Mohan Lal Saun Gia (Punjabi Story) : S. Saki

ਮੋਹਨ ਲਾਲ ਸੌਂ ਗਿਆ (ਕਹਾਣੀ) : ਐਸ ਸਾਕੀ

ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਉਣ ਦੀ ਆਵਾਜ਼ ਨਾਲ ਮੇਰੇ ਹੱਥ ’ਚ ਫੜੀ ਹਥੌੜੀ ਫੜੀ ਹੀ ਰਹਿ ਗਈ। ਪਤਨੀ ਮੇਰੇ ਨੇੜੇ ਫਰੇਮ ਕੀਤੀ ਤਸਵੀਰ ਲਈ ਖੜੋਤੀ ਸੀ।
‘‘ਕੌਣ ਹੋਵੇਗਾ?’’ ਮੈਂ ਪਤਨੀ ਵੱਲ ਵੇਖਦਿਆਂ ਕਿਹਾ।
‘‘ਪਤਾ ਨਹੀਂ।’’ ਉਸ ਨੇ ਦੋ ਸ਼ਬਦਾਂ ਦਾ ਜੁਆਬ ਦਿੱਤਾ। ਉਹ ਅਜੇ ਬੂਹਾ ਖੋਲ੍ਹਣ ਲਈ ਜਾਣ ਹੀ ਲੱਗੀ ਸੀ ਕਿ ਮੈਂ ਉਸ ਨੂੰ ਰੋਕ ਲਿਆ ਅਤੇ ਉਸੇ ਤਰ੍ਹਾਂ ਹੱਥ ’ਚ ਹਥੌੜੀ ਫੜੀ ਮੈਂ ਸਟੂਲ ਤੋਂ ਹੇਠਾਂ ਉਤਰ ਬੂਹਾ ਖੋਲ੍ਹਣ ਲਈ ਬਾਹਰ ਵੱਲ ਤੁਰ ਪਿਆ। ਕੁੰਡੀ ਖੋਲ੍ਹ ਕੇ ਮੈਂ ਫੱਟ ਵੱਖਰੇ ਕੀਤੇ। ਬਾਹਰ ਕੋਈ ਸੱਠਾਂ ਦੇ ਗੇੜ ਦਾ ਮਧਰੇ ਕੱਦ ਵਾਲਾ ਬੰਦਾ ਖਲੋਤਾ ਸੀ। ਚਿਹਰੇ ’ਤੇ ਭਾਰੀ ਮੁੱਛਾਂ ਸਨ। ਤੇੜ ਚਿੱਟਾ ਕੁੜਤਾ-ਪਜ਼ਾਮਾ ਤੇ ਪੈਰਾਂ ਵਿੱਚ ਅੰਗੂਠੇ ਵਾਲੀ ਚੱਪਲ ਸੀ।
‘‘ਮੈਂ ਮੋਹਨ ਲਾਲ ਤਹਿਸੀਲਦਾਰ ਹਾਂ।’’ ਮੈਂ ਅਜੇ ਸਮਝਣ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਕਿ ਮੋਹਨ ਲਾਲ ਤਹਿਸੀਲਦਾਰ ਕੌਣ ਹੋ ਸਕਦਾ ਹੈ? ਉਹ ਤਦੇ ਅਧੂਰੀ ਛੱਡ ਗੱਲ ਪੂਰੀ ਕਰਨ ਲਈ ਬੋਲਣ ਲੱਗਾ:
‘‘ਮੈਂ ਤੁਹਾਡਾ ਗੁਆਂਢੀ ਹਾਂ। ਆਹ ਨਾਲ ਵਾਲਾ ਘਰ ਮੇਰਾ ਹੀ ਹੈ।’’
‘‘ਆਓ ਅੰਦਰ ਆ ਜਾਵੋ। ਚਾਹ ਦਾ ਕੱਪ ਪੀ ਕੇ ਜਾਣਾ।’’ ਮੈਂ ਨਿਮਰਤਾ ਨਾਲ ਆਖਿਆ।
‘‘ਨਹੀਂ ਚਾਹ-ਚੂਹ ਦੀ ਤਾਂ ਲੋੜ ਨਹੀਂ। ਮੈਂ ਤਾਂ ਇਹ ਪੁੱਛਣ ਆਇਆਂ ਕਿ ਆਹ ਮੇਰੇ ਵਾਲੇ ਪਾਸੇ ਡਰਾਇੰਗ-ਰੂਮ ਦੀ ਕੰਧ ’ਤੇ ਹਥੌੜੇ ਕੌਣ ਮਾਰ ਰਿਹਾ ਹੈ? ਹਥੌੜੇ ਦੇ ਵਾਰ ਨਾਲ ਡਰਾਇੰਗ-ਰੂਮ ਦੀਆਂ ਸਾਰੀਆਂ ਚੀਜ਼ਾਂ ਕੰਬ ਰਹੀਆਂ ਨੇ ਅਤੇ ਬਰਖ਼ੁਰਦਾਰ ਇਹ ਹਥੌੜੇ ਕੰਧ ’ਤੇ ਨਹੀਂ ਸਗੋਂ ਮੇਰੇ ਦਿਲ ’ਤੇ ਵੱਜ ਰਹੇ ਸਨ।’’ ਉਹ ਸਖ਼ਤ ਲਹਿਜ਼ੇ ’ਚ ਬੋਲਿਆ। ਮੈਂ ਅਜੇ ਵੀ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ। ਮੈਨੂੰ ਉਸ ਦੀ ਹਥੌੜੇ ਮਾਰਨ ਵਾਲੀ ਗੱਲ ’ਤੇ ਹਾਸਾ ਆ ਗਿਆ ਸੀ ਜਿਸ ਨੂੰ ਮੈਂ ਮੁਸ਼ਕਿਲ ਨਾਲ ਬੁੱਲ੍ਹਾਂ ’ਚ ਰੋਕ ਸਕਿਆ ਸਾਂ।
‘‘ਨਹੀਂ ਅੰਕਲ, ਇਹ ਤਾਂ ਮੈਂ ਹੀ ਸੀ। ਤਿੰਨ ਦਿਨ ਪਹਿਲਾਂ ਅਸੀਂ ਇਹ ਘਰ ਖ਼ਰੀਦਿਆ। ਹੋਰ ਤਾਂ ਸਾਰਾ ਸਾਮਾਨ ਅਸੀਂ ਦੋ ਦਿਨਾਂ ਵਿੱਚ ਸੈੱਟ ਕਰ ਲਿਆ ਸੀ, ਬਸ ਇੱਕ ਤਸਵੀਰ ਬਾਕੀ ਰਹਿ ਗਈ ਸੀ। ਮੈਂ ਸੋਚਿਆ ਇਸ ਨੂੰ ਵੀ ਡਰਾਇੰਗ-ਰੂਮ ਦੀ ਕੰਧ ’ਤੇ ਟੰਗ ਦੇਵਾਂ। ਉੱਥੇ ਸੋਹਣੀ ਲੱਗੇਗੀ। ਉਸ ਲਈ ਮੈਂ ਹੀ ਸਟੂਲ ’ਤੇ ਚੜ੍ਹਿਆ ਹਥੌੜੀ ਦੀ ਮਦਦ ਨਾਲ ਕੰਧ ’ਚ ਕਿੱਲ ਗੱਡ ਰਿਹਾ ਸੀ।’’
‘‘ਕਾਕਾ ਕਿੱਲ ਗੱਡਣ ਲਈ ਮੈਂ ਕਦੋਂ ਮਨ੍ਹਾਂ ਕੀਤਾ? ਪਰ ਅਜਿਹਾ ਕਰਦਿਆਂ ਅੱਗੇ ਲਈ ਧਿਆਨ ਰੱਖਣਾ ਕਿ ਤੁਹਾਡੇ ਗੁਆਂਢ ਵਿੱਚ ਮੋਹਨ ਲਾਲ ਤਹਿਸੀਲਦਾਰ ਵੀ ਰਹਿੰਦਾ।’’ ਮੇਰੀ ਗੱਲ ਸੁਣ ਅਤੇ ਇੰਨਾ ਆਖ ਉਹ ਤੇਜ਼ ਕਦਮਾਂ ਨਾਲ ਆਪਣੇ ਘਰ ਦੇ ਖੁੱਲ੍ਹੇ ਬੂਹੇ ਰਾਹੀਂ ਅੰਦਰ ਚਲਾ ਗਿਆ। ਮੈਂ ਖਾਸਾ ਚਿਰ ਉਸੇ ਥਾਂ ਖਲੋਤਾ ਮੋਹਨ ਲਾਲ ਤਹਿਸੀਲਦਾਰ ਬਾਰੇ ਸੋਚਦਾ ਰਿਹਾ।
‘‘ਕਿਹਾ ਬੰਦਾ? ਕਿਸ ਤਰ੍ਹਾਂ ਦਾ ਗੁਆਂਢ ਮਿਲਿਆ ਹੈ?’’ ਅਚਾਨਕ ਮੇਰੇ ਮੂੰਹ ’ਚੋਂ ਇੰਨਾ ਹੀ ਨਿਕਲਿਆ। ਪਹਿਲੀ ਵਾਰ ’ਚ ਹੀ ਮੇਰੇ ਮਨ ਵਿੱਚ ਮੋਹਨ ਲਾਲ ਲਈ ਕੁੜੱਤਣ ਭਰ ਗਈ ਸੀ। ਦਰਵਾਜ਼ਾ ਬੰਦ ਕਰ ਕੇ ਮੈਂ ਅੰਦਰ ਵੱਲ ਤੁਰ ਪਿਆ।
‘‘ਕੌਣ ਸੀ ਜੀ?’’ ਅੰਦਰ ਆਇਆ ਤਾਂ ਪਤਨੀ ਨੇ ਪੁੱਛਿਆ।
‘‘ਮੋਹਨ ਲਾਲ ਜੀ ਸਨ ਆਪਣੇ ਗੁਆਂਢੀ।’’
‘‘ਕੀ ਕਹਿ ਰਹੇ ਸਨ?’’
‘‘ਕੁਝ ਨਹੀਂ! ਬਸ ਐਵੇਂ ਪੁੱਛਣ ਆਏ ਸਨ, ਕਿਸੇ ਚੀਜ਼ ਦੀ ਲੋੜ ਤਾਂ ਨਹੀਂ?’’ ਮੈਂ ਗੱਲ ਬਦਲਦਿਆਂ ਪਤਨੀ ਨੂੰ ਕਿਹਾ। ਸਟੂਲ ਉਸੇ ਥਾਂ ਤੋਂ ਚੁੱਕ ਮੈਂ ਰਸੋਈ ਵਾਲੇ ਪਾਸੇ ਦੀ ਕੰਧ ਵੱਲ ਲੈ ਗਿਆ ਅਤੇ ਸਟੂਲ ’ਤੇ ਚੜ੍ਹ ਮੁੜ ਕਿੱਲ ਗੱਡਣ ਲੱਗਾ, ‘‘ਮੈਂ ਕਿਹਾ ਜੀ, ਇਹ ਤਸਵੀਰ ਤਾਂ ਡਰਾਇੰਗ-ਰੂਮ ਦੀ ਕੰਧ ’ਤੇ ਹੀ ਚੰਗੀ ਲੱਗੇਗੀ। ਫਿਰ ਤੁਸੀਂ ਇਧਰ ਕਿਉਂ ਆ ਗਏ?’’ ਪਤਨੀ ਦੇ ਸੁਆਲ ’ਤੇ ਪਹਿਲਾਂ ਮੇਰੇ ਮਨ ’ਚ ਆਈ ਕਿ ਉਸ ਨੂੰ ਸਾਰੀ ਗੱਲ ਦੱਸ ਦੇਵਾਂ ਪਰ ਇਸ ਤਰ੍ਹਾਂ ਕਰਨਾ ਮੈਨੂੰ ਚੰਗਾ ਨਹੀਂ ਲੱਗਾ। ਇਸ ਲਈ ਕਿ ਉਹ ਅਜਿਹੇ ਗੁਆਂਢ ਬਾਰੇ ਹੋਰ ਵੱਧ ਸੋਚੇਗੀ। ਮੈਂ ਗੱਲ ਗੋਲ-ਮੋਲ ਕਰ ਕੇ ਮੁਕਾ ਦਿੱਤੀ। ਇੱਕ ਹਫ਼ਤੇ ਵਿੱਚ ਹੀ ਪਤਨੀ ਦਾ ਮੋਹਨ ਲਾਲ ਦੀ ਨੂੰਹ ਨਾਲ ਮੇਲ-ਮਿਲਾਪ ਹੋ ਗਿਆ। ਸਾਵਿੱਤਰੀ ਸੀ ਉਸ ਦਾ ਨਾਂ। ਚੰਗੀ ਪੜ੍ਹੀ-ਲਿਖੀ ਨੇਕ ਔਰਤ ਸੀ। ਘਰ ਵਿੱਚ ਸਹੁਰਾ ਸੀ, ਉਹ ਸੀ ਅਤੇ ਪਤੀ ਸੀ। ਬਸ ਕੁੱਲ ਤਿੰਨ ਜੀਅ।
ਮੋਹਨ ਲਾਲ ਤਹਿਸੀਲਦਾਰ ਨਹੀਂ ਸਗੋਂ ਤਹਿਸੀਲ ਵਿੱਚ ਕਲਰਕ ਸੀ ਪਰ ਲੋਕਾਂ ’ਤੇ ਉਹ ਹਮੇਸ਼ਾਂ ਤਹਿਸੀਲਦਾਰ ਵਾਲਾ ਰੋਅਬ ਪਾਉਂਦਾ ਸੀ। ਉਸ ਦਾ ਮੁੰਡਾ ਕਿਸੇ ਠੀਕ ਨੌਕਰੀ ’ਤੇ ਲੱਗਿਆ ਹੋਇਆ ਸੀ। ਸਾਵਿੱਤਰੀ ਐਮ.ਏ. ਪੜ੍ਹੀ ਹੋਈ ਹੈ। ਪੜ੍ਹੀ ਹੋਣ ਦੇ ਬਾਵਜੂਦ ਘਰ ਵਿੱਚ ਰਹਿੰਦੀ ਹੈ। ਪਤੀ ਅਤੇ ਸਹੁਰੇ ਦਾ ਖ਼ਿਆਲ ਰੱਖਦੀ ਹੈ। ਦਿਨ ਪੈਂਦਿਆਂ ਕਦੇ-ਕਦਾਈਂ ਬਾਹਰ ਗਲੀ ’ਚ ਖਲੋਤਿਆਂ, ਕਿਤੇ ਆਉਂਦੇ-ਜਾਂਦੇ ਜਾਂ ਮੁਹੱਲੇ ’ਚ ਕਿਸੇ ਸਮਾਗਮ ’ਚ ਮੋਹਨ ਲਾਲ ਨਾਲ ਮੇਰੀ ਮੁਲਾਕਾਤ ਹੋ ਵੀ ਜਾਂਦੀ ਤਾਂ ਭਾਵੇਂ ਬਹੁਤੀਆਂ ਗੱਲਾਂ ਤਾਂ ਨਾ ਹੁੰਦੀਆਂ ਪਰ ਫਿਰ ਵੀ ਉਹ ਪਹਿਲੇ ਦਿਨ ਵਾਲੇ ਸਖ਼ਤ ਲਹਿਜ਼ੇ ’ਚ ਨਾ ਬੋਲਦਾ।
ਫਿਰ ਇੱਕ ਐਤਵਾਰ ਨੂੰ ਮੈਂ ਬਾਹਰ ਗਲੀ ਵਿੱਚ ਬੂਹੇ ਸਾਹਮਣੇ ਦੀ ਥਾਂ ’ਤੇ ਝਾੜੂ ਮਾਰ ਰਿਹਾ ਸੀ ਕਿ ਮੋਹਨ ਲਾਲ ਆਪਣੇ ਘਰੋਂ ਬਾਹਰ ਨਿਕਲਿਆ। ‘‘ਹਾਂ ਬੇਟਾ ਜੀ, ਕੀ ਹੋ ਰਿਹਾ ਹੈ?’’
‘‘ਬਸ ਅੰਕਲ, ਕੁਝ ਨਹੀਂ। ਥਾਂ ਗੰਦੀ ਸੀ, ਮੈਂ ਕਿਹਾ ਆਪ ਝਾੜੂ ਮਾਰ ਦੇਵਾਂ। ਤੁਹਾਨੂੰ ਤਾਂ ਪਤਾ ਹੈ ਜਮਾਂਦਾਰ ਤਾਂ…?’’
‘‘ਬਰਖ਼ੁਰਦਾਰ, ਅੱਜਕੱਲ੍ਹ ਦੇ ਜ਼ਮਾਨੇ ’ਚ ਜਮਾਂਦਾਰ ਕਿੱਥੇ ਮਿਲਦੇ ਨੇ!’’ ਮੈਨੂੰ ਮੋਹਨ ਲਾਲ ਦੇ ਬੁੱਲ੍ਹਾਂ ’ਤੇ ਜਿਵੇਂ ਝੱਗ ਦਿਸਣ ਲੱਗੀ ਸੀ। ਉਹ ਹੋਰ ਕੁਝ ਬੋਲੇ ਬਿਨਾਂ ਆਪਣੇ ਘਰ ਅੰਦਰ ਜਾ ਵੜਿਆ।
ਐਤਵਾਰ ਨੂੰ ਮੈਨੂੰ ਸਬਜ਼ੀ ਮੰਡੀ ਤੋਂ ਇਕੱਠੀ ਸਬਜ਼ੀ ਖ਼ਰੀਦਣ ਦੀ ਆਦਤ ਸੀ। ਮੈਂ ਸਵੇਰੇ ਹੀ ਝੋਲਾ ਚੁੱਕ ਚਲਿਆ ਜਾਂਦਾ ਸਾਂ। ਅਜੇ ਮੈਂ ਘਰੋਂ ਬਾਹਰ ਨਿਕਲਿਆ ਹੀ ਸੀ ਕਿ ਮੋਹਨ ਲਾਲ ਆਪਣੇ ਘਰ ਦੀ ਦਹਿਲੀਜ਼ ’ਚ ਖੜੋਤਾ ਦਿਸ ਪਿਆ। ਮੈਂ ਦੋਵੇਂ ਹੱਥ ਜੋੜੇ ਹੀ ਸਨ ਕਿ ਉਹ ਆਪੇ ਬੋਲ ਪਿਆ, ‘‘ਬਰਖ਼ੁਰਦਾਰ, ਸਬਜ਼ੀ ਲੈਣ ਜਾ ਰਿਹਾ ਹੈਂ?’’ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਪਰ ਮੈਨੂੰ ਸਮਝ ਨਹੀਂ ਆਈ ਕਿ ਉਸ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਸਬਜ਼ੀ ਲੈਣ ਜਾ ਰਿਹਾਂ।
‘‘ਕਾਕਾ, ਸਬਜ਼ੀ ਤਾਂ ਫਿਰ ਲੈ ਆਈਂ। ਆ, ਪਹਿਲਾਂ ਮੈਂ ਤੈਨੂੰ ਆਪਣਾ ਘਰ ਦਿਖਾਵਾਂ।’’ ਭਾਵੇਂ ਮੇਰਾ ਮੰਡੀ ਜਾਣਾ ਕਿੰਨਾ ਵੀ ਜ਼ਰੂਰੀ ਸੀ ਪਰ ਤਾਂ ਵੀ ਮੈਂ ਮੋਹਨ ਲਾਲ ਦੇ ਪਿੱਛੇ ਤੁਰਦਾ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਇਆ। ਉਹ ਮੈਨੂੰ ਇੱਕ-ਇੱਕ ਕਮਰਾ, ਕਮਰੇ ਵਿੱਚ ਸਜਾਵਟ ਦੀ ਇੱਕ-ਇੱਕ ਚੀਜ਼ ਦਿਖਾਉਣ ਲੱਗਾ। ਦੋ ਬੈੱਡਰੂਮ, ਲੌਬੀ, ਕਿਚਨ, ਸਟੋਰ, ਡਰਾਇੰਗ-ਰੂਮ, ਪੂਜਾ ਵਾਲਾ ਕਮਰਾ ਤੇ ਫਿਰ ਬਾਹਰ ਵਿਹੜੇ ’ਚ ਘਰ ਦੇ ਇੱਕ ਖੂੰਜੇ ’ਚ ਬਣਿਆ ਬਿਨਾਂ ਪਲੱਸਤਰ ਵਾਲਾ ਕਮਰਾ ਡਰਾਇੰਗ-ਰੂਮ ਵੱਲ ਜਾਣ ਤੋਂ ਪਹਿਲਾਂ। ਮੈਂ ਉਸ ਨੂੰ ਪੁੱਛ ਹੀ ਲਿਆ, ‘‘ਅੰਕਲ ਇਹ ਕਮਰਾ…? ਬਾਕੀ ਸਾਰਿਆਂ ਵਿੱਚ ਫ਼ਰਸ਼ ’ਤੇ ਪੱਥਰ ਲੱਗਿਆ ਹੋਇਆ, ਸਾਗਵਾਨ ਦੀ ਲੱਕੜੀ ਹੈ। ਸਾਰੇ ਕਮਰਿਆਂ ਦੀ ਸਜਾਵਟ ਪਰ ਆਹ…?’’ ਡਰਾਇੰਗ-ਰੂਮ ’ਚ ਸੋਫ਼ੇ ’ਤੇ ਬੈਠਦਿਆਂ ਮੈਂ ਉਸ ਬਿਨਾਂ ਪਲੱਸਤਰ ਵਾਲੇ ਕਮਰੇ ਬਾਰੇ ਪੁੱਛਿਆ। ਮੇਰਾ ਸੁਆਲ ਅਧੂਰਾ ਰਹਿ ਗਿਆ। ਮੇਰੀ ਗੱਲ ’ਤੇ ਮੋਹਨ ਲਾਲ ਜ਼ੋਰ-ਜ਼ੋਰ ਦੀ ਹੱਸਣ ਲੱਗਾ, ‘‘ਸਾਰੇ ਮੁਹੱਲੇ ਵਾਲੇ ਵੀ ਮੈਨੂੰ ਇਹੋ ਆਖਦੇ ਨੇ ਕਿ ਆਲੀਸ਼ਾਨ ਕੋਠੀ ਦੇ ਬਾਹਰ ਆਹ ਕੀ ਨਜ਼ਰਬੱਟੂ ਲਾ ਰੱਖਿਆ ਹੈ। ਹੁਣ ਮੈਂ ਸਾਰਿਆਂ ਨੂੰ ਕਿਵੇਂ ਦੱਸਾਂ, ਕਿਵੇਂ ਸਮਝਾਵਾਂ? ਸਾਰੇ ਮੇਰੇ ਜਿਹੇ ਜਜ਼ਬਾਤੀ ਥੋੜ੍ਹਾ ਹੋ ਸਕਦੇ ਨੇ? ਫਿਰ ਸਾਰੇ ਮੇਰੇ ਵਾਂਗ ਇੱਕ-ਦੂਜੇ ਨਾਲ ਜੁੜੇ ਹੋਏ ਵੀ ਤਾਂ ਨਹੀਂ ਹੋ ਸਕਦੇ। ਜਦੋਂ ਮੇਰਾ ਵਿਆਹ ਹੋਇਆ ਤਾਂ ਇਸ ਪਲਾਟ ਵਿੱਚ ਇਹ ਕੱਚਾ ਕੋਠਾ ਬਣਿਆ ਹੋਇਆ ਸੀ, ਜਿਹੜਾ ਪਤਾ ਨਹੀਂ ਪਿਤਾ ਜੀ ਨੇ ਕਿਵੇਂ ਬਣਾਇਆ ਸੀ! ਰੁਕਮਨੀ ਮੇਰੇ ਨਾਲ ਵਿਆਹ ਕਰਵਾ ਕੇ ਇਸੇ ਕੱਚੇ ਕੋਠੇ ਵਿੱਚ ਰਹਿਣ ਲੱਗੀ।
ਵਿਆਹ ਤੋਂ ਮਹੀਨਾ ਬਾਅਦ ਹੀ ਪਿਤਾ ਜੀ ਚਲਾਣਾ ਕਰ ਗਏ। ਮੇਰੀ ਨੌਕਰੀ ਅਜੇ ਕੱਚੀ ਸੀ। ਰੁਕਮਨੀ ਬਹੁਤ ਨੇਕ ਔਰਤ ਸੀ, ਬਹੁਤ ਸਮਝਦਾਰ ਸੀ, ਬਹੁਤ ਪਿਆਰ ਵਾਲੀ ਸੀ। ਉਸ ਨੇ ਕਦੇ ਵੀ ਕਿਸੇ ਗੱਲ ਦਾ ਗਿਲਾ ਨਹੀਂ ਸੀ ਕੀਤਾ ਮੇਰੇ ਨਾਲ। ਭਾਵੇਂ ਉਹ ਕਿਵੇਂ ਵੀ ਕੱਚੇ ਕੋਠੇ ਵਿੱਚ ਰਹੀ। ਅਸੀਂ ਫਿਰ ਇਹ ਕਮਰਾ, ਜਿਸ ਦੀ ਤੂੰ ਗੱਲ ਕਰ ਰਿਹਾ ਹੈਂ, ਬਣਾਉਣ ਬਾਰੇ ਸੋਚਿਆ। ਹੌਲੀ-ਹੌਲੀ ਦੀਵਾਰਾਂ ਖੜ੍ਹੀਆਂ ਕਰਨ ਲੱਗੇ। ਪੈਸੇ ਦੀ ਥੁੜ੍ਹ ਕਰਕੇ ਅਸੀਂ ਮਜ਼ਦੂਰ ਕੋਈ ਨਹੀਂ ਲਾਇਆ। ਮੈਂ ਤਾਂ ਸਵੇਰੇ ਹੀ ਆਪਣੀ ਨੌਕਰੀ ’ਤੇ ਚਲਿਆ ਜਾਂਦਾ ਅਤੇ ਰੁਕਮਨੀ ਸਾਰਾ ਦਿਨ ਇੱਟਾਂ, ਗਾਰੇ ਵਿੱਚ ਲੱਗੀ ਰਹਿੰਦੀ। ਉਹ ਆਪਣੇ ਸਿਰ ’ਤੇ ਇੱਟਾਂ ਰੱਖ ਕੇ ਮਿਸਤਰੀਆਂ ਨੂੰ ਫੜਾਉਂਦੀ ਰਹਿੰਦੀ। ਸਾਡੇ ਕੋਲ ਮਸਾਂ ਇਤਨੇ ਪੈਸੇ ਹੀ ਸਨ, ਜਿਸ ਨਾਲ ਅਸੀਂ ਇਹ ਕਮਰਾ ਖੜ੍ਹਾ ਤਾਂ ਕਰ ਲਿਆ ਪਰ ਇਸ ਦੇ ਬਾਹਰ ਪਲੱਸਤਰ ਨਹੀਂ ਕਰਵਾ ਸਕੇ।
ਭਾਵੇਂ ਪੱਕੀ ਨੌਕਰੀ ਹੋਣ ਅਤੇ ਪੈਸੇ ਆਉਣ ’ਤੇ ਮੈਂ ਇਹ ਆਲੀਸ਼ਾਨ ਘਰ ਬਣਾ ਲਿਆ ਪਰ ਇਹ ਕਮਰਾ… ਪੁੱਤ ਇਸੇ ਕਮਰੇ ’ਚ ਪੈਦਾ ਹੋਇਆ, ਵੱਡਾ ਹੋਇਆ, ਵਿਆਹਿਆ ਗਿਆ। ਤਦੇ ਰੁਕਮਨੀ ਮੈਨੂੰ ਇਕੱਲਾ ਛੱਡ ਚਲੀ ਗਈ ਅਤੇ ਜਾਂਦੇ ਵੇਲੇ ਇਹ ਕਮਰਾ ਮੈਨੂੰ ਦੇ ਗਈ। ਪਰ ਕੋਈ ਦੂਜਾ ਇਹ ਕਿਵੇਂ ਸਮਝ ਸਕਦਾ? ਕਈ ਵਾਰੀ ਮੈਨੂੰ ਤਾਂ ਇਉਂ ਵੀ ਲੱਗਦਾ ਜਿਵੇਂ ਰੁਕਮਨੀ ਅਜੇ ਵੀ ਇਸ ਕਮਰੇ ਵਿੱਚ ਰਹਿ ਰਹੀ ਹੋਵੇ। ਉਹ ਤਾਂ ਚਲੀ ਗਈ ਪਰ ਇਸ ਕਮਰੇ ਨਾਲ ਜੁੜੀਆਂ ਉਸ ਦੀਆਂ ਯਾਦਾਂ…?’’ ਮੈਂ ਵੇਖਿਆ ਇਹ ਕਹਿੰਦਿਆਂ ਮੋਹਨ ਲਾਲ ਦੀਆਂ ਅੱਖਾਂ ਨਮ ਹੋ ਗਈਆਂ ਸਨ।
‘‘ਅੰਕਲ, ਤੁਹਾਡੇ ਘਰ ਵਿੱਚ ਨੂੰਹ ਹੈ, ਪੁੱਤ ਹੈ। ਤੁਸੀਂ ਘਰ ਕਿਵੇਂ ਤੋਰਦੇ ਹੋ?’’ ਮੈਂ ਗੱਲ ਬਦਲਦਿਆਂ ਕਿਹਾ। ਮੇਰੇ ਇਸ ਸੁਆਲ ’ਤੇ ਮੋਹਨ ਲਾਲ ਫਿਰ ਹੱਸਣ ਲੱਗਾ।
‘‘ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ? ਇੱਕ ਘਰ ਹੁੰਦੈ ਅਤੇ ਉਸ ਥੱਲੇ ਜੇ ਸਾਰਾ ਘਰ ਚੱਲੇ ਤਾਂ ਸਭ ਠੀਕ-ਠਾਕ ਰਹਿੰਦਾ। ਘਰ ਨਾਲ ਬਾਹਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ। ਔਰਤ ਤਾਂ ਘਰ ਦੀ ਚਾਰਦੀਵਾਰੀ ਦੇ ਅੰਦਰ ਹੀ ਮਾਲਕਣ ਹੁੰਦੀ ਹੈ। ਘਰ ਵਿੱਚ ਚਾਹੇ ਉਹ ਉਲਟਾ ਕਰੇ, ਸਿੱਧਾ ਕਰੇ, ਉੱਨੀ ਕਰੇ ਜਾਂ ਇੱਕੀ ਕਰੇ, ਉਸ ਨੂੰ ਕੁਝ ਨਹੀਂ ਕਹਿ ਸਕਦੇ। ਹੁਣ ਤੇਰੀ ਤਾਈ ਨੂੰ ਹੀ ਲੈ ਲਵੋ। ਉਹ ਵਿਆਹ ਕਰਵਾ ਕੇ ਪੱਚੀ ਸਾਲ ਮੇਰੇ ਨਾਲ ਰਹੀ। ਇਨ੍ਹਾਂ ਪੱਚੀ ਸਾਲਾਂ ਵਿੱਚ ਕਦੇ ਬਾਜ਼ਾਰ ਤਕ ਨਹੀਂ ਗਈ। ਅਸਲ ਵਿੱਚ ਮੈਂ ਜਾਣ ਹੀ ਨਹੀਂ ਦਿੱਤਾ। ਬਾਹਰ ਦੀ ਖ਼ਰੀਦਦਾਰੀ ਤਾਂ ਮਰਦ ਨੂੰ ਹੀ ਕਰਨੀ ਚਾਹੀਦੀ ਹੈ। ਬਾਹਰ ਗਈ ਔਰਤ ਦੀ ਦੇਹ ਵਿੱਚੋਂ ਪਰਾਏ ਮਰਦ ਦੀਆਂ ਅੱਖਾਂ ਹਮੇਸ਼ਾਂ ਆਰ-ਪਾਰ ਲੰਘਦੀਆਂ ਰਹਿਣਗੀਆਂ। ਉਹ ਤਾਂ ਪਰਾਏ ਮਰਦ ਦੀ ਨਜ਼ਰ ਵਿੱਚ ਚੜ੍ਹੀ ਹੀ ਰਹੇਗੀ। ਔਰਤਾਂ ਤਾਂ ਇੱਕ ਅਜਿਹਾ ਗਹਿਣਾ ਹੈ, ਜਿਸ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਹੁਣ ਤੂੰ ਪੁੱਤ ਨੂੰ ਵੇਖ ਲੈ। ਮੈਂ ਇਸ ਨੂੰ ਵਿਆਹ ਲਿਆ। ਐਮ.ਏ. ਪੜ੍ਹੀ ਕੁੜੀ ਹੈ ਪਰ ਮਜਾਲ ਘਰੋਂ ਬਾਹਰ ਵੀ ਚਲੀ ਜਾਵੇ। ਮੈਂ ਤਾਂ ਪੁੱਤ ਨੂੰ ਪਹਿਲੇ ਦਿਨ ਹੀ ਸਮਝਾ ਦਿੱਤਾ ਸੀ, ‘ਕਾਕਾ ਇਸ ਨੂੰ ਤੇਰੀ ਮਾਂ ਵਾਂਗ ਘਰ ਦਾ ਸ਼ਿੰਗਾਰ ਬਣਾ ਕੇ ਰੱਖੀਂ।’ ਅੱਜ-ਕੱਲ੍ਹ ਦੀਆਂ ਨੂੰਹਾਂ ਤਾਂ ਸਹੁਰੇ ਦੇ ਮੋਢੇ ਚੜ੍ਹੀਆਂ ਰਹਿੰਦੀਆਂ ਨੇ ਪਰ ਮੇਰੀ ਨੂੰਹ ਮਜਾਲ ਕਦੇ ਘੁੰਡ ਕੱਢੇ ਬਿਨਾਂ ਮੇਰੇ ਸਾਹਮਣੇ ਵੀ ਆ ਜਾਵੇ। ਮੈਂ ਤਾਂ ਅੱਜ ਤਕ ਓਹਦੀ ਸ਼ਕਲ ਤਾਂ ਕੀ ਉਂਗਲ ਵੀ ਨ੍ਹੀਂ ਵੇਖੀ। ਉਹ ਮੇਰੇ ਸਾਹਮਣੇ ਹੁੰਦੀ ਹੀ ਨਹੀਂ। ਮੈਨੂੰ ਤਾਂ ਰੋਟੀ ਵੀ ਪੁੱਤ ਹੀ ਖੁਆਉਂਦਾ ਹੈ। ਲੈ ਮੈਂ ਕਿਹੜੀਆਂ ਗੱਲਾਂ ਲੈ ਬੈਠਾ? ਤੂੰ ਤਾਂ ਸਬਜ਼ੀ ਲੈਣ ਜਾਣਾ ਸੀ। ਚੱਲ ਕਦੇ ਫਿਰ ਬੈਠਾਂਗੇ। ਅਜੇ ਤਾਂ ਮੇਰੇ ਕੋਲ ਦੱਸਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਨੇ।’’
ਮੈਂ ਖ਼ਾਸਾ ਚਿਰ ਮੋਹਨ ਲਾਲ ਕੋਲ ਬੈਠ ਬਾਹਰ ਨਿਕਲਿਆ। ਉਸ ਦੀਆਂ ਬਹੁਤ ਸਾਰੀਆਂ ਗੱਲਾਂ ਮਨ ’ਚ ਘੁੰਮ ਰਹੀਆਂ ਸਨ ਜਿਹੜੀਆਂ ਅੱਜ ਦੇ ਵਕਤ ਨਾਲ ਮੇਲ ਨਹੀਂ ਖਾਂਦੀਆਂ।
ਦੋ ਹਫ਼ਤੇ ਲੰਘ ਗਏ ਪਰ ਮੈਂ ਮੋਹਨ ਲਾਲ ਨੂੰ ਨਹੀਂ ਵੇਖਿਆ। ਗੁੱਡ ਫਰਾਈਡੇ ਦੀ ਛੁੱਟੀ ਹੋਣ ਕਰਕੇ ਮੈਂ ਸਵੇਰੇ ਇੱਕ ਮਿੱਤਰ ਦੇ ਘਰ ਜਾਣ ਦੀ ਸੋਚੀ। ਤਿਆਰ ਹੋ ਕੇ ਅਜੇ ਬਾਹਰ ਨਿਕਲਿਆ ਹੀ ਸੀ ਕਿ ਬੂਹੇ ’ਤੇ ਮੋਹਨ ਲਾਲ ਨੂੰ ਖੜ੍ਹੇ ਵੇਖਿਆ। ਮੈਂ ਦੋਵੇਂ ਹੱਥ ਜੋੜ ਉਸ ਨੂੰ ਬੰਦਨਾ ਕੀਤੀ ਪਰ ਉਸ ਨੇ ਪਹਿਲਾਂ ਵਾਂਗ ਕੋਈ ਗਰਮਜੋਸ਼ੀ ਨਹੀਂ ਦਿਖਾਈ।
‘‘ਕੀ ਗੱਲ ਅੰਕਲ, ਤਬੀਅਤ ਤਾਂ ਠੀਕ ਹੈ?’’ ਮੈਂ ਤਾਂ ਐਵੇਂ ਪੁੱਛ ਬੈਠਾ ਪਰ ਉਹ ਠਾਹ ਕਰਕੇ ਮੇਰੇ ’ਤੇ ਵੱਜਾ।
‘‘ਓਏ ਮੇਰੀ…ਤਬੀਅਤ ਨੂੰ ਕੀ ਗੋਲੀ ਵੱਜੀ ਹੈ? ਮੈਨੂੰ ਤਾਂ ਆਪਣੀ ਔਲਾਦ ’ਤੇ ਗੁੱਸਾ ਹੈ।’’
‘‘ਅੰਕਲ ਔਲਾਦ ਨੇ ਕੀ ਵਿਗਾੜ ਦਿੱਤਾ?’’ ਮੈਂ ਸਹਿਜ ਨਾਲ ਪੁੱਛਿਆ।
‘‘ਵਿਗਾੜ ਦਿੱਤਾ। ਉਹ ਦੋਵੇਂ ਮੀਆਂ-ਬੀਵੀ ਵਿਗਾੜਣ ਹੀ ਤਾਂ ਲੱਗੇ ਸਨ। ਇਹ ਤਾਂ ਮੈਂ ਹੀ ਉਨ੍ਹਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ।’’
ਅਜੇ ਮੈਂ ਉਸ ਨੂੰ ਪੁੱਛਣ ਲੱਗਾ ਹੀ ਸਾਂ ਕਿ ਉਹ ਆਪੇ ਗੱਲ ਜਾਰੀ ਰੱਖਦਾ ਹੋਇਆ ਬੋਲਣ ਲੱਗਾ, ‘‘ਹੋਣਾ ਕੀ ਸੀ? ਕੱਲ੍ਹ ਪੁੱਤ ਅਤੇ ਨੂੰਹ ਮੇਰੇ ਸਾਹਮਣੇ ਆ ਖੜ੍ਹੇ ਹੋ ਗਏ। ਮੈਂ ਬੋਲਿਆ ਕੁਝ ਨਹੀਂ, ਬਸ ਉਨ੍ਹਾਂ ਦੋਵਾਂ ਵੱਲ ਵੇਖਦਾ ਰਿਹਾ। ਗੱਲ ਫਿਰ ਪੁੱਤ ਨੇ ਆਪ ਸ਼ੁਰੂ ਕੀਤੀ। ਬਹੂ ਚੁੱਪ ਰਹੀ ਪਰ ਪੁੱਤ ਬੋਲਣ ਲੱਗਾ, ‘ਪਿਤਾ ਜੀ, ਜੇ ਤੁਸੀਂ ਇਜਾਜ਼ਤ ਦੇਵੋ ਤਾਂ ਤੁਹਾਡੀ ਨੂੰਹ ਨੂੰ ਨੌਕਰੀ ’ਤੇ ਜਾਣ ਦੇਵਾਂ?’ ਮੈਂ ਤਾਂ ਹੈਰਾਨ ਹੋਇਆ ਉਸ ਦੇ ਮੂੰਹ ਵੱਲ ਵੇਖਣ ਲੱਗਾ। ਮੈਨੂੰ ਤਾਂ ਇਹੋ ਸਮਝ ਨਾ ਆਵੇ ਕਿ ਉਸ ਨੇ ਮੇਰੇ ਕੋਲੋਂ ਇਹ ਸੁਆਲ ਪੁੱਛਣ ਦੀ ਹਿੰਮਤ ਕਿਵੇਂ ਕੀਤੀ। ਇੱਕ ਵਾਰੀ ਤਾਂ ਮੇਰੇ ਮਨ ਆਇਆ ਚਪੇੜ ਮਾਰਾਂ ਮੁੰਡੇ ਦੇ ਮੂੰਹ ’ਤੇ ਪਰ ਮੈਂ ਆਪਣੇ ’ਤੇ ਕਾਬੂ ਪਾ ਉਸ ਨੂੰ ਪੁੱਛਿਆ, ‘ਕੀ ਲੋੜ ਪੈ ਗਈ ਬਹੂ ਨੂੰ ਨੌਕਰੀ ਕਰਨ ਦੀ?’ ‘ਹੋਰ ਤਾਂ ਬਾਬੂ ਜੀ ਕੁਝ ਨਹੀਂ, ਘਰ ’ਚ ਚਾਰ ਪੈਸੇ ਲਿਆਵੇਗੀ ਤਾਂ ਹੱਥ ਹੋਰ ਖੁੱਲ੍ਹਾ ਹੋ ਜਾਵੇਗਾ।’ ਇਹ ਸੁਣ ਮੈਂ ਉਨ੍ਹਾਂ ਨੂੰ ਫਿਟਕਾਰ ਪਾ ਨਾਂਹ ਕਰ ਦਿੱਤੀ। ਉਹ ਦੋਵੇਂ ਤਾਂ ਆਪਣੇ ਕਮਰੇ ਵਿੱਚ ਚਲੇ ਗਏ ਪਰ ਉਸ ਵੇਲੇ ਰੁਕਮਨੀ ਦੀ ਮੈਨੂੰ ਬਹੁਤ ਯਾਦ ਆਈ। ਕਿਵੇਂ ਉਸ ਨੇ ਬਹੁਤ ਔਖੇ ਦਿਨ ਵੇਖੇ, ਬਹੁਤ ਸੌਖੇ ਦਿਨ ਵੇਖੇ ਪਰ ਮੇਰਾ ਸਾਥ ਨਹੀਂ ਛੱਡਿਆ। ਪੱਚੀ ਸਾਲ ਮੇਰੇ ਨਾਲ ਨਿਭਾਹ ਕੀਤਾ। ਕੋਈ ਗਿਲਾ ਨਹੀਂ ਕੀਤਾ, ਕੁਝ ਨਹੀਂ ਕਿਹਾ। ਹੱਥ ਸੁਖਾਲਾ ਰਿਹਾ ਜਾਂ ਔਖਾ ਰਿਹਾ।’’
ਮਹੀਨਾ ਲੰਘ ਗਿਆ ਪਰ ਮੋਹਨ ਲਾਲ ਨਾਲ ਮੁਲਾਕਾਤ ਨਹੀਂ ਹੋ ਸਕੀ। ਸ਼ਾਇਦ ਕੰਮ ’ਚ ਰੁੱਝਿਆ ਹੋਵੇਗਾ। ਇਹੋ ਸੋਚ ਮੈਂ ਅਣਗੌਲਾ ਜਿਹਾ ਰਿਹਾ ਪਰ ਇੱਕ ਦਿਨ ਸਵੇਰੇ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਮੋਹਨ ਲਾਲ ਦਹਿਲੀਜ਼ ’ਚ ਖੜੋਤਾ ਸੀ।
‘‘ਕੀ ਗੱਲ ਅੰਕਲ, ਲੱਗਦੈ ਬਹੁਤ ਜ਼ਿਆਦਾ ਰੁੱਝੇ ਹੋਏ ਹੋ ਕੰਮ ’ਚ! ਤਾਹੀਓਂ ਕਦੇ ਦਰਸ਼ਨ ਨਹੀਂ ਹੁੰਦੇ।’’
‘‘ਨਹੀਂ ਕਾਕਾ, ਹੁਣ ਤਾਂ ਮੈਂ ਵਿਹਲਾ ਹੀ ਵਿਹਲਾ ਹਾਂ।’’
‘‘ਅੰਕਲ ਮੈਂ ਸਮਝਿਆ ਨਹੀਂ!’’ ਮੈਂ ਪੁੱਛਿਆ,
‘‘ਕੀ ਕਰਾਂ ਬਈ ਸਰਕਾਰ ਨੇ ਹੁਣ ਮੈਨੂੰ ਬੁੱਢਿਆਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ। ਰਿਟਾਇਰਮੈਂਟ ਮਿਲ ਗਈ ਹੈ ਮੈਨੂੰ। ਹੁਣ ਤਾਂ ਮੈਂ ਵਿਹਲਾ ਹੀ ਵਿਹਲਾ ਹਾਂ।’’
‘‘ਠੀਕ ਹੋਇਆ ਅੰਕਲ ਸਾਰੀ ਉਮਰ ਬਹੁਤ ਨੌਕਰੀ ਕਰ ਲਈ ਹੁਣ ਆਰਾਮ ਕਰੋ।’’
‘‘ਹਾਂ ਬਰਖ਼ੁਰਦਾਰ ਹੁਣ ਤਾਂ ਆਰਾਮ ਹੀ ਆਰਾਮ ਹੈ।’’
ਫਿਰ ਕਦੇ-ਕਦਾਈਂ ਮੋਹਨ ਲਾਲ ਮਿਲ ਜਾਂਦਾ ਤਾਂ ਉਹ ਪੁੱਤ-ਨੂੰਹ ਦੀਆਂ ਗੱਲਾਂ ਜ਼ਰੂਰ ਕਰਦਾ। ਉਸ ਨੇ ਦੱਸਿਆ ਕਿ ਹੁਣ ਉਹ ਉਸ ਦੀ ਇੰਨੀ ਪ੍ਰਵਾਹ ਨਹੀਂ ਕਰਦੇ, ਜਿੰਨੀ ਚਿੰਤਾ ਉਨ੍ਹਾਂ ਨੂੰ ਪਹਿਲਾਂ ਹੁੰਦੀ ਸੀ ਜਦੋਂ ਉਹ ਨੌਕਰੀ ਕਰਦਾ ਸੀ। ਫਿਰ ਇੱਕ ਦਿਨ ਉਸ ਨੇ ਦੱਸਿਆ ਕਿ ਜਦੋਂ ਉਹ ਦੁਪਹਿਰੇ ਸੌਂ ਜਾਂਦਾ ਹੈ ਤਾਂ ਨੂੰਹ ਉਸ ਨੂੰ ਸੁੱਤਾ ਪਿਆ ਵੇਖ ਚੁੱਪ-ਚਾਪ ਤਿਆਰ ਹੋ ਕੇ ਘਰੋਂ ਬਾਹਰ ਨਿਕਲ ਜਾਂਦੀ ਹੈ। ਉਸ ਦੀ ਕੋਈ ਪ੍ਰਵਾਹ ਨਹੀਂ ਕਰਦੀ। ਉਸ ਨੂੰ ਇਹ ਵੀ ਗਿਲਾ ਸੀ ਕਿ ਹੁਣ ਉਸ ਦੀ ਸੱਸ ਤਾਂ ਰਹੀ ਨਹੀਂ। ਉਹ ਭਾਵੇਂ ਉੱਨੀ ਕਰੇ ਜਾਂ ਇੱਕੀ ਕਰੇ।
ਇੱਕ ਦਿਨ ਰਾਤੀਂ ਅਸੀਂ ਸੌਣ ਲੱਗੇ ਸੀ ਕਿ ਕਿਸੇ ਨੇ ਜ਼ੋਰ-ਜ਼ੋਰ ਦੀ ਬਾਹਰ ਦਾ ਦਰਵਾਜ਼ਾ ਖੜਕਾਇਆ। ਜਦੋਂ ਮੈਂ ਬੂਹਾ ਖੋਲ੍ਹ ਵੇਖਿਆ ਤਾਂ ਬਾਹਰ ਮੋਹਨ ਲਾਲ ਖਲੋਤਾ ਸੀ।
‘‘ਅੰਕਲ ਕੀ ਗੱਲ?’’ ਮੈਂ ਹੈਰਾਨ ਹੁੰਦਿਆ ਕਿਹਾ।
‘‘ਆਓ, ਅੰਦਰ ਲੰਘ ਆਓ।’’ ਅਸੀਂ ਡਰਾਇੰਗ-ਰੂਮ ਵਿੱਚ ਆ ਬੈਠੇ। ਮੈਂ ਵੇਖਿਆ ਉਸ ਦਾ ਚਿਹਰਾ ਗਰਮ ਤਾਂਬੇ ਵਾਂਗ ਤਪ ਰਿਹਾ ਸੀ। ‘‘ਅੰਕਲ ਸਭ ਠੀਕ ਤਾਂ ਹੈ?’’ ਮੈਂ ਪੁੱਛਿਆ।
‘‘ਓਏ ਕਾਹਦਾ ਠੀਕ ਹੈ ਕਾਕਾ? ਹੁਣ ਕੁਝ ਚਿਰ ਪਹਿਲਾਂ ਪੁੱਤ ਅਤੇ ਨੂੰਹ ਮੇਰੇ ਕੋਲ ਚੁੱਪ-ਚਾਪ ਆ ਖੜੋ ਗਏ। ਮੈਂ ਪੁੱਛਿਆ ਕੀ ਹੋਇਆ? ‘ਅਸੀਂ ਪਿਤਾ ਜੀ ਤੁਹਾਡੇ ਨਾਲ ਇੱਕ ਸਲਾਹ ਕਰਨੀ ਹੈ।’ ਮੈਂ ਸੋਚਿਆ ਪੁੱਤ ਸਿਆਣਾ ਹੋ ਗਿਆ, ਕੋਈ ਚੰਗੀ ਕਰੇਗਾ ਪਰ ਉਸ ਨੇ ਗੱਲ ਇਸ ਤਰ੍ਹਾਂ ਛੇੜੀ, ‘ਪਿਤਾ ਜੀ ਜੇ ਤੁਸੀਂ ਕਹੋ ਤਾਂ ਵਿਹੜੇ ਦੇ ਖੂੰਜੇ ’ਚ ਬਣਿਆ ਇਹ ਬਿਨਾਂ ਪਲੱਸਤਰ ਵਾਲਾ ਕਮਰਾ ਅਸੀਂ ਤੁੜਵਾ ਨਾ ਦੇਈਏ? ਕਿੰਨਾ ਭੈੜਾ ਲੱਗਦਾ ਹੈ ਇਹ ਬਾਹਰ ਘਰ ਦੇ ਮੱਥੇ ’ਤੇ ਖੜੋਤਾ। ਮੇਰੇ ਤਾਂ ਕਈ ਮਿੱਤਰ ਵੀ ਕਹਿ ਚੁੱਕੇ ਨੇ ਕਿ ਇਸ ਨੇ ਤਾਂ ਕੋਠੀ ਦੀ ਸ਼ਾਨ ਹੀ ਮਾਰ ਰੱਖੀ ਹੈ।’ ਇਸ ਸੁਣਦਿਆਂ ਸਾਰ ਮੈਨੂੰ ਤਾਂ ਜਿਵੇਂ ਅੱਗ ਲੱਗ ਗਈ। ਬਸ ਕਾਕਾ ਮੈਂ ਕੁਝ ਕਰ ਹੀ ਨਹੀਂ ਸਕਿਆ… ਮੇਰਾ ਸਰੀਰ ਗੁੱਸੇ ਨਾਲ ਕੰਬਣ ਲੱਗਾ ਅਤੇ ਮੇਰੇ ਮੂੰਹੋਂ ਬਸ ਇਹੋ ਨਿਕਲਿਆ, ‘ਓਏ ਮੇਰੇ ਬਣਾਏ ਨੂੰ ਤਾਂ ਢਾਹੁਣ ਲਈ ਤੂੰ ਰਾਜ਼ੀ ਹੋ ਗਿਆ। ਇਸ ਵਿੱਚ ਇੱਕ ਨਵੀਂ ਇੱਟ ਤਾਂ ਲਗਾ ਕੇ ਦਿਖਾ।’ ਕਾਕਾ ਉਨ੍ਹਾਂ ਨੂੰ ਕੀ ਪਤਾ ਕਿ ਇਸ ਬਿਨਾਂ ਪਲੱਸਤਰ ਦੇ ਕੋਠੇ ਨਾਲ ਮੈਂ ਕਿਵੇਂ ਜੁੜਿਆ ਹੋਇਆ ਹਾਂ। ਜਦੋਂ ਵੀ ਮੈਂ ਇਸ ਵੱਲ ਵੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਜਿਵੇਂ ਰੁਕਮਨੀ ਅਜੇ ਵੀ ਸਿਰ ’ਤੇ ਇੱਟਾਂ ਚੁੱਕੀ ਮਿਸਤਰੀਆਂ ਨੂੰ ਫੜਾ ਰਹੀ ਹੋਵੇ। ਜੇ ਇਹ ਕਮਰਾ ਹੀ ਨਾ ਰਿਹਾ ਤਾਂ ਕੀ ਰੁਕਮਨੀ ਮੇਰੇ ਕੋਲੋਂ ਦੂਰ ਨਹੀਂ ਹੋ ਜਾਵੇਗੀ? ਪਰ ਅੱਜ ਦੀ ਪੀੜ੍ਹੀ ਸਾਡੇ ਜਿੰਨੀ ਭਾਵੁਕ ਕਿੱਥੇ ਹੋ ਸਕਦੀ ਹੈ? ਬਸ ਕਾਕਾ ਇਸ ਤੋਂ ਬਾਅਦ ਤਾਂ ਅੰਦਰ ਇੰਨਾ ਮਾੜਾ-ਮਾੜਾ ਹੋ ਗਿਆ ਕਿ ਮੈਂ ਤਾਂ ਰੋਟੀ ਵੀ ਨਹੀਂ ਖਾਧੀ। ਗਰਾਹੀ ਅੰਦਰ ਲੰਘੇ ਹੀ ਨਾ।’’
ਉਸ ਦੀ ਅਜਿਹੀ ਸੋਚ ਵੇਖ ਮੇਰਾ ਅੰਦਰ ਵੀ ਜਿਵੇਂ ਦੁੱਖ ਅਤੇ ਅਫ਼ਸੋਸ ਨਾਲ ਭਰ ਗਿਆ।
ਦਿਨ ਲੰਘਦੇ ਗਏ। ਕਦੇ-ਕਦਾਈਂ ਮੋਹਨ ਲਾਲ ਨਾਲ ਮੇਲ ਹੋ ਜਾਂਦਾ ਤਾਂ ਵੀ ਉਹ ਕੁਝ ਬੋਲਦਾ ਹੀ ਨਾ। ਪੁੱਤ-ਨੂੰਹ ਬਾਰੇ ਕੁਝ ਨਾ ਦੱਸਦਾ। ਬਸ ਚੁੱਪ-ਚਾਪ ਜਿਹਾ, ਡਰਿਆ ਜਿਹਾ ਸਾਹਮਣੇ ਬੈਠਾ ਰਹਿੰਦਾ। ਮੈਨੂੰ ਜਾਪਦਾ ਜਿਵੇਂ ਇਹ ਸਾਰਾ ਕੁਝ ਕਮਰਾ ਤੋੜਨ ਵਾਲੀ ਗੱਲ ਬਾਅਦ ਹੀ ਹੋਇਆ ਸੀ।
ਇੱਕ ਐਤਵਾਰ ਨੂੰ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਗਲੀ ਵਿੱਚ ਮੋਹਨ ਲਾਲ ਦੇ ਘਰ ਮੂਹਰੇ ਤਿੰਨ-ਚਾਰ ਸਕੂਟਰਾਂ ’ਤੇ ਪੰਜ-ਛੇ ਬੰਦੇ ਖੜ੍ਹੇ ਵੇਖੇ। ਸਬਜ਼ੀ ਮੰਡੀ ਵੱਲ ਜਾਂਦੇ ਮੇਰੇ ਕਦਮ ਰੁਕ ਗਏ।
‘‘ਕੀ ਗੱਲ ਭਾਈ ਸਾਹਿਬ?’’ ਮੈਂ ਉਨ੍ਹਾਂ ਪੰਜ-ਛੇ ਬੰਦਿਆਂ ਵਿੱਚੋਂ ਇੱਕ ਕੋਲੋਂ ਪੁੱਛਿਆ।
‘‘ਮੋਹਨ ਲਾਲ ਜੀ ਪੂਰੇ ਹੋ ਗਏ।’’
‘‘ਪੂਰੇ ਹੋ ਗਏ…? ਰਾਤੀਂ ਤਾਂ ਉਹ ਮੇਰੇ ਕੋਲ ਕਿੰਨਾ ਚਿਰ ਬੈਠੇ ਗੱਲਾਂ ਕਰਦੇ ਰਹੇ।’’
‘‘ਹਾਂ ਭਾਈ ਸਾਹਿਬ, ਰਾਤੀਂ ਚੰਗੇ-ਭਲੇ ਘਰ ਆਏ। ਉਨ੍ਹਾਂ ਦੇ ਪੁੱਤ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਦੇ ਉਹ ਬਹੁਤ ਚੁੱਪ-ਚੁੱਪ ਜਿਹੇ ਹੋ ਗਏ ਸੀ। ਕਿਸੇ ਨਾਲ ਬੋਲਦੇ ਨਹੀਂ ਸਨ। ਪੁੱਤ ਨੂੰ ਵੀ ਕੁਝ ਨਾ ਕਹਿੰਦੇ। ਬਸ ਰਾਤੀਂ ਸੁੱਤੇ ਤੇ…।’’
ਉਸ ਨੇ ਗੱਲ ਅਧੂਰੀ ਛੱਡ ਦਿੱਤੀ। ਮੈਂ ਆਪਣੇ ਘਰ ਜਾ ਸਬਜ਼ੀ ਵਾਲਾ ਝੋਲਾ ਇੱਕ ਪਾਸੇ ਰੱਖ ਮੁੜ ਬਾਹਰ ਵਿਹੜੇ ’ਚ ਪਹੁੰਚਿਆ ਤਾਂ ਵੇਖਿਆ ਉਸ ਦਾ ਮ੍ਰਿਤਕ ਸਰੀਰ ਧਰਤੀ ’ਤੇ ਪਿਆ ਸੀ। ਦੇਹ ਨੂੰ ਚਿੱਟੇ ਕੱਪੜੇ ਨਾਲ ਕੱਜਿਆ ਹੋਇਆ ਸੀ ਪਰ ਮੂੰਹ ਉਸ ਦਾ ਨੰਗਾ ਸੀ।
ਕਈ ਔਰਤਾਂ ਅਤੇ ਮਰਦ ਵਿਹੜੇ ’ਚ ਬੈਠੇ ਮੋਹਨ ਲਾਲ ਦੀਆਂ ਹੀ ਗੱਲਾਂ ਕਰ ਰਹੇ ਸਨ। ਉਸ ਦਾ ਪੁੱਤ, ਪਿਓ ਨੂੰ ਸ਼ਮਸ਼ਾਨਘਾਟ ਲਿਜਾਣ ਦੀ ਤਿਆਰੀ ਕਰਨ ਵਿੱਚ ਰੁੱਝਿਆ ਹੋਇਆ ਸੀ। ਮੋਹਨ ਲਾਲ ਦੀ ਨੂੰਹ ਔਰਤਾਂ ਵਿੱਚ ਘਿਰੀ ਬੈਠੀ ਸੀ। ਜਿਸ ਨੇ ਸਾਰੀ ਉਮਰ ਸਹੁਰੇ ਨੂੰ ਆਪਣੀ ਉਂਗਲ ਨਹੀਂ ਸੀ ਦਿਖਾਈ, ਉਸ ਨੇ ਹੁਣ ਸਿਰ ’ਤੇ ਚੁੰਨੀ ਵੀ ਨਹੀਂ ਸੀ ਲਈ ਹੋਈ ਸਗੋਂ ਉਹ ਤਾਂ ਚੁੱਪ-ਚਾਪ ਜਿਹੀ ਮੂੰਹ ਨੰਗਾ ਕਰੀ ਫ਼ਰਸ਼ ’ਤੇ ਵਿਛੀ ਦਰੀ ਉੱਤੇ ਬੈਠੀ ਮੋਹਨ ਲਾਲ ਦੀ ਦੇਹ ਨੂੰ ਵੇਖ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਤਾਂ ਸਹੁਰੇ ਦਾ ਰੱਤੀ ਭਰ ਵੀ ਡਰ ਨਹੀਂ ਸੀ।
ਮੈਨੂੰ ਲੱਗਾ ਜਿਵੇਂ ਹੁਣ ਇਸ ਘਰ ਵਿੱਚ ਕਿਸੇ ਨੂੰ ਕਿਸੇ ਦਾ ਵੀ ਡਰ ਨਹੀਂ। ਸਾਰੇ ਮੋਹਨ ਲਾਲ ਦੇ ਬਣਾਏ ਅਸੂਲਾਂ ਦੇ ਪਿੰਜਰੇ ਦਾ ਦਰਵਾਜ਼ਾ ਖੋਲ੍ਹ ਆਜ਼ਾਦ ਹੋ ਗਏ ਸਨ।
ਮੇਰੀ ਨਜ਼ਰ ਇੱਕ ਵਾਰੀ ਮੋਹਨ ਲਾਲ ਦੇ ਮ੍ਰਿਤਕ ਸਰੀਰ ’ਤੇ ਚਲੀ ਗਈ। ਉਹ ਚੁੱਪ-ਚਾਪ ਚਿੱਟੀ ਚਾਦਰ ’ਚ ਲਿਪਟਿਆ ਧਰਤੀ ’ਤੇ ਪਿਆ ਸੀ। ਉਸ ਦੀਆਂ ਅੱਖਾਂ ਬੰਦ ਸਨ ਜਿਨ੍ਹਾਂ ਨੂੰ ਵੇਖ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਮੋਹਨ ਲਾਲ ਸੌਂ ਗਿਆ ਸੀ, ਹਮੇਸ਼ਾਂ ਲਈ ਸੌਂ ਗਿਆ ਸੀ। ਤਾਹੀਓਂ ਤਾਂ ਉਸ ਦੀ ਨੂੰਹ ਵਿਹੜੇ ਵਿੱਚ ਜੁੜੇ ਲੋਕਾਂ ’ਚ ਮੂੰਹ ਨੰਗਾ ਕਰੀ ਬੈਠੀ ਸੀ। ਉਸ ਨੂੰ ਤਾਂ ਸਹੁਰੇ ਦਾ ਵੀ ਕੋਈ ਡਰ ਨਹੀਂ ਸੀ। ਕੋਈ ਭੈਅ ਨਹੀਂ ਸੀ।
ਪੰਦਰਾਂ ਦਿਨ ਹੋ ਗਏ ਨੇ ਮੋਹਨ ਲਾਲ ਨੂੰ ਪੂਰਾ ਹੋਇਆਂ। ਮੈਨੂੰ ਬਹੁਤ ਯਾਦ ਆਉਂਦੀ ਹੈ ਉਸ ਦੀ। ਮੇਰਾ ਬਹੁਤ ਵਧੀਆ ਸਾਥ ਜੋ ਟੁੱਟ ਗਿਆ ਸੀ।
ਇੱਕ ਸਵੇਰ ਦਫ਼ਤਰ ਜਾਣ ਲਈ ਮੈਂ ਘਰੋਂ ਬਾਹਰ ਨਿਕਲਿਆ ਤਾਂ ਵੇਖਿਆ ਪੰਜ-ਛੇ ਮਜ਼ਦੂਰ ਮੋਹਨ ਲਾਲ ਦੇ ਘਰ ਦੇ ਬਾਹਰ ਬਣੇ ਬਿਨਾਂ ਪਲੱਸਤਰ ਵਾਲੇ ਕਮਰੇ ਨੂੰ ਹਥੌੜਿਆਂ ਨਾਲ ਤੋੜ ਰਹੇ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ