Minni Kahanian : Gurjant Takipur

ਮਿੰਨ੍ਹੀ ਕਹਾਣੀਆਂ : ਗੁਰਜੰਟ ਤਕੀਪੁਰ

1. ਦੂਰ

ਬਲਕਾਰ ਸਿੰਘ ਨੇ ਸਵੇਰੇ ਉੱਠਦੇ ਹੀ ਚਾਹ ਦਾ ਘੁੱਟ ਭਰਿਆ ਤੇ ਵਿਹੜੇ ਵਿਚ ਨਿੰਮ ਥੱਲੇ ਪਈ ਕਹੀ ਨੂੰ ਚੁੱਕਦਿਆਂ ਘਰਵਾਲੀ ਨੂੰ ਕਿਹਾ, "ਪ੍ਰਸਿੰਨ ਕੁਰੇ ਮੈਂ ਚੱਲਿਆਂ ਖੇਤ ਨੂੰ; ਤੂੰ ਇੰਝ ਕਰੀਂ ਬੂਟੇ ਹੱਥ ਰੋਟੀ ਭੇਜ ਦੇਵੀਂ ਮੇਰੀ ਪਿਛਲੀ ਮੋਟਰ ਤੇ ।" ਪ੍ਰਸਿੰਨ ਕੌਰ ਨੇ ਵਿਹੜੇ ਵਿਚ ਬਹੁਕਰ ਫੇਰਦੀ ਨੇ ਹੀ ਜਵਾਬ ਦਿੱਤਾ, "ਚੰਗਾ ਭੇਜ ਦੇਵਾਂਗੀ।"
ਬੂਟਾ ਬਲਕਾਰ ਸਿੰਘ ਦਾ ਵੱਡਾ ਮੁੰਡਾ ਹੈ ਜੋ ਸ਼ਹਿਰ ਕਾਲਜ ਵਿਚ ਪੜ੍ਹਦਾ ਹੈ ਤੇ ਅਜੇ ਕੱਲ ਹੀ ਉਸ ਨੂੰ ਕਾਲਜ 'ਚੋਂ ਹਫਤੇ ਦੀਆਂ ਛੁੱਟੀਆਂ ਹੋਈਆਂ ਨੇ । ਬੂਟਾ ਪੜ੍ਹਨ ਵਿੱਚ ਤਾਂ ਸਧਾਰਨ ਹੀ ਹੈ ਪਰ ਕਾਲਜ ਦੇ ਯਾਰਾਂ ਦੋਸਤਾਂ ਨਾਲ ਮਿਲ ਕੇ ਮਹਿੰਗੇ ਕੱਪੜੇ ਤੇ ਮਹਿੰਗਾ ਮੋਬਾਈਲ ਰੱਖਣ ਦਾ ਪੂਰਾ ਸ਼ੌਕੀਨ ਹੈ ਹਰ ਰੋਜ਼ ਕੋਈ ਨਾ ਕੋਈ ਫੋਟੋ ਖਿੱਚ ਕੇ ਫੇਸਬੁੱਕ ਤੇ ਪਾ ਹੀ ਦਿੰਦੈ ਤੇ ਬੜੀ ਬੇਸਬਰੀ ਨਾਲ ਦੋਸਤਾਂ ਦੇ ਕਮੈਂਟ ਉਡੀਕਦਾ ਰਹਿੰਦੈ।
ਮੋਬਾਈਲ ਤੇ ਉਂਗਲਾਂ ਜਹੀਆਂ ਮਾਰਦੇ ਨੂੰ ਵੇਖ ਕੇ ਕੋਲ ਬੈਠੀ ਬੂਟੇ ਦੀ ਬੇਬੇ ਬੂਟੇ ਨੂੰ ਬੋਲੀ, "ਵੇ ਬੂਟੇ, ਤੂੰ ਕੀ ਆਹ ਸਾਰਾ ਦਿਨ ਇਸ ਮੋਬਾਈਲ ਤੇ ਉਗਲਾਂ ਜੀਆਂ ਮਾਰੀ ਜਾਨੈਂ ਕੋਈ ਹੋਰ ਵੀ ਕੰਮ ਕਰ ਲਿਆ ਕਰ ਸਾਰਾ ਦਿਨ ਇਹਦਾ ਖਹਿੜਾ ਹੀ ਨੀ ਛੱਡਦਾ । ਮੈਨੂੰ ਤਾਂ ਇਹ ਸਮਝ ਨੀ ਆਉਂਦੀ ਤੁਸੀ ਜਵਾਕ ਇਹਨਾਂ 'ਚੋਂ ਕੱਢਦੇ ਕੀ ਓ," ਬੂਟਾ ਬੋਲਿਆ, "ਤੈਨੂੰ ਨੀ ਪਤਾ ਬੇਬੇ ਬੰਦਾ ਜਿੰਨੀ ਮਰਜੀ ਦੂਰ ਬੈਠਾ ਹੋਵੇ ਜੇ ਉਹਨੂੰ ਕੋਈ ਸੁਨੇਹਾ ਭੇਜਣਾ ਹੋਵੇ ਨਾ ਤਾਂ ਇੱਕ ਮਿੰਟ ਲੱਗਦੈ । ਹੁਣ ਤਾਂ ਕੁਝ ਵੀ ਦੂਰ ਨਹੀ ਰਿਹਾ ਬੇਬੇ ਸਾਰਾ ਕੁਝ ਬਸ ਕੁਝ ਹੀ ਮਿੰਟਾਂ ਚ, ਨਾਲੇ ਮਾਸੀ ਦਾ ਮੁੰਡਾ ਨੀ ਦੀਪਾ, ਜਿਹੜਾ ਕਨੇਡਾ ਗਿਐ ਰੋਜ਼ ਗੱਲ ਹੁੰਦੀ ਹੈ ਉਹਦੇ ਨਾਲ ਮੇਰੀ ਫੇਸਬੁੱਕ ਤੇ; ਨਾਲੇ ਦੇਖ ਕਿੰਨੀ ਦੂਰ ਬੈਠੇ ਕੋਈ ਸੁਨੇਹਾ ਭੇਜਣਾ ਹੈ ਜਾਂ ਫੋਟੋ ਬਸ ਇਕ ਮਿੰਟ ਵਿਚ ਪਹੁੰਚ ਜਾਂਦੀ ਹੈ ਉਹਦੇ ਕੋਲ ।" "ਮੈਨੂੰ ਤਾਂ ਕੁਝ ਸਮਝ ਨਹੀ ਆਉਂਦੀ ਤੁਹਾਡੀਆਂ ਗੱਲਾਂ ਦੀ," ਬੂਟੇ ਦੀ ਬੇਬੇ ਨੇ ਮੰਜੀ ਹੇਠੋਂ ਕੁਝ ਭਾਂਡੇ ਚੱਕੇ ਤੇ ਨਾਲ ਹੀ ਉਸ ਨੂੰ ਯਾਦ ਆਇਆ ਕਿ ਉਹਦਾ ਬਾਪੂ ਸਵੇਰੇ ਰੋਟੀ ਨੂੰ ਕਹਿ ਗਿਆ ਸੀ ਤੇ ਉਸ ਨੇ ਕੋਲ ਬੈਠੇ ਬੂਟੇ ਨੂੰ ਕਿਹਾ, "ਜਾਹ ਪੁੱਤ, ਆਪਣੇ ਬਾਪੂ ਦੀ ਰੋਟੀ ਦਿਆ ਖੇਤ ਪਿਛਲੀ ਮੋਟਰ 'ਤੇ," "ਪਿਛਲੀ ਮੋਟਰ ਤੇ ! ਨਾ ਬੇਬੇ ਨਾ ਮੇਰੇ ਤੋਂ ਨੀ ਜਾਇਆ ਜਾਂਦਾ ਏਨੀ ਦੂਰ, ਤੂੰ ਨਿੱਕੇ ਨੂੰ ਭੇਜ ਦੇ ਰੋਟੀ ਦੇ ਕੇ ਉਹਨੂੰ ਵੀ ਤਾਂ ਸਕੂਲੋਂ ਛੁੱਟੀ ਏ ਅੱਜ ਊਂ ਵੀ ਤਾਂ ਘਰੀ ਏ," ਪ੍ਰਸਿੰਨ ਕੌਰ ਹੁਣ ਅੱਗੋਂ ਕੁਝ ਬੋਲ ਤਾਂ ਨਾ ਸਕੀ ਪਰ ਮਨ ਹੀ ਮਨ ਵਿੱਚ ਸੋਚਦੀ 'ਵਾਹ ਉਏ ! ਮੇਰੇ ਬੂਟੇ ਪੁੱਤਰਾ, ਜਿਹੜਾ ਇਨਸਾਨ ਬਾਹਰਲੇ ਮੁਲਕ 'ਚ ਬੈਠਾ ਏ ਉਹ ਤੇਰੇ ਲਈ ਨੇੜੇ ਐ, 'ਤੇ ਜਿਹੜਾ ਤੇਰਾ ਬਾਪੂ ਖੇਤ ਰੋਟੀ ਦੀ ਉਡੀਕ 'ਚ ਬੈਠੈ, ਉਹ ਦੂਰ ।'

2. ਡੌਲੇ ਵਾਲਾ ਸ਼ੇਰ

ਬੜੇ ਸ਼ੌਕ ਨਾਲ ਪੁਆਇਆ ਸੀ ੳਦੋਂ ਨਿੰਮੇ ਨੇ ਸੱਜੇ ਡੌਲੇ ਤੇ ਸ਼ੇਰ ਜਦੋਂ ਉਹ ਤੇ ਸੁੱਖਾ ਇਕੱਠੇ ਛਪਾਰ ਦਾ ਮੇਲਾ ਵੇਖਣ ਗਏ ਸਨ। ਨਿੰਮਾ ਥੋੜ੍ਹਾ ਮਖੌਲੀ ਜਿਹਾ ਬੰਦਾ ਸੀ ਡੌਲੇ 'ਤੇ ਸ਼ੇਰ ਪਵਾਉਣ ਵੇਲੇ ਭਾਈ ਨੂੰ ਕਹਿੰਦਾ, 'ਲੈ ਬਈ ਮਿੱਤਰਾ ਸ਼ੇਰ ਅਜਿਹਾ ਪਾਈਂ ਕਿ ਬੰਦਾ ਕੋਲ ਆਉਣ ਤੋਂ ਡਰੇ' ਕੋਲ ਖੜ੍ਹਾ ਸੁੱਖਾ ਥੋੜ੍ਹਾ ਹੱਸਿਆ ਤੇ ਬੋਲਿਆ, 'ਅੱਗੇ ਬੜੇ ਤੇਰੇ ਲੋਕ ਚੂੰਢੀਆਂ ਵੱਢ ਵੱਢ ਜਾਂਦੇ ਨੇ ਜਿਹੜਾ ਕਹਿੰਨੈ ਕੋਈ ਨੇੜੇ ਨਾ ਆਵੇ,' ਨਿੰਮਾ ਬੋਲਿਆ, 'ਨਹੀਂ ਯਾਰ ਸੁੱਖੇ ਚੂੰਢੀਆਂ ਦੀ ਗੱਲ ਨਹੀਂ ਤੈਨੂੰ ਪਤੈ ਜਦੋਂ ਬਾਠਾਂ ਦਾ ਗਿੰਦਾ ਪੱਟ ਤੇ ਨਵੀਂ ਨਵੀਂ ਮੋਰਨੀ ਪੁਆ ਕੇ ਲਿਆਇਆ ਸੀ 'ਤੇ ਆਥਣ ਵੇਲੇ ਜਦੋਂ ਉਹ ਕਬੱਡੀ ਖੇਡਦਾ ਸੀ 'ਤੇ ਕਿਵੇ ਸਾਨੂੰ ਦਿਖਾ ਦਿਖਾ ਕੇ ਪੱਟ ਤੇ ਥਾਪੀਆਂ ਮਾਰਦਾ ਸੀ ਹੁਣ ਵੇਖੀਂ ਤੇਰੇ ਯਾਰ ਦੇ ਡੌਲੇ ਵਾਲਾ ਸ਼ੇਰ ਵੇਖ ਕਿਵੇ ਮੋੜਾਂ ਤੇ ਗੱਲਾਂ ਹੁੰਦੀਆਂ।'
ਸੁੱਖਾ ਤੇ ਨਿੰਮਾ ਪਿੰਡ 'ਚ ਦੋਵੇਂ ਜੁੰਡੀ ਦੇ ਯਾਰ ਹੋਣ ਕਰਕੇ ਮਸ਼ਹੂਰ ਨੇ ਯਾਰੀ ਵੀ ਪੱਕੀ ਤੂਤ ਦੇ ਮੋਛੇ ਵਰਗੀ ਇਕ ਦੂਜੇ ਲਈ ਜਾਨ ਦੇਣ ਨੂੰ ਤਿਆਰ ਸਨ ਦੋਵੇਂ, ਕਈਆਂ ਨੇ ਇਸ ਯਾਰੀ ਨੂੰ ਤੋੜਨ ਲਈ ਬਥੇਰੀਆਂ ਇੱਧਰ ਦੀਆਂ ਉੱਧਰ ਲਾਈਆਂ ਪਰ ਦੋਵਾਂ ਨੂੰ ਇੱਕ ਦੂਜੇ ਤੇ ਪੂਰਾ ਭਰੋਸਾ ਹੈ। ਡੌਲੇ ਤੇ ਸ਼ੇਰ ਪੈਣ ਮਗਰੋਂ ਨਿੰਮੇ ਨੇ ਪੂਰੇ ਮੇਲੇ ਵਿਚ ਬਾਂਹ ਤੋਂ ਕੁੜਤਾ ਥੱਲੇ ਨਾ ਕੀਤਾ ਕਈਆਂ ਵਿਚ ਤਾਂ ਉਹਦੀ ਬਾਂਹ ਵੀ ਵੱਜੀ ਪਰ ਉਹ ਹੋਰ ਰੋਅਬ ਨਾਲ ਤੁਰਦਾ 'ਤੇ ਨਾਲੇ ਮੇਲੇ ਦੀਆਂ ਸਿਫਤਾਂ ਕਰਦਾ ਫਿਰ ਗੱਲਾਂ ਗੱਲਾਂ 'ਚ ਸੁੱਖੇ ਨੂੰ ਵੀ ਕਹਿ ਬੈਠਾ 'ਯਾਰ ਸੁੱਖੇ ਤੂੰ ਵੀ ਪੁਆ ਲੈਂਦਾ ਆਪਣੇ ਡੌਲੇ ਤੇ ਕੋਈ ਸ਼ੇਰ-ਸ਼ੂਰ' ਸੁੱਖੇ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ 'ਨਾ ਬਈ ਨਿੰਮਿਆਂ ਆਪਾਂ ਨੂੰ ਨਹੀਂ ਇਹ ਦਿਖਾਵੇ-ਬਾਜੀਆਂ ਜਹੀਆਂ ਚੰਗੀਆ ਲੱਗਦੀਆਂ ਯਾਰ ਤਾਂ ਜਿਵੇਂ ਆਏ ਉਵੇਂ ਜਾਣਗੇ,' ਤੇ ਸੁੱਖਾ ਨਿੰਮੇ ਨੂੰ ਛੇੜਦਾ ਹੋਇਆ ਬੋਲਿਆ 'ਛੱਡ ਯਾਰ ਨਿੰਮਿਆ ਤੇਰੀਆਂ ਉਹੀ ਪਹਿਲਾਂ ਵਾਲੀਆ ਗੱਲਾਂ।' ਉਂਝ ਤਾਂ ਭਾਵੇਂ ਸੁੱਖਾ ਤੇ ਨਿੰਮਾ ਪੱਕੇ ਯਾਰ ਸਨ ਪਰ ਦੋਵਾਂ ਵਿੱਚ ਫਰਕ ਸੀ ਜਿਥੇ ਨਿੰਮਾ ਥੋੜਾ ਜਿਹਾ ਮਖੌਲੀ ਬੰਦਾ ਸੀ ਉੱਥੇ ਸੁੱਖਾ ਥੋੜ੍ਹਾ ਖਿਆਲੀ ਜਿਹਾ ਬੰਦਾ ਬਾਹਰ ਨਾਲੋਂ ਜਿਆਦਾ ਆਪਣੇ ਅੰਦਰ ਵਿਚਰਦਾ ਰਹਿੰਦਾ ਤਾਂ ਹੀ ਤਾਂ ਨਿੰਮਾ ਉਹਨੂੰ ਹਮੇਸ਼ਾ ਛੇੜਦਾ ਰਹਿੰਦਾ 'ਯਾਰ ਸੁੱਖੇ ਤੂੰ ਪਤਾ ਨਹੀ ਕਿਹੜੇ ਖਿਆਲਾਂ ਵਾਲੇ ਸਮੁੰਦਰ ਵਿਚ ਡੁੱਬਾ ਰਹਿੰਨੈ ਕਦੀ ਬਾਹਰਲੀ ਦੁਨੀਆ ਦੇ ਵੀ ਰੰਗ ਮਾਣ ਲਿਆ ਕਰ' ਸੁੱਖਾ ਅੱਗੋਂ ਕੁਝ ਨਾ ਬੋਲਦਾ ਬੱਸ ਹੱਸ ਕੇ ਟਾਲ ਦਿੰਦਾ।
ਪੜ੍ਹੇ ਤਾਂ ਦੋਵੇਂ ਬੀ ਏ ਤੱਕ ਸਨ ਤੇ ਅੱਗੇ ਵੀ ਪੜ੍ਹਨਾ ਚਾਹੁੰਦੇ ਸਨ ਬਸ ਐੇਵੇਂ ਹੀ ਘਰ ਦੇ ਕੰਮਾਂ ਕਾਰਾਂ ਵਿਚ ਸਾਲ ਦੋ ਸਾਲ ਕੱਢ ਦਿੱਤੇ ਸੁੱਖੇ ਨੂੰ ਪੜ੍ਹਾਈ ਦੇ ਨਾਲ ਨਾਲ ਸਾਹਿਤ ਪੜ੍ਹਨ ਦਾ ਵੀ ਸ਼ੌਕ ਸੀ ਜਦੋਂ ਕਿਤੇ ਇਕੱਲਾ ਬਾਹਰ ਅੰਦਰ ਜਾਂਦਾ ਇੱਕ ਦੋ ਕਿਤਾਬਾਂ ਨਾਲ ਜ਼ਰੂਰ ਲੈ ਆਉਂਦਾ ਤੇ ਜਦੋਂ ਵਿਹਲ ਮਿਲਦੀ ਖੋਲ੍ਹ ਕੇ ਪੜ੍ਹ ਲੈਂਦਾ ਪਰ ਸੱਥ ਵਿਚ ਆਈ ਅਖ਼ਬਾਰ ਨੂੰ ਉਹ ਕਦੇ ਪੜ੍ਹਨਾ ਨਾ ਭੁੱਲਦਾ ਇਹ ਤਾਂ ਜਿਵੇਂ ਉਸ ਦਾ ਨਿੱਤ ਨੇਮ ਹੀ ਸੀ, ਨਾਲੇ ਸੱਥ ਵਿਚ ਬੈਠੇ ਬਜੁਰਗਾਂ ਨੂੰ ਪੜ੍ਹ ਕੇ ਸੁਣਾ ਦਿੰਦਾ । ਅਖ਼ਬਾਰ ਪੜ੍ਹਦੇ ਸਮੇਂ ਉਸ ਦੀ ਨਜ਼ਰ ਕਿਸੇ ਭਰਤੀ ਦੇ ਇਸ਼ਤਿਹਾਰ ਤੇ ਜ਼ਰੂਰ ਰਹਿੰਦੀ ਕਿਉਂਕਿ ਜਦੋ ਕਿਤੇ ਸੁੱਖਾ ਤੇ ਨਿੰਮਾ ਦੋਵੇਂ ਇਕੱਲੇ ਬੈਠੇ ਹੁੰਦੇ ਤਾਂ ਆਪਣੇ ਭਵਿੱਖ ਬਾਰੇ ਜ਼ਰੂਰ ਗੱਲਾਂ ਕਰਦੇ। ਸਰੀਰੋਂ ਦੋਵੇਂ ਤਕੜੇ ਤੇ ਭਰਵੇਂ ਜੁੱਸੇ ਦੇ ਹਨ ਪਿੰਡ ਦੀਆਂ ਕਈ ਮੁਟਿਆਰਾਂ ਤਾਂ ਇਹਨਾ ਨੂੰ ਵੇਖ ਕੇ ਦੰਦਾਂ 'ਚ ਬੁੱਲ੍ਹ ਚੱਬ ਲੈਂਦੀਆਂ ਨਿੰਮਾ ਮਾੜੀ ਮੋਟੀ ਹਰਕਤ ਸਮਝਦਾ ਪਰ ਸੁੱਖਾ ਇਹਨਾਂ ਗੱਲਾਂ ਨਾਲ ਕੋਈ ਲਗਾਅ ਨਾ ਰੱਖਦਾ।
ਉਸ ਦਿਨ ਘਰ ਦੇ ਕੰਮਾਂ ਕਾਰਾਂ ਤੋਂ ਵਿਹਲਾ ਹੋ ਕੇ ਸੁੱਖਾ ਸੱਥ ਵਿਚ ਜਾ ਬੈਠਾ ਤੇ ਲੰਬੜਾਂ ਦੇ ਨਾਜਰ ਤੋਂ ਅਖਬਾਰ ਲੈ ਕੇ ਪੜ੍ਹਨ ਲੱਗਾ ਹਾਲੇ ਉਸ ਨੇ ਅਖਬਾਰ ਦੇ ਇੱਕ ਦੋ ਪੰਨੇ ਪਲਟੇ ਹੀ ਸਨ ਕਿ ਕੋਲ ਬੈਠਾ ਬਾਹਰਲਿਆਂ ਦਾ ਚਤਰਾ ਬੋਲ ਪਿਆ 'ਹੋਰ ਸੁਣਾ ਸੁੱਖਿਆ ਕੀ ਕਹਿੰਦੀ ਏ ਅੱਜਕਲ ਤੇਰੀ ਅਖਬਾਰ ?' ਸੁੱਖਾ ਬੋਲਿਆ 'ਕਹਿਣਾ ਕੀ ਏ ਚਾਚਾ ਉਹੀ ਰੋਜ਼ ਦਾ 'ਪਿੱਟ ਸਿਆਪਾ' ਧਰਨੇ, ਮੰਗਾਂ ਪੂਰੀਆਂ ਕਰੋ, ਖ਼ੁਦਕੁਸ਼ੀਆਂ, 'ਤੇ ਇੱਕ ਪਾਰਟੀ ਦਾ ਦੂਜੀ ਤੇ ਦੋਸ਼ ਲਾਉਣੇ ਏਹੀ ਖ਼ਬਰਾਂ ਨੇ ਅੱਜਕਲ ਅਖਬਾਰਾਂ 'ਚ ।' 'ਚਲ ਛੱਡ ਇਹਨਾ ਗੱਲਾਂ ਨੂੰ ਹੋਰ ਸੁਣਾ ਕੀ ਕਰਦੇ ਫਿਰਦੇ ਹੋ ਅਜਕਲ ?' 'ਕਰਨਾ ਕੀ ਆ ਚਾਚਾ ਪੜ੍ਹ ਲਿਖ ਕੇ ਆਹ ਵੇਖ ਲੈ ਵਿਹਲੇ ਫਿਰਦਿਆਂ ਡੰਗਰ ਸਾਂਭ ਲਏ ਜਾਂ ਪੈਲੀ 'ਤੇ ਆਹ ਦੋ ਕੰਮ ਨੇ ਅੱਜਕਲ ਜੱਟਾਂ ਦੇ ਮੁੰਡਿਆਂ ਕੋਲ ਕੋਈ ਰੁਜ਼ਗਾਰ ਨੀ ਕੁਝ ਨੀ ।' 'ਗੱਲ ਤਾਂ ਸਹੀ ਏ ਤੇਰੀ ਭਤੀਜ ਅੱਜ ਹਰ ਨੌਜਵਾਨ ਦੀ ਏਹੋ ਕਹਾਣੀ ਪੜ ਲਿਖ ਕੇ ਅੱਜ ਹਰ ਨੌਜਵਾਨ ਆਪਣੀ ਮਾਂ ਦੇ ਗਹਿਣਿਆਂ ਵਾਂਗੂੰ ਡਿਗਰੀਆਂ ਸਾਂਭੀ ਬੈਠਾ,' ਸੁੱਖਾ ਚੁੱਪ ਸੀ ਪਰ ਚਤਰੇ ਦੀ ਹਰ ਗੱਲ ਬਿਨਾਂ ਸੁਣੇ ਉਸ ਦੇ ਕੰਨਾਂ ਤੱਕ ਪਹੁੰਚ ਹੀ ਜਾਂਦੀ। ਹੁਣ ਸੁੱਖਾ ਅਖਬਾਰ ਜ਼ਰਾ ਧਿਆਨ ਨਾਲ ਪੜ੍ਹਨ ਲੱਗਾ ਤੇ ਅਖਬਾਰ ਦੇ ਅਖੀਰਲੇ ਪੰਨੇ ਤੇ ਇੱਕ ਨੋਟਿਸ ਵੇਖ ਕੇ ਉਸ ਦੇ ਬੁੱਲ੍ਹਾਂ ਤੇ ਥੋੜ੍ਹੀ ਮੁਸਕਾਨ ਆ ਗਈ ਨੋਟਿਸ ਵਿੱਚ ਨੌਜਵਾਨਾਂ ਦੀ ਹੋਣ ਵਾਲੀ ਪੁਲਿਸ ਵਿੱਚ ਭਰਤੀ ਲਈ ਦਸਿਆ ਗਿਆ ਸੀ। ਸੁੱਖਾ ਵਿੱਚੋ ਵਿੱਚ ਥੋੜ੍ਹਾ ਖ਼ੁਸ਼ ਹੋਇਆ ਤੇ ਕੱਲ ਨੂੰ ਨਿੰਮੇ ਨਾਲ ਗੱਲ ਕਰਨ ਬਾਰੇ ਸੋਚ ਕੇ ਆਪਣੇ ਘਰ ਚਲਾ ਗਿਆ। ਸਵੇਰ ਹੁੰਦੇ ਹੀ ਸੁੱਖੇ ਨੇ ਚਾਹ ਦਾ ਘੁੱਟ ਭਰਿਆ 'ਤੇ ਸਿੱਧਾ ਨਿੰਮੇ ਦੇ ਘਰ ਵੱਲ ਤੁਰ ਪਿਆ ਘਰ ਦਾ ਬੂਹਾ ਖੁੱਲ੍ਹਾ ਵੇਖ ਕੇ ਸੁੱਖਾ ਸਿੱਧਾ ਅੰਦਰ ਹੀ ਚਲਾ ਗਿਆ ਜਾਂਦਿਆਂ ਨੂੰ ਨਿੰਮਾ ਤੇ ਉਹਦਾ ਬਾਪੂ ਡੰਗਰਾਂ ਨੂੰ ਕੱਖ ਪਾ ਰਹੇ ਸਨ ਸੁੱਖਾ ਨਿੰਮੇ ਦੇ ਬਾਪੂ ਦੇ ਗੋਡੀਂ ਹੱਥ ਲਾਉਂਦਾ ਹੋਇਆ ਬੋਲਿਆ 'ਬਾਈ ਨਿੰਮਿਆਂ ਆਪਣੀ ਜ਼ਿੰਦਗੀ ਦੇ ਵੀ ਚੰਗੇ ਦਿਨ ਹੁਣ ਆਏ ਲੈ' ਨਿੰਮਾ ਬੋਲਿਆ 'ਕਿਉਂ ਸੁੱਖਿਆ ਕੋਈ ਖ਼ਜਾਨਾ ਲੱਭ ਗਿਆ,' 'ਬਸ ਖ਼ਜਾਨਾ ਹੀ ਸਮਝ ਲੈ' 'ਚਲ ਗੱਲ ਤਾਂ ਦੱਸ ਕੀ ਹੈ ?' ਤੂੰ ਇੰਝ ਕਰ ਆਹ ਕੱਖਾਂ ਵਾਲਾ ਕੰਮ ਮੁਕਾ ਲੈ ਬਾਕੀ ਗੱਲ ਸੱਥ 'ਚ ਚਲ ਕੇ ਕਰਦੇ ਆਂ,' ਨਿੰਮਾ ਹੱਥ ਪੈਰ ਧੋ ਕੇ ਬਾਪੂ ਨੂੰ ਇਹ ਕਹਿੰਦਾ ਹੋਇਆ ਸੁੱਖੇ ਨਾਲ ਤੁਰ ਪਿਆ, 'ਬਾਪੂ ਤੂੰ ਇੰਝ ਕਰ ਉਨਾ ਚਿਰ ਰੋਟੀ ਖਾ ਲੈ ਮੈਂ ਆਇਆ, ਫਿਰ ਚਲਦਿਆਂ ਖੇਤਾਂ ਨੂੰ' ਬਾਪੂ ਵੀ ਜਾਂਦੇ ਹੋਏ ਨਿੰਮੇ ਨੂੰ ਬੋਲਿਆ 'ਤੂੰ ਵੀ ਛੇਤੀ ਆ ਜਾਂਈ ਐਵੇਂ ਦੁਪਿਹਰਾ ਹੀ ਨਾ ਚਾੜ੍ਹ ਆਈਂ ਉੱਥੇ ਹੀ,' ਦੋਵੇਂ ਗੱਲਾਂ ਕਰਦੇ ਕਰਦੇ ਸੱਥ ਵਿੱਚ ਪਹੁੰਚ ਗਏ, 'ਹਾਂ ਬਈ ਸੁੱਖਿਆ ਹੁਣ ਦੱਸ ਕੀ ਗੱਲ ਆ ?' 'ਬਾਈ ਨਿੰਮਿਆ ਤੈਨੂੰ ਤਾਂ ਪਤਾ ਹੀ ਹੈ ਕਿ ਮੈਂ ਰੋਟੀ ਖਾਣੀ ਭਾਵੇਂ ਭੁੱਲ ਜਾਵਾਂ ਪਰ ਅਖਬਾਰ ਪੜ੍ਹਨਾ ਨਹੀਂ ਭੁੱਲਦਾ, ਕੱਲ੍ਹ ਦੀ ਗੱਲ ਆ ਮੈਂ ਬੈਠਾ ਅਖਬਾਰ ਪੜ੍ਹਦਾ ਸੀ ਜਦੋਂ ਅਖਬਾਰ ਦਾ ਅਖੀਰਲਾ ਪੰਨਾ ਵੇਖਿਆ ਤਾਂ ਉੱਥੇ ਲਿਖਿਆ ਸੀ ਕਿ ਪੁਲਿਸ ਵਿੱਚ ਨੌਜਵਾਨਾਂ ਦੀ ਭਰਤੀ ਕੀਤੀ ਜਾ ਰਹੀ ਜਿਸ ਨੌਜਵਾਨ ਦੀਆਂ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਹਨ ਉਹ ਹੇਠਾਂ ਲਿਖੀ ਤਾਰੀਕ ਨੂੰ ਆਪਣੇ ਅਸਲੀ ਕਾਗਜ਼ ਪੱਤਰ ਲੈ ਕੇ ਇਸ ਜਗ੍ਹਾ ਤੇ ਪਹੁੰਚਣ ।' ਨਿੰਮਾ ਸਾਰਾ ਕੁਝ ਸੁਣ ਰਿਹਾ ਸੀ ਤੇ ਬੋਲਿਆ 'ਤਾਂ ਫਿਰ ਆਪਣੀਆਂ ਸ਼ਰਤਾਂ ਪੂਰੀਆਂ ਨੇ ਬਾਈ' 'ਹਾਂ ਬਾਈ ਨਿੰਮਿਆ ਮੈਂ ਕੱਲ੍ਹ ਅਖਬਾਰ ਚੰਗੀ ਤਰਾਂ ਪੜ੍ਹਿਆ ਸੀ ਆਪਣਾ ਸਾਰਾ ਕੰਮ ਪੂਰਾ ਹੈ ਬਸ ਆਪਾਂ ਆਪਣੇ ਕਾਗਜ਼ ਲੈ ਕੇ ਉਸ ਦਿਨ ਉੱਥੇ ਪਹੁੰਚਣਾ ਹੈ' 'ਕੋਈ ਗੱਲ ਨੀ ਬਾਈ ਜਦੋਂ ਕਹੇਂਗਾ ਆਪਾਂ ਉਸ ਦਿਨ ਚੱਲ ਪਵਾਂਗੇ,' 'ਬਸ ਇੱਕ ਦੋ ਦਿਨ ਹੀ ਨੇ ਵਿੱਚ ਫਿਰ ਮੈਂ ਤੈਨੂੰ ਦੱਸ ਦੇਵਾਂਗਾ,' 'ਚੰਗਾ ਬਈ ਸੁੱਖਿਆ ਮੈਂ ਚਲਦਾਂ ਖੇਤਾਂ ਨੂੰ ਜਾਣੇ ਬਾਪੂ ਗੁੱਸੇ ਹੁੰਦਾ ਹੋਊ ਫਿਰ ਮਿਲਦਿਆਂ ਸ਼ਾਮ ਨੂੰ।'
ਰਹਿੰਦੇ ਦੋ ਦਿਨ ਵੀ ਏਦਾਂ ਹੀ ਬੀਤ ਗਏ ਅੱਜ ਸੁੱਖਾ ਤੇ ਨਿੰਮਾ ਆਪਣੇ ਕਾਗਜ਼ ਪੱਤਰ ਲੈ ਕੇ ਆਣ ਅੱਡੇ ਤੇ ਖੜ੍ਹ ਗਏ ਬਸ ਆਉਣ 'ਚ ਹਾਲੇ ਕੁਝ ਟਾਇਮ ਬਾਕੀ ਸੀ ਹੋਰ ਵੀ ਕਈ ਸਵਾਰੀਆਂ ਖੜੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ ਪਰ ਸੁੱਖੇ ਤੇ ਨਿੰਮੇ ਨੂੰ ਆਉਣ ਵਾਲੀ ਬਸ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਦੋਵੇਂ ਇੱਕ ਦੂਜੇ ਵੱਲ ਵੇਖ ਕੇ ਥੋੜ੍ਹਾ ਹੱਸਦੇ ਤੇ ਫੇਰ ਜਿਧਰੋਂ ਬੱਸ ਆਉਣੀ ਸੀ ਉਧਰ ਨਜ਼ਰ ਮਾਰਦੇ, ਥੋੜ੍ਹੇ ਸਮੇਂ ਬਾਅਦ ਬੱਸ ਵੀ ਆ ਗਈ ਦੋਵੇਂ ਬੱਸ ਬੈਠ ਕੇ ਪੂਰੇ ਡੇਢ ਘੰਟੇ ਬਾਅਦ ਲਿਖੇ ਹੋਏ ਪਤੇ ਤੇ ਪਹੁੰਚ ਗਏ, ਇਹਨਾ ਵਰਗੇ ਹੋਰ ਵੀ ਕਈ ਨੌਜਵਾਨ ਉੱਥੇ ਮੌਜੂਦ ਸਨ । ਇਨਾ ਵੱਡਾ ਇਕੱਠ ਵੇਖ ਕੇ ਨਿੰਮਾ ਬੋਲਿਆ, 'ਬਾਈ ਸੁੱਖਿਆ ਇੱਥੇ ਤਾਂ ਦੂਜਾ ਛਪਾਰ ਦਾ ਮੇਲਾ ਲੱਗਿਆ ਪਿਐ,' ਫਿਰ ਦੋਵਾਂ ਨੇ ਸਾਰਾ ਗਰਾਊਂਡ ਘੁੰਮ ਕੇ ਵੇਖਿਆ ਤੇ ਹਰ ਕੋਈ ਆਪਣੇ ਹੀ ਤਰੀਕੇ ਨਾਲ ਇਸ ਥਾਂ ਬਾਰੇ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰ ਰਿਹਾ ਸੀ, ਕੁਝ ਸਮੇਂ ਬਾਅਦ ਇੱਕ ਪੁਲਿਸ ਵਰਦੀ ਵਿੱਚ ਆਏ ਕਰਮਚਾਰੀ ਨੇ ਇੱਕ ਜ਼ੋਰਦਾਰ ਵਿਸਲ ਮਾਰੀ ਤੇ ਸਾਰੇ ਨੌਜਵਾਨਾਂ ਨੂੰ ਇੱਕ ਲਾਈਨ ਵਿੱਚ ਖੜੇ ਹੋਣ ਦਾ ਇਸ਼ਾਰਾ ਕੀਤਾ ਨਿੰਮਾ ਤੇ ਸੁੱਖਾ ਸ਼ੁਰੂਆਤੀ ਨੌਜਵਾਨਾਂ ਤੋਂ ਕੁਝ ਕੁ ਦੂਰੀ ਤੇ ਖੜ੍ਹੇ ਸਨ 'ਤੇ ਸਾਰਾ ਕੁਝ ਚੰਗੀ ਤਰਾਂ ਵੇਖ ਰਹੇ ਸਨ ਨਿੰਮਾ ਤਾਂ ਆਪਣੇ ਸਰੀਰ ਨੂੰ ਟੋਹ ਟੋਹ ਕੇ ਵੇਖਦਾ ਨਾਲੇ ਵਿੱਚੋ ਵਿੱਚ ਆਪਣੇ ਡੌਲੇ ਵਾਲੇ ਸ਼ੇਰ ਦੀਆਂ ਸ਼ਿਫਤਾਂ ਕਰੀ ਜਾਂਦਾ। ਜੋ ਨੌਜਵਾਨ ਹਰ ਪੱਖੋਂ ਸ਼ਰਤਾਂ ਤੇ ਪੂਰਾ ਉੱਤਰਦਾ ਉਸ ਨੂੰ ਇੱਕ ਅਲੱਗ ਲਾਈਨ ਵਿੱਚ ਖੜਾ ਕਰ ਦਿੱਤਾ ਜਾਂਦਾ ਅਤੇ ਅਤੇ ਜਿਹੜਾ ਨੌਜਵਾਨ ਸ਼ਰਤਾਂ ਪੂਰੀਆਂ ਕਰਨ ਤੋਂ ਰਹਿ ਜਾਂਦਾ ਉਸ ਨੂੰ ਵਾਪਿਸ ਭੇਜ ਦਿੱਤਾ ਜਾਂਦਾ ਕੁਝ ਵਾਪਿਸ ਆਏ ਨੌਜਵਾਨਾਂ ਦੇ ਚਿਹਰੇ ਵੇਖ ਕੇ ਨਿੰਮਾ ਤੇ ਸੁੱਖਾ ਵੀ ਕਈ ਵਾਰ ਉਦਾਸ ਹੋ ਜਾਂਦੇ ਤੇ ਆਪਣੇ ਬਾਰੇ ਰੱਬ ਅੱਗੇ ਅਰਦਾਸਾਂ ਕਰਦੇ, ਕੁਝ ਸਮੇਂ ਬਾਅਦ ਹੀ ਸੁੱਖੇ ਦੀ ਵਾਰੀ ਆ ਗਈ ਕਾਗਜ਼ ਪੱਤਰ ਚੈੱਕ ਹੋਏ, ਦੌੜ ਲੱਗੀ, ਡਾਕਟਰੀ ਚੈੱਕਅਪ ਹੋਇਆ ਤੇ ਸੁੱਖਾ ਸ਼ਰਤਾਂ ਪੂਰੀਆਂ ਕਰ ਚੁੱਕੇ ਨੌਜਵਾਨਾਂ ਦੀ ਲਾਈਨ ਵਿੱਚ ਆ ਖੜਾ ਹੋਇਆ, ਹੁਣ ਵਾਰੀ ਆਈ ਨਿੰਮੇ ਦੀ ਕਾਗਜ਼ ਪੱਤਰ ਚੈੱਕ ਹੋਏ, ਦੌੜ ਲੱਗੀ ਨਿੰਮਾ ਪੂਰਾ ਖ਼ੁਸ਼ ਸੀ ਕਿ ਉਸਨੇ ਸ਼ਰਤਾਂ ਪੂਰੀਆਂ ਕਰ ਲਈਆਂ ਹਨ ਵਾਰੀ ਆਈ ਡਾਕਟਰੀ ਚੈੱਕਅਪ ਦੀ ਨਿੰਮੇ ਦਾ ਡੌਲੇ ਵਾਲਾ ਸ਼ੇਰ ਸਭ ਨੂੰ ਦੂਰੋਂ ਹੀ ਨਜ਼ਰ ਪੈ ਜਾਂਦਾ ਜਦੋਂ ਨਿੰਮੇ ਦਾ ਚੈੱਕਅਪ ਹੋਣ ਲੱਗਾ ਤਾਂ ਚੈਕਅਪ ਕਰ ਰਹੇ ਮੁਲਾਜ਼ਮ ਨੇ ਉਸ ਨੂੰ ਅੱਗੇ ਜਾਣ ਤੋਂ ਮਨ੍ਹਾ ਕਰ ਦਿੱਤਾ ਨਿੰਮੇ ਦੇ ਪੁੱਛਣ ਤੇ ਉਹਨਾਂ ਦੱਸਿਆ ਕਿ ਸਰਕਾਰੀ ਭਰਤੀ ਵਿੱਚ ਆ ਬਾਹਾਂ ਉੱਤੇ ਨਿਸ਼ਾਨ ਵਾਲੇ ਨੌਜਵਾਨਾਂ ਨੂੰ ਭਰਤੀ ਨਹੀਂ ਕੀਤਾ ਜਾ ਸਕਦਾ, ਨਿੰਮੇ ਦੇ ਚਿਹਰੇ ਤੇ ਇੱਕ ਦਮ ਭਾਰੀ ਉਦਾਸੀ ਛਾ ਗਈ ਤੇ ਉਹ ਖੜ੍ਹਾ ਹੀ ਸੋਚਾਂ ਵਿੱਚ ਪੈ ਗਿਆ 'ਤੇ ਨਾਲ ਹੀ ਸੁੱਖੇ ਦੇ ਮੂੰਹ ਵੱਲ ਵੇਖਣ ਲੱਗਾ ਉਦਾਸੀ ਸੁੱਖੇ ਦੇ ਮੂੰਹ ਤੇ ਵੀ ਸੀ ਪਰ ਉਸ ਦੇ ਹੱਥ ਵਿੱਚ ਕੁਝ ਨਹੀਂ ਸੀ, ਉਹ ਵੀ ਚਾਹੁੰਦਾ ਸੀ ਕਿ ਮੈਂ ਤੇ ਨਿੰਮਾ ਇਕੱਠੇ ਭਰਤੀ ਹੁੰਦੇ ਤੇ ਕਿੰਨਾ ਚੰਗਾ ਹੁੰਦਾ, ਨਿੰਮਾ ਸੋਚਾਂ ਵਿੱਚ ਡੁੱਬਾ ਹੁਣ ਉਸ ਦਿਨ ਨੂੰ ਯਾਦ ਕਰਨ ਲੱਗਾ ਜਿਸ ਦਿਨ ਉਸ ਨੇ ਆਪਣੇ ਡੌਲੇ 'ਤੇ ਸ਼ੇਰ ਖੁਣਵਾਇਆ ਸੀ, ਤੇ ਮਨ ਹੀ ਮਨ ਵਿੱਚ ਸੋਚਦਾ ਜੇ ਮੈਂ ਉਸ ਦਿਨ ਨਾ,,,,,,,ਪਰ ਹੁਣ ਕੀ ਹੋ ਸਕਦਾ ਸੀ। ਅੱਜ ਨਿੰਮੇ ਨੂੰ ਆਪਣੇ ਡੌਲੇ ਵਾਲੇ ਸ਼ੇਰ ਨਾਲੋਂ ਜ਼ਿਆਦਾ ਗੁੱਸਾ ਆਪਣੇ ਆਪ 'ਤੇ ਆ ਰਿਹਾ ਸੀ ।

3. ਲੀਲੋ ਦੀ ਭੱਠੀ

ਆਪ ਬੀਤੀ

ਅੱਜ ਜਦੋਂ ਉਸ ਟੁੱਟੀ ਹੋਈ ਦਾਣਿਆਂ ਦੀ ਭੱਠੀ ਦੇ ਕੋਲ ਦੀ ਲੰਘਿਆ ਤਾਂ ਦਿਲ ਬਹੁਤ ਉਦਾਸ ਹੋਇਆ, ਸੋਚਿਆ ਜਿਸ ਭੱਠੀ ਤੇ ਅਸੀਂ ਬਚਪਨ ਵੇਲੇ ਦਾਣੇ ਭੁੰਨਾਉਣ ਜਾਂਦੇ ਸੀ ਤੇ ਖੇਡਦੇ ਹੁੰਦੇ ਸੀ ਅੱਜ ਉਹ ਭੱਠੀ ਢਹਿ ਢੇਰੀ ਹੋ ਚੁੱਕੀ ਸੀ। ਕਿਉਂਕਿ ਅੱਜ ਤੋਂ ਇੱਕ ਸਾਲ ਪਹਿਲਾਂ ਇਸ ਭੱਠੀ ਤੇ ਦਾਣੇ ਭੁੰਨਣ ਵਾਲੀ ਲਾਜਵੰਤੀ ਜਿਸ ਨੂੰ ਸਾਰੇ ਲੀਲੋ ਕਹਿੰਦੇ ਸੀ ਉਸ ਦੀ ਮੌਤ ਹੋ ਚੁੱਕੀ ਸੀ।
ਜਦੋਂ ਮੈਨੂੰ ਉਸ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਮਨ ਬਹੁਤ ਦੁਖੀ ਹੋਇਆ ਤੇ ਮੇਰਾ ਦਿਲ ਤੇ ਦਿਮਾਗ ਉਹ ਬਚਪਨ ਦੇ ਦਿਨਾਂ ਵਿੱਚ ਚਲਾ ਗਿਆ ਜਦੋਂ ਅਸੀਂ ਭੱਠੀ ਤੇ ਦਾਣੇ ਭੁੰਨਾਉਣ ਆਉਂਦੇ ਹੁੰਦੇ ਸੀ ਤੇ ਬਹੁਤ ਮੌਜ ਮਸਤੀ ਕਰਦੇ ਸੀ। ਭੱਠੀ ਵਾਲੀ ਲੀਲੋ ਨੇ ਭੱਠੀ ਭਖਾਉਣ ਤੋਂ ਪਹਿਲਾਂ ਗੁਰੂ ਘਰ ਜਾ ਕੇ ਹੋਕਾ ਦੇ ਆਉਣਾ ਤੇ ਉਸ ਹੋਕੇ ਦੀ ਆਵਾਜ਼ ਸੁਣ ਮਾਂ ਨੇ ਦਾਣੇ ਸਾਨੂੰ ਕੱਪੜੇ ਵਿੱਚ ਬੰਨ ਕੇ ਦੇ ਦੇਣੇ ਤੇ ਫਿਰ ਅਸੀਂ ਭੱਠੀ ਵੱਲ ਭੱਜ ਲੈਣਾ ਤੇ ਜਾ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਤੇ ਕਈ ਵਾਰ ਬੈਠਿਆਂ ਬੈਠਿਆਂ ਚੋਰੀ ਦਾਣੇ ਚੁੱਕ ਕੇ ਖਾ ਜਾਣੇ ਉਦੋਂ ਉਸ ਦੀ ਭੱਠੀ ਛੱਪੜ ਦੇ ਕੰਢੇ ਹੁੰਦੀ ਸੀ।
ਰਹਿਣ ਵਾਲੀ ਉਹ ਸ਼ਹਿਰ ਦੀ ਸੀ ਤੇ ਦਾਣੇ ਉਹ ਸਾਡੇ ਪਿੰਡ ਹੀ ਆ ਕੇ ਭੁੰਨਦੀ ਤੇ ਕਈ ਵਾਰ ਹਨ੍ਹੇਰਾ ਹੋਣ ਤੇ ਸਾਡੇ ਪਿੰਡ ਹੀ ਰੁਕ ਜਾਂਦੀ ਤੇ ਸਵੇਰ ਹੋਣ ਤੇ ਚਲੀ ਜਾਂਦੀ। ਉਂਝ ਉਸਦਾ ਮੇਰੀ ਦਾਦੀ ਮਾਂ ਤੇ ਪਿੰਡ ਦੀਆਂ ਹੋਰ ਬਜ਼ੁਰਗ ਔਰਤਾਂ ਨਾਲ ਕਾਫ਼ੀ ਪਿਆਰ ਸੀ ਕਿਉਂਕਿ ਉਹ ਮੇਰੇ ਜਨਮ ਤੋਂ ਪਹਿਲਾਂ ਦੀ ਹੀ ਸਾਡੇ ਪਿੰਡ ਦਾਣੇ ਭੁੰਨਦੀ ਆ ਰਹੀ ਸੀ। ਉਸ ਦੁਆਰਾ ਬਣਾਏ ਗਏ ਅਲੱਗ ਅਲੱਗ ਭੱਠੀ ਦੇ ਟਿਕਾਣੇ ਅੱਜ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਹਨ। ਜ਼ਿਆਦਾਤਰ ਉਹ ਭੱਠੀ ਦਾ ਟਿਕਾਣਾ ਉੱਥੇ ਹੀ ਬਣਾਉਂਦੀ ਜਿੱਥੇ ਉਸ ਨੂੰ ਬਾਲਣ ਆਸਾਨੀ ਨਾਲ ਮਿਲ ਜਾਦਾਂ ਪਰ ਇਹ ਸਾਰੇ ਟਿਕਾਣੇ ਸਾਡੇ ਘਰਾਂ ਦੇ ਆਸ ਪਾਸ ਹੀ ਹੁੰਦੇ ਤੇ ਜਦੋਂ ਅਸੀਂ ਘਰ ਨਾ ਹੋਣਾ ਤਾਂ ਮਾਂ ਨੇ ਆਪ ਜਾ ਕੇ ਦਾਣੇ ਭੁੰਨਾਅ ਲਿਆਉਣੇ।
ਪਰ ਅਕਸਰ ਦਾਣੇ ਭੁੰਨਾਉਣ ਅਸੀਂ ਹੀ ਜਾਂਦੇ ਜਦੋਂ ਪਤਾ ਲੱਗਣਾ ਕਿ ਦਾਣੇ ਭੁੰਨਾਉਣ ਵਾਲਿਆਂ ਦੀ ਭੀੜ ਜ਼ਿਆਦਾ ਹੈ ਤੇ ਵਾਰੀ ਆਉਣ ਵਿੱਚ ਸਮਾਂ ਲੱਗੇਗਾ ਤਾਂ ਅਸੀਂ ਦਾਣੇ ਉੱਥੇ ਰੱਖ ਕੇ ਆਪ ਖੇਡਣ ਲੱਗ ਜਾਣਾ ਤੇ ਉਸ ਭੱਠੀ ਵਾਲੀ ਲੀਲੋ ਨੇ ਚੋਰੀ ਕੁਝ ਦਾਣੇ ਆਪਣੇ ਕੋਲ ਰੱਖ ਲੈਣੇ ਤੇ ਜਦੋਂ ਇਹ ਗੱਲ ਘਰ ਜਾ ਕੇ ਦੱਸਣੀ ਤਾਂ ਦਾਦੀ ਮਾਂ ਨੇ ਆ ਕੇ ਉਸ ਨਾਲ ਗੁੱਸੇ ਹੋਣਾ, ਇਸ ਤਰ੍ਹਾ ਦੇ ਕਈ ਦ੍ਰਿਸ਼ ਵਾਰ ਵਾਰ ਅੱਖਾਂ ਅੱਗੇ ਆ ਰਹੇ ਸਨ ਤੇ ਮੁੜ ਮੁੜ ਉਸ ਲੀਲੋ ਦੀਆ ਭੱਠੀ ਦਾ ਖਿਆਲ ਆ ਰਿਹਾ ਸੀ ਜਿਸ ਦੇ ਆਲੇ ਦੁਆਲੇ ਕਦੇ ਮੇਰਾ ਬਚਪਨ ਬੀਤਿਆ ਸੀ।

4. ਸਾਂਝਾ ਪਰਿਵਾਰ

ਪਰਮਜੀਤ ਨੂੰ ਪਿੰਡੋਂ ਸ਼ਹਿਰ ਆਏ ਨੂੰ ਪੂਰੇ ਪੰਜ ਸਾਲ ਹੋ ਚੁੱਕੇ ਸਨ। ਸ਼ਹਿਰ ਵਿੱਚ ਉਹ ਨੌਕਰੀ ਕਰਦਾ ਸੀ। ਪਿੰਡ ਭਾਵੇਂ ਸ਼ਹਿਰ ਤੋਂ ਬਹੁਤੀ ਦੂਰ ਨਹੀ ਸੀ, ਪਰ ਫਿਰ ਉਹਨੇ ਸ਼ਹਿਰ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਸ਼ਾਇਦ ਉਹ ਅੱਜ ਦੇ ਤਕਨੀਕੀ ਯੁੱਗ ਵਿੱਚ ਆਪਣੇ ਸਾਂਝੇ ਪਰਿਵਾਰ ਨਾਲ ਰਹਿਣਾ ਪਸੰਦ ਨਾ ਕਰਦਾ ਹੋਵੇ ਤੇ ਆਪਣੀ ਅਲੱਗ ਜ਼ਿੰਦਗੀ ਜਿਉਣੀ ਚਾਹੁੰਦਾ ਹੋਵੇ।
ਅੱਜ ਸਕੂਲ ਤੋਂ ਵਾਪਸ ਆਇਆ ਉਸ ਦਾ ਚੌਥੀ ਜਮਾਤ ਵਿੱਚ ਪੜ੍ਹਦਾ ਬੱਚਾ ਆਪਣੀ ਪੰਜਾਬੀ ਦੀ ਕਿਤਾਬ ਲੈ ਕੇ ਆਪਣੇ ਪਿਤਾ ਕੋਲ ਬੈਠ ਗਿਆ। ਕਿਤਾਬ ਖੋਲਦੇ ਹੀ ਉਸ ਨੇ ਸ਼ਬਦ "ਸਾਂਝਾ ਪਰਿਵਾਰ" ਪੜ੍ਹੇ, ਇਹ ਪੜ੍ਹ ਕੇ ਬੱਚੇ ਨੇ ਆਪਣੇ ਪਿਤਾ ਪਰਮਜੀਤ ਨੂੰ ਪੁੱਛਿਆ, "ਪਿਤਾ ਜੀ, ਇਹ ਸਾਂਝਾ ਪਰਿਵਾਰ ਕੀ ਹੁੰਦਾ ਹੈ ?" ਪਰਮਜੀਤ ਨੇ ਜਵਾਬ ਦਿੱਤਾ "ਸਾਂਝਾ ਪਰਿਵਾਰ" ਉਹ ਹੁੰਦਾ ਹੈ ਜਿਸ ਵਿਚ ਸਾਰੇ ਰਲ ਕੇ ਰਹਿੰਦੇ ਹਨ ਜਿਵੇਂ ਦਾਦਾ-ਦਾਦੀ, ਮਾਤਾ-ਪਿਤਾ, ਤਾਇਆ-ਤਾਈ, ਚਾਚਾ-ਚਾਚੀ, ਭੈਣ-ਭਰਾ ਤੇ ਸਾਰੇ ਬੱਚੇ।" ਇਹ ਸੁਣ ਕੇ ਬੱਚਾ ਬੋਲਿਆ, "ਪਿਤਾ ਜੀ, ਫਿਰ ਆਪਣਾ ਸਾਂਝਾ ਪਰਿਵਾਰ ਕਿੱਥੇ ਹੈ ?" ਹੁਣ ਪਰਮਜੀਤ ਕੁਝ ਨਾ ਬੋਲ ਸਕਿਆ।

5. ਚਿੜੀਆਂ

ਕੀ ਗੱਲ ਭੈਣੇ, ਅੱਜ ਬਨੇਰੇ ਤੇ ਬੈਠੀ ਏਂ ਸਭ ਠੀਕ ਤਾਂ ਹੈ ਓ ਵੇਖ ਸਾਹਮਣੇ ਕੁਝ ਵੀ ਠੀਕ ਨਹੀ ਹੈ ਦੂਜੀ ਚਿੜੀ ਹੈਰਾਨ ਹੁੰਦੀ ਹੋਈ ਬੋਲੀ ਆ ਕੀ ਹੋ ਗਿਆ ! ਕੱਲ ਤਾਂ ਏਥੇ ਏਨੀ ਸੋਹਣੀ ਟਾਹਲੀ ਖੜੀ ਸੀ ਤੇ ਅੱਜ ਉੱਥੇ ਕੁਝ ਵੀ ਨਹੀ ਏ ਹਾਲੇ ਕਲ ਤਾਂ ਆਪਾਂ ਉਸ ਟਾਹਲੀ ਤੇ ਬੈਠ ਕੇ ਆਪਣੇ ਬੱਚਿਆਂ ਦੀਆਂ ਗੱਲਾਂ ਕਰ ਰਹੀਆਂ ਸਾਂ ਤੇ ਅੱਜ ਉਹ ਜਗ੍ਹਾ ਬਿਲਕੁਲ ਸਾਫ ਕੀਤੀ ਪਈ ਏ, ਪਰ ਅਜਿਹੀ ਕਿ ਗੱਲ ਹੋ ਗਈ ਕੀ ਇਹਨਾਂ ਨੂੰ ਆਪਣੇ ਘਰ ਦੀ ਟਾਹਲੀ ਵੱਡਣੀ ਪੈ ਗਈ ਮੈਂ ਤਾਂ ਕਲ ਜਲਦੀ ਹੀ ਚਲੀ ਗਈ ਸੀ ਤੂੰ ਏਥੇ ਹੀ ਸੀ ਤੈਨੂੰ ਪਤਾ ਹੋਵੇਗਾ ਕਿ ਹੋਇਆ ਇਹ ਸਭ, ਪਹਿਲੀ ਚਿੜੀ ਬੋਲੀ ਹੋਣਾ ਕਿ ਏ ਭੈਣੇ, ਤੇਰੇ ਜਾਣ ਤੋਂ ਬਾਅਦ ਹੀ ਘਰ ਦੀ ਮਾਲਕਣ ਬਹੁਕਰ ਫੇਰਦੀ ਹੋਈ ਟਾਹਲੀ ਦੇ ਖਿੱਲਰੇ ਪੱਤਿਆਂ ਨੂੰ ਸਾਫ ਕਰ ਰਹੀ ਸੀ ਪੱਤੇ ਸਾਫ ਕਰਦਿਆਂ ਕੁਝ ਦੇਰ ਬਾਅਦ ਹੋਰ ਡਿੱਗ ਪੈਂਦੇ ਇਸ ਗੱਲ ਤੋਂ ਗੁੱਸੇ ਹੋ ਕੇ ਘਰ ਵਾਲੇ ਨਾਲ ਸਲਾਹ ਕਰਨ ਲੱਗੀ ਕਿ ਮੇਰੇ ਤੋਂ ਨੀ ਆ ਰੋਜ਼ ਖਿਲਾਰਾ ਸਾਫ ਕੀਤਾ ਜਾਂਦਾ ਵੱਡੋ ਪਰਾਂ ਇਸ ਟਾਹਲੀ ਨੂੰ ਘਰ ਵਾਲੇ ਨੇ ਬਥੇਰਾ ਕਿਹਾ ਭਾਗਵਾਨੇ ਗਰਮੀ ਵਿੱਚ ਦੋ ਘੜੀਆਂ ਇਹਦੇ ਥੱਲੇ ਬਹਿ ਜਾਂਦੇ ਹਾਂ ਤੈਨੂੰ ਕਿ ਕਹਿੰਦੀ ਏ ਰਹੀ ਗੱਲ ਪੱਤਿਆਂ ਦੀ ਉਹ ਮੈਂ ਆਪ ਸਾਫ ਕਰ ਦੇਵਾਂਗਾ ਪਰ ਘਰਵਾਲੀ ਨੇ ਤਾਂ ਪੈਰਾਂ ਤੇ ਪਾਣੀ ਨਹੀ ਪੈਣ ਦਿੱਤਾ ਕਹਿ ਰਹੀ ਸੀ ਹੁਣ ਆਪਾਂ ਏ ਸੀ ਲਵਾ ਲੈਣਾਂ ਹੈ ਵੱਡ ਕੇ ਕੰਮ ਨਿਬੇੜੋ ਇਸ ਦਾ ਵਾਧੂ ਦਾ ਥਾਂ ਮੱਲਿਆ ਹੈ ਇਹਨੇ, ਗੱਲਾਂ ਕਰਦਿਆਂ ਕੋਲ ਉਸ ਦੀ ਸੱਸ ਵੀ ਆ ਗਈ ਤੇ ਮੁੰਡੇ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਕਿ ਸਿਮਰ ਆਪਣੇ ਘਰ ਵਾਲੀ ਟਾਹਲੀ ਵੱਡਣ ਨੂੰ ਕਹਿੰਦੀ ਏ ਕਹਿੰਦੀ ਹੈ ਕਿ ਮੇਰੇ ਤੋਂ ਨੀ ਆ ਰੋਜ਼ ਪੱਤਿਆਂ ਦਾ ਕੂੜਾ ਹੂੰਝਿਆ ਜਾਂਦਾ ਮੁੰਡੇ ਦੀ ਮਾਂ ਨੇ ਉਸ ਵਕਤ ਮਨ ਹੀ ਮਨ ਵਿੱਚ ਸਲਾਹ ਕਰਕੇ ਨੂੰਹ ਦੀ ਗੱਲ ਵਿੱਚ ਹਾਮੀ ਭਰ ਦਿੱਤੀ ਕਿ ਕਿਉਂ ਏਵੇਂ ਨਿੱਕੀ ਜਹੀ ਗੱਲ ਪਿੱਛੇ ਘਰ ਵਿੱਚ ਕਲੇਸ਼ ਪਾਉਣਾ ਹੈ ਤੂੰ ਵਡਾ ਛੱਡ ਟਾਹਲੀ ਮਾਂ ਦੀ ਗੱਲ ਸੁਣ ਕੇ ਦੋਹਾਂ ਦਾ ਚਿਹਰਿਆਂ ਤੇ ਥੋੜ੍ਹੀ ਮੁਸਕਾਨ ਜਹੀ ਆ ਗਈ ਮੁੰਡਾ ਜਿਵੇਂ ਘਰਵਾਲ਼ੀ ਨੂੰ ਉੱਤੋਂ ਉੱਤੋਂ ਹੀ ਕਹਿ ਰਿਹਾ ਹੋਵੇ ਤੇ ਵਿਚੋਂ ਮਾਂ ਦੇ ਹੁੰਗਾਰੇ ਦੀ ਉਡੀਕ ਵਿੱਚ ਹੀ ਸੀ, ਹੁਣ ਸਾਰੀ ਗੱਲ ਸੁਣਦਿਆਂ ਹੀ ਦੂਜੀ ਚਿੜੀ ਗੁੱਸੇ ਹੁੰਦੀ ਹੋਈ ਬੋਲੀ, ਪਰ ਭੈਣ ਆ ਤਾਂ ਕੋਈ ਗੱਲ ਨਾ ਹੋਈ ਆਪਣੇ ਸੁਆਰਥ ਲਈ ਕਿਸੇ ਦੂਜੇ ਦਾ ਘਰ ਉਜਾੜ ਦੇਣਾ, ਇਨਸਾਨ ਕਿ ਸੋਚਦਾ ਏ ਕਿ ਕੁਦਰਤ ਸਿਰਫ਼ ਉਸ ਦੀ ਹੀ ਮਾਲਕੀਅਤ ਹੈ ਇਸ ਤੇ ਜਾਨਵਰਾਂ, ਪੰਛੀਆਂ ਦਾ ਕੋਈ ਹੱਕ ਨਹੀ , ਪਹਿਲੀ ਚਿੜੀ ਹੁੰਗਾਰਾ ਭਰਦੀ ਹੋਈ ਬੋਲੀ ਗੱਲ ਤਾਂ ਭੈਣ ਤੇਰੀ ਬਿਲਕੁਲ ਸਹੀ ਏ ਪਰ ਆ ਇਨਸਾਨ ਜੇ ਏਨੀ ਸੋਚਦਾ ਤਾਂ ਆਪਾਂ ਨੂੰ ਅੱਜ ਏ ਦਿਨ ਨਾ ਦੇਖਣਾਂ ਪੈਂਦਾ। ਹੁਣ ਉਹਨਾ ਚਿੜੀਆਂ ਨੇ ਉੱਥੋਂ ਉਡਾਰੀ ਤਾਂ ਮਾਰ ਲਈ ਪਰ ਉਹਨਾ ਵਿੱਚ ਪਹਿਲਾਂ ਵਾਲੀ ਖੁਸ਼ੀ ਤੇ ਮੁੜ ਆਉਣ ਦਾ ਚਾਅ ਨਹੀ ਸੀ।

6. ਪੁੰਨ

ਚੜ੍ਹੀ ਦੁਪਹਿਰ 'ਚ ਸੂਰਜ ਦਾ ਗੋਲਾ ਪੂਰਾ ਤਪ ਰਿਹਾ ਸੀ। ਕੜਕਦੀ ਧੁੱਪ ਚ ਦੋਵੇਂ ਮਾਵਾਂ ਧੀਆਂ ਕਿਸੇ ਜੱਟ ਦੇ ਖੇਤ ਚੋਂ ਕੱਲੀ-ਕੱਲੀ ਬੱਲੀ ਨੂੰ ਚੁਗਦੀਆਂ ਹੋਈਆਂ ਆਪੋ-ਆਪਣੀ ਬੋਰੀ ਭਰ ਰਹੀਆਂ ਸਨ। ਦਸ ਕੁ ਸਾਲਾਂ ਦੀ ਨੂਰੀ ਅੱਧੀਆਂ ਕੁ ਅੱਖਾਂ ਬੰਦ ਕਰਕੇ ਕਦੇ-ਕਦੇ ਸੂਰਜ ਵੱਲ ਵੇਖ ਛੱਡਦੀ।
ਕਿਤੋਂ-ਕਿਤੋਂ ਵਾਵਰੌਲੇ ਉੱਠਦੇ 'ਤੇ ਵੱਢੀ ਕਣਕ ਦੇ ਨਾੜ ਨੂੰ ਦੂਰ ਜਾ ਸੁੱਟਦੇ। ਨੂਰੀ ਨੂੰ ਇਹ ਘੁੰਮਦੀ ਹੋਈ ਹਵਾ ਇਕ ਅਚੰਭਾ ਜਿਹਾ ਲੱਗਦੀ। ਉਹਨੂੰ ਆਪਣੀਆਂ ਸਹੇਲੀਆਂ ਨਾਲ ਪਾਈ ਹੋਈ ਕਿੱਕਲੀ ਯਾਦ ਆ ਜਾਂਦੀ, 'ਤੇ ਉਹਦਾ ਜੀਅ ਕਰਦਾ ਮੈਂ ਭੱਜ ਕੇ ਇਹਦੇ ਵਿੱਚ ਵੜ ਜਾਵਾਂ ਤੇ ਘੁੰਮਦੀ ਹੀ ਰਹਾਂ ਬਸ।
ਅਚਾਨਕ ਖੇਤ ਦਾ ਮਾਲਕ ਆਇਆ ਤੇ ਦੂਰੋਂ ਹੀ ਉਹਨਾਂ ਨੂੰ ਗਾਲਾਂ ਕੱਢਦਾ ਹੋਇਆ ਖੇਤ 'ਚੋਂ ਬਾਹਰ ਨਿਕਲਣ ਲਈ ਕਹਿ ਰਿਹਾ ਸੀ, ਉਹ ਦੋਵੋਂ ਡਰ ਗਈਆਂ।
ਏਨੇ ਨੂੰ ਫੋਨ ਦੀ ਘੰਟੀ ਵੱਜਦੀ ਹੈ, "ਹੈਲੋ", "ਜੀ ਬਾਬੇ ਆਏ ਨੇ ਝੰਡੀਆਂ ਆਲੇ," "ਅੱਛਾ", "ਤੂੰ ਇੰਝ ਕਰ ਜਿਹੜੀਆਂ ਦੋ ਬੋਰੀਆਂ ਕਣਕ ਦੀਆਂ ਬਰਾਂਡੇ ਚ ਪਈਆਂ ਨੇ ਉਹ ਚਕਾ ਦੇ," "ਪੁੰਨ ਹੁੰਦੈ ਬਾਬਿਆਂ ਦਾ,"
ਓਧਰ ਡਰ ਨਾਲ ਹੱਥਾਂ ਚੋਂ ਬੱਲੀਆਂ ਸੁੱਟ ਕੇ ਕਰਚਿਆਂ ਵਿਚੋਂ ਭੱਜਦੀ ਹੋਈ ਨੂਰੀ ਮਾਂ ਦੇ ਗਲ ਲੱਗ ਕੇ ਰੋ ਰਹੀ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਜੰਟ ਤਕੀਪੁਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ