Namaskar (Punjabi Story) : Kulwant Singh Virk

ਨਮਸਕਾਰ (ਕਹਾਣੀ) : ਕੁਲਵੰਤ ਸਿੰਘ ਵਿਰਕ

ਜਦੋਂ ਦੂਜੀ ਵੱਡੀ ਜੰਗ ਲੱਗੀ ਤਾਂ ਅਸੀਂ ਬਹੁਤ ਸਾਰੇ ਕਾਲਜਾਂ ਵਿਚ ਪੜ੍ਹਦੇ ਜਾਂ ਪੜ੍ਹ ਹਟੇ ਮੁੰਡੇ ਫੌਜ ਵਿਚ ਭਰਤੀ ਹੋ ਗਏ। ਜਿਸ ਕਿਸੇ ਨੂੰ ਦੋਹਾਂ ਅੱਖਾਂ ਤੋਂ ਦਿਸਦਾ ਸੀ ਤੇ ਦਸ ਜਮਾਤਾਂ ਪਾਸ ਸੀ, ਉਹ ਲਫਟੈਨ ਬਣਨ ਲਈ ਦਰਖਾਸਤ ਦੇ ਸਕਦਾ ਸੀ। ਦਰਖਾਸਤਾਂ ਦੇਣ ਪਿਛੋਂ ਮੁੰਡੇ ਅੰਗਰੇਜ਼ੀ ਬੋਲਣੀ ਸਿਖਦੇ ਕਿਉਂਕਿ ਭਰਤੀ ਲਈ ਮੁਲਾਕਾਤ ਵੇਲੇ ਗੱਲਬਾਤ ਅੰਗਰੇਜ਼ੀ ਵਿਚ ਹੀ ਹੁੰਦੀ। ਨਾਲ ਨਾਲ ਬਣਨਾ ਫੱਬਣਾ ਵੀ ਸਿਖਦੇ ਤਾਂ ਜੋ ਉਹ ਵੱਡੇ-ਵੱਡੇ ਖਾਨਦਾਨਾਂ ਰਾਹੀਂ ਹੀ ਇਸ ਦੁਨੀਆਂ ਵਿਚ ਆਏ ਦਿਸਣ। ਸਟਾਲਨ ਅਤੇ ਹਿਟਲਰ ਜਿਹੜੇ ਮੋਚੀ ਛੀਂਬੇ ਕਿਸਮ ਦੇ ਆਦਮੀ ਸਨ, ਦੇ ਸੰਸਾਰ ਵਿਚ ਪਰਗਟ ਹੋਣ ਤੋਂ ਪਿਛੋਂ ਵੀ ਅਜੇ ਇਹ ਖਿਆਲ ਆਮ ਸੀ ਕਿ ਅੰਗਰੇਜ਼ ਕੇਵਲ ਖਾਂਦੇ-ਪੀਂਦੇ ਹਿੰਦੁਸਤਾਨੀਆਂ ਨੂੰ ਹੀ ਅਫਸਰੀ ਦੇ ਯੋਗ ਸਮਝਦੇ ਹਨ। ਇਸ ਬਿਪਤਾ ਵੇਲੇ ਅੰਗਰੇਜ਼ਾਂ ਨੂੰ ਇਹੋ ਜਿਹੇ ਭੁਲੇਖੇ ਕੱਢਣ ਦੀ ਵਿਹਲ ਨਹੀਂ ਸੀ। ਖਾਸ ਕਰ ਜਦੋਂ ਹਿੰਦੁਸਤਾਨੀਆਂ ਵਿਚ ਭਰਤੀ ਵਲੋਂ ਉਨ੍ਹਾਂ ਦਾ ਕੰਮ ਠੀਕ ਚੱਲ ਰਿਹਾ ਸੀ। ਜਿਹੜੇ ਹਜ਼ਾਰਾਂ ਹਿੰਦੁਸਤਾਨੀਆਂ ਨੂੰ ਉਨ੍ਹਾਂ ਲਫਟੈਨ ਬਣਾਇਆ, ਉਨ੍ਹਾਂ ਵਿਚੋਂ ਮੈਂ ਵੀ ਸਾਂ। ਇਹ ਕੋਈ ਉਚੇਚੀ ਗੱਲ ਨਹੀਂ ਜਾਪਦੀ ਸੀ ਕਿਉਂਕਿ ਸੱਜੇ ਖੱਬੇ ਸਭ ਮੁੰਡੇ ਲਫਟੈਨ ਬਣ ਰਹੇ ਸਨ। ਪਿੰਡ-ਪਿੰਡ ਵਿਚੋਂ ਲਫਟੈਨ ਗਏ ਲਗਦੇ ਸਨ। ਸਿਖਲਾਈ ਵਾਲੀ ਥਾਂ (ਜਿਸ ਨੂੰ ਆਫੀਸਰ ਟਰੇਨਿੰਗ ਸਕੂਲ ਆਖਦੇ ਸਨ) ਜਾ ਕੇ ਤੇ ਇਸ ਤਰ੍ਹਾਂ ਲੱਗਾ ਜਿਵੇਂ ਸਾਰੀ ਫੌਜ ਲਫਟੈਨਾਂ ਦੀ ਹੀ ਹੋਵੇਗੀ, ਸਿਪਾਹੀ ਕੋਈ ਨਹੀਂ ਹੋਣਗੇ।
ਪਰ ਸਿਖਲਾਈ ਪਿਛੋਂ ਯੂਨਿਟਾਂ ਵਿਚ ਜਾ ਕੇ ਪਤਾ ਲੱਗਾ ਕਿ ਹਿੰਦੁਸਤਾਨੀ ਫੌਜ ਵਿਚ ਵੀ ਹਿੰਦੁਸਤਾਨੀ ਅਫਸਰ ਆਟੇ ਵਿਚ ਲੂਣ ਬਰਾਬਰ ਹੀ ਹਨ। ਆਮ ਯੂਨਿਟਾਂ ਵਿਚ ਤੀਹ ਪੈਂਤੀ ਅਫਸਰਾਂ ਵਿਚੋਂ ਦੋ ਤਿੰਨ ਹੀ ਹਿੰਦੁਸਤਾਨੀ ਹੁੰਦੇ ਤੇ ਬਾਕੀ ਅੰਗਰੇਜ਼। ਵੱਡਾ ਅਫਸਰ ਤੇ ਕੋਈ ਹਿੰਦੁਸਤਾਨੀ ਹੈ ਈ ਨਹੀਂ ਸੀ। ਭਾਵੇਂ ਸਾਡੀਆਂ ਤਨਖਾਹਾਂ, ਅਖਤਿਆਰਾਂ ਤੇ ਸਰਦਾਰੀ ਵਿਚ ਕੋਈ ਫਰਕ ਨਹੀਂ, ਖਾਣ ਪੀਣ ਤੇ ਸੌਣਾ ਬਹਿਣਾ ਵੀ ਇਕੱਠਾ ਹੀ ਸੀ, ਫਿਰ ਵੀ ਨਾ ਅੰਗਰੇਜ਼ ਸਾਨੂੰ ਆਪਣੇ ਬਰਾਬਰ ਦਾ ਸਮਝਦੇ ਸਨ ਤੇ ਨਾ ਅਸੀਂ ਆਪਣੇ-ਆਪ ਨੂੰ ਉਨ੍ਹਾਂ ਦੇ ਬਰਾਬਰ ਦਾ। ਕਿਸੇ ਗੋਰੇ ਸਿਪਾਹੀ ਦਾ ਨਿਮਰਤਾ ਨਾਲ ਸਲਾਮ ਕਰਨਾ ਜਾਂ ਕਿਸੇ ਅੰਗਰੇਜ਼ ਨਰਸ ਦਾ ਪਿਆਰ ਨਾਲ ਗੱਲ ਕਰਨਾ ਸਾਡੇ ਲਈ ਸੁਰਗ ਦਾ ਝੂਟਾ ਸੀ। ਇਸ ਨਾ-ਬਰਾਬਰੀ ਦੀ ਹਾਲਤ ਲਈ ਨਾ ਉਹ ਪੂਰੇ ਕਸੂਰਵਾਰ ਸਨ ਤੇ ਨਾ ਅਸੀਂ। ਸੌ ਡੇਢ ਸੌ ਸਾਲ ਤੋਂ ਹਾਲਾਤ ਹੀ ਐਸੇ ਸਨ। ਇਸ ਕੁਦਰਤੀ ਫਰਕ ਦਾ ਉਸ ਵੇਲੇ ਇਕ ਸੰਕੇਤ ਇਹ ਸੀ ਕਿ ਅਸੀਂ ਤੇ ਆਪਣੀ ਫੌਜ ਨੌਕਰੀ ਨੂੰ ਪਰਮਾਤਮਾ ਤੇ ਸਰਕਾਰ ਦੀ ਵੱਡੀ ਬਖਸ਼ਿਸ਼ ਸਮਝਦੇ ਸਾਂ ਤੇ ਇਸ ਦਾ ਕਿਸੇ ਤਰ੍ਹਾਂ ਪੱਕੀ ਹੋ ਜਾਣਾ ਸਾਡਾ ਸੁੰਦਰ ਸੁਫਨਾ ਸੀ, ਪਰ ਅੰਗਰੇਜ਼ ਜਬਰੀ ਭਰਤੀ ਹੇਠ ਆਏ ਹੋਏ ਸਨ ਤੇ ਉਡੀਕਦੇ ਸਨ ਕਿ ਜਦੋਂ ਲੜਾਈ ਖਤਮ ਹੋਵੇ ਤੇ ਕਦੋਂ ਫੌਜੀ ਨੌਕਰੀ ਤੋਂ ਖਲਾਸੀ ਮਿਲੇ। ਭਾਵੇਂ ਉਨ੍ਹਾਂ ਵਿਚੋਂ ਕਈ ਬਹੁਤ ਚੰਗੇ ਆਦਮੀ ਸਨ, ਪਰ ਸਾਡੀ ਤੇ ਉਨ੍ਹਾਂ ਦੀ ਕੋਈ ਦਿਲੀ ਸਾਂਝ ਨਾ ਬਣਦੀ। ਅਸੀਂ ਇਕੱਠੇ ਸ਼ਰਾਬ ਪੀਂਦੇ, ਜ਼ਨਾਨੀਆਂ ਦੀਆਂ, ਆਪਣੇ ਦੇਸ ਦੇ ਰਵਾਜਾਂ ਦੀਆਂ, ਧਰਮਾਂ ਦੀਆਂ ਅਤੇ ਬੋਲੀ ਦੀਆਂ ਝੂਠੀਆਂ ਸੱਚੀਆਂ ਗੱਲਾਂ ਕਰਦੇ ਤੇ ਫਿਰ ਹੱਸਦੇ-ਹੱਸਦੇ ਆ ਕੇ ਸੌਂ ਜਾਂਦੇ। ਕਦੀ ਕਿਸੇ ਅੰਗਰੇਜ਼ ਨੇ ਇਹ ਨਹੀਂ ਕਿਹਾ ਸੀ ਕਿ ਜੇ ਤੂੰ ਛੁੱਟੀ ਚੱਲਿਆ ਹੈਂ ਤਾਂ ਮੈਂ ਵੀ ਛੁੱਟੀ ਲੈ ਕੇ ਤੇਰੇ ਨਾਲ ਪਿੰਡ ਚਲਦਾ ਹਾਂ।
ਹਾਂ, ਇਕ ਅੰਗਰੇਜ਼ ਅਫਸਰ ਸੀ ਜਿਹੜਾ ਸਾਡੇ ਵਿਚ ਦੂਜਿਆਂ ਨਾਲੋਂ ਬਹੁਤਾ ਭਿੱਜਦਾ ਸੀ। ਉਸ ਦਾ ਨਾਂ ਮਲਿੰਗਟਨ ਸੀ।
ਮਲਿੰਗਟਨ ਕੈਂਬਰਿਜ ਯੂਨੀਵਰਸਿਟੀ ਵਿਚ ਪੜ੍ਹਦਾ ਆਇਆ ਸੀ। ਧਰਮ ਤੇ ਦਰਸ਼ਨ ਦਾ ਵਿਦਿਆਰਥੀ ਸੀ। ਬੜਾ ਮਲੂਕ ਜਿਹਾ ਦਿਸਦਾ ਸੀ। ਉਸ ਦੀਆਂ ਅੱਖਾਂ ਵਿਚ ਸਦਾ ਪਿਆਰ, ਤਰਲਾ ਜਿਹਾ ਹੁੰਦਾ ਸੀ ਜਿਸ ਕਰ ਕੇ ਉਸ ਦੇ ਕੋਲ ਬੈਠਣ ਨੂੰ ਬੜਾ ਜੀਅ ਕਰਦਾ ਸੀ। ਅੰਗਰੇਜ਼ ਅਫਸਰਾਂ ਵਿਚੋਂ ਉਹ ਬਹੁਤਾ ਸਿਰ ਕੱਢਵਾਂ ਨਹੀਂ ਗਿਣਿਆ ਜਾਂਦਾ ਸੀ। ਮੈਸ ਵਿਚ ਬਹੁਤਾ ਬੋਲਦਾ ਨਹੀਂ ਸੀ। ਪਰੇਡ ਤੇ ਬਹੁਤੀ ਚੁਸਤੀ ਦਾ ਪ੍ਰਭਾਵ ਨਹੀਂ ਸੀ ਦਿੰਦਾ, ਪਰ ਉਸ ਨੂੰ ਘਟੀਆ ਵੀ ਨਹੀਂ ਗਿਣਿਆ ਜਾਂਦਾ ਸੀ! ਅਸਲ ਵਿਚ ਜਿਹੜਾ ਅੰਗਰੇਜ਼ ਅਫਸਰ ਸਵੇਰੇ ਵਕਤ ਸਿਰ ਉਠ ਕੇ ਦਾੜ੍ਹੀ ਮੁੰਨ ਕੇ ਪਰੇਡ ‘ਤੇ ਆ ਜਾਵੇ ਤੇ ਔਖਾ-ਸੌਖਾ ਡੰਗ ਸਾਰ ਲਵੇ, ਉਸ ਨੂੰ ਘਟੀਆ ਨਹੀਂ ਗਿਣਿਆ ਜਾਂਦਾ ਸੀ, ਪਰ ਹੋਰ ਅੰਗਰੇਜ਼ ਅਫਸਰ ਇਸ ਤਰ੍ਹਾਂ ਟੁਰਦੇ-ਫਿਰਦੇ ਸਨ ਜਿਵੇਂ ਸੌ-ਸੌ ਮੀਲ ਤਕ ਉਨ੍ਹਾਂ ਦੇ ਮੇਚ ਦਾ ਬੰਦਾ ਨਾ ਹੋਵੇ।
ਡਿਊਟੀ ਤੋਂ ਵਿਹਲਾ ਹੋ ਕੇ ਉਹ ਹਿੰਦੁਸਤਾਨੀ ਕੱਪੜੇ ਪਾ ਲੈਂਦਾ। ਪਠਾਣਾਂ ਵਾਲੀ ਸਲਵਾਰ-ਕਮੀਜ਼ ਤੇ ਸਿਰ ਉਤੇ ਕੁੱਲੇ ਵਾਲੀ ਪੱਗ। ਆਪਣੇ ਬੈਰੇ ਨਾਲ ਹਿੰਦੁਸਤਾਨੀ ਵਿਚ ਗੱਲਬਾਤ ਕਰਦਾ, ਉਸ ਨੂੰ ਅੰਗਰੇਜ਼ੀ ਸਿਖਾਣ ਦੀ ਥਾਂ ਆਪ ਉਸ ਕੋਲੋਂ ਹਿੰਦੁਸਤਾਨੀ ਸਿਖਦਾ ਰਹਿੰਦਾ। ਭਾਰਤੀ ਸਭਿਅਤਾ ਉਤੇ ਉਸ ਕਈ ਕਿਤਾਬਾਂ ਰੱਖੀਆਂ ਹੋਈਆਂ ਸਨ। ਮੈਂ ਉਸ ਨੂੰ ਕਦੀ ਕੋਈ ਨਵੀਂ ਗੱਲ ਨਾ ਦਸ ਸਕਦਾ। ਉਸ ਨੂੰ ਪਹਿਲਾਂ ਹੀ ਪਤਾ ਹੁੰਦਾ। ਮੇਰੇ ਮੂੰਹੋਂ ਗੱਲਾਂ ਸੁਣਨ ਦੀ ਥਾਂ ਉਹ ਮੇਰਾ ਅੰਦਰ ਟੋਂਹਦਾ ਰਹਿੰਦਾ। ਅਸੀਂ ਬਗੈਰ ਗੱਲ ਕਰਨ ਦੇ ਹੀ ਕਿੰਨਾ-ਕਿੰਨਾ ਚਿਰ ਬੈਠੇ ਰਹਿੰਦੇ। ਛੁੱਟੀ ਵਾਲੇ ਦਿਨ ਸ਼ਿਕਾਰ ਖੇਡਣ ਦੇ ਪੱਜ ਅਸੀਂ ਪਿੰਡਾਂ ਵਿਚ ਜਾ ਵੜਦੇ ਤੇ ਉਹ ਮੇਰੇ ਰਾਹੀਂ ਲੋਕਾਂ ਨਾਲ ਗੱਲਾਂ ਕਰਦਾ ਰਹਿੰਦਾ ਤੇ ਉਨ੍ਹਾਂ ਦੇ ਘਰ-ਘਾਟ ਵੇਖਦਾ ਫਿਰਦਾ। ਆਮ ਕੱਪੜੇ ਪਾ ਕੇ ਅਸੀਂ ਸ਼ਾਹਜਹਾਨਪੁਰ ਦੇ ਬਜ਼ਾਰਾਂ ਵਿਚ ਘੁੰਮਦੇ ਫਿਰਦੇ। ਲਖਨਊ ਦੀਆਂ ਕੰਜਰੀਆਂ ਤੋਂ ਗੌਣ ਸੁਣਦੇ ਤੇ ਉਨ੍ਹਾਂ ਦੇ ਨਾਚ ਵੇਖਦੇ ਰਹਿੰਦੇ। ਜਿਸ ਤਰ੍ਹਾਂ ਫੌਜੀ ਅਫਸਰਾਂ ਦੀਆਂ ਕੋਠੀਆਂ ਉਸ ਦੀ ਦੁਨੀਆਂ ਸੀ ਤੇ ਮੈਂ ਕੇਵਲ ਇਕ ਸੱਦਿਆ ਹੋਇਆ ਜਾਂ ਅਣਸੱਦਿਆ ਪ੍ਰਾਹੁਣਾ ਸਾਂ, ਇਸ ਤਰ੍ਹਾਂ ਇਹ ਬਾਜ਼ਾਰ ਮੇਰੀ ਦੁਨੀਆਂ ਸਨ, ਪਰ ਇੱਥੇ ਵੀ ਉਹ ਮੇਰੇ ਤੋਂ ਬਹੁਤਾ ਸਵਾਦ ਲੈ ਸਕਦਾ ਸੀ। ਉਸ ਨੂੰ ਹਿੰਦੁਸਤਾਨੀ ਨਾਚ ਤੇ ਗੌਣ ਦੀ ਚੋਖੀ ਸਮਝ ਆ ਗਈ ਹੋਈ ਸੀ ਤੇ ਐਲਾਨ ਹੋਣ ਤੋਂ ਬਿਨਾਂ ਇਹ ਵੀ ਦੱਸ ਸਕਦਾ ਕਿ ਠੁਮਰੀ ਗਵੀਂ ਜਾ ਰਹੀ ਏ ਜਾਂ ਦਾਦਰਾ। ਬਰੇਲੀ ਵਿਚ ਅਸੀਂ ‘ਪ੍ਰਾਈਵੇਟ’ ਕੰਜਰੀਆਂ ਦੇ ਘਰਾਂ ਵਿਚ ਜਾਂਦੇ। ਉਨ੍ਹਾਂ ਦੇ ਬਿਸਤਰਿਆਂ ਉਤੇ ਬਹਿ ਕੇ ਉਹ ਬੱਚੇ ਵਾਂਗ ਉਨ੍ਹਾਂ ਨਾਲ ਗੱਲਾਂ ਕਰਦਾ ਰਹਿੰਦਾ। ਉਠ ਕੇ ਆ ਕੇ ਉਹ ਉਨ੍ਹਾਂ ਦੇ ਘਰਾਂ ਦੇ ਬਾਹਰ ਬੈਠਾ ਜਾਂ ਟਹਿਲਦਾ ਰਹਿੰਦਾ, ਵੇਖਣ ਲਈ ਕਿ ਹੋਰ ਕੌਣ ਲੋਕ ਆਉਂਦੇ ਹਨ? ਕੀ ਗੱਲਾਂ ਕਰਦੇ ਹਨ?
ਇਸ ਤਰ੍ਹਾਂ ਲਗਦਾ ਸੀ ਜਿਵੇਂ ਅੰਗਰੇਜ਼ੀ ਰਾਜ ਲਈ ਇਸ ਦੇਸ਼ ਨੂੰ ਬਚਾਣ ਆਏ ਨੂੰ ਉਸ ਨੂੰ ਇਸ ਨਾਲ ਸਨੇਹ ਹੋ ਗਿਆ ਹੋਵੇ। ਆਪਣੀ ਨੌਕਰੀ ਵਜਾਣ ਦੀ ਥਾਂ ਉਹ ਬਹੁਤਾ ਭਾਰਤ ਦੀ ਆਤਮਾ ਦੀ ਟੋਹ ਵਿਚ ਸੀ। ਇਕ ਵਾਰ ਮੋਟਰ ਵਿਚ ਅਲਮੋੜੇ ਜਾਂਦਿਆਂ ਰਾਹ ਵਿਚ ਬਹੁਤ ਸੁੰਦਰ ਪਹਾੜੀ ਦ੍ਰਿਸ਼ ਆਏ। ਉਹ ਮਸਤ ਹੋਇਆ ਵੇਖਦਾ ਰਿਹਾ ਤੇ ਫਿਰ ਉਸ ਹੱਥ ਜੋੜ ਕੇ ਮੱਥਾ ਟੇਕ ਦਿੱਤਾ।
“ਤੂੰ ਕਿਸ ਨੂੰ ਨਮਸਕਾਰ ਕਰ ਰਿਹਾ ਏਂ?” ਮੈਂ ਪੁੱਛਿਆ।
“ਪਤਾ ਨਹੀਂ ਕਿਸ ਨੂੰ; ਪਰ ਮੇਰਾ ਜੀ ਕੀਤਾ ਸੀ।” ਉਸ ਨੇ ਕਿਹਾ।
ਉਸੇ ਯੂਨਿਟ ਵਿਚੋਂ ਹੀ ਮੈਨੂੰ ਫੌਜ ਤੋਂ ਛੁੱਟੀ ਹੋ ਗਈ।
ਜਦੋਂ ਮੈਂ ਨੌਕਰੀ ਛੱਡ ਕੇ ਆਉਣ ਲੱਗਾ ਤਾਂ ਮਲਿੰਗਟਨ ਤੋਂ ਵੀ ਵਿਦਾ ਹੋਣਾ ਸੀ।
“ਏਥੋਂ ਵਿਹਲਾ ਹੋ ਕੇ ਮੈਂ ਆਪਣੇ ਦੇਸ ਮੁੜ ਜਾਵਾਂਗਾ”, ਉਸ ਨੇ ਕਿਹਾ, “ਜੇ ਤੂੰ ਕਦੀ ਉਧਰ ਆਇਉਂ ਤਾਂ ਮੈਨੂੰ ਚਿੱਠੀ ਲਿਖੀਂ। ਮੈਂ ਤੈਨੂੰ ਮਿਲਾਂਗਾ। ਮੇਰਾ ਹਮੇਸ਼ਾ ਵਾਸਤੇ ਦਾ ਪਤਾ ਗਰਿੰਡਲੇ ਬੈਂਕ, ਲੰਡਨ ਹੈ। ਮੇਰਾ ਉਨ੍ਹਾਂ ਨਾਲ ਹਿਸਾਬ ਹੈ। ਮੈਂ ਜਿਥੇ ਵੀ ਹੋਵਾਂ, ਉਨ੍ਹਾਂ ਨੂੰ ਪਤਾ ਹੁੰਦਾ ਹੈ, ਹਰ ਚਿੱਠੀ ਉਹ ਮੈਨੂੰ ਉਥੇ ਭੇਜ ਦਿੰਦੇ ਨੇ। ਇਹ ਬੜਾ ਸਿੱਧਾ ਤੇ ਸੌਖਾ ਪਤਾ ਹੈ। ਹੁਣ ਤੇਰੇ ਕੋਲ ਮੈਨੂੰ ਪਤਾ ਨਾ ਦੇਣ ਦਾ ਕੋਈ ਬਹਾਨਾ ਨਹੀਂ ਹੋ ਸਕਦਾ!”
“ਮੈਨੂੰ ਅਗਲੇ ਕੁਝ ਸਾਲਾਂ ਵਿਚ ਇੰਗਲੈਂਡ ਜਾ ਸਕਣ ਦੀ ਉਮੀਦ ਨਹੀਂ।” ਮੈਂ ਦੱਸਿਆ। “ਉਸ ਤੋਂ ਮਗਰੋਂ ਸ਼ਾਇਦ ਮੇਰਾ ਕਦੀ ਜਾਣ ਨੂੰ ਜੀ ਨਾ ਕਰੇ। ਇਸ ਲਈ ਇਸ ਪਤੇ ਦੀ ਕੋਈ ਵਰਤੋਂ ਨਹੀਂ ਕਰ ਸਕਾਂਗਾ। ਇਸ ਮੁਲਾਕਾਤ ਨੂੰ ਤੂੰ ਆਖਰੀ ਹੀ ਸਮਝ।”
“ਨਹੀਂ ਨਹੀਂ। ਖਬਰੇ, ਆਖਰੀ ਨਾ ਹੋਵੇ। ਦੁਨੀਆਂ ਬਹੁਤ ਛੋਟੀ ਹੋ ਰਹੀ ਏ। ਸ਼ਾਇਦ ਮੈਂ ਹੀ ਕਦੀ ਫਿਰ ਏਧਰ ਆ ਜਾਵਾਂ। ਤੂੰ ਮੈਨੂੰ ਆਪਣਾ ਹਮੇਸ਼ ਵਾਸਤੇ ਦਾ ਪਤਾ ਲਿਖ ਦੇ।”
ਇਕ ਕਾਗਜ਼ ਉਤੇ ਮੈਂ ਆਪਣਾ ਨਾਂ, ਪਿੰਡ, ਡਾਕਖਾਨਾ ਤੇ ਜ਼ਿਲ੍ਹਾ ਲਿਖ ਕੇ ਉਸ ਦੇ ਹੱਥ ਫੜਾ ਦਿੱਤਾ।
ਉਸ ਨੇ ਉਹ ਸਿਰਨਾਵਾਂ ਪੜ੍ਹ ਕੇ ਵੇਖਿਆ, ਇਹ ਪੱਕ ਕਰਨ ਲਈ ਕਿ ਉਹ ਸਾਰੇ ਅੱਖਰ ਉਠਾਲ ਸਕਦਾ ਹੈ।
“ਇਹ ਤੇਰਾ ਸਦਾ ਵਾਸਤੇ ਦਾ ਪਤਾ ਹੈ?” ਉਸ ਨੇ ਪੁੱਛਿਆ। ਉਹ ਮੇਰੇ ਪਿੰਡ ਨੂੰ ਇੰਗਲੈਂਡ ਦੇ ਇਕ ਵੱਡੇ ਬੈਂਕ ਨਾਲੋਂ ਘਟ ਸਥਿਰ ਸਮਝਦਾ ਸੀ।
“ਹਾਂ, ਅਣਗਿਣਤ ਸਦੀਆਂ ਤੋਂ ਮੇਰੇ ਵਡਿਕਿਆਂ ਦਾ ਇਹੋ ਪਤਾ ਰਿਹਾ ਹੈ, ਤੇਰੀ ਉਮਰ ਤੇ ਅਜੇ ਭੁਗਤਾ ਹੀ ਜਾਏਗਾ।” ਮੈਂ ਮਾਣ ਨਾਲ ਕਿਹਾ।
ਉਸ ਨੇ ਮੇਰੀ ਗੱਲ ਸੁਣੀ ਤੇ ਖਲੋਤੇ-ਖਲੋਤੇ ਨੇ ਮੱਥਾ ਟੇਕਿਆ।
“ਤੂੰ ਕਿਸ ਨੂੰ ਨਮਸਕਾਰ ਕੀਤੀ ਹੈ?”
“ਪਤਾ ਨਹੀਂ, ਮੇਰਾ ਜੀ ਕੀਤਾ ਸੀ।”
“ਨਹੀਂ, ਤੈਨੂੰ ਪਤਾ ਹੈ। ਤੂੰ ਮੈਨੂੰ ਨਮਸਕਾਰ ਕੀਤੀ ਹੈ।”
“ਨਹੀਂ ਬਿਲਕੁਲ ਨਹੀਂ। ਮੈਂ ਪ੍ਰਾਣੀਆਂ ਨੂੰ ਇਹੋ ਜਿਹੀ ਨਮਸਕਾਰ ਨਹੀਂ ਕਰਦਾ। ਤੈਨੂੰ ਮੈਂ ਜਾਣ ਲੱਗੇ ਨੂੰ ਵੱਡੇ ਅਫਸਰ ਦਾ ਸੈਲੂਟ ਕਰਾਂਗਾ।” ਮੈਂ ਉਸ ਤੋਂ ਕੁਝ ਚਿਰ ਪਹਿਲਾਂ ਭਰਤੀ ਹੋਇਆ ਸਾਂ।
ਇਸ ਦੇ ਕੁਝ ਚਿਰ ਪਿਛੋਂ ਅੰਗਰੇਜ਼ੀ ਰਾਜ ਖਤਮ ਹੋ ਗਿਆ। ਹਿੰਦੁਸਤਾਨ ਆਜ਼ਾਦ ਹੋ ਗਿਆ। ਬਦੇਸਾਂ ਵਿਚ ਭਾਂਤ-ਭਾਂਤ ਦੀਆਂ ਗੱਲਾਂ ਹੋਈਆਂ। ਕਿਸੇ ਨੇ ਕਿਹਾ ਡੁੱਬ ਜਾਏਗਾ, ਟੋਟੇ ਹੋ ਕੇ ਖਤਮ ਹੋ ਜਾਏਗਾ। ਕਿਸੇ ਹੋਰ ਨੇ ਕਿਹਾ ਅਜੇ ਆਜ਼ਾਦ ਹੋਇਆ ਹੀ ਨਹੀਂ ਭੁਲੇਖਾ ਹੈ, ਛਲ ਹੈ। ਕਈ ਕਹਿੰਦੇ ਗੱਲ ਇਸ ਦੇ ਕੁਝ ਵਿਚਕਾਰ-ਵਿਚਕਾਰ ਹੈ। ਨਵਾਂ ਜੰਮਿਆ ਭਾਰਤ ਹੌਲੀ ਹੌਲੀ ਰਿੜ੍ਹਨ ਲੱਗ ਪਿਆ ਹੈ। ਇਹ ਆਸ ਬਣਨ ਲੱਗੀ ਹੈ ਕਿ ਕਿਸੇ ਦਿਨ ਇਹ ਉਠ ਕੇ ਖਲੋ ਜਾਏਗਾ ਤੇ ਫਿਰ ਟੁਰ ਕੇ ਜਾਂ ਭੱਜ ਕੇ ਦੂਜੇ ਵੱਡੇ ਦੇਸਾਂ ਦੇ ਨਾਲ ਜਾ ਰਲੇਗਾ। ਕਿਵੇਂ ਕੰਮ ਹੋ ਰਿਹਾ ਹੈ? ਐਨੀ ਕਰੋੜਾਂ ਦੀ ਵਸੋਂ ਨਾਲ ਕਿਵੇਂ ਬੀਤ ਰਹੀ ਏ? ਇਹ ਕੁਝ ਵੇਖਣ ਲਈ ਕਈ ਲੋਕ ਬਦੇਸ਼ਾਂ ਤੋਂ ਆਉਂਦੇ। ਕੁਝ ਇਹ ਵੇਖਣ ਆਉਂਦੇ ਕਿ ਦੁਨੀਆਂ ਦੇ ਦੋ ਵੱਡੇ ਧੜਿਆਂ ਵਿਚੋਂ ਇਹ ਕਿਸ ਨਾਲ ਰਲੇਗਾ ਜਿਵੇਂ ਜੱਟਾਂ ਦੇ ਦੋ ਧੜੇ ਕਿਸੇ ਜ਼ਨਾਨੀ ਤੋਂ ਬਿਆਨ ਕਰਵਾਣ ਲਈ ਕਿਰਪਾਨਾਂ ਖਿੱਚੀ ਕਚਹਿਰੀ ਦੇ ਬਾਹਰ ਫਿਰਦੇ ਰਹਿੰਦੇ ਹਨ।
ਕੁਝ ਵਰ੍ਹੇ ਹੋਰ ਲੰਘ ਗਏ। ਇਕ ਦਿਨ ਮੇਰੀ ਮਾਂ ਨੇ ਕਿਹਾ, ਇਹ ਓਪਰੀ ਜਿਹੀ ਟਿਕਟ ਵਾਲੀ ਚਿੱਠੀ ਆਈ ਹੈ। ਮੈਂ ਚਿੱਠੀ ਵੇਖੀ, ਉਤੇ ਅੰਗਰੇਜ਼ਾਂ ਦੀ ਮਲਿਕਾ ਦੀ ਮੂਰਤ ਸੀ। ਟਿਕਟ ਉਤੇ ਇਸ ਦੇ ਪਿਓ ਦੀ ਮੂਰਤ ਨੂੰ ਮੇਰੀ ਮਾਂ ਓਪਰੀ ਨਹੀਂ ਸਮਝਦੀ ਸੀ, ਪਰ ਇਸ ਦੀ ਮੂਰਤ ਉਸ ਨੂੰ ਓਪਰੀ ਲੱਗੀ। ਚਲੋ ਕੁਝ ਤੇ ਫਰਕ ਹੈ ਨਾ, ਮੈਂ ਸੋਚਿਆ। ਚਿੱਠੀ ਖੋਲ੍ਹੀ। ਮਲਿੰਗਟਨ ਦੀ ਸੀ। ਉਹ ਭਾਰਤ ਆ ਰਿਹਾ ਸੀ। ਉਥੇ ਬੈਠੇ ਬਿਠਾਏ ਨੇ ਦਿੱਲੀ ਦੇ ਹੋਟਲ ਵਿਚ ਕਮਰਾ ਲੈ ਲਿਆ ਸੀ, ਤੇ ਮੈਨੂੰ ਉਸ ਹੋਟਲ ਵਿਚ ਮਿਲਣ ਲਈ ਲਿਖਿਆ ਸੀ। ਮੈਂ ਦਿੱਲੀ ਗਿਆ। ਮਲਿੰਗਟਨ ਨੂੰ ਪਛਾਣਨਾ ਬਹੁਤ ਔਖਾ ਨਹੀਂ ਸੀ। ਉਸ ਨੇ ਪਹਿਲੇ ਵਾਂਗ ਹੀ ਛੋਟੀਆਂ ਛੋਟੀਆਂ ਮੁੱਛਾਂ ਰੱਖੀਆਂ ਸਨ, ਜਿਹੜੀਆਂ ਉਸੇ ਤਰ੍ਹਾਂ ਹੀ ਭੂਰੀਆਂ ਸਨ।
“ਚੱਲ ਤੇਰੇ ਪੰਜਾਬ ਚੱਲੀਏ”, ਉਸ ਨੇ ਕਿਹਾ।
“ਕਿਉਂ ਦਿੱਲੀ ਪਸੰਦ ਨਹੀਂ ਆਈ।” ਮੈਂ ਪੁੱਛਿਆ।
“ਪਸੰਦ ਨ-ਪਸੰਦ ਦਾ ਸਵਾਲ ਨਹੀਂ। ਇਹ ਮੇਰੀ ਪਕੜ ਵਿਚ ਹੀ ਨਹੀਂ ਆ ਰਹੀ। ਕੋਈ ਦਾਣਾ ਹੱਥ ਵਿਚ ਨਹੀਂ ਆਉਂਦਾ ਜਿਸ ਨੂੰ ਵੇਖ ਕੇ ਏਸ ਦਾਲ ਦਾ ਪਤਾ ਲੱਗੇ। ਮੈਂ ਨਵੇਂ ਭਾਰਤ ਦੀ ਨਬਜ਼ ਵੇਖਣੀ ਚਾਹੁੰਦਾ ਹਾਂ।” ਉਸ ਨੇ ਅਖਬਾਰੀ ਬੋਲੀ ਵਿਚ ਕਿਹਾ।
“ਪੰਜਾਬ ਵਿਚ ਦੋ ਥਾਵਾਂ ਹੀ ਬਹੁਤੀਆਂ ਨਵੀਆਂ ਗਿਣਦੇ ਨੇ, ਇਕ ਭਾਖੜਾ ਨੰਗਲ ਤੇ ਦੂਜੀ ਚੰਡੀਗੜ੍ਹ।” ਮੈਂ ਟੂਰਿਸਟ ਗਾਈਡ ਵਾਂਗ ਬੋਲਿਆ।
“ਇਨ੍ਹਾਂ ਦੋਹਾਂ ਬਾਰੇ ਮੈਂ ਸੁਣਿਆ ਹੈ, ਪਰ ਮੈਂ ਇਹ ਵੇਖਣ ਏਥੇ ਨਹੀਂ ਆਇਆ। ਇਹ ਤੇ ਉਸ ਤਰ੍ਹਾਂ ਵੀ ਬਣ ਸਕਦੇ ਸਨ।”
“ਫਿਰ ਮੈਂ ਤੈਨੂੰ ਵਿਖਾਵਾਂ ਕੀ?”
“ਬੱਸ ਤੂੰ ਮੈਨੂੰ ਭੰਵਾਈਂ ਫਿਰ, ਸ਼ਾਇਦ ਮੇਰੇ ਪੱਲੇ ਕੁਝ ਪੈ ਜਾਏ।”
ਮੈਂ ਉਸ ਨੂੰ ਪੰਜਾਬ ਲੈ ਆਇਆ ਤੇ ਅਸੀਂ ਥਾਂ-ਥਾਂ ਫਿਰਨ ਲੱਗੇ।
ਇਕ ਦਿਨ ਜਰਨੈਲੀ ਸੜਕ ਉਤੇ ਟੁਰਦੇ ਆ ਰਹੇ ਸਾਂ। ਦੋ ਸੜਕਾਂ ਦੇ ਮਧਾਨੀ-ਜੁਟ ਵਿਚ ਬਣੇ ਚੱਕਰ ਉਤੇ ਇਹ ਇਕੱਲੀ ਖਲੋਤੀ ਸੀ। ਜੇ ਕਿਸੇ ਨੇ ਕਦੀ ਕੋਈ ਸ਼ਹਿਜ਼ਾਦੀ ਚੌਕ ਵਿਚ ਖਲੋਤੀ ਵੇਖੀ ਹੈ, ਉਹ ਇਸ ਤਰ੍ਹਾਂ ਦੀ ਲਗਦੀ ਹੋਵੇਗੀ। ਜੇ ਸ਼ਹਿਜ਼ਾਦੀ ਏਨੀ ਸੁੰਦਰ ਤੇ ਲੰਮੀ ਨਾ ਹੋਵੇਗੀ ਤਾਂ ਹੋਰ ਕੌਣ ਹੋਵੇਗੀ? ਉਸ ਨੇ ਬੜੇ ਫੱਬਵੇਂ ਕੱਪੜੇ ਪਾਏ ਹੋਏ ਸਨ। ਸ਼ੋਖ ਵੀ ਆਖੇ ਜਾ ਸਕਦੇ ਸਨ। ਹਰ ਲੰਘਦੇ ਆਉਂਦੇ ਦਾ ਧਿਆਨ ਉਹ ਖਿੱਚ ਰਹੀ ਸੀ, ਪਰ ਉਸ ਦਾ ਆਪਣਾ ਧਿਆਨ ਇਸ ਗੱਲ ਵਲ ਨਹੀਂ ਸੀ। ਉਹ ਬੜੇ ਗਹੁ ਨਾਲ ਸੜਕ ਉਤੇ ਆਉਂਦੇ ਕਿਸੇ ਨੂੰ ਲੱਭ ਰਹੀ ਸੀ। ਇਸ ਤਰ੍ਹਾਂ ਲਗਦਾ ਸੀ ਜਿਵੇਂ ਅੱਖਾਂ ਰਾਹੀਂ ਹੀ ਸਾਹ ਲੈ ਰਹੀ ਹੋਵੇ। ਜਦੋਂ ਅਸੀਂ ਉਸ ਦੀ ਨਜ਼ਰ ਦੀ ਮਾਰ ਹੇਠ ਆਏ, ਤਾਂ ਮੈਨੂੰ ਪਛਾਣ ਕੇ ਉਹ ਮੁਸਕਰਾਈ। ਮੇਰਾ ਖਿਆਲ ਹੈ ਮਲਿੰਗਟਨ ਵੀ ਮੇਰੇ ਵਾਂਗ ਪਹਿਲਾਂ ਹੀ ਉਸ ਵੱਲ ਵੇਖ ਰਿਹਾ ਸੀ, ਭਾਵੇਂ ਅਸਾਂ ਅਜੇ ਉਸ ਬਾਰੇ ਕੋਈ ਗੱਲ ਨਹੀਂ ਕੀਤੀ ਸੀ।
“ਤੂੰ ਇਸ ਨੂੰ ਜਾਣਨਾ ਏਂ?” ਮਲਿੰਗਟਨ ਨੇ ਇਕ ਦਮ ਕੰਨ ਚੁੱਕ ਕੇ ਕਿਹਾ।
“ਹਾਂ, ਇਹ ਤੇ ਦਿਸਦਾ ਈ ਪਿਐ।”
“ਕੌਣ ਏ?”
“ਡਾਕਟਰ ਏ। ਇਸ ਨੇ ਮੇਰੇ ਬੱਚੇ ਦਾ ਇਲਾਜ ਕੀਤਾ ਸੀ। ਉਦੋਂ ਦੀ ਵਾਕਿਫ ਏ।”
“ਮੈਂ ਇਸ ਨਾਲ ਗੱਲਾਂ ਕਰਨੀਆਂ ਚਾਹੁਨਾਂ।”
“ਮੈਂ ਵੀ। ਕਿਉਂਕਿ ਜਦੋਂ ਮੈਂ ਪਹਿਲਾਂ ਵੇਖੀ ਸੀ, ਉਦੋਂ ਨਾਲੋਂ ਹੁਣ ਉਸ ਦੇ ਮੂੰਹ ਉਤੇ ਬੜੀ ਰੌਣਕ ਏ ਜਾਂ ਸ਼ੋਖੀ ਏ।”
ਉਸ ਦੇ ਕੋਲ ਅਪੜ ਕੇ ਅਸੀਂ ਦੋਵੇਂ ਵੀ ਚੱਕਰ ਉਤੇ ਚੜ੍ਹ ਗਏ। ਆਲੇ-ਦੁਆਲੇ ਟਰੈਫਿਕ ਘੁੰਮ ਰਿਹਾ ਸੀ, ਲੋਕ ਆ-ਜਾ ਰਹੇ ਸਨ। ਮਲਿੰਗਟਨ ਨਾਲ ਵਾਕਫੀਅਤ ਕਰਾਣ ਪਿਛੋਂ ਮੈਂ ਪੁੱਛਿਆ, “ਏਥੇ ਕੀ ਕਰਦੀ ਏਂ?”
“ਕੁਝ ਖਾਸ ਨਹੀਂ। ਕਿਸੇ ਨੂੰ ਆਉਂਦਾ ਵੇਖ ਰਹੀ ਸਾਂ, ਪਰ ਹੁਣ ਉਹ ਨਹੀਂ ਆਉਂਦਾ ਲਗਦਾ।”
“ਚੱਲ ਫਿਰ ਕਾਫੀ ਪੀਏ।”
“ਚਲੋ।”
ਅਸੀਂ ਇਕ ਹੋਟਲ ਅੰਦਰ ਚਲੇ ਗਏ।
“ਸੁਣਾ ਤੇਰੀ ਡਾਕਟਰੀ ਦਾ ਕੀ ਹਾਲ ਏ?” ਮੈਂ ਮਲਿੰਗਟਨ ਵਲੋਂ ਉਸ ਨੂੰ ਅੰਗਰੇਜ਼ੀ ਵਿਚ ਖਰੋਚਣਾ ਸ਼ੁਰੂ ਕੀਤਾ।
“ਡਾਕਟਰੀ? ਠੀਕ ਏ, ਪਰ ਇਕ ਗੱਲ ਹੋਈ ਏ। ਸ਼ਹਿਰ ਛੱਡ ਕੇ ਇਹ ਪਿੰਡਾਂ ਵਿਚ ਜਾ ਵੜੀ ਏ।” ਫਿਰ ਉਸ ਨੇ ਸਪਸ਼ਟ ਕੀਤਾ। “ਮੈਂ ਹੁਣ ਬੱਸ ਆਪਣੇ ਇਲਾਕੇ ਵਿਚ ਹੀ ਫਿਰਦੀ ਹਾਂ ਜਿਨ੍ਹਾਂ ਦੀ ਮੈਂ ਧੀ ਹਾਂ।”
“ਕਿਉਂ? ਸ਼ਹਿਰ ਨੂੰ ਕਿਉਂ ਮੰਦਾ ਜਾਨਣ ਲਗ ਪਈ?”
“ਏਥੇ ਕੁਝ ਮਸ਼ੀਨੀ ਜਿਹਾ ਕੰਮ ਲਗਦਾ ਸੀ। ਡਾਕਟਰ ਬੱਸ ਰੋਗ ਹਟਾਣ ਦੀ ਇਕ ਮਸ਼ੀਨ ਹੈ। ਪੈਸੇ ਦਿਓ, ਰੋਗ ਹਟਵਾ ਲਵੋ। ਫਰਕ ਸਮਝਦੇ ਹੋ ਨਾ? ਐਵੇਂ ਬਰੀਕ ਜਿਹਾ ਏ। ਇਸ ਤਰ੍ਹਾਂ ਲਗਦਾ ਸੀ ਕਿਸੇ ਦਾ ਮੇਰੇ ਆਪਣੇ ਨਾਲ ਵਾਹ ਨਹੀਂ ਪੈਂਦਾ, ਮੇਰੇ ਕਸਬ ਨਾਲ ਹੀ ਪੈਂਦਾ ਏ।”
“ਪਰ ਬਿਮਾਰ ਨੂੰ ਤੇ ਡਾਕਟਰ ਦੀ ਲੋੜ ਹੈ, ਤੇਰੀ ਨਹੀਂ।”
“ਮੰਨ ਲਿਆ, ਪਰ ਓਥੇ ਗੱਲ ਹੋਰ ਈ ਏ।” ਫਿਰ ਉਸ ਨੇ ਕੁਝ ਨਿਮਰਤਾ ਨਾਲ ਤੇ ਕੁਝ ਮਖੌਲ ਨਾਲ ਮਲਿੰਗਟਨ ਨੂੰ ਕਿਹਾ, “ਮੈਂ ਇਕ ਫੜ੍ਹ ਮਾਰ ਲਵਾਂ?”
ਮਲਿੰਗਟਨ ਪਿਆਰ ਨਾਲ ਉਸ ਵੱਲ ਵੇਖ ਕੇ ਮੁਸਕਰਾਇਆ, ਜਿਵੇਂ ਕਹਿ ਰਿਹਾ ਹੋਵੇ ਤੂੰ ਜੋ ਕੁਝ ਕਹੇਂਗੀ, ਤੋਲ ਕੇ ਹੀ ਕਹੇਂਗੀ, ਫੜ੍ਹ ਨਹੀਂ ਮਾਰੇਂਗੀ।
“ਕਦੀ ਕਦੀ ਤਾਂ ਮੈਨੂੰ ਇਸ ਤਰ੍ਹਾਂ ਲਗਦਾ ਏ ਜਿਵੇਂ ਮੈਂ ਆਪਣੇ ਪਿੰਡਾਂ ਵਿਚ ਆਪਣੇ ਤਰੀਕੇ ਨਾਲ ਫਿਰ ਕੇ ਉਥੋਂ ਦੀਆਂ ਔਰਤਾਂ ਵਿਚ ਜਾਨ ਪਾ ਰਹੀ ਹੋਵਾਂ। ਜਿਵੇਂ ਉਨ੍ਹਾਂ ਲਈ ਜਿਊਣ ਦਾ ਰਾਹ ਖੋਲ੍ਹ ਰਹੀ ਹੋਵਾਂ।”
ਮੈਨੂੰ ਉਸ ਦੀ ਗੱਲ ਧੁੰਦਲੀ ਜਿਹੀ ਲੱਗੀ। ਉਹ ਆਪਣੀ ਹਸਤੀ ਨਾਲ ਹੀ ਔਰਤਾਂ ਨੂੰ ਆਜ਼ਾਦੀ ਦੁਆਂਦੀ ਅਨੁਭਵ ਕਰ ਰਹੀ ਸੀ। ਇਹ ਭੁਲੇਖਾ ਹਟਾਣ ਲਈ ਮੈਂ ਕਿਹਾ, “ਪਤਾ ਨਹੀਂ ਮੈਂ ਤੇਰੇ ਵਾਲੇ ਪਹੇ ‘ਤੇ ਪਿਆ ਹੋਇਆ ਹਾਂ ਕਿ ਨਹੀਂ, ਪਰ ਜੇ ਸਿਆਲਾਂ ਦੀ ਧੀ ਹੀਰ ਆਪਣਾ ਕਿੱਸਾ ਲਿਖਵਾ ਕੇ ਤੇ ਬੰਦੇ ਬੰਦੇ ਦੇ ਮੂੰਹੋਂ ਗਵਾ ਕੇ ਔਰਤਾਂ ਦਾ ਰਾਹ ਨਾ ਖੋਲ੍ਹ ਸਕੀ ਤਾਂ ਤੂੰ ਫਿਰ ਟੁਰ ਕੇ ਹੀ ਕਿਵੇਂ ਖੋਲ੍ਹ ਦੇਵੇਂਗੀ।”
“ਨਹੀਂ ਉਹ ਗੱਲ ਹੋਰ ਏ”, ਉਸ ਨੇ ਝਟਪਟ ਘੁੰਡੀ ਫੜ ਕੇ ਕਿਹਾ। “ਆਦਰ ਮਰੀ ਹੋਈ ਹੀਰ ਦਾ ਹੀ ਹੋਇਆ ਹੈ। ਜਿਊਂਦੀ ਹੀਰ ਦਾ ਕਿਧਰੇ ਕੋਈ ਆਦਰ ਨਹੀਂ ਸੀ। ਮਰਨ ਪਿਛੋਂ ਆਦਰ ਮਿਲਣ ਕਰ ਕੇ, ਕਿਸੇ ਜਿਊਂਦੀ ਇਸਤਰੀ ਦਾ ਕੋਈ ਆਦਰ ਨਹੀਂ ਹੋ ਸਕਦਾ। ਮੇਰੀ ਪਦਵੀ ਕਰ ਕੇ ਤੇ ਮੇਰੇ ਕਸਬ ਤੋਂ ਲਾਭ ਹੋਣ ਕਰ ਕੇ ਮੇਰਾ ਜਿਊਂਦੀ ਦਾ ਆਦਰ ਹੈ। ਹੋਰ ਇਸਤਰੀਆਂ ਜਿਊਂਦੀਆਂ ਹੀ ਇਸ ਵਿਚ ਹਿੱਸੇਦਾਰ ਹੋ ਸਕਦੀਆਂ ਨੇ।”
“ਪਰ ਸਾਰੀਆਂ ਤੇ ਡਾਕਟਰ ਨਹੀਂ। ਉਹ ਕਿਸ ਤਰ੍ਹਾਂ ਹਿੱਸੇਦਾਰ ਹੋ ਸਕਦੀਆਂ ਨੇ?” ਮਲਿੰਗਟਨ ਨੇ ਦਲੀਲ ਦਾ ਇਕ ਸਿਰਾ ਆਪਣੇ ਹੱਥ ਵਿਚ ਫੜ ਲਿਆ।
“ਤੁਹਾਡੇ ਅੰਗਰੇਜ਼ਾਂ ਲਈ ਇਹ ਗੱਲ ਅਚਰਜ ਹੋਵੇਗੀ, ਪਰ ਏਥੇ ਸਹੀ ਏ। ਜਦੋਂ ਇਕ ਇਸਤਰੀ ਜਿਥੇ ਚਾਹੇ ਫਿਰਦੀ ਹੈ, ਜਿਸ ਤਰ੍ਹਾਂ ਦੇ ਚਾਹੇ ਕੱਪੜੇ ਪਾਂਦੀ ਹੈ, ਜੋ ਕੁਝ ਚਾਹੇ ਕਰਦੀ ਹੈ ਤੇ ਫਿਰ ਆਦਰਯੋਗ ਰਹਿੰਦੀ ਹੈ ਤਾਂ ਇਹ ਗੱਲ ਲੋਕਾਂ ਦੇ ਮਨ ਵਿਚ ਬਹਿ ਜਾਂਦੀ ਹੈ। ਉਨ੍ਹਾਂ ਦੀ ਇਕ ਧੀ ਕੋਲ ਉਚੀ ਵਿੱਦਿਆ ਹੈ, ਜਿਸ ਨੂੰ ਲੈ ਕੇ ਉਹ ਉਨ੍ਹਾਂ ਦੇ ਭਲੇ ਲਈ ਪਿੰਡ ਪਿੰਡ ਫਿਰ ਰਹੀ ਹੈ ਤਾਂ ਫਿਰ ਉਸ ਨਾਲੋਂ ਵਧ ਸਤਿਕਾਰਯੋਗ ਕੌਣ ਹੈ? ਮੇਰੀ ਸ਼ਕਲ ਇਲਾਕੇ ਦੇ ਹਰ ਬੰਦੇ ਤੇ ਹਰ ਜ਼ਨਾਨੀ ਦੇ ਸਾਹਮਣੇ ਹੈ। ਹੋਰ ਜ਼ਨਾਨੀਆਂ ਨੂੰ ਕਿਹੋ ਜਿਹਾ ਜੀਵਨ ਮਿਲਣਾ ਚਾਹੀਦਾ ਹੈ, ਇਹ ਸਿਖਣ ਵਿਚ, ਮੈਂ ਕਹਿੰਦੀ ਹਾਂ, ਮੇਰੀ ਇਸ ਮੂਰਤ ਦਾ ਹਿੱਸਾ ਹੈ।”
ਮਲਿੰਗਟਨ ਚੁੱਪ ਹੋ ਗਿਆ ਤੇ ਸਿੱਧਾ ਹੋਟਲ ਦੀ ਸਾਹਮਣੀ ਕੰਧ ਵਲ ਵੇਖੀ ਗਿਆ। ਉਹ ਸ਼ਾਇਦ ਉਸ ਨੂੰ ਆਪਣੇ ਪਿੰਡਾਂ ਵਿਚ ਵਿਚਰਦੀ ਨੂੰ ਵੇਖ ਰਿਹਾ ਸੀ, ਕਦੀ ਸਾਈਕਲ ਉਤੇ, ਕਦੀ ਟਾਂਗੇ ਉਤੇ। ਕਿਸ ਤਰ੍ਹਾਂ ਪਿੰਡ ਦੇ ਬੁੱਢੇ ਕਿਰਸਾਨਾਂ ਲਈ ਉਹ ਇਕ ਆਦਰਸ਼ਕ ਇਸਤਰੀ ਦੀ ਮੂਰਤ ਸੀ।
“ਉਹ! ਮੈਂ ਕਿੰਨੇ ਗਪੌੜ ਛੱਡੇ ਨੇ! ਕੋਈ ਸੰਗ ਸ਼ਰਮ ਸਾਡੇ ਹਿੰਦੁਸਤਾਨੀਆਂ ਦੇ ਨੇੜਿਓਂ ਨਹੀਂ ਲੰਘੀ।” ਉਸ ਨੇ ਮਲਿੰਗਟਨ ਨੂੰ ਆਪਣੇ ਨਾਲ ਰੁਝਿਆਂ ਅਨੁਭਵ ਕਰ ਕੇ ਕਿਹਾ। “ਚੰਗਾ, ਹੁਣ ਮੈਨੂੰ ਆਗਿਆ ਦਿਓ। ਅੱਜ ਤੁਸਾਂ ਮੈਥੋਂ ਕਿਹੋ ਜਿਹੀਆਂ ਗੱਲਾਂ ਕਰਵਾਈਆਂ ਨੇ!” ਉਸ ਨੇ ਉਠ ਕੇ ਖਲੋਂਦੀ ਹੋਈ ਮੈਨੂੰ ਕਿਹਾ।
ਹੋਟਲ ਦੇ ਬਰਾਂਡੇ ਵਿਚ ਆ ਕੇ ਅਸਾਂ ਉਸ ਨੂੰ ਵਿਦਾ ਕੀਤਾ।
ਜਦੋਂ ਉਹ ਕੁਝ ਦੂਰ ਚਲੀ ਗਈ ਤਾਂ ਮਲਿੰਗਟਨ ਨੇ ਫਿਰ ਪਹਿਲੇ ਵਾਂਗ ਹੱਥ ਜੋੜ ਕੇ ਮੱਥਾ ਟੇਕਿਆ।
“ਤੂੰ ਕਿਸ ਨੂੰ ਨਮਸਕਾਰ ਕੀਤੀ ਹੈ?” ਮੈਂ ਪੁੱਛਿਆ।
“ਉਸ ਇਸਤਰੀ ਨੂੰ।”
“ਤੂੰ ਕਹਿੰਦਾ ਸੈਂ, ਮੈਂ ਕਿਸੇ ਪ੍ਰਾਣੀ ਨੂੰ ਇਸ ਤਰ੍ਹਾਂ ਦੀ ਨਮਸਕਾਰ ਨਹੀਂ ਕਰਦਾ।”
“ਨਹੀਂ, ਇਹ ਕੋਈ ਇਕੱਲਾ ਪ੍ਰਾਣੀ ਨਹੀਂ ਹੈ। ਇਹ ਤੇ ਇਕ ਲਹਿਰ ਵਾਂਗ ਹੈ, ਇਕ ਹਵਾ ਹੈ, ਇਕ ਰੰਗ ਹੈ; ਅਸਲ ਵਿਚ ਇਹ ਤੁਹਾਡਾ ਨਵਾਂ ਭਾਰਤ ਹੈ।”

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ