Mir Daad Khan Da Chacha (Punjabi Story) : Gurcharan Singh Sehnsra
ਮੀਰ ਦਾਦ ਖ਼ਾਂ ਦਾ ਚਾਚਾ (ਕਹਾਣੀ) : ਗੁਰਚਰਨ ਸਿੰਘ ਸਹਿੰਸਰਾ
1938 ਦਾ ਸਿਆਲ ਟਪ ਚੱਲਿਆ ਸੀ, ਅੰਮ੍ਰਿਤਸਰ ਕਿਸਾਨ ਮੋਰਚੇ ਦੀ ਸਕੰਦਰ ਵਜ਼ਾਰਤ ਨਾਲ ਸੁਲਾਹ ਹੋ ਜਾਣ ਕਰਕੇ ਅਸੀਂ ਸ਼ਾਹਪੁਰ ਜੇਲ ਵਿਚੋਂ ਰਿਹਾ ਹੋ ਕੇ ਆਏ ਹੀ ਸਾਂ ਕਿ ਅਮਰੀਕਾ ਤੋਂ ਮੀਰ ਦਾਦ ਖ਼ਾਂ ਨਾਂ ਦਾ ਇਕ ਗ਼ਦਰ ਪਾਰਟੀ ਦਾ ਵਰਕਰ ਆਇਆ। ਅਸਾਂ ਉਸ ਦਾ ਲੂਰ ਦਾਦ ਖ਼ਾਂ ਨਾਂ ਰਖ ਕੇ ਆਪਣੇ ਨਾਲ ਹੀ ਕੰਮ ਕਰਨ ਲਈ ਅੰਮ੍ਰਿਤਸਰ ਰੱਖ ਲਿਆ। ਉਹ ਪਿੰਡ ਮਲੂ, ਇਲਾਕਾ ਛਛ, ਜਿਲਾ ਕੈਮਲ ਪੁਰ ਦਾ ਗੋਰਾ ਨਿਸ਼ੋਹ ਪਠਾਨ ਗਭਰੂ ਸੀ। ਅੱਖਾਂ ਮੋਟੀਆਂ ਤੇ ਬਿੱਲੀਆਂ ਅਤੇ ਮੱਕੀ ਦੇ ਸੂਤ ਵਿਰਗੀ ਨਿੱਕੀ ਨਿੱਕੀ ਕੱਕੀ ਦਾਹੜੀ ਠੋਡੀ ਤੋਂ ਲੈ ਕੇ ਕੰਨਾਂ ਤਕ ਇਹੋ ਜਿਹੀ, ਸਿਰ ਦੇ ਕਕੇ ਸੁਹਣੇ ਚਿਲਕਦੇ ਵਾਲ, ਕੱਦੋਂ ਲੰਮਾਂ ਤਾਂ ਉਹ ਨਹੀਂ ਸੀ, ਪਰ ਮਧਰਾ ਵੀ ਨਹੀਂ। ਸੁਭਾਅ ਦਾ ਬੜਾ ਗਰਮ, ਪੂਰਾ ਪਠਾਣ। ਉਹ ਜਹਾਜ਼ੀ ਵਰਕਰ ਸੀ ਤੇ ਸ਼ੰਘਾਈ ਵਿਚੋਂ ਗ਼ਦਰ ਆਸ਼ਰਮ ਵਿਚੋਂ ਕਿਰਤੀ ਪਾਰਟੀ ਦੇ ਨਾਂ ਸਿਆਣ ਲੈ ਕੇ ਆਇਆ ਸੀ।
ਉਸ ਨੂੰ ਪੁਲਸ ਨੇ 1939 ਦੇ ਅਪ੍ਰੈਲ ਦੇ ਅਖੀਰਲੇ ਦਿਨਾਂ ਵਿਚ ਫੜ ਕੇ ਲਾਹੌਰ ਦੇ ਸ਼ਾਹੀ ਕਿਲੇ ਵਿਚ ਜਾ ਡਕਿਆ। ਅਸਾਂ ਆਪਣੇ ਇਕ ਬੰਦੇ ਨੂੰ ਉਸ ਦੇ ਪਿੰਡ ਭੇਜਿਆ ਕਿ ਉਹ ਉਸ ਦੇ ਕਿਸੇ ਰਿਸ਼ਤੇਦਾਰ ਨੂੰ ਮੁਲਾਕਾਤ ਵਾਸਤੇ ਲੈ ਆਵੇ। ਪਰ ਉਹ ਲੋਕ ਐਨਾ ਡਰ ਗਏ ਕਿ ਉਸ ਦਾ ਕਿਸੇ ਇਤਬਾਰ ਨ ਕੀਤਾ ਤੇ ਕੋਈ ਵੀ ਮੁਲਾਕਾਤ ਨੂੰ ਨ ਆਇਆ।
ਉਧਰੋਂ ਸਾਡੀ ਜਾਨ ਜਾਵੇ ਕਿ ਸੀ. ਆਈ. ਡੀ. ਦੇ ਜਲਾਦ ਉਸ ਨੂੰ ਕੁਹੀ ਜਾਂਦੇ ਹੋਣਗੇ। ਅਖ਼ੀਰ ਮੈਂ ਆਪ ਗਿਆ। ਕਿਸੇ ਆਸਰੇ ਜਾਂ ਥਹੁ ਪਤੇ ਤੋਂ ਜਾਣਾ ਠੀਕ ਨਹੀਂ ਸੀ। ਇਸ ਲਈ ਮੈਂ ਪਹਿਲਾਂ ਪਿੰਡ ਘੇਪ ਵਿਚ ਜਿਲਾ ਕਾਂਗਰਸ ਕਮੇਟੀ ਦੇ ਦਫ਼ਤਰ ਗਿਆ। ਉਥੋਂ ਮੀਰ ਦਾਦ ਖ਼ਾਂ ਦੇ ਇਲਾਕੇ ਦੀ ਸਿਆਸੀ ਹਾਲਤ ਪੁਛੀ ਗਿਛੀ ਤੇ ਪਤਾ ਲਗਾ ਕਿ ਉਸ ਦੇ ਪਿੰਡ ਦਾ ਸਕੰਦਰ ਖ਼ਾਂ ਸੁਰਖ਼ਪੋਸ਼ਾਂ ਵਿਚ ਰਹਿ ਚੁਕਾ ਸੀ। ਮੈਨੂੰ ਉਸ ਦੇ ਥਾਂ ਟਿਕਾਣੇ ਦਾ ਪਤਾ ਵੀ ਦਿਤਾ ਗਿਆ। ਮੈਂ ਜਾਣ ਬੁਝ ਕੇ ਹਨੇਰਾ ਕਰਕੇ ਉਥੇ ਪਹੁੰਚਿਆ ਤੇ ਪਿੰਡੋਂ ਬਾਹਰ ਸਕੰਦਰ ਖ਼ਾਂ ਦੇ ਖੂਹ ਤੇ ਜਾ ਬੈਠਾ। ਦੁਆ ਸਲਾਮ ਕਰਕੇ ਆਪਣਾ ਨਾਂ ਥਾਂ ਦਸਿਆ ਤੇ ਕਾਂਗਰਸ ਕਮੇਟੀ ਦੇ ਦਫ਼ਤਰੋਂ ਉਸ ਦੇ ਨਾਂ ਲਿਖਵਾਇਆ ਹੋਇਆ ਰੁੱਕਾ ਉਸ ਨੂੰ ਦਿੱਤਾ। ਜਦ ਉਸ ਨੇ ਮੈਨੂੰ ਪਰਵਾਨ ਕਰ ਲਿਆ ਤਾਂ ਮੈਂ ਉਸ ਨਾਲ ਸਾਰੀ ਗਲ ਬਾਤ ਕੀਤੀ।
ਉਸ ਨੇ ਹੋਰ ਵਾਕਫੀ ਲੈਣ ਲਈ ਮੇਰੇ ਉਤੇ ਬੜੇ ਸਵਾਲ ਕੀਤੇ। ਮੈਂ ਉਸ ਦਾ ਹਰ ਘਰ ਪੂਰਾ ਕੀਤਾ ਤੇ ਉਸ ਦੇ ਮਨ ਵਿਚੋਂ ਪੁਲਸ ਦੇ ਜਬਰ ਦਾ ਸਾਰਾ ਡਰ ਕਢਿਆ। ਉਹ ਕੁਝ ਦਿਲ ਧਰ ਆਇਆ।
ਉਹ ਮੇਰੇ ਲਈ ਰੋਟੀ ਲਿਆਇਆ ਤੇ ਨਾਲ ਪਿੰਡ ਦੇ ਤਿੰਨ ਚਾਰ ਹੋਰ ਰਹਿ ਚੁਕੇ ਸੁਰਖ਼ਪੋਸ਼ਾਂ ਨੂੰ ਲਈ ਆਇਆ। ਮੈਂ ਉਨਾਂ ਨੂੰ ਸਾਰੀ ਵਿਥਿਆ ਦਸੀ। ਸਕੰਦਰ ਖ਼ਾਂ ਮੇਰੀ ਹਾਮੀ ਭਰਦਾ ਰਿਹਾ। ਉਹ ਵੀ ਮੰਨ ਗਏ।
ਉਨਾਂ ਦਸਿਆ ਕਿ 'ਅਗੇ ਇਕ ਹਿੰਦ ਆਇਆ ਸੀ, ਉਹ ਸਾਨੂੰ ਪਤੀਜ ਨਹੀਂ ਸਕਿਆ। ਉਸ ਨੇ ਸਾਡੇ ਘਰ ਦੀ ਰੋਟੀ ਵੀ ਨਾ ਖਾਧੀ।'
ਉਪਰੰਤ ਅਸੀਂ ਮੀਰ ਦਾਦ ਦੇ ਘਰ ਗਏ। ਉਸ ਦੇ ਚਾਚੇ ਤੇ ਮਾਂ ਨੂੰ ਜਗਾਇਆ। ਮੈਂ ਉਨਾਂ ਨੂੰ ਸਾਰੀ ਗੱਲ ਸਮਝਾਈ। ਮਾਂ ਨੂੰ ਜਦ ਪਤਾ ਲਗਾ ਕਿ ਮੈਂ ਮੀਰ ਦਾਦ ਪਾਸੋਂ ਆਇਆ ਹਾਂ। ਤਾਂ ਉਹ ਮੇਰੇ ਦਾਹੜੀ ਕੇਸਾਂ ਵਾਲਾ ਸਿਖ ਹੁੰਦਿਆਂ ਹੋਇਆਂ ਵੀ ਮੈਨੂੰ ਉਠ ਕੇ ਚਿੰਬੜ ਗਈ, ਘੁਟ ਕੇ ਜੱਫੀ ਵਿਚ ਲੈ ਲਿਆ ਤੇ ਰੋ ਰੋ ਮੀਰ ਦਾਦ ਦੇ ਵੈਣ ਪਾਉਣ ਲਗੀ। ਮੇਰਾ ਤੇ ਮੇਰੇ ਨਾਲ ਦਿਆਂ ਦਾ ਵੀ ਜੀ ਭਰ ਆਇਆ। ਸਾਰਿਆਂ ਨੇ ਉਸ ਨੂੰ ਦਮ ਦਿਲਾਸਾ ਦਿੱਤਾ ਤੇ ਬੜੀ ਮੁਸ਼ਕਲ ਨਾਲ ਚੁਪ ਕਰਾਇਆ। ਉਹ ਹੰਝੂਆਂ ਭਰੀਆਂ ਅੱਖਾਂ ਤੇ ਰੁਗ ਭਰੇ ਗਲ ਨਾਲ ਮੈਨੂੰ ਮੀਰ ਦਾਦ ਬਾਰੇ ਗੱਲਾਂ ਪੁਛਣ ਲਗ ਪਈ ਇਸ ਤਰਾਂ ਅਧੀ ਰਾਤ ਟਪ ਗਈ। ਅਖੀਰ ਗੱਲ ਸਵੇਰ ਉਤੇ ਜਾ ਪਈ। ਅਸੀਂ ਉਠ ਕੇ ਤੁਰਨ ਲਗੇ ਤਾਂ ਮਾਂ ਮੈਨੂੰ ਫੇਰ ਘੁਟ ਲਿਆ ਤੇ ਮਥਾ ਚੁੰਮ ਕੇ ਮੈਨੂੰ ਵਿਦਾ ਕੀਤਾ।
ਮੈਂ ਸਕੰਦਰ ਖ਼ਾਂ ਦੇ ਹੁਜਰੇ ਵਿਚ ਜਾ ਸੁਤਾ। ਸਵੇਰੇ ਚਹੁੰ ਪੰਜਾਂ ਘਰਾਂ ਤੋਂ ਚਾਹ ਆਈ ਜੋ ਮੈਨੂੰ ਪੀਣੀ ਪਈ। ਚਾਹ ਤੋਂ ਬਾਅਦ ਪਿੰਡ ਦੇ ਵੀਹ ਪੰਝੀ ਬੰਦੇ ਹੁਜਰੇ ਵਿਚ ਆ ਇਕੱਠੇ ਹੋਏ। ਸਕੰਦਰ ਖ਼ਾਂ ਦੇਸ 'ਤੇ ਪਰਦੇਸ ਦੇ ਹਾਲ ਜਾਨਣ ਲਈ ਮੇਰੇ ਉਤੇ ਸਵਾਲ ਕਰਨ ਲਗ ਪਿਆ। ਮੈਂ ਜਵਾਬ ਦੇਣੇ ਤੇ ਸਮਝਾਉਣੇ ਸ਼ੁਰੂ ਕੀਤੇ। ਦੁਪਿਹਰ ਤਕ ਚੰਗਾ ਸਟੱਡੀ ਸਰਕਲ ਲਗਾ ਰਿਹਾ। ਦੁਪਿਹਰ ਦੀ ਰੋਟੀ ਤੋਂ ਬਾਅਦ ਮੀਰ ਦਾਦ ਖ਼ਾਂ ਦੇ ਚਾਚੇ ਅਕਬਰ ਖ਼ਾਂ ਨੇ ਆ ਕੇ ਦਸਿਆ ਕਿ 'ਉਹ ਤਾਂ ਬੰਬਈ ਜਾ ਰਿਹਾ ਹੈ, ਪਰ ਕੱਲ ਸਵੇਰੇ ਮੀਰ ਦਾਦ ਦਾ ਛੋਟਾ ਭਾਈ ਸ਼ਾਹਾਨਚੀ ਖ਼ਾਂ ਮੇਰੇ ਨਾਲ ਜਾਏਗਾ।' ਮੈਨੂੰ ਇਕ ਰਾਤ ਹੋਰ ਅਟਕਣਾ ਪਿਆ। ਮੇਰਾ ਪਿੰਡ ਦੇ ਪਠਾਣਾਂ ਵਿਚ ਬੜਾ ਆਦਰ ਬਣ ਗਿਆ। ਮੀਰ ਦਾਦ ਦੀ ਮਾਂ ਨੇ ਮੈਨੂੰ ਫੇਰ ਘਰ ਸਦਿਆ, ਜਿਥੇ ਮੀਰੇ ਦੀਆਂ ਕੇਵਲ ਚਾਚੀਆਂ ਤਾਈਆਂ ਹੀ ਨਹੀਂ ਸਗੋਂ ਆਂਢ ਗਵਾਂਢ ਦੀਆਂ ਸਭ ਤੀਵੀਆਂ ਤੇ ਕੁੜੀਆਂ ਪਰਦਾ ਛੱਡ ਕੇ ਮੈਨੂੰ ਦੇਖਣ ਤੇ ਸੁਨਣ ਆਈਆਂ।
ਸਵੇਰੇ ਸ਼ਾਹਾਨਚੀ ਵਲੋਂ ਆਈ ਚਾਹ ਪਰਾਉਂਠੇ ਛਕੇ ਕੇ ਅਸੀਂ ਦੋਵੇਂ ਤੁਰ ਪਏ ਤੇ ਤਿੰਨ ਕੁ ਮੀਲ ਪਦ ਯਾਤਰਾ ਕਰਕੇ ਪਸ਼ਾਵਰੋਂ ਰਾਵਲ ਪਿੰਡੀ ਨੂੰ ਜਾ ਰਹੀ ਸੜਕ ਉਤੇ ਆ ਕੇ ਮੋਟਰੇ ਬੈਠ ਰਾਵਲ ਪਿੰਡੀ ਪੁਜ ਗਏ।
ਸ਼ਾਹਾਨਚੀ ਜਵਾਨੀ ਚੜ ਤੁਰਿਆ ਸੀ, ਪਰ ਮਸ ਅਜੇ ਨਹੀਂ ਸੀ ਫੁਟੀ, ਉਹ ਮੀਰ ਦਾਦ ਖ਼ਾਂ ਨਾਲੋਂ ਵਧੇਰੇ ਲੰਮਾ ਤੇ ਭਰਵਾਂ ਜਵਾਨ ਸੀ। ਉਸ ਨੇ ਪਠਾਣ ਗੱਭਰੂਆਂ ਵਾਲੇ ਸਾਰੇ ਟਹੁਰ ਕੱਢੇ ਹੋਏ ਸਨ।
ਰਾਵਲ ਪਿੰਡੀ ਆ ਕੇ ਉਸ ਨੂੰ ਲਾਹੌਰ ਜਾਣ ਵਾਲੀ ਮੋਟਰ ਪਾਸ ਖੜਾ ਕਰ ਕੇ ਮੈਂ ਟਿਕਟਾਂ ਲੈਣ ਗਿਆ। ਵਾਪਸ ਆਇਆ ਤਾਂ ਸ਼ਾਹਾਨਚੀ ਮੋਟਰ ਲਾਗੇ ਨਹੀਂ ਸੀ। ਮੈਂ ਇਧਰ ਓਧਰ ਵੇਖਿਆ ਕਿਤੇ ਨਾ ਦਿਸਿਆ। ਲਾਗੇ ਚਾਗੇ ਭਾਲਿਆ, ਕਿਤੇ ਨ ਲਭਾ। ਮੋਟਰ ਤੁਰ ਗਈ ਪਰ ਉਸ ਦਾ ਕੋਈ ਪਤਾ ਨ ਲੱਗਾ। ਮੈਂ ਬਹੁਤ ਘਬਰਾਇਆ ਕਿ ਮੁੰਡਾ ਕਿਧਰ ਗਿਆ? ਉਸ ਦੇ ਘਰ ਵਾਲੇ ਮੈਨੂੰ ਤੇ ਮੇਰੀ ਪਾਰਟੀ ਨੂੰ ਕੀ ਆਖਣਗੇ? ਅਸੀਂ ਮੁੰਡਾ ਕਿਥੋਂ ਭਰਾਂਗੇ? ਛਛ ਦੇ ਪਠਾਣਾਂ ਵਿਚ ਰਖਿਆ ਸਾਡਾ ਪਹਿਲਾ ਹੀ ਕਦਮ ਔਜੜ ਪੈ ਗਿਆ। ਬਹੁਤ ਹੀ ਨਮੋਸ਼ੀ ਦੀ ਗੱਲ ਸੀ। ਮੇਰੇ ਤਾਂ ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾ ਰਹੀ ਸੀ।
ਅੰਤ ਹਾਰ ਹੰਭ ਕੇ ਮੈਂ ਰਾਤ ਨੂੰ ਫੇਰ ਮਲੂ ਗਿਆ। ਸਕੰਦਰ ਖ਼ਾਂ ਨੂੰ ਸਾਰੀ ਗੱਲ ਦੱਸੀ। ਉਸ ਆਖਿਆ, 'ਫਿਕਰ ਨਾ ਕਰੋ। ਮੁੰਡਾ ਨਿਆਣਾ ਸੀ, ਡਰ ਗਿਆ ਹੋਣਾ ਏਂ ਕਿ ਮਤਾ ਸਿਧਾ ਲਿਜਾ ਕੇ ਕੈਦ ਹੀ ਨਾ ਕਰਵਾ ਦੇਵੇ। ਉਸ ਕਿਧਰ ਜਾਣਾ ਏਂ, ਆਪੇ ਹੀ ਮੁੜਾ ਆਏਗਾ। ਤੁਸੀਂ ਇਥੇ ਖੂਹ ਤੇ ਹੀ ਸਵੋਂ। ਸਵੇਰੇ ਮੂੰਹ ਹਨੇਰੇ ਇਥੋਂ ਮੁੜ ਜਾਓ। ਕਿਸੇ ਨੂੰ ਤੁਹਾਡੇ ਆਇਆਂ ਦਾ ਪਤਾ ਨਾ ਲਗੇ।'
ਤੜਕੇ ਉਹ ਮੂੰਹ ਹਨੇਰੇ ਹੀ ਚਾਹ ਪਰੌਠੇ ਲੈ ਆਇਆ ਤੇ ਮੈਨੂੰ ਛਕਾ ਕੇ ਪਿੰਡੋਂ ਦੋ ਕੁ ਮੀਲ ਲੰਘਾ ਕੇ ਛੱਡ ਗਿਆ।
ਇਹ ਪਹਿਲੀ ਵਾਰ ਸੀ ਕਿ ਅਸੀਂ ਕਿਸੇ ਗ਼ਦਰੀ ਦੀ ਮੁਲਾਕਾਤ ਕਰਵਾਉਣ ਤੋਂ ਅਸਮਰਥ ਰਹੇ। ਦੋ ਮਹੀਨੇ ਦੀ ਕੁਹਾ ਕੁਹਾਈ ਤੋਂ ਬਾਅਦ ਉਸ ਨੂੰ ਆਪਣੇ ਪਿੰਡ ਮਲੂ ਵਿਚ ਬੰਦ ਕਰਕੇ ਉਸ ਦਾ ਪੰਜਾਂ ਤੋਂ ਵਧ ਬੰਦਿਆਂ ਵਿਚ ਬੈਠਣਾ ਤੇ ਬੋਲਣਾ ਮਨਾਂਹ ਕਰ ਦਿੱਤਾ ਗਿਆ।
* * * * *
ਕੰਮ ਦੇ ਰੁਝੇਵੇਂ ਕਰਕੇ ਸਾਥੋਂ ਉਸ ਨੂੰ ਮਿਲਣ ਲਈ ਛੇਤੀ ਤਾਂ ਨ ਜਾ ਹੋਇਆ। ਅੰਤ ਜੁਲਾਈ ਦੇ ਅਖ਼ੀਰ ਤੇ ਮੈਂ ਆਪ ਉਸ ਨੂੰ ਮਿਲਣ ਗਿਆ ਤਾਂ ਜੁ ਪਤਾ ਕੀਤਾ ਜਾਏ ਕਿ ਕਿਲੇ ਵਿਚ ਉਸ ਨਾਲ ਕਿਵੇਂ ਬੀਤੀ ਤੇ ਕਿਹੜੀ ਕਿਹੜੀ ਗੱਲ ਦਾ ਪੁਲਸ ਨੇ ਉਸ ਤੋਂ ਪਤਾ ਕੱਢ ਲਿਆ। ਜਾ ਕੇ ਪਤਾ ਲਗਾ 'ਉਹ ਕਈ ਦਿਨਾਂ ਤੋਂ ਬੀਮਾਰ ਪਿਆ ਹੈ। ਮੰਜੀ ਉਤੋਂ ਨਹੀਂ ਉਠਦਾ, ਟੱਟੀ ਪਿਸ਼ਾਬ ਵੀ ਉਤੇ ਹੀ ਕਰਦਾ ਹੈ। ਉਹ ਸਾ ਸੁਭਾਅ ਬੜਾ ਕੌੜਾ ਹੋ ਗਿਆ ਹੈ। ਕਿਸੇ ਨੂੰ ਅੰਦਰ ਨਹੀਂ ਵੜਨ ਦਿੰਦਾ।'
ਸਕੰਦਰ ਖ਼ਾਂ ਨੇ ਕਿਹਾ, 'ਤੁਸੀਂ ਚਲੋ, ਸ਼ਾਇਦ ਤੁਹਾਨੂੰ ਮਿਲ ਪਏ। ਸਾਨੂੰ ਤਾਂ ਉਹ ਆਪਣੇ ਘਰ ਤਾਂ ਕੁਜਾਅ ਵਿਹੜੇ ਵਿਚ ਵੀ ਨਹੀਂ ਵੜਨ ਦਿੰਦਾ।'
ਮੈਂ ਉਸ ਦੇ ਆਖੇ ਉਸ ਦੇ ਘਰ ਜਾ ਕੇ ਰਵਾਂ ਰਵੀਂ ਸਾਹਮਣੇ ਕੋਠੇ ਵਿਚ ਚਲਾ ਗਿਆ, ਜਿਥੇ ਮੈਂ ਉਸ ਦੀ ਮਾਂ ਨੂੰ ਪਹਿਲਾਂ ਮਿਲਿਆ ਸਾਂ।
ਸਾਹਮਣੇ ਕੰਧ ਨਾਲ ਬੀਮਾਰ ਦੀ ਮੰਜੀ ਬਾਹਰੋਂ ਹੀ ਨਜ਼ਰ ਆਉਂਦੀ ਸੀ। ਉਸ ਉਤੇ ਕੋਈ ਜਣਾ ਰਜਾਈ ਉਤੋਂ ਦੀ ਚਿਟੀ ਚਾਦਰ ਲਈ ਮੂੰਹ ਸਿਰ ਵਲ੍ਹੇਟੀ ਲੰਮਾ ਪਿਆ ਜਾਪਦਾ ਸੀ। ਲਾਗੇ ਮਾਂ ਗੋਡਿਆਂ ਵਿਚ ਸਿਰ ਦਿਤੀ ਪੀੜੀ ਉਤੇ ਮਾਯੂਸੀ ਦੀ ਮੂਰਤੀ ਬਣੀ ਬੈਠੀ ਸੀ।
ਮੈਂ ਮਾਂ ਨੂੰ ਸਲਾਮ ਦੁਆ ਬੁਲਾਈ ਤੇ ਉਸ ਦੇ ਹਿਲਣ ਬੋਲਣ ਤੋਂ ਪਹਿਲਾਂ ਅਚਨਚੇਤ ਹੀ ਬਿਮਾਰ ਦੀ ਮੰਜੀ ਉਤੇ ਜਾ ਬੈਠਾ। 'ਮੀਰ! ਕੀ ਹਾਲ ਆ?' ਆਖ ਕੇ ਰਜਾਈ ਚੁਕ ਦਿੱਤੀ ਤਾਂ ਉਹ ਮੀਰ ਦਾਦ ਨਹੀਂ ਸੀ। ਇਕ ਰਜ਼ਾਈ ਲਪੇਟ ਕੇ ਬੰਦੇ ਵਾਂਗ ਲੰਮੀ ਪਾਈ ਹੋਈ ਸੀ, ਜੋ ਬਾਹਰੋ ਵੇਖਣ ਵਾਲੇ ਨੂੰ ਕਿਸੇ ਦੇ ਬੀਮਾਰ ਪਏ ਹੋਣ ਦਾ ਪੂਰਾ ਝੌਲਾ ਪਾਉਂਦੀ ਸੀ।
ਮੈਂ ਹੈਰਾਨ ਰਹਿ ਗਿਆ। ਮਾਂ ਮਾੜੀ ਜਿਹੀ ਮੁਸਕਰਾ ਕੇ ਉਠੀ ਅਤੇ ਉਸ ਨੇ ਸਦਕੇ ਵਾਰੀ ਕਰਦੀ ਨੇ ਮੈਨੂੰ ਜੱਫੀ ਪਾ ਲਈ।
'ਮੇਰਾ ਮੀਰਾ ਕਿਥੇ ਈ?' ਉਸ ਨੇ ਡਡੋਲਿਕੀ ਹੋ ਕੇ ਢਾਹ ਮਾਰਦੀ ਨੇ ਪੁਛਿਆ।
'ਮੈਂ ਤਾਂ ਆਪ ਉਸ ਨੂੰ ਮਿਲਣ ਆਇਆ ਹਾਂ।' ਮੈਂ ਝੂਠਾ ਜਿਹਾ ਪੈ ਕੇ ਉੱਤਰ ਦਿੱਤਾ।
'ਉਸਾਂ ਵੰਝਿਆਂ ਤਰੈ ਦਿਹਾੜੇ ਥੀ ਗਏ। ਉਹ ਤੁਸਾਂ ਕੁ ਮਿਲਣੇ ਕਲੋਕਾ ਵੰਝਿਆ ਹਈ।' ਮਾਂ ਹੈਰਾਨ ਹੋਈ ਨਿਰਾਸਤਾ ਵਿਚ ਡੋਬੂ ਲੈ ਰਹੀ ਸੀ।
'ਪਰਸੋਂ ਰਾਤ ਉਹ ਤੁਰ ਗਿਆ ਤੇ ਸਾਨੂੰ ਬੀਮਾਰ ਪਾਈ ਰਖਣ' ਦਾ ਬਹਾਨਾ ਬਣਾਈ ਜਾਣ ਦਾ ਹੁਕਮ ਦੇ ਗਿਆ। ਜਿਸ ਨੂੰ ਅਸੀਂ ਬੜੀ ਆਗਿਆਕਾਰੀ ਤੇ ਕਾਮਯਾਬੀ ਨਾਲ ਪੂਰਾ ਕਰੀ ਜਾ ਰਹੇ ਹਾਂ।' ਮੈਨੂੰ ਆਏ ਨੂੰ ਵੇਖ ਕੇ ਮੀਰ ਦਾਦ ਖ਼ਾਂ ਦੀ ਅੰਦਰ ਆ ਵੜੀ ਹੋਈ ਚਾਚੀ ਨੇ ਆਖਿਆ।
ਉਹਨਾਂ ਦਾ ਸਾਂਗ ਕਾਮਯਾਬ ਸੀ। ਉਸ ਦੀ ਉਡੀਕ ਵਿਚ ਮੈਨੂੰ ਵੀ ਇਸ ਸਾਂਗ ਦਾ ਦੋ ਦਿਨ ਪਾਤਰ ਬਣ ਕੇ ਉਸ 'ਬੀਮਾਰ' ਦੇ ਕੋਲ ਬੈਠਣਾ ਪਿਆ। ਪਰ ਉਹ ਨਾ ਆਇਆ। ਤੀਸਰੇ ਦਿਨ ਮੈਂ ਉਥੋਂ ਤੁਰ ਪਿਆ।
ਉਹ ਅੰਮ੍ਰਿਤਸਰ ਵੀ ਨਾ ਮਿਲਿਆ। ਉਥੇ ਉਹ ਇਕ ਸਾਈਂ ਫਕੀਰ ਦਾ ਵੇਸ ਧਾਰ ਕੇ ਆਇਆ ਤੇ ਤਿੰਨ ਦਿਨ ਮੈਨੂੰ ਉਡੀਕ ਕੇ ਵਾਪਸ ਮੁੜ ਗਿਆ ਸੀ।
ਅਗਸਤ ਦੇ ਅਖ਼ੀਰ ਵਿਚ ਖ਼ਬਰ ਆਈ ਕਿ ਉਸ ਨੂੰ ਨਜ਼ਰਬੰਦੀ ਤੋੜਨ ਦੇ ਅਪਰਾਧ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਦਰਅਸਲ ਗੱਲ ਇਹ ਸੀ ਕਿ ਉਹ ਸਕੰਦਰ ਖ਼ਾਂ ਤੇ ਹੋਰ ਜਣਿਆਂ ਨੂੰ ਲਾਗਲੇ ਪਿੰਡਾਂ ਵਿਚ ਭੇਜ ਕੇ ਬੰਦਿਆਂ ਨੂੰ ਕਿਸੇ ਮਸੀਤੇ ਜਾਂ ਹੁਜਰੇ ਵਿਚ ਰਾਤ ਨੂੰ ਇਕੱਠਿਆਂ ਕਰ ਲੈਂਦਾ ਤੇ ਆਪ ਚੋਰੀ ਜਾ ਕੇ ਉਥੇ ਬੋਲ ਆਉਂਦਾ। ਇਸ ਪਰਚਾਰ ਦਾ ਸਰਕਾਰ ਨੂੰ ਵੀ ਪਤਾ ਲੱਗ ਗਿਆ ਤੇ ਉੁਸ ਉਤੇ ਪਿੰਡ ਬੰਦੀ ਦਾ ਹੁਕਮ ਤੋੜਨ ਦਾ ਮੁਕੱਦਮਾ ਚਲਾ ਦਿੱਤਾ। ਉਸ ਨੂੰ ਅਕਤੂਬਰ ਮਹੀਨੇ ਵਿਚ ਡੇਢ ਸਾਲ ਸਖ਼ਤ ਕੈਦ ਬੋਲ ਗਈ।
ਮੁਕੱਦਮੇ ਵਿਚ ਵੀ ਉਸ ਨਾਲ ਸਾਡਾ ਕੋਈ ਜੋੜ ਨਾ ਜੁੜ ਸਕਿਆ। ਉਸ ਨੂੰ ਕੈਦ ਕਟਾਣ ਲਈ ਮਿੰਟਗੁਮਰੀ ਜੇਲ ਭੇਜ ਦਿੱਤਾ ਗਿਆ।
ਏਨੇ ਨੂੰ ਦੂਜੀ ਵੱਡੀ ਜੰਗ ਛਿੜ ਪਈ। ਅੰਗਰੇਜ਼ੀ ਹਕੂਮਤ ਨੇ ਗਰਮ ਦਲਾਂ, ਜਥੇਬੰਦੀਆਂ ਤੇ ਪਾਰਟੀਆਂ ਉਤੇ ਹੱਲਾ ਬੋਲ ਦਿੱਤਾ। ਫੜੋ ਫੜਾਈਆਂ ਤੇ ਜੇਲ ਬੰਦੀਆਂ ਸ਼ੁਰੂ ਹੋ ਗਈਆਂ। ਅਸੀਂ ਬਚ ਰਹੇ ਬੰਦੇ ਲੁਕ ਛਿਪ ਕੇ ਕੰਮ ਕਰਨ ਲੱਗ ਪਏ। ਸੀ. ਆਈ. ਡੀ. ਤੋਂ ਲੁਕਣ ਲਈ ਮੋਨੇ ਕੇਸ ਰੱਖਣ ਲਗੇ ਤੇ ਕੇਸਧਾਰੀ ਮੋਨੇ ਹੋ ਗਏ। ਮੇਰੀ ਡਿਊਟੀ ਸਰਹੱਦ ਵੱਲ ਪਠਾਣਾਂ ਵਿਚ ਲੱਗੀ, ਜਿਸ ਕਰਕੇ ਮੈਨੂੰ ਪਠਾਣੀ ਭੇਸ ਵਿਚ ਹਦਾਇਤ ਖ਼ਾਂ ਦੇ ਨਾਂ ਹੇਠ ਕੰਮ ਕਰਨਾ ਪਿਆ।
ਮੀਰ ਦਾਦ ਖ਼ਾਂ ਨੂੰ ਮਿਲਣਾ ਅਤੀ ਜ਼ਰੂਰੀ ਹੋ ਗਿਆ, ਤਾਂ ਜੋ ਪਠਾਣਾਂ ਵਿਚ ਕੰਮ ਕਰਨ ਲਈ ਉਸ ਤੋਂ ਛਛ ਦੇ ਨਿੱਗਰ ਤੇ ਭਰੋਸੇ ਯੋਗ ਬੰਦਿਆਂ ਦਾ ਪਤਾ ਕੀਤਾ ਜਾਵੇ ਤੇ ਉਥੇ ਕਿਰਤੀ ਪਾਰਟੀ ਦਾ ਕੰਮ ਤੋਰਿਆ ਜਾਵੇ। ਮੈਂ ਫੇਰ ਮਲੂ ਗਿਆ ਤੇ ਸ਼ਾਹਾਨਚੀ ਨੂੰ ਲੈ ਕੇ ਮਿੰਟਗੁਮਰੀ ਆ ਗਿਆ।
ਮੀਰ ਦਾਦ ਦੇ ਪਿੰਡ ਤੇ ਘਰ ਵਾਲਿਆਂ ਵਿਚ ਮੇਰਾ ਚੰਗਾ ਇਤਬਾਰ ਹੋ ਗਿਆ ਸੀ। ਉਸ ਦਾ ਚਾਚਾ ਅਕਬਰ ਖਾਂ ਡੰਗਰਾਂ ਦਾ ਵਪਾਰੀ ਸੀ। ਉਹ ਪੰਜਾਬੋਂ ਡੰਗਰ ਖ਼ਰੀਦ ਕੇ ਬੰਬਈ ਜਾ ਵੇਚਦਾ ਸੀ ਤੇ ਬਾਹਲਾ ਓਥੇ ਹੀ ਰਹਿੰਦਾ ਸੀ। ਮੈਂ ਉਸ ਦੇ ਨਾਂ ਉਤੇ ਮੀਰ ਦਾਦ ਦੀ ਮੁਲਾਕਾਤ ਕਰਨ ਦਾ ਫੈਸਲਾ ਕੀਤਾ।
ਅਸੀਂ ਸਵੇਰੇ ਮਿੰਟਗੁਮਰੀ ਜੇਲ ਦੇ ਬੂਹੇ ਉਤੇ ਆ ਗਏ ਤੇ ਜਦ ਕੈਦੀਆਂ ਦੀਆਂ ਮੁਲਾਕਾਤਾਂ ਲਿਖੀਆਂ ਜਾ ਕੇ ਕਾਜ਼ਜ ਅੰਦਰ ਆ ਗਏ ਤਾਂ ਦਰਬਾਨ ਸਾਨੂੰ ਆਵਾਜ਼ ਦੇਣ ਆਇਆ। ਅਸੀਂ ਦਰਵਾਜ਼ੇ ਦੇ ਪਾਸ ਜਾ ਕੇ ਵੇਖਿਆ ਤਾਂ ਦਰਬਾਨ ਵੀ ਪਠਾਣ ਸੀ। ਉਹ ਬਾਰੀ ਖੋਲ ਕੇ ਬਾਹਰ ਨਿਕਲ ਆਇਆ ਤੇ ਸਲਾਮ ਦੁਆ ਤੋਂ ਬਾਅਦ ਉਸ ਨੇ ਮੈਨੂੰ ਮਾਮਾ, ਮਾਮਾ ਕਹਿ ਕੇ ਜੱਫੀ ਪਾ ਲਈ।
'ਓਏ ਮਾਮਾ ਅਕਬਰ ਖ਼ਾਨਾਂ, ਤੂੰ ਬੰਬਈਉ! ਕਦੋਂ ਆਇਆ ਏਂ?' ਉਸ ਬੜੇ ਮਿਲਾਪੜੇ ਜਿਹੇ ਚਾਅ ਵਿਚ ਮੈਨੂੰ ਪੁਛਿਆ।
'ਮੀਰੇ ਦੀ ਗਰਿਫਤਾਰੀ ਦਾ ਪਤਾ ਲੱਗਾ ਤਾਂ ਆਉਣਾ ਹੀ ਪਿਆ।'
'ਬੜਾ ਚੰਗਾ ਕੀਤਾ ਈ।' ਉਸ ਨੇ ਪ੍ਰਸੰਸਾ ਪ੍ਰਗਟ ਕੀਤੀ।
'ਕੀ ਕਰਦਾ, ਪਿਓ ਤਾਂ ਗਰੀਬਾਂ ਸ਼ੁਹਦਿਆਂ ਦਾ ਹੈ ਨਹੀਂ, ਮੈਨੂੰ ਹੀ ਆਉਣਾ ਪੈਣਾ ਸੀ।' ਮੈਂ ਬੜੇ ਸਿਆਣਿਆਂ ਵਾਂਗ ਤਰਸਾਈਆਂ ਜਿਹੀਆਂ ਅੱਖਾਂ ਬਣਾ ਕੇ ਤੇ ਹਾਉਂਕਾ ਭਰ ਕੇ ਆਪਣੇ ਆਉਣ ਦੀ ਮਜਬੂਰੀ ਦਰਸਾਈ।
'ਚਲੋ ਘਰ ਵੰਝੋ!' ਉਸ ਨੇ ਸਾਨੂੰ ਘਰ ਜਾਣ ਦੀ ਸੁਲਾਹ ਮਾਰੀ।
'ਮੈਂ ਅੰਦਰ ਚਾਬੀਆਂ ਦੇ ਕੇ ਹੁਣੇ ਆਇਆ।' ਉਹ ਮੁੜ ਡਿਉੜੀ ਅੰਦਰ ਚਲਾ ਗਿਆ।
ਮੈਂ ਅੰਦਰੋਂ ਬੜਾ ਘਾਬਰ ਗਿਆ ਸਾਂ, ਪਰ ਉਤੋਂ ਤਕੜਾ ਰਿਹਾ। ਸ਼ਾਹਾਨਚੀ ਤੋਂ ਪੁਛਿਆ ਕਿ ਇਹ ਕੌਣ ਹੈ, ਪਰ ਉਸ ਨੂੰ ਵੀ ਪਤਾ ਨਹੀਂ ਸੀ।
'ਹੁਣ ਕੀ ਕੀਤਾ ਜਾਵੇ?' ਸਾਡੇ ਅੱਗੇ ਇਹ ਵੱਡਾ ਸਵਾਲ ਸੀ, 'ਰਹੀਏ ਜਾਂ ਨੱਠ ਜਾਈਏ।'
'ਚਲੋ! ਹੁਣ ਨਿਭੋ! ਫਸੀ ਨੂੰ ਫਟਕਣ ਕਾਹਦਾ?' ਮਨ ਵਿਚ ਫੈਸਲਾ ਕਰ ਕੇ ਮੈਂ ਦਿਲ ਤਕੜਾ ਕਰ ਲਿਆ।
ਉਹ ਕੋਈ ਪੰਜਾਂ ਕੁ ਮਿੰਟਾਂ ਬਾਅਦ ਆ ਗਿਆ। ਉਸ ਨੇ ਸਾਡੇ ਚਿਹਰਿਆਂ ਤੇ ਇਸ ਮਿਲਣੀ ਦੀ ਖੁਸ਼ੀ ਦੀ ਕੋਈ ਨਿਸ਼ਾਨੀ ਨਾ ਵੇਖ ਕੇ ਪੁਛਿਆ, 'ਮਾਮਾ! ਤੁਸਾਂ ਮੈਨੂੰ ਸਿਆਤਾ ਨਹੀਂ?'
'ਨਹੀਂ! ਅਸਾਂ ਦੋਹਾਂ ਨੇ ਜੁਆਬ ਦਿੱਤਾ।
'ਮੈਂ ਲਹਿੰਦੇ ਵਾਲੇ ਮਾਮੇ ਵਾਰਸ ਖ਼ਾਂ ਦਾ ਦੁਹਤਰਾ ਹਾਂ। ਇਸ ਨੱਢੇ ਨੂੰ ਤਾਂ ਮੈਂ ਅੱਜ ਹੀ ਵੇਖਿਆ ਹੈ।'
'ਅੱਛਾ, ਮੈਂ ਤੈਨੂੰ ਨਿੱਕੇ ਹੁੰਦਿਆਂ ਦਾ ਵੇਖਿਆ ਹੋਇਆ ਹੈ, ਤਦੇ ਸਿਆਣ ਭੁਲ ਗਈ ਏ।' ਮੇਰਾ ਅੰਦਰਲਾ ਧੁੜਕੂ ਦੂਰ ਹੋ ਗਿਆ ਤੇ ਮੈਂ ਜ਼ਿਆਦਾ ਦਲੇਰੀ ਨਾਲ ਗੱਲਾਂ ਕਰਨ ਲੱਗ ਪਿਆ। ਸਾਡੇ ਸਾਂਗ ਦੀ ਕਾਮਯਾਬੀ ਵਿਚ ਹੁਣ ਕੋਈ ਸ਼ੱਕ ਨਹੀਂ ਸੀ ਦਿਸ ਰਿਹਾ। ਹੁਣ ਕੋਈ ਖ਼ਤਰਾ ਨਹੀਂ ਸੀ। ਮੈਂ ਉਸ ਨੂੰ ਉੱਲੂ ਬਣਾ ਸਕਦਾ ਸਾਂ।
ਉਸ ਨੇ ਸਾਨੂੰ ਆਪਣੇ ਕਵਾਟਰ ਵਿਚ ਲਿਜਾ ਬਿਠਾਇਆ। ਚਾਹ ਤੇ ਰੋਟੀ ਤਿਆਰ ਕਰਵਾ ਕੇ ਖੁਆਈ। ਬੜੀਆਂ ਗੱਲਾਂ ਹੋਈਆਂ।
ਸ਼ਾਹਾਨਚੀ ਨੇ ਬੀਬੇ ਕਾਕਿਆਂ ਵਾਂਗ ਚੁਪ ਰੱਖੀ ਤੇ ਮੈਨੂੰ ਹੀ ਬੋਲਣ ਕੂਣ ਦਾ ਮੌਕਾ ਦੇਈ ਰਖਿਆ। ਉਹ ਪਿੰਡ ਦੇ ਕਈਆਂ ਜੀਆਂ ਦੇ ਨਾਂ ਲੈ ਲੈ ਕੇ ਉਨਾਂ ਦੀ ਖ਼ਬਰ ਸਾਰ ਪੁੱਛਦਾ ਰਿਹਾ। ਮੈਂ ਬੰਬਈ ਰਹਿਣ ਦਾ ਬਹਾਨਾ ਕਰ ਕੇ ਆਖ ਛੱਡਦਾ, 'ਪਤਾ ਨਹੀਂ ਅੱਜ ਕੀ ਹਾਲ ਏ।'
ਏਥੇ ਸ਼ਾਹਨਾਚੀ ਆਪਣਾ ਪਾਰਟ ਅਦਾ ਕਰਦਾ। ਉਹ ਉਨਾਂ ਦੀ ਖ਼ਬਰ ਆਦਿ ਦੇ ਛੱਡਦਾ। ਅਸੀਂ ਦੋਹਵੇਂ ਸਫਲ ਪਾਰਟ ਅਦਾ ਕਰ ਰਹੇ ਸਾਂ।
ਮੈਂ ਅੰਮ੍ਰਿਤਸਰ, ਤਰਨਤਾਰਨ ਤੇ ਮੁਕਤਸਰ ਆਦਿ ਦੀਆਂ ਮਾਲ ਮੰਡੀਆਂ ਵਿਚੋਂ ਮਾਲ ਡੰਗਰ ਖ਼ਰੀਦਣ ਤੇ ਬੰਬਈ ਵਿਚ ਵੇਚਣ ਦੀਆਂ ਗੱਲਾਂ ਕਰੀ ਗਿਆ। ਉਹ ਆਪਣੇ ਜਵਾਨ ਹੋਣ, ਨੌਕਰੀ ਭਾਲਣ, ਵਾਰਡਰ ਬਣਨ, ਦਰਬਾਨ ਹੋਣ, ਆਪਣੇ ਨਾਲ ਵਾਹ ਪਏ ਦਰੋਗਿਆਂ ਤੇ ਸਾਹਿਬਾਂ ਦੀਆਂ ਗੱਲਾਂ ਸੁਣਾਈ ਗਿਆ। ਇਨਾਂ ਵਿਚ ਦੋਹਾਂ ਪਾਸਿਆਂ ਤੋਂ ਕੱਟਣ ਕਟਾਉਣ ਵਾਲੀ ਕੋਈ ਗੱਲ ਨਹੀਂ ਸੀ। ਇਸ ਲਈ ਸਮਾਂ ਚੰਗਾ ਲੰਘ ਗਿਆ।
ਮੁਲਾਕਾਤ ਦੇ ਵਕਤ ਉਹ ਸਾਨੂੰ ਡਿਉੜੀ ਅੰਦਰ ਲੈ ਗਿਆ ਤੇ ਇਕ ਨਵੇਕਲੇ ਕਮਰੇ ਅੰਦਰ ਇਕ ਬੈਂਚ ਉਤੇ ਬਿਠਾ ਕੇ ਚਲਿਆ ਗਿਆ। ਕੋਈ ਪੰਜਾਂ ਕੁ ਮਿੰਟਾਂ ਬਾਅਦ ਇਕ ਡਿਪਟੀ ਮੀਰ ਦਾਦ ਖ਼ਾਂ ਨੂੰ ਲੈ ਕੇ ਆ ਗਿਆ।
ਅੰਦਰ ਵੜਦਿਆਂ ਹੀ ਮੇਰੇ ਵੱਲ ਵੇਖ ਕੇ ਮੀਰ ਦਾਦ ਕੁਝ ਨਾ ਮਾਤਰ ਠਠੰਬਰਿਆ ਤੇ ਝਟ ਹੀ ਸੰਭਲ ਗਿਆ। ਉਹ ਮਾੜਾ ਜਿਹਾ ਮੁਸਕਰਾਇਆ। ਮੈਂ ਵੀ ਕਸਰ ਨਾ ਛੱਡੀ ਤੇ ਸਚੀਂ ਮੁਚੀਂ ਦੇ ਚਿਰੀਂ ਵਿਛੁੰਨੇ ਚਾਚਿਆਂ ਵਾਂਗ ਅੱਖਾਂ ਵਿਚ ਗਲੇਡੂ ਤੇ ਚਿਹਰੇ ਤੇ ਗ਼ਮੀ ਲਿਆ ਕੇ 'ਹਾਏ ਬੱਚਿਆ! ਤੂੰ ਕਿਥੇ?' ਦੀ ਧਾਹ ਮਾਰੀ ਤੇ ਉਸ ਨੂੰ ਜੱਫੀ ਵਿਚ ਘੁਟ ਲਿਆ। ਉਹ ਵੀ ਅਗੋਂ ਬਰਖੁਰਦਾਰਾਂ ਵਾਂਗ ਅਫਸੋਸੀ ਹੋਈ ਸ਼ਕਲ ਬਣਾ ਲਈ। ਫੇਰ ਉਹ ਸ਼ਾਹਾਨਚੀ ਨੂੰ ਮਿਲਿਆ। ਡਿਪਟੀ ਸਾਡੇ ਨਾਲ ਹੀ ਬੈਠ ਗਿਆ। ਖ਼ੈਰ ਖ਼ੈਰੀਅਤ ਪੁਛਣ ਤੋਂ ਬਾਅਦ ਉਸ ਘਰ ਦੀਆਂ ਤੇ ਮੈਂ ਜੇਲ ਦੀਆਂ ਪੁਛਣੀਆਂ ਸ਼ੁਰੂ ਕਰ ਦਿੱਤੀਆਂ!
ਅਖ਼ੀਰ ਅਸੀਂ ਆਪਣੇ ਮਤਲਬ ਵੱਲ ਆਏ, ਮੈਂ ਮੀਰ ਦਾਦ ਵੱਲ ਤਾਸ਼ ਦੇ ਹਾਣੀਆਂ ਵਾਂਗ ਅੱਖਾਂ ਪੁਟ ਕੇ ਵੇਖਿਆ। ਉਸ ਦੀਆਂ ਅੱਖਾਂ ਵਿਚੋਂ ਆਪਣਾ ਜੁਆਬ ਲੱਭ ਕੇ ਮੈਂ ਗੱਲ ਚਲਾਈ।
'ਮੀਰਿਆ, ਦਸ ਸਾਲ ਹੋ ਗਏ ਤੈਨੂੰ ਬਾਹਰ ਗਏ ਨੂੰ, ਯਾਰ ਦੋਸਤ ਤਾਂ ਸਾਰੇ ਭੁਲ ਗਏ ਹੋਣਗੇ, ਕਿਸੇ ਤੈਨੂੰ ਸਿਆਤਾ ਵੀ ਸੀ ਕਿ ਨਹੀਂ?'
'ਕਾਕਾ! ਬਹੁਤ ਸਾਰਿਆਂ ਤਾਂ ਮੈਨੂੰ ਸਿਆਤਾ ਹੀ ਨਹੀਂ।' ਉਹ ਮੇਰਾ ਭਾਵ ਤਾੜ ਗਿਆ।
'ਓਦੋਂ ਤੂੰ ਹੈ ਵੀ ਤੇ ਅਜੇ ਬਾਲੜਾ ਸੈਂ।' ਮੈਂ ਗੱਲ ਨੂੰ ਅਗਾਂਹ ਤੋਰਨ ਲਈ ਆਖਿਆ।
'ਪਰ ਕਾਕਾ! ਸ਼ਮਸਾਬਾਦ ਵਾਲੇ ਮੁਹੰਮਦ ਖ਼ਾਂ ਨੇ ਮੈਨੂੰ ਵੇਖਦਿਆਂ ਹੀ ਸਿਆਣ ਲਿਆ।'
'ਕਿਹੜਾ ਮੁਹੰਮਦ ਖ਼ਾਂ?' ਮੈਂ ਹੋਰ ਭੋਲਾ ਹੋ ਗਿਆ।
'ਜਿਸ ਦਾ ਆਪਣੇ ਪਿੰਡ ਵਾਲੇ ਰਾਹ ਉਤੇ ਖੂਹ ਹੈ, ਤੇ ਸ਼ਮਸਾਬਾਦ ਦੇ ਮਲਕ ਦੀ ਭੋਏਂ ਵਾਹੁੰਦਾ ਹੈ, ਹੁਣ ਦਾਹੜੀ ਨੂੰ ਵਸਮਾਂ ਲਾ ਕੇ ਰੰਗਦਾ ਹੈ।'
'ਹੱਛਾ! ਉਹ!' ਮੈਂ ਸਵੀਕਾਰ ਕਰ ਲਿਆ।
'ਫੇਰ ਵੈਸੇ ਵਾਲੇ ਮੌਲਵੀ ਕੁਤਬਦੀਨ ਦਾ ਪੁੱਤਰ ਯੂਬ ਖ਼ਾਂ ਵੀ ਮੈਨੂੰ ਬੜਾ ਨਿੱਘਾ ਹੋ ਕੇ ਮਿਲਿਆ।'
'ਹੱਛਾ', ਮੈਂ ਹੁੰਗਾਰਾ ਭਰ ਦਿੱਤਾ।
'ਆਪਣੇ ਪਿੰਡ ਵਾਲੇ ਸਕੰਦਰ ਖ਼ਾਂ ਨੇ ਤਾਂ ਮੈਨੂੰ ਵੇਖਦਿਆਂ ਹੀ ਜੱਫੀ ਪਾ ਲਈ। ਮੇਰੇ ਮੁਕੱਦਮੇ ਵਿਚ ਉਸ ਬੜੀ ਦੌੜ ਭੱਜ ਕੀਤੀ।'
ਮੈਂ ਉਹ ਵੀ ਗਿਣ ਲਿਆ।'
'ਕੁਤਬੇ ਦਾ ਆਲਮ ਖ਼ਾਂ, ਜੋ ਮੇਰੇ ਨਾਲ ਹਜ਼ਰੋਂ ਪੜਦਾ ਹੁੰਦਾ ਸੀ, ਮੈਨੂੰ ਉਚੇਚਾ ਮਿਲਣ ਆਉਂਦਾ ਰਿਹਾ।'
ਇਸ ਤਰਾਂ ਉਹ ਆਪਣੇ ਸਾਰੇ ਉਘੇ ਬੰਦੇ ਦੱਸੀ ਗਿਆ ਤੇ ਮੈਂ ਦਿਲ ਉਤੇ ਲਿਖੀ ਗਿਆ। ਏਨੇ ਨੂੰ ਮੁਲਾਕਾਤ ਦਾ ਸਮਾਂ ਹੋ ਗਿਆ। ਅਸਾਂ ਵਿਛੜਨ ਲੱਗੇ ਜੱਫੀਆਂ ਪਾਈਆਂ। ਤੁਰਨ ਲੱਗੇ ਤਾਂ ਡਿਪਟੀ ਕਹਿਣ ਲੱਗਾ – 'ਤੁਸਾਂ ਪਸ਼ਤੋ ਨਹੀਂ ਬੋਲੀ?'
'ਇਸ ਲਈ ਕਿ ਤੁਹਾਨੂੰ ਦੁਭਾਸ਼ੀਆ ਨਾ ਲੱਭਣਾ ਪਏ' ਮੈਂ ਤੁਰੰਤ ਜਵਾਬ ਦਿੱਤਾ। (ਮੈਂ ਉਦੋਂ ਪਸ਼ਤੋ ਜਾਣਦਾ ਵੀ ਨਹੀਂ ਸਾਂ) ਡਿਪਟੀ ਹੱਸ ਪਿਆ। ਆਖ਼ਰੀ ਸਲਾਮ ਦੁਆ ਬੁਲਾ ਕੇ ਅਸੀਂ ਬਾਹਰ ਆ ਗਏ।
ਮੇਰੇ 'ਦੁਹਤੇ' ਦਰਬਾਨ ਨੇ ਸਾਨੂੰ ਫੇਰ ਆ ਘੇਰਿਆ। ਚਾਹ ਪਿਆਈ ਤੇ ਰਾਹ ਵਾਸਤੇ ਅੱਠ ਨੋਂ ਪਰਾਉਂਠੇ ਬੰਨ ਦਿੱਤੇ। ਅਸਾਂ ਵੀ ਉਸ ਦੇ ਬੱਚਿਆਂ ਨੂੰ ਦੋ ਰੁਪੈ ਦਿੱਤੇ ਅਤੇ ਸੁੱਖੀ ਸਾਂਦੀ ਵਿਦਾ ਹੋ ਕੇ ਆ ਗਏ।