Mirgi (Punjabi Story) : Santokh Singh Dhir

ਮਿਰਗੀ (ਕਹਾਣੀ) : ਸੰਤੋਖ ਸਿੰਘ ਧੀਰ

ਗੱਲ ਇਹ ਵੀਹਵੀਂ ਸਦੀ ਦੇ ਅੱਧ ਦੇ ਨੇੜੇ-ਤੇੜੇ ਦੀ ਹੈ । ਦੂਜੀ ਜੰਗ ਲੱਗਣ ਨਾਲ ਮਹਿੰਗਾਈ ਵਧਣੀ ਸ਼ੁਰੂ ਹੋਈ। ਚੀਜ਼ਾਂ ਦੀ ਥੁੜ ਹੋਣ ਲੱਗੀ। ਇਹ ਥੁੜ ਬਨਾਉਟੀ ਸੀ। ਥੁੜ ਕਾਰਨ, ਜਿਹੜੀ ਚੀਜ਼ ਬਾਜ਼ਾਰ ਵਿਚ ਮਿਲਦੀ ਨਹੀਂ ਸੀ, ਉਹ ਵੱਧ ਮੁੱਲ ਤੋਂ ਚੋਰੀ-ਛਿੱਪੇ ਅੰਦਰ ਵੜ ਕੇ ਦਿੱਤੀ ਜਾਂਦੀ। ਚੋਰ-ਬਾਜ਼ਾਰੀ ਦਾ ਲਫ਼ਜ਼ ਉਦੋਂ ਪਹਿਲੀ ਵਾਰੀ ਸੁਣਿਆ ਗਿਆ। ਲੋਕੀਂ ਚੋਰ-ਬਾਜ਼ਾਰੀ ਲਫ਼ਜ਼ ਸੁਣਕੇ ਬੜੇ ਹੈਰਾਨ ਹੁੰਦੇ। ਉਹਨਾਂ ਲਈ ਇਹ ਥੋੜ੍ਹੇ ਜਿਹੇ ਦਿਨਾਂ ਦੀ ਹੀ ਗੱਲ ਸੀ। ਜੰਗ ਹਟਣ ਨਾਲ ਇਹ ਵੀ ਆਪਣੇ ਆਪ ਹਟ ਜਾਵੇਗੀ। ਮਹਿੰਗਾਈ ਵੀ ਉਹ ਜੰਗ ਨਾਲ ਹੀ ਜੁੜੀ ਸਮਝ ਰਹੇ ਸਨ। ਜੰਗ ਹਟਣ ਮਗਰੋਂ, ਉਹ ਸਮਝਦੇ ਕਿ ਸਾਰਾ ਕੁਝ ਹੀ ਪਹਿਲਾਂ ਵਾਂਗ ਹੋ ਜਾਵੇਗਾ। ਇਹਨਾਂ ਨੂੰ ਉਹ ਸਦਾ ਰਹਿਣ ਵਾਲੀਆਂ ਨਹੀਂ ਸਨ ਸਮਝਦੇ। ਜਿਵੇਂ ਜੰਗਾਂ ਕਦੇ ਵੀ ਸਦਾ ਰਹਿਣ ਵਾਲੀਆਂ ਨਹੀਂ ਹੁੰਦੀਆਂ।

ਪਰਸਾ ਸਿੰਘ ਵਿਚਾਰਾ ਇਕ ਗ਼ਰੀਬ ਦਰਜ਼ੀ ਹੀ ਨਹੀਂ ਸੀ, ਉਂਝ ਵੀ ਉਹ ਹਰ ਪਾਸਿਓਂ ਕਿਸਮਤ ਦਾ ਮਾਰਿਆ ਹੋਇਆ ਸੀ। ਵੱਡੀ ਬਦਕਿਸਮਤੀ ਇਹ ਸੀ ਕਿ ਉਹਦੇ ਧੀਆਂ ਹੀ ਧੀਆਂ ਸਨ। ਧੀਆਂ ਦੀ ਫੇਰ ਥੋੜ੍ਹੀਆਂ ਨਹੀਂ, ਪੂਰੀਆਂ ਨੌਂ ਜਨਮੀਆਂ। ਪੁੱਤਰ ਇਕ ਹੋਇਆ ਸੀ, ਸਭ ਤੋਂ ਮਗਰੋਂ, ਤਰਸਕੇ, ਪਰ ਉਹ ਬਚਿਆ ਨਹੀਂ ਸੀ। ਪੰਜ ਕੁ ਵਰ੍ਹੇ ਦੀ ਉਮਰ ਵਿਚ, ਇਲ੍ਹ ਦੇ ਝਪਟਾ ਮਾਰਨ ਵਾਂਗ, ਹੋਣੀ ਨੇ ਝਪਟ ਲਿਆ ਸੀ। “ਹਾਏ ਓ ਰੱਬਾ !ਹਾਏ ਓ ਰੱਬਾ!! -ਵਾਹਿਗੁਰੂ! ਵਾਹਿਗੁਰੂ!!” ਗ਼ਰੀਬ-ਮਾਰ ਹੋ ਗਈ ਸੀ। ਸੁਣਕੇ ਸਾਰੇ ਪਿੰਡ ਦੇ ਹੱਥੋਂ ਭਾਂਡੇ ਛੁਟਕ ਗਏ ਸਨ।

“ਪਰਸਾ ਸਿੰਘ ਦੇ ਨਾਲ ਤਾਂ ਰੱਬ ਜਿਵੇਂ ਧਰਤੀ ਉੱਤੇ ਆਪ ਆ ਕੇ ਲੜਿਆ ਏ, ਹੈਂਸਿਆਰਾ!” ਲੋਕੀਂ ਆਖ ਰਹੇ ਸਨ।

ਜੰਨ ਆਈ ਸੀ ਪਿੰਡ ਵਿਚ। ਵਿਆਹ ਸੀ ਕੋਈ ਜੱਟਾਂ ਦੇ। ਜੰਨ ਵਿਦਾਅ ਹੋਣ ਵੇਲੇ ਜੰਨ ਦੀ ਲਾਰੀ ਦੇ ਉਤੋਂ ਦੀ ਪੈਸੇ ਸੁੱਟੇ ਜਾ ਰਹੇ ਸਨ। ਪਰਸਾ ਸਿੰਘ ਦਾ ਪੁੱਤਰ ਵੀ, ਹੋਰਾਂ ਨਿੱਕੇ- ਨਿਆਣਿਆਂ ਨਾਲ, ਪੈਸੇ ਚੁਗਣ ਲੱਗ ਪਿਆ। ਲਾਰੀ ਤੁਰਦੀ-ਤੁਰਦੀ ਉਤੋਂ ਵੀ ਪੈਸੇ ਸੁੱਟੇ ਜਾ ਰਹੇ ਸਨ। ਜਦੋਂ ਲਾਰੀ ਇਕਦਮ ਤੇਜ਼ ਹੋ ਕੇ ਜਾਣ ਲੱਗੀ ਤਾਂ ਉਹ ਹੇਠਾਂ ਆ ਗਿਆ। ਪਰਸਾ ਸਿੰਘ ਭੁੱਬਾਂ ਮਾਰਦਾ ਹੱਥਾਂ ਉਤੇ ਆਪਣੇ ਪੁੱਤਰ ਦੀ ਲਹੂ-ਚੋਂਦੀ ਲੋਥ ਲੈ ਕੇ ਆਪਣੇ ਘਰ ਆ ਗਿਆ ਸੀ। ਕਿਸੇ ਦਾ ਦੋਸ਼ ਨਹੀਂ ਸੀ। ਆਪਣੀ ਮਾੜੀ ਕਿਸਮਤ ਨੂੰ ਹੀ ਦੋਸ਼ ਦਿੱਤਾ ਜਾ ਸਕਦਾ ਸੀ।

ਧੀਆਂ ਪਰਸਾ ਸਿੰਘ ਦੀਆਂ ਸੁਚੱਜੀਆਂ ਅਤੇ ਸਾਊ ਤਾਂ ਸਨ, ਪਰ ਸੁਹਣੀਆਂ ਨਹੀਂ ਸਨ ਬਹੁਤੀਆਂ। ਬੱਸ, ਠੀਕ ਹੀ ਠੀਕ ਸਨ। ਧੀ ਦਾ ਧਨ, ਬਿਗਾਨਾ ਧਨ। ਧੀ ਸੁਹਣੀ ਹੋਵੇ ਤਾਂ ਤੋਰਨੀ ਸੌਖੀ ਰਹਿੰਦੀ ਹੈ। ਭਾਵੇਂ ਗ਼ਰੀਬ ਦੀ ਸੁਹਣੀ ਧੀ ਵੀ ਘਾਟੇ ਵਿਚ ਹੀ ਰਹਿੰਦੀ ਹੈ। ਪਰਸਾ ਸਿੰਘ ਆਪ ਬੜਾ ਸੁਹਣਾ ਅਤੇ ਸੁਨੱਖਾ ਸੀ। ਗੋਰਾ ਰੰਗ, ਤਿੱਖੇ ਨਕਸ਼। ਕੱਦ ਵੀ ਲੰਮਾ-ਲੰਝਾ ਸੀ। ਪਰ ਘਰ ਵਾਲੀ ਉਹਦੇ ਨਾਲ ਮੇਲ ਨਹੀਂ ਸੀ ਖਾਂਦੀ ਉੱਕਾ। ਉਹ ਕੱਦ ਦੀ ਮਧਰੀ ਹੀ ਨਹੀਂ ਸੀ, ਰੰਗ ਵੀ ਉਹਦਾ ਆਮ ਜਿਹਾ ਤੇ ਨੱਕ ਵੀ ਬੈਠਵਾਂ ਜਿਹਾ ਹੀ ਸੀ। ਪਰਸਾ ਸਿੰਘ ਦੇ ਕੱਪੜੇ ਬੜੇ ਸੁਹਣੇ ਤੇ ਜਚਵੇਂ ਹੁੰਦੇ ਸਨ। ਚੂੜੀਦਾਰ ਪਜਾਮੇ ਨਾਲ ਉਹ ਸੁਹਣੀ ਤਿੱਖੀ ਪੱਗ ਬੰਨ੍ਹਦਾ। ਖੁਲ੍ਹੀ, ਸਾਊ ਦਾੜ੍ਹੀ ਤੇ ਗਾਤਰੇ ਕਿਰਪਾਨ ਹੁੰਦੀ। ਪੱਗ ਉਹ ਗੁਲਾਬੀ ਜਾਂ ਸਰਦਈ ਬੰਨ੍ਹਦਾ ਹੁੰਦਾ ਸੀ ਜਿਸ ਦੇ ਹੇਠਾਂ, ਮੱਥੇ ਉਤੇ, ਚਿੱਟੀ ਛੋਟੀ ਪੱਗ ਦੀ ਤਿਕੋਨ ਦਿਸਦੀ ਹੁੰਦੀ ਸੀ। ਅੱਜ ਕੱਲ੍ਹ ਇਸ ਤਿਕੋਨ ਨੂੰ ਲੋਕੀਂ ਫਿਫਟੀ ਕਹਿੰਦੇ ਹਨ ਤੇ ਪੱਗ ਦੀ ਥਾਂ ਇਕ ਚੌੜੀ ਜਿਹੀ ਰਿਬਨ ਹੀ ਬੰਨ੍ਹ ਲੈਂਦੇ ਹਨ। ਉਦੋਂ ਲੋਕੀਂ ਇਸ ਰਿਬਨ ਨੂੰ ਜਾਣਦੇ ਹੀ ਨਹੀਂ ਸਨ ਤੇ ਛੋਟੀ ਪੱਗ ਬੰਨ੍ਹਦੇ ਸਨ ਜਿਸਦੇ ਦੋ-ਤਿੰਨ ਬੰਨ੍ਹੇ ਪੇਚ ਵੀ ਮੱਥੇ ਉੱਤੇ ਦਿਸਦੇ ਸਨ। ਅਸਲ ਪੱਗ ਉਹੀਓ ਸੀ। ਉਹ ਵੱਡੀ ਪੱਗ ਨੂੰ ਥਿੰਦੀ ਹੋਣ ਤੋਂ ਰੋਕ ਪਾ ਕੇ ਰੱਖਦੀ ਸੀ। ਅੱਜ ਕੱਲ੍ਹ ਦੀ ਰਿਬਨ ਬੰਨ੍ਹਣੀ ਉਸ ਪੱਗ ਦੀ ਨਕਲ ਹੈ ਜੋ ਕੇਵਲ ਫ਼ੈਸ਼ਨ ਵਜੋਂ ਹੈ। ਉਹ ਫ਼ੈਸ਼ਨ ਵਜੋਂ ਨਹੀਂ ਸੀ, ਵੱਡੀ ਪੱਗ ਨੂੰ ਤੇਲ ਦੀ ਥੰਦਿਆਈ ਤੋਂ ਬਚਾ ਕੇ ਰੱਖਣਾ ਉਸ ਦਾ ਮੁੱਖ ਮੰਤਵ ਸੀ, ਫ਼ੈਸ਼ਨ ਦੂਜੀ ਥਾਵੇਂ ਸੀ। ਸੁਹਣੀ ਲੱਗਣ ਕਾਰਨ, ਫ਼ੈਸ਼ਨ ਤਾਂ ਉਹ ਦੂਜੀ ਥਾਵੇਂ ਆਪਣੇ ਆਪ ਬਣ ਜਾਂਦਾ ਸੀ। ਪਟਿਆਲੇਸ਼ਾਹੀ ਢੰਗ ਸੀ ਇਹ। ਪਟਿਆਲੇ ਦੇ ਰਾਜੇ ਤੇ ਅਹਿਲਕਾਰ ਅਜਿਹੀਆਂ ਪੱਗਾਂ ਬੰਨ੍ਹਦੇ ਸਨ।

ਪਰਸਾ ਸਿੰਘ ਦੀ ਘਰ ਵਾਲੀ ਕਸੋਭਲੀ ਜਿਹੀ ਤੀਵੀਂ ਸੀ। ਸਿੱਧੇ-ਸਾਧੇ ਮੈਲੇ ਕੱਪੜੇ। ਉਹ ਵੀ ਢਿੱਲੇ-ਢਾਲੇ ਤੇ ਏਧਰ-ਉਧਰ ਨੂੰ ਜਾਂਦੇ ਜਿਹੇ। ਸਲਵਾਰ ਦੀ ਥਾਂ, ਬਹੁਤ ਵਾਰ, ਉਹ ਆਮ ਜਿਹੀਆਂ ਬੁੜ੍ਹੀਆਂ ਵਾਂਗੂੰ ਘੱਗਰੀ ਜਿਹੀ ਹੀ ਪਾ ਕੇ ਰੱਖਦੀ। ਗਲੀ ਵਿਚ ਜੇ ਬਹਿਣਾ ਹੈ ਤਾਂ ਭੁੰਜੇ ਹੀ ਬਹਿ ਜਾਣਾ ਹੈ। ਲਗਦੀ ਰਹੇ ਮਿੱਟੀ। ਪਰਸਾ ਸਿੰਘ ਤੇ ਉਹਦੇ ਵਿਚ ਇਸ ਗੱਲੋਂ ਧਰਤੀ ਅਤੇ ਅਸਮਾਨ ਜਿੰਨਾ ਫ਼ਰਕ ਸੀ। ਪਰਸਾ ਸਿੰਘ ਸ਼ੁਕੀਨ ਜਿਹਾ ਸਾਫ਼-ਸੁਥਰਾ ਬੰਦਾ ਸੀ, ਉਹ ਬੇਢਬੀ ਤੇ ਬੁਦਰੀ ਜਿਹੀ। ਪਰ ਠੀਕ ਸੀ, ਜਿਵੇਂ ਵੀ ਸੀ। ਇਹ ਗੱਲ ਉਹਨੀਂ ਦਿਨੀਂ ਕੋਈ ਗਿਣਨ ਵਾਲੀ ਨਹੀਂ ਸੀ। ਨਾ ਤਾਂ ਪਰਸਾ ਸਿੰਘ ਨੂੰ ਹੀ ਘਰ ਵਾਲੀ ਦੇ ਇਹੋ ਜਿਹੀ ਹੋਣ ਦਾ ਇਹਸਾਸ ਸੀ, ਨਾ ਹੀ ਉਹਦੀ ਘਰ ਵਾਲੀ ਨੂੰ ਪਰਸਾ ਸਿੰਘ ਦੀ ਉਘੱੜਵੀਂ ਸ਼ਖ਼ਸੀਅਤ ਦਾ ਕੁਝ ਪਤਾ ਸੀ। ਅਜਿਹੀਆਂ ਮੀਨ-ਮੇਖਾਂ ਉਦੋਂ ਕੋਈ ਨਹੀਂ ਸੀ ਕਰਦਾ ਹੁੰਦਾ। ਧੁਰਾਂ ਦੇ ਸੰਜੋਗ ਸਨ ਜੋ ਧੁਰੋਂ ਮੇਲੇ ਜਾਂਦੇ ਸਨ। ਸੋ, ਜਾਪਦਾ ਸੀ, ਧੀਆਂ ਬਹੁਤੀਆਂ ਆਪਣੀ ਮਾਂ ਦੇ ਉਤੇ ਸਨ। ਆਮ ਰੰਗ, ਕੱਦ ਮਧਰੇ, ਨੱਕ ਸਭ ਦੇ ਬੈਠਵੇਂ। ਕੇਵਲ ਇਕ ਕੁੜੀ ਸੀ ਜੋ ਇਨ੍ਹਾਂ ਨਾਲੋਂ ਵੱਖ ਸੀ ਤੇ ਬਹੁਤ ਖੂ਼ਬਸੂਰਤ ਸੀ। ਗੋਰਾ ਰੰਗ, ਤਿੱਖੇ ਨਕਸ਼, ਕੱਦ-ਕਾਠ ਵੀ ਲੰਮਾ-ਲੰਝਾ। ਸਾਰੇ ਇਹੋ ਆਖਦੇ ਕਿ ਇਹ ਕੁੜੀ ਤਾਂ ਬਿਲਕੁਲ ਵੱਖ, ਬਾਪ ਉੱਤੇ ਗਈ ਹੈ। ਨਹੀਂ ਤਾਂ ਬਾਕੀ ਸਾਰੀਆਂ ਹੀ.

ਨਾਭੇ- ਪਟਿਆਲੇ ਦੇ ਨਾਲ ਲੱਗਦੇ ਢਾਹੇ ਦੇ ਇਲਾਕੇ ਵਿਚ ਸੀ ਪਰਸਾ ਸਿੰਘ ਦਾ ਪਿੰਡ ਪੈਂਦਾ। ਪਿੰਡੋਂ ਨਾਲ ਦੀ ਮੰਡੀ ਵਿਚ ਉਹ ਕਿਸੇ ਬਜ਼ਾਜ਼ ਦੇ ਥੜੇ ਉਤੇ ਦਰਜ਼ੀ ਦਾ ਕੰਮ ਕਰਦਾ ਤੇ ਆਪਣਾ ਟੱਬਰ ਪਾਲਦਾ। ਜ਼ਮੀਨਾਂ ਏਸ ਇਲਾਕੇ ਵਿਚ ਜੱਟਾਂ ਕੋਲ ਹੀ ਹੁੰਦੀਆਂ ਸਨ, ਕਮੀਣਾਂ-ਕਾਂਦੂਆਂ ਕੋਲ ਨਹੀਂ। ਹੁੰਦੀ ਹੋਵੇਗੀ ਕਿਸੇ ਕੋਲ, ਪਰ ਪਰਸਾ ਸਿੰਘ ਕੋਲ ਨਹੀਂ ਸੀ। ਉਹਦੀ ਗੁਜ਼ਰ ਕੇਵਲ ਆਪਣੇ ਦਰਜ਼ੀ ਦੇ ਕੰਮ ਉੱਤੇ ਹੀ ਸੀ। ਇਸ ਕੰਮ ਨਾਲ ਏਡੇ ਟੱਬਰ ਦਾ ਪੂਰਾ ਕਿੱਥੇ ਪੈਂਦਾ ਸੀ? ਪਰ ਜਿਵੇਂ ਵੀ ਸੀ, ਠੀਕ ਸੀ। ਵਕਤ-ਕਟੀ ਹੋ ਰਹੀ ਸੀ। ਚੋਗਾ ਟੱਬਰ ਦੇ ਮੂੰਹ ਵਿਚ ਉਹ ਮਾੜਾ-ਮੋਟਾ ਪਾਈਂ ਜਾਂਦਾ। ਧੀਆਂ ਦੇ ਵਿਆਹ ਆਦਿ ਵੀ ਇਸੇ ਤਰ੍ਹਾਂ ਹੀ ਹੋਈ ਜਾਂਦੇ।

ਪਰਸਾ ਸਿੰਘ ਦੀ ਦੇਖਣ ਨੂੰ ਸ਼ਖ਼ਸੀਅਤ ਜਿੰਨੀ ਸੁਹਣੀ ਸੀ, ਉਨਾ ਹੀ ਉਹ ਮਿੱਠ- ਬੋਲੜਾ, ਸਾਊ ਅਤੇ ਸੁਸ਼ੀਲ ਸੀ। ਧੀਆਂ ਨੂੰ ਉਹ ਕਦੇ ਕਿਸੇ ਨੇ ਝਿੜਕਦਾ ਜਾਂ ਕੁੱਟਦਾ-ਮਾਰਦਾ ਉੱਕਾ ਨਹੀਂ ਸੀ ਦੇਖਿਆ। ਨਾ ਹੀ ਕਦੇ ਘਰ ਵਾਲੀ ਨਾਲ ਉੱਚੀ ਬੋਲਦਾ ਸੁਣਿਆ ਸੀ। ਉਹ ਕਿਸੇ ਨਾਲ ਵੀ ਲੜਦਾ-ਬੋਲਦਾ ਕਿਸੇ ਨਹੀਂ ਸੀ ਦੇਖਿਆ ਕਦੇ। ਹੁੰਗਾਰੇ ਵਜੋਂ ਉਹ ਆਮ ਕਰਕੇ “ਹੂੰ” ਆਖਦਾ ਹੁੰਦਾ ਸੀ। ਉਹਦੀ ਆਵਾਜ਼ ਇਉਂ ਸੀ, ਧੀਮੀ ਜਿਹੀ, ਮੱਧਮ ਜਿਹੀ, ਜਿਵੇਂ ਘੁੱਗੀ ਬੋਲਦੀ ਹੋਵੇ। ਭਾਈਚਾਰੇ ਦੇ ਕੁਝ ਲੋਕਾਂ ਨੇ, ਜਿਹੜੇ ਉਸਦੇ ਹਾਣਦੇ ਸਨ,ਉਸ ਦਾ ਨਾਂ “ਘੁੱਗੀ” ਜਾਂ “ਹੂੰ” ਰੱਖਿਆ ਹੋਇਆ ਸੀ। “ਹੂੰ ਆਉਂਦੈ ਬਈ ਸਾਹਮਣੇ।” ਜਾਂ “ਜਾਹ ਦੇਖ ਤਾਂ ਜਾ ਕੇ ਕਾਕਾ, ਭਲਾਂ ਘੁੱਗੀ ਘਰੇ ਐ।” ਉਹਨੂੰ ਵੀ ਇਹ ਪਤਾ ਸੀ ਕਿ ਉਹਦਾ ਨਾਂ “ਹੂੰ” ਅਤੇ “ਘੁੱਗੀ” ਪਾਇਆ ਹੋਇਆ ਹੈ। ਪਰ ਉਹ ਇਹ ਵੀ ਜਾਣਦਾ ਕਿ ਇਹਦੇ ਪਿੱਛੇ ਭਾਈਚਾਰੇ ਦਾ ਹਾਸਾ ਅਤੇ ਮਖ਼ੌਲ ਹੀ ਹੈ। ਸਿਰ ਆਉਣਾ ਤਾਂ ਕਿਸੇ ਦੇ ਉਹ ਉਂਝ ਹੀ ਨਹੀਂ ਸੀ ਜਾਣਦਾ।

ਪਰਸਾ ਸਿੰਘ ਵਰਗਾ ਮਹਾਰਾਜ ਦਾ ਮਿੱਠਾ ਪਾਠ ਕੋਈ ਵੀ ਨਹੀਂ ਸੀ ਕਰਦਾ ਹੁੰਦਾ। ਬੜਾ ਹੀ ਮਧੁਰ ਬੋਲ ਸੀ। ਅਖੰਡ ਪਾਠ ਦੀ ਰੌਲ ਵੇਲੇ ਜਦ ਉਹ ਪਾਠ ਕਰਦਾ ਤਾਂ ਦੂਜੇ ਪਾਠੀ ਕਹਿੰਦੇ ਹੁੰਦੇ : “ਬੋਲ ਪਰਸਾ ਸਿੰਘ ਦਾ ਹੈ। ਉਹਦੇ ਬੋਲ ਵਰਗਾ ਬੋਲ ਕਿਸੇ ਦਾ ਵੀ ਨਹੀਂ ਹੈ।” ਸੱਚਮੁੱਚ ਹੀ ਉਹਦੇ ਬੋਲ ਵਿਚ ਘੁੱਗੀ ਬੋਲਦੀ ਹੁੰਦੀ ਸੀ ਜਿਹੜੀ ਬੋਲਣ ਵੇਲੇ “ਸੁਬਹਾਨ ਤੇਰੀ ਕੁਦਰਤ” ਜਾਂ “ਸਤਿਗੁਰ ਤੂੰ” ਆਖਦੀ।

ਪਰ ਜੀਵਨ ਵਿਚ ਨਾ ਤਾਂ ਬੰਦਾ ਸਦਾ ਹੀ ਸੁਖੀ ਹੁੰਦਾ ਹੈ, ਨਾ ਹੀ ਸਦਾ ਸ਼ਾਂਤ ਹੀ। ਬੰਦੇ ਅੰਦਰ ਅੰਮ੍ਰਿਤ ਵਰਗਾ ਠੰਡਾ-ਮਿੱਠਾ ਜਲ ਵੀ ਹੈ, ਅਗਨੀ ਦੇ ਭੰਬੂਕੇ ਵੀ। ਇਹ ਸਮੇਂ-ਸਮੇਂ ਦੀ ਗੱਲ ਹੈ। ਜਿਹੜਾ ਬੰਦਾ ਸਾਨੂੰ ਸਦਾ ਹੀ ਸ਼ਾਂਤ ਦਿਸਦਾ ਰਹਿੰਦਾ ਹੈ, ਉਸੇ ਵਿਚੋਂ ਜਵਾਲਾਮੁਖੀ ਦੀਆਂ ਲਾਟਾਂ ਭੜਕ ਪੈਂਦੀਆਂ ਹਨ। ਅੱਗ ਦੇ ਬਗੂਲੇ ਪਾਣੀ ਦੀਆਂ ਧਾਰਾਂ ਵਾਂਗ ਵਗ ਪੈਂਦੇ ਹਨ — ਪਹਾੜੀ ਸੀਤਲ ਸੋਮਿਆਂ ਵਾਂਗ।

ਸਭ ਤੋਂ ਸੁਹਣੀ ਕੁੜੀ ਦੇ ਵਿਆਹ ਦਾ ਸਮਾਂ ਆ ਗਿਆ। ਜਿਹੋ ਜਿਹੀ ਉਹ ਕੁੜੀ ਸੀ, ਉਹੋ ਜਿਹਾ ਹੀ ਉਸ ਕੁੜੀ ਨੂੰ ਮੁੰਡਾ ਮਿਲਣਾ ਚਾਹੀਦਾ ਸੀ। ਪਰ ਮੁੰਡਾ ਕਿਹੋ ਜਿਹਾ ਸੀ? ਉਸ ਮੁੰਡੇ ਨੂੰ ਮੁੰਡਾ ਕਹਿਣਾ ਮੁੰਡੇਪਣ ਦੀ ਉਮਰ ਦਾ ਅਪਮਾਨ ਕਰਨਾ ਹੋਵੇਗਾ। ਮੁੰਡਾ ਹੁੰਦਾ ਹੈ `ਠਾਰਾਂ, ਵੀਹ, ਬਾਈ ਜਾਂ ਪੱਚੀ ਸਾਲ ਦਾ। ਪਰ ਉਹ ਚਾਲੀ ਸਾਲਾਂ ਤੋਂ ਵੀ ਉਤੇ ਨਜ਼ਰ ਆਉਂਦਾ ਸੀ ਤੇ ਉਂਝ ਵੀ ਦੁਹਾਜੂ ਸੀ। ਸੁੱਕੜ ਜਿਹਾ, ਲਮਢੀਂਗ ਜਿਹਾ, ਬੀਂਬੜ ਜਿਹਾ, ਬੁੱਢਵਲ੍ਹੇਟ। ਦੰਦ ਬੁੱਟਾਂ ਤੋਂ ਉੱਠੇ ਹੋਏ ਤੇ ਦਾੜ੍ਹੀ ਵਿਚ ਕੁਝ ਧੌਲੇ ਵੀ। ਸ਼ਰੀਕੇ ਵਿਚੋਂ ਇਕ-ਦੋ ਘਰ ਬਰਮਾ ਰਹਿੰਦੇ ਹੁੰਦੇ ਸਨ ਤੇ ਅੱਲ ਵਜੋਂ ਉਹਨਾਂ ਨੂੰ ਸਾਰੇ “ਬਰਮਾ ਵਾਲੇ” ਕਹਿੰਦੇ ਸਨ ਜੋ ਪੈਸੇ ਵਲੋਂ ਵੀ ਤਕੜੇ ਸਨ ਤੇ ਸਾਰੇ ਭਾਈਚਾਰੇ ਉਤੇ ਪ੍ਰਭਾਵ ਰੱਖਣ ਵਾਲੇ ਸਨ। ਇਸ ਮੁੰਡੇ ਦੀ ਪਰਸਾ ਸਿੰਘ ਨੂੰ ਉਹਨਾਂ ਹੀ ਦੱਸ ਪਾਈ ਸੀ ਜੋ ਉਹਨਾਂ ਦੀ ਕਿਸੇ ਦੂਰ-ਨੇੜੇ ਦੀ ਰਿਸ਼ਤੇਦਾਰੀ ਵਿਚੋਂ ਸੀ। ਪਰਸਾ ਸਿੰਘ ਨੂੰ ਉਹਨਾਂ ਦੀ ਗੱਲ ਮੰਨਣੀ ਪੈ ਗਈ ਸੀ।

ਸੰਨ ਪੱਚੀ-ਤੀਹ ਦੇ ਦਿਨੀਂ ਚਾਰ-ਚਾਰ ਦਿਨ ਤੱਕ ਜੰਨਾਂ ਰਹਿਣ ਦਾ ਰਿਵਾਜ ਸੀ। ਅੱਜ ਗਈ, ਕੱਲ੍ਹ ਰਹੀ, ਪਰਸੋਂ ਰਹੀ, ਚੌਥੇ ਆਈ। ਫੇਰ ਇਕ ਦਿਨ ਘਟ ਗਿਆ। ਅੱਜ ਗਈ, ਕੱਲ੍ਹ ਰਹੀ, ਪਰਸੋਂ ਵਾਪਸ ਆ ਗਈ। ਹੁਣ ਰਿਵਾਜ ਇਹ ਸੀ ਕਿ ਅੱਜ ਗਈ ਤੇ ਕੱਲ੍ਹ ਆਈ। ਸਮੇਂ ਨਾਲ ਅਜਿਹੇ ਸੰਜਮ ਆਪਣੇ ਆਪ ਹੋ ਰਹੇ ਸਨ। ਕੁਝ ਤਾਂ ਕੰਮਾਂ-ਕਾਰਾਂ ਦੇ ਰੁਝੇਵੇਂ ਆਦਿ ਵਧ ਗਏ ਸਨ, ਕੁਝ ਕਾਰਨ ਮਹਿੰਗਾਈ ਵੀ ਸੀ। ਮਹਿੰਗਾਈ ਜਦੋਂ ਇਕ ਵਾਰ ਵਧਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨੂੰ ਜਿਵੇਂ ਵਧਣ ਦੀ ਇਕ ਆਦਤ ਜਿਹੀ ਪੈ ਜਾਂਦੀ ਹੈ ਤੇ ਫੇਰ ਉਸ ਨੂੰ ਵਧ ਕੇ ਜਿਵੇਂ ਘਟਣਾ ਭੁੱਲ ਹੀ ਜਾਂਦਾ ਹੈ। ਬੱਸ ਇਕ ਵਧਣ ਦਾ ਬਹਾਨਾ ਹੋਣਾ ਚਾਹੀਦਾ ਹੈ।

ਅੱਜ ਜੰਨ ਆਈ ਸੀ। ਪਹਿਲਾਂ ਜੰਨ ਨੂੰ ਆਉਂਦੀ ਨੂੰ ਹੀ ਚਾਹ ਪਿਲਾਈ ਗਈ ਸੀ। ਰਾਤ ਨੂੰ ਰੋਟੀ ਖਾਣੀ ਸੀ। ਸਵੇਰੇ ਚਾਹ ਪਿਲਾ ਕੇ ਅਨੰਦ ਕਾਰਜ ਹੋਣੇ ਸਨ ਅਤੇ ਦੁਪਹਿਰ ਦੀ ਰੋਟੀ ਖਾ ਕੇ ਜੰਨ ਨੇ ਵਿਦਾਅ ਹੋ ਜਾਣਾ ਸੀ। ਦੋ ਚਾਹਾਂ ਤੇ ਦੋ ਰੋਟੀਆਂ ਜੰਨ ਨੂੰ ਦਿੱਤੀਆਂ ਜਾਣੀਆਂ ਸਨ। ਮਗਰੋਂ ਭਾਈਚਾਰੇ ਨੇ ਵੀ ਚਾਹਾਂ ਪੀਣੀਆਂ ਹੁੰਦੀਆਂ ਤੇ ਰੋਟੀ ਖਾਣੀ ਹੁੰਦੀ ਹੈ। ਚਾਹਾਂ ਨਾਲ ਜੰਨ ਨੂੰ ਲੱਡੂ, ਮੱਠੀ ਤੇ ਸ਼ੀਰਨੀ ਆਦਿ ਪਲੇਟ ਵਿਚ ਦਿੱਤੇ ਜਾਂਦੇ ਸਨ। ਇਸੇ ਤਰ੍ਹਾਂ ਭਾਈਚਾਰੇ ਨੂੰ ਵੀ।

ਜੰਨ ਜਿੰਨੀ ਸੱਦੀ ਸੀ, ਉਸ ਤੋਂ ਵੱਧ ਆ ਗਈ ਸੀ। ਆਖਿਆ ਸੀ, ਵੱਧ ਤੋਂ ਵੱਧ ਦਸ ਕੁ ਬੰਦੇ ਆਉਣ ਤੇ ਕੁੜੀ ਵਿਆਹ ਕੇ ਲੈ ਜਾਣ। ਕੁੜੀ ਦਾ ਬਾਪ ਗ਼ਰੀਬ ਹੈ। ਪਰ ਆਏ ਪੱਚੀ-ਤੀਹ ਸਨ। ਮੁੰਡੇ ਵਾਲੇ, ਕੁੜੀ ਵਾਲੇ ਨੂੰ ਸਦਾ ਹੀ ਹੇਚ ਗਿਣਦੇ ਤੇ ਆਪਣਾ ਨਹੀਂ ਸਮਝਦੇ, ਕੋਈ ਹੋਰ ਹੀ ਸਮਝਦੇ ਹੁੰਦੇ ਹਨ ਤੇ ਇਉਂ ਸੋਚਦੇ ਹੁੰਦੇ ਹਨ ਜਿਵੇਂ ਕੁੜੀ ਵਿਆਹੁਣ ਨਹੀਂ, ਕਿਸੇ ਦੁਸ਼ਮਨ ਉਤੇ ਚੜ੍ਹਾਈ ਕਰਨ ਲਈ ਚੱਲੇ ਹਨ। ਪਤਾ ਨਹੀਂ ਕੀ ਕਾਰਨ ਹੈ, ਮੁੰਡੇ ਵਾਲੇ ਹੋਣ ਨਾਲ,ਭੁੱਖੇ ਮਰਦੇ ਲੋਕ ਵੀ, ਆਪਣੇ ਆਪ ਨੂੰ ਰਾਜੇ ਜਾਂ ਮਹਾਰਾਜੇ ਸਮਝਣ ਲੱਗ ਜਾਂਦੇ ਹਨ, ਕੁੜੀ ਵਾਲੇ ਦੇ ਟਾਕਰੇ ਵਿਚ। ਅਸਲ ਵਿਚ ਕੁੜੀ ਵਾਲੇ ਵੀ ਇਉਂ ਹੀ ਸੋਚਦੇ ਹੁੰਦੇ ਹਨ। ਉਹ ਮੁੰਡੇ ਵਾਲੇ ਨੂੰ ਪਾਤਸ਼ਾਹ ਜਾਂ ਰਾਜਾ ਆਖਦੇ ਹੁੰਦੇ ਹਨ ਤੇ ਗਲ ਵਿਚ ਪੱਲਾ ਪਾ ਕੇ ਉਹਨਾਂ ਨੂੰ ਅੱਗੋਂ ਹੋ ਕੇ ਮਿਲਦੇ ਹਨ। ਪੱਲੇ ਨਾਲ ਕਈਆਂ ਦੇ ਤਾਂ ਮੂੰਹ ਵਿਚ ਘਾਹ ਵੀ ਹੁੰਦਾ ਸੀ ਕਦੇ। ਭਾਵੇਂ ਅੱਜ ਕੱਲ੍ਹ ਇਹ ਰਵਾਇਤਾਂ ਉੱਕਾ ਮਰ-ਮੁੱਕ ਗਈਆਂ ਹਨ।

ਚੁਬਾਰੇ ਦੇ ਸਾਹਮਣੇ ਕੋਠੇ ਉਤੇ ਕੋਰਿਆਂ ਉਤੇ ਬੈਠੀ ਜੰਨ ਰਾਤ ਦੀ ਰੋਟੀ ਖਾ ਰਹੀ ਸੀ। ਜੰਨ ਨੂੰ ਵਰਤਾਉਣ ਲਈ ਚੁਬਾਰੇ ਵਿਚ ਮਠਿਆਈ, ਰੋਟੀਆਂ ਤੇ ਹੋਰ ਦਾਲਾਂ-ਸਬਜ਼ੀਆਂ ਆਦਿ ਪਈਆਂ ਸਨ। ਪਰਸਾ ਸਿੰਘ ਇਸ ਸਮੇਂ ਚੁਬਾਰੇ ਵਿਚ ਹੀ ਬੈਠਾ ਸੀ ਤੇ ਨਾਲ ਭਾਈਚਾਰੇ ਦੇ ਵੀ ਦੋ-ਤਿੰਨ ਬੰਦੇ ਬੈੇਠੇ ਸਨ। ਕੁਝ ਹੋਰ ਬੰਦੇ ਬਾਹਰ ਇਕ ਪਾਸੇ ਜਿਹੇ ਨੂੰ ਬੈਠੇ ਸਨ - ਰੋਟੀ ਖਾਂਦੀ ਜੰਨ ਦੀ ਸੇਵਾ ਵਿਚ, ਪੰਚਾਇਤ ਵਜੋਂ।

ਵਰਤਾਵਿਆਂ ਵਿਚ ਪਰਸਾ ਸਿੰਘ ਦੇ ਦੋ ਸਕੇ ਭਤੀਜੇ ਵੀ ਸਨ ਜੋ ਕਾਫ਼ੀ ਸਮਾਂ ਪਹਿਲਾਂ, ਸਵਰਗਵਾਸ ਹੋ ਚੁੱਕੇ, ਉਸ ਦੇ ਛੋਟੇ ਭਰਾ ਹਰਸਾ ਸਿੰਘ ਦੇ ਪੁੱਤਰ ਸਨ ਤੇ ਹੁਣ ਜਵਾਨ ਤੇ ਕਾਫ਼ੀ ਚੰਗੇ ਕੰਮਾਂ-ਕਾਰਾਂ ਵਾਲੇ ਸਨ। ਛੋਟਾ ਪੜ੍ਹਿਆ-ਲਿਖਿਆ ਸੀ ਜੋ ਦਿੱਲੀ ਵਿਚ ਕਲਰਕ ਦੀ ਸਰਕਾਰੀ ਨੌਕਰੀ ਉਤੇ ਸੀ। ਵੱਡੇ ਦੀ ਉਥੇ ਟੇਲਰਿੰਗ ਦੀ ਆਪਣੀ ਦੁਕਾਨ ਸੀ। ਦੋਵੇਂ ਚੰਗਾ ਖਾਂਦੇ-ਪੀਂਦੇ ਤੇ ਸੁਹਣੇ ਕੱਪੜੇ ਪਹਿਨਦੇ। ਦੋਵਾਂ ਨੂੰ ਸ਼ੁਕੀਨ ਬਣਕੇ ਰਹਿਣ ਦਾ ਬੜਾ ਸ਼ੌਕ ਸੀ। ਇਸ ਸਮੇਂ ਦੋਹਾਂ ਨੇ ਹੀ ਚੂੜੀਦਾਰ ਪਜਾਮਿਆਂ ਉਤੇ ਕਲੀਆਂ ਵਾਲੇ ਮਲਮਲ ਦੇ ਚਿੱਟੇ ਕੁੜਤੇ ਪਹਿਨੇ ਹੋਏ ਸਨ ਤੇ ਸੁਹਣੀਆਂ ਪਟਿਆਲੇਸ਼ਾਹੀ ਪੱਗਾਂ ਬੰਨ੍ਹੀਆਂ ਹੋਈਆਂ ਸਨ। ਜਿਵੇਂ ਸਰਦਾਰ ਹੁੰਦੇ ਹਨ। ਜੰਨ ਵਾਲੇ ਵੀ ਉਹਨਾਂ ਵੱਲ ਧਿਆਨ ਲਾ-ਲਾ ਦੇਖਦੇ।

ਇਸ ਸਮੇਂ ਵਰਤਾਵਿਆਂ ਨੂੰ ਇਕ ਔਕੜ ਆ ਰਹੀ ਸੀ। ਖਾਣ-ਪੀਣ ਦੀਆਂ ਚੀਜ਼ਾਂ ਸਾਰੀਆਂ ਲੋੜ ਤੋਂ ਬਹੁਤ ਘੱਟ ਸਨ। ਪਹਿਲਾਂ ਜਲੇਬੀਆਂ ਮੁੱਕ ਗਈਆਂ, ਫੇਰ ਲੱਡੂ ਵੀ ਥੁੜ ਗਏ। ਵਰਤਾਵੇ ਅੰਦਰ ਆਉਂਦੇ ਤਾਂ ਉਹਨਾਂ ਨੂੰ ਊਣੇ-ਪੌਣੇ ਜਿਹੇ ਭਾਂਡਿਆਂ ਨਾਲ ਹੀ ਵਾਹ ਪੈਂਦਾ। ਜਿਵੇਂ ਕਿਸੇ ਚੀਜ਼ ਵਿਚ ਵੀ ਬਰਕਤ ਹੁੰਦੀ ਹੀ ਨਹੀਂ ਹੈ। ਉਹਨਾਂ ਨੂੰ ਨਮੋਸ਼ੀ ਹੁੰਦੀ। ਕਿਉਂਕਿ ਵਾਹ ਤਾਂ ਜੰਨ ਨਾਲ ਉਹਨਾਂ ਦਾ ਪੈ ਰਿਹਾ ਸੀ?

ਏਨਾ ਚੰਗਾ, ਵਰਤਾਵਿਆਂ ਵਿਚ ਨਿਰੇ ਸ਼ਰੀਕ ਨਹੀਂ ਸਨ, ਸਗੋਂ ਨਾਲ ਪਰਸਾ ਸਿੰਘ ਦੇ ਆਪਣੇ ਭਤੀਜੇ ਵੀ ਸਨ, ਜੋ ਆਪ ਅੱਗੇ ਹੋ ਕੇ ਤੇ ਆਪਣਾ ਘਰ ਸਮਝ ਕੇ ਹੀ ਸਾਰਾ ਕੰਮ ਕਰ ਰਹੇ ਸਨ। ਪਰ ਥੁੜ ਰਹੀਆਂ ਚੀਜ਼ਾਂ ਦਾ ਉਹ ਕੀ ਇਲਾਜ ਕਰ ਸਕਦੇ ਸਨ? ਭਤੀਜੇ ਅੰਦਰ ਆਉਂਦੇ ਤਾਂ ਪਰਸਾ ਸਿੰਘ ਨੂੰ ਆਖਦੇ : “ਦੱਸ ਤਾਇਆ, ਕੀ ਕਰੀਏ ਹੁਣ? ਕੋਈ ਵੀ ਚੀਜ਼ ਪੂਰੀ ਨਹੀਂ।” ਜੰਨ ਅੱਗੇ ਉਹਨਾਂ ਨੂੰ ਆਪਣੀ ਹੇਠੀ ਮਹਿਸੂਸ ਹੋ ਰਹੀ ਸੀ।

ਚੁਬਾਰੇ ਦਾ ਬੂਹਾ, ਲੰਘਣ ਮਗਰੋਂ, ਭੇੜ ਕੇ ਰੱਖਿਆ ਜਾਂਦਾ ਸੀ।

ਪਰਸਾ ਸਿੰਘ ਚੁੱਪ ਸੀ। ਉਹਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਉਹਦਾ ਮਤਲਬ ਇਹ ਸੀ ਕਿ ਜੋ ਕੁਝ ਹੈ, ਇਹੋ ਹੈ। ਜਿਵੇਂ ਵੀ ਹੈ, ਸਾਰ ਲਓ। ਹੋਰ ਉਹਨਾਂ ਨੂੰ ਇਸ ਸਮੇਂ ਉਹ ਕੀ ਜਵਾਬ ਦੇ ਸਕਦਾ ਹੈ?

ਦੁਖੀ ਹੋ ਕੇ ਭਤੀਜੇ ਆਖ਼ਰ ਲੜਨ ਵਾਂਗੂੰ ਬੋਲਣ ਲੱਗੇ। ਪਹਿਲਾਂ ਤਾਂ ਉਹ ਜੰਨ ਤੋਂ ਝਿਪਦੇ ਹੌਲੀ ਬੋਲ ਰਹੇ ਸਨ, ਹੁਣ ਉੱਚੀ ਬੋਲਣ ਲੱਗ ਪਏ। ਜੰਨ ਅੱਗੇ ਉਹਨਾਂ ਦਾ ਕੋਈ ਮੂੰਹ ਨਹੀਂ ਰਹਿ ਰਿਹਾ ਸੀ।

“ਸਾਨੂੰ ਚਿੱਠੀ ਲਿਖ ਦਿੰਦਾ, ਅਸੀਂ ਪਹਿਲਾਂ ਆ ਜਾਂਦੇ ਤੇ ਸਾਰਾ ਇੰਤਜ਼ਾਮ ਕਰਦੇ।”

“... ... ...”

“ਤੂੰ ਤਾਂ ਐਥੇ ਬੈਠਾ ਏਂ, ਚੁੱਪ ਕੀਤਾ, ਲੁਕਿਆ ਹੋਇਆ, ਸਾਡੀ ਬੇਇੱਜ਼ਤੀ ਹੁੰਦੀ ਐ!”

“... ... ...”

“ਦੱਸ ਹੁਣ! ਕੀ ਕੀਤਾ ਜਾਵੇ? ਮੂੰਹੋਂ ਵੀ ਤਾਂ ਬੋਲ ਕੁਛ ਤਾਇਆ..?”

ਪਰਸਾ ਸਿੰਘ ਦਾ ਛੋਟਾ ਭਰਾ, ਹਰਸਾ ਸਿੰਘ,ਜਵਾਨੀ ਵਿਚ ਹੀ ਸਵਰਗਵਾਸ ਹੋ ਗਿਆ ਸੀ ਤੇ ਉਹਦੇ ਇਹ ਭਤੀਜੇ ਉਦੋਂ ਬਹੁਤ ਛੋਟੇ ਹੁੰਦੇ ਸਨ,ਚੌਹਾਂ-ਪੰਜਾਂ ਵਰ੍ਹਿਆਂ ਦੇ, ਜਿਨ੍ਹਾਂ ਨੂੰ ਪਾਲਣ-ਪੋਸਣ ਵਿਚ ,ਉਨ੍ਹਾਂ ਦਾ ਤਾਇਆ ਹੋਣ ਕਰਕੇ ,ਉਸਦਾ ਵੀ ਕੁਝ ਹੱਥ ਸੀ ।ਭਾਵੇਂ ਦੋਵੇਂ ਭਰਾ ਉਦੋਂ ਅੱਡੋ- ਅੱਡ ਹੀ ਹੁੰਦੇ ਸਨ, ਪਰਸਾ ਸਿੰਘ ਤੇ ਹਰਸਾ ਸਿੰਘ, ਪਰ ਮਗਰੋਂ ਉਸਨੂੰ ਆਪਣੇ ਆਪ ਹੀ ਆਪਣੀ ਜਿ਼ੰਮੇਵਾਰੀ ਜਿਹੀ ਮਹਿਸੂਸ ਹੋਣ ਲੱਗ ਪਈ ਸੀ।ਅਸੀਂ ਲੋਕ ਅੱਡ ਹੋੋਕੇ ਵੀ ਪੂਰੇ ਅੱਡ ਨਹੀਂ ਹੁੰਦੇ, ਨਾਲ ਵੀ ਜੁੜੇ ਰਹਿੰਦੇ ਹਾਂ। ਸਾਨੂੰ ਸਾਡੀ ਰਹੁ-ਰੀਤ ਹੀ ਜੋੜ ਕੇ ਰੱਖਦੀ ਰਹਿੰਦੀ ਹੈ। ਫੇਰ ਇਹ ਗੱਲ ਹੈ ਵੀ ਅੱਜ ਤੋਂ ਬੜੇ ਪੁਰਾਣੇ ਸਮੇਂ ਦੀ।ਉਦੋਂ ਸਾਂਝਾਂ ਅੱਜ ਨਾਲੋਂ ਕਝ ਬਹੁਤੀਆਂ ਹੀ ਹੁੰਦੀਆਂ ਸਨ ।

ਭਤੀਜੇ ਉਹਦੇ ਸ਼ੁਰੂ ਤੋਂ ਹੀ ਥੋੜਾ ਤੇਜ਼-ਮਿਜ਼ਾਜ ਸਨ। ਛੋਟੀ ਉਮਰ ਵਿਚ ਤਾਂ ਉਹ ਉਸਨੂੰ ਚੰਗੇ ਲੱਗਦੇ ਸਨ, ਤਿੱਖਾ-ਤਿੱਖਾ ਬੋਲਦੇ, ਪਰ ਵੱਡੇ ਹੋਕੇ ਵੀ ਉਵੇਂ ਹੀ ਬੋਲਣ,ਇਹ ਗੱਲ ਉਸਨੂੰ ਅੱਖਰਦੀ। ਪਰ ਆਪ ਵੱਡਾ ਹੋਣ ਕਾਰਨ, ਆਮ ਉਹ ਅਜਿਹੀ ਗੱਲ ਨੂੰ ਹੋਊਪਰੇ ਕਰ ਜਾਂਦਾ ਤੇ ਬਹੁਤਾ ਨਹੀਂ ਸੀ ਗਉਲਦਾ । 'ਚਲੋ, ਮੁੰਡੇ-ਖੁੰਡੇ ਹਨ.ਅੱਜਕੱਲ੍ਹ ਦੇ ਮੁੰਡਿਆਂ ਵਿਚ ਤੇਜ਼ੀ ਸਹੁਰੀ ਹੈ ਹੀ ਬਹੁਤੀ' ।

ਪਰ ਅੱਜ ਉਸਨੂੰ ਉਹ ਇਉਂ ਬੋਲਦੇ ਬੜੇ ਹੀ ਭੈੜੇ ਲੱਗੇ ਸਨ ।ਜਿਵੇਂ ਸ਼ਰੀਕ ਹੁੰਦੇ ਹਨ ।ਭਾਵੇਂ ਉਹਨੂੰ ਪਤਾ ਸੀ ਕਿ ਵਿਚੋਂ ਉਹ ਹਮਦਰਦੀ ਅਤੇ ਅਪਣੱਤ ਨਾਲ ਹੀ ਬੋਲਦੇ ਹਨ। ਪਰ...ਪਰਸਾ ਸਿੰਘ ਨੂੰ ਦੁਖੀ ਤਾਂ ਗ਼ਰੀਬੀ ਨੇ ਕੀਤਾ ਹੋਇਆ ਸੀ, ਪਰ ਸਮਝ ਉਹ ਇਹ ਰਿਹਾ ਸੀ ਕਿ ਉਹਨੂੰ ਉਹਦੇ ਭਤੀਜਿਆਂ ਨੇ ਦੁਖੀ ਕੀਤਾ ਹੋਇਆ ਹੈ ਜੋ ਵਾਰ-ਵਾਰ ਪੁੱਛਦੇ ਤੇ ਉਹਨੂੰ ਠਿੱਠ ਕਰਨ ਲਈ ਉਤਾਰੂ ਹੋਏ- ਹੋਏ ਹਨ। ਉਹ ਅੱਕਲਕਾਣ ਹੋ ਗਿਆ। ਲੜ ਰਹੇ ਭਤੀਜਿਆਂ ਨੂੰ ਤਾਂ ਉਹਨੇ ਕੁਝ ਨਾ ਆਖਿਆ, ਪਰ ਦੋਹਾਂ ਹੱਥਾਂ ਨਾਲ ਉਹ ਆਪਣੇ ਆਪ ਨੂੰ ਪਿੱਟਣ ਲੱਗ ਪਿਆ। ਉਹ ਪਿੱਟ-ਪਿੱਟ ਕੇ ਆਪਣੇ ਆਪ ਨੂੰ ਖ਼ਤਮ ਕਰਨਾ ਚਾਹੁੰਦਾ ਸੀ ਤਾਂ ਜੋ ਉਸ ਨੂੰ ਇਸ ਗੱਲ ਦਾ ਕੋਈ ਜਵਾਬ ਨਾ ਦੇਣਾ ਪਏ ਤੇ ਨਾ ਹੀ ਠਿੱਠ ਹੋਣਾ ਪਵੇ। ਪਰ ਕੋਲ ਬੈਠੇ ਲੋਕਾਂ ਨੇ ਉਹਦੇ ਦੋਵੇਂ ਹੱਥ ਫੜੇ ਤੇ ਉਹਨੂੰ ਸ਼ਾਂਤ ਕਰਨ ਲੱਗੇ। ਬਾਹਰ ਜੰਨ ਬੈਠੀ ਸੀ। ਅੰਦਰ ਧਾਹਾਪਿੰਜਰ ਪੈਂਦਾ ਚੰਗਾ ਨਹੀਂ ਲੱਗ ਰਿਹਾ ਸੀ। ਕੀ ਸੋਚਣਗੇ ਜੰਨ ਵਾਲੇ?

ਤਾਂ ਵੀ, ਜੰਨ ਵਾਲਿਆਂ ਨੂੰ ਬਾਹਰ ਵਿੜਕ ਚਲੀ ਗਈ। ਕੁਝ ਕੁ ਜੰਨ ਵਾਲੇ ਉੱਠ ਕੇ ਖੜ੍ਹੇ ਵੀ ਹੋ ਗਏ ਸਨ।

ਸਿਆਣੇ ਮੌਕਾ ਸਾਂਭਣ ਲੱਗੇ। ਚੁਬਾਰੇ ਵਿਚੋਂ ਦੋ ਜਣੇ ਉੱਠ ਕੇ ਬਾਹਰ ਗਏ ਤੇ ਹੱਥ ਬੰਨ੍ਹ ਕੇ ਜੰਨ ਨੂੰ ਬੈਠ ਕੇ ਰੋਟੀ ਖਾਣ ਲਈ ਆਖਣ ਲੱਗੇ। ਜੰਨ ਵਾਲੇ ਪੁੱਛਣ ਲੱਗੇ ਤਾਂ ਉਹਨਾਂ ਨੇ ਉਹਨਾਂ ਨੂੰ ਉੱਤਰ ਦਿੱਤਾ :

“ਠੀਕ ਹੈ ਜੀ ਸਾਰਾ ਕੁਝ। ਕੋਈ ਖ਼ਾਸ ਗੱਲ ਨਹੀਂ। ਸਾਡੇ ਇਕ ਬੰਦੇ ਨੂੰ ਮਿਰਗੀ ਦੀ ਬੀਮਾਰੀ ਐ। ਉਹਨੂੰ ਦੌਰਾ ਪੈ ਗਿਆ ਸੀ।”

“ਉ-ਹੋ! - ਵਾਹਿਗੁਰੂ!!” ਜੰਨ ਵਾਲੇ ਕੋਰਿਆਂ ਉਤੇ ਮੁੜ ਬੈਠਦੇ ਆਖਣ ਲੱਗੇ।

ਮਿਰਗੀ ਦੀ ਬੀਮਾਰੀ ਬਾਰੇ ਸਭਨਾਂ ਨੂੰ ਹੀ ਪਤਾ ਸੀ ਕਿ ਕਿੰਨੀ ਭੈੜੀ ਹੁੰਦੀ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਕਾਵਿ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ