Nangian Aawazan (Story in Punjabi) : Saadat Hasan Manto

ਨੰਗੀਆਂ ਆਵਾਜ਼ਾਂ (ਕਹਾਣੀ) : ਸਆਦਤ ਹਸਨ ਮੰਟੋ

ਭੋਲੂ ਅਤੇ ਗਾਮਾ ਦੋ ਭਾਈ ਸਨ। ਬੇਹੱਦ ਮਿਹਨਤੀ। ਭੋਲੂ ਕਲਈਗਰ ਸੀ। ਸਵੇਰੇ ਫੂਕਣੀ ਸਿਰ ਉੱਤੇ ਰੱਖ ਕੇ ਨਿਕਲਦਾ ਅਤੇ ਦਿਨ ਭਰ ਸ਼ਹਿਰ ਦੀਆਂ ਗਲੀਆਂ ਵਿੱਚ “ਭਾਂਡੇ ਕਲਈ ਕਰਾ ਲਓ” ਦੇ ਹੋਕੇ ਲਗਾਉਂਦਾ ਰਹਿੰਦਾ। ਸ਼ਾਮ ਨੂੰ ਘਰ ਪਰਤਦਾ ਤਾਂ ਉਸ ਦੇ ਤਹਿਬੰਦ ਦੀ ਡੱਬ ਵਿੱਚ ਤਿੰਨ ਚਾਰ ਰੁਪਏ ਦਾ ਕਰਿਆਨਾ ਜਰੂਰ ਹੁੰਦਾ। ਗਾਮਾ ਖ਼ਵਾਂਚਾ ਫ਼ਰੋਸ਼ ਸੀ। ਉਸ ਨੂੰ ਵੀ ਦਿਨ ਭਰ ਛਾਬੜੀ ਸਿਰ ਉੱਤੇ ਚੁੱਕੇ ਘੁੰਮਣਾ ਪੈਂਦਾ ਸੀ। ਤਿੰਨ ਚਾਰ ਰੁਪਏ ਉਹ ਵੀ ਕਮਾ ਲੈਂਦਾ ਸੀ। ਮਗਰ ਉਸ ਨੂੰ ਸ਼ਰਾਬ ਦੀ ਭੈੜੀ ਆਦਤ ਸੀ। ਸ਼ਾਮ ਨੂੰ ਦੀਨੇ ਦੇ ਭਟਿਆਰਖ਼ਾਨੇ ਤੋਂ ਖਾਣਾ ਖਾਣ ਤੋਂ ਪਹਿਲਾਂ ਇੱਕ ਪਊਆ ਸ਼ਰਾਬ ਦਾ ਉਸਨੂੰ ਜ਼ਰੂਰ ਚਾਹੀਦਾ ਹੈ ਸੀ। ਪੀਣ ਦੇ ਬਾਅਦ ਉਹ ਖ਼ੂਬ ਚਹਿਕਦਾ। ਦੀਨੇ ਦੇ ਭਟਿਆਰ ਖ਼ਾਨੇ ਵਿੱਚ ਰੌਣਕ ਲੱਗ ਜਾਂਦੀ। ਸਭ ਨੂੰ ਪਤਾ ਸੀ ਕਿ ਉਹ ਪੀਂਦਾ ਹੈ ਅਤੇ ਇਸ ਦੇ ਸਹਾਰੇ ਜੀਂਦਾ ਹੈ।

ਭੋਲੂ ਨੇ ਗਾਮਾ ਨੂੰ ਜੋ ਕਿ ਉਸ ਤੋਂ ਦੋ ਸਾਲ ਵੱਡਾ ਸੀ ਬਹੁਤ ਸਮਝਾਇਆ ਕਿ ਵੇਖੋ ਇਹ ਸ਼ਰਾਬ ਦੀ ਲਤ ਬਹੁਤ ਬੁਰੀ ਹੈ। ਸ਼ਾਦੀਸ਼ੁਦਾ ਹੈਂ, ਬੇਕਾਰ ਪੈਸਾ ਬਰਬਾਦ ਕਰਦਾ ਹੈਂ। ਇਹੀ ਜੋ ਤੂੰ ਹਰ ਰੋਜ ਇੱਕ ਪਊਆ ਸ਼ਰਾਬ ਉੱਤੇ ਖ਼ਰਚ ਕਰਦਾ ਹੈਂ ਬਚਾ ਕੇ ਰੱਖੇਂ ਤਾਂ ਭਾਬੀ ਠਾਠ ਨਾਲ ਰਿਹਾ ਕਰੇ। ਨੰਗੀ ਬੁੱਚੀ ਚੰਗੀ ਲੱਗਦੀ ਹੈ ਤੈਨੂੰ ਆਪਣੀ ਘਰ ਵਾਲੀ। ਗਾਮਾ ਨੇ ਇਸ ਕੰਨ ਸੁਣਿਆ ਉਸ ਕੰਨ ਕੱਢ ਦਿੱਤਾ। ਭੋਲੂ ਜਦੋਂ ਥੱਕ ਹਾਰ ਗਿਆ ਤਾਂ ਉਸ ਨੇ ਕਹਿਣਾ ਸੁਣਨਾ ਹੀ ਛੱਡ ਦਿੱਤਾ।

ਦੋਨੋਂ ਮੁਹਾਜਿਰ ਸਨ। ਇੱਕ ਵੱਡੀ ਬਿਲਡਿੰਗ ਦੇ ਨਾਲ ਸਰਵੈਂਟ ਕੁਆਟਰ ਸਨ। ਉਨ੍ਹਾਂ ਤੇ ਜਿੱਥੇ ਹੋਰਾਂ ਨੇ ਕਬਜਾ ਜਮਾ ਰੱਖਿਆ ਸੀ, ਉੱਥੇ ਉਨ੍ਹਾਂ ਦੋਨੋਂ ਭਾਈਆਂ ਨੇ ਵੀ ਇੱਕ ਕੁਆਟਰ ਨੂੰ ਜੋ ਕਿ ਦੂਜੀ ਮੰਜ਼ਿਲ ਉੱਤੇ ਸੀ ਆਪਣੀ ਰਿਹਾਇਸ਼ ਲਈ ਮਹਿਫ਼ੂਜ਼ ਕਰ ਲਿਆ ਸੀ।

ਸਰਦੀਆਂ ਆਰਾਮ ਨਾਲ ਬੀਤ ਗਈਆਂ। ਗਰਮੀਆਂ ਆਈਆਂ ਤਾਂ ਗਾਮੇ ਨੂੰ ਬਹੁਤ ਤਕਲੀਫ ਹੋਈ। ਭੋਲੂ ਤਾਂ ਉੱਪਰ ਕੋਠੇ ਉੱਤੇ ਮੰਜਾ ਵਿਛਾ ਕੇ ਸੌਂ ਜਾਂਦਾ ਸੀ। ਗਾਮਾ ਕੀ ਕਰਦਾ। ਪਤਨੀ ਸੀ। ਅਤੇ ਉੱਪਰੋਂ ਪਰਦੇ ਦਾ ਕੋਈ ਬੰਦੋਬਸਤ ਹੀ ਨਹੀਂ ਸੀ। ਇੱਕ ਗਾਮਾ ਹੀ ਨੂੰ ਇਹ ਤਕਲੀਫ ਨਹੀਂ ਸੀ। ਕਵਾਟਰਾਂ ਵਿੱਚ ਜੋ ਵੀ ਸ਼ਾਦੀਸ਼ੁਦਾ ਸੀ ਉਹ ਵੀ ਇਸ ਮੁਸੀਬਤ ਵਿੱਚ ਗਿਰਫਤਾਰ ਸੀ।

ਕੱਲਨ ਨੂੰ ਇੱਕ ਗੱਲ ਸੁੱਝੀ। ਉਸ ਨੇ ਕੋਠੇ ਉੱਤੇ ਕੋਨੇ ਵਿੱਚ ਆਪਣੀ ਅਤੇ ਆਪਣੀ ਪਤਨੀ ਦੀ ਚਾਰਪਾਈ ਦੇ ਇਰਦ ਗਿਰਦ ਟਾਟ ਤਾਣ ਦਿੱਤਾ। ਇਸ ਤਰ੍ਹਾਂ ਪਰਦੇ ਦਾ ਇੰਤਜ਼ਾਮ ਹੋ ਗਿਆ। ਕੱਲਨ ਦੀ ਵੇਖਾ ਵੇਖੀ ਦੂਸਰਿਆਂ ਨੇ ਵੀ ਇਸ ਤਰਕੀਬ ਤੋਂ ਕੰਮ ਲਿਆ। ਭੋਲੂ ਨੇ ਭਾਈ ਦੀ ਮਦਦ ਕੀਤੀ ਅਤੇ ਕੁਝ ਦਿਨਾਂ ਹੀ ਵਿੱਚ ਬਾਂਸ ਵਗ਼ੈਰਾ ਗੱਡ ਕੇ ਟਾਟ ਅਤੇ ਕੰਬਲ ਜੋੜ ਕੇ ਪਰਦੇ ਦਾ ਇੰਤਜ਼ਾਮ ਕਰ ਦਿੱਤਾ। ਇਵੇਂ ਹਵਾ ਤਾਂ ਰੁਕ ਜਾਂਦੀ ਸੀ ਮਗਰ ਹੇਠਾਂ ਕੁਆਟਰ ਦੇ ਦੋਜਖ ਤੋਂ ਹਰ ਹਾਲਤ ਵਿੱਚ ਇਹ ਜਗ੍ਹਾ ਬਿਹਤਰ ਸੀ। ਪਰ ਕੋਠੇ ਉੱਤੇ ਸੌਣ ਨਾਲ ਭੋਲੂ ਦੀ ਤਬੀਅਤ ਵਿੱਚ ਇੱਕ ਅਜੀਬ ਇਨਕਲਾਬ ਹੋ ਗਿਆ। ਉਹ ਸ਼ਾਦੀ ਵਿਆਹ ਦਾ ਬਿਲਕੁੱਲ ਕਾਇਲ ਨਹੀਂ ਸੀ। ਉਸ ਨੇ ਦਿਲ ਵਿੱਚ ਅਹਿਦ ਕਰ ਰੱਖਿਆ ਸੀ ਕਿ ਇਹ ਜੰਜਾਲ ਕਦੇ ਗਲ਼ ਨਹੀਂ ਪਾਵੇਗਾ। ਜਦੋਂ ਗਾਮਾ ਕਦੇ ਉਸ ਦੇ ਵਿਆਹ ਦੀ ਗੱਲ ਛੇੜਦਾ ਤਾਂ ਉਹ ਕਿਹਾ ਕਰਦਾ, “ਨਾ ਭਾਈ। ਮੈਂ ਆਪਣੇ ਨਰਦਏ ਪਿੰਡੇ ਉੱਤੇ ਜੋਂਕਾਂ ਨਹੀਂ ਲੁਆਉਣਾ ਚਾਹੁੰਦਾ।” ਲੇਕਿਨ ਜਦੋਂ ਗਰਮੀਆਂ ਆਈਆਂ ਅਤੇ ਉਸ ਨੇ ਉੱਪਰ ਮੰਜਾ ਵਿਛਾ ਕੇ ਸੌਣਾ ਸ਼ੁਰੂ ਕੀਤਾ ਤਾਂ ਦਸ ਪੰਦਰਾਂ ਦਿਨ ਹੀ ਵਿੱਚ ਉਸ ਦੇ ਖ਼ਿਆਲ ਬਦਲ ਗਏ। ਇੱਕ ਸ਼ਾਮ ਨੂੰ ਦੀਨੇ ਦੇ ਭਟਿਆਰ ਖ਼ਾਨੇ ਵਿੱਚ ਉਸ ਨੇ ਆਪਣੇ ਭਾਈ ਨੂੰ ਕਿਹਾ। “ਮੇਰੀ ਸ਼ਾਦੀ ਕਰ ਦੋ, ਨਹੀਂ ਤਾਂ ਮੈਂ ਪਾਗਲ ਹੋ ਜਾਵਾਂਗਾ।”

ਗਾਮਾ ਨੇ ਜਦੋਂ ਇਹ ਸੁਣਿਆ ਤਾਂ ਉਸ ਨੇ ਕਿਹਾ, “ਇਹ ਕੀ ਮਜ਼ਾਕ ਸੁੱਝਿਆ ਹੈ ਤੈਨੂੰ।”

ਭੋਲੂ ਬਹੁਤ ਗੰਭੀਰ ਹੋ ਗਿਆ। “ਤੈਨੂੰ ਨਹੀਂ ਪਤਾ..... ਪੰਦਰਾਂ ਰਾਤਾਂ ਹੋ ਗਈਆਂ ਨੇ ਮੈਨੂੰ ਜਾਗਦੇ ਹੋਏ।”

ਗਾਮਾ ਨੇ ਪੁੱਛਿਆ। “ਕਿਉਂ ਕੀ ਹੋਇਆ” ?

“ਕੁੱਝ ਨਹੀਂ ਯਾਰ..... ਸੱਜੇ ਖੱਬੇ ਜਿਧਰ ਨਜ਼ਰ ਮਾਰੋ ਕੁੱਝ ਨਾ ਕੁੱਝ ਹੋ ਰਿਹਾ ਹੁੰਦਾ ਹੈ..... ਅਜੀਬ ਅਜੀਬ ਆਵਾਜ਼ਾਂ ਆਉਂਦੀਆਂ ਹਨ। ਨੀਂਦ ਕੀ ਆਵੇਗੀ, ਖ਼ਾਕ!”

ਗਾਮਾ ਜ਼ੋਰ ਨਾਲ ਆਪਣੀਆਂ ਘਣੀਆਂ ਮੁੱਛਾਂ ਵਿੱਚ ਹੱਸਿਆ। “ਭੋਲੂ ਸ਼ਰਮਾ ਗਿਆ। ਉਹ ਜੋ ਕੱਲਨ ਹੈ, ਉਸ ਨੇ ਤਾਂ ਹੱਦ ਹੀ ਕਰ ਦਿੱਤੀ ਹੈ..... ਸਾਲਾ ਰਾਤ ਭਰ ਬਕਵਾਸ ਕਰਦਾ ਰਹਿੰਦਾ ਹੈ। ਉਸ ਦੀ ਪਤਨੀ ਸਾਲੀ ਦੀ ਜ਼ਬਾਨ ਵੀ ਤਾਲੂ ਨਾਲ ਨਹੀਂ ਲੱਗਦੀ..... ਬੱਚੇ ਰੋ ਰਹੇ ਹੁੰਦੇ ਨੇ ਮਗਰ ਉਹ.....”

ਗਾਮਾ ਆਮ ਵਾਂਗ ਨਸ਼ੇ ਵਿੱਚ ਸੀ। ਭੋਲੂ ਗਿਆ ਤਾਂ ਉਸ ਨੇ ਦੀਨੇ ਦੇ ਭਟਿਆਰ ਖ਼ਾਨੇ ਵਿੱਚ ਆਪਣੇ ਸਭ ਵਾਕਿਫਕਾਰਾਂ ਨੂੰ ਖ਼ੂਬ ਚਹਿਕ ਚਹਿਕ ਕੇ ਦੱਸਿਆ ਕਿ ਉਸ ਦੇ ਭਾਈ ਨੂੰ ਅੱਜਕੱਲ੍ਹ ਨੀਂਦ ਨਹੀਂ ਆਉਂਦੀ। ਇਸ ਦਾ ਸਬੱਬ ਜਦੋਂ ਉਸ ਨੇ ਆਪਣੇ ਮਖ਼ਸੂਸ ਅੰਦਾਜ਼ ਵਿੱਚ ਬਿਆਨ ਕੀਤਾ ਤਾਂ ਸੁਣਨ ਵਾਲਿਆਂ ਦੇ ਢਿੱਡ ਵਿੱਚ ਹੱਸ ਹੱਸ ਕੇ ਵੱਟ ਪੈ ਗਏ। ਜਦੋਂ ਇਹ ਲੋਕ ਭੋਲੂ ਨੂੰ ਮਿਲੇ ਤਾਂ ਉਸ ਦਾ ਖ਼ੂਬ ਮਜ਼ਾਕ ਉੜਾਇਆ। ਕੋਈ ਉਸ ਨੂੰ ਪੁੱਛਦਾ। “ਹਾਂ ਭਈ, ਕੱਲਨ ਆਪਣੀ ਪਤਨੀ ਨਾਲ ਕੀ ਗੱਲਾਂ ਕਰਦਾ ਹੈ।” ਕੋਈ ਕਹਿੰਦਾ। “ਮੀਆਂ ਮੁਫ਼ਤ ਵਿੱਚ ਮਜ਼ੇ ਲੈਂਦੇ ਹੋ..... ਸਾਰੀ ਰਾਤ ਫਿਲਮਾਂ ਵੇਖਦੇ ਰਹਿੰਦੇ ਹੋ..... ਸੌ ਫੀਸਦੀ ਗਾਲ੍ਹਾਂ ਬੋਲਦੀਆਂ।”

ਕਈਆਂ ਨੇ ਗੰਦੇ ਗੰਦੇ ਮਜ਼ਾਕ ਕੀਤੇ। ਭੋਲੂ ਚਿੜ ਗਿਆ। ਗਾਮਾ ਸੋਫ਼ੀ ਹਾਲਤ ਵਿੱਚ ਸੀ ਤਾਂ ਉਸ ਨੇ ਉਸ ਨੂੰ ਕਿਹਾ। “ਤੂੰ ਤਾਂ ਯਾਰ ਮੇਰਾ ਮਜ਼ਾਕ ਬਣਾ ਦਿੱਤਾ ਹੈ..... ਵੇਖ ਜੋ ਕੁੱਝ ਮੈਂ ਤੈਨੂੰ ਕਿਹਾ ਉਹ ਝੂਠ ਨਹੀਂ। ਮੈਂ ਇਨਸਾਨ ਹਾਂ। ਖ਼ੁਦਾ ਦੀ ਕਸਮ ਮੈਨੂੰ ਨੀਂਦ ਨਹੀਂ ਆਉਂਦੀ। ਅੱਜ ਵੀਹ ਦਿਨ ਹੋ ਗਏ ਨੇ ਜਾਗਦੇ ਹੋਏ..... ਤੁਸੀਂ ਮੇਰੀ ਸ਼ਾਦੀ ਦਾ ਬੰਦੋਬਸਤ ਕਰ ਦਿਓ, ਵਰਨਾ ਕਸਮ ਪੰਜ ਤਨ-ਏ-ਪਾਕ ਦੀ ਮੇਰਾ ਖਾਨਾ ਖ਼ਰਾਬ ਹੋ ਜਾਵੇਗਾ..... ਭਾਬੀ ਦੇ ਕੋਲ ਮੇਰਾ ਪੰਜ ਸੌ ਰੁਪਿਆ ਜਮਾਂ ਹੈ..... ਜਲਦੀ ਕਰ ਦੋ ਬੰਦੋਬਸਤ!” ਗਾਮਾ ਨੇ ਮੁਛ ਮਰੋੜ ਕੇ ਪਹਿਲਾਂ ਕੁੱਝ ਸੋਚਿਆ ਫਿਰ ਕਿਹਾ, “ਅੱਛਾ ਹੋ ਜਾਵੇਗਾ ਬੰਦੋਬਸਤ। ਤੇਰੀ ਭਾਬੀ ਨਾਲ ਅੱਜ ਹੀ ਗੱਲ ਕਰਦਾ ਹਾਂ ਕਿ ਉਹ ਆਪਣੀਆਂ ਮਿਲਣ ਵਾਲੀਆਂ ਕੋਲੋਂ ਪੁੱਛਗਿਛ ਕਰੇ।”

ਡੇਢ ਮਹੀਨੇ ਦੇ ਅੰਦਰ ਅੰਦਰ ਗੱਲ ਪੱਕੀ ਹੋ ਗਈ। ਸਮਦ ਕਲਈਗ਼ਰ ਦੀ ਕੁੜੀ ਆਈਸ਼ਾ ਗਾਮਾ ਦੀ ਪਤਨੀ ਨੂੰ ਬਹੁਤ ਪਸੰਦ ਆਈ। ਖ਼ੂਬਸੂਰਤ ਸੀ। ਘਰ ਦਾ ਕੰਮ ਕਾਜ ਜਾਣਦੀ ਸੀ। ਉਂਜ ਸਮਦ ਵੀ ਸ਼ਰੀਫ ਸੀ। ਮੁਹੱਲੇ ਵਾਲੇ ਉਸ ਦੀ ਇੱਜ਼ਤ ਕਰਦੇ ਸਨ। ਭੋਲੂ ਮਿਹਨਤੀ ਸੀ। ਤੰਦਰੁਸਤ ਸੀ। ਜੂਨ ਦੇ ਅੱਧ ਵਿੱਚ ਵਿਆਹ ਦੀ ਤਾਰੀਖ ਮੁਕੱਰਰ ਹੋ ਗਈ। ਸਮਦ ਨੇ ਬਹੁਤ ਕਿਹਾ ਕਿ ਉਹ ਕੁੜੀ ਨੂੰ ਇਨ੍ਹਾਂ ਗਰਮੀਆਂ ਵਿੱਚ ਨਹੀਂ ਵਿਆਹੇਗਾ ਮਗਰ ਭੋਲੂ ਨੇ ਜਦੋਂ ਜ਼ੋਰ ਦਿੱਤਾ ਤਾਂ ਉਹ ਮੰਨ ਗਿਆ।

ਵਿਆਹ ਤੋਂ ਚਾਰ ਦਿਨ ਪਹਿਲਾਂ ਭੋਲੂ ਨੇ ਆਪਣੀ ਦੁਲਹਨ ਲਈ ਉੱਪਰ ਕੋਠੇ ਉੱਤੇ ਟਾਟ ਦੇ ਪਰਦੇ ਦਾ ਬੰਦੋਬਸਤ ਕੀਤਾ। ਬਾਂਸ ਬੜੀ ਮਜ਼ਬੂਤੀ ਨਾਲ ਫ਼ਰਸ਼ ਵਿੱਚ ਗੱਡੇ। ਟਾਟ ਖ਼ੂਬ ਕਸ ਕੇ ਲਗਾਇਆ। ਚਾਰਪਾਈਆਂ ਉੱਤੇ ਨਵੇਂ ਖੇਸ ਵਿਛਾਏ। ਨਵੀਂ ਸੁਰਾਹੀ ਮੁੰਡੇਰ ਉੱਤੇ ਰੱਖੀ। ਸ਼ੀਸ਼ੇ ਦਾ ਗਲਾਸ ਬਾਜ਼ਾਰ ਤੋਂ ਖ਼ਰੀਦਿਆ। ਸਭ ਕੰਮ ਉਸ ਨੇ ਬੜੀ ਤਸੱਲੀ ਨਾਲ ਕੀਤੇ। ਰਾਤ ਨੂੰ ਜਦੋਂ ਉਹ ਟਾਟ ਦੇ ਪਰਦੇ ਵਿੱਚ ਘਿਰ ਕੇ ਸੁੱਤਾ ਤਾਂ ਉਸ ਨੂੰ ਅਜੀਬ ਜਿਹਾ ਲੱਗਿਆ। ਉਹ ਖੁੱਲੀ ਹਵਾ ਵਿੱਚ ਸੌਣ ਦਾ ਆਦੀ ਸੀ ਮਗਰ ਹੁਣ ਉਸ ਨੇ ਆਦਤ ਪਾਉਣੀ ਸੀ। ਇਹੀ ਵਜ੍ਹਾ ਇਹ ਕਿ ਵਿਆਹ ਤੋਂ ਚਾਰ ਦਿਨ ਪਹਿਲਾਂ ਹੀ ਉਸ ਨੇ ਇਵੇਂ ਸੌਣਾ ਸ਼ੁਰੂ ਕਰ ਦਿੱਤਾ। ਪਹਿਲੀ ਰਾਤ ਜਦੋਂ ਉਹ ਲਿਟਿਆ ਅਤੇ ਉਸ ਨੇ ਆਪਣੀ ਪਤਨੀ ਦੇ ਬਾਰੇ ਵਿੱਚ ਸੋਚਿਆ ਤਾਂ ਉਹ ਮੁੜ੍ਹਕੇ ਨਾਲ ਤਰ-ਬ-ਤਰ ਹੋ ਗਿਆ। ਉਸ ਦੇ ਕੰਨਾਂ ਵਿੱਚ ਉਹ ਆਵਾਜ਼ਾਂ ਗੂੰਜਣ ਲੱਗੀਆਂ ਜੋ ਉਸਨੂੰ ਸੌਣ ਨਹੀਂ ਦਿੰਦੀਆਂ ਸਨ ਅਤੇ ਉਸ ਦੇ ਦਿਮਾਗ਼ ਵਿੱਚ ਤਰ੍ਹਾਂ ਤਰ੍ਹਾਂ ਦੇ ਪਰੇਸ਼ਾਨ ਖ਼ਿਆਲ ਦੌੜਾਉਂਦੀਆਂ ਸਨ।

ਕੀ ਉਹ ਵੀ ਇਹੋ ਜਿਹੀਆਂ ਹੀ ਆਵਾਜ਼ਾਂ ਪੈਦਾ ਕਰੇਗਾ ? ..... ਕੀ ਨੇੜੇ ਤੇੜੇ ਦੇ ਲੋਕ ਇਹ ਆਵਾਜ਼ਾਂ ਸੁਣਨਗੇ। ਕੀ ਉਹ ਵੀ ਉਸ ਦੇ ਵਾਂਗ ਰਾਤਾਂ ਜਾਗ ਜਾਗ ਕੇ ਕੱਟਣਗੇ। ਕਿਸੇ ਨੇ ਜੇਕਰ ਝਾਕ ਕੇ ਵੇਖ ਲਿਆ ਤਾਂ ਕੀ ਹੋਵੇਗਾ ?

ਭੋਲੂ ਪਹਿਲਾਂ ਤੋਂ ਵੀ ਜ਼ਿਆਦਾ ਪਰੇਸ਼ਾਨ ਹੋ ਗਿਆ। ਹਰ ਵਕਤ ਉਸ ਨੂੰ ਇਹੀ ਗੱਲ ਸਤਾਂਦੀ ਰਹਿੰਦੀ ਕਿ ਟਾਟ ਦਾ ਪਰਦਾ ਵੀ ਕੋਈ ਪਰਦਾ ਹੈ, ਫਿਰ ਚਾਰੇ ਤਰਫ਼ ਲੋਕ ਬਿਖਰੇ ਪਏ ਹਨ। ਰਾਤ ਦੀ ਖ਼ਾਮੋਸ਼ੀ ਵਿੱਚ ਹਲਕੀ ਜਿਹੀ ਸਰਗੋਸ਼ੀ ਵੀ ਦੂਜੇ ਕੰਨਾਂ ਤੱਕ ਪੁੱਜ ਜਾਂਦੀ ਹੈ..... ਲੋਕ ਕਿਵੇਂ ਇਹ ਨੰਗੀ ਜ਼ਿੰਦਗੀ ਬਸਰ ਕਰਦੇ ਹਨ..... ਇੱਕ ਕੋਠਾ ਹੈ। ਇਸ ਚਾਰਪਾਈ ਉੱਤੇ ਪਤਨੀ ਲੇਟੀ ਹੈ। ਇਸ ਚਾਰਪਾਈ ਉੱਤੇ ਖਾਵੰਦ ਪਿਆ ਹੈ। ਸੈਂਕੜੇ ਅੱਖਾਂ, ਸੈਂਕੜੇ ਕੰਨ ਨੇੜੇ ਤੇੜੇ ਖੁੱਲੇ ਹਨ। ਨਜ਼ਰ ਨਾ ਆਉਣ ਤੇ ਵੀ ਆਦਮੀ ਸਭ ਕੁੱਝ ਦੇਖ ਲੈਂਦਾ ਹੈ। ਹਲਕੀ ਜਿਹੀ ਆਹਟ ਨਾਲ ਪੂਰੀ ਤਸਵੀਰ ਬਣ ਕੇ ਸਾਹਮਣੇ ਆ ਜਾਂਦੀ ਹੈ..... ਇਹ ਟਾਟ ਦਾ ਪਰਦਾ ਕੀ ਹੈ। ਸੂਰਜ ਨਿਕਲਦਾ ਹੈ ਤਾਂ ਉਸ ਦੀ ਰੋਸ਼ਨੀ ਸਾਰੀਆਂ ਚੀਜਾਂ ਬੇਨਕਾਬ ਕਰ ਦਿੰਦੀ ਹੈ। ਔਹ ਸਾਹਮਣੇ ਕੱਲਨ ਆਪਣੀ ਪਤਨੀ ਦੀਆਂ ਛਾਤੀਆਂ ਦਬਾ ਰਿਹਾ ਹੈ। ਔਸ ਕੋਨੇ ਵਿੱਚ ਉਸ ਦਾ ਭਾਈ ਗਾਮਾ ਲਿਟਿਆ ਹੈ। ਤਹਿਬੰਦ ਖੁੱਲ੍ਹ ਕੇ ਇੱਕ ਤਰਫ਼ ਪਿਆ ਹੈ। ਉੱਧਰ ਅਬਦੂ ਹਲਵਾਈ ਦੀ ਕੰਵਾਰੀ ਧੀ ਸ਼ਾਮਾਂ ਦਾ ਢਿੱਡ ਛਿਦਰੇ ਟਾਟ ਵਿੱਚੋਂ ਝਾਕ ਝਾਕ ਕੇ ਵੇਖ ਰਿਹਾ ਹੈ।

ਵਿਆਹ ਦਾ ਦਿਨ ਆਇਆ ਤਾਂ ਭੋਲੂ ਦਾ ਜੀ ਚਾਹਿਆ ਕਿ ਉਹ ਕਿਤੇ ਭੱਜ ਜਾਵੇ ਮਗਰ ਕਿੱਥੇ ਜਾਂਦਾ। ਹੁਣ ਤਾਂ ਉਹ ਜਕੜਿਆ ਜਾ ਚੁੱਕਿਆ ਸੀ। ਗਾਇਬ ਹੋ ਜਾਂਦਾ ਤਾਂ ਸਮਦ ਜ਼ਰੂਰ ਖੁਦਕੁਸ਼ੀ ਕਰ ਲੈਂਦਾ। ਉਸ ਦੀ ਕੁੜੀ ਤੇ ਨਾ ਜਾਣੇ ਕੀ ਗੁਜਰਦੀ। ਜੋ ਤੂਫਾਨ ਮਚਦਾ ਉਹ ਵੱਖ।

“ਅੱਛਾ ਜੋ ਹੁੰਦਾ ਹੈ ਹੋਣ ਦਿਓ..... ਮੇਰੇ ਸਾਥੀ ਹੋਰ ਵੀ ਤਾਂ ਹਨ।” ਆਹਿਸਤਾ ਆਹਿਸਤਾ ਆਦਤ ਹੋ ਜਾਵੇਗੀ, ਮੈਨੂੰ ਵੀ..... " ਭੋਲੂ ਨੇ ਖ਼ੁਦ ਨੂੰ ਢਾਰਸ ਦਿੱਤੀ ਅਤੇ ਆਪਣੀ ਨਵੀਂ ਨਵੇਲੀ ਦੁਲਹਨ ਦੀ ਡੋਲੀ ਘਰ ਲੈ ਆਇਆ।

ਕਵਾਟਰਾਂ ਵਿੱਚ ਚਹਿਲ ਪਹਿਲ ਪੈਦਾ ਹੋ ਗਈ। ਲੋਕਾਂ ਨੇ ਭੋਲੂ ਅਤੇ ਗਾਮਾ ਨੂੰ ਖ਼ੂਬ ਮੁਬਾਰਕਾਂ ਦਿੱਤੀਆਂ। ਭੋਲੂ ਦੇ ਜੋ ਖਾਸ ਦੋਸਤ ਸਨ, ਉਨ੍ਹਾਂ ਨੇ ਉਸ ਨੂੰ ਛੇੜਿਆ ਅਤੇ ਪਹਿਲੀ ਰਾਤ ਲਈ ਕਈ ਕਾਮਯਾਬ ਗੁਰ ਦੱਸੇ। ਭੋਲੂ ਖ਼ਾਮੋਸ਼ੀ ਨਾਲ ਸੁਣਦਾ ਰਿਹਾ। ਉਸ ਦੀ ਭਾਬੀ ਨੇ ਉੱਪਰ ਕੋਠੇ ਉੱਤੇ ਟਾਟ ਦੇ ਪਰਦਿਆਂ ਦੇ ਹੇਠਾਂ ਬਿਸਤਰ ਦਾ ਬੰਦੋਬਸਤ ਕਰ ਦਿੱਤਾ। ਗਾਮਾ ਨੇ ਚਾਰ ਮੋਤੀਏ ਦੇ ਵੱਡੇ ਵੱਡੇ ਹਾਰ ਤਕੀਏ ਦੇ ਕੋਲ ਰੱਖ ਦਿੱਤੇ। ਇੱਕ ਦੋਸਤ ਉਸ ਲਈ ਜਲੇਬੀਆਂ ਵਾਲਾ ਦੁੱਧ ਲੈ ਆਇਆ।

ਦੇਰ ਤੱਕ ਉਹ ਹੇਠਾਂ ਕੁਆਟਰ ਵਿੱਚ ਆਪਣੀ ਦੁਲਹਨ ਦੇ ਕੋਲ ਬੈਠਾ ਰਿਹਾ। ਉਹ ਬੇਚਾਰੀ ਸ਼ਰਮ ਦੀ ਮਾਰੀ ਸਰ ਨਿਓੜਾਏ, ਘੁੰਗਟ ਕਢੀ ਸਿਮਟੀ ਹੋਈ ਸੀ। ਸਖ਼ਤ ਗਰਮੀ ਸੀ। ਭੋਲੂ ਦਾ ਨਵਾਂ ਕੁੜਤਾ ਉਸ ਦੇ ਜਿਸਮ ਦੇ ਨਾਲ ਚਿਪਕਿਆ ਹੋਇਆ ਸੀ। ਪੱਖਾ ਝਲ ਰਿਹਾ ਸੀ ਮਗਰ ਹਵਾ ਜਿਵੇਂ ਬਿਲਕੁਲ ਗਾਇਬ ਹੀ ਹੋ ਗਈ ਸੀ। ਭੋਲੂ ਨੇ ਪਹਿਲਾਂ ਸੋਚਿਆ ਸੀ ਕਿ ਉਹ ਉੱਪਰ ਕੋਠੇ ਉੱਤੇ ਨਹੀਂ ਜਾਵੇਗਾ। ਹੇਠਾਂ ਕੁਆਟਰ ਵਿੱਚ ਹੀ ਵਿੱਚ ਰਾਤ ਕੱਟੇਗਾ। ਮਗਰ ਜਦੋਂ ਗਰਮੀ ਇੰਤਹਾ ਨੂੰ ਪਹੁੰਚ ਗਈ ਤਾਂ ਉਹ ਉਠਿਆ ਅਤੇ ਦੁਲਹਨ ਨੂੰ ਚਲਣ ਨੂੰ ਕਿਹਾ। ਰਾਤ ਅੱਧੀ ਤੋਂ ਜ਼ਿਆਦਾ ਬੀਤ ਚੁੱਕੀ ਸੀ। ਸਾਰੇ ਕੁਆਟਰ ਖ਼ਾਮੋਸ਼ੀ ਵਿੱਚ ਲਿਪਟੇ ਹੋਏ ਸਨ। ਭੋਲੂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਸਭ ਸੌਂ ਰਹੇ ਹੋਣਗੇ। ਕੋਈ ਉਸ ਨੂੰ ਨਹੀਂ ਵੇਖੇਗਾ। ਚੁਪਚਾਪ ਦੱਬੇ ਕਦਮਾਂ ਨਾਲ ਉਹ ਆਪਣੇ ਟਾਟ ਦੇ ਪਰਦੇ ਦੇ ਪਿੱਛੇ ਆਪਣੀ ਦੁਲਹਨ ਸਮੇਤ ਦਾਖ਼ਲ ਹੋ ਜਾਵੇਗਾ ਅਤੇ ਸਵੇਰੇ ਮੂੰਹ ਹਨੇਰੇ ਹੇਠਾਂ ਉੱਤਰ ਜਾਵੇਗਾ।

ਜਦੋਂ ਉਹ ਕੋਠੇ ਉੱਤੇ ਗਿਆ ਤਾਂ ਬਿਲਕੁਲ ਖ਼ਾਮੋਸ਼ ਸੀ। ਦੁਲਹਨ ਨੇ ਸ਼ਰਮਾਏ ਹੋਏ ਕਦਮ ਚੁੱਕੇ ਤਾਂ ਪਾਜ਼ੇਬ ਦੇ ਨੁਕਰਈ ਘੁੰਗਰੂ ਵੱਜਣ ਲੱਗੇ। ਇੱਕ ਦਮ ਭੋਲੂ ਨੇ ਮਹਿਸੂਸ ਕੀਤਾ ਕਿ ਚਾਰੋਂ ਤਰਫ਼ ਜੋ ਨੀਂਦ ਬਿਖਰੀ ਹੋਈ ਸੀ ਚੌਂਕ ਕੇ ਜਾਗ ਪਈ ਹੈ। ਚਾਰਪਾਈਆਂ ਉੱਤੇ ਲੋਕ ਕਰਵਟਾਂ ਬਦਲਣ ਲੱਗੇ, ਖੰਘਣ, ਖੰਘਾਰਨ ਦੀਆਂ ਆਵਾਜ਼ਾਂ ਏਧਰ ਉੱਧਰ ਉਭਰੀਆਂ। ਦੱਬੀਆਂ ਦੱਬੀਆਂ ਸਰਗੋਸ਼ੀਆਂ ਇਸ ਤਪੀ ਹੋਈ ਫ਼ਜ਼ਾ ਵਿੱਚ ਤੈਰਨ ਲੱਗੀਆਂ। ਭੋਲੂ ਨੇ ਘਬਰਾ ਕੇ ਆਪਣੀ ਪਤਨੀ ਦਾ ਹੱਥ ਫੜਿਆ ਅਤੇ ਤੇਜ਼ੀ ਨਾਲ ਟਾਟ ਦੀ ਓਟ ਵਿੱਚ ਚਲਾ ਗਿਆ। ਦੱਬੀ ਦੱਬੀ ਹਾਸੀ ਦੀ ਆਵਾਜ਼ ਉਸ ਦੇ ਕੰਨਾਂ ਦੇ ਨਾਲ ਟਕਰਾਈ। ਉਸ ਦੀ ਬੇਚੈਨੀ ਵਿੱਚ ਵਾਧਾ ਹੋ ਗਿਆ। ਪਤਨੀ ਨਾਲ ਗੱਲ ਕੀਤੀ ਤਾਂ ਕੋਲ ਹੀ ਖੁਸਰ ਫੁਸਰ ਸ਼ੁਰੂ ਹੋ ਗਈ। ਦੂਰ ਕੋਨੇ ਵਿੱਚ ਜਿੱਥੇ ਕੱਲਨ ਦੀ ਜਗ੍ਹਾ ਸੀ। ਉੱਥੇ ਚਾਰਪਾਈ ਦੀ ਚਰਚੂੰ ਚਰਚੂੰ ਹੋਣ ਲੱਗੀ। ਇਹ ਹੌਲੀ ਪਈ ਤਾਂ ਗਾਮਾ ਦੀ ਲੋਹੇ ਦੀ ਚਾਰਪਾਈ ਬੋਲਣ ਲੱਗੀ..... ਈਦੂ ਹਲਵਾਈ ਦੀ ਕੁੰਵਾਰੀ ਕੁੜੀ ਸ਼ਾਦਾਂ ਨੇ ਦੋ ਤਿੰਨ ਵਾਰ ਉਠ ਕੇ ਪਾਣੀ ਪੀਤਾ। ਘੜੇ ਦੇ ਨਾਲ ਉਸ ਦਾ ਗਲਾਸ ਟਕਰਾਂਦਾ ਤਾਂ ਇੱਕ ਛੰਨਾਟਾ ਜਿਹਾ ਪੈਦਾ ਹੁੰਦਾ। ਖੈਰੇ ਕਸਾਈ ਦੇ ਮੁੰਡੇ ਦੀ ਚਾਰਪਾਈ ਵਲੋਂ ਵਾਰ ਵਾਰ ਮਾਚਿਸ ਜਲਾਣ ਦੀ ਆਵਾਜ਼ ਆਉਂਦੀ ਸੀ।

ਭੋਲੂ ਆਪਣੀ ਦੁਲਹਨ ਨਾਲ ਕੋਈ ਗੱਲ ਨਹੀਂ ਕਰ ਸਕਿਆ। ਉਸਨੂੰ ਡਰ ਸੀ ਕਿ ਨੇੜੇ ਤੇੜੇ ਦੇ ਖੁੱਲੇ ਹੋਏ ਕੰਨ ਫ਼ੌਰਨ ਉਸ ਦੀ ਗੱਲ ਨਿਗਲ ਜਾਣਗੇ। ਅਤੇ ਸਾਰੀਆਂ ਚਾਰਪਾਈਆਂ ਚਰਚੂੰ ਚਰਚੂੰ ਕਰਨ ਲੱਗਣਗੀਆਂ। ਦਮ ਸਾਧੇ ਉਹ ਖ਼ਾਮੋਸ਼ ਲਿਟਿਆ ਰਿਹਾ। ਕਦੇ ਕਦੇ ਸਹਿਮੀ ਹੋਈ ਨਜ਼ਰ ਨਾਲ ਆਪਣੀ ਪਤਨੀ ਦੀ ਤਰਫ਼ ਦੇਖ ਲੈਂਦਾ ਜੋ ਗਠੜੀ ਜਿਹੀ ਬਣੀ ਦੂਜੀ ਚਾਰਪਾਈ ਉੱਤੇ ਲੇਟੀ ਸੀ। ਕੁੱਝ ਦੇਰ ਜਾਗਦੀ ਰਹੀ, ਫਿਰ ਸੌਂ ਗਈ।

ਭੋਲੂ ਨੇ ਚਾਹਿਆ ਕਿ ਉਹ ਵੀ ਸੌਂ ਜਾਵੇ ਮਗਰ ਉਸ ਨੂੰ ਨੀਂਦ ਨਹੀਂ ਆਈ। ਥੋੜ੍ਹੇ ਥੋੜ੍ਹੇ ਵਕਫ਼ਿਆਂ ਦੇ ਬਾਅਦ ਉਸ ਦੇ ਕੰਨਾਂ ਵਿੱਚ ਆਵਾਜ਼ਾਂ ਆਉਂਦੀਆਂ ਸਨ..... ਆਵਾਜ਼ਾਂ ਜੋ ਫ਼ੌਰਨ ਤਸਵੀਰ ਬਣ ਕੇ ਉਸ ਦੀਆਂ ਅੱਖਾਂ ਦੇ ਸਾਹਮਣੇ ਤੋਂ ਲੰਘ ਜਾਂਦੀਆਂ ਸਨ।

ਉਸ ਦੇ ਦਿਲ ਵਿੱਚ ਬੜੇ ਵਲਵਲੇ ਸਨ। ਬਹੁਤ ਜੋਸ਼ ਸੀ। ਜਦੋਂ ਉਸ ਨੇ ਸ਼ਾਦੀ ਦਾ ਇਰਾਦਾ ਕੀਤਾ ਸੀ ਤਾਂ ਉਹ ਸਭ ਲੱਜ਼ਤਾਂ ਜਿਨ੍ਹਾਂ ਤੋਂ ਉਹ ਅਣਜਾਣ ਸੀ ਉਸ ਦੇ ਦਿਲ-ਦਿਮਾਗ਼ ਵਿੱਚ ਚੱਕਰ ਲਗਾਉਂਦੀਆਂ ਰਹਿੰਦੀਆਂ ਸੀ। ਉਸ ਨੂੰ ਗਰਮੀ ਮਹਿਸੂਸ ਹੁੰਦੀ ਸੀ। ਵੱਡੀ ਰਾਹਤ-ਬਖ਼ਸ਼ ਗਰਮੀ, ਮਗਰ ਹੁਣ ਜਿਵੇਂ ਪਹਿਲੀ ਰਾਤ ਵਿੱਚ ਕੋਈ ਦਿਲਚਸਪੀ ਹੀ ਨਹੀਂ ਸੀ। ਉਸ ਨੇ ਰਾਤ ਵਿੱਚ ਕਈ ਵਾਰ ਇਹ ਦਿਲਚਸਪੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਮਗਰ ਆਵਾਜ਼ਾਂ..... ਉਹ ਤਸਵੀਰਾਂ ਖਿੱਚਣ ਵਾਲੀਆਂ ਆਵਾਜ਼ਾਂ ਸਭ ਕੁੱਝ ਦਰਹਮ ਬਰਹਮ ਕਰ ਦਿੰਦੀਆਂ। ਉਹ ਖ਼ੁਦ ਨੂੰ ਨੰਗਾ ਮਹਿਸੂਸ ਕਰਦਾ। ਅਲਿਫ ਨੰਗਾ ਜਿਸ ਨੂੰ ਚਾਰੇ ਤਰਫ਼ ਤੋਂ ਲੋਕ ਅੱਖਾਂ ਫਾੜ ਫਾੜ ਕਰ ਵੇਖ ਰਹੇ ਹਨ ਅਤੇ ਹਸ ਰਹੇ ਹਨ।

ਸਵੇਰੇ ਚਾਰ ਵਜੇ ਦੇ ਕਰੀਬ ਉਹ ਉੱਠਿਆ, ਬਾਹਰ ਨਿਕਲ ਕੇ ਉਸ ਨੇ ਠੰਡੇ ਪਾਣੀ ਦਾ ਇੱਕ ਗਲਾਸ ਪੀਤਾ। ਕੁੱਝ ਸੋਚਿਆ। ਉਹ ਝਿਜਕ ਜੋ ਉਸ ਦੇ ਦਿਲ ਵਿੱਚ ਬੈਠ ਗਈ ਸੀ ਉਸ ਨੂੰ ਕਿਸ ਕਦਰ ਦੂਰ ਕੀਤਾ। ਹੁਣ ਠੰਡੀ ਹਵਾ ਚੱਲ ਰਹੀ ਸੀ ਜੋ ਕਾਫ਼ੀ ਤੇਜ਼ ਸੀ..... ਭੋਲੂ ਦੀਆਂ ਨਜਰਾਂ ਕੋਨੇ ਦੀ ਤਰਫ਼ ਮੁੜੀਆਂ। ਕੱਲਨ ਦਾ ਘਸਿਆ ਹੋਇਆ ਟਾਟ ਹਿੱਲ ਰਿਹਾ ਸੀ। ਉਹ ਆਪਣੀ ਪਤਨੀ ਦੇ ਨਾਲ ਬਿਲਕੁੱਲ ਨੰਗ ਧੜੰਗ ਲਿਟਿਆ ਸੀ। ਭੋਲੂ ਨੂੰ ਬੜੀ ਘਿਣ ਆਈ। ਨਾਲ ਹੀ ਗੁੱਸਾ ਵੀ ਆਇਆ ਕਿ ਹਵਾ ਅਜਿਹੇ ਕੋਠਿਆਂ ਉੱਤੇ ਕਿਉਂ ਚੱਲਦੀ ਹੈ। ਚੱਲਦੀ ਹੈ ਤਾਂ ਟਾਟਾਂ ਨੂੰ ਕਿਉਂ ਛੇੜਦੀ ਹੈ। ਉਸ ਦੇ ਜੀ ਵਿੱਚ ਆਈ ਕਿ ਕੋਠੇ ਉੱਤੇ ਜਿੰਨੇ ਟਾਟ ਹਨ, ਸਭ ਨੋਚ ਲਵੇ ਅਤੇ ਨੰਗਾ ਹੋ ਕੇ ਨੱਚਣ ਲੱਗੇ।

ਭੋਲੂ ਹੇਠਾਂ ਉੱਤਰ ਗਿਆ। ਜਦੋਂ ਕੰਮ ਉੱਤੇ ਨਿਕਲਿਆ ਤਾਂ ਕਈ ਦੋਸਤ ਮਿਲੇ। ਸਭ ਨੇ ਉਸ ਨੂੰ ਪਹਿਲੀ ਰਾਤ ਦੀ ਹੱਡਬੀਤੀ ਪੁੱਛੀ। ਫ਼ੌਜੇ ਦਰਜ਼ੀ ਨੇ ਉਸ ਨੂੰ ਦੂਰ ਹੀ ਤੋਂ ਆਵਾਜ਼ ਦਿੱਤੀ, “ਕਿਉਂ ਉਸਤਾਦ ਭੋਲੂ, ਕਿਵੇਂ ਰਹੇ, ਕਿਤੇ ਸਾਡੇ ਨਾਮ ਉੱਤੇ ਬੱਟਾ ਤਾਂ ਨਹੀਂ ਲਗਾ ਦਿੱਤਾ ਤੂੰ ਨੇ।”

ਛਾਂਗੇ ਟੀਨਸਾਜ਼ ਨੇ ਉਸ ਨੂੰ ਵੱਡੇ ਰਾਜਦਾਰਾਨਾ ਲਹਿਜੇ ਵਿੱਚ ਕਿਹਾ। “ਵੇਖੋ ਜੇਕਰ ਕੋਈ ਗੜਬੜ ਹੈ ਤਾਂ ਦੱਸ ਦੋ। ਇੱਕ ਬਹੁਤ ਅੱਛਾ ਨੁਸਖ਼ਾ ਮੇਰੇ ਕੋਲ ਮੌਜੂਦ ਹੈ।”

ਬਾਲੇ ਨੇ ਉਸ ਦੇ ਮੋਢੇ ਤੇ ਜ਼ੋਰ ਨਾਲ ਧੱਫਾ ਮਾਰਿਆ। “ਕਿਉਂ ਪਹਿਲਵਾਨ, ਕਿਵੇਂ ਰਿਹਾ ਦੰਗਲ?”

ਭੋਲੂ ਤਾਂ ਖ਼ਾਮੋਸ਼ ਰਿਹਾ।

ਸਵੇਰੇ ਉਸ ਦੀ ਪਤਨੀ ਮੈਕੇ ਚੱਲੀ ਗਈ। ਪੰਜ ਛੇ ਰੋਜ ਦੇ ਬਾਅਦ ਵਾਪਸ ਆਈ ਤਾਂ ਭੋਲੂ ਨੂੰ ਫਿਰ ਇਸ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਕੋਠੇ ਉੱਤੇ ਸੌਣ ਵਾਲੇ ਜਿਵੇਂ ਉਸ ਦੀ ਪਤਨੀ ਦੇ ਆਉਣ ਦੀ ਉਡੀਕ ਕਰ ਰਹੇ ਸਨ। ਕੁਝ ਰਾਤਾਂ ਖ਼ਾਮੋਸ਼ ਰਹੀਆਂ ਸੀ ਲੇਕਿਨ ਜਦੋਂ ਉਹ ਉੱਪਰ ਸੁੱਤੇ ਤਾਂ ਉਹੀ ਖੁਸਰ ਫੁਸਰ ਉਹੀ ਚਰਚੂੰ ਚਰਚੂੰ, ਉਹੀ ਖੰਘਣਾ ਖੰਘਾਰਨਾ... ਉਹੀ ਘੜੇ ਦੇ ਨਾਲ ਗਲਾਸ ਦੇ ਟਕਰਾਉਣ ਦੇ ਛਨਾਕੇ..... ਕਰਵਟਾਂ ਉੱਤੇ ਕਰਵਟਾਂ, ਦੱਬੀ ਦੱਬੀ ਹਾਸੀ... ਭੋਲੂ ਸਾਰੀ ਰਾਤ ਆਪਣੀ ਚਾਰਪਾਈ ਉੱਤੇ ਲਿਟਿਆ ਅਸਮਾਨ ਦੀ ਤਰਫ਼ ਵੇਖਦਾ ਰਿਹਾ। ਕਦੇ ਕਦੇ ਇੱਕ ਠੰਡੀ ਆਹ ਭਰ ਕੇ ਆਪਣੀ ਦੁਲਹਨ ਨੂੰ ਦੇਖ ਲੈਂਦਾ ਅਤੇ ਦਿਲ ਵਿੱਚ ਕੁੜ੍ਹਦਾ, ਮੈਨੂੰ ਕੀ ਹੋ ਗਿਆ ਹੈ... ਇਹ ਮੈਨੂੰ ਕੀ ਹੋ ਗਿਆ ਹੈ..... ਇਹ ਮੈਨੂੰ ਕੀ ਹੋ ਗਿਆ ਹੈ।”

ਸੱਤ ਰਾਤਾਂ ਤੱਕ ਇਹੀ ਹੁੰਦਾ ਰਿਹਾ, ਆਖਿਰ ਤੰਗ ਆਕੇ ਭੋਲੂ ਨੇ ਆਪਣੀ ਦੁਲਹਨ ਨੂੰ ਮੈਕੇ ਭੇਜ ਦਿੱਤਾ। ਵੀਹ ਪੱਚੀ ਦਿਨ ਬੀਤ ਗਏ ਤਾਂ ਗਾਮਾ ਨੇ ਭੋਲੂ ਨੂੰਕਿਹਾ। “ਯਾਰ ਤੂੰ ਬੜਾ ਅਜੀਬੋ-ਗਰੀਬ ਆਦਮੀ ਹੈਂ। ਨਵੀਂ ਨਵੀਂ ਸ਼ਾਦੀ ਅਤੇ ਪਤਨੀ ਨੂੰ ਮੈਕੇ ਭੇਜ ਦਿੱਤਾ। ਇੰਨੇ ਦਿਨ ਹੋ ਗਏ ਹਨ ਉਸਨੂੰ ਗਏ ਹੋਏ। ਤੂੰ ਇਕੱਲਾ ਸੌਂਦਾ ਕਿਵੇਂ ਹੈਂ।”

ਭੋਲੂ ਨੇ ਸਿਰਫ ਇੰਨਾ ਕਿਹਾ। “ਠੀਕ ਹੈ?”

ਗਾਮਾ ਨੇ ਪੁੱਛਿਆ। “ਠੀਕ ਕੀ ਹੈ..... ਜੋ ਗੱਲ ਹੈ ਦੱਸੋ। ਕੀ ਤੈਨੂੰ ਪਸੰਦ ਨਹੀਂ ਆਈ ਆਈਸ਼ਾ?”

“ਇਹ ਗੱਲ ਨਹੀਂ ਹੈ।”

“ਇਹ ਗੱਲ ਨਹੀਂ ਹੈ ਤਾਂ ਹੋਰ ਕੀ ਹੈ?”

ਭੋਲੂ ਗੱਲ ਗੋਲ ਕਰ ਗਿਆ`। ਥੋੜ੍ਹੇ ਹੀ ਦਿਨਾਂ ਦੇ ਬਾਅਦ ਉਸ ਦੇ ਭਾਈ ਨੇ ਫਿਰ ਗੱਲ ਛੇੜੀ। ਭੋਲੂ ਉਠ ਕੇ ਕੁਆਟਰ ਦੇ ਬਾਹਰ ਚਲਾ ਗਿਆ। ਚਾਰਪਾਈ ਪਈ ਸੀ ਉਸ ਉੱਤੇ ਬੈਠ ਗਿਆ। ਅੰਦਰੋਂ ਉਸ ਨੂੰ ਆਪਣੀ ਭਾਬੀ ਦੀ ਆਵਾਜ਼ ਸੁਣਾਈ ਦਿੱਤੀ। ਉਹ ਗਾਮੇ ਨੂੰ ਕਹਿ ਰਹੀ ਸੀ। “ਤੁਸੀਂ ਜੋ ਕਹਿੰਦੇ ਹੋ ਨਾ ਕਿ ਭੋਲੂ ਨੂੰ ਆਈਸ਼ਾ ਪਸੰਦ ਨਹੀਂ, ਇਹ ਗ਼ਲਤ ਹੈ।”

ਗਾਮਾ ਦੀ ਆਵਾਜ਼ ਆਈ “ਤਾਂ ਹੋਰ ਕੀ ਗੱਲ ਹੈ..... ਭੋਲੂ ਨੂੰ ਉਸ ਨਾਲ ਕੋਈ ਦਿਲਚਸਪੀ ਹੀ ਨਹੀਂ।”

“ਦਿਲਚਸਪੀ ਕੀ ਹੋਵੇ।”

“ਕਿਉਂ?”

ਗਾਮਾ ਦੀ ਪਤਨੀ ਦਾ ਜਵਾਬ ਭੋਲਾ ਨਹੀਂ ਸੁਣ ਸਕਿਆ ਮਗਰ ਇਸ ਦੇ ਬਾਵਜੂਦ ਉਸ ਨੂੰ ਅਜਿਹਾ ਮਹਿਸੂਸ ਹੋਇਆ ਕਿ ਉਸ ਦੀ ਸਾਰੀ ਹਸਤੀ ਕਿਸੇ ਨੇ ਉੱਖਲੀ ਵਿੱਚ ਪਾ ਕੇ ਕੁੱਟ ਦਿੱਤੀ ਹੋਵੇ। ਇੱਕ ਦਮ ਗਾਮਾ ਉੱਚੀ ਆਵਾਜ਼ ਵਿੱਚ ਬੋਲਿਆ। “ਨਹੀਂ ਨਹੀਂ..... ਇਹ ਤੈਨੂੰ ਕਿਸ ਨੇ ਕਿਹਾ।”

ਗਾਮਾ ਦੀ ਪਤਨੀ ਬੋਲੀ। “ਆਈਸ਼ਾ ਨੇ ਆਪਣੀ ਕਿਸੇ ਸਹੇਲੀ ਕੋਲ ਗੱਲ ਕੀਤੀ..... ਗੱਲ ਉੱਡਦੀ ਉੱਡਦੀ ਮੇਰੇ ਤੱਕ ਪਹੁੰਚ ਗਈ।”

ਵੱਡੀ ਸਦਮੇ ਭਰੀ ਆਵਾਜ਼ ਵਿੱਚ ਗਾਮਾ ਨੇ ਕਿਹਾ। “ਇਹ ਤਾਂ ਬਹੁਤ ਮਾੜਾ ਹੋਇਆ!”

ਭੋਲੂ ਦੇ ਦਿਲ ਵਿੱਚ ਛੁਰੀ ਜਿਹੀ ਫਿਰ ਗਈ। ਉਸ ਦਾ ਦਿਮਾਗ਼ੀ ਤਵਾਜ਼ੁਨ ਵਿਗੜ ਗਿਆ। ਉਠਿਆ ਅਤੇ ਕੋਠੇ ਉੱਤੇ ਚੜ੍ਹ ਕੇ ਜਿੰਨੇ ਟਾਟ ਗਏ ਸੀ ਉਖੇੜਨੇ ਸ਼ੁਰੂ ਕਰ ਦਿੱਤੇ। ਖਟਖਟ ਫਟਫਟ ਸੁਣ ਕੇ ਲੋਕ ਜਮਾਂ ਹੋ ਗਏ। ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੜਨ ਲਗਾ। ਗੱਲ ਵੱਧ ਗਈ। ਕੱਲਨ ਨੇ ਬਾਂਸ, ਉਠਾ ਕੇ ਉਸ ਦੇ ਸਿਰ ਉੱਤੇ ਦੇ ਮਾਰਿਆ। ਭੋਲੂ ਚਕਰਾ ਕੇ ਡਿਗਿਆ ਅਤੇ ਬੇਹੋਸ਼ ਹੋ ਗਿਆ। ਜਦੋਂ ਹੋਸ਼ ਆਈ ਤਾਂ ਉਸ ਦਾ ਦਿਮਾਗ਼ ਚੱਲ ਚੁੱਕਿਆ ਸੀ।

ਅਤੇ ਉਹ ਅਲਿਫ ਨੰਗਾ ਬਜ਼ਾਰਾਂ ਵਿੱਚ ਘੁੰਮਦਾ ਫਿਰਦਾ ਹੈ ਕਿਤੇ ਟਾਟ ਲਟਕਿਆ ਵੇਖਦਾ ਹੈ ਤਾਂ ਉਸ ਨੂੰ ਉਤਾਰ ਕੇ ਟੁਕੜੇ ਟੁਕੜੇ ਕਰ ਦਿੰਦਾ ਹੈ।

(ਅਨੁਵਾਦ : ਚਰਨ ਗਿੱਲ)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ