Mughal Khalsa (Punjabi Story) : Principal Sujan Singh
ਮੁਗ਼ਲ ਖ਼ਾਲਸਾ (ਕਹਾਣੀ) : ਪ੍ਰਿੰਸੀਪਲ ਸੁਜਾਨ ਸਿੰਘ
ਮੁਗ਼ਲ-ਖ਼ਾਲਸੇ ਦੇ ਮੁਹਾਸਰੇ ਦਾ ਅੱਜ ਤੀਜਾ ਦਿਨ ਸੀ। ਪਿੰਡ ਦੇ ਸਾਰੇ ਬੱਚੇ, ਬੁੱਢੇ ਤੇ ਤੀਵੀਆਂ ਗੁਰਦੁਆਰੇ ਦੇ ਅੰਦਰ ਸਨ। ਜੁਆਨ ਤਾਂ ਪਿੰਡ ਵਿੱਚ ਨਾਂਮਾਤਰ ਹੀ ਸਨ- ਇੱਕ ਜਾਂ ਦੋ। ਨੌਜਵਾਨ ਸਾਰੇ ਫ਼ੌਜੀ ਸਨ ਤੇ ਆਪੋ-ਆਪਣੀਆਂ ਫ਼ੌਜਾਂ ਵਿੱਚ ਹਾਜ਼ਰ ਸਨ। ਸਾਰੇ ਕੋਈ ਡੇਢ ਕੁ ਸੌ ਜੀਅ ਸਨ, ਜਿਨ੍ਹਾਂ ਵਿੱਚੋਂ ਬਹੁਤੀ ਗਿਣਤੀ ਤੀਵੀਆਂ ਤੇ ਬੱਚਿਆਂ ਦੀ ਸੀ। ਮੁੱਠੀ ਭਰ ਬੁੱਢੇ ਸ਼ੇਰ ਇਸਲਾਮੀ ਦਲਾਂ ਦਾ ਮੁਕਾਬਲਾ ਕਰ ਰਹੇ ਸਨ। ਸਿੰਘਾਂ ਦੇ ਕਿਸੇ ਜੀਅ ਦਾ ਹਾਲੀ ਤਕ ਨੁਕਸਾਨ ਨਹੀਂ ਸੀ ਹੋਇਆ।
ਹਰਨਾਮ ਸਿੰਘ ਰੱਖਿਆ ਦੀ ਜੰਗ ਦਾ ਮੋਹਰੀ ਸੀ, ਘੇਰੇ ਵਿੱਚ ਆਈ ਅਣਖੀਲੀ ਫ਼ੌਜ ਦਾ ਜਰਨੈਲ। ਇਸ ਦੀ ਬੰਦੂਕ ਹਮਲਾਵਰਾਂ ਦੇ ਦਰਜਨ ਕੁ ਸਿਰਾਂ ਤੇ ਛਾਤੀਆਂ ਦਾ ਨਿਸ਼ਾਨਾ ਕਰ ਚੁੱਕੀ ਸੀ- ਉਹ ਸਿਰ ਤੇ ਛਾਤੀਆਂ, ਜਿਨ੍ਹਾਂ ਵਿੱਚ ਬਹਾਦਰੀ ਦੀ ਅਝੁਕ ਆਕੜ ਤੇ ਅਥਾਹ ਇਸਲਾਮੀ ਜੋਸ਼ ਸੀ। ਮਜ਼ਹਬੀ ਜੋਸ਼ ਨੂੰ ਜਦ ਕੁਝ ਕੁ ਮੱਕਾਰ ਆਦਮੀਆਂ ਰਾਹੀਂ ਨਿੱਜੀ, ਮਹਿਦੂਦ ਤੇ ਅਸਥਾਈ ਫ਼ਾਇਦਿਆਂ ਲਈ ਵਰਤਿਆ ਜਾਂਦਾ ਹੈ ਤਾਂ ਉਸ ਦਾ ਰੂਪ ਬੜਾ ਭਿਆਨਕ ਹੋ ਜਾਂਦਾ ਹੈ। ਚਰਚਿਲ ਜਿਨਾਹ ਗੱਠਜੋੜ ਤੋਂ ਮਗਰੋਂ ਮੁਗ਼ਲ ਖ਼ਾਲਸੇ ਦੇ ਗਵਾਂਢੀ ਗਰਾਂ, ਦਦਹਛੇ ਦੇ ਮੌਲਵੀ ਕਾਸਮ ਖ਼ਾਂ ਵਰਗੇ ਹਜ਼ਾਰਾਂ ਨਹੀਂ, ਲੱਖਾਂ ਮੌਲਵੀਆਂ ਨੇ ਜੋ ਅੰਨ੍ਹਾ ਮਜ਼ਹਬੀ ਜੋਸ਼ ਮੁਸਲਮਾਨਾਂ ਵਿੱਚ ਭਰਿਆ ਸੀ, ਉਹ ਇਸੇ ਪ੍ਰਕਾਰ ਦਾ ਸੀ। ਇਸ ਵਹਿਸ਼ਿਆਨਾ ਜੋਸ਼ ਦਾ ਨੰਗਾ ਨਾਚ ਕਲਕੱਤੇ, ਨੌਆਲਖੀ ਤੇ ਤ੍ਰਿਪੁਰਾ ਵਿੱਚ ਹੋ ਚੁੱਕਾ ਸੀ। ਕਿਸੇ ਗਿਣੀ-ਮਿਥੀ ਸਕੀਮ ਅਨੁਸਾਰ ਇਸ ਜੋਸ਼ ਦਾ ਮੁਜ਼ਾਹਰਾ ਉੱਥੇ ਹੁੰਦਾ ਸੀ, ਜਿੱਥੇ ਹਿੰਦੂ-ਸਿੱਖ ਆਟੇ ਵਿੱਚ ਲੂਣ ਹੁੰਦੇ ਸਨ। ਰਾਵਲਪਿੰਡੀ ਤੇ ਅਟਕ ਦਾ ਇਲਾਕਾ ਇਸ ਜੋਸ਼ ਦੀ ਨੁਮਾਇਸ਼ ਖ਼ਾਤਰ ਖ਼ਬਰੇ ਇਸੇ ਲਈ ਚੁਣਿਆ ਗਿਆ ਸੀ।
ਮੁਗ਼ਲ-ਖ਼ਾਲਸੇ ਦੇ ਦੁਆਲੇ ਦੀਆਂ ਢੋਕਾਂ ਤੇ ਗਰਾਵਾਂ ਨੇ ਪੱਕੀ ਪਕਾ ਛੱਡੀ ਸੀ ਕਿ ਅਸੀਂ ਦੋ ਤਿੰਨ ਹਜ਼ਾਰ ਨਫ਼ਰੀ ਨਾਲ ਡੇਢ ਕੁ ਸੌ ਬੁੱਢਿਆਂ ਬੱਚਿਆਂ ਤੇ ਤੀਵੀਆਂ ਤੇ ਗਰਾਂ ਨੂੰ ਸੌਖਾ ਹੀ ਖ਼ਤਮ ਕਰ ਦੇਵਾਂਗੇ। ਕਾਹਦੇ ਲਈ? ਇਹ ਖ਼ਬਰੇ ਕਿਸੇ ਨੂੰ ਪਤਾ ਨਹੀਂ ਸੀ। ਸ਼ਾਇਦ ਉਹ ਸਿਰਫ਼ ਇੰਨਾ ਜਾਣਦੇ ਸਨ ਕਿ ਉਨ੍ਹਾਂ ਦਾ ਧਨ ਦੌਲਤ, ਸਾਮਾਨ ਸਭ ਸਾਡਾ ਹੋਵੇਗਾ ਤੇ ਖ਼ਬਰੇ ਇਹ ਵੀ ਮੌਲਵੀ ਕਾਸਮ ਖਾਂ ਦੇ ਕਹੇ ਅਨੁਸਾਰ ਕਾਫ਼ਿਰਾਂ ਨੂੰ ਤਸੀਹੇ ਦੇ ਕੇ ਮਾਰਨਾ, ਉਨ੍ਹਾਂ ਦੇ ਘਰ-ਬਾਰ ਨੂੰ ਸਾੜਨਾ, ਮਾਲਮੱਤਾ ਲੁੱਟਣਾ, ਔਰਤਾਂ ਨੂੰ ਬੇਇੱਜ਼ਤ ਕਰਨਾ, ਬੱਚਿਆਂ ਨੂੰ ਇਸਲਾਮ ਵਿੱਚ ਜਬਰਨ ਦਾਖਲ ਕਰਨਾ ਇੱਕ ਵੱਡਾ ਸੁਆਬ ਹੈ, ਜਿਸ ਦੇ ਇਵਜ਼ ਵਿੱਚ ਖ਼ੁਦਾ ਉਨ੍ਹਾਂ ਨੂੰ ਜੱਨਤ ਨਸੀਬ ਕਰੇਗਾ। ਮੌਲਵੀ ਸਾਹਿਬ ਨੂੰ, ਹੋ ਸਕਦਾ ਹੈ, ਇਸ ਗੱਲ ਦਾ ਪਤਾ ਹੋਵੇ ਕਿ ਇਸ ਕਤਲੋਗ਼ਾਰਤ ਦਾ ਨਤੀਜਾ ਹਿੰਦੁਸਤਾਨ ਦੀ ਵੰਡ ਹੋਵੇਗੀ। ਉਸ ਨੂੰ ਵੀ ਇਸ ਗੱਲ ਦਾ ਪਤਾ ਪੜ੍ਹੇ-ਲਿਖੇ ਮੁਸਲਮਾਨ ਅਫ਼ਸਰਾਂ ਕੋਲੋਂ ਲੱਗਾ ਹੋਵੇਗਾ, ਜਿਨ੍ਹਾਂ ਦੀ ਹਮਾਇਤ ਅੰਗਰੇਜ਼ ਅਫ਼ਸਰ ਕਰ ਰਹੇ ਸਨ। ਵਾਪਸ ਜਾ ਰਿਹਾ ਅੰਗਰੇਜ਼ ਦੁਨੀਆਂ ਨੂੰ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅੰਗਰੇਜ਼ ਨੇ ਹੀ ਅੱਜ ਤਕ ਹਿੰਦ ਵਿੱਚ ਅਮਨ ਰੱਖਿਆ। ਇਸ ਲਈ ਇਹ ਕਤਲ ਤੇ ਤਬਾਹੀ ਅਤੇ ਜਿਨਾਹ ਦੀ ਨੈਸ਼ਨਲ ਗਾਰਡ ਸ਼ਾਇਦ ਹਿੰਦ ਵਿੱਚ ਦੋ ਕੌਮਾਂ ਦੇ ਹੋਣ ਦਾ ਸਬੂਤ ਦੇ ਰਹੀ ਸੀ, ਜਿਸ ਦੇ ਆਸਰੇ ਪਾਕਿਸਤਾਨ ਦਾ ਮਹੱਲ ਉਸਰਨਾ ਸੀ ਤੇ ਜਿਸ ਵਿੱਚ ਇਸਲਾਮੀ ਵਹਿਸ਼ਤ ਨੇ ਅਸਮਾਨੋਂ ਉਤਰਨਾ ਸੀ। ਦੀਨਦਾਰਾਂ ਲਈ ਦੋਵੇਂ ਹੱਥੀਂ ਲੱਡੂ ਸਨ, ਮਰ ਕੇ ਖ਼ੁਦਾ ਦਾ ਬਹਿਸ਼ਤ ਤੇ ਜਿਉਂਦਿਆਂ ਜਿਨਾਹ ਦਾ ਬਹਿਸ਼ਤ, ਪਾਕਿਸਤਾਨ!
ਹਰਨਾਮ ਸਿੰਘ ਨੂੰ ਪਤਾ ਸੀ ਕਿ ਘੇਰਾ ਘੱਤਣ ਵਾਲੇ ਗੁਰਦੁਆਰੇ ਤੋਂ ਦੋ ਸੌ ਗਜ਼ ਦੇ ਅੰਦਰ ਆਉਣ ਵਿੱਚ ਸਫਲ ਹੋ ਗਏ ਤਾਂ ਸਭ ਕੁਝ ਖ਼ਤਮ ਹੋ ਜਾਵੇਗਾ। ਉਸ ਦਾ ਦਿਲ ਕਹਿੰਦਾ ਸੀ ਕਿ ਫ਼ੌਜੀ ਹੈਂਡ ਗ੍ਰਨੇਡ ਮੁਸਲਿਮ ਹਜੂਮ ਦੇ ਆਗੂਆਂ ਕੋਲ ਜ਼ਰੂਰ ਸਨ। ਇਸੇ ਲਈ ਹਰਨਾਮ ਸਿੰਘ ਰਾਤ ਨੂੰ ਵੀ ਨਹੀਂ ਸੀ ਸੁੱਤਾ। ਇਕੱਤਰਾਂ ਸਾਲਾਂ ਦਾ ਛੇ ਫੁੱਟ ਚਾਰ ਇੰਚ ਲੰਮਾ ਜੁਆਨ ਮੱਖਣ ਸਿੰਘ ਉਸ ਦਾ ਸੱਜਾ ਹੱਥ ਸੀ। ਉਸ ਦੀ ਲਲਕਾਰ ਨੇ ਕਈ ਵਾਰੀ ਦੁਸ਼ਮਣਾਂ ਦੇ ਹੱਲਿਆਂ ਨੂੰ ਪਿਛਲੇ ਪੈਰੀਂ ਮੋੜ ਦਿੱਤਾ ਸੀ। ਇੱਕ ਵਾਰੀ ਹਰਨਾਮ ਸਿੰਘ ਦੇ ਨਿਸ਼ਾਨੇ ਦੀ ਗ਼ਲਤੀ ਨੂੰ ਮੱਖਣ ਸਿੰਘ ਦੇ ਵਗਾਏ ਵੱਟੇ ਨੇ ਦਰੁਸਤ ਕਰ ਦਿੱਤਾ ਸੀ। ਢੋਕ ਸਰਵਾਲ ਦੇ ਇੱਕ ਮਿੱਤਰ ਮੁਸਲਮਾਨ ਦੇ ਪੁੱਤਰ ਨੂੰ ਹਰਨਾਮ ਸਿੰਘ ਨੇ ਨਵੀਂ ਜਾਨ ਬਖ਼ਸ਼ੀ ਸੀ। ਉਸ ਦੇ ਪਿਤਾ ਦੀ ਗ਼ਰੀਬੀ ’ਤੇ ਰਹਿਮ ਖਾ ਕੇ ਉਸ ਆਪ ਰਾਵਲਪਿੰਡੀਓਂ ਡਾਕਟਰਾਂ ਨੂੰ ਮੰਗਾ ਕੇ ਘਰੋਂ ਸੈਂਕੜੇ ਰੁਪਏ ਖ਼ਰਚ ਕੇ ਉਸ ਨੂੰ ਬਚਾਇਆ ਸੀ, ਪੈਸੇ ਵਹੀ ’ਤੇ ਲਿਖਵਾਉਣ ਲਈ ਨਹੀਂ। ਸਿੱਖੀ ਆਦਰਸ਼ ਤੇ ਚਲਨ ਦਾ ਆਪਮੁਹਾਰਾ ਫੁੱਟਦਾ ਸੋਮਾ ਹੈ- ਪਰਉਪਕਾਰ। ਪਰਉਪਕਾਰ ਹੈ- ਆਪਣੇ ਤੋਂ ਛੁੱਟ ਹਰ ਕਿਸੇ ਦਾ ਬਿਨਾਂ ਜਾਤ, ਧਰਮ ਤੇ ਕੌਮ ਦੇ ਵਿਚਾਰ ਤੋਂ ਭਲਾ ਕਰਨਾ। ਖ਼ੁਦਾ ਦਾਦ ਦਾ ਪੁੱਤਰ ਅਸ਼ਰਫ਼ ਹਰਨਾਮ ਸਿੰਘ ਦੇ ਵੱਡੇ ਪੁੱਤਰ ਦਾ, ਜੋ ਹੁਣ ਰਸਾਲੇ ਵਿੱਚ ਨੌਕਰ ਸੀ, ਹਾਣੀ ਤੇ ਲੰਗੋਟੀਆ ਵੀ ਸੀ। ਮਿੱਤਰਤਾ ਦੇ ਇਸ ਦੂਹਰੇ ਪੇਚ ਦੇ ਹੁੰਦਿਆਂ ਵੀ ਦਸਾਂ ਗ਼ਾਜ਼ੀਆਂ ਦੇ ਜਥੇ ਦਾ ਮੋਹਰੀ ਬਣ ਕੇ ਹੈਦਰੀ ਨਾਅਰੇ ਲਾ ਕੇ ਅਸ਼ਰਫ਼ ਨੂੰ ਵਧਦਿਆਂ ਜਦ ਹਰਨਾਮ ਸਿੰਘ ਨੇ ਦੇਖਿਆ ਤਾਂ ਉਸ ਦੀ ਦਸ਼ਾ ਮਹਾਂਭਾਰਤ ਵਿੱਚ ਪਾਂਡਵ ਯੋਧੇ ਅਰਜਨ ਵਾਂਗ ਹੋ ਗਈ। ਦੂਜੇ ਹੀ ਪਲ ਉਸ ਦੇ ਚਿਹਰੇ ’ਤੇ ਵਿਰਾਗ ਦੇ ਲੱਛਣ ਝਲਕੇ। ਦੁਨੀਆਂ ਵਿੱਚ ਕਿਸ ’ਤੇ ਭਰੋਸਾ ਕੀਤਾ ਜਾਵੇ। ਸਿੱਖੀ ਦੀ ਪ੍ਰਵਿਰਤੀ ਦੇ ਫ਼ਲਸਫ਼ੇ ਦੀ ਜਿੱਤ ਹੋਈ ਤੇ ਕਰਮ ਲਈ ਉਸ ਨੂੰ ਪ੍ਰੇਰਨਾ ਮਿਲੀ।
ਪਰ ਫਿਰ ਵੀ ਮਹੁਰੇ ਦੇ ਬੂਟੇ ਨੂੰ ਆਪਣੇ ਹੱਥੀਂ ਸਿੰਜ ਕੇ ਪੁੱਟਣਾ ਔਖਾ ਹੋ ਜਾਂਦਾ ਹੈ। ਹਰਨਾਮ ਸਿੰਘ ਦੇ ਹੱਥ ਥਿੜਕ ਗਏ ਤੇ ਮੁਗ਼ਲ ਖ਼ਾਲਸੇ ਮੁਹਾਸਰੇ ਦੇ ਸਮੇਂ ਵਿੱਚ ਪਹਿਲੀ ਵਾਰੀ ਉਸ ਦਾ ਨਿਸ਼ਾਨਾ ਖੁੰਝ ਗਿਆ। ਇਸ ਤੋਂ ਪਹਿਲਾਂ ਕਿ ਅਸ਼ਰਫ਼ ਝੋਲੇ ਵਿੱਚੋਂ ਕੁਝ ਕੱਢ ਸਕੇ, ਮੱਖਣ ਸਿੰਘ ਦਾ ਲਲਕਾਰੇ ਨਾਲ ਵਗਾਹਿਆ ਵੱਟਾ ਗਰਜ ਨਾਲ ਗਈ ਬਿਜਲੀ ਵਾਂਗ, ਉਸ ਦੇ ਸਿਰ ਵਿੱਚ ਪਿਆ ਤੇ ਉਹ ਲੜਖੜਾਉਣ ਲੱਗ ਪਿਆ ਜਿਵੇਂ ਕੈਫ਼ ਪਿਆਲੇ ਵਿਤੋਂ ਵੱਧ ਪੀਤਾ ਗਿਆ ਹੋਵੇ। ਉਸ ਦੇ ਗੋਡੇ ਟਿਕਣ ਦੀ ਦੇਰ ਸੀ ਕਿ ਹਰਨਾਮ ਸਿੰਘ ਦੀ ਗੋਲੀ ਉਸ ਦੀ ਛਾਤੀ ਵਿੱਚੋਂ ਪਾਰ ਲੰਘ ਗਈ। ਦੂਜੇ ਫਾਇਰ ਨਾਲ ਇੱਕ ਹੋਰ ਡਿੱਗਾ ਤੇ ਘੇਰਨ ਵਾਲਿਆਂ ਵਿੱਚੋਂ ਬਹਾਦਰਾਂ ਦੇ ਚੋਣਵੇਂ ਜਥੇ ਨੂੰ ਭਾਜੜ ਪੈ ਗਈ। ਹਜੂਮ ਦੂਰੋਂ ਬਾਰ੍ਹਾਂ ਬੋਰ ਦੀਆਂ ਬੰਦੂਕਾਂ ਦੀਆਂ ਵਾੜਾਂ ਝਾੜਦਾ ਰਿਹਾ, ਗੁਰਦੁਆਰੇ ਦੇ ਮੋਰਚਿਆਂ ਵਿੱਚੋਂ ਉਨ੍ਹਾਂ ਨੂੰ ਕੋਈ ਜਵਾਬ ਨਾ ਮਿਲਿਆ। ਅਸਲੇ ਨੂੰ ਫਜ਼ੂਲ ਫੂਕਣ ਨੂੰ ਹਰਨਾਮ ਸਿੰਘ ਕਮਜ਼ੋਰੀ ਦਾ ਨਿਸ਼ਾਨ ਸਮਝਦਾ ਸੀ।
‘‘ਸ਼ਾਬਾਸ਼! ਮੱਖਣ ਸਿੰਘਾ,’’ ਹਰਨਾਮ ਸਿੰਘ ਨੇ ਆਖਿਆ, ‘‘ਅਸੂਲ-ਭ੍ਰਿਸ਼ਟ ਹਮਲਾਵਰ ਪੁੱਤਰ ਨੂੰ ਵੀ ਉਡਾ ਦੇਣਾ ਚਾਹੀਦਾ ਹੈ। ਤੂੰ ਅੱਜ ਮੈਨੂੰ ਥਿੜਕਦੇ ਨੂੰ ਹੱਥ ਦੇ ਕੇ ਰੱਖ ਲਿਆ ਹੈ, ਨਹੀਂ ਤਾਂ ਨਤੀਜਾ ਬਹੁਤ ਬੁਰਾ ਨਿਕਲਦਾ।’’
ਇਸਲਾਮੀ ਬੰਦੂਕਾਂ ਦਾ ਜੋਸ਼ ਠੰਢਾ ਪੈ ਗਿਆ। ਢਲਵਾਨ ਤੋਂ ਦੋ ਸਿਰਾਂ ਤੋਂ ਪਹਿਲਾਂ ਇੱਕ ਚਿੱਟੀ ਝੰਡੀ ਨਿਕਲੀ। ਹਰਨਾਮ ਸਿੰਘ ਨੇ ਘੋੜੇ ’ਤੇ ਉਂਗਲ ਢਿੱਲੀ ਕਰ ਦਿੱਤੀ। ਆਪਣੇ ਪੁੱਤਰ ਪ੍ਰਹਿਲਾਦ ਨੂੰ ਕਿਹਾ ਕਿ ਇਨ੍ਹਾਂ ਦੇ ਮਗਰ ਜੇ ਕੋਈ ਆਵੇ ਤਾਂ ਗੋਲੀ ਦਾਗ਼ ਦੇਵੇ। ਮੱਖਣ ਸਿੰਘ ਨੇ ਉੱਚੀ ਲਲਕਾਰ ਨੇ ਕਿਹਾ, ‘‘ਖੜ੍ਹੇ ਹੋ ਜਾਓ! ਕੀ ਹੈ?’’
ਦੋਵੇਂ ਜਣੇ ਖੜ੍ਹੇ ਹੋ ਗਏ ਤੇ ਆਖਣ ਲੱਗੇ, ‘‘ਅਸੀਂ, ਆਪਣੀਆਂ ਲਾਸ਼ਾਂ ਚੁੱਕਣੀਆਂ ਚਾਹੁੰਦੇ ਹਾਂ?’’
‘‘ਪਰ ਜੇ ਤੁਹਾਡੇ ਮਗਰ ਕੋਈ ਆਇਆ ਤਾਂ ਤੁਹਾਡੇ ਉੱਤੇ ਵੀ ਗੋਲੀ ਦਾਗ਼ ਦਿੱਤੀ ਜਾਵੇਗੀ,’’ ਮੱਖਣ ਸਿੰਘ ਨੇ ਬਿਗਲ ਵਰਗੀ ਆਵਾਜ਼ ਨਾਲ ਕਿਹਾ, ਜੋ ਪਿਛਲੀ ਪਹਾੜੀ ਨਾਲ ਟਕਰਾ ਕੇ ਦੁਸ਼ਮਣ ਨੂੰ ਰੂਹ ਤਕ ਨੂੰ ਕੰਬਾ ਗਈ।
‘‘ਨਹੀਂ ਕੋਈ ਨਹੀਂ ਆਵੇਗਾ,’’ ਅਸ਼ਰਫ਼ ਦੇ ਜ਼ਾਰੋ-ਜ਼ਾਰ ਰੋਂਦੇ ਪਿਓ ਨਾਲ ਆਏ ਓਪਰੇ ਆਦਮੀ ਨੇ ਕਿਹਾ।
ਹਰਨਾਮ ਸਿੰਘ ਦਾ ਪੰਘਰਿਆ ਹੋਇਆ ਦਿਲ ਲਹਿਜੇ ਤੋਂ ਜ਼ਾਹਰ ਹੋ ਰਿਹਾ ਸੀ ਜਦ ਉਸ ਨੇ ਆਪਣੇ ਬੁੱਢੇ ਮਿੱਤਰ ਨੂੰ ਆਖਿਆ, ‘‘ਖ਼ੁਦਾ ਦਾਦਾ, ਸੱਚ ਜਾਣੀਂ, ਮੈਨੂੰ ਇਸ ਮੌਤ ’ਤੇ ਬੜਾ ਅਫ਼ਸੋਸ ਹੈ।’’ ਮੋਰਚੇ ਦੇ ਪਿੱਛੋਂ ਆਈ ਆਵਾਜ਼ ਨੂੰ ਖ਼ੁਦਾ ਦਾਦ ਪਛਾਣ ਗਿਆ, ਪਰ ਉਹ ਚੁੱਪ ਰਿਹਾ। ਲਾਸ਼ਾਂ ਨੂੰ ਧੂਹ ਕੇ ਖੜਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਇਸ ਤੋਂ ਪਹਿਲਾਂ ਇਹੋ ਜਿਹੇ ਪੰਜ-ਸੱਤ ਹਮਲੇ ਹੋ ਚੁੱਕੇ ਸਨ, ਜਿਨ੍ਹਾਂ ਵਿੱਚ ਘੇਰਾ ਘੱਤਣ ਵਾਲਿਆਂ ਦਾ ਨੁਕਸਾਨ ਹੋਇਆ ਸੀ। ਪਿਛਲੀ ਰਾਤ ਮੁਗ਼ਲ ਖ਼ਾਲਸੇ ਦੇ ਦੁਆਲੇ ਦੇ ਪਿੰਡਾਂ ਦੀਆਂ ਢੋਕਾਂ ਵਿੱਚੋਂ ਸੁਆਣੀਆਂ ਦੇ ਵੈਣ ਵਾਯੂਮੰਡਲ ਵਿੱਚ ਇਉਂ ਗੂੰਜਦੇ ਰਹੇ ਸਨ, ਜਿਵੇਂ ਧੂਣੀਆਂ ਵਿੱਚੋਂ ਨਿਕਲੇ ਧੂੰਏਂ ਦੀਆਂ ਧਾਰਾਂ ਸੋਗ ਦੇ ਕਾਲੇ ਬੱਦਲ ਬਣ ਫੈਲ ਰਹੀਆਂ ਹੋਣ।
ਅੱਜ ਮੁਹਾਸਰੇ ਦਾ ਤੀਜਾ ਦਿਨ ਸੀ। ਬਾਰ੍ਹਾਂ ਬੋਰ ਦੀਆਂ ਬੰਦੂਕਾਂ, ਬਾਰ੍ਹਾਂ ਬੋਰ ਦੀਆਂ ਬੰਦੂਕਾਂ ਨਾਲ ਲੜ ਰਹੀਆਂ ਸਨ। ਸਿੰਘਾਂ ਕੋਲ ਦੋ ਬੰਦੂਕਾਂ ਤੇ ਇੱਕ ਰਿਵਾਲਵਰ ਸੀ। ਹਮਲਾਵਰਾਂ ਕੋਲ ਉਹੋ ਜਿਹੀਆਂ ਬਹੁਤ ਬੰਦੂਕਾਂ ਸਨ। ਉਨ੍ਹਾਂ ਕੋਲ ਕਾਰਤੂਸ ਵੀ ਬਹੁਤੇ ਸਨ। ਉਹ ਅਸਲੇ ਦੀ ਖੁੱਲ੍ਹੀ ਵਰਤੋਂ ਨਾਲ ਸਿੰਘਾਂ ਨੂੰ ਡਰਾ ਨਾ ਸਕੇ। ਕ੍ਰਿਪਾਨਧਾਰੀ ਸੱਤ ਬੁੱਢੇ ਸਮੇਤ ਗ੍ਰੰਥੀ ਸਿੰਘ ਦੇ, ਸਦਰ ਦਰਵਾਜ਼ੇ ਦੇ ਅੰਦਰ ਤਿਆਰ-ਬਰ-ਤਿਆਰ ਖੜ੍ਹੇ ਸਨ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸੇਵਾਦਾਰਾਂ ਕੋਲ ਬਰਛੇ ਸਨ। ਬੱਚਿਆਂ, ਇਸਤਰੀਆਂ ਦੀ ਸੇਵਾ ਲਈ ਦੋ ਅਤਿ ਬਜ਼ੁਰਗ ਆਦਮੀ ਲੱਗੇ ਹੋਏ ਸਨ। ਪਾਣੀ ਦਾ ਜ਼ਖੀਰਾ ਲਗਪਗ ਮੁੱਕ ਚੁੱਕਾ ਸੀ। ਖੂਹ, ਗਰਾਂ ਵਿੱਚ ਗੁਰਦੁਆਰੇ ਦੀ ਹੱਦੋਂ ਬਾਹਰ ਸੀ। ਖੂਹ ਭਾਵੇਂ ਦੁਸ਼ਮਣਾਂ ਦੀ ਮਾਰ ਦੀ ਆੜ ਵਿੱਚ ਸੀ, ਪਰ ਰਸਤਾ ਹਮਾਲਾਵਰਾਂ ਦੀ ਬੰਦੂਕ ਦੀ ਮਾਰ ਵਿੱਚ ਪੈਂਦਾ ਸੀ। ਸ਼ਾਇਦ ਏਡੀ ਦੂਰੋਂ ਆਦਮੀ ਮਰਦਾ ਤੇ ਨਾ, ਪਰ ਬੁਰੀ ਤਰ੍ਹਾਂ ਜ਼ਖ਼ਮੀ ਤਾਂ ਜ਼ਰੂਰ ਹੋ ਜਾਂਦਾ। ਇੱਕ ਸਿੰਘ ਆਪਣੀ ਜਾਨ ’ਤੇ ਖੇਡ ਕੇ ਪਾਣੀ ਲਿਆਉਣ ਲਈ ਤਿਆਰ ਹੋ ਰਿਹਾ ਸੀ, ਜਦ ਇੱਕ ਬੜੀ ਅਜੀਬ ਘਟਨਾ ਪੇਸ਼ ਆਈ।
ਦੁਸ਼ਮਣ ਦੇ ਦਲ ਵਿੱਚ ਨਾਅਰੇ ਇਸ ਜ਼ੋਰ ਨਾਲ ਲੱਗਣੇ ਸ਼ੁਰੂ ਹੋਏ ਕਿ ਜਿਸ ਤੋਂ ਪਤਾ ਲੱਗਦਾ ਸੀ ਕਿ ਇੱਕ ਵੱਡੀ ਸਾਰੀ ਕੁਮਕ ਪਹੁੰਚ ਗਈ ਹੋਵੇ। ਹਮਲਾਵਰ ਪੜੀ ਦੀਆਂ ਢਲਵਾਨਾਂ ਤੋਂ ਸਿਰ ਉੱਚਾ ਨਹੀਂ ਚੁੱਕਦੇ ਸਨ। ਹਾਂ ਕਿਤੇ ਕਿਤੇ ਬੰਦੂਕਾਂ ਦੀ ਮਾਰ ਤੋਂ ਦੂਰ ਜਮਘਟੇ ਦਿਸਦੇ ਸਨ। ਉਨ੍ਹਾਂ ਸਾਰਿਆਂ ਨੂੰ ਉਛਲ-ਉਛਲ ਕੇ ਨਾਅਰੇ ਲਾਉਂਦਿਆਂ ਜਦ ਮੱਖਣ ਸਿੰਘ ਨੇ ਦੇਖਿਆ ਤਾਂ ਪ੍ਰਹਿਲਾਦ ਸਿੰਘ ਦੀ ਬੰਦੂਕ ਉਸ ਨੇ ਆਪ ਸੰਭਾਲ ਲਈ। ਹਰਨਾਮ ਸਿੰਘ ਨੇ ਵੀ ਜ਼ਰਾ ਵਧੇਰੀ ਮਜ਼ਬੂਤੀ ਨਾਲ ਬੰਦੂਕ ਨੂੰ ਸੰਭਾਲਿਆ।
ਇਕਦਮ ਚੁੱਪ-ਚਾਂ ਹੋ ਗਈ। ਹਰਨਾਮ ਸਿੰਘ ਹੋਰਾਂ ਇਸ ਨੂੰ ਝੱਖੜ ਤੋਂ ਪਹਿਲੀ ਸ਼ਾਂਤੀ ਵਰਗੀ ਚੁੱਪ ਸਮਝਿਆ। ਉਨ੍ਹਾਂ ਸੋਚਿਆ ਹਮਲਾ ਹੁਣੇ ਨਹੀਂ ਹੋਵੇਗਾ, ਵਸਾਹ ਦੇ ਕੇ ਹੋਵੇਗਾ ਤੇ ਬਹੁਤੀ ਗਿਣਤੀ ਨਾਲ ਹੋਵੇਗਾ। ਵੱਟਿਆਂ ਦੀ ਸੇਵਾ ਲਈ ਚਾਰ ਹੋਰ ਸਿੰਘ ਥੱਲਿਓਂ ਸੱਦ ਲਏ ਗਏ। ਪਰ ਆਸ ਤੋਂ ਉਲਟ ਉਸ ਵੇਲੇ ਹੀ ਮਾਯਾ ਨਾਲ ਆਕੜੇ ਹੋਏ ਸ਼ਮਲੇ ਵਾਲੀ ਵਾਟਵੀਂ ਪੱਗ ਢਲਵਾਨ ਦੀ ਹੱਦ ਨੂੰ ਪਰਗਟ ਕਰਦੀ ਧਨਖਾਕਾਰ ਲੀਕ ਤੋਂ ਉੱਪਰ ਉੱਠੀ। ਦੋਵਾਂ ਦੇ ਘੋੜੇ ਨਪੀਂਦੇ ਮਸੀਂ ਰੁਕੇ ਜਦ ਇੱਕ ਉੱਚੀ ਭਾਰੀ ਆਵਾਜ਼ ਆਈ, ‘‘ਹਰਨਾਮ ਸਿੰਘਾ!’’
ਹਰਨਾਮ ਸਿੰਘ ਨੇ ਆਪਣੇ ਮਿੱਤਰ ਮਨਸਬਦਾਰ ਖ਼ਾਂ ਦੀ ਆਵਾਜ਼ ਪਛਾਣਦਿਆਂ ਹੋਇਆਂ ਵੀ ਕਿਹਾ, ‘‘ਕੌਣ ਹੈ? ਪਿੱਛੇ ਹਟ ਜਾਹ, ਵਰਨਾ ਮੈਂ ਗੋਲੀ ਮਾਰ ਦੇਵਾਂਗਾ।’’
ਹਰਨਾਮ ਸਿੰਘ ਦੀ ਆਵਾਜ਼ ਤੋਂ ਮਨਸਬਦਾਰ ਖ਼ਾਂ ਪਛਾਣ ਗਿਆ ਕਿ ਜੇ ਉਹ ਚਾਰ ਕਦਮ ਹੋਰ ਵੀ ਵਧ ਜਾਵੇ ਤਾਂ ਵੀ ਉਸ ’ਤੇ ਫਾਇਰ ਨਹੀਂ ਹੋਵੇਗਾ। ਪਰ ਉਸ ਨੇ ਆਪਣੀ ਚਿੱਟੀ ਪੱਗ ਲਾਹ ਕੇ ਆਪਣੀ ਦੁਨਾਲੀ ਵਲ੍ਹੇਟ ਕੇ ਸੁਲਹ ਦੀ ਚਿੱਟੀ ਝੰਡੀ ਵਾਂਗ ਹਿਲਾਈ। ਹਰਨਾਮ ਸਿੰਘ ਨੇ ਮੱਖਣ ਸਿੰਘ ਨੂੰ ਘੋੜਾ ਨਾ ਨੱਪਣ ਦਾ ਇਸ਼ਾਰਾ ਕੀਤਾ ਤੇ ਨਾਲ ਹੀ ਆਵਾਜ਼ ਦਿੱਤੀ, ‘‘ਮਨਸਬਦਾਰ, ਪਿੱਛੇ ਹਟ ਜਾਹ, ਨਹੀਂ ਤੇ ਮੈਂ ਗੋਲੀ ਮਾਰ ਦੇਵਾਂਗਾ।’’
‘‘ਮੈਂ ਜੰਗ ਲਈ ਨਹੀਂ, ਸੁਲਹ ਲਈ ਆਇਆਂ ਹਾਂ,’’ ਰਸਾਲਦਾਰ ਮਨਸਬਦਾਰ ਨੇ ਕਿਹਾ।
‘‘ਜਦ ਹਮਲਾਵਰਾਂ ਦੀ ਗਿਣਤੀ ਬਹੁਤੀ ਹੋਵੇ ਤੇ ਉਹ ਸੁਲਹ ਦੀ ਗੱਲ ਕਰਨ ਤਾਂ ਮੈਂ ਉਨ੍ਹਾਂ ’ਤੇ ਸ਼ੱਕ ਕਰਦਾ ਹਾਂ,’’ ਹਰਨਾਮ ਸਿੰਘ ਨੇ ਮੋਰਚੇ ਉਹਲਿਓਂ ਕਿਹਾ।
‘‘ਸ਼ੱਕ ਮੇਰੇ ’ਤੇ ਵੀ ਕਰਦਾ ਹੈਂ, ਹਰਨਾਮ ਸਿੰਘਾ?’’
‘‘ਮੈਂ ਹਰ ਮੁਸਲਮਾਨ ’ਤੇ ਸ਼ੱਕ ਕਰਦਾ ਹਾਂ।’’
ਮਨਸਬਦਾਰ ਦਾ ਹਿਰਦਾ ਜਿਵੇਂ ਜ਼ਖ਼ਮੀ ਹੋ ਗਿਆ। ਉਹ ਵਾਰ ਸਹਾਰ ਕੇ ਬੋਲਿਆ, ‘‘ਹਰਨਾਮ ਸਿੰਘ, ਕੀ ਤੂੰ ਮੈਨੂੰ ਕਿਸੇ ਤਰ੍ਹਾਂ ਮਿਲ ਸਕਦਾ ਹੈਂ?’’
ਲੋਹੇ ਨਾਲ ਬਣੇ ਹੋਏ ਚਿਹਰੇ ਵਾਲੇ ਸਿੱਖ ਦਾ ਦਿਲ ਮੋਮ ਹੋ ਗਿਆ, ਪਰ ਯੁੱਧ ਨੀਤੀ ਨੂੰ ਉਸ ਨਾ ਭੁਲਾਇਆ।
‘‘ਹਾਂ,’’ ਉਸ ਉੱਚੀ ਆਵਾਜ਼ ਨਾਲ ਕਿਹਾ। ‘‘ਤੂੰ ਮੈਨੂੰ ਮਿਲ ਸਕਦਾ ਹੈਂ, ਪਰ ਜੇ ਤੂੰ ਬੰਦੂਕ ਪਰ੍ਹੇ ਸੁੱਟ ਕੇ ਮੇਰੀ ਗੋਲੀ ਦਾ ਨਿਸ਼ਾਨਾ ਬਣਨ ਲਈ ਆਵੇਂ।’’
‘‘ਮੈਨੂੰ ਮਨਜ਼ੂਰ ਹੈ,’’ ਮਨਸਬਦਾਰ ਨੇ ਕਿਹਾ।
ਉਸ ਨੇ ਬੰਦੂਕ ਧਰਤੀ ’ਤੇ ਰੱਖ ਦਿੱਤੀ ਤੇ ਥੈਲਾ ਗਲ ਵਿੱਚ ਪਾਈ ਅਗਾਂਹ ਵਧਿਆ।
ਮੱਖਣ ਸਿੰਘ ਨੇ ਕਿਹਾ, ‘‘ਥੈਲਾ ਪਰ੍ਹੇ ਰੱਖ ਦੇ ਖ਼ਾਨ, ਨਹੀਂ ’ਤੇ…’’
‘‘ਹਰਨਾਮ ਸਿੰਘਾ, ਓਏ ਅੱਜ ਮੇਰੇ ’ਤੇ ਇੰਨਾ ਇਤਬਾਰ ਵੀ ਨਹੀਂ?’’
ਹਰਨਾਮ ਸਿੰਘ ਨੇ ਕਿਹਾ, ‘‘ਮਨਸਬਦਾਰ, ਤੇਰੀ ਜ਼ਿੰਦਗੀ, ਜਿੱਥੇ ਤੂੰ ਖੜੋਤਾ ਹੈਂ, ਮੇਰੇ ਹੱਥ ਵਿੱਚ ਹੈ। ਤੂੰ ਆਪਣੀ ਜਾਨ ਪਹਿਲੋਂ ਮੇਰੇ ਕੋਲ ਵੇਚ ਚੁੱਕਾ ਹੈਂ। ਥੈਲਾ ਗਲੇ ਵਿੱਚ ਰੱਖ, ਜਦੋਂ ਮੈਨੂੰ ਸ਼ੱਕ ਪਿਆ ਮੈਂ ਗੋਲੀ ਦਾਗ਼ ਦਿਆਂਗਾ।’’
‘‘ਠੀਕ ਹੈ!’’ ਮਨਸਬਦਾਰ ਨੇ ਕਿਹਾ।
ਹਰਨਾਮ ਸਿੰਘ ਨੇ ਆਪਣੀ ਬੰਦੂਕ ਪ੍ਰਹਿਲਾਦ ਸਿੰਘ ਨੂੰ ਫੜਾ ਦਿੱਤੀ। ਮੌਕੇ ਦੀ ਨਜ਼ਾਕਤ ਉੱਤੇ ਇਸ਼ਾਰਿਆਂ ਨਾਲ ਗੱਲਬਾਤ ਹੋਈ। ਮੱਖਣ ਸਿੰਘ ਨੇ ਛਾਤੀ ਠੋਕ ਕੇ ਜਿਵੇਂ ਜ਼ਿੰਮਾ ਲਿਆ ਕਿ ਘਾਤ ਲਾ ਕੇ ਦੁਸ਼ਮਣ ਆਇਆ ਤਾਂ ਉਸ ਨੂੰ ਅਸਫਲ ਬਣਾ ਦਿੱਤਾ ਜਾਵੇਗਾ।
ਹਰਨਾਮ ਸਿੰਘ ਨੇ ਰਿਵਾਲਵਰ ਭਰ ਲਿਆ। ਮਨਸਬਦਾਰ ਖ਼ਾਂ ਗਲੀ ਵੱਲ ਨੂੰ ਮੁੜਿਆ ਤੇ ਹਰਨਾਮ ਸਿੰਘ ਦੇ ਰਿਵਾਲਵਰ ਦੀ ਮਾਰ ਹੇਠ ਆ ਗਿਆ। ਹੌਲੀ ਹੌਲੀ ਉਹ ਵੱਡੇ ਬੂਹੇ ਕੋਲ ਆ ਗਿਆ। ਦਰਵਾਜ਼ਾ ਖੁੱਲ੍ਹਿਆ ਤੇ ਦੋ ਨੇਜ਼ੇ ਉਸ ਦੀ ਛਾਤੀ ਨਾਲ ਲੱਗ ਗਏ। ਮਨਸਬਦਾਰ ਖ਼ਾਂ ਖੜੋਤਾ ਰਿਹਾ। ਹਰਨਾਮ ਸਿੰਘ ਭਰਿਆ ਹੋਇਆ ਰਿਵਾਲਵਰ ਲੈ ਕੇ ਥੱਲੇ ਉਤਰਿਆ।
ਦੋਵੇਂ ਰੂ-ਬ-ਰੂ ਹੋਏ।
‘‘ਫ਼ਤਹਿ!’’ ਮਨਸਬਦਾਰ ਖ਼ਾਂ ਨੇ ਕਿਹਾ।
‘‘ਸਲਾਮ!’’ ਹਰਨਾਮ ਸਿੰਘ ਨੇ ਪਰਤਾਇਆ।
‘‘ਹਾਂ ਭਾਪਾ ਵਕਤ ਥੋੜ੍ਹਾ ਹੈ। ਰਾਤ ਮੂੰਹ ਆ ਰਹੀ ਹੈ। ਖ਼ਤਰਾ ਵਧ ਰਿਹਾ ਹੈ।’’
‘‘ਹੈਂ, ਦੱਸ ਕੀ ਗੱਲ ਹੈ?’’
‘‘ਮੈਂ ਤੇ ਖ਼ਬਰੇ ਤੂੰ ਵੀ, ਇੱਕ ਦੂਜੇ ਨੂੰ ਆਖ਼ਰੀ ਵਾਰ ਦੇਖ ਰਹੇ ਹਾਂ। ਹਵਾ ਵਿਗੜ ਗਈ ਹੈ। ਮੈਂ ਐਸ ਵੇਲੇ ਭਾਵੇਂ ਜਾਨ ’ਤੇ ਖੇਲ ਕੇ ਤੇਰੇ ਕੋਲ ਅੱਪੜਿਆ ਹਾਂ, ਪਰ ਮੇਰੀ ਜਾਨ ਦੇਣ ਨਾਲ ਤੁਸੀਂ ਨਹੀਂ ਬਚ ਸਕਦੇ। ਥੋੜ੍ਹੇ ਚਿਰ ਮਗਰੋਂ ਹੀ ਤੁਹਾਡੇ ਮੁਕਾਬਲੇ ’ਤੇ ਪੱਕੀਆਂ ਰਫ਼ਲਾਂ ਆ ਜਾਣਗੀਆਂ। ਮੇਰੀ ਕੋਈ ਸੁਣਦਾ ਹੀ ਨਹੀਂ। ਅੰਗਰੇਜ਼ ਅਫ਼ਸਰ ਤਾਂ ਮਾਨੋ ਮੁਸਲਮਾਨਾਂ ਤੋਂ ਵੀ ਕੱਟੜ ਮੁਸਲਿਮਲੀਗੀ ਹੋ ਚੁੱਕੇ ਹਨ। ਮੈਂ ਬਥੇਰੀ ਦੌੜ ਧੁਪ ਕਰ ਆਇਆਂ ਹਾਂ।’’
‘‘ਤੂੰ ਘਬਰਾਇਆ ਹੋਇਆ ਕਿਉਂ ਹੈ? ਤੂੰ ਤੇ ਫ਼ੌਜੀ ਹੈਂ!’’
‘‘ਲਹੂ ਸਫ਼ੈਦ ਹੋ ਗਏ ਹਨ, ਹਰਨਾਮ ਸਿੰਘਾ! ਮੈਂ ਕੀ ਦੱਸਾਂ?’’
‘‘ਤੂੰ ਆਇਆ ਕਿਵੇਂ ਹੈ? ਇਹ ਤੇ ਦੱਸ।’’
‘‘ਇਹ ਥੈਲਾ ਤੈਨੂੰ ਦੇਣ।’’
‘‘ਕੋਈ ਟੈਮ-ਬੰਬ ਹੈ?’’
‘‘ਤੂੰ ਮੇਰੇ ਨਾਲ ਬੇਇਨਸਾਫ਼ੀ ਕਰ ਰਿਹਾ ਹੈਂ, ਹਰਨਾਮ ਸਿੰਘਾ। ਪਰ ਤੇਰੀ ਮਰਜ਼ੀ। ਤੈਨੂੰ ਹੱਕ ਹਾਸਲ ਹੈ। ਤੁਹਾਡੇ ਨਾਲ ਜ਼ੁਲਮ ਹੋ ਰਿਹਾ ਹੈ। ਮੈਂ ਵੀ ਉਨ੍ਹਾਂ ਵਿੱਚੋਂ ਹੀ ਇੱਕ ਹਾਂ। ਮੈਂ ਭਰਾ-ਗਤੀ ਦਾ ਅੰਗ ਨਹੀਂ ਪਾਲ ਸਕਿਆ।’’
‘‘ਮਨਸਬਦਾਰ ਖ਼ਾਂ, ਤੂੰ ਮੇਰਾ ਦੋਸਤ ਹੈਂ, ਮੇਰੀ ਜਾਨ ਤੇਰੀ ਹੈ। ਲੈ ਰਿਵਾਲਵਰ! ਸ਼ੂਟ ਕਰ ਦੇ। ਪਰ ਮੇਰੇ ’ਤੇ ਭਾਰੀ ਜ਼ਿੰਮੇਵਾਰੀ ਹੈ। ਦੇਖ!’’ ਉਸ ਬੱਚਿਆਂ ਤੀਵੀਆਂ ਵੱਲ ਇਸ਼ਾਰਾ ਕੀਤਾ।
‘‘ਮੈਂ ਸਮਝਦਾ ਹਾਂ, ਮੈਂ ਜਾਣਦਾ ਸਾਂ ਤੂੰ ਮੇਰੇ ਨਾਲ ਉਹ ਗੱਲਾਂ ਕਦੇ ਨਹੀਂ ਸੀ ਕਰ ਸਕਦਾ ਜੋ ਤੂੰ ਕਰਦਾ ਰਿਹਾ ਹੈਂ। ਵਕਤ ਥੋੜ੍ਹਾ ਹੈ ਆ ਗਲੇ ਮਿਲੀਏ ਤੇ ਆਹ ਲੈ!’’
ਉਸ ਥੈਲਾ ਖੋਲ੍ਹਿਆ। ਹਰਨਾਮ ਸਿੰਘ ਨੇ ਪਿਸਤੌਲ ਨੀਵੀਂ ਕਰ ਲਈ। ਦੋ ਗੱਤੇ ਦੇ ਡੱਬੇ ਨਿਕਲੇ। ਵਿੱਚ ਐੱਲਜੀ, ਐੱਸਜੀ ਦੇ ਪੰਜਾਹ ਕਾਰਤੂਸ ਸਨ।
‘‘ਤੂੰ ਕੀ ਕਰ ਰਿਹਾ ਹੈਂ?’’ ਹਰਨਾਮ ਸਿੰਘ ਨੇ ਹੈਰਾਨ ਹੋ ਕੇ ਕਿਹਾ।
‘‘ਕੁਝ ਨਾ ਕਰ ਸਕਣ ਕਰਕੇ ਸ਼ਰਮਿੰਦਾ ਹਾਂ।’’
ਹਰਨਾਮ ਸਿੰਘ ਦਾ ਪਿਸਤੌਲ ਢਿੱਲਾ ਹੋ ਕੇ ਡਿੱਗ ਪਿਆ। ਬਰਛੇ ਪਿੱਛੇ ਹਟ ਗਏ।
ਹੁਣ ਦੋਵੇਂ ਇੱਕ ਦੂਜੇ ਦੀ ਗਲਵਕੜੀ ਵਿੱਚ ਸਨ।
‘‘ਤੂੰ ਤੇ ਨਿਰਾ ਸਿੱਖ ਹੈਂ।’’ ਹਰਨਾਮ ਸਿੰਘ ਨੇ ਭਰੀ ਆਵਾਜ਼ ਵਿੱਚ ਆਖਿਆ।
‘‘ਤੇ ਤੂੰ ਅਸਲੀ ਮੁਸਲਮਾਨ।’’
ਕਿਸੇ ਨੇ ਕਿਸੇ ’ਤੇ ਗੁੱਸਾ ਨਾ ਕੀਤਾ।
ਕਾਰਤੂਸ ਦੇ ਕੇ ਮਨਸਬਦਾਰ ਖ਼ਾਂ ਮੁੜ ਆਇਆ। ਦਰਵਾਜ਼ਾ ਬੰਦ ਹੋ ਗਿਆ।
ਪੰਦਰਾਂ ਮਿੰਟ ਮਗਰੋਂ ਫਿਰ ਦੋਵਾਂ ਪਾਸਿਆਂ ਦੀਆਂ ਬੰਦੂਕਾਂ ਦੀਆਂ ਆਵਾਜ਼ਾਂ ਖੱਡਾਂ ਵਿੱਚ ਗੂੰਜ ਕੇ ਦੂਣੀ ਦਾ ਪਹਾੜਾ ਪੜ੍ਹਨ ਲੱਗ ਪਈਆਂ।