Mihnat Di Kamaee : Irani Lok Kahani
ਮਿਹਨਤ ਦੀ ਕਮਾਈ : ਇਰਾਨੀ ਲੋਕ ਕਹਾਣੀ
ਬਹੁਤ ਪਹਿਲਾਂ ਦੀ ਗੱਲ ਹੈ। ਤਵਰੀਜ ਸ਼ਹਿਰ ਵਿਚ ਕਾਮਰਾਨ ਨਾਂ ਦਾ ਇਕ ਆਦਮੀ ਰਹਿੰਦਾ ਸੀ। ਉਹ ਬੜਾ ਗਰੀਬ ਸੀ ਪਰ ਉਹ ਇਮਾਨਦਾਰ ਅਤੇ ਮਿਹਨਤੀ ਸੀ। ਸਾਰਾ ਦਿਨ ਕੀਤੀ ਮਿਹਨਤ ਦੇ ਬਦਲੇ ਉਸ ਨੂੰ ਜਿਹੜੇ ਪੈਸੇ ਮਿਲਦੇ, ਉਨ੍ਹਾਂ ਨਾਲ ਉਸ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ ਪਰ ਕਾਮਰਾਨ ਮਿਹਨਤ ਨਾਲ ਆਪਣੇ ਕੰਮ ਵਿਚ ਰੁਝਿਆ ਰਿਹਾ। ਹੌਲੀ ਹੌਲੀ ਉਸ ਦੀ ਸਖਤ ਮਿਹਨਤ ਰੰਗ ਲਿਆਉਣ ਲੱਗੀ। ਹੁਣ ਉਸ ਨੂੰ ਐਨੀ ਕਮਾਈ ਹੋਣ ਲੱਗੀ ਕਿ ਉਹ ਕੁਝ ਚੰਗਾ ਖਾ ਸਕੇ ਅਤੇ ਬੱਚਤ ਵੀ ਕਰ ਸਕੇ।
ਕਮਾਈ ਵਧਣ ਦੇ ਬਾਅਦ ਵੀ ਕਾਮਰਾਨ ਦੀ ਕਰੜੀ ਮਿਹਨਤ ਦੀ ਆਦਤ ਵਿਚ ਕਈ ਫਰਕ ਨਹੀਂ ਆਇਆ। ਉਹ ਹੁਣ ਵੀ ਸਾਰਾ ਦਿਨ ਕਰੜੀ ਮਿਹਨਤ ਕਰਦਾ। ਇਸ ਤਰ੍ਹਾਂ ਉਸ ਦੇ ਕੋਲ ਬਹੁਤ ਸਾਰਾ ਧਨ ਜਮ੍ਹਾਂ ਹੋ ਗਿਆ। ਹੁਣ ਉਸ ਨੂੰ ਇਸ ਗੱਲ ਦੀ ਚਿੰਤਾ ਸਤਾਉਣ ਲੱਗੀ ਕਿ ਐਨੇ ਧਨ ਦੀ ਰੱਖਿਆ ਕਿਵੇਂ ਕੀਤੀ ਜਾਵੇ? ਕਿਤੇ ਉਸ ਦੀ ਮਿਹਨਤ ਦੀ ਕਮਾਈ ਨੂੰ ਕੋਈ ਚੋਰੀ ਕਰਕੇ ਨਾ ਲੈ ਜਾਵੇ।
ਫਿਰ ਇਕ ਦਿਨ ਉਸ ਦੇ ਮਨ ਵਿਚ ਇਕ ਯੋਜਨਾ ਆਈ। ਉਸ ਨੇ ਸੋਚਿਆ ਕਿ ਸਾਰਾ ਧਨ ਕਿਸੇ ਇਹੋ ਜਿਹੀ ਥਾਂ ਦਬਾ ਦੇਣਾ ਚਾਹੀਦਾ, ਜਿੱਥੇ ਕੋਈ ਚੋਰੀ ਨਾ ਕਰ ਸਕੇ।
ਇਕ ਰਾਤ ਜਦ ਤਵਰੀਜ ਸ਼ਹਿਰ ਡੂੰਘੀ ਨੀਂਦ ਸੁੱਤਾ ਪਿਆ ਸੀ, ਤਦ ਕਾਮਰਾਨ ਆਪਣੀਆਂ ਸੋਨੇ ਦੀਆਂ ਅਸ਼ਰਫੀਆਂ ਨੂੰ ਇਕ ਥੈਲੀ ਵਿਚ ਪਾ ਕੇ ਚੁੱਪ-ਚਾਪ ਘਰੋਂ ਬਾਹਰ ਚਲਿਆ ਗਿਆ। ਕਾਫੀ ਦੂਰ ਜਾ ਕੇ ਉਹ ਇਕ ਦਰਖਤ ਦੇ ਕੋਲ ਜਾ ਕੇ ਖਲੋ੍ਹ ਗਿਆ। ਉਸ ਨੇ ਆਲੇ-ਦੁਆਲੇ ਦੇਖਿਆ ਕਿ ਉਥੇ ਕੋਈ ਹੈ ਜਾਂ ਨਹੀਂ। ਫਿਰ ਉਸ ਨੇ ਉਸ ਦਰਖਤ ਦੀਆਂ ਜੜ੍ਹਾਂ ਦੇ ਕੋਲ ਟੋਇਆ ਪੁੱਟ ਕੇ ਥੈਲੀ ਨੂੰ ਉਸ ਵਿਚ ਦੱਬ ਦਿੱਤਾ। ਪਛਾਣ ਵਜੋਂ ਉਸ ਦਰਖਤ ’ਤੇ ਨਿਸ਼ਾਨ ਲਗਾ ਦਿੱਤਾ। ਉਹ ਘਰ ਆ ਕੇ ਸ਼ਾਂਤੀ ਨਾਲ ਸੌਂ ਗਿਆ। ਹੁਣ ਉਹ ਬੇਫਿਕਰ ਸੀ ਕਿ ਉਸ ਦਾ ਧਨ ਸੁਰੱਖਿਅਤ ਹੈ।
ਕੁਝ ਦਿਨਾਂ ਤੱਕ ਉਹ ਆਰਾਮ ਨਾਲ ਆਪਣੇ ਕੰਮ ਵਿਚ ਲੱਗਿਆ ਰਿਹਾ ਪਰ ਇਕ ਦਿਨ ਉਸ ਨੂੰ ਫਿਰ ਚਿੰਤਾ ਹੋਈ ਕਿ ਇਕ ਵਾਰ ਆਪਣੀਆਂ ਅਸ਼ਰਫੀਆਂ ਨੂੰ ਗਿਣ ਲੈਣਾ ਚਾਹੀਦਾ ਹੈ। ਇਹ ਸੋਚ ਕੇ ਉਹ ਰਾਤ ਵੇਲੇ ਉੱਥੇ ਗਿਆ, ਜਿੱਥੇ ਉਸ ਨੇ ਅਸ਼ਰਫੀਆਂ ਦੱਬੀਆਂ ਹੋਈਆਂ ਸਨ। ਦਰਖਤ ਨੂੰ ਪਛਾਣ ਕੇ ਉਸ ਨੇ ਜੜ੍ਹ ਕੋਲੋਂ ਮਿੱਟੀ ਪੁੱਟੀ ਪਰ ਸਾਰੀ ਮਿੱਟੀ ਪਰਾਂ ਕਰਨ ਦੇ ਬਾਅਦ ਵੀ ਉਸ ਦਾ ਧਨ ਨਹੀਂ ਮਿਲਿਆ। ਉਸ ਦਾ ਖਜ਼ਾਨਾ ਗਾਇਬ ਸੀ। ਉਸ ਨੇ ਦਰਖਤ ’ਤੇ ਲਗਾਏ ਹੋਏ ਨਿਸ਼ਾਨ ਨੂੰ ਵੀ ਦੇਖਿਆ, ਉਹ ਨਿਸ਼ਾਨ ਸਾਫ ਦਿੱਸ ਰਿਹਾ ਸੀ।
ਹੁਣ ਤਾਂ ਕਾਮਰਾਨ ਦਾ ਬੁਰਾ ਹਾਲ ਸੀ। ਉਸ ਦੀ ਮਿਹਨਤ ਨਾਲ ਕਮਾਈ ਹੋਈ ਸਾਰੀ ਦੌਲਤ ਚੋਰੀ ਹੋ ਗਈ ਸੀ। ਉਹ ਬੜਾ ਦੁਖੀ ਰਹਿਣ ਲੱਗ਼ਾ। ਇਕ ਦਿਨ ਉਹ ਆਪਣੇ ਗਿਆਨੀ ਮਿੱਤਰ ਸ਼ੇਖ ਯਾਜਰੇ ਨੂੰ ਮਿਲਿਆ। ਗੱਲਾਂ-ਗੱਲਾਂ ਵਿਚ ਉਸ ਦੇ ਮਿੱਤਰ ਨੇ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ।
ਕਾਮਰਾਨ ਨੇ ਆਪਣੀ ਸਾਰੀ ਕਹਾਣੀ ਦੱਸੀ ਅਤੇ ਕਿਹਾ, ‘‘ਮਿੱਤਰ, ਤੂੰ ਤਾਂ ਜਾਣੀ ਜਾਣ ਹੈ…ਮੇਰੀ ਮਿਹਨਤ ਦੀ ਕਮਾਈ ਕੋਈ ਚੋਰੀ ਕਰਕੇ ਲੈ ਗਿਆ ਹੈ। ਇਹ ਦੱਸ ਕਿ ਮੈਂ ਆਪਣਾ ਧਨ ਵਾਪਸ ਕਿਵੇਂ ਹਾਸਲ ਕਰ ਸਕਦਾ ਹਾਂ?’’
‘‘ਸ਼ੇਖ ਦਸ ਦਿਨਾਂ ਤੱਕ ਕਾਮਰਾਨ ਦੀ ਸਮੱਸਿਆ ’ਤੇ ਵਿਚਾਰ ਕਰਦਾ ਰਿਹਾ ਪਰ ਉਸ ਦੀ ਅਕਲ ਵਿਚ ਕੋਈ ਹੱਲ ਨਹੀਂ ਆਇਆ। ਇਕ ਦਿਨ ਬਾਜ਼ਾਰ ਵਿਚ ਦੋਹਾਂ ਮਿੱਤਰਾਂ ਦੀ ਭੇਟ ਹੋਈ। ਸ਼ੇਖ ਕਹਿਣ ਲੱਗਾ, ‘‘ਮਿੱਤਰ, ਤੇਰੀ ਚੋਰੀ ਦਾ ਰਾਹ ਦਿਸ ਨਹੀਂ ਰਿਹਾ… ਖੈਰ, ਤੂੰ ਹੌਸਲਾ ਰੱਖ।’’
ਤਦੇ ਉੱਥੇ ਇਕ ਪਾਗਲ ਆਦਮੀ ਆਇਆ ਅਤੇ ਬੋਲਿਆ, ‘‘ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ? ਮੈਨੂੰ ਆਪਣੀ ਸਮੱਸਿਆ ਦੱਸੋ?’’
ਕਾਮਰਾਨ ਨੇ ਪਾਗਲ ਵੱਲ ਲਾਪ੍ਰਵਾਹੀ ਨਾਲ ਦੇਖਿਆ, ‘‘ਫਿਰ ਸ਼ੇਖ ਵੱਲ ਦੇਖਦੇ ਹੋਏ ਬੋਲਿਆ, ‘‘ਜਦ ਤੇਰੇ ਜਿਹਾ ਆਦਮੀ ਚੋਰੀ ਦਾ ਪਤਾ ਨਹੀਂ ਲਗਾ ਸਕਿਆ ਤਾਂ ਇਹ ਪਾਗਲ ਕੀ ਲਗਾਏਗਾ?’’ ਸ਼ੇਖ ਨੇ ਉਸ ਨੂੰ ਸਮਝਾਇਆ, ‘‘ਕਈ ਵਾਰ ਪਾਗਲ ਵੀ ਪਤੇ ਦੀ ਗੱਲ ਦੱਸ ਦਿੰਦੇ ਹਨ…ਇਸ ਨੂੰ ਸਮੱਸਿਆ ਦੱਸਣ ਵਿਚ ਕੀ ਹਰਜ਼ ਹੈ।’’ ਤਦ ਕਾਮਰਾਨ ਨੇ ਉਸ ਪਾਗਲ ਨੂੰ ਸਾਰੀ ਗੱਲ ਦੱਸ ਦਿੱਤੀ। ਪਾਗਲ ਕਹਿਣ ਲੱਗਾ, ‘‘ਜੋ ਦਰੱਖਤ ਦੀ ਜੜ੍ਹ ਲੈ ਗਿਆ ਹੈ, ਉਹੀ ਖਜ਼ਾਨਾ ਵੀ ਲੈ ਗਿਆ ਹੈ। ਇਹ ਕਹਿ ਕੇ ਉਹ ਭੱਜ ਗਿਆ।’’
ਦੋਵੇਂ ਮਿੱਤਰ ਪਾਗਲ ਦਾ ਮਤਲਬ ਨਹੀਂ ਸਮਝ ਸਕੇ। ਕੋਲ ਹੀ ਖੜ੍ਹਾ ਇਕ ਲੜਕਾ ਵੀ ਇਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਹ ਬੋਲਿਆ, ‘‘ਪਾਗਲ ਦੇ ਕਹਿਣ ਦਾ ਮਤਲਬ ਹੈ ਕਿ ਉਹ ਕਿਹੜਾ ਦਰੱਖਤ ਸੀ ਜਿਸ ਦੀ ਜੜ੍ਹ ਵਿਚ ਖਜ਼ਾਨਾ ਦੱਬਿਆ ਸੀ…ਜੋ ਆਦਮੀ ਉਸ ਦਰਖਤ ਦੀਆਂ ਜੜ੍ਹਾਂ ਨੂੰ ਲੈ ਗਿਆ ਹੈ, ਉਹੀ ਤੁਹਾਡਾ ਧਨ ਵੀ ਲੈ ਗਿਆ ਹੈ।’’
ਕਾਮਰਾਨ ਨੇ ਦੱਸਿਆ, ‘‘ਉਹ ਬੇਰ ਦਾ ਦਰਖਤ ਸੀ।’’
ਉਹ ਲੜਕਾ ਬੋਲਿਆ, ‘‘ਗੱਲ ਪੱਧਰੀ ਹੈ। ਸ਼ਹਿਰ ਦੇ ਸਾਰੇ ਹਕੀਮਾਂ ਤੋਂ ਪਤਾ ਕਰੋ ਕਿ ਉਨ੍ਹਾਂ ਦੇ ਕੋਲ ਕੋਈ ਇਹੋ ਜਿਹਾ ਰੋਗੀ ਆਇਆ ਸੀ, ਜਿਸ ਦੇ ਇਲਾਜ ਲਈ ਉਨ੍ਹਾਂ ਨੇ ਬੇਰ ਦੀ ਜੜ੍ਹ ਦੀ ਦਵਾ ਖਾਣ ਨੂੰ ਕਿਹਾ ਸੀ।’’
ਲੜਕੇ ਦੀ ਬੁੱਧੀਮਾਨੀ ਦੇਖ ਕੇ ਦੋਵੇਂ ਦੋਸਤ ਹੱਕੇ-ਬੱਕੇ ਹੋ ਗਏ ਜਦ ਉਨ੍ਹਾਂ ਨੇ ਸਾਰੇ ਹਕੀਮਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਘਾਲੇਵੇਦੀ ਨਾਂ ਦਾ ਵਪਾਰੀ ਵੀਹ ਦਿਨ ਪਹਿਲਾਂ ਹਕੀਮ ਸ਼ੀਰਾਜੀ ਦੇ ਕੋਲ ਇਲਾਜ ਦੇ ਲਈ ਆਇਆ ਸੀ ਅਤੇ ਉਨ੍ਹਾਂ ਨੇ ਉਸ ਨੂੰ ਬੇਰ ਦੀ ਜੜ੍ਹ ਦੀ ਦਵਾ ਖਾਣ ਨੂੰ ਕਿਹਾ ਸੀ।
ਅਗਲੇ ਦਿਨ ਸ਼ੇਖ, ਘਾਲੇਵੇਦੀ ਦੇ ਘਰ ਗਿਆ ਅਤੇ ਕਹਿਣ ਲੱਗਾ, ‘‘ਮਿੱਤਰ, ਤੁਸੀਂ ਇਹ ਤਾਂ ਮੰਨਦੇ ਹੋਵੋਗੇ ਕਿ ਸੰਸਾਰ ਵਿਚ ਚੰਗੀ ਸਿਹਤ ਨਾਲੋਂ ਵਧ ਕੇ ਕੁਝ ਨਹੀਂ ਹੈ… ਹੁਣ ਤੁਸੀਂ ਠੀਕ ਹੋ ਗਏ ਹੋ…ਕੀ ਤੁਹਾਡਾ ਇਹ ਫਰਜ਼ ਨਹੀਂ ਬਣਦਾ ਕਿ ਜਿਸ ਦਰਖਤ ਦੀ ਜੜ੍ਹ ਨਾਲ ਤੁਸੀਂ ਠੀਕ ਹੋਏ ਹੋ, ਉਸ ਦੇ ਥੱਲੇ ਦੱਬੇ ਖਜ਼ਾਨੇ ਨੂੰ ਸਹੀ ਆਦਮੀ ਦੇ ਕੋਲ ਪਹੁੰਚਦਾ ਕਰ ਦਿੱਤਾ ਜਾਏ…। ਉਸ ਖਜ਼ਾਨੇ ਦਾ ਮਾਲਕ ਬੜਾ ਮਿਹਨਤੀ ਅਤੇ ਇਮਾਨਦਾਰ ਆਦਮੀ ਹੈ। ਤੁਹਾਨੂੰ ਉਸ ਦਾ ਧਨ ਵਾਪਸ ਮੋੜ ਦੇਣਾ ਚਾਹੀਦਾ ਹੈ।’’
ਵਪਾਰੀ ਇਮਾਨਦਾਰ ਸੀ। ਉਸ ਨੇ ਕਾਮਰਾਨ ਤੋਂ ਪੁੱਛਿਆ ਕਿ ਉਸ ਥੈਲੇ ਵਿਚ ਕਿੰਨੀਆਂ ਅਸ਼ਰਫੀਆਂ ਸਨ। ਕਾਮਰਾਨ ਨੇ ਉਨ੍ਹਾਂ ਦੀ ਸਹੀ ਗਿਣਤੀ ਦੱਸ ਦਿੱਤੀ, ਤਦ ਵਪਾਰੀ ਨੇ ਉਸ ਨੂੰ ਸਾਰੀਆਂ ਅਸ਼ਰਫੀਆਂ ਮੋੜ ਦਿੱਤੀਆਂ।
ਕਾਮਰਾਨ ਆਪਣੀ ਮਿਹਨਤ ਦੀ ਕਮਾਈ ਹਾਸਲ ਕਰਕੇ ਬੜਾ ਖੁਸ਼ ਹੋਇਆ। ਉਸ ਨੇ ਸ਼ੇਖ ਅਤੇ ਵਪਾਰੀ ਦਾ ਧੰਨਵਾਦ ਕੀਤਾ ਅਤੇ ਖੁਸ਼ੀ-ਖੁਸ਼ੀ ਆਪਣੇ ਘਰ ਪਰਤ ਗਿਆ।
(ਨਿਰਮਲ ਪ੍ਰੇਮੀ)