Mittar Jihre Vichhre Na (Punjabi Story) : Gurbakhsh Singh Preetlari
ਮਿੱਤਰ ਜਿਹੜੇ ਵਿਛੜੇ ਨਾ (ਕਹਾਣੀ) : ਗੁਰਬਖ਼ਸ਼ ਸਿੰਘ ਪ੍ਰੀਤਲੜੀ
ਇੱਕ ਜੰਗਲ ਦੇ ਬੰਨੇ ਉਤੇ ਇੱਕ ਬੜਾ ਸੁਹਣਾ ਤੇ ਲੰਮਾ ਦਿਓਦਾਰ ਉਗਿਆ ਖਲੋਤਾ ਸੀ। ਉਹਦੇ ਲਾਗੇ ਹੀ ਖੇਤ ਵਿਚ ਪਟਸਨ ਦਾ ਬਾਂਕਾ ਜਿਹਾ ਬੂਟਾ ਸੀ।
ਦਿਓਦਾਰ ਦਾ ਖਿਆਲ ਸੀ ਕਿ ਉਸ ਨੇ ਪਟਸਨ ਵਰਗੀ ਅਤਿ ਕੋਮਲ ਤੇ ਪਿਆਰੀ ਚੀਜ਼ ਕਦੇ ਨਹੀਂ ਸੀ ਵੇਖੀ। ਤੇ ਪਟਸਨ ਲੰਮੇ ਤੇ ਸੋਹਣੇ ਦਿਓਦਾਰ ਨੂੰ ਕੋਈ ਸ਼ਾਨਦਾਰ ਸ਼ਹਿਨਸ਼ਾਹ ਸਮਝ ਕੇ ਉਹਦੀ ਪ੍ਰਸੰਸਾ ਕਰਦੀ ਸੀ।
ਜਿਓਂ ਜਿਓਂ ਲੰਮਾ ਸਮਾਂ ਲੰਘਦਾ ਗਿਆ, ਉਹਨਾਂ ਦੀ ਮਿੱਤਰਤਾ ਵਧਦੀ ਗਈ, ਤੇ ਉੱਚੇ ਲੰਮੇ ਦਿਓਦਾਰ ਨੇ ਅਤੇ ਨਿੱਕੀ ਜਿੰਨੀ ਪਟਸਨ ਨੇ ਇੱਕ ਦੂਜੇ ਨਾਲ ਕੌਲ-ਇਕਰਾਰ ਕਰ ਲਏ ਕਿ ਉਹ ਕਦੇ ਨਹੀਂ ਵਿਛੜਣਗੇ।
ਜੰਗਲ ਦੇ ਦੂਜੇ ਬ੍ਰਿਛ ਦਿਓਦਾਰ ਨਾਲ ਬੜੇ ਵਿਗੜੇ ਤੇ ਉਹਨਾਂ ਨੇ ਉਹਨੂੰ ਆਖਿਆ ਕਿ ਏਡੀ ਨਿਗੂਣੀ ਪਟਸਨ ਨਾਲ ਦੋਸਤੀ ਲਾਣੀ ਦਿਓਦਾਰ ਦੀ ਸ਼ਾਨ ਤੋਂ ਕਿਤੇ ਹੇਠਾਂ ਹੈ।
ਉਧਰ ਖੇਤ ਦੇ ਦੂਜੇ ਬੂਟੇ - ਕਣਕ, ਸ਼ਟਾਲਾ, ਭਖੜਾ ਆਦਿ -ਪਟਸਨ ਨੂੰ ਦਿਓਦਾਰ ਦੀ ਦੋਸਤੀ ਲਈ ਅੱਡੀਆਂ ਚੁੱਕ ਚੁੱਕ ਖੜੋਨ ਦੇ ਤਾਅਨੇ ਦੇਂਦੇ ਸਨ।
“ਤੂੰ ਸੋਚਦੀ ਹੋਵੇਂਗੀ, ਇਸ ਵੱਡੇ ਦਿਓਦਾਰ ਨੂੰ ਤੇਰੀ ਰਤਾ ਵੀ ਪਰਵਾਹ ਹੈ ਵੇ?” ਉਹ ਆਖਦੇ।
ਪਰ ਇਹਨਾਂ ਗੱਲਾਂ ਦਾ ਦਿਓਦਾਰ ਅਤੇ ਪਟਸਨ ਉਤੇ ਕੋਈ ਅਸਰ ਨਾ ਹੋਇਆ। ਉਹਨਾਂ ਨੂੰ ਇੱਕ ਦੂਜੇ ਉਤੇ ਪੂਰਾ ਭਰੋਸਾ ਸੀ, ਤੇ ਉਹਨਾਂ ਦੀ ਦੋਸਤੀ ਦੀ ਗੰਢ ਦਿਨੋ-ਦਿਨ ਹੋਰ ਪੱਕੀ ਹੁੰਦੀ ਗਈ।
ਪਰ ਇੱਕ ਦਿਨ ਵਾਢਾ ਆਇਆ, ਤੇ ਪਟਸਨ ਨੂੰ ਵੱਢ ਕੇ ਕਾਰਖਾਨੇ ਲੈ ਗਿਆ, ਜਿੱਥੇ ਉਹਦੇ ਨਾਲ ਰੱਸੇ ਵੱਟੇ ਗਏ, ਤੇ ਕੱਪੜਾ ਉਣਿਆ ਗਿਆ।
“ਆਹ!” ਦੂਜੇ ਬ੍ਰਿਛਾਂ ਨੇ ਦਿਓਦਾਰ ਨੂੰ ਆਖਿਆ, “ਤੇਰੀ ਸਹੇਲੀ ਵਿਛੜ ਗਈ ਏ, ਹੁਣ ਤੂੰ ਕਦੇ ਉਹਨੂੰ ਨਹੀਂ ਵੇਖ ਸਕੇਂਗਾ।”
ਦਿਓਦਾਰ ਬੜਾ ਉਦਾਸ ਆਪਣੀ ਸਹੇਲੀ ਦੀ ਖਾਲੀ ਥਾਂ ਨੂੰ ਕਈ ਹਫ਼ਤੇ ਵੇਖਦਾ ਰਿਹਾ। ਉਹਦੀਆਂ ਟਹਿਣੀਆਂ ਤੋਂ ਸੱਜੇ ਖੱਬੇ ਦੋ ਬੀਜਾਂ ਦੇ ਦਾਣਿਆਂ ਨਾਲ ਗੁੱਟੀਆਂ ਛੱਲੀਆਂ ਕਿਰਦੀਆਂ, ਜਿਵੇਂ ਵਿਛੋੜੇ ਵਿਚ ਰੋਂਦਾ ਦਿਓਦਾਰ ਆਪਣੇ ਦਿਲ ਦੇ ਟੋਟੇ ਉਸ ਥਾਂ ਉਤੇ ਸੁੱਟ ਰਿਹਾ ਸੀ, ਜਿਥੇ ਪਿਆਰੀ ਪਟਸਨ ਖੜੋਤੀ ਹੁੰਦੀ ਸੀ।
ਤੱਦੇ ਇੱਕ ਦਿਨ ਕੁਹਾੜੀਆਂ ਤੇ ਆਰੇ ਫੜੀ ਆਦਮੀ ਉਹਦੇ ਮੁੱਢ ਆ ਪਹੁੰਚੇ ਤੇ ਪਲਾਂ ਵਿਚ ਵੱਡੇ ਦਿਓਦਾਰ ਨੂੰ ਉਹਨਾਂ ਭੁਜੇ ਢਾਹ ਲਿਆ। ਉਹਨੂੰ ਉਹ ਸਮੁੰਦਰ ਦੇ ਕੰਢੇ ਇੱਕ ਸੋਹਣੀ ਬੰਦਰਗਾਹ ਉਤੇ ਲੈ ਗਏ। ਓਥੇ ਇੱਕ ਬੜਾ ਪਿਆਰਾ ਜਹਾਜ਼ ਬਣਾਇਆ ਜਾ ਰਿਹਾ ਸੀ, ਏਸ ਜਹਾਜ਼ ਵਿਚ ਖੰਭਲਾ ਬਣਾ ਕੇ ਦਿਓਦਾਰ ਨੂੰ ਖੜ੍ਹਾ ਕਰ ਦਿੱਤਾ ਗਿਆ।
ਖੰਭਲਾ ਪੱਕਾ ਖੜੋਣ ਦੀ ਢਿੱਲ ਸੀ ਕਿ ਆਦਮੀ ਇੱਕ ਵੱਡਾ ਸਾਰਾ ਬੰਡਲ ਚੁੱਕੀ ਜਹਾਜ਼ ਵਿਚ ਆ ਚੜ੍ਹੇ। ਇਹ ਬੰਡਲ ਉਹਨਾਂ ਖੰਭਲੇ ਦੇ ਪੈਰਾਂ ਵਿਚ ਖੋਲ੍ਹ ਦਿੱਤਾ। ਸੋਹਣੇ ਚਿੱਟੇ ਕੱਪੜੇ ਦਾ ਥਾਨ ਸੀ। ਬਾਦਬਾਨ ਬਣਾ ਕੇ ਰੱਸਿਆਂ ਤੇ ਪੁਲੀਆਂ ਦੀ ਮਦਦ ਨਾਲ ਉਹਨਾਂ ਉਹਨੂੰ ਤਾਣ ਦਿੱਤਾ।
ਤਾਣੇ ਹੋਏ ਬਾਦਬਾਨ ਵਿਚ ਹਵਾ ਭਰ ਗਈ, ਤੇ ਜਹਾਜ਼ ਨੀਲੇ ਸਾਗਰ ਦੀ ਹਿੱਕ ਉਤੇ ਤਰਨ ਲੱਗ ਪਿਆ। ਖੰਭਲਾ ਅਹਿੱਲ ਪੱਕਾ ਖਲੋਤਾ ਤੇ ਪਟਸਨ ਦਾ ਬਾਦਬਾਨ ਉਹਦੀ ਹਿੱਕ ਨਾਲ ਲੱਗਾ, ਪੌਣ ਦਾ ਜ਼ੋਰ ਅਪਣਾ ਕੇ ਖੁਸ਼ੀਆਂ ਨਾਲ ਫੁੱਲਿਆ, ਜਹਾਜ਼ ਨੂੰ ਅਗਾਂਹ ਤੋਰੀ ਲਈ ਜਾ ਰਿਹਾ ਸੀ। ਤੇ ਬੰਦਰਗਾਹ ਦੇ ਮਜ਼ਦੂਰਾਂ ਦੇ ਗਲਿਆਂ ਵਿਚੋਂ ਵੀ ਖ਼ੁਸ਼ੀ ਦਾ ਗੀਤ ਉੱਠ ਰਿਹਾ ਸੀ।
ਰੱਸੇ ਤੇ ਬਾਦਬਾਨ ਪਟਸਨ ਦੇ ਦਿਲ ਦੀਆਂ ਤੰਦਾਂ ਨਾਲ ਵੱਟੇ ਉਣੇ ਗਏ ਸਨ, ਉਹ ਪਟਸਨ ਜਿਹੜੀ ਜੰਗਲ ਦੇ ਬੰਨੇ ਉਤੇ ਉੱਗੀ ਕਦੇ ਵੱਡੇ ਦਿਓਦਾਰ ਨੂੰ ਪ੍ਰਸੰਸਾ ਭਰੇ ਪਿਆਰ ਨਾਲ ਵੇਖਿਆ ਕਰਦੀ ਸੀ।
ਵੱਡਾ ਦਿਓਦਾਰ ਤੇ ਬਾਂਕੀ ਨਿੱਕੀ ਪਟਸਨ ਮੁੜ ਮਿਲ ਪਏ, ਤੇ ਪਟਸਨ ਰੱਸੇ ਦੇ ਰੂਪ ਵਿਚ ਜਿੰਨਾ ਚਿਰ ਜੀਊਂਦੀ ਰਹੀ, ਆਪਣੇ ਸ਼ਹਿਨਸ਼ਾਹ ਦਿਓਦਾਰ ਦੇ ਪਾਸਿਆਂ ਨਾਲ ਤਣੀ ਰਹੀ।
('ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ' ਵਿਚੋਂ)