Naan Vich Ki Pia Ai ? (Punjabi Story) : Navtej Singh

ਨਾਂ ਵਿਚ ਕੀ ਪਿਆ ਏ? (ਕਹਾਣੀ) : ਨਵਤੇਜ ਸਿੰਘ

“ਮੈਂ ਰਾਤੀਂ ਕਵੀ ਦਰਬਾਰ ਵਿਚ ਹਿਸਾ ਨਹੀਂ ਲੈ ਸਕਾਂਗਾ,” ਸੁਰਿੰਦਰ ਨੇ ਫ਼ੈਸਲਾ ਕਰ ਲਿਆ।

ਆਮ ਤੌਰ ਉੱਤੇ ਸਾਹਿਤਕ ਕਾਨਫ਼ਰੰਸਾਂ ਸੁਰਿੰਦਰ ਨੂੰ ਬੜੀਆਂ ਸੁਖਾਂਦੀਆਂ ਹੁੰਦੀਆਂ ਸਨ। ਇਕ ਵਾਰ ਸੁਰਿੰਦਰ ਨੇ ਕਿਸੇ ਸਾਹਿਤਕ ਕਾਨਫ਼ਰੰਸ ਵਿਚ ਆਪਣੀ ਇਕ ਇਸਤ੍ਰੀ ਲੇਖਕਾ ਦੋਸਤ ਨੂੰ ਕਿਹਾ ਸੀ, “ਪੁਰਾਣੇ ਵਕਤਾਂ ਵਿਚ ਮੇਲਿਆਂ ਦੇ ਪੱਜ ਸਜਣ ਮਿਲਦੇ ਸਨ, ਤੇ ਹੁਣ ਕਾਨਫ਼ਰੰਸਾਂ ਦੇ ਪੱਜ!” —ਤੇ ਏਸ ਕਾਨਫ਼ਰੰਸ ਵਿਚ ਉਹ ਪਿਆਰੀ ਦੋਸਤ ਭਾਵੇਂ ਉਹਨੂੰ ਮਿਲੀ ਸੀ, ਫੇਰ ਵੀ ਸੁਰਿੰਦਰ ਦਾ ਜੀਅ ਬੁਝਿਆ-ਬੁਝਿਆ ਹੋਇਆ ਸੀ।

ਕਾਨਫ਼ਰੰਸ ਦਾ ਪੰਡਾਲ ਵੱਡੇ ਸਾਰੇ ਸੁਹਣੇ ਬਾਗ਼ ਦੇ ਇਕ ਹਿੱਸੇ ਵਿਚ ਲਾਇਆ ਗਿਆ ਸੀ। ਬਾਹਰਵਾਰ ਫੁੱਲ ਜੁਬਨਾਏ ਹੋਏ ਸਨ, ਪਰ ਅੰਦਰਵਾਰ ਅਜੀਬ ਰੁੱਖਾਪਣ ਸੁਰਿੰਦਰ ਨੂੰ ਰੜਕ ਰਿਹਾ ਸੀ।

ਹੋਰਨਾਂ ਕਾਨਫ਼ਰੰਸਾਂ ਵਾਂਗ ਏਥੇ ਵੀ ਸੁਰਿੰਦਰ ਕੋਲੋਂ ਸਾਂਭ ਕੇ ਰੱਖਣ ਲਈ ਦਸਖ਼ਤ ਮੰਗੇ ਜਾ ਰਹੇ ਸਨ। ਹੋਰਨਾਂ ਕਾਨਫ਼ਰੰਸਾਂ ਵਾਂਗ ਦਸਖ਼ਤਾਂ ਲਈ ਬਹੁਤੀ ਮੰਗ ਏਥੇ ਵੀ ਕੁੜੀਆਂ ਵਲੋਂ ਹੀ ਸੀ (ਉਹ ਸੋਚਦਾ ਹੁੰਦਾ ਸੀ: ਉਹਦੀ ਕਵਿਤਾ ਤਾਂ ਸਾਰੇ ਪੜ੍ਹਦੇ ਨੇ, ਪਰ ਕੁੜੀਆਂ ਹੀ ਕਿਉਂ ਆਮ ਤੌਰ ਉੱਤੇ ਆਪਣੀਆਂ ਸੁਹਣੀਆਂ ਕਾਪੀਆਂ ਵਿਚ ਉਹਦੇ ਦਸਖ਼ਤ ਸਾਂਭਣਾ ਚਾਂਹਦੀਆਂ ਸਨ?)। ‘ਇਕ ਸਤਰ, ਤੁਹਾਡੀ ਕੋਈ ਇਕ ਸਤਰ ਵੀ ਦਸਖ਼ਤ ਦੇ ਨਾਲ।’ ਪਰ ਅੱਜ ਉਹ ਅੱਗੇ ਵਾਂਗ ਸਤਰ ਦੀ ਮੰਗ ਪੂਰੀ ਨਹੀਂ ਸੀ ਕਰ ਰਿਹਾ, ਉਹ ਨਿਰੇ ਆਪਣੇ ਦਸਖ਼ਤ ਹੀ ਕਰ ਰਿਹਾ ਸੀ, ਤੇ ਕਾਪੀ ਮੋੜਦਿਆਂ ਉਹ ਇੰਜ ਸੱਖਣਾ ਸੱਖਣਾ ਤਕਦਾ ਸੀ ਕਿ ਦਸਖ਼ਤ ਮੰਗਦੇ ਪ੍ਰਸੰਸਕਾਂ ਨੂੰ ਅੱਗੋਂ ਕੁਝ ਕਹਿਣ ਦਾ ਹੀਆ ਹੀ ਨਹੀਂ ਸੀ ਪੈਂਦਾ।

ਇੰਜ ਕਿਉਂ ਉਹਨੂੰ ਲੱਗ ਰਿਹਾ ਸੀ? ਸੁਰਿੰਦਰ ਆਪਣੇ ਆਪ ਨਾਲ ਕਿਸ ਗੱਲੇ ਨਰਾਜ਼ ਸੀ। ...ਏਡੀ ਆਖ਼ਰ ਕੀ ਆ ਗਈ ਸੀ? ਅਜਿਹੇ ਪ੍ਰੋਫ਼ੈਸਰ ਸਮਾਲੋਚਕਾਂ ਨੂੰ ਕਵਿਤਾ ਦੀ ਕੀ ਸਾਰ ਹੁੰਦੀ ਏ? ਪਤਾ ਨਹੀਂ ਅਜਿਹਾਂ ਨੂੰ ਕਾਨਫ਼ਰੰਸ ਦੇ ਪ੍ਰਬੰਧਕ ਕਿਉਂ ਪੇਪਰ ਪੜ੍ਹਨ ਲਈ ਸੱਦ ਲੈਂਦੇ ਨੇ? ਇਨ੍ਹਾਂ ਪ੍ਰਬੰਧਕਾਂ ਵਿਚ ਸਾਹਿਤ-ਰਸ ਦੀ ਥਾਂ ਪ੍ਰਬੰਧ-ਰਸ ਹੀ ਪ੍ਰਬੰਧ-ਰਸ ਹੁੰਦਾ ਏ।...

“ਕੋਈ ਇਕ ਸਤਰ ਵੀ ਦਸਖ਼ਤ ਦੇ ਨਾਲ!”

ਪਹਿਲੋਂ ਉਹ ਇਸ ਕਾਪੀ ਦੇ ਗੁਲਾਬੀ ਜਿਹੇ ਪਤਰੇ ਉੱਤੇ ਨਿਰੇ ਦਸਖ਼ਤ ਹੀ ਕਰਨ ਲੱਗਾ ਸੀ, ਫੇਰ ਉਹਨੇ ਹਲਕਾ ਸਾਵਾ ਜਿਹਾ ਪੱਤਰਾ ਕੱਢਿਆ, ਦਸਖ਼ਤ ਮੰਗਣ ਵਾਲੀ ਕੁੜੀ ਦੀ ਕਮੀਜ਼ ਵਰਗਾ ਹਲਕਾ ਸਾਵਾ, ਤੇ ਐਤਕੀ ਉਹਨੇ ਇਕ ਸਤਰ ਵੀ ਲਿਖ ਦਿਤੀ:

“ਕਵਿਤਾ ਨੂੰ ਪ੍ਰਬੰਧ-ਰਸ ਤੋਂ ਬਚਾਓ!”

ਤੇ ਪ੍ਰੋਫ਼ੈਸਰ ਸਾਹਿਬ ਨੇ ਜਿਵੇਂ ਅਜੋਕੀ ਕਵਿਤਾ ਬਾਰੇ ਨਹੀਂ, ਸਗੋਂ ਸੁਰਿੰਦਰ ਦੀਆਂ ਕਵਿਤਾਵਾਂ ਦੇ ਖ਼ਿਲਾਫ਼ ਪੇਪਰ ਲਿਖ ਕੇ ਏਥੇ ਪੜ੍ਹ ਦਿੱਤਾ ਸੀ। ਤੇ ਸੁਰਿੰਦਰ ਨੂੰ ਬੜਾ ਦੁਖ ਲੱਗਾ ਸੀ ਕਿ ਜਿਹੜੇ ਸੰਪਾਦਕ ਉਸ ਕੋਲੋਂ ਕਵਿਤਾਵਾਂ ਮੰਗਦੇ ਨਹੀਂ ਸਨ ਥੱਕਦੇ ਹੁੰਦੇ, ਉਹ ਵੀ ਵਿਚ ਵਿਚ ਏਸ ਪ੍ਰੋਫ਼ੈਸਰ ਨੂੰ ਦਾਦ ਦੇ ਰਹੇ ਸਨ। ਪ੍ਰੋਫ਼ੈਸਰ ਦੇ ਉਹਦੀ ਕਵਿਤਾ ਬਾਰੇ ਕੀਤੇ ਕਿਸੇ ਮਖ਼ੌਲ ਉੱਤੇ ਕਈ ਵਾਰੀ ਉਹ ਸਾਰੇ ਹੱਸ ਵੀ ਪੈਂਦੇ ਸਨ।

...ਤੇ ਏਸ ਪੇਪਰ ਪਿੱਛੋਂ ਕਾਨਫ਼ਰੰਸ ਵਿਚ ਉਹਦਾ ਜੀਅ ਨਹੀਂ ਸੀ ਲੱਗ ਰਿਹਾ।

ਇਹ ਬਾਗ਼, ਉਹ ਪਿਆਰੀ ਲੇਖਕਾ ਦੋਸਤ, ਦਸਖ਼ਤ ਮੰਗਦੀਆਂ ਪ੍ਰਸੰਸਕ ਅੱਖੀਆਂ ਦੇ ਝੁਰਮਟ (ਤੇ ਸੁਰਿੰਦਰ ਜਾਣਦਾ ਸੀ ਕਿ ਉਹਦੇ ਹਮਉਮਰ ਕਿਸੇ ਵੀ ਕਵੀ ਨਾਲੋਂ ਕਿਤੇ ਵੱਧ ਦਸਖ਼ਤ ਉਹਦੇ ਕੋਲੋਂ ਮੰਗੇ ਜਾ ਰਹੇ ਸਨ, ਪ੍ਰੋਫ਼ੈਸਰ ਸਾਹਿਬ ਦੇ ਪੜ੍ਹੇ ਉਸ ਪੇਪਰ ਦੇ ਪਿੱਛੋਂ ਵੀ!) —ਪਰ ਅੱਜ ਜ਼ਿੰਦਗੀ ਵਿਚ ਪਹਿਲੀ ਵਾਰ ਸੀ ਕਿ ਉਹਨੂੰ … ਦਸਖ਼ਤਾਂ ਦੇ ਨਾਲ ਨਵੀਆਂ-ਨਵੀਆਂ ਪਿਆਰੀਆਂ ਸਤਰਾਂ ਲਿਖ ਕੇ ਉਹਨੂੰ ਬੜੀ ਖ਼ੁਸ਼ੀ ਹੁੰਦੀ ਹੁੰਦੀ ਸੀ। ਟੈਗੋਰ ਦਾ ਇਕ ਸੰਗ੍ਰਹਿ ਸੀ ਜਿਸ ਵਿਚ ਲੋਕਾਂ ਨੂੰ ਦਸਖ਼ਤਾਂ ਨਾਲ ਲਿਖ ਕੇ ਦਿੱਤੀਆਂ ਉਹਦੀਆਂ ਸਤਰਾਂ ਚੁਣ ਕੇ ਛਾਪੀਆਂ ਗਈਆਂ ਸਨ। ਤੇ ਸੁਰਿੰਦਰ ਸੋਚਦਾ ਹੁੰਦਾ ਸੀ: ਇਕ ਦਿਨ, ਇਕ ਦਿਨ ਮੇਰਾ ਵੀ ਅਜਿਹਾ ਸੰਗ੍ਰਹਿ...

ਤੇ ਅੱਜ ਸੀ ਕਿ ਉਹਨੂੰ ਇਕ ਵੀ ਸੁਹਣੀ ਸਤਰ ਨਹੀਂ ਸੀ ਅਹੁੜਦੀ ਪਈ। ਤੇ ਇਕੋ ਇਕ ਸਤਰ ਅੱਜ ਉਹਨੇ ਲਿਖ ਕੇ ਦਿੱਤੀ ਸੀ ਕਿ:

“ਕਵਿਤਾ ਨੂੰ ਪ੍ਰਬੰਧ-ਰਸ ਤੋਂ ਬਚਾਓ।”

ਇਹ ਸਤਰ ਨਹੀਂ ਸੀ, ਇਹ ਤੇ ਜਿਵੇਂ ਉਹ ਆਪ ਹਾੜੇ ਕੱਢ ਰਿਹਾ ਸੀ: ਮੈਨੂੰ ਏਸ ਪ੍ਰੋਫ਼ੈਸਰ ਤੋਂ ਬਚਾਓ, ਇਹ ਸਮਾਲੋਚਕ ਜਿਨ੍ਹੇਂ ਆਪਣੇ ਪੇਪਰ ਵਿਚ ਲਿਖਿਆ ਹੈ ‘ਸੁਰਿੰਦਰ ਦੀ ਕਵਿਤਾ ਦਾ ਵਾਸਤਵਿਕ ਮੁਲਾਂਕਨ ਕਰਨ ਉਪਰੰਤ ਸਿੱਧ ਹੋ ਜਾਂਦਾ ਹੈ ਕਿ ਉਹ ਏਸ ਸਤੱਰ ਦੀ ਨਹੀਂ ਕਿ ਇਹਦੇ ਲੇਖਕ ਦੇ ਨਾਂ ਦਾ ਸਾਡੇ ਸ੍ਰੇਸ਼ਟ ਕਾਵਿ ਸਾਹਿਤ ਦੀ ਸਮੀਖਿਆ ਵਿਚ ਵਰਣਨ ਕੀਤਾ ਜਾ ਸਕੇ, ਪਰ ਕੁਝ ਕਾਰਣਾਂ ਕਰਕੇ ਏਸ ਕਵੀ ਦੀ ਪ੍ਰਸਿੱਧੀ...’

…ਇਕ ਗੱਲੇ ਤਾਂ ਚੰਗਾ ਸੀ, ਇਹ ਪੇਪਰ ਅਜਿਹੀ ਬੋਲੀ ਵਿਚ ਲਿਖਿਆ ਹੋਇਆ ਸੀ, ਬਹੁਤਿਆਂ ਨੂੰ ਤਾਂ ਸਮਝ ਨਹੀਂ ਆਇਆ ਹੋਣਾ। ਪਰ ਪੇਪਰ ਮੁੱਕਣ ਪਿੱਛੋਂ ਕਈ ਉਹਦੇ ਲੇਖਕ ਤੇ ਕਵੀ ਜਾਣੂਆਂ ਦੇ ਮੂੰਹ ਉੱਤੇ ਕਿਹੋ ਜਿਹੀ ਮੁਸਕਰਾਹਟ ਸੀ! ਕਈ ਕਿੰਨੇ ਖੇਖਣਾਂ ਨਾਲ ਉਹਦੇ ਨਾਲ ਹਮਦਰਦੀ ਜ਼ਾਹਿਰ ਕਰਨ ਆਏ ਸਨ, ਜਿਵੇਂ ‘ਬੁਲਾਣ’ ਆਏ ਹੋਣ! ਹੁਣ ਤਕ ਸੌਕਣਾਂ ਦਾ ਸਾੜਾ ਤੇ ਇੱਟ ਕੁੱਤੇ ਦਾ ਵੈਰ ਹੀ ਮਸ਼ਹੂਰ ਰਿਹਾ ਹੈ; ਜਿਉਂ-ਜਿਉਂ ਸਾਹਿਤਕਾਰਾਂ ਤੋਂ ਬਹੁਤੇ ਲੋਕ ਜਾਣੂ ਹੁੰਦੇ ਜਾਣਗੇ, ਲੇਖਕ, ਲੇਖਕ ਦਾ ਸਾੜਾ ਤੇ ਸਮਾਲੋਚਕ ਤੇ ਲੇਖਕ ਦਾ ਵੈਰ ਵੀ ਮੁਹਾਵਰਾ ਬਣ ਜਾਏਗਾ।

...ਮੇਰਾ ਨਾਂ ਵਰਣਨਯੋਗ ਨਹੀਂ! ਮੈਨੂੰ ਵੱਡੇ ਤੋਂ ਵੱਡੇ ਇਨਾਮ ਮਿਲੇ, ਮੇਰੀਆਂ ਕਿਰਤਾਂ ਦੇ ਅਨੁਵਾਦ ਅਨੇਕਾਂ ਦੇਸੀ ਬੋਲੀਆਂ ਵਿਚ ਹੋਏ, ਤੇ ਸਭ ਤੋਂ ਵੱਧ—ਮੇਰੀ ਬੋਲੀ ਦੇ ਅਣਗਿਣਤ ਪਾਠਕਾਂ ਨੇ ਆਪਣੀ ਪ੍ਰਸੰਸਾ ਦੇ ਨਿਰਮਾਣ ਫੁੱਲ ਮੈਨੂੰ ਭੇਟ ਕੀਤੇ ਤੇ ਇਹ ਪ੍ਰੋਫ਼ੈਸਰ, ਇਹ ਪ੍ਰਬੰਧ-ਰਸੀਏ!

…ਪਰ ਨਾਂ ਵਿਚ ਕੀ ਪਿਆ ਏ! ‘ਗ਼ੁਲਾਬ ਦਾ ਭਾਵੇਂ ਹੋਰ ਕੋਈ ਨਾਂ ਹੁੰਦਾ ਤਾਂ ਵੀ ਉਹਦੀ ਖ਼ੁਸ਼ਬੋ ਅਜਿਹੀ ਹੀ ਰਹਿਣੀ ਸੀ।’

…ਸ਼ੈਕਸਪੀਅਰ ਦੀ ਏਸ ਸਤਰ ਦੇ ਨਾਲ ਹੀ ਸੁਰਿੰਦਰ ਨੂੰ ਹੈਮਿੰਗਵੇ ਦੇ ਇਕ ਨਾਵਲ ਦੇ ਪਾਤ੍ਰ ਦੀ ਗੰਢੇ ਤੇ ਗੁਲਾਬ ਬਾਰੇ ਕਹੀ ਗੱਲ ਚੇਤੇ ਆ ਗਈ: ‘ਬੋ ਦਾ ਈ ਫ਼ਰਕ ਏ। ਨੱਕ ਬੰਦ ਕਰ ਲਓ ਤਾਂ ਗੰਢਾ, ਗੁਲਾਬ ਵਰਗਾ ਹੀ ਲੱਗਦਾ ਏ।’

...ਤੇ ਓਸ ਪ੍ਰੋਫ਼ੈਸਰ ਦਾ ਨੱਕ—ਹਾਇ ਨੱਕ। (ਉਰਦੂ ਦੇ ਇਕ ਤਨਜ਼ਨਿਗਾਰ ਨੇ ਨੱਕਾਂ ਦੀ ਗੱਲ ਕਰਦਿਆਂ ਇਕ ਵਾਰ ਕਿਹਾ ਸੀ, “ਨਾਕ ਕਈ ਕਿਸਮ ਕੇ ਹੋਤੇ ਹੈਂ— ਨਮਨਾਕ, ਗ਼ਮਨਾਕ, ਹੈਬਤਨਾਕ, ਪਰ ਕਭੀ-ਕਭੀ ਐਸਾ ਭੀ ਨਾਕ ਹੋਤਾ ਹੈ ਕਿ ਬੰਦਾ ਪੁਕਾਰ ਉਠਤਾ ਹੈ, ‘ਹਾਏ ਨਾਕ’...”)।

ਸੁਰਿੰਦਰ ਨੇ ਨੱਕ ਸਾਫ਼ ਕਰਨ ਲਈ ਆਪਣੇ ਬੋਝੇ ਵਿਚੋਂ ਰੁਮਾਲ ਕੱਢਿਆ, ਨਾਲ ਹੀ ਇਕ ਕਾਰਡ ਨਿਕਲ ਆਇਆ—ਨਵੇਂ ਵਰ੍ਹੇ ਦੀਆਂ ਸ਼ੁਭ-ਇਛਾਵਾਂ ਦਾ ਇਕ ਸੁਹਣਾ ਜਿਹਾ ਕਾਰਡ। ਪ੍ਰੋਫ਼ੈਸਰ ਉਹਦੀ ਸੋਚ ਉੱਤੇ ਏਨਾ ਕਿਉਂ ਸਵਾਰ ਹੋਈ ਜਾ ਰਿਹਾ ਸੀ? ਉਹਨੇ ਆਪਣਾ ਧਿਆਨ ਉਧਰੋਂ ਹਟਾ ਕੇ ਏਸ ਕਾਰਡ ਵੱਲ ਲਾਣਾ ਚਾਹਿਆ। ਨਵੇਂ ਵਰ੍ਹੇ ਦੇ ਕਾਰਡ ਹਰ ਵਰ੍ਹੇ ਵਾਂਗ ਐਤਕੀ ਵੀ ਉਹਨੂੰ ਅਨੇਕਾਂ ਆਏ ਸਨ—ਪ੍ਰਦੇਸੀ ਮਿੱਤਰਾਂ ਵਲੋਂ, ਉਸ ਪਿਆਰੀ ਲੇਖਕਾ ਦੋਸਤ ਵਲੋਂ, ਜਾਣੇ ਤੇ ਅਣਜਾਣੇ ਅਣਗਿਣਤ ਪਾਠਕਾਂ ਵਲੋਂ; ਪਰ ਹੋਰ ਸਾਰੇ ਕਾਰਡ ਉਸ ਨੂੰ ਵਿਸਰਦੇ ਗਏ ਸਨ, ਕੋਈ ਪਹਿਲਾਂ, ਕੋਈ ਕੁਝ ਚਿਰ ਪਿਛੋਂ, ਤੇ ਕੋਈ ਜਦੋਂ ਉਹਦੀ ਪਹੁੰਚ ਲਈ ਧੰਨਵਾਦ ਉਹਨੇ ਲਿਖ ਦਿੱਤਾ; ਪਰ ਇਸ ਕਾਰਡ ਦੀ ਪਹੁੰਚ ਉਹ ਨਹੀਂ ਸੀ ਲਿਖ ਸਕਦਾ, ਇਹਦੇ ਉੱਤੇ ਕੋਈ ਪਤਾ ਨਹੀਂ ਸੀ, ਸਿਰਫ਼ ਇਹ ਹੀ ਲਿਖਿਆ ਹੋਇਆ ਸੀ:

“ਤੁਹਾਡੀ ਕਵਿਤਾ ਤੇ ਤੁਹਾਡੇ ਲਈ ਮੇਰੇ
ਦਿਲ ਦੀਆਂ ਸਾਰੀਆਂ ਸ਼ੁਭ-ਇਛਾਵਾਂ!
ਇਕ ਸ਼ੁਭਚਿੰਤਕ”।

ਤੇ ਇਹ ਕਾਰਡ ਹੁਣੇ ਚੁਣੇ ਫੁੱਲਾਂ ਵਾਂਗ ਸੱਜਰਾ ਸੀ।

...ਤੇ ਏਸ ਸ਼ੁਭਚਿੰਤਕ ਨੇ ਆਪਣਾ ਨਾਂ ਵੀ ਨਹੀਂ ਸੀ ਲਿਖਿਆ। ਲਫ਼ਾਫ਼ੇ ਉੱਤੇ ਮੁਹਰ ਵਿਚੋਂ ਵੀ ਸਿਰਫ਼ ‘ਮਾਡਲ ਟਾਊਨ’ ਹੀ ਪੜ੍ਹਿਆ ਜਾਂਦਾ ਸੀ, ਤੇ ਕਿੰਨੇ ਹੀ ਸ਼ਹਿਰਾਂ ਵਿਚ ‘ਮਾਡਲ ਟਾਊਨ’ ਸਨ, ਏਥੇ ਜਿੱਥੇ ਇਹ ਕਾਨਫ਼ਰੰਸ ਹੋ ਰਹੀ ਸੀ—ਏਥੇ ਵੀ ਤਾਂ ‘ਮਾਡਲ ਟਾਊਨ’ ਸੀ। ਅਜਿਹੇ ਸ਼ੁਭਚਿੰਤਕ ਆਪਣਾ ਨਾਂ ਨਹੀਂ ਸਨ ਲਿਖਦੇ, ਪਰ ਅਗਲੇ ਮਹੀਨੇ ਕਿਸੇ ਮਾਸਕ-ਪਤ੍ਰ ਵਿਚ ਉਨ੍ਹਾਂ ‘ਸ਼ੁਭਚਿੰਤਕ’ ਪ੍ਰੋਫ਼ੈਸਰ ਸਾਹਿਬ ਦਾ ਲੇਖ ਛਪ ਜਾਏਗਾ। ਉੱਤੇ ਮੋਟੇ ਟਾਈਪ ਵਿਚ ਪ੍ਰੋਫ਼ੈਸਰ ਸਾਹਿਬ ਦਾ ਨਾਂ ਹੋਵੇਗਾ—ਉਹ ਜਿਹੜੇ ਉਹਦਾ ਨਾਂ ਕਾਵਿ-ਸਾਹਿਤ ਵਿਚ ਨਹੀਂ ਸਨ ਲਿਖਣਾ ਚਾਹੁੰਦੇ…

ਸੁਰਿੰਦਰ ਆਪਣੇ ਆਪ ਨਾਲ ਏਸ ਗੱਲੇ ਨਰਾਜ਼ ਸੀ। ਇਕ ਵਾਰ ਉਹਨੇ ਲਿਖਿਆ ਸੀ, ‘ਮੈਂ ਉਸ ਜੁਗ ਵਿਚ ਜਿਉਂ ਰਿਹਾ ਹਾਂ, ਜਿਦ੍ਹੇ ਵਿਚ ਕਵਿਤਾ ਉੱਤੇ ਇਸਤ੍ਰੀ ਹੀ ਸਵਾਰ ਨਹੀਂ ਰਹਿੰਦੀ।’ ਪਰ ਅੱਜ ਇਹ ਪ੍ਰੋਫ਼ੈਸਰ ਉਹਦੀ ਸੋਚ ਉੱਤੇ ਇੰਜ ਕਿਉਂ ਸਵਾਰ ਹੋ ਗਿਆ ਸੀ?

ਤੇ ਸੁਰਿੰਦਰ ਏਸ ਫ਼ੈਸਲੇ ਉੱਤੇ ਪੁੱਜਿਆ, ਉਹ ਰਾਤੀਂ ਕਵੀ ਦਰਬਾਰ ਵਿਚ ਹਿੱਸਾ ਨਹੀਂ ਲੈ ਸਕੇਗਾ। ਏਸ ਰੌਂ ਵਿਚ ਉਹ ਕਵਿਤਾ ਕਿਵੇਂ ਬੋਲ ਸਕੇਗਾ? ਉਹ ਅੱਜ ਸ਼ਾਮ ਦੀ ਗੱਡੀ ਹੀ ਆਪਣੇ ਘਰ ਪਰਤ ਜਾਏਗਾ।

ਫੁੱਲਾਂ-ਜੁਬਨਾਏ ਬਾਗ਼ ਨੇ ਜਿਵੇਂ ਉਹਨੂੰ ਸੈਨਤ ਕੀਤੀ। ਮੇਲਿਆਂ ਦੀ ਥਾਂ ਕਾਨਫ਼ਰੰਸ ਦੇ ਪੱਜ ਜਿਸ ਲੇਖਕਾ ਦੋਸਤ ਨੂੰ ਉਹ ਮਿਲਦਾ ਹੁੰਦਾ ਸੀ, ਉਹਦੇ ਨਾਲ ਚੰਨ-ਚਾਨਣੀ ਵਿਚ ਬਾਗ਼ ਦੀ ਸੈਰ ਨੇ ਜਿਵੇਂ ਉਹਨੂੰ ਵਰਜਿਆ, ਪਰ ਸੁਰਿੰਦਰ ਉੱਠ ਪਿਆ, ਉਹ ਏਥੋਂ ਝਟਪਟ ਕਿਤੇ ਦੂਰ ਨੱਸ ਜਾਣਾ ਚਾਹੁੰਦਾ ਸੀ।

ਉਹ ਪੰਡਾਲ ਵਿਚੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਇਕ ਜਵਾਨ ਕੁੜੀ ਵਾਲੰਟੀਅਰ ਨੇ ਉਹਨੂੰ ਬੜੇ ਆਦਰ ਨਾਲ ਇਕ ਕਾਰਡ ਦਿੱਤਾ, “ਕਵੀ ਦਰਬਾਰ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਕਵੀਆਂ ਦੀ ਕਲਾਕਾਰ ਸਭਾ ਵਲੋਂ ਚਾਹ ਏ। ਜੇ ਤੁਹਾਨੂੰ ਥਾਂ ਨਾ ਪਤਾ ਹੋਵੇ, ਤਾਂ ਮੈਂ ਤੁਹਾਨੂੰ ਉੱਥੇ ਛੱਡ ਆਵਾਂਗੀ।”

ਸੁਰਿੰਦਰ ਨੇ ਬੇਧਿਆਨੀ ਨਾਲ ਕਾਰਡ ਤੱਕਿਆ, “ਪਰ ਮੈਂ ਤੇ ਕਵੀ ਦਰਬਾਰ ਵਿਚ ਹਿੱਸਾ ਨਹੀਂ ਲੈ ਸਕਣਾ, ਤੇ ਨਾ ਹੀ ਏਸ ਚਾਹ ਵਿਚ।”

ਕੁੜੀ ਵਾਲੰਟੀਅਰ ਇਕ ਦਮ ਬੋਲ ਪਈ, “ਤੁਹਾਡੇ ਬਿਨਾਂ ਕਵੀ ਦਰਬਾਰ..!”

ਤੇ ਉਹ ਸ਼ਰਮਾ ਗਈ।

ਸੁਰਿੰਦਰ ਨੇ ਉਹਦੀਆਂ ਨਿੰਵੀਆਂ ਅੱਖਾਂ ਵੱਲ ਤੱਕਿਆ। ‘ਪ੍ਰੋਫ਼ੈਸਰ ਸਾਹਿਬ ਨੂੰ ਪੁੱਛੋ’—ਇਹ ਫ਼ਿਕਰਾ ਉਹਨੇ ਆਪਣੇ ਬੁੱਲ੍ਹਾਂ ਵਿਚ ਹੀ ਟੁਕ ਕੇ ਕਿਹਾ, “ਹੋਰ ਤੇ ਸ਼ੈਦ ਕਿਸੇ ਨੂੰ ਨਹੀਂ, ਪਰ ਜਾਪਦਾ ਏ ਉਹਨੂੰ ਮੇਰੇ ਨਾ ਬੋਲਣ ਨਾਲ ਕੁਝ ਨਿਰਾਸਤਾ ਹੋਏਗੀ। ਏਸ ਲਈ ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ। ਪਰ ਮੈਨੂੰ ਘਰ ਕੋਈ ਬੜਾ ਜ਼ਰੂਰੀ ਕੰਮ ਏ, ਜਿਸ ਕਰਕੇ ਅੱਜ ਸ਼ਾਮ ਦੀ ਗੱਡੀ ’ਚ ਹੀ ਮੈਂ ਜਾ ਰਿਹਾ ਹਾਂ।”

“ਪਰ ਚਾਹ ਪੀਣ ਲਈ ਤਾਂ ਹਾਲੀ ਕਾਫ਼ੀ ਵੇਲਾ ਏ। ਨਾਲੇ ਚਾਹ ਤਾਂ ਤੁਸੀਂ ਬੜੇ ਸ਼ੌਂਕ ਨਾਲ ਪੀਂਦੇ ਓ। ਤੁਸੀਂ ਹੀ ਇਕ ਥਾਂ ਲਿਖਿਆ ਏ ਨਾ, ‘ਕਈ ਵਾਰ ਸਵੇਰ ਦੀ ਮੈਂ ਏਸ ਲਈ ਵੀ ਉਡੀਕ ਕਰਦਾ ਸਾਂ ਕਿ ਸਵੇਰ ਹੋਣ ਉੱਤੇ ਮੈਨੂੰ ਚਾਹ ਮਿਲੇਗੀ।”

ਇਸ ਫ਼ਿਕਰੇ ਤੋਂ ਸੁਰਿੰਦਰ ਨੂੰ ਅਚਨਚੇਤ ਲੱਗਾ ਕਿ ਉਹ ਇਕ ਦੂਜੇ ਤੋਂ ਏਨੇ ਅਣਜਾਣ ਨਹੀਂ ਸਨ।

“ਚਾਹ ਦਾ ਤਾਂ ਵੇਲਾ ਏ,” ਕੁੜੀ ਨੇ ਸੜਕ ਉੱਤੇ ਪੁੱਜ ਕੇ ਫੇਰ ਇਕ ਵਾਰ ਕਿਹਾ। “ਸੱਚੀਂ ਦੱਸਾਂ—ਮੈਂ ਲੇਖਕਾਂ, ਕਵੀਆਂ ਦੀ ਸੰਗਤ ਤੋਂ ਇਹਨਾਂ ਤਿੰਨਾਂ ਦਿਨਾਂ ਵਿਚ ਬਹੁਤ ਉਕਤਾ ਗਿਆਂ। ਏਸੇ ਲਈ ਤੁਹਾਡੀ ਕਲਾਕਾਰ ਸਭਾ ਦੀ ਚਾਹ ਉੱਤੇ ਮੈਂ ਜਾਣਾ ਨਹੀਂ ਚਾਂਹਦਾ। ਆਓ ਏਥੇ ਈ ਕਿਸੇ ਰੈਸਟੋਰਾਂ ਵਿਚ ਚਾਹ…”

“ਰੈਸਟੋਰਾਂ—ਮੇਰਾ ਘਰ ਵੀ ਨੇੜੇ ਵੇ, ਮਾਡਲ ਟਾਊਨ ਵਿਚ, ਜੇ ਤੁਸੀਂ ਓਥੇ…”

ਰਿਕਸ਼ਾ ਵਿਚ ਬੈਠਿਆਂ ਉਸ ਕੁੜੀ ਨੇ ਸੁਰਿੰਦਰ ਨੂੰ ਦੱਸਿਆ, “ਮੇਰਾ ਘਰ ਮਾਡਲ ਟਾਊਨ ਮੇਰੇ ਪਾਪਾ ਜੀ ਦੀ ਕੋਠੀ ਏ। ਉਹ ਫ਼ੌਜ ਵਿਚ ਨੇ।

“ਮੈਂ ਏਥੇ ਕੱਲੀ ਰਹਿੰਦੀ ਹਾਂ, ਇਕ ਕਮਰੇ ਵਿਚ। ਬਾਕੀ ਕਮਰਿਆਂ ਵਿਚ ਕਰਾਏਦਾਰ ਟੱਬਰ ਵਸਦੇ ਨੇ।

“ਕੋਠੀ ਦਾ ਬਾਗ਼ ਈ ਸਮੁੱਚਾ ਮੇਰਾ ਏ। ਵਿਹਲੇ ਵੇਲੇ ਮੈਂ ਉਸ ਵਿਚ ਕੰਮ ਕਰਦੀ ਰਹਿੰਦੀ ਆਂ, ਫੁੱਲ ਲਾਂਦੀ, ਕਲਮਾਂ ਲਾਂਦੀ, ਗੋਡਦੀ, ਟਹਿਣੀਆਂ ਕੱਟਦੀ, ਪਾਣੀ ਦੇਂਦੀ, ਖਾਦ ਪਾਂਦੀ।

“ਏਥੇ ਐਮ. ਏ. ਪੰਜਾਬੀ ਵਿਚ ਪੜ੍ਹਦੀ ਆਂ।”

ਫਾਟਕੋਂ ਅੰਦਰ ਵੜਦਿਆਂ ਹੀ ਸੁਰਿੰਦਰ ਨੇ ਕਿਹਾ, “ਬੜਾ ਹੀ ਸੁਹਣਾ ਬਾਗ਼ ਏ ਤੁਹਾਡਾ; ਤੇ ਇਹ ਗੁਲਾਬ ਤਾਂ ਬੜੇ ਹੀ ਪਿਆਰੇ ਨੇ।”

“ਗੁਲਾਬ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਨੇ।”

ਤੇ ਉਹ ਕੁੜੀ ਸੁਰਿੰਦਰ ਨੂੰ ਆਪਣੇ ਕਮਰੇ ਵਿਚ ਲੈ ਗਈ। ਨਿੱਕਾ ਜਿਹਾ ਪਰ ਗੁਲਾਬ ਦੇ ਫੁੱਲਾਂ ਨਾਲ ਜਿਉਂਦਾ ਕਮਰਾ। ਹਰ ਪਾਸਿਓਂ ਗੁਲਾਬ ਝਾਕਦੇ। ਬੜੇ ਮੌਲਿਕ ਮਟਕਿਆਂ ਵਿਚ, ਵਲੈਤੀ ਸ਼ਰਾਬ ਦੀਆਂ ਬੋਤਲਾਂ ਵਿਚ, ਤੇ ਬੈਂਤ ਦੀ ਬੁਣਤੀ ਵਿਚ—ਚਿੱਟੇ ਤੇ ਪੀਲੇ ਗੁਲਾਬ, ਗੁਲਾਬੀ ਤੇ ਸੂਹੇ ਘੁੱਟ ਗੁਲਾਬ, ਕਿਤੇ ਕੰਵਲ ਵਰਗੀਆਂ ਵੱਡੀਆਂ ਵੱਡੀਆਂ ਪੱਤੀਆਂ ਵਾਲੇ ਤੇ ਕਿਤੇ ਚੰਬੇਲੀ ਵਰਗੇ ਨਿੱਕੇ ਨਿੱਕੇ।

“ਗੁਲਾਬ ਤੁਹਾਡੀ ਸਭ ਤੋਂ ਵੱਡੀ ਤਾਕਤ ਨੇ।”

ਤੇ ਉਸ ਕੁੜੀ ਦੀਆਂ ਗੱਲ੍ਹਾਂ ਵੀ ਜਿਵੇਂ ਏਸ ਬਿੰਦ ਸੂਹੇ ਗੁਲਾਬਾਂ ਲਈ ਦੋ ਗੁਲਦਾਨ ਬਣ ਗਈਆਂ।

ਰਤਾ ਠਹਿਰ ਕੇ ਓਸ ਕੁੜੀ ਨੇ ਕਿਹਾ, “ਮੈਂ ਤੁਹਾਡੇ ਲਈ ਚਾਹ ਬਣਾਂਦੀ ਆਂ।”

ਉਹਨੇ ਬਿਜਲੀ ਦੀ ਕੇਤਲੀ ਵਿਚ ਪਾਣੀ ਪਾ ਕੇ ਪਲੱਗ ਲਾ ਦਿੱਤਾ।

“ਚਾਹ ਦੇ ਨਾਲ ਕੀ ਚਾਹੋਗੇ?”

“ਚਾਹ ਤੇ ਹੋਰ...ਬਸ, ਇਹ ਗੁਲਾਬ ਤੇ ਤੁਹਾਡੇ ਵਰਗਾ ਸ਼ੁਭ-ਚਿੰਤਕ ਕੋਈ।...” ਪਤਾ ਨਹੀਂ ਉਹਦੀ ਜ਼ਬਾਨ ਉੱਤੇ ਇਹ ਲਫ਼ਜ਼ ਕਿਉਂ ਆ ਗਿਆ ਸੀ।

ਲਿਸ਼ਕਦੀ ਕੇਤਲੀ ਵਿਚੋਂ ਉਸ ਕੁੜੀ ਦੇ ਖਿੜ ਪਏ ਚਿਹਰੇ ਦੀ ਝਲਕ ਉਹਨੂੰ ਪਈ। “ਚਾਹ ਤੇ ਹੋਰ...! ਇਹ ਸਭ ਕੁਝ, ਤੇ ਸਵਰਗ ਵੀ।”

ਕਿੰਨੀ ਦੂਰ ਸੀ ਕਾਨਫ਼ਰੰਸ ਏਥੋਂ, ਕਿੰਨੀ ਦੂਰ ਸਨ ਉਹ ਪ੍ਰੋਫ਼ੈਸਰ ਸਾਹਿਬ।

ਪਰ ਫੇਰ ਵੀ ਉਹ ਕੁੜੀ ਉਹਦੇ ਖਾਣ ਵਾਸਤੇ ਕੁਝ ਲਿਆਣ ਲਈ ਬਾਹਰ ਚਲੀ ਗਈ।

ਸੁਰਿੰਦਰ ਨੂੰ ਮੇਜ਼ ਦੀ ਇਕ ਨੁਕਰੇ ਪਈਆਂ ਕਿਤਾਬਾਂ ਵਿਚ ਆਪਣਾ ਨਵਾਂ ਕਵਿਤਾ-ਸੰਗ੍ਰਹਿ ਲੱਭਿਆ। ਕਿਤਾਬ ਦੇ ਅੰਦਰਲੇ ਸਫ਼ੇ ਉੱਤੇ ਮਾਲਕ ਦਾ ਨਾਂ ਨਹੀਂ ਸੀ ਲਿਖਿਆ ਹੋਇਆ। ਉਹਨੂੰ ਚੇਤੇ ਆਇਆ, ਉਹ ਆਪਣੇ ਘਰ ਹਰ ਕਿਤਾਬ ਉੱਤੇ ਆਪਣਾ ਨਾਂ ਲਿਖ ਛੱਡਦਾ ਹੁੰਦਾ ਸੀ,—ਜਿਸ ਬੋਲੀ ਦੀ ਕਿਤਾਬ ਓਸੇ ਬੋਲੀ ਵਿਚ ਆਪਣਾ ਨਾਂ ਲਿਖਦਿਆਂ ਉਹਨੂੰ ਅਨੋਖਾ ਸੁਆਦ ਮਹਿਸੂਸ ਹੁੰਦਾ ਸੀ। ਕਈ ਬੋਲੀਆਂ ਦੀ ਲਿਪੀ ਵਿਚ ਉਹਨੂੰ ਸਿਰਫ਼ ਆਪਣਾ ਨਾਂ ਹੀ ਲਿਖਣਾ ਆਉਂਦਾ ਸੀ।

ਹਾਂ, ਏਸ ਕਿਤਾਬ ਵਿਚ ਕਿਤੇ ਕਿਤੇ ਛਪੀਆਂ ਕਵਿਤਾਵਾਂ ਦੇ ਹਾਸ਼ੀਏ ਉੱਤੇ ਪ੍ਰਸੰਸਾ ਦੇ ਲਫ਼ਜ਼ ਹੱਥ ਨਾਲ ਲਿਖੇ ਹੋਏ ਸਨ, ਤੇ ਸੁਰਿੰਦਰ ਨੂੰ ਜਾਪਿਆ ਏਸ ਲਿਖਾਈ ਨਾਲ ਇੰਨ ਬਿੰਨ ਰਲਦੀ ਲਿਖਾਈ ਜਿਵੇਂ ਪਹਿਲਾਂ ਕਿਤੇ ਉਹਨੇ ਤੱਕੀ ਹੋਈ ਸੀ।

ਪਾਣੀ ਕੇਤਲੀ ਵਿਚ ਖੌਲਣ ਲੱਗ ਪਿਆ ਸੀ। ਸੁਰਿੰਦਰ ਨੇ ਕਿਤਾਬ ਛੱਡ ਕੇ ਪਲੱਗ ਲਾਹ ਦਿਤਾ।

ਕੁੜੀ ਦੋ ਪਲੇਟਾਂ ਵਿਚ ਕੁਝ ਖਾਣ ਵਾਲੀਆਂ ਚੀਜ਼ਾਂ ਲੈ ਕੇ ਆ ਗਈ। ਸੁਰਿੰਦਰ ਦਾ ਇੰਜ ਪਲੱਗ ਲਾਹਣਾ ਉਸ ਕੁੜੀ ਨੂੰ ਬੜਾ ਚੰਗਾ ਲੱਗਾ।

ਚਾਹ ਬਣਾ ਕੇ ਜਦੋਂ ਉਸ ਕੁੜੀ ਨੇ ਤਿਪਾਈ ਉੱਤੇ ਰੱਖੀ, ਤਾਂ ਸੁਰਿੰਦਰ ਦੂਜੀ ਕੁਰਸੀ ਵਰਾਂਡੇ ਵਿਚੋਂ ਚੁੱਕ ਲਿਆਇਆ।

ਕੁੜੀ ਮੁਸਕਰਾਈ, “ਤੁਸੀਂ ਪਰਾਹੁਣੇ ਨਹੀਂ ਰਹੇ!”

“ਪਰਾਹੁਣੇ ਨਹੀਂ! ਜ਼ਿੰਦਗੀ ਦੇ ਅਨੰਤ ਰਾਹਾਂ ਉੱਤੇ ਸਫ਼ਰ ਕਰਦਿਆਂ ਇੱਕ ਦੇਸੀ ਸ਼ਹਿਰ ਵਿਚ ਸੁਰਿੰਦਰ ਨੇ ਇਹ ਲਫ਼ਜ਼ ਪਹਿਲਾਂ ਵੀ ਸੁਣੇ ਸਨ। ਉਸ ਪ੍ਰਦੇਸੀ ਸ਼ਹਿਰ ਵਿਚ ਇਕ ਮੁਟਿਆਰ ਉਹਨੂੰ ਮਿਲੀ ਸੀ, ਤੇ ਕੁਝ ਦਿਨਾਂ ਵਿਚ ਹੀ ਉਹ ਦੋਵੇਂ ਏਨੇ ਇਕ ਦੂਜੇ ਦੇ ਆਪਣ ਆਪਣੇ ਹੋ ਗਏ ਸਨ ਕਿ ਇਕ ਦਿਨ ਜਦੋਂ ਉਸ ਮੁਟਿਆਰ ਨੇ ਉਹਨੂੰ ਆਪਣੇ ਘਰ ਖਾਣੇ ਉੱਤੇ ਸੱਦਿਆ ਸੀ, ਤਾਂ ਉਹਨੇ ਕਿਹਾ ਸੀ, “ਅੱਜ ਮੈਂ ਤੇਰੇ ਨਾਲ ਮਿਲਣ ਦੇ ਕਈ ਚਾਹਵਾਨਾਂ ਨੂੰ ਵੀ ਖਾਣੇ ਉੱਤੇ ਬੁਲਾਇਆ ਏ। ਤੂੰ ਮੇਰੇ ਘਰ ਪਰਾਹੁਣਾ ਬਣ ਕੇ ਨਾ ਆਈਂ। ਅੱਜ ਤੂੰ ਇੰਜ ਹੋਈਂ ਮੇਰੇ ਘਰ, ਕਿ ਮੈਨੂੰ ਜਾਪੇ ਤੇਰੇ ਮੇਰੇ ਘਰ ਹੋਰ ਕਈ ਲੋਕੀਂ ਪਰਾਹੁਣੇ ਆਏ ਹੋਏ ਨੇ।”... ਉਹ ਕਿਵੇਂ ਏਸ ਮਿੱਠੇ ਚੇਤੇ ਨੂੰ ਜਗਾਣ ਲਈ ਏਸ ਕੁੜੀ ਦਾ ਧੰਨਵਾਦ ਕਰੇ!

“ਤੁਸੀਂ ਆਪਣੀ ਕੋਈ ਕਵਿਤਾ ਮੈਨੂੰ ਸੁਣਾਉ,” ਉਸ ਕੁੜੀ ਨੇ ਕਿਹਾ।

“ਬੜਾ ਦੁੱਖ ਏ ਮੈਨੂੰ ਕੋਈ ਕਵਿਤਾ ਯਾਦ ਨਹੀਂ ਰਹਿੰਦੀ। ਨਹੀਂ ਤੇ ਅਜਿਹੇ ਗੁਲਾਬ-ਕਰਤਾ ਨੂੰ ਮੈਂ ਆਪਣੀਆਂ ਕਵਿਤਾਵਾਂ ਸੁਣਾਂਦਾ ਕਦੇ ਨਾ ਥੱਕਾਂ!”

ਉਸ ਕੁੜੀ ਨੇ ਸੁਰਿੰਦਰ ਦਾ ਨਵਾਂ ਕਵਿਤਾ-ਸੰਗ੍ਰਹਿ ਚੁੱਕ ਕੇ ਉਹਨੂੰ ਦੇ ਦਿੱਤਾ।
“ਇਹਦੇ ਵਿਚ ਫੁੱਲਾਂ ਬਾਰੇ ਇਕ ਕਵਿਤਾ ਏ, ਮੈਂ ਤੁਹਾਨੂੰ ਉਹ ਸੁਣਾਂਦਾ ਹਾਂ।”

ਕਿਤਾਬ ਦੇ ਵਰਕੇ ਫੋਲਦਿਆਂ ਸੁਰਿੰਦਰ ਨੂੰ ਫੇਰ ਜਾਪਿਆ ਇਹਦੇ ਹਾਸ਼ੀਆਂ ਉੱਤੇ ਲਿਖੇ ਲਫ਼ਜ਼ਾਂ ਵਰਗੀ ਲਿਖਾਈ ਇੰਨ ਬਿੰਨ ਉਹਨੇ ਪਹਿਲਾਂ ਕਿਤੇ ਤੱਕੀ ਹੋਈ ਸੀ।

“ਇਹ ਕਿਤਾਬ ਤੁਹਾਡੀ ਏ?” ਸੁਰਿੰਦਰ ਨੇ ਪੁੱਛਿਆ।

“ਨਹੀਂ, ਇਹ ਤੁਹਾਡੀ ਏ!” ਤੇ ਕੁੜੀ ਖਿੜਖਿੜਾ ਕੇ ਹੱਸ ਪਈ।

“ਮੇਰਾ ਮਤਲਬ ਏ—ਇਸ ਦੇ ਹਾਸ਼ੀਆਂ ਉੱਤੇ...?”

ਕੁੜੀ ਨੇ ਸੁਰਿੰਦਰ ਦੇ ਹੱਥੋਂ ਕਿਤਾਬ ਖੋਹ ਲਈ, ਤੇ ਕੁੜੀ ਦੀਆਂ ਗੱਲ੍ਹਾਂ ਇੱਕ ਬਿੰਦ ਲਈ ਫੇਰ ਸੂਹੇ ਗੁਲਾਬਾਂ ਲਈ ਦੋ ਗੁਲਦਾਨ ਬਣ ਗਈਆਂ।

ਸੁਰਿੰਦਰ ਨੇ, ਆਪਣੀ ਜਾਚੇ ਕੁੜੀ ਦੀਆਂ ਨਜ਼ਰਾਂ ਤੋਂ ਬਚਾ ਕੇ, ਬੋਝੇ ਵਿਚੋਂ ਉਹ ਨਾਂ-ਵਾਰ੍ਹਾ ਨਵੇਂ ਵਰ੍ਹੇ ਦਾ ਕਾਰਡ ਕੱਢਿਆ। ਉਹਨੂੰ ਭਰਮ ਤਾਂ ਨਹੀਂ ਸੀ ਹੋ ਰਿਹਾ ਕਿਤੇ? ਪਰ ਏਸ ਕਿਤਾਬ ਵਿਚਲੇ ਹਾਸ਼ੀਆਂ ਉੱਤੇ ਜਿਨ੍ਹੇਂ ਲਿਖਿਆ ਸੀ, ਤੇ ਜਿਨ੍ਹੇਂ ਏਸ ਕਾਰਡ ਉੱਤੇ ਲਿਖਿਆ ਸੀ, ਉਹਨਾਂ ਦੋਵਾਂ ਹੱਥਾਂ ਦੀ ਲਿਖਾਈ ਏਨੀ ਕਿਉਂ ਮਿਲਦੀ ਜੁਲਦੀ ਸੀ? ਇਹ ਏਸ ਗੁਲਾਬੀ ਆਲੇ ਦੁਆਲੇ ਦਾ ਤਲਿਸਮ ਤਾਂ ਨਹੀਂ ਸੀ ਕਿਤੇ? ਇਹ ਦੋਵੇਂ ਲਿਖਾਈਆਂ ਇਕੋ ਹੱਥ ਦੀਆਂ ਜਾਪਦੀਆਂ ਸਨ। ਸੁਰਿੰਦਰ ਨੇ ਆਪਣੀ ਜਾਚੇ ਕੁੜੀ ਦੀਆਂ ਨਜ਼ਰਾਂ ਤੋਂ ਬਚਾ ਕੇ, ਕਾਰਡ ਬੋਝੇ ਵਿਚ ਪਾ ਲਿਆ ਤੇ ਕਿਹਾ, “ਤਾਂ ਤੁਸੀਂ ਮੇਰੀ ਕਵਿਤਾ ਸੁਣਨੀ ਨਹੀਂ ਚਾਂਹਦੇ!”

“ਨਹੀਂ, ਮੈਨੂੰ ਤਾਂ ਬੜੀ ਤਾਂਘ ਏ।”

“ਤਦੇ ਹੀ ਝਟ ਕਿਤਾਬ ਖੋਹ ਲਈ ਜੇ!”

“ਨਹੀਂ, ਉਹ ਤੇ ਹੋਰ ਗੱਲ ਸੀ। ਮੈਂ ਇਸ ਵਿਚ ਕਵਿਤਾਵਾਂ ਬਾਰੇ ਮਨ ਆਈਆਂ ਕਈ ਲਿਖ ਛੱਡੀਆਂ ਨੇ, ਤੇ ਇਹ ਸਭ ਤੁਹਾਨੂੰ ਤਕਾਂਦਿਆਂ ਸੰਗ ਲੱਗਦੀ ਏ।”

“ਫੇਰ ਮੈਂ ਪਰਾਹੁਣਾ ਹੀ ਰਿਹਾ ਨਾ!”

“ਨਹੀਂ, ਇੰਜ ਨਾ ਕਹੋ,” ਕਿਤਾਬ ਉੱਤੇ ਉਸ ਕੁੜੀ ਦੀ ਪਕੜ ਪਹਿਲਾਂ ਢਿੱਲੀ ਹੋਈ, ਫੇਰ ਘੁੱਟੀ ਗਈ, “ਮੈਨੂੰ ਤੁਹਾਡੀ ਕਵਿਤਾ ਬੜੀ ਚੰਗੀ ਲੱਗਦੀ ਏ!”

“ਕਿੰਨੀ?”

“ਇਹਨਾਂ ਗੁਲਾਬਾਂ ਜਿੰਨੀ! ਇਨ੍ਹਾਂ ਤੋਂ ਵੀ ਕਿਤੇ ਵੱਧ।” ਐਤਕੀਂ ਉਸ ਕੁੜੀ ਦੀਆਂ ਅੱਖਾਂ ਨੀਂਵੀਆਂ ਨਾ ਹੋਈਆਂ।

ਸੁਰਿੰਦਰ ਨੇ ਆਪਣਾ ਪੈੱਨ ਉਸ ਕੁੜੀ ਦੇ ਹੱਥ ਵਿਚ ਫੜਾਇਆ, “ਇੱਕ ਕਾਗ਼ਜ਼ ਉੱਤੇ ਆਪਣੇ ਦਸਖ਼ਤ ਮੈਨੂੰ ਕਰ ਦਿਓ, ਮੈਂ ਨਿਸ਼ਾਨੀ ਸਾਂਭ ਰੱਖਾਂਗਾ।”

“ਤੁਸੀਂ ਬੜੇ ਹੁਸ਼ਿਆਰ ਓ! ਨਿਸ਼ਾਨੀ ਦੇ ਪੱਜ ਕੋਈ ਸੂਹ ਕੱਢਣੀ ਚਾਹੁੰਦੇ ਓ!”

“ਤਾਂ ਕੀ ਇਹ ਸੱਚ ਏ!” ਉਹਨੇ ਉਹ ਨਾਂ-ਵਾਰ੍ਹਾ ਕਾਰਡ ਬੜੇ ਲਾਡ ਨਾਲ ਉਸ ਕੁੜੀ ਦੇ ਸਾਹਮਣੇ ਰੱਖਿਆ, “ਤੇ ਤੁਸੀਂ ਆਪਣਾ ਨਾਂ ਤੇ ਪਤਾ ਕਿਉਂ ਨਾ ਲਿਖਿਆ?”

“ਮੇਰੇ ਨਾਂ ਵਿਚ ਕੀ ਪਿਆ ਏ? ਨਵਾਂ ਵਰ੍ਹਾ ਚੜ੍ਹ ਰਿਹਾ ਸੀ। ਅਸਲੀ ਮੰਤਵ ਜਿਦ੍ਹੀ ਲਿਖਤ ਮੈਨੂੰ ਏਨੀ ਚੰਗੀ ਲੱਗਦੀ ਏ ਉਹਨੂੰ ਆਪਣੇ ਦਿਲ ਦਾ ਪਿਆਰ ਘੱਲਣਾ ਸੀ, ਸੋ ਉਹ ਪੁੱਜ ਗਿਆ।”

ਸੁਰਿੰਦਰ ਕਵੀ-ਦਰਬਾਰ ਵਿਚ ਹਿੱਸਾ ਲੈਣ ਲਈ ਠਹਿਰ ਹੀ ਗਿਆ। ਆਪਣੀ ਕਵਿਤਾ ਸੁਣਾਨ ਤੋਂ ਪਹਿਲਾਂ ਉਹਨੇ ਇਹ ਲਫ਼ਜ਼ ਬੋਲੇ:

“ਮੇਰੇ ਨਾਂ ਵਿਚ ਕੀ ਪਿਆ ਏ? ਅਸਲੀ ਮੰਤਵ ਤਾਂ ਏ: ਜਿਹੜੀ ਮਨੁੱਖਾ-ਜ਼ਿੰਦਗੀ ਮੈਨੂੰ ਏਨੀ ਚੰਗੀ ਲਗਦੀ ਏ, ਉਸ ਜ਼ਿੰਦਗੀ ਲਈ, ਉਸ ਕਿਸੇ ਦਿਨ ਬਣਨ ਵਾਲੇ ਸਵਰਗ ਲਈ, ਮੈਂ ਆਪਣਾ ਪਿਆਰ ਗੌਂ ਲਵਾਂ, ਤੇ ਇਹਨੂੰ ਸਵਰਗ ਬਣਾਨ ਲਈ ਉਹਨੂੰ ਹੁਲਾਰ ਲਵਾਂ ਤੇ ਅਜੇ ਇਸ ਜ਼ਿੰਦਗੀ ਉੱਤੇ ਜਿਨ੍ਹਾਂ ਦੈਂਤਾਂ ਦਾ ਰਾਜ ਹੈ, ਉਨ੍ਹਾਂ ਨੂੰ ਤੁਹਾਡੇ ਨਾਲ ਰਲ ਕੇ ਪਛਾੜ ਲਵਾਂ...

ਕਵੀ-ਦਰਬਾਰ ਮੁੱਕਣ ਪਿੱਛੋਂ ਉਹ ਕੁੜੀ ਸੁਰਿੰਦਰ ਕੋਲ ਆਈ, “ਤੁਸੀਂ ਬੜਾ ਚੰਗਾ ਕੀਤਾ, ਕਵੀ-ਦਰਬਾਰ ਲਈ ਰੁਕ ਹੀ ਗਏ।”

“ਸਗੋਂ ਤੁਸੀਂ ਬੜਾ ਚੰਗਾ ਕੀਤਾ,” ਉਹ ਕੁਝ ਹੋਰ ਕਹਿਣਾ ਚਾਂਹਦਾ ਸੀ, ਪਰ ਉਹਨੇ ਏਨਾ ਹੀ ਕਿਹਾ, “ਏਨੀ ਰਾਤ ਹੋ ਜਾਣ ’ਤੇ ਵੀ ਮਿਲਣ ਆ ਹੀ ਗਏ।”

“ਤੁਸੀਂ ਆਪਣਾ ਪੈੱਨ ਮੇਰੇ ਕੋਲ ਹੀ ਭੁੱਲ ਆਏ ਸਉ!”

“ਓਹੋ—ਫੇਰ ਤਾਂ ਏਸ ਪੈੱਨ ਤੇ ਆਪਣੇ ਭੁੱਲਣ ਦਾ ਹੀ ਧੰਨਵਾਦ ਕਰਾਂ।”

“ਨਿਰੇ ਤੁਸੀਂ ਹੀ ਤਾਂ ਨਹੀਂ ਸੀ ਭੁੱਲੇ, ਮੈਂ ਵੀ ਤਾਂ ਪੈੱਨ ਤੁਹਾਨੂੰ ਓਦੋਂ ਦੇਣਾ ਭੁੱਲ ਗਈ ਸਾਂ...”

ਸੁਰਿੰਦਰ ਨੇ ਆਪਣੇ ਬੋਝੇ ਵਿਚੋਂ ਉਹ ਕਾਗ਼ਜ਼ ਕੱਢਿਆ, ਜਿਦ੍ਹੇ ਉੱਤੋਂ ਉਹਨੇ ਆਪਣੀ ਕਵਿਤਾ ਪੜ੍ਹ ਕੇ ਹੁਣੇ ਸੁਣਾਈ ਸੀ, ਤੇ ਇਹਦੇ ਪਿੱਛੇ ਸੁਆਰ-ਸੁਆਰ ਕੇ ਉਹਨੇ ਲਿਖਿਆ:

“ਜ਼ਿੰਦਗੀ ਦਾ ਜੋ ਸੁਨੇਹਾ ਤੂੰ ਅੱਜ ਮੈਨੂੰ ਦਿੱਤਾ ਏ,
ਉਹ ਮੇਰੀ ਯਾਦ-ਅੰਬਰ ਉੱਤੇ ਤਾਰੇ ਬਣ ਚਮਕਦਾ ਰਹੇਗਾ।
ਮੇਰੀ ਯਾਦ ਦੀ ਨੀਲੀ ਟਾਕੀ ਨੇ,
ਤੇਰੇ ਏਸ ਸੁਨੇਹੇ ਦੇ ਚੌਲ ਇੰਜ ਬੰਨ੍ਹ ਲਏ ਨੇ,
ਕਿ ਇਹ ਦਿਨੇ ਵੀ ਲੱਭਦੇ ਰਹਿਣਗੇ, ਤੇ ਰਾਤੀਂ ਵੀ।”

ਇਨ੍ਹਾਂ ਸਤਰਾਂ ਦੇ ਉੱਤੇ ਸੁਰਿੰਦਰ ਉਸ ਕੁੜੀ ਦਾ ਨਾਂ ਲਿਖ ਕੇ ਇਹ ਕਾਗ਼ਜ਼ ਉਹਨੂੰ ਦੇਣਾ ਚਾਹੁੰਦਾ ਸੀ, ਪਰ ਉਸ ਕੁੜੀ ਨੇ ਇਹ ਕਾਗ਼ਜ਼ ਏਸੇ ਤਰ੍ਹਾਂ ਹੀ ਸੁਰਿੰਦਰ ਕੋਲੋਂ ਲੈ ਕੇ ਆਪਣੇ ਬਟੂਏ ਵਿਚ ਸਾਂਭ ਲਿਆ ਤੇ ਕਿਹਾ, “ਨਾਂ ਵਿਚ ਕੀ ਪਿਆ ਏ?”

ਤੇ ਉਸ ਕੁੜੀ ਨੇ ਚਿੱਟੇ ਗੁਲਾਬ ਦੀ ਇਕ ਸੁਗੰਧ-ਮੀਟੀ ਡੋਡੀ ਆਪਣੇ ਕੋਟ ਦੇ ਬਟਨ ਨਾਲੋਂ ਲਾਹ ਕੇ ਸੁਰਿੰਦਰ ਦੇ ਕੋਟ ਨਾਲ ਲਾ ਦਿੱਤੀ। ਇਕ ਬਿੰਦ ਦੀ ਬਿੰਦ ਉਹਨੇ ਸੁਰਿੰਦਰ ਦੀਆਂ ਅੱਖਾਂ ਵਿਚ ਤੱਕਿਆ...ਤੇ ਫੇਰ ਉਹ ਚਲੀ ਗਈ।

[1958]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •