Punjabi Kavita
  

Mulakati: Charan Singh Shaheed

ਮੁਲਾਕਾਤੀ: ਚਰਨ ਸਿੰਘ ਸ਼ਹੀਦ

ਸਹੁੰ ਸਾਨੂੰ ਆਪਣੇ ਸਾਲੇ ਦੀ, ਕਿਸੇ ਵਡੇ ਤੋਂ ਵਡੇ ਝੁੱਡੂ ਨੂੰ ਆਪਣੀ ਬੇਬੇ ਗੰਗੋ ਦਾ ਵੀ ਐਨਾ ਡਰ ਨਹੀਂ ਹੋਣਾ, ਜਿੰਨਾ ਸਾਨੂੰ ਮੁਲਾਕਾਤੀਆਂ ਦਾ ਡਰ ਰਹਿੰਦਾ ਹੈ। ਕਈ ਸਾਲ ਏਹਨਾਂ ਈ ਸੋਚਾਂ ਵਿਚ ਲੰਘ ਗਏ ਨੇ ਕਿ ਅਸੀਂ ਆਪਣੇ ਪ੍ਰੇਮੀ ਮੁਲਾਕਾਤੀਆਂ ਪਾਸੋਂ ਕਿਵੇਂ ਜਾਨ ਛੁਡਾਈਏ? ਪਰ ਆਪੇ ਫਾਥੜੇ ਨੂੰ ਕੌਣ ਛੁਡਾਵੇ?
ਸੱਚ ਹੈ ਬਾਬਾ! ਵਡੱਪਣ ਤੇ ਹਰ ਦਿਲ ਅਜ਼ੀਜ਼ੀ ਦੀ ਦੁੰਮ ਆਪਣੇ ਆਪ ਨੂੰ ਲਾ ਲੈਣੀ ਬੜੀ ਸੁਖਾਲੀ, ਪਰ ਲਾਹੁਣੀ ਡਾਢੀ ਮੁਸ਼ਕਲ:-
"ਜਾਂ ਕੁਆਰੀ ਤਾਂ ਚਾਊ ਵੀਵਾਹੀ ਤਾਂ ਮਾਮਲੇ॥ ਫਰੀਦਾ ਏਹੋ ਪਛਤਾਉ ਵਤ ਕੁਆਰੀ ਨਾ ਥੀਏ।"
ਗ਼ਜ਼ਬ ਦੀ ਗੱਲ ਤਾਂ ਇਹ ਹੈ ਕਿ ਸਾਡੇ ਆਸ਼ਕ ਮੁਲਾਕਾਤੀ ਵੇਲਾ ਕੁਵੇਲਾ, ਦਿਨ ਦਿਹਾਰ, ਮੀਂਹ ਕਣੀ, ਹਨੇਰੀ ਝੱਖੜ, ਭੁਚਾਲ ਤੂਫਾਨ ਤੇ ਸਰਦੀ ਗਰਮੀ ਬਿਲਕੁਲ ਨਹੀਂ ਦੇਖਦੇ। ਕਸਾਈ ਵਾਂਗੂੰ ਬੇਰਹਿਮੀ ਨਾਲ ਅਗੋਂ ਈ ਏਹ ਧਾਰ ਕੇ ਤੁਰੇ ਆਉਂਦੇ ਨੇ ਕਿ ਚਲੋ ਗੱਲਾਂ ਦੀ ਛੁਰੀ ਨਾਲ ਬਾਬੇ ਦਾ ਵਕਤ ਕਤਲ ਕਰੀਏ। ਹਿੰਦੁਸਤਾਨ ਨੂੰ ਸ੍ਵਰਾਜ ਮਿਲ ਲੈਣ ਦਿਓ, ਤਾਂ ਅਸੀਂ ਵੀ 'ਵਕਤ' ਦੇ 'ਕਤਲ' ਨੂੰ ਦਫਾ ੩੦੨ ਦਾ ਜੁਰਮ ਪਾਸ ਕਰ ਦਿਆਂਗੇ ਤੇ ਏਹੋ ਜੇਹ ਵੇਹਲੜ ਕਾਤਲਾਂ ਉਤੇ ਹਰ ਰੋਜ਼ ਕਤਲ ਦੇ ਮੁਕੱਦਮੇ ਚਲਵਾਯਾ ਕਰਾਂਗੇ। ਪਰ ਊਹੀ ਰਬਾ, ਫੇਰ ਸਾਨੂੰ ਰੋਜ਼ ਦੀ ਉਗਾਹੀਆਂ ਦੇਣ ਜਾਣਾ ਪਿਆ ਕਰੇਗਾ ਤੇ ਹੋਰ ਵਕਤ ਕਤਲ ਹੋਯਾ ਕਰੇਗਾ।

ਕਈ ਵਾਰੀ ਖ਼ਿਆਲ ਆਯਾ ਹੈ ਕਿ ਵਲੈਤ ਦੇ ਨੋਬਲ ਪ੍ਰਾਈਜ਼ ਵਾਲਿਆਂ ਨੂੰ ਹੀ ਚਿੱਠੀ ਲਿਖੀਏ ਕਿ ਹਰ ਸਾਲ ਹੋਰ ਫਜ਼ੂਲ ਗੱਲਾ ਲਈ ਜੂ ਸਵਾ ਸਵਾ ਲਖ ਰੂਪੈ ਦੇ ਇਨਾਮ ਦੇਂਦੇ ਹੋ ਤੇ ਹੈਜ਼ੇ, ਪਲੇਗ, ਦਿੱਕ, ਸਿਲ ਆਦਿ ਰੋਗਾਂ ਦੇ ਇਲਾਜ ਲੱਭਦੇ ਹੋ, ਇਕ ਵਾਰੀ 'ਮੁਲਾਕਾਤੀਆਂ' ਦੇ ਰੋਗ ਦੇ ਇਲਾਜ ਲਈ ਭੀ ਇਨਾਮ ਰਖ ਵੇਖੋ, ਸ਼ਾਇਦ ਕੋਈ ਚਰਕ ਯਾ ਧਨੰਤਰ ਹੀ ਏਹ ਇਨਾਮ ਲੈਣ ਲਈ ਫਿਰ ਅਵਤਾਰ ਧਾਰ ਲਵੇ! ਭਾਵੇਂ ਸਾਨੂੰ ਖ਼ਤਰਾ ਹੈ ਕਿ ਮੁਲਾਕਾਤੀ ਲੋਕ ਉਸਦਾ ਭੀ ਨਕ ਵਿਚ ਦਮ ਕਰ ਦੇਣਗੇ।
ਯਾਰੋ! ਹਸਣ ਵਾਲੀ ਗਲ ਨਹੀਂ ਸਗੋਂ ਰੋਵੇ! ਕਿਉਂਕਿ ਸਾਡੇ ਮੁਲਾਕਾਤੀ ਤੁਹਾਡਾ ਈ ਆਣ ਕਰ ਕਰ ਕੇ ਹਰਜ ਕਰਦੇ ਨੇ। ਜੇ ਓਹ ਆਕੇ ਸਾਡਾ ਵਕਤ ਕਤਲ ਨਾ ਕਰਨ ਤਾਂ ਆਪਾਂ ਤੁਹਾਡੇ ਲਈ ਹੋਰ ਵੀ ਚੰਗੀ ਚੰਗੀ ਕਲਮ ਘਸਾਈ ਕਰੀਏ। ਤੁਹਾਨੂੰ ਤਾਂ ਚਾਹੀਦਾ ਹੈ ਕਿ ਸਾਡੇ ਬੂਹੇ ਅਗੇ ਬਹਿਕੇ ਹਰ ਦਮ ਜ਼ੋਰ ਜ਼ੋਰ ਦੀ ਪਹਿਰੇ ਦਿਓ ਤੇ ਮੁਲਾਕਾਤੀਆਂ ਨੂੰ ਇਉਂ ਹਟਾ ਦਿਆ ਕਰੋ ਜਿਓਂ ਵਾਈਸਰਾਇ ਦੇ ਬੌਡੀਗਾਰਡ ਖ਼ਿਤਾਬਾਂ ਦੇ ਮੰਗਤਿਆਂ ਨੂੰ ਹਟਾ ਦੇਂਦੇ ਨੇ।
ਤੁਸੀਂ ਸੋਚਦੇ ਹੋਵੋਗੇ ਕਿ ਮੁਲਾਕਾਤੀ ਲੋਕ ਵੀ ਤਾਂ ਆਖਰ ਕਿਸੇ ਕੰਮ ਹੀ ਆਉਂਦੇ ਹੋਣਗੇ। ਕੋਈ ਨਾ, ਦੁਹਾਈ ਰਬ ਦੀ! ਜੇ ਕਿਸੇ ਕੰਮ ਆਉਂਦੇ ਹੋਣ ਤਾਂ ਮੈਂ ਹਥੀਂ ਛਾਵਾਂ ਕਰਾਂ। ਜੰਮ ਜੰਮਕੇ ਆਉਣ, ਕੰਮ ਦੀ ਗਲ ਕਰਨ ਤੇ ਥੈੰਂਕਸ ਕਰਕੇ ਠੰਡੇ ਠੰਡੇ ਟਰ ਜਾਣ। ਪਰ ਓਹ ਤਾਂ ਆਉਂਦੇ ਨੇ ਵਕਤ ਗੁਜ਼ਾਰਨ। ਅਜ ਕਲ ਮੰਦੇ ਮੰਦਵਾੜੇ ਦੇ ਦਿਨ ਨੇ, ਕੰਮ ਕੋਈ ਹੁੰਦਾ ਨਹੀਂ, ਸੋਚਦੇ ਨੇ ਚਲੋ ਬਾਬੇ ਨੂੰ ਹੀ ਮੁਸੀਬਤ ਚਲ ਪਾਈਏ।
ਤੜਕਸਾਰ ਜਿਸ ਵੇਲੇ ਲੋਕ ਪੂਜਾ ਪਾਠ ਨੂੰ ਲਗੇ ਹੁੰਦੇ ਨੇ ਤੇ ਅਸੀਂ ਕੰਮ ਦੀਆਂ ਸਕੀਮਾਂ ਸੋਚਣ ਗੁਸਲਖ਼ਾਨੇ ਗਏ ਹਨੇ ਆਂ, ਯਾ ਜਾਣ ਲਗਨੇ ਆਂ, ਤਾਂ ਉਸ ਵੇਲੇ ਤੋਂ ਇਹ ਬੀਬੇ ਰਾਣੇ ਸਿਰੀਆਂ ਕਢਣੀਆਂ ਸ਼ੁਰੂ ਕਰ ਦੇਂਦੇ ਨੇ। ਸਾਡਾ ਮਗਜ਼ ਜੋ ਖਪਣਾ ਹੋਯਾ ਸੋ ਖਪਣਾ ਹੀ ਹੋਯਾ, ਸਾਡੇ ਪਹਿਰੇਦਾਰ ਮੁਲਾਜ਼ਮਾਂ ਦਾ ਮਗਜ਼ ਭੀ ਏਹਨਾਂ ਮਿਤ੍ਰਾਂ ਪਿਆਰਿਆਂ ਦੀਆਂ ਵਾਜਾਂ ਚੱਟ ਕਰ ਜਾਂਦੀਆਂ ਹਨ। ਕੋਈ ਦੂਰੋਂ ਪਤਲੂਨ ਤੇ ਗੈਟਸ ਠੀਕ ਕਰਦਾ ਹੋਯਾ ਕਹਿੰਦਾ ਹੈ 'ਅਰੇ ਓ ਚੌਂਕੀਦਾਰ, ਬਾਬਾ ਜੀ ਕੋ ਹਮਾਰਾ ਇਤਲਾਹ ਕਰੋ।' ਕੋਈ ਡੰਡਾ ਹਥ ਵਿਚ ਫੜੀ ਆ ਜਾਂਦਾ ਹੈ ਤੇ ਨੌਕਰ ਨਾਲ ਗਲ ਕਰਨੀ ਹੱਤਕ ਸਮਝਕੇ ਸਿਧਾ ਸਾਨੂੰ ਈ ਵਾਜਾਂ ਦੇ ਡੰਡੇ ਮਾਰਨ ਲਗ ਜਾਂਦਾ ਹੈ। 'ਬਾਬਾ ਜੀ, ਬਾਬਾ ਜੀ, ਘਰ ਓ? ਤੇ ਸਭ ਤੋਂ ਜ਼ਾਲਮ ਵੀਰ ਓਹ ਹਨ ਜੋ ਨਾਂ ਨੌਕਰ ਨੂੰ ਪੁਛਦੇ ਹਨ ਤੇ ਨਾ ਵਾਜ ਦੇਦੇ ਹਨ, ਸਿਧੇ ਚੋਰਾਂ ਵਾਂਗੂ ਯਾ ਡਾਕੂਆਂ ਵਾਂਗੂੰ ਅੰਦਰ ਆ ਵੜਦੇ ਨੇ ਤੇ 'ਮਹਾਰਾਜ ਵਾਹਰ ਜੀ ਦੀ ਫਤੇ' ਦਾ ਗੋਲਾ ਐਸਾ ਚਾਣਚੱਕ ਮਾਰਦੇ ਨੇ ਕਿ ਸਾਡੇ ਹਥੋਂ ਕੰਬ ਕੇ ਕਲਮ ਡਿਗ ਪੈਂਦੀ ਹੈ! ਸਵੇਰ ਤੋਂ ਅਧੀ ਰਾਤ ਤਕ, ਸੋਮਵਾਰ ਤੋਂ ਐਤਵਾਰ ਤਕ, ਪਹਿਲੀ ਤ੍ਰੀਕ ਤੋਂ ੩੨ ਤ੍ਰੀਕ ਤਕ ਯਾ ਜਿੰਨੀਆਂ ਤ੍ਰੀਕਾਂ ਦਾ ਮਹੀਨਾ ਹੋਵੇ ਉਸ ਤ੍ਰੀਕ ਤਕ ਤੇ ਸ਼ੁਰੁ ਸਾਲ ਤੋਂ ਅਖੀਰ ਸਾਲ ਤਕ ਏਹੋ ਲਾਮ ਡੋਰੀਆਂ ਲਗੀਆਂ ਰਹਿੰਦੀਆਂ ਨੇ। ਜਦ ਦੇਖੋ 'ਸਤਿ ਸ੍ਰੀ ਅਕਾਲ' 'ਆਦਾਬ ਅਰਜ਼' 'ਤਸਲੀਮਾਤ' 'ਗੁਡ ਮੌਰਨਿੰਗ' 'ਬੰਦਗੀ' ਤੇ 'ਮਾਹਰਾਜ ਮਾਹਰਾਜ' ਦੀਆਂ ਦੁਖਦਾਈ ਸੂਲਾਂ ਦਿਲ ਉਤੇ ਚੁਭਣ ਲਈ ਤੁਰੀਆਂ ਆਉਂਦੀਆਂ ਦਿਸਦੀਆਂ ਨੇ।
ਤੇ ਫੇਰ ਸਾਡੇ ਪਿਆਰੇ ਮੁਲਾਕਾਤੀਆਂ ਦੀਆਂ ਗੱਲਾਂ ਕੀ ਹੁੰਦੀਆਂ ਨੇ ੯੯੯ ਫ਼ੀ ਸਦੀ ਓਹਨਾਂ ਦੇ ਆਪਣੇ ਕੰਮ ਤੇ ਆਪਣੀਆਂ ਗਰਜ਼ਾਂ। ਕਿਸੇ ਨੂੰ ਨੌਕਰੀ ਦੀ ਲੋੜ ਹੈ, ਕੋਈ ਲੇਖ ਲਿਖਾਉਣਾ ਚਾਹੁੰਦਾ ਹੈ, ਕੋਈ ਸਫ਼ਰਸ਼ ਚਾਹੁੰਦਾ ਹੈ, ਕੋਈ ਕਰਜ਼ਾ ਮੰਗਦਾ ਹੈ, ਕੋਈ ਦਾਨ ਵਜੋਂ ਸਾਡੀ ਜੇਬ ਵਿੱਚੋਂ ਕੁਛ ਮੁੱਛਦਾ ਹੈ, ਕੋਈ ਆਪਣੇ ਵੈਰੀ ਦਾ ਰੋਣਾ ਰੋਂਦਾ ਹੈ, ਕੋਈ ਕਿਸੇ ਦੀ ਨਿੰਦਾ ਕਰਦਾ ਹੈ...ਯਾਨੀ ਕਿ ਗੋਯਾ ਨਿਰੀ ਸਿਰ ਖਪਾਈ ਤੇ ਕੰਮਾਂ ਦਾ ਹਰਜ...ਅਸੀਂ ਉਡੀਕਦੇ ਹਾਂ ਕਿ ਕੋਈ ਸਾਡਾ ਭੀ ਦੱਖ ਦਰਦ ਵੰਡਣ ਵਾਲਾ ਆਵੇ ਯਾ ਸੱਚੇ ਪਿਆਰ ਨਾਲ 'ਮੁਲਾਕਾਤ' ਕਰਨ ਆਵੇ ਤਾਂ ਅਸੀਂ ਉਸ ਨੂੰ ਦੌੜ ਕੇ ਜੱਫੀ ਪਾ ਲਈਏ ਤੇ ਸੁਖ ਦੁਖ ਫੋਲੀਏ, ਦਸ ਸੁਣੀਏ ਵੀਹ ਕਹੀਏ, ਦੋਹਾਂ ਦੇ ਦਿਲ ਹੌਲੇ ਹੋ ਜਾਣ....ਪਰ ਹਾਇ! ਏਹੋ ਜਿਹਾ ਪੇਮੀ ਚਿੱਟੀ ਦਾੜ੍ਹੀ ਵਾਲਾ ਜਵਾਨ ਜਿਹਾ; ਕਈ ਕਦੀ ਹੀ ਆਉਂਦਾ ਹੈ, ਤੇ ਬਾਕੀਆਂ ਕੋਲੋਂ ਬਚਣ ਲਈ ਅਸੀਂ ਫੱਟੇ ਲਿਖ ਲਿਖ ਲਾਉਨੇ ਆਂ, ਹੱਬ ਜੋੜਨੇ ਆਂ, ਆਪ ਝੂਠ ਬੋਨਨੇ ਆਂ, ਨੌਕਰਾਂ ਕੋਲੋਂ ਝੂਠ ਬੁਲਵਾਉਨੇ ਆਂ; ਸੁੱਖੀ ਸਾਂਦੀ ਘਰ ਵਿੱਚ ਮੌਜੂਦ ਹੁੰਦਿਆਂ ਸੁੰਦਿਆਂ ਕਹਾ ਦੇਨੇ ਆਂ ਕਿ 'ਬਾਬਾ ਜੀ ਸਹੁਰੇ ਗਏ ਹੋਏ ਨੇ!'...ਪਰ ਜੇਹੜਾ ਮੁਲਾਕਾਤੀ ਡੂਢ ਮੀਲ ਤੋਂ ਪੈਰੀਂ ਤੁਰਕੇ ਯਾ ਆਪਣੇ ਟਾਂਗੇ ਦੇ ਘੋੜੇ ਨੂੰ ਥਕਾ ਕੇ ਯਾ ਮੋਟਰ ਦਾ ਪੈਟਰੋਲ ਫੂਕ ਕੇ ਆਯਾ ਹੋਵੇ, ਓਹ ਭਲਾ ਐਵੇਂ ਕਦ ਟੋਲ ਕਰਦਾ ਹੈ? ਓਹ ਖ਼ਬਰੇ ਕਿੱਦਾਂ ਸਾਡੀ ਖ਼ੁਸ਼ਬੋ ਸੁੰਘ ਲੈਂਦਾ ਹੈ ਤੇ ਨੌਕਰ ਨਾਲ ਲੜ ਪੈਂਦਾ ਹੈ...ਤੇ ਅਨੇਕਾਂ ਵਾਰੀ ਓਥੇ ਆ ਧਮਕਦਾ ਹੈ, ਜਿੱਥੇ ਅਸੀਂ ਲੁਕੇ ਹੋਏ ਬੈਠ ਕੇ ਕਲਮ ਵਾਹ ਰਹੇ ਹੁੰਨੇ ਆਂ...ਓਸ ਵੇਲੇ ਸਾਡਾ ਮਿਲਾਪ ਦੇਖਣ ਦੇ ਲੈਕ ਹੁੰਦਾ ਏ- ਅਸੀਂ ਵੀ ਸ਼ਰਮਿੰਦਗੀ ਦੇ ਤਾਣ ਹੱਸਨੇ ਆਂ, ਤੇ ਓਹ ਵੀ ਬਿਨਾਂ ਵਾਂਗ ਹਿਣ ਹਿਣ ਕਰਦਾ ਹੈ..ਸਿੱਖ ਨਿੱਤ ਅਰਦਾਸ ਕਰਦੇ ਨੇ ਕਿ 'ਜਿੰਨ੍ਹਾਂ ਦੇਖਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਸਦਕਾ ਬੋਲੋ ਜੀ ਵਾਹਿਗੁਰੂ!' ਪਰ ਉਹ ਸੱਜਣ ਸਗੋਂ ਸਾਨੂੰ ਦੇਖਕੇ-ਠਿੱਠ ਕਰਦਾ ਏ...ਸਾਰਿਆਂ ਤੋਂ ਵੱਧ ਜ਼ੁਲਮ ਦੀ ਗੱਲ ਏਹ ਵੇ ਕਿ ਸਾਨੂੰ ਆਪਣੇ ਦਿਲ ਦਾ ਭਾਵ ਛੁਪਾ ਕੇ ਏਹੋ ਜੇਹੇ ਸਾਰੇ ਮੁਲਾਕਾਤੀਆਂ ਨਾਲ 'ਇਖ਼ਲਾਕ' ਦੀ ਖ਼ਾਤਰ ਇਓਂ ਹੱਸਣਾ, ਮੁਸਕਾਉਣਾ ਤੇ ਹੇਂ ਹੇਂ ਕਰਨਾ ਪੈਂਦਾ ਹੈ ਜਿਓਂ ਅਸੀਂ ਓਹਨਾਂ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹਾਂ...ਕੀ ਫ਼ੈਦਾ ਹੈ ਏਹੋ ਜੇਹੇ ਮਜਬੂਰੀ ਇਖ਼ਲਾਕ ਦਾ? ਅੰਦਰੋਂ ਪੈਣ ਕੁੜੱਲਾਂ, ਬਾਹਰੋਂ ਬੰਸੀ ਵਾਲੇ ਨਾਲ ਗੱਲਾਂ... ਬਾਬਾ ਅੰਗਰੇਜ਼ਾਂ ਨੂੰ ਰੂਸੀ ਹਮਲੇ ਦਾ ਐਨਾ ਸਹਿਮ ਨਹੀਂ ਜਿੰਨਾਂ ਸਾਨੂੰ ਮੁਲਾਕਾਤੀਆਂ ਦੇ ਹਮਲੇ ਦਾ ਭੈ ਰਹਿੰਦਾ ਹੈ ... ਕੰਮਾਂ ਕਾਰਾਂ, ਲੇਖਾਂ ਨਜ਼ਮਾਂ ਦੀ ਸਾਰੀ ਉਸਾਰੀ ਉਸਰਾਈ ਖਿਆਲੀ ਇਮਾਰਤ ਇਕੋ ਬੇਵਕਤ ਮੁਲਾਕਾਤੀ ਦੀ ਇਤਲਾਹ ਦੇ ਗੋਲੇ ਨਾਲ ਢੈਹ ਢੇਰੀ ਹੋ ਜਾਂਦੀ ਹੈ...ਮੁਲਾਕਾਤੀ ਲੋਕ ਖ਼ਬਰੇ ਸਾਨੂੰ ਕਿਓਂ ਬਿਲਕੁਲ ਵੇਹਲਾ ਸਮਝਦੇ ਨੇ? ਕਿ ਜਿਸ ਵੇਲੇ ਆਪਣੇ ਆਪ ਨੂੰ ਫੁਰਸਤ ਹੋਈ, ਆਣ ਸਿਰ ਤੇ ਸਵਾਰ ਹੋਏ...ਅਸੀਂ ਕੋਈ ਵਾਈਸਰਾਏ ਨਹੀਂ, ਬਾਦਸ਼ਾਹ ਨਹੀਂ ਤੇ ਨਾ ਹੀ ਪਟਵਾਰੀ ਆਂ..ਨਾ ਹੀ ਕੋਈ ਅਮੀਰ ਯਾ ਹਾਕਮ ਆਂ... ਫੇਰ ਪਤਾ ਨਹੀਂ ਸਾਨੂੰ ਕਿਓਂ ਗੁੜ ਸਮਝ ਕੇ ਪ੍ਰੇਮੀ ਪਿਆਰੇ ਮੱਖੀਆਂ ਵਾਂਗ ਹਰ ਵੇਲੇ ਭਿਣ ਭਿਣ ਕਰਦੇ ਰਹਿੰਦੇ ਨੇ? ਪਾਠਕੋ, ਜੇ ਕੋਈ ਚਾਰ ਦਿਨ ਸਾਡੀ ਕਲਮ ਦੇ ਆਨੰਦ ਲੈਣੇ ਜੋ ਤਾਂ ਰਲ ਕੇ ਆਖੋ ਉੱਚੀ ਸਾਰੀ 'ਸੂਮ ਜਾਏ!' ਯਾਨੀ ਕਿ ਕੋਈ 'ਮੁਲਾਕਾਤੀ' ਬਿਨਾ ਵਕਤ ਮੁਕੱਰਰ ਕੀਤੇ ਕਿਸੇ ਦੇ ਘਰ ਜਾਕੇ ਉਸਦਾ ਵਕਤ ਨਾ ਗਵਾਏ......ਬੱਸ ਏਹੋ ਮੇਰੀ ਬਾਤ.....ਤੇ ਹਾਇ ਰਬਾ, ਔਹ ਆ ਗਿਆ ਜੇ ਕੋਈ ਕਰਨ ਮੁਲਾਕਾਤ....

ਪੰਜਾਬੀ ਕਹਾਣੀਆਂ (ਮੁੱਖ ਪੰਨਾ)