਂਦੇ ਸਨ, ਜਿਸ ਤੋਂ ਪਬਲਿਕ ਨੂੰ ਅਕੇਵਾਂ ਹੋਣ ਲਗ ਪਿਆ। ਇਸ ਪਰਿਸਥਿਤੀ ਦਾ ਲਾਹੌਰ ਦੇ ਇਕ ਪਰੋਡੀਊਸਰ ਨੇ ਲਾਭ ਉਠਾਇਆ। ਲੋਕ-ਗੀਤਾਂ ਦੇ ਅਧਾਰ ਤੇ ਗੀਤਾਂ ਦੀਆਂ ਸਰਲ ਤਰਜ਼ਾਂ ਬਣਵਾਈਆਂ, ਜੋ ਲੋਕਾਂ ਦੀ ਜ਼ਬਾਨ ਉਤੇ ਝੱਟ ਚੜ੍ਹ ਜਾਂਦੀਆਂ ਸਨ। ਤੇ ਕਹਾਣੀਆਂ ਵੀ ਐਸੀਆਂ ਲੱਭੀਆਂ, ਜੋ ਦਰਸ਼ਕਾਂ ਨੂੰ ਖੁਸ਼ੀਆਂ ਭਰੇ ਮਨੋਰੰਜਕ ਸੰਸਾਰ ਵਿਚ ਲੈ ਜਾਣ। ਸੁਹਣੀਆਂ ਕੁੜੀਆਂ, ਚਟਕ-ਮਟਕ ਨਾਚ, ਰੋਮਾਂਸ, ਸ਼ਰਾਰਤ, ਸਹਿੰਦੀ-ਸਹਿੰਦੀ ਅਸ਼ਲੀਲਤਾ ਅਤੇ ਨਗਨਤਾ। ਇਹ ਨਵਾਂ ਫਾਰਮੂਲਾ ਪਹਿਲਾਂ ਪੰਚੋਲੀ ਸਾਹਬ ਦੀ 'ਖਜ਼ਾਨਚੀ' ਨਾਮੀ ਫਿਲਮ ਵਿਚ ਪ੍ਰਗਟ ਹੋਇਆ, ਤੇ ਇਸ ਫਿਲਮ ਨੂੰ ਬੇਪਨਾਹ ਮਕਬੂਲੀਅਤ ਹਾਸਲ ਹੋਈ। ਇਸ ਦੀ ਵੇਖਾ-ਵੇਖੀ, ਏਸੇ ਤਰ੍ਹਾਂ ਦੀਆਂ ਹੋਰ ਫਿਲਮਾਂ ਧੜਾ-ਧੜ ਬਣਨ ਲਗ ਪਈਆਂ, ਨਿਊ-ਥੀਏਟਰਜ਼ ਤੇ ਪ੍ਰਭਾਤ ਦੋਵਾਂ ਕੰਪਨੀਆਂ ਦਾ ਭੱਠਾ ਬਹਿ ਗਿਆ। ਸ਼ਾਂਤਾਰਾਮ ਨੇ ਵਕਤ ਦੀ ਲੋੜ ਨੂੰ ਸਮਝਦਿਆਂ ਪ੍ਰਭਾਤ ਨਾਲੋਂ ਰਿਸ਼ਤਾ ਤੋੜ ਲਿਆ ਤੇ ਬੰਬਈ ਆ ਗਿਆ। ਇਕ ਆਜ਼ਾਦ ਪ੍ਰੋਡੀਊਸਰ ਦੇ ਰੂਪ ਵਿਚ ਉਸ ਲਈ ਕਦਮ ਮਜ਼ਬੂਤ ਕਰਨ ਦਾ ਇਕੋ ਇਕ ਰਾਹ ਸੀ, ਕਿ ਲੋਕਾਂ ਦੀ ਮੰਗ ਨੂੰ ਸਾਹਮਣੇ ਰੱਖ ਕੇ ਫਿਲਮ ਬਣਾਏ। ਏਸੇ ਲਈ ਉਸ ਨੇ 'ਸ਼ਕੁੰਤਲਾ' ਦਾ ਵਿਸ਼ਾ ਚੁਣਿਆਂ, ਕਿਉਂਕਿ ਲੋੜੀਂਦੇ ਮਸਾਲੇ ਉਸ ਵਿਚ ਅਸਾਨੀ ਨਾਲ ਤੇ ਬਿਨਾਂ ਬਦਨਾਮੀ ਸਹੇੜੇ ਭਰੇ ਜਾ ਸਕਦੇ ਸਨ। ਤੇ ਇਹ ਠੀਕ ਹੈ ਕਿ ਕਾਲੀਦਾਸ ਨਾਲ ਅਨਿਆਂ ਹੋਇਆ, ਪਰ ਲੋਕਾਂ ਵਿਚੋਂ ਕਿਤਨਿਆਂ ਨੇ ਮੂਲ ਨਾਟਕ ਪੜ੍ਹਿਆ ਹੋਇਅੇ?"
"ਮੈਨੂੰ ਇਹ ਦਲੀਲ ਵਜ਼ਨੀ ਨਹੀਂ ਜਾਪਦੀ," ਮੈਂ ਕਿਹਾ।
"ਮੈਂ ਜਾਣਦਾ ਹਾਂ ਤੇ ਬਹੁਤ ਹੱਦ ਤਕ ਤੇਰੇ ਨਾਲ ਸਹਿਮਤ ਵੀ ਹਾਂ," ਚੇਤਨ ਬੋਲਦਾ ਗਿਆ, "ਪਰ ਏਸ ਲਾਈਨ ਵਿਚ ਬੰਦੇ ਨੂੰ ਕਾਰੋਬਾਰੀ ਹੋਣਾ ਪੈਂਦਾ ਏ। ਹੁਣ ਅਗਲੀ ਫਿਲਮ ਲਈ ਸ਼ਾਂਤਾਰਾਮ ਨੇ ਆਪਣੀ ਮਰਜ਼ੀ ਦਾ, ਯਥਾਰਥ ਤੇ ਪ੍ਰਗਤੀਵਾਦੀ ਮਜ਼ਮੂਨ ਚੁਣਿਆਂ ਏ, 'ਡਾਕਟਰ ਕੋਟਨਿਸ ਕੀ ਅਮਰ ਕਹਾਣੀ'। ਮੇਰੇ ਖਿਆਲ ਵਿਚ ਤਾਂ ਸ਼ਾਂਤਾਰਾਮ ਦੀ ਸੂਝ ਦੀ ਦਾਦ ਦੇਣੀ ਚਾਹੀਦੀ ਏ।"
"ਪਰ ਇਕ ਵਾਰੀ ਜ਼ਮੀਰ ਨਾਲ ਧੋਖਾ ਕੀਤਿਆਂ ਜ਼ਮੀਰ ਕਮਜ਼ੋਰ ਨਹੀਂ ਹੋ ਜਾਂਦੀ?"
"ਇਸ ਲਾਈਨ ਵਿਚ ਆਦਰਸ਼ਵਾਦ ਦੀ ਬਹੁਤੀ ਗੁੰਜਾਇਜ਼ ਨਹੀਂ," ਚੇਤਨ ਨੇ ਹੱਸ ਕੇ ਜਵਾਬ ਦਿਤਾ।
ਫਿਲਮ 'ਖਜ਼ਾਨਚੀ' ਦਾ ਜ਼ਿਕਰ ਸੁਣ ਕੇ ਦੱਮੋਂ ਨੇ ਮੇਰੇ ਵਲ ਵੇਖਿਆ ਸੀ, ਤੇ ਅਸੀਂ ਦੋਵੇਂ ਹੱਸ ਪਏ ਸਾਂ। ਸਾਨੂੰ ਯਾਦ ਆਇਆ ਸੀ, ਜਦੋਂ ਇਸ ਫਿਲਮ ਦੇ ਗੀਤ ਰੇਡੀਓ ਉਤੇ ਵਜਾਉਣ ਲਈ ਸਾਡੇ ਕੋਲ ਪਹਿਲੋਂ ਪਹਿਲ ਲੰਦਨ ਪੁੱਜੇ ਸਨ। ਸਾਡਾ ਸਾਰਾ ਅਮਲਾ ਉਹਨਾਂ ਨੂੰ ਸੁਣ-ਸੁਣ ਹੱਸ-ਹੱਸ ਕੇ ਦੂਹਰਾ ਹੋਇਆ ਸੀ। ਉਹਨਾਂ ਵਿਚ ਹਿੰਦੁਸਤਾਨੀ ਅਤੇ ਯੋਰਪੀਨ ਸੰਗੀਤ ਦਾ ਹੱਦ ਤੋਂ ਜ਼ਿਆਦਾ ਹੋਛਾ ਅਤੇ ਬੇਜੋੜ ਮਿਸ਼ਰਣ ਸੀ। ਇਕ ਗੀਤ ਤਾਂ ਸਾਨੂੰ ਖਾਸ ਤੌਰ ਉਤੇ ਬੇਸੁਰਾ ਤੇ ਹਾਸੋਹੀਣਾ ਲਗਿਆ ਸੀ -
ਪਛੀ ਹੀ ਹੀ ਹੀ ਹੀ ਜਾ ਆ
ਪੀਛੇ ਰਹਾ ਹੈ ਬਚਪਨ ਮੇਰਾ ਅ
ਉਸ ਕੋ ਜਾ ਕੇ ਲਾ...
ਅਸੀਂ ਉਹਨਾਂ ਰਿਕਾਰਡਾਂ ਨੂੰ ਇਕ ਬੰਨੇ ਰੱਖ ਛੱਡਿਆ ਸੀ। ਕਿਸੇ ਅੰਗਰੇਜ਼ ਸਾਥੀ ਦੇ ਸਾਹਮਣੇ ਉਹਨਾਂ ਨੂੰ ਵਜਾਉਣ ਦੀ ਸਾਡੀ ਹਿੰਮਤ ਨਹੀਂ ਸੀ ਹੁੰਦੀ। ਸਾਡੇ ਦਿਲਾਂ ਉਪਰ ਆਰ. ਸੀ. ਬੋਰਾਲ ਤੇ ਪਕੰਜ ਮਲਿਕ ਦੇ ਸੁਵੰਨੇ ਸੰਗੀਤ ਦੀ ਛਾਪ ਸੀ। ਸਹਿਗਲ, ਕਾਨਨ ਬਾਲਾ, ਕੇ. ਸੀ. ਡੇ, ਤੇ ਉਮਾ ਸ਼ਸ਼ੀ ਦੀ ਆਵਾਜ਼ ਦੇ ਅਸੀਂ ਆਸ਼ਕ ਸਾਂ। ਸਹਿਗਲ ਲਈ ਮੇਰੀ ਸ਼ਰਧਾ ਲੰਡਨ ਜਾ ਕੇ ਹੋਰ ਵੀ ਵਧ ਗਈ ਸੀ। ਉਸ ਦੇ ਹਰ ਗੀਤ ਵਿਚ, ਹਰ ਗਜ਼ਲ ਵਿਚ, ਸੁੰਦਰਤਾ ਦੀ ਕੋਈ ਨਵੀਂ ਕਣੀ ਪ੍ਰਾਪਤ ਹੁੰਦੀ ਅਤੇ ਮਨ ਨੂੰ ਮੁਗਧ ਕਰ ਛਡਦੀ। ਮੈਂ ਬੜੀਆਂ ਮਿਹਨਤਾਂ ਨਾਲ ਬੀ. ਬੀ. ਸੀ. ਦੀ ਗ੍ਰਾਮੋਫੋਨ ਲਾਇਬਰੇਰੀ ਵਿਚ ਸਹਿਗਲ ਦੇ ਗੀਤਾਂ ਨੂੰ ਦਾਖਲ ਕਰਾਇਆ ਸੀ, ਅਤੇ ਅੰਗਰੇਜ਼ ਅਧਿਕਾਰੀ ਸਹਿਮਤ ਹੋਏ ਸਨ ਕਿ ਸੱਚਮੁੱਚ ਉਹ ਉਤਮ ਦਰਜੇ ਦਾ ਸੰਗੀਤ ਹੈ। ਪਰ ਵੇਖਦਿਆਂ-ਵੇਖਦਿਆਂ ਹਿੰਦੁਸਤਾਨ ਤੋਂ 'ਖਜ਼ਾਨਚੀ' ਵਰਗੇ ਹੋਰ ਰਿਕਾਰਡ ਧੜਾ-ਧੜ ਆਉਣ ਲੱਗ ਪਏ, ਅਤੇ ਫੌਜੀ ਭਰਾਵਾਂ ਵਲੋਂ ਵੀ ਜ਼ਿਆਦਾ ਕਰਕੇ ਉਹਨਾਂ ਦੀਆਂ ਹੀ ਫਰਮਾਇਸ਼ਾਂ ਆਉਂਦੀਆਂ। ਦੇਸੋਂ ਦੂਰ ਹੋਣ ਕਰ ਕੇ ਅਸਾਂ ਇਸ ਤਬਦੀਲੀ ਨੂੰ ਕੇਵਲ ਮੌਸਮੀ ਬੁਖਾਰ ਹੀ ਸਮਝਿਆ ਸੀ, ਉਸ ਦੇ 'ਇਨਕਲਾਬੀ' ਹੋਣ ਦਾ ਅਨੁਮਾਨ ਨਹੀਂ ਸਾਂ ਕਰ ਸਕੇ।
"ਤੂੰ ਕੀ ਵਿਚਾਰ ਲੈ ਕੇ ਫਿਲਮਾਂ ਵਿਚ ਆਇਆ ਏਂ?" ਮੈਂ ਚੇਤਨ ਤੋਂ ਪੁਛਿਆ।
"ਆਹਾ, ਇਹ ਬੜਾ ਦਿਲਚਸਪ ਸਵਾਲ ਏ," ਚੇਤਨ ਨੇ ਕਿਹਾ। "ਮੇਰਾ ਐਕਟਰੀ ਕਰਨ ਦਾ ਕੋਈ ਇਰਾਦਾ ਨਹੀਂ। ਮੈਂ ਇਕ ਨਿਰੋਲ ਯਥਾਰਥਵਾਦੀ ਫਿਲਮ ਬਨਾਣ ਦੇ ਆਹਰ ਵਿਚ ਹਾਂ, ਜਿਸ ਦਾ ਨਾਂ ਹੋਵੇਗਾ, 'ਨੀਚਾ ਨਗਰ'। ਇਹ ਸਾਡੇ ਦੇਸ਼ ਦੇ ਆਰਥਿਕ ਵਰਗਾਂ ਦੀ ਮੁੱਠ-ਭੇੜ ਦੀ ਕਹਾਣੀ ਬਿਆਨ ਕਰੇਗੀ, ਜਿਸ ਵਿਚ ਮੈਂ ਕਿਸੇ ਕਿਸਮ ਦਾ ਬਾਕਸ ਆਫਿਸ ਸਮਝੌਤਾ ਨਹੀਂ ਕਰਾਂਗਾ। ਅਜਕਲ ਮੈਂ ਉਸ ਦੀ ਕਹਾਣੀ ਉਤੇ ਕੰਮ ਕਰ ਰਿਹਾਂ।"
"ਪਰ ਤੂੰ ਤੇ ਕਿਹਾ ਸੀ ਕਿ ਇਸ ਲਾਈਨ ਵਿਚ ਕਾਰੋਬਾਰੀ ਹੋਣ ਦੀ ਲੋੜ ਏ। ਜੇ ਸ਼ਾਂਤਾਰਾਮ ਵਰਗੇ ਡਾਇਰੈਕਟਰ ਨੂੰ ਸਮਝੌਤਾ ਕਰਨਾ ਪਿਆ ਏ, ਤਾਂ ਕੀ ਤੈਨੂੰ ਨਹੀਂ ਕਰਨਾ ਪਏਗਾ?"
"ਮੈਂ ਇਸ ਨਵੀਂ ਪਰਿਸਥਿਤੀ ਨੂੰ ਇਕ ਵੰਗਾਰ ਦੇ ਰੂਪ ਵਿਚ ਵੇਖਦਾ ਹਾਂ, ਬਲਰਾਜ। ਤੂੰ ਵੀ ਤੇ ਮੈਂ ਵੀ ਸਾਹਿਤ ਰਾਹੀਂ ਤੇ ਨਾਟਕ ਰਾਹੀਂ ਸੱਚੀ ਯਥਾਰਥਵਾਦੀ ਕਲਾ ਦਾ ਅਧਿਅਨ ਕਰ ਚੁੱਕੇ ਹਾਂ, ਉਸ ਦੀ ਆਪਣੀ ਇਕ ਵਿਆਪਕ ਖਿੱਚ ਹੁੰਦੀ ਏ, ਆਪਣੀ ਤਕਨੀਕ ਹੁੰਦੀ ਏ। ਜਨਤਾ ਆਪਣੇ ਜੀਵਨ ਨੂੰ ਸਹੀ ਤੇ ਸੱਚੇ ਰੰਗਾਂ ਵਿਚ ਵੇਖਣ ਦੀ ਸਦਾ ਚਾਹਵਾਨ ਹੁੰਦੀ ਏ। ਜੇ ਫਿਲਮਕਾਰ ਇਸ ਭੁੱਖ ਨੂੰ ਮਿਟਾਉਣ ਲਈ ਨਰੋਆ ਭੋਜਨ ਪੇਸ਼ ਕਰਨ ਦੀ ਵਿੱਤ ਰੱਖਦਾ ਹੋਵੇ, ਤਾਂ ਫੇਰ ਨਾਚ-ਗਾਣੇ ਦੇ ਚੱਟਣੀਆਂ-ਮਸਾਲੇ ਜ਼ਰੂਰੀ ਨਹੀਂ ਰਹਿੰਦੇ।"
ਚੇਤਨ ਨੇ ਇਹ ਐਸੀ ਗੱਲ ਆਖੀ, ਜਿਸ ਨਾਲ ਮੈਂ ਆਪ ਪੂਰੀ ਤਰ੍ਹਾਂ ਸਹਿਮਤ ਸਾਂ। ਇਹ ਮੇਰੇ ਆਪਣੇ ਦਿਲ ਦੀ ਗੱਲ ਸੀ। ਇਸ ਦਾ ਪਰਤੱਖ ਪ੍ਰਮਾਣ ਵੀ ਇਕ ਵਾਰੀ ਮੈਂ ਆਪਣੀ ਅੱਖੀਂ ਵੇਖ ਚੁੱਕਿਆ ਸਾਂ।
ਗਰਮੀਆਂ ਦੀਆਂ ਛੁੱਟੀਆਂ ਸਨ। ਮੈਂ ਲਾਹੌਰੋਂ ਪਿੰਡੀ ਆਇਆ ਹੋਇਆ ਸਾਂ। ਪਤਾ ਲੱਗਾ, "ਰੋਜ਼ ਸਿਨੇਮੇ ਵਿਚ, ਉਹੀ ਜਿਸ ਦਾ ਉਦਘਾਟਨ "ਰੂਪਰਟ ਆਫ ਹੈਂਟਜ਼ਾ" ਨਾਲ ਹੋਇਆ ਸੀ, ਪ੍ਰਭਾਤ ਫਿਲਮ ਕੰਪਨੀ ਦੀ ਫਿਲਮ, 'ਦੁਨੀਆ ਨਾ ਮਾਨੇਂ' ਲੱਗੀ ਹੋਈ ਹੈ। ਮੈਂ ਵੇਖਣ ਚਲਾ ਗਿਆ। ਮੈਂ ਪਹਿਲਾਂ ਕਹਿ ਆਇਆ ਹਾਂ ਕਿ ਸਭਿਆਚਾਰਕ ਤੌਰ ਉਤੇ ਓਦੋਂ ਪਿੰਡੀ ਇਕ ਪਛੜਿਆ ਹੋਇਆ ਸ਼ਹਿਰ ਸੀ। ਮੈਨੂੰ ਯਕੀਨ ਨਹੀਂ ਸੀ ਕਿ ਲੋਕੀਂ ਉਸ ਫਿਲਮ ਨੂੰ ਜ਼ਰਾ ਵੀ ਪਸੰਦ ਕਰਨਗੇ। ਪਰ ਵੇਖਿਆ, ਹਾਲ ਖਚਾ-ਖਚ ਭਰਿਆ ਹੋਇਆ ਸੀ। ਪੰਜ ਆਨੇ ਤੇ ਦਸ ਆਨੇ ਵਾਲੀਆਂ ਸੀਟਾਂ ਉਤੇ ਓਹੀ ਪਠਾਣੀ ਕਿਸਮ ਦੇ ਮੁਸਲਮਾਨ ਬੈਠੇ ਹੋਏ ਸਨ, ਜੋ ਆਪਣੀ ਉਜੱਡਤਾ ਤੇ ਅਵੈੜਤਾ ਲਈ ਮਸ਼ਹੂਰ ਹਨ। ਫਿਲਮ ਵਿਚ ਇਕ ਥਾਂ ਸ਼ਾਂਤਾ ਆਪਟੇ ਨੂੰ, ਜਿਸ ਦੀ ਸ਼ਾਦੀ ਉਸ ਦੀ ਮਰਜ਼ੀ ਵਿਰੁਧ ਇਕ ਬੁੱਢੇ ਨਾਲ ਕਰ ਦਿੱਤੀ ਗਈ ਹੈ, ਉਸ ਦੀ ਪ੍ਰੋਫੈਸਰ ਅੰਗਰੇਜ਼ ਕਵੀ ਲਾਂਗਫੈਲੋ ਦੀ ਕਵਿਤਾ ਪੂਰੀ ਦੀ ਪੂਰੀ ਗਾ ਕੇ
Tell me not in mournful numbers
Life is but an empty dream...
ਸੁਣਾਉਂਦੀ ਹੈ। ਕਾਫੀ ਲੰਮੀ ਕਵਿਤਾ ਹੈ ਇਹ, ਤੇ ਦਰਸ਼ਕਾਂ ਦਾ ਦਸਵਾਂ ਹਿੱਸਾ ਵੀ ਅੰਗਰੇਜ਼ੀ ਨਹੀਂ ਸੀ ਸਮਝਦਾ। ਮੈਨੂੰ ਡਰਦੇ ਮਾਰਿਆਂ ਪਸੀਨਾ ਆਉਣ ਲੱਗ ਪਿਆ ਕਿ ਕਿਤੇ ਸਾਰੇ ਦਾ ਸਾਰਾ ਹਾਲ ਪੀਪਣੀਆਂ ਮਾਰਦਾ ਉੱਠ ਨਾ ਖਲੋਵੇ। ਪਰ ਇੰਜ ਨਹੀਂ ਹੋਇਆ। ਬੜੀ ਖਾਮੋਸ਼ੀ ਤੇ ਅਦਬ ਨਾਲ ਲੋਕੀਂ ਉਹ ਕਵਿਤਾ ਸੁਣਦੇ ਰਹੇ, ਜਿਸ ਦਾ ਉਹਨਾਂ ਨੂੰ ਕੱਖ ਪੱਲੇ ਨਹੀਂ ਸੀ ਪੈ ਰਿਹਾ। ਉਸ ਦੀ ਭਾਵਨਾ ਨੂੰ ਉਹ ਸਮਝ ਗਏ ਸਨ, ਤੇ ਉਸ ਲਈ ਉਹਨਾਂ ਦੇ ਦਿਲ ਵਿਚ ਕਦਰ ਸੀ।
ਚੇਤਨ ਕਹਿ ਰਿਹਾ ਸੀ, "ਏਸ ਵੇਲੇ ਆਜ਼ਾਦ ਪਰੋਡੀਊਸਰ ਹੋਂਦ ਵਿਚ ਆਇਆ ਏ। ਏਸ ਅਸਥਿਰ ਜਿਹੀ ਪਰਿਸਥਿਤੀ ਦੀਆਂ ਆਸ਼ਾਵਾਦੀ ਸੰਭਾਵਨਾਵਾਂ ਵੀ ਹਨ। ਏਸ ਵੇਲੇ ਗੁਣਵਾਨ, ਸੁਸਿਖਿਅਤ, ਤੇ ਪ੍ਰਗਤੀਸ਼ੀਲ ਲੋਕ ਜੇ ਹਿਮੰਤ ਕਰਨ, ਤਾਂ ਇੰਡਸਟਰੀ ਨੂੰ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਪ੍ਰਬਲ ਯਥਾਰਥਵਾਦੀ ਮੋੜ ਦੇ ਸਕਦੇ ਹਨ। ਜੇ ਏਸ ਮੌਕੇ ਉੱਤੇ ਅਸੀਂ ਖੁੰਝ ਗਏ, ਤਾਂ ਮੈਦਾਨ ਪੂਰੀ ਤਰ੍ਹਾਂ ਮਿਆਰ-ਡੇਗੂ ਮਨੋਰੰਜਨਵਾਦੀਆਂ ਦੇ ਹੱਥ ਵਿਚ ਆ ਜਾਵੇਗਾ।"
ਅਸੀਂ ਬੜੇ ਧਿਆਨ ਨਾਲ ਚੇਤਨ ਦੀਆਂ ਉਤਸ਼ਾਹ-ਵਧਾਊ ਗੱਲਾਂ ਸੁਣਦੇ ਰਹੇ। ਉਸ ਉਤਸ਼ਾਹ ਵਿਚ ਅਸੀਂ ਆਪ ਕਿਤਨੇ ਸ਼ਰੀਕ ਹੋ ਸਕਦੇ ਹਾਂ, ਸਾਨੂੰ ਕੁਝ ਪਤਾ ਨਹੀਂ ਸੀ। ਚਾਰ ਸਾਲ ਦੇਸੋਂ ਬਾਹਰ ਲਾ ਕੇ ਆਏ ਸਾਂ। ਸਮਾਂ ਇਕ ਥਾਂ ਖੜਾ ਨਹੀਂ ਰਹਿੰਦਾ। ਤੇ ਲੜਾਈ ਦਾ ਜ਼ਮਾਨਾ ਕੋਈ ਮਾਮੂਲੀ ਜ਼ਮਾਨਾ ਨਹੀਂ ਹੁੰਦਾ। ਦੇਸ਼ ਦੇ ਜੀਵਨ ਨਾਲ ਮੁੜ ਇਕ-ਮਿਕ ਹੋਣ ਲਈ ਸਾਨੂੰ ਬਹੁਤ ਸਾਰੀਆਂ ਟੁੱਟੀਆਂ ਤਾਰਾਂ ਜੋੜਨੀਆਂ ਪੈਣਗੀਆਂ। ਸਾਡੇ ਪਿਛੋਂ ਇਕੱਲੇ ਬੰਗਾਲ ਵਿਚ ਵੀਹ ਲੱਖ ਆਦਮੀ ਚੌਲਾਂ ਲਈ ਤਰਸ ਤਰਸ ਕੇ ਮਰ ਗਏ ਸਨ, ਜਦ ਕਿ ਪੁਡਿੰਗ ਬਣਾਨ ਲਈ ਉਸ ਲੰਡਨ ਵਿਚ ਚਾਵਲ ਆਮ ਮਿਲ ਜਾਂਦੇ ਸਨ, ਜਿਥੇ ਚਾਵਲ ਪੈਦਾ ਨਹੀਂ ਹੁੰਦਾ। ਅਜਿਹੀਆਂ ਘਟਨਾਵਾਂ ਪ੍ਰਭਾਵ ਪਾਏ ਬਿਨਾ ਨਹੀਂ ਰਹਿੰਦੀਆਂ।
ਪਰ ਪਹਿਲਾ ਕਰਤੱਵ ਸੀ, ਰਾਵਲਪਿੰਡੀ ਜਾਣਾ, ਆਪਣੇ ਪਰਿਵਾਰ ਨੂੰ ਮਿਲਣਾ। ਤੇ ਜਦੋਂ ਮੁੜ ਪੌਠੋਹਾਰ ਦੀਆਂ ਪਹਾੜੀਆਂ ਦਿਸੀਆਂ, ਤਾਂ ਹੀ ਸਾਨੂੰ ਵਤਨ ਵਾਪਸ ਆਉਣ ਦਾ ਅਸਲੀ ਯਕੀਨ ਹੋਇਆ। ਉਸ ਵੇਲੇ ਕਿਸ ਨੂੰ ਪਤਾ ਸੀ ਕਿ ਵਤਨ ਨੂੰ ਪਹਿਲੀ ਵਾਰ ਹੀ ਨਹੀਂ, ਅਖੀਰਲੀ ਵਾਰ ਵੀ ਵੇਖ ਰਹੇ ਸਾਂ? ਕਿਸ ਨੂੰ ਪਤਾ ਸੀ ਕਿ ਉਸ ਤੋਂ ਵੀ, ਤੇ ਇਕ-ਦੂਜੇ ਤੋਂ ਵੀ ਸਦਾ-ਸਦਾ ਲਈ ਵਿਛੜ ਜਾਣ ਦੀ ਘੜੀ ਸਿਰ ਤੇ ਮੰਡਲਾ ਰਹੀ ਹੈ?
ਬਾਝ ਨਸੀਬਾਂ ਨਾ ਪਾਣੀ ਪੀਤਾ ਬੁੱਕ ਭਰ
ਕੌਣ ਸਾਈਂ ਨੂੰ ਆਖੇ ਇੰਜ ਨਹੀਂ ਇੰਜ ਕਰ।

6
ਰਾਵਲਪਿੰਡੀ ਕੁਝ ਦਿਨ ਗੁਜ਼ਾਰ ਕੇ ਅਸੀਂ ਕਸ਼ਮੀਰ ਦੀਆਂ ਠੰਡੀਆਂ ਹਵਾਵਾਂ ਖਾਣ ਲਈ ਨਿਕਲ ਪਏ, ਜਿੱਥੇ ਸਾਡਾ ਆਪਣਾ ਘਰ ਸੀ। ਅਚਾਨਕ ਇਕ ਦਿਨ ਚੇਤਨ ਆਨੰਦ ਵੀ ਉੱਥੇ ਪਹੁੰਚ ਗਿਆ ਤੇ ਸਾਡੇ ਕੋਲ ਈ ਠਹਿਰ ਗਿਆ। ਉਹਨੇ ਦੱਸਿਆ ਕਿ "ਨੀਚਾ ਨਗਰ" ਬਣਾਨ ਦੀਆਂ ਤਿਆਰੀਆਂ ਉਹਨੇ ਮੁਕੰਮਲ ਕਰ ਲਈਆਂ ਹਨ, ਤੇ ਫਿਲਮ ਦੇ ਮੁੱਖ-ਪਾਤਰ ਉਹ ਮੈਥੋਂ ਤੇ ਦੱਮੋਂ ਤੋਂ ਕਰਾਉਣਾ ਚਾਹੁੰਦਾ ਹੈ। ਮੁਆਵਜ਼ਾ ਵੀਹ ਹਜ਼ਾਰ ਰੁਪਏ।
ਸੁਣ ਕੇ ਅਸੀਂ ਉੱਚੀਆਂ ਹਵਾਵਾਂ ਵਿਚ ਉੱਡ ਪਏ। ਯਕੀਨ ਕਰਨਾ ਔਖਾ ਹੋ ਰਿਹਾ ਸੀ। ਕਿਤੇ ਉਹ ਸਾਨੂੰ ਸ਼ੇਖ-ਚਿੱਲੀ ਦੇ ਖਾਬ ਤਾਂ ਨਹੀਂ ਵਿਖਾ ਰਿਹਾ?
ਸ੍ਰੀ ਨਗਰੋਂ ਮੈਂ ਸ਼ਾਂਤੀ ਨਿਕੇਤਨ ਪੰਡਤ ਹਜ਼ਾਰੀ ਪ੍ਰਸ਼ਾਦ ਦਿਵਵੇਦੀ ਜੀ ਨੂੰ ਖੱਤ ਲਿਖਿਆ ਸੀ ਕਿ ਉਹ ਮੈਨੂੰ ਦੁਬਾਰਾ ਹਿੰਦੀ-ਭਵਨ ਦੀ ਸ਼ਰਨ ਵਿਚ ਲੈਣਾ ਮਨਜ਼ੂਰ ਕਰਨ। ਉਹਨਾਂ ਦਾ ਹਾਂ ਵਿਚ ਜਵਾਬ ਵੀ ਆ ਚੁੱਕਿਆ ਸੀ। ਸ਼ਾਂਤੀ ਨਿਕੇਤਨ ਵਾਪਸ ਮੁੜ ਜਾਣ ਤੇ ਆਪਣੇ ਪੁਰਾਣੇ ਮਿੱਤਰਾਂ ਨੂੰ ਦੁਬਾਰਾ ਮਿਲਣ ਦੀ ਅਸੀਂ ਦੋਵੇਂ ਬਹੁਤ ਖਾਹਿਸ਼ ਰਖਦੇ ਸਾਂ। ਪਰ ਹੁਣ ਜਿਵੇਂ ਇਕ ਨਵਾਂ ਕੌਤਕ ਸਾਨੂੰ ਖੇਡਣ ਲਈ ਵੰਗਾਰ ਰਿਹਾ ਸੀ।
ਇਕਦਮ ਰਜ਼ਾਮੰਦ ਹੋ ਜਾਣਾ ਮੁਸ਼ਕਲ ਸੀ। ਮੇਰੇ ਪਿਤਾ ਜੀ ਸਾਡੇ ਸ਼ਾਂਤੀ ਨਿਕੇਤਨ ਮੁੜ ਜਾਣ ਉੱਤੇ ਵੀ ਬਹੁਤੇ ਖੁਸ਼ ਨਹੀਂ ਸਨ। ਉਹ ਚਾਹੁੰਦੇ ਸਨ ਕਿ ਬੀ. ਬੀ. ਸੀ. ਦੀ ਨੌਕਰੀ ਦਾ ਲਾਭ ਉਠਾ ਕੇ ਮੈਂ ਆਲ ਇੰਡੀਆ ਰੇਡੀਓ ਵਿਚ ਕਿਸੇ ਚੰਗੇ ਅਹੁਦੇ ਲਈ ਕੋਸ਼ਿਸ਼ ਕਰਾਂ। ਜੇ ਕਿਤੇ ਉਹ ਸੁਣ ਲੈਂਦੇ ਕਿ ਮੈਂ ਫਿਲਮਾਂ ਵਿਚ ਜਾਣ ਵਾਲਾ ਹਾਂ, ਤੇ ਆਪਣੀ ਪਤਨੀ ਨੂੰ ਵੀ ਐਕਟਰੈਸ ਬਣਾਵਾਂਗਾ, ਤਾਂ ਖੋਰੇ ਘਰ ਵਿਚ ਕੀ ਅਧਮੂਲ ਮੱਚ ਜਾਂਦਾ।
ਇਕ ਵਾਰੀ ਵੀਹ ਹਜ਼ਾਰ ਦਾ ਗੱਫਾ ਲੁੱਟ ਹੀ ਲੈਣਾ ਚਾਹੀਦਾ ਹੈ - ਇਸ ਗੱਲ ਉਤੇ ਮੀਆਂ-ਬੀਵੀ ਦੋਵੇਂ ਅੰਦਰੇ-ਅੰਦਰ ਸਹਿਮਤ ਸਾਂ। ਅੱਗੇ ਵੀ ਕਿਤਨੇ ਉਸ਼ਟੰਡ ਕਰ ਬੈਠੇ ਸਾਂ, ਇਕ ਹੋਰ ਸਹੀ।
ਇਕ ਸ਼ਾਮ ਜਿਹਲਮ ਦਰਿਆ ਦੇ ਕੰਢੇ ਸੈਰ ਕਰਦਿਆਂ ਚੇਤਨ ਨੇ ਮੈਨੂੰ ਤਫਸੀਲ ਨਾਲ "ਨੀਚਾ ਨਗਰ" ਦੀ ਕਹਾਣੀ ਸੁਣਾਈ। ਮੈਂ ਉਹਦੇ ਕਹਾਣੀਪਣ ਤੋਂ ਬਹੁਤਾ ਪ੍ਰਭਾਵਤ ਨਾ ਹੋਇਆ, ਪਰ ਕਥਾ-ਵਸਤੂ ਵਿਚ ਆਖਰਾਂ ਦਾ ਯਥਾਰਥ ਸੀ, ਉਹੀ ਜਿਹੜਾ ਮੈਂ ਗੋਰਕੀ ਦੀਆਂ ਕਹਾਣੀਆਂ ਤੇ ਰੂਸੀ ਫਿਲਮਾਂ ਵਿਚ ਵੇਖਦਾ ਆਇਆ ਸਾਂ। ਕਈ ਨਜ਼ਾਰੇ ਚੇਤਨ ਨੇ ਐਸੀ ਖੂਭੀ ਨਾਲ ਬਿਆਨ ਕੀਤੇ ਕਿ ਮੇਰੀ ਕਲਪਨਾ ਵਿਚ ਬਾਰ-ਬਾਰ ਘੁੰਮਣ ਲਗ ਪਏ। ਨਿਸੰਦੇਹ ਚੇਤਨ ਇਕ ਦਲੇਰ ਕਦਮ ਪੁੱਟਣ ਵਾਲਾ ਸੀ, ਜਿਸ ਵਿਚ ਉਹਦਾ ਸਾਥ ਦੇਣਾ ਕਿਸੇ ਵੀ ਪੱਖੋਂ ਮਾੜਾ ਨਹੀਂ ਸੀ ਆਖਿਆ ਜਾ ਸਕਦਾ।
ਵਾਰਤਾਲਾਪ ਲਿਖਣ ਲਈ ਚੇਤਨ ਗੁਲਮਰਗ ਚਲਾ ਗਿਆ। ਹੋਰ ਪੰਦਰਾਂ-ਵੀਹਾਂ ਦਿਨਾਂ ਪਿਛੋਂ ਯੋਜਨਾ ਦੀਆਂ ਰੇਖਾਵਾਂ ਹੋਰ ਵੀ ਸਪਸ਼ਟ ਹੋ ਗਈਆਂ।
ਫਿਲਮ ਪੂਨਾ ਵਿਚ ਬਣੇਗੀ, ਜਿਥੇ ਸਾਡਾ ਵੀਹ ਸਤੰਬਰ ਨੂੰ ਪਹੁੰਚ ਜਾਣਾ ਲਾਜ਼ਮੀ ਹੋਵੇਗਾ। ਨਿਰਮਾਤਾ ਹੋਣਗੇ ਡਬਲਯੂ. ਜ਼ੈੱਡ. ਅਹਿਮਦ, ਜਿਨ੍ਹਾਂ ਨਵਯੁਗ ਸਟੂਡੀਓ ਲੈ ਰੱਖਿਆ ਸੀ, ਤੇ ਬੜੇ ਚੜ੍ਹਦੇ ਫਿਲਮਸਾਜ਼ ਸਨ। ਡਾਇਰੈਕਟਰ ਖੁਦ ਚੇਤਨ ਹੋਵੇਗਾ।
ਜੁਲਾਈ ਦੇ ਅਖੀਰ ਵਿਚ ਚੇਤਨ ਬੰਬਈ ਵਾਪਸ ਰਵਾਨਾ ਹੋ ਗਿਆ। ਤੁਰਨ ਤੋਂ ਪਹਿਲਾਂ ਅਸਾਂ ਉਹਨੂੰ 'ਹਾਂ' ਕਰ ਦਿੱਤੀ, ਪਰ ਪਰਵਾਰ ਕੋਲੋਂ ਭੇਤ ਹਾਲੇ ਵੀ ਰੱਖਿਆ ਗਿਆ।
ਬਹੁਤਾ ਤਾਂ ਮੈਂ ਕਸ਼ਮੀਰ ਦੀਆਂ ਸੈਰਾਂ ਹੀ ਕਰਦਾ ਰਿਹਾ, ਪਰ ਕੁਝ ਕੁ ਸਾਹਿਤ-ਸੰਸਾਰ ਦੇ ਵੀ ਨੇੜੇ ਆਇਆ। ਹਿੰਦੀ ਦੇ ਪ੍ਰਮੁਖ ਮਾਸਿਕ, "ਹੰਸ" ਦੀ, ਜਿਸ ਨੂੰ ਮੁਨਸ਼ੀ ਪ੍ਰੇਮ ਚੰਦ ਦੇ ਸਪੁੱਤਰ, ਸ਼੍ਰੀਪਤ ਰਾਏ ਚਲਾਉਂਦੇ ਸਨ, ਪਿਛਲੇ ਚਾਰ ਸਾਲ ਦੀ ਪੂਰੀ ਫਾਇਲ ਮੰਗਾ ਕੇ ਪੜ੍ਹੀ। ਦੋ ਰਚਨਾਵਾਂ ਨੇ ਮੇਰੇ ਦਿਲ ਉਪਰ ਅਤਿਅੰਤ ਡੂੰਘਾ ਪ੍ਰਭਾਵ ਪਾਇਆ - ਇਕ ਸੀ ਬਿਜਨ ਭੱਟਾਚਾਰਜੀ ਦਾ ਇਕਾਂਗੀ ਨਾਟਕ, "ਜ਼ਬਾਨ ਬੰਦੀ", ਜੋ ਹਿੰਦੀ ਵਿਚ "ਅੰਤਿਮ ਅਭਿਲਾਸ਼ਾ" ਦੇ ਨਾਂ ਹੇਠ ਛੱਪਿਆ ਸੀ। ਬੰਗਾਲ ਦੇ ਅਕਾਲ-ਪੀੜਤ ਪੇਂਡੂ ਲੋਕ ਕਿਵੇਂ ਆਪਣਾ ਘਰ ਬਾਰ ਛੱਡ ਕੇ ਕਲਕੱਤੇ ਨੱਠਦੇ ਹਨ, ਇਸ ਦਾ ਡਾਹਢਾ ਹਿਰਦੇ-ਵੇਦਕ ਨਜ਼ਾਰਾ ਪੇਸ਼ ਕੀਤਾ ਗਿਆ ਸੀ। ਹਿੰਦੀ ਵਿਚ ਮੈਂ ਕਦੇ ਵੀ ਇਹੋ ਜਿਹਾ ਸਰਬੰਗ-ਸੰਪੂਰਨ ਨਾਟਕ ਨਹੀਂ ਸੀ ਪੜ੍ਹਿਆ। ਦੂਜੀ ਚੀਜ਼ ਸੀ ਕ੍ਰਿਸ਼ਨ ਚੰਦਰ ਦਾ ਨਾਵਲ, "ਅੰਨ-ਦਾਤਾ"। ਉਹ ਵੀ ਇਹ ਸ਼ਾਹਕਾਰ ਰਚਨਾ ਸੀ!
ਵਲੈਤੋਂ ਆਪਣੇ ਦੇਸ ਲਈ ਮੈਂ ਗੂੜ੍ਹ ਪਿਆਰ ਲੈ ਕੇ ਆਇਆ ਸਾਂ, ਤੇ ਅਗੋਂ ਲੰਮੇ ਅਰਸੇ ਲਈ ਕਿਸੇ ਪਰਾਏ ਦੇਸ਼ ਨਾ ਰਹਿਣ ਦੀ, ਭਾਵੇਂ ਉਹ ਕਿਤਨਾ ਵੀ ਵਧੀਆ ਹੋਵੇ, ਸਹੁੰ ਖਾ ਛੱਡੀ ਸੀ। ਪਰ ਇਸ ਦਾ ਇਹ ਮਤਲਬ ਨਹੀਂ ਕਿ ਇੰਗਲੈਂਡ ਚਾਰ ਵਰ੍ਹੇ ਗੁਜ਼ਾਰਨ ਦਾ ਮੈਨੂੰ ਅਭਿਮਾਨ ਨਹੀਂ ਸੀ। ਮੈਂ ਪਹਿਲਾਂ ਕਹਿ ਆਇਆ ਹਾਂ ਕਿ ਸੰਸਾਰ ਨੂੰ ਆਪਣੇ ਆਲੇ-ਦੁਆਲੇ ਘੁੰਮਾਉਣ ਦਾ ਮਾਨਸਿਕ ਰੋਗ ਮੈਨੂੰ ਬਚਪਨ ਤੋਂ ਚਮੜਿਆ ਹੋਇਆ ਸੀ। ਮੈਂ ਸ਼ੀਸ਼ਾ ਵੇਖ ਕੇ ਆਪਣੇ ਆਪ ਨੂੰ ਮਹਾਂ ਸੁੰਦਰ ਈ ਨਹੀਂ ਸੀ ਸਮਝਦਾ, ਆਪਣੇ ਵਿਅਕਤੀਤਵ ਨੂੰ ਵੀ ਵਿਰਲਾ ਤੇ ਅਨੋਖਾ ਮਹਿਸੂਸਦਾ ਸਾਂ, ਜਿਵੇਂ ਸੰਸਾਰ ਉਤੇ ਉਹਦੀ ਛਾਪ ਮੇਰੇ ਲੱਖ ਜਤਨ ਕਰਨ ਦੇ ਬਾਵਜੂਦ ਵੀ ਜ਼ਰੂਰ ਪੈ ਜਾਣੀ ਹੋਵੇ। ਇਹ ਮਾਤਾ-ਪਿਤਾ ਦੇ ਗੈਰ-ਮਾਮੂਲੀ ਲਾਡ-ਪਿਆਰ ਦਾ ਪੈਦਾ ਕੀਤਾ ਮਨੋਵਿਕਾਰ ਸੀ। ਮੈਂ ਪੰਜਾ ਭੈਣਾਂ ਪਿੱਛੋਂ ਜੰਮਿਆਂ ਸਾਂ। ਮਾਪਿਆਂ ਨੇ ਲੋਹ-ਲੋਹ ਕੇ ਪੁੱਤਰ ਦਾ ਮੂੰਹ ਵੇਖਿਆ ਸੀ। ਪਰ ਇਸ ਦੇ ਉਲਟ, ਇਕ ਹੋਰ ਉਤਨੀ ਹੀ ਪਰਬਲ ਪਰਵਿਰਤੀ ਮੇਰੇ ਅੰਦਰ ਸਿਰ ਕੱਢ ਚੁੱਕੀ ਸੀ - ਹਾਰ ਨਾ ਮੰਨਣ ਦੀ, ਆਪਣੇ ਟੀਚੇ ਉਤੇ ਪਹੁੰਚ ਕੇ ਰਹਿਣ ਦੀ। ਮੇਰੀ ਸਵੈ-ਕੇਂਦਰਿਤਤਾ ਨੂੰ ਜੀਵਨ ਵਲੋਂ ਸੱਟਾਂ ਵੀ ਬੜੀਆਂ ਭਾਰੀ ਵੱਜੀਆਂ ਸਨ। ਇੰਜ ਹੋਣਾ ਸੁਭਾਵਕ ਸੀ। ਤੇ ਜ਼ਖਮੀ ਹੋ ਕੇ ਮੈਂ ਜਦੋਂ ਆਪਣੇ ਆਲੇ-ਦੁਆਲੇ ਵੇਖਦਾ ਹਾਂ, ਤੇ ਪਤਾ ਚੱਲਦਾ ਹੈ ਕਿ ਸਾਰਾ ਸੰਸਾਰ ਹੀ ਦੁਖੀ ਹੈ। ਮੇਰੇ ਅੰਦਰ ਆਪਣੇ ਦੁੱਖ ਨੂੰ ਦੂਜਿਆਂ ਦੇ ਦੁੱਖ ਨਾਲ ਰਲਾਉਣ ਤੇ ਮਨੁਖਤਾ ਨਾਲ ਡੂੰਘੀਆਂ ਸਾਂਝਾਂ ਪਾਉਣ ਦੀ ਕਾਮਨਾ ਦਿਨੋਂ ਦਿਨ ਪਰਬਲ ਹੁੰਦੀ ਜਾ ਰਹੀ ਸੀ।
ਇਹ ਸਵੈ-ਕੇਂਦਰਿਤਤਾ ਦਾ ਵਿਰੋਧ ਮੇਰੇ ਜੀਵਨ ਵਿਚ ਸਦਾ ਰਿਹਾ ਹੈ। ਉਹ ਮੇਰਾ ਸਹਾਈ ਵੀ ਹੋਇਆ ਹੈ, ਤੇ ਉਹਨੇ ਮੇਰੇ ਰਾਹ ਵੀ ਰੋਕੇ ਹਨ।
ਸਵੈ-ਕੇਂਦਰਿਤਤਾ ਤੇ ਸਮੂਹ-ਕੇਂਦਰਿਤਤਾ ਦਾ ਇਹ ਵਿਰੋਧ ਮੈਂ ਆਪਣੇ ਹਾਣ ਦੇ ਲਗਭਗ ਸਾਰੇ ਹੀ ਸਾਹਿਤਕਾਰਾਂ ਤੇ ਕਲਾਕਾਰਾਂ ਵਿਚ ਵੇਖਿਆ ਹੈ।
ਜਦੋਂ ਦੀ ਹੋਸ਼ ਸੰਭਾਲੀ ਹੈ, ਮੈਂ ਜਨਤਾ ਨਾਲ ਇਕ-ਮਿਕ ਵੀ ਹੋਣਾ ਚਾਹੁੰਦਾ ਹਾਂ, ਪਰ ਜਨਤਾ ਕੋਲੋਂ ਸੰਗਦਾ ਵੀ ਹਾਂ। ਮੈਂ ਨਾ ਪੂਰੀ ਤਰ੍ਹਾਂ ਸਵੈ ਵਿਚ ਸੁਖੀ ਹਾਂ, ਤੇ ਨਾ ਸਮੂਹ ਵਿਚ। ਮੈਂ ਦੇਸ਼-ਕਲਿਆਣ ਦੇ ਕੰਮਾਂ ਵਿਚ ਵੀ ਮੂੰਹ ਮਾਰਦਾ ਰਿਹਾ ਹਾਂ, ਪਰ ਆਪਣੇ ਸੁਆਰਥ ਨੂੰ ਵੀ ਕਦੇ ਨਹੀਂ ਛੱਡਿਆ। ਇਹੋ ਪ੍ਰਵਿਰਤੀ ਮੇਰੇ ਸਮਕਾਲੀਆਂ ਦੀ ਹੈ। ਸ਼ਾਇਦ ਨਵੀਂ ਪੀੜ੍ਹੀ ਸਾਡੇ ਕਿਰਦਾਰ ਵਿਚ ਔਗੁਣ ਤੇ ਪਖੰਡ ਹੀ ਵੇਖੇਗੀ, ਪਰ ਮੈਂ ਸਮਝਦਾ ਹਾਂ ਕਿ ਇਸ ਦਵੰਦ ਵਿਚ ਕੁਝ ਗੁਣ ਵੀ ਹਨ। ਵਲੈਤੋਂ ਆ ਕੇ ਮੈਂ ਅੰਗਰੇਜ਼ੀ ਸਾਮਰਾਜ ਨੂੰ ਬੜੀ ਨਿਡੱਰਤਾ ਨਾਲ ਭੰਡਣ ਲਗ ਪਿਆ ਸਾਂ, ਇਤਨਾ ਕਿ ਮੇਰੇ ਦੋਸਤ ਮਿੱਤਰ ਕਦੇ-ਕਦੇ ਮੇਰਾ ਧਿਆਨ ਡੀਫੈਂਸ ਆਫ ਇੰਡੀਆ ਰੂਲਜ਼ ਵਲ ਵੀ ਦਿਵਾਉਂਦੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਸਭ ਕੁਝ ਛੱਡ ਕੇ ਆਜ਼ਾਦੀ-ਅੰਦੋਲਨ ਵਿਚ ਕੁੱਦਣ ਲਈ ਤਿਆਰ ਹੋ ਚੁੱਕਾ ਸਾਂ.। ਮੇਰੀ ਬੜ-ਬੋਲਤਾ ਦਾ ਸੋਮਾਂ ਮੇਰਾ ਘੁਮੰਡ ਸੀ। ਵਲੈਤ ਜਾ ਕੇ ਮੈਂ ਆਪਣੇ ਆਪ ਨੂੰ ਅੰਗਰੇਜ਼ ਦੇ ਬਰਾਬਰ ਦਾ ਸਮਝਣ ਲਗ ਪਿਆ ਸਾਂ।
ਉਸ ਸਮੇਂ ਦੇ ਆਪਣੇ ਘੁਮੰਡ ਦੀ ਇਕ ਹੋਰ ਵੀ ਤਸਵੀਰ ਮੇਰੇ ਸਾਹਮਣੇ ਆਉਂਦੀ ਹੈ। ਵਲੈਤ ਜਾਣ ਤੋਂ ਪਹਿਲਾਂ ਮੇਰੀਆਂ ਕਹਾਣੀਆਂ "ਹੰਸ" ਵਿਚ ਬਾਕਾਇਦਾ ਛਪਦੀਆਂ ਸਨ। ਮੈਂ ਉਹਨ ਭਾਗਸ਼ਾਲੀ ਲੇਖਕਾਂ ਵਿਚੋਂ ਸਾਂ, ਜਿਨ੍ਹਾਂ ਦੀ ਕਦੇ ਵੀ ਕੋਈ ਰਚਨਾ ਨਾ-ਮਨਜ਼ੂਰ ਨਹੀਂ ਸੀ ਹੋਈ। ਵਲੈਤ ਵਿਚ ਚਾਰ ਸਾਲ ਮੈਂ ਇਕ ਵੀ ਕਹਾਣੀ ਨਹੀਂ ਸੀ ਲਿਖੀ। ਅਭਿਆਸ ਟੁੱਟ ਚੁੱਕਿਆ ਸੀ। ਹੁਣ ਮੈਂ ਉਹਨੂੰ ਬਹਾਲ ਕਰਨਾ ਚਾਹਿਆ। ਇਕ ਕਹਾਣੀ ਲਿਖ ਕੇ ਮੈਂ "ਹੰਸ" ਨੂੰ ਭੇਜੀ। ਉਹ ਵਾਪਸ ਆ ਗਈ। ਮੇਰੇ ਸਵੈ-ਮਾਣ ਨੂੰ ਸਖਤ ਸੱਟ ਵੱਜੀ। ਉਸ ਸੱਟ ਦਾ ਜ਼ਖਮ ਕਿਤਨਾ ਡੂੰਘਾ ਸੀ, ਇਸ ਗੱਲ ਦਾ ਹਿਸਾਬ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਤੋਂ ਬਾਅਦ ਮੈਂ ਅਜ ਤੀਕਰ ਕੋਈ ਕਹਾਣੀ ਨਹੀਂ ਲਿਖੀ।
ਚੇਤਨ ਦੇ ਫਿਲਮਾਂ ਵਿਚ ਕੰਮ ਕਰਨ ਦੇ ਨਿਮੰਤਰਣ ਨੇ ਜਿਵੇਂ ਉਸ ਸੱਟ ਉਪਰ ਮਲ੍ਹਮ ਦਾ ਕੰਮ ਕੀਤਾ। ਫਿਲਮਾਂ ਦੀ ਰਾਹ ਫੜਨ ਦਾ ਇਕ ਕਾਰਨ ਉਹ ਅਸਵੀਕ੍ਰਿਤ ਕਹਾਣੀ ਵੀ ਸੀ।
ਫੇਰ, ਇਕ ਹੋਰ ਘਟਨਾ ਹੋਈ, ਜਿਸ ਨੇ ਮੇਰੇ ਘੁਮੰਡ ਵਿਚ ਹੋਰ ਵੀ ਵਾਧਾ ਕਰ ਦਿਤਾ। ਮੈਨੂੰ ਕ੍ਰਿਸ਼ਨ ਚੰਦਰ ਦਾ ਖਤ ਆਇਆ।
ਉਹ ਖਤ ਉਹਨੇ ਪੂਨਿਓਂ ਲਿਖਿਆ ਸੀ - ਡਬਲਯੂ. ਜੈ.ਡ. ਅਹਿਮਦ ਸਾਹਬ ਦੇ ਸਟੂਡੀਓ ਤੋਂ, ਜਿੱਥੇ ਉਹ ਚਿੱਤਰ-ਕਥਾ ਲੇਖਕ ਦੀ ਹੈਸੀਅਤ ਵਿਚ ਕੰਮ ਕਰ ਰਿਹਾ ਸੀ। ਉਸ ਵਿਚ ਪਹਿਲਾਂ ਉਹਨੇ ਡਬਲਯੂ. ਜ਼ੈਡ. ਅਹਿਮਦ ਸਾਹਬ ਦੀ ਸ਼ਖਸੀਅਤ ਦੀ ਤੇ ਉਹਨਾਂ ਦੇ ਅਗਾਂਹ-ਵਧੂ ਵਿਚਾਰਾਂ ਦੀ ਤਾਰੀਫ ਕੀਤੀ। ਫੇਰ ਲਿਖਿਆ ਕਿ ਚੇਤਨ ਦੇ ਰਾਹੀਂ ਫਿਲਮਾਂ ਵਿਚ ਆਉਣ ਦੀ ਕੀ ਲੋੜ ਹੈ? ਤੈਨੂੰ ਆਪਣੇ ਸਾਥੀਆਂ ਵਿਚ ਸ਼ਾਮਲ ਕਰ ਕੇ ਅਹਿਮਦ ਸਾਹਬ ਨੂੰ ਬੜੀ ਖੁਸ਼ੀ ਹੋਵੇਗੀ।
ਮੇਰੀ ਨਿਗਾਹ ਵਿਚ ਆਪਣੀ ਅਹਿਮੀਅਤ ਝੱਟ ਇਤਨੀ ਵਧ ਗਈ ਕਿ ਮੈਂ ਇਹ ਸੋਚਣ ਦੀ ਵੀ ਪਰਵਾਹ ਨਾ ਕੀਤੀ ਕਿ ਕ੍ਰਿਸ਼ਨ ਚੰਦਰ ਨੇ ਇਹ ਖਤ ਸ਼ੈਦ ਨਿਰੋਲ ਮਿੱਤਰ-ਭਾਵਨਾ ਦੇ ਅਸਰ ਹੇਠ ਲਿਖਿਆ ਹੋਵੇ। ਮੈਂ ਇਸ ਨਤੀਜੇ ਉਤੇ ਅਪੜ ਗਿਆ ਕਿ ਡਬਲਯੂ. ਜ਼ੈਡ. ਅਹਿਮਦ ਨੇ ਹੀ ਖਤ ਲਿਖਵਾਇਆ ਹੋਵੇਗਾ। ਉਹ ਅਵੱਸ਼ ਮੈਨੂੰ ਚੇਤਨ ਨਾਲੋਂ ਪਾੜਨ ਦੀ ਕੋਸ਼ਸ਼ ਕਰ ਰਹੇ ਸਨ, ਤੇ ਕਿਤਨੀ ਘਟੀਆ ਤੇ ਨਾਵਾਜਬ ਗੱਲ ਸੀ ਇਹ।
ਮੈਂ ਬਿਨਾਂ ਜਵਾਬ ਦਿੱਤੇ ਖਤ ਚੇਤਨ ਨੂੰ ਭੇਜ ਦਿੱਤਾ। ਕ੍ਰਿਸ਼ਨ ਦਾ ਇਕ ਹੋਰ ਖਤ ਆਇਆ, ਉਹ ਵੀ ਮੈਂ ਚੇਤਨ ਨੂੰ ਭੇਜ ਦਿਤਾ।
ਪਰ ਅਜੀਬ ਗੱਲ ਕਿ ਜਾਣ ਪਿਛੋਂ ਚੇਤਨ ਨੇ ਇਕ ਵੀ ਖਤ ਨਾ ਲਿਖਿਆ। ਤੇ ਏਧਰ, ਖੋਰੇ ਕਿਵੇਂ, ਫਿਲਮਾਂ ਵਿਚ ਜਾਣ ਦੀ ਗੱਲ ਮੇਰੇ ਮੂੰਹੋਂ ਨਿਕਲ ਗਈ, ਤੇ ਝਟਪਟ ਫੈਲ ਗਈ। ਮੈਨੂੰ ਬੜੀਆਂ 'ਖਾਸ' ਨਜ਼ਰਾਂ ਨਾਲ ਵੇਖਿਆ ਜਾਣ ਲੱਗ ਪਿਆ, ਜਿਵੇਂ ਮੈਂ ਹੁਣ ਤੋਂ ਹੀ ਫਿਲਮ-ਸਟਾਰ ਬਣ ਗਿਆ ਹੋਵਾਂ। ਗੱਲ ਪਿਤਾ ਜੀ ਦੇ ਕੰਨਾਂ ਤਕ ਵੀ ਜਾ ਪਹੁੰਚੀ। ਪਹਿਲਾਂ ਤਾਂ ਉਹਨਾਂ ਟੋਕਿਆ-ਟਾਕਿਆ, ਪਰ ਵੀਹ ਹਜ਼ਾਰ ਦੀ ਰਕਮ ਸੁਣ ਕੇ ਉਹ ਵੀ ਚੁੱਪ ਹੋ ਗਏ। ਦੱਮੋਂ ਬਾਰੇ ਮੈਂ ਅਜੇ ਕਿਸੇ ਨੂੰ ਨਹੀਂ ਸੀ ਦੱਸਿਆ।
ਜਿਉਂ-ਜਿਉਂ ਸਤੰਬਰ ਦੀ ਮੁਕਰਰ ਤਰੀਕ ਨੇੜੇ ਆਉਣ ਲੱਗੀ, ਮੇਰੇ ਮਨ ਵਿਚ ਧੂਹ ਪੈਣ ਲੱਗ ਪਈ। ਜੇ ਚੇਤਨ ਦਾ ਖਤ ਨਾ ਆਇਆ ਫੇਰ? ਕਿਤੇ ਸਾਰੇ ਅੰਡੇ ਇਕੋ ਟੋਕਰੀ ਵਿਚ ਧਰਨ ਦੀ ਮੂਰਖਤਾਂ ਤਾਂ ਨਹੀਂ ਸਾਂ ਕਰ ਬੈਠਾ? ਉਡੀਕ-ਉਡੀਕ ਕੇ ਚੇਤਨ ਦਾ ਖਤ ਆ ਹੀ ਗਿਆ, ਪਰ ਗੋਲ-ਮੋਲ ਜਿਹਾ। ਨਾ ਉਹਨੇ ਪੈਸੇ ਭੇਜੇ, ਨਾ ਹੋਰ ਕੋਈ ਗੱਲ ਪੱਕੀ ਕੀਤੀ। ਹਾਂ, ਵੀਹ ਤਰੀਕ ਪੂਨੇ ਪਹੁੰਚ ਜਾਣ ਲਈ ਅਵੱਸ਼ ਲਿਖ ਦਿੱਤਾ ਸੀ।
ਮੇਰੇ ਨਿੱਕੇ ਵੀਰ, ਭਸ਼ਿਮ ਨੂੰ ਉਸ ਖਤ ਤੋਂ ਬੜੀ ਨਿਰਾਸਤਾ ਹੋਈ। ਉਹਨੇ ਉਸ ਦੇ ਆਧਾਰ ਉਤੇ ਦੱਮੋਂ ਤੇ ਬੱਚਿਆਂ ਨੂੰ ਨਾਲ ਲੈ ਜਾਣ ਦਾ ਸਖਤ ਵਿਰੋਧ ਕੀਤਾ। ਅਖੀਰ ਮੈਂ ਇਕੱਲਾ ਹੀ ਪਾਣੀ ਦੀ ਧਾਰ ਵੇਖਣ ਪੂਨੇ ਚਲਾ ਗਿਆ। ਬਰਸਾਤ ਦੇ ਦਿਨ ਸਨ। ਸਫਰ ਬੜਾ ਖੁਸ਼ਗਵਾਰ ਸੀ। ਖਾਸ ਕਰ ਪੂਨੇ ਦੇ ਨੇੜੇ ਪਹੁੰਚ ਕੇ ਤਾਂ ਇੰਜ ਲਗਾ, ਜਿਵੇਂ ਮੁੜ ਇੰਗਲਿਸਤਾਨ ਪਹੁੰਚ ਗਿਆ ਹੋਵਾਂ। ਹੁਣ ਪਤਾ ਚੱਲਿਆ ਕਿ ਹਿੰਦੁਸਤਾਨੋਂ ਜਾ ਕੇ ਅੰਗਰੇਜ਼ ਪੂਨੇ ਨੂੰ ਕਿਉਂ ਇਤਨੇ ਪਿਆਰ ਨਾਲ ਯਾਦ ਕਰਦੇ ਹਨ। ਉਥੋਂ ਦੀ ਆਬੋ-ਹਵਾ ਤੇ ਕੁਦਰਤੀ ਨਜ਼ਾਰੇ ਸੱਚਮੁੱਚ ਜਵਾਬ ਨਹੀਂ ਰਖਦੇ। ਸਟੇਸ਼ਨ ਉਤੇ ਕ੍ਰਿਸ਼ਨ ਚੰਦਰ ਮੈਨੂੰ ਲੈਣ ਆਇਆ ਹੋਇਆ ਸੀ। ਰਾਤ ਮੈਂ ਉਸੇ ਦੇ ਘਰ ਰਿਹਾ। ਉਹਨੇ ਆਪਣੇ ਖਤਾਂ ਦਾ ਮੇਰੇ ਨਾਲ ਲੋਈ ਜ਼ਿਕਰ ਨਹੀਂ ਕੀਤਾ। ਮੈਂ ਹੈਰਾਨ ਸਾਂ ਕਿ ਚੇਤਨ ਕਿਉਂ ਨਹੀਂ ਸੀ ਆਇਆ। ਮੈਂ ਕ੍ਰਿਸ਼ਨ ਵਲੋਂ ਸੰਗ ਜਹੀ ਮਹਿਸੂਸ ਕਰਦਾ ਰਿਹਾ। ਦੂਜੇ ਦਿਨ ਸਵੇਰੇ ਦਸ ਕੁ ਵਜੇ ਚੇਤਨ ਆ ਗਿਆ, ਤੇ ਫੇਰ ਅਸੀਂ ਦੋਵੇਂ ਸਟੂਡੀਓ ਵਲ ਚਲ ਪਏ।
ਉਥੇ ਪਹੁੰਚ ਕੇ ਬੜਾ ਖਿੰਡਿਆ ਤੇ ਬੇਥੱਵਾ ਜਿਹਾ ਮਾਹੌਲ ਵੇਖਿਆ। ਸ਼ੂਟਿੰਗ ਕੋਈ ਨਹੀਂ ਸੀ ਹੋ ਰਹੀ। ਬਹੁਤ ਸਾਰੇ ਵਿਹਲੜ ਟੋਲੀਆਂ ਬਣਾ ਕੇ ਇੰਜ ਏਧਰ ਓਦਰ ਟਹਿਲ ਰਹੇ ਸਨ, ਜਿਵੇਂ ਬਬਾਨ ਉਠਾਉਣ ਨੂੰ ਲੋਕੀਂ ਉਡੀਕਦੇ ਹਨ। ਕੋਈ ਬੈਠਣ-ਉਠਣ ਦੀ ਥਾਂ ਨਹੀਂ ਸੀ। ਟਹਿਲਣ ਵਾਲਿਆਂ ਵਿਚ ਕੁਝ ਇਕ ਜਾਣੇ-ਪਛਾਣੇ ਬੰਦੇ ਮਿਲੇ। ਡੇਵਿਡ ਅਬਰਾਹਮ ਮਿਲਿਆ। ਉਸ ਨੂੰ ਛੇ ਕੁ ਸਾਲ ਪਹਿਲਾਂ ਮੈਂ ਕਸ਼ਮੀਰ ਮਿਲਿਆ ਸਾਂ, ਜਦੋਂ ਈਨਾਖਸ਼ੀ ਰਾਮਾ ਰਾਓ ਤੇ ਉਹਨਾਂ ਦੇ ਪਤੀ, ਸ਼੍ਰੀ ਭਵਨਾਨੀ ਆਪਣੀ ਫਿਲਮ "ਹਿਮਾਲ ਕੀ ਬੇਟੀ' ਬਣਾਨ ਲਈ ਕਸ਼ਮੀਰ ਆਏ ਸਨ। ਡੇਵਿਡ ਓਦੋਂ ਉਹਨਾਂ ਦਾ ਪ੍ਰਾਈਵੇਟ ਸੈਕਰੇਟਰੀ ਸੀ।
"ਹਿਮਾਲ ਕੀ ਬੇਟੀ" ਸ਼ਾਇਦ ਪਹਿਲੀ ਹਿੰਦੀ ਫਿਲਮ ਸੀ, ਜਿਸ ਦੀ ਸ਼ੂਟਿੰਗ ਕਸ਼ਮੀਰ ਵਿਚ ਹੋਈ। ਉਹ ਕਿੱਸਾ ਵੀ ਥੋੜਾ ਜਿਹਾ ਵਿਸਥਾਰ ਮੰਗਦਾ ਹੈ।
ਓਹਨੀਂ ਦਿਨੀਂ ਮੈਂ ਸ਼ਾਂਤੀ ਨਿਕੇਤਨ ਵਿਚ ਅਧਿਆਪਕ ਸਾਂ। ਈਨਾਖਸ਼ੀ ਰਾਮਾ ਰਾਓ ਗੁਰੂਦੇਵ ਟੈਗੋਰ ਨੂੰ ਆਪਣਾ ਨਾਚ ਵਿਖਾਉਣ ਆਈ। ਦੱਮੋਂ ਦਾ ਉਸ ਨਾਲ ਸਹੇਲ ਪੈ ਗਿਆ। ਗੱਲਾਂ-ਗੱਲਾਂ ਵਿਚ ਦੱਮੋਂ ਨੇ ਉਸ ਅੱਗੇ ਜ਼ਿਕਰ ਕੀਤਾ ਕਿ ਕਸ਼ਮੀਰ ਵਿਚ ਸਾਡਾ ਆਪਣਾ ਘਰ ਹੈ, ਤੇ ਗਰਮੀਆਂ ਦੀਆਂ ਛੁੱਟੀਆਂ ਅਸੀਂ ਉਥੇ ਗੁਜ਼ਾਰਨ ਜਾ ਰਹੇ ਹਾਂ। ਈਨਾਖਸ਼ੀ ਨੇ ਦੱਸਿਆ ਕਿ ਉਹ ਫਿਲਮਾਂ ਵਿਚ ਵੀ ਕੰਮ ਕਰਦੀ ਹੈ ਤੇ ਉਸ ਦੇ ਪਤੀ ਵੀ ਆਊਟ-ਡੋਰ ਸ਼ੂਟਿੰਗ ਲਈ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਨ। ਸ਼ਾਇਦ ਉਥੇ ਫੇਰ ਮੁਲਾਕਾਤ ਹੋਵੇਗੀ।
ਉਸ ਜ਼ਮਾਨੇ ਮਹਾਰਾਜਾ ਹਰੀ ਸਿੰਘ ਦਾ ਰਾਜ ਸੀ, ਤੇ 'ਆਗੰਤਕਾਂ' ਉਪਰ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਸਨ। ਸ਼ੂਟਿੰਗ ਲਈ ਰਿਆਸਤ ਦੇ ਦੀਵਾਨ ਤੋਂ ਇਜਾਜ਼ਤ ਲੈਣੀ ਜ਼ਰੂਰੀ ਸੀ। ਕਸ਼ਮੀਰ ਪਹੁੰਚ ਕੇ ਮੈਂ ਇਹ ਇਜਾਜ਼ਤ ਭਵਨਾਨੀ ਸਾਹਿਬ ਲਈ ਹਾਸਲ ਕਰਕੇ ਉਹਨਾਂ ਨੂੰ ਭੇਜ ਦਿਤੀ। ਦੋ ਕੁ ਹਫਤਿਆਂ ਬਾਅਦ ਭਵਨਾਨੀ ਸਾਹਿਬ ਆਪਣੇ ਅਮਲੇ ਸਮੇਤ ਸ਼੍ਰੀ ਨਗਰ ਆ ਪਹੁੰਚੇ। ਡੇਵਿਡ, ਈਨਾਖਸ਼ੀ, ਤੇ ਮਿਸਟਰ ਭਵਨਾਨੀ ਨੇ ਪਹਿਲੇ ਇਕ-ਦੋ ਦਿਨ ਸਾਡੇ ਘਰ ਹੀ ਉਤਾਰਾ ਕੀਤਾ। ਇਸ ਤਰ੍ਹਾਂ ਡੇਵਿਡ ਨਾਲ ਮੇਰੀ ਪਛਾਣ ਹੋਈ। ਉਹ ਵੀ ਉਦੋਂ ਨਵਾਂ-ਨਵਾਂ ਕਾਲਿਜ ਵਿਚੋਂ ਨਿਕਲਿਆ ਸੀ। ਵੁਡ-ਹਾਊਸ ਦੀਆਂ ਕਿਤਾਬਾਂ ਪੜ੍ਹਨ ਦਾ, ਮੇਰੇ ਵਾਂਗ, ਉਹਨੂੰ ਵੀ ਬੜਾ ਸ਼ੌਕ ਸੀ। ਸਾਡੀ ਚੰਗੀ ਦੋਸਤੀ ਹੋ ਗਈ।
ਇਕ ਦਿਨ ਸਵੇਰ ਵੇਲੇ ਡਲ ਝੀਲ ਉਪਰ ਮੈਂ ਆਪਣੇ ਦੋਸਤਾਂ ਨਾਲ ਬੇੜੀ ਚਲਾ ਰਿਹਾ ਸਾਂ। ਗਗਰੀਬਲ ਦੀ ਕੰਧ ਕੋਲ ਅਸਾਂ ਵੇਖਿਆ, ਭਵਨਾਨੀ ਸਾਹਿਬ ਦਾ ਯੁਨਿਟ ਸ਼ੂਟਿੰਗ ਦੀਆਂ ਤਿਆਰਿਆਂ ਕਰ ਰਿਹਾ ਹੈ। ਤਮਾਸ਼ਾ ਵੇਖਣ ਲਈ ਅਸਾਂ ਵੀ ਕਿਸ਼ਤੀ ਕੰਢੇ ਲਾ ਲਈ। ਪਤਾ ਚਲਿਆ ਕਿ ਇਕ ਮੁੰਡੇ ਦੇ ਪਾਣੀ ਵਿਚ ਛਾਲ ਮਾਰਨ ਦਾ ਸੀਨ ਲੈਣਾ ਹੈ। ਕੰਧ ਬੜੀ ਉੱਚੀ ਸੀ ਤੇ ਉਸ ਥਾਂ ਪਾਣੀ ਨਾ ਸਿਰਫ ਪੇਤਲਾ ਸੀ, ਸਗੋਂ ਹੇਠਾਂ ਪੱਥਰ ਵੀ ਸਨ। ਮੈਂ ਭਵਨਾਨੀ ਜੀ ਨੂੰ ਇਸ ਗੱਲ ਦੀ ਚਿਤਾਵਨੀ ਦਿੱਤੀ। ਪਰ ਉਹਨਾਂ ਮੇਰੇ ਵਲ ਇੰਜ ਵੇਖਿਆ, ਜਿਵੇਂ ਮੈਨੂੰ ਪਛਾਣ ਹੀ ਨਾ ਸਕੇ ਹੋਣ। ਬੜੀ ਲਾ-ਪਰਵਾਹੀ ਨਾਲ ਉਹਨਾਂ ਮੇਰੀ ਗੱਲ ਅਣਸੁਣੀ ਕਰ ਦਿਤੀ। ਅਸੀਂ ਵੀ ਕਿਸ਼ਤੀ ਲੈ ਕੇ ਅਗਾਂਹ ਲੰਘ ਗਏ।
ਜਦੋਂ ਘੰਟੇ ਕੁ ਪਿਛੋਂ ਅਸੀਂ ਵਾਪਸ ਮੁੜੇ, ਤਾਂ ਗਗਰੀਬਲ ਦੇ ਮੋੜ ਉਤੇ ਕਾਫੀ ਭੀੜ ਜਮ੍ਹਾਂ ਸੀ। ਪਤਾ ਲੱਗਾ ਕਿ ਜਿਸ ਨੌਜਵਾਨ ਨੇ ਛਾਲ ਮਾਰੀ ਸੀ, ਉਹਦੀ ਲੱਤ ਟੁੱਟ ਗਈ ਸੀ, ਤੇ ਹੋਰ ਵੀ ਸਖਤ ਸੱਟਾਂ ਵੱਜੀਆਂ ਸਨ। ਮੈਂ ਭਵਨਾਨੀ ਸਾਹਿਬ ਦੀ ਲਾ-ਪਰਵਾਹੀ ਉਪਰ ਦੰਗ ਰਹਿ ਗਿਆ!
ਓਦੋਂ ਮੈਨੂੰ ਨਹੀਂ ਸੀ ਪਤਾ ਕਿ ਨਵੇਂ, ਅਥਵਾ ਛੋਟੇ-ਮੋਟੇ ਐਕਟਰਾਂ ਦੀ ਜਾਨ ਨਾਲ ਖੇਡਣਾ ਫਿਲਮ ਇੰਡਸਟਰੀ ਦਾ ਦਸਤੂਰ ਹੀ ਬਣਿਆ ਹੋਇਆ ਹੈ।
ਡੇਵਿਡ ਦੀ ਗਿਣਤੀ ਹੁਣ ਸਿਤਾਰਿਆਂ ਵਿਚ ਹੈ। ਜਦੋਂ ਪਹਿਲਾਂ ਮਿਲੇ ਸਾਂ, ਉਹਦੀ ਤਨਖਾਹ ਡੇਡ ਸੌ ਦੇ ਲਗਭਗ ਸੀ। ਹੁਣ ਇਕ ਫਿਲਮ ਦੇ ਘਟ ਤੋਂ ਘਟ ਦਸ ਹਜ਼ਾਰ ਮਿਲ ਜਾਂਦੇ ਸਨ। ਤੇ ਇਕੋ ਸਾਹੇ ਪੰਦਰਾਂ ਕਾਂਟਰੈਕਟ ਉਹਨੇ ਲੈ ਰੱਖੇ ਸਨ। ਸ਼ਾਮ ਮਰਹੂਮ ਮਿਲਿਆ, ਜਿਸ ਦੀ ਮੌਤ ਵੀ ਫਿਲਮੀ ਹਾਦਸੇ ਵਿਚ ਹੋਣੀ ਲਿਖੀ ਸੀ। ਉਹ ਵੀ ਸਾਡੇ ਰਾਵਲਪਿੰਡੀ ਦਾ ਸੀ। ਉਹਨਾਂ ਦੇ ਪਰਵਾਰ ਨਾਲ ਸਾਡੀ ਬੜੀ ਡੂੰਘੀ ਸਾਂਝ-ਪ੍ਰੀਤ ਸੀ। ਬੜੇ ਅਦਬ ਤੇ ਮਾਨ ਨਾਲ ਮੈਨੂੰ ਉਹ ਮਿਲਿਆ। ਅਜੇ ਉਹ ਸ਼ੁਹਰਤਾਂ ਦਾ ਮਾਲਕ ਨਹੀਂ ਸੀ ਬਣਿਆ, ਪਰ ਹੁਣ ਬਹੁਤੀ ਦੇਰ ਵੀ ਨਹੀਂ ਸੀ ਲਗਣੀ। ਅਹਿਮਦ ਸਾਹਰ ਦੀਆਂ ਦੋ ਫਿਲਮਾਂ ਵਿਚ ਉਹ ਨੀਨਾ ਦੇ ਨਾਲ ਹੀਰੋ ਆ ਰਿਹਾ ਸੀ।
ਕਰਨ ਦੀਵਾਨ ਮਿਲਿਆ, ਜੋ ਫਿਲਮ "ਰਤਨ" ਦੀ ਕਾਮਯਾਬੀ ਪਿਛੋਂ ਇਕ ਲੋਕ-ਪ੍ਰੀਅ ਸਿਤਾਰਾ ਬਣ ਗਿਆ ਸੀ। ਕਾਲਜ ਦੇ ਦਿਨਾਂ ਵਿਚ ਉਹਦਾ ਵੱਡਾ ਵੀਰ ਸਾਡਾ ਯਾਰ ਸੀ। ਲਾਹੌਰ ਅਸੀਂ ਇਕੱਠੇ ਡਰਾਮੇ ਖੇਡਦੇ ਰਹੇ ਸਾਂ। ਹਮੀਦ ਬੱਟ ਦੇ ਦਰਸ਼ਨ ਹੋਏ, ਜਿਸ ਨੂੰ ਮੈਂ ਪਹਿਲਾਂ ਇਕ ਵਾਰ ਲਖਨਊ ਵਿਚ ਮਿਲ ਚੁੱਕਿਆ ਸਾਂ। ਉਹਦੇ ਕੋਲੋਂ ਸੁਣੇ ਸੁਰੀਲੇ ਗੀਤ ਮੇਰੀ ਯਾਦ ਵਿਚ ਹਾਲੇ ਵੀ ਸੱਜਰੇ ਸਨ। ...
ਗੱਪ-ਸ਼ੱਪ ਮਾਰਦਿਆਂ ਕਾਫੀ ਸਮਾਂ ਲੰਘ ਗਿਆ ਤੇ ਅਕੇਵਾਂ ਜਿਹਾ ਮਹਿਸੂਸ ਹੋਣ ਲਗ ਪਿਆ। ਫਿਲਮੀ ਇਨਸਾਨ ਬਣਨ ਲਈ ਮੱਖੀਆਂ ਮਾਰ-ਮਾਰ ਕੇ ਸਮੇਂ ਗੁਜ਼ਾਰਨ ਦੀ ਆਦਤ ਪਾਉਣਾ ਬੜਾ ਜ਼ਰੂਰੀ ਹੈ। ਮੈਂ ਅਜੇ ਨਵਾਂ ਸਾਂ। ਇਹਨਾਂ ਗਲਾਂ ਦਾ ਨਹੀਂ ਸੀ ਪਤਾ।
ਅਖੀਰ ਇਕ ਆਦਮੀ ਨੇ ਆ ਕੇ ਕਿਹਾ, "ਤੁਸੀਂ ਮੇਕ-ਅੱਪ ਕਰ ਲਓ, ਤੁਹਾਡੇ ਫੋਟੋ ਲੈਣੇ ਨੇ। ਸਾਹਬ (ਡਬਲਯੂ. ਜ਼ੈਡ. ਅਹਿਮਦ) ਤੁਹਾਨੂੰ ਦੋ ਵਜੇ ਮਿਲਣਗੇ।"
ਇਕ ਨਿੱਕੇ ਜਹੇ ਕਮਰੇ ਵਿਚ ਮੈਂ ਮੇਕ-ਅੱਪ ਲਈ ਬੈਠ ਗਿਆ। ਇਹ ਮੇਰਾ ਪਹਿਲਾ ਮੇਕ-ਅੱਪ ਨਹੀਂ ਸੀ। ਕਾਲਜ ਦੇ ਡਰਾਮਿਆਂ ਵਿਚ, ਸ਼ਾਂਤੀ ਨਿਕੇਤਨ ਡਰਾਮੇ ਕਰਦਿਆਂ, ਮੇਕ-ਅੱਪ ਕਰਦੇ ਹੁੰਦੇ ਸਾਂ, ਪਰ ਇਸ ਦੇ ਤੇ ਉਹਦੇ ਵਿਚ ਜ਼ਮੀਨ ਅਸਮਾਨ ਦਾ ਫਰਕ ਸੀ। ਇਹ ਉਸ ਤੋਂ ਹਜ਼ਾਰ ਗੁਣਾਂ ਜ਼ਿਆਦਾ ਸੁਭਾਵਕ, ਸੁਹਜ-ਭਰਪੂਰ, ਤੇ ਸੁੰਦਰ ਸੀ। ਵੇਖਦਿਆਂ-ਵੇਖਦਿਆਂ ਮੇਕ-ਅੱਪ ਮੈਨ ਨੇ ਮੇਰਾ ਚਿਹਰਾ ਇੰਜ ਮੁਨੱਵਰ ਕਰ ਦਿਤਾ ਕਿ ਮੈਂ ਆਪ ਤਾਰੀਫ ਕੀਤੇ ਬਿਨਾਂ ਨਾ ਰਹਿ ਸਕਿਆ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮੈਂ ਮੇਕ-ਅੱਪ ਮੈਨ ਦੀਆਂ ਜਿਤਨਾ ਵਧ ਚੜ੍ਹ ਕੇ ਤਾਰੀਫਾਂ ਕਰਦਾ, ਉਤਨਾ ਹੀ ਉਹ ਵਿਅੰਗਾਤਮਿਕ ਜਹੀ ਮੁਸਕਣੀ ਚਿਹਰੇ ਉਤੇ ਲਿਆ ਕੇ ਹੋਰ ਪਾਸੇ ਵੇਖ ਛੱਡਦਾ।
ਅਸਲ ਗੱਲ ਇਹ ਸੀ ਕਿ ਚੰਗਾ ਮੇਕ-ਅੱਪ ਫਿਲਮਾਂ ਵਿਚ ਇਕ ਰੋਜ਼-ਮਰ੍ਹਾ ਦਾ ਅਮਲ ਹੈ। ਉਸ ਮੇਕ-ਅੱਪ ਮੈਨ ਨੇ ਕੋਈ ਅਸਾਧਾਰਨ ਕਾਰਨਾਮਾ ਨਹੀਂ ਸੀ ਕੀਤਾ।
ਮੇਕ-ਅੱਪ ਪਿਛੋਂ ਫੋਟੋ ਵੀ ਲੈ ਗਏ। ਇਕ ਡੇਢ ਵਜਿਆ ਸੀ ਉਸ ਵੇਲੇ। ਹੁਣ ਅਹਿਮਦ ਸਾਹਬ ਨਾਲ ਮੁਲਾਕਾਤ ਕਰਨ ਦੀਆਂ ਉਡੀਕਾਂ ਹੋਣ ਲਗ ਪਈਆਂ। ਦੋ ਵਜ ਗਏ, ਤਿੰਨ ਵਜ ਗਏ, ਚਾਰ ਵਜ ਗਏ, ਪੰਜ ਵਜ ਗਏ। ...
ਮੈਂ ਵਲੈਤੋਂ ਨਵਾਂ-ਨਵਾਂ ਆਇਆ ਹੋਇਆ, ਜਿਥੇ ਦਸ ਮਿੰਟ ਤੋਂ ਵਧ ਲੇਟ ਹੋਣ ਦੀ ਜੁਰੱਤ ਬਾਦਸ਼ਾਹ ਸਲਾਮਤ ਵੀ ਨਹੀਂ ਸੀ ਕਰ ਸਕਦਾ। ਮੈਥੋਂ ਕਿਵੇਂ ਇਹ ਅਪਮਾਨ ਬਰਦਾਸ਼ਤ ਹੁੰਦਾ? ਜੋ ਹਵਾਈ ਕਿਲੇ ਮੈਂ ਦਿਮਾਗ ਵਿਚ ਬਣਾ ਕੇ ਲਿਆਇਆ ਸਾਂ, ਸਭ ਟੁੱਟਣ ਲਗ ਪਏ। ਕ੍ਰਿਸ਼ਨ ਚੰਦਰ ਦੇ ਖਤਾਂ ਤੋਂ ਤਾਂ ਮੈਂ ਅਨੁਮਾਨ ਕੀਤਾ ਸੀ ਕਿ ਅਹਿਮਦ ਸਾਹਿਬ ਫੁੱਲਾਂ ਦਾ ਹਾਰ ਫੜ ਕੇ ਮੈਨੂੰ ਸਟੂਡੀਓ ਦੇ ਫਾਟਕ ਉਤੇ ਉਡੀਕਣਗੇ। ਤੇ ਹੁਣ ਹਾਲਤ ਇਹ ਸੀ, ਜਿਵੇਂ ਨੌਕਰੀ ਦਾ ਉਮੀਦਵਾਰ ਬਣ ਕੇ ਕਤਾਰ ਵਿਚ ਖਲੋਤਾ ਹੋਇਆ ਹੋਵਾਂ। ਮੈਂ ਡੇਵਿਡ, ਤਿਵਾੜੀ, ਤੇ ਦੂਜੇ ਮਿੱਤਰਾਂ ਦੀਆਂ ਨਜ਼ਰਾਂ ਸਾਹਮਣੇ ਆਪਣੇ ਆਪ ਨੂੰ ਕਿਸੇ ਡੂੰਘੇ ਖੂਹ ਵਿਚ ਢਹਿੰਦਾ ਮਹਿਸੂਸ ਕੀਤਾ। ਮੈਂ ਘੜੀ-ਮੁੜੀ ਚੇਤਨ ਦੀ ਬਾਂਹ ਫੜ ਕੇ ਉਹਨੂੰ ਉਥੋਂ ਚੱਲਣ ਲਈ ਕਹਿੰਦਾ। ਚੇਤਨ ਵੀ ਬੜੇ ਸ਼ਸ਼ੋ-ਪੰਜ ਵਿਚ ਸੀ। ਉਹ ਇਸ ਲਾਈਨ ਤੋਂ ਵਧੇਰੇ ਵਾਕਫ ਹੋ ਚੁੱਕਾ ਸੀ। ਜਾਣਦਾ ਸੀ ਕਿ ਉਡੀਕਣ ਤੋਂ ਸਿਵਾ ਕੋਈ ਚਾਰਾ ਨਹੀਂ ਤੇ ਨਾ ਹੀ ਉਸ ਵਿਚ ਉਤਨਾ ਅਪਮਾਨ ਹੈ, ਜਿਤਨਾ ਮੈਂ ਮਨ ਵਿਚ ਮਿੱਥੀ ਬੈਠਾ ਸਾਂ। ਕਦੇ ਕਦੇ ਮੈਂ ਵੀ ਸੋਚਦਾ, ਚੇਤਨ ਨੂੰ ਚੱਲਣ ਲਈ ਕਹਿ ਤਾਂ ਰਿਹਾ ਹਾਂ, ਪਰ ਜਾਵਾਂਗੇ ਕਿੱਥੇ? ਵਾਪਸੀ ਦਾ ਟਿਕਟ ਕਟਾਉਣ ਤੋਂ ਛੁਟ ਹੁਣ ਚਾਰਾ ਈ ਕੀ ਸੀ? ਤੇ ਸ਼੍ਰੀ ਨਗਰ ਜਾ ਕੇ ਕੀ ਮੂੰਹ ਵਿਖਾਵਾਂਗਾ? ਮੈਂ ਅੰਦਰੇ-ਅੰਦਰ ਆਪਣੇ ਆਪ ਨੂੰ ਬੜੇ ਕੋਸਣੇ ਦੇਂਦਾ ਕਿ ਕਿਉਂ ਕੋਈ ਪੱਕੀ ਲਿਖਾ-ਪੜ੍ਹੀ ਕੀਤੇ ਬਿਨਾਂ, ਆਪਣੇ ਖਰਚੇ ਉਤੇ ਇਤਨੀ ਦੂਰ ਭਜਦਾ ਆਇਆ। ਆਪਣੀ ਬੇ-ਕੁਰਬੀ ਦਾ ਜ਼ਿੰਮੇਵਾਰ ਤਾਂ ਮੈਂ ਆਪ ਹਾਂ। ਪਰ ਜਦੋਂ ਸਵੈ-ਮਾਣ ਦੀ ਰੱਖਿਆ ਦਾ ਸਵਾਲ ਆ ਖਲੋਵੇ, ਮੈਂ ਅੱਗਾ- ਪਿੱਛਾ ਵੇਖੇ ਬਿਨਾਂ ਅੜ ਜਾਣ ਵਾਲਾ ਆਦਮੀ ਸਾਂ। ਮੈਂ ਹੁਣ ਓਸ ਮੁਲਾਕਾਤ ਨੂੰ ਡਬਲਯੂ. ਜ਼ੈਡ. ਅਹਿਮਦ ਸਾਹਿਬ ਦੀ ਖੁੰਭ ਠੱਪਣ ਦੇ ਅਵਸਰ ਦੇ ਰੂਪ ਵੇਖਣ ਲਗ ਪਿਆ।
ਅਖੀਰ ਛੇ ਕੁ ਵਜੇ ਅਹਿਮਦ ਸਾਹਿਬ ਨੇ ਅੰਦਰ ਬੁਲਾਇਆ। ਉਹਨਾਂ ਆਪਣੀਆਂ ਅੱਖਾਂ ਉਤੇ ਕਾਲੀ ਐਨਕ ਚਾੜ੍ਹੀ ਹੋਈ ਸੀ, ਜੋ ਮੈਂ ਸੋਚਿਆ ਕਿ ਸਿਰ ਦੇ ਮੁਕੰਮਲ ਗੰਜ ਕਾਰਨ ਪੈਦਾ ਹੋਈ ਚਿਹਰੇ ਦੀ ਕਮਜ਼ੋਰੀ ਨੂੰ ਲੁਕਾਉਣ ਦਾ ਯਤਨ ਸੀ। ਵੈਸੇ ਨਕਸ਼ ਉਹਨਾਂ ਦੇ ਸੁਹਣੇ ਸਨ।
ਉਹ ਮੇਰੀਆਂ ਸਵੇਰੇ ਖਿੱਚੀਆਂ ਤਸਵੀਰਾਂ ਨੂੰ ਸਾਹਮਣੇ ਰੱਖੀ ਬੈਠੇ ਸਨ। ਮੇਰੇ ਕੁਰਸੀ ਉਤੇ ਬਹਿੰਦਿਆਂ ਹੀ ਉਹਨਾਂ ਸਿਗਾਰ ਦਾ ਲੰਮਾ ਕੱਸ਼ ਮਾਰਦਿਆਂ ਉਹ ਫੋਟੋਆਂ ਮੇਰੇ ਸਾਹਮਣੇ ਕਰ ਦਿੱਤੀਆਂ। ਇਕ ਉਹਨਾਂ ਵਿਚੋਂ ਵਾਕਿਆ ਈ ਬੜੇ ਮਾਅਰਕੇ ਦੀ ਸੀ। ਉਸ ਨੂੰ ਉਹਨਾਂ ਮੇਰੇ ਹੱਥ ਵਿਚੋਂ ਵਾਪਸ ਲੈ ਕੇ ਫੇਰ ਕੁਝ ਮਿੰਟਾਂ ਲਈ ਨਿਹਾਰਿਆ। "ਬੜੀ ਚੰਗੀ ਆਈ ਹੈ," ਉਹਨਾ ਕਿਹਾ।
ਮੈਂ ਜਵਾਬ ਵਿਚ ਫੇਰ ਉਹਨਾਂ ਦੇ ਮੇਕ-ਅੱਪ-ਮੈਨ ਦੀ ਤਾਰੀਫ ਦੇ ਪੁਲ ਬੰਨ੍ਹ ਦਿਤੇ। ਇਸ ਦੇ ਪ੍ਰਤੀਕਰਮ ਸਰੂਪ ਉਹਨਾਂ ਦੇ ਬੁੱਲ੍ਹਾਂ ਉਪਰ ਵੀ ਹੂ-ਬ-ਹੂ ਉਸੇ ਤਰ੍ਹਾਂ ਦੀ ਵਿਅੰਗਾਤਮਿਕ ਮੁਸਕਣੀ ਖੇਡਦੀ ਦਿਸੀ, ਜੋ ਮੇਕ-ਅੱਪ-ਮੈਨ ਦੇ ਮੂੰਹ ਉੱਤੇ ਵੇਖੀ ਸੀ। ਫੇਰ ਉਹ ਟਾਈਪ ਕੀਤਾ ਇਕ ਕਾਗਜ਼ ਮੇਰੇ ਵਲ ਵਧਾਉਂਦੇ ਹੋਏ ਕਹਿਣ ਲਗੇ, "ਦੇਖੀਏ, ਚੇਤਨ ਸਾਹਿਬ ਕੀ ਪਿਕਚਰ ਬਨਾਨੇ ਕਾ ਫਿਲਹਾਲ ਮੇਰਾ ਇਰਾਦਾ ਨਹੀਂ ਹੈ। ਪਹਿਲੇ ਮੈਂ ਮਹਾਂ ਭਾਰਤ ਬਨਾਨਾ ਚਾਹਤਾ ਹੂੰ। ਉਸ ਮੇਂ ਕ੍ਰਿਸ਼ਨ ਜੀ ਕਾ ਰੋਲ ਮੈਂ ਚੇਤਨ ਸਾਹਿਬ ਕੋ ਦੇਨਾ ਚਾਹਤਾ ਹੂੰ, ਔਰ ਅਰਜਨ ਕਾ ਆਪ ਕੋ। ਚੇਤਨ ਸਾਹਿਬ ਕੋ ਡੇਢ ਹਜ਼ਾਰ ਰੁਪਿਆ ਮਾਹਵਾਰ ਦੇਨੇ ਕਾ ਮੇਰਾ ਇਰਾਦਾ ਹੈ, ਔਰ ਆਪ ਕੋ ਏਕ ਹਜ਼ਾਰ। ਅਗਰ ਮਨਜ਼ੂਰ ਹੋ ਤੋ ਇਸ ਕਾਂਟਰੈਕਟ ਪਰ ਦਸਖਤ ਕਰ ਦੀਜੀਏ।" ਤਨਖਾਹ ਬਹੁਤ ਸੀ ਕਿ ਥੋੜੀ, ਉਸ ਵਲ ਮੇਰਾ ਧਿਆਨ ਨਹੀਂ ਗਿਆ। ਉਸ ਤੋਂ ਤਿੱਗਣੀ ਤਨਖਾਹ ਵਾਲੀ ਨੌਕਰੀ ਮੈਂ ਵਲੈਤੋਂ ਛਡ ਕੇ ਆਇਆ ਸਾਂ। ਮੈਂ ਗੁੱਸੇ ਦੀ ਭਾਫ ਛਡਦਿਆਂ ਜਵਾਬ ਦਿਤਾ, "ਨੌਕਰੀ ਔਰ ਤਨਖਾਹ ਕਾ ਜ਼ਿਕਰ ਕਰਨੇ ਸੇ ਪਹਿਲੇ ਮੁਝੇ ਉਮੀਦ ਥੀ ਕਿ ਆ ਮੁਝ ਸੇ ਚਾਰ ਘੰਟੇ ਇੰਤਜ਼ਾਰ ਕਰਵਾਨੇ ਕੀ ਮੁਆਫੀ ਮਾਂਗੇਗੇ। ਬਹਰਹਾਲ, ਮੈਂ ਆਪ ਸੇ ਅਰਜ਼ ਕਰਨਾ ਚਾਹਤਾ ਹੂੰ ਕਿ ਮੈਂ ਯਹਾਂ ਸਿਰਫ ਚੇਤਨ ਕੀ ਪਿਕਚਰ ਕੇ ਕਾਮ ਕੇ ਖਿਆਲ ਸੇ ਆਯਾ ਹੂੰ, ਅਰਜੁਨ ਵਰਜੁਨ ਬਨਨੇ ਕਾ ਮੇਰਾ ਕੋਈ ਇਰਾਦਾ ਨਹੀਂ ਹੈ।"
ਅਹਿਮਦ ਸਾਹਿਬ ਖਾਮੋਸ਼ ਹੋ ਗਏ। ਇਤਨੇ ਵਿਚ ਨੀਨਾ ਅੰਦਰ ਆ ਕੇ ਇਕ ਸੋਫੇ ਉਪਰ ਬਹਿ ਗਈ। ਗੁਲਾਬੀ ਰੰਗਤ, ਸਫੈਦ ਸਾੜ੍ਹੀ। ਉਹਦੀ ਸੁੰਦਰਤਾ ਨਾਲ ਕਮਰਾ ਟਹਿਕ ਪਿਆ। ਅਹਿਮਦ ਸਾਹਿਬ ਵੀ ਅਚਾਨਕ ਸੁਹਿਰਦ ਤੇ ਬੇ-ਤਕੱਲਫ ਹੋ ਗਏ। "ਸਾਹਨੀ ਸਾਹਬ, ਮੈਂ ਚਾਹਤਾ ਥਾ ਕਿ ਮੁਲਾਕਾਤ ਸੇ ਪਹਿਲੇ ਤਸਵੀਰੇਂ ਮੇਰੇ ਪਾਸ ਆ ਜਾਏਂ। ਕੈਮਰਾ ਡਿਪਾਰਮੈਂਟ ਵਾਲੋਂ ਸੇ ਡੀਵੈਲਪਿੰਗ, ਪ੍ਰਿਟਿੰਗ ਮੇਂ ਕੁਛ ਦੇਰ ਹੋ ਗਈ, ਔਰ ਆਪ ਕੋ ਜ਼ਹਿਮਤ ਉਠਾਨੀ ਪੜੀ। ਨੀਨਾ, ਸਾਹਨੀ ਸਾਹਿਬ ਅਰਜਨ ਕੇ ਰੋਲ ਕੇ ਲੀਏ ਯਕੀਨਨ ਬਹੁਤ ਮੌਜ਼ੂੰ ਹੈਂ, ਮਗਰ ਧਾਰਮਿਕ ਪਿਕਚਰ ਮੇਂ ਕਾਮ ਕਰਨਾ ਇਨਹੇਂ ਪਸੰਦ ਨਹੀਂ ਹੈ। ਕੋਈ ਜਲਦੀ ਨਹੀਂ ਹੈ। ਸਾਹਨੀ ਸਾਹਿਬ, ਆਪ ਸੋਚ ਲੀਜੀਏ। ਹਮਾਰੀ ਮਹਾਂਭਾਰਤ ਮਹਿਜ਼ ਧਾਰਮਿਕ ਪਿਕਚਰ ਨਹੀਂ ਹੋਗੀ, ਉਸ ਕੇ ਕੁਛ ਤਰੱਕੀ-ਪਸੰਦ ਪਹਿਲੂ ਭੀ ਹੋਂਗੇ, ਜਿਨ੍ਹੇਂ ਆਪ ਜ਼ਰੂਰ ਪਸੰਦ ਕਰੇਂਗੇ।"
"ਮੈਂ ਨੇ ਅਪਨਾ ਇਰਾਦਾ ਬਤਾ ਦੀਆ ਹੈ। ਇਸ ਸੇ ਜ਼ਿਆਦਾ ਮੁਝੇ ਨਾ ਕੁਛ ਕਹਿਨਾ ਹੈ, ਨਾ ਸੋਚਨਾ ਹੈ। ਇਹ ਕਹਿ ਕੇ ਮੈਂ ਉੱਠ ਖਲੋਤਾ, ਤੇ ਸਲਾਮ ਕਰਕੇ ਬਾਹਰ ਚਲਾ ਆਇਆ।
ਬਾਹਰ ਆ ਕੇ ਵੇਖਿਆ, ਚੇਤਨ ਨਹੀਂ ਸੀ। ਸ਼ਾਇਦ ਉਹਨੂੰ ਅਹਿਮਦ ਸਾਹਿਬ ਨੇ ਕਿਸੇ ਹੋਰ ਪਾਸਿਓਂ ਅੰਦਰ ਬੁਲਾ ਲਿਆ ਸੀ।
ਬਗੀਚੇ ਵਿਚ ਹਮੀਦ ਬੱਟ, ਮੋਹਸਿਨ ਅਬਦੁੱਲਾ, ਤਿਵਾੜੀ, ਡੇਵਿਡ ਤੇ ਮੈਂ ਕਿਤਨਾ ਚਿਰ ਟਹਿਲਦੇ ਰਹੇ। ਅਖੀਰ, ਚੇਤਨ ਉਸੇ ਦਰਵਾਜ਼ੇ ਵਿਚੋਂ ਬਾਹਰ ਆਇਆ, ਜਿਸ ਵਿਚੋਂ ਮੈਂ ਨਿਕਲਿਆ ਸਾਂ। ਮੇਰੀ ਪ੍ਰਸ਼ਨ-ਸੂਚਕ ਤੱਕਣੀ ਦੇ ਜਵਾਬ ਵਿਚ ਚੇਤਨ ਨੇ ਹਾਰੇ ਜਹੇ ਅੰਦਾਜ਼ ਵਿਚ ਕਿਹਾ, "ਭਈ, ਮੈਂ ਤੋ ਕਾਂਟਰੈਕਟ ਸਾਈਨ ਕਰ ਆਇਆ ਹੂੰ।"
ਮੈਂ ਭੁਚਲਾ ਗਿਆ, "ਮੈਂ ਤੇਰੀ ਖਾਤਰ ਉਹਨੂੰ ਮੂੰਹ ਨਹੀਂ ਲਾਇਆ ਤੇ ਤੂੰ ਕਾਂਟਰੈਕਟ ਸਾਈਨ ਕਰ ਆਇਆਂ ਏਂ?" ਅਹਿਮਦ ਸਾਹਿਬ ਨੇ ਮੇਰੇ ਕਾਂਟਰੈਕਟ ਦੀ ਗੱਲ ਚੇਤਨ ਤੋਂ ਲੁਕਾ ਕੇ ਰੱਖੀ ਸੀ। ਚੇਤਨ ਵੀ ਕੋਈ ਘਟ ਅਣਖੀਲਾ ਬੰਦਾ ਨਹੀਂ ਸੀ। ਉਹ ਝਟ ਪਲਟ ਕੇ ਕੋਠੀ ਦੇ ਅੰਦਰ ਦੋੜ ਗਿਆ, ਤੇ ਉਸ ਨੇ ਅਹਿਮਦ ਸਾਹਿਬ ਤੋਂ ਮੰਗ ਕੀਤੀ ਕਿ ਉਹਦਾ ਕਾਂਟਰੈਕਟ ਪਾੜ ਦਿਤਾ ਜਾਏ।
ਅਹਿਮਦ ਸਾਹਿਬ ਕਾਂਟਰੈਕਟ ਪਾੜਨ ਲਈ ਤਾਂ ਤਿਆਰ ਨਾ ਹੋਏ, ਪਰ ਉਹਨਾਂ ਵਾਇਦਾ ਕੀਤਾ ਕਿ ਉਹ ਚੇਤਨ ਨੂੰ ਕੰਮ ਕਰਨ ਲਈ ਮਜਬੂਰ ਨਹੀਂ ਕਰਨਗੇ। ਤੇ ਇੰਜ ਅਗਲੇ ਦਿਨ ਅਸੀਂ ਦੋਵੇਂ, ਹਮੀਦ ਬੱਟ ਦੇ ਨਾਲ, ਜੋ ਪਹਿਲਾਂ ਤੋਂ ਅਹਿਮਦ ਸਾਹਿਬ ਨੂੰ ਅਸਤੀਫਾ ਦੇ ਬੈਠਾ ਸੀ, 'ਡੱਕਨ ਕਵੀਨ' ਗੱਡੀ ਵਿਚ ਬਹਿ ਕੇ ਠਨ-ਠਨ ਗੋਪਾਲੀ ਦੀ ਹਾਲਤ ਵਿਚ ਬੰਬਈ ਵਲ ਠਿੱਲ੍ਹ ਪਏ।
ਡਬਲਯੂ. ਜ਼ੈਡ. ਅਹਿਮਦ ਤੇ ਨੀਨਾ ਹੁਣ ਪਾਕਿਸਤਾਨ ਵਿਚ ਹਨ। ਪਿਛੇ ਜਦੋਂ ਮੈਂ ਲਾਹੌਰ ਗਿਆ ਸਾਂ, ਤਾਂ ਇਮਤਿਆਜ਼ ਅਲੀ ਤਾਜ ਸਾਹਿਬ ਦੇ ਘਰ ਉਹਨਾਂ ਦੋਵਾਂ ਦੇ ਦਰਸ਼ਨ ਹੋਏ ਸਨ। ਬੜੇ ਪਿਆਰ-ਮੁਹੱਬਤ ਨਾਲ ਅਸੀਂ ਮਿਲੇ। ਸੱਚ ਪੁੱਛਿਆ ਜਾਏ ਤਾਂ ਆਪਣੀ ਥਾਂ ਅਹਿਮਦ ਸਾਹਿਬ ਨੇ ਮੇਰੇ ਉੱਪਰ ਬੜੀ ਮਿਹਰਬਾਨੀ ਕਰਨੀ ਚਾਹੀ ਸੀ, ਨਹੀਂ ਤੇ ਕੌਣ ਅਜਿਹਾ ਪ੍ਰੋਡੀਊਸਰ ਹੈ, ਜੋ ਇਕ ਨਵੇਂ ਆਏ ਆਦਮੀ ਨੂੰ ਸਟੂਡੀਓ ਵਿਚ ਪੈਰ ਧਰਦਿਆਂ ਸਾਰ ਇਕ ਹਜ਼ਾਰ ਰੁਪਏ ਦੀ ਨੌਕਰੀ ਪੇਸ਼ ਕਰ ਦੇਵੇ?

7
ਚੇਤਨ ਨੇ ਉਸ ਵੇਲੇ ਜਿਸ ਵੱਡੇ ਜਿਗਰੇ ਦਾ ਸਬੂਤ ਦਿੱਤਾ, ਉਸ ਦੀ ਜਿਤਨੀ ਤਾਰੀਫ ਕਰਾਂ ਘੱਟ ਹੈ। ਦੋਸਤ ਦਾ ਮਾਣ ਰਖਣ ਲਈ ਉਸ ਨੇ ਇਕ ਚੰਗਾ ਕਾਂਟਰੈਕਟ ਹੱਥ 'ਚੋਂ ਛੱਡ ਦਿਤਾ। ਉਸ ਦੀ ਥਾਂ ਕੋਈ ਹੋਰ ਹੁੰਦਾ, ਤਾਂ ਉਲਟਾ ਮੈਨੂੰ ਆਪਣੇ ਹੋਸ਼ ਦੀ ਦਵਾ ਕਰਨ ਲਈ ਆਖਦਾ। ਅਜ ਤੀਕਰ ਫਿਲਮਾਂ ਵਿਚ ਕੌਣ ਐਸਾ ਨੌਵਾਰਿਦ ਆਇਆ ਹੈ, ਜਿਸ ਨੂੰ ਸਟੂਡੀਓ ਵਿਚ ਪੈਰ ਧਰਦਿਆਂ ਹੀ ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਪੇਸ਼ ਕੀਤੀ ਜਾਵੇ? ਇਤਨਾ ਹੀ ਨਹੀਂ, ਉਹਨੇ ਮੈਨੂੰ ਤੇ ਮੇਰੇ ਪਰਵਾਰ ਨੂੰ ਵੀ ਮੋਢਿਆਂ ਉਤੇ ਚੁੱਕੀ ਫਿਰਨ ਦੀ ਬੇਮਿਯਾਦ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ।
ਪਿੱਛੋਂ ਪਤਾ ਨਹੀਂ ਗੱਲ ਕਿਵੇਂ ਬਾਹਰ ਨਿਕਲ ਗਈ ਕਿ ਦੱਮੋਂ ਵੀ ਫਿਲਮਾਂ ਵਿਚ ਕੰਮ ਕਰੇਗੀ। ਮੇਰੇ ਮਾਤਾ-ਪਿਤਾ ਨੂੰ ਇਸ ਗੱਲ ਦਾ ਸਖਤ ਸਦਮਾ ਹੋਇਆ। ਘਰ ਦਾ ਵਾਤਾਵਰਣ ਇਤਨਾ ਕਸ਼ੀਦ ਹੋ ਗਿਆ ਕਿ ਦੱਮੋਂ ਕੋਲ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਬੰਬਈ ਤੁਰ ਆਉਣ ਤੋਂ ਸਿਵਾ ਕੋਈ ਚਾਰਾ ਨਾ ਰਿਹਾ। ਪਰੀਖਸ਼ਤ ਓਦੋਂ ਚਾਰ ਸਾਲ ਦਾ ਸੀ, ਤੇ ਸ਼ਬਨਮ ਹੋਵੇਗੀ ਦਸ ਕੁ ਮਹੀਨਿਆਂ ਦੀ।
ਹੁਣ ਅਸੀਂ ਚੇਤਨ ਦੇ ਓਸੇ ਪਹਾੜੀ ਬੰਗਲੇ ਵਰਗੇ ਘਰ ਵਿਚ ਸਾਂ। ਇਕ ਕਮਰੇ ਵਿਚ ਚੇਤਨ ਤੇ ਉਸ ਦੀ ਪਤਨੀ ਉਮਾ, ਦੂਜੇ ਵਿਚ ਚੇਤਨ ਦੇ ਨਿੱਕੇ ਵੀਰ, ਦੇਵ (ਦੇਵ ਆਨੰਦ) ਤੇ ਗੋਲਡੀ (ਵਿਜੇ ਆਨੰਦ), ਤੀਜੇ ਵਿਚ ਦੱਮੋਂ ਮੈਂ ਤੇ ਬੱਚੇ, ਤੇ ਡਰਾਇੰਗ-ਰੂਮ ਵਿਚ ਹਮੀਦ ਬੱਟ ਤੇ ਉਸ ਦੀ ਪਤਨੀ, ਅਜ਼ਰਾ ਮੁਮਤਾਜ਼ ਨੇ ਡੇਰਾ ਲਾਇਆ ਹੋਇਆ ਸੀ। ਅਜ਼ਰਾ ਉਦੇ ਸ਼ੰਕਰ ਦੇ ਨਿਰਤ-ਮੰਡਲ ਦੀ ਸੁਵਿਖਿਆਤ ਨਰਤਕੀ ਸੀ ਉਦੇ ਸ਼ੰਕਰ 'ਕਲਪਨਾ' ਫਿਲਮ ਬਨਾਣ ਮਦਰਾਸ ਚਲੇ ਗਏ ਸਨ, ਤੇ ਅਜ਼ਰਾ ਕੇਂਦਰ ਛੱਡ ਕੇ ਬੰਬਈ ਆ ਗਈ ਸੀ।
ਉਮਾ ਉਪਰ ਇਤਨਾ ਵੱਡਾ ਬੋਝ ਪਾ ਛੱਡਣ ਦਾ ਦੱਮੋਂ ਨੂੰ ਹਰ ਵਕਤ ਮਲਾਲ ਰਹਿੰਦਾ ਸੀ। ਪਰ ਓਦੋਂ ਉਮਰ ਐਸੀ ਸੀ ਕਿ ਬੇਆਰਮੀਆਂ ਵਿਚੋਂ ਵੀ ਸੁਆਦ ਲੱਭਦੇ ਸਨ। ਉਮਾ ਵੀ ਹਰ ਵੇਲੇ ਹੱਸਦੀ-ਖੇਡਦੀ ਨਜ਼ਰ ਆਉਂਦੀ, ਜਿਵੇਂ ਸਾਰੇ ਰਲ ਕੇ ਕਿਸੇ ਪਿਕਨਿਕ ਤੇ ਆਏ ਹੋਏ ਹੋਈਏ।
ਅਜ ਮੇਰੇ ਕੋਲ ਆਪਣਾ ਮਕਾਨ ਹੈ ਤੇ ਘਰ ਦੇ ਪੰਜ ਜੀਆਂ ਲਈ ਦਸ ਕਮਰੇ ਹਨ। ਤਿੰਨ ਮੋਟਰਾਂ ਹਨ। ਚੇਤਨ, ਦੇਵ, ਵਿਜੇ, ਮੈਥੋਂ ਵੀ ਕਿਤੇ ਵਧ ਚੜ੍ਹ ਕੇ ਅਮੀਰੀਆਂ ਭੋਗ ਰਹੇ ਹਨ। ਪਰ ਸ਼ੈਦ ਉਹ ਵੀ ਇਸ ਗਲ ਨੂੰ ਤਸਲੀਮ ਕਰਨਗੇ ਕਿ ਹੁਣ ਜ਼ਿੰਦਗੀ ਵਿਚ ਉਹ ਮਜ਼ਾ ਨਹੀਂ, ਜੋ ਓਦੋਂ ਸੀ।
ਸਵੇਰੇ ਨਾਸ਼ਤਾ ਕਰਕੇ ਚੇਤਨ ਤੇ ਮੈਂ ਘਰੋਂ ਨਿਕਲ ਜਾਂਦੇ ਤੇ ਫਲੋਰਾ ਫਾਊਂਟਨ ਦੇ ਨੇੜੇ ਇੰਡੀਆ ਕਾਫੀ ਹਾਊਸ ਵਿਚ ਜਾ ਬੈਠਦੇ। ਬੜੀ ਰੂਮਾਨੀ ਜਗ੍ਹਾ ਸੀ ਉਹ ਉਹਨਾਂ ਦਿਨਾਂ ਵਿਚ। ਕਿਸੇ ਟੇਬਲ ਉਤੇ ਕਾਂਗਰਸੀ, ਕਿਸੇ ਉੱਤੇ ਕਮਿਊਨਿਸਟ, ਕਿਸੇ ਉਤੇ ਸੋਸ਼ਲਿਸਟ ਬਹਿਸਾਂ ਚਲ ਰਹੀਆਂ ਹੁੰਦੀਆਂ। ਇਸ ਤੋਂ ਇਲਾਵਾ ਪੱਤਰਕਾਰਾਂ, ਚਿੱਤਰਕਾਰ, ਨਿਰਤਕਾਰਾਂ, ਤੇ ਕਿਸਮ-ਕਿਸਮ ਦੇ ਹੋਰ ਭੁੱਖੜ ਜਾਂ ਨੀਮ-ਭੁੱਖੜ 'ਕਾਰਾਂ' ਦਾ ਜਮਘਟ ਰਹਿੰਦਾ। ਉਹਨਾਂ ਦੇ ਜੀਨੀਯਸ ਉੱਪਰ ਮਰਨ ਵਾਲੀਆਂ ਤਿੱਤਲੀਆਂ ਵੀ ਫੜਫੜਾਂਦੀਆਂ। ਬੜੀ ਹਰਕਤ ਸੀ ਏਸ ਵਾਤਾਵਰਣ ਵਿਚ। ਉਹ ਵਿਚਾਰਾਂ ਅਤੇ ਆਦਰਸ਼ਾਂ ਦੀ ਹਰਕਤ ਸੀ, ਜਾਂ ਉਹਨਾਂ ਦੇ ਉਹਲੇ ਆਪਣੇ ਕਾਰਜ ਸੰਵਾਰਨ ਦੀ, ਕਿਹਾ ਨਹੀਂ ਸੀ ਜਾ ਸਕਦਾ। ਪਰ ਹਰਕਤ ਬਹੁਤ ਸੀ। ਵਕਤ ਜੁ ਐਸਾ ਸੀ। ਲੜਾਈ ਆਪਣ ਆਖਰੀ ਸਾਹਾਂ ਉਤੇ ਸੀ, ਯੂ. ਐਨ. ਓ. ਦੇ ਵਿਧਾਨ ਬਣ ਰਹੇ ਸਨ, ਗਾਂਧੀ-ਜਿਨਾਹ ਮੁਲਾਕਾਤਾਂ ਨੇੜੇ ਆ ਰਹੀਆ ਸਨ।
ਚੇਤਨ ਦਾ ਟੇਬਲ ਰਫਤਾ-ਰਫਤਾ ਕੇਂਦਰੀ ਟੇਬਲ ਬਣ ਜਾਂਦਾ ਸੀ। ਅਨੇਕਾਂ ਦਿਲਚਸਪ ਹਸਤੀਆਂ ਪੱਠੇ ਦੀਆਂ ਕੁਰਸੀਆਂ ਘਸੀਟ-ਘਸੀਟ ਕੇ ਆਲੇ-ਦੁਆਲੇ ਆ ਬੈਠਦੀਆਂ। ਸ਼ਹਿਰ ਦੇ ਸੁੰਸਸਕ੍ਰਿਤ ਹਲਕਿਆਂ ਵਿਚ ਚੇਤਨ ਦਾ ਚੋਖਾ ਪ੍ਰਭਾਵ ਜਾਪਦਾ ਸੀ। ਭਾਰਤੀ ਸਾਰਾਭਾਈ ਚਾਹੁੰਦੀ ਸੀ ਕਿ ਉਹ ਉਸ ਦਾ ਲਿਖਿਆ ਨਾਟਕ ਨਿਰਦੇਸ਼ਤ ਕਰੇ। ਰਾਜਾ ਰਾਓ ਆਪਣੇ ਨਵੇਂ ਨਾਵਲ ਬਾਰੇ ਉਸ ਕੋਲੋਂ ਸਲਾਹਾਂ ਮੰਗਦਾ। ਰਾਮ ਗੋਪਾਲ ਉਹਨੂੰ ਆਪਣੇ ਨਾਲ ਲੰਡਨ ਚਲਣ ਦੀਆਂ ਦਾਅਵਤਾਂ ਦੇਂਦਾ। ਫੇਰ ਅਚਾਨਕ ਟੈਲੀਫੋਨ ਖੜਕਦਾ। ਮੈਨੇਜਰ ਅਖਵਾ ਭੇਜਦਾ, "ਮਿਸਟਰ ਪਾਸਤਾ ਨੇ ਤੁਹਾਨੂੰ ਆਪਣੇ ਦਫਤਰ ਸੱਦਿਆ ਹੈ।" ਜਾਂ "ਮਿਸਟਰ ਹਿਤੇਨ ਚੌਧਰੀ ਤੁਹਾਨੂੰ ਯਾਦ ਕਰ ਰਹੇ ਹਨ।"
ਝੱਟ ਅਸੀਂ ਕਾਫੀ ਦੀਆਂ ਪਿਆਲੀਆਂ ਛਡ ਕੇ ਬਾਹਰ ਨੱਠ ਪੈਂਦੇ। ਉਮੈਦਾਂ ਅਸਮਾਨ ਉਤੇ ਜਾ ਚੜ੍ਹਦੀਆਂ। ਹੁਣ ਜ਼ਰੂਰ "ਨੀਚਾ ਨਗਰ" ਲਈ ਫਾਈਨੈਂਸ ਦਾ ਇੰਤਜ਼ਾਮ ਹੋ ਗਿਆ ਹੋਵੇਗਾ। ਮਿਸਟਰ ਪਾਸਤਾ ਤੇ ਹਿਤੇਨ ਚੌਧਰੀ ਦੋਨਾਂ ਦਾ ਵਿਚਾਰਸ਼ੀਲ ਧਨਾਢਾਂ ਵਿਚ ਰਸੂਖ ਸੀ। "ਨੀਚਾ ਨਗਰ" ਜਿਹੀ ਫਿਲਮ ਲਈ, ਜਿਸ ਵਿਚ ਬਾਕਸ-ਆਫਿਸ ਮਨੋਰੰਜਨ ਦਾ ਕੋਈ ਮਸਾਲਾ ਜਾਂ ਕੋਈ ਫਿਲਮ-ਸਟਾਰ ਨਹੀਂ ਸੀ, ਕਿਸੇ ਐਸੇ ਪਾਸਿਓਂ ਹੀ ਆਰਥਕ ਸਹਾਇਤਾ ਮਿਲਣ ਦੀ ਆਸ ਕੀਤੀ ਜਾ ਸਕਦੀ ਸੀ।
ਦਿਨੇਂ ਅਸੀਂ ਫੋਰਟ ਇਲਾਕੇ ਦੇ ਆਲੀਸ਼ਾਨ ਦਫਤਰਾਂ ਦੀਆਂ ਪੌੜੀਆਂ ਚੜ੍ਹਦੇ ਤੇ ਸ਼ਾਮੀਂ ਕਾਲਬਾਦੇਵੀ ਤੇ ਗਰਾਂਟ ਰੋਡ ਦੇ ਸੇਠਾਂ ਦੀਆਂ, ਜਿਹੜੇ ਫਿਲਮਾਂ ਨੂੰ ਸਿਰਫ ਮੁਨਾਫੇ ਦੇ ਦ੍ਰਿਸ਼ਟੀਕੋਨ ਤੋਂ ਵੇਖਦੇ ਸਨ। ਮੈਨੂੰ ਕੁਝ ਪਤਾ ਨਹੀਂ ਸੀ ਕਿ ਇਹ ਲਗਾਤਾਰ ਪੌੜੀਆਂ ਚੜ੍ਹਣਾ-ਲਹਿਣਾ ਕਿਸ ਮਰਜ਼ ਦੀ ਦਵਾ ਸਾਬਤ ਹੋਵੇਗਾ। ਸਿਰਫ ਇਤਨਾ ਯਾਦ ਹੈ ਕਿ ਹਰ ਥਾਂ ਪੌੜੀਆਂ ਹੱਦ ਤੋਂ ਵਧ ਹਨੇਰੀਆਂ ਤੇ ਗੰਦੀਆਂ ਹੁੰਦੀਆਂ ਸਨ।
ਲੜਾਈ ਦਾ ਜ਼ਮਾਨਾ ਹੋਣ ਕਰਕੇ ਕੱਚੀ ਫਿਲਮ ਦਾ ਰਾਸ਼ਨ ਸੀ। ਉਹ ਸਿਰਫ ਓਸੇ ਪ੍ਰੋਡੀਊਸਰ ਨੂੰ ਮਿਲਦੀ ਸੀ, ਜਿਸ ਕੋਲ ਲਾਈਸੈਂਸ ਹੋਵੇ। ਲਾਈਸੈਂਸ ਲੈਣ ਲਈ ਲੋਕੀਂ ਹਰ ਪ੍ਰਕਾਰ ਦੀ ਤਿਕੜਮ ਕਰਦੇ ਸਨ, ਕਿਉਂਕਿ ਮਿਲਦਿਆਂ ਸਾਰ ਉਹ ਬਾਜ਼ਾਰ ਵਿਚ ਡੇਢ ਦੋ ਲੱਖ ਰੁਪਏ ਤੋਂ ਵਿਕ ਸਕਦਾ ਸੀ। ਮਤਲਬ ਇਹ ਕਿ ਜਿਸ ਨੂੰ ਸਿੱਧਾ ਸਰਕਾਰੋਂ ਲਾਈਸੈਂਸ ਮਿਲਿਆ ਹੋਵੇ, ਉਸ ਲਈ ਸਟਾਰ-ਰਹਿਤ ਫਿਲਮ ਬਨਾਣ ਵਿਚ ਕੋਈ ਘਾਟਾ ਨਹੀਂ ਸੀ, ਸਗੋਂ ਜੇ ਫਿਲਮ ਕਾਮਯਾਬ ਹੋ ਜਾਵੇ, ਤਾਂ ਮੁਨਾਫੇ ਦੂਣੇ-ਚੌਣੇ। ਕਮ-ਸੇ-ਕਮ ਚੇਤਨ ਏਸੇ ਉਮੀਦ ਉੱਤੇ ਚੱਲ ਰਿਹਾ ਸੀ। ਜੇ ਚੇਤਨ ਮੇਰਾ ਤੇ ਦੱਮੋਂ ਦਾ ਖਿਆਲ ਛੱਡ ਕੇ ਇਕ ਅੱਧੇ ਸਟਾਰ ਨੂੰ ਘੇਰ ਲੈਂਦਾ, ਤਾਂ ਸਾਰੀਆਂ ਮੁਸ਼ਕਲਾਂ ਚੁਟਕੀਆਂ ਵਿਚ ਹੱਲ ਹੋ ਸਕਦੀਆਂ ਸਨ। ਪਰ ਚੇਤਨ ਦੋਸਤ ਨਾਲ ਕੀਤੇ ਅਹਿਦ ਨੂੰ ਨਿਭਾਉਣ ਉੱਤੇ ਤੁੱਲਿਆ ਹੋਇਆ ਸੀ।
ਦਿਨੋਂ ਦਿਨ ਮੇਰੀ ਆਰਥਕ-ਦਸ਼ਾ ਨਿੱਘਰਦੀ ਜਾ ਰਹੀ ਸੀ। ਵਲੈਤੋਂ ਲਿਆਂਦੀ ਮਾੜੀ-ਮੋਟੀ ਪੂੰਜੀ ਪਰੂਣ 'ਚੋਂ ਪਾਣੀ ਵਾਂਗ ਵਗਦੀ ਜਾ ਰਹੀ ਸੀ। ਘਰੋਂ ਪੈਸੇ ਮੰਗਵਾਉਣ ਦਾ ਸਵਾਲ ਹੀਂ ਨਹੀਂ ਸੀ ਪੈਦਾ ਹੁੰਦਾ। ਪਰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਚੀਜ਼ ਸੀ, ਬੇਕਾਰ ਬੈਠਣਾ। ਵਕਤ ਨੂੰ ਧੱਕਾ ਦੇਣਾ ਬਹੁਤ ਵੱਡੀ ਸਮੱਸਿਆ ਬਣ ਗਿਆ ਸੀ। ਫਿਲਮ ਡਾਇਰੈਕਟਰ, ਫਨੀ ਮਜੁਮਦਾਰ ਦਾ ਘਰ ਪਾਲੀ ਹਿਲ ਉਤੇ ਚੇਤਨ ਦੇ ਘਰ ਦੇ ਨੇੜੇ ਸੀ। ਨਿਊ ਥੀਏਟਰਜ਼ ਵਿਚ ਉਹਨਾਂ "ਕਪਾਲ ਕੁੰਡਲਾ" ਤੇ "ਡਾਕਟਰ" ਬਣਾ ਕੇ ਸ਼ੁਹਰਤ ਕਮਾਈ ਸੀ, ਤੇ ਹੁਣ ਬੰਬਈ ਆ ਗਏ ਸਨ। ਉੱਘੇ ਡਾਇਰੈਕਟਰਾਂ ਵਿਚ ਗਿਣੇ ਜਾਂਦੇ ਸਨ। ਚੇਤਨ ਚੁੱਪ-ਚੁਪੀਤੇ ਉਹਨਾਂ ਕੋਲ ਮੇਰੀ ਸਫਾਰਸ਼ ਕਰ ਆਇਆ। ਉਹਨਾਂ ਮੈਨੂੰ ਦਾਦਰ ਆਪਣੇ ਦਫਤਰ ਬੁਲਾ ਭੇਜਿਆ।
ਦਾਦਰ ਮੇਨ ਰੋਡ ਉਸ ਜ਼ਮਾਨੇ ਵਿਚ ਬੰਬਈ ਦਾ ਹਾਲੀਵੁੱਡ ਸੀ। ਵੱਡੇ-ਵੱਡੇ ਸਟੂਡੀਓ, "ਸ਼੍ਰੀ ਸਾਊਂਡ", "ਰਣਜੀਤ", "ਅਮਰ", "ਮਾਈਨਰਵਾ", "ਕਾਰਦਾਰ", "ਰਾਜਕਮਲ" ਆਦਿ ਏਸੇ ਗੁਆਂਢ ਵਿਚ ਸਨ। ਏਸੇ ਕਰਕੇ ਓਥੇ ਫਿਲਮ-ਪਰੋਡੀਊਸਰਾਂ ਦੇ ਦਫਤਰਾਂ ਦੀ ਵੀ ਭਰਮਾਰ ਸੀ। ਹੁਣ ਉਹ ਗੱਲ ਨਹੀਂ ਰਹੀ, ਕਿਉਂਕਿ ਸਟੂਡੀਓ ਤੇ ਦਫਤਰ ਵੀ ਦੂਰ ਦੂਰ ਖਿੰਡਰ ਗਏ ਹਨ। ਉਹਨਾਂ ਦੇ ਚਿਹਨ-ਚੱਕਰ ਵੀ ਬਦਲ ਗਏ ਹਨ, ਤੇ ਫਿਲਮੀ ਲੋਕਾਂ ਦੇ ਰੰਗ-ਢੰਗ ਵੀ। ਓਦੋਂ ਲੰਮੇ ਵਾਲ, ਤਿਰਛੀਆਂ ਮੁੱਛਾਂ ਤੇ ਕਲਮਾਂ, ਅੱਖਾਂ ਵਿਚ ਜਾਂਨਿਸਾਰਤਾ, ਤੋਰ ਵਿਚ ਮਸਤੀ, ਫਿਲਮ-ਐਕਟਰ ਦੇ ਜਾਣੇ-ਪਛਾਣੇ ਲੱਛਣ ਸਨ, ਤੇ ਦਾਦਰ ਮੇਨ ਰੋਡ ਉਤੇ ਪੈਰ ਧਰਦਿਆਂ ਹੀ ਇਹਨਾਂ ਦਾ ਜਲਵਾ ਸਾਫ ਦਿਸ ਪੈਂਦਾ ਸੀ।
ਸਟੇਸ਼ਨ ਵਲੋਂ ਦਾਖਲ ਹੁੰਦਿਆਂ ਦਾਦਰ ਮੇਨ ਰੋਡ ਦਾ ਪਹਿਲਾ ਮੁਕਾਮ 'ਦਾਦਰ ਬਾਰ' ਸੀ। ਇਹ ਇਕ ਵੱਡਾ ਸਾਰਾ ਸ਼ਰਾਬ-ਖਾਨਾ ਸੀ, ਜੋ ਹੁਣ ਦਾਰੂਬੰਦੀ ਕਾਰਨ ਕੇਵਲ ਇਕ ਭੋਜਨਸ਼ਾਲਾ ਹੋ ਕੇ ਰਹਿ ਗਿਆ ਹੈ। ਪਰ ਪੁਰਾਣੇ ਵਕਤਾਂ ਦੇ ਦਿਲ-ਫਰੇਬ ਬੋਰਡ ਅਜੇ ਵੀ ਬਾਹਰ ਲਗੇ ਹੋਏ ਹਨ, ਤੇ ਅੰਦਰ ਥਾਂ-ਥਾਂ ਮੁੱਖੜੇ ਨਿਹਾਰਨ ਲਈ ਆਦਮ-ਕੱਦ ਸ਼ੀਸ਼ੇ ਵੀ। ਫਿਲਮ-ਪਰੋਡੀਊਸਰਾਂ, ਐਕਟਰਾਂ, ਡਾਇਰੈਕਟਰਾਂ ਦੀ ਮੰਨੀ ਹੋਈ ਠਾਹਰ ਸੀ ਉਹ। ਸਹਿਗਲ, ਚੰਦਰ ਮੋਹਨ, ਮੋਤੀ ਲਾਲ, ਈਸ਼ਵਰ ਲਾਲ ਵੀ ਕਦੇ ਨਾਂ ਕਦੇ ਓਥੇ ਜ਼ਰੂਰ ਆ ਕੇ ਬੈਠਦੇ ਹੋਣਗੇ, ਇਸ ਵਿਚ ਮੈਨੂੰ ਜ਼ਰਾ ਵੀ ਸ਼ੱਕ ਨਹੀਂ। ਓਦੋਂ ਆਮਦਨੀਆਂ ਵਿਚ ਏਨਾ ਆਕਾਸ਼-ਪਾਤਾਲ ਦਾ ਫਰਕ ਨਹੀਂ ਸੀ ਆਇਆ। ਸ਼ਖਸੀਅਤਾਂ ਉਪਰ ਪੈਸੇ ਦੇ ਇਤਨੇ ਸਪਸ਼ਟ ਮਾਪ-ਟੱਕ ਨਹੀਂ ਸਨ ਲੱਗੇ। ਮੇਲ-ਮਿਲਾਪ ਭਾਵੇਂ ਦਿਨ ਬਦਿਨ ਘਟਦਾ ਜਾ ਰਿਹਾ ਸੀ, ਪਰ ਅਜ ਵਾਂਗ ਉੱਕਾ ਖਤਮ ਨਹੀਂ ਸੀ ਹੋ ਗਿਆ। ਦਾਰੂ-ਬੰਦੀ ਦਾ ਕਾਨੂੰਨ ਬਣਨ ਤੋਂ ਪਹਿਲਾਂ ਇਕ-ਅੱਧ ਵਾਰ ਮੈਂ ਵੀ ਦਾਦਰ-ਬਾਰ ਵਿਚ ਸ਼ਰਾਬ ਪੀਤੀ ਸੀ, ਤੇ ਅਣਗਿਣਤ ਸ਼ੀਸ਼ੀਆਂ ਵਿਚ ਮੁੱਖੜਾ ਨਿਹਾਰਿਆ ਸੀ - ਸ਼ੈਦ ਜ਼ਿਆ ਸਰਹੱਦੀ ਦੀ ਸੁਹਬਤ ਵਿਚ। ਬਿਲਕੁਲ ਐਸੀ ਜਗ੍ਹਾ ਸੀ, ਜਿਸ ਦੇ ਖਿਲਾਫ ਧਰਮ-ਸਥਾਨਾਂ ਵਿਚ ਲੈਕਚਰ ਦਿੱਤੇ ਜਾਂਦੇ ਹਨ, ਜਾਂ ਨਾਟਕਾਂ ਵਿਚ ਨਕਸ਼ਾਂ ਬੰਨ੍ਹਿਆਂ ਜਾਂਦਾ ਹੈ। ਅਜ ਕੋਈ ਉੱਚੇ ਦਰਜੇ ਦਾ ਐਕਟਰ ਜਾਂ ਪਰੋਡੀਊਸਰ ਅਜਿਹੀ ਘਟੀਆ ਥਾਂ ਪੈਰ ਧਰਨਾ ਪਸੰਦ ਨਹੀਂ ਕਰੇਗਾ।
ਦਾਦਰ-ਬਾਰ ਅੱਗੋਂ ਲੰਘਦਾ ਮੈਂ ਕਾਰੋਨੇਸ਼ਨ ਮੈਨਸ਼ਨ ਵਿਚ ਵੜਿਆ, ਜਿਥੇ ਫਨੀ-ਦਾ ਦਾ ਦਫਤਰ ਸੀ। ਉਹ ਆਪਣੀ ਵੱਡੀ ਸਾਰੀ ਟੇਬਲ ਉਤੇ ਬੈਠੇ ਸਨ। ਉਹਨਾਂ ਮੈਨੂੰ ਸਾਹਮਣੇ ਸੋਫੇ ਤੇ ਬੈਠਣ ਲਈ ਕਿਹਾ। ਉਮਰ ਵਿਚ ਉਹ ਮੇਰੇ ਈ ਹਾਣ ਦੇ ਲਗਦੇ ਸਨ, ਸ਼ੈਦ ਇਕ ਅੱਧ ਵਰ੍ਹਾ ਛੋਟੇ ਈ ਹੋਣ। ਚਿਹਰੇ ਉਤੇ ਕੋਮਲਤਾ ਤੇ ਮਿਠਾਸ ਸੀ, ਜੋ ਬੰਗਾਲੀਆਂ ਦਾ ਖਾਸਾ ਹੈ। ਓਥੇ ਕੁਝ ਹੋਰ ਬੰਦੇ ਵੀ ਬੈਠੇ ਹੋਏ ਸਨ। ਵਿਚ-ਵਿਚ ਉਹ ਉਹਨਾਂ ਨਾਲ ਵੀ ਗੱਲਾਂ ਕਰਦੇ। ਪਰ ਬਹੁਤ ਸਾਰਾ ਵਕਤ ਉਹ ਮੈਨੂੰ ਘੂਰਦੇ ਜਾਂਦੇ ਸਨ, ਜੋ ਮੇਰੇ ਲਈ ਬੜਾ ਅਜੀਬ ਜਿਹਾ ਅਨੁਭਵ ਸੀ। ਕਹਿ ਨਹੀਂ ਸਕਦਾ ਕਿ ਉਹ ਮੇਰੇ ਹੁਲੀਏ ਨੂੰ ਪਸੰਦ ਕਰ ਰਹੇ ਸਨ, ਜਾਂਚ ਰਹੇ ਸਨ, ਸਰਾਹ ਰਹੇ ਸਨ, ਜਾਂ ਉਸ ਉਪਰ ਮੋਹਿਤ ਹੋਰ ਰਹੇ ਸਨ। ਮੈਂ ਆਪ ਕੀ ਪ੍ਰਤੀਕਿਰਿਆ ਦਰਸਾਵਾਂ, ਸਮਝ ਨਹੀਂ ਸੀ ਆ ਰਿਹਾ। ਇਹ ਤਾਂ ਨਹੀਂ ਸਾਂ ਕਹਿ ਸਕਦਾ ਕਿ ਪਹਿਲਾਂ ਕਦੇ ਕਿਸੇ ਮਰਦ ਨੇ ਮੇਰੇ ਵਲ ਇੰਜ ਘੂਰਿਆ ਨਹੀਂ ਸੀ। ਪਰ ਫੇਰ ਵੀ ਇਹ ਇਕ ਯਰਕਾਊ ਅਨੁਭਵ ਸੀ।
ਹੋ ਸਕਦਾ ਹੈ ਕਿ ਉਹ ਮੇਰੇ ਅੰਦਰ ਸੁੱਤੀ ਪਈ ਕਲਾ ਨੂੰ ਚਖਸ਼ੂ-ਪ੍ਰੇਰਣਾ ਦੇ ਰਹੇ ਹੋਣ। ਇਹ ਸੋਚ ਕੇ ਮੈਂ ਵੀ ਯਥਾ-ਸ਼ਕਤੀ ਉਹਨਾਂ ਨਾਲ ਆਪਣੇ ਦਿਲ ਦੇ ਤਾਰ ਮੇਲਣ ਦੀ ਕੋਸ਼ਸ਼ ਕਰਦਾ ਰਿਹਾ।
ਥੋੜੀ ਦੇਰ ਬਾਅਦ ਬਾਕੀ ਲੋਕ ਉੱਠ ਕੇ ਚਲੇ ਗਏ। ਸ਼ੈਦ ਉਹਨਾਂ ਨੂੰ ਅਨੁਮਾਨ ਹੋ ਗਿਆ ਸੀ ਕਿ ਦਾਦਾ ਨੇ ਮੇਰੇ ਨਾਲ ਕੋਈ ਪ੍ਰਾਈਵੇਟ ਗੱਲ ਕਰਨੀ ਹੈ। ਜਾਂ ਉਹਨਾਂ ਨੂੰ ਕੋਈ ਸੂਖਸ਼ਮ ਜਿਹਾ ਇਸ਼ਾਰਾ ਦਿੱਤਾ ਗਿਆ ਸੀ। ਇਹ ਵੀ ਫਿਲਮੀ ਦੁਨੀਆਂ ਦਾ ਇਕ ਦਸਤੂਰ ਹੈ। ਕਾਮਯਾਬ ਫਿਲਮੀ ਡਾਇਰੈਕਟਰਾਂ, ਪ੍ਰੋਡੀਊਸਰਾਂ ਤੇ ਐਕਟਰਾਂ ਦੇ ਦਰਬਾਰ ਸਦਾ ਸੱਜੇ ਰਹਿੰਦੇ ਹਨ। ਦਰਬਾਰੀਆਂ ਨੂੰ ਆਮ ਤੌਰ ਤੇ 'ਚਮਚੇ' ਦੇ ਨਾਂ ਨਾਲ ਸੱਦਿਆ ਜਾਂਦਾ ਹੈ। ਤਖਲੀਏ ਲਈ ਬਸ ਚੁਟਕੀ ਮਾਰਨ ਦੀ ਲੋੜ ਹੈ।
ਜਦੋਂ ਅਸੀਂ ਇਕੱਲੇ ਰਹਿ ਗਏ, ਤਾਂ ਫਨੀ-ਦਾ (ਇੰਡਸਟਰੀ ਵਿਚ ਉਹ ਇਸੇ ਨਾਂ ਨਾਲ ਮਸ਼ਹੂਰ ਹਨ) ਕਹਿਣ ਲੱਗੇ ਕਿ ਆਪਣੀ ਵਰਤਮਾਨ ਪਿਕਚਰ "ਜਸਟਿਸ" (ਇਨਸਾਫ) ਵਿਚ ਉਹ ਮੈਨੂੰ ਇਕ ਛੋਟਾ ਰੋਲ ਦੇਣਗੇ - ਹੀਰੋ ਦੇ ਦੋਸਤ ਦਾ। ਅਗਲੀ ਪਿਕਚਰ ਵਿਚ ਉਹ ਮੈਥੋਂ ਹੀਰੋ ਦਾ ਤਾਂ ਨਹੀਂ, ਪਰ ਇਕ ਕੇਂਦਰੀ ਰੋਲ ਕਰਾਉਣਗੇ, ਤੇ ਫੇਰ ਉਸ ਤੋਂ ਅਗਲੀ ਪਿਕਚਰ ਵਿਚ ਹੀਰੋ ਦਾ। ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਖੁਸ਼ ਖੁਸ਼ ਘਰ ਚਲਾ ਆਇਆ। ਹੁਣ ਮੈਨੂੰ ਕਾਂਟਰੈਕਟ ਮਿਲ ਗਿਆ ਸੀ, ਤੇ ਮੈਂ ਦਾਅਵੇ ਨਾਲ ਆਪਣੇ ਆਪ ਨੂੰ ਫਿਲਮ ਐਕਟਰ ਕਹਿ ਸਕਦਾ ਸਾਂ।
ਚੇਤਨ ਨੇ ਪੁਛਿਆ, "ਪੈਸੇ-ਵੈਸੇ ਦੀ ਕੋਈ ਗੱਲ ਨਹੀਂ ਹੋਈ?"
"ਨਹੀਂ।"
"ਕਰਨੀ ਸੀ ਨਾ।"
"ਉਹਨਾਂ ਤਿੰਨ ਪਿਕਚਰਾਂ ਦਾ ਨਕਸ਼ਾ ਬੰਨ੍ਹ ਦਿਤਾ ਮੇਰੇ ਸਾਹਮਣੇ। ਉਹਨਾਂ ਵਿਚੋਂ ਕਿਹੜੀ ਦੀ ਕਰਦਾ?
ਚੇਤਨ ਚੁੱਪ ਰਿਹਾ। ਉਹ ਸਮਝ ਗਿਆ ਹੋਵੇਗਾ ਕਿ ਮੇਰੀ ਆਕੜ ਪਹਿਲਾਂ ਨਾਲੋਂ ਕਾਫੀ ਹੇਠਾਂ ਡਿੱਗ ਚੁੱਕੀ ਸੀ।
ਅੱਜ ਕਾਂਟਰੈਕਟ ਹੋਇਆ ਹੈ, ਭਲਕੇ ਕੰਮ ਸ਼ੁਰੂ ਹੋ ਜਾਵੇਗਾ, ਐਸਾ ਮੇਰਾ ਅਨੁਮਾਨ ਸੀ। ਪਰ ਦਿਨ ਉਤੇ ਦਿਨ, ਹਫਤਿਆਂ ਉਤੇ ਹਫਤੇ ਲੰਘਣ ਲਗ ਪਏ। ਨਾ ਕੰਮ, ਤੇ ਨਾ ਪੈਸੇ ਦੇ ਹੀ ਕੋਈ ਆਸਾਰ ਨਜ਼ਰ ਆਏ। ਪਰ ਸ਼ੂਟਿੰਗ ਦਾ ਖਿਆਲ ਮੇਰੇ ਮਨ-ਮੰਡਲ ਉਤੇ ਪੂਰੀ ਤਰ੍ਹਾਂ ਛਾ ਗਿਆ ਸੀ। ਨਾਈ ਤੋਂ ਵਾਲ ਕਟਵਾਉਣ ਦੀ ਇਜਾਜ਼ਤ ਵੀ ਪਹਿਲਾਂ ਫਨੀ-ਦਾ ਦੇ ਦਫਤਰੋਂ ਜਾ ਕੇ ਮੰਗਦਾ, ਕਿਉਂਕਿ ਕਿਸੇ ਤੋਂ ਸੁਣ ਲਿਆ ਸੀ ਕਿ ਜੇ ਵਾਲ ਘਟ-ਵਧ ਹੋ ਜਾਣ ਨਾਲ "ਕੰਟੀਨਯੂਟੀ' ਵਿਚ "ਜੰਪ" ਆ ਜਾਂਦਾ ਹੈ। ਕੰਟੀਨਯੂਟੀ ਕੀ ਬਲਾ ਸੀ ਤੇ ਜੰਪ ਕੀ, ਮੈਨੂੰ ਨਹੀਂ ਸੀ ਪਤਾ। ਪਰ ਮੈਂ ਐਸਾ ਕੋਈ ਕਦਮ ਨਹੀਂ ਸਾ ਉਠਾਉਣਾ ਚਾਹੁੰਦਾ, ਜਿਸ ਨਾਲ ਆਰਟ ਨੂੰ ਨੁਕਸਾਨ ਪਹੁੰਚੇ। ਕੀ ਪਤਾ ਕਿਸ ਦਿਨ ਅਚਾਨਕ ਸ਼ੂਟਿੰਗ ਨਿਕਲ ਆਵੇ। ਇਹੋ ਜਹੀਆਂ ਹਾਸੋਹੀਣੀਆਂ ਹਰਕਤਾਂ ਫਿਲਮਾਂ ਦੇ ਨਵੇਂ ਰੰਗਰੂਟ ਆਮ ਕਰਦੇ ਹਨ। ਸਾਬਣ ਮੱਲ-ਮੱਲ ਮੂੰਹ ਧੋਂਦੇ ਹਨ, ਕਰੀਮਾਂ ਥੱਪਦੇ ਹਨ, ਸ਼ੀਸ਼ੇ ਅਗੇ ਤਰ੍ਹਾਂ ਤਰ੍ਹਾਂ ਦੇ ਪੋਜ਼ ਬਣਾਉਂਦੇ ਹਨ। ਉਹਨਾਂ ਨੂੰ ਅਜੇ ਪਤਾ ਨਹੀਂ ਹੁੰਦਾ ਕਿ ਐਕਟਿੰਗ-ਕਲਾ ਦਾ ਜ਼ਿਆਦਾ ਸੰਬੰਧ ਚਿੰਤਨ ਨਾਲ ਹੈ, ਬਾਹਰੀ ਚੀਜ਼ਾਂ ਇਤਨਾ ਮਹੱਤਵ ਨਹੀਂ ਰਖਦੀਆਂ।
ਇਕ ਦਿਨ ਅਖਬਾਰ ਵਿਚ ਪੜ੍ਹਿਆ, ਕਿਸੇ "ਪੀਪਲਜ਼ ਥੇਟਰ" ਦਾ ਡਰਾਮਾ ਹੋਣ ਵਾਲਾ ਸੀ। ਚੀਨ ਦੇ "ਪੀਪਲਜ਼ ਥੇਟਰ" ਬਾਰੇ ਤਾਂ ਜਾਣਦਾ ਸਾਂ, ਹਿੰਦੁਸਤਾਨ ਵਿਚ ਪੀਪਲਜ਼ ਥੇਟਰ ਕਿੱਥੋਂ ਆ ਗਿਆ? ਚੇਤਨ ਤੋਂ ਪੁਛਿਆ। ਉਹਨੂੰ ਵੀ ਕੁਝ ਨਹੀਂ ਸੀ ਪਤਾ। ਸ਼ਾਮੀਂ ਜਦੋਂ ਪੌੜੀਆਂ ਲਹਿਣ-ਚੜ੍ਹਨ ਦੀ ਕਵੈਦ ਕਰਦੇ ਬੀ. ਪੀ. ਸਾਮੰਤ ਐਂਡ ਕੰਪਨੀ ਦੇ ਦਫਤਰ ਪੁੱਜੇ, ਤਾਂ ਮੈਂ ਮਸ਼ਹੂਰ ਫਿਲਮੀ ਪੱਤਰਕਾਰ ਵੀ. ਪੀ. ਸਾਠੇ ਤੋਂ ਪੁੱਛ ਬੈਠਾ, "ਮਿਸਟਰ ਸਾਠੇ, ਬੰਬਈ ਵਿਚ ਕੋਈ ਪੀਪਲਜ਼ ਥੇਟਰ ਵੀ ਹੈ?"
"ਕਿਉਂ ਨਹੀਂ। ਮੈਂ ਆਪ ਉਸ ਦਾ ਮੈਂਬਰ ਹਾਂ," ਉਹਨਾਂ ਹੱਸ ਕੇ ਜਵਾਬ ਦਿੱਤਾ, "ਓਸੇ ਦੀ ਇਕ ਮੀਟਿੰਗ ਵਿਚ ਜਾ ਰਿਹਾ ਹਾਂ। ਚਲਣਾ ਹੈ, ਤਾਂ ਤੁਸੀਂ ਵੀ ਚਲੋ। ਖਵਾਜਾ ਅਹਿਮਦ ਅੱਬਾਸ ਆਪਣਾ ਨਵਾਂ ਨਾਟਕ ਪੜ੍ਹਨਗੇ।"
ਮੇਰੇ ਇਸਰਾਰ ਕਰਨ ਉਤੇ ਚੇਤਨ ਵੀ ਨਾਲ ਤੁਰ ਪਿਆ।
ਆਪੇਰਾ ਹਾਊਸ ਦੇ ਨੇੜੇ, ਇਕ ਗਲੀ ਵਿਚ, ਪ੍ਰੋਫੈਸਰ ਦੇਵਧਰ ਦੀ ਸੰਗੀਤ-ਸ਼ਾਲਾ ਸੀ। ਨਿੱਕਾ ਜਿਹਾ ਹਾਲ ਵੀ ਸੀ ਉਸ ਦਾ, ਜਿਸ ਵਿਚ ਸੌ ਕੁ ਬੰਦਾ ਬਹਿ ਸਕਦਾ ਸੀ। ਇਕ ਬੰਨੇ ਨਿੱਕਾ ਜਿਹਾ ਸਟੇਜ ਸੀ। ਉਹ ਹਰ ਸ਼ਾਮ ਇਪਟਾ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਜਾਂਦਾ ਸੀ।
ਹਾਲ ਵਿਚ ਵੀਹ ਕੁ ਮੁੰਡੇ-ਕੁੜੀਆਂ ਪੱਖੇ ਹੇਠ ਬੈਠੇ ਹੋਏ ਸਨ। ਅੱਬਾਸ ਪਾਠ ਸ਼ੁਰੂ ਕਰਨ ਵਾਲਾ ਸੀ। ਗਾਇਬਾਨਾਂ ਤੌਰ ਤੇ ਅਸੀਂ ਇਕ-ਦੂਜੇ ਨੂੰ ਜਾਣਦੇ ਸਾਂ। ਲੰਡਨ ਮੈਂ ਉਸ ਦੀਆਂ ਕੁਝ ਉਰਦੂ ਕਹਾਣੀਆਂ ਵੀ ਪੜ੍ਹੀਆਂ ਸਨ। ਪਰ ਮਿਲੇ ਕਦੇ ਨਹੀਂ ਸਾਂ। ਅੱਬਾਸ ਨੇ ਬੈਠਿਆਂ-ਬੈਠਿਆਂ ਹੀ ਸਾਡੇ ਨਾਲ ਹੱਥ ਮਿਲਾਏ, ਤੇ ਫੇਰ ਪਾਠ ਆਰੰਭ ਕੀਤਾ। ਨਾਟਕ ਦੇ ਵਾਰਤਾਲਾਪ ਚੁਸਤ, ਤਨਜ਼ੀਆ, ਅਤੇ ਸਰੋਤਿਆਂ ਨੂੰ ਬਾਰ-ਬਾਰ ਹਸਾਉਣ ਵਾਲੇ ਸਨ। ਪਰ ਨਾਟਕ ਕਿਸ ਪੱਧਰ ਦਾ ਸੀ, ਇਸ ਦਾ ਅਨੁਮਾਨ ਕੇਵਲ ਇਕ ਵਾਰ ਸੁਣਿਆਂ ਨਹੀਂ ਸੀ ਕੀਤਾ ਜਾ ਸਕਦਾ। ਜਜ਼ਬਾਤੀ ਗਹਿਰਾਈ, ਜਾਂ ਡਾਰਾਮਾਈ ਉਠਾਨ ਬਹੁਤੀ ਨਹੀਂ ਦਿਸੀ। ਅਜੇ ਮੈਂ ਇਹ ਗੱਲਾਂ ਸੋਚ ਹੀ ਰਿਹਾ ਸਾਂ ਕਿ ਅੱਬਾਸ ਨੇ ਇਕ ਵਿਚਿਤਰ ਘੋਸ਼ਣਾ ਕਰ ਦਿਤੀ - "ਸਾਥੀਓ, ਬੜੀ ਖੁਸ਼ੀ ਕੀ ਬਾਤ ਹੈ ਕਿ ਆਜ ਹਮਾਰੇ ਦਰਮਿਆਨ ਬਲਰਾਜ ਸਾਹਣੀ ਮੌਜੂਦ ਹੈਂ। ਅਬ ਮੈਂ ਯਿਹ ਡਰਾਮਾ ਉਨ ਕੇ ਹਵਾਲੇ ਕਰਤਾ ਹੂੰ, ਔਰ ਦਰਖਾਸਤ ਕਰਤਾ ਹੂੰ ਕਿ ਵੋਹ ਇਸੇ ਡਾਇਰੈਕਟ ਕਰੇਂ।"
ਮੈਂ ਬੁੱਤ ਜਿਹਾ ਬਣ ਕੇ ਵੇਖਦਾ ਰਹਿ ਗਿਆ, ਪਰ ਨਾਂਹ-ਨੁੱਕਰ ਕਰਨ ਦੀ ਮੂਰਖਤਾ ਮੈਂ ਨਾ ਕੀਤੀ। ਵਿਹਲਾ ਬੈਠ-ਬੈਠ ਕੇ ਤੰਗ ਆਇਆ ਹੋਇਆ ਸਾਂ, ਕੁਝ ਕਰਨ ਨੂੰ ਤਾਂ ਮਿਲੇਗਾ।
ਤੇ ਇੰਜ ਅਕਸਮਾਤ ਮੇਰੇ ਜੀਵਨ ਦਾ ਇਕ ਐਸਾ ਦੌਰ ਸ਼ੁਰੂ ਹੋਇਆ, ਜਿਸ ਦੀ ਛਾਪ ਮੇਰੇ ਜੀਵਨ ਉਤੇ ਅਮਿੱਟ ਹੈ। ਅਜ ਵੀ ਮੈਂ ਆਪਣੇ ਆਪ ਨੂੰ ਇਪਟਾ ਦਾ ਕਲਾਕਾਰ ਕਹਿਣ ਵਿਚ ਗੌਰਵ ਮਹਿਸੂਸ ਕਰਦਾ ਹਾਂ।
ਓਸੇ ਰਾਤ ਮੈਂ ਇਪਟਾ ਦੇ ਸਾਥੀਆਂ ਨਾਲ ਉਹ ਨਾਟਕ ਵੀ ਵੇਖਣ ਚਲਾ ਗਿਆ, ਜਿਸ ਦਾ ਇਸ਼ਤਿਹਾਰ ਸਵੇਰੇ ਅਖਬਾਰ ਵਿਚ ਪੜ੍ਹਿਆ ਸੀ। ਡਰਾਮੇ ਦਾ ਨਾਂ ਸੀ, "ਮਾਂ"। ਕਰਤਾ ਸੀ ਮਾਮਾ ਵਾਰੇਰਕਰ। ਮੂਲ ਮਰਾਠੀ ਤੋਂ ਹਿੰਦੀ ਵਿਚ ਅਨੁਵਾਦ ਕੀਤਾ ਹੋਇਆ ਸੀ।
ਨਾਟਕ ਮਾੜਾ ਨਹੀਂ ਸੀ, ਪਰ ਉਸ ਦੀ ਪੇਸ਼ਕਾਰੀ ਨੇ ਮੈਨੂੰ ਹੱਦ ਤੋਂ ਵਧ ਨਿਰਾਸ਼ ਕੀਤਾ। ਨਾਟਕ ਦੇ ਅਦਾਕਾਰ ਜ਼ਿਆਦਾਤਰ ਐਸੇ ਸਨ, ਜਿਨ੍ਹਾਂ ਨੂੰ ਹਿੰਦੀ ਠੀਕ ਬੋਲਣੀ ਨਹੀਂ ਸੀ ਆਉਂਦੀ। ਉਹਨਾਂ ਦਾ ਗੁਜਰਾਤੀ, ਮਰਾਠੀ ਤੇ ਦੱਖਣ ਭਾਰਤੀ ਉਚਾਰਣ ਸੁਣ ਕੇ ਕੰਨਾਂ ਨੂੰ ਸੱਟ ਵੱਜਦੀ ਸੀ। ਮੈਂ ਰੇਡੀਓ ਦੇ ਕੰਮ ਲਈ ਆਪਣੇ ਉਚਾਰਣ ਵਿਚੋਂ ਪੰਜਾਬੀਅਤ ਕਢਣ ਦੀ ਅਣਥੱਕ ਮਿਹਨਤ ਕੀਤੀ ਸੀ, ਤੇ ਦ੍ਰਿੜਤਾ ਨਾਲ ਵਿਸ਼ਵਾਸ ਰੱਖਦਾ ਸਾਂ ਕਿ ਅਦਾਕਦਾਰ ਨੂੰ ਉਸ ਬੋਲੀ ਦਾ ਮਾਹਿਰ ਹੋਣਾ ਚਾਹੀਦਾ ਹੈ, ਜਿਸ ਵਿਚ ਕੰਮ ਕਰੇ। ਜਿਨ੍ਹਾਂ ਨੂੰ ਮੈਂ ਸਟੇਜ ਉਤੇ ਕੰਮ ਕਰਦੇ ਵੇਖ ਰਿਹਾ ਸਾਂ, ਉਹਨਾਂ ਵਿਚੋਂ ਘਟ-ਵਧ ਹੀ ਕੋਈ ਮੇਰੀ ਪਰਖਵੱਟੀ ਉਤੇ ਪੂਰਾ ਉਤਰਦਾ ਸੀ। ਕੀ ਇਹਨਾਂ ਤੋਂ ਹੀ ਮੈਨੂੰ "ਜ਼ੂਬੈਦਾ" ਦੇ ਪਾਰਟ ਕਰਵਾਉਣੇ ਪੈਣਗੇ? ਸੋਚ-ਸੋਚ ਕੇ ਮੇਰਾ ਦਿਲ ਬੈਠਣ ਲਗ ਪਿਆ।
ਸਾਰੀ ਰਾਤ ਮੈਂ ਦੁਚਿੱਤੀਆਂ ਵਿਚ ਕੱਟੀ। ਜੇ ਇਹਨਾਂ ਕਲਾਕਾਰਾਂ ਤੋਂ ਕੰਮ ਕਰਾਇਆ, ਤਾਂ ਬੇੜਾ ਗਰਕ ਹੋਣ ਵਿਚ ਜ਼ਰਾ ਵੀ ਸੰਦੇਹ ਨਹੀਂ। ਜੇ ਇਨਕਾਰ ਕੀਤਾ, ਤਾਂ ਫੇਰ ਪੌੜੀਆਂ ਚੜ੍ਹਨ-ਲਹਿਣ ਤੋਂ ਛੁੱਟ ਕੋਈ ਕੰਮ ਨਹੀਂ ਰਹਿ ਜਾਏਗਾ। ਕਰਾਂ ਤਾਂ ਕੀ?
ਅਖੀਰ, ਇਸੇ ਨਤੀਜੇ ਉਤੇ ਪੁਜਿਆ ਕਿ ਦਿਲ ਦੀ ਗੱਲ ਸਾਫ ਸਾਫ ਕਹਿ ਦੇਣੀ ਚਾਹੀਦੀ ਹੈ। ਸ਼ਾਮੀਂ ਮੈਂ ਸ਼ਰਤ ਪੇਸ਼ ਕਰ ਦਿੱਤੀ ਕਿ ਪਾਤਰਾਂ ਦੀ ਚੋਣ ਅਥਵਾ ਹੋਰ ਸਭ ਗੱਲਾਂ ਬਾਰੇ ਮੇਰੇ ਫੈਸਲਿਆਂ ਵਿਚ ਹੋਰ ਕਿਸੇ ਦਾ ਦਖਲ ਨਹੀਂ ਹੋਵੇਗਾ। ਅੱਬਾਸ ਦੇ ਜਜ਼ਬਾਤੀ ਸੁਭਾਵ ਨੂੰ ਇਹ ਰੁੱਖੀ ਗੱਲ ਮਾੜੀ ਲੱਗੀ। ਪਰ ਇਕ ਲੰਮੇ ਵਾਲਾਂ ਵਾਲਾ ਦੁਬਲਾ-ਪਤਲਾ ਗੱਭਰੂ ਝਟ ਅਗੇ ਵਧ ਕੇ ਬੋਲ ਪਿਆ, "ਸਾਨੂੰ ਸਭ ਸ਼ਰਤਾਂ ਮਨਜ਼ੂਰ ਹਨ।"
ਉਸ ਗੱਭਰੂ ਦਾ ਨਾਂ ਸੀ, ਜਸਵੰਤ ਠੱਕਰ, ਜਿਸ ਦੀ ਪਿਛਲੇ ਵੀਹ ਸਾਲਾਂ ਤੋਂ ਕੀਤੀ ਸੇਵਾ ਗੁਜਰਾਤੀ ਨਾਟਕ ਦੇ ਇਤਿਹਾਸ ਵਿਚ ਸੋਨੇ ਦੇ ਹਰਫਾਂ ਵਿਚ ਲਿਖੀ ਜਾਏਗੀ । ਉਸ ਦੀ ਮਿਹਨਤ ਦੀ ਬਦੌਲਤ ਅਜ ਸੌਰਾਸ਼ਟਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਨਾਟਕ-ਵਿਭਾਗ ਖੁੱਲ੍ਹ ਚੁੱਕੇ ਹਨ, ਜਿਨ੍ਹਾਂ ਵਿਚ ਵਿਦਾਰਥੀਆਂ ਨੂੰ ਬੀ. ਏ. ਦੀ ਡਿਗਰੀ ਦਿੱਤੀ ਜਾਂਦੀ ਹੈ। ਉਸ ਵੇਲੇ ਜਸਵੰਤ ਸ਼ੈਦ ਇਪਟਾ ਦਾ ਸਕੱਤਰ ਸੀ।
ਅਗਲੇ ਦਿਨ ਤੋਂ ਮੈਂ ਜ਼ੂਬੈਦਾ ਦੇ ਕਿਰਦਾਰਾਂ ਦੀ ਭਾਲ ਅਰੰਭ ਕੀਤੀ। ਹੀਰੋ ਲਈ ਚੇਤਨ ਨੂੰ ਰਾਜ਼ੀ ਕਰਾਉਣ ਵਿਚ ਮੈਨੂੰ ਦਿੱਕਤ ਨਹੀਂ ਹੋਈ। ਹੀਰੋ ਦੇ ਛੋਟੇ ਵੀਰ ਦਾ ਰੋਲ ਦੇਵ ਆਨੰਦ ਨੇ ਖੁਸ਼ੀ ਨਾਲ ਸਾਂਭ ਲਿਆ। ਜ਼ੂਬੈਦਾ ਦੇ ਕਿਰਦਾਰ ਲਈ ਅਜ਼ਰਾ ਨੇ ਹਾਂ ਕਰ ਦਿਤੀ। ਪਰ ਪਾਤਰਾਂ ਦੀ ਸੂਚੀ ਬੜੀ ਲੰਮੀ ਸੀ - ਤੀਹ-ਪੈਂਤੀ ਤੱਕ ਜਾ ਪੁਜਦੀ ਸੀ। ਤੇ ਇਪਟਾ ਦੇ ਸਾਰੇ ਮੈਂਬਰਾਂ ਨੂੰ ਨਿਰਾਸ ਕਰਨਾ ਵੀ ਨਹੀਂ ਸੀ ਸ਼ੋਭਾ ਦੇਂਦਾ। ਸੋ, ਨਿੱਕੇ ਨਿੱਕੇ ਪਾਤਰਾਂ ਲਈ ਮੈਂ ਈਨ ਛਡ ਦਿੱਤੀ ਪਰ ਵਡੇ ਪਾਤਰਾਂ ਬਾਰੇ ਮੈਂ ਆਪਣੇ ਫੈਸਲੇ ਤੇ ਅਟੱਲ ਰਿਹਾ।
ਪਤਾ ਨਹੀਂ, ਕਿਸ ਭਰੋਸੇ ਤੇ ਅੱਬਾਸ ਨੇ ਡਾਇਰੈਕਸ਼ਨ ਮੇਰੇ ਹਵਾਲੇ ਕਰ ਛੱਡੀ ਸੀ। ਸਟੇਜ ਦਾ ਮੇਰਾ ਅਨੁਭਵ ਕੇਵਲ ਇਕ-ਦੋ ਕਾਲਿਜ ਦੇ ਤੇ ਇਕ-ਦੋ ਸ਼ਾਂਤੀ ਨਿਕੇਤਨ ਵਿਚ ਖੇਡੇ ਨਾਟਕਾਂ ਤਕ ਸੀਮਤ ਸੀ। ਪਾਤਰਾਂ ਦੀ ਹਿਦਾਇਤਕਾਰੀ ਮਾੜੀ-ਮੋਟੀ ਕਰ ਸਕਦਾ ਸਾਂ, ਪਰ ਡਾਇਰੈਕਸ਼ਨ ਦੇ ਟੈਕਨੀਕਲ ਪੱਖਾਂ ਤੋਂ ਤਾਂ ਬਿਲਕੁਲ ਹੀ ਕੋਰਾ ਸਾਂ, ਤੇ ਹੁਣ ਤੀਕਰ ਹਾਂ। ਇਹ ਮੇਰੇ ਕਲਾਤਮਿਕ ਜੀਵਨ ਦਾ ਇਕ ਹਨ੍ਹੇਰਾ ਪਹਿਲੂ ਹੈ। ਮੈਂ ਆਪਣੀ ਇਸ ਕਮਜ਼ੋਰੀ ਤੋਂ ਖੂਬ ਵਾਕਫ ਸਾਂ। ਇਸ ਨਾਲ ਪੈਦਾ ਹੋਈ ਆਤਮ-ਵਿਸ਼ਵਾਸ ਦੀ ਘਾਟ ਤੇ ਚਿੰਤਾ ਵਜੋਂ ਕਈ ਵਾਰੀ ਰਿਹਰਸਲਾਂ ਦੇ ਦੌਰਾਨ ਮੇਰੇ ਚਿਹਰੇ ਤੇ ਅੱਖਾਂ ਵਿਚ ਪਥਰਾ ਜਿਹਾ ਆ ਜਾਂਦਾ। ਅਜ਼ਰਾ ਕਹਿੰਦੀ, "ਆਂਖੇਂ ਝਪਕਾਓ, ਆਂਖੇਂ ਝਪਕਾਓ, ਬਲਰਾਜ, ਮੁਝੇ ਡਰ ਲਗਤਾ ਹੈ!"
ਆਤਮ-ਵਸ਼ਿਵਾਸ, ਚੁਸਤੀ, ਦਲੇਰੀ ਕੋਈ ਖੁਦਾ-ਦਾਦ ਗੁਣ ਨਹੀਂ ਹੁੰਦੇ।
ਮਿਸਾਲ ਵਜੋਂ, ਕੋਈ ਪਿੰਡ ਦਾ ਹੁਸ਼ਿਆਰ ਤੇ ਫਰਤੀਲ ਗੱਭਰੂ ਵੀ ਜਦੋਂ ਕਿਸੇ ਵਡੇ ਸ਼ਹਿਰ ਆਵੇ, ਤਾਂ ਸੁਸਤ ਪੈ ਜਾਂਦਾ ਹੈ। ਇਸ ਦਾ ਕਾਰਨ ਇਹ ਨਹੀਂ ਕਿ ਬਦਲੀ ਹੋਈ ਆਬੋ-ਹਵਾ ਦਾ ਉਸ ਉਪਰ ਅਸਰ ਪੈ ਗਿਆ ਹੈ। ਦਰਅਸਲ, ਉਸ ਨੂੰ ਸ਼ਹਿਰੀ ਜੀਵਨ ਦੀਆਂ ਗੁੰਝਲਾਂ ਤੇ ਬਰੀਕੀਆਂ ਦਾ ਗਿਆਨ ਨਹੀਂ ਹੁੰਦਾ, ਤੇ ਨਾ ਉਸ ਦੀ ਇਤਨੀ ਤਾਲੀਮ ਹੁੰਦੀ ਹੈ ਕਿ ਉਹਨਾਂ ਨਾਲ ਛੇਤੀ ਛੇਤੀ ਗਿੱਝ ਸਕੇ। ਏਸੇ ਲਈ ਉਹ ਸਹਿਮ ਜਿਹਾ ਜਾਂਦਾ ਹੈ। ਅੱਖਾਂ ਵਿਚ ਪਥਰਾ ਤੇ ਅੰਗਾਂ ਵਿਚ ਸੁਸਤੀ ਜਹੀ ਆ ਜਾਂਦੀ ਹੈ।
ਗਿਆਨ ਦੀ ਸੰਪੂਰਨਤਾ ਆਤਮ-ਵਿਸ਼ਵਾਸ ਲਿਆਉਂਦੀ ਹੈ, ਇਨਸਾਨ ਨੂੰ ਦਲੇਰ ਤੇ ਚੁਸਤ ਬਣਾਉਂਦੀ ਹੈ। ਅਗਿਆਨ ਦਾ ਮਾੜਾ ਜਿਤਨਾ ਅੰਸ਼ ਵੀ ਕਿਸੇ ਨਾ ਕਿਸੇ ਮੌਕੇ ਤੇ ਇਨਸਾਨ ਦੇ ਆਤਮ-ਵਿਸ਼ਵਾਸ ਨੂੰ, ਉਸ ਦੀ ਫੈਸਲਾ ਕਰਨ ਦੀ ਤਾਕਤ ਨੂੰ, ਉਸ ਦੀ ਵਰਿਆਮਤਾ ਨੂੰ ਦਗਾ ਦੇ ਸਕਦਾ ਹੈ।
ਆਪਣੀ ਤਕਨੀਕੀ ਅਗਿਆਨਤਾ ਨੂੰ ਲੁਕਾਉਣ ਲਈ ਮੈਂ ਆਪਣਾ ਸਾਰਾ ਜ਼ੋਰ ਪਾਤਰਾਂ ਦੀ ਮੁਨਾਸਬ ਚੋਣ ਉਪਰ ਲਗਾ ਛੱਡਿਆ। ਮੈਂ ਚਾਹੁੰਦਾ ਸਾਂ ਕਿ ਹਰ ਕਿਰਦਾਰ ਲਈ ਮੈਨੂੰ ਐਸੇ ਢੁਕਵੇਂ ਬੰਦੇ ਮਿਲ ਜਾਣ, ਜਿਹੜੇ ਸਟੇਜ ਤੇ ਪੁਜਦਿਆਂ ਹੀ ਠਾਠ ਬੰਨ੍ਹ ਦੇਣ। ਫੇਰ, ਬਾਕੀ ਦੇ ਸਭ ਕਸੂਰ ਮਾਫ ਹੋ ਜਾਣਗੇ।
ਮੀਰ ਸਾਹਿਬ, ਮਿਰਜ਼, ਮੁੰਸ਼ੀ ਬੇਦਿਲ, ਸੇਠ ਸਾਹਿਬ, ਇਸ ਨਾਟਕ ਦੇ ਖਾਸ ਨਿੱਗਰ ਤੇ ਰੋਚਕ ਪਾਤਰ ਸਨ। ਮੀਰ ਲਈ ਮੈਂ ਅੱਬਾਸ ਦੀ ਬਾਂਹ ਫੜ ਲਈ। ਉਹ ਬੜਾ ਛਟਪਟਾਇਆ, ਕਿਉਂਕਿ ਸਟੇਜ ਤੇ ਆਪ ਕੰਮ ਕਰਨ ਦਾ ਕਦੇ ਉਸ ਨੇ ਸੁਪਨਾ ਵੀ ਨਹੀਂ ਸੀ ਵੇਖਿਆ। ਪਰ ਮੇਰੀ ਜਿੱਦ ਅੱਗੇ ਉਹਨੂੰ ਝੁਕਣਾ ਹੀ ਪਿਆ।
ਪਰ ਸਭ ਤੋਂ ਲੁਤਫਦਾਰ ਤਲਾਸ਼ ਮੁੰਸ਼ੀ ਬੇਦਿਲ ਦੇ ਪਾਤਰ ਦੀ ਰਹੀ। ਇਕ ਦਿਨ ਕਾਫੀ ਹਾਅੂਸ ਵਿਚ ਮੈਂ ਚੇਤਨ ਨੂੰ ਇਕ ਠਿੰਗਣੇਂ, ਸੁਕੜੂ ਜਹੇ ਬੰਦੇ ਨਾਲ ਗੱਲਾਂ ਕਰਦੇ ਵੇਖਿਆ। ਮੁੰਸ਼ੀ ਬੇਦਿਲ ਦੀ ਜੀਂਦੀ-ਜਾਗਦੀ ਤਸਵੀਰ ਸੀ ਉਹ। ਉਸ ਵਿਅਕਤੀ ਦਾ ਨਾਂ ਰਸ਼ੀਦ ਖਾਨ ਸੀ (ਜਿਨ੍ਹਾਂ ਨੂੰ ਪਾਠਕ ਨਿਸ਼ਚੇ ਹੀ 'ਅਨੁਰਾਧਾ' 'ਗਰਮ ਕੋਟ' ਤੇ ਕਿਤਨੀਆਂ ਹੀ ਹੋਰ ਫਿਲਮਾਂ ਵਿਚ ਵੇਖ ਚੁੱਕੇ ਹਨ)। ਆਲ ਇੰਡੀਆ ਰੇਡੀਓ ਵਿਚ ਸਟਾਫ ਆਰਟਿਸਟ ਲੱਗੇ ਹੋਏ ਸਨ। ਮੈਂ ਖੰਭ ਝਾੜ ਕੇ ਉਹਨਾਂ ਦੇ ਮਗਰ ਪੈ ਗਿਆ।
ਰਸ਼ੀਦ ਖਾਨ ਨੇ ਜਿਵੇਂ ਮੇਰੀਆਂ ਅੱਖਾਂ ਵਿਚ ਪੜ੍ਹ ਲਿਆ ਕਿ ਮੈਂ ਛੇਤੀ ਹਾਰ ਮੰਨਣ ਵਾਲਾ ਬੰਦਾ ਨਹੀਂ। ਉਹ ਭੈਭੀਤ ਜਿਹੇ ਹੋ ਗਏ। ਕੁਰਸੀ ਨੇੜੇ ਖਿੱਚ ਕੇ ਸੰਜੀਦਗੀ ਨਾਲ ਉਹਨਾਂ ਮੈਨੂੰ ਸਮਝਾਉਣਾ ਸ਼ੂਰੂ ਕੀਤਾ:
"ਦੇਖੀਏ ਸਾਹਬ, ਨਾਟਕੋਂ ਔਰ ਫਿਲਮੋਂ ਮੇਂ ਮੈਂ ਅਪਨੇ ਆਪ ਕੋ ਕਿਸ ਕਦਰ ਤਬਾਹ-ਓ-ਬਰਬਾਦ ਕਰ ਚੁਕਾ ਹੂੰ, ਯਿਹ ਏਕ ਲੰਬੀ ਦਾਸਤਾਨ ਹੈ। ਇਸ ਵਕਤ ਸਿਰਫ ਇਤਨਾ ਕਹਿ ਦੇਨਾ ਕਾਫੀ ਹੈ ਕਿ ਮੁਝੇ ਉਨਕੇ ਨਾਮ ਸੇ ਭੀ ਨਫਰਤ ਹੋ ਚੁਕੀ ਹੈ। ਰੇਡੀਓ ਕੀ ਨੌਕਰੀ ਸੇ ਮੁਝੇ ਬਮੁਸ਼ਕਿਲ ਦੋ ਵਕਤ ਕੀ ਰੋਟੀ ਕਾ ਸਹਾਰਾ ਮਿਲਾ ਹੈ। ਇਸੇ ਮੈਂ ਕਿਸੀ ਸੂਰਤ ਖਤਰੇ ਮੇਂ ਨਹੀਂ ਡਾਲ ਸਕਤਾ।"
"ਲੇਕਿਨ ਨਾਟਕ ਮੇਂ ਕਾਮ ਕਰਨੇ ਸੇ ਆਪ ਕੀ ਨੌਕਰੀ ਕੈਸੇ ਖਤਰੇ ਮੇਂ ਪੜ੍ਹ ਸਕਤੀ ਹੈ? ਦੂਸਰੇ ਲੋਗ ਭੀ ਤੋ ਕਾਮ ਕਰਤੇ ਹੈਂ?" ਮੈਂ ਕਿਹਾ।
"ਯਿਹ ਮੈਂ ਖੁਦ ਬਿਹਤਰ ਜਾਨਤਾ ਹੂੰ।"
"ਲੇਕਿਨ ਆਪਕੋ ਦੇਖਨੇ ਕੇ ਬਾਦ ਅਬ ਮੁਝੇ ਇਸ ਰੋਲ ਕੇ ਲੀਏ ਦੂਸਰਾ ਕੋਈ ਆਦਮੀ ਨਹੀਂ ਜਚ ਸਕਤਾ। ਬਤਾਈਏ ਮੈਂ ਭੀ ਕਿਆ ਕਰੂੰ?"
"ਆਪ ਭਾੜ ਮੇਂ ਜਾਏਂ।" ਇਹ ਕਹਿ ਕੇ ਉਹ ਕੁਰਸੀ ਤੋਂ ਉੱਠ ਕੇ ਬਾਹਰ ਚਲੇ ਗਏ।
ਪੂਰੇ ਚਾਰ ਮਹੀਨੇ ਨਾਟਕ ਦੀਆਂ ਰਿਹਰਸਲਾਂ ਚਲਦੀਆਂ ਰਹੀਆਂ ਤੇ ਪੂਰੇ ਦੋ ਮਹੀਨੇ ਮੈਂ ਰਸ਼ੀਦ ਖਾਨ ਨੂੰ ਉਡੀਕਦਾ ਰਿਹਾ। ਕਿਤਨਾ-ਕਿਤਨਾ ਚਿਰ ਮੈ ਰੇਡੀਓ ਸਟੇਸ਼ਨ ਦੇ ਬਰਾਂਡਿਆਂ ਵਿਚ ਖਲੋਤਾ ਰਹਿੰਦਾ। ਜਦੋਂ ਵੀ ਉਹ ਆਉਂਦੇ-ਜਾਂਦੇ, ਮੈਂ ਹੱਥ ਬੰਨ੍ਹ ਕੇ ਖਲੋ ਜਾਂਦਾ। ਉਹ ਪੁਲਸ ਬੁਲਾਉਣ ਦੀਆਂ ਧਮਕੀਆਂ ਦੇਂਦੇ। ਕਈ ਵਾਰ ਉਹਨਾਂ ਚਪੜਾਸੀ ਨੂੰ ਕਹਿ ਕੇ ਮੈਨੂੰ ਆਪਣੇ ਕਮਰੇ 'ਚੋਂ ਬਾਹਰ ਕਢਵਾਇਆ। ਪਰ ਮੈਂ ਵੀ ਸਬਰ ਦਾ ਸਾਥ ਨਾ ਛੱਡਿਆ। ਰੇਡੀਓ ਸਟੇਸ਼ਨ ਵਿਚ ਮੇਰੀ ਕਾਫੀ ਸਾਖ ਸੀ, ਬੀ. ਬੀ. ਸੀ. ਦਾ ਅਨਾਉਂਸਰ ਜੋ ਰਹਿ ਕੇ ਆਇਆ ਸਾਂ। ਜੇ ਚਾਹੁੰਦਾ ਤਾਂ ਕਿਸੇ ਉੱਚੇ ਅਫਸਰ ਦੀ ਮਦਦ ਨਾਲ ਰਸ਼ੀਦ ਖਾਂ ਨੂੰ ਹਾਸਲ ਕਰ ਸਕਦਾ ਸਾਂ। ਪਰ ਇੰਜ ਕਰਨਾ ਮੈਨੂੰ ਮੁਨਾਸਿਬ ਨਾ ਦਿਸਿਆ।
ਏਧਰ ਅੱਬਾਸ ਤੇ ਦੂਜੇ ਸਾਥੀ ਅੱਧ-ਪਚੱਧੀਆਂ ਰਿਹਰਸਲਾਂ ਤੋਂ ਤੰਗ ਆ ਰਹੇ ਸਨ। ਅਨਾੜੀ ਡਾਇਰੈਕਟਰ ਉੱਤੇ ਲੋਕਾਂ ਨੂੰ ਉਂਜ ਵੀ ਬਹੁਤਾ ਭਰੋਸਾ ਨਹੀਂ ਹੁੰਦਾ। ਕਿਸ਼ਤੀ ਨੂੰ ਭੰਵਰਾਂ ਵਿਚ ਫਸਿਆ ਵੇਖ ਕੇ ਉਹ ਕਿਸੇ ਨਾ ਕਿਸੇ ਬਹਾਨੇ ਸਾਥ ਛੱਡ ਜਾਂਦੇ ਹਨ। ਜਸਵੰਤ ਠੱਕਰ ਮੈਨੂੰ ਸੈੱਟਾਂ ਬਾਰੇ, ਲਾਈਟਿੰਗ ਤੇ ਹੋਰ ਟੈਕਨੀਕਲ ਗੱਲਾਂ ਬਾਰੇ ਪੁੱਛਦਾ। ਮੈਂ ਗੋਲ-ਮੋਲ ਜਵਾਬ ਦੇ ਛਡਦਾ। ਆਨੇ-ਬਹਾਨੇ ਸਾਠੇ ਤੇ ਅੱਬਾਸ ਕਦੇ ਪ੍ਰਿਥਵੀ ਰਾਜ ਕਪੂਰ, ਕਦੇ ਜੈਰਾਜ, ਜਾਂ ਕੇ. ਐਨ. ਸਿੰਘ ਨੂੰ ਰਿਹਰਸਲਾਂ ਵੇਖਣ ਲਈ ਬੁਲਾ ਲੈਂਦੇ। ਉਹ ਇਸ਼ਾਰਿਆਂ ਨਾਲ ਮੈਨੂੰ ਉਹਨਾਂ ਦੀ ਸਹਾਇਤਾ ਲੈਣ ਲਈ ਪ੍ਰੇਰਦੇ। ਪਰ ਮੈਂ ਜਾਣਦਾ ਸਾਂ ਕਿ ਜ਼ਰਾ ਵੀ ਆਤਮ-ਵਿਸ਼ਵਾਸ ਦੀ ਘਾਟ ਪ੍ਰਦਰਸ਼ਤ ਕੀਤੀ ਤਾਂ ਭੱਠਾ ਹੀ ਬੈਠ ਜਾਏਗਾ। ਇਕ ਦਿਨ ਮੈਂ ਜ਼ਰਾ ਸਖਤੀ ਨਾਲ ਮੁਦਾਖਲਤ ਬਰਦਾਸ਼ਤ ਨਾ ਕਰਨ ਦੀ ਸ਼ਰਤ ਫੇਰ ਦੁਹਰਾ ਦਿਤੀ। ਸਾਥੀਆਂ ਦੇ ਚਿਹਰੇ ਤੇ ਮਾਯੂਸੀ ਦੇ ਆਸਾਰ ਸਾਫ ਦਿਸ ਰਹੇ ਸਨ।
ਕੇਵਲ ਇਕ ਜਸਵੰਤ ਠੱਕਰ ਸੀ, ਜਿਸ ਨੇ ਮੈਨੂੰ ਕਦੇ ਛੋਟਾ ਮਹਿਸੂਸ ਨਹੀਂ ਕਰਾਇਆ, ਹਾਲਾਂਕਿ ਮੇਰੀਆਂ ਖਾਮੀਆਂ ਨੂੰ ਸਭ ਤੋਂ ਵਧ ਓਹੀ ਪੜ੍ਹ ਸਕਦਾ ਸੀ। ਰਿਹਰਸਲਾਂ ਵਿਚ ਉਹ ਹਮੇਸ਼ਾਂ ਮੈਥੋਂ ਪਹਿਲਾਂ ਪਹੁੰਚਦਾ ਤੇ ਹਰ ਨਿੱਕੀ-ਮੋਟੀ ਲੋੜ ਦਾ ਖਿਆਲ ਰੱਖਦਾ। ਮੇਰੀ ਇਕ-ਇਕ ਹਰਕਤ ਨੂੰ ਉਹ ਕਦਰ-ਦਾਨ ਨਜ਼ਰਾਂ ਨਾਲ ਵੇਖਦਾ। ਉਸ ਦੀ ਮੌਜੂਦਗੀ ਵਿਚ ਮੈਂ ਖੁਲ੍ਹਾ ਖੁਲ੍ਹਾ ਮਹਿਸੂਸ ਕਰਦਾ, ਜਿਵੇਂ ਕੋਈ ਬਹੁਤ ਹੀ ਪਿਆਰਾ ਦੋਸਤ ਮਿਲ ਗਿਆ ਹੋਵੇ।
ਹੌਲੀ ਹੌਲੀ ਮੈਨੂੰ ਵਿਸ਼ਵਾਸ ਹੋਣ ਲਗ ਪਿਆ ਕਿ ਸਟੇਜ ਦੀਆਂ ਤਕਨੀਕੀ ਜ਼ਰੂਰਤਾਂ ਬਾਰੇ ਉਸ ਦੇ ਹੁੰਦਿਆਂ ਮੈਨੂੰ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ, ਤੇ ਉਹ ਕੋਈ ਬਹੁਤੀਆਂ ਪੇਚੀਦਾ ਵੀ ਨਹੀਂ ਸਨ।
ਇਕ ਦਿਨ ਇਕ ਈਰਾਨੀ ਹੋਟਲ ਵਿਚ ਇਕੱਠੇ ਚਾਹ ਪੀਂਦਿਆਂ ਮੈਂ ਆਪਣੀ ਕਲਪਨਾ ਨੂੰ ਬੇਲਗਾਮ ਛੱਡਦਿਆਂ ਕਿਹਾ, "ਮੇਰਾ ਦਿਲ ਕਰਦੈ, ਸ਼ਾਦੀ ਵਾਲੇ ਸੀਨ ਵਿਚ ਲਾੜੇ ਨੂੰ ਘੋੜੀ ਉਤੇ ਚੜ੍ਹਾ ਕੇ ਵਾਜੇ-ਗਾਜੇ ਨਾਲ ਦਰਸ਼ਕਾਂ ਦੇ ਵਿਚੋਂ ਦੀ ਲਿਆਵਾਂ। ਥੇਟਰ ਦੇ ਇਕ ਦਰਵਾਜ਼ੇ ਵਿਚੋਂ ਬਰਾਤ ਦਾਖਲ ਹੋਵੇ ਤੇ ਦੂਜੇ ਵਿਚੋਂ ਬਾਹਰ ਨਿਕਲ ਜਾਵੇ। ਐਨ ਉਸ ਵੇਲੇ ਪੜਦਾ ਉਠੇ, ਤੇ ਕਹਾਰ ਡੋਲੀ ਲਿਆਉਂਦੇ ਦਿੱਸਣ। ਦਰਪੜਦਾ ਸ਼ਹਿਨਾਈ ਵਜ ਰਹੀ ਹੋਵੇ..."
ਮੇਰਾ ਖਿਆਲ ਸੀ ਕਿ ਐਤਕੀਂ ਜ਼ਰੂਰ ਜਸਵੰਤ ਮੇਰਾ ਮੌਜੂ ਉਡਾਏਗਾ। ਪਰ ਉਹ ਇੰਜ ਕੁਰਸੀ ਤੋਂ ਉਛਲ ਪਿਆ, ਜਿਵੇਂ ਮੈਂ ਅਸਮਾਨ ਤੋਂ ਤਾਰੇ ਤੋੜ ਲਿਆਇਆ ਹੋਵਾਂ। ਮੇਰੇ ਮਨ੍ਹਾਂ ਕਰਦਿਆਂ-ਕਰਦਿਆਂ ਉਹਨੇ ਏਸ ਖਬਤ ਨੂੰ ਅਮਲੀ ਜਾਮਾ ਪਹਿਨਾਉਣ ਦੇ ਆਹਰ ਅਰੰਭ ਦਿਤੇ। ਕਾਵਸਜੀ ਜਹਾਂਗੀਰ ਹਾਲ ਮਿਊਂਨਿਸਪਲਟੀ ਦੇ ਅਧੀਨ ਸੀ। ਉਹਨਾਂ ਹਾਲ ਵਿਚ ਘੋੜਾ ਲਿਆਉਣ ਦੀ ਇਜਾਜ਼ਤ ਦੇਣ ਤੋਂ ਸਾਫ ਇਨਕਾਰ ਕਰ ਦਿਤਾ। ਪਰ ਜਸਵੰਤ ਕਿਥੇ ਹਾਰ ਮੰਨਣ ਵਾਲਾ ਸੀ? ਉਸ ਨੇ ਇਕ ਵਕੀਲ ਦੀ ਮਦਦ ਨਾਲ ਅਧਿਕਾਰੀਆਂ ਅਗੇ ਸਬੂਤ ਪੇਸ਼ ਕੀਤਾ ਕਿ ਸੰਨ 1922 ਵਿਚ ਓਸੇ ਹਾਲ ਵਿਚ ਸਟੇਜ ਉਤੇ ਬਾਂਦਰ ਲਿਆਂਦਾ ਗਿਆ ਸੀ। ਜੇ ਬਾਂਦਰ ਆ ਸਕਦਾ ਹੈ, ਤਾਂ ਘੋੜਾ ਕਿਉਂ ਨਹੀਂ? ਇਜਾਜ਼ਤ ਮਿਲ ਗਈ।
ਜਸਵੰਤ ਆਪਣੀ ਧੁਨ ਵਾਲਾ ਮਸਤ-ਮੌਲਾ ਬੰਦਾ ਸੀ। ਇਪਟਾ ਦੇ ਸਾਥੀ ਉਹਨੂੰ "ਮੈਡ-ਕੈਪ" ਦੇ ਨਾਂ ਨਾਲ ਪੁਕਾਰਦੇ ਸਨ। ਇਕ ਮੈਡ-ਕੈਪ ਦਾ ਹੋਰ ਵਾਧਾ ਹੋਣ ਵਿਚ ਭਲਾ ਜਸਵੰਤ ਨੂੰ ਕੀ ਇਤਰਾਜ਼ ਹੋ ਸਕਦਾ ਸੀ? "ਖੂਬ ਗੁਜ਼ਰੇਗੀ ਜੋ ਮਿਲ ਬੈਠੇਂਗੇ ਦੀਵਾਨੇ ਦੋ!!"
ਅਸੀਂ ਆਪਸ ਵਿਚ ਵਾਹ-ਵਾਹ ਘਿਓ-ਖਿਚੜੀ ਹੋਣ ਲੱਗ ਪਏ। ਉਹਦੇ ਨਾਲ ਮੈਂ ਬੰਬਈ ਦੇ ਗਲੀ-ਕੂਚਿਆਂ ਦੀ ਖੂਬ ਸੈਰ ਕੀਤੀ। ਚੰਗੇ-ਚੰਗੇ ਨਾਟਕ ਵੇਖੇ, ਚੰਗੇ-ਚੰਗੇ ਲੋਕਾਂ ਨੂੰ ਮਿਲਿਆ। ਅੱਬਾਸ ਤੇ ਹੋਰ ਸਾਥੀਆਂ ਨੇ ਕਹਿਣਾ ਸ਼ੁਰੂ ਕੀਤਾ, "ਚਲੋ, ਹੁਣ ਇਹ ਵੀ ਕਮਿਊਨਿਸਟ ਬਣਿਆਂ ਕੇ ਬਣਿਆਂ।" ਮੈਂ ਇਹਨਾਂ ਗੱਲਾਂ ਨੂੰ ਕੰਨ ਵਿਚ ਮਾਰ ਛਡਦਾ ਸੀ। ਜਸਵੰਤ ਕਮਿਊਨਿਸਟ ਸੀ ਜਾਂ ਨਹੀਂ, ਨਾ ਮੈਂ ਉਸ ਤੋਂ ਕਦੇ ਪਛਿਆ, ਤੇ ਨਾ ਹੀ ਉਸ ਨੇ ਕਦੇ ਮੇਰੇ ਨਾਲ ਪਾਲੀਟਿਕਸ ਦੀ ਗੱਲ ਕੀਤੀ। ਮੈਨੂੰ ਇਕ ਚੰਗਾ ਦੋਸਤ ਮਿਲ ਗਿਆ ਸੀ, ਹੋਰ ਮੈਨੂੰ ਕੁਝ ਨਹੀਂ ਸੀ ਚਾਹੀਦਾ। ਨਾ ਮੈਨੂੰ ਇਸ ਗੱਲ ਦੀ ਪਰਵਾਹ ਸੀ ਕਿ ਉਹ ਕਮਿਊਨਿਟ ਹੈ ਜਾਂ ਨਹੀਂ। ਇਪਟਾ ਬਾਰੇ ਮੈਂ ਕਦੇ ਕਦੇ ਸੁਣਦਾ ਸਾਂ ਕਿ ਅੰਦਰੇ-ਅੰਦਰ ਅਲੱਗ-ਅਲੱਗ ਗੁੱਟਾਂ ਦੀ ਖਿਚੋਤਾਣ ਰਹਿੰਦੀ ਹੈ, ਤੇ ਕਮਿਊਨਿਟ ਉਸ ਉਪਰ ਹਾਵੀ ਹਨ। ਪਰ ਕਿਉਂ ਅਤੇ ਕਿਸ ਤਰ੍ਹਾਂ ਹਾਵੀ ਹਨ, ਇਹ ਜਾਣਨ ਦੀ ਮੈਨੂੰ ਨਾ ਫੁਰਸਤ ਸੀ, ਨਾ ਦਿਲਚਸਪੀ। ਮੇਰਾ ਧਿਆਨ ਨਾਟਕ ਵਿਚ ਖੁੱਭਿਆ ਹੋਇਆ ਸੀ।
ਪਾਤਰ-ਨਿਰਦੇਸ਼ਨ ਬਾਰੇ ਅੰਗਰੇਜ਼ੀ ਸਾਹਿਤ ਤੋਂ, ਕਾਲਿਜ ਦੇ ਜ਼ਮਾਨੇ ਵਿਚ ਅਹਿਮਦ ਸ਼ਾਹ ਬੁਖਾਰੀ ਵਰਗੇ ਉੱਚ ਕੋਟੀ ਦੇ ਨਾਟਕ-ਪ੍ਰਬੀਣਾਂ ਤੋਂ, ਤੇ ਲੰਡਨ ਵਿਚ ਵੇਖੇ ਨਾਟਕਾਂ ਤੋਂ ਹਾਸਲ ਕੀਤੀਆਂ ਕਦਰਾਂ ਮੇਰੇ ਬਹੁਤ ਕੰਮ ਆਈਆਂ। ਜ਼ੁਬੈਦਾ ਨਾਟਕ ਭਾਵੇਂ ਚੰਗਾ ਸੀ ਭਾਵੇਂ ਮੰਦਾ, ਮੈਂ ਉਸ ਨੂੰ ਹੁਣ ਇਕ ਪਵਿੱਤਰ ਧਰਮ-ਪੁਸਤਕ ਵਾਂਗ ਵੇਖਦਾ ਤੇ ਸਨਮਾਨਦਾ ਸਾਂ। ਮੇਰਾ ਅਕੀਦਾ ਹੈ ਕਿ ਨਾਟਕ ਦੀ ਚੰਗਿਆਈ-ਬੁਰਿਆਈ ਬਾਰੇ ਡਾਇਰੈਕਟਰ ਨੂੰ ਨਾਟਕ ਹੱਥ ਵਿਚ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਤੇ ਇਕ ਵਾਰੀ ਹੱਥ ਵਿਚ ਲੈ ਕੇ ਫੇਰ ਉਸ ਨੂੰ ਤਨਕੀਦੀ ਨਜ਼ਰ ਨਾਲ ਕਦੇ ਨਹੀਂ ਵੇਖਣਾ ਚਾਹੀਦਾ।
ਡਾਇਰੈਕਟਰ ਦਾ ਕੰਮ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਾ ਨਹੀਂ। ਉਸ ਦਾ ਕੰਮ ਹੈ, ਲੇਖਕ ਦੇ ਆਸ਼ਿਆਂ ਦੀ ਪੂਰਤੀ ਕਰਨਾ। ਉਹਨਾਂ ਨੂੰ ਰੂਪ-ਰੰਗ ਦਾ ਵੇਸ ਦੇ ਕੇ ਦਰਸ਼ਕਾਂ ਦੇ ਸਨਮੁਖ ਨਿਖਾਰਨਾ। ਜਿਹੜੇ ਨਿਰਦੇਸ਼ਕ ਰਿਹਰਸਲਾਂ ਦੇ ਦੌਰਾਨ ਮੂਲ ਨਾਟਕ ਵਿਚ ਮਨ-ਮਾਨੇ ਪਰਿਵਰਤਨ ਕਰਦੇ ਹਨ, ਉਹ ਕੋਈ ਚੰਗਾ ਕੰਮ ਨਹੀਂ ਕਰਦੇ। ਲੇਖਕ ਦੀ ਸਲਾਹ ਲਏ ਬਿਨਾਂ ਪਰੀਵਰਤਨ ਕਰਨਾ ਅੱਯਾਰੀ ਹੈ।
ਅੱਬਾਸ ਦੇ ਨਾਟਕ ਵਿਚ ਬਹੁਤ ਕਮਜ਼ੋਰੀਆਂ ਸਨ। ਮੇਰੇ ਸਾਥੀ ਕਈ ਵਾਰੀ ਉਹਨਾਂ ਵਲ ਮੇਰਾ ਧਿਆਨ ਖਿੱਚਦੇ ਹਨ। ਪਰ ਅੱਬਾਸ ਨਾਲ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਨਾਟਕ ਨੂੰ ਫੇਰ ਗੌਰ ਨਾਲ ਪੜ੍ਹਦਾ, ਤੇ ਹਰ ਸਵਾਲ ਦਾ ਹੱਲ ਨਾਟਕ ਦੇ ਅੰਦਰ ਹੀ ਮੈਨੂੰ ਮਿਲ ਜਾਂਦਾ। ਮੈਂ ਅੱਬਾਸ ਦੀ ਕਾਬਲੀਅਤ ਉਪਰ ਅਸ਼-ਅਸ਼ ਕੀਤੇ ਬਿਨਾਂ ਨਾ ਰਹਿ ਸਕਦਾ। ਭਾਵੇਂ ਕੁਝ ਕਹਿ ਲਓ, ਅੱਬਾਸ ਦੇ ਨਾਟਕਾਂ ਵਿਚ ਇਕ ਮਣਕਾ ਹੁੰਦਾ ਹੈ, ਇਕ ਅਨੋਖਾਪਨ, ਇਕ ਮਨੋਰੰਜਕ ਲੋਚ, ਜੋ ਮੈਂ ਫੇਰ ਹਿੰਦੀ-ਉਰਦੂ ਦੇ ਹੋਰ ਕਿਸੇ ਨਾਟਕਕਾਰ ਵਿਚ ਘਟ-ਵਧ ਈ ਵੇਖਿਆ ਹੈ। ਕਾਸ਼! ਅੱਬਾਸ ਨੇ ਆਪਣੀ ਏਸ ਲਭਤ ਵਲ ਵਿਸ਼ੇਸ਼ ਧਿਆਨ ਦਿੱਤਾ ਹੁੰਦਾ! ਉਹ ਸਿਖਰਾਂ ਛੋਹ ਸਕਦਾ ਸੀ। ਬਾਹਰਹਾਲ ਡਾਇਰੈਕਟਰ ਦੀ ਕਲਪਨਾ ਨੂੰ ਤੁਣਕੇ ਦੇਣ ਲਈ ਅੱਬਾਸ ਦੇ ਨਾਟਕਾਂ ਵਿਚ ਭਰਪੂਰ ਮਸਾਲੇ ਹੁੰਦੇ ਹਨ।
ਰਿਹਰਸਲ ਤੇ ਆਣ ਤੋਂ ਪਹਿਲਾਂ ਮੈਂ ਪਾਤਰ ਦੀਆਂ ਹਰਕਤਾਂ ਦਾ ਪੂਰਾ ਨਕਸ਼ਾ ਮਨ ਵਿਚ ਬਿਠਾ ਲੈਂਦਾ ਸਾਂ, ਜਿਸ ਕਾਰਨ ਕਈ ਵਾਰੀ ਉਹ ਬਹੁਤ ਮਜ਼ੇਦਾਰ ਹੋ ਜਾਂਦੀਆਂ ਸਨ।
ਪਰ ਅਣ-ਸਿਖਿਆ ਅਤੇ ਅਣ-ਗੁੜ੍ਹਿਆ ਹੋਣ ਕਰਕੇ ਮੇਰੇ ਕੋਲੋਂ ਸਖਤ ਗਲਤੀਆਂ ਵੀ ਸਰਜ਼ੱਦ ਹੋ ਜਾਂਦੀਆਂ ਸਨ। ਦੇਵ ਆਨੰਦ ਨੂੰ ਸ਼ੈਦ ਗੁੱਸਾ ਖਾ ਕੇ ਕਦੇ ਮੈਂ ਕਹਿ ਬੈਠਾ, "ਯਾਰ ਤੂੰ ਤਾਂ ਕਦੇ ਐਕਟਰ ਨਹੀਂ ਬਣ ਸਕਦਾ।" ਮੈਨੂੰ ਨਹੀਂ ਯਾਦ। ਸਗੋਂ ਇਹ ਪੱਕੀ ਤਰ੍ਹਾਂ ਯਾਦ ਹੈ ਕਿ ਜਦੋਂ ਉਹਨੂੰ ਪ੍ਰਭਾਤ ਫਿਲਮ ਕੰਪਨੀ ਵਲੋਂ ਇੰਟਰਵੀਊ ਲਈ ਬੁਲਾਵਾ ਆਇਆ, ਤਾਂ ਮੈਂ ਉਹਨੂੰ ਚੇਤਨ ਤੋਂ ਚੋਰੀ ਪੂਨੇ ਨਠਾ ਦਿੱਤਾ ਸੀ, ਅਤੇ ਤਾਕੀਦ ਕੀਤੀ ਸੀ ਕਿ ਜੇ ਉਹ ਉਹਨੂੰ ਕਾਂਟਰੈਕਟ ਪੇਸ਼ ਕਰਨ, ਤਾਂ ਕਿਸੇ ਸੂਰਤ ਇਨਕਾਰ ਨਾ ਕਰੇ, ਭਾਵੇਂ ਸ਼ਰਤਾਂ ਕਿਤਨੀਆਂ ਵੀ ਔਖੀਆਂ ਹੋਣ। ਇੰਜ ਇਕ ਤਰ੍ਹਾਂ ਦੇਵ ਨੂੰ ਫਿਲਮਾਂ ਵਿਚ ਧੱਕਣ ਲਈ ਮੈਂ ਹੀ ਜ਼ਿੰਮੇਵਾਰ ਹਾਂ। ਫੇਰ ਵੀ ਨਾਸਮਝੀ ਵਿਚ ਆਖੀ ਗੱਲ ਦੇਵ ਨੂੰ ਸਖਤ ਚੁੱਭੀ ਸੀ, ਅਤੇ ਫਿਲਮੀ ਪਤਰਕਾਰਾਂ ਨੇ ਇਸ ਨੂੰ ਦਿਲ ਖੋਲ੍ਹ ਕੇ ਉਛਾਲਿਆ ਹੈ।
ਇਸ ਤੋਂ ਸਾਫ ਪ੍ਰਗਟ ਹੁੰਦਾ ਹੈ ਕਿ ਨਿਰਦੇਸ਼ਕ ਨੂੰ ਕਦੇ ਵੀ ਸਵੈ-ਸੰਜਮ ਛੱਡਣਾ ਨਹੀਂ ਚਾਹੀਦਾ, ਕਦੇ ਵੀ ਕੋਈ ਗੱਲ ਐਸੀ ਮੂੰਹੋਂ ਨਹੀਂ ਕੱਢਣੀ ਚਾਹੀਦੀ, ਜਿਸ ਨਾਲ ਕਲਾਕਾਰ ਦਾ ਦਿਲ ਦੁਖੇ ਜਾਂ ਹੌਸਲਾ ਪਸਤ ਹੋਵੇ। ਮੈਂ ਇਕ ਵਾਰੀ ਨਹੀਂ, ਅਨੇਕਾਂ ਵਾਰੀ ਅਜਿਹੀਆਂ ਗਲਤੀਆਂ ਕਰ ਚੁੱਕਿਆ ਹਾਂ, ਜਿਸ ਦਾ ਮੈਨੂੰ ਬੜਾ ਡੂੰਘਾ ਦੁੱਖ ਹੈ। ਉਹ ਮੇਰੀ ਅਗਿਆਨਤਾ ਦਾ ਹੀ ਨਤੀਜਾ ਸਨ।
ਸ਼ੋ ਵਿਚ ਕੇਵਲ ਚਾਰ ਦਿਨ ਬਾਕੀ ਰਹਿ ਗਏ ਸਨ। ਮੁਨਸ਼ੀ ਬੇਦਿਲ ਵਾਲਾ ਮਾਮਲਾ ਹਾਲੇ ਵੀ ਹਵਾ ਵਿਚ ਲਟਕਿਆ ਹੋਇਆ ਸੀ। ਨਾ ਰਸ਼ੀਦ ਖਾਨ ਆਪਣੀ ਜ਼ਿਦ ਛਡਣ ਨੂੰ ਤਿਆਰ ਸਨ, ਨਾ ਹੀ ਮੈਂ। ਪਰ ਕਲਾਕਾਰ ਆਖਰ ਕਲਾਕਾਰ ਹੀ ਹੁੰਦਾ ਹੈ। ਮੇਰੀ ਤਰਸ-ਯੋਗ ਹਾਲਤ ਵੇਖ ਕੇ ਆਖਰ ਉਹਨਾਂ ਨੂੰ ਹੀ ਹਾਰ ਮੰਨਣੀ ਪਈ। ਪਰ ਹੁਣ ਪਾਰਟ ਯਾਦ ਕਰਨ ਦਾ ਸਮਾਂ ਨਹੀਂ ਸੀ ਰਿਹਾ। ਮੁਨਸ਼ੀ ਬੇਦਿਲ ਸਟੇਜ ਉਤੇ ਅਖਬਾਰ ਪੜ੍ਹਦੇ ਹੋਏ ਦਾਖਲ ਹੁੰਦੇ ਸਨ। ਉਸ ਵਿਚ ਉਹਨਾਂ ਆਪਣਾ ਪਾਰਟ ਲੁਕਾ ਕੇ ਰੱਖਿਆ ਹੁੰਦਾ ਸੀ। ਹਰ ਸੀਨ ਵਿਚ ਉਹ ਆਪਣਾ ਪਾਰਟ ਪੜ੍ਹ ਕੇ ਹੀ ਖੇਡਦੇ ਰਹੇ, ਪਰ ਦਰਸ਼ਕਾਂ ਨੂੰ ਇਸ ਗੱਲ ਦਾ ਗੁਮਾਨ ਵੀ ਨਹੀਂ ਹੋਇਆ। ਸਗੋਂ ਜ਼ੁਬੈਦਾ ਨਾਟ ਦੀ ਕਾਮਯਾਬੀ ਬਹੁਤਾ ਕਰਕੇ ਮੁਨਸ਼ੀ ਬੇਦਿਲ ਦੇ ਕਿਰਦਾਰ ਨਾਲ ਹੀ ਜੁੜ ਗਈ। ਇਤਨੀ ਚਰਚਾ ਹੋਈ ਕਿ ਚਾਰੋਨਾਚਾਰ ਵਿਚਾਰੇ ਰਸ਼ੀਦ ਖਾਨ ਨੂੰ ਰੇਡੀਓ ਛੱਡ ਕੇ ਫੇਰ ਫਿਲਮਾਂ-ਨਾਟਕਾਂ ਵਿਚ ਖਪਤ ਹੋਣਾ ਪਿਆ।
ਸ਼ੋ ਵਾਲੇ ਦਿਨ ਤੀਕਰ ਨਾਟਕ ਦੀ ਕਿਸ਼ਤੀ ਡਾਂਵਾਂ ਡੋਲ ਰਹੀ। ਐਨ ਪੜਦਾ ਉੱਠਣ ਤੋਂ ਪਹਿਲਾਂ ਚੇਤਨ ਨੂੰ ਸਖਤ ਦਮੇਂ ਦਾ ਦੌਰਾ ਛਿੜ ਪਿਆ, ਅਤੇ ਛੇਤੀ ਛੇਤੀ ਮੇਕ-ਅਪ ਕਰਕੇ ਹੀਰੋ ਦਾ ਰੋਲ ਮੈਨੂੰ ਆਪ ਕਰਨਾ ਪਿਆ। ਮੈਂ ਉਸ ਦੀਆਂ ਰਿਹਰਸਲਾਂ ਤਾਂ ਨਹੀਂ ਸਨ ਕੀਤੀਆਂ ਹੋਈਆਂ, ਪਰ ਡਰਾਮਾ ਸ਼ੁਰੂ ਤੋਂ ਅਖੀਰ ਤਕ ਮੈਨੂੰ ਯਾਦ ਹੋ ਚੁੱਕਿਆ ਸੀ। ਏਸ ਕਰਕੇ ਬਚਾਅ ਹੋ ਗਿਆ। ਕਿਸਮਤ ਨਾਲ ਮੈਂ ਔਖੇ ਵੇਲੇ ਸਹਾਇਕ ਹੋਣ ਲਈ, ਆਪਣੇ ਨਿੱਕੇ ਵੀਰ ਭਸ਼ਿਮ ਸਾਹਣੀ ਨੂੰ ਰਾਵਲਪਿੰਡੀਓਂ ਬੁਲਾ ਲਿਆ ਸੀ। ਪਹਿਲੇ ਸ਼ੋ ਵਿਚ ਉਹਨੇ ਇਕ ਨਹੀਂ ਘਟੋ ਘਟ ਤਿੰਨ ਨਿਕੇ ਕਿਰਦਾਰ, ਮੇਕ-ਅਪ ਬਦਲ ਬਦਲ ਕੇ, ਬੜੀ ਖੁਸ਼ ਅਸਲੂਬੀ ਨਾਲ ਨਿਭਾਏ। ਇਕ ਸੀਨ ਵਿਚ ਉਹ ਮਿਊਂਸਪਲਟੀ ਦੇ ਕਰਮਚਾਰੀ ਦੇ ਰੂਪ ਵਿਚ ਗਲੀ ਦੀ ਲਾਲਟੈਣ ਜਗਾਣ ਆਇਆ, ਜਿਸ ਹੇਠਾਂ ਮੂੜ੍ਹਿਆਂ ਤੇ ਬਹਿ ਕੇ ਮੀਰ ਸਾਹਿਬ, ਮਿਰਜ਼ਾ, ਸੇਠ ਸਾਹਬ ਅਤੇ ਮੁਨਸ਼ੀ ਬੇਦਿਲ ਦੀ ਗੱਪ ਗੋਸ਼ਟੀ ਹੁੰਦੀ ਸੀ। ਪਾਰਟ ਨਾ ਉਹਨੂੰ ਯਾਦ ਸੀ, ਨਾ ਮੁਨਸ਼ੀ ਬੇਦਿਲ ਨੂੰ। ਪਤਾ ਨਹੀਂ ਕਿਸ ਗੱਲ ਤੋਂ ਦੋਵੇਂ ਇਕ ਦੂਜੇ ਨਾਲ ਤੜਿੰਗ ਹੋ ਪਏ। ਉਹ ਝਪਟ ਇਤਨੀ ਸੁਭਾਵਕ, ਸੁਆਦਲੀ ਅਤੇ ਮਜ਼ੇਦਾਰ ਸਿੱਧ ਹੋਈ ਕਿ ਸਦਾ ਲਈ ਡਰਾਮੇ ਦਾ ਭਾਗ ਬਣ ਗਈ।
ਤਮਾਮ ਮੁਸ਼ਕਲਾਂ ਦੇ ਬਾਵਜੂਦ ਨਾਟਕ ਨੂੰ ਆਸ ਤੋਂ ਵਧ ਕਾਮਯਾਬੀ ਹਾਸਲ ਹੋਈ। ਦਰਸ਼ਕਾਂ ਦੇ ਐਨ ਵਿਚਕਾਰੋਂ ਜਦੋਂ ਬੈਂਡ ਅਤੇ ਘੋੜੀ ਸਮੇਤ ਲਾੜੇ ਦੀ ਬਰਾਤ ਢੁੱਕੀ, ਤਾਂ ਥੇਟਰ ਦੀਆਂ ਕੰਧਾਂ ਤਾੜੀਆਂ ਦੀ ਕੜਕਾਰ ਨਾਲ ਕੰਬ ਗਈਆਂ।

8
ਅਚਨਚੇਤ ਇਕ ਦਿਨ ਸ਼ੂਟਿੰਗ ਦਾ ਬੁਲਾਵਾ ਆ ਗਿਆ - ਜ਼ਿੰਦਗੀ ਵਿਚ ਮੇਰੀ ਪਹਿਲੀ ਸ਼ੂਟਿੰਗ। ਸ਼ਾਮੀ ਸੱਤ ਵਜੇ ਕਾਰਦਾਰ ਸਟੂਡੀਓ ਪਹੁੰਚਣਾ ਸੀ। ਇਪਟਾ ਦੀ ਇਕ ਮੀਟਿੰਗ ਅਧ-ਵਿਚਾਲੇ ਛਡ ਕੇ ਮੈਂ ਐਨ ਵਕਤ ਸਿਰ ਚਰਨੀ ਰੋਡ ਸਟੇਸ਼ਨ ਤੋਂ ਗੱਡੀ ਫੜ ਲਈ। ਸ਼ੂਟਿੰਗ ਸ਼ਬਦ ਸੁਣ ਕੇ ਸਾਥੀਆਂ ਉਪਰ ਬਿਜਲੀ ਦਾ ਕਰੰਟ ਛੋਹ ਜਾਣ ਵਾਲਾ ਪ੍ਰਤੀਕਰਮ ਹੋਇਆ ਸੀ, ਜਿਵੇਂ ਪਲ ਦੋ ਪਲ ਵਿਚ ਮੈਂ ਉਹਨਾਂ ਦੇ ਪ੍ਰੇਮ ਦਾ ਨਹੀਂ ਸਗੋਂ ਈਰਖਾ ਦਾ ਪਾਤਰ ਬਣ ਗਿਆ ਹੋਵਾਂ। ਅਤੇ ਉਸ ਦਿਨ ਤੋਂ ਲੈ ਕੇ ਅਜ ਤਕ ਮੈਂ ਇਹੋ ਤ੍ਰਹਿਕਵਾਂ ਪ੍ਰਤੀਕਰਮ ਆਪਣੇ ਆਲੇ-ਦੁਆਲੇ, ਘਰ ਵਿਚ, ਤੇ ਘਰੋਂ ਬਾਹਰ ਵੀ ਹਮੇਸ਼ਾਂ ਵੇਖਿਆ ਹੈ। ਸ਼ੂਟਿੰਗ ਹਰ ਕਿਸੇ ਦੀ ਨਜ਼ਰ ਵਿਚ ਵਿਸਮਾਦੀ, ਤਲਿਸਮੀ ਚੀਜ਼ ਹੈ। ਉਹ ਇਕ ਮਨੁੱਖ ਨੂੰ ਦੂਜੇ ਮਨੁੱਖਾਂ ਤੋਂ ਵਿਰਲਾ ਤੇ ਉਚੇਰਾ ਬਣਾ ਦੇਂਦੀ ਹੈ। ਸ਼ੂਟਿੰਗ ਕਰਦੇ ਕਲਾਕਾਰ ਦਾ ਸਿੰਘਾਸਨ ਕਾਇਮ, ਤੇ ਨਾ ਕਰਦੇ ਦਾ ਹਿੱਲਿਆ ਹੋਇਆ ਰਹਿੰਦਾ ਹੈ। ਐਵੇਂ ਹੀ ਕੋਈ ਪੁੱਛ ਬੈਠੇ, "ਅਜ ਤੁਹਾਡੀ ਸ਼ੂਟਿੰਗ ਨਹੀਂ!" ਤਾਂ ਵਡੇ ਤੋਂ ਵਡਾ ਸਟਾਰ ਵੀ ਥਿੜਕ ਜਾਂਦਾ ਹੈ। ਕਾਰਨ ਇਹ ਕਿ ਇਸ ਸਵਾਲ ਨਾਲ, ਕਿਤੇ ਦੂਰ ਸਾਰੇ, ਇਕ ਖਤਰੇ ਦੀ ਘੰਟੀ ਬੱਝੀ ਹੋਈ ਹੈ, ਜਿਸ ਦੀ 'ਵਾਜ ਫਿਲਮ-ਸਟਾਰ ਦੇ ਕੰਨਾਂ ਨੂੰ ਚੰਗੀ ਨਹੀਂ ਲਗਦੀ।
ਮੈਨੂੰ ਸੱਤ ਵਜੇ ਦਾ ਟਾਈਮ ਦਿੱਤਾ ਗਿਆ ਸੀ, ਪਰ ਸਟੂਡੀਓ ਜਾ ਕੇ ਪਤਾ ਲੱਗਾ ਕਿ ਸ਼ਿਫਟ ਨੌਂ ਵਜੇ ਸ਼ੁਰੂ ਹੋਵੇਗੀ। ਇਤਨਾ ਪਹਿਲੇ ਕਿਉਂ ਬੁਲਾ ਲਿਆ ਮੈਨੂੰ? ਅੱਠ ਵਜੇ ਤਕ ਤਾਂ ਫਨੀ-ਦਾ ਦੇ ਸਹਾਇਕਾਂ ਨੇ ਵੀ ਦਰਸ਼ਨ ਨਾਂ ਦਿਤੇ, ਪਰ ਮੈਂ ਇਸ ਗੱਲ ਉਤੇ ਬਹੁਤਾ ਗੌਰ ਨਾ ਕੀਤਾ - ਪਹਿਲੀ ਸ਼ੂਟਿੰਗ ਦਾ ਚਾਅ ਜੋ ਸੀ। ਅਸਲ ਵਿਚ, ਅਜਿਹੇ ਅਪਮਾਨ ਛੋਟੇ ਕਲਾਕਾਰਾਂ ਦਾ ਦਿਮਾਗ ਠੀਕ ਥਾਂ ਰਖਣ ਲਈ ਕੀਤੇ ਜਾਂਦੇ ਹਨ। ਵੱਡੇ ਕਲਾਕਾਰ, ਅਰਥਾਤ ਸਟਾਰ, ਆਪਣੀ ਮਰਜ਼ੀ ਦੇ ਮਾਲਕ, ਸ਼ਿਫਟ ਸ਼ੁਰੂ ਹੋਣ ਤੋਂ ਦੋ-ਦੋ, ਚਾਰ-ਚਾਰ ਘੰਟੇ ਦੇਰ ਨਾਲ ਆਉਂਦੇ ਹਨ, ਪਰ ਉਹਨਾਂ ਦੀ ਹਰ ਕੱਜ-ਅਦਾਈ ਦਾ ਮੁਸਕਰਾਹਟਾਂ ਨਾਲ ਸੁਆਗਤ ਕਰਨਾ, ਪ੍ਰੋਡੀਊਸਰ, ਡਾਇਰੈਕਟਰ, ਤੇ ਯੂਨਿਟ ਦੇ ਹਰ ਇਕ ਕਰਮਚਾਰੀ ਦਾ ਫਰਜ਼ ਹੋ ਜਾਂਦਾ ਹੈ। ਤੇ ਇੰਜ ਕੀਤਿਆਂ ਸਵੈ-ਮਾਣ ਵਿਚ ਪਈਆਂ ਤਰੇੜਾਂ ਥੁੱਕ ਲਾ ਕੇ ਜੋੜਨ ਲਈ ਛੋਟੇ ਕਲਾਕਾਰਾਂ ਨੂੰ ਬਿਲਾ-ਵਜ੍ਹਾ ਫਟਕਾਰਿਆ ਤੇ ਜ਼ਲੀਲ ਕੀਤਾ ਜਾਂਦਾ ਹੈ। ਉਹਨਾਂ ਦੀ ਲਾਚਰੀ ਉਹਨਾਂ ਨੂੰ ਅੱਗੋਂ ਕੁਸਕਣ ਜੋ ਨਹੀਂ ਦੇਂਦੀ, ਕਿਉਂਕਿ ਕਿਸੇ ਵਕਤ ਵੀ ਉਹਨਾਂ ਨੂੰ ਕੰਨੋਂ ਫੜ ਕੇ ਹਟਾਇਆ ਜਾ ਸਕਦਾ ਹੈ। ਹਾਂ, ਪਰ ਜੇ ਕਿਸੇ ਛੋਟੇ ਕਲਾਕਾਰ ਨੂੰ ਰੱਬ-ਸਬੱਬੀ ਕਿਸਮਤ ਉਤਾਂਹ ਚੁੱਕ ਲਏ, ਤਾਂ ਫੇਰ ਗਿਣ ਗਿਣ ਕੇ ਬਦਲੇ ਲੈਣ ਦਾ ਉਸ ਦਾ ਸਮਾਂ ਆ ਜਾਂਦਾ ਹੈ, ਹਾਲਾਂ ਕਿ ਛੋਟੇ ਕਲਾਕਾਰਾਂ ਦੀ ਮਦਦ ਕਰਨ ਦਾ, ਜਿਨ੍ਹਾਂ ਵਿਚੋਂ ਉਹ ਉਗਮਿਆਂ ਸੀ, ਉਹਨੂੰ ਵੀ ਕੋਈ ਖਿਆਲ ਨਹੀਂ ਰਹਿੰਦਾ।
ਸੈੱਟ ਸਟੂਡੀਓ ਦੇ ਹਾਤੇ ਵਿਚ ਲਾਇਆ ਗਿਆ ਸੀ - ਕਿਸੇ ਅਮੀਰ ਆਦਮੀ ਦੇ ਵਿਹੜੇ ਤੇ ਬਗੀਚੇ ਦਾ ਸੈੱਟ। ਸਾਢੇ ਨੌਂ ਕੁ ਵਜੇ ਫਨੀ-ਦਾ ਤਸ਼ਰੀਫ ਲਿਆਏ, ਤੇ ਕੈਮਰਾਮੈਨ ਘੋਸ਼ ਨੇ ਹੌਲੀ-ਹੌਲੀ ਲਾਈਟਿੰਗ ਅਰੰਭ ਕੀਤੀ। ਗਿਆਰਾਂ ਕੁ ਵਜੇ ਸਟੂਡੀਓ ਦੇ ਫਾਟਕ ਵਿਚ ਫਿਲਮ ਦੇ ਕੁਝ ਇਕ ਮੁਖ-ਪਾਤਰਾਂ ਦੀਆਂ ਮੋਟਰਾਂ ਦਾਖਲ ਹੋਈਆਂ - ਚਾਰਲੀ (ਸਣੇ ਆਪਣੇ ਐਲਸੇਸ਼ੀਅਨ ਕੁੱਤੇ ਦੇ), ਆਗਾ, ਡੇਵਿਡ, ਕੁਸਮ, ਦੇਸ਼ ਪਾਂਡੇ, ਸੁਨਾਲਿਨੀ ਦੇਵੀ। ਇਹ ਲੋਕ ਤਾਜ-ਮਹੱਲ ਦੀ ਕਿਸੇ ਡਿਨਰ ਪਾਰਟੀ ਤੋਂ ਆ ਰਹੇ ਸਨ। ਮਰਦਾਂ ਨੇ ਆਕੜੀਆਂ ਹੋਈਆਂ, ਤਿੱਤਲੀ-ਕਾਲਰ ਕਮੀਜ਼ਾਂ ਦੇ ਕਾਲੇ ਡਿਨਰ-ਸੂਟ ਪਾਏ ਹੋਏ ਸਨ, ਜਿਨ੍ਹਾਂ ਦੀ ਜੰਗ ਦੇ ਜ਼ਮਾਨੇ ਇੰਗਲਿਸਸਤਾਨ ਵਿਚ ਮੈਂ ਮਨਾਹੀ ਜਿਹੀ ਵੇਖੀ ਸੀ। ਉਹਨਾਂ ਦੇ ਆਉਂਦਿਆਂ ਸਾਰ ਮੇਜ਼ ਉਤੇ ਚਿੱਟਾ ਕਪੜਾ ਵਛਾ ਦਿੱਤਾ ਗਿਆ, ਝਮ-ਝਮ ਕਰਦੇ ਚੀਨੀ ਦੇ ਸੈੱਟ ਵਿਚ ਸੈਂਡਵਿਚਾਂ ਤੇ ਕਾਫੀ ਆ ਗਈ। ਮੈਂ ਕਦੇ ਬੀ. ਬੀ. ਸੀ. ਵਿਚ ਵੀ ਇਤਨੇ ਨਵਾਬੀ ਠਾਠ ਨਾਲ ਕੰਮ ਹੁੰਦਾ ਨਹੀਂ ਸੀ ਵੇਖਿਆ। ਅਜੀਬ-ਅਜੀਬ ਲੱਗਾ। ਕੀ ਇਹ ਉਹੀ ਮੁਲਕ ਸੀ, ਜਿਥੇ ਸਾਲ ਭਰ ਪਹਿਲਾਂ ਲੱਖਾਂ ਆਦਮੀ ਭੁੱਖ ਨਾਲ ਮਰ ਗਏ ਸਨ, ਤੇ ਜਿਥੇ ਸੰਨ 52 ਦੇ ਦਮਨ-ਚੱਕਰ ਵਿਚ ਫੜੇ ਹੋਏ ਲੱਖਾਂ ਦੇਸ਼-ਭਗਤ ਅਜੇ ਵੀ ਜੇਲ੍ਹ ਵਿਚ ਸੜ ਰਹੇ ਸਨ? ਹਿੰਦੁਸਤਾਨ ਵਪਾਰੀਆਂ ਦਾ ਦੇਸ਼ ਹੈ, ਪਰ ਅਜੇ ਮੈਂ ਉਹਨਾਂ ਵਪਾਰੀਆਂ ਦਾ ਆਦੀ ਨਹੀਂ ਸਾਂ ਹੋਇਆ। ਨਵਾਂ ਨਵਾਂ ਜੋ ਆਪਣੇ ਮੁਲਕ ਪਰਤਿਆ ਸਾਂ।
ਕਾਫੀ ਪੀ ਕੇ ਸਟਾਰ ਰੁਖਸਤ ਹੋ ਗਏ। ਉਹਣਾਂ ਦਾ ਕੰਮ ਕਰਨ ਦਾ "ਮੂਡ" ਨਹੀਂ ਸੀ ਬਣ ਰਿਹਾ, ਸੈੱਟ ਦਾ ਪਹਿਲਾ ਦਿਨ ਸੀ। ਖੋਰੇ ਸਜਾਵਟ ਤੇ ਲਾਈਟਿੰਗ ਵਿਚ ਹੋਰ ਕਿਤਨਾ ਚਿਰ ਲਗ ਜਾਏ। ਫਨੀ-ਦਾ ਨੇ ਉਹਨਾਂ ਨੂੰ ਕੰਮ ਅਗਲੇ ਦਿਨ ਤੇ ਪਾ ਕੇ, ਖਿੜੇ ਮੱਥੇ ਰੁਖਸਤ ਕਰ ਦਿਤਾ। ਬਾਕੀ ਰਹਿ ਗਿਆ ਮੈਂ, ਤੇ ਫਿਲਮ ਦਾ ਹੀਰੋ, ਨਵੀਨ ਯਾਗਨਿਕ, ਜੋ ਸਟਾਰਪਣੇ ਦੀ ਮੁਹਾਠ ਤੱਕ ਚਿਰਾਂ ਦਾ ਪੁੱਜਿਆ ਹੋਇਆ ਸੀ, ਪਰ ਅਜੇ ਟੱਪਿਆ ਨਹੀਂ ਸੀ। ਜਦੋਂ ਅਸੀਂ ਕਾਫੀ ਪੀ ਰਹੇ ਸਾਂ, ਤਾਂ ਉਹ ਅੰਦਰ ਮੇਕ-ਅਪ ਕਰ ਰਿਹਾ ਸੀ, ਤੇ ਹੁਣ ਚੁੱਪ ਚਾਪ ਇਕ ਕੁਰਸੀ ਤੇ ਆ ਕੇ ਬਹਿ ਗਿਆ। ਉਹਨੇ ਨੀਲੇ ਰੰਗ ਦਾ ਕੁਰਤਾ-ਪਜਾਮਾ ਪਾਇਆ ਹੋਇਆ ਸੀ, ਜੋ ਉਸ ਦੇ ਮੇਕ-ਅਪ ਨਾਲ ਮਿਲ ਕੇ ਬੜਾ ਹਨੂੰਮਾਨੀ ਜਿਹਾ ਪ੍ਰਭਾਵ ਪੈਦਾ ਕਰ ਰਿਹਾ ਸੀ। ਜਦੋਂ ਗੱਲ-ਬਾਤ ਸ਼ੁਰੂ ਹੋਈ ਤਾਂ ਨਵੀਨ ਨੇ ਦਸਿਆ ਕਿ ਪਰਦੇ ਉਤੇ ਇਹਨਾਂ ਕਪੜਿਆਂ ਦਾ ਰੰਗ ਚਿੱਟਾ ਹੀ ਆਵੇਗਾ। ਇਕ ਦਮ ਚਿੱਟੇ ਕਪੜੇ ਰੰਗੀਨ ਫਿਲਮ ਵਿਚ ਤਾਂ ਪਾਏ ਜਾ ਸਕਦੇ ਹਨ, ਪਰ ਕਾਲੀ-ਚਿੱਟੀ ਫਿਲਮ ਵਿਚ ਨਹੀਂ। ਉਹਨਾਂ ਦਾ ਲਿਸ਼ਕਾਰਾ ਕੈਮਰਾਮੈਨ ਦੇ ਕੰਮ ਵਿਚ ਉਲਝਣਾਂ ਪੈਦਾ ਕਰਦਾ ਹੈ।
"ਪਰ ਅਜਿਹੇ ਬੌਂਗੇ ਕਪੜੇ ਪਾ ਕੇ, ਤੇ ਮੂੰਹ ਉਤੇ ਇਤਨਾ ਗਾੜ੍ਹਾ ਮੇਕ-ਅੱਪ ਥੱਪ ਕੇ ਕੀ ਕਲਾਕਾਰ ਦੀ ਮਾਨਸਿਕ ਸੁਹਜ-ਸੁਭਾਵਕਤਾ ਨਸ਼ਟ ਨਹੀਂ ਹੋ ਜਾਂਦੀ?" ਮੈਂ ਪੁਛਿਆ।
"ਆਦਤ ਹੋ ਜਾਂਦੀ ਹੈ।" ਨਵੀਨ ਸੰਖੇਪ ਜਿਹਾ ਜਵਾਬ ਦੇ ਕੇ ਚੁੱਪ ਹੋ ਗਿਆ। ਮੈਨੂੰ ਬੜੀ ਹੈਰਾਨੀ ਹੋਈ। ਅਭਿਨੈ-ਕਲਾ ਬਾਰੇ ਜਿਤਨਾ ਕੁਝ ਪੜ੍ਹਿਆ-ਗੁੜ੍ਹਿਆ ਸੀ, ਉਸ ਦੇ ਅਧਾਰ ਉਤੇ ਸੁਭਾਵਿਕਤਾ ਤੇ ਕੁਦਰਤੀਪਣ ਸਭ ਤੋਂ ਜ਼ਰੂਰੀ ਚੀਜ਼ ਸੀ। ਮੇਰੇ ਮਹੱਤਵਪੂਰਨ ਸਵਾਲ ਦਾ ਹੀਰੋ ਨੇ ਸ਼ਾਇਦ ਮਤਲਬ ਨਹੀਂ ਸਮਝਿਆ, ਮੈਂ ਸੋਚਿਆ।
ਨਵੀਨ ਦਾ ਚੌੜਾ ਸਪਾਟ ਜਿਹਾ ਚਿਹਰਾ ਪਹਿਲੀ ਨਜ਼ਰੇ ਮੈਨੂੰ ਹੁਸੀਨ ਨਹੀਂ ਸੀ ਲੱਗਿਆ। ਮੈਨੂੰ ਹੋਛੀ ਜਿਹੀ ਤਸੱਲੀ ਹੋਈ ਸੀ ਕਿ ਸਕਰੀਨ ਉਤੇ ਮੈਂ ਉਸ ਤੋਂ ਵਧ ਹੁਸੀਨ ਦਿਸਾਂਗਾ। ਪਰ ਹੱਸਣ ਵੇਲੇ, ਮੈਂ ਵੇਖਿਆ, ਉਸ ਦੀਆਂ ਗੱਲ੍ਹਾਂ ਵਿਚ ਕਲਾਰਕ ਬੇਗਲ ਵਰਗੇ ਡੂੰਘ ਪੈਂਦੇ ਸਨ। ਉਸ ਦੀ ਠਹਿਰੀ ਹੋਈ ਤੇ ਸੰਜੀਦਾ ਤਬੀਅਤ ਨੇ ਵੀ ਮੇਰੇ ਉਪਰ ਬੜਾ ਚੰਗਾ ਪ੍ਰਭਾਵ ਪਾਇਆ।
ਨਵੀਨ ਯਾਗਨਿਕ ਦੇ ਭਾਗਾਂ ਵਿਚ ਲੰਮਾ ਜੀਣਾ ਨਹੀਂ ਸੀ ਲਿਖਿਆ। ਉਸ ਫਿਲਮ ਦੇ ਮੁਕੰਮਲ ਹੋਣ ਤੋਂ ਕੁਝ ਸਾਲ ਪਿਛੋਂ ਉਹ ਮਿਆਦੀ ਬੁਖਾਰ ਦਾ ਸ਼ਿਕਾਰ ਹੋ ਕੇ ਗੁਜ਼ਰ ਗਿਆ ਸੀ। ਬੜੀ ਨਾਗਹਾਨੀ ਮੌਤ ਸੀ ਉਹ। ਫਿਲਮਾਂ ਅੰਦਰ ਗੁਜ਼ਾਰੇ ਸਮੇਂ ਵਿਚ ਨਵੀਨ ਨੇ ਬੜੇ ਚੰਗੇ-ਚੰਗੇ ਕੰਮ ਕੀਤੇ ਸਨ - ਐਕਸਟਰਾਵਾਂ ਤੇ ਸਟੂਡੀਓ-ਮਜ਼ਦੂਰਾਂ ਦੀਆਂ ਯੁਨੀਅਨਾਂ ਬਣਾਈਆਂ, ਨਿਆਂ ਲਈ ਜਦੋਜਹਿਦ ਕੀਤੀ। ਉਸ ਦੇ ਇਕ ਹੋਰ ਸਰਗਰਮ ਸਾਥੀ ਨੂੰ, ਜਿਸ ਦਾ ਨਾਂ ਕ੍ਰਿਸ਼ਨ ਕੁਮਾਰ ਸੀ, ਏਸੇ ਸੇਵਾ ਬਦਲੇ ਗੁੰਡਿਆਂ ਨੇ ਕਤਲ ਕਰ ਦਿੱਤਾ ਸੀ। ਮੈਂ ਉਹਨਾਂ ਨੇਕ ਤੇ ਨਿੱਡਰ ਦੋਹਾਂ ਬੰਦਿਆਂ ਨੂੰ ਸਲਾਮ ਕਰਦਾ ਹਾਂ। ਨਵੀਨ ਕੋਲੋਂ ਉੱਠ ਕੇ ਹੁਣ ਮੈਂ ਵੀ ਮੇਕ-ਅੱਪ ਕਰਨ ਚਲਾ ਗਿਆ। ਮੇਕ-ਅੱਪ-ਮੈਨ ਦਾ ਨਾਂ ਸਵਾਮੀ ਸੀ। ਅਜੇ ਵੀ ਕਦੇ-ਕਦੇ ਸਟੂਡੀਓ ਵਿਚ ਉਸ ਦੇ ਦਰਸ਼ਨ ਹੋ ਜਾਂਦੇ ਹਨ। ਪਿਛਲੇ ਵੀਹਾਂ ਸਾਲਾਂ ਵਿਚ ਉਸ ਦੀ ਆਰਥਕ ਦਸ਼ਾ ਜ਼ਰਾ ਵੀ ਨਹੀਂ ਬਦਲੀ। ਉਹ ਇਕ ਥਾਂ ਕਾਇਮ ਹੀ ਰਹੀ ਹੋਵੇ - ਸ਼ਾਇਦ ਇਹ ਵੀ ਨਹੀਂ ਆਖਿਆ ਜਾ ਸਕਦਾ। ਏਸ ਆਦਮਖੋਰ ਫਿਲਮੀ ਧੰਦੇ ਅੰਦਰ ਸੌ ਚੋਂ ਨੜਿੰਨਵੇਂ ਕਿਰਤੀਆਂ ਦੀ ਇਹੋ ਕਹਾਣੀ ਹੈ।

ਮੈਨੂੰ ਆਪਣਾ ਮੇਕ-ਅੱਪ ਕੀਤਾ ਮੁਖੜਾ ਐਤਕੀਂ ਉਤਨਾ ਨਹੀਂ ਜਚਿਆ ਜਿਤਨਾ ਪੂਨੇ ਵਿਚ ਜਚਿਆ ਸੀ ਲੰਬੂਤਰਾ ਜਿਹਾ ਤੇ ਝੰਵਿਆਂ-ਝੰਵਿਆਂ ਜਾਪ ਰਿਹਾ ਸੀ। ਕੀ ਮੇਕ-ਅਪ ਠੀਕ ਨਹੀਂ ਸੀ ਹੋਇਆ? ਜਾਂ ਸ਼ੀਸ਼ੇ ਉਪਰ ਲਾਈਟਾਂ ਬਹੁਤ ਉੱਚੀਆਂ ਲੱਗੀਆਂ ਹੋਣ ਕਾਰਨ ਲਿੱਸਾ ਦਿਸ ਰਿਹਾ ਸੀ?
ਕੁਝ ਦਿਨ ਪਹਿਲਾਂ ਲੈਮਿੰਗਟਨ ਰੋਡ ਉਤੇ ਮਿਸਟਰ ਭਵਨਾਨੀ ਮਿਲੇ ਸਨ। ਇਕ ਵਾਰੀ ਆਪਣੇ ਘਰ ਉਹ ਮੈਨੂੰ ਤੇ ਚੇਤਨ ਨੂੰ ਡਿਨਰ ਉਤੇ ਵੀ ਬੁਲਾ ਚੁੱਕੇ ਸਨ। ਉਦੋਂ ਆਸ ਹੋਈ ਕਿ ਪੁਰਾਣੀ ਜਾਣ-ਪਛਾਣ ਦਾ ਖਿਆਲ ਕਰਕੇ ਉਹ ਜ਼ਰੂਰ ਮੇਰੀ ਕੁਝ ਮਦਦ ਕਰਨਗੇ। ਖਾਣਾ ਉਹਨਾਂ ਬੜਾ ਵਧੀਆ ਖੁਆਇਆ, ਪਰ ਮੇਰੇ ਦਿਲ ਦੀ ਗੱਲ ਦਾ ਉਹਨਾਂ ਜ਼ਿਕਰ ਤੱਕ ਨਹੀਂ ਸੀ ਕੀਤਾ। ਤੇ ਲੈਮਿੰਗਟਨ ਰੋਡ ਵਾਲੀ ਮੁਲਾਕਾਤ ਵਿਚ ਤਾਂ ਹੋਰ ਵੀ ਨਿਰਾਸ ਕਰ ਗਏ ਸਨ। ਉਹਨਾਂ ਕਿਹਾ, "ਮੇਰੇ ਕਹਿਣ ਦਾ ਬੁਰਾ ਨਾ ਮੰਨਣਾ, ਮਿਸਟਰ ਸਾਹਣੀ, ਪਰ ਹੁਣ ਤੁਹਾਡੇ ਚਿਹਰੇ ਉਪਰ ਉਹ ਭਰਵਾਂ ਸੁਹੱਪਣ ਨਹੀਂ, ਜੋ ਮੈਂ ਕਸ਼ਮੀਰ ਵੇਖਿਆ ਸੀ ਤੁਸੀਂ ਕੁਝ-ਕੁਝ ਗੈਰੀ ਕੂਪਰ ਵਾਂਗ ਦਿਸਣ ਲੱਗ ਗਏ ਹੋ।"
ਗੈਰੀ ਕੂਪਰ! ਸੰਸਾਰ ਦਾ ਸਭ ਤੋਂ ਲੋਕ ਪ੍ਰੀਅ ਫਿਲਮੀ ਹੀਰੋ! ਤੇ ਉਸ ਨਾਲ ਮੇਰੀ ਸਮਾਨਤਾ ਭਵਨਾਨੀ ਸਾਹਿਬ ਨੂੰ ਗੁਣ ਨਹੀਂ, ਦੋਸ਼ ਜਾਪ ਰਹੀ ਸੀ।
ਮੇਰਾ ਬੜਾ ਦਿਲ ਦੁਖਿਆ ਸੀ। ਕਦੇ ਕਦੇ ਮੈਂ ਭਵਨਾਨੀ ਸਾਹਿਬ ਨੂੰ ਆਪਣੇ ਘਰ ਠਹਿਹਰਾਇਆ ਸੀ। ਨੱਠ-ਨੱਠ ਕੇ ਉਹਨਾਂ ਦੇ ਕੰਮ ਕੀਤੇ ਸਨ। ਪਰ ਉਸ ਵੇਲੇ ਮੇਰੀ ਬਾਂਹ ਫੜਨ ਦੇ ਬਜਾਏ ਉਹ ਉਲਟਾ ਮੇਰਾ ਹੌਸਲਾ ਪਸਤ ਕਰ ਰਹੇ ਸਨ।
ਕਿਸੇ ਸੱਚ ਹੀ ਆਖਿਆ ਹੈ:-
ਕਿ ਤਾਰੀਕੀ ਮੇਂ ਸਾਯਾ ਭੀ ਜੁਦਾ ਇਨਸਾਨ ਹੋਤਾ ਹੈ।
ਉਦੋਂ ਮੇਰਾ ਸਿਫਾਰਸ਼ੀ ਖਤਾਂ ਦਾ ਤਜਰਬਾ ਵੀ ਬੜਾ ਕੌੜਾ ਰਿਹਾ ਸੀ ਸ਼੍ਰੀ ਜੇ. ਐਨ. ਸਾਹਣੀ, ਮੇਰੇ ਮਸੌਰੇ ਵੀਰ, 'ਹਿੰਦੁਸਤਾਨ ਟਾਈਮਜ਼' ਤੇ 'ਨੈਸ਼ਨਲ ਕਾਲ' ਵਰਗੇ ਉੱਘੇ ਅਖਬਾਰਾਂ ਦੇ ਐਡੀਟਰ ਰਹਿ ਚੁੱਕੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਫਿਲਮਾਂ ਵਿਚ ਪ੍ਰਵੇਸ਼ ਕਰ ਰਿਹਾ ਹਾਂ, ਤਾਂ ਉਹਨਾਂ ਮੇਰੇ ਬਾਰੇ ਬੜੇ ਦਾਈਏ ਨਾਲ ਇਕ ਖਤ ਆਪਣੇ ਮਿੱਤਰ ਰਾਏ ਬਹਾਦਰ ਚੂਨੀ ਲਾਲ ਨੂੰ ਲਿਖਿਆ, ਜੋ ਫਿਲਮਿਸਤਾਨ ਸਟੂਡੀਓ ਦੇ ਮਾਲਕ ਸਨ, ਤੇ ਦੂਜਾ ਬੰਬੇ ਟਾਕੀਜ਼ ਸਟੂਡੀਓ ਦੇ ਪਬਲਿਸਟੀ ਅਫਸਰ ਸ਼੍ਰੀ ਇੰਦਰ ਰਾਜ ਅਨੰਦ ਨੂੰ (ਜਿਨ੍ਹਾਂ ਨੇ ਹੁਣ ਚਿੱਤਰ-ਕਥਾ ਲੇਖਕ ਦੀ ਹੈਸੀਅਤ ਵਿਚ ਸਿਖਰਾਂ ਦੀ ਸ਼ੁਹਰਤ ਹਾਸਲ ਕਰ ਲਈ ਹੈ)। ਇਹ ਦੋਵੇਂ ਸਟੂਡੀਓ ਉਸ ਵੇਲੇ ਫਿਲਮ ਇੰਡਸਟਰੀ ਦਾ ਕੇਂਦਰ ਮੰਨੇ ਜਾਂਦੇ ਸਨ, ਪਰ ਦੋਵੀਂ ਥਾਈਂ ਮੇਰੇ ਨਾਲ ਬੜਾ ਖਰ੍ਹਵਾ ਸਲੂਕ ਹੋਇਆ।
ਏਸੇ ਤਰ੍ਹਾਂ ਅੱਬਾਸ ਤੇ ਸਾਠੇ ਨੇ ਜ਼ਿੱਦ ਕਰਕੇ ਮੈਨੂੰ ਸ਼ਾਂਤਾ ਰਾਮ ਕੋਲ ਭਿਜਵਾਇਆ। ਉਹਨਾਂ ਨੂੰ ਮੈਂ ਦੱਸ ਚੁੱਕਾ ਸਾਂ ਕਿ ਉਹ ਪੂਨੇ ਪ੍ਰਭਾਤ ਸਟੂਡੀਓ ਵਿਚ ਕਿਤਨੀ ਚੰਗੀ ਤਰ੍ਹਾਂ ਮੇਰੇ ਨਾਲ ਪੇਸ਼ ਆਏ ਸਨ। ਉਹਨੀਂ ਦਿਨੀਂ ਅੱਬਾਸ ਤੇ ਸਾਠੇ "ਡਾਕਟਰ ਕੋਟਨੀਸ ਕੀ ਅਮਰ ਕਹਾਨੀ" ਦਾ ਸੀਨੇਰੀਓ ਤੇ ਵਾਰਤਾਲਾਪ ਲਿਖ ਰਹੇ ਸਨ। ਸ਼ਾਂਤਾ ਰਾਮ ਜੀ ਨਾਲ ਉਹਨਾਂ ਦਾ ਰੋਜ਼ ਦਾ ਉੱਠਣਾ-ਬੈਠਣਾ ਸੀ।
ਪਰ ਇਸ ਦੂਜੀ ਮੁਲਾਕਾਤ ਤੇ ਪਹਿਲੀ ਮੁਲਾਕਾਤ ਵਿਚ ਜ਼ਮੀਨ-ਅਸਮਾਨ ਦਾ ਫਰਕ ਸੀ। ਇਕ ਤਾਂ ਸ਼ਾਂਤਾ ਰਾਮ ਆਪ ਬਹੁਤ ਬਦਲ ਚੁੱਕੇ ਸਨ। ਨਾ ਕਮਰੇ ਵਿਚ ਉਹ ਸਾਦਗੀ ਸੀ, ਨਾ ਉਹਨਾਂ ਦਾ ਪਹਿਰਾਵਾ ਹਿੰਦੁਸਤਾਨੀ। ਬੜਾ ਸਾਹਬਾਂ ਵਾਲਾ ਠਾਠ ਸੀ। ਸਰੀਰ ਵੀ ਉਹਨਾਂ ਦਾ ਪਹਿਲਾਂ ਨਾਲੋਂ ਸੁਅਸਥ ਤੇ ਸੁਡੌਲ ਹੋ ਗਿਆ ਸੀ। ਚਿੱਟੀ ਕਮੀਜ਼ ਤੇ ਪਤਲੂਨ ਵਿਚ ਉਹ ਇਤਨੇ ਤਕੜੇ ਤੇ ਕਦਾਵਰ ਦਿੱਸ ਰਹੇ ਸਨ ਕਿ ਮੇਰੇ ਲਈ ਉਹਨਾਂ ਨੂੰ ਪਛਾਣਨਾਂ ਮੁਸ਼ਕਲ ਹੋ ਰਿਹਾ ਸੀ। ਉਂਗਲ ਵਿਚ ਹੀਰੇ ਦੀ ਅੰਗੂਠੀ ਸੁਸ਼ੋਭਤ ਸੀ, ਜਿਸ ਨੂੰ ਗੱਲ ਕਰਦਿਆਂ ਉਹ ਦੂਜੇ ਹੱਥ ਨਾਲ ਮਲਦੇ ਰਹਿੰਦੇ ਸਨ।
ਅਤੇ ਮੈਂ ਵੀ ਤਾਂ ਕਿਤਨਾ ਬਦਲ ਚੁੱਕਾ ਸਾਂ! ਸ਼ਾਂਤੀ ਨਿਕੇਤਨ ਜਾਂ ਸੇਵਾ ਗਰਾਮ ਤੋਂ ਆਇਆ ਆਸ਼ਰਮ-ਵਾਸੀ ਨਿਰਸੰਦੇਹ ਇੱਜ਼ਤ ਵਾਲੇ ਸਲੂਕ ਦਾ ਹੱਕਦਾਰ ਸੀ, ਪਰ ਲੰਡਨੋਂ ਅੰਗਰੇਜ਼ਾਂ ਦਾ ਪ੍ਰਾਪੇਗੰਡਾ ਕਰਕੇ ਪਰਤੇ ਹੋਏ 'ਐਨਾਊਂਸਰ' ਨੂੰ ਉਹ ਕਿਵੇਂ ਓਹੀ ਸਤਿਕਾਰ ਦੇ ਸਕਦੇ ਸਨ? ਪੰਜ-ਦਸ ਮਿੰਟ ਦੀ ਮਿਲਣੀ ਦੋਵਾਂ ਨੂੰ ਇਕ ਦੂਜੇ ਤੋਂ ਵਿਰਕਤ ਕਰਨ ਲਈ ਕਾਫੀ ਸੀ, ਤੇ ਅਜ ਤੀਕਰ ਫੇਰ ਅਸੀਂ ਕਦੀ ਵੀ ਇਕ ਦੂਜੇ ਨੂੰ ਨਹੀਂ ਮਿਲੇ, ਬਸ ਦੂਰੋਂ ਦੂਰੋਂ ਸਲਾਮ-ਦੁਆ ਕੀਤੀ ਹੈ।
ਜਦੋਂ ਮੈਂ ਨਵੇਂ ਮੁੰਡਿਆਂ ਨੂੰ ਫਿਲਮਾਂ ਵਿਚ ਕੰਮ ਲੱਭਣ ਲਈ ਸਿਫਾਰਸ਼ੀ ਖਤ ਲੈ ਲੈ ਕੇ ਪ੍ਰੋਡੀਊਸਰਾਂ, ਡਾਇਰੈਕਟਰਾਂ ਤੇ ਫਿਲਮ ਸਟਾਰਾਂ ਦੇ ਆਸ ਪਾਸ ਚੱਕਰ ਮਾਰਦੇ ਵੇਖਦਾ ਹਾਂ ਤਾਂ ਦਿਲ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਸਮਝਾ ਸਕਾਂ ਕਿ ਇਹਨਾਂ ਸਿਫਾਰਸ਼ੀ ਖਤਾਂ ਦੀ ਕੀਮਤ ਉਸ ਕਾਗਜ਼ ਜਿਤਨੀ ਵੀ ਨਹੀਂ ਹੈ, ਜਿਸ ਉਪਰ ਉਹ ਲਿਖੇ ਹੋਏ ਹੁੰਦੇ ਹਨ। ਨੌਕਰੀ ਹੋਰ ਚੀਜ਼ ਹੈ, ਕਲਾਕਾਰ ਬਣਨਾ ਹੋਰ ਚੀਜ਼। ਨੌਕਰੀ ਹਾਸਲ ਕਰਨ ਲਈ ਸਿਫਾਰਸ਼ੀ ਖਤ ਭਾਵੇਂ ਕੰਮ ਆ ਸਕਣ, ਪਰ ਕੋਈ ਵਿਰਲਾ ਹੀ ਡਾਇਰੈਕਟਰ ਐਸਾ ਹੋਵੇਗਾ ਜੋ ਦੂਜਿਆਂ ਦੇ ਆਖੇ ਕਿਸੇ ਅਨਾੜੀ ਨੂੰ ਕੈਮਰੇ ਅਗੇ ਲਿਆਉਣ ਦਾ ਖਤਰਾ ਸਹੇੜ ਲਏ। ਫਿਲਮੀ ਚੱਕਰ ਹੋਰ ਤਰ੍ਹਾਂ ਚੱਲਦਾ ਹੈ, ਤੇ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਜ਼ਿਆਦਾ ਕਰਕੇ ਕਾਮਯਾਬੀ ਇਨਸਾਨ ਦੇ ਆਪਣੇ ਤਰੱਦਦ ਤੇ ਆਪਣੇ ਨਸੀਬ ਉਪਰ ਨਿਰਭਰ ਹੁੰਦੀ ਹੈ।
ਆਮ ਤੌਰ ਤੇ ਸਿਫਾਰਸ਼ੀ ਖਤ ਦੇਣ ਵਾਲੇ ਲੈਣ ਵਾਲਿਆਂ ਨਾਲੋਂ ਕਿਤੇ ਵਧ ਨਾਸਮਝੀ ਦਾ ਸਬੂਤ ਦੇਂਦੇ ਹਨ। ਉਹਨਾਂ ਨੂੰ ਦੂਰ ਬੈਠਿਆਂ ਆਪਣੀ ਪਛਾਣ ਵਾਲੀ ਫਿਲਮੀ ਹਸਤੀ ਰੱਬ ਜਿਤਨੀ ਸਰਬ-ਵਿਆਪਕ ਤੇ ਸਰਬ-ਸ਼ਕਤੀਮਾਨ ਮਲੂਮ ਹੋਣ ਲੱਗ ਜਾਂਦੀ ਹੈ; ਪਰ ਅਸਲੀਅਤ ਕਈ ਵਾਰੀ ਉਸ ਅੰਦਾਜ਼ੇ ਨਾਲ ਮੇਲ ਨਹੀਂ ਖਾਦੀ। ਜਿਸ ਤੋਂ ਮਦਦ ਦੀ ਆਸ ਕੀਤੀ ਜਾਂਦੀ ਹੈ ਉਹ ਕਈ ਵਾਰ ਮਦਦ ਦੇਣ ਦੀ ਹਾਲਤ ਵਿਚ ਹੀ ਨਹੀਂ ਹੁੰਦਾ।
ਮਸਲਿਨ, ਅੱਜ ਮੈਂ ਕਹਿ ਸਕਦਾ ਹਾਂ ਕਿ ਭਵਨਾਨੀ ਸਾਹਬ ਉਪਰ ਨਾਰਾਜ਼ ਹੋਣਾ ਮੇਰੀ ਸਰਾਸਰ ਨਲਾਇਕੀ ਸੀ। ਚੁੱਪ ਫਿਲਮਾਂ ਦੇ ਜ਼ਮਾਨੇ ਦੇ ਉਹ ਬੜੇ ਕਾਮਯਾਬ ਪ੍ਰੋਡੀਊਸਰ ਰਹੇ ਸਨ, ਪਰ ਬੋਲਦੀਆਂ ਫਿਲਮਾਂ ਵਿਚ ਉਹ ਯੱਕੇ-ਬਾਦ-ਦੀਗਰੇ ਨਾਕਾਮਯਾਬ ਹੋਏ। ਜਦੋਂ ਮੈਂ ਉਹਨਾਂ ਨੂੰ ਮਿਲਿਆ, ਉਹ ਪਰੇਸ਼ਾਨੀ ਦੇ ਦੌਰ ਵਿਚੋਂ ਲੰਘ ਰਹੇ ਸਨ, ਤੇ ਮੈਨੂੰ ਆਪਣੀ ਸਿਹਤ ਦਾ ਧਿਆਨ ਕਰਨ ਦਾ ਇਸ਼ਾਰਾ ਕਰਕੇ ਉਹਨਾਂ ਆਪਣੀ ਸੱਜਣਤਾਈ ਦਾ ਸਬੂਤ ਦਿੱਤਾ ਸੀ। ਗੈਰੀ ਕੂਪਰ ਹਾਲੀਵੁਡ ਵਿਚ ਭਾਵੇਂ ਹੁਸੀਨ ਮੰਨਿਆਂ ਜਾਂਦਾ ਹੋਵੇ, ਪਰ ਹਿੰਦੀ ਫਿਲਮਾਂ ਵਿਚ ਤਾਂ ਗੋਲ-ਮਟੋਲ ਚਿਹਰਿਆਂ ਨੂੰ ਹੀ ਪਸੰਦ ਕੀਤਾ ਜਾਂਦਾ ਸੀ। ਪਰ ਵਿਚਾਰੇ ਨਵੇਂ ਆਦਮੀ ਦੀ ਇਕ ਬਦਕਿਸਮਤੀ ਇਹ ਵੀ ਹੁੰਦੀ ਹੈ ਕਿ ਉਹਨੂੰ ਫਿਲਮਾਂ ਦੇ ਅੰਦਰੂਨੀ ਮਾਹੌਲ ਦਾ ਕੁਝ ਪਤਾ ਨਹੀਂ ਹੁੰਦਾ। ਠੋਕਰਾਂ ਖਾ-ਖਾ ਕੇ ਉਹਨੂੰ ਹਰ ਕਿਸੇ ਉਤੇ ਸ਼ੱਕ ਹੋਣ ਲਗ ਜਾਂਦਾ ਹੈ। ਉਹ ਸੋਚਦਾ ਹੈ ਕਿ ਹਰ ਕੋਈ ਉਸ ਦਾ ਰਾਹ ਰੋਕ ਰਿਹਾ ਹੈ, ਉਸ ਨਾਲ ਦੁਸ਼ਮਣੀ ਕਰ ਰਿਹਾ ਹੈ।
ਇਕ ਵਾਰ ਦਾਦਰ ਮੇਨ-ਰੋਡ ਉਤੇ ਜਗਦੀਸ਼ ਸੇਠੀ ਭਾਪੇ ਨੇ ਵੀ, ਜਿਸ ਦੀ ਗੁੱਡੀ ਬਤੌਰ ਕਰੈਕਟਰ ਐਕਟਰ ਉਦੋਂ ਅਸਮਾਨ ਉਤੇ ਸੀ, ਮੈਨੂੰ ਸਿਹਤ ਬਾਰੇ ਖਬਰਦਾਰ ਹੋਣ ਲਈ ਕਿਹਾ ਸੀ ਉਹਨਾਂ ਦੇ ਸ਼ਬਦ ਮੈਨੂੰ ਅਜ ਤੀਕਰ ਯਾਦ ਹਨ: "ਸਕਰੀਨ ਉਤੇ ਪਤਲਾ ਆਦਮੀ ਹੋਰ ਵੀ ਪਤਲਾ ਲੱਗਣ ਲਗ ਜਾਂਦਾ ਹੈ। ਤੂੰ ਆਪਣਾ ਵਜ਼ਨ ਵਧਾ।"
ਇਹ ਪੱਲੇ ਬੰਨ੍ਹਣ ਜੋਗੀ ਗੱਲ ਸੀ, ਪਰ ਉਸ ਵੇਲੇ ਮੇਰੇ ਕੰਨਾਂ ਨੂੰ ਕੌੜੀ ਲੱਗੀ ਸੀ। "ਮਦਦ ਤਾਂ ਕੁਝ ਕਰਦੇ ਨਹੀਂ, ਐਵੇਂ ਨਸੀਹਤਾਂ ਝਾੜਦੇ ਨੇ," ਮੈਂ ਮਨ ਵਿਚ ਕਿਹਾ ਸੀ।
ਚੰਗੀ ਨਸੀਹਤ ਤੋਂ ਵਧ ਕੀਮਤੀ ਚੀਜ਼ ਨਵੇਂ ਆਏ ਕਲਾਕਾਰ ਨੂੰ ਹੋਰ ਕੋਈ ਨਹੀਂ ਮਿਲ ਸਕਦੀ। ਪਰ ਅਫਸੋਸ, ਜਿਸ ਨੂੰ ਮਿਲਦੀ ਹੈ, ਉਹ ਉਸ ਦਾ ਮੁੱਲ ਨਹੀਂ ਪਾਉਂਦਾ, ਤੇ ਜਿਹੜਾ ਮੁੱਲ ਪਾਉਂਦਾ ਹੈ, ਉਹਨੂੰ ਉਹ ਮਿਲਦੀ ਨਹੀਂ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੇਰੀ ਸਿਹਤ ਕਾਫੀ ਡਿੱਗ ਚੁੱਕੀ ਸੀ। ਇਕ ਤਾਂ ਬੰਬਈ ਦੀ ਆਬੋ-ਹਵਾ ਮੈਨੂੰ ਮਾਫਕ ਨਹੀਂ ਸੀ ਆ ਰਹੀ। ਇਕ ਦਿਨ ਟੈਕਸੀ ਵਿਚ ਬੈਠਿਆਂ ਤੇ ਮੁੜ੍ਹਕੇ ਵਿਚ ਗੋਤੇ ਮਾਰਦਿਆਂ ਮੈਂ ਅੱਬਾਸ ਤੋਂ ਪੁਛਿਆ, "ਯਾਰ ਤੈਨੂੰ ਬੰਬਈ ਰਹਿੰਦਿਆਂ ਕਿਤਨੇ ਕੁ ਸਾਲ ਹੋ ਗਏ ਨੇ?"
"ਸੱਤ", ਉਹਨੇ ਜਵਾਬ ਦਿਤਾ।
"ਸੱਤ ਸਾਲ!" ਮੈਂ ਹੈਰਾਨ ਹੋ ਕੇ ਕਿਹਾ, "ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਇਸ ਮਰਦੂਦ ਸ਼ਹਿਰ ਵਿਚ ਕਿਵੇਂ ਕੋਈ ਸੱਤ ਸਾਲ ਕੱਟ ਸਕਦਾ ਹੈ।"
"ਤੈਥੋਂ ਸੱਤ ਸਾਲ ਬਾਅਦ ਪੁਛਾਂਗਾ," ਅੱਬਾਸ ਨੇ ਅਖਬਾਰ ਤੋਂ ਅੱਖਾਂ ਚੁੱਕੇ ਬਿਨਾਂ ਕਿਹਾ ਸੀ।
ਉਸ ਦੀ ਭਵਿਖ-ਬਾਣੀ ਕਿਤਨੀ ਠੀਕ ਨਿਕਲੀ! ਅਜ ਬੰਬਈ ਵਿਚ ਰਹਿੰਦਿਆਂ ਮੈਨੂੰ 7 ਨਹੀਂ, 23 ਸਾਲ ਹੋ ਚੁੱਕੇ ਹਨ। ਸਿਹਤ ਡਿੱਗਣ ਦਾ ਅਸਲ ਕਾਰਨ ਆਰਥਕ ਪਰੇਸ਼ਾਨੀ ਤੇ ਬੇਥੱਵੀ ਜ਼ਿੰਦਗੀ ਵੀ ਸੀ। ਪੈਸੇ ਦਾ ਮੂੰਹ ਵੇਖਣ ਲਈ ਉਸ ਜ਼ਮਾਨੇ ਵਿਚ ਮੈਨੂੰ ਕੀ-ਕੀ ਤਰਲਾ ਨਹੀਂ ਸੀ ਲੈਣਾ ਪਿਆ। ਟਰੇਡਰਜ਼ ਬੈਂਕ ਦੀ ਇਕ ਬਰਾਂਚ ਦਾ ਮੈਨੇਜਰ ਮੇਰਾ ਕਾਲਿਜ ਦਾ ਸਹਿਪਾਠੀ ਨਿਕਲ ਆਇਆ। ਗਾਹੇ-ਬ-ਗਾਹੇ ਉਹ ਮੈਨੂੰ ਬੈਂਕ ਵਲੋਂ ਥੋੜਾ ਬਹੁਤ ਕਰਜ਼ਾ ਦੇਂਦਾ ਰਹਿੰਦਾ। ਦੋ ਕੁ ਹਜ਼ਾਰ ਦਾ ਮੇਰੇ ਹਿਸਾਬ ਵਿਚ "ਉਵਰਡਰਾਫਟ" ਹੋ ਗਿਆ। ਉਸ ਦੇ ਰਵਾਨਾਂ ਹੋਣ ਤੋਂ ਪਹਿਲਾਂ-ਪਹਿਲਾਂ ਰੁਪਿਆ ਭਰਨਾ ਮੇਰਾ ਇਖਲਾਕੀ ਫਰਜ਼ ਸੀ।
ਇਸ ਫਰਜ਼ ਨੂੰ ਪੂਰਾ ਕਰਨ ਲਈ ਕੀਤੇ ਹੀਲਿਆਂ ਨੂੰ ਨਹੁੰਆਂ ਨਾਲ ਖੁਹ ਪੁੱਟਣ ਦਾ ਹੀ ਦਰਜਾ ਦਿੱਤਾ ਜਾ ਸਕਦਾ ਹੈ। ਰੇਡੀਉ ਦੇ ਪ੍ਰੋਗਰਾਮ, ਕਿਤਾਬਾਂ ਦੇ ਤਰਜਮੇ - ਮੇਰੀ ਦੌੜ ਅਜਿਹੇ ਕੰਮਾਂ ਤੀਕ ਹੀ ਸੀ, ਤੇ ਇਹਨਾਂ ਤੋਂ ਖਾਸ ਕੀ ਹਾਸਲ ਹੁੰਦਾ ਹੈ? ਇਕ ਦਿਨ ਕਿਸੇ ਦੱਸਿਆ ਕਿ 'ਫਿਲਮਜ਼ ਡੀਵੀਜ਼ਨ' (ਸਰਕਾਰੀ ਸੂਚਨਾ - ਫਿਲਮ ਵਿਭਾਗ) ਵਿਚ ਛੋਟੀ ਫਿਲਮ ਦੀ ਵਾਰਤਾ ਲਿਖਣ ਲਈ, ਤੇ ਬੋਲਣ ਲਈ ਵੀ, ਪੂਰਾ ਡੇਢ ਸੌ ਰੁਪਿਆ ਮਿਲ ਜਾਂਦਾ ਹੈ। ਮੈਂ ਨੱਠਦਾ ਹੋਇਆ ਉਸੇ ਵੇਲੇ ਡਾਇਰੈਕਟਰ ਨੂੰ ਮਿਲਣ ਚਲਾ ਗਿਆ। ਕਾਰਡ ਅੰਦਰ ਭੇਜਿਆ। ਡਾਇਰੈਕਟਰ ਨੇ ਝਟ ਅੰਦਰ ਬੁਲਾ ਲਿਆ। ਉਹਨੂੰ ਵੇਖਦਿਆਂ ਸਾਰ ਮੇਰੇ ਸੋਤਰ ਸੁੱਕ ਗਏ। ਮੇਰੇ ਸਾਹਮਣੇ ਇਕ ਐਸਾ ਨੌਜੁਆਨ ਖੜਾ ਸੀ ਜੋ ਆਪ ਦੋ ਸਾਲ ਪਹਿਲਾਂ ਲੰਡਨ ਵਿਚ ਮੇਰੇ ਅੱਗੇ ਇੰਟਰਵੀਊ ਲਈ ਪੇਸ਼ ਹੋਇਆ ਸੀ। ਆਕਸਫੋਰਡ ਦੀ ਉੱਚੀ ਵਿਦਿਆ ਸਮਾਪਤ ਕਰਕੇ ਉਹਨੇ ਬੀ. ਬੀ. ਸੀ. ਦੇ ਹਿੰਦੁਸਤਾਨੀ ਸੈਕਸ਼ਨ ਵਿਚ ਮੁਲਾਜ਼ਮਤ ਲਈ ਦਰਖਾਸਤ ਕੀਤੀ ਸੀ। ਸਾਡੇ ਡਾਇਰੈਕਟਰ ਜ਼ੁਲਫਕਾਰ ਅਲੀ ਬੁਖਾਰੀ ਓਦੋਂ ਹਿੰਦੁਸਤਾਨ ਆਏ ਹੋਏ ਸਨ, ਏਸ ਲਈ ਉਹਨੂੰ ਮੇਰੇ ਕੋਲ ਭੇਜਿਆ ਗਿਆ ਸੀ। ਪਰ ਮੈਨੂੰ ਉਸ ਦਾ ਉਰਦੂ ਤਲੱਫਜ਼ ਪਸੰਦ ਨਹੀਂ ਸੀ ਆਇਆ, ਤੇ ਏਸ ਅਧਾਰ ਉੱਤੇ ਉਸ ਦੀ ਦਰਖਾਸਤ ਨਾਮਨਜ਼ੂਰ ਹੋ ਗਈ ਸੀ। ਤੇ ਹੁਣ ਮੈਂ ਉਸ ਦੇ ਸਾਹਮਣੇ ਇਕ ਘਟੀਆ ਜਿਹੇ ਕੰਮ ਲਈ ਸਵਾਲੀ ਬਣ ਕੇ ਖੜਾ ਸਾਂ। ਮੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਪਰ ਉਹ ਵਧੀਆ ਕਿਸਮ ਦਾ ਆਦਮੀ ਸਾਬਤ ਹੋਇਆ। ਉਹਨੇ ਫੌਰਨ ਮੇਰੀ ਦਰਖਾਸਤ ਮਨਜ਼ੂਰ ਕਰ ਦਿੱਤੀ, ਤੇ ਕੋਈ ਐਸਾ ਬੋਲ ਮੂੰਹ ਉਤੇ ਨਹੀਂ ਲਿਆਂਦਾ ਜਿਸ ਨਾਲ ਮੈਨੂੰ ਪਰੇਸ਼ਾਨੀ ਹੋਵੇ। ਪਰ ਏਸ ਕੰਮ ਵਿਚੋਂ ਵੀ ਮਸਾਂ ਮੈਂ ਪੰਜ-ਛੇ ਸੌ ਹੀ ਕਮਾ ਸਕਿਆ, ਕਿਉਂਕਿ ਰਿਕਾਰਡਿਸਟਾਂ ਨੂੰ ਮੇਰਾ ਬੋਲਣ ਦਾ ਅੰਦਾਜ਼ ਪਸੰਦ ਨਹੀਂ ਸੀ...
ਆਪਣਾ ਮੇਕ-ਅੱਪ ਕੀਤਾ ਮੂੰਹ ਵੇਖਦਿਆਂ ਮੈਨੂੰ ਉਹ ਸਾਰੀਆਂ ਔਕੜਾਂ ਤੇ ਚਿੰਤਾਵਾਂ ਚੇਤੇ ਆਉਣ ਲਗ ਪਈਆਂ। ਪਰ ਮੈਂ ਆਪਣੇ ਆਪ ਨੂੰ ਮਾਯੂਸ ਨਾ ਹੋਣ ਦਾ ਨਿਸਚਾ ਕਰ ਲਿਆ। ਸੂ.ਟਿੰਗ ਦਾ ਪਹਿਲਾ ਦਿਨ ਸੀ। ਇਕ ਤਰ੍ਹਾਂ ਮੇਰੀ ਕਿਸਮਤ ਦਾ ਅਜ ਇਮਤਿਹਾਨ ਸੀ। ਫਨੀ-ਦਾ ਉੱਪਰ ਚੰਗਾ ਪ੍ਰਭਾਵ ਪਾਉਣ ਉੱਤੇ ਮੈਂ ਤੁੱਲਿਆ ਹੋਇਆ ਸਾਂ। ਪਰ ਫੇਰ ਵੀ, ਮੇਰੇ ਨਾ ਚਾਹੁੰਦਿਆਂ ਹੋਇਆਂ ਵੀ, ਉਹ ਮੇਕ-ਅੱਪ ਮੇਰੇ ਚਿਹਰੇ ਉਤੇ ਬੋਝ ਜਿਹਾ ਬਣਦਾ ਜਾ ਰਿਹਾ ਸੀ। ਇੰਜ ਲਗਦਾ ਸੀ ਜਿਵੇਂ ਮੂੰਹ ਉਤੇ ਥੱਪਣ ਵੇਲੇ ਬਹੁਤ ਸਾਰਾ ਪਾਊਡਰ ਮੇਰੀਆਂ ਅੱਖਾਂ ਵਿਚ ਵੀ ਚਲਾ ਗਿਆ ਹੋਵੇ। ਰਹਿ-ਰਹਿ ਕੇ ਸੋਚ ਸਤਾਉਂਦੀ, ਇਹ ਫਿਲਮਾਂ ਵਾਲੇ ਐਕਟਰ ਨੂੰ ਚਿੱਟੇ ਦੀ ਥਾਂ ਨੀਲੇ ਕੱਪੜੇ ਪੁਆ ਕੇ, ਉਹਦੇ ਮੂੰਹ ਉਤੇ ਏਨਾ ਗੇਰਵਾ ਪਲਸਤਰ ਥੱਪ ਕੇ, ਕਿਵੇਂ ਸੁਭਾਵਕ ਅਦਾਕਾਰੀ ਦੀ ਆਸ ਕਰ ਸਕਦੇ ਹਨ? ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸੁਭਾਵਕ ਅਦਾਕਾਰੀ ਦੀ ਮੰਜ਼ਲ ਤੇ ਪਹੁੰਚਣ ਲਈ ਕਲਾਕਾਰ ਨੂੰ ਬੇਸ਼ੁਮਾਰ ਅਸੁਭਾਵਕ ਬੰਦਸ਼ਾਂ ਤੇ ਔਕੜਾਂ ਨੂੰ ਨਾ ਕੇਵਲ ਸਵੀਕਾਰਨਾ ਸਗੋਂ ਅਪਨਾਉਣਾ ਵੀ ਪੈਂਦਾ ਹੈ। ਇਸ ਲਈ ਸੁਲਝੇ ਹੋਏ ਅਧਿਐਨ ਤੇ ਸੁਚੱਜੇ ਰਿਆਜ਼ ਦੀ ਲੋੜ ਹੈ। ਮੈਂ ਸੁਭਾਵਕਤਾ ਦਾ ਅਰਥ ਬੰਦਸ਼ਾਂ ਵਲੋਂ ਲਾਪਰਵਾਹ ਹੋ ਕੇ ਉਵੇਂ ਹੀ ਕਰਨਾ ਮਿੱਥਦਾ ਸਾਂ ਜਿਵੇਂ ਜੀਵਨ ਵਿਚ ਵਾਪਰਦਾ ਹੈ। ਨਵੇਂ ਕਲਾਕਾਰਾਂ ਕੋਲੋਂ ਇਹ ਭੁੱਲ ਆਮ ਹੋ ਜਾਂਦੀ ਹੈ, ਤੇ ਮਹਿੰਗੀਆਂ ਕੀਮਤਾਂ ਵਸੂਲ ਕਰਦੀ ਹੈ।
ਮੈਂ ਸੈੱਟ ਉਤੇ ਗਿਆ। ਖੁਸ਼-ਕਿਸਮਤੀ ਨਾਲ ਕੈਮਰਾ ਲਾਂਗ ਸ਼ਾਟ (ਦੂਰ-ਵਰਤੀ ਦ੍ਰਿਸ਼) ਉਤੇ ਰੱਖਿਆ ਹੋਇਆ ਸੀ। ਮੈਂ ਉਹਨੂੰ ਮਨੋਂ ਵਿਸਾਰ ਸਕਦਾ ਸਾਂ। ਸੈੱਟ ਉਤੇ ਆਜ਼ਾਦੀ ਨਾਲ ਏਧਰ ਓਧਰ ਤੁਰ ਫਿਰ ਸਕਦਾ ਸਾਂ, ਬਿਨਾਂ ਰੋਕ-ਟੋਕ ਦੇ ਹੱਥ-ਪੈਰ ਹਿਲਾ ਸਕਦਾ ਸਾਂ।
ਸੀਨ ਇਸ ਪ੍ਰਕਾਰ ਸੀ: ਹੀਰੋ ਬਰਾਂਡੇ ਵਿਚ ਇਕ ਟੇਬਲ-ਲੈਂਪ ਦੇ ਸਹਾਰੇ ਕਿਤਾਬ ਪੜ੍ਹ ਰਿਹਾ ਹੈ। ਮੈਂ, ਉਸ ਦਾ ਫੈਸ਼ਨ-ਪ੍ਰਸਤ ਦੋਸਤ, ਮਸਤਾਨੀ ਅਦਾ ਨਾਲ ਦਰਵਾਜ਼ੇ ਵਿਚੋਂ ਦਾਖਲ ਹੁੰਦਾ ਹਾਂ, ਸਿਰ ਤੋਂ ਹੈਟ ਲਾਹ ਕੇ ਕਿੱਲੀ ਉਪਰ ਸੁੱਟਦਾ ਹਾਂ, ਅਤੇ ਇਕ ਅਰਾਮ-ਕੁਰਸੀ ਉਤੇ ਬਹਿ ਕੇ ਸਿਗਰਟ ਦੇ ਕਸ਼ ਖਿੱਚਦਾ ਹੀਰੋ ਦੇ ਸਨਾਤਨੀ ਵਿਚਾਰਾਂ ਤੇ ਆਦਰਸ਼ਾਂ ਉਪਰ ਵਿਅੰਗ ਕਰਨ ਲਗ ਜਾਂਦਾ ਹਾਂ। ਵਾਰਤਾਲਾਪ ਦਾ ਕੇਵਲ ਇਕ ਵਾਕ ਬੋਲਣ ਪਿਛੋਂ ਸ਼ਾਟ ਕੱਟ ਹੋ ਜਾਣਾ ਸੀ।
ਆਖਦੇ ਹਨ, ਨਵੇਂ ਜੁਆਰੀ ਦਾ ਪਹਿਲਾ ਦਾਅ ਹਮੇਸ਼ਾਂ ਸਿੱਧਾ ਪੈਂਦਾ ਹੈ। ਇਸ ਸ਼ਾਟ ਵਿਚ ਮੈਂ ਇੰਨੀ ਸੁੰਦਰਤਾ ਦਾ ਸਬੂਤ ਦਿੱਤਾ ਕਿ ਹਰ ਪਾਸਿਓਂ ਵਾਹ-ਵਾਹ ਹੋਣ ਲਗ ਪਈ। ਅਰਾਮ-ਕੁਰਸੀ ਉਤੇ ਬੈਠਦਿਆਂ ਹੀ ਮੈਂ ਮੂੰਹ ਵਿਚੋਂ ਸਿਗਰਟ-ਧੂਏਂ ਦੇ ਗੋਲ-ਗੋਲ ਛੱਲੇ ਕੱਢਣ ਲਗ ਪਿਆ ਸਾਂ, ਜੋ ਬੜੀ ਕਰਤੱਬ ਵਾਲੀ ਗੱਲ ਸੀ। ਇਸ ਤੋਂ ਬਾਅਦ ਇਕ-ਦੋ ਹੋਰ ਸ਼ਾਟ ਹੋਏ, ਜਿਨ੍ਹਾਂ ਵਿਚ ਕੈਮਰਾ ਥੋੜਾ ਨਜ਼ਦੀਕ ਆ ਗਿਆ। ਉਹਨਾਂ ਵਿਚ ਵੀ ਮੈਂ ਚੜ੍ਹਦੀਆਂ ਕਲਾਂ ਵਿਚ ਰਿਹਾ, ਜਿਵੇਂ ਦਿਖਾ ਰਿਹਾ ਹੋਵਾਂ ਕਿ ਇਹ ਸਭ ਮੇਰੇ ਵਰਗੇ ਬੀ. ਬੀ. ਸੀ. ਤੋਂ ਆਏ ਕਲਾਕਾਰ ਲਈ ਖੱਬੇ ਹੱਥ ਦੀ ਖੇਡ ਸੀ। ਚੈਨ ਦੇ ਚਿੜੇ ਉਡਾਉਂਦਾ ਮੈਂ ਪਹੁ ਫੁਟਣ ਵੇਲੇ ਘਰ ਪਹੁੰਚਿਆ।
ਤਿੰਨ ਦਿਨ ਪਿਛੋਂ ਏਸੇ ਸੈੱਟ ਉਤੇ ਦਿਨ ਦੀਆਂ ਸ਼ਿਫਟਾਂ ਸ਼ੁਰੂ ਹੋਈਆਂ ਤੇ ਮੈਨੂੰ ਫੇਰ ਯਾਦ ਕੀਤਾ ਗਿਆ। ਸਟੂਡੀਓ ਵਿਚ ਬੜੀ ਚਹਿਲ-ਪਹਿਲ ਵੇਖੀ। ਇਕ ਵਡੇ ਸਾਰੇ ਮਰਦਾਂ ਦਾ ਵਾਰੋ ਵਾਰੀ ਮੇਕ-ਅੱਪ ਕੀਤਾ ਜਾ ਰਿਹਾ ਸੀ, ਤੇ ਬਰਾਂਡਿਓਂ ਪਾਰ ਇਕ ਉਤਨੇ ਹੀ ਵੱਡੇ ਕਮਰੇ ਵਿਚ ਤੀਵੀਂਆਂ ਦਾ, ਜੋ ਇੰਜ ਟਹਿਕ ਰਹੀਆਂ ਸਨ ਜਿਵੇਂ ਕਿਸੇ ਸ਼ਾਦੀ-ਵਿਆਹ ਦਾ ਮੇਲ ਜੁੜਿਆ ਹੋਵੇ। ਮੈਨੂੰ ਵੀ ਮਰਦਾਂ ਵਾਲੇ ਕਮਰੇ ਵਿਚ ਦਾਖਲ ਕਰ ਦਿੱਤਾ ਗਿਆ। ਮੈਨੂੰ ਨਹੀਂ ਸੀ ਪਤਾ ਕਿ ਇਹ ਲੋਕ ਕੌਣ ਸਨ। ਜੇ ਕੋਈ ਦੱਸ ਦੇਂਦਾ ਕਿ ਇਹ "ਐਕਸਟਰਾ" ਹਨ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਕੀ ਹੁੰਦੇ ਹਨ। ਉਹਨਾਂ ਨੂੰ ਮੇਕ-ਅੱਪ ਕਰਦਿਆਂ ਵੇਖ ਕੇ ਮੈਂ ਇਹੋ ਸੋਚਿਆ ਕਿ ਉਹ ਵੀ ਮੇਰੇ ਜਾਂ ਨਵੀਨ ਯਾਗਨਿਕ ਵਾਂਗ ਕਲਾਕਾਰ ਹਨ। ਜਿਵੇਂ ਸਟੇਜ ਦੀ ਦੁਨੀਆਂ ਵਿਚ ਸਭ ਬਰਾਬਰ ਹੁੰਦੇ ਹਨ, ਭਾਵੇਂ ਕੋਈ ਵੱਡਾ ਕਿਰਦਾਰ ਕਰ ਰਿਹਾ ਹੋਵੇ ਭਾਵੇਂ ਛੋਟਾ, ਇਵੇਂ ਹੀ ਫਿਲਮਾਂ ਵਿਚ ਵੀ ਹੁੰਦਾ ਹੋਵੇਗਾ! ਸੁਣਿਆਂ ਸੀ ਚਾਹ-ਪਾਰਟੀ ਦਾ ਸੀਨ ਸੀ। ਮੇਰੇ ਵਾਂਗ ਇਹ ਲੋਕ ਵੀ ਆਪਣੇ ਘਰੋਂ ਚੰਗੇ-ਚੰਗੇ ਸੂਟ, ਸ਼ੇਰਵਾਨੀਆਂ ਆਦਿ ਪਾ ਕੇ ਆਏ ਸਨ। ਚੰਗੇ-ਚੰਗੇ, ਸੁਹਣੇ-ਸੁਹਣੇ ਲਗ ਰਹੇ ਸਨ। ਬੜੇ ਖਲੂਸ ਵਾਲੇ ਲੋਕ ਸਨ। ਉਹਨਾਂ ਨਾਲ ਵਿਹਲੀਆਂ ਗੱਪਾਂ ਮਾਰਨ ਲਈ ਬੇਹਿਸਾਬ ਵਕਤ ਮਿਲ ਰਿਹਾ ਸੀ। ਥੋੜੇ ਸਮੇਂ ਵਿਚ ਹੀ ਮੇਰੀ ਸਭਨਾਂ ਨਾਲ ਦੋਸਤੀ ਹੋ ਗਈ। ਵਲੈਤੋਂ ਆਇਆ ਹੋਣ ਕਰਕੇ ਮੈਂ ਵੀ ਉਹਨਾਂ ਦਾ ਪ੍ਰਸੰਸਾ ਦਾ ਪਾਤਰ ਬਣ ਗਿਆ ਸਾਂ। ਇਤਨਾ ਪਿਆਰਾ ਤੇ ਸੁਖਾਵਾਂ ਮਾਹੌਲ ਮੈਂ ਕਦੇ ਪੀਪਲਜ਼ ਥੇਟਰ ਵਿਚ ਵੀ ਨਹੀਂ ਸੀ ਵੇਖਿਆ। ਹਰ ਕੋਈ ਮੇਰੇ ਨਾਲ ਬੜਾ ਹੀ ਨਿਮਰ ਤੇ ਨਿੱਘਾ ਪੇਸ਼ ਆ ਰਿਹਾ ਸੀ ਜਿਵੇਂ ਹਰ ਮੁਮਕਿਨ ਢੰਗ ਨਾਲ ਮੇਰੇ ਓਪਰੇਪਣ ਦੇ ਅਹਿਸਾਸ ਨੂੰ ਦੂਰ ਕਰਨਾ ਚਾਹੁੰਦਾ ਹੋਵੇ। ਉਹਨਾਂ ਦੀਆਂ ਗੱਲਾਂ ਤੋਂ ਪਤਾ ਚਲਿਆ ਕਿ ਉਹ ਆਪ ਵੀ ਕੋਈ ਮਾਮੂਲੀ ਆਦਮੀ ਨਹੀਂ ਹਨ। ਇਕ ਨੇ ਦੱਸਿਆ ਕਿ ਸ਼ਹਿਰ ਵਿਚ ਉਸ ਦੀਆਂ ਚਾਰ ਫਰਨੀਚਰ ਦੀਆਂ ਦੁਕਾਨਾਂ ਹਨ। ਸ਼ੂਟਿੰਗ ਲਈ ਤਾਂ ਉਹ ਮਹਿਜ਼ ਸ਼ੌਕ ਪੂਰਾ ਕਰਨ ਲਈ ਕਦੇ-ਕਦੇ ਆ ਜਾਂਦਾ ਹੈ। ਸਗੋਂ ਹੁਣ ਉਹ ਆਪ ਇਕ ਫਿਲਮ ਬਣਾਉਣ ਦਾ ਵਿਚਾਰ ਕਰ ਰਿਹਾ ਹੈ। ਉਸ ਵਿਚ ਵਿਲਨ (ਖਲ-ਨਾਇਕ) ਦਾ ਰੋਲ ਉਹ ਜ਼ਰੂਰ ਮੈਨੂੰ ਦੇਵੇਗਾ, ਕਿਉਂਕਿ ਮੇਰਾ ਚਿਹਰਾ-ਮੁਹਰਾ ਬਿਲਕੁਲ ਇੰਗਲਿਸ਼ ਵਿਲਨਾ ਵਰਗਾ ਲਗਦਾ ਸੀ।
ਹੈਰਾਨੀ ਦੀ ਗੱਲ ਇਹ ਸੀ ਕਿ ਕੇਵਲ ਓਹੀ ਨਹੀਂ ਸਗੋਂ ਉਹਨਾਂ ਵਿਚੋਂ ਹਰ ਆਦਮੀ ਫਿਲਮ ਬਣਾਉਣ ਦਾ ਪ੍ਰੋਗਰਾਮ ਪੱਕਾ ਕਰਕੇ ਬੈਠਾ ਹੋਇਆ ਸੀ। ਹਰ ਕਿਸੇ ਕੋਲ ਕਹਾਣੀ ਮੌਜੂਦ ਸੀ, ਜੋ ਉਹਨੇ ਆਪ ਲਿਖੀ ਸੀ। ਉਹ ਵੱਡੇ-ਵੱਡੇ ਹੀਰੋਆਂ ਦੇ ਨਾਂ ਲੈਂਦਾ, ਜਿਨ੍ਹਾਂ ਨਾਲ ਉਸ ਦੀ ਦੋਸਤੀ ਸੀ, ਤੇ ਜਿਹੜੇ ਉਸ ਦੀ ਫਿਲਮ ਵਿਚ ਕੰਮ ਕਰਨ ਲਈ ਹਾਂ ਕਰ ਚੁੱਕੇ ਸਨ।
ਇਕ ਉੱਚਾ ਲੰਮਾ ਪਠਾਣ ਗੱਭਰੂ, ਜਿਸ ਦਾ ਅਸਲਮ ਨਾਂ ਸੀ, ਬੜਾ ਹਲੀਮ ਬੋਲਦਾ ਸੀ। ਉਹਨੇ ਫਨੀ-ਦਾ ਦੀ ਬਦਖੋਈ ਕਰਨੀ ਸ਼ਰੂ ਕੀਤੀ। ਕਹਿਣ ਲੱਗਾ, ਪਹਿਲੀ ਫਿਲਮ ਵਿਚ ਉਹਨਾਂ ਉਸ ਨੂੰ ਇਕ ਨਿੱਕਾ ਰੋਲ ਦਿੱਤਾ ਸੀ, ਇਸ ਵਾਅਦੇ ਉਤੇ ਕਿ ਅਗਲੀ ਫਿਲਮ ਵਿਚ ਮੁੱਖ-ਪਾਤਰ ਤੇ ਉਸ ਤੋਂ ਅਗਲੀ ਵਿਚ ਹੀਰੋ ਦਾ ਰੋਲ ਦੇਣਗੇ। ਉਸ ਹਿਸਾਬ ਉਹਨੇ ਮੌਜੂਦਾ ਫਿਲਮ ਦਾ ਹੀਰੋ ਹੋਣਾ ਸੀ। ਅਖੀਰ ਦਮ ਤੱਕ ਉਹਨੂੰ ਲਾਰਿਆਂ ਵਿਚ ਰੱਖਿਆ ਗਿਆ ਸੀ, ਤੇ ਹੁਣ "ਭਾਈ ਲੋਕਾਂ" ਵਿਚ ਖੜਾ ਕਰ ਦਿਤਾ ਗਿਆ ਸੀ। "ਭਾਈ-ਲੋਕ" ਸ਼ਬਦ ਮੈਨੂੰ ਬੜਾ ਵਚਿੱਤਰ ਲੱਗਾ ਤੇ ਹਾਸਾ ਆਉਣ ਲੱਗਾ। ਪਰ ਮੈਂ ਦੇਖਿਆ ਕਿ ਅਸਲਮ ਦੀਆਂ ਅੱਖਾਂ ਵਿਚੋਂ ਹੰਝੂ ਫੁਟ ਨਿਕਲੇ ਸਨ, ਤੇ ਉਹਨੇ ਜੇਬ ਵਿਚੋਂ ਰੁਮਾਲ ਕਢ ਲਿਆ ਸੀ। ਮੈਂ ਗੰਭੀਰ ਹੋ ਗਿਆ। ਮੇਰੇ ਨਾਲ ਵੀ ਤਾਂ ਫਨੀ-ਦਾ ਨੇ ਹੂਬਹੂ ਇਹੋ ਵਾਅਦਾ ਕੀਤਾ ਹੋਇਆ ਸੀ?
ਯਕੀਨ ਕਰਨਾ ਔਖਾ ਸੀ ਕਿ ਫਨੀ-ਦਾ ਇਹੋ ਜਿਹੀ ਬੇ-ਇਨਸਾਫੀ ਕਰ ਸਕਦੇ ਹਨ, ਮੈਨੂੰ ਉਹਨਾਂ ਦੀ ਸ਼ਖਸੀਅਤ ਉੱਪਰ ਡੂੰਘੀ ਸ਼ਰਧਾ ਸੀ। ਪਰ ਲੁੱਤਫ ਦੀ ਗੱਲ ਇਹ ਕਿ ਅੱਗੇ ਜਾ ਕੇ ਮੇਰੇ ਨਾਲ ਵੀ ਓਹੀ ਕੁਝ ਹੋਇਆ, ਜੋ ਅਸਲਮ ਨਾਲ ਵਾਪਰਿਆ ਸੀ। ਮੈਂ ਵੀ ਆਪਣੀ ਵਾਰੀ ਬੜਾ ਤੜਫਿਆ ਸਾਂ ਤੇ ਫਨੀ-ਦਾ ਨੂੰ ਥਾਂ-ਥਾਂ ਬਹਿ ਕੇ ਕੋਸਿਆ ਸੀ। ਪਰ ਅੱਜ ਮੈਂ ਫਨੀ-ਦਾ ਨੂੰ ਦੋਸ਼ ਨਹੀਂ ਦੇਂਦਾ। ਵੀਹ ਸਾਲ ਇਸ ਤਮਾਸ਼ੇ ਦੀ ਦੁਨੀਆਂ (ਸੌ.-ਬਿਜ਼ਨਸ) ਵਿਚ ਗੁਜ਼ਾਰ ਕੇ ਮੈਂ ਇਸ ਨਤੀਜੇ ਉੱਪਰ ਪੁਜਿਆ ਹਾਂ ਕਿ ਇਸ ਦਾ ਆਪਣਾ ਵੱਖਰਾ ਇਖਲਾਕ, ਤੇ ਵੱਖਰੇ ਕਾਇਦੇ-ਕਾਨੂੰਨ ਹਨ, ਜਿਨ੍ਹਾਂ ਦੀ ਅਸਲੀਅਤ ਏਸ 'ਆਤਮ ਕਥਾ' ਪੜ੍ਹਨ ਨਾਲ ਪਾਠਕ ਨੂੰ ਹੌਲੀ ਹੌਲੀ ਸਮਝ ਵਿਚ ਆਏਗੀ।
ਪਹਿਲੇ ਦਿਨ ਪਾਰਟੀ-ਸੀਨ ਵਿਚ ਮੇਰਾ ਕੋਈ ਸ਼ਾਟ ਨਾ ਹੋਇਆ, ਤੇ ਸਾਰਾ ਦਿਨ ਧੁੱਪੇ, ਕੁਰਸੀਆਂ ਉੱਤੇ ਕਦੇ ਇਥੇ ਕਦੇ ਓਥੇ ਬਹਿ-ਬਹਿ, ਤੇ ਨਿਕੰਮਾ ਬੋਲ-ਬੋਲ ਕੇ ਮੈਂ ਤੰਗ ਆ ਗਿਆ। ਪਰ ਦੂਜੇ ਦਿਨ ਅਚਾਨਕ ਫਨੀ-ਦਾ ਕੈਮਰਾ-ਮੈਨ ਘੋਸ਼ ਤੇ ਅਮਲੇ ਦੇ ਦੂਜੇ ਕਰਮਚਾਰੀ - ਜੋ ਮੇਰੀ ਹੋਂਦ ਨੂੰ ਇਕ ਦਮ ਭੁਲਾ ਚੁੱਕੇ ਜਾਪਦੇ ਸਨ - ਫੇਰ ਕਰੀਬ ਆ ਗਏ। ਕੈਮਰਾ ਮੇਰੀ ਟੇਬਲ ਤੋਂ ਮਸਾਂ ਤਿੰਨ ਫੁਟ ਦੀ ਵਿੱਥ ਉਤੇ ਰੱਖ ਦਿੱਤਾ ਗਿਆ। ਜਿਤਨੀ ਦੇਰ ਮੇਰੇ ਮੂੰਹ ਉਤੇ ਲਾਈਟਾਂ ਤੇ ਰੀਫਲੈਕਟਰ ਸੁਟਣ ਦਾ ਪ੍ਰਬੰਧ ਹੁੰਦਾ ਰਿਹਾ, ਮੈਨੂੰ ਕਿਸੇ ਨਾ ਗੋਲਿਆ, ਕਿਸੇ ਨਾ ਦੱਸਿਆ ਕਿ ਕੀ ਸ਼ਾਟ ਹੈ, ਕਿਹੜੇ ਸੀਨ ਵਿਚ ਆਂਦਾ ਹੈ, ਜਾਂ ਕਹਾਣੀ ਨਾਲ ਉਸ ਦਾ ਕੀ ਸਬੰਧ ਹੈ। ਇਤਨੀ ਨੇੜਿਓਂ ਝਾਕਦੇ ਕੈਮਰੇ ਨੇ ਮੇਰੇ ਅੰਗਾਂ ਦੀ ਸਾਰੀ ਆਜ਼ਾਦੀ ਖੋਹ ਲਈ। ਮੈਂ ਬੜੀ ਕੋਸ਼ਿਸ਼ ਕਰਦਾ ਲਾਪਰਵਾਹ ਹੋਣ ਦੀ, ਕੈਮਰੇ ਨੂੰ ਅਣਡਿੱਠ ਕਰਨ ਦੀ, ਪਰ ਪਲ ਪਲ ਉਸ ਦੀ ਜਕੜ ਮੇਰੇ ਉਪਰ ਮਜ਼ਬੂਤ ਹੋ ਰਹੀ ਸੀ, ਜਿਵੇਂ ਕੋਈ ਅਜਗਰ ਮੇਰੇ ਦੁਆਲੇ ਵਲਦਾ ਜਾ ਰਿਹਾ ਹੋਵੇ। ਮੈਨੂੰ ਆਪਣੀਆਂ ਸਾਰੀਆਂ ਹਰਕਤਾਂ ਨਕਲੀ ਜਾਪਣ ਲਗ ਪਈਆਂ। ਮੇਰੇ ਸੁਭਾਵਕਤਾ ਦੇ ਵਿਖਾਲੇ ਨੂੰ ਲੋਕ ਅਜੀਬ-ਅਜੀਬ ਨਜ਼ਰਾਂ ਨਾਲ ਵੇਖ ਰਹੇ ਸਨ। ਕੋਈ ਉਸ ਤੋਂ ਪ੍ਰਭਾਵਤ ਨਹੀਂ ਹੋ ਰਿਹਾ। ਇੰਜ ਲਗਦਾ ਸੀ ਜਿਵੇਂ ਸਭ ਮੇਰੀ ਅੰਦਰੂਨੀ ਘਬਰਾਹਟ ਨੂੰ ਤਾੜ ਗਏ ਹੋਣ।
ਫੇਰ ਮੇਰੇ ਅੱਗੇ ਟੇਬਲ ਉਤੇ ਇਕ ਰੋਸਟ ਕੀਤਾ ਪੂਰਾ ਮੁਰਗਾ ਧਰ ਦਿੱਤਾ ਗਿਆ। ਫਨੀ-ਦਾ ਨੇ ਸਮਝਾਇਆ ਕਿ ਕਲੈਪ ਵੱਜਣ ਤੋਂ ਬਾਅਦ ਕੈਮਰੇ ਕੋਲ ਖੜਾ ਅਸਿਸਟੈਂਟ ਉੱਚੀ ਜਿਹੀ ਕਹੇਗਾ "ਲੈਨਿਨ", ਤੇ ਮੈਂ ਉਸ ਵਲ ਹੱਸ ਕੇ ਵੇਖਦਾ ਹੋਇਆ ਮੁਰਗੇ ਨੂੰ ਦੋਵਾਂ ਹੱਥਾਂ ਨਾਲ ਚੁੱਕ ਲਵਾਂਗਾ ਤੇ ਫੇਰ ਮੁਰਗੇ ਵਲ ਦੇਖ ਕੇ ਕਹਾਂਗਾ, "ਜਾਨਵਰ।"
ਲੈਨਿਨ ਜਿਹੇ ਮਹਾਨ ਵਿਅਕਤੀ ਦੇ ਨਾਂ ਨਾਲ ਜਾਨਵਰ ਸ਼ਬਦ ਜੋੜਨਾ ਮੈਨੂੰ ਬੜਾ ਭੱਦਾ ਜਾਪਿਆ। ਪਰ ਇਸ ਬਾਰੇ ਸਵਾਲ-ਜਵਾਬ ਕਿਵੇਂ ਕਰਦਾ, ਜਦ ਕਿ ਸ਼ਾਟ ਲੈਣ ਦੀ ਘੜੀ ਸਿਰ ਉੱਤੇ ਆ ਚੁੱਕੀ ਸੀ। "ਲੈਨਿਨ" ਸ਼ਬਦ ਸ਼ਾਇਦ ਹੀਰੋ ਵਲੋਂ ਬੋਲਿਆ ਜਾ ਰਿਹਾ ਸੀ, ਜਿਸ ਨੂੰ ਕਮਿਊਨਿਸਟ ਵਿਚਾਰਾਂ ਦਾ ਦਿਖਾਇਆ ਗਿਆ ਹੋਵੇਗਾ। ਕਮਿਊਨਿਸਟ ਓਦੋਂ ਲੜਾਈ ਨੂੰ "ਅਵਾਮੀ ਜੰਗ" ਆਖਦੇ ਸਨ ਤੇ ਰੂਸ-ਅਮਰੀਕਨ-ਅੰਗਰੇਜ਼ ਧੜੇ ਦੀ ਜਿੱਤ ਦੇ ਹਾਮੀ ਸਨ। ਇਸ ਦੇ ਵਿਪਰੀਤ ਸੁਭਾਸ਼ ਬੋਸ ਦੇ ਅਨੁਗਾਮੀਂ ਜਰਮਨੀ-ਜਾਪਾਨ ਦਾ ਸਮਰਥਨ ਕਰਦੇ ਤੇ ਕਮਿਊਨਿਸਟਾਂ ਨੂੰ ਗਦਾਰ ਆਖਦੇ ਸਨ। ਕਾਂਗਰਸ ਦੀ ਨੀਤੀ ਦੁਵੱਲੀ ਸੀ। ਉਹ ਲੜਾਈ ਨੂੰ "ਅਵਾਮੀ ਜੰਗ" ਵੀ ਆਖਦੀ ਸੀ, ਪਰ ਕਮਿਊਨਿਸਟਾਂ ਨੂੰ ਗਦਾਰ ਵੀ। ਕੀ ਪਤਾ, ਫਨੀ-ਦਾ ਦਾ ਸੁਭਾਸ਼ਵਾਦੀ ਹੋਣ, ਤੇ ਇਪਟਾ ਦੇ ਇਕ ਮੈਂਬਰ ਕੋਲੋਂ, ਜਿਸ ਨੂੰ ਆਮ ਤੌਰ ਤੇ ਕਮਿਊਨਿਸਟ ਗਿਣਿਆਂ ਜਾਂਦਾ ਸੀ, ਲੈਨਿਨ ਪ੍ਰਤੀ ਅਪਮਾਨ ਸੂਚਕ ਸ਼ਬਦ ਬੁਲਵਾ ਕੇ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹੋਣ, ਜਾਂ ਫਿਲਮ ਦੇ ਸ਼ੁਰੂ ਵਿਚ ਹੀਰੋ ਦੇ ਕਮਿਊਨਿਸਟ ਵਿਚਾਰਾਂ ਦਾ ਮਜ਼ਾਕ ਉਡਾ ਕੇ ਅੰਤ ਉਹਨਾਂ ਨੂੰ ਠੀਕ ਸਿੱਧ ਕਰਨ ਦਾ ਵਿਚਾਰ ਹੋਵੇ, ਕਿਉਂਕਿ ਹੀਰੋ ਆਖਰ ਹੀਰੋ ਹੀ ਹੁੰਦਾ ਹੈ।
ਜ਼ਿਆਦਾ ਸੋਚਣ ਦਾ ਵੇਲਾ ਨਹੀਂ ਸੀ। ਇਕ ਰਾਹ ਸੀ, ਸ਼ਾਟ ਕਰਨ ਤੋਂ ਸਾਫ ਇਨਕਾਰ ਕਰ ਦੇਣਾ। ਦੂਜਾ ਰਾਹ ਸੀ, ਇਹਨਾਂ ਗੱਲਾਂ ਵਲੋਂ ਧਿਆਨ ਹਟਾ ਕੇ ਕੰਮ ਵਿਚ ਜੁੱਟ ਜਾਣਾ। ਦੂਜਾ ਰਾਹ ਫੜਨਾ ਆਸਾਨ ਸੀ। ਮੈਂ ਓਹੀ ਫੜਿਆ। ਪਰ ਇਸ ਦਾ ਮੈਨੂੰ ਅਜ ਤੀਕਰ ਅਫਸੋਸ ਹੈ। ਮੈਨੂੰ ਕਿਸੇ ਸੂਰਤ ਵੀ ਐਸਾ ਸ਼ਬਦ ਮੂੰਹੋਂ ਬੋਲਣ ਲਈ ਰਾਜ਼ੀ ਨਹੀਂ ਸੀ ਹੋਣਾ ਚਾਹੀਦਾ ਜਿਸ ਤੋਂ ਇਕ ਮਹਾਂ ਪੁਰਸ਼ ਦੇ ਅਪਮਾਨ ਦੀ ਸੰਭਾਵਨਾ ਹੋਵੇ। ਇਹ ਮੇਰੀ ਇਖਲਾਕੀ ਕਮਜ਼ੋਰੀ ਸੀ।
ਏਸ ਘਟਨਾ ਤੋਂ ਕੁਝ-ਕੁਝ ਉਸ ਜ਼ਮਾਨੇ ਦੇ ਤੇ ਅੱਜ ਦੇ ਫਿਲਮੀ ਮਾਹੌਲ ਉਪਰ ਵੀ ਰੌਸ਼ਨੀ ਪੈਂਦੀ ਹੈ। ਉਸ ਜ਼ਮਾਨੇ ਦੀਆਂ ਫਿਲਮਾਂ ਵਿਚ ਰਾਜਨੀਤਕ ਤੇ ਸਮਾਜਕ ਵਿਚਾਰਧਾਰਾਵਾਂ ਦਾ ਕਾਫੀ ਸਮਾਵੇਸ਼ ਹੁੰਦਾ ਸੀ। ਅਜ ਇਸ ਗੱਲ ਦਾ ਯਕੀਨ ਕਰਨਾ ਔਖਾ ਹੈ, ਕਿਉਂਕਿ ਹੁਣ ਫਿਲਮਸਾਜ਼ ਕੇਵਲ ਭੰਗ ਘੋਟਦੇ ਹਨ।
ਫਨੀ-ਦਾ ਆਪਣੀ ਓਸੇ ਮਿੱਠੀ ਪਿਆਰ-ਤੱਕਣੀ ਨਾਲ ਮੈਨੂੰ ਨਿਹਾਰ ਰਹੇ ਸਨ। ਪਹਿਲੀ ਰਿਹਰਸਲ ਕੀਤੀ। ਪਹਿਲਾਂ ਮੈਂ "ਲੈਨਿਨ" ਕਹਿਣ ਵਾਲੇ ਵੱਲ ਵੇਖ ਕੇ ਹੱਸਣਾ ਸੀ, ਪਰ ਐਨ ਵੇਲੇ ਸਿਰ ਮੇਰੀਆਂ ਵਰਾਛਾਂ ਸੁੱਕੇ ਚਮੜੇ ਵਾਂਗ ਆਕੜ ਗਈਆਂ, ਤੇ ਖੁਲ੍ਹਣ ਤੋਂ ਸਾਫ ਇਨਕਾਰ ਕਰ ਦਿੱਤਾ। ਫੇਰ ਮੈਂ ਮੁਰਗੇ ਵਲ ਵੇਖ ਕੇ "ਜਾਨਵਰ" ਕਿਹਾ ਤਾਂ ਸਹੀ, ਪਰ ਸਾਊਂਡ ਰੀਕਾਰਡਸਟ ਨੂੰ ਕੁਝ ਸੁਣਾਈ ਨਾ ਦਿਤਾ। ਉਹਨੇ ਉੱਚਾ ਬੋਲਣ ਲਈ ਕਿਹਾ। ਮੈਂ ਇਸ ਅਜੀਬ ਪ੍ਰਸਥਿਤੀ ਉਤੇ ਸਖਤ ਹੈਰਾਨ ਹੋ ਰਿਹਾ ਸਾਂ। ਮੈਂ ਅੰਦਰੋਂ ਹੱਸ ਵੀ ਰਿਹਾ ਸਾਂ ਤੇ ਉੱਚਾ ਵੀ ਬੋਲ ਰਿਹਾ ਸਾਂ। ਪਰ ਦੋਵੇਂ ਕਿਰਿਆਵਾਂ ਬਾਹਰ ਨਿਕਲਣ ਤੋਂ ਇਨਕਾਰ ਕਰ ਰਹੀਆਂ ਸਨ, ਜਿਵੇਂ ਮੇਰਾ ਉਹਨਾਂ ਉਪਰ ਕੋਈ ਕਾਬੂ ਹੀ ਨਾ ਰਿਹਾ ਹੋਵੇ।
ਦੂਜੀ ਰਿਹਰਸਲ ਹੋਈ। ਏਸ ਵਾਰੀ ਮੈਂ ਹੋਰ ਜ਼ੋਰ ਲਾਇਆ। ਇੰਜ ਜਾਪਿਆ, ਜਿਵੇਂ ਐਤਕੀਂ ਮੈਂ ਲੋੜ ਤੋਂ ਵਧ ਜਬਾੜੇ ਖੋਲ੍ਹ ਦਿੱਤੇ ਸਨ ਤੇ ਬੋਲਿਆ ਵੀ ਲੋੜ ਤੋਂ ਵਧ ਉੱਚਾ ਸੀ। ਫੇਰ ਵੀ, ਰਿਹਰਸਲ ਦੇ ਅੰਤ ਵਿਚ ਫਨੀ-ਦਾ ਨੇ 'ਜ਼ਰਾ ਮੁਸਕਰਾ ਕੇ' ਤੇ ਰਿਕਾਰਡਿਸਟ ਨੇ 'ਜ਼ਰਾ ਉੱਚਾ' ਬੋਲਣ ਦੀ ਤਾਕੀਦ ਕੀਤੀ।
ਮੈਂ ਝੁੰਜਲਾ ਕੇ ਫਨੀ-ਦਾ ਨੂੰ ਕਿਹਾ 'ਅਬ ਟੇਕ ਕੀਜੀਏ। ਬਿਲਕੁਲ ਠੀਕ ਆਏਗਾ।"
'ਹਾਂ-ਹਾਂ ਟੇਕ' ਫਨੀ-ਦਾ ਝੱਟ ਸਹਿਮਤ ਹੋ ਗਏ। "ਸਵਾਮੀ, ਮੇਕ-ਅਪ ਠੀਕ ਕਰੋ ਸਾਹਬ ਕਾ।"
ਸਵਾਮੀ ਨੇ ਫੇਰ ਪੌਡਰ ਦਾ ਪੈਡ ਮੇਰੇ ਮੂੰਹ ਤੇ ਫੇਰਨਾ ਸ਼ੁਰੂ ਕੀਤਾ। ਮੈਨੂੰ ਇੰਜ ਲਗਾ, ਜਿਵੇਂ ਪੌਡਰ ਦੀ ਲੱਪ ਭਰ ਕੇ ਉਹ ਮੇਰੀਆਂ ਅੱਖਾਂ ਵਿਚ ਪਾ ਰਿਹਾ ਹੋਵੇ। ਦਿਲ ਕੀਤਾ ਉਹਦੇ ਹੱਥੋਂ ਪੈਡ ਖੋਹ ਕੇ ਦੂਰ ਸੁੱਟ ਪਾਵਾਂ। ਮੈਂ ਆਪਣੇ ਆਪ ਨੂੰ ਸਖਤ ਅਜ਼ਾਬ ਵਿਚ ਫਸਿਆ ਮਹਿਸੂਸ ਕਰ ਰਿਹਾ ਸਾਂ। ਦਿਲ ਕਰਦਾ ਸੀ ਕਿ ਕਿਤੇ ਨੱਠ ਜਾਵਾਂ।
ਸ਼ਾਟ ਹੋਇਆ। ਮੈਂ ਲਫਜ਼ ਬ ਲਫਜ਼ ਹੁਕਮ ਦੀ ਪਾਲਣਾ ਕਰ ਦਿੱਤੀ। ਕਾਇਦੇ ਮੁਤਾਬਿਕ ਸਭ ਠੀਕ ਕਰ ਵਿਖਾਇਆ, ਕਠਪੁਤਲੀ ਵਾਂਗ। ਪਰ ਉਸ ਦੇ ਵਿਚ ਮੇਰਾ ਆਪਣਾ ਕੁਝ ਵੀ ਨਹੀਂ ਸੀ। ਮੇਰੀ ਉਸ ਦਿਨ ਵਾਲੀ ਮਸਤਾਨੀ ਅਦਾ ਪਤਾ ਨਹੀਂ ਕਿੱਥੇ ਜਾ ਗੁਆਚੀ ਸੀ। ਮੇਰਾ ਖਿਆਲ ਸੀ ਕਿ ਫਨੀ-ਦਾ ਮੇਰੀ ਅਲੋਚਨਾ ਕਰਨਗੇ, ਮੈਨੂੰ ਡਾਂਟਣਗੇ, ਪਰ ਉਹਨਾਂ ਸਦਾ ਵਾਂਗ ਬੜੇ ਇਤਮੀਨਾਨ ਨਾਲ ਨਸਵਾਰ ਦੀ ਚੂੰਢੀ ਨੱਕ ਵਿਚ ਚਾੜ੍ਹਦਿਆਂ ਕਿਹਾ, "ਵੈਰੀ ਗੁੱਡ ਸ਼ਾਟ! ਓ. ਕੇ.!" ਸਾਊਂਡ ਵਲੋਂ ਵੀ 'ਓ. ਕੇ.' ਦੀ ਸੂਚਨਾ ਵਿਚ ਦੋ ਸੀਟੀਆਂ ਵੱਜ ਗਈਆਂ। ਹੁਣ ਲੋਕਾਂ ਨੇ ਵਾਰੋ ਵਾਰੀ ਮੈਨੂੰ ਮੁਬਾਰਕ-ਬਾਦ ਦਿੱਤੀ, ਮੇਰੇ ਨਾਲ ਹੱਥ ਮਿਲਾਏ, ਕਿਉਂਕਿ ਫਿਲਮਾਂ ਵਿਚ ਇਹ ਮੇਰਾ ਸਭ ਤੋਂ ਪਹਿਲਾ ਕਲੋਜ਼-ਅੱਪ ਸੀ। ਫਨੀ-ਦਾ ਨੇ ਮੇਰੇ ਹਿਸਾਬ ਵਿਚ ਰਸਗੁੱਲੇ ਮੰਗਵਾ ਕੇ ਸਭ ਨੂੰ ਵੰਡੇ। ਸਭ ਤਾਰੀਫ ਕਰਦੇ ਰਹੇ। ਮੈਂ ਸਖਤ ਹੈਰਾਨ ਹੋ ਰਿਹਾ ਸਾਂ। ਮੈਨੂੰ ਪਤਾ ਸੀ ਕਿ ਉਹ ਝੂਠੀ ਤਾਰੀਫ ਕਰ ਰਹੇ ਹਨ। ਪਰ ਕਿਉਂ? - ਕਿਉਂ? ਮੈਨੂੰ ਸਖਤ ਉਲਝਣ ਹੋ ਰਹੀ ਸੀ।
ਇਹ ਵੀ 'ਤਮਾਸ਼ੇ ਦੀ ਦੁਨੀਆਂ' ਦਾ ਇਕ ਰਾਜ਼ ਹੈ, ਜੋ ਪਾਠਕ ਨੂੰ ਹੌਲੀ-ਹੌਲੀ ਸਮਝ ਵਿਚ ਆਏਗਾ।
ਬੇਸ਼ੱਕ ਉਹ ਝੂਠੀ ਤਾਰੀਫ ਕਰ ਰਹੇ ਸਨ। ਸਟੂਡੀਓ ਦੀ ਦੁਨੀਆਂ ਵਿਚ ਕੋਈ ਕਿਸੇ ਅਗੇ ਸੱਚ ਨਹੀਂ ਬੋਲਦਾ। ਸਭ ਮੂੰਹ ਉਤੇ ਇਕ-ਦੂਜੇ ਦੀ ਸਿਰਫ ਤਾਰੀਫ ਤੇ ਪਿੱਠ ਪਿਛੇ ਸਿਰਫ ਨਿੰਦਿਆ ਕਰਦੇ ਹਨ। ਬਾਹਰ ਵਾਲਿਆਂ ਨੂੰ ਇਹ ਗੱਲ ਸਖਤ ਬੁਰੀ ਲਗਦੀ ਹੈ, ਪਰ ਅੰਦਰ ਵਾਲਿਆਂ ਨੂੰ ਇਸ ਦਾ ਬਹੁਤ ਆਸਰਾ ਹੈ। ਫਿਲਮ ਲਾਈਨ ਵਿਚ ਕਿਸੇ ਨੂੰ ਮਾਨਸਿਕ ਸੁਰੱਖਿਆ ਨਸੀਬ ਨਹੀਂ। ਸਭ ਛਲਾਵਿਆਂ ਦੇ ਸਹਾਰੇ ਜੀਊਂਦੇ ਹਨ। ਸਭ ਆਪਣੇ-ਆਪਣੇ ਸੁਪਨ-ਬੁਲਬੁਲੇ ਵਿਚ ਰਹਿੰਦੇ ਹਨ। ਇਸ ਕਾਰਨ ਇਕ ਦੂਜੇ ਦਾ ਬੁਲਬੁਲਾ ਤੋੜਨਾ ਕੋਈ ਪਸੰਦ ਨਹੀਂ ਕਰਦਾ। ਇਕ ਤਰ੍ਹਾਂ ਨਾਲ ਆਪਸੀ ਹਮਦਰਦੀ ਦਾ ਪ੍ਰਗਟਾਵਾ ਹੈ ਇਹ। ਫਰਜ਼ ਕਰੋ, ਉਸ ਕਲੋਜ਼-ਅੱਪ ਤੋਂ ਬਾਅਦ ਕਿਸੇ ਇਕ ਆਦਮੀ ਨੇ ਵੀ ਖਰੀ ਗੱਲ ਮੇਰੇ ਮੂੰਹ ਉਤੇ ਕਹਿ ਦਿੱਤੀ ਹੁੰਦੀ। ਸ਼ਾਇਦ ਮੇਰਾ ਹੌਂਸਲਾ ਸਦਾ ਲਈ ਟੁੱਟ ਜਾਂਦਾ। ਅਗਲੇ ਦਿਨ ਮੈਥੋਂ ਕੰਮ ਹੀ ਨਾ ਹੋ ਸਕਦਾ।
ਉਸ ਦਿਨ ਮੈਂ ਸਿਰ ਵਿਚ ਪੀੜ, ਕਮਰ ਵਿਚ ਦਰਦ ਤੇ ਲੱਤਾਂ ਵਿਚ ਚੀਸਾਂ ਲੈ ਕੇ ਮੁੜਿਆ। ਕੈਮਰੇ ਨੇ ਮੈਨੂੰ ਬੜੀ ਸਖਤੀ ਨਾਲ ਆਪਣੀ ਹੋਂਦ ਦਾ ਅਨੁਭਵ ਕਰਾ ਦਿੱਤਾ ਸੀ। ਮੈਂ ਜਾਣ ਗਿਆ ਸਾਂ ਕਿ ਉਸ ਤੋਂ ਬੇਖਬਰ ਨਹੀਂ ਹੋਇਆ ਜਾ ਸਕਦਾ। ਉਸ ਕਲੋਜ਼-ਅਪ, ਤੇ ਉਸ ਤੋਂ ਬਾਅਦ ਵੰਡੇ ਗਏ ਰਸਗੁੱਲਿਆਂ ਨੇ 'ਭਾਈ ਲੋਕਾਂ' (ਐਕਸਟਰਾਵਾਂ) ਨੂੰ ਅਹਿਸਾਸ ਕਰਾ ਦਿੱਤਾ ਕਿ ਮੈਂ ਉਹਨਾਂ ਵਿਚੋਂ ਨਹੀਂ ਸਾਂ। ਮੇਰਾ ਰਨਿੰਗ ਰੋਲ (ਲੰਮਾ ਪਾਰਟ) ਸੀ। ਇਕ ਦਮ ਉਹਨਾਂ ਨੇ ਮੇਰੇ ਨਾਲ ਬੋਲਣਾ ਚਾਲਣਾ ਬੰਦ ਕਰ ਦਿਤਾ। ਉਹ ਮੇਰੇ ਲਈ ਅਜਨਬੀ ਹੋ ਗਏ। ਆਪਣੀ ਦੁਨੀਆਂ ਵਿਚੋਂ ਉਹਨਾਂ ਮੈਨੂੰ ਕੱਢ ਦਿਤਾ।
ਉਹ ਦਿਨ ਤੇ ਅਜ ਦਾ ਦਿਨ, ਮੈਨੂੰ ਫੇਰ ਕਦੇ ਐਕਸਟਰਾਵਾਂ ਦੀ ਦੁਨੀਆਂ ਵਿਚ ਝਾਤ ਮਾਰਨ ਦੀ ਖੁਲ੍ਹ ਨਹੀਂ ਮਿਲੀ। ਮੈਂ ਸੋਚਿਆ ਸੀ ਕਿ ਫਿਲਮ ਦੀ ਦੁਨੀਆਂ ਵਿਚ ਉਚ-ਨੀਚ ਦੀਆਂ ਕੋਈ ਕੰਧਾਂ ਨਹੀਂ ਹਨ। ਕਿਤਨੀ ਜ਼ਬਰਦਸਤ ਭੁੱਲ ਸੀ ਮੇਰੀ! ਫਿਲਮ ਇੰਡਸਟਰੀ ਵਿਚ ਤਾਂ ਚੱਪੇ-ਚੱਪੇ ਉਤੇ ਇਹ ਕੰਧਾਂ ਖੜੀਆਂ ਹਨ। ਸਮਾਜ ਦੇ ਹੋਰ ਵਿਭਾਗਾਂ ਵਿਚ ਸ਼ਾਇਦ ਇਹ ਕੰਧਾਂ ਇੱਟ-ਪੱਥਰ ਦੀਆਂ ਬਣੀਆਂ ਹੋਣ, ਪਰ ਹਿੰਦੀ ਫਿਲਮਾਂ ਦੀ ਦੁਨੀਆਂ ਵਿਚ ਇਹ ਜਿਵੇਂ ਫੌਲਾਦ ਦੀਆਂ ਬਣੀਆਂ ਹੋਈਆਂ ਹਨ। ਅਗਲਾ ਸ਼ਾਟ ਹੀਰੋਇਨ ਸਵਰਨ ਲਤਾ ਨਾਲ ਸੀ। ਉਸ ਨੇ ਮੇਰੇ ਨਾਲ ਰਿਹਰਸਲ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਸ਼ਾਟ ਵਿਚ ਵੀ ਉਹ ਬੋਲਦੀ ਮੇਰੇ ਨਾਲ ਸੀ, ਪਰ ਵੇਖਦੀ ਕੈਮਰੇ ਵਲ ਸੀ। ਜਿਤਨੀ ਦੇਰ ਉਹ ਸੈੱਟ ਉਤੇ ਰਹੀ, ਮੈਨੂੰ ਇੰਜ ਮਹਿਸੂਸ ਕਰਾਇਆ ਗਿਆ ਜਿਵੇਂ ਮੈਂ ਕਿਸੇ ਗੰਦੀ ਤੇ ਭਿਅੰਕਰ ਬੀਮਾਰੀ ਦਾ ਮਰੀਜ਼ ਸਾਂ, ਜਿਸ ਨਾਲ ਕੋਈ ਨਹੀਂ ਭਿੱਟਣਾ ਚਾਹੁੰਦਾ।
ਕਿਤਨੀ ਮਿੱਠੀ ਤੇ ਸੁਖਾਵੀਂ ਸੀ ਉਹ ਐਕਟਸਰਾਵਾਂ ਦੀ ਦੁਨੀਆਂ, ਜਿਸ ਵਿਚੋਂ ਮੈਂ ਕੱਢਿਆ ਗਿਆ ਸਾਂ, ਜਿਸ ਵਿਚ ਕਿ ਹਰ ਇਕ ਕੰਗਾਲ ਪ੍ਰੋਡੀਊਸਰ ਬਣਨ ਦੇ ਸੁਪਨੇ ਵੇਖਦਾ ਸੀ, ਕਹਾਣੀਆਂ ਲਿਖਦਾ ਸੀ, ਆਪਣੀਆਂ ਸਦੀਵੀ ਨਿਰਾਸ਼ਤਾਵਾਂ ਨੂੰ ਰੰਗ-ਬਰੰਗੀ ਗੇਂਦ ਬਣਾ ਕੇ ਉਛਾਲ ਸਕਦਾ ਸੀ! ਕਿਤਨਾ ਮਨੁੱਖੀ ਨਿੱਘ ਸੀ ਉਸ ਦੁਨੀਆਂ ਵਿਚ! ਕਿਤਨਾ ਅਭੁੱਲ ਸੀ ਉਹ ਅਨੁਭਵ! ਮੈਂ ਉਸ ਨੂੰ ਹਮੇਸ਼ਾਂ ਬੜੇ ਪਿਆਰ ਨਾਲ ਯਾਦ ਕਰਦਾ ਹਾਂ।

9
ਦੇਵਧਰ ਹਾਲ, ਜਿੱਥੇ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਦੀਆਂ ਰਿਹਰਸਲਾਂ ਹੁੰਦੀਆਂ ਸਨ, ਪ੍ਰਗਤੀਸ਼ੀਲ-ਲੇਖਕ-ਸੰਘ ਦੀਆਂ ਗੋਸ਼ਟੀਆਂ ਦਾ ਕੇਂਦਰ ਵੀ ਸੀ। ਪ੍ਰਗਤੀਸ਼ਲਿ-ਲੇਖਕ-ਸੰਘ ਨੇ ਪ੍ਰਗਤੀਸ਼ੀਲ ਵਿਚਾਰਾਂ ਦੀ ਕਿਤਨੀ ਕੁ ਸੇਵਾ ਅਤੇ ਕਿਤਨੀ ਕੁ ਕੁਸੇਵਾ ਕੀਤੀ ਹੈ, ਇਸ ਦਾ ਹਿਸਾਬ ਮੈਂ ਅਜੇ ਤੱਕ ਨਹੀਂ ਲਾ ਸਕਿਆ, ਪਰ ਉਹਨਾਂ ਦੀਆਂ ਮਿਲਣੀਆਂ ਵਿਚ ਕੁਝ ਸੂਝਵਾਨ ਤੇ ਦਿਲ ਦੇ ਚੰਗੇ ਬੰਦਿਆਂ ਨਾਲ ਮੇਰੀ ਜਾਣ-ਪਛਾਣ ਹੋਈ, ਜਿਨ੍ਹਾਂ ਵਿਚੋਂ ਇਕ ਸੀ ਅਯੂਬ ਖਾਨ, ਫਿਲਮ-ਸਟਾਰ ਦਲੀਪ ਕੁਮਾਰ ਦਾ ਵੱਡਾ ਵੀਰ, ਜੋ ਹੁਣ ਇਸ ਸੰਸਾਰ ਵਿਚ ਨਹੀਂ।
ਅਯੂਬ ਪੱਛਮੀ ਪਹਿਰਾਵੇ ਦੀ ਥਾਂ ਦੁੱਧ-ਚਿੱਟੀ ਸਲਵਾਰ-ਕਮੀਜ਼ ਪਾਣ ਦਾ ਸ਼ੌਕੀਨ ਸੀ। ਵੇਖਣ ਵਿਚ ਨਸੀਫ, ਬੀਬਾ, ਮਲੂਕੜਾ ਜਿਹਾ। ਸਿਹਤ ਨਿੱਕਿਆਂ ਹੁੰਦਿਆਂ ਤੋਂ ਕਮਜ਼ੋਰ ਰਹੀ ਸੀ। ਉਮਰ ਦੇ ਸਤਾਈਵੇਂ ਸਾਲ ਵਿਚ ਹੀ ਮਾੜਾ ਜਿਹਾ ਉੜ ਕੇ ਤੁਰਦਾ ਸੀ। ਮੋਟੇ ਸ਼ੀਸ਼ਿਆਂ ਵਾਲੀ ਐਨਕ ਲਾਂਦਾ ਸੀ, ਜਿਨ੍ਹਾਂ ਵਿਚੋਂ ਹਰ ਚੀਜ਼ ਨੂੰ ਬੜੇ ਧਿਆਨ ਨਾਲ ਤੇ ਅਸਚਰਜ ਨਾਲ ਵੇਖਦਾ, ਜਿਵੇਂ ਭਰੋਸਾ ਨਾ ਹੋਵੇ ਕਿ ਵੇਖਣ ਦੀ, ਕਿਤਨੀ ਕ ਮੁਹਲਤ ਮਿਲੀ ਹੈ। ਮੋਟੇ-ਮੋਟੇ ਬੁੱਲ੍ਹਾਂ ਵਿਚੋਂ ਉਸ ਦਾ ਹਾਸਾ ਇੰਜ ਫੁਟਦਾ ਸੀ, ਜਿਵੇਂ ਕਿਸੇ ਇਕ ਗੱਲ ਉਤੇ ਨਹੀਂ, ਪੂਰੀ ਕਾਇਨਾਤ ਉਤੇ ਹੱਸ ਰਿਹਾ ਹੋਵੇ। ਉਸ ਦੇ ਸ਼ਾਹ-ਕਾਲੇ ਵਾਲ ਘਣੇ ਤੇ ਘੁੰਗਰਿਆਲੇ ਸਨ। ਉਹਨਾਂ ਨੂੰ ਉਹ ਬੜਾ ਸੁਆਰ ਕੇ ਰੱਖਦਾ ਸੀ। ਰਿੰਦੀ ਤੇ ਖਬਤੁਲਵਾਸ ਲੇਖਕੀ ਮਾਹੌਲ ਵਿਚ ਉਸ ਦੀ ਸਵੱਛਤਾ ਤੇ ਕਾਇਦੇਦਾਰੀ ਖਾਹ-ਮਖਾਹ ਧਿਆਨ ਖਿੱਚ ਲੈਂਦੀ ਸੀ। ਸ਼ੈਦ ਇਹੋ ਸਾਡੀ ਦੋਸਤੀ ਦਾ ਬੁਨਿਆਦੀ ਕਾਰਨ ਬਣੀ। ਅਯੂਬ ਦਾ ਘਰ ਵੀ ਪਾਲੀ ਹਿਲ ਉੱਤੇ ਸੀ - ਚੇਤਨ ਦੇ ਘਰ ਦੇ ਬਿਲਕੁਲ ਨਜ਼ਦੀਕ। ਉਸ ਦੇ ਵਾਲਿਦ ਕਰਾਫੋਰਡ ਮਾਰਕਿਟ ਵਿਚ ਫਲਾਂ ਦਾ ਕਾਰੋਬਾਰ ਕਰਦੇ ਸਨ। ਚਿਰਾਂ ਤੋਂ ਪਿਸ਼ੌਰ ਤੋਂ ਆ ਕੇ ਬੰਬਈ ਵਿਚ ਵੱਸੇ ਹੋਏ, ਅਣਖ ਵਾਲੇ, ਗਰੀਬ ਨਵਾਜ਼, ਤੇ ਮਿਲਣਸਾਰ ਬਜ਼ੁਰਗ ਸਨ। ਉਹਨਾਂ ਦਾ ਪਰਵਾਰ ਪੂਰੀ ਤਰ੍ਹਾਂ ਆਪਣੀ ਪੰਜਾਬੀ ਰਹਿਤ ਦਾ ਪਾਬੰਦ ਸੀ।
ਉਹ ਅਯੂਬ ਨੂੰ ਬਹੁਤ ਪਿਆਰ ਕਰਦੇ ਸਨ। ਭਾਵੇਂ ਉਹ ਆਪਣੇ ਭਰਾਵਾਂ ਵਿਚੋਂ ਦੂਜੇ ਨੰਬਰ ਉਤੇ ਸੀ, ਫੇਰ ਵੀ ਉਹਨੂੰ ਆਪਣਾ ਸਲਾਹਕਾਰ ਤੇ ਮਦਦਗਾਰ ਮੰਨਦੇ ਸਨ। ਪ੍ਰਦੇਸ ਵਿਚ, ਜਿਥੋਂ ਦੇ ਦਾਣੇ-ਪਾਣੀ ਨਾਲ ਅਜੇ ਰਬਤ ਨਹੀਂ ਸੀ ਹੋਇਆ, ਅਯੂਬ ਦਾ ਘਰ ਮੇਰੇ ਲਈ ਇਕ ਨਿੱਘੀ ਠਾਹਰ ਬਣ ਗਿਆ।
ਯੂਸਫ (ਦਲੀਪ ਕੁਮਾਰ) ਨੇ ਅਜੇ ਫਿਲਮਾਂ ਵਿਚ ਨਵਾਂ-ਨਵਾਂ ਪੈਰ ਧਰਿਆ ਸੀ ਤੇ ਬਾਂਬੇ ਟਾਕੀਜ਼ ਦੀ ਫਿਲਮ, 'ਜਵਾਰ ਭਾਟਾ' ਵਿਚ ਹੀਰੋ ਦਾ ਰੋਲ ਕਰ ਰਿਹਾ ਸੀ। ਅਯੂਬ ਦਲੀਪ ਤੋਂ ਚਾਰ ਕੁ ਸਾਲ ਵੱਡਾ ਸੀ। ਉਹਨਾਂ ਤੋਂ ਛੋਟਾ ਸੀ ਨਾਸਿਰ ਖਾਨ। ਉਸ ਦੀ ਦੇਵ ਆਨੰਦ ਨਾਲ ਬੜੀ ਯਾਰੀ ਸੀ।
ਇਕ ਦਿਨ, ਸ਼ੈਦ ਅੱਬਾਸ ਦੇ ਕਹਿਣ ਉਤੇ, ਫਿਲਮਿਸਤਾਨ ਵਾਲਿਆਂ ਨੇ "ਜੁਬੇਦਾ' ਡਰਾਮੇ ਦੇ ਕਲਾਕਾਰਾਂ ਨੂੰ 'ਲੰਚ' ਉਤੇ ਬੁਲਾ ਲਿਆ। ਉਥੇ ਨਿਤਿਨ ਬੋਸ 'ਮਜ਼ਦੂਰ' ਨਾਂ ਦੀ ਇਕ ਫਿਲਮ ਸ਼ੁਰੂ ਕਰਨ ਵਾਲੇ ਸਨ। ਜਿਨ੍ਹਾਂ ਨੇ ਇਹ ਫਿਲਮ ਵੇਖੀ ਹੈ, ਸ਼ੈਦ ਮੇਰੇ ਨਾਲ ਸਹਿਮਤ ਹੋਣਗੇ ਕਿ ਅਜ ਤੀਕਰ ਹਿੰਦੁਸਤਾਨ ਵਿਚ ਜਿਤਨੀਆਂ ਵੀ ਯਥਾਰਥਵਾਦੀ ਫਿਲਮਾਂ ਬਣੀਆਂ ਹਨ, 'ਮਜ਼ਦੂਰ' ਉਹਨਾਂ ਵਿਚ ਪਹਿਲੇ ਨੰਬਰ ਉਤੇ ਆਂਦੀ ਹੈ। ਅਜ ਤੀਕਰ ਹੋਰ ਕਿਸੇ ਫਿਲਮ ਵਿਚ ਮੈਂ ਜਮਾਤੀ ਘੋਲ ਨੂੰ ਇਤਨਾ ਬੇਨਕਾਬ ਹੋਇਆ ਨਹੀਂ ਵੇਖਿਆ। ਸਰਮਾਏਦਾਰ ਕਿਵੇਂ ਹਰ ਮੁਮਕਿਨ ਢੰਗ ਨਾਲ ਮਜ਼ਦੂਰਾਂ ਵਿਚ ਫੁੱਟ ਪਾਉਂਦੇ ਹਨ, ਦਰਮਿਆਨੇ ਤਬਕੇ ਦੇ ਢਿਲ-ਮਿਲ ਯਕੀਨਾਂ ਨੂੰ ਮਿੱਟੀ ਵਿਚੋਂ ਚੁਕ ਕੇ ਸ਼ੀਸ਼ ਮਹਿਲਾਂ ਵਿਚ ਲਿਆਉਂਦੇ ਹਨ, ਤਾਂ ਜੋ ਉਹ ਆਪਣੀ ਜ਼ਮੀਰ ਵੇਚ ਕੇ ਮਜ਼ਦੂਰਾਂ ਦੀ ਰੱਤ ਨਿਚੋੜਨ ਵਿਚ ਮਾਲਕਾਂ ਦੀ ਮਦਦ ਕਰਨ, ਕਿਵੇਂ ਧਰਮ-ਮਜ਼੍ਹਬ ਤੇ ਹੋਰ ਕਈ ਤਰ੍ਹਾਂ ਦੇ ਢੁੱਚਰ ਘਰ ਕੇ ਉਹ ਮਜ਼ਦੂਰਾਂ ਨੂੰ ਵਰਗਲਾਂਦੇ ਹਨ, ਕਿਵੇਂ ਮਜ਼ਦੂਰਾਂ ਦੇ ਸੱਚੇ ਹਿਤੂ ਲੀਡਰਾਂ ਨੂੰ ਮਾਰ-ਮੁਕਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ - ਇਹ ਸਾਰੀਆਂ ਗੱਲਾਂ ਇਤਨੀ ਸਪਸ਼ਟਤਾ ਨਾਲ ਫਿਲਮ ਵਿਚ ਦਰਸਾਈਆਂ ਗਈਆਂ ਸਨ ਕਿ ਸੁਣਿਆ ਹੈ ਕਿ ਬਣਾਉਣ ਵਾਲੇ ਆਪ ਇਸ ਫਿਲਮ ਤੋਂ ਬੇਜ਼ਾਰ ਹੋ ਗਏ ਸਨ। ਕਈ ਸ਼ਹਿਰਾਂ ਦੇ ਸਿਨਮਿਆਂ ਵਿਚੋਂ, ਭਰਪੂਰ ਲੋਕ ਪ੍ਰੀਅਤਾ ਦੇ ਬਾਵਜੂਦ ਇਹ ਫਿਲਮ ਹਟਾ ਲਈ ਗਈ। ਕਾਨਪੁਰ ਵਿਚ, ਮੈਨੂੰ ਇਕ ਦੋਸਤ ਨੇ ਦੱਸਿਆ, ਅੰਗਰੇਜ਼ ਡਿਪਟੀ ਕਮਿਸ਼ਨਰ ਨੇ, ਆਪਣੇ ਕਰੋੜਪਤੀ ਭਾਰਤੀ ਦਰਬਾਰੀਆਂ ਦੇ ਇਸਰਾਰ ਉੱਤੇ, ਇਹਨੂੰ ਦੂਜੇ ਦਿਨ ਹੀ ਸਿਨੇਮੇ ਤੋਂ ਉਤਰਵਾ ਦਿੱਤਾ ਸੀ, ਅਤੇ ਸਿਨੇਮੇ ਦੇ ਮਾਲਕ ਨੂੰ ਏਸ ਧੱਕੇਸ਼ਾਹੀ ਵਜੋਂ ਬਹੁਤ ਸਾਰਾ ਆਰਥਕ ਨੁਕਸਾਨ ਜਰਨਾ ਪਿਆ ਸੀ। ਉਸੇ ਜ਼ਮਾਨੇ ਵਿਚ ਬੰਗਾਲ ਵਿਚ ਬਿਮਲ ਰਾਏ "ਹਮਰਾਹੀ" ਬਣਾ ਰਿਹਾ ਸੀ, ਜਿਸ ਵਿਚ ਸਰਮਾਏਦਾਰੀ ਨਜ਼ਾਮ ਦੇ ਖਿਲਾਫ ਵਿਅੰਗ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਪਰ ਅੰਤ ਤੀਕਰ ਬਿਮਲ ਰਾਏ ਯਥਾਰਥਵਾਦ ਨਹੀਂ ਸੀ ਨਿਭਾ ਸਕਿਆ। "ਹਮਰਾਹੀ" ਦੇ ਹੀਰੋ-ਹੀਰੋਇਨ ਵੀ, ਜਿਵੇਂ ਕਿ ਨਿਊ ਥੀਏਟਰਜ਼ ਦੀਆਂ ਫਿਲਮਾਂ ਵਿਚ ਆਮ ਹੁੰਦਾ ਸੀ, ਅਖੀਰਲੇ ਦ੍ਰਿਸ਼ ਵਿਚ ਦੂਰ ਦੁਮੇਲਾਂ ਵਲ ਤੁਰਦੇ ਦਿਖਾਈ ਦੇਂਦੇ ਹਨ, ਜਿਵੇਂ ਸੰਸਾਰ ਦੀਆਂ ਸਮਸਿਆਵਾਂ ਦਾ ਹੱਲ ਪ੍ਰਾਲਬਧ ਉੱਪਰ ਛੱਡ ਦਿੱਤਾ ਗਿਆ ਹੋਵੇ। ਪਰ 'ਮਜ਼ਦੂਰ' ਵਿਚ ਅਜਿਹੇ ਛਾਇਆਵਾਦ ਦਾ ਸਹਾਰਾ ਨਹੀਂ ਸੀ ਲਿਆ ਗਿਆ। ਨਾ ਤਾਂ ਸਰਮਾਏਦਾਰ ਦੀ ਧੀ ਨਾਲ ਹੀਰੋ ਦਾ ਵਿਆਹ ਕਰਾ ਕੇ ਸ਼ੇਰ ਤੇ ਬੱਕਰੀ ਨੂੰ ਇਕੋ ਘਾਟ ਪਾਣੀ ਪਿਆਇਆ ਗਿਆ, ਤੇ ਨਾ ਹੀ ਮਜ਼ਲੂਮਾਂ ਨੂੰ ਆਪਣੀ ਮੰਦਹਾਲੀ ਦਾ ਜ਼ਿੰਮੇਵਾਰ ਆਪ ਠਹਿਰਾਇਆ ਗਿਆ। ਸਗੋਂ ਸਾਫ ਬਿਆਨ ਕੀਤਾ ਕਿ ਮਜ਼ਦੂਰਾਂ ਦੀ ਮੁਕਤੀ ਦਾ ਰਸਤਾ ਕੇਵਲ ਉਹਨਾਂ ਦਾ ਏਕਾ ਹੈ, ਜਿਸ ਦੀ ਮਦਦ ਨਾਲ ਉਹ ਸਰਮਾਏਦਾਰੀ ਨਜ਼ਾਮ ਨੂੰ ਢਾਹ ਕੇ ਸਮਾਜਵਾਦ ਦੀ ਰਾਹ ਉਤੇ ਪਾ ਸਕਦੇ ਹਨ।
ਸ਼ੈਦ ਨਿਤਿਨ ਬੋਸ ਚਾਹੁੰਦੇ ਸਨ ਕਿ ਇਸ ਅਗਾਂਹ-ਵਧੂ ਵਿਚਾਰਾਂ ਵਾਲੀ ਫਿਲਮ ਵਿਚ ਕੰਮ ਵੀ ਅਗਾਂਹਵਧੂ ਵਿਚਾਰਾਂ ਵਾਲੇ ਕਲਾਕਾਰ ਹੀ ਕਰਨ। ਸ਼ਾਇਦ ਏਸੇ ਆਸ਼ੇ ਨਾਲ ਉਹਨਾਂ ਇਸ 'ਲੰਚ' ਦਾ ਪ੍ਰਬੰਧ ਕੀਤਾ ਸੀ।
ਜਦੋਂ ਗੋਰੇਗਾਉਂ ਦੀ ਗੱਡੀ ਫੜਨ ਲਈ ਅਸੀਂ ਬਾਂਦਰਾ ਸਟੇਸ਼ਨ ਉਤੇ ਪੁੱਜੇ, ਤਾਂ ਕਿਤੋਂ ਤੁਰਦਾ-ਫਿਰਦਾ ਨਾਸਿਰ ਖਾਨ ਦੇਵ ਨੂੰ ਆ ਮਿਲਿਆ। ਸਾਡੀ ਟੋਲੀ ਵਿਚ ਸਾਰੇ ਹੀ ਦੇਵ ਤੋਂ ਵੱਡੇ ਤੇ ਚੇਤਨ ਦੇ ਦੋਸਤ ਸਨ, ਜਿਨ੍ਹਾਂ ਤੋਂ ਉਹ ਸੰਗਦਾ ਰਹਿੰਦਾ ਸੀ। ਉਹਨੇ ਨਾਸਿਰ ਨੂੰ ਜ਼ੋਰੀਂ ਆਪਣੇ ਨਾਲ ਲੈ ਲਿਆ।
ਉਸ ਲੰਚ ਦਾ ਨਤੀਜਾ ਬੜਾ ਅਜੀਬ ਨਿਕਲਿਆ। ਸਾਡੇ ਵਿਚੋਂ ਤਾਂ ਨਿਤਿਨ ਬੋਸ ਨੂੰ ਕੋਈ ਨਾ ਜਚਿਆ, ਪਰ ਨਾਸਿਰ ਖਾਨ ਨੂੰ, ਜੋ ਐਵੇਂ ਹੀ ਸਾਡੇ ਨਾਲ ਤੁਰ ਪਿਆ ਸੀ, ਅਗਲੇ ਦਿਨ ਉਹਨਾਂ ਸਟੂਡੀਓ ਬੁਲਾ ਕੇ ਹੀਰੋ ਮਿੱਥ ਲਿਆ। ਜਿਨ੍ਹਾਂ ਨੇ ਉਹ ਫਿਲਮ ਵੇਖੀ ਹੈ, ਉਹ ਜਾਣਦੇ ਹਨ ਕਿ ਨਾਸਿਰ ਖਾਨ ਨੇ ਯਬਲੋਲ ਮਿਲ-ਮੈਨੇਜਰ ਦਾ ਪਾਰਟ, ਬੜੇ ਸਲੀਕੇ ਨਾਲ ਅਦਾ ਕੀਤਾ ਹੈ, ਹਾਲਾਂ ਕਿ ਅਭਿਨੇ-ਕਲਾ ਦਾ ਉਹਨੂੰ ਓਦੋਂ ਕੋਈ ਗਿਆਨ ਨਹੀਂ ਸੀ। ਇਸ ਤੋਂ ਨਾ ਸਿਰਫ ਨਿਤਿਨ ਬੋਸ ਦੇ ਉੱਤਮ ਨਿਰਦੇਸ਼ਕ ਹੋਣ ਦਾ ਸਬੂਤ ਮਿਲਦਾ ਹੈ, ਸਗੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਸਹੀ ਪਾਤਰ ਦੀ ਚੋਣ ਕਿਸੇ ਵੀ ਨਾਟਕ ਜਾਂ ਫਿਲਮ ਦੇ ਪ੍ਰਫੁਲਤ ਹੋਣ ਦੀ ਪਹਿਲੀ ਸ਼ਰਤ ਹੈ।
ਖੇਰ, ਉਸ ਵੇਲੇ ਤਾਂ ਸਾਡਾ ਪ੍ਰਤੀਕਰਮ ਈਰਖਾ ਤੇ ਨਿਰਾਸ਼ਾ ਤੋਂ ਛੁੱਟ ਕੁਝ ਨਹੀਂ ਸੀ। ਖਾਸ ਕਰਕੇ ਦੇਵ ਨੂੰ ਤਾਂ ਉਸ ਵੇਲੇ ਤੋਂ ਉਠਦਿਆਂ-ਬੈਠਦਿਆਂ, ਖਾਂਦਿਆਂ-ਪੀਂਦਿਆਂ ਬਸ ਫਿਲਮਾਂ ਦੇ ਹੀ ਖਾਬ ਆਉਣ ਲਗ ਪਏ। ਉਹ ਆਪਣੇ ਦੋਸਤ ਤੋਂ ਪਿਛਾਂਹ ਨਹੀਂ ਸੀ ਰਹਿਣਾ ਚਾਹੁੰਦਾ।
ਨਾਸਿਰ ਦੇ ਏਸ ਤਰ੍ਹਾਂ ਅਚਿੰਤੇ ਹੀਰੋ ਬਣ ਜਾਣ ਨੂੰ ਭਾਗ ਜਾਗਣ ਦੀ ਗੱਲ ਕਿਹਾ ਜਾ ਸਕਦਾ ਹੈ, ਕਿਉਂਕਿ ਸਾਡੇ ਦੇਸ਼ ਵਿਚ ਲੋਕਾਂ ਦਾ ਭਾਗਾਂ ਵਿਚ ਬੜਾ ਡੂੰਘਾ ਵਿਸ਼ਵਾਸ ਹੈ। ਪਰ ਇਸ ਸਿਲਸਿਲੇ ਵਿਚ ਇਕ ਗੱਲ ਮੈਂ ਜ਼ਰੂਰ ਕਹਾਂਗਾ। ਮੈਂ ਇਹਨਾਂ ਵੀਹਾਂ ਸਾਲਾਂ ਦੇ ਫਿਲਮੀ ਜੀਵਨ ਵਿਚ ਭਾਗ ਸਿਰਫ ਦਰਮਿਆਨੇ ਤਬਕੇ ਦੇ ਲੋਕਾਂ ਦੇ ਖੁਲ੍ਹਦੇ ਵੇਖੇ ਹਨ, ਮਜ਼ਦੂਰ ਜਮਾਤ ਦੇ ਭਾਗ ਖੁਲ੍ਹਦੇ ਕਦੇ ਨਹੀਂ ਵੇਖੇ। ਉਹ ਤਾਂ, ਇੰਜ ਜਾਪਦਾ ਹੈ, ਜਿਵੇਂ ਮਿਹਨਤਾਂ ਕਰਨ ਤੇ ਭੁੱਖੇ ਮਰਨ ਲਈ ਹੀ ਇਸ ਫਿਲਮ ਲਾਈਨ ਵਿਚ ਆਏ ਹਨ। ਹਾਂ, ਦਰਮਿਆਨੇ ਤਬਕੇ ਦਾ ਆਦਮੀ ਜ਼ਰੂਰ ਆਸ ਕਰ ਸਕਦਾ ਹੈ ਕਿ ਕਦੇ ਨਾ ਕਦੇ ਕੋਈ ਸਰਪਰਸਤ ਉਸ ਉਤੇ ਮਿਹਰਬਾਨ ਹੋ ਜਾਏਗਾ ਤੇ ਉਹਦੇ ਭਾਗ ਖੁਲ੍ਹ ਜਾਣਗੇ।
ਕੁਝ ਚਿਰ ਮਗਰੋਂ ਸਾਡੇ ਨਾਲ ਵੀ ਏਸੇ ਤਰ੍ਹਾਂ ਖੁਸ਼-ਗਵਾਰ ਹਾਦਸੇ ਵਾਪਰੇ। ਪ੍ਰਿਥਵੀ ਰਾਜ ਕਪੂਰ ਜੀ ਨੇ ਆਪਣਾ ਪ੍ਰਿਥਵੀ-ਥੀਏਟਰ ਖੋਲ੍ਹਿਆ, ਤੇ ਅਜ਼ਰਾ ਮੁਮਤਾਜ਼ ਤੇ ਦਮਯੰਤੀ ਦੋਵਾਂ ਨੂੰ ਕੰਮ ਦਿੱਤਾ। ਦੱਮੋ ਨੂੰ ਹੁਣ ਪੰਜ ਸੌ ਰੁਪਏ ਮਾਹਵਾਰ ਮਿਲਣ ਲਗ ਪਏ, ਜੋ ਉਸ ਜ਼ਮਾਨੇ ਵਿਚ ਚੰਗੀ ਆਮਦਨੀ ਗਿਣੀ ਜਾ ਸਕਦੀ ਸੀ। ਅਸਾਂ ਝਟ ਜੂਹੂ ਥਿਆਸੋਫੀਕਲ ਕਾਲੋਨੀ ਵਿਚ ਇਕ ਨਿੱਕਾ ਜਿਹਾ ਬੰਗਲਾ ਕਿਰਾਏ ਉਤੇ ਲੈ ਲਿਆ, ਭਾਵੇਂ ਉਸ ਦਾ ਕਿਰਾਇਆ ਸਾਡੀ ਵਿਤੋਂ ਕੁਝ ਬਾਹਰਾ ਸੀ।
ਅੱਜ ਦੇ ਅਤੇ ਉਸ ਜ਼ਮਾਨੇ ਦੇ ਜੂਹੂ ਦੇ ਸਮੁੰਦਰੀ ਇਲਾਕੇ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਓਦੋਂ ਓਤੇ ਆਬਾਦੀ ਨਵੀਂ-ਨਵੀਂ ਵਧਣੀ ਸ਼ੁਰੂ ਹੋਈ ਸੀ ਕੁਝ ਇਕ ਅਮੀਰਾਂ ਦੇ ਤਫਰੀਹੀ ਬੰਗਲਿਆਂ ਨੂੰ ਛਡ ਕੇ ਜ਼ਿਆਦਾ ਵਸੋਂ ਨਾਰੀਅਲ ਦੇ ਫੁਹੜਾਂ ਨਾਲ ਬਣੇ "ਸ਼ੈਕਾਂ" ਵਿਚ ਸੀ। ਬੀ. ਈ. ਐਸ਼ ਟੀ. ਦੀ ਬਸ-ਸਰਵਿਸ ਵੀ ਅਜੇ ਓਥੇ ਨਹੀਂ ਸੀ ਅੱਪੜੀ। ਬੀ. ਬੀ. ਸੀ. ਨਾਂ ਦੀ ਇਕ ਫਟੀਚਰ ਜਹੀ ਬਸ-ਸਰਵਿਸ ਚਲਦੀ ਸੀ। ਨੀਲੇ ਰੰਗ ਦੀਆਂ ਨਿੱਕੀਆਂ ਜਿਹੀਆਂ ਬੱਸਾਂ ਹੁੰਦੀਆਂ ਸਨ, ਜੋ ਕੋਇਲੇ ਦੀ ਗੈਸ ਨਾਲ ਚਲਦੀਆਂ ਸਨ। ਬਰਸਾਤ ਦੇ ਦਿਨਾਂ ਵਿਚ ਉਹਨਾਂ ਦਾ ਅੱਧੇ ਰਸਤੇ ਫੇਲ੍ਹ ਹੋ ਜਾਣਾ ਆਮ ਜਹੀ ਗੱਲ ਸੀ।
ਸਾਡੀਆਂ ਇਪਟਾ ਦੀਆਂ ਸਰਗਰਮੀਆਂ ਦਿਨੋਂ ਦਿਨ ਵਧ ਰਹੀਆਂ ਸਨ। ਹਰ ਰੋਜ਼ ਸ਼ਾਮ ਨੂੰ ਦੇਵਧਰ ਹਾਲ ਵਿਚ ਰਿਹਰਸਲਾਂ ਹੁੰਦੀਆਂ। ਅਸੀਂ ਮਾਰੋ ਮਾਰ ਕਰਦੇ ਕਦੇ ਚਰਨੀ ਰੋਡ ਤੇ ਕਦੇ ਗਰਾਂਟ ਰੋਡ ਤੋਂ ਸਵਾ ਨੌਂ ਵਜੇ ਵਾਲੀ ਲੋਕਲ ਗੱਡੀ ਫੜਦੇ, ਜੋ ਦਸ ਵਜੇ ਸਾਂਤਾ ਕਰੂਜ਼ ਪਹੁੰਚਦੀ ਸੀ। ਗੱਡੀ ਇਕ ਮਿੰਟ ਵੀ ਲੇਟ ਹੋ ਜਾਏ ਤਾਂ ਅਖੀਰਲੀ ਬੱਸ ਖੁੰਝ ਜਾਂਦੀ ਸੀ। ਬਸਾਂ ਵਾਲਿਆਂ ਨੂੰ ਬੇਲਿਹਾਜ਼ ਹੋਣ ਵਿਚ ਜਿਵੇਂ ਮਜ਼ਾ ਆਉਂਦਾ। ਐਨ ਪੈਰ ਉਤੇ ਆ ਕੇ ਉਹ ਮੁਸਾਫਰਾਂ ਨੂੰ ਠੁੱਠ ਵਿਖਾ ਕੇ ਬੱਸ ਕੱਢ ਲੈ ਜਾਂਦੇ। ਹਫਤੇ ਵਿਚ ਘੱਟੋ ਘੱਟ ਦੋ ਵਾਰੀ ਤਾਂ ਜ਼ਰੂਰ ਸਾਨੂੰ ਸਾਂਤਾਂ ਕਰੂਜ਼ ਤੋਂ ਜੂਹੂ ਤਕ ਪੈਦਲ ਤੁਰਨਾ ਪੈਂਦਾ। ਘਟੋ ਘਟ ਦੋ ਮੀਲ ਦਾ ਪੈਂਡਾ ਸੀ ਉਹ, ਤੇ ਭੁੱਖ ਨਾਲ ਉਸ ਵੇਲੇ ਆਂਦਰਾਂ ਫਟ ਰਹੀਆਂ ਹੁੰਦੀਆਂ। ਮਾੜਾ-ਮੋਟਾ ਝੁਲਸਾ ਦੇਣ ਲਈ ਅਸੀਂ ਭੁੰਨੇ ਹੋਏ ਛੋਲਿਆਂ ਜਾਂ ਮੁੰਗਫਲੀ ਦੀਆਂ ਆਨੇ-ਦੋ-ਆਨੇ ਵਾਲੀਆਂ ਪੁੜੀਆਂ ਖਰੀਦ ਲੈਂਦੇ। ਸਟੇਸ਼ਨਾਂ ਉਤੇ ਛਾਬੜੀਆਂ ਵਾਲੇ ਇਹ ਚੀਜ਼ਾਂ ਆਮ ਵੇਚਦੇ ਹਨ। ਇਕ ਤਾਂ ਉਹ ਸਸਤੀਆਂ ਹੁੰਦੀਆਂ ਹਨ, ਦੂਜੇ ਅਕੇਵਾਂ ਕੱਟਣ ਲਈ ਉਹਨਾਂ ਨੂੰ ਚੱਬਦੇ ਰਹਿਣਾ ਸਹਾਇਕ ਹੁੰਦਾ ਹੈ। ਇਕ ਵਾਰੀ ਕ੍ਰਿਸ਼ਨ ਚੰਦਰ ਨੂੰ ਛੋਲੇ ਚੱਬਣ ਦੀ ਅਜਿਹੀ ਚੰਦਰੀ ਆਦਤ ਪਈ ਕਿ ਉਹਦੀਆਂ ਗੱਲ੍ਹਾਂ ਅੰਦਰ ਛਾਲੇ ਪਏ ਰਹਿੰਦੇ ਸਨ।
ਚੇਤਨ, ਉਮਾ, ਤੇ ਹੋਰ ਵੀ ਸਾਡੇ ਬਹੁਤ ਸਾਰੇ ਮਿੱਤਰ ਇਤਨੀ ਦੂਰ ਜਾ ਕੇ ਰਹਿਣ ਨੂੰ ਮੂਰਖਤਾ ਆਖਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਥੇ ਬਾਂਦਰੇ ਤੋਂ ਚਰਚਗੇਟ ਪੁਜਣ ਵਿਚ ਅੱਧਾ ਘੰਟਾ ਲੱਗਦਾ ਸੀ, ਓਤੇ ਜੂਹੂ ਤੋਂ ਲਗਭਗ ਇਕ ਘੰਟਾ ਲੱਗ ਜਾਂਦਾ ਸੀ। ਜੇ ਹਿਸਾਬ ਲਾਇਆ ਜਾਏ ਕਿ ਸਿਰਫ ਘਰ ਤੋਂ ਸ਼ਹਿਰ ਆਉਣ-ਜਾਣ ਵਿਚ ਮੈਂ ਆਪਣੀ ਜ਼ਿੰਦਗੀ ਦਾ ਕਿਤਨਾ ਹਿੱਸਾ ਬੰਬਈ ਸ਼ਹਿਰ ਵਿਚ ਬਰਬਾਦ ਕਰ ਚੁੱਕਾ ਹਾਂ, ਤਾਂ ਸ਼ਾਇਦ ਦਿਲ ਠੰਠਬਰ ਜਾਏ। ਪਰ ਜੂਹੂ ਵਿਚ ਸਮੁੰਦਰ ਦਾ ਬੜਾ ਸੁਆਦ ਸੀ। ਸਾਡਾ ਪਹਿਲੇ ਦਿਨ ਤੋਂ ਹੀ ਸਮੁੰਦਰ ਨਾਲ ਇਤਨਾ ਮੋਹ ਪੈ ਗਿਆ ਕਿ ਜੂਹੂ ਛੱਡ ਕੇ ਬੰਬਈ ਵਿਚ ਹੋਰ ਕਿਸੇ ਥਾਂ ਇਕ ਰਾਤ ਕੱਟਣੀ ਵੀ ਸਾਨੂੰ ਮਨਜ਼ੂਰ ਨਹੀਂ ਸੀ। ਸਵੇਰ ਸਾਰ ਸਾਡੇ ਦੋਵੇਂ ਬੱਚੇ ਹੱਥ ਵਿਚ ਨਿੱਕੀਆਂ-ਨਿੱਕੀਆਂ ਬਾਲਟੀਆਂ ਫੜ ਕੇ ਮਛੇਰਿਆਂ ਤੋਂ ਆਪਣਾ ਟੈਕਸ ਵਸੂਲ ਕਰਨ ਲਈ ਨੱਠ ਪੈਂਦੇ ਸਨ। ਕੇਕੜਿਆਂ ਨੂੰ ਖੁੱਡਾਂ 'ਚੋਂ ਕੱਢ ਕੇ ਉਂਗਲਾਂ ਵਿਚ ਬੋਚੀ ਫਿਰਨ ਦਾ ਉਹਨਾਂ ਨੂੰ ਖਾਸ ਸ਼ੌਕ ਸੀ। ਸ਼ਬਨਮ ਤਾਂ ਜੀਊਂਦੀਆਂ ਮੱਛੀਆਂ ਨੂੰ ਦੰਦਾਂ ਵਿਚ ਟੁੱਕ ਕੇ ਦਰੜ ਜਾਂਦੀ। ਸਾਨੂੰ ਵੀ ਤਾਰੀਆਂ ਮਾਰਨ ਦਾ ਸੁਆਦ ਆਉਂਦਾ। ਮੈਂ ਸਮਝਦਾ ਹਾਂ ਕਿ ਜਿਤਨੇ ਵਰ੍ਹੇ ਅਸਾਂ ਜੂਹੂ ਦੇ ਦੂਰ ਹੋਣ ਕਰਕੇ ਆਉਣ-ਜਾਣ ਵਿਚ ਜ਼ਾਇਆ ਕੀਤੇ ਹਨ, ਉਤਨੇ ਹੀ ਉਹ ਸਿਹਤ ਲਈ ਉੱਤਮ ਇਲਾਕੇ ਵਿਚ ਰਹਿ ਕੇ ਵਧਾ ਵੀ ਲਏ ਹਨ। ਮਨੁੱਖ ਦੀ ਆਤਮਾ ਸੀਮਿਤ ਹੋਣ ਕਰਕੇ ਅਸੀਮਤਾ ਦੀ ਜਾਚਕ ਹੈ, ਤੇ ਸਾਗਰ ਵਿਚੋਂ ਇਹ ਅਸੀਮਤਾ ਪ੍ਰਾਪਤ ਹੋ ਜਾਂਦੀ ਹੈ। ਸਾਡਾ ਘਰ ਸਮੁੰਦਰ ਦੇ ਐਨ ਕੰਢੇ ਉਤੇ ਸੀ। ਤੜਕ ਸਾਰ ਛੱਲਾਂ ਦੀ ਗਰਜਣਾ ਜਿਵੇਂ ਸਾਨੂੰ ਵਾਜਾਂ ਮਾਰਨ ਲਗ ਪੈਂਦੀ, ਤੇ ਅਸੀਂ ਨੰਗੇ ਪੈਰੀਂ ਉਠ ਦੌੜਦੇ।
ਗਾਂਧੀ ਜੀ ਨੂੰ ਵੀ ਜੂਹੂ ਨਾਲ ਬੜਾ ਪਿਆਰ ਸੀ। ਜੇਲ੍ਹ ਵਿਚੋਂ ਰਿਹਾ ਹੋਣ ਪਿਛੋਂ ਉਹ ਕੁਝ ਅਰਸਾ ਜੂਹੂ ਆ ਕੇ ਠਹਿਰੇ ਸਨ। ਸੁਬਹ-ਸ਼ਾਮ ਨਿੱਕੀਆਂ-ਨਿੱਕੀਆਂ ਲਹਿਰਾਂ ਵਿਚ ਉਹਨਾਂ ਲਈ ਕੁਰਸੀ ਡਾਹ ਦਿੱਤੀ ਜਾਂਦੀ, ਜਿਨ੍ਹਾਂ ਵਿਚ ਪੈਰ ਲਟਕਾ ਕੇ ਉਹ ਕਿਤਨਾ-ਕਿਤਨਾ ਚਿਰ ਆਪਣੇ ਵਿਚਾਰਾਂ ਵਿਚ ਮਗਨ ਬੈਠੇ ਰਹਿੰਦੇ। ਰੇਤੇ ਉਪਰ ਟਹਿਲਦੇ ਪਿਆਰੇ ਲਾਲ, ਡਾਕਟਰ ਸੁਸ਼ੀਲਾ ਨਾਇਰ, ਮੀਰਾ ਬੇਨ, ਤੇ ਹੋਰ ਕਿਤਨੇ ਹੀ ਜਣੇ ਸਾਨੂੰ ਦਿੱਸਦੇ। ਅਸੀਂ ਦੂਰੋਂ ਉਹਨਾਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦੇ ਤੇ ਉਹਨਾਂ ਦਿਨਾਂ ਨੂੰ ਯਾਦ ਕਰਦੇ, ਜਦੋਂ ਸਾਨੂੰ ਵੀ ਉਹਨਾਂ ਵਾਂਗ ਆਸ਼ਰਮਵਾਸੀ ਹੋਣ ਦਾ ਸੁਭਾਗ ਪ੍ਰਾਪਤ ਸੀ। ਸਾਡਾ ਉੱਡ ਕੇ ਉਹਨਾਂ ਨੂੰ ਮਿਲਣ ਜਾਣ ਤੇ ਦਿਲ ਕਰਦਾ, ਪਰ ਗੈਰਤ ਇਜਾਜ਼ਤ ਨਾ ਦੇਂਦੀ। ਪਤਾ ਨਹੀਂ, ਉਹ ਅਗੋਂ ਸਾਨੂੰ ਅਪਨਾਉਣ ਕਿ ਨਾ। ਇਕ ਦਿਨ ਮੈਥੋਂ ਰਿਹਾ ਨਾ ਗਿਆ ਤੇ ਮੈਂ ਮਿਲਣ ਦੀ ਖਾਹਿਸ਼ ਜ਼ਾਹਿਰ ਕਰਦਿਆਂ ਬਾਪੂ ਵਲ ਇਕ ਖਤ ਪਾ ਹੀ ਦਿਤਾ। ਮੈਨੂੰ ਪਤਾ ਸੀ ਕਿ ਉਹਨਾਂ ਤੀਕ ਪਹੁੰਚਣ ਤੋਂ ਪਹਿਲਾਂ ਖਤ ਹੋਰਨਾਂ ਨਜ਼ਰਾਂ ਹੇਠੋਂ ਵੀ ਲੰਘੇਗਾ। ਮੈਨੂੰ ਜਵਾਬ ਆਉਣ ਦੀ ਬਹੁਤ ਘਟ ਆਸ ਸੀ। ਇਕ ਦਿਨ ਕੁਦਰਤੀ ਮੀਰਾਬੇਨ ਸਾਡੀ ਕਾਲੋਨੀ ਦੇ ਬਿਲਕੁਲ ਕਰੀਬ ਆ ਖੜੀ ਹੋਈ। ਸਾਡੀਆਂ ਨਜ਼ਰਾਂ ਮਿਲੀਆਂ, ਤਾਂ ਉਹਨੇ ਸਾਨੂੰ ਪਛਾਣ ਲਿਆ। ਪਹਿਲਾਂ ਤਾਂ ਉਹ ਬੜਾ ਨਿੱਘਾ ਬੋਲੀ, ਪਰ ਫੇਰ ਝਟ ਉਸ ਦਾ ਰਵੱਈਆ ਬਦਲ ਗਿਆ। ਤਦ ਮੈਨੂੰ ਆਪਣੇ ਖਤ ਦਾ ਜ਼ਿਕਰ ਕਰਨ ਦੀ ਵੀ ਹਿੰਮਤ ਨਾ ਹੋਈ।
ਮੈਨੂੰ ਵਿਸ਼ਵਾਸ ਹੈ ਕਿ ਗਾਂਧੀ ਜੀ ਮੇਰਾ ਤੇ ਦੱਮੋ ਦਾ ਸੇਵਾਗਰਾਮ ਛੱਡ ਕੇ ਵਲੈਤ ਬੀ. ਬੀ. ਸੀ. ਦਾ ਕੰਮ ਕਰਨ ਜਾਣਾ ਮਾਫ ਕਰ ਸਕਦੇ ਸਨ। ਇਹ ਵੀ ਤਾਂ ਸੱਚ ਸੀ ਕਿ ਅਸੀਂ ਭਾਵੇਂ ਉਤੋਂ-ਉਤੋਂ ਹੀ ਸਹੀ, ਉਹਨਾਂ ਦੀ ਰਜ਼ਾ ਨਾਲ ਹੀ ਲੰਡਨ ਰਵਾਨਾ ਹੋਏ ਸਾਂ। ਪਰ ਉਹਨਾਂ ਤੋਂ ਹੇਠਲੇ ਸਾਥੀਆਂ ਦਾ ਸਾਨੂੰ ਮਾਫ ਕਰਨਾ ਅਸੰਭਵ ਸੀ, ਜਦ ਕਿ ਸਾਡੇ ਜਾਣ ਪਿਛੋਂ ਉਹ ਕਿਤਨੀਆਂ ਮੁਸੀਬਤਾਂ ਵਿਚੋਂ ਲੰਘੇ ਸਨ। ਅਸੀਂ ਜ਼ਰਾ ਵੀ ਸ਼ਕੈਤ ਕਰਨ ਜੋਗੇ ਨਹੀਂ ਸਾਂ।
ਪਰ ਅਸੀਂ ਇਤਨਾ ਆਤਮ-ਗਿਲਾਨੀ ਦਾ ਸ਼ਿਕਾਰ ਵੀ ਨਹੀਂ ਸਾਂ। ਗਾਂਧੀ ਜੀ ਉਪਰ ਸਾਡੀ ਸ਼ਰਧਾ ਇਤਨੀ ਡੂੰਘੀ ਸੀ ਕਿ ਸ਼ਬਦਾਂ ਵਿਚ ਵਰਨਣ ਨਹੀਂ ਸੀ ਕੀਤੀ ਜਾ ਸਕਦੀ। ਖਾਸ ਕਰਕੇ ਦੱਮੋ ਨੂੰ ਤਾਂ ਬਾਪੂ, ਕਸਤੂਰਬਾ, ਆਸ਼ਾ ਦੀਦੀ ਤੇ ਆਰੀਯਮਦਾ ਤੋਂ ਬੇਹਿਸਾਬ ਪਿਆਰ ਮਿਲਿਆ ਸੀ। ਪਰ ਗਾਂਧੀਵਾਦ ਤੋਂ ਸਾਡਾ ਵਿਸ਼ਵਾਸ ਬਹੁਤ ਸਾਰਾ ਉੱਠ ਗਿਆ ਸੀ। ਇਹ ਠੀਕ ਹੈ ਕਿ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਲਈ ਨਹੀਂ ਸਾਂ ਲੜੇ, ਜੇਲ੍ਹਾਂ ਵਿਚ ਨਹੀਂ ਸਾਂ ਗਏ। ਪਰ ਅਨਗਿਣਤ ਰਾਤਾਂ ਅਸਾਂ ਬੰਬਾਂ ਦੀ ਵਰਖਾ ਹੇਠ ਗੁਜ਼ਾਰੀਆਂ ਸਨ। ਮੌਤ ਨਾਲ ਲੁਕਣਮੀਟੀ ਅਸੀਂ ਵੀ ਖੇਡੇ ਸਾਂ। ਚਾਰ ਸਾਲ ਅਸਾਂ ਉਸ ਯੂਰਪ ਵਿਚ ਗੁਜ਼ਾਰੇ ਸਨ, ਜਿਥੇ ਜੰਗ ਕਰੋੜਾਂ ਜਾਨਾਂ ਨਿਗਲ ਗਈ ਸੀ, ਜਿਥੇ ਨਾਜ਼ੀ ਦਰਿੰਦਿਆਂ ਨੇ ਨਿਰਦੋਸ਼ ਯਹੂਦੀਆਂ ਦੀ ਚਮੜੀ ਨਾਲ ਲੈਂਪਾਂ ਦੇ ਸ਼ੇਡ ਬਣਵਾ ਕੇ ਰਾਖਸ਼ਸ਼ਪਣੇ ਦਾ ਨਵਾਂ ਰਿਕਾਰਡ ਕਾਇਮ ਕੀਤਾ ਸੀ। ਅਤੇ ਸਾਨੂੰ ਯਕੀਨ ਹੋ ਚੁੱਕਾ ਸੀ ਕਿ ਵਰਤਮਾਨ ਯੁਗ ਦਾ ਕਰਾਂਤੀਕਾਰੀ ਫਲਸਫਾ ਮਾਰਕਸਵਾਦ ਹੈ, ਗਾਂਧੀਵਾਦ ਨਹੀਂ, ਤੇ ਨਾ ਹੀ ਕੋਈ ਹੋਰ ਵਾਦ। ਅੱਜ ਤਕ ਮੇਰਾ ਇਹ ਵਿਸ਼ਵਾਸ ਮਜ਼ਬੂਤ ਹੀ ਹੋਇਆ ਹੈ, ਘਟਿਆ ਨਹੀਂ।
ਕਲਾ ਤੇ ਸਾਹਿਤ ਵਿਚ ਯਥਾਰਥਵਾਦ ਦੀ ਵਿਦਿਆ ਮੈਨੂੰ ਕਾਲਿਜ ਵਿਚ ਅੰਗਰੇਜ਼ੀ ਸਾਹਿਤ ਦੇ ਅਧਿਅਨ ਤੋਂ ਮਿਲੀ ਸੀ। ਮੈਂ ਉਸ ਦੇ ਇਤਿਹਾਸ ਨੂੰ ਘੋਖਦਿਆਂ ਇਹ ਵੱਡਮੁੱਲਾ ਸਬਕ ਹਾਸਲ ਕੀਤਾ ਸੀ ਕਿ ਯੂਰਪ ਵਿਚ ਯਥਾਰਥਵਾਦ ਤੋਂ ਪਹਿਲਾਂ ਦੇ ਯੁਗ ਦੀ ਕਲਾ ਵਿਚ ਲੰਬਾਈ ਚੌੜਾਈ ਤਾਂ ਹੁੰਦੀ ਸੀ, ਡੂੰਘਾਈ ਨਹੀਂ ਸੀ ਹੁੰਦੀ, ਜੋ ਕਲਾ ਦੀ ਤੀਜੀ ਮਾਤਰਾ ਹੈ। ਰੈਨੇਸਾਂਸ ਨੇ ਕਲਾ ਵਿਚ ਤੀਜੀ ਮਾਤਰਾ ਲਿਆਂਦੀ ਸੀ।
ਯਥਾਰਥਵਾਦ ਦੀ ਖੂਬੀ ਕਲਾ ਵਿਚ ਇਹ ਤੀਜੀ ਮਾਤਰਾ ਲਿਆਉਣਾ ਹੈ।
ਮੈਂ ਆਪਣੇ ਸਟੇਜ ਤੇ ਫਿਲਮ ਦੇ ਅਭਿਨੇ ਵਿਚ ਇਹੋ ਤੀਜੀ ਮਾਤਰਾ ਲਿਆਉਣ ਦਾ ਸ਼ੌਕੀਨ ਰਿਹਾ ਹਾਂ। ਇਹੋ ਕਲਾਕਾਰ ਲਈ ਸਭ ਤੋਂ ਔਖੀ ਪੌੜੀ ਹੈ, ਤੇ ਇਸੇ ਵਿਚ ਸਿਰਜਨਾ ਦਾ ਅਸਲ ਆਨੰਦ ਭਰਿਆ ਪਿਆ ਹੈ। ਕਲਾਕਾਰ ਆਪਣੇ ਖੇਡੇ ਹੋਏ ਕਿਰਦਾਰ ਨੂੰ ਸਜੀਵਤਾ ਨਾਲ ਦਰਸ਼ਕਾਂ ਅਗੇ ਪੇਸ਼ ਕਰਨਾ ਚਾਹੁੰਦਾ ਹੈ। ਇਕੋ ਥਾਂ ਖਲੋਤੀ ਸਜੀਵਤਾ ਨਹੀਂ, ਬਲਕਿ ਉਹ ਸਜੀਵਤਾ ਜਿਸ ਵਿਚ ਗਤੀ ਹੋਵੇ। ਉਹ ਗਤੀ ਜਿਹੜੀ ਉਸ ਕਿਰਦਾਰ ਨੂੰ ਪੈਰੋ ਪੈਰ ਡੂੰਘਾ ਤੇ ਨਵੀਨ ਕਰਦੀ ਜਾਵੇ। ਅਜਿਹਾ ਯਥਾਰਥਵਾਦ ਪੈਦਾ ਕਰਨ ਲਈ ਕੇਵਲ ਯੂਰਪ ਵਿਚ ਪੰਦਰ੍ਹਵੀਂ ਸਦੀ ਤੋਂ ਵਿਕਸਤ ਹੁੰਦੀ ਆ ਰਹੀ ਤਕਨੀਕ ਨੂੰ ਹੀ ਸਿੱਖਣ ਤੇ ਸਮਝਣ ਦੀ ਲੋੜ ਨਹੀਂ, ਹਾਲਾਂ ਕਿ ਇਹ ਵੀ ਬੜਾ ਹੀ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਇਹ ਜਾਨਣ ਤੇ ਸਮਝਣ ਦੀ ਵੀ ਲੋੜ ਹੈ ਕਿ ਪਿਛਲੀਆਂ ਸਦੀਆਂ ਵਿਚ ਮਨੁੱਖੀ ਸਮਾਜ ਕਿਹੜੇ ਪਾਸੇ ਜਾ ਰਿਹਾ ਸੀ, ਤੇ ਹੁਣ ਕਿਹੜੇ ਪਾਸੇ ਜਾ ਰਿਹਾ ਹੈ, ਮਨੁੱਖਤਾ ਸਾਹਮਣੇ ਸਭ ਤੋਂ ਅਹਿਮ ਸਵਾਲ ਕੀ ਹਨ, ਤੇ ਉਹਨਾਂ ਦਾ ਹੱਲ ਕਿਥੇ ਲੱਭਿਆ ਜਾ ਸਕਦਾ ਹੈ, ਸਮਾਜ ਵਿਚ ਕਿਹੜੀਆਂ ਪ੍ਰਵਿਰਤੀਆਂ ਮਰ ਰਹੀਆਂ ਹਨ, ਕਿਹੜੀਆਂ ਜਨਮ ਲੈ ਰਹੀਆਂ ਹਨ। ਵਿਅਕਤੀ ਨੂੰ ਸਮਝਣ ਲਈ ਸਮੂਹ ਦਾ ਸਮਝਣਾ ਲਾਜ਼ਮੀ ਹੈ।
ਮੈਂ ਜਿਤਨਾ ਜ਼ਿਆਦਾ ਮਾਰਕਸਵਾਦ ਦਾ ਅਧਿਅਨ ਕਰਦਾ, ਮੇਰੀਆਂ ਦਿਮਾਗੀ ਧੁੰਦਾਂ ਮਿਟਦੀਆਂ, ਚਾਨਣਾ ਹੁੰਦਾ। ਇਕ ਦਿਨ ਮਾਰਕਸ ਦੇ ਮਹਾਨ ਗਰੰਥ, "ਸਰਮਾਇਆ" ਦਾ ਪਹਿਲਾ ਕਾਂਡ ਖੋਲ੍ਹਦਿਆਂ ਹੀ ਮੈਂ ਪੜ੍ਹਿਆ - "ਜਿਨਸ ਸਾਡੀ ਸਵੈਤਾ ਤੋਂ ਬਾਹਰ ਦੀ ਚੀਜ਼ ਹੁੰਦੀ ਹੈ। ਉਹ ਆਪਣੇ ਗੁਣਾਂ ਨਾਲ ਕਿਸੇ ਨਾ ਕਿਸੇ ਪ੍ਰਕਾਰ ਦੀਆਂ ਇਨਸਾਨੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਜ਼ਰੂਰਤਾਂ ਸਰੀਰਕ ਹਨ ਕਿ ਮਾਨਸਿਕ।"
ਇਸ ਵਾਕ ਦਾ ਮੇਰੇ ਉਪਰ ਬੜਾ ਡੂੰਘਾ ਅਸਰ ਪਿਆ, ਜਿਵੇਂ ਮੈਨੂੰ ਕਿਸੇ ਅਹਿਮ ਸਮੱਸਿਆ ਦਾ ਹੱਲ ਮਿਲ ਗਿਆ ਹੋਵੇ। ਅਭਿਨੇ-ਕਲਾ ਵੀ ਹੋਰ ਸੰਸਾਰਕ ਕੰਮਾਂ ਵਾਂਗ ਇਕ ਕੰਮ ਹੈ। ਮਿਸਤਰੀ ਮੇਜ਼-ਕੁਰਸੀ ਬਣਾ ਕੇ, ਇੰਜੀਨੀਅਰ ਮਸ਼ੀਨ ਬਣਾ ਕੇ ਮਨੁੱਖ ਦੀ ਕੋਈ ਨਾ ਕੋਈ ਸਰੀਰਕ ਜ਼ਰੂਰਤ ਪੂਰੀ ਕਰਦਾ ਹੈ। ਲੇਖਕ ਨਾਟਕ ਦੀ ਰਚਨਾ ਕਰਕੇ, ਅਭਿਨੇਤਾ ਕਿਸੇ ਪਾਤਰ ਨੂੰ ਖੇਡ ਕੇ ਮਨੁੱਖ ਦੀ ਮਾਨਸਿਕ ਲੋੜ ਪੂਰੀ ਕਰਦਾ ਹੈ। ਦੋਵੇਂ ਤਰ੍ਹਾਂ ਦੇ ਕੰਮ ਇਕੋ ਜਿਤਨੇ ਪਵਿੱਤਰ ਤੇ ਇਕੋ ਜਿਤਨੇ ਹੀ ਸ਼ਲਾਘਾ-ਯੋਗ ਹਨ।
ਸਾਡੇ ਦੇਸ਼ ਵਿਚ ਆਮ ਕਰਕੇ ਇਹ ਧਾਰਨਾ ਬੜੀ ਪੱਕੀ ਬਣੀ ਹੋਈ ਹੈ ਕਿ ਕਲਾ ਇਕ ਰੱਬੀ ਦਾਤ ਹੈ। ਕਲਾਕਾਰ ਬਣਦਾ ਨਹੀਂ, ਜੰਮਦਾ ਹੈ। ਅਭਿਨੇਤਾ ਦੀ ਪ੍ਰੇਰਨਾ ਦਰਗਾਹੋਂ ਆਉਂਦੀ ਹੈ, ਉਸ ਦੇ ਵੱਸ ਦੀ ਚੀਜ਼ ਨਹੀਂ। ਜਿਵੇਂ ਕਿ ਇਕ ਪ੍ਰਾਚੀਨ ਯੂਨਾਨੀ ਫਿਲਾਸਫਰ ਨੇ ਕਿਹਾ ਸੀ, "ਲਿਖਣ ਵੇਲੇ ਕਵੀ ਉਪਰ ਇਕ ਦੈਵਿਕ ਜਨੂੰਨ ਜਿਹਾ ਸਵਾਰ ਹੋ ਜਾਂਦਾ ਹੈ।"
ਮੈਂ ਇਸ ਧਾਰਨਾ ਨੂੰ ਸਦਾ ਲਈ ਤਿਲਾਂਜਲੀ ਦੇ ਦਿੱਤੀ। ਮੈਂ ਸਮਝਦਾ ਹਾਂ ਕਿ ਮੈਂ ਠੀਕ ਹੀ ਕੀਤਾ। ਕਲਾ ਵਿਚ ਅਧਿਆਤਮਵਾਦ ਨੂੰ ਘੁਸੇੜਨ ਵਿਚ ਨੁਕਸਾਨ ਹੀ ਨੁਕਸਾਨ ਹੈ, ਲਾਭ ਕੋਈ ਨਹੀਂ।
ਹਰ ਸਾਲ ਅਸੀਂ ਕਿਤਨੀਆਂ ਹੀ ਅਮਰੀਕਨ ਫਿਲਮਾਂ ਵੇਖਦੇ ਹਾਂ। ਇਹਨਾਂ ਵਿਚ ਕੇਵਲ ਮੁਖ-ਪਾਤਰ ਹੀ ਨਹੀਂ, ਸਗੋਂ ਹਰ ਨਿੱਕੇ ਕਿਰਦਾਰ ਨੂੰ ਇਤਨੀ ਸੁੰਦਰਤਾ ਨਾਲ ਨਿਭਾਇਆ ਜਾਂਦਾ ਹੈ ਕਿ ਅਸੀਂ ਕੋਈ ਨੁਕਸ ਨਹੀਂ ਫੜ ਸਕਦੇ। ਪਰ ਸਾਡੀਆਂ ਹਿੰਦੀ ਫਿਲਮਾਂ ਵਿਚ ਦੋ-ਚਾਰ ਮੁੱਖ-ਪਾਤਰਾਂ ਨੂੰ ਛੱਡ ਕੇ ਕਿਸੇ ਦਾ ਕੰਮ ਚੱਜ ਦਾ ਵੇਖਣ ਵਿਚ ਨਹੀਂ ਆਉਂਦਾ। ਸਗੋਂ ਕਈ ਵਾਰੀ ਚੰਗੇ ਨਾਮਵਰ ਅਦਾਕਾਰ ਵੀ ਪੈਸੇ ਦੇ ਲਾਲਚ ਵਿਚ ਵੀਹ-ਵੀਹ ਫਿਲਮਾਂ ਦਾ ਇਕੱਠਾ ਬੋਝ ਸਿਰ ਉੱਤੇ ਪਾ ਕੇ ਆਪਣਾ ਮਿਆਰ ਡੇਗ ਲੈਂਦੇ ਹਨ।
ਜੇ ਐਕਟਿੰਗ ਰੱਬੀ ਦਾਤ ਹੈ, ਤਾਂ ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਪਛਮੀ ਦੇਸ਼ਾਂ ਵਿਚ, ਜਿਥੇ ਧਰਮ-ਮਜ਼੍ਹਬ ਦੀ ਕੋਈ ਖਾਸ ਪੁਛ-ਪ੍ਰਤੀਤ ਨਹੀਂ, ਇਹ ਦਾਤ ਹਰ ਕਿਸੇ ਨੂੰ ਇਤਨੀ ਆਸਾਨੀ ਨਾਲ ਮਿਲ ਜਾਂਦੀ ਹੈ, ਤੇ ਸਾਡੇ ਦੇਸ਼ ਵਿਚ ਵਿਰਲਿਆਂ ਨੂੰ, ਜਿਥੇ ਦਿਨੇਂ ਰਾਤੀਂ ਧਾਰਮਿਕਤਾ ਦੇ ਟੱਲ ਖੜਕਦੇ ਹਨ? ਨਹੀਂ, ਅਭਿਨੇ-ਕਲਾ ਕੇਵਲ ਆਰਟ ਨਹੀਂ, ਸਾਇੰਸ ਵੀ ਹੈ। ਵਿਗਿਆਨਕ ਢੰਗ ਨਾਲ ਅਧਿਅਨ ਤੇ ਅਭਿਆਸ ਕਰਕੇ ਕੋਈ ਵੀ ਸ਼ਖਸ ਇਕ ਚੰਗਾ ਅਦਾਕਾਰ ਬਣ ਸਕਦਾ ਹੈ। ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਬੰਦੇ ਨੂੰ ਜਮਾਂਦਰੂ ਕੁਝ ਮਿਲਦਾ ਹੀ ਨਹੀਂ। ਹਰ ਕਿਸੇ ਦੇ ਸੰਸਕਾਰ ਇਕੋ ਜਿਹੇ ਨਹੀਂ ਹੁੰਦੇ। ਕੋਈ ਚੰਗਾ ਸਾਇੰਸਦਾਨ ਬਣਨ ਦੀ ਪ੍ਰਤਿਭਾ ਲੈ ਕੇ ਜੰਮਦਾ ਹੈ, ਕੋਈ ਹਿਸਾਬਦਾਨ, ਕੋਈ ਖਿਡਾਰੀ, ਕੋਈ ਚਿੱਤਰਕਾਰ, ਕੋਈ ਸੰਗੀਤਕਾਰ, ਤੇ ਕੋਈ ਅਭਿਨੇਤਾ। ਸੰਪੂਰਨਤਾ ਨਾਲ ਓਸੇ ਸ਼ਖਸ ਦਾ ਵਿਕਾਸ ਹੋ ਸਕਦਾ ਹੈ, ਜਿਸ ਦੀ ਅੰਦਰੂਨੀ ਪ੍ਰਤਿਭਾ ਨੂੰ ਛੋਟੀ ਉਮਰ ਤੋਂ ਫਲਣ-ਫੁੱਲਣ ਦਾ ਮਾਹੌਲ ਮਿਲੇ। ਪਰ ਇਹ ਸਹੂਲਤ ਸਾਡੇ ਦੇਸ਼ ਵਿਚ ਕਿਤਨਿਆਂ ਨੂੰ ਮਿਲਦੀ ਹੈ? ਗਰੀਬੀ, ਅਗਿਆਨ, ਬੀਮਾਰੀ ਰਾਹੀਂ ਬਹੁਤਿਆਂ ਦੀਆਂ ਰੀਝਾਂ ਬਚਪਨ ਵਿਚ ਹੀ ਕੁਚਲੀਆਂ ਜਾਂਦੀਆਂ ਹਨ। ਅਭਿਨੇਤਾ, ਲੇਖਕ, ਜਾਂ ਕਵੀ ਬਣਨ ਲਈ ਕਲਪਨਾ ਦਾ ਤੀਖਣ ਹੋਣਾ ਲਾਜ਼ਮੀ ਹੈ। ਕਈ ਬੱਚਿਆਂ ਦੀ ਕਲਪਨਾ ਅਸਲੋਂ ਬੜੀ ਤੀਬਰ ਹੁੰਦੀ ਹੈ, ਤੇ ਸੁੱਘੜ ਮਾਪੇ ਅਤੇ ਅਧਿਆਪਕ ਉਹਨੂੰ ਝੱਟ ਪਛਾਣ ਜਾਂਦੇ ਹਨ। ਅਜਿਹੇ ਬੱਚਿਆਂ ਵਿਚ ਅਗਾਂਹ ਜਾ ਕੇ ਆਰਟ ਦੇ ਮੈਦਾਨ ਵਿਚ ਸਿਖਰਾਂ ਛੁਹਣ ਦੀ ਕਾਬਲੀਅਤ ਹੁੰਦੀ ਹੈ। ਚੰਗਾ ਅਦਾਕਾਰ ਤਾਂ ਹਰ ਕੋਈ ਬਣ ਸਕਦਾ ਹੈ, ਪਰ ਸਿਖਰੀ ਕਲਾਕਾਰ ਗਿਣੇ-ਚੁਣੇ ਵਿਅਕਤੀ ਹੀ ਬਣ ਸਕਦੇ ਹਨ।
ਪਰ ਕੌਣ ਪੇਸ਼ਗੀ ਕਹਿ ਸਕਦਾ ਹੈ ਕਿ ਕਿਸ ਨੇ ਸਿਖਰੀ ਕਲਾਕਾਰ ਬਣਨਾ ਹੈ ਤੇ ਕਿਸ ਨੇ ਸਾਧਾਰਨ? ਚੰਗਾ ਇਹੀ ਹੈ ਕਿ ਇਨਸਾਨ ਆਪਣੇ ਆਪ ਨੂੰ ਅਸਾਧਾਰਨ ਸਮਝਣ ਦੀ ਥਾਂ ਸਾਧਾਰਨ ਹੀ ਸਮਝੇ ਤੇ ਦਰਗਾਹੀ ਪ੍ਰਤਿਭ ਤੇ ਪ੍ਰੇਰਨਾ ਉਪਰ ਭਰੋਸਾ ਕਰਨ ਦੀ ਥਾਂ ਆਪਣੀ ਲਗਨ ਤੇ ਮਿਹਨਤ ਉਪਰ ਭਰੋਸਾ ਕਰੇ।

ਮੈਂ ਜਦੋਂ ਆਪਣੇ ਬਚਪਨ ਵਲ ਨਜ਼ਰ ਦੁੜਾਉਂਦਾ ਹਾਂ, ਤਾਂ ਯਾਦ ਆਉਂਦਾ ਹੈ ਕਿ ਮੇਰੀ ਕਲਪਨਾ ਬੜੀ ਤੀਬਰ ਸੀ। ਆਮ ਤੌਰ ਉਤੇ ਬੱਚਿਆਂ ਦੀਆਂ ਖੇਡਾਂ ਵੱਡਿਆਂ ਦੇ ਕੰਮਾਂ ਦੀ ਨਕਲ ਹੁੰਦੀਆਂ ਹਨ। ਪਰ ਮੈਂ ਇਸ ਨਕਲ ਨੂੰ ਇਤਨਾ ਅਸਲੀ ਬਣਾ ਲੈਂਦਾ ਸਾਂ ਕਿ ਵਡੇ ਵੀ ਬੜੇ ਸ਼ੌਕ ਨਾਲ ਮੇਰੀਆਂ ਖੇਡਾਂ ਵਿਚ ਸ਼ਾਮਲ ਹੋਣ ਲੱਗ ਜਾਂਦੇ ਸਨ।
ਪੜ੍ਹਾਈ ਵਿਚ ਮੇਰੀ ਜ਼ਿਆਦਾ ਰੁਚੀ ਜ਼ਬਾਨਾਂ ਵਲ ਸੀ। ਸੰਸਕ੍ਰਿਤ ਮੈਨੂੰ ਚੰਗੀ ਲਗਦੀ ਸੀ। ਅੱਠਾਂ-ਦਸਾਂ ਵਰ੍ਹਿਆਂ ਦੀ ਉਮਰ ਵਿਚ ਮੈਂ ਬਾਲਮੀਕੀ ਰਾਮਾਇਣ ਪੜ੍ਹ ਗਿਆ ਸਾਂ। ਉਸੇ ਵਜ਼ਨ ਦੇ ਮੈਂ ਇਕ ਵਾਰੀ ਸ਼ਲੋਕ ਵੀ ਲਿਖ ਕੇ ਆਰੀਆ ਸਮਾਜ ਦੇ ਵਾਰਸ਼ਿਕ ਉਤਸਵ ਵਿਚ ਪੜ੍ਹੇ ਸਨ। ਸਭ ਤੋਂ ਜ਼ਿਆਦਾ ਮਜ਼ਾ ਮੈਨੂੰ ਸਕੂਲ ਵਿਚ ਉਸ ਵੇਲੇ ਆਉਂਦਾ, ਜਦੋਂ ਮਾਸਟਰ ਜੀ, ਨਿੱਕੇ-ਨਿੱਕੇ ਸੰਕੇਤੀ ਵਾਕ ਲਿਖਾ ਕੇ ਉਹਨਾਂ ਦੇ ਆਧਾਰ ਉਤੇ ਮੈਨੂੰ ਕੋਈ ਕਹਾਣੀ ਲਿਖਣ ਲਈ ਆਖਦੇ। ਸਾਹਿਤ ਦੀਆਂ ਪਾਠ-ਪੁਸਤਕਾਂ ਮੈਨੂੰ ਸ਼ੁਰੂ ਤੋਂ ਅਖੀਰ ਤਕ ਆਪ-ਮੁਹਾਰੇ ਯਾਦ ਹੋ ਜਾਂਦੀਆਂ ਸਨ।
ਮੇਰੀ ਸਾਹਿਤਕ ਰੁਚੀ ਨੂੰ ਮਾਪਿਆਂ ਤੇ ਉਸਤਾਦਾਂ ਵਲੋਂ ਵੀ ਚੰਗੀ ਪ੍ਰੇਰਨਾ ਮਿਲਦੀ ਰਹੀ। ਇਸੇ ਕਰਕੇ ਮੈਂ ਅੰਗਰੇਜ਼ੀ ਸਾਹਿਤ ਦਾ ਐਮ. ਏ. ਕੀਤਾ, ਤੇ ਕਾਲਿਜ ਵਿਚੋਂ ਨਿਕਲਣ ਸਾਰ ਹੀ ਕਹਾਣੀਆਂ ਤੇ ਕਵਿਤਾਵਾਂ ਲਿਖਣੀਆਂ ਅਰੰਭ ਦਿਤੀਆਂ। ਮੈਨੂੰ ਸਦਾ ਤੋਂ ਸ਼ੌਕ ਸਾਹਿਤਕਾਰ ਬਣਨ ਦਾ ਹੀ ਰਿਹਾ ਹੈ। ਜਿਵੇਂ ਕਿ ਮੈਂ ਪਹਿਲਾਂ ਕਹਿ ਆਇਆ ਹਾਂ, ਫਿਲਮ-ਐਕਟਰ ਤਾਂ ਮੈਂ ਸੰਜੋਗਵਸ਼ ਹੀ ਬਣ ਗਿਆ।
ਅਜ ਕੋਈ ਮੇਰੀਆਂ ਸ਼ੁਰੂ-ਸ਼ੁਰੂ ਦੀਆਂ ਫਿਲਮਾਂ ਵੇਖੇ। ਉਹਨਾਂ ਵਿਚ ਮੇਰਾ ਕੰਮ ਇਤਨਾ ਘਟੀਆ ਦਰਜੇ ਦਾ ਹੈ ਕਿ ਕੋਈ ਯਕੀਨ ਨਹੀਂ ਕਰ ਸਕੇਗਾ ਕਿ ਇਹ ਆਦਮੀ ਕਦੇ ਚੰਗਾ ਅਦਾਕਾਰ ਬਣ ਸਕਦਾ ਹੈ। ਮੇਰੇ ਕਈ ਮਿੱਤਰ, ਜਿਹੜੇ ਮੇਰੇ ਨਾਲ ਫਿਲਮਾਂ ਵਿਚ ਦਾਖਲ ਹੋਏ, ਇਤਨਾ ਵਧੀਆਂ ਅਭਿਨੇ ਕਰਦੇ ਸਨ ਕਿ ਉਹਨਾਂ ਦੇ ਛੜੱਪਾ ਮਾਰ ਕੇ ਸ਼ੁਹਰਤ ਦੇ ਸਤਵੇਂ ਅਸਮਾਨ ਜਾ ਚੜ੍ਹਨ ਦਾ ਕਿਸੇ ਨੂੰ ਵੀ ਸੰਦੇਹ ਨਹੀਂ ਸੀ। ਪਰ ਦੁਰਭਾਗਵੱਸ਼ ਉਹ ਆਪਣੇ ਵਿਲੱਖਣ ਵਿਅਕਤੀ ਹੋਣ ਦੇ ਵਹਿਮ ਦਾ ਸ਼ਿਕਾਰ ਹੋ ਗਏ। ਅਭਿਨੇ-ਕਲਾ ਦਾ ਵਿਗਿਆਨਕ ਢੰਗ ਨਾਲ ਅਧਿਅਨ ਕਰਨ ਦੀ ਥਾਂ ਉਹ ਦਰਗਾਹੋਂ ਪ੍ਰੇਰਨਾ ਦੀ ਉਡੀਕ ਕਰਦੇ। ਜਿਹੜਾ ਕਿਰਦਾਰ ਉਹਨਾਂ ਖੇਡਣਾ ਹੁੰਦਾ, ਉਹਨਾਂ ਦੇ ਵਿਚਾਰ ਵਿਚ ਉਹ ਕਿਸੇ ਅਲੋਕਿਕ ਢੰਗ ਨਾਲ ਆਪਣੇ ਆਪ ਉਹਨਾਂ ਅੰਦਰ ਪ੍ਰਵੇਸ਼ ਕਰ ਜਾਂਦਾ ਸੀ। ਕਦੇ ਉਹ ਸ਼ਾਟ ਤੋਂ ਪਹਿਲਾਂ ਸਮਾਧੀ ਲਾ ਕੇ ਉਸ ਦੀ ਆਮਦ ਨੂੰ ਉਡੀਕਦੇ, ਤੇ ਕਦੇ ਸ਼ਰਾਬ ਜਾਂ ਕਿਸੇ ਹੋਰ ਮਾਦਕ ਦ੍ਰਵ ਦੀ ਸ਼ਰਣ ਲੈਂਦੇ। ਸੋ, ਉਹ ਤਰੱਕੀ ਨਹੀਂ ਕਰ ਸਕੇ, ਪਰ ਮੈਂ ਆਪਣੀ ਸਾਧਾਰਨ ਪ੍ਰਤਿਭਾ ਦੇ ਬਾਵਜੂਦ ਉਹਨਾਂ ਤੋਂ ਜ਼ਿਆਦਾ ਸਫਲ ਰਿਹਾ।
ਜਿਨ੍ਹਾਂ ਲੋਕਾਂ ਨੂੰ ਮਾਰਕਸਵਾਦ ਦਾ ਗਿਆਨ ਨਹੀਂ, ਉਹ ਇਹਨੂੰ ਕੇਵਲ ਇਕ ਰਾਜਨੀਤਕ ਸਿਧਾਂਤ ਸਮਝ ਛਡਦੇ ਹਨ, ਜੋ ਇਕ ਬਹੁਤ ਵਡੀ ਭੁੱਲ ਹੈ। ਮਾਰਕਸਵਾਦ ਵਾਸਤਵ ਵਿਚ ਇਕ ਦਰਸ਼ਨ ਹੈ, ਫਲਸਫਾ ਹੈ, ਜੋ ਪ੍ਰਾਕਿਰਤਕ ਤੇ ਸੰਸਾਰਕ ਜੀਵਨ ਦੇ ਹਰ ਪਹਿਲੂ ਨੂੰ ਵਿਗਿਆਨਕ-ਢੰਗ ਨਾਲ ਰੁਸ਼ਨਾਉਂਦਾ ਹੈ। ਹਰ ਕਲਾਕਾਰ ਨੂੰ ਇਹ ਜਾਣਨ ਦੀ ਖਾਹਿਸ਼ ਹੁੰਦੀ ਹੈ ਕਿ ਉਸ ਦੀ ਕਲਾ ਦਾ ਸਮਾਜ ਵਿਚ ਕੀ ਮਹੱਤਵ ਹੈ। ਕੀ ਉਸ ਮਹੱਤਵ ਅਨੁਸਾਰ ਉਸ ਨੂੰ ਉਹ ਸਥਾਨ ਪ੍ਰਾਪਤ ਹੈ, ਜੋ ਉਸ ਨੂੰ ਮਿਲਣਾ ਚਾਹੀਦਾ ਹੈ? ਇਸ ਦਿਸ਼ਾ ਵਿਚ ਮਾਰਕਸਵਾਦ ਭੁਲੇਖਿਆਂ ਨੂੰ ਦੂਰ ਕਰਕੇ ਅਸਲੀਅਤ ਉਪਰ ਪ੍ਰਕਾਸ਼ ਪਾਉਂਦਾ ਹੈ। ਵਰਤਮਾਨ ਯੁਗ ਵਿਚ ਮਾਰਕਸਵਾਦ ਦਾ ਅਧਿਅਨ, ਮੇਰੀ ਰਾਏ ਵਿਚ, ਇਕ ਕਲਾਕਾਰ ਲਈ ਵੀ ਉਤਨਾ ਹੀ ਉਪਯੋਗੀ ਹੈ, ਜਿਤਨਾ ਇਕ ਸਮਾਜ-ਸ਼ਾਸਤਰੀ ਲਈ।
ਮਾਰਕਸਵਾਦ ਨੇ ਭਾਸ਼ਾ ਦੇ ਸਵਾਲ ਨੂੰ ਵੀ ਵਿਗਿਆਨਕ ਢੰਗ ਨਾਲ ਵੇਖਣ ਦੀ ਮੈਨੂੰ ਸਮਰਥਾ ਬਖਸ਼ੀ। ਟੈਗੋਰ ਤੇ ਗਾਂਧੀ ਜੀ ਵਰਗੇ ਮਹਾਂਪੁਰਸ਼ਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਪਹਿਲਾਂ ਹੀ ਇਸ ਨਜ਼ਰੀਏ ਵਲ ਆ ਰਿਹਾ ਸਾਂ ਕਿ ਹਰ ਕਲਾਕਾਰ ਜਾਂ ਸਾਹਿਤਕਾਰ ਲਈ ਉਸ ਦੀ ਆਪਣੀ ਮਾਂ-ਬੋਲੀ ਤੇ ਆਪਣਾ ਮਾਤਰੀ ਸਭਿਆਚਾਰ ਹੀ ਸਭ ਤੋਂ ਉੱਤਮ ਮਾਧਿਅਮ ਹੁੰਦੇ ਹਨ। ਮਾਰਕਸਵਾਦ ਦੇ ਅਧਿਅਨ ਨੇ ਮੇਰਾ ਇਹ ਵਿਸ਼ਵਾਸ ਹੋਰ ਵੀ ਮਜ਼ਬੂਤ ਬਣਾਇਆ।
"ਜ਼ੁਬੈਦਾ" ਦੀ ਕਾਮਯਾਬੀ ਪਿਛੋਂ ਇਪਟਾ ਦੇ ਸਾਥੀ ਮੇਰੀ ਹਰ ਗੱਲ ਮੰਨਣ ਲਈ ਤਿਆਰ ਸਨ। ਮੈਂ ਇਸ ਗੱਲ ਉਪਰ ਜ਼ੋਰ ਪਾਇਆ ਕਿ ਅਲੱਗ-ਅਲੱਗ ਭਾਸ਼ਾਵਾਂ ਦੀਆਂ ਅਲੱਗ-ਅਲੱਗ ਟੋਲੀਆਂ ਬਣਾਈਆਂ ਜਾਣ। ਸਿਧਾਂਤਕ ਤੌਰ ਉਤੇ ਇਹ ਅਸੂਲ ਇਪਟਾ ਵਿਚ ਪਹਿਲਾਂ ਤੋਂ ਹੀ ਪਰਵਾਨਿਤ ਸੀ, ਪਰ ਹੁਣ ਇਸ ਉਪਰ ਅਮਲ ਵੀ ਜ਼ਿਆਦਾ ਮਿਹਨਤ ਨਾਲ ਕੀਤਾ ਜਾਣ ਲੱਗ ਪਿਆ। ਵੇਖਦਿਆਂ-ਵੇਖਦਿਆਂ ਗੁਜਰਾਤੀ, ਮਰਾਠੀ, ਅੰਗਰੇਜ਼ੀ ਭਾਸ਼ਾਵਾਂ ਦੇ ਵੀ ਉੱਤਮ ਸ਼ਰੇਣੀ ਦੇ ਗਰੁੱਪ ਤਿਆਰ ਹੋ ਗਏ। ਹੋਰ ਤਾਂ ਹੋਰ, ਤੈਲਗੂ ਭਾਸ਼ਾ ਦਾ ਵੀ ਇਕ ਨਾਟਕ-ਮੰਡਲ ਬਣ ਗਿਆ। ਨਾਟਕ-ਮੰਡਲਾਂ ਤੋਂ ਇਲਾਵਾ ਇਪਟਾ ਦਾ ਇਕ ਕੁੱਲ-ਹਿੰਦ ਨਰਿਤ-ਮੰਡਲ ਸੀ, ਜੋ ਆਪਣੀ ਸ਼ਾਨ ਰਖਦਾ ਸੀ। ਉਦੇ ਸ਼ੰਕਰ ਦਾ ਕੇਂਦਰ ਟੁੱਟਣ ਪਿਛੋਂ ਉਸ ਦੇ ਲਗਭਗ ਸਾਰੇ ਹੀ ਪ੍ਰਮੁਖ ਕਲਾਕਾਰ ਇਸ "ਸੈਂਟਰਲ ਸਕਵਾਡ" ਵਿਚ ਸ਼ਾਮਲ ਹੋ ਚੁੱਕੇ ਸਨ। ਉਸ ਵਿਚ ਕਿਤਨੀਆਂ ਮਹਾਨ ਹਸਤੀਆਂ ਸ਼ਾਮਲ ਸਨ, ਇਹਨਾਂ ਨਾਵਾਂ ਤੋਂ ਹੀ ਪਰਗਟ ਹੋ ਜਾਂਦਾ ਹੈ - ਰਵੀ ਸ਼ੰਕਰ, ਸਚੀਨ ਸ਼ੰਕਰ, ਸ਼ਾਂਤੀ ਬਰਧਨ, ਅਵਨੀ ਦਾਸ ਗੁਪਤਾ, ਪ੍ਰੇਮ ਧਵਨ, ਦੀਨਾ ਗਾਂਧੀ, ਗੁੱਲ ਬਰਧਨ, ਬਿਨਾਏ ਰਾਏ, ਉਸਤਾਦ ਅਲੀ ਅਕਬਰ ਖਾਨ, ਅਤੇ ਕਿਤਨੇ ਹੀ ਹੋਰ।
ਏਸੇ ਤਰ੍ਹਾਂ, ਨਾਟਕ ਦੇ ਵਿਭਾਗਾਂ ਨੂੰ ਵੀ ਮਾਮਾ ਵਾਰੇਰਕਰ (ਮਰਾਠੀ), ਚੰਦਰਵਦਨ ਮਹਿਤਾ (ਗੁਜਰਾਤੀ), ਗੁਣਵੰਤ ਰਾਓ ਆਚਾਰੀਆ (ਗੁਜਰਾਤੀ), ਪ੍ਰਿਥਵੀ ਰਾਜ ਕਪੂਰ, ਦੁਰਗਾ ਖੋਟੇ ਆਦਿਕ ਚੋਟੀ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਸਹਿਯੋਗ ਪ੍ਰਾਪਤ ਸੀ। ਇਹ ਲੋਕ ਕੇਵਲ ਦੂਰ ਬੈਠ ਕੇ ਸਰਪਰਸਤੀ ਨਹੀਂ ਸਨ ਕਰਦੇ, ਸਗੋਂ ਇਪਟਾ ਦੇ ਬਾਕਾਇਦਾ ਮੈਂਬਰ ਸਨ, ਇਪਟਾ ਲਈ ਡਰਾਮੇ ਲਿਖਦੇ ਸਨ, ਉਹਨਾਂ ਵਿਚ ਪਾਰਟ ਕਰਦੇ ਸਨ। ਦੁਰਗਾ ਖੋਟੇ ਨੇ ਸਭ ਤੋਂ ਪਹਿਲਾਂ ਸਟੇਜ ਉੱਪਰ ਕੰਮ ਇਪਟਾ ਦੇ ਨਾਟਕ ਵਿਚ ਹੀ ਕੀਤਾ ਸੀ।
ਇਪਟਾ ਦੀ ਤਹਿਰੀਕ ਕੇਵਲ ਬੰਬਈ ਵਿਚ ਹੀ ਨਹੀਂ, ਸਾਰੇ ਹਿੰਦੁਸਤਾਨ ਵਿਚ ਤੇਜ਼ੀ ਨਾਲ ਫੈਲ ਰਹੀ ਸੀ, ਤੇ ਹਰ ਪ੍ਰਾਂਤ ਵਿਚ ਸਰਬ-ਉੱਚ ਲੇਖਕ ਤੇ ਕਲਾਕਾਰ ਉਸ ਦੇ ਘੇਰੇ ਵਿਚ ਖੁਸ਼ੀ ਨਾਲ ਆ ਰਹੇ ਸਨ। ਪ੍ਰਾਂਤ-ਪ੍ਰਾਂਤ ਦੇ ਕਲਾਕਾਰ ਉਸ ਦੇ ਘੇਰੇ ਵਿਚ ਖੁਸ਼ੀ ਨਾਲ ਆ ਰਹੇ ਸਨ। ਪ੍ਰਾਂਤ-ਪ੍ਰਾਂਤ ਦੇ ਕਲਾਕਾਰ ਇਕ-ਦੂਜੇ ਨਾਲ ਅਨੋਖੇ ਪ੍ਰੇਮ-ਸੂਤਰ ਵਿਚ ਪਰੁਤੇ ਜਾ ਰਹੇ ਸਨ। ਨਵੀਂ ਪੀੜ੍ਹੀ ਲਈ ਯਕੀਨ ਕਰਨਾ ਔਖਾ ਹੈ ਕਿ ਕਦੇ ਇੰਜ ਵੀ ਹੁੰਦਾ ਸੀ।
ਸਵਾਲ ਉਠਦਾ ਹੈ, ਇਪਟਾ ਦੀ ਇਤਨੀ ਸ਼ੀਘਰ ਤੇ ਜ਼ਬਰਦਸਤ ਲੋਕ-ਪ੍ਰੀਅਤਾ ਦਾ ਕਾਰਨ ਕੀ ਸੀ? ਇਤਨਾ ਵਡਾ ਅੰਦੋਲਨ ਆਪ-ਮੁਹਾਰੇ ਨਹੀਂ ਖੜਾ ਹੋ ਸਕਦਾ।
ਇਸ ਦਾ ਕਾਰਨ, ਮੈਂ ਸਮਝਦਾ ਹਾਂ, ਉਸ ਵੇਲੇ ਕਮਿਊਨਿਸਟ ਪਾਰਟੀ ਦੀਆਂ ਸਹੀ ਨੀਤੀਆਂ ਸਨ। ਉਹਨਾਂ ਨੀਤੀਆਂ ਦਾ ਲੋਕਾਂ ਦੇ ਦਿਲ ਉਤੇ ਝੱਟ ਅਸਰ ਪੈਂਦਾ ਸੀ। ਮੈਨੂੰ ਯਾਦ ਹੈ, ਜਿੱਥੇ ਵੀ ਖਲੋ ਕੇ ਅਸੀਂ ਪ੍ਰੇਮ ਧਵਨ ਦਾ ਕੋਈ ਗੀਤ ਗਾਉਂਦੇ, ਲੋਕੀਂ ਖਾਹ-ਮਖਾਹ ਖੜੇ ਹੋ ਕੇ ਸੁਣਨ ਲਗ ਪੈਂਦੇ ਸਨ, ਤੇ ਉਹਨਾਂ ਦੇ ਚਿਹਰਿਆਂ ਉਤੇ ਗੰਭੀਰ ਸੋਚ ਦਾ ਭਾਵ ਉੱਘੜ ਆਉਂਦਾ ਸੀ। ਇਹਨਾਂ ਨੀਤੀਆਂ ਵਿਚ ਸੱਚੀ ਰਾਸ਼ਟਰੀਅਤਾ ਸੀ, ਤੇ ਸੱਚੀ ਅੰਤਰ-ਰਾਸ਼ਟਰੀਅਤਾ ਵੀ। ਉਹ ਮਸਲਿਆਂ ਨੂੰ ਬੜੀ ਸਪਸ਼ਟਤਾ ਨਾਲ ਆਮ ਆਦਮੀ ਅੱਗੇ ਰਖਦੀਆਂ ਸਨ, ਉਹਨੂੰ ਬਰਤਾਨਵੀ ਸਾਮਰਾਜ ਦੇ ਖਿਲਾਫ ਸੰਗਠਿਤ ਹੋ ਕੇ ਲੜਨ ਲਈ ਪ੍ਰੇਰਦੀਆਂ ਸਨ। ਉਹ ਰਾਸ਼ਟਰੀ ਅੰਦੋਲਨ ਨਾਲ ਸੰਗਠਨ ਵੀ ਸਨ, ਪਰ ਉਸ ਦੀਆਂ ਨੁਕਤਾਚੀਨ ਵੀ। ਕਮਿਊਨਿਸਟ ਪਾਰਟੀ ਦੇ ਕਾਮੇ ਇਪਟਾ ਵਿਚ ਇਤਨੇ ਆਪਾ ਵਾਰੂ ਢੰਗ ਨਾਲ ਕੰਮ ਕਰਦੇ ਸਨ ਕਿ ਹਰ ਕੋਈ ਉਹਨਾਂ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਣ ਲਗ ਜਾਂਦਾ ਸੀ। ਮਿਹਨਤਾਂ ਤਾਂ ਉਹ ਆਪ ਕਰਦੇ ਸਨ, ਪਰ ਸ਼ੋਭਾ ਲੈਣ ਲਈ ਦੂਜਿਆਂ ਨੂੰ ਅੱਗੇ ਕਰ ਦੇਂਦੇ ਸਨ। ਕਮਿਊਨਿਸਟ ਕਾਮਿਆਂ ਦੇ ਡਸਿਪਲਿਨ ਦੀ ਤਾਰੀਫ ਤਾਂ ਉਹਨਾਂ ਦੇ ਦੁਸ਼ਮਨ ਵੀ ਕਰਦੇ ਨਹੀਂ ਸਨ ਥੱਕਦੇ।
ਏਸ ਤੋਂ ਇਲਾਵਾ, ਦੇਸ਼ ਵਿਚ ਉਸ ਵੇਲੇ ਮਾਰਕਸਵਾਦੀ ਵਿਚਾਰਾਂ ਦਾ ਇਕ ਹੜ੍ਹ ਜਿਹਾ ਆਇਆ ਹੋਇਆ ਸੀ।
ਧੰਨਵਾਨਾਂ ਦੀ ਸੁਸਾਇਟੀ ਵਿਚ ਵੀ ਮਾਰਕਸਵਾਦ ਦਾ ਇਕ ਤਰ੍ਹਾਂ ਨਾਲ ਫੈਸ਼ਨ ਜਿਹਾ ਬਣ ਗਿਆ ਸੀ। ਸ਼ੈਦ ਇਸ ਲਈ ਵੀ ਕਿ ਕਮਿਊਨਿਸਟ ਬਰਤਾਨਵੀ ਸਾਮਰਾਜ ਵਿਰੋਧੀ ਹੁੰਦਿਆਂ ਵੀ ਜੰਗ ਨੂੰ ਜਨਤਕ ਜੰਗ ਆਖਦੇ ਸਨ, ਤੇ ਉਸ ਵੇਲੇ ਧੰਨਵਾਨਾਂ ਲਈ ਇਹ ਨਾਹਰਾ ਲਾਹੇਵੰਦਾ ਸੀ।
ਜਸਵੰਤ ਠੱਕਰ ਨਾਲ ਮੇਰੀ ਦੋਸਤੀ ਡੂੰਘੀ ਸੀ। ਹੌਲੀ-ਹੌਲੀ ਮੈਂ ਪਾਰਟੀ ਤੇ ਦੂਜੇ ਵਰਕਰਾਂ ਦਾ ਵੀ ਵਾਕਫ ਬਣ ਗਿਆ। ਸੈਂਡਹਰਸਟ ਰੋਡ ਉਤੇ "ਰਾਜ ਭਵਨ" ਨਾਂ ਦੀ ਬਿਲਡਿੰਗ ਵਿਚ ਕੇਂਦਰੀ ਦਫਤਰ ਸੀ। ਬੜੀ ਗਹਿਮਾ-ਗਹਿਮੀ ਰਹਿੰਦੀ ਸੀ ਓਥੇ। ਬੜਾ ਪਿਆਰਾ ਤੇ ਪਵਿੱਤਰ ਮਾਹੌਲ ਸੀ ਓਥੋਂ ਦਾ। ਪਾਰਟੀ ਦੇ ਲੰਗਰ ਵਿਚ ਰੋਟੀ ਖਾਣ ਦਾ ਓਹੀ ਸੁਆਦ ਸੀ, ਜੋ ਸਿੱਖਾਂ ਲਈ ਗੁਰੂ ਕੇ ਲੰਗਰ ਦਾ ਹੈ। ਰਾਜ ਭਵਨ ਵਿਚ ਹੀ ਮੇਰੀ ਜਾਣ ਪਛਾਣ ਪੀ. ਸੀ. ਜੋਸ਼ੀ ਨਾਲ ਹੋਈ, ਤੇ ਉਸ ਨਾਲ ਸਾਡਾ ਡੂੰਘਾ ਪਿਆਰ ਪੈ ਗਿਆ, ਜੋ ਹੁਣ ਤਕ ਚੱਲਿਆ ਆਉਂਦਾ ਹੈ। ਇਕ ਸੱਚੇ ਇਨਕਲਾਬੀ ਵਾਂਗ 'ਪੀ. ਸੀ.' ਜੀਵਨ ਨੂੰ ਹਰ ਪਹਿਲੂ ਤੋਂ ਪਿਆਰ ਕਰਦਾ ਹੈ। ਉਹ ਪਲ-ਪਲ ਜੀਊਂਦਾ ਹੈ, ਤੇ ਪਲ-ਪਲ ਆਪਣੇ ਗਿਆਨ ਤੇ ਕਰਮ ਦਾ ਦਾਇਰਾ ਵਸੀਹ ਕਰਨ ਵਿਚ ਵਿਸ਼ਵਾਸ ਕਰਦਾ ਹੈ। ਉਸ ਦੀ ਨਿਗਾਹ ਵਿਚ ਕਲਾ ਕੇਵਲ ਰਾਜਨੀਤਕ ਆਗੂਆਂ ਦੀ ਸ਼ਾਨ ਨੂੰ ਚਾਰ ਚੰਨ ਲਾਉਣ ਵਾਲੀ ਚੀਜ਼ ਨਹੀਂ ਹੈ। ਉਹ ਆਪ ਉਸ ਦਾ ਸ਼ੈਦਾਈ ਤੇ ਜਿਗਿਆਸੂ ਹੈ। ਇਕ ਵਾਰੀ ਨਹੀਂ ਅਨੇਕਾਂ ਵਾਰੀ ਉਸ ਦੀਆਂ ਦਿੱਤੀਆਂ ਤਜਵੀਜ਼ਾਂ ਸਾਨੂੰ ਇਪਟਾ ਦੇ ਕੰਮ ਵਿਚ ਭਰਪੂਰ ਸਹਾਇਕ ਹੋਈਆਂ। ਹਰ ਕੋਈ ਸਲਾਹ ਲੈਣ 'ਪੀ. ਸੀ.' ਵਲ ਦੌੜਦਾ ਜਾਂਦਾ। ਛੋਟੇ ਤੋਂ ਛੋਟੇ ਕਾਰਕੁੰਨ ਨਾਲ ਵੀ ਪੀ. ਸੀ. ਪਿਆਰ ਭਰਿਆ ਸਲੂਕ ਕਰਦਾ, ਉਸ ਦੇ ਜੀਵਨ ਵਿਚ ਉਮੰਗ ਜਿਹੀ ਲੈ ਆਉਂਦਾ। ਇਕ ਅਜੀਬ ਮਿਕਨਾਤੀਸੀ ਕਸ਼ਸ਼ ਸੀ ਪੀ. ਸੀ. ਦੀ ਸ਼ਖਸੀਅਤ ਵਿਚ। ਜਿਸ ਨੂੰ ਉਹ ਇਕ ਵਾਰੀ ਮਿਲ ਪਏ, ਸਾਰੀ ਉਮਰ ਭੁੱਲਦਾ ਨਹੀਂ ਸੀ। ਤੇ ਅਸਚਰਜ ਦੀ ਗੱਲ ਇਹ ਕਿ ਪੀ. ਸੀ. ਦੇ ਮਿੱਤਰ ਇਕ-ਦੋ ਪ੍ਰਾਤਾਂ ਵਿਚ ਨਹੀਂ, ਸਾਰੇ ਹਿੰਦੁਸਤਾਨ ਵਿਚ ਫੈਲੇ ਹੋਏ ਸਨ। ਤਾਮਿਲ ਤੇ ਮਾਲਾਬਾਰੀ ਵੀ ਉਹਨੂੰ ਉਤਨਾ ਹੀ ਆਪਣਾ ਸਮਝਦੇ ਸਨ, ਜਿੰਨਾ ਉਹਦੇ ਆਪਣੇ ਯੂ. ਪੀ. ਦੇ ਲੋਕ।
ਪੀ. ਸੀ. ਤੇ ਉਹਦੀ ਪਤਨੀ, ਕਲਪਨਾ ਨਾਲ, ਜਿਸ ਨੇ ਸੋਲ੍ਹਾਂ ਵਰ੍ਹਿਆਂ ਦੀ ਉਮਰ ਵਿਚ ਬੰਗਾਲ ਦੇ ਅੰਗਰੇਜ਼ ਗਵਰਨਰ ਉਪਰ ਗੋਲੀ ਚਲਾਈ ਸੀ ਤੇ ਪਿਛੋਂ ਉਮਰ-ਕੈਦ ਭੁਗਤੀ ਸੀ, ਸਾਡੇ ਪਰਵਾਰ ਦੀ ਮਿੱਤਰਤਾ ਉਹਨਾਂ ਦਿਨਾਂ ਤੋਂ ਅਟੁੱਟ ਚੱਲੀ ਆ ਰਹੀ ਹੈ। ਪੀ. ਸੀ. ਦੀ ਸ਼ਖਸੀਅਤ ਤੋਂ ਪ੍ਰਭਾਵਤ ਹੋ ਕੇ ਹੀ ਦੱਮੋ ਤੇ ਮੈਂ ਦੋਵੇਂ ਕਮਿਊਨਿਸਟ ਪਾਰਟੀ ਦੇ ਮੈਂਬਰ ਵੀ ਬਣ ਗਏ।
ਪਰ ਇਹ ਸੋਚ ਲੈਣਾ ਗਲਤ ਹੋਵੇਗਾ ਕਿ ਕੇਵਲ ਯਥਾਰਥਵਾਦੀ ਤੇ ਮਾਰਕਸਵਾਦੀ ਦ੍ਰਿਸ਼ਟੀਕੋਣ ਅਪਣਾ ਲੈਣ ਨਾਲ ਹੀ ਕਲਾਕਾਰ ਆਪਣੀ ਮੰਜ਼ਲ ਉਤੇ ਪਹੁੰਚ ਜਾਂਦਾ ਹੈ। ਪਹਿਲਾਂ ਕਲਾਕਾਰ ਲਈ ਆਪਣੇ ਦ੍ਰਿਸ਼ਟੀਕੋਣਾਂ ਅਨੁਸਾਰ ਘਾਲਣਾ ਕਰਨੀ ਲੋੜੀਂਦੀ ਹੈ। ਪੁਰਾਣੇ ਸੰਸਕਾਰ ਅੰਦਰੋਂ ਕਢਣੇ ਤੇ ਨਵੇਂ ਪਾਉਣੇ ਪੈਂਦੇ ਹਨ। ਇਹ ਕੋਈ ਆਸਾਨ ਕੰਮ ਨਹੀਂ। ਸਨਅਤੀ ਦੇਸ਼ਾਂ ਦੇ ਲੋਕਾਂ ਲਈ, ਭਾਵੇਂ ਉਹ ਸਰਮਾਏਦਾਰੀ ਦੇਸ਼ ਹੀ ਕਿਉਂ ਨਾ ਹੋਣ, ਯਥਾਰਥਵਾਦੀ ਦ੍ਰਿਸ਼ਟੀਕੋਣ ਅਪਣਾਨਾ ਆਸਾਨ ਹੈ, ਕਿਉਂਕਿ ਸਾਇੰਸ ਅਤੇ ਮਸ਼ੀਨ ਉਹਨਾਂ ਦੇ ਜੀਵਨ ਦੇ ਹਰ ਅੰਗ ਵਿਚ ਪ੍ਰਵੇਸ਼ ਕਰ ਚੁੱਕੀ ਹੁੰਦੀ ਹੈ। ਪਰ ਮੇਰੀ ਪੀੜ੍ਹੀ ਦੇ ਭਾਰਤੀ ਕਲਾਕਾਰਾਂ ਦੇ ਸੰਸਕਾਰ ਧੁਰੋਂ ਸਨਾਤਨੀ ਤੇ ਜਗੀਰਦਾਰੀ ਯੁਗ ਦੇ ਹਨ। ਉਹਨਾਂ ਉਪਰ ਮਾਰਕਸਵਾਦੀ ਵਿਚਾਰਧਾਰਾ ਦਾ ਮੁਲੰਮਾ ਉਤਨਾ ਹੀ ਕੁਢੱਬਾ ਹੋ ਜਾਂਦਾ ਹੈ, ਜਿਤਨਾ ਇਕ ਕੁਰੂਪ ਔਰਤ ਦਾ ਪੌਡਰ-ਸੁਰਖੀ ਦੀ ਬਹੁਲਤਾ ਵਰਤ ਕੇ ਆਪਣੇ ਆਪ ਨੂੰ ਸੁਹਣਾ ਬਣਾਨ ਦੀ ਕੋਸ਼ਿਸ਼ ਕਰਨਾ। ਉਸ ਦੀ ਕੁਰੂਪਤਾ ਹੋਰ ਵੀ ਜ਼ਿਆਦਾ ਉੱਘੜ ਕੇ ਸਾਹਮਣੇ ਆ ਜਾਂਦੀ ਹੈ।
ਸਨਅਤੀ ਪੱਖ ਤੋਂ ਤਰੱਕੀ ਕਰ ਚੁੱਕੇ ਦੇਸ਼ਾਂ ਵਿਚ, ਭਾਵੇਂ ਉਹ ਸਰਮਾਏਦਾਰੀ ਹੋਣ ਤੇ ਭਾਵੇਂ ਸਮਾਜਵਾਦੀ, ਮਿਲ ਕੇ ਤੇ ਤਨਜ਼ੀਮ ਨਾਲ ਕੰਮ ਕਰਨ ਦੀ ਰੁਚੀ ਸਪਸ਼ਟ ਹੁੰਦੀ ਹੈ। ਨਾਲੇ, ਉਹ ਕੱਟੜਵਾਦੀ ਨਹੀਂ ਹੁੰਦੇ। ਅਗਲੇ ਦੀ ਗੱਲ ਨੂੰ ਸੰਜੀਦਗੀ ਨਾਲ ਸੁਣਨ ਤੇ ਆਪਣੇ ਜੀਵਨ-ਅਨੁਭਵ ਦੀ ਕਸਵੱਟੀ ਉਤੇ ਪਰਖਣ ਦੀ ਸਮਰਥਾਂ ਰਖਦੇ ਹਨ। ਉਹ "ਵਾਦ" ਵਿਚ ਸ਼ਖਸੀਅਤ ਨੂੰ ਨਹੀਂ ਵਾੜਦੇ। ਉਹ ਆਖੀ ਜਾ ਰਹੀ ਗੱਲ ਵਲ ਧਿਆਨ ਦੇਂਦੇ ਹਨ, ਆਖਣ ਵਾਲੇ ਦੇ ਵਿਅਕਤਿਤਵ ਵਲ ਨਹੀਂ।
ਪਰ ਸਾਡੇ ਸੰਸਕਾਰ ਕੁਝ ਹੋਰ ਹਨ, ਅਸੀਂ ਮਾਰਕਸਵਾਦ ਨੂੰ ਅਪਣਾ ਕੇ ਉਸ ਉੱਪਰ ਵੀ ਉਤਨੇ ਹੀ ਕੱਟੜ ਹੋ ਜਾਂਦੇ ਹਾਂ, ਜਿਤਨੇ ਪਹਿਲਾਂ ਕਿਸੇ ਅਧਿਆਤਮਵਾਦੀ ਮਤ-ਮਤਾਂਤਰ ਜਾਂ ਧਰਮ-ਮਜ਼ਹਬ ਬਾਰੇ ਸਾਂ। ਅਸਹਿਨਸ਼ੀਲਤਾ ਸਾਡੇ ਵਿਚ ਉਤਨੀ ਹੀ ਬਣੀ ਰਹਿੰਦੀ ਹੈ। ਜ਼ਰਾ ਵੀ ਕਿਸੇ ਨਾਲ ਸਾਡਾ ਮਤਭੇਦ ਹੋਵੇ, ਉਹ ਆਦਮੀ "ਬੂਰਯਵਾ, ਪਿਛਾਂਹ-ਖਿੱਚੂ, ਚਿਕਨ-ਹਾਰਟਿਡ" ਅਤੇ ਖੋਰੇ ਹੋਰ ਕੀ-ਕੀ ਬਣ ਜਾਂਦਾ ਹੈ। ਲੀਡਰਾਂ ਨੂੰ ਅਸੀਂ ਓਵੇਂ ਹੀ ਪੂਜਣ ਲਗ ਜਾਂਦੇ ਹਾਂ, ਜਿਵੇਂ ਪਹਿਲਾਂ ਪੈਗੰਬਰਾਂ ਨੂੰ ਪੂਜਦੇ ਸਾਂ। ਸੱਚ ਨਾਲੋਂ ਸਾਨੂੰ ਆਪਣਾ ਧੜਾ ਜ਼ਿਆਦਾ ਪਿਆਰਾ ਹੋ ਜਾਂਦਾ ਹੈ। ਜੋ ਆਪਣੇ ਧੜੇ ਦਾ ਹੈ, ਉਹ ਦੋਸਤ, ਜੋ ਨਹੀਂ, ਉਹ ਦੁਸ਼ਮਣ। ਮਾਰਕਸਵਾਦ ਸਾਨੂੰ ਹਉਮੈਵਾਦ ਤੋਂ ਮੁਕਤ ਹੋਣ ਲਈ ਪਰੇਰਦਾ ਹੈ, ਪਰ ਅਸਲ ਵਿਚ ਅਸੀਂ ਦਿਨੋ ਦਿਨ ਹੰਕਾਰੀ ਬਣਦੇ ਜਾਂਦੇ ਹਾਂ।
ਇਹੋ ਹਾਲ ਮੇਰਾ ਹੁੰਦਾ ਜਾ ਰਿਹਾ ਸੀ। ਪਾਰਟੀ ਦਾ ਮੈਂਬਰ ਬਣਦਿਆਂ ਸਾਰ ਮੇਰੇ ਗੁਣ ਔਗੁਣਾਂ ਵਿਚ ਤਬਦੀਲ ਹੋਣੇ ਸ਼ੁਰੂ ਹੋ ਗਏ। ਆਰਟ ਨੂੰ ਮੈਂ ਉੱਕਾ ਹੀ ਰਾਜਨੀਤੀ ਦੇ ਪੱਖ ਤੋਂ ਪਰਖਣਾ ਸ਼ੁਰੂ ਕਰ ਦਿੱਤਾ। ਇਪਟਾ ਨੂੰ ਇੰਜ ਵੇਖਣਾ ਸ਼ੁਰੂ ਕਰ ਦਿੱਤਾ, ਜਿਵੇਂ ਪਾਰਟੀ ਦੇ ਹਿੱਤਾਂ ਨੂੰ ਸਾਧਣਾ ਹੀ ਉਸ ਦਾ ਇਕ-ਮਾਤਰ ਆਦਰਸ਼ ਹੋਵੇ। ਮੈਂ ਇਕ ਨਿੱਕਾ ਜਿਹਾ ਡਿਕਟੇਟਰ ਬਣਨ ਲੱਗ ਪਿਆ। ਪਾਰਟੀ ਦੇ ਸਾਥੀਆਂ ਦੀ ਮਦਦ ਨਾਲ ਮੈਂ ਆਪਣੀ ਕੋਈ ਵੀ ਈਨ ਮੰਨਵਾ ਸਕਦਾ ਸਾਂ। ਗੈਰ ਪਾਰਟੀ ਸਾਥੀ ਮੈਨੂੰ ਆਪਣੀ ਸਲਾਹ ਦੇਂਦੇ, ਪਰ ਉਹਨੂੰ ਮੰਨਣਾ ਜਾਂ ਨਾ ਮੰਨਣਾ ਮੇਰੀ ਮਰਜ਼ੀ ਉੱਤੇ ਨਿਰਭਰ ਸੀ। ਇਪਟਾ ਦੇ ਦੇਸ਼-ਭਗਤ ਤੇ ਸਮਾਜਵਾਦੀ ਆਦਰਸ਼ਾਂ ਨਾਲ ਇਪਟਾ ਦੇ ਹਰ ਮੈਂਬਰ ਨੂੰ ਇਤਫਾਕ ਸੀ, ਪਰ ਇਸ ਦੇ ਬਾਵਜੂਦ ਉਹ ਨਾਟਕ-ਕਲਾ ਨੂੰ ਨਿਰਾ-ਪੁਰਾ ਪ੍ਰਾਪੇਗੰਡਾ ਬਣਾਉਣਾ ਨਹੀਂ ਸਨ ਚਾਹੁੰਦੇ। ਉਹ ਨਾਟਕ ਦੇ ਕਲਾਤਮਿਕ ਤੇ ਰੌਚਕ ਪਹਿਲੂ ਨੂੰ ਵੀ ਸੁਆਰਨਾ ਚਾਹੁੰਦੇ ਸਨ। ਪਰ ਜਿਹੜਾ ਵੀ ਤਕਨੀਕ ਦੀ ਗੱਲ ਉਠਾਉਂਦਾ, ਮੈਂ ਹੱਥ ਧੋ ਕੇ ਉਹਦੇ ਮਗਰ ਪੈ ਜਾਂਦਾ। ਫੇਰ ਵੀ, ਉਹ ਦਿਨ ਬੜੇ ਹੁਲਾਰੇ ਵਾਲੇ ਸਨ। ਸਾਨੂੰ ਹਰ ਸਮੇਂ ਮਜ਼ਦੂਰ-ਬਸਤੀਆਂ, ਚਾਲਾਂ, ਤੇ ਗਲੀ-ਮਹੱਲਿਆਂ ਵਿਚ ਨਾਟਕ ਖੇਡਣ ਦਾ ਚਾਅ ਚੜ੍ਹਿਆ ਰਹਿੰਦਾ। ਇਸ ਤਰ੍ਹਾਂ ਸਾਨੂੰ ਬੰਬਈ ਦੇ ਨਾਗਰਿਕ ਜੀਵਨ ਨੂੰ ਬਹੁਤ ਨੇੜਿਓਂ ਵੇਖਣ ਦੇ ਚੰਗੇ ਮੌਕੇ ਮਿਲੇ, ਜਿਨ੍ਹਾਂ ਦਾ ਅਗੇ ਜਾ ਕੇ ਫਿਲਮਾਂ ਦੇ ਕੰਮ ਵਿਚ ਮੈਨੂੰ ਬਹੁਤ ਲਾਭ ਪਹੁੰਚਿਆ।
ਇਕ ਦਿਨ ਫਨੀ-ਦਾ ਨੇ "ਜਸਟਿਸ" ਫਿਲਮ ਦਾ ਇਕ ਪ੍ਰਾਈਵੇਟ ਸ਼ੋ ਕੀਤਾ। ਮੈਂ ਆਪਣਾ ਉਹ ਮੁਰਗੇ ਵਾਲਾ ਕਲੋਜ਼ਅਪ ਵੇਖਿਆ। ਵੇਖ ਕੇ ਇੰਜ ਲਗਾ, ਜਿਵੇਂ ਛੱਤ ਤੋਂ ਪੰਜ ਮਣ ਦੀ ਸਿਲ ਮੇਰੇ ਉੱਪਰ ਆ ਡਿੱਗੀ ਹੋਵੇ। ਬਿਲਕੁਲ ਜਿਵੇਂ ਇਕ ਮੁਰਦੇ ਦਾ ਚਿਹਰਾ ਹੁੰਦਾ ਹੈ। ਮੇਕ-ਅੱਪ ਕਾਰਨ ਉਹ ਹੋਰ ਵੀ ਭੱਦਾ ਲੱਗਾ। ਮੈਨੂੰ ਕ੍ਰੀਝ ਆਈ। ਕੀ ਮੇਰੀ ਸ਼ਕਲ ਇਤਨੀ ਹੀ ਭਿਆਨਕ ਹੈ? ਪਰ ਮੈਂ ਬਹੁਤੀ ਚਿੰਤਾ ਨਾ ਕੀਤੀ। ਫਨੀ-ਦਾ ਨੇ ਆਪਣੇ ਇਕਰਾਰ ਅਨੁਸਾਰ ਮੈਨੂੰ ਆਪਣੀ ਅਗਲੀ ਫਿਲਮ, "ਦੂਰ ਚਲੋ" ਵਿਚ ਇਹ ਪ੍ਰਮੁਖ ਕਿਰਦਾਰ ਦੇ ਦਿੱਤਾ ਸੀ। ਇਤਨਾ ਹੀ ਨਹੀਂ, ਦੱਮੋ ਨੂੰ ਵੀ ਲੈ ਲਿਆ ਸੀ। ਫਿਲਮ ਵਿਚ ਵੀ ਉਹ ਮੇਰੀ ਪਤਨੀ ਦਾ ਰੋਲ ਕਰ ਰਹੀ ਸੀ। ਕਮਲ ਕਪੂਰ ਉਸ ਫਿਲਮ ਦਾ ਹੀਰੋ ਸੀ, ਤੇ ਨਸੀਮ (ਜੂਨੀਅਰ) ਹੀਰੋਇਨ। ਸਾਥੀ ਕਲਾਕਾਰ ਸਨ - ਆਗਾ, ਸਾਹੂ, (ਕਿਸ਼ੋਰ ਸਾਹੂ ਦਾ ਛੋਟਾ ਵੀਰ), ਘੋਸ਼ (ਇਕ ਵਚਿੱਤਰ ਪ੍ਰਕਿਰਤੀ ਦਾ ਨੌਜਵਾਨ, ਜਿਸ ਦੀ ਮੌਤ ਵੀ ਬੜੇ ਵਚਿੱਤਰ ਢੰਗ ਨਾਲ ਹੋਈ), ਕੇ. ਸੀ. ਡੇ. ਨੂੰ ਨੇੜਿਓਂ ਵੇਖਣ ਤੇ ਮਿਲਣ ਦੀ ਸਾਨੂੰ ਅਪਾਰ ਖੁਸ਼ੀ ਸੀ। ਉਹ ਵੀ ਦੱਮੋ ਨੂੰ ਧੀਆਂ ਵਾਂਗ ਪਿਆਰ ਕਰਨ ਲਗ ਪਏ ਸਨ।
ਇਸ ਫਿਲਮ ਦੀ ਸ਼ੂਟਿੰਗ ਜ਼ਿਆਦਾ ਕਰਕੇ ਆਊਟ-ਡੋਰ ਸੀ। ਘੋੜ-ਬੰਦਰ ਰੋਡ ਉੱਤੇ ਅਸੀਂ ਕਿਤਨੇ ਹੀ ਦਿਨ ਸਾਈਕਲ ਚਲਾਉਂਦੇ ਫਿਰੇ। ਸ਼ਾਟ ਤੋਂ ਪਹਿਲਾਂ, ਮੈਂ ਵੇਖਿਆ, ਆਗਾ ਸਾਡੇ ਨਾਲ ਸਾਧਾਰਨ ਢੰਗ ਨਾਲ ਗੱਲਾਂ ਕਰ ਰਿਹਾ ਹੁੰਦਾ, ਪਰ ਕੈਮਰਾ ਚਾਲੂ ਹੁੰਦਿਆਂ ਹੀ ਉਹਨੂੰ ਜਿਵੇਂ ਕੁਝ ਹੋ ਜਾਂਦਾ। ਜਿਵੇਂ ਉਸ ਉਪਰ ਕੋਈ ਭੂਤ ਸਵਾਰ ਹੋ ਜਾਂਦਾ। ਬੜੀਆਂ ਤੇਜ਼-ਤੇਜ਼ ਤੇ ਅਜੀਬ-ਅਜੀਬ ਹਰਕਤਾਂ ਕਰਨ ਲੱਗ ਜਾਂਦਾ। ਉਹ ਮੈਨੂੰ ਇੰਜ ਲਗਦਾ, ਜਿਵੇਂ ਉਹ ਜ਼ਬਰਦਸਤੀ ਮੈਨੂੰ ਆਪਣੇ ਨਾਲ ਧੂਹੀ ਜਾ ਰਿਹਾ ਹੈ, ਜਿਵੇਂ ਉਹਨੇ ਮੇਰੇ ਉਪਰ ਕੋਈ ਜਾਦੂ ਕਰ ਦਿੱਤਾ ਹੈ। ਜਦੋਂ ਵੀ ਉਹਦੇ ਨਾਲ ਮੇਰਾ ਸ਼ਾਟ ਹੁੰਦਾ, ਮੈਨੂੰ ਆਪਣਾ ਅੰਗ-ਅੰਗ ਸਿੱਥਲ ਹੁੰਦਾ ਤੇ ਸੁੰਗੜਦਾ ਪਰਤੀਤ ਹੁੰਦਾ। ਪਰ ਆਗਾ ਦੀਆਂ ਹਰਕਤਾਂ ਨੂੰ ਮੈਂ ਮੂਰਖਤਾ ਭਰੀ ਦਿਖਾਵੇਬਾਜ਼ੀ ਕਹਿ ਕੇ ਮਨੋਂ ਵਿਸਾਰ ਛੱਡਦਾ। ਓਵਰ-ਐਕਟਿੰਗ ਕਰਦਾ ਹੈ, ਮੈਂ ਸੋਚਦਾ। ਹਿੰਦੁਸਤਾਨੀ ਫਿਲਮਾਂ ਦੀ ਇਹੋ ਤਾਂ ਖਰਾਬੀ ਹੈ। ਸਾਰੇ ਓਵਰ-ਐਕਟਿੰਗ ਕਰਦੇ ਹਨ। ਪਰ ਜਦ ਸ਼ਾਟ ਤੋਂ ਬਾਅਦ ਸਾਰੇ ਉਸ ਦੀਆਂ ਹਰਕਤਾਂ ਉਪਰ ਲੋਟ ਪੋਟ ਹੁੰਦੇ, ਤਾਂ ਮੈਨੂੰ ਅੰਦਰੇ-ਅੰਦਰ ਖਿੱਝ ਆਉਂਦੀ। ਤਾਰੀਫ ਤਾਂ ਉਹਨਾਂ ਨੂੰ ਦਰਅਸਲ ਮੇਰੀ ਕਰਨੀ ਚਾਹੀਦੀ ਸੀ, ਜਦ ਕਿ ਮੈਂ ਇਤਨੀ ਕੁਦਰਤੀ ਤੇ ਸੰਜਮੀ ਐਕਟਿੰਗ ਕਰ ਰਿਹਾ ਸਾਂ। ਅਨਾੜੀ ਐਕਟਰ ਦੇ ਇਹੋ ਤਾਂ ਲੱਛਣ ਹੁੰਦੇ ਹਨ। ਉਹ ਸਭ ਕੁਝ ਗਲਤ ਕਰਦਿਆਂ ਵੀ ਸੋਚਦਾ ਹੈ ਕਿ ਮੈਂ ਸਭ ਕੁਝ ਠੀਕ ਕਰ ਰਿਹਾ ਹਾਂ। ਸ਼ਾਟ ਤੋਂ ਪਹਿਲਾਂ ਦੇ ਤੇ ਸ਼ਾਟ ਵੇਲੇ ਦੇ ਆਗਾ ਵਿਚ ਫਰਕ ਇਹ ਸੀ ਕਿ ਉਹ ਆਪਣੇ ਕਿਰਦਾਰ ਵਿਚ ਦਾਖਲ ਹੋ ਜਾਂਦਾ ਸੀ। ਸ਼ਾਟ ਖਤਮ ਹੁੰਦਿਆਂ ਹੀ ਉਹ ਆਪਣੀ ਆਤਮਾ ਤੋਂ ਕਿਰਦਾਰ ਨੂੰ ਉਤਾਰ ਕੇ ਫੇਰ ਆਗਾ ਬਣ ਜਾਂਦਾ ਸੀ। ਤੇ ਮੈਨੂੰ ਇਹਨਾਂ ਗੱਲਾਂ ਦਾ ਅਜੇ ਕੇਵਲ ਗਿਆਨ ਹੀ ਸੀ, ਅਭਿਆਸਿਕ ਅਨੁਭਵ ਨਹੀਂ। ਤੇ ਮੈਂ ਜੋ ਕੁਝ ਕੈਮਰੇ ਅਗੇ ਕਰ ਰਿਹਾ ਸਾਂ, ਉਸ ਨੂੰ ਐਕਟਿੰਗ ਦਾ ਨਾਂ ਦੇਣਾ ਵੀ ਉਸ ਸ਼ਬਦ ਨਾਲ ਘੋਰ ਅਨਿਆਂ ਸੀ।
ਮੈਂ ਵੇਖਿਆ ਹੈ ਕਿ ਔਰਤਾਂ ਵਿਚ ਐਕਟਿੰਗ ਦੀ ਪ੍ਰਤਿਭਾ ਮਰਦਾਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਬਾਹੂ-ਬਲ ਦੀ ਘਾਟ ਔਰਤ ਨੂੰ ਚਲਿੱਤਰ ਨਾਲ ਕੰਮ ਸਾਰਨ ਉਤੇ ਮਜਬੂਰ ਕਰਦੀ ਹੈ। ਏਸ ਲਈ ਨਿੱਕਿਆਂ ਹੁੰਦਿਆਂ ਤੋਂ ਨਾਰੀ-ਸੁਭਾਅ ਵਿਚ ਚੰਚਲਤਾ ਅਤੇ ਚਪਲਤਾ ਉਭਰ ਆਉਂਦੀ ਹੈ। ਸੰਗਾਊਪੁਣਾ ਮਰਦ ਵਿਚ ਜ਼ਿਆਦਾ ਹੁੰਦਾ ਹੈ। ਮੈਂ ਦੱਮੋ ਨੂੰ ਕੈਮਰੇ ਅੱਗੇ ਲਾਪਰਵਾਹੀ ਨਾਲ ਹੱਸਦਿਆਂ, ਗਾਉਂਦਿਆਂ, ਨੱਚਦਿਆਂ, ਟੱਪਦਿਆਂ ਵੇਖ ਕੇ ਕਾਫੀ ਹੈਰਾਨ ਹੁੰਦਾ ਸਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦਾ ਸੁਭਾਅ ਐਕਟਿੰਗ-ਕਲਾ ਦੇ ਬਹੁਤ ਜ਼ਿਆਦਾ ਅਨੁਕੂਲ ਸੀ।
ਤੇ ਫੇਰ, ਇਕ ਦਿਨ ਪ੍ਰਿਥਵੀ-ਥੀਏਟਰ ਦੇ ਨਾਟਕ, "ਦੀਵਾਰ" ਦਾ ਪਰਦਾ ਉੱਠਿਆ। ਪਹਿਲੇ ਸ਼ੋ ਵਿਚ ਦੱਮੋ ਪ੍ਰਿਥਵੀ ਜੀ ਤੋਂ ਰਤਾ ਕੁ ਝੱਕ ਕੇ ਕੰਮ ਕਰ ਰਹੀ ਸੀ। ਮੇਕ-ਅਪ ਵੀ ਬਹੁਤਾ ਚੰਗਾ ਨਹੀਂ ਸੀ ਹੋਇਆ। ਲਾਲੀ ਜ਼ਿਆਦਾ ਮੱਲ ਦਿੱਤੀ ਗਈ ਸੀ। ਸ਼ੋ ਦੇ ਖਾਤਮੇ ਉਤੇ ਮੈਂ ਦੱਮੋ ਨੂੰ ਮੇਕ-ਅਪ ਰੂਮ ਵਿਚ ਜਾ ਕੇ ਖੂਬ ਹੌਂਸਲਾ ਦਿੱਤਾ ਤੇ ਨਿੱਡਰ ਹੋ ਕੇ ਕੰਮ ਕਰਨ ਲਈ ਪਰੇਰਿਆ। ਮੇਕ-ਅੱਪ ਵੀ ਠੀਕ ਕਰਾਇਆ। ਅੱਧੇ ਕੁ ਘੰਟੇ ਪਿਛੋਂ ਪਰਦਾ ਦੂਜੇ ਸ਼ੋ ਉੱਤੇ ਉੱਠਿਆ। ਦੱਮੋ ਜਿਵੇਂ ਬਦਲ ਕੇ ਕੁਝ ਹੋਰ ਹੋ ਗਈ ਸੀ। ਇਹ ਕਹਿਣ ਵਿਚ ਅਤਿਕਥਨੀ ਨਹੀਂ ਕਿ ਉਹਦੇ ਨਾਲ ਬੰਬਈ ਸ਼ਹਿਰ ਵਿਚ ਤਹਿਲਕਾ ਮੱਚ ਗਿਆ। "ਦੀਵਾਰ" ਨਾਟਕ ਤੇ ਦੱਮੋ ਦੇ ਕੰਮ ਦੀਆਂ ਧੁੰਮਾਂ ਪੈ ਗਈਆਂ। ਅਜ ਤਕ ਇਤਨੀ ਕਾਮਯਾਬੀ ਕਿਸੇ ਨਾਟਕ ਨੂੰ ਮਿਲਦੀ ਨਹੀਂ ਸੀ ਵੇਖੀ ਗਈ। ਟਿਕਟਾਂ ਲਈ ਇਤਨੀਆਂ ਲੰਮੀਆਂ ਲਾਈਨਾਂ ਕਿਸੇ ਸਿਨੇਮੇ ਅੱਗੇ ਵੀ ਨਹੀਂ ਸਨ ਵੇਖੀਆਂ ਗਈਆਂ।
ਦੱਮੋ "ਸਟਾਰ" ਬਣ ਚੁੱਕੀ ਸੀ। ਅਗਲੇ ਦਿਨ ਤੋਂ ਹੀ ਫਿਲਮ-ਪ੍ਰੋਡੀਊਸਰਾਂ ਨੇ ਸਾਡੇ ਘਰ ਨੂੰ ਘੇਰਾ ਪਾ ਲਿਆ, ਜੋ ਸਾਡੇ ਲਈ ਇਕ ਅਨੋਖੀ ਤੇ ਅਨਕਿਆਸੀ ਹਾਲਤ ਸੀ।

10
ਲੜਾਈ ਦੇ ਜ਼ਮਾਨੇ ਵਿਚ ਉੱਘੇ ਕਲਾਕਾਰਾਂ ਤੇ ਸੰਸਥਾਵਾਂ ਨੂੰ ਵੀ ਅੰਗਰੇਜ਼ੀ ਸਰਕਾਰ ਫਿਲਮ ਬਣਾਉਣ ਦੇ ਲਾਈਸੈਂਸ ਦੇ ਛੱਡਦੀ ਸੀ, ਤੇ ਜੰਗ ਦੀ ਹਿਮਾਇਤ ਕਰਨ ਵਾਲਿਆਂ ਨੂੰ ਆਰਥਕ ਸਹਾਇਤਾ ਵੀ। ਪਰ ਪ੍ਰਾਪੇਗੈਂਡਾ ਫਿਲਮਾਂ ਬਣਾਉਣ ਤੋਂ ਪ੍ਰੋਡੀਊਸਰ ਯਰਕਦੇ ਸਨ, ਕਿਉਂਕਿ ਲੋਕ ਅਜਿਹੀਆਂ ਫਿਲਮਾਂ ਪਸੰਦ ਨਹੀਂ ਸਨ ਕਰਦੇ। ਕੇਵਲ 'ਨਿਊ ਥੀਏਟਰਜ਼' ਦੀ ਇਸ ਤਰ੍ਹਾਂ ਦੀ ਇਕ ਫਿਲਮ, "ਮਾਈ ਸਿਸਟਰ" ਹੀ ਕਾਮਯਾਬ ਹੋਈ ਸੀ, ਉਹ ਵੀ ਸਹਿਗਲ ਦੀ ਐਕਟਿੰਗ ਦੇ ਸਹਾਰੇ। ਉਦੇ ਸ਼ੰਕਰ, ਸਾਧਨਾ ਬੋਸ ਆਦਿ ਨੇ ਵੀ ਲਾਈਸੈਂਸ ਲੈ ਕੇ ਫਿਲਮਾਂ ਬਣਾਈਆਂ। ਇਕ ਲਾਈਸੈਂਸ ਰਫੀਕ ਅਨਵਰ ਨੂੰ ਵੀ ਮਿਲਿਆ, ਜਿਸ ਨੇ ਬੁੱਧ ਭਗਵਾਨ ਦੇ ਜੀਵਨ ਉਤੇ ਅਧਾਰਤ ਇਕ ਸਾਧਾਰਨ ਜਿਹਾ ਨਰਿਤ-ਨਾਟ ਲੰਡਨ ਦੇ ਇਕ ਥੀਏਟਰ ਵਿਚ ਪੇਸ਼ ਕੀਤਾ ਸੀ। ਓਦੋਂ ਉਹ ਮੇਰੇ ਨਾਲ ਬੀ. ਬੀ. ਸੀ. ਵਿਚ ਕੰਮ ਕਰਦਾ ਹੁੰਦਾ ਸੀ। ਰਫੀਕ ਦੇ ਲਾਈਸੈਂਸ ਉਤੇ ਅਖੀਰ ਚੇਤਨ ਅਨੰਦ ਨੂੰ 'ਨੀਚਾ ਨਗਰ' ਬਣਾਉਣ ਦਾ ਮੌਕਾ ਮਿਲ ਗਿਆ, ਪਰ ਇਸ ਸ਼ਰਤ ਉਤੇ ਕਿ ਹੀਰੋ ਰਫੀਕ ਖੁਦ ਹੋਵੇਗਾ। ਮੈਨੂੰ ਹੀਰੋ ਬਣਾਉਣ ਦਾ ਸ਼ੌਕ ਚੇਤਨ ਨੂੰ ਛੱਡਣਾ ਪਿਆ, ਤੇ ਦੱਮੋ ਇਕੱਲਿਆਂ ਪਿਕਚਰ ਵਿਚ ਕੰਮ ਕਰਨ ਨੂੰ ਤਿਆਰ ਨਾ ਹੋਈ। ਇਸ ਲਈ ਹੀਰੋਇਨ ਲਈ ਚੇਤਨ ਲਾਹੌਰੋਂ ਇਕ ਨਵੀਂ ਲੜਕੀ ਲਿਆਇਆ, ਜਿਸ ਦਾ ਨਾਂ ਕਾਮਿਨੀ ਕੌਸ਼ਲ ਸੀ। ਉਹਨੇ ਐਸਾ ਕਮਾਲ ਦਾ ਅਭਿਨੇ ਕੀਤਾ ਕਿ ਫਿਲਮ ਰੀਲੀਜ਼ ਹੋਣ ਤੋਂ ਪਹਿਲਾਂ ਹੀ ਉਸ ਦੀਆਂ ਧੁੰਮਾਂ ਪੈ ਗਈਆਂ।
ਏਸ ਦੌਰ ਵਿਚ ਕ੍ਰਿਸ਼ਨ ਚੰਦਰ ਨੇ ਵੀ ਆਪਣੇ ਨਾਟਕ, 'ਸਰਾਏ ਕੇ ਬਾਹਰ' ਦੇ ਆਧਾਰ ਉਤੇ ਫਿਲਮ ਬਣਾਈ। ਆਪ ਹੀ ਉਸ ਨੂੰ ਡਾਇਰੈਕਟ ਵੀ ਕੀਤਾ। ਮਹਾਨ ਪ੍ਰਗਤੀਵਾਦੀ ਕਵੀ ਵਿਰੇਂਦਰ ਨਾਥ ਚੱਟੋਪਾਧਿਆਏ ਦੇ ਕਦਮਾਂ ਵਿਚ ਉਹਨਾਂ ਦੇ ਇਕ ਉਪਾਸ਼ਕ ਨੇ 'ਆਜ਼ਾਦੀ' ਦੀ ਆਦਰਸ਼ਕ ਫਿਲਮ ਬਣਾਉਣ ਲਈ ਆਪਣਾ ਸਾਰਾ ਸਰਮਾਇਆ ਧਰ ਦਿਤਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਫਿਲਮੀ ਇਤਿਹਾਸ ਦੇ ਉਸ ਮੋੜ ਉਤੇ ਉੱਚ-ਪਧਰੀ ਫਿਲਮਾਂ ਬਣਾਉਣ ਲਈ ਸਹੂਲਤਾਂ ਦੀ ਕੋਈ ਘਾਟ ਨਹੀਂ ਸੀ। ਸਗੋਂ ਸਹੂਲਤਾਂ ਅੱਗੇ ਵਧ ਕੇ ਬੁਧੀਵਾਨਾਂ ਨੂੰ ਜੱਫੇ ਮਾਰ ਰਹੀਆਂ ਸਨ। ਜੇ ਸੁਯੋਗਤਾ ਨਾਲ ਉਹਨਾਂ ਨੂੰ ਵਰਤਿਆ ਜਾਂਦਾ, ਤਾਂ ਅਜ ਹਿੰਦੀ ਫਿਲਮਾਂ ਦੀ ਪੱਧਰ ਕੁਝ ਹੋਰ ਹੋਣੀ ਸੀ। ਪਰ ਨਾ ਤਾਂ ਉਹਨਾਂ ਨੇ ਫਿਲਮੀ ਮਾਧਿਅਮ ਦੀਆਂ ਵਿਸ਼ੇਸ਼ ਲੋੜਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਤੇ ਨਾ ਹੀ ਆਪਣੇ ਨਿੱਜੀ ਜੀਵਨ ਨੂੰ ਕਿਸੇ ਸੰਜਮ ਵਿਚ ਰੱਖਿਆ। ਉਹਨਾਂ ਦੀ ਬਣਾਈ ਹਰ ਫਿਲਮ ਨੇ ਲੋਕਾਂ ਦੀਆਂ ਆਸਾਂ ਉਤੇ ਪਾਣੀ ਫੇਰਿਆ। ਨਾ ਸਿਰਫ ਇਹ, ਸਗੋਂ ਆਪਣੀਆਂ ਗਲਤਕਾਰੀਆਂ ਲਈ ਵੀ ਸਾਡੇ ਬੁਧੀਵਾਨ ਉਤਨੇ ਹੀ ਬਦਨਾਮ ਹੋਏ, ਜਿਤਨਾ ਉਹ ਆਪਣੀਆਂ ਲਿਖਤਾਂ ਵਿਚ ਫਿਲਮੀ ਸੇਠਾਂ ਨੂੰ ਕਰਦੇ ਸਨ। ਇਸ ਕਾਰਨ ਅਜਕਲ ਜਦੋਂ ਵੀ ਮੈਂ ਕਿਸੇ ਨੂੰ ਲੋਕਾਂ ਦੇ ਨੀਵੇਂ ਸੁਆਦਾਂ ਤੇ ਪ੍ਰੋਡੀਊਸਰਾਂ ਦੀਆਂ ਜ਼ਾਹਿਲ ਮੰਗਾਂ ਨੂੰ ਦੋਸ਼ ਦੇਂਦਿਆਂ ਵੇਖਦਾ ਹਾਂ, ਤਾਂ ਮੇਰਾ ਮਨ ਰੋਸ ਨਾਲ ਭਰ ਜਾਂਦਾ ਹੈ, ਕਿਉਂਕਿ ਮੈਂ ਸੁਨਹਿਰੀ ਮੌਕਿਆਂ ਨੂੰ ਭੋ ਦੇ ਭਾਅ ਗੁਆਚਦਿਆਂ ਆਪਣੀ ਅੱਖੀਂ ਵੇਖਿਆ ਹੈ।
ਅੱਬਾਸ ਤੇ ਸਾਠੇ ਦੀ ਹਿੰਮਤ ਨਾਲ 'ਪੀਪਲਜ਼ ਥੀਏਟਰ' ਨੂੰ ਵੀ ਫਿਲਮ ਬਣਾਉਣ ਦਾ ਲਾਈਸੈਂਸ ਮਿਲ ਗਿਆ। ਏਸੇ ਦੇ ਫਲ-ਸਰੂਪ 'ਧਰਤੀ ਕੇ ਲਾਲ' ਫਿਲਮ ਵਜੂਦ ਵਿਚ ਆਈ, ਜੋ ਮੇਰੇ ਫਿਲਮੀ ਜੀਵਨ ਦਾ ਪਹਿਲਾ ਮਹਤੱਵਪੂਰਨ ਤਜਰਬਾ ਸੀ।
'ਧਰਤੀ ਕੇ ਲਾਲ' ਦੀ ਸਾਰੀ ਵਿਉਂਤ ਖਵਾਜਾ ਅਹਿਮਦ ਅੱਬਾਸ ਨੇ ਬਣਾਈ ਸੀ। ਉਹੀ ਇਸ ਦੇ ਲੇਖਕ ਤੇ ਨਿਰਦੇਸ਼ਕ ਸਨ। ਇਪਟਾ ਦੇ ਤਿੰਨ ਪ੍ਰਾਂਤਿਕ ਰੰਗਮੰਚ ਦੇ ਨਿਰਦੇਸ਼ਕਾਂ ਨੂੰ ਉਹਨਾਂ ਦਾ ਸਹਿਯੋਗੀ ਮੁਕਰਰ ਕੀਤਾ ਗਿਆ। ਉਹ ਸਨ - ਬੰਗਾਲ ਤੋਂ ਸ਼ੰਭੂ ਮਿਤਰਾ, ਮਹਾਰਾਸ਼ਟਰ ਤੋਂ ਬਸੰਤ ਗੁਪਤੇ, ਤੇ ਬੰਬਈ ਤੋਂ ਮੈਂ।
ਬੰਗਾਲ ਦੇ ਕਾਲ ਬਾਰੇ ਤਿੰਨ ਪੁਸਤਕਾਂ ਸ਼ਾਹਕਾਰ ਮੰਨੀਆਂ ਜਾਂਦੀਆਂ ਸਨ - ਬਿਜੋਨ ਭੱਟਾਚਾਰੀਆਂ ਦੇ ਦੋ ਨਾਟਕ, 'ਜ਼ਬਾਨ-ਬੰਦੀ' ਤੇ 'ਨਬੱਾਨੋ' ਅਤੇ ਕ੍ਰਿਸ਼ਨ ਚੰਦਰ ਦਾ ਕਾਵਿਮਈ ਨਾਵਲ, 'ਅੰਨ-ਦਾਤਾ'। ਇਹਨਾਂ ਤਿੰਨਾਂ ਨੂੰ ਇਸ ਫਿਲਮ ਦਾ ਅਧਾਰ ਬਣਾਇਆ ਗਿਆ। ਪਰ ਜਦੋਂ ਅੱਬਾਸ ਨੇ ਚਿੱਤਰ-ਕਥਾ ਦਾ ਪਹਿਲਾ ਪਾਠਾਂਤਰ ਤਿਆਰ ਕੀਤਾ, ਤਾਂ ਬਹੁਤ ਸਾਰੇ ਸਾਥੀਆਂ ਨੂੰ, ਖਾਸ ਕਰ ਮੈਨੂੰ ਤੇ ਸ਼ੰਭੂ ਮਿਤਰਾਂ ਨੂੰ, ਸਖਤ ਨਿਰਾਸਤਾ ਹੋਈ। ਜਿੰਨਾ ਅੱਬਾਸ ਦੇ ਨਾਟਕਾਂ ਦਾ ਮੈਂ ਉਤਸ਼ਾਹੀ ਪ੍ਰਸੰ.ਸਕ ਹਾਂ, ਉਨ੍ਹਾ ਹੀ ਉਸ ਦੀਆਂ ਫਿਲਮਾਂ ਦਾ ਨੁਕਤਾਚੀਨ ਵੀ। ਫਿਲਮ ਨਿਰਮਾਣ ਦੀ ਜੋ ਪਰਿਭਾਸ਼ਾ ਅੱਬਾਸ ਆਪਣੇ ਮਨ ਵਿਚ ਧਾਰੀ ਬੈਠਾ ਹੈ, ਉਹ ਸ਼ਾਂਤਾ ਰਾਮ ਦੀ ਤਕਤੀਕ ਵਾਂਗ, ਅਸਲੋਂ ਹੀ ਗੈਰ-ਫਿਲਮੀ, ਗਲਤ ਤੇ ਫਰਸੂਦਾ ਹੈ। ਅੱਬਾਸ ਕਥਾ-ਵਸਤੂ ਦੇ ਹਰ ਅੰਗ ਨੂੰ ਸੁਭਾਵਕ ਢੰਗ ਨਾਲ ਉਸਾਰਨ ਦੀ ਥਾਂ ਚਟਪਟੇ ਮਕਾਲਮੇ, ਸੂਚਕ ਅਲੰਕਾਰ, ਤੇ ਬਨਾਵਟੀ ਧਮਾਕਿਆਂ ਦੇ ਲਾਲਚ ਵਿਚ ਪੈ ਜਾਂਦਾ ਹੈ। ਇਰਾਦੇ ਉਸ ਦੇ ਬੜੇ ਨੇਕ ਤੇ ਅਗਾਂਹ-ਵਧੂ ਹੁੰਦੇ ਹਨ, ਪਰ ਨਤੀਜੇ ਬੋਰੀਅਤ ਪੈਦਾ ਕਰਦੇ ਹਨ। ਦਰਸ਼ਕ ਉਸ ਦੀਆਂ ਫਿਲਮਾਂ ਵਿਚ ਖੁੱਭਦਾ ਨਹੀਂ। ਉਸ ਨੂੰ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਅੱਬਾਸ ਧੋਣ ਤੋਂ ਫੜ ਉਸ ਦਾ ਮਨੋਰੰਜਨ ਕਰਾ ਰਿਹਾ ਹੋਵੇ। ਕਿਸੇ ਨਾ ਕਿਸੇ ਹੱਦ ਤਕ ਇਹ ਰੋਗ ਹਿੰਦੀ ਫਿਲਮਾਂ ਦੇ ਸਾਰੇ ਨਿਰਮਾਤਾਵਾਂ ਨੂੰ ਚੰਬੜਿਆ ਹੋਇਆ ਹੈ। ਉਹ ਉਸ ਕੁਚੱਜੀ ਮਾਂ ਵਾਂਗਰ ਹਨ, ਜੋ ਰੋਂਦੇ ਬਾਲ ਨੂੰ ਕੇਵਲ ਲੁਰ-ਲੁਰ ਕਰ ਕੇ ਤੇ ਛਲਕਣੇ ਵਜਾ ਕੇ ਹੀ ਵਰਚਾਉਣਾ ਜਾਣਦੀ ਹੈ। ਲੋਕਾਂ ਨੂੰ ਕਹਾਣੀ ਵਿਚ, ਬਿਨਾਂ ਮਿਰਚ ਮਸਾਲੇ ਲਾਏ, ਕਿਵੇਂ ਕੀਲ ਕੇ ਰੱਖੀਦਾ ਹੈ, ਇਹ ਜਾਚ ਇਹਨਾਂ ਨੂੰ ਅਜੇ ਤਕ ਨਹੀਂ ਆਈ। ਹਾਲੀਵੁਡ ਦੇ ਫਿਲਮਕਾਰਾਂ ਦੀ ਖਾਸੀਅਤ ਇਹ ਹੈ ਕਿ ਉਹ ਝੂਠ ਨੂੰ ਵੀ ਸੱਚ ਬਣਾ ਕੇ ਪੇਸ਼ ਕਰ ਸਕਦੇ ਹਨ, ਪਰ ਸਾਡੇ ਹੁਨਰਮੰਦਾ ਦੇ ਹੱਥ ਵਿਚ ਸੱਚ ਵੀ ਝੂਠ ਜਾਪਣ ਲਗ ਜਾਂਦਾ ਹੈ, ਕਿਉਂਕਿ ਜਦੋਂ ਤੀਕਰ ਇਹ ਚੰਗਾ ਵਿਖਾਲਾ ਨਾ ਕਰ ਲੈਣ, ਇਹਨਾਂ ਨੂੰ ਤਕਨੀਕ ਦਾ ਸੁਆਦ ਹੀ ਨਹੀਂ ਆਉਂਦਾ।
ਅੱਬਾਸ ਨੇ ਆਪਣੀ ਸੋਚ ਦੇ ਆਧਾਰ ਉਤੇ ਸਕਰੀਨ-ਪਲੇ ਨਹੀਂ ਸੀ ਬਣਾਇਆ, ਸਗੋਂ ਪਰਲ ਬੱਕ ਦੀ 'ਗੁੱਡ ਅਰਥ' ਤੇ ਸਟਾਈਨਬੈਕ ਦੀ 'ਗਰੇਪਸ ਆਫ ਰੈਥ' ਤੇ ਹੋਰ ਖੋਰੇ ਕਿਥੋਂ-ਕਿਥੋਂ ਦੇ ਮਸਾਲੇ ਆਨੇ-ਬਹਾਨੇ ਘੁਸੇੜ ਛੱਡੇ ਸਨ, ਜਿਵੇਂ ਬਿਜੋਨ ਭਟਾਚਾਰਜੀ ਤੇ ਕ੍ਰਿਸ਼ਨ ਚੰਦਰ ਦੀਆਂ ਰਚਨਾਵਾਂ ਉਪਰ ਪੂਰਾ ਵਿਸ਼ਵਾਸ ਨਾ ਹੋਵੇ। ਸਾਨੂੰ ਉਹ ਸਕਰੀਨ-ਪਲੇ ਅਜੀਬ ਖਿਚੜੀ ਜਿਹੀ ਜਾਪਿਆ।
ਸੰ.ਭੂ ਮਿਤਰਾ ਤੇ ਮੈਂ ਯਥਾਰਥਵਾਦੀ ਤਕਨੀਕ ਦਾ ਵਧੇਰੇ ਗਿਆਨ ਰੱਖਦੇ ਸਾਂ। ਬਣੀਆਂ-ਬਣਾਈਆਂ ਲੀਕਾਂ ਉਤੇ ਤੁਰਨ ਤੋਂ ਸਾਨੂੰ ਚਿੜ ਸੀ। ਪਰ ਇਕ ਗੱਲ ਸਾਨੂੰ ਵੀ ਭੁੱਲੀ ਹੋਈ ਸੀ। ਉਹ ਇਹ ਕਿ ਬੰਗਾਲ ਦਾ ਕਾਲ ਕੋਈ ਮਨੋਰੰਜਨ ਦਾ ਵਿਸ਼ਾ ਨਹੀਂ ਸੀ, ਤੇ ਫਿਲਮ ਵਿਚ ਮਨੋਰੰਜਨ ਲੋਕਾਂ ਦੀ ਪਹਿਲੀ ਮੰਗ ਹੁੰਦੀ ਹੈ। ਅੱਬਾਸ ਸਹੀ ਰਾਹ ਉਤੇ ਕਦਮ ਪੁਟਣ ਤੋਂ ਯਰਕ ਰਿਹਾ ਸੀ, ਤੇ ਅਸੀਂ ਇਕ ਦੀ ਥਾਂ ਦਸ ਕਦਮ ਇਕੱਠੇ ਪੁਟਣਾ ਚਾਹੁੰਦੇ ਸਾਂ। ਜ਼ਰੂਰਤ ਸੀ ਇਕ ਦੂਜੇ ਦੇ ਦ੍ਰਿਸ਼ਟੀਕੋਣ ਨੂੰ ਧੀਰਜ ਨਾਲ ਸਮਝਣ ਦੀ ਅਤੇ ਕੋਈ ਸਾਂਝਾ ਦ੍ਰਿਸ਼ਟੀਕੋਣ ਉਸਾਰਨ ਦੀ, ਪਰ ਅਜਿਹਾ ਧੀਰਜ ਉਮਰ ਤੇ ਅਨੁਭਵ ਨਾਲ ਆਉਂਦਾ ਹੈ। ਪੜ੍ਹੇ ਹੋਏ ਅਸੀਂ ਹੈ ਸਾਂ, ਪਰ ਗੁੜ੍ਹੇ ਹੋਏ ਨਹੀਂ ਸਾਂ। ਬਹਿਸ ਕਰਨ ਦੀ ਥਾਂ ਅਸੀਂ ਝਗੜਦੇ ਸਾਂ। ਦੂਜੇ ਦਾ ਦਿਲ ਜਿੱਤਣ ਦੀ ਥਾਂ ਅਸੀਂ ਆਪਣੀ ਜਿੱਤ ਮੰਨਵਾਉਣਾ ਚਾਹੁੰਦੇ ਸਾਂ।
ਅੱਬਾਸ ਦਾ ਦਾਅਵਾ ਸੀ ਕਿ ਉਹ ਫਿਲਮਾਂ ਨੂੰ ਬਿਹਤਰ ਜਾਣਦਾ ਹੈ। ਸਾਨੂੰ ਹੈਂਕੜ ਸੀ ਕਿ ਅਸੀਂ ਜਨਤਾ ਦੇ ਕਲਾਕਾਰ ਹਾਂ, ਇਨਕਲਾਬੀ ਹਾਂ, ਆਪਣੇ ਅਸੂਲਾਂ ਨਾਲ ਬੇ-ਇਨਸਾਫੀ ਨਹੀਂ ਬਰਦਾਸ਼ਤ ਕਰ ਸਕਦੇ। ਕਮਿਊਨਿਸਟ ਪਾਰਟੀ ਦੀ ਜਥੇਬੰਦੀ ਸਾਡੀ ਪਿੱਠ ਉਤੇ ਸੀ, ਜਿਸ ਦੇ ਸਹਿਯੋਗ ਤੋਂ ਬਿਨਾਂ ਫਿਲਮ ਦਾ ਬਣਨਾ ਸੰਭਵ ਨਹੀਂ ਸੀ। ਸੋ, ਅਸੀਂ ਕਿਉਂ ਨਾ ਉਛਲ-ਉਛਲ ਕੇ ਅੱਬਾਸ ਨੂੰ ਨਕੇਲ ਪਾਉਂਦੇ!
'ਧਰਤੀ ਕੇ ਲਾਲ' ਕੇਂਦਰੀ ਇਪਟਾ ਦੀ ਯੋਜਨਾ ਸੀ, ਤੇ ਇਸ ਅੰਦਰ ਬੰਗਾਲੀ ਕਲਾਕਾਰਾਂ ਦਾ ਪਲੜਾ ਸਭ ਤੋਂ ਭਾਰਾ ਸੀ। ਕਾਲ-ਪੀੜਤਾਂ ਬਾਰੇ ਉਹਨਾਂ ਤੋਂ ਚੰਗੇਰਾ ਮਾਰਗ-ਦਰਸ਼ਨ ਕੌਣ ਕਰ ਸਕਦਾ ਸੀ? ਪਰ ਮੁਸ਼ਕਲ ਇਹ ਆ ਬਣੀ ਕਿ ਹਿੰਦੀ ਉਹਨਾਂ ਵਿਚੋਂ ਕੋਈ ਵੀ ਚੱਜ ਦੀ ਨਹੀਂ ਸੀ ਜਾਣਦਾ। ਏਸ ਕਾਰਨ ਬਹਿਸਾਂ ਤੇ ਕੰਮ ਦੋਵੇਂ ਅਮੁੱਕ ਸਿਰ-ਖਪਾਈ ਦੀ ਸ਼ਕਲ ਅਖਤਿਆਰ ਕਰ ਗਏ। ਕਿਤਨਾ-ਕਿਤਨਾ ਚਿਰ ਕੈਮਰਾਮੈਨ ਤੇ ਟੈਕਨੀਸੀਅਨ ਹੱਥ ਉਤੇ ਹੱਥ ਧਰ ਕੇ ਸਾਡੇ ਫੈਸਲਿਆਂ ਨੂੰ ਉਡੀਕਦੇ। ਕਦੇ ਅੱਬਾਸ ਕੁੜ੍ਹਦਾ ਕਲਪਦਾ ਸਟੂਡੀਓ ਤੋਂ ਬਾਹਰ ਦੌੜ ਜਾਂਦਾ ਤੇ ਅਸੀਂ ਪਿਛੇ-ਪਿਛੇ ਉਸ ਨੂੰ ਮਨਾਉਣ ਤੁਰ ਪੈਂਦੇ, ਤੇ ਕਈ ਵਾਰੀ ਅਸੀਂ ਰੁੱਸ ਬੈਠਦੇ ਤੇ ਉਹ ਸਾਡੇ ਮਿੰਨਤਾ-ਤਰਲੇ ਕਰਦਾ। ਸੂ.ਟਿੰਗ ਦੇ ਦੌਰਾਨ ਇਹੋ ਜਿਹੇ ਤਮਾਸ਼ੇ ਆਰਥਕ ਦ੍ਰਿਸ਼ਟੀਕੋਣ ਤੋਂ ਬੜੇ ਮਹਿੰਗੇ ਪੈਂਦੇ ਹਨ, ਪਰ ਇਸ ਗੱਲ ਦਾ ਮੇਰੇ ਜਹੇ 'ਸਹਿਯੋਗੀ ਨਿਰਦੇਸ਼ਕਾਂ' ਨੂੰ ਨਾ ਇਲਮ ਸੀ, ਨਾ ਖਿਆਲ। ਜੇ ਇਸ ਦੇ ਬਾਵਜੂਦ ਬੇੜੀ ਅਧ-ਵਿਚਕਾਰ ਨਹੀਂ ਡੁੱਬੀ, ਤਾਂ ਇਸ ਦਾ ਇਕੋ-ਇਕ ਕਾਰਨ ਸੀ, ਇਪਟਾ ਤੇ ਕਮਿਊਨਿਸਟ ਪਾਰਟੀ ਦਾ ਅਦ੍ਰਿਸ਼ ਡਸਿਪਲਿਨ, ਜੋ ਹਰ ਮੈਂਬਰ ਨੂੰ ਹੱਦ ਵਿਚ ਰਖਦਾ ਸੀ। ਇਕ ਪਾਸੇ ਜਿੱਥੇ ਮੇਰਾ ਅੱਬਾਸ ਦੀਆਂ ਫਿਲਮੀ ਗੁਮਰਾਹੀਆਂ ਦਾ ਹੋਰ ਵੀ ਸਖਤੀ ਨਾਲ ਆਲੋਚਨਾ ਕਰਨ ਉਤੇ ਦਿਲ ਕਰਦਾ ਹੈ, ਉਥੇ ਮੈਂ ਉਸ ਦੀ ਅਦੁੱਤੀ ਸਹਿਣਸ਼ੀਲਤਾ ਤੇ ਦੋਸਤ-ਪਰਵਰੀ ਦੀ ਦਾਦ ਦਿੱਤੇ ਬਿਨਾਂ ਵੀ ਨਹੀਂ ਰਹਿ ਸਕਦਾ। ਬੰਬਈ ਵਿਚ ਕਲਾਕਾਰਾਂ ਦੀ ਸਫ ਵਿਚ ਖਲੋਣ ਜੋਗੀ ਥਾਂ ਮੈਨੂੰ ਅੱਬਾਸ ਦੀ ਮਿਹਰਬਾਨੀ ਨਾਲ ਨਸੀਬ ਹੋਈ ਸੀ, ਤੇ ਬਦਲੇ ਵਿਚ ਮੈਂ ਕੁੱਛੜ ਬਹਿ ਕੇ ਉਸ ਦੀ ਦਾੜ੍ਹੀ ਪੁੱਟ ਰਿਹਾ ਸਾਂ। ਪਰ ਫੇਰ ਵੀ ਜਣੇ ਨੇ ਸੀਅ ਨਹੀਂ ਸੀ ਕੀਤੀ।
ਸਾਡੀ ਸ਼ੂਟਿੰਗ ਸ੍ਰੀ ਸਾਉਂਡ ਸਟੂਡੀਓ ਵਿਚ ਹੁੰਦੀ ਸੀ। ਇਸ ਦੇ ਪ੍ਰਚਾਲਕ, ਰਜਨੀ ਕਾਂਤ ਪਾਂਡੇ ਕੈਮਰੇ ਦੇ ਪਾਰੰਗਤ ਉਸਤਾਦ, ਤੇ ਉਹਨਾਂ ਦੇ ਨਿੱਕੇ ਵੀਰ, ਚੰਦਰ ਕਾਂਤ ਪਾਂਡੇ ਸਾਊਂਡ ਰਿਕਾਰਡਿੰਗ ਵਿਚ ਬੇਮਿਸਾਲ ਮੰਨੇ ਜਾਂਦੇ ਸਨ। ਜਿਸ ਫਿਲਮ ਦੇ ਗਾਣਿਆਂ ਦੀ ਰਿਕਾਰਡਿੰਗ ਚੰਦਰ ਕਾਂਤ ਪਾਂਡੇ ਦੇ ਹੱਥੋਂ ਤੇ ਸ਼ੂਟਿੰਗ ਸ੍ਰੀ ਸਾਊਂਡ ਸਟੂਡੀਓ ਵਿਚ ਨਾ ਹੋਈ ਹੋਵੇ, ਉਹ ਡਿਸ-ਟ੍ਰੀਬਿਊਟਰਾਂ ਦੀਆਂ ਨਜ਼ਰਾਂ ਵਿਚ ਨਹੀਂ ਸੀ ਚੜ੍ਹਦੀ। ਕਹਾਣੀਕਾਰਾਂ, ਸੰਗੀਤਕਾਰਾਂ, ਫਿਲਮ-ਸਟਾਰਾਂ, ਪ੍ਰੋਡੀਊਸਰਾਂ ਤੇ ਡਾਇਰੈਕਟਰਾਂ ਦਾ ਦਿਨੇਂ ਰਾਤੀਂ ਉੱਥੇ ਮੇਲਾ ਲੱਗਾ ਰਹਿੰਦਾ ਸੀ। ਇਤਨੇ ਵੱਡੇ ਸਟੂਡੀਓ ਦਾ ਸਾਡੀ ਗਰੀਬੜੀ ਜਿਹੀ ਸੰਸਥਾ ਨੂੰ ਜਰ ਲੈਣਾ ਅੱਬਾਸ ਦੇ ਹੀ ਰਸੂਖ ਦਾ ਚਮਤਕਾਰ ਸੀ। ਸਾਨੂੰ ਸਦਾ ਦਿਲ ਵਿਚ ਖਹੁ ਪਿਆ ਰਹਿੰਦਾ ਕਿ ਕਿਤੇ ਸਾਡੇ ਨਿੱਤ ਦੇ ਲੜਾਈ-ਝਗੜੇ ਤੇ ਅਨਾੜੀਪੁਣੇ ਤੋਂ ਤੰਗ ਆ ਕੇ ਸਟੂਡੀਓ ਵਾਲੇ ਸਾਡਾ ਬਿਸਤਰਾ-ਬੋਰੀਆ ਗੋਲ ਨਾ ਕਰ ਦੇਣ।
ਪਰ ਹੌਲੀ-ਹੌਲੀ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਨੀਵੇਂ ਡਿੱਗਣ ਦੀ ਥਾਂ ਉਹਨਾਂ ਦੀਆਂ ਨਜ਼ਰਾਂ ਵਿਚ ਉੱਚੇ ਉਠ ਰਹੇ ਹਾਂ, ਕਿਉਂਕਿ ਸਾਡੇ ਝਗੜੇ ਸ਼ਖਸੀ ਪੱਧਰ ਦੇ ਨਹੀਂ ਸਨ। ਉਹਨਾਂ ਵਿਚ ਸਾਰੇ ਸਾਥੀਆਂ ਦੀ ਫਿਲਮ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਦੀ ਸਧਰ ਲੁਕੀ ਹੋਈ ਸੀ। ਹਜ਼ਾਰ ਖੁੜਭੋ-ਖੁੜਭੀ ਹੋਈਏ, ਪਲ ਭਰ ਬਾਅਦ ਅਸੀਂ ਫੇਰ ਵੀਰਾਂ ਵਾਂਗ ਇਕ ਹੋ ਜਾਂਦੇ ਸਾਂ। ਸਾਡੀ ਏਕਤਾ ਅਟੁੱਟ ਸੀ। ਆਪਣੇ ਟੀਚੇ ਉਪਰ ਪੁੱਜਣ ਲਈ ਅਸੀਂ ਆਪਣਾ ਸਭ ਕੁਝ ਵਾਰਨਾ ਚਾਹੁੰਦੇ ਸਾਂ। ਬੰਗਾਲੋਂ ਆਈ ਸਾਰੀ ਦੀ ਸਾਰੀ ਟੋਲੀ ਅੱਬਾਸ ਦੇ ਦੋ ਕਮਰਿਆਂ ਵਾਲੇ ਫਲੈਟ ਵਿਚ ਟਿਕੀ ਹੋਈ ਸੀ। ਮੈਂ ਤੇ ਦੱਮੋ ਵੀ ਕਈ ਵਾਰੀ ਉਥੇ ਜਾ ਪਨਾਹ ਲੈਂਦੇ, ਖਾਸ ਕਰ ਜਦੋਂ ਦਿਨੇ 'ਦੂਰ ਚਲੇਂ' ਦੀ ਤੇ ਰਾਤੀਂ 'ਧਰਤੀ ਕੇ ਲਾਲ' ਦੀ ਸ਼ੂਟਿੰਗ ਹੁੰਦੀ। ਰਾਤ ਦੀ ਸ਼ੂਟਿੰਗ ਦਾ ਉਦੋਂ ਬੜਾ ਰਿਵਾਜ ਸੀ। ਰਾਤੀਂ ਸ਼ੂਟਿੰਗ ਕਰਨੀ ਕਲਾਕਾਰ ਦੀ ਵਡਿਆਈ ਸਮਝਿਆ ਜਾਂਦਾ ਸੀ। ਅਸੀਂ ਇਕ ਦਫਾ ਚਾਰ ਦਿਨ ਤੇ ਚਾਰ ਰਾਤਾਂ ਨਹੀਂ ਸਾਂ ਸੁੱਤੇ। ਅੱਬਾਸ ਦਾ ਪਰਵਾਰ ਇਸ ਪ੍ਰਕਾਰ ਦੀ ਹਫੜਾ-ਦਫੜੀ ਵਿਚ ਕਿਵੇਂ ਸਮਾਂ ਕੱਟ ਰਿਹਾ ਸੀ, ਅਨੁਮਾਨ ਕਰਨਾ ਮੁਸ਼ਕਲ ਨਹੀਂ।
ਜਦੋਂ ਅੱਧੀ ਤੋਂ ਜ਼ਿਆਦਾ ਫਿਲਮ ਬਣ ਗਈ, ਤਾਂ ਸਟੂਡੀਓ ਦੇ ਨਿੱਕੇ ਜਹੇ ਪ੍ਰੋਜੈਕਸ਼ਨ ਥੀਏਟਰ ਵਿਚ ਉਸ ਦੇ 'ਰੱਸ਼ ਪ੍ਰਿੰਟ' ਵਿਖਾਏ ਗਏ। ਮਸ਼ਹੂਰ ਫਿਲਮ ਡਾਇਰੈਕਟਰ, ਮਹੇਸ਼ ਕੌਲ ਵੀ ਚੁਪ ਚੁਪੀਤੇ ਕੋਲ ਆ ਬੈਠੇ। ਜਦੋਂ ਵੇਖ ਕੇ ਬਾਹਰ ਨਿਕਲੇ, ਤਾਂ ਉਹਨਾਂ ਦਾ ਚਿਹਰਾ ਇਕ ਅਨੋਖੇ ਪ੍ਰਭਾਵ ਨਾਲ ਤਮਤਮਾ ਰਿਹਾ ਸੀ। ਕਹਿਣ ਲਗੇ, "ਮੇਰਾ ਫਿਲਮਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਸੀ, ਤੁਸਾਂ ਮੁੰਡਿਆਂ ਨੇ ਇਸ ਨੂੰ ਫੇਰ ਬਰਕਰਾਰ ਕਰ ਦਿੱਤਾ ਏ।" ਰਾਜ ਕਪੂਰ ਵੀ ਉਸ ਵੇਲੇ ਉਹਨਾਂ ਕੋਲ ਖੜਾ ਸੀ। ਅਜੇ ਉਹ ਫਿਲਮਾਂ ਵਿਚ ਕਲਾਕਾਰ ਦੀ ਹੈਸੀਅਤ ਵਿਚ ਨਹੀਂ ਸੀ ਉਤਰਿਆ, ਤੇ ਕੇਦਾਰ ਸ਼ਰਮਾ ਨਾਲ ਸਹਾਇਕ ਲੱਗਿਆ ਹੋਇਆ ਸੀ। ਉਸ ਨੇ ਵੀ ਭਰਪੂਰ ਪ੍ਰਸੰ.ਸਾ ਕੀਤੀ।
ਸ਼ਾਇਦ 'ਧਰਤੀ ਕੇ ਲਾਲ' ਤੋਂ ਪ੍ਰਭਾਵਤ ਹੋ ਕੇ ਹੀ ਮਹੇਸ਼ ਕੌਲ ਨੇ ਆਪ ਇਕ ਯਥਾਰਥਵਾਦੀ ਫਿਲਮ ਅਰੰਭ ਦਿੱਤੀ, ਜਿਸ ਦਾ ਨਾਂ 'ਕਾਸ਼ੀ ਨਾਥ' ਸੀ। 'ਧਰਤੀ ਕੇ ਲਾਲ' ਦੀ ਹੀਰੋਇਨ ਤ੍ਰਿਪਤੀ ਭਾਦੁੜੀ (ਹੁਣ ਤ੍ਰਿਪਤੀ ਮਿਤ੍ਰਾ) ਨੂੰ ਉਹਨਾਂ ਇਸ ਦੀ ਮੁਖ ਅਭਿਨੇਤਰੀ ਬਣਾਇਆ, ਤੇ ਮੁਖ ਅਭਿਨੇਤਾ ਰਾਜ ਕਪੂਰ ਨੂੰ। ਉਹ ਵੀ ਬੜੀ ਯਾਦਗਾਰ ਫਿਲਮ ਸੀ। ਸਾਡੇ ਵਿਚੋਂ ਕੋਈ ਵੀ ਮੋਟਰ ਵਿਚ ਬੈਠ ਕੇ ਸਟੂਡੀਓ ਜਾਣ ਵਾਲਾ ਨਹੀਂ ਸੀ, ਫੇਰ ਵੀ ਰਜਨੀ ਕਾਂਤ ਪਾਂਡੇ ਤੋਂ ਲੈ ਕੇ ਛੋਟੇ ਤੋਂ ਛੋਟੇ ਕਰਮਚਾਰੀ ਤਕ ਸਾਡਾ ਬੜਾ ਆਦਰ ਕਰਦੇ ਸਨ। ਸਾਡੀਆਂ ਫਰਮਾਇਸ਼ਾਂ ਉਹ ਹੋਰ ਕੰਮ ਛਡ ਕੇ ਪੂਰੀਆਂ ਕਰਦੇ ਸਨ। ਅਸੀਂ ਉਹਨਾਂ ਦੀ ਨਿਗਾਹ ਵਿਚ ਦੇਸ਼-ਸੇਵਾ ਦਾ ਕੰਮ ਕਰ ਰਹੇ ਸਾਂ, ਮਹਾਨ ਸਾਂ। ਵਿਅਕਤੀਵਾਦ ਦੇ ਰੋਗੀ ਫਿਲਮੀ ਮਾਹੌਲ ਵਿਚ ਸਾਡਾ ਆਦਰਸ਼ਕ ਸਮੂਹਤਾਵਾਦ ਅਜੀਬ ਖੇੜੇ ਖਿਲਾਰਦਾ ਸੀ। ਇਸ ਦਾ ਸਬੂਤ ਨਿੱਕੀਆਂ-ਨਿਕੀਆਂ ਘਟਨਾਵਾਂ ਤੋਂ ਮਿਲਦਾ ਸੀ, ਜੋ ਮੈਨੂੰ ਕਦੇ ਨਹੀਂ ਭੁਲਣਗੀਆਂ।
ਇਕ ਰਾਤ ਅਸੀਂ ਕਹਾਣੀ ਦੇ ਕੇਂਦਰੀ ਪਾਤਰ, ਪ੍ਰਧਾਨ ਮੰਡਲ ਦੇ ਕਲਕੱਤੇ ਦੀਆਂ ਸੜਕਾਂ ਉਤੇ ਭੁੱਖ ਨਾਲ ਸਿਸਕਸਿਸਕ ਕੇ ਪ੍ਰਾਣ ਛਡਣ ਦਾ ਸੀਨ ਲੈ ਰਹੇ ਸਾਂ, ਜੋ ਇਸ ਪ੍ਰਕਾਰ ਸੀ: ਬੁੱਢੇ ਕਿਸਾਨ ਦਾ ਸਰੀਰ ਤੇਜ਼ ਬੁਖਾਰ ਨਾਲ ਕੰਬ ਰਿਹਾ ਹੈ। ਉਸ ਦੀ ਬੁੱਢੀ ਵਹੁਟੀ (ਉਸ਼ਾ ਸੇਨ ਗੁਪਤਾ), ਉਸ ਦਾ ਵਡਾ ਲੜਕਾ (ਬਲਰਾਜ ਸਾਹਣੀ), ਛੋਟਾ ਲੜਕਾ (ਅਨਵਰ), ਵਡੀ ਨੂੰਹ (ਦਮਯੰਤੀ ਸਾਹਣੀ), ਛੋਟੀ ਨੂੰਹ (ਤ੍ਰਿਪਤੀ ਭਾਦੁੜੀ) ਤੇ ਪਿੰਡ ਤੇ ਕੁਝ ਇਕ ਦੋ ਹੋਰ ਬੰਦੇ ਉਹਨੂੰ ਘੇਰੀ ਬੈਠੇ ਹਨ। ਬਦਹਵਾਸੀ ਵਿਚ ਬੁੱਢੇ ਕਿਸਾਨ ਨੂੰ ਆਪਣੀਆਂ ਪੈਲੀਆਂ ਯਾਦ ਆਉਂਦੀਆਂ ਹਨ, ਝੋਨੇ ਦੀਆਂ ਝੂਮਦੀਆਂ ਫਸਲਾਂ, ਤੇ ਉਹ ਆਪਣੇ ਪੁੱਤਰਾਂ ਨੂੰ ਦਾਤਰੀਆਂ ਫੜ ਕੇ ਨੱਠਣ ਲਈ ਵੰਗਾਰਦਾ ਹੈ। "ਕਾਟੋ, ਜੋਰ ਸੇ ਕਾਟੋ," ਉਹ ਹੱਸ-ਹੱਸ ਕੇ ਕੂਕਦਾ ਹੈ, ਜਿਵੇਂ ਵੱਟਾਂ ਉਤੇ ਖੜਾ ਕਟਾਈ ਦਾ ਨਜ਼ਾਰਾ ਵੇਖ ਰਿਹਾ ਹੋਵੇ। "ਕਿਤਨਾ ਧਾਨ, ਕਿਤਨਾ ਬਹੁਤ-ਬਹੁਤ ਧਾਨ!"
ਤੇ ਉਹ ਮਰ ਜਾਂਦਾ ਹੈ।
ਫੁੱਟਪਾਥ ਤੇ ਸੜਕ ਦਾ ਸੈੱਟ ਸਟੂਡੀਓ ਦੇ ਅੰਦਰ ਹੀ ਲਗਿਆ ਹੋਇਆ ਸੀ। ਪਹਿਲਾਂ ਕੈਮਰਾ ਦੂਰ ਰਖ ਕੇ ਲਾਂਗ ਸ਼ਾਟ ਵਿਚ ਇਹ ਸਾਰਾ ਦ੍ਰਿਸ਼ ਖਿੱਚ ਲਿਆ ਗਿਆ। ਇਸ ਲਈ ਤਿੰਨ ਚਾਰ ਘੰਟੇ ਲਾਈਟਿੰਗ ਵਿੱਚ ਲੱਗੇ। ਪਰ ਅਸਿਸਟੈਂਟ ਡਾਇਰੈਕਟਰ ਕੈਮਰਾ ਡਿਪਾਰਟਮੈਂਟ ਦੀ ਅਣਗਹਿਲੀ ਕਾਰਨ ਫੁੱਟਪਾਥ ਉੱਤੇ ਲਗਾਏ ਬਿਜਲੀ ਦੇ ਖੰਭਿਆਂ ਦੀਆਂ ਲਾਈਟਾਂ ਅਣਜਗੀਆਂ ਰਹਿ ਗਈਆਂ। ਜਦੋਂ ਕੈਮਰਾ ਚੁੱਕ ਕੇ ਬੁੱਢੇ ਕਿਸਾਨ ਦੇ 'ਕਲੋਜ਼-ਅਪ' ਉਤੇ ਲਿਆਏ, ਤਾਂ ਇਸ ਗਲਤੀ ਦਾ ਗਿਆਨ ਹੋਇਆ। ਹੁਣ ਕੀ ਕਰੀਏ? ਉਦੋਂ ਤਕ ਸਟੂਡੀਓ ਦੀਆਂ ਸਾਰੀਆਂ ਲਾਈਟਾਂ ਹਿਲਾਈਆਂ ਜਾ ਚੁਕੀਆਂ ਸਨ। ਹਨੇਰੀ ਰਾਤ ਵਿਚ ਬੁੱਢੇ ਕਿਸਾਨ ਦੇ ਚਿਹਰੇ ਉਪਰ ਚਾਨਣ ਪਾਉਣ ਦਾ ਇਕੋ ਇਕ ਬਹਾਨਾ ਬਿਜਲੀ ਦੇ ਖੰਭੇ ਦੀ ਲਾਈਟ ਸੀ, ਜੋ 'ਲਾਂਗ ਸ਼ਾਟ' ਵਿਚ ਅਣਜਗੀ ਰਹਿ ਗਈ ਸੀ।
ਸਭ ਇਕ ਦੂਜੇ ਦਾ ਮੂੰਹ ਵੇਖਣ ਤੇ ਦੋਸ਼ ਦੇਣ ਲੱਗ ਗਏ। ਜੇ ਪਹਿਲੇ ਸ਼ਾਟ ਨੂੰ ਦੁਬਾਰਾ ਲਈਏ, ਤਾਂ ਲਾਈਟਿੰਗ ਲਈ ਫੇਰ ਚਾਰ ਘੰਟੇ ਚਾਹੀਦੇ ਸਨ। ਇਸ ਤਰ੍ਹਾਂ ਪੂਰੀ ਸ਼ਿਫਟ ਹੀ ਬਰਬਾਦ ਹੋ ਜਾਂਦੀ।
ਅਚਨਚੇਤ ਲਾਈਟਿੰਗ-ਵਿਭਾਗ ਦੇ ਇਕ ਮਜ਼ਦੂਰ ਨੇ ਸੁਝਾਅ ਪੇਸ਼ ਕੀਤਾ। ਸ਼ੁਰੂ ਵਿਚ ਕਿਸਾਨ ਦੇ 'ਕਲੋਜ਼-ਅਪ' ਨੂੰ ਬੇਸ਼ੱਕ ਹਨ੍ਹੇਰਾ ਰੱਖਿਆ ਜਾਏ। ਫੇਰ ਬਰੜਾਂਦੇ ਦੇ ਚਿਹਰੇ ਉਪਰ ਝੱਟ ਕਿਸੇ ਦੂਰੋਂ ਆਉਂਦੀ ਮੋਟਰ ਦਾ ਲਿਸ਼ਕਾਰਾ ਆ ਪਏ। ਜਿਉਂ-ਜਿਉਂ ਉਹ ਆਵੇਸ਼ ਵਿਚ ਆਏ, ਲਿਸ਼ਕਾਰਾ ਤੇਜ਼ ਹੁੰਦਾ ਜਾਏ। ਉਹਦੇ ਮਰਦਿਆਂ ਸਾਰ ਸ਼ਾਟ ਕੱਟ ਕਰ ਕੇ ਫੇਰ ਕਿਸੇ ਹੋਰ ਐਂਗਲ ਤੋਂ ਵਿਖਾਇਆ ਜਾਏ ਕਿ ਇਧਰ ਕਿਸਾਨ ਦਾ ਪਰਵਾਰ ਚੀਕਾਂ ਮਾਰਦਾ ਉਸ ਦੀ ਲਾਸ਼ ਉਪਰ ਡਿੱਗ ਪੈਂਦਾ ਹੈ, ਤੇ ਉਸੇ ਵੇਲੇ ਇਕ ਚਮ-ਚਮਾਂਦੀ ਮੋਟਰ, ਜਿਵੇਂ ਉਹਨਾਂ ਦੀ ਬਿਪਤਾ ਉਤੇ ਹਾਸੀ ਉਡਾਉਂਦੀ, ਐਨ ਕੋਲੋਂ ਦੀ ਹੋ ਕੇ ਲੰਘ ਜਾਂਦੀ ਹੈ।
ਏਸ ਤਜਵੀਜ਼ ਨੂੰ ਸੁਣ ਕੇ ਅਸੀਂ ਸਕਤੇ ਵਿਚ ਆ ਗਏ। ਅੱਬਾਸ, ਸ਼ੰਭੂ, ਗੁਪਤੇ, ਮੈਂ, ਕੈਮਰਾਮੈਨ ਕਪਾਡੀਆ ਸਭ ਅਸ਼-ਅਸ਼ ਕਰ ਉੱਠੇ। ਬੁਧੀਵਾਨਾਂ ਦੀ ਕੀਤੀ ਇਕ ਗਲਤੀ ਨੂੰ ਇਕ ਅਣਪੜ੍ਹ ਮਜ਼ਦੂਰ ਨੇ ਮਹਾਨ ਕਲਾ ਵਿਚ ਬਦਲ ਦਿੱਤਾ। 'ਧਰਤੀ ਕੇ ਲਾਲ' ਦਾ ਸੰਗੀਤ ਰਵੀ ਸ਼ੰਕਰ ਨੇ ਦਿੱਤਾ ਸੀ। ਉਪਰੋਕਤ ਸੀਨ ਦੇ ਪਿਛੋਕੜ ਉਹਨੇ ਕੇਵਲ ਇਕ ਬੰਸਰੀ ਦੀ ਅਵਾਜ਼ ਭਰੀ, ਜਿਵੇਂ ਮਰਨ ਤੋਂ ਬਾਅਦ ਕਿਸਾਨ ਦੀ ਰੂਹ ਮੋਟਰ ਦੇ ਉਤੋਂ ਦੀ ਹੋ ਕੇ ਸਚਮੁਚ ਆਪਣੇ ਖੇਤਾਂ ਵਲ ਉੱਡ ਗਈ ਹੋਵੇ। ਇੰਜ ਇਹ ਸਾਡੀ ਫਿਲਮ ਦਾ ਇਕ ਅਤਿਅੰਤ ਹਿਰਦੇ-ਵੇਧਕ ਸੀਨ ਬਣ ਗਿਆ।
ਅਤੇ ਇਹ ਇਕ ਐਸੇ ਵਰਗ ਦੇ ਆਦਮੀ ਦੀ ਦੇਣ ਸੀ, ਜਿਸ ਦੀ ਸ਼ੂਟਿੰਗ ਵੇਲੇ ਕਿਸੇ ਸਫੈਦ-ਪੋਸ਼ ਨਾਲ ਗਲ ਕਰਨ ਤਕ ਦੀ ਹਿੰਮਤ ਨਹੀਂ ਪੈਂਦੀ, ਸਲਾਹ-ਮਸ਼ਵਰਾ ਦੇਣਾ ਤਾਂ ਵੱਖ ਰਿਹਾ। ਬਕੌਲ-ਸ਼ਖਸੇ - "ਹਮ ਭੀ ਮੂੰਹ ਮੇਂ ਜ਼ਬਾਨ ਰਖਤੇ ਹੈਂ, ਕਾਸ਼ ਪੂਛੋ ਕਿ ਮੁਦਆ ਕਿਆ ਹੈ।"
ਸਾਡੇ ਯੂਨਿਟ ਵਿਚ ਝੂਠੀ ਸ਼ਾਨ ਤੇ ਪੈਸੇ ਦੀ ਹੈਂਕੜ ਦਾ ਅਭਾਵ ਵੇਖ ਕੇ ਹੀ ਉਸ ਮਜ਼ਦੂਰ ਨੂੰ ਮੂੰਹ ਖੋਲ੍ਹਣ ਦਾ ਜੇਰਾ ਹੋਇਆ ਸੀ। ਸੱਚ ਤਾਂ ਇਹ ਹੈ ਕਿ ਪਰੋਲਤਾਰੀ ਸੂਝ-ਬੂਝ ਰਖਣ ਵਾਲੇ ਮਜ਼ਦੂਰ ਸਾਡੀ ਫਿਲਮ ਨੂੰ ਆਪਣੀ ਹੀ ਗਿਣਨ ਲਗ ਪਏ ਸਨ। ਕਮਿਊਨਿਸਟ ਪਾਰਟੀ, ਟਰੇਡ ਯੁਨੀਅਨਾਂ, ਤੇ ਕਿਸਾਨ-ਸਭਾ ਦੀ ਹਿਦਾਇਤ ਹੇਠ ਸੈਂਕੜੇ ਕਿਸਾਨ, ਮਜ਼ਦੂਰ, ਤੀਵੀਂਆਂ, ਮਰਦ ਤੇ ਬੱਚੇ ਨਿੱਕੇ-ਨਿੱਕੇ ਪਾਰਟ ਕਰਨ ਲਈ ਬਿਲਾ-ਮੁਆਵਜ਼ਾ ਅੰਦਰੂਨੀ ਤੇ ਬੈਰੂਨੀ ਸ਼ੂਟਿੰਗ ਵਿਚ ਸ਼ਾਮਲ ਹੁੰਦੇ ਸਨ। ਬੰਗਾਲੀ ਕਿਸਾਨਾਂ ਦੇ ਪਿੰਡ ਛਡ ਕੇ ਸ਼ਹਿਰ ਵਲ ਪ੍ਰਵਾਸ ਕਰਨ ਦੇ ਸੀਨ ਵਿਚ ਹਜ਼ਾਰਾਂ ਕਿਸਾਨਾਂ ਨੇ ਭਾਗ ਲਿਆ ਸੀ ਸਵੇਰੇ ਚਾਰ ਵਜੇ ਤੋਂ ਇਪਟਾ ਦੀਆਂ ਬੰਗਾਲਣ ਕੁੜੀਆਂ ਨੇ ਪੇਂਡੂ ਮਰਾਠਣਾ ਨੂੰ ਬੰਗਾਲੀ ਢੰਗ ਨਾਲ ਧੋਤੀ ਬੰਨ੍ਹਣਾ ਸਿਖਾਉਣਾ ਸ਼ੁਰੂ ਕਰ ਦਿੱਤਾ ਸੀ। ਚਾਰ ਦਿਨ ਤਕ ਕਾਪੜਨੇ ਪਿੰਡ ਦੇ ਕਿਸਾਨਾਂ ਨੇ ਨਾ ਕੇਵਲ ਸਾਨੂੰ ਪੈਲੀਆਂ ਵਿਚ ਊਧਮ ਮਚਾਉਣ ਦੀ ਛੁੱਟੀ ਦਿੱਤੀ ਰੱਖੀ, ਸਗੋਂ ਪ੍ਰਾਹੁਣਿਆਂ ਵਾਂਗ ਖੁਆਇਆ ਪਿਆਇਆ ਵੀ।
ਪਰ ਅਫਸੋਸ, ਜਿਹੜੀਆਂ ਆਸਾਂ ਇਪਟਾ ਦੇ ਆਮ ਮੈਂਬਰਾਂ ਨੇ ਇਸ ਫਿਲਮੀ ਯੋਜਨਾ ਉਪਰ ਲਾਈਆਂ ਹੋਈਆਂ ਸਨ, ਆਗੂਆਂ ਦੀ ਨਾਇਤਫਾਕੀ ਕਾਰਨ ਮਿੱਟੀ ਵਿਚ ਮਿਲ ਗਈਆਂ। ਅੰਦਰੇ-ਅੰਦਰ ਸਾਡੇ ਭੇਦ-ਭਾਵ ਤਿੱਖੇ ਹੁੰਦੇ ਚਲੇ ਗਏ। ਮੌਕਾ-ਤਾੜੂਆਂ ਨੇ ਆਪਣੇ ਸੁਆਰਥ ਸਿੱਧ ਕਰਨ ਲਈ ਆਗੂਆਂ ਦੁਆਲੇ ਧੜੇ ਬੰਨ੍ਹਣੇ ਸ਼ੁਰੂ ਕਰ ਦਿਤੇ। ਛੋਟੇ-ਮੋਟੇ ਫਿਲਮੀ ਕੰਮ ਵੀ ਹਜ਼ਾਰਾਂ ਰੁਪਿਆਂ ਦਾ ਰੋਜ਼ ਲੈਣ-ਦੇਣ ਹੁੰਦਾ ਹੈ। ਉਹ ਵੀ ਕਈ ਸਾਥੀਆਂ ਦੀ ਇਖਲਾਕੀ ਪੱਧਰ ਨੂੰ ਡੇਗਣ ਦਾ ਕਾਰਨ ਬਣਿਆਂ। ਜਿਸ ਕੰਮ ਨੂੰ ਇਤਨੇ ਚਾਅ ਨਾਲ ਸ਼ੁਰੂ ਕੀਤਾ ਗਿਆ ਸੀ, ਉਹ ਅੰਤ ਇਕ ਵਬਾਲ ਬਣ ਕੇ ਰਹਿ ਗਿਆ। ਛੇਤੀ-ਛੇਤੀ ਐਕਟਿੰਗ ਮੁਕੰਮਲ ਕਰ ਕੇ ਅੱਬਾਸ ਲਾਹੌਰ ਚਲਾ ਗਿਆ, ਜਿਥੇ ਉਹਨੂੰ ਹੋਰ ਇਕ ਫਿਲਮ ਦਾ ਕਾਂਟਰੈਕਟ ਮਿਲ ਗਿਆ। ਪਿਛੇ 'ਧਰਤੀ ਕੇ ਲਾਲ' ਡੱਬਿਆਂ ਵਿਚ ਪਈ ਲਾਵਾਰਸ ਰੁਲਦੀ ਰਹੀ। ਕਿਸੇ ਨੂੰ ਨਹੀਂ ਸੀ ਪਤਾ ਕਿ ਉਸ ਦਾ ਕੀ ਕਰਨਾ ਹੈ।
ਅੰਤ, ਜਿਸ ਦਿਨ ਉਹ ਰੀਲੀਜ਼ ਹੋਈ, ਉਸੇ ਦਿਨ ਸ਼ਹਿਰ ਵਿਚ ਫਿਰਕੂ ਫਸਾਦ ਛਿੜ ਪਏ। ਕਰਫਿਊ ਲਗ ਗਿਆ। ਫਿਲਮ ਬਣਾਉਣਾ ਵੀ ਫਸਲ ਉਗਾਉਣ ਵਾਂਗ ਕਿਸਮਤ ਨਾਲ ਜੂਆ ਖੇਡਣ ਵਾਲੀ ਗੱਲ ਹੈ। ਕਿਸੇ ਵੀ ਪੜਾਅ ਉਤੇ, ਤੇ ਕਿਸੇ ਵੀ ਕਾਰਨ ਤਿੰਨ ਕਾਣੇ ਹੋ ਸਕਦੇ ਹਨ। ਫਸਾਦ ਤਾਂ ਬਹੁਤ ਦਿਨ ਨਾ ਰਹੇ, ਪਰ ਲੋਕਾਂ ਵਿਚ ਸਹਿਮ ਬਣਿਆ ਰਿਹਾ, ਤੇ ਸਿਨੇਮਾ ਹਾਲ ਖਾਲੀ ਪਏ ਰਹੇ। ਉਸ ਅਠਵਾੜੇ ਰੀਲੀਜ਼ ਹੋਈਆਂ ਸਾਰੀਆਂ ਫਿਲਮਾਂ ਆਪ-ਮੁਹਾਰ ਫੇਲ੍ਹ ਹੋ ਗਈਆਂ।
ਪਰ ਵਪਾਰਕ ਨਾਕਾਮਯਾਬੀ ਦੇ ਬਾਵਜੂਦ 'ਧਰਤੀ ਕੇ ਲਾਲ' ਕਲਾ ਦੇ ਪੱਖ ਤੋਂ ਨਾਕਾਮਯਾਬ ਫਿਲਮ ਨਹੀਂ ਸੀ। ਜਿਸ ਨੇ ਉਸ ਨੂੰ ਵੇਖਿਆ ਹੈ, ਉਹੀ ਤਾਰੀਫ ਕਰਦਾ ਹੈ। ਦੇਸ਼ ਤੋਂ ਕਿਤੇ ਵਧ ਬਿਦੇਸ਼ਾਂ ਵਿਚ ਉਸ ਦੀ ਕਦਰ ਹੋਈ। ਇੰਗਲੈਂਡ ਦੀ ਮਸ਼ਹੂਰ ਪੁਸਤਕ-ਮਾਲਾ, 'ਪੈਨਗਵਿਨ' ਨੇ ਆਪਣੇ ਇਕ ਅੰਕ ਵਿਚ ਉਹਨੂੰ ਫਿਲਮ-ਇਤਿਹਾਸ ਦੀ ਇਕ ਅਹਿਮ ਫਿਲਮ ਮੰਨਿਆਂ। ਸਾਰੇ ਸੋਵੀਅਤ ਯੁਨੀਅਨ ਵਿਚ ਉਸ ਫਿਲਮ ਦੀ ਬਾਕਾਇਦਾ ਨੁਮਾਇਸ਼ ਹੋਈ, ਤੇ ਕਈ ਦੇਸ਼ਾਂ ਨੇ ਆਪਣੀਆਂ ਫਿਲਮ-ਲਾਇਬਰੇਰੀਆਂ ਵਿਚ ਉਹਨੂੰ ਥਾਂ ਦਿਤੀ। ਨਿਰਸੰਦੇਹ 'ਧਰਤੀ ਕੇ ਲਾਲ' ਵਿਚ ਖਾਮੀਆਂ ਦੀ ਭਰਮਾਰ ਸੀ, ਪਰ ਕਈ ਖੂਬੀਆਂ ਵੀ ਐਸੀਆਂ ਸਨ, ਜੋ ਫਿਲਮਾਂ ਵਿਚ ਘੱਟ ਕਿਤੇ ਵੇਖਣ ਵਿਚ ਆਉਂਦੀਆਂ ਹਨ। ਜਿਸ ਵਡੇ ਪੈਮਾਨੇ ਉਤੇ ਕਿਸਾਨਾਂ ਮਜ਼ਦੂਰਾਂ ਨੇ ਉਸ ਵਿਚ ਨਿਰਸੁਆਰਥ ਹੋ ਕੇ ਹਿੱਸਾ ਪਾਇਆ ਸੀ, ਉਹਨੇ ਵਡੇ ਤੋਂ ਵਡੇ ਪਰੋਡੀਊਸਰ ਨੂੰ ਵੀ ਦੰਦਾ ਵਿਚ ਉਂਗਲੀਆਂ ਪਾਉਣ ਉਤੇ ਮਜਬੂਰ ਕਰ ਦਿਤਾ ਸੀ। ਫਿਲਮ ਦੇ ਹਰ ਦ੍ਰਿਸ਼ ਵਿਚੋਂ ਸਚਿਆਈ, ਦਿਆਨਤਦਾਰੀ ਤੇ ਮਨੁੱਖੀ ਭਾਵਨਾ ਉਘੜ ਰਹੀ ਸੀ। ਇਕ ਪ੍ਰੋਡੀਊਸਰ ਨੇ ਫਿਲਮ ਵੇਖ ਕੇ ਮੈਨੂੰ ਕਿਹਾ ਸੀ, "ਤੁਸਾਂ ਤਾਂ ਯਥਾਰਥਵਾਦ ਵਿਚ ਰੂਸੀਆਂ ਨੂੰ ਵੀ ਮਾਤ ਕਰ ਛੱਡਿਆ ਏ!"
ਬਿਮਲ ਰਾਏ ਨੇ 'ਦੋ ਬਿੱਘਾ ਜ਼ਮੀਨ' ਤੇ ਸਤਿਆਜੀਤ ਰਾਏ ਨੇ 'ਪਥੇਰ ਪਾਂਚਾਲੀ' ਵਿਚ ਓਹੀ ਰਾਹ ਫੜਿਆ, ਜਿਸ ਦੇ ਕੰਡੇ 'ਧਰਤੀ ਕੇ ਲਾਲ' ਨੇ ਸਾਫ ਕੀਤੇ ਸਨ। ਪਰ ਅਫਸੋਸ, ਅੱਬਾਸ ਨੇ ਆਪ ਉਹ ਰਾਹ ਛੱਡ ਦਿਤਾ। ਉਸ ਪਿਛੋਂ ਅੱਬਾਸ ਨੇ ਕਿਤਨੀਆਂ ਹੀ ਹੋਰ ਫਿਲਮਾਂ ਬਣਾਈਆਂ, ਪਰ ਘਟ-ਵਧ ਹੀ ਕਿਸੇ ਵਿਚੋਂ 'ਧਰਤੀ ਕੇ ਲਾਲ' ਵਾਲੀ ਵਾਸ਼ਨਾ ਆਈ ਹੈ, ਤੇ ਨਾ ਹੀ ਉਸ ਪਹਿਲੀ ਫਿਲਮ ਜਿਤਨਾ ਜੱਸ ਅੱਬਾਸ ਨੇ ਫੇਰ ਕਿਸੇ ਫਿਲਮ ਵਿਚੋਂ ਖੱਟਿਆ ਹੈ। ਜਿਸ ਹੱਦ ਤਕ ਅਸੀਂ ਮਿਲ ਕੇ ਤੁਰੇ, 'ਧਰਤੀ ਕੇ ਲਾਲ' ਇਕ ਕਾਮਯਾਬ ਪ੍ਰਯੋਗ ਸੀ। ਜੋ ਸਾਡੇ ਅੰਦਰ ਧੀਰਜ ਹੁੰਦਾ, ਨਿਰਮਾਣਤਾ ਹੁੰਦੀ, ਇਕ-ਦੂਜੇ ਪ੍ਰਤੀ ਸਨਮਾਨ ਹੁੰਦਾ, ਸੱਚੀ ਸਹਿਯੋਗਤਾ ਦਾ ਗਿਆਨ ਹੁੰਦਾ ਤਾਂ ਅਸੀਂ 'ਧਰਤੀ ਕੇ ਲਾਲ' ਨੂੰ ਇਕ ਸ਼ਾਹਕਾਰ ਫਿਲਮ ਹੀ ਨਹੀਂ ਸਾਂ ਬਣਾ ਸਕਦੇ, ਸਗੋਂ ਇਕ ਐਸੀ ਸੰਸਥਾ ਵੀ ਕਾਇਮ ਕਰ ਸਕਦੇ ਸਾਂ, ਜੋ ਦੇਸ਼ ਕਲਿਆਣ ਲਈ ਫਿਲਮਾਂ ਬਣਾਉਂਦੀ ਚਲੀ ਜਾਂਦੀ। ਪਰ ਇਹ ਸਾਡੇ ਨਸੀਬਾਂ ਵਿਚ ਨਹੀਂ ਸੀ ਲਿਖਿਆ।

11
'ਧਰਤੀ ਕੇ ਲਾਲ' ਬਣਨ ਤੀਕਰ ਸਾਡੇ ਪਰਿਵਾਰਕ ਜੀਵਨ ਦਾ ਨਕਸ਼ਾ ਬਿਲਕੁਲ ਬਦਲ ਚੁਕਿਆ ਸੀ। ਕਦੇ ਅਸੀਂ ਦਸ-ਦਸ ਦੇ ਨੋਟਾਂ ਨੂੰ ਦੀਦੇ ਪਾੜ-ਪਾੜ ਕੇ ਵੇਖਦੇ ਹੁੰਦੇ ਸਾਂ, ਤੇ ਹੁਣ ਸੌ-ਸੌ ਦੇ ਨੋਟਾਂ ਦੀਆਂ ਦੱਥੀਆਂ ਕੇਵਲ ਮੁਟਿਆਈ ਵੇਖ ਕੇ ਭਾਂਪ ਛਡਦੇ ਸਾਂ। ਵਧੇਰੀ ਕਮਾਈ ਦੱਮੋ ਦੀ ਸੀ, ਪਰ ਉਹਨੂੰ ਨਾ ਪੈਸੇ ਜਮ੍ਹਾਂ ਕਰਨ ਦਾ ਸ਼ੌਕ ਸੀ, ਨਾ ਆਪਣੇ ਸੁੱਖ ਅਰਾਮ ਦਾ ਖਿਆਲ। ਬੇਗਮ ਪਾਰਾ, ਨੂਰ ਜਹਾਨ, ਬੇਬੀ ਨਸੀਮ ਉਹਦੇ ਹਾਣ ਦੀਆਂ ਐਕਟਰੈਸਾਂ ਸਨ, ਤੇ ਉਹਨਾਂ ਨਾਲ ਉਸ ਦੀ ਚੰਗੀ ਦੋਸਤੀ ਵੀ ਸੀ। ਉਹ ਸਭ ਵੱਡੀਆਂ-ਵੱਡੀਆਂ ਮੋਟਰਾਂ ਵਿਚ ਉਡਦੀਆਂ-ਫਿਰਦੀਆਂ, ਪਰ ਦੱਮੋ ਲਈ ਬੱਸ ਤੇ ਰੇਲ-ਗੱਡੀ ਦੀ ਸਵਾਰੀ ਹੀ ਕਾਫੀ ਸੀ। ਖੱਦਰ ਦਾ ਚਿੱਟਾ ਸੂਟ ਉਸ ਦਾ ਪਹਿਰਾਵਾ ਸੀ। ਘਰ ਚਲਾਉਣ ਜੋਗੇ ਲੋੜੀਂਦੇ ਪੈਸੇ ਰੱਖ ਕੇ ਬਾਕੀ ਸਭ ਉਹ ਦੇਸ਼ ਦੇ ਕੰਮਾਂ ਨੂੰ ਭੇਟਾ ਕਰ ਆਉਂਦੀ।
ਓਦੋਂ ਦੇਸ਼ ਦੇ ਕੰਮਾਂ ਦੇ ਜੋਸ਼ ਵੀ ਤਾਂ ਬਥੇਰੇ ਸਨ। ਫਿਜ਼ਾ ਵਿਚ ਜੁਆਰ-ਭਾਟਾ ਜਿਹਾ ਆਇਆ ਹੋਇਆ ਸੀ। ਉਹ ਰਾਤ ਮੈਨੂੰ ਨਹੀਂ ਭੁਲਦੀ, ਜਦੋਂ ਨੇਤਾ ਜੀ ਦੇ ਸਮਰਥਕਾਂ ਨੇ ਗੁੱਸਾ ਖਾ ਕੇ ਹਜ਼ਾਰਾਂ ਦੀ ਤਾਦਾਦ ਵਿਚ ਕਮਿਊਨਿਸਟ ਪਾਰਟੀ ਦੇ ਕੇਂਦਰ ਉਪਰ ਹਮਲਾ ਕਰ ਦਿੱਤਾ ਸੀ। ਇਮਾਰਤ ਵਿਚ ਕੇਵਲ ਸੱਠ-ਸੱਤਰ ਬੰਦੇ ਸਨ, ਜਿਨ੍ਹਾਂ ਵਿਚ ਚੋਖੀ ਸੰਖਿਆ ਔਰਤਾਂ ਬੱਚਿਆਂ ਦੀ ਸੀ। ਬੜਾ ਭਿਆਨਕ ਸਾਕਾ ਸੀ ਉਹ। ਇਮਾਰਤ ਦੀਆਂ ਪੌੜੀਆਂ ਕਾਮਰੇਡਾਂ ਦੇ ਲਹੂ ਨਾਲ ਰੰਗੀਆਂ ਗਈਆਂ ਸਨ। ਮੇਰੀ ਆਪਣੀ ਬੁਸ਼-ਸ਼ਰਟ ਤੇ ਪਤਲੂਨ ਲਹੂ ਨਾਲ ਤਰ-ਬਤੱਰ ਸੀ, ਤੇ ਜਨੂੰਨੀ ਜਹੀ ਹਾਲਾਤ ਵਿਚ ਮੈਂ ਕੂਕਦਾ ਫਿਰਦਾ ਸਾਂ, "ਘਬਰਾਓ ਨਹੀਂ, ਕਾਮਰੇਡ ਇਹ ਮੇਰਾ ਲਹੂ ਨਹੀਂ!" ਕਾਫੀ ਚਿਰ ਮੈਨੂੰ ਸੱਚਮੁੱਚ ਇਹੀ ਯਕੀਨ ਰਿਹਾ ਕਿ ਖੂਨ ਹੋਰਨਾਂ ਸਾਥੀਆਂ ਦਾ ਹੈ, ਜਿਨ੍ਹਾਂ ਨੂੰ ਮੈਂ ਸਹਾਰਾ ਦੇ ਕੇ ਉਪਰ ਵਾਲੀ ਮੰਜ਼ਲ ਤੇ ਲਿਆ ਰਿਹਾ ਸਾਂ। ਮਗਰੋਂ ਪਤਾ ਚੱਲਿਆ ਕਿ ਉਸ ਵਿੱਚ ਕੁਝ ਹਿੱਸਾ ਮੇਰਾ ਆਪਣਾ ਵੀ ਸੀ। ਇਕ ਪੱਥਰ ਮੇਰੇ ਸਿਰ ਉਤੇ ਵੱਜਾ ਸੀ, ਜਿਸ ਦਾ ਨਿੱਕਾ ਜਿਹਾ ਚਟਾਕ, ਇਕ ਵਡ-ਮੁੱਲੀ ਸੁਗਾਤ ਵਾਂਗ, ਟੋਟਣੀ ਦੇ ਐਨ ਵਿਚਕਾਰ ਹਾਲਾਂ ਵੀ ਸੁਭਾਇਮਾਨ ਹੈ।
ਫੇਰ, ਯਾਦ ਆਉਂਦੀ ਹੈ, ਜਹਾਜ਼ੀਆਂ ਦੀ ਬਗਾਵਤ! ਉਹ ਵੀ ਇਕ ਸਮਾਂ ਸੀ। ਸਾਰਾ ਬੰਬਈ ਸ਼ਹਿਰ, ਕੀ ਹਿੰਦੂ, ਕੀ ਮੁਸਲਮਾਨ ਤੇ ਕੀ ਪਾਰਸੀ, ਇਕਮੁੱਠ ਹੋ ਕੇ ਗੋਰਿਆਂ ਤੇ ਟੁੱਟ ਪਿਆ ਸੀ। ਸਗੋਂ ਬਹਾਦਰੀ ਦੇ ਕਾਰਨਾਮਿਆਂ ਦੀਆਂ ਖਬਰਾਂ ਮੁਸਲਮਾਨਾਂ ਦੇ ਇਲਾਕਿਆਂ ਵਿਚੋਂ ਆ ਰਹੀਆਂ ਸਨ। ਘਰ-ਘਰ ਉਤੇ ਕਾਂਗਰਸ, ਲੀਗ, ਤੇ ਕਮਿਊਨਿਸਟ ਪਾਰਟੀ ਦੇ ਝੰਡੇ ਲਹਿਰਾ ਰਹੇ ਸਨ - ਬਾਗੀ ਜਹਾਜ਼ੀਆਂ ਦੀ ਰੀਸੋ-ਰੀਸੀ। ਟਰੱਕਾਂ ਉਤੇ ਚੜ੍ਹੇ ਹੋਏ ਗੋਰੇ ਬਿਨਾ ਸੂਚਨਾ ਦਿੱਤੇ, ਦਹਿਸ਼ਤ ਫੈਲਾਉਣ ਲਈ, ਰਾਹ-ਜਾਂਦਿਆਂ ਉਪਰ ਸਰੀਰ ਦੇ ਅੰਦਰ ਫੱਟਣ ਵਾਲੀਆਂ ਡਮ ਡਮ ਗੋਲੀਆਂ ਚਲਾ ਕੇ ਲੰਘ ਜਾਂਦੇ ਸਨ। ਪਰ ਜਨਤਾ ਦੇ ਉਤਸ਼ਾਹ ਦਾ ਕੀ ਆਖ! ਏਧਰ ਗੋਲੀ ਚਲਦੀ, ਉਧਰ ਸੜਕਾਂ ਉਤੇ ਫੇਰ ਆਵਾਜਾਈ ਸ਼ੁਰੂ ਹੋ ਜਾਂਦੀ, ਜਿਵੇਂ ਕੁਝ ਹੋਇਆ ਈ ਨਹੀਂ ਸੀ। ਮੇਰੇ ਨਾਲ ਤੁਰਦਾ ਆਂਧਰਾ ਦਾ ਇਕ ਕਾਮਰੇਡ ਉਛਲ-ਉਛਲ ਕੇ ਅੰਗਰੇਜ਼ੀ ਵਿਚ ਇਕੋ ਗੱਲ ਦੁਹਰਾਈ ਜਾਂਦਾ ਸੀ, "ਪੀਪਲ ਆਰ ਇਨ ਦਿ ਸਟਰੀਟਸ, ਕਾਮਰੇਡ, ਦਿਸ ਇਜ਼ ਏ ਰੈਵੋਲਯੂਸ਼ਟਰੀ ਸਿਚੁਏਸ਼ਨ!" (ਲੋਕ ਸੜਕਾਂ ਉਤੇ ਆਏ ਹੋਏ ਹਨ ਕਾਮਰੇਡ, ਇਹ ਇਨਕਲਾਬੀ ਪਰਿਸਥਿਤੀ ਹੈ।) ਅਚਨਚੇਤ ਬਿਜਲੀ ਦੀ ਰਫਤਾਰ ਨਾਲ ਲੋਕੀਂ ਨੱਠਣ ਲਗ ਪਏ। ਮੇਰਾ ਸਾਥੀ ਤੇ ਮੈਂ ਇਕ ਦੁਕਾਨ ਦੇ ਥੜੇ ਹੇਠ ਵੜ ਗਏ ਸਾਂ। ਬੰਬਈ ਦੇ ਲੋਕ ਵੀ ਅਜੀਬ ਹਨ। ਬਾਰਸ਼ ਦੇ ਮੌਸਮ ਵਿਚ ਝੜੀ ਪੈਣ ਤੋਂ ਬਿੰਦ ਕੁ ਪਹਿਲਾਂ ਇਸੇ ਤਰ੍ਹਾਂ ਨੱਠ ਕੇ ਪਨਾਹ ਲੈਂਦੇ ਹਨ। ਖੋਰੇ ਉਸੇ ਅਭਿਆਸ ਤੋਂ ਉਹਨਾਂ ਨੂੰ ਸੂਹ ਲਗ ਗਈ ਸੀ ਕਿ ਗੋਲੀ ਚੱਲਣ ਵਾਲੀ ਹੈ। ਸਾਡੇ ਲੁਕਣ ਦੀ ਦੇਰ ਸੀ ਕਿ ਤੜ ਤੜ ਗੋਲੀ ਚੱਲ ਪਈ। ਫੇਰ ਬਿੰਦ ਕੁ ਬਾਅਦ ਰੁਕ ਵੀ ਗਈ ਸੀ, ਬਾਰਸ਼ ਵੀ ਬੰਬਈ ਇਵੇਂ ਹੀ ਰੁਕ ਜਾਂਦੀ ਹੈ। ਦੋ ਦੁਕਾਨਾਂ ਛਡ ਕੇ ਅਗਲੀ ਦੁਕਾਨ ਦੇ ਥੜੇ ਹੇਠਾਂ, ਸਾਡੇ ਵਾਂਗ ਹੀ, ਇਕ ਕਾਲਿਜ ਦੀ ਕੁੜੀ ਨੇ ਪਨਾਹ ਲਈ ਹੋਈ ਸੀ। ਖੋਰੇ ਕਿਤਨੀਆਂ ਗੋਲੀਆਂ ਉਹਨੂੰ ਇਕੱਠੀਆਂ ਵਿਨ੍ਹ ਗਈਆਂ। ਉਹ ਉੱਥੇ ਹੀ ਪਈ-ਪਈ ਖਤਮ ਹੋ ਗਈ। ਅਸੀਂ ਲਾਸ਼ ਨੂੰ ਚੁਕ ਕੇ ਗਿਰਨੀ ਕਾਮਗਾਰ ਯੁਨੀਅਨ ਦੇ ਦਫਤਰ ਲੈ ਗਏ। ਉਥੇ ਰੇਲਵੇ ਮਜ਼ਦੂਰਾਂ ਦੇ ਆਗੂਆਂ ਦੀਆਂ ਗਰਮ-ਗਰਮ ਬਹਿਸਾਂ ਹੋ ਰਹੀਆਂ ਸਨ ਕਿ ਰੇਲ ਦੀਆਂ ਪਟੜੀਆਂ ਪੁੱਟੀਆਂ ਜਾਣ ਕਿ ਨਾ।
ਭਾਵੇਂ ਠੀਕ ਭਾਵੇਂ ਗਲਤ, ਮੈਂ ਬਾਰ-ਬਾਰ ਇਹੀ ਸੋਚਦਾ ਹਾਂ ਕਿ ਜੇ ਉਸ ਵੇਲੇ ਸਾਡੇ ਲੀਡਰਾਂ ਨੇ ਜਨਤਾ ਦਾ ਸਾਥ ਨਾ ਛੱਡਿਆ ਹੁੰਦਾ, ਅੰਗਰੇਜ਼ਾਂ ਨਾਲ ਸਮਝੌਤਾ ਕਰਨ ਦੀ ਥਾਂ ਬਗਾਵਤ ਦੀ ਅਗਵਾਈ ਕੀਤੀ ਹੁੰਦੀ, ਤਾਂ ਅੰਗਰੇਜ਼ਾਂ ਦਾ ਤੰਬੂ ਉਸੇ ਮੌਕੇ ਉਤੇ ਉਖੜ ਜਾਣਾ ਸੀ। ਇਨਕਲਾਬੀ ਜਜ਼ਬਾ ਉਦੋਂ ਅਖੀਰ ਉੱਤੇ ਪੁੱਜਿਆ ਹੋਇਆ ਸੀ। ਜਹਾਜ਼ੀਆਂ ਦੀ ਹਿਮਾਇਤ ਵਿਚ ਹਵਾਈ ਫੌਜ ਦੇ ਹਿੰਦੁਸਤਾਨੀ ਦਸਤਿਆਂ ਨੇ ਵੀ ਹੜਤਾਲ ਕਰ ਦਿੱਤੀ ਸੀ। ਬੰਬਈ ਦੀ ਪੁਲਸ ਵੀ ਵਿਟਰ ਗਈ। ਨੇਤਾ ਜੀ ਦੀ ਆਜ਼ਾਦ-ਹਿੰਦ ਫੋਜ ਦੀਆਂ ਲੀਹਾਂ ਉਤੇ ਤੁਰ ਕੇ ਸਰਕਾਰੀ ਫੋਜਾਂ ਦੀ ਬਗਾਵਤੀ ਪਰਚਮ ਚੁੱਕ ਲੈਣਾ ਵੀ ਕੋਈ ਅਚੰਭੇ ਦੀ ਗੱਲ ਨਹੀਂ ਸੀ। ਫੇਰ ਨਾ ਦੇਸ਼ ਦਾ ਬਟਵਾਰਾ ਹੁੰਦਾ, ਤੇ ਨਾ ਹੀ ਪੁਰਾਣੀ ਰਿਸ਼ਵਤਖੋਰ ਨੌਕਰ-ਸ਼ਾਹੀ ਦਾ ਢਾਂਚਾ ਸਲਾਮਤ ਰਹਿੰਦਾ, ਜਿਸ ਨੇ ਅਜ ਜਨਤਾ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ।
ਪਰ ਲੀਡਰਾਂ ਨੇ ਜਨਤਾ ਦਾ ਸਾਥ ਛੱਡ ਦਿੱਤਾ, ਤੇ ਅੰਗਰੇਜ਼ ਦੀ ਕੱਛ ਵਿਚ ਜਾ ਬੈਠੇ। ਇਸ ਗੱਲ ਲਈ ਗਾਂਧੀ ਜੀ ਨੂੰ ਦੋਸ਼ ਦੇਣਾ ਵਾਜਬ ਨਹੀਂ, ਕਿਉਂਕਿ ਉਹ ਤਾਂ ਸਦਾ ਤੋਂ ਅਹਿੰਸਾ ਨੂੰ ਆਪਣਾ ਪਰਮ-ਧਰਮ ਤੇ ਜੀਵਨ-ਸਿਧਾਂਤ ਮੰਨਦੇ ਆਏ ਸਨ, ਜਿਸ ਨੂੰ ਉਹ ਕਿਸੇ ਹਾਲਤ ਵਿਚ ਤਿਆਗ ਨਹੀਂ ਸਨ ਸਕਦੇ। ਇਕ ਵਾਰ ਨਹੀਂ, ਕਈ ਵਾਰ ਉਹ ਕਾਂਗਰਸ ਅੱਗੇ ਬੇਨਤੀ ਕਰ ਚੁੱਕੇ ਸਨ ਕਿ ਉਹਨਾਂ ਨੂੰ ਰਾਜਨੀਤਕ ਅਗਵਾਈ ਤੋਂ ਸੁਬਕਦੋਸ਼ ਕਰ ਦਿੱਤਾ ਜਾਵੇ, ਪਰ ਨਹਿਰੂ ਸਮੇਤ ਸਾਰੇ ਕਾਂਗਰਸੀ ਲੀਡਰਾਂ ਨੂੰ ਗਾਂਧੀ ਜੀ ਦੇ ਕੰਧਾੜੇ ਚੜ੍ਹਨ ਦੀ ਆਦਤ ਪੈ ਚੁੱਕੀ ਸੀ। ਆਪਣੇ ਦਮ ਉਤੇ ਕੋਈ ਫੈਸਲਾ ਕਰਨਾ ਉਹ ਜਾਣਦੇ ਹੀ ਨਹੀਂ ਸਨ। ਜੇ ਦੂਰ-ਦਰਸ਼ੀ ਨਹਿਰੂ ਹੀ ਵੇਖ ਲੈਂਦਾ ਕਿ ਇਨਕਲਾਬ ਦੇ ਹੜ੍ਹ ਨੂੰ ਠੱਲ੍ਹ ਪਾਉਣ ਦੇ ਨਤੀਜੇ ਕਿਤਨੇ ਭਿਆਨਕ ਨਿਕਲਣਗੇ, ਜਿਵੇਂ ਕਿ ਬਾਅਦ ਵਿਚ ਉਹਨੇ ਆਪ ਕਬੂਲ ਕੀਤਾ, ਤਾਂ ਸ਼ਾਇਦ ਮੈਦਾਨ ਵਿਚ ਕੁੱਦ ਪੈਂਦਾ। ਉਹ ਆਦਮੀ ਨਿੱਡਰ ਸੀ। ਪਰ ਉਸ ਵੇਲੇ ਤਾਂ ਉਸ ਦੀ ਇਨਕਲਾਬੀ ਚੇਤਨਾ ਨੇ ਵੀ ਅੱਖਾਂ ਮੀਟ ਲਈਆਂ ਸਨ। ਨੇਤਾ ਜੀ ਦਾ ਖਿਆਲ ਆਉਂਦਾ ਹੈ। ਕਾਸ਼, ਉਹ ਜ਼ਿੰਦਾ ਹੁੰਦੇ! ਏਸੇ ਘੜੀ ਦੀ ਉਡੀਕ ਲਈ ਤਾਂ ਉਹ ਆਪਣੀ ਆਤਮਾ ਤੀਕਰ ਗਿਰਵੀ ਰੱਖ ਕੇ ਜਰਮਨ ਫਾਸ਼ਿਸਟਾਂ ਤੇ ਜਾਪਾਨੀਆਂ ਨਾਲ ਜਾ ਰਲੇ ਸਨ। ਉਹਨਾਂ ਨਹੀਂ ਸੀ ਟੱਲਣਾ।
ਪਰ ਨਿਸਚਿਤ ਕੁਝ ਵੀ ਨਹੀਂ ਕਿਹਾ ਜਾ ਸਕਦਾ। ਸਾਡੇ ਦੇਸ਼ ਦੀ ਸਾਰੀ ਰਾਜਨੀਤਕ ਲੀਡਰਸ਼ਿਪ ਅਮੀਰ ਤਬਕੇ ਦੀ ਪੈਦਾਵਾਰ ਰਹੀ ਹੈ, ਤੇ ਇਨਕਲਾਬ ਨੂੰ ਤੋੜ ਪੁਚਾਉਣ ਦੀ ਤਾਂਘ ਕੇਵਲ ਮਿਹਨਤਕੱਸ਼ ਤਬਕੇ ਨੂੰ ਹੁੰਦੀ ਹੈ। ਮਜ਼ਦੂਰਾਂ ਕਿਸਾਨਾਂ ਦੀ ਸਭ ਤੋਂ ਅਹਿਮ ਜਥੇਬੰਦੀ ਉਸ ਵੇਲੇ ਕਮਿਉਨਿਸਟ ਪਾਰਟੀ ਸੀ। ਪਰ ਉਸ ਵੇਲੇ ਉਹ ਵੀ ਕਾਂਗਰਸ ਤੇ ਲੀਗ ਦੀ ਪਿਛਲੱਗ ਬਣ ਕੇ ਰਹਿ ਗਈ, ਹਾਲਾਂ ਕਿ ਅੱਗੇ ਵਧ ਕੇ ਉਹਨਾਂ ਦੋਵਾਂ ਪਾਰਟੀਆਂ ਤੋਂ ਲੀਡਰੀ ਖੋਹ ਲੈਣ ਦਾ ਉਹ ਬੇਸ਼-ਕੀਮਤ ਮੌਕਾ ਸੀ। ਪਰ ਹੋ ਸਕਦਾ ਹੈ ਇਹ ਜੂਏ ਦਾ ਦਾਅ ਖੇਡਣ ਵਾਲੀ ਗੱਲ ਹੁੰਦੀ। ਕਮਿਊਨਿਸਟ ਪਾਰਟੀ ਦੀ ਸ਼ਕਤੀ ਸਾਰੇ ਦੇਸ਼ ਵਿਚ ਇਕ-ਸਾਰ ਨਹੀਂ ਸੀ, ਤੇ ਜੰਗ ਦੀ ਹਿਮਾਇਤ ਕਰਨ ਕਰਕੇ ਉਸ ਉੱਪਰ ਪਹਿਲਾਂ ਹੀ ਦੇਸ਼-ਧਰੋਹੀ ਹੋਣ ਦਾ ਲਾਂਛਨ ਲੱਗਾ ਹੋਇਆ ਸੀ। ਹੋ ਸਕਦਾ ਹੈ ਕਿ ਉਸ ਦੀ ਗੱਲ ਮੰਨਣ ਦੀ ਥਾਂ ਜਨਤਾ ਉਲਟੀ ਉਸੇ ਨੂੰ ਹੀ ਪੈ ਜਾਂਦੀ। ਪਰ ਉਸੇ ਮਾਤਰਾ ਵਿਚ ਕਿਹਾ ਜਾ ਸਕਦਾ ਹੈ ਕਿ ਅੰਗਰੇਜ਼ਾਂ ਨਾਲ ਲੋਹਾ ਲੈ ਕੇ ਪਾਰਟੀ ਦੇਸ਼-ਧਰੋਹੀ ਹੋਣ ਦੇ ਲਾਂਛਨ ਤੋਂ ਸਦਾ ਲਈ ਮੁਕਤ ਹੋ ਜਾਂਦੀ। ਇਹਨਾਂ ਗੱਲਾਂ ਦਾ ਨਿਰਣਾ ਇਤਿਹਾਸ ਹੀ ਕਰੇਗਾ।
ਸਰਦਾਰ ਵੱਲਭ ਭਾਈ ਪਟੇਲ ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾ ਦੋਵੇਂ ਮਿਲ ਕੇ ਬਾਗੀ ਜਹਾਜ਼ੀਆਂ ਤੋਂ ਹਥਿਆਰ ਸੁਟਵਾਉਣ ਲਈ ਬਹੁੜੇ। ਔਖੇ ਵੇਲੇ ਕੰਮ ਆਉਣ ਦੇ ਉਪਕਾਰ ਬਦਲੇ ਅੰਗਰੇਜ਼ੀ ਸਰਕਾਰ ਨੇ ਉਹਨਾਂ ਨੂੰ ਆਪਸ ਵਿਚ ਹੀ ਲੜਾ ਦਿੱਤਾ। ਜਿਹੜਾ ਇਨਕਲਾਬੀ ਹੜ੍ਹ ਅੰਗਰੇਜ਼ੀ ਸਾਮਰਾਜ ਦੇ ਲਹੂ ਦਾ ਪਿਆਸਾ ਹੋ ਗਿਆ। ਜਿਸ ਬਾਂਦਰ ਨੂੰ ਕਿਸੇ ਵੇਲੇ ਨੱਠਣ ਲਈ ਰਾਹ ਨਹੀਂ ਸੀ ਲੱਭਦਾ, ਉਹੀ ਲੜਦੀਆਂ ਬਿੱਲੀਆਂ ਦਾ ਮੁਨਸਫ ਬਣ ਕੇ ਬਹਿ ਗਿਆ। ਵੇਖਦਿਆਂ-ਵੇਖਦਿਆਂ ਇਨਕਲਾਬੀ ਲੜਾਈਆਂ ਫਿਰਕੂ ਫਸਾਦਾਂ ਵਿਚ ਤਬਦੀਲ ਹੋ ਗਈਆਂ।
ਜਦੋਂ ਵੱਡੇ-ਵੱਡੇ ਸਿਆਸਤਦਾਨ, ਬਲਕਿ ਗਾਂਧੀ ਵੀ ਭੰਬਲ-ਭੁਸਿਆਂ ਵਿਚ ਪਏ ਹੋਏ ਸਨ, ਤਾਂ ਭਲਾ ਅਸੀਂ ਕੱਲ ਦੇ ਛੋਕਰੇ ਕਿਹੜੇ ਬਾਗ ਦੀ ਮੂਲੀ ਸਾਂ? ਸਾਨੂੰ ਕੀ ਪਤਾ ਕਿ ਕੀ ਹੋ ਰਿਹਾ ਸੀ ਤੇ ਕਿਉਂ ਹੋ ਰਿਹਾ ਸੀ। ਜੋ ਵੀ ਹੋ ਰਿਹਾ ਸੀ, ਸਾਡਾ ਜਵਾਨੀ ਦਾ ਜੋਸ਼ ਉਸ ਵਿਚ ਕੁੱਦ ਪੈਣ ਲਈ ਬੇਕਰਾਰ ਸੀ। ਤੂਫਾਨਾਂ ਵਿਚ ਪਈ ਜੀਵਨ-ਕਿਸ਼ਤੀ ਟੁੱਟ ਵੀ ਸਕਦੀ ਸੀ, ਡੁੱਬ ਵੀ ਸਕਦੀ ਸੀ, ਇਸ ਗੱਲ ਦਾ ਸਾਨੂੰ ਨਾ ਪਤਾ ਸੀ, ਨਾ ਪਰਵਾਹ।
ਆਪਣੀ ਥਾਂ ਇਕ ਫਿਲਮ-ਸਟਾਰ ਦਾ ਜੀਵਨ ਵੀ ਨਿੱਕੇ-ਮੋਟੇ ਤੂਫਾਨ ਤੋਂ ਘਟ ਨਹੀਂ ਹੁੰਦਾ। ਸਾਡਾ ਘਰ ਉਹਨੀਂ ਦਿਨੀਂ ਇਕ ਪਾਸੇ ਕਾਮਰੇਡਾਂ ਦਾ ਕੈਂਪ, ਤੇ ਦੂਜੇ ਪਾਸੇ ਫਿਲਮੀ ਅਦਾਕਾਰਾਂ, ਪ੍ਰੋਡੀਊਸਰਾਂ, ਪੱਤਰਕਾਰਾਂ, ਫੋਟੋ ਗਰਾਫਰਾਂ ਤੇ ਉਹਨਾਂ ਦੇ ਆਲੇ-ਦੁਆਲੇ ਘੁੰਮਣ ਵਾਲਿਆਂ ਦਾ ਆਰਕਰਸ਼ਣ ਕੇਂਦਰ ਬਣਿਆ ਹੋਇਆ ਸੀ। ਏਸ ਹਫੜਾ-ਦਫੜੀ ਤੋਂ ਆਂਢੀਗੁਆਂਢੀ ਵੀ ਪਰੇਸ਼ਾਨ ਸਨ, ਤੇ ਮੇਰੇ ਨਿੱਕੇ ਨਿੱਕੇ ਬੱਚਿਆਂ ਉਤੇ ਵੀ ਬੁਰਾ ਅਸਰ ਪੈ ਰਿਹਾ ਸੀ। ਪਰ ਸਾਨੂੰ ਕੋਈ ਸਿਆਣਾ ਬੰਦਾ ਰਾਹ ਪਾਉਣ ਵਾਲਾ ਨਹੀਂ ਸੀ। ਸੁਰੱਖਿਅਤ ਕਰਨ ਵਾਲਾ ਕੋਈ ਵਡ-ਵਡੇਰਾ ਨਹੀਂ ਸੀ ਸਾਡੇ ਨੇੜੇ। (ਜੇ ਹੁੰਦਾ ਵੀ ਤਾਂ ਅਸਾਂ ਉਹਦੀ ਸੁਣਨੀ ਕਿਥੇ ਸੀ?) ਬੰਬਈ ਸ਼ਹਿਰ ਦਾ ਹਰ ਆਦਮੀ ਆਪਣੀ ਦੁਨੀਆਂ ਵਿਚ ਗੁਆਚਿਆ ਰਹਿੰਦਾ ਹੈ। ਇਕ ਗੁਆਂਢੀ ਨੂੰ ਦੂਜੇ ਦੀ ਖਬਰ ਨਹੀਂ ਹੁੰਦੀ। ਵਡੇ ਸ਼ਹਿਰਾਂ ਦਾ ਦਸਤੂਰ ਹਰ ਥਾਂ ਇਹੀ ਹੈ, ਕਿ ਅਸੀਂ ਲੰਡਨ ਦੇ ਤਜਰਬੇ ਤੋਂ ਜਾਣ ਗਏ ਸਾਂ। ਪਰ ਲੰਡਨ ਤੇ ਬੰਬਈ ਦਾ ਬੜਾ ਫਰਕ ਸੀ। ਲੰਡਨ ਵਿਚ ਹਰ ਕਿਸਮ ਦੀ ਸਰਬ-ਜਨਿਕ ਸ਼ਹਿਰੀ ਸਹੂਲਤ ਨਿਰਵਿਘਨ ਤੇ ਨਿਰਬਿਲਮ ਮੁਯੱਸਰ ਹੈ। ਆਵਾਜਾਈ ਦੇ ਚੰਗੇ ਤੋਂ ਚੰਗੇ ਸਾਧਨ, ਚੰਗੀ ਖੁਰਾਕ, ਸਾਫ-ਸੁਥਰਾ ਰਹਿਣ-ਸਹਿਣ, ਵਿਨੇ-ਪੂਰਨ ਸਲੂਕ, ਚੱਪੇ-ਚੱਪੇ ਤੇ ਹਸਪਤਾਲ, ਦਿਨੇ ਰਾਤੀਂ ਮੁਸਤੈਦ ਨਾਗਰਿਕ ਸੇਵਾ-ਵਿਭਾਗ, ਸ਼ਰੀਫ ਪੁਲੀਸ, ਸੜਕਾਂ ਉਤੇ ਥਾਂ ਥਾਂ ਪਬਲਿਕ ਟੈਲੀਫੋਨ। ਇਸ ਦੇ ਵਿਪਰੀਤ ਬੰਬਈ ਵਿਚ ਵੱਡੇ ਸ਼ਹਿਰ ਵਾਲੀਆਂ ਵਿਖਮਤਾਵਾਂ ਤਾਂ ਸਾਰੀਆਂ ਮੌਜੂਦ ਹਨ, ਪਰ ਸਹੂਲਤਾਂ ਨਾ ਹੋਣ ਬਰਾਬਰ ਸਨ। ਨਿੱਕੀ ਜਿਹੀ ਦੁਰਘਟਨਾ ਅੱਖ ਦੇ ਫੋਰ ਵਿਚ ਦੁਖਾਂਤ ਦਾ ਰੂਪ ਧਾਰਨ ਕਰ ਜਾਂਦੀ ਸੀ ਤੇ ਇਹੀ ਸਾਡੇ ਨਾਲ ਹੋਣਾ ਲਿਖਿਆ ਸੀ।
ਉੱਘੇ ਅਮੀਰ ਘਰਾਂ ਦੇ ਲੋਕ ਵੀ ਸਾਡੇ ਨਾਲ ਦੋਸਤੀਆਂ ਪਾਉਣ ਲਈ ਤਰਲੋਮੱਛੀ ਸਨ। ਫਿਲਮ-ਸਟਾਰ ਨਾਲ ਉੱਠਣ ਬੈਠਣ ਵਿਚ ਉਹਨਾਂ ਦਾ ਮਾਣ ਵਧਦਾ ਸੀ। ਜਦੋਂ ਉਹਨਾਂ ਦੀਆਂ ਹੋਛੀਆਂ ਜਿਹੀਆਂ ਪਾਰਟੀਆਂ ਤੋਂ ਵਿਰਕਤ ਹੋ ਕੇ ਅਸੀਂ ਕੰਨੀ ਕਤਰਾਉਂਦੇ, ਉਹ ਇਪਟਾ ਜਾਂ ਕਮਿਊਨਿਸਟ ਪਾਰਟੀ ਨੂੰ ਚੰਦਾ ਦੇ ਕੇ ਲਲਚਾ ਛੱਡਦੇ। ਐਕਟਰ ਤੇ ਖਾਸ ਕਰ ਕੇ ਐਕਟਰੈਸ ਬੂਜਰਵਾ ਸਮਾਜ ਲਈ ਇਕ ਖਿਡੌਣਾ ਹੈ, ਇਸ ਹਕੀਕਤ ਦਾ ਸਾਨੂੰ ਉੱਕਾ ਗਿਆਨ ਨਹੀਂ ਸੀ। ਐਕਟਰੈਸ ਨੂੰ ਦਿੱਤੇ ਜਾਂਦੇ ਮਾਣ ਵਿਚ ਬਹੁਤ ਸਾਰਾ ਅੰਸ਼ ਤ੍ਰਿਸਕਾਰ ਦਾ ਵੀ ਹੁੰਦਾ ਹੈ, ਇਹ ਵੀ ਮੈਨੂੰ ਨਹੀਂ ਸੀ ਪਤਾ। ਹਾਂ, ਇਕ ਵਾਰੀ ਜਦੋਂ ਅਖਬਾਰ ਵਿਚ ਪੜ੍ਹਿਆ ਕਿ ਰੇਸ ਵਿਚ ਦੌੜਨ ਵਾਲੀਆਂ ਘੋੜੀਆਂ ਦੇ ਨਾਂ ਬੇਗਮ ਪਾਰਾ, ਨਰਗਿਸ, ਦਮਯੰਤੀ ਰਖੇ ਗਏ ਹਨ, ਤਾਂ ਮੈਨੂੰ ਬੜਾ ਗੁੱਸਾ ਚੜ੍ਹਿਆ ਸੀ।
ਮੇਰਾ ਕਰਤੱਵ ਸੀ ਕਿ ਉਸ ਵੇਲੇ ਆਪਣੀ ਪਤਨੀ ਦੀ ਢਾਲ ਬਣਦਾ। ਉਸ ਦੇ ਕਲਾਤਮਿਕ ਜੀਵਨ ਦੀ ਕਦਰ ਕਰਦਾ, ਰੱਖਿਆ ਕਰਦਾ। ਉਹਨੂੰ ਫਜ਼ੂਲ ਝਮੇਲਿਆਂ ਤੋਂ ਬਚਾਉਂਦਾ, ਪਰਿਵਾਰਕ ਜੀਵਨ ਦੀਆਂ ਜ਼ਿੰਮੇਵਾਰੀਆਂ ਆਪਣੇ ਉੱਪਰ ਲੈਂਦਾ। ਪਰ ਮੇਰੀ ਸੰਕੀਰਨ ਚੇਤਨਾ ਤਾਂ ਅੰਦਰੇ ਅੰਦਰ ਦੱਮੋ ਦੀ ਸ਼ੁਹਰਤ ਤੇ ਕਾਮਯਾਬੀ ਤੋਂ ਖਾਰ ਖਾਦੀ ਸੀ। ਉਹ ਸਟੂਡੀਓ ਤੋਂ ਥੱਕੀ-ਟੁੱਟੀ ਆਉਂਦੀ, ਮੈਂ ਉਸ ਨਾਲ ਇੰਜ ਸਲੂਕ ਕਰਦਾ, ਜਿਵੇਂ ਉਹ ਕੋਈ ਕਸੂਰ ਕਰਕੇ ਆਈ ਹੋਵੇ। ਉਸ ਤੋਂ ਝੱਟ ਘਰੇਲੂ ਕੰਮਾਂ ਵਿਚ ਜੁੱਟਣ ਦੀ ਆਸ ਕਰਦਾ, ਜੋ ਮੇਰੀ ਨਿਗਾਹ ਵਿਚ ਉਸ ਦਾ ਅਸਲੀ ਕੰਮ ਸੀ। ਆਪਣੀ ਵਡਿਆਈ ਦਾ ਵਿਖਾਲਾ ਕਰਨ ਲਈ ਮੈਂ ਇਪਟਾ ਤੇ ਪਾਰਟੀ ਦੇ ਬੇਲੋੜੇ ਰੁਝੇਵੇਂ ਵੀ ਸਹੇੜ ਲੈਂਦਾ। ਮੈਂ ਮਰਦ ਸਾਂ। ਜਿਨ੍ਹਾਂ ਸੰਸਕਾਰਾਂ ਵਿਚ ਮੈਂ ਪਲਿਆ ਸਾਂ, ਉਹਨਾਂ ਵਿਚ ਮਰਦ ਹਰ ਹਾਲਤ ਵਿਚ ਉੱਚਾ ਹੈ। ਤੇ ਜਿਨ੍ਹਾਂ ਵਿਚ ਸੰਸਕਾਰਾਂ ਵਿਚ ਦੱਮੋ ਪਲੀ ਸੀ, ਉਹਨਾਂ ਅਨੁਸਾਰ ਪਤੀ-ਪਰਾਇਣਤਾ ਤੀਵੀਂ ਦਾ ਪਹਿਲਾ ਫਰਜ਼ ਹੈ। ਪਰ ਉਹ ਵਿਚਾਰੀ ਖਿੜੇ ਮੱਥੇ ਆਪਣੀ ਸਮਰਥਾ ਤੋਂ ਬਾਹਰੇ ਭਾਰ ਸਹਿੰਦੀ ਗਈ। ਇਹਨਾਂ ਗੱਲਾਂ ਨੂੰ ਯਾਦ ਕਰ ਕੇ ਮੇਰੇ ਦਿਲ ਵਿਚ ਚੀਸਾਂ ਉੱਠਦੀਆਂ ਹਨ। ਦੱਮੋ ਇਕ ਅਨਮੋਲ ਹੀਰਾ ਸੀ, ਜੋ ਉਸ ਦੇ ਮਾਪਿਆਂ ਨੇ ਇਕ ਬੇ-ਕਦਰੇ ਤੇ ਨਾ-ਸ਼ੁਕਰੇ ਇਨਸਾਨ ਦੇ ਹਵਾਲੇ ਕਰ ਛੱਡਿਆ ਸੀ। ਇਕ ਝੱਖੜ ਜਿਹਾ ਝੁਲਿਆ ਰਹਿੰਦਾ ਸਾਡੇ ਆਲੇ-ਦੁਆਲੇ।
ਸ਼੍ਰੀ ਸਾਊਂਡ ਸਟੂਡੀਓ ਵਿਚ 'ਧਰਤੀ ਕੇ ਲਾਲ' ਤੋਂ ਬਾਅਦ ਸਾਡੀ 'ਗੁੜੀਆ' ਨਾਂ ਦੀ ਇਕ ਪਿਕਚਰ ਬਣੀ। ਉਸ ਦੇ ਨਿਰਮਾਤਾ ਰਜਨੀ ਕਾਂਤ ਪਾਂਡੇ ਆਪ ਸਨ, ਤੇ ਨਿਰਦੇਸ਼ਕ ਅਚਯੁਤ ਰਾਓ ਰਾਨਾਡੇ, ਜਿਨ੍ਹਾਂ ਮਗਰੋਂ ਫਿਲਮਾਂ ਤਿਆਗ ਕੇ ਰਿਹਾ-ਸ਼ੁਦਾ ਕੈਦੀਆਂ ਨੂੰ ਵਸਾਉਣ ਦੇ ਕੰਮ ਵਿਚ ਆਪਣਾ ਜੀਵਨ ਅਰਪਣ ਕਰ ਦਿੱਤਾ। ਉਹ ਬੜੇ ਉਚੇ ਦਰਜੇ ਦੇ ਵਿਦਵਾਨ ਤੇ ਇਖਲਾਕ ਵਾਲੇ ਆਦਮੀ ਸਨ। 'ਗੁੜੀਆ' ਦਾ ਕਥਾਨਕ ਉਹਨਾਂ ਇਬਸਨ ਦੇ ਮਸ਼ਹੂਰ ਡਰਾਮੇ, "ਡਾਲਸ ਹਾਊਸ" ਦੇ ਆਧਾਰ ਤੇ ਤਿਆਰ ਕੀਤਾ ਸੀ। ਦੱਮੋ ਤੇ ਮੈਂ ਉਸ ਵਿਚ ਮੁੱਖ-ਪਾਤਰ ਖੇਡ ਰਹੇ ਸਾਂ।
ਇਕ ਦਿਨ ਇਕ ਗੀਤ ਫਿਲਮਾਇਆ ਜਾ ਰਿਹਾ ਸੀ। ਦੱਮੋ ਬਗੀਚੇ ਵਿਚ ਬੈਠ ਕੇ ਗਾਉਂਦੀ ਹੈ:
"ਆਜ ਮੇਰੇ ਮਨ ਮੇਂ ਚਾਂਦਨੀ ਸਮਾ ਗਈ।"
ਅਤੇ ਮੈਂ ਕੋਲ ਬਹਿ ਕੇ ਸੁਣਦਾ ਹਾਂ।
ਸ਼ਾਟ ਦੀ ਲਾਈਟਿੰਗ ਹੋ ਰਹੀ ਸੀ। ਥੋੜੀ ਦੇਰ ਬਾਹਰ ਹਵਾ ਵਿਚ ਖਲੋਣ ਲਈ ਅਸੀਂ ਨਿਕਲ ਆਏ - ਰਜਨੀ ਕਾਂਤ, ਦੱਮੋ ਤੇ ਮੈਂ। ਉਸੇ ਵੇਲੇ ਇਕ ਵੱਡੀ ਸਾਰੀ ਮੋਟਰ ਆ ਕੇ ਰੁਕੀ, ਜਿਸ ਵਿਚੋਂ ਇਕ ਆਦਮੀ ਨੇ ਸਹਾਰਾ ਦੇ ਕੇ ਕੇ. ਐਲ਼ ਸਹਿਗਲ ਨੂੰ ਉਤਾਰਿਆ। ਕੀ ਇਹ ਉਹੀ ਸਹਿਗਲ ਸੀ, ਜਿਸ ਨੂੰ ਅਸਾਂ ਛੇ ਸਾਲ ਪਹਿਲਾਂ ਕਲਕੱਤੇ "ਪਰੈਜ਼ੀਡੈਂਟ" ਫਿਲਮ ਦੇ ਸੈੱਟ ਤੇ ਠਠੋਲੀਆਂ ਕਰਦੇ ਵੇਖਿਆ ਸੀ? ਅੱਖਾਂ ਨੂੰ ਯਕੀਨ ਨਹੀਂ ਸੀ ਆ ਰਿਹਾ। ਸਹਿਗਲ ਦੇ ਸਾਰੇ ਵਾਲ ਚਿੱਟੇ ਹੋ ਚੁੱਕੇ ਸਨ। ਅੱਖਾਂ ਉਤੇ ਕਾਲੀ ਐਨਕ ਚਾੜ੍ਹੀ ਹੋਈ ਸੀ, ਪਰ ਇੰਜ ਲਗਦਾ ਸੀ ਜਿਵੇਂ ਨਜ਼ਰ ਜਵਾਬ ਦੇ ਚੁੱਕੀ ਹੈ। ਚਿੱਟੇ ਮਲਮਲ ਦੇ ਕੁੜਤੇ ਤੇ ਚੂੜੀਦਾਰ ਪਜਾਮੇ ਵਿਚੋਂ ਉਸ ਦਾ ਪਿੰਜਰ ਹੋਰ ਵੀ ਉਘੜਿਆ ਹੋਇਆ ਸੀ। ਇੰਜ ਲੜਖੜਾ ਰਿਹਾ ਸੀ, ਜਿਵੇਂ ਕੁਝ ਦਿਨਾਂ ਦਾ ਮਹਿਮਾਨ ਹੋਵੇ। ਅਜੇ ਤਾਂ ਉਸ ਦੀ ਜਵਾਨੀ ਦਾ ਸਿਖਰ ਦੁਪਹਿਰਾ ਸੀ। ਇਹ ਕੀ ਹੋ ਗਿਆ ਉਹਨੂੰ? ਕਿਹੜਾ ਰੋਗ ਖਾ ਗਿਆ ਉਹਨੂੰ ਅੰਦਰ-ਅੰਦਰ? ਕਿਹੜਾ ਰਾਖਸ਼ ਨਿਗਲ ਗਿਆ ਉਸ ਦੀਆਂ ਰੌਣਕਾਂ ਨੂੰ?
ਸਹਿਗਲ ਨੂੰ ਬਾਹੋਂ ਫੜ ਕੇ ਉਹ ਵਿਅਕਤੀ ਸਾਡੇ ਕੋਲ ਲੈ ਆਇਆ। ਅਸਾਂ ਵੀ ਅਗੇ ਵਧ ਕੇ ਸੁਆਗਤ ਕੀਤਾ।
"ਸਹਿਗਲ ਸਾਹਬ, ਹੁਣ ਕੈਸੀ ਤਬੀਅਤ ਹੈ ਆਪ ਦੀ?" ਰਜਨੀ ਕਾਂਤ ਨੇ ਅੰਗਰੇਜ਼ੀ ਵਿਚ ਕਿਹਾ। ਪਰ ਸਹਿਗਲ ਨੂੰ ਜਿਵੇਂ ਕੁਝ ਸੁਣਾਈ ਨਹੀਂ ਦਿਤਾ। ਰਜਨੀ ਕਾਂਤ ਨੇ ਮੌਕੇ ਨੂੰ ਸਾਂਭਦਿਆਂ ਉਚੇਰੀ ਆਵਾਜ਼ ਵਿਚ ਕਿਹਾ, "ਆਓ, ਤੁਹਾਡਾ ਦਮਯੰਤੀ ਸਾਹਣੀ ਨਾਲ ਤੁਆਰਫ ਕਰਾਵਾਂ, ਜਿਸ ਨੇ ਇੰਡਸਟਰੀ ਵਿਚ ਪੈਰ ਰੱਖਦਿਆਂ ਹੀ ਇਤਨੀ ਸ਼ੁਹਰਤ ਹਾਸਲ ਕਰ ਲਈ ਹੈ। ਅਜ ਉਹ ਇਕ ਗੀਤ ਫਿਲਮਾ ਰਹੀ ਹੈ।"
"ਗੀਤ?" ਸਹਿਗਲ ਝਟ ਚੌਂਕ ਪਿਆ। ਉਸ ਦਾ ਮੂੰਹ ਉਤਾਂਹ ਚੁੱਕਿਆ ਗਿਆ, ਜਿਵੇਂ ਦੂਰੋਂ ਉਸ ਨੂੰ ਕਿਸੇ ਬੁਲਾਇਆ ਹੋਵੇ, ਜਾਂ ਯਾਦ ਵਿਚੋਂ ਕਿਸੇ ਗੀਤ ਦੇ ਬੋਲ ਮੁੜ ਆਏ ਹੋਣ। ਕਾਫੀ ਚਿਰ ਉਹ ਉਵੇਂ ਹੀ ਖੜਾ ਰਿਹਾ, ਜਿਵੇਂ ਹੌਲੀ ਹੌਲੀ ਉਸ ਦਾ ਮਨ ਸਾਡੇ ਵਲ ਵਾਪਸ ਆਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਉਸ ਦੇ ਚਿਹਰੇ ਉਤੇ ਇਕ ਮੁਸਕਣੀ ਫੁੱਟੀ। ਉਹਨੇ ਦੱਮੋ ਨੂੰ ਆਪਣੇ ਕੋਲ ਖਿੱਚ ਲਿਆ, ਤੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਨ ਲਗ ਪਿਆ। ਫੇਰ ਅੰਗਰੇਜ਼ੀ ਵਿਚ ਕਿਹਾ, "ਏ ਸਾਂਗ? ਗੋ ਐਂਡ ਸਿੰਘ ਮਾਈ ਡੀਅਰ ਚਾਈਲਡ, ਦੇਅਰਾ ਇਜ਼ ਨਥਿੰਗ ਇਨ ਦਿਸ ਵਰਡ ਲਾਈਕ ਏ ਸਾਂਗ!" (ਗੀਤ? ਜਾ, ਗਾ ਮੇਰੀ ਬੱਚੀ, ਇਸ ਦੁਨੀਆਂ ਵਿਚ ਗੀਤ ਜਹੀ ਹੋਰ ਕੋਈ ਚੀਜ਼ ਨਹੀਂ!)
ਦੱਮੋ ਦੀਆਂ ਅੱਖਾਂ ਵਿਚੋਂ ਹੰਝੂ ਫੁੱਟ ਪਏ, ਤੇ ਜਜ਼ਬਾਤ ਬੇਕਾਬੂ ਹੋਣ ਤੋਂ ਪਹਿਲਾਂ ਉਹ ਸਟੂਡੀਓ ਅੰਦਰ ਨੱਠ ਗਈ।
ਉਸ ਦਿਨ ਕਿਤਨਾ ਚਿਰ ਉਸ ਤੋਂ ਕੰਮ ਨਾ ਹੋ ਸਕਿਆ। ਅਨਗਿਣਤ ਲੋਕਾਂ ਵਾਂਗ ਉਸ ਦੇ ਭਾਵੁਕ ਜੀਵਨ ਦੀ ਨਸਨਾੜੀ ਵਿਚ ਵੀ ਸਹਿਗਲ ਸਮਾਇਆ ਹੋਇਆ ਸੀ। ਉਹ ਰੋਂਦੀ ਜਾਂਦੀ ਤੇ ਮੁੜ-ਮੁੜ ਕਹਿੰਦੀ, "ਬਲਰਾਜ, ਕੀ ਸਹਿਗਲ ਮਰ
ਜਾਏਗਾ? ਕੀ ਉਹਨੂੰ ਬਚਾਉਣ ਦਾ ਕੋਈ ਉਪਾਅ ਨਹੀਂ ਹੋ ਸਕਦਾ? ਕੀ ਅਸੀਂ ਸੋਚ ਵੀ ਸਕਦੇ ਹਾਂ ਕਿ ਇਕ ਦਿਨ ਦੁਨੀਆਂ ਵਿਚ ਸਹਿਗਲ ਨਹੀਂ ਹੋਵੇਗਾ?"
ਅਤੇ ਕਿਤਾਬ ਦਾ ਸਫਾ ਪਰਤਣ ਜਿਤਨੀ ਦੇਰ ਪਿੱਛੋਂ ਨਾ ਦੁਨੀਆਂ ਵਿਚ ਸਹਿਗਲ ਸੀ, ਨਾ ਦੱਮੋ। ਦੋਵੇਂ ਆਪਣਾ ਆਪਣਾ ਪਿੰਜਰਾ ਲੈ ਕੇ ਉੱਡ ਗਏ ਸਨ। ਤੇ ਮੈਂ ਉਹਨਾਂ ਤੋਂ ਖਾਲੀ ਦੁਨੀਆਂ ਦੀ ਕਲਪਨਾ ਹੀ ਨਹੀਂ ਸਾਂ ਕਰ ਰਿਹਾ, ਉਸ ਵਿਚ ਸਾਹ ਲੈ ਰਿਹਾ ਸਾਂ, ਉਸ ਦੀਆਂ ਕੌੜੀਆਂ ਛੋਹਾ ਨਾਲ ਟਕਰਾ ਰਿਹਾ ਸਾਂ।
27 ਅਪਰੈਲ 1947 ਨੂੰ ਦੱਮੋ ਦੀ ਮ੍ਰਿਤੂ ਹੋਈ। 15 ਅਗਸਤ 1947 ਨੂੰ ਪੰਜਾਬ ਟੁੱਕਿਆ ਗਿਆ। ਸਾਡਾ ਸਾਰਾ ਪਰਵਾਰ ਪਿੰਡੀਓਂ ਉੱਜੜ ਕੇ ਥਾਂ-ਥਾਂ ਬਿਖਰ ਗਿਆ। ਮੇਰਾ ਤਾਸ਼ ਦਾ ਘਰ ਢਹਿ ਕੇ ਢੇਰੀ ਹੋ ਗਿਆ।

ਦੂਜਾ ਭਾਗ

1
ਦੱਮੋ ਦੀ ਮ੍ਰਿਤੂ ਪਿਛੋਂ ਮੈਂ ਬੱਚਿਆਂ ਨੂੰ ਲੈ ਕੇ ਪਿੰਡੀ ਚਲਾ ਗਿਆ ਪਰ ਉੱਥੇ ਜਿਵੇਂ ਮੌਤ ਦੀ ਕੋਈ ਕਦਰ-ਕੀਮਤ ਹੀ ਨਹੀਂ ਸੀ ਰਹਿ ਗਈ। ਆਲੇ-ਦੁਆਲੇ ਪਿੰਡਾਂ 'ਚ ਹਿੰਦੂਆਂ-ਸਿੱਖਾਂ ਦੇ ਭਿਆਨਕ ਕਤਲਾਮ ਹੋ ਰਹੇ ਸਨ। ਭੀਸ਼ਮ ਉਦੋਂ ਕਾਂਗਰਸ ਕਮੇਟੀ ਦਾ ਸਕੱਤਰ ਸੀ, ਤੇ ਪਿੰਡੋ-ਪਿੰਡ ਘੁੰਮ-ਫਿਰ ਕੇ ਵਾਰਦਾਤਾਂ ਦੀ ਰਿਪੋਰਟ ਤਿਆਰ ਕਰ ਰਿਹਾ ਸੀ। ਉਹਨੇ ਇਕ ਖੂਹ ਬਾਰੇ ਦੱਸਿਆ, ਜਿਸ ਵਿਚ ਸੈਂਕੜੇ ਤੀਵੀਂਆਂ ਨੇ ਆਪਣੀ ਇੱਜ਼ਤ ਬਚਾਉਣ ਲਈ ਛਾਲ ਮਾਰ ਕੇ ਆਤਮ-ਹੱਤਿਆ ਕੀਤੀ ਸੀ। ਕਿਤਨੀਆਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਮੋਈਆਂ ਸਨ।
ਰਾਵਲਪਿੰਡੀ ਸ਼ਹਿਰ ਵਿਚ ਕਮਿਊਨਿਸਟ ਪਾਰਟੀ ਦੀ ਅਮਨ-ਮੁਹਿੰਮ ਜ਼ੋਰਾਂ ਉੱਤੇ ਸੀ। ਕਾਮਰੇਡ ਕਾਂਗਰਸ ਤੇ ਲੀਗ ਦੋਵਾਂ ਨੂੰ ਆਪਸ ਵਿਚ ਸਮਝੌਤਾ ਕਰਨ ਤੇ ਅੰਗਰੇਜ਼ਾਂ ਨਾਲ ਡੱਟ ਕੇ ਲੜਨ ਲਈ ਵੰਗਾਰਦੇ ਸਨ। ਇਹ ਵੰਗਾਰ ਜਨਤਾ ਦੇ ਦਿਲਾਂ ਵਿਚ ਉਭਰਦੀ ਸੀ, ਪਰ ਹੁਣ ਅੰਗਰੇਜ਼ ਪ੍ਰਸਥਿਤੀ ਉਪਰ ਪੂਰੀ ਤਰ੍ਹਾਂ ਹਾਵੀ ਹੋ ਚੁੱਕੇ ਸਨ, ਤੇ ਹਿੰਦੁਸਤਾਨੀਆਂ ਨੂੰ ਮਨ-ਚਾਹੇ ਨਾਚ ਨਚਾ ਰਹੇ ਸਨ।
ਮੇਰੇ ਸਾਥੀ ਕਾਮਰੇਡਾਂ ਦੀ ਆਪਾ-ਵਾਰੂ ਸੇਵਾ ਨੇ ਮੇਰਾ ਦਿਲ ਜਿੱਤ ਲਿਆ, ਤੇ ਮੈਂ ਵੀ ਉਹਨਾਂ ਦੇ ਕੰਮ ਵਿਚ ਰਲ ਕੇ ਆਪਣੇ ਜ਼ਾਤੀ ਦੁਖ ਨੂੰ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ। "ਅਰੇ ਅਬ ਭਾਗੋ ਲੰਡਨ ਜਾਓ", "ਅਬ ਨਾ ਗਾੜੀ ਚਲੇ", "ਆਏ ਤੀਨ ਮਦਾਰੀ" ਤੇ ਪ੍ਰੇਮ ਧਵਨ ਦੇ ਲਿਖੇ ਕਿਤਨੇ ਹੀ ਹੋਰ ਲੋਕ-ਪ੍ਰੀਅ ਇਪਟਾ-ਗੀਤ ਮੈਨੂੰ ਕੰਠ ਸਨ। ਮੈਂ ਉਹ ਗੀਤ ਗਾਉਂਦਾ, ਭੀੜ ਇਕੱਠੀ ਕਰਦਾ, ਤੇ ਫੇਰ ਕਾਮਰੇਡ ਤਕਰੀਰਾਂ ਕਰਦੇ।
ਕਾਮਰੇਡਾਂ ਨੂੰ ਸਭ ਤੋਂ ਜ਼ਿਆਦਾ ਭਰੋਸਾ ਆਪਣੀ ਮਜ਼ਦੂਰ ਜਮਾਤ ਉੱਪਰ ਸੀ। ਉਹ ਚਾਹੁੰਦੇ ਸਨ ਕਿ ਫਸਾਦਾਂ ਤੋਂ ਮਜ਼ਦੂਰਾਂ ਦੀਆਂ ਬਸਤੀਆਂ ਸੁਰੱਖਿਅਤ ਰਹਿਣ। ਨਾ ਕੇਵਲ ਇਹ, ਸਗੋਂ ਅਗੇ ਵਧ ਕੇ ਮਜ਼ਦੂਰ ਸਾਰੇ ਸ਼ਹਿਰ ਦੀ ਰੱਖਿਆ ਕਰਨ।
ਸ਼ਹੀਦ ਭਗਤ ਸਿੰਘ ਦੇ ਸਾਥੀ, ਸ਼੍ਰੀ ਧਨਵੰਤਰੀ ਵੀ ਏਸੇ ਕੰਮ ਲਈ ਪਿੰਡੀ ਤਸ਼ਰੀਫ ਲਿਆਏ। ਉਹਨਾਂ ਦੀਆਂ ਮੀਟਿੰਗਾਂ ਵਿਚ ਗਾਣਾ ਵੀ ਮੇਰੇ ਜ਼ਿੰਮੇਂ ਲੱਗ ਗਿਆ। ਮਈ ਮਹੀਨੇ ਦੀ ਗਰਮੀ ਸੀ, ਪਰ ਉਸ ਮਹਾਨ ਮਨੁੱਖ ਨੂੰ ਆਪਣਾ ਸੁੱਖ ਆਰਾਮ ਕੀ, ਖਾਣਾ-ਪੀਣਾ ਤੱਕ ਭੁੱਲਿਆ ਹੋਇਆ ਸੀ। ਸਾਈਕਲਾਂ ਫੜ ਕੇ ਅਸੀਂ ਸਾਰਾ-ਸਾਰਾ ਦਿਨ ਚੱਕਰ ਕੱਟਦੇ ਰਹਿੰਦੇ। ਚੰਗਾ ਖਾਸਾ ਗੱਵਈਆ ਬਣ ਗਿਆ ਸਾਂ ਮੈਂ ਉਦੋਂ।
ਇਕ ਵਾਰੀ ਅਸੀਂ ਅਟਕ ਆਇਲ ਕੰਪਨੀ ਦੇ ਮਜ਼ਦੂਰਾਂ ਦੀ ਮੀਟਿੰਗ ਲੈਣ ਲਈ ਸ਼ਹਿਰੋਂ ਬਾਰ੍ਹਾਂ ਕੁ ਮੀਲ ਦੂਰ ਜਾ ਨਿਕਲੇ। ਇਕ ਬੰਦ ਕਮਰੇ ਵਿਚ ਪਾਰਟੀ ਦੇ ਮੈਂਬਰਾਂ ਤੇ ਹਮਦਰਦਾਂ ਦੀ ਮੀਟਿੰਗ ਹੋਈ। ਕਾਮਰੇਡ ਧਨਵੰਤਰੀ ਨੂੰ ਤਾੜਨਾ ਕੀਤੀ ਗਈ ਕਿ ਉਹ ਇਸ ਬੇ-ਪਰਵਾਹੀ ਨਾਲ ਆਪਣੀ ਤੇ ਮੇਰੀ ਜਾਨ ਖਤਰੇ ਵਿਚ ਪਾਉਣਾ ਛੱਡ ਦੇਣ। ਪਿੰਡਾਂ ਵਿਚ ਮੁਸਲਮਾਨਾਂ ਨੂੰ ਲਗਾਤਾਰ ਇਸ਼ਤਿਆਲ ਦਿੱਤਾ ਜਾ ਰਿਹਾ ਸੀ। ਇਸ ਕੰਮ ਵਿਚ ਹਕੂਮਤ ਦੇ ਅਧਿਕਾਰੀਆਂ ਦਾ ਵੀ ਹੱਥ ਸੀ ਉਥੇ ਖੁੱਲ੍ਹੀ ਮੀਟਿੰਗ ਕਰਨ ਦਾ ਸਵਾਲ ਹੀ ਪੈਦਾ ਨਾ ਹੋਇਆ। ਕੁਝ ਇਕ ਮਜ਼ਦੂਰ (ਅਟਕ ਆਇਲ ਕੰਪਨੀ ਦੇ ਸਾਰੇ ਮਜ਼ਦੂਰ ਮੁਸਲਮਾਨ ਸਨ) ਸਾਈਕਲਾਂ ਉਤੇ ਸਵਾਰ ਹੋ ਕੇ ਸਾਨੂੰ ਸ਼ਹਿਰ ਦੀਆਂ ਹੱਦਾਂ ਤੀਕਰ ਵਾਪਸ ਛੱਡ ਆਏ। ਹੰਗਾਮੀ ਘਟਨਾਵਾਂ ਦੇ ਵਾਵਰੋਲੇ ਵਿਚ ਫਸਿਆ ਹੋਇਆ ਵੀ ਮੈਂ ਉਹਨਾਂ ਦੇ ਮਹੱਤਵ ਨੂੰ ਸਮਝਨ ਤੋਂ ਅਸਮਰਥ ਸਾਂ। ਲੈਨਿਨ ਦੀ ਉਦੋਂ ਮੈ ਇਕ ਵੀ ਕਿਤਾਬ ਨਹੀਂ ਸੀ ਪੜ੍ਹੀ ਹੋਈ। ਮਾਰਕਸਵਾਦੀ ਗਿਆਨ ਵਿਅਕਤੀ ਨੂੰ ਆਲਾ-ਦੁਆਲਾ ਸਮਝਣ ਤੇ ਬਦਲਣ ਦੀ ਜਾਚ ਸਿਖਾ ਦੇਂਦਾ ਹੈ। ਪਰ ਮੈਂ ਉਹ ਜਾਚ ਅਜੇ ਨਹੀਂ ਸੀ ਸਿੱਖੀ। ਏਸ ਲਈ ਘਟਨਾਵਾਂ ਉੱਪਰ ਆਪਣੀਆਂ ਖਾਹਿਸ਼ਾਂ ਦਾ ਹੀ ਮੁਲੰਮਾ ਚਾੜ੍ਹਦਾ ਰਹਿੰਦਾ ਸਾਂ, ਜੋ ਕਿ ਮਧਿਅਮ ਵਰਗ ਦੇ ਨੌਜਵਾਨਾਂ ਦੀ ਆਮ ਕਮਜ਼ੋਰੀ ਹੈ। ਮੇਰੇ ਪਿਤਾ ਜੀ ਜ਼ਿਆਦਾ ਅਨੁਭਵੀ ਸਨ। ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਪਾਕਿਸਤਾਨ ਬਣਨ ਮਗਰੋਂ ਹਿੰਦੂਆਂ ਦਾ ਉੱਥੇ ਰਹਿਣਾ ਅਸੰਭਵ ਹੋ ਜਾਏਗਾ। ਉਹਨਾਂ ਨੂੰ ਲੁਧਿਆਣਿਓਂ ਇਕ ਮੁਸਲਮਾਨ ਮਿੱਤਰ ਦੀਆਂ ਜ਼ਮੀਨ ਜਾਇਦਾਦ ਬਾਰੇ ਬਾਰ ਬਾਰ ਚਿੱਠੀਆਂ ਆਉਂਦੀਆਂ ਸਨ, ਪਰ ਪਿਤਾ ਜੀ ਮੇਰੀ ਤੇ ਭੀਸ਼ਮ ਦੀ ਸਲਾਹ ਲਏ ਬਿਨਾਂ ਕੋਈ ਕਦਮ ਨਹੀਂ ਸਨ ਚੁੱਕਣਾ ਚਾਹੁੰਦੇ। ਅਸੀਂ ਉਨਾਂ ਦੇ ਸਾਰੇ ਅੰਦੇਸ਼ਿਆਂ ਨੂੰ ਹਾਸੇ ਵਿਚ ਉਡਾ ਛਡਦੇ। ਅਸੀਂ ਆਖਦੇ, "ਭਲਾ ਲੁਧਿਆਣੇ ਵਰਗੇ ਕੋਹਜੇ ਨਾਂ ਵਾਲਾ ਸ਼ਹਿਰ ਵੀ ਕਦੇ ਰਹਿਣ ਦੇ ਕਾਬਿਲ ਹੋ ਸਕਦਾ ਹੈ?" ਉਹ ਵੀ ਅਗੋਂ ਹੱਸ ਛਡਦੇ। ਮੈਂ ਹੈਰਾਨ ਹੁੰਦਾ ਹਾਂ ਕਿ ਕਿਵੇਂ ਸਾਡੀ ਏਸ ਹੱਦ ਦਰਜੇ ਦੀ ਮੂਰਖਤਾ ਨੂੰ ਵੀ ਪਿਤਾ ਜੀ ਨੇ ਸਹਿਨ ਕੀਤੀ ਰੱਖਿਆ, ਤੇ ਅੰਤ ਆਪਣੀ ਲੱਖਾਂ ਦੀ ਜ਼ਮੀਨ-ਜਾਇਦਾਦ ਹੱਥੋਂ ਗੁਆ ਬੈਠੇ।
ਮੇਰੀ ਸਿਹਤ ਬਹੁਤ ਗਿਰੀ ਹੋਈ ਸੀ। ਡਾਕਟਰ ਨੇ ਕਸ਼ਮੀਰ ਚਲੇ ਜਾਣ ਦੀ ਸਲਾਹ ਦਿਤੀ। ਉੱਥੇ ਵੀ ਹਾਲਾਤ ਬੜੇ ਹੰਗਾਮੀ ਸਨ, ਪਰ ਫਿਰਕੂ ਜ਼ਿਹਨੀਅਤ ਦਾ ਕਿਤੇ ਨਾਮ-ਨਿਸ਼ਾਨ ਨਹੀਂ ਸੀ ਮਹਾਰਾਜਾ ਹਰੀ ਸਿੰਘ ਦਾ ਦਮਨ-ਚੱਕਰ ਬੜੇ ਜ਼ੋਰ ਨਾਲ ਚਲ ਰਿਹਾ ਸੀ। ਸ਼ੇਖ ਸਾਹਿਬ, ਸਾਦਿਕ, ਡੀ. ਪੀ. ਧਰ, ਤੇ ਹੋਰ ਅਨੇਕਾਂ ਲੀਡਰ ਜੇਲ੍ਹ ਵਿਚ ਸਨ, ਜਿਸ ਕਰਕੇ ਜਨਤਾ ਵਿਚ ਬੜੀ ਬੇਚੈਨੀ ਸੀ। ਕਈ ਸਿਆਸੀ ਕਾਰਕੁੰਨ ਰੂਪੋਸ਼ ਹੋ ਕੇ ਬਗਾਵਤ ਫੈਲਾ ਰਹੇ ਸਨ, ਤੇ ਇਸ ਨੇਕ ਕੰਮ ਵਿਚ ਪੁਲਸ ਤੀਕਰ ਉਹਨਾਂ ਦੀ ਮਦਦਗਾਰ ਸੀ। ਇਕ "ਖੁਫੀਆ" ਅੱਡੇ ਉਤੇ ਮੇਰੀ ਮੁਲਾਕਾਤ ਕਸ਼ਮੀਰ ਦੇ ਅਜ਼ੀਮ ਮਜ਼ਦੂਰ ਸ਼ਾਇਰ, ਅਬਦੁੱਸਿਤਾਰ 'ਆਸੀ' ਨਾਲ ਹੋਈ। ਰੋਜ਼ੀ ਕਮਾਣ ਲਈ ਉਹ ਇਕ ਆੜਤੀ ਦੀ ਦੁਕਾਨ ਉਤੇ ਬੋਰੀਆਂ ਢੋਇਆ ਕਰਦਾ ਸੀ। ਇਹ ਵੀ ਮੇਰੀ ਇਕ ਅਭੁੱਲ ਯਾਦ ਹੈ।
ਮੈਂ ਬੰਬਈਓਂ ਆਇਆ ਸਾਂ, ਜਿਥੇ ਪਾਰਟੀ ਦਾ ਕੇਂਦਰ ਸੀ, ਇਸ ਲਈ ਸਿਰੀਨਗਰ ਦੇ ਕਾਮਰੇਡ ਮੈਨੂੰ ਲੋੜ ਤੋਂ ਵਧ ਅਹਿਮੀਅਤ ਦੇ ਰਹੇ ਸਨ। ਮੈਂ ਵੀ ਆਪਣੇ ਵਲੋਂ ਅਰੜ-ਪੋਪੋ ਬਣਨ ਦੀ ਕੋਸ਼ਿਸ਼ ਕਰਦਾ ਸਾਂ, ਹਾਲਾਂ ਕਿ ਸਿਆਸੀ ਸੂਝ-ਬੂਝ ਮੇਰੀ ਉਹਨਾਂ ਤੋਂ ਥੋੜੀ ਸੀ। ਘਰੋਗੀ ਵਾਤਾਵਰਨ, ਤੇ ਗੌਰਮਿੰਟ ਕਾਲਿਜ ਲਾਹੌਰ ਦੀ ਤਾਲੀਮ, ਦੋਵਾਂ ਨੇ ਮੇਰੇ ਸੰਸਕਾਰ ਡੂੰਘੇ ਸਵੈ-ਕੇਂਦਰਿਤ ਤੇ ਮਨ-ਮੁਖੀ ਬਣਾ ਛੱਡੇ ਸਨ। ਵੱਡੀਆਂ ਤੋਂ ਵੱਡੀਆਂ ਘਟਨਾਵਾਂ ਵਲੋਂ ਵੀ ਅੱਖਾਂ ਮੀਟ ਛਡਣ ਦੀ ਮੇਰੀ ਆਦਤ ਬਣੀ ਹੋਈ ਸੀ। ਆਪਣੇ ਇਸ ਰੋਗ ਦਾ ਇਲਾਜ ਮੈਂ ਮਾਰਕਸਵਾਦੀ ਗਿਆਨ ਦੀ ਸਹਾਇਤਾ ਨਾਲ ਵੀ ਨਹੀਂ ਕਰ ਸਕਿਆ। ਔਖੀ ਘੜੀ ਵਿਚ ਮੇਰੀ ਸੋਚ-ਸ਼ਕਤੀ ਲਰਜ਼ ਜਾਂਦੀ ਹੈ। ਮੇਰੀ ਜ਼ਿਹਨੀਅਤ ਉਸ ਬਾਂਦਰ ਵਰਗੀ ਹੈ, ਜੋ ਅੱਗ ਨਾਲ ਛੇੜ ਕਰਨ ਤੋਂ ਵੀ ਬਾਜ਼ ਨਹੀਂ ਆਉਂਦਾ, ਅਤੇ ਪੋਟੇ ਸੜਦਿਆਂ ਨੱਠ ਵੀ ਫੌਰਨ ਜਾਂਦਾ ਹੈ।
ਕਾਫੀ ਹੱਦ ਤਕ ਇਹੀ ਮੇਰੇ ਸਮਕਾਲੀ ਸਾਹਿਤਕਾਰਾਂ ਤੇ ਕਲਾਕਾਰਾਂ ਦੀ ਕਮਜ਼ੋਰੀ ਵੀ ਆਖੀ ਜਾ ਸਕਦੀ ਹੈ। 1947 ਦੀ ਕਾਲ-ਹਨ੍ਹੇਰੀ ਸਾਡੇ ਸਿਰਾਂ ਤੋਂ ਹੋ ਕੇ ਲੰਘ ਗਈ। ਉਸ ਦੇ ਆਧਾਰ ਉਤੇ ਅਸੀਂ ਨਾ ਕੋਈ ਵਧੀਆ ਫਿਲਮ ਬਣਾ ਸਕੇ, ਤੇ ਨਾ ਹੀ ਜਜ਼ਬਾਤੀ ਵਾ-ਵੇਲਿਆਂ ਤੋਂ ਉਤਾਂਹ ਉੱਠ ਕੇ ਸਾਹਿਤ ਵਿਚ ਉਸ ਦੀ ਕੋਈ ਯਾਦਗਾਰ ਅੱਕਾਸੀ ਕੀਤੀ। ਕੁਝ ਚਿਰ ਸਿਰੀਨਗਰ ਠਹਿਰ ਕੇ ਮੈਂ ਗਲੁਮਰਗ ਚਲਾ ਗਿਆ, ਤੇ ਮੇਰੀ ਬਿਰਤੀ ਕੁਦਰਤ ਦੇ ਹੁਸੀਨ ਨਜ਼ਾਰਿਆਂ ਵਿਚ ਲੀਨ ਹੋ ਗਈ। ਇਕ ਦਿਨ ਮੈਨੂੰ ਹਿੰਦੀ ਦੇ ਸੁਪ੍ਰਸਿੱਧ ਨਾਵਲ-ਨਿਗਾਰ ਮੇਰੇ ਪਿਆਰੇ ਮਿੱਤਰ, ਅੰਮ੍ਰਿਤ ਲਾਲ ਨਾਗਰ ਦਾ ਖਤ ਆਇਆ। ਪ੍ਰੋਡੀਊਸਰ ਵੀਰੇਂਦਰ ਦੇਸਾਈ ਉਹਨਾਂ ਦੀ ਲਿਖੀ ਕਹਾਣੀ ਦੇ ਆਧਾਰ ਉਤੇ ਫਿਲਮ ਬਣਾ ਰਹੇ ਹਨ, ਤੇ ਮੁੱਖ-ਪਾਤਰ ਦੇ ਤੌਰ ਉੱਤੇ ਮੈਨੂੰ ਲੈਣ ਦਾ ਫੈਸਲਾ ਕੀਤਾ ਹੈ। ਮੁਆਵਜ਼ਾ ਦਸ ਹਜ਼ਾਰ ਰੁਪਏ। ਜੇ ਮੈਨੂੰ ਮਨਜ਼ੂਰ ਹੋਵੇ ਤਾਂ ਜਵਾਬੀ ਤਾਰ ਦਿਆਂ। ਤਿੰਨ ਸਾਲ ਪਹਿਲਾਂ, ਏਸੇ ਗੁਲਮਰਗ ਤੋਂ ਮੈਨੂੰ ਚੇਤਨ ਅਨੰਦ ਫਿਲਮਾਂ ਵਿਚ ਖਿੱਚ ਕੇ ਲੈ ਗਿਆ ਸੀ। ਹੁਣ ਫੇਰ ਇਕ ਪਿਆਰੇ ਦੋਸਤ ਨੇ ਲਲਚਾ ਲਿਆ। ਫਿਲਮਾਂ ਲਈ ਜਵਾਨ ਦਿਲਾਂ ਵਿਚ ਖੋਰੇ ਕੀ ਕਸ਼ਸ਼ ਹੁੰਦੀ ਹੈ। ਬੰਬਈ ਦੀ ਆਬੋ-ਹਵ ਮੈਨੂੰ ਸੁਖਾਈ ਨਹੀਂ ਸੀ। ਉਥੋਂ ਦੇ ਲੋਕ ਮੈਨੂੰ ਓਪਰੇ ਲਗਦੇ ਸਨ। ਖਾਸ ਕਰ ਕੇ ਦੱਮੋ ਦੇ ਮਰਨ ਪਿਛੋਂ ਤਾਂ ਬੰਬਈ ਵਾਪਸ ਜਾਣ ਉਤੇ ਜ਼ਰਾ ਜਿੰਨਾ ਵੀ ਦਿਲ ਨਹੀਂ ਸੀ ਕਰਦਾ। ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤ ਲਈ ਮੇਰੇ ਦਿਲ ਵਿਚ ਸ਼ੌਕ ਜਾਗ ਪਿਆ ਸੀ। ਮੇਰਾ ਦਿਲ ਚਾਹੁੰਦਾ ਸੀ ਕਿ ਪੰਜਾਬ ਜਾਂ ਕਸ਼ਮੀਰ ਵਿਚ ਹੀ ਟਿਕੇ ਰਹਿਣ ਦਾ ਕੋਈ ਰਾਹ ਲੱਭ ਲਵਾਂ। ਪਰ ਇਹਨਾਂ ਸਾਰੇ ਮਨਸੂਬਿਆਂ ਨੂੰ ਢਾਹ ਕੇ ਢੇਰੀ ਕਰਨ ਲਈ ਫਿਲਮੀ ਦੁਨੀਆਂ ਵਿਚੋਂ ਆਇਆ ਇਕੋ ਖਤ ਕਾਫੀ ਸੀ। ਬਿਨ ਆਖੇ-ਮੰਗੇ ਹੀਰੋ ਦਾ ਰੋਲ ਮਿਲ ਰਿਹਾ ਸੀ। ਦਸ ਹਜ਼ਾਰ ਦਾ ਕਾਂਟਰੈਕਟ! ਇਹ ਤਾਂ ਮੇਰੇ "ਸਟਾਰ" ਹੋ ਜਾਣ ਦੀ ਅਲਾਮਤ ਸੀ। ਮੇਰਾ ਦਿਲ ਖੁਸ਼ੀ ਨਾਲ ਉਛਲ ਉਛਲ ਪੈਂਦਾ ਸੀ।
ਜੁਲਾਈ 1947 ਦੇ ਅੰਤ ਵਿਚ, ਸਾਰੇ ਪਰਵਾਰ ਨੂੰ ਕਸ਼ਮੀਰ ਛੱਡ ਕੇ, ਮੈਂ ਬੰਬਈ ਰਵਾਨਾ ਹੋ ਗਿਆ। ਰਾਵਲਪਿੰਡੀ ਵਿਚ ਇਸ ਕਦਰ ਸਹਿਮ ਵੇਖਿਆ ਕਿ ਸੜਕ ਉਤੇ ਤੁਰਿਆ ਨਹੀਂ ਸੀ ਜਾਂਦਾ। ਲਾਹੌਰੋਂ ਲੰਘਦਿਆਂ ਗੱਡੀ ਦੀ ਬਾਰੀ ਵਿਚੋਂ ਥਾਂ ਥਾਂ ਅੱਗਾਂ ਦੇ ਭਾਂਬੜ ਮੱਚਦੇ ਵੇਖੇ। ਪਰ ਫੇਰ ਵੀ, ਮੈਂ ਨਿਸਚਿੰਤ ਅਗਾਂਹ ਲੰਘ ਗਿਆ, ਜਿਵੇਂ ਉਸ ਸਭ ਕੁਝ ਨਾਲ ਮੇਰਾ ਕੋਈ ਲਗਾਓ ਹੀ ਨਹੀਂ ਸੀ। ਮੈਨੂੰ ਕਾਂਟਰੈਕਟ ਜੋ ਮਿਲ ਗਿਆ ਸੀ!
ਇਸ ਫਿਲਮ ਦਾ ਨਾਂ ਸੀ, "ਗੁੰਜਨ"। ਜਵਾਨੀ ਵਿਚ ਪੈਰ ਧਰਨ ਮਗਰੋਂ ਨਲਿਨੀ ਜੈਵੰਤ ਦੀ ਉਹ ਪਹਿਲੀ ਫਿਲਮ ਸੀ। ਹੀਰੋ, ਕਿਸਮਤ ਦਾ ਸਾੜਾ, ਇਕ ਦੀ ਥਾਂ ਦੋ ਨਿਕਲ ਆਏ। ਜਿਸ ਨਾਲ ਕੁੜੀ ਦਾ ਪਿਆਰ ਹੋਇਆ, ਉਹ ਮੈਂ ਸਾਂ, ਪਰ ਜਿਸ ਨਾਲ ਵਿਆਹੀ ਗਈ, ਉਹ ਸਨ ਤ੍ਰਿਲੋਕ ਕਪੂਰ। ਉਹ ਅਰਸੇ ਤੋਂ ਫਿਲਮਾਂ ਵਿਚ ਕੰਮ ਕਰਦੇ ਆਏ ਸਨ, ਆਪਣੀ ਸ਼ਖਸੀਅਤ ਦਾ ਪਰਭਾਵ ਪਾਉਣਾ ਖੂਬ ਜਾਣਦੇ ਸਨ। ਸੈੱਟ ਉਤੇ ਦਿਨ ਵਿਚ ਇਕ-ਦੋ ਵਾਰੀ ਜ਼ਰੂਰ ਐਲਾਨ ਕਰ ਛੱਡਦੇ ਕਿ ਅਸਲੀ ਹੀਰੋ ਉਹ ਹਨ। ਮੈਂ ਅੰਦਰੇ ਅੰਦਰ ਸੜ ਭੁੱਜ ਕੇ ਰਹਿ ਜਾਂਦਾ, ਜਿਵੇਂ ਮੇਰਾ ਹੱਕ ਕੋਈ ਜ਼ਬਰਦਸਤੀ ਖੋਹ ਰਿਹਾ ਹੋਵੇ। ਸਾਰੀ-ਸਾਰੀ ਰਾਤ ਮੈਨੂੰ ਨੀਂਦਰ ਨਾ ਆਉਂਦੀ। ਹੀਰੋ ਬਣਿਆ ਵੀ, ਪਰ ਪੂਰੀ ਤਰ੍ਹਾਂ ਨਹੀਂ। ਪੂਰੀ ਤਰ੍ਹਾਂ ਹੀਰੋ ਮੈਂ ਕਦੋਂ ਬਣਾਂਗਾ?
ਦੂਜੇ ਲਫਜ਼ਾਂ ਵਿਚ, ਮੇਰਾ ਮਨ ਐਸੀਆਂ ਸੋਚਾਂ ਵਿਚ ਗਲਤਾਨ ਸੀ, ਜਿਨ੍ਹਾਂ ਦਾ ਅਸਲ ਕੰਮ ਨਾਲ ਕੋਈ ਤਅੱਲਕ ਹੀ ਨਹੀਂ ਸੀ। ਪਾਤਰ-ਉਸਾਰੀ ਦਾ ਕੋਈ ਮਨੋਵਿਗਿਆਨਕ ਪੱਖ ਵੀ ਹੁੰਦਾ ਹੈ, ਇਹ ਨਾ ਮੈਂ ਜਾਣਦਾ ਸਾਂ, ਤੇ ਨਾ ਹੀ ਜਾਣਨ ਦੀ ਅਜੇ ਲੋੜ ਮਹਿਸੂਸ ਹੋਈ ਸੀ। ਮਾਰਕਸਵਾਦੀ ਜੋਸ਼ ਵਿਚ ਸਤਾਨਿਸਲਾਵਸਕੀ ਨੂੰ ਉਦੋਂ ਅਸੀਂ ਬੁਰਯਵਾ ਢੁੱਚਰ ਗਿਣਦੇ ਹੁੰਦੇ ਸਾਂ। ਕੈਮਰੇ ਅਗੇ ਹਵਾਸ ਬਾਖਤਾ ਹੋਣ ਤੇ ਜਿਸਮ ਦੇ ਆਕੜਨ ਦਾ ਅਨੁਭਵ ਮੈਨੂੰ ਬਥੇਰਾ ਹੋ ਚੁੱਕਿਆ ਸੀ, ਪਰ ਰਵੱਈਆ ਅਜੇ ਵੀ ਉਹਨਾਂ ਅਨਪੜ੍ਹਾਂ ਵਰਗਾ ਸੀ, ਜੋ ਵੇਲੇ ਸਿਰ ਇਲਾਜ ਕਰਾਉਣ ਦੀ ਥਾਂ ਏਸੇ ਵਿਸ਼ਵਾਸ ਵਿਚ ਆਪਣਾ ਰੋਗ ਲੁਕਾਈ ਰੱਖਦੇ ਹਨ ਕਿ ਇਕ ਦਿਨ ਉਹ ਆਪਣੇ ਆਪ ਠੀਕ ਹੋ ਜਾਏਗਾ।
"ਗੁੰਜਨ" ਦੀ ਕਹਾਣੀ ਹੁਣ ਮੈਨੂੰ ਬਹੁਤੀ ਯਾਦ ਨਹੀਂ, ਪਰ ਇਕ ਪ੍ਰਬੀਣ ਸਾਹਿਤਕਾਰ ਦੀ ਲਿਖੀ ਹੋਣ ਕਰਕੇ ਉਸ ਵਿਚ ਨਾਨਾ ਪ੍ਰਕਾਰ ਦੇ ਸੂਖਮ ਦਾਓ-ਪੇਚ ਸਨ। ਉਹਨਾਂ ਨੂੰ ਸਮਝ ਤਾਂ ਮੈਂ ਜ਼ਰੂਰ ਲਿਆ ਤੇ ਸਲਾਹਿਆ ਵੀ, ਪਰ ਅਭਿਨੇ ਵਿਚ ਉਹਨਾਂ ਦੀ ਤਰਜਮਾਨੀ ਕਿਵੇਂ ਕਰਨੀ ਹੈ, ਏਸ ਤਕਨੀਕ ਤੋਂ ਮੈਂ ਕੋਰਾ ਸਾਂ। ਨਾਗਰ ਦੀ ਆਪ ਅਦਾਕਾਰ ਨਹੀਂ ਸਨ, ਏਸ ਕਰਕੇ ਮੇਰੀ ਇਸ ਉਣਤਾਈ ਨੂੰ ਨਾ ਪਛਾਣ ਸਕੇ। ਜੇ ਮੇਰੇ ਵਾਲਾ ਰੋਲ ਦਲੀਪ ਜਾਂ ਰਾਜ ਤੋਂ ਕਰਵਾਇਆ ਹੁੰਦਾ, ਤਾਂ "ਗੁੰਜਨ" ਇਕ ਯਾਦਗਾਰ ਪਿਕਚਰ ਬਣਦੀ, ਪਰ ਮੁਮਕਿਨ ਹੈ ਕਿ ਉਹਨਾਂ ਦੋਵਾਂ ਨੇ ਇਕ ਨਵੀਂ ਤੇ ਅਗਿਆਤ ਹੀਰੋਇਨ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੋਵੇ। ਕੀ ਪਤਾ।
ਸ਼ੂਟਿੰਗ ਦੇ ਆਰੰਭ-ਕਾਲ ਵਿਚ ਹੀ ਨਾ ਸਿਰਫ ਮੇਰਾ ਹੀਜ-ਪਿਆਜ਼ ਖੁੱਲ੍ਹ ਗਿਆ, ਸਗੋਂ ਪ੍ਰੋਡੀਊਸਰ ਦੀਆਂ ਨਜ਼ਰਾਂ ਵਿਚ ਨਾਗਰ ਜੀ ਦਾ ਵੀ ਭੱਠਾ ਬਹਿ ਗਿਆ। ਸੈੱਟ ਉਪਰ ਨਾਗਰ ਜੀ ਨੇ ਮੈਨੂੰ ਸੀਨ ਦਾ ਅੱਗਾ-ਪਿੱਛਾ ਬੜੇ ਸ਼ੌਕ ਤੇ ਵਿਸਥਾਰ ਨਾਲ ਸਮਝਾਉਣਾ ਸ਼ੁਰੂ ਕੀਤਾ। ਅੱਜਕਲ ਮੇਰੇ ਲਈ ਲੇਖਕ ਦਾ ਇੰਜ ਕਰਨਾ ਇਕ ਅਤਿਅੰਤ ਸੁਖਾਵਾਂ ਤੇ ਪ੍ਰੇਰਣਾਤਮਿਕ ਅਨੁਭਵ ਹੁੰਦਾ ਹੈ, ਪਰ ਉਦੋਂ ਮੇਰੀ ਕਲਪਨਾ ਨੇ ਸਹਿਜ-ਭਾਵ ਅਚੇਤਨ ਦੇ ਦੁਆਰ ਖੋਲ੍ਹ ਕੇ ਪਾਤਰ ਦੀਆਂ ਮਨੋਅਵਸਥਾਵਾਂ ਦੇ ਪ੍ਰਵਾਹ ਵਿਚ ਦਾਖਲ ਹੋਣਾ ਨਹੀਂ ਸੀ ਸਿੱਖਿਆ। ਜੇ ਸਿੱਖਿਆ ਹੁੰਦਾ ਤਾਂ ਮੈਂ ਨਾਗਰ ਜੀ ਨੂੰ ਆਪਣੀ ਅਦਾਕਾਰੀ ਰਾਹੀਂ ਮਨ-ਵਾਂਛਤ ਨੁਕਤੇ ਨਿਖਾਰ ਕੇ ਵਿਖਾ ਦੇਂਦਾ। ਪਰ ਮੇਰੇ ਭਾਗਾਂ ਵਿਚ ਇਹ ਨਹੀਂ ਸੀ ਲਿਖਿਆ ਹੋਇਆ। ਇਹ ਅਰਮਾਨ ਇਕ ਸਦੀਵੀ ਪਛਤਾਵਾ ਬਣ ਕੇ ਰਹਿ ਗਿਆ ਹੈ।
ਫਿਲਮ ਦੀ ਸ਼ੂਟਿੰਗ 'ਚੱਟ ਮੇਰੀ ਮੰਗਣੀ, ਪੱਟ ਮੇਰਾ ਵਿਆਹ' ਵਾਲਾ ਮਾਮਲਾ ਹੁੰਦਾ ਹੈ। ਇਕ ਇਕ ਪਲ ਦੀ ਕੀਮਤ ਰੁਪਏ, ਆਨੇ, ਪਾਈ ਵਿਚ ਮਿਣੀ ਜਾਂਦੀ ਹੈ। ਨਾਟਕ ਖੇਡਣ ਵੇਲੇ ਕਈ ਕਈ ਹਫਤੇ ਰੀਹਰਸਲਾਂ ਚਲਦੀਆਂ ਹਨ। ਅਣਸਿਖਿਆ ਕਲਾਕਾਰ ਵੀ ਅਭਿਨੇ-ਪੌੜੀ ਦੇ ਦੋ ਚਾਰ ਡੰਡੇ ਤਾਂ ਚੜ੍ਹ ਹੀ ਜਾਂਦਾ ਹੈ। ਪਰ ਏਥੇ ਉਹ ਸਹੂਲਤ ਨਹੀਂ। ਫੇਰ ਕਹਾਣੀ ਸਿਲਸਿਲੇਵਾਰ ਨਹੀਂ, ਅਗੇ ਪਿਛੇ ਤੇ ਟੋਟੇ ਟੋਟੇ ਕਰਕੇ ਫਿਲਮਾਈ ਜਾਂਦੀ ਹੈ। ਕੈਮਰਾ ਮੂੰਹ ਦੇ ਇਤਨਾ ਨੇੜੇ ਆ ਜਾਂਦਾ ਹੈ ਕਿ ਦਰਸ਼ਕ ਉਹਨੂੰ ਕਿਤਾਬ ਵਾਂਗ ਪੜ੍ਹ ਸਕਦੇ ਹਨ। ਇਸ ਪਿੜ ਵਿਚ ਅਨਾੜੀ ਦੀ ਖੈਰ ਨਹੀਂ।
ਮੇਰਾ ਆਤਮ-ਵਿਸ਼ਵਾਸ ਇਕ ਦਮ ਜਵਾਬ ਦੇ ਗਿਆ, ਹੱਥ ਪੈਰ ਠੰਢੇ ਪੈ ਗਏ, ਗਲਾ ਖੁਸ਼ਕ ਹੋ ਗਿਆ। ਨਾਗਰ ਜੀ ਕੀ ਕਹਿ ਰਹੇ ਹਨ, ਜਾਂ ਕੀ ਨਹੀਂ ਕਹਿ ਰਹੇ, ਮੈਨੂੰ ਕੋਈ ਹੋਸ਼ ਨਹੀਂ ਸੀ। ਇਕ ਪਾਸੇ ਲੰਮੇ ਲੰਮੇ ਸੰਵਾਦ, ਦੂਜੇ ਪਾਸੇ ਉਹਨਾਂ ਰੇੜਕਾ ਪਾਇਆ ਹੋਇਆ ਸੀ, ਜੋ ਮੈਨੂੰ ਜ਼ਹਿਰ ਲੱਗ ਰਿਹਾ ਸੀ। ਜੇ ਉਸ ਵੇਲੇ ਮੇਰੇ ਹੱਥ ਵਿਚ ਤਲਵਾਰ ਹੁੰਦੀ, ਤਾਂ ਮੈਂ ਉਹਨਾਂ ਦਾ ਸਿਰ ਲਾਹ ਸੁੱਟਦਾ। ਜ਼ਰਾ ਪਰਵਾਹ ਨਾ ਕਰਦਾ ਕਿ ਉਹ ਮੇਰੇ ਮਿੱਤਰ ਹਨ, ਜਾਂ ਉਹਨਾਂ ਹੀ ਮੈਨੰ ਕਾਂਟਰੈਕਟ ਦਵਾਇਆ ਹੈ।
ਪ੍ਰੋਡੀਊਸਰ ਡਾਇਰੈਕਟਰ ਦੇਸਾਈ ਨੇ ਵੇਲੇ ਸਿਰ ਵਿਗੜਦੀ ਪ੍ਰਸਥਿਤੀ ਨੂੰ ਭਾਂਪ ਲਿਆ, ਤੇ ਸਮਝਾ ਬੁਝਾ ਕੇ ਨਾਗਰ ਜੀ ਨੂੰ ਮੇਰੀਆਂ ਨਜ਼ਰਾਂ ਤੋਂ ਉਹਲੇ ਕਰ ਦਿਤਾ। ਮੈਨੂੰ ਸਾਹ ਵਿਚ ਸਾਹ ਆਇਆ। ਕਿਉਂਕਿ ਮੈਂ ਮਨ ਵਿਚ ਆਪਣੇ ਆਪ ਨੂੰ ਨਹੀਂ ਸਗੋਂ ਨਾਗਰ ਜੀ ਨੂੰ ਦੋਸ਼ ਦੇ ਰਿਹਾ ਸਾਂ, ਇਸ ਲਈ ਸਵੈ-ਮਾਣ ਨਹੀਂ ਸੀ ਟੁੱਟਿਆ। ਦੇਸਾਈ ਨੇ ਇਸ ਗੱਲ ਦਾ ਲਾਭ ਉਠਾਇਆ, ਮੇਰੀ ਹੌਂਸਲਾ-ਅਫਜ਼ਾਈ ਕੀਤੀ, ਮੇਰੇ ਰਗ-ਰੇਸ਼ੇ ਨੂੰ ਸ਼ਾਂਤ ਕੀਤਾ। ਜਿਵੇਂ ਕਿਵੇਂ ਮੈਂ ਸੰਵਾਦ ਯਾਦ ਕਰ ਲਏ, ਤੇ ਹਾਲੀਵੁਡ ਦੇ ਐਕਟਰਾਂ ਦੇ ਵੇਖੇ ਵਿਖਾਏ ਅੰਦਾਜ਼ ਵਿਚ ਨਕਲ ਕਰਕੇ ਬੁੱਤਾ ਸਾਰ ਲਿਆ।
ਓਸ ਪਿਛੋਂ ਨਾਗਰ ਜੀ ਨੇ ਸੈੱਟ ਉਤੇ ਆਉਣਾ ਬਿਲਕੁਲ ਛੱਡ ਦਿੱਤਾ। ਪਤਾ ਨਹੀਂ, ਕੀ ਕੀ ਕਲਾਤਮਿਕ ਰੀਝਾਂ ਲੈ ਕੇ ਉਹ ਫਿਲਮਾਂ ਵਿਚ ਆਏ ਸਨ, ਤੇ ਕਿਨ੍ਹਾਂ ਮਾਯੂਸੀਆਂ ਨਾਲ ਪਹਿਲਾਂ ਵਾਹ ਪੈ ਚੁੱਕਾ ਸੀ। ਮੈਂ ਜਾਣਦਾ ਸਾਂ ਕਿ ਉਹਨਾਂ ਨੂੰ ਵੀ ਮੁਨਸ਼ੀ ਪ੍ਰੇਮ ਚੰਦ ਵਾਂਗ, ਪੈਸੇ ਦੀ ਖਾਤਰ, ਆਪਣੇ ਜ਼ਮੀਰ ਨਾਲ ਧਰੋਹ ਕਮਾਉਣਾ ਮਨਜ਼ੂਰ ਨਹੀਂ ਸੀ। 'ਧਰਤੀ ਕੇ ਲਾਲ' ਤੇ 'ਗੁੜੀਆ' ਦੇ ਸੈੱਟ ਉਤੇ ਮੈਨੂੰ ਵੇਖ ਕੇ ਖੋਰੇ ਕੀ ਕੀ ਆਸਾਂ ਬੰਨ੍ਹਦੇ ਰਹੇ ਸਨ। ਕਿਤਨੀ ਮਿਹਨਤ ਨਾਲ, ਮੈਨੂੰ ਧਿਆਨ ਵਿਚ ਰੱਖ ਕੇ, ਅਤਿ-ਸੂਖਮ ਤੇ ਮਾਰਮਿਕ ਕਥਾਨਕ ਉਹਨਾਂ ਕਲਮਬੰਦ ਕੀਤਾ ਸੀ, ਤੇ ਉਹਨੂੰ ਫਿਲਮਾਣ ਦੀਆਂ ਵਿਉਂਤਾਂ ਵਿਚ ਵੀ ਸਰਗਰਮ ਭਾਗ ਲਿਆ ਸੀ। ਖੋਰੇ ਕਿੰਨੀਆਂ ਤਾਰੀਫਾਂ ਦੇ ਪੁਲ ਬੰਨ੍ਹ ਕੇ ਸੇਠ ਨੂੰ ਤੇ ਪ੍ਰੋਡੀਊਸਰ-ਡਾਇਰੈਕਟਰ ਨੂੰ ਮੇਰੇ ਹੱਕ ਵਿਚ ਕਾਇਲ ਕੀਤਾ ਸੀ। ਮੇਰੀ ਗੁਮਨਾਮੀ ਦੇ ਬਾਵਜੂਦ ਉਸ ਵੇਲੇ ਦੇ ਹਿਸਾਬ ਨਾਲ ਉਹਨੇ ਇਤਨੇ ਚੰਗੇ ਪੈਸੇ ਦਿਵਾਏ ਸਨ, ਅਤੇ ਕਸ਼ਮੀਰੋਂ ਬੁਲਵਾਇਆ ਸੀ। ਸ਼ਾਇਦ ਇਹ ਵੀ ਸੋਚਿਆ ਹੋਵੇ, ਵਿਚਾਰੇ ਨੂੰ ਪਤਨੀ ਦੇ ਮਰਨ ਦਾ ਦੱਖ ਹੈ, ਕੰਮ ਵਿਚ ਪੈ ਕੇ ਸੰਭਲ ਜਾਏਗਾ। ਸ਼ਾਇਦ ਆਪਣੇ ਵਿਅਕਤੀਗਤ ਦੁੱਖ ਦੀ ਝਲਕ ਇਸ ਦੁਖਾਂਤਕ ਚਿੱਤਰ-ਕਥਾ ਵਿਚ ਵੀ ਲਿਆ ਸਕੇ। ਉਹਨਾਂ ਦੀ ਅਦਮ ਮੌਜੂਦਗੀ ਵਿਚ ਮੈਂ ਸ਼ੁਤਰ ਬੇਮੁਹਾਰ ਵਾਂਗ ਟਪੋਸੀਆਂ ਮਾਰਦਾ ਗਿਆ। ਵੀਰੇਂਦਰ ਦੇਸਾਈ ਛੇਤੀ ਛੇਤੀ ਫਿਲਮ ਨੂੰ ਬੰਨੇ ਲਾਉਣਾ ਚਾਹੁੰਦੇ ਸਨ। ਉਹਨਾਂ ਦੀ ਨਜ਼ਰ 'ਗੁੰਜਨ' ਦੀ ਨਹੀਂ, ਆਪਣੀ ਪਤਨੀ ਨਲਿਨੀ ਜੈਵੰਤ ਦੀ ਕਾਮਯਾਬੀ ਉੱਪਰ ਸੀ ਸ਼ੂਟਿੰਗ ਬਾਂਬੇ ਟਾਕੀਜ਼ ਸਟੂਡੀਓ ਵਿਚ ਹੋ ਰਹੀ ਸੀ, ਜਿਸ ਦੇ ਸੂਰਜ ਅਸਤ ਦੀ ਲੋਅ, ਦੇਵਿਕਾ ਰਾਣੀ ਤੇ ਹਿਮਾਂਸ਼ੂ ਰਾਏ ਤੋਂ ਬਿਨਾਂ ਵੀ, ਚੋਖੀ ਭਾਅ ਮਾਰ ਰਹੀ ਸੀ। ਨਿਤਿਨ ਬੋਸ ਤੇ ਅਮੀਅ ਚੱਕਰਵਰਤੀ ਵਰਗੇ ਉੱਘੇ ਡਾਇਰੈਕਟਰ ਅਜੇ ਵੀ ਉਥੇ ਬਿਰਾਜਮਾਨ ਸਨ। ਬਰਾਂਡਿਆਂ ਵਿਚ ਸਦਾਅਤ ਹਸਨ ਮੰਟੋ, ਭਵਗਤੀ ਚਰਨ ਵਰਮਾ, ਤੇ ਉਪੇਂਦਰ ਨਾਥ ਅਸ਼ਕ ਵਰਗੇ ਸਾਹਿਤਕਾਰ ਤੁਰਦੇ ਫਿਰਦੇ ਨਜ਼ਰ ਆ ਜਾਂਦੇ ਸਨ। ਹਰ ਦੂਜੇ ਚੌਥੇ ਦਿਨ ਕੋਈ ਨਾ ਕੋਈ ਨਾਮਵਰ ਹਸਤੀ ਸੈੱਟ ਉੱਪਰ ਆ ਜਾਂਦੀ। 'ਗੁੰਜਨ' ਮੁਕੰਮਲ ਹੋਣ ਤੋਂ ਪਹਿਲਾਂ ਹੀ ਨਲਿਨੀ ਨੂੰ ਸ਼ਸ਼ਧਰ ਮੁਕਰਜੀ ਨੇ 'ਸਾਥੀ' ਫਿਲਮ (ਡਾਇਰੈਕਟਰ ਰਮੇਸ਼ ਸਹਿਗਲ) ਲਈ 'ਸਾਈਨ' ਕਰ ਲਿਆ ਸੀ। ਨਾ ਸਿਰਫ ਨਲਿਨੀ ਆਰਟਿਸਟ ਚੰਗੀ ਸੀ ਸਗੋਂ ਪਰਦੇ ਉਪਰ ਉਸ ਦੀ ਸੁੰਦਰਤਾ ਵੀ ਅਨੂਪਮ ਸੀ। 'ਗੁੰਜਨ' ਦੇ ਜਰਮਨ ਕੈਮਰਾਮੈਨ, ਵਿਰਸ਼ਿੰਗ ਨੇ ਉਸ ਦੇ ਰੂਪ ਨੂੰ ਹੋਰ ਵੀ ਚਾਰ ਚੰਨ ਲਾ ਛਡੇ ਸਨ।
ਇਕ ਦਿਨ ਡੇਵਿਡ ਨਾਲ ਮੇਰਾ ਸੀਨ ਹੋ ਰਿਹਾ ਸੀ। ਡਾਇਲਾਗ ਯਾਦ ਨਾ ਹੋਣ ਕਾਰਨ ਮੇਰੇ "ਰੀਟੇਕ" ਤੇ "ਰੀਟੇਕ" ਹੋ ਰਹੇ ਸਨ। ਹਾਰ ਕੇ ਮੈਂ ਡੇਵਿਡ ਤੋਂ ਪੁੱਛ ਹੀ ਲਿਆ, "ਯਾਰ, ਦਸ ਤਾਂ ਸਹੀ, ਡਾਇਲਾਗ ਯਾਦ ਕਰਨ ਦਾ ਕੋਈ ਤਰੀਕਾ ਵੀ ਹੈ? ਤੇਰੇ ਰੀਟੇਕ ਨਹੀਂ ਹੁੰਦੇ।"
ਡੇਵਿਡ ਨੇ ਬੜੇ ਪ੍ਰੇਮ ਨਾਲ ਸਮਝਾਇਆ:
"ਵਾਕ ਦੇ ਹਰ ਸ਼ਬਦ ਪਿਛੇ ਇਕ ਤਸਵੀਰ ਹੁੰਦੀ ਏ। ਦੂਜੇ ਲਫਜ਼ਾਂ ਵਿਚ, ਜੇ ਇਸ ਵਾਕ ਨੂੰ ਆਪਣੀ ਕਲਪਨਾ ਵਿਚ ਵੇਖੋ, ਤਾਂ ਉਹ ਇਕ ਤਸਵੀਰ-ਲੜੀ ਬਣ ਜਾਏਗਾ। ਜੇ ਬੋਲਣ ਵੇਲੇ ਇਸ ਤਸਵੀਰ-ਲੜੀ ਵਲ ਧਿਆਨ ਕਰੋ, ਤਾਂ ਲਫਜ਼ ਵੀ ਨਹੀਂ ਭੁਲਣਗੇ।"
ਮੈਂ ਅਜ਼ਮਾ ਕੇ ਵੇਖਿਆ, ਗੱਲ ਠੀਕ ਸੀ। ਮੈਂ ਇਸ ਸਿੱਖਿਆ ਨੂੰ ਪੱਲੇ ਬੰਨ੍ਹ ਲਿਆ। ਇੰਜ ਫਿਲਮ-ਐਕਟਿੰਗ ਦਾ ਮੈਨੂੰ ਪਹਿਲਾ ਸਬਕ ਮਿਲਿਆ, ਤੇ ਇਸ ਲਈ ਮੈਂ ਡੇਵਿਡ ਦਾ ਕਰਜ਼ਦਾਰ ਹਾਂ।

2
'ਗੁੰਜਨ' ਬੁਰੀ ਤਰ੍ਹਾਂ ਫੇਲ੍ਹ ਹੋਈ। ਅੰਮ੍ਰਿਤ ਲਾਲ ਨਾਗਰ ਫਿਲਮਾਂ ਨੂੰ ਤਿਲਾਂਜਲੀ ਦੇ ਕੇ ਲਖਨਊ ਜਾ ਬੈਠੇ, ਤੇ ਆਪਣਾ ਜੀਵਨ ਪੂਰੀ ਤਰ੍ਹਾਂ ਸਾਹਿਤ ਨੂੰ ਅਰਪਣ ਕਰ ਦਿੱਤਾ।
"ਰੀਲੀਜ਼" ਤੇ ਉਹ ਆਏ ਸਨ। ਮੈਨੂੰ ਅਜ ਵਾਂਗ ਯਾਦ ਹੈ, ਇਕ ਸ਼ਾਮ ਨਲਿਨੀ, ਵਿਰੇਂਦਰ, ਉਹ ਤੇ ਮੈਂ ਜੂਹੂ ਬੀਚ ਦੀ ਰੇਤ ਉਤੇ ਬੈਠੇ ਹੋਏ ਸਾਂ। ਕਾਫੀ ਚਿਰ ਏਧਰ ਉਧਰ ਦੀਆਂ ਗੱਲਾਂ ਕਰਦੇ ਰਹੇ। ਉਹਨਾਂ ਨੂੰ ਪਤਾ ਸੀ ਕਿ ਮੈਂ ਆਪਣੀ ਅਦਾਕਾਰੀ ਬਾਰੇ ਉਹਨਾਂ ਦੀ ਰਾਏ ਉਡੀਕ ਰਿਹਾ ਹਾਂ। ਏਸ ਟੰਟੇ ਨੂੰ ਮੁਕਾਉਣ ਲਈ ਉਹਨਾਂ ਐਨਕਾਂ ਵਿਚੋਂ ਪੁਰ-ਅਸਰਾਰ ਜਹੇ ਢੰਗ ਨਾਲ ਮੇਰੇ ਵਲ ਘੂਰਦੇ ਹੋਏ ਕਿਹਾ, "ਬਹੁਤ ਅੱਛੇ ਬਲਰਾਜ ਭਾਈ, ਬਹੁਤ ਅੱਛੇ! ਕੜਕ ਸਮਾਲੋਚਨਾ ਹਮ ਫਿਰ ਕਭੀ ਕਰੇਂਗੇ।"
ਕਿਤਨਾ ਵੱਡਾ ਪੱਥਰ ਉਹਨਾਂ ਛਾਤੀ ਉਤੇ ਰੱਖ ਕੇ ਇਹ ਕਿਹਾ ਹੋਵੇਗਾ। ਪਰ ਫਿਲਮਾਂ ਵਿਚ ਜਿਤਨਾ ਚਿਰ ਉਹ ਰਹੇ, ਇਕ ਗੱਲ ਚੰਗੀ ਤਰ੍ਹਾਂ ਜਾਣ ਗਏ ਸਨ ਕਿ ਨਵੇਂ ਤੇ ਅਣਸਿੱਖੇ ਐਕਟਰ ਦੀ ਨੁਕਤਾਚੀਨੀ ਕਦੇ ਨਹੀਂ ਕਰਨੀ ਚਾਹੀਦੀ। ਉਸ ਦਾ ਹੌਸਲਾ ਬਹੁਤ ਛੇਤੀ ਟੁੱਟ ਜਾਂਦਾ ਹੈ।
ਮੈਂ ਬਹੁਤ ਵਾਰੀ ਆਪਣੇ ਆਪ ਤੋਂ ਪੁੱਛਿਆ ਹੈ - ਜੇ ਉਹ ਖਰੀ ਖਰੀ ਸੁਣਾ ਦੇਂਦੇ, ਤਾਂ ਕੀ ਮੇਰੇ ਲਈ ਚੰਗਾ ਹੁੰਦਾ ਜਾਂ ਬੁਰਾ? ਪਰ ਮੈਨੂੰ ਇਸ ਦਾ ਜਵਾਬ ਨਹੀਂ ਮਿਲਿਆ। ਹਾਂ, ਪਰ ਉਹਨਾਂ ਦਾ ਉਹ ਵਾਕ ਲਗਾਤਾਰ ਮੇਰੇ ਮਨ ਵਿਚ ਰੜਕਦਾ ਰਿਹਾ। ਆਪਣੇ ਆਪ ਨੂੰ ਬਥੇਰਾ ਧੋਖਾ ਦੇਂਦਾ ਸਾਂ, ਪਰ ਦਿਲ ਦੀ ਕਿਸੇ ਨੁੱਕਰ ਦਾ ਮੈਨੂੰ ਪਤਾ ਸੀ ਕਿ ਮੇਰੇ ਕੰਮ ਵਿਚ ਨੁਕਸ ਸਨ। ਉਹ ਕੀ ਸਨ? ਸ਼ਸ਼ੋਪੰਜ ਵਿਚ ਪਏ ਰਹਿਣ ਨਾਲੋਂ ਚੰਗਾ ਸੀ ਕਿ ਉਸ ਵੇਲੇ ਮੈਨੂੰ ਕੋਈ ਦੱਸ ਈ ਛੱਡਦਾ। ਨਾਗਰ ਜੀ ਨੇ ਜਦੋਂ ਵੀ ਕਿਤੇ ਮੇਰੇ ਬਾਰੇ ਕੁਝ ਲਿਖਿਆ ਜਾਂ ਆਖਿਆ ਹੈ, ਇਹ ਅਫਸੋਸ ਜ਼ਰੂਰ ਜ਼ਾਹਰ ਕੀਤਾ ਹੈ ਕਿ ਫਿਲਮਾਂ ਨੇ ਇਕ ਸਾਹਿਤਕਾਰ ਖੋਹ ਲਿਆ ਹੈ। ਮੈਂ ਆਪ ਇਸ ਗੱਲ ਨੂੰ ਸਵੀਕਾਰਦਾ ਹਾਂ। ਮੇਰੀ ਅੰਤਰੀਵ ਰੀਝ ਸਾਹਿਤ ਹੀ ਰਹੀ ਹੈ। ਫੇਰ ਵੀ, ਮੈਂ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਨਾਗਰ ਜੀ ਦਾ ਫਿਲਮਾਂ ਛਡ ਜਾਣਾ ਪੂਰੀ ਤਰ੍ਹਾਂ ਠੀਕ ਸੀ, ਜਾਂ ਮੇਰਾ ਛੱਡਕੇ ਨਾ ਜਾਣਾ ਪੂਰੀ ਤਰ੍ਹਾਂ ਗਲਤ ਸੀ। ਮੈਂ ਨਹੀਂ ਜਾਣਦਾ ਕਿ ਸਾਹਿਤ ਦੇ ਮੈਦਾਨ ਵਿਚ ਮੈਂ ਕੀ ਕਰ ਵਿਖਾਉਂਦਾ। ਪਰ ਫਿਲਮਾਂ ਰਾਹੀਂ ਮੈਂ ਅਦਾਕਾਰੀ ਦਾ ਹੁਨਰ ਸਿਖਿਆ, ਇਕ ਐਕਟਰ ਦੀ ਅਤਿ-ਵਚਿੱਤਰ ਤੇ ਅਤਿ-ਸੁਖਾਵੀਂ ਮਾਨਸਿਕ ਦੁਨੀਆਂ ਦਾ ਸੁਆਦ ਚੱਖਿਆ, ਇਹ ਵੀ ਇਕ ਪ੍ਰਾਪਤੀ ਹੈ।
ਵੇਖਦਿਆਂ ਵੇਖਦਿਆਂ ਨਲਿਨੀ ਜੈਵੰਤ ਚੋਟੀ ਦੀ ਅਦਾਕਾਰ ਬਣ ਗਈ। ਮਾਟੁੰਗੇ ਵਾਲਾ ਇਕ ਕਮਰੇ ਦਾ ਫਲੈਟ ਉਹਨਾਂ ਛੱਡ ਦਿਤਾ, ਜਿੱਥੇ ਸਾਰੇ ਦਿਨ ਦੀ ਸ਼ੂਟਿੰਗ ਮਗਰੋਂ ਨਲਿਨੀ ਆਪਣੇ ਹੱਥ ਨਾਲ ਖਾਣਾ ਪਕਾਉਂਦੀ ਸੀ, ਤੇ ਪਤੀ-ਪਤਨੀ ਬਹਿ ਕੇ ਇਕੋ ਥਾਲੀ ਵਿਚ ਖਾਂਦੇ ਸਨ। ਉਹਨਾਂ ਦੇ ਇਸ ਨਿੱਕੇ ਜਿਹੇ ਅਪੂਰਨ ਆਲ੍ਹਣੇ ਵਿਚੋਂ ਮੈਨੂੰ ਵੀ ਬੜਾ ਅਨੰਦ ਮਿਲਿਆ ਕਰਦਾ ਸੀ। ਪਰ ਹੁਣ ਉਹਨਾਂ ਚੈਂਬੂਰ ਵਿਚ ਬੜਾ ਵਧੀਆ ਬੰਗਲਾ ਬਣਾ ਲਿਆ ਸੀ, ਤੇ ਸਜਾਵਟ ਉੱਪਰ ਪੈਸਾ ਪਾਣੀ ਵਾਂਗ ਵੀਟਿਆ ਸੀ, ਜੋ ਕਿ ਫਾਲਤੂ ਪੈਸੇ ਦੀ ਬਹੁਲਤਾ ਕਾਰਨ, ਕਾਮਯਾਬ ਫਿਲਮੀ ਹਸਤੀਆਂ ਦੀ ਆਮ ਆਦਤ ਹੈ। ਮੈਂ ਕਦੇ ਕਦੇ ਉਹਨਾਂ ਨੂੰ ਮਿਲਣ ਚਲਾ ਜਾਂਦਾ। ਹੁਣ ਵੀ ਦੋਵੇਂ ਮੈਨੂੰ ਬੜੇ ਪਿਆਰ ਨਾਲ ਮਿਲਦੇ। ਵਿਰੇਂਦਰ ਬੜੇ ਚਾਅ ਨਾਲ ਮੈਨੂੰ ਆਪਣੀ ਘਰੇਲੂ ਸੰਪਦ ਦੀਆਂ ਖਾਸ ਖਾਸ ਚੀਜ਼ਾਂ ਵਿਖਾਉਂਦਾ। ਪਰ ਮੈਨੂੰ ਉਸ ਦੇ ਚਿਹਰੇ ਉਤੇ ਪਹਿਲਾਂ ਵਾਲਾ ਸੁਖ-ਸੰਤੋਖ ਨਹੀਂ ਸੀ ਦਿਸਦਾ। ਦਿਨ ਬਦਿਨ ਉਹਨਾਂ ਕੋਲ ਪੈਸਾ ਵਧਦਾ, ਤੇ ਪਿਆਰ ਘੱਟਦਾ ਗਿਆ। ਲੜਾਈ ਝਗੜੇ ਹੋਣੇ ਸ਼ੁਰੂ ਹੋ ਗਏ। ਫੇਰ, ਉਹ ਅਲੱਗ ਹੋ ਗਏ। ਕਦੇ ਕਦੇ ਮੈਂ ਬਸ-ਸਟਾਪਾਂ ਉਤੇ ਵਿਰੇਂਦਰ ਨੂੰ ਲਾਈਨ ਵਿਚ ਖੜਾ ਵੇਖਦਾ, ਤੇ ਮੂੰਹ ਦੂਜੇ ਪਾਸੇ ਕਰ ਕੇ ਲੰਘ ਜਾਂਦਾ। ਨਾਕਾਮੀਆਂ ਤੇ ਜ਼ਮਾਨੇ ਦੀਆਂ ਠੋਕਰਾਂ ਨਾਲ ਬੇਹਾਲ ਹੋਇਆ ਵਿਰੇਂਦਰ ਅੰਤ ਇਸ ਦੁਨੀਆਂ ਤੋਂ ਕੂਚ ਕਰ ਗਿਆ।
ਸ਼ਾਮ ਮਰਹੂਮ ਨੇ ਵੀ ਏਸੇ ਗਵਾਂਢ ਵਿਚ ਆਪਣਾ ਬੰਗਲਾ ਬਣਾਇਆ ਸੀ, ਤੇ ਇਕ ਦਿਨ ਖਬਰ ਮਿਲੀ ਕਿ ਆਊਟਡੋਰ ਸ਼ੂਟਿੰਗ ਕਰਦਿਆਂ ਉਹ ਘੋੜੇ ਤੋਂ ਡਿੱਗ ਕੇ ਮਰ ਗਿਆ ਸੀ। ਬੜਾ ਦੁੱਖ ਹੋਇਆ ਸੁਣ ਕੇ। ਸ਼ਾਮ ਵੀ ਰਾਵਲਪਿੰਡੀ ਦਾ ਸੀ, ਤੇ ਸਾਡੇ ਪਰਵਾਰਾਂ ਦਾ ਆਪਸ ਵਿਚ ਪਿਆਰ ਸੀ। ਉਹ ਮੇਰੀ ਬੜੀ ਇੱਜ਼ਤ ਕਰਦਾ ਸੀ।
ਮਾਤਮ ਪੁਰਸੀ ਲਈ ਮੈਂ ਘਰੋ ਨਿਕਲ ਪਿਆ। ਪਰ ਉਸ ਦਿਨ ਮੇਰੀ ਮੋਟਰ ਸਾਈਕਲ ਦਾ ਡਰਾਈਵਰ ਨਹੀਂ ਸੀ ਆਇਆ। ਇਹ ਵੀ ਬਜ਼ਾਤੇ-ਖੁਦ ਇਕ ਦਿਲਚਸਪ ਕਿੱਸਾ ਹੈ। ਮੋਟਰ ਲਈ ਡਰਾਈਵਰ ਰੱਖਣਾ ਆਮ ਗੱਲ ਹੈ, ਪਰ ਮੋਟਰ ਸਾਈਕਲ ਲਈ ਡਰਾਈਵਰ ਰੱਖਣ ਵਾਲਾ ਮੈਂ ਇਤਿਹਾਸ ਵਿਚ ਸ਼ਾਇਦ ਪਹਿਲਾ ਆਦਮੀ ਸਾਂ।
ਮੈਂ ਆਪਣੇ ਤਜਰਬੇ ਤੋਂ ਬਹੁਤ ਜਲਦੀ ਸਿੱਖ ਗਿਆ ਸਾਂ ਕਿ ਕਿਸੇ ਫਿਲਮ-ਸਟੂਡੀਓ ਦੇ ਫਾਟਕ ਵਿਚ ਦਾਖਲ ਹੋਣਾ ਅਪਮਾਨ ਦੀ ਗੱਲ ਹੈ। ਦਰਬਾਨਾਂ ਤੇ ਪਹਿਰੇਦਾਰਾਂ ਨੂੰ ਪੈਦਲੀਆਂ ਨਾਲ ਬੁਰਾ ਸਲੂਕ ਕਰ ਕੇ ਬਹੁਤ ਮਜ਼ਾ ਆਉਂਦਾ ਹੈ। ਕਾਮੀਡੀਅਨ ਦੀਖਸ਼ਤ, ਬੀਤੇ ਅਪਮਾਨਾ ਦੀ ਯਾਦ ਵਿਚ, ਸਟੂਡੀਓ ਵਿਚ ਦਾਖਲ ਹੋਣ ਵੇਲੇ, ਮੋਟਰ ਤੋਂ ਉਤਰ ਕੇ ਦਰਬਾਨ ਨੂੰ ਪ੍ਰਣਾਮ ਕਰਦੇ ਹੁੰਦੇ ਸਨ।
ਇਕ ਦਿਨ ਮੇਰੇ ਮਿੱਤਰ ਮਾਮਾ ਫੰਸਾਲਕਰ ਨੇ ਮੈਨੂੰ ਦੱਸਿਆ ਕਿ ਵੀ. ਸ਼ਾਂਤਾ ਰਾਮ ਦੇ ਛੋਟੇ ਵੀਰ, ਅਵਧੁਤ ਕੋਲ ਇਕ ਨਵੀਂ ਨਕੋਰ ਪੰਜ ਹਾਰਸ-ਪਾਵਰ ਏ. ਜੇ. ਐਸ਼ ਮੋਟਰ ਸਾਈਕਲ ਹੈ, ਜਿਸ ਨੂੰ ਉਹ ਵੇਚਣਾ ਚਾਹੁੰਦਾ ਹੈ। ਕਿਸੇ ਨਾ ਕਿਸੇ ਤਰ੍ਹਾਂ ਪੈਸਾ ਬਟੋਰ ਕੇ ਮੈਂ ਉਹ ਖਰੀਦ ਲਈ। ਪਰ ਸ਼ੈਤਾਨ ਦੇ ਚਰਖੇ ਨੂੰ ਚਲਾਵੇ ਕੌਣ? ਉਹਨੂੰ ਵੇਖ ਕੇ ਡਰ ਲਗਦਾ ਸੀ, ਚਲਾਉਣ ਦੀ ਤਾਂ ਗੱਲ ਵਖਰੀ ਰਹੀ। ਮਾਮਾ ਨੂੰ ਚਲਾਉਣੀ ਆਉਂਦੀ ਸੀ, ਤੇ ਚਲਾਉਣ ਦਾ ਸ਼ੌਕ ਵੀ ਸੀ। ਹੈ ਵੀ ਉਹ ਉਦੋਂ ਬੇ-ਸਰੋ-ਸਾਮਾਨ ਸੀ। ਖਵਾਜਾ ਅਹਿਮਦ ਅੱਬਾਸ ਦਾ ਅਸਿਸਟੈਂਟ ਬਣ ਕੇ ਇਕ ਪਿਕਚਰ ਲਈ ਲਾਹੌਰ ਗਿਆ ਸੀ। ਪਰ ਵਾਪਸ ਆ ਕੇ ਉਹਨੂੰ ਕੋਈ ਕੰਮ ਨਹੀਂ ਸੀ ਮਿਲਿਆ। ਹਾਲ ਦੀ ਘੜੀ ਮੈਂ ਉਹਨੂੰ ਮੋਟਰ ਸਾਈਕਲ ਉਤੇ ਹੀ ਲਗਾ ਦਿੱਤਾ। ਉਹ ਚਲਾਉਂਦਾ, ਮੈਂ ਪਿਛੇ ਬੈਠਦਾ। ਬਦਲੇ ਵਿਚ ਉਹ ਮੇਰੇ ਘਰ ਰੋਟੀ ਖਾ ਛਡਦਾ, ਸੌਂ ਛਡਦਾ।
ਉਸ ਦਿਨ ਉਹ ਕਿਸੇ ਕਾਰਨ ਨਹੀਂ ਸੀ ਆਇਆ। ਮੈਨੂੰ ਬਸ ਉਤੇ ਬਹਿ ਕੇ ਜਾਣਾ ਪਿਆ। ਚੈਂਬੂਰ ਦਾ ਰਾਹ ਓਦੋਂ ਬੜਾ ਉੱਘੜ-ਦੁੱਘੜਾ ਜਿਹਾ ਸੀ। ਸਾਇਨ ਬਸ ਬਦਲ ਕੇ ਜਦੋਂ ਮੈਂ ਦੂਜੀ ਉਤੇ ਸਵਾਰ ਹੋਇਆ, ਤਾਂ ਸਾਹਮਣੇ ਸੀਟ ਉਤੇ ਇਕ ਵਾਕਫਕਾਰ ਤੀਵੀਂ ਨੂੰ ਵੇਖਿਆ। ਉਹਨੇ 'ਗੁੜੀਆ'ਵਿਚ ਦੱਮੋ ਦੀ ਸਹੇਲੀ ਦਾ ਰੋਲ ਕੀਤਾ ਸੀ। ਸੀ ਵੀ ਉਹ ਪਿੰਡੀ ਦੀ। ਮੁਸਲਮਾਨ ਤੀਵੀਂ ਸੀ। ਛੋਟੀ ਆਰਟਿਸਟ ਸੀ, ਪਰ ਦੱਮੋ ਨੂੰ ਇਹਨਾਂ ਗੱਲਾਂ ਦਾ ਕੋਈ ਖਿਆਲ ਨਹੀਂ ਸੀ ਹੁੰਦਾ। ਉਹ ਉਹਦੇ ਨਾਲ ਬੜਾ ਚੰਗਾ ਸਲੂਕ ਕਰਦੀ ਸੀ, ਤੇ ਉਹਦੀ ਚੰਗੀ ਖਾਸੀ ਸਹੇਲੀ ਬਣ ਗਈ ਸੀ।
ਮੈਂ ਉਹਨੂੰ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਨਮਸਤੇ ਕੀਤੀ, ਪਰ ਉਹਨੇ ਮੈਨੂੰ ਵੇਖਦਿਆਂ ਹੀ ਅੱਖਾਂ ਫੇਰ ਲਈਆਂ। ਜਦੋਂ ਮੈਂ ਚੈਂਬੂਰ ਯੁਨੀਅਨ ਪਾਰਕ ਪੁੱਜਿਆ, ਤਾਂ ਭੀੜਾਂ ਦਾ ਅੰਤ ਨਹੀਂ ਸੀ। ਧੱਕੇ ਖਾਂਦਾ ਤੇ ਧੱਕੇ ਮਾਰਦਾ ਮੈਂ ਅਗਾਂਹ ਵਧਿਆ। ਕਹਿਰ ਦੀ ਮੌਤ ਹੋਈ ਸੀ। ਏਸ ਵੇਲੇ ਮੈਂ ਉਸ ਦੇ ਪਰਵਾਰ ਦੇ ਨਾਲ ਖਲੋਣਾ ਚਾਹੁੰਦਾ ਸਾਂ। ਪਰ ਜਦੋਂ ਨੇੜੇ ਪੁਜਿਆ, ਤਾਂ ਉਹਨਾਂ ਲੋਕਾਂ ਨੇ ਵੀ ਮੇਰੇ ਵਲੋਂ ਉਵੇਂ ਹੀ ਮੂੰਹ ਫੇਰ ਲਿਆ, ਜਿਵੇਂ ਬਸ ਵਿਚ ਉਸ ਔਰਤ ਨੇ ਫੇਰਿਆ ਸੀ। ਫਿਲਮੀ ਲੋਕ ਬਲਦੀ ਸ਼ਮ੍ਹਾਂ ਦੇ ਹੀ ਪਰਵਾਨੇ ਹੁੰਦੇ ਹਨ, ਇਹ ਗੱਲ ਮੈਂ ਦੱਮੋ ਦੇ ਮਰਨ ਉਪਰੰਤ ਹੀ ਵੇਖ ਲਈ ਸੀ। ਪਰ ਆਪਣੇ ਸਾਕ-ਸੰਬੰਧੀ ਵੀ ਆਪਣੇ ਹਾਣ ਦਿਆਂ ਨਾਲ ਹੀ ਪ੍ਰੇਮ ਕਰਦੇ ਹਨ, ਇਹ ਸਿੱਖਿਆ ਮੈਨੂੰ ਉਸ ਦਿਨ ਮਿਲ ਗਈ। ਮੈਨੂੰ ਇੰਜ ਲਗਾ, ਜਿਵੇਂ ਉਸ ਪਰਵਾਰ ਦੀ ਇਕ ਅੱਖ ਹੰਝੂ ਵਹਾ ਰਹੀ ਸੀ, ਤੇ ਦੂਜੀ ਸੋਗ ਵਿਚ ਸ਼ਰੀਕ ਹੋਣ ਵਾਲੇ ਫਿਲਮ ਸਟਾਰਾਂ ਦੀ ਹਾਜ਼ਰੀ ਲਾ ਰਹੀ ਸੀ।
ਉਹ ਦਿਨ ਸਚਮੁਚ ਬੜੇ ਔਖੇ ਸਨ। ਦੇਸ਼ ਦੀ ਵੰਡ ਪਿਛੋਂ ਆਪਣਾ ਸਭ ਕੁਝ ਗੁਆ ਕੇ ਪਿਤਾ ਜੀ ਦਰ-ਬਦਰ ਹੋਏ ਹੋਏ ਸਨ। ਕਿਤੇ ਇਕ ਥਾਂ ਉਹਨਾਂ ਦਾ ਚਿੱਤ ਨਹੀਂ ਸੀ ਲਗਦਾ। ਬਾਕੀ ਸਾਰਾ ਟੱਬਰ ਮੇਰੇ ਕੋਲ ਆਇਆ ਹੋਇਆ ਸੀ। ਮੇਰਾ ਨਿੱਕਾ ਵੀਰ, ਭਸ਼ਿਮ ਤੇ ਉਸ ਦੀ ਪਤਨੀ ਸ਼ੀਲਾ ਜਯੰਤ ਦੇਸਾਈ ਦੀ ਇਕ ਪਿਕਚਰ ਦੀ ਡਬਿੰਗ ਵਿਚ ਹਿੱਸਾ ਲੈ ਕੇ ਡੰਗ ਸਾਰਨ ਵਿਚ ਸਹਾਇਕ ਹੋ ਰਹੇ ਸਨ। ਮੈਂ ਆਪ ਕਦੇ ਆਲ ਇੰਡੀਆ ਰੇਡੀਉ ਦੇ ਤੇ ਕਦੇ ਫਿਲਮ ਡਵੀਜ਼ਨ ਦੇ ਦਰ ਠਕੋਰਦਾ। ਉਤੋਂ ਇਕ ਮੁਸੀਬਤ ਇਹ ਆ ਪਈ ਸੀ ਕਿ 1948 ਦੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਮਗਰੋਂ ਹੌਲੇ ਹੌਲੇ ਇਪਟਾ ਦਾ ਵੀ ਭੱਠਾ ਬੈਠਦਾ ਜਾ ਰਿਹਾ ਸੀ। ਇਪਟਾ ਦਾ ਮੈਨੂੰ ਬੜਾ ਸਹਾਰਾ ਸੀ, ਕਿਉਂਕਿ ਫਿਲਮਾਂ ਵਿਚ ਨਾਕਾਮਯਾਬ ਹੁੰਦਿਆਂ ਵੀ ਉੱਥੇ ਮੇਰੀ ਰਸੂਖਦਾਰੀ ਸੀ। ਪਰ ਕਮਿਊਨਿਸਟ ਪਾਰਟੀ ਦੀ ਰਣਦੀਵੇ-ਪਾਲਿਸੀ ਅਨੁਸਾਰ ਜਵਾਹਰ ਲਾਲ ਨਹਿਰੂ ਬਰਤਾਨਵੀ ਤੇ ਅਮਰੀਕਨ ਸਾਮਰਾਜ ਦਾ ਬਗਲ-ਬੱਚਾ ਹੋ ਗਿਆ ਸੀ। ਤਮਾਮ ਬੂਰਯਵਾ ਅਨਾਸਿਰ ਪਾਰਟੀ, ਪਰੋਲਤਾਰੀ, ਤੇ ਦੇਸ਼ ਦੇ ਦੁਸ਼ਮਣ ਕਰਾਰ ਦੇ ਦਿੱਤੇ ਗਏ ਸਨ। ਦੇਸ਼ ਦੀ ਆਜ਼ਾਦੀ ਨੂੰ ਕਬੂਲ ਨਾ ਕਰਨ ਤੇ ਪਹਿਲੀ ਆਜ਼ਾਦ-ਸਰਕਾਰ ਦੇ ਹੱਥ ਮਜ਼ਬੂਤ ਕਰਨ ਦੀ ਥਾਂ ਉਹਨੂੰ ਢਾਹੁਣ ਤੇ ਉਸ ਦੇ ਖਿਲਾਫ ਬਗਾਵਤ ਕਰਨ ਦਾ ਨਾਅਰਾ ਬੁਲੰਦ ਕਰ ਦਿੱਤਾ ਗਿਆ ਸੀ। ਇਸ ਖੜਬਾਜ਼ੀ ਮਗਰੋਂ ਪਾਰਟੀ ਦੇ ਮੁਖਤਲਿਫ ਫਰੰਟਾਂ ਵਿਚ ਬੂਰਯਵਾ ਅਨਾਸਿਰ ਨੂੰ ਦੁਰਕਾਰਿਆ ਜਾਣ ਲੱਗ ਪਿਆ। ਕਲ੍ਹ ਤੀਕਰ ਜਿਨ੍ਹਾਂ ਨੂੰ ਮਾਣ ਦਿੱਤਾ ਜਾਂਦਾ ਸੀ, ਹੁਣ ਉਹ ਵੈਰੀ-ਵਰਗ ਹੋ ਗਏ। ਕਿਸੇ ਨੂੰ ਆਨੇ ਬਹਾਨੇ ਕੱਢ ਦਿੱਤਾ ਗਿਆ, ਕੋਈ ਸਰਕਾਰੀ ਦਮਨ ਤੋਂ ਡਰ ਕੇ ਨੱਠ ਗਿਆ, ਬਹੁਤੇ ਕੁਝ ਵੀ ਆਖੇ-ਸੁਣੇ ਬਿਨਾ ਪਤਰਾ ਵਾਚ ਗਏ। ਤੇ ਇਹਨਾਂ ਵਿਚ ਖਵਾਜਾ ਅਹਿਮਦ ਅੱਬਾਸ ਵਰਗੇ ਵਡਮੁੱਲੇ ਸਾਥੀ ਵੀ ਸਨ।
ਨਵੀਂ ਪਾਰਟੀ-ਲਾਈਨ ਦਾ ਸਿਰ-ਪੈਰ ਮੈਨੂੰ ਵੀ ਪਤਾ ਨਹੀਂ ਸੀ ਲਗਦਾ, ਪਰ ਦੱਮੋ ਦੇ ਸਰੀਰ ਨੂੰ ਲਾਲ ਝੰਡੇ ਨਾਲ ਢੱਕ ਕੇ ਸਾੜਿਆ ਗਿਆ ਸੀ। ਪਾਰਟੀ ਮੇਰੇ ਜੀਵਨ ਦਾ ਅਨਿੱਖੜਵਾਂ ਅੰਗ ਬਣੀ ਹੋਈ ਸੀ। ਪਾਰਟੀ ਵਿਚ ਰਹਿ ਕੇ ਹੀ ਮੈਂ ਗਿਆਨ ਅਤੇ ਸੂਝ ਨੂੰ ਇਨਕਲਾਬੀ ਜੋਸ਼ ਉਪਰ ਤਰਜੀਹ ਦੇਣਾ ਸਿੱਖਿਆ ਸੀ। ਹੁਣ ਉਸੇ ਤੇਜ਼ੀ ਨਾਲ, ਪਾਰਟੀ ਕੋਲੋਂ ਹੀ, ਅਕਲ ਦੇ ਕਵਾੜ ਬੰਦ ਕਰਕੇ ਜੋਸ਼ ਨੂੰ ਤਰਜੀਹ ਦੇਣਾ ਸਿੱਖ ਲਿਆ। ਉਸੇ ਦੇ ਜ਼ੋਰ ਅਸਰ ਮੈਂ "ਜਾਦੂ ਕੀ ਕੁਰਸੀ' ਨਾਂ ਦਾ ਨਾਟਕ ਲਿਖਿਆ। ਮੇਰੇ ਇਕ ਸਾਥੀ ਰਾਮਾ ਰਾਓ ਨੇ, ਜੋ ਉਸ ਵੇਲੇ ਇਪਟਾ ਦਾ ਜਨਰਲ ਸੈਕਟਰੀ ਸੀ, ਉਸ ਬਾਰੇ ਮੈਨੂੰ ਵਡ-ਮੁੱਲੇ ਸੁਝਾਅ ਦਿੱਤੇ ਸਨ। ਨਾਟਕ ਭਾਵੇਂ ਮੇਰੇ ਨਾ ਉਤੇ ਹੀ ਮਸ਼ਹੂਰ ਹੋਇਆ, ਪਰ ਅਸਲੀ ਮੈਨਿਆਂ ਵਿਚ ਉਹ ਸਾਡੀ ਦੋਹਾਂ ਦੀ ਸਾਂਝੀ ਕਿਰਤ ਸੀ। ਉਸ ਵਿਚ ਅਸਾਂ ਪੰਡਤ ਜਵਾਹਰ ਲਾਲ ਨਹਿਰੂ ਅਤੇ ਉਹਨਾਂ ਦੀਆਂ ਪਾਲਸੀਆਂ ਦਾ ਰੱਜ ਕੇ ਮਜ਼ਾਕ ਉਡਾਇਆ ਸੀ। ਮੈਂ ਹੀ ਉਸ ਵਿਚ ਮੁਖ-ਪਾਤਰ ਵੀ ਖੇਡਿਆ। ਨਿਰਦੇਸ਼ਨ ਮੋਹਨ ਸਹਿਗਲ ਨੇ ਕੀਤਾ, ਜੋ ਹੁਣ ਇਕ ਪ੍ਰਖਿਆਤ ਫਿਲਮ-ਪ੍ਰੋਡੀਊਸਰ-ਡਾਇਰੈਕਟਰ ਹਨ। ਉਸ ਨਾਟਕ ਨੂੰ ਆਸ ਤੋਂ ਵਧ ਕਾਮਯਾਬੀ ਮਿਲੀ। ਦਰਸ਼ਕਾਂ ਦੇ ਢਿੱਡਾਂ ਵਿਚ ਹੱਸ-ਹੱਸ ਕੇ ਪੀੜਾਂ ਪੈਂਦੀਆਂ ਸਨ। ਕ੍ਰਿਸ਼ਨ ਚੰਦਰ ਗਿਆਰਾਂ ਵਾਰੀ ਉਹਨੂੰ ਵੇਖਣ ਆਇਆ ਸੀ।
ਜਿਨ੍ਹਾਂ ਲੋਕਾਂ ਨੇ ਉਹ ਨਾਟਕ ਵੇਖਿਆ ਹੈ, ਮੇਰੇ ਕੋਲੋਂ ਬਾਰ-ਬਾਰ ਉਸ ਦਾ ਖਰੜਾ ਮੰਗਦੇ ਹਨ। ਪਰ ਮੈਂ ਉਹਨਾਂ ਨੂੰ ਦੱਸ ਨਹੀਂ ਸਕਦਾ ਕਿ ਮੈਂ ਆਪਣੀ ਉਸ ਗਲਤ-ਕਾਰੀ ਉਪਰ ਕਿਤਨਾ ਸ਼ਰਮਿੰਦਾ ਹਾਂ। ਮੇਰੇ ਜਹੇ ਨਗੂਣੇ ਤੇ ਨਿਕੰਮੇ ਆਦਮੀ ਨੇ ਨਹਿਰੂ ਵਰਗੇ ਮਹਾਨ ਮਨੁੱਖ ਦੀ ਖਿੱਲੀ ਉਡਾਉਣ ਦੀ ਕੋਸ਼ਿਸ਼ ਕੀਤੀ, ਇਹ ਸੋਚ ਕੇ ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦਾ ਹਾਂ। ਉਸ ਮਨਹੂਸ ਕਿਰਤ ਦੇ ਤਮਾਮ ਮੁਯੱਸਰ ਖਰੜੇ ਮੈਂ ਤੀਲੀ ਲਾ ਕੇ ਸਫਾਏ-ਹਸਤੀ ਤੋਂ ਮਿਟਾ ਛੱਡੇ ਹਨ, ਤੇ ਉਹਦੀ ਰੂਪ-ਰੇਖਾ ਮੈਨੂੰ ਆਪ ਵੀ ਬਸ ਧੁੰਦਲੀ ਧੁੰਦਲੀ ਹੀ ਯਾਦ ਹੈ।
ਹਾਈਂ ਮਾਈਂ ਹੁਣ ਕੋਈ ਫਿਲਮ ਪ੍ਰੋਡੀਊਸਰ ਮੈਨੂੰ ਕੰਮ ਦੇਣ ਲਈ ਤਿਆਰ ਨਹੀਂ ਸੀ। ਪਰ ਕੁਝ ਇਕ ਮਿੱਤਰਾਂ ਨੂੰ ਮੇਰੇ ਨਾਲ ਹਮਦਰਦੀ ਸੀ, ਤੇ ਮੇਰੀ ਮਦਦ ਕਰਨਾ ਚਾਹੁੰਦੇ ਸਨ। ਵੀਰੇਂਦਰ ਦੇਸਾਈ ਦੀ ਸਿਫਾਰਸ਼ ਉੱਤੇ ਮੈਨੂੰ ਮਹੇਸ਼ ਕੌਲ ਨੇ ਸੱਦਿਆ ਤੇ ਸਕਰੀਨ-ਟੈਸਟ ਦਿੱਤਾ। ਮਤਲਬ, ਕੈਮਰੇ ਅੱਗੇ ਮੈਥੋਂ ਥੋੜਾ ਕੰਮ ਕਰਾ ਕੇ ਵੇਖਿਆ। ਪਰ ਕੈਮਰੇ ਅੱਗੇ ਆਉਂਦਿਆਂ ਸਾਰ ਮੈਂ ਲੱਕੜ ਹੋ ਗਿਆ, ਤੇ ਹੋਸ਼-ਸਵਾਸ ਓਵੇਂ ਹੀ ਬਾਖਤਾ ਹੋ ਗਏ, ਜਿਵੇਂ "ਗੂੰਜਨ" ਵੇਲੇ ਹੋ ਜਾਂਦੇ ਸਨ। ਕੈਮਰੇ ਦਾ ਖੌਫ ਮੇਰੇ ਅੰਦਰ ਹੁਣ ਡੂੰਘਾ ਧੱਸ ਚੁੱਕਿਆ ਸੀ।
ਬੰਬਈ ਦਾ ਫਿਲਮੀ ਸੰਸਾਰ ਛੋਟਾ ਜਿਹਾ ਹੈ, ਤੇ ਉਸ ਵਿਚ ਖਬਰ ਫੈਲਦਿਆਂ ਦੇਰ ਨਹੀਂ ਲਗਦੀ। ਸ਼ਾਹਿਦ ਲਤੀਫ ਨੇ ਆਪਣੀ ਫਿਲਮ, "ਬੁਜ਼ਦਿਲ" ਵਿਚ ਮੈਨੂੰ ਇਕ ਚੰਗਾ ਰੋਲ ਦੇਣ ਦਾ ਦਾਅਵਾ ਕੀਤਾ ਹੋਇਆ ਸੀ। ਦਰਜ਼ੀ ਤੋਂ ਮੇਰੇ ਲਈ ਕੱਪੜੇ ਵੀ ਸਿਲਵਾਏ ਜਾ ਚੁੱਕੇ ਸਨ। ਪਰ ਮਹੂਰਤ ਤੋਂ ਇਕ ਦਿਨ ਪਹਿਲਾਂ, ਮੇਰੀ 'ਸ਼ੁਹਰਤ' ਸੁਣ ਕੇ ਸ਼ਾਹਿਦ ਨੇ ਉਹ ਰੋਲ ਖੋਹ ਕੇ ਮੈਨੂੰ ਇਕ ਛੋਟਾ ਰੋਲ ਦੇਣ ਦਾ ਫੈਸਲਾ ਸੁਣਾ ਦਿੱਤਾ। ਮੈਥੋਂ ਇਹ ਅਪਮਾਨ ਬਰਦਾਸ਼ਤ ਨਾ ਹੋਇਆ, ਤੇ ਮੈਂ ਫਿਲਮ ਛੱਡ ਦਿੱਤੀ। ਆਪਣੇ ਮਨ ਵਿਚ ਮੈਂ ਸਾਰਾ ਕਸੂਰ ਸ਼ਾਹਿਦ ਲਤੀਫ ਨੂੰ ਹੀ ਦੇ ਰਿਹਾ ਸਾਂ।
ਏਸੇ ਤਰ੍ਹਾਂ, ਮੇਰੇ ਪਰਮ ਮਿੱਤਰ, ਅਯੂਬ ਨੇ ਆਪਣੇ ਨਿੱਕੇ ਵੀਰ, ਦਲੀਪ ਕੁਮਾਰ ਨੂੰ ਆਖ ਕੇ ਕੇ. ਆਸਿਫ ਦੀ ਫਿਲਮ "ਹਲਚਲ" ਵਿਚ ਮੈਨੂੰ ਇਕ ਚੰਗਾ ਰੋਲ ਦਿਵਾ ਦਿੱਤਾ। ਜਿਵੇਂ "ਗੂੰਜਨ" ਵਿਚ ਤ੍ਰਿਲੋਕ ਕਪੂਰ ਨਲਿਨੀ ਜੈਵੰਤ ਦਾ ਪਤੀ ਤੇ ਮੈਂ ਉਸ ਦਾ ਪ੍ਰੇਮੀ ਬਣਿਆ ਸਾਂ, ਇਵੇਂ "ਹਲਚਲ" ਵਿਚ ਦਲੀਪ ਨਰਗਿਸ ਦਾ ਪ੍ਰੇਮੀ ਤੇ ਮੈਂ ਉਸ ਦਾ ਪਤੀ ਸਾਂ। ਜਿਥੋਂ ਤੀਕਰ ਫਿਲਮ ਦੀ ਸੂ.ਟਿੰਗ ਸ਼ੁਰੂ ਨਾ ਹੋਈ, ਮੈਂ ਇਹੀ ਸੋਚ ਸੋਚ ਕੇ ਖੁਸ਼ ਹੁੰਦਾ ਰਿਹਾ ਕਿ ਇਸ ਫਿਲਮ ਦੇ ਵੀ ਦੋ ਹੀਰੋ ਹਨ, ਤੇ ਮੈਂ ਉਹਨਾਂ ਵਿਚੋਂ ਇਕ ਹਾਂ।
ਮੈਂ ਇਕ ਜੇਲ੍ਹਰ ਬਣਨਾ ਸੀ। ਆਸਿਫ ਸਾਹਬ ਹਰ ਕੰਮ ਨੂੰ ਵਡੇ ਪੈਮਾਨੇ ਉੱਤੇ ਕਰਕੇ ਖੁਸ਼ ਹੁੰਦੇ ਸਨ। ਇਕ ਦਿਨ ਉਹ ਮੈਨੂੰ ਆਰਥਰ ਰੋਡ ਜੇਲ੍ਹ ਵਿਖਾਉਣ ਲੈ ਗਏ, ਤਾਂ ਜੋ ਮੈਂ ਜੇਲ੍ਹਰ ਤੇ ਜੇਲ੍ਹ ਆਪਣੀ ਅੱਖੀਂ ਵੇਖ ਸਕਾਂ ਜੇਲ੍ਹਰ ਸਾਡੇ ਸੁਆਗਤ ਲਈ ਤਿਆਰ ਬੈਠਾ ਸੀ। ਪਹਿਲਾਂ ਆਪਣੇ ਦਫਤਰ ਵਿਚ ਉਸ ਨੇ ਆਪਣੀਆਂ ਮੁਖਤਲਿਫ ਵਰਦੀਆਂ ਸਾਨੂੰ ਵਿਖਾਇਆਂ। ਦਰਜ਼ੀ ਵੀ ਸਾਡੇ ਨਾਲ ਸੀ। ਉਹਨੇ ਵੀ ਵੇਖ ਸਮਝ ਲਈਆਂ, ਤੇ ਉਸੇ ਵੇਲੇ ਮੇਰਾ ਨਾਪ ਵੀ ਲੈ ਗਿਆ। ਕੈਦੀਆਂ ਦਾ ਰਹਿਣ-ਸਹਿਣ ਆਦਿ ਵੀ ਅਸਾਂ ਗੇੜਾ ਮਾਰ ਕੇ ਵੇਖ ਲਿਆ।
ਇਹ ਸੰਨ 1949 ਦੇ ਸ਼ੁਰੂ ਦਾ ਜ਼ਮਾਨਾ ਸੀ। ਤੋਸ਼ (ਸੰਤੋਸ਼) ਨਾਲ ਵਿਆਹ ਕੀਤਿਆਂ ਮੈਨੂੰ ਮਸਾਂ ਦਸ ਪੰਦਰਾਂ ਦਿਨ ਹੀ ਹੋਏ ਸਨ। ਅਸੀਂ ਬਲਵੰਤ ਗਾਰਗੀ ਦੇ ਲਿਖੇ ਨਾਟਕ, "ਸਿਗਨਲਮੈਨ ਦੂਲੀ" ਦੀਆਂ ਰੀਹਰਸਲਾਂ ਕਰ ਰਹੇ ਸਾਂ। ਤੋਸ਼ ਉਸ ਵਿਚ ਸਿਗਲਨਮੈਨ ਦੀ ਪਤਨੀ ਦਾ ਰੋਲ ਕਰ ਰਹੀ ਸੀ। ਡਾਇਰੈਕਟਰ ਮੈਂ ਸਾਂ। ਰੀਹਰਸਲ ਕਰਦਿਆਂ ਖਬਰ ਮਿਲੀ ਕਿ ਪਰੇਲ ਤੋਂ ਜਲੂਸ ਨਿਕਲਣ ਵਾਲਾ ਹੈ, ਤੇ ਉਸੇ ਵੇਲੇ ਸਾਨੂੰ ਉਸ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਅਸੀਂ ਮੀਆਂ-ਬੀਵੀ ਮੋਟਰ ਸਾਈਕਲ ਉਤੇ ਬਹਿ ਕੇ ਪਰੇਲ ਜਾ ਪੁਜੇ। ਮੀਟਿੰਗ ਹੋ ਰਹੀ ਸੀ। ਪੁਲਸ ਦੇ ਲੋੜ ਤੋਂ ਵਧ ਬੰਦੋਬਸਤ ਨੇ ਸਾਨੂੰ ਹੈਰਾਨ ਜ਼ਰੂਰ ਕੀਤਾ, ਪਰ ਫੇਰ ਵੀ ਅਸਾਂ ਉਹਨੂੰ ਗੈਰ-ਮਾਮੂਲੀ ਅਹਿਮੀਅਤ ਨਾ ਦਿੱਤੀ। ਜਦੋਂ ਮੀਟਿੰਗ ਪਿਛੋਂ ਜਲੂਸ ਸ਼ੁਰੂ ਹੋਇਆ, ਤਾਂ ਤੋਸ਼ ਔਰਤਾਂ ਤੇ ਮੈਂ ਮਰਦਾਂ ਵਿਚ ਰਲ ਕੇ ਨਾਲ ਤੁਰ ਪਏ। ਥੋੜ੍ਹੀ ਦੂਰ ਹੀ ਗਏ ਸਾਂ ਕਿ ਕੁਝ ਧਮਾਕੇ ਸੁਣੇ।...ਫੇਰ ਲਾਠੀ, ਗੋਲੀ, ਅਫੜਾ-ਤਫੜੀ…। ਮੈਂ ਨਾਅਰੇ ਮਾਰਦਾ ਮਾਰਦਾ ਹਵਾਲਾਤ ਦੀ ਕੋਠੜੀ ਵਿਚ ਜਾ ਬੰਦ ਹੋਇਆ। ਤੋਸ਼ ਦਾ ਕੁਝ ਪਤਾ ਨਹੀਂ ਸੀ।
ਦੋ ਮਹੀਨੇ ਮੈਂ ਵਰਲੀ ਜੇਲ੍ਹ ਵਿਚ ਨਜ਼ਰਬੰਦ ਰਿਹਾ। ਫੇਰ ਏ. ਕਲਾਸ ਮਿਲੀ ਤੇ ਆਰਥਰ ਰੋਡ ਆ ਗਿਆ। ਜੇਲ੍ਹਰ ਜਦੋਂ ਵੀ ਮਿਲਦਾ, ਮੇਰੇ ਵਲ ਬੜੇ ਗੌਰ ਨਾਲ ਵੇਖਦਾ ਰਹਿ ਜਾਂਦਾ। ਕਹਿੰਦਾ, "ਮੈਂ ਤੁਹਾਨੂੰ ਕਿਤੇ ਵੇਖਿਆ ਹੈ।"
ਮੈਂ ਉਸ ਨੂੰ ਕੀ ਦੱਸਦਾ? ਜਿਤਨੀ ਵਾਰ ਮੈਂ ਉਸ ਨੂੰ ਕਹਿੰਦਾ ਕਿ ਉਸ ਨੂੰ ਭੁਲੇਖਾ ਲੱਗ ਰਿਹਾ ਹੈ, ਉਤਨਾ ਹੀ ਉਸ ਦਾ ਯਕੀਨ ਹੋਰ ਮਜ਼ਬੂਤ ਹੋ ਜਾਂਦਾ ਕਿ ਮੈਂ ਪਹਿਲੀ ਵਾਰੀ ਜੇਲ੍ਹ ਨਹੀਂ ਆਇਆ, ਤੇ ਮੇਰੇ ਉਪਰ ਖਾਸ ਨਿਗਾਹ ਰੱਖਣੀ ਚਾਹੀਦੀ ਹੈ।

3
ਸੋਚਦਾ ਹੁੰਦਾ ਸਾਂ ਕਿ ਜੇਲ੍ਹ ਬੜੀ ਰੋਮਾਂਚਕ ਤੇ ਪੁਰ-ਅਸਰਾਰ ਥਾਂ ਹੁੰਦੀ ਹੋਵੇਗੀ, ਪਰ ਅਸਲੀਅਤ ਬੜੀ ਹੀ ਗੈਰਸ਼ਾਇਰਾਨਾ ਤੇ ਕੁਰੱਖਤ ਨਿਕਲੀ। ਤੇ ਉਸ ਨਿਜ਼ਾਮ ਦੇ ਵਹਿਸ਼ੀਪਣੇ ਵਿਚ ਕੀ ਸ਼ੱਕ, ਜਿਸ ਨੂੰ ਕਾਇਮ ਰਖਣ ਲਈ ਮਨੁੱਖਾਂ ਨੂੰ ਜਾਨਵਰਾਂ ਵਾਂਗ ਪਿੰਜਰਿਆਂ ਵਿਚ ਡੱਕਣਾ ਪਏ?
ਜੇਲ੍ਹ ਦੇ ਪਿੰਜਰਿਆਂ ਵਿਚ ਬੰਦ ਹੋਣ ਵਾਲੇ ਆਮ ਤੌਰ ਉਤੇ ਗਰੀਬ ਜਾਂ ਗਰੀਬਾਂ ਵਲੋਂ ਬੋਲਣ ਦੀ ਗੁਸਤਾਖੀ ਕਰਨ ਵਾਲੇ ਹੁੰਦੇ ਹਨ। ਸਮਾਜ-ਸ਼ਾਸਤਰੀ ਮੰਨਦੇ ਹਨ ਕਿ ਜੁਰਮਾਂ ਦਾ ਮੂਲ ਸੋਮਾ ਗਰੀਬੀ ਹੀ ਹੈ, ਅਰਥਾਤ ਗਰੀਬ ਹੋਣਾ ਹੀ ਸਭ ਤੋਂ ਵਡਾ ਜੁਰਮ ਹੈ। ਇਸ ਅਸੂਲ ਦੀ ਪੁਸ਼ਟੀ ਜੇਲ੍ਹ ਦੇ ਅੰਦਰ ਪੈਰ ਧਰਦਿਆਂ ਹੀ ਹੋ ਜਾਂਦੀ ਹੈ। ਪੈਸੇ ਵਾਲਾ ਆਦਮੀ ਜਿਤਨਾ ਜੇਲ੍ਹ ਦੇ ਬਾਹਰ ਸੁਖ-ਪੂਰਵਕ ਰਹਿੰਦਾ ਹੈ, ਉਤਨਾ ਹੀ ਉਹ ਜੇਲ੍ਹ ਦੇ ਅੰਦਰ ਵੀ ਰਹਿ ਸਕਦਾ ਹੈ। ਹਾਂ, ਗਰੀਬ ਦੀ ਗੱਲ ਹੋਰ ਹੈ। ਬਾਹਰ ਤਾਂ ਰੌਲਾ-ਰੱਪਾ ਪਾ ਕੇ ਗਰੀਬ ਫੇਰ ਵੀ ਲੋਕਾਂ ਦਾ ਧਿਆਨ ਆਪਣੇ ਨਾਲ ਹੁੰਦੇ ਜ਼ੁਲਮ ਜਾਂ ਧੱਕੇ ਵਲ ਖਿੱਚ ਸਕਦਾ ਹੈ, ਪਰ ਜੇਲ੍ਹ ਦੀ ਚਾਰਦੀਵਾਰੀ ਅੰਦਰ ਤਾਂ ਭਾਵੇਂ ਉਹਨੂੰ ਕੋਈ ਜਾਨੋਂ ਈ ਮਾਰ ਸੁੱਟੇ, ਬਾਹਰ ਦੀ ਦੁਨੀਆਂ ਨੂੰ ਕਨਸੋ ਨਹੀਂ ਪੈਂਦੀ।
"ਏ" ਕਲਾਸ ਮਿਲਣ ਮਗਰੋਂ ਮੈਂ ਆਰਥਰ ਰੋਡ ਜੇਲ੍ਹ ਦੀ ਇਕ ਸੁਖਾਵੀਂ ਬਾਰਕ ਵਿਚ ਆਪਣੇ ਕਾਮਰੇਡਾਂ ਨਾਲ ਆ ਟਿਕਿਆ। ਹੇਠਲੀ ਮੰਜ਼ਲ ਸਾਧਾਰਨ ਮੁਜਰਿਮਾਂ ਲਈ ਮਖਸੂਸ ਸੀ। ਉਸ ਵਿਚ ਇਕ ਸ਼ਾਮ ਲਗਭਗ ਪੰਜਾਹ ਨਾਬਾਲਗ ਮੁੰਡਿਆਂ ਨੂੰ ਲਿਆ ਕੇ ਡੱਕ ਦਿੱਤਾ ਗਿਆ। ਵਿਚਾਰਿਆਂ ਕੋਲ ਲੱਤਾਂ ਲੰਮੀਆਂ ਕਰਨ ਜੋਗੀ ਵੀ ਥਾਂ ਨਹੀਂ ਸੀ। ਕੈਦੀਆਂ ਦੇ ਮੂੰਹੋਂ ਸੁਣਿਆਂ ਕਿ ਹਰ ਦੂਜੇ-ਤੀਜੇ ਮਹੀਨੇ ਪੁਲਸ ਅਵਾਰਾ ਤੇ ਲਾਵਾਰਸ ਮੁੰਡਿਆਂ ਦਾ ਪੂਰ ਘੇਰ ਲਿਆਉਂਦੀ ਹੈ, ਜਿਵੇਂ ਮਿਊਨਿਸਪੈਲਟੀ ਕੁੱਤਿਆਂ ਨੂੰ ਘੇਰਦੀ ਹੈ। ਦੋ-ਤਿੰਨ ਦਿਨ ਮੁੰਡਿਆਂ ਨੂੰ ਜੇਲ੍ਹ ਵਿਚ ਰਖ ਕੇ ਤੇ ਫੇਰ ਬੱਸਾਂ ਵਿਚ ਪਾ ਕੇ ਸ਼ਹਿਰ ਤੋਂ ਵੀਹ-ਤੀਹ ਮੀਲ ਦੂਰ ਜੰਗਲਾਂ ਬੀਆਬਾਨਾਂ ਵਿਚ ਛੱਡ ਆਉਂਦੇ ਹਨ। ਕੁਝ ਮਰ ਖਪ ਜਾਂਦੇ ਹਨ, ਕੁਝ ਆਪਣੇ ਘਰਾਂ ਨੂੰ ਮੁੜ ਜਾਂਦੇ ਹਨ ਤੇ ਬਾਕੀ ਫੇਰ ਉਹੀ ਕੁਝ ਕਰਨ ਲਈ ਬੰਬਈ ਵਾਪਸ ਪੁਜ ਜਾਂਦੇ ਹਨ।
ਉਸ ਰਾਤ, ਜਦੋਂ ਬਾਰਕ ਨੂੰ ਤਾਲਾ ਵਜ ਚੁੱਕਾ ਸੀ ਤੇ ਅਸੀਂ ਸੋਣ ਦੀ ਕੋਸ਼ਸ਼ ਕਰ ਰਹੇ ਸਾਂ, ਹੇਠੋਂ ਇਕ ਮੁੰਡੇ ਦੀ ਦਰਦਨਾਕ ਚੀਕ-ਪੁਕਾਰ ਉੱਚੀ ਹੋਈ। ਪਹਿਲਾਂ ਅਸਾਂ ਸੋਚਿਆ ਕਿ ਵਿਚਾਰੇ ਨੂੰ ਡਰ ਲਗ ਰਿਹਾ ਹੋਵੇਗਾ, ਮਾਂ ਯਾਦ ਆ ਰਹੀ ਹੋਵੇਗੀ, ਜਾਂ ਫੇਰ ਕਿਸੇ ਸਾਥੀ ਨੇ ਉਹਨੂੰ ਕੁੱਟਿਆ ਹੋਵੇਗਾ। ਪਰ ਜਦੋਂ ਰੋਣਾ ਚੀਕਣਾ ਬੰਦ ਹੋਣ ਵਿਚ ਨਾ ਆਇਆ, ਤਾਂ ਅਸਾਂ ਵੀ ਬੂਹੇ ਸੀਖਾਂ ਖੜਕਾ ਖੜਕਾ ਕੇ ਜੇਲਰ ਦੇ ਆਉਣ ਦਾ ਮੁਤਾਲਬਾ ਕੀਤਾ। ਜੇਲਰ ਭਲਾ ਆਦਮੀ ਸੀ। ਉਹਨੇ ਆ ਕੇ ਦੱਸਿਆ ਕਿ ਮੁੰਡੇ ਨੂੰ ਢਿੱਡ-ਪੀੜ ਹੈ, ਫਿਕਰ ਵਾਲੀ ਕੋਈ ਗੱਲ ਨਹੀਂ। ਡਾਕਟਰ ਦੀ ਇਸ ਵੇਲੇ ਛੁੱਟੀ ਹੈ, ਪਰ ਉਹਨੂੰ ਬੁਲਾਉਣ ਲਈ ਬੰਦਾ ਭੇਜ ਦਿੱਤਾ ਗਿਆ ਹੈ।
ਕੁਝ ਚਿਰ ਅਸਾਂ ਉਡੀਕਿਆ। ਚੀਕਾਂ ਵੀ ਬੰਦ ਹੋ ਗਈਆਂ। ਅਸਾਂ ਸੋਚਿਆ ਕਿ ਡਾਕਟਰ ਆ ਗਿਆ ਹੋਵੇਗਾ, ਦਵਾਈ ਪਿਆਈ ਹੋਵੇਗੀ, ਮੁੰਡਾ ਠੀਕ ਹੋ ਗਿਆ ਹੋਵੇਗਾ।
ਅਗਲੇ ਦਿਨ ਪਤਾ ਲਗਾ ਕਿ ਮੁੰਡਾ ਮਰ ਗਿਆ ਹੈ। ਉਸ ਦਾ ਅਪੈਂਡਿਕਸ ਫਟ ਗਿਆ ਸੀ। ਡਾਕਟਰ ਕੋਈ ਨਹੀਂ ਸੀ ਆਇਆ। ਸਨਿੱਚਰਵਾਰ ਦੀ ਰਾਤ ਸੀ, ਤੇ ਉਹ ਸਿਨੇਮਾ ਵੇਖਣ ਗਿਆ ਹੋਇਆ ਸੀ। ਕਿਸੇ ਬਾਹਰਲੇ ਡਾਕਟਰ ਨੂੰ ਬੁਲਾਉਣ ਦੀ ਜੇਲਰ ਨੇ ਜਾਂ ਤਾਂ ਲੋੜ ਨਹੀਂ ਸਮਝੀ, ਜਾਂ ਫੇਰ ਉਹਨੂੰ ਅਧਿਕਾਰ ਨਹੀਂ ਸੀ।
ਇਕ ਦਿਨ ਜੇਲਰ ਨੇ ਮੈਨੂੰ ਆਪਣੇ ਦਫਤਰ ਸੱਦ ਭੇਜਿਆ। ਅਗੇ ਆਸਿਫ ਸਾਹਿਬ ਬੈਠੇ ਹੋਏ ਸਨ। ਮੈਨੂੰ ਵੇਖ ਕੇ ਦੋਵੇਂ ਜ਼ੋਰ ਦਾ ਹੱਸ ਪਏ। ਮੈਂ ਵੀ ਹਾਸੇ ਦਾ ਕਾਰਨ ਸਮਝ ਗਿਆ। ਹੁਣ ਜੇਲਰ ਨੂੰ ਪਤਾ ਲਗ ਗਿਆ ਸੀ ਕਿ ਮੈਨੂੰ ਉਸ ਨੇ ਪਹਿਲਾਂ ਕਿਥੇ ਵੇਖਿਆ ਸੀ।
ਆਸਿਫ ਸਾਹਬ ਪੁਲਸ ਕਮਿਸ਼ਨਰ ਕੋਲੋਂ ਇਕ ਅਨੋਖਾ ਆਰਡਰ ਲੈ ਆਏ ਸਨ। ਜਿਸ ਦਿਨ ਸ਼ੂਟਿੰਗ ਲਈ ਸਟੂਡੀਓ ਵਿਚ ਮੇਰੀ ਲੋੜ ਪਿਆ ਕਰੇਗੀ, ਮੈਨੂੰ ਪੁਲਸ ਦੀ ਹਿਰਾਸਤ ਵਿਚ ਉੱਥੇ ਲਿਜਾਇਆ ਤੇ ਮਗਰੋਂ ਜੇਲ੍ਹ ਵਾਪਸ ਲਿਜਾਇਆ ਜਾ ਸਕੇਗਾ।
"ਏ" ਕਲਾਸ ਨੇ ਪਹਿਲਾਂ ਹੀ ਜੇਲ੍ਹ-ਵਾਸ ਸੁਖਾਲਾ ਕਰ ਦਿੱਤਾ ਸੀ। ਏਸ ਆਰਡਰ ਨੇ ਤਾਂ ਮੈਨੂੰ ਸੁਰਖਾਬ ਦਾ ਪਰ ਹੀ ਲਾ ਛੱਡਿਆ। ਸਭ ਤੋਂ ਵੱਡੀ ਸਧਰ ਕੈਦੀ ਨੂੰ ਬਾਹਰਲੀ ਦੁਨੀਆਂ ਵੇਖਣ ਦੀ ਹੁੰਦੀ ਹੈ। ਸਾਡੀ ਬਾਰਕ ਦੇ ਬਾਹਰ, ਬਰਾਂਡੇ ਦੀ ਉੱਚੀ ਜਿਹੀ ਕੰਧੋਲੀ ਉੱਤੇ ਚੜ੍ਹ ਕੇ ਦੂਰ ਸੜਕ ਉਤੇ ਤੁਰਦੀਆਂ ਡੱਬਲ-ਡੈਕਰ ਬੱਸਾਂ ਦੀ ਉਤਲੀ ਮੰਜ਼ਲ ਵੇਖੀ ਜਾ ਸਕਦੀ ਸੀ। ਬਸ, ਇਤਨਾ ਕੁਝ ਵੇਖਣ ਲਈ ਅਸੀਂ ਵਾਰੀਆਂ ਬੰਨ੍ਹ ਕੇ ਕੰਧੋਲੀ ਉੱਤੇ ਜਾ ਚੜ੍ਹਦੇ ਸਾਂ।
ਅਤੇ ਹੁਣ? ਮੈਨੂੰ ਸਾਰਾ ਦਿਨ ਬਾਹਰ ਗੁਜ਼ਾਰਨ ਦਾ ਆਰਡਰ ਮਿਲ ਗਿਆ ਸੀ। ਆਪਣੇ ਸਾਥੀਆਂ ਲਈ ਹੀ ਨਹੀਂ, ਸਗੋਂ ਸਾਰੇ ਕੈਦੀਆਂ ਲਈ ਮੈਂ ਈਰਖਾ ਦਾ ਪਾਤਰ ਬਣ ਗਿਆ ਸਾਂ।
ਜਿਸ ਦਿਨ ਮੈਂ ਸ਼ੂਟਿੰਗ ਲਈ ਜਾਣਾ ਹੁੰਦਾ, ਜੇਲ੍ਹ ਵਿਚ ਖਾਸੀ ਚਹਿਲ-ਪਹਿਲ ਮੱਚ ਜਾਂਦੀ। ਤਰ੍ਹਾਂ ਤਰ੍ਹਾਂ ਦੀਆਂ ਫਰਮੈਸ਼ਾਂ ਮੇਰੇ ਕੋਲ ਪੁਜਦੀਆਂ। ਕੋਈ ਖੁਸ਼ਬੂਦਾਰ ਤੇਲ ਲਿਆਉਣ ਲਈ ਕਹਿੰਦਾ, ਕੋਈ ਦੰਦਾਂ ਦਾ ਮੰਜਨ, ਕੋਈ ਦਲੀਪ ਤੇ ਨਰਗਿਸ ਦੀ ਫੋਟੋ, ਕੋਈ ਚਾਹ, ਕੋਈ ਬੀੜੀ, ਕੋਈ ਖਾਸ ਬਰਾਂਡ ਦਾ ਸਿਗਰਟ। ਇਕ ਲੰਮੀ ਤੇ ਹਾਸੋਹੀਣੀ ਜਹੀ ਲਿਸਟ ਜੇਬ ਵਿਚ ਪਾ ਕੇ ਮੈਂ ਸਟੂਡੀਓ ਪਹੁੰਚ ਜਾਂਦਾ। ਆਸਿਫ ਸਾਹਬ ਉਹ ਲਿਸਟ ਆਪਣੇ ਅਸਿਸਟੰਟ ਦੇ ਹਵਾਲੇ ਕਰ ਦੇਂਦੇ। ਸ਼ਾਮ ਤਕ ਉਹ ਚੀਜ਼ਾਂ ਆ ਜਾਂਦੀਆਂ।
ਏਸ ਕੌਤਕਮਈ ਸਥਿਤੀ ਦਾ ਜੇਲਰ ਵੀ ਮਜ਼ਾ ਲੈ ਰਿਹਾ ਸੀ ਉਸ ਦਾ ਇਕ ਕੈਦੀ ਫਿਲਮ ਵਿਚ ਜੇਲਰ ਦਾ ਪਾਰਟ ਅਦਾ ਕਰ ਰਿਹਾ ਸੀ, ਇਸ ਕਾਰਨ ਉਸ ਦੀ ਜ਼ਿੰਮੇਵਾਰੀ ਵੀ ਕੁਝ ਵਧ ਗਈ ਸੀ। ਉਹ ਤੋਰਨ ਤੋਂ ਪਹਿਲਾਂ ਮੇਰਾ ਖਾਸ ਮੁਆਇਨਾ ਕਰਦਾ। ਮੇਰੀ ਹਜਾਮਤ ਵੇਖਦਾ। ਤਰ੍ਹਾਂ ਤਰ੍ਹਾਂ ਦੀਆਂ ਹਦਾਇਤਾਂ ਦੇਂਦਾ। ਇਕ ਦੋ ਵਾਰੀ ਤਾਂ ਉਹ ਮੇਰੇ ਨਾਲ ਸਟੂਡੀਓ ਵੀ ਆਇਆ।
ਉਦੋਂ ਅਜੀਬ-ਅਜੀਬ ਘਟਨਾਵਾਂ ਵਾਪਰਦੀਆਂ। ਸਾਹਿਰ ਲੁਧਿਆਨਵੀ ਵੀ ਪਾਰਟੀ ਦੇ ਨੇੜੇ ਸੀ, ਤੇ ਪੁਲਸ ਦੀਆਂ ਨਜ਼ਰਾਂ ਤੋਂ ਬਚਦਾ ਫਿਰਦਾ ਸੀ। ਇਕ ਦਿਨ ਰਾਹ-ਜਾਂਦਿਆਂ ਇਹ ਸੁਣ ਕੇ ਕਿ ਮੈਂ ਅੰਦਰ ਸਟੂਡੀਓ ਵਿਚ ਸ਼ੂਟਿੰਗ ਕਰ ਰਿਹਾ ਹਾਂ, ਉਹ ਮੈਨੂੰ ਮਿਲਣ ਚਲਾ ਆਇਆ। ਪਰ ਸੈੱਟ ਉਤੇ ਇਕ ਪੁਲਸ ਅਫਸਰ ਨੂੰ ਟਹਿਲਦਾ ਵੇਖ ਕੇ ਉਹ ਤ੍ਰਹਿ ਗਿਆ, ਤੇ ਝਟ ਬਾਹਰ ਦੌੜ ਗਿਆ।
ਬਾਹਰ ਜਾ ਕੇ ਉਹਨੂੰ ਪਤਾ ਲੱਗਾ ਕਿ ਜਿਸ ਨੂੰ ਉਹ ਪੁਲਸ ਅਫਸਰ ਸਮਝ ਰਿਹਾ ਸੀ, ਉਹ ਦਰਅਸਲ ਮੈਂ ਸਾਂ।
(ਪੁਲਸ ਅਫਸਰ ਤੇ ਜੇਲਰ ਦੀ ਵਰਦੀ ਇਕੋ ਜਹੀ ਹੁੰਦੀ ਹੈ।)
ਸਰਕਾਰੀ ਮਹਿਕਮਿਆਂ ਦੇ ਢੰਗ ਨਿਰਾਲੇ ਹੁੰਦੇ ਹਨ। ਸ਼ੂਟਿੰਗ ਵਾਲੇ ਦਿਨ ਪੁਲਿਸ ਮੈਨੂੰ ਸਵੇਰੇ ਛੇ ਵਜੇ ਹੀ ਸਟੂਡੀਓ ਲਿਆ ਪਟਕਦੀ, ਹਾਲਾਂ ਕਿ ਸ਼ਿਫਟ ਨੌਂ ਵਜੇ ਸ਼ੁਰੂ ਹੁੰਦੀ ਸੀ। ਇਹ ਤਿੰਨ ਚਾਰ ਘੰਟੇ ਲੰਘਾਉਣੇ ਬੜੇ ਔਖੇ ਹੋ ਜਾਂਦੇ। ਸਟੂਡੀਓ ਵਿਚ ਕੋਈ ਵਾਕਫਕਾਰ ਨਜ਼ਰ ਨਾ ਆਉਂਦਾ। ਜੇ ਆਉਂਦਾ ਵੀ, ਤਾਂ ਪੁਲਸ ਦੇ ਡਰ ਮਾਰਿਆਂ ਨੇੜੇ ਨਾ ਢੁਕਦਾ।
ਉਸੇ ਸਟੂਡੀਓ ਵਿਚ (ਅੱਜਕੱਲ ਉਸ ਦਾ ਨਾਂ ਰੂਪ ਤਾਰਾ ਹੈ) ਰਾਜ ਕਪੂਰ ਆਪਣੀ ਫਿਲਮ "ਬਰਸਾਤ" ਬਣਾ ਰਿਹਾ ਸੀ। ਇਕ ਸਵੇਰ ਜਦੋਂ ਮੈਂ ਸਟੂਡੀਓ ਅਪੜਿਆ, ਮਸਾਂ ਪਹੁ ਫੁਟ ਰਹੀ ਸੀ। ਰਾਜ ਨਾਈਟ-ਸ਼ਿਫਟ ਮੁਕਾ ਕੇ ਘਰ ਜਾਣ ਦੀ ਤਿਆਰੀ ਵਿਚ ਸੀ। ਉਸ ਦੇ ਅਮਲੇ ਦੇ ਬਾਕੀ ਸਾਥੀ ਜਾ ਚੁੱਕੇ ਸਨ। ਵੇਖ ਕੇ ਉਹ ਸਾਡੇ ਕੋਲ ਬੰਚ ਉਤੇ ਆ ਬੈਠਾ, ਤੇ ਕੈਂਟੀਨ ਦੇ ਮੁੰਡੇ ਨੂੰ ਚਾਹ ਲਿਆਉਣ ਲਈ ਕਿਹਾ। ਪਹਿਲਾਂ ਮੈਂ ਸਮਝਿਆ ਕਿ ਉਹਨੇ ਹਮਦਰਦੀ ਵਜੋਂ ਇੰਜ ਕੀਤਾ ਹੈ, ਪਰ ਉਸ ਦੀਆਂ ਗੱਲਾਂ ਤੋਂ ਪਤਾ ਲਗਾ ਕਿ ਉਹ ਹਮਦਰਦੀ ਦੇਣ ਲਈ ਨਹੀਂ, ਸਗੋਂ ਲੈਣ ਲਈ ਆਇਆ ਸੀ। ਮੈਂ ਕਿੱਥੋਂ ਆ ਰਿਹਾ ਸਾਂ, ਮੇਰੇ ਸਾਥੀ ਕੌਣ ਸਨ, ਇਸ ਗੱਲ ਦਾ ਉਹਨੂੰ ਕੋਈ ਅਨੁਮਾਨ ਨਹੀਂ ਸੀ।
ਸਟੂਡੀਓ ਵਿਚ ਮੇਰੇ ਨਾਲ ਇਕ ਪੁਲਸ-ਇੰਸਪੈਕਟਰ ਤੇ ਦੋ ਸਿਪਾਹੀ ਆਉਂਦੇ ਸਨ - ਸਾਦੇ ਕਪੜਿਆਂ ਵਿਚ। ਰਾਜ ਦੇ ਖਿਆਲ ਵਿਚ ਅਸੀਂ ਸਾਰੀ ਰਾਤ ਉਸ ਦੀ ਸ਼ੂਟਿੰਗ ਵੇਖਦੇ ਰਹੇ ਸਾਂ। ਉਹ ਇਸ ਗੱਲ ਤੋਂ ਬੜਾ ਖੁਸ਼ ਸੀ, ਤੇ ਸਾਨੂੰ ਹੋਰ ਵੀ ਜ਼ਿਆਦਾ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਰਾਜ ਜਦੋਂ ਵੀ ਕੋਈ ਫਿਲਮ ਬਣਾਉਂਦਾ ਹੈ, ਉਸ ਵਿਚ ਸਾਰੇ ਦਾ ਸਾਰਾ ਗੁਆਚ ਜਾਂਦਾ ਹੈ। ਉਦੋਂ ਵੀ ਉਸ ਦਾ ਇਹੀ ਹਾਲ ਸੀ। ਉਹ ਆਪਣੀ ਫਿਲਮ ਦੀਆਂ ਵਿਸ਼ੇਸ਼ਤਾਵਾਂ, ਉਲਝਾਂ ਤੇ ਪਰੇਸ਼ਾਨੀਆਂ ਦੀ ਲੰਮੀ ਦਾਸਤਾਨ ਸਾਨੂੰ ਸੁਣਾਉਂਦਾ ਰਿਹਾ, ਹਾਲਾਂਕਿ ਰਾਤ ਭਰ ਸ਼ੂਟਿੰਗ ਕਰ ਕੇ ਉਹ ਸਖਤ ਥੱਕਿਆ ਹੋਇਆ ਸੀ। ਅਖੀਰ ਆਪਣਾ ਦਿਲ ਹੌਲਾ ਕਰਕੇ ਉਹ ਸਾਡੇ ਕੋਲੋਂ ਉਠਿਆ ਤੇ ਮੋਟਰ ਵਿਚ ਬਹਿ ਕੇ ਘਰ ਰਵਾਨਾ ਹੋਇਆ। ਉਹਨੇ ਮੇਰੇ ਕੋਲੋਂ ਇਕ ਵੀ ਸਵਾਲ ਨਹੀਂ ਸੀ ਪੁੱਛਿਆ। ਉਸ ਦਿਨ ਮੈਨੂੰ ਆਪ ਕਿਸੇ ਮਹਿਰਮ ਦੀ ਬੜੀ ਲੋੜ ਸੀ। ਮੇਰੀ ਪਤਨੀ ਸਖਤ ਬੀਮਾਰ ਸੀ, ਤੇ ਹਕੂਮਤ ਨੇ ਮੈਨੂੰ ਪਰੋਲ ਉਤੇ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਮੈਂ ਬੜਾ ਹੀ ਵਰਾਨ ਮਹਿਸੂਸ ਕੀਤਾ। ਫਿਲਮੀ ਦੁਨੀਆਂ ਵਿਚ ਹਰ ਕੋਈ ਆਪਣੇ ਆਪ ਵਿਚ ਮਸਤ ਰਹਿੰਦਾ ਹੈ। ਏਸੇ ਗੱਲ ਨੂੰ ਮੱਦੇ-ਨਜ਼ਰ ਰੱਖ ਕੇ ਅਯੂਬ ਤੇ ਮੇਰੇ ਹੋਰ ਮਿੱਤਰ ਹਮੇਸ਼ਾਂ ਮੈਨੂੰ ਕੰਮ ਨਾ ਹੋਣ ਉੱਤੇ ਵੀ ਸਟੂਡੀਓਆਂ ਦੇ ਚੱਕਰ ਮਾਰਦੇ ਰਹਿਣ ਦੀ ਰਾਏ ਦੇਂਦੇ ਸਨ। ਅਖੇ ਮੈਨੂੰ ਪ੍ਰੋਡੀਊਸਰਾਂ ਦੀ ਨਿਗਾਹ ਵਿਚ ਰਹਿਣਾ ਚਾਹੀਦਾ ਹੈ, ਉਹਲੇ ਨਹੀਂ ਹੋਣਾ ਚਾਹੀਦਾ।
ਅਜ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਹ ਰਾਏ ਬਿਲਕੁਲ ਠੀਕ ਸੀ। ਸਾਡੇ ਪ੍ਰੋਡੀਊਸਰ-ਡਾਇਰੈਕਟਰ ਤਰੇਹ ਲਗਣ ਵੇਲੇ ਖੁਹ ਪੁੱਟਣ ਵਾਲੇ ਮਨੁੱਖ ਹੁੰਦੇ ਹਨ। "ਸਟਾਰਾਂ" ਦੇ "ਹਾਂ" ਕਰਨ ਤੇ ਹੀ ਕਿਸੇ ਫਿਲਮ ਦੇ ਬਣਨ ਦੀ ਸਕੀਮ ਹਰਕਤ ਵਿਚ ਆਉਂਦੀ ਹੈ। ਕੀ ਪਤਾ ਕਦੋਂ ਤੇ ਕਿਸ ਵੇਲੇ ਹਾਂ ਹੋ ਜਾਏ। ਇਸ "ਹਾਂ" ਦੀ ਸੂਚਨਾ ਮਿਲਦਿਆਂ ਹੀ ਸਟੂਡੀਓ ਵਿਚ ਪ੍ਰੋਡੀਊਸਰ ਦਾ ਦਫਤਰ ਇਕ ਦਰਬਾਰ ਦਾ ਰੂਪ ਧਾਰਨ ਕਰ ਲੈਂਦਾ ਹੈ। ਫਟਾ ਫਟ ਕਿਸਮਤਾਂ ਦੇ ਫੇਸਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਛੋਟੇ ਮੋਟੇ ਕਿਰਦਾਰ ਲਈ ਜਿਹੜਾ ਵੀ ਮੁਰਗਾ ਉਸ ਵੇਲੇ ਹਾਤੇ ਵਿਚ ਧੋਣ ਉੱਚੀ ਕਰਕੇ ਟਹਿਲ ਰਿਹਾ ਹੋਵੇ, "ਫਿੱਟ" ਹੋ ਜਾਂਦਾ ਹੈ।
ਇਕ ਹੋਰ ਗੱਲ। ਫਿਲਮ ਲਾਈਨ ਵਿਚ ਸਭ ਇਕ ਦੂਜੇ ਦਾ ਮੰਦਾ ਸੋਚਦੇ ਹਨ। ਉਤੋਂ ਉਤੋਂ ਹੱਦ ਦਰਜੇ ਦੀ ਪਿਆਰ ਮੁਹੱਬਤ ਨਾਲ ਮਿਲਦੇ ਹਨ, ਪਰ ਮਨ ਵਿਚ ਅਗਲੇ ਦੀ ਸੰਪੂਰਨ ਤੇ ਸਦੀਵੀ ਤਬਾਹੀ ਦੀ ਅਰਦਾਸ ਕਰਦੇ ਹਨ। ਜਿਹੜਾ ਬੰਦਾ ਨਜ਼ਰੋਂ ਉਹਲੇ ਹੋ ਜਾਏ, ਉਹਨਾਂ ਦੇ ਭਾਣੇ ਉਹ ਮਰ-ਖੱਪ ਗਿਆ। ਉਸ ਤੋਂ ਉਹਨਾਂ ਨੂੰ ਡੂੰਘੀ ਤਸੱਲੀ ਤੇ ਤ੍ਰਿਪਤੀ ਪ੍ਰਾਪਤ ਹੁੰਦੀ ਹੈ। ਫਿਲਮਾਂ ਵਿਚ ਕਾਮਯਾਬ ਹੋਣ ਦੀ ਇਕ ਸ਼ਰਤ ਇਹ ਵੀ ਹੈ ਕਿ ਦੋਸਤਾਂ-ਮਿੱਤਰਾਂ ਨੂੰ ਇਹ ਤ੍ਰਿਪਤੀ ਪ੍ਰਾਪਤ ਨਾ ਹੋਣ ਦਿੱਤੀ ਜਾਏ।
ਮੈਂ ਇਹ ਨਹੀਂ ਸਾਂ ਮੰਨਦਾ ਹੁੰਦਾ। ਮੋਟਰ ਸਾਈਕਲ ਕੋਲ ਹੁੰਦਿਆਂ ਵੀ ਮੈਨੂੰ ਸਟੂਡੀਓਆਂ ਦੇ ਨਿਕੰਮੇ ਗੇੜੇ ਮਾਰਨਾ ਪਸੰਦ ਨਹੀਂ ਸੀ। ਮੇਰੇ ਲਈ ਇਹ ਭੁੱਲਣਾ ਔਖਾ ਸੀ ਕਿ ਮੈਂ ਲੰਡਨ ਤੋਂ ਇਕ ਚੰਗੀ ਨੌਕਰੀ ਛੱਡ ਕੇ ਆਇਆ ਹਾਂ ਤੇ ਇਕ ਅਮੀਰ ਬਾਪ ਦਾ ਬੇਟਾ ਹਾਂ - ਜਿਵੇਂ ਆਖਦੇ ਹਨ, "ਰੱਸੀ ਜਲ ਗਈ, ਪਰ ਬੱਲ ਨਾ ਗਿਆ।"
ਜੇਲ੍ਹ-ਯਾਤਰਾ ਨੇ ਮੈਨੂੰ ਆਪਣੀ ਏਸ ਗਲਤੀ ਦਾ ਬਖੂਬੀ ਅਹਿਸਾਸ ਕਰਾ ਦਿਤਾ।
ਅਗਸਤ ਦਾ ਮਹੀਨਾ ਸੀ। ਮੋਹਲੇਧਾਰ ਮੀਂਹ ਪੈ ਰਿਹਾ ਸੀ। ਸਦਾ ਵਾਂਗ ਤੜਕਸਾਰ ਪੁਲਸ ਦੀ ਵੈਨ ਸਟੂਡੀਓ ਦੇ ਬੰਦ ਫਾਟਕ ਅਗੇ ਆ ਖਲੋਤੀ। ਮੁੜ-ਮੁੜ ਹਾਰਨ ਮਾਰਨ ਉਤੇ ਵੀ "ਲਾਲਾ" ਨੇ ਫਾਟਕ ਨਹੀਂ ਖੋਲ੍ਹਿਆ। ਅਖੀਰ ਉਹ ਗੁੱਸੇ ਨਾਲ ਭਰਿਆ-ਪੀਤਾ, ਤੇ ਬਾਰਸ਼ ਵਿਚ ਭਿੱਜਦਾ ਸਾਡੇ ਕੋਲ ਆਇਆ।
"ਓ ਤੁਮ ਕਿਸ ਕਿਸਮ ਕਾ ਇਨਸਾਨ ਏ ਓਏ। ਇਧਰ ਇਤਨਾ ਫਜਰ ਮੇਂ ਆ ਕਰ ਤੁਮ ਕਿਸ ਵਾਸਤਾ ਹਮਾਰਾ ਗਾਂ...ਮੇਂ...ਉਂ...ਕਰਤਾ ਹੈ?"
"ਫਾਟਕ ਖੋਲ੍ਹੋ, ਜ਼ਿਆਦਾ ਬਾਤ ਸੇ ਮਤਲਬ ਨਹੀਂ," ਇਨਸਪੈਕਟਰ ਨੇ ਕੜਕ ਕੇ ਕਿਹਾ।
"ਓ ਕੈਸੇ ਖੋਲ੍ਹੇਗਾ ਫਾਟਕ, ਆਜ ਸਟੂਡੀਓ ਬੰਦ ਹੈ। ਤੁਮ ਫਿਲਮ ਕਾ ਆਦਮੀ ਏ, ਫਿਰ ਬੀ ਨਹੀਂ ਜਾਨਤਾ ਏ, ਨਰਗਿਸ ਬਾਈ ਕਾ ਅੰਮਾ ਗੁਜ਼ਰ ਗਿਆ ਏ?"
ਮੈਨੂੰ ਸੁਣ ਕੇ ਸਖਤ ਸਦਮਾ ਹੋਇਆ, ਹੈਰਤ ਵੀ ਹੋਈ। ਅਜੇ ਦੋ ਹਫਤੇ ਨਹੀਂ ਸਨ ਹੋਏ, ਮੈਂ ਉਹਨਾਂ ਨੂੰ ਚੰਗਾ ਭਲਾ ਵੇਖਿਆ ਸੀ ਜੱਦਨ ਬਾਈ ਸਿਰਫ ਇੰਡਸਟਰੀ ਦੀ ਸਭ ਤੋਂ ਵਡੀ ਸਟਾਰ ਦੀ ਮਾਂ ਨਹੀਂ ਸੀ, ਬਜ਼ਾਤੇ ਖੁਦ ਇਕ ਮਹਾਨ ਕਲਾਕਾਰ, ਇਕ ਮਹਾਨ ਸ਼ਖਸੀਅਤ ਸਨ। ਇਤਨੀ ਸਭਿਅ, ਕੋਮਲ ਤੇ ਮਿੱਠ-ਬੋਲਣੀ ਖਾਤੂਨ ਮੈਂ ਘਟ-ਵਧ ਹੀ ਕਦੇ ਵੇਖੀ ਹੋਵੇਗੀ। ਜਦੋਂ ਵੀ ਮੇਰੀ ਸ਼ੂਟਿੰਗ ਹੁੰਦੀ, ਉਹ ਸਟੂਡੀਓ ਆਉਂਦੇ ਸਨ। ਬੜੀ ਡੂੰਘੀ ਹਮਦਰਦੀ ਸੀ ਉਹਨਾਂ ਨੂੰ ਮੇਰੇ ਨਾਲ, ਤੇ ਅਗਾਂਹ-ਵਧੂ ਵਿਚਾਰਧਾਰਾ ਨਾਲ ਵੀ। ਕਿਸੇ ਨਾ ਹੀਲੇ ਉਹ ਮੇਰੇ ਬੱਚਿਆਂ ਨੂੰ ਵੀ ਸਟੂਡੀਓ ਬੁਲਾ ਲੈਂਦੇ। ਮੇਕ-ਅਪ ਰੂਮ ਜਾਂ ਕਿਸੇ ਹੋਰ ਥਾਂ ਵੱਸ ਲਗਦੇ, ਮੈਨੂੰ ਮੇਰੀ ਪਤਨੀ ਨਾਲ ਵੀ ਮਿਲਾ ਛੱਡਦੇ। ਅਚਾਨਕ ਉਹਨਾਂ ਦੇ ਮਰਨ ਦੀ ਖਬਰ ਸੁਣ ਕੇ ਮੈਂ ਠਠੰਬਰ ਗਿਆ। ਰਾਤ ਨੂੰ ਅਚਾਨਕ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਉਹਨਾਂ ਦੀ ਮ੍ਰਿਤੂ ਹੋ ਗਈ ਸੀ।
ਇਨਸਪੈਕਟਰ ਨੇ ਡਰਾਈਵਰ ਨੂੰ ਨਿਰਲੇਪ ਭਾਵ ਜੇਲ੍ਹ ਵਾਪਸ ਚੱਲਣ ਦਾ ਆਰਡਰ ਦੇ ਦਿੱਤਾ। ਮੇਰਾ ਦਿਲ ਹੋਰ ਵੀ ਵਿਆਕੁਲ ਹੋ ਗਿਆ। ਇਡਨੀਆਂ ਉਡੀਕਾਂ ਪਿਛੋਂ ਆਜ਼ਾਦੀ ਦਾ ਇਕ ਦਿਨ ਨਸੀਬ ਹੋਇਆ ਸੀ। ਬੱਚਿਆਂ ਨੂੰ ਮਿਲਣ, ਤੋਸ਼ ਦਾ ਹਾਲ ਮਲੂਮ ਕਰਨ, ਤੇ ਹੋਰ ਵੀ ਕਿਤਨੇ ਕਿਸਮ ਦੀਆਂ ਉਮੀਦਾਂ ਦਿਲ ਵਿਚ ਲੈ ਕੇ ਜੇਲ੍ਹ ਵਿਚੋਂ ਨਿਕਲਿਆ ਸਾਂ। ਸਾਥੀਆਂ ਮਿੱਤਰਾਂ ਦੀਆਂ ਫਰਮਾਇਸ਼ਾਂ ਅਲੱਗ। ਮੈਨੂੰ ਇੰਜ ਨਾਮੁਰਾਦ ਵਾਪਸ ਮੁੜ ਜਾਣਾ ਉੱਕਾ ਹੀ ਸਹਿਣ ਨਹੀਂ ਸੀ ਹੋ ਰਿਹਾ। ਮੈਂ ਇਨਸਪੈਕਟਰ ਨੂੰ ਬੰਬਈ ਦੀ ਜ਼ਬਾਨ ਵਿਚ, 'ਮਸਕਾ ਲਾਉਣਾ' ਸ਼ੁਰੂ ਕੀਤਾ। ਉਹਨੂੰ ਦੱਸਣਾ ਸ਼ੁਰੂ ਕੀਤਾ ਕਿ ਜੱਦਨ ਬਾਈ ਫਿਲਮ ਤੇ ਸੰਗੀਤ ਦੀ ਦੁਨੀਆਂ ਦੀ ਕਿਤਨੀ ਵੱਡੀ ਹਸਤੀ ਸੀ। ਉਹ ਕੇਵਲ ਨਰਗਿਸ ਦੀ ਮਾਂ ਹੀ ਨਹੀਂ, ਆਪ ਵੀ ਇਕ ਮਹਾਨ ਕਲਾਕਾਰ ਰਹਿ ਚੁੱਕੀ ਸੀ। ਉਹਨਾਂ ਦੇ ਟੱਬਰ ਨਾਲ ਮੇਰੀ ਬਹੁਤ ਡੂੰਘੀ ਸਾਂਝ ਸੀ ਕੀ ਉਹ ਮੈਨੂੰ ਦੋ ਮਿੰਟ ਉਹਨਾਂ ਦੇ ਘਰ ਮਾਤਮ ਕਰਨ ਲਈ ਜਾਣ ਦੀ ਇਜ਼ਾਜਤ ਵੀ ਨਹੀਂ ਦੇ ਸਕਦਾ?
"ਨਹੀਂ, ਨਹੀਂ, ਮੈਨੂੰ ਜੋ ਹੁਕਮ ਹੈ ਉਸੇ ਦੇ ਮੁਤਾਬਕ ਚੱਲਣਾ ਹੈ। ਸ਼ੂਟਿੰਗ ਨਹੀਂ ਹੋਣੀ, ਇਸ ਦਾ ਮਤਲਬ ਸਿੱਧਾ ਜੇਲ੍ਹ ਵਾਪਸ ਜਾਣਾ ਪਏਗਾ।"
"ਪਰ ਦੋ ਮਿੰਟ ਦੇਰ ਨਾਲ ਗਏ ਤਾਂ ਕੀ ਫਰਕ ਪੈ ਜਾਏਗਾ? ਮੈਂ ਸਿਰਫ ਆਪਣੇ ਨਹੀਂ, ਤੁਹਾਡੇ ਵੀ ਫਾਇਦੇ ਦੀ ਗੱਲ ਕਰ ਰਿਹਾ ਹਾਂ। ਤੁਹਾਨੂੰ ਪਤੈ, ਫਿਲਮ ਸਟਾਰਾਂ ਦਾ ਕਿਤਨਾ ਵੱਡਾ ਜਮਘਟ ਲੱਗਾ ਹੋਵੇਗਾ ਉਹਨਾਂ ਦੇ ਘਰ? ਦਲੀਪ ਕੁਮਾਰ, ਕਾਮਿਨੀ ਕੌਸ਼ਲ, ਰਾਜ ਕਪੂਰ, ਮੋਤੀ ਲਾਲ, ਭਾਰਤ ਭੁਸ਼ਨ, ਬੇਗਮ ਪਾਰਾ, ਨਲਿਨੀ ਜੈਵੰਤ, ਅਲਨਾਸਿਰ ਤੇ ਖੋਰੇ ਹੋਰ ਕਿਤਨੇ ਐਕਟਰਾਂ-ਐਕਟਰੈਸਾਂ ਨੂੰ ਵੇਖ ਸਕੋਗੇ ਨੇੜਿਓਂ ਹੋ ਕੇ। ਜੇ ਆਖੋਗੇ, ਤਾਂ ਮੈਂ ਉਹਨਾਂ ਨਾਲ ਤੁਹਾਨੂੰ ਮਿਲਾ ਵੀ ਦਿਆਂਗਾ। ਬਸ, ਪੰਜ ਮਿੰਟ ਅਫਸੋਸ ਕਰਕੇ ਅਸੀਂ ਅਗੇ ਤੁਰ ਪਵਾਂਗੇ।"
"ਨਹੀਂ, ਨਹੀਂ, ਤੁਸਾਂ ਕਮਿਉਨਿਸਟਾਂ ਦਾ ਕੁਝ ਭਰੋਸਾ ਨਹੀਂ। ਭੀੜ-ਭਾੜ ਵਿਚ ਤੁਸੀਂ ਖਿਸਕ ਜਾਓ, ਤੇ ਮੈਨੂੰ ਨੌਕਰੀ ਤੋਂ ਹੱਥ ਧੋਣੇ ਪੈਣ।"
ਪਰ ਮੈਂ ਵੇਖਿਆ ਉਸ ਦਾ ਹੱਠ ਕੁਝ ਨਰਮ ਪੈ ਚੱਲਿਆ ਸੀ। ਮੈਂ ਹੋਰ ਟਕੋਰ ਕੀਤੀ। "ਕਿਉਂ ਯਰਕਦੇ ਫਿਰਦੇ ਓ।
ਪਸਤੌਲ ਤੁਹਾਡੀ ਜੇਬ ਵਿਚ ਹੈ, ਦੋ ਕੰਸਟੇਬਲ ਨਾਲ ਹਨ। ਬੇਸ਼ੱਕ ਮੈਨੂੰ ਬਾਹੋਂ ਫੜੀ ਰਖਣਾ।"
ਅਖੀਰ, ਉਹ ਮੰਨ ਗਿਆ, ਤੇ ਅਸਾਂ ਨਰਗਿਸ ਦੇ ਘਰ ਵਲ ਚਾਲੇ ਪਾ ਦਿੱਤੇ।
ਤਿੰਨ ਮਹੀਨੇ ਹੋ ਗਏ ਸਨ ਮੈਨੂੰ ਸਮੁੰਦਰ ਦਾ ਨਜ਼ਾਰਾ ਵੇਖਿਆ। ਚਰਚਗੇਟ ਦਾ ਮੋੜ ਕੱਟ ਕੇ ਮਰੀਨ ਡਰਾਈਵ ਦਾਖਲ ਹੁੰਦਿਆਂ ਜਦੋਂ ਦੀਵਾਰ ਟੱਪ ਕੇ ਸੜਕ ਉਪਰ ਉਛਾਲੇ ਮਾਰਦੀਆਂ, ਸ਼ੇਰ ਬੱਬਰ ਦੀ ਜੱਤ ਵਾਂਗ ਭੂਤਰੀਆਂ ਛੱਲਾਂ ਦੇ ਦਰਸ਼ਨ ਹੋਏ, ਤਾਂ ਮਨ ਬਿਹਬਲ ਹੋ ਉੱਠਿਆ। ਕੈਦੀ ਸਾਂ, ਏਸ ਲਈ ਸਮੁੰਦਰ ਦੀ ਬੇਪਨਾਹ ਸੁੰਦਰਤਾ ਦਾ ਹੋਰ ਵੀ ਮਜ਼ਾ ਲੈ ਰਿਹਾ ਸਾਂ:
ਹਜ਼ਰਤੇ ਖਿਜ਼ਰ ਗਰ ਸ਼ਹੀਦ ਨਾ ਹੋਂ
ਲੁਤਫੇ ਉਮਰੇ ਦਰਾਜ਼ ਕਿਆ ਜਾਨੇਂ।
ਨਰਗਿਸ ਹੁਰਾਂ ਦੇ ਘਰ ਸੋਗਵਾਰਾਂ ਦਾ ਹੱੜ ਜਿਹਾ ਆਇਆ ਹੋਇਆ ਸੀ। ਜਿਵੇਂ ਕਿ ਮੁਸਲਮਾਨਾਂ ਵਿਚ ਰਿਵਾਜ ਹੈ, ਲੋਕੀਂ ਅਫਸੋਸ ਕਰਦੇ ਤੇ ਥੋੜਾ ਚਿਰ ਬਹਿ ਕੇ, ਜਨਾਜ਼ੇ ਦਾ ਵਕਤ ਪੁੱਛ ਕੇ ਉੱਠ ਜਾਂਦੇ। ਪਰ ਮੈਂ ਸਾਂ ਕਿ ਇਕ ਵਾਰ ਬਹਿ ਕੇ ਉੱਠਣ ਦਾ ਨਾਂ ਨਹੀਂ ਸਾਂ ਲੈ ਰਿਹਾ, ਤੇ ਇਨਸਪੈਕਟਰ ਦਾ ਵੀ ਸਟਾਰਾਂ ਨੂੰ ਵੇਖ ਵੇਖ ਕੇ ਮੂੰਹ ਗਿੱਠ ਭਰ ਲਮਕ ਗਿਆ ਸੀ।
ਮੈਨੂੰ ਉਸ ਦਿਨ ਗਿਆਨ ਹੋਇਆ ਕਿ ਮੈਂ ਆਪਣੇ ਦੋਸਤਾਂ-ਮਿੱਤਰਾਂ ਦੀ ਯਾਦ ਵਿਚੋਂ ਕਿਸ ਹੱਦ ਤਕ ਉਤਰ ਚੁੱਕਿਆ ਸਾਂ। ਸਭ ਮੇਰੇ ਵਲ ਇੰਜ ਵੇਖਦੇ, ਜਿਵੇਂ ਕੋਈ ਮੁਰਦਾ ਕਬਰ ਵਿਚੋਂ ਉੱਠ ਕੇ ਆ ਗਿਆ ਹੋਵੇ। ਸਿਰਫ ਦੁਰਗਾ ਖੋਟੇ ਨੇ ਕੋਲ ਆ ਕੇ ਦੋ ਹਰਫ ਸਾਂਝੇ ਕੀਤੇ, ਪਰ ਮੇਰੇ ਜੇਲ੍ਹ ਵਿਚ ਹੋਣ ਦਾ ਉਹਨੂੰ ਵੀ ਕੋਈ ਇਲਮ ਨਹੀਂ ਸੀ।
ਲੋੜ ਸਿਖਾਉਂਦੀ ਹੈ। ਉਸ ਦਿਨ ਤੋਂ ਮੈਂ ਪੱਕਾ ਫੈਸਲਾ ਕਰ ਲਿਆ ਕਿ ਤਬੀਅਤ ਭਾਵੇਂ ਨਾ ਵੀ ਮੰਨੇ, ਫਿਲਮੀ ਹਲਕਿਆਂ ਦੀ ਨਜ਼ਰ ਤੋਂ ਉਹਲੇ ਕਦੇ ਨਹੀਂ ਹੋਣਾ। ਕਿਸੇ ਨਾ ਕਿਸੇ ਤਰ੍ਹਾਂ ਦੁਨੀਆਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਾਈ ਰੱਖਣਾ ਹੈ। ਇਹ ਨਹੀਂ ਕਿ ਮੇਰੇ ਜੇਲ੍ਹ ਵਿਚ ਹੋਣ, ਜਾਂ ਸ਼ੂਟਿੰਗ ਲਈ ਜੇਲ੍ਹ ਵਿਚੋਂ ਲਿਆਏ ਜਾਣ ਦੀ ਕੋਈ ਚਰਚਾ ਨਹੀਂ ਸੀ। ਪਰ ਏਸ ਚਰਚਾ ਦਾ ਲਾਭ ਮੈਨੂੰ ਤਾਂ ਹੀ ਹੋ ਸਕਦਾ ਸੀ ਜੇ ਮੈਂ ਕੋਈ ਨਾਮਵਰ ਕਲਾਕਾਰ ਹੁੰਦਾ। ਫੇਰ ਤਾਂ ਪੱਤਰਕਾਰ ਲੋਕ ਖੂਬ ਮਿਰਚ-ਮਸਾਲੇ ਲਾ ਕੇ ਇਸ ਕਹਾਣੀ ਨੂੰ ਅਖਬਾਰਾਂ ਵਿਚ ਨਸ਼ਰ ਕਰਦੇ। ਫੋਟੋ ਖਿੱਚਣ ਲਈ ਜੇਲ੍ਹ ਦੇ ਫਾਟਕ ਤੀਕਰ ਪਿੱਛਾ ਕਰਦੇ। ਪਰ ਮੇਰੀ ਪੱਧਰ ਦੇ ਕਲਾਕਾਰ ਨੂੰ ਪਬਲਿਸਟੀ ਦੇਣ ਦਾ ਕੋਈ ਮਤਲਬ ਨਹੀਂ ਸੀ ਨਿਕਲਦਾ, ਤੇ ਨਾ ਹੀ ਇਹੋ ਜਿਹੀ ਪਬਲਿਸਟੀ ਮੇਰੇ ਪੱਖ ਵਿਚ ਲਾਭਕਾਰੀ ਸੀ। ਇਹੋ ਜਿਹੇ ਕਲਾਕਾਰ ਨੂੰ ਲੈਣ ਦਾ ਪ੍ਰੋਡੀਊਸਰ ਨੂੰ ਕੀ ਲਾਭ, ਜਿਸ ਦੇ ਸ਼ੂਟਿੰਦ ਲਈ ਬਾਕਾਇਦਾ ਹਾਜ਼ਰ ਹੋਣ ਦਾ ਕੋਈ ਭਰੋਸਾ ਨਾ ਹੋਵੇ, ਤੇ ਕਮਿਊਨਿਸਟ ਸ਼ਬਦ ਨਾਲ ਤਾਂ ਉਦੋਂ ਭਾਂਤ-ਭਾਂਤ ਦੇ ਕੁਵਿਸ਼ੇਸ਼ਣ ਜੁੜੇ ਹੋਏ ਸਨ।
ਆਸਿਫ ਸਾਹਿਬ ਦੀ ਫਿਲਮਸਾਜ਼ੀ ਦੁਨੀਆਂ - ਜਹਾਨ ਨਾਲੋਂ ਵੱਖਰੀ, ਤੇ ਆਪਣੀ ਮਿਸਾਲ ਆਪ ਸੀ। ਨਾ ਤਾਂ ਉਸ ਆਜ਼ਾਦ ਬੰਦੇ ਨੂੰ ਪੈਸੇ ਦੀ, ਤੇ ਨਾ ਹੀ ਕੋਈ ਵਕਤ ਦੀ ਪਾਬੰਦੀ ਪਸੰਦ ਸੀ। ਹਰ ਵਾਰੀ ਜਦੋਂ ਮੈਂ ਸਟੂਡੀਓ ਆਉਂਦਾ, "ਹਲਚਲ" ਦੀ ਕਹਾਣੀ ਬਦਲੀ ਹੋਈ ਹੁੰਦੀ। ਜ਼ਿੰਦਗੀ ਦੀਆਂ ਤਲਖੀਆਂ ਤੇ ਕੈਮਰੇ ਦੇ ਖੌਫ ਨੇ ਪਹਿਲਾਂ ਹੀ ਮੇਰੀ ਮੱਤ ਮਾਰੀ ਹੋਈ ਸੀ, ਬੇਰਬਤ ਮਾਹੌਲ ਨੇ ਹੋਰ ਵੀ ਮਾਰ ਛੱਡੀ। ਸ਼ੂਟਿੰਗ ਦੇ ਖਿਆਲ ਤੋਂ ਹੀ ਮੈਨੂੰ ਡੋਬੂ ਪੈਣੇ ਸ਼ੁਰੂ ਹੋ ਜਾਂਦੇ। ਇਕ ਵਾਰੀ ਮੈਂ ਮੇਕ-ਅੱਪ ਕਰਾਉਂਦਾ ਕਰਾਉਂਦਾ ਚੱਕਰ ਖਾ ਕੇ ਕੁਰਸੀ ਤੋਂ ਹੇਠਾਂ ਡਿੱਗ ਪਿਆ ਸਾਂ।
ਮੈਨੂੰ ਕੈਮਰੇ ਅਗੇ ਜਾਣਾ ਸੂਲੀ ਚੜ੍ਹਨ ਬਰਾਬਰ ਲੱਗਣ ਲਗ ਪਿਆ ਸੀ। ਬੜੀ ਕੋਸ਼ਿਸ ਕਰਦਾ ਆਪਣੇ ਆਪ ਨੂੰ ਸਾਂਭਣ ਦੀ ਕਈ ਵਾਰੀ ਰੀਹਰਸਲ ਵੀ ਚੰਗੀ ਭਲੀ ਕਰ ਜਾਂਦਾ। ਸਾਰੇ ਹੌਸਲਾ-ਅਫਜ਼ਾਈ ਕਰਨ ਲਗ ਪੈਂਦੇ। ਪਰ ਸ਼ਾਟ ਦੇ ਐਨ ਵਿਚਕਾਰ ਖੋਰੇ ਕੀ ਹੋ ਜਾਂਦਾ। ਇੰਜ ਲਗਦਾ, ਜਿਵੇਂ ਮੇਰਾ ਅੰਗ ਅੰਗ ਕਿਸੇ ਤੰਦੂਏ ਨੇ ਵਲੱਸ ਲਿਆ ਹੋਵੇ। ਮੇਰੀ ਜੀਭ ਹਲਕ ਤੋਂ ਹੇਠਾਂ ਉਤਰਦੀ ਮਹਿਸੂਸ ਹੁੰਦੀ। ਬਸ, ਫੇਰ ਰੀਟੇਕ ਉਤੇ ਰੀਟੇਕ। ਮੈਨੂੰ ਇੰਜ ਲਗਦਾ, ਜਿਵੇਂ ਆਲੇ-ਦੁਆਲੇ ਖੜੇ ਲੋਕ ਵਰਾਛਾਂ ਪਾੜ ਪਾੜ ਕੇ ਮੇਰੇ ਉਤੇ ਹੱਸ ਰਹੇ ਹੋਣ। ਮੈਨੂੰ ਗਾਲ੍ਹਾਂ ਕੱਢ ਰਹੇ ਹੋਣ। ਮੈਂ ਬੜੀ ਕੋਸ਼ਿਸ਼ ਕਰਦਾ ਉਹਨਾਂ ਵਲੋਂ ਧਿਆਨ ਹਟਾਉਣ ਦੀ, ਬਿਰਤੀਆਂ ਨੂੰ ਅਭਿਨੇ ਵਲ ਕੇਂਦਰਿਤ ਕਰਨ ਦੀ, ਪਰ ਸਭ ਕੁਝ 'ਆਊਟ ਆਫ ਫੋਕਸ' ਹੀ ਹੋਈ ਚਲਾ ਜਾਂਦਾ। ਇੰਜ ਲਗਦਾ, ਜਿਵੇਂ ਅਭਿਨੇ-ਕਲਾ ਦੇ ਦਰਵਾਜ਼ੇ ਮੇਰੇ ਲਈ ਸਦਾ ਬੰਦ ਕਰ ਦਿਤੇ ਗਏ ਹੋਣ।
ਇਕ ਸੀਨ ਇਸ ਤਰ੍ਹਾਂ ਸੀ: ਨਰਗਿਸ ਨਾਲ ਮੇਰੀ ਨਵੀਂ ਨਵੀਂ ਸ਼ਾਦੀ ਹੋਈ ਹੈ। ਮੈਂ ਜੇਲ੍ਹ ਵਿਚੋਂ ਡਿਊਟੀ ਮੁਕਾ ਕੇ ਘਰ ਆਉਂਦਾ ਹਾਂ। ਦਲੀਪ, ਜੋ ਉਮਰ-ਕੈਦ ਭੁਗਤ ਰਿਹਾ ਹੈ, ਮੇਰੇ ਬੰਗਲੇ ਵਿਚ ਬਾਗਬਾਨੀ ਕਰਦਾ ਹੈ। ਸ਼ਾਦੀ ਦੀ ਮੁਬਾਰਕਬਾਦ ਦੇਣ ਲਈ ਉਹ ਫੁੱਲਾਂ ਦਾ ਗੁਲਦਸਤਾ ਮੈਨੂੰ ਤੇ ਮੇਰੀ ਪਤਨੀ ਨੂੰ ਭੇਂਟ ਕਰਦਾ ਹੈ। ਨੌਕਰ ਚਾਹ ਦੀ ਟਰੇ ਲਿਆ ਕੇ ਮੇਜ਼ ਉਤੇ ਰੱਖਦਾ ਹੈ, ਤੇ ਮੈਂ ਨਰਗਿਸ ਲਈ ਚਾਹ ਦੀ ਪਿਆਲੀ ਬਣਾਉਂਦਾ ਮਿੱਠੇ ਮਿੱਠੇ ਬੋਲ ਬੋਲਦਾ ਹਾਂ। ਉਹ ਖਾਮੋਸ਼ ਰਹਿੰਦੀ ਹੈ, ਤੇ ਮੈਂ ਹੱਸਦਾ ਹੋਇਆ ਕਪੜੇ ਉਤਾਰਨ ਲਈ ਸੌਣ-ਕਮਰੇ ਵਿਚ ਚਲਾ ਜਾਂਦਾ ਹਾਂ। ਪਿਛੋਂ ਦਲੀਪ ਨਰਗਿਸ ਨੂੰ ਆਪਣੇ ਦੁੱਖੜੇ ਸੁਣਾਉਣੇ ਸ਼ਰੂ ਕਰਦਾ ਹੈ, ਕਿਉਂਕਿ ਉਹ ਵਾਸਤਵ ਵਿਚ ਇਕ ਦੂਜੇ ਦੇ ਪ੍ਰੇਮੀ ਹਨ। ...
ਸ਼ਾਟ ਦੇ ਦੌਰਾਨ, ਜਦੋਂ ਵੀ ਦਲੀਪ ਜਾਂ ਨਰਗਿਸ ਨਾਲ ਮੇਰੀਆਂ ਅੱਖਾਂ ਮਿਲਦੀਆਂ, ਮੈਨੂੰ ਇੰਜ ਲਗਦਾ ਜਿਵੇਂ ਉਹ ਗੈਰਕੁਦਰਤੀ ਤੇ ਆਲੋਚਕ ਦੀ ਨਜ਼ਰ ਨਾਲ ਮੈਨੂੰ ਘੂਰ ਰਹੇ ਹਨ। ਮੈਨੂੰ ਉਹਨਾਂ ਦੀ ਤੱਕਣੀ ਦਾ ਮਤਲਬ ਸਮਝ ਨਾ ਆਉਂਦਾ, ਤੇ ਮੇਰਾ ਧਿਆਨ ਉਖੜ ਜਾਂਦਾ। ਸ਼ਾਟ "ਕੱਟ" ਹੋ ਜਾਂਦਾ, ਕਿਉਂਕਿ ਮੇਰੇ ਐਕਸ਼ਨ ਗਲਤ ਹੋ ਜਾਂਦੇ। ਉਸ ਤੱਕਣੀ ਦਾ ਰਹੱਸ ਅਜ ਮੈਂ ਦੱਸ ਸਕਦਾ ਹਾਂ। ਸ਼ਾਟ ਤੋਂ ਪਲ ਭਰ ਪਹਿਲਾਂ ਤੀਕਰ ਦਲੀਪ ਤੇ ਨਰਗਿਸ ਹੱਸਦੇ ਖੇਡਦੇ ਤੇ ਵਿਹਲੀਆਂ ਗੱਪਾਂ ਮਾਰ ਰਹੇ ਹੁੰਦੇ, ਪਰ ਸ਼ਾਟ ਸ਼ੁਰੂ ਹੁੰਦਿਆਂ ਸਾਰ ਉਹ ਆਪੋ ਆਪਣੇ ਕਿਰਦਾਰ ਵਿਚ ਪ੍ਰਵੇਸ਼ ਕਰ ਜਾਂਦੇ। ਪਰ ਮੈਂ ਆਪਣੇ ਕਿਰਦਾਰ ਤੋਂ ਬਾਹਰ ਹੀ ਰਹਿ ਜਾਂਦਾ ਸਾਂ। ਸੁਭਾਵਿਕ ਅਭਿਨੇ ਕਰਨ ਦੀ ਮੈਂ ਵੀ ਕੋਸ਼ਿਸ਼ ਕਰਦਾ ਸਾਂ, ਪਰ ਇਹ ਨਹੀਂ ਸਾਂ ਜਾਣਦਾ ਕਿ ਸੁਭਾਵਿਕ ਹੋਣ ਦਾ ਮਤਲਬ ਹੈ, ਕਿਰਦਾਰ ਦੇ ਅੰਦਰ ਵੜ ਕੇ ਸੁਭਾਵਿਕ ਹੋਣਾ। ਕਿਰਦਾਰ ਦੇ ਬਾਹਰ ਰਹਿ ਕੇ ਸੁਭਾਵਿਕ ਹੋਣ ਦਾ ਕੋਈ ਮਤਲਬ ਨਹੀਂ ਨਿਕਲਦਾ। ਤੇ ਕਿਰਦਾਰ ਵਿਚ ਪ੍ਰਵੇਸ਼ ਕਰਨਾ ਇਕ ਮਾਨਸਿਕ ਤੇ ਰੂਹਾਨੀ ਅਮਲ ਹੈ। ਮੈਂ ਇਸ ਅਮਲ ਤੋਂ ਨਾਵਾਕਫ ਸਾਂ। ਇਸ ਲਈ ਸਮਝਦਾ ਸਾਂ ਕਿ ਮੈਂ ਆਪ ਤਾਂ ਸੁਭਾਵਿਕ ਹੋ ਰਿਹਾ ਸਾਂ, ਪਰ ਦਲੀਪ ਤੇ ਨਰਗਿਸ ਨਕਲੀ ਹੋ ਗਏ ਸਨ। ਹਕੀਕਤ ਇਸ ਦੇ ਉਲਟ ਸੀ।
ਉਸ ਦਿਨ ਤੋਸ਼ ਵੀ ਸਟੂਡੀਓ ਦੀ ਕਿਸੇ ਗੁੱਠੇ ਬੈਠੀ ਸ਼ੂਟਿੰਗ ਵੇਖ ਰਹੀ ਸੀ। ਬੜੇ ਰੀਟੇਕ ਹੋਏ। ਮੈਂ ਚਾਹ ਬਨਾਉਣ ਲੱਗਿਆਂ ਡਾਇਲਾਗ ਭੁੱਲ ਜਾਂਦਾ ਸਾਂ, ਤੇ ਡਾਇਲਾਗ ਬੋਲਦਿਆਂ ਚਾਹ ਬਨਾਉਣੀ। ਬੜੀ ਦੁਰਗਤ ਹੋਈ।
ਅਖੀਰ, ਖਿੱਚ-ਧੂਹ ਕਰਕੇ ਕਿਸੇ ਤਰ੍ਹਾਂ ਓਜਾ ਸਾਹਬ ਤੇ ਆਸਿਫ ਸਾਹਬ ਨੇ ਸੀਨ ਨੂੰ ਬੰਨੇ ਲਾਇਆ। ਮੇਰਾ ਕੰਮ ਪੂਰਾ ਹੋਇਆ ਤੇ ਨਰਗਿਸ-ਦਲੀਪ ਦੇ ਡਾਇਲਾਗ ਸ਼ੁਰੂ ਹੋਏ। ਮੈਂ, ਇਪਟਾ ਦਾ ਤੀਸ-ਮਾਰ-ਖਾਂ, ਜੋ ਫਿਲਮ ਐਕਟਰਾਂ ਨੂੰ ਕਿਸੇ ਗਿਣਤੀ ਵਿਚ ਨਹੀਂ ਸਾਂ ਲਿਆਉਂਦਾ, ਅੱਜ ਪਹਿਲੀ ਵਾਰ ਨਿਰਮਾਣਤਾ ਤੇ ਅਦਬ ਨਾਲ ਉਹਨਾਂ ਦੇ ਹੁਨਰ ਦਾ ਮੁੱਲ ਪਾ ਰਿਹਾ ਸਾਂ। ਵੇਖ ਰਿਹਾ ਸਾਂ ਕਿ ਮੈਂ ਆਪ ਉਸ ਹੁਨਰ ਦੀ ਪਹਿਲੀ ਪੌੜੀ ਉਤੇ ਵੀ ਅਜੇ ਪੈਰ ਨਹੀਂ ਸੀ ਰੱਖਿਆ। ਮੈਨੂੰ ਉਸ ਦਿਨ ਬੜਾ ਜ਼ਬਰਦਸਤ ਧੱਕਾ ਵਜਿਆ।
ਤੋਸ਼ ਨਵੀਂ-ਨਵੀਂ ਵਲੈਤੋਂ ਆਈ ਸੀ। "ਸਿਗਨਲਮੈਨ ਦੂਲੀ" ਦੀਆਂ ਰੀਹਰਸਲਾਂ ਦੇ ਦੌਰਾਨ ਉਹਨੇ ਮੈਨੂੰ ਡਿਕਟੇਟਰ ਵਾਂਗ ਐਕਟਰਾਂ ਨੂੰ ਐਹ-ਅਹੁ ਕਰਨ ਲਈ ਆਖਣ ਤੋਂ ਵਰਜਿਆ ਸੀ। "ਡਾਇਰੈਕਟਰ ਦਾ ਕੰਮ ਕਲਾਕਾਰਾਂ ਨੂੰ ਕਠਪੁਤਲੀ ਵਾਂਗ ਨਚਾਉਣਾ ਨਹੀਂ", ਉਹਨੇ ਕਿਹਾ ਸੀ। "ਐਕਟਰ ਦੇ ਐਕਸ਼ਨ ਉਸ ਦੇ ਆਪਣੇ ਅੰਦਰੋਂ ਨਿਕਲਣੇ ਚਾਹੀਦੇ ਹਨ, ਉਸ ਦੀ ਮਨੋਕਲਪਨਾ ਵਿਚੋਂ।" ਤੇ ਉਹਨੇ ਸਤਾਨਿਸਲਾਵਸਕੀ ਦਾ ਹਵਾਲਾ ਦਿੱਤਾ ਸੀ, ਜੋ ਮੇਰੀ ਨਿਗਾਹ ਵਿਚ ਮਹਿਜ਼ ਇਕ ਬੂਰਯਵਾ ਚੋਚਲਾ ਸੀ। ਮੈਂ ਤੋਸ਼ ਨੂੰ ਡਾਂਟ ਕੇ ਚੁੱਪ ਕਰਾ ਦਿੱਤਾ ਸੀ। ਅਜ ਉਸ ਮੂਰਖਤਾ ਨੂੰ ਯਾਦ ਕਰਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਰਿਹਾ ਸਾਂ।
ਸੈੱਟ ਦੇ ਇਕ ਗੋਸ਼ੇ ਵਿਚ ਖੜਾ ਹੋ ਕੇ ਮੈਂ ਦਲੀਪ ਤੋਂ ਭਿਖਿਆ ਮੰਗੀ, "ਕੈਮਰੇ ਅਗੇ ਇਤਨੀ ਸਹਿਜਤਾ ਨਾਲ ਤੁਸੀਂ ਕਿਵੇਂ ਕੰਮ ਕਰ ਲੈਂਦੇ ਹੋ? ਕੁਝ ਮੈਨੂੰ ਵੀ ਦੱਸੋ?"
ਦਲੀਪ ਦਾ ਜਵਾਬ ਮੈਨੂੰ ਅਜ ਤੀਕਰ ਯਾਦ ਹੈ। "ਕੁਝ ਦੂਜਿਆਂ ਨੂੰ ਵੇਖ ਵੇਖ ਕੇ ਸਿੱਖਿਆ ਹੈ, ਕੁਝ ਦੋਸਤਾਂ ਨੇ ਮਦਦ ਕੀਤੀ ਹੈ।"
ਉਸ ਦੇ ਜਵਾਬ ਨੇ ਮੈਨੂੰ ਨਿਰਾਸ਼ ਕੀਤਾ। ਮੈਂ ਉਸ ਤੋਂ ਸਿਖਿਆ ਲੈਣ ਲਈ ਸਹਿਕ ਰਿਹਾ ਸਾਂ, ਪਰ ਉਹ ਮੈਨੂੰ ਟਾਲ ਗਿਆ ਸੀ। ਮੇਰੀ ਗੱਡੀ ਦਾ ਪਹੀਆ ਚਿੱਕੜ ਵਿਚ ਫਸਿਆ ਵੇਖ ਕੇ ਵੀ ਉਹ ਮਦਦ ਲਈ ਨਹੀਂ ਸੀ ਆਇਆ।
ਪਰ ਅੱਜਕੱਲ ਮੈਂ ਆਪ ਇਹੀ ਕਰਦਾ ਹਾਂ। ਮਸਲਨ, ਕੱਲ ਦੀ ਗੱਲ ਹੈ, ਸਮੁੰਦਰ ਦੇ ਕੰਢੇ ਸੈਰ ਕਰਦਿਆਂ ਮੈਨੂੰ ਕਬੀਰ ਬੇਦੀ ਮਿਲਿਆ। ਉਸ ਦੇ ਮਾਂ ਬਾਪ ਨਾਲ ਮੇਰੀ ਡੂੰਘੀ ਮਿੱਤਰਤਾ ਰਹਿ ਚੁੱਕੀ ਹੈ। ਮੈਂ ਉਸ ਦਾ ਹਾਲ ਹਵਾਲ ਪੁਛਿਆ। ਉਹ ਕਹਿਣ ਲਗਾ:
"ਮੈਨੂੰ ਰਾਜ ਖੋਸਲਾ ਨਾਲ ਕੰਮ ਕਰਕੇ ਬੜਾ ਮਜ਼ਾ ਆ ਰਿਹਾ ਹੈ। ਮੈਂ ਆਪਣੇ ਆਪ ਨੂੰ ਪੂਰੀ ਤਰ੍ਹ ਆਪਣੇ ਅਭਿਨੇ ਵਿਚ ਉਲੱਦਨ ਯੋਗ ਹੋ ਜਾਂਦਾ ਹਾਂ। ਪਹਿਲਾਂ ਮੈਂ ਕੈਮਰੇ ਅਗੇ ਸੁੰਗੜਿਆ ਸੁੰਗੜਿਆ ਮਹਿਸੂਸ ਕਰਦਾ ਸਾਂ।"
"ਹਾਂ, ਰਾਜ ਖੋਸਲਾ ਬੜਾ ਵਧੀਆ ਡਾਇਰੈਕਟਰ ਹੈ," ਮੈਂ ਕਿਹਾ।
"ਪਰ ਤੁਸੀਂ ਤਾਂ ਹਰ ਕਿਸਮ ਦੇ ਡਾਇਰੈਕਟਰਾਂ ਨਾਲ ਕੰਮ ਕਰ ਚੁੱਕੇ ਹੋ, ਬਲਰਾਜ ਜੀ। ਜੇ ਡਾਇਰੈਕਟਰ ਚੰਗਾ ਨਾ ਹੋਵੇ, ਤਾਂ ਤੁਸੀਂ ਕਿਵੇਂ ਆਪਣੇ ਆਪ ਨੂੰ ਆਪਣੇ ਕਿਰਦਾਰ ਵਿਚ ਉਲੱਦ ਲੈਂਦੇ ਹੋ?"
"ਹਾਂ, ਡਾਇਰੈਕਟਰ ਚੰਗਾ ਨਾ ਮਿਲੇ, ਤਾਂ ਜਾਨ ਅਜ਼ਾਬ ਵਿਚ ਫਸ ਜਾਂਦੀ ਹੈ।"
ਮੈਂ ਇਤਨਾ ਹੀ ਕਹਿ ਕੇ ਗੱਲ ਮੁਕਾ ਦਿੱਤੀ। ਜ਼ਰੂਰ ਕਬੀਰ ਨੇ ਵੀ ਸੋਚਿਆ ਹੋਵੇਗਾ ਕਿ ਮੈਂ ਟਾਲ ਗਿਆ ਹਾਂ। ਪਰ ਮੈਂ ਕਰਦਾ ਕੀ? ਆਰਟ ਦੇ ਅਨੁਭਵ ਬਾਰੇ ਗੱਲ ਕਰਨੀ ਸੂਈ ਦੇ ਨੱਕੇ ਵਿਚੋਂ ਹਾਥੀ ਲੰਘਾਉਣ ਵਾਲੀ ਗੱਲ ਹੁੰਦੀ ਹੈ।
ਜਜ਼ਬਾ-ਏ ਬੇਅਖਤਿਆਰ-ਏ ਸ਼ੌਕ ਦੇਖਾ ਚਾਹੀਏ
ਦਾਮਨ-ਏ ਸ਼ਮਸ਼ੀਰ ਸੇ ਬਾਹਰ ਹੈ ਦਮ ਸ਼ਮਸ਼ੀਰ ਕਾ।
ਅਖੀਰ, ਛੇ ਕੁ ਮਹੀਨੇ ਦੀ ਜੇਲ੍ਹ ਕੱਟ ਕੇ, ਰੂਹਾਨੀ ਤੇ ਜਿਸਮਾਨੀ ਦੋਵੇਂ ਤਰ੍ਹਾਂ ਟੁੱਟਿਆਂ ਤੇ ਹਾਰਿਆ ਮੈਂ ਰਿਹਾ ਹੋਇਆ। ਜਿਨ੍ਹਾਂ ਹਾਲਤਾਂ ਵਿਚ ਰਿਹਾ ਹੋਇਆ, ਉਹਨਾਂ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਇਤਨਾ ਕਹਿਣਾ ਕਾਫੀ ਹੈ ਕਿ ਇਪਟਾ ਦਾ ਨਾਟਕ-ਪਰਵਾਰ, ਜੋ ਅਜਨਬੀ ਬੰਬਈ ਸ਼ਹਿਰ ਵਿਚ ਮੇਰਾ ਇਕੋ ਇਕ ਸਹਾਰਾ ਸੀ, ਉਸ ਤੋਂ ਮੈਂ ਟੁੱਟ ਗਿਆ ਸਾਂ। ਉਸ ਦੀਆਂ ਨਜ਼ਰਾਂ ਵਿਚ ਮੈਂ ਦੇਸ਼-ਘਾਤੀ ਤੇ ਗੱਦਾਰ ਬਣ ਕੇ ਜੇਲ੍ਹ ਵਿਚੋਂ ਨਿਕਲਿਆ ਸਾਂ। ਉਸ ਪਰਵਾਰ ਵਿਚ ਹੁਣ ਮੇਰੇ ਲਈ ਕੋਈ ਥਾਂ ਨਹੀਂ ਸੀ।
ਭਾਵੇਂ ਮੇਰੀ ਆਤਮਾ ਆਪਣੇ ਆਪ ਨੂੰ ਦੇਸ਼-ਘਾਤੀ ਤੇ ਗੱਦਾਰ ਮੰਨਣ ਨੂੰ ਤਿਆਰ ਨਹੀਂ ਸੀ, ਫੇਰ ਵੀ ਇਸ ਵਿਚ ਸ਼ੱਕ ਨਹੀਂ ਕਿ ਮੇਰੇ ਜੇਰਿਆਂ ਤੇ ਉਮਗੰਾਂ ਦੀ ਕਮਾਨੀ ਹਮੇਸ਼ਾਂ ਲਈ ਟੁੱਟ ਗਈ ਸੀ। ਮੈਨੂੰ ਇੰਜ ਲਗਦਾ ਸੀ, ਜਿਵੇਂ ਮੇਰਾ ਅੰਦਰਲਾ ਖੋਖਲਾ ਹੋ ਗਿਆ ਹੋਵੇ, ਮੈਂ ਜਵਾਨੀ ਵਿਚ ਹੀ ਬੁੱਢਾ ਹੋ ਗਿਆ ਹੋਵਾਂ।
"ਹਲਚਲ" ਦੀ ਸ਼ੂਟਿੰਗ ਮੇਰੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਵੀ ਜਾਰੀ ਰਹੀ। ਕਦੇ ਕਦੇ ਲੰਚ ਵੇਲੇ ਆਸਿਫ ਸਾਹਬ, ਓਝਾ, ਦਲੀਪ, ਯਾਕੂਬ ਸਾਹਬ ਆਦਿ ਬਰਾਂਡੇ ਵਿਚ ਕੁਰਸੀਆਂ ਡਾਹ ਕੇ ਬਹਿ ਜਾਂਦੇ, ਤੇ ਇਕ ਐਕਸਟਰਾ ਨੂੰ, ਜਿਸ ਦਾ ਨਾਂ ਬਦਰੁਦੀਨ ਸੀ, ਨਕਲਾਂ ਲਾਉਣ ਲਈ ਕਹਿੰਦੇ। ਸ਼ਰਾਬੀ, ਮਾਰਵਾੜੀ, ਤੇ ਸੜਕਾਂ ਉਤੇ ਮਜਮਾ ਲਾ ਕੇ ਦਵਾਈਆਂ ਵੇਚਣ ਵਾਲੇ ਦਾ ਪਾਰਟ ਉਹ ਕਮਾਲ ਖੂਬੀ ਨਾਲ ਕਰਕੇ ਵਿਖਾਉਂਦਾ ਸੀ। ਇਕ ਦਿਨ ਮੈਂ ਆਪਣੇ ਅੰਦਰ ਦੀ ਸਾਰੀ ਕੁੜਿੱਤਣ ਉਸ ਉਪਰ ਡੋਲ੍ਹ ਦਿਤੀ। ਮੈਂ ਉਹਨੂੰ ਅਲੱਗ ਲਿਜਾ ਕੇ ਕਿਹਾ:
"ਤੈਨੂੰ ਏਥੋਂ ਦਿਹਾੜ ਦੇ ਕਿਤਨੇ ਪੈਸੇ ਮਿਲਦੇ ਹਨ?"
"ਪੰਜ ਰੁਪਏ, ਪਰ ਇਕ ਰੁਪਿਆ ਵਿਚੋਂ ਸਪਲਾਇਰ ਲੈ ਜਾਂਦਾ ਹੈ।"
"ਕੀ ਇਹਨਾਂ ਚਾਰ ਰੁਪਿਆ ਵਿਚ ਨਕਲਾਂ ਵਿਖਾਉਣ ਦੀ ਫੀਸ ਵੀ ਸ਼ਾਮਲ ਹੈ?"
"ਨਹੀਂ ਜੀ!" ਉਹ ਹੈਰਾਨ ਹੋ ਕੇ ਮੇਰੇ ਵਲ ਦੇਖਣ ਲੱਗ ਪਿਆ।
"ਫੇਰ ਤੈਨੂੰ ਇਨ੍ਹਾਂ ਅੱਗੇ ਬਾਂਦਰਾਂ ਵਾਂਗ ਨੱਚਦਿਆਂ ਸ਼ਰਮ ਨਹੀਂ ਆਉਂਦੀ?"
ਜਿਤਨੇ ਮਹੀਨੇ ਮੈਂ ਜੇਲ੍ਹ ਵਿਚ ਰਿਹਾ, ਮੇਰੇ ਕਿਸੇ ਫਿਲਮੀ ਜਾਂ ਗੈਰ-ਫਿਲਮੀ ਦੋਸਤ ਨੇ ਮੇਰੇ ਪਰਵਾਰ ਦੀ ਆਰਥਕ ਸਹਾਇਤਾ ਨਹੀਂ ਸੀ ਕੀਤੀ। ਮੈਂ ਆਪਣੀ ਤਲਖੀ ਉਸ ਉਤੇ ਕੱਢ ਰਿਹਾ ਸਾਂ।
"ਤੁਸੀਂ ਠੀਕ ਕਹਿੰਦੇ ਹੋ, ਸਾਹਬ। ਪਰ ਕੀ ਕਰਾਂ? ਵੱਡੇ ਲੋਕਾਂ ਨੂੰ ਨਾਰਾਜ਼ ਵੀ ਤਾਂ ਨਹੀਂ ਕਰ ਸਕਦਾ," ਉਸ ਨੇ ਕਿਹਾ। "ਮੈਂ ਤੈਨੂੰ ਤੇਰੀ ਕਾਬਲੀਅਤ ਅਨੁਕੂਲ ਕੰਮ ਦਿਵਾਵਾਂਗਾ," ਮੈਂ ਖਾਹ-ਮਖਾਹ ਦੀ ਫੜ ਮਾਰ ਕੇ ਕਿਹਾ, "ਬਸ਼ਰਤੇ ਕਿ ਤੂੰ ਖੁਦ ਆਪਣੇ ਵੱਡ-ਮੁਲੇ ਆਰਟ ਦੀ ਕਦਰ ਕਰੇਂ। ਉਹ ਤੇਰੇ ਇਹਨਾਂ ਤਮਾਸ਼ਬੀਨਾਂ ਦੀ ਪਹੁੰਚ ਤੋਂ ਬਾਹਰ ਦੀ ਚੀਜ਼ ਹੈ।" ਓਹੀ ਬਦਰੂਦੀਨ ਐਕਸਟਰਾ ਅਗੋਂ ਜਾ ਕੇ ਜਾਨੀ ਵਾਕਰ ਕਾਮੇਡੀਅਨ ਮਸ਼ਹੂਰ ਹੋਇਆ।

4
"ਹਲਚਲ" ਵਿਚ ਵਡੇ ਪ੍ਰੋਡੀਊਸਰਾਂ ਤੇ ਸਿਤਾਰਿਆਂ ਨਾਲ ਕੰਮ ਕਰਨ ਦਾ ਮੇਰਾ ਪਹਿਲਾ ਤਜਰਬਾ ਸੀ, ਤੇ ਕਈ ਲਿਹਾਜ਼ ਨਾਲ ਬੜਾ ਸਿਖਿਆਦਾਇਕ। ਇਕ ਤਾਂ ਮੈਂ ਵੇਖਿਆ ਕਿ ਕਿਵੇਂ ਉਹਨਾਂ ਲੋਕਾਂ ਦੇ ਪਹਿਲੂ ਵਿਚ ਦੌਲਤ ਦਾ ਦਰਿਆ ਵਗਦਾ ਹੈ, ਕਿਵੇਂ ਫਾਈਨਂੈਸਰ ਤੇ ਡਿਸਟ੍ਰੀਬਿਊਟਰ ਉਹਨਾਂ ਦੀ ਸਰਦਲ ਉਤੇ ਚਾਕਰਾਂ ਵਾਂਗ ਖਲੋਤੇ ਰਹਿੰਦੇ ਹਨ, ਕਿਵੇਂ ਬੇਦਰਦੀ ਨਾਲ ਦੌਲਤ ਨੂੰ ਉਜਾੜਿਆ ਜਾਂਦਾ ਹੈ, ਕਿਵੇਂ ਉਹ ਲੋਕ ਰਿਆਸਤੀ ਰਜਵਾੜਿਆਂ ਵਾਂਗ ਖੁਦ-ਰੌ ਤੇ ਐਸ਼-ਪਰਸਤ ਬਣ ਜਾਂਦੇ ਹਨ, ਕਿਵੇਂ ਉਹਨਾਂ ਦੇ ਅਮਲੇ-ਫੈਲੇ ਵਿਚ ਜੀ-ਹਜ਼ੂਰੀਏ, ਮੂਰਖਾਂ, ਨਿਕੰਮਿਆਂ, ਚਤਰ ਉਠਾਈਗੀਰਾਂ ਦੀ ਚੜ੍ਹਤ ਹੋ ਜਾਂਦੀ ਹੈ, ਕਿਵੇਂ ਅਣਖ ਵਾਲੇ ਦੀ ਮਿੱਟੀ ਪਲੀਤ ਹੁੰਦੀ ਹੈ, ਕਿਵੇਂ ਦਿਨ ਰਾਤ ਆਪਾ ਵਾਰ ਕੇ ਸੇਵਾ ਕਰਨ ਵਾਲਿਆਂ ਨੂੰ ਆਪਣੀ ਤਨਖਾਹ ਲਈ ਵੀ ਲਿਲ੍ਹਕਾਂ ਭੰਨਣੀਆਂ ਪੈਂਦੀਆਂ ਹਨ।
ਮੈਂ ਇਹ ਵੀ ਵੇਖਿਆ ਕਿ ਇਹਨਾਂ ਵੱਡੀਆਂ ਹਸਤੀਆਂ ਦੁਆਲੇ ਮਿਕਨਾਤੀਸ ਵਾਂਗ ਇਕ ਕਸ਼ਸ਼ ਦਾ ਹਾਲਾ ਹੁੰਦਾ ਹੈ, ਜਿਸ ਵਿਚ ਫਿਲਮੀ ਜਨੂੰਨ ਦੇ ਕੁੱਠੇ ਅੱਖਾਂ ਮੀਟ ਕੇ ਜਾ ਫਸਦੇ ਹਨ, ਤੇ ਆਪਣੇ ਖੰਭ ਸਾੜ ਲੈਂਦੇ ਹਨ।
ਮੈਨੂੰ ਇਹ ਖਤਰਾ ਆਪਣੇ ਹੀ ਨਹੀਂ, ਸਗੋਂ ਅਯੂਬ ਬਾਰੇ ਵੀ ਮਹਿਸੂਸ ਹੋਣ ਲੱਗ ਪਿਆ। ਉਹਨੀਂ ਦਿਨੀਂ ਦਲੀਪ ਤੇ ਕਾਮਿਨੀ ਕੌਸ਼ਲ ਦੇ ਰੁਮਾਂਸ ਦਾ ਬੜਾ ਚਰਚਾ ਸੀ। ਦੋਵੇਂ ਕਲਾਕਾਰ ਸ਼ੁਹਰਤ ਤੇ ਕਾਮਯਾਬੀ ਦੀ ਸਿਖਰ ਉੱਤੇ ਸਨ। ਕਿਸੇ ਹੱਦ ਤਕ ਅਯੂਬ ਦਾ ਆਪਣੇ ਨਿੱਕੇ ਵੀਰ ਦੀ ਇਸ ਵਿਖਮ ਸਮੱਸਿਆ ਬਾਰੇ ਫਿਕਰਮੰਦ ਹੋਣਾ ਸੁਭਾਵਿਕ ਸੀ। ਪਰ ਜਦੋਂ ਇਹ ਗੱਲ ਸਾਡੀ ਗੱਲਬਾਤ ਦਾ ਮੂਲ-ਵਿਸ਼ਾ ਬਣਣ ਲਗ ਗਈ, ਤਾਂ ਮੈਂ ਵਿਰਕਤ ਹੋ ਗਿਆ। ਕੁਝ ਹੋਰ ਘਟੀਆ ਕਿਸਮ ਦੀਆਂ ਗਲਤ-ਫਹਿਮੀਆਂ ਵੀ ਉਠ ਖਲੋਤੀਆਂ, ਜਿਨ੍ਹਾਂ ਕਰਕੇ ਨਾਕੇਵਲ ਸਾਡੀ ਆਪਸ ਦੀ ਬੋਲ-ਚਾਲ ਬੰਦ ਹੋ ਗਈ, ਸਗੋਂ ਪਰਵਾਰ ਵੀ ਇਕ ਦੂਜੇ ਤੋਂ ਦੂਰ ਹੋ ਗਏ।
ਮੈਨੂੰ ਕਿਵੇਂ ਪਤਾ ਹੁੰਦਾ ਕਿ ਅਯੂਬ ਹੁਣ ਦੁਨੀਆਂ ਵਿਚ ਥੋੜ੍ਹੇ ਦਿਨਾਂ ਦਾ ਮਹਿਮਾਨ ਹੈ। ਜੇ ਪਤਾ ਹੁੰਦਾ, ਤਾਂ ਮੈਂ ਆਪਣੀਆਂ ਸਾਰੀਆਂ ਤੰਗ-ਨਜ਼ਰੀਆਂ ਤੇ ਗਰਜ਼ਾਂ ਉਪਰ ਲਾਹਨਤ ਭੇਜ ਕੇ ਉਹਨੂੰ ਹਿੱਕ ਨਾਲ ਲਾਈ ਰਖਦਾ। ਉਸ ਦਾ ਸਾਥ ਕਦੇ ਨਾ ਛੱਡਦਾ। ਪਰ ਕਿਸਮਤ ਵਿਚ ਕੁਝ ਹੋਰ ਹੀ ਲਿਖਿਆ ਸੀ। ਅਯੂਬ ਦੀ ਕਬਰ ਬਾਂਦਰੇ ਵਿਚ ਹੈ। ਜਨਾਜ਼ੇ ਵਿਚ ਮੈਂ ਜ਼ਰੂਰ ਸ਼ਾਮਲ ਹੋਇਆ ਸਾਂ, ਪਰ ਉਸ ਪਿਛੋਂ ਜ਼ਿਆਰਤ ਲਈ ਇਕ ਵਾਰੀ ਵੀ ਨਹੀਂ ਸਾਂ ਜਾ ਸਕਿਆ। ਪਰ ਆਪਣੇ ਦਿਲ ਵਿਚ ਉਸ ਅਤਿਅੰਤ ਮਿੱਠੇ ਤੇ ਕੋਮਲ ਮਿੱਤਰ ਨੂੰ ਬੜੀ ਹਸਰਤ ਨਾਲ ਯਾਦ ਕਰਦਾ ਰਹਿੰਦਾ ਸਾਂ:
ਸੰਭਲਨੇ ਦੇ ਮੁਝੇ ਐ ਬਦਨਸੀਬੀ ਕਿਆ ਕਯਾਮਤ ਹੈ
ਕਿ ਦਾਮਾਨੇ ਖਣਾਲੇ ਯਾਰ ਛੁਟਾ ਜਾਏ ਹੈ ਮੁਝ ਸੇ।
ਘਰ ਦੀ ਨਿਘਰੀ ਆਰਥਕ ਦਸ਼ਾ ਦਾ ਅਹਿਸਾਸ ਬੱਚਿਆਂ ਨੂੰ ਖੋਰੇ ਕਿਵੇਂ ਹੋ ਗਿਆ। ਇਕ ਦਿਨ ਜਦ ਮੈਂ ਘਰ ਮੁੜਿਆ, ਤਾਂ ਪਰੀਖਸ਼ਤ ਆਪਣੀ ਨਿੱਕੀ ਭੈਣ ਸ਼ਬਨਮ ਨੂੰ ਕਹਿ ਰਿਹਾ ਸੀ:
"ਕਿਤਨੀ ਫਜ਼ੂਲ ਚੀਜ਼ ਹਨ ਪਟਾਕੇ! ਐਵੇਂ ਫਜ਼ੂਲ ਪੈਸਾ ਬਰਬਾਦ ਕਰਦੇ ਹਨ ਲੋਕ।"
ਮੈਨੂੰ ਯਾਦ ਆਇਆ ਕਿ ਅਗਲੇ ਦਿਨ ਦੀਵਾਲੀ ਸੀ। ਗਵਾਂਢ ਵਿਚ ਇਕ ਦਿਨ ਪਹਿਲਾਂ ਤੋਂ ਪਟਾਕੇ ਛੁੱਟ ਰਹੇ ਸਨ। ਮੇਰੇ ਦਿਲ ਨੂੰ ਬੜਾ ਕੁਝ ਹੋਇਆ, ਤੇ ਮੈਂ ਉਲਟੇ ਪੈਰੀਂ ਵਾਪਸ ਮੁੜ ਕੇ ਕਿਸੇ ਮਿੱਤਰ ਕੋਲੋਂ ਪੰਜਾਹ ਰੁਪਏ ਉਧਾਰ ਲਏ, ਤੇ ਟੋਕਰਾ ਭਰ ਕੇ ਪਟਾਕਿਆਂ ਤੇ ਮਠਿਆਈ ਦਾ ਲੈ ਆਇਆ।
ਪਰੀਖਸ਼ਤ ਉਦੋਂ ਦਸਾਂ ਕੁ ਵਰ੍ਹਿਆ ਦਾ ਸੀ। ਬਿਲਾ-ਮੁਆਵਜ਼ਾ ਤੇ ਦੋਸਤਾਨਾ ਤੌਰ ਉਤੇ ਅਸਾਂ "ਹਲਚਲ" ਵਿਚ ਉਸ ਦਾ ਛੋਟੇ ਦਲੀਪ ਦਾ ਰੋਲ ਅਦਾ ਕਰਨਾ ਮੰਨਿਆ ਹੋਇਆ ਸੀ। ਮਗਰੋਂ ਨਿਤਿਨ ਬੋਸ ਨੇ "ਦੀਦਾਰ" ਲਈ ਇਹੀ ਫਰਮਾਇਸ਼ ਕੀਤੀ, ਤੇ ਡੇਢ ਹਜ਼ਾਰ ਰੁਪਿਆ ਮੁਆਵਜ਼ਾ ਪੇਸ਼ ਕੀਤਾ। ਮੇਰੀ ਪਤਨੀ ਨੂੰ ਪਰੀਖਸ਼ਤ ਦਾ ਫਿਲਮਾਂ ਵਿਚ ਕੰਮ ਕਰਨਾ ਬਿਲਕੁਲ ਪਸੰਦ ਨਹੀਂ ਸੀ, ਕਿਉਂਕਿ ਉਸ ਦੀ ਪੜ੍ਹਾਈ ਦਾ ਹਰਜ ਹੁੰਦਾ ਸੀ। ਪਰ ਮੈਂ ਉਹਨੂੰ ਮਨਾ ਲਿਆ। ਲੋੜਵੰਦ ਜੁ ਸਾਂ। ਪਰੀਖਸ਼ਤ ਅੱਗੇ ਵੀ ਮੈਂ ਇਕ ਦੋਸਤ ਵਾਂਗ, ਸਾਰੀ ਗੱਲ ਖੋਲ੍ਹ ਕੇ ਰਖੀ ਕਿ ਇਸ ਵੇਲੇ ਉਹ ਵੀ ਆਪਣੇ ਆਪ ਨੂੰ ਘਰ ਦਾ ਮਰਦ ਸਮਝੇ, ਕਿਉਂਕਿ ਉਸ ਦੀ ਕਮਾਈ ਪਰਵਾਰ ਲਈ ਵਰਤੀ ਜਾਏਗੀ। ਪਰੀਖਸ਼ਤ ਚੁੱਪਚਾਪ ਸੁਣਦਾ ਰਿਹਾ। ਆਪਣੇ ਵਲੋਂ ਮੈਂ ਬੜੀ ਅਕਲ ਦੀ ਗੱਲ ਕਰ ਰਿਹਾ ਸਾਂ, ਪਰ ਮਨੋਵਿਗਿਆਨਕ ਦ੍ਰਿਸ਼ੀਕੋਣ ਤੋਂ ਉਹ ਅਕਲ ਦੀ ਸੀ ਜਾਂ ਮੂਰਖਤਾ ਦੀ, ਕਹਿ ਨਹੀਂ ਸਕਦਾ।
ਨਾਬਾਲਗ ਬੱਚੇ ਦਾ ਇਕੱਲਿਆਂ ਸਟੂਡੀਓ ਵਿਚ ਕੰਮ ਉਤੇ ਜਾਣਾ ਠੀਕ ਨਹੀਂ ਸਮਝਿਆ ਜਾਂਦਾ। ਘਰ ਦੇ ਕਿਸੇ ਨਾ ਕਿਸੇ ਵਿਅਕਤੀ ਦਾ ਨਾਲ ਰਹਿਣਾ ਚੰਗਾ ਰਹਿੰਦਾ ਹੈ। ਪਰ ਪਰੀਖਸ਼ਤ ਦੇ ਨਾਲ ਸਟੂਡੀਓ ਜਾਣ ਵਿਚ ਮੇਰੇ ਆਪਣੇ ਸਵੈਮਾਣ ਨੂੰ ਸੱਟ ਵੱਜਦੀ ਸੀ। ਲੋਕਾਂ ਦੀਆਂ ਨਜ਼ਰਾਂ ਵਿਚ ਮੈਂ ਬੱਚੇ ਤੋਂ ਕੰਮ ਕਰਾਉਣ ਵਾਲਾ ਬੇਰੁਜ਼ਗਾਰ ਬਾਪ ਬਣ ਜਾਂਦਾ। ਪਰੀਕਸ਼ਤ ਨੂੰ ਤਾਂ ਮਰਦ ਬਣਨ ਲਈ ਮੈਂ ਵੰਗਾਰ ਲਿਆ ਸੀ, ਪਰ ਆਪ ਮਰਦਾਨਗੀ ਨਾਲ ਪ੍ਰਸਿਥਿਤੀ ਦਾ ਮੁਕਾਬਲਾ ਕਰਨ ਜੋਗਾ ਨਾ ਹੋ ਸਕਿਆ। ਮੈਂ ਆਪਣੇ ਆਪ ਨੂੰ ਇਹੀ ਸੋਚ ਕੇ ਤਸੱਲੀ ਦੇ ਲਈ ਕਿ ਨਿਤਿਨ ਬੋਸ ਤੇ ਦਲੀਪ ਉਹਨੂੰ ਆਪਣੇ ਬੱਚਿਆਂ ਵਾਂਗ ਹੀ ਸਮਝਦੇ ਹਨ ਤੇ ਉਸ ਦੀ ਜ਼ਰੂਰ ਚੰਗੀ ਤਰ੍ਹਾਂ ਦੇਖਭਾਲ ਕਰਦੇ ਹੋਣਗੇ। ਉਹ ਸਟੂਡੀਓ ਤੋਂ ਆਉਂਦਾ ਵੀ ਹਮੇਸ਼ਾਂ ਖੁਸ਼-ਖੁਸ਼ ਸੀ। ਇਕ ਦਿਨ ਮੋਟਰ ਸਾਈਕਲ ਉਤੇ ਸੈਂਟਰਲ ਸਟੂਡੀਓ ਦੇ ਅੱਗੋਂ ਦੀ ਲੰਘਦਾ ਮੈਂ ਪਰੀਖਸ਼ਤ ਨੂੰ ਮਿਲਣ ਅੰਦਰ ਚਲਾ ਗਿਆ। ਬੜਾ ਹੌਲਨਾਕ ਸੀਨ ਲਿਆ ਜਾ ਰਿਹਾ ਸੀ। ਘੁੱਪ ਹਨੇਰੀ ਰਾਤ। ਹਨੇਰੀ-ਝੱਖੜ। ਉਸ ਵਿਚ ਲਾਲਟੈਨ ਹੱਥ ਵਿਚ ਫੜੀ, ਇਕ ਬੇਆਸਰਾ ਮਾਸੂਮ ਬੱਚਾ ਜੰਗਲਾਂ-ਬੀਆਬਾਨਾਂ ਵਿਚ ਭਟਕ ਰਿਹਾ ਹੈ। ਚੀਕਦਾ-ਕੁਰਲਾਉਂਦਾ ਹੈ। ਪਰ ਕੋਈ ਉਸ ਦੀ ਮਦਦ ਨੂੰ ਨਹੀਂ ਆਉਂਦਾ। ਇਕ ਦਰਖਤ ਦੀ ਡਾਣ ਉਸ ਦੇ ਸਿਰ ਉਤੇ ਡਿੱਗਦੀ ਹੈ। ਲਾਲਟੈਨ ਡਿੱਗ ਕੇ ਬੁੱਝ ਜਾਂਦੀ ਹੈ। ਮਤਲਬ, ਬੱਚਾ ਹਮੇਸ਼ਾਂ ਲਈ ਅੰਨ੍ਹਾ ਹੋ ਗਿਆ ਹੈ।
"ਦੀਦਾਰ" ਬੜੀ ਕਾਮਯਾਬ ਫਿਲਮ ਬਣੀ ਸੀ। ਦੇਸ਼ ਦੇ ਲਗਭਗ ਸਾਰੇ ਵਡੇ-ਵਡੇ ਸ਼ਹਿਰਾਂ ਵਿਚ ਉਹਨੇ ਜੁਬਲੀ ਕੀਤੀ ਸੀ। ਹੁਣ ਵੀ ਕਦੇ ਨਾ ਕਦੇ ਕਿਸੇ ਸਿਨੇਮਾ ਵਿਚ ਜ਼ਰੂਰ ਲਗਦੀ ਹੈ। ਉਪਰੋਕਤ ਦ੍ਰਿਸ਼ ਨੂੰ ਵੇਖ ਕੇ ਲੱਖਾਂ ਦਰਸ਼ਕ ਰੋਏ ਹੋਣਗੇ। ਪਰ ਮੈਨੂੰ ਉਸ ਵੇਲੇ ਰੋਣਾ ਨਹੀਂ ਸੀ ਆਇਆ, ਸਗੋਂ ਮੇਰੀਆਂ ਅੱਖਾਂ ਵਿਚ ਖੂਨ ਉਤਰ ਆਇਆ ਸੀ। ਮਿੱਟੀ-ਘੱਟਾ ਤੇ ਸਟੂਡੀਓ ਵਿਚ ਖਿਲਰਿਆ ਹੋਇਆ ਹੋਰ ਗੰਦ-ਮੰਦ ਜ਼ੋਰਾਂ ਨਾਲ ਉਡਾਉਣ ਲਈ ਆਦਮ-ਕੱਦ ਬਿਜਲੀ ਦੇ ਪੱਖੇ ਰਖੇ ਹੋਏ ਸਨ। ਆਪਣੇ ਫੇਫੜਿਆਂ ਤੇ ਅੱਖਾਂ ਦੀ ਰਖਸ਼ਾ ਲਈ ਡਾਇਰੈਕਟਰ, ਕੈਮਰਾਮੈਨ, ਅਸਿਸਟੈਂਟ, ਸਭਨਾਂ ਨੇ ਗੈਸ-ਮਾਸਕ ਚਾੜ੍ਹੇ ਹੋਏ ਸਨ। ਇੰਜ ਲਗਦਾ ਸੀ, ਜਿਵੇਂ ਸਾਰਾ ਅਮਲਾ ਕੋਈ ਬਹੁਤ ਵੱਡਾ ਕਾਰਨਾਮਾ ਕਰਨ ਲਈ ਮੋਰਚੇ ਉਤੇ ਆਇਆ ਹੋਇਆ ਹੋਵੇ। ਪਰ ਜਿਸ ਅਲੂਏਂ ਬਾਲ ਨੂੰ ਖਤਰੇ ਵਿਚ ਝੋਂਕਿਆ ਜਾ ਰਿਹਾ ਸੀ ਉਸ ਦੀ ਕਿਸੇ ਨੂੰ ਫਿਕਰ ਨਹੀਂ ਸੀ।
ਮੈਂ ਠੰਠਬਰ ਗਿਆ, ਤੇ ਕੰਮ ਨੂੰ ਵਿਚਾਲੇ ਰੋਕ ਕੇ ਮੈਂ ਨਿਤਿਨ ਬੋਸ ਨੂੰ ਸਖਤ ਸਖਤ ਸੁਣਾਇਆਂ। ਉਹ ਬੜੇ ਨਿਮਰ ਸੁਭਾ ਵਾਲੇ ਵਿਅਕਤੀ ਹਨ। ਸੱਚ ਪੁਛਿਆ ਜਾਏ, ਤਾਂ ਮੁਨਾਸਬ ਇੰਤਜ਼ਾਮ ਕਰਨਾ ਪ੍ਰੋਡਕਸ਼ਨ ਡਿਪਾਰਟਮੈਂਟ ਦਾ ਜਿੰ.ਮਾ ਸੀ, ਉਹਨਾਂ ਦਾ ਨਹੀਂ। ਪਰ ਫੇਰ ਵੀ, ਉਹਨਾਂ ਨੂੰ ਬੜਾ ਅਫਸੋਸ ਹੋਇਆ, ਤੇ ਛੇਤੀ ਤੋਂ ਛੇਤੀ, ਤੇ ਘਟ ਤੋਂ ਘਟ ਅਣਗਹਿਲੀ ਨਾਲ ਸ਼ਾਟ ਲੈਣ ਦਾ ਉਹਨਾਂ ਪ੍ਰਬੰਧ ਕੀਤਾ।
ਉਸ ਵੇਲੇ ਮਹੇਸ਼ ਕੌਲ ਸਾਹਿਬ ਵੀ ਨਿਤਿਨ ਬੋਸ ਕੋਲ ਖੜੇ ਸਨ। ਮੈਂ ਇਕ ਪਾਸੇ ਬੈਠ ਕੇ ਸੋਚਣ ਲਗ ਪਿਆ ਕਿ ਜੇ ਮੈਂ ਨਾ ਆਉਂਦਾ ਤਾਂ ਮੇਰੇ ਬੱਚੇ ਦਾ ਕੀ ਹਾਲ ਹੋਣਾ ਸੀ। ਵਿਚ ਵਿਚ ਮੈਂ ਵੇਖਦਾ ਕਿ ਮਹੇਸ਼ ਕੌਲ ਮੇਰੇ ਵਲ ਬੜੇ ਗੌਰ ਨਾਲ ਵੇਖ ਰਹੇ ਸਨ। ਸ਼ਾਇਦ ਮੈਨੂੰ ਪਛਾਣਨ ਦੀ ਕੋਸ਼ਸ਼ ਕਰ ਰਹੇ ਸਨ। ਜਾਂ ਸ਼ਾਇਦ ਸੋਚ ਰਹੇ ਸਨ ਕਿ ਇਕ ਬੇ-ਹੈਸੀਅਤ ਅਦਾਕਾਰ ਦੀ ਨਿਤਿਨ ਬੋਸ ਅਗੇ ਇੰਜ ਬੋਲਣ ਦੀ ਜੁਰਅਤ ਕਿਵੇਂ ਹੋਈ। ਸਚਮੁਚ ਬੜੀ ਅਕਲਪਿਤ ਜਿਹੀ ਗੱਲ ਸੀ। ਬਹੁਤ ਸਾਰੇ ਗਰੀਬ ਮਾਂ-ਬਾਪ ਪੈਸੇ ਦੀ ਮਜਬੂਰੀ ਕਾਰਨ ਆਪਣੇ ਬੱਚਿਆਂ ਤੋਂ ਫਿਲਮਾਂ ਵਿਚ ਕੰਮ ਕਰਾਉਂਦੇ ਹਨ। ਏਸੇ ਗਿਲਾਨੀ ਕਰਕੇ ਉਹਨਾਂ ਨੂੰ ਬਹੁਤ ਕੁਝ ਵੇਖਿਆ ਅਣਵੇਖਿਆ ਕਰਨਾ ਪੈਂਦਾ ਹੈ।
ਇਕ ਦਿਨ ਐਕਟਰੈਸ ਮਧੂਬਾਲਾ ਦੇ ਪਿਤਾ ਮੇਰੇ ਘਰ ਤਸ਼ਰੀਫ ਲਿਆਏ। ਮੇਰੇ ਮਨ ਵਿਚ ਫੁਰਿਆ ਕਿ ਸ਼ਾਇਦ ਮੈਨੂੰ ਆਪਣੀ ਫਿਲਮ ਵਿਚ ਲੈਣਾ ਚਾਹੁੰਦੇ ਹਨ। ਉਹਨਾਂ ਵੀ ਪਰੀਖਸ਼ਤ ਲਈ ਫਰਮਾਇਸ਼ ਕੀਤੀ। ਆਪਣੀ ਨਿਰਾਸਤਾ ਨੂੰ ਲੁਕਾਉਂਦਿਆਂ ਮੈਂ ਬੜੀ ਨਿਮਰਤਾ ਨਾਲ ਇਨਕਾਰ ਕਰ ਦਿੱਤਾ।
"ਬੱਚੇ ਦੀ ਪੜ੍ਹਾਈ ਦਾ ਹਰਜ ਹੁੰਦਾ ਹੈ," ਮੈਂ ਕਿਹਾ।
ਉਹ ਖਾਮੋਸ਼ ਹੋ ਕੇ ਕਾਫੀ ਚਿਰ ਮੇਰੇ ਵਲ ਇਕ ਟੱਕ ਵੇਖਦੇ ਰਹੇ। ਬੜੇ ਸੁਹਿਰਦ ਪੰਜਾਬੀ ਬਜ਼ੁਰਗ ਜਾਪੇ ਮੈਨੂੰ ਉਹ। ਫੇਰ ਕਹਿਣ ਲਗੇ, "ਬੇਟਾ, ਤੂੰ ਵੀ ਬਾਪ ਹੈਂ, ਤੇ ਮੈਂ ਵੀ ਇਕ ਬਾਪ ਹਾਂ। ਮੈਂ ਵੀ ਜ਼ਿੰਦਗੀ ਦੇ ਉਤਾਰ-ਚੜ੍ਹਾਅ ਬਹੁਤ ਵੇਖੇ ਹਨ। ਤੇ ਮੈਂ ਇਸ ਨਤੀਜੇ ਉਤੇ ਪਹੁੰਚਿਆ ਹਾਂ ਕਿ ਪੈਸੇ ਬਿਨਾਂ ਇਸ ਦੁਨੀਆਂ ਵਿਚ ਹੋਰ ਕੋਈ ਮਿੱਤਰ ਨਹੀਂ। ਜ਼ਰਾ ਆਪ ਸੋਚ, ਕੀ ਰੱਖਿਆ ਹੈ ਅੱਜਕੱਲ੍ਹ ਦੀ ਪੜ੍ਹਾਈ-ਲਿਖਾਈ ਵਿਚ? ਮੈਂ ਤੇਰੇ ਮੁੰਡੇ ਦਾ ਕੰਮ ਵੇਖਿਆ ਹੈ। ਬੜਾ ਪਿਆਰਾ ਲਗਦਾ ਹੈ ਸਕਰੀਨ ਉਤੇ। ਕੰਮ ਵੀ ਬਹੁਤ ਸੁਹਣਾ ਕਰਦਾ ਹੈ। ਇਕ ਫਿਲਮ ਰਿਲੀਜ਼ ਹੋਣ ਦੀ ਦੇਰ ਹੈ, ਪ੍ਰੋਡੀਊਸਰ ਉਸ ਲਈ ਤੇਰੇ ਅੱਗੇ ਪਿੱਛੇ ਦੌੜਨ ਲਗ ਪੈਣਗੇ। ਤੈਨੂੰ ਦਸ-ਦਸ, ਵੀਹ-ਵੀਹ ਹਜ਼ਾਰ ਦੀਆਂ ਆਫਰਾਂ ਆਉਣਗੀਆਂ। ਤੇ ਬੱਚੇ ਦਾ ਕੰਮ ਵੀ ਫਿਲਮਾਂ ਵਿਚ ਕਿਤਨੇ ਦਿਨ ਦਾ ਹੁੰਦਾ ਹੈ। ਮਸਾਂ ਅੱਠ ਦਸ ਦਿਨ। ਇਕੱਠਾ ਵੀਹ ਫਿਲਮਾਂ ਵਿਚ ਕੰਮ ਕਰ ਸਕਦਾ ਹੈ ਉਹ। ਸਾਲ ਦੋ ਸਾਲ ਵਿਚ ਤੂੰ ਹਰ ਕਿਸਮ ਦੇ ਮਾਲੀ ਫਿਕਰਾਂ ਤੋਂ ਆਜ਼ਾਦ ਹੋ ਜਾਏਂਗਾ। ਫੇਰ, ਭਾਵੇਂ ਉਹਨੂੰ ਦਰਜਨ ਮਾਸਟਰ ਘਰ ਲਾ ਕੇ ਪੜ੍ਹ-ਲਿਖਾ ਦੇਈਂ। ਮੈਂ ਤੈਨੂੰ ਮਜਬੂਰ ਨਹੀਂ ਕਰਦਾ, ਬੇਟਾ। ਪਰ ਤੇਰੇ ਹਿੱਤ ਦੀ ਗੱਲ ਕਰਨਾ ਆਪਣਾ ਫਰਜ਼ ਸਮਝਦਾ ਹਾਂ। ਸੋਚ ਲੈ। ਕੋਈ ਜਲਦੀ ਨਹੀਂ। ਆਪਣੀ ਘਰਵਾਲੀ ਨਾਲ ਸਲਾਹ ਕਰੀਂ। ਮੈਂ ਕਦੇ ਫੇਰ ਆ ਜਾਵਾਂਗਾ।"
"ਖਾਨ ਸਾਹਬ, ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ, ਪਰ ਮੇਰਾ ਫੈਸਲਾ ਪੱਕਾ ਹੈ," ਮੈਂ ਸਹਿਮੀ ਜਿਹੀ ਆਵਾਜ਼ ਵਿਚ ਜਵਾਬ ਦਿਤਾ।
"ਚੰਗਾ, ਤੇਰੀ ਮਰਜ਼ੀ।"
ਉਹ ਉੱਠ ਕੇ ਚਲੇ ਗਏ। ਮਗਰੋਂ ਮੈਂ ਕਿਤਨਾ ਚਿਰ ਸੋਚਾਂ ਵਿਚ ਡੁੱਬਿਆ ਰਿਹਾ। ਇਹ ਕਿਹੋ ਜਿਹੀ ਦੁਨੀਆਂ ਹੈ? ਆਪਣੇ ਕਿਸੇ ਵੀ ਫੈਸਲੇ ਦੇ ਠੀਕ ਜਾਂ ਗਲਤ ਹੋਣ ਦਾ ਬੰਦੇ ਨੂੰ ਵਿਸ਼ਵਾਸ ਨਹੀਂ ਹੁੰਦਾ।
ਫੇਰ ਵੀ, ਜਦੋਂ ਮੁੜ ਕੇ ਪਿਛਾਂਹ ਵਲ ਵੇਖਦਾ ਹਾਂ, ਤਾਂ ਸੋਚਦਾ ਹਾਂ ਕਿ ਉਹ ਦਿਨ ਬਹੁਤ ਮਾੜੇ ਵੀ ਨਹੀਂ ਸਨ। ਥੋੜ੍ਹਾ ਬਹੁਤਾ ਵਲਵਲਾ ਸੀ ਜ਼ਿੰਦਗੀ ਵਿਚ। ਇਕ ਰੂਸੀ ਫਿਲਮ "ਡੱਬ' ਕਰਨ ਦਾ ਮਾਮੂਲੀ ਜਿਹਾ ਕਾਂਟਰੈਕਟ ਮਿਲ ਗਿਆ। ਫੇਮਸ ਸਟੂਡੀਓ ਦੇ ਇਕ ਕਮਰੇ ਵਿਚ ਮੂਵੀਓਲਾ ਉਪਰ ਮੈਂ ਤੇ ਤੋਸ਼ ਸਾਰਾ ਸਾਰਾ ਦਿਨ ਰੂਸੀ ਮਕਾਲਮਿਆਂ ਦਾ ਹਿੰਦੀ ਵਿਚ ਰੂਪਾਂਤਰ ਰਕਦੇ ਰਹਿੰਦੇ। ਤੋਸ਼ ਨੂੰ ਥੋੜੀ-ਬਹੁਤ ਹਿੰਦੀ ਆਉਂਦੀ ਸੀ, ਇਸ ਲਈ ਔਖਾ ਕੰਮ ਕੁਝ ਸੁਖਾਲਾ ਹੋ ਜਾਂਦਾ। ਬੱਚਿਆਂ ਨੂੰ ਸਕੂਲ ਤੌਰ ਕੇ ਤੇ ਰੋਟੀ ਦਾ ਡੱਬਾ ਨਾਲ ਬੰਨ੍ਹ ਕੇ, ਅਸੀਂ ਮੋਟਰ ਸਾਈਕਲ ਉੱਪਰ ਸਵਾਰ ਹੋ ਜਾਂਦੇ। ਗਵਾਂਢੀਆਂ ਦਾ ਕੁੱਤਾ ਭੌਂਕਦਾ ਸਾਨੂੰ ਕਾਲੋਨੀ ਦੇ ਫਾਟਕ ਤੱਕ ਛੱਡ ਆਉਂਦਾ, ਤੇ ਸ਼ਾਮੀਂ ਸਾਡੇ ਸੁਆਗਤ ਲਈ ਵੀ ਹਾਜ਼ਰ ਰਹਿੰਦਾ। ਇਸ ਦਾ ਵੀ ਲੁਤਫ ਸੀ।

ਏਸੇ ਫੇਮਸ ਸਟੂਡੀਉ ਵਿਚ ਚੇਤਨ ਆਨੰਦ ਦੇ ਅਦਾਰੇ "ਨਵਕੇਤਨ" ਦਾ ਵੀ ਦਫਤਰ ਸੀ। ਚੇਤਨ ਨੂੰ ਵੀ ਸਾਡੀ ਸੂਹ ਮਿਲੀ ਹੋਵੇਗੀ। ਸਹਾਇਕ ਹੋਣ ਉਤੇ ਉਸ ਦਾ ਵੀ ਦਿਲ ਕੀਤਾ ਹੋਵੇਗਾ। ਇਕ ਦਿਨ ਉਸ ਨੇ ਆਪਣੀ ਅਗਲੀ ਫਿਲਮ ਲਈ, ਜਿਸ ਨੂੰ ਗੁਰੂ ਦੱਤ ਡਾਇਰੈਕਟ ਕਰਨ ਵਾਲਾ ਸੀ, ਚਿੱਤਰ-ਕਥਾ (ਸਕਰੀਨਪਲੇ) ਤੇ ਮੁਕਾਲਮੇਂ ਲਿਖਣ ਦੀ ਪੇਸ਼ਕਸ਼ ਕੀਤੀ। ਮੁਆਵਜ਼ਾ ਚਾਰ ਹਜ਼ਾਰ ਰੁਪਏ। ਮੈਂ ਖੁਸ਼ੀ ਨਾਲ ਮਨਜ਼ੂਰ ਕੀਤੀ, ਤੇ ਉਸ ਦਾ ਸ਼ੁਕਰ-ਗੁਜ਼ਾਰ ਹੋਇਆ।
ਗੁਰੂ ਦੱਤ ਦੀ ਦੇਵ ਆਨੰਦ ਨਾਲ ਪੂਨੇ ਵਿਚ ਦੋਸਤੀ ਹੋਈ। ਓਥੇ ਉਹ ਮਸ਼ਹੂਰ ਡਾਇਰੈਕਟਰ, ਗਿਆਨ ਮੁਕਰਜੀ ਦਾ ਅਸਿਸਟੰਟ ਸੀ। ਕੁਝ ਵਰ੍ਹੇ ਉਹਨੇ ਅਲਮੋੜੇ ਵਿਚ ਉਦੇ ਸ਼ੰਕਰ ਦੇ ਕੇਂਦਰ ਵਿਚ ਨਰਿਤ ਦੀ ਸਿਖਿਆ ਵੀ ਹਾਸਲ ਕੀਤੀ ਸੀ। ਬੰਗਾਲੀ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ। ਡਾਇਰੈਕਸ਼ਨ ਦਾ ਉਹਨੂੰ ਇਹ ਪਹਿਲਾਂ ਮੌਕਾ ਮਿਲ ਰਿਹਾ ਸੀ। ਮੇਰਾ ਵੀ ਫਿਲਮਾਂ ਲਈ ਲਿਖਣ ਦਾ ਇਹ ਪਹਿਲਾ ਮੌਕਾ ਸੀ। ਸਾਹਿਰ ਲੁਧਿਆਣਵੀ ਨੇ ਵੀ ਉਸੇ ਫਿਲਮ ਵਿਚ ਪਹਿਲੀ ਵਾਰ ਗਾਣੇ ਲਿਖੇ ਸਨ। ਉਸ ਫਿਲਮ ਦਾ ਨਾਂ ਸੀ, "ਬਾਜ਼ੀ"। ਬੜੀ ਕਾਮਯਾਬ ਫਿਲਮ ਬਣੀ ਸੀ ਉਹ।
ਹਿੰਦੀ ਫਿਲਮਾਂ ਵਿਚ ਸਕਰੀਨਪਲੇ ਬਾਰੇ ਦ੍ਰਿਸ਼ਟੀਕੋਣ ਬੜਾ ਮਕੈਨਕੀ ਜਿਹਾ ਰਿਹਾ ਹੈ - ਬਿਦੇਸ਼ੀ ਫਿਲਮਾਂ ਦੇ ਐਨ ਉਲਟ। ਬਿਦੇਸ਼ੀ ਫਿਲਮਾਂ ਦੇ ਟਾਈਟਲਾਂ ਵਿਚ ਮੁੱਖ ਥਾਂ ਸਕਰੀਨਪਲੇ ਤੇ ਉਸ ਦੇ ਲਿਖਾਰੀ ਨੂੰ ਦਿਤੀ ਜਾਂਦੀ ਹੈ, ਹੇਠਾਂ ਛੋਟੇ ਅੱਖਰਾਂ ਵਿਚ ਉਸ ਕਹਾਣੀ ਜਾਂ ਨਾਵਲ ਦਾ ਹਵਾਲਾ ਦਿੱਤਾ ਜਾਂਦਾ ਹੈ, ਜਿਸ ਦੇ ਆਧਾਰ ਉਤੇ ਉਹਨੂੰ ਤਿਆਰ ਕੀਤਾ ਗਿਆ ਹੋਵੇ।
ਪਰ ਹਿੰਦੀ ਫਿਲਮਾਂ ਵਿਚ ਮੁੱਖ ਥਾਂ ਕਹਾਣੀ ਨੂੰ ਦਿੱਤੀ ਜਾਂਦੀ ਹੈ। ਕਹਾਣੀ ਦਾ ਚੌਖਟਾ ਪੂਰਾ ਘੜ ਲੈਣ ਉਪਰੰਤ ਸੀਨਾਂ ਦਾ ਵੇਰਵਾ ਲਿਖਣ ਨੂੰ ਹੀ ਸਕਰੀਨਪਲੇ ਦਾ ਨਾਂ ਦਿਤਾ ਜਾਂਦਾ ਹੈ। ਤੇ ਜਦੋਂ ਇਹ ਵੇਰਵਾ ਮੁਕੰਮਲ ਹੋ ਜਾਏ, ਤਾਂ ਉਸ ਵਿਚ ਡਾਇਲਾਗ ਭਰੇ ਜਾਂਦੇ ਹਨ। ਕਹਾਣੀ ਉਪਰ ਪ੍ਰੋਡੀਊਸਰਾਂ ਨੂੰ ਇਤਨਾ ਭਰੋਸਾ ਹੁੰਦਾ ਹੈ ਕਿ ਸੀਨ ਤੇ ਡਾਇਲਾਗ ਕਈ ਵਾਰੀ ਸੈੱਟ ਲੱਗਣ ਦੇ ਦਿਨ ਤੀਕਰ ਮੁਲਤਵੀ ਕਰ ਦਿੱਤੇ ਜਾਂਦੇ ਹਨ। ਕਈ ਵਾਰੀ ਤਾਂ ਕੈਮਰਾਮੈਨ ਸ਼ਾਟ ਲਈ ਲਾਈਟਿੰਗ ਮੁਕੰਮਲ ਕਰਕੇ ਸੀਨ ਦੀ ਉਡੀਕ ਵਿਚ ਬੈਠਾ ਰਹਿੰਦਾ ਹੈ। ਜ਼ਾਹਿਰ ਹੈ ਕਿ ਅਜਿਹੀ ਹਾਲਤ ਵਿਚ ਪਾਤਰ-ਉਸਾਰੀ ਦੀ ਬਹੁਤੀ ਗੁੰਜਾਇਸ਼ ਨਹੀਂ ਰਹਿੰਦੀ।
ਉਦੋਂ ਫਿਲਮਿਸਤਾਨ ਦੇ ਮਸ਼ਹੂਰ-ਮਾਰੂਫ ਪ੍ਰੋਡੀਊਸਰ, ਸ਼ਸ਼ਧਰ ਮੁਕਰਜੀ ਨੂੰ ਬਕਸ-ਆਫਿਸ ਫਿਲਮਾਂ ਦਾ ਜਾਦੂਗਰ ਮੰਨਿਆਂ ਜਾਂਦਾ ਸੀ। ਉਹਨਾਂ ਦੀ ਕਦੇ ਕੋਈ ਫਿਲਮ ਫੇਲ੍ਹ ਨਹੀਂ ਸੀ ਹੁੰਦੀ। ਉਹਨਾਂ ਦਾ ਫਾਰਮੂਲਾ ਇਹ ਸੀ ਕਿ ਸਕਰੀਨਪਲੇ ਨੂੰ ਜਾਣ ਬੁਝ ਕੇ ਬਨਾਵਟੀ ਤੇ ਕਮਜ਼ੋਰ ਰੱਖਣਾ ਚਾਹੀਦਾ ਹੈ, ਤਾਂ ਜੋ ਦਰਸ਼ਕ ਹਰ ਗਾਣੇ ਤੇ ਨਾਚ ਨੂੰ ਬੇਤਾਬੀ ਨਾਲ ਉਡੀਕੇ। ਜੇ ਦਰਸ਼ਕ ਕਹਾਣੀ ਵਿਚ ਖੁੱਭ ਜਾਏ, ਤਾਂ ਗਾਣੇ-ਨਾਚ ਉਹਨੂੰ ਵਿਅਰਥ ਤੇ ਬੇ-ਸੁਆਦੇ ਜਾਪਣ ਲਗ ਪੈਣਗੇ। ਬਾਕਸਆਫਿਸ ਦੇ ਪੱਖੋਂ ਇਹ ਠੀਕ ਨਹੀਂ। ਹਿੰਦੀ ਫਿਲਮ ਦੀ ਕਾਮਯਾਬੀ ਦੀ ਮੁੱਢਲੀ ਸ਼ਰਤ ਇਕੋ ਹੀ ਹੈ - ਗਾਣੇ।
ਗੁਰੂ ਦੱਤ ਇਸ ਫਾਰਮੂਲੇ ਦਾ ਕਿਤਨਾ ਕੁ ਕਾਇਲ ਸੀ, ਮੈਂ ਨਹੀਂ ਕਹਿ ਸਕਦਾ। ਪਰ ਇਸ ਵਿਚ ਸ਼ੱਕ ਨਹੀਂ ਕਿ ਗਾਣੇਨਾਚਾਂ ਵਲ ਉਸ ਦਾ ਵੀ ਰਜੂਅ ਬਹੁਤ ਸੀ। ਸਕਰੀਨਪਲੇ ਨੂੰ ਉਹ ਉਸ ਤੋਂ ਹਟ ਕੇ ਹੀ ਅਹਿਮੀਅਤ ਦੇਂਦਾ ਸੀ। ਫੇਰ, ਮਸਾਂ ਮਸਾਂ ਉਹਨੂੰ ਡਾਇਰੈਕਸ਼ਨ ਦਾ ਮੌਕਾ ਮਿਲ ਰਿਹਾ ਸੀ। ਉਹ ਛੇਤੀ ਤੋਂ ਛੇਤੀ ਸੈੱਟ ਉਤੇ ਜਾਣਾ ਚਾਹੁੰਦਾ ਸੀ।
ਪਰ ਮੇਰਾ ਨਜ਼ਰੀਆ ਕੁਝ ਹੋਰ ਸੀ। ਗੁਰੂ ਦੱਤ ਦੀ ਕਹਾਣੀ, ਜਿਸ ਦੇ ਆਧਾਰ ਉਤੇ ਮੈਂ ਸਕਰੀਨਪਲੇ ਲਿਖਣਾ ਸੀ, ਮੈਨੂੰ ਬਹੁਤ ਕੱਚੀ ਤੇ ਧੁੰਦਲੀ ਜਾਪ ਰਹੀ ਸੀ। ਮੈਂ ਪਾਤਰਾਂ ਤੇ ਪ੍ਰਸਥਿਤੀਆਂ ਨੂੰ ਸਾਹਿਤ ਤੇ ਰੰਗ-ਮੰਚ ਵਿਚੋਂ ਹਾਸਲ ਕੀਤੀਆਂ ਕਦਰਾਂ-ਕੀਮਤਾਂ ਅਨੁਸਾਰ ਉਸਾਰਨਾ ਚਾਹੁੰਦਾ ਸਾਂ। ਸੀਨ ਤੇ ਡਾਇਲਾਗ ਨੂੰ ਵਖ ਵਖ ਕਰ ਕੇ ਲਿਖਣਾ ਮੇਰੀ ਨਿਗਾਹ ਵਿਚ ਕੁਫਰ ਸੀ। ਸਕਰੀਨਪਲੇ ਨੂੰ ਮੈਂ ਇਕ ਬੂਟੇ ਵਾਂਗ ਵੇਖਦਾ ਸਾਂ, ਜਿਸ ਦੀਆਂ ਜੜ੍ਹਾਂ, ਤਣੇ, ਟਹਿਣੀਆਂ ਤੇ ਪੱਤਰ ਨਾਲੋ ਨਾਲ ਵਿਗਸਦੇ ਹਨ। ਇਹੋ ਜਿਹਾ ਕੰਮ ਜਲਦੀ ਵਿਚ ਕਿਵੇਂ ਹੋ ਸਕਦਾ ਹੈ। ਵਿਚਾਰੇ ਗੁਰੂ ਦੱਤ ਨੂੰ ਛੇ ਮਹੀਨੇ ਸਬਰ ਕਰਕੇ ਬੈਠਣਾ ਪੈ ਗਿਆ। ਮੈਂ ਚੇਤਨ ਦਾ ਦੋਸਤ ਸਾਂ, ਇਸ ਕਰੇ ਉਹ ਮੂੰਹੋਂ ਬੋਲ ਵੀ ਨਹੀਂ ਸੀ ਸਕਦਾ, ਪਰ ਅੰਦਰੋ ਅੰਦਰ ਜ਼ਰੂਰ ਕੁੜ੍ਹਦਾ ਸੀ। ਉਹ ਚਾਹੁੰਦਾ ਸੀ ਕਿ ਮੈਂ ਫਿਲਮ ਨੂੰ ਇਕ ਵਾਰੀ "ਫਲੋਰ" ਉਤੇ ਜਾ ਲੈਣ ਦਿਆਂ, ਫੇਰ ਭਾਵੇਂ ਕਿਤਨਾ ਚਿਰ ਲਾ ਦਿਆਂ। ਪਰ ਮੈਂ ਟੱਸ ਤੋਂ ਮੱਸ ਨਹੀਂ ਸਾਂ ਹੁੰਦਾ। ਮੈਂ ਜਾਣਦਾ ਸਾਂ ਕਿ ਇਕ ਵਾਰੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਤਾਂ ਮੈਂ ਪਰਵੱਸ ਹੋ ਜਾਵਾਂਗਾ।
ਬੜੇ ਹੰਗਾਮੀ ਸਨ ਉਹ ਦਿਨ ਵੀ। ਕਈ ਰਾਤਾਂ ਕਿਸੇ ਸੀਨ ਬਾਰੇ ਬਹਿਸਦੇ ਤੇ ਸੋਚਦੇ ਅਸੀਂ ਸੜਕਾਂ ਨਾਪਣ ਵਿਚ ਬਿਤਾ ਦੇਂਦੇ। ਕਦੇ ਗੁਰੂ ਦੱਤ ਮੇਰੇ ਘਰ ਆ ਕੇ ਪੈ ਜਾਂਦਾ, ਕਦੇ ਮੈਂ ਮਟੁੰਗੇ ਉਸ ਦੇ ਨਿੱਕੇ ਜਿਹੇ ਫਲੈਟ ਵਿਚ ਜਾ ਟਿਕਦਾ। ਉਸ ਦੀ ਮਾਂ ਮੈਨੂੰ ਬੜਾ ਪਿਆਰ ਕਰਨ ਲਗ ਪਈ ਸੀ।
ਉਹਨਾਂ ਦਿਨਾਂ ਵਿਚ ਹੀ ਲੇਖਕ-ਡਾਇਰੈਕਟਰ, ਜ਼ਿਆ ਸਰਹੱਦੀ ਮੇਰੇ ਗੁਆਂਢ ਦੇ ਇਕ ਹੋਟਲ ਵਿਚ ਆ ਟਿਕਿਆ। "ਹਲਚਲ" ਦੇ ਸੈੱਟ ਉਤੇ ਮੈਂ ਉਹਨੂੰ ਵੇਖਦਾ ਹੁੰਦਾ ਸਾਂ। ਸੋਹਣੀ ਦੱਖ ਵਾਲਾ ਤੇ ਮਿੱਠ-ਬੋਲੜਾ ਗੱਭਰੂ ਸੀ। ਆਸਿਫ ਸਾਹਿਬ ਦੀ ਅਗਲੀ ਫਿਲਮ ਲਿਖ ਰਿਹਾ ਸੀ। ਪਰ ਉਸ ਦੇ ਵੀ ਉਹਨਾਂ ਨਾਲ ਕੁਝ ਇਖਤਿਲਾਫ ਉਠ ਪਏ ਸਨ।
ਗੁਰੂਦੱਤ ਤੇ ਮੈਂ "ਬਾਜ਼ੀ' ਦੇ ਕਲਾਈਮੈਕਸ ਉਤੇ ਬੁਰੀ ਤਰ੍ਹਾਂ ਉਲਝ ਗਏ। ਕਈ ਹਫਤੇ ਲੰਘ ਗਏ, ਕੋਈ ਰਾਹ ਹੀ ਨਹੀਂ ਸੀ ਲੱਭਦਾ। ਇਕ ਸ਼ਾਮ ਅਸੀਂ ਜ਼ਿਆ ਸਰਹੱਦੀ ਕੋਲ ਜਾ ਬੈਠੇ, ਤੇ ਉਸ ਦੀ ਸਲਾਹ ਪੁੱਛੀ। ਉਹਨੇ ਝਟ ਸਾਨੂੰ ਕਲਾਈਮੈਕਸ ਸੁਝਾ ਦਿੱਤਾ। ਸੁਝਿਆ ਉਹਨੂੰ ਵੀ ਕਿਸੇ ਪੁਰਾਣੀ ਅਮਰੀਕਨ ਫਿਲਮ ਵਿਚੋਂ ਸੀ, ਪਰ ਸਾਡੇ ਕਥਾਨਕ ਨਾਲ ਵਾਹ-ਵਾਹ ਚਿਪਕਦਾ ਸੀ। ਅਸੀਂ ਖੁਸ਼ੀ ਨਾਲ ਪੁੱਠੀਆਂ ਛਾਲਾਂ ਮਾਰਨ ਲਗ ਪਏ। ਦਿਲ ਕੀਤਾ ਕਿ ਕਿਤੋਂ ਵਿਸਕੀ ਦੀ ਬੋਤਲ ਲਿਆਈਏ ਤੇ ਜਸ਼ਨ ਕਰੀਏ। ਪਰ ਕਰਦੇ ਕੀ? ਦੋਵੇਂ ਭੁੱਖੜ ਸਾਂ, ਤੇ ਜ਼ਿਆ ਦੀ ਹਾਲਤ ਸਾਥੋਂ ਵੀ ਗਈ ਗੁਜ਼ਰੀ ਸੀ। ਬਹੁਤ ਚਿਰ ਪਹਿਲਾਂ ਜ਼ਿਆ ਨੇ ਮੈਨੂੰ ਇਪਟਾ ਦੇ ਇਕ ਨਾਟਕ, "ਸੜਕ ਕੇ ਕਿਨਾਰੇ" ਵਿਚ ਪਾਰਟ ਕਰਦਿਆਂ ਵੇਖਿਆ ਸੀ। ਉਸ ਸ਼ਾਮ ਉਸ ਨੂੰ ਉਹ ਡਰਾਮਾ ਚੇਤੇ ਆ ਗਿਆ, ਤੇ ਅਗਲੇ ਦਿਨ ਉਹ ਮੇਰੇ ਨਾਲ ਜ਼ਿਕਰ ਕੀਤੇ ਬਿਨਾਂ, ਆਸਿਫ ਹੁਰਾਂ ਵਾਲੀ ਕਹਾਣੀ ਰਣਜੀਤ ਮੂਵੀਟੋਨ ਦੇ ਮਾਲਕ, ਸੇਠ ਚੰਦੂ ਲਾਲ ਸ਼ਾਹ ਨੂੰ ਸੁਣਾਉਣ ਚਲਾ ਗਿਆ। ਉਸ ਕਹਾਣੀ ਦਾ ਨਾਂ ਉਹਨੇ "ਹਮ ਲੋਗ" ਰੱਖਿਆ ਹੋਇਆ ਸੀ। ਸੇਠ ਜੀ ਨੂੰ ਕਹਾਣੀ ਬਹੁਤ ਪਸੰਦ ਆਈ, ਤੇ ਆਸਿਫ ਸਾਹਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਾਜ਼ੀ ਕਰਕੇ ਉਹਨਾਂ ਖਰੀਦ ਲਈ। ਪਰ ਜਦੋਂ ਸੇਠ ਚੰਦੂ ਲਾਲ ਨੂੰ ਇਹ ਪਤਾ ਲੱਗਾ ਕਿ ਜਿਹੜਾ ਰੋਲ ਜ਼ਿਆ ਨੇ ਦਲੀਪ ਕੁਮਾਰ ਲਈ ਲਿਖਿਆ ਸੀ, ਉਹਨੂੰ ਮੇਰੇ ਜਹੇ ਗੁੰਮਨਾਮ, ਸਗੋਂ ਬਦਨਾਮ, ਅਦਾਕਾਰ ਕੋਲੋਂ ਕਰਵਾਉਣਾ ਚਾਹੁੰਦਾ ਹੈ, ਤਾਂ ਉਹ ਡੂੰਘੀਆਂ ਸੋਚਾਂ ਵਿਚ ਪੈ ਗਏ। ਤੇ ਮੈਨੂੰ ਪਰਤੱਖ ਵੇਖ ਕੇ ਤਾਂ ਉਹਨਾਂ ਦਾ ਜਿਵੇਂ ਭੱਠਾ ਹੀ ਬਹਿ ਗਿਆ।

5
ਜਦੋਂ ਵੀ ਮੋਟਰ ਸਾਈਕਲ ਉਤੇ ਮਾਹੀਮ ਦੇ ਇਲਾਕੇ ਵਿਚੋਂ ਲੰਘਦਾ, ਕਿਸੇ ਨਾ ਕਿਸੇ ਥਾਂ ਬਦਰੂ (ਜਾਨੀ ਵਾਕਰ) ਮੈਨੂੰ ਦਿੱਸ ਪੈਂਦਾ। ਕਦੇ ਉਹ ਰੋਕ ਵੀ ਲੈਂਦਾ ਤੇ ਮੇਰਾ ਵਾਅਦਾ ਮੈਨੂੰ ਯਾਦ ਕਰਾਉਂਦਾ। ਮੈਂ ਵੀ ਭੁੱਲਿਆ ਨਹੀਂ ਸਾਂ। ਖਾਸ ਉਸੇ ਨੂੰ ਧਿਆਨ ਵਿਚ ਰਖ ਕੇ ਮੈਂ "ਬਾਜ਼ੀ" ਦੀ ਸਕਰਿਪਟ ਵਿਚ ਇਕ ਸ਼ਰਾਬੀ ਦਾ ਛੋਟਾ ਜਿਹਾ, ਪਰ ਅਹਿਮ ਰੋਲ ਪਾਇਆ ਸੀ। ਪਰ ਹੁਣ ਸਵਾਲ ਇਹ ਸੀ ਕਿ ਪ੍ਰੋਡੀਊਸਰ ਤੇ ਡਾਇਰੈਕਟਰ ਨੂੰ ਕਿਵੇਂ ਮਨਾਵਾਂ ਕਿ ਉਹਨੂੰ ਹੀ ਲੈਣ।
ਮੈਂ ਇਕ ਤਰਕੀਬ ਸੋਚੀ, ਤੇ ਬਦਰੂ ਨੂੰ ਵੀ ਸਮਝਾ ਦਿੱਤੀ।
ਅਗਲੀ ਸਵੇਰ, ਜਦੋਂ ਚੇਤਨ, ਦੇਵ, ਗੁਰੂ ਦੱਤ ਤੇ ਮੈਂ ਦਫਤਰ ਦੇ ਅੰਦਰਲੇ ਹਿੱਸੇ ਵਿਚ ਕਾਨਫਰੰਸ ਕਰ ਰਹੇ ਸਾਂ, ਇੰਜ ਲਗਾ ਜਿਵੇਂ ਕੋਈ ਗੁੱਟ ਸ਼ਰਾਬੀ, ਚਪੜਾਸੀ ਤੇ ਮੋੜਨ ਤੇ ਵੀ ਅੰਦਰ ਵੜ ਆਇਆ ਹੈ, ਤੇ ਕਲਰਕਾਂ ਨੂੰ ਤੰਗ ਕਰ ਰਿਹਾ ਹੈ। ਝਟ ਕੁ ਪਿਛੋਂ ਉਹ ਸਿੱਧਾ ਸਾਡੇ ਕੋਲ ਅੱਪੜ ਗਿਆ ਤੇ ਲੱਗਾ ਦੇਵ ਨੂੰ ਮੁਖਾਤਬ ਕਰਕੇ ਮੋਮੋ-ਠੱਗਣੀਆਂ ਗੱਲਾਂ ਕਰਨ। ਐਸਾ ਠੱਠ ਬੰਨ੍ਹ ਦਿਤਾ ਉਹਨੇ, ਜਿਸ ਦਾ ਜਵਾਬ ਨਹੀਂ। ਹੱਸ-ਹਸੱ ਕੇ ਸਾਰਿਆਂ ਦੇ ਢਿੱਡਾਂ ਵਿਚ ਪੀੜ ਪੈਣ ਲਗ ਪਈ। ਜ਼ਰਾ ਕੁ ਹਾਸਾ ਠੰਡਾ ਹੋਵੇ, ਉਹ ਫੇਰ ਕੋਈ ਨਵਾਂ ਨੁਕਤਾ ਛੇੜ ਕੇ ਰੌਣਕ ਲਾ ਦੇਵੇ। ਅੱਧਾ ਪੌਣਾ ਘੰਟਾ ਇੰਜ ਹੀ ਹੁੰਦਾ ਰਿਹਾ। ਅੰਤ, ਚੇਤਨ ਨੂੰ ਦਫਤਰ ਦੀ ਮਰਯਾਦਾ ਦਾ ਖਿਆਲ ਆਇਆ, ਜੋ ਹੋਰ ਕਈ ਪ੍ਰਕਾਰ ਦੇ ਆਗੰਤਕਾਂ ਕਾਰਨ ਖਤਰੇ ਵਿਚ ਪੈ ਚਲੇ ਸੀ। ਉਹਨੇ ਹਿੜ-ਹਿੜ ਕਰਦੇ ਕਰਮਚਾਰੀਆਂ ਨੂੰ ਸਖਤੀ ਨਾਲ ਟੋਕਿਆ, ਤੇ ਉਸ ਮੂਜ਼ੀ ਨੂੰ ਧੂਹ ਕੇ ਬਾਹਰ ਕੱਢਣ ਦੀ ਫਰਮਾਇਸ਼ ਕੀਤੀ।
ਉਸੇ ਵੇਲੇ ਮੈ ਬਦਰੂ ਨੂੰ "ਸਲਾਮ" ਕਰਨ ਲਈ ਕਿਹਾ। ਉਹ ਉਸੇ ਵੇਲੇ ਅਟੈਨਸ਼ਨ ਹੋ ਗਿਆ ਤੇ ਹੰਢੇ ਹੋਏ ਮਦਾਰੀ ਵਾਂਗ ਸਭ ਨੂੰ ਸਲਾਮਾਂ ਕਰਨ ਲਗ ਪਿਆ। ਵੇਖਣ ਵਾਲਿਆਂ ਦੀ ਹੈਰਤ ਦਾ ਹੱਦ-ਹਿਸਾਬ ਨਹੀਂ ਸੀ। ਪਲ ਭਰ ਪਹਿਲਾਂ ਉਹ ਮਸਤ ਮਦਹੋਸ਼ ਸੀ, ਹੁਣ ਪੂਰੀ ਤਰ੍ਹਾਂ ਹੋਸ਼ਮੰਦ। ਸੱਚ ਤਾਂ ਇਹ ਹੈ ਕਿ ਜਿਸ ਨਾਂ ਨਾਲ ਬਦਰੁਦੀਨ ਨੂੰ ਲੱਖਾਂ ਪਰਿਸਤਾਰ ਯਾਦ ਕਰਦੇ ਹਨ, ਉਸ ਨਾਂ ਦੀ ਚੀਜ਼ ਨੂੰ ਉਹਨੇ ਸਾਰੀ ਉਮਰ ਕਦੇ ਹੱਥ ਨਹੀਂ ਲਾਇਆ।
ਚੇਤਨ ਸਵਾਲੀਆ ਅੰਦਾਜ਼ ਨਾਲ ਮੇਰੇ ਵਲ ਵੇਖ ਰਿਹਾ ਸੀ। ਹੁਣ ਮੈਂ ਉਹਨੂੰ ਦੱਸਿਆ ਕਿ ਇਹ ਸਾਰਾ ਪ੍ਰਪੰਚ ਕਿਉਂ ਰਚਿਆ ਗਿਆ ਸੀ। ਉਹਨੇ ਬੜੀ ਖੁਸ਼ੀ ਨਾਲ ਉਹ ਰੋਲ ਜਾਨੀ ਵਾਕਰ ਨੂੰ ਦੇਣਾ ਕਬੂਲ ਕੀਤਾ।
ਉਸ ਨਿੱਕੇ ਜਹੇ ਸੀਨ ਦੇ ਅਧਾਰ ਉਤੇ ਜਾਨੀ ਦੀ ਗੁੱਡੀ ਚੜ੍ਹ ਗਈ। ਇਕ ਸਾਲ ਦੇ ਅੰਦਰ ਅੰਦਰ ਉਹ ਮੈਨੂੰ ਦੂਰ ਪਿੱਛੇ ਛੱਡ ਕੇ ਸ਼ੁਹਰਤ ਤੇ ਅਮੀਰੀ ਦੀਆਂ ਸਿਖਰਾਂ ਤੇ ਜਾ ਪੁੱਜਾ।
ਫਿਲਮਾਂ ਵਿਚ ਮੌਕਾ ਉਡੀਕਣਾ ਹੀ ਕਾਫੀ ਨਹੀਂ ਹੁੰਦਾ। ਆਪਣੇ ਅੰਦਰ ਉਹ ਯੋਗਤਾ ਪੈਦਾ ਕਰਨੀ ਵੀ ਬੜੀ ਜ਼ਰੂਰੀ ਹੁੰਦੀ ਹੈ, ਜਿਸ ਨਾਲ ਮੌਕਾ ਮਿਲਣ ਉੱਤੇ ਆਦਮੀ ਉਸ ਦਾ ਪੂਰਾ ਲਾਭ ਉਠਾ ਸਕੇ। ਏਸ ਪਾਸੇ ਨਵੇਂ ਆਗੰਤਕਾਂ ਦਾ ਧਿਆਨ ਬਹੁਤਾ ਨਹੀਂ ਜਾਦਾ।
"ਬਾਜ਼ੀ" ਵਿਚ ਨਰਤਕੀ ਦੇ ਰੋਲ ਲਈ ਗੁਰੂ ਦੱਤ ਗੀਤਾ ਬਾਲੀ ਨੂੰ ਮਨਾਉਣਾ ਚਾਹੁੰਦਾ ਸੀ। ਇਕ ਸ਼ਾਮ ਅਸੀਂ ਦੋਵੇਂ ਵਰਸੋਵੇ, ਉਹਦੇ ਬੰਗਲੇ ਉਤੇ, ਕਹਾਣੀ ਸੁਨਾਉਣ ਲਈ ਗਏ। ਗੀਤਾ ਸਟੂਡੀਓ ਤੋਂ ਕਾਫੀ ਦੇਰ ਨਾਲ ਆਈ। ਅਜੇ ਵੀ ਮੂੰਹ ਉਤੇ ਮੇਕ-ਅੱਪ ਲੱਗਾ ਹੋਇਆ ਸੀ, ਤੇ ਤਨ ਦੇ ਕੱਪੜੇ ਵੀ ਕੰਪਨੀ ਦੇ ਸਨ। ਬੇਇੰਤਹਾ ਖੂਬਸੂਰਤ ਲਗ ਰਹੀ ਸੀ। ਇਕ ਤਾਂ ਮੇਰੇ ਲਈ ਫਿਲਮੀ ਕਹਾਣੀ ਕਿਸੇ ਅਭਿਨੇਤਰੀ ਨੂੰ ਸੁਨਾਉਣ ਦਾ ਪਹਿਲਾ ਮੌਕਾ ਸੀ, ਦੂਜੇ ਉਹਦੀਆਂ ਹਰਕਤਾਂ ਐਸੀਆਂ ਚੰਚਲ ਸਨ ਕਿ ਮੈਨੂੰ ਸਾਰਾ ਵਕਤ ਇੰਜ ਲਗਦਾ ਰਿਹਾ, ਜਿਵੇਂ ਉਹ ਸਖਤ ਬੋਰ ਹੋ ਰਹੀ ਹੋਵੇ। ਪਰ ਉਹ ਕਮਾਲ ਦਰਜੇ ਦੀ ਸੂਝਵਾਨ ਕੁੜੀ ਸੀ। ਮੈਂ ਮਸਾਂ ਸਕਰਿਪਟ ਦਾ ਤੀਜਾ ਹਿੱਸਾ ਹੀ ਪੜ੍ਹਿਆ ਸੀ ਕਿ ਉਹ ਸੋਫੇ ਤੋਂ ਉੱਠ ਖਲੋਤੀ। "ਬਹੁਤ ਵਧੀਆ। ਮੈਂ ਜ਼ਰੂਰ ਤੁਹਾਡੀ ਫਿਲਮ ਵਿਚ ਕੰਮ ਕਰਾਂਗੀ। ਬਾਕੀ ਗੱਲਾਂ ਤੁਸੀਂ ਬੀਬਾ ਜੀ ਨਾਲ ਕਰ ਲੈਣਾ।" ਇਹ ਕਹਿ ਕੇ ਉਹ ਅੰਦਰ ਚਲੀ ਗਈ। ਸਾਡੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਗੀਤਾ ਓਦੋਂ ਲਗਭਗ ਤੀਹ ਪਿਕਚਰਾਂ ਵਿਚ ਕੰਮ ਕਰ ਰਹੀ ਸੀ। ਅਸੀਂ ਬੜੀ ਥੋੜੀ ਉਮੀਦ ਲੈ ਕੇ ਆਏ ਸਾਂ।

"ਬਾਜ਼ੀ" ਤੇ "ਹਮ ਲੋਗ" ਇਕੋ ਸਮੇਂ ਸੈੱਟ ਉਤੇ ਗਈਆਂ। ਸ਼ੂਟਿੰਗ ਸ਼ੁਰੂ ਹੋਣ ਮਗਰੋਂ ਮੈਂ ਇਕ ਵਾਰੀ ਵੀ ਗੁਰੂ ਦਤ ਦੇ ਸੈੱਟ ਉਤੇ ਨਾ ਗਿਆ, ਤੇ ਨਾ ਹੀ ਮੈਨੂੰ ਉਹਨੇ ਬੁਲਾਇਆ। ਛੇ ਮਹੀਨੇ ਮੇਰੇ ਨਾਲ ਸਿਰ ਖਪਾ ਕੇ ਉਹ ਤੰਗ ਆ ਚੁੱਕਾ ਸੀ। ਪਰ ਮੈਨੂੰ ਇੰਜ ਲਗਦਾ, ਜਿਵੇਂ ਮੈਂ ਇਕ ਬੱਚਾ ਜਣ ਕੇ ਉਹਦੇ ਹਵਾਲੇ ਕਰ ਦਿੱਤਾ ਹੋਵੇ। ਰਾਜ ਖੋਸਲਾ ਤੇ ਕੁਲਦੀਪ ਕੋਹਲੀ ਉਦੋਂ ਗੁਰੂ ਦੱਤ ਦੇ ਸਹਾਇਕ ਹੁੰਦੇ ਸਨ। ਮੈਂ ਉਹਨਾਂ ਤੋਂ ਟੋਹ-ਟੋਹ ਕੇ ਹਾਲ-ਹਵਾਲ ਪੁਛਦਾ। ਉਹ ਬੜੇ ਮਾਯੂਸਕੁਨ ਜਵਾਬ ਦੇਂਦੇ। ਇਕ ਦਿਨ ਤਾਂ ਕੁਲਦੀਪ ਨੇ ਸਾਫ ਸੁਣਾ ਦਿੱਤਾ, "ਸਕਰਿਪਟ ਤਾਂ ਜੋ ਹੈ ਸੋ ਹੈ, ਪਰ ਕਰ ਰਹੇ ਹਾਂ ਜੋੜ-ਤੋੜ ਕੁ ਵੇਖੋ।"
ਮੇਰਾ ਦਿਲ ਬੈਠ ਗਿਆ। ਮੈਂ ਸਕਰਿਪਟ ਵਿਚ ਛੇ ਗਾਣਿਆਂ ਲਈ ਥਾਂ ਬਣਾਈ ਸੀ। ਮੈਂ ਸੁਣਿਆਂ ਕਿ ਗੁਰੂ ਦੱਤ ਨੌਂ ਗਾਣੇ ਪਾ ਰਿਹਾ ਸੀ। ਤਿੰਨ ਨਵੇਂ ਗਾਣੇ ਘੁਸੇੜਨ ਲਈ ਮੈਥੋਂ ਪੁੱਛੇ ਬਿਨਾਂ ਖੋਰੇ ਮੇਰੇ ਕਿਤਨੇ ਸੀਨ ਕੱਟੇ ਜਾਣਗੇ। ਸੋਚ ਸੋਚ ਕੇ ਮੈਨੂੰ ਰਾਤੀਂ ਨੀਂਦ ਨਾ ਆਉਂਦੀ। ਫਿਲਮਾਂ ਵਿਚ ਲਿਖਾਰੀਆਂ ਦੀ ਬੇਕੁਰਬੀ ਤੇ ਬੇਚਾਰਗੀ ਦੇ ਕਿੱਸੇ ਮੈਂ ਸੁਣੇ ਹੋਏ ਸਨ। ਪਰ ਉਹੋ ਜਿਹਾ ਬਣਨ ਦਾ ਮੇਰਾ ਕੋਈ ਵਿਚਾਰ ਨਹੀਂ ਸੀ। ਮੈਂ ਚੇਤਨ ਅੱਗੇ ਕੁਝ ਲੋੜ ਤੋਂ ਵਧ ਆਪਣੇ ਅਧਿਕਾਰਾਂ ਦਾ ਮੁਜ਼ਾਹਰਾ ਕਰਨ ਲਗ ਪਿਆ। ਤੇ ਇਹ ਗੱਲ ਅੰਦਰੇ ਅੰਦਰ ਗੁਰੂ ਦੱਤ ਨੂੰ ਬੁਰੀ ਲੱਗੀ। ਸਾਡੀ ਦੋਸਤੀ ਰਸਮੀ ਜਿਹੀ ਹੋ ਕੇ ਰਹਿ ਗਈ। ਮੈਨੂੰ ਕਿਵੇਂ ਪਤਾ ਹੁੰਦਾ ਕਿ ਅਯੂਬ ਵਾਂਗ ਗੁਰੂ ਦੱਤ ਨੇ ਵੀ ਇਤਨੀ ਛੇਤੀ ਇਸ ਦੁਨੀਆਂ ਤੋਂ ਕੂਚ ਕਰ ਜਾਣਾ ਹੈ। (ਇਹ ਸਤਰ ਟਾਈਪ ਕਰ ਰਿਹਾ ਸਾਂ ਕਿ ਸੁਣਿਆਂ, ਮੀਨਾ ਕੁਮਾਰੀ ਵੀ ਚਲੀ ਗਈ...31-3-72...)।
...1967...ਖੰਡਾਲਾ..."ਪਿੰਜਰੇ ਕੇ ਪੰਛੀ" ਦੀ ਆਟੂਟ-ਡੋਰ ਸੂ.ਟਿੰਗ਼..। ਸ਼ਾਟ ਹੈ - ਮੀਨਾ ਕੁਮਾਰੀ ਆਤਮ-ਹੱਤਿਆ ਕਰਨ ਲਈ ਰੇਲਵੇ ਲਾਈਨ ਉੱਤੇ ਤੁਰੀ ਜਾ ਰਹੀ ਹੈ। ਮੈਂ ਉਹਦੇ ਪਿੱਛੇ ਪਿੱਛੇ "ਬਹੂ - ਬਹੂ" ਪੁਕਾਰਦਾ ਦੌੜ ਰਿਹਾ ਹਾਂ ਤੇ ਐਨ ਵਕਤ ਸਿਰ ਉਹਨੂੰ ਗੱਡੀ ਥੱਲੇ ਆਉਣ ਤੋਂ ਬਚਾ ਲੈਂਦਾ ਹਾਂ। ਅਸੀਂ ਦੋਵੇਂ ਰੇਲਵੇ ਲਾਈਨ ਤੋਂ ਬਾਹਰ ਡਿੱਗ ਪੈਂਦੇ ਹਾਂ, ਤੇ ਸਾਡੇ ਦਰਮਿਆਨ ਬੜੀ ਜਜ਼ਬਾਤੀ ਤਕਰਾਰ ਹੋਣ ਲਗ ਪੈਂਦੀ ਹੈ।
ਸਲੀਲ ਚੌਧਰੀ ਸਿਰਫ ਸਾਡੇ ਦੌੜਨ ਦਾ ਤੇ ਰੇਲਵੇ ਲਾਈਨ ਤੋਂ ਬਾਹਰ ਡਿੱਗਣ ਦਾ ਸ਼ਾਟ ਲੈਣਾ ਚਾਹੁੰਦਾ ਸੀ। ਗੱਡੀ ਦੇ ਸਾਹਮਣਿਓਂ ਆਉਣ ਦੇ, ਤੇ ਸਾਡੀ ਤਕਰਾਰ ਦੇ ਸ਼ਾਟ ਉਹ ਬਾਅਦ ਵਿਚ, "ਬੈਕ-ਪਰੋਜੈਕਸ਼ਨ" ਦੀ ਮਦਦ ਨਾਲ ਲੈ ਸਕਦਾ ਸੀ।
ਅਚਨਚੇਤ ਮੈਨੂੰ ਖਿਆਲ ਆਇਆ ਕਿ "ਡੈਕੱਨ ਕਵੀਨ" ਦੇ ਆਉਣ ਦਾ ਵਕਤ ਹੋ ਰਿਹਾ ਹੈ। ਉਹ ਖੰਡਾਲੇ ਨਹੀਂ ਸੀ ਠਹਿਰਦੀ। ਜੇ ਕੈਮਰਾਮੈਨ ਛੇਤੀ-ਛੇਤੀ ਲਾਈਟਾਂ "ਫਿਕਸ" ਕਰ ਲਏ, ਤਾਂ ਸਾਰਾ ਸੀਨ ਇਕੋ ਸ਼ਾਟ ਵਿਚ ਹੋ ਸਕਦਾ ਹੈ। ਸਲੀਲ ਨੇ ਮੀਨਾ ਕੁਮਾਰੀ ਤੋਂ ਪੁੱਛਿਆ। ਉਹਨੇ ਵੀ ਝਟ ਹਾਂ ਕਰ ਦਿਤੀ। ਛੇਤੀ ਛੇਤੀ ਲਾਈਟਾਂ ਲਾ ਦਿੱਤੀਆਂ ਗਈਆਂ। ਮਾਈਕਰੋਫੌਨ ਰਖ ਗਿਆ। ਹੁਣ ਮੈਨੂੰ ਖਿਆਲ ਆਇਆ, ਮੀਨਾ ਨੂੰ ਤਾਂ ਸਿਰਫ ਇਕ ਵਾਰੀ ਸੀਨ ਸੁਣ ਕੇ ਡਾਇਲਾਗ ਯਾਦ ਹੋ ਜਾਂਦੇ ਹਨ। ਮੇਰਾ ਕੀ ਬਣੇਗਾ? ਕਾਫੀ ਲੰਮਾ ਸਾਰਾ ਸੀਨ ਸੀ। ਪਰ ਹੁਣ ਸੋਚਣ ਦਾ ਵੇਲਾ ਨਹੀਂ ਸੀ। ਮਸਾਂ ਡਾਇਲਾਗ ਕੰਨਾ ਵਿਚ ਪਏ ਸਨ ਕਿ ਸਾਹਮਣਿਓਂ ਗੱਡੀ ਆ ਗਈ - ਖਾਸੀ ਤੇਜ਼ ਰਫਤਾਰ ਨਾਲ।
ਡਰਾਈਵਰ ਨੇ ਸਾਨੂੰ ਲਾਈਨ ਉਤੇ ਦੌੜਦਿਆਂ ਵੇਖ ਕੇ ਲੰਮੀਆਂ ਲੰਮੀਆਂ ਸੀਟੀਆਂ ਮਾਰਨੀਆਂ ਸੁ.ਰੂ ਕਰ ਦਿੱਤੀਆਂ। ਮੈਨੂੰ ਮਨ ਵਿਚ ਖਿੱਝ ਹੋਣੀ ਸ਼ੁਰੂ ਹੋਈ। ਜੇ ਉਹ ਏਸੇ ਤਰ੍ਹਾਂ ਲੰਮੀਆਂ ਲੰਮੀਆਂ ਸੀਟੀਆਂ ਮਾਰਦਾ ਗਿਆ, ਤਾਂ ਸਾਡੇ ਡਾਇਲਾਗ ਕਿਵੇਂ ਰੀਕਾਰਡ ਹੋਣਗੇ? ਮਸਾਂ ਦਸ ਗਜ਼ ਦੀ ਵਿੱਥ ਰਹਿ ਗਈ ਸੀ, ਜਦੋਂ ਮੈਂ ਮੀਨਾ ਨੂੰ ਬਾਹਾਂ 'ਚ ਵਲ ਕੇ ਲਾਈਨ ਤੋਂ ਬਾਹਰ ਡੇਗ ਲਿਆ। ਗੱਡੀ ਦੇ ਪਹੀਏ ਠੱਕ-ਠੱਕ ਕਰਦੇ ਲੰਘ ਰਹੇ ਸਨ। ਲਾਈਟਾਂ ਠੀਕ ਸਾਡੇ ਮੂੰਹ ਉਤੇ ਪੈ ਰਹੀਆਂ ਸਨ। ਸਭ ਕੰਮ ਬੜੀ ਖੂਬਸੂਰਤੀ ਨਾਲ ਹੋ ਗਿਆ। ਖੁਸ਼ੀ ਖੁਸ਼ੀ ਅਸਾਂ ਪੈਕ-ਅਪ ਕੀਤਾ, ਤੇ ਹੋਟਲ ਜਾ ਪੁੱਜੇ। ਪਰ ਮੈਂ ਵੇਖਿਆ ਕਿ ਮੇਰਾ ਸਾਰਾ ਜਿਸਮ ਹੰਬ ਜਿਹਾ ਗਿਆ ਸੀ। ਮੈਂ ਥੱਕ ਕੇ ਚੂਰ ਹੋਇਆ ਪਿਆ ਸਾਂ। ਮੈਂ ਗਰਮ ਪਾਣੀ ਦਾ ਟੱਭ ਭਰ ਕੇ ਉਸ ਵਿਚ ਲੇਟ ਗਿਆ। ਯਕਲੱਖਤ ਮੈਨੂੰ ਆਪਣੀ ਥਕਾਵਟ ਦਾ ਕਾਰਨ ਸਮਝ ਵਿਚ ਆਇਆ। ਕਿਤਨਾ ਖਤਰਨਾਕ ਕੰਮ ਕਰ ਮਾਰਿਆ ਸੀ ਅਸਾਂ! ਜੇ ਭਲਾ ਜ਼ਰਾ ਵੀ ਸਾਡੇ ਵਿਚੋਂ ਕਿਸੇ ਦਾ ਪੈਰ ਥਿੜਕ ਜਾਂਦਾ? ਡਰਾਈਵਰ ਐਵੇਂ ਹੀ ਤਾਂ ਨਹੀਂ ਸੀ ਸੀਟੀਆਂ ਮਾਰ ਰਿਹਾ। ਕਿਤਨੀ ਮੂਰਖਤਾ-ਭਰੀ ਤਜਵੀਜ਼ ਪੇਸ਼ ਕੀਤੀ ਸੀ ਮੈਂ! ਕਿਸੇ ਹੋਰ ਦੀ ਜਾਨ ਖਤਰੇ ਵਿਚ ਪਾਉਣ ਦਾ ਕੀ ਹੱਕ ਸੀ ਮੈਨੂੰ? ਆਖਰਾਂ ਦਾ ਪਛਤਾਵਾ ਹੋਣ ਪਿਆ।
ਨਹਾ ਕੇ ਮੈਂ ਕਮਰੇ 'ਚੋਂ ਬਾਹਰ ਨਿਕਲਿਆ। ਮੀਨਾ ਆਪਣੀ ਕਾਟੇਜ ਦੇ ਬਾਹਰ ਬਰਾਂਡੇ ਦੀਆਂ ਪੌੜੀਆਂ ਉਪਰ ਬਾਹਾਂ ਵਿਚ ਸਿਰ ਪਾ ਕੇ ਬੈਠੀ ਹੋਈ ਸੀ।
ਮੈਨੂੰ ਆਉਂਦਿਆਂ ਵੇਖ ਕੇ ਉਹ ਕਹਿਣ ਲਗੀ, "ਆਜ ਯਿਹ ਕਿਆ ਕੀਆ ਬਲਰਾਜ ਜੀ ਆਪ ਨੇ? ਜ਼ਿੰਦਗੀ ਸੇ ਤੰਗ ਆਏ ਹੂਏ ਹੈਂ ਕਿਆ?"
"ਵਹੀ ਸੋਚ ਸੋਚ ਕਰ ਤੋ ਮੇਰੀ ਜਾਨ ਨਿਕਲੀ ਜਾ ਰਹੀ ਹੈ। ਮੈਂ ਤੋ ਬੇਵਕੂਫੀ ਕਰ ਹੀ ਰਹਾ ਥਾ, ਪਰ ਤੁਮ ਨੇ ਮੁਝੇ ਰੋਕਾ ਕਿਉਂ ਨਹੀਂ?"
ਉਹ ਹੱਸ ਪਈ। ਉਹੀ ਹਾਸਾ, ਜੋ ਇਨਸਾਨ ਇਕ ਵਾਰੀ ਸੁਣ ਕੇ ਕਦੇ ਭੁਲ ਨਹੀਂ ਸੀ ਸਕਦਾ।
"ਆਪ ਸ਼ਾਟ ਜੋ ਕਰਨਾ ਚਾਹਤੇ ਥੇ। ਭਲਾ ਮੈਂ ਆਪ ਕੋ ਕੈਸੇ ਰੋਕ ਦੇਤੀ?"...
ਤਮਾਸ਼ੇ ਦੀ ਦੁਨੀਆਂ! ਚਲੋ, ਅਜ ਮੀਨਾ ਕੁਮਾਰੀ ਆਪਣੀ ਖੇਡ ਮੁਕਾ ਕੇ ਚਲੀ ਗਈ।
(ਇਕ ਦਮ ਦੀ ਵਾਰਸਾ ਇਹ ਦੁਨੀਆਂ,
ਰੱਬ ਬੇ-ਵਾਰਸ ਕਰ ਮਾਰਦਾ ਏ!)

- - - - - -
"ਹਮ ਲੋਗ" ਦੀ ਸ਼ੂਟਿੰਗ ਦੇ ਸ਼ੁਰੂ ਵਿਚ ਤਾਂ ਮੇਰੀ ਬੁਰੀ ਗੱਤ ਬਣੀ। ਪਹਿਲੇ ਦਿਨ ਮੇਰੇ ਕੋਲੋਂ ਇਕ ਵੀ ਚੱਜ ਦਾ ਸ਼ਾਟ ਨਾ ਦਿੱਤਾ ਗਿਆ। ਕੈਮਰੇ ਦਾ ਖੌਫ ਜਿਹੜਾ ਪਹਾੜ ਵਾਂਗ ਮੇਰੀ ਛਾਤੀ ਉੱਤੇ ਬੈਠਦਾ ਆ ਰਿਹਾ ਸੀ, ਇਕ ਅਸਹਿ ਬੋਝ ਬਣ ਚੁੱਕਾ ਸੀ, ਇਕ ਅਸਾਧ ਜਿਹਾ ਰੋਗ। ਸੀਨ ਵਿਚ ਸਾਥੀ ਕਲਾਕਾਰ ਅਨਵਰ ਹੁਸੈਨ ਸੀ - ਕੁੰਦਨ, ਮੁਰਗੀ ਚੋਰ। ਉਸ ਵਲ ਵੇਖਦਿਆਂ ਹੀ ਮੇਰਾ ਆਤਮ-ਵਿਸ਼ਵਾਸ ਟੁੱਟ ਜਾਂਦਾ, ਹੋਸ਼-ਹਵਾਸ ਉੱਡ ਪੁਡ ਜਾਂਦੇ। ਸ਼ਾਟ ਤਾਂ ਕੀ, ਇਕ ਰਿਹਰਸਲ ਵੀ ਮੈਥੋਂ ਸਿਰੇ ਨਾ ਚੜ੍ਹਦੀ। ਮੇਰੀ ਬਰਗਸ਼ਤਾ ਹਾਲਤ ਦਾ ਅੰਦਾਜ਼ਾ ਏਸ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਵਾਰੀ ਜਦੋਂ ਹਵਾ ਖਾਣ ਲਈ ਬਾਹਰ ਬੰਚ ਉਤੇ ਜਾ ਲੇਟਿਆ, ਤਾਂ ਪਤਲੂਨ ਵਿਚ ਮੇਰਾ ਪਿਸ਼ਾਬ ਨਿਕਲ ਗਿਆ।
ਲੰਚ ਦੀ ਛੁੱਟੀ ਮਗਰੋਂ ਮੈਂ ਥੋੜਾ ਜਿੰਨਾ ਆਪਣੇ ਆਪ ਨੂੰ ਸਾਂਭ ਸਕਿਆ। ਇਕ ਦੋ ਸ਼ਾਟ ਵੀ ਹੋਏ, ਪਰ ਉਹ ਵੀ ਸਿਰਫ ਮੈਨੂੰ ਹੌਸਲਾ ਦੇਣ ਲਈ ਹੀ "ਓ.ਕੇ." ਕੀਤੇ ਗਏ। ਜਿਤਨਾ ਮੈਂ ਯਰਕਦਾ, ਉਤਨਾ ਹੀ ਅਨਵਰ ਚੜ੍ਹਦੀਆਂ ਕਲਾਂ ਵਿਚ ਆਉਂਦਾ। ਫਿਲਮ ਦੀ ਸ਼ੂਟਿੰਗ ਵਿਚ ਆਮ ਇਹੀ ਹੁੰਦਾ ਹੈ। ਏਥੇ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਨਹੀਂ, ਛੱਡਦਾ ਜਾਂ ਛੁਡਵਾਉਂਦਾ ਹੈ। ਅਨਵਰ ਦਾ ਰੋਲ ਆਖਰਾਂ ਦਾ ਚੁਲਬੁਲਾ ਸੀ। ਇੰਜ ਲਗ ਰਿਹਾ ਸੀ, ਜਿਵੇਂ ਬਣਾਇਆ ਹੀ ਰੱਬ ਨੇ ਉਹਨੂੰ ਉਹਦੇ ਲਈ ਹੋਵੇ।
(ਅਨਵਰ "ਹਮ ਲੋਗ" ਫਿਲਮ ਦੀ ਜਾਨ ਸੀ। ਉਸ ਦੀ ਅਦਾਕਾਰੀ ਬੇ-ਮਿਸਾਲ ਸੀ। ਪਰ ਉਸ ਦਿਨ ਪਿਛੋਂ ਇਹਨਾਂ ਵੀਹ ਬਾਈ ਵਰ੍ਹਿਆਂ ਵਿਚ, ਉਸ ਪੱਧਰ ਦਾ ਰੋਲ ਉਹਨੂੰ ਮੁੜ ਕੇ ਇਕ ਵੀ ਨਹੀਂ ਮਿਲਿਆ।)
ਜ਼ਿਆ ਉਸ ਦਿਨ ਮੈਨੂੰ ਟੈਕਸੀ ਵਿਚ ਆਪਣੇ ਨਾਲ ਬਿਠਾ ਕੇ ਸਟੂਡੀਓ ਲੈ ਗਿਆ ਸੀ। ਸ਼ਾਮੀਂ ਵੀ ਅਸੀਂ ਟੈਕਸੀ ਵਿਚ ਇਕੱਠੇ ਹੀ ਵਾਪਸ ਆਏ।
ਰਾਹ ਵਿਚ ਮੈਂ ਬੜੀ ਆਜਜ਼ੀ ਨਾਲ ਜ਼ਿਆ ਨੂੰ ਕਿਹਾ, "ਜ਼ਿਆ, ਜੋ ਭਰੋਸਾ ਤੂੰ ਮੇਰੇ ਉੱਪਰ ਕੀਤਾ ਹੈ, ਮੈਂ ਉਸ ਦੇ ਕਾਬਿਲ ਨਹੀਂ ਹੋ ਸਕਾਂਗਾ। ਤੈਨੂੰ ਬੜੀਆਂ ਮੁਸ਼ਕਲਾਂ ਨਾਲ ਪਿਕਚਰ ਮਿਲੀ ਹੈ। ਅਜੇ ਕੁਝ ਵੀ ਨਹੀਂ ਵਿਗੜਿਆ, ਮੇਰੀ ਥਾਂ ਕਿਸੇ ਹੋਰ ਨੂੰ ਲੈ ਲੈ। ਮੈਂ ਜ਼ਰਾ ਵੀ ਬੁਰਾ ਨਹੀਂ ਮੰਨਾਂਗਾ।"
ਜ਼ਿਆ ਨੇ ਅਗੋਂ ਜਿਸ ਮੁਰੱਵਤ ਤੇ ਮਨੁੱਖੀ ਵਡਿਆਈ ਦਾ ਸਬੂਤ ਦਿੱਤਾ, ਮੈਂ ਭੁੱਲ ਨਹੀਂ ਸਕਦਾ। ਆਪਣੀ ਆਦਤ ਅਨੁਸਾਰ ਉਹ ਕੁਝ ਚਿਰ ਨਹੁੰ ਟੁਕਦਾ ਰਿਹਾ। ਤੇ ਉਹਨੇ ਕਿਹਾ, "ਬਲਰਾਜ ਸਾਹਬ, ਅਬ ਤੋ ਯਾ ਇਕੱਠੇ ਤੈਰੇਂਗੇ, ਯਾ ਇਕੱਠੇ ਡੂਬੇਂਗੇ।"
ਪਰ ਉਸ ਜਵਾਬ ਤੋਂ ਨਾ ਮੈਨੂੰ ਹੌਂਸਲਾ ਹੋਇਆ, ਨਾ ਖੁਸ਼ੀ। ਸਗੋਂ ਭਲਕੇ ਫੇਰ ਕੈਮਰੇ ਅੱਗੇ ਖਲੋਣ ਦਾ ਖੌਫ ਸਤਾਉਣ ਲਗ ਪਿਆ।
ਘਰ ਪਹੁੰਚ ਕੇ ਮੈਂ ਆਪਣੀ ਪਤਨੀ ਨੂੰ ਵੇਖਦਿਆਂ ਸਾਰ ਬਿਲਖ-ਬਿਲਖ ਕੇ ਰੋਣ ਤੇ ਕੰਧਾਂ ਨਾਲ ਟੱਕਰਾਂ ਮਾਰਨ ਲਗ ਪਿਆ।
"ਮੈਂ ਕਦੇ ਵੀ ਐਕਟਰ ਨਹੀਂ ਬਣ ਸਕਦਾ, ਕਦੇ ਵੀ ਨਹੀਂ," ਇਹੀ ਮੇਰੇ ਮੂਹ 'ਚੋਂ ਬਾਰ ਬਾਰ ਨਿਕਲ ਰਿਹਾ ਸੀ।
ਏਨੇ ਵਿਚ ਜ਼ਿਆ ਸਰਹੱਦੀ ਦਾ ਦੂਸਰਾ ਸਹਾਇਕ, ਨਾਗਰਤ, ਜਿਸ ਦੀ ਉਮਰ ਸਿਰਫ ਉਨੀ ਕੁ ਸਾਲ ਦੀ ਸੀ, ਸਿੱਧਾ ਹੀ ਕਮਰੇ ਵਿਚ ਵੜ ਆਇਆ ਤੇ ਲੱਗਾ ਮੈਨੂੰ ਉੱਚੀ ਉੱਚੀ ਝਿੜਕਾਂ ਦੇਣ।
"ਕਾਇਰ, ਡਰਪੋਕ! ਬੜੇ ਕਮਿਊਨਿਸਟ ਬਣੇ ਫਿਰਦੇ ਨੇ। ਅੰਦਰੋਂ ਰੂਹ ਅਮੀਰਾਂ ਦੀਆਂ ਜੁੱਤੀਆਂ ਵਿਚ ਰੁਲ ਰਹੀ ਹੈ। ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਏ ਤੁਹਾਨੂੰ!"
ਮੈਂ ਹੱਕਾ-ਬੱਕਾ ਹੋ ਕੇ ਉਹਦੇ ਮੂੰਹ ਵਲ ਵੇਖਣ ਲਗ ਪਿਆ। ਖੋਰੇ ਉਹ ਕਿਤਨਾ ਚਿਰ ਬੋਲੀ ਗਿਆ।
"ਤੁਸੀਂ ਐਕਟਿੰਗ ਨਹੀਂ ਕਰ ਸਕਦੇ? ਮਹਿਜ਼ ਬਕਵਾਸ? ਤੁਸੀਂ ਦੂਜਿਆਂ ਤੋਂ ਸੌ ਦਰਜਾ ਬੇਹਤਰ ਐਕਟਿੰਗ ਕਰ ਸਕਦੇ ਹੋ, ਪਰ ਉਨ੍ਹਾ ਚਿਰ ਨਹੀਂ, ਜਦੋਂ ਤਕ ਤੁਸੀਂ ਉਹਨਾਂ ਦੀਆਂ ਮੋਟਰਾਂ ਵਲ ਵੇਖਦੇ ਰਹੋਗੇ, ਉਹਨਾਂ ਦੀ ਸ਼ੁਹਰਤ ਤੇ ਅਮੀਰੀ ਦੇ ਰੋਹਬ ਥੱਲੇ ਪਿਸਦੇ ਰਹੋਗੇ। ਅਨਵਰ ਅਮੀਰ ਹੈ, ਨਰਗਿਸ ਦਾ ਭਰਾ ਹੈ, ਏਸੇ ਪਿੱਛੇ ਤੁਹਾਡੀ ਜਾਨ ਨਿਕਲੀ ਹੋਈ ਹੈ। ਈਰਖਾ ਅੰਦਰੇ-ਅੰਦਰ ਖਾ ਰਹੀ ਹੈ ਤੁਹਾਨੂੰ। ਬੜੇ ਕਲਾ ਦੇ ਦਾਅਵੇਦਾਰ ਬਣਦੇ ਹੋ ਤੁਸੀਂ, ਪਰ ਅਸਲ ਵਿਚ ਤੁਹਾਡੀਆਂ ਨਜ਼ਰਾਂ ਕਲਾ ਵਲ ਨਹੀਂ, ਦੌਲਤ ਵਲ ਹਨ। ਉਹੀ ਸਭ ਤੋਂ ਵੱਡੀ ਤੇ ਉੱਚੀ ਚੀਜ਼ ਹੈ ਤੁਹਾਡੀਆਂ ਨਜ਼ਰਾਂ ਵਿਚ। ਹਾਥੀ ਕੇ ਦਾਂਤ, ਖਾਨੇ ਕੇ ਔਰ, ਦਿਖਾਨੇ ਕੇ ਔਰ।"
ਇਪਟਾ ਦਾ ਡਰਾਮਾ, "ਸੜਕ ਕੇ ਕਿਨਾਰੇ" ਨਾਗਰਤ ਨੇ ਵੀ ਵੇਖਿਆ ਸੀ। ਉਸ ਵਿਚ ਵੀ ਮੇਰਾ ਇਕ ਬੇਰੁਜ਼ਗਾਰ ਤੇ ਬੀਮਾਰ ਨੌਜਵਾਨ ਦਾ ਹੀ ਰੋਲ ਸੀ। ਪੂਰੇ ਡਰਾਮੇ ਵਿਚ ਉਹ ਪਾਤਰ ਸਰਮਾਏਦਾਰੀ ਨਿਜ਼ਾਮ ਦੇ ਖਿਲਾਫ ਜ਼ਹਿਰ ਉਗਲਦਾ ਹੈ। ਤੇ ਉਹ ਪਾਰਟ ਮੈਂ ਬੜੇ ਜੋਸ਼ੀਲੇ ਤੇ ਭਾਵ ਪੂਰਤ ਅੰਦਾਜ਼ ਨਾਲ ਕਰਦਾ ਸਾਂ। ਮੇਰੇ ਸ਼ਬਦ ਦਰਸ਼ਕਾਂ ਦੇ ਦਿਲਾਂ ਵਿਚ ਉਤਰਦੇ ਸਨ। ਬੜਾ ਪ੍ਰਭਾਵ ਪੈਂਦਾ ਸੀ। ਡਰਾਮੇ ਦੇ ਅੰਤ ਵਿਚ ਹਾਲ ਤਾੜੀਆਂ ਨਾਲ ਗੂੰਜ ਪੈਂਦਾ ਸੀ। "ਹਮ ਲੋਗ" ਵਿਚ ਮੇਰਾ ਰੋਲ ਉਸੀ ਪ੍ਰਕਾਰ ਦਾ ਸੀ। ਫੇਰ ਰੋ ਰੋ ਕੇ ਕੰਧਾਂ ਨਾਲ ਟੱਕਰਾਂ ਮਾਰਨਾ ਤੇ ਕੀਰਨੇ ਪਾਉਣਾ ਕਿਥੋਂ ਤਕ ਠੀਕ ਸੀ? ਨਾਗਰਤ ਦਾ ਤੀਰ ਨਿਸ਼ਾਨੇ ਉੱਤੇ ਬੈਠਾ। ਉਹਨੇ ਮੇਰੇ ਰੋਲ ਵਿਚਲਾ ਭੇਤ ਮੈਨੂੰ ਸਮਝਾ ਦਿੱਤਾ ਸੀ - ਨਫਰਤ । ਨਫਰਤ । ਨਫਰਤ । ਹਰ ਸ਼ਖਸ ਨਾਲ ਨਫਰਤ। ਹਰ ਚੀਜ਼ ਨਾਲ ਨਫਰਤ। ਪੂਰੀ ਜ਼ਿੰਦਗੀ ਨਾਲ ਨਫਰਤ। ਅਸੀਮ, ਅਮੋੜ ਨਫਰਤ। ਮੇਰੇ ਠੰਢੇ ਪਏ ਹੋਏ ਸਰੀਰ ਵਿਚ ਗਰਮਾਇਸ਼ ਪਰਤ ਆਈ। ਮੇਰੀ ਰੂਹ ਉਪਰ ਨਾਗਰਤ ਸੂਰਜ ਵਾਂਗ ਲਿਸ਼ਕ ਪਿਆ। ਇਕ ਉੱਨੀ ਸਾਲ ਦੇ ਨੌਜਵਾਨ ਨੇ ਮੇਰੀ ਮੁਸ਼ਕਲ ਕਿਵੇਂ ਪਛਾਣ ਲਈ, ਮੈਂ ਹੁਣ ਵੀ ਸੋਚ ਸੋਚ ਕੇ ਹੈਰਾਨ ਹੁੰਦਾ ਹਾਂ। ਉਹ ਸਾਰੀ ਰਾਤ ਮੈਂ ਆਪਣੇ ਅੰਦਰ ਨਫਰਤਾਂ ਦੀ ਭੱਠੀ ਬਾਲਦਾ ਰਿਹਾ। ਹੁਣ ਮੈਨੂੰ ਸਮਝ ਆ ਗਈ ਸੀ ਕਿ ਮੇਰੇ ਹੌਂਸਲੇ ਅਕਾਰਨ ਨਹੀਂ ਸਨ ਟੁੱਟੇ, ਮੇਰੇ ਆਲੇ-ਦੁਆਲੇ ਨੇ ਉਹਨਾਂ ਨੂੰ ਤੋੜਨ ਦੀ, ਚਿੰਤੇ ਜਾਂ ਅਚਿੰਤੇ, ਸਾਜ਼ਸ਼ ਕੀਤੀ ਸੀ। ਇਹ ਆਲਾ-ਦੁਆਲਾ ਨਵੇਂ ਕਲਾਕਾਰ ਨੂੰ ਉਭਾਰਦਾ ਨਹੀਂ, ਹਰ ਮੁਮਕਨ ਢੰਗ ਨਾਲ ਕੁਚਲਣਾ ਚਾਹੁੰਦਾ ਹੈ। ਉਸ ਮਾਸੂਮ ਨੂੰ ਤਾਂ ਯਕੀਨਨ ਕੁਚਲਦਾ ਹੈ, ਜਿਸ ਨੇ ਕੁਦਰਤ ਵਲੋਂ ਕੋਈ ਵਿਸ਼ੇਸ਼ ਦਾਤ, ਦਿਮਾਗੀ ਜਾਂ ਜਿਸਮਾਨੀ, ਲੈ ਕੇ ਜੰਮਣ ਦਾ ਗੁਨਾਹ ਕੀਤਾ ਹੋਵੇ। ਜਿਸ ਨੂੰ ਵੇਲੇ ਸਿਰ ਜ਼ਮਾਨੇ ਦੀ ਕੁਚਾਲ ਸਮਝ ਆ ਗਈ, ਤੇ ਉਹ ਮੁਕਾਬਲੇ ਉੱਤੇ ਡੱਟ ਗਿਆ, ਉਹਦੀ ਖੈਰ। ਜਿਸ ਨੇ ਆਪਣੇ ਬਾਰੇ ਦੂਜਿਆਂ ਦੇ ਨਜ਼ਰੀਏ ਕਬੂਲ ਕਰ ਲਏ, ਉਹ ਖਤਮ।
ਮੈਂ ਆਪਣੇ ਦੋਸਤਾਂ, ਮਿੱਤਰਾਂ, ਅਜ਼ੀਜ਼ਾਂ, ਸਭ ਨੂੰ ਉਸ ਰਾਤ ਨਫਰਤ ਦੀ ਭੱਠੀ ਵਿਚ ਝੋਂਕ ਦਿੱਤਾ। ਸਭ ਨੂੰ ਆਪਣੇ ਦੁਸ਼ਮਣ ਦੇ ਰੂਪ ਵਿਚ ਵੇਖਣ ਲੱਗ ਪਿਆ। ਜਿਉਂ ਜਿਉਂ ਮੈਂ ਇੰਜ ਕਰਦਾ, ਮੇਰਾ ਹੌਂਸਲਾ ਵਧਦਾ, ਸਹਿਮ ਹਟਦਾ। ਹੁਣ ਮੈਂ ਉਸ ਘੜੀ ਨੂੰ ਬੇਸਬਰੀ ਨਾਲ ਉਡੀਕ ਰਿਹਾ ਸਾਂ, ਜਦੋਂ ਪਿੜ ਵਿਚ ਅਨਵਰ ਨਾਲ ਫੇਰ ਮੇਰਾ ਟਾਕਰਾ ਹੋਵੇਗਾ - ਇਕ ਆਪਣੇ ਵਰਗੇ ਹੀ ਪ੍ਰਸਥਿਤੀਆਂ ਦੇ ਗੁਲਾਮ ਆਦਮੀ ਨਾਲ। ਦਰਅਸਲ, ਮੈਂ ਘੋਰ ਅਨਿਆਇ ਕਰ ਰਿਹਾ ਸਾਂ।
ਅਗਲੇ ਦਿਨ ਮੈਂ ਜ਼ਿਆ ਨਾਲ ਨਹੀਂ, ਸਗੋਂ ਆਪਣੀ ਮੋਟਰ ਸਾਈਕਲ ਉਤੇ ਬਹਿ ਕੇ ਸਟੂਡੀਓ ਗਿਆ। ਮੇਕ-ਅੱਪ-ਮੈਨ, ਦਾਦਾ ਪਰਾਂਜਪੇ ਮੇਰੇ ਝੰਵੇਂ ਤੇ ਝੁਰੜੇ ਹੋਏ ਚਿਹਰੇ ਉਤੇ ਭਾਂਤ ਭਾਂਤ ਦੇ ਲੇਪ ਤੇ ਰੰਗ ਥੱਪਦਾ ਸੀ - ਮੈਨੂੰ ਕੈਮਰੇ ਅਗੇ 'ਹੁਸਨਾਉਣ' ਖਾਤਰ। ਮੈਂ ਉਹਨੂੰ ਮਨ੍ਹਾਂ ਕਰ ਦਿੱਤਾ। "ਮੈਨੂੰ ਕੋਈ ਲੋੜ ਨਹੀਂ ਹੁਸੀਨ ਬਣਨ ਦੀ," ਮੈਂ ਕਿਹਾ, "ਤੇ ਨਾ ਹੀ ਮੈਂ ਸਿਰ ਉਤੇ ਨਕਲੀ ਵਾਲ ਲਾਉਣੇ ਹਨ। ਮੈਂ ਜਿਵੇਂ ਹਾਂ, ਓਵੇਂ ਈ ਰਹਿਣ ਦਿਓ। ਸਾਦਾ ਜਿਹਾ ਪੈਨ-ਕੇਕ ਦਾ ਪੋਚਾ ਫੇਰ ਦਿਓ ਮੂੰਹ ਉਤੇ, ਬਸ। ਮੈਂ ਆਪਣੇ ਮੂੰਹ ਨੂੰ ਆਪਣਾ ਮਹਿਸੂਸ ਕਰਨਾ ਚਾਹੁੰਦਾ ਹਾਂ।"
ਦਾਦਾ ਮੇਰਾ ਮੂੰਹ ਵੇਖਦਾ ਰਹਿ ਗਿਆ। "ਜਿਵੇਂ ਜ਼ਿਆ ਸਾਹਬ ਨੇ ਹਿਦਾਇਤ ਕੀਤੀ ਹੈ ਓਵੇਂ ਹੀ ਕਰਨਾ ਪਏਗਾ।" ਮੈਂ ਅੱਗੋਂ ਕੜਕ ਕੇ ਜਵਾਬ ਦਿੱਤਾ, "ਜ਼ਿਆ ਸਾਹਬ ਡਾਇਰੈਕਟਰ ਹਨ, ਤੇ ਮੈਂ ਪਿਕਚਰ ਦਾ ਹੀਰੋ ਹਾਂ। ਉਹਨਾਂ ਦਾ ਦੋਸਤ ਵੀ ਹਾਂ। ਅਸੀਂ ਆਪਸ ਵਿਚ ਨਿਬੜ ਲਵਾਂਗੇ। ਤੁਸੀਂ ਉਹੀ ਕਰੋ ਜੋ ਤੁਹਾਨੂੰ ਮੈਂ ਕਹਿ ਰਿਹਾ ਹਾਂ।"
ਦਾਦਾ ਨੂੰ ਝੁਕਣਾ ਪਿਆ। ਉਥੋਂ ਸਟੂਡੀਓ ਜਾਂਦਿਆਂ, ਹਾਤੇ ਵਿਚ ਕਿਤਨੀਆਂ ਸਾਰੀਆਂ ਝੰਮ-ਝੰਮ ਕਰਦੀਆਂ ਮੋਟਰਾਂ ਖੜੀਆਂ ਸਨ। ਮੈਂ ਏਧਰ ਓਧਰ ਵੇਖ ਕੇ ਦੋ-ਇਕ ਉੱਤੇ ਸੱਚਮੁੱਚ, ਤੇ ਬਾਕੀਆਂ ਉਤੇ ਮਨ ਵਿਚ ਥੁੱਕਿਆ। ਸੈੱਟ ਉਤੇ ਅੱਪੜ ਕੇ ਮੈਂ ਅਨਵਰ ਵਲ ਇੰਜ ਹਿਕਾਰਤ ਨਾਲ ਘੂਰਿਆ, ਜਿਵੇਂ ਉਹ ਸੱਚਮੁੱਚ ਆਪਣੀ ਭੈਣ ਦੇ ਟੁਕੜਿਆਂ ਉਤੇ ਪਲਦਾ ਹੋਵੇ। (ਅਜ ਇਸ ਸਭ ਸੋਚ ਕੇ ਸਖਤ ਗਿਲਾਨੀ ਉੱਠਦੀ ਹੈ ਮਨ ਵਿਚ!) ਤੇ ਜਦੋਂ ਅਨਵਰ ਨੇ ਅਟਕ ਕੇ ਅੱਖਾਂ ਨੀਵੀਆਂ ਕਰ ਲਈਆਂ, ਤਾਂ ਮੈਂ ਜਿੱਤ ਦਾ ਗਰੂਰ ਮਹਿਸੂਸ ਕੀਤਾ।
"ਏਸ ਨਿਜ਼ਾਮ ਵਿਚ ਹਰ ਇਨਸਾਨ ਦੂਜੇ ਇਨਸਾਨ ਦਾ ਦੁਸ਼ਮਣ ਹੈ। ਏਸੇ ਕਰਕੇ ਤਾਂ ਇਹੋ ਜਹੇ ਫਿਲਮੀ ਮੁਹਾਵਰੇ ਸੁਣਾਈ ਦੇਂਦੇ ਹਨ - ਉਹ ਉਹਨੂੰ ਖਾ ਗਿਆ, ਉਹ ਉਸ 'ਤੇ ਛਾ ਗਿਆ। ਅਜ ਵੇਖਦਾ ਹਾਂ, ਕੋਣ ਮੈਨੂੰ ਖਾਂਦਾ ਤੇ ਕੋਣ ਮੇਰੇ ਤੇ ਛਾਂਦਾ ਹੈ, ਮੈਂ ਆਪਣੇ ਮਨ ਵਿਚ ਬਾਰ ਬਾਰ ਕਹਿ ਰਿਹਾ ਸਾਂ।"
ਅਜੀਬ ਗੱਲ ਕਿ ਮੈਨੂੰ ਪੂਰੇ ਸੀਨ ਦੇ ਡਾਇਲਾਗ ਆਪਣੇ ਆਪ ਯਾਦ ਆ ਗਏ। ਰਿਹਰਸਲ ਵਿਚ ਮੈਂ ਇੰਜ ਬੋਲਿਆ, ਜਿਵੇਂ ਬਾਜ਼ ਚਿੜੀ ਉਤੇ ਝਪੱਟਾ ਮਾਰਦਾ ਹੈ। ਜ਼ਿਆ ਨੇ ਮੈਨੂੰ ਹਿੱਕ ਨਾਲ ਲਾ ਲਿਆ। ਕੋਲ ਖੜੇ ਮੇਰੇ 'ਗੁਰਦੇਵ' ਨਾਗਰਤ ਦੀਆਂ ਅੱਖਾਂ ਚਮਕ ਰਹੀਆਂ ਸਨ। ਬੜੇ ਹੁਲਾਰੇ ਵਿਚ ਸ਼ੂਟਿੰਗ ਹੋਈ ਉਸ ਦਿਨ। ਸਾਰੇ ਸਟੂਡੀਓ ਦੀਆਂ ਰਗਾਂ ਵਿਚ ਜਿਵੇਂ ਨਵਾਂ ਖੂਨ ਦੌੜ ਗਿਆ।
ਕਹਿੰਦੇ ਹਨ, ਚੂਹਾ ਸੁੰਢ ਦੀ ਗੱਠੀ ਫੜ ਕੇ ਪੰਸਾਰੀ ਬਣ ਬੈਠਾ ਸੀ। ਮੈਂ ਵੀ ਨਫਰਤ ਦੀ ਗੰਢੀ ਫੜ ਕੇ ਅਦਾਕਾਰ ਬਣ ਗਿਆ। ਜ਼ਾਹਿਰ ਹੈ ਕਿ ਜੇ ਮੇਰਾ ਰੋਲ, ਜਾਂ ਉਹ ਸੀਨ ਕਿਸੇ ਹੋਰ ਮੂਡ ਦਾ ਹੁੰਦਾ, ਤਾਂ ਇਹ ਗੰਢੀ ਕਿਸੇ ਕੰਮ ਨਹੀਂ ਸੀ ਆਉਣੀ। ਪਰ ਚੂੰਕਿ ਮੈਨੂੰ ਉਹ ਗੰਢੀ ਮੁਆਫਕ ਆ ਗਈ, ਇਸ ਲਈ ਸਭ ਮਰਜ਼ਾਂ ਦੀ ਦਵਾ ਜਾਪਣ ਲਗ ਪਈ। ਮੈਂ ਜ਼ਿਆ ਦੀਆਂ ਉਮੀਦਾਂ ਉੱਪਰ ਕੁਝ ਕੁਝ ਪੂਰਾ ਉਤਰਨ ਲਗ ਪਿਆ। ਜੋ ਕੁਝ ਮੈਂ ਕਰ ਕੇ ਵਿਖਾ ਰਿਹਾ ਸਾਂ, ਉਹ ਫਿਲਮ-ਐਕਟਿੰਗ ਦੇ ਨੁਕਤਾ-ਨਜ਼ਰ ਤੋਂ ਨਾਕਸ ਸੀ, ਪਰ ਉਸ ਪਾਤਰ ਦੇ ਪ੍ਰਕਰਣ ਵਿਚ ਉਹ ਢੁਕਵਾਂ ਤੇ ਠੀਕ ਵੀ ਸੀ। ਮੇਰੀ ਕਿਸ਼ਤੀ ਭੰਵਰਾਂ 'ਚੋਂ ਨਿਕਲ ਆਈ। ਕਿਸਮਤ ਨਾਲ ਡਾਇਲਾਗ ਵੀ ਪਿਕਚਰ ਦੇ ਸ਼ਾਇਰਾਨਾ ਤੇ ਨਾਟਕੀ ਸਨ।
ਨਿੱਕੀ ਜਿਹੀ ਹਾਰ ਉਤੇ ਹੌਂਸਲਾ ਛੱਡ ਬੈਠਣਾ, ਤੇ ਨਿੱਕੀ ਜਿਹੀ ਜਿੱਤ ਉਪਰ ਫੁੱਲ ਕੇ ਕੁੱਪਾ ਹੋ ਜਾਣਾ, ਇਹ ਅਨਾੜੀ ਕਲਾਕਾਰ ਦੀ ਪਹਿਲੀ ਨਿਸ਼ਾਨੀ ਹੈ। ਜਿਉਂ ਹੀ ਮੇਰੀ ਗੱਡੀ ਤੁਰ ਪਈ, ਮੈਂ ਮੰਡਲੀਆਂ ਵਿਚ ਬਹਿ ਕੇ ਫੜਾਂ ਮਾਰਨ ਲਗ ਪਿਆ।

ਰਣਜੀਤ ਸਟੂਡੀਓ ਦੇ ਫਾਟਕ ਵਿਚ ਦਾਖਲ ਹੁੰਦਿਆਂ ਪਹਿਲੀ ਨਜ਼ਰ ਉਸ ਬਰਾਂਡੇ ਉਤੇ ਪੈਂਦੀ ਹੈ, ਜਿਥੇ ਗੋਹਰ ਬਾਈ ਤੇ ਸੇਠ ਚੰਦੂ ਲਾਲ ਸ਼ਾਹ ਹਰ ਰੋਜ਼ ਸਵੇਰੇ ਆਪਣਾ ਦਰਬਾਰ ਲਗਾਉਂਦੇ ਸਨ। ਫਿਲਮ ਲਾਈਨ ਦੀਆਂ ਸਭ ਵੱਡੀਆਂ ਛੋਟੀਆਂ ਹਸਤੀਆਂ ਉਹਨਾਂ ਦੇ ਦਰਸ਼ਨ ਕਰਨ ਆਉਂਦੀਆਂ ਸਨ। ਜਿਸ ਦੀ ਖਾਸ ਇਜ਼ਤ-ਅਫਜ਼ਾਈ ਕਰਨੀ ਹੁੰਦੀ, ਉਹਨੂੰ ਸੇਠ ਜੀ ਖਾਣੇ ਲਈ ਰੋਕ ਲੈਂਦੇ। ਤ੍ਰਿਕਾਲਾਂ ਵੇਲੇ ਸੇਠ ਜੀ ਆਪਣੀ ਪੇੜ੍ਹੀ ਉਤੇ ਚਲੇ ਜਾਂਦੇ - ਸੱਟੇ ਦੇ ਕਾਰੋਬਾਰ ਲਈ। ਫਿਲਮ ਤੇ ਸੱਟੇ ਵਿਚ ਸੇਠ ਜੀ ਨੇ ਕਰੋੜਾਂ ਕਮਾਏ, ਤੇ ਕਰੋੜਾਂ ਹਾਰ ਕੇ ਵੀ ਬਹਿ ਗਏ ਸਨ।
ਬਾਦਸ਼ਾਹਾਂ ਵਾਲਾ ਮਿਜ਼ਾਜ ਸੀ ਸੇਠ ਚੰਦੂ ਲਾਲ ਸ਼ਾਹ ਦਾ। ਰੇਸ ਦੇ ਘੋੜਿਆਂ ਨਾਲ ਉਹਨਾਂ ਦੀਆਂ ਫੋਟੋਆਂ ਆਏ ਦਿਨ ਅਖਬਾਰਾਂ ਵਿਚ ਛਪਦੀਆਂ ਸਨ। ਲੰਮਾ, ਛੇ ਫੁਟ ਤੋਂ ਉੱਚਾ ਕੱਦ, ਮਿੱਠੀ ਦਿਲ-ਫਰੇਬ ਮੁਸਕਣੀ, ਰੰਗ ਕਾਲਾ, ਪਰ ਸਿਰ ਤੇ ਸੰਘਣੇ, ਚਾਂਦੀ ਵਰਗੇ ਚਿੱਟੇ ਵਾਲ। ਅਨਵਰ ਪਿਆਰ ਨਾਲ ਉਹਨਾਂ ਨੂੰ "ਨੈਗੇਟਿਵ ਪਲੇਟ" ਬੁਲਾਉਂਦਾ ਸੀ। ਮਸ਼ਹੂਰ ਸੀ ਕਿ ਇਕ ਵਾਰੀ ਰੇਸ ਮਗਰੋਂ ਪੂਨਿਓਂ ਬੰਬਈ ਆਉਂਦਿਆਂ ਜੂਏ ਵਿਚ ਉਹ ਪੂਰੀ ਫਿਲਮ ਹਾਰ ਗਏ ਸਨ। ਤੇ ਇਕ ਸ਼ੀਸ਼ ਮਹੱਲ ਦਾ ਸੀਨ ਲੈਣ ਲਈ ਉਹਨਾਂ ਸੰਗਮਰਮਰ ਦੇ ਬੁੱਤਾਂ ਦੀ ਥਾਂ ਸੈੱਟ ਉਤੇ ਨਗਨ ਲੜਕੀਆਂ ਖਲ੍ਹਾਰ ਦਿਤੀਆਂ ਸਨ। ਹੋਰ ਵੀ ਕਈ ਪ੍ਰਕਾਰ ਦੀਆਂ ਕਹਾਣੀਆਂ, ਸੱਚੀਆਂ ਸਨ ਕਿ ਝੂਠੀਆਂ, ਪ੍ਰਚਲਤ ਸਨ।
ਸੇਠ ਜੀ ਦੇ ਦਿਲ ਵਿਚ ਆਰਟਿਸਟਾਂ ਲਈ ਬੜੀ ਕਦਰ ਸੀ। ਮੇਰੇ ਕੰਮ ਬਾਰੇ ਭਾਵੇਂ ਜੋ ਵੀ ਰਾਏ ਹੋਵੇ, ਸਲੂਕ ਮੇਰੇ ਨਾਲ ਉਹ ਬਹੁਤ ਚੰਗਾ ਕਰਦੇ ਸਨ। ਕਾਂਟਰੈਕਟ ਕਰਨ ਵੇਲੇ ਉਹਨਾਂ ਨਾਲ ਮੇਰੀ ਬੜੀ ਦਿਲਚਸਪ ਗੁਫਤਗੂ ਹੋਈ ਸੀ। ਜ਼ਿਆ ਵੀ ਕੋਲ ਬੈਠਾ ਹੋਇਆ ਸੀ ਉਸ ਵੇਲੇ।
ਸੇਠ ਜੀ ਕਹਿਣ ਲਗੇ, "ਭਾਈ, ਸੱਚੀ ਬਾਤ ਤੋ ਯਿਹ ਹੈ ਕਿ ਤੁਮ ਹਮ ਕੋ ਇਸ ਰੋਲ ਕੇ ਲੀਏ ਪਸੰਦ ਨਹੀਂ ਹੋ। ਪਰ ਚਲੋ, ਡਾਇਰੈਕਟਰ ਤੁਮ ਕੋ ਹੀ ਮਾਂਗਤਾ ਹੈ, ਤੇ ਇਸ ਮੇਂ ਹਮ ਕਿਆ ਕਰ ਸਕਤੇ ਹੈਂ। ਬਤਾਓ ਤੁਮ ਕੋ ਕਿਆ ਦੇਵੇਂ?"
"ਮੈਂ ਤੋ ਸੇਠ ਜੀ ਕੋ ਬਤਾਨੇ ਕੀ ਪੁਜ਼ੀਸ਼ਨ ਮੇਂ ਹੀ ਨਹੀਂ ਹੂੰ। ਆਪ ਜੋ ਦੇਂਗੇ, ਮੈਂ ਲੇ ਲੂੰਗਾ।"
"ਨਹੀਂ, ਨਹੀਂ। ਅਬ ਜੋ ਲੇ ਰਹੇ ਹੈਂ, ਤੋ ਹਮ ਚਾਹੇਂਗੇ ਕਿ ਤੁਮ ਖੁਸ਼ੀ ਖੁਸ਼ੀ ਕਾਮ ਕਰੋ।"
"ਦਸ ਹਜ਼ਾਰ ਦੇ ਦੀਜੀਏ," ਮੈਂ ਕੁਝ ਦੇਰ ਸੋਚ ਕੇ ਕਿਹਾ।
"ਦਸ?" ਸੇਠ ਜੀ ਹੱਸ ਪਏ। "ਹਮ ਨੇ ਤੋ ਪਾਂਚ ਸੋਚਾ ਹੂਆ ਥਾ। ਪਰ ਪਾਂਚ ਔਰ ਦਸ ਮੇਂ ਕੌਣ ਸਾ ਬੜਾ ਫਰਕ ਹੈ। ਤੁਮ ਦਸ ਸੇ ਖੁਸ਼ ਹੋਤੇ ਹੋ, ਤੋ ਹਮ ਦਸ ਹੀ ਦੇਂਗੇ।"
ਮੇਰਾ ਹੌਸਲਾ ਵਧਿਆ, ਤੇ ਮੂੰਹੋਂ ਆਪ-ਮੁਹਾਰੇ ਨਿਕ ਗਿਆ, "ਸੇਠ ਜੀ, ਆਪ ਕੁਝ ਭੀ ਦੇਂ, ਪਰ ਮੇਰੀ ਦਰਖਾਸਤ ਹੈ ਕਿ ਮੁਝੇ ਬਾਕਾਇਦਾ ਹਰ ਮਹੀਨੇ ਕਿਸ਼ਤ ਮਿਲਤੀ ਰਹੇ। ਮੇਰੇ ਸਰ ਪਰ ਕਰਜ਼ੇ ਹੈਂ, ਔਰ ਮੈਂ ਬੜੀ ਮੁਸ਼ਕਿਲ ਕੇ ਦੌਰ ਸੇ ਗੁਜ਼ਰ ਰਹਾ ਹੂੰ।"
"ਅੱਛੀ ਬਾਤ ਹੈ। ਤੁਮੇਂ ਹਰ ਮਹੀਨੇ ਕੇ ਪਹਿਲੇ ਹਫਤੇ ਡੇਢ ਹਜ਼ਾਰ ਰੁਪਏ ਮਿਲ ਜਾਇਆ ਕਰੇਂਗੇ।" ਉਹਨਾਂ ਉਸੇ ਆਪਣੇ ਮੈਨੇਜਰ, ਮਿਸਟਰ ਤੈਮੂਰਸ ਨੂੰ ਬੁਲਾ ਕੇ ਪੱਕੀ ਤਾਕੀਦ ਕਰ ਦਿਤੀ।
ਉਹਨਾਂ ਦਿਨਾਂ ਵਿਚ ਸੇਠ ਜੀ ਆਪ ਵੀ ਮੁਸ਼ਕਲ ਦੇ ਦੌਰ 'ਚੋਂ ਲੰਘ ਰਹੇ ਸਨ। ਏਸੇ ਕਰਕੇ ਆਪਣੀ ਆਦਤ ਦੇ ਖਿਲਾਫ ਛੋਟੇ ਬਜਟ ਦੀ ਪਿਕਚਰ ਬਣਾ ਰਹੇ ਸਨ। "ਹਮ ਲੋਗ" ਦੇ ਦੂਸਰੇ ਕਲਾਕਾਰਾਂ ਨੂੰ ਅਜ ਤੀਕਰ ਪੈਸੇ ਨਹੀਂ ਮਿਲੇ। ਪਰ ਮੇਰੇ ਨਾਲ ਸੇਠ ਜੀ ਨੇ ਵਚਨ ਪੂਰੀ ਤਰ੍ਹਾਂ ਪਾਲਿਆ।
ਐਕਟਰ ਰਾਜ ਕੁਮਾਰ ਉਦੋਂ ਪੁਲਸ ਇਨਸਪੈਕਟਰ ਹੁੰਦਾ ਸੀ। ਮੈਂ ਕਈ ਵਾਰੀ ਉਹਨੂੰ ਸੇਠ ਜੀ ਕੋਲ ਬੈਠਾ ਵੇਖਦਾ। ਵਰਦੀ ਵਿਚ ਉਹ ਬਹੁਤ ਈ ਸੁਹਣਾ ਲਗਦਾ ਸੀ। ਰਾਜਿੰਦਰ ਕੁਮਾਰ ਵੀ ਬਹੁਤ ਚੱਕਰ ਮਾਰਦਾ ਸੀ। ਏਸ ਤੋਂ ਮੈਂਨੂੰ ਅਨੁਮਾਨ ਹੁੰਦਾ ਹੈ ਕਿ ਮੇਰੇ ਨਾਲ ਕਾਂਟਰੈਕਟ ਕਰਨ ਮਗਰੋਂ ਵੀ ਸੇਠ ਜੀ ਜ਼ਿਆ ਨੂੰ ਰਾਹੇ-ਰਾਸਤ ਉਤੇ ਲਿਆਉਣ ਦੀਆਂ ਅਵੱਸ਼ ਕੋਸ਼ਸ਼ਾਂ ਕਰਦੇ ਰਹੇ ਹੋਣਗੇ।
ਇਕ ਦਿਨ ਸ਼ਾਟ ਦੇ ਦੌਰਾਨ ਦੁਰਗਾ ਖੋਟੇ ਨੇ ਮੇਰੇ ਕੰਨ ਵਿਚ ਕਿਹਾ, "ਤੁਮਾਰੇ ਡਾਇਲਾਗ ਕੁਝ 'ਫਲੈਟ' ਹੋਰ ਰਹੇ ਹੈਂ।" ਪਹਿਲਾਂ ਤਾਂ ਮੇਰੇ ਆਤਮ-ਵਿਸ਼ਵਾਸ ਦੇ ਬੁਰਜ ਢਹਿਣ ਲਗੇ, ਪਰ ਮੈਂ ਸੰਭਲ ਗਿਆ। ਮੈਨੂੰ ਮਹਿਸੂਸ ਹੋਇਆ ਕਿ ਨਾਗਰਤ ਵਾਂਗ ਉਹਨੇ ਵੀ ਮੇਰੇ ਉੱਪਰ ਮਿਹਰ ਕੀਤੀ ਸੀ। ਮੈਨੂੰ ਉਹਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਸੀ। ਕਦੇ ਡੇਵਿਡ ਨੇ ਵੀ ਤਾਂ ਏਸੇ ਤਰ੍ਹਾਂ ਮੈਨੂੰ ਰਾਹ ਪਾਇਆ ਸੀ। ਕਿਤਨਾ ਕੰਮ ਆ ਰਿਹਾ ਸੀ ਉਹਦਾ ਦਿੱਤਾ ਸਬਕ ਮੈਨੂੰ! ਮੈਂ ਆਪਣੀਆਂ ਰਿਹਰਸਲਾਂ ਤੇ ਟੇਕਾਂ ਦਾ ਆਪ ਅਲੋਚਕ ਬਣ ਗਿਆ। ਦੁਰਗਾ ਬਾਈ ਨੇ ਬਿਲਕੁਲ ਠੀਕ ਕਿਹਾ ਸੀ। ਮੈਂ ਸਾਰੇ ਜੁਮਲੇ ਇਕੋ ਸੁਰ ਵਿਚ ਬੋਲ ਜਾਂਦਾ ਸਾਂ, ਉਤਾਰ-ਚੜ੍ਹਾਅ ਗਾਇਬ ਸਨ, ਜੋ ਕਿ ਸੁਭਾਵਕ ਬੋਲਚਾਲ ਵਿਚ ਜ਼ਰੂਰੀ ਹਨ।
ਹੁਣ ਮੈਂ ਰਿਹਰਸਲ ਤੋਂ ਪਹਿਲਾਂ ਇਕ ਕੋਨੇ ਵਿਚ ਚਲਾ ਜਾਂਦਾ। ਡੇਵਿਡ ਦੇ ਦੱਸੇ ਤਰੀਕੇ ਮੁਤਾਬਕ ਡਾਇਲਾਗ ਜ਼ੇਹਨ ਵਿਚ ਬਿਠਾਉਂਦਾ, ਤੇ ਦੁਰਗਾਬਾਈ ਦੀ ਆਗਾਹੀ ਮੁਤਾਬਕ ਉਤਾਰ-ਚੜ੍ਹਾਅ ਉਪਰ ਗੌਰ ਕਰਦਾ। ਮੈਂ ਵੇਖਿਆ ਕਿ ਇੰਜ ਗੌਰ ਕੀਤਿਆਂ ਉਹਨਾਂ ਦੇ ਗੁਪਤ ਭਾਵਾਂ ਉਪਰ ਵੀ ਚਾਨਣ ਪੈਂਦਾ ਸੀ।
ਮੈਂ ਇਕ ਹੋਰ ਪਰਖਵਟੀ ਢੂੰਡ ਲਈ। ਮੈਂ ਆਪਣੇ ਆਪ ਤੋਂ ਪੁੱਛਦਾ, "ਜੇ ਇਹੀ ਡਾਇਲਾਗ ਮੈਂ ਪੰਜਾਬੀ ਵਿਚ ਬੋਲਣੇ ਹੋਣ, ਤਾਂ ਕਿਵੇਂ ਬੋਲਾਂਗਾ?" ਪੰਜਾਬੀ ਮੇਰੀ ਮਾਤ-ਬੋਲੀ ਸੀ ਤੇ ਹਿੰਦੀ ਦੇ ਵੀ ਬਹੁਤ ਨੇੜੇ ਸੀ। ਏਸ ਤਰ੍ਹਾਂ ਸੁਭਾਵਕ ਢੰਗ ਨਾਲ ਡਾਇਲਾਗ ਬੋਲਣ ਦੇ ਰਾਹ ਤੇ ਮੈਂ ਇਕ ਹੋਰ ਕਦਮ ਅਗਾਂਹ ਪੁੱਟ ਸਕਿਆ।

ਏਸ ਤਰ੍ਹਾਂ ਕੁਝ ਜ਼ਿਆ, ਕੁਝ ਆਪਣੇ ਸਾਥੀਆਂ, ਤੇ ਕੁਝ ਸਟੂਡੀਓ ਦੇ ਸੁਖਾਵੇਂ ਮਾਹੌਲ ਦੀ ਮਦਦ ਨਾਲ ਮੇਰਾ ਕੰਮ ਰਵਾਂ ਹੁੰਦਾ ਗਿਆ, ਤੇ ਫਿਲਮ ਬਾਰੇ ਵੀ ਚੰਗੀਆਂ ਗੱਲਾਂ ਸੁਣਨ ਵਿਚ ਆਉਣ ਲਗ ਪਈਆਂ।
ਸਟੂਡੀਓ ਦੇ ਮਾਹੌਲ ਬਾਰੇ ਇਕ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਉਹ ਸਭਨਾਂ ਲਈ ਇਕੋ ਜਿਹਾ ਸੁਖਾਵਾਂ ਨਹੀਂ ਹੁੰਦਾ। ਮਸਲਿਨ, ਫਿਲਮ ਦੇ ਐਡੀਟਰ ਦੇ ਤੌਰ ਤੇ ਜ਼ਿਆ ਇਕ ਆਦਮੀ ਨੂੰ ਬਾਹਰੋਂ ਲਿਆਇਆ ਸੀ। ਬੜੀ ਤਾਰੀਫ ਕਰਦਾ ਸੀ ਉਸ ਦੀ। ਉਹਨੂੰ ਇੰਡਸਟਰੀ ਦੇ ਬੇਹਤਰੀਨ ਐਡੀਟਰਾਂ ਵਿਚੋਂ ਗਿਣਦਾ ਸੀ।
ਬਦਕਿਸਮਤੀ ਨਾਲ ਉਸ ਐਡੀਟਰ ਦੇ ਪਿਤਾ ਦਿਲ ਦਾ ਦੌਰਾ ਪੈਣ ਕਾਰਨ ਪੂਰੇ ਹੋ ਗਏ। ਉਸ ਦਿਨ ਅੰਤਮ ਸੰਸਕਾਰ ਜੋਗੇ ਵੀ ਉਸ ਕੋਲ ਪੈਸੇ ਨਹੀਂ ਸਨ। ਸਹਾਇਤਾ ਲਈ ਉਹ ਸਟੂਡੀਓ ਆਇਆ। ਸਵੇਰੇ ਦਸ ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੀਕ ਪੈਸਿਆਂ ਦੀ ਉਡੀਕ ਵਿਚ ਬੈਠਾ ਰਿਹਾ। ਅੰਦਰ ਸਾਡੀ ਸ਼ੂਟਿੰਗ ਨਿਰਵਿਘਨ ਚਲਦੀ ਰਹੀ।
ਬੜਾ ਡੂੰਘਾ ਸਦਮਾ ਪਹੁੰਚਿਆ ਉਸ ਆਦਮੀ ਦੇ ਦਿਲ ਦੇ ਦਿਮਾਗ ਨੂੰ। "ਹਮ ਲੋਗ" ਮਗਰੋਂ ਉਹਨੇ ਕੰਮ ਛਡ ਦਿੱਤਾ, ਤੇ ਨੀਮ-ਪਾਗਲ ਜਿਹਾ ਹੋ ਗਿਆ। ਦਿਨੇ ਰਾਤੀਂ ਸ਼ਰਾਬ ਪੀਣ ਲੱਗ ਪਿਆ। ਥਾਂ ਥਾਂ ਨਿਧੱੜਕ ਹੋ ਕੇ ਭਿਖ ਮੰਗਦਾ। ਅੰਤ, ਉਸ ਦੀ ਹਾਲਤ ਬਹੁਤ ਹੀ ਭੈੜੀ ਹੋ ਗਈ ਤਰਸ ਖਾ ਕੇ ਮੈਂ ਕਦੇ ਕਦੇ ਉਹਦੀ ਥੋੜ੍ਹੀ ਬਹੁਤ ਮਦਦ ਕਰ ਛੱਡਦਾ। ਪਰ ਏਸ ਨਾਲ ਉਹਦਾ ਲਾਭ ਨਹੀਂ ਸਗੋਂ ਨੁਕਸਾਨ ਹੀ ਹੁੰਦਾ ਸੀ। ਅਖੀਰ, ਮੈਂ ਉਹਨੂੰ ਪੈਸੇ ਦੇਣੇ ਬੰਦ ਕਰ ਦਿੱਤੇ। ਅਜ ਕਈ ਵਰ੍ਹਿਆਂ ਤੋਂ ਉਹਨੂੰ ਨਹੀਂ ਵੇਖਿਆ। ਨਹੀਂ ਕਹਿ ਸਕਦਾ ਕਿ ਉਹਦਾ ਨਾਂ ਜੀਂਦਿਆਂ ਵਿਚ ਹੈ ਕਿ ਮੋਇਆਂ ਵਿਚ।
ਟੈਕਨੀਸ਼ਨਾਂ ਤੇ ਕਾਮਿਆਂ ਦਾ ਅਜਿਹੀਆਂ ਹਾਲਤਾਂ ਵਿਚੋਂ ਲੰਘਣਾ ਸਾਡੀ ਇੰਡਸਟਰੀ ਦੀ ਇਕ ਕੀਮਤੀ ਰਵਾਇਤ ਹੈ। ਸਟੂਡੀਓ ਦੇ ਇਕ ਮੇਕ-ਅੱਪ ਰੂਮ ਵਿਚ ਮੈਂ ਮੁਗਲ ਢੰਗ ਦੀ ਸੀਤੀ ਹੋਈ ਜ਼ਰੀਦਾਰ ਪੱਗ ਰੁਲਦੀ ਵੇਖੀ। ਬੜਾ ਅਜੀਬ ਜਿਹਾ ਲੱਗਾ ਮੈਨੂੰ ਉਸ ਦਾ ਉੱਥੇ ਪਿਆ ਹੋਣਾ। ਮੇਕ-ਅੱਪ-ਮੈਨ ਨੇ ਦਸਿਆ ਕਿ ਫਿਲਮ "ਸ਼ਾਹ ਜਹਾਨ" ਦੀ ਸ਼ੂਟਿੰਗ ਵੇਲੇ ਕੇ. ਐਲ਼ ਸਹਿਗਲ ਉਹੀ ਪੱਗ ਸਿਰ ਉਤੇ ਰੱਖਿਆ ਕਰਦੇ ਸਨ। ਦਿਲ ਨੂੰ ਬੜਾ ਕੁਝ ਹੋਇਆ। ਦੂਸਰੇ ਮੁਲਕਾਂ ਵਿਚ ਇਹੋ ਜਿਹੀਆਂ ਨਿਸ਼ਾਨੀਆਂ ਨੂੰ ਬੜੇ ਪ੍ਰੇਮ ਤੇ ਆਦਰ ਨਾਲ ਸਾਂਭ ਕੇ ਰੱਖਿਆ ਜਾਂਦਾ ਹੈ। ਮੈਨੂੰ ਇਕ ਅਖਾਣ ਯਾਦ ਆਇਆ, ਜੋ ਮੇਰੀ ਮਾਂ ਬਹੁਤ ਦੁਹਰਾਇਆ ਕਰਦੀ ਸੀ - "ਅੱਜ ਨਹੀਂ ਤਾਂ ਕਦੇ ਵੀ ਨਹੀਂ।"
ਉਸ ਮੇਕ-ਅੱਪ-ਮੈਨ ਦਾ ਨਾਂ ਸਵਾਮੀ ਸੀ। ਉਹਨੇ ਆਪਣੇ ਬਾਰੇ ਵੀ ਮੈਨੂੰ ਬੜੀ ਦਿਲਚਸਪ ਗੱਲ ਦੱਸੀ। ਉਹ ਥਾਣੇ ਰਹਿੰਦਾ ਸੀ, ਜੋ ਬੰਬਈਓਂ ਪੰਝੀ ਕੁ ਮੀਲ ਦੂਰ ਇਕ ਛੋਟਾ ਸ਼ਹਿਰ ਹੈ। ਸਵੇਰੇ ਜਦੋਂ ਉਹ ਕੰਮ ਤੇ ਰਵਾਨਾ ਹੁੰਦਾ ਸੀ ਤਾਂ ਉਸ ਦੇ ਬੱਚੇ ਸੁੱਤੇ ਪਏ ਹੁੰਦੇ ਸਨ। ਰਾਤੀਂ ਜਦੋਂ ਕੰਮ ਤੋਂ ਮੁੜਦਾ, ਉਦੋਂ ਵੀ ਉਹ ਰੋਟੀ ਖਾ ਪੀ ਕੇ ਸੌਂ ਚੁਕੇ ਹੁੰਦੇ। ਉਹਨੇ ਆਪਣੇ ਬੱਚਿਆਂ ਨੂੰ ਸਿਰਫ ਸੁੱਤੇ ਸੁੱਤੇ ਵਧਦਿਆਂ ਵੇਖਿਆ ਸੀ, ਕਿਉਂਕਿ ਉਸ ਜ਼ਮਾਨੇ ਵਿਚ ਸਟੂਡੀਉਆਂ 'ਚ ਐਤਵਾਰ ਦੀ ਛੁੱਟੀ ਵੀ ਨਹੀਂ ਸੀ ਹੁੰਦੀ। ਹੁਣ ਮਹੀਨੇ ਵਿਚ ਜ਼ਰੂਰ ਇਕ ਐਤਵਾਰ ਛੁੱਟੀ ਹੋ ਜਾਂਦੀ ਹੈ।
"ਹਮ ਲੋਗ" ਮੁਕੰਮਲ ਹੁੰਦਿਆਂ ਛੇ ਕੁ ਮਹੀਨੇ ਲੱਗੇ। ਜਿਸ ਸ਼ਾਮ ਸਟੂਡੀਓ ਵਿਚ ਉਹਦਾ ਪਹਿਲਾ ਟਰਾਇਲ ਹੋਇਆ, ਮੇਰੇ ਉਪਰ ਗਨੂਦਗੀ ਜਿਹੀ ਚੜ੍ਹੀ ਹੋਈ ਸੀ। ਮੇਰਾ ਬਦਨ ਤਪ ਰਿਹਾ ਸੀ, ਜਿਵੇਂ ਬੁਖਾਰ ਹੋਵੇ। ਕਹਾਣੀ ਦਾ ਕੋਈ ਸਿਰ-ਪੈਰ ਮੇਰੇ ਪੱਲੇ ਨਾ ਪਿਆ, ਕਿਉਂਕਿ ਮੈਂ ਸਿਰਫ ਆਪਣੇ ਕੰਮ ਵਲ ਵੇਖ ਰਿਹਾ ਸਾਂ, ਤੇ ਉਸ ਵਿਚ ਮੈਨੂੰ ਕੁਝ ਵੀ ਚੰਗਾ ਨਹੀਂ ਸੀ ਲਗ ਰਿਹਾ। ਪਿਕਚਰ ਖਤਮ ਹੋਣ ਉਤੇ ਕੋਈ ਕੁਝ ਨਾ ਬੋਲਿਆ। ਬੜੀ ਡਰਾਵਣੀ ਜਿਹੀ ਚੁੱਪ ਸੀ ਉਹ। ਪਰ ਸਟੂਡੀਓ ਦੇ ਹਾਤੇ ਵਿਚ ਕਨ੍ਹਈਆ ਲਾਲ ਨੇ ਮੈਨੂੰ ਇਕ ਪਾਸੇ ਲੈ ਜਾ ਕੇ ਕੰਨ ਵਿਚ ਕਿਹਾ, "ਮਾਰ ਦੀ!" ਤੇ ਮੇਰੀ ਬਾਂਹ ਨੂੰ ਜ਼ੋਰ ਦਾ ਘੁੱਟਿਆ।
ਮੈਂ ਸੋਚਦਾ ਰਹਿ ਗਿਆ, ਕੀ ਮਤਲਬ?
ਪਿਕਚਰ ਲਿਬਰਟੀ ਸਿਨੇਮਾ ਵਿਚ ਲੱਗੀ, ਜੋ ਉਦੋਂ ਨਵਾਂ ਨਵਾਂ ਬਣਿਆਂ ਸੀ। ਨਾਮਵਰ ਅਦਾਕਾਰਾਂ ਦੀ ਅਣਹੋਂਦ ਕਾਰਨ ਉਹ ਤਿੰਨ ਚਾਰ ਹਫਤੇ ਨਰਮ ਗਈ। ਪਰ ਮਗਰੋਂ ਉਹਨੇ ਬੇਪਨਾਹ ਰੱਸ਼ ਫੜ ਲਿਆ। ਲਿਬਰਟੀ ਸਿਨੇਮਾ ਦੇ ਵਰਕਰਾਂ ਨੂੰ ਉਹ ਇਤਨੀ ਪਸੰਦ ਸੀ ਕਿ ਟਿਕਟ-ਬੁੱਕਾਂ ਹੱਥ ਵਿਚ ਫੜ ਕੇ ਉਹ ਆਪ ਗਲੀ ਗਲੀ ਟਿਕਟਾਂ ਵੇਚਦੇ ਫਿਰਦੇ ਸਨ। ਸਾਰੇ ਬੰਬਈ ਸ਼ਹਿਰ ਵਿਚ "ਹਮ ਲੋਗ" ਕਮਿਊਨਿਸਟ ਪਿਕਚਰ ਅਖਵਾਉਣ ਲਗ ਪਈ, ਤੇ ਮੈਨੂੰ ਕਮਿਊਨਿਸਟ ਅਦਾਕਾਰ ਆਖਿਆ ਜਾਣ ਲਗ ਪਿਆ।
ਰੀਲੀਜ਼ ਤੋਂ ਅਗਲੇ ਦਿਨ ਸੇਠ ਚੰਦੂ ਲਾਲ ਸ਼ਾਹ ਨੇ ਮੈਨੂੰ ਬੜੇ ਪਿਆਰ ਨਾਲ ਆਪਣੇ ਕੋਲ ਸੋਫੇ ਉਤੇ ਬਿਠਾ ਕੇ ਕਿਹਾ, "ਬਲਰਾਜ, ਤੁਮ ਇੰਡਸਟਰੀ ਮੇਂ ਹੀਰੋ ਨਹੀਂ, ਕੈਰੈਕਟਰ ਹੀਰੋ ਕੇ ਤੌਰ ਪਰ ਕਾਮਯਾਬ ਹੂਏ ਹੋ। ਇਸ ਕਾ ਯਿਹ ਮਤਲਬ ਹੈ ਕਿ ਬੁਢਾਪੇ ਤਕ ਤੁਮੇਂ ਕਾਮ ਮਿਲਤਾ ਰਹੇਗਾ। ਹੀਰੋ ਕੀ ਫਿਲਮੀ ਜ਼ਿੰਦਗੀ ਬਹੁਤ ਲੰਮੀ ਨਹੀਂ ਹੋਤੀ।"
ਹਿੰਦੀ ਫਿਲਮਾਂ ਵਿਚ ਬੜੇ ਪੁਖਤਾ ਖਾਨੇ ਬਣੇ ਹੋਏ ਹਨ। ਸਮਾਜੀ ਪਿਕਚਰ, ਧਾਰਮਕ ਪਿਕਚਰ, ਸਟੰਟ ਪਿਕਚਰ। ਹੀਰੋ, ਕੈਰੈਕਟਰ ਹੀਰੋ, ਸਾਈਡ ਹੀਰੋ, ਕੈਰੈਕਟਰ ਆਰਟਿਸਟ, ਡੀਸੈਂਟ ਐਕਸਟਰਾ...ਵਗੈਰਾ! ਇਕ ਖਾਨੇ 'ਚੋਂ ਟੱਪ ਕੇ ਦੂਜੇ ਵਿਚ ਜਾਣਾ ਮੁਸ਼ਕਲ ਹੁੰਦਾ ਹੈ।
ਮੈਂ ਵੀ ਇਕ ਖਾਨੇ ਵਿਚ ਪੈ ਗਿਆ। ਸੜਕਾਂ ਉਤੇ ਲੋਗ ਮੈਨੂੰ ਪਛਾਣਨ ਲਗ ਪਏ। ਕਿਸੇ ਫਿਲਮ ਦੇ ਪ੍ਰੀਮੀਅਰ ਉਤੇ ਕੁੜੀਆਂ ਦੀ ਇਕ ਜੁੰਡਲੀ ਆਟੋਗਰਾਫ ਲੈਣ ਲਈ ਮੇਰੇ ਕੋਲ ਆਈ। ਬੜੇ ਸ਼ੌਕ ਨਾਲ ਮੈਂ ਜੇਬ ਵਿਚੋਂ ਪੈੱਨ ਕਢਿਆ। ਪਰ ਉਸੇ ਵੇਲੇ ਕੁੜੀਆਂ ਦੀ ਨਜ਼ਰ ਰਾਜ ਕਪੂਰ ਉੱਪਰ ਪੈ ਗਈ, ਤੇ ਆਟੋਗਰਾਫ ਬੁੱਕ ਮੇਰੇ ਹੱਥ ਵਿਚ ਖੋਹ ਕੇ ਉਸ ਵਲ ਨੱਠ ਪਈਆਂ। ਇਕ ਰੈਸਟੋਰਾਂ ਵਿਚ ਹਿਤੇਨ ਚੌਧਰੀ ਨੇ, ਜਿਸ ਦੇ ਆਲੇ-ਦੁਆਲੇ "ਕੜਕੀ' ਦੇ ਜ਼ਮਾਨੇ ਵਿਚ ਮੈਂ ਕਾਫੀ ਚੱਕਰ ਮਾਰੇ ਸਨ, ਮੇਰੇ ਕੋਲ ਆ ਕੇ ਕਿਹਾ, "ਕਿਉਂ ਬਲਰਾਜ, ਹਾਊ ਡੱਜ਼ ਇਟ ਫੀਲ ਟੂ ਬੀ ਸੱਕਸੈਸਫੁਲ?" (ਕਾਮਯਾਬ ਹੋਣਾ ਕਿੰਜ ਲਗ ਰਿਹਾ ਹੈ?)
ਮੇਰੇ ਕੋਲੋਂ ਕੋਈ ਜਵਾਬ ਨਾ ਬਣ ਪਿਆ।
ਨਵੇਂ ਤੇ ਦਿਲਚਸਪ ਤਜਰਬੇ ਸਨ ਉਹ!

6
"ਹਮ ਲੋਗ" ਦੀ ਕਾਮਯਾਬੀ ਦੇ ਕੁਝ ਕੌਤਕਮਈ ਨਤੀਜੇ ਵੀ ਸਾਹਮਣੇ ਆਏ। ਸ਼ਾਹਾਂ ਦੇ ਸ਼ਾਹ ਸੇਠ ਚੰਦੂ ਲਾਲ ਸ਼ਾਹ ਨੇ ਇਕ ਨਵੀਂ ਨਕੋਰ ਹਿਲਮੈਨ ਮਿੰਕਸ, ਸਣੇ ਡਰਾਈਵਰ, ਜ਼ਿਆ ਸਰਹੱਦੀ ਨੂੰ ਭੇਟਾ ਕੀਤੀ। ਉਸ ਦੀ ਹਉਮੈਂ ਪੜਸਾਂਗ ਦੇ ਡੰਡੇ ਪਹਿਲਾਂ ਤੋਂ ਚੜ੍ਹ ਰਹੀ ਸੀ, ਹੁਣ ਅਸਮਾਨ ਨਾਲ ਗੱਲਾਂ ਕਰਨ ਲੱਗ ਪਈ। ਜੁਹੂ ਦਾ ਗਵਾਂਢ ਛੱਡ ਕੇ ਉਹ ਕੋਲਾਬਾ ਦੇ ਇਕ ਹੋਟਲ ਵਿਚ ਜਾ ਠਹਿਰਿਆ। ਮੈਂ ਦੋ ਇਕ ਵਾਰੀ ਉੱਥੇ ਉਹਨੂੰ ਮਿਲਣ ਗਿਆ, ਪਰ ਉਹਨੂੰ ਸੁਖਾਇਆ ਨਹੀਂ। ਮੈਂ ਜਾਣਾ ਛਡ ਦਿੱਤਾ। ਇਹੋ ਜਿਹੀਆਂ ਗੱਲਾਂ ਦਾ ਹੁਣ ਮੈਂ ਆਦੀ ਹੋ ਚਲਿਆ ਸਾਂ।
ਪਰ ਸੇਠ ਤੋਂ ਵੀ ਵਧ ਜ਼ਿਆ ਨੂੰ ਕਮਿਊਨਿਸਟ ਪਾਰਟੀ ਨੇ ਉਛਾਲਿਆ। ਉਹਨਾਂ ਦੇ ਭਾਣੇ ਮਾਨੋਂ ਸਮਾਜਵਾਦੀ ਯਥਾਰਥਵਾਦ ਦਾ ਮਸੀਹਾ ਪਰਗਟ ਹੋ ਗਿਆ ਸੀ। ਜ਼ਿਆ ਨੂੰ ਸਨਮਾਨ ਦੇਣ ਲਈ ਨਾਗਪਾੜੇ ਦੇ ਇਕ ਵੱਡੇ ਸਾਰੇ ਮੈਦਾਨ ਵਿਚ ਸ਼ਾਨਦਾਰ ਜਲਸਾ ਕੀਤਾ ਗਿਆ। ਬੜਾ ਵਡਾ ਮੰਚ ਬਣਵਾਇਆ ਗਿਆ, ਜਿਸ ਦੇ ਪਛਵਾੜੇ ਸਿਨੇਮਾ ਦੇ ਪਰਦੇ ਜਿੱਡੀ ਚਿੱਟੀ ਚਾਦਰ 'ਤੇ ਦੋ ਤਸਵੀਰਾਂ ਬਣਾਈਆਂ ਹੋਈਆਂ ਸਨ - ਇਕ ਕਾਮਰੇਡ ਸਟਾਲਿਨ ਦੀ ਤੇ ਦੂਜੀ ਕਾਮਰੇਡ ਜ਼ਿਆ ਸਰਹੱਦੀ ਦੀ। ਬਾਅਦ ਵਿਚ ਸੁਣਿਆ ਕਿ ਇਹ ਸਾਰਾ ਖਰਚਾ ਜ਼ਿਆ ਨੇ ਆਪ ਕੀਤਾ ਸੀ।
ਮੰਚ ਉਪਰ ਕੇਂਦਰੀ ਸ਼ਖਸੀਅਤ ਕਾਮਰੇਡ ਡਾਂਗੇ ਸਨ। ਉਹਨਾਂ ਦੇ ਸੱਜੇ ਪਾਸੇ ਜ਼ਿਆ, ਤੇ "ਹਮ ਲੋਗ" ਦੇ ਸਿਤਾਰੇ - ਨੂਤਨ, ਸ਼ਿਆਮਾ, ਸਜਨ, ਦੁਰਗਾ ਖੋਟੇ, ਕਨ੍ਹਈਆ ਲਾਲ, ਅਨਵਰ ਹੁਸੈਨ ਤੇ ਮੈਂ - ਤੇ ਖੱਬੇ ਪਾਸੇ ਅਲੀ ਸਰਦਾਰ ਜਾਫਰੀ, ਮੁਗਨੀ ਅੱਬਾਸੀ, ਸਾਬਿਰ ਤੇ ਕਿਤਨੇ ਸਾਰੇ ਹੋਰ ਤਰੱਕੀ-ਪਸੰਦ ਲਿਖਾਰੀ ਬੈਠੇ ਸਨ।
ਕਾਮਰੇਡ ਡਾਂਗੇ ਨੇ ਆਪਣੇ ਭਾਸ਼ਨ ਵਿਚ ਜ਼ਿਆ ਸਰਹੱਦੀ ਨੂੰ ਤਾਂ ਸ਼ਲਾਘਣਾ ਈ ਸੀ, ਪਰ ਉਸ ਮੌਕੇ ਨੂੰ ਮੇਰੇ ਕੰਨ ਖਿੱਚਣ ਲਈ ਵੀ ਵਰਤ ਲਿਆ। ਮੇਰੇ ਵਲ ਇਸ਼ਾਰਾ ਕਰਕੇ ਉਹਨਾਂ ਕਿਹਾ:
"ਕਭੀ ਯਿਹ ਭੀ ਹਮਾਰੇ ਸਾਥ ਥੇ। ਅਬ ਸਾਥ ਛੋੜ ਗਏ ਹੈਂ। ਖੈਰ ਕੋਈ ਬਾਤ ਨਹੀਂ..."
ਕੁਝ ਪੀਪਣੀਆਂ ਵੱਜੀਆਂ, ਇਕ ਦੋ ਵਾਜਾਂ "ਸ਼ੇਮ-ਸ਼ੇਮ" ਦੀਆਂ ਵੀ ਆਈਆਂ। ਕਾਮਰੇਡ ਡਾਂਗੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨਾਂ ਝਟ ਭਾਸ਼ਣ ਦੀਆਂ ਵਾਗਾਂ ਮੋੜ ਲਈਆਂ। ਮੈਂ ਨੀਵੀਂ ਪਾ ਕੇ ਬੈਠਾ ਰਿਹਾ, ਤੇ ਰੱਬ ਦਾ ਸ਼ੁਕਰ ਮਨਾਇਆ।
ਨਿਰਾਸਤਾ ਮੇਰੇ ਮਨ ਵਿਚ ਬਹੁਤ ਸੀ। "ਹਮ ਲੋਗ" ਵਿਚ ਸਾਰੇ ਯੁਨਿਟ ਨੇ ਇਕ-ਮੁੱਠ ਹੋ ਕੇ ਬੜੀ ਭਰਾਤਰੀ ਸਪਿਰਟ ਨਾਲ ਕੰਮ ਕੀਤਾ ਸੀ। ਸਭ ਨੂੰ ਆਸ ਸੀ ਕਿ ਭਵਿੱਖ ਵਿਚ ਯੂਨਿਟ ਹੋਰ ਵੀ ਮਜ਼ਬੂਤ ਹੋਵੇਗਾ ਤੇ ਉਸ ਤੋਂ ਵੀ ਚੰਗੀਆਂ ਸਮਾਜੀ ਫਿਲਮਾਂ ਬਣਾਵੇਗਾ। ਮੈਨੂੰ ਤਾਂ ਇੰਜ ਭਾਸਦਾ ਸੀ, ਜਿਵੇਂ ਇਕ ਉਪਰੀ ਦੁਨੀਆਂ ਵਿਚ ਆਪਣੀ ਮਰਜ਼ੀ ਦਾ ਟਿਕਾਣਾ ਲੱਭ ਪਿਆ ਹੋਵੇ। ਇਸ ਵਿਚ ਸ਼ੱਕ ਨਹੀਂ ਕਿ ਅਦਾਕਾਰੀ ਵਿਚ ਮੈਨੂੰ ਜ਼ਿਆ ਨੇ ਬਹੁਤ ਸਾਂਭਿਆ ਤੇ ਨਿਵਾਜ਼ਿਆ ਸੀ, ਪਰ ਲਿਖਣ ਦੇ ਕੰਮ ਵਿਚ "ਬਾਜ਼ੀ" ਲਈ ਉਹਨੇ ਮੇਰੀ ਜਿਤਨੀ ਸਹਾਇਤਾ ਕੀਤੀ ਸੀ, ਉਸ ਤੋਂ ਕਿਤੇ ਵਧ ਮੈਂ ਉਸ ਦੇ ਕੰਮ ਆਇਆ ਸਾਂ। "ਹਮ ਲੋਗ" ਦਾ ਕੇਂਦਰੀ ਕਿਰਦਾਰ ਜ਼ਿਆ ਨੇ ਅਮਰੀਕਨ ਨਾਟਕ, "ਟੋਬੈਕੋ ਰੋਡ" ਵਿਚੋਂ ਲੱਭਿਆ ਸੀ, ਪਰ ਉਹਨੂੰ ਹਿੰਦੁਸਤਾਨੀ ਪ੍ਰਸਥਿਤੀਆਂ ਦੀ ਵਲਗਣ ਵਿਚ ਪਾਉਣਾ ਉਸ ਲਈ ਔਖਾ ਹੋ ਰਿਹਾ ਸੀ। ਮੇਰੀ ਸਿਆਸੀ ਤੇ ਸਮਾਜੀ ਸੂਝ-ਬੂਝ ਉਸ ਦੇ ਬੜੇ ਕੰਮ ਆਈ ਸੀ। ਫਿਲਮ ਦਾ ਕਲਾਈਮੈਕਸ (ਸਿਖਰ), ਜੋ ਲੋਕਾਂ ਨੂੰ ਬੇਹੱਦ ਪਸੰਦ ਆਇਆ, ਲਿਖਣ ਲਈ ਜ਼ਿਆ, ਕਿਸ਼ਨ ਚੋਪੜਾ, ਤੇ ਮੈਂ ਸਾਰੀ ਰਾਤ ਇਕੱਠਿਆਂ ਜਾਗੇ ਸਾਂ। ਅਦਾਲਤ ਵਿਚ ਮੇਰੀ ਤਕਰੀਰ ਫਿਲਮ ਦਾ ਸਭ ਤੋਂ ਵਡਾ ਆਕਰਸ਼ਣ ਸੀ, ਜਿਸ ਖਾਤਰ ਲੋਕੀਂ ਬਾਰ ਬਾਰ ਟਿਕਟ ਖਰੀਦਦੇ ਤੇ ਫਿਲਮ ਵੇਖਦੇ ਸਨ। "ਟਾਈਮਜ਼ ਆਫ ਇੰਡੀਆ" ਦੀ ਸਮਾਲੋਚਕਾ, ਮਿਸ ਕਲੇਅਰ ਨੇ - ਜਿਸ ਦੀ ਯਾਦ ਵਿਚ ਫਿਲਮਫੇਅਰ ਅਵਾਰਡਾਂ ਦੀ ਸਥਾਪਨਾ ਕੀਤੀ ਗਈ ਸੀ - ਮੇਰੇ ਵਿਚ ਓਵਰਐਕਟਿੰਗ ਦਾ ਨੁਕਸ ਜ਼ਰੂਰ ਕਢਿਆ, ਪਰ ਨਾਲ ਇਹ ਵੀ ਲਿਖਿਆ ਕਿ ਮੇਰਾ ਖੇਡਿਆ ਪਾਤਰ ਅਭੁੱਲ ਹੈ।
ਜ਼ਿਆ ਨੂੰ ਅਗਲੀ ਫਿਲਮ, "ਫੁੱਟਪਾਥ" ਵਿਚ ਮੂੰਹ-ਮੰਗੀਆਂ ਮੁਰਾਦਾਂ ਮਿਲੀਆਂ - ਦਲੀਪ ਕੁਮਾਰ ਤੇ ਮੀਨਾ ਕੁਮਾਰੀ ਵਰਗੇ ਸਿਤਾਰੇ, ਖਰਚਣ ਲਈ ਅਖੁੱਟ ਪੈਸਾ, ਸਿਧਾਂਤਕ ਸਲਾਹ-ਮਸ਼ਵਰੇ ਲਈ ਕਮਿਊਨਿਸਟ ਪਾਰਟੀ ਦੇ ਉੱਘੇ ਯਨਿਸ਼ਵਰ - ਅਲੀ ਸਰਦਾਰ ਜਾਫਰੀ, ਰਮੇਸ਼ ਥਾਪਰ, ਗਵਾਨਕਰ ਵਗੈਰਾ।
ਪਰ ਅਫਸੋਸ, ਇਹਨਾਂ ਸਾਰੀਆਂ ਸਹੂਲਤਾਂ ਦੇ ਬਾਵਜੂਦ "ਫੁੱਟਪਾਥ" ਬੁਰੀ ਤਰ੍ਹਾਂ ਫਲਾਪ ਹੋਈ। ਯਥਾਰਥਵਾਦੀ ਸਮਾਜਵਾਦ ਦਾ ਗੜ੍ਹ ਮਜ਼ਬੂਤ ਨਾ ਹੋ ਸਕਿਆ। ਸੇਠ ਚੰਦੂ ਲਾਲ ਦਾ ਤਾਂ ਸਦਾ ਲਈ ਭੱਠਾ ਬਹਿ ਗਿਆ। ਸਟੂਡੀਓ ਬੰਦ ਹੋ ਗਿਆ, ਤੇ ਟੈਕਨੀਸ਼ਨਾਂ ਤੇ ਮਜ਼ਦੂਰਾਂ ਉਪਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ।

ਉਧਰ "ਬਾਜ਼ੀ" ਦੀ ਸਫਲਤਾ ਆਪਣੇ ਵੱਖਰੇ ਕ੍ਰਿਸ਼ਮੇਂ ਵਿਖਾ ਰਹੀ ਸੀ। ਵੇਖਦਿਆਂ-ਵੇਖਦਿਆਂ ਦੇਵ ਆਨੰਦ, ਗੀਤਾ ਬਾਲੀ, ਗੁਰੂ ਦੱਤ, ਸਾਹਿਰ ਲੁਧਿਆਨਵੀ, ਸਚੀਨ ਦੇਵ ਬਰਮਨ ਸੂ.ਹਰਤਾਂ ਦੀ ਸਿਖਰ ਉਤੇ ਜਾ ਚੜ੍ਹੇ, ਤੇ ਆਪੋ ਆਪਣੀ ਪਿੱਠ ਥਾਪੜਨ ਲਗ ਪਏ। ਢੋਲ-ਡੱਫਲੀ ਵਜਾਉਣ ਲਈ ਫਿਲਮੀ ਰਸਾਲੇ ਵੀ ਹਾਜ਼ਰ-ਖਿਦਮਤ ਸਨ। ਭਲਾ ਏਸ ਨਗਾਰਖਾਨੇ ਵਿਚ ਇਕ ਅਗਿਆਤ ਲੇਖਕ ਦੀ ਤੂਤੀ ਕਿਵੇਂ ਵੱਜ ਸਕਦੀ ਸੀ? ਅਜ ਵੀ, ਜਦੋਂ ਮੈਂ ਕਿਸੇ ਨੂੰ ਦਸਦਾ ਹਾਂ ਕਿ "ਬਾਜ਼ੀ" ਦਾ ਕਥਾਨਕ ਤੇ ਸੰਵਾਦ ਮੈਂ ਲਿਖੇ ਸਨ, ਤਾਂ ਉਹ ਹੈਰਾਨ ਜਿਹਾ ਹੋ ਕੇ ਮੇਰੇ ਵਲ ਵੇਖਣ ਲਗ ਜਾਂਦਾ ਹੈ।
ਚੇਤਨ ਨੇ ਅਗਲੀ ਫਿਲਮ ਲਿਖਣ ਲਈ ਮੈਨੂੰ ਛੇ ਹਜ਼ਾਰ ਰੁਪਏ ਪੇਸ਼ ਕੀਤੇ, ਪਰ "ਹਮ ਲੋਗ" ਮਗਰੋਂ ਪੰਦਰਾਂ ਤੇ ਵੀਹ-ਵੀਹ ਹਜ਼ਾਰ ਦੀਆਂ ਪੇਸ਼ਕਸ਼ਾਂ ਮੇਰੇ ਆਲੇ-ਦੁਆਲੇ ਘੁੰਮਣ ਲੱਗ ਪਈਆਂ ਸਨ। ਫਿਲਮੀ ਲੇਖਕਾਂ ਦੀ ਬੇਕੁਰਬੀ ਦੇ ਨਜ਼ਾਰੇ ਵੀ ਵੇਖ ਚੁੱਕਿਆ ਸਾਂ। ਮੈਂ ਪੇਸ਼ਕਸ਼ ਬੇਦਿਲੀ ਨਾਲ ਮਨਜ਼ੂਰ ਕੀਤੀ।
ਪਰ ਚੇਤਨ ਦੀ ਪੇਸ਼ਕਸ਼ ਦਾ ਇਕ ਹੋਰ ਮਹੱਤਵ ਪੂਰਨ ਪਹਿਲੂ ਵੀ ਸੀ। ਅਗਲੀ ਫਿਲਮ ਦੀ ਡਾeਰੈਕਸ਼ਨ ਵੀ ਉਹ ਮੇਰੇ ਸਪੁਰਦ ਕਰ ਰਿਹਾ ਸੀ, ਤੇ ਏਸ ਲਈ ਇਕ ਹਜ਼ਾਰ ਰੁਪਏ ਮਾਹਵਾਰ ਮੈਨੂੰ ਅਲੱਗ ਮਿਲਣੇ ਸਨ। ਅਜ ਜਦੋਂ ਮੁੜ ਕੇ ਪਿਛਾਂਹ ਵੇਖਦਾ ਹਾਂ, ਤਾਂ ਕਬੂਲ ਕਰਨਾ ਪੈਂਦਾ ਹੈ ਕਿ ਚੇਤਨ ਮੇਰੇ ਉੱਪਰ ਬੜਾ ਵੱਡਾ ਅਹਿਸਾਨ ਕਰ ਰਿਹਾ ਸੀ। ਐਕਟਰ ਬਣਨ ਦੀ ਥਾਂ ਲੇਖਕ ਤੇ ਡਾਇਰੈਕਟਰ ਬਣਨਾ ਮੇਰੇ ਸੁਭਾਅ ਦੇ ਜ਼ਿਆਦਾ ਅਨੁਕੂਲ ਸੀ। ਜੇ ਮੈਂ ਚੰਗਾ ਡਾਇਰੈਕਟਰ ਬਣ ਜਾਂਦਾ ਤਾਂ ਫੇਰ ਆਪਣੀ ਮਰਜ਼ੀ ਤੇ ਆਪਣੇ ਵਿਚਾਰਾਂ ਮੁਤਾਬਕ ਫਿਲਮਾਂ ਬਣਾ ਸਕਦਾ। ਅਜ ਵਾਂਗ ਹਿੰਦੀ ਫਿਲਮਾਂ ਦੇ ਘਟੀਆਪਣੇ ਦੇ ਰੋਣੇ ਰੋ ਰੋ ਕੇ ਦਿਲ ਦੀ ਭੜਾਸ ਨਾ ਕੱਢਦਾ, ਸਗੋਂ ਉਹਨਾਂ ਨੂੰ ਚੰਗਾ ਮੋੜ ਦੇਣ ਦੀ ਆਪ ਕੋਸ਼ਿਸ਼ ਕਰ ਸਕਦਾ। ਐਕਟਿੰਗ ਤੇ ਲਿਖਣ ਦਾ ਤਜਰਬਾ ਤਾਂ ਹਾਸਲ ਕਰ ਹੀ ਚੁੱਕਾ ਸਾਂ, ਜੇ ਡਾਇਰੈਕਟਰੀ ਦੀ ਅਜ਼ਮਾਇਸ਼ ਵਿਚੋਂ ਵੀ ਇਕ ਵਾਰੀ ਲੰਘ ਜਾਂਦਾ, ਤਾਂ ਹੁਣ ਵਾਂਗ ਫਿਲਮਾਂ ਵਿਚੋਂ ਨੱਠਣ ਦੇ ਸੁਪਨੇ ਵੇਖਣ ਦੀ ਸ਼ਾਇਦ ਲੋੜ ਨਾ ਪੈਂਦੀ।
ਦੋ ਤਿੰਨ ਮਹੀਨੇ ਮੈਂ ਨਵੀਂ ਫਿਲਮ ਦੀ ਕਹਾਣੀ ਉਪਰ ਕੰਮ ਕੀਤਾ। ਉਸ ਦਾ ਨਾਂ ਅਸਾਂ "ਸੋਲਾਂ ਆਨੇ" ਰੱਖਿਆ ਸੀ। ਪਰ ਮੇਰਾ ਧਿਆਨ ਐਕਟਿੰਗ ਦੀਆਂ ਪੇਸ਼ਕਸ਼ਾਂ ਨੇ ਗੁੰਮਰਾਹ ਕੀਤਾ ਹੋਇਆ ਸੀ। ਨਾਲੇ ਕੁਝ ਹੋਰ ਉਲਝਣਾਂ ਉਠ ਪਈਆਂ ਸਨ, ਜਿਨ੍ਹਾਂ ਦਾ ਜ਼ਿਕਰ ਏਥੇ ਕਰਨ ਦੀ ਲੋੜ ਨਹੀਂ। ਬੇਸੁਆਦੀ ਜਿਹੀ ਪੈਦਾ ਹੁੰਦੀ ਵੇਖ ਕੇ ਉਸ ਫਿਲਮ ਦੀ ਯੋਜਨਾ ਠੱਪ ਕਰ ਦਿੱਤੀ ਗਈ।
ਉਪਰੋਂ ਲੁਤਫ ਦੀ ਗੱਲ ਇਹ ਕਿ "ਹਮ ਲੋਗ" ਦਾ ਉਬਾਲਾ ਠੰਡਾ ਪੈਂਦਿਆਂ ਹੀ ਐਕਟਿੰਗ ਦੀਆਂ ਆਫਰਾਂ ਵੀ ਝਟ ਠੰਡੀਆਂ ਪੈ ਗਈਆਂ। ਮਸਾਂ ਇਕ ਫਿਲਮ ਹੱਥ ਆਈ - ਡੀ. ਡੀ. ਕਸ਼ਯਮ ਦੀ "ਬਦਨਾਮ", ਜੋ ਉਹ ਫਿਲਮਿਸਤਾਨ ਲਈ ਬਣਾਉਣ ਵਾਲੇ ਸਨ। ਮੈਂ ਹੀਰੋ, ਸ਼ਿਆਮਾ ਹੀਰੋਇਨ। ਸ਼ੀਲਾ ਰਮਾਨੀ, ਤੇ ਹੈਲਨ ਦਾ ਇਹ ਪਹਿਲੀ ਫਿਲਮ ਸੀ।
ਹੈਲਨ ਉਸ ਵੇਲੇ ਚੌਦਾਂ-ਪੰਦਰਾਂ ਸਾਲ ਦੀ ਸੁਕੁਮਾਰੀ ਸੀ। ਬੜੀ ਹੀ ਸੁੰਦਰ, ਗੁੱਡੀ ਜਿਹੀ ਲਗਦੀ ਸੀ। ਆਪਣੀ ਮਾਂ ਨਾਲ ਨਵੀਂ ਨਵੀਂ ਬਰਮਾ ਤੋਂ ਆਈ ਸੀ। ਨੱਚਣਾ ਉਸ ਵੇਲੇ ਉਹਨੂੰ ਕੋਈ ਨਹੀਂ ਸੀ ਆਉਂਦਾ, ਤੇ ਨਾ ਹੀ ਹਿੰਦੀ ਬੋਲ ਸਕਦੀ ਸੀ। ਤਾਲੀਮ ਵਲੋਂ ਵੀ ਕੋਰੀ ਸੀ। ਪਰ ਇਸ ਦੇ ਬਾਵਜੂਦ ਉਹ ਫਿਲਮ ਲਾਈਨ ਦੇ ਮਨੁੱਖ-ਰੂਪੀ ਬਘਿਆੜਾਂ ਨੂੰ ਬਹੁਤ ਛੇਤੀ ਪਛਾਣ ਗਈ। ਮਾਂ ਨੂੰ ਤਾਂ ਪੈਸੇ ਦੇ ਮੋਹ ਕਾਰਨ ਭਵਿੱਖ ਉਜਲਾ ਜਾਪਿਆ, ਪਰ ਹੈਲਨ ਨੂੰ ਨਹੀਂ। ਉਹ ਛੇਤੀ ਆਪਣੀ ਮਾਂ ਤੋਂ ਪੱਲਾ ਛੁਡਾ ਕੇ ਪ੍ਰੋਡੀਊਸਰ ਪੀ. ਐਨ. ਅਰੋੜਾ ਦੇ ਲੜ ਲਗ ਗਈ, ਭਾਵੇਂ ਉਹ ਉਮਰ ਵਿਚ ਉਸ ਦੇ ਬਾਪ ਬਰਾਬਰ ਸਨ। ਏਸ ਤਰ੍ਹਾਂ ਨਾ ਕੇਵਲ ਉਹ ਸਬਰ-ਸਿਦਕ ਦਾ ਜੀਵਨ ਬਿਤਾਉਣ ਯੋਗ ਹੋ ਗਈ, ਸਗੋਂ ਅਣਥਕ ਲਗਨ ਨਾਲ ਅਭਿਨੈ ਤੇ ਨ੍ਰਿਤ-ਕਲਾ ਦੇ ਖੇਤਰ ਵਿਚ ਵੀ ਉਹਨੇ ਆਪਣਾ ਭਰਪੂਰ ਵਿਕਾਸ ਕੀਤਾ। ਮੇਰੇ ਦਿਲ ਵਿਚ ਹੈਲਨ ਦੀ ਸ਼ਖਸੀਅਤ ਲਈ ਬੜੀ ਡੂੰਘੀ ਕਦਰ ਹੈ। ਜੇ ਮਾਂ ਦੇ ਆਖੇ ਲਗ ਕੇ ਪੈਸਾ ਕਮਾਉਣ ਦੀ ਮਸ਼ੀਨ ਬਣ ਜਾਂਦੀ, ਤਾਂ ਉਸ ਕਿਸੇ ਥਾਂ ਜੋਗਾ ਨਹੀਂ ਸੀ ਰਹਿਣਾ।
ਏਸੇ ਫਿਲਮ ਵਿਚ ਉਲਹਾਸ ਤੇ ਮੁਰਾਦ ਵੀ ਉੱਘੇ ਪਾਤਰ ਖੇਡ ਰਹੇ ਸਨ। ਦੋਵਾਂ ਦੀ ਜ਼ਬਾਨ ਉਤੇ ਸੁਰਸਤੀ ਖੇਡਦੀ ਸੀ। ਸੈਂਕੜੇ ਕੀ ਹਜ਼ਾਰਾਂ ਦੀ ਤਾਦਾਦ ਵਿਚ ਉਹਨਾਂ ਨੂੰ ਸੇ.ਅਰ ਯਾਦ ਸਨ। ਹਿੰਦੀ-ਉਰਦੂ ਉਹਨਾਂ ਦੀ ਮਾਦਰੀ ਜ਼ਬਾਨ ਸੀ। ਜਦੋਂ ਸ਼ਰਾਬ ਦੇ ਗਲਾਸ ਭਰ ਕੇ ਇਕ ਦੂਜੇ ਨਾਲ ਚੋਂਚ-ਬਾਜ਼ੀ ਕਰਨ ਡਹਿ ਪੈਂਦੇ, ਤਾਂ ਸਰੋਤਿਆਂ ਉੱਪਰ ਜਾਦੂ ਜਿਹਾ ਹੋ ਜਾਂਦਾ। ਏਸੇ ਤਰ੍ਹਾਂ ਕੇ. ਐਨ. ਸਿੰਘ, ਹਮੀਦ ਬੱਟ, ਕਾਮੇਸ਼ਵਰ ਸਹਿਗਲ, ਕਨ੍ਹਈਆਂ ਲਾਲ ਤੇ ਬਦਰੀ ਪਰਸ਼ਾਦ ਵਰਗੇ ਕਲਾਕਾਰਾਂ ਦੇ ਮੂੰਹੋਂ ਵੀ ਮੈਂ ਗੁਫਤਾਰ ਦੀਆਂ ਫੁਲ-ਝੜੀਆਂ ਛੁੱਟਦੀਆਂ ਵੇਖਦਾ, ਤੇ ਮਹਿਸੂਸ ਕਰਦਾ ਕਿ ਭਾਵੇਂ ਉਰਦੂ-ਹਿੰਦੀ ਉਪਰ ਬੀ. ਬੀ. ਸੀ. ਦੀ ਨੌਕਰੀ ਦੇ ਜ਼ਮਾਨੇ ਵਿਚ ਮੈਂ ਓੜਕ ਦੀਆਂ ਮਿਹਨਤਾਂ ਕੀਤੀਆਂ ਹਨ, ਪਰ ਫਿਲਮੀ ਅਦਾਕਾਰ ਅਖਵਾਉਣ ਦਾ ਮੈਂ ਤਾਂ ਹੀ ਹੱਕਦਾਰ ਹੋ ਸਕਦਾ ਹਾਂ, ਜਦ ਮੈਂ ਇਹਨਾਂ ਵਾਲੀ ਸਹਿਜਤਾ, ਰਵਾਨੀ, ਤੇ ਖੂਬਸੂਰਤੀ ਨਾਲ ਹਿੰਦੀ ਬੋਲ ਸਕਾਂ। ਅਦਾਕਾਰੀ ਦੇ ਮਾਮਲੇ ਵਿਚ ਆਵਾਜ਼ ਨਾਲ ਖੇਡਣ ਦਾ ਮੈਂ ਬਹੁਤਾ ਹਿਮਾਇਤੀ ਨਹੀਂ ਸਾਂ, ਪਰ ਇਹ ਯਕੀਨ ਜ਼ਰੂਰ ਸੀ ਤੇ ਹੁਣ ਵੀ ਹੈ ਕਿ ਜਿਸ ਜ਼ਮਾਨੇ ਵਿਚ ਅਦਾਕਾਰ ਬਣਨਾ ਹੋਵੇ, ਉਸ ਦਾ, ਉਸ ਦੇ ਉਚਾਰਨ ਤੇ ਤਲੱਫਜ਼ ਦਾ, ਉਸ ਦੇ ਸ਼ਬਦਭੰਡਾਰ ਤੇ ਸਾਹਿਤ ਦਾ, ਬੰਦੇ ਨੂੰ ਮਾਹਿਰ ਹੋਣਾ ਚਾਹੀਦਾ ਹੈ, ਨਹੀਂ ਤਾਂ ਵਿਕਾਸ ਇਕ ਥਾਂ ਪਹੁੰਚ ਕੇ ਰੁਕ ਜਾਣ ਦਾ ਖਤਰਾ ਹੈ। ਏਸ ਗੱਲ ਨੂੰ ਧਿਆਨ ਵਿਚ ਰੱਖ ਕੇ ਮੈਂ ਨਿਰੰਤਰ ਅਭਿਆਸ ਕਰਦਾ ਸਾਂ, ਤੇ ਕਾਮਯਾਬੀ ਵੀ ਮੈਨੂੰ ਜ਼ਰੂਰ ਮਿਲਦੀ ਸੀ, ਪਰ ਫੇਰ ਵੀ ਉਲਹਾਸ ਜਾਂ ਮੁਰਾਦ ਤਕ ਪਹੁੰਚਣ ਦੀ ਉਮੈਦ ਤਾਂ ਮੈਂ ਇਕ ਜਨਮ ਕੀ, ਦੋ ਜਨਮਾਂ ਵਿਚ ਵੀ ਨਹੀਂ ਸਾਂ ਕਰ ਸਕਦਾ। ਮੈਨੂੰ ਆਪਣੀ ਮਾਤ-ਬੋਲੀ ਪੰਜਾਬੀ ਵਲ ਪ੍ਰੇਰਨ ਵਿਚ ਅਚਿੰਤੇ ਉਲਹਾਸ ਤੇ ਮੁਰਾਦ ਦਾ ਬਹੁਤ ਸਾਰਾ ਹੱਥ ਹੈ।

ਉਸ ਜ਼ਮਾਨੇ ਵਿਚ ਫਿਲਮਾਂ ਰੰਗੀਨ ਨਹੀਂ ਸਨ। ਬੱਜਟ ਵੀ ਬਹੁਤ ਮਾਮੂਲੀ ਹੁੰਦਾ ਸੀ - ਮਸਾਂ ਤਿੰਨ-ਚਾਰ ਲੱਖ। ਇਸ ਲਈ ਆਊਟਡੋਰ ਸ਼ੂਟਿੰਗ ਲਈ ਕੁੱਲੂ-ਕਸ਼ਮੀਰ ਜਾਂ ਲੰਡਨ-ਪੈਰਿਸ ਜਾਣ ਦਾ ਰਿਵਾਜ ਨਹੀਂ ਸੀ ਪਿਆ। ਬੰਬਈ ਸ਼ਹਿਰ ਤੋਂ ਵੀਹ ਕੁ ਮੀਲ ਬਾਹਰ ਨਿੱਕੀਆਂ-ਨਿੱਕੀਆਂ ਪਹਾੜੀਆਂ ਅਤੇ ਜੰਗਲ ਹਨ, ਜਿਨ੍ਹਾਂ ਨੂੰ ਚੀਨਾਂ ਬ੍ਰਿਜ ਜਾਂ ਘੋੜਬੰਦਰ ਆਖਦੇ ਹਨ। ਬਰਸਾਤ ਸ਼ੁਰੂ ਹੋਣ ਤੋਂ ਇਕ ਮਹੀਨਾ ਪਹਿਲਾਂ ਗਰਮੀ ਭਾਵੇਂ ਚਿਲਕਵੀਂ ਪਏ, ਪਰ ਆਕਾਸ਼ ਵਿਚ ਬਦਲ ਜ਼ਰੂਰ ਦਿਸ ਪੈਂਦੇ ਹਨ। ਰੰਗੀਨ ਫਿਲਮ ਵਿਚ ਨੀਲਾ ਆਕਾਸ਼ ਸੋਹਣਾ ਲਗਦਾ ਹੈ, ਪਰ ਕਾਲੀ ਫਿਲਮ ਦੇ ਪ੍ਰਾਕ੍ਰਿਤਕ ਨਜ਼ਾਰਿਆਂ ਵਿਚ ਬੱਦਲ ਜਾਨ ਪਾਉਂਦੇ ਹਨ। ਏਸ ਕਾਰਨ ਸਾਰੀਆਂ ਹੀ ਕੰਪਨੀਆਂ ਉਸ ਪਾਸੇ ਉਠ ਦੌੜਦੀਆਂ ਸਨ। ਬੜਾ ਹੀ ਮੂਜ਼ੀ ਸਮਾ ਹੁੰਦਾ ਸੀ ਉਹ। ਜਿਥੇ ਬੈਠੋ, ਤਰ੍ਹਾਂ ਤਰ੍ਹਾਂ ਦੀਆਂ ਕੀੜੀਆਂ, ਮੱਖੀਆਂ, ਠੁਏਂ, ਸੱਪ, ਸਾਂਢੇ। ਇਕ ਦਿਨ ਅੰਬਾਂ ਦੇ ਦਰਖਤਾਂ ਨਾਲ ਘਿਰੇ ਹੋਏ ਵਡੇ ਸਾਰੇ ਛੱਪੜ ਦੇ ਲਾਗੇ-ਚਾਗੇ ਤਿੰਨ ਚਾਰ ਕੰਪਨੀਆਂ ਦੇ ਲਵ-ਸੀਨ ਫਿਲਮਾਏ ਜਾ ਰਹੇ ਸਨ। ਬੱਦਲ, ਪਾਣੀ, ਜੰਗਲ - ਰੂਮਾਨੀ ਫਿਜ਼ਾ ਪੈਦਾ ਕਰਨ ਲਈ ਹੋਰ ਕੀ ਚਾਹੀਦਾ ਸੀ! ਅਸਿਸਟੰਟ ਤੇ ਕੁਲੀ ਛੱਪੜ ਦੇ ਪਾਣੀ ਨੂੰ ਹਿਲਾ ਹਿਲਾ ਕੇ ਉਹਦੀਆਂ ਲਹਿਰਾਂ ਵਿਚ ਸਿਲਮੇ-ਸਿਤਾਰ ਵਾਲੀ ਝਿਲਮਿਲ ਵੀ ਪੈਦਾ ਕਰ ਲੈਂਦੇ ਸਨ। ਪਰ ਉਸ ਦਿਨ ਦੁਰਭਾਗਵੱਸ਼ ਇਕ ਡੱਡੂ ਸੱਪ ਦੇ ਸੰਘ ਵਿਚ ਅਟਕ ਗਿਆ। ਉਸ ਦੀਆਂ ਚੀਕਾਂ ਨੇ ਲਗਭਗ ਦੋ ਘੰਟੇ ਸ਼ੂਟਿੰਗ ਦਾ ਕਾਰੋਬਾਰ ਬੰਦ ਰੱਖਿਆ। ਕੋਇਲ ਕੂਕ ਰਹੀ ਹੁੰਦੀ, ਬੁਲਬੁਲ ਬੋਲ ਰਹੀ ਹੁੰਦੀ, ਤਾਂ ਹੋਰ ਗੱਲ ਸੀ, ਪਰ ਇਹ ਆਵਾਜ਼ ਤਾਂ ਪ੍ਰੇਮੀਆਂ ਦੇ ਰੌਂ ਨਾਲ ਉੱਕਾ ਮੇਲ ਨਹੀਂ ਸੀ ਖਾਦੀ।
ਇਕ ਦਿਨ ਡੀ. ਡੀ. ਕਸ਼ਯਪ ਸਾਹਿਬ ਨੇ (ਗੌਰਮਿੰਟ ਕਾਲਜ, ਲਾਹੌਰ ਵਿਚ ਚੇਤਨ ਆਨੰਦ ਤੇ ਬੀ. ਆਰ. ਚੋਪੜਾ ਵਾਂਗ ਉਹ ਵੀ ਮੇਰੇ ਸਮਕਾਲੀ ਸਨ) ਕੈਮਰਾ ਘੋੜਬੰਦਰ ਦੀ ਪਹਾੜ ਜਿੱਡੀ ਇਕ ਚਟਾਨ ਉਤੇ ਬੀੜ ਦਿਤਾ। ਬੜੀ ਖਤਰਨਾਕ ਥਾਂ ਸੀ। ਹੇਠਾਂ ਥਾਨਾਂ ਕ੍ਰੀਕ ਦੀ ਡੂੰਘੀ ਖਾੜੀ ਸੀ।
"ਯਹਾਂ ਕੈਮਰਾ ਰੱਖਨੇ ਕਾ ਕਿਆ ਮਤਲਬ ਹੂਆ, ਕਸ਼ਯਪ ਸਾਹਬ?" ਮੁਰਾਦ ਨੇ ਪੁਛਿਆ।
"ਯਹਾਂ ਹੀਰੋ ਔਰ ਵਿਲੇਨ ਕੀ ਥੋੜੀ ਸੀ 'ਫਾਈਟ' ਹੋਤੀ ਹੈ, ਮਤਲਬ ਆਪ ਕੀ ਔਰ ਬਲਰਾਜ ਸਾਹਬ ਕੀ।"
ਮੁਰਾਦ ਥੋੜੀ ਦੇਰ ਚੁੱਪਚਾਪ ਖੜਾ ਆਪਣੀਆਂ ਮੋਟੀਆਂ ਤੇ ਨੀਲੀਆਂ ਅੱਖਾਂ ਨਾਲ ਬਿਟ-ਬਿਟ ਵੇਖਦਾ ਰਿਹਾ ਤੇ ਫੇਰ ਬੋਲਿਆ, "ਯਾਨੀ ਆਪ ਕਾ ਮਤਲਬ ਹੈ, ਬਲਰਾਜ ਸਾਹਬ ਔਰ ਮੈਂ ਯਹਾਂ ਖੜੇ ਹੋ ਕਰ ਲੜੇਂਗੇ?"
"ਜੀ।"
"ਬਾਤ ਸਮਝ ਮੇਂ ਆ ਗਈ। ਅਬ ਮੈਂ ਪੂਰੀ ਤਰਹ ਸਮਝ ਗਿਆ, ਕਸ਼ਯਪ ਸਾਹਬ।" ਇਹ ਕਹਿ ਕੇ ਮੁਰਾਦ ਉਲਹਾਸ ਵਲ ਤੁਰ ਪਿਆ, ਜੋ ਦੂਰ ਪਰ੍ਹੇ ਇਕ ਥੜੇ ਉੱਤੇ ਬੈਠਾ ਹੋਇਆ ਸੀ। ਦਾਰੂ ਦਾ ਪ੍ਰਬੰਧ ਉਲਹਾਸ ਨੇ ਕਿਤੋਂ ਪਹਿਲਾਂ ਹੀ ਕਰ ਰੱਖਿਆ ਸੀ। ਮੁਰਾਦ ਨੇ ਕੰਪਨੀ ਦੇ ਮੁੰਡਿਆਂ ਨੂੰ ਬਰਫ, ਸੋਡਾ, ਗਲਾਸ ਵਗੈਰਾ ਲਈ ਏਧਰ-ਉਧਰ ਨਠਾਉਣਾ ਸ਼ੁਰੂ ਕਰ ਦਿੱਤਾ।
ਉਸ ਥਾਂ ਖੜੇ ਹੋ ਕੇ ਮੁੱਕੇ-ਬਾਜ਼ੀ ਕਰਨ ਦੇ ਖਿਆਲ ਤੋਂ ਮੈਨੂੰ ਸਖਤ ਡਰ ਲੱਗ ਰਿਹਾ ਸੀ, ਪਰ ਮੁਰਾਦ ਨੂੰ ਇੰਜ ਲਾਪਰਵਾਹ ਵੇਖ ਕੇ ਮੈਂ ਚੁੱਪ ਰਿਹਾ ਤੇ ਮੇਕ-ਅੱਪ ਕਰਵਾਉਣ ਲਗ ਪਿਆ। ਜਦੋਂ ਤਿਆਰ ਹੋ ਮੁੜ ਕਸ਼ਯਪ ਹੋਰਾਂ ਪਾਸ ਗਿਆ, ਤਾਂ ਮੁਰਾਦ ਤੇ ਉਲਹਾਸ ਅਜੇ ਵੀ ਮਜ਼ੇ ਨਾਲ ਬੈਠ ਕੇ ਖਾ ਪੀ ਰਹੇ ਸਨ। ਕਸ਼ਯਪ ਨੇ ਆਵਾਜ਼ ਮਾਰ ਕੇ ਕਿਹਾ, "ਮੁਰਾਦ ਸਾਹਬ, ਆਪ ਭੀ ਤਿਆਰ ਹੋ ਜਾਈਏ।"
ਪਹਿਲਾਂ ਤਾਂ ਜਿਵੇਂ ਮੁਰਾਦ ਨੇ ਸੁਣਿਆਂ ਹੀ ਨਾ, ਫੇਰ ਬੜੇ ਇਤਮੀਨਾਨ ਨਾਲ ਝੂਮਦਾ ਝਾਮਦਾ ਉਹ ਕਸ਼ਯਪ ਸਾਹਿਬ ਕੋਲ ਆ ਗਿਆ।
"ਮੁਝੇ ਯਾਦ ਫਰਮਾਯਾ, ਕਸ਼ਯਪ ਸਾਹਬ?"
"ਜੀ ਹਾਂ। ਸ਼ਾਟ ਰੈਡੀ ਹੈ।"
"ਸ਼ਾਟ?"
"ਬਤਾਇਆ ਤੋ ਥਾ ਆਪ ਕੋ। ਬਲਰਾਜ ਸਾਹਬ ਅੋਰ ਆਪ ਕੇ ਲੜਨੇ ਕਾ ਏਕ ਸ਼ਾਟ ਲੇਂਗੇ ਯਹਾਂ।"
"ਲੜਾਈ ਭੀ ਕਈ ਤਰਹ ਕੀ ਹੋਤੀ ਹੈ, ਕਸ਼ਯਪ ਸਾਹਬ। ਆਪ ਕਾ ਮਤਲਬ ਕਿਸ ਕਿਸਮ ਕੀ ਲੜਾਈ ਸੇ ਹੈ?"
"ਬਸ ਯੂੰ ਹੀ ਥੋੜੀ ਸੀ ਮੁੱਕੇਬਾਜ਼ੀ, ਜੈਸੀ ਕਿ ਫਿਲਮੋਂ ਮੇਂ ਹੋਤੀ ਹੈ, ਔਰ ਕਿਆ," ਕਸ਼ਯਪ ਸਾਹਬ ਨੇ ਹੱਸ ਕੇ ਕਿਹਾ।
"ਬਾਤ ਸਮਝ ਮੇਂ ਆ ਗਈ, ਕਸ਼ਯਪ ਸਾਹਿਬ। ਅਬ ਮੈਂ ਪੂਰੀ ਤਰ੍ਹਾਂ ਸੇ ਸਮਝ ਗਿਆ," ਮੁਰਾਦ ਨੇ ਦੰਦਾਂ ਵਿਚ ਮਾਚਸ ਦੀ ਤੀਲੀ ਘੁਮਾਉਂਦਿਆਂ ਕਿਹਾ। ਮੈਂ ਬੜੀ ਮੁਸ਼ਕਲ ਨਾਲ ਆਪਣਾ ਹਾਸਾ ਰੋਕ ਰਿਹਾ ਸਾਂ।
"ਤੋ ਫਿਰ ਆਪ ਤਿਆਰ ਹੋ ਜਾਈਏ ਨਾ, ਵਰਨਾ ਸੂਰਜ ਕੀ ਪੁਜ਼ੀਸ਼ਨ ਬਦਲ ਜਾਏਗੀ।"
"ਮੈਂ ਇਸ ਸਿਲਸਿਲੇ ਮੇਂ ਆਪ ਸੇ ਕੁਛ ਅਰਜ਼ ਕਰਨਾ ਚਾਹੂੰਗਾ, ਕਸ਼ਯਪ ਸਾਹਬ।"
"ਫਰਮਾਈਏ?"
"ਏਕ ਮੁਸ਼ਕਿਲ ਆ ਰਹੀ ਹੈ।"
"ਕਿਆ?"
"ਲੜਨਾ ਤੋ ਦਰਕਿਨਾਰ, ਕਸ਼ਯਪ ਸਾਹਬ, ਮੁਝ ਸੇ ਤੋ ਯਹਾਂ ਖੜਾ ਭੀ ਨਹੀਂ ਹੂਆ ਜਾ ਰਹਾ ਹੈ।" ਇਹ ਕਹਿ ਕੇ ਮੁਰਾਦ ਫੇਰ ਖਰਾਮਾ-ਖਰਾਮਾ ਆਪਣਾ ਸਫੈਦ ਕੁੜਤਾ-ਪਜਾਮਾ ਭੁੜਕਾਉਂਦਾ ਉਲਹਾਸ ਕੋਲ ਜਾ ਬੈਠਾ।
ਥੋੜੀ ਦੇਰ ਪਿੱਛੋਂ ਮੈਂ ਫੇਰ ਉਹਨਾਂ ਕੋਲ ਚਲਾ ਗਿਆ। ਉਹਨਾਂ ਮੈਨੂੰ ਬਿਲਕੁਲ ਨਾ ਗੌਲਿਆ। ਮੈਂ ਕਹਿਣ ਦੀ ਜੁਰੱਤ ਕੀਤੀ:
"ਕਸ਼ਯਪ ਸਾਹਬ ਸੇ ਕਹਿ ਕਰ ਅਗਰ ਕੈਮਰਾ ਥੋੜਾ ਪੀਛੇ ਹਟਾ ਲੀਆ ਜਾਏ, ਤੋ ਫਿਰ ਸ਼ਾਟ ਹੋ ਸਕਤਾ ਹੈ।
"ਬਲਰਾਜ ਸਾਹਬ, ਅੱਛਾ ਯਹੀ ਰਹਿਤਾ ਹੈ ਕਿ ਇਨਸਾਨ ਆਪਣਾ ਖਿਆਲ ਕਰੇ ਔਰ ਦੂਸਰੋਂ ਕੇ ਮਾਮਲੇ ਮੇਂ ਦਖਲ ਨਾ ਦੇ।"
"ਲੇਕਿਨ ਅਗਰ ਕਾਮ ਪਰ ਆਏ ਹੈਂ, ਤੋ ਕਾਮ ਤੋ ਹੋਨਾ ਚਾਹੀਏ।"
ਅਗੋਂ ਮੁਰਾਦ ਨੇ ਮੇਰੀ ਵਲ ਮੁੜ ਕੇ ਇਕ ਐਸਾ ਜੁਮਲਾ ਕਿਹਾ, ਜਿਸ ਦਾ ਮਤਲਬ ਸਮਝਣ ਦੀ ਮੈਂ ਅੱਜ ਤੀਕਰ ਕੋਸ਼ਿਸ਼ ਕਰ ਰਿਹਾ ਹਾਂ:
"ਬਲਰਾਜ ਸਾਹਬ, ਹਮੇ ਇੰਡਸਟਰੀ ਮੇਂ ਕਾਮ ਕਰਤੇ ਹੂਏ ਦਸ ਬਰਸ ਹੋ ਗਏ ਹੈਂ, ਮਗਰ ਜਬ ਭੀ ਦੁਮ ਉਠਾ ਕਰ ਦੇਖਾ ਹੈ, ਘੋੜੀ ਹੀ ਨਜ਼ਰ ਆਈ ਹੈ, ਘੋੜਾ ਆਜ ਤਕ ਨਜ਼ਰ ਨਹੀਂ ਆਇਆ।"
"ਬਦਨਾਮ" ਦੀ ਕਾਫੀ ਸਾਰੀ ਆਊਟਡੋਰ ਸ਼ੂਟਿੰਗ ਮਨਾਲੀ ਵਿਚ ਵੀ ਹੋਈ। ਮੇਰੇ ਖਿਆਲ ਵਿਚ ਏਸ ਤੋਂ ਪਹਿਲਾਂ ਕੁੱਲੂ-ਮਨਾਲੀ ਵਿਚ ਕਦੇ ਕਿਸੇ ਫਿਲਮ ਦੀ ਸ਼ੂਟਿੰਗ ਨਹੀਂ ਸੀ ਹੋਈ। ਇਹ ਕਸ਼ਯਪ ਸਾਹਬ ਨੇ ਫਿਲਮ ਦੇ ਲਾਭ ਲਈ ਕੀਤਾ, ਜਾਂ ਸ਼ੀਲਾ ਰਮਾਨੀ ਨੂੰ ਰਿਝਾਉਣ ਲਈ, ਇਸ ਬਾਰੇ ਯੁਨਿਟ ਵਿਚ ਕਈ ਰਾਵਾਂ ਸਨ। ਉਦੋਂ ਰਸਤੇ ਬੜੇ ਖਰਾਬ ਸਨ, ਖਾਸ ਕਰ ਮੰਡੀ ਤੋਂ ਕੁੱਲੂ ਵਾਲਾ ਹਿੱਸਾ ਤਾਂ ਬਹੁਤ ਹੀ ਖਤਰਨਾਕ ਸੀ। ਉਪਰੋਂ ਫਿਲਮਿਸਤਾਨ ਦੇ ਕਿਸੇ ਅਧਿਕਾਰੀ ਨੇ ਸਫਰ ਤੇ ਰਿਹਾਇਸ਼ ਦਾ ਠੇਕਾ ਪਠਾਨਕੋਟ ਦੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਦਿਵਾ ਦਿੱਤਾ ਸੀ। ਉਹਨੇ ਪੈਸੇ ਬਚਾਉਣ ਲਈ ਸਾਨੂੰ ਇਕ ਨਕਾਰੀ ਜਹੀ ਬਸ, ਤੇ ਅਜਿਹੇ ਡਰਾਈਵਰ ਦੇ ਹਵਾਲੇ ਕਰ ਦਿੱਤਾ, ਜਿਸ ਨੇ ਉਸ ਸੜਕ ਉਤੇ ਪਹਿਲਾਂ ਕਦੇ ਗੱਡੀ ਚਲਾਈ ਹੀ ਨਹੀਂ ਸੀ। ਮਸਾਂ ਬਿਆਸ ਦਰਿਆ ਦੀ ਨਜ਼ਰ ਹੁੰਦੇ ਹੁੰਦੇ ਬਚੇ। ਫੇਰ ਵੀ ਉਲਹਾਸ ਦੀਆਂ ਮਜ਼ੇਦਾਰ ਗੱਲਾਂ ਨੇ ਸਾਡਾ ਹੌਂਸਲਾ ਬਣਾਈ ਰੱਖਿਆ। ਜਦੋਂ ਬਿਆਸ ਨੂੰ ਉਹ ਵੀ. ਐਮ. ਵਿਆਸ ਕਹਿ ਕੇ ਪੁਕਾਰਦਾ, ਤਾਂ ਖਤਰੇ ਦੇ ਬਾਵਜੂਦ ਸਾਰਿਆਂ ਦਾ ਹਾਸਾ ਨਿਕਲ ਜਾਂਦਾ, ਕਿਉਂਕਿ ਵੀ. ਐਮ. ਵਿਆਸ ਫਿਲਮ ਇੰਡਸਟਰੀ ਦੇ ਇਕ ਮਸ਼ਹੂਰ ਤੇ ਆਖਰਾਂ ਦੇ ਕੰਜੂਸ ਫਿਲਮ ਡਾਇਰੈਕਟਰ ਦਾ ਨਾਂ ਸੀ।
ਮਨਾਲੀ ਤੋਂ ਮੁੜ ਕੇ ਮੈਂ ਪਹਿਲੀ ਵਾਰ ਸਰਦਾਰ ਨਾਨਕ ਸਿੰਘ ਦੇ ਦਰਸ਼ਨ ਕਰਨ ਅੰਮ੍ਰਿਤਸਰ ਗਿਆ ਸਾਂ।
ਉਹਨੀਂ ਦਿਨੀਂ ਭਗਵਾਨ ਗਾਰਗਾ ਨੇ ਮੈਨੂੰ ਫਿਲਮ-ਅਭਿਨੇ ਬਾਰੇ ਇਕ ਕਿਤਾਬ ਪੜ੍ਹਨ ਲਈ ਦਿੱਤੀ। ਉਹਦਾ ਨਾਂ ਸੀ,
"ਮਾਡਰਨ ਐਕਟਿੰਗ।" ਹਾਲੀਵੁਡ ਦੇ ਮਸ਼ਹੂਰ ਫਿਲਮ ਸਟਾਰ, ਕਲਾਰਕ ਗੇਬਲ ਦੀ ਬੀਵੀ ਨੇ ਲਿਖੀ ਸੀ।
ਉਸ ਕਿਤਾਬ ਨੂੰ ਪੜ੍ਹ ਕੇ ਮੇਰਾ ਬੜਾ ਨੁਕਸਾਨ ਹੋਇਆ। ਵਾਸਤਵ ਵਿਚ ਉਹ ਸਿਖਾਂਦਰੂਆਂ ਲਈ ਨਹੀਂ, ਤਜਰਬੇਕਾਰ ਐਕਟਰਾਂ ਲਈ ਲਿਖੀ ਗਈ ਸੀ। ਉਸ ਦਾ ਮੂਲ-ਮੁੱਦਾ ਸੀ, ਫਿਲਮ ਐਕਟਰ ਦੇ ਬਾਹਰੀ ਲੱਛਣਾਂ ਨੂੰ, ਉਸ ਦੀ ਸ਼ਖਸੀਅਤ ਦੇ ਪ੍ਰਭਾਵ ਨੂੰ ਸੰਵਾਰਨਾ। ਅੰਦਰੂਨੀ ਲੱਛਣਾਂ ਨੂੰ ਐਕਟਰ ਨੇ ਸਾਧ ਲਿਆ ਹੋਵੇਗਾ, ਪੁਸਤਕ ਇਹ ਮੰਨ ਕੇ ਤੁਰਦੀ ਸੀ। ਕੈਮਰੇ ਅਗੇ ਹੱਸਣ ਵੇਲੇ ਵਰਾਛਾਂ ਨੂੰ ਕਿਵੇਂ ਦੋਵੇਂ ਪਾਸੇ ਬਰਾਬਰ ਤੇ ਸਿੱਧਾ ਖਿੱਚਣਾ ਚਾਹੀਦਾ ਹੈ, ਟੇਢਾ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਮੂੰਹ ਰੋਣਹਾਕਾ ਜਾਂ ਕਰੂਪ ਦਿਸਣ ਲਗ ਪੈਂਦਾ ਹੈ। ਬੋਲਣ ਵੇਲੇ ਉਪਰਲੇ ਬੁੱਲ੍ਹ ਨੂੰ ਜ਼ਿਆਦਾ ਹਰਕਤ ਦੇਣੀ ਚਾਹੀਦੀ ਹੈ, ਤਾਂ ਜੋ ਹੇਠਲੇ ਦੰਦਾ ਦੀ ਥਾਂ ਉਪਰਲੇ ਦੰਦ ਨਜ਼ਰ ਆਉਣ। ਜੇ ਕਲੋਜ਼-ਅਪ ਵਿਚ ਉਪਰਲੀ ਬੀੜ ਅਦ੍ਰਿਸ਼ ਹੋਵੇ ਤੇ ਕੇਵਲ ਹੇਠਲੀ ਨਜ਼ਰ ਆਵੇ, ਤਾਂ ਚਿਹਰਾ ਡਰਾਉਣਾ ਜਿਹਾ ਹੋ ਜਾਏਗਾ। ਕਲੋਜ਼-ਅਪ ਵਿਚ ਖੱਬੇ-ਸੱਜੇ ਵੇਖਣਾ ਹੋਵੇ, ਤਾਂ ਪਹਿਲਾਂ ਅੱਖਾਂ ਨੂੰ ਬਾਅਦ ਵਿਚ ਗਰਦਨ ਨੂੰ ਹਰਕਤ ਦੇਣੀ ਚਾਹੀਦੀ ਹੈ। ਕੈਮਰੇ ਵਿਚ ਦਾਖਲ ਹੁੰਦਿਆਂ ਬੂਹਾ ਹੱਥ ਪਿਛੇ ਕਰਕੇ ਸਰੀਰ ਨੂੰ ਮੋੜੇ ਬਿਨਾਂ ਬੰਦ ਕਰਨਾ। ਕਿਵੇਂ ਕੁਰਸੀ ਤੇ ਉੱਠਣਾ-ਬੈਠਣਾ ਚਾਹੀਦਾ ਹੈ। ਆਪਣੀ ਤੋਰ ਨੂੰ ਕਿਵੇਂ ਕਸ਼ਸ਼ਦਾਰ ਬਣਾਈਦਾ ਹੈ। ... ਨਿਸਚੇ ਹੀ ਇਹ ਇਕ ਵੱਡਮੁੱਲੀ ਕਿਤਾਬ ਸੀ। ਚੰਗਾ ਅਦਾਕਾਰ ਬਣਨ ਲਈ ਆਪਣੀ ਦਿਖਾਵਟ ਵਿਚ, ਆਪਣੀ ਹਰ ਹਰਕਤ ਵਿਚ, ਕਸ਼ਸ਼ ਤੇ ਮੋਹਕਤਾ ਪੈਦਾ ਕਰਨਾ ਬੜਾ ਲਾਜ਼ਮੀ ਹੈ। ਕਲਾਰਕ ਗੇਬਲ ਨੇ ਆਪਣੀ ਸੰਸਾਰ ਪ੍ਰਸਿਧ ਮੁਸਕਣੀ ਨੂੰ ਤਿਆਰ ਕਰਨ ਲਈ ਸ਼ੀਸ਼ੇ ਅਗੇ ਕਈ ਮਹੀਨੇ ਅਣਥੱਕ ਮਿਹਨਤ ਕੀਤੀ ਸੀ, ਤਾਂ ਜੋ ਉਹ ਸੁਭਾਵਕ ਤੇ ਉਸ ਦੀ ਸ਼ਖਸੀਅਤ ਦਾ ਸਦੀਵੀ ਅੰਗ ਬਣ ਜਾਏ। ਲੱਖਾਂ ਤੀਵੀਆਂ ਉਸ ਮੁਸਕਣੀ ਉਪਰ ਪਰਵਾਨਿਆਂ ਵਾਂਗ ਮਰਦੀਆਂ ਸਨ। ਏਸੇ ਤਰ੍ਹਾਂ ਦਲੀਪ ਕੁਮਾਰ ਦੀਆਂ ਖਿਲਰੀਆਂ ਜ਼ੁਲਫਾਂ, ਉਸ ਦੀ ਉਦਾਸ ਡੂੰਘੀ ਤੱਕਣੀ ਵੀ ਬੜੀ ਮਿਹਨਤ ਨਾਲ ਤਿਆਰ ਕੀਤੀ ਹੋਈ ਚੀਜ਼ ਹੈ। ਅਸ਼ੋਕ ਕੁਮਾਰ ਜਾਂ ਦੇਵ ਆਨੰਦ ਦੇ ਜ਼ਿੰਦਗੀ ਵਿਚ ਖੇੜਾ ਲੈ ਆਉਣ ਵਾਲੇ ਹਾਸੇ ਬਾਰੇ ਵੀ, ਮੇਰੇ ਖਿਆਲ ਵਿਚ ਇਹ ਕਹਿਣਾ ਗਲਤ ਨਹੀਂ ਹੋਵੇਗਾ।
ਪਰ ਮੇਰੇ ਲਈ ਉਹ ਕਿਤਾਬ 'ਵਕਤ ਤੋਂ ਪਹਿਲਾਂ' ਸੀ। ਉਹਨੇ ਮੈਨੂੰ ਫੇਰ ਕੁਰਾਹੇ ਪਾ ਦਿੱਤਾ। "ਹਮ ਲੋਗ" ਵਿਚ ਮੁਸ਼ਕਲਾਂ ਨਾਲ ਬਿਰਤੀਆਂ ਨੂੰ ਸਮੇਟਣ, ਉਹਨਾਂ ਨੂੰ ਕੇਂਦਰਿਤ ਕਰਕੇ ਅੰਦਰ ਲਿਜਾਣ ਦਾ ਮਸਾਂ ਵੱਲ ਸਿਖਿਆ ਸੀ। ਅਜੇ ਉਸ ਦਿਸ਼ਾ ਵਿਚ ਬਹੁਤ ਕੁਝ ਕਰਨਾ ਬਾਕੀ ਸੀ, ਤੇ ਮੇਰੀ ਰੁਚੀ ਵੀ ਉਸੇ ਪਾਸੇ ਦੀ ਸੀ। ਮੇਰੀ ਤਾਲੀਮ ਤੇ ਤਰਬੀਅਤ ਨੇ ਸਵੈ-ਪ੍ਰਦਰਸ਼ਨ ਨੂੰ ਮੇਰੀ ਨਿਗਾਹ ਵਿਚ ਬਹੁਤਾ ਅਹਿਮ ਨਹੀਂ ਸੀ ਰੱਖਿਆ।
ਪਰ ਹੀਰੋ ਤੇ ਸਟਾਰ ਬਣਨ ਦਾ ਲਾਲਚ ਕਿਸ ਨੂੰ ਨਹੀਂ ਹੁੰਦਾ। ਮੇਰੀਆਂ ਬਿਰਤੀਆਂ ਫੇਰ ਅੰਦਰੋਂ ਬਾਹਰ ਆ ਗਈਆਂ। ਮੈਂ ਨਾ ਏਧਰ ਦਾ ਰਿਹਾ, ਨਾ ਉਧਰ ਦਾ। ਮੈਂ ਬੜੀ ਕੋਸ਼ਿਸ਼ ਕਰਦਾ ਕੈਮਰੇ ਅਗੇ ਕਲਾਰਕ ਗੇਬਲ ਵਾਂਗ ਖੁਲ੍ਹ ਕੇ ਹੱਸਣ ਦੀ, ਪਰ ਗੱਲ੍ਹਾਂ ਬੂਟ ਦੇ ਚਮੜੇ ਵਾਂਗ ਆਕੜੀਆਂ ਰਹਿੰਦੀਆਂ। ਮਿਸ-ਕਲੇਅਰ ਨੇ ਮੇਰੇ ਬਾਰੇ ਇਸ ਵਾਰੀ ਲਿਖਿਆ: "ਇੰਜ ਲਗਦਾ ਹੈ, ਜਿਵੇਂ ਹੀਰੋ ਦੀ ਥਾਂ ਮੁਰਦਾ ਕਬਰ ਵਿਚੋਂ ਕੱਢ ਕੇ ਲਿਆਂਦਾ ਹੋਵੇ।"
"ਬਦਨਾਮ" ਦੀ ਰਿਲੀਜ਼ ਬੜਾ ਦਿਲ-ਤੋੜਵਾਂ ਅਨੁਭਵ ਸੀ। ਉੱਚਾ ਉੱਠਦਾ-ਉੱਠਦਾ ਮੈਂ ਫੇਰ ਧੜੰਮ ਹੇਠਾਂ ਆ ਡਿੱਗਿਆ ਸਾਂ। ਪਰ ਮੇਰੇ ਦੋਸਤ, ਗੁਰਮੁਖ ਸਿੰਘ ਨੇ, ਜੋ ਅਜਕਲ ਬੇਰੂਤ ਵਿਚ ਹਿੰਦੁਸਤਾਨੀ ਫਿਲਮਾਂ ਦੀ ਡਿਸਟ੍ਰੀਬਿਊਸ਼ਨ ਕਰਦੇ ਹਨ, ਹਾਲ ਵਿਚੋਂ ਬਾਹਰ ਨਿਕਲਦਿਆਂ ਹੀ ਮੇਰੀ ਤਾਰੀਫ ਦੇ ਪੁਲ ਬੰਨ੍ਹ ਦਿਤੇ। ਉਹਨਾਂ ਇਹ ਬਿਲਕੁਲ ਝੂਠ-ਮੂਠ ਕੀਤਾ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ, ਪਰ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਉਸ ਵੇਲੇ ਮੈਨੂੰ ਟੇਕ ਦੇਣ ਵਾਲਾ ਕੋਈ ਮਿੱਤਰ ਅੰਗ-ਸੰਗ ਸੀ।

7
ਸਵੇਰੇ ਦਾ ਵੇਲਾ ਸੀ। ਮੈਂ ਬੱਚਿਆਂ ਨਾਲ ਸਮੁੰਦਰ ਕੰਢੇ ਉਤੇ ਰੇਤ ਦੇ ਢਾਂਚੇ ਬਣਾ ਰਿਹਾ ਸਾਂ। ਕਾਲੋਨੀਆਂ ਦੀਆਂ ਪੌੜੀਆਂ ਉਤਰ ਕੇ ਇਕ ਗੋਲ-ਮਟੋਲ ਬੰਗਾਲੀ ਬਾਬੂ, ਧੋਤੀ ਦਾ ਲੜ ਸਾਂਭਦੇ, ਸਾਡੇ ਵਲ ਆਏ। ਅੱਜਕੱਲ ਉਹ ਹਿੰਦੀ ਫਿਲਮਾਂ ਦੇ ਕਾਮਯਾਬ ਮਜ਼ਾਹੀਆ ਅਦਾਕਾਰ ਹਨ। ਅਸ਼ਿਤ ਸੇਨ ਨਾਂ ਹੈ। ਉਦੋਂ ਸਿਰਫ ਬਿਮਲ ਰਾਏ ਦੇ ਅਸਿਸਟੰਟ ਸਨ। ਇਤਨੇ ਮੋਟੇ ਵੀ ਨਹੀਂ ਸਨ। ਮੈਂ ਉਹਨਾਂ ਨੂੰ ਬਿਲਕੁਲ ਨਹੀਂ ਸੀ ਜਾਣਦਾ।
ਐਨ ਸਿਰਹਾਂਦੀ ਪੁੱਜ ਕੇ ਉਹਨਾਂ ਨਾਸਲ ਤੇ ਸੋਗੀ ਜਹੀ ਆਵਾਜ਼ ਵਿਚ ਹੇਕ ਲਾਈ, "ਬਿਮਲ ਰਾਏ ਦਾਦਾ ਆਪ ਕੋ ਯਾਦ ਕਰ ਰਹੇ ਹੈਂ। ਫਿਲਮ ਕੇ ਬਾਰੇ ਮੇਂ ਬਾਤ ਕਰਨੀ ਹੈ।"
ਬਿਮਲ ਰਾਏ ਮੈਨੂੰ ਯਾਦ ਕਰ ਰਹੇ ਹਨ! ਫਿਲਮ ਬਾਰੇ? ਯਕੀਨ ਨਹੀਂ ਸੀ ਆ ਰਿਹਾ। ਇਕ ਵਾਰੀ ਉਹ 'ਹਮ ਲੋਗ' ਦੇ ਸੈੱਟ ਉੱਤੇ ਆਏ ਸਨ। ਸ਼ਿਆਮਾ ਦਾ ਤੇ ਮੇਰਾ ਇਕ 'ਲਵ-ਸੀਨ' ਚਲ ਰਿਹਾ ਸੀ। ਉਹ ਨਿਝੱਕ ਹੋ ਕੇ ਮੇਰੇ ਉਪਰ ਉੱਲਰਦੀ ਆਉਂਦੀ, ਤੇ ਮੈਂ ਲੱਕੜ ਵਾਂਗ ਆਕੜਦਾ ਜਾ ਰਿਹਾ ਸਾਂ। ਮੇਰੀ ਉਸ ਨਾਕਸ ਅਦਾਕਾਰੀ ਨੂੰ ਵੇਖਣ ਪਿਛੋਂ ਬਿਮਲ ਰਾਏ ਵਰਗਾ ਡਾਇਰੈਕਟਰ ਕਦੇ ਆਪਣੀ ਫਿਲਮ ਵਿਚ ਲੈਣਾ ਚਾਹੇਗਾ - ਅਣਹੋਣੀ ਗੱਲ।
ਮੈਂ ਛੇਤੀ ਛੇਤੀ ਤਿਆਰ ਹੋ ਕੇ ਮੋਹਨ ਸਟੂਡੀਓ ਪੁਜ ਗਿਆ। ਮੂੰਹ ਉਤੇ ਹਲਕਾ ਜਿਹਾ ਪਾਊਡਰ ਲਾ ਲਿਆ ਸੀ ਤੇ ਵਲੈਤ ਦਾ ਮਿਲਿਆ ਸੂਟ ਪ੍ਰੈੱਸ ਕਰਵਾਕੇ ਪਾ ਲਿਆ ਸੀ, ਭਾਵੇਂ ਮੌਸਮ ਦੇ ਹਿਸਾਬ ਨਾਲ ਉਹ ਕਾਫੀ ਭਾਰਾ ਸੀ। ਜਦੋਂ ਮੈਂ ਕਮਰੇ ਵਿਚ ਦਾਖਲ ਹੋਇਆ, ਤਾਂ ਬਿਮਲ ਰਾਏ ਆਪਣੀ ਮੇਜ਼ ਉਤੇ ਬੈਠੇ ਕੁਝ ਲਿਖ ਰਹੇ ਸਨ। ਅੱਖਾਂ ਚੁੱਕ ਕੇ ਉਹਨਾਂ ਮੇਰੇ ਵਲ ਵੇਖਿਆ, ਤੇ ਵੇਖਦੇ ਹੀ ਚਲੇ ਗਏ। ਇੰਜ ਲੱਗਾ, ਜਿਵੇਂ ਮੈਂ ਕੋਈ ਕਸੂਰ ਕੀਤਾ ਹੋਵੇ।
ਫੇਰ, ਉਹਨਾਂ ਮੂੰਹ ਮੋੜ ਕੇ ਪਿਛੇ ਕੁਰਸੀਆਂ ਉਤੇ ਬੈਠੇ ਕੁਝ ਬੰਦਿਆਂ ਨੂੰ ਬੰਗਾਲੀ ਵਿਚ ਕਿਹਾ, "ਏਈ ਜੇ, ਕੀ ਚਮਤਕਾਰ ਮਾਨੁਸ਼! ਆਮਾਰ ਸ਼ੋਗੇ ਠਾਠਾ ਕੋ ਛੌ ਕੀ?" (ਕੀ ਅਜੀਬੋ-ਗਰੀਬ ਬੰਦਾ ਫੜ ਲਿਆਏ ਹੋ! ਮੇਰੇ ਨਾਲ ਮਜ਼ਾਕ ਕਰ ਹਰੇ ਹੋ?)
ਸ਼ਾਇਦ ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਨੂੰ ਬੰਗਾਲੀ ਆਉਂਦੀ ਸੀ। ਉਹਨਾਂ ਨੇ ਮੈਨੂੰ ਬੈਠਣ ਲਈ ਵੀ ਨਹੀਂ ਕਿਹਾ। ਸਾਫ ਸੁਣਾ ਦਿਤਾ, "ਮਿਸਟਰ ਸਾਹਣੀ, ਮੇਰੇ ਬੰਦਿਆਂ ਨੂੰ ਗਲਤੀ ਲੱਗੀ ਹੈ। ਜਿਸ ਕਿਸਮ ਦਾ ਕਿਰਦਾਰ ਮੈਂ ਫਿਲਮਾਉਣਾ ਚਾਹੁੰਦਾ ਹਾਂ, ਤੁਸੀਂ ਉਸ ਨਾਲ ਬਿਲਕੁਲ ਮੇਲ ਨਹੀਂ ਖਾਦੇ।"
ਏਨ੍ਹਾ ਰੁੱਖਾ ਸਲੂਕ! ਗੈਰਤ ਦੀ ਮੰਗ ਸੀ ਕਿ ਮੈਂ ਇਕ ਮਿੰਟ ਉੱਥੇ ਹੋਰ ਨਾ ਖਲੋਵਾਂ। ਪਰ ਮੈਂ ਉੱਥੇ ਦਾ ਉੱਥੇ ਗੱਡਿਆ ਰਿਹਾ। ਅਸਮਾਨੇ ਚੜ੍ਹੀਆਂ ਰੀਝਾਂ ਇਤਨੀ ਜਲਦੀ ਢਹਿ ਕੇ ਢੇਰੀ ਹੋ ਜਾਣਗੀਆਂ, ਇਸ ਗੱਲ ਲਈ ਮੈਂ ਤਿਆਰ ਨਹੀਂ ਸਾਂ।
"ਕੀ ਕਿਰਦਾਰ ਹੈ?! ਮੈਂ ਗਲ ਸਾਫ ਕਰਦਿਆਂ ਪੁੱਛਿਆ।
"ਇਕ ਅਨਪੜ੍ਹ ਤੇ ਕੰਗਾਲ ਪੇਂਡੂ ਦਾ।"
ਬਿਮਲ ਰਾਏ ਦੇ ਮੂੰਹ ਉਤੇ ਜੇਤੂ ਜਿਹਾ ਵਿਅੰਗ ਸੀ। ਮੇਰਾ ਫੇਰ ਦਿਲ ਕੀਤਾ ਕਿ ਉਲਟੇ ਪੈਰੀਂ ਵਾਪਸ ਚਲਾ ਜਾਵਾਂ। ਪਰ ਪੈਰਾਂ ਨੇ ਫੇਰ ਹਿੱਲਣ ਤੋਂ ਜਵਾਬ ਦੇ ਦਿਤਾ, ਜਿਵੇਂ ਕੋਈ ਅਦ੍ਰਿਸ਼ ਤਾਕਤ ਉਹਨਾਂ ਨੂੰ ਸਮਝਾ ਰਹੀ ਸੀ - ਇਹ ਮੌਕਾ ਦੁਬਾਰਾ ਨਹੀਂ ਆਉਣਾ।
ਤੇ ਉਸੇ ਅਦ੍ਰਿਸ਼ ਤਾਕਤ ਨੇ ਮੇਰੇ ਮੂੰਹੋਂ ਅਖਵਾ ਛਡਿਆ, "ਇਹੋ ਜਿਹਾ ਕਿਰਦਾਰ ਮੈਂ ਪਹਿਲਾਂ ਖੇਡ ਚੁੱਕਿਆ ਹਾਂ।"
"ਕਿੱਥੇ?"
"ਪੀਪਲਜ਼ ਥੇਟਰ ਦੀ ਫਿਲਮ 'ਧਰਤੀ ਕੇ ਲਾਲ' ਵਿੱਚ।"
ਬਿਮਲ ਰਾਏ ਦੇ ਚਿਹਰੇ ਦਾ ਹਾਵ-ਭਾਵ ਬਦਲਿਆ। ਪਿੱਛੇ ਬੈਠੇ ਬੰਦੇ ਵੀ ਕੁਝ ਸੁਖਾਲੇ ਹੁੰਦੇ ਜਾਪੇ। ਉਹਨਾਂ ਵਿਚੋਂ ਹੁਣ ਮੈਂ ਸਲੀਲ ਚੌਧਰੀ ਨੂੰ ਪਛਾਣਿਆ। ਉਹ ਆਪ ਇਪਟਾ ਦਾ ਮੈਂਬਰ ਸੀ, ਤੇ ਮੈਂ ਇਕ ਦੋ ਵਾਰੀ ਉਹਨੂੰ ਮਿਲ ਚੁੱਕਿਆ ਸਾਂ। ਕੀ ਪਤਾ ਉਹਨੇ ਹੀ ਬਿਮਲ ਰਾਏ ਅੱਗੇ ਮੇਰਾ ਨਾਂ ਤਜਵੀਜ਼ ਕੀਤਾ ਹੋਵੇ?
" 'ਧਰਤੀ ਕੇ ਲਾਲ' ਵਿਚ ਕਿਹੜਾ ਪਾਤਰ ਖੇਡਿਆ ਸੀ?"
"ਪਰਧਾਨ ਦੇ ਪੁੱਤ, ਨਿਰੰਜਨ ਦਾ। ਸ਼ੰਭੂ ਮਿਤ੍ਰਾ ਉਸ ਫਿਲਮ ਦਾ ਸਹਿਯੋਗੀ ਨਿਰਦੇਸ਼ਕ ਸੀ। ਉਹਨੇ ਮੇਰੀ ਬੜੀ ਮਦਦ ਕੀਤੀ ਸੀ।"
"ਬੋਸ਼ੋ," ਬਿਮਲ ਦਾਦਾ ਨੇ ਕੁਰਸੀ ਵਲ ਇਸ਼ਾਰਾ ਕਰਦਿਆਂ ਕਿਹਾ।
'ਧਰਤੀ ਕੇ ਲਾਲ' ਤੋਂ ਵੀ ਜ਼ਿਆਦਾ ਸ਼ੰਭੂ ਮਿਤ੍ਰਾ ਦੇ ਨਾਂ ਦਾ ਜਾਦੂ ਕੰਮ ਕਰ ਗਿਆ। ਜਿਵੇਂ ਬਿਮਲ ਦਾ ਦੀ ਨਿਰਦੇਸ਼ਕੀ ਕਾਬਲੀਅਤ ਨੂੰ ਵੰਗਾਰਿਆ ਹੋਵੇ। ਮੈਨੂੰ ਕੰਟਰੈਕਟ ਮਿਲ ਗਿਆ।
ਸਟੂਡੀਓ ਦੇ ਬਗੀਚੇ ਵਿਚ, ਇਕ ਸੀਮਿੰਟ ਦੇ ਬੰਚ ਉੇਤੇ ਬਹਿ ਕੇ ਹਰਿਸ਼ਕੇਸ਼ ਮੁਕਰਜੀ ਨੇ ਮੈਨੂੰ ਕਥਾਨਕ ਸੁਣਾਇਆ। ਸੁਣਾਉਂਦਿਆਂ ਉਹ ਆਪ ਵੀ ਰੁੰਨ, ਅਤੇ ਮੈਂ ਵੀ।
ਸ਼ਹਿਰੋਂ ਬਾਹਰ, ਜੋਗੇਸ਼ਵਰੀ ਦੇ ਇਲਾਕੇ ਵਿਚ, ਮੱਝਾਂ ਪਾਲਣ ਵਾਲੇ ਯੂ. ਪੀ. ਤੇ ਬਿਹਾਰ ਦੇ ਪਾਸੇ ਦੇ 'ਭਈਆਂ' ਦੀ ਬਹੁਤ ਵਡੀ ਵਸੋਂ ਹੈ। ਅਗਲੇ ਦਿਨ ਤੋਂ ਮੈਂ ਉਸ ਦੇ ਚੱਕਰ ਮਾਰਨ ਲਗ ਪਿਆ। ਭਈਆਂ ਕੋਲ ਬਹਿੰਦਾ, ਉਹਨਾਂ ਦੀਆਂ ਗੱਲਾਂ ਸੁਣਦਾ, ਉਹਨਾਂ ਨੂੰ ਕੰਮ ਕਰਦੇ ਵੇਖਦਾ। ਉਹ ਕਿਵੇਂ ਤੁਰਦੇ ਹਨ, ਕੀ ਪਹਿਨਦੇ ਹਨ, ਕੀ ਖਾਂਦੇ ਹਨ, ਕਿਵੇਂ ਉੱਠਦੇ ਬੈਠਦੇ ਹਨ - ਇਹ ਸਭ ਮੈਂ ਬੜੇ ਗੌਰ ਨਾਲ ਵੇਖਦਾ, ਤੇ ਜ਼ਿਹਨ ਵਿਚ ਬਿਠਾਉਂਦਾ। ਭਈਆਂ ਨੂੰ ਸਿਰ ਉੱਤੇ ਪਰਨਾ ਜਿਹਾ ਵਲ੍ਹੇਟਣ ਦਾ ਬੜਾ ਸ਼ੌਕ ਹੈ। ਮਸਾਂ ਗਜ਼ ਕੁ ਲੰਮਾ ਗਮਛਾ ਜਿਹਾ ਹੁੰਦਾ ਹੈ ਉਹ। ਪਰ ਹਰ ਕੋਈ ਆਪਣੇ ਵੱਖਰੇ ਢੰਗ ਨਾਲ ਵਲ੍ਹੇਟਦਾ ਹੈ, ਤੇ ਹਰ ਢੰਗ ਫੱਬਵਾਂ। ਮੈਂ ਵੀ ਇਕ ਪਰਨਾ ਖਰੀਦ ਲਿਆ। ਘਰ ਮੈਂ ਉਹਨੂੰ ਸਿਰ ਉਤੇ ਵਲ੍ਹੇਟਣ ਦਾ ਅਭਿਆਸ ਕਰਦਾ, ਪਰ ਉਹ ਖੂਬਸੂਰਤੀ ਪੈਦਾ ਨਾ ਹੁੰਦੀ। ਇਹ ਉਸੇ ਪ੍ਰਕਾਰ ਦਾ ਮੋਜਜ਼ਾ ਸੀ, ਜਿਵੇਂ ਮਜ਼ਦੂਰਨਾਂ ਦੀ ਰੰਗ-ਚੋਣ ਸ਼ਹਿਰਨਾਂ ਤੋਂ ਹਮੇਸ਼ਾਂ ਉਚੇਰੇ ਦਰਜੇ ਦੀ ਹੁੰਦੀ ਹੈ। ਮੈਂ ਇਸ ਮੋਜਜ਼ੇ ਨੂੰ ਕਾਬੂ ਕਰਨ ਦੀ ਬੜੀ ਕੋਸ਼ਿਸ਼ ਕੀਤੀ। 'ਦੋ ਬਿਘਾ ਜ਼ਮੀਨ' ਵਿਚ ਮੇਰੀ ਕਾਮਯਾਬੀ ਦਾ ਬਹੁਤਾ ਰਾਜ਼ ਉਸੇ ਅਧਿਐਨ ਵਿਚ ਸੀ।
ਸ਼ੂਟਿੰਗ ਦਾ ਦਿਨ ਆ ਪੁੱਜਾ। ਏਸ ਵਾਰੀ ਮੈਂ ਡਰ ਨਾਲ ਨਹੀਂ ਸਗੋਂ ਸ਼ੌਕ ਨਾਲ ਸਟੂਡੀਓ ਜਾ ਰਿਹਾ ਸਾਂ। ਮੈਨੂੰ ਆਪਣੀ ਰੀਝ ਅਨੁਕੂਲ ਕੰਮ ਮਿਲ ਰਿਹਾ ਸੀ। ਮੈਂ ਬਿਮਲ ਨੂੰ ਦਰਖਾਸਤ ਕੀਤੀ ਕਿ ਮੇਕ-ਅਪ ਤੇ ਵੇਸ-ਭੇਸ ਮੈਨੂੰ ਆਪਣਾ ਖੁਦ ਕਰਨ ਦੀ ਇਜਾਜ਼ਤ ਦੇਣ। ਉਹਨਾਂ ਮਨਜ਼ੂਰ ਕੀਤਾ। ਤੇ ਜਦੋਂ ਮੈਂ ਸ਼ੰਭੂ ਮਹਿਤੋ ਬਣ ਕੇ ਉਹਨਾਂ ਦੇ ਸਾਹਮਣੇ ਹਾਜ਼ਰ ਹੋਇਆ, ਤਾਂ ਤੋਰ ਵੀ ਢੂ ਬਾਹਰ ਕਢ ਕੇ ਪੂਰਬੀਆਂ ਵਾਲੀ ਬਣਾਈ ਹੋਈ ਸੀ। ਮੇਰੇ ਵਿਚ ਉਸ ਸੂਟਿਡ-ਬੂਟਿਡ ਬੰਦੇ ਵਾਲੀ ਕੋਈ ਗੱਲ ਬਾਕੀ ਨਹੀਂ ਸੀ, ਜਿਸ ਨੂੰ ਉਹਨਾਂ ਪਹਿਲੇ ਦਿਨ ਵੇਖਿਆ ਸੀ। ਉਹ ਬੜੇ ਖੁਸ਼ ਹੋਏ। ਪਰ ਖੁਸ਼ੀ ਦਾ ਇਜ਼ਹਾਰ ਉਹ ਸ਼ਬਦਾਂ ਰਾਹੀਂ ਕਦੇ ਨਹੀਂ ਸਨ ਕਰਦੇ। ਉਹਨਾਂ ਦਾ ਗੋਰਾ, ਗੋਲ-ਮੋਲ ਚਿਹਰਾ ਰਤਾ ਸੁਰਖ ਹੋ ਜਾਂਦਾ ਸੀ। ਬਸ।
ਬਿਮਲ ਰਾਏ ਦਾ ਨਿਰਦੇਸ਼ਨ ਕਮਾਲ ਦਰਜੇ ਦਾ ਬਰੀਕ ਤੇ ਕਲਾਮਈ ਸੀ, ਭਾਵੇਂ ਉਸ ਵਿਚ ਪ੍ਰਮਥੇਸ਼ ਬਰੂਆ ਵਾਲੀ ਸ਼ਿੱਦਤ ਨਹੀਂ ਸੀ। ਪਹਿਲਾ ਸ਼ਾਟ ਸੀ, ਮੈਂ ਜ਼ਿਮੀਂਦਾਰ ਦੇ ਦੀਵਾਨਖਾਨੇ ਵਿਚ ਪੇਸ਼ ਹੁੰਦਾ ਹਾਂ। ਰੀਹਰਸਲ ਵੇਲੇ ਬਿਮਲ ਰਾਏ ਨੇ ਮੈਨੂੰ ਹਿਦਾਇਤ ਕੀਤੀ ਕਿ ਪਾਇਦਾਨ ਉਤੇ ਪੈਰ ਪੂੰਝ ਕੇ ਅੰਦਰ ਜਾਵਾਂ। ਏਸ ਯਥਾਰਥਵਾਦੀ ਛੋਹ ਨੇ ਮੇਰੀ ਕਲਪਨਾ ਅੰਦਰ ਖੋਰੇ ਹੋਰ ਕਿਤਨਾ ਕੁਝ ਜਾਗ੍ਰਿਤ ਕਰ ਦਿਤਾ। ਮੈਂ ਪੈਰ ਹੀ ਨਾ ਪੂੰਝਦਾ, ਹੋਰ ਵੀ ਅਜਿਹੀਆਂ ਹਰਕਤਾਂ ਕਰਦਾ, ਜਿਵੇਂ ਡਰ ਦਾ ਮਾਰਿਆ ਕਿਸਾਨ ਜ਼ਿਮੀਂਦਾਰ ਅਗੇ ਪੇਸ਼ ਹੋਣ ਦੀ ਘੜੀ ਨੂੰ ਟਾਲ ਰਿਹਾ ਹੋਵੇ। ਤੇ ਮੈਂ ਵੇਖਦਾ ਕਿ ਬਿਮਲ ਰਾਏ ਇਸ ਗੱਲ ਨੂੰ ਸਮਝ ਰਹੇ ਹਨ। ਸਾਡੇ ਦਰਮਿਆਨ ਇਕ ਅਣਕਿਹਾ ਪਛਾਣ ਦਾ ਰਿਸ਼ਤਾ ਪੈਦਾ ਹੋ ਰਿਹਾ ਸੀ।
ਜ਼ਿਮੀਂਦਾਰ ਦਾ ਰੋਲ ਮੁਰਾਦ ਕਰ ਰਿਹਾ ਸੀ। ਉਸ ਸੀਨ ਵਿਚ ਕਈ 'ਸ਼ਾਟਾਂ' ਦੇ ਦੌਰਾਨ ਵਿਚ, ਖਾਸ ਕਰ ਜਦੋਂ ਕੈਮਰਾ ਐਨ ਮੂੰਹ ਦੇ ਨੇੜੇ ਆ ਜਾਂਦਾ, ਮੈਨੂੰ ਫੇਰ ਖਾਮੀਆਂ ਦਾ ਅਹਿਸਾਸ ਹੋਇਆ। ਮੈਂ ਚਿਹਰਾ ਬੱਝਿਆ ਮਹਿਸੂਸ ਕਰਦਾ। ਉਹ ਕੁਝ ਪਰਗਟ ਨਾ ਕਰ ਸਕਦਾ, ਜੋ ਮੈਂ ਦਿਲ ਵਿਚ ਮਹਿਸੂਸ ਕਰਦਾ। ਪਰ ਮਾਹੌਲ ਸ਼ਾਂਤ, ਤੇ ਸੁਹਜ ਭਰਪੂਰ ਸੀ, ਜਿਵੇਂ ਮੈਨੂੰ ਪਲੋਸ ਰਿਹਾ ਹੋਵੇ। ਤਦ ਤੀਕਰ ਮੈਂ ਸ਼ੂਟਿੰਗ ਵੇਲੇ ਗੁਲ-ਗਪਾੜਾ ਹੀ ਵੇਖਿਆ ਸੀ, ਤੇ ਉਹ ਮੇਰੀ ਮੱਤ ਮਾਰ ਛੱਡਦਾ ਸੀ। ਸੀਨ ਦੇ ਅੰਤਲੇ ਸ਼ਾਟ ਵਿਚ ਮੈਂ ਜ਼ਿਮੀਂਦਾਰ ਦੇ ਪੈਰ ਪਕੜ ਕੇ ਗਿੜ-ਗਿੜਾਉਂਦਾ ਹਾਂ ਕਿ ਉਹ ਮੇਰੀ ਜ਼ਮੀਨ ਨਾ ਖੋਹਵੇ। "ਟੇਕ" ਤੋਂ ਪਹਿਲਾਂ ਬਿਮਲ ਨੇ ਮੁਰਾਦ ਨੂੰ ਕੰਨ ਵਿਚ ਆਖ ਦਿਤਾ ਕਿ ਉਹ ਜ਼ੋਰ ਦੀ ਪੈਰ ਝਟਕ ਕੇ ਮੈਥੋਂ ਛੁੜਾ ਲਏ ਤੇ "ਸ਼ਾਟ" ਵਿਚੋਂ ਬਾਹਰ ਨਿਕਲ ਜਾਏ। ਮੈਨੂੰ ਕੋਈ ਅਨੁਮਾਨ ਨਹੀਂ ਸੀ ਕਿ ਉਹ ਇੰਜ ਕਰੇਗਾ। ਜਦੋਂ "ਟੇਕ" ਵਿਚ ਉਹਦਾ ਪੈਰ ਮੇਰੇ ਮੂੰਹ ਉਤੇ ਆ ਕੇ ਵੱਜਾ, ਤਾਂ ਗੁੱਸੇ ਤੇ ਅਪਮਾਨ ਨਾਲ ਮੇਰੀਆਂ ਭੁੱਬਾਂ ਨਿਕਲ ਗਈਆਂ। "ਕਟ" ਹੋਣ ਤੋਂ ਕਿੰਨਾ ਚਿਰ ਪਿਛੋਂ ਵੀ ਮੈਂ ਕਾਲੀਨ ਉਤੇ ਉਵੇਂ ਹੀ ਪਿਆ ਸਿਸਕਦਾ ਰਿਹਾ। ਬਹੁਤ ਵਧੀਆ ਸ਼ਾਟ ਹੋਇਆ। ਮੁਰਾਦ ਨੇ ਜੱਫੀ ਪਾ ਕੇ ਮੈਥੋਂ ਮਾਫੀ ਮੰਗੀ, ਤੇ ਅਸਲ ਗੱਲ ਦੱਸੀ। ਮੈਂ ਬਿਮਲ ਰਾਏ ਦਾ ਹੋਰ ਵੀ ਕਾਇਲ ਹੋ ਗਿਆ।
ਉਸ ਪਹਿਲੇ ਦਿਨ ਮੇਕ-ਅਪ-ਮੈਨ, ਜਗਤ ਬਾਬੂ ਦੇ ਮੂੰਹੋਂ ਮਲੂਮ ਹੋਇਆ ਕਿ ਮੇਰੇ ਰੋਲ ਲਈ ਅਸ਼ੋਕ ਕੁਮਾਰ, ਜੈ ਰਾਜ, ਭਾਰਤ ਭੁਸ਼ਣ ਤੇ ਕਿਤਨੇ ਹੀ ਹੋਰ ਉੱਘੇ ਫਿਲਮੀ ਸਿਤਾਰੇ ਤਰਲੋ-ਮੱਛੀ ਹੁੰਦੇ ਰਹੇ ਸਨ। ਤੇ ਇਹ ਵੀ ਪਤਾ ਲੱਗਾ ਕਿ ਕੰਟਰੈਕਟ ਹੋਣ ਉਪਰੰਤ ਵੀ ਮੈਨੂੰ ਹਟਾਇਆ ਜਾ ਸਕਦਾ ਸੀ। ਉਸ ਦਿਨ ਦੀ ਸ਼ੂਟਿੰਗ ਇਕ ਤਰ੍ਹਾਂ ਨਾਲ ਮੇਰਾ ਇਮਤਿਹਾਨ ਸੀ। ਮੈਨੂੰ ਵਿਸ਼ਵਾਸ ਸੀ ਕਿ ਮੈਂ ਇਮਤਿਹਾਨ ਪਾਸ ਕਰ ਲਿਆ ਸੀ।
ਉਸੇ ਦਿਨ ਨਿਰੂਪਾ ਰਾਏ ਵੀ ਸੈੱਟ ਉਤੇ ਆਈ, ਤੇ ਸਾਡੀ ਪਹਿਲੀ ਮੁਲਾਕਾਤ ਹੋਈ। ਮੈਂ ਉਹਨੂੰ ਕੋਈ ਵੱਡੀ ਫਿਲਮੀ ਅਭਿਨੇਤਰੀ ਸਮਝ ਰਿਹਾ ਸਾਂ। ਅਸਲ ਵਿਚ, ਉਹ ਫਿਲਮਾਂ ਵਿਚ ਨਵੀਂ-ਨਵੀਂ ਆਈ ਸੀ। ਜਦੋਂ ਉਸ ਨੇ ਕਿਹਾ, "ਆਪ ਕੇ ਸਾਥ ਕਾਮ ਕਰਨੇ ਕੀ ਮੁਝੇ ਬੜੀ ਖੁਸ਼ੀ ਹੈ," ਤਾਂ ਮੈਂ ਸਮਝਿਆ ਕਿ ਉਹ ਮੇਰਾ ਮਖੌਲ ਉਡਾ ਰਹੀ ਹੈ।

ਬਹੁਤ ਥੋੜੇ ਲੋਕ ਜਾਣਦੇ ਹਨ ਕਿ ਨਿਰੂਪਾ ਦੀ ਚੋਣ ਵੀ ਬੜੀ ਉਚੇਚ ਤੇ ਸਿਆਣਪ ਨਾਲ ਕੀਤੀ ਗਈ ਸੀ। ਨਿਰੂਪਾ ਅਸਲੋਂ ਕਿਰਸਾਨੀ ਘਰ ਦੀ ਕੁੜੀ ਸੀ। ਜੋ ਕੁਝ ਉਹਨੇ ਫਿਲਮ ਵਿਚ ਕਰਕੇ ਵਿਖਾਉਣਾ ਸੀ, ਦੋ ਸਾਲ ਪਹਿਲਾਂ ਤੀਕਰ ਉਸ ਦੇ ਨਿੱਤ ਦੇ ਕੰਮ ਸਨ। ਮੈਂ ਅਧਿਐਨ ਕਰਕੇ ਕਿਸਾਨ ਬਣ ਰਿਹਾ ਸਾਂ, ਉਹ ਪਹਿਲਾਂ ਤੋਂ ਕਿਸਾਨ ਸੀ। ਫਿਲਮ ਵਿਚ ਅਸਲੀਅਤ ਦਾ ਰੰਗ ਬਹੁਤ ਸਾਰਾ ਨਿਰੂਪਾ ਦੀ ਵਜ੍ਹਾ ਨਾਲ ਆਇਆ ਸੀ। ਲੋਕਾਂ ਨੇ ਇਸ ਗੱਲ ਨੂੰ ਮਹਿਸੂਸ ਜ਼ਰੂਰ ਕੀਤਾ, ਪਰ ਇਸ ਦਾ ਵਿਸ਼ਲੇਸ਼ਣ ਨਹੀਂ ਕੀਤਾ। ਪਤੀ-ਪਤਨੀ ਦੇ ਰੂਪ ਵਿਚ ਸਾਡੀ ਜੋੜੀ ਇਤਨੀ ਢੁਕਵੀਂ ਸਾਬਤ ਹੋਈ ਕਿ ਅਜ ਤੀਕਰ ਫਿਲਮਾਂ ਵਿਚ ਸਲਾਮਤ ਚਲੀ ਆਉਂਦੀ ਹੈ।
ਦੋ-ਤਿੰਨ ਮਹੀਨੇ "ਦੋ ਬਿਘਾ ਜ਼ਮੀਨ" ਦੀ ਸ਼ੂਟਿੰਗ ਦਾ ਕੰਮ ਬੜੀ ਚੰਗੀ ਤਰ੍ਹਾਂ ਚਲਦਾ ਰਿਹਾ। ਕਿਰਸਾਨੀ ਦਿੱਖ ਤੇ ਚਾਲ-ਢਾਲ ਤਾਂ ਮੈਂ ਹਾਸਲ ਕਰ ਲਈ ਸੀ, ਪਰ ਉਸੇ ਢੰਗ ਦੀ ਬੋਲ-ਚਾਲ ਮੈਂ ਕਿਥੋਂ ਲਿਆਉਂਦਾ? ਇਤਨਾ ਤਾਂ ਮੈਂ ਜਾਣ ਗਿਆ ਸਾਂ ਕਿ ਡਾਇਲਾਗ ਇਕਦਮ ਕੁਦਰਤੀ ਹੋਣੇ ਚਾਹੀਦੇ ਹਨ। ਫਿਲਹਾਲ ਇਤਨਾ ਹੀ ਕਰ ਸਕਣਾ ਮੇਰੇ ਲਈ ਬਹੁਤ ਸੀ। ਜਿਥੇ ਤਕਲੀਫ ਪੇਸ਼ ਆਉਂਦੀ, ਮੈਂ ਦਲੀਪ ਕੁਮਾਰ ਦੀ ਨਕਲ ਕਰ ਲੈਂਦਾ। ਫਿਲਮ ਦੇ ਡਾਇਲਾਗ-ਨਿਰਦੇਸ਼ਕ, ਪਾਲ ਮਹਿੰਦਰਾ ਮੇਰੇ ਉਪਰ ਨਾਖੁਸ਼ ਸਨ। ਉਹਨਾਂ ਦੀ ਆਪਣੀ ਅਦਾਕਾਰੀ ਉਪਰ "ਨਿਊ ਥੀਏਟਰਜ਼" ਦੀ ਸ਼ੈਲੀ ਦਾ ਬੜਾ ਅਸਰ ਰਿਹਾ ਹੈ। ਮੇਰੇ ਖਿਆਲ ਵਿਚ ਉਹ ਸ਼ੈਲੀ ਪੁਰਾਣੀ ਹੋ ਚੁੱਕੀ ਸੀ। ਪੂਰੀ ਕੁਦਰਤੀ ਉਹ ਕਦੇ ਵੀ ਨਹੀਂ ਸੀ, ਕੁਦਰਤੀਪਨ ਦਾ ਦਿਖਾਵਾ ਜ਼ਰੂਰ ਸੀ। ਉਹ ਮੈਨੂੰ ਅਲੱਗ ਬਿਠਾ ਕੇ ਟੋਕਦੇ। ਮੇਰੇ ਕਾਰਨ ਫਿਲਮ ਫੇਲ੍ਹ ਹੋ ਜਾਣ ਦਾ ਖਤਰਾ ਉਹਨਾਂ ਨੂੰ ਡਰਾ ਰਿਹਾ ਸੀ। ਮੈਂ ਆਪਣੀ ਲਿਵ ਪੂਰੀ ਤਰ੍ਹਾਂ ਬਿਮਲ ਰਾਏ ਨਾਲ ਲਾਈ ਹੋਈ ਸੀ, ਤੇ ਉਹ ਮੈਨੂੰ ਪੂਰੀ ਤਰ੍ਹਾਂ ਸੰਤੁਸ਼ਟ ਜਾਪਦੇ ਸਨ। ਮੇਰਾ ਦਿਲ ਵੀ ਗਵਾਹੀ ਦੇ ਰਿਹਾ ਸੀ ਕਿ ਮੈਂ ਠੀਕ ਰਾਹ ਤੇ ਤੁਰ ਰਿਹਾ ਸਾਂ।
ਕਲਕੱਤੇ ਦੀ ਆਊਟ-ਡੋਰ ਸ਼ੂਟਿੰਗ ਦਾ ਵਕਤ ਆ ਗਿਆ, ਜਿਥੇ ਮੈਂ ਰਿਕਸ਼ਾ ਚਲਾਉਣ ਦੇ ਸੀਨ ਕਰਨੇ ਸਨ। ਮੈਂ ਤੇ ਮੇਰੀ ਪਤਨੀ ਬਾਕੀ ਯੁਨਿਟ ਤੋਂ ਤਿੰਨ ਚਾਰ ਦਿਨ ਪਹਿਲਾਂ ਹੀ ਗੱਡੀ ਉੱਤੇ ਸਵਾਰ ਹੋ ਗਏ - ਤੀਜੇ ਦਰਜੇ ਦੇ ਡੱਬੇ ਵਿਚ। ਮੈਂ ਆਪਣੇ ਕਿਰਦਾਰ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਨਾ ਚਾਹੁੰਦਾ ਸਾਂ। ਰਾਹ ਵਿਚ ਕਿਸਾਨਾਂ ਨੂੰ ਗੱਡੀ ਚੜ੍ਹਦਿਆਂ, ਬਹਿੰਦਿਆਂ, ਲੇਟਦਿਆਂ, ਆਪਣੀ ਅੱਖੀਂ ਵੇਖਣਾ ਚਾਹੁੰਦਾ ਸਾਂ। ਇਹੋ ਜਿਹਾ ਇਕ ਸੀਨ ਮਗਰੋਂ ਬਿਮਲ ਰਾਏ ਨੇ ਫਿਲਮ ਵਿਚ ਪਾਉਣਾ ਸੀ। ਕਲਕੱਤੇ ਮੈਂ ਰਿਕਸ਼ਾ ਵਾਲਿਆਂ ਦੀ ਯੂਨੀਅਨ ਦੇ ਦਫਤਰ ਚਲਾ ਗਿਆ। ਉਥੋਂ ਦੇ ਇਕ ਸਾਥੀ ਨੇ ਇਕ ਦਿਨ ਦੇ ਅੰਦਰ ਮੈਨੂੰ ਰਿਕਸ਼ਾ ਚਲਾਣ ਦੇ ਸਾਰੇ ਗੁਰ ਸਿਖਾ ਦਿਤੇ। ਹੱਥ ਨਾਲ ਰਿਕਸ਼ਾ ਖਿੱਚਣਾ ਸਾਈਕਲ ਰਿਕਸ਼ਾ ਚਲਾਉਣ ਨਾਲੋਂ ਅਸਾਨ ਹੈ, ਪਰ ਮਿਹਨਤ ਹੱਡ-ਭੰਨਵੀਂ ਮੰਗਦਾ ਹੈ। ਕਲਕਤੇ ਦੀ ਤੇਜ਼ ਤੇ ਸੰਘਣੀ ਆਵਾਜਾਈ ਤੋਂ ਬੜਾ ਸੰਭਲ ਕੇ ਰਹਿਣਾ ਪੈਂਦਾ ਹੈ। ਸ਼ੂਟਿੰਗ ਸ਼ਰੂ ਹੋਣ ਤੋਂ ਪਹਿਲੀ ਸ਼ਾਮ ਮੈਂ ਤੇ ਮੇਰੀ ਪਤਨੀ ਸ਼ਿਸ਼ਿਰ ਭਾਦੁੜੀ ਦਾ ਡਰਾਮਾ, 'ਚੰਦਰ ਗੁਪਤ' ਵੇਖਣ ਚਲੇ ਗਏ। ਸਵਰਗੀ ਸ੍ਰੀ ਸ਼ਿਸ਼ਿਰ ਭਾਦੁੜੀ ਨਾਟਕ ਦੀ ਦੁਨੀਆਂ ਵਿਚ ਉਹੀ ਦਰਜਾ ਰਖਦੇ ਹਨ, ਜੋ ਸਾਹਿਤ ਵਿਚ ਰਵੀਂਦਰ ਨਾਥ ਟੈਗੋਰ ਨੂੰ ਪ੍ਰਾਪਤ ਹੈ। ਉਹਨਾਂ ਦੇ ਅਭਿਨੇ ਨੂੰ ਯੋਰਪ ਤੇ ਅਮਰੀਕਾ ਵਿਚ ਵੀ ਸਨਮਾਨਿਆ ਜਾ ਚੁੱਕਾ ਸੀ।
ਉਹਨਾਂ ਦੇ ਸ਼ਿਖਰੀ, ਉਛਲਦੇ ਚਸ਼ਮਿਆਂ ਵਾਂਗ ਸਹਿਜ, ਸੁਛੰਦ, ਬੇ-ਅਬ, ਤੇ ਬੇ-ਕੋਸ਼ਿਸ਼ ਅਭਿਨੇ ਨੂੰ ਵੇਖ ਕੇ ਮੇਰਾ ਮਿਹਨਤਾਂ ਨਾਲ ਜੋੜਿਆ ਆਤਮ-ਵਿਸ਼ਵਸ ਫੇਰ ਟੁੱਟ ਗਿਆ। ਰਾਤ ਭਰ ਘਬਰਾਹਟ ਕਾਰਨ ਮੈਂ ਸੌਂ ਨਾ ਸਕਿਆ। ਮੈਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਅਭਿਨੇ-ਕਲਾ ਦੇ ਮੈਂ ਨਿਰਾ-ਪੁਰਾ ਅਯੋਗ ਹਾਂ। ਬੜਾ ਆਪਣੇ ਆਪ ਨੂੰ ਸਮਝਾਇਆ, ਪਰ ਬੇਸੂਦ। ਅਗਲੇ ਦਿਨ ਵਿਕਟੋਰੀਆਂ ਮੈਮੋਰੀਅਲ ਦੇ ਲਾਗੇ-ਸ਼ਾਗੇ ਸ਼ੂਟਿੰਗ ਸ਼ੁਰੂ ਹੋਈ। ਵੇਖਦਿਆਂ ਵੇਖਦਿਆਂ ਮੇਰਾ ਹਾਲ ਫੇਰ 'ਹਮ ਲੋਗ' ਦੇ ਪਹਿਲੇ ਦਿਨ ਦੀ ਸ਼ੂਟਿੰਗ ਵਾਲਾ ਹੋ ਗਿਆ। ਡਾਇਲਾਗ ਭੁੱਲ ਜਾਂਦੇ। ਜੋ ਕੁਝ ਵੀ ਮੈਂ ਕਰਦਾ, ਮੈਨੂੰ ਗਲਤ ਭਾਸਦਾ। ਦਲੀਪ ਕੁਮਾਰ ਦਾ ਸਹਾਰਾ ਲੋਚਿਆ। ਉਸ ਦੀ ਥਾਂ ਸ਼ਿਸ਼ਿਰ ਭਾਦੁੜੀ ਸਾਹਵੇਂ ਆ ਖਲੋਤਾ। ਜੀਅ ਕਰੇ ਉਹਦੇ ਵਾਂਗ ਬੋਲਣ ਨੂੰ, ਉਹਦੇ ਵਾਂਗ ਹੱਥ ਮਲਣ ਨੂੰ। ਦੋ ਮੁਲਾਣਿਆਂ ਵਿਚ ਮੁਰਗੀ ਹਰਾਮ।
ਬਿਮਲ ਰਾਏ ਹੈਰਾਨ ਸਨ। "ਕੀ ਗੱਲ ਹੈ, ਤਬੀਅਤ ਠੀਕ ਨਹੀਂ?" ਉਹਨਾਂ ਪੁਛਿਆ।
"ਹਾਂ, ਮੈਂ ਰਾਤੀਂ ਠੀਕ ਸੁੱਤਾ ਨਹੀਂ।"
ਸ਼ਾਇਦ ਉਹ ਅਸਲੀਅਤ ਭਾਂਪ ਗਏ ਸਨ। ਮੈਨੂੰ ਉੱਥੇ ਹੀ ਛੱਡ ਕੇ ਉਹ ਚੌਰੰਗੀ ਵਿਚ ਆਵਾਜਾਈ ਦੇ ਸ਼ਾਟ ਲੈਣ ਚਲੇ ਗਏ। ਮੇਰਾ ਸਿਰ ਚਕਰਾ ਰਿਹਾ ਸੀ। ਮੈਂ ਆਪਣੀ ਰਿਕਸ਼ਾ ਵਿਚ ਹੀ ਢੇਰੀ ਢਾਹ ਕੇ ਬਹਿ ਗਿਆ। ਏਨੇ ਵਿਚ ਇਕ ਅਧਖੜ ਜਿਹਾ ਰਿਕਸ਼ਾ ਵਾਲਾ, ਜੋ ਦੂਰੋਂ ਸਾਡਾ ਤਮਾਸ਼ਾ ਵੇਖ ਰਿਹਾ ਸੀ, ਮੇਰੇ ਕੋਲ ਚਲਾ ਆਇਆ। ਉਹਦਾ ਹੁਲੀਆ ਬਹੁਤ ਸਾਰਾ ਜੋਗੇਸ਼ਵਰੀ ਦੇ ਭਈਆਂ ਨਾਲ ਮਿਲਦਾ ਸੀ, ਪਰ ਸਿਹਤ ਵਲੋਂ ਬਹੁਤ ਮਾੜਾ ਸੀ। ਉਸ ਦੇ ਪੀਲੇ-ਪੀਲੇ ਕਮਜ਼ੋਰ ਦੰਦ ਬਾਹਰ ਨਿਕਲੇ ਹੋਏ ਸਨ, ਮੂੰਹ ਝੁਰੜਾਇਆ ਹੋਇਆ, ਤੇ ਕਈ ਦਿਨਾਂ ਦੀ ਦਾੜ੍ਹੀ ਅੱਧੀ ਸਫੈਦ ਦਿਸ ਰਹੀ ਸੀ।
"ਇਧਰ ਕਿਆ ਹੋਤਾ ਹੈ, ਬਾਬੂ?" ਉਹਨੇ ਪੁਛਿਆ।
"ਫਿਲਮ ਉਤਾਰ ਰਹੇ ਹੈਂ" ਮੈਂ ਜਵਾਬ ਦਿਤਾ।
"ਤੁਮ ਫਿਲਮ ਮੇਂ ਪਾਰਟ ਕਰਤੇ ਹੋ?"
"ਹਾ।"
"ਕਿਆ ਪਾਰਟ ਕਰਤੇ ਹੋ?"
ਮੈਨੂੰ ਮਨ ਹੋਰ ਪਾਸੇ ਲਾਉਣ ਦਾ ਬਹਾਨਾ ਲੱਭ ਗਿਆ। ਮੈਂ ਉਹਨੂੰ ਫਿਲਮ ਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ, ਜਿਵੇਂ ਕਦੇ ਹਰਿਸ਼ਕੇਸ਼ ਮੁਕਰਜੀ ਨੇ ਮੈਨੂੰ ਸੁਣਾਈ ਸੀ। ਪ੍ਰਤੀਕਰਮ ਉਸ ਉੱਪਰ ਵੀ ਉਹੋ ਜਿਹਾ ਹੀ ਹੋਇਆ। ਉਸ ਦੀਆਂ ਅੱਖਾਂ ਵਿਚੋਂ ਟੱਪ ਟੱਪ ਹੰਝੂ ਵਹਿਣ ਲਗ ਪਏ। ਫਰਕ ਸਿਰਫ ਇਤਨਾ ਕਿ ਉਹ ਉਸ ਦੇ ਆਪਣੇ ਜੀਵਨ ਦੀ ਕਹਾਣੀ ਸੀ। ਉਹਨੇ ਮੈਨੂੰ ਦੱਸਿਆ ਕਿ ਬਿਹਾਰ ਦੇ ਕਿਸੇ ਪਿੰਡ ਵਿਚ ਉਸ ਦੀ ਵੀ ਦੋ ਬਿਘੇ ਹੀ ਜ਼ਮੀਨ ਸੀ। ਪੰਦਰਾਂ ਵਰ੍ਹਿਆਂ ਤੋਂ ਜ਼ਿਮੀਂਦਾਰ ਕੋਲ ਗਹਿਣੇ ਪਈ ਸੀ। ਪੰਦਰਾਂ ਵਰ੍ਹਿਆਂ ਤੋਂ ਉਹ ਛੁਡਾਉਣ ਲਈ ਕਲਕੱਤੇ ਵਿਚ ਰਿਕਸ਼ਾ ਧੂਹ ਰਿਹਾ ਸੀ। ਤੇ ਹੁਣ ਉਹਨੂੰ ਕੋਈ ਉਮੈਦ ਬਾਕੀ ਨਹੀਂ ਸੀ ਰਹਿ ਗਈ। ਮੇਰੇ ਕੋਲ ਖਲੋ ਕੇ ਕੁਝ ਚਿਰ ਉਹ ਠੰਢੇ ਸਾਹ ਭਰਦਾ ਰਿਹਾ, ਤੇ ਫੇਰ "ਯਿਹ ਤੋ ਮੇਰੀ ਕਹਾਨੀ ਹੈ ਬਾਬੂ, ਯਿਹ ਤੋ ਮੇਰੀ ਕਹਾਨੀ ਹੈ," ਕਹਿੰਦਾ ਆਪਣੀ ਰਾਹੇ ਪੈ ਗਿਆ।
ਮੇਰੇ ਅੰਦਰੋਂ ਇਕ ਨਵੀਂ ਆਵਾਜ਼ ਉਠ ਪਈ। ਅਭਿਨੇ-ਕਲਾ ਦੀ ਐਸੀ ਦੀ ਤੈਸੀ! ਸ਼ਿਸ਼ਿਰ ਭਾਦੁੜੀ ਦੀ ਐਸੀ ਦੀ ਤੈਸੀ! ਦਲੀਪ ਕੁਮਾਰ ਦੀ ਐਸੀ ਤੈਸੀ! ਮੇਰੇ ਜਿਹਾ ਵਡਭਾਗੀ ਕੋਣ, ਜਿਹਨੂੰ ਰੱਬ ਨੇ ਮੌਕਾ ਬਖਸ਼ਿਆ ਸੀ ਇਕ ਦੁਖੀ ਲਾਚਾਰ ਇਨਸਾਨ ਦੀ ਬਿਪਤਾ ਦੁਨੀਆਂ ਨੂੰ ਸੁਨਾਉਣ ਦਾ ! ਇਹ ਪਵਿਤ੍ਰ ਫਰਜ਼ ਮੇਰੇ ਮੋਢਿਆਂ ਉੱਤੇ ਆ ਕੇ ਪਿਆ ਸੀ, ਭਾਵੇਂ ਮੈਂ ਇਸ ਦਾ ਹੱਕਦਾਰ ਹੈ ਸਾਂ ਕਿ ਨਹੀਂ। ਇਹ ਮੈਂ ਹੀ ਨਿਭਾਉਣਾ ਸੀ, ਤੇ ਇਸ ਲਈ ਆਪਣਾ ਪੂਰਾ ਤਾਣ ਲਾਉਣਾ ਸੀ। ਮੈਂ ਕਿਸੇ ਪ੍ਰਕਾਰ ਦੇ ਵਿਸਵਿਆਂ ਦੁਚਿੱਤੀਆਂ ਵਿਚ ਨਹੀਂ ਸੀ ਪੈਣਾ। ਇਹ ਕਰਤੱਵ-ਘਾਤ, ਕਾਇਰਤਾ, ਪਾਪ ਸੀ।
ਉਸ ਅਧਖੜ ਰਿਕਸ਼ਾ ਵਾਲੇ ਦੀ ਆਤਮਾ ਮੈਂ ਆਪਣੇ ਅੰਦਰ ਸਮੇਟ ਲਈ, ਤੇ ਅਦਾਕਾਰੀ, ਕੈਮਰਾ ਆਦਿ ਬਾਰੇ ਸੋਚਣਾ ਉੱਕਾ ਹੀ ਛੱਡ ਦਿੱਤਾ। ਤੇ ਇਹੋ ਮੈਂ ਸਮਝਦਾ ਹਾਂ, ਮੇਰੇ ਉਸ ਰੋਲ ਦੀ ਅਣਕਿਆਸੀ ਕਾਮਯਾਬੀ ਦਾ ਅਸਲੀ ਰਾਜ਼ ਸੀ। ਅਚਿੰਤੇ ਹੀ, ਕਿਸੇ ਕਿਤਾਬ ਵਿਚੋਂ ਨਹੀਂ ਸਗੋਂ ਜੀਵਨ ਵਿਚੋਂ ਅਭਿਨੇ-ਕਲਾ ਦਾ ਇਕ ਬੁਨਿਆਦੀ ਅਸੂਲ ਮੇਰੇ ਹੱਥ ਆ ਗਿਆ ਸੀ - ਜਿਸ ਕਿਰਦਾਰ ਨੂੰ ਤੁਸਾਂ ਖੇਡਣਾ ਹੈ, ਜਿਤਨੇ ਉਸ ਨਾਲ ਅਭਿੰਨ ਹੋ ਜਾਉਗੇ, ਉਤਨੇ ਹੀ ਤੁਸੀਂ ਕਾਮਯਾਬ ਹੋ। ਅਰਜਨ ਨੇ ਤੀਰ ਮਾਰਨ ਵੇਲੇ ਸਿਰਫ ਮੱਛੀ ਦੀ ਅੱਖ ਨੂੰ ਵੇਖਿਆ ਸੀ, ਜੋ ਉਹਨੇ ਵਿੰਨ੍ਹਣੀ ਸੀ। ਬਸ, ਅਭਿਨੇਤਾ ਲਈ ਇਹੀ ਉਹ ਮੱਛੀ ਦੀ ਅੱਖ ਹੈ।
'ਅੰਮ੍ਰਿਤ ਬਾਜ਼ਾਰ ਪਤ੍ਰਕਾ' ਦੇ ਸਮਾਲੋਚਕ ਨੇ ਮੇਰੇ ਉਸ ਰੋਲ ਬਾਰੇ ਲਿਖਿਆ ਸੀ, "ਬਲਰਾਜ ਸਾਹਣੀ ਦੀ ਅਦਾਕਾਰੀ ਵਿਚ ਪ੍ਰਤਿਭਾ ਦੀ ਛੋਹ ਹੈ।" ਉਹ ਛੋਹ ਮੈਨੂੰ ਉਸ ਅਧਖੜ ਰਿਕਸ਼ਾ ਵਾਲੇ ਨੇ ਦਿੱਤੀ ਸੀ। ਉਹ ਮੇਰੀ ਨਹੀਂ ਸੀ।
ਸੋਵੀਅਤ-ਸੰਘ ਦੇ ਇਕ ਫਿਲਮਸਾਜ਼ ਨੇ ਕਿਹਾ ਸੀ, "ਬਲਰਾਜ ਸਾਹਣੀ ਦੇ ਚਿਹਰੇ ਉਤੇ ਇਕ ਸੰਸਾਰ ਉਕਰਿਆ ਹੋਇਆ ਹੈ।" ਉਹ ਸੰਸਾਰ ਵੀ ਉਸ ਅਧਖੜ ਰਿਕਸ਼ਾ ਵਾਲੇ ਦਾ ਹੀ ਸੀ। ਸ਼ਰਮ ਦੀ ਗੱਲ ਹੈ ਕਿ ਆਜ਼ਾਦੀ ਤੋਂ ਪੰਝੀ ਵਰ੍ਹੇ ਬਾਅਦ ਵੀ ਉਹ ਸੰਸਾਰ ਨਹੀਂ ਬਦਲਿਆ।
ਕਲਕੱਤੇ ਦੀ ਸ਼ੂਟਿੰਗ ਦੇ ਦੌਰਾਨ ਹੋਰ ਵੀ ਕਿਤਨੀਆਂ ਐਸੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ਮੇਰੇ ਜੀਵਨ-ਅਨੁਭਵ ਨੂੰ ਅਮੀਰ ਬਣਾਇਆ!
ਹਾਵੜਾ ਬ੍ਰਿਜ ਪਾਰ ਕਰਕੇ ਸ਼ਹਿਰ ਵਲ ਆਈਏ, ਤਾਂ ਪਹਿਲਾਂ ਇਕ ਬਹੁਤ ਵਡਾ ਦਾਇਰੇਦਾਰ ਚੁਰਾਹਾ ਆਉਂਦਾ ਹੈ, ਜਿਸ ਵਿਚੋਂ ਬੜਾ ਬਾਜ਼ਾਰ ਤੇ ਹੋਰ ਕਈ ਸੜਕਾਂ ਨਿਕਲਦੀਆਂ ਹਨ। ਇਹ ਦਾਇਰੇਦਾਰ ਚੁਰਾਹਾ ਵਾਸਤਵ ਵਿਚ ਸੀਮਿੰਟ ਦਾ ਇਕ ਵਿਸ਼ਾਲ ਜਜ਼ੀਰਾ ਜਿਹਾ ਹੈ, ਜਿਸ ਉਪਰ ਦਿਨੇ ਰਾਤੀਂ ਲਾਵਾਰਸ ਮਵੇਸ਼ੀ ਤੇ ਦੁਤਕਾਰੀ ਕੰਗਾਲ ਮਨੁਖਤਾ ਬਸੇਰਾ ਕਰਦੀ ਹੈ।
ਬਿਮਲ ਰਾਏ ਨੇ ਕੈਮਰਾ ਟਰੈਫਿਕ ਕੰਟਰੋਲ ਦੇ ਉੱਚੇ ਸਾਰੇ ਕੈਬਿਨ ਵਿਚ ਲਗਵਾਇਆ। ਉਥੋਂ ਉਸ ਜਜ਼ੀਰੇ ਦਾ ਪੂਰਾ ਨਜ਼ਾਰਾ ਮਿਲਦਾ ਸੀ। ਮੈਨੂੰ ਹਿਦਾਇਤ ਕੀਤੀ ਗਈ ਕਿ ਇਸ਼ਾਰਾ ਮਿਲਦਿਆਂ ਹੀ ਪੇਂਡੂਆਂ ਵਾਲੀ ਘਬਰਾਹਟ ਨਾਲ ਹਾਵੜਾ ਬ੍ਰਿਜ ਵਲੋਂ ਆਵਾਂ ਤੇ ਜਜ਼ੀਰੇ ਦੇ ਉਹਨਾਂ ਕੰਗਾਲਾਂ ਵਿਚੋਂ ਦੀ ਲੰਘਾਂ। ਬੜਾ ਪੁਰਮਾਨੀ ਸ਼ਾਟ ਸੀ, ਜਿਵੇਂ ਮੇਰੀ ਕਹਾਣੀ ਸਿਰਫ ਮੇਰੀ ਨਹੀਂ, ਉਹਨਾਂ ਨਾ-ਮੁਰਾਦਾਂ ਦੀ ਕਹਾਣੀ ਹੋਵੇ।
ਕੁਝ ਤਾਂ ਮੈਂ ਘਬਰਾਹਟ ਦਾ ਪ੍ਰਦਰਸ਼ਨ ਕਰਨਾ ਸੀ, ਕੁਝ ਆਵਾਜਾਈ ਨੂੰ ਵੇਖ ਕੇ ਸਚਮੁਚ ਘਬਰਾ ਗਿਆ। ਐਨ ਜਜ਼ੀਰੇ ਕੋਲ ਪੁਜਣ ਵੇਲੇ ਇਕ ਟ੍ਰਾਮ ਸਿੱਧੀ ਉਪਰ ਚੜ੍ਹਦੀ ਆਈ। ਮੈਂ ਲਾਈਨ ਨੂੰ ਵੇਲੇ ਸਿਰ ਪਾਰ ਤਾਂ ਕਰ ਗਿਆ, ਪਰ ਮੇਰੇ ਹੱਥ ਵਿਚ ਫੜੀ ਹੋਈ ਡਾਂਗ ਦਾ ਹੇਠਲਾ ਸਿਰਾ ਸੀਮਿੰਟ ਦੇ ਥੜੇ ਨਾਲ ਟਕਰਾ ਗਿਆ, ਤੇ ਮੈਂ ਚਾਰੋਂ ਖਾਨੇ ਚਿੱਤ ਡਿੱਗ ਪਿਆ। ਆਪਣੇ ਬੱਚੇ (ਰਤਨ ਕੁਮਾਰ) ਨੂੰ ਮੈਂ ਉਂਗਲ ਲਾਇਆ ਹੋਇਆ ਸੀ। ਉਹ ਵੀ ਡਿੱਗ ਪਿਆ। ਡਾਂਗ ਨਾਲ ਟੰਗੀ ਹੋਈ ਕਪੜਿਆਂ ਦੀ ਪੋਟਲੀ ਦੂਰ ਪਰ੍ਹਾਂ ਜਾ ਪਈ। ਡਰਾਈਵਰ ਟ੍ਰਾਮ ਰੋਕ ਕੇ ਲੱਗਾ ਮੈਨੂੰ ਤੋਲ ਤੋਲ ਕੇ ਗਾਲੀਆਂ ਸੁਣਾਉਣ। ਕੈਮਰਾ ਚਲ ਰਿਹਾ ਹੋਵੇਗਾ, ਮੇਰੇ ਡਿੱਗਣ ਨਾਲ ਸ਼ਾਟ ਵਿਚ ਹੋਰ ਵੀ ਸੁੰਦਰਤਾ ਪੈਦਾ ਹੋਈ ਹੋਵੇਗੀ, ਇਹ ਸੋਚ ਸੋਚ ਕੇ ਮੈਂ ਛੇਤੀ ਛੇਤੀ ਉੱਠਿਆ, ਤੇ ਮੁੰਡੇ ਨੂੰ ਫੜ ਕੇ ਫੇਰ ਅਗਾਂਹ ਤੁਰ ਪਿਆ। ਡਾਂਗ, ਤੇ ਕਪੜਿਆਂ ਦੀ ਪੋਟਲੀ ਮੈਨੂੰ ਵਿਸਰ ਗਈ। ਮੇਰੀ ਹਾਲਤ ਦਾ ਕੰਗਾਲ ਬਿਰਾਦਰੀ ਉਪਰ ਅਜੀਬ ਅਸਰ ਹੋਇਆ। ਕਦੇ ਉਹ ਵੀ ਏਸੇ ਤਰ੍ਹਾਂ ਆਸਾਂ ਉਮੀਦਾਂ ਲੈ ਕੇ ਸ਼ਹਿਰ ਆਏ ਸਨ। ਮੇਰੇ ਜਹੀ ਬੁਖਲਾਹਟ ਉਹਨਾਂ ਨੂੰ ਵੀ ਹੋਈ ਸੀ। ਉਹ ਲੋਕ ਦੌੜ ਕੇ ਆਏ ਤੇ ਮੈਨੂੰ ਘੇਰ ਲਿਆ। ਤੀਵੀਆਂ ਨੇ ਬੱਚੇ ਨੂੰ ਫੜ ਲਿਆ, ਤੇ ਮਰਦਾਂ ਨੇ ਬਾਹੋਂ ਫੜ ਕੇ ਮੈਨੂੰ ਫਰਸ਼ ਉਤੇ ਬਿਠਾ ਲਿਆ।
ਸਾਰੇ ਲੱਗੇ ਧਰਵਾਸਾਂ ਦੇਣ। "ਘਬਰਾਓ ਮਤ। ਮਾਥਾ ਠੰਡਾ ਰੱਖੋ। ਸਭ ਠੀਕ ਹੋ ਜਾਏਗਾ। ਪਹਿਲੇ ਪਹਿਲੇ ਸਭ ਕੇ ਸਾਥ ਐਸਾ ਹੋਤਾ ਹੈ। ਥੋੜਾ ਦੇਰ ਇਧਰ ਆਰਾਮ ਕਰੋ। ਹਮ ਤੁਮ ਕੋ ਸਭ ਕੁਝ ਬਤਾਏਗਾ। ਹਮ ਤੁਮ੍ਹਾਰਾ ਮਦਦ ਕਰੇਗਾ। ਕਿਸੀ ਬਾਤ ਕਾ ਫਿਕਰ ਮਤ ਕਰੋ।"
ਕਿਸੇ ਨੇ ਮੈਨੂੰ ਪੀਣ ਲਈ ਪਾਣੀ ਲਿਆ ਦਿਤਾ। ਪਰ ਮੇਰਾ ਧਿਆਨ ਅਜੇ ਵੀ ਕੈਮਰੇ ਵਿਚ ਸੀ।
"ਮੈਂ ਬਿਲਕੁਲ ਠੀਕ ਹੂੰ, ਮੁਝੇ ਕਾਮ ਹੈ, ਮੁਝੇ ਜਾਨੇ ਦੋ।" ਮੈਂ ਫੇਰ ਉਠ ਕੇ ਤੁਰਨ ਲਈ ਹੰਭਲਾ ਮਾਰਿਆ।
ਉਹਨਾਂ ਨੂੰ ਮੇਰੇ ਹੋਸ਼-ਹਵਾਸ ਬਾਖਤਾ ਹੋਣ ਦਾ ਹੋਰ ਵੀ ਯਕੀਨ ਹੋ ਗਿਆ। ਉਹਨਾਂ ਹੋਰ ਵੀ ਮਜ਼ਬੂਤੀ ਨਾਲ ਮੈਨੂੰ ਹੱਥ ਪਾ ਲਏ।
"ਕਿਆ ਠੀਕ ਹੈ? ਤੁਮ੍ਹਾਰਾ ਗਠੜੀ ਕਿਧਰ ਗਿਰਾ, ਇਸ ਕਾ ਤੁਮ ਕੋ ਹੋਸ਼ ਨਹੀਂ ਹੈ। ਹਮਾਰਾ ਬਾਤ ਕਿਸ ਵਾਸਤੇ ਨਹੀਂ ਸੁਨਤਾ ਹੈ ਤੁਮ।"
ਇਕ ਔਰਤ ਬੋਲੀ, "ਇਸ ਬੱਚੇ ਕੋ ਮਾਰਨਾ ਚਾਹਤਾ ਹੈ ਤੁਮ?"
ਬੁਰੀ ਤਰ੍ਹਾਂ ਘਿਰ ਗਿਆ ਸਾਂ ਮੈਂ। ਮੈਨੂੰ ਨਹੀਂ ਸੀ ਪਤਾ ਕਿ "ਸ਼ਾਟ" ਦੇਰ ਦਾ "ਕਟ' ਹੋ ਚੁਕਿਆ ਸੀ, ਤੇ ਬਿਮਲ ਰਾਏ, ਹਰਿਸ਼ਕੇਸ਼ ਤੇ ਹੋਰ ਸਾਥੀ ਵੀ ਭੀੜ ਵਿਚ ਖਲੋ ਕੇ ਮੇਰਾ ਪੂਰਾ ਤਮਾਸ਼ਾ ਵੇਖ ਰਹੇ ਸਨ। ਅਖੀਰ, ਹਰਿਸ਼ੀਕੇਸ਼ ਨੇ ਅੱਗੇ ਵਧ ਕੇ ਮੈਨੂੰ ਛੁੜਾਇਆ, ਤੇ ਲੋਕਾਂ ਨੂੰ ਸਮਝਾਇਆ ਕਿ ਮੈਂ ਸਚ-ਮੁਚ ਗਰੀਬ ਨਹੀਂ ਸਾਂ। ਇਕ ਫਿਲਮ ਖਿੱਚੀ ਜਾ ਰਹੀ ਸੀ, ਤੇ ਮੈਂ ਸਿਰਫ ਉਸ ਵਿਚ ਗਰੀਬ ਦਾ ਪਾਰਟ ਕਰ ਰਿਹਾ ਸਾਂ।
ਝਟ ਮੇਰੇ ਆਲੇ-ਦੁਆਲੇ ਅੱਖਾਂ ਵਿਚੋਂ ਮਨੁੱਖੀ ਪਿਆਰ ਤੇ ਹਮਦਰਦੀ ਦੇ ਚਸ਼ਮੇ ਸੁੱਕ ਗਏ। ਉਹ ਅੱਖਾਂ ਮੈਨੂੰ ਦੂਰ ਜਾਂਦੀਆਂ ਪਰਤੀਤ ਹੋਈਆਂ - ਬਹੁਤ ਦੂਰ। ਜਿਵੇਂ ਜ਼ੂਮ ਲੈਨਸ ਵਿਚ ਦ੍ਰਿਸ਼ ਨੇੜਿਓ ਇਕਦਮ ਦੂਰ ਚਲਾ ਜਾਂਦਾ ਹੈ। ਜ਼ਿੰਦਗੀ ਉਹਨਾਂ ਲੋਕਾਂ ਨਾਲ ਰੋਜ਼ ਹੀ ਮਜ਼ਾਕ ਕਰਦੀ ਸੀ। ਅੱਜ ਮੈਂ ਉਹਨਾਂ ਦਾ ਆਪਣਾ ਭੇਸ ਬਣਾ ਕੇ ਉਹਨਾਂ ਨਾਲ ਮਜ਼ਾਕ ਕੀਤਾ ਸੀ। ਇਹ ਸਭ ਤੋਂ ਜ਼ਾਲਮ ਮਜ਼ਾਕ ਸੀ। ਉਹਨਾਂ ਦੀਆਂ ਅੱਖਾਂ ਕਹਿ ਰਹੀਆਂ ਸਨ। ਹੁਣ ਉਹਨਾਂ ਅੱਖਾਂ ਵਿਚ ਅਸੀਮ ਨਫਰਤ ਸੀ। ਇਸ ਖਾਮੋਸ਼ ਤਬਦੀਲੀ ਨੂੰ ਸ਼ਾਇਦ ਮੈਂ ਕਦੇ ਵੀ ਨਹੀਂ ਭੁਲ ਸਕਾਂਗਾ।
ਬਿਮਲ ਰਾਏ ਹੁਣ ਦੁਨੀਆਂ ਵਿਚ ਨਹੀਂ ਹਨ। ਮੈਂ ਆਪਣੇ ਕਥਨ ਦੀ ਉਹਨਾਂ ਤੋਂ ਤਸਦੀਕ ਨਹੀਂ ਕਰਾ ਸਕਦਾ, ਪਰ ਮੈਨੂੰ ਇੰਜ ਲਗਦਾ ਹੈ ਕਿ "ਦੋ ਬਿਘਾ ਜ਼ਮੀਨ" ਵਿਚ ਕੰਗਾਲ ਬਸਤੀ ਦੀ ਮਾਲਕਣ ਦਾ ਕਿਰਦਾਰ ਉਹਨਾਂ ਭਾਵੇਂ ਏਸੇ ਭੀੜ ਵਿਚੋਂ ਚੁਣਿਆ ਹੋਵੇ।
ਬਿਮਲ ਤੇ ਹਰਿਸ਼ਕੇਸ਼ ਸਾਰਾ ਦਿਨ ਸ਼ੂਟਿੰਗ ਕਰਦੇ ਤੇ ਸਾਰੀ ਸਾਰੀ ਰਾਤ ਨਵੀਆਂ "ਲੋਕੇਸ਼ਨਾਂ" ਲਈ ਭਟਕਦੇ ਰਹਿੰਦੇ। ਪ੍ਰਭਾਤ ਵੇਲੇ ਕਲਕੱਤੇ ਸੜਕਾਂ ਧੋਣ ਦਾ ਰਵਾਜ ਹੈ। ਉਹ ਮਾਹੌਲ ਬੰਨ੍ਹਣ ਲਈ ਉਹਨਾਂ ਮੈਨੂੰ ਸਵੇਰ ਦੇ ਤਿੰਨ ਵਜੇ ਹੀ ਰਿਕਸ਼ਾ ਅਗੇ ਜੋਤ ਦਿੱਤਾ ਸੀ। ਮੈਂ ਬੜੀ ਰਿਕਸ਼ਾ ਦੁੜਾਈ। ਆਂਦਰਾਂ ਭੁੱਖ ਨਾਲ ਪਾਟਣ ਲਗ ਪਈਆਂ। ਇਕ ਬਸਤੀ ਦੇ ਬਾਹਰ ਇਕ ਹਲਵਾਈ ਗਰਮ ਗਰਮ ਦੁੱਧ ਵੇਚ ਰਿਹਾ ਸੀ, ਮਿੱਟੀ ਦੇ ਠੁਠਿਆਂ ਵਿਚ। ਅੱਧ ਸੇਰ ਦੁੱਧ ਮੈਂ ਵੀ ਮੰਗ ਲਿਆ।
ਅਗੋਂ ਹਲਵਾਈ ਕੜਕ ਕੇ ਬੋਲਿਆ, "ਜਾਓ, ਜਾਓ, ਦੂਧ ਨਹੀਂ ਹੈ।"
"ਕੜਾਹੀ ਮੇਂ ਯਿਹ ਕਿਆ ਉਬਲ ਰਹਾ ਹੈ? ਮੈਂ ਪੈਸੇ ਦੇ ਰਹਾ ਹੂੰ, ਮੁਫਤ ਤੋਂ ਨਹੀਂ ਮਾਂਗਤਾ?"
"ਕਹਿ ਜੋ ਦੀਆ, ਦੂਧ ਨਹੀਂ ਹੈ," ਉਸ ਦੇ ਗੁੱਸੇ ਦਾ ਪਾਰਾ ਹੋਰ ਵੀ ਬੁਲੰਦ ਹੋ ਗਿਆ ਸੀ। ...
ਦੁਪਹਿਰ ਦਾ ਵੇਲਾ, ਆਖਰਾਂ ਦੀ ਗਰਮੀ। ਕੈਮਰਾ ਇਕ ਟਰੱਕ ਵਿਚ ਲੁਕਾ ਕੇ ਲਾਇਆ ਹੋਇਆ ਸੀ। ਸਾਰਾ ਯੂਨਿਟ ਉਸ ਟਰੱਕ ਉਤੇ ਸਵਾਰ ਸੀ। ਮੈਂ ਰੁਮਾਲ ਦਾ ਇਸ਼ਾਰਾ ਮਿਲਦਿਆਂ ਹੀ ਰਿਕਸ਼ਾ ਲੈ ਕੇ ਦੌੜ ਪੈਂਦਾ ਸਾਂ। ਕਦੇ ਸਵਾਰੀ ਉਤਾਰਦਾ, ਕਦੇ ਨਵੀਂ ਬਿਠਾਲਦਾ। ਕਦੇ ਦੋ ਸਵਾਰੀਆਂ, ਕਦੇ ਤਿੰਨ ਸਵਾਰੀਆਂ। ਮੇਰਾ ਤਰੇਹ ਨਾਲ ਬੁਰਾ ਹਾਲ ਹੋ ਰਿਹਾ ਸੀ। ਪਰ ਟਰੱਕ ਵਾਲਿਆਂ ਨੂੰ ਰੋਕਣਾ ਤੇ ਆਪਣੀ ਲੋੜ ਦਸਣਾ ਮੁਸ਼ਕਲ ਸੀ। ਸੜਕ ਦੇ ਖੱਬੇ ਪਾਸੇ ਮੈਂ ਇਕ ਪੰਜਾਬੀ ਸਰਦਾਰ ਵੀਰ ਦਾ ਢਾਬਾ ਵੇਖਿਆ। ਮੈਂ ਪਲ ਦੀ ਪਲ ਰਿਕਸ਼ਾਂ ਇਕ ਪਾਸੇ ਖੜਾ ਕਰਕੇ ਉਸ ਕੋਲ ਦੌੜਦਾ ਗਿਆ, ਤੇ ਬੜੀ ਅਪਣੱਪ ਨਾਲ ਪੰਜਾਬੀ ਕਿਹਾ, "ਵੀਰ ਜੀ, ਬੜੀ ਸਖਤ ਪਿਆਸ ਲਗੀ ਹੈ। ਇਕ ਗਲਾਸ ਪਾਣੀ ਪਿਲਾਉਣ ਦੀ ਕਿਰਪਾ ਕਰੋ।" "ਦਫਾ ਹੋ ਜਾ, ਤੇਰੀ ਭੈ..." ਉਸ ਗੁਰੂ ਅਰਜਨ ਦੇਵ ਜੀ ਦੇ ਸੇਵਕ ਨੇ ਮੈਨੂੰ ਮੁੱਕਾ ਵਿਖਾ ਕੇ ਕਿਹਾ।
ਸ਼ਾਇਦ ਇਕ ਪੰਜਾਬੀ ਦਾ ਰਿਕਸ਼ਾ ਚਲਾਉਣ ਜਿਹਾ ਘਟੀਆ ਕੰਮ ਕਰਨਾ ਉਹਨੂੰ ਸਹਿਨ ਨਹੀਂ ਸੀ ਹੋਇਆ। ਮੇਰਾ ਦਿਲ ਕੀਤਾ ਕਿ ਉਹਨੂੰ ਅਸਲੀਅਤ ਦਸਾਂ ਤੇ ਦੋ ਚਾਰ ਖਰੀਆਂ ਸੁਣਾਵਾਂ। ਪਰ ਵਕਤ ਨਹੀਂ ਸੀ। ...
ਇਕ ਪਾਨ ਵਾਲੇ ਦੀ ਦੁਕਾਨ ਉਤੇ ਮੈਂ ਗੋਲਡ ਫਲੇਕ ਸਿਗਰਟ ਦੇ ਪੈਕਟ ਦੀ ਫਰਮਾਇਸ਼ ਕੀਤੀ। ਇਹਤਿਆਤਨ ਪੰਜਾ ਦਾ ਨੋਟ ਪਹਿਲਾਂ ਹੀ ਉਸ ਦੇ ਅੱਗੇ ਧਰ ਦਿਤਾ। ਪਾਨ ਵਾਲੇ ਨੇ ਕਿਤਨਾ ਚਿਰ ਮੇਰਾ ਹੁਲੀਆ ਵੇਖਿਆ, ਫੇਰ ਨੋਟ ਨੂੰ ਧੁੱਪ ਵਲ ਕਰਕੇ ਕਿਤਨਾ ਚਿਰ ਉਸ ਦੇ ਅਸਲੀ ਹੋਣ ਦਾ ਮੁਆਇਨਾ ਕਰਦਾ ਰਿਹਾ। ਬੜੇ ਹੀ ਸੋਚ ਵਿਚਾਰ ਪਿਛੋਂ ਮੈਨੂੰ ਉਹਨੇ ਸਿਗਰਟ ਦਿਤੇ। ਜੇ ਉਹ ਮੈਨੂੰ ਪੁਲਸ ਦੇ ਹਵਾਲੇ ਕਰ ਦੇਂਦਾ ਤਾਂ ਮੈਨੂੰ ਬਿਲਕੁਲ ਹੈਰਾਨੀ ਨਾ ਹੁੰਦੀ। ...
ਚੌਰੰਗੀ ਵਿਚ ਸ਼ੂਟਿੰਗ ਕਰਦਿਆਂ ਭੀੜ ਜਮ੍ਹਾਂ ਹੋਣ ਲਗ ਪਈ। ਬਿਲਮ ਰਾਏ ਨੇ ਮੈਨੂੰ ਤੇ ਨਿਰੂਪਾ ਨੂੰ ਥੋੜ੍ਹੇ ਚਿਰ ਲਈ ਕਿਸੇ ਦੁਕਾਨ ਵਿਚ ਚਲੇ ਜਾਣ ਦਾ ਇਸ਼ਾਰਾ ਕੀਤਾ। ਅਸੀਂ "ਫਰਪੋ" ਰੈਸਟੋਰਾਂ ਦੇ ਦਰਵਾਜ਼ੇ ਵਿਚ ਵੜ ਗਏ। ਵੇਟਰਾਂ ਨੇ ਫੌਰਨ ਧੱਕੇ ਮਾਰ ਕੇ ਸਾਨੂੰ ਬਾਹਰ ਕਢ ਦਿਤਾ। ...

ਅਸੀਂ ਲੋਕ ਭਾਰਤੀ ਸਭਿਅਤਾ ਤੇ ਉਸ ਦੀਆਂ ਮਾਨਵਤਾਵਾਦੀ ਕਦਰਾਂ ਦੀਆਂ ਡੀਂਗਾਂ ਮਾਰਦੇ ਨਹੀਂ ਥੱਕਦੇ। ਪਰ ਸਾਡੇ ਦੇਸ਼ ਵਿਚ ਸਿਰਫ ਪੈਸੇ ਦੀ ਕਦਰ ਹੈ, ਮਨੁੱਖ ਦੀ ਕੋਈ ਕਦਰ ਨਹੀਂ, ਇਹ ਮੈਂ ਉਸ ਸ਼ੂਟਿੰਗ ਦੇ ਦੌਰਾਨ ਸਾਫ ਵੇਖ ਲਿਆ ਸੀ। ਸਾਡੇ ਦੇਸ਼ ਵਿਚ ਗਰੀਬ ਆਦਮੀ ਕੋਲ ਪੈਸਾ ਹੋਵੇ, ਤਾਂ ਵੀ ਉਹਨੂੰ ਚੀਜ਼ ਨਹੀਂ ਮਿਲਦੀ। ਇਹ ਸਾਡੀ ਸਭਿਅਤਾ ਦੀ ਖਾਸ ਵਿਸ਼ੇਸ਼ਤਾ ਹੈ।
ਪਰ ਸਾਰੇ ਅਨੁਭਵ ਤਲਖ ਹੀ ਨਹੀਂ ਸਨ, ਕਈ ਬੜੇ ਮਜ਼ੇਦਾਰ ਵੀ ਸਨ। ਜਿਸ ਦਿਨ ਮੇਰਾ 'ਘੋੜਾਗਾੜੀ' ਨਾਲ ਰੇਸ ਕਰਨ ਦਾ ਸੀਨ ਲਿਆ ਗਿਆ, ਉਸ ਦਿਨ ਦੌੜ-ਦੌੜ ਕੇ ਮੇਰੀ ਮਿੱਝ ਨਿਕਲ ਗਈ। ਸੜਦੀਆਂ ਤਪਦੀਆਂ ਲੁਕਦਾਰ ਸੜਕਾਂ ਉੱਤੇ ਮੇਰੇ ਨੰਗੇ ਪੈਰ ਲੂਸ ਰਹੇ ਸਨ। ਉਹਨਾਂ ਉਪਰ ਕਾਲੇ ਅੰਗੂਰਾਂ ਵਰਗੇ ਖੂਨੀ ਛਾਲੇ ਉਭਰ ਆਏ ਸਨ। ਜਦੋਂ ਵੀ ਮੈਂ ਬਸ ਕਰਨ ਲਈ ਤਰਲੇ ਕਰਦਾ, ਜਵਾਬ ਮਿਲਦਾ, "ਦੋ ਸ਼ਾਟ ਹੋਰ ਰਹਿ ਗਏ ਨੇ ਸਿਰਫ।" ਸ਼ਾਇਦ ਮੇਰੇ ਚਿਹਰੇ ਉਤੇ ਕਲੇਸ਼ਮਈ ਭਾਵ ਬੜੇ ਤਿੱਖੇ ਤੇ ਆਪ ਮੁਹਾਰੇ ਆ ਰਹੇ ਸਨ। ਉਹਨਾਂ ਦਾ ਲਾਲਚ ਬਿਮਲ ਰਾਏ ਤੋਂ ਵਰਜਿਆ ਨਹੀਂ ਸੀ ਜਾਂਦਾ। ਅਖੀਰ, ਜ਼ਿੱਚ ਹੋ ਕੇ ਮੈਂ ਕਿਹਾ, "ਹੁਣ ਤਾਂ ਬੀਅਰ ਦੀਆਂ ਦੋ ਬੋਤਲਾਂ ਮੇਰੇ ਸਾਹਮਣੇ ਟੰਗੋ, ਤਾਂ ਹੀ ਮੈਥੋਂ ਦੌੜਿਆ ਜਾਏਗਾ, ਨਹੀਂ ਤਾਂ ਨਹੀਂ।"
ਬਿਮਲ ਨੇ ਯਕੀਨ ਦਿਵਾਇਆ ਕਿ "ਸ਼ਾਟ" ਖਤਮ ਹੁੰਦਿਆਂ ਹੀ ਅਸ਼ਿਤ ਸੈਨ ਮੈਨੂੰ "ਫਰਪੋ" ਲੈ ਜਾਏਗਾ, ਤੇ ਉਥੇ ਜਿਤਨੀ ਚਾਹਾਂ ਮੈਨੂੰ ਬੀਅਰ ਮਿਲੇਗੀ। ਲਾਲਚ ਦਿਵਾ ਕੇ ਉਹਨਾਂ ਹੋਰ ਕਿਤਨੇ "ਸ਼ਾਟ" ਲੈ ਲਏ।
ਅਖੀਰ, ਜਦੋਂ ਅਸ਼ਿਤ ਤੇ ਮੈਂ "ਫਰਪੋ" ਪੁੱਜੇ, ਤਾਂ ਪਤਾ ਲੱਗਾ ਕਿ ਉਸ ਦਿਨ 'ਡਰਾਈ ਡੇ' ਸੀ। ਮੈਂ ਅਸ਼ਿਤ ਨੂੰ ਸੜਕ ਉਤੇ ਗਿਚੀਓਂ ਫੜ ਲਿਆ ਤੇ ਕਿਹਾ, "ਜਿਥੋਂ ਵੀ ਹੋਵੇ ਮੇਰੇ ਲਈ ਬੀਅਰ ਕੱਢ ਕੇ ਲਿਆ, ਨਹੀਂ ਤਾਂ ਮੈਂ ਤੈਨੂੰ ਜਾਨੋਂ ਮਾਰ ਸੁਟਾਂਗਾ।"
ਉਸ ਵਿਚਾਰੇ ਆਪਣੀ ਜਿੰ.ਦਗੀ ਵਿਚ ਕਦੇ ਬੀਅਰ ਨਹੀਂ ਸੀ ਪੀਤੀ। ਉਹਨੂੰ ਪਤਾ ਹੀ ਨਹੀਂ ਸੀ ਕਿ ਉਹ ਕੀ ਚੀਜ਼ ਹੁੰਦੀ ਹੈ। ਗੋਲ-ਮਟੋਲ, ਭੋਲਾ-ਭਾਲਾ, ਸੜਕਾਂ ਉਤੇ ਭਟਕਦਾ ਉਹ ਮੈਨੂੰ ਬਿਲਕੁਲ ਹਾਥੀ ਦੇ ਬੱਚੇ ਵਾਂਗ ਲਗ ਰਿਹਾ ਸੀ। ਅਖੀਰ ਉਹਨੇ ਕਿਤੇ ਬੀਅਰ ਲੱਭ ਹੀ ਲਈ। ਪਰ ਉਦੋਂ ਤਕ ਮੇਰਾ ਜੋਸ਼ ਤੇ ਜਿਸਮ ਦੋਵੇਂ ਠੰਢੇ ਹੋ ਚੁਕੇ ਸਨ। ਉਸ ਵੇਲੇ ਬਰਾਂਡੀ ਜ਼ਿਆਦਾ ਚੰਗੀ ਸੀ। ਮੈਂ ਉਹਨੂੰ ਕਿਹਾ, "ਮੈਂ ਬੀਅਰ ਨਹੀਂ ਪੀਣੀ, ਬਰਾਂਡੀ ਪਿਲਾ।"
ਉਸ ਦੇ ਸਬਰ ਦੀ ਵੀ ਹੱਦ ਹੋ ਚੁਕੀ ਸੀ। ਚੰਗੀ ਖਾਸੀ ਤਕਰਾਰ ਹੋਈ ਸਾਡੇ ਦਰਮਿਆਨ। ਉਹਨੂੰ ਬੀਅਰ ਪਿਲਾਣ ਦਾ ਹੁਕਮ ਹੋਇਆ ਸੀ। ਉਹ ਅਵੱਸ਼ ਮੈਨੂੰ ਬੀਅਰ ਹੀ ਪਿਲਾਏਗਾ, ਬਰਾਂਡੀ ਭਾਵੇਂ ਸਸਤੀ ਰਹੇ। ਅਖੀਰ ਮੈਨੂੰ ਬੀਅਰ ਹੀ ਪੀਣੀ ਪਈ, ਤੇ ਠੰਡੇ ਪੇਟ ਤੇ ਆਖਰਾਂ ਦੇ ਥਕੇਵੇਂ ਕਾਰਨ ਜ਼ੁਕਾਮ ਹੋ ਗਿਆ।

8
ਮਰਨ ਵੇਲੇ ਜੀਵਨ ਦੀ ਕਮ-ਸੇ-ਕਮ ਇਕ ਪਰਾਪਤੀ ਦਾ ਮੈਨੂੰ ਅਵੱਸ਼ ਮਾਣ ਹੋਵੇਗਾ ਕਿ ਮੈਂ 'ਦੋ ਬਿਘਾ ਜ਼ਮੀਨ' ਜਿਹੀ ਫਿਲਮ ਵਿਚ ਕੰਮ ਕੀਤਾ ਸੀ।
ਇਹ ਕਹਿ ਚੁਕਣ ਪਿਛੋਂ ਥੋੜੇ ਜਹੇ ਤਕਨੀਕੀ ਨੁਕਤੇ ਬਿਆਨ ਕਰਨ ਦਾ ਵੀ ਮੇਰਾ ਹੱਕ ਬਣ ਜਾਂਦਾ ਹੈ।
ਇਸ ਫਿਲਮ ਦਾ ਆਧਾਰ ਰਵੀੰਂਦਰ ਨਾਥ ਟੈਗੋਰ ਦੀ ਏਸ ਨਾਂ ਦੀ ਇਕ ਮਸ਼ਹੂਰ ਕਵਿਤਾ ਨੂੰ ਬਣਾਇਆ ਗਿਆ ਸੀ।
ਮੇਰੇ ਖਿਆਲ ਵਿਚ, ਬਿਮਲ ਰਾਏ ਦਾ ਏਸ ਬਾਰੇ ਕਿਤੇ ਵੀ ਟੈਗੋਰ ਪ੍ਰਤੀ ਕਿਰਤੱਗਤਾ ਦਾ ਇਜ਼ਹਾਰ ਨਾ ਕਰਨਾ ਨਾਵਾਜਬ ਗੱਲ ਸੀ।
ਫਿਲਮ ਦੇ ਮੁਖ-ਪਾਤਰ ਦਾ ਕਿਸੇ ਥਾਂ ਵੀ ਮੋਢੇ ਛੰਡ ਕੇ ਜ਼ੁਲਮ ਅਤੇ ਅਨਿਆਂ ਦੇ ਖਿਲਾਫ ਖੜਾ ਨਾ ਹੋਣਾ, ਉਸ ਦਾ ਸਦਾ ਆਪਣੀ ਜ਼ਾਤ, ਗੋਤਰ, ਗਵਾਂਢ ਨਾਲੋਂ ਅੱਡ ਰਹਿਣਾ, ਉਸ ਦੇ ਕਿਰਦਾਰ ਨੂੰ ਚੋਖੀ ਸੱਟ ਮਾਰਦਾ ਹੈ। ਦਰਸ਼ਕ ਹਮੇਸ਼ਾਂ ਆਪਣੇ ਆਪ ਨੂੰ ਨਾਇਕ ਨਾਲ ਜੋੜਨਾ ਚਾਹੁੰਦੇ ਹਨ। ਪਰ ਅਜਿਹੇ ਲਿੱਸੇ ਤੇ ਸਵੈ-ਲਿਪਤ ਨਾਇਕ ਨਾਲ ਜੁੜਨਾ ਕੌਣ ਪਸੰਦ ਕਰੇਗਾ? ਉਸ ਉਪਰ ਤਾਂ ਤਰਸ ਹੀ ਖਾਧਾ ਜਾ ਸਕਦਾ ਹੈ। ਏਸੇ ਕਾਰਨ 'ਦੋ ਬਿਘਾ ਜ਼ਮੀਨ' ਪੜ੍ਹੇ ਲਿਖੇ ਲੋਕਾਂ ਵਿਚ ਤਾਂ ਮਕਬੂਲ ਹੋਈ, ਪਰ ਆਮ ਜਨਤਾ ਵਿਚ ਨਹੀਂ।
ਕਿਸੇ ਨਾ ਕਿਸੇ ਮਾਤਰਾ ਵਿਚ ਇਹ ਦੋਸ਼ ਸਾਡੀ ਸਾਰੀ ਪ੍ਰਗਤੀਵਾਦੀ ਕਲਾ ਤੇ ਸਾਹਿਤ ਦਾ ਹੈ। ਅਸੀਂ ਦੇਸ਼ ਦੀ ਜਨਤਾ ਨਾਲ ਜੁੜਨ ਦੀ ਥਾਂ ਬਦੇਸ਼ੀ ਕਦਰਾਂ ਤੇ ਫਾਰਮੂਲਿਆਂ ਨਾਲ ਜੁੜਨ ਦਾ ਵਧੇਰੇ ਜਤਨ ਕਰਦੇ ਹਾਂ। 'ਦੋ ਬਿਘਾ ਜ਼ਮੀਨ' ਦੀ ਤਕਨੀਕ ਜਗਤ-ਪ੍ਰਸਿਧ ਇਤਾਲਵੀ ਨਿਰਦੇਸ਼ਕ, ਵਿਤੋਰੀਓ ਦਿਸੀਕਾ ਦੀ ਫਿਲਮ, 'ਬਾਈਸਿਕਲ ਚੋਰ' ਤੇ ਇਤਾਲਵੀ ਨਵਯਥਾਰਥਵਾਦ ਤੋਂ ਬਹੁਤ ਪ੍ਰਭਾਵਤ ਸੀ। ਉਸ ਦੇ ਗਾਣਿਆਂ ਉਪਰ ਰੂਸੀ ਧੁਨਾਂ ਦੀ ਮੁਹਰ ਸੀ।
ਸ਼ਾਇਦ ਏਸੇ ਕਾਰਨ ਰੂਸ ਵਿਚ 'ਦੋ ਬਿਘਾ ਜ਼ਮੀਨ' ਨੂੰ ਕੇਵਲ ਸ਼ਲਾਘਾ ਮਿਲੀ, ਲੋਕ-ਪ੍ਰੀਅਤਾ ਰਾਜ ਕਪੂਰ ਦੀ 'ਆਵਾਰਾ' ਲੈ ਤੁਰੀ। ਉਹ ਵੀ ਇਤਨੀ, ਜਿਸਦਾ ਕੋਈ ਹੱਦ-ਹਿਸਾਬ ਨਹੀਂ। ਸਾਂਝੇ ਖੇਤਾਂ ਤੇ ਫੈਕਟਰੀਆਂ ਵਿਚ ਕਰੋੜਾਂ ਮਜ਼ਦੂਰ ਤੇ ਕਿਸਾਨ 'ਆਵਾਰਾ ਹੂੰ' ਗਾਂਦੇ ਫਿਰਦੇ ਸਨ। ਰੂਸੀ ਫਿਲਮ ਅਦਾਕਾਰਾ ਨੂੰ ਪਿਛੇ ਛੱਡ ਕੇ ਰਾਜ ਕਪੂਰ ਸੋਵੀਅਤ ਯੁਨੀਅਨ ਦਾ ਮਹਿਬੂਬ ਕਲਾਕਾਰ ਬਣ ਗਿਆ। ਸਾਡੇ ਡੈਲੀਗੇਸ਼ਨ ਦੀਆਂ ਸੋਚਾਂ ਤੇ ਅੰਦਾਜ਼ਿਆਂ ਦੇ ਇਹ ਬਿਲਕੁਲ ਉਲਟ ਸੀ। ਅਸਾਂ ਸਮਾਜਵਾਦ ਤੇ ਤੀਰਥ-ਸਥਾਨ ਤੋਂ ਕਿਤੇ ਉਚੇਰੇ ਸੁਹਜ ਦੀ ਆਸ ਕੀਤੀ ਹੋਈ ਸੀ। ਪਰ ਗੌਰ ਨਾਲ ਵੇਖਿਆ ਜਾਏ ਤਾਂ ਇਸ ਵਿਚ ਰੂਸੀਆਂ ਦਾ ਕੋਈ ਕਸੂਰ ਨਹੀਂ ਸੀ। 'ਆਵਾਰਾ' ਵਿਚ ਨਰੋਈ ਹਿੰਦੁਸਤਾਨੀਅਤ ਦੀ ਝਲਕ ਸੀ। ਇਹ ਉਸੇ ਤਰ੍ਹਾਂ ਦੀ ਗੱਲ ਹੈ, ਜਿਵੇਂ ਇੰਗਲਿਸਤਾਨ ਦਾ ਅੰਗਰੇਜ਼ ਉਸ ਹਿੰਦੁਸਤਾਨੀ ਦੀ ਬੋਲ-ਚਾਲ ਨੂੰ ਜ਼ਿਆਦਾ ਪਸੰਦ ਕਰਦਾ ਹੈ, ਜਿਸ ਨੂੰ ਸਿਰਫ ਟੁੱਟੀ-ਭੱਜੀ ਅੰਗਰੇਜ਼ੀ ਬੋਲਣੀ ਆਉਂਦੀ ਹੋਵੇ।
ਰੱਬ ਝੂਠ ਨਾ ਬੁਲਵਾਏ, ਜੇ ਇਸ਼ਤਿਹਾਰਬਾਜ਼ੀ ਚੰਗੀ ਨਾ ਹੁੰਦੀ, ਰਿਲੀਜ਼ ਦਾ ਪ੍ਰਬੰਧ ਵਧੀਆ ਨਾ ਕੀਤਾ ਗਿਆ ਹੁੰਦਾ, ਤਾਂ ਅਸਚਰਜ ਨਹੀਂ ਸੀ ਕਿ 'ਦੋ ਬਿਘਾ ਜ਼ਮੀਨ' ਹਿੰਦੁਸਤਾਨ ਵਿਚ ਵੀ ਫੇਲ੍ਹ ਹੋ ਜਾਂਦੀ, ਜਿਵੇਂ ਉਸ ਤੋਂ ਪਹਿਲਾਂ 'ਧਰਤੀ ਦੇ ਲਾਲ' ਤੇ 'ਨੀਚਾ ਨਗਰ' ਫੇਲ੍ਹ ਹੋ ਚੁਕੀਆਂ ਸਨ। ਇਸ ਦਾ ਸਭ ਤੋਂ ਵਡਾ ਸਬੂਤ ਇਹ ਸੀ ਕਿ ਬਿਲਮ ਰਾਏ ਨੇ ਆਪ ਫੇਰ ਕਦੇ ਇਹੋ ਜਿਹੀ ਫਿਲਮ ਬਣਾਉਣ ਦਾ ਹੀਆ ਨਹੀਂ ਸੀ ਕੀਤਾ।
'ਦੋ ਬਿਘਾ ਜ਼ਮੀਨ' ਦੇ ਬਦੇਸ਼ੀ ਪ੍ਰਦਰਸ਼ਨ-ਅਧਿਕਾਰ ਰਾਜਬੰਸ ਖੰਨਾ ਤੇ ਉਸ ਦੇ ਭਾਗੀਦਾਰਾਂ, ਰਾਜਿੰਦਰ ਸਿੰਘ ਹੋੜਾ ਤੇ ਗੁਰਮੁਖ ਸਿੰਘ ਕੋਲ ਸਨ। ਇਹ ਤਿੰਨੇ ਬੜੇ ਤਰੱਕੀ-ਪਸੰਦ ਵਿਚਾਰਾਂ ਵਾਲੇ ਤੇ ਵਿਦਿਆਰਥੀ-ਤਹਿਰੀਕ ਦੇ ਉੱਘੇ ਆਗੂ ਰਹਿ ਚੁਕੇ ਸਨ। ਉਹਨਾਂ ਇਸ ਫਿਲਮ ਦੀ ਕਾਮਯਾਬੀ ਲਈ ਪੂਰਾ ਟਿੱਲ ਲਾਇਆ। ਬੰਬਈ ਦੇ ਮੈਟਰੋ ਸਿਨੇਮਾ ਵਿਚ ਅਪੂਰਬ ਠਾਠ-ਬਾਠ ਨਾਲ ਫਿਲਮ ਰਿਲੀਜ਼ ਕੀਤੀ। ਸੋਵੀਅਤ ਯੁਨੀਅਨ, ਚੀਨ, ਫਰਾਂਸ, ਸਵਿਟਜ਼ਰਲੈਂਡ, ਤੇ ਹੋਰ ਕਿਤਨੇ ਦੇਸ਼ਾਂ ਵਿਚ ਹਾਸਲ ਕੀਤੀਆਂ ਸ਼ੁਹਰਤਾਂ ਉਹਨਾਂ ਸੱਜਣਾ ਦੀ ਅਣਥੱਕ ਮਿਹਨਤ ਦਾ ਹੀ ਫਲ ਸੀ।
'ਦੋ ਬਿਘਾ ਜ਼ਮੀਨ' ਤੇ 'ਪਰਿਣੀਤਾ' ਮਗਰੋਂ ਜੋ ਸ਼ੁਹਰਤ ਤੇ ਮਾਨ ਬਿਮਲ ਰਾਏ ਨੂੰ ਮਿਲਿਆ, ਉਹ ਕਦੇ ਦੇਵਕੀ ਬੋਸ, ਬਰੂਆ, ਤੇ ਵੀ. ਸ਼ਾਂਤਾ ਰਾਮ ਦੇ ਹਿੱਸੇ ਵੀ ਆਇਆ ਸੀ। ਪਰ ਉਹਨਾਂ ਵਾਂਗ ਬਿਲਮ ਰਾਏ ਵੀ ਉਹਨੂੰ ਪਚਾਉਣ ਤੇ ਆਪਣੀ ਨਿੱਗਰ ਨਿਰਮਾਣਤਾ ਨੂੰ ਕਾਇਮ ਰਖਣ ਵਿਚ ਅਸਮਰਥ ਹੀ ਰਹੇ। ਆਪਣੇ ਆਲੇ-ਦੁਆਲੇ ਵਡੇ-ਵਡੇ ਅਦਾਕਾਰਾਂ, ਸੇਠਾਂ ਤੇ ਡਿਸਟ੍ਰੀਬਿਊਟਰਾਂ ਦੀ ਭਿਣ-ਭਿਣ ਨੂੰ ਉਹ ਵੀ ਨਹੀਂ ਸਨ ਰੋਕ ਸਕੇ। ਨਤੀਜੇ ਵਜੋਂ ਆਪਣਾ ਯਥਾਰਥਵਾਦੀ ਤੇ ਅਗਾਂਹ-ਵਧੂ ਜ਼ਮੀਰ ਨਾਲ ਉਹ ਵੀ ਸਮਝੌਤੇ ਕਰਨ ਲਗ ਪਏ। ਇਤਨਾ ਹੀ ਨਹੀਂ, ਆਪਣੇ ਸਾਥੀਆਂ ਦੀ ਸ਼ਲਾਘਾ ਦਾ ਹਿੱਸਾ ਵੀ ਆਪਣੇ ਪੇਟੇ ਹੀ ਪਾਉਣ ਲਗ ਪਏ। ਨਤੀਜੇ ਵਜੋਂ ਸੱਚੇ ਹਿਤ-ਚਿੰਤਕ, ਗੁਣਵਾਨ ਸਾਥੀ ਸਾਥ ਛੱਡ ਗਏ। ਉਹਨਾਂ ਦੀ ਥਾਂ ਮੂਰਖਾਂ ਤੇ ਚਾਪਲੂਸਾਂ ਨੇ ਲੈ ਲਈ। ਤਕਨੀਕ ਦਾ ਪਲੜਾ ਰੋਜ਼ ਬਰੋਜ਼ ਭਾਰਾ ਹੁੰਦਾ ਗਿਆ, ਕਲਾ ਦੀ ਆਤਮਾ ਖੁਰਦੀ ਚਲੀ ਗਈ। ਬਦੇਸ਼ਾਂ ਵਿਚ ਜੋ ਥਾਂ ਬਿਮਲ ਰਾਏ ਨੇ ਬਣਾਈ ਸੀ, ਉਹ ਸਤਿਆਜੀਤ ਰੇਅ ਨੇ ਮੱਲ ਲਈ। ਫੇਰ ਵਪਾਰਕ ਸੂਝ-ਬੂਝ ਤਾਂ ਉਹਨਾਂ ਕੋਲ ਹੈ ਹੀ ਨਹੀਂ ਸੀ, ਆਖਰ ਕਲਾਕਾਰ ਸਨ। ਖਰਚੇ ਤੇ ਅਡੰਬਰ ਵਧਦੇ ਗਏ! ਐਸੇ ਗੋਰਖਧੰਦੇ ਵਿਚ ਫਸਦੇ ਗਏ, ਜਿਸ ਵਿਚੋਂ ਨਿਕਲਣ ਦਾ ਰਾਹ ਕਿਸੇ ਨੂੰ ਘਟ ਵਧ ਹੀ ਲੱਭਦਾ ਹੈ। ਅਖੀਰ, ਸੁਖ-ਸ਼ਾਂਤੀ, ਸਿਹਤ, ਸਭ ਨੇ ਜਵਾਬ ਦੇ ਦਿਤਾ, ਅਤੇ ਪਚਵੰਜਾ ਸਾਲ ਦੀ ਛੋਟੀ ਉਮਰ ਵਿਚ ਹੀ ਅਕਾਲ ਚਲਾਣਾ ਕਰ ਗਏ। ਫਿਲਮ ਇੰਡਸਟਰੀ ਲਈ ਇਹ ਬਹੁਤ ਵੱਡਾ ਦੁਖਾਂਤ ਸੀ। ਉਹਨਾਂ ਦੇ ਜਾਣ ਨਾਲ ਇਕ ਖਲਾਅ ਜਿਹਾ ਪੈਦਾ ਹੋ ਗਿਆ ਸੀ, ਜਿਸ ਨੂੰ ਅਜੇ ਤਕ ਪੂਰਿਆ ਨਹੀਂ ਜਾ ਸਕਿਆ। ਉਹਨਾਂ ਜਿਹੇ ਅਲੋਕਾਰ ਫਿਲਮਸਾਜ਼ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ।
ਸ਼ੁਹਰਤ ਮੈਨੂੰ ਵੀ 'ਦੋ ਬਿਘਾ ਜ਼ਮੀਨ' ਨੇ ਖੂਬ ਦਵਾਈ। ਬੇਸੁਧ ਦੁਨੀਆਂ ਨੂੰ ਅਚਨਚੇਤ ਚੇਤ ਆ ਗਿਆ ਕਿ ਮੈਂ ਸ਼ਾਂਤੀ ਨਿਕੇਤਨ ਵਿਚ ਅਧਿਆਪਕ ਤੇ ਲੰਡਨ ਵਿਚ ਬੀ. ਬੀ. ਸੀ. ਦਾ ਅਨੌਂਸਰ ਰਹਿ ਚੁੱਕਾ ਸਾਂ। ਹੁਣ ਤਕ ਫਜ਼ੀਤੀ ਦੇ ਡਰ ਮਾਰਿਆਂ ਮੈਂ ਕਦੇ ਇਹਨਾਂ ਗੱਲਾਂ ਦਾ ਜ਼ਿਕਰ ਨਹੀਂ ਸੀ ਕੀਤਾ। ਉਹੀ ਅਖੌਤ ਕਿ 'ਜਿਹਦੇ ਪੱਲੇ ਦਾਣੇ, ਉਹਦੇ ਕਮਲੇ ਵੀ ਸਿਆਣੇ'।
ਕਈ ਅਕਲਾਂ ਦੇ ਕੋਠੇ ਮੈਨੂੰ ਇਨਕਲਾਬੀ ਖੰਭ ਵੀ ਲਾਉਣ ਲਗ ਪਏ। ਲਖਪਤੀ ਬਾਪ ਦਾ ਬੇਟਾ, ਜਿਹਦਾ ਦਿਲ ਗਰੀਬਾਂ ਤੇ ਸਿਰਫ ਗਰੀਬਾਂ ਲਈ ਹੀ ਧੜਕਦਾ ਹੈ। ਉਹ ਪੈਸੇ ਦੇ ਲਾਲਚ ਵਜੋਂ ਨਹੀਂ, ਫਿਲਮੀ ਦੁਨੀਆਂ ਨੂੰ ਇਨਕਲਾਬੀ ਮੋੜ ਦੇਣ ਲਈ ਮੈਦਾਨ ਵਿਚ ਉਤਰਿਆ ਹੈ। ਉਹ ਸਿਰਫ ਉਹਨਾਂ ਫਿਲਮਾਂ ਵਿਚ ਕੰਮ ਕਰਦਾ ਹੈ, ਜੋ ਮਿਹਨਤਕਸ਼ ਅਵਾਮ ਦੀ ਆਵਾਜ਼, ਸੱਚ, ਹੱਕ ਤੇ ਇਨਸਾਫ ਦੀ ਵੰਗਾਰ ਹੋਣ। ਤੇ ਲੁਤਫ ਦੀ ਗੱਲ ਇਹ ਕਿ ਜੋ ਤਸਵੀਰ ਮੇਰੀ ਅਖਬਾਰਾਂ ਨੇ ਖਿਚਣੀ ਸ਼ੁਰੂ ਕੀਤੀ, ਮੈਂ ਅਚਿੰਤੇ ਉਸੇ ਉਪਰ ਆਪਣੇ ਆਪ ਨੂੰ ਢਾਲਣ ਵੀ ਸ਼ੁਰੂ ਕਰ ਦਿਤਾ।
ਪਰ ਪੈਸੇ ਦੇ ਪੱਖੋਂ ਮੈਂ 'ਹਮ ਲੋਗ' ਵਾਂਗ 'ਦੋ ਬਿਘਾ ਜ਼ਮੀਨ' ਮਗਰੋਂ ਵੀ ਠੰਨ-ਠੰਨ ਗੋਪਾਲ ਹੀ ਰਿਹਾ। ਲਗਭਗ ਛੇ ਮਹੀਨੇ ਬੇਰਜ਼ਗਾਰੀ ਰਹੀ। ਜਦੋਂ ਕਦੇ ਕੰਮ ਦੀ ਭਾਲ ਵਿਚ ਸਟੂਡੀਉਆਂ ਦੇ ਗੇੜੇ ਮਾਰਦਾ, ਲੋਕਾਂ ਦੀਆਂ ਨਜ਼ਰਾਂ ਮੈਨੂੰ ਵਿੰਨ੍ਹਦੀਆਂ ਪਰਤੀਤ ਹੁੰਦੀਆਂ। ਜੇਲ੍ਹ 'ਚੋਂ ਲਿਆਂਦੀ ਪੇਚਸ਼ ਦੀ ਸੁਗਾਤ ਕਾਰਨ ਸਿਹਤ ਪਹਿਲਾਂ ਹੀ ਮਾਸ਼ਾਅੱਲਾ ਸੀ, ਜੋ ਘਰ ਵਿਹਲੇ ਬਹਿ ਬਹਿ ਕੇ ਹੋਰ ਵੀ ਨਿੱਘਰ ਗਈ। ਹੱਥਾਂ ਪੈਰਾਂ ਦੀਆਂ ਉਂਗਲਾਂ ਵਿਚ ਐਗਜ਼ੀਮੇ (ਖਾਰਸ਼) ਦਾ ਪੁਰਨ ਉਦਘਾਟਨ ਹੋ ਗਿਆ। ਇਹ ਸੋਚ ਕੇ ਵੀ ਡੋਬੂ ਪੈਂਦੇ ਕਿ ਕਿਤੇ ਮੇਰੇ ਨਾਂ ਨਾਲ ਲੱਗਾ 'ਕਮਿਊਨਿਸਟ' ਵਿਸ਼ੇਸ਼ਣ ਹੀ ਤਾਂ ਨਹੀਂ ਨਿਰਮਾਤਾਵਾਂ ਨੂੰ ਭੈਭੀਤ ਕਰ ਰਿਹਾ। ਅਤ ਖੁਦਾ-ਖੁਦਾ ਕਰਕੇ ਇਕ ਕਾਂਟਰੈਕਟ ਨਸੀਬ ਹੋ ਈ ਗਿਆ। ਉਸ ਫਿਲਮ ਦਾ ਨਾਂ ਸੀ, 'ਬਾਜ਼ੂਬੰਦ'। ਰਾਮਾਨੰਦ ਸਾਗਰ ਨੇ ਨਿਰਦੇਸ਼ਕ ਕੀਤਾ ਸੀ। ਮੇਰਾ ਰੋਲ ਤਾਂ ਨਾਇਕ ਦਾ ਸੀ, ਪਰ ਕਾਰੇ ਖਲ-ਨਾਇਕ ਵਰਗੇ। ਇਕ ਐਸਾ ਸ਼ਰਾਬੀ-ਕਬਾਬੀ ਧਨੀ ਜੋ ਇਕ ਕੰਜਰੀ ਦੇ ਹੁਸਨ ਦਾ ਗੁਲਾਮ ਹੋ ਕੇ ਆਪਣੀ ਸੁਯੋਗ ਸੁਸ਼ੀਲ ਪਤਨੀ ਨੂੰ ਤਸੀਹੇ ਦੇਂਦਾ ਹੈ।

ਇਕ ਦਿਨ ਸੈੱਟ ਉਤੇ ਅਚਣਚੇਤ ਬਿਮਲ ਤਸ਼ਰੀਫ ਲੈ ਆਏ, ਜਿਵੇਂ ਕਦੇ 'ਹਮ ਲੋਗ' ਦੇ ਸੈੱਟ ਉਤੇ ਆਏ ਸਨ। ਬਨੋਟੀ ਨਸ਼ੇ ਵਿਚ ਗਿੱਠ ਭਰ ਮੂੰਹ ਲਮਕਾ ਕੇ ਮੈਂ ਕੰਜਰੀ ਦਾ ਨਾਚ ਵੇਖ ਰਿਹਾ ਸਾਂ। ਬਿਮਲ ਨੂੰ ਵੇਖ ਕੇ ਮੈਨੂੰ ਸ਼ਰਮ ਜਹੀ ਮਹਿਸੂਸ ਹੋਣ ਲੱਗ ਪਈ।
ਉਹਨਾਂ ਮੇਰੇ ਕੰਨ ਕੋਲ ਆ ਕੇ ਕਿਹਾ, " 'ਦੋ ਬਿਘਾ ਜ਼ਮੀਨ' ਮਗਰੋਂ ਇਹੋ ਜਹੀਆਂ ਫਿਲਮਾਂ ਵਿਚ ਕੰਮ ਕਰਨ ਲਗ ਪਏ ਓ?"
ਮੈਂ ਸੁਣ ਕੇ ਠਠੰਬਰ ਗਿਆ। ਕੋਈ ਜਵਾਬ ਨਾ ਬਣ ਸਕਿਆ ਮੈਥੋਂ। ਪਰ ਅੰਦਰੇ ਅੰਦਰ ਮੇਰਾ ਮਨ ਕੁੜਿੱਤਣ ਨਾਲ ਭਰ ਗਿਆ। ਦੂਸਰੇ ਦੀ ਅਲੋਚਨਾ ਕਰਨਾ ਕਿਤਨਾ ਸੌਖਾ ਹੁੰਦਾ ਹੈ! ਹਰ ਕੋਈ ਦੂਸਰੇ ਤੋਂ ਹੀ ਆਦਰਸ਼ ਇਨਸਾਨ ਤੇ ਕੁਰਬਾਨੀ ਦਾ ਮੁਜੱਸਮਾ ਬਣਨ ਦੀ ਉਮੈਦ ਕਰਦਾ ਹੈ। ਮੁਸ਼ਕਲਾਂ ਨਾਲ ਮੇਰਾ ਦਾਣਾ-ਪਾਣੀ ਫੇਰ ਤੁਰਿਆ ਸੀ। ਉਸ ਵੇਲੇ ਮੇਰੀ ਨਜ਼ਰ ਵਿਚ 'ਵਾਜ਼ੂਬੰਦ' ਦੀ ਕੀਮਤ 'ਦੋ ਬਿਘਾ ਜ਼ਮੀਨ' ਨਾਲੋਂ ਸੌ ਗੁਣਾਂ ਵਧੀਕ ਸੀ। ਉਸ ਦੇ ਸਹਾਰੇ ਮੇਰੇ ਬੱਚਿਆਂ ਦਾ ਪੇਟ ਪਲਦਾ ਸੀ। ਕੀ ਬਿਮਲ ਨੂੰ ਇਹੋ ਜਿਹਾ ਵਿਅੰਗ ਕਰਨਾ ਵਾਜਬ ਸੀ, ਜਦ ਆਪ ਉਹਨਾਂ ਮੇਰੀ ਬਾਤ ਨਹੀਂ ਸੀ ਪੁੱਛੀ?
ਕੀ ਪਤਾ, ਵਿਅੰਗ ਨਾ ਕੀਤਾ ਹੋਵੇ। ਕੀ ਪਤਾ, ਮੇਰੇ ਵਾਂਗ ਬਿਮਲ ਵੀ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਨਾਲ ਵੇਖਣ ਲਗ ਪਏ ਹੋਣ। ਜਿਵੇਂ ਇਨਕਲਾਬੀ ਫਿਲਮ ਨਹੀਂ ਬਣਾਈ ਸਗੋਂ ਸਚਮੁਚ ਇਨਕਲਾਬ ਕੀਤਾ ਹੋਵੇ। ਥੋੜ੍ਹਾ ਚਿਰ ਪਹਿਲਾਂ ਇਕ ਹੋਰ ਬੰਗਾਲੀ ਨਿਰਦੇਸ਼ਕ ਹੇਮੇਨ ਗੁਪਤਾ ਨੇ 'ਆਨੰਦ ਮਠ' ਬਣਾਈ ਸੀ। ਅੰਗਰੇਜ਼ ਦੇ ਜ਼ਮਾਨੇ ਵਿਚ ਹੇਮੇਨ ਗੁਪਤਾ ਆਪ ਇਕ ਪਿਸਤੌਲਬਾਜ਼ ਇਨਕਲਾਬੀ ਰਹਿ ਚੁੱਕੇ ਸਨ। "1942" ਤੇ 'ਭੂਲੀ ਨਾਈਂ' ਵਰਗੀਆਂ ਮਾਅਰਕੇ ਦੀਆਂ ਫਿਲਮਾਂ ਬੰਗਾਲੀ ਜ਼ਬਾਨ ਵਿਚ ਬਣਾਉਣ ਮਗਰੋਂ ਉਹ ਬੰਬਈ ਆਏ ਸਨ। 'ਆਨੰਦ ਮਠ' ਬੰਕਿਮ ਚੰਦਰ ਚੈਟਰਜੀ ਦੇ ਨਾਵਲ ਉਪਰ ਆਧਾਰਤ ਸੀ। ਉਹ ਵੀ ਇਨਕਲਾਬੀ ਤਹਿਰੀਕ ਬਾਰੇ ਲਿਖਿਆ ਹੋਇਆ ਨਾਵਲ ਹੈ। ਹੇਮੇਨ ਗੁਪਤਾ ਨੇ ਉਸ ਫਿਲਮ ਦੀ ਸ਼ੂਟਿੰਗ ਨੂੰ ਵੀ ਇਕ ਇਨਕਲਾਬੀ ਮਹਾ-ਯੱਗ ਬਣਾ ਦਿੱਤਾ ਸੀ। ਅਦਾਕਾਰੀ ਦੀ ਜਾਨ ਨੂੰ ਖਤਰੇ ਵਿਚ ਪਾ ਕੇ ਸ਼ਾਟ ਲੈਂਦਿਆਂ ਉਹਨਾਂ ਨੂੰ ਇੰਜ ਮਹਿਸੂਸ ਹੁੰਦਾ ਸੀ, ਆਪਣੇ ਦੇਸ਼-ਬਲਿਦਾਨੀ ਬੀਤੇ ਨੂੰ ਫੇਰ ਜੀਊਂ ਰਹੇ ਹੋਣ। ਉੱਘੇ ਅਦਾਕਾਰਾਂ ਉਤੇ ਤਾਂ ਉਸ ਜੋਸ਼ ਦਾ ਪ੍ਰਭਾਵ ਨਹੀਂ ਸੀ ਪੈਂਦਾ, ਪਰ ਪੈਸੇ ਦੀ ਮਜਬੂਰੀ ਛੋਟੇ ਅਦਾਕਾਰਾਂ ਤੇ ਐਕਸਟਰਾਵਾਂ ਨੂੰ ਜ਼ਰੂਰ ਉਹਨਾਂ ਦਾ ਆਗਿਆਕਾਰੀ ਬਣਾ ਦੇਂਦਾ ਸੀ। ਉਹ ਉਹਨਾਂ ਤੋਂ ਆਪਣੇ ਹੁਕਮ ਉਤੇ ਮਰ ਮਿਟਣ ਦੀ ਉਵੇਂ ਹੀ ਆਸ ਕਰਦੇ ਸਨ, ਜਿਵੇਂ ਨੈਪੋਲੀਅਨ ਆਪਣੇ ਸਿਪਾਹੀਆਂ ਤੋਂ ਕਰਦਾ ਸੀ। ਤਿੰਨ-ਚਾਰ ਐਕਸਟਰਾ ਤਾਂ ਸਚਮੁਚ ਮਰ ਮਿਟੇ ਸਨ। 'ਦੋ ਬਿਘਾ ਜ਼ਮੀਨ' ਵਿਚ ਕੰਮ ਕਰਨ ਮਗਰੋਂ ਮੈਂ ਵੀ ਤਾਂ ਨਹੀਂ ਸਾਂ ਕਿਤੇ, ਬਿਮਲ ਦੀਆਂ ਨਜ਼ਰਾਂ ਵਿਚ, ਕਿਸੇ ਮਹਾ-ਯੱਗ ਲਈ ਵਕਫ ਹੋ ਗਿਆ? ਦੇਸ਼ ਉਹਨਾਂ ਨੂੰ ਯਥਾਰਥਵਾਦੀ ਕਲਾ ਦਾ ਇਸ਼ਟ-ਦੇਵ ਮਿੱਥ ਚੁਕਾ ਸੀ। ਫੇਰ, ਮੈਨੂੰ ਉਹਨਾਂ ਦੇ ਚਰਨਾਂ ਤੋਂ ਦੂਰ ਜਾਣ ਦਾ ਕੀ ਹੱਕ?
ਅਖਾਣ ਅਨੁਸਾਰ, ਸ਼ਬਦ ਦਾ ਫੱਟ ਮੁਸ਼ਕਲ ਨਾਲ ਮੌਲਦਾ ਹੈ। ਯਕੀਨਨ ਬਿਮਲ ਨੇ ਉਹ ਸ਼ਬਦ ਸਹਿਜ ਭਾਵ ਨਾਲ ਕਹੇ ਸਨ ਪਰ ਫੇਰ ਵੀ ਮੈਂ ਉਹਨਾਂ ਨੂੰ ਮਾਫ ਨਾ ਕਰ ਸਕਿਆ। ਮੇਰੀ ਮਨੋਦਸ਼ਾ ਹੀ ਕੁਝ ਐਸੀ ਸੀ। ਇੰਡੀਅਨ ਪੀਪਲਜ਼ ਥੀਏਟਰ ਤੇ ਕਮਿਊਨਿਸਟ ਪਾਰਟੀ ਨਾਲੋਂ ਟੁੱਟ ਕੇ ਜੀਵਨ ਬੇਮੁਹਾਰ ਸੀ। ਉਤੋਂ ਪੁਲਸ ਦੀਆਂ ਤੁੱਖਣੀਆਂ, ਜਿਨ੍ਹਾਂ ਵਿਚ ਮੈਨੂੰ ਮੁਖਬਿਰ ਬਣਾਉਣ ਦੀ ਕੋਸ਼ਿਸ਼ ਵੀ ਸ਼ਾਮਲ ਸੀ। ਤੇ ਸਾਥੀਆਂ ਦੇ ਟੋਕਾਂ ਮਾਰਨ ਦੇ ਅਧਿਕਾਰ ਦੀ ਦੁਰਵਰਤੋਂ ਨੇ ਬੇਜ਼ਾਰ ਕੀਤਾ ਹੋਇਆ ਸੀ। ਫਿਲਮਾਂ ਦੇ ਘਟੀਆ ਮਾਹੌਲ ਦੀ ਤਲਖੀ ਵੱਖਰੀ।
ਬਿਮਲ ਰਾਏ ਦੇ ਆਉਣ ਤੋਂ ਪਹਿਲਾਂ ਅਨਵਰ ਹੁਸੈਨ ਫਿਲਮ ਲਾਈਨ ਦੇ ਅਤੀ ਦੁਖਾਵੇਂ ਕਿੱਸੇ ਸੁਣਾ ਰਿਹਾ ਸੀ। ਉਹਨਾਂ ਵਿਚੋਂ ਇਕ ਮੈਨੂੰ ਅਜੇ ਤੀਕ ਯਾਦ ਹੈ। ਮੀਨਾ ਕੁਮਾਰੀ ਨੇ ਇਕ ਉੱਘੇ ਫਿਲਮ ਨਿਰਮਾਤਾ-ਨਿਰਦੇਸ਼ਕ ਦੀ ਫਿਲਮ 'ਸਾਈਨ' ਕੀਤੀ। ਸ਼ੂਟਿੰਗ ਦੇ ਪਹਿਲੇ ਦਿਨ ਹੀ ਲੰਚ ਵੇਲੇ ਟੇਬਲ ਹੇਠਾਂ ਸਾਹਿਬ ਨੇ ਮੀਨਾ ਕੁਮਾਰੀ ਦੇ ਪੈਰ ਉਤੇ ਪੈਰ ਧਰ ਦਿੱਤਾ। (ਇਹੋ ਜਹੀਆਂ ਕੋਸ਼ਿਸ਼ਾਂ ਨਿਰਮਾਤਾ-ਨਿਰਦੇਸ਼ਕ ਆਪਣਾ ਹੱਕ ਸਮਝਦੇ ਹਨ। ਇੰਡਸਟਰੀ ਵਿਚ ਆਮ ਮਸ਼ਹੂਰ ਹੈ ਕਿ ਕਿਸੇ ਨਾ ਕਿਸੇ ਦੀਆਂ ਟੰਗਾਂ ਹੇਠੋਂ ਲੰਘੇ ਬਿਨਾਂ ਘਟ ਵਧ ਹੀ ਕੋਈ ਨਵੀਂ ਕੁੜੀ ਨਾਇਕਾ ਬਣਨ ਦੀ ਆਸ ਕਰ ਸਕਦੀ ਹੈ। ਕਈ ਤਾਂ ਲਾਰਿਆਂ ਉਤੇ ਇਤਬਾਰ ਕਰਕੇ ਹੀ ਆਪਣਾ ਆਪ ਬਰਬਾਦ ਕਰ ਬਹਿੰਦੀਆਂ ਹਨ।) ਮੀਨਾ ਕੁਮਾਰੀ ਕੋਈ ਛੋਟੀ ਮੋਟੀ ਹਸਤੀ ਨਹੀਂ ਸੀ। ਉਹਨੇ ਅਪਮਾਨਿਤ ਮਹਿਸੂਸ ਕੀਤਾ, ਤੇ ਅਲੱਗ ਲੈ ਜਾ ਕੇ ਸ਼ਰੀਫਾਂ ਵਾਂਗ ਪੇਸ਼ ਆਉਣ ਦੀ ਦਰਖਾਸਤ ਕੀਤੀ। ਬਦਲਾ ਲੈਣ ਲਈ ਨਿਰਮਾਤਾ ਨੇ ਇਕ ਐਸਾ ਸੀਨ ਲਿਖਾਇਆ ਜਿਸ ਵਿਚ ਨਾਇਕ ਨਾਇਕਾ ਨੂੰ ਕੱਸ ਕੇ ਚਪੇੜ ਮਾਰਦਾ ਹੈ। ਇਕੱਤੀ ਰੀਟੇਕ ਲਏ ਉਸ ਦੇ। ਤੇ ਨਾਇਕ ਵੀ ਕੋਈ ਮਾਮੂਲੀ ਅਦਾਕਾਰ ਨਹੀਂ ਸੀ। ਪਹਿਲੇ ਨੰਬਰ ਦਾ ਫਿਲਮੀ ਕਲਾਕਾਰ। ਹਿੰਦੁਸਤਾਨ ਦੀਆਂ ਲੱਖਾਂ ਕੁੜੀਆਂ ਉਸ ਦੇ ਨਾਂ ਨੂੰ ਪੂਜਦੀਆਂ, ਤੇ ਫੋਟੋ ਸਾਹਮਣੇ ਰਖ ਕੇ ਹਉਕਾ ਭਰਦੀਆਂ ਸਨ। ਨਾਇਕ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਚਪੇੜਾਂ ਕਿਉਂ ਮਰਵਾਈਆਂ ਜਾ ਰਹੀਆਂ ਸਨ। ਫੇਰ ਵੀ, ਮਰਦ ਦਾ ਪੁੱਤਰ ਮਾਰਦਾ ਹੀ ਗਿਆ। ਇਕੱਤੀ ਚਪੇੜਾਂ। ਮੀਨਾ ਕੁਮਾਰੀ ਨੇ ਉਫ ਨਹੀਂ ਕੀਤੀ। 'ਸ਼ਾਟ' ਮੁਕਾ ਕੇ ਮੇਕ-ਅਪ-ਰੂਮ ਵਿਚ ਗਈ, ਤੇ ਰੋਈ। ਇਕ ਗੱਲ ਹੋਰ ਯਾਦ ਆਉਂਦੀ ਹੈ। ਉਸ ਵੇਲੇ ਮੈਨੂੰ ਗਦਰੀ ਬਾਬਾ ਗੁਰਮੁਖ ਸਿੰਘ ਬਹੁਤ ਯਾਦ ਆਏ ਸਨ। ਜੇਲ੍ਹ 'ਚੋਂ ਉਮਰ-ਕੈਦ ਕਟ ਕੇ ਰਿਹਾ ਹੋਣ ਮਗਰੋਂ ਉਹ ਬੰਬਈ ਕਮਿਊਨਿਸਟ ਪਾਰਟੀ ਦੇ ਦਫਤਰ ਆ ਕੇ ਠਹਿਰੇ ਸਨ। ਇਕ ਕਾਮਰੇਡ ਮੈਨੂੰ ਉਹਨਾਂ ਦੇ ਦਰਸ਼ਨ ਕਰਾਉਣ ਲੈ ਗਿਆ ਸੀ। ਮੇਰੇ ਵਲ ਉਹਨਾਂ ਘੂਰ ਕੇ ਵੇਖਿਆ ਸੀ, ਤੇ ਕਿਹਾ ਸੀ, "ਓਏ ਬਲਰਾਜ, ਤੂੰ ਪੰਜਾਬੀ! ਪੰਜਾਬ ਕਿਉਂ ਨਹੀਂ ਜਾਂਦਾ? ਏਥੇ ਕੀ ਕਰ ਰਿਹਾ ਏਂ?"
ਮੈਂ ਉਹਨਾਂ ਦੀ ਗੱਲ ਨੂੰ ਹੱਸ ਕੇ ਗੁਆ ਛਡਿਆ ਸੀ। ਬੰਬਈ-ਸ਼ਾਖਾ ਦਾ ਜਨਰਲ ਸਕੱਤਰ ਹੋਣ ਕਰਕੇ ਮੈਂ ਬਦੋਬਦੀ ਕੁਲ-ਹਿੰਦ ਇਪਟਾ ਦਾ ਲੀਡਰ ਬਣਿਆਂ ਫਿਰਦਾ ਸਾਂ। ਪਰ ਉਹੀ ਸਵਾਲ ਮੇਰੇ ਮਨ ਵਿਚ ਬਾਰ-ਬਾਰ ਉੱਠਿਆ। ਪੰਜਾਬ ਜਾ ਕੇ ਫੇਰ ਕਿਉਂ ਵਾਪਸ ਆ ਗਿਆ ਮੈਂ ਇਸ ਕੁਲਹਿਣੀ ਨਗਰੀ ਵਿਚ? ਕਿਉਂ ਨਾ ਨੱਠ ਜਾਵਾਂ? ਆਪਣੇ ਲੋਕ, ਆਪਣੀ ਬੋਲੀ, ਆਪਣਾ ਅੰਨ-ਪਾਣੀ। ਪਰ ਉੱਥੇ ਜਾ ਕੇ ਕਰਾਂਗਾ ਕੀ? ਉੱਥੇ ਤਾਂ ਏਥੋਂ ਨਾਲੋਂ ਵੀ ਬੁਰੇ ਹਾਲ ਸਨ। ਮੇਰਾ ਭਰਾ ਭੀਸ਼ਮ ਥਾਂ ਥਾਂ ਧੱਕੇ ਖਾ ਰਿਹਾ ਸੀ। ਰਾਜਬੰਸ, ਰਾਜਿੰਦਰ ਸਿੰਘ ਬੇਦੀ, ਸਾਹਿਰ ਲੁਧਿਆਣਵੀ ਤੇ ਕਿਤਨੇ ਹੋਰ ਸਾਥੀ ਰੁਜ਼ਗਾਰ ਦੀ ਭਾਲ ਵਿਚ ਬੰਬਈ ਨੱਠੇ ਆਉਂਦੇ ਸਨ। ਮੇਰਾ ਤਾਂ ਫੇਰ ਵੀ ਕਿਸੇ ਨਾ ਕਿਸੇ ਮਾਤਰਾ ਵਿਚ ਨਹੁੰ ਅੜਿਆ ਹੋਇਆ ਸੀ। ਮਾਰਦੀ ਰਹੇ ਦੁਨੀਆਂ ਟੋਕਾਂ। ਪਹਿਲਾ ਕੰਮ ਆਰਥਿਕ ਤੌਰ ਤੇ ਸੁਤੰਤਰ ਹੋਣਾ ਹੈ। ਉਸ ਬਿਨਾਂ ਚਾਰਾ ਨਹੀਂ। ਤੇ ਉਸ ਲਈ ਆਪਣੇ ਕੰਮ ਵਿਚ ਮੁਹਾਰਤ ਹਾਸਲ ਕਰਨੀ ਪਏਗੀ। ਹੋਰ ਮਿਹਨਤ ਕਰਨੀ ਪਏਗੀ। ਫਿਲਮਾਂ ਵਿਚ ਜੀਅ ਲਗਦਾ ਹੈ ਭਾਵੇਂ ਨਹੀਂ, ਮਾਹੌਲ ਭਾਵੇਂ ਕਿਹੋ ਜਿਹਾ ਹੈ, ਮੈਂ ਕਾਮਯਾਬ ਹੋ ਕੇ ਵਿਖਾਉਣਾ ਹੈ। ਪੰਜਾਬ ਨੂੰ ਯਾਦ ਕਰਨਾ ਭਜਾਕਲਪਣੇ ਤੋਂ ਛੁੱਟ ਹੋਰ ਕੁਝ ਨਹੀਂ।

...
ਕਹਿ ਨਹੀਂ ਸਕਦਾ ਕਿ ਮਨ ਦੇ ਤਰਕ-ਵਿਤਰਕ ਕਿਤਨੇ ਕੁ ਸੱਚੇ ਸਨ, ਕਿਉਂਕਿ ਉਸ ਪਿਛੋਂ ਹਾਲਾਤ ਬਹੁਤ ਛੇਤੀ ਖੁਸ਼-ਗਵਾਰ ਹੋਣੇ ਸ਼ੁਰੂ ਹੋ ਗਏ ਸਨ। ਕਮਿਊਨਿਸਟ ਪਾਰਟੀ ਨੇ ਆਪਣੀ ਨਹਿਰੂ-ਵਿਰੋਧੀ ਪਾਲਿਸੀ ਬਦਲ ਦਿੱਤੀ ਸੀ। ਮੇਰੇ ਜਿਹਾਂ ਦੇ ਮੂੰਹ ਤੋਂ ਵਰਗ-ਵੈਰੀ ਤੇ ਗਦਾਰ ਹੋਣ ਦਾ ਦਾਗ ਪੂੰਝਿਆ ਗਿਆ। ਲਗਭਗ ਉਸੇ ਵੇਲੇ ਇਕੋ ਸਾਹੇ ਚਾਰ-ਪੰਜ ਹੋਰ ਫਿਲਮਾਂ ਦੇ ਕਾਂਟਰੈਕਟ ਮਿਲ ਗਏ - "ਔਲਾਦ", "ਟਕਸਾਲ", "ਆਕਾਸ਼", "ਰਾਹੀ"। ਕਮ-ਸੇ-ਕਮ ਅਗਲੇ ਚਾਰ-ਪੰਜ ਸਾਲ ਜੀਵਨ ਸੌਖਾ-ਸੁਖਾਲਾ ਸੀ। ਮੈਂ ਆਪਣੇ ਢੰਗ ਜੀਅ ਸਕਦਾ ਸਾਂ। ਜੇ ਚਾਹਾਂ ਤਾਂ ਅਗਾਂਹ-ਵਧੂ ਤਹਿਨੀਕ ਨਾਲ ਫੇਰ ਰਿਸ਼ਤਾ ਜੋੜ ਸਕਦਾ ਸਾਂ। ਫਿਲਮਾਂ ਦੇ ਘਟੀਆ ਮਾਹੌਲ ਨੂੰ ਚੰਗੇਰਾ ਬਣਾਉਣ ਲਈ ਜੂਝ ਸਕਦਾ ਸਾਂ।
ਪਰ ਇਤਨੀ ਬਹਾਦਰੀ ਮੇਰੇ ਅੰਦਰ ਕਿਥੇ? ਕਾਮਯਾਬੀ ਮਗਰੋਂ ਮੇਰੀ ਕਿਸਮਤ ਵਿਚ ਵੀ ਜ਼ਮੀਰ ਨਾਲ ਸਮਝੌਤਾ ਕਰਨਾ ਹੀ ਲਿਖਿਆ ਹੋਇਆ ਸੀ। ਬਿਮਲ ਨੇ ਵਿਅੰਗ ਕੀਤਾ ਵਕਤ ਤੋਂ ਪਹਿਲਾਂ, ਪਰ ਕੀਤਾ ਠੀਕ ਹੀ।
ਮੈਂ ਚਾਰਲੀ ਚੈਪਲਿਨ ਦੀ ਆਤਮ-ਕਥਾ ਬੜੇ ਸ਼ੌਕ ਨਾਲ ਪੜ੍ਹੀ ਹੈ। ਮੈਨੂੰ ਇੰਜ ਲੱਗਾ ਕਿ ਜਿਥੋਂ ਤੀਕ ਉਹ ਮਹਾਨ ਕਲਾਕਾਰ ਆਪਣੀ ਗੁਰਬਤ ਤੇ ਗੁਮਨਾਮੀ ਦੇ ਦਿਨਾਂ ਦਾ ਹਾਲ ਬਿਆਨ ਕਰਦਾ ਹੈ, ਉਸਦੀ ਦਾਸਤਾਨ ਆਖਰਾਂ ਦੀ ਦਿਲਚਸਪ ਰਹਿੰਦੀ ਹੈ। ਪਰ ਕਾਮਯਾਬੀ ਦੇ ਦੌਰ ਦਾ ਆਗਾਜ਼ ਹੁੰਦਿਆਂ ਹੀ ਉਹ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ। ਚੈਪਲਿਨ ਵਿਅਕਤੀ-ਸਮਸਿਆਵਾਂ ਤੇ ਲਾਰਡਾਂ-ਲੇਡੀਆਂ ਦੀ ਦੋਸਤੀ ਵਿਚ ਗੁਆਚਿਆ ਪਰਤੀਤ ਹੁੰਦਾ ਹੈ, ਜਿਵੇਂ ਰੂਹਾਨੀ ਤੌਰ ਉਤੇ ਉਹ ਛੋਟਾ ਹੁੰਦਾ ਜਾ ਰਿਹਾ ਹੋਵੇ। ਹਾਲਾਂਕਿ ਏਸੇ ਦੌਰ ਵਿਚ ਉਹਨੇ ਸੰਸਾਰ ਨੂੰ "ਗੋਲਡ ਰੱਸ਼", "ਮਾਡਰਨ ਟਾਈਮਜ਼", "ਗਰੇਟ ਡਿਕਟੇਟਰ", "ਮੂਸੀਓ ਵਰਦੂ" ਵਰਗੀਆਂ ਸ਼ਾਹਕਾਰ ਫਿਲਮਾਂ ਦਿਤੀਆਂ। ਅਜੀਬ ਵਿਪਰੀਤੀ ਸੀ ਇਹ। ਕਿਆ ਪਿੱਦੀ, ਕਿਆ ਕਾ ਸ਼ੋਰਬਾ! ਕਿਥੇ ਚਾਰਲੀ ਚੈਪਲਿਨ ਤੇ ਕਿਥੇ ਮੇਰੇ ਵਰਗਾ ਤੁੱਛ ਆਦਮੀ! ਜਿਤਨਾ ਮੈਂ ਤੁੱਛ, ਉਤਨੀ ਮੇਰੀ ਕਾਮਯਾਬੀ ਤੁੱਛ। ਫੇਰ ਵੀ, ਮੈਂ ਇਹ ਕਹਿਣ ਦੀ ਹਿੰਮਤ ਜ਼ਰੂਰ ਕਰਾਂਗਾ ਕਿ ਕਲਾਕਾਰ ਦੀ ਜ਼ਿੰਦਗੀ ਵਿਪਰੀਤੀਆਂ ਤੇ ਵਿਖਮਤਾਵਾਂ ਨਾਲ ਠਸਾਠੱਸ ਭਰੀ ਹੋਈ ਹੁੰਦੀ ਹੈ। ਉਸ ਦੇ ਕਿਰਦਾਰ ਦੀਆਂ ਸੀਮਾਵਾਂ ਤੇ ਕਮਜ਼ੋਰੀਆਂ ਵੀ ਕਈ ਵਾਰੀ ਉਸ ਦੇ ਕਲਾਤਮਿਕ ਵਿਕਾਸ ਦਾ ਸਰਚਸ਼ਮਾ ਬਣ ਜਾਂਦੀਆਂ ਹਨ।
ਹੁਣ ਤੀਕਰ ਜਿਨ੍ਹਾਂ ਫਿਲਮਾਂ ਵਿਚ ਮੈਂ ਕੰਮ ਕੀਤਾ ਉਹਨਾਂ ਦੇ ਨਾਂ ਪੜਸਾਂਗ ਦੀਆਂ ਪੌੜੀਆਂ ਵਾਂਗ ਗਿਣਾਉਂਦਾ ਆਇਆ ਹਾਂ। ਦਸਾਂ ਸਾਲਾਂ ਵਿਚ ਦਸ ਫਿਲਮਾਂ। ਪਰ ਅਗਲੇ, ਯਾਨੀ ਕਾਮਯਾਬੀ ਦੇ, ਅਠਾਰਾਂ ਵਰ੍ਹਿਆਂ ਵਿਚ ਮੈਂ ਸੌ ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕਰ ਗਿਆ। ਕਿਸ਼ਤੀ ਸੁਗਮ ਪਾਣੀਆਂ ਵਿਚ ਸੁਪਨੇ ਵਾਂਗ ਥਿਰਕਦੀ ਚਲੀ ਗਈ। ਨਿਰਮਾਤਾ ਤੇ ਨੋਟਾਂ ਦੇ ਦੱਥੇ, ਹਵਾ ਤੇ ਪਾਣੀ ਵਾਂਗ ਹੋ ਗਏ, ਜਿਨ੍ਹਾਂ ਨੂੰ ਆਦਮੀ ਵਰਤਦਾ ਹੋਇਆ ਗੌਲਦਾ ਨਹੀਂ।
ਹੁਣ ਪੌੜੀਆਂ ਗਿਣਨ ਨਾਲ ਕੰਮ ਨਹੀਂ ਚਲ ਸਕਦਾ। ਕੋਈ ਹੋਰ ਤਕਨੀਕ ਲੱਭਣੀ ਪਏਗੀ ਜਿਸ ਨਾਲ ਆਤਮ-ਕਥਾ ਦੇ ਤੀਸਰੇ ਤੇ ਆਖਰੀ ਦੌਰ ਨੂੰ ਦਿਲਚਸਪੀ ਨਾਲ ਪੇਸ਼ ਕੀਤਾ ਜਾ ਸਕੇ। ਡਾਇਰੀਆਂ ਪੜ੍ਹਨੀਆਂ ਪੈਣਗੀਆਂ, ਯਾਦ-ਸ਼ਕਤੀ ਤੇ ਜ਼ੋਰ ਪਾਉਣਾ ਪਏਗਾ, ਸੋਚ-ਵਿਚਾਰ ਕਰਨੀ ਪਏਗੀ। ਇਸ ਲਈ ਮੁਹਲਤ ਚਾਹੀਦੀ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬਲਰਾਜ ਸਾਹਨੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ