Meri Malaya Yatra : Hira Singh Dard

ਮੇਰੀ ਮਲਾਇਆ ਯਾਤਰਾ : ਹੀਰਾ ਸਿੰਘ ਦਰਦ

ਮੇਰੇ ਦਿਲ ਵਿਚ ਪ੍ਰਦੇਸ਼ ਯਾਤਰਾ ਦਾ ਚਾਉ ਬਚਪਨ ਤੋਂ ਹੀ ਉਛਾਲੇ ਮਾਰਦਾ ਰਹਿੰਦਾ ਸੀ, ਪਰ ਆਰਥਕ ਰੁਕਾਵਟਾਂ ਤੇ ਘਰੋਗੀ ਬੰਧਨਾਂ ਨੇ ਮੈਨੂੰ ਜਵਾਨੀ ਢਲਣ ਦੀ 48 ਸਾਲ ਦੀ ਉਮਰ ਤੱਕ ਹਿੰਦੁਸਤਾਨ ਤੋਂ ਬਾਹਰ ਪੈਰ ਧਰਨ ਦਾ ਮੌਕਾ ਨਾ ਦਿੱਤਾ। ਸੈਲਾਨੀ ਤਬੀਅਤ ਹੋਣ ਕਰਕੇ ਅਤੇ 'ਫੁਲਵਾੜੀ' ਦੀ ਜਾਣ ਪਛਾਣ ਦੀ ਮਦਦ ਨਾਲ ਮੈਂ ਹਿੰਦੁਸਤਾਨ ਦੇ ਕਰੀਬ ਸਭ ਵੱਡੇ ਸ਼ਹਿਰਾਂ ਦੀ ਸੈਰ ਕਰ ਲਈ ਸੀ ਪਰ ਬਰਮਾ, ਮਲਾਇਆ, ਸਿਆਮ, ਕੈਨੇਡਾ, ਅਮਰੀਕਾ ਆਦਿ ਦੇਸਾਂ ਦੀ ਯਾਤਰਾ ਦੀ ਸੱਧਰ ਮੇਰੇ ਦਿਲ ਦੀ ਕੋਠੜੀ ਵਿਚ ਇਕ ਕੈਦੀ ਵਾਂਗ ਬੰਦੀਵਾਨ ਬਣੀ ਤੜਫਦੀ ਰਹਿੰਦੀ ਸੀ। ਮੇਰੀ ਆਰਥਕ ਤੇ ਸਮਾਜਕ ਹਾਲਤ ਅਜਿਹੀ ਨਹੀਂ ਸੀ ਕਿ ਮਨ ਵਿਚ ਉਬਾਲ ਉਠਦਿਆਂ ਹੀ, ਜਦ ਤੇ ਜਿਧਰ ਨੂੰ ਮੈਂ ਚਾਹਵਾਂ, ਉਠ ਤੁਰਾਂ ਅਤੇ ਜੋ ਚਾਹਵਾਂ ਕਰ ਲਵਾਂ।
ਮੈਂ ਆਪਣੇ ਹਾਲਾਤ ਦਾ ਮੁਥਾਜ ਸੀ। 1937 ਵਿਚ ਨਵੇਂ ਇੰਡੀਆ ਐਕਟ ਮੁਤਾਬਕ ਕਾਂਗਰਸ ਨੇ ਪਹਿਲੀ ਵੇਰ ਪੰਡਤ ਜਵਾਹਰ ਲਾਲ ਜੀ ਦੀ ਰਹਿਨੁਮਾਈ ਵਿਚ ਚੋਣਾਂ ਲੜੀਆਂ ਅਤੇ ਪ੍ਰਾਂਤਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਲਈ। ਜਿਥੇ ਬਹੁਸੰਮਤੀ ਪ੍ਰਾਪਤ ਕੀਤੀ, ਉਥੇ ਕਾਂਗਰਸੀ ਹਕੂਮਤਾਂ ਵੀ ਬਣਾ ਲਈਆਂ। ਇਨ੍ਹਾਂ ਦਿਨਾਂ ਵਿਚ ਕਾਂਗਰਸ ਦਾ ਇਕ ਉਘਾ ਵਰਕਰ ਹੋਣ ਕਰਕੇ ਚੋਣ ਘੋਲ ਵਿਚ ਮੈਂ ਸਰਗਰਮ ਹਿੱਸਾ ਲਿਆ ਸੀ, ਜਿੱਤ ਦੀ ਖੁਸ਼ੀ ਨੇ ਮੇਰੇ ਦਿਲ ਵਿਚ ਉਛਾਲਾ ਮਾਰਿਆ ਕਿ ਇਸ ਵਾਰੀ ਕਿਸੇ ਨਾ ਕਿਸੇ ਦੇਸ਼ ਦੀ ਜ਼ਰੂਰ ਯਾਤਰਾ ਕਰਾਂ ਅਤੇ ਪਰਦੇਸੀ ਭਰਾਵਾਂ ਨੂੰ ਇਕ ਤਾਂ ਕੌਮੀ ਜਿੱਤ ਦੇ ਪ੍ਰਸੰਨਤਾ ਭਰੇ ਸੰਦੇਸ਼ੇ ਸੁਣਾਵਾਂ, ਦੂਜੇ ਪਰੇਦਸੀ ਹਿੰਦੀ ਵੀਰਾਂ ਦੇ ਹਾਲ ਆਪਣੀ ਅੱਖੀਂ ਵੇਖ ਕੇ ਉਨ੍ਹਾਂ ਦੀਆਂ ਤਕਲੀਫਾਂ ਤੇ ਮੰਗਾਂ ਨੂੰ ਸਮਝਾਂ ਤੇ 'ਫੁਲਵਾੜੀ' ਦੀ ਵੀ ਮਹਿਕ ਖਿੰਡਾਵਾਂ।
ਸਬੱਬ ਅਜਿਹਾ ਬਣ ਗਿਆ ਕਿ ਗਿਆਨੀ ਹਰਬੰਸ ਸਿੰਘ ਮੇਰਾ ਸੈਲਾਨੀ ਮਿੱਤਰ ਖਾਲਸਾ ਹਾਈ ਸਕੂਲ ਕੈਰੋਂ ਦੀ ਉਗਰਾਹੀ ਕਰਨ ਲਈ ਮਲਾਇਆ ਗਿਆ ਹੋਇਆ ਸੀ। ਉਸ ਦੀਆਂ ਚਿੱਠੀਆਂ ਮੈਨੂੰ ਨਿੱਤ ਆਉਂਦੀਆਂ ਰਹਿੰਦੀਆਂ ਸਨ। ਉਸ ਨੇ ਲਿਖਿਆ ਸੀ ਕਿ ਬਾਬੂ ਬੁਧ ਸਿੰਘ ਜੀ ਕੁਆਲਾਲੰਪਰ, ਡਾਕਟਰ ਜਗਤ ਸਿੰਘ ਪੀਨਾਂਗ ਤੇ ਬਾਬੂ ਚੰਦਾ ਸਿੰਘ ਭਸੌੜੀਏ ਕੁਆਲਾਲੰਪਰ ਵਾਲੇ ਆਦਿਕ ਕਈ ਸੱਜਣ 'ਫੁਲਵਾੜੀ' ਰਾਹੀਂ ਮੇਰੇ ਬੜੇ ਪ੍ਰਸ਼ੰਸਕ ਬਣੇ ਹੋਏ ਸਨ ਤੇ ਬੜੇ ਚਾਹਵਾਨ ਹਨ ਕਿ ਇਕ ਵੇਰਾਂ ਮੈਂ ਵੀ ਮਲਾਇਆ ਯਾਤਰਾ ਕਰਕੇ ਉਨ੍ਹਾਂ ਨਾਲ ਪ੍ਰੇਮ ਮਿਲਣੀਆਂ ਕਰਾਂ। ਮਲਾਇਆ ਅਮਰੀਕਾ, ਕੈਨੇਡਾ ਨਾਲੋਂ ਬਹੁਤ ਨੇੜੇ ਵੀ ਹੈ ਤੇ ਇਥੋਂ ਦਾ ਪਾਸਪੋਰਟ ਵੀ ਨਹੀਂ ਸੀ। ਇਸ ਵਾਸਤੇ ਮੈਂ ਤੁਰੰਤ ਮਲਾਇਆ ਜਾਣ ਦਾ ਫੈਸਲਾ ਕਰਕੇ ਤਿਆਰੀ ਅਰੰਭ ਦਿੱਤੀ।
ਦਸੰਬਰ 1937 ਦੇ ਆਖਰੀ ਹਫਤੇ ਵਿਚ ਮੈਂ ਕਲਕਤੇ ਪਹੁੰਚ ਗਿਆ। ਹਫ਼ਤਾ ਕੁ ਕਲਕਤੇ ਦੀ ਸੈਰ ਕੀਤੀ। ਕਈ ਪੁਰਾਣੇ ਜੇਲ੍ਹ ਸਾਥੀ ਵੀ ਮਿਲੇ। ਇਥੇ ਵੀ ਮਲਾਇਆ ਤੋਂ ਖਤ ਤੇ ਸੱਦੇ ਪਹੁੰਚੇ। ਮੈਂ ਖਾਲਸਾ ਸ਼ਿਪਿੰਗ ਏਜੰਸੀ ਹੈਰੀਸਨ ਰੋਡ ਦੇ ਦਫ਼ਤਰ ਵਿਚ ਸਰਦਾਰ ਹਰੀ ਸਿੰਘ ਨੂੰ ਜਾ ਮਿਲਿਆ। ਇਨ੍ਹਾਂ ਦੀ ਸਪੁੱਤਰੀ ਬੀਬੀ ਅਮਰ ਕੌਰ ਮੇਰੀ ਚੰਗੀ ਜਾਣੂ ਪਛਾਣੂ ਸੀ। ਉਹ ਕਵਿਤਾ ਵੀ ਲਿਖਦੀ ਸੀ। ਇਹ ਪ੍ਰਸਿਧ ਪੁਰਾਣੇ ਅਖਬਾਰਨਵੀਸ ਭਾਈ ਜੀਵਨ ਸਿੰਘ ਐਡੀਟਰ 'ਖਾਲਸਾ ਸੇਵਕ' ਦੀ ਸਪੁੱਤਰੀ ਸੀ। ਕਵੀ ਤੇ ਲੇਖਕ ਹੋਣ ਕਰਕੇ 1912 ਤੋਂ ਮੇਰਾ ਭਾਈ ਜੀਵਨ ਸਿੰਘ ਨਾਲ ਸਬੰਧ ਬਣ ਗਿਆ ਸੀ। ਅਮਰ ਕੌਰ ਨੇ ਆਪਣੇ ਸੁਰਗਵਾਸੀ ਪਿਤਾ ਦਾ ਮਿੱਤਰ ਹੋਣ ਕਰਕੇ ਵੀ ਮੇਰੇ ਨਾਲ ਬੜਾ ਸਨੇਹ ਪ੍ਰਗਟ ਕੀਤਾ। ਇਨ੍ਹਾਂ ਪਾਸੋਂ ਤਸੱਲੀ ਭਰਪੂਰ ਜਹਾਜ਼ੀ ਵਾਕਫੀ ਤੇ ਪਰੋਗਰਾਮ ਦਾ ਪਤਾ ਲੱਗ ਗਿਆ। ਉਨ੍ਹਾਂ ਦੱਸਿਆ ਕਿ ਇਹ ਮੌਸਮ ਬੜਾ ਚੰਗਾ ਤੇ ਸਫਰ ਦੇ ਅਨੁਕੂਲ ਹੈ। ਇਨ੍ਹੀਂ ਦਿਨੀਂ ਸਮੁੰਦਰ ਵਿਚ ਤੂਫ਼ਾਨ ਦਾ ਕੋਈ ਖਤਰਾ ਨਹੀਂ। 16 ਦਸੰਬਰ ਨੂੰ ਬ੍ਰਿਟਿਸ਼ ਨੈਵੀਗੇਸ਼ਨ ਸਟੀਰਸ਼ਿਪ ਕੰਪਨੀ ਦਾ ਇਕ ਚੰਗਾ ਜਹਾਜ਼ ਐਸ਼ਐਸ਼ ਈਗਰਾ ਬਰਮਾ ਜਾਣ ਵਾਲਾ ਹੈ। ਰੰਗੂਨ ਪਹੁੰਚਦਿਆਂ ਹੀ ਦੂਜੇ ਦਿਨ ਮਲਾਇਆ ਦਾ ਜਹਾਜ਼ ਮਿਲ ਜਾਏਗਾ। ਉਨ੍ਹਾਂ ਦੀ ਸਲਾਹ ਮੰਨ ਕੇ ਮੈਂ ਉਸੇ ਵੇਲੇ 31 ਰੁਪਏ ਦੇ ਕੇ ਪੀਨਾਂਗ ਦਾ ਡੈਕ ਦਾ ਟਿਕਟ ਲੈ ਲਿਆ। ਸੈਕੰਡ ਕਲਾਸ ਉਤੇ ਦੁੱਗਣਾ ਖਰਚ ਕਰਨਾ ਅਤੇ ਆਮ ਮੁਸਾਫਰਾਂ ਤੋਂ ਨਿਖੜ ਕੇ ਤਿਆਗੀ ਜਿਹਾ ਹੋ ਬੈਠਣਾ ਮੈਨੂੰ ਪਸੰਦ ਨਹੀਂ ਸੀ। ਮੈਂ ਆਮ ਲੋਕਾਂ ਵਿਚ ਵਿਚਰਨਾ ਤੇ ਉਨ੍ਹਾਂ ਦੀਆਂ ਗੱਲਾਂ ਸੁਣਨੀਆਂ ਵਧੇਰੇ ਪਸੰਦ ਕਰਦਾ ਸੀ। ਮੈਂ ਮਲਾਇਆ ਦੇ ਸੱਜਣਾਂ ਮਿੱਤਰਾਂ ਨੂੰ ਆਪਣੇ ਆਉਣ ਦੀਆਂ ਹਵਾਈ ਡਾਕ ਰਾਹੀਂ ਚਿੱਠੀਆਂ ਵੀ ਪਾ ਦਿੱਤੀਆਂ ਸਨ।
26 ਜਨਵਰੀ ਨੂੰ ਕਲਕਤੇ ਤੋਂ ਸੁਆਰ ਹੋ ਕੇ, ਇਕ ਦਿਨ ਰਸਤੇ ਵਿਚ ਰੰਗੂਨ ਠਹਿਰਦਾ ਹੋਇਆ ਮੈਂ 9 ਦਿਨਾਂ ਮਗਰੋਂ 2 ਜਨਵਰੀ ਨੂੰ ਪੀਨਾਂਗ ਖਾੜੀ ਵਿਚ ਪਹੁੰਚ ਗਿਆ। ਸਮੁੰਦਰੀ ਸਫ਼ਰ ਵਿਚ ਕਈ ਮੁਸਾਫਰਾਂ ਦਾ ਦਿਲ ਕੱਚਾ ਹੋ ਕੇ ਕੈਆਂ ਆਉਣ ਲੱਗ ਪੈਂਦੀਆਂ ਸਨ ਤੇ ਬੜਾ ਬੁਰਾ ਹਾਲ ਹੁੰਦਾ ਹੈ। ਮੈਂ ਕਲਕਤੇ ਤੋਂ ਚਲਣ ਸਮੇਂ ਹੀ ਨਿੰਬੂ, ਸੰਗਤਰੇ, ਕੇਲੇ ਤੇ ਕੁਝ ਬਿਸਕੁਟ ਆਦਿ ਸਮਾਨ ਖਰੀਦ ਲਿਆ ਸੀ ਅਤੇ ਰਾਹ ਵਿਚ ਮਾੜਾ ਜਿਹਾ ਤੂਫਾਨ ਵੀ ਆ ਗਿਆ ਸੀ, ਪਰ ਮੇਰਾ ਸਫਰ ਬੜੇ ਆਰਾਮ ਨਾਲ ਕਟਿਆ ਗਿਆ। ਮੈਂ ਡੈਕ ਉਪਰ ਜਹਾਜ਼ ਦੇ ਕਿਨਾਰੇ ਕਿਨਾਰੇ ਫਿਰ ਕੇ ਸਮੁੰਦਰੀ ਨਜ਼ਾਰੇ ਵੇਖ ਕੇ ਬੜੀ ਪ੍ਰਸੰਨਤਾ ਮਹਿਸੂਸ ਕਰਦਾ ਸਾਂ।
ਡੈਕ ਦੇ ਮੁਸਾਫ਼ਰਾਂ ਨੂੰ ਨਾ-ਵਾਕਫੀ ਦੇ ਕਾਰਨ ਜਹਾਜ਼ ਤੋਂ ਉਤਰਨ ਸਮੇਂ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆਉਂਦੀਆਂ ਹਨ। ਡਾਕਟਰ ਜਗਤ ਸਿੰਘ ਜੀ ਨੇ ਪੀਨਾਂਗ ਵਿਚ ਅਜਿਹਾ ਪ੍ਰਬੰਧ ਕੀਤਾ ਹੋਇਆ ਸੀ ਕਿ ਪੰਜਾਬੀ ਮੁਸਾਫਰਾਂ ਦੀ ਆਪ ਜ਼ਿੰਮੇਵਾਰੀ ਲੈ ਕੇ ਉਤਾਰ ਕੇ ਸੰਭਾਲ ਕੇ ਲੈਂਦੇ ਅਤੇ ਫਿਰ ਮਲਾਇਆ ਵਿਚੋਂ ਉਸ ਦੇ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਨੂੰ ਮੰਗਾ ਕੇ ਉਸ ਦੇ ਸਪੁਰਦ ਕਰਦੇ।
ਜਹਾਜ਼ ਉਤੇ ਪੁੱਛ ਪੜਤਾਲ ਤੇ ਡਾਕਟਰੀ ਮੁਆਇਨਾ ਸ਼ੁਰੂ ਹੀ ਹੋਇਆ ਸੀ ਕਿ ਪੀਨਾਂਗ ਗੁਰਦੁਆਰੇ ਦਾ ਸਕੱਤਰ ਡਾ. ਜੋਧ ਸਿੰਘ ਮੈਨੂੰ ਲੈਣ ਲਈ ਆ ਗਿਆ ਤੇ ਬੜੇ ਆਰਾਮ ਤੇ ਸਤਿਕਾਰ ਨਾਲ ਮੈਨੂੰ ਪੀਨਾਂਗ ਗੁਰਦੁਆਰੇ ਵਿਚ ਲੈ ਗਿਆ।
ਜਹਾਜ਼ ਦੇ ਵਿਚੋਂ ਹੀ ਪੀਨਾਂਗ ਦੀ ਝਾਕੀ ਬੜੀ ਸੁੰਦਰ ਤੇ ਮਨਮੋਹਣੀ ਦਿਸ ਰਹੀ ਸੀ, ਪਰ ਜਦ ਮੈਂ ਸ਼ਹਿਰ 'ਚ ਦਾਖਲ ਹੋਇਆ, ਇਸ ਦੀ ਸਫਾਈ, ਸੁੰਦਰਤਾ, ਸੁੰਦਰ ਬਿਲਡਿੰਗਾਂ ਤੇ ਸਜਾਵਟ ਵੇਖ ਕੇ ਦੰਗ ਰਹਿ ਗਿਆ। ਹਿੰਦੁਸਤਾਨ ਦਾ ਕੋਈ ਸ਼ਹਿਰ ਇਸ ਦੀ ਸੁੰਦਰਤਾ ਦਾ ਟਾਕਰਾ ਨਹੀਂ ਕਰ ਸਕਦਾ। ਬਲਕਿ ਏਸ਼ੀਆ ਵਿਚ ਇਸ ਦੀ ਗਿਣਤੀ ਸਭ ਤੋਂ ਸੁੰਦਰ ਸ਼ਹਿਰਾਂ ਵਿਚੋਂ ਕੀਤੀ ਜਾਂਦੀ ਹੈ। ਕਈ ਤਾਂ ਪੀਨਾਂਗ ਨੂੰ ਏਸ਼ੀਆ ਦਾ ਵੀਨਸ ਕਹਿੰਦੇ ਹਨ।
ਗੁਰਦੁਆਰੇ ਵਿਚ ਹੀ ਮੈਨੂੰ ਡਾ. ਜਗਤ ਸਿੰਘ ਪਰਧਾਨ ਗੁਰਦੁਆਰਾ ਪੀਨਾਂਗ ਤੇ ਖਾਲਸਾ ਦੀਵਾਨ ਮਲਾਇਆ, ਸ਼ ਨਰੈਣ ਸਿੰਘ ਸਕੱਤਰ ਖਾਲਸਾ ਦੀਵਾਨ ਮਲਾਇਆ, ਸ਼ ਜਗਜੀਤ ਸਿੰਘ ਤੇ ਫੌਜਾ ਸਿੰਘ ਆਦਿਕ ਮਲਾਇਆ ਦੇ ਮੁਖੀ ਸੱਜਣ ਬੜੇ ਪਰੇਮ ਨਾਲ ਮਿਲੇ। ਦੇਸ ਦੀਆਂ ਰਾਜਸੀ ਤੇ ਭਾਈਚਾਰਕ ਗੱਲਾਂ ਪੁੱਛਣ 'ਤੇ ਮਲਾਇਆ ਸਬੰਧੀ ਬਹੁਮੁਲੀ ਵਾਕਫੀ ਦੱਸਣ ਮਗਰੋਂ ਉਨ੍ਹਾਂ ਨੇ ਮਲਾਇਆ ਦੇ ਪ੍ਰਸਿਧ ਸ਼ਹਿਰਾਂ ਤੇ ਇਲਾਕਿਆਂ ਵਿਚ ਮੇਰੀ ਯਾਤਰਾ ਦਾ ਪ੍ਰੋਗਰਾਮ ਬਣਾ ਕੇ ਸਭ ਨੂੰ ਇਤਲਾਹ ਦੇਣ ਦਾ ਪ੍ਰਬੰਧ ਕਰ ਦਿੱਤਾ। ਹੁਣ ਮੈਨੂੰ ਖਰਚ ਜਾਂ ਸਫ਼ਰ ਦੇ ਪ੍ਰਬੰਧ ਤੇ ਪ੍ਰੋਗਰਾਮ ਦਾ ਕੋਈ ਫ਼ਿਕਰ ਨਾ ਰਿਹਾ।
2 ਜਨਵਰੀ 10 ਮਈ 1939 ਤੱਕ ਲਗਪਗ ਸਾਡੇ ਚਾਰ ਮਹੀਨੇ ਮੈਂ ਮਲਾਇਆ ਵਿਚ ਰਿਹਾ। ਲਗਪਗ ਸਭ ਪ੍ਰਸਿਧ ਸ਼ਹਿਰਾਂ ਤੇ ਇਲਾਕਿਆਂ ਦੀ ਬੜੀ ਰੀਝ ਨਾਲ ਰੱਜ ਕੇ ਸੈਰ ਕੀਤੀ। ਹਿੰਦੀਆਂ, ਖਾਸ ਕਰਕੇ ਪੰਜਾਬੀਆਂ, ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਮਿਲ ਕੇ ਇਨ੍ਹਾਂ ਦੀ ਸਮਾਜਕ ਆਰਥਕ ਤੇ ਰਾਜਸੀ ਹਾਲਾਤ ਦਾ ਮੁਤਾਲਿਆ ਕੀਤਾ। ਜਿਸ ਨਿੱਘੇ ਪਰੇਮ ਨਾਲ ਥਾਂ ਥਾਂ ਉਤੇ ਹਿੰਦੀ ਅਤੇ ਖਾਸ ਕਰਕੇ ਪੰਜਾਬੀ ਵੀਰਾਂ ਨੇ ਸੁਆਗਤ ਕੀਤਾ, ਚਾਹ ਪਾਰਟੀਆਂ ਕੀਤੀਆਂ ਤੇ ਮਾਨ ਪੱਤਰ ਦਿੱਤੇ, ਇਸ ਨੇ ਮੇਰੇ ਦਿਲ ਉਤੇ ਮਲਾਇਆ ਦੇ ਪਰੇਮ ਦੀ ਡੂੰਘੀ ਮੁਹਰ ਲਗਾ ਦਿੱਤੀ। ਮੈਂ ਸਮੁੰਦਰ ਵਿਚ ਤਾਰੀਆਂ ਲਾਈਆਂ, ਦਰਿਆਵਾਂ, ਪਹਾੜਾਂ, ਕੰਦਰਾਂ, ਗਰਮ ਚਸ਼ਮਿਆਂ ਤੇ ਗੁਫਾਵਾਂ ਦੀ ਸੈਰ ਕੀਤੀ ਤੇ ਮਲਾਇਆ ਦੀ ਸਾਰੀ ਤਸਵੀਰ ਦਿਲ ਦੇ ਸ਼ੀਸ਼ੇ ਉਤੇ ਚਿੱਤਰ ਦਿੱਤੀ।
ਮਲਾਇਆ ਦੇਸ ਧਰਤੀ ਦਾ ਇਕ ਨਹਾਇਤ ਸੁੰਦਰ ਟੁਕੜਾ ਹੈ, ਮੌਸਮ ਲਗਪਗ ਇਕ ਸਾਰ ਰਹਿੰਦਾ ਹੈ, ਨਾ ਬਹੁਤ ਸਰਦੀ ਨਾ ਬਹੁਤ ਗਰਮੀ। ਸਰਦੀਆਂ ਵਿਚ ਵੀ ਗਰਮ ਕੱਪੜੇ ਵੀ ਘੱਟ ਵੱਧ ਹੀ ਲੋੜ ਪੈਂਦੀ ਹੈ। ਬਰਖਾ ਆਮ ਹੁੰਦੀ ਰਹਿੰਦੀ ਹੈ ਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਦਿਸਦੀ ਹੈ। ਸਰਸਬਜ਼ ਪਹਾੜ, ਫ਼ਲਦਾਰ ਜੰਗਲ, ਸੁਹਾਵਣੀਆਂ ਵਾਦੀਆਂ, ਮਖਮਲ ਵਰਗੇ ਘਾਹਦਾਰ ਮੈਦਾਨ, ਝੀਲਾਂ ਤੇ ਦਰਿਆ, ਜਿਧਰ ਜਾਓ ਕੁਦਰਤੀ ਸੁੰਦਰ ਨਜ਼ਾਰਿਆਂ ਦੀਆਂ ਝਾਕੀਆਂ ਹੀ ਨਜ਼ਰ ਆਉਣਗੀਆਂ, ਮਲਾਇਆ ਦੇਸ ਨੂੰ ਜਿਥੇ ਕੁਦਰਤ ਨੇ ਆਪਣੀਆਂ ਸਭ ਦਾਤਾਂ ਨਾਲ ਮਾਲੋਮਾਲ ਕੀਤਾ ਹੈ, ਉਥੇ ਇਸ ਨੂੰ ਨਵੇਂ ਜ਼ਮਾਨੇ ਦੀਆਂ ਲੋੜਾਂ ਮੁਤਾਬਕ ਆਵਾਜਾਈ ਦੇ ਸਾਧਨਾਂ, ਰੇਲਾਂ, ਤਾਰਾਂ ਤੇ ਪੱਕੀਟਾਂ ਸੜਕਾਂ, ਮੋਟਰ ਬੱਸਾਂ, ਟਰੇਨਾਂ ਤੇ ਜਹਾਜ਼ਾਂ ਅਤੇ ਰਿਹਾਇਸ਼ੀ ਸਥਾਨਾਂ ਨਾਲ ਵੀ ਹਰ ਤਰ੍ਹਾਂ ਸੁਖਦਾਈ ਬਣਾਉਣ ਵਿਚ ਕਸਰ ਨਹੀਂ ਛੱਡੀ। ਮਲਾਇਆ ਦੀਆਂ ਸਾਫ਼ ਤੇ ਸੁੰਦਰ ਸੜਕਾਂ ਕਿਧਰੇ ਰਬੜ ਦੀਆਂ ਬਣੀਆਂ ਹਨ, ਕਿਧਰੇ ਲੁਕ ਦੀਆਂ ਤੇ ਕਿਧਰੇ ਸੀਮਿੰਟ ਦੀਆਂ। ਇਹ ਦੁਨੀਆਂ ਭਰ ਦੀਆਂ ਸੁੰਦਰ, ਸਾਫ ਤੇ ਪੱਕੀਆਂ ਸੜਕਾਂ ਦਾ ਟਾਕਰਾ ਕਰ ਸਕਦੀਆਂ ਹਨ। ਆਵਾਜਾਈ ਅਰੋਗਤਾ, ਡਾਕ, ਹਸਪਤਾਲ, ਰੇਲਵੇ, ਜੇਹਲਖਾਨੇ ਪੁਲਿਸ, ਸਕੂਲਾਂ ਤੇ ਕਾਲਜਾਂ ਅਤੇ ਹੋਰ ਕਈ ਮਹਿਕਮਿਆਂ ਦੇ ਪ੍ਰਬੰਧ ਹਰ ਇਕ ਯਾਤਰੂ ਦਾ ਧਿਆਨ ਆਪਣੇ ਵਲ ਖਿੱਚ ਲੈਂਦੇ ਹਨ। ਜਦ ਮੈਂ ਹਿੰਦ ਨਾਲ ਮਲਾਇਆ ਦਾ ਮੁਕਾਬਲਾ ਕਰਕੇ ਵੇਖਦਾ ਤਾਂ ਮੈਂ ਹੈਰਾਨ ਰਹਿ ਜਾਂਦਾ ਹਾਂ। ਭਾਵੇਂ ਮਲਾਇਆ ਰਾਜਸੀ ਤੌਰ 'ਤੇ ਅੰਗਰੇਜ਼ਾਂ ਦਾ ਵਧੇਰੇ ਗੁਲਾਮ ਹੈ ਪਰ ਆਰਥਕ ਤੇ ਸਭਿਆਚਾਰ ਤੌਰ ਤੇ ਇਹ ਵਧੇਰੇ ਖੁਸ਼ਹਾਲ ਦਿਸਦਾ ਸੀ। ਇਕ ਸੌਝੀਵਾਨ ਹਿੰਦੀ ਯਾਤਰੂ ਇਸ ਤੋਂ ਕਈ ਚੰਗੀਆਂ ਸਿਖਿਆਵਾਂ ਗ੍ਰਹਿਣ ਕਰ ਸਕਦਾ ਹੈ।
ਗੱਡੀ ਦੇ ਸਫ਼ਰ ਨੂੰ ਹੀ ਲੈ ਲਓ। ਚਲਦੀ ਗੱਡੀ ਉਤੇ ਬਿਨਾਂ ਟਿਕਟ ਚੜ੍ਹ ਜਾਓ। ਗਾਰਡ ਬੱਸਾਂ ਵਾਂਗ ਗੱਡੀ ਵਿਚ ਵੀ ਟਿਕਟ ਦੇ ਦੇਂਦੇ ਹਨ। ਸਾਡੀਆਂ ਰੇਲਾਂ ਵਾਂਗ ਕੁਝ ਦੀ ਵਾਧੂ ਚਾਰਜ ਨਹੀਂ ਕੀਤਾ ਜਾਂਦਾ। "ਤੁਸੀਂ ਕਿਥੋਂ ਸੁਆਰ ਹੋਏ ਹੋ?" ਮੁਸਾਫਰ ਕਹਿੰਦਾ ਹੈ- ਫਲਾਣੇ ਸਟੇਸ਼ਨ ਤੋਂ ਅਤੇ (ਅਗਲਾ) ਕਿਰਾਇਆ ਦੇ ਕੇ ਟਿਕਟ ਲੈ ਲੈਂਦਾ ਹੈ। ਮੁਸਾਫਰ ਦੇ ਕਥਨ ਉਤੇ ਬਿਲਕੁਲ ਬੇਇਤਬਾਰੀ ਨਹੀਂ ਕੀਤੀ ਜਾਂਦੀ। ਕੋਈ ਜੁਰਮਾਨਾ ਨਹੀਂ ਲਿਆ ਜਾਂਦਾ। ਥਰਡ ਕਲਾਸ ਲਈ ਵੀ ਰਾਤ ਨੂੰ ਸੌਣ ਦਾ ਪ੍ਰਬੰਧ ਹੈ। ਜਿਥੇ ਉਤਰਨਾ ਹੋਵੇ, ਗਾਰਡ ਜਗਾ ਦੇਂਦਾ ਹੈ।
ਡਾਕਖਾਨੇ ਵਿਚ ਕਿਸੇ ਜ਼ੁਬਾਨ ਵਿਚ ਐਡਰੈਸ ਲਿਖਿਆ ਹੋਇਆ ਖਤ ਆ ਜਾਵੇ, ਪਤਾ ਗਲਤ ਹੋਵੇ, ਅਧੂਰਾ ਹੋਵੇ, ਡਾਕਖਾਨੇ ਵਾਲੇ ਪੂਰੀ ਖੋਜ ਨਾਲ ਖਤ ਪਹੁੰਚਾਣਾ ਆਪਣਾ ਫ਼ਰਜ਼ ਸਮਝਦੇ ਹਨ। ਕਿਸੇ ਪੰਜਾਬੀ ਦੀ ਚਿੱਠੀ ਹੋਵੇ, ਸ਼ਹਿਰ ਤੇ ਮੁਹੱਲਾ ਗਲਤ ਲਿਖਿਆ ਹੋਵੇ, ਉਹ ਪੰਜਾਬੀ ਸਭਾ ਸੁਸਾਇਟੀਆਂ ਦੇ ਜ਼ਿੰਮੇਵਾਰਾਂ ਤੋਂ ਪੁੱਛਗਿੱਛ ਕਰਕੇ ਚਿੱਠੀ ਪਹੁੰਚਾਉਣ ਦਾ ਪੂਰਾ ਜਤਨ ਕਰਨਗੇ। ਸਾਡੇ ਪੰਜਾਬ ਵਾਂਗ ਤੁਰੰਤ ਡੈਡ-ਲੈਟਰ ਆਫਸ ਵਿਚ ਨਹੀਂ ਭੇਜ ਦੇਣਗੇ।
ਮੈਨੂੰ ਇਕ ਸਿੱਖ ਪੋਸਟ ਮਾਸਟਰ ਨੇ ਦੱਸਿਆ ਸੀ ਕਿ ਮਨੀਆਰਡਰ ਤੇ ਰਜਿਸਟਰੀਆਂ ਵੰਡਣ ਸਮੇਂ ਵੀ ਵਾਕਫ਼ੀਆਂ ਤੇ ਗਵਾਹੀਆਂ ਲੈਣ ਦੀ ਬਾਹਲੀ ਲੋੜ ਨਹੀਂ ਸਮਝੀ ਜਾਂਦੀ। ਲੋਕਾਂ ਦੀ ਈਮਾਨਦਾਰੀ ਉਤੇ ਬੜਾ ਭਰੋਸਾ ਕੀਤਾ ਜਾਂਦਾ ਹੈ। ਕੋਈ ਵਿਰਲਾ ਹੀ ਅਜਿਹਾ ਕੇਸ ਹੁੰਦਾ ਹੈ ਕਿ ਝੂਠ ਬੋਲ ਕੇ ਕਿਸੇ ਦਾ ਕੋਈ ਮਨੀਆਰਡਰ ਵਸੂਲ ਕਰ ਲਵੇ।
ਸਾਢੇ ਚਾਰ ਮਹੀਨੇ ਦੀ ਯਾਤਰਾ ਵਿਚ ਮਲਾਇਆ ਦੇਸ ਦੇ ਅਸਲੀ ਵਸਨੀਕਾਂ ਤੇ ਪਰਦੇਸਾਂ ਤੋਂ ਜਾ ਕੇ ਵਸੇ ਲੋਕਾਂ ਦੀ ਸਮਾਜਕ ਤੇ ਰਾਜਸੀ ਅਵਸਥਾ ਬਾਰੇ ਜੋ ਬਹੁਮੁੱਲੀ ਵਾਕਫੀ ਮੈਂ ਪ੍ਰਾਪਤ ਕੀਤੀ ਹੈ, ਉਸ ਨੂੰ ਇਕ ਛੋਟੇ ਜਿਹੇ ਲੇਖ ਵਿਚ ਦੱਸਣਾ ਅਸੰਭਵ ਹੈ। ਕੇਵਲ ਪੰਖ-ਦ੍ਰਿਸ਼ਟੀ ਅਨੁਸਾਰ ਕੁਝ ਪੱਖਾਂ ਉਤੇ ਹੇਠਾਂ ਚਾਨਣਾ ਪਾਣ ਦਾ ਜਤਨ ਕਰਦਾ ਹਾਂ।
ਮਲਾਇਆ ਦੇਸ ਟਾਪੂ ਨਹੀਂ, ਜਿਹਾ ਕਿ ਕਈ ਖਿਆਲ ਕਰਦੇ ਹਨ। ਇਹ ਇਕ ਜਜ਼ੀਰਾਨੁਮਾ ਹੈ। ਜ਼ਮੀਨ ਦੀ ਇਕ ਨੋਕ ਦੂਰ ਤੱਕ ਸਮੁੰਦਰ ਵਿਚ ਖੁੱਭੀ ਹੋਈ ਦਿਸਦੀ ਹੈ। ਇਸ ਦੇ ਤਿੰਨ ਪਾਸੇ ਪਾਣੀ ਹੈ ਤੇ ਇਕ ਪਾਸੇ ਧਰਤੀ ਹੈ। ਬਰਮਾ ਤੋਂ ਹੇਠਾਂ, ਸਿਆਮ ਤੋਂ ਥੱਲੇ ਜਾ ਕੇ ਇਸ ਦੀ ਧਰਤੀ ਚੌੜੀ ਹੋ ਜਾਂਦੀ ਹੈ। ਫੇਰ ਹੇਠਾਂ ਸਿੰਗਾਪੁਰ ਤੱਕ ਪਤਲੀ ਬਣਦੀ ਜਾਂਦੀ ਹੈ। ਨਕਸ਼ਾ ਵੇਖੀਏ ਤਾਂ ਇਸ ਦੀ ਸ਼ਕਲ ਗੁੱਲੀ ਵਰਗੀ ਦਿਸਦੀ ਹੈ। ਵਿਚਕਾਰੋਂ ਚੌੜੀ ਤੇ ਦੋਹਾਂ ਸਿਰਿਆਂ ਦੀਆਂ ਨੋਕਾਂ ਨਿਕਲੀਆਂ ਹੋਈਆਂ।
ਇਸ ਦੇ ਚੜ੍ਹਦੇ ਬੰਨੇ ਚੀਨ ਸਾਗਰ ਤੇ ਪੱਛਮ ਵਲ ਮਲਾਕਾ ਸਟੇਟ ਦੇ ਪਾਣੀ ਹਨ। ਦੱਖਣ ਦੀ ਸਿਰੇ ਉਤੇ ਸਿੰਗਾਪੁਰ ਟਾਪੂ ਹੈ ਤੇ ਉਤਰ ਵਲ ਸਿਆਮ ਹੈ।
ਇਸ ਦੇ ਕਿਨਾਰੇ ਕਿਨਾਰੇ ਜੇ ਪੈਰਲਸ ਤੋਂ ਜਹਾਜ਼ ਵਿਚ ਬੈਠ ਕੇ ਸ਼ਫਰ ਕਰੀਏ ਤਾਂ ਸਾਰਾ ਘੇਰਾ 1200 ਮੀਲ ਦਾ ਬਣ ਜਾਂਦਾ ਹੈ। ਇਸ ਦੇ ਗੁਆਂਢ ਰਤਾ ਹੇਠਾਂ ਵਲ ਜਾਵਾ ਸਮਾਟਰਾ ਦੇ ਟਾਪੂ ਹਨ ਜਿਨ੍ਹਾਂ ਵਿਚ ਜਵਾਲਾ ਮੁਖੀ ਪਹਾੜ ਵੀ ਉਬਲਦੇ ਰਹਿੰਦੇ ਹਨ। ਮਲਾਇਆ ਵਿਚ ਬੜੇ ਪਹਾੜ ਹਨ ਪਰ ਜਵਾਲਾ ਮੁਖੀ ਕੋਈ ਨਹੀਂ, ਹਾਂ ਗਰਮ ਚਸ਼ਮੇ ਕਈ ਹਨ ਜਿਥੇ ਗੋਰੇ ਗੋਰੀਆਂ ਤੇ ਚੀਨੇ ਚੀਨਣਾਂ ਬੜੇ ਚਾਉ ਨਾਲ ਨਹਾਉਂਦੇ ਹਨ। ਸਰਦ ਮੌਸਮ ਵਿਚ ਗਰਮ ਚਸ਼ਮਿਆਂ ਦਾ ਅਸ਼ਨਾਨ ਬੜਾ ਅਨੰਦਦਾਇਕ ਹੁੰਦਾ ਹੈ। ਕੁਆਲਾਲੰਪਰ ਰਹਿੰਦਿਆਂ ਮੈਂ ਵੀ ਗਰਮ ਚਸ਼ਮਿਆਂ 'ਤੇ ਅਸ਼ਨਾਨ ਕਰਨ ਜਾਂਦਾ ਰਿਹਾ ਸਾਂ।
ਇਹ ਦੇਸ ਸੁੰਦਰ ਤੇ ਹਰੀਆਂ ਭਰੀਆਂ ਵਾਦੀਆਂ ਨਾਲ ਭਰਪੂਰ ਹੈ। ਕੇਡਾਹ ਤੋਂ ਲੈ ਕੇ ਮਲਾਕਾ ਤੱਕ ਹੇਠਾਂ ਵਲ ਪੰਜ ਪਹਾੜੀਆਂ ਹਨ। ਦੋ ਠੰਡੀਆਂ ਪਹਾੜੀਆਂ ਖਾਸ ਤੌਰ ਉਤੇ ਬਹੁਤ ਪ੍ਰਸਿਧ ਹਨ। ਇਕ ਤਾਂ ਨਾਂ ਹੈ ਕੈਮਰਨ ਹਾਈਲੈਂਡਜ਼ ਜੋ ਲਗਪਗ 5000 ਫੁੱਟ ਸਮੁੰਦਰੀ ਤਲ ਤੋਂ ਉਚੀ ਹੈ। ਅਤੇ ਦੂਜੀ ਦਾ ਨਾਂ ਹੈ ਫ੍ਰੇਜ਼ਰ ਹਿਲ। ਇਹ 4000 ਫੁੱਟ ਦੇ ਕਰੀਬ ਉਚੀ ਹੈ। ਇਥੇ ਅੰਗਰੇਜ਼ ਅਫਸਰ ਤੇ ਧਨੀ ਲੋਕ ਜਾ ਕੇ ਰਹਿੰਦੇ ਹਨ।
ਭੂਗੋਲਕ ਤੌਰ 'ਤੇ ਜਿਸ ਦੇਸ ਦਾ ਨਾਂ ਮਲਾਇਆ ਹੈ, ਉਹ ਈਸਟ ਇੰਡੀਜ਼ ਦਾ ਇਕ ਛੋਟਾ ਜਿਹਾ ਹਿੱਸਾ ਹੈ। ਭਾਵੇਂ ਇਹ ਹੈ ਤਾਂ ਇਕ ਛੋਟਾ ਜਿਹਾ ਦੇਸ ਪਰ ਇਸ ਦੀ ਰਾਜਸੀ ਵੰਡ ਬੜੀ ਗੁੰਝਲਦਾਰ ਹੈ। ਸਾਰੇ ਦੇਸ ਦਾ ਰਾਜ ਪ੍ਰਬੰਧ ਇਕ ਤਰ੍ਹਾਂ ਦਾ ਨਹੀਂ। ਕੁਝ ਇਲਾਕੇ ਤਾਂ ਸਿੱਧੇ ਅੰਗਰੇਜ਼ੀ ਰਾਜ ਦੇ ਪ੍ਰਬੰਧ ਹੇਠ ਹਨ। ਇਨ੍ਹਾਂ ਨੂੰ ਸਟ੍ਰੇਟਸ ਸੈਟਲਮੈਂਟਸ (ਐਸ਼ਐਸ਼) ਕਹਿੰਦੇ ਹਨ। ਇਸ ਵਿਚ ਪੀਨਾਂਗ ਤੇ ਸਿੰਗਾਪੁਰ ਦੇ ਦੋ ਟਾਪੂ ਤੇ ਮਲਾਕਾ ਤੇ ਪ੍ਰਾਵਿਨਸ ਵੈਲਜ਼ਲੀ ਵੱਡੀ ਧਰਤੀ ਦੇ ਹਿੱਸੇ ਸ਼ਾਮਲ ਹਨ।
ਦੂਜਾ ਹਿੱਸਾ ਫੈਡਰੇਟਿਡ ਮਲਾਇਆ ਸਟੇਟਸ (ਐਫ਼.ਐਮ.ਐਸ.) ਦਾ ਹੈ। ਇਸ ਵਿਚ ਚਾਰ ਰਿਆਸਤਾਂ ਸ਼ਾਮਲ ਹਨ। ਪੇਰਾਕ, ਸੈਲੰਗੋਰ, ਨਗਰੀਸ-ਮਿਲਨ ਤੇ ਪਾਹਾਂਗ। ਇਹ ਚਾਰ ਰਿਆਸਤਾਂ ਵੱਖ ਵੱਖ ਰਾਜਿਆਂ ਦੇ ਅਧੀਨ ਹਨ ਤੇ ਇਉਂ ਇਨ੍ਹਾਂ ਦੇ ਸਿਰ ਉਪਰ ਅੰਗਰੇਜ਼ੀ ਰਾਜ ਦਾ ਕੁੰਡਾ ਹੈ।
ਤੀਜਾ ਇਲਾਕਾ ਅਨਫੈਡੇਰੇਟਿਡ ਮਲਾਇਆ ਸਟੇਟਸ ਦਾ ਹੈ। ਇਸ ਵਿਚ ਇਹ ਵੱਖ ਵੱਖ ਰਿਆਸਤਾਂ ਹਨ- ਜੌਹਰ, ਕੇਡਾਹ, ਪੈਰਲਸ, ਕਿਲੰਤਨ ਤੇ ਟ੍ਰੈਗਨੋ। ਇਹ ਫੈਡਰੇਸ਼ਨ ਵਿਚ ਸ਼ਾਮਲ ਨਹੀਂ। ਵੱਖਰੇ ਤੌਰ 'ਤੇ ਅੰਗਰੇਜ਼ਾਂ ਦੇ ਹੁਕਮ ਹੇਠਾਂ ਚਲਦੀਆਂ ਹਨ। ਇਕ ਛੋਟੇ ਜਿਹੇ ਦੇਸ ਨੂੰ ਵੱਖ ਵੱਖ ਰਾਜਿਆਂ ਦੇ ਰਾਜ ਪ੍ਰਬੰਧ ਹੇਠਾਂ ਰੱਖ ਕੇ ਆਪ ਦੇ ਹਿਤ ਅਨੁਸਾਰ ਚਲਣਾ ਹੀ ਸਾਮਰਾਜਸ਼ਾਹੀ ਲਈ ਲਾਭਦਾਇਕ ਹੈ। ਇਸ ਤਰ੍ਹਾਂ ਇਨ੍ਹਾਂ ਵਿਚ ਕੌਮੀ ਏਕਤਾ ਪੈਦਾ ਨਹੀਂ ਹੁੰਦੀ, ਪਰ ਖਾਨਾਂ ਤੇ ਰਬੜ ਸਟੇਸ਼ਨਾਂ 'ਚ ਸਭ ਇਲਾਕਿਆਂ ਦੇ ਮਿਹਨਤੀ ਮਜ਼ਦੂਰ ਰਲ ਕੇ ਕੰਮ ਕਰਦੇ ਹਨ। ਇਨ੍ਹਾਂ ਵਿਚ ਕੌਮੀ ਏਕਤਾ ਤੇ ਜਾਗਰਤੀ ਵਧ ਰਹੀ ਹੈ।
ਮਲਾਇਆ ਦੀਆਂ ਇਨ੍ਹਾਂ ਸਾਰੀਆਂ ਬਸਤੀਆਂ ਦਾ ਰਕਬਾ ਲਗਪਗ 51 ਹਜ਼ਾਰ ਮੁਰੱਬਾ ਮੀਲ ਹੈ। ਪਰ ਧਰਤੀ ਬੜੀ ਉਪਜਾਊ ਤੇ ਧਨਵਾਨ ਹੈ। ਇਥੋਂ ਦਾ ਸਭ ਤੋਂ ਵੱਧ ਧਨ ਅੰਗਰੇਜ਼ ਸਰਮਾਏਦਾਰ ਲੁੱਟ ਰਹੇ ਹਨ। ਇਥੇ ਰਬੜ ਤੇ ਧਾਤਾਂ ਦੀ ਪੈਦਾਵਾਰ ਬੜੀ ਕੀਤੀ ਜਾਂਦੀ ਹੈ।
ਮਲਾਇਆ ਦੀ ਵਸੋਂ 1931 ਦੀ ਮਨੁੱਖ ਗਿਣਤੀ ਮੁਤਾਬਕ ਲਗਪਗ 44 ਲੱਖ ਸੀ। ਪੰਜਾਬ ਦੀ ਵਸੋਂ ਨਾਲੋਂ ਪੰਜਵੇਂ ਹਿੱਸੇ ਤੋਂ ਕੁਝ ਵੱਧ। ਜਿਸ ਵਿਚ ਇਥੋਂ ਦੇ ਅਸਲੀ ਵਸਨੀਕ ਮਲਾਇਆ ਦੀ ਗਿਣਤੀ 37.5 ਫੀਸਦੀ, ਚੀਨਿਆਂ ਦੀ ਗਿਣਤੀ 39 ਫੀਸਦੀ, ਹਿੰਦੀਆਂ ਦੀ ਗਿਣਤੀ 14 ਫੀਸਦੀ ਅਤੇ ਬਾਕੀ ਹੋਰ ਕੌਮਾਂ ਹਨ। ਹਿੰਦੀਆਂ ਵਿਚੋਂ ਲਗਪਗ 30 ਹਜ਼ਾਰ ਸਿੱਖਾਂ ਦੀ ਗਿਣਤੀ ਹੈ, ਜੋ ਵਧੇਰੇ ਸਿੰਗਾਪੁਰ, ਕੁਆਲਾਲੰਪਰ, ਈਪੋ, ਸਰੰਬਨ ਤੇ ਪੀਨਾਂਗ ਆਦਿ ਸ਼ਹਿਰਾਂ ਵਿਚ ਵੱਸਦੇ ਹਨ। ਪੁਲਿਸ ਤੋਂ ਬਿਨਾਂ ਕੁਝ ਫੌਜਾਂ ਤੇ ਦਫ਼ਤਰਾਂ ਦੇ ਨੌਕਰ ਹਨ। ਬਹੁਤੀ ਗਿਣਤੀ ਜਾਗਿਆ (ਚੌਕੀਦਾਰਾਂ) ਦੀ ਹੈ। ਕਈ ਦੁਕਾਨਦਾਰੀ ਕਰਦੇ ਹਨ। ਕੁਝ ਲੋਕ ਰਬੜ ਦੀ ਖੇਤੀ ਤੇ ਬਿਉਪਾਰ ਵੀ ਕਰਦੇ ਹਨ। ਕੁਝ ਤਾਂ ਲੱਖਾਂਪਤੀ ਬਣ ਗਏ ਹਨ।
ਮਲਾਇਆ ਦੀ ਵੱਡੀ ਪੈਦਾਵਾਰ ਰਬੜ ਤੇ ਟਿਨ ਹੈ। ਅਨਾਜਾਂ ਵਿਚੋਂ ਚਾਵਲ ਬਹੁਤ ਪੈਦਾ ਕੀਤੇ ਜਾਂਦੇ ਹਨ। ਤੇਲ ਵੀ ਕਾਫੀ ਪੈਦਾ ਕੀਤਾ ਜਾਂਦਾ ਹੈ। ਫਲਾਂ ਵਿਚ ਅਨਾਨਾਸ, ਕੇਲਾ, ਦੁਰਿਆਨ, ਮਾਂਗਣੀਆਂ ਆਦਿਕ ਫਲ ਬਹੁਤ ਹੋਂਦੇ ਹਨ। ਕਸ਼ਮੀਰ ਤੇ ਪੰਜਾਬ ਵਰਗੇ ਆਮ ਫਲ ਇਥੇ ਨਹੀਂ ਹੁੰਦੇ। ਦੁਰਿਆਨ ਨੂੰ ਇਥੇ ਫਲਾਂ ਦਾ ਸਰਦਾਰ ਤੇ ਮਲਾਇਆ ਦਾ ਕੌਮੀ ਫਲ ਗਿਣਿਆ ਜਾਂਦਾ ਹੈ। ਇਹ ਬੜਾ ਸੁਆਦੀ ਤੇ ਬਲਵਰਧਕ ਮੰਨਿਆ ਜਾਂਦਾ ਹੈ।
ਹਿੰਦੀ ਤੇ ਪੰਜਾਬੀ ਪਹਿਲੇ ਪਹਿਲ ਦੁਰਿਆਨ ਦਾ ਫਲ ਨਹੀਂ ਖਾ ਸਕਦੇ। ਇਸ ਵਿਚੋਂ ਬੜੀ ਬਦਬੂ ਜਿਹੀ ਆਉਂਦੀ ਹੈ। ਪਰ ਸਹਿਜੇ ਸਹਿਜੇ ਇਹ ਬੜੇ ਸੁਆਦੀ ਲਗਣ ਲੱਗ ਪੈਂਦੇ ਹਨ। ਇਨ੍ਹਾਂ ਵਿਚੋਂ ਮਲਾਈ ਵਰਗਾ ਗੁੱਦਾ ਨਿਕਲਦਾ ਹੈ। ਅਤੇ ਮਲਾਈ ਵਰਗੀ ਹੀ ਤਾਕਤ ਰੱਖਦਾ ਹੈ।
ਪਹਿਲੇ ਪਹਿਲ ਜਦੋਂ ਗਿਆਨੀ ਹਰਬੰਸ ਸਿੰਘ ਨੇ ਪੀਨਾਂਗ ਵਿਚ ਇਕ ਦੁਰਿਆਨ ਤੋੜ ਕੇ ਮੇਰੇ ਅੱਗੇ ਲਿਆ ਰੱਖਿਆ ਤਾਂ ਮੈਂ ਨੱਕ ਬੰਦ ਕਰਕੇ ਬਾਹਰ ਨੱਸ ਗਿਆ। ਫਿਰ ਉਨ੍ਹਾਂ ਨੂੰ ਸੁਆਦ ਨਾਲ ਖਾਂਦਾ ਵੇਖ ਕੇ ਮੈਂ ਵੀ ਖਾਣ ਲੱਗ ਪਿਆ। ਮਗਰੋਂ ਮੈਂ ਜਿਥੇ ਜਾਂਦਾ, ਦੁਰਿਆਨ ਮੰਗਾ ਕੇ ਜ਼ਰੂਰ ਖਾਂਦਾ।
ਮਲਾਇਆ ਦੀ ਬੋਲੀ ਤੇ ਕਲਚਰ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਆਰੀਅਨ ਦਾ ਇਥੇ ਬੜਾ ਪ੍ਰਭਾਵ ਪਿਆ ਸੀ। ਕਈ ਸ਼ਬਦ ਤੇ ਰਿਵਾਜ ਮਿਲਦੇ ਹਨ। ਬੜੇ ਪੁਰਾਣੇ ਸਮੇਂ ਵਿਚ ਆਰੀਅਨ ਲੋਕ ਜਾਵਾ ਸਮਾਟਰਾ ਵਿਚ ਆਏ। ਮਲਯ ਪਹਾੜ ਨੂੰ ਕਹਿੰਦੇ ਹਨ। ਸਮਾਟਰਾ ਦੇ ਪਹਾੜਾਂ ਵਿਚ ਰਹਿਣ ਵਾਲੇ ਜੰਗਲੀ ਲੋਕਾਂ ਨੂੰ ਆਰੀਆ ਨੇ 'ਮਲਾਈ' ਕਹਿਣਾ ਸ਼ੁਰੂ ਕਰ ਦਿੱਤਾ। ਇਹ ਲੋਕ ਸਮਾਟਰਾ ਦੇ ਇਲਾਕੇ ਪਾਲਮਬੈਂਗ ਦੇ ਅਸਲੀ ਵਸਨੀਕ ਮੰਨੇ ਜਾਂਦੇ ਹਨ। ਕਿਸੇ ਸਮੇਂ ਕਿਸੇ ਕਾਰਨ ਉਥੋਂ ਧੱਕੇ ਹੋਏ, ਇਹ ਇਸ ਦੇਸ ਵਿਚ ਆ ਕੇ ਵਸ ਗਏ ਅਤੇ ਇਸ ਦੇਸ ਦਾ ਨਾਂ ਵੀ ਮਲਾਇਆ ਪੈ ਗਿਆ। ਮਲਾਇਆ ਦੇਸ ਦੇ ਅਸਲੀ ਵਸਨੀਕ 'ਸਾਕੇ' ਹਨ ਜੋ ਹੁਣ ਵੀ ਜੰਗਲਾਂ ਪਹਾੜਾਂ ਵਿਚ ਨੰਗੇ ਤੇ ਅਧਨੰਗੇ ਜੰਗਲੀ ਹਾਲਤ ਵਿਚ ਰਹਿੰਦੇ ਹਨ। ਸ਼ਿਕਾਰ ਕਰਕੇ ਗੁਜ਼ਾਰਾ ਕਰਦੇ ਹਨ। ਉਹ ਬਾਂਸ ਦੀ ਇਕ ਲੰਮੀ ਨਲੀ ਦੇ ਸਿਰੇ ਉਤੇ ਗੀਟਾ ਰੱਖ ਕੇ ਇਤਨੀ ਜ਼ੋਰ ਦੀ ਫੂਕ ਮਾਰਦੇ ਹਨ ਕਿ ਉਸ ਨਾਲ ਪੰਛੀ ਫੁੜਕਾ ਲੈਂਦੇ ਹਨ। ਉਨ੍ਹਾਂ ਦੀ ਬੋਲੀ ਤੇ ਰਸਮ ਰਿਵਾਜ ਵਖਰੇ ਹਨ। ਮਲਾਈ ਲੋਕ ਮੁਸਲਮਾਨ ਹਨ। ਇਨ੍ਹਾਂ ਵਿਚ ਚੀਨੀ, ਅਰਬੀ ਅਤੇ ਹਿੰਦੀ ਖੂਨ ਦਾ ਵੀ ਰਲਾ ਮਾਲੂਮ ਹੁੰਦਾ ਹੈ। ਛੋਟੇ ਕੱਦ, ਭੂਰਾ ਤੇ ਗੰਦਮੀ ਰੰਗ, ਚੌੜਾ ਮੂੰਹ, ਚਪਟਾ ਨੱਕ, ਮਜ਼ਬੂਤ ਤੇ ਚੁਸਤ ਜੁੱਸਾ। ਸਤਵੀਂ ਅਠਵੀਂ ਸਦੀ ਵਿਚ ਅਰਬੀ ਸੁਦਾਗਰ ਇਧਰ ਆਏ। ਓਦੋਂ ਇਸਲਾਮ ਵਿਚ ਨਵਾਂ ਨਵਾਂ ਜੋਸ਼ ਸੀ। ਉਨ੍ਹਾਂ ਨੇ ਇਨ੍ਹਾਂ ਨੂੰ ਮੁਸਲਮਾਨ ਬਣਾ ਲਿਆ।
ਪਰ ਇਹ ਵੇਖ ਕੇ ਬੜੀ ਹੀ ਖੁਸ਼ੀ ਹੋਈ ਕਿ ਮਲਾਈ ਮੁਸਲਮਾਨਾਂ ਵਿਚ ਹਿੰਦੀ ਮੁਸਲਮਾਨਾਂ ਵਰਗਾ ਮਜ਼ਹਬੀ ਪੱਖਪਾਤ ਉੱਕਾ ਨਹੀਂ। ਇਨ੍ਹਾਂ ਦੀਆਂ ਤੀਵੀਆਂ ਪਰਦਾ ਵੀ ਘੱਟ ਕਰਦੀਆਂ ਹਨ, ਐਵੇਂ ਅੱਧਾ ਕੁ ਮੂੰਹ ਕੱਜਦੀਆਂ ਹਨ। ਬੁਰਕਾ ਤਾਂ ਮੈਂ ਕਿਸੇ ਦੇ ਵੀ ਨਹੀਂ ਵੇਖਿਆ। ਇਨ੍ਹਾਂ ਦੀਆਂ ਗੁਆਂਢਣਾਂ ਚੀਨਣਾਂ, ਜਾਪਾਨਣਾਂ ਤੇ ਸਿਆਮਣਾਂ ਖੁਲ੍ਹੇ ਮੂੰਹ ਮਰਦਾਂ ਵਾਂਗ ਆਜ਼ਾਦ ਫਿਰਦੀਆਂ ਤੇ ਸਭ ਕੰਮ ਕਾਜ ਕਰਦੀਆਂ ਹਨ। ਇਨ੍ਹਾਂ ਦਾ ਡੂੰਘਾ ਅਸਰ ਇਨ੍ਹਾਂ ਉਤੇ ਪੈ ਰਿਹਾ ਹੈ। ਮਲਾਈ ਉਚ ਘਰਾਣਿਆਂ ਵਿਚ ਸੁੰਦਰਤਾ ਤੇ ਸਿੰਗਾਰ ਦਾ ਵੀ ਘਾਟਾ ਨਹੀਂ।
ਮਲਾਇਆ ਵਿਚ ਇਹ ਵੇਖ ਕੇ ਮੈਨੂੰ ਬੜੀ ਤਸੱਲੀ ਹੋਈ ਕਿ ਭਾਵੇਂ ਇਥੋਂ ਦੇ ਰਾਜੇ ਮੁਸਲਮਾਨ ਹਨ, ਅਸਲੀ ਵਸਨੀਕ ਮੁਸਲਮਾਨ ਹਨ ਪਰ ਗਊ, ਸੂਰ, ਝਟਕੇ ਹਲਾਲ ਅਤੇ ਮੰਦਰ ਮਸੀਤ ਦੇ ਝਗੜੇ ਦਾ ਕੋਈ ਸੁਆਲ ਹੀ ਨਹੀਂ।
ਮੈਂ ਆਪਣੀ ਅੱਖੀਂ ਜਾ ਕੇ ਵੇਖਿਆ ਕਿ ਇਕੋ ਬੁੱਚੜਖਾਨੇ ਵਿਚ ਇਕ ਪਾਸੇ ਬਕਰੇ ਤੇ ਸੂਰ ਮਸ਼ੀਨ ਨਾਲ ਮਾਰੇ ਜਾਂਦੇ ਹਨ, ਨਾਲ ਹੀ ਦੂਜੇ ਪਾਸੇ ਗਊਆਂ ਤੇ ਵੱਛੇ ਹਲਾਲ ਕੀਤੇ ਜਾਂਦੇ ਹਨ। ਮਾਰਕੀਟਾਂ ਵਿਚ ਕੋਲ ਕੋਲ ਹੀ ਸੂਰ, ਬਕਰੇ ਤੇ ਗਊ ਦਾ ਮਾਸ ਵਿਕਦਾ ਹੈ। ਕੋਈ ਕਿਸੇ ਉਤੇ ਇਤਰਾਜ਼ ਨਹੀਂ ਕਰਦਾ। ਜਦੋਂ ਇਹ ਲੋਕ ਪੰਜਾਬ ਦੀਆਂ ਝਟਕੇ ਹਲਾਲ ਦੇ ਝਗੜੇ ਦੀਆਂ ਖਬਰਾਂ ਸੁਣਦੇ ਹਨ ਤਾਂ ਹੱਸ ਕੇ ਕਹਿੰਦੇ ਹਨ- ਇਹ ਲੋਕ ਕਿੰਨੇ ਮੂਰਖ ਹਨ ਜਿਹੜੇ ਇਨ੍ਹਾਂ ਖਾਣ ਪੀਣ ਤੇ ਰਸਮੀ ਗੱਲਾਂ ਉਤੇ ਝਗੜ ਕੇ ਇਕ ਦੂਜੇ ਨੂੰ ਕਤਲ ਕਰ ਦੇਂਦੇ ਹਨ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਨੌਕਰਸ਼ਾਹੀ ਦੇ "ਪਾੜੋ ਤੇ ਰਾਜ ਕਰੋ" ਦੇ ਜਾਦੂ ਨੇ ਡੂੰਘਾ ਅਸਰ ਕੀਤਾ ਹੋਇਆ ਸੀ।
ਮਲਾਇਆ ਵਾਸੀ ਹਿੰਦੀਆਂ ਵਿਚ ਚੰਗੀ ਜਾਗਰਤੀ ਪੈਦਾ ਹੋ ਗਈ ਹੈ। ਉਨ੍ਹਾਂ ਨੇ ਹਿੰਦੀ ਐਸੋਸੀਏਸ਼ਨ ਅਤੇ ਮਲਾਇਅਨ ਕਾਂਗਰਸ ਨਾਂ ਦੀਆਂ ਸਾਂਝੀਆਂ ਕੌਮੀ ਜਥੇਬੰਦੀਆਂ ਬਣਾ ਲਈਆਂ ਹਨ। ਰਬੜ ਤੇ ਖਾਨਾਂ ਦੇ ਮਜ਼ਦੂਰਾਂ ਵਿਚ ਬੜੀ ਜਾਗਰਤੀ ਹੈ। ਉਨ੍ਹਾਂ ਨੇ ਆਪਣੀਆਂ ਯੂਨੀਅਨਾਂ ਜਥੇਬੰਦ ਕੀਤੀਆਂ ਹੋਈਆਂ ਹਨ। ਚੀਨੇ ਮਜ਼ਦੂਰ ਅਤੇ ਸਿਆਣੇ ਤੇ ਲੜਾਕੂ ਹਨ।
ਪਰ ਮਲਾਇਆ ਇਕ ਬ੍ਰਿਟਿਸ਼ ਕਾਲੋਨੀ ਹੈ। ਹਕੂਮਤ ਰਾਜਸੀ ਖਿਆਲਾਂ ਨੂੰ ਬੜੀ ਸਖਤੀ ਨਾਲ ਦਬਾਂਦੀ ਹੈ। ਥੋੜ੍ਹਾ ਵਿਚ ਹੋਇਆ ਪੰਡਤ ਜਵਾਹਰ ਲਾਲ ਜੀ ਦੌਰੇ ਉਤੇ ਗਏ ਸਨ। ਉਨ੍ਹਾਂ ਦੇ ਲੈਕਚਰਾਂ ਤੋਂ ਹਕੂਮਤ ਬੜੀ ਘਬਰਾਈ ਸੀ ਪਰ ਉਨ੍ਹਾਂ ਦੀ ਕੌਮਾਂਤਰੀ ਉਚ ਹਸਤੀ ਨੂੰ ਹੱਥ ਨਾ ਪਾ ਸਕੀ। ਮੈਂ ਜਿਥੇ ਵੀ ਜਾਂਦਾ ਸਾਂ, ਸਿੱਖ ਤੇ ਹੋਰ ਸਭ ਹਿੰਦੀ ਰਲ ਮਿਲ ਕੇ ਮੇਰਾ ਸੁਆਗਤ ਕਰਦੇ ਤੇ ਦੇਸ ਦੀ ਰਾਜਸੀ ਹਾਲਤ ਬਾਬਤ ਮੇਰੀਆਂ ਗੱਲਾਂ ਬੜੀ ਦਿਲਚਸਪੀ ਨਾਲ ਸੁਣਦੇ ਸਨ। ਮੈਂ ਕੇਵਲ ਪਿਛਲੀਆਂ ਚੋਣਾਂ ਵਿਚ ਕਾਂਗਰਸ ਨੂੰ ਪ੍ਰਾਪਤ ਹੋਈ ਜਿੱਤ ਤੇ ਉਸ ਦੇ ਹਿੰਦੀਆਂ ਉਤੇ ਪ੍ਰਭਾਵ ਬਾਰੇ ਚਾਨਣਾ ਪਾਂਦਾ। ਕੁਆਲਾਲੰਪਰ ਵਿਚ ਹਿੰਦੀ ਐਸੋਸੀਏਸ਼ਨ ਦੇ ਇਕ ਸਮਾਗਮ ਵਿਚ ਜਦੋਂ ਮੈਂ ਲੈਕਚਰ ਦੇ ਕੇ ਹਟਿਆ ਤਾਂ ਦੂਜੇ ਦਿਨ ਹੀ ਪੁਲਿਸ ਦਾ ਸੱਦਾ ਆ ਗਿਆ।
ਅੰਗਰੇਜ਼ ਪੁਲਿਸ ਸੁਪਰਿਟੰਡੈਂਟ ਨੇ ਮੈਨੂੰ ਤਾੜਨਾ ਕਰ ਦਿੱਤੀ ਕਿ ਅਜਿਹੇ ਰਾਜਸੀ ਲੈਕਚਰ ਮਲਾਇਆ ਵਿਚ ਨਾ ਦਿਓ, ਨਹੀਂ ਤਾਂ ਫੌਰਨ ਤੁਹਾਨੂੰ ਮਲਾਇਆ ਤੋਂ ਬਾਹਰ ਕੱਢ ਦਿੱਤਾ ਜਾਏਗਾ। ਸੈਰ ਨੂੰ ਮੁੱਖ ਰੱਖ ਕੇ ਅਤੇ ਮਲਾਇਆ ਵਾਸੀਆਂ ਨੂੰ ਮਿਲਣ ਦੀ ਤੀਬਰ ਖਾਹਸ਼ ਪੂਰੀ ਕਰਨ ਲਈ ਮੈਂ ਆਪਣੇ ਲੈਕਚਰ ਨਰਮ ਕਰ ਦਿੱਤੇ।
ਪੀਨਾਂਗ, ਈਪੂ, ਕੁਆਲਾਲੰਪਰ, ਸਰੰਬਨ, ਮਲਾਕਾ, ਜੋਹਰਬਾਰੂ ਸਿੰਗਾਪੁਰ, ਫ੍ਰੇਜ਼ਰ ਹਿਲ ਆਦਿਕ ਕਈ ਸ਼ਹਿਰਾਂ ਦੀ ਰੀਝ ਲਾਹ ਕੇ ਸੈਰ ਕੀਤੀ। ਹਿੰਦੀਆਂ ਦੀ ਅਤੇ ਖਾਸ ਕਰਕੇ ਸਿੱਖਾਂ ਅਤੇ ਮਲਾਈਆਂ ਤੇ ਚੀਨੀਆਂ ਦੇ ਰਾਜਸੀ ਤੇ ਆਰਥਕ ਹਾਲਾਤ ਦਾ ਮੁਤਾਲਿਆ ਕੀਤਾ ਅਤੇ ਮੈਂ ਇਸ ਸਿੱਟੇ ਉਤੇ ਪੁਜਾ ਕਿ ਮਲਾਇਆ ਵੀ ਹੁਣ ਬਹੁਤਾ ਚਿਰ ਗੁਲਾਮ ਨਹੀਂ ਰਹਿ ਸਕਦਾ। ਹਿੰਦ ਤੇ ਚੀਨ ਦੇ ਆਜ਼ਾਦ ਹੋਣ ਦੇ ਬਾਅਦ ਮਲਾਇਆ ਵੀ ਸਾਮਰਾਜੀ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਆਜ਼ਾਦ ਹੋ ਜਾਏਗਾ। ਮਲਾਇਆ ਵਾਸੀ ਪੰਜਾਬੀ ਵੀਰਾਂ ਦੇ ਦਿਲੀ ਪਰੇਮ ਦੀਆਂ ਸੁਗਾਤਾਂ ਨਾਲ ਦਿਲ ਦੀ ਪਟਾਰੀ ਭਰ ਕੇ ਮੈਂ ਮਈ ਵਿਚ ਵਾਪਸ ਪੰਜਾਬ ਆ ਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਹੀਰਾ ਸਿੰਘ ਦਰਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ