Mubina Ki Sukina (Punjabi Story) : Gurbakhsh Singh Preetlari
ਮੁਬੀਨਾ ਕਿ ਸੁਕੀਨਾ (ਕਹਾਣੀ) : ਗੁਰਬਖ਼ਸ਼ ਸਿੰਘ ਪ੍ਰੀਤਲੜੀ
ਪਿੰਡ ਦੇ ਇਕੋ ਇਕ ਪੱਕੇ ਘਰ ਦੇ ਪਛਵਾੜਿਓਂ ਮਰਦ ਤੇ ਤੀਵੀਂ ਚੋਰਾਂ ਵਾਂਗ ਅੱਗਾ ਪਿੱਛਾ ਘੋਖਦੇ ਨਿਕਲੇ। ਸਾਹਮਣੇ ਸੂਰਜ ਲਹਿ ਰਿਹਾ ਸੀ, ਸਿੱਧੀਆਂ ਕਿਰਨਾਂ ਉਨ੍ਹਾਂ ਦੇ ਮੂੰਹ ਉਤੇ ਪਈਆਂ। ਮਰਦ ਦਾ ਜੁੱਸਾ ਜਵਾਨ ਤੇ ਤਕੜਾ, ਤੀਵੀਂ ਦੀ ਨੁਹਾਰ ਸੁਹਣੀ ਤੇ ਪਤਲੀ ਪਰ ਦੋਹਾਂ ਦੇ ਹਵਾਸ ਉੱਡੇ ਹੋਏ। ਪਲ ਦਾ ਪਲ ਪਰਲੇ ਸਿਰਿਓਂ ਆਉਂਦੀਆਂ ’ਵਾਜ਼ਾਂ ਸੁਣਨ ਲਈ ਖਲੋ ਕੇ, ਉਹ ਥੋੜ੍ਹੀ ਦੂਰ ਸਰ ਸਰ ਕਰਦੇ ਕਮਾਦ ਦੇ ਖੇਤ ਵਿਚ ਜਾ ਵੜੇ। ਇਸ ਖੇਤ ਦੇ ਇਕ ਪਾਸੇ ਬੰਨੇ ਉਤੇ ਲਸੂੜੇ ਦਾ ਦਰਖ਼ਤ ਸੀ।
ਇਹ ਜ਼ੈਲਦਾਰ ਹਾਸ਼ਮ ਅਲੀ ਦਾ ਪੁੱਤਰ ਕਾਸਮ ਤੇ ਉਹਦੀ ਨੂੰਹ ਜ਼ੀਨਤ ਸਨ। ਜ਼ੈਲਦਾਰ ਹਾਸ਼ਮ, ਉਹਦਾ ਕਬੀਲਾ ਤੇ ਪਿੰਡ ਦੇ ਬਹੁਤ ਸਾਰੇ ਲੋਕ ਦੋ ਘੰਟੇ ਨਹੀਂ ਹੋਏ ਕਿ ਪਿੰਡ ਖਾਲੀ ਕਰ ਗਏ ਸਨ।
ਅੱਜ ਤੱਕ ਜ਼ੈਲਦਾਰ ਬੜੇ ਹੌਂਸਲੇ ਵਿਚ ਰਿਹਾ ਸੀ। ਅਵਾੜੇ ਬੜੇ ਉਡਦੇ ਸਨ, ਕਿ ਉਸ ਪਿੰਡ ਜਥਾ ਪੈ ਗਿਆ, ਇਸ ਪਿੰਡ ਪੈਣਾ ਏ। ਕੋਈ ਘੋੜੀ ਵਾਲਾ ਉਸ ਖੂਹ ‘ਤੇ ਆਖ ਗਿਆ ਸੀ ਕਿ ਲੁਹਾਰਾਂ ਦੀ ਕੋਟਲੀ ਸਾਰੀ ਸੜ ਗਈ ਏ। ਜ਼ੈਲਦਾਰ ਕਹਿੰਦਾ, “ਸਭ ਅਵਾੜੇ ਨੇ-ਖਾਤਰ ਜਮ੍ਹਾਂ ਰੱਖੋ। ਨਵੇਂ ਨਗਰ ਦਾ ਵੱਡਾ ਸਰਦਾਰ ਮੇਰਾ ਦੋਸਤ ਆਪਣੇ ਬੱਚੇ ਸਾਡੇ ਪਿੰਡ ਸੁਆਣ ਨੂੰ ਤਿਆਰ ਏ।”
ਪਰ ਅੱਜ ਸਵੇਰੇ ਜਦੋਂ ਜ਼ੈਲਦਾਰ ਸਰਦਾਰ ਕੋਲੋਂ ਤਸੱਲੀ ਲੈਣ ਗਿਆ ਤਾਂ ਸਰਦਾਰ ਕੁਝ ਫਿਰਕਰਮੰਦ ਦਿੱਸਿਆ, ਤੇ ਉਹਦੇ ਕੋਲ ਬੈਠੇ ਨੂੰ ਕੁਝ ਸਿੱਖ ਉਠ ਕੇ ਪਰ੍ਹਾਂ ਲੈ ਗਏ ਤੇ ਜ਼ੈਲਦਾਰ ਦੇ ਕੰਨੀਂ ਮਾੜੀ ਜਿਹੀ ਭਿਣਖ ਪੈ ਗਈ, “ਸਰਦਾਰ ਜੀ- ਧੋਖਾ ਨਾ ਖਾਣਾ-ਭਸੀਨੋਂ ਆਇਆਂ ਨੇ ਜਥਾ ਬਣਾ ਲਿਆ ਜੇ-ਤੇ ਉਹ ਕਿਸੇ ਦੀ ਨਹੀਂ ਜੇ ਸੁਣਦੇ।”
ਪਿੰਡ ਮੁੜ ਕੇ ਜ਼ੈਲਦਾਰ ਨੇ ਵੱਡੀ ਮਸੀਤ ਵਿਚ ਮੀਟਿੰਗ ਕੀਤੀ ਤੇ ਪਿੰਡ ਖਾਲੀ ਕਰ ਦੇਣ ਦਾ ਫ਼ੈਸਲਾ ਹੋ ਗਿਆ। ਸਾਰੇ ਪਿੰਡ ਵਿਚ ਚੀਕ-ਚਿਹਾੜਾ ਮੱਚ ਗਿਆ। ਰੋਂਦਿਆਂ ਧੋਂਦਿਆਂ ਨੇ ਗੰਢਾਂ-ਬੁਚਕੀਆਂ ਬੱਧੀਆਂ, ਸਿੱਖ ਬੱਚਿਆਂ ਨਾਲ ਖੇਡਦੇ ਮੁਸਲਮਾਨ ਬੱਚਿਆਂ ਨੂੰ ਧੌਲ ਧੱਫੇ ਮਾਰ ਘਰੀਂ ਆਂਦਾ। ਕਿਹਰੂ ਨੇ ਸਰਾਜ਼ ਦੀ ਬਾਂਹ ਫੜ ਲਈ, “ਨਹੀਂ ਤਾਈ, ਇਹਨੂੰ ਮੈਂ ਨਹੀਂ ਜਾਣ ਦੇਣਾ!” ਸਰਾਜ਼ ਦੀ ਮਾਂ ਨੇ ਇਹ ਆਂਹਦਿਆਂ ਕਿ “ਸਾਡਾ ਦਾਣਾ ਪਾਣੀ ਹੁਣ ਇਥੋਂ ਮੁੱਕ ਗਿਆ ਏ,” ਪੁੱਤਰ ਨੂੰ ਅੱਗੇ ਲਾ ਲਿਆ।
ਆਹ ਸੁੱਟ, ਅਹੁ ਫੜ, ਇਹਦੀ ਕਿਸੇ ਹਮਸਾਏ ਨੂੰ ਸਪੁਰਦੀ ਕਰ, ਬੂਹੇ ਜੰਦੇ ਮਾਰ, ਡੰਗਰਾਂ ਦੀਆਂ ਪਿੱਠਾਂ ਉਤੇ ਜੁੱਲੇ ਪ੍ਰਾਣੇ ਸੁੱਟ, ਲੋਕ ਆਪਣੇ ਘਰਾਂ ‘ਚੋਂ ਨਿਕਲ ਕੇ ਗਲੀਆਂ ਵਿਚ ਇਕੱਠੇ ਹੋ ਗਏ। ਪਿੰਡ ਦੀ ਰੂਹ ਆਪਣਾ ਕਾਲਬ ਛੱਡ ਰਹੀ ਸੀ। ਆਪਣੀਆਂ ਕੰਧਾਂ ਵੱਲ ਵੇਖ ਵੇਖ ਬੁੱਢੇ ਲੋਕ ਢਾਹਾਂ ਮਾਰ ਰਹੇ ਸਨ। ਹਾਸ਼ਮ ਜ਼ੈਲਦਾਰ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ ਤੇ ਉਹ ਆਪਣੇ ਪੁੱਤਰ ਕਾਸਮ ਨੂੰ ਪਿਛਾਂਹ ਰਹਿਣੋਂ ਵਰਜ ਰਿਹਾ ਸੀ।
“ਤੁਸੀਂ ਬਿਲਕੁਲ ਫਿਕਰ ਨਾ ਕਰੋ”, ਕਾਸਮ ਆਂਹਦਾ ਸੀ, “ਜ਼ੀਨਤ ਕੁਝ ਬਿਮਾਰ ਤੇ ਬਹੁਤ ਘਾਬਰੀ ਹੋਈ ਏ। ਮੁਬੀਨਾ ਨੂੰ ਚੁੱਕ ਕੇ ਉਹਦੇ ਕੋਲੋਂ ਤੁਰਿਆ ਨਹੀਂ ਜਾਣਾ। ਨਾਲੇ ਮੈਂ ਸਾਰੀ ਖ਼ਬਰਸਾਰ ਲੈ ਕੇ ਆਵਾਂਗਾ। ਦੂਰੋਂ ਜਥਾ ਆਉਂਦਾ ਵੇਖ ਕੇ, ਮੈਂ ਜ਼ੀਨਤ ਨੂੰ ਘੋੜੀ ਉਤੇ ਅੱਗੇ ਬਿਠਾ, ਪੱਤਣੋਂ ਪਾਰ ਹੋ ਤੁਹਾਨੂੰ ਆ ਮਿਲਾਂਗਾ।”
ਕਈ ਹੋਰ ਜਵਾਨ ਵੀ ਪਿਛਾਂਹ ਰਹਿ ਗਏ, ਕੀ ਪਤਾ ਜਥਾ ਨਾ ਹੀ ਪਏ। ਨਵੇਂ ਨਗਰ ਦਾ ਸਰਦਾਰ ਜਥੇ ਨੂੰ ਰੋਕ ਹੀ ਲਏ, ਤੇ ਫਿਰ ਉਹ ਸਾਰੇ ਪਿੰਡ ਨੂੰ ਮੋੜ ਲਿਆਉਣਗੇ।
ਵਤਨ ਛੁੱਟ ਰਿਹਾ ਸੀ, ਪੈਲੀਆਂ ਖੂਹ ਛੁੱਟ ਰਹੇ ਸਨ, ਮੈਦਾਨ ਛੁੱਟ ਰਹੇ ਸਨ ਜਿਨ੍ਹਾਂ ਦੀ ਮਿੱਟੀ ਵਿਚ ਆੜੀਆਂ ਨਾਲ ਛਿੱਲੇ ਮੋਢੇ ਅਭੁੱਲ ਯਾਦਾਂ ਬਣ ਗਏ ਸਨ। ਬੇਰੀਆਂ ਛੁੱਟ ਰਹੀਆਂ ਸਨ ਜਿਨ੍ਹਾਂ ਦੇ ਬਚਪਨ ਵਿਚ ਚੋਰੀ ਖਾਧੇ ਬੇਰਾਂ ਵਰਗਾ ਮਿੱਠਾ ਫਲ ਫੇਰ ਕਦੇ ਕਿਸੇ ਨਹੀਂ ਖਾਧਾ।
ਆਪਣੇ ਖੂਹ ਕੋਲੋਂ ਲੰਘਦਿਆਂ ਇਬਰਾਹੀਮ ਦੀ ਵਹੁਟੀ ਦੀ ਹਾ ਨਿਕਲ ਗਈ, “ਹੁਣੇ ਨਵੀਆਂ ਟਿੰਡਾਂ ਪੁਆਈਆਂ ਸਨ। ਵੀਹ ਰੁਪਈਏ ਲਾ ਕੇ ਨਵੀਂ ਕਾਂਜਣ ਚੜ੍ਹਾਈ ਸੀ।”
ਭੌਂ ਭੌਂ ਆਪਣੀਆਂ ਜੂਹਾਂ ਨੂੰ ਤੱਕਦੇ ਲੋਕਾਂ ਦੀਆਂ ਅੱਖਾਂ ਬੰਨਿਆਂ, ਢੇਰੀਆਂ, ਵਾੜਾਂ ਨਾਲ ਅੜ ਅੜ ਰੁਕਦੀਆਂ। ਓੜਕ ਜਾਣਿਆ ਪਿਆਰਿਆ ਸਭ ਕੁਝ ਲੋਪ ਹੋ ਗਿਆ ਤੇ ਪਰਦੇਸ ਦੀ ਛਿਣਕ ਪਰ੍ਹਾਂ ਸੁੱਟਦੀ ਹੱਦ ਉਤੇ ਸੋਗੀ ਕਾਫ਼ਲਾ ਬਹਿ ਗਿਆ।
ਓਧਰ ਨਵੇਂ ਨਗਰੋਂ ਪੈਲੀਓਂ ਪੈਲੀ ਦੌੜਦਾ ਆ ਕੇ ਕੋਈ ਖ਼ਬਰ ਦੇ ਗਿਆ ਕਿ ਭੱਠੇ ਤੱਕ ਜਥਾ ਪਹੁੰਚ ਗਿਆ ਸੀ। ਕਾਸਮ ਆਪਣੇ ਤਵੇਲੇ ਵੱਲ ਭੱਜਾ ਗਿਆ, ਪਰ ਘੋੜੀ ਉਥੇ ਕੋਈ ਨਹੀਂ ਸੀ। ਤੇ ਦੂਰੋਂ ਅਜੇ ਚੋਖੀ ਦੂਰੋਂ, ਤਲਵਾਰਾਂ ਲਿਸ਼ਕਦੀਆਂ ਉਹਨੂੰ ਦਿਸੀਆਂ।
“ਜ਼ੀਨਤ, ਜ਼ੀਨਤ! ਚੁੱਕ ਮੁਬੀਨਾ ਨੂੰ, ਘੋੜੀ ਕਿਸੇ ਖੋਲ੍ਹ ਖੜ੍ਹੀ ਏ। ਛੇਤੀ ਕਰ। ਘਰ ਦੇ ਪਿਛਵਾੜੇ ਕਮਾਦ ਵਿਚ ਲੁਕਣ ਦੇ ਸਿਵਾ ਹੋਰ ਕੋਈ ਰਾਹ ਨਹੀਂ ਰਿਹਾ।”
ਕਮਾਦ ਵਿਚ ਉਹ ਵੜੇ ਹੀ ਸਨ ਕਿ ਜਥਾ ਪਿੰਡ ਦੀ ਜੂਹ ਵਿਚ ਆ ਧਮਕਿਆ। ਬੰਨੇ ਕੋਲੋਂ ਕਈ ਦੌੜਦੇ ਲੰਘਦਿਆਂ ਦੀ ‘ਵਾਜ਼ ਆਈ।
“ਇਹ ਆਪਣੇ ਹੀ ਹੋਣਗੇ, ਪੱਤਣ ਵੱਲ ਨੱਠੇ ਜਾਂਦੇ।” ਕਾਸਮ ਨੇ ਆਖਿਆ।
ਇੰਨੇ ਨੂੰ ਪਿੰਡ ਵਿਚੋਂ ਐਉਂ ਸ਼ੋਰ ਆਉਣ ਲੱਗ ਪਿਆ ਜਿਉਂ ਉਥੇ ਅਸਮਾਨ ਟੁੱਟ ਪਿਆ ਸੀ। ਸ਼ੋਰ ਉਨ੍ਹਾਂ ਦੇ ਨੇੜੇ ਤੇੜੇ ਆਉਂਦਾ ਜਾ ਰਿਹਾ ਸੀ।
ਕਮਾਦ ਵਿਚ ਬੜਾ ਹੁੱਸੜ ਲੱਗ ਰਿਹਾ ਸੀ। ਮੁਬੀਨਾ ਭਾਵੇਂ ਅਜੇ ਜਾਗੀ ਨਹੀਂ ਸੀ, ਪਰ ਪਾਸੇ ਮਾਰਨ ਲੱਗ ਪਈ ਸੀ।
“ਬੜੀ ਮੁਸ਼ਕਲ ਬਣੀ, ਇਹਨੇ ਰੋ ਪੈਣਾ ਏ”ਤੇ ਜਥਾ ਹੁਣ ਸਾਡੇ ਘਰ ਪਹੁੰਚਿਆ ਕਿ ਪਹੁੰਚਿਆ।”
ਦਾੜ ਦਾੜ ਕਰਦੇ ਦੋ ਘੁੜਸਵਾਰ ਬੰਨੇ ਦੇ ਲਾਗਿਉਂ ਲੰਘ ਗਏ ਜਿਵੇਂ ਉਹ ਕਿਸੇ ਨੱਠਦੇ ਦੇ ਮਗਰ ਪਏ ਸਨ।
“ਜ਼ੀਨਤ, ਮੁਬੀਨਾ ਦੇ ਜਾਗਣ ਤੋਂ ਪਹਿਲਾਂ ਲਿਆ ਮੈਂ ਇਹਨੂੰ ਲਸੂੜੇ ਹੇਠਾਂ ਪਾ ਆਵਾਂ। ਉਥੇ ਸੁੱਤੀ ਰਹੇਗੀ, ਤੇ ਜਦੋਂ ਜਥਾ ਮੁੜ ਗਿਆ, ਮੈਂ ਇਹਨੂੰ ਚੁੱਕ ਲਿਆਵਾਂਗਾ।”
“ਜੀਆ ਨਹੀਂ ਮੰਨਦਾ, ਇਹ ਬੋਟ ਜਿਹਾ ਸੁੱਟ ਪਾਵਾਂ।”
“ਛੇਤੀ ਕਰ, ਇਹਦੀ ਵੀ ਤੇ ਸਾਡੀ ਵੀ ਸੁਖ ਇਸੇ ਗੱਲ ਵਿਚ ਏ। ਇਹ ਅੰਦਰ ਜਾਗੀ ਤੇ ਅਸੀਂ ਸਾਰੇ ਮੋਏ।”
ਪਿੰਡ ਵਿਚ ਗੋਲੀਆਂ ਚੱਲਣ ਦੀ ਠਾਹ ਠਾਹ ਆਈ।
“ਫੜਾ ਮੈਨੂੰ ਇਕ ਮਿੰਟ ਨਾ ਸੋਚ।”
ਜ਼ੀਨਤ ਨੇ ਮੁਬੀਨਾ ਦਾ ਮੂੰਹ ਚੁੰਮਿਆ ਤੇ ਕਾਸਮ ਨੇ ਛੇਤੀ ਦਿੱਤੀ ਉਸ ਹੱਥੋਂ ਕੁੜੀ ਲੈ ਲਈ ਤੇ ਬਾਹਰ ਲਿਆ ਕੇ ਲਸੂੜੇ ਹੇਠਾਂ ਪਾ ਦਿੱਤੀ। ਕਾਸਮ ਦਾ ਧਿਆਨ ਸੋਨੇ ਦੀ ਜ਼ੰਜੀਰੀ ਉਤੇ ਪਿਆ ਜਿਹੜੀ ਕਾਸਮ ਦੀ ਮਾਂ ਨੇ ਮੁਬੀਨਾ ਦੇ ਗਲ ਪਾਈ ਸੀ। ਉਸ ਸੋਚਿਆ ਕਿ ਇਹ ਲਾਹ ਲਵੇ, ਫਿਰ ਖਿਆਲ ਕੀਤਾ ਕਿ ਜੇ ਉਹ ਛੱਡਣੀ ਪਈ ਤਾਂ ਲੱਭਣ ਵਾਲੇ ਨੂੰ ਜ਼ੰਜੀਰ ਸਮੇਤ ਮੁਬੀਨਾ ਖੌਰੇ ਭਾਰੀ ਨਾ ਹੀ ਜਾਪੇ ਤੇ ਉਹ ਇਹਦਾ ਚੰਗਾ ਖਿਆਲ ਕਰੇ।
“ਖੁਦਾ ਹਾਫਿਜ਼!” ਤੇ ਕਾਸਮ ਜ਼ੀਨਤ ਨੂੰ ਆ ਮਿਲਿਆ।
ਐਨ ਉਨ੍ਹਾਂ ਦੇ ਘਰ ਵਿਚੋਂ ‘ਵਾਜ਼ਾਂ ਆਉਣ ਲੱਗ ਪਈਆਂ।
“ਮੇਰੇ ਮਗਰ ਮਗਰ ਬੂਟਾ ਬੂਟਾ ਬਚਾ ਕੇ ਖੜਾਕ ਨਾ ਹੋਣ ਦੇ, ਤੁਰੀ ਆ ਜ਼ੀਨਤ ਤੁਰੀ ਆ।”
‘ਵਾਜ਼ਾਂ ਕੋਲੋਂ ਘਬਰਾ ਕੇ ਉਹ ਖੇਤ ਵਿਚ ਪਰਲੇ ਪਾਸੇ ਤੁਰੀ ਗਏ।
“ਹਾਏ ਮੁਬੀਨਾ ਰੋ ਪਈ ਹੋਵੇਗੀ!” ਜ਼ੀਨਤ ਖੜ੍ਹੋ ਗਈ।
“ਮੁਬੀਨਾ ਸੌਂਪ ਅੱਲਾਹ ਨੂੰ, ਤੁਰੀ ਆ ਖਲੋਣ ਦਾ ਵਕਤ ਨਹੀਂ।”
ਉਹ ਬੂਟਾ ਬੂਟਾ ਉਲੰਘਦੇ ਦੂਜੇ ਸਿਰੇ ਪਹੁੰਚ ਗਏ। ਹੁੱਸੜ ਨਾਲ ਜ਼ੀਨਤ ਦੀ ਜਾਨ ਮੂੰਹ ਆ ਰਹੀ ਸੀ।
“ਜ਼ਰਾ ਕੁ ਤੂੰ ਇਥੇ ਸਬਰ ਕਰ, ਮੈਂ ਬੰਨੇ ਤੋਂ ਵੇਖ ਆਵਾਂ।”
ਘੁਸਮੁਸਾ, ਹਨੇਰਾ। ਨਾ ਜੀਆ ਨਾ ਜੁਆਤਰੂ। ਪੰਛੀ ਆਲ੍ਹਣਿਆਂ ਵਿਚ ਮੁੜ ਰਹੇ ਸਨ। ਜਿਸ ਪਹੇ ਤੋਂ ਤੁਰ ਕੇ ਅੱਠ ਵਰ੍ਹੇ ਰੋਜ਼ ਕਾਸਮ ਦੂਜੇ ਪਿੰਡ ਮਦਰਸੇ ਜਾਂਦਾ ਰਿਹਾ ਸੀ, ਉਹ ਅੱਜ ਉਹਨੂੰ ਮੌਤ ਦਾ ਪਹਾ ਜਾਪ ਰਿਹਾ ਸੀ। ਜਿਸ ਖੂਹ ਉਤੇ ਜ਼ੀਨਤ ਦਾ ਡੋਲਾ ਅਜੇ ਪਿਛਲੇਰੇ ਵਰ੍ਹੇ ਉਤਰਿਆ ਸੀ, ਉਹ ਖੂਹ ਅੱਜ ਬਾਂ-ਬਾਂ ਕਰ ਰਿਹਾ ਸੀ।
ਉਤੋਂ ਬੱਦਲ ਗਰਜਿਆ। ਮਹੀਨ ਮਹੀਨ ਜਿਹੀ ਫੁਹਾਰ ਹਵਾ ਨਾਲ ਉਡ ਕੇ ਉਹਦੇ ਬੁੱਲ੍ਹਾਂ ਉਤੇ ਪਈ। ਉਹਨੂੰ ਪਿਆਸ ਲੱਗੀ ਦਾ ਅਹਿਸਾਸ ਹੋਇਆ। ਮੁਬੀਨਾ ਯਾਦ ਆਈ ਕਿ ਉਹ ਰਾਤ ਸਾਰੀ ਭੁੱਖੀ ਰੋਂਦੀ ਰਹੇਗੀ।
ਜਦੋਂ ਹਨੇਰਾ ਗੂੜ੍ਹਾ ਹੋ ਗਿਆ, ਜ਼ੀਨਤ ਤੇ ਕਾਸਮ ਪੱਤਣ ਵੱਲ ਤੁਰ ਪਏ। ਮੁਬੀਨਾ ਨੂੰ ਜਾ ਕੇ ਲੈ ਆਉਣਾ ਅਣਹੋਣਾ ਹੋ ਗਿਆ ਸੀ। ਪੰਜ ਵਿੱਘਿਆਂ ਦੀ ਲੰਮੀ ਪੈਲੀ ਹਾਸ਼ਮ ਨੇ ਗੁਣਿਆਂ ਵਿਚ ਤੇਲ ਚੋ ਚੋ ਕੇ ਬੀਜੀ ਸੀ।
ਪੱਤਣ ਉਤੇ ਬੜੀ ਭੀੜ ਸੀ। ਬੇੜੀ ਇਕ ਸੀ ਤੇ ਉਹਦੇ ਦੋ ਮਲਾਹ ਭਾਵੇਂ ਸਨ ਮੁਸਲਮਾਨ, ਪਰ ਪਾਰ ਕਰਾਈ ਵੀਹ ਰੁਪਈਆਂ ਤੋਂ ਪੈਸਾ ਘੱਟ ਨਹੀਂ ਸਨ ਮੰਨਦੇ। ਤ੍ਰੀਮਤਾਂ ਟੂੰਬਾਂ ਲਾਹ ਲਾਹ ਫੜਾਂਦੀਆਂ ਸਨ। ਦੋ ਬੇਸਾਥ ਮੁਟਿਆਰਾਂ ਤਰਲੇ ਕਰ ਕਰ ਹਾਰ ਗਈਆਂ ਸਨ। ਜ਼ੀਨਤ ਨੇ ਦੋ ਚੂੜੀਆਂ ਬੁੱਕੋਂ ਲਾਹ ਕੇ ਕਾਸਮ ਦੇ ਹੱਥ ਫੜਾਈਆਂ। ਕਾਸਮ ਨੇ ਬਾਕੀ ਦੋ ਵੀ ਲੁਹਾ ਕੇ ਜੇਬ ਪਾ ਲਈਆਂ ਤੇ ਮਲਾਹਾਂ ਨੂੰ ਜ਼ਰਾ ਤਮਕ ਵਿਚ ਆ ਕੇ ਆਖਿਆ, “ਓ ਮੀਆਂ, ਕੁਝ ਤੇ ਖ਼ੌਫ ਖਾਓ। ਤੁਹਾਨੂੰ ਚੰਗਾ ਲੱਗੇਗਾ ਜੇ ਇਹ ਜਵਾਨਾਂ ਜਹਾਨਾਂ ਦੁਸ਼ਮਣਾਂ ਦੇ ਢਏ ਚੜ੍ਹ ਜਾਣ”ਨਾਲੇ ਇਹ ਦੋ ਚੂੜੀਆਂ ਸੌ ਤੋਂ ਬਿਲਕੁਲ ਘੱਟ ਨਹੀਂ।”
ਕਾਸਮ ਦੇ ਰੁਅਬ ਹੇਠਾਂ ਮਲਾਹ ਆ ਗਏ ਤੇ ਬੇੜੀ ਭਰ ਕੇ ਪਾਰਲੇ ਕੰਢੇ ਜਾ ਲੱਗੀ। ਉਥੋਂ ਸਰਹੱਦ ਮਸਾਂ ਸਵਾ ਮੀਲ ਸੀ, ਤੇ ਵਿਚ ਆਬਾਦੀ ਕੋਈ ਨਹੀਂ ਸੀ।
ਰਾਤ ਸਾਰੀ ਮੀਂਹ ਕਦੇ ਵਰ੍ਹਦਾ ਤੇ ਕਦੇ ਹਟਦਾ ਰਿਹਾ। ਲਸੂੜੇ ਦੇ ਚੌੜੇ ਪੱਤਿਆਂ ਉਤੇ ਕਣੀਆਂ ਇਕੱਠੀਆਂ ਹੋ ਜਾਂਦੀਆਂ, ਹਵਾ ਆਉਂਦੀ ਤੇ ਮੁਬੀਨਾ ਦੇ ਮੂੰਹ ਉਤੇ ਡੁੱਲ੍ਹ ਪੈਂਦੀਆਂ। ਰੋਂਦੇ ਬੁਲ੍ਹ ‘ਲਿਪ ਲਿਪ’ ਕਰਨ ਲੱਗ ਪੈਂਦੇ। ਕਈ ਟੇਪੇ ਨਿੱਕੇ ਜਿਹੇ ਮੂੰਹ ਵਿਚ ਚਲੇ ਜਾਂਦੇ।
ਕਦੇ ਉਹ ਰੋਂਦੀ, ਕਦੀ ਪਾਣੀ ਦੇ ਟੇਪਿਆਂ ਨਾਲ ‘ਲਿਪ ਲਿਪ’ ਕਰਦੀ, ਕਦੇ ਹੰਭ ਕੇ ਸੌਂ ਜਾਂਦੀ। ਇਸੇ ਤਰ੍ਹਾਂ ਰਾਤ ਲੰਘ ਗਈ। ਸੂਰਜ ਦਾ ਪਹਿਲਾ ਚਾਨਣ ਜਦੋਂ ਸੁਨਹਿਰੀ ਕਿਰਨਾਂ ਉਤੇ ਚੜ੍ਹ ਕੇ ਮੁਬੀਨਾ ਦੇ ਮੂੰਹ ਤੱਕ ਪਹੁੰਚਾ ਤਾਂ ਉਹ ਲੱਤਾਂ ਬਾਹਾਂ ਮਾਰ ਰਹੀ ਸੀ। ਉਹਦੀਆਂ ਅੱਖਾਂ ਖੁੱਲ੍ਹੀਆਂ ਤੇ ਉਹਦੇ ਫੀਰੋਜ਼ੀ ਝੱਗੇ ਉਤੇ ਸੋਨੇ ਦੀ ਜ਼ੰਜੀਰ ਲਿਸ਼ ਲਿਸ਼ ਕਰ ਰਹੀ ਸੀ।
ਰਾਤੀਂ ਜਥਾ ਮੋਟੀ ਮੋਟੀ ਚੀਜ਼ ਵਸਤ ਚੁਗ ਕੇ ਚਲਾ ਗਿਆ ਸੀ। ਖਾਲੀ ਪਿੰਡ ਦੀ ਭਿਆਨਕਤਾ ਲੁਟੇਰਿਆਂ ਲਈ ਵੀ ਜ਼ਿਆਦਾ ਸੀ। ਦਿਨੇ ਛਾਹ ਵੇਲਾ ਖਾ ਕੇ ਉਹ ਫੇਰ ਮੁੜ ਆਏ। ਉਜਾੜ ਮੁੜ ਵਸ ਪਈ, ਪਰ ਇਹ ਵਸੇਬਾ ਨਿਰਾਲਾ ਸੀ। ਸੰਦੂਕ ਟੁੱਟ ਰਹੇ ਸਨ, ਜੰਦਰੇ ਭੱਜ ਰਹੇ ਸਨ, ਪੋਲੀਆਂ ਥਾਂਵਾਂ ਫੋਲ ਹੋ ਰਹੀਆਂ ਸਨ।
ਜ਼ੀਨਤ ਹੋਰਾਂ ਦੇ ਪੱਕੇ ਘਰ ਦੀ ਕਮਾਦ ਵਾਲੇ ਪਾਸੇ ਦੀ ਬਾਰੀ ਖੁੱਲ੍ਹੀ। ਕਿਸੇ ਨੇ ਬਾਰੀ ‘ਚੋਂ ਤੱਕਿਆ। ਸਰ-ਸਰ ਕਰਦਾ ਕਮਾਦ, ਮੀਂਹ ਨਾਲ ਧੁਪਿਆ ਸਾਵਾ ਕਚਾਹ ਲਸੂੜਾ”ਤੇ ਔਹ ਕੀ? ਕੋਈ ਬੱਚਾ, ਨਿੱਕਾ ਜਿਹਾ, ਚਿਚਲਾਂਦਾ! ਵੇਖਣ ਵਾਲਾ ਕੋਠੇ ਤੋਂ ਛੇਤੀ ਛੇਤੀ ਉਤਰ ਲਸੂੜੇ ਕੋਲ ਅਪੜਿਆ।
ਕਿਸੇ ਨੂੰ ਆਪਣੇ ਵੱਲ ਤੱਕਦਾ ਵੇਖ ਕੇ ਮੁਬੀਨਾ ਇਕਦਮ ਚੁੱਪ ਕਰ ਗਈ। ਉਹਦੀਆਂ ਝਿਮਣੀਆਂ ਨਾਲ ਅੱਥਰੂ ਡਲ੍ਹਕ ਰਹੇ ਸਨ ਤੇ ਝੱਗੇ ਉਤੇ ਜ਼ੰਜੀਰ ਲਿਸ਼ਕ ਰਹੀ ਸੀ।
ਵੇਖਣ ਵਾਲਾ ਬੜਾ ਖ਼ੁਸ਼ ਹੋਇਆ। ਉਹਨੇ ਨਿਉਂ ਕੇ ਬਾਹਾਂ ਅੱਡੀਆਂ। ਮੁਬੀਨਾ ਨੇ ਬੁੱਲ੍ਹ ਟੇਰ ਲਏ, ਜੀਕਰ ਅੱਧ ਭਰੋਸੇ ਵਿਚ। ਆਦਮੀ ਨੇ ਉਹਦੇ ਬੁੱਲ੍ਹਾਂ ਉਤੇ ਉਂਗਲਾਂ ਨਾਲ ਲਾਡ ਕੀਤਾ। ਮੁਬੀਨਾ ਹੁਣ ਮੁਸਕਾ ਪਈ। ਆਦਮੀ ਨੇ ਉਹਦੇ ਗਲੋਂ ਜ਼ੰਜੀਰੀ ਲਾਹ ਕੇ ਡੱਬ ਵਿਚ ਅੜੁੰਗ ਲਈ ਤੇ ਉਹਨੂੰ ਕੁੱਛੜ ਸਾਂਭ ਕੇ ਉਹ ਮੁੜ ਆਇਆ।
ਉਹਦਾ ਸਾਥੀ ਵੀ ਆਪਣੀ ਲੱਭਤ ਨਾਲ ਬੜਾ ਖੁਸ਼ ਹੋ ਰਿਹਾ ਸੀ। ਹਾਸ਼ਮ ਦਾ ਘਰ ਆਦੀ ਸੀ।
“ਮੈਨੂੰ ਛੁੱਟੀ ਦੇ ਦਿਓ, ਸਰਦਾਰ ਜੀ”ਮੈਨੂੰ ਬੜਾ ਕੁਝ ਲੱਭ ਪਿਆ ਏ।”
“ਕੀ ਲੱਭਾ ਈ?” ਤੇ ਉਹਦੇ ਕੁੱਛੜ ਮੁਬੀਨਾ ਚੁੱਕੀ ਵੇਖ ਕੇ ਦੂਜਾ ਸਾਥੀ ਬੋਲਿਆ, “ਇਹਦੇ ਨਾਲ ਤੇਰਾ ਢਿੱਡ ਥੋੜ੍ਹਾ ਭਰਨਾ ਏ। ਮਾਰ ਲੈ ਦੋ ਹੱਥ, ਹੁਣ ਵੇਲਾ ਈ। ਫੇਰ ਪਛਤਾਏਂਗਾ।”
“ਨਹੀਂ ਸਰਦਾਰ ਜੀ, ਮੈਨੂੰ ਤੁਸੀਂ ਜਾਣ ਹੀ ਦਿਓ। ਹੁਣ ਹੋਰ ਕਾਸੇ ਵਸਤ ਨੂੰ ਹੱਥ ਲਾਣ ‘ਤੇ ਰੂਹ ਨਹੀਂ ਕਰਦੀ। ਇਹ ਖੌਰੇ ਕਦੋਂ ਦੀ ਭੁੱਖੀ ਏ।”
“ਕੁੜੀ ਆ?”
“ਹਾਂ ਜੀ ਕੁੜੀ ਏ।”
“ਤਾਂ ਤੇ ਮੌਜ ਬਣ ਗਈ ਊ। ਵੇਖ ਖਾਂ, ਕਾਸਮ ਦੀ ਹੋਣੀ ਏ।”
“ਮੈਂ ਫੇਰ ਜਾਵਾਂ ਜੀ?”
“ਮਰਜ਼ੀ ਤੇਰੀ, ਵੇਲਾ ਚੰਗਾ ਸਾਈ। ਜੇ ਚੰਗੜ੍ਹੀ ਜੋਗੇ ਚਾਰ ਲੀੜੇ ਹੀ ਲੈ ਜਾਂਦੋ।”
“ਚੰਗੜ੍ਹੀ ਮੇਰੀ ਨੂੰ ਤੁਸੀਂ ਜਾਣਦੇ ਈ ਹੋ, ਉਹ ਮੈਨੂੰ ਵੱਢ ਵੱਢ ਖਾਂਦੀ ਰਹਿੰਦੀ ਏ ਕਿ ਮੇਰੇ ਭੈੜੇ ਚਾਲਿਆਂ ਕਰ ਕੇ ਉਹਦਾ ਢਿੱਡ ਫਲਿਆ ਨਹੀਂ। ਕੱਪੜਿਆਂ ਨਾਲੋਂ ਉਹ ਇਹਨੂੰ ਬਹੁਤਾ ਚਾਹੇਗੀ।”
“ਜਾ ਲੈ ਜਾ ਸੂ”ਤੇ ਘੋੜੀ ਸਾਡੀ ਹਵੇਲੀ ਬੰਨ੍ਹ ਦੇਈਂ।”
ਇਹ ਚੰਗੜ੍ਹ ਮਾਨਾਂਵਾਲੇ ਦੇ ਇਕ ਅਵੈਲੀ ਜ਼ਿਮੀਂਦਾਰ ਦਾ ਸੰਗੀ ਸੀ। ਇਹਦੀ ਮਦਦ ਨਾਲ ਜ਼ਿਮੀਂਦਾਰ ਨੇ ਕਈ ਚੋਰੀਆਂ ਕੀਤੀਆਂ ਹੋਈਆਂ ਸਨ ਤੇ ਜਦੋਂ ਚਾਰ ਦਿਨ ਹੋਏ ਸਾਰੇ ਮੁਸਲਮਾਨ ਇਨ੍ਹਾਂ ਦੇ ਪਿੰਡੋਂ ਨਿਕਲ ਗਏ ਤਾਂ ਇਹਨੇ ਇਸ ਚੰਗੜ੍ਹ ਨੂੰ ਜਾਣ ਨਹੀਂ ਸੀ ਦਿੱਤਾ, “ਕੋਈ ਤੱਕ ਕੇ ਤਾਂ ਵੇਖੇ ਤੇਰੀ ‘ਵਾ ਵੱਲ।”
ਚੰਗੜ੍ਹੀ ਨੇ ਬੂਹਾ ਖੋਲ੍ਹਿਆ, ਪਰ ਚੰਗੜ੍ਹ ਵੱਲ ਵੇਖੇ ਬਿਨਾਂ ਹੀ ਉਹ ਭੌਂ ਪਈ।
ਕੁੰਡਾ ਅੜਾ ਕੇ ਚੰਗੜ੍ਹ ਬੋਲਿਆ, “ਪੁੱਛਦੀ ਨਹੀਂ ਮੈਂ ਲਿਆਇਆ ਕੀ ਹਾਂ!”
“ਲਿਆਇਆ ਹੋਵੇਂਗਾ ਬੜਾ ਬੋਬਾ ਜਿਹਦੇ ਨਾਲ ਹੁਣ ਤੇਰੀ ਸਾਰੀ ਉਮਰ ਲੰਘ ਜਾਏਗੀ!” ਚੰਗੜ੍ਹੀ ਨੇ ਅਜੇ ਵੀ ਉਹਦੇ ਵੱਲ ਨਾ ਤੱਕਿਆ ਤੇ ਜਾ ਕੇ ਬਹਿ ਗਈ।
“ਐਵੇਂ ਬੁੜ ਬੁੜ ਹੀ ਕਰੀ ਜਾਨੀ ਏਂ, ਵੇਖ ਤਾਂ ਸਹੀ।” ਤੇ ਚੰਗੜ੍ਹ ਨੇ ਮੁਬੀਨਾ ਦੇ ਮੂੰਹ ਤੋਂ ਪੱਲਾ ਹਟਾ ਕੇ ਉਹਦੇ ਸਾਹਮਣੇ ਕੀਤਾ।
“ਹਾਏ ਮੈਂ ਮਰ ਗਈ”!” ਚੰਗੜ੍ਹੀ ਨੇ ਦੋਵੇਂ ਹੱਥ ਮਲ ਕੇ ਆਖਿਆ, “ਇਹਦੀ ਮਾਂ ਗਰੀਬੜੀ ਨੂੰ ਕਿਸ ਤੱਤੜੇ ਮਾਰ ਮੁਕਾਇਆ ਏ?”
“ਪਤਾ ਕੁਝ ਨਹੀਂ, ਜ਼ੈਲਦਾਰ ਦੇ ਘਰ ਪਿੱਛੇ ਲਸੂੜੇ ਹੇਠਾਂ ਪਈ ਸੀ”, ਤੇ ਡੱਬ ਵਿਚੋਂ ਜ਼ੰਜੀਰੀ ਕੱਢ ਕੇ ਚੰਗੜ੍ਹ ਨੇ ਆਖਿਆ, “ਇਹ ਇਹਦੇ ਗਲ ਵਿਚ ਸੀ, ਵੇਖ ਕੇ ਕੋਈ ਸੜੇ ਨਾ, ਮੈਂ ਡੱਬ ਵਿਚ ਲੁਕਾ ਲਈ।”
ਚੰਗੜ੍ਹੀ ਨੇ ਮੁਬੀਨਾ ਨੂੰ ਕੁੱਛੜ ਲੈ ਲਿਆ। ਮੂੰਹ ਸਿਰ ਚੁੰਮਿਆ। ਸੌ ਸੌ ਸ਼ੁਕਰ ਮਨਾਇਆ। ਜ਼ੰਜੀਰੀ ਉਹਨੂੰ ਭੁੱਲ ਗਈ।
“ਤੂੰ ਭੁੱਖੀ ਹੋਵੇਂਗੀ, ਬਹੁਤ ਭੁੱਖੀ ਸਾਰੀ ਰਾਤ ਤੂੰ ਕੁਝ ਨਹੀਂ ਪੀਤਾ, ਬਿੰਦ ਸਬਰ ਕਰ। ਤੇਰੇ ਬਖ਼ਤਾਂ ਨੂੰ ਸਾਡੀ ਗਾਂ ਵੀ ਮਿਲ ਪਈ ਏ, ਕੱਲ੍ਹ ਓਸ ਛੁਹਣ ਨਹੀਂ ਸੀ ਦਿੱਤਾ।” ਚੰਗੜ੍ਹੀ ਨੇ ਮੁਬੀਨਾ ਨਾਲ ਆਪ ਮੁਹਾਰੇ ਗੱਲਾਂ ਕੀਤੀਆਂ ਤੇ ਫਿਰ ਚੰਗੜ੍ਹ ਨੂੰ ਆਖਿਆ, “ਤੂੰ ਇਹਨੂੰ ਫੜ ਜ਼ਰਾ।”
ਚੰਗੜ੍ਹੀ ਨੇ ਟਾਕੀ ਭਿਉਂ ਕੇ ਬਾਲੜੀ ਦੇ ਮੂੰਹ ਵਿਚ ਦੁੱਧ ਚੋਇਆ, ਕੌਲ ਦਾ ਵਾਰਾ ਉਹ ਪੀ ਗਈ। ਉਹਦਾ ਮੂੰਹ ਆਪਣੇ ਲੀੜੇ ਨਾਲ ਪੂੰਝ ਕੇ ਚੰਗੜ੍ਹੀ ਨੇ ਆਖਿਆ, “ਨਬੀ ਰਸੂਲ ਦੇ ਰਾਹ ਨਿਆਰੇ, ਇਹ ਮੇਰਾ ਚੰਦਰਾ ਢਿੱਡ ਕਿੱਥੋਂ ਫੁੱਟਣਾ ਸੀ, ਸਦਕੇ ਜਾਵਾਂ ਤੈਥੋਂ, ਹੁਣ ਮੇਰੇ ਕੋਲ ਹੀ ਰਹੀਂ, ਕਿਤੇ ਹੋਰ ਨਾ ਜਾਈਂ।”
ਕਈ ਦਿਨ ਮੁਬੀਨਾ ਦੇ ਚਾਅ ਵਿਚ ਚੰਗੜ੍ਹੀ ਤੇ ਚੰਗੜ੍ਹ ਉਡਦੇ ਫਿਰੇ। ਨਵੀਂ ਮਿਹਰ ਦੇ ਸਾਹਮਣੇ ਪੁਰਾਣਾ ਕਹਿਰ ਭੁੱਲ ਗਿਆ। ਚੰਗੜ੍ਹੀ ਨੇ ਚੰਗੜ੍ਹ ਨੂੰ ਮਨਾ ਲਿਆ ਕਿ ਹੁਣ ਕਦੇ ਉਹ ਚੋਰੀ ਨਹੀਂ ਕਰੇਗਾ।
“ਦੋ ਢਿੱਡ ਵੀ ਕੋਈ ਭਾਰੂ ਨੇ। ਇੰਨਾ ਤਾਂ ਮੈਂ ’ਕੱਲੀ ਕਰ ਸਕਦੀ ਹਾਂ।”
ਪਰ ਅਜੇ ਦੋ ਹਫ਼ਤੇ ਵੀ ਨਹੀਂ ਸਨ ਲੰਘੇ ਕਿ ਪਿੰਡ ਵਿਚ ਉਨ੍ਹਾਂ ਬਾਰੇ ਗੱਲਾਂ ਚੱਲਣ ਲੱਗ ਪਈਆਂ। ਪਾਕਿਸਤਾਨੋਂ ਉਜੜ ਕੇ ਆਇਆਂ ਕਈਆਂ ਨੇ ਪਿੰਡ ਪਨਾਹ ਲਈ। ਇਹ ਕਿਸੇ ਮੁਸਲਮਾਨ ਨੂੰ ਵੇਖਣਾ ਤੇ ਕੀ, ਉਹਦਾ ਨਾਂ ਸੁਣਨ ਨੂੰ ਤਿਆਰ ਨਹੀਂ ਸਨ।
ਇਕ ਦਿਨ ਉਨ੍ਹਾਂ ਦਾ ਸਰਦਾਰ ਘਰ ਆ ਕੇ ਕਹਿਣ ਲੱਗਾ, “ਮੌਲੂਆ, ਮੈਨੂੰ ਇਸ ਗੱਲ ਦਾ ਬੜਾ ਹਿਰਖ ਏ, ਮੇਰੀ ਵਾਹ ਨਹੀਂ ਰਹੀ, ਤੁਹਾਡੀ ਜਾਨ ਨੂੰ ਖ਼ਤਰਾ ਵਧਦਾ ਜਾਂਦਾ ਏ”ਚੰਗਾ ਕਰੋ ਜੇ ਅੱਜੋ ਤਿਆਰ ਹੋ ਜਾਓ-ਰਾਤੋ ਰਾਤ ਨਾਲ ਜਾ ਕੇ ਰਾਣੀਆਂ ਤੋਂ ਮੈ ਤੁਹਾਨੂੰ ਹੱਦ ਟਪਾ ਆਵਾਂਗਾ।”
“ਜਿਸ ਤਰ੍ਹਾਂ ਤੁਸੀਂ ਆਖੋ, ਤੁਹਾਡੇ ਆਸਰੇ ਹੀ ਬਚੇ ਹੋਏ ਹਾਂ।”
“ਗਲੋਂ ਹੀ ਪਾਣੀ ਲੰਘਦਾ ਵੇਖ ਕੇ ਮੈਂ ਇਹ ਆਖਿਆ ਹੈ-ਨਹੀਂ ਤਾਂ ਮੈਂ ਮੌਲੂ ਨੂੰ ਤੋਰ ਦਿਆਂ!”
“ਸਾਡੇ ਮਾਈ-ਬਾਪ ਹੋ ਤੁਸੀਂ।”
“ਅੱਜੋ ਹੀ ਤੁਰ ਪਵੋ-ਕੱਲ੍ਹ ਪਤਾ ਨਹੀਂ ਕੀ ਹੋ ਜਾਏ-ਅੱਧੀ ਰਾਤ ਹਨੇਰੀ ਏ-ਸੂਆ ਵੀ ਸੁੱਕਾ ਹੋਇਆ ਏ-ਉਹਦੇ ਵਿਚ ਤੁਰਦੇ ਕਿਸੇ ਨੂੰ ਦਿਸਾਂਗੇ ਨਹੀਂ-ਪਰ ਇਹ ਕੁੜੀ ਤੁਹਾਨੂੰ ਇਥੇ ਛੱਡਣੀ ਪਏਗੀ।”
ਚੰਗੜ੍ਹੀ ਨੇ ਮੁਬੀਨਾ ਨੂੰ ਹਿੱਕ ਨਾਲ ਘੁੱਟ ਲਿਆ, ਜੀਕਰ ਚੰਗੜ੍ਹੀ ਦਾ ਸਾਹ ਰੁਕ ਗਿਆ ਸੀ-ਬੋਲੀ, “ਨਾ ਸਰਦਾਰ ਜੀ-ਇਹ ਨਾ ਆਖੋ। ਜਿਹੜੀ ਖ਼ੁਸ਼ਬੋਈ ਇਹਦੇ ਨਿੱਕੇ ਨਿੱਕੇ ਹੱਥਾਂ ਵਿਚੋਂ ਆਉਂਦੀ ਏ, ਮੇਰੀ ਜਾਨ ਵਿਚ ਰਚ ਗਈ ਏ।”
“ਤੁਹਾਡੀ ਖਾਤਰ ਹੀ ਆਖਿਆ ਸੀ। ਛੇ ਮੀਲ ਪੂਰਾ ਟੁਰਨਾ ਏ। ਇਕ ਥਾਂ ਵੀ ਇਹ ਰੋ ਪਈ, ਬਾਲ ਜੁ ਹੋਈ, ਸਾਰੇ ਮਾਰੇ ਜਾਓਗੇ। ਮੇਰੀ ਕਿਸੇ ਮੰਨਣੀਂ ਨਹੀਂ ਤੇ ਲੁਟੇਰੇ ਰਾਹ ਪਏ ਤਾੜਦੇ ਨੇ!”
“ਉਹ ਜਾਣੇ! ਮਰ ਗਏ ਤਾਂ ਮਰ ਗਏ ਹੀ ਸਹੀ, ਇਹ ਮੈਥੋਂ ਛੱਡੀ ਨਹੀਂ ਜਾਣੀ।”
“ਤੁਸੀਂ ਜਾਣੋ ਮੈਂ ਆਪਣੇ ਵੱਲੋਂ ਵਾਹ ਸਾਰੀ ਲਾ ਦਿਆਂਗਾ।”
ਖਾਓ ਪੀਏ ਦੇ ਬਾਅਦ ਪਿੰਡ ਵਿਚ ਹੁਣ ਚੁੱਪ ਚਾਂ ਹੋ ਜਾਂਦੀ ਸੀ। ਕੋਈ ਬਾਹਰ ਵੱਲ ਤੱਕਦਾ ਨਹੀਂ ਸੀ। ਸਰਦਾਰ ਤੇ ਮੌਲੂ ਨੇ ਠਾਠੇ ਬੰਨ੍ਹ ਲਏ, ਡਾਂਗਾਂ ਫੜ ਲਈਆਂ। ਚੰਗੜ੍ਹੀ ਨੇ ਮੁਬੀਨਾ ਜੋਗਾ ਦੁੱਧ ਬੋਤਲ ਵਿਚ ਪਾ ਲਿਆ। ਸੂਏ ਸੂਏ ਤੁਰਦੇ ਗਏ। ਰਾਣੀਆਂ ਤੋਂ ਕੁਝ ਉਰਾਂ ਮੁਬੀਨਾ ਰੋ ਪਈ। ਉਸੇ ਵੇਲੇ ਪਰਿਓਂ ਆਉਂਦੀਆਂ ਘੋੜੀਆਂ ਦੀ ਟਾਪ ਕੰਨੀਂ ਪਈ, ਜਿਉਂ ਮੌਤ ਚੜ੍ਹੀ ਆ ਰਹੀ ਸੀ। ਮੌਲੂ ਤੇ ਚੰਗੜ੍ਹੀ ਘਬਰਾ ਕੇ ਕੰਢੇ ਨਾਲ ਲੱਗ ਗਏ। ਸਰਦਾਰ ਨੂੰ ਕੁਝ ਸੁੱਝਿਆ, ਉਸ ਨੇ ਝੱਟ ਮੁਬੀਨਾ ਨੂੰ ਚੰਗੜ੍ਹੀ ਕੋਲੋਂ ਫੜ ਲਿਆ ਤੇ ਇਸ਼ਾਰੇ ਨਾਲ ਅਡੋਲ ਬਹਿ ਜਾਣ ਲਈ ਆਖ ਕੇ ਉਹ ਆਪ ਸੂਏ ਉਤੇ ਚੜ੍ਹ ਗਿਆ।
ਘੋੜੀਆਂ ਵਾਲਿਆਂ ਲਲਕਾਰਿਆ। ਠਾਠਾ ਖੋਲ੍ਹ ਕੇ ਸਰਦਾਰ ਨੇ ਆਖਿਆ, “ਕੋਈ ਓਪਰਾ ਨਹੀਂ-ਮੈਂ ਈ ਹਾਂ।”
“ਕੌਣ-ਜੈਲ ਸਿਹੁੰ?”ਤੇ ਆਹ ਕੀ ਚੁੱਕਿਆ ਈ?”
“ਆਇਆ ਸਾਂ ਕਿਸੇ ਸ਼ਿਕਾਰ ਮਗਰੇ-ਸੁਣਿਆਂ ਸੀ ਇਕ ਮੋਟੀ ਸਾਮੀ ਨੱਠ ਰਹੀ ਏ।”
“ਆਏ ਤਾਂ ਅਸੀਂ ਵੀ ਇਹੋ ਸੁਣ ਕੇ ਸਾਂ ਪਰ ਹੱਦ ਤੱਕ ਸਾਨੂੰ ਕੋਈ ਲੱਭਾ ਨਹੀਂ।”
“ਗਏ ਜ਼ਰੂਰ ਨੇ-ਆਹ ਬੱਚਾ, ਇਹਦੇ ਰੋਣ ਤੋਂ ਡਰਦੇ ਸੁੱਟ ਗਏ ਨੇ।”
ਘੋੜੀਆਂ ਵਾਲੇ ਪਿੰਡ ਵੱਲ ਉਡ ਗਏ। ਸਰਦਾਰ ਨੇ ਚੰਗੜ੍ਹ ਤੇ ਚੰਗੜ੍ਹੀ ਨੂੰ ਦਿਲਾਸਾ ਦਿੱਤਾ ਤੇ ਉਹ ਰਾਜ਼ੀ ਬਾਜ਼ੀ ਹੱਦ ਟੱਪ ਗਏ।
ਦੂਜੇ ਦਿਨ ਉਹ ਲਾਹੌਰ ਪੁੱਜ ਗਏ। ਰੁਲਦੇ-ਖੁਲਦੇ ਪਨਾਹਗੁਜ਼ੀਰ ਕੈਂਪ ਵਿਚ ਆ ਰਹੇ। ਚੁਗਿਰਦੀਂ ਹਉਕੇ ਤੇ ਅੱਥਰੂ ਸਨ ਪਰ ਚੰਗੜ੍ਹੀ ਖ਼ੁਸ਼ ਸੀ ਕਿ ਖਤਰਾ ਟਲ ਗਿਆ। ਕੁੜੀ ਦੇ ਮਾਪੇ ਬਚੇ ਨਹੀਂ ਹੋਣੇ-ਕਿਹੜੀ ਜਿਉਂਦੀ ਮਾਂ ਇਹੋ ਜਿਹੀ ਧੀ ਨੂੰ ਸੁੱਟ ਜਾਏਗੀ!
ਪਰ ਉਨ੍ਹਾਂ ਦੇ ਕੈਂਪ ਤੋਂ ਮਸਾਂ ਚਾਰ ਘਰ ਦੂਰ ਮੁਬੀਨਾ ਦੀ ਮਾਂ ਸ਼ੁਦੈਣ ਹੋਈ ਹੋਈ ਸੀ। ਉਹਦੇ ਲਈ ਕੋਈ ਡਾਕਟਰ ਕੁਝ ਨਹੀਂ ਸੀ ਕਰ ਸਕਦਾ। ਉਹ ਆਪਣੀ ਹਿੱਕ ਕੁੱਟਦੀ ਤੇ ਆਂਹਦੀ ਸੀ, “ਮਾਂ ਨਹੀਂ, ਮੈਂ ਡੈਣ ਹਾਂ”ਮਤੇ ਰੋ ਪਏ”ਮਾਰੇ ਜਾਈਏ”ਮੈਂ ਜਿਉਂਦੇ ਨੂੰ ਸੁੱਟ ਆਈ”ਗਿੱਦੜ ਖਾ ਗਏ ਹੋਣਗੇ-ਘੋੜੀਆਂ ਦੇ ਪੈਰਾਂ ਹੇਠਾਂ ਨਿੱਕੇ ਨਿੱਕੇ ਖ਼ੁਸ਼ਬੋਦਾਰ ਹੱਥ ਚਿੱਥੇ ਗਏ ਹੋਣਗੇ। ਉਹ ਭੁੱਖੀ ਮਰ ਗਈ ਹੋਵੇਗੀ, ਉਹਨੂੰ ਕਿਸ ਦਫ਼ਨਾਇਆ ਹੋਣਾ ਏਂ!”
ਉਹਦੇ ਕੀਰਨੇ ਕਿਸੇ ਕੋਲੋਂ ਸੁਣੇ ਨਹੀਂ ਸਨ ਜਾਂਦੇ। ਉਹਦਾ ਭਰਾ ਸਰਕਾਰੀ ਅਫ਼ਸਰ ਸੀ। ਉਹਨੇ ਡਿਪਟੀ ਕਮਿਸ਼ਨਰ ਕੋਲੋਂ ਫੌਜੀ ਟਰੱਕ ਦਾ ਪਰਮਿਟ ਲਿਆ, ਉਹ ਆਪੀਂ ਹਿੰਦੁਸਤਾਨ ਜ਼ੀਨਤ ਦੇ ਸਹੁਰੇ ਪਿੰਡ ਗਿਆ। ਉਥੋਂ ਇੰਨਾ ਪਤਾ ਲੱਗਾ ਕਿ ਮੌਲੂ ਚੰਗੜ੍ਹ ਮੁਬੀਨਾ ਨੂੰ ਮਾਨਾਂਵਾਲੇ ਲੈ ਗਿਆ ਸੀ। ਮਾਨਾਂਵਾਲਿਓਂ ਇਹ ਸੂਹ ਮਿਲੀ ਕਿ ਉਹ ਸ਼ੇਖੂਪੁਰੇ ਆਪਣੇ ਸਾਂਢੂ ਸਾਦਕ ਕੋਲ ਜਾਣ ਲਈ ਆਖਦਾ ਸੀ।
ਲਾਹੌਰ ਮੁੜ ਕੇ ਉਨ੍ਹਾਂ ਸ਼ੇਖੂਪੁਰੇ ਜਾਣ ਦੀ ਸਲਾਹ ਬਣਾਈ। ਜ਼ੀਨਤ ਨੇ ਸ਼ੁਦੈਣਾਂ ਵਾਂਗ ਜ਼ਿੱਦ ਕੀਤੀ ਕਿ ਉਹ ਵੀ ਨਾਲ ਜਾਏਗੀ। ਸਮਝਾਇਆਂ ਉਹ ਸਮਝੇ ਨਾ। ਓੜਕ ਉਹਨੂੰ ਨਾਲ ਹੀ ਖੜਿਆ ਗਿਆ।
ਮੌਲੂ ਠੀਕ ਸ਼ੇਖੂਪੁਰੇ ਹੀ ਸਾਦਕ ਕੋਲ ਗਿਆ ਸੀ। ਪਤਾ ਮਿਲ ਗਿਆ ਪਰ ਨਾ ਚੰਗੜ੍ਹੀ ਤੇ ਨਾ ਮੁਬੀਨਾ ਉਹਦੇ ਘਰ ਵਿਚੋਂ ਲੱਭੀਆਂ। ਕਹਿੰਦਾ ਸੀ ਉਹ ਕਿਤੇ ਵਾਂਢੇ ਗਈਆਂ ਹੋਈਆਂ ਸਨ। ਮੌਲੂ ਨੂੰ ਥਾਣੇ ਫੜ ਲਿਆਏ। ਉਹ ਇਹੀ ਦੱਸੇ ਕਿ ਕੁੜੀ ਉਸ ਲਿਆਂਦੀ ਜ਼ਰੂਰ ਸੀ, ਪਰ ਦੁੱਧ ਖੁਣੋਂ ਭੁੱਖੀ ਉਹ ਹਿੰਦੁਸਤਾਨੋਂ ਆਉਂਦਿਆਂ ਰਾਹ ਵਿਚ ਮਰ ਗਈ ਸੀ ਤੇ ਉਹ ਜਿੰਨੀ ਕੁ ਕਬਰ ਛੇਤੀ ਵਿਚ ਪੁੱਟ ਸਕੇ, ਪੁੱਟ ਕੇ ਉਹਨੂੰ ਦੱਬ ਆਏ ਸਨ। ਨਾ ਮਾਰ ਤੇ ਨਾ ਲਾਲਚ ਚੰਗੜ੍ਹ ਨੂੰ ਕੁਝ ਬਕਾ ਸਕੇ।
ਦੂਜੇ ਦਿਨ ਪੁਲਿਸ ਚੰਗੜ੍ਹੀ ਨੂੰ ਵੀ ਫੜ ਲਿਆਈ। ਚੰਗੜ੍ਹੀ ਦੇ ਮੂੰਹ ਉਤੇ ਕੋਈ ਘਬਰਾਹਟ ਨਹੀਂ ਸੀ। ਉਹਨੇ ਲਫ਼ਜ਼-ਬ-ਲਫ਼ਜ਼ ਆਪਣੇ ਚੰਗੜ੍ਹ ਦੀ ਕਹਾਣੀ ਦੁਹਰਾ ਦਿੱਤੀ।
ਚੰਗੜ੍ਹ ਦੀ ਕਹਾਣੀ ਸੁਣ ਕੇ ਜ਼ੀਨਤ ਦਾ ਦਿਲ ਟੁੱਟ ਗਿਆ ਸੀ। ਚੰਗੜ੍ਹੀ ਨੇ ਭਾਵੇਂ ਗੱਲ ਉਹੋ ਹੀ ਆਖੀ, ਪਰ ਉਹਦਾ ਮੂੰਹ ਵੇਖ ਕੇ ਜ਼ੀਨਤ ਬਿਲਕੁਲ ਨਿਰਾਸ਼ ਨਾ ਹੋਈ ਤੇ ਉਹਨੇ ਆਖਿਆ ਕਿ ਉਹ ਚੰਗੜ੍ਹੀ ਨੂੰ ਇਕੱਲਿਆਂ ਪੁੱਛਣਾ ਚਾਹੇਗੀ।
ਇਕੱਲੇ ਕਮਰੇ ਵਿਚ ਚੰਗੜ੍ਹੀ ਨੇ ਜਦੋਂ ਜ਼ੀਨਤ ਦੇ ਨਕਸ਼ ਨੇੜਿਓਂ ਤੱਕੇ ਤਾਂ ਉਹਦੇ ਜੀਅ ਵਿਚ ਕੁਝ ਹੋਇਆ ਤੇ ਉਹਨੂੰ ਉਹ ਘੜੀ ਵੀ ਯਾਦ ਆ ਗਈ ਜਦੋਂ ਮਾਨਾਂਵਾਲੇ ਸਰਦਾਰ ਨੇ ਕੁੜੀ ਛੱਡ ਜਾਣ ਲਈ ਆਖਿਆ ਸੀ। ‘ਖੌਰੇ ਉਹਦੇ ਨਿੱਕੇ ਨਿੱਕੇ ਹੱਥਾਂ ਦੀ ਖ਼ੁਸ਼ਬੋਈ ਇਹਦੀ ਜਾਨ ਵਿਚ ਵੀ ਰਚੀ ਹੋਵੇ।’ ਚੰਗੜ੍ਹੀ ਨੇ ਸੋਚਿਆ, ਪਰ ਆਪਣੀ ਕਮਜ਼ੋਰੀ ਉਤੇ ਝੱਟ ਕਾਬੂ ਪਾ ਕੇ ਉਹ ਜ਼ੀਨਤ ਦੇ ਸਵਾਲਾਂ ਦੇ ਝੂਠੇ ਜਵਾਬ ਦਿੰਦੀ ਗਈ।
“ਤੂੰ ਸੱਚ ਆਖਨੀ ਏਂ-ਉਹਨੂੰ ਤੂੰ ਆਪਣੀ ਹੱਥੀਂ ਦਫ਼ਨਾਇਆ ਸੀ?”
“ਹਾਂ ਬੀਬੀ, ਮੈਂ ਇਨ੍ਹਾਂ ਭੈੜੇ ਹੱਥਾਂ ਨਾਲ ਉਹਦੇ ਉਤੇ ਮਿੱਟੀ ਪਾਈ ਸੀ।”
“ਉਹਦੇ ਗਲ ਇਕ ਜ਼ੰਜੀਰ ਸੀ?” ਜ਼ੀਨਤ ਨੇ ਕੰਬਦੀ ਆਵਾਜ਼ ਵਿਚ ਪੁੱਛਿਆ।
ਚੰਗੜ੍ਹੀ ਨੇ ਬੋਝੇ ‘ਚੋਂ ਕੱਢ ਕੇ ਜ਼ੰਜੀਰੀ ਉਹਨੂੰ ਫੜਾ ਦਿੱਤੀ, “ਇਹ ਤੁਹਾਡੀ ਅਮਾਨਤ ਬੀਬੀ।”
ਜ਼ੰਜੀਰੀ ਵੇਖ ਕੇ ਜ਼ੀਨਤ ਦੀਆਂ ਡਾਡਾਂ ਨਿਕਲ ਗਈਆਂ। ਸਾਰੇ ਅੰਦਰ ਆ ਗਏ। ਜ਼ੰਜੀਰੀ ਜ਼ੀਨਤ ਦੇ ਬੁੱਲ੍ਹਾਂ ਨਾਲ ਲੱਗੀ ਹੋਈ ਸੀ ਤੇ ਉਹ ਬੇਹੋਸ਼ ਡਿੱਗੀ ਪਈ ਸੀ।
ਹੁਣ ਥਾਣੇਦਾਰ ਨੂੰ ਵੀ ਯਕੀਨ ਹੋ ਗਿਆ ਕਿ ਚੰਗੜ੍ਹ ਸੱਚੇ ਸਨ। ਸੋਨੇ ਦੀ ਜ਼ੰਜੀਰੀ ਨਾਲੋਂ ਤਾਂ ਪੰਜਾਂ ਮਹੀਨਿਆਂ ਦੀ ਕੁੜੀ ਉਨ੍ਹਾਂ ਨੂੰ ਮਹਿੰਗੀ ਨਹੀਂ ਸੀ ਜਾਪਣੀ।
ਦੋਹਾਂ ਨੂੰ ਛੱਡ ਦਿੱਤਾ ਗਿਆ ਪਰ ਉਹ ਉਥੇ ਹੀ ਖਲੋਤੇ ਰਹੇ। ਹੋਰ ਸਾਰੇ ਜ਼ੀਨਤ ਨੂੰ ਹੋਸ਼ ਲਿਆਉਣ ਵਿਚ ਰੁੱਝੇ ਹੋਏ ਸਨ।
ਡਾਕਟਰ ਵੀ ਆ ਪਹੁੰਚਾ। ਉਹਨੂੰ ਕਹਾਣੀ ਸੁਣਾਈ ਗਈ। ਚੰਗੜ੍ਹੀ ਦਾ ਜ਼ਿਕਰ ਆਉਂਦਿਆਂ ਉਸ ਚੰਗੜ੍ਹੀ ਨੂੰ ਵੇਖਣਾ ਚਾਹਿਆ, ਪਰ ਸ਼ਾਇਦ ਆਪਣੇ ਆਪ ਨੂੰ ਹਰ ਕਿਸੇ ਦੇ ਰਾਹ ਵਿਚ ਵੇਖ ਕੇ ਚੰਗੜ੍ਹ ਤੇ ਚੰਗੜ੍ਹੀ ਚਲੇ ਗਏ ਸਨ।
ਡਾਕਟਰ ਨੇ ਵੇਖਿਆ ਭਾਲਿਆ। ਸਾਹ ਠੀਕ ਸੀ, ਨਬਜ਼ ਠੀਕ ਸੀ।
“ਦੰਦਲ ਦਾ ਕੋਈ ਫਿਕਰ ਨਹੀਂ, ਇਸੇ ਤਰ੍ਹਾਂ ਕੁਝ ਚਿਰ ਇਹਨੂੰ ਪਿਆ ਰਹਿਣ ਦਿਓ-ਸ਼ਾਇਦ ਆਪ ਮੁਹਾਰੀ ਇਹ ਕੁਝ ਬੋਲੇ। ਉਹਦੇ ਵਿਚੋਂ ਇਲਾਜ ਦਾ ਇਸ਼ਾਰਾ ਮਿਲ ਸਕਦਾ ਹੈ।”
ਵੀਹ ਮਿੰਟ ਉਹ ਉਸੇ ਤਰ੍ਹਾਂ ਪਈ ਰਹੀ, ਨਾ ਬੇਹੋਸ਼ੀ ਵਿਚੋਂ ਉਸ ਕੁਝ ਬੋਲਿਆ ਹੀ। ਹੁਣ ਡਾਕਟਰ ਸਲਾਹ ਕਰ ਰਿਹਾ ਸੀ ਕਿ ਕੁਝ ਸੁੰਘਾ ਕੇ ਉਹਨੂੰ ਹੋਸ਼ ਵਿਚ ਲਿਆਵੇ ਕਿ ਇਕ ਪਾਸਿਓਂ ਅਡੋਲ ਅੰਦਰ ਆ ਕੇ ਚੰਗੜ੍ਹੀ ਨੇ ਇਕ ਬੱਚਾ ਜ਼ੀਨਤ ਦੀ ਛਾਤੀ ਉਤੇ ਲਿਟਾ ਦਿੱਤਾ।
ਕਾਸਮ ਦੇ ਮੂੰਹੋਂ ਚੀਕ ਵਾਂਗ ਨਿਕਲਿਆ, “ਮੁਬੀਨਾ!”
ਸਾਰੇ ਪਾਸੇ ਸੰਨਾਟਾ ਛਾ ਗਿਆ।
ਮੁਬੀਨਾ ਨੂੰ ਲੱਕੋਂ ਅਜੇ ਚੰਗੜ੍ਹੀ ਨੇ ਫੜਿਆ ਹੋਇਆ ਸੀ ਤੇ ਉਹਦੇ ਦੋਵੇਂ ਹੱਥ ਜ਼ੀਨਤ ਦੀਆਂ ਗੱਲ੍ਹਾਂ ਉਤੇ ਰੱਖ ਦਿੱਤੇ ਸਨ।
ਡਾਕਟਰ ਨੇ ਮੁਬੀਨਾ ਨੂੰ ਜ਼ੀਨਤ ਦੀ ਛਾਤੀ ਉਤੇ ਭਾਰ ਸਮਝ ਕੇ ਚੁੱਕ ਲੈਣਾ ਚਾਹਿਆ।
“ਨਹੀਂ-ਮੈਂ ਬਹੁਤਾ ਭਾਰ ਆਪਣੇ ਹੱਥਾਂ ‘ਚ ਰੱਖਿਆ ਹੋਇਆ ਏ,” ਚੰਗੜ੍ਹੀ ਨੇ ਆਖਿਆ, “ਇਹਦੇ ਹੱਥਾਂ ਦੀ ਖੁਸ਼ਬੋਈ ਉਹਦੇ ਨੱਕ ਵਿਚ ਚੜ੍ਹ ਲੈਣ ਦਿਓ-ਜ਼ੰਜੀਰੀ ਵਿਚੋਂ ਇਹਦੇ ਗਲ ਦੀ ਖ਼ੁਸ਼ਬੋਈ ਸੁੰਘ ਕੇ ਉਹ ਇਸ ਤਰ੍ਹਾਂ ਹੋਈ ਏ।”
ਸੱਚੀ ਮੁੱਚੀ ਜ਼ੀਨਤ ਨੇ ਅੱਖਾਂ ਖੋਲ੍ਹ ਲਈਆਂ-ਤੇ ਆਪਣੇ ਉਤੇ ਕੁਝ ਪਿਆਰਾ ਜਿਹਾ ਮਹਿਸੂਸ ਕਰ ਕੇ ਉਹ ਨੀਮ ਹੋਸ਼ੀ ਵਿਚ ਬੋਲੀ, “ਕੌਣ-ਕੌਣ? ਇਹ ਕਿਦ੍ਹੀ ਖ਼ੁਸ਼ਬੋ, ਇਹ ਕਿਦ੍ਹੇ ਹੱਥ!”
“ਤੇਰੀ ਮੁਬੀਨਾ।” ਕਾਸਮ ਬੋਲਿਆ।
“ਨਹੀਂ, ਇਹ ਮੇਰੀ ਸਕੀਨਾ।” ਚੰਗੜ੍ਹੀ ਨੇ ਆਖਿਆ।
ਜ਼ੀਨਤ ਨੇ ਮੁਬੀਨਾ ਦਾ ਮੂੰਹ ਵਾਰ ਵਾਰ ਚੁੰਮਿਆ। ਮੁਬੀਨਾ ਰੋ ਪਈ।
ਚੰਗੜ੍ਹੀ ਨੇ ਬਾਲੜੀ ਨੂੰ ਲੈ ਕੇ ਵਰਚਾਇਆ ਤੇ ਜ਼ੀਨਤ ਨੂੰ ਮੁੜ ਦੇ ਕੇ ਆਖਿਆ, “ਤੂੰ ਆਪੇ ਮੂੰਹੋਂ ਕਹਿ ਕੇ ਦੇ, ਬੀਬੀ ਇਹ ਤੇਰੀ ਮੁਬੀਨਾ ਏ ਕਿ ਮੇਰੀ ਸਕੀਨਾ, ਤੂੰ ਜੰਮੀ ਸੀ ਪਰ ਮੈਂ ਬਚਾਈ ਏ। ਮੈਂ ਇਹਦਾ ਨਾਂ ਸਕੀਨਾ ਰੱਖਿਆ ਏ। ਜੇ ਇਹ ਤੇਰੀ ਮੁਬੀਨਾ ਏ ਤਾਂ ਮੈਂ ਇਹਦੀ ਮਾਸੀ ਬਣਾਂਗੀ-ਤੇ ਜੇ ਇਹ ਮੇਰੀ ਸਕੀਨਾ ਏ ਤਾਂ ਤੂੰ ਮਾਸੀ ਬਣ ਜਾਈਂ-ਮੈਂ ਇਹਨੂੰ ਦਿਨ ਰਾਤ ਇਕ ਕਰ ਕੇ, ਜਿਸ ਤਰ੍ਹਾਂ ਆਖੇਂਗੀ, ਪਾਲਾਂਗੀ; ਜਿੱਥੇ ਆਖੇਂਗੀ, ਵਿਆਹਵਾਂਗੀ, ਜੋ ਤੂੰ ਆਖੇਂਗੀ, ਮੈਂ ਮੰਨਾਂਗੀ।”
ਜ਼ੀਨਤ ਨੂੰ ਚੰਗੜ੍ਹੀ ਕੋਈ ਫ਼ਰਿਸ਼ਤਾ ਦਿਸ ਰਹੀ ਸੀ। ਮੁਬੀਨਾ ਉਤੇ ਉਹਦਾ ਹੱਕ ਉਹਨੂੰ ਆਪਣੇ ਨਾਲੋਂ ਵੀ ਬਹੁਤਾ ਜਾਪ ਰਿਹਾ ਸੀ। ਉਹਨੇ ਮੁਬੀਨਾ ਦਾ ਮੂੰਹ ਚੁੰਮ ਕੇ ਹੱਥ ਵਧਾ ਕੇ ਮੁਬੀਨਾ ਚੰਗੜ੍ਹੀ ਦੀ ਝੋਲੀ ਪਾ ਦਿੱਤੀ ਤੇ ਆਖਿਆ, “ਇਹ ਤੇਰੀ ਹੀ ਸਕੀਨਾ ਰਹੇਗੀ-ਤੂੰ ਮਾਂ ਤੇ ਮੈਂ ਇਹਦੀ ਮਾਸੀ ਬਣਾਂਗੀ, ਪਰ ਇਕ ਗੱਲ ਤੂੰ ਵੀ ਮੇਰੀ ਮੰਨ ਲੈ।”
ਚੰਗੜ੍ਹੀ ਨੂੰ ਉਹ ਕਮਰਾ ਆਪਣੇ ਲਈ ਛੋਟਾ ਭਾਸ ਰਿਹਾ ਸੀ। ਉਹ ਹੁਣ ਸਕੀਨਾ ਦੀ ਮਾਂ ਸੀ”ਸਰਕਾਰੀ ਅਹੁਦੇਦਾਰਾਂ, ਕੁੜੀ ਦੇ ਮਾਮੇ ਤੇ ਪਿਓ ਦੇ ਸਾਹਮਣੇ ਉਹਦੀ ਮਾਂ ਸੀ।
“ਹਾਂ-ਮੇਰੀ ਬੀਬੀ ਭੈਣ, ਤੇਰੇ ਮੂੰਹੋਂ ਨਿਕਲੀ ਗੱਲ ਮੈਂ ਕਦੇ ਭੁੰਜੇ ਨਾ ਪਾਵਾਂਗੀ। ਤੂੰ ਕਰ ਹੁਕਮ, ਮੈਂ ਬੰਦੀ ਤੇਰੀ!” ਚੰਗੜ੍ਹੀ ਨੇ ਆਪਣੀ ਸਾਰੀ ਜ਼ਿੰਦਗੀ ਵਿਚ ਕਦੇ ਆਪਣੇ ਆਪ ਨੂੰ ਏਡਾ ਕੋਮਲ, ਏਡਾ ਚੰਗਾ ਤੇ ਅਮੀਰ ਮਹਿਸੂਸ ਨਹੀਂ ਸੀ ਕੀਤਾ।
“ਉਹ ਇਹ ਕਿ ਸਕੀਨਾ ਤੇ ਇਹਦੇ ਮਾਂ ਪਿਓ ਹੁਣ ਤੋਂ ਮੇਰੇ ਘਰ ਵਿਚ ਰਹਿਣਗੇ!” ਜ਼ੀਨਤ ਨੇ ਬਾਹਾਂ ਚੰਗੜ੍ਹੀ ਵੱਲ ਵਧਾ ਕੇ ਆਖਿਆ।
ਚੰਗੜ੍ਹੀ ਨੇ ਇਹ ਬਾਹਾਂ ਗਲ ਵਿਚ ਪਾ ਲਈਆਂ। ਮਿਲੀਆਂ ਬਾਹਾਂ ਤੇ ਰਲੇ ਅੱਥਰੂਆਂ ਵਿਚ ਮਾਂ-ਮਾਸੀ ਜਿੰਨਾ ਵੇਰਵਾ ਵੀ ਮੁਸ਼ਕਲ ਹੋ ਗਿਆ।