Milawat (Story in Punjabi) : Saadat Hasan Manto
ਮਿਲਾਵਟ (ਕਹਾਣੀ) : ਸਆਦਤ ਹਸਨ ਮੰਟੋ
ਅੰਮ੍ਰਿਤਸਰ ਵਿੱਚ ਅਲੀ ਮੁਹੰਮਦ ਦੀ ਮੁਨਿਆਰੀ ਦੀ ਦੁਕਾਨ ਸੀ। ਬੇਸ਼ਕ ਛੋਟੀ ਸੀ, ਪਰ ਉਸ ਵਿੱਚ ਹਰ ਪ੍ਰਕਾਰ ਦਾ ਸੌਦਾ ਸੀ। ਉਸ ਨੇ ਉਸ ਨੂੰ ਇਸ ਤਰੀਕੇ ਨਾਲ ਰਖਿਆ ਹੋਇਆ ਸੀ ਕਿ ਉਹ ਉਪਰ ਤੀਕਰ ਭਰੀ ਹੋਈ ਮਹਿਸੂਸ ਨਹੀਂ ਸੀ ਹੁੰਦੀ।
ਅੰਮ੍ਰਿਤਸਰ ਵਿੱਚ ਦੂਸਰੇ ਦੁਕਾਨਦਾਰ ਬਲੈਕ ਕਰਦੇ ਸਨ। ਪਰੰਤੂ ਅਲੀ ਮੁਹੰਮਦ ਠੀਕ ਭਾਅ ਨਾਲ ਸੌਦਾ ਵੇਚਿਆ ਕਰਦਾ ਸੀ। ਇਹੋ ਕਾਰਨ ਸੀ ਕਿ ਲੋਕ ਦੂਰ ਦੂਰ ਤੋਂ ਉਸ ਕੋਲ ਆਇਆ ਕਰਦੇ ਸਨ। ਅਤੇ ਆਪਣੀ ਲੋੜ ਅਨੁਸਾਰ ਚੀਜ਼ਾਂ ਖਰੀਦਿਆ ਕਰਦੇ ਸਨ।
ਉਹ ਧਾਰਮਕ ਰੁਚੀਆਂ ਦਾ ਬੰਦਾ ਸੀ। ਅਧਿੱਕ ਮੁਨਾਫ਼ਾ ਲੈਣਾ ਉਸ ਲਈ ਪਾਪ ਸੀ। ਇਕੱਲੀ ਜਾਨ ਸੀ, ਉਸ ਲਈ ਉਚਿਤ ਲਾਭ ਹੀ ਕਾਫ਼ੀ ਸੀ। ਉਹ ਸਾਰਾ ਦਿਨ ਦੁਕਾਨ ਉਪਰ ਬੈਠਾ ਰਹਿੰਦਾ। ਗਾਹਕਾਂ ਦੀ ਭੀੜ ਲੱਗੀ ਰਹਿੰਦੀ। ਉਸ ਨੂੰ ਕਦੇ ਕਦੇ ਦੁੱਖ ਵੀ ਹੁੰਦਾ ਜਦ ਉਹ ਕਿਸੇ ਗਾਹਕ ਨੂੰ ਸਨਲਾਈਟ ਦੀ ਇੱਕ ਟਿੱਕੀ ਨਾ ਦੇ ਸਕਦਾ ਜਾਂ ਕੈਲੀਫੋਰਨੀਯਨ ਤੇਲ ਦੀ ਬੋਤਲ, ਕਿਉਂਕਿ ਇਹ ਵਸਤੂਆਂ ਉਸ ਨੂੰ ਘਟ ਗਿਣਤੀ ਵਿੱਚ ਮਿਲਦੀਆਂ ਸਨ।
ਬਲੈਕ ਨਾ ਕਰਦਾ ਹੋਇਆ ਵੀ ਉਹ ਪ੍ਰਸੰਨ ਸੀ। ਉਸ ਨੇ ਦੋ ਹਜ਼ਾਰ ਰੁਪਏ ਬਚਾ ਕੇ ਰੱਖੇ ਹੋਏ ਸਨ। ਜਵਾਨ ਸੀ ਇੱਕ ਦਿਨ ਦੁਕਾਨ ਉੱਪਰ ਬੈਠੇ ਬੈਠੇ ਉਸ ਨੇ ਸੋਚਿਆ ਕਿ ਹੁਣ ਸ਼ਾਦੀ ਕਰ ਲੈਣੀ ਚਾਹੀਦੀ ਹੈ-ਬੁਰੇ ਬੁਰੇ ਖਿਆਲ ਦਿਮਾਗ਼ ਵਿੱਚ ਆਉਂਦੇ ਸਨ। ਸ਼ਾਦੀ ਕਰ ਲਵਾਂ ਤਾਂ ਜ਼ਿੰਦਗੀ ਵਿੱਚ ਸਵਾਦ ਆ ਜਾਵੇਗਾ। ਬਾਲ-ਬੱਚੇ ਹੋਣਗੇ ਤਾਂ ਉਨ੍ਹਾਂ ਦੇ ਪਾਲਣ-ਪੋਸਣ ਲਈ ਮੈਂ ਹੋਰ ਜ਼ਿਆਦਾ ਕਮਾਉਣ ਦੀ ਕੋਸ਼ਿਸ਼ ਕਰਾਂਗਾ। ਉਸ ਦੇ ਮਾਂ-ਬਾਪ ਨੂੰ ਗੁਜ਼ਰਿਆਂ ਬਹੁਤ ਸਮਾਂ ਲੰਘ ਚੁੱਕਿਆ ਸੀ। ਉਸ ਦਾ ਭਾਈ ਭੈਣ ਕੋਈ ਨਹੀਂ ਸੀ। ਉਹ ਬਿਲਕੁਲ ਇਕੱਲਾ ਸੀ। ਸ਼ੁਰੂ ਸ਼ੁਰੂ ਵਿੱਚ ਜਦੋਂ ਕਿ ਉਹ ਦਸ ਸਾਲ ਦਾ ਸੀ, ਉਸਨੇ ਅਖ਼ਬਾਰ ਵੇਚਣੇ ਸ਼ੁਰੂ ਕਰ ਦਿੱਤੇ। ਉਸ ਤੋਂ ਪਿਛੋਂ ਖੋਮਚਾ ਲਾਇਆ, ਕੁਲਫੀਆਂ ਵੇਚੀਆਂ। ਜਦ ਉਸ ਦੇ ਕੋਲ ਇੱਕ ਹਜ਼ਾਰ ਰੁਪਿਆ ਹੋ ਗਿਆ ਤਾਂ ਉਸ ਨੇ ਇਕ ਛੋਟੀ ਜਿਹੀ ਦੁਕਾਨ ਕਿਰਾਏ ਉੱਪਰ ਲੈ ਲਈ ਅਤੇ ਮਨਿਆਰੀ ਦਾ ਸਾਮਾਨ ਖਰੀਦ ਕੇ ਬੈਠ ਗਿਆ।
ਆਦਮੀ ਈਮਾਨਦਾਰ ਸੀ। ਉਸ ਦੀ ਦੁਕਾਨ ਥੋੜੇ ਹੀ ਸਮੇਂ ਵਿੱਚ ਚਲ ਪਈ। ਜਿਥੋਂ ਤੀਕਰ ਆਮਦਨੀ ਦਾ ਸੰਬੰਧ ਸੀ ਉਹ ਉਸ ਤੋਂ ਬੇਫ਼ਿਕਰ ਸੀ। ਪਰੰਤੂ ਉਹ ਚਾਹੁੰਦਾ ਸੀ ਕਿ ਉਹ ਆਪਣਾ ਘਰ-ਘਾਟ ਬਣਾਵੇ। ਉਸ ਦੀ ਵਹੁਟੀ ਹੋਵੇ, ਬੱਚੇ ਹੋਣ ਅਤੇ ਉਨ੍ਹਾਂ ਲਈ ਵਧ ਤੋਂ ਵਧ ਕਮਾਉਣ ਦੀ ਕੋਸ਼ਿਸ਼ ਕਰੇ। ਇਸੇ ਲਈ ਉਸ ਦੀ ਜ਼ਿੰਦਗੀ ਮਕਾਨਕੀ ਜਿਹਾ ਰੂਪ ਧਾਰਨ ਕਰ ਗਈ ਸੀ। ਸਵੇਰੇ ਉਹ ਦੁਕਾਨ ਖੋਲ੍ਹਦਾ, ਗਾਹਕ ਆਉਂਦੇ, ਉਨ੍ਹਾਂ ਨੂੰ ਸੌਦਾ ਦਿੰਦਾ, ਸ਼ਾਮ ਨੂੰ ਹੱਟੀ ਵਧਾਉਂਦਾ ਅਤੇ ਇੱਕ ਛੋਟੀ ਜਿਹੀ ਕੋਠੜੀ ਵਿੱਚ ਜੋ ਉਸ ਨੇ ਸ਼ਰੀਫਪੁਰੇ ਵਿੱਚ ਲਈ ਹੋਈ ਸੀ, ਸੌਂ ਜਾਂਦਾ। ਗੰਜੇ ਦਾ ਢਾਬਾ ਸੀ। ਉਸ ਵਿੱਚ ਉਹ ਰੋਟੀ ਖਾਇਆ ਕਰਦਾ ਸੀ, ਉਹ ਵੀ ਸਿਰਫ਼ ਇਕੋ ਵਾਰੀ। ਸਵੇਰੇ ਹਾਜ਼ਰੀ ਉਹ ਜੈਮਲ ਸਿੰਘ ਦੇ ਕਟੜੇ ਵਿੱਚ ਸ਼ਾਝੇ ਹਲਵਾਈ ਦੀ ਦੁਕਾਨ ਉਪਰ ਕਰਦਾ। ਫਿਰ ਉਹ ਹੱਟੀ ਖੋਲ੍ਹਦਾ ਅਤੇ ਤਰਕਾਲਾਂ ਤੀਕਰ ਉਹ ਆਪਣੀ ਗੱਦੀ ਉੱਪਰ ਬੈਠਾ ਰਹਿੰਦਾ। ਉਸ ਵਿੱਚ ਵਿਆਹ ਦੀ ਇੱਛਾ ਅੰਗੜਾਈਆਂ ਲੈ ਰਹੀ ਸੀ, ਪਰੰਤੂ ਸਵਾਲ ਇਹ ਸੀ ਕਿ ਇਸ ਮਾਮਲੇ ਵਿੱਚ ਉਸ ਦੀ ਸਹਾਇਤਾ ਕੌਣ ਕਰੇ। ਅੰਮ੍ਰਿਤਸਰ ਵਿੱਚ ਉਸ ਦਾ ਯਾਰ-ਮਿੱਤਰ ਵੀ ਨਹੀਂ ਸੀ, ਜੋ ਉਸ ਲਈ ਯਤਨ ਕਰਦਾ।
ਉਹ ਬਹੁਤ ਪਰੇਸ਼ਾਨ ਸੀ। ਸ਼ਰੀਫਪੁਰੇ ਦੀ ਕੋਠੜੀ ਵਿੱਚ ਰਾਤ ਨੂੰ ਸੌਣ ਵੇਲੇ ਉਹ ਕਿੰਨੀ ਵਾਰ ਰੋਇਆ ਕਿ ਉਸ ਦੇ ਮਾਂ-ਪਿਉ ਇੰਨੀ ਛੇਤੀ ਮਰ ਗਏ। ਉਨ੍ਹਾਂ ਨੂੰ ਹੋਰ ਕੁਝ ਨਹੀਂ ਤਾਂ ਇਸ ਕੰਮ ਲਈ ਜ਼ਰੂਰ ਜਿਊਂਦਾ ਰਹਿਣਾ ਚਾਹੀਦਾ ਸੀ ਕਿ ਉਹ ਉਸ ਦੇ ਵਿਆਹ ਦਾ ਇੰਤਜ਼ਾਮ ਕਰ ਜਾਂਦੇ।
ਉਸ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਉਹ ਵਿਆਹ ਕਿਵੇਂ ਕਰਾਵੇ। ਉਹ ਬਹੁਤ ਦੇਰ ਤੀਕਰ ਸੋਚਦਾ ਰਿਹਾ। ਉਸ ਹੱਟੀ ਵਿਚੋਂ ਉਸ ਦੇ ਕੋਲ ਤਿੰਨ ਹਜ਼ਾਰ ਰੁਪਏ ਜਮ੍ਹਾਂ ਹੋ ਗਏ ਸੀ। ਉਸ ਨੇ ਇਕ ਛੋਟੇ ਜਿਹੇ ਘਰ ਨੂੰ ਜੋ ਅੱਛਾ ਖਾਸਾ ਸੀ ਕਿਰਾਏ ਉਪਰ ਲੈ ਲਿਆ, ਪਰੰਤੂ ਰਹਿੰਦਾ ਉਹ ਸ਼ਰੀਫ਼ਪੁਰੇ ਵਿੱਚ ਹੀ ਸੀ।
ਇਕ ਦਿਨ ਉਸ ਨੇ ਇਕ ਅਖ਼ਬਾਰ ਵਿੱਚ ਇੱਕ ਇਸ਼ਤਿਹਾਰ ਵੇਖਿਆ ਜਿਸ ਵਿੱਚ ਇਹ ਲਿਖਿਆ ਹੋਇਆ ਸੀ ਕਿ ਵਿਆਹ ਕਰਵਾਉਣ ਦੇ ਚਾਹਵਾਨ ਸਾਡੇ ਨਾਲ ਗੱਲਬਾਤ ਕਰਨ। ਬੀ. ਏ. ਪਾਸ, ਲੇਡੀ ਡਾਕਟਰ, ਹਰ ਕਿਸਮ ਦੇ ਰਿਸ਼ਤੇ ਸੰਭਵ ਹਨ, ਚਿੱਠੀ-ਪੱਤਰ ਕਰੋ ਜਾਂ ਆਪ ਆ ਕੇ ਮਿਲੋ।
ਐਤਵਾਰ ਨੂੰ ਉਹ ਦੁਕਾਨ ਨਹੀਂ ਖੋਲ੍ਹਦਾ ਸੀ। ਉਸ ਦਿਨ ਉਹ ਉਸ ਸਿਰਨਾਮੇ ਉਪਰ ਗਿਆ ਅਤੇ ਉਸ ਦੀ ਮੁਲਾਕਾਤ ਇੱਕ ਦਾੜੀ ਵਾਲੇ ਬਜ਼ੁਰਗ ਨਾਲ ਹੋਈ। ਅਲੀ ਮੁਹੰਮਦ ਨੇ ਆਪਣੀ ਗੱਲ ਕਹੀ। ਦਾੜ੍ਹੀ ਵਾਲੇ ਬਜ਼ੁਰਗ ਨੇ ਮੇਜ਼ ਦੀ ਦਰਾਜ ਖੋਲ੍ਹ ਕੇ ਬੀਹ ਜਾਂ ਪੱਚੀ ਤਸਵੀਰਾਂ ਕੱਢੀਆਂ ਅਤੇ ਉਸ ਨੂੰ ਇੱਕ ਇੱਕ ਕਰ ਕੇ ਵਿਖਾਈ ਕਿ ਉਹ ਉਨ੍ਹਾਂ ਵਿਚੋਂ ਕੋਈ ਪਸੰਦ ਕਰ ਲਵੇ। ਇਕ ਮੁਟਿਆਰ ਦੀ ਤਸਵੀਰ ਅਲੀ ਮੁਹੰਮਦ ਨੂੰ ਪਸੰਦ ਆ ਗਈ। ਛੋਟੀ ਉਮਰ ਦੀ ਹੋਰ ਸੁਹਣੀ ਸੀ। ਉਸ ਨੇ ਵਿਆਹ ਕਰਵਾਉਣ ਵਾਲੇ ਏਜੰਟ ਨੂੰ ਆਖਿਆ: ''ਜਨਾਬ! ਇਹ ਕੁੜੀ ਮੈਨੂੰ ਬਹੁਤ ਪਸੰਦ ਹੈ।''
ਏਜੰਟ ਮੁਸਕਰਾਇਆ,''ਤੂੰ ਇੱਕ ਹੀਰਾ ਚੁਣ ਲਿਆ ਹੈ।'' ਅਲੀ ਮੁਹੰਮਦ ਨੂੰ ਇਸ ਤਰ੍ਹਾਂ ਲਗਿਆ ਕਿ ਉਹ ਲੜਕੀ ਉਸ ਦੀ ਬਗਲ ਵਿੱਚ ਹੈ। ਉਸ ਨੇ ਗਿੜਗਿੜਾਨਾ ਸ਼ੁਰੂ ਕਰ ਦਿੱਤਾ,''ਬਸ ਜਨਾਬ। ਹੁਣ ਤੁਸੀਂਂ ਗੱਲਬਾਤ ਪੱਕੀ ਕਰ ਲਓ।'' ਏਜੰਟ ਸੰਜੀਦਾ ਹੋ ਗਿਆ,''ਦੇਖੋ ਬੇਟਾ। ਇਹ ਕੁੜੀ ਜੋ ਤੂੰ ਚੁਣੀ ਹੈ, ਸੁੰਦਰ ਹੋਣ ਤੋਂ ਸਿਵਾਇ ਇਕ ਬਹੁਤ ਵਡੇ ਖਾਨਦਾਨ ਨਾਲ ਸੰਬੰਧ ਰੱਖਦੀ ਹੈ, ਪਰੰਤੂ ਮੈਂ ਤੇਰੇ ਕੋਲੋਂ ਜ਼ਿਆਦਾ ਫ਼ੀਸ ਨਹੀਂ ਲਵਾਂਗਾ।''
''ਆਪ ਦੀ ਮਿਹਰਬਾਨੀ। ਮੈਂ ਮੁਹਤਾਜ ਮੁੰਡਾ ਹਾਂ। ਜੋ ਤੁਸੀਂ ਮੇਰਾ ਇਹ ਕੰਮ ਕਰ ਦਿਓ ਤਾਂ ਆਪ ਨੂੰ ਸਾਰੀ ਉਮਰ ਆਪਣਾ ਬਾਪ ਸਮਝਾਂਗਾ।''
ਏਜੰਟ ਦੇ ਮੁੱਛਾਂ ਭਰੇ ਬੁੱਲ੍ਹਾਂ ਉੱਪਰ ਫੇਰ ਮੁਸਕਰਾਹਟ ਆ ਗਈ।,''ਜਿਉਂਦੇ ਰਹੋ, ਮੈਂ ਤੇਰੇ ਕੋਲੋਂ ਸਿਰਫ਼ ਤਿੰਨ ਸੌ ਰੁਪਏ ਫ਼ੀਸ ਦੇ ਲਵਾਂਗਾ।''
ਅਲੀ ਮੁਹੰਮਦ ਨੇ ਬੜੇ ਸ਼ਰਧਾ ਪੂਰਵਕ ਢੰਗ ਨਾਲ ਕਿਹਾ ;'ਜਨਾਬ ਦਾ ਬਹੁਤ ਬਹੁਤ ਸ਼ੁਕਰੀਆ,ਮੈਨੂੰ ਮਨਜ਼ੂਰ ਹੈ।''
ਇਹ ਕਹਿ ਕੇ ਉਸ ਨੇ ਜੇਬ 'ਚੋਂ ਤਿੰਨ ਨੋਟ ਸੌ ਸੌ ਰੁਪਏ ਦੇ ਕੱਢੇ ਅਤੇ ਉਸ ਬੁੱਢੇ ਮਨੁੱਖ ਨੂੰ ਦੇ ਦਿੱਤੇ।
ਮਿਤੀ ਵੀ ਨੀਯਤ ਕੀਤੀ ਗਈ, ਨਿਕਾਹ ਹੋਇਆ, ਵਿਦਾ ਵੀ ਹੋ ਗਈ। ਅਲੀ ਮੁਹੰਮਦ ਨੇ ਜੋ ਛੋਟਾ ਜਿਹਾ ਮਕਾਨ ਕਿਰਾਏ ਉੱਪਰ ਲੈ ਲਿਆ, ਹੁਣ ਸਜਿਆ ਹੋਇਆ ਸੀ।ਉਹ ਬੜੇ ਚਾਅ ਨਾਲ ਉਸ ਵਿੱਚ ਆਪਣੀ ਨਵ-ਵਿਆਹੀ ਵਹੁਟੀ ਲੈ ਕੇ ਆਇਆ।
ਪਹਿਲੀ ਰਾਤ ਦਾ ਹਾਲ ਪਤਾ ਨਹੀਂ ਕਿ ਉਸ ਦਾ ਦਿਲ ਕਿਸ ਪ੍ਰਕਾਰ ਦਾ ਸੀ, ਪਰੰਤੂ ਜਦੋਂ ਉਸ ਨੇ ਨਵ-ਵਿਆਹੀ ਵਹੁਟੀ ਦਾ ਘੁੰਡ ਆਪਣੇ ਕੰਬਦੇ ਹੋਏ ਹੱਥਾਂ ਨਾਲ ਉਠਾਇਆ ਤਾਂ ਉਸ ਨੂੰ ਚੱਕਰ ਜਿਹਾ ਆ ਗਿਆ।
ਬਹੁਤ ਹੀ ਭੱਦੀ ਜਿਹੀ ਇਸਤਰੀ ਸੀ। ਇਹ ਗੱਲ ਪ੍ਰਤੱਖ ਹੈ ਕਿ ਉਸ ਬਿਰਧ ਆਦਮੀ ਨੇ ਉਸ ਦੇ ਨਾਲ ਧੋਖਾ ਕੀਤਾ ਸੀ। ਅਲੀ ਮੁਹੰਮਦ ਲੜਖੜਾਉਂਦਾ ਕਮਰੇ ਚੋਂ ਬਾਹਰ ਨਿਕਲ ਗਿਆ ਅਤੇ ਸ਼ਰੀਫਪੁਰੇ ਜਾ ਕੇ ਆਪਣੀ ਕੋਠੜੀ ਵਿੱਚ ਦੇਰ ਤੀਕਰ ਸੋਚਦਾ ਰਿਹਾ। ਜਾ ਕੇਆਪਣੀ ਕੋਠੜੀ ਵਿੱਚ ਦੇਰ ਤੀਕਰ ਸੋਚਦਾ ਰਿਹਾ। ਇਹ ਹੋਇਆ ਕੀ ਹੈ, ਉਸ ਦੀ ਸਮਝ ਵਿੱਚ ਕੁਝ ਵੀ ਨਾ ਆਇਆ।
ਉਸ ਨੇ ਆਪਣੀ ਦੁਕਾਨ ਖੋਲ੍ਹੀ,ਦੋ ਹਜ਼ਾਰ ਰੁਪਏ ਉਹ ਉਸੇ ਰਾਤ ਨੂੰ ਆਪਣੀ ਵਹੁਟੀ ਦਾ ਮੁੱਲ ਦੇ ਚੁੱਕਿਆ ਸੀ ਅਤੇ ਤਿੰਨ ਸੌ ਰੁਪਏ ਉਸ ਬੁੱਢੇ ਏਜੰਟ ਨੂੰ ਜਾ ਚੁੱਕੇ ਸਨ। ਹੁਣ ਉਸ ਦੇ ਕੋਲ ਕੇਵਲ ਸੱਤ ਸੌ ਰੁਪਏ ਸਨ। ਉਹ ਇਤਨਾ ਦੁਖੀ ਹੋ ਗਿਆ ਸੀ ਕਿ ਉਸ ਨੇ ਸੋਚਿਆ ਕਿ ਉਹ ਸ਼ਹਿਰ ਹੀ ਛੱਡ ਦੇਵੇ। ਉਹ ਸਾਰੀ ਰਾਤ ਜਾਗਦਾ ਰਿਹਾ ਅਤੇ ਸੋਚਦਾ ਰਿਹਾ। ਇਹ ਹੋਇਆ ਕੀ ਹੈ? ਉਸ ਦੀ ਸਮਝ ਵਿੱਚ ਕੁਝ ਵੀ ਨਾ ਆਇਆ। ਅਖ਼ੀਰ ਨੂੰ ਉਸ ਨੇ ਫੈਸਲਾ ਕਰ ਹੀ ਲਿਆ।
ਸਵੇਰੇ ਦਸ ਬਜੇ ਉਸ ਨੇ ਆਪਣੀ ਦੁਕਾਨ ਇੱਕ ਆਦਮੀ ਨੂੰ ਪੰਜ ਹਜ਼ਾਰ ਰੁਪਏ ਵਿੱਚ ਅਰਥਾਤ ਐਵੇਂ ਦੋ ਭਾਅ ਵਿੱਚ ਵੇਚ ਦਿੱਤੀ ਅਤੇ ਟਿਕਟ ਲੈ ਕੇ ਲਾਹੌਰ ਚਲਿਆ ਗਿਆ। ਲਾਹੌਰ ਜਾਂਦੇ ਹੋਏ ਗਲੀ ਵਿੱਚ ਕਿਸੇ ਜੇਬ ਕਤਰੇ ਨੇ ਬੜੀ ਸਫ਼ਾਈ ਨਾਲ ਉਸ ਦੇ ਸਾਰੇ ਰੁਪਏ ਕੱਢ ਲਏ। ਉਹ ਬਹੁਤ ਪਰੇਸ਼ਾਨ ਹੋਇਆ, ਪਰੰਤੂ ਉਸ ਨੇ ਸੋਚਿਆ ਸ਼ਾਇਦ ਖ਼ੁਦਾ ਨੂੰ ਇਹੋ ਮਨਜ਼ੂਰ ਸੀ।
ਲਾਹੌਰ ਪਹੁੰਚਿਆ ਤਾਂ ਉਸ ਦੀ ਦੂਸਰੀ ਜੇਬ ਵਿੱਚ ਜੇ ਕਤਰੀ ਨਹੀਂ ਗਈ ਸੀ। ਸਿਰਫ਼ ਦਸ ਰੁਪਏ ਗਿਆਰਾਂ ਆਨੇ ਸੀ। ਇਸ ਨਾਲ ਉਸ ਨੇ ਕੁਝ ਦਿਨ ਗੁਜ਼ਾਰਾ ਕੀਤਾ ਪਰੰਤੂ ਪਿਛੋਂ ਭੁੱਖਿਆਂ ਮਰਨ ਤੀਕਰ ਦੀ ਨੌਬਤ ਆ ਗਈ।
ਇਸ ਵਿਚਕਾਰ ਉਸ ਨੇ ਕਿਤੇ ਨਾ ਕਿਤੇ ਨੌਕਰੀ ਕਰ ਲੈਣ ਦੀ ਕੋਸ਼ਿਸ਼ ਕੀਤੀ, ਪਰੰਤੂ ਅਸਫ਼ਲ ਰਿਹਾ। ਉਹ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਆਤਮ-ਹੱਤਿਆ ਦਾ ਇਰਾਦਾ ਧਾਰ ਲਿਆ, ਪਰੰਤੂ ਉਸ ਵਿੱਚ ਇਤਨੀ ਹਿੰਮਤ ਨਹੀਂ ਸੀ। ਫਿਰ ਵੀ ਉਹ ਇੱਕ ਰਾਤ ਨੂੰ ਰੇਲ ਦੀ ਪਟੜੀ ਉਪਰ ਲੇਟ ਗਿਆ। ਗੱਡੀ ਆ ਰਹੀ ਸੀ। ਪਰੰਤੂ ਕਾਂਟਾ ਬਦਲਿਆ ਅਤੇ ਉਹ ਦੂਸਰੀ ਲਾਈਨ ਉੱਪਰ ਚਲੀ ਗਈ। ਕਿਉਂਕਿ ਉਸ ਨੇ ਉਧਰ ਹੀ ਜਾਣਾ ਸੀ।
ਉਸ ਨੇ ਸੋਚਿਆ ਕਿ ਮੌਤ ਵੀ ਧੋਖਾ ਦੇ ਜਾਂਦੀ ਹੈ। ਇਸ ਲਈ ਉਸ ਨੇ ਆਤਮ-ਹੱਤਿਆ ਦਾ ਵਿਚਾਰ ਛੱਡ ਦਿੱਤਾ ਤੇ ਹਲਦੀ ਅਤੇ ਮਿਰਚਾਂ ਪੀਸਨੇ ਵਾਲੀ ਇੱਕ ਚੱਕੀ ਉੱਪਰ ਬੀਹ ਰੁਪਏ ਮਹੀਨੇ ਉੱਪਰ ਨੌਕਰੀ ਕਰ ਲਈ।
ਉਥੇ ਉਸ ਨੂੰ ਪਹਿਲੇ ਹੀ ਦਿਨ ਮਹਿਸੂਸ ਹੋ ਗਿਆ ਕਿ ਦੁਨੀਆਂ ਧੋਖਾ ਹੀ ਧੋਖਾ ਹੈ। ਹਲਦੀ ਵਿੱਚ ਪੀਲੀ ਮਿੱਟੀ ਦੀ ਮਿਲਾਵਟ ਕੀਤੀ ਜਾਂਦੀ ਸੀ ਅਤੇ ਮਿਰਚਾਂ ਵਿੱਚ ਲਾਲ ਇੱਟਾਂ ਦੀ। ਦੋ ਸਾਲ ਤੀਕਰ ਉਸ ਚੱਕੀ ਉਪਰ ਕੰਮ ਕਰਦਾ ਰਿਹਾ। ਉਸ ਦਾ ਮਾਲਕ ਘੱਟ ਤੋਂ ਘੱਟ ਸੱਤ ਸੌ ਰੁਪਿਆ ਕਮਾਉਂਦਾ ਸੀ। ਉਸ ਦੇ ਦਰਮਿਆਨ ਅਲੀ ਮੁਹੰਮਦ ਨੇ ਪੰਜ ਸੌ ਰੁਪਏ ਕਮਾ ਕੇ ਰੱਖ ਲਏ। ਇੱਕ ਦਿਨ ਉਸ ਨੇ ਸੋਚਿਆ ਕਿ ਜਦ ਸਾਰੀ ਦੁਨੀਆਂ ਵਿੱਚ ਧੋਖਾ ਹੀ ਧੋਖਾ ਹੈ ਤਾਂ ਉਹ ਵੀ ਕਿਉਂ ਨਾ ਧੋਖਾ ਦੇ।
ਇਸ ਲਈ ਉਸ ਨੇ ਇੱਕ ਅਲੱਗ ਚੱਕੀ ਖੜੀ ਕਰ ਦਿੱਤੀ ਅਤੇ ਉਸ ਨੇ ਹਲਦੀ ਅਤੇ ਮਿਰਚਾਂ ਵਿੱਚ ਮਿਲਾਵਟ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਦੀ ਆਮਦਨੀ ਕਾਫ਼ੀ ਚੰਗੀ ਸੀ। ਉਸ ਨੂੰ ਸ਼ਾਦੀ ਦਾ ਕਈ ਬਾਰ ਖ਼ਿਆਲ ਆਇਆ ਪਰੰਤੂ ਜਦੋਂ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਪਹਿਲੀ ਰਾਤ ਦਾ ਨਕਸ਼ਾ ਆਇਆ ਤਾਂ ਉਹ ਕੰਬ ਜਿਹਾ ਗਿਆ।
ਅਲੀ ਮੁਹੰਮਦ ਖ਼ੁਸ਼ ਸੀ। ਉਸ ਨੇ ਧੋਖਾ-ਧੜੀ ਪੂਰੀ ਤਰ੍ਹਾਂ ਸਿੱਖ ਲਈ ਸੀ। ਉਸ ਨੂੰ ਹੁਣ ਇਸ ਦੇ ਸਾਰੇ ਗੁਰ ਮਾਲੂਮ ਹੋ ਗਏ ਸੀ। ਇੱਕ ਮਣ ਲਾਲ ਮਿਰਚ ਵਿੱਚ ਕਿੰਨੀਆਂ ਇੱਟਾਂ ਪੀਸਣੀਆਂ ਚਾਹੀਦੀਆਂ ਹਨ, ਹਲਦੀ ਵਿੱਚ ਕਿੰਨੀ ਪੀਲੀ ਮਿੱਟੀ ਪਾਉਣੀ ਚਾਹੀਦੀ ਹੈ ਅਤੇ ਫਿਰ ਤੋਲ ਦਾ ਹਿਸਾਬ, ਇਹ ਉਸ ਨੂੰ ਹੁਣ ਚੰਗੀ ਤਰ੍ਹਾਂ ਪਤਾ ਸੀ।
ਪਰੰਤੂ ਇਕ ਦਿਨ ਉਸ ਦੀ ਢੱਕੀ ਉਪਰ ਛਾਪਾ ਪਿਆ। ਹਲਦੀ ਅਤੇ ਮਿਰਚਾਂ ਦੇ ਨਮੂਨੇ ਬੋਤਲਾਂ ਵਿੱਚ ਪਾ ਕੇ ਮੂੰਹ ਬੰਦ ਕੀਤੇ ਗਏ ਅਤੇ ਜਦੋਂ ਕੈਮੀਕਲ ਐਗਜ਼ਾਮਿਨਰ ਦੀ ਰਿਪੋਰਟ ਆਈ ਕਿ ਉਸ ਵਿੱਚ ਮਿਲਾਵਟ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਸ ਦਾ ਲਾਹੌਰ ਵਿੱਚ ਕੌਣ ਸੀ ਜੋ ਉਸ ਦੀ ਜ਼ਮਾਨਤ ਦਿੰਦਾ। ਕਈ ਦਿਨ ਹਵਾਲਾਤ ਵਿੱਚ ਬੰਦ ਰਿਹਾ। ਆਖ਼ਰ ਮੁਕੱਦਮਾ ਅਦਾਲਤ ਵਿੱਚ ਪੇਸ਼ ਹੋਇਆ ਅਤੇ ਉਸ ਨੂੰ ਤਿੰਨ ਸੌ ਰੁਪਏ ਜੁਰਮਾਨਾ ਅਤੇ ਇਕ ਮਹੀਨੇ ਦੀ ਸਖ਼ਤ ਸਜ਼ਾ ਹੋਈ। ਜੁਰਮਾਨਾ ਉਸ ਨੇ ਅਦਾ ਕਰ ਦਿੱਤਾ, ਪਰੰਤੂ ਇੱਕ ਮਹੀਨੇ ਦੀ ਕਰੜੀ ਸਜ਼ਾ ਉਸ ਨੂੰ ਭੁਗਤਣੀ ਹੀ ਪਈ। ਇਹ ਇੱਕ ਮਹੀਨਾ ਉਸ ਦੀ ਜ਼ਿੰਦਗੀ ਵਿੱਚ ਕਾਫ਼ੀ ਕਰੜਾ ਅਤੇ ਕਠਨ ਸੀ। ਇਸ ਦਰਮਿਆਨ ਅਕਸਰ ਉਹ ਸੋਚਿਆ ਕਰਦਾ ਸੀ ਕਿ ਉਸ ਨੇ ਬੇਈਮਾਨੀ ਕਿਉਂ ਕੀਤੀ ਜਦੋਂ ਉਸ ਨੇ ਆਪਣੀ ਜ਼ਿੰਦਗੀ ਦਾ ਇਹ ਅਸੂਲ ਬਣਾਇਆ ਸੀ ਕਿ ਉਹ ਕਦੇ ਵੀ ਧੋਖਾ-ਧੜੀ ਨਹੀਂ ਕਰੇਗਾ।
ਫਿਰ ਉਹ ਸੋਚਦਾ ਕਿ ਉਸ ਨੂੰ ਆਪਣੀ ਜ਼ਿੰਦਗੀ ਖ਼ਤਮ ਕਰ ਲੈਣੀ ਚਾਹੀਦੀ ਹੈ। ਇਸ ਲਈ ਕਿ ਉਹ ਇਧਰ ਦਾ ਰਿਹਾ ਨਾ ਉਧਰ ਦਾ ਕਿਉਂਕਿ ਉਸ ਦਾ ਚਰਿੱਤਰ ਠੀਕ ਨਹੀਂ। ਚੰਗਾ ਇਹੀ ਹੈ ਕਿ ਉਹ ਮਰ ਜਾਏ ਤਾਂ ਕਿ ਫਿਰ ਉਹ ਕੋਈ ਬੁਰਿਆਈ ਨਾ ਕਰ ਸਕੇ।
ਜਦੋਂ ਉਹ ਜੇਲ੍ਹ ਤੋਂ ਬਾਹਰ ਨਿਕਲਿਆ ਤਾਂ ਉਹ ਮਜ਼ਬੂਤ ਇਰਾਦਾ ਕਰ ਚੁੱਕਿਆ ਸੀ ਕਿ ਉਹ ਆਤਮ-ਹੱਤਿਆ ਕਰੇਗਾ ਤਾਂ ਕਿ ਸਾਰਾ ਝੰਜਟ ਹੀ ਖ਼ਤਮ ਹੋਵੇ। ਇਸ ਲਈ ਉਸ ਨੇ ਸੱਤ ਦਿਨ ਮਜ਼ਦੂਰੀ ਕੀਤੀ ਅਤੇ ਦੋ, ਤਿੰਨ ਰੁਪਏ ਆਪਣਾ ਪੇਟ ਕੱਟ ਕੱਟ ਕੇ ਜਮ੍ਹਾਂ ਕੀਤੇ। ਇਸ ਤੋਂ ਪਿਛੋਂ ਉਸ ਨੇ ਸੋਚਿਆ, ਕਿਸ ਪ੍ਰਕਾਰ ਦਾ ਜ਼ਹਿਰ ਕਾਰਆਮਦ ਹੋ ਸਕਦਾ ਹੈ। ਉਸ ਨੇ ਕੇਵਲ ਇਕੋ ਜ਼ਹਿਰ ਦਾ ਨਾਮ ਸੁਣਿਆ ਸੀ ਜੋ ਬੜਾ ਖ਼ਤਰਨਾਕ ਹੁੰਦਾ ਹੈ ਅਤੇ ਉਹ ਕੀ ਸੰਖੀਆ। ਪਰੰਤੂ ਉਹ ਸੰਖੀਆਂ ਕਿਥੋਂ ਮਿਲਦਾ?
ਉਸ ਨੇ ਬਹੁਤ ਕੋਸ਼ਿਸ਼ ਕੀਤੀ, ਆਖ਼ਰ ਉਸ ਨੂੰ ਇੱਕ ਦੁਕਾਨ ਤੋਂ ਸੰਖੀਆਂ ਮਿਲ ਗਿਆ। ਉਸ ਨੇ ਸ਼ਾਮ ਦੀ ਨਮਾਜ਼ ਪੜ੍ਹੀ ਅਤੇ ਪ੍ਰਮਾਤਮਾ ਤੋਂ ਆਪਣੇ ਗੁਨਾਹਾਂ ਦੀ ਖਿਮਾ ਮੰਗੀ ਕਿ ਉਹ ਹਲਦੀ ਅਤੇ ਮਿਰਚਾਂ ਵਿੱਚ ਮਿਲਾਵਟ ਕਰਦਾ ਰਿਹਾ। ਫਿਰ ਰਾਤ ਨੂੰ ਉਸ ਨੇ ਸੰਖੀਆ ਖਾਇਆ ਅਤੇ ਫੁਟ-ਪਾਥ ਉਪਰ ਸੌਂ ਗਿਆ।
ਉਸ ਨੇ ਸੁਣਿਆ ਸੀ ਕਿ ਸੰਖੀਆ ਖਾਣ ਵਾਲੇ ਦੇ ਮੂੰਹ ਤੋਂ ਝੱਗ ਨਿਕਲਦੀ ਹੈ, ਸਰੀਰ ਆਕੜ ਜਾਂਦਾ ਹੈ ਅਤੇ ਬੜੀ ਹੀ ਤਕਲੀਫ਼ ਹੁੰਦੀ ਹੈ। ਪਰੰਤੂ ਉਸ ਨੂੰ ਕੁਝ ਵੀ ਨਾ ਹੋਇਆ। ਸਾਰੀ ਰਾਤ ਉਹ ਆਪਣੀ ਮੌਤ ਦਾ ਇੰਤਜ਼ਾਰ ਕਰਦਾ ਰਿਹਾ ਪਰੰਤੂ ਉਹ ਨਾ ਆਈ।
ਸਵੇਰੇ ਉਠ ਕੇ ਉਹ ਉਸੇ ਦੁਕਾਨਦਾਰ ਦੇ ਕੋਲ ਗਿਆ ਜਿਸ ਤੋਂ ਉਸ ਨੇ ਸੰਖੀਆ ਖਰੀਦਿਆ ਸੀ ਅਤੇ ਉਸ ਤੋਂ ਪੁੱਛਿਆ-''ਭਾਈ ਸਾਹਿਬ। ਇਹ ਤੂੰ ਮੈਨੂੰ ਕੈਸਾ ਸੰਖੀਆ ਦਿੱਤਾ ਕਿ ਮੈਂ ਹੁਣ ਤੀਕਰ ਨਹੀਂ ਮਰਿਆ?''
ਦੁਕਾਨਦਾਰ ਨੇ ਆਹ ਭਰ ਕੇ ਬੜੇ ਦੁੱਖ ਭਰੇ ਲਹਿਜੇ ਵਿੱਚ ਕਿਹਾ,'ਕੀ ਕਹਾਂ ਮੇਰੇ ਭਾਈ,ਅੱਜ ਕਲ੍ਹ ਹਰ ਚੀਜ਼ ਨਕਲੀ ਹੁੰਦੀ ਹੈ-ਹਾਂ ਉਸ ਵਿੱਚ ਮਿਲਾਵਟ ਹੁੰਦੀ ਹੈ।'
(ਅਨੁਵਾਦ: ਪ੍ਰੋ. ਗੁਰਮੇਲ ਸਿੰਘ)