Muddhon Suddhon (Punjabi Story) : Kulwant Singh Virk
ਮੁੱਢੋਂ-ਸੁੱਢੋਂ (ਕਹਾਣੀ) : ਕੁਲਵੰਤ ਸਿੰਘ ਵਿਰਕ
ਅਖਬਾਰ ਵਿਚ ਖਬਰ ਛਪੀ ਸੀ ਕਿ ਪੁਲਿਸ
ਨੇ ਪਿੰਡ ਵਿਚ ਗੋਲੀ ਚਲਾ ਦਿੱਤੀ। ਚਾਰ ਜੀਅ
ਮਰੇ ਦੱਸਦੇ ਸਨ। ਕੁਝ ਫੱਟੜ ਹੋਏ। ਮਰਨ
ਵਾਲਿਆਂ ਵਿਚ ਇਕ ਬੁੱਢੀ ਜ਼ਨਾਨੀ ਵੀ ਸੀ। ਝਗੜਾ
ਮਾਮਲੇ ਦੀ ਉਗਰਾਹੀ ਦਾ ਸੀ। ਸਰਕਾਰ ਕਹਿੰਦੀ
ਸੀ ਕਿ ਮਾਮਲਾ ਜਿਹੜਾ ਵਧਾ ਕੇ ਲਾਇਆ ਗਿਆ
ਸੀ, ਹੁਣੇ ਈ ਲੈਣਾ ਏ। ਪਿੰਡ ਵਾਲੇ ਵਾਧੂ ਮਾਮਲਾ
ਦੇਣਾ ਨਹੀਂ ਸਨ ਮੰਨਦੇ। ਅਖਬਾਰ ਵਿਚ ਛਪਿਆ ਸੀ ਕਿ
ਜਦੋਂ ਤਸੀਲਦਾਰ ਪੁਲਿਸ ਨੂੰ ਲੈ ਕੇ ਮਾਮਲਾ ਉਗਰਾਹੁਣ
ਪਿੰਡ ਗਿਆ ਸੀ, ਪਿੰਡ
ਵਾਲੇ ਉਸ ਉਤੇ ਧਾਵਾ ਕਰਨ ਨੂੰ ਆ ਪਏ। ਪੁਲਿਸ
ਨੇ ਤਸੀਲਦਾਰ ਦੇ ਤੇ ਆਪਣੇ ਬਚਾਅ ਲਈ ਗੋਲੀ
ਚਲਾ ਦਿੱਤੀ।
ਮੇਰੇ ਲਈ ਇਹ ਨਵੀਂ ਜਿਹੀ ਗੱਲ ਸੀ।
ਗੋਲੀ ਚੱਲਦੀ ਅੱਗੇ ਵੀ ਸੁਣੀ ਸੀ-ਜਲੂਸਾਂ ਉਤੇ,
ਸ਼ਹਿਰ ਵਿਚ, ਸੜਕ ਉਤੇ ਜਾਂ ਕਿਸੇ ਸਾਂਝੇ ਮੈਦਾਨ
ਵਿਚ। ਮਰੇ ਹੋਏ ਤੇ ਫੱਟੜ ਲੋਕ ਪੁਲਿਸ ਚੁੱਕ ਕੇ
ਹਸਪਤਾਲ ਲੈ ਜਾਂਦੀ। ਬਾਕੀ ਭੱਜ ਜਾਂਦੇ। ਥਾਂ ਸਾਫ
ਕਰ ਦਿੱਤੀ ਜਾਂਦੀ ਤੇ ਗੱਲ ਮੁੱਕ ਜਾਂਦੀ। ਸ਼ਹਿਰ
ਵੱਡਾ ਹੁੰਦਾ ਹੈ, ਸਵਾਏ ਆਪਦੇ ਘਰ ਦੇ ਕਿਸੇ ਵੀ
ਥਾਂ ਨੂੰ ਕੋਈ ਆਪਣਾ ਨਹੀਂ ਸਮਝਦਾ ਪਰ ਪਿੰਡ
ਵਿਚ ਗੋਲੀ ਤਾਂ ਮੈਨੂੰ ਇਸ ਤਰ੍ਹਾਂ ਲੱਗਦੀ ਸੀ ਜਿਵੇਂ
ਹਰ ਘਰ ਵਿਚ ਗੋਲੀ ਚਲਾਈ ਗਈ ਹੋਵੇ।
ਜਿਸ ਦਿਨ ਅਖਬਾਰ ਵਿਚ ਖਬਰ ਆਈ, ਉਸ
ਤੋਂ ਅਗਲੇ ਦਿਨ ਛੁੱਟੀ ਸੀ। ਮੇਰਾ ਜੀਅ ਕੀਤਾ ਕਿ
ਉਸ ਪਿੰਡ ਹੋ ਆਵਾਂ। ਗੋਲੀ ਚੱਲਣ ਪਿਛੋਂ ਪਿੰਡ
ਕਿਵੇਂ ਲਗਦਾ ਹੈ, ਇਹ ਵੇਖ ਆਵਾਂ। ਦੋ ਤਿੰਨ ਦਿਨ
ਹੋ ਗਏ ਸਨ ਪਰ ਇਹ ਕੋਈ ਬਹੁਤੇ ਨਹੀਂ ਸਨ।
ਰਸਤੇ ਵਿਚ ਇਕ ਸ਼ਹਿਰ ਵਿਚ ਬੱਸ
ਬਦਲਣੀ ਸੀ। ਮੈਂ ਨਵੀਂ ਬੱਸ ਦੀ ਉਡੀਕ ਵਿਚ
ਖਲੋਤਾ ਸਾਂ ਕਿ ਤਸੀਲਦਾਰ ਮਿਲ ਗਿਆ। ਉਹ
ਮੇਰਾ ਵਾਕਿਫ ਨਿਕਲਿਆ। ਉਸ ਦੱਸਿਆ ਕਿ ਕੋਈ
ਸੌ ਬੰਦੇ ਤੇ ਜ਼ਨਾਨੀਆਂ ਉਨ੍ਹਾਂ ਨੂੰ ਮਾਰਨ ਆ ਪਏ
ਤੇ ਉਸ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ।
ਹੋਰ ਉਸ ਇਹ ਗੱਲ ਦੱਸੀ ਕਿ ਵੱਡੇ ਅਫਸਰ ਤੇ
ਵਜ਼ੀਰ ਉਸ ਦੀ ਇਸ ਕਾਰਵਾਈ ਉਤੇ ਬੜੇ ਖੁਸ਼
ਸਨ। ਉਹ ਆਪ ਬੜਾ ਹੱਸ ਰਿਹਾ ਸੀ। ਹੁਣ ਉਥੇ
ਖੜ੍ਹਾ ਉਹ ਪੁਲਿਸ ਇੰਸਪੈਕਟਰ ਨੂੰ ਉਡੀਕ ਰਿਹਾ
ਸੀ। ਉਹ ਪੁਲਿਸ ਦੀ ਗਾਰਦ ਲੈ ਕੇ ਆਵੇਗਾ ਤੇ
ਫਿਰ ਉਹ ਕਿਸੇ ਹੋਰ ਪਿੰਡ ਜਾਣਗੇ, ਮਾਮਲਾ
ਉਗਰਾਹੁਣ ਤੇ ਕੁਰਕੀਆਂ ਕਰਨ। ਉਨ੍ਹਾਂ ਨੂੰ ਹੁਕਮ
ਸੀ ਕਿ ਇਸ ਵੇਲੇ ਕੰਮ ਭਖਿਆ ਹੋਇਆ ਹੈ,
ਇਸ ਨੂੰ ਛੇਤੀ ਛੇਤੀ ਮੁਕਾ ਦਿੱਤਾ ਜਾਵੇ!
ਇਹੋ ਜਿਹੇ ਕੰਮਾਂ ਬਾਰੇ ਉਤਲੀ ਉਤਲੀ
ਜਾਣਕਾਰੀ ਤੋਂ ਮੇਰਾ ਇਹ ਖਿਆਲ ਬਣਿਆ
ਹੋਇਆ ਸੀ ਕਿ ਇਸ ਤਰ੍ਹਾਂ ਦੀ ਕਿਸੇ ਕਾਰਵਾਈ
ਪਿਛੋਂ ਕੋਈ ਵੱਡਾ ਅਫਸਰ ਇਸ ਦੀ ਜਾਂਚ ਪੜਤਾਲ
ਕਰਦਾ ਹੈ ਤੇ ਇਹ ਫੈਸਲਾ ਦਿੰਦਾ ਹੈ ਕਿ ਗੋਲੀ
ਚਲਾਉਣ ਦੀ ਲੋੜ ਸੀ ਕਿ ਨਹੀਂ। ਜਿੰਨਾ ਚਿਰ
ਇਹ ਫੈਸਲਾ ਪ੍ਰਾਪਤ ਨਾ ਹੋ ਜਾਏ, ਗੋਲੀ ਚਲਾਉਣ
ਵਾਲਾ ਅਫਸਰ ਆਪਣੇ ਕੰਮ ਦੇ ਨਤੀਜਿਆਂ ਬਾਰੇ
ਫਿਕਰਮੰਦ ਹੀ ਰਹਿੰਦਾ ਸੀ ਪਰ ਇਹ ਤਸੀਲਦਾਰ
ਤਾਂ ਫਿਕਰਮੰਦ ਹੋਣ ਦੀ ਥਾਂ ਉਲਟਾ ਬੜਾ ਖੁਸ਼
ਸੀ-ਜਿਵੇਂ ਉਸ ਨੂੰ ਇਸ ਗੱਲ ਕਰਕੇ ਤਰੱਕੀ
ਮਿਲ ਜਾਣੀ ਹੋਵੇ। ਤਸੀਲਦਾਰ ਗੱਲਾਂ ਕਰ ਕੇ
ਟੁਰ ਗਿਆ ਤੇ ਕੁਝ ਚਿਰ ਪਿਛੋਂ ਮੈਨੂੰ ਉਸ ਪਿੰਡ
ਵੱਲ ਦੀ ਬੱਸ ਮਿਲ ਗਈ।
ਜਿਸ ਥਾਂ 'ਤੇ ਮੈਂ ਬੱਸ ਤੋਂ ਉਤਰਿਆ, ਉਥੋਂ
ਉਹ ਪਿੰਡ ਤਿੰਨ ਚਾਰ ਮੀਲ ਸੀ। ਅਗਾਂਹ ਸਵਾਰੀ
ਕੋਈ ਨਹੀਂ ਜਾਂਦੀ ਸੀ। ਇਸ ਲਈ ਬੱਸ ਤੋਂ ਉਤਰ
ਕੇ ਮੈਨੂੰ ਕਾਹਲ ਕੋਈ ਨਹੀਂ ਸੀ। ਅੱਡੇ ਉਤੇ
ਚਾਹ ਵੇਚਣ ਵਾਲੇ ਤੇ ਚੜ੍ਹਨ-ਉਤਰਨ ਵਾਲੀਆਂ
ਸਵਾਰੀਆਂ ਉਸੇ ਪਿੰਡ ਦੀਆਂ ਗੱਲਾਂ ਕਰ ਰਹੀਆਂ
ਸਨ। ਵੱਡੇ ਆਦਮੀਆਂ ਵਿਚੋਂ ਕੌਣ ਕੌਣ ਪਿੰਡੋਂ ਹੋ
ਆਇਆ ਹੈ, ਹੁਣ ਉਥੇ ਕੌਣ ਹੈ, ਹੋਰ ਪਿੰਡਾਂ
ਉਤੇ ਇਸ ਦਾ ਕੀ ਅਸਰ ਪਿਆ ਹੈ? ਇਹ ਗੱਲਾਂ
ਹੌਲੀ ਹੌਲੀ ਹੋ ਰਹੀਆਂ ਸਨ। ਉਂਜ ਕਿਸੇ ਦੀ
ਗੱਲ ਵਿਚ ਰੋਹ ਨਹੀਂ ਸੀ। ਸਾਰਾ ਗੁੱਸਾ ਡਰ ਨਾਲ
ਬੰਨ੍ਹਿਆ ਪਿਆ ਸੀ। ਗੋਲੀ ਚੱਲੀ ਹੈ, ਬੰਦੇ ਮਰੇ
ਹਨ, ਪੁਲਿਸ ਪਿੰਡ ਵਿਚ ਬੈਠੀ ਹੈ, ਕਈ ਵੱਡੇ
ਆਦਮੀ ਆਏ ਤੇ ਗਏ ਹਨ, ਇਸ ਤੋਂ ਵੱਧ ਕੋਈ
ਕੁਝ ਕਹਿਣ ਨੂੰ ਤਿਆਰ ਨਹੀਂ ਸੀ।
ਮੈਂ ਪਿੰਡ ਦਾ ਰਾਹ ਪੁੱਛਿਆ ਤੇ ਡੰਡੀਏ ਡੰਡੀ
ਟੁਰ ਪਿਆ। ਚੇਤਰ ਦਾ ਮਹੀਨਾ ਸੀ। ਡੰਡੀ ਦੇ
ਨਾਲ ਨਾਲ ਕਣਕ ਪੱਕਣ ਉਤੇ ਆਈ ਹੋਈ ਸੀ।
ਸਿੱਟੇ ਹਵਾ ਵਿਚ ਲੇਟਣੀਆਂ ਲੈ ਰਹੇ ਸਨ। ਪੁਲਿਸ
ਦੀ ਕਾਰਵਾਈ ਦਾ ਏਥੇ ਕੋਈ ਅਸਰ ਨਹੀਂ ਸੀ।
ਪੱਕਣ 'ਤੇ ਆਈ ਫਸਲ ਦਾ ਆਪਣਾ ਨਖਰਾ,
ਆਕੀਪੁਣਾ ਹੁੰਦਾ ਹੈ। ਏਥੇ ਅਪੜਨ ਤੀਕ ਉਸ ਨੇ
ਕਈ ਗੱਲਾਂ ਉਤੇ ਜਿੱਤ ਜਿੱਤੀ ਹੁੰਦੀ ਹੈ। ਇਸ ਤਰ੍ਹਾਂ
ਦੀ ਕਣਕ ਦਾ ਸਾਥ ਮੇਰੇ ਲਈ ਚੰਗਾ ਸੀ। ਕਿਧਰੇ
ਕਿਧਰੇ ਮੁੰਡੇ ਡੰਗਰ ਚਾਰ ਰਹੇ ਸਨ। ਕੋਈ ਟਾਵਾਂ
ਟਾਵਾਂ ਰਾਹੀ ਮੋਟਰ 'ਤੇ ਚੜ੍ਹਨ ਲਈ ਤੁਰਿਆ ਆ
ਰਿਹਾ ਸੀ। ਮੇਰੀ ਕਿਸੇ ਨਾਲ ਕੋਈ ਗੱਲ ਨਾ ਹੋਈ।
ਪਿੰਡ ਤੋਂ ਬਾਹਰ ਇਕ ਰੁੱਖ ਹੇਠ ਕੁਝ ਗੱਭਰੂ
ਮੁੰਡੇ ਬੈਠੇ ਸਨ। ਉਨ੍ਹਾਂ ਦੇ ਨੇੜੇ ਨਾ ਤੇ ਕੋਈ
ਡੰਗਰ ਚੁਗਦੇ ਸਨ ਤੇ ਨਾ ਕੋਈ ਖੂਹ ਸੀ। ਜਾਪਦਾ
ਪਿਆ ਸੀ ਕਿ ਉਹ ਕੇਵਲ ਖੁੱਲ੍ਹੀਆਂ ਗੱਲਾਂ ਕਰਨ
ਲਈ ਹੀ ਏਥੇ ਬੈਠੇ ਹਨ। ਪਿੰਡ ਵਿਚ ਜਿਵੇਂ ਉਨ੍ਹਾਂ
ਦਾ ਸਾਹ ਘੁਟਦਾ ਹੋਵੇ। ਮੈਂ ਵੀ ਉਨ੍ਹਾਂ ਕੋਲ ਚਲਾ
ਗਿਆ। ਮੈਨੂੰ ਡਰ ਸੀ ਕਿ ਸ਼ਾਇਦ ਪਿੰਡ ਦੁਆਲੇ
ਪੁਲਿਸ ਦਾ ਪਹਿਰਾ ਹੋਵੇ ਤੇ ਪਿੰਡ ਵਿਚ ਜਾਣ
ਉਤੇ ਰੋਕ ਹੋਵੇ। ਉਨ੍ਹਾਂ ਮੈਨੂੰ ਦਸਿਆ ਕਿ ਅਜਿਹੀ
ਕੋਈ ਰੋਕ ਨਹੀਂ ਤੇ ਨਾ ਹੀ ਪਿੰਡ ਦੁਆਲੇ ਕੋਈ
ਪਹਿਰਾ ਹੈ। ਪੁਲਿਸ ਪਿੰਡੋਂ ਬਾਹਰ ਸਕੂਲ ਵਿਚ
ਬੈਠੀ ਹੋਈ ਹੈ ਤੇ ਲੋਕਾਂ ਦੇ ਫਿਰਨ ਤੁਰਨ ਜਾਂ
ਆਉਣ ਜਾਣ ਉਤੇ ਕੋਈ ਪਾਬੰਦੀ ਨਹੀਂ। ਜਦੋਂ ਮੈਂ
ਪੁੱਛਿਆ ਕਿ ਗੱਲ ਕੀ ਹੋਈ ਹੈ ਤਾਂ ਉਨ੍ਹਾਂ ਪਿੰਡ
ਵਾਲਿਆਂ ਨੂੰ ਅਸਲੋਂ ਬੇਕਸੂਰ ਦੱਸਿਆ ਤੇ ਪੁਲਿਸ
ਵਾਲਿਆਂ ਨੂੰ ਇਕ-ਵਢੋਂ ਕਸੂਰਵਾਰ।
ਓਥੋਂ ਮੈਂ ਅਗਾਂਹ ਪਿੰਡ ਵੱਲ ਹੋਇਆ।
ਨਿਆਈਂ ਵਿਚ ਇਕ ਮੁੰਡਾ ਸ਼ਟਾਲਾ ਵੱਢ ਰਿਹਾ
ਸੀ। ਮੈਂ ਉਸ ਤੋਂ ਪੁੱਛਿਆ, ਏਥੇ ਕੀ ਗੱਲ ਹੋਈ
ਹੈ? ਉਸ ਮੇਰੇ ਵੱਲ ਖਿਆਲ ਨਾ ਕੀਤਾ ਤੇ ਆਪਣੇ
ਧਿਆਨ, ਸਗੋਂ ਪਹਿਲੇ ਧਿਆਨ ਨਾਲੋਂ ਵੀ ਬਹੁਤ
ਧਿਆਨ ਨਾਲ ਪੱਠੇ ਵੱਢੀ ਗਿਆ। ਮੈਂ ਫਿਰ ਤਗੜੇ
ਹੋ ਕੇ ਪੁੱਛਿਆ। ਉਸ ਆਖਿਆ, ਮੈਨੂੰ ਨਹੀਂ ਪਤਾ।
ਮੈਂ ਏਥੇ ਨਹੀਂ ਸਾਂ, ਵਾਂਢੇ ਗਿਆ ਹੋਇਆ ਸਾਂ। ਮੈਂ
ਕਿਹਾ, ਤੂੰ ਵਾਂਢਿਓ ਆ ਕੇ ਕੁਝ ਸੁਣਿਆ ਹੋਵੇਗਾ।
ਉਸ ਫਿਰ ਆਖਿਆ, ਮੈਨੂੰ ਕੁਝ ਨਹੀਂ ਪਤਾ। ਉਹ
ਕਿਸੇ ਪਾਸੇ ਵੱਲ ਦੀ ਗੱਲ ਕਰਨ ਤੋਂ ਡਰਦਾ ਸੀ।
ਮੈਂ ਅਗਾਂਹ ਤੁਰ ਪਿਆ।
ਪਿੰਡ ਦੀ ਗਲੀ ਸੁੰਞੀ ਸੀ। ਨਾ ਕੋਈ
ਅੰਞਾਣਾ ਖੇਡ ਰਿਹਾ ਸੀ ਤੇ ਨਾ ਕੋਈ ਵੱਡਾ ਹੀ
ਆ-ਜਾ ਰਿਹਾ ਸੀ। ਇਕ ਜ਼ਨਾਨੀ ਜਿਸ ਨੇ ਸਿਰ
ਧੋਤਾ ਹੋਇਆ ਸੀ, ਆਪਣੇ ਵਿਹੜੇ ਦੇ ਬੂਹੇ ਤੀਕ
ਆਈ ਤੇ ਮੈਨੂੰ ਵੇਖ ਕੇ ਪਿਛਾਂਹ ਮੁੜ ਗਈ। ਮੈਂ
ਗਲੀਏ ਗਲੀ ਟੁਰਿਆ ਗਿਆ। ਪਿੰਡ ਦੇ ਸਿਰੇ
ਉਤੇ ਵਲਗਣ ਸੀ। ਇੰਜ ਲਗਦਾ ਸੀ ਜਿਵੇਂ ਇਹ
ਕੋਈ ਸਾਂਝੀ ਥਾਂ ਹੋਵੇ। ਮੈਂ ਅੰਦਰ ਲੰਘ ਗਿਆ।
ਤਖਤਪੋਸ਼ ਉਤੇ ਕੁਝ ਬੰਦੇ ਬੈਠੇ ਹੋਏ ਸਨ। ਸਲਾਮ
ਦੁਆ ਪਿਛੋਂ ਮੈਂ ਵੀ ਉਨ੍ਹਾਂ ਵਿਚ ਬਹਿ ਗਿਆ।
ਕੋਈ ਗੱਲ ਪੁੱਛਣ ਦੀ ਲੋੜ ਨਹੀਂ ਸੀ। ਇਹੋ
ਗੱਲਾਂ ਹੀ ਹੋ ਰਹੀਆਂ ਸਨ। ਉਥੇ ਬੈਠਿਆਂ ਪਤਾ
ਲੱਗਾ ਕਿ ਓਥੇ ਆਉਣ-ਜਾਣ ਵਾਲਿਆਂ ਤੇ
ਸਲਾਹ-ਮਸ਼ਵਰਾ ਦੇਣ ਵਾਲਿਆਂ ਦੀ ਕੋਈ ਘਾਟ
ਨਹੀਂ ਸੀ। ਉਨ੍ਹਾਂ ਦੇ ਲੀਡਰਾਂ ਨੇ ਉਨ੍ਹਾਂ ਨੂੰ ਮਸ਼ਵਰਾ
ਦਿੱਤਾ ਸੀ ਕਿ ਉਹ ਕੁਰਕੀਆਂ ਹੁੰਦੀਆਂ ਨਾ ਰੋਕਣ
ਤੇ ਜਿਸ ਤਰ੍ਹਾਂ ਪੁਲਿਸ ਕਰਦੀ ਹੈ, ਉਸ ਨੂੰ ਕਰਨ
ਦੇਣ। ਕੁਝ ਚਿਰ ਪਿਛੋਂ ਪ੍ਰਾਹੁਣਿਆਂ ਦੀ ਇਕ ਢਾਣੀ
ਹੋਰ ਆ ਗਈ। ਉਹ ਤਖਤਪੋਸ਼ ਉਤੇ ਬੈਠੇ ਬੰਦਿਆਂ
ਦੇ ਚੰਗੇ ਵਾਕਿਫ ਲੱਗਦੇ ਸਨ। ਚਾਹ ਆ ਗਈ ਤੇ
ਅਸਾਂ ਸਾਰਿਆਂ ਪੀਤੀ। ਵਲਗਣ ਤੋਂ ਬਾਹਰ
ਸਿਪਾਹੀਆਂ ਦੇ ਕਦਮ ਮਿਲਾ ਕੇ ਚੱਲਣ ਦੀ ਆਵਾਜ਼
ਆਈ। ਮੈਂ ਉਠ ਕੇ ਵੇਖਿਆ ਦਸ-ਬਾਰਾਂ ਸਿਪਾਹੀ
ਬੰਦੂਕਾਂ ਚੁੱਕੀ ਪਾਲਾਂ ਬਣਾ ਕੇ ਮਾਰਚ ਕਰ ਰਹੇ
ਸਨ, ਨਾਲ ਥਾਣੇਦਾਰ ਸੀ। ਪਿੰਡ ਵਾਲਿਆਂ ਨੇ
ਦੱਸਿਆ ਕਿ ਹਰ ਦੋ ਤਿੰਨ ਘੰਟਿਆਂ ਪਿਛੋਂ ਉਹ
ਇਸੇ ਤਰ੍ਹਾਂ ਪਿੰਡ ਦੀਆਂ ਗਲੀਆਂ ਵਿਚੋਂ ਲੰਘਦੇ
ਹਨ।
ਪਿੰਡ ਵਾਲੇ ਬੰਦੇ ਬਾਹਰੋਂ ਆਈ ਢਾਣੀ ਨੂੰ
ਦੱਸਣ ਲੱਗੇ-ਸਾਡੀ ਪੁਲਿਸ ਦੇ ਮੁਕਾਬਲੇ ਦੀ
ਕੋਈ ਨੀਯਤ ਨਹੀਂ ਸੀ। ਲੋਕੀਂ ਇਕ ਦੂਜੇ ਦੀ
ਰੀਸੋ ਰੀਸੀ ਪੁਲਿਸ ਨੂੰ ਵੇਖਣ ਲਈ ਇਕੱਠੇ ਹੋ
ਗਏ। ਹਾਂ, ਇਹ ਅਸਾਂ ਪੁਲਿਸ ਵਾਲਿਆਂ ਨੂੰ ਜ਼ਰੂਰ
ਪਹਿਲਾਂ ਆਖਿਆ ਸੀ ਕਿ ਸਾਡਾ ਪਿੰਡ ਹੋਰ ਪਿੰਡਾਂ
ਵਰਗਾ ਨਹੀਂ। ਏਥੇ ਤੁਸੀਂ ਵਾਧੂ-ਘਾਟੂ ਗੱਲ ਨਹੀਂ
ਕਰ ਸਕਦੇ। ਉਨ੍ਹਾਂ ਨੇ ਐਵੇਂ ਡਰਿਆਂ ਹੋਇਆਂ ਹੀ
ਗੋਲੀ ਚਲਾ ਦਿੱਤੀ।
ਫਿਰ ਉਹ ਉਨ੍ਹਾਂ ਨੂੰ ਮੌਕਾ ਵਿਖਾਣ ਬਾਹਰ
ਲੈ ਗਏ। ਕੰਧਾਂ ਵਿਚ ਤੇ ਖੁਰਲੀਆ ਵਿਚ ਲੱਗੀਆਂ
ਗੋਲੀਆਂ ਵਿਖਾਈਆਂ ਗਈਆਂ। ਇਕ ਆਦਮੀ
ਖੁਰਲੀ ਉਤੇ ਬੱਧੇ ਆਪਣੇ ਢੱਗਿਆਂ ਨੂੰ ਖੋਲ੍ਹਣ
ਆਇਆ ਸੀ, ਪਈ ਉਨ੍ਹਾਂ ਨੂੰ ਗੋਲੀ ਨਾ ਲੱਗ
ਜਾਏ, ਉਹ ਆਪ ਮਾਰਿਆ ਗਿਆ। ਇਕ ਮੁੰਡਾ
ਆਪਣੇ ਵੇਲਣੇ ਉਤੇ ਗੰਨੇ ਲਾ ਰਿਹਾ ਸੀ। ਉਹ
ਵੀ ਮਰਿਆ ਸੀ। ਇੱਟਾਂ ਦੇ ਢੇਰ ਉਤੇ ਗੋਲੀ ਲੱਗਣ
ਨਾਲ ਇਕ ਇੱਟ ਲ੍ਹਾਮੇ ਹੋਈ ਹੋਈ ਸੀ। ਇਹ ਵੀ
ਆਪਣੀ ਅਸਲੀ ਥਾਂ 'ਤੇ ਕਰਕੇ ਵਿਖਾਈ ਗਈ।
ਬਾਹਰੋਂ ਆਈ ਢਾਣੀ ਸੁਣਦੀ ਰਹੀ ਤੇ "ਉਹੋ ਹੋ..."
ਕਰਦੀ ਰਹੀ, ਪਰ ਉਨ੍ਹਾਂ ਨੇ ਰੋਹ ਦਾ ਕੋਈ ਚਿੰਨ੍ਹ ਨਾ
ਵਿਖਾਇਆ। ਸ਼ਾਇਦ ਉਨ੍ਹਾਂ ਦੇ ਆਪਣੇ ਪਿੰਡ ਉਤੇ
ਵੀ ਪੁਲਿਸ ਦਾ ਕਾਫੀ ਦਬਾਅ ਹੋਵੇ।
ਦੂਜੇ ਪਾਸੇ ਕਾਰ ਆ ਕੇ ਰੁਕੀ। ਇਸ ਵਿਚੋਂ
ਸਰਕਾਰ ਉਤੇ ਕਾਬਜ਼ ਧੜੇ ਦਾ ਵਿਰੋਧੀ
ਨਿਕਲਿਆ। ਪਿੰਡ ਵਾਲਿਆਂ ਵਿਚੋਂ ਇਕ-ਦੋ ਨੇ
ਉਸ ਨੂੰ ਪਛਾਣ ਲਿਆ। ਬਾਕੀਆਂ ਨੂੰ ਉਨ੍ਹਾਂ ਨੇ
ਮੁੱਢੋਂ-ਸੁੱਢੋਂ ਦੱਸ ਦਿੱਤਾ ਕਿ ਇਹ ਕੌਣ ਹੈ। ਉਸ ਲੀਡਰ ਨੇ ਵੀ
ਸਾਰਾ ਕੁਝ ਵੇਖਿਆ। ਸਾਰੇ ਪਾਸੇ ਭਉਂ ਕੇ ਤੇ
ਉਸ ਦਿਨ ਤੋਂ ਮਗਰੋਂ ਦੇ ਹਾਲਾਤ ਸੁਣ ਕੇ ਉਸ
ਨੇ ਕਿਹਾ, "ਜੋ ਕੁਝ ਤੁਸੀਂ ਦੱਸਦੇ ਹੋ, ਇਹ ਤੇ
ਬਿਲਕੁਲ ਪਾਗਲ ਹੋਏ ਪੁਲਿਸੀਏ ਹੀ ਕਰ ਸਕਦੇ
ਨੇ।" ਮੈਨੂੰ ਤੇ ਪਿੰਡ ਵਾਲਿਆਂ ਨੂੰ ਕੋਈ ਸਮਝ
ਨਾ ਆਈ ਕਿ ਉਸ ਨੇ ਪਿੰਡ ਵਾਲਿਆਂ ਦੇ ਬਿਆਨ
ਨੂੰ ਝੂਠਾ ਆਖਿਆ ਹੈ ਜਾਂ ਉਸ ਦਾ ਖਿਆਲ ਸੀ
ਕਿ ਪੁਲਿਸੀਆਂ ਨੇ ਸੱਚੀ ਮੁੱਚੀ ਪਾਗਲਾਂ ਵਾਲਾ
ਕੰਮ ਕੀਤਾ ਹੈ।
ਫਿਰ ਉਹ ਲੀਡਰ ਕਾਰ ਵਿਚ ਬੈਠ ਕੇ ਚਲਾ
ਗਿਆ। ਮੈਨੂੰ ਵੀ ਹੋਰ ਉਥੇ ਠਹਿਰਨ ਦੀ ਲੋੜ
ਨਹੀਂ ਜਾਪਦੀ ਸੀ। ਪਿੰਡ ਦੀ ਹਾਲਤ ਮੈਨੂੰ ਕਾਫੀ
ਸਮਝ ਆ ਗਈ ਸੀ। ਮੈਂ ਪਿਛਾਂਹ ਦਾ ਰਾਹ ਫੜਿਆ।
ਰਾਹ ਉਹੋ ਪਹਿਲੇ ਵਾਲਾ ਹੀ ਸੀ ਪਰ ਮੇਰਾ
ਦਿਲ ਕੁਝ ਬੈਠਿਆ ਹੋਇਆ ਸੀ। ਦਿਲ ਨੂੰ
ਗਰਮਾਈ ਦੇਣ ਵਾਲੀ ਕੋਈ ਗੱਲ ਹੋਈ ਹੀ ਨਹੀਂ
ਸੀ। ਪਿੰਡ ਅਸਲੋਂ ਨਿੱਸਲ ਹੋਇਆ ਪਿਆ ਸੀ।
ਜਿਸ ਡੰਡੀ ਮੈਂ ਮੁੜਿਆ ਜਾ ਰਿਹਾ ਸਾਂ,
ਉਸ ਨੂੰ ਸੱਜੇ ਪਾਸਿਓਂ ਆ ਕੇ ਪਹਿਆ ਕੱਟਦਾ
ਸੀ। ਕੁਝ ਅੱਗੇ ਜਾ ਕੇ ਇਸ ਪਹੇ ਵਿਚ ਇਕ
ਮੋਟਰ ਖਲੋਤੀ ਸੀ, ਅੱਗੇ ਪਾਣੀ ਹੋਣ ਕਰਕੇ ਰੁਕੀ
ਪਈ ਸੀ। ਮੋਟਰ ਵਿਚੋਂ ਪੁਲਿਸ ਦੇ ਸਿਪਾਹੀ ਉਤਰ
ਕੇ ਤੁਰਦੇ ਹੀ ਕਿਸੇ ਪਿੰਡ ਨੂੰ ਜਾ ਰਹੇ ਸਨ। ਬੰਦੂਕਾਂ
ਉਨ੍ਹਾਂ ਦੇ ਹੱਥਾਂ ਵਿਚ ਸਨ। ਪਹੇ ਵਿਚ ਖਾਕੀ ਵਰਦੀਆਂ
ਤੇ ਲਾਲ ਪੱਗਾਂ ਦੀ ਲੰਮੀ ਲਾਈਨ ਬਣੀ ਹੋਈ ਸੀ।
ਮੈਂ ਕੁਝ ਚਿਰ ਖਲੋਤਾ ਇਸ ਲਾਈਨ ਨੂੰ ਤੁਰਦਿਆਂ
ਵੇਖਦਾ ਰਿਹਾ ਤੇ ਫਿਰ ਅੱਗੇ ਟੁਰ ਪਿਆ।
ਦੂਰ ਡੰਡੀਏ ਡੰਡੀ ਇਕ ਜੋੜਾ ਤੁਰਿਆ ਆ
ਰਿਹਾ ਸੀ, ਵਹੁਟੀ-ਗੱਭਰੂ। ਮੈਂ ਉਨ੍ਹਾਂ ਨੂੰ ਵੇਖ
ਰਿਹਾ ਸਾਂ ਪਰ ਉਨ੍ਹਾਂ ਅਜੇ ਮੈਨੂੰ ਨਹੀਂ ਵੇਖਿਆ
ਸੀ, ਜਾਂ ਸ਼ਾਇਦ ਦੇਖ ਕੇ ਅਣਡਿੱਠ ਕਰ ਰਹੇ
ਸਨ। ਉਹ ਪਿਆਰ ਕਰਦੇ ਆ ਰਹੇ ਸਨ! ਮਰਦ
ਨੇ ਤੀਵੀਂ ਦੇ ਗਲ ਵਿਚ ਬਾਂਹ ਪਾਈ ਹੋਈ ਸੀ ਜਿਸ
ਤਰ੍ਹਾਂ ਕਦੀ ਅਸੀਂ ਛੇੜੂ ਮੁੰਡੇ ਇਕ-ਦੂਜੇ ਦੇ ਗਲ
ਵਿਚ ਬਾਂਹ ਪਾ ਕੇ ਤੁਰਦੇ ਹੁੰਦੇ ਸਾਂ।
ਜਦੋਂ ਉਹ ਨੇੜੇ ਆ ਗਏ ਤਾਂ ਵਹੁਟੀ ਨੇ
ਮੈਨੂੰ ਵੇਖ ਲਿਆ। ਉਸ ਆਪਣੇ ਘਰ ਵਾਲੇ ਦੀ
ਬਾਂਹ ਆਪਣੇ ਗਲ ਵਿਚੋਂ ਲਾਹ ਦਿੱਤੀ। ਘੁੰਡ ਕੱਢ
ਕੇ ਉਹ ਥੋੜ੍ਹਾ ਪਿਛਾਂਹ ਹੋ ਕੇ ਤੁਰਨ ਲੱਗੀ। ਪਤਾ
ਨਹੀਂ ਕਿਵੇਂ, ਉਨ੍ਹਾਂ ਨੂੰ ਵੇਖ ਕੇ ਮੇਰੇ ਉਤੋਂ
ਪੁਲਿਸੀਆਂ ਦਾ ਭੈਅ ਉਤਰ ਗਿਆ।
ਕੁੜੀ ਮੁਕਲਾਵੇ ਆ ਰਹੀ ਲੱਗਦੀ ਸੀ।
ਦੁਪੱਟੇ ਨੂੰ ਗੋਟਾ ਲੱਗਾ ਹੋਇਆ ਸੀ, ਕਮੀਜ਼ ਦੇ
ਘੇਰੇ ਤੇ ਸਲਵਾਰ ਦੇ ਪਹੁੰਚਿਆਂ ਉਤੇ ਵੀ। ਸ਼ਹਿਰੀ
ਜੁੱਤੀ ਦੇ ਹੇਠਾਂ ਜੁਰਾਬਾਂ ਪਾਈਆਂ ਹੋਈਆਂ ਸਨ।
ਮੀਟੀਆਂ ਹੋਈਆਂ ਹੱਥਾਂ ਦੀਆਂ ਤਲੀਆਂ ਦੇ
ਪਾਸਿਆਂ ਤੋਂ ਮਹਿੰਦੀ ਲੱਗੀ ਦਿਸ ਰਹੀ ਸੀ।
ਕੁਝ ਅਗਾਂਹ ਜਾ ਕੇ ਮੈਂ ਫਿਰ ਪਿਛਾਂਹ ਪਰਤ
ਕੇ ਵੇਖਿਆ। ਮੈਨੂੰ ਟਲ ਗਿਆ ਜਾਣ ਕੇ ਉਹ
ਫਿਰ ਪਹਿਲਾਂ ਵਾਂਗ ਹੀ ਹੋ ਗਏ ਸਨ। ਕੁੜੀ ਨੇ ਵੀ
ਪਿਛਾਂਹ ਮੁੜ ਕੇ ਵੇਖ ਲਿਆ ਕਿ ਮੈਂ ਵੇਖ ਰਿਹਾ
ਹਾਂ ਪਰ ਹੁਣ ਉਨ੍ਹਾਂ ਅੱਡ ਅੱਡ ਹੋਣ ਦੀ ਕੋਈ
ਕੋਸ਼ਿਸ਼ ਨਾ ਕੀਤੀ।
ਉਹ ਦੋਵੇਂ ਉਸੇ ਪਿੰਡ ਨੂੰ ਜਾ ਰਹੇ ਸਨ
ਜਿਸ ਪਿੰਡ ਤੋਂ ਮੈਂ ਆ ਰਿਹਾ ਸਾਂ। ਇਹ ਮੁਕਲਾਵੇ
ਆਈ ਵਹੁਟੀ ਹੁਣ ਓਥੇ ਹੀ ਰਹੇਗੀ। ਨਵਾਂ ਘਰ
ਵਸੇਗਾ। ਬੱਚੇ ਜੰਮਣਗੇ ਜਿਹੜੇ ਉਸ ਪਿੰਡ ਦੀ
ਨਵੀਂ ਪੀੜ੍ਹੀ ਬਣਨਗੇ। ਮੈਨੂੰ ਹੋਰ ਹੌਸਲਾ ਹੋ
ਗਿਆ। ਮਨੁੱਖ ਦੀਆਂ ਬਲਾਈਂ ਮਨੁੱਖ ਦਾ ਆਪਣਾ
ਬੱਚਾ ਹੀ ਵੱਡਾ ਹੋ ਕੇ ਕੱਟਦਾ ਆਇਆ ਹੈ।