Mihar Gul (Punjabi Story) : Kulwant Singh Virk
ਮਿਹਰ ਗੁੱਲ (ਕਹਾਣੀ) : ਕੁਲਵੰਤ ਸਿੰਘ ਵਿਰਕ
ਸ਼ਿਮਲੇ ਦੀ ਮਾਲ ਰੋਡ ਦੇ ਕੰਢੇ ਤੇ ਛੱਡੀ ਹੋਈ ਪਾਰਕ ਵਿਚ ਕੁਝ ਸਾਫ਼ ਤੇ ਪਾਲਸ਼ ਕੀਤੇ ਹੋਏ ਬੈਂਚ ਪਏ ਸਨ। ਕੋਲ ਦੇ ਦਫ਼ਤਰਾਂ ਦੇ ਬਾਬੂ ਛੁੱਟੀ ਮਿਲਣ ਤੇ ਜਾਂ ਅਫ਼ਸਰ ਦੀ ਅੱਖ ਬਚਾ ਕੇ ਆਉਂਦੇ ਤੇ ਆ ਕੇ ਇਹਨਾਂ ਬੈਂਚਾਂ ਤੇ ਢਹਿ ਪੈਂਦੇ। ਇਕ ਲੰਮੀ ਆਕੜ ਲੈ ਕੇ ਉਹ ਧੌਣ ਇਕ ਪਾਸੇ ਨੂੰ ਸੁਟ ਦੇਂਦੇ ਤੇ ਅੱਖੀਆਂ ਮੀਟ ਲੈਂਦੇ। ਕੁਝ ਚਿਰ ਮਗਰੋਂ ਜਦ ਉਨ੍ਹਾਂ ਨੂੰ ਖੋਲ੍ਹਦੇ ਤਾਂ ਸਾਹਮਣੇ ਦੇ ਦਿਲ-ਖਿੱਚਵੇਂ ਪਰਬਤੀ ਦ੍ਰਿਸ਼ ਵਲ ਇਸ ਤਰ੍ਹਾਂ ਵੇਖਦੇ ਜਿਸ ਤਰ੍ਹਾਂ ਇਕ ਰਜਿਆ ਹੋਇਆ ਢੱਗਾ ਤੂੜੀ ਵਲ ਵੇਖਦਾ ਹੈ। ਲਹਿ ਲਹਿ ਕਰਦੇ ਚੀਲ ਤੇ ਕੈਲ ਦੇ ਰੁਖਾਂ ਨਾਲ ਢੱਕੀ ਹੋਈ ਵਾਦੀ ਤੇ ਕਿਸੇ ਵਡੇ ਸਾਰੇ ਜਨੌਰ ਦੇ ਚਿਤਰੇ-ਮਿਤਰੇ ਖੰਭਾਂ ਵਾਂਗ ਕੈਥੂ ਕੋਠੀਆਂ ਨਾਲ ਸੱਜੀ ਹੋਈ ਸਾਹਮਣੇ ਦੀ ਪਹਾੜੀ ਉਨ੍ਹਾਂ ਨੂੰ ਉੱਕਾ ਨਾ ਹਿਲਾਂਦੀ। ਉਘੜੀ ਅੱਖੀਂ ਵੀ ਉਹ ਕੁਝ ਨਾ ਵੇਖ ਸਕਦੇ ਸਗੋਂ ਆਪਣੇ ਖ਼ਿਆਲਾਂ ਵਿਚ ਹੀ ਮਸਤ ਰਹਿੰਦੇ। ‘ਇਹ ਨਵਾਂ ਅਫ਼ਸਰ ਕਿੱਡਾ ਕਮੀਨਾ ਹੈ, ਹਰ ਵੇਲੇ ਝਿੜਕਾਂ ਦੇਣ ਦੇ ਬਹਾਨੇ ਹੀ ਲੱਭਦਾ ਹੈ।’ ‘ਬੱਚਾ ਜੰਮਣ ਲਈ ਜੇ ਮੈਂ ਆਪਣੀ ਵਹੁਟੀ ਨੂੰ ਪਿੰਡ ਭੇਜ ਦਿਆਂ ਤਾਂ ਏਥੋਂ ਦੇ ਮੈਟਰਨਟੀ ਹਸਪਤਾਲ ਦਾ ਖ਼ਰਚ ਬਚ ਜਾਏਗਾ। ਪਿੰਡਾਂ ਵਿਚ ਵੀ ਬੱਚੇ ਜੰਮਦੇ ਹੀ ਹਨ ਮੈਂ ਵੀ ਪਿੰਡ ਵਿਚ ਹੀ ਜੰਮਿਆ ਸਾਂ’ ‘ਛਾਹ ਵੇਲੇ ਤਿੰਨ ਪੂਰੀਆਂ ਖਾਣ ਨਾਲ ਮੇਰਾ ਢਿੱਡ ਕੁਝ ਫੁੱਲਿਆ ਰਹਿੰਦਾ ਹੈ। ਕਲ੍ਹ ਤੋਂ ਦੋ ਹੀ ਖਾਇਆ ਕਰਾਂਗਾ’ ਆਦਿ ਕਈ ਖ਼ਿਆਲ ਇਨ੍ਹਾਂ ਬਾਬੂਆਂ ਦੇ ਅਡੋਲ ਸਰੀਰ ਦੀ ਚੋਟੀ ਤੇ ਟਪੋਸੀਆਂ ਲਾਂਦੇ ਰਹਿੰਦੇ।
ਇਨ੍ਹਾਂ ਬੈਂਚਾਂ ਤੇ ਇਕ ਚੌੜੇ ਮੋਢਿਆਂ ਤੇ ਗੋਰੇ ਰੰਗ ਵਾਲਾ ਪਠਾਣ ਮਿਹਰ ਗੁੱਲ ਵੀ ਆ ਕੇ ਬੈਠਿਆ ਕਰਦਾ ਸੀ। ਉਸ ਦਾ ਕੁੱਲੇ ਲੁੰਙੀ ਨਾਲ ਢਕਿਆ ਹੋਇਆ ਵਡਾ ਸਾਰਾ ਸਿਰ ਸਦਾ ਉਸ ਦੇ ਹੱਥ ਵਾਲੀ ਅੰਗਰੇਜ਼ੀ ਦੀ ਕਿਤਾਬ ਤੇ ਝੁਕਿਆ ਰਹਿੰਦਾ ਤੇ ਉਸ ਦੀਆਂ ਤੇਜ਼ ਤੇ ਲਿਸ਼ਕਣੀਆਂ ਅੱਖਾਂ ਸਦਾ ਡਿੰਗ ਪੜਿੰਗ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਂਦੀਆਂ ਰਹਿੰਦੀਆਂ। ਮਿਹਰ ਗੁੱਲ ਸੂਬਾ ਸਰਹੱਦ ਦੇ ਇਕ ਪਿੰਡ ਕਮਾਲ ਬੰਦੀ ਦੇ ਰਹਿਣ ਵਾਲਾ ਮਹਿਮੂਦੀ ਪਠਾਣ ਸੀ ਤੇ ਸ਼ਿਮਲੇ ਦੇ ਕਾਨਵੈਂਟ ਸਕੂਲ ਵਿਚ ਚਪੜਾਸੀ ਸੀ। ‘‘ਖ਼ਾਨ ਸਾਹਿਬ ਇਹ ਕੀ ਹਰਫ਼ ਏ?’’ ਮਿਹਰ ਗੁੱਲ ਨੇ ਇਕ ਹਰਫ਼ ਤੇ ਉਂਗਲੀ ਕਰ ਕੇ ਕੋਲ ਬੈਠੇ ਇਕ ਪੜ੍ਹੇ ਲਿਖੇ ਰੂਮੀ ਟੋਪੀ ਵਾਲੇ ਮੁਸਲਮਾਨ ਮੁੰਡੇ ਤੋਂ ਪੁਛਿਆ। ‘‘ਰੂਮ, ਰੂਮ, ਰੂਮ ਦਾ ਮਤਲਬ?’’ ‘‘ਰੂਮ ਮਤਲਬ ਕਮਰਾ’’ ਰੂਮੀ ਟੋਪੀ ਵਾਲੇ ਮੁੰਡੇ ਨੇ ਧੀਰਜ ਨਾਲ ਦਸਿਆ। ‘‘ਰੂਮ ਮਤਲਬ ਕਮਰਾ, ਰੂਮ ਮਤਲਬ ਕਮਰਾ . . . .’’ ਮਿਹਰ ਗੁੱਲ ਰਟ ਲਾਈ ਗਿਆ। ਕੁਤਕੁਤਾੜੀਆਂ ਕਢਦੀ ਠੰਢੀ ਹਵਾ ਵਿਚ ਸੜਕ ਤੇ ਹਸਦੇ ਜਾਂਦੇ ਆਦਮੀ ਤੇ ਰੰਗ ਬਰੰਗੀਆਂ, ਛਤਰੀਆਂ ਤਾਣੀ ਟਿਪ ਟਿਪ ਟੁਰਦੀਆਂ ਜ਼ਨਾਨੀਆਂ,ਲੰਮੇ ਲੰਮੇ ਸੰਬਲਿਆਂ ਵਾਲੇ ਨਵਾਬ ਤੇ ਗੋਟੇ ਜੜੀਆਂ ਘਗਰੀਆਂ ਪਾਈ ਪਹਾੜਨਾਂ, ਅਲਫ਼ ਲੈਲਾ ਦੀਆਂ ਕਹਾਣੀਆਂ ਦੇ ਪਾਤਰਾਂ ਵਾਂਗ ਰਿਕਸ਼ਿਆਂ ਵਿਚ ਬੈਠੀਆਂ ਸੁੰਦਰ ਤੇ ਮਸਤਾਨੀਆਂ ਮੇਮਾਂ ਤੇ ਚੱਪਾ ਚੱਪਾ ਮੈਲ ਨਾਲ ਲੱਦੇ ਹੋਏ ਹਾਤੋ, ਮਿੱਠੀਆਂ ਸੁਰਾਂ ਕਢਦੇ ਨਾਚ ਘਰ ਦੇ ਪਿਆਨੋ ਜਾਂ ਗੁੰਦੀਆਂ ਹੋਈਆਂ ਪਿੱਨੀਆਂ ਵਾਲੀਆਂ ਤੇ ਗਾਜਰਾਂ ਵਾਂਗਰ ਸਿਧੀਆਂ, ਸੜਕ ਤੇ ਸੈਰ ਕਰਦੀਆਂ ਮੇਮਾਂ ਉਸ ਨੂੰ ਆਪਣੇ ਕੰਮ ਤੋਂ ਜ਼ਰਾ ਬੇ-ਧਿਆਨ ਨਹੀਂ ਸਨ ਕਰ ਸਕਦੀਆਂ ‘‘ਭਾਈ ਸਾਹਿਬ ਇਹ ਕੀ ਹਰਫ਼ ਏ?’’ ਮਿਹਰ ਗੁੱਲ ਨੇ ਫਿਰ ਰੂਮੀ ਟੋਪੀ ਵਾਲੇ ਮੁੰਡੇ ਤੋਂ ਪੁਛਿਆ। ‘ਰੀਵੈਲ’ ‘ਰੀਵੈਲ’ ਮਤਲਬ? ਬਹੁਤ ਐਸ਼ ਕਰਨਾ . . . .’ ਮਿਹਰ ਗੁੱਲ ਨੇ ਫਿਰ ਰਗੜਾ ਲਾਣਾ ਸ਼ੁਰੂ ਕਰ ਦਿਤਾ। ਇਸ ਹਰਫ਼ ਦੀ ਛੁਹ ਨਾਲ ਮਾਲ ਰੋਡ ਦੀ ਸ਼ਾਮ ਵੇਲੇ ਦੀ ਰੌਣਕ ਰੂਮੀ ਟੋਪੀ ਵਾਲੇ ਮੁੰਡੇ ਨੂੰ ਕੁਝ ਹੋਰ ਹੀ ਰੋਸ਼ਨੀ ਵਿਚ ਦਿਸਣ ਲਗ ਪਈ। ‘‘ਇਹ ਏਡੇ ਬਣੇ ਫਬੇ ਹਿੰਦੁਸਤਾਨੀ ਤੇ ਅੰਗਰੇਜ਼ ਕਿੱਥੇ ਜਾ ਰਹੇ ਹਨ?’’ ਉਹ ਸੋਚਣ ਲਗ ਪਿਆ। ‘ਕਿਤੇ ਵੀ ਚਲੇ ਜਾਣ, ਹੋਟਲ, ਨਾਚ ਘਰ,ਸਿਨਮਾ ਕਲੱਬ ਕਿਤੇ ਵੀ ਜਿੱਥੇ ਸ਼ਰਾਬ ਪੀ ਕੇ ਰਾਤ ਦੇ ਬਾਰ੍ਹਾਂ ਵਜਾਏ ਜਾ ਸਕਣ, ਤਾਂ ਜੋ ਅਗਲੇ ਦਿਨ ਸਵੇਰ ਦੇ ਨੌਂ ਵਜੇ ਤਕ ਨੀਂਦਰ ਪਈ ਰਹੇ। ਇਨ੍ਹਾਂ ਰੇਸ਼ਮ ਨਾਲ ਲੱਦੇ ਬੰਦੇ ਜ਼ਨਾਨੀਆਂ ਨੂੰ ਕਿਉਂ ਨਿਰਾ ਮੌਜਾਂ ਲੁਟਣ ਦਾ ਹਲਕ ਪੈ ਗਿਆ ਹੋਇਆ ਏ? ਖੌਰੇ ਅਜ ਦੁਨੀਆਂ ਦਾ ਅਖੀਰਲਾ ਦਿਨ ਸੀ ਜਾਂ ਖੌਰੇ ਇਨ੍ਹਾਂ ਲੋਕਾਂ ਨੂੰ ਕੇਵਲ ਕੁਝ ਘੰਟਿਆਂ ਦੀ ਬਾਦਸ਼ਾਹੀ ਮਿਲੀ ਸੀ ਜੋ ਇਹ ਅੰਨ੍ਹੇ ਤੇ ਕਮਲੇ ਹੋਏ ਫਿਰਦੇ ਸਨ।ਇਨ੍ਹਾਂ ਦੇ ਇਸ ਹਲਕ ਨੇ ਦੇਸ ਵਿਚ ਕਿੰਨਾ ਗੰਦ ਪਾਇਆ ਹੋਇਆ ਏ। ਲੱਖਾਂ ਆਦਮੀ ਸਾਰੇ ਉਪਜਾਊ ਕੰਮ ਛੱਡ ਕੇ ਇਨ੍ਹਾਂ ਦੀ ਸਮਾਜਕ ਟੈਂ ਨੂੰ ਕਾਇਮ ਰਖਣ ਵਿਚ ਜੁਟੇ ਹੋਏ ਹਨ। ਜੇ ਇਹ ਲੋਕ ਏਡੀ ਮਿਹਨਤ ਨਾਲ ਬਣਾਇਆ ਹੋਇਆ ਰੇਸ਼ਮ ਆਪਣੇ ਦਵਾਲੇ ਥੱਪਣਾ ਨਾ ਲੋੜਨ ਤਾਂ ਸ਼ਾਇਦ ਸਾਰੇ ਦੇਸ਼ ਨੂੰ ਖੱਦਰ ਤਾਂ ਪਾਣ ਨੂੰ ਮਿਲ ਹੀ ਸਕੇ ਤੇ ਇਹ ਦੇਸੀ ਕੁੜੀਆਂ ਏਨੀ ਅੰਗਰੇਜ਼ੀ ਕਿਉਂ ਬੋਲਦੀਆਂ ਹਨ? ਤੇ ਇਹ ਚਿੱਟੇ ਮੂੰਹਾਂ ਵਾਲੇ ਸਾਡੇ ਧੱਕੋ-ਜ਼ੋਰੀ ਦੇ ਪਰਾਹੁਣੇ ਜੋ ਹਰ ਥਾਂ ਨੂੰ ਆਪਣਾ ਸਮਝ ਕੇ ਪੈਰ ਧਰਦੇ ਸਨ ਤੇ ਸਾਡੇ ਹਰ ਆਦਮੀ ਨੂੰ ਆਪਣਾ ਨੌਕਰ ਸਮਝ ਕੇ ਘੂਰਦੇ ਸਨ। ਜਿਸ ਘਰ ਵਿਚ ਏਨੇ ਚੋਖੇ ਤੇ ਏਡੇ ਡਾਢੇ ਪਰਾਹੁਣੇ ਹਰ ਵੇਲੇ ਮੌਜੂਦ ਰਹਿਣ ਉਸ ਘਰ ਵਾਲਿਆਂ ਵਾਸਤੇ ਪਿਛੇ ਕੀ ਵਧ ਸਕਦਾ ਹੈ? ਇਕ ਹਫੇ ਹੋਏ ਬੁਢੇ ਨੂੰ ਇਕ ਘੋੜੀ ਦੌੜਾਈ ਜਾਂਦੇ ਨੌਜਵਾਨ ਅੰਗਰੇਜ਼ ਅਫਸਰ ਦੇ ਪਿਛੇ ਕੁਬਿਆਂ ਹੋ ਹੋ ਕੇ ਤੇ ਜ਼ੋਰ ਜ਼ੋਰ ਦੀਆਂ ਬਾਹੀਂ ਮਾਰ ਕੇ ਦੌੜਦਿਆਂ ਵੇਖ ਉਸ ਦਾ ਮਨ ਗ਼ੁੱਸੇ ਤੇ ਗ਼ੈਰਤ ਨਾਲ ਭਰ ਗਿਆ ਤੇ ਉਸ ਦੇ ਖ਼ਿਆਲਾਂ ਦੀ ਲੜੀ ਟੁਟ ਗਈ।
‘‘ ਖ਼ਾਨ ਜੀ ਇਹ ਕੀ ਹਰਫ਼ ਏ’’ ਮਿਹਰ ਗੁੱਲ ਨੇ ਪਿਛਲਾ ਹਰਫ਼ ਯਾਦ ਕਰ ਕੇ ਇਕ ਹੋਰ ਤੇ ਉਂਗਲੀ ਰਖੀ। ‘ਕਰੂਅਲ, ਕਰੂਅਲ ਮਤਅਬ ਜ਼ਾਲਮ’ ਰੂਮੀ ਟੋਪੀ ਵਾਲੇ ਮੁੰਡੇ ਨੇ ਸਮਝਾਇਆ ਤੇ ਫਿਰ ਸੋਚਣ ਲਗ ਪਿਆ। ਗੋਰੇ ਗੋਰੇ ਰੰਗਾਂ ਵਾਲੇ ਤੇ ਢਿੱਲੇ ਢਿੱਲੇ ਚੰਮਾਂ ਵਾਲੇ ਇਹ ਅੰਗਰੇਜ਼ਾਂ ਵਰਗੇ ਹਿੰਦੁਸਤਾਨੀ ਤੇ ਹਿੰਦੁਸਤਾਨੀਆਂ ਵਰਗੇ ਇਹ ਅੰਗਰੇਜ਼ ਕਿੱਡੇ ਜ਼ਾਲਮ ਹਨ। ਢਿੱਲੀਆਂ ਧੌਣਾਂ ਛੱਡੀ ਰਿਕਸ਼ਿਆਂ ਵਿਚ ਬੈਠੇ ਹੱਟੀਆਂ ਵਿਚ ਝਾਤੀਆਂ ਮਾਰ ਮਾਰ ਕੋਈ ਪੈਸੇ ਖਰਚਣ ਦਾ ਪੱਜ ਬਹਾਨਾ ਲੱਭਦੇ ਹਨ। ਰਿਕਸ਼ੇ ਖਿਚਣ ਵਾਲਿਆਂ ਨੇ ਸਾਰੇ ਦਿਨ ਦੀ ਭੱਜ ਦੌੜ ਵਿਚ ਲੱਤਾਂ ਨੂੰ ਤੱਤੀਆਂ ਠੰਡੀਆਂ ਹੋਣ ਤੋਂ ਬਚਾਣ ਲਈ ਗੋਡਿਆਂ ਤੀਕਰ ਪੱਟੀਆਂ ਬੰਨੀਆਂ ਹੋਈਆਂ ਸਨ। ਮੁੜ੍ਹਕੋ ਮੁੜ੍ਹਕਾ, ਹਫੇ ਹੋਏ ਇਹ ਰਿਕਸ਼ਾ ਕੁਲੀ ਮੂੰਹ ਅੱਡੀ ਤੇ ਡਿਗਦੇ ਢਹਿੰਦੇ ਇਨ੍ਹਾਂ ਲੋਕਾਂ ਨੂੰ ਧਿੱਕ ਧਿੱਕ ਕੇ ਪਹਾੜੀਆਂ ਤੇ ਚਾੜ੍ਹਦੇ ਤੇ ਪਧਰੇ ਥਾਵਾਂ ਤੇ ਘੋੜਿਆਂ ਵਾਂਗ ਰਿਕਸ਼ਿਆਂ ਦੇ ਅਗੇ ਦੌੜਦੇ। ਇਨ੍ਹਾਂ ਰੰਗ ਬਰੰਗੀਆਂ ਵਰਦੀਆਂ ਪਾਈਆਂ ਹੋਈਆਂ ਸਨ ਤਾਂ ਜੋ ਇਨ੍ਹਾਂ ਦੇ ਮਾਲਕਾਂ ਨੂੰ ਬਿਨਾਂ ਮੂੰਹ ਵੇਖੇ ਹੀ ਪਤਾ ਲਗ ਜਾਏ ਕਿ ਕਿਹੜਾ ਇਸ ਦੀ ਮਾਲਕੀ ਵਿਚ ਹੈ। ਭੋਇੰ ਤੇ ਪੈਰ ਨਾ ਧਰਨ ਵਾਲੇ ਤੇ ਡੰਗਰਾਂ ਦਾ ਕੰਮ ਬੰਦਿਆਂ ਤੋਂ ਲੈਣ ਵਾਲੇ ਇਹ ਬੰਦੇ ਸ਼ਾਇਦ ਉਨ੍ਹਾਂ ਦਾ ਮੂੰਹ ਵੇਖਣ ਦਾ ਹੌਸਲਾ ਨਾ ਰਖਦੇ ਹੋਣ। ‘ਤੇਰੇ ਰਿਕਸ਼ੇ ਦਾ ਕੁਲੀ ਮੈਨੂੰ ਚੋਖਾ ਲੰਙਾਂਦਾ ਦਿਸਦਾ ਹੈ’ ਇਕ ਸਾਹਿਬ ਨੇ ਅਗਲੇ ਰਿਕਸ਼ੇ ਵਿਚ ਜਾਂਦੀ ਮੇਮ ਨੂੰ ਕਿਹਾ। ‘ਮੇਰੇ ਖ਼ਿਆਲ ਵਿਚ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਨੂੰ ਇਸ ਬਾਰੇ ਕੀ ਕਰਨਾ ਚਾਹੀਦਾ ਹੈ’ ਅਗੋਂ ਜਵਾਬ ਮਿਲਿਆ।
‘‘ ਭਰਾ ਜੀ ਇਹ ਕੀ ਹਰਫ਼ ਹੈ?’’ ‘‘ਬੀਊਟੀਫੁਲ, ਬੀਊਟੀਫੁਲ ਦਾ ਮਤਲਬ ਖ਼ੂਬਸੂਰਤ।’’ ਸੜਕ ਤੇ ਜਾਂਦੇ ਇਕ ਭੋਲੜ ਜਿਹੇ ਪਿਓ ਨੇ ਆਪਣੀ ਮੁਟਿਆਰ ਧੀ ਦੇ ਮੂੰਹ ਤੇ ਟੋਰ ਵਲ ਗਹੁ ਨਾਲ ਤਕਿਆ।ਸ਼ਾਇਦ ਕਿਆਸ ਲਾ ਰਿਹਾ ਸੀ ਕਿ ਕਿਡੇ ਕੁ ਵਡੇ ਧਨਾਢ ਨੂੰ ਫਾਹ ਸਕੇਗੀ। ਆਉਣ ਵਾਲੇ ਬਹੁਤ ਸਾਰੇ ਸਾਲਾਂ ਲਈ ਉਸ ਕੁੜੀ ਦੀ ਗਰਮੀਆਂ ਵਿਚ ਸ਼ਿਮਲੇ ਦੀ ਸੈਰ ਕੁਝ ਏਸੇ ਗੱਲ ਤੇ ਨਿਰਭਰ ਸੀ ਜਾਂ ਖੌਰੇ ਅਖ਼ਬਾਰ ਵਿਚ ਵਿਆਹ ਦਾ ਇਸ਼ਤਿਹਾਰ ਦੇਣ ਲਈ ਉਸ ਦੇ ਗੁਣ ਜਾਚਦਾ ਪਿਆ ਸੀ।
‘‘ਖ਼ਾਨ ਜੀ ਤੁਸੀਂ ਰੋਜ਼ ਏਥੇ ਆਇਆ ਕਰੋ’’ ਮਿਹਰ ਗੁੱਲ ਨੇ ਰੂਮੀ ਟੋਪੀ ਵਾਲੇ ਮੁੰਡੇ ਦੀ ਮਿੰਨਤ ਕੀਤੀ।
‘‘ਕਿਉਂ ਕੀ ਗੱਲ ਏ?’’
‘‘ ਮੈਂ ਤੁਹਾਥੋਂ ਅੰਗਰੇਜ਼ੀ ਪੜ੍ਹਿਆ ਕਰਾਂਗਾ।’’
‘‘ਅੰਗਰੇਜ਼ੀ ਪੜ੍ਹ ਕੇ ਤੂੰ ਕੀ ਕਰਨੀ ਏਂ?’’
‘‘ਇਹ ਬੜੀ ਜ਼ਰੂਰੀ ਏ ਖ਼ਾਨ ਸਾਹਿਬ ਅੰਗਰੇਜ਼ੀ ਮੈਂ ਜ਼ਰੂਰ ਪੜ੍ਹਨੀ ਏ।’’ ਮਿਹਰ ਗੁੱਲ ਨੇ ਆਪਣਾ ਕਿੱਸਾ ਛੇੜ ਦਿਤਾ। ‘‘ਜੇ ਮੈਂ ਅੰਗਰੇਜ਼ੀ ਪੜ੍ਹ ਗਿਆ ਤਾਂ ਮੈਨੂੰ ਇਕੱਲਿਆਂ ਬੈਂਚ ਤੇ ਨਹੀਂ ਬਹਿਣਾ ਪਵੇਗਾ। ਮੈਂ ਜ਼ੁਹਰਾ ਨੂੰ ਨਾਲ ਲੈ ਕੇ ਏਸ ਵੇਲੇ ਸੜਕ ਤੇ ਫਿਰਿਆ ਕਰਾਂਗਾ।’’
‘‘ ਜ਼ੁਹਰਾ ਕੌਣ ਏ?’’ ਰੂਮੀ ਟੋਪੀ ਵਾਲੇ ਮੁੰਡੇ ਨੇ ਕੁਝ ਦਿਲਚਸਪੀ ਨਾਲ ਪੁੱਛਿਆ।
‘‘ਉਹ ਸਾਡੇ ਪਿੰਡ ਦੇ ਨੰਬਰਦਾਰ ਦੀ ਧੀ ਏ। ਮੈਂ ਤੇ ਉਹ ਛੇਵੀਂ ਜਮਾਤ ਤੀਕਰ ਕੱਠੇ ਪਿੰਡ ਦੇ ਸਕੂਲ ਵਿਚ ਪੜ੍ਹਦੇ ਰਹੇ ਹਾਂ। ਛੇ ਪਾਸ ਕਰ ਕੇ ਮੈਂ ਉਠ ਬੈਠਾ ਤੇ ਉਸ ਦੇ ਪਿਓ ਨੇ ਉਸ ਨੂੰ ਕੋਹਾਟ ਦੇ ਸਕੂਲ ਵਿਚ ਭੇਜ ਦਿੱਤਾ ਤੇ ਉਹ ਅੰਗਰੇਜ਼ੀ ਦੀਆਂ ਅੱਠ ਪਾਸ ਕਰ ਗਈ। ਹੁਣ ਉਸ ਦਾ ਪਿਓ ਕਹਿੰਦਾ ਏ ਮੈਂ ਅੰਗਰੇਜ਼ੀ ਪੜ੍ਹੇ ਹੋਏ ਮੁੰਡੇ ਤੋਂ ਬਗ਼ੈਰ ਕਿਸੇ ਨਾਲ ਇਸ ਦਾ ਵਿਆਹ ਨਹੀਂ ਕਰਨਾ। ਕਾਨਵੈਂਟ ਸਕੂਲ ਦੀ ਮੇਮ ਸਾਹਿਬ ਕਹਿੰਦੀ ਹੈ ਕਿ ਜੇ ਮੈਂ ਇਹ ਤੇ ਇਕ ਹੋਰ ਕਿਤਾਬ ਪੜ੍ਹ ਜਾਵਾਂ ਤਾਂ ਅੰਗਰੇਜ਼ੀ ਦੀਆਂ ਅੱਠ ਕਰ ਸਕਦਾ ਹਾਂ।’’ ਇਹ ਆਖ ਕੇ ਮਿਹਰ ਗੁੱਲ ਨੇ ਆਪਣੇ ਵਡੇ ਸਾਰੇ ਹੱਥ ਵਿਚ ਫੜੀ ਨਿੱਕੀ ਜਿਹੀ ਅੰਗਰੇਜ਼ੀ ਦੀ ਕਿਤਾਬ ਵਲ ਘਿਰਣਾ ਨਾਲ ਵੇਖਿਆ ਜਿਵੇਂ ਕੋਈ ਭੈੜਾ ਜਿਹਾ ਬੰਦਾ ਅਫ਼ਸਰ ਬਣ ਕੇ ਉਸ ਤੇ ਰੁਹਬ ਪਾ ਰਿਹਾ ਹੋਵੇ।
‘‘ ਮੈਂ ਇਕ ਸਫ਼ਾ ਪੜ੍ਹਦਾ ਹਾਂ ਤੁਸੀਂ ਸੁਣੋ’’ ਮਿਹਰ ਗੁੱਲ ਨੇ ਲੁੰਙੀ ਸਿਰ ਤੋਂ ਲਾਹ ਕੇ ਹੇਠਾਂ ਰਖ ਦਿਤੀ, ਤੇ ਕਿਤਾਬ ਦਾ ਇਕ ਸਫ਼ਾ ਖੋਲ੍ਹਿਆ। ਇਰਾਦੇ ਨਾਲ ਭਰਪੂਰ ਚਿਹਰੇ ਦੀ ਰੰਗਤ ਕੁਝ ਕਰੜੀ ਹੋ ਗਈ।ਆਪਣੀਆਂ ਤੇਜ਼ ਅੱਖਾਂ ਨੂੰ ਉਸ ਨੇ ਕਿਤਾਬ ਦੇ ਹਰਫ਼ਾਂ ਨੂੰ ਮਿਹਰ ਗੁੱਲ ਜ਼ੋਰ ਨਾਲ ਗੱਜ ਕੇ ਬੋਲਦਾ ਪਰ ਔਖੇ ਹਰਫ਼ ਤੇ ਆ ਕੇ ਉਸ ਦੀ ਜ਼ਬਾਨ ਮੂੰਹ ਵਿਚ ਪਲਸੇਟੇ ਮਾਰਨ ਲਗ ਜਾਂਦੀ ਤੇ ਉਸ ਦੀਆਂ ਨਾਸਾਂ ਫੁਲ ਜਾਂਦੀਆਂ। ਸੋਚ ਦੀ ਥਾਂ ਦਿਮਾਗ਼ ਗੁੱਸੇ ਤੇ ਕਹਿਰ ਨਾਲ ਭਰ ਜਾਂਦਾ। ਅੱਖਾਂ ਝਮਕ ਝਮਕ ਕੇ ਹਮੇਸ਼ਾਂ ਲਈ ਗਵਾਚੇ ਹਰਫ਼ ਨੂੰ ਸਿਰ ਵਿਚੋਂ ਟੋਲਦਾ। ਤਲਵਾਰ ਮਾਰਨੀ ਜਾਂ ਗੋਲੀ ਚਲਾਣੀ ਉਸ ਵਾਸਤੇ ਏਸ ਤੋਂ ਕੇਡੀ ਸੌਖੀ ਸੀ। ਛੇਕੜ ਆ ਕੇ ਉਹ ਫੇਰ ਪੁਛਦਾ ‘‘ਖ਼ਾਨ ਸਾਹਿਬ ਇਹ ਕੀ ਹਰਫ਼ ਏ?’’