Minni Stories : Saadat Hasan Manto

ਮਿੰਨ੍ਹੀ ਕਹਾਣੀਆਂ : ਸਆਦਤ ਹਸਨ ਮੰਟੋ

1. ਬੇਖ਼ਬਰੀ ਦਾ ਫਾਇਦਾ

ਘੋੜਾ ਦੱਬਿਆਂ ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲ਼ੀ ਬਾਹਰ ਨਿੱਕਲ਼ੀ। ਖਿੜਕੀ ਵਿੱਚੋਂ ਬਾਹਰ ਨਿੱਕਲਣ ਵਾਲ਼ਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ।
ਘੋੜਾ ਥੋੜ੍ਹੀ ਦੇਰ ਬਾਅਦ ਫਿਰ ਦੱਬਿਆ – ਦੂਜੀ ਗੋਲ਼ੀ ਮਚਲਦੀ ਹੋਈ ਬਾਹਰ ਨਿੱਕਲ਼ੀ।
ਸੜਕ ਉੱਤੇ ਮਸ਼ਕੀ ਦੀ ਮਸ਼ਕ ਫਟੀ, ਉਹ ਮੂਧੇ ਮੂੰਹ ਡਿੱਗਿਆ ਅਤੇ ਉਹਦਾ ਖੂਨ ਮਸ਼ਕ ਦੇ ਪਾਣੀ ਵਿੱਚ ਘੁਲ਼ ਕੇ ਵਹਿਣ ਲੱਗਾ।
ਘੋੜਾ ਤੀਜੀ ਵਾਰ ਦੱਬਿਆ – ਨਿਸ਼ਾਨਾ ਖੁੰਝ ਗਿਆ, ਗੋਲ਼ੀ ਕੰਧ ਵਿੱਚ ਦਫਫ਼ਨ ਹੋ ਗਈ।
ਚੌਥੀ ਗੋਲ਼ੀ ਇੱਕ ਬੁੱਢੀ ਦੀ ਪਿੱਠ ਵਿੱਚ ਲੱਗੀ, ਉਹ ਚੀਕ ਵੀ ਨਾ ਸਕੀ ਅਤੇ ਉੱਥੇ ਹੀ ਢੇਰ ਹੋ ਗਈ।
ਪੰਜਵੀਂ ਅਤੇ ਛੇਵੀਂ ਗੋਲ਼ੀ ਬੇਕਾਰ ਗਈ, ਨਾ ਕੋਈ ਮਰਿਆ, ਨਾ ਜਖ਼ਮੀ ਹੋਇਆ।
ਗੋਲ਼ੀਆਂ ਚਲਾਉਣ ਵਾਲ਼ਾ ਹੈਰਾਨ ਹੋ ਗਿਆ।
ਅਚਾਨਕ ਸੜਕ ਉੱਤੇ ਇੱਕ ਛੋਟਾ ਜਿਹਾ ਬੱਚਾ ਦੌੜਦਾ ਹੋਇਆ ਦਿਖਾਈ ਦਿੱਤਾ। ਗੋਲ਼ੀਆਂ ਚਲਾਉਣ ਵਾਲ਼ੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਕੀਤਾ।
ਉਸਦੇ ਸਾਥੀ ਨੇ ਕਿਹਾ – "ਇਹ ਕੀ ਕਰਦੈਂ?"
ਗੋਲ਼ੀਆਂ ਚਲਾਉਣ ਵਾਲ਼ੇ ਨੇ ਪੁੱਛਿਆ, "ਕਿਉਂ?"
"ਗੋਲ਼ੀਆਂ ਤਾਂ ਖਤਮ ਹੋ ਚੁੱਕੀਆਂ ਨੇ।"
"ਤੂੰ ਚੁੱਪ ਰਹਿ, ਨਿੱਕੇ ਜਿਹੇ ਬੱਚੇ ਨੂੰ ਕੀ ਪਤਾ?"

2. ਹਲਾਲ ਅਤੇ ਝਟਕਾ

"ਮੈਂ ਉਹਦੇ ਗਲ਼ੇ 'ਤੇ ਚਾਕੂ ਰੱਖਿਆ, ਹੌਲ਼ੀ-ਹੌਲ਼ੀ ਫੇਰਿਆ ਤੇ ਉਹਨੂੰ ਹਲਾਲ ਕਰ ਦਿੱਤਾ।"
"ਇਹ ਤੂੰ ਕੀ ਕੀਤਾ?"
"ਕਿਉਂ?"
"ਉਹਨੂੰ ਹਲਾਲ ਕਿਉਂ ਕੀਤਾ?"
"ਸੁਆਦ ਆਉਂਦਾ ਹੈ, ਇਸ ਤਰ੍ਹਾਂ ਕਰਨ 'ਚ"
"ਮਜ਼ਾ ਆਉਂਦਾ ਹੈ ਦੇ ਬੱਚਿਆ… ਤੈਨੂੰ ਝਟਕਾਉਣਾ ਚਾਹੀਦਾ ਸੀ… ਇਸ ਤਰ੍ਹਾਂ।"
ਅਤੇ ਹਲਾਲ ਕਰਨ ਵਾਲ਼ੇ ਦੀ ਗਰਦਨ ਝਟਕਾ ਦਿੱਤੀ ਗਈ।

3. ਕਰਾਮਾਤ

ਲੁੱਟਿਆ ਹੋਇਆ ਮਾਲ ਬਰਾਮਦ ਕਰਨ ਲਈ ਪੁਲੀਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ।
ਲੋਕ ਡਰ ਦੇ ਮਾਰੇ ਹਨੇਰਾ ਹੋਣ ’ਤੇ ਲੁੱਟਿਆ ਹੋਇਆ ਮਾਲ ਬਾਹਰ ਸੁੱਟਣ ਲੱਗੇ।
ਕੁਝ ਅਜਿਹੇ ਵੀ ਸਨ, ਜਿਨ੍ਹਾਂ ਨੇ ਆਪਣਾ ਸਾਮਾਨ ਵੀ ਆਸੇ-ਪਾਸੇ ਕਰ ਦਿੱਤਾ ਤਾਂ ਕਿ ਕਾਨੂੰਨੀ ਖਿੱਚ-ਧੂਹ ਤੋਂ ਬਚੇ ਰਹਿਣ।
ਇੱਕ ਆਦਮੀ ਨੂੰ ਬੜੀ ਦਿੱਕਤ ਪੇਸ਼ ਆਈ। ਉਸ ਕੋਲ ਸ਼ੱਕਰ ਦੀਆਂ ਦੋ ਬੋਰੀਆਂ ਸਨ, ਜਿਹੜੀਆਂ ਉਸ ਨੇ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਸਨ।
ਇੱਕ ਬੋਰੀ ਤਾਂ ਉਹ ਰਾਤ ਦੇ ਹਨੇਰੇ ’ਚ ਨੇੜਲੇ ਖੂਹ ਵਿੱਚ ਸੁੱਟ ਆਇਆ ਪਰ ਜਦੋਂ ਉਹ ਦੂਜੀ ਚੁੱਕ ਕੇ ਸੁੱਟਣ ਲੱਗਾ ਤਾਂ ਨਾਲ ਹੀ ਆਪ ਵੀ ਖੂਹ ਵਿੱਚ ਜਾ ਪਿਆ।
ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਖੂਹ ਵਿੱਚ ਰੱਸੇ ਸੁੱਟੇ ਗਏ। ਦੋ ਨੌਜਵਾਨ ਥੱਲੇ ਉਤਰੇ ਅਤੇ ਉਸ ਆਦਮੀ ਨੂੰ ਬਾਹਰ ਕੱਢ ਲਿਆ ਪਰ ਕੁਝ ਘੰਟਿਆਂ ਬਾਅਦ ਉਹ ਮਰ ਗਿਆ।
ਦੂਜੇ ਦਿਨ ਲੋਕਾਂ ਨੇ ਵਰਤੋਂ ਲਈ ਜਦ ਉਸ ਖੂਹ ਵਿੱਚੋਂ ਪਾਣੀ ਕੱਢਿਆ ਤਾਂ ਉਹ ਮਿੱਠਾ ਸੀ। ਉਸੇ ਰਾਤ ਤੋਂ ਉਸ ਆਦਮੀ ਦੀ ਕਬਰ ’ਤੇ ਦੀਵੇ ਜਗ ਰਹੇ ਹਨ।

ਅਨੁਵਾਦ: ਬਿਕਰਮਜੀਤ ਨੂਰ

4. ਜੈਲੀ

ਸਵੇਰੇ ਛੇ ਵਜੇ ਪਟਰੋਲ ਪੰਪ ਕੋਲ ਹੱਥ ਗੱਡੀ ਵਿਚ
ਬਰਫ਼ ਵੇਚਣ ਵਾਲੇ ਦੇ ਛੁਰਾ ਖੋਭ ਦਿੱਤਾ ਗਿਆ।
ਸੱਤ ਵਜੇ ਤੱਕ ਉਸਦੀ ਲਾਸ਼ ਲੁੱਕ ਵਿਛੀ ਸੜਕ ਉੱਤੇ
ਪਈ ਰਹੀ, ਅਤੇ ਉਸ 'ਤੇ ਬਰਫ਼ ਪਾਣੀ ਬਣ-ਬਣ ਗਿਰਦੀ ਰਹੀ।
ਸਵਾ ਸੱਤ ਵਜੇ ਪੁਲਿਸ ਲਾਸ਼ ਚੁੱਕ ਕੇ ਲੈ ਗਈ
ਬਰਫ਼ ਅਤੇ ਖੂਨ ਉੱਥੀ ਸੜਕ ਉੱਤੇ ਪਏ ਰਹੇ।
ਫੇਰ ਟਾਂਗਾ ਕੋਲੋਂ ਲੰਘਿਆ
ਬੱਚੇ ਨੇ ਸੜਕ ਉੱਤੇ ਤਾਜ਼ੇ ਖੂਨ ਦੇ ਜੰਮੇ ਹੋਏ ਚਮਕੀਲੇ
ਲੋਥੜੇ ਨੂੰ ਦੇਖਿਆ, ਉਸਦੇ ਮੂੰਹ ਵਿਚ ਪਾਣੀ ਭਰ ਆਇਆ।
ਆਪਣੀ ਮਾਂ ਦੀ ਬਾਂਹ ਖਿੱਚਕੇ ਬੱਚੇ ਨੇ ਆਪਣੀ ਉਂਗਲੀ ਨਾਲ ਉੱਧਰ
ਇਸ਼ਾਰਾ ਕੀਤਾ - "ਦੇਖੋ ਮੰਮੀ, ਜੈਲੀ....।"

5. ਦਾਵਤੇ-ਅਮਲ

ਅੱਗ ਲੱਗੀ ਤਾਂ ਸਾਰਾ ਮੁੱਹਲਾ ਜਲ ਗਿਆ
ਸਿਰਫ ਇਕ ਦੁਕਾਨ ਬਚ ਗਈ,
ਜਿਸਦੇ ਮੱਥੇ ਤੇ ਇਹ ਬੋਰਡ ਲਟਕਿਆ ਹੋਇਆ ਸੀ-
"ਐਥੇ ਇਮਾਰਤ ਸਾਜ਼ੀ ਦਾ ਸਾਰਾ ਸਮਾਨ ਮਿਲਦਾ ਹੈ।"

6. ਪਠਾਨੀਸਤਾਨ

"ਖੂੰ , ਇਕਦਮ ਜਲਦੀ ਬੋਲੋ, ਤੂੰ ਕੌਣ ਏਂ?"
"ਮੈਂ....ਮੈਂ...।"
"ਖੂੰ, ਸ਼ੈਤਾਨ ਦਾ ਬੱਚਾ, ਜਲਦੀ ਬੋਲੋ.... ਹਿੰਦੂ ਏ ਯਾਂ ਮੁਸਲਮਾਨ?"
"ਮੁਸਲਮਾਨ ।"
"ਖੂੰ, ਤੇਰਾ ਰਸੂਲ ਕੌਣ ਏ?"
"ਮੁਹੰਮਦ ਖਾਨ ।"
"ਠੀਕ ਏ... ਜਾਓ।"

7. ਖ਼ਬਰਦਾਰ

ਦੰਗਈ, ਮਾਲਿਕ ਮਕਾਨ ਨੂੰ
ਬੜੀ ਮੁਸ਼ਕਿਲ ਨਾਲ ਘਸੀਟ ਕੇ ਬਾਹਰ ਲੈ ਆਏ।
ਕਪੜੇ ਝਾੜ ਕੇ ਉਹ ਉੱਠ ਖੜ੍ਹਾ ਹੋਇਆ,
ਅਤੇ ਦੰਗਈਆਂ ਨੂੰ ਕਹਿਣ ਲੱਗਾ -
"ਤੁਸੀਂ ਮੈਨੂੰ ਮਾਰ ਸੁੱਟੋ, ਲੇਕਿਨ ਖ਼ਬਰਦਾਰ,
ਜੇ ਮੇਰੇ ਰੁਪਏ-ਪੈਸੇ ਨੂੰ ਹੱਥ ਲਾਇਆ...।"

8. ਹਮੇਸ਼ਾ ਦੀ ਛੁੱਟੀ

"ਫੜ ਲਓ... ਫੜ ਲਓ... ਵੇਖਿਓ ਜਾਵੇ ਨਾ।"
ਸ਼ਿਕਾਰ ਥੋੜ੍ਹੀ ਜਿਹੀ ਦੂਰ ਦੌੜਣ ਤੋਂ ਬਾਅਦ ਫੜਿਆ ਗਿਆ।
ਜਦੋਂ ਭਾਲਾ ਉਸਦੇ ਆਰਪਾਰ ਹੋਣ ਲਈ ਅੱਗੇ ਵਧਿਆ ਤਾਂ
ਉਸਨੇ ਕੰਬਦੀ ਆਵਾਜ਼ ਵਿਚ ਗਿੜਗਿੜਾ ਕੇ ਕਿਹਾ -
"ਮੈਨੂੰ ਨਾ ਮਾਰੋ... ਮੈਂ ਛੁੱਟੀਆਂ ਵਿਚ ਆਪਣੇ ਘਰ ਜਾ ਰਿਹਾ ਹਾਂ।"

9. ਸਾਅਤੇ ਸ਼ੀਰੀਂ

ਨਵੀਂ ਦਿੱਲੀ, ਜਨਵਰੀ 31 (ਏ.ਪੀ.) ਨਰਸੰਹਾਰ ਹੋਇਆ,
ਕਿ ਮਹਾਤਮਾ ਗਾਂਧੀ ਦੀ ਮੌਤ ਉੱਤੇ ਬੇਰਹਮੀ ਨਾਲ ਪ੍ਰਗਟਾਵੇ ਲਈ
ਅਮ੍ਰਿਤਸਰ, ਗਵਾਲੀਅਰ ਅਤੇ ਬੰਬਈ ਵਿਚ ਕਈ ਥਾਵਾਂ ਤੇ,
ਲੋਕਾਂ ਵਿਚ ਸ਼ੀਰੀਂ (ਮੁਸਲਮਾਨੀ ਖੀਰ) ਵੰਡੀ ਗਈ।

10. ਹੈਵਾਨੀਅਤ

ਬੜੀ ਮੁਸ਼ਕਿਲ ਨਾਲ ਮੀਆਂ-ਬੀਵੀ ਘਰ ਦਾ ਥੋੜ੍ਹਾ ਜਿਹਾ ਸਮਾਨ ਬਚਾਉਣ ਵਿਚ ਕਾਮਯਾਬ ਹੋ ਗਏ।
ਇਕ ਜਵਾਨ ਲੜਕੀ ਸੀ, ਉਸ ਦਾ ਪਤਾ ਨਾ ਚੱਲਿਆ।
ਇਕ ਛੋਟੀ ਜਿਹੀ ਬੱਚੀ ਸੀ, ਉਸਨੂੰ ਮਾਂ ਨੇ ਆਪਣੀ ਛਾਤੀ ਨਾਲ ਚਿਪਕਾ ਕੇ ਰੱਖਿਆ।
ਇਕ ਬੂਰੀ ਮੱਝ ਸੀ, ਉਸਨੂੰ ਬਦਮਾਸ਼ ਹੱਕ ਕੇ ਲੈ ਗਏ।
ਇਕ ਗਊ ਸੀ, ਉਹ ਬਚ ਗਈ ਪਰ ਉਸਦਾ ਵੱਛਾ ਨੀ ਮਿਲਿਆ
ਮੀਆਂ-ਬੀਵੀ, ਉਸਦੀ ਛੋਟੀ ਲੜਕੀ ਅਤੇ ਗਊ ਇਕ ਜਗ੍ਹਾ ਲੁਕੇ ਹੋਏ ਸਨ।
ਸਖ਼ਤ ਹਨੇਰੀ ਰਾਤ ਸੀ, ਬੱਚੀ ਨੇ ਡਰ ਕੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਇੰਝ ਲੱਗ ਰਿਹਾ ਸੀ ਕਿ ਕੋਈ ਖ਼ਾਮੋਸ਼ ਵਾਤਾਵਰਣ ਵਿਚ ਢੋਲ ਵਜਾ ਰਿਹਾ ਹੋਵੇ।
ਮਾਂ ਨੇ ਘਬਰਾ ਕੇ ਬੱਚੀ ਦੇ ਮੂੰਹ ਉੱਤੇ ਹੱਥ ਰੱਖ ਦਿੱਤਾ, ਕਿ ਦੁਸ਼ਮਣ ਸੁਣ ਨਾ ਲੈਣ, ਆਵਾਜ਼ ਦਬ ਗਈ -
ਬਾਪ ਨੇ ਜ਼ਰੂਰੀ ਸਮਝਦੇ ਹੋਏ ਬੱਚੀ ਦੇ ਮੂੰਹ ਉੱਪਰ ਮੋਟੀ ਚਾਦਰ ਪਾ ਦਿੱਤੀ।
ਥੋੜ੍ਹੀ ਦੂਰ ਜਾਣ ਦੇ ਬਾਅਦ ਦੂਰੋਂ ਕਿਸੇ ਵੱਛੇ ਦੀ ਆਵਾਜ਼ ਆਈ, ਗਊ ਦੇ ਕੰਨ ਖੜ੍ਹੇ ਹੋ ਗਏ -
ਉਹ ਉੱਠੀ ਤੇ ਪਾਗਲਾਂ ਦੀ ਤਰ੍ਹਾਂ ਦੌੜਦੀ ਹੋਈ ਰੀਂਗਣ ਲੱਗੀ,ਉਸਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਬੇਕਾਰ।
ਰੌਲਾ ਸੁਣ ਕੇ ਦੁਸ਼ਮਣ ਕਰੀਬ ਆ ਗਏ, ਮਸ਼ਾਲਾਂ ਦੀ ਰੌਸ਼ਨੀ ਦਿਖਣ ਲੱਗੀ।
ਬੀਵੀ ਨੇ ਆਪਣੇ ਮੀਆਂ ਨੂੰ ਬੜੇ ਗੁੱਸੇ ਨਾਲ ਕਿਹਾ : "ਤੂੰ ਕਿਉਂ ਇਸ ਹੈਵਾਨ ਨੂੰ ਆਪਣੇ ਨਾਲ ਲੈ ਆਇਆ ਸੀ ।

11. ਪੂਰਵ ਪ੍ਰਬੰਧ

ਪਹਿਲੀ ਵਾਰਦਾਤ ਨਾਕੇ ਦੇ ਹੋਟਲ ਦੇ ਨੇੜੇ ਹੋਈ।
ਫ਼ੌਰਨ ਹੀ ਉੱਥੇ ਇਕ ਸਿਪਾਹੀ ਦਾ ਪਹਿਰਾ ਲਗਾ ਦਿੱਤਾ ਗਿਆ।
ਦੂਜੀ ਵਾਰਦਾਤ, ਦੂਜੇ ਹੀ ਦਿਨ ਸ਼ਾਮ ਨੂੰ ਸਟੋਰ ਸਾਹਮਣੇ ਹੋਈ।
ਸਿਪਾਹੀ ਨੂੰ ਪਹਿਲੀ ਜਗ੍ਹਾ ਤੋਂ ਹਟਾ ਕੇ ਦੂਜੀ ਵਾਰਦਾਤ ਦੇ ਮੁਕਾਮ ਉੱਪਰ ਨਿਯੁਕਤ ਕਰ ਦਿੱਤਾ ਗਿਆ।
ਤੀਸਰਾ ਕੇਸ ਰਾਤ ਦੇ ਬਾਰਾਂ ਵਜੇ ਲਾਂਡਰੀ ਨੇੜੇ ਹੋਇਆ।
ਜਦੋਂ ਇੰਸਪੈਕਟਰ ਨੇ ਸਿਪਾਹੀ ਨੂੰ ਇਸ ਨਵੀਂ ਜਗ੍ਹਾ ਤੇ ਪਹਿਰਾ ਦੇਣ ਦਾ ਹੁਕਮ ਦਿੱਤਾ ਤਾਂ ਉਸ ਨੇ ਕੁਝ ਦੇਰ ਗ਼ੌਰ ਕਰਨ ਦੇ ਬਾਅਦ ਕਿਹਾ -
"ਮੈਨੂੰ ਉਥੇ ਖੜ੍ਹਾ ਕਰੋ ਜਿਥੇ ਨਵੀਂ ਵਾਰਦਾਤ ਹੋਣ ਵਾਲੀ ਹੈ।"

12. ਘਾਟੇ ਦਾ ਸੌਦਾ

ਦੋ ਦੋਸਤਾਂ ਨੇ ਮਿਲਕੇ ਦਸ-ਵੀਹ ਲੜਕੀਆਂ ਵਿਚੋਂ ਇਕ ਲੜਕੀ ਚੁਣੀ
ਅਤੇ ਬਿਆਲੀ ਰੁਪਏ ਦੇ ਕੇ ਉਸਨੰ ਖ਼ਰੀਦ ਲਿਆ।
ਰਾਤ ਗੁਜ਼ਾਰ ਕੇ ਇਕ ਦੋਸਤ ਨੇ ਉਸ ਲੜਕੀ ਨੂੰ ਪੁੱਛਿਆ, "ਤੇਰਾ ਨਾਂ ਕੀ ਐ ?"
ਲੜਕੀ ਨੇ ਆਪਣਾ ਨਾਂ ਦੱਸਿਆ ਤਾਂ ਉਹ ਚੌਂਕ ਉੱਠਿਆ,
"ਸਾਨੂੰ ਤਾਂ ਕਿਹਾ ਗਿਆ ਸੀ ਕਿ ਤੂੰ ਦੂਜੇ ਧਰਮ ਦੀ ਐਂ.."
ਲੜਕੀ ਨੇ ਜਵਾਬ ਦਿੱਤਾ - "ਉਸਨੇ ਝੂਠ ਬੋਲਿਆ ਸੀ।"
ਇਹ ਸੁਣ ਕੇ ਉਹ ਦੌੜਿਆ ਦੌੜਿਆ ਆਪਣੇ ਦੋਸਤ ਕੋਲ ਗਿਆ ਅਤੇ ਕਹਿਣ ਲੱਗਾ -
"ਉਸ ਹਰਾਮਜ਼ਾਦੇ ਨੇ ਸਾਡੇ ਨਾਲ ਧੋਖਾ ਕੀਤਾ ਹੈ, ਸਾਡੇ ਹੀ ਧਰਮ ਦੀ ਲੜਕੀ ਫੜਾ ਦਿੱਤੀ..
ਚਲੋ ਵਾਪਿਸ ਕਰ ਆਈਏ...!"

13. ਯੋਗ ਕਾਰਵਾਈ

ਜਦੋਂ ਹਮਲਾ ਹੋਇਆ ਤਾਂ ਮੁਹੱਲੇ ਵਿਚ ਘੱਟ ਗਿਣਤੀ ਦੇ ਕੁਝ ਲੋਕ ਤਾਂ ਕਤਲ ਹੋ ਗਏ,
ਜੋ ਬਾਕੀ ਬਚੇ ਜਾਨ ਬਚਾਕੇ ਭੱਜ ਗਏ। ਇਕ ਆਦਮੀ ਅਤੇ ਉਸਦੀ ਪਤਨੀ ਕਿਸੇ ਵਸ ਆਪਣੇ ਘਰ ਦੇ ਤਹਿਖਾਨੇ ਵਿਚ ਲੁਕ ਗਏ,
ਦੋ ਦਿਨ ਅਤੇ ਦੋ ਰਾਤ ਛੁਪ ਕੇ ਰਹਿਣ ਪਿਛੋਂ ਪਤੀ ਪਤਨੀ ਨੇ ਹਮਲਾਵਰਾ ਦੇ ਆਉਣ ਦੀ ਆਸ ਵਿਚ ਗੁਜ਼ਾਰ ਦਿੱਤੇ ਪਰ ਕੋਈ ਨਾ ਆਇਆ।
ਦੋ ਦਿਨ ਹੋਰ ਕੱਢ ਦਿੱਤੇ, ਮੌਤ ਦਾ ਡਰ ਘਟਣ ਲੱਗਾ, ਭੁੱਖ ਤੇ ਪਿਆਸ ਨੇ ਜਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਚਾਰ ਦਿਨ ਹੋਰ ਬੀਤ ਗਏ, ਪਤੀ ਪਤਨੀ ਨੂੰ ਜਿੰਦਗੀ ਅਤੇ ਮੌਤ ਨਾਲ ਕੋਈ ਪਿਆਰ ਨਾ ਰਿਹਾ, ਦੋਵੇਂ ਪਨਾਹ ਦੀ ਜਗ੍ਹਾ ਤੋਂ ਬਾਹਰ ਨਿੱਕਲ ਆਏ।
ਪਤੀ ਨੇ ਹਲੀਮੀ ਨਾਲ ਆਵਾਜ਼ ਦਿੰਦਿਆਂ ਲੋਕਾਂ ਵੱਲ ਸੰਬੋਧਿਤ ਹੁੰਦਿਆਂ ਕਿਹਾ - "ਅਸੀਂ ਦੋਵੇਂ ਆਪਣਾ ਆਪ ਤੁਹਾਡੇ ਸਪੁਰਦ ਕਰਦੇ ਹਾਂ.. ਸਾਨੂੰ ਮਾਰ ਦਿਓ।"
ਜਿਨ੍ਹਾਂ ਨੂੰ ਸੰਬੋਧਿਤ ਕੀਤਾ ਸੀ ਉਹ ਸੋਚੀਂ ਪੈ ਗਏ - "ਸਾਡੇ ਧਰਮ ਵਿਚ ਤਾਂ ਜੀਵ-ਹੱਤਿਆ ਪਾਪ ਹੈ।"
ਉਨ੍ਹਾਂ ਆਪਸ ਵਿਚ ਸਲਾਹ ਕੀਤੀ ਅਤੇ ਪਤੀ-ਪਤਨੀ ਨੂੰ ਯੋਗ ਕਾਰਵਾਈ ਲਈ ਦੂਜੇ ਮੁਹੱਲੇ ਦੇ ਆਦਮੀਆਂ ਦੇ ਹਵਾਲੇ ਕਰ ਦਿੱਤਾ।

14. ਨਿਮਰਤਾ

ਚੱਲਦੀ ਗੱਡੀ ਰੋਕ ਲਿੱਤੀ ਗਈ, ਜਿਹੜੇ ਦੂਜੇ ਧਰਮ ਦੇ ਸਨ,
ਉਨ੍ਹਾਂ ਨੂੰ ਕੱਢ ਕੇ ਤਲਵਾਰਾਂ ਅਤੇ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ।
ਇਸਤੋਂ ਵਿਹਲੇ ਹੋ ਕੇ ਗੱਡੀ ਦੇ ਬਾਕੀ ਮੁਸਾਫਿਰਾਂ ਦੀ ਕੜਾਹ, ਦੁੱਧ ਅਤੇ ਫਲਾਂ ਨਾਲ ਖਾਤਿਰ ਕੀਤੀ ਗਈ।
ਗੱਡੀ ਚੱਲਣ ਤੋਂ ਪਹਿਲਾਂ, ਖਾਤਿਰ ਵਾਲੇ ਪ੍ਰਬੰਧਕਾਂ ਨੇ ਮੁਸਾਫਿਰਾਂ ਨਾਲ ਸੰਬੋਧਤ ਹੁੰਦਿਆਂ ਕਿਹਾ,
"ਭਰਾਵੋ, ਅਤੇ ਭੈਣੋ, ਸਾਨੂੰ ਗੱਡੀ ਦੀ ਆਮਦ ਦੀ ਸੂਚਨਾ ਬਹੁਤ ਦੇਰ ਨਾਲ ਮਿਲੀ,
ਇਹੀ ਵਜ੍ਹਾ ਹੈ ਕਿ ਅਸੀਂ ਜਿਸ ਤਰ੍ਹਾਂ ਚਾਹੁੰਦੇ ਸਾਂ, ਉਸ ਤਰ੍ਹਾਂ ਤੁਹਾਡੀ ਸੇਵਾ ਨਾ ਕਰ ਸਕੇ...।"

15. ਸੇਵਾ

ਉਸਦੀ ਖੁਦਕੁਸ਼ੀ ਉੱਤੇ
ਉਸਦੇ ਇਕ ਦੋਸਤ ਨੇ ਕਿਹਾ -
"ਬਹੁਤ ਹੀ ਬੇਵਕੂਫ ਸੀ ਜੀ...
ਮੈਂ ਲੱਖ ਸਮਝਾਇਆ ਕਿ
ਦੇਖੋ ਜੇਕਰ ਤੇਰੇ ਕੇਸ ਕੱਟ ਦਿੱਤੇ ਗਏ ਹਨ
ਅਤੇ ਦਾੜ੍ਹੀ ਮੁੰਨ ਦਿੱਤੀ ਗਈ ਹੈ
ਤਾਂ ਇਸਦਾ ਇਹ ਮਤਲਬ ਨਹੀਂ
ਕਿ ਤੇਰਾ ਧਰਮ ਖ਼ਤਮ ਹੋ ਗਿਆ..
ਰੋਜ ਦਹੀਂ ਇਸਤੇਮਾਲ ਕਰੋ..
ਵਾਹਿਗੁਰੂ ਜੀ ਨੇ ਚਾਹਿਆ
ਤਾਂ ਇਕ ਹੀ ਸਾਲ ਵਿਚ ਉਦਾਂ ਦੇ ਹੋ ਜਾਓਗੇ....।"

16. ਨਿਗਰਾਨੀ ਵਿਚ

"ਕ" ਆਪਣੇ ਦੋਸਤ "ਖ" ਆਪਣਾ ਹਮਧਰਮ ਜਾਹਿਰ ਕਰਕੇ
ਉਸਨੂੰ ਸੁਰੱਖਿਅਤ ਸਥਾਨ ਉੱਤੇ ਪਹੁਚਾਉਣ ਦੇ ਲਈ
ਮਿਲਟਰੀ ਦੇ ਇਕ ਦਸਤੇ ਨਾਲ ਰਵਾਨਾ ਹੋਇਆ।
ਰਸਤੇ ਵਿਚ "ਖ" ਨੇ ਜਿਸਦਾ ਧਰਮ ਕਾਰਣਵਸ ਬਦਲ ਗਿਆ ਸੀ, ਨੂੰ
ਮਿਲਟਰੀ ਵਾਲਿਆਂ ਨੇ ਪੁੱਛਿਆ, "ਕਿਓਂ ਜਨਾਬ, ਆਸਪਾਸ ਕੋਈ ਵਾਰਦਾਤ ਤਾਂ ਨਹੀਂ ਹੋਈ?"
ਜਵਾਬ ਮਿਲਿਆ, "ਕੋਈ ਖਾਸ ਨਹੀਂ.. ਫਲਾਨੇ ਮੁਹੱਲੇ ਵਿਚ ਸ਼ਾਇਦ ਇਕ ਕੁੱਤਾ ਮਾਰਿਆ ਗਿਆ।"
ਸਹਿਮ ਕੇ "ਕ" ਨੇ ਪੁੱਛਿਆ, "ਕੋਈ ਹੋਰ ਖ਼ਬਰ?"
ਜਵਾਬ ਮਿਲਿਆ, "ਖਾਸ ਨਹੀਂ.. ਨਹਿਰ ਵਿਚ ਤਿੰਨ ਕੁੱਤਿਆਂ ਦੀਆਂ ਲਾਸ਼ਾ ਮਿਲੀਆਂ ਹਨ।"
"ਕ" ਨੇ "ਖ" ਦੀ ਖ਼ਾਤਿਰ ਮਿਲਟਰੀ ਵਾਲਿਆਂ ਨੂੰ ਕਿਹਾ, "ਮਿਲਟਰੀ ਕੁਝ ਇੰਤਜ਼ਾਮ ਨਹੀਂ ਕਰਦੀ?"
ਜਵਾਬ ਮਿਲਿਆ, "ਕਿਉਂ ਨਹੀਂ, ਸਭ ਕੰਮ ਉਸਦੀ ਨਿਗਰਾਨੀ ਵਿਚ ਹੁੰਦਾ ਹੈ...।"

17. ਦ੍ਰਿੜ੍ਹਤਾ

"ਮੈਂ ਸਿੱਖ
ਬਨਣ ਦੇ ਲਈ
ਹਰਗਿਜ਼
ਤਿਆਰ ਨਹੀਂ ..
ਮੇਰਾ
ਉਸਤਰਾ
ਵਾਪਸ ਕਰ ਦਿਓ
ਮੈਨੂੰ...।"

18. ਜੁੱਤਾ

ਹਜ਼ੂਮ ਨੇ ਪਾਸਾ ਮੋੜਿਆ, ਅਤੇ ਸਰ ਗੰਗਾ ਰਾਮ ਦੇ ਬੁੱਤ ਉੱਤੇ ਟੁੱਟ ਪਿਆ।
ਲਾਠੀਆਂ ਵਰਸਾਈਆਂ ਗਈਆਂ,
ਇੱਟਾਂ ਅਤੇ ਪੱਥਰ ਸੁੱਟੇ ਗਏ,
ਇੱਕ ਨੇ ਮੂੰਹ ਉੱਤੇ ਤਾਰਕੋਲ ਮਲ ਦਿੱਤਾ,
ਦੂਜੇ ਨੇ ਬਹੁਤ ਸਾਰੇ ਪੁਰਾਣੇ ਜੁੱਤੇ ਜਮ੍ਹਾਂ ਕੀਤੇ
ਅਤੇ ਉਨ੍ਹਾਂ ਦਾ ਹਾਰ ਬਣਾ ਕੇ ਬੁੱਤ ਦੇ ਗਲੇ ਵਿਚ
ਪਾਉਣ ਲਈ ਅੱਗੇ ਵਧਿਆ
ਕਿ ਪੁਲਿਸ ਆ ਗਈ ਅਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ
ਜੁੱਤੀਆਂ ਦਾ ਹਾਰ ਪਹਿਣਾਉਣ ਵਾਲਾ ਜਖ਼ਮੀ ਹੋ ਗਿਆ,
ਸੋ ਮਲ੍ਹਮ ਪੱਟੀ ਦੇ ਲਈ ਉਸਨੂੰ
ਸਰ ਗੰਗਾ ਰਾਮ ਹਸਪਤਾਲ ਵਿਚ ਭੇਜ ਦਿੱਤਾ ਗਿਆ।

19. ਰਿਆਇਤ

"ਮੇਰੀਆਂ ਅੱਖਾਂ ਸਾਹਮਣੇ
ਮੇਰੀ ਜਵਾਨ ਬੇਟੀ ਨੂੰ
ਨਾ ਮਾਰੋ.... "
"ਚਲੋ, ਇਸਦੀ ਮੰਨ ਲਵੋ..
ਕਪੜੇ ਉਤਾਰ ਕੇ
ਹੱਕ ਦਿਓ ਇੱਕ ਪਾਸੇ ਨੂੰ...।"

20. ਸੌਰੀ

ਛੁਰੀ
ਪੇਟ ਚੀਰਦੀ ਹੋਈ
ਨੇਫ਼ੇ ਦੇ ਥੱਲੇ ਤੱਕ ਚਲੀ ਗਈ
ਨਾਜ਼ੁਕ ਸ਼ੈਅ ਕਟ ਗਈ।
ਛੁਰੀ ਮਾਰਨ ਵਾਲੇ ਦੇ
ਮੂੰਹ ਤੋਂ
ਅਚਾਨਕ
ਆਇਤ ਨਿੱਕਲੀ,
"ਚ..ਚ..ਚ.. ਮਿਸਟੇਕ ਹੋ ਗਿਆ।"

21. ਸਲਾਹ

"ਕੌਣ ਹੋ ਤੁਸੀਂ?"
"ਤੁਸੀਂ ਕੌਣ ਹੋ?"
"ਹਰ-ਹਰ ਮਹਾਂਦੇਵ.. ਹਰ-ਹਰ ਮਹਾਂਦੇਵ।"
"ਹਰ-ਹਰ ਮਹਾਂਦੇਵ।"
"ਸਬੂਤ ਕੀ ਹੈ?"
"ਸਬੂਤ... ਮੇਰਾ ਨਾਂ ਧਰਮ ਚੰਦ ਹੈ?"
"ਇਹ ਕੋਈ ਸਬੂਤ ਨਹੀਂ।"
"ਚਾਰ ਵੇਦਾਂ ਵਿਚੋਂ ਕੋਈ ਗੱਲ ਮੈਨੂੰ ਪੁੱਛ ਲਵੋ।"
"ਅਸੀਂ ਵੇਦਾਂ ਨੂੰ ਨਹੀਂ ਜਾਣਦੇ.. ਸਬੂਤ ਦਿਓ"
"ਕੀ?"
"ਪਜਾਮਾ ਢਿੱਲਾ ਕਰੋ?"
ਪਜਾਮਾ ਢਿੱਲਾ ਹੋਇਆ.. ਤਾਂ ਸ਼ੋਰ ਮਚ ਗਿਆ, "ਮਾਰ ਦਿਓ.. ਮਾਰ ਦਿਓ"
"ਠਹਿਰੋ, ਠਹਿਰੋ.. ਮੈਂ ਤੁਹਾਡਾ ਭਰਾ ਹਾਂ.. ਰੱਬ ਦੀ ਸਹੁੰ, ਤੁਹਾਡਾ ਭਰਾ ਹਾਂ।"
"ਤਾਂ ਇਹ ਕੀ ਸਿਲਸਿਲਾ ਹੈ?"
"ਜਿਸ ਇਲਾਕੇ ਤੋਂ ਆ ਰਿਹਾ ਹਾਂ, ਉਹ ਸਾਡੇ ਦੁਸ਼ਮਣਾਂ ਦਾ ਹੈ,
ਇਸ ਲਈ ਮਜਬੂਰਨ ਮੈਨੂੰ ਅਜਿਹਾ ਕਰਨਾ ਪਿਆ, ਸਿਰਫ ਆਪਣੀ ਜਾਨ ਬਚਾਉਣ ਲਈ..
ਇਕ ਇਹੋ ਗ਼ਲਤੀ ਹੋ ਗਈ,ਬਾਕੀ ਮੈਂ ਬਿਲਕੁਲ ਠੀਕ ਹਾਂ..।"
"ਉਡਾ ਦਿਓ ਗ਼ਲਤੀ ਨੂੰ"
ਗ਼ਲਤੀ ਉਡਾ ਦਿੱਤੀ ਗਈ, ਧਰਮਚੰਦ ਵੀ ਨਾਲ ਹੀ ਉੱਡ ਗਿਆ।

22. ਸਫ਼ਾਈ ਪਸੰਦ

ਗੱਡੀ ਰੁਕੀ ਹੋਈ ਸੀ।
ਤਿੰਨ ਬੰਦੂਕਚੀ ਇਕ ਡੱਬੇ ਕੋਲ ਆਏ।
ਖਿੜਕੀਆਂ ਵਿਚੋਂ ਅੰਦਰ ਝਾਕ ਕੇ ਉਨ੍ਹਾਂ ਮੁਸਾਫਰਾਂ ਕੋਲੋਂ ਪੁੱਛਿਆ -
"ਕਿਉਂ ਜਨਾਬ, ਕੋਈ ਮੁਰਗਾ ਹੈ?"
ਇਕ ਮੁਸਾਫਰ ਕੁਝ ਕਹਿੰਦਾ ਕਹਿੰਦਾ ਰੁਕ ਗਿਆ।
ਬਾਕੀਆਂ ਨੇ ਜਵਾਬ ਦਿੱਤਾ, "ਜੀ ਨਹੀਂ।"
ਥੋੜ੍ਹੀ ਦੇਰ ਬਾਅਦ ਚਾਰ ਭਾਲਿਆਂ ਨਾਲ ਲੈਸ ਵਿਅਕਤੀ ਆਏ,
ਖਿੜਕੀਆਂ ਵਿਚੋਂ ਅੰਦਰ ਝਾਕ ਕੇ ਉਨ੍ਹਾਂ ਮੁਸਾਫਰਾਂ ਨੂੰ ਪੁੱਛਿਆ -
"ਕਿਉਂ ਜਨਾਬ ਕੋਈ ਮੁਰਗਾ - ਵੁਰਗਾ ਹੈ?"
ਉਸ ਮੁਸਾਫਰ ਨੇ ਜੋ ਪਹਿਲਾਂ ਕੁਝ ਕਹਿੰਦਾ-ਕਹਿੰਦਾ ਰੁਕ ਗਿਆ ਸੀ,
ਜਵਾਬ ਦਿੱਤਾ, "ਜੀ ਪਤਾ ਨਹੀਂ.. ਤੁਸੀਂ ਅੰਦਰ ਆਕੇ ਪੇਟੀ ਵਿਚ ਵੇਖ ਲਵੋ।"
ਭਾਲਿਆਂ ਵਾਲੇ ਅੰਦਰ ਦਾਖਲ ਹੋਏ, ਪੇਟੀ ਤੋੜੀ ਗਈ ਤਾਂ ਉਸ ਵਿਚੋਂ ਇਕ ਮੁਰਗਾ ਨਿੱਕਲ ਆਇਆ।
ਇਕ ਭਾਲੇ ਵਾਲੇ ਨੇ ਕਿਹਾ - "ਕਰ ਦਿਓ ਹਲਾਲ।"
ਦੂਜੇ ਨੇ ਕਿਹਾ - "ਨਹੀਂ ਇਥੇ ਨਹੀਂ... ਡੱਬਾ ਖਰਾਬ ਹੋ ਜਾਊ.. ਬਾਹਰ ਲੈ ਚੱਲੋ।

23. ਸਦਕੇ ਉਸਦੇ

ਮੁਜਰਾ ਖ਼ਤਮ ਹੋਇਆ।
ਤਮਾਸ਼ਬੀਨ ਵਿਦਾ ਹੋ ਗਏ।
ਉਸਤਾਦ ਜੀ ਨੇ ਕਿਹਾ-
"ਸਭ ਕੁਝ ਲੁਟਵਾ ਕੇ
ਐਥੇ ਆਏ ਸੀ,
ਲੇਕਿਨ ਅੱਲਾ ਮੀਆਂ ਨੇ
ਕੁਝ ਦਿਨਾਂ ਵਿਚ ਹੀ
ਵਾਰੇ-ਨਿਆਰੇ ਕਰ ਦਿੱਤੇ।"

24. ਸਮਾਜਵਾਦ

ਉਹ ਆਪਣੇ ਘਰ ਦਾ ਤਮਾਮ ਜ਼ਰੂਰੀ ਸਮਾਨ
ਇਕ ਟਰੱਕ ਵਿਚ ਲੱਦ ਕੇ
ਦੂਜੇ ਸ਼ਹਿਰ ਜਾ ਰਿਹਾ ਸੀ
ਕਿ ਰਸਤੇ ਵਿਚ
ਲੋਕਾਂ ਨੇ ਉਸਨੂੰ ਰੋਕ ਲਿਆ।
ਟਰੱਕ ਦੇ ਮਾਲ-ਸਮਾਨ ਉੱਪਰ ਲਾਲਚੀਆਂ ਨੇ ਨਜ਼ਰਾਂ ਗੱਡਦਿਆਂ ਕਿਹਾ -
"ਦੇਖੋ ਯਾਰ, ਕਿਸ ਮਜ਼ੇ ਨਾਲ ਐਨਾ ਮਾਲ ਇੱਕਲਾ ਹੀ ਉਡਾ ਕੇ ਲੈ ਜਾ ਰਿਹਾ ਹੈ"
ਸਮਾਨ ਦੇ ਮਾਲਕ ਨੇ ਮੁਸਕੁਰਾ ਕੇ ਕਿਹਾ - "ਜਨਾਬ, ਇਹ ਮੇਰਾ ਆਪਣਾ ਹੈ"
ਦੋ-ਤਿੰਨ ਆਦਮੀ ਹੱਸੇ - "ਅਸੀਂ ਸਭ ਜਾਣਦੇ ਹਾਂ"
ਇੱਕ ਆਦਮੀ ਚੀਕਿਆ- "ਲੁੱਟ ਲਓ.. ਇਹ ਅਮੀਰ ਆਦਮੀ ਹੈ.. ਟਰੱਕ ਲੈ ਕੇ ਚੋਰੀਆਂ ਕਰਦੈ।"

25. ਉਲ੍ਹਾਮਾ

"ਦੇਖ ਯਾਰ,
ਤੂੰ ਬਲੈਕ ਮਾਰਕੀਟ
ਦਾ ਮੁੱਲ ਵੀ ਲਿਆ
ਅਤੇ ਅਜਿਹਾ ਰੱਦੀ
ਪੈਟ੍ਰੋਲ ਦਿੱਤਾ
ਕਿ
ਇਕ ਦੁਕਾਨ
ਵੀ ਨਾ ਜਲੀ।"

26. ਆਰਾਮ ਦੀ ਜ਼ਰੂਰਤ

"ਮਰਿਆ ਨਹੀਂ.. ਦੋਖੋ, ਅਜੇ ਜਾਨ ਬਾਕੀ ਹੈ।"
"ਰਹਿਣ ਦੇ ਯਾਰ.. ਮੈਂ ਥੱਕ ਗਿਆ ਹਾਂ।"

27. ਕਿਸਮਤ

"ਕੁਝ ਨੀ ਦੋਸਤ..
ਐਨੀ ਮਿਹਨਤ
ਕਰਨ ਉੱਤੇ ਵੀ ਸਿਰਫ
ਇੱਕ ਡੱਬਾ ਹੱਥ
ਲੱਗਿਆ ਸੀ, ਪਰ ਉਸ
ਵਿਚ ਵੀ ਸਾਲਾ ਸੂਅਰ
ਦਾ ਗੋਸ਼ਤ ਨਿੱਕਲਿਆ.. ।"

28. ਅੱਖਾਂ ਉੱਤੇ ਚਰਬੀ

"ਸਾਡੀ ਕੌਮ ਦੇ ਲੋਕ ਵੀ ਕੈਸੇ ਨੇ..
ਪੰਜਾਹ ਸੂਅਰ ਐਨੀਆਂ ਮੁਸ਼ਕਲਾਂ ਦੇ ਬਾਅਦ
ਤਲਾਸ਼ ਕਰਕੇ ਇਸ ਮਸਜਿਦ ਵਿਚ ਕੱਟੇ ਸਨ...
ਉਧਰ ਮੰਦਰਾਂ ਵਿਚ ਧੜਾ-ਧੜ
ਗਊ ਦਾ ਗੋਸ਼ਤ ਵਿਕ ਰਿਹਾ ਹੈ...
ਲੇਕਿਨ ਐਥੇ ਸੂਅਰ ਦਾ ਮਾਸ ਖਰੀਦਣ
ਦੇ ਲਈ ਕੋਈ ਆਉਂਦਾ ਹੀ ਨਹੀਂ...।"

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ