Meri Mangni Te Mera Viah (Punjabi Story) : Ajmer Singh Aulakh
ਮੇਰੀ ਮੰਗਣੀ ਤੇ ਮੇਰਾ ਵਿਆਹ (ਕਹਾਣੀ) : ਅਜਮੇਰ ਸਿੰਘ ਔਲਖ
ਮੰਗਣੀ: ਪਹਿਲਾਂ ਮੇਰੀ ਮੰਗਣੀ ਦਾ ਬਿਰਤਾਂਤ ਸੁਣੋ। ਇਹ ਗੱਲ ਦਸੰਬਰ 1964 ਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਦੀ ਐਮ.ਏ. (ਫਾਇਨਲ) ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ। ਚਿੱਠੀ ਦਾ ਸਾਰ-ਤੱਤ ਇਹ ਸੀ: 'ਤੈਨੂੰ ਇੱਕ ਕੁੜੀ ਦੇ ਬਾਪ ਨੇ ਵੇਖਣ ਆਉਣੈ। ਇਸ ਲਈ ਤੂੰ ਫਲਾਣੇ ਦਿਨ ਪਿੰਡ ਪਹੁੰਚ ਜਾ...।' ਓਦੋਂ (ਭਾਵ ਜਵਾਨੀ ਵੇਲੇ) ਮੇਰੇ 'ਤੇ ਆਦਰਸਵਾਦ ਦਾ ਭੂਤ ਸਵਾਰ ਸੀ। ਇਸ ਭੂਤ ਨੇ ਮੇਰੇ ਕੋਲੋਂ ਹੋਰ ਹੀ ਕਮਲ਼ ਮਰਵਾ ਦਿੱਤਾ। ਪਿੰਡ ਜਾਣ ਲਈ 'ਹਾਂ' ਕਹਿਣ ਦੀ ਥਾਂ ਮੈਂ ਮਾਂ ਨੂੰ ਚਿੱਠੀ ਰਾਹੀਂਂ ਉਸਦੀ ਚਿੱਠੀ ਦਾ ਇਹ ਜਵਾਬ ਦਿੱਤਾ: ਮਾਨਯੋਗ ਬੇ ਜੀ, ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਵੇਖ ਲਵੇ; ਜਮੀਨ ਆਦਿ ਦੀ ਪੂਰੀ ਪੜਤਾਲ ਕਰ ਲਵੇ। ਤੁਸੀਂ ਵੀ ਉਸ ਤੋਂ ਕਿਸੀ ਪਰਕਾਰ ਦਾ ਲਕੋਹ ਨਾ ਰੱਖਣਾ। ਉਸ ਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਹਰਲੀ ਕੱਚੀ ਕੰਧ ਪਿਛਲੇ ਸਾਲ ਮੀਂਹ ਨੇ ਢਾਹ ਦਿੱਤੀ ਸੀ ਇਹ ਅਸੀਂ ਕਿਸੇ ਘੌਲ ਕਰਕੇ ਨਹੀਂ ਬਲਕਿ ਇਸ ਕਰ ਕੇ ਦੁਬਾਰਾ ਨਹੀਂ ਖੜ੍ਹੀ ਕਰ ਸਕੇ ਕਿਉਂਕਿ ਇਸ ਨੂੰ ਖੜ੍ਹੀ ਕਰਨ ਦੀ ਸਾਡੇ ਵਿੱਚ ਪਹੁੰਚ ਹੀ ਨਹੀਂ। ਜ਼ਮੀਨ ਬਾਰੇ ਵੀ ਅਸਲੀਅਤ ਦੱਸ ਦੇਣੀ ਕਿ ਚਾਰ ਭਾਈਆਂ ਕੋਲ ਕੁਲ ਅੱਠ ਕਿੱਲੇ ਭੋਂਇੰ ਹੈ। ਇਸ ਵਿੱਚੋਂ ਤਿੰਨ ਕਿੱਲੇ ਨੌਹਰੀਏ ਬਾਣੀਏ ਕੋਲ਼ ਗਹਿਣੇ ਟਿਕੀ ਹੋਈ ਹੈ। ਅੱਠ ਹਜ਼ਾਰ ਜਿਹੜਾ ਕਰਜ਼ਾ ਆਪਣੇ ਸਿਰ ਹੈ, ਉਹ ਵੀ ਦੱਸਣਾ ਨਾ ਭੁੱਲਣਾ। ਨੇਕ (ਮੇਰਾ ਵੱਡਾ ਭਾਈ ਹਰਨੇਕ) ਬਾਰੇ ਵੀ ਜ਼ਰੂਰ ਦੱਸ ਦੇਣਾ ਕਿ ਉਹ ਵੈਲੀਆਂ-ਸ਼ੈਲੀਆਂ ਵਿੱਚ ਬੈਠਦਾ-ਉਠਦਾ ਐ ਤੇ ਸਿਗਰਟ, ਸ਼ਰਾਬ, ਭੰਗ ਆਦਿ ਸਾਰੇ ਨਸ਼ੇ ਛਕ-ਛਕਾ ਲੈਂਦੈ। ਅਖ਼ੀਰੀ ਗੱਲ ਇਹ ਹੈ ਕਿ ਮੈਂ ਰਿਸ਼ਤਾ ਉਦੋਂ ਹੀ ਲਵਾਂਗਾ ਜਦ-ਕਦ ਮੈਨੂੰ ਕਿਤੇ ਕੋਈ ਰੁਜ਼ਗਾਰ ਮਿਲ ਗਿਆ। ਜੇ ਉਪਰੋਕਤ ਸਭ ਕੁਝ ਜਾਨਣ ਤੋਂ ਬਾਦ ਵੀ ਕੁੜੀ ਦਾ ਬਾਪ ਵੇਖਣਾ ਚਾਹੇਗਾ ਤਾਂ ਮੈਂ ਕਿਸੇ ਮਿਥੇ ਦਿਨ ਉੱਤੇ ਪਿੰਡ ਆ ਜਵਾਂਗਾ......।
ਹੁਣ ਤੁਸੀਂ ਹੀ ਦੱਸੋ ਕਿ ਅਜਿਹਾ ਕਿਹੜਾ ਬਾਪ ਹੋਏਗਾ ਜਿਹੜਾ ਉਪਰੋਕਤ ਸਭ ਕੁਝ ਜਾਣਦੇ ਹੋਏ ਵੀ ਆਪਣੀ ਧੀ ਨੂੰ ਜਮਾਂ ਸਾਹਮਣੇ ਦਿਸਦੇ ਨਰਕ-ਕੁੰਡ ਵਿੱਚ ਧੱਕਾ ਦੇਣਾ ਚਾਹੇਗਾ? ਤੁਹਾਨੂੰ ਤਾਂ ਕੀ, ਮੈਨੂੰ ਆਪ ਨੂੰ ਵੀ ਪੂਰਾ ਯਕੀਨ ਸੀ ਕਿ ਗੱਲ ਜਿਥੋਂ ਸ਼ੁਰੂ ਹੋਈ ਹੈ ਉਥੇ ਹੀ ਜਾਮ ਹੋ ਜਾਏਗੀ। ਖ਼ੈਰ ਜੀ, ਮੈਂ ਆਪਣੇ ਆਦਰਸ਼ਵਾਦੀ ਰੰਗ ਵਿਚ ਰੰਗਿਆ ਤੇ ਆਪਣੇ-ਆਪ ਨੂੰ ਆਪਣੀ ਮਾਂ ਦਾ 'ਧਰਮਪੁੱਤਰ' ਸਮਝਦਾ ਹੋਇਆ ਚਿੱਠੀ ਪੋਸਟ ਕਰ ਆਇਆ। ਪਿੰਡ ਪਹੁੰਚੀ ਚਿੱਠੀ ਜਦ ਮਾਂ ਨੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਤੋਂ ਪੜ੍ਹਾਈ ਤਾਂ ਮਾਂ ਦਾ ਮੂੰਹ ਉੱਤਰਨਾ ਕੁਦਰਤੀ ਹੀ ਸੀ। ਬੁੱਸੇ ਜਿਹੇ ਮੂੰਹ ਨਾਲ਼ ਮਾਂ ਨੇ ਉਹੀ ਚਿੱਠੀ ਮੇਰੇ ਬਣ ਰਹੇ ਵਿਚੋਲੇ ਨੂੰ ਫੜਾ ਦਿੱਤੀ। ਵਿਚੋਲਾ, ਜਿਸਦਾ ਨਾਂ ਅਮਰ ਸਿੰਘ ਧਾਲੀਵਾਲ ਸੀ, ਪਿੰਡ ਵਿੱਚੋਂ ਮੇਰਾ ਤਾਇਆ ਲਗਦਾ ਸੀ। ਉਹ ਬੜਾ ਹੀ ਸਾਫ-ਦਿਲ ਇਨਸਾਨ ਸੀ। ਨਾਲ਼ ਦੀ ਨਾਲ਼ ਉਸਦਾ ਹਾਸੇ-ਠੱਠੇ ਦੇ ਸੁਭਾਅ ਵਾਲਾ ਵੀ ਸੀ। ਉਹ 'ਮਹਾਰਾਜ ਦਾ ਪਾਠੀ' ਸੀ ਤੇ ਪਾਠ ਕਰਨ ਹਿਤ ਦੋਵੇਂ ਵਕਤ ਪਿੰਡ ਦੇ ਗੁਰਦੁਆਰੇ ਸਾਹਿਬ ਜਾਇਆ ਕਰਦਾ ਸੀ। ਉਸਦਾ ਸਾਡੇ ਘਰ ਰੋਜ਼ ਦਾ ਆਉਣ-ਜਾਣ ਸੀ ਕਿਉਂਕਿ ਗੁਰਦੁਆਰਾ ਸਾਹਿਬ ਜਾਣ ਵਾਸਤੇ ਸਾਡੇ ਘਰ ਰਾਹੀਂ ਜਾਣਾ ਉਸਨੂੰ 'ਸ਼ਾਟਕੱਟ' (ਨੇੜੇ) ਪੈਂਦਾ ਸੀ। ਉਂਝ ਵੀ ਸਮਾਜਿਕ ਤੇ ਪਰਿਵਾਰਕ ਤੌਰ 'ਤੇ ਅਸੀਂ ਦੋਵੇਂ ਘਰ ਇਕ ਦੁਜੇ ਦੇ ਵਾਹਵਾ ਨੇੜੇ ਸਾਂ। ਤਾਇਆ ਅਮਰ ਸਿੰਘ ਧਾਲੀਵਾਲ ਨੇ ਚਿੱਠੀ ਪੜ੍ਹ ਕੇ ਮੇਰੀ ਮਾਂ ਨੂੰ ਹਸਦਿਆਂ ਕਿਹਾ, 'ਲੈ ਹਰਨਾਮ ਕੁਰੇ, ਸਮਝ ਲੈ ਹੋ ਗਿਆ ਤੇਰੇ ਮੁੰਡੇ ਦਾ ਰਿਸ਼ਤਾ ਪੱਕਾ! ਲੱਗ-ਜਾ ਗੀਤ ਗਾਉਣ ਅੱਜ ਤੋਂ ਈ ਸ਼ਗਨਾਂ ਦੇ!' ਮਾਂ ਤਾਏ ਦੇ ਮਖ਼ੌਲੀਏ ਸੁਭਾਅ ਤੋਂ ਜਾਣੂ ਸੀ। ਇਸ ਲਈ ਉਸਨੇ ਉਸਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ।
ਪਰ ਜਾਪਦੈ ਤਾਏ ਨੇ ਨਾ ਹੀ ਮੇਰੀ ਚਿੱਠੀ ਮਖ਼ੌਲ ਵਜੋਂ ਲਈ ਸੀ ਤੇ ਨਾ ਹੀ ਆਪਣੀ ਗੱਲ ਮਖ਼ੌਲ ਵਜੋਂ ਕਹੀ ਸੀ। ਮੇਰੇ ਘਰ ਦੀ ਆਰਥਿਕ ਸਥਿੱਤੀ ਬਾਰੇ ਉਸ ਨੇ ਪਹਿਲਾਂ ਹੀ ਕਾਫੀ ਕੁਝ ਸਹੀ-ਸਹੀ ਕੁੜੀ ਦੇ ਬਾਪ ਨੂੰ ਦੱਸ ਦਿੱਤਾ ਸੀ। ਓਹਲਾ ਰਖਦਾ ਵੀ ਕਾਹਦਾ? ਕੱਚਾ ਘਰ ਤੇ ਢਹੀ ਕੰਧ ਅਗਲੇ ਨੂੰ ਆਪ ਦਿਸ ਪੈਣੀ ਸੀ ਤੇ ਜ਼ਮੀਨ ਦੀ ਅਸਲੀਅਤ ਦਾ ਪਟਵਾਰੀ-ਗਰਦੌਰ ਤੋਂ ਪਤਾ ਲੱਗ ਜਾਣਾ ਸੀ। ਹਾਂ, ਗਹਿਣੇ-ਪਈ ਜ਼ਮੀਨ ਤੇ ਕਰਜ਼ੇ ਦਾ ਸ਼ਾਇਦ ਉਸਨੂੰ ਆਪਨੂੰ ਵੀ ਪਤਾ ਨਹੀਂ ਸੀ। ਰਹੀ ਗੱਲ ਮੇਰੇ ਵੱਡੇ ਭਾਈ ਦੇ ਵੈਲਪੁਣੇ ਦੀ? ਅਜਿਹੀ ਗੱਲ ਨੂੰ ਉਹ ਬਹੁਤੀ ਗੰਭੀਰਤਾ ਨਾਲ ਲੈਣ ਵਾਲਾ ਬੰਦਾ ਨਹੀਂ ਸੀ। 'ਜੱਟ ਦੇ ਚਾਰ ਪੁੱਤਾਂ ਵਿੱਚੋ ਇਕ ਪੁੱਤ ਵਿਹਲੜ-ਸ਼ੇਹਲੜ ਨਿਕਲ ਈ ਜਾਂਦੈ।' ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜਿਹੀ ਜੱਟੂ ਸੋਚ ਦਾ ਧਾਰਨੀ ਸੀ ਤਾਇਆ ਅਮਰ ਸਿੰਘ। ਬਾਦ ਵਿੱਚ ਮੈਨੂੰ ਪਤਾ ਲੱਗਿਆ ਕਿ ਉਂਝ ਵੀ ਉਸਨੇ ਜ਼ੋਰ ਸਿਰਫ ਇਕੋ ਗੱਲ 'ਤੇ ਦਿੱਤਾ ਹੋਇਆ ਸੀ। 'ਨੰਦ ਸਿਆਂ ਮੁੰਡਾ ਕੀ ਐ, ਨਿਰਾ ਹੀਰਾ ਐ! ਬਸ ਤੂੰ ਯਾਦ ਰੱਖੇਂਗਾ ਬਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ਼ ਕੇ ਦਿੱਤਾ ਸੀ ਮੇਰੀ ਧੀ ਵਾਸਤੇ!' (ਤਾਇਆ ਅਮਰ ਸਿੰਘ ਦੂਰ-ਨੇੜੇ ਦੀ ਰਿਸ਼ਤੇਦਾਰੀ ਵਿੱਚੋਂ ਕੁੜੀ ਦੇ ਬਾਪ ਦਾ ਮਾਮਾ ਲਗਦਾ ਸੀ) ਤਾਇਆ ਅਮਰ ਸਿੰਘ ਨੂੰ ਮੈਂ 'ਹੀਰਾ' ਸਿਰਫ ਇਸ ਕਰ ਕੇ ਲਗਦਾ ਸੀ ਕਿਉਂਕਿ ਮੈਂ ਇਕ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ 'ਕਿਵੇਂ ਪੜ੍ਹਾਈ ਦੀ 'ਪੌੜੀ' ਦੇ ਇਕ ਡੰਡੇ ਤੋਂ ਬਾਅਦ ਦੂਜੇ ਡੰਡੇ ਉਤੇ ਪੈਰ ਧਰਦਾ 'ਉਤਾਂਹ' ਚੜ੍ਹਦਾ ਜਾ ਰਿਹਾ ਸੀ।
ਲਉ ਜੀ ਤਾਇਆ ਅਮਰ ਸਿੰਘ ਧਾਲੀਵਾਲ ਨੇ ਆਪਣੀ ਦਿਬ-ਦ੍ਰਿਸ਼ਟੀ ਦੇ ਵਿਸ਼ਵਾਸ ਦੇ ਸਿਰ 'ਤੇ ਮੇਰੇ ਵਾਲੀ ਚਿੱਠੀ ਅੱਗੋਂ ਆਪਣੇ ਭਾਣਜੇ, ਜਾਨੀ ਕੁੜੀ ਦੇ ਬਾਪ ਨੰਦ ਸਿੰਘ ਦੇ ਹੱਧ 'ਤੇ ਜਾ ਧਰੀ। ਨੰਦ ਸਿੰਘ ਨੇ ਚਿੱਠੀ ਪੜ੍ਹੀ ਤੇ ਪੜ੍ਹ ਕੇ ਕੁਝ ਸੋਚਾਂ ਜਿਹੀਆਂ ਵਿੱਚ ਪੈ ਗਿਆ। ਕੁਝ ਚਿਰ ਚੁੱਪ ਰਿਹਾ। ਤਾਇਆ ਅਮਰ ਸਿੰਘ ਉਸਦੇ ਚਿਹਰੇ ਦੇ ਹਾਵ-ਭਾਵ ਪੜ੍ਹਣ ਦੀ ਕੋਸ਼ਿਸ਼ ਕਰਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਨੰਦ ਸਿੰਘ ਫ਼ਿਲਾਸਫ਼ਰਾਂ ਵਾਲੀ ਗ਼ਹਿਰ-ਗੰਭੀਰ ਆਵਾਜ਼ ਵਿੱਚ ਬੋਲਿਆ, 'ਮਾਮਾ ਜੀ, ਲਗਦੈ ਅਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਸੰਗ ਲਿਖਿਐ। ਜਦ ਮੁੰਡਾ ਕਿਸੇ ਰੁਜ਼ਗਾਰ 'ਤੇ ਲੱਗ ਗਿਆ, ਮੈਨੂੰ ਖ਼ਬਰ ਕਰ ਦਿਉ।'
ਜਦੋਂ ਮੈਂ ਇੱਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਪਿੰਡ ਆਇਆ ਤੇ ਮੈਨੂੰ ਸਾਰੀ ਕਹਾਣੀ ਦਾ ਪਤਾ ਚਲਿਆ ਤਾਂ ਮੈਨੂੰ ਬੇਹੱਦ ਹਰਾਨੀ ਹੋਈ। ਹਰਾਨੀ ਨਾਲ ਕੁਝ ਕੁਝ ਖ਼ੁਸ਼ੀ ਵੀ। ਖ਼ੁਸ਼ੀ ਇਸ ਗੱਲ ਦੀ ਬਈ ਚਲੋ ਮੇਰੇ ਵਿਚਾਰਾਂ ਨਾਲ਼ ਮਿਲਦਾ-ਜੁਲਦਾ ਕੋਈ ਬੰਦਾ ਤਾਂ ਹੈ ਜਿਸਦੀ ਧੀ ਨਾਲ ਮੇਰੇ ਰਿਸ਼ਤਾ ਦੀ ਗੱਲ ਚੱਲ ਰਹੀ ਹੈ। ਪਰ ਨਾਲ਼ ਦੀ ਨਾਲ ਮਨ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਆਪਣਾ ਸਿਰ ਚੁੱਕਣ ਲੱਗੇ? 'ਕਿਉਂ ਕਰ ਰਿਹੈ ਮੇਰੇ ਵਰਗੇ ਨੰਗ-ਮੁਲੰਗ ਨੂੰ ਆਪਣੀ ਕੁੜੀ ਦਾ ਰਿਸ਼ਤਾ? ਕਿਤੇ ਕੁੜੀ ਵਿੱਚ ਕੋਈ ਨੁਕਸ ਹੀ ਨਾ ਹੋਵੇ? ਕੁੜੀ ਲੰਗੜੀ-ਲੂਹਲੀ ਜਾਂ ਕਰੈਕਟਰ ਕਰੂਕਟਰ....?...? ਜੇ ਇਹ ਗੱਲ ਐ ਤਾਂ ਉਸ ਭਲੇ ਮਾਣਸ ਨੇ ਇਹ ਕਿਵੇਂ ਸਮਝ ਲਿਆ ਬਈ ਮੈਂ ਬਿਨਾ ਦੇਖੇ, ਬਿਨਾ ਪੁੱਛ-ਪੜਤਾਲ ਦੇ ਉਸਦੀ ਧੀ ਦਾ ਰਿਸ਼ਤਾ ਕਬੂਲ ਕਰ ਲਵਾਂਗਾ....?' ਪਰ ਫੇਰ ਇਹ ਖ਼ਿਆਲ ਵੀ ਆਇਆ ਕਿ ਜੇ ਕੋਈ ਐਸੀ-ਵੈਸੀ ਗੱਲ ਹੁੰਦੀ ਤਾਂ ਤਾਇਆ ਅਮਰ ਸਿੰਘ ਵਿੱਚ ਕਿਉਂ ਪੈਂਦਾ? ਸਾਡੇ ਨਾਲ਼ ਉਸਦੀ ਐਨੀ ਨੇੜਤਾ ਹੈ, ਅਜਿਹੀ ਘਟੀਆ ਗੱਲ ਤਾਂ ਉਹ ਕਦੇ ਸੋਚ ਵੀ ਨਹੀਂ ਸਕਦਾ।' ਇਹ ਸੋਚ ਕੇ ਮੈਂ ਤਾਇਆ ਅਮਰ ਸਿੰਘ ਕੋਲ਼ ਗੱਲ ਕਰਨੀ ਵੀ ਮੁਨਾਸਿਬ ਨਾ ਸਮਝੀ। ਫੇਰ 'ਚਲੋ ਜਦੋਂ ਅੱਗੇ ਗੱਲ ਚੱਲੀ, ਓਦੋਂ ਵੇਖੀ ਜਾਊ, ਅਜੇ ਤਾਂ ਮੈਂ ਐਮ.ਏ. ਦਾ ਇਮਤਿਹਾਨ ਦੇਣੈਂ, ਨੌਕਰੀ ਲੱਭਣੀ ਐਂ।' ਸੋਚ ਕੇ ਸ਼ੰਕੇ-ਫੰਕੇ ਦਿਮਾਗ ਵਿੱਚੋਂ ਝਾੜ ਛਡੇ।
ਲਉ ਜੀ, ਮੈਂ ਐਮ.ਏ. ਦਾ ਇਮਤਿਹਾਨ ਦਿੱਤਾ, ਨਤੀਜਾ ਵੀ ਆ ਗਿਆ; ਚੰਗੇ ਭਾਗਾਂ ਨੂੰ ਚੰਗੇ ਨੰਬਰ ਵੀ ਆ ਗਏ। ਓਦੋਂ ਵੀ ਚੰਗੇ ਭਾਗਾਂ ਨੂੰ ਨਤੀਜਾ ਨਿਕਲਨ ਤੋਂ ਬਾਦ ਬੀਹ ਦਿਨਾਂ ਦੇ ਅੰਦਰ-ਅੰਦਰ ਬਿਨਾ ਕਿਸੇ ਵਿਸ਼ੇਸ਼ ਭੱਜ-ਨੱਠ ਦੇ ਮੇਰੇ ਆਪਣੇ ਇਲਾਕੇ ਦੇ ਮਾਨਸਾ ਕਸਬੇ ਵਿਖੇ ਨਵੇਂ ਖੁੱਲ੍ਹੇ ਨਹਿਰੂ ਮੈਮੋਰੀਅਲ ਕਾਲਜ ਵਿੱਚ ਮੈਂਨੂੰ ਪੰਜਾਬੀ ਦੇ ਲੈਕਚਰਰ ਦੀ ਚੰਗੀ ਨੌਕਰੀ ਵੀ ਮਿਲ ਗਈ।.....
ਨੌਕਰੀ 'ਤੇ ਲੱਗੇ ਨੂੰ ਅਜੇ ਪੰਜ-ਛੀ ਮਹੀਨੇ ਹੀ ਹੋਏ ਸੀ ਕਿ ਇਕ ਦਿਨ ਕਾਲਜ ਵਿੱਚ ਮੈਨੂੰ 'ਕੁੜੀ ਦਾ ਬਾਪ' ਮਿਲਣ ਲਈ ਆ ਪਹੁੰਚਿਆ। ਵੇਖਣੀ-ਪਰਖਣੀ ਤੋਂ ਇਕ ਚੰਗਾ ਪੜ੍ਹਿਆ-ਲਿਖਿਆ ਸੂਝਵਾਨ ਸਜਨ ਪੁਰਸ਼ ਜਾਪਦਾ ਸੀ। ਮੈਂ ਉਸਨੂੰ ਕਾਲਜ ਦੀ ਕੰਟੀਨ ਵਾਲੇ ਪਾਸੇ ਲੈ ਗਿਆ ਤੇ ਅਸੀਂ ਕੰਟੀਨ ਨਾਲ-ਲਗਵੇਂ ਇਕ ਗਰਾਉਂਡ ਵਿੱਚ ਬੈਠ ਗਏ। ਗੱਲਬਾਤ ਚਲੀ ਤਾਂ ਮੈਂ ਉਸਨੂੰ ਆਪਣੀ ਚਿੱਠੀ ਵਿਚਲੀਆਂ ਗੱਲਾਂ ਯਾਦ ਕਰਵਾਉਂਦਿਆਂ ਕਿਹਾ, 'ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ-ਖੁੰਡਿਆਂ ਵਾਲੀ ਗੱਲ ਈ ਨਾ ਸਮਝ ਲੈਣਾ। ਮੈਂ ਜੋ ਲਿਖਿਆ ਸੀ ਸਹੀ ਤੇ ਸੰਜੀਦਗੀ ਨਾਲ ਲਿਖਿਆ ਸੀ......।' ਮੇਰੀ ਗੱਲ ਸੁਣ ਕੇ ਉਸ ਨੇ ਜਵਾਬ ਦਿੱਤਾ, 'ਮੈਨੂੰ ਸਭ ਪਤਾ ਐ। ਅਸਲ ਵਿੱਚ ਸਭ ਕੁਝ ਦਾ ਪਤਾ ਮੈਂ ਪਹਿਲਾਂ ਹੀ ਕਰ ਲਿਆ ਸੀ। ਸੱਚੀ ਗੱਲ ਤਾਂ ਇਹ ਐ ਕਿ ਸਭ ਕੁਝ ਪਤਾ ਲੱਗਣ 'ਤੇ ਮੈਂ ਆਪ ਹੀ ਮਨ ਵਿੱਚ ਫ਼ੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਆਪਣੀ ਧੀ ਕਦਾਚਿਤ ਨਹੀਂ ਵਿਆਹਾਂਗਾ। ਪਰ ਤੇਰੀ ਚਿੱਠੀ ਨੇ ਮੇਰਾ ਇਰਾਦਾ ਬਦਲ ਦਿੱਤਾ। ਤੇਰੀ ਚਿੱਠੀ ਪੜ੍ਹ ਕੇ ਮੈਨੂੰ ਇਸ ਤਰ੍ਹਾਂ ਦਾ ਅਹਿਸਾਸ ਹੋਇਆ ਕਿ ਇਹ ਨੌਜਵਾਨ ਜੀਵਨ ਵਿੱਚ ਕੋਈ ਵੱਡਾ ਮਾਇਆਧਾਰੀ ਬਣੇ ਚਾਹੇ ਨਾ ਬਣੇ ਪਰ ਇਹ ਭੁੱਖਾ ਕਦੇ ਨਹੀਂ ਮਰੇਗਾ। ਮੇਰੀ ਧੀ ਸੁਖੀ ਰਹੂ ਇਹ ਸੰਯੋਗ ਪਾ ਕੇ।... ਕਾਕਾ, ਮੈਨੂੰ ਤੂੰ ਪਸੰਦ ਐਂ। ਮੇਰੀ ਧੀ, ਮੇਰੇ ਘਰਵਾਰ ਬਾਰੇ ਤੂੰ ਪਤਾ ਕਰ ਕੇ ਆਪਣੀ ਰਾਇ ਦੱਸ ਦੇਵੀਂ।'......ਤੇ ਉਹ ਚਲਿਆ ਗਿਆ।
ਉਸ ਦੇ ਚਲੇ ਜਾਣ ਤੋਂ ਬਾਦ ਮੈਂ ਦੋ-ਤਿੰਨ ਮਹੀਨਿਆਂ ਅੰਦਰ 'ਸਭ ਕੁਝ' ਦੀ ਤਸੱਲੀ ਕਰ ਲਈ ਮੈਂ ਰਿਸ਼ਤੇ ਲਈ 'ਹਾਂ' ਕਰ ਦਿੱਤੀ। ਮੰਗਣੀ ਦਾ ਦਿਨ ਵੀ ਨਿਸ਼ਚਿਤ ਕਰ ਦਿੱਤਾ। ਪਰ ਜਿਸ ਦਿਨ ਮੇਰੇ ਕੱਚੇ ਤੇ ਢਹੀ ਕੰਧ ਵਾਲੇ ਘਰ ਵਿੱਚ ਮੇਰੀ ਮੰਗਣੀ ਹੋਈ ਤਾਂ ਇਕ ਗੜਬੜ ਹੋ ਗਈ। ਮੰਗਣੀ ਦੀ ਰਸਮ ਤੋਂ ਬਾਦ ਜਦ ਮੈਂ ਸ਼ਗਨਾਂ ਵਾਲਾ ਪਰਨਾ ਆਪਣੀ ਮਾਂ ਦੇ ਚਰਨਾਂ ਵਿੱਚ ਧਰਿਆ ਤਾਂ ਸ਼ਗਨਾਂ ਵਾਲੇ ਪੈਸਿਆਂ ਵਿਚੋਂ ਮਾਂ ਨੂੰ ਸਿਉਨੇ ਦੀ ਇਕ ਮੋਹਰ ਮਿਲ ਗਈ। ਦੇਖ ਕੇ ਮੈਨੂੰ ਹੈਰਾਨੀ ਵੀ ਹੋਈ ਤੇ ਗੁੱਸਾ ਵੀ ਆਇਆ ਬਈ ਐਨਾ ਕਹਿਣ ਦੇ ਬਾਵਜੂਦ...? ਮੈਂ ਤਾਂ ਸਾਰੇ ਪਿੰਡ, ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ 'ਚ ਫੜ੍ਹ ਮਾਰੀ ਹੋਈ ਸੀ ਕਿ ਮੈਂ ਇਕ ਆਦਰਸ਼ ਤੇ ਅਗਾਂਹਵਧੂ ਵਿਆਹ-ਮੰਗਣੀ ਕਰਨ ਜਾ ਰਿਹਾ ਹਾਂ। ਹੁਣ ਉਹ ਸਾਰੇ ਕੀ ਸੋਚਣਗੇ। ਇਹੋ ਕਿ 'ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ?' ਕਿਵੇਂ ਵਿਖਾਵਾਂਗਾ ਮੂੰਹ ਦੋਸਤ-ਮਿੱਤਰਾਂ ਨੂੰ? ਬੜੀ ਪੁਜ਼ੀਸ਼ਨ ਆਕਵਰਡ ਹੁੰਦੀ ਜਪੀ। ਕੀ ਕੀਤਾ ਜਾਵੇ। ਐਨੀ ਮੇਰੇ 'ਚ ਹਿੰਮਤ ਨਾ ਪਈ ਕਿ ਭਰੀ ਪੰਚਾਇਤ ਵਿੱਚ ਜਾ ਕੇ ਮੋਹਰ ਉਸ ਭਲੇ-ਮਾਣਸ ਭਾਵ ਆਪਣੇ ਬਣ ਚੁੱਕੇ ਸਹੁਰਾ ਸਾਹਿਬ ਦੇ ਪੈਰਾਂ ਵਿੱਚ ਵਗਾਹ ਮਾਰਾਂ। ਉਸ ਆਦਮੀ ਦਾ ਮੇਰੇ ਉੱਤੇ ਪ੍ਰਭਾਵ ਹੀ ਅਜਿਹਾ ਪੈ ਚੁੱਕਾ ਸੀ ਕਿ ਮੈਂ ਉਸਨੂੰ 'ਦੇਵਤਾ ਪੁਰਸ਼' ਸਮਝਣ ਲੱਗ ਪਿਆ ਸਾਂ। ਦੂਜੀ ਗੱਲ, ਜਿਹੜੀ ਅੱਜ ਮੇਰੇ ਦਿਮਾਗ ਵਿੱਚ ਆ ਰਹੀ ਹੈ, ਇਹ ਕਿ ਹੋ ਸਕਦੈ ਮੋਹਰ ਨੂੰ ਵੇਖ ਕੇ ਮੇਰੇ ਮਨ ਅੰਦਰ ਹੀ ਕੋਈ ਕਮਜ਼ੋਰੀ ਆ ਗਈ ਹੋਵੇ! ਭਾਵੇਂ ਮੋਹਰ ਕੋਈ ਵਡਮੁੱਲੀ ਵਸਤੂ ਨਹੀਂ ਸੀ ਪਰ ਆਰਥਿਕ ਪੱਖੋਂ ਟੁੱੱਟੇ ਘਰ ਦੇ ਮੇਰੇ ਵਰਗੇ ਨੌਜਵਾਨ ਦੇ ਪੈਰ ਉਖੇੜਨ ਲਈ ਤਾਂ ਇਸ ਨਿੱਕੀ ਜਿਹੀ ਸੋਨ-ਮੋਹਰ ਦਾ ਹੀ ਲਿਸ਼ਕਾਰਾ ਕਾਫੀ ਹੁੰਦੈ। ਮਾਂ ਮੇਰੇ ਧਰਮ-ਸੰਕਟ ਨੂੰ ਸਮਝ ਗਈ ਤੇ ਸਮਝਦਿਆਂ ਉਸ ਮੈਨੂੰ 'ਨਸੀਹਤ' ਦਿੱਤੀ, ''ਚਲ ਚੁੱਪ ਕਰ। ਹੁਣ ਇਸ ਸਮੇਂ ਰੌਲਾ ਪਾਉਂਦਾ ਚੰਗਾ ਨਹੀਂ ਲਗਦਾ। ਜੋ ਕੁਝ ਕਰਨਾ ਹੋਇਆ ਵਿਆਹ ਵੇਲ਼ੇ ਕਰ-ਲੀ।'' ਲਗਦੈ ਮਾਂ ਦਾ ਦਿਲ ਵੀ ਅੰਦਰਖਾਤੇ ਲਲਚਾ ਗਿਆ ਸੀ। ਉਸ ਦਾ ਗਰੀਬ ਦਿਲ ਸ਼ਾਇਦ ਦੁਨੀਆਂ ਨੂੰ ਇਹ ਕਹਿਣਾ ਚਾਹੁੰਦਾ ਸੀ, ''ਦੇਖੋ, ਮੇਰੇ ਪੁੱਤ ਨੂੰ ਮੋਹਰਾਂ ਪੈਂਦੀਐਂ! ਐਵੇ ਨਾ ਸਮਝ ਲਿਉ ਤੁਸੀਂ ਕਿਤੇ ਸਾਨੂੰ?''
ਖ਼ੈਰ ਜੀ, ਮੇਰੀ ਕਮਜ਼ੋਰੀ ਆਖੋ ਜਾਂ ਕੁਝ ਹੋਰ, ਪਰ ਇੱਕ ਗੱਲ ਜਮਾਂ ਸੱਚੀ ਹੈ ਕਿ ਮੈਂ ਮੋਹਰ ਵਾਪਿਸ ਨਾ ਕਰ ਸਕਿਆ। ਪਰ ਨਾਲ਼ ਦੀ ਨਾਲ਼ ਵਿਆਹ ਤੋਂ ਪਹਿਲਾਂ-ਪਹਿਲਾਂ ਸਾਰੀ ਸਮੱਸਿਆ ਨਾਲ਼ ਕਰੜਾਈ ਨਾਲ਼ ਨਜਿੱਠਣ ਦੀਆਂ ਸਕੀਮਾਂ ਵੀ ਸੋਚਣ ਲੱਗਾ। ਵਿਆਹ ਵੇਲ਼ੇ ਮੈਂ ਇਸ ਨੂੰ ਕਿਵੇਂ ਨਜਿੱਠਿਆ, ਜਾਂ ਕਿਵੇਂ ਨਾ ਨਜਿੱਠਿਆ, ਇਹ ਗੱਲ ਆਪਣੀ ਵਿਆਹ-ਕਥਾ ਬਿਆਨ ਕਰਨ ਵੇਲ਼ੇ ਦੱਸਾਂਗਾ ਪਰ ਹਾਲ ਦੀ ਘੜੀ ਉਹ ਸੁਣ ਲਵੋ ਜੋ ਮੈਂ ਵਿਆਹ ਤੋਂ ਪਹਿਲਾਂ ਕੀਤਾ। ਜਿਉਂ-ਜਿਉਂ ਮੈਂ ਇਸ ਵਰਤਾਰੇ ਬਾਰੇ ਵਿਚਾਰ ਕਰਦਾ ਰਿਹਾ ਤਿਉਂ-ਤਿਉਂ ਮੇਰੀ ਜ਼ਮੀਰ ਮੈਨੂੰ ਲਾਹਣਤਾਂ ਪਾਉਂਦੀ ਰਹੀ। ਦੋ ਕੁ ਮਹੀਨੇ ਮੈਂ ਅੰਦਰੇ-ਅੰਦਰ ਹੀ ਕਰਿਝਦਾ ਜਿਹਾ ਰਿਹਾ। ਅਖ਼ੀਰ ਕਾਫੀ ਕਰਿਝਣ ਤੋਂ ਬਾਦ ਇਕ ਲੰਬੀ ਜਿਹੀ ਚਿੱਠੀ ਸਹੁਰਾ ਸਾਹਿਬ ਨੂੰ ਲਿਖ ਮਾਰੀ ਜਿਸਦਾ ਸਾਰੰਸ਼ ਕੁਝ ਇਸ ਪ੍ਰਕਾਰ ਸੀ: 'ਮਾਨਯੋਗ ਬਾਪੂ ਜੀ, ਮੈਂ ਬਹੁਤ ਹੀ ਅਫ਼ਸੋਸ ਅਤੇ ਦੁੱਖੀ ਮਨ ਨਾਲ਼ ਆਪ ਜੀ ਨੂੰ ਲਿਖ ਰਿਹਾ ਹਾਂ। ਦੁੱਖ ਅਤੇ ਅਫ਼ਸੋਸ ਵਾਲੀ ਗੱਲ ਇਹੋ ਹੈ ਕਿ ਮੇਰੇ ਵਾਰ-ਵਾਰ ਕਹਿਣ ਦੇ ਬਾਪਜੂਦ ਤੁਸੀਂ ਮੇਰੇ ਨਾਲ ਕੀਤੇ ਵਾਹਦਿਆਂ 'ਤੇ ਪੂਰੇ ਨਹੀਂ ਉਤਰੇ। ਸ਼ਗਨ ਵਿਚ ਮੋਹਰ ਪਾ ਕੇ ਤੁਸੀਂ ਮੇਰਾ ਮਾਨ ਨਹੀਂ, ਸਗੋਂ ਅਪਮਾਨ ਕੀਤਾ ਹੈ। ਜੇ ਤੁਸੀਂ ਵਿਆਹ ਵੇਲ਼ੇ ਵੀ ਇਸ ਤਰ੍ਹਾਂ ਦਾ ਹੀ ਕੁਝ ਕਰਨਾ ਹੈ ਤਾਂ ਮੇਰੀ ਵੱਲੋਂ ਵਿਆਹ ਲਈ ਅੱਜ ਤੋਂ ਹੀ ਜਵਾਬ ਸਮਝੋ।' ਹੌਸਲਾ ਜਿਹਾ ਕਰਕੇ ਮੈਂ ਚਿੱਠੀ ਪੋਸਟ ਕਰ ਆਇਆ। ਘਰ ਦੇ ਕਿਸੇ ਹੋਰ ਜੀਅ ਕੋਲ ਇਸਦੀ ਗੱਲ ਨਾ ਕੀਤੀ।
ਕੁਝ ਦਿਨਾਂ ਬਾਦ ਹੀ ਮੈਨੂੰ ਮੇਰੀ ਚਿੱਠੀ ਜਾ ਜਵਾਬ ਆ ਗਿਆ। ਚਿੱਠੀ ਪੰਜਾਬੀ ਵਿੱਚ ਸੀ ਪਰ ਲਿਖੀ ਹੋਈ ਫਾਰਸੀ ਲਿਪੀ ਵਿੱਚ ਸੀ। ਮੈਂ ਆਪਣੇ ਇਕ ਪ੍ਰ੍ਰੋਫੈਸਰ ਸਾਥੀ ਕੋਲੋ ਇਹ ਪੜ੍ਹਾਈ। ਚਿੱਠੀ ਵਿੱਚ ਸਹੁਰਾ ਸਾਹਿਬ ਨੇ ਆਪਣੀ ਗ਼ਲਤੀ ਲਈ ਮਾਫ਼ੀ ਮੰਗੀ ਸੀ ਤੇ ਵਿਆਹ ਵੇਲ਼ੇ ਇਸ ਕਿਸਮ ਦੀ ਕੋਈ ਗ਼ਲਤੀ ਨਾ-ਦੁਹਰਾਉਣ ਦਾ ਇਕਰਾਰ ਕੀਤਾ ਸੀ।........
ਤੇ ਇਸ ਤੋਂ ਪਹਿਲਾਂ ਕਿ ਮੇਰਾ ਸਹੁਰਾ ਸਾਹਿਬ ਆਪਣਾ ਕੀਤਾ ਇਕਰਾਰ ਨਿਭਾਉਂਦੇ, ਚਿੱਠੀ ਲਿਖਣ ਤੋਂ ਅੱਠ-ਦੱਸ ਦਿਨਾਂ ਬਾਦ ਹੀ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਦੁਨੀਆਂ ਤੋਂ ਵਿਦਾ ਹੋ ਗਏ।........
ਮੇਰਾ ਵਿਆਹ: ਹੁਣੋ ਸੁਣੋ ਮੇਰੇ ਵਿਆਹ ਦੀ ਵਾਰਤਾ....... ਮੰਗਣੀ ਦੀ ਰਸਮ ਤੋਂ ਬਾਦ ਤੇ ਵਿਆਹ ਤੋਂ ਪਹਿਲਾਂ ਮੇਰੇ ਸਹੁਰੇ ਦੀ ਮੌਤ ਹੋ ਜਾਣ ਕਾਰਨ ਮੇਰੇ ਸਹੁਰਾ-ਘਰ ਦੇ ਆਪਣੇ ਪਰਸਪਰ ਤੇ ਮੇਰੇ ਉਸ ਘਰ ਨਾਲ ਬਣੇ ਰਿਸ਼ਤੇ ਦੇ ਕੁਝ ਸਮੀਕਰਨ ਜਿਹੇ ਵਿਗੜ ਗਏ। ਹੁਣ ਤਕ ਜੋ ਗੱਲਬਾਤ ਹੋਈ ਸੀ ਉਹ ਮੁਖ ਤੌਰ 'ਤੇ ਮੇਰੇ ਸਹੁਰੇ ਨਾਲ਼ ਹੀ ਹੋਈ ਸੀ। ਪਰ ਹੁਣ ਉਸ ਘਰ ਦੇ ਹੋਰ ਮੈਂਬਰ ਮੂਹਰੇ ਆਉਣੇ ਸ਼ੁਰੂ ਹੋ ਗਏ ਸਨ ਤੇ ਗੱਲਬਾਤ ਇਕ ਤਰ੍ਹਾਂ ਨਾਲ ਬਿਲਕੁਲ ਨਵੇਂ ਸਿਰਿਉਂ ਸ਼ੁਰੂ ਕਰਨੀ ਪੈਣੀ ਸੀ। ਮੇਰੀ ਮੰਗੇਤਰ, ਜਿਸ ਦਾ ਨਾਂ ਮਨਜੀਤ ਸੀ, ਦੀਆਂ ਦੋ ਭੈਣਾਂ ਸਨ। ਇਕ ਉਸ ਤੋਂ ਵੱਡੀ ਸੀ ਤੇ ਇਕ ਛੋਟੀ। ਦੋਵੇਂ ਹੀ ਵਿਆਹੀਆਂ ਹੋਈਆਂ ਸਨ। ਭਾਈ ਕੋਈ ਨਹੀਂ ਸੀ ਤੇ ਮਾਂ ਸਧਾਰਨ ਕਿਸਮ ਦੀ ਔਰਤ ਸੀ। ਸੋ ਵਿਆਹ ਦਾ ਜੋ ਢਮ-ਢਮਾ ਕਰਨਾ ਸੀ ਉਹ ਮੇਰੇ ਸਾਢੂਆਂ (ਸਾਂਢੂਆਂ) ਤੇ ਮਨਜੀਤ ਦੀਆਂ ਭੈਣਾਂ ਨੂੰ ਹੀ ਮੂਹਰੇ ਲਗ ਕੇ ਕਰਨਾ ਪੈਣਾ ਸੀ। ਉਹਨਾਂ ਵਿੱਚੋਂ ਵੀ ਵਿਸ਼ੇਸ਼ ਤੌਰ 'ਤੇ ਵੱਡੇ ਸਾਂਢੂ ਸਾਹਿਬ ਨੂੰ। ਮੇਰੇ ਸਹੁਰੇ ਦੀ ਮੌਤ ਤੋਂ ਬਾਦ ਮੈਂ ਵੀ ਉਸ ਘਰ ਆਮ ਆਉਣ-ਜਾਣ ਲੱਗ ਪਿਆ ਸੀ ਤੇ ਮੇਰੀ ਸਾਰਿਆਂ ਨਾਲ ਚੰਗੀ ਜਾਣ-ਪਹਿਚਾਣ ਹੋ ਗਈ ਸੀ। ਇਸ ਲਈ ਮੈਂ ਬੇਝਿਜਕ ਹੋ ਕੇ ਕਹਿ ਦਿੱਤਾ ਕਿ ਵਿਆਹ ਉਹਨਾਂ ਸ਼ਰਤਾਂ 'ਤੇ ਹੀ ਹੋਏਗਾ ਜੋ ਬਾਪੂ ਜੀ ਨਾਲ਼ ਤਹਿ ਹੋਈਆਂ ਸਨ। ਇਸ ਲਈ ਉਹਨਾਂ ਨੂੰ ਮੰਨਣਾ ਪਿਆ। ਭਾਵੇਂ ਉਨ੍ਹਾਂ ਲਈ ਇਹ ਜ਼ਰਾ ਮੁਸ਼ਕਿਲ ਸੀ ਕਿਉਂਕਿ ਇਕ ਤਾਂ ਉਹਨਾਂ ਨੇ ਆਪਣੇ ਵਿਆਹਾਂ ਵੇਲ਼ੇ ਲੈਣ-ਦੇਣ ਕੀਤਾ ਸੀ ਤੇ ਦੂਜੇ ਸ਼ਾਇਦ ਉਹ ਇਹ ਸਮਝਦੋ ਹੋਣ ਕਿ ਮਤੇ ਦੁਨੀਆਂ ਇਹ ਆਖੇ ਕਿ ਸਾਂਢੂਆਂ ਨੇ ਮੋਹਰੀ ਬਣ ਕੇ ਜਾਣ ਕੇ ਕੁਝ ਨਹੀਂ ਕਰਨ ਦਿੱਤਾ। ਖ਼ੈਰ, ਇਕ ਵਾਰ ਤਾਂ ਉਹ ਮੇਰਾ ਕਿਹਾ ਸਭ ਕੁਝ ਮੰਨ ਗਏ।
ਮੈਂ ਵਿਆਹ ਤਾਂ ਕੁਝ ਚਿਰ ਠਹਿਰ ਕੇ ਕਰਵਾਉਣਾ ਚਾਹੁੰਦਾ ਸੀ, ਇਕ ਤਾਂ ਸਹੁਰਾ ਸਾਹਿਬ ਦੀ ਹੁਣੇ ਹੋਈ ਮੌਤ ਕਰ ਕੇ, ਅਤੇ ਦੂਜੇ ਆਪਣੀ ਖਿੰਡਰੀ-ਪੁੰਡਰੀ ਆਰਥਿਕ ਹਾਲਤ ਕਰ ਕੇ। ਪਰ ਉਸ ਘਰ ਆਮ ਆਉਣ-ਜਾਣ ਤੇ ਵਿੱਚ-ਵਿੱਚ ਮਨਜੀਤ ਨੂੰ ਮਿਲਣ-ਜੁਲਣ ਕਾਰਨ ਸਹੁਰਾ-ਪਰਿਵਾਰ ਅੰਦਰ ਕੋਈ ਡਰ ਜਿਹਾ ਪੈਦਾ ਹੋ ਗਿਆ (ਜਿਹੜਾ ਕਿ ਬਿਲਕੁਲ ਐਨ ਹੀ ਕੁਦਰਤੀ ਸੀ), ਇਸ ਲਈ ਮੈਂ ਵਿਆਹ ਲੇਟ ਪਾਉਣ 'ਤੇ ਜ਼ੋਰ ਨਾ ਪਾ ਸਕਿਆ। ਸੋ ਵਿਆਹ ਦੀ ਮਿਤੀ 6 ਫਰਵਰੀ 1967 ਰੱਖ ਲਈ ਗਈ।
ਭਾਵੇਂ ਸਭ ਕੁਝ ਸਾਦ-ਮੁਰਾਦਾ ਹੀ ਕਰਨਾ ਸੀ ਪਰ ਇਹ 'ਸਾਦ-ਮੁਰਾਦਾ' ਕਰਨ ਲਈ ਵੀ ਮੇਰੇ ਵਿੱਚ ਸਮਰਥਾ ਨਹੀਂ ਸੀ। ਜ਼ਮੀਨ ਜਿਉਂ-ਦੀ-ਤਿਉਂ ਗਹਿਣੇ ਪਈ ਹੋਈ ਸੀ ਤੇ ਘਰ ਸਿਰ ਅੱਠ ਹਜ਼ਾਰ ਦਾ ਕਰਜ਼ਾ ਵੀ ਉਵੇਂ-ਦਾ-ਉਵੇਂ ਹੀ ਮੂੰਹ ਟੱਡੀਂ ਖੜ੍ਹਾ ਸੀ। ਤੇ ਉਹਨਾਂ ਿਦਨਾਂ ਵਿੱਚ ਸਾਡੇ ਘਰ ਵਰਗੇ ਕਿਸਾਨੀ ਪਰਿਵਾਰ ਲਈ ਅੱਠ ਹਜ਼ਾਰ ਦਾ ਕਰਜ਼ਾ ਲਾਹੁਣਾ 'ਖ਼ਾਲ਼ਾ ਜੀ ਦਾ ਵਾੜਾ' ਨਹੀਂਂ ਸੀ। ਹੁਣ ਹੋਰ ਕਰਜ਼ਾ ਚੁੱਕਣ ਦੀ ਮੂਰਖਤਾ ਮੈਂ ਨਹੀਂ ਸੀ ਕਰ ਸਕਦਾ। ਇਸ ਲਈ ਹਰ ਪਾਸਿਉਂ ਹੀ ਮੈਂ ਵੱਧ ਤੋਂ ਵੱਧ ਮੁੱਠੀ ਘੁੱਟਣ ਦੀ ਕੋਸ਼ਿਸ਼ ਕੀਤੀ। ਵਿਆਹ ਸਿਆਲ ਦੀ ਰੁੱਤ ਦਾ ਸੀ। ਜੇ ਬਹੁਤਾ ਨਹੀਂ ਤਾਂ ਘੱਟੋ ਘੱਟ ਵਿਆਹ ਵੇਲੇ ਇਕ ਗਰਮ ਕੋਟ-ਪੈਂਟ ਦੀ ਲੋੜ ਤਾਂ ਹੈ ਹੀ ਸੀ। ਇਸ ਸਬੰਧੀ ਮੈਂ ਆਪਣੇ ਇੱਕ ਪ੍ਰੋਫੈਸਰ-ਮਿੱਤਰ ਐਸ਼ਪੀ. ਸਭਰਵਾਲ, ਜਿਸ ਨੇ ਨਵਾਂ-ਨਵਾਂ ਗਰਮ ਸੂਟ ਸੰਵਾਇਆ ਸੀ, ਬੇਨਤੀ ਕੀਤੀ ਕਿ ਉਹ ਮੇਰੀ ਖ਼ਾਤਰ ਮੇਰੇ ਵਿਆਹ ਤਕ ਆਪਣਾ ਨਵਾਂ ਸੂਟ ਨਾ ਪਹਿਣੇ ਅਤੇ ਵਿਆਹ ਦੇ ਦੋ-ਤਿੰਨ ਦਿਨਾਂ ਲਈ ਇਹ ਮੈਨੂੰ ਦੇ ਦੇਵੇ। ਭਲਾ ਹੋਵੇ ਪ੍ਰੋਫੈਸਰ ਸਭਰਵਾਲ ਦਾ, ਉਸ ਭੰਦਰ ਪੁਰਸ਼ ਨੇ ਮੇਰੇ ਵਾਸਤੇ ਇਹ ਕੁਰਬਾਨੀ ਕਰ ਹੀ ਦਿੱਤੀ। ਘਰੇ ਮਾਂ ਦਬਾਅ ਪਾਉਣ ਲਗੀ ਕਿ ਉਸਦੇ ਕਹੇ ਤੋਂ ਹੋਰ ਕੁਸ਼ ਭਾਵੇਂ ਕਰਾਂ ਜਾਂ ਨਾ ਕਰਾਂ ਪਰ 'ਬਹੂ' ਲਈ ਘੱਟੋ ਘੱਟ ਇਕ ਸ਼ਗਨਾਂ ਦਾ ਸੂਟ ਜ਼ਰੂਰ ਬਣਾ ਕੇ ਲੈ ਜਾਵਾਂ। ਇਥੇ ਮਾਂ ਦੇ ਜਜ਼ਬਾਤ ਮੂਹਰੇ ਆ ਖੜੋਤੇ। ਮਾਂ ਹੀ ਘਰ ਵਿੱਚ ਇੱਕਲਾ ਇਕ ਅਜਿਹਾ ਜੀਅ ਸੀ ਜੋ ਪੜ੍ਹਾਈ ਲਈ ਮੈਨੂੰ ਹੱਲਾ-ਸ਼ੇਰੀ ਦਿੰਦੀ ਰਹੀ ਸੀ ਤੇ ਮੇਰੀ ਪੜ੍ਹਾਈ ਲਈ ਉਸਨੇ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਨਹੀਂ ਸੀ ਕੀਤਾ? ਹੁਣ ਵਿਆਹ ਦੇ 'ਪੁੱਠੇ' ਰੰਗਾਂ-ਢੰਗਾਂ ਵਿੱਚ ਵੀ ਉਹ ਬਚਾਰੀ ਕੋਈ ਦਖ਼ਲ-ਅੰਦਾਜ਼ੀ ਨਹੀਂ ਸੀ ਕਰ ਰਹੀ। ਹੁਣ ਮੈਂ ਮਾਂ ਦੇ ਐਨੇ ਕੁ ਜਜ਼ਬਾਤਾਂ ਦਾ ਵੀ ਖ਼ਿਆਲ ਨਾ ਰੱਖਾਂ? ਲਾਹਣਤ ਐ ਮੇਰੇ ਅਜਿਹੇ ਪੁੱਤ ਹੋਣ 'ਤੇ। ਇਹ ਖ਼ਿਆਲ ਮੇਰੇ 'ਤੇ ਭਾਰੂ ਹੋ ਗਿਆ। ਤੇ ਮੈਂ ਮਾਂ ਦੇ ਜਜ਼ਬਾਤਾਂ ਦਾ 'ਖ਼ਿਆਲ' ਇਸ ਸ਼ਰਤ 'ਤੇ ਰੱਖਿਆ ਕਿ ਸੂਟ ਖ਼ਰੀਦਿਆ ਨਹੀਂ, ਸਗੋਂ ਇਧਰੋਂ-ਉਧਰੋਂ ਉਧਾਰਾ ਫੜ ਕੇ ਸਾਰ ਲਿਆ ਜਾਵੇਗਾ। ਸੂਟ ਦਾ ਕੋਈ ਦਿਖਾਵਾ ਨਹੀਂ ਹੋਵੇਗਾ ਅਤੇ ਇਹ ਬਾਦ ਵਿਚ ਕੁੜੀ ਵਾਲਿਆਂ ਤੋਂ ਵਾਪਿਸ ਲੈ ਲਿਆ ਜਾਵੇਗਾ। ਮਾਂ ਬਚਾਰੀ ਇਸ 'ਤੇ ਵੀ ਮੰਨ ਗਈ ਸੀ ਹਾਲਾਂ-ਕਿ, ਅੱਜ ਮੈਂ ਸੋਚਦਾ ਹਾਂ ਕਿ ਇਹ 'ਘਟੀਆ' ਜਿਹੀ ਗੱਲ ਸੀ (ਆਰਥਿਕ ਮਜਬੂਰੀਆਂ ਦੇ ਮਾਰੇ ਬੰਦਿਆਂ ਨੂੰ ਅਜਿਹੀਆਂ 'ਘਟੀਆ' ਗੱਲਾਂ ਅਕਸਰ ਕਰਨੀਆਂ ਪੈ ਜਾਂਦੀਆਂ ਹਨ)। 'ਚਿਕਨ ਟੈਰਾਲੀਨ' ਦਾ ਇਹ ਸੂਟ ਮੈਂ ਰਿਸ਼ਤੇਦਾਰੀ ਵਿੱਚੋਂ ਲਗਦੀ ਆਪਣੀ ਇਕ ਭਾਣਜ-ਨੂੰਹ ਤੋਂ ਲੈ ਕੇ ਆਇਆ।
ਪਿਛਲੇ ਅਠਾਈ-ਤੀਹ ਸਾਲਾਂ ਵਿੱਚ ਸਾਡੇ ਘਰ ਕੋਈ ਵਿਆਹ ਨਹੀਂ ਸੀ ਹੋਇਆ। ਮੇਰੇ ਵਿਆਹ ਤੋਂ ਪਹਿਲਾਂ ਘਰ ਵਿੱਚ ਮੇਰੇ ਬਾਪੂ ਜੀ ਦਾ ਵਿਆਹ ਹੋਇਆ ਸੀ। ਇਸ ਲਈ ਹੁਣ ਤੱਕ ਅਸੀਂ ਰਿਸ਼ਤੇਦਾਰੀਆਂ ਅਤੇ ਭਾਈਚਾਰੇ ਦੇ ਵਿਆਹਾਂ ਵਿੱਚ ਦੂਜਿਆਂ ਨੂੰ ਦਿੱਤਾ ਹੀ ਦਿੱਤਾ ਸੀ, ਕਿਸੇ ਤੋਂ ਲੈਣ ਦਾ ਕਦੇ ਮੌਕਾ ਨਹੀਂ ਸੀ ਆਇਆ। ਹੁਣ ਲੈਣ ਦੀ ਵਾਰੀ ਸੀ। ਸਾਰੇ ਪਰਿਵਾਰ ਦੀ ਅੰਦਰੇ-ਅੰਦਰ ਇੱਛਾ ਸੀ ਕਿ ਸਾਰੀਆਂ ਚਾੜ੍ਹੀਆਂ ਬਿੜ੍ਹੀਆਂ ਉਤਾਰ ਲਈਆਂ ਜਾਣ। ਪਰ ਮੇਰੇ 'ਕਮਲਪੁਣੇ' ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈ ਰਹੀ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਜਾਂ ਸਨੇਹੇ ਭੇਜ ਦਿੱਤੇ ਕਿ ਵਿਆਹ ਅਤੀ ਸਾਦਾ ਹੋ ਰਿਹਾ ਹੈ। ਕਿਰਪਾ ਕਰ ਕੇ ਵਿਆਹ ਵਿੱਚ ਆਪਜੀ ਦੇ ਪਰਿਵਾਰ ਦਾ ਇਕੋ ਜੀਅ ਆਵੇ। ਕਿਸੇ ਤਰ੍ਹਾਂ ਦਾ ਕੋਈ ਕਪੜਾ-ਲੀੜਾ ਲਿਆਉਣ ਦੀ ਖ਼ੇਚਲ ਨਾ ਕੀਤੀ ਜਾਵੇ ਅਤੇ ਨਾ ਹੀ ਇਥੋਂ ਲੈ ਕੇ ਜਾਣ ਦੀ ਇੱਛਾ ਤੇ ਆਸ ਨਾਲ ਆਵੇ। ਅੰਤ ਵਿੱਚ ਇਹ ਵੀ ਲਿਖ ਦਿੱਤਾ ਕਿ ਜੇ ਕਿਸੇ ਭਾਈ-ਭੈਣ ਨੂੰ ਇਹ ਗੱਲਾਂ ਪਸੰਦ ਨਾ ਆਉਂਦੀਆਂ ਹੋਣ ਉਹ ਬੇਸ਼ਕ ਇਸ ਵਿਆਹ ਵਿੱਚ ਸ਼ਰੀਕ ਹੋ ਕੇ ਆਪਣਾ ਚਿੱਤ ਭੈੜਾ ਨਾ ਕਰਨ।
ਵਿਆਹ ਲਈ ਨਾ ਹੀ ਮੈਂ ਮਿਠਿਆਈ ਬਣਵਾਈ। ਸਿਰਫ ਇਕ ਡੱਬਾ ਸ਼ਹਿਰੋਂ ਮੁੱਲ ਲਿਆ ਸੀ। ਉਹ ਵੀ ਸਹੁਰੇ-ਪਰਿਵਾਰ ਵੱਲੋਂ 'ਬਹੂ' ਨਾਲ ਲਿਆਉਣ ਵਾਲੇ ਉਸ ਦੇ 'ਗੱਡੀ ਵਾਲਿਆਂ' ਵਾਸਤੇ। ਮੈਂ 'ਐਲਾਨ' ਕਰ ਦਿੱਤਾ ਕਿ ਬਾਜਰੇ ਦੀ ਰੋਟੀ ਤੇ ਸਾਗ ਤੋਂ ਬਿਨਾ ਹੋਰ ਕੁਝ ਨਹੀਂ ਚਲੇਗਾ। ਸਭ ਨੇ ਮੇਰੀ ਇਸ 'ਮੂਰਖਤਾ' ਅੱਗੇ ਹਥਿਆਰ ਸੁੱਟ ਦਿੱਤੇ। ਜੰਞ ਲਈ ਮੈਂ ਦੋ ਕਾਰਾਂ ਕਰਾਏ 'ਤੇ ਕੀਤੀ (ਬਾਦ ਵਿੱਚ ਮੈਂ ਇਹ ਵੀ ਸੋਚਦਾ ਰਿਹਾ ਕਿ ਇਕ ਕਾਰ ਵਾਧੂ ਕਰ ਕੇ ਗਲਤੀ ਕੀਤੀ ਸੀ)? ਜੰਞ ਵਿਚ ਅਸੀਂਂ ਕੁਲ ਸੱਤ ਜਣੇ ਗਏ-ਚਾਰ ਮੇਰੇ ਦੋਸਤ, ਇੱਕ ਸ਼ਰੀਕੇ ਵਿੱਚੋਂ ਚਾਚਾ ਜੀ, ਇਕ ਵਿਚੋਲਾ ਅਤੇ ਸਤਵਾਂ ਮੈਂ। ਨਾ ਬਾਪੂ ਨਾ ਤਾਇਆ ਤੇ ਨਾ ਹੀ ਭਾਈ।
ਮੇਰੇ ਸਹੁਰੇ-ਪਰਿਵਾਰ ਨਾ ਜੱਦੀ ਸੰਬੰਧ ਤਾਂ ਜ਼ਿਲਾ ਬਠਿੰਡੇ ਦੇ ਪਿੰਡ ਦਾਨ ਸਿੰਘ ਵਾਲਾ ਨਾਲ ਸੀ ਪਰ ਬਾਦ ਵਿੱਚ ਨੌਕਰੀ ਦੇ ਕਾਰਨ ਮੇਰੇ ਸਹੁਰੇ ਨੇ ਬਠਿੰਡੇ ਮਕਾਨ ਖ਼ਰੀਦ ਕੇ ਉਥੇ ਹੀ ਕਾਫ਼ੀ ਚਿਰ ਤੋਂ ਪੱਕੀ ਰਿਹਾਇਸ਼ ਕੀਤੀ ਹੋਈ ਸੀ। ਬਠਿੰਡਾ ਮੇਰੇ ਪਿੰਡ ਕਿਸ਼ਨਗੜ੍ਹ ਫਰਵਾਹੀ ਤੋਂ ਕੋਈ 70 ਕਿਲੋਮੀਟਰ ਹੈ। ਮੇਰੇ ਵੱਡੇ ਸਾਂਢੂ ਨੇ ਮੈਨੂੰ ਤਾੜਨਾ ਕੀਤੀ ਸੀ ਕਿ ਅਸੀਂ ਹਰ ਹਾਲਤ ਵਿੱਚ ਸਵੇਰੇ ਅੱਠ ਵਜੇ ਬਠਿੰਡੇ ਪਹੁੰਚ ਜਾਈਏ, ਉਹ ਠੀਕ 8 ਵਜੇ ਰਾਜਿੰਦਰਾ ਕਾਲਜ ਕੋਲ਼ ਸਾਡੇ ਸਵਾਗਤ ਲਈ ਖੜ੍ਹੇ ਹੋਣਗੇ। ਅਸੀਂ 8 ਵਜਣ ਤੋਂ ਕੋਈ ਪੰਦਰਾਂ-ਵੀਹ ਮਿੰਟ ਪਹਿਲਾਂ ਹੀ ਨਿਸ਼ਚਿਤ ਕੀਤੀ ਥਾਂ 'ਤੇ ਪਹੁੰਚ ਗਏ ਪਰ ਸਾਡੇ ਸਵਾਗਤ ਲਈ ਉਥੇ ਕੋਈ ਨਹੀਂ ਸੀ। ਕੋਈ ਪੌਣਾ ਘੰਟਾ ਅਸੀਂ ਉਥੇ ਖੜ੍ਹੇ ਉਡੀਕਦੇ ਰਹੇ ਪਰ ਕੋਈ ਨਾ ਪਹੁੰਚਿਆ। ਅਖ਼ੀਰ ਵਿਚੋਲੇ ਨੇ ਜਾ ਕੇ ਖ਼ਬਰ ਕੀਤੀ। ਫੇਰ 'ਸਵਾਗਤ-ਕਰਤਾ' ਜੁੱਤੀਆਂ ਘਸੀਟਦੇ ਭੱਜੇ ਭੱਜੇ ਆਏ। ਉਹ ਸਾਨੂੰ ਇਕ ਨਿੱਕੀ ਜਿਹੀ ਥ੍ਹਾਈ (ਧਰਮਸ਼ਾਲਾ) ਵਿੱਚ ਲੈ ਗਏ। ਚਾਹ-ਪਾਣੀ ਪੀਣ ਤੋਂ ਬਾਅਦ ਅਸੀਂ ਆਨੰਦ-ਕਾਰਜ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਜਾ ਬੈਠੇ। ਜਦੋਂ ਮੈਂ ਮੱਥਾ ਟੇਕ ਕੇ ਗਦੈਲੇ ਉਥੇ ਬੈਠਿਆ ਤਾਂ ਬੈਠਣ ਤੋਂ ਬਾਦ ਮੈਨੂੰ ਚੇਤਾ ਆਇਆ ਕਿ ਬੈਠਣ ਤੋਂ ਪਹਿਲਾਂ ਮੈਨੂੰ ਆਪਣੇ ਮੰਗਵੇਂ ਕੋਟ ਦਾ ਲਾਇਆ ਬਟਣ ਖੋਲ੍ਹ ਲੈਣਾ ਚਾਹੀਦਾ ਸੀ। ਕੋਟ ਕਾਫੀ ਤੰਗ ਹੋਣ ਕਾਰਨ ਉਸ ਵਿੱਚ ਮੇਰਾ ਢਿਡ ਕਸਿਆ ਗਿਆ ਸੀ। (ਭਾਵੇਂ ਉਹਨਾਂ ਦਿਨਾਂ ਵਿੱਚ ਮੈਂ ਵੀ ਕਾਫੀ ਪਤਲਾ ਸੀ ਪਰ ਪ੍ਰੋਫੈਸਰ ਸਭਰਵਾਲ ਮੇਰੇ ਨਾਲੋਂ ਵੀ ਵੱਧ 'ਕਾਗਜ਼ੀ ਪਹਿਲਵਾਨ' ਸੀ)। ਹੌਲੀ-ਹੌਲੀ ਕਿਸੇ ਬਹਾਨੇ ਕਿਵੇਂ-ਨਾ-ਕਿਵੇਂ ਬੱਟਣ ਖੋਲ੍ਹਿਆ ਤੇ ਢਿਡ ਦੀ ਕਸ-ਕਸਾਈ ਦੀ ਮੁਸੀਬਤ ਤੋਂ ਖਹਿੜਾ ਛਡਾਇਆ।
ਅਨੰਦ-ਕਾਰਜ ਉਂਝ ਤਾਂ ਠੀਕ-ਠਾਕ ਹੋ ਗਏ ਪਰ ਪਤਾ ਨਹੀਂ ਕਿਵੇਂ ਅਰਦਾਸ ਕਰਨ ਵੇਲੇ ਭਾਈ ਜੀ ਤੋਂ 'ਕਾਕਾ ਅਜਮੇਰ ਸਿੰਘ ਸਪੁੱਤਰ ਸ਼ ਕੌਰ ਸਿੰਘ ਦੀ ਥਾਂ 'ਕਾਕਾ ਕੌਰ ਸਿੰਘ ਸਪੁੱਤਰ ਸ਼ ਅਜਮੇਰ ਸਿੰਘ' ਕਿਹਾ ਗਿਆ। 'ਭੁੱਲ-ਚੁੱਕ' ਦੀ ਇਹ 'ਸੋਧ' ਵੀ ਕਿਸੇ ਭਲੇ-ਮਾਣਸ ਨੇ ਨਾ ਕਰਵਾਈ। (ਸ਼ੁਕਰ ਐ ਮੈਂ ਬਾਪੂ ਜੀ ਨੂੰ ਨਾਲ ਨਹੀਂ ਸੀ ਲੈ ਕੇ ਆਇਆ) ਪਿੱਛੇ ਬੈਠੇ। ਮੇਰੇ ਜਾਨੀ (ਜਾਞੀਂ) ਪ੍ਰੋਫੈਸਰ-ਮਿੱਤਰ ਤਾਂ ਮੁਸਕੜੀਏ ਹੱਸਣ ਵੀ ਲੱਗ ਪਏ ਤੇ ਬਾਦ ਵਿੱਚ ਕਿੰਨਾ ਚਿਰ ਮੈਨੂੰ ਮਖ਼ੌਲ ਕਰ-ਕਰ ਸੁਆਦ ਵੀ ਲੈਂਦੇ ਰਹੇ। ਖ਼ੈਰ ਜੀ, ਇਸ 'ਭੁੱਲ-ਚੁੱਕ' ਦੇ ਬਾਵਜੂਦ ਮੈਂ ਤੇ ਮਨਜੀਤ ਅੱਜ ਤੱਕ ਸਮਾਜ ਵੱਲੋਂ ਪਤੀ-ਪਤਨੀ ਦੇ ਤੌਰ 'ਤੇ ਪਰਵਾਨ ਕੀਤੇ ਇਕੱਠੇ ਰਹਿੰਦੇ ਤੁਰੇ ਆ ਰਹੇ ਹਾਂ।
ਸਭ ਕੁਝ ਸੁੱਖੀਂ-ਸਾਂਦੀਂ ਨੇਪਰੇ ਚੜ੍ਹ ਗਿਆ। ਪਰ ਸਾਡੇ ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਇਕ ਝੰਝਟ ਖੜ੍ਹਾ ਹੋ ਗਿਆ। ਮੇਰਾ ਵੱਡਾ ਸਾਂਢੂ ਮੇਰੇ ਕੋਲ ਆ ਕੇ ਕਹਿਣ ਲੱਗਾ, 'ਕਿਸੇ ਟੈਂਪੂ-ਟਰਾਲੀ' ਦਾ ਪ੍ਰਬੰਧ ਕਰ।' ਮੈਨੂੰ ਗੱਲ ਸਮਝ ਨਾ ਆਈ। ਹਰਾਨ ਜਿਹਾ ਹੁੰਦਿਆਂ ਮੈਂ ਪੁੱਛਿਆ, 'ਕਿਉਂ?' 'ਕਿਉਂ ਕੀ, ਸਮਾਨ ਨੀ ਲਜਾਣਾ ਆਪਣਾ?' ਸਾਂਢੂ ਨੇ ਹੁਕਮੀਆ ਲਹਿਜ਼ੇ ਵਿੱਚ ਜਵਾਬ ਦਿੱਤਾ। ਮੈਂ ਸਭ ਕੁਝ ਸਮਝ ਗਿਆ ਤੇ ਸਖ਼ਤ ਤੇ ਗੁਸੈਲੇ ਲਹਿਜ਼ੇ ਵਿੱਚ ਇਨਕਾਰ ਕਰਦਿਆਂ ਕਿਹਾ, 'ਮੈਂ ਕੋਈ ਸਮਾਨ-ਸਮੂਨ ਨੀ ਲੈ ਕੇ ਜਾਣਾ! ਲੱਖ ਵਾਰੀ ਕਹਿਣ 'ਤੇ ਵੀ ਥੋਡੇ ਦਿਮਾਗ ਵਿੱਚ ਨੀ ਪਈ!!? ਹੱਦ ਹੋ-ਗੀ ਥੋਡੇ ਵਾਲੀ ਵੀ!' ਪਰ ਸਾਂਢੂ ਤਾਂ ਬਚਾਰਾ ਲੈ ਉਵੇਂ ਸਟੈਂਡ ਲੈ ਰਿਹਾ ਸੀ ਜਿਵੇਂ ਉਸਨੂੰ ਅੰਦਰੋਂ 'ਸਮਝਾਇਆ' ਗਿਆ ਸੀ। ਇਸ ਲਈ ਆਪਣੇ ਸਟੈਂਡ 'ਤੇ ਅੜਿਆ ਰਿਹਾ ਤੇ ਬੋਲਿਆ, 'ਸਮਾਨ ਤਾਂ ਥੋਨੂੰ ਲਜਾਣਾ ਪਊ ਜਦ ਥੋਡੇ ਵਾਸਤੇ ਈ ਬਣਾਇਐ। ਬੜਾ ਰਫੜ ਖੜਾ ਹੋਇਆ। ਕਿਹੋ ਜਿਹੇ ਬੰਦਿਆਂ ਨਾਲ ਵਾਹ ਪੈ ਗਿਆ ਅਜਮੇਰ ਸਿਆਂ ਤੇਰਾ! ਵਿਚੋਲੇ ਤਾਏ ਅਮਰ ਸਿੰਘ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਾ, 'ਤੈਨੂੰ ਤਾਂ ਇਹ ਕੁਸ਼ ਨੀ ਦੇ ਰਹੇ, ਨਾ ਸਾਇਕਲ, ਨਾ ਘੜੀ, ਅਤੇ ਨਾ ਹੀ ਕੋਈ ਸੂਟ-ਬੂਟ। ਨਾ ਘਰ ਦੇ ਜਾਂ ਕਿਸੇ ਰਿਸ਼ਤੇਦਾਰ ਵਾਸਤੇ ਕੋਈ ਹੋਰ ਚੀਜ਼। ਇਹ ਤਾਂ ਕੁੜੀ ਲਈ ਨੇ ਪੰਜ-ਛੀ ਬਿਸਤਰੇ ਜੇ। ਹੁਣ ਧੀ ਆਲੇ ਆਪਣੀ ਧੀ ਨੂੰ ਵੀ ਨਾ ਕੁਸ਼ ਦੇਣ?' ਪਰ ਮੈਂ ਆਪਣੀ ਹਿੰਡ ਨਾ ਛੱਡੀ ਸਗੋਂ ਗੁੱਸੇ ਵਿਚ ਕਿਹਾ, 'ਕਿਉਂ ਸਾਡੇ ਘਰ ਇਹਨਾਂ ਦੀ ਕੁੜੀ ਨੂੰ ਬਿਸਤਰੇ ਨੀ ਮਿਲਣਗੇ?' (ਹਾਲਾਂ-ਕਿ ਮੈਨੂੰ ਪਤਾ ਸੀ ਇਹੋ-ਜਿਹੇ ਨਵੇਂ ਨਕੋਰ ਬਿਸਤਰੇ ਸੱਚ-ਮੁੱਚ ਸਾਡੇ ਘਰ ਨਹੀਂ ਸਨ)
ਵਾਹਵਾ ਰੌਲ਼ਾ-ਰੱਪਾ ਪੈਂਦਾ ਰਿਹਾ। ਥੋੜੇ ਚਿਰ ਪਿੱਛੋਂ ਮੈਨੂੰ ਅੰਦਰੋਂ ਸੁਨੇਹਾ ਆਇਆ। ਇਹ ਸੁਨੇਹਾ ਮੇਰੀ ਜੀਵਨ ਸਾਥਨ ਮਨਜੀਤ ਦਾ ਸੀ। ਉਸਨੇ ਮੈਨੂੰ ਦੱਸਿਆ, 'ਇਹਨਾਂ ਬਿਸਤਰਿਆਂ ਨਾਲ ਮੇਰੇ ਘਰਦਿਆਂ ਦਾ ਕੋਈ ਲਾਗਾ-ਦੇਗਾ ਨਹੀਂ; ਇਹ ਮੈਂ ਆਪਣੀ ਤਨਖਾਹ ਵਿੱਚੋਂ ਆਪ ਬਣਾਏ ਹਨ। ਇਹ ਮੈਂ ਬੜੀ ਰੀਝ ਨਾਲ ਬਣਾਏ ਹਨ, ਪਲੀਜ਼ ਤੁਸੀਂ ਇਨ੍ਹਾਂ ਤੋਂ ਇਨਕਾਰ ਨਾ ਕਰੋ। ਵਿਆਹ ਤੋਂ ਪਹਿਲਾਂ ਕਈ ਵਾਰ ਮਿਲਣ ਕਰ ਕੇ ਮਨਜੀਤ ਵੱਲ ਮੈਂ ਖ਼ਾਸਾ ਖਿੱਚਿਆ-ਜਿਹਾ ਗਿਆ ਸਾਂ, ਇਸ ਲਈ ਮੈਂ ਹਥਿਆਰ ਸੁੱਟ ਦਿੱਤੇ। ਬਿਸਤਰਿਆਂ ਵਾਲੀ ਉਹ ਪੇਟੀ ਮੈਨੂੰ ਲਿਆਉਣੀ ਪਈ। ਉਹਨਾਂ ਦਿਨਾਂ ਵਿਚ ਮੇਰੇ ਵਿਆਹ ਉਤੇ ਕੁਲ ਸਾਢੇ ਸੱਤ ਸੌ ਰੁਪਏ ਖ਼ਰਚ ਆਏ ਸਨ। ਇਹਨਾਂ ਵਿੱਚ ਵੀ, ਮੇਰੇ ਅਨੁਸਾਰ ਮੇਰੇ ਕੋਲ ਦੋ ਫ਼ਜ਼ੂਲ-ਖਰਚੀਆਂ ਹੋ ਗਈਆਂ ਸਨ: ਇਕ ਤਾਂ, ਇਕ ਕਾਰ ਵੱਧ ਕਰਨ ਦੀ, ਅਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲਿਆਉਣ ਵਾਸਤੇ ਕਿਰਾਏ 'ਤੇ ਇਕ ਟਰੱਕ ਕਰਨ ਦੀ।
ਮੇਰੀ ਮੰਗਨੀ ਤੇ ਮੇਰੇ ਵਿਆਹ ਨਾਲ ਜੁੜੀਆਂ ਮੇਰੀਆਂ ਦੋ ਨਮੋਸ਼ੀਆਂ ਜਾਂ ਕਮਜ਼ੋਰੀਆਂ ਅੱਜ ਵੀ ਮੇਰੀ ਜ਼ਮੀਰ ਦੇ ਕਿਸੇ ਕੋਨੇ ਵਿੱਚੋ ਸਿਰ ਚੁੱਕ ਕੇ ਮੇਰੇ ਸਾਹਮਣੇ ਆ ਖੜੋਂਦੀਆਂ ਹਨ: ਪਹਿਲੀ ਸਿਉਨੇ ਦੀ ਮੋਹਰ ਵਾਪਿਸ ਨਾ ਕਰਨ ਦੀ, ਅਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈ ਕੇ ਆਉਣ ਦੀ। ਪਰ ਫਿਰ ਵੀ ਜਦ ਮੈਂ ਸਮੁੱਚੇ ਤੌਰ 'ਤੇ ਆਪਣੇ ਵਿਆਹ ਦੀਆਂ ਘਟਨਾਵਾਂ ਆਪਣੇ ਮਨ ਵਿੱਚ ਚਿਤਵਦਾ ਹਾਂ ਤਾਂ ਮੈਨੂੰ ਇਕ ਅਜੀਬ-ਜਿਹੀ ਰੂਹਾਨੀਅਤ ਅਹਿਸਾਸ ਹੁੰਦਾ ਹੈ।