Muaf Karo Baba (Punjabi Story) : Muhammad Mansa Yaad

ਮੁਆਫ਼ ਕਰੋ ਬਾਬਾ (ਕਹਾਣੀ) : ਮੁਹੰਮਦ ਮਨਸ਼ਾ ਯਾਦ

ਇਸ ਵਾਰ ਈਦ ਦੀ ਸਾਂਝੀ ਦੁਆ ਦਾ ਖ਼ਾਸ ਮਹੱਤਵ ਸੀ ਤੇ ਇਮਾਮ ਸਾਹਿਬ ਦੀ ਆਵਾਜ਼ ਵਿੱਚ ਬੇਹੱਦ ਸੁਹਿਰਦਤਾ ਸੀ। ਲੋਕ ਵੀ ਬਹੁਤ ਜੋਸ਼ੋ-ਖਰੋਸ਼ ਨਾਲ ‘ਆਮੀਨ-ਆਮੀਨ’ ਪੁਕਾਰਨ ਲੱਗੇ ਪਰ ਜਦੋਂ ਉਨ੍ਹਾਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਦੁਆ ਕੀਤੀ ਤਾਂ ਉਹਦੇ ਦਿਲ ਵਿੱਚ ਲੁਕੀਆਂ ਇੱਛਾਵਾਂ ਤੇ ਲੋੜਾਂ ਫ਼ਿਰ ਜਾਗਣ ਲੱਗੀਆਂ। ਅੱਖਾਂ ਦੇ ਸਾਹਮਣੇ ਨਵੇਂ ਮਾਡਲ ਦੀ ਉਹ ਕਾਰ ਘੁੰਮ ਗਈ, ਜਿਹੜੀ ਉਹਨੇ ਕੁਝ ਦਿਨ ਪਹਿਲਾਂ ਆਪਣੇ ਰਿਸ਼ਤੇਦਾਰ ਦੇ ਘਰ ਵੇਖੀ ਸੀ। ਫਿਰ ਉਹਨੂੰ ਪਲਾਜ਼ਾ ਟੀ.ਵੀ. ਦਾ ਖਿਆਲ ਆਇਆ ਜਿਸ ਦਾ ਇਸ਼ਤਿਹਾਰ ਅੱਜ ਦੇ ਅਖ਼ਬਾਰ ਵਿੱਚ ਛਪਿਆ ਹੋਇਆ ਸੀ ਅਤੇ ਈਦ ਦੀ ਖ਼ੁਸ਼ੀ ਵਿੱਚ ਉਹਦੀ ਕੀਮਤ ਵਿੱਚ ਖ਼ਾਸ ਰਿਆਇਤ ਦਾ ਐਲਾਨ ਵੀ ਸੀ। ਹਾਲੇ ਉਹ ਆਪਣੀਆਂ ਹੋਰ ਲੋੜਾਂ ਤੇ ਇੱਛਾਵਾਂ ਬਾਰੇ ਸੋਚ ਹੀ ਰਿਹਾ ਸੀ ਕਿ ਉਹਨੂੰ ਕੁਝ ਦੇਰ ਪਹਿਲਾਂ ਇੱਕ ਮੰਗਣ ਵਾਲੇ ਨਾਲ ਆਪਣੀ ਮੁਲਾਕਾਤ ਚੇਤੇ ਆ ਗਈ। ਇੱਕ ਤਾਂ ਭੂਚਾਲ ਦੀਆਂ ਤਬਾਹੀਆਂ ਕਾਰਨ ਉਹਦਾ ਦਿਲ ਪਸੀਜਿਆ ਹੋਇਆ ਸੀ। ਦੂਜਾ ਈਦ ਦਾ ਦਿਨ, ਜਦੋਂ ਆਦਮੀ ਆਮ ਦਿਨਾਂ ਨਾਲੋਂ ਵਧੇਰੇ ਉਦਾਰ ਹੁੰਦਾ ਹੈ। ਗੇਟ ’ਤੇ ਖਲੋਤੇ ਬਾਬੇ ਨੂੰ ਵੇਖ ਕੇ ਉਹਦਾ ਹੱਥ ਫੜ ਕੇ ਅੰਦਰ ਲੈ ਗਿਆ ਤੇ ਆਦਰਪੂਰਵਕ ਡਰਾਇੰਗ ਰੂਮ ਵਿੱਚ ਬਿਠਾਇਆ। ਬਾਬਾ ਨੇ ਬੇਤਕੱਲੁਫ਼ੀ ਨਾਲ ਆਪਣੀ ਸੋਟੀ ਰੇਡੀਓਗਰਾਮ ’ਤੇ ਰੱਖ ਦਿੱਤੀ ਤੇ ਨਵੇਂ ਕਾਲੀਨ ’ਤੇ ਜੁੱਤਿਆਂ ਸਣੇ ਚੱਲਦਾ ਹੋਇਆ ਵਿਚਕਾਰਲੇ ਸੋਫੇ ’ਤੇ ਬਹਿ ਗਿਆ। ਬੀਵੀ ਤੇ ਬੇਟੀ ਕਿਚਨ ਵਿੱਚ ਰੁੱਝੀਆਂ ਹੋਈਆਂ ਸਨ ਤੇ ਬੇਟੇ ਈਦਗਾਹ ਜਾਣ ਦੀ ਤਿਆਰੀ ਕਰ ਰਹੇ ਸਨ। ਈਦ ਕਾਰਨ ਨੌਕਰ ਵੀ ਛੁੱਟੀ ’ਤੇ ਸੀ। ਉਹ ਆਪ ਉਹਦੇ ਲਈ ਖਾਣ-ਪੀਣ ਦੀਆਂ ਚੀਜ਼ਾਂ ਲੈ ਕੇ ਆਇਆ। ਬਾਬੇ ਨੇ ਵੀ ਬੇਤਕੱਲੁਫੀ ਨਾਲ ਖ਼ੂਬ ਡਟ ਕੇ ਖਾਧਾ। ਉਹਨੂੰ ਖਾਂਦੇ ਵੇਖ ਕੇ ਉਹਨੇ ਸੋਚਿਆ, ‘ਪਤਾ ਨਹੀਂ, ਵਿਚਾਰਾ ਕਦੋਂ ਤੋਂ ਚੰਗੇ ਖਾਣੇ ਨੂੰ ਤਰਸਿਆ ਹੋਇਆ ਸੀ’। ਜਦੋਂ ਉਹਦੇ ਢਿੱਡ ਵਿੱਚ ਥਾਂ ਨਾ ਰਹੀ ਤੇ ਖਾਣਾ ਬਚ ਗਿਆ, ਤਾਂ ਉਹਨੂੰ ਤਰਲੇ ਨਾਲ ਪੁੱਛਿਆ, ‘‘ਇਹ ਬੱਚਿਆਂ ਲਈ ਲੈ ਜਾਵਾਂ? ਭੁੱਖੇ ਨੇ?’’
ਈਦ ਦੇ ਦਿਨ ਭੁੱਖੇ ਬੱਚਿਆਂ ਦੀ ਕਲਪਨਾ ਕਰਕੇ ਉਹਦਾ ਦਿਲ ਹੋਰ ਪਿਘਲ ਗਿਆ। ਘਰ ਵਿੱਚ ਲੋੜ ਤੋਂ ਵੱਧ ਕੇਕ, ਮਠਿਆਈ ਤੇ ਖਾਣਾ ਮੌਜੂਦ ਸੀ। ਉਹਨੇ ਬਹੁਤ ਸਾਰੀਆਂ ਚੀਜ਼ਾਂ ਪੈਕ ਕਰ ਦਿੱਤੀਆਂ ਤੇ ਭਾਵੇਂ ਉਹ ਕੁਝ ਰਕਮ ਭੂਚਾਲ ਪ੍ਰਭਾਵਿਤ ਫੰਡ ਵਿੱਚ ਦੇ ਚੁੱਕਿਆ ਸੀ ਪਰ ਉਹਨੂੰ ਵੀ ਦੋ-ਚਾਰ ਸੌ ਦੇ ਦਿੱਤੇ। ਬਾਬਾ ਖ਼ੁਸ਼ ਹੋ ਗਿਆ ਤੇ ਬੋਲਿਆ, ‘‘ਅੱਜ-ਕੱਲ੍ਹ ਹਰ ਕਿਸੇ ਦਾ ਧਿਆਨ ਭੂਚਾਲ ਪੀੜਤਾਂ ਵੱਲ ਏ। ਕਾਸ਼! ਅਸੀਂ ਵੀ ਭੂਚਾਲ ਪੀੜਤ ਹੁੰਦੇ। ਤਿੰਨ ਮੁੰਡੇ ਤੇ ਚਾਰ ਕੁੜੀਆਂ ਨੇ। ਮੁੰਡੇ ਨਿੱਕੇ ਨੇ ਤੇ ਲੰਗੋਟੀ ਪਾ ਕੇ ਵੀ ਰਹਿ ਸਕਦੇ ਨੇ, ਪਰ ਕੁੜੀਆਂ ਜਵਾਨ ਨੇ। ਜੇ ਘਰ ਵਿੱਚ ਪੁਰਾਣੇ ਕੱਪੜੇ ਹੋਣ ਤਾਂ ਉਨ੍ਹਾਂ ਦੇ ਤਨ ਢਕਣ ਦੇ ਕੰਮ ਆ ਸਕਦੇ ਨੇ।’’
ਉਹਨੇ ਬੀਵੀ ਨੂੰ ਦੱਸਿਆ। ਉਹ ਵੀ ਆਪਣੇ ਮਾਂ-ਪਿਓ ਤੋਂ ਦੂਰ ਹੋਣ ਕਾਰਨ ਉਦਾਸ ਤੇ ਈਦ ਹੋਣ ਕਾਰਨ ਉਦਾਰਤਾ ਨਾਲ ਭਰਪੂਰ ਸੀ। ਕਿਸੇ ਝੁੱਗੀ-ਨੁਮਾ ਮਕਾਨ ਵਿੱਚ ਪਾਟੇ-ਪੁਰਾਣੇ ਕੱਪੜਿਆਂ ਵਾਲੀਆਂ ਜੁਆਨ ਬੱਚੀਆਂ ਦੀ ਕਲਪਨਾ ਕਰਕੇ ਕੰਬ ਗਈ ਤੇ ਉਹ ਨਾ ਸਿਰਫ਼ ਆਪਣੇ ਤੇ ਬੇਟੀਆਂ ਦੇ ਵਰਤੇ ਹੋਏ ਫਾਲਤੂ ਜੋੜੇ, ਸਗੋਂ ਮਰਦਾਨਾ ਕੱਪੜੇ ਵੀ ਲੈ ਆਈ ਤੇ ਸਭ ਦੀ ਗੱਠੜੀ ਜਿਹੀ ਬਣਾ ਕੇ ਬਾਬੇ ਦੇ ਸਾਹਮਣੇ ਲਿਆ ਰੱਖੀ। ਬਾਬੇ ਨੇ ਦੁਆਵਾਂ ਦਿੱਤੀਆਂ ਤੇ ਕਿਹਾ, ‘‘ਘਰ ਵਿੱਚ ਫਾਲਤੂ ਜੁੱਤੇ ਜਾਂ ਚੱਪਲ ਹੋਣ ਤਾਂ ਉਹ ਵੀ ਉਹਦੇ ਬੱਚਿਆਂ ਦੇ ਕੰਮ ਆ ਸਕਦੇ ਨੇ।’’ ਜ਼ਾਹਿਰ ਏ ਕਿ ਜਦੋਂ ਨੀਅਤ ਨੇਕ ਹੋਵੇ ਤਾਂ ਕਿਹੜਾ ਅਜਿਹਾ ਘਰ ਹੈ ਜਿਸ ਵਿੱਚ ਜੁੱਤਿਆਂ-ਚੱਪਲਾਂ ਦੇ ਕੁਝ ਫਾਲਤੂ ਜੋੜੇ ਨਹੀਂ ਹੋਣਗੇ। ਇੱਥੇ ਤਕ ਤਾਂ ਠੀਕ ਸੀ, ਪਰ ਬਾਬੇ ਨੇ ਉਸ ਤੋਂ ਬਾਅਦ ਮੰਗਣ ਦਾ ਸਿਲਸਿਲਾ ਜਾਰੀ ਰੱਖਿਆ ਤੇ ਉਹ ਉਹਦੀਆਂ ਵੱਧ ਤੋਂ ਵੱਧ ਫਰਮਾਇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਮਸਲਨ ਪੁਰਾਣੇ ਕੋਟ, ਸਵੈਟਰ, ਤੋਲੀਏ, ਚਾਦਰਾਂ, ਲੋਟਾ, ਟੁਥਪੇਸਟ, ਸਾਬਣ, ਬੂਟ ਪਾਲਿਸ਼ ਆਦਿ। ਉਹ ਹੈਰਾਨੀ ਨਾਲ ਬਾਬੇ ਦਾ ਮੂੰਹ ਵੇਖਣ ਲੱਗਿਆ ਪਰ ਉੱਥੇ ਖਿਮਾ-ਜਾਚਨਾ ਦੇ ਚਿੰਨ੍ਹ ਨਹੀਂ ਸਨ ਅਤੇ ਨਾ ਹੀ ਸ਼ਰਮਿੰਦਗੀ ਦੇ। ਜ਼ਾਹਿਰ ਹੈ ਕਿ ਜੇ ਮੰਗਣ ਤੋਂ ਸੰਕੋਚ ਹੁੰਦਾ ਤਾਂ ਭਿਖਾਰੀ ਹੀ ਕਿਉਂ ਬਣਦਾ। ਜਾਪਦਾ ਸੀ ਜਿਸ ਚੀਜ਼ ’ਤੇ ਬਾਬੇ ਦੀ ਨਜ਼ਰ ਪਵੇਗੀ, ਉਹ ਨਿਰਸੰਕੋਚ ਮੰਗ ਲਵੇਗਾ। ਹੌਲੀ-ਹੌਲੀ ਦਿਲ ਦੀ ਖਲਿਸ਼ ਦੀ ਥਾਂ ਗੁੱਸਾ ਲੈਣ ਲੱਗਿਆ। ਲਾਲਚ ਤੇ ਢੀਠਤਾਈ ਦੀ ਹੱਦ ਹੁੰਦੀ ਗਈ ਪਰ ਬਾਬੇ ਦੀਆਂ ਮੰਗਾਂ ਦੀ ਕੋਈ ਹੱਦ ਨਹੀਂ ਰਹੀ। ਹੁਣ ਉਹ ਉਹਨੂੰ ਰੁਖਸਤ ਕਰਨਾ ਚਾਹੁੰਦਾ ਸੀ ਪਰ ਉਹ ਫੈਲਦਾ ਤੇ ਮੰਗਦਾ ਚਲਿਆ ਜਾ ਰਿਹਾ ਸੀ। ਉਹ ਉਸ ਤੋਂ ਜਾਨ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਿਆ, ਪਰ ਉਹ ਕੋਈ ਨਾ ਕੋਈ ਹੋਰ ਮੰਗ ਕਰ ਛੱਡਦਾ। ਅਚਾਨਕ ਉਹਨੂੰ ਉਸ ਤੋਂ ਛੁਟਕਾਰੇ ਦੀ ਇੱਕ ਰਾਹ ਸੁੱਝੀ। ਉਹਨੇ ਕਿਹਾ, ‘‘ਚੱਲ ਬਾਬਾ! ਸਾਡੇ ਗੁਆਂਢੀ ਰਾਣਾ ਸਾਹਿਬ ਤੁਹਾਨੂੰ ਉਡੀਕ ਰਹੇ ਨੇ। ਬਾਕੀ ਚੀਜ਼ਾਂ ਤੁਹਾਨੂੰ ਉੱਥੋਂ ਮਿਲ ਜਾਣਗੀਆਂ।’’ ਬਾਬੇ ਨੇ ਮੁਸ਼ਕਲ ਨਾਲ ਸਾਮਾਨ ਦੀ ਗੱਠੜੀ ਸਿਰ ’ਤੇ ਚੁੱਕੀ। ਇੱਕ-ਦੋ ਥੈਲੇ ਮੋਢੇ ’ਤੇ ਲਟਕਾਏ ਤੇ ਬਾਹਰ ਨਿਕਲਿਆ। ਉਹਨੇ ਬਾਬੇ ਨੂੰ ਗੁਆਂਢ ਦੀ ਘੰਟੀ ਵਜਾਉਣ ਦੀ ਸਲਾਹ ਦਿੱਤੀ ਤੇ ਆਪ ਲੁਕ ਕੇ ਖਲੋ ਗਿਆ। ਰਾਣਾ ਸਾਹਿਬ ਨੇ ਜੇਬ ’ਚ ਹੱਥ ਪਾਇਆ ਤੇ ਇੱਕ ਸਿੱਕਾ ਕੱਢ ਕੇ ਉਹਦੇ ਹੱਥ ’ਤੇ ਰੱਖ ਦਿੱਤਾ। ਬਾਬੇ ਨੇ ਕੁਝ ਕਹਿਣਾ ਚਾਹਿਆ, ਪਰ ਰਾਣਾ ਸਾਹਿਬ ਬੂਹਾ ਬੰਦ ਕਰ ਚੁੱਕੇ ਸਨ। ਬਾਬੇ ਨੇ ਪਰਤ ਕੇ ਉਹਦੇ ਘਰ ਦੇ ਖੁੱਲ੍ਹੇ ਬੂਹੇ ਵੱਲ ਵੇਖਿਆ ਪਰ ਹੁਣ ਉਹਦੇ ਦਿਲ ਦੀ ਖਲਿਸ਼ ਮਿਟ ਚੁੱਕੀ ਸੀ। ਉਹਨੇ ਵੀ ਛੇਤੀ ਨਾਲ ਬੂਹਾ ਬੰਦ ਕਰ ਲਿਆ ਤੇ ਬਾਬੇ ਦੇ ਖਟਖਟਾਉਣ ’ਤੇ ਅੰਦਰੋਂ ਕਿਹਾ, ‘‘ਮੁਆਫ਼ ਕਰਨਾ ਬਾਬਾ।’’
ਉਹ ਤ੍ਰਭਕ ਗਿਆ। ਇਮਾਮ ਸਾਹਿਬ ਹਾਲੇ ਤੀਕ ਦੁਆ ਮੰਗ ਰਹੇ ਸਨ। ਪਤਾ ਨਹੀਂ ਉਹ ਕੀ-ਕੀ ਮੰਗ ਚੁੱਕੇ ਸਨ ਪਰ ਲੋੜਾਂ ਤੇ ਇੱਛਾਵਾਂ ਸਨ ਕਿ ਖ਼ਤਮ ਹੋਣ ’ਚ ਹੀ ਨਹੀਂ ਆ ਰਹੀਆਂ ਸਨ। ਅਚਾਨਕ ਉਹਨੂੰ ਯਾਦ ਆਇਆ ਕਿ ਉਹ ਆਪਣੀ ਇਨਾਮੀ ਬਾਂਡਾਂ ਤੇ ਕਰੋੜਪਤੀ ਵਾਲੀ ਲਾਟਰੀ ਬਾਰੇ ਤਾਂ ਦੁਆ ਮੰਗਣਾ ਹੀ ਭੁੱਲ ਗਿਆ। ਜਦੋਂ ਇਮਾਮ ਸਾਹਿਬ ਨੇ ਕਿਹਾ ਕਿ ਅੱਲ੍ਹਾ! ਸਾਡੇ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਕਰੇ, ਤਾਂ ਉਹਨੇ ਆਪਣੀਆਂ ਬਾਕੀ ਇੱਛਾਵਾਂ ਨੂੰ ਦਿਮਾਗ਼ ’ਚ ਰੱਖਦੇ ਹੋਏ ਬੜੇ ਜੋਸ਼ ਨਾਲ ਕਿਹਾ, ‘‘ਆਮੀਨ!’’ ਪਰ ‘ਆਮੀਨ’ ਕਹਿੰਦੇ ਹੋਏ ਉਹਨੂੰ ਅਚਾਨਕ ਖ਼ਿਆਲ ਆਇਆ ਕਿ ਕਿਧਰੇ ਉਹ ਬਾਬਾ ਉਹਦੀ ਪ੍ਰੀਖਿਆ ਲਈ ਤਾਂ ਨਹੀਂ ਭੇਜਿਆ ਗਿਆ ਸੀ। ਕਿਉਂ ਜੋ ਅੱਲ੍ਹਾ ਉਹਨੂੰ ਜਾਂ ਕਿਸੇ ਵੀ ਮੰਗਣ ਵਾਲੇ ਨੂੰ, ਭਾਵੇਂ ਉਹ ਕੀ ਤੇ ਕਿੰਨਾ ਕੁਝ ਵੀ ਕਿਉਂ ਨਾ ਮੰਗ ਲਵੇ, ਕਦੇ ਮੁਆਫ਼ ਕਰੋ, ਨਹੀਂ ਕਹਿੰਦਾ ਤੇ ਨਾ ਹੀ ਆਪਣਾ ਬੂਹਾ ਬੰਦ ਕਰਦਾ ਏ।

(ਅਨੁਵਾਦ: ਸੁਰਜੀਤ)

  • ਮੁੱਖ ਪੰਨਾ : ਕਹਾਣੀਆਂ, ਮੁਹੰਮਦ ਮਨਸ਼ਾ ਯਾਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ