Mozelle (Story in Punjabi) : Saadat Hasan Manto
ਮੋਜ਼ੇਲ (ਕਹਾਣੀ) : ਸਆਦਤ ਹਸਨ ਮੰਟੋ
ਚਾਰ ਵਰ੍ਹਿਆਂ ਵਿਚ ਪਹਿਲੀ ਵਾਰ—ਹਾਂ, ਪਹਿਲੀ ਵਾਰ ਤਿਰਲੋਚਨ ਨੇ ਰਾਤ ਨੂੰ ਆਸਮਾਨ ਦੇਖਿਆ ਸੀ ਤੇ ਉਹ ਵੀ ਇਸ ਲਈ ਕਿ ਉਸਦੀ ਤਬੀਅਤ ਬੜੀ ਘਬਰਾ ਰਹੀ ਸੀ ਤੇ ਉਹ ਸਿਰਫ਼ ਕੁਝ ਦੇਰ ਖੁੱਲ੍ਹੀ ਹਵਾ ਵਿਚ ਸੋਚਣ ਲਈ ਅਡਵਾਨੀ ਚੈਂਬਰ ਦੇ ਟੈਰੇਸ 'ਤੇ ਚਲਾ ਗਿਆ ਸੀ।
ਆਸਮਾਨ ਬਿਲਕੁਲ ਸਾਫ਼ ਸੀ ਤੇ ਵੱਡੇ ਸਾਰੇ ਖਾਕੀ ਤੰਬੂ ਵਾਂਗ ਪੂਰੀ ਬੰਬਈ ਉੱਤੇ ਤਣਿਆਂ ਹੋਇਆ ਸੀ। ਜਿੱਥੋਂ ਤੀਕ ਨਜ਼ਰ ਜਾ ਸਕਦੀ ਸੀ, ਬੱਤੀਆਂ ਹੀ ਬੱਤੀਆਂ ਨਜ਼ਰ ਆਉਂਦੀਆਂ ਸਨ। ਤਿਰਲੋਚਨ ਨੂੰ ਇੰਜ ਮਹਿਸੂਸ ਹੋਇਆ ਸੀ ਕਿ ਆਸਮਾਨ ਦੇ ਬਹੁਤ ਸਾਰੇ ਤਾਰੇ ਝੜ ਕੇ ਬਿਲਡਿੰਗਾਂ ਵਿਚ, ਜਿਹੜੀਆਂ ਰਾਤ ਦੇ ਹਨੇਰੇ ਵਿਚ ਵੱਡੇ-ਵੱਡੇ ਰੁੱਖ ਲੱਗ ਰਹੀਆਂ ਸਨ, ਅਟਕ ਗਏ ਸਨ ਤੇ ਜੁਗਨੂੰਆਂ ਵਾਂਗ ਟਿਮਟਿਮਾ ਰਹੇ ਸਨ।
ਤਿਰਲੋਚਨ ਲਈ ਇਹ ਇਕ ਬਿਲਕੁਲ ਨਵਾਂ ਅਨੁਭਵ ਸੀ ਇਕ ਨਵੀਂ ਸਥਿਤੀ ਸੀ—ਰਾਤ ਨੂੰ ਖੁੱਲ੍ਹੇ ਆਸਮਾਨ ਹੇਠ ਸੌਣਾ। ਉਸਨੇ ਮਹਿਸੂਸ ਕੀਤਾ ਕਿ ਉਹ ਚਾਰ ਵਰ੍ਹੇ ਤੀਕ ਆਪਣੇ ਫਲੈਟ ਵਿਚ ਕੈਦ ਰਿਹਾ ਤੇ ਕੁਦਰਤ ਦੀ ਇਕ ਬੜੀ ਵੱਡੀ ਦਾਤ ਤੋਂ ਵਾਂਝਾ ਵੀ। ਲਗਭਗ ਤਿੰਨ ਵੱਜੇ ਸਨ। ਹਵਾ ਬੜੀ ਹਲਕੀ ਫੁਲਕੀ ਸੀ। ਤਿਰਲੋਚਨ ਪੱਖੇ ਦੀ ਨਕਲੀ ਹਵਾ ਦਾ ਆਦੀ ਸੀ, ਜਿਹੜੀ ਉਸਦੇ ਸਾਰੇ ਸਰੀਰ ਵਿਚ ਭਾਰੀਪਨ ਪੈਦਾ ਕਰ ਦਿੰਦੀ ਸੀ। ਸਵੇਰੇ ਉਠ ਕੇ ਉਹ ਹਮੇਸ਼ਾ ਇੰਜ ਮਹਿਸੂਸ ਕਰਦਾ ਸੀ, ਜਿਵੇਂ ਉਸਨੂੰ ਸਾਰੀ ਰਾਤ ਕੁੱਟਿਆ-ਮਾਰਿਆ ਜਾਂਦਾ ਰਿਹਾ ਹੋਵੇ। ਪਰ ਅੱਜ ਸਵੇਰ ਦੀ ਕੁਦਰਤੀ ਹਵਾ ਵਿਚੋਂ ਤਰੋਤਾਜ਼ਗੀ ਚੂਸ ਕੇ ਉਸਦੇ ਸਰੀਰ ਦਾ ਰੋਮ-ਰੋਮ ਤਰਿਪਤ ਹੋ ਰਿਹਾ ਸੀ। ਜਦੋਂ ਉਹ ਉੱਤੇ ਆਇਆ ਸੀ ਤਾਂ ਉਸਦਾ ਦਿਲ ਬੜਾ ਘਬਰਾ ਰਿਹਾ ਸੀ। ਪਰ ਅੱਧੇ ਘੰਟੇ ਵਿਚ ਹੀ ਜਿਹੜੀ ਬੇਚੈਨੀ ਤੇ ਘਬਰਾਟ ਉਸਨੂੰ ਦੁਖੀ ਕਰ ਰਹੀ ਸੀ, ਕਿਸੇ ਹੱਦ ਤਕ ਦੂਰ ਹੋ ਗਈ ਸੀ। ਹੁਣ ਉਹ ਸਪਸ਼ਟ ਰੂਪ ਵਿਚ ਸੋਚ ਸਕਦਾ ਸੀ।
ਕਿਰਪਾਲ ਕੌਰ ਤੇ ਉਸਦਾ ਪਰਿਵਾਰ ਉਸ ਮੁਹੱਲੇ ਵਿਚ ਸਨ, ਜਿਹੜਾ ਕੱਟੜ ਮੁਸਲਮਾਨਾਂ ਦਾ ਗੜ੍ਹ ਸੀ। ਇੱਥੇ ਕਈ ਘਰਾਂ ਨੂੰ ਅੱਗ ਲਾ ਦਿੱਤੀ ਗਈ ਸੀ। ਤਿਰਲੋਚਨ ਉਹਨਾਂ ਸਾਰਿਆਂ ਨੂੰ ਉੱਥੋਂ ਲੈ ਆਉਂਦਾ, ਪਰ ਮੁਸੀਬਤ ਇਹ ਸੀ ਕਿ ਉੱਥੇ ਕਰਫ਼ਿਊ ਲੱਗ ਗਿਆ ਸੀ ਤੇ ਉਹ ਵੀ ਪਤਾ ਨਹੀਂ ਕਿੰਨੇ ਘੰਟਿਆਂ ਲਈ। ਸ਼ਾਇਦ ਅੜਤਾਲੀ ਘੰਟਿਆਂ ਲਈ। ਸੋ ਤਿਰਲੋਚਨ ਮਜ਼ਬੂਰ ਸੀ। ਆਸੇ-ਪਾਸੇ ਸਾਰੇ ਮੁਸਲਮਾਨ ਸਨ, ਉਹ ਵੀ ਬੜੇ ਕੱਟੜ ਕਿਸਮ ਦੇ ਮੁਸਲਮਾਨ। ਪੰਜਾਬ ਤੋਂ ਧੜਾਧੜ ਖ਼ਬਰਾਂ ਆ ਰਹੀਆਂ ਸਨ ਕਿ ਉੱਥੇ ਸਿੱਖ ਮੁਸਲਮਾਨਾਂ ਉੱਤੇ ਬੜੇ ਜ਼ੁਲਮ ਢਾਅ ਰਹੇ ਨੇ। ਕੋਈ ਵੀ ਹੱਥ—ਮੁਸਲਮਾਨ ਹੱਥ—ਬੜੀ ਆਸਾਨੀ ਨਾਲ ਨਰਮ ਤੇ ਨਾਜ਼ੁਕ ਕਿਰਪਾਲ ਕੌਰ ਦੀ ਬਾਂਹ ਫੜ੍ਹ ਕੇ ਉਸਨੂੰ ਮੌਤ ਦੇ ਮੂੰਹ ਵੱਲ ਲਿਜਾਅ ਸਕਦਾ ਸੀ।
ਕਿਰਪਾਲ ਦੀ ਮਾਂ ਅੰਨ੍ਹੀ ਸੀ ਤੇ ਪਿਓ ਅਪਾਹਜ਼। ਭਰਾ ਸੀ, ਪਰ ਕੁਝ ਸਮੇਂ ਤੋਂ ਉਹ ਦੇਵਲਾਲੀ ਵਿਚ ਸੀ ਤੇ ਉਸਨੇ ਉੱਥੇ ਨਵੇਂ-ਨਵੇਂ ਲਏ ਠੇਕੇ ਦੀ ਦੇਖਭਾਲ ਕਰਨੀ ਸੀ।
ਤਿਰਲੋਚਨ ਨੂੰ ਕਿਰਪਾਲ ਦੇ ਭਰਾ ਨਿਰੰਜਨ ਉੱਤੇ ਬੜਾ ਗੁੱਸਾ ਆਉਂਦਾ ਸੀ। ਉਸਨੇ, ਜਿਹੜਾ ਰੋਜ਼ ਅਖ਼ਬਾਰ ਪੜ੍ਹਦਾ ਸੀ, ਉਸਨੂੰ ਦੰਗਿਆਂ ਦੀ ਤੀਬਰਤਾ ਬਾਰੇ ਇਕ ਹਫ਼ਤਾ ਪਹਿਲਾਂ ਚੇਤਾਵਨੀ ਦੇ ਦਿੱਤੀ ਸੀ ਤੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਸੀ, 'ਨਿਰੰਜਨ, ਇਹ ਠੇਕੇ-ਵੇਕੇ ਅਜੇ ਰਹਿਣ ਦੇ, ਅਸੀਂ ਇਕ ਬੜੇ ਈ ਨਾਜ਼ੁਕ ਦੌਰ ਵਿਚੋਂ ਲੰਘ ਰਹੇ ਆਂ। ਭਾਵੇਂ ਤੁਹਾਡਾ ਉੱਥੇ ਰਹਿਣਾ ਬੜਾ ਜ਼ਰੂਰੀ ਹੈ, ਪਰ ਉੱਥੇ ਨਾ ਰਹੋ ਤੇ ਮੇਰੇ ਕੋਲ ਆ ਜਾਓ। ਇਸ ਵਿਚ ਸ਼ੱਕ ਨਹੀਂ ਕਿ ਜਗ੍ਹਾ ਘੱਟ ਏ, ਪਰ ਮੁਸੀਬਤ ਦੇ ਦਿਨਾਂ ਵਿਚ ਆਦਮੀ ਜਿਵੇਂ-ਤਿਵੇਂ ਗੁਜ਼ਾਰਾ ਕਰ ਲੈਂਦਾ ਏ।' ਪਰ ਉਹ ਨਹੀਂ ਸੀ ਮੰਨਿਆਂ। ਉਸਦਾ ਏਡਾ ਵੱਡਾ ਲੈਕਚਰ ਸੁਣ ਕੇ ਸਿਰਫ਼ ਆਪਣੀਆਂ ਸੰਘਣੀਆਂ ਮੁੱਛਾਂ ਵਿਚ ਮੁਸਰਾਇਆ ਸੀ, 'ਯਾਰ ਤੂੰ ਵਾਧੂ ਦਾ ਫਿਕਰ ਕਰੀ ਜਾਨਾਂ ਏਂ! ਮੈਂ ਇੱਥੇ ਅਜਿਹੇ ਕਈ ਫਸਾਦ ਦੇਖੇ ਨੇ। ਇਹ ਅੰਮ੍ਰਿਤਸਰ ਜਾਂ ਲਾਹੌਰ ਨਹੀਂ, ਬੌਮਬੇ ਐ, ਬੌਮਬੇ! ਤੈਨੂੰ ਇੱਥੇ ਆਇਆਂ ਸਿਰਫ਼ ਚਾਰ ਸਾਲ ਹੋਏ ਨੇ ਤੇ ਮੈਂ ਬਾਰ੍ਹਾਂ ਸਾਲਾਂ ਦਾ ਇੱਥੇ ਈ ਰਹਿ ਰਿਹਾਂ, ਬਾਰ੍ਹਾਂ ਸਾਲਾਂ ਦਾ!'
ਪਤਾ ਨਹੀਂ ਨਿਰੰਜਨ ਬੰਬਈ ਨੂੰ ਕੀ ਸਮਝਦਾ ਸੀ! ਉਸਦਾ ਖ਼ਿਆਲ ਸੀ ਕਿ ਇਹ ਅਜਿਹਾ ਸ਼ਹਿਰ ਹੈ ਜੇ ਦੰਗੇ ਹੋ ਵੀ ਜਾਣ ਤਾਂ ਉਹਨਾਂ ਦਾ ਅਸਰ ਆਪਣੇ-ਆਪ ਖ਼ਤਮ ਹੋ ਜਾਂਦਾ ਏ, ਜਿਵੇਂ ਉਸ ਕੋਲ ਛੂਮੰਤਰ ਹੋਵੇ—ਜਾਂ ਉਹ ਕਹਾਣੀਆਂ ਦਾ ਕੋਈ ਅਜਿਹਾ ਕਿਲਾ ਹੋਵੇ, ਜਿਸ ਉੱਤੇ ਕੋਈ ਸੰਕਟ ਨਹੀਂ ਆ ਸਕਦਾ। ਪਰ ਤਿਰਲੋਚਨ ਨਿੱਤ-ਨਿੱਤ ਦੇ ਮਾਹੌਲ ਵਿਚ ਸਾਫ਼ ਦੇਖ ਰਿਹਾ ਸੀ ਕਿ...ਮੁਹੱਲਾ ਬਿਲਕੁਲ ਸੁਰੱਖਿਅਤ ਨਹੀਂ। ਉਹ ਤਾਂ ਸਵੇਰ ਦੇ ਅਖ਼ਬਾਰ ਵਿਚ ਇਹ ਵੀ ਪੜ੍ਹਨ ਲਈ ਤਿਆਰ ਸੀ ਕਿ ਕਿਰਪਾਲ ਕੌਰ ਤੇ ਉਸਦੇ ਮਾਂ-ਪਿਓ ਕਤਲ ਹੋ ਚੁੱਕੇ ਨੇ।
ਉਸਨੂੰ ਕਿਰਪਾਲ ਕੌਰ ਦੇ ਅਪਾਹਜ ਪਿਓ ਤੇ ਉਸਦੀ ਮਾਂ ਦੀ ਕੋਈ ਪ੍ਰਵਾਹ ਨਹੀਂ ਸੀ। ਉਹ ਮਰ ਜਾਂਦੇ ਤੇ ਕਿਰਪਾਲ ਕੌਰ ਬਚ ਜਾਂਦੀ ਤਾਂ ਤਿਰਲੋਚਨ ਲਈ ਚੰਗਾ ਸੀ। ਉੱਥੇ ਦੇਵਲਾਲੀ ਵਿਚ ਉਸਦਾ ਭਰਾ ਨਿਰੰਜਨ ਵੀ ਮਰ ਜਾਂਦਾ ਤਾਂ ਚੰਗਾ ਸੀ, ਕਿਉਂਕਿ ਇਸ ਤਰ੍ਹਾਂ ਤਿਰਲੋਚਨ ਲਈ ਮੈਦਾਨ ਸਾਫ਼ ਹੋ ਜਾਂਦਾ। ਖਾਸ ਕਰਕੇ ਨਿਰੰਜਨ ਉਸਦੇ ਰਸਤੇ ਦਾ ਰੋੜਾ ਹੀ ਨਹੀਂ, ਬੜਾ ਵੱਡਾ ਪੱਥਰ ਸੀ। ਤੇ ਇਹ ਕਿ ਜਦੋਂ ਕਦੀ ਕਿਰਪਾਲ ਕੌਰ ਬਾਰੇ ਗੱਲਾਂ ਹੁੰਦੀਆਂ ਤਾਂ ਉਹ ਉਸਨੂੰ ਨਿਰੰਜਨ ਸਿੰਘ ਦੀ ਬਜਾਏ ਅਲਖਨਿਰੰਜਨ ਸਿੰਘ ਕਹਿੰਦਾ ਹੁੰਦਾ ਸੀ।
ਸਵੇਰ ਦੀ ਹਵਾ ਹੌਲੀ-ਹੌਲੀ ਵਗ ਰਹੀ ਸੀ ਤੇ ਤਿਰਲੋਚਨ ਦਾ ਪੱਗੜੀ ਰਹਿਤ ਸਿਰ ਬੜੀ ਮੋਹਕ ਠੰਢਕ ਮਹਿਸੂਸ ਕਰ ਰਿਹਾ ਸੀ। ਪਰ ਉਸ ਅੰਦਰ ਅਨੇਕਾਂ ਚਿੰਤਾਵਾਂ ਇਕ ਦੂਜੇ ਨਾਲ ਭਿੜ ਰਹੀਆਂ ਸਨ। ਕਿਰਪਾਲ ਕੌਰ ਨਵੀਂ-ਨਵੀਂ ਉਸਦੀ ਜ਼ਿੰਦਗੀ ਵਿਚ ਆਈ ਸੀ। ਉਂਜ ਤਾਂ ਉਹ ਹੱਟੇ-ਕੱਟੇ ਨਿਰੰਜਨ ਸਿੰਘ ਦੀ ਭੈਣ ਸੀ, ਪਰ ਬੜੀ ਹੀ ਨਰਮ, ਨਾਜ਼ੁਕ ਤੇ ਲਚਕੀਲੀ ਕੁੜੀ ਸੀ। ਉਹ ਪਿੰਡ ਵਿਚ ਪਲੀ ਸੀ। ਉੱਥੋਂ ਦੀਆਂ ਕਈ ਗਰਮੀਆਂ-ਸਰਦੀਆਂ ਦੇਖ ਚੁੱਕੀ ਸੀ, ਫੇਰ ਵੀ ਉਸ ਵਿਚ ਉਹ ਸਖ਼ਤੀ ਤੇ ਮਰਦਾਨਾਪਨ ਨਹੀਂ ਸੀ, ਜਿਹੜਾ ਪਿੰਡ ਦੀਆਂ ਆਮ ਸਿੱਖ ਕੁੜੀਆਂ ਵਿਚ ਹੁੰਦਾ ਹੈ। ਜਿਹਨਾਂ ਨੂੰ ਸਖ਼ਤ ਤੋਂ ਸਖ਼ਤ ਮਿਹਨਤ ਕਰਨੀ ਪੈਂਦੀ ਹੈ।
ਉਸਦੇ ਨੈਣ-ਨਕਸ਼ ਕੱਚੇ-ਕੱਚੇ ਸਨ, ਜਿਵੇਂ ਅਜੇ ਅਧੂਰੇ ਹੋਣ। ਆਮ ਪੇਂਡੂ ਸਿੱਖ ਕੁੜੀਆਂ ਵਾਂਗ ਉਸਦਾ ਰੰਗ ਗੋਰਾ ਸੀ, ਪਰ ਕੋਰੇ ਲੱਠੇ ਵਰਗਾ, ਸਰੀਰ ਕੂਲਾ ਸੀ, ਮਰਸਰਾਈਜ਼ਡ ਕੱਪੜੇ ਵਰਗਾ। ਤੇ ਉਹ ਬੜੀ ਸ਼ਰਮੀਲੀ ਸੀ। ਤਿਰਲੋਚਨ ਉਸਦੇ ਪਿੰਡ ਦਾ ਸੀ, ਪਰ ਉਹ ਬਹੁਤੇ ਦਿਨ ਉੱਥੇ ਨਹੀਂ ਸੀ ਰਿਹਾ। ਪ੍ਰਾਇਮਰੀ 'ਚੋਂ ਨਿਕਲ ਕੇ ਜਦੋਂ ਉਹ ਸ਼ਹਿਰ ਦੇ ਹਾਈ ਸਕੂਲ ਵਿਚ ਗਿਆ ਸੀ ਤਾਂ ਬੱਸ, ਉੱਥੋਂ ਦਾ ਹੀ ਹੋ ਕੇ ਰਹਿ ਗਿਆ ਸੀ। ਸਕੂਲੋਂ ਛੁੱਟੀ ਮਿਲੀ ਤਾਂ ਕਾਲਜ ਦੀ ਪੜ੍ਹਾਈ ਸ਼ੁਰੂ ਹੋ ਗਈ। ਇਸ ਦੌਰਾਨ ਉਹ ਕਈ ਵਾਰੀ ਕੀ ਅਨੇਕਾਂ ਵਾਰੀ ਆਪਣੇ ਪਿੰਡ ਗਿਆ, ਪਰ ਉਸਨੇ ਕਿਰਪਾਲ ਕੌਰ ਨਾਂ ਦੀ ਕਿਸੇ ਕੁੜੀ ਦਾ ਨਾਂ ਤੀਕ ਨਹੀਂ ਸੁਣਿਆਂ। ਸ਼ਾਇਦ ਇਸ ਲਈ ਕਿ ਹਰ ਵਾਰੀ ਉਹ ਇਸ ਹਫ਼ੜਾ-ਦਫ਼ੜੀ ਵਿਚ ਹੁੰਦਾ ਸੀ ਕਿ ਛੇਤੀ ਤੋਂ ਛੇਤੀ ਸ਼ਹਿਰ ਪਰਤ ਜਾਵੇ।
ਕਾਲਜ ਦਾ ਜ਼ਮਾਨਾ ਬੜਾ ਪਿੱਛੇ ਰਹਿ ਗਿਆ ਸੀ। ਅਡਵਾਨੀ ਚੈਂਬਰ ਦੇ ਟੈਰੇਸ ਤੇ ਕਾਲਜ ਦੀ ਇਮਾਰਤ ਵਿਚ ਸ਼ਾਇਦ ਦਸ ਵਰ੍ਹਿਆਂ ਦਾ ਫ਼ਾਸਲਾ ਸੀ, ਤੇ ਉਹ ਫ਼ਾਸਲਾ ਤਿਰਲੋਚਨ ਦੇ ਜੀਵਨ ਦੀਆਂ ਵਚਿੱਤਰ ਘਟਨਾਵਾਂ ਨਾਲ ਭਰਿਆ ਹੋਇਆ ਸੀ। ਬਰਮਾ, ਸਿੰਘਾਪੁਰ, ਹਾਂਗਕਾਂਗ, ਫੇਰ ਬੰਬਈ, ਜਿੱਥੇ ਉਹ ਚਾਰ ਵਰ੍ਹਿਆਂ ਦਾ ਰਹਿ ਰਿਹਾ ਸੀ। ਇਹਨਾਂ ਚਾਰ ਵਰ੍ਹਿਆਂ ਵਿਚ ਉਸਨੇ ਪਹਿਲੀ ਵਾਰੀ ਰਾਤ ਨੂੰ ਆਸਮਾਨ ਦੀ ਸ਼ਕਲ ਦੇਖੀ ਸੀ, ਜਿਹੜੀ ਬੁਰੀ ਨਹੀਂ ਸੀ—ਖਾਕੀ ਰੰਗ ਦੇ ਤੰਬੂ ਵਿਚ ਹਜ਼ਾਰਾਂ ਦੀਵੇ ਟਿਮਟਿਮਾ ਰਹੇ ਸਨ ਤੇ ਹਵਾ ਠੰਢੀ ਤੇ ਹਲਕੀ-ਫੁਲਕੀ ਸੀ।
ਕਿਰਪਾਲ ਕੌਰ ਬਾਰੇ ਸੋਚਦਾ-ਸੋਚਦਾ ਉਹ ਮੋਜ਼ੇਲ ਬਾਰੇ ਸੋਚਣ ਲੱਗਾ। ਉਸ ਯਹੂਦੀ ਕੁੜੀ ਬਾਰੇ, ਜਿਹੜੀ ਅਡਵਾਨੀ ਚੈਂਬਰਜ਼ ਵਿਚ ਰਹਿੰਦੀ ਸੀ। ਉਸ ਨਾਲ ਤਿਰਲੋਚਨ ਨੂੰ 'ਗੋਡੇ-ਗੋਡੇ' ਇਸ਼ਕ ਹੋ ਗਿਆ ਸੀ। ਅਜਿਹਾ ਇਸ਼ਕ ਜਿਹੜਾ ਉਸਨੇ ਆਪਣੀ ਪੰਤਾਲੀ ਵਰ੍ਹਿਆਂ ਦੀ ਜਿੰਦਗੀ ਵਿਚ ਕਦੀ ਨਹੀਂ ਸੀ ਕੀਤਾ।
ਜਿਸ ਦਿਨ ਉਸਨੇ ਅਡਵਾਨੀ ਚੈਂਬਰਜ਼ ਵਿਚ ਆਪਣੇ ਇਕ ਈਸਾਈ ਮਿੱਤਰ ਦੀ ਮਦਦ ਨਾਲ ਦੂਜੇ ਫਲੋਰ 'ਤੇ ਫਲੈਟ ਲਿਆ, ਉਸਦੇ ਦਿਨ ਉਸਦੀ ਮੁੱਠਭੇੜ ਮੋਜ਼ੇਲ ਨਾਲ ਹੋਈ, ਜਿਹੜੀ ਪਹਿਲੀ ਨਜ਼ਰ ਵਿਚ ਉਸਨੂੰ ਖ਼ੌਫ਼ਨਾਕ ਹੱਦ ਤਕ ਦੀਵਾਨੀ ਲੱਗੀ ਸੀ। ਕੱਟੇ ਹੋਏ ਵਾਲ ਉਸਦੇ ਸਿਰ ਉੱਤੇ ਖਿੱਲਰੇ ਹੋਏ ਸਨ—ਬੜੇ ਹੀ ਖਿੱਲਰੇ ਹੋਏ। ਬੁੱਲ੍ਹਾਂ 'ਤੇ ਲਿਪਸਟਿਕ ਇੰਜ ਜੰਮੀ ਸੀ, ਜਿਵੇਂ ਗਾੜ੍ਹਾ ਖ਼ੂਨ, ਤੇ ਉਹ ਵੀ ਜਗ੍ਹਾ-ਜਗ੍ਹਾ ਤੋਂ ਤਿੜਕੀ ਹੋਈ। ਉਸਨੇ ਢਿੱਲਾਢਾਲਾ ਸਫੇਦ ਚੋਗਾ ਪਾਇਆ ਹੋਇਆ ਸੀ। ਜਿਸਦੇ ਖੁੱਲ੍ਹੇ ਗਲ਼ੇ ਵਿਚੋਂ ਉਸਦੀਆਂ ਨੀਲੀਆਂ ਪਈਆਂ ਵੱਡੀਆਂ-ਵੱਡੀਆਂ ਛਾਤੀਆਂ ਦਾ ਲਗਭਗ ਚੌਥਾਈ ਹਿੱਸਾ ਨਜ਼ਰ ਆ ਰਿਹਾ ਸੀ। ਬਾਹਾਂ ਜੋ ਕਿ ਨੰਗੀਆਂ ਸਨ, ਉਹਨਾਂ ਉੱਤੇ ਨਿੱਕੇ-ਨਿੱਕੇ ਵਾਲਾਂ ਦੀ ਤੈਹ ਜੰਮੀ ਹੋਈ ਸੀ, ਜਿਵੇਂ ਉਹ ਹੁਣੇ-ਹੁਣੇ ਕਿਸੇ ਸੈਲੂਨ ਵਿਚੋਂ ਵਾਲ ਕਟਵਾ ਕੇ ਆਈ ਹੋਵੇ ਤੇ ਉਹਨਾਂ ਦੇ ਨਿੱਕੇ-ਨਿੱਕੇ ਰੋਏਂ ਉਹਨਾਂ ਉੱਤੇ ਚਿਪਕ ਗਏ ਹੋਣ।
ਬੁੱਲ੍ਹ ਬਹੁਤੇ ਮੋਟੇ ਨਹੀਂ ਸਨ, ਪਰ ਗੂੜ੍ਹੇ ਉਨਾਭੀ ਰੰਗ ਦੀ ਲਿਪਸਟਿਕ ਕੁਛ ਇਸ ਤਰੀਕੇ ਨਾਲ ਲਾਈ ਗਈ ਸੀ ਕਿ ਉਹ ਮੋਟੇ ਤੇ ਝੋਟੇ ਦੇ ਮਾਸ ਦੇ ਟੁਕੜਿਆਂ ਵਰਗੇ ਲੱਗਦੇ ਸਨ।
ਤਿਰਲੋਚਨ ਦਾ ਫਲੈਟ ਬਿਲਕੁਲ ਉਸਦੇ ਫਲੈਟ ਦੇ ਸਾਹਮਣੇ ਸੀ। ਵਿਚਕਾਰ ਇਕ ਤੰਗ ਗਲੀ ਸੀ, ਬੜੀ ਹੀ ਤੰਗ। ਜਦੋਂ ਤਿਰਲੋਚਨ ਆਪਣੇ ਫਲੈਟ ਵਿਚ ਵੜਨ ਲਈ ਅੱਗੇ ਵਧਿਆ ਤਾਂ ਮੇਜ਼ੋਲ ਬਾਹਰ ਨਿਕਲੀ। ਉਹਨੇ ਖੜਾਵਾਂ ਪਾਈਆਂ ਹੋਈਆਂ ਸਨ। ਤਿਰਲੋਚਨ ਉਹਨਾਂ ਦੀ ਆਵਾਜ਼ ਸੁਣ ਕੇ ਰੁਕ ਗਿਆ। ਮੇਜ਼ੋਲ ਨੇ ਆਪਣੇ ਖਿੱਲਰੇ ਹੋਏ ਵਾਲਾਂ ਦੀਆਂ ਚਿਕਾਂ ਵਿਚੋਂ ਆਪਣੀਆਂ ਮੋਟੀਆਂ-ਮੋਟੀਆਂ ਅੱਖਾਂ ਨਾਲ ਤਿਰਲੋਚਨ ਵੱਲ ਦੇਖਿਆ ਤੇ ਹੱਸ ਪਈ—ਤਿਰਲੋਚਨ ਬੌਂਦਲ ਗਿਆ। ਜੇਬ ਵਿਚੋਂ ਚਾਬੀ ਕੱਢ ਕੇ ਉਹ ਕਾਹਲ ਨਾਲ ਦਰਵਾਜ਼ੇ ਵੱਲ ਵਧਿਆ। ਮੋਜ਼ੇਲ ਦੀ ਇਕ ਖੜਾਂ ਸੀਮਿੰਟ ਦੇ ਚੀਕਣੇ ਫਰਸ਼ ਉੱਤੇ ਤਿਲ੍ਹਕੀ ਤੇ ਉਹ ਉਸਦੇ ਉੱਤੇ ਆ ਡਿੱਗੀ।
ਜਦੋਂ ਤਿਲਰੋਚਨ ਸੰਭਲਿਆ ਤਾਂ ਮੋਜ਼ੇਲ ਉਸਦੇ ਉੱਤੇ ਸੀ, ਕੁਛ ਇਸ ਤਰ੍ਹਾਂ ਕਿ ਉਸਦਾ ਲੰਮਾ ਚੋਗਾ ਉੱਤੇ ਚੜ੍ਹ ਗਿਆ ਸੀ ਤੇ ਉਸਦੀਆਂ ਦੋ ਨੰਗੀਆਂ—ਕਾਫੀ ਨਰੋਈਆਂ—ਲੱਤਾਂ ਉਸਦੇ ਇਧਰ-ਉਧਰ ਸਨ ਤੇ...ਜਦੋਂ ਤਿਰਲੋਚਨ ਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੜਬੜਾਹਾਟ ਵਿਚ ਕੁਝ ਹੋਰ—ਸਾਰੀ ਮੋਜ਼ੇਲ ਨਾਲ—ਉਲਝ ਗਿਆ, ਜਿਵੇਂ ਉਹ ਸਾਬਨ ਵਾਂਗ ਉਸਦੇ ਸਾਰੇ ਪਿੰਡੇ 'ਤੇ ਫਿਰ ਗਈ ਹੋਵੇ।
ਹਫ਼ੇ ਹੋਏ ਤਿਰਲੋਚਨ ਨੇ ਬੜੇ ਸਭਿਅਕ ਸ਼ਬਦਾਂ ਵਿਚ ਉਸ ਤੋਂ ਮੁਆਫ਼ੀ ਮੰਗੀ। ਮੋਜ਼ੇਲ ਨੇ ਆਪਣਾ ਚੋਗਾ ਠੀਕ ਕੀਤਾ ਤੇ ਮੁਸਕਰਾ ਪਈ, "ਅਹਿ ਖੜਾਵਾਂ ਯਕਦਮ ਕੰਡਮ ਚੀਜ਼ ਨੇ।" ਤੇ ਉਹ ਲੱਥੀ ਹੋਈ ਖੜਾਂ ਵਿਚ ਆਪਣਾ ਅੰਗੂਠਾ ਤੇ ਉਸਦੇ ਨਾਲ ਵਾਲੀ ਉਂਗਲ ਫਸਾਉਂਦੀ ਹੋਈ ਕਾਰੀਡੋਰ 'ਚੋਂ ਬਾਹਰ ਚਲੀ ਗਈ।
ਤਿਰਲੋਚਨ ਦਾ ਖ਼ਿਆਲ ਸੀ ਕਿ ਮੋਜ਼ੇਲ ਨਾਲ ਦੋਸਤੀ ਕਰਨਾ ਸ਼ਾਇਦ ਮੁਸ਼ਕਿਲ ਹੋਵੇ, ਪਰ ਉਹ ਬੜੇ ਹੀ ਥੋੜ੍ਹੇ ਸਮੇਂ ਵਿਚ ਉਸ ਨਾਲ ਘੁਲਮਿਲ ਗਈ। ਹਾਂ, ਇਕ ਗੱਲ ਸੀ ਕਿ ਉਹ ਬੜੀ ਅੱਖੜ ਤੇ ਮੂੰਹਜ਼ੋਰ ਸੀ ਤੇ ਤਿਰਲੋਚਨ ਦੀ ਰਤਾ ਵੀ ਪ੍ਰਵਾਹ ਨਹੀਂ ਸੀ ਕਰਦੀ। ਉਹ ਉਸ ਤੋਂ ਖਾਂਦੀ ਸੀ, ਉਸ ਤੋਂ ਪੀਂਦੀ ਸੀ, ਉਸ ਨਾਲ ਸਿਨੇਮਾ ਦੇਖਣ ਜਾਂਦੀ ਸੀ। ਸਾਰਾ ਸਾਰਾ ਦਿਨ ਉਸ ਨਾਲ ਜੁਹ 'ਤੇ ਨਹਾਉਂਦੀ ਸੀ, ਪਰ ਜਦੋਂ ਉਹ ਬਾਹਾਂ ਤੇ ਬੁੱਲ੍ਹਾਂ ਨੂੰ ਕੁਛ ਅੱਗੇ ਵਧਾਉਣਾ ਚਾਹੁੰਦਾ ਤਾਂ ਉਹ ਉਸਨੂੰ ਝਿੜਕ ਦਿੰਦੀ। ਕੁਛ ਇਸ ਤਰ੍ਹਾਂ ਘੁਰਕਦੀ ਕਿ ਉਸਦੇ ਸਾਰੇ ਮਨਸੂਬੇ ਦਾੜ੍ਹੀ ਤੇ ਮੁੱਛਾਂ ਵਿਚ ਚੱਕਰ ਕੱਟਦੇ ਰਹਿ ਜਾਂਦੇ।
ਤਿਰਲੋਚਨ ਨੂੰ ਪਹਿਲਾਂ ਕਿਸੇ ਨਾਲ ਪ੍ਰੇਮ ਨਹੀਂ ਸੀ ਹੋਇਆ। ਲਾਹੌਰ ਵਿਚ, ਬਰਮਾ ਵਿਚ, ਸਿੰਘਾਪੁਰ ਵਿਚ ਉਹ ਕੁੜੀਆਂ ਕੁਛ ਸਮੇਂ ਲਈ ਖ਼ਰੀਦ ਲੈਂਦਾ ਹੁੰਦਾ ਸੀ। ਉਸਨੇ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਬੰਬਈ ਪਹੁੰਚਦਿਆਂ ਹੀ ਉਹ ਇਕ ਬੜੀ ਹੀ ਅੱਖੜ ਕਿਸਮ ਦੀ ਯਹੂਦੀ ਕੁੜੀ ਦੇ ਪ੍ਰੇਮ ਵਿਚ 'ਗੋਡੇ-ਗੋਡੇ' ਧਸ ਜਾਵੇਗਾ। ਉਹ ਉਸ ਤੋਂ ਕੁਛ ਵਚਿੱਤਰ ਤਰ੍ਹਾਂ ਦੀ ਦੂਰੀ ਰੱਖਦੀ ਸੀ। ਉਸਦੇ ਕਹਿਣ 'ਤੇ ਤੁਰੰਤ ਸਜ-ਧਜ ਕੇ ਸਿਨੇਮੇ ਜਾਣ ਲਈ ਤਿਆਰ ਹੋ ਜਾਂਦੀ, ਪਰ ਜਦੋਂ ਉਹ ਆਪਣੀ ਸੀਟ 'ਤੇ ਬੈਠਦੇ ਤਾਂ ਉਹ ਇਧਰ-ਉਧਰ ਨਜ਼ਰਾਂ ਦੌੜਾਉਣੀਆਂ ਸ਼ੁਰੂ ਕਰ ਦਿੰਦੀ। ਜੇ ਕੋਈ ਉਸਦਾ ਜਾਣਕਾਰ ਨਿਕਲ ਆਉਂਦਾ ਤਾਂ ਜ਼ੋਰ ਨਾਲ ਹੱਥ ਹਿਲਾਉਂਦੀ ਤੇ ਤਿਰਲੋਚਨ ਤੋਂ ਪੁੱਛੇ ਬਿਨਾਂ ਉਸਦੇ ਕੋਲ ਜਾ ਬੈਠਦੀ।
ਹੋਟਲ ਵਿਚ ਬੈਠੇ ਨੇ—ਤੇ ਤਿਰਲੋਚਨ ਨੇ ਮੋਜ਼ੇਲ ਲਈ ਵਿਸ਼ੇਸ਼ ਰੂਪ ਵਿਚ ਵੱਧ ਖਾਣੇ ਮੰਗਵਾਏ ਨੇ, ਪਰ ਉਸਨੂੰ ਆਪਣਾ ਕੋਈ ਪੁਰਾਣਾ ਦੋਸਤ ਨਜ਼ਰ ਆ ਗਿਆ ਹੈ ਤੇ ਉਹ ਆਪਣੀ ਹੱਥਲੀ ਬੁਰਕੀ ਛੱਡ ਕੇ ਉਸ ਕੋਲ ਜਾ ਬੈਠੀ ਹੈ ਤੇ ਤਿਰਲੋਚਨ ਦੀ ਹਿੱਕ 'ਤੇ ਮੂੰਗ ਦਲ ਰਹੀ ਹੁੰਦੀ ਹੈ।
ਤਿਰਲੋਚਨ ਕਦੀ-ਕਦੀ ਖਿਝ ਜਾਂਦਾ ਸੀ, ਕਿਉਂਕਿ ਉਹ ਉਸਨੂੰ ਇਕੱਲਾ ਛੱਡ ਕੇ ਆਪਣੇ ਉਸ ਦੋਸਤ ਜਾਂ ਜਾਣਕਾਰ ਨਾਲ ਚਲੀ ਜਾਂਦੀ ਤੇ ਕਈ-ਕਈ ਦਿਨਾਂ ਤੀਕ ਉਸਨੂੰ ਨਹੀਂ ਸੀ ਮਿਲਦੀ ਹੁੰਦੀ। ਕਦੀ ਸਿਰ ਦਰਦ ਦਾ ਬਹਾਨਾ, ਕਦੀ ਪੇਟ ਦੀ ਖ਼ਰਾਬੀ, ਜਿਸ ਬਾਰੇ ਤਿਰਲੋਚਨ ਨੂੰ ਪਤਾ ਹੁੰਦਾ ਸੀ ਕਿ ਉਹ ਲੋਹੇ ਵਾਂਗ ਕਰੜਾ ਸੀ ਤੇ ਕਦੀ ਖ਼ਰਾਬ ਨਹੀਂ ਸੀ ਹੋ ਸਕਦਾ।
ਜਦੋਂ ਉਸ ਨਾਲ ਮੁਲਾਕਾਤ ਹੁੰਦੀ ਤਾਂ ਉਹ ਉਸਨੂੰ ਕਹਿੰਦੀ—"ਤੂੰ ਸਿੱਖ ਏਂ—ਇਹ ਨਾਜ਼ੁਕ ਗੱਲਾਂ ਤੇਰੀ ਸਮਝ 'ਚ ਨਹੀਂ ਆ ਸਕਦੀਆਂ।"
ਇਹ ਸੁਣ ਕੇ ਤਿਰਲੋਚਨ ਸੜ-ਭੁੱਜ ਜਾਂਦਾ ਤੇ ਪੁੱਛਦਾ—"ਕਿਹੜੀਆਂ ਨਾਜ਼ੁਕ ਗੱਲਾਂ—ਤੇਰੇ ਪੁਰਾਣੇ ਯਾਰਾਂ ਦੀਆਂ?"
ਮੋਜ਼ੇਲ ਦੋਵੇਂ ਹੱਥ ਆਪਣੇ ਚੌੜੇ-ਚਕਲੇ ਕੁਹਲਿਆਂ 'ਤੇ ਰੱਖ ਕੇ ਆਪਣੀਆਂ ਨਰੋਈਆਂ ਲੱਤਾਂ ਚੌੜੀਆਂ ਕਰਕੇ ਖਲੋਂ ਜਾਂਦੀ ਤੇ ਕਹਿੰਦੀ—"ਅਹਿ ਤੂੰ ਮੈਨੂੰ ਉਹਨਾਂ ਦੇ ਤਾਹਣੇ ਕੀ ਦੇਂਦਾ ਏਂ! ਹਾਂ, ਉਹ ਮੇਰੇ ਯਾਰ ਐ—ਤੇ ਮੈਨੂੰ ਚੰਗੇ ਲੱਗਦੇ ਐ। ਤੂੰ ਮੱਚਦਾ ਏਂ ਤੇ ਮੱਚਦਾ ਰਹਿ।"
ਤਿਰਲੋਚਨ ਇਕ ਮਾਹਰ ਵਕੀਲ ਵਾਂਗ ਪੁੱਛਦਾ, "ਇਸ ਤਰ੍ਹਾਂ ਤੇਰੀ-ਮੇਰੀ ਕਿੰਜ ਨਿਭੇਗੀ?"
ਮੋਜ਼ੇਲ ਉੱਚੀ-ਉੱਚੀ ਹੱਸਣ ਲੱਗਦੀ, "ਤੂੰ ਸੱਚਮੁੱਚ ਸਿੱਖ ਐਂ! ਈਡੀਅਟ, ਤੈਨੂੰ ਕਿਸੇ ਨੇ ਕਿਹੈ ਬਈ ਮੇਰੇ ਨਾਲ ਨਿਭਾਅ? ਜੇ ਨਿਭਾਉਣ ਦੀ ਗੱਲ ਐ ਤਾਂ ਜਾਹ ਆਪਣੇ ਦੇਸ। ਕਿਸੇ ਸਿੱਖਣੀ ਨਾਲ ਵਿਆਹ ਕਰ ਲੈ। ਮੇਰੇ ਨਾਲ ਤਾਂ ਇਸੇ ਤਰ੍ਹਾਂ ਚੱਲੇਗਾ।"
ਤਿਰਲੋਚਨ ਨਰਮ ਪੈ ਜਾਂਦਾ। ਅਸਲ ਵਿਚ ਮੋਜ਼ੇਲ ਉਸਦੀ ਵੱਡੀ ਕਮਜ਼ੋਰੀ ਬਣ ਗਈ ਸੀ। ਉਹ ਹਰ ਹਾਲ ਵਿਚ ਉਸਦੇ ਸਾਥ ਦਾ ਇਛੁੱਕ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਜ਼ੇਲ ਕਰਕੇ ਅਕਸਰ ਉਸਦੀ ਬੇਇੱਜ਼ਤੀ ਹੁੰਦੀ ਸੀ। ਨੱਥੂ ਖ਼ੈਰੇ ਕਰਿਸ਼ਚੀਅਨ ਛੋਹਰਾਂ ਸਾਹਵੇਂ ਜਿਹਨਾਂ ਦੀ ਕੋਈ ਹੈਸੀਅਤ ਨਹੀਂ ਸੀ, ਉਸਨੂੰ ਸ਼ਰਮਿੰਦਾ ਹੋਣਾ ਪੈਂਦਾ ਸੀ। ਪਰ ਦਿਲ ਹੱਥੋਂ ਮਜ਼ਬੂਰ ਹੋ ਕੇ ਉਸਨੇ ਇਹ ਸਭ ਕੁਛ ਸਹਿਣ ਦਾ ਫ਼ੈਸਲਾ ਕਰ ਲਿਆ ਸੀ।
ਆਮ ਤੌਰ ਤੇ ਨਿਰਾਦਰ ਤੇ ਬੇਇੱਜ਼ਤੀ ਦੀ ਪ੍ਰਤੀਕ੍ਰਿਆ ਬਦਲਾ ਹੁੰਦਾ ਹੈ, ਪਰ ਤਿਰਲੋਚਨ ਦੇ ਮਾਮਲੇ ਵਿਚ ਇੰਜ ਨਹੀਂ ਸੀ। ਉਸਨੇ ਆਪਣੇ ਦਿਲ ਤੇ ਦਿਮਾਗ਼ ਦੀਆਂ ਬਹੁਤ ਸਾਰੀਆਂ ਅੱਖਾਂ ਮੀਚ ਲਈਆਂ ਸਨ ਤੇ ਕੰਨਾਂ ਵਿਚ ਰੂੰ ਪਾ ਲਈ ਸੀ। ਉਸਨੂੰ ਮੋਜ਼ੇਲ ਪਸੰਦ ਸੀ। ਪਸੰਦ ਹੀ ਨਹੀਂ, ਜਿਵੇਂ ਕਿ ਉਹ ਅਕਸਰ ਆਪਣੇ ਦੋਸਤਾਂ ਨੂੰ ਕਹਿੰਦਾ ਹੁੰਦਾ ਸੀ, ਗੋਡੇ ਗੋਡੇ ਉਸਦੇ ਪਿਆਰ ਵਿਚ ਧਸ ਗਿਆ ਸੀ। ਹੁਣ ਇਸ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ ਕਿ ਉਸਦੇ ਸਰੀਰ ਦਾ ਜਿੰਨਾ ਹਿੱਸਾ ਬਾਕੀ ਰਹਿ ਗਿਆ ਸੀ, ਉਹ ਵੀ ਇਸ ਪਿਆਰ ਦੀ ਦਲਦਲ ਵਿਚ ਧਸ ਜਾਵੇ ਤੇ ਕਿੱਸਾ ਖ਼ਤਮ ਹੋਵੇ।
ਦੋ ਵਰ੍ਹਿਆਂ ਤਕ ਉਹ ਇਸੇ ਤਰ੍ਹਾਂ ਬੇਇੱਜ਼ਤੀ ਦਾ ਜੀਵਨ ਬਿਤਾਉਂਦਾ ਰਿਹਾ, ਪਰ ਪੱਕਾ ਰਿਹਾ। ਆਖ਼ਰ ਇਕ ਦਿਨ ਜਦ ਮੋਜ਼ੇਲ ਮੌਜ ਵਿਚ ਸੀ, ਉਸਨੇ ਆਪਣੀਆਂ ਬਾਹਾਂ ਵਿਚ ਸਮੇਟ ਕੇ ਉਸਨੂੰ ਪੁੱਛਿਆ, "ਮੋਜ਼ੇਲ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ...?"
ਮੋਜ਼ੇਲ ਉਸਦੀਆਂ ਬਾਹਾਂ ਵਿਚੋਂ ਨਿਕਲ ਗਈ ਤੇ ਕੁਰਸੀ ਉੱਤੇ ਬੈਠ ਕੇ ਆਪਣੀ ਫ਼ਰਾਕ ਦਾ ਘੇਰਾ ਦੇਖਣ ਲੱਗੀ, ਫੇਰ ਉਸਨੇ ਆਪਣੀਆਂ ਮੋਟੀਆਂ-ਮੋਟੀਆਂ ਯਹੂਦੀ ਅੱਖਾਂ ਉਤਾਂਹ ਚੁੱਕੀਆਂ ਤੇ ਸੰਘਣੀਆਂ ਪਲਕਾਂ ਝਪਾ ਕੇ ਬੋਲੀ—"ਮੈਂ ਸਿੱਖ ਨੂੰ ਪਿਆਰ ਨਹੀਂ ਕਰ ਸਕਦੀ।"
ਤਿਰਲੋਚਨ ਨੇ ਇੰਜ ਮਹਿਸੂਸ ਕੀਤਾ ਜਿਵੇਂ ਉਸਦੀ ਪੱਗ ਹੇਠ ਕਿਸੇ ਨੇ ਮਘਦੇ ਹੋਏ ਅੰਗਿਆਰ ਰੱਖ ਦਿੱਤੇ ਹੋਣ। ਉਸਦੇ ਤਨ-ਮਨ ਨੂੰ ਅੱਗ ਲੱਗ ਗਈ, "ਮੋਜ਼ੇਲ, ਤੂੰ ਹਮੇਸ਼ਾ ਮੇਰਾ ਮਜ਼ਾਕ ਉਡਾਉਂਦੀ ਏਂ—ਇਹ ਮੇਰਾ ਮਜ਼ਾਕ ਨਹੀਂ, ਮੇਰੇ ਪਿਆਰ ਦਾ ਮਜ਼ਾਕ ਏ।"
ਮੋਜ਼ੇਲ ਉੱਠੀ ਤੇ ਉਸਨੇ ਆਪਣੇ ਭੂਰੇ ਕੱਟੇ ਹੋਏ ਵਾਲਾਂ ਨੂੰ ਇਕ ਦਿਲ-ਫਰੇਬ ਝੱਟਕਾ ਦਿੱਤਾ, "ਤੂੰ ਸ਼ੇਵ ਕਰਾ ਲਏਂ ਤੇ ਆਪਣੇ ਸਿਰ ਦੇ ਵਾਲ ਖੁੱਲ੍ਹੇ ਛੱਡ ਦਏਂ ਤਾਂ ਮੈਂ ਸ਼ਰਤ ਆਉਂਦੀ ਆਂ ਕਿ ਕਈ ਕੁੜੀਆਂ ਤੈਨੂੰ ਅੱਖਾਂ ਮਾਰਨਗੀਆਂ—ਤੂੰ ਸੋਹਣਾ ਏਂ।"
ਤਿਰਲੋਚਨ ਦੇ ਕੇਸਾਂ ਵਿਚ ਹੋਰ ਵੀ ਅੰਗਿਆਰ ਭਰ ਗਏ। ਉਸਨੇ ਅੱਗੇ ਵਧ ਕੇ ਜ਼ੋਰ ਨਾਲ ਮੋਜ਼ੇਲ ਨੂੰ ਆਪਣੇ ਵੱਲ ਖਿੱਚ ਲਿਆ ਤੇ ਉਸਦੇ ਉਨਾਭੀ ਬੁੱਲ੍ਹਾਂ ਉੱਤੇ ਆਪਣੇ ਮੁੱਛਾਂ-ਭਰੇ ਬੁੱਲ੍ਹ ਰੱਖ ਦਿੱਤੇ।
ਮੋਜ਼ੇਲ ਨੇ ਯਕਦਮ 'ਫੂੰ-ਫੂੰ' ਕੀਤੀ ਤੇ ਉਸ ਤੋਂ ਆਪਣੇ-ਆਪ ਨੂੰ ਛੁਡਾਅ ਲਿਆ। "ਮੈਂ ਸਵੇਰੇ ਈ ਆਪਣੇ ਦੰਦਾਂ ਨੂੰ ਬੁਰਸ਼ ਕਰ ਚੁੱਕੀ ਆਂ—ਤੂੰ ਕਸ਼ਟ ਨਾ ਕਰ।"
ਤਿਰਲੋਚਨ ਕੂਕਿਆ, "ਮੋਜ਼ੇਲ !"
ਮੋਜ਼ੇਲ ਵੈਨਿਟੀ ਬੈਗ ਵਿਚੋਂ ਛੋਟਾ-ਜਿਹਾ ਸ਼ੀਸ਼ਾ ਕੱਢ ਕੇ ਆਪਣੇ ਬੁੱਲ੍ਹ ਦੇਖਣ ਲੱਗੀ, ਜਿਹਨਾਂ 'ਤੇ ਲੱਗੀ ਗੂੜ੍ਹੀ ਲਿਪਸਟਿਕ 'ਤੇ ਝਰੀਟਾਂ ਪੈ ਗਈਆਂ ਸਨ। "ਖ਼ੁਦਾ ਦੀ ਸਹੁੰ, ਤੂੰ ਆਪਣੀਆਂ ਮੁੱਛਾਂ ਤੇ ਦਾੜ੍ਹੀ ਦਾ ਸਹੀ ਇਸਤੇਮਾਲ ਨਹੀਂ ਕਰਦਾ। ਇਹਨਾਂ ਦੇ ਵਾਲ ਐਨੇ ਵਧੀਆ ਨੇ ਕਿ ਮੇਰਾ ਨੇਵੀ ਬਲਿਊ ਸਕਰਟ ਚੰਗੀ ਤਰਾਂ ਸਾਫ਼ ਕਰ ਸਕਦੇ ਨੇ—ਬੱਸ ਥੋੜ੍ਹਾ ਕੁ ਪਟਰੌਲ ਲਾਉਣ ਦੀ ਲੋੜ ਪਏਗੀ।"
ਤਿਰਲੋਚਨ ਗੁੱਸੇ ਦੀ ਉਸ ਹੱਦ ਤੀਕ ਪਹੁੰਚ ਚੁੱਕਿਆ ਸੀ, ਜਿੱਥੇ ਉਹ ਬਿਲਕੁਲ ਠੰਢਾ ਹੋ ਗਿਆ ਸੀ। ਉਹ ਆਰਾਮ ਨਾਲ ਸੋਫੇ 'ਤੇ ਬੈਠ ਗਿਆ। ਮੋਜ਼ੇਲ ਵੀ ਆ ਗਈ ਤੇ ਉਸਨੇ ਤਿਰਲੋਚਨ ਦੀ ਦਾੜ੍ਹੀ ਖੋਲ੍ਹਣੀ ਸ਼ੁਰੂ ਕਰ ਦਿੱਤੀ। ਉਸ ਵਿਚ ਜਿਹੜੀਆਂ ਪਿੰਨਾਂ ਲੱਗੀਆਂ ਸਨ, ਉਸਨੇ ਇਕ-ਇਕ ਕਰਕੇ ਆਪਣੇ ਦੰਦਾਂ ਹੇਠ ਨੱਪ ਲਈਆਂ।
ਤਿਰਲੋਚਨ ਸੋਹਣਾ ਸੀ। ਜਦੋਂ ਉਸਦੇ ਦਾੜ੍ਹੀ ਮੁੱਛਾਂ ਨਹੀਂ ਸੀ ਆਈਆਂ ਉਦੋਂ ਲੋਕ ਉਸਦੇ ਖੁੱਲ੍ਹੇ ਕੇਸਾਂ ਨੂੰ ਦੇਖ ਕੇ ਧੋਖਾ ਖਾ ਜਾਂਦੇ ਸਨ ਕਿ ਉਹ ਕੋਈ ਘੱਟ ਉਮਰ ਦੀ ਸੁੰਦਰ ਕੁੜੀ ਹੈ। ਪਰ ਹੁਣ ਵਾਲਾਂ ਦੇ ਇਸ ਘੇਰੇ ਨੇ ਉਸਦੇ ਨੈਣ-ਨਕਸ਼ ਸਾੜ੍ਹੀ ਵਾਂਗ ਅੰਦਰ ਲੁਕਾਅ ਲਏ ਸਨ ਤੇ ਇਸ ਗੱਲ ਨੂੰ ਉਹ ਖ਼ੁਦ ਵੀ ਜਾਣਦਾ ਸੀ। ਪਰ ਉਹ ਧਾਰਮਕ ਪ੍ਰਵਿਰਤੀ ਵਾਲਾ ਸੁਸ਼ੀਲ ਨੌਜਵਾਨ ਸੀ। ਉਸਦੇ ਦਿਲ ਵਿਚ ਧਰਮ ਦੇ ਪ੍ਰਤੀ ਸਨਮਾਣ ਸੀ। ਉਹ ਨਹੀਂ ਚਾਹੁੰਦਾ ਸੀ ਕਿ ਉਹ ਉਹਨਾਂ ਚੀਜ਼ਾਂ ਨੂੰ ਆਪਣੇ ਵਿਅਕਤੀਤਵ ਨਾਲੋਂ ਵੱਖ ਕਰ ਦਵੇ, ਜਿਹਨਾਂ ਨਾਲ ਉਸਦੇ ਧਰਮ ਦੀ ਪਛਾਣ ਹੁੰਦੀ ਸੀ।
ਜਦੋਂ ਦਾੜ੍ਹੀ ਪੂਰੀ ਖੁੱਲ੍ਹ ਗਈ ਤੇ ਉਸਦੀ ਛਾਤੀ 'ਤੇ ਲਟਕਣ ਲੱਗੀ ਤਾਂ ਉਸਨੇ ਮੋਜ਼ੇਲ ਨੂੰ ਪੁੱਛਿਆ, "ਅਹਿ ਤੂੰ ਕੀ ਕਰ ਰਹੀ ਏਂ?"
ਦੰਦਾਂ ਹੇਠ ਪਿੰਨਾਂ ਨੱਪੀ ਉਹ ਮੁਸਕਰਾਈ, "ਤੇਰੇ ਵਾਲ ਬੜੇ ਮੁਲਾਇਮ ਨੇ। ਮੇਰਾ ਅੰਦਾਜ਼ਾ ਗ਼ਲਤ ਸੀ ਕਿ ਇਹਨਾਂ ਨਾਲ ਮੇਰਾ ਨੇਵੀ ਬਲਿਊ ਸਕਰਟ ਸਾਫ਼ ਹੋ ਸਕਦੈ। ਤਿਰਲੋਚਨ! ਤੂੰ ਇਹ ਮੈਨੂੰ ਦੇ-ਦੇ, ਮੈਂ ਇਹਨਾਂ ਨੂੰ ਗੁੰਦ ਕੇ ਆਪਣੇ ਸਿਰ ਉੱਤੇ ਫਸਟ ਕਲਾਸ ਆਲ੍ਹਣਾ ਬਣਵਾ ਲਵਾਂਗੀ।"
ਹੁਣ ਤਿਰਲੋਚਨ ਦੀ ਦਾੜ੍ਹੀ ਵਿਚ ਫੇਰ ਅੰਗਿਆਰ ਭਖਣ ਲੱਗੇ। ਉਸਨੇ ਬੜੀ ਗੰਭੀਰ ਆਵਾਜ਼ ਵਿਚ ਮੋਜ਼ੇਲ ਨੂੰ ਕਿਹਾ, "ਮੈਂ ਅੱਜ ਤੀਕ ਕਦੀ ਤੇਰੇ ਧਰਮ ਦਾ ਮਜ਼ਾਕ ਨਹੀਂ ਉਡਾਇਆ—ਤੂੰ ਕਿਓਂ ਉਡਾਉਂਦੀ ਏਂ? ਦੇਖ, ਕਿਸੇ ਦੀ ਧਾਰਮਕ ਭਾਵਨਾ ਨਾਲ ਖੇਡਣਾ ਚੰਗਾ ਨਹੀਂ ਹੁੰਦਾ। ਮੈਂ ਇਹ ਕਦੀ ਬਰਦਾਸ਼ਤ ਨਾ ਕਰਦਾ, ਸਿਰਫ਼ ਇਸ ਲਈ ਕਰ ਰਿਹਾਂ ਕਿ ਮੈਨੂੰ ਤੇਰੇ ਨਾਲ ਅਥਾਹ ਪ੍ਰੇਮ ਏਂ—ਕੀ ਤੈਨੂੰ ਇਸਦਾ ਪਤਾ ਨਹੀਂ?"
ਮੋਜ਼ੇਲ ਨੇ ਤਿਰਲੋਚਨ ਦੀ ਦਾੜ੍ਹੀ ਨਾਲ ਖੇਡਣਾ ਬੰਦ ਕਰ ਦਿੱਤਾ ਤੇ ਬੋਲੀ, "ਮੈਨੂੰ ਪਤਾ ਏ।"
"ਫੇਰ?" ਤਿਰਲੋਚਨ ਨੇ ਆਪਣੀ ਦਾੜ੍ਹੀ ਦੇ ਵਾਲ ਬੜੀ ਸਫ਼ਾਈ ਨਾਲ ਤੈਹ ਕੀਤੇ ਤੇ ਮੋਜ਼ੇਲ ਦੇ ਦੰਦਾਂ ਵਿਚੋਂ ਪਿੰਨਾਂ ਕੱਢ ਲਈਆਂ। "ਤੂੰ ਚੰਗੀ ਤਰ੍ਹਾਂ ਜਾਣਦੀ ਏਂ ਕਿ ਮੇਰਾ ਪ੍ਰੇਮ ਬਕਵਾਸ ਨਹੀਂ—ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਆਂ।"
"ਮੈਨੂੰ ਪਤਾ ਐ।" ਵਾਲਾਂ ਨੂੰ ਇਕ ਹਲਕਾ-ਜਿਹਾ ਝਟਕਾ ਦੇ ਕੇ ਉਹ ਉੱਠੀ ਤੇ ਕੰਧ 'ਤੇ ਲਟਕੀ ਹੋਈ ਤਸਵੀਰ ਵੱਲ ਦੇਖਣ ਲੱਗੀ। "ਮੈਂ ਵੀ ਲਗਭਗ ਇਹੀ ਫ਼ੈਸਲਾ ਕਰ ਚੁੱਕੀ ਆਂ ਕਿ ਤੇਰੇ ਨਾਲ ਵਿਆਹ ਕਰਾਂਗੀ।"
ਤਿਰਲੋਚਨ ਖਿੜ-ਪੁੜ ਗਿਆ, "ਸੱਚ?"
ਮੋਜ਼ੇਲ ਦੇ ਉਨਾਬੀ ਬੁੱਲ੍ਹ ਬੜੀ ਮੋਟੀ ਮੁਸਕਰਾਹਟ ਨਾਲ ਖੁੱਲ੍ਹੇ ਤੇ ਉਸਦੇ ਸਫ਼ੇਦ ਮਜ਼ਬੂਤ ਦੰਦ ਇਕ ਛਿਣ ਲਈ ਚਮਕੇ, "ਹਾਂ।"
ਤਿਰਲੋਚਨ ਨੇ ਆਪਣੀ ਅੱਧੀ ਲਿਪਟੀ ਦਾੜ੍ਹੀ ਨਾਲ ਹੀ ਉਸਨੂੰ ਆਪਣੀ ਹਿੱਕ ਨਾਲ ਘੁੱਟ ਲਿਆ, "ਤ...ਤਾਂ...ਫੇਰ, ਕਦੋਂ?"
ਮੋਜ਼ੇਲ ਉਸ ਨਾਲੋਂ ਅੱਡ ਹੋਈ—"ਜਦੋਂ ਤੂੰ ਆਪਣੇ ਇਹ ਵਾਲ ਕਟਵਾ ਦਵੇਂਗਾ।"
ਤਿਰਲੋਚਨ ਉਸ ਸਮੇਂ 'ਜੋ ਹੋਊ, ਦੇਖੀ ਜਾਊ' ਬਣ ਗਿਆ। ਉਸਨੇ ਕੁਝ ਨਹੀਂ ਸੋਚਿਆ ਤੇ ਕਹਿ ਦਿੱਤਾ, "ਮੈਂ ਕਲ੍ਹ ਈ ਕਟਵਾ ਦਿਆਂਗਾ।"
ਮੋਜ਼ੇਲ ਫਰਸ਼ ਉੱਤੇ ਟੇਪ ਡਾਂਸ ਕਰਨ ਲੱਗੀ। "ਤੂੰ ਬਕਵਾਸ ਕਰ ਰਿਹੈਂ ਤਿਰਲੋਚਨ! ਤੇਰੇ 'ਚ ਐਨੀ ਹਿੰਮਤ ਨਹੀਂ।"
ਉਸਨੇ ਤਿਰਲੋਚਨ ਦੇ ਦਿਮਾਗ਼ ਵਿਚੋਂ ਧਰਮ ਦੇ ਬਚੇ-ਖੁਚੇ ਖ਼ਿਆਲ ਵੀ ਬਾਹਰ ਕੱਢ ਸੁੱਟੇ।
"ਤੂੰ ਦੇਖ ਲਵੀਂ।"
"ਦੇਖ ਲਵਾਂਗੀ।" ਤੇ ਉਹ ਕਾਹਲ ਨਾਲ ਅੱਗੇ ਵਧੀ। ਤਿਰਲੋਚਨ ਦੀਆਂ ਮੁੱਛਾਂ ਨੂੰ ਚੁੰਮਿਆਂ ਤੇ 'ਫੂੰ-ਫੂੰ' ਕਰਦੀ ਬਾਹਰ ਨਿਕਲ ਗਈ।
ਤਿਰਲੋਚਨ ਸਾਰੀ ਰਾਤ ਕਿਹੜੀਆਂ ਸੋਚਾਂ ਵਿਚ ਗੋਤੇ ਲਾਉਂਦਾ ਰਿਹਾ ਤੇ ਉਸਨੇ ਕੀ-ਕੀ ਤਕਲੀਫ਼ ਭੋਗੀ, ਇਸਦੀ ਚਰਚਾ ਵਿਅਰਥ ਹੈ, ਇਸ ਲਈ ਕਿ ਦੂਜੇ ਦਿਨ ਉਸਨੇ ਫੋਰਟ ਵਿਚ ਆਪਣੇ ਕੇਸ ਕਟਵਾ ਦਿੱਤੇ ਤੇ ਦਾੜ੍ਹੀ ਵੀ ਮੁੰਨਵਾ ਦਿੱਤੀ। ਇਸ ਸਭ ਕੁਛ ਹੁੰਦਾ ਰਿਹਾ ਤੇ ਉਹ ਅੱਖਾਂ ਮੀਚੀ ਬੈਠਾ ਰਿਹਾ। ਜਦੋਂ ਸਾਰਾ ਮਾਮਲਾ ਸਾਫ਼ ਹੋ ਗਿਆ, ਉਦੋਂ ਉਸਨੇ ਅੱਖਾਂ ਖੋਲ੍ਹੀਆਂ ਤੇ ਦੇਰ ਤੀਕ ਸ਼ੀਸ਼ੇ ਵਿਚ ਆਪਣੀ ਸ਼ਕਲ ਦੇਖਦਾ ਰਿਹਾ, ਜਿਸ ਉੱਤੇ ਬੰਬਈ ਦੀ ਸੋਹਣੀ ਤੋਂ ਸੋਹਣੀ ਕੁੜੀ ਵੀ ਕੁਛ ਚਿਰ ਲਈ ਧਿਆਨ ਦੇਣ ਲਈ ਮਜਬੂਰ ਹੋ ਜਾਂਦੀ।
ਇਸ ਸਮੇਂ ਵੀ ਤਿਰਲੋਚਨ ਉਹੀ ਇਕ ਵਚਿੱਤਰ ਠੰਢਕ ਮਹਿਸੂਸ ਕਰਨ ਲੱਗਾ, ਜਿਹੜੀ ਸੈਲੂਨ ਦੇ ਬਾਹਰ ਨਿਕਲ ਕੇ ਉਸਨੂੰ ਮਹਿਸੂਸ ਹੋਈ ਸੀ। ਉਸਨੇ ਟੈਰੇਸ 'ਤੇ ਤੇਜ਼-ਤੇਜ਼ ਤੁਰਨਾ ਸ਼ੁਰੂ ਕਰ ਦਿੱਤਾ, ਜਿੱਥੇ ਟੈਂਕੀਆਂ ਤੇ ਪਾਈਪਾਂ ਦੀ ਭਰਮਾਰ ਸੀ। ਉਹ ਚਾਹੁੰਦਾ ਸੀ ਕਿ ਉਸ ਕਹਾਣੀ ਦਾ ਬਾਕੀ ਦਾ ਹਿੱਸਾ ਉਸਦੇ ਦਿਮਾਗ਼ ਵਿਚ ਨਾ ਆਏ, ਪਰ ਉਹ ਆਏ ਬਿਨਾਂ ਨਾ ਰਿਹਾ।
ਵਾਲ ਕਟਵਾ ਕੇ ਉਹ ਪਹਿਲੇ ਦਿਨ ਘਰੋਂ ਬਾਹਰ ਨਹੀਂ ਸੀ ਨਿਕਲਿਆ। ਉਸਨੇ ਆਪਣੇ ਨੌਕਰ ਦੇ ਹੱਥ ਦੂਜੇ ਦਿਨ ਇਕ ਚਿਟ ਲਿਖ ਕੇ ਮੋਜ਼ੇਲ ਨੂੰ ਭੇਜੀ ਸੀ ਕਿ ਉਸਦੀ ਤਬੀਅਤ ਖ਼ਰਾਬ ਹੈ, ਥੋੜ੍ਹੀ ਦੇਰ ਲਈ ਆ ਜਾਏ। ਮੋਜ਼ੇਲ ਆਈ। ਤਿਰਲੋਚਨ ਨੂੰ ਵਾਲਾਂ ਦੇ ਬਗ਼ੈਰ ਦੇਖ ਕੇ ਉਹ ਛਿਣ ਭਰ ਲਈ ਠਿਠਕੀ, ਫੇਰ, "ਮਾਈ ਡਾਰਲਿੰਗ ਤਿਰਲੋਚਨ!" ਕਹਿ ਕੇ ਉਸ ਨਾਲ ਲਿਪਟ ਗਈ ਤੇ ਉਸਦਾ ਪੂਰਾ ਚਿਹਰਾ ਉਨਾਬੀ ਕਰ ਦਿੱਤਾ। ਉਸਨੇ ਤਿਰਲੋਚਨ ਦੀਆਂ ਸਾਫ਼ ਤੇ ਮੁਲਾਇਮ ਗੱਲ੍ਹਾਂ ਉੱਤੇ ਹੱਥ ਫੇਰਿਆ, ਉਸਦੇ ਛੋਟੇ-ਛੋਟੇ ਅੰਗਰੇਜ਼ੀ ਕਿਸਮ ਦੇ ਕੱਟੇ ਹੋਏ ਵਾਲਾਂ ਵਿਚ ਆਪਣੀਆਂ ਉਂਗਲਾਂ ਨਾਲ ਕੰਘੀ ਕੀਤੀ ਤੇ ਅਰਬੀ ਭਾਸ਼ਾ ਵਿਚ ਨਾਅਰੇ ਲਾਉਂਦੀ ਰਹੀ। ਉਸਨੇ ਐਨਾ ਰੌਲਾ ਪਾਇਆ ਕਿ ਉਸਦੀ ਨੱਕ ਵਿਚੋਂ ਪਾਣੀ ਵਗਣ ਲੱਗ ਪਿਆ। ਮੋਜ਼ੇਲ ਨੇ ਜਦੋਂ ਇਸਨੂੰ ਮਹਿਸੂਸ ਕੀਤਾ ਤਾਂ ਆਪਣੀ ਸਕਰਟ ਦਾ ਘੇਰਾ ਚੁੱਕਿਆ ਤੇ ਉਸਨੂੰ ਪੂੰਝਣਾ ਸ਼ੁਰੂ ਕਰ ਦਿੱਤਾ। ਤਿਰਲੋਚਨ ਸ਼ਰਮਾ ਗਿਆ। ਉਸਨੇ ਜਦੋਂ ਸਕਰਟ ਹੇਠਾਂ ਕੀਤੀ ਤਾਂ ਉਸਨੇ ਡਾਂਟਦਿਆਂ ਹੋਇਆਂ ਕਿਹਾ, "ਹੇਠਾਂ ਕੁਛ ਪਾ ਤਾਂ ਲਿਆ ਕਰ!" ਮੋਜ਼ੇਲ 'ਤੇ ਇਸਦਾ ਕੋਈ ਅਸਰ ਨਾ ਹੋਇਆ। ਬਾਸੀ ਤੇ ਜਗ੍ਹਾ ਜਗ੍ਹਾ ਤੋਂ ਉੱਖੜੀ ਹੋਈ ਲਿਪਸਟਿਕ ਲੱਗੇ ਬੁੱਲ੍ਹਾਂ ਨਾਲ ਮੁਸਕਰਾ ਕੇ ਸਿਰਫ਼ ਏਨਾ ਹੀ ਕਿਹਾ, "ਮੈਨੂੰ ਬੜੀ ਉਲਝਣ ਹੁੰਦੀ ਏ—ਇੰਜ ਈ ਚਲਦਾ ਏ।"
ਤਿਰਲੋਚਨ ਨੂੰ ਉਹ ਪਹਿਲਾ ਦਿਨ ਯਾਦ ਆ ਗਿਆ, ਜਦੋਂ ਉਹ ਤੇ ਮੋਜ਼ੇਲ ਦੋਵੇਂ ਟਕਰਾ ਗਏ ਸਨ ਤੇ ਆਪਸ ਵਿਚ ਕੁਛ ਅਜ਼ੀਬ ਤਰ੍ਹਾਂ ਗਡਮਡ ਹੋ ਗਏ ਸਨ। ਮੁਸਕਰਾ ਕੇ ਉਸਨੇ ਮੋਜ਼ੇਲ ਨੂੰ ਆਪਣੀ ਹਿੱਕ ਨਾਲ ਲਾ ਲਿਆ। "ਵਿਆਹ ਕਲ੍ਹ ਹੋਏਗਾ?"
"ਜ਼ਰੂਰ।" ਮੋਜ਼ੇਲ ਨੇ ਤਿਰਲੋਚਨ ਦੀ ਮੁਲਾਇਮ ਠੋਡੀ ਉੱਤੇ ਆਪਣੇ ਹੱਥ ਦਾ ਪੁੱਠਾ ਪਾਸਾ ਫੇਰਿਆ।
ਤੈਅ ਇਹ ਹੋਇਆ ਕਿ ਵਿਆਹ ਪੂਨੇ ਵਿਚ ਹੋਏਗਾ। ਕਿਉਂਕਿ ਸਿਵਲ ਮੈਰਿਜ ਸੀ, ਇਸ ਲਈ ਉਹਨਾਂ ਦਸ-ਪੰਦਰਾਂ ਦਿਨ ਦਾ ਨੋਟਿਸ ਦੇਣਾ ਸੀ। ਅਦਾਲਤੀ ਕਾਰਵਾਈ ਸੀ, ਇਸ ਲਈ ਠੀਕ ਸਮਝਿਆ ਕਿ ਪੂਨਾ ਬਿਹਤਰ ਹੈ, ਨੇੜੇ ਹੈ ਤੇ ਤਿਰਲੋਚਨ ਦੇ ਉੱਥੇ ਕਈ ਮਿੱਤਰ ਵੀ ਹੈਨ। ਦੂਜੇ ਦਿਨ ਉਹਨਾਂ ਨੇ ਪ੍ਰੋਗਰਾਮ ਦੇ ਅਨੁਸਾਰ ਪੂਨੇ ਰਵਾਨਾ ਹੋ ਜਾਣਾ ਸੀ। ਮੋਜ਼ੇਲ ਫੋਰਟ ਦੇ ਇਕ ਸਟੋਰ ਵਿਚ ਸੇਲਸ-ਗਰਲ ਸੀ, ਉਸ ਤੋਂ ਕੁਝ ਦੂਰੀ 'ਤੇ ਟੈਕਸੀ ਸਟੈਂਡ ਸੀ। ਬੱਸ, ਇੱਥੇ ਹੀ ਉਸਨੂੰ ਮੋਜ਼ੇਲ ਨੇ ਉਡੀਕ ਕਰਨ ਲਈ ਕਿਹਾ ਸੀ। ਠੀਕ ਸਮੇਂ 'ਤੇ ਤਿਰਲੋਚਨ ਉੱਥੇ ਪਹੁੰਚ ਗਿਆ। ਡੇਢ ਘੰਟਾ ਉਡੀਕਦਾ ਰਿਹਾ, ਪਰ ਉਹ ਨਹੀਂ ਆਈ। ਦੂਜੇ ਦਿਨ ਉਸਨੂੰ ਪਤਾ ਲੱਗਿਆ ਕਿ ਉਹ ਆਪਣੇ ਇਕ ਪੁਰਾਣੇ ਮਿੱਤਰ ਨਾਲ, ਜਿਸਨੇ ਨਵੀਂ-ਨਵੀਂ ਮੋਟਰ ਖ਼ਰੀਦੀ ਸੀ, ਦੇਵਲਾਲੀ ਚਲੀ ਗਈ ਸੀ ਤੇ ਅਣਮਿਥੇ ਸਮੇਂ ਲਈ ਉੱਥੇ ਹੀ ਰਹੇਗੀ।
ਤਿਰਲੋਚਨ ਉੱਤੇ ਕੀ ਬੀਤੀ, ਇਹ ਇਕ ਬੜੀ ਲੰਮੀ ਕਹਾਣੀ ਹੈ। ਸਾਰ ਇਸਦਾ ਇਹ ਹੈ ਕਿ ਉਸਨੇ ਜੀਅ ਕਰੜਾ ਕਰ ਲਿਆ ਤੇ ਉਸਨੂੰ ਭੁੱਲ ਗਿਆ। ਏਨੇ ਵਿਚ ਮੁਲਾਕਾਤ ਕਿਰਪਾਲ ਕੌਰ ਨਾਲ ਹੋ ਗਈ ਤੇ ਉਹ ਉਸਨੂੰ ਪ੍ਰੇਮ ਕਰਨ ਲੱਗਾ, ਤੇ ਕੁਝ ਸਮੇਂ ਵਿਚ ਉਸਨੇ ਮਹਿਸੂਸ ਕੀਤਾ ਕਿ ਮੋਜ਼ੇਲ ਬੜੀ ਵਾਹਿਯਾਤ ਕੁੜੀ ਸੀ, ਜਿਸਦੇ ਦਿਲ ਦੀ ਜਗ੍ਹਾ ਪੱਥਰ ਰੱਖਿਆ ਹੋਇਆ ਸੀ, ਜਿਹੜਾ ਚਿੜੇ ਵਾਂਗ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੁੜਕਦਾ ਰਹਿੰਦਾ ਸੀ। ਉਸਨੂੰ ਇਸ ਗੱਲ ਦਾ ਬੜਾ ਸੰਤੋਖ ਹੋਇਆ ਕਿ ਉਸਨੇ ਮੋਜ਼ੇਲ ਨਾਲ ਵਿਆਹ ਕਰਨ ਦੀ ਗ਼ਲਤੀ ਨਹੀਂ ਸੀ ਕੀਤੀ।
ਪਰ ਫੇਰ ਵੀ ਕਦੀ-ਕਦੀ ਮੋਜ਼ੇਲ ਦੀ ਯਾਦ ਉਸਦੇ ਦਿਲ 'ਤੇ ਚੁੰਢੀ ਜਿਹੀ ਵੱਢਦੀ ਤੇ ਚੁਘੀਆਂ ਭਰਦੀ ਹੋਈ ਗ਼ਾਇਬ ਹੋ ਜਾਂਦੀ—ਉਹ ਬੇਸ਼ਰਮ ਸੀ, ਬਦਲਿਹਾਜ਼ ਸੀ। ਉਸਨੂੰ ਕਿਸੇ ਦੀਆਂ ਭਾਵਨਾਵਾਂ ਦਾ ਖ਼ਿਆਲ ਨਹੀਂ ਸੀ, ਫੇਰ ਵੀ ਉਹ ਤਿਰਲੋਚਨ ਨੂੰ ਪਸੰਦ ਸੀ। ਇਸ ਲਈ ਉਹ ਕਦੀ-ਕਦੀ ਉਸ ਬਾਰੇ ਸੋਚਣ 'ਤੇ ਮਜਬੂਰ ਹੋ ਜਾਂਦਾ ਸੀ ਕਿ ਉਹ ਦੇਵਲਾਲੀ ਵਿਚ ਏਨੇ ਦਿਨਾਂ ਦੀ ਕੀ ਕਰ ਰਹੀ ਹੈ? ਉਸੇ ਆਦਮੀ ਨਾਲ ਹੈ, ਜਿਸ ਨੇ ਨਵੀਂ ਮੋਟਰ ਖ਼ਰੀਦੀ ਸੀ ਜਾਂ ਉਸਨੂੰ ਛੱਡ ਕੇ ਕਿਸੇ ਦੂਜੇ ਕੋਲ ਚਲੀ ਗਈ ਹੈ? ਉਸਨੂੰ ਇਹ ਸੋਚ ਕੇ ਬੜਾ ਦੁੱਖ ਹੁੰਦਾ ਸੀ ਕਿ ਉਹ ਉਸ ਦੀ ਬਜਾਏ ਕਿਸੇ ਹੋਰ ਕੋਲ ਸੀ, ਭਾਵੇਂ ਉਹ ਮੋਜ਼ੇਲ ਦੇ ਸੁਭਾਅ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ।
ਉਹ ਉਸ ਉੱਤੇ ਸੈਂਕੜੇ ਨਹੀਂ, ਹਜ਼ਾਰਾਂ ਰੁਪਏ ਖਰਚ ਕਰ ਚੁੱਕਿਆ ਸੀ, ਪਰ ਆਪਣੀ ਇੱਛਾ ਨਾਲ, ਵਰਨਾ ਮੋਜ਼ੇਲ ਮਹਿੰਗੀ ਨਹੀਂ ਸੀ। ਉਸਨੂੰ ਬੜੀ ਸਸਤੀ ਕਿਸਮ ਦੀਆਂ ਚੀਜ਼ਾਂ ਪਸੰਦ ਆਉਂਦੀਆਂ ਸਨ। ਇਕ ਵਾਰੀ ਤਿਰਲੋਚਨ ਨੇ ਉਸਨੂੰ ਸੋਨੇ ਦੇ ਟਾਪਸ ਦੇਣ ਦਾ ਇਰਾਦਾ ਕੀਤਾ ਜਿਹੜੇ ਉਸਨੂੰ ਬੜੇ ਪਸੰਦ ਸਨ, ਪਰ ਉਸ ਦੁਕਾਨ ਵਿਚ ਜਾ ਕੇ ਮੋਜ਼ੇਲ ਨਕਲੀ ਭੜਕੀਲੇ ਤੇ ਬੜੇ ਹੀ ਸਸਤੇ ਕਿਸਮ ਦੇ ਗਹਿਣੇ 'ਤੇ ਮਰ-ਮਿਟੀ ਸੀ ਤੇ ਸੋਨੇ ਦੇ ਟਾਪਸ ਛੱਡ ਕੇ ਤਿਰਲੋਚਨ ਦੀਆਂ ਮਿੰਨਤਾਂ ਕਰਨ ਲੱਗ ਪਈ ਸੀ ਕਿ ਉਹ, ਉਹ ਖ਼ਰੀਦ ਦਵੇ।
ਤਿਰਲੋਚਨ ਹੁਣ ਤੀਕ ਨਹੀਂ ਸੀ ਸਮਝ ਸਕਿਆ ਕਿ ਮੋਜ਼ੇਲ ਕਿਸ ਤਰ੍ਹਾਂ ਦੀ ਕੁੜੀ ਹੈ। ਕਿਸ ਮਿੱਟੀ ਦੀ ਬਣੀ ਹੋਈ ਹੈ। ਉਹ ਘੰਟਿਆਂ ਬੱਧੀ ਉਸ ਨਾਲ ਲੇਟੀ ਰਹਿੰਦੀ ਸੀ, ਉਸਨੂੰ ਚੁੰਮਣ ਦੀ ਇਜਾਜ਼ਤ ਦੇ ਦਿੰਦੀ ਸੀ। ਉਹ ਸਾਰੇ ਦਾ ਸਾਰਾ ਸਾਬਨ ਵਾਂਗ ਉਸਦੇ ਸਰੀਰ 'ਤੇ ਫਿਰ ਜਾਂਦਾ ਸੀ, ਪਰ ਇਸ ਤੋਂ ਅੱਗੇ ਉਹ ਉਸਨੂੰ ਇਕ ਇੰਚ ਨਹੀਂ ਸੀ ਵਧਣ ਦਿੰਦੀ। ਉਸਨੂੰ ਚਿੜਾਉਣ ਲਈ ਏਨਾ ਕਹਿ ਦਿੰਦੀ, "ਤੂੰ ਸਿੱਖ ਏਂ, ਮੈਨੂੰ ਤੇਰੇ ਨਾਲ ਨਫ਼ਰਤ ਏ।"
ਤਿਰਲੋਚਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੋਜ਼ੇਲ ਨੂੰ ਉਸ ਨਾਲ ਨਫ਼ਰਤ ਨਹੀਂ ਸੀ। ਜੇ ਇੰਜ ਹੁੰਦਾ ਤਾਂ ਉਹ ਉਸਨੂੰ ਕਦੀ ਨਾ ਮਿਲਦੀ। ਸਹਿਣ-ਸ਼ਕਤੀ ਉਸ ਵਿਚ ਜ਼ਰਾ ਵੀ ਨਹੀਂ ਸੀ। ਉਹ ਕਦੀ ਦੋ ਵਰ੍ਹੇ ਉਸ ਨਾਲ ਨਾ ਬਿਤਾਉਂਦੀ। ਦੋ ਟੁੱਕ ਫੈਸਲਾ ਕਰ ਦੇਂਦੀ। ਅੰਡਰ-ਵੀਅਰ ਉਸਨੂੰ ਨਾਪਸੰਦ ਸੀ, ਇਸ ਲਈ ਕਿ ਉਸ ਨਾਲ ਉਸਨੂੰ ਉਲਝਣ ਹੁੰਦੀ ਸੀ। ਤਿਰਲੋਚਨ ਨੇ ਕਈ ਵਾਰੀ ਉਸਨੂੰ ਇਸਦੀ ਲੋੜ ਬਾਰੇ ਦੱਸਿਆ ਸੀ, ਸ਼ਰਮ-ਹਯਾ ਦਾ ਵਾਸਤਾ ਦਿੱਤਾ ਸੀ, ਪਰ ਉਸਨੇ ਇਹ ਸ਼ੈ ਕਦੀ ਨਹੀਂ ਪਾਈ।
ਤਿਰਲੋਚਨ ਜਦੋਂ ਕਦੀ ਉਸ ਨਾਲ ਸ਼ਰਮ-ਹਯਾ ਦੀ ਗੱਲ ਕਰਦਾ ਤਾਂ ਉਹ ਚਿੜ ਜਾਂਦੀ ਸੀ। "ਇਹ ਹਯਾ-ਵਯਾ ਕੀ ਬਕਵਾਸ ਐ?—ਜੇ ਤੈਨੂੰ ਉਸਦਾ ਕੁਛ ਖ਼ਿਆਲ ਏ ਤਾਂ ਅੱਖਾਂ ਬੰਦ ਕਰ ਲਿਆ ਕਰ। ਤੂੰ ਮੈਨੂੰ ਇਸ ਦੱਸ, ਕਿਹੜਾ ਅਜਿਹਾ ਲਿਬਾਸ ਐ, ਜਿਸ ਵਿਚ ਆਦਮੀ ਨੰਗਾ ਨਹੀਂ ਹੋ ਸਕਦਾ—ਜਾਂ ਜਿਸ ਨੂੰ ਤੁਹਾਡੀਆਂ ਨਜ਼ਰਾਂ ਪਾਰ ਨਹੀਂ ਕਰ ਸਕਦੀਆਂ? ਮੇਰੇ ਨਾਲ ਅਜਿਹੀ ਬਕਵਾਸ ਨਾ ਮਾਰਿਆ ਕਰ—ਤੂੰ ਸਿੱਖ ਏਂ—ਮੈਨੂੰ ਪਤਾ ਏ ਕਿ ਪਤਲੂਨ ਹੇਠ ਇਕ ਸਿੱਲੀ-ਜਿਹਾ ਅੰਡਰ-ਵੀਅਰ ਪਾਉਂਦਾ ਏਂ, ਜਿਹੜਾ ਨਿੱਕਰ ਨਾਲ ਮਿਲਦਾ-ਜੁਲਦਾ ਹੁੰਦਾ ਐ। ਇਹ ਵੀ ਤੁਹਾਡੀ ਦਾੜ੍ਹੀ ਤੇ ਸਿਰ ਦੇ ਵਾਲਾਂ ਵਾਂਗ ਤੁਹਾਡੇ ਮਜ਼ਹਬ ਵਿਚ ਸ਼ਾਮਲ ਏ—ਸ਼ਰਮ ਆਉਣੀ ਚਾਹੀਦੀ ਏ ਤੈਨੂੰ, ਐਨੇ ਵੱਡਾ ਹੋ ਗਿਆ ਏਂ ਤੇ ਹੁਣ ਤਕ ਇਹੀ ਸਮਝਦਾ ਏਂ ਕਿ ਤੇਰਾ ਮਜ਼ਹਬ ਅੰਡਰ-ਵੀਅਰ ਵਿਚ ਲੁਕਿਆ ਬੈਠਾ ਆ!"
ਤਿਰਲੋਚਨ ਨੂੰ ਸ਼ੁਰੂ ਵਿਚ ਅਜਿਹੀਆਂ ਗੱਲਾਂ ਸੁਣ ਕੇ ਹਿਰਖ ਆ ਜਾਂਦਾ ਸੀ, ਪਰ ਸੋਚਣ-ਵਿਚਾਰਨ ਪਿੱਛੋਂ ਉਹ ਕਦੀ-ਕਦੀ ਲੁੜਕ ਜਾਂਦਾ ਤੇ ਸੋਚਦਾ ਕਿ ਮੋਜ਼ੇਲ ਦੀਆਂ ਗੱਲਾਂ ਸ਼ਾਇਦ ਗ਼ਲਤ ਨਹੀਂ। ਤੇ ਜਦੋਂ ਉਸਨੇ ਆਪਣੇ ਕੇਸਾਂ 'ਤੇ ਦਾੜ੍ਹੀ ਦਾ ਸਫ਼ਾਇਆ ਕਰਾ ਦਿੱਤਾ ਤਾਂ ਉਸਨੂੰ ਸੱਚਮੁੱਚ ਇੰਜ ਲੱਗਿਆ ਸੀ ਕਿ ਉਹ ਵਾਧੂ ਹੀ ਏਨੇ ਦਿਨ ਵਾਲਾਂ ਦਾ ਭਾਰ ਚੁੱਕੀ ਫਿਰਦਾ ਰਿਹਾ, ਜਿਸਦਾ ਕੋਈ ਮਤਲਬ ਨਹੀਂ ਸੀ।
ਪਾਣੀ ਵਾਲੀ ਟੈਂਕੀ ਕੋਲ ਪਹੁੰਚ ਕੇ ਤਿਰਲੋਚਨ ਰੁਕ ਗਿਆ। ਮੋਜ਼ੇਲ ਨੂੰ ਇਕ ਮੋਟੀ ਗਾਲ੍ਹ ਕੱਢ ਕੇ ਉਸਨੇ ਉਸ ਬਾਰੇ ਸੋਚਣਾ ਬੰਦ ਕਰ ਦਿੱਤਾ। ਕਿਰਪਾਲ ਕੌਰ ਇਕ ਪਵਿੱਤਰ ਕੁੜੀ ਸੀ, ਜਿਸ ਨਾਲ ਉਸਨੂੰ ਪ੍ਰੇਮ ਹੋ ਗਿਆ ਸੀ, ਤੇ ਜਿਹੜੀ ਖ਼ਤਰੇ ਵਿਚ ਸੀ। ਉਹ ਅਜਿਹੇ ਮੁਹੱਲੇ ਵਿਚ ਸੀ, ਜਿਸ ਵਿਚ ਕੱਟੜ ਕਿਸਮ ਦੇ ਮੁਸਲਮਾਨ ਰਹਿੰਦੇ ਸਨ ਤੇ ਉੱਥੇ ਦੋ-ਚਾਰ ਵਾਰਦਾਤਾਂ ਵੀ ਹੋ ਚੁੱਕੀਆਂ ਸਨ—ਪਰ ਮੁਸੀਬਤ ਇਹ ਸੀ ਕਿ ਉਸ ਮੁਹੱਲੇ ਵਿਚ ਅੜਤਾਲੀ ਘੰਟਿਆਂ ਲਈ ਕਰਫ਼ਿਊ ਲੱਗਾ ਹੋਇਆ ਸੀ। ਪਰ ਕਰਫ਼ਿਊਂ ਦੀ ਕੌਣ ਪ੍ਰਵਾਹ ਕਰਦਾ ਹੈ? ਉਸ ਚਾਲ ਦੇ ਮੁਸਲਮਾਨ ਜੇ ਚਾਹੁੰਦੇ ਤਾਂ ਅੰਦਰੇ-ਅੰਦਰ ਹੀ ਕਿਰਪਾਲ ਕੌਰ ਤੇ ਉਸਦੀ ਮਾਂ ਤੇ ਪਿਓ ਦਾ ਬੜੀ ਆਸਾਨੀ ਨਾਲ ਸਫ਼ਾਇਆ ਕਰ ਸਕਦੇ ਸਨ।
ਤਿਰਲੋਚਨ ਸੋਚਦਾ-ਸੋਚਦਾ ਪਾਣੀ ਦੀ ਮੋਟੀ ਪਾਈਪ ਉੱਤੇ ਬੈਠ ਗਿਆ। ਉਸਦੇ ਸਿਰ ਦੇ ਵਾਲ ਹੁਣ ਕਾਫੀ ਲੰਮੇ ਹੋ ਗਏ ਸਨ। ਉਸਨੂੰ ਵਿਸ਼ਵਾਸ ਸੀ ਕਿ ਉਹ ਇਸ ਵਰ੍ਹੇ ਦੇ ਅੰਦਰ-ਅੰਦਰ ਪੂਰੇ ਕੇਸਾਂ ਵਿਚ ਬਦਲ ਜਾਣਗੇ। ਉਸਦੀ ਦਾੜ੍ਹੀ ਤੇਜ਼ੀ ਨਾਲ ਵਧ ਰਹੀ ਸੀ, ਪਰ ਉਹ ਉਸਨੂੰ ਵਧਾਉਣਾ ਨਹੀਂ ਸੀ ਚਾਹੁੰਦਾ। ਫੋਰਟ ਵਿਚ ਇਕ ਨਾਈ ਸੀ, ਜਿਸ ਤੋਂ ਉਹ ਏਨੀ ਸਫ਼ਾਈ ਨਾਲ ਉਸਨੂੰ ਕਟਵਾਉਂਦਾ ਸੀ ਕਿ ਕੱਟੀ ਹੋਈ ਦਿਖਾਈ ਨਹੀਂ ਸੀ ਦਿੰਦੀ।
ਉਸਨੇ ਆਪਣੇ ਨਰਮ ਤੇ ਮੁਲਾਇਮ ਵਾਲਾਂ ਵਿਚ ਉਂਗਲਾਂ ਫੇਰੀਆਂ ਤੇ ਇਕ ਠੰਢਾ ਸਾਹ ਖਿੱਚਿਆ। ਉੱਠਣ ਦਾ ਇਰਾਦਾ ਕਰ ਹੀ ਰਿਹਾ ਸੀ ਕਿ ਉਸਨੂੰ ਖੜਾਵਾਂ ਦੀ ਕੁਰਖ਼ਤ ਆਵਾਜ਼ ਸੁਣਾਈ ਦਿੱਤੀ। ਉਸਨੇ ਸੋਚਿਆ, ਕੌਣ ਹੋ ਸਕਦਾ ਹੈ? ਬਿਲਡਿੰਗ ਵਿਚ ਕਈ ਯਹੂਦੀ ਔਰਤਾਂ ਸਨ, ਜਿਹੜੀਆਂ ਘਰੇ ਖੜਾਵਾਂ ਪਾਉਂਦੀਆਂ ਸਨ। ਆਵਾਜ਼ ਹੋਰ ਨੇੜੇ ਆਉਂਦੀ ਗਈ। ਯਕਦਮ ਉਸਨੇ ਦੂਜੀ ਟੈਂਕੀ ਕੋਲ ਮੋਜ਼ੇਲ ਨੂੰ ਦੇਖਿਆ, ਉਹ ਯਹੂਦੀਆਂ ਵਾਲਾ ਵਿਸ਼ੇਸ਼ ਢੰਗ ਦਾ ਢਿੱਲਾ-ਢਾਲਾ ਕੁੜਤਾ ਪਾਈ ਬੜੀ ਜ਼ੋਰਦਾਰ ਅੰਗੜਾਈ ਲੈ ਰਹੀ ਸੀ—ਏਨੀ ਜ਼ੋਰਦਾਰ ਕਿ ਤਿਰਲੋਚਨ ਨੂੰ ਮਹਿਸੂਸ ਹੋਇਆ ਕਿ ਉਸਦੇ ਆਸਪਾਸ ਦੀ ਹਵਾ ਤਿੜਕ ਜਾਵੇਗੀ।
ਤਿਰਲੋਚਨ ਪਾਣੀ ਵਾਲੇ ਪਾਈਪ ਤੋਂ ਉੱਠਿਆ। ਉਸਨੇ ਸੋਚਿਆ, ਇਹ ਯਕਦਮ ਕਿੱਥੋਂ ਆ ਟਪਕੀ—ਤੇ ਇਸ ਸਮੇਂ ਟੈਰੇਸ 'ਤੇ ਕੀ ਕਰਨ ਆਈ ਹੈ? ਮੋਜ਼ੇਲ ਨੇ ਇਕ ਹੋਰ ਅੰਗੜਾਈ ਲਈ—ਹੁਣ ਤਿਰਲੋਚਨ ਦੀਆਂ ਹੱਡੀਆਂ ਚਸਕਣ ਲੱਗੀਆਂ।
ਢਿੱਲੇ-ਢਾਲੇ ਕੁੜਤੇ 'ਚ ਉਸਦੀਆਂ ਮਜਬੂਤ ਛਾਤੀਆਂ ਛਲਕੀਆਂ—ਤਿਰਲੋਚਨ ਦੀਆਂ ਅੱਖਾਂ ਸਾਹਵੇਂ ਕਈ ਗੋਲ-ਗੋਲ ਤੇ ਚਪਟੇ-ਚਪਟੇ ਨੀਲ ਉਭਰ ਆਏ। ਉਹ ਜ਼ੋਰ ਨਾਲ ਖੰਘਿਆ। ਮੋਜ਼ੇਲ ਨੇ ਪਲਟ ਕੇ ਉਸ ਵੱਲ ਦੇਖਿਆ। ਕੋਈ ਵਿਸ਼ੇਸ਼ ਪ੍ਰਤੀਕ੍ਰਿਆ ਨਹੀਂ ਹੋਈ। ਉਹ ਖੜਾਵਾਂ ਘਸੀਟਦੀ ਹੋਈ ਉਸਦੇ ਕੋਲ ਆਈ ਤੇ ਉਸਦੀ ਨੰਨ੍ਹੀ-ਮੁੰਨੀ ਦਾੜ੍ਹੀ ਦੇਖਣ ਲੱਗੀ। "ਤੂੰ ਫੇਰ ਸਿੱਖ ਬਣ ਗਿਆ ਏਂ, ਤਿਰਲੋਚਨ?"
ਦਾੜ੍ਹੀ ਦੇ ਵਾਲ ਤਿਰਲੋਚਨ ਨੂੰ ਚੁਭਣ ਲੱਗੇ।
ਮੋਜ਼ੇਲ ਨੇ ਅੱਗੇ ਵਧ ਕੇ ਉਸਦੀ ਠੋਡੀ ਨਾਲ ਆਪਣੇ ਹੱਥ ਦਾ ਪੁੱਠਾ ਪਾਸਾ ਰਗੜਿਆ ਤੇ ਮੁਸਕਰਾ ਕੇ ਕਿਹਾ, "ਹੁਣ ਇਹ ਬੁਰਸ਼ ਇਸ ਯੋਗ ਐ ਕਿ ਮੇਰੀ ਨੇਵੀ ਬਲਿਊ ਸਕਰਟ ਸਾਫ਼ ਕਰ ਸਕੇ। ਪਰ ਉਹ ਤਾਂ ਉੱਥੇ ਈ ਦੇਵਲਾਲੀ ਵਿਚ ਰਹਿ ਗਈ ਏ।"
ਤਿਰਲੋਚਨ ਚੁੱਪ ਰਿਹਾ।
ਮੋਜ਼ੇਲ ਨੇ ਉਸਦੀ ਬਾਂਹ 'ਤੇ ਚੂੰਢੀ ਵੱਢੀ। "ਬੋਲਦੇ ਕਿਓਂ ਨਹੀਂ ਸਰਦਾਰ ਸਾਹਬ?"
ਤਿਰਲੋਚਨ ਆਪਣੀ ਪੁਰਾਣੀ ਮੁਰਖਤਾ ਨੂੰ ਦੁਹਰਾਉਣਾ ਨਹੀਂ ਸੀ ਚਾਹੁੰਦਾ, ਫੇਰ ਵੀ ਉਸਨੇ ਸਵੇਰ ਦੇ ਧੁੰਦਲੇ ਹਨੇਰੇ ਵਿਚ ਦੇਖਿਆ ਕਿ ਮੋਜ਼ੇਲ ਵਿਚ ਕੋਈ ਖਾਸ ਪਰੀਵਰਤਨ ਨਹੀਂ ਆਇਆ ਸੀ, ਸਿਰਫ਼ ਉਹ ਕੁਛ ਕਮਜ਼ੋਰ ਨਜ਼ਰ ਆ ਰਹੀ ਸੀ।
ਤਿਰਲੋਚਨ ਨੇ ਉਸਨੂੰ ਪੁੱਛਿਆ, "ਬੀਮਾਰ ਰਹੀ ਏਂ?"
"ਨਹੀਂ।" ਮੋਜ਼ੇਲ ਨੇ ਆਪਣੇ ਕੱਟੇ ਹੋਏ ਵਾਲਾਂ ਨੂੰ ਇਕ ਹਲਕਾ ਜਿਹਾ ਝਟਕਾ ਦਿੱਤਾ।
"ਪਹਿਲਾਂ ਨਾਲੋਂ ਕਮਜ਼ੋਰ ਨਜ਼ਰ ਆ ਰਹੀ ਏਂ।"
"ਮੈਂ ਡਾਈਟਿੰਗ ਕਰ ਰਹੀ ਆਂ।" ਮੋਜ਼ੇਲ ਪਾਣੀ ਦੇ ਮੋਟੇ ਪਾਈਪ ਉੱਤੇ ਬੈਠ ਗਈ ਤੇ ਖੜਾਵਾਂ ਫਰਸ਼ ਨਾਲ ਵਜਾਉਣ ਲੱਗੀ। "ਤੂੰ, ਮਤਲਬ ਇਹ ਕਿ ਹੁਣ ਫੇਰ ਨਵੇਂ ਸਿਰੇ ਤੋਂ ਸਿੱਖ ਬਣ ਰਿਹਾ ਏਂ?"
ਤਿਰਲੋਚਨ ਨੇ ਰਤਾ ਕਰੜਾਈ ਨਾਲ ਕਿਹਾ, "ਹਾਂ।"
"ਮੁਬਾਰਕ ਹੋਵੇ!" ਮੋਜ਼ੇਲ ਨੇ ਇਕ ਖੜਾਂ ਪੈਰ ਵਿਚੋਂ ਲਾਹ ਲਈ ਤੇ ਪਾਣੀ ਦੇ ਪਾਈਪ 'ਤੇ ਵਜਾਉਣ ਲੱਗੀ। "ਕਿਸੇ ਹੋਰ ਕੁੜੀ ਨਾਲ ਪ੍ਰੇਮ ਕਰਨਾ ਸ਼ੁਰੂ ਕਰ ਦਿੱਤਾ ਏ?"
ਤਿਰਲੋਚਨ ਨੇ ਹੌਲੀ-ਜਿਹੀ ਕਿਹਾ, "ਹਾਂ।"
"ਮੁਬਾਰਕ ਹੋਵੇ—ਇਸੇ ਬਿਲਡਿੰਗ ਦੀ ਐ ਕੋਈ?"
"ਨਹੀਂ।"
"ਇਹ ਬੜੀ ਬੁਰੀ ਗੱਲ ਏ।" ਮੋਜ਼ੇਲ ਖੜਾਂ ਆਪਣੀ ਉਂਗਲ ਵਿਚ ਟੁੰਗ ਕੇ ਉੱਠੀ। "ਆਦਮੀ ਨੂੰ ਹਮੇਸ਼ਾ ਆਪਣੇ ਗੁਆਂਢੀਆਂ ਦਾ ਖ਼ਿਆਲ ਰੱਖਣਾ ਚਾਹੀਦਾ ਏ।"
ਤਿਰਲੋਚਨ ਚੁੱਪ ਰਿਹਾ। ਮੋਜ਼ੇਲ ਨੇ ਉਸਦੀ ਦਾੜ੍ਹੀ ਨੂੰ ਆਪਣੀਆਂ ਉਂਗਲਾਂ ਨਾਲ ਛੇੜਿਆ। "ਕੀ ਉਸੇ ਕੁੜੀ ਨੇ ਤੈਨੂੰ ਵਾਲ ਵਧਾਉਣ ਦੀ ਰਾਏ ਦਿੱਤੀ ਏ?"
"ਨਹੀਂ।"
ਤਿਰਲੋਚਨ ਬੜੀ ਉਲਝਣ ਵਿਚ ਸੀ, ਜਿਵੇਂ ਕੰਘਾ ਕਰਦੇ-ਕਰਦੇ ਉਸਦੀ ਦਾੜ੍ਹੀ ਦੇ ਵਾਲ ਆਪਸ ਵਿਚ ਉਲਝ ਗਏ ਹੋਣ। ਜਦੋਂ ਉਸਨੇ 'ਨਹੀਂ' ਕਿਹਾ ਸੀ, ਉਸਦੀ ਆਵਾਜ਼ ਰਤਾ ਤਿੱਖੀ ਹੋ ਗਈ ਸੀ।
ਮੋਜ਼ੇਲ ਦੇ ਲਿਪਸਟਿਕ ਵਾਲੇ ਬੁੱਲ੍ਹ ਬੇਹੇ ਮਾਸ ਵਰਗੇ ਲੱਗ ਰਹੇ ਸਨ। ਉਹ ਮੁਸਕਰਾਈ ਤਾਂ ਤਿਰਲੋਚਨ ਨੂੰ ਇੰਜ ਲੱਗਿਆ ਕਿ ਉਸਦੇ ਪਿੰਡ ਦੀ ਝਟਕੇ ਦੀ ਦੁਕਾਨ 'ਤੇ ਝਟਕਈ ਨੇ ਛੁਰੀ ਨਾਲ ਮਾਸ ਦੇ ਦੋ ਟੁਕੜੇ ਕਰ ਦਿੱਤੇ ਹੋਣ।
ਮੁਸਕਰਾਉਣ ਪਿੱਛੋਂ ਉਹ ਹੱਸੀ। "ਤੂੰ ਹੁਣ ਇਹ ਦਾੜ੍ਹੀ ਮੁੰਨਵਾ ਦਵੇਂ ਤਾਂ ਕਿਸੇ ਦੀ ਵੀ ਸਹੁੰ ਲੈ ਲੈ, ਮੈਂ ਤੇਰੇ ਨਾਲ ਵਿਆਹ ਕਰ ਲਵਾਂਗੀ।"
ਤਿਰਲੋਚਨ ਦੇ ਦਿਲ ਵਿਚ ਆਇਆ ਕਿ ਉਸਨੂੰ ਕਹਿ ਦਏ ਕਿ ਉਹ ਇਕ ਬੜੀ ਸ਼ਰੀਫ਼, ਸੁਸ਼ੀਲ ਤੇ ਸ਼ਰਮੀਲੀ ਕੁੜੀ ਨੂੰ ਪ੍ਰੇਮ ਕਰ ਰਿਹਾ ਹੈ ਤੇ ਉਸ ਨਾਲ ਹੀ ਵਿਆਹ ਕਰੇਗਾ। ਮੋਜ਼ੇਲ ਉਸਦੇ ਮੁਕਾਬਲੇ ਵਿਚ ਨਿਰਲੱਜ ਹੈ, ਬਦਸੂਰਤ, ਬੇਵਫ਼ਾ ਤੇ ਕਪਟੀ ਹੈ। ਪਰ ਉਹ ਇਸ ਤਰ੍ਹਾਂ ਦਾ ਹੋਛਾ ਆਦਮੀ ਨਹੀਂ ਸੀ। ਉਸਨੇ ਮੋਜ਼ੇਲ ਨੂੰ ਸਿਰਫ਼ ਏਨਾ ਹੀ ਕਿਹਾ, "ਮੋਜ਼ੇਲ, ਮੈਂ ਆਪਣੇ ਵਿਆਹ ਦਾ ਫ਼ੈਸਲਾ ਕਰ ਚੁੱਕਿਆ ਆਂ। ਮੇਰੇ ਪਿੰਡ ਦੀ ਇਕ ਸਿੱਧੀ-ਸਾਦੀ ਕੁੜੀ ਏ, ਜਿਹੜੀ ਮਜ਼ਹਬ ਦੀ ਪਾਬੰਦ ਏ। ਉਸੇ ਦੇ ਲਈ ਮੈਂ ਵਾਲ ਵਧਾਉਣ ਦਾ ਫ਼ੈਸਲਾ ਕਰ ਲਿਆ ਏ।"
ਮੋਜ਼ੇਲ ਸੋਚ-ਵਿਚਾਰ ਦੀ ਆਦੀ ਨਹੀਂ ਸੀ। ਪਰ ਉਸਨੇ ਕੁਝ ਚਿਰ ਸੋਚਿਆ ਤੇ ਖੜਾਵਾਂ ਉਪਰ ਅੱਧੇ ਦਾਇਰੇ ਵਿਚ ਘੁੰਮ ਕੇ ਤਿਰਲੋਚਨ ਨੂੰ ਕਿਹਾ, "ਜੇ ਉਹ ਮਜ਼ਹਬ ਦੀ ਪਾਬੰਦ ਏ ਤਾਂ ਉਹ ਤੈਨੂੰ ਕਿੰਜ ਸਵੀਕਾਰ ਕਰੇਗੀ? ਕੀ ਉਸਨੂੰ ਪਤਾ ਨਹੀਂ ਕਿ ਤੂੰ ਇਕ ਵਾਰੀ ਆਪਣੇ ਵਾਲ ਕਟਵਾ ਚੁੱਕਿਆ ਏਂ?"
"ਉਸਨੂੰ ਅਜੇ ਪਤਾ ਨਹੀਂ—ਦਾੜ੍ਹੀ ਮੈਂ ਤੇਰੇ ਦੇਵਲਾਲੀ ਜਾਣ ਦੇ ਬਾਅਦ ਹੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ, ਸਿਰਫ਼ ਪ੍ਰਾਸ਼ਚਿਤ ਵਜੋਂ। ਉਸ ਪਿੱਛੋਂ ਮੇਰੀ ਕਿਰਪਾਲ ਕੌਰ ਨਾਲ ਮੁਲਾਕਾਤ ਹੋਈ। ਪਰ ਮੈਂ ਪੱਗ ਇਸ ਤਰ੍ਹਾਂ ਬੰਨ੍ਹਦਾ ਆਂ ਕਿ ਸੌ ਵਿਚੋਂ ਇਕ ਆਦਮੀ ਹੀ ਮੁਸ਼ਕਲ ਨਾਲ ਜਾਣ ਸਕਦਾ ਏ ਕਿ ਮੇਰੇ ਕੇਸ ਕੱਟੇ ਹੋਏ ਨੇ। ਪਰ ਹੁਣ ਮੈਂ ਬੜੀ ਜਲਦੀ ਠੀਕ ਹੋ ਜਾਵਾਂਗਾ।" ਤਿਰਲੋਚਨ ਨੇ ਆਪਣੇ ਮੁਲਾਇਮ ਵਾਲਾਂ ਵਿਚ ਉਂਗਲਾਂ ਨਾਲ ਕੰਘੀ ਕਰਨੀ ਸ਼ੁਰੂ ਕਰ ਦਿੱਤੀ। ਮੋਜ਼ੇਲ ਨੇ ਲੰਮਾ ਕੁੜਤਾ ਚੁੱਕ ਕੇ ਆਪਣਾ ਗੋਰਾ ਪੱਟ ਖੁਰਕਣਾ ਸ਼ੁਰੂ ਕੀਤਾ। "ਇਹ ਬੜੀ ਚੰਗੀ ਗੱਲ ਏ—ਪਰ ਇਹ ਕੰਬਖ਼ਤ ਮੱਛਰ ਇੱਥੇ ਵੀ ਮੌਜ਼ੂਦ ਐ। ਦੇਖ, ਕਿੰਨੀ ਜ਼ੋਰ ਦੀ ਲੜਿਆ ਏ!"
ਤਿਰਲੋਚਨ ਨੇ ਦੂਜੇ ਪਾਸੇ ਦੇਖਣਾ ਸ਼ੁਰੂ ਕਰ ਦਿੱਤਾ। ਮੋਜ਼ੇਲ ਨੇ ਉਸ ਥਾਂ ਜਿੱਥੇ ਮੱਛਰ ਲੜਿਆ ਸੀ, ਉਂਗਲੀ ਨਾਲ ਥੁੱਕ ਲਾਇਆ ਤੇ ਕੁੜਤਾ ਛੱਡ ਕੇ ਸਿੱਧੀ ਖੜ੍ਹੀ ਹੋ ਗਈ। "ਕਦੋਂ ਹੋ ਰਿਹਾ ਏ ਤੁਹਾਡਾ ਵਿਆਹ?"
ਤਿਰਲੋਚਨ ਨੂੰ ਉਸ ਸਮੇਂ ਕਿਸੇ ਹਮਦਰਦ ਦੀ ਲੋੜ ਸੀ, ਭਾਵੇਂ ਉਹ ਮੋਜ਼ੇਲ ਹੀ ਕਿਉਂ ਨਾ ਹੋਵੇ। ਇਸ ਲਈ ਉਸਨੇ ਉਸਨੂੰ ਸਾਰਾ ਕਿੱਸਾ ਸੁਣਾ ਦਿੱਤਾ। ਮੋਜ਼ੇਲ ਹੱਸੀ, "ਤੂੰ ਅੱਵਲ ਦਰਜ਼ੇ ਦਾ ਈਡੀਅਟ ਏਂ। ਜਾਹ, ਉਸਨੂੰ ਲੈ ਆ, ਅਜਿਹੀ ਕੀ ਮੁਸ਼ਕਿਲ ਏ?"
"ਮੁਸ਼ਕਿਲ ! ਮੋਜ਼ੇਲ ਤੂੰ ਇਸ ਮਾਮਲੇ ਦੀ ਨਜ਼ਾਕਤ ਨੂੰ ਕਦੀ ਨਹੀਂ ਸਮਝ ਸਕਦੀ—ਕਿਸੇ ਵੀ ਮਾਮਲੇ ਦੀ ਨਜ਼ਾਕਤ—ਤੂੰ ਬੜੀ ਹੀ ਛਿਛਲੀ ਕੁੜੀ ਏਂ। ਇਹੋ ਕਾਰਨ ਹੈ ਕਿ ਮੇਰੇ ਤੇ ਤੇਰੇ ਸੰਬੰਧ ਟੁੱਟ ਗਏ, ਜਿਸਦਾ ਮੈਨੂੰ ਸਾਰੀ ਉਮਰ ਅਫ਼ਸੋਸ ਰਹੇਗਾ।"
ਮੋਜ਼ੇਲ ਨੇ ਜ਼ੋਰ ਨਾਲ ਆਪਣੀ ਖੜਾਂ ਪਾਣੀ ਵਾਲੇ ਪਾਈਪ ਨਾਲ ਮਾਰੀ, "ਅਫ਼ਸੋਸ ਬੀ ਡੈਮਡ—ਸਿਲੀ, ਈਡੀਅਟ! ਤੂੰ ਇਹ ਸੋਚ ਕਿ ਤੇਰੀ ਉਸਨੂੰ...ਕੀ ਨਾਂ ਏਂ ਉਸਦਾ...ਉਸ ਮੁਹੱਲੇ 'ਚੋਂ ਬਚਾ ਕੇ ਕਿੰਜ ਲਿਆਵੇਂ...ਤੇ ਤੂੰ ਬੈਠ ਗਿਆ ਏਂ ਸੰਬੰਧਾਂ ਦਾ ਰੋਣਾ-ਰੋਣ...ਤੇਰਾ-ਮੇਰਾ ਸੰਬੰਧ ਕਦੀ ਬਣਿਆਂ ਨਹੀਂ ਰਹਿ ਸਕਦਾ ਸੀ—ਤੂੰ ਇਕ ਸਿਲੀ ਕਿਸਮ ਦਾ ਆਦਮੀ ਏਂ—ਤੇ ਬੜਾ ਡਰਪੋਕ! ਮੈਨੂੰ ਨਿਡਰ ਆਦਮੀ ਚਾਹੀਦੈ...ਪਰ ਛੱਡ ਇਹਨਾਂ ਗੱਲਾਂ ਨੂੰ...ਚੱਲ ਆ,ਤੇਰੀ ਉਸਨੂੰ ਲੈ ਆਈਏ।"
ਉਸਨੇ ਤਿਰਲੋਚਨ ਦੀ ਬਾਂਹ ਫੜ੍ਹ ਲਈ। ਤਿਰਲੋਚਨ ਨੇ ਘਬਰਾ ਕੇ ਉਸਨੂੰ ਪੁੱਛਿਆ, "ਕਿੱਥੋਂ?"
"ਉੱਥੋਂ ਈ, ਜਿੱਥੇ ਉਹ ਹੈ। ਮੈਂ ਉਸ ਮੁਹੱਲੇ ਦੀ ਇਕ-ਇਕ ਇੱਟ ਨੂੰ ਜਾਣਦੀ ਆਂ—ਚੱਲ, ਆ ਮੇਰੇ ਨਾਲ।"
"ਪਰ ਸੁਣ ਤਾਂ—ਕਰਫ਼ਿਊ ਲੱਗਾ ਹੋਇਐ।"
"ਮੋਜ਼ੇਲ ਲਈ ਨਹੀਂ—ਚੱਲ, ਆ।"
ਉਹ ਤਿਰਲੋਚਨ ਨੂੰ ਖਿੱਚਦੀ ਹੋਈ ਉਸ ਦਰਵਾਜ਼ੇ ਤਕ ਲੈ ਗਈ, ਜਿਹੜਾ ਹੇਠਾਂ ਪੌੜੀਆਂ ਵੱਲ ਖੁੱਲ੍ਹਦਾ ਸੀ। ਦਰਵਾਜ਼ਾ ਖੋਲ੍ਹ ਕੇ ਉਹ ਉਤਰਨ ਵਾਲੀ ਸੀ ਕਿ ਰੁਕ ਗਈ ਤੇ ਤਿਰਲੋਚਨ ਦੀ ਦਾੜ੍ਹੀ ਵੱਲ ਦੇਖਣ ਲੱਗੀ।
ਤਿਰਲੋਚਨ ਨੇ ਪੁੱਛਿਆ, "ਕੀ ਗੱਲ ਏ?"
ਮੋਜ਼ੇਲ ਨੇ ਕਿਹਾ, "ਇਹ ਤੇਰੀ ਦਾੜ੍ਹੀ—ਪਰ, ਖ਼ੈਰ ਠੀਕ ਐ। ਐਨੀ ਵੱਡੀ ਨਹੀਂ—ਨੰਗੇ ਸਿਰ ਚੱਲੇਂਗਾ ਤਾਂ ਕੋਈ ਨਹੀਂ ਸਮਝੇਗਾ ਕਿ ਤੂੰ ਸਿੱਖ ਏਂ।"
"ਨੰਗੇ ਸਿਰ?" ਤਿਰਲੋਚਨ ਨੇ ਬੌਖਲਾ ਕੇ ਕਿਹਾ, "ਮੈਂ ਨੰਗੇ ਸਿਰ ਨਹੀਂ ਜਾਵਾਂਗਾ।"
ਮੋਜ਼ੇਲ ਨੇ ਬੜੀ ਭੋਲੀ ਸੂਰਤ ਬਣਾ ਕੇ ਪੁੱਛਿਆ, "ਕਿਓਂ?"
ਤਿਰਲੋਚਨ ਨੇ ਆਪਣੇ ਵਾਲਾਂ ਦੀ ਇਕ ਲਿਟ ਠੀਕ ਕੀਤੀ ਤੇ ਬੋਲਿਆ, "ਤੂੰ ਸਮਝਦੀ ਨਹੀਂ—ਮੇਰਾ ਉੱਥੇ ਪੱਗ ਬਿਨਾਂ ਜਾਣਾ ਠੀਕ ਨਹੀਂ।"
"ਕਿਓਂ ਠੀਕ ਨਹੀਂ?"
"ਤੂੰ ਸਮਝਦੀ ਕਿਓਂ ਨਹੀਂ ਏਂ ਕਿ ਉਸਨੇ ਅਜੇ ਤਕ ਮੈਨੂੰ ਨੰਗੇ ਸਿਰ ਨਹੀਂ ਦੇਖਿਆ—ਉਹ ਇਹੀ ਸਮਝਦੀ ਏ ਕਿ ਮੇਰੇ ਕੇਸ ਨੇ। ਮੈਂ ਉਸਨੂੰ ਇਹ ਭੇਦ ਨਹੀਂ ਜਾਣਨ ਦੇਣਾ ਚਾਹੁੰਦਾ।"
ਮੋਜ਼ੇਲ ਨੇ ਜ਼ੋਰ ਨਾਲ ਆਪਣੀ ਖੜਾਂ ਦਰਵਾਜ਼ੇ ਦੀ ਦਹਿਲੀਜ਼ 'ਤੇ ਮਾਰੀ। "ਤੂੰ ਸੱਚਮੁੱਚ ਅਵੱਲ ਦਰਜੇ ਦਾ ਈਡੀਅਟ ਏਂ—ਗਧਾ ਕਿਤੋਂ ਦਾ! ਉਸਦੀ ਜ਼ਿੰਦਗੀ ਦਾ ਸਵਾਲ ਏ—ਕੀ ਨਾਂ ਏਂ ਤੇਰੀ ਉਸ ਕੌਰ ਦਾ, ਜਿਸ ਨਾਲ ਤੈਨੂੰ ਪ੍ਰੇਮ ਹੋਇਐ?"
ਤਿਰਲੋਚਨ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। "ਮੋਜ਼ੇਲ, ਉਹ ਬੜੀ ਧਾਰਮਕ ਪ੍ਰਵਿਰਤੀ ਦੀ ਕੁੜੀ ਏ—ਜੇ ਉਸਨੇ ਮੈਨੂੰ ਨੰਗੇ ਸਿਰ ਦੇਖ ਲਿਆ ਤਾਂ ਮੈਨੂੰ ਨਫ਼ਰਤ ਕਰਨ ਲੱਗੇਗੀ।"
ਮੋਜ਼ੇਲ ਚਿੜ ਗਈ। "ਔਹ, ਤੁਹਾਡਾ ਪ੍ਰੇਮ, ਬੀ ਡੈਮ—ਮੈਂ ਪੁੱਛਦੀ ਆਂ, ਕੀ ਸਾਰੇ ਸਿੱਖ ਤੇਰੇ ਵਾਂਗ ਬੇਵਕੂਫ਼ ਹੁੰਦੇ ਨੇ?—ਉਸਦੀ ਜਾਨ ਖ਼ਤਰੇ 'ਚ ਐ ਤੂੰ ਕਹਿਣਾ ਏਂ ਕਿ ਪੱਗ ਜ਼ਰੂਰ ਬੰਨ੍ਹੇਗਾ ਤੇ ਸ਼ਾਇਦ ਆਪਣਾ ਅੰਡਰ-ਵੀਅਰ ਵੀ, ਜਿਹੜਾ ਨਿੱਕਰ ਨਾਲ ਮਿਲਦਾ-ਜੁਲਦਾ ਏ।"
ਤਿਰਲੋਚਨ ਨੇ ਕਿਹਾ, "ਉਹ ਤਾਂ ਮੈਂ ਹਰ ਵੇਲੇ ਪਾਈ ਰੱਖਦਾਂ।"
"ਬੜਾ ਚੰਗਾ ਕਰਦੈਂ—ਪਰ ਹੁਣ ਤੂੰ ਇਹ ਸੋਚ ਕਿ ਮਾਮਲਾ ਉਸ ਮਹੱਲੇ ਦਾ ਏ, ਜਿੱਥੇ ਮੀਏਂ ਈ ਮੀਏਂ ਭਰਾ ਰਹਿੰਦੇ ਨੇ, ਤੇ ਉਹ ਵੀ ਵੱਡੇ-ਵੱਡੇ ਦਾਦੇ। ਤੂੰ ਪੱਗ ਬੰਨ੍ਹ ਕੇ ਗਿਆ ਤਾਂ ਉੱਥੇ ਈ ਕਤਲ ਕਰ ਦਿੱਤਾ ਜਾਵੇਂਗਾ।"
ਤਿਲਰੋਲਨ ਨੇ ਸੰਖੇਪ ਜਿਹਾ ਉਤਰ ਦਿੱਤਾ, "ਮੈਨੂੰ ਉਸਦੀ ਪ੍ਰਵਾਹ ਨਹੀਂ। ਜੇ ਮੈਂ ਤੇਰੇ ਨਾਲ ਉੱਥੇ ਜਾਵਾਂਗਾ ਤਾਂ ਪੱਗ ਬੰਨ੍ਹ ਕੇ ਹੀ ਜਾਵਾਂਗਾ। ਮੈਂ ਆਪਣੇ ਪ੍ਰੇਮ ਨੂੰ ਖ਼ਤਰੇ ਵਿਚ ਪਾਉਣਾ ਨਹੀਂ ਚਾਹੁੰਦਾ।"
ਮੋਜ਼ੇਲ ਹਿਰਖ ਗਈ। ਉਸਦੇ ਅੰਦਰ ਇਕ ਜ਼ੋਰ ਦਾ ਉਫਾਨ ਆਇਆ ਕਿ ਉਸਦੀਆਂ ਛਾਤੀਆਂ ਆਪਸ ਵਿਚ ਭਿੜਣ ਲੱਗੀਆਂ। "ਗਧਾ ਕਿਤੋਂ ਦਾ—ਤੇਰਾ ਪ੍ਰੇਮ ਈ ਕਿੱਥੇ ਰਹੇਗਾ, ਜਦੋਂ ਤੂੰ ਈ ਨਾ ਰਿਹਾ? ਤੇਰੀ ਉਹ...ਕੀ ਨਾਂ ਏਂ ਉਸ ਭੜਵੀ ਦਾ...ਜਦੋਂ ਉਹ ਨਾ ਰਹੀ, ਉਸਦਾ ਪਰਿਵਾਰ ਨਾ ਰਿਹਾ। ਬਈ ਤੂੰ ਸਿੱਖ ਏਂ—ਖ਼ੁਦਾ ਦੀ ਸਹੁੰ, ਤੂੰ ਸਿੱਖ ਈ ਏਂ ਤੇ ਬੜਾ ਈਡੀਅਟ ਏਂ।"
ਤਿਰਲੋਚਨ ਹਿਰਖ ਗਿਆ। "ਬਕਵਾਸ ਨਾ ਕਰ!"
ਮੋਜ਼ੇਲ ਜ਼ੋਰ ਨਾਲ ਹੱਸੀ ਤੇ ਉਸਨੇ ਆਪਣੀ ਨਰਮ ਰੋਏਂਦਾਰ ਬਾਂਹ ਉਸਦੇ ਗਲ਼ ਵਿਚ ਪਾ ਦਿੱਤੀ ਤੇ ਥੋੜ੍ਹਾ ਜਿਹਾ ਝੂਲ ਕੇ ਬੋਲੀ, "ਡਾਰਲਿੰਗ, ਚੱਲ, ਜਿਵੇਂ ਤੇਰੀ ਮਰਜ਼ੀ। ਜਾਹ, ਪੱਗ ਬੰਨ੍ਹ ਆ—ਮੈਂ ਹੇਠਾਂ ਬਾਜ਼ਾਰ 'ਚ ਖੜ੍ਹੀ ਆਂ।"
ਇਹ ਕਹਿ ਕੇ ਉਹ ਹੇਠਾਂ ਜਾਣ ਲੱਗੀ। ਤਿਰਲੋਚਨ ਨੇ ਉਸਨੂੰ ਟੋਕਿਆ। "ਤੂੰ ਕੱਪੜੇ ਨਹੀਂ ਪਾਉਣੇ?"
ਮੋਜ਼ੇਲ ਨੇ ਆਪਣੇ ਸਿਰ ਨੂੰ ਝਟਕਾ ਦਿੱਤਾ। "ਨਹੀਂ—ਚੱਲੇਗਾ, ਇਸੇ ਤਰ੍ਹਾਂ।" ਇਹ ਕਹਿ ਕੇ ਉਹ ਖਟ-ਖਟ ਕਰਦੀ ਹੇਠਾਂ ਉਤਰ ਗਈ। ਤਿਰਲੋਚਨ ਹੇਠਲੀ ਮੰਜ਼ਿਲ ਦੀਆਂ ਪੌੜੀਆਂ 'ਤੇ ਵੀ ਉਸਦੀਆਂ ਖੜਾਵਾਂ ਦੀ ਆਵਾਜ਼ ਸੁਣਦਾ ਰਿਹਾ। ਫੇਰ ਉਸਨੇ ਆਪਣੇ ਲੰਮੇ ਵਾਲ ਉਂਗਲਾਂ ਨਾਲ ਪਿੱਛੇ ਵੱਲ ਸਮੇਟੇ ਤੇ ਹੇਠਾਂ ਉਤਰ ਕੇ ਆਪਣੇ ਫਲੈਟ ਵਿਚ ਚਲਾ ਗਿਆ। ਛੇਤੀ-ਛੇਤੀ ਉਸਨੇ ਕੱਪੜੇ ਬਦਲੇ। ਪੱਗ ਬੰਨ੍ਹੀ-ਬੰਨ੍ਹਾਈ ਪਈ ਸੀ, ਉਸਨੇ ਚੰਗੀ ਤਰ੍ਹਾਂ ਸਿਰ 'ਤੇ ਜਚਾ ਲਈ ਤੇ ਫਲੈਟ ਦੇ ਦਰਵਾਜ਼ੇ ਨੂੰ ਕੁੰਡੀ ਮਾਰ ਕੇ ਹੇਠਾਂ ਉਤਰ ਗਿਆ।
ਬਾਹਰ ਫੁਟਪਾਥ 'ਤੇ ਮੋਜ਼ੇਲ ਆਪਣੀਆਂ ਨਰੋਈਆਂ ਲੱਤਾਂ ਚੌੜੀਆਂ ਕਰੀ ਖੜ੍ਹੀ ਸਿਗਰਟ ਪੀ ਰਹੀ ਸੀ, ਬਿਲਕੁਲ ਮਰਦਾਂ ਵਾਂਗ। ਜਦੋਂ ਤਿਰਲੋਚਨ ਉਸਦੇ ਕੋਲ ਪਹੁੰਚਿਆ ਤਾਂ ਉਸਨੇ ਸ਼ਰਾਰਤ ਨਾਲ ਮੂੰਹ ਭਰ ਕੇ ਧੂੰਆਂ ਉਸਦੇ ਮੂੰਹ 'ਤੇ ਮਾਰਿਆ। ਤਿਰਲੋਚਨ ਨੇ ਹਿਰਖ ਕੇ ਕਿਹਾ, "ਤੂੰ ਬੜੀ ਜ਼ਲੀਲ ਏਂ।"
ਮੋਜ਼ੇਲ ਮੁਸਕਰਾਈ। ਇਹ ਤੂੰ ਕੋਈ ਨਵੀਂ ਗੱਲ ਨਹੀਂ ਆਖੀ...ਇਸ ਤੋਂ ਪਹਿਲਾਂ ਮੈਨੂੰ ਹੋਰ ਵੀ ਕਈ ਲੋਕ ਜ਼ਲੀਲ ਕਹਿ ਚੁੱਕੇ ਨੇ।
ਫੇਰ ਉਸਨੇ ਤਿਰਲੋਚਨ ਦੀ ਪੱਗ ਵੱਲ ਦੇਖਿਆ। "ਇਹ ਪੱਗ ਤੂੰ ਸੱਚਮੁੱਚ ਸੋਹਣੀ ਤਰ੍ਹਾਂ ਬੰਨ੍ਹੀ ਏਂ। ਇੰਜ ਲੱਗਦੈ, ਜਿਵੇਂ ਤੇਰੇ ਕੇਸ ਹੈਨ।"
ਬਾਜ਼ਾਰ ਬਿਲਕੁਲ ਸੁੰਨਸਾਨ ਸੀ—ਸਿਰਫ਼ ਹਵਾ ਚੱਲ ਰਹੀ ਸੀ ਤੇ ਉਹ ਵੀ ਬੜੀ ਹੌਲੀ-ਹੌਲੀ, ਜਿਵੇਂ ਉਹ ਵੀ ਕਰਫ਼ਿਊ ਤੋਂ ਡਰਦੀ ਹੋਵੇ। ਬੱਤੀਆਂ ਜਗ ਰਹੀਆਂ ਸਨ, ਪਰ ਉਹਨਾਂ ਦਾ ਚਾਨਣ ਬਿਮਾਰ-ਜਿਹਾ ਲੱਗਦਾ ਸੀ। ਆਮ ਤੌਰ 'ਤੇ ਇਸ ਸਮੇਂ ਟਰਾਮਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਸਨ ਤੇ ਲੋਕਾਂ ਦਾ ਆਉਣ-ਜਾਣ ਵੀ ਸ਼ੁਰੂ ਹੋ ਜਾਂਦਾ ਸੀ। ਚੰਗੀ-ਖਾਸੀ ਚਹਿਲ-ਪਹਿਲ ਹੋ ਜਾਂਦੀ ਸੀ—ਪਰ ਹੁਣ ਇੰਜ ਜਾਪਦਾ ਸੀ ਕਿ ਸੜਕ ਤੋਂ ਨਾ ਕਦੀ ਕੋਈ ਆਦਮੀ ਲੰਘਿਆ ਹੈ, ਨਾ ਲੰਘੇਗਾ।
ਮੋਜ਼ੇਲ ਅੱਗੇ-ਅੱਗੇ ਸੀ। ਫੁਟਪਾਥ ਦੇ ਪੱਥਰਾਂ ਉੱਤੇ ਉਸਦੀਆਂ ਖੜਾਵਾਂ ਖਟ-ਖਟ ਕਰ ਰਹੀਆਂ ਸਨ। ਇਹ ਆਵਾਜ਼ ਉਸ ਚੁੱਪ-ਗੜੂੱਪ ਵਾਤਾਵਰਣ ਵਿਚ ਬੜਾ ਸ਼ੋਰ ਕਰ ਰਹੀ ਸੀ। ਤਿਰਲੋਚਨ ਦਿਲ ਹੀ ਦਿਲ ਵਿਚ ਮੋਜ਼ੇਲ ਨੂੰ ਬੁਰਾ-ਭਲਾ ਕਹਿ ਰਿਹਾ ਸੀ ਕਿ ਦੋ ਮਿੰਟ ਵਿਚ ਹੋਰ ਕੁਝ ਨਹੀਂ ਤਾਂ ਆਪਣੀਆਂ ਇਹ ਬੇਹੂਦਾ ਖੜਾਵਾਂ ਲਾਹ ਕੇ ਕੋਈ ਹੋਰ ਚੀਜ਼ ਪਾ ਸਕਦੀ ਸੀ। ਉਸਨੇ ਚਾਹਿਆ ਕਿ ਮੋਜ਼ੇਲ ਨੂੰ ਕਹੇ, ਖੜਾਵਾਂ ਲਾਹ ਦੇ ਤੇ ਨੰਗੇ ਪੈਰੀਂ ਚੱਲ, ਪਰ ਉਸਨੂੰ ਵਿਸ਼ਵਾਸ ਸੀ ਕਿ ਉਹ ਕਦੀ ਨਹੀਂ ਮੰਨੇਗੀ, ਇਸ ਲਈ ਚੁੱਪ ਰਿਹਾ।
ਤਿਰਲੋਚਨ ਬੜਾ ਡਰਿਆ ਹੋਇਆ ਸੀ, ਕੋਈ ਪੱਤਾ ਵੀ ਖੜਕਦਾ ਤਾਂ ਉਸਦਾ ਦਿਲ ਹਿੱਲ ਜਾਂਦਾ—ਪਰ ਮੋਜ਼ੇਲ ਸਿਗਰਟ ਦਾ ਧੂੰਆਂ ਉਡਾਉਂਦੀ ਹੋਈ ਬਿਲਕੁਲ ਨਿਡਰਤਾ ਨਾਲ ਤੁਰੀ ਜਾ ਰਹੀ ਸੀ, ਜਿਵੇਂ ਕੋਈ ਬੇਫ਼ਿਕਰੀ ਨਾਲ ਚਹਿਲ-ਕਦਮੀ ਕਰਨ ਨਿਕਲਿਆ ਹੋਵੇ।
ਚੌਕ ਵਿਚ ਪਹੁੰਚੇ ਤਾਂ ਪੁਲਿਸਮੈਨ ਦੀ ਆਵਾਜ਼ ਕੜਕੀ, "ਓਇ, ਕਿੱਧਰ ਜਾ ਰਹੇ ਓਂ?"
ਤਿਰਲੋਚਨ ਡਰ ਗਿਆ। ਮੋਜ਼ੇਲ ਅੱਗੇ ਵਧੀ ਤੇ ਪੁਲਿਸਮੈਨ ਕੋਲ ਪਹੁੰਚ ਗਈ ਤੇ ਆਪਣੇ ਵਾਲਾਂ ਨੂੰ ਇਕ ਹਲਕਾ-ਜਿਹਾ ਝਟਕਾ ਦੇ ਕੇ ਕਿਹਾ, "ਓ-ਤੂੰ—ਮੈਨੂੰ ਪਛਾਣਿਆਂ ਨਹੀਂ ਤੂੰ—ਮੋਜ਼ੇਲ..." ਫੇਰ ਉਸਨੇ ਇਕ ਗਲੀ ਵੱਲ ਇਸ਼ਾਰਾ ਕੀਤਾ, "ਓਧਰ, ਉਸ ਨਾਲ ਵਾਲੀ ਗਲੀ 'ਚ ਮੇਰੀ ਭੈਣ ਰਹਿੰਦੀ ਐ, ਉਸਦੀ ਤਬੀਅਤ ਖ਼ਰਾਬ ਏ—ਡਾਕਟਰ ਲੈ ਕੇ ਜਾ ਰਹੀ ਆਂ।"
ਸਿਪਾਹੀ ਉਸਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸਨੇ ਪਤਾ ਨਹੀਂ ਕਿੱਥੋਂ ਸਿਗਰਟ ਦੀ ਡੱਬੀ ਕੱਢੀ ਤੇ ਇਕ ਸਿਗਰਟ ਕੱਢ ਕੇ ਉਸਨੂੰ ਦੇ ਦਿੱਤੀ। "ਲੈ, ਪੀ!" ਸਿਪਾਹੀ ਨੇ ਸਿਗਰਟ ਲੈ ਲਈ। ਮੋਜ਼ੇਲ ਨੇ ਆਪਣੇ ਮੂੰਹ ਵਾਲੀ ਸੁਲਗਦੀ ਹੋਈ ਸਿਗਰਟ ਕੱਢੀ ਤੇ ਉਸ ਵੱਲ ਵਧਾ ਕੇ ਬੋਲੀ, "ਹੀਯਰ ਇਜ਼ ਲਾਈਟ।"
ਸਿਪਾਹੀ ਨੇ ਸਿਗਰਟ ਦਾ ਕਸ਼ ਲਿਆ—ਮੋਜ਼ੇਲ ਨੇ ਸੱਜੀ ਅੱਖ ਉਸਨੂੰ ਤੇ ਖੱਬੀ ਅੱਖ ਤਿਰਲੋਚਨ ਨੂੰ ਮਾਰੀ ਤੇ ਖਟ-ਖਟ ਕਰਦੀ ਉਸ ਗਲੀ ਵੱਲ ਤੁਰ ਪਈ, ਜਿਸ ਵਿਚੋਂ ਲੰਘ ਕੇ ਉਹਨਾਂ ਮੁਹੱਲੇ ਵਿਚ ਜਾਣਾ ਸੀ।
ਤਿਰਲੋਚਨ ਚੁੱਪ ਰਿਹਾ, ਪਰ ਉਹ ਮਹਿਸੂਸ ਕਰ ਰਿਹਾ ਸੀ ਕਿ ਮੋਜ਼ੇਲ ਕਰਫ਼ਿਊ ਦੀ ਉਲੰਘਣਾ ਕਰਕੇ ਇਕ ਵਚਿੱਤਰ ਤਰ੍ਹਾਂ ਦੀ ਖ਼ੁਸ਼ੀ ਮਹਿਸੂਸ ਕਰ ਰਹੀ ਹੈ। ਖ਼ਤਰਿਆਂ ਨਾਲ ਖੇਡਣਾ ਉਸਨੂੰ ਪਸੰਦ ਸੀ। ਉਹ ਜਦੋਂ ਜੁਹ 'ਤੇ ਉਸਦੇ ਨਾਲ ਜਾਂਦੀ ਸੀ ਤਾਂ ਉਸਦੇ ਲਈ ਇਕ ਮੁਸੀਬਤ ਬਣ ਜਾਂਦੀ ਸੀ। ਸਮੁੰਦਰ ਦੀਆਂ ਵੱਡੀਆਂ-ਵੱਡੀਆਂ ਲਹਿਰਾਂ ਨਾਲ ਟਕਰਾਉਂਦੀ-ਭਿੜਦੀ ਉਹ, ਦੂਰ ਤਕ ਨਿਕਲ ਜਾਂਦੀ ਸੀ ਤੇ ਉਸਨੂੰ ਹਮੇਸ਼ਾ ਇਸ ਗੱਲ ਦਾ ਧੜਕੂ ਲੱਗਾ ਰਹਿੰਦਾ ਸੀ ਕਿ ਕਿਤੇ ਉਹ ਡੁੱਬ ਹੀ ਨਾ ਜਾਵੇ। ਜਦੋਂ ਵਾਪਸ ਆਉਂਦੀ ਤਾਂ ਉਸਦਾ ਸਰੀਰ ਨੀਲਾਂ ਤੇ ਜ਼ਖ਼ਮਾਂ ਨਾਲ ਭਰਿਆ ਹੁੰਦਾ ਸੀ, ਪਰ ਉਸਨੂੰ ਇਸਦੀ ਕੋਈ ਪ੍ਰਵਾਹ ਨਹੀਂ ਸੀ ਹੁੰਦੀ।
ਮੋਜ਼ੇਲ ਅੱਗੇ-ਅੱਗੇ ਸੀ ਤੇ ਤਿਰਲੋਚਨ ਉਸਦੇ ਪਿੱਛੇ-ਪਿੱਛੇ। ਡਰ ਕਰਕੇ ਉਹ ਇਧਰ-ਉਧਰ ਦੇਖਦਾ ਹੋਇਆ ਤੁਰ ਰਿਹਾ ਸੀ ਕਿ ਕਿਸੇ ਪਾਸਿਓਂ ਕੋਈ ਛੁਰੀਮਾਰ ਨਾ ਨਿਕਲ ਆਵੇ।
ਅਚਾਨਕ ਮੋਜ਼ੇਲ ਰੁਕ ਗਈ। ਜਦੋਂ ਤਿਰਲੋਚਨ ਕੋਲ ਆਇਆ ਤਾਂ ਉਸਨੇ ਉਸਨੂੰ ਸਮਝਾਉਣ ਵਾਲੀ ਸੁਰ ਵਿਚ ਕਿਹਾ, "ਡੀਅਰ ਤਿਰਲੋਚਨ, ਇਸ ਤਰ੍ਹਾਂ ਠੀਕ ਨਹੀਂ। ਤੂੰ ਡਰੇਂਗਾ ਤਾਂ ਜ਼ਰੂਰ ਕੁਛ ਨਾ ਕੁਛ ਹੋ ਕੇ ਰਹੇਗਾ। ਸੱਚ ਕਹਿੰਦੀ ਆਂ, ਇਹ ਮੇਰੀ ਆਜਮਾਈ ਹੋਈ ਗੱਲ ਏ।"
ਤਿਰਲੋਚਨ ਚੁੱਪ ਰਿਹਾ।
ਜਦੋਂ ਉਹ ਉਸ ਗਲੀ ਨੂੰ ਪਾਰ ਕਰਕੇ ਦੂਜੀ ਗਲੀ ਵਿਚ ਪਹੁੰਚੇ, ਜਿਹੜੀ ਉਹ ਮੁਹੱਲੇ ਵੱਲ ਨਿਕਲਦੀ ਸੀ, ਜਿਸ ਵਿਚ ਕਿਰਪਾਲ ਕੌਰ ਰਹਿੰਦੀ ਸੀ ਤਾਂ ਮੋਜ਼ੇਲ ਤੁਰਦੀ-ਤੁਰਦੀ ਯਕਦਮ ਰੁਕ ਗਈ—ਕੁਝ ਦੂਰੀ ਤੇ ਬੜੇ ਆਰਾਮ ਨਾਲ ਇਕ ਮਾਰਵਾੜੀ ਦੀ ਦੁਕਾਨ ਲੁੱਟੀ ਜਾ ਰਹੀ ਸੀ।
ਇਕ ਛਿਣ ਲਈ ਉਸਨੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਤਿਰਲੋਚਨ ਨੂੰ ਕਿਹਾ—"ਚੱਲ ਆ।"
ਦੋਵੇਂ ਤੁਰ ਪਏ। ਇਕ ਆਦਮੀ ਜਿਹੜਾ ਸਿਰ ਉੱਤੇ ਇਕ ਵੱਡੀ ਸਾਰੀ ਪਰਾਤ ਚੁੱਕੀ ਜਾ ਰਿਹਾ ਸੀ, ਤਿਰਲੋਚਨ ਨਾਲ ਟਕਰਾ ਗਿਆ। ਪਰਾਤ ਡਿੱਗ ਪਈ। ਉਸ ਆਦਮੀ ਨੇ ਧਿਆਨ ਨਾਲ ਤਿਰਲੋਚਨ ਵੱਲ ਦੇਖਿਆ। ਸਾਫ਼ ਪਤਾ ਲੱਗਦਾ ਸੀ ਕਿ ਉਹ ਸਿੱਖ ਹੈ। ਉਸ ਆਦਮੀ ਨੇ ਕਾਹਲ ਨਾਲ ਆਪਣੇ ਨੇਫੇ ਵਿਚ ਹੱਥ ਪਾਇਆ ਕਿ ਮੋਜ਼ੇਲ ਆ ਗਈ ਲੜਖੜਾਉਂਦੀ ਹੋਈ, ਜਿਵੇਂ ਨਸ਼ੇ ਵਿਚ ਟੁੰਨ ਹੋਵੇ। ਉਸਨੇ ਜ਼ੋਰ ਨਾਲ ਉਸ ਆਦਮੀ ਨੂੰ ਧੱਕਾ ਦਿੱਤਾ ਤੇ ਨਸ਼ੀਲੀ ਆਵਾਜ਼ ਵਿਚ ਕਿਹਾ, "ਓਇ, ਕਿਆ ਕਰਤਾ ਹੈ—ਅਪਣੇ ਭਾਈ ਕੋ ਮਾਰਨਾ ਹੈ! ਹਮ ਇਸ ਸੇ ਸ਼ਾਦੀ ਬਨਾਨੇ ਕੋ ਮਾਂਗਤਾ ਹੈ!" ਫੇਰ ਉਹ ਤਿਰਲੋਚਨ ਵੱਲ ਮੁੜੀ। "ਕਰੀਮ, ਉਠਾਓ ਯਹ ਪਰਾਤ ਔਰ ਰੱਖ ਦੋ ਇਸ ਕੇ ਸਿਰ ਪਰ।"
ਉਸ ਆਦਮੀ ਨੇ ਨੇਫੇ ਤੋਂ ਆਪਣਾ ਹੱਥ ਹਟਾ ਲਿਆ ਤੇ ਲਲਚਾਈਆਂ ਨਜ਼ਰਾਂ ਨਾਲ ਮੋਜ਼ੇਲ ਵੱਲ ਦੇਖਣ ਲੱਗਾ। ਫੇਰ ਅੱਗੇ ਵਧ ਕੇ ਆਪਣੀ ਕੁਹਣੀ ਨਾਲ ਉਸਦੀਆਂ ਛਾਤੀਆਂ ਨੂੰ ਹੁਲਾਰਾ ਦਿੱਤਾ। "ਐਸ਼ ਕਰ ਸਾਲੀਏ—ਐਸ਼ ਕਰ।" ਫੇਰ ਉਸਨੇ ਪਰਾਤ ਚੁੱਕੀ ਤੇ ਅਹਿ ਜਾਹ, ਔਹ ਜਾਹ।
ਤਿਰਲੋਚਨ ਬੁੜਬੁੜਾਇਆ, "ਹਰਾਮਜ਼ਾਦੇ ਨੇ ਕੈਸੀ ਜ਼ਲੀਲ ਹਰਕਤ ਕੀਤੀ!" ਮੋਜ਼ੇਲ ਨੇ ਆਪਣੀਆਂ ਛਾਤੀਆਂ 'ਤੇ ਹੱਥ ਫੇਰਿਆ। "ਕੋਈ ਜ਼ਲੀਲ ਹਰਕਤ ਨਹੀਂ—ਸਭ ਚਲਦਾ ਏ, ਆ।"
ਤੇ ਉਹ ਕਾਹਲੀ-ਕਾਹਲੀ ਤੁਰਨ ਲੱਗੀ। ਤਿਰਲੋਚਨ ਨੇ ਵੀ ਕਦਮ ਤੇਜ਼ ਕਰ ਦਿੱਤੇ।
ਉਹ ਗਲੀ ਪਾਰ ਕਰਕੇ ਦੋਵੇਂ ਉਸ ਮੁਹੱਲੇ ਵਿਚ ਪਹੁੰਚ ਗਏ, ਜਿੱਥੇ ਕਿਰਪਾਲ ਕੌਰ ਰਹਿੰਦੀ ਸੀ।
ਮੋਜ਼ੇਲ ਨੇ ਪੁੱਛਿਆ, "ਕਿਸ ਗਲੀ ਵਿਚ ਜਾਣਾ ਏਂ?"
ਤਿਰਲੋਚਨ ਨੇ ਹੌਲੀ-ਜਿਹੀ ਕਿਹਾ, "ਤੀਜੀ ਗਲੀ 'ਚ—ਨੁੱਕਰ ਵਾਲੀ ਬਿਲਡਿੰਗ।"
ਮੋਜ਼ੇਲ ਨੇ ਉਸੇ ਪਾਸੇ ਤੁਰਨਾ ਸ਼ੁਰੂ ਕਰ ਦਿੱਤਾ। ਉਸ ਪਾਸੇ ਬਿਲਕੁਲ ਸੁੰਨ-ਮਸਾਨ ਸੀ। ਆਸੇ-ਪਾਸੇ ਏਨੀ ਸੰਘਣੀ ਆਬਾਦੀ ਸੀ, ਪਰ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਵੀ ਨਹੀਂ ਸੀ ਸੁਣਾਈ ਦੇ ਰਹੀ।
ਜਦੋਂ ਉਹ ਉਸ ਗਲੀ ਕੋਲ ਪਹੁੰਚੇ ਤਾਂ ਕੁਝ ਗੜਬੜ ਦਿਖਾਈ ਦਿੱਤੀ। ਇਕ ਆਦਮੀ ਬੜੀ ਤੇਜ਼ੀ ਨਾਲ ਉਸ ਨੁੱਕਰ ਵਾਲੀ ਬਿਲਡਿੰਗ ਵਿਚ ਵੜਿਆ ਸੀ। ਇਸ ਬਿਲਡਿੰਗ ਵਿਚੋਂ ਥੋੜ੍ਹੀ ਦੇਰ ਬਾਅਦ ਤਿੰਨ ਆਦਮੀ ਨਿਕਲੇ। ਫੁਟਪਾਥ 'ਤੇ ਆ ਕੇ ਉਹਨਾਂ ਨੇ ਇਧਰ-ਉਧਰ ਦੇਖਿਆ ਤੇ ਬੜੀ ਫੁਰਤੀ ਨਾਲ ਦੂਜੀ ਬਿਲਡਿੰਗ ਵਿਚ ਚਲੇ ਗਏ। ਮੋਜ਼ੇਲ ਠਿਠਕ ਗਈ। ਉਸਨੇ ਤਿਰਲੋਚਨ ਨੂੰ ਇਸ਼ਾਰਾ ਕੀਤਾ ਕਿ ਹਨੇਰੇ ਵਿਚ ਹੋ ਜਾਏ, ਫੇਰ ਉਸਨੇ ਧੀਮੀ ਆਵਾਜ਼ ਵਿਚ ਕਿਹਾ, "ਤਿਰਲੋਚਨ ਡੀਅਰ, ਅਹਿ ਪੱਗ ਲਾਹ ਦੇ!"
ਤਿਰਲੋਚਨ ਨੇ ਜਵਾਬ ਦਿੱਤਾ, "ਮੈਂ ਇਹ ਕਿਸੇ ਹਾਲਤ 'ਚ ਨਹੀਂ ਲਾਹ ਸਕਦਾ।"
ਮੋਜ਼ੇਲ ਖਿਝ ਗਈ। "ਤੇਰੀ ਮਰਜ਼ੀ—ਪਰ ਤੂੰ ਦੇਖਦਾ ਨਹੀਂ ਸਾਹਮਣੇ ਕੀ ਹੋ ਰਿਹਾ ਏ?"
ਸਾਹਮਣੇ ਜੋ ਕੁਝ ਹੋ ਰਿਹਾ ਸੀ, ਦੋਵਾਂ ਦੀਆਂ ਅੱਖਾਂ ਦੇ ਸਾਹਮਣੇ ਸੀ—ਸਾਫ਼ ਗੜਬੜ ਹੋ ਰਹੀ ਸੀ ਤੇ ਬੜੇ ਰਹੱਸਮਈ ਢੰਗ ਨਾਲ। ਖੱਬੇ ਹੱਥ ਵਾਲੀ ਬਿਲਡਿੰਗ ਵਿਚੋਂ ਜਦ ਦੋ ਆਦਮੀ ਆਪਣੀ ਪਿੱਠ ਉੱਤੇ ਬੋਰੀਆਂ ਚੁੱਕੀ ਨਿਕਲੇ ਤਾਂ ਮੋਜ਼ੇਲ ਕੰਬ ਗਈ। ਉਹਨਾਂ ਵਿਚੋਂ ਗਾੜ੍ਹੇ-ਗਾੜ੍ਹੇ ਤਰਲ ਵਰਗਾ ਕੁਝ ਟਪਕ ਰਿਹਾ ਸੀ। ਮੋਜ਼ੇਲ ਆਪਣੇ ਬੁੱਲ੍ਹ ਟੁੱਕਣ ਲੱਗੀ। ਸ਼ਾਇਦ ਉਹ ਕੁਝ ਸੋਚ ਰਹੀ ਸੀ। ਜਦੋਂ ਉਹ ਦੋਵੇਂ ਆਦਮੀ ਗਲੀ ਦੇ ਦੂਜੇ ਸਿਰੇ 'ਤੇ ਪਹੁੰਚ ਕੇ ਗ਼ਾਇਬ ਹੋ ਗਏ ਤਾਂ ਉਸਨੇ ਤਿਰਲੋਚਨ ਨੂੰ ਕਿਹਾ, "ਦੇਖ, ਇੰਜ ਕਰ, ਮੈਂ ਭੱਜ ਕੇ ਨੁੱਕਰ ਵਾਲੀ ਬਿਲਡਿੰਗ ਵਿਚ ਜਾਂਦੀ ਆਂ—ਤੂੰ ਮੇਰੇ ਪਿੱਛੇ-ਪਿੱਛੇ ਆਵੀਂ—ਬੜੀ ਤੇਜ਼ੀ ਨਾਲ, ਜਿਵੇਂ ਤੂੰ ਮੇਰਾ ਪਿੱਛਾ ਕਰ ਰਿਹਾ ਹੋਵੇਂ—ਸਮਝਿਆ? ਪਰ ਇਹ ਸਭ ਯਕਦਮ ਤੇ ਫੁਰਤੀ ਨਾਲ ਹੋਵੇ।"
ਮੋਜ਼ੇਲ ਨੇ ਤਿਰਲੋਚਨ ਦੇ ਜਵਾਬ ਦੀ ਉਡੀਕ ਨਾ ਕੀਤੀ ਤੇ ਨੁੱਕਰ ਵਾਲੀ ਬਿਲਡਿੰਗ ਵੱਲ ਖੜਾਵਾਂ ਖੜਕਾਉਂਦੀ ਹੋਈ ਤੇਜ਼ੀ ਨਾਲ ਦੌੜ ਪਈ। ਤਿਰਲੋਚਨ ਵੀ ਉਸਦੇ ਪਿੱਛੇ ਦੌੜਿਆ। ਕੁਝ ਛਿਣ ਵਿਚ ਉਹ ਬਿਲਡਿੰਗ ਦੇ ਅੰਦਰ ਸਨ। ਪੌੜੀਆਂ ਕੋਲ ਤਿਰਲੋਚਨ ਹਫ਼ ਰਿਹਾ ਸੀ, ਪਰ ਮੋਜ਼ੇਲ ਬਿਲਕੁਲ ਠੀਕ-ਠਾਕ ਸੀ। ਉਸਨੇ ਤਿਰਲੋਚਨ ਤੋਂ ਪੁੱਛਿਆ, "ਕਿਹੜੀ ਮੰਜ਼ਿਲ 'ਤੇ ਐ?"
ਤਿਰਲੋਚਨ ਨੇ ਆਪਣੇ ਸੁੱਕੇ ਹੋਏ ਬੁੱਲ੍ਹਾਂ 'ਤੇ ਜੀਭ ਫੇਰੀ, "ਦੂਜੀ 'ਤੇ।"
"ਚੱਲ।"
ਇਹ ਕਹਿ ਕੇ ਉਹ ਖਟਖਟ ਪੌੜੀਆਂ ਚੜ੍ਹਨ ਲੱਗੀ। ਤਿਰਲੋਚਨ ਉਸਦੇ ਪਿੱਛੇ ਹੋ ਲਿਆ।
ਪੌੜੀਆਂ 'ਤੇ ਖ਼ੂਨ ਦੇ ਵੱਡੇ-ਵੱਡੇ ਧੱਬੇ ਪਏ ਹੋਏ ਸਨ। ਉਹਨਾਂ ਨੂੰ ਦੇਖ-ਦੇਖ ਕੇ ਉਸਦਾ ਖ਼ੂਨ ਸੁੱਕ ਰਿਹਾ ਸੀ।
ਦੂਜੀ ਮੰਜ਼ਿਲ 'ਤੇ ਪਹੁੰਚੇ ਤਾਂ ਕਾਰੀਡੋਰ ਵਿਚ ਕੁਝ ਦੂਰ ਜਾ ਕੇ ਤਿਰਲੋਚਨ ਨੇ ਹੌਲੀ-ਜਿਹੀ ਇਕ ਦਰਵਾਜ਼ੇ ਨੂੰ ਖੜਕਾਇਆ। ਮੋਜ਼ੇਲ ਦੂਰ ਪੌੜੀਆਂ ਕੋਲ ਖੜ੍ਹੀ ਰਹੀ।
ਤਿਰਲੋਚਨ ਨੇ ਇਕ ਵਾਰੀ ਫੇਰ ਦਰਵਾਜ਼ਾ ਖੜਕਾਇਆ ਤੇ ਉਸਦੇ ਨਾਲ ਮੂੰਹ ਜੋੜ ਕੇ ਆਵਾਜ਼ ਦਿੱਤੀ, "ਮਹਿੰਗਾ ਸਿੰਘ ਜੀ, ਮਹਿੰਗਾ ਸਿੰਘ ਜੀ!"
ਅੰਦਰੋਂ ਇਕ ਬਾਰੀਕ ਜਿਹੀ ਆਵਾਜ਼ ਆਈ—"ਕੌਣ?"
"ਤਿਰਲੋਚਨ।"
ਦਰਵਾਜ਼ਾ ਹੌਲੀ-ਜਿਹੀ ਖੁੱਲ੍ਹਿਆ। ਤਿਰਲੋਚਨ ਨੇ ਮੋਜ਼ੇਲ ਨੂੰ ਇਸ਼ਾਰਾ ਕੀਤਾ। ਉਹ ਕਾਹਲ ਨਾਲ ਆਈ। ਦੋਵੇਂ ਅੰਦਰ ਵੜ ਗਏ। ਮੋਜ਼ੇਲ ਨੇ ਆਪਣੇ ਕੋਲ ਖੜ੍ਹੀ ਉਸ ਪਤਲੀ-ਜਿਹੀ ਕੁੜੀ ਨੂੰ ਦੇਖਿਆ, ਜਿਹੜੀ ਬੜੀ ਹੀ ਡਰੀ ਹੋਈ ਸੀ। ਮੋਜ਼ੇਲ ਨੇ ਇਕ ਛਿਣ ਲਈ ਉਸਨੂੰ ਧਿਆਨ ਨਾਲ ਦੇਖਿਆ। ਪਤਲੇ-ਪਤਲੇ ਨਕਸ਼ ਸਨ। ਨੱਕ ਬੜੀ ਹੀ ਪਿਆਰੀ ਜਿਹੀ, ਪਰ ਜੁਕਾਮ ਦੀ ਮਾਰੀ ਹੋਈ। ਮੋਜ਼ੇਲ ਨੇ ਉਸਨੂੰ ਆਪਣੀ ਚੌੜੀ ਛਾਤੀ ਨਾਲ ਲਾਇਆ ਤੇ ਆਪਣੇ ਢਿੱਲੇ-ਢਾਲੇ ਕੁੜਤੇ ਦਾ ਪੱਲਾ ਚੁੱਕ ਕੇ ਉਸਦੀ ਨੱਕ ਪੂੰਝੀ।
ਤਿਰਲੋਚਨ ਲਾਲ ਹੋ ਗਿਆ।
ਮੋਜ਼ੇਲ ਨੇ ਕਿਰਪਾਲ ਕੌਰ ਨੂੰ ਬੜੀ ਅਪਣੱਤ ਨਾਲ ਕਿਹਾ, "ਡਰ ਨਾ, ਤਿਰਲੋਚਨ ਤੈਨੂੰ ਲੈਣ ਆਇਆ ਏ।"
ਕਿਰਪਾਲ ਕੌਰ ਨੇ ਤਿਰਲੋਚਨ ਵੱਲ ਆਪਣੀਆਂ ਸਹਿਮੀਆਂ ਹੋਈ ਅੱਖਾਂ ਨਾਲ ਦੇਖਿਆ ਤੇ ਮੋਜ਼ੇਲ ਨਾਲੋਂ ਵੱਖ ਹੋ ਗਈ।
ਤਿਰਲੋਚਨ ਨੇ ਉਸਨੂੰ ਕਿਹਾ, "ਸਰਦਾਰ ਸਾਹਬ ਨੂੰ ਕਹੋ ਕਿ ਜਲਦੀ ਤਿਆਰ ਹੋ ਜਾਣ—ਤੇ ਮਾਤਾ ਜੀ ਨੂੰ ਵੀ—ਪਰ ਜਲਦੀ ਕਰੋ।"
ਏਨੇ ਵਿਚ ਉਪਰਲੀ ਮੰਜ਼ਿਲ ਤੋਂ ਉੱਚੀਆਂ-ਉੱਚੀਆਂ ਆਵਾਜ਼ਾਂ ਆਉਣ ਲੱਗੀਆਂ, ਜਿਵੇਂ ਕੋਈ ਚੀਕ-ਕੁਰਲਾ ਰਿਹਾ ਹੋਵੇ ਤੇ ਧੱਕਾ-ਮੁੱਕੀ ਹੋ ਰਹੀ ਹੋਵੇ।
ਕਿਰਪਾਲ ਕੌਰ ਦੇ ਮੂੰਹੋਂ ਹਲਕੀ-ਜਿਹੀ ਚੀਕ ਨਿਕਲ ਗਈ। "ਉਸਨੂੰ ਫੜ੍ਹ ਲਿਆ ਉਹਨਾਂ ਨੇ।"
ਤਿਰਲੋਚਨ ਨੇ ਪੁੱਛਿਆ, "ਕਿਸ ਨੂੰ?"
ਕਿਰਪਾਲ ਕੌਰ ਉਤਰ ਦੇਣ ਹੀ ਲੱਗੀ ਸੀ ਕਿ ਮੋਜ਼ੇਲ ਨੇ ਉਸਨੂੰ ਬਾਹੋਂ ਫੜ੍ਹਿਆ ਤੇ ਖਿੱਚ ਕੇ ਇਕ ਕੋਨੇ ਵਿਚ ਲੈ ਗਈ। "ਫੜ੍ਹ ਲਿਆ ਤਾਂ ਚੰਗਾ ਹੋਇਆ। ਤੂੰ ਇਹ ਕੱਪੜੇ ਲਾਹ ਦੇਅ।"
ਕਿਰਪਾਲ ਕੌਰ ਅਜੇ ਕੁਝ ਸੋਚ ਵੀ ਨਹੀਂ ਸੀ ਸਕੀ ਕਿ ਮੋਜ਼ੇਲ ਨੇ ਅੱਖ ਦੇ ਫੋਰੇ ਵਿਚ ਉਸਦੀ ਕਮੀਜ਼ ਲਾਹ ਕੇ ਇਕ ਪਾਸੇ ਰੱਖ ਦਿੱਤੀ। ਕਿਰਪਾਲ ਕੌਰ ਨੇ ਆਪਣੀਆਂ ਬਾਹਾਂ ਨਾਲ ਆਪਣੇ ਨੰਗੇ ਜਿਸਮ ਨੂੰ ਢਕ ਲਿਆ ਤੇ ਹੋਰ ਵੀ ਭੈਭੀਤ ਹੋ ਗਈ। ਤਿਰਲੋਚਨ ਨੇ ਮੂੰਹ ਦੂਜੇ ਪਾਸੇ ਕਰ ਲਿਆ। ਮੋਜ਼ੇਲ ਨੇ ਆਪਣਾ ਢਿੱਲਾ-ਢਾਲਾ ਕੁੜਤਾ ਲਾਹ ਕੇ ਉਸਦੇ ਪਾ ਦਿੱਤਾ ਤੇ ਖ਼ੁਦ ਨੰਗ-ਧੜ ਹੋ ਗਈ। ਫੇਰ ਜਲਦੀ-ਜਲਦੀ ਉਸਨੇ ਕਿਰਪਾਲ ਕੌਰ ਦਾ ਨਾਲਾ ਢਿੱਲਾ ਕੀਤਾ ਤੇ ਉਸਦੀ ਸਲਵਾਰ ਲਾਹ ਕੇ ਤਿਰਲੋਚਨ ਨੂੰ ਕਿਹਾ, "ਜਾਹ, ਇਸਨੂੰ ਲੈ ਜਾ—ਪਰ ਠਹਿਰ!"
ਇਹ ਕਹਿ ਕੇ ਉਸਨੇ ਕਿਰਪਾਲ ਕੌਰ ਦੇ ਵਾਲ ਖੋਲ੍ਹ ਦਿੱਤੇ ਤੇ ਉਹਨਾਂ ਨੂੰ ਕਿਹਾ, "ਜਾਓ—ਜਲਦੀ ਨਿਕਲ ਜਾਓ।"
ਤਿਰਲੋਚਨ ਨੇ ਉਸਨੂੰ, "ਕਿਹਾ ਆ।" ਪਰ ਫੇਰ ਤੁਰੰਤ ਹੀ ਰੁਕ ਗਿਆ। ਪਰਤ ਕੇ ਉਸਨੇ ਮੋਜ਼ੇਲ ਵੱਲ ਦੇਖਿਆ, ਜਿਹੜੀ ਖੁੱਲ੍ਹੇ ਦੀਦਿਆਂ ਵਾਂਗ ਨੰਗੀ ਖੜ੍ਹੀ ਸੀ। ਉਸਦੀਆਂ ਬਾਹਾਂ ਦੀ ਲੂੰਈਂ ਸਰਦੀ ਕਾਰਨ ਜਾਗੀ ਹੋਈ ਸੀ।
"ਤੁਸੀਂ ਜਾਂਦੇ ਕਿਓਂ ਨਹੀਂ?" ਮੋਜ਼ੇਲ ਦੀ ਆਵਾਜ਼ ਵਿਚ ਚਿੜਚਿੜਾਹਟ ਸੀ।
ਤਿਲੋਚਨ ਨੇ ਧੀਮੀ ਆਵਾਜ਼ ਵਿਚ ਕਿਹਾ, "ਇਸਦੇ ਮਾਂ-ਪਿਓ ਵੀ ਤਾਂ ਹੈਨ।"
"ਜਹੱਨੁਮ 'ਚ ਜਾਣ ਓਹ—ਤੂੰ ਇਸ ਨੂੰ ਲੈ ਜਾਹ।"
"ਤੇ ਤੂੰ?"
"ਮੈਂ ਆ ਜਾਵਾਂਗੀ।"
ਯਕਦਮ ਉਪਰਲੀ ਮੰਜ਼ਿਲ 'ਚੋਂ ਕਈ ਆਦਮੀ ਦਗੜ-ਦਗੜ ਹੇਠਾਂ ਉੱਤਰਣ ਲੱਗੇ ਤੇ ਫੇਰ ਦਰਵਾਜ਼ੇ 'ਤੇ ਆ ਕੇ ਉਹਨਾਂ ਉਸਨੂੰ ਇੰਜ ਖੜਕਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਉਸਨੂੰ ਤੋੜ ਹੀ ਦੇਣਗੇ।
ਕਿਰਪਾਲ ਕੌਰ ਦੀ ਅੰਨ੍ਹੀ ਮਾਂ ਤੇ ਉਸਦਾ ਅਪਾਹਜ਼ ਪਿਓ ਦੂਜੇ ਕਮਰੇ ਵਿਚ ਪਏ ਕਰਾਹ ਰਹੇ ਸਨ।
ਮੋਜ਼ੇਲ ਨੇ ਕੁਝ ਸੋਚਿਆ ਤੇ ਵਾਲਾਂ ਨੂੰ ਹਲਕਾ-ਜਿਹਾ ਝਟਕਾ ਦੇ ਕੇ ਤਿਰਲੋਚਨ ਨੂੰ ਕਿਹਾ, "ਸੁਣੋ, ਹੁਣ ਸਿਰਫ਼ ਇਕੋ ਤਰਕੀਬ ਮੇਰੀ ਸਮਝ 'ਚ ਆਉਂਦੀ ਏ। ਮੈਂ ਦਰਵਾਜ਼ਾ ਖੋਲ੍ਹਦੀ ਆਂ..."
ਕਿਰਪਾਲ ਕੌਰ ਦੇ ਸੁੱਕੇ ਗਲ਼ੇ ਵਿਚੋਂ ਚੀਕ ਨਿਕਲਦੀ-ਨਿਕਲਦੀ ਰਹਿ ਗਈ, "ਦਰਵਾਜ਼ਾ!"
ਮੋਜ਼ੇਲ ਤਿਰਲੋਚਨ ਵੱਲ ਮੁੜ ਕੇ ਕਹਿੰਦੀ ਰਹੀ, "ਮੈਂ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਦੀ ਆਂ—ਤੂੰ ਮੇਰੇ ਪਿੱਛੇ-ਪਿੱਛੇ ਭੱਜੀਂ। ਮੈਂ ਉਪਰ ਚੜ੍ਹ ਜਾਵਾਂਗੀ—ਤੇ ਤੂੰ ਵੀ ਉਪਰ ਚੜ੍ਹ ਆਵੀਂ। ਇਹ ਲੋਕ ਜਿਹੜੇ ਦਰਵਾਜ਼ਾ ਤੋੜ ਰਹੇ ਨੇ, ਸਭ ਕੁਝ ਭੁੱਲ ਜਾਣਗੇ ਤੇ ਸਾਡੇ ਪਿੱਛੇ ਆਉਣਗੇ।"
ਤਿਰਲੋਚਨ ਨੇ ਪੁੱਛਿਆ, "ਫੇਰ?"
ਮੋਜ਼ੇਲ ਨੇ ਕਿਹਾ, "ਇਹ ਤੇਰੀ—ਕੀ ਨਾਂ ਏਂ ਇਸਦਾ—ਮੌਕਾ ਵੇਖ ਕੇ ਨਿਕਲ ਜਾਏ। ਇਸ ਭੇਸ ਵਿਚ ਇਸਨੂੰ ਕੋਈ ਕੁਛ ਨਹੀਂ ਕਹੇਗਾ।"
ਤਿਰਲੋਚਨ ਨੇ ਜਲਦੀ ਜਲਦੀ ਕਿਰਪਾਲ ਕੌਰ ਨੂੰ ਸਾਰੀ ਗੱਲ ਦੱਸ ਦਿੱਤੀ। ਮੋਜ਼ੇਲ ਜ਼ੋਰ ਨਾਲ ਚੀਕੀ। ਦਰਵਾਜ਼ਾ ਖੋਲ੍ਹਿਆ ਤੇ ਧੜੰਮ ਬਾਹਰ ਨਿਕਲ ਕੇ ਲੋਕਾਂ 'ਤੇ ਜਾ ਡਿੱਗੀ। ਸਾਰੇ ਬੌਂਦਲ ਗਏ। ਉਠ ਕੇ ਉਹ ਉਪਰ ਵਾਲੀਆਂ ਪੌੜੀਆਂ ਵੱਲ ਦੌੜੀ। ਤਿਰਲੋਚਨ ਉਸਦੇ ਪਿੱਛੇ-ਪਿੱਛੇ ਸੀ। ਸਾਰੇ ਇਕ ਪਾਸੇ ਹਟ ਗਏ।
ਮੋਜ਼ੇਲ ਅੰਨ੍ਹੇਵਾਹ ਪੌੜੀਆਂ ਚੜ੍ਹ ਰਹੀ ਸੀ—ਖੜਾਵਾਂ ਉਸਦੇ ਪੈਰਾਂ ਵਿਚ ਸਨ। ਉਹ ਲੋਕ, ਜਿਹੜੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ, ਸੰਭਲ ਕੇ ਉਹਨਾਂ ਦੇ ਪਿੱਛੇ ਦੌੜ ਪਏ। ਯਕਦਮ ਮੋਜ਼ੇਲ ਦਾ ਪੈਰ ਤਿਲ੍ਹਕ ਗਿਆ ਤੇ ਉਪਰਲੀ ਪੌੜੀ ਤੋਂ ਉਹ ਕੁਛ ਇਸ ਤਰ੍ਹਾਂ ਰੁੜ੍ਹੀ ਕਿ ਹਰ ਪੱਥਰੀਲੀ ਪੌੜੀ ਨਾਲ ਟਕਰਾਉਂਦੀ, ਲੋਹੇ ਦੇ ਜੰਗਲੇ ਨਾਲ ਵੱਜਦੀ ਹੇਠਾਂ ਆ ਡਿੱਗੀ—ਪੱਥਰੀਲੇ ਫਰਸ਼ ਉੱਤੇ।
ਤਿਰਲੋਚਨ ਯਕਦਮ ਹੇਠਾਂ ਉਤਰਿਆ। ਝੁਕ ਕੇ ਉਸਨੇ ਦੇਖਿਆ ਤਾਂ ਉਸਦੀ ਨੱਕ ਵਿਚੋਂ ਖ਼ੂਨ ਵਗ ਰਿਹਾ ਸੀ। ਮੂੰਹ ਵਿਚੋਂ ਖ਼ੂਨ ਵਗ ਰਿਹਾ ਸੀ। ਕੰਨਾਂ ਵਿਚੋਂ ਵੀ ਖ਼ੂਨ ਨਿਕਲ ਰਿਹਾ ਸੀ। ਉਹ ਜਿਹੜੇ ਦਰਵਾਜ਼ਾ ਤੋੜਨ ਆਏ ਸਨ, ਇਰਦ-ਗਿਰਦ ਇਕੱਠੇ ਹੋ ਗਏ ਸਨ—ਕਿਸੇ ਨੇ ਵੀ ਇਹ ਨਹੀਂ ਪੁੱਛਿਆ ਕਿ ਕੀ ਹੋਇਆ ਹੈ। ਸਾਰੇ ਚੁੱਪ ਸਨ ਤੇ ਮੋਜ਼ੇਲ ਦੇ ਨੰਗੇ ਦੇ ਗੋਰੇ ਜਿਸਮ ਨੂੰ ਦੇਖ ਰਹੇ ਸਨ, ਜਿਹੜਾ ਥਾਂ-ਥਾਂ ਤੋਂ ਛਿੱਲਿਆ-ਝਰੀਟਿਆ ਗਿਆ ਸੀ।
ਤਿਰਲੋਚਨ ਨੇ ਉਸਦੀ ਬਾਂਹ ਹਿਲਾਈ ਤੇ ਆਵਾਜ਼ ਮਾਰੀ, "ਮੋਜ਼ੇਲ! ਮੋਜ਼ੇਲ!"
ਮੋਜ਼ੇਲ ਨੇ ਆਪਣੀਆਂ ਮੋਟੀਆਂ-ਮੋਟੀਆਂ ਯਹੂਦੀ ਅੱਖਾਂ ਖੋਲ੍ਹੀਆਂ, ਜਿਹੜੀਆਂ ਬੀਰ-ਵਹੁਟੀ ਵਾਂਗ ਲਾਲ ਹੋਈਆਂ ਹੋਈਆਂ ਸਨ ਤੇ ਮੁਸਕਰਾਈ। ਤਿਰਲੋਚਨ ਨੇ ਆਪਣੀ ਪੱਗ ਲਾਹੀ ਤੇ ਖੋਲ੍ਹ ਕੇ ਉਸਦਾ ਨੰਗਾ ਸਰੀਰ ਢਕ ਦਿੱਤਾ। ਮੋਜ਼ੇਲ ਫੇਰ ਮੁਸਕਰਾਈ ਤੇ ਅੱਖ ਮਾਰ ਕੇ ਮੂੰਹੋਂ ਖ਼ੂਨ ਦੇ ਬੁਲਬੁਲੇ ਛੱਡਦਿਆਂ ਤਿਰਲੋਚਨ ਨੂੰ ਕਿਹਾ, "ਜਾਹ, ਦੇਖ—ਮੇਰਾ ਅੰਡਰ-ਵੀਅਰ ਉੱਥੇ ਹੈ ਕਿ ਨਹੀਂ। ਮੇਰਾ ਮਤਲਬ ਏ ਕਿ ਉਹ..."
ਤਿਰਲੋਚਨ ਉਸਦਾ ਮਤਲਬ ਸਮਝ ਗਿਆ, ਪਰ ਉਹ ਉੱਠਿਆ ਨਹੀਂ। ਇਸ 'ਤੇ ਮੋਜ਼ੇਲ ਨੇ ਹਿਰਖ ਕੇ ਕਿਹਾ, "ਤੂੰ ਸੱਚਮੁੱਚ ਸਿੱਖ ਏਂ...ਜਾਹ, ਦੇਖ ਕੇ ਆ।"
ਤਿਰਲੋਚਨ ਉਠ ਕੇ ਕਿਰਪਾਲ ਦੇ ਫਲੈਟ ਵੱਲ ਚਲਾ ਗਿਆ। ਮੋਜ਼ੇਲ ਨੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਆਪਣੇ ਆਸੇ-ਪਾਸੇ ਖੜ੍ਹੇ ਲੋਕਾਂ ਨੂੰ ਦੇਖਿਆ ਤੇ ਕਿਹਾ, "ਇਹ ਮੀਆਂ ਭਾਈ ਏ...ਪਰ ਬਹੁਤ ਵੱਡਾ ਦਾਦਾ ਕਿਸਮ ਦਾ...ਮੈਂ ਇਸਨੂੰ ਸਿੱਖ ਕਹਿੰਦੀ ਆਂ।"
ਤਿਰਲੋਚਨ ਵਾਪਸ ਆ ਗਿਆ। ਉਸਨੇ ਅੱਖਾਂ-ਅੱਖਾਂ ਵਿਚ ਹੀ ਮੋਜ਼ੇਲ ਨੂੰ ਦੱਸਿਆ ਕਿ ਕਿਰਪਾਲ ਕੌਰ ਜਾ ਚੁੱਕੀ ਹੈ। ਮੋਜ਼ੇਲ ਨੇ ਸੁਖ ਦਾ ਸਾਹ ਲਿਆ—ਪਰ ਇੰਜ ਕਰਨ ਨਾਲ ਬਹੁਤ ਸਾਰਾ ਖ਼ੂਨ ਉਸਦੇ ਮੂੰਹ ਵਿਚੋਂ ਬਾਹਰ ਨਿਕਲਿਆ। "ਓ ਡੈਮ ਇਟ..." ਇਹ ਕਹਿ ਕੇ ਉਸਨੇ ਆਪਣੀ ਰੋਏਂਦਾਰ ਬਾਂਹ ਨਾਲ ਆਪਣਾ ਮੂੰਹ ਪੂੰਝਿਆ ਤੇ ਤਿਰਲੋਚਨ ਵੱਲ ਦੇਖ ਕੇ ਬੋਲੀ, "ਆਲ ਰਾਈਟ ਡਾਰਲਿੰਗ—ਬਾਇ-ਬਾਇ!"
ਤਿਰਲੋਚਨ ਨੇ ਕੁਝ ਕਹਿਣਾ ਚਾਹਿਆ, ਪਰ ਸ਼ਬਦ ਉਸਦੇ ਹਲਕ ਵਿਚ ਹੀ ਅਟਕ ਗਏ।
ਮੋਜ਼ੇਲ ਨੇ ਆਪਣੇ ਸਰੀਰ ਤੋਂ ਤਿਰਲੋਚਨ ਦੀ ਪੱਗ ਲਾਹੀ। "ਲੈ ਜਾ ਇਸਨੂੰ, ਆਪਣੇ ਮਜ਼ਹਬ ਨੂੰ!" ਤੇ ਉਸਦੀ ਨਰੋਈ ਬਾਂਹ ਉਸਦੀਆਂ ਨਿੱਗਰ ਛਾਤੀਆਂ ਉੱਤੇ ਬੇਜਾਨ ਹੋ ਕੇ ਡਿੱਗ ਪਈ।
(ਅਨੁਵਾਦ: ਮਹਿੰਦਰ ਬੇਦੀ ਜੈਤੋ)