Naqabil-e-Faramosh (Autobiography) : Diwan Singh Maftoon
ਨਾਕਾਬਿਲੇ-ਫ਼ਰਾਮੋਸ਼ (ਸਵੈਜੀਵਨੀ) : ਦੀਵਾਨ ਸਿੰਘ ਮਫ਼ਤੂਨ
ਕੰਮ ਨਾਲ ਪਿਆਰ
ਐਡੀਟਰ "ਰਿਆਸਤ" ਦੀ ਜਨਮ ਭੂਮੀ ਹਾਫ਼ਿਜ਼ਾਬਾਦ (ਜ਼ਿਲ੍ਹਾ ਗੁਜਰਾਂਵਾਲਾ) ਹੈ । ਇਹ ਉਥੋਂ ਦੇ ਇਕ ਖੰਨਾ ਖੱਤਰੀ ਸਿਖ ਘਰਾਣੇ ਵਿਚ ਪੈਦਾ ਹੋਇਆ । ਘਰਾਣੇ ਦੇ ਬਹੁਤੇ ਆਦਮੀ ਆਮ ਤੌਰ ਤੇ ਨੌਕਰੀ ਪੇਸ਼ਾ ਤੇ ਚੰਗਿਆਂ ਰੁਤਬਿਆਂ ਤੇ ਹਨ ਅਤੇ ਕਈ ਸਰਕਾਰੀ ਖ਼ਿਤਾਬ-ਧਾਰੀ ਵੀ ਹਨ । ਐਡੀਟਰ "ਰਿਆਸਤ" ਦੇ ਪਿਤਾ ਜੀ ਆਪਣੇ ਵੇਲਿਆਂ 'ਚ ਇਕ ਕਾਮਯਾਬ ਡਾਕਟਰ ਸਨ, ਜਿਹੜੇ ਬੰਨੂੰ, ਮੀਆਂਵਾਲੀ ਅਤੇ ਜਿਹਲਮ ਆਦਿ ਵਿਚ ਸਰਕਾਰੀ ਨੌਕਰ ਰਹੇ । ਐਡੀਟਰ "ਰਿਆਸਤ" ਦੀ ਉਮਰ ਇਕ ਮਹੀਨਾ ਦਸਾਂ ਦਿਨਾਂ ਦੀ ਸੀ ਜਦ ਕਿ ਪਿਤਾ ਜੀ ਸੁਰਗਵਾਸ ਹੋ ਗਏ ਅਤੇ ਯਤੀਮੀ ਨਸੀਬ ਹੋਈ । ਉਸ ਵੇਲੇ ਘਰ ਵਿਚ ਕਾਫ਼ੀ ਰੁਪਿਆ, ਗਹਿਣੇ, ਜ਼ਮੀਨ ਅਤੇ ਮਕਾਨ ਸਨ ਕਿਉਂਕਿ ਪਿਤਾ ਜੀ ਨੇ ਆਪਣੇ ਕਾਮਯਾਬ ਜੀਵਨ ਵਿਚ ਕਾਫ਼ੀ ਰੁਪਿਆ ਕਮਾਇਆ ਸੀ। ਪਿਤਾ ਜੀ ਦੇ ਦਿਹਾਂਤ ਪਿਛੋਂ ਰਿਸ਼ਤੇਦਾਰਾਂ ਨੇ ਜ਼ਮੀਨ ਅਤੇ ਮਕਾਨਾਂ ਤੇ ਕਬਜ਼ਾ ਕਰ ਲਿਆ ਅਤੇ ਬਾਰਾਂ ਵਰ੍ਹਿਆਂ ਤਕ ਬਿਨਾਂ ਕਿਸੇ ਆਮਦਨੀ ਦੇ, ਘਰੇਲੂ ਲੋੜਾਂ ਤੇ ਖ਼ਰਚ, ਅਤੇ ਵਡੇ ਭਰਾ ਤੇ ਭੈਣਾਂ ਦੇ ਚਾਰ ਵਿਆਹਾਂ ਤੇ ਰੁਪਿਆ ਖ਼ਰਚ ਹੋਣ ਦਾ ਸਿੱਟਾ ਇਹ ਨਿਕਲਿਆ ਕਿ ਐਡੀਟਰ ਰਿਆਸਤ ਦੀ ਉਮਰ ਜਦੋਂ ਬਾਰਾਂ ਵਰ੍ਹਿਆਂ ਦੀ ਸੀ ਤਾਂ ਘਰ ਵਿਚ ਭੰਗ ਭੁਜਣ ਲਗ ਪਈ, ਇਸ ਤਰ੍ਹਾਂ ਪੜ੍ਹਾਈ ਦੀ ਲੜੀ ਟੁੱਟ ਗਈ ਅਤੇ ਐਡੀਟਰ "ਰਿਆਸਤ" ਪੰਜ ਰੁਪਏ ਮਹੀਨੇ ਤੇ ਹਾਫ਼ਿਜ਼ਾਬਾਦ ਵਿਚ ਇਕ ਬਜ਼ਾਜ਼ ਦੀ ਹਟੀ ਤੇ ਨੌਕਰ ਹੋ ਗਿਆ । ਕੰਮ ਇਹ ਸੀ ਕਿ ਅੰਦਰੋਂ ਕਪੜੇ ਦੇ ਥਾਨ ਲਿਆ ਕੇ ਗਾਹਕਾਂ ਨੂੰ ਦਿਖਾਉਣੇ । ਏਸ ਨੌਕਰੀ ਦੀਆਂ ਦੋ ਘਟਨਾਵਾਂ ਮੈਨੂੰ ਚੇਤੇ ਹਨ ਜਿਨ੍ਹਾਂ ਦਾ ਮੇਰੇ ਜੀਵਨ ਤੇ ਜ਼ਾਹਿਰਾ ਅਸਰ ਪਿਆ ਇਹ ਹਟੀ ਹਿੰਦੂ ਬਜ਼ਾਜ਼ ਦੀ ਸੀ ਅਤੇ ਉਸ ਦੁਕਾਨ ਤੇ ਇਕ ਬੁਢਾ ਮੁਸਲਮਾਨ ਦਰਜ਼ੀ ਅਤੇ ਉਸ ਦਾ ਜਵਾਨ ਪੁੱਤਰ ਕੰਮ ਕਰਦੇ ਸਨ । ਇਹ ਪਿਓ, ਪੁੱਤਰ ਹਾਫ਼ਿਜ਼ਾਬਾਦ ਦੇ ਨੇੜੇ ਕਿਸੇ ਪਿੰਡ ਦੇ ਰਹਿਣ ਵਾਲੇ ਸਨ । ਇਕ ਦਿਨ, ਕੁਝ ਦਿਨਾਂ ਲਈ ਪਿਓ ਕਿਸੇ ਵਿਆਹ ਤੇ ਆਪਣੇ ਪਿੰਡ ਗਿਆ ਤਾਂ ਆਪਣੀ ਗ਼ੈਰ ਹਾਜ਼ਰੀ ਦੇ ਦਿਨਾਂ ਲਈ ਆਪਣੇ ਪੁੱਤਰ ਨੂੰ ਕੁਝ ਕਪੜੇ ਹਵਾਲੇ ਕਰ ਗਿਆ ਤਾਕਿ ਇਨਾਂ ਨੂੰ ਉਹ ਤਿਆਰ ਕਰ ਰਖੇ। ਬੁਢਾ ਦਰਜ਼ੀ ਜਦ ਮੁੜਿਆ ਅਤੇ ਉਹਨੇ ਪੁੱਤਰ ਦੇ ਤਿਆਰ ਕੀਤੇ ਹੋਏ ਕਪੜਿਆਂ ਨੂੰ ਵੇਖਿਆ ਤਾਂ ਉਨ੍ਹਾਂ ਵਿਚ ਕਿਸੇ ਬਚੇ ਦਾ ਹਰੇ ਰੰਗ ਦੀ ਮਖ਼ਮਲ ਦਾ ਇਕ ਕੋਟ ਵੀ ਸੀ ਜਿਸ ਨੂੰ ਪੁੱਤਰ ਨੇ ਹਰੇ ਰੰਗ ਦੇ ਧਾਗੇ ਦੀ ਥਾਂ ਚਿੱਟੇ ਧਾਗੇ ਨਾਲ ਸੀਤਾ ਸੀ । ਇਸ ਗ਼ਲਤੀ ਨੂੰ ਵੇਖ ਕੇ ਬੁਢੇ ਪਿਓ ਨੇ ਜਵਾਨ ਜਹਾਨ ਪੁੱਤਰ ਦੇ ਮੂੰਹ ਤੇ ਜ਼ੋਰ ਦੀ ਚਪੇੜ ਕਢ ਮਾਰੀ ਅਤੇ ਆਖਿਆ, "ਨਲੈਕਾ ਤੂੰ ਪਿੰਡ ਦੇ ਰਹਿਣ ਵਾਲੇ ਜਟ ਬੂਟ ਦੇ ਪੁੱਤਰ (ਜਿਸ ਦਾ ਕੋਟ ਸੀਤਾ ਸੀ) ਤੇ ਰਹਿਮ ਨਾ ਕਰਦੋਂ, ਪਰ ਇਸ ਮਖ਼ਮਲ ਉਤੇ ਤਾਂ ਤਰਸ ਖਾਂਦੋਂ ਜਿਸ ਦਾ ਬੇੜਾ ਗ਼ਰਕ ਕਰ ਦਿਤਾ ਈ ।" ਇਸ ਤਰ੍ਹਾਂ ਬੁਢੇ ਪਿਓ ਨੇ ਮਖ਼ਮਲ ਦੇ ਉਸ ਕੋਟ ਦੀ ਸਿਲਾਈ ਨੂੰ ਖੋਲ੍ਹਿਆ, ਚਿਟੇ ਧਾਗੇ ਕਢੇ ਅਤੇ ਹਰੇ ਧਾਗੇ ਨਾਲ ਮੁੜ ਸੀਤਾ ।
ਏਸ ਘਟਨਾ ਦਾ ਮੇਰੇ ਦਿਲ ਤੇ ਅਜਿਹਾ ਅਸਰ ਪਿਆ ਕਿ ਭਾਵੇਂ ਮੈਂ ਛੇ ਰੁਪਏ ਤਨਖ਼ਾਹ ਲਈ ਜਾਂ ਬਾਰਾਂ ਰੁਪਏ ਤੇ ਜਾਂ ਦੋ ਸੌ ਰੁਪਏ ਅਤੇ ਚਾਹੇ ਨੌਕਰੀ ਕੀਤੀ ਜਾਂ ਆਪ ਆਪਣਾ ਕੰਮ ਕੀਤਾ, ਸਾਰਾ ਜੀਵਨ ਭਰ ਸਦਾ ਕੰਮ ਨੂੰ ਵੇਖ ਕੇ ਕੰਮ ਕੀਤਾ ਨਾ ਕਿ ਉਸ ਦੀ ਮਜ਼ਦੂਰੀ ਨੂੰ । ਸਦਾ ਬਾਰਾਂ ਘੰਟਿਆਂ ਤੋਂ ਅਠਾਰਾਂ ਘੰਟਿਆਂ ਤਕ ਕੰਮ ਕੀਤਾ ਭਾਵੇਂ ਤਨਖ਼ਾਹ ਕੁਝ ਹੀ ਮਿਲਦੀ ਸੀ ਅਤੇ ਸ਼ਾਇਦ ਇਕ ਵਾਰ ਵੀ ਅਜਿਹਾ ਨਹੀਂ ਹੋਇਆ ਹੋਣਾ ਕਿ ਕਿਸੇ ਕੰਮ ਨੂੰ ਕਰਦਿਆਂ ਹੋਇਆਂ ਉਸ ਵਲ ਪੂਰਾ ਧਿਆਨ ਨਾ ਦਿਤਾ ਹੋਵੇ । ਭਾਵ ਮੇਰੇ ਜੀਵਨ ਤੇ ਏਸ ਘਟਨਾ ਨੇ ਬੜਾ ਡੂੰਘਾ ਪ੍ਰਭਾਵ ਪਾਇਆ।
ਵੇਸਵਾਆਂ ਨਾਲ ਘਿਰਨਾ
ਬਜ਼ਾਜ਼ੀ ਦੀ ਹਟੀ ਦੀ ਇਸ ਨੌਕਰੀ ਦੀ ਦੂਜੀ ਘਟਨਾ ਇਹ ਹੈ ਕਿ ਇਸ ਹਟੀ ਦੇ ਬਿਲਕੁਲ ਸਾਹਮਣੇ ਅਤੇ ਨੇੜੇ ਹੀ ਵੇਸਵਾਆਂ ਰਹਿੰਦੀਆਂ ਸਨ ਅਤੇ ਇਹ ਵੇਸਵਾਆਂ ਘਟੀਆ ਤੇ ਸਸਤੇ ਜਿਹੇ ਭਾਅ ਦੀਆਂ ਬੜੀਆਂ ਹੀ ਮੈਲ ਕੁਚੈਲੀਆਂ ਸਨ । ਹਟੀ ਤੇ ਆਉਂਦਿਆਂ ਜਾਂਦਿਆਂ ਅਤੇ ਕੰਮ ਕਰਦਿਆਂ ਹੋਇਆਂ ਇਨ੍ਹਾਂ ਵੇਸ਼ਵਾਆਂ ਨੂੰ ਦੇਖਦਾ ਰਹਿੰਦਾ, ਕਿ ਕਿਸ ਤਰ੍ਹਾਂ ਇਹ ਚਾਰ ਚਾਰ, ਅਠ ਅਠ ਆਨੇ ਦੀ ਖ਼ਾਤਰ ਆਪਣੀ ਇਜ਼ਤ ਨੂੰ ਵੇਚਦੀਆਂ ਹਨ। ਕਿੰਨੇ ਗੰਦੇ ਤੇ ਸੜੇ ਗਲੇ ਆਦਮੀ ਆਉਂਦੇ ਹਨ, ਜਿਨ੍ਹਾਂ ਨਾਲ ਇਹ ਬਣਾਉਟੀ ਮੁਸਕਾਨ ਨਾਲ ਪੇਸ਼ ਆਉਂਦੀਆਂ ਹਨ । ਉਨ੍ਹਾਂ ਦੇ ਜਾਣ ਪਿਛੋਂ ਉਨ੍ਹਾਂ ਨੂੰ ਉਲੂ ਸਮਝ ਕੇ ਉਨ੍ਹਾਂ ਦੇ ਹੀ ਵਿਰੁਧ ਗਲਾਂ ਕਰਦੀਆਂ ਹਨ ਅਤੇ ਇਹਨਾਂ 'ਚੋਂ ਕਈ ਬੜੀਆਂ ਭੈੜੀਆਂ ਬੀਮਾਰੀਆਂ ਵਿਚ ਜਕੜੀਆਂ ਪਈਆਂ ਹਨ । ਸੋ ਇਸ ਪ੍ਰਕਾਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਇਹਨਾਂ ਵੇਸਵਾਆਂ ਨਾਲ ਘਿਰਨਾ ਤੇ ਕਰਾਹਤ ਦੇ ਜਜ਼ਬਿਆਂ ਵਿਚ ਵਾਧਾ ਹੁੰਦਾ ਗਿਆ । ਜਿਸ ਦਾ ਸਿੱਟਾ ਇਹ ਹੈ ਕਿ ਮੈਂ ਹੁਣ ਕਿਸੇ ਚੰਗੀ ਸਾਫ਼ ਸੁਥਰੀ ਤੇ ਚੰਗੀ ਤਮੀਜ਼ ਵਾਲੀ ਵੇਸਵਾ ਦਾ ਗਾਣਾ ਤਾਂ ਸੁਣ ਸਕਦਾ ਹਾਂ ਅਤੇ ਰਾਗ ਰੰਗ ਦੀ ਉਸ ਮਹਿਫ਼ਲ 'ਚ ਬੈਠ ਸਕਦਾ ਹਾਂ ਜਿਥੇ ਕੋਈ ਉਚੇ ਦਰਜੇ ਦੀ ਵੇਸ਼ਵਾ ਗਉਂ ਰਹੀ ਹੋਵੇ, ਪਰ ਪੇਸ਼ੇ ਵਾਲੀਆਂ ਜ਼ਨਾਨੀਆਂ ਦੇ ਬਾਜ਼ਾਰ ਜਾਂ ਮਹੱਲੇ ਵਿਚੋਂ ਮੋਟਰ 'ਚ ਲੰਘਦਿਆਂ ਹੋਇਆਂ ਵੀ ਏਨੀ ਤਕਲੀਫ਼ ਹੁੰਦੀ ਹੈ ਜਿੰਨੀ ਕਿ ਪਖ਼ਾਨੇ ਜਾਂ ਗੰਦਗੀ ਦੇ ਢੇਰ ਕੋਲੋਂ ਲੰਘਦਿਆਂ ਹੋਇਆਂ ਅਤੇ ਇਸ ਦਾ ਕਾਰਨ ਬਚਪਨ ਦੇ ਉਹ ਅਸਰ ਹਨ ਜੋ ਪੇਸ਼ੇ ਵਾਲੀਆਂ ਜ਼ਨਾਨੀਆਂ ਦੇ ਹਾਲ ਵੇਖਣ ਤੋਂ ਉਤਪੰਨ ਹੋਏ ਸਨ ।
ਸ੍ਵੈ-ਮਾਨ ਦਾ ਜੀਵਨ
"ਰਿਆਸਤ’ ਸ਼ੁਰੂ ਹੋ ਚੁਕਾ ਸੀ ਅਤੇ ਦਫ਼ਤਰ "ਰਿਆਸਤ' ਪਰੇਡ ਮੈਦਾਨ ਦੇ ਨੇੜੇ ਸੜਕ ਤੇ ਸੀ । ਇਕ ਦਿਨ ਐਡੀਟਰ "ਰਈਸ ਹਿੰਦ" ਅਚਕਨ 'ਚ ਸੋਨੇ ਦੇ ਬਟਨ ਲਾਈ ਤਸ਼ਰੀਫ਼ ਲਿਆਏ ਅਤੇ ਥੋੜ੍ਹਾ ਚਿਰ ਗਲਾਂ ਕਰਨ ਪਿਛੋਂ ਕਹਿਣ ਲਗੇ ਕਿ ਕਰਨਲ ਅਮਰੀਕ ਸਿੰਘ ਏ. ਡੀ. ਸੀ. ਮਹਾਰਾਜਾ ਪਟਿਆਲਾ ਤੁਹਾਨੂੰ ਮਿਲਣਾ ਚਾਹੁੰਦੇ ਹਨ । ਮੈਂ ਜੁਆਬ ਦਿਤਾ "ਚੰਗੀ ਗਲ ਹੈ, ਮਿਲ ਲਾਂ ਗਾ" । ਇਸ ਤਰ੍ਹਾਂ ਦੂਜੇ ਦਿਨ ਕਰਨਲ ਅਮਰੀਕ ਸਿੰਘ (ਜਿਹੜੇ ਚੈਂਬਰ ਆਫ਼ ਪ੍ਰਿੰਸਸ ਦੇ ਦਿਨਾਂ ਵਿਚ ਮਹਾਰਾਜਾ ਪਟਿਆਲਾ ਦੇ ਨਾਲ ਕਿੰਗਜ਼ ਵੇ ਦਿਆਂ ਕੈਂਪਾਂ ਵਿਚ ਠਹਿਰੇ ਹੋਏ ਸਨ) ਦਫ਼ਤਰ "ਰਿਆਸਤ" ਵਿਚ ਆ ਪਧਾਰੇ ਅਤੇ ਆਪ ਨੇ ਕੁਝ ਰਵਾਜੀ ਗਲ ਬਾਤ ਪਿਛੋਂ ਕਿਹਾ ਕਿ ਮੈਨੂੰ ਮਹਾਰਾਜਾ ਪਟਿਆਲਾ ਨੇ ਭੇਜਿਆ ਹੈ । ਮਹਾਰਾਜਾ ਨੂੰ ਪਤਾ ਲਗਾ ਹੈ ਕਿ ਐਡੀਟਰ "ਰਿਆਸਤ" ਦਾ ਇਕ ਮਿਤ੍ਰ ਦੇ ਤੌਰ ਤੇ ਮਹਾਰਾਜਾ ਨਾਭਾ ਤੇ ਬਹੁਤ ਅਸਰ ਹੈ। ਮਹਾਰਾਜਾ ਪਟਿਆਲਾ ਨੂੰ ਮਹਾਰਾਜਾ ਨਾਭਾ ਦੇ ਗੱਦੀ ਤੋਂ ਹਟਾਏ ਜਾਣ ਦਾ ਬਹੁਤ ਅਫ਼ਸੋਸ ਹੈ ਅਤੇ ਮਹਾਰਾਜਾ ਪਟਿਆਲਾ ਚਾਹੁੰਦੇ ਹਨ ਕਿ ਐਡੀਟਰ "ਰਿਆਸਤ" (ਮਹਾਰਾਜਾ ਪਟਿਆਲਾ ਅਤੇ ਮਹਾਰਾਜਾ ਨਾਭਾ ਵਿਚਕਾਰ) ਸੁਲਾ ਬਾਰੇ ਗਲ ਬਾਤ ਕਰੇ। ਐਡੀਟਰ "ਰਿਆਸਤ" ਨੇ ਜੁਆਬ ਦਿਤਾ ਕਿ ਜੇਕਰ ਸੁਲ੍ਹਾ ਹੋ ਜਾਵੇ ਤਾਂ ਇਸ ਨਾਲੋਂ ਹੋਰ ਕਿਹੜੀ ਗਲ ਚੰਗੀ ਹੈ। ਇਸ ਪ੍ਰਕਾਰ ਐਡੀਟਰ "ਰਿਆਸਤ" ਰਾਤ ਦੀ ਗਡੀ ਰਾਹੀਂ ਡੇਹਰਾਦੂਨ ਗਿਆ । ਮਹਾਰਾਜਾ ਨਾਭਾ ਨੂੰ ਮਿਲਿਆ । ਕਰਨਲ ਅਮਰੀਕ ਸਿੰਘ ਦਾ ਆਉਣਾ ਅਤੇ ਮਹਾਰਾਜਾ ਪਟਿਆਲਾ ਦਾ ਸੁਨੇਹਾ ਦੇ ਦਿਤਾ ਅਤੇ ਕਿਹਾ ਕਿ ਮਹਾਰਾਜਾ ਪਟਿਆਲਾ ਮੁਆਫ਼ੀ ਮੰਗਣ ਲਈ ਵੀ ਤਿਆਰ ਹਨ। ਮਹਾਰਾਜਾ ਨਾਭਾ ਨੇ ਸਾਰੀਆਂ ਗਲਾਂ ਸੁਣਨ ਪਿਛੋਂ ਜਿਹੜੇ ਅਖਰ ਕਹੇ ਉਹ ਮੇਰਿਆਂ ਕੰਨਾਂ 'ਚ ਅਜ ਤਕ ਬੋਲ ਰਹੇ ਹਨ, ਉਹ ਇਹ ਸਨ :
"ਇਹ ਤਾਂ ਹੋ ਸਕਦਾ ਹੈ ਕਿ ਮਹਾਰਾਜਾ ਨਾਭਾ ਹੱਥ ਦੀ ਤੰਗੀ, ਭੁਖ ਨੰਗ, ਅਤੇ ਗ਼ਰੀਬੀ ਸਦਕਾ ਭਿਖ ਮੰਗਣਾ ਸ਼ੁਰੂ ਕਰ ਦੇਵੇ, ਉਸ ਪਾਸ ਨਾ ਕੁਝ ਖਾਣ ਨੂੰ ਹੋਵੇ ਅਤੇ ਨਾ ਰਹਿਣ ਲਈ ਮਕਾਨ, ਦਿਨੇ ਡੇਹਰਾਦੂਨ ਦੀਆਂ ਸੜਕਾਂ ਕੁਟ ਕੇ ਰੋਟੀ ਪ੍ਰਾਪਤ ਕਰੇ ਅਤੇ ਰਾਤ ਨੂੰ ਗੁਰਦਵਾਰਾ ਰਾਮ ਰਾਏ (ਜੋ ਡੇਹਰਾਦੂਨ ਵਿਚ ਹੈ) ਦੇ ਬਰਾਂਡੇ 'ਚ ਪੈ ਕੇ ਸੌਂ ਰਹੇ, ਪਰ ਇਹ ਕਦੇ ਨਹੀਂ ਹੋ ਸਕਦਾ ਕਿ ਆਪਣੇ ਸ੍ਵੈ-ਮਾਨ ਨੂੰ ਜੁਆਬ ਦੇ ਕੇ ਉਹ ਮਹਾਰਾਜਾ ਪਟਿਆਲਾ ਨਾਲ ਹਥ ਮਿਲਾਏ।"
ਏਸ ਜੁਆਬ ਨੂੰ ਸੁਣ ਕੇ ਐਡੀਟਰ "ਰਿਆਸਤ" ਰਾਤ ਨੂੰ ਡੇਹਰਾਦੂਨ ਤੋਂ ਗਡੀ ਚੜ੍ਹਿਆ ਤੇ ਸਵੇਰੇ ਦਿਲੀ ਪੁਜਿਆ । ਕਰਨਲ ਅਮਰੀਕ ਸਿੰਘ ਉਡੀਕ ਵਿਚ ਸਨ ਜਿਨ੍ਹਾਂ ਨੂੰ ਸੁਨੇਹਾ ਜਿਉਂ ਦਾ ਤਿਉਂ ਸੁਣਾ ਦਿਤਾ ਗਿਆ । ਏਸ ਜੁਆਬ ਦਾ ਕਰਨਲ ਅਮਰੀਕ ਸਿੰਘ ਅਤੇ ਐਡੀਟਰ "ਰਿਆਸਤ" ਦੋਹਾਂ ਨੂੰ ਅਫ਼ਸੋਸ ਸੀ, ਪਰ ਏਸ ਘਟਨਾ ਦਾ ਮੇਰੇ ਜੀਵਨ ਤੇ ਇਹ ਅਸਰ ਹੋਇਆ ਕਿ ਉਸ ਪਿਛੋਂ ਜੀਵਨ ਵਿਚ ਘਟ ਹੀ ਅਜਿਹੇ ਸਮੇਂ ਵਾਪਰੇ ਹਨ ਜਦ ਕਿ ਸ੍ਵੈ-ਮਾਨ ਨੂੰ ਜੁਆਬ ਦੇ ਕੇ ਐਡੀਟਰ "ਰਿਆਸਤ" ਕਿਸੇ ਦੁਸ਼ਮਨ ਅਗੇ ਝੁਕਿਆ ਹੋਵੇ । ਨਵਾਬ ਭੂਪਾਲ ਦੇ ਮੁਕੱਦਮੇ ਵਿਚ ਮੇਰੇ ਇਸ ਚਲਨ ਨੇ ਬਹੁਤ ਵਡਾ ਪਾਰਟ ਅਦਾ ਕੀਤਾ ਅਤੇ ਛੇ ਸਾਲ ਦੀ ਮੁਕੱਦਮੇ ਬਾਜ਼ੀ ਵਿਚ ਪੈਰ ਅਗਾਂਹ ਹੀ ਵਧਦੇ ਗਏ ।
ਵਿਸ਼ਵਾਸ-ਘਾਤ ਅਪਰਾਧ ਹੈ
ਪੰਜਾਬ ਦੇ ਮਾਰਸ਼ਲ ਲਾਅ ਦੇ ਪਿਛੋਂ ਲਾਹੌਰ ਵਿਚ ਕਾਂਗਰਸ ਵਲੋਂ ਪੜਤਾਲੀਆ ਕਮੇਟੀ ਬਣਾਈ ਗਈ । ਪੰਡਤ ਮੋਤੀ ਲਾਲ ਨਹਿਰੂ ਅਤੇ ਪੰਡਤ ਮਾਲਵੀਆ ਵਰਗੇ ਵਡੇ ਵਡੇ ਲੀਡਰਾਂ ਤੋਂ ਬਿਨਾਂ ਮਹਾਤਮਾ ਗਾਂਧੀ ਵੀ ਆਏ ਅਤੇ ਗਵਾਹੀਆਂ ਸ਼ੁਰੂ ਹੋਈਆਂ । ਸ: ਸਰਦੂਲ ਸਿੰਘ ਕਵੀਸ਼ਰ ਗਵਾਹੀਆਂ ਇਕੱਠੀਆਂ ਕਰ ਰਹੇ ਸਨ । ਖ਼ਾਲਸਾ ਕਾਲਜ ਦੇ ਇਕ ਵਿਦਿਆਰਥੀ ਨੇ ਸ: ਸਰਦੂਲ ਸਿੰਘ ਨੂੰ ਦਸਿਆ ਕਿ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਦੇ ਸਾਕੇ ਪਿਛੋਂ ਜਦ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਹੜਤਾਲ ਕਰ ਦਿਤੀ ਅਤੇ ਰੋਸ ਦਾ ਪ੍ਰਗਟਾਅ ਕਰਨ ਲਈ ਜਲੂਸ ਦੀ ਸ਼ਕਲ ਧਾਰਨ ਕੀਤੀ ਤਾਂ ਏਸ ਰੌਲੇ ਨੂੰ ਸੁਣ ਕੇ ਮਿਸਟਰ ਵਾਦਨ (ਅੰਗਰੇਜ਼ ਪ੍ਰਿੰਸੀਪਲ) ਵਿਦਿਆਰਥੀਆਂ ਕੋਲ ਆਏ ਅਤੇ ਉਨ੍ਹਾਂ ਨੂੰ ਤਸੱਲੀ ਦੇਂਦਿਆਂ ਹੋਇਆਂ ਆਪਣੀ ਲਾਚਾਰੀ ਪ੍ਰਗਟ ਕੀਤੀ ਅਤੇ ਆਖਿਆ ਕਿ ਉਹ ਹਿੰਦੁਸਤਾਨੀਆਂ ਦੇ ਸ਼ੁਭ ਚਿੰਤਕ ਹਨ ਅਤੇ ਜਨਰਲ ਡਾਇਰ ਨੇ ਗੋਲੀ ਚਲਾਉਣ ਤੋਂ ਪਹਿਲਾਂ ਜਦ ਅੰਮ੍ਰਿਤਸਰ ਦੇ ਸਾਰੇ ਯੂਰਪੀਨਾਂ ਨੂੰ ਇਕਠਿਆਂ ਕਰਕੇ ਫ਼ਾਇਰ ਕਰਨ ਬਾਰੇ ਰਾਇ ਲਈ ਸੀ ਤਾਂ ਮੈਂ (ਭਾਵ ਮਿ: ਵਾਦਨ) ਜਨਰਲ ਡਾਇਰ ਨੂੰ ਸਪਸ਼ਟ ਅਖਰਾਂ ਵਿਚ ਕਿਹਾ ਸੀ ਕਿ ਏਸ ਇਨਡਸਕਰੀਮੈਂਟ ਸ਼ੂਟਿੰਗ (ਅੰਨ੍ਹੇਵਾਹ ਗੋਲੀ ਚਲਾਣ) ਨੂੰ ਮੈਂ ਚੰਗਾ ਨਹੀਂ ਸਮਝਦਾ।
ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਜਦ ਇਹ ਸੁਣਿਆ ਤਾਂ ਉਹ ਬਹੁਤ ਖ਼ੁਸ਼ ਹੋਏ । ਝਟ ਪੰਡਤ ਮਾਲਵੀਆ ਪਾਸ ਪਹੁੰਚੇ ਅਤੇ ਆਖਿਆ ਕਿ ਮਿ: ਵਾਦਨ ਅੰਗਰੇਜ਼ ਹੈ, ਅੰਗਰੇਜ਼ਾਂ ਦਾ ਕਰੈਕਟਰ ਹੈ ਕਿ ਉਹ ਝੂਠ ਨਹੀਂ ਬੋਲਦੇ, ਜੇਕਰ ਮਿਸਟਰ ਵਾਦਨ ਨੂੰ ਪੜਤਾਲੀਆ ਕਮੇਟੀ ਵਿਚ ਬੁਲਾਇਆ ਜਾਵੇ ਤਾਂ ਉਹ ਜ਼ਰੂਰ ਇਹ ਕਹਿ ਦੇਣਗੇ ਕਿ ਉਹ ਉਸ ਵੇਲੇ ਵੀ ਇਸ ਕਤਲਾਮ ਨੂੰ ਅੰਨ੍ਹੇਵਾਹ ਸਮਝਦੇ ਸਨ ਅਤੇ ਜਾਇਜ਼ ਨਹੀਂ ਸਮਝਦੇ ਸਨ ਅਤੇ ਇਹ ਅਖਰ ਉਹਨਾਂ ਨੇ ਵਿਦਿਆਰਥੀਆਂ ਦੇ ਸਾਹਮਣੇ ਕਹੇ ਸਨ।
ਸਰਦਾਰ ਸਰਦੂਲ ਸਿੰਘ ਤੋਂ ਮਿ: ਵਾਦਨ ਦੇ ਅਖਰ ਸੁਣ ਕੇ ਪੰਡਤ ਮਾਲਵੀਆ ਵੀ ਬਹੁਤ ਖ਼ੁਸ਼ ਹੋਏ ਅਤੇ ਇਹ ਫ਼ੈਸਲਾ ਕੀਤਾ ਗਿਆ ਕਿ ਲਿਖਾਰੀ (ਐਡੀਟਰ "ਰਿਆਸਤ") ਜੋ ਉਸ ਵੇਲੇ ਸਰਦਾਰ ਸਰਦੂਲ ਸਿੰਘ ਨਾਲ ਸੀ, ਪ੍ਰੈਸ ਦੇ ਪ੍ਰਤੀਨਿਧ ਦੇ ਤੌਰ ਤੇ (ਕਿਉਂਕਿ ਉਸ ਸਮੇਂ ਐਡੀਟਰ "ਰਿਆਸਤ" ਲਾਹੌਰ ਦੇ ਇਕ ਅਖ਼ਬਾਰ ਵਿਚ ਕੰਮ ਕਰਦਾ ਸੀ) ਅੰਮ੍ਰਿਤਸਰ ਜਾਵੇ ਅਤੇ ਮਿ: ਵਾਦਨ ਨਾਲ ਇੰਟਰਵੀਊ ਕਰਕੇ ਬਿਆਨ ਲਵੇ ਅਤੇ ਉਹ ਬਿਆਨ ਅਖ਼ਬਾਰਾਂ ਵਿਚ ਪ੍ਰਕਾਸ਼ਤ ਕੀਤਾ ਜਾਵੇ ਤਾਕਿ ਗਵਾਹੀ ਦੇ ਤੌਰ ਤੇ ਕੰਮ ਵਿਚ ਲਿਆਂਦਾ ਜਾ ਸਕੇ।
ਏਸ ਸਲਾਹ ਪਿਛੋਂ ਪੰਡਤ ਮਾਲਵੀਆ ਅਤੇ ਸਰਦਾਰ ਸਰਦੂਲ ਸਿੰਘ ਮਹਾਤਮਾ ਗਾਂਧੀ ਪਾਸ ਗਏ । ਸਾਰਾ ਹਾਲ ਦਸਿਆ ਅਤੇ ਚਾਹਿਆ ਕਿ ਮਹਾਤਮਾ ਜੀ ਵੀ ਏਸ ਸਕੀਮ ਨਾਲ ਸਹਿਮਤ ਹੋਣ । ਪੰਡਤ ਮਾਲਵੀਆ ਅਤੇ ਸਰਦਾਰ ਸਰਦੂਲ ਸਿੰਘ ਦੀਆਂ ਗਲਾਂ ਸੁਣ ਕੇ ਮਹਾਤਮਾ ਗਾਂਧੀ ਨੇ ਜੋ ਅਖਰ ਕਹੇ ਉਹ ਇਹ ਸਨ :
"ਮਿਸਟਰ ਵਾਦਨ ਨੇ ਜੇਕਰ ਪ੍ਰਾਈਵੇਟ ਤੌਰ ਤੇ ਵਿਦਿਆਰਥੀਆਂ ਨੂੰ ਇਹ ਗਲ ਆਖੀ ਤਾਂ ਇਹ ਇਕ ਤਰ੍ਹਾਂ ਦਾ ਉਨ੍ਹਾਂ ਤੇ ਵਿਸ਼ਵਾਸ ਕੀਤਾ । ਮਿ: ਵਾਦਨ ਦੇ ਇਸ ਵਿਸ਼ਵਾਸ ਨਾਲ ਸਾਡਾ ਗ਼ਦਾਰੀ ਕਰਨਾ ਅਤੇ ਉਸ ਤੋਂ ਨਾਜਾਇਜ਼ ਫ਼ਾਇਦਾ ਉਠਾਉਂਣਾ ਭੈੜੀ ਗਲ ਹੈ, ਇਸ ਲਈ ਮੈਂ ਇਸ ਸਕੀਮ ਨਾਲ ਸਹਿਮਤ ਨਹੀਂ ਹਾਂ ਅਤੇ ਸਾਨੂੰ ਕਿਸੇ ਮੁਲ ਤੇ ਵੀ ਮਿਸਟਰ ਵਾਦਨ ਦੇ ਉਸ ਭਰੋਸੇ ਦਾ ਨਾਵਾਜਬ ਲਾਭ ਨਹੀਂ ਲੈਣਾ ਚਾਹੀਦਾ ਜਿਹੜਾ ਕਿ ਉਹਨਾਂ ਨੇ ਵਿਦਿਆਰਥੀਆਂ ਤੇ ਕੀਤਾ।"
ਮਹਾਤਮਾ ਗਾਂਧੀ ਦੇ ਇਹ ਅਖਰ ਸੁਣ ਕੇ ਪੰਡਤ ਮਾਲਵੀਆ ਅਤੇ ਸਰਦਾਰ ਸਰਦੂਲ ਸਿੰਘ ਦੋਵੇਂ ਸੁੰਨ ਹੋ ਗਏ ਅਤੇ ਕੁਝ ਨਾ ਬੋਲੇ । ਸੋ ਏਸ ਸਕੀਮ ਨੂੰ ਇਵੇਂ ਹੀ ਛਡ ਦਿਤਾ ਗਿਆ ਅਤੇ ਮਿ: ਵਾਦਨ ਦੇ ਬਿਆਨ ਲੈਣ ਦਾ ਖ਼ਿਆਲ ਛਡ ਦਿਤਾ ।
ਇਸ ਘਟਨਾ ਅਤੇ ਮਹਾਤਮਾ ਗਾਂਧੀ ਦੇ ਜੀਵਨ ਦਾ ਲੇਖਕ ਤੇ ਇਹ ਅਸਰ ਪਿਆ ਕਿ ਜਦ ਵੀ ਕਿਸੇ ਨੇ ਕੋਈ ਭੇਤ ਦੀ ਗੱਲ ਦਸੀ ਉਸ ਨੂੰ ਸਦਾ ਇਕ ਅਮਾਨਤ ਸਮਝ ਕੇ ਲੁਕਾਈ ਰਖਿਆ । ਜਿਸ ਦਾ ਸਿੱਟਾ ਇਹ ਹੋਇਆ ਕਿ ਦਰਜਨਾਂ ਮਹਾਰਾਣੀਆਂ ਅਤੇ ਬੇਗ਼ਮਾਂ ਨੇ ਆਪਣੇ ਪਤੀਆਂ ਅਤੇ ਮਿਤਰਾਂ ਦੇ ਖ਼ਿਲਾਫ਼ ਖ਼ਬਰਾਂ ਦਿਤੀਆਂ, ਖਤ ਲਿਖੇ, "ਰਿਆਸਤ" ਦੇ ਪਾਠਕਾਂ ਅਤੇ ਪਤ੍ਰ ਪ੍ਰੇਰਕਾਂ ਨੇ ਵੀ ਸਦਾ ਖ਼ਬਰਾਂ ਦਿਤੀਆਂ, ਪਰ ਇਹਨਾਂ ਖ਼ਤਾਂ ਅਤੇ ਖ਼ਬਰਾਂ ਦੀ ਨਾਜਾਇਜ਼ ਵਰਤੋਂ ਕਰਨ ਦਾ ਕਦੇ ਖ਼ਿਆਲ ਤਕ ਨਹੀਂ ਆਇਆ ਅਤੇ ਏਸ ਮਾਮਲੇ ਤੇ ਸੋਚਣ ਨੂੰ ਵੀ ਸਦਾ ਕਮੀਨਾਪਨ ਸਮਝਿਆ ।
ਮਿਹਨਤ ਦੀ ਆਦਤ
ਰਿਆਸਤ ਨਾਭਾ ਦੀ ਨੌਕਰੀ ਤੋਂ ਇਕ ਸਾਲ ਪਹਿਲਾਂ ਐਡੀਟਰ ਰਿਆਸਤ ਅਤੇ ਖ਼ਵਾਜਾ ਹਸਨ ਨਜ਼ਾਮੀ ਦੋਹਾਂ ਨੇ ਮਿਲ ਕੇ ਦਿਲੀਓਂ ਇਕ ਰੋਜ਼ਾਨਾ ਅਖ਼ਬਾਰ "ਰਈਅੱਤ" ਸ਼ੁਰੂ ਕੀਤਾ। ਅਖ਼ਬਾਰ ਬਹੁਤ ਚੰਗਾ ਸੀ । ਢਾਈ ਸੌ ਰੁਪਏ ਐਡੀਟਰ "ਰਿਆਸਤ" ਨੇ ਆਪਣੇ ਹਿੱਸੇ ਦੇ ਤੌਰ ਤੇ ਦਿਤੇ ਅਤੇ ਫ਼ੈਸਲਾ ਹੋਇਆ ਕਿ ਬਾਕੀ ਰੁਪਿਆ ਖ਼ਵਾਜਾ ਹਸਨ ਨਜ਼ਾਮੀ ਲਾਉਣਗੇ । ਐਡੀਟਰ "ਰਿਆਸਤ" ਆਪਣੀ ਖ਼ੁਰਾਕ ਲਈ ਇਕ ਰੁਪਿਆ ਰੋਜ਼ ਭਾਵ ਤੀਹ ਰੁਪਏ ਮਹੀਨਾ ਤੋਂ ਵਧੇਰੇ ਨਾ ਲਏਗਾ। ਖ਼ਵਾਜਾ ਹਸਨ ਨਜ਼ਾਮੀ ਦੀਆਂ ਕਿਤਾਬਾਂ ਦੇ ਇਸ਼ਤਿਹਾਰ ਦਾ ਇਕ ਵਰਕਾ ਹਰ ਰੋਜ਼ ਮੁਫ਼ਤ ਛਪੇਗਾ ਜਿਸਦਾ ਭਾੜਾ ਨਹੀਂ ਦਿਤਾ ਜਾਏਗਾ। ਇਸ ਪਿਛੋਂ ਜੇਕਰ ਨਫ਼ਾ ਹੋਇਆ ਤਾਂ ਦੋਹਾਂ ਦਾ ਅਧੋ ਅਧ ਹੋਵੇਗਾ ਅਤੇ ਜੇਕਰ ਨੁਕਸਾਨ ਹੋਇਆ ਤਾਂ ਖ਼ਵਾਜਾ ਹਸਨ ਨਿਜ਼ਾਮੀ ਪੂਰਾ ਕਰਨਗੇ । ਇਹ ਅਖ਼ਬਾਰ ਕੁਝ ਮਹੀਨੇ ਚਲਦਾ ਰਿਹਾ । ਜਦ ਖ਼ਵਾਜਾ ਹਸਨ ਨਿਜ਼ਾਮੀ ਨੂੰ ਇਸ ਵਿਚ ਛੇ ਸੌ ਰੁਪਏ ਦੇ ਨੇੜੇ ਤੇੜੇ ਘਾਟਾ ਪੈ ਗਿਆ ਤਾਂ ਆਪ ਨੇ ਇਸ ਨੂੰ ਬੰਦ ਕਰ ਦੇਣ ਦਾ ਫ਼ੈਸਲਾ ਕੀਤਾ। ਇਹ ਫ਼ੈਸਲਾ ਐਡੀਟਰ "ਰਿਆਸਤ" ਲਈ ਹਸਰਤ ਭਰਿਆ ਸੀ । ਸੋ ਕੋਸ਼ਸ਼ ਕੀਤੀ ਗਈ ਕਿ ਇਹ ਅਖ਼ਬਾਰ ਜੀਉਂਦਾ ਰਹੇ। ਲਾਲਾ ਸ਼ਾਮ ਲਾਲ ਕਪੂਰ ਐਡੀਟਰ "ਗੁਰੂ ਘੰਟਾਲ" ਨੂੰ ਲਾਹੌਰ ਤਾਰ ਦਿਤੀ । ਉਹ ਆ ਗਏ, ਉਨ੍ਹਾਂ ਪਾਸ ਵੀ ਪੂੰਜੀ ਦੀ ਘਾਟ ਸੀ ਉਹ ਥੋੜੇ ਦਿਨ ਵੀ ਨਾ ਚਲਾ ਸਕੇ । ਫੇਰ ਭਈਆ ਸ਼ੇਖ਼ ਅਹਿਸਾਨ-ਉਲ-ਹਕ ਸਾਹਿਬ ਨੇ ਅਤੇ ਪਿਛੋਂ ਮੁਲਾਂ ਵਾਹਦੀ ਸਾਹਿਬ ਐਡੀਟਰ "ਨਿਜ਼ਾਮੁ-ਉਲ-ਮਸ਼ਾਇਖ਼" ਨੇ ਲਿਆ । ਵਾਹਦੀ ਸਾਹਿਬ ਪਾਸ "ਰਈਅਤ" ਜਾਣ ਪਿਛੋਂ ਇਸ ਦਾ ਦਫ਼ਤਰ ਵੀ ਵਾਹਦੀ ਸਾਹਿਬ ਦੇ ਮਕਾਨ ਵਿਚ ਚਲਾ ਗਿਆ । ਐਡੀਟਰ "ਰਿਆਸਤ" ਏਨੇ ਮਾਲਕਾਂ ਦੇ ਬਦਲਣ ਪਿਛੋਂ ਵੀ ਲਗਾਤਾਰ ਮਿਹਨਤ ਨਾਲ ਕੰਮ ਕਰਦਾ ਰਿਹਾ ਤਾਕਿ ਅਖ਼ਬਾਰ ਕਾਮਯਾਬੀ ਨਾਲ ਤੁਰ ਪਵੇ। ਸੋ ਲੇਖਕ ਵਾਹਦੀ ਸਾਹਿਬ ਦੇ ਮਕਾਨ ਦੇ ਇਕ ਹਿੱਸੇ ਵਿਚ ਹੀ (ਜਿਥੇ ਕਿ ਦਫ਼ਤਰ ਸੀ) ਰਹਿੰਦਾ। ਬਾਜ਼ਾਰ ਤੋਂ ਖਾਣਾ ਮੰਗਵਾ ਲੈਂਦਾ ਅਤੇ ਅਠਾਰਾਂ ਅਠਾਰਾਂ ਘੰਟੇ ਕੰਮ ਕਰਦਾ । ਇਕ ਦਿਨ ਸ਼ਾਮ ਨੂੰ ਦਫ਼ਤਰ ਦੇ ਸਾਰੇ ਆਦਮੀ ਚਲੇ ਗਏ, ਪਰ ਲੇਖਕ ਕੰਮ ਕਰਦਾ ਰਿਹਾ ਕੰਮ ਕਰਦਿਆਂ ਕਰਦਿਆਂ ਰਾਤ ਦੇ ਦਸ ਵਜ ਗਏ ਤਾਂ ਅਚੇਤ ਹੀ ਵਾਹਦੀ ਸਾਹਿਬ ਆਪਣੇ ਰਿਹਾਇਸ਼ੀ ਹਿੱਸੇ 'ਚੋਂ ਦਫ਼ਤਰ ਦੇ ਹਿੱਸੇ 'ਚ ਆਏ । ਆਪ ਨੇ ਵੇਖਿਆ ਕਿ ਮੈਂ ਇਕੱਲਾ ਬੈਠਾ ਕੰਮ ਕਰ ਰਿਹਾ ਹਾਂ । ਆਪ ਇਹ ਵੇਖ ਕੇ ਚਲੇ ਗਏ । ਅਚਾਨਕ ਹੀ ਫੇਰ ਇਕ ਵਜੇ ਆਪ ਨੂੰ ਪੇਸ਼ਾਬ ਕਰਨ ਦੀ ਲੋੜ ਪਈ ਅਤੇ ਆਪ ਪੇਸ਼ਾਬ ਕਰਨ ਆਏ ਤਾਂ ਆਪ ਨੇ ਵੇਖਿਆ ਕਿ ਮੈਂ ਫੇਰ ਮੇਜ਼ ਤੇ ਬੈਠਾ ਕੰਮ ਕਰ ਰਿਹਾ ਹਾਂ । ਇਸ ਤਰ੍ਹਾਂ ਆਪ ਕਮਰੇ ਦੇ ਅੰਦਰ ਮੇਰੀ ਮੇਜ਼ ਦੇ ਨੇੜੇ ਆ ਗਏ ਅਤੇ ਪੁਛਿਆ ਕਿ ਇਸ ਵੇਲੇ ਤਕ ਕੰਮ ਕਰ ਰਹੇ ਹੋ। ਮੈਂ ਜੁਆਬ ਦਿਤਾ ਕੰਮ ਹੈ ਸੀ ਏਸ ਲਈ ਕਰ ਰਿਹਾ ਹਾਂ । ਕੰਮ ਬਾਕੀ ਹੋਵੇ ਤਾਂ ਤਸੱਲੀ ਨਹੀਂ ਹੁੰਦੀ । ਇਸ ਪਿਛੋਂ ਗਲਾਂ ਬਾਤਾਂ ਸ਼ੁਰੂ ਹੋਈਆਂ । ਵਾਹਦੀ ਸਾਹਿਬ ਮੇਰੀਆਂ ਗਲਾਂ ਨੂੰ ਧਿਆਨ ਨਾਲ ਸੁਣ ਰਹੇ ਸਨ । ਆਪ ਨੇ ਗਲਾਂ ਗਲਾਂ ਵਿਚ ਪੁਛਿਆ ਕਿ ਏਨਾ ਜ਼ਿਆਦਾ ਕੰਮ ਕਿਉਂ ਕਰਦੇ ਹੋ । ਸਵੇਰੇ ਸੂਰਜ ਚੜ੍ਹਦਿਆਂ ਹੀ ਬਹਿ ਜਾਂਦੇ ਹੋ ਅਤੇ ਹੁਣ ਰਾਤ ਦੇ ਇਕ ਵਜੇ ਤਕ ਕੰਮ ਕਰ ਰਹੇ ਹੋ । ਮੈਂ ਉਤਰ ਦਿਤਾ ਕਿ ਮਨੁਖ ਦੇ ਕਾਮਯਾਬ ਜੀਵਨ ਲਈ ਜ਼ਰੂਰੀ ਹੈ ਕਿ ਉਹ ਕਰੜੀ ਮਿਹਨਤ ਦਾ ਹਿਲਿਆ ਹੋਵੇ ਅਤੇ ਆਪਣੇ ਜੀਵਨ ਵਿਚ ਬਹੁਤ ਕੰਮ ਕਰੇ। ਵਾਹਦੀ ਸਾਹਿਬ ਨੇ ਫੇਰ ਪ੍ਰਸ਼ਨ ਕੀਤਾ ਕਿ ਕਾਮਯਾਬ ਜੀਵਨ ਦੀ ਕਸਵੱਟੀ ਕੀ ਹੈ ਅਤੇ ਕਾਮਯਾਬ ਜੀਵਨ ਕਿਸ ਨੂੰ ਸਮਝਦੇ ਹੋ। ਮੈਂ ਇਸ ਸਵਾਲ ਦਾ ਜੋ ਉਤਰ ਦਿਤਾ ਉਹ ਮੈਨੂੰ ਤੇ ਵਾਹਦੀ ਸਾਹਿਬ ਦੋਹਾਂ ਨੂੰ ਹੁਣ ਤਕ ਯਾਦ ਹੈ। ਮੈਂ ਕਿਹਾ :
"ਮੈਂ ਕਾਮਯਾਬ ਜੀਵਨ ਉਸ ਮਨੁਖ ਦਾ ਸਮਝਦਾ ਹਾਂ ਕਿ ਜਦ ਉਹ ਮਰੇ ਤਾਂ ਕੁਝ ਲਖ ਰੁਪਿਆ ਨਕਦ ਛਡੇ ਅਤੇ ਕੁਝ ਹਜ਼ਾਰ ਆਦਮੀ ਉਸ ਦੇ ਨੜੋਏ ਨਾਲ ਸ਼ਾਮਲ ਹੋਣ ।"
ਜੀਵਨ ਦੀ ਕਾਮਯਾਬੀ ਦੀ ਇਹ ਕਸਵੱਟੀ ਹੁਣ ਵੀ ਮੇਰੀ ਸਮਝ ਵਿਚ ਉਹੋ ਹੀ ਹੈ ਜੋ "ਰਈਅਤ" ਦੇ ਜ਼ਮਾਨੇ ਵਿਚ ਸੀ, ਪਰ ਕਹਿ ਨਹੀਂ ਸਕਦਾ ਕਿ ਇਸ ਵਿਚ ਸਫ਼ਲਤਾ ਕਿਥੋਂ ਤਕ ਹੋਈ ਹੈ ਜਾਂ ਕਦੋਂ ਹੋਵੇਗੀ । ਜੇਕਰ ਕੋਈ ਆਦਮੀ ਕਾਮਯਾਬ ਜੀਵਨ ਹਾਸਲ ਕਰਨਾ ਚਾਹੇ ਤਾਂ ਉਸ ਦੀ ਕਸਵੱਟੀ ਏਹੋ ਹੋਣੀ ਚਾਹੀਦੀ ਹੈ ਕਿ ਉਹ ਆਰਥਕ ਤੌਰ ਤੇ ਲਖਾਂ ਰੁਪਏ ਕਮਾਵੇ (ਭਾਵੇਂ ਏਸ ਰੁਪਏ ਨੂੰ ਦਾਨ ਕਰ ਦੇਵੇ ਜਾਂ ਲੋੜਵੰਦਾਂ ਤੇ ਖ਼ਰਚ ਕਰੇ) ਅਤੇ ਜਦੋਂ ਮਰੇ ਤਾਂ ਹਰਮਨ ਪਿਆਰਤਾ ਅਤੇ ਚਾਹਤ ਦੇ ਲਿਹਾਜ਼ ਹਜ਼ਾਰਾਂ ਆਦਮੀ ਉਸ ਦੀ ਅਰਥੀ ਨਾਲ ਹੋਣ ।
ਫ਼ਤਹਿਯਾਬੀ ਲਈ ਤਗੜੇ ਕਦਮ ਦੀ ਲੋੜ
ਐਡੀਟਰ "ਰਿਆਸਤ" ਨੇ ਮੋਗੇ ਤੋਂ ਹਟਣ ਪਿਛੋਂ ਮਾਨਸਾ (ਰਿਆਸਤ ਪਟਿਆਲਾ) ਵਿਚ ਮੈਡੀਕਲ ਪ੍ਰੈਕਟਿਸ ਸ਼ੁਰੂ ਕਰ ਦਿਤੀ । ਅੱਖਾਂ ਦੇ ਅਥਵਾ ਮੋਤੀਆ ਬਿੰਦ ਦੇ ਕਾਫ਼ੀ ਆਪ੍ਰੇਸ਼ਨ ਕੀਤੇ । ਆਪਣਾ ਹਸਪਤਾਲ ਜਾਰੀ ਕੀਤਾ, ਜਿਥੇ ਇਨਡੋਰ ਬੀਮਾਰ ਵੀ ਰਹਿੰਦੇ । ਉਸ ਜ਼ਮਾਨੇ ਵਿਚ ਲੇਖਕ ਦੀ ਆਮਦਨੀ ਤਿੰਨ ਚਾਰ ਸੌ ਰੁਪਿਆ ਮਹੀਨਾ ਸੀ । ਅਖ਼ਬਾਰਾਂ ਤੇ ਰਸਾਲੇ ਪੜ੍ਹਨ ਅਤੇ ਨਾਮੀ ਲੇਖਕਾਂ, ਐਡੀਟਰਾਂ, ਅਤੇ ਕਵੀਆਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਚਿਠੀ-ਪਤ੍ਰ ਕਰਨ ਦਾ ਬੜਾ ਚਾਅ ਸੀ । ਉਰਦੂ ਬੋਲੀ ਦਾ ਸ਼ਾਇਦ ਹੀ ਕੋਈ ਅਖ਼ਬਾਰ, ਰਿਸਾਲਾ, ਜਾਂ ਕਿਤਾਬ ਅਜਿਹੀ ਹੋਵੇਗੀ ਜਿਸ ਦਾ ਬਾਕਾਇਦਾ ਅਧਿਅਨ ਨਾ ਕਰਦਾ । ਏਸੇ ਸ਼ੌਕ ਵਿਚ ਇਕ ਦਿਨ ਲੇਖ ਲਿਖਿਆ ਜਿਹੜਾ ਲਾਹੌਰ ਦੇ ਉਰਦੂ ਸਪਤਾਹਕ "ਖਾਲਸਾ ਅਖ਼ਬਾਰ’" ਨੂੰ ਛਪਣ ਲਈ ਭੇਜਿਆ। ਇਹ ਲੇਖ ਫ਼ਰਜ਼ੀ "ਈਸ਼ਰ ਸਿੰਘ ਫ਼ੀਰੋਜ਼ਪੁਰੀ" ਦੇ ਨਾਂ ਹੇਠ ਛਪਿਆ। ਕਿਉਂਕਿ ਮੈਂ ਅਨੁਭਵ ਕਰਦਾ ਸਾਂ ਕਿ ਜੇਕਰ ਲੇਖ ਚੰਗਾ ਨਾ ਹੋਇਆ ਅਤੇ ਆਪਣੇ ਨਾਂ ਤੇ ਹੀ ਛਪਿਆ ਤਾਂ ਲੋਕੀ ਮਖ਼ੌਲ ਕਰਨਗੇ । ਏਸ ਲੇਖ ਦੇ ਛਪਣ ਪਿਛੋਂ ਏਨੀ ਖ਼ੁਸ਼ੀ ਹੋਈ ਕਿ ਦਸ ਨਹੀਂ ਸਕਦਾ। ਇਸ ਪਿਛੋਂ ਮੈਂ ਦੋ ਤਿੰਨ ਹੋਰ ਲੇਖ ਏਸੇ ਨਾਂ ਹੇਠ ਛਪਣ ਲਈ ਏਸੇ ਅਖ਼ਬਾਰ ਨੂੰ ਭੇਜੇ ਜੋ ਕਿ ਛਪ ਗਏ । ਇਹਨਾਂ ਲੇਖਾਂ ਦੇ ਛਪਣ ਪਿਛੋਂ ਭਾਈ ਮੂਲ ਸਿੰਘ ਮੈਨੇਜਰ "ਖ਼ਾਲਸਾ ਅਖ਼ਬਾਰ" ਦੀ ਚਿਠੀ ਮੇਰੇ ਕੋਲ ਪਹੁੰਚੀ ਜਿਸ ਵਿਚ ਪੁਛਿਆ ਗਿਆ ਕਿ ਮੈਂ ਮਾਨਸੇ ਕੀ ਕੰਮ ਕਰਦਾ ਹਾਂ, ਵਿਦਿਆ ਕਿਥੋਂ ਤਕ ਹੈ, ਆਮਦਨੀ ਕਿੰਨੀ ਹੈ, ਕੀ "ਖ਼ਾਲਸਾ ਅਖ਼ਬਾਰ" ਨੂੰ ਐਡਿਟ ਕਰਨ ਲਈ ਲਾਹੌਰ ਆ ਸਕਦਾ ਹਾਂ ਅਤੇ ਜੇਕਰ ਆ ਸਕਦਾ ਹਾਂ ਤਾਂ ਕੀ ਤਨਖ਼ਾਹ ਲਾਂ ਗਾ ।
ਏਸ ਚਿਠੀ ਨੂੰ ਵੇਖ ਕੇ ਖ਼ੁਸ਼ੀ ਤੇ ਅਦਭੁਦਤਾ ਦੇ ਮਿਲੇ ਜੁਲੇ ਜਜ਼ਬਿਆਂ ਕਾਰਨ ਮੇਰੀ ਹਾਲਤ ਅਜੀਬ ਜਿਹੀ ਸੀ । ਚਿਠੀ ਨੂੰ ਘੜੀ ਮੁੜੀ ਪੜ੍ਹਦਾ ਸਾਂ, ਧਿਆਨ ਨਾਲ ਵੇਖਦਾ ਸਾਂ ਅਤੇ ਖ਼ਿਆਲ ਕਰਦਾ ਸਾਂ ਕਿ ਕੀ ਇਹ ਹੋ ਸਕਦਾ ਹੈ ਕਿ ਮੈਂ ਕਿਸੇ ਅਖ਼ਬਾਰ ਦਾ ਐਡੀਟਰ ਬਣ ਸਕਾਂ । ਏਸ ਚਿਠੀ ਦਾ ਮੈਂ ਜੁਆਬ ਦਿਤਾ ਕਿ ਮੈਂ ਮੈਡੀਕਲ ਪ੍ਰੈਕਟਿਸ ਕਰਦਾ ਹਾਂ । ਆਮਦਨੀ ਤਿੰਨ ਚਾਰ ਸੌ ਰੁਪਏ ਮਾਸਕ ਦੇ ਕਰੀਬ ਹੈ। ਪੜ੍ਹਾਈ ਮਾਮੂਲੀ ਹੈ, ਪਰ ਲਿਟਰੇਚਰ ਦਾ ਅਧਿਅਨ ਕਾਫ਼ੀ ਹੈ ।
ਮੇਰੇ ਏਸ ਪੱਤਰ ਦਾ ਜੁਆਬ ਸਰਦਾਰ ਮੂਲ ਸਿੰਘ ਨੇ ਇਹ ਦਿਤਾ ਕਿ ਉਹ ਐਡੀਟਰ ਨੂੰ ਵਧ ਤੋਂ ਵਧ ਸੱਠ ਰੁਪਏ ਤਨਖ਼ਾਹ ਦੇ ਸਕਦੇ ਹਨ ਅਤੇ ਕਿਉਂਕਿ ਮੇਰੀ ਮੈਡੀਕਲ ਪ੍ਰੈਕਟਿਸ ਤਿੰਨ ਚਾਰ ਸੌ ਰੁਪਏ ਮਹੀਨਾ ਹੈ, ਇਸ ਲਈ ਮੇਰਾ ਅਖ਼ਬਾਰ ਵਿਚ ਆਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਏਸ ਜੁਆਬ ਪਿਛੋਂ ਵੀ ਮੈਂ ਕੁਝ ਬੇਹਾਲ ਜਿਹਾ ਸਾਂ ਅਤੇ ਰਹਿ ਰਹਿ ਕੇ ਖ਼ਿਆਲ ਕਰਦਾ ਸਾਂ ਕਿ ਮੈਂ ਜਰਨਲਿਜ਼ਮ ਗ੍ਰਹਿਣ ਕਰਾਂ, ਸ਼ਾਇਦ ਇਸ ਵਿਚ ਮੈਡੀਕਲ ਪ੍ਰੈਕਟਿਸ ਨਾਲੋਂ ਵਧੇਰੇ ਕਾਮਯਾਬੀ ਨਸੀਬ ਹੋਵੇ। ਸੋ ਮੈਂ ਆਪਣੇ ਇਕ ਸਤਿਕਾਰਯੋਗ ਸ਼ੁਭ ਚਿੰਤਕ ਭਗਤ ਲਕਸ਼ਮਨ ਸਿੰਘ ਬੀ. ਏ. ਇੰਸਪੈਕਟਰ ਆਫ਼ ਸਕੂਲਜ਼ ਫ਼ੀਰੋਜ਼ਪੁਰ - ਜੋ ਕਈ ਕਿਤਾਬਾਂ ਦੇ ਲੇਖਕ ਸਨ, ਅਤੇ ਜਿਨ੍ਹਾਂ ਨੂੰ ਮੇਰੇ ਫ਼ਰਜ਼ੀ ਨਾ ਹੇਠ ਭੇਜੇ ਗਏ ਉਹਨਾਂ ਲੇਖਾਂ ਦਾ ਪਤਾ ਸੀ ਕਿ ਮੈਂ ਲਿਖੇ ਹਨ-ਨੂੰ ਖਤ ਲਿਖਿਆ ਕਿ "ਖ਼ਾਲਸਾ ਅਖ਼ਬਾਰ" ਦੇ ਮਾਲਕ ਮੈਨੂੰ ਐਡੀਟਰ ਨੀਯਤ ਕਰਨਾ ਚਾਹੁੰਦੇ ਹਨ, ਪਰ ਤਨਖ਼ਾਹ ਕੇਵਲ ਸੱਠ ਰੁਪਏ ਮਹੀਨਾ ਦੇਣਗੇ । ਮੇਰੀ ਵਰਤਮਾਨ ਆਮਦਨ ਤਿੰਨ ਚਾਰ ਸੌ ਰੁਪਿਆ ਮਹੀਨਾ ਦੇ ਵਿਚਕਾਰ ਹੈ। ਮੈਂ ਏਸ ਅਖ਼ਬਾਰ ਵਿਚ ਜਾਵਾਂ ਕਿ ਨਾ ਜਾਵਾਂ। ਭਗਤ ਲਕਸ਼ਮਨ ਸਿੰਘ ਦਾ ਜੋ ਜੁਆਬ ਆਇਆ ਉਸ ਦੇ ਅਖਰ ਹੁਣ ਤਕ ਮੇਰਿਆਂ ਕੰਨਾਂ ਵਿਚ ਗੂੰਜ ਰਹੇ ਹਨ ਅਤੇ ਸ਼ਾਇਦ ਮੈਂ ਜੀਵਨ ਭਰ ਇਹਨਾਂ ਨੂੰ ਨਾ ਭੁਲਾ ਸਕਾਂ ਕਿਉਂਕਿ ਏਹੋ ਅਖਰ ਮੇਰੇ ਜੀਵਨ ਵਿਚ ਬੜਾ ਵਡਾ ਪ੍ਰੀਵਰਤਨ ਲਿਆਉਣ ਦਾ ਕਾਰਨ ਬਣੇ। ਆਪ ਨੇ ਲਿਖਿਆ:
"ਇਸ ਵਿਚ ਕੋਈ ਸ਼ੱਕ ਨਹੀਂ ਕਿ ਤੇਰੀ ਕਲਮ ਵਿਚ ਲੋਹੜੇ ਦਾ ਜ਼ੋਰ ਹੈ ਇਹ ਅਸੰਭਵ ਨਹੀਂ ਹੋਵੇਗਾ ਕਿ ਤੂੰ ਜਰਨਲਿਸਟ ਦੇ ਤੌਰ ਤੇ ਕਾਮਯਾਬ ਹੋ ਜਾਵੇਂ । ਮੇਰੇ ਖ਼ਿਆਲ ਵਿਚ ਜਰਨਲਿਜ਼ਮ ਗ੍ਰਹਿਣ ਕਰਕੇ ਵੇਖਣਾ ਚਾਹੀਦਾ ਹੈ ਕਿ ਤੂੰ ਕਿਸ ਹਦ ਤਕ ਇਸ ਵਿਚ ਕਾਮਯਾਬ ਹੁੰਦਾ ਹੈਂ।"
ਏਸ ਖ਼ਤ ਦੇ ਪਹੁੰਚਣ ਪਿਛੋਂ ਮੈਂ ਭਾਈ ਮੂਲ ਸਿੰਘ ਨੂੰ ਚਿਠੀ ਲਿਖੀ ਕਿ ਮੈਂ ਸਠ ਰੁਪਏ ਮਹੀਨੇ ਤੇ ਹੀ ਆਉਣ ਲਈ ਤਿਆਰ ਹਾਂ। ਉਹਨਾਂ ਦਾ ਜੁਆਬ ਆਇਆ ਕਿ ਆ ਜਾਓ । ਸੋ ਮੈਂ ਤਿੰਨ ਚਾਰ ਸੌ ਰੁਪਏ ਮਹੀਨੇ ਦੀ ਮੈਡੀਕਲ ਪ੍ਰੈਕਟਿਸ ਨੂੰ ਛਡ ਕੇ ਸਠ ਰੁਪਏ ਮਹੀਨਾ ਤਨਖ਼ਾਹ ਤੇ ਲਾਹੌਰ ਪਹੁੰਚ ਗਿਆ।
ਲਾਹੌਰ ਪਹੁੰਚਣ ਪਿਛੋਂ ਮੈਂ ਸਰਦਾਰ ਮੂਲ ਸਿੰਘ ਨਾਲ ਇਹ ਪਕੀ ਠਹਿਰਾਈ ਕਿ ਮੇਰੇ ਲਾਹੌਰ ਆਉਣ ਦੀ ਸੂਚਨਾ ਕਿਸੇ ਨੂੰ ਨਾ ਦਿਤੀ ਜਾਵੇ ਅਤੇ ਮੈਂ ਲੁਕਵੇਂ ਢੰਗ ਨਾਲ ਅਖ਼ਬਾਰ ਨੂੰ ਐਡਿਟ ਕਰਾਂਗਾ। ਮੇਰਾ ਆਪਣੇ ਆਪ ਨੂੰ ਲੁਕਾਉਣ ਦੀ ਲੋੜ ਕੇਵਲ ਇਹ ਸੀ ਕਿ ਮੈਂ ਅਸਫ਼ਲਤਾ ਤੋਂ ਡਰਦਾ ਸਾਂ ਅਤੇ ਸੋਚਦਾ ਸਾਂ ਕਿ ਜੇਕਰ ਅਸਫ਼ਲ ਰਿਹਾ ਤਾਂ ਸਜਨ ਮਿੱਤਰ ਗੁੱਡਾ ਬੰਨ੍ਹਣਗੇ ।
"ਖ਼ਾਲਸਾ ਅਖ਼ਬਾਰ" ਨੂੰ ਮੈਂ ਸ਼ਾਇਦ ਚਾਰ ਮਹੀਨੇ ਐਡਿਟ ਕਰਦਾ ਰਿਹਾ। ਏਸ ਸਮੇਂ ਵਿਚਕਾਰ ਅਖ਼ਬਾਰ ਵਿਚ ਨਵਾਂ ਜੀਵਨ ਸੰਚਾਰ ਹੋ ਗਿਆ । ਹਰ ਆਦਮੀ ਐਡੀਟੋਰੀਅਲ ਲੇਖਾਂ ਦਾ ਭੌਰਾ ਸੀ, ਪਰ ਮੈਂ ਕਾਨੂੰਨ ਤੋਂ ਅਗਿਆਤ ਸਾਂ, ਨਤੀਜਾ ਇਹ ਹੋਇਆ ਕਿ ਏਸ ਚਹੁੰ ਮਹੀਨਿਆਂ ਵਿਚ ਮਾਲਕ ਅਖ਼ਬਾਰ ਸਰਦਾਰ ਹਰਚੰਦ ਸਿੰਘ ਰਈਸ ਲਾਇਲਪੁਰ ਅਤੇ ਸਰਦਾਰ ਮੂਲ ਸਿੰਘ ਪ੍ਰਿੰਟਰ ਤੇ ਪਬਲਿਸ਼ਰ ਤੇ ਫ਼ੌਜਦਾਰੀ ਮੁਕਦਮੇ ਚਾਲੂ ਹੋ ਗਏ । ਇਹਨਾਂ ਮੁਕੱਦਮਿਆਂ ਵਿਚੋਂ ਇਕ ਮੁਕਦਮਾ ਸਰਦਾਰ ਅਮਰ ਸਿੰਘ ਐਡੀਟਰ ਸ਼ੇਰੇ ਪੰਜਾਬ ਨੇ ਵੀ ਕੀਤਾ, ਜਿਨ੍ਹਾਂ ਵਿਰੁਧ ਲੇਖ ਲਿਖੇ ਗਏ ਸਨ । ਇਸ ਤਰ੍ਹਾਂ ਮੈਂ ਇਹਨਾਂ ਮੁਕਦਮਿਆਂ ਕਾਰਣ ਹਟਾ ਦਿਤਾ ਗਿਆ ।
ਮੇਰੇ ਜੀਵਨ ਦਾ ਇਹ ਸਮਾਂ ਬੜਾ ਨਾਜ਼ਕ ਸੀ । ਮੈਡੀਕਲ ਪ੍ਰੈਕਟਿਸ ਛਡ ਚੁਕਾ ਸਾਂ । "ਖ਼ਾਲਸਾ ਅਖ਼ਬਾਰ" ਤੋਂ ਵਖ ਕਰ ਦਿਤਾ ਗਿਆ ਸਾਂ। ਦੂਜੀ ਕੋਈ ਥਾਂ ਨਹੀਂ ਸੀ, ਪਰ ਮੈਂ ਇਕ ਪਲ ਲਈ ਵੀ ਨਾਉਮੀਦ ਨਾ ਹੋਇਆ ਅਤੇ ਲਾਹੌਰ ਵਿਚ ਹੀ ਬਹੁਤ ਥੋੜ੍ਹੀ ਥੋੜ੍ਹੀ ਤਨਖ਼ਾਹ 'ਤੇ ਕਈਆਂ ਅਖ਼ਬਾਰਾਂ ਵਿਚ ਕੰਮ ਸ਼ੁਰੂ ਕਰ ਦਿਤਾ । ਲਾਹੌਰ ਦੀਆਂ ਅਖ਼ਬਾਰਾਂ ਵਿਚ ਮੈਨੂੰ ਕੰਮ ਕਰਦਿਆਂ ਕੁਝ ਸਮਾਂ ਹੋ ਗਿਆ। ਇਕ ਦਿਨ ਮੈਂ ਸ੍ਵਰਗਵਾਸੀ ਲਾਲਾ ਰਾਮ ਰਛਪਾਲ ਸਿੰਘ ਸਾਹਿਬ ਸ਼ੈਦਾ ਐਡੀਟਰ "ਹਿੰਦੁਸਤਾਨ" ਤੋਂ ਪੁਛਿਆ ਕਿ ਉਰਦੂ ਜਰਨਲਿਜ਼ਮ ਵਿਚ ਸਭ ਤੋਂ ਵਧੇਰੇ ਲਾਇਕ ਕਿਹੜੇ ਸਾਹਿਬ ਹਨ । ਆਪ ਨੇ ਫ਼ਰਮਾਇਆ ਅਸੀਮਤ ਜਾਣਕਾਰੀ ਦੇ ਲਿਹਾਜ਼ ਸਭ ਤੋਂ ਵਧੇਰੇ ਸਿਆਣੇ ਐਡੀਟਰ ਸੱਯਦ ਜਾਲਬ ਐਡੀਟਰ "ਹਮਦਮ" ਹਨ । ਲੇਖਕ ਨੇ ਸੱਯਦ ਜਾਲਬ ਨੂੰ ਲਖਨਊ ਖ਼ਤ ਲਿਖਿਆ ਕਿ ਮੈਨੂੰ ਜਰਨਲਿਜ਼ਮ ਸਿਖਣ ਦਾ ਸ਼ੌਕ ਹੈ ਜੇਕਰ ਆਪ ਆਗਿਆ ਕਰੋ ਅਤੇ ਮੇਰੇ ਖ਼ਰਚ ਲਈ ਮਾਮੂਲੀ ਜਿਹੀ ਤਨਖ਼ਾਹ ਨੀਯਤ ਕਰ ਦਿਓ ਤਾਂ ਮੈਂ ਤੁਹਾਡੀ ਸੇਵਾ ਵਿਚ ਹਾਜ਼ਰ ਹੋਣਾ ਚਾਹੁੰਦਾ ਹਾਂ । ਸੱਯਦ ਜਾਲਬ ਨੇ ਮੇਰੇ ਏਸ ਖ਼ਤ ਦਾ ਕੋਈ ਜੁਆਬ ਨਾ ਦਿਤਾ । ਇਕ ਸਾਤੇ ਪਿਛੋਂ ਫੇਰ ਖ਼ਤ ਲਿਖਿਆ । ਫੇਰ ਵੀ ਜੁਆਬ ਵਲੋਂ ਕੋਰਾਪਨ । ਏਸ ਲਾਪ੍ਰਵਾਹੀ ਤੋਂ ਮੈਂ ਨਾਉਮੀਦ ਨਾ ਹੋਇਆ । ਲਖਨਊ ਦਾ ਟਿਕਟ ਲਿਆ ਅਤੇ ਲਖਨਊ ਪਹੁੰਚ ਗਿਆ। ਲਖਨਊ ਪਹੁੰਚ ਕੇ ਸਿਧਾ ਗੁਰਦੁਆਰੇ ਗਿਆ । ਉਥੇ ਬਤੌਰ ਮੁਸਾਫ਼ਰ ਇਕ ਕੋਠੜੀ ਵਿਚ ਸਾਮਾਨ ਰਖਿਆ । ਅਗਲੀ ਭਲਕ ਸਵੇਰੇ ਅਠ ਵਜੇ ਹਮਦਮ ਦੇ ਦਫ਼ਤਰ ਪਹੁੰਚਿਆ। "ਹਮਦਮ" ਦਾ ਦਫ਼ਤਰ ਉਸ ਸਮੇਂ ਹਜ਼ਰਤ ਗੰਜ ਦੀ ਇਕ ਬਿਲਡਿੰਗ ਵਿਚ ਸੀ ਜੋ "ਆਈ. ਡੀ. ਟੀ." ਨਾਲ ਸਾਂਝੀ ਸੀ ਕਿਉਂਕਿ ਦੋਹਾਂ ਅਖ਼ਬਾਰਾਂ ਦੇ ਮਾਲਕ ਸ਼ਾਇਦ ਸ੍ਵਰਗਵਾਸੀ ਰਾਜਾ ਸਾਹਿਬ ਮਹਿਮੂਦ ਆਬਾਦ ਸਨ । "ਹਮਦਮ" ਦੇ ਦਫ਼ਤਰ ਪਹੁੰਚ ਕੇ ਮੈਂ ਪੈਂਸਲ ਨਾਲ ਇਕ ਕਾਗ਼ਜ਼ ਦੇ ਟੁਕੜੇ ਤੇ ਆਪਣਾ ਨਾਂ ਲਿਖਿਆ ਅਤੇ ਚਪੜਾਸੀ ਦੇ ਹਥ ਸੱਯਦ ਜਾਲਬ ਪਾਸ ਭੇਜਿਆ। ਸੱਯਦ ਸਾਹਿਬ ਨੇ ਮੈਨੂੰ ਝਟ ਅੰਦਰ ਸੱਦ ਲਿਆ। ਸਾਹਮਣੇ ਖਲੋਤਾ ਹੀ ਸਾਂ ਕਿ ਆਪ ਨੇ ਫ਼ਰਮਾਇਆ :
"ਤੁਹਾਡੇ ਦੋਵੇਂ ਖ਼ਤ ਮਿਲੇ, ਮੈਨੂੰ ਅਫ਼ਸੋਸ ਹੈ ਕਿ ਮੈਂ ਜੁਆਬ ਨਹੀਂ ਦੇ ਸਕਿਆ ਕਿਉਂਕਿ ਏਥੇ ਕੋਈ ਥਾਂ ਖ਼ਾਲੀ ਨਹੀਂ ਹੁਣ ਵੀ ਏਹੋ ਹਾਲ ਹੈ । ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਡੇ ਲਈ ਲਾਹੇਵੰਦਾ ਨਹੀਂ ਹੋ ਸਕਦਾ ।"
ਮੈਂ ਬਿਨੈ ਕੀਤੀ ਕਿ ਮੈਨੂੰ ਕੰਮ ਸਿਖਣ ਦਾ ਸ਼ੌਕ ਹੈ ਕਿਉਂਕਿ ਮੈਂ ਸੁਣਿਆ ਹੈ ਕਿ ਤੁਸੀਂ ਉਰਦੂ ਜਰਨਲਿਜ਼ਮ ਵਿਚ ਚੰਗੇ ਸਿਆਣੇ ਵਿਅੱਕਤੀ ਹੋ । ਮੈਂ ਏਸ ਲੋੜ ਨੂੰ ਆਇਆ ਹਾਂ ਕਿ ਜੇਕਰ ਤੁਸੀਂ ਮੇਰੇ ਵਾਸਤੇ ਕੇਵਲ ਤੀਹ ਰੁਪਏ ਮਹੀਨਾ ਨੀਯਤ ਕਰ ਦਿਓ ਤਾਂ ਮੈਂ ਤਸੱਲੀ ਨਾਲ ਤੁਹਾਡੀ ਸੇਵਾ ਵਿਚ ਹਾਜ਼ਰ ਰਹਿ ਕੇ ਕੰਮ ਕਰਨਾ ਅਤੇ ਸਿਖਣਾ ਚਾਹੁੰਦਾ ਹਾਂ। ਸੱਯਦ ਜਾਲਬ ਨੇ ਜੁਆਬ ਦਿਤਾ ਕਿ ਕੋਈ ਥਾਂ ਖ਼ਾਲੀ ਨਹੀਂ । ਮੈਂ ਫੇਰ ਬੇਨਤੀ ਕੀਤੀ, ਚਪੜਾਸੀ ਦੀ ਥਾਂ ਹੀ ਮੈਨੂੰ ਰਖ ਲਓ । ਮੈਂ ਚਪੜਾਸੀ ਬਣ ਕੇ ਸਾਰਾ ਦਿਨ ਕੰਮ ਕਰਾਂਗਾ ਅਤੇ ਨਾਲ ਨਾਲ ਤੁਹਾਥੋਂ ਜਰਨਲਿਜ਼ਮ ਸਿਖਾਂਗਾ । ਸੱਯਦ ਜਾਲਬ ਮੇਰੀ ਏਸ ਦਰਖ਼ਾਸਤ 'ਤੇ ਹੈਰਾਨ ਸਨ, ਪਰ ਆਪ ਨੇ ਕਿਹਾ ਕਿ ਅਫ਼ਸੋਸ ਚਪੜਾਸੀ ਦੀ ਵੀ ਕੋਈ ਥਾਂ ਖ਼ਾਲੀ ਨਹੀਂ। ਇਹ ਜੁਆਬ ਸੁਣ ਕੇ ਮੈਂ ਮੁੜ ਬੇਨਤੀ ਕੀਤੀ ਕਿ ਤੁਹਾਨੂੰ ਮੇਰੇ ਮੁਫ਼ਤ ਕੰਮ ਕਰਨ ਤੇ ਕੋਈ ਇਤਰਾਜ਼ ਤਾਂ ਨਹੀਂ । ਸੱਯਦ ਜਾਲਬ ਨੇ ਮੁਸਕਾਂਦਿਆਂ ਹੋਇਆਂ ਫ਼ਰਮਾਇਆ, "ਮੁਫ਼ਤ ਕੰਮ ਲੈਣ ਵਿਚ ਕੀ ਇਨਕਾਰ ਹੋ ਸਕਦਾ ਹੈ ।" ਇਸ ਪ੍ਰਕਾਰ ਲੇਖਕ ਨੇ ਅਗਲੀ ਭਲਕ ਤੋਂ ਦਫ਼ਤਰ "ਹਮਦਮ" ਵਿਚ ਬਿਨਾਂ ਤਨਖ਼ਾਹ ਕੰਮ ਸ਼ੁਰੂ ਕਰ ਦਿਤਾ। ਗੁਜ਼ਾਰੇ ਲਈ ਅਮੀਨਆਬਾਦ ਪਾਰਕ ਦੇ ਕੋਲ ਇਕ ਬੰਗਾਲੀ ਕੈਮਿਸਟ ਦੀ ਦੁਕਾਨ ਤੇ ਪੰਦਰਾਂ ਰੁਪਏ ਮਹੀਨੇ ਤੇ ਨੌਕਰੀ ਕਰ ਲਈ । ਦਿਨ ਭਰ ਦਫ਼ਤਰ "ਹਮਦਮ" ਵਿਚ ਕੰਮ ਕਰਦਾ । ਸ਼ਾਮ ਨੂੰ ਛੇ ਵਜੇ ਤੋਂ ਬਾਰਾਂ ਵਜੇ ਰਾਤ ਤਕ ਉਸ ਕੈਮਿਸਟ ਕੋਲ ਤੇ ਰਾਤ ਨੂੰ ਗੁਰਦੁਆਰੇ ਜਾ ਸੌਂਦਾ। ਕਿਉਂਕਿ ਕਦ, ਸਰੀਰ ਅਤੇ ਚੇਹਰਾ ਮੋਹਰਾ ਰੋਹਬਦਾਰ ਸੀ । ਜਦ ਲਖਨਊ ਦੇ ਬਾਜ਼ਾਰਾਂ ਵਿਚੋਂ ਲੰਘਦਾ ਤਾਂ ਪੁਲੀਸ ਟ੍ਰੈਫ਼ਿਕ ਦੇ ਸਿਪਾਹੀ ਇਹ ਸਮਝ ਕੇ ਸਲਯੂਟ ਕਰਦੇ ਕਿ ਸ਼ਾਇਦ ਕੋਈ ਨਵਾਂ ਸਬ ਇੰਸਪੈਕਟਰ ਜਾਂ ਇੰਸਪੈਕਟਰ ਨੀਯਤ ਹੋਇਆ ਹੈ । ਕਿਉਂਕਿ ਯੂ. ਪੀ. ਪੁਲੀਸ ਵਿਚ ਸਿਖ ਕਾਫ਼ੀ ਗਿਣਤੀ ਵਿਚ ਉਚੀਆਂ ਪਦਵੀਆਂ ਤੇ ਸਨ । ਇਹਨਾਂ ਵਿਚਾਰਿਆਂ ਨੂੰ ਕੀ ਪਤਾ ਕਿ ਜਿਸ ਨੂੰ ਸਲਯੂਦ ਕਰ ਰਹੇ ਹਨ ਦਿਨ ਭਰ "ਹਮਦਮ" ਦੇ ਦਫ਼ਤਰ ਵਿਚ ਬਿਨਾਂ ਕਿਸੇ ਬਦਲੇ ਦੇ ਕੰਮ ਕਰਦਾ ਹੈ । ਰਾਤ ਨੂੰ ਬਾਰਾਂ ਵਜੇ ਤਕ ਇਕ ਕੈਮਿਸਟ ਕੋਲ ਪੰਦਰਾਂ ਰੁਪਏ ਮਹੀਨੇ ਤੇ ਨੌਕਰ ਹੈ ਅਤੇ ਇਸ ਦੀ ਜ਼ਾਤੀ ਆਮਦਨ ਜਾਂ ਖ਼ਰਚ ਅਠ ਆਨੇ ਰੋਜ਼ ਤੋਂ ਜ਼ਿਆਦਾ ਨਹੀਂ ।
ਹਮਦਮ ਅਤੇ ਅਮੀਨਆਬਾਦ ਪਾਰਕ ਦੇ ਕੈਮਿਸਟ ਪਾਸ ਕੰਮ ਕਰਦਿਆਂ ਕੁਝ ਸਮਾਂ ਲੰਘ ਗਿਆ। ਜੂਨ ਦਾ ਮਹੀਨਾ ਸੀ । ਲਖਨਊ ਦੀ ਗਰਮੀ । ਸਵੇਰੇ ਅਠ ਵਜੇ "ਹਮਦਮ" ਦੇ ਦਫ਼ਤਰ ਪਹੁੰਚਦਾ ਅਤੇ ਦੋ ਵਜੇ ਦੁਪਹਿਰ ਨੂੰ ਪੈਦਲ ਗੁਰਦੁਆਰੇ ਵਾਪਸ ਆਉਂਦਾ । ਇਕ ਦਿਨ ਗਰਮੀ ਵਧੇਰੇ ਸੀ, ਲੋਅ ਲਗ ਗਈ, ਤੇਜ਼ ਬੁਖ਼ਾਰ ਹੋ ਗਿਆ । ਗੁਰਦੁਆਰੇ ਦੀ ਇਕ ਕੋਠੜੀ ਵਿਚ ਪਿਆ ਸਾਂ ਕਿ ਗੁਰਦੁਆਰੇ ਦੇ ਗ੍ਰੰਥੀ ਨੇ ਪੁਛਿਆ, "ਕਿਥੋਂ ਦੇ ਰਹਿਣ ਵਾਲੇ ਹੋ ? ਆਪਣਾ ਨਾਂ ਥਾਂ ਦਸੋ ਤਾਕਿ ਜੇਕਰ ਮਰ ਜਾਓ ਤਾਂ ਤੁਹਾਡੇ ਘਰਦਿਆਂ ਨੂੰ ਖ਼ਬਰ ਦਿਤੀ ਜਾ ਸਕੇ।" ਮੈਂ ਉੱਤਰ ਦਿਤਾ "ਹਾਫ਼ਿਜ਼ਾਬਾਦ (ਜ਼ਿਲਾ ਗੁਜਰਾਂਵਾਲਾ) ਦਾ ਰਹਿਣ ਵਾਲਾ ਹਾਂ" ਗ੍ਰੰਥੀ ਨੇ ਪੁਛਿਆ "ਉਸੇ ਹਾਫ਼ਿਜ਼ਾਬਾਦ ਦੇ ਜਿਥੋਂ ਦੇ ਸਰਦਾਰ ਗੁਰਬਖ਼ਸ਼ ਸਿੰਘ ਸੁਪ੍ਰੰਟੰਡੰਟ ਟੈਲੀਗ੍ਰਾਫ਼ ਰਹਿਣ ਵਾਲੇ ਹਨ ?" ਮੈਂ ਕਿਹਾ "ਹਾਂ" । ਉਸ ਗ੍ਰੰਥੀ ਨੇ ਬਿਨਾਂ ਮੇਰੀ ਗਿਆਤ ਦੇ ਸਰਦਾਰ ਗੁਰਬਖ਼ਸ਼ ਸਿੰਘ ਨੂੰ ਖ਼ਬਰ ਕਰ ਦਿਤੀ। ਸਰਦਾਰ ਗੁਰਬਖ਼ਸ਼ ਸਿੰਘ ਮੇਰੇ ਨਜ਼ੀਕੀ ਚਾਚੇ ਦੇ ਪੁੱਤਰ ਭਰਾ ਸਨ ਅਤੇ ਲਖਨਊ ਵਿਚ ਅਠ ਨੌ ਸੌ ਰੁਪਏ ਮਹੀਨਾ ਦੇ ਕਰੀਬ ਤਨਖ਼ਾਹ ਲੈਂਦੇ ਸਨ । ਜਦ ਉਹਨਾਂ ਨੂੰ ਪਤਾ ਲਗਾ ਕਿ ਮੈਂ ਗੁਰਦੁਆਰੇ ਬੀਮਾਰ ਪਿਆ ਹਾਂ ਤਾਂ ਗੁਰਦੁਆਰੇ ਪਹੁੰਚੇ ਅਤੇ ਮੈਨੂੰ ਵੇਖ ਕੇ ਦੰਗ ਰਹਿ ਗਏ।ਪੁਛਿਆ ਕਿ ਲਖਨਊ ਕਦ ਦੇ ਆਏ ਹੋ। ਮੈਂ ਉਤਰ ਦਿਤਾ ਕੁਝ ਮਹੀਨੇ ਹੋਏ ਹਨ । ਪੁਛਿਆ ਕਿ ਖ਼ਬਰ ਕਿਉਂ ਨਾ ਦਿਤੀ । ਮੈਂ ਜੁਆਬ ਦਿਤਾ ਜਦ ਆਦਮੀ ਚੰਗੀ ਹਾਲਤ ਵਿਚ ਨਾ ਹੋਵੇ ਤਾਂ ਉਚੀ ਪੁਜ਼ੀਸ਼ਨ ਦੇ ਰਿਸ਼ਤੇਦਾਰਾਂ ਨੂੰ ਖ਼ਬਰ ਨਾ ਦੇਣੀ ਹੀ ਠੀਕ ਹੈ ।
ਸਰਦਾਰ ਗੁਰਬਖ਼ਸ਼ ਸਿੰਘ ਮੈਨੂੰ ਆਪਣੀ ਕੋਠੀ ਲੈ ਗਏ । ਕੁਝ ਦਿਨ ਇਲਾਜ ਕੀਤਾ ਅਤੇ ਮੈਂ ਰਾਜ਼ੀ ਹੋ ਕੇ ਵਾਪਸ ਪੰਜਾਬ ਆ ਗਿਆ।
ਉਪਰ ਦੇ ਹਾਲ ਦਸਣ ਦਾ ਭਾਵ ਇਹ ਹੈ ਕਿ ਜਿਹੜੇ ਆਦਮੀ ਉਚਿਆਂ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਹਰ ਪ੍ਰਕਾਰ ਦੇ ਖ਼ਤਰਿਆਂ ਨੂੰ ਜੀ ਆਇਆਂ ਕਹਿਣ ਨੂੰ ਤਿਆਰ ਰਹਿਣ । ਮੁਸੀਬਤਾਂ 'ਤੇ ਮੁਸ਼ਕਲਾਂ ਤੋਂ ਘਬਰਾਉਣ ਨਾ ਅਤੇ ਕੋਈ ਰਾਹ ਅਜਿਹਾ ਨਾ ਛਡਣ ਜਿਹੜਾ ਉਹਨਾਂ ਦੀ ਭਲਿਆਈ ਲਈ ਹੋਵੇ। ਉਸ ਰਾਹ ਨੂੰ ਗ੍ਰਹਿਣ ਕਰਦਿਆਂ ਹੋਇਆਂ ਉਹਨਾਂ ਲਈ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਪੈਦਾ ਹੋਣ ।
ਐਡੀਟਰ "ਰਿਆਸਤ" ਨੂੰ ਸ਼ਕਾਇਤ ਹੈ ਕਿ ਸ੍ਵਰਗਵਾਸੀ ਸੱਯਦ ਜਾਲਬ ਨੇ ਉਸ ਸਮੇਂ 'ਚ ਉਸ ਨਾਲ ਦਿਲ ਵਧਾਊ ਸਲੂਕ ਨਹੀਂ ਕੀਤਾ। ਸੱਯਦ ਜਾਲਬ ਇਹਨਾਂ ਘਟਨਾਵਾਂ ਪਿਛੋਂ ਕਈ ਸਾਲ ਜੀਉਂਦੇ ਰਹੇ । ਜਦ ਕਦੇ ਆਪਣੇ ਵਤਨ ਦਿੱਲੀ ਆਉਂਦੇ ਤਾਂ ਦਫ਼ਤਰ "ਰਿਆਸਤ" ਵਿਚ ਵੀ ਆਇਆ ਕਰਦੇ ਅਤੇ ਲਖਨਊ ਤੇ ਦਿੱਲੀ ਵਿਚ ਜਦ ਕਦੇ ਆਪਣੇ ਸ਼ਾਗਿਰਦਾਂ (ਜੋ ਦਰਜਨਾਂ ਦੀ ਗਿਣਤੀ ਵਿਚ ਸਨ) ਦਾ ਜ਼ਿਕਰ ਕਰਦੇ ਤਾਂ ਫ਼ਰਮਾਉਂਦੇ ਕਿ ਉਨ੍ਹਾਂ ਦੇ ਸ਼ਾਗਿਰਦਾਂ ਵਿਚੋਂ ਸਭ ਤੋਂ ਵਧੇਰੇ ਕਾਮਯਾਬ ਦੀਵਾਨ ਸਿੰਘ ਹੈ ਅਤੇ ਉਸ ਦੀ ਫ਼ਤਹਿਯਾਬੀ ਤੇ ਉਹਨਾਂ ਨੂੰ ਮਾਣ ਹੈ।
ਖ਼ਬਰਾਂ ਪ੍ਰਾਪਤ ਕਰਨ ਵਿਚ ਮੁਸ਼ਕਲਾਂ
ਰੋਜ਼ਾਨਾ ਅਖ਼ਬਾਰਾਂ ਨੂੰ ਹਰ ਰੋਜ਼ ਸੈਂਕੜੇ ਤਾਰਾਂ ਨੀਊਜ਼ ਏਜੰਸੀਆਂ ਤੋਂ ਮਿਲ ਜਾਂਦੀਆਂ ਹਨ ਅਤੇ ਇਹਨਾਂ ਖ਼ਬਰਾਂ ਲਈ ਪਬਲਿਕ ਨੂੰ ਰੋਜ਼ਾਨਾ ਅਖ਼ਬਾਰਾਂ ਪੜ੍ਹਨ ਦੀ ਲੋੜ ਪੈਂਦੀ ਹੈ, ਪਰ ਸਪਤਾਹਕ ਅਖ਼ਬਾਰਾਂ ਵਿਚ ਕਿਉਂਕਿ ਨਿਊਜ਼ ਏਜੰਸੀਆਂ ਦੀਆਂ ਤਾਰਾਂ ਨਹੀਂ ਹੁੰਦੀਆਂ ਇਸ ਲਈ ਜ਼ਰੂਰੀ ਹੈ ਕਿ ਉਹ ਆਪਣੇ ਪਾਠਕਾਂ ਲਈ ਅਜਿਹੀਆਂ ਖ਼ਬਰਾਂ ਪ੍ਰਕਾਸ਼ਤ ਕਰਨ, ਜਿਹੜੀਆਂ ਰੋਜ਼ਾਨਾ ਅਖ਼ਬਾਰਾਂ ਵਿਚ ਨਾ ਹੋਣ, ਤਾਕਿ ਰੋਜ਼ਾਨਾ ਅਖ਼ਬਾਰਾਂ ਦੇ ਵਾਲੇ ਪੜ੍ਹਨ ਵੀ ਇਹਨਾਂ ਸਪਤਾਹਕ ਅਖ਼ਬਾਰਾਂ ਨੂੰ ਖ਼ਰੀਦਣ ਕਿਉਂਕਿ ਜੇਕਰ ਰੋਜ਼ਾਨਾ ਅਖ਼ਬਾਰਾਂ ਤੋਂ ਕੁਝ ਵਖ ਮਸਾਲਾ ਸਪਤਾਹਕ ਅਖ਼ਬਾਰਾਂ ਵਿਚ ਨਾ ਦਿਤਾ ਜਾਵੇ ਤਾਂ ਫੇਰ ਕਿਸੇ ਨੂੰ ਸਪਤਾਹਕ ਅਖ਼ਬਾਰਾਂ ਮੁਲ ਲੈਣ ਦੀ ਕੀ ਲੋੜ ਹੈ । ਏਸੇ ਅਸੂਲ ਨੂੰ ਮੁਖ ਰਖਦਿਆਂ ਸਦਾ ਇਹ ਜਤਨ ਕੀਤਾ ਗਿਆ ਕਿ "ਰਿਆਸਤ" ਕਿਉਂਕਿ ਸਪਤਾਹਕ ਹੈ ਏਸ ਲਈ ਇਸ ਵਿਚ ਸਾਹਿਤਕ, ਇਤਿਹਾਸਕ ਅਤੇ ਮਨੋਰੰਜਨ ਦੇ ਮਸਾਲੇ ਬਿਨਾਂ ਅਜਿਹੀਆਂ ਖ਼ਬਰਾਂ ਵੀ ਦਿਤੀਆਂ ਜਾਣ ਜਿਹੜੀਆਂ ਰੋਜ਼ਾਨਾ ਅਖ਼ਬਾਰਾਂ ਵਿਚ ਨਾ ਹੋਣ ।
ਇਕਨਾਂ ਵੇਲਿਆਂ 'ਚ ਰਿਆਸਤ ਦੀਆਂ ਖ਼ਬਰਾਂ ਲਈ ਦੂਜਿਆਂ ਸੱਜਨਾਂ ਤੋਂ ਬਿਨਾਂ ਸ੍ਵਰਗਵਾਸੀ ਮਿਸਟਰ ਕੇ. ਸੀ. ਰਾਏ ਮੈਨੇਜਿੰਗ ਡਾਇਰੈਕਟਰ ਐਸੋਸੀਏਟਿਡ ਪ੍ਰੈਸ ਆਫ਼ ਇੰਡੀਆ ਅਤੇ ਸੁਰਗਵਾਸੀ ਕਾਜ਼ੀ ਸਰ ਅਜ਼ੀਜ਼-ਉ-ਦੀਨ ਅਹਿਮਦ ਦੀਵਾਨ ਦੱਤੀਆ ਦੋ ਬੜੇ ਵਡੇ ਸੋਮੇ ਸਨ । ਲੇਖਕ ਦੇ ਸ੍ਵਰਗਵਾਸੀ ਮਿਸਟਰ ਰਾਏ ਨਾਲ ਬੜੇ ਡੂੰਘੇ ਮਿਤ੍ਰਾਨਾ ਸੰਬੰਧ ਸਨ । ਐਡੀਟਰ "ਰਿਆਸਤ" ਹਰ ਦੂਜੇ ਤੀਜੇ ਦਿਨ ਸ਼ਾਮ ਨੂੰ ਮਿਸਟਰ ਰਾਏ ਨੂੰ ਮਿਲਣ ਉਹਨਾਂ ਦੀ ਕੋਠੀ — ਜੋ ਅੰਡਰ ਹਿਲ ਲੇਨ ਤੇ ਸੀ - ਜਾਂਦਾ ਅਤੇ ਮਿਸਟਰ ਰਾਏ ਵੀ ਸਾਤੇ 'ਚ ਇਕ ਦੋ ਵਾਰ ਆਪਣੀ ਕੋਠੀਉਂ ਐਸੋਸੀਏਟਡ ਪ੍ਰੈਸ ਦੇ ਦਫ਼ਤਰ ਜਾਂਦਿਆਂ ਹੋਇਆਂ ਦਫ਼ਤਰ "ਰਿਆਸਤ" ਵਿਚ ਆਉਂਦੇ । ਮਿਸਟਰ ਰਾਏ ਉਰਦੂ ਨਹੀਂ ਸਨ ਜਾਣਦੇ, ਏਸ ਲਈ ਉਹਨਾਂ ਨੂੰ ਕੁਝ ਪਤਾ ਨਾ ਹੁੰਦਾ ਕਿ "ਰਿਆਸਤ" ਵਿਚ ਕੀ ਕੁਝ ਛਪਿਆ ਹੈ ਅਤੇ ਐਡੀਟਰ "ਰਿਆਸਤ" ਮਿਸਟਰ ਰਾਏ ਨੂੰ ਮਿਲਦੇ ਸਮੇਂ ਗਲਾਂ ਗਲਾਂ ਵਿਚ ਰਿਆਸਤਾਂ ਅਤੇ ਹਿੰਦ ਸਰਕਾਰ ਬਾਰੇ ਅਜਿਹੀਆਂ ਖ਼ਬਰਾਂ ਹਾਸਲ ਕਰ ਲੈਂਦਾ ਜਿਨ੍ਹਾਂ ਨੂੰ ਉਹ ਆਪਣੀ ਏਜੰਸੀ ਰਾਹੀਂ ਰੋਜ਼ਾਨਾ ਪਤ੍ਰਕਾਵਾਂ ਨੂੰ ਭੇਜਣਾ ਮੁਨਾਸਬ ਨਾ ਸਮਝਦੇ । ਇਹ ਖ਼ਬਰਾਂ "ਰਿਆਸਤ" ਦੇ ਮੁਖਲੇਖਾਂ ਵਿਚ ਬਣਾ ਸਵਾਰ ਕੇ ਛਾਪ ਦਿਤੀਆਂ ਜਾਂਦੀਆਂ । ਸ੍ਵਰਗਵਾਸੀ ਮਿਸਟਰ ਰਾਏ ਦਾ ਪ੍ਰਭਾਵ ਹਿੰਦ ਸਰਕਾਰ ਤੇ ਬਹੁਤ ਜ਼ਿਆਦਾ ਸੀ । ਕੋਈ ਸਰਕਾਰੀ ਮੈਂਬਰ ਜਾਂ ਸਕੱਤ੍ਰ ਅਜਿਹਾ ਨਹੀਂ ਸੀ ਜੋ ਰਾਜਨੀਤਕ ਮਾਮਲਿਆਂ 'ਚ ਮਿਸਟਰ ਰਾਏ ਨੂੰ ਗੁਰੂ ਨਾ ਸਮਝਦਾ ਹੋਵੇ। ਹਰ ਆਦਮੀ ਸਤਿਕਾਰ ਕਰਦਾ ਸੀ । ਵਾਇਸਰਾਏ ਹਾਊਸ ਵਿਚ ਜਦ ਕੋਈ ਅੜਚਨ ਪੈਂਦੀ ਤਾਂ ਮਿਸਟਰ ਰਾਏ ਨੂੰ ਸਲਾਹ ਲਈ ਸਦਿਆ ਜਾਂਦਾ ਅਤੇ ਕਈ ਦਿਨ ਤਾਂ ਅਜਿਹੇ ਵੀ ਹੁੰਦੇ ਜਦ ਮਿਸਟਰ ਰਾਏ ਸਲਾਹ ਮਸ਼ਵਰੇ ਲਈ ਵਾਇਸਰਾਏ ਨੂੰ ਕਈ ਕਈ ਵਾਰ ਮਿਲਦੇ । ਏਸ ਭੇਤ ਨੂੰ ਅਜ ਮਿਸਟਰ ਰਾਏ ਦੇ ਸ੍ਵਰਗਵਾਸ ਹੋ ਜਾਣ ਪਿਛੋਂ ਪ੍ਰਗਟ ਕੀਤਾ ਜਾਂਦਾ ਹੈ ਕਿ ਮੁਕੱਦਮਾ ਨਵਾਬ ਭੂਪਾਲ ਬਨਾਂਮ ਐਡੀਟਰ "ਰਿਆਸਤ" ਦੇ ਸੰਬੰਧ ਵਿਚ ਮਿਸਟਰ ਰਾਏ ਅਠ ਦਸ ਵਾਰ ਵਾਇਸਰਾਏ ਨੂੰ ਮਿਲੇ ਅਤੇ ਏਸ ਮੁਕੱਦਮੇ ਵਿਚ ਨਵਾਬ ਭੂਪਾਲ ਦੇ ਮੁਕਾਬਲੇ ਤੇ ਜਿਹੜੀਆਂ ਫ਼ਤਹਿਯਾਬੀਆਂ ਨਸੀਬ ਹੋਈਆਂ; ਉਹਨਾਂ ਵਿਚ ਬਹੁਤਾ ਭਾਗ ਸ੍ਵਰਗਵਾਸੀ ਮਿਸਟਰ ਰਾਏ ਦੇ ਅਸਰ ਅਤੇ ਉਹਨਾਂ ਦੀਆਂ ਕੋਸ਼ਸ਼ਾਂ ਦਾ ਸੀ ।
ਮਿਸਟਰ ਰਾਏ ਦੀਆਂ ਮੁਲਾਕਾਤਾਂ ਅਤੇ ਮਿਤ੍ਰਤਾ ਤੋਂ "ਰਿਆਸਤ" ਲਈ ਖ਼ਬਰਾਂ ਹਾਸਲ ਕਰਦਿਆਂ ਇਕ ਲੰਮਾਂ ਸਮਾਂ ਲੰਘ ਗਿਆ। ਕਈ ਆਦਮੀਆਂ ਨੇ ਮਿਸਟਰ ਰਾਏ ਪਾਸ ਸ਼ਕੈਤ ਕੀਤੀ ਕਿ ਦੀਵਾਨ ਸਿੰਘ ਤੁਹਾਥੋਂ ਖ਼ਬਰਾਂ ਹਾਸਲ ਕਰਕੇ "ਰਿਆਸਤ" ਵਿਚ ਪ੍ਰਕਾਸ਼ਤ ਕਰਦਾ ਹੈ । ਮਿਸਟਰ ਰਾਏ ਨੇ ਨਾ ਕੇਵਲ ਇਹ ਕਿ ਇਹਨਾਂ ਸ਼ਕੈਤਾਂ ਦੀ ਹੀ ਕਦੇ ਕੋਈ ਪ੍ਰਵਾਹ ਕੀਤੀ ਸਗੋਂ ਉਹ ਐਡੀਟਰ "ਰਿਆਸਤ" ਦੇ ਬੜੇ ਪ੍ਰਸੰਸਕ ਸਨ ਅਤੇ ਉਸ ਨੂੰ ਸਚਿਆਂ ਅਰਥਾਂ ਵਿਚ ਜਰਨਲਿਸਟ ਸਮਝਦੇ ਸਨ ਕਿ ਇਹ ਗਲਾਂ ਗਲਾਂ ਵਿਚ ਹੀ ਖ਼ਬਰਾਂ ਹਾਸਲ ਕਰ ਲੈਂਦਾ ਹੈ। ਇਸ ਪ੍ਰਕਾਰ ਇਕ ਦਿਨ ਮਿਸਟਰ ਰਾਏ ਨੂੰ ਠਠਾ ਸੁਝਿਆ। ਐਡੀਟਰ "ਰਿਆਸਤ" ਜਦ ਆਪ ਨੂੰ ਮਿਲਣ ਗਿਆ ਤਾਂ ਆਪ ਨੇ ਆਪਣੇ ਇਕ ਐਸਿਸਟੈਂਟ ਮੈਨੂੰ ਠੀਕ ਚੇਤੇ ਨਹੀਂ ਸ਼ਾਇਦ ਮਿ: ਸ੍ਰੀ ਕ੍ਰਿਸ਼ਨ ਸਨ - ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ :
"ਅਮਰੀਕਾ ਤੋਂ ਜਿਹੜੀ ਖ਼ਬਰ ਮਹਾਰਾਜਾ ਇੰਦੌਰ ਦੀ ਅਮਰੀਕਨ ਵਹੁਟੀ ਦੇ ਤਲਾਕ ਬਾਰੇ ਆਈ ਹੈ ਉਹ ਹਾਲਾਂ ਅਖ਼ਬਾਰਾਂ ਨੂੰ ਨਾ ਭੇਜਣੀ । ਦੋ ਚਹੁੰ ਦਿਨਾਂ ਪਿਛੋਂ ਭੇਜੀ ਜਾਵੇ।
ਏਸ ਹਦੈਤ ਨੂੰ ਦੇਂਦਿਆਂ ਹੋਇਆਂ ਮਿਸਟਰ ਰਾਏ ਨੇ ਐਡੀਟਰ "ਰਿਆਸਤ" ਵਲ ਵੇਖਿਆ ਤਕ ਨਾ। ਤਾਕਿ ਮੈਂ ਏਸ ਮਖ਼ੌਲ ਨੂੰ ਤਾੜ ਨਾ ਜਾਵਾਂ । ਮੁਲਾਕਾਤ ਪਿਛੋਂ ਮੈਂ ਦਫ਼ਤਰ "ਰਿਆਸਤ" ਪਹੁੰਚਿਆ । ਅਗਲੀ ਭਲਕ ਅਖ਼ਬਾਰ ਨਿਕਲਣਾ ਸੀ । ਏਸ ਜ਼ਰੂਰੀ ਖ਼ਬਰ ਬਾਰੇ ਝਟ ਨੋਟ ਲਿਖਿਆ ।
"ਰਿਆਸਤ" ਦਾ ਪਰਚਾ ਛਪਣ ਪਿਛੋਂ ਦੂਜੇ ਦਿਨ ਐਡੀਟਰ ਰਿਆਸਤ ਮਿਸਟਰ ਰਾਏ ਨੂੰ ਮਿਲਣ ਗਿਆ ਤਾਂ ਇਸ ਤੋਂ ਪਹਿਲਾਂ ਮਿਸਟਰ ਰਾਏ ਨੂੰ ਉਹ ਪਰਚਾ ਉਹਨਾਂ ਦੇ ਐਸਿਸਟੇਂਟ ਵਿਖਾ ਚੁਕੇ ਸਨ । ਬੜਾ ਹਾਸਾ ਪਿਆ । ਇਸ ਤਰ੍ਹਾਂ ਐਡੀਟਰ "ਰਿਆਸਤ" ਨੂੰ ਦਸਿਆ ਗਿਆ ਕਿ ਖ਼ਬਰ ਇਕ ਸਾਜ਼ਸ਼ ਦਾ ਸਿੱਟਾ ਸੀ ਤਾਕਿ ਮਖੌਲ ਉਡਾਇਆ ਜਾਵੇ ਕਿਉਂਕਿ ਐਡੀਟਰ "ਰਿਆਸਤ" ਮਿਸਟਰ ਰਾਏ ਨੂੰ ਮਿਲਦੇ ਸਮੇਂ ਗਲਾਂ ਗਲਾਂ ਵਿਚ ਸਦਾ ਖ਼ਬਰਾਂ ਪ੍ਰਾਪਤ ਕਰ ਲੈਂਦਾ ਹੈ ।
ਮਿਸਟਰ ਰਾਏ ਜਦ ਤਕ ਜੀਉਂਦੇ ਰਹੇ, ਉਹਨਾਂ ਰਾਹੀਂ ਰਿਆਸਤ ਲਈ ਕਾਫ਼ੀ ਅਤੇ ਬਹੁਤ ਚੰਗਾ ਖ਼ਬਰਾਂ ਦਾ ਮਸਾਲਾ ਮਿਲਦਾ ਰਿਹਾ। ਆਪ ਹਰ ਜਰਨਲਿਸਟ ਲਈ ਫ਼ਾਇਦੇਮੰਦ ਸਨ । ਕੋਈ ਦਿਨ ਅਜਿਹਾ ਨਾ ਜਾਂਦਾ ਜਦ ਉਹਨਾਂ ਦੇ ਘਰ ਚਾਹ ਜਾਂ ਡਿਨਰ ਵਿਚ ਕੁਝ ਜਰਨਲਿਸਟ ਅਤੇ ਗ੍ਵਰਨਮੈਂਟ ਆਫ਼ ਇੰਡੀਆ ਦੇ ਕੁਝ ਵਡੇ ਹਾਕਮ ਸ਼ਾਮਲ ਨਾ ਹੁੰਦੇ ਹੋਣ। ਕਿਹਾ ਮਜ਼ੇਦਾਰ ਜ਼ਮਾਨਾ ਸੀ । ਸ਼ੋਕ ! ਦਿਲੀ ਦੇ ਜਰਨਲਿਸਟ ਸ੍ਵਰਗਵਾਸੀ ਮਿਸਟਰ ਰਾਏ ਦੇ ਪਿਆਰ, ਮਿਹਰਬਾਨੀ, ਹਮਦਰਦੀ ਅਤੇ ਮਦਦ ਤੋਂ ਸਦਾ ਲਈ ਵਾਂਜੇ ਗਏ ਅਤੇ ਦਿੱਲੀ ਦੇ ਜਰਨਲਿਸਟਾਂ ਦਾ ਘੇਰਾ ਆਪ ਦੀ ਮੌਤ ਤੋਂ ਹੁਣ ਤਕ ਇਕ ਯਤੀਮੀ ਅਨੁਭਵ ਕਰਦਾ ਹੈ।
"ਰਿਆਸਤ" ਲਈ ਖ਼ਬਰਾਂ ਪ੍ਰਾਪਤ ਕਰਨ ਦੇ ਸੰਬੰਧ ਵਿਚ ਬਹੁਤ ਸਾਰੀਆਂ ਘਟਨਾਵਾਂ ਹਦੋਂ ਪਰੇ ਸਵਾਦਲੀਆਂ ਹਨ । ਥਾਂ ਘਟ ਹੋਣ ਦੇ ਕਾਰਨ ਅਜ ਏਥੇ ਕੇਵਲ ਇਕ ਘਟਨਾ ਅੰਕਿਤ ਕੀਤੀ ਜਾਂਦੀ ਹੈ।
ਸ੍ਵਰਗਵਾਸੀ ਕਾਜ਼ੀ ਸਰ ਅਜ਼ੀਜ਼-ਉ-ਦੀਨ ਅਹਿਮਦ ਪ੍ਰਧਾਨ ਮੰਤ੍ਰੀ ਦਤੀਆ ਐਡੀਟਰ "ਰਿਆਸਤ" ਤੇ ਇਸ ਤਰ੍ਹਾਂ ਮਿਹਰਬਾਨੀਆਂ ਕਰਦੇ ਜਿਵੇਂ ਸਰਪ੍ਰਸਤ ਆਪਣੇ ਪਿਆਰਿਆਂ ਤੇ । ਆਪ ਮਹੀਨੇ ਵਿਚ ਇਕ ਅਧ ਵਾਰ ਦਿੱਲੀ ਜ਼ਰੂਰ ਆਉਂਦੇ । ਆਪ ਦਾ ਪ੍ਰਭਾਵ ਪੁਲੀਟੀਕਲ ਡੀਪਾਰਟਮੈਂਟ ਤੇ ਬਹੁਤ ਜ਼ਿਆਦਾ ਸੀ । ਹਰ ਅੰਗਰੇਜ਼ ਅਫ਼ਸਰ ਆਪ ਨੂੰ ਬਜ਼ੁਰਗ ਅਤੇ ਸ਼ੁਭਚਿੰਤਕ ਸਮਝਦਾ ਸੀ ਅਤੇ ਦਰਜਨਾਂ ਰਿਆਸਤਾਂ ਦੇ ਵਾਲੀ ਆਪ ਪਾਸੋਂ ਸਫ਼ਾਰਸ਼ਾਂ ਕਰਵਾਂਦੇ । ਆਪ ਜਦ ਵੀ ਦਿੱਲੀ ਤਸ਼ਰੀਫ਼ ਲਿਆਉਂਦੇ, ਸਟੇਸ਼ਨ ਤੇ ਉਤਰਦਿਆਂ ਹੀ ਇਨਕੁਆਇਰੀ ਆਫ਼ਿਸ ਤੋਂ ਐਡੀਟਰ "ਰਿਆਸਤ" ਨੂੰ ਟੈਲੀਫ਼ੋਨ ਕਰਦੇ ਕਿ ਆਪ ਪਹੁੰਚ ਗਏ ਹਨ । ਕਾਜ਼ੀ ਸਾਹਿਬ ਨੂੰ ਮਿਲਣ ਦਾ ਸਭ ਤੋਂ ਚੰਗਾ ਸਮਾਂ ਸਵੇਰੇ ਪੰਜ ਵਜੇ ਤੋਂ ਸਤ ਵਜੇ ਤਕ ਸੀ । ਆਪ ਤੜਕਸਾਰ ਚਾਰ ਵਜੇ ਜਾਗ ਪੈਂਦੇ । ਉਸ ਵੇਲੇ ਹੀ ਉਹਨਾਂ ਦੇ ਖ਼ਾਸ ਨਿਜੀ ਦੋਸਤ ਮਿਲਣ ਲਈ ਪਹੁੰਚ ਜਾਂਦੇ । ਗਲਾਂ ਕਰਦਿਆਂ ਦੰਦ ਸਾਫ਼ ਕਰਦੇ, ਹਜਾਮਤ ਬਣਵਾਉਂਦੇ ਸ੍ਵਰਗਵਾਸੀ ਕਾਜ਼ੀ ਸਾਹਿਬ ਬਹੁਤ ਚੜ੍ਹਤ ਵਾਲੇ ਬਜ਼ੁਰਗ ਸਨ । ਦਿੱਲੀ ਵਿਚ ਆਪ ਦੀ ਹਜਾਮਤ ਲਈ ਸਾਲਾਂ ਬੱਧੀ ਉਹੋ ਨਾਈ ਆਉਂਦਾ ਰਿਹਾ ਜਿਸ ਨੇ ਕਿੰਗ ਜਾਰਜ, ਕਿੰਗ ਐਡਵਰਡ, ਦਰਜਨਾਂ ਵਾਇਸਰਾਵਾਂ, ਕਮਾਂਡਰ ਇਨਚੀਫ਼ਾਂ, ਇੰਤਜ਼ਾਮੀਆ ਕੌਂਸਲ ਦੇ ਮੈਂਬਰਾਂ ਅਤੇ ਕਿੰਗ ਹਬੀਬ ਉਲਾ ਆਫ਼ ਅਫ਼ਗ਼ਾਨਿਸਤਾਨ ਆਦਿ ਦੀ ਹਜਾਮਤ ਬਣਾਈ ਸੀ। ਮੈਨੂੰ ਯਾਦ ਹੈ ਏਸ ਨਾਈ ਨੂੰ ਕਾਜ਼ੀ ਸਾਹਿਬ ਹਰ ਰੋਜ਼ ਹਜਾਮਤ ਬਣਵਾਉਣ ਪਿਛੋਂ ਪੰਜ ਰੁਪਏ ਦਿਆ ਕਰਦੇ ਸਨ - ਹਥ ਮੂੰਹ ਧੋਂਦੇ, ਚਿਠੀਆਂ ਲਿਖਵਾਉਂਦੇ ਅਜੇ ਦੂਜੇ ਕੰਮ ਕਰਦੇ । ਐਡੀਟਰ "ਰਿਆਸਤ" ਦਾ ਨੇਮ ਸੀ ਕਿ ਜਦ ਤਕ ਕਾਜ਼ੀ ਸਾਹਿਬ ਦਿੱਲੀ ਵਿਚ ਡੇਰਾ ਰਖਦੇ, ਸਵੇਰੇ ਪੰਜ ਵਜੇ ਉਹਨਾਂ ਦੇ ਕਮਰੇ ਵਿਚ ਸੀਸਲ ਹੋਟਲ ਪਹੁੰਚ ਜਾਂਦਾ ਅਤੇ ਸਤ ਵਜੇ ਤਕ ਉਥੇ ਹੀ ਰਹਿੰਦਾ । ਫੇਰ ਸ਼ਾਮ ਨੂੰ ਕਦੀ ਕਦੀ ਪੰਜ ਛੇ ਵਜੇ ਆਪਣੀ ਕਾਰ ਵਿਚ ਕਾਜ਼ੀ ਸਾਹਿਬ ਨੂੰ ਸੈਰ ਕਰਾਉਣ ਨਵੀਂ ਦਿੱਲੀ ਆਦਿ ਲੈ ਜਾਂਦਾ । ਸਵੇਰੇ ਦੋ ਘੰਟਿਆਂ ਵਿਚ ਕਾਜ਼ੀ ਸਾਹਿਬ ਆਪਣੇ ਪਿਛਲੇ ਦਿਨ ਦਾ ਸਾਰਾ ਰੁਝੇਵਾਂ ਅਤੇ ਰਿਆਸਤਾਂ ਦੇ ਵਾਲੀਆਂ ਤੇ ਪੁਲੀਟੀਕਲ ਡੀਪਾਰਟਮੈਂਟ ਦੇ ਹਾਲ ਦਸਦੇ ਰਹਿੰਦੇ ਜੋ ਰਿਆਸਤ ਦੇ ਕਈ ਸਫ਼ਿਆਂ ਲਈ ਕਾਫ਼ੀ ਮਸਾਲਾ ਹੁੰਦਾ ।
ਇਕ ਦਿਨ ਕਾਜ਼ੀ ਸਾਹਿਬ ਨੇ ਫ਼ਰਮਾਇਆ ਕਿ ਆਪ ਡਿਪਟੀ ਸਕੱਤ੍ਰ ਪੁਲੀਟੀਕਲ ਡੀਪਾਰਟਮੈਂਟ ਹਿੰਦ ਸਰਕਾਰ ਦੇ ਘਰ ਚਾਹ ਤੇ ਗਏ ਸਨ ਤਾਂ ਗਲਾਂ ਗਲਾਂ ਵਿਚ ਡਿਪਟੀ ਸਕੱਤ੍ਰ ਨੇ ਦਸਿਆ ਕਿ ਨਵਾਬ ਭੂਪਾਲ ਜਦ ਵਲਾਇਤ ਗਏ ਤਾਂ ਨਵਾਬ ਸਾਹਿਬ ਨੇ ਚਾਂਸਲਰ ਦੇ ਤੌਰ ਤੇ ਰਿਆਸਤਾਂ ਦੇ ਵਾਲੀਆਂ ਦੇ ਵਜ਼ੀਰ ਹਿੰਦ ਸਰ ਸੈਮੂਅਲ ਹੂਰ ਕੋਲ ਬੇਨਤੀ ਕੀਤੀ ਕਿ ਅਖ਼ਬਾਰ "ਰਿਆਸਤ" ਤੋਂ ਰਜਵਾੜਿਆਂ ਦੇ ਵਾਲੀ ਬਹੁਤ ਤੰਗ ਹਨ । ਜੇਕਰ ਸਾਧਾਰਨ ਕਾਨੂੰਨ ਅਖ਼ਬਾਰ "ਰਿਆਸਤ" ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਲਈ ਕਾਫ਼ੀ ਨਹੀਂ ਤਾਂ ਵਾਇਸਰਾਏ ਇਕ ਆਰਡੀਨੈਂਸ ਰਾਹੀਂ ਹੀ ਇਸ ਅਖ਼ਬਾਰ ਨੂੰ ਬੰਦ ਕਰ ਦੇਣ । ਸਰ ਸੈਮੂਅਲ ਹੂਰ ਨੇ ਵਾਇਸਰਾਏ ਨੂੰ ਲਿਖਿਆ ਕਿ ਨਵਾਬ ਭੂਪਾਲ ਦੀ ਇਹ ਇੱਛਾ ਹੈ, ਪਰ ਹਿੰਦ ਸਰਕਾਰ ਨੇ ਇਸ ਦੇ ਖ਼ਿਲਾਫ਼ ਰਾਏ ਦਿਤੀ ਅਤੇ ਵਜ਼ੀਰ ਹਿੰਦ ਨੂੰ ਲਿਖਿਆ ਕਿ ਨਵਾਬ ਭੂਪਾਲ ਅਤੇ ਐਡੀਟਰ "ਰਿਆਸਤ" ਦੇ ਜ਼ਾਤੀ ਝਗੜੇ ਹਨ ਸਰਕਾਰ ਨੂੰ ਇਹਨਾਂ ਵਿਚ ਦਖ਼ਲ ਦੇਣ ਦੀ ਲੋੜ ਨਹੀਂ। ਐਡੀਟਰ "ਰਿਆਸਤ" ਨੇ ਇਸ ਘਟਨਾ ਨੂੰ ਕਿ ਨਵਾਬ ਭੂਪਾਲ ਨੇ ਵਜ਼ੀਰ ਹਿੰਦ ਨੂੰ ਕੀ ਆਖਿਆ ਅਤੇ ਇਸਦਾ ਨਤੀਜਾ ਕੀ ਨਿਕਲਿਆ "ਰਿਆਸਤ" ਵਿਚ ਪ੍ਰਕਾਸ਼ਤ ਕਰ ਦਿਤਾ। ਏਸ ਖ਼ਬਰ ਦਾ ਛਪਣਾ ਸੀ ਕਿ ਭੂਪਾਲ ਦੇ ਘੇਰੇ ਵਿਚ ਤੜਥਲੀ ਮਚ ਗਈ । ਸ੍ਵਰਗਵਾਸੀ ਕਰਨਲ ਅਮੀਰ ਅਹਿਮਦ ਫ਼ੌਜੀ ਸਕੱਤ੍ਰ ਨਵਾਬ ਭੂਪਾਲ ਦਿੱਲੀ ਆਏ ਅਤੇ ਸਰ ਚਾਰਲਸ ਵਾਟਸਨ ਪੁਲੀਟੀਕਲ ਸਕੱਤਰ ਨੂੰ ਮਿਲੇ । ਏਸ ਭੇਤ ਦੀ ਖ਼ਬਰ ਦੇ ਪ੍ਰਕਾਸ਼ਤ ਹੋਣ ਦੇ ਖ਼ਿਲਾਫ਼ ਸਖ਼ਤ ਪ੍ਰੋਟੈਸਟ ਕੀਤਾ । ਨਤੀਜਾ ਇਹ ਹੋਇਆ ਕਿ ਸਰਕਾਰ ਹਿੰਦ ਨੇ ਦਿੱਲੀ ਸਰਕਾਰ ਨੂੰ ਲਿਖਿਆ ਕਿ ਐਡੀਟਰ "ਰਿਆਸਤ" ਦੇ ਖ਼ਿਲਾਫ਼ ਆਫ਼ੀਸ਼ਲ ਸੀਕਰਟ ਐਕਟ - ਕਾਨੂੰਨ ਰਾਜ਼ਦਾਰੀ - ਹੇਠ ਮੁਕੱਦਮਾ – ਚਲਾਇਆ ਜਾਵੇ । ਉਹਨਾਂ ਸਮਿਆਂ 'ਚ ਦਿੱਲੀ ਦੇ ਚੀਫ਼ ਕਮਿਸ਼ਨਰ ਸਰ ਜਾਨ ਥਾਂਪਸਨ ਸਨ । ਆਪ ਪੰਜ ਸਾਲ ਤਕ ਪੁਲੀਟੀਕਲ ਸਕੱਤ੍ਰ ਹਿੰਦ ਰਹਿ ਚੁਕੇ ਸਨ ਅਤੇ ਸਭ ਰਿਆਸਤਾਂ ਦੇ ਰਾਜਿਆਂ ਦੇ ਕਚਿਆਂ ਚਿਠਿਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ ਦੇ ਨਾਲ "ਰਿਆਸਤ" ਦੇ ਬੜੇ ਹਿਤੂ ਸਨ । ਆਪ ਨੇ ਸਰਕਾਰ ਹਿੰਦ ਨੂੰ ਜੁਆਬ ਦਿਤਾ ਕਿ ਇਹ ਏਨਾਂ ਜ਼ਰੂਰੀ ਮੁਆਮਲਾ ਨਹੀਂ ਕਿ ਐਡੀਟਰ "ਰਿਆਸਤ" ਦੇ ਖ਼ਿਲਾਫ਼ ਮੁਕੱਦਮਾ ਚਲਾਇਆ ਜਾਵੇ । ਸਿਰਫ਼ ਚਿਤਾਵਨੀ ਕਾਫ਼ੀ ਹੋਵੇਗੀ । ਇਸ ਤਰ੍ਹਾਂ ਚਿਤਾਵਨੀ ਭਾਵ ਵਾਰਨਿੰਗ ਦੇ ਲਈ ਆਪ ਨੇ ਡਿਪਟੀ ਕਮਿਸ਼ਨਰ ਨੂੰ ਹਦੈਤ ਕੀਤੀ। ਡਿਪਟੀ ਕਮਿਸ਼ਨਰ ਦਾ ਹੁਕਮ ਐਡੀਟਰ "ਰਿਆਸਤ" ਦੇ ਪਾਸ ਪਹੁੰਚਾ ਕਿ ਅਮਕੀ ਤਾਰੀਖ਼ ਅਮਕੇ ਸਮੇਂ ਡਿਪਟੀ ਕਮਿਸ਼ਨਰ ਦੀ ਕੋਠੀ ਪਹੁੰਚੋ। ਐਡੀਟਰ "ਰਿਆਸਤ" ਜਦ ਉਥੇ ਗਿਆ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਖ਼ਬਰ ਝੂਠੀ ਹੈ ਇਸ ਲਈ ਆਪ ਨੂੰ ਵਾਰਨਿੰਗ ਦਿਤੀ ਜਾਂਦੀ ਹੈ ਕਿ ਅਗੇ ਤੋਂ ਅਜਿਹੀ ਖ਼ਬਰ ਨਹੀਂ ਛਾਪਣੀ । ਐਡੀਟਰ "ਰਿਆਸਤ" ਨੇ ਜੁਆਬ ਦਿਤਾ ਕਿ ਖ਼ਬਰ ਤਾਂ ਬਿਲਕੁਲ ਸੱਚੀ ਹੈ ਹਾਂ ਵਾਰਨਿੰਗ ਦੇਣਾ ਤੁਹਾਡਾ ਫ਼ਰਜ਼ ਹੈ । ਇਸ ਪ੍ਰਕਾਰ ਇਸ ਵਾਰਨਿੰਗ ਨਾਲ ਇਹ ਮੁਕੱਦਮਾ ਖ਼ਤਮ ਹੋਇਆ ।
ਇਹਨਾਂ ਉਪਰਲੀਆਂ ਦੋ ਘਟਨਾਵਾਂ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਇਕ ਜਰਨਲਿਸਟ ਲਈ ਖ਼ਬਰਾਂ ਹਾਸਲ ਕਰਨੀਆਂ ਕਿੰਨਾ ਮੁਸ਼ਕਲ ਕੰਮ ਹੈ । ਕੋਈ ਖ਼ਬਰ ਹਾਸਲ ਕੀਤੀ ਜਾਵੇ ਤੇ ਉਸ ਨੂੰ ਪ੍ਰਕਾਸ਼ਤ ਨਾ ਕਰਨਾ ਅਤੇ ਸਬਰ ਨਾਲ ਉਸ ਨੂੰ ਆਪਣੇ ਦਿਮਾਗ਼ ਵਿਚ ਸੰਭਾਲੀ ਰਖਣਾ ਇਕ ਅਖ਼ਬਾਰ ਨਵੀਸ ਲਈ ਕਿੰਨੀ ਤਕਲੀਫ਼ ਦਾ ਕਾਰਨ ਹੈ ਅਤੇ ਖ਼ਬਰਾਂ ਛਪਣ ਪਿਛੋਂ ਕਿਵੇਂ ਮੁਕੱਦਮੇ ਚਲਾਏ ਜਾਂਦੇ ਹਨ ।
ਕੰਮ ਕਰੋ ਰੁਪਏ ਦੀ ਘਾਟ ਨਹੀਂ
ਕਈ ਲੀਡਰ ਅਤੇ ਅਖ਼ਬਾਰ-ਨਵੀਸ ਜੀਵਨ ਭਰ ਰੋਂਦੇ ਰਹੇ ਅਤੇ ਜਨਤਾ ਉਤੇ ਬੇਕਦਰੀ ਦਾ ਦੂਸ਼ਨ ਥਪ ਸਦਾ ਚੀਕਦੇ ਰਹੇ ਕਿ ਰੁਪਿਆ ਨਹੀਂ, ਕੰਮ ਕਿਵੇਂ ਕਰਨ, ਪਰ ਲੇਖਕ ਦਾ ਕੇਵਲ ਆਪਣੀ ਜ਼ਾਤ ਸੰਬੰਧੀ ਹੀ ਨਹੀਂ ਸਗੋਂ ਦੂਜੇ ਸਾਰੇ ਲੀਡਰਾਂ ਅਤੇ ਅਖ਼ਬਾਰ ਨਵੀਸਾਂ ਬਾਰੇ ਵੀ ਇਹ ਤਜਰਬਾ ਹੈ ਕਿ ਜੇਕਰ ਪਿਆਰ ਅਤੇ ਈਮਾਨਦਾਰੀ ਨਾਲ ਕੰਮ ਕੀਤਾ ਜਾਵੇ ਤਾਂ ਜਨਤਾ ਰੁਪਏ ਦੀਆਂ ਥੈਲੀਆਂ ਅਤੇ ਚੇਹਰਾ ਸ਼ਾਹੀ ਨੋਟਾਂ ਦੇ ਬੰਡਲ ਲੈ ਕੇ ਕੰਮ ਕਰਨ ਵਾਲਿਆਂ ਕੋਲ ਬੇਨਤੀਆਂ ਕਰਦੀ ਹੈ ਕਿ ਪ੍ਰਵਾਨ ਕਰ ਲਓ, ਪ੍ਰੰਤੂ ਜੇਕਰ ਕੋਈ ਲੀਡਰ ਜਾਂ ਅਖ਼ਬਾਰ ਨਵੀਸ ਮਤਲਬੀ ਹੋਵੇ ਤਾਂ ਉਹ ਰੁਪਏ ਦੇ ਪਿਛੇ ਮਾਰਿਆ ਮਾਰਿਆ ਫਿਰਦਾ ਹੈ, ਪਰ ਉਸ ਨੂੰ ਰੋਟੀ ਦਾ ਇਕ ਟੁਕੜਾ ਵੀ ਪ੍ਰਾਪਤ ਨਹੀਂ ਹੁੰਦਾ। ਤੁਸੀਂ ਵੇਖੋ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ, ਮਿਸਟਰ ਜਿਨਾਹ, ਮਾਸਟਰ ਤਾਰਾ ਸਿੰਘ ਜਾਂ ਦੂਜੇ ਬੇ-ਗ਼ਰਜ਼ ਕੰਮ ਕਰਨ ਵਾਲਿਆਂ ਨੂੰ ਜਨਤਾ ਲਈ ਕੰਮ ਕਰਦਿਆਂ ਕਦੇ ਰੁਪਏ ਦੀ ਥੋੜ ਪਈ ? ਅਤੇ ਜੇਕਰ ਕਦੇ ਉਹਨਾਂ ਨੇ ਹਥ ਟਡਿਆ ਵੀ ਤਾਂ ਕੀ ਲੱਖਾਂ ਅਤੇ ਕਰੋੜਾਂ ਰੁਪਿਆ ਉਹਨਾਂ ਕੋਲ ਨਹੀਂ ਪਹੁੰਚ ਗਿਆ । ਇਹਨਾਂ ਲੀਡਰਾਂ ਦੀ ਗਲ ਛਡੋ ਮੌਲਾਨਾ ਜ਼ਫ਼ਰ ਅਲੀ ਖ਼ਾਨ ਵਰਗੇ ਅਖ਼ਬਾਰ ਨਵੀਸਾਂ ਨੂੰ ਲਓ, ਜਿਨ੍ਹਾਂ ਨੂੰ ਸ਼ੁਰੂ ਸ਼ੁਰੂ ਵਿਚ ਜਨਤਾ ਨੇ ਕਿੰਨਾ ਰੁਪਿਆ ਜ਼ਮਾਨਤਾਂ ਲਈ ਦਿਤਾ। ਸਾਡਾ ਇਹ ਕੁਝ ਲਿਖਣ ਦਾ ਭਾਵ ਇਹ ਹੈ ਕਿ ਜੇਕਰ ਕੰਮ ਕਰਨ ਵਾਲੇ ਆਦਮੀ ਆਪਣੀਆਂ ਨਿੱਜੀ ਇੱਛਾਆਂ ਤੋਂ ਉਚਿਆਂ ਰਹਿ ਕੇ ਤਨੋਂ ਮਨੋਂ ਹੋ ਕੇ ਜਨਤਾ ਦਾ ਕੰਮ ਕਰਨ ਤਾਂ ਇਹਨਾਂ ਨੂੰ ਰੁਪਏ ਦੀ ਕਦੇ ਵੀ ਘਾਟ ਨਹੀਂ ਹੁੰਦੀ, ਪਰ ਜੇਕਰ ਮਤਲਬ ਪਬਲਿਕ ਰੁਪਏ ਤੋਂ ਨਿੱਜੀ ਜਾਇਦਾਦਾਂ ਬਣਾਉਣਾ ਹੋਵੇ ਤਾਂ ਫੇਰ ਜਨਤਾ ਤੋਂ ਰੁਪਏ ਦੀ ਆਸ ਕਰਨੀ ਨਿਆਂ ਵਿਰੁਧ ਹੈ । ਜਨਤਾ ਹੈ ਰੁਪਿਆ ਕਿਉਂ ਦੇਵੇ ?
"ਰਿਆਸਤ" ਜਦ ਚਾਲੂ ਕੀਤਾ ਗਿਆ ਤਾਂ ਐਡੀਟਰ "ਰਿਆਸਤ" ਦੇ ਕੌਲ ਪੂੰਜੀ ਕੇਵਲ ਡੇਢ ਹਜ਼ਾਰ ਰੁਪਿਆ ਸੀ ਅਤੇ ਇਹ ਡੇਢ ਹਜ਼ਾਰ ਰੁਪਿਆ ਵੀ ਸ੍ਵਰਗਵਾਸੀ ਸਰਦਾਰ ਕੇਸਰ ਸਿੰਘ ਕਲਸੀ ਠੇਕੇਦਾਰ ਦੀ ਰਾਹੀਂ ਅੰਬਾਲਾ ਛਾਉਣੀ ਦੇ ਇਕ ਬਾਣੀਏ ਪਾਸ ਗਹਿਣੇ ਰਖ ਕੇ ਕਰਜ਼ ਲਿਆ ਗਿਆ ਸੀ । ਇਹ ਪੰਦਰਾਂ ਸੌ ਰੁਪਿਆ ਤਾਂ ਸ਼ਾਇਦ ਤਿੰਨਾਂ ਮਹੀਨਿਆਂ ਦੇ ਅੰਦਰ ਖ਼ਰਚ ਹੋ ਗਿਆ । ਇਸ ਪਿਛੋਂ ਕਈ ਵਾਰ ਆਰਥਕ ਸੰਕਟ ਸਨਮੁਖ ਆਏ ਅਤੇ ਇਹਨਾਂ ਸੰਕਟਾਂ ਦਾ ਕਾਰਨ ਬੇਦਰਦੀ ਨਾਲ ਖ਼ਰਚ ਕਰਨਾ ਸੀ ਕਿਉਂਕਿ ਐਡੀਟਰ "ਰਿਆਸਤ" ਆਪਣੇ ਸੁਭਾਅ ਤੋਂ ਬੇਵਸ ਹੈ, ਨਹੀਂ ਤਾਂ ਸਚਾਈ ਇਹ ਹੈ ਕਿ "ਰਿਆਸਤ" ਨੂੰ ਅਜ ਤਕ ਨਾ ਕਦੇ ਰੁਪਏ ਦੀ ਘਾਟ ਪ੍ਰਤੀਤ ਹੋਈ ਅਤੇ ਨਾ ਰੁਪਿਆ ਦੇਣ ਵਾਲੇ ਕਦਰਦਾਨਾਂ ਦੀ।
ਕਈ ਵਰ੍ਹਿਆਂ ਦੀ ਗਲ ਹੈ "ਰਿਆਸਤ" ਨੂੰ ਚਾਲੂ ਹੋਇਆਂ ਸ਼ਾਇਦ ਚਾਰ ਕੁ ਮਹੀਨੇ ਹੋਏ ਹੋਣਗੇ । ਦਫ਼ਤਰ "ਰਿਆਸਤ" ਜਾਮਾ ਮਸਜਿਦ ਦੇ ਬਿਲਕੁਲ ਸਾਹਮਣੇ ਮੱਛਲੀ ਵਾਲਾਂ ਬਾਜ਼ਾਰ ਦੀ ਇਕ ਬਿਲਡਿੰਗ ਵਿਚ ਸੀ । ਦੁਪਹਿਰ ਦਾ ਵੇਲਾ ਸੀ। ਇਕ ਬੜੇ ਰੋਅਬ-ਦਾਬ ਵਾਲੇ ਮੁਸਲਮਾਨ ਸੂਟ ਪਾਈ ਤਸ਼ਰੀਫ਼ ਲਿਆਏ । ਇਹਨਾਂ ਨਾਲ ਦੋ ਨੌਕਰ ਵੀ ਸਨ । ਐਡੀਟਰ "ਰਿਆਸਤ" ਨੇ ਸਮਝਿਆ ਕਿ ਸ਼ਾਇਦ ਪੁਲੀਸ ਦੇ ਕੋਈ ਅਫ਼ਸਰ ਹਨ ਅਤੇ ਵਾਰੰਟ ਲੈ ਕੇ ਆਏ ਹਨ । ਆਪ ਨੇ ਆਉਂਦਿਆਂ ਹੀ ਪੁਛਿਆ ਕਿ ਸਰਦਾਰ ਦੀਵਾਨ ਸਿੰਘ ਕਿਥੇ ਹਨ ? ਲੇਖਕ ਨੇ ਜੁਆਬ ਦਿਤਾ, "ਫ਼ਰਮਾਓ ਮੈਂ ਹੀ ਦੀਵਾਨ ਸਿੰਘ ਹਾਂ ।" ਮੇਰੇ ਕੋਲ ਕਾਤਬ ਅਤੇ ਦਫ਼ਤਰ ਦੇ ਸਟਾਫ਼ ਦੇ ਦੂਜੇ ਆਦਮੀ ਬੈਠੇ ਹੋਏ ਸਨ। ਆਪ ਨੇ ਫ਼ਰਮਾਇਆ ਕਿ ਵਖਰਿਆਂ ਹੋ ਕੇ ਗਲ ਕਰਨੀ ਚਾਹੁੰਦਾ ਹਾਂ । ਦਫ਼ਤਰ ਦਾ ਇਕੋ ਹੀ ਵਡਾ ਕਮਰਾ ਸੀ ਮੈਂ ਉਹਨਾਂ ਨੂੰ ਬਰਾਂਡੇ ਵਿਚ ਲੈ ਗਿਆ । ਓਥੇ ਅਸੀਂ ਖਲੋਤੇ ਹੀ ਸਾਂ ਕਿ ਆਪ ਨੇ ਆਪਣੇ ਖੀਸੇ 'ਚੋਂ ਇਕ ਬੰਦ ਲਫ਼ਾਫ਼ਾ ਕਢ ਕੇ ਮੈਨੂੰ ਦਿਤਾ ਅਤੇ ਆਖਿਆ :
"ਮੈਂ ਤੁਹਾਡੇ ਅਖ਼ਬਾਰ ਦਾ ਇਕ ਸਨੇਹੀ ਹਾਂ, ਇਹ ਲਿਫ਼ਾਫ਼ਾ ਤੁਹਾਡੇ ਅਖ਼ਬਾਰ ਦੀ ਮਦਦ ਲਈ ਹੈ।"
ਮੈਂ ਪੁਛਿਆ ਕਿ ਤੁਸੀਂ ਕੌਣ ਹੋ ਅਤੇ ਦਿੱਲੀ ਕਿਵੇਂ ਆਉਣਾ ਹੋਇਆ, ਪਰ ਉਹਨਾਂ ਨੇ ਦਸਣ ਤੋਂ ਉਕਾ ਨਾਂਹ ਕਰ ਦਿਤੀ ਅਤੇ ਚਲੇ ਗਏ । ਏਸ ਘਟਨਾ ਤੋਂ ਇਕ ਵਰ੍ਹਾ ਪਿਛੋਂ ਪਤਾ ਲਗਾ ਕਿ ਆਪ ਯੂ. ਪੀ. ਦੇ ਇਕ ਖਾਨ ਬਹਾਦਰ ਅਤੇ ਡਿਪਟੀ ਕਲਕਟਰ ਪੈਨਸ਼ਨਰ ਸਨ।
ਐਡੀਟਰ "ਰਿਆਸਤ'' ਤੇ ਨੋਟਾਂ ਦਾ ਕੇਸ ਚਲ ਰਿਹਾ ਸੀ । ਲਾਹੌਰ ਤੋਂ ਇਕ ਖ਼ਤ ਪਹੁੰਚਿਆ ਜੋ ਇਕ ਮੁਸਲਮਾਨ ਨੌਜਵਾਨ ਦਾ ਸੀ । ਇਸ ਵਿਚ ਲਿਖਿਆ ਸੀ ਕਿ ਜੇਕਰ ਮਾਯਾ ਦੀ ਲੋੜ ਹੈ ਤਾਂ ਲਿਖੋ ਕਿੰਨਾ ਰੁਪਿਆ ਚਾਹੀਦੈ । ਮੇਰਾ ਖ਼ਿਆਲ ਹੈ, ਉਸ ਵੇਲੇ ਤਾਂ ਮੈਂ ਈ ਉਤਰ ਨਹੀਂ ਦਿਤਾ ਸੀ । ਉਸ ਪਿਛੋਂ ਜਦ "ਰਿਆਸਤ" ਨੂੰ ਮੁੜ ਚਾਲੂ ਕਰਨ ਦਾ ਇੰਤਜ਼ਾਮ ਹੋ ਰਿਹਾ ਸੀ ਅਤੇ ਉਗੜ ਦੁਗੜ ਪਏ ਕਾਗਜ਼ਾਂ ਨੂੰ ਠੀਕ ਕਰ ਰਿਹਾ ਸਾਂ ਕਿ ਇਹ ਖਤ ਨਜ਼ਰੀਂ ਪਿਆ । ਉਹਨਾਂ ਨੂੰ ਲਿਖਿਆ ਕਿ ਤੁਸੀਂ ਕਿਹੜੇ ਸਜਨ ਹੋ ਅਤੇ ਤੁਹਾਡੇ ਲਿਖਣ ਦਾ ਭਾਵ ਕੀ ਹੈ ? ਤਾਂ ਪਤਾ ਲਗਾ ਕਿ ਆਪ ਦਾ ਨਾਂ ਸ਼ੇਖ ਮੁਹੰਮਦ ਉਮਰ ਹੈ। ਲਾਹੌਰ ਵਿਚ ਚਮੜੇ ਦਾ ਕਾਰੋਬਾਰ ਕਰਦੇ ਹਨ ਅਤੇ ਰਿਆਸਤ ਦੇ ਪੁਰਾਣੇ ਸਨੇਹੀ ਹਨ । ਇਸ ਪ੍ਰਕਾਰ ਜਦ ਆਪ ਨੂੰ ਪਤਾ ਲਗਾ ਕਿ "ਰਿਆਸਤ" ਮੁੜ ਚਾਲੂ ਹੋਣ ਵਾਲਾ ਹੈ ਤਾਂ ਆਪ ਨੇ ਇੰਪੀਰੀਅਲ ਬੈਂਕ ਦਾ ਇਕ ਡਰਾਫ਼ਟ ਭੇਜਿਆ ਜਿਹੜਾ ਕਿ ਚੋਖੀ ਰਕਮ ਦਾ ਸੀ । ਮੈਂ ਉਹਨਾਂ ਸਜਨਾਂ ਨੂੰ ਅਜ ਤਕ ਨਾ ਕਦੇ ਮਿਲਿਆ ਹਾਂ ਅਤੇ ਨਾ ਉਹਨਾਂ ਨੂੰ ਜਾਣਦਾ ਹਾਂ । ਉਹਨਾਂ ਦੇ ਖ਼ਤ ਤੋਂ ਪਤਾ ਲਗਾ ਕਿ ਉਹ ਆਪ ਉਹਨਾਂ ਦੇ ਮਾਤਾ ਜੀ ਅਤੇ ਉਹਨਾਂ ਦੇ ਘਰ ਦੇ ਦੂਜੇ ਜੀਅ ਸਭ ਰਿਆਸਤ ਦੇ ਸਨੇਹੀ ਹਨ।
ਨੋਟਾਂ ਦਾ ਕੇਸ ਚਲ ਰਿਹਾ ਸੀ । ਰੇਲਵੇ ਸਟੇਸ਼ਨ ਤੇ ਇਕ ਮਿਤਰ ਮਿਲੇ ਉਹਨਾਂ ਨੇ ਦਸਿਆ ਕਿ ਸਰਕਾਰ ਹਿੰਦ ਦੇ ਅਮਕੇ ਵਡੇ ਅਫ਼ਸਰ, ਜੋ ਖ਼ਿਤਾਬ ਧਾਰੀ ਸਰ ਹਨ, ਮਿਲਣਾ ਚਾਹੁੰਦੇ ਹਨ । ਮੈਂ ਦੂਜੇ ਜਾਂ ਤੀਜੇ ਦਿਨ ਉਹਨਾਂ ਨੂੰ ਮਿਲਣ ਗਿਆ । ਕੇਸ ਦਾ ਹਾਲ ਪੁੱਛਦੇ ਰਹੇ ਅਤੇ ਗਲਾਂ ਹੁੰਦੀਆਂ ਰਹੀਆਂ। ਜਦ ਤੁਰਨ ਲਗਾ ਤਾਂ ਆਪ ਨੇ ਇਕ ਬੰਦ ਲਿਫ਼ਾਫ਼ਾ ਦਿਤਾ ਅਤੇ ਕਿਹਾ ਕਿ ਕੇਸ ਦੇ ਕਾਰਨ ਰੁਪਿਆ ਬਹੁਤ ਖ਼ਰਚ ਹੋ ਰਿਹਾ ਹੋਵੇਗਾ । ਇਹ ਦੋਸਤਾਨਾ ਭੇਟ ਹੈ । ਮੈਂ ਘੜੀ ਮੁੜੀ ਨਾਂਹ ਕਰਦਾ ਰਿਹਾ, ਪਰ ਆਪ ਨਾ ਮੰਨੇ। ਆਖ਼ਰ ਆਪ ਨੇ ਆਖਿਆ ਕਿ ਜੇਕਰ ਨਾ ਲਓਗੇ ਤਾਂ ਬਹੁਤ ਦੁਖ ਹੋਵੇਗਾ । ਇਹ ਕਹਿੰਦਿਆਂ ਹੋਇਆਂ ਆਪ ਨੇ ਲਿਫ਼ਾਫ਼ਾ ਮੇਰੇ ਕੋਟ ਦੀ ਜੇਬ ਵਿਚ ਬਦੋ ਬਦੀ ਪਾ ਦਿਤਾ।
ਸਤੰਬਰ ੧੯੪੩ ਵਿਚ ਜੇਲ੍ਹ ਤੋਂ ਰਿਹਾ ਹੋ ਕੇ ਆਇਆ ਅਤੇ ਅਖ਼ਬਾਰ ਚਾਲੂ ਕਰਨ ਦੀ ਕੋਸ਼ਸ਼ ਵਿਚ ਸਾਂ । ਦਰਯਾ ਗੰਜ ਇਕ ਜਰਨਲਿਸਟ ਮਿਤਰ ਨੂੰ ਮਿਲਣ ਗਿਆ ਤਾਂ ਆਪ ਨੇ ਜਿਹੜੇ ਅਖਰ ਕਹੇ ਉਹਨਾਂ ਨੂੰ ਮੈਂ ਸ਼ਾਇਦ ਅਗਲੇ ਜੀਵਨ ਵਿਚ ਵੀ ਕਦੇ ਭੁੱਲ ਨਹੀਂ ਸਕਾਂਗਾ। ਆਪ ਨੇ ਫ਼ਰਮਾਇਆ :
"ਪਿਛਲੇ ਸਮਿਆਂ 'ਚ ਇਕ ਮਹਾਨ ਯਗ ਹੋਇਆ। ਜਿਸ ਵਿਚ ਲੱਖਾਂ ਜਾਂ ਕਰੋੜਾਂ ਰੁਪਏ ਖ਼ਰਚ ਹੋਏ। ਇਕ ਚਿੜੀ ਆਪਣੀ ਚੁੰਝ ਵਿਚ ਇਕ ਚੌਲਾਂ ਦਾ ਦਾਣਾ ਲੈ ਆਈ ਅਤੇ ਉਸ ਯਗ ਵਿਚ ਪਾ ਦਿਤਾ ਤਾਕਿ ਉਹ ਯਗ ਦੀ ਸੇਵਾ ਅਤੇ ਨੇਕੀ ਤੋਂ ਸਖਣੀ ਨਾ ਰਹਿ ਜਾਏ । "ਰਿਆਸਤ" ਦਾ ਮੁੜ ਚਾਲੂ ਹੋਣਾ ਵੀ ਇਕ ਯਗ ਹੈ, ਏਸ ਲਈ ਮੇਰੀ ਬੇਨਤੀ ਹੈ ਕਿ ਇਸ ਲਈ ਐਹ ਰਕਮ ਪ੍ਰਵਾਨ ਕਰ ਲਓ।"
ਸਚੀ ਮਿਤ੍ਰਤਾ ਅਤੇ ਪਿਆਰ ਦੇ ਇਹਨਾਂ ਅੱਖਰਾਂ ਨੂੰ ਸੁਣ ਕੇ ਮੇਰੇ ਤੇ ਇਕ ਅਕਹਿ ਜਿਹੀ ਹਾਲਤ ਛਾ ਗਈ । ਮੈਂ ਕਿਹਾ ਕਿ ਇਹਨਾਂ ਸ਼ਬਦਾਂ ਦਾ ਮੁਲ ਕਰੋੜਾਂ ਰੁਪਏ ਤੋਂ ਵੀ ਕਿਤੇ ਵਧ ਹੈ । ਮੈਂ ਰੁਪਿਆ ਨਹੀਂ ਲੈਂਦਾ। ਆਪ ਨੇ ਘੜੀ ਮੁੜੀ ਜ਼ੋਰ ਦਿਤਾ ਅਤੇ ਮੈਂ ਨਾਂਹ ਕਰੀ ਗਿਆ ਤੇ ਉਥੋਂ ਤੁਰ ਆਇਆ । ਆਪ ਫੇਰ ਵੀ ਨਾ ਰਹਿ ਸਕੇ ਅਤੇ ਆਪ ਨੇ ਆਪਣੇ ਦਫ਼ਤ ਦੇ ਇਕ ਆਦਮੀ ਹੱਥ ਚੈੱਕ ਭੇਜ ਦਿਤਾ ।
ਮੇਰੇ ਜੀਵਨ ਵਿਚ ਇਸ ਪ੍ਰਕਾਰ ਦੀਆਂ ਦੋ ਚਾਰ, ਦਸ ਵੀਹ ਨਹੀਂ ਸੈਆਂ ਘਟਨਾਵਾਂ ਹਨ ਕਿ ਦੋਸਤਾਂ ਤੇ ਹਿਤੂਆਂ ਨੇ ਭਾਵੇਂ ਉਹਨਾਂ ਨੂੰ ਕਦੇ ਮਿਲਿਆ ਹਾਂ ਜਾਂ ਨਹੀਂ ਵਿਸ਼ਾਲ ਹਿਰਦੇ ਨਾਲ "ਰਿਆਸਤ" ਦੀ ਸਹਾਇਤਾ ਕੀਤੀ । ਇਸ ਤਰ੍ਹਾਂ ਇਹ ਅਸਲੀਅਤ ਹੈ ਕਿ ਜਦ ਵੀ ਜੇਲ੍ਹ ਤੋਂ ਬਾਹਰ ਆਇਆ ਤਾਂ ਸੋਚਿਆ ਕਿ ਅਖ਼ਬਾਰ ਨੂੰ ਮੁੜ ਚਾਲੂ ਕਰਨ ਲਈ ਰੁਪਏ ਦੀ ਲੋੜ ਹੋਵੇਗੀ ਅਤੇ ਏਸ ਰੁਪਏ ਦੀ ਖ਼ਾਤਰ ਜਨਮ ਭੂਮੀ ਦੀ ਜ਼ਮੀਨ ਨੂੰ ਵੇਚ ਦਿਆਂਗਾ। ਏਸ ਜ਼ਮੀਨ ਦਾ ਅਜੇ ਸੌਦਾ ਹੀ ਹੋ ਰਿਹਾ ਹੁੰਦਾ, ਅਜੇ ਵੇਚੀ ਵੀ ਨਹੀਂ ਸੀ ਕਿ ਅਖ਼ਬਾਰ ਦੀ ਢਾਈ ਹਜ਼ਾਰ ਰੁਪਏ ਦੀ ਜ਼ਮਾਨਤ ਵੀ ਜਮ੍ਹਾਂ ਕਰਾ ਦਿਤੀ ਗਈ । ਅਖ਼ਬਾਰ ਵੀ ਚਾਲੂ ਹੋ ਗਿਆ ਅਤੇ ਕੰਮ ਵੀ ਰਿੜ੍ਹ ਪਿਆ ।
ਮੇਰਾ ਇਹ ਕੁਝ ਲਿਖਣ ਦਾ ਭਾਵ ਇਹ ਹੈ ਕਿ ਪਬਲਿਕ ਦਾ ਕੰਮ ਕਰਨ ਵਾਲੇ ਜਿਹੜੇ ਆਦਮੀ ਇਹ ਆਖਦੇ ਫਿਰਦੇ ਹਨ ਕਿ ਉਹਨਾਂ ਨੂੰ ਕੰਮ ਕਰਨ ਲਈ ਰੁਪਿਆ ਨਹੀਂ ਮਿਲਦਾ, ਉਹ ਆਪਣੇ ਆਪ ਨੂੰ ਧੋਖਾ ਦਿੰਦੇ ਹਨ ਅਤੇ ਉਹਨਾਂ ਵਿਚ ਨੇਕ ਨੀਅਤੀ ਅਤੇ ਈਮਾਨਦਾਰੀ ਦੀ ਘਾਟ ਹੈ। ਜਨਤਾ ਦੀ ਆਵਾਜ਼ ਜਨਤਕ ਕੰਮ ਕਰਨ ਵਾਲਿਆਂ ਦੇ ਈਮਾਨ ਅਤੇ ਨੇਕ ਨੀਅਤੀ ਦਾ ਸਭ ਤੋਂ ਵਡਾ ਥਰਮਾਮੀਟਰ ਹੈ ਅਤੇ ਕੰਮ ਕਰਨ ਵਾਲਿਆਂ ਦੇ ਈਮਾਨ ਦਾ ਪਤਾ ਜਨਤਾ ਦੀ ਆਵਾਜ਼ ਤੋਂ ਹੀ ਲਾਇਆ ਜਾ ਸਕਦਾ ਹੈ । ਇਸ ਤਰ੍ਹਾਂ ਇਹ ਇਕ ਸਚਾਈ ਹੈ ਕਿ ਜਨਤਾ ਦੀ ਆਵਾਜ਼ ਕਦੇ ਗ਼ਲਤ ਨਹੀਂ ਹੁੰਦੀ। ਕੰਮ ਕਰਨ ਵਾਲਿਆਂ ਦਾ ਜਿਹੋ ਜਿਹਾ ਚਿੱਠਾ ਹੋਵੇਗਾ ਓਹੋ ਹੀ ਉਹਨਾਂ ਬਾਰੇ ਜਨਤਕ ਆਵਾਜ਼ ਅਤੇ ਪ੍ਰਸਿਧੀ ਹੋਵੇਗੀ। ਗਾਂਧੀ ਜੀ ਨੇ ਆਪਣੇ ਜੀਵਨ ਵਿਚ ਕਦੇ ਕਿਸੇ ਆਦਮੀ ਨੂੰ ਇਹ ਨਹੀਂ ਕਿਹਾ ਕਿ ਉਹ ਨੇਕ ਹਨ, ਪਰ ਸਾਰੀ ਲੁਕਾਈ ਵਿਚੋਂ ਕੀ ਇਕ ਵੀ ਆਦਮੀ ਅਜਿਹਾ ਹੈ ਜੋ ਹਜ਼ਾਰਾਂ ਮਤ ਭੇਦਾਂ ਦੇ ਬਾਵਜੂਦ ਆਪ ਨੂੰ ਨੇਕ ਨਾ ਸਮਝੇ। ਉਲਟ ਇਸ ਦੇ ਖ਼ਵਾਜਾ ਹਸਨ ਨਿਜ਼ਾਮੀ ਆਪਣੇ ਅਖ਼ਬਾਰ ‘ਮੁਨਾਦੀ" ਵਿਚ ਦਿਨ ਰਾਤ ਆਪਣੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਹਨ, ਪਰ ਕੀ ਇਕ ਵੀ ਆਦਮੀ ਤੁਹਾਨੂੰ ਅਜਿਹਾ ਮਿਲੇਗਾ ਜਿਹੜਾ ਆਪ ਨੂੰ ਰਾਜਸੀ ਚਾਰ-ਸੌ-ਵੀਹ ਅਤੇ ਮਜ਼ਹਬੀ ਫ਼ਰਾਡ ਨਾ ਸਮਝਦਾ ਹੋਵੇ । ਭਾਵ ਦੁਨੀਆਂ ਵਿਚ ਨੇਕ ਅਖਵਾਉਣ ਦੀ ਕੋਸ਼ਸ਼ ਨਹੀਂ ਕਰਨੀ ਚਾਹੀਦੀ । ਨੇਕ ਬਣਨਾ ਚਾਹੀਦਾ ਹੈ। ਆਦਮੀ ਨੇਕ ਹੋਵੇਗਾ ਤਾਂ ਲੁਕਾਈ ਆਪਣੇ ਆਪ ਉਸਨੂੰ ਨੇਕ ਆਖੇਗੀ। ਏਸ ਤਰ੍ਹਾਂ ਜਿਹੜੇ ਆਦਮੀ ਜਨਤਕ ਰੁਪਏ ਨੂੰ ਟਰੱਸਟ ਅਤੇ ਅਮਾਨਤ ਸਮਝਣਗੇ, ਉਸ ਨੂੰ ਆਪਣੀਆਂ ਨਿਜੀ ਲੋੜਾਂ ਲਈ ਵਰਤੋਂ 'ਚ ਨਾ ਲਿਆਉਣਗੇ ਉਹਨਾਂ ਨੂੰ ਜਨਤਕ ਕੰਮਾਂ ਲਈ ਰੁਪਏ ਦੀ ਕਦੇ ਘਾਟ ਨਹੀਂ ਹੋ ਸਕਦੀ ਅਤੇ ਜਿਹੜੇ ਆਦਮੀ ਚਾਰ-ਸੌ-ਵੀਹ ਕਰਕੇ ਜਨਤਾ ਦੇ ਖੀਸੇ ਖਾਲੀ ਕਰਕੇ ਆਪਣੀਆਂ ਨਿਜੀ ਜਾਇਦਾਦਾਂ ਬਣਾ ਲੈਣਗੇ ਉਹ ਸਦਾ ਹੀ ਭਿਖ ਮੰਗਦੇ ਰਹਿਣਗੇ। ਉਹਨਾਂ ਦੇ ਠੂਠੇ ਵਿਚ ਟੁਕੜ ਪਹੁੰਚਣ ਦੀ ਕਦੇ ਆਸ ਨਹੀਂ। ਕਮਜ਼ੋਰੀ ਜੇਕਰ ਹੈ ਤਾਂ ਅਸਾਂ ਕੰਮ ਕਰਨ ਵਾਲਿਆਂ 'ਚ ਹੈ ਨਾ ਕਿ ਜਨਤਾ ਵਿਚ । ਭਾਵ ਜਿਹੜੇ ਮਨੁੱਖ ਕੌਮੀ ਖੇਤਰ ਵਿਚ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਨੇ ਜੇਕਰ ਨੇਕ ਨੀਅਤੀ ਅਤੇ ਈਮਾਨਦਾਰੀ ਦਾ ਪਲਾ ਨਾ ਛਡਿਆ ਤਾਂ ਰੁਪਿਆ ਉਹਨਾਂ ਦੇ ਅੰਗ ਸੰਗ ਹੈ ਅਤੇ ਜੇਕਰ ਉਹਨਾਂ ਦੇ ਜਨਤਕ ਜੀਵਨ ਵਿਚ ਸ੍ਵੈ-ਇੱਛਾ ਅਤੇ ਬੇਈਮਾਨੀ ਹੈ ’ਤਾਂ ਉਹਨਾਂ ਲਈ ਜਨਤਾ ਪਾਸ ਨਾ ਤੇ ਰੁਪਿਆ ਹੈ ਅਤੇ ਨਾ ਪ੍ਰਸਿਧੀ ।
ਆਚਰਣ ਦਾ ਵੈਰੀਆਂ ਤੇ ਵੀ ਅਸਰ ਹੁੰਦਾ ਹੈ
ਮੈਨੂੰ ਠੀਕ ਤਾਂ ਯਾਦ ਨਹੀਂ, ਪਰ ਸ਼ਾਇਦ ੧੯੩੦ ਦੀ ਘਟਨਾ ਹੈ । ਦਫ਼ਤਰ "ਰਿਆਸਤ" ਅਜਮੇਰੀ ਦਰਵਾਜ਼ੇ ਤੋਂ ਬਾਹਰ ਇਕ ਬਿਲਡਿੰਗ ਵਿਚ ਸੀ । ਗਰਮੀਆਂ ਦੇ ਦਿਨ ਸਨ । ਸਵੇਰੇ ਦਸ ਵਜੇ ਦੇ ਲਗ ਪਗ ਮੇਰੀ ਜਨਮ ਭੂਮੀ ਦੇ ਇਕ ਬਜ਼ੁਰਗ ਤਸ਼ਰੀਫ਼ ਲਿਆਏ, ਜੋ ਰਾਏ ਬਹਾਦਰ ਹਨ । ਮੇਰੀ ਬਰਾਦਰੀ ਵਿਚੋਂ ਹੀ ਹਨ । ਉਹਨਾਂ ਦਿਨਾਂ ਵਿਚ ਸਰਕਾਰ ਹਿੰਦ ਦੇ ਇਨਟੈਲੀਜੈਂਸ ਮਹਿਕਮੇ - ਸੀ. ਆਈ. ਡੀ. - ਵਿਚ ਸੁਪ੍ਰਿੰਟੰਡੰਟ ਪੁਲੀਸ ਸਨ । ਹੁਣ ਉਹ ਰੀਟਾਇਰ ਹੋ ਚੁਕੇ ਹਨ । ਇਹ ਰਾਏ ਬਹਾਦਰ ਵਤਨੀ ਸੰਬੰਧਾਂ ਦੇ ਕਾਰਨ ਪਹਿਲਾਂ ਵੀ ਕਦੇ ਕਦੇ ਤਸ਼ਰੀਫ਼ ਲਿਆਇਆ ਕਰਦੇ ਸਨ । ਜਦ ਉਹ ਕਮਰੇ ਵਿਚ ਪਹੁੰਚੇ ਤਾਂ ਮੈਂ ਉਹਨਾਂ ਨੂੰ ਡਰਾਇੰਗ ਰੂਮ ਵਿਚ ਲੈ ਆਇਆ । ਗੱਲਾਂ ਹੁੰਦੀਆਂ ਰਹੀਆਂ ਤਾਂ ਆਪ ਨੇ ਫ਼ਰਮਾਇਆ ਕਿ ਇਕ ਗੱਲ ਕਰਨੀ ਚਾਹੁੰਦਾ ਹਾਂ । ਕਿਸੇ ਦੂਜੇ ਕਮਰੇ ਵਿਚ ਚਲੀਏ । ਮੈਂ ਉਹਨਾਂ ਨੂੰ ਲੈ ਕੇ ਰਸੋਈ ਵਿਚ ਆਇਆ ਅਤੇ ਕਿਹਾ, "ਫ਼ਰਮਾਓ !" ਉਹਨਾਂ ਰਾਏ ਬਹਾਦਰ ਅਤੇ ਲੇਖਕ ਦੇ ਵਿਚਕਾਰ ਜਿਹੜੀ ਗਲ ਬਾਤ ਹੋਈ ਮੈਨੂੰ ਚੰਗੀ ਤਰ੍ਹਾਂ ਯਾਦ ਹੈ । ਰਾਇ ਬਹਾਦਰ ਨੇ ਕਿਹਾ, "ਮਹਾਰਾਜਾ ਭਰਤਪੁਰ ਤੁਹਾਡੇ ਮਿਤਰ ਹਨ ਅਤੇ ਆਪ ਨੂੰ ਮਿਲਦੇ ਰਹਿੰਦੇ ਹਨ। ਮਰਾਰਾਜਾ ਨੇ ਉਸ ਸਾਰੇ ਚਿਠੀ ਪੱਤ੍ਰ ਨੂੰ ਇਕ ਕਿਤਾਬ ਦੀ ਸ਼ਕਲ ਵਿਚ ਛਾਪ ਕੇ ਪ੍ਰਕਾਸ਼ਤ ਕਰ ਦਿਤਾ ਹੈ ਜਿਹੜੀ ਮਹਾਰਾਜਾ ਅਤੇ ਪੁਲੀਟੀਕਲ ਏਜੰਟ ਵਿਚਕਾਰ ਹੁੰਦੀ ਰਹੀ । ਸਰਕਾਰ ਦੀ ਏਸ ਵਿਚ ਬੜੀ ਬਦਨਾਮੀ ਹੋਈ ਹੈ ਕਿਉਂਕਿ ਇਹ ਕਿਤਾਬਾਂ ਭਾਰਤ ਦੇ ਲੀਡਰਾਂ ਨੂੰ ਭੇਜੀਆਂ ਗਈਆਂ ਹਨ । ਹੁਣ ਮਹਾਰਾਜਾ ਨੇ ਪੁਲੀਟੀਕਲ ਡੀਪਾਰਟਮੈਂਟ ਦਿਆਂ ਕਲਰਕਾਂ ਨੂੰ ਰਿਸ਼ਵਤ ਦੇ ਕੇ ਉਹਨਾਂ ਸਾਰੀਆਂ ਚਿਠੀਆਂ ਪੱਤ੍ਰਾਂ ਦੀਆਂ ਨਕਲਾਂ ਪ੍ਰਾਪਤ ਕਰ ਲਈਆਂ ਹਨ ਜੋ ਕਿ ਕਾਨਫ਼ੀਡੈਂਸ਼ਲ ਤੌਰ ਤੇ ਏਜੰਟ ਗਵਰਨਰ ਜਨਰਲ ਰਾਜਪੂਤਾਨਾ ਅਤੇ ਪੁਲੀਟੀਕਲ ਸਕੱਤ੍ਰ ਸਰਕਾਰ ਹਿੰਦ ਵਿਚਕਾਰ ਮਹਾਰਾਜੇ ਬਾਰੇ ਹੁੰਦੀਆਂ ਰਹੀਆਂ। ਅਤੇ ਮਹਾਰਾਜਾ ਉਹਨਾਂ ਨੂੰ ਵੀ ਕਿਸੇ ਪ੍ਰੈਸ ਵਿਚ ਛਪਵਾ ਰਹੇ ਹਨ । ਸਰਕਾਰ ਇਸ ਬਾਰੇ ਬੜੀ ਫ਼ਿਕਰਮੰਦ ਹੈ ਕਿਉਂਕਿ ਇਹ ਚਿਠੀ ਪੱਤ੍ਰ ਕਾਨਫ਼ੀਡੈਂਸ਼ਲ ਸੀ । ਤੁਹਾਡੇ ਵਸੀਲੇ ਬੜੇ ਵਿਸ਼ਾਲ ਹਨ ਅਤੇ ਪੁਲੀਟੀਕਲ ਡੀਪਾਰਟਮੈਂਟ ਦੇ ਕਲਰਕਾਂ ਤੋਂ ਤੁਸੀਂ ਵੀ ਖ਼ਬਰਾਂ ਹਾਸਲ ਕਰਦੇ ਹੋ । ਮੈਂ ਚਾਹੁੰਦਾ ਹਾਂ ਕਿ ਤੁਸੀਂ ਇਕ ਤਾਂ ਇਹ ਪਤਾ ਕਰੋ ਕਿ ਮਹਾਰਾਜਾ ਨੇ ਇਹ ਨਕਲਾਂ ਪੁਲੀਟੀਕਲ ਡੀਪਾਰਟਮੈਂਟ ਦੇ ਕਿਸ ਕਲਰਕ ਰਾਹੀਂ ਪ੍ਰਾਪਤ ਕੀਤੀਆਂ ਹਨ ਤਾਂ ਕਿ ਉਹਨਾਂ ਤੇ ਆਫ਼ੀਸ਼ਲ ਸੀਕਰਟ ਐਕਟ ਹੇਠ ਮੁਕੱਦਮਾ ਚਲਾਇਆ ਜਾਵੇ ਅਤੇ ਦੂਜੇ ਇਹ ਪਤਾ ਕਰੋ ਕਿ ਮਹਾਰਾਜਾ ਇਹ ਕਿਤਾਬ ਕਿਹੜੇ ਪ੍ਰੈਸ ਵਿਚ ਛਪਵਾ ਰਹੇ ਹਨ ਤਾ ਕਿ ਅਸੀਂ ਛਾਪਾ ਮਾਰ ਕੇ ਇਹ ਕਿਤਾਬ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਹੀ ਜ਼ਬਤ ਕਰ ਲਈਏ। ਮੈਂ ਏਸੇ ਮਤਲਬ ਲਈ ਹੀ ਸ਼ਿਮਲਿਉਂ ਆਇਆ ਹਾਂ । ਇਹ ਆਖਦਿਆਂ ਹੋਇਆਂ ਰਾਏ ਬਹਾਦਰ ਨੇ ਆਪਣੇ ਖੀਸੇ 'ਚੋਂ ਚੇਹਰਾ ਸ਼ਾਹੀ ਇਕ ਨੋਟਾਂ ਦੀ ਦਥੀ ਕਢੀ ਅਤੇ ਕਿਹਾ ਕਿ ਇਹ ਰੁਪਿਆ ਤੁਹਾਡੇ ਖ਼ਰਚਾਂ ਲਈ ਹੈ ਕਿਉਂਕਿ ਸ਼ਾਇਦ ਕੁਝ ਆਦਮੀਆਂ ਨੂੰ ਰੁਪਿਆ ਦੇਣਾ ਪਵੇ ਅਤੇ ਸ਼ਾਇਦ ਤੁਹਾਨੂੰ ਕਿਤੇ ਆਉਣਾ ਜਾਣਾ ਵੀ ਪਵੇ । ਮੈਂ ਨਹੀਂ ਆਖ ਸਕਦਾ ਕਿ ਇਹ ਰੁਪਿਆ ਕਿੰਨਾ ਸੀ, ਪੰਜ ਹਜ਼ਾਰ ਸੀ, ਸਤ ਹਜ਼ਾਰ ਜਾਂ ਦਸ ਹਜ਼ਾਰ। ਇਹ ਬਹੀ ਅਧੇ ਅਤੇ ਇਕ ਇੰਚ ਦੇ ਵਿਚਕਾਰ ਮੋਟੀ ਸੀ।
ਮੈਂ ਰਾਏ ਬਹਾਦਰ ਨੂੰ ਕਿਹਾ "ਇਸ ਦਾ ਮਤਲਬ ਇਹ ਹੈ ਕਿ ਮੈਂ ਤੁਹਾਡਾ ਪੇਡ ਇਨਫ਼ਾਰਮਰ ਹਾਂ ਅਤੇ ਤੁਸੀਂ ਮੈਨੂੰ ਏਨਾਂ ਗਿਰਿਆ ਤੇ ਕਮੀਨਾ ਸਮਝਦੇ ਹੋ ਕਿ ਮੈਂ ਤੁਹਾਥੋਂ ਰੁਪਿਆ ਲੈ ਕੇ ਮਹਾਰਾਜਾ ਭਰਤ ਪੁਰ ਅਤੇ ਦੂਜੇ ਮਿਤਰਾਂ ਨਾਲ ਬੇਵਫ਼ਾਈ ਕਰਾਂਗਾ ਅਤੇ ਤੁਹਾਡੀ ਸੀ. ਆਈ. ਡੀ. ਦੀ ਮੁਖਬਰੀ ਦੀ ਸੇਵਾ ਨਿਭਾਵਾਂਗਾ।" ਰਾਏ ਬਹਾਦਰ ਨੇ ਨੋਟਾਂ ਦੀ ਉਹ ਥਹੀ ਮੇਰੇ ਕੋਟ - ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਸ ਜ਼ਮਾਨੇ 'ਚ ਮੈਂ ਖਦਰ ਦੇ ਕੋਟ ਸਵਾਏ ਸਨ ਅਤੇ ਉਹ ਕੋਟ ਖੱਦਰ ਦਾ ਸੀ – ਵਿਚ ਪਾਉਣ ਦੀ ਕੋਸ਼ਸ਼ ਕੀਤੀ ਅਤੇ ਆਖਿਆ "ਤੂੰ ਤੇ ਸ਼ੁਦਾਈ ਹੈਂ, ਸਰਕਾਰ ਕਾਫ਼ੀ ਰੁਪਿਆ ਲੀਡਰਾਂ ਅਤੇ ਅਖ਼ਬਾਰਾਂ ਨੂੰ ਦੇਂਦੀ ਹੈ, ਹੈ ਇਸ ਵਿਚ ਕੋਈ ਹਰਜ ਨਹੀਂ।"
ਮੈਂ ਰਾਏ ਬਹਾਦਰ ਨੂੰ ਜੁਆਬ ਦਿਤਾ "ਜੇਕਰ ਲੀਡਰ ਏਨੇ ਕਮੀਨੇ ਹੋਣ ਤਾਂ ਹੋਣ, ਪਰ ਮੈਂ ਏਨਾ ਕਮੀਨਾ ਨਹੀਂ ।" ਰਾਏ ਬਹਾਦਰ ਮੇਰੇ ਏਸ ਜੁਆਬ ਨਾਲ ਸੰਤੁਸ਼ਟ ਨਾ ਹੋਏ, ਉਹਨਾਂ ਫੇਰ ਅਗੇ ਵਧ ਕੇ ਨੋਟਾਂ ਦੀ ਉਹ ਥਹੀ ਮੇਰੇ ਖੀਸੇ ਵਿਚ ਪਾਉਣ ਦਾ ਯਤਨ ਕੀਤਾ ਤਾਂ ਮੈਂ ਪਿਛੇ ਹਟ ਗਿਆ ਅਤੇ ਮਥੇ ਤੇ ਵਟ ਪਾਉਂਦਿਆਂ ਹੋਇਆਂ ਮੈਂ ਨੀਮ ਗੁਸੇ ਅਤੇ ਦ੍ਰਿੜ੍ਹਤਾ ਨਾਲ ਰਾਏ ਸਾਹਿਬ ਨੂੰ ਆਖਿਆ, "ਰਾਇ ਸਾਹਿਬ, ਤੁਸੀਂ ਇਸ ਵਿਚ ਕੋਈ ਹਰਜ ਨਹੀਂ ਸਮਝਦੇ, ਪਰ ਮੈਂ ਸਮਝਦਾ ਹਾਂ ਅਤੇ ਮੇਰਾ ਧਰਮ ਹੈ ਕਿ ਜੇਕਰ ਕੋਈ ਆਦਮੀ ਅਖ਼ਬਾਰ ਕਢਦਿਆਂ ਹੋਇਆਂ, ਜਾਂ ਜਨਤਕ ਸੇਵਾਦਾਰ ਹੁੰਦਿਆਂ ਹੋਇਆਂ ਸਰਕਾਰ ਤੋਂ ਰੁਪਿਆ ਲੈ ਕੇ ਮੁਖਬਰੀ ਕਰਦਾ ਹੈ ਤਾਂ ਉਸ ਨਾਲੋਂ ਕਿਤੇ ਚੰਗਾ ਹੈ ਕਿ ਉਹ ਆਪਣੀ ਮਾਂ ਨੂੰ ਚਾਵੜੀ ਬਾਜ਼ਾਰ ਵਿਚ ਬਿਠਾ ਕੇ ਉਸ ਤੋਂ ਪੇਸ਼ਾ ਕਰਾਏ ਅਤੇ ਰੁਪਿਆ ਕਮਾਵੇ ।" ਰਾਏ ਬਹਾਦਰ ਮੇਰੇ ਇਹ ਅੱਖਰ ਸੁਣ ਕੇ ਡੌਰ ਭੌਰੇ ਹੋ ਗਏ । ਉਹਨਾਂ ਦਾ ਹੱਥ ਮੇਰੇ ਖੀਸੇ ਦੀ ਬਜਾਏ ਨੋਟਾਂ ਸਮੇਤ ਆਪਣੇ ਖੀਸੇ 'ਚ ਚਲਿਆ ਗਿਆ ਅਤੇ ਅਸੀਂ ਫੇਰ ਵਾਪਸ ਡਰਾਇੰਗ ਰੂਮ ਵਿਚ ਚਲੇ ਆਏ । ਡਰਾਇੰਗ ਰੂਮ ਵਿਚ ਬਹਿ ਕੇ ਰਾਏ ਬਹਾਦਰ ਨੇ ਸ਼ਰਮਿੰਦਗੀ ਜਿਹੀ ਦੇ ਭਾਵ ਨਾਲ ਇਕ ਵਾਰ ਫੇਰ ਆਖਿਆ "ਤੁਸਾਂ ਕੋਸ਼ਸ਼ ਕਰਨੀ ਕਿ ਇਹ ਸੂਚਨਾਵਾਂ ਪ੍ਰਾਪਤ ਹੋ ਸਕਣ ।" ਮੈਂ ਫੇਰ ਉਤਰ ਦਿਤਾ ਕਿ ਇਹ ਮੇਰੇ ਵਸ ਦਾ ਰੋਗ ਨਹੀਂ । ਫੇਰ ਰਾਏ ਬਹਾਦਰ ਨੇ ਏਧਰ ਉਧਰ ਦੀਆਂ ਦੂਜੀਆਂ ਰਸਮੀ ਗਲਾਂ ਸ਼ੁਰੂ ਕਰ ਦਿਤੀਆਂ ਅਤੇ ਕੁਝ ਚਿਰ ਪਿਛੋਂ ਆਪ ਚਲੇ ਗਏ।
ਸੀ. ਆਈ. ਡੀ. ਅਤੇ ਪੁਲੀਸ ਦੇ ਛੋਟੇ ਤੇ ਮਾਮੂਲੀ ਆਦਮੀ ਤਾਂ ਆਪਣੀ ਕਾਰਗੁਜ਼ਾਰੀ ਦਸਣ ਖਾਤਰ ਆਪਣੇ ਅਫ਼ਸਰਾਂ ਨੂੰ ਬਹੁਤ ਝੂਠੀਆਂ ਅਤੇ ਗ਼ਲਤ ਰੀਪੋਰਟਾਂ ਦਿੰਦੇ ਹਨ,ਪਰ ਵਡੇ ਅਫ਼ਸਰ ਆਪਣੀ ਜ਼ਿੰਮੇਂਵਾਰੀ ਨੂੰ ਅਨੁਭਵ ਕਰਦਿਆਂ ਹੋਇਆਂ ਆਪਣੇ ਵਡੇ ਅਫ਼ਸਰਾਂ ਪਾਸ ਝੂਠੀਆਂ ਰੀਪੋਰਟਾਂ ਨਹੀਂ ਕਰਦੇ ਕਿਉਂਕਿ ਉਹ ਸਮਝਦੇ ਹਨ ਕਿ ਜੇਕਰ ਝੂਠੇ ਸਾਬਤ ਹੋਏ ਤਾਂ ਉਹਨਾਂ ਲਈ ਸ਼ਰਮਿੰਦਗੀ ਦਾ ਕਾਰਨ ਬਣਨਗੇ। ਰਾਏ ਬਹਾਦਰ ਨੇ ਉਹ ਸਾਰੀਆਂ ਗਲਾਂ ਜੋ ਉਹਨਾਂ ਤੇ ਐਡੀਟਰ "ਰਿਆਸਤ" ਵਿਚਕਾਰ ਹੋਈਆਂ ਸਨ । ਇੰਨ ਬਿੰਨ ਆਪਣੇ ਅਫ਼ਸਰ ਸਰ ਡੇਵਿਡ ਪੈਟਰੀ ਡਾਇਰੈਕਟਰ ਇਨਟੈਲੀਜੈਂਸ ਬਿਓਰੋ - ਜੋ ਉਸ ਸਮੇਂ ਸਾਰੇ ਭਾਰਤ ਦੀ ਸੀ. ਆਈ. ਡੀ. ਦੇ ਸਭ ਤੋਂ ਵਡੇ ਅਫ਼ਸਰ ਅਤੇ ਆਪਣੀ ਈਮਾਨਦਾਰੀ ਅਤੇ ਲਿਆਕਤ ਦੇ ਕਾਰਨ ਪਿਛੋਂ ਜਾ ਕੇ ਪ੍ਰੈਜ਼ੀਡੰਟ ਫ਼ੈਡਰਲ ਪਬਲਕ ਸਰਵਿਸ ਕਮਿਸ਼ਨ ਨੀਯਤ ਹੋਏ - ਨੂੰ ਪਹੁੰਚਾ ਦਿਤੀ।
ਗਰਮੀਆਂ ਦੀ ਬਹਾਰ ਖ਼ਤਮ ਹੋਈ, ਸਰਦੀਆਂ ਸ਼ੁਰੂ ਸਨ ਅਤੇ ਸਰਕਾਰ ਹਿੰਦ ਦੇ ਦਫ਼ਤਰ ਸ਼ਿਮਲਿਉਂ ਦਿੱਲੀ ਆ ਰਹੇ ਸਨ । ਇਕ ਦਿਨ ਸ਼ਾਮ ਨੂੰ ਇਕ ਬਹੁਤ ਲੰਮੇ ਕਦ ਦੇ ਤਗੜੇ ਮੁਸਲਮਾਨ ਸੂਟ ਤੇ ਹੈਟ ਪਾਈ ਦਫ਼ਤਰ "ਰਿਆਸਤ" ਵਿਚ ਤਸ਼ਰੀਫ਼ ਲਿਆਏ । ਮੈਂ ਉਪਰ ਆਪਣੇ ਨਿਜੀ ਕਮਰੇ ਵਿਚ ਬੈਠਾ ਕੰਮ ਕਰ ਰਿਹਾ ਸਾਂ । ਆਪ ਨੇ ਚਪੜਾਸੀ ਤੋਂ ਪੁਛਿਆ ਕਿ ਦੀਵਾਨ ਸਿੰਘ ਕਿਥੇ ਹੈ। ਚਪੜਾਸੀ ਨੇ ਜੁਆਬ ਦਿਤਾ ਕਿ ਉਪਰ ਹਨ । ਆਪ ਬਿਨਾਂ ਸੰਕੋਚ ਦੇ ਉਪਰ ਮੇਰੇ ਨਿਜੀ ਦਫ਼ਤਰ ਦੇ ਕਮਰੇ ਵਿਚ ਆ ਗਏ । ਮੈਂ ਉਹਨਾਂ ਦੇ ਸਤਿਕਾਰ ਵਜੋਂ ਖੜਾ ਹੋ ਗਿਆ ਅਤੇ ਨਾਲ ਵਾਲੇ ਡਰਾਇੰਗ ਰੂਮ ਵਿਚ ਲੈ ਆਇਆ । ਡਰਾਇੰਗ ਰੂਮ ਵਿਚ ਬੈਠਦਿਆਂ ਹੀ ਆਪ ਨੇ ਖੁਲ੍ਹੇ ਡੁਲ੍ਹੇ ਢੰਗ ਨਾਲ ਕਿਹਾ "ਭਰਾਵਾ ਚਾਹ ਤਾਂ ਮੰਗਾ।" ਮੈਂ ਬਿਜਲੀ ਦੀ ਘੰਟੀ ਦਾ ਬਟਨ ਦਬਿਆ । ਚਪੜਾਸੀ ਆਇਆ, ਉਹਨੂੰ ਆਖਿਆ ਰਸੋਈਏ ਨੂੰ ਭੇਜ । ਉਹਨਾਂ ਦਿਨਾਂ ਵਿਚ ਮੇਰੇ ਪਾਸ ਗੋਆ ਦਾ ਰਹਿਣ ਵਾਲਾ ਰਸੋਈਆ ਕੋਇਲੋ ਸੀ । ਕੋਇਲੋ ਨੂੰ ਮੈਂ ਕਿਹਾ ਕਿ ਚਾਹ ਲਿਆ, ਪਰ ਦਿਲ ਵਿਚ ਸੋਚ ਰਿਹਾ ਸਾਂ ਕਿ ਇਹ ਕਿਹੜੇ ਸਜਨ ਹਨ । ਸ਼ਾਇਦ ਪਹਿਲਾਂ ਕਦੀ ਇਹਨਾਂ ਨੂੰ ਮਿਲ ਚੁਕਾ ਹਾਂ । ਕਿਹੜੀ ਰਿਆਸਤ ਦੇ ਵਜ਼ੀਰ ਹਨ । ਕਿਥੇ ਮਿਲਿਆ ਹਾਂ । ਇਹ ਸੋਚ ਹੀ ਰਿਹਾ ਸਾਂ ਕਿ ਆਪ ਨੇ ਖ਼ੁਦ ਹੀ ਮੁਸਕਾ ਕੇ ਕਿਹਾ, "ਸ਼ਾਇਦ ਤੁਸਾਂ ਮੈਨੂੰ ਪਛਾਣਿਆ ਨਹੀਂ।" ਮੈਂ ਝਿਜਕਦਿਆਂ ਹੋਇਆਂ ਕਿਹਾ, "ਜੀ ਹਾਂ ! ਮੈਨੂੰ ਯਾਦ ਨਹੀਂ ਆਉਂਦਾ ਜਨਾਬ ਨਾਲ ਕਿਥੇ ਮੁਲਾਕਾਤ ਦਾ ਮਾਣ ਪ੍ਰਾਪਤ ਹੋਇਆ ਸੀ ।" ਆਪ ਨੇ ਜ਼ਰਾ ਵਧੇਰੇ ਮੁਸਕਰਾਂਦਿਆਂ ਹੋਇਆਂ ਫ਼ਰਮਾਇਆ "ਮੈਂ ਤਸੱਦੁਕ ਹੁਸੈਨ ਡਿਪਟੀ ਡਾਇਰੈਕਟਰ ਇਨਟੈਲੀਜੈਂਸ ਬਿਓਰੋਂ ਹਾਂ ਅਤੇ ਤੁਹਾਡੇ ਵਤਨੀ ਰਾਏ ਬਹਾਦਰ ਦੇ ਨਾਲ ਕੰਮ ਕਰਦਾ ਹਾਂ।" ਮੈਂ ਕਿਹਾ,"ਬੜੀ ਮਿਹਰਬਾਨੀ ਕੀਤੀ, ਤੁਹਾਡੇ ਨਾਂ ਤੋਂ ਵਾਕਫ਼ ਸਾਂ, ਰਾਏ ਬਹਾਦਰ ਨਾਲ ਵੀ ਜ਼ਿਕਰ ਆਇਆ ਹੈ, ਪਰ ਤੁਹਾਡੇ ਦਰਸ਼ਨਾਂ ਦਾ ਕਦੇ ਸਮਾਂ ਨਹੀਂ ਮਿਲਿਆ ਸੀ।" ਖ਼ਾਨ ਬਹਾਦਰ ਤਸੱਦੁਕ ਹੁਸੈਨ ਨੇ ਜਵਾਬ ਦਿਤਾ "ਮੇਰੇ ਅਤੇ ਸਰ ਡੇਵਿਡ ਪੈਟਰੀ ਦੇ ਦਿਲ ਵਿਚ ਤੁਹਾਡੀ ਬਹੁਤ ਇਜ਼ਤ ਹੈ । ਰਾਏ ਬਹਾਦਰ ਨੇ ਆਪਣੀ ਰੀਪੋਰਟ ਵਿਚ ਉਹ ਸਭ ਕੁਝ ਲਿਖ ਦਿਤਾ ਸੀ ਜੋ ਤੁਹਾਡੇ ਅਤੇ ਉਹਨਾਂ ਵਿਚਕਾਰ ਗਲ ਬਾਤ ਹੋਈ ਸੀ । ਅਸੀਂ ਤੁਹਾਡੇ ਆਚਰਣ ਦੀ ਬੜੀ ਉਪਮਾ ਕਰਦੇ ਹਾਂ ਅਤੇ ਏਸੇ ਲਈ ਮੈਂ ਤੁਹਾਨੂੰ ਮਿਲਣ ਆਇਆ ਹਾਂ । ਇਹ ਬੜੀ ਚਿੰਤਾਜਨਕ ਗੱਲ ਹੈ ਕਿ ਭਾਰਤ ਦੇ ਲੀਡਰਾਂ ਅਤੇ ਅਖ਼ਬਾਰ ਨਵੀਸਾਂ 'ਚ ਵਡੀ ਗਿਣਤੀ ਅਜੇਹੇ ਲੋਕਾਂ ਦੀ ਹੈ ਜਿਨ੍ਹਾਂ ਦਾ ਕੋਈ ਆਚਰਣ ਨਹੀਂ, ਜਿਹੜੇ ਕਿ ਬਹੁਤ ਘਟ ਰਕਮ ਨਾਲ ਖ਼ਰੀਦੇ ਜਾ ਸਕਦੇ ਹਨ ਅਤੇ ਇਹਨਾਂ 'ਚ ਕਈ ਅਸੈਂਬਲੀ ਦੇ ਮੈਂਬਰ ਵੀ ਹਨ । ਇਹ ਆਦਮੀ ਸਾਡੇ ਲਈ ਗੁਣਕਾਰੀ ਹੁੰਦੇ ਹਨ, ਪਰ ਕਰੈਕਟਰ ਨਾ ਹੋਣ ਕਾਰਨ ਸਾਡੇ ਦਿਲਾਂ 'ਚ ਉਹਨਾਂ ਦੀ ਇਜ਼ਤ ਨਹੀਂ ਹੁੰਦੀ।"
ਖ਼ਾਨ ਬਹਾਦਰ ਚਾਹ ਪੀਂਦੇ ਰਹੇ ਅਤੇ ਗਲਾਂ ਹੁੰਦੀਆਂ ਰਹੀਆਂ। ਉਸ ਦਿਨ ਅਧੇ ਘੰਟੇ ਦੇ ਲਗ ਪਗ ਬੈਠੇ ਹੋਵਾਂਗੇ । ਚਹੁੰ ਦਿਨਾਂ ਪਿਛੋਂ ਆਪ ਨੇ ਮੈਨੂੰ ਡਿਨਰ ਤੇ ਸਦਿਆ । ਉਸ ਪਿਛੋਂ ਉਹ ਕਦੀ ਕਦੀ ਤਸ਼ਰੀਫ਼ ਲਿਆਉਂਦੇ ਰਹੇ ਅਤੇ ਮੈਂ ਵੀ ਜਦ ਕਦੀ ਨਵੀਂ ਦਿਲੀ ਉਹਨਾਂ ਦੀ ਸੜਕ ਤੇ ਸ਼ਾਮ ਨੂੰ ਸੈਰ ਕਰਨ ਜਾਂਦਾ ਤਾਂ ਉਹਨਾਂ ਦੀ ਕੋਠੀ ਉਹਨਾਂ ਨੂੰ ਮਿਲਣ ਲਈ ਜ਼ਰੂਰ ਹਾਜ਼ਰੀ ਭਰਦਾ ਅਤੇ ਸਾਡੇ ਆਪਸੀ ਸੰਬੰਧ ਬੜੇ ਡੂੰਘੇ ਹੋ ਗਏ । ਖਾਨ ਬਹਾਦਰ ਤਸੱਦੁਕ ਹੁਸੈਨ ਬੜੇ ਮਿਹਰਬਾਨ, ਬਹੁਤ ਪਿਆਰੇ, ਬੜੇ ਹਿਤੈਸ਼ੀ, ਬੜੇ ਖੁਲ੍ਹੇ ਡੁਲ੍ਹੇ ਸੁਭਾਉ ਦੇ ਅਤੇ ਬੜੇ ਉਚੇ ਇਨਸਾਨ ਸਨ । ਕੁਝ ਸਮੇਂ ਬਾਅਦ ਮੇਰੇ ਅਤੇ ਉਹਨਾਂ ਵਿਚਕਾਰ ਭਰਾਵਾਂ ਵਰਗੇ ਸੰਬੰਧ ਹੋ ਗਏ । ਮੈਨੂੰ ਚੇਤਾ ਹੈ ਸ੍ਵਰਗਵਾਸ ਹੋਣ ਤੋਂ ਕੁਝ ਦਿਨ ਪਹਿਲਾਂ ਬੀਮਾਰ ਹੋ ਗਏ । ਰਾਜਾ ਅਕਬਰ ਅਲੀ ਸਾਹਿਬ ਦੀ ਕੋਠੀ 'ਚ ਠਹਿਰੇ ਹੋਏ ਸਨ । ਮੈਂ ਹੋਸ਼ੰਗ ਆਬਾਦ ਦੀ ਤ੍ਰੀਕੇ ਜਾ ਰਿਹਾ ਸਾਂ, ਮਿਲਣ ਲਈ ਗਿਆ। ਉਹ ਪਲੋਰਸੀ ਦੇ ਕਾਰਨ ਡਾਢੇ ਔਖੇ ਸਨ। ਜਦ ਆਉਣ ਲਗਾ ਤਾਂ ਉਹਨਾਂ ਤੋਂ ਉਠਿਆ ਨਾ ਗਿਆ, ਲੰਮੇ ਪਿਆਂ ਪਿਆਂ ਹੀ ਹਥ ਵਧਾ ਦਿਤੇ ਅਤੇ ਅੱਖਾਂ 'ਚ ਅਥਰੂ ਭਰ ਕੇ ਬੋਲੇ, "ਚੰਗਾ ਭਈ ਜਾਹ ! ਫੇਰ ਸ਼ੈਦ ਮੇਲੇ ਨਾ ਹੋਣ।" ਇਹ ਸੁਣ ਕੇ ਮੇਰੇ ਵੀ ਅਥਰੂ ਨਿਕਲ ਆਏ । ਮੈਂ ਹੋਸ਼ੰਗ ਆਬਾਦ ਚਲਾ ਗਿਆ। ਓਥੇ ਮੁਕਦਮੇ ਲਈ ਅਠ ਦਸ ਦਿਨਾਂ ਦੀਆਂ ਲਗਾਤਾਰ ਤ੍ਰੀਕਾਂ ਸਨ । ਪਹੁੰਚਣ ਦੇ ਚਾਰ ਪੰਜ ਦਿਨਾਂ ਪਿਛੋਂ "ਸਟੇਟਸਮੈਨ" ਵਿਚ ਪੜ੍ਹਿਆ ਕਿ ਆਪ ਚੜ੍ਹਾਈ ਕਰ ਗਏ ਹਨ ਅਤੇ ਹਿੰਦ ਸਰਕਾਰ ਦਾ ਅਸਧਾਰਨ ਗਜ਼ਟ ਕਾਲੇ ਘੇਰੇ ਨਾਲ ਪ੍ਰਕਾਸ਼ਤ ਹੋਇਆ।
ਖਾਨ ਬਹਾਦਰ ਤਸੱਦੁਕ ਹੁਸੈਨ ਸ੍ਵਰਗਵਾਸ ਹੋ ਗਏ । ਸੀ. ਆਈ. ਡੀ. ਦੇ ਬਦਨਾਮ ਮਹਿਕਮੇ ਵਿਚ ਸੁਪ੍ਰੰਟੰਡੰਟ ਪੁਲੀਸ ਅਤੇ ਡਿਪਟੀ ਡਾਇਰੈਕਟਰ ਇਨਟੈਲੀਜੈਂਸ ਬਿਓਰੋ ਸਰਕਾਰ ਹਿੰਦ ਸਨ, ਪਰ ਸੁਭਾਉ ਦੇ ਏਨੇ ਚੰਗੇ, ਦਿਆਨਤਦਾਰ, ਸਚੇ ਮਿਤਰ ਅਤੇ ਉੱਚੇ ਇਨਸਾਨ ਸਨ ਕਿ ਉਹਨਾਂ ਦਿਆਂ ਚਰਨਾਂ ਤੇ ਦਰਜਨਾਂ ਉਹ ਕਾਂਗਰਸੀ ਵਾਰੇ ਜਾ ਸਕਣ ਜਿਹੜੇ ਆਪਣੀਆਂ ਨਿਜੀ ਗਰਜ਼ਾਂ ਵਾਸਤੇ ਕੌਮੀ ਮੈਦਾਨ ਵਿਚ ਹਾਜ਼ਰ ਹਨ । ਪ੍ਰਲੋਕ ਵਾਸੀ ਨੂੰ ਸ੍ਵਰਗਵਾਸ ਹੋਇਆਂ ਕਈ ਵਰ੍ਹੇ ਗਏ ਹਨ, ਪਰ ਜਦ ਕਦੇ ਚੇਤਾ ਆਉਂਦਾ ਹੈ ਤਾਂ ਅੱਖਾਂ ਤਰ ਹੋ ਜਾਂਦੀਆਂ ਹਨ।
ਇਹਨਾਂ ਸਾਰੀਆਂ ਗਲਾਂ ਦਸਨ ਦਾ ਭਾਵ ਇਹ ਹੈ ਕਿ ਜੇਕਰ ਇਨਸਾਨ ਦੇ ਅੰਦਰ ਆਚਰਣ ਨਾ ਹੋਵੇ ਤਾਂ ਉਸ ਦੇ ਮਿਤਰ, ਸੱਜਣ, ਮਾਂ, ਪਿਓ, ਭੈਣ, ਭਰਾ, ਅਤੇ ਰਿਸ਼ਤੇਦਾਰ ਵੀ ਉਸ ਨੂੰ ਘ੍ਰਿਣਾ ਕਰਦੇ ਹਨ, ਭਾਵੇਂ ਇਹ ਸਭ ਆਪਣੀਆਂ ਗਰਜ਼ਾਂ ਲਈ ਉਹਦੇ ਮੂੰਹ ਤੇ ਉਹਦੀ ਉਸਤਤ ਹੀ ਕਰਨ।
ਰਾਜਪੂਤਾਨੇ ਦੇ ਜਨਤਕ ਸੇਵਾਦਾਰ ਅਤੇ ਲੀਡਰ ਸ੍ਰੀ ਰਾਮ ਨਰਾਇਣ ਜੀ ਚੌਧਰੀ ਆਪਣਾ ਵਧੇਰਾ ਸਮਾਂ ਮਹਾਤਮਾ ਗਾਂਧੀ ਕੋਲ ਹੀ ਗੁਜ਼ਾਰਦੇ । ਜਦ ਕਦੀ ਉਹ ਦਿੱਲੀ ਪਧਾਰਦੇ ਤਾਂ ਦਫ਼ਤਰ "ਰਿਆਸਤ" ਵਿਚ ਵੀ ਆਉਂਦੇ ਅਤੇ ਕਈ ਕਈ ਘੰਟੇ ਮਹਾਤਮਾ ਗਾਂਧੀ ਦੀਆਂ ਗਲਾਂ ਦਾ ਵਰਣਨ ਕਰਦੇ । ਉਨ੍ਹਾਂ ਦਾ ਕਹਿਣਾ ਹੈ ਕਿ ਬਾਵਜੂਦ ਇਸ ਗਲ ਦੇ ਕਿ ਮਿਸਟਰ ਜਿਨਾਹ ਦੀ ਮੁਸਲਮ ਲੀਗੀ ਪਾਲਿਸੀ ਦੇਸ ਅਤੇ ਕਾਂਗਰਸ ਲਈ ਅਤਿ ਹਾਨੀਕਾਰਕ ਹੈ, ਪਰ ਮਹਾਤਮਾ ਗਾਂਧੀ ਦੇ ਦਿਲ ਵਿਚ ਮਿਸਟਰ ਜਿਨਾਹ ਲਈ ਹਦੋਂ ਬਾਹਰਾ ਸਤਿਕਾਰ ਹੈ ਅਤੇ ਮਹਾਤਮਾ ਗਾਂਧੀ ਪ੍ਰਾਈਵੇਟ ਤੋਂ ਪ੍ਰਾਈਵੇਟ ਮਿਤ੍ਰਾਂ ਵਿਚ ਵੀ ਜਦ ਕਦੀ ਮਿਸਟਰ ਜਿਨਾਹ ਦੀ ਗਲ ਤੋਰਦੇ ਹਨ ਤਾਂ ਅਥਾਹ ਸਤਿਕਾਰ ਅਤੇ ਮੋਹ ਦੇ ਨਾਲ । ਇਸ ਦਾ ਕਾਰਨ ਕੇਵਲ ਇਹ ਹੈ ਕਿ ਮਹਾਤਮਾ ਜੀ ਇਹ ਸਮਝਦੇ ਹਨ ਕਿ ਮਿਸਟਰ ਜਿਨਾਹ ਦੇ ਅੰਦਰ ਆਚਰਣ ਹੈ । ਸਰਕਾਰ ਕਿਸੇ ਮੁਲ ਤੇ ਵੀ ਉਹਨਾਂ ਨੂੰ ਖ਼ਰੀਦ ਨਹੀਂ ਸਕਦੀ ਅਤੇ ਇਹੋ ਕਾਰਨ ਹੈ ਕਿ ਸਰਕਾਰ ਨੇ ਕਦੀ ਵੀ ਜਿਨਾਹ ਨੂੰ ਆਪਣਾ ਨਾ ਜਾਣਿਆਂ ਅਤੇ ਆਪ ਤੋਂ ਸਰਕਾਰ ਸਦਾ ਤਹਿਕਦੀ ਰਹੀ । ਜਿਨਾਹ ਦੇ ਮੁਕਾਬਲੇ ਤੇ ਜਿਨ੍ਹਾਂ ਕਾਂਗਰਸੀਆਂ ਅੰਦਰ ਆਚਰਣ ਨਹੀਂ, ਮਹਾਤਮਾ ਜੀ ਉਹਨਾਂ ਨੂੰ ਚੋਰਾਂ ਤੋਂ ਵੀ ਭੈੜਾ ਅਤੇ ਨੀਚ ਸਮਝਦੇ ਹਨ,ਪਰ ਬੇਵਸ ਹਨ ਉਹਨਾਂ ਦੇ ਖਿਲਾਫ਼ ਕੁਝ ਕਰ ਨਹੀਂ ਸਕਦੇ ।
ਜਿਹੜੇ ਆਦਮੀ ਜਨਤਾ ਵਿਚ ਸਤਿਕਾਰ ਅਤੇ ਮਸ਼ਹੂਰੀ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹਨਾਂ ਲਈ ਸਭ ਤੋਂ ਵਧੇਰੇ ਜ਼ਰੂਰੀ ਹੈ ਕਿ ਉਹ ਆਪਣੇ ਅੰਦਰ ਆਚਰਣ ਪੈਦਾ ਕਰਨ । ਸੰਸਾਰ ਵਿਚ ਪਦਾਰਥ ਹੀ ਸਭ ਕੁਝ ਨਹੀਂ। ਮਨੁਖ ਨੂੰ ਆਪਣੀ ਆਣ ਤੇ ਰੁਪਿਆ ਨਛਾਵਰ ਕਰਨਾ ਪੈਂਦਾ ਹੈ ਅਤੇ ਸਤਿਕਾਰ ਤਦ ਹੀ ਪ੍ਰਾਪਤ ਹੁੰਦਾ ਹੈ ਜਦ ਮਨੁੱਖ ਅੰਦਰ ਆਚਰਣ ਹੋਵੇ। ਸਗੋਂ ਧਿਆਨ ਕੀਤਾ ਜਾਵੇ ਤਾਂ ਉਸ ਮਨੁਖ ਤੋਂ ਜਿਹਦੇ ਅੰਦਰ ਆਚਰਣ ਨਹੀਂ; ਜਿਹੜਾ ਮਿਤਰਾਂ ਨਾਲ ਵੀ ਧਰੋਹ ਕਰਦਾ ਹੈ, ਜਿਹੜਾ ਵਿਸ਼ਵਾਸ ਘਾਤੀ ਹੈ ਅਤੇ ਜਿਹੜਾ ਕੌਮ ਧਰੋਹੀ ਹੈ, ਉਸ ਨਾਲੋਂ ਬਾਜ਼ਾਰ ਦਾ ਇਕ ਆਵਾਰਾ ਕੁਤਾ ਵੀ ਕਿਤੇ ਚੰਗਾ ਹੈ ਜਿਹੜਾ ਆਪਣੇ ਮਿਤਰ ਤੇ ਵੈਰੀ ਦੀ ਪਛਾਣ ਕਰਦਾ ਹੈ ਅਤੇ ਮਿਤਰਾਂ ਨਾਲ ਧਰੋਹ ਨਹੀਂ ਕਰਦਾ।
ਚੰਗੇ ਮਨੁੱਖ ਆਪਣੇ ਦੇਸ਼ ਵਾਸੀਆਂ ਲਈ ਮਾਣ ਦਾ ਕਾਰਨ
ਐਡੀਟਰ "ਰਿਆਸਤ" ਗੁਜਰਾਂਵਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਏਸ ਜ਼ਿਲ੍ਹੇ ਨੇ ਸੈਂਕੜਿਆਂ ਦੀ ਗਿਣਤੀ ਵਿਚ ਪਤ੍ਰਕਾਰ, ਸਾਹਿਤਕਾਰ ਅਤੇ ਵਿਦਿਆ ਪ੍ਰੇਮੀ ਮਹਾਂ ਪੁਰਸ਼ ਪੈਦਾ ਕੀਤੇ । ਸੋ ਇਸ ਜ਼ਿਲ੍ਹੇ ਦੇ ਰਹਿਣ ਵਾਲੇ ਐਡੀਟਰਾਂ ਅਤੇ ਲੇਖਕਾਂ ਵਿਚ ਮੌਲਵੀ ਮਹਿਬੂਬ ਆਲਮ ਐਡੀਟਰ "ਪੈਸਾ ਅਖ਼ਬਾਰ", ਮੌਲਾਨਾ ਜ਼ਫਰ ਅਲੀ ਖਾਂ ਐਡੀਟਰ "ਜ਼ਿੰਮੀਦਾਰ", ਲਾਲਾ ਦੀਨਾ ਨਾਥ ਐਡੀਟਰ "ਦੇਸ਼ ਤੇ ਹਿੰਦੁਸਤਾਨ", ਲਾਲਾ ਪਿੰਡੀ ਦਾਸ, ਸਯੱਦ ਵਾਰਸ ਸ਼ਾਹ ਕਰਤਾ "ਹੀਰ", ਰਾਜਾ ਮਹਿਦੀ ਅਲੀ ਖਾਂ, ਮਿਸਟਰ ਹਾਮਦ ਅਲੀ, ਮਹਾਤਮਾ ਨੰਦ ਗੁਪਾਲ ਅਤੇ ਨਸਰ-ਉਲਾ-ਖਾਂ ਅਜ਼ੀਜ਼ ਐਡੀਟਰ "ਕੌਸਰ" ਆਦਿ ਦਰਜਨਾਂ ਹਸਤੀਆਂ ਹਨ ਜਿਨ੍ਹਾਂ ਨੇ ਸਾਹਿਤ ਤੇ ਕਲਾ ਦੀ ਬਹੁਤ ਸੇਵਾ ਕੀਤੀ ਹੈ ।
ਐਡੀਟਰ "ਰਿਆਸਤ" ਜਿਨ੍ਹਾਂ ਦਿਨਾਂ ਵਿਚ ਲਖਨਊ ਦੇ ਅਖ਼ਬਾਰ "ਹਮਦਮ" ਵਿਚ ਕੰਮ ਕਰਦਾ ਸੀ, ਦੂਜੇ ਤੀਜੇ ਦਿਨ, ਤੀਜੇ ਪਹਿਰ ਦੇ ਪਿਛੋਂ ਮੁਨਸ਼ੀ ਨੌਬਤ ਰਾਏ ਸਾਹਿਬ ‘ਨਜ਼ਰ’ ਗਤ ਸੰਪਾਦਕ ‘"ਅਦੀਬ" ਅਲਾਹਬਾਦ ਦੀ ਸੇਵਾ ਵਿਚ ਵੀ ਹਾਜ਼ਰ ਹੋਇਆ ਕਰਦਾ । 'ਨਜ਼ਰ' ਸਾਹਿਬ ਉਸ ਜ਼ਮਾਨੇ 'ਚ ਉਰਦੂ ਦੇ ਇਕ ਕੋਟੀ ਦੇ ਸ਼ਾਇਰ ਅਤੇ ਸਾਹਿਤਕਾਰ ਮੰਨੇ ਜਾਂਦੇ ਸਨ। ਉਸ ਸਮੇਂ 'ਚ ਆਪ ਰੋਜ਼ਾਨਾ "ਅਵਧ" ਅਖ਼ਬਾਰ ਦੇ ਸੰਪਾਦਕ ਸਨ ਅਤੇ ਪੰਜਾਬ ਦੇ ਸੰਪਾਦਕਾਂ ਤੇ ਲੇਖਕਾਂ ਦੇ ਹਾਲਾਂ ਤੋਂ ਚੰਗੇ ਜਾਣੂੰ ਸਨ । ਇਕ ਦਿਨ ਗੱਲਾਂ ਗੱਲਾਂ ਵਿਚ ਆਪ ਨੇ ਮੈਥੋਂ ਪੁਛਿਆ ਕਿ ਵਤਨ ਕਿਹੜਾ ਹੈ ? ਮੈਂ ਜਵਾਬ ਦਿਤਾ "ਪੰਜਾਬ।" ਫੇਰ ਕਿਹਾ ਕਿ ਕਿਹੜਾ ਜ਼ਿਲ੍ਹਾ ? ਮੈਂ ਜਵਾਬ ਦਿਤਾ "ਗੁਜਰਾਂਵਾਲਾ" । ਗੁਜਰਾਂਵਾਲਾ ਦਾ ਨਾਂ ਸੁਣਦਿਆਂ ਹੀ ਆਪ ਨੇ ਫ਼ਰਮਾਇਆ "ਇਹ ਕਿਉਂ ਨਹੀਂ ਆਖਦੇ ਕਿ "ਸ਼ੀਰਾਜ਼ੇ ਹਿੰਦ" ਦੇ ਰਹਿਣ ਵਾਲੇ ਹਾਂ ਕਿਉਂਕਿ ਈਰਾਨ ਵਿਚ ਸ਼ੀਰਾਜ਼ ਨੇ ਸੈਂਕੜਿਆਂ ਦੀ ਗਿਣਤੀ ਵਿਚ ਕਲਾ ਪ੍ਰੇਮੀ ਅਤੇ ਸਾਹਿਤਕਾਰ ਪੈਦਾ ਕੀਤੇ ਅਤੇ ਹਿੰਦੁਸਤਾਨ ਵਿਚ ਗੁਜਰਾਂਵਾਲੇ ਨੇ।"
ਗੁਜਰਾਂਵਾਲੇ ਦੇ ਲਈ "ਸ਼ੀਰਾਜ਼ੇ ਹਿੰਦ" ਦਾ ਰੁਤਬਾ ਸੁਣ ਕੇ ਮੇਰੇ ਦਿਲ ਨੇ ਜਿੰਨੀ ਖ਼ੁਸ਼ੀ ਅਨੁਭਵ ਕੀਤੀ ਕਿ ਮੈਂ ਦਸ ਨਹੀਂ ਸਕਦਾ ਅਤੇ ਇਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਚੰਗੇ ਮਨੁੱਖਾਂ ਦਾ ਕੰਮ ਉਹਨਾਂ ਦੇ ਦੇਸ਼ ਵਾਸੀਆਂ ਅਤੇ ਉਹਨਾਂ ਦੀ ਸੰਤਾਨ ਲਈ ਵੀ ਮਾਣ ਦਾ ਕਾਰਨ ਹੈ । ਇਸ ਪ੍ਰਕਾਰ ਪੈਗ਼ੰਬਰਾਂ, ਗੁਰੂਆਂ ਅਤੇ ਅਵਤਾਰਾਂ ਦੀ ਸੰਤਾਨ ਸੈਂਕੜੇ ਅਤੇ ਹਜ਼ਾਰਾਂ ਵਰ੍ਹੇ ਲੰਘ ਜਾਣ ਪਿਛੋਂ ਵੀ ਅਜ ਤਕ ਲੋਕਾਂ ਵਿਚ ਪੂਜਾ ਕਰਵਾਉਂਦੀ ਹੈ ਅਤੇ ਭੈੜਿਆਂ ਮਨੁੱਖਾਂ ਦੇ ਸੰਬੰਧੀਆਂ ਤੋਂ ਵੀ ਘ੍ਰਿਣਾ ਕੀਤੀ ਜਾਂਦੀ ਹੈ।
ਅਸੀਸ ਅਤੇ ਬਦ-ਅਸੀਸ ਦਾ ਅਸਰ
ਪ੍ਰਲੋਕਵਾਸੀ ਮਹਾਰਾਜਾ ਨਾਭਾ ਬਹੁਤ ਵਡੇ ਦੇਸ਼ ਭਗਤ ਅਤੇ ਸਾਹਿਤਕ ਰੁਚੀਆਂ ਰਖਣ ਵਾਲੇ ਵਿਦਿਆ ਪ੍ਰੇਮੀ ਹਸਤੀ ਸਨ । ਉਹਨਾਂ ਦੇ ਵੈਰੀ ਵੀ ਉਹਨਾਂ ਦਿਆਂ ਗੁਣਾਂ ਨੂੰ ਮੰਨਦੇ ਸਨ,ਪਰ ਜਿਥੋਂ ਤਕ ਰਿਆਸਤ ਨਾਭਾ ਦੀ ਐਡਮਨਿਸਟ੍ਰੇਸ਼ਨ ਅਤੇ ਦੂਜੀਆਂ ਕੁਰੀਤੀਆਂ ਦਾ ਸੰਬੰਧ ਹੈ ਨਾਭਾ ਅਤੇ ਦੂਜੀਆਂ ਰਿਆਸਤਾਂ ਵਿਚ ਰਿੰਚਕ ਮਾਤਰ ਵੀ ਭੇਦ ਨਹੀਂ ਸੀ।
ਲੇਖਕ ਜਿਸ ਜ਼ਮਾਨੇ ਵਿਚ ਮਹਾਰਾਜੇ ਕੋਲ ਰਿਆਸਤ ਨਾਭਾ ਵਿਚ ਨੌਕਰ ਸੀ ਉਥੇ ਇਕ ਸਾਧੂ ਬ੍ਰਾਹਮਣ ਰਿਹਾ ਕਰਦੇ ਸੀ ਜਿਨ੍ਹਾਂ ਦਾ ਨਾਂ ਮੈਂ ਭੁਲ ਗਿਆ ਹਾਂ । ਉਹ ਨੇਤ੍ਰਾਂ ਤੋਂ ਹੀਣ ਸਨ ਇਕ ਲੰਮੇ ਸਮੇਂ ਤਕ ਸਵਾਮੀ ਦਯਾ ਨੰਦ ਆਰੀਆ ਸਮਾਜ ਦੇ ਬਾਨੀ ਦੇ ਨਾਲ ਰਹੇ ਅਤੇ ਉਹਨਾਂ ਨੇ ਸਵਾਮੀ ਜੀ ਤੋਂ ਹੀ ਸੰਸਕ੍ਰਿਤ ਵੀ ਪੜ੍ਹੀ ਸੀ । ਇਹ ਪੰਡਤ ਜੀ ਐਡੀਟਰ "ਰਿਆਸਤ" ਨੂੰ ਮਿਲਣ ਆਉਂਦੇ ਰਹਿੰਦੇ ਸਨ ਅਤੇ ਸਵਾਮੀ ਦਯਾ ਨੰਦ ਜੀ ਬਾਰੇ ਆਪਣੀ ਅੱਖੀਂ ਡਿਠੀਆਂ ਅਤੇ ਬੜੀਆਂ ਸਵਾਦਲੀਆਂ ਗੱਲਾਂ ਸੁਣਾਉਂਦੇ ਹੁੰਦੇ ਸਨ। ਪੰਡਤ ਜੀ—ਜੋ ਸਾਧਾਂ ਦੇ ਭੇਖ ਵਿਚ ਰਹਿੰਦੇ ਸਨ—ਬ੍ਰਿਧ ਹੋ ਚੁਕੇ ਸਨ ਅਤੇ ਉਹਨਾਂ ਦੀ ਪਤਨੀ ਤੇ ਬੱਚੇ ਵੀ ਮੌਜੂਦ ਸਨ । ਬੱਚਿਆਂ 'ਚੋਂ ਇਕ ਕੁੜੀ ਦਾ ਨਾਂ ਈਸ਼ਰ ਕੌਰ ਸੀ ਅਤੇ ਮੁੰਡੇ ਦਾ ਨਾਂ ਈਸ਼ਰ ਸਿੰਘ—ਇਹ ਦੋਵੇਂ ਅਜ ਕਲ ਸ਼ਾਇਦ ਡੇਹਰਾਦੂਨ ਰਹਿੰਦੇ ਹਨ—ਪੰਡਤ ਜੀ ਦੀ ਪਤਨੀ ਕਾਫ਼ੀ ਬ੍ਰਿਧ ਅਤੇ ਸੁਕੀ ਸੜੀ ਤੇ ਬਹੁਤ ਹੀ ਲਿਸੀ ਸੀ ।
ਮਹਾਰਾਜਾ ਨਾਭਾ ਆਪਣੇ ਇਕ ਏ. ਡੀ. ਸੀ. ਨਾਲ ਗੁੱਸੇ ਹੋ ਗਿਆ। ਏਸ ਏ. ਡੀ. ਸੀ. ਦਾ ਨਜਾਇਜ਼ ਮੇਲ ਜੋਲ ਪੰਡਤ ਜੀ ਦੀ ਸਪੁਤ੍ਰੀ ਈਸ਼ਰ ਕੌਰ ਨਾਲ ਸੀ । ਮਹਾਰਾਜਾ ਦੀ ਨਾਰਾਜ਼ਗੀ ਦੇ ਕਾਰਨ ਜਦ ਇਹ ਏ. ਡੀ. ਸੀ. ਨਾਭੇ ਤੋਂ ਚਲਾ ਗਿਆ ਤਾਂ ਉਸ ਨੇ ਇਕ ਜ਼ਨਾਨੀ ਭੇਜ ਕੇ ਏਸ ਈਸ਼ਰ ਕੌਰ ਨੂੰ ਵੀ ਆਪਣੇ ਪਾਸ ਲਾਹੌਰ ਬੁਲਾ ਲਿਆ । ਈਸ਼ਰ ਕੌਰ ਦੇ ਜਾਣ ਦਾ ਜਦੋਂ ਮਹਾਰਾਜਾ ਨੂੰ ਪਤਾ ਲਗਾ ਤਾਂ ਪੁਲੀਸ ਨੇ ਪੰਡਤ ਜੀ ਤੋਂ ਇਕ ਅਰਜ਼ੀ ਲਈ, ਜਿਸ ਵਿਚ ਲਿਖਿਆ ਗਿਆ ਕਿ ਇਹ ਏ. ਡੀ. ਸੀ. ਇਹਨਾਂ ਦੀ ਸਪੁਤ੍ਰੀ ਈਸ਼ਰ ਕੌਰ ਨੂੰ ਵਰਗਲਾ ਕੇ ਲੈ ਗਿਆ ਹੈ । ਪਿਓ ਦੀ ਅਰਜ਼ੀ ਤੇ ਧੀ ਤੇ ਉਸ ਦੇ ਯਾਰ ਦੇ ਵਿਰੁਧ ਵਾਰੰਟ ਗ੍ਰਿਫ਼ਤਾਰੀ ਜਾਰੀ ਕੀਤੇ ਗਏ ਅਤੇ ਨਾਲ ਹੀ ਈਸ਼ਰ ਕੌਰ ਦੀ ਮਾਂ ਭਾਵ ਬ੍ਰਿਧ ਪੰਡਤ ਜੀ ਦੀ ਬ੍ਰਿਧ ਇਸਤ੍ਰੀ ਨੂੰ ਵੀ ਵਰਗਲਾਉਣ ਵਿਚ ਮਦਦ ਕਰਨ ਦੇ ਅਪਰਾਧ ਵਿਚ ਬਿਨਾਂ ਜ਼ਮਾਨਤ ਲੀਤੇ ਹਵਾਲਾਤ ਵਿਚ ਬੰਦ ਕਰ ਦਿਤਾ ਗਿਆ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇਹ ਬ੍ਰਿਧਾ ਕੁਤਵਾਲੀ ਦੀ ਹਵਾਲਾਤ ਵਿਚ ਬੰਦ ਸੀ । ਮਈ ਜੂਨ ਦਾ ਮਹੀਨਾ ਸੀ। ਛਤ ਤੇ ਉਪਰ ਸੌਣ ਵਾਲੇ ਵੀ ਗਰਮੀ ਦੀ ਤੇਜ਼ੀ ਤੋਂ ਤੜਫਦੇ ਸਨ, ਪਰ ਇਹ ਜ਼ਨਾਨੀ ਬਿਨਾਂ ਕਿਸੇ ਅਪਰਾਧ ਜਾਂ ਕਸੂਰ ਦੇ ਹਵਾਲਾਤ ਦੇ ਬੰਦ ਕਮਰਿਆਂ 'ਚ ਕੈਦ ਸੀ । ਸਾਰੀ ਰਾਤ ਨਾ ਸੌਂ ਸਕਦੀ ਅਤੇ ਥੋੜ੍ਹੇ ਥੋੜ੍ਹੇ ਚਿਰ ਪਿਛੋਂ ਜਦ ਇਹ ਰੋਂਦੀ ਹੋਈ ਉੱਚੀ ਅਤੇ ਦਰਦੀਲੀ ਆਵਾਜ਼ ਨਾਲ "ਹਾਏ ਮੈਂ ਮਰ ਗਈ" "ਹਾਏ ਮੈਂ ਬੇਗੁਨਾਹ ਹਾਂ " "ਹਾਏ ਮੇਰਾ ਕੀ ਕਸੂਰ ਹੈ?" ਕਹਿੰਦੀ ਤਾਂ ਕੁਤਵਾਲੀ ਦੇ ਨੇੜੇ ਦਿਆਂ ਮਕਾਨਾਂ ਦੀਆਂ ਛਤਾਂ ਤੇ ਸੁਤੇ ਹੋਏ ਲੋਕਾਂ ਦੇ ਲੂੰ ਕੰਡੇ ਖੜੇ ਹੋ ਜਾਂਦੇ । ਅਤਿਆਚਾਰ ਦੀਆਂ ਕਈ ਘਟਨਾਵਾਂ ਵਿਚੋਂ ਇਹ ਇਕ ਘਟਨਾ ਹੈ ਜਿਸ ਨੂੰ ਵੇਖ ਕੇ ਐਡੀਟਰ "ਰਿਆਸਤ" ਨੂੰ ਨਾਭੇ ਦੀ ਨੌਕਰੀ ਵਿਚ ਹੀ ਇਹ ਵਿਚਾਰ ਉਤਪਨ ਹੋਇਆ ਕਿ ਰਿਆਸਤਾਂ ਦੇ ਵਾਲੀਆਂ ਦੇ ਅਤਿਆਚਾਰਾਂ ਵਿਰੁਧ ਆਵਾਜ਼ ਚੁਕਣੀ ਚਾਹੀਦੀ ਹੈ । ਏਸ ਮਤਲਬ ਲਈ ਅਖ਼ਬਾਰ ਜਾਰੀ ਹੋਵੇ ਅਤੇ ਰਜਵਾੜਿਆਂ 'ਚ ਇਨਕਲਾਬ (ਤਬਦੀਲੀ) ਪੈਦਾ ਕੀਤਾ ਜਾਵੇ।
ਹੁਣ ਨਾ ਤਾਂ ਮਹਾਰਾਜਾ ਨਾਭਾ ਇਸ ਦੁਨੀਆਂ ਵਿਚ ਹਨ ਨਾ ਇਹ ਬ੍ਰਿਧ ਅਤੇ ਕਮਜ਼ੋਰ ਜ਼ਨਾਨੀ, ਪਰ ਮੇਰਾ ਵਿਸ਼ਵਾਸ ਹੈ ਕਿ ਮਹਾਰਾਜਾ ਨਾਭਾ ਦੀ ਤਬਾਹੀ ਦਾ ਕਾਰਨ ਜਿਨ੍ਹਾਂ ਲੋਕਾਂ ਦੀਆਂ ਬਦ-ਅਸੀਸਾਂ ਸਨ ਉਹਨਾਂ ਵਿਚੋਂ ਏਸ ਬੇਗੁਨਾਹ ਅਤੇ ਬੇਕਸੂਰ ਬ੍ਰਿਧਾ ਦੀਆਂ ਬਦ-ਅਸੀਸਾਂ ਦਾ ਵੀ ਕਾਫ਼ੀ ਹਿੱਸਾ ਸੀ। ਏਸ ਇਸਤਰੀ ਦੀ ਇਹ ਘਟਨਾ ਹੀ ਅਖਬਾਰ "ਰਿਆਸਤ" ਦਾ ਦ੍ਰਿੜ੍ਹ ਨਿਸ਼ਚਾ ਹੈ ਕਿ ਉਹਨਾਂ ਆਦਮੀਆਂ ਨੂੰ ਕੁਦਰਤ ਜ਼ਰੂਰ ਦੰਡ ਦਿੰਦੀ ਹੈ ਜੋ ਮਾਸੂਮ ਅਤੇ ਬੇਗੁਨਾਹ ਲੋਕਾਂ ਦੇ ਨਾਲ ਅਤਿਆਚਾਰ ਕਰਦੇ ਹਨ, ਭਾਵੇਂ ਇਹ ਦੰਡ ਉਸੇ ਵੇਲੇ ਮਿਲੇ ਜਾਂ ਦੋ, ਚਾਰ, ਦਸ ਵਰ੍ਹਿਆਂ ਪਿਛੋਂ ਮਿਲੇ । ਰਬ ਭਾਵੇਂ ਕਿਤੇ ਹੈ ਜਾਂ ਨਹੀਂ, ਪਰ ਦੰਡ ਦੇਣ ਵਾਲੀ ਕੋਈ ਨਾ ਕੋਈ ਸ਼ਕਤੀ ਜ਼ਰੂਰ ਵਰਤਮਾਨ ਹੈ ਅਤੇ ਇਹ ਹੋ ਨਹੀਂ ਸਕਦਾ ਕਿ ਅਸੀਸ ਅਤੇ ਬਦ-ਅਸੀਸ ਦਾ ਅਸਰ ਨਾ ਹੋਵੇ।
ਮਾਂ ਦੀ ਮਮਤਾ
ਪੰਜਾਬ ਦੀ ਅਕਾਲੀ ਲਹਿਰ ਦਾ ਮੁੱਢ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਤੋਂ ਬਝਾ। ਗੁਰਦੁਆਰਾ ਗੌਰਮਿੰਟ ਸੈਕਰੇਟੇਰੀਏਟ ਦੇ ਬਿਲਕੁਲ ਨੇੜੇ ਹੈ। ਸਰਕਾਰ ਚਾਹੁੰਦੀ ਸੀ ਕਿ ਏਸ ਗੁਰਦੁਆਰੇ ਦੀ ਬਾਹਰਲੀ ਕੰਧ ਨੂੰ ਢਾਹ ਦਿਤਾ ਜਾਵੇ ਤਾਕਿ ਕੋਈ ਬੰਬ-ਬਾਜ ਜਾਂ ਅਨਾਰਕਿਸਟ ਏਸ ਕੰਧ ਦੇ ਪਿਛੇ ਲੁਕ ਕੇ ਕਦੇ ਕੋਈ ਵਾਰ ਨਾ ਕਰ ਸਕੇ । ਸਿਖ ਏਸ ਕੰਧ ਨੂੰ ਮਸੀਤ ਮਛੀ ਬਾਜ਼ਾਰ ਕਾਨਪੁਰ ਦੇ ਗੁਸਲਖ਼ਾਨੇ ਦੀ ਤਰ੍ਹਾਂ ਗੁਰਦੁਆਰੇ ਦਾ ਇਕ ਹਿੱਸਾ ਸਮਝਦੇ ਸਨ ਅਤੇ ਏਸ ਕੰਧ ਦੀ ਹਿਫ਼ਾਜ਼ਤ ਲਈ ਹੀ ਅਕਾਲੀ—ਜਿਹੜੇ ਮਰਨ ਤੋਂ ਨਾ ਡਰਨ—ਮੈਦਾਨ ਵਿਚ ਨਿਤਰੇ । ਏਸ ਕੰਧ ਦੀ ਫ਼ਤਹਿਯਾਬੀ ਨੇ ਅਕਾਲੀ ਲਹਿਰ ਨੂੰ ਇਕ ਪੱਕੀ ਅਤੇ ਮਜ਼ਬੂਤ ਹੈਸੀਅਤ ਦੇਣ ਦਾ ਕੰਮ ਕੀਤਾ । ਇਸ ਤਰ੍ਹਾਂ ਅਜ ਪੰਜਾਬ ਮਨਿਸਟਰੀ ਅਤੇ ਸਰਕਾਰ ਹਿੰਦ ਦੀ ਵਜ਼ਾਰਤ ਵਿਚ ਅਕਾਲੀਆਂ ਦੀ ਸਲਾਹ ਨਾਲ ਹੀ ਸਿਖ ਵਜ਼ੀਰ ਲਏ ਜਾਂਦੇ ਹਨ।
ਮੈਂ ਜਦ ਰਿਆਸਤ ਨਾਭਾ ਵਿਚ ਨੌਕਰ ਸਾਂ ਤਾਂ ਉਸ ਵੇਲੇ ਉਥੇ ਅਸੀਂ ਚਾਰ ਜਰਨਲਿਸਟ ਸਾਂ। (੧) ਮੈਂ (੨) ਮਿਸਟਰ ਐਸ. ਰੰਗਾ ਆਇਰ ਗਤ ਸਬ ਐਡੀਟਰ "ਲੀਡਰ" ਅਲਾਹਬਾਦ (੩) ਸਰਦਾਰ ਸੋਹਨ ਸਿੰਘ ਰਾਹੀ ਅਤੇ (੪) ਸਰਦਾਰ ਚਰਨ ਸਿੰਘ ਸ਼ਹੀਦ । ਅਕਾਲੀ ਲਹਿਰ ਜਦ ਜ਼ੋਰ ਫੜ ਰਹੀ ਸੀ ਤਾਂ ਮਹਾਰਾਜਾ ਨਾਭਾ ਨੇ ਇਕ ਦਿਨ ਮੈਨੂੰ ਕਿਹਾ ਕਿ ਮੈਂ ਪੰਜਾਬ ਦਾ ਦੌਰਾ ਕਰਕੇ ਪਤਾ ਕਰਾਂ ਕਿ ਏਸ ਨਵੀਂ ਅਕਾਲੀ ਲਹਿਰ ਦੀ ਤਹਿ ਵਿਚ ਕੀ ਮਤਲਬ ਹੈ। ਇਸ ਦੇ ਨਾਲ ਕਿਹੜੇ ਕਿਹੜੇ ਰਸੂਖ਼ ਵਾਲੇ ਸਜਨ ਸ਼ਾਮਲ ਹਨ । ਚੀਫ਼ ਖ਼ਾਲਸਾ ਦੀਵਾਨ (ਸਰਕਾਰ ਪੂਜ ਪਾਰਟੀ) ਦਾ ਇਹਦੇ ਨਾਲ ਕਿਥੋਂ ਤਕ ਸੰਬੰਧ ਹੈ। ਸਰਕਾਰ ਵਿਚ ਇਸ ਦੀ ਕੀ ਪੁਜ਼ੀਸ਼ਨ ਹੈ ਅਤੇ ਇਸ ਦਾ ਭਵਿਖ ਕਿਹੋ ਜਿਹਾ ਨਜ਼ਰ ਆਉਂਦਾ ਹੈ । ਮੈਂ ਮਹਾਰਾਜਾ ਦੇ ਹੁਕਮ ਅਨੁਸਾਰ ਨਾਭੇ ਤੋਂ ਚਲ ਕੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚਿਆ। ਓਥੇ ਸਿਖਾਂ ਦੇ ਕਈਆਂ ਲੀਡਰਾਂ ਅਤੇ ਵਰਕਰਾਂ ਨਾਲ ਜਾਣ ਪਛਾਣ ਸੀ । ਕਈਆਂ ਸਜਨਾਂ ਨੂੰ ਮਿਲਣ ਪਿਛੋਂ ਮਾਸਟਰ ਤਾਰਾ ਸਿੰਘ (ਜਿਹੜੇ ਅਕਾਲੀ ਲਹਿਰ ਦੇ ਸਭ ਤੋਂ ਵਡੇ ਲੀਡਰ ਸਨ) ਨੂੰ ਮਿਲਿਆ । ਮਾਸਟਰ ਸਾਹਿਬ ਨਾਲ ਚਿਰ ਤਕ ਗਲਾਂ ਬਾਤਾਂ ਹੁੰਦੀਆਂ ਰਹੀਆਂ। ਗਲਾਂ ਗਲਾਂ ਵਿਚ ਹੀ ਉਹਨਾਂ ਤੋਂ ਪਤਾ ਲਗਾ ਕਿ ਪਟਿਆਲੇ ਦੇ ਸਰਦਾਰ ਲਾਲ ਸਿੰਘ ਦੇ ਕਤਲ ਸੰਬੰਧੀ ਕਾਗ਼ਜ਼ ਪਤਰ ਉਹਨਾਂ ਦੇ ਇਕ ਮਿਤਰ ਸਰਦਾਰ ਤ੍ਰਿਲੋਕ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਜ਼ਿਲਾ ਰਾਵਲਪਿੰਡੀ ਪਾਸ ਮੌਜੂਦ ਹਨ । ਸਰਦਾਰ ਲਾਲ ਸਿੰਘ ਸ੍ਵਰਗਵਾਸੀ ਮਹਾਰਾਜਾ ਪਟਿਆਲਾ ਦੀ ਮਹਾਰਾਣੀ (ਵਰਤਮਾਨ ਮਹਾਰਾਣੀ ਪਟਿਆਲਾ ਦੀ ਸਕੀ ਮਾਂ) ਦੇ ਚਾਚਾ ਸਨ। ਸਰਦਾਰ ਲਾਲ ਸਿੰਘ ਦੀ ਵਹੁਟੀ ਦਲੀਪ ਕੌਰ ਬਹੁਤ ਜ਼ਿਆਦਾ ਮੂੰਹ ਚਿਤ ਲਗਦੀ ਸੀ ਅਤੇ ਮਹਾਰਾਜਾ ਦਾ ਏਸ ਤੀਵੀਂ ਨਾਲ ਅਯੋਗ ਸੰਬੰਧ ਸੀ । ਮਹਾਰਾਜਾ ਨੇ ਚਾਹਿਆ ਕਿ ਸਰਦਾਰ ਲਾਲ ਸਿੰਘ ਪੰਜਾਹ ਹਜ਼ਾਰ ਰੁਪਿਆ ਜਾਂ ਇਸ ਤੋਂ ਵਧੇਰੇ ਰਕਮ ਲੈ ਕੇ ਦੂਜੀ ਸ਼ਾਦੀ ਕਰ ਲੈਣ ਅਤੇ ਦਲੀਪ ਕੌਰ ਨੂੰ ਛਡ ਦੇਣ, ਪਰ ਸਰਦਾਰ ਲਾਲ ਸਿੰਘ ਇਸ ਗਲ ਤੇ ਰਾਜ਼ੀ ਨਾ ਹੋਇਆ । ਏਸ ਇਨਕਾਰ ਦੇ ਪਿਛੋਂ ਮਹਾਰਾਜਾ ਨੇ ਸਰਦਾਰ ਲਾਲ ਸਿੰਘ ਨੂੰ ਕਤਲ ਕਰਵਾ ਦਿਤਾ। ਏਸ ਕਤਲ ਵਿਚ ਜਿਨ੍ਹਾਂ ਲੋਕਾਂ ਦਾ ਹੱਥ ਸੀ ਉਹਨਾਂ 'ਚੋਂ ਕੁਝ ਤਾਂ ਮਰ ਖਪ ਗਏ ਹਨ ਅਤੇ ਕੁਝ ਅਜੇ ਜੀਊਂਦੇ ਹਨ। ਇਸ ਤਰ੍ਹਾਂ ਜਿਨਾਂ ਕਾਗਜ਼ਾਂ ਦੀ ਮਾਸਟਰ ਤਾਰਾ ਸਿੰਘ ਨੇ ਐਡੀਟਰ "ਰਿਆਸਤ" ਪਾਸ ਗਲ ਕੀਤੀ, ਉਹਨਾਂ ਵਿਚ ਉਹ ਖਰੜਾ ਵੀ ਸੀ ਜੋ ਸਰਦਾਰ ਲਾਲ ਸਿੰਘ ਨੂੰ ਏਸ ਮਤਲਬ ਲਈ ਦਿਤਾ ਗਿਆ ਸੀ ਕਿ ਉਹ ਆਪਣੀ ਵਹੁਟੀ ਨੂੰ ਛਡਣ ਬਾਰੇ ਇਨ੍ਹਾਂ ਤੇ ਦਸਖ਼ਤ ਕਰ ਦੇਣ ਅਤੇ ਸਰਦਾਰ ਬਹਾਦਰ ਸਰ ਸੁੰਦਰ ਸਿੰਘ ਮਜੀਠਾ ਸਾਬਕ ਵਜ਼ੀਰ ਪੰਜਾਬ ਸਰਕਾਰ ਦੀਆਂ ਚਿੱਠੀਆਂ ਵੀ ਸਨ, ਜਿਨ੍ਹਾਂ ਤੋਂ ਸਪਸ਼ਟ ਹੁੰਦਾ ਸੀ ਕਿ ਕਤਲ ਪਿਛੋਂ ਜਦ ਲੋਕਾਂ ਨੂੰ ਅਤੇ ਸਰਕਾਰ ਨੂੰ ਕਤਲ ਦੀ ਖ਼ਬਰ ਮਿਲੀ ਤਾਂ ਇਸ ਘਟਨਾ ਉੱਤੇ ਪੜਦਾ ਪਾਉਣ ਦੀ ਕੋਸ਼ਸ਼ ਕੀਤੀ ਗਈ । ਇਸ ਕਤਲ ਦੇ ਹਾਲ ਬੜੇ ਸਵਾਦੀ, ਦਰਦਨਾਕ, ਲੰਮੇ ਅਤੇ ਇਕ ਪੂਰੀ ਕਿਤਾਬ ਲਿਖੀ ਜਾਣ ਦੇ ਯੋਗ ਹਨ ।
ਐਡੀਟਰ "ਰਿਆਸਤ" ਮਾਸਟਰ ਤਾਰਾ ਸਿੰਘ ਨੂੰ ਮਿਲਕੇ ਲਾਹੌਰ ਆਦਿ ਕਈ ਥਾਵਾਂ ਤੇ ਦੂਜੇ ਸਿਖ ਲੀਡਰਾਂ ਨੂੰ ਮਿਲਣ ਲਈ ਗਿਆ ਅਤੇ ਦਸਾਂ ਦਿਨਾਂ ਦੇ ਏਸ ਦੌਰੇ ਪਿਛੋਂ ਜਦ ਵਾਪਸ ਨਾਭੇ ਪਹੁੰਚਾ ਤਾਂ ਅਕਾਲੀ ਲਹਿਰ ਦੇ ਬਾਰੇ ਆਪਣੀ ਰੀਪੋਰਟ ਦੇ ਨਾਲ ਹੀ ਮਹਾਰਾਜਾ ਨੂੰ ਲਿਖਿਆ ਕਿ ਸਰਦਾਰ ਲਾਲ ਸਿੰਘ ਦੇ ਕਤਲ ਸੰਬੰਧੀ ਕਾਗ਼ਜ਼ਾਂ ਬਾਰੇ ਮਾਸਟਰ ਤਾਰਾ ਸਿੰਘ ਨਾਲ ਕੀ ਗਲ ਬਾਤ ਹੋਈ । ਮਹਾਰਾਜਾ ਇਹਨਾਂ ਕਾਗ਼ਜ਼ਾਂ ਨੂੰ ਪ੍ਰਾਪਤ ਕਰਨ ਲਈ ਕਾਫ਼ੀ ਚਿਰ ਤੋਂ ਕੋਸ਼ਸ਼ ਵਿਚ ਸੀ ਕਿਉਂਕਿ ਇਹ ਕਾਗ਼ਜ਼ ਮਹਾਰਾਜਾ ਪਟਿਆਲਾ ਦੇ ਵਿਰੁਧ ਕਤਲ ਦਾ ਜ਼ੁਰਮ ਸਾਬਤ ਕਰ ਸਕਦੇ ਸਨ। ਮੇਰੀ ਚਿੱਠੀ ਵੇਖ ਕੇ ਮਹਾਰਾਜਾ ਬਹੁਤ ਖ਼ੁਸ਼ ਹੋਏ ਮੈਨੂੰ ਬੁਲਾਇਆ ਗਿਆ ਜ਼ਬਾਨੀ ਸਭ ਕੁਝ ਪੁੱਛਿਆ ਅਤੇ ਕਿਹਾ ਕਿ ਜਿਸ ਤਰ੍ਹਾਂ ਵੀ ਹੋ ਸਕੇ । ਇਹਨਾਂ ਕਾਗ਼ਜ਼ਾਂ ਨੂੰ ਪ੍ਰਾਪਤ ਕੀਤਾ ਜਾਵੇ ਭਾਵੇਂ ਇਹਨਾਂ ਕਾਗਜ਼ਾਂ ਤੇ ਕਿੰਨਾ ਵੀ ਰੁਪਿਆ ਖ਼ਰਚ ਹੋਵੇ ।
ਮੈਂ ਮਹਾਰਾਜਾ ਸਾਹਿਬ ਤੋਂ ਪੁਛਿਆ ਕਿ ਕਿੰਨਾ ਰੁਪਿਆ ਵਧ ਤੋਂ ਵਧ ਇਹਨਾਂ ਕਾਗਜ਼ਾਂ ਤੇ ਖ਼ਰਚ ਕੀਤਾ ਜਾ ਸਕਦਾ ਹੈ। ਮਹਾਰਾਜਾ ਨੇ ਜਵਾਬ ਦਿਤਾ ਕਿ ਇਕ ਜਾਂ ਦੋ ਲਖ ਜਾਂ ਜੇਕਰ ਵਧੇਰੇ ਲੋੜ ਪਵੇ ਤਾਂ ਵਧ ਵੀ।
ਅਗਲੀ ਭਲਕ ਮੈਂ ਸਫ਼ਰ ਦੇ ਖ਼ਰਚਾਂ ਲਈ ਪੰਜ ਸੌ ਰੁਪਿਆ ਸਰਦਾਰ ਗੁਰਦਿਆਲ ਸਿੰਘ ਪ੍ਰਾਈਵੇਟ ਸਕੱਤਰ - ਜੋ ਪਿਛੋਂ ਨਾਭੇ ਵਿਚ ਵਜ਼ੀਰ ਬਣੇ ਅਤੇ ਸਰਦਾਰ ਬਹਾਦਰ ਸਨ ਤੋਂ ਲਿਆ ਅਤੇ ਸਿਧਾ ਗੁਜਰ ਖਾਂ (ਜ਼ਿਲਾ ਰਾਵਲ ਪਿੰਡੀ) ਸਰਦਾਰ ਨਾਨਕ ਸਿੰਘ ਦੇ ਮਕਾਨ ਤੇ ਪਹੁੰਚਾ -ਸਰਦਾਰ ਨਾਨਕ ਸਿੰਘ ਕਿਸੇ ਸਮੇਂ ਪਟਿਆਲੇ ਵਿਚ ਸੁਪ੍ਰਿੰਟੰਡੰਟ ਪੁਲੀਸ ਸੀ. ਆਈ. ਡੀ. ਸਨ ਅਤੇ ਸਰਦਾਰ ਲਾਲ ਸਿੰਘ ਨੂੰ ਕਤਲ ਕਰਨ ਦੀ ਊਜ ਵਿਚ ਉਸ ਵੇਲੇ ਪਟਿਆਲਾ ਜੇਲ੍ਹ ਵਿਚ ਸਨ ਅਤੇ ਕਤਲ ਦੇ ਕਾਗ਼ਜ਼ ਉਹਨਾਂ ਨੇ ਹੀ ਆਪਣੇ ਭਣਵੱਈਏ ਸਰਦਾਰ ਤ੍ਰਿਲੋਕ ਸਿੰਘ ਨੂੰ ਦਿਤੇ ਸਨ ਤਾਕਿ ਸਾਂਭੇ ਰਹਿਣ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸਰਦਾਰ ਨਾਨਕ ਸਿੰਘ ਦੇ ਘਰ ਵਿਚ ਉਹਨਾਂ ਦੀ ਬੁਢੀ ਅਤੇ ਬ੍ਰਿਧ ਮਾਤਾ ਅਤੇ ਇਕ ਭੈਣ ਸੀ । ਉਹਨਾਂ ਦੀ ਭੈਣ ਦਾ ਨਾਂ ਸ਼ਾਇਦ ਗੁਬਿੰਦਰ ਕੌਰ ਸੀ । ਏਸ ਲੜਕੀ ਦਾ ਵਿਆਹ ਹੋਇਆਂ ਅਜੇ ਦੋ ਤਿੰਨ ਮਹੀਨੇ ਹੀ ਹੋਏ ਸਨ ਅਤੇ ਉਸ ਦਿਆਂ ਹਥਾਂ ਵਿਚ ਲਾਲ ਚੂੜਾ ਜੋ ਵਿਆਹ ਹੋਣ ਦੇ ਪਿਛੋਂ ਪੰਜਾਬ ਵਿਚ ਇਕ ਵਰ੍ਹੇ ਤਕ ਪਾਇਆ ਜਾਂਦਾ ਹੈ—ਸੀ । ਇਹਨਾਂ ਦੋਹਾਂ ਸਵਾਣੀਆਂ ਨੂੰ ਜਦ ਪਤਾ ਲਗਾ ਕਿ ਮੈਂ ਨਾਭੇ ਤੋਂ ਆਇਆ ਹਾਂ । ਨਾਭੇ ਅਤੇ ਪਟਿਆਲੇ ਦੋਹਾਂ ਵਿਚ ਦੁਸ਼ਮਨੀ ਹੈ ਅਤੇ ਜੇਕਰ ਲਾਲ ਸਿੰਘ ਦੇ ਕਤਲ ਸੰਬੰਧੀ ਕਾਗ਼ਜ਼ ਮਹਾਰਾਜਾ ਨਾਭਾ ਨੂੰ ਦੇ ਦਿਤੇ ਜਾਣ ਤਾਂ ਮਹਾਰਾਜਾ ਪਟਿਆਲਾ ਏਸ ਕਤਲ ਦੇ ਜੁਰਮ ਵਿਚ ਗਦੀ ਤੋਂ ਲਹਿ ਸਕਦਾ ਹੈ। ਜਿਸ ਦਾ ਸਿੱਟਾ ਇਹ ਹੋਵੇਗਾ ਕਿ ਸਰਦਾਰ ਨਾਨਕ ਸਿੰਘ ਵੀ ਪਟਿਆਲਾ ਜੇਲ੍ਹ ਤੋਂ ਰਿਹਾ ਕਰ ਦਿਤੇ ਜਾਣਗੇ, ਤਾਂ ਇਹਨਾਂ ਮਾਂ, ਧੀ ਦੇ ਚਿਹਰਿਆਂ ਤੇ ਚਾਅ ਅਤੇ ਖ਼ੁਸ਼ੀ ਦਾ ਲਾਲ ਰੰਗ ਚਮਕਣ ਲਗਾ । ਇਸ ਪਿਛੋਂ ਸਰਦਾਰ ਨਾਨਕ ਸਿੰਘ ਦੀ ਮਾਂ ਨੇ ਮੈਨੂੰ ਆਪਣੇ ਪੁਤਰ ਦੇ ਵਿਛੋੜੇ ਅਤੇ ਆਪਣੇ ਦੁਖਾਂ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਅਤੇ ਉਸ ਬੁਢੜੀ ਤੇ ਦੁਖੀ ਸਵਾਣੀ ਨੇ ਜਦ ਇਹ ਆਖਿਆ ਕਿ ਨਾਨਕ ਸਿੰਘ ਕੈਦ ਹੋਣ ਦੇ ਕਾਰਨ ਆਪਣੀ ਭੈਣ ਦੇ ਵਿਆਹ ਵਿਚ ਵੀ ਸ਼ਾਮਲ ਨਹੀਂ ਹੋ ਸਕਿਆ ਤਾਂ ਪਾਸ ਬੈਠੀ ਅਲ੍ਹੜ, ਜਵਾਨ, ਸੁੰਦਰ ਅਤੇ ਲਾਲ ਚੂੜੇ ਵਾਲੀ ਗੁਬਿੰਦਰ ਕੌਰ ਦੀਆਂ ਅੱਖਾਂ ਭਰਾ ਦੇ ਪਿਆਰ ਵਿਚ ਅੱਥਰੂਆਂ ਨਾਲ ਭਰ ਗਈਆਂ ਅਤੇ ਉਸ ਨੇ ਸ਼ਰਮ ਨਾਲ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ । ਇਸ ਪਿਛੋਂ ਸਰਦਾਰ ਨਾਨਕ ਸਿੰਘ ਦੇ ਮਾਮਾ ਸਰਦਾਰ ਜੈ ਸਿੰਘ ਅਤੇ ਦੂਜੇ ਸੰਬੰਧੀ ਵੀ ਆ ਗਏ । ਰਾਵਲਪਿੰਡੀ ਅਤੇ ਸਰਹਦ ਦੇ ਲੋਕ ਉਂਜ ਸੁਭਾਵਕ ਹੀ ਹਦੋਂ ਵਧ ਪ੍ਰਾਹੁਣਾਚਾਰੀ 'ਚ ਵਧ ਚੜ੍ਹ ਕੇ ਹੁੰਦੇ ਹਨ, ਪਰ ਮੈਨੂੰ ਤਾਂ ਉਸ ਵੇਲੇ ਇਕ ਦੇਵਤਾ ਸਮਝ ਰਹੇ ਸਨ ਜੋ ਨਾਨਕ ਸਿੰਘ ਨੂੰ ਜੇਲ੍ਹ 'ਚੋਂ ਰਿਹਾ ਕਰਨ ਲਈ ਅਸਮਾਨੋਂ ਉਤਰਿਆ ਹੋਵੇ। ਇਹਨਾਂ ਲੋਕਾਂ ਦੇ ਵਤੀਰੇ ਨੇ ਪਿਆਰ ਮੁਹਬਤ ਅਤੇ ਆਓ ਭਗਤ ਦੀ ਹਦ ਕਰ ਦਿਤੀ। ਮੈਂ ਉਹਨਾਂ ਦੇ ਘਰ ਦੋ ਦਿਨ ਰਿਹਾ ਸਲਾਹਾਂ ਹੁੰਦੀਆਂ ਰਹੀਆਂ । ਆਖ਼ਰ ਮੈਂ ਅਤੇ ਸਰਦਾਰ ਜੈ ਸਿੰਘ ਦੋਵੇਂ ਸਰਦਾਰ ਤ੍ਰਿਲੋਕ ਸਿੰਘ ਕੋਲ ਪੰਜਾ ਸਾਹਿਬ (ਹਸਨ ਅਬਾਦਲ) ਚਲ ਪਏ । ਪੰਜਾ ਸਾਹਿਬ ਪਹੁੰਚ ਕੇ ਮਤਾ ਪਕਾਇਆ । ਫੇਰ ਤਿੰਨੇ ਜਣੇ ਵਾਪਸ ਗੁਜਰ ਖਾਂ ਪਹੁੰਚੇ ।ਫੇਰ ਸਲਾਹ ਹੋਈ, ਇਹ ਲੋਕ ਰਿਆਸਤਾਂ ਦੇ ਰਾਜਿਆਂ ਨੂੰ ਭਰੋਸੇ-ਹੀਨ, ਮਤਲਬੀ ਅਤੇ ਝੂਠਾ ਸਮਝਦੇ ਸਨ। ਏਸ ਲਈ ਮਹਾਰਾਜਾ ਨਾਭਾ ਤੇ ਵੀ ਭਰੋਸਾ ਕਰਨਾ ਨਹੀਂ ਸਨ ਚਾਹੁੰਦੇ ਅਤੇ ਕਾਗਜ਼ ਵਾਪਸ ਕਰਨ ਵਿਚ ਝਿਜਕਦੇ ਸਨ। ਕਈ ਇਸ ਗਲ ਦੇ ਹਕ ਵਿਚ ਸਨ ਕਿ ਕਾਗ਼ਜ਼ ਇਕ ਜਾਂ ਦੋ ਲਖ ਰੁਪਏ ਵਿਚ ਵੇਚ ਦਿਤੇ ਜਾਣ ਅਤੇ ਨਾਭੇ ਤੋਂ ਰੁਪਿਆ ਲੈ ਲਿਆ ਜਾਵੇ । ਮੇਰੀ ਇੱਛਾ ਇਹ ਸੀ ਕਿ ਇਹ ਕਾਗ਼ਜ਼ ਬਿਨਾਂ ਇਕ ਪੈਸਾ ਖ਼ਰਚ ਕੀਤੇ ਦੇ ਮਹਾਰਾਜਾ ਨਾਭਾ ਨੂੰ ਮਿਲ ਜਾਣ । ਮਹਾਰਾਜਾ ਨਾਭਾ ਇਹਨਾਂ ਨੂੰ ਮਹਾਰਾਜਾ ਪਟਿਆਲਾ ਦੇ ਵਿਰੁਧ ਵਰਤਣ ਅਤੇ ਸਰਦਾਰ ਨਾਨਕ ਸਿੰਘ ਵੀ ਪਟਿਆਲਾ ਜੇਲ੍ਹ ਤੋਂ ਰਿਹਾ ਹੋ ਜਾਣ । ਇਸ ਤਰ੍ਹਾਂ ਜਦ ਮੈਂ ਵੇਖਿਆ ਕਿ ਸਰਦਾਰ ਨਾਨਕ ਸਿੰਘ ਦੇ ਘਰ ਵਾਲਿਆਂ ਦੀ ਇਹ ਪੰਚਾਇਤ ਕਿਸੇ ਸਿੱਟੇ ਤੇ ਨਹੀਂ ਪਹੁੰਚਦੀ ਅਤੇ ਇਹਨਾਂ ਦੀਆਂ ਭਿੰਨ-ਭਿੰਨ ਰਾਵਾਂ ਹਨ ਤਾਂ ਮੈਂ ਸਾਰਿਆਂ ਦੇ ਸਾਹਮਣੇ ਇਕ ਟੁਕ ਫ਼ੈਸਲਾ ਕਰਨ ਲਈ ਦੋ ਤਜਵੀਜ਼ਾਂ ਪੇਸ਼ ਕੀਤੀਆਂ (੧) ਜਾਂ ਤਾਂ ਤੁਸੀਂ ਰੁਪਿਆ ਲੈ ਲਓ ਅਸੀਂ ਇਕ ਲਖ ਰੁਪਿਆ ਦੇਣ ਲਈ ਤਿਆਰ ਹਾਂ, ਅਸੀਂ ਇਹਨਾਂ ਕਾਗ਼ਜ਼ਾਂ ਨੂੰ ਜਿਵੇਂ ਚਾਹੀਏ ਵਰਤੀਏ ਅਤੇ ਤੁਹਾਨੂੰ ਹਕ ਪ੍ਰਾਪਤ ਨਹੀਂ ਹੋਵੇਗਾ ਜੇਕਰ ਅਸੀਂ ਇਹਨਾਂ ਕਾਗ਼ਜ਼ਾਂ ਨੂੰ ਵਰਤੋਂ 'ਚ ਲਿਆਉਂਦੇ ਹੋਏ ਸਰਦਾਰ ਨਾਨਕ ਸਿੰਘ ਦੇ ਮਾਮਲੇ ਨੂੰ ਛਡ ਦਈਏ। (੨) ਤੁਸੀਂ ਕੋਈ ਰੁਪਿਆ ਨਾ ਲਵੋ ਆਪ ਕਾਗ਼ਜ਼ ਬਿਨਾਂ ਇਕ ਪੈਸਾ ਲਏ ਮਹਾਰਾਜਾ ਨਾਭਾ ਦੇ ਹਵਾਲੇ ਕਰ ਦਿਓ । ਮਹਾਰਾਜਾ ਨਾਭਾ ਤੁਹਾਡੇ ਨਾਲ ਪ੍ਰਣ ਕਰਨਗੇ ਕਿ ਉਹ ਇਹਨਾਂ ਕਾਗਜ਼ਾਂ ਨੂੰ ਵਰਤਦੇ ਹੋਏ ਸਰਦਾਰ ਨਾਨਕ ਸਿੰਘ ਦੀ ਰਿਹਾਈ ਲਈ ਹਦੋਂ ਬਾਹਰੀ ਕੋਸ਼ਸ਼ ਕਰਨਗੇ ਅਤੇ ਏਸ ਮਾਮਲੇ ਨੂੰ ਕਿਸੇ ਵੀ ਮੁਲ ਤੇ ਛਡਿਆ ਨਹੀਂ ਜਾਵੇਗਾ ਭਾਵੇਂ ਏਸ ਤੇ ਦਸ ਲਖ ਰੁਪਿਆ ਵੀ ਕਿਉਂ ਨਾ ਖ਼ਰਚ ਕਰਨਾ ਪਵੇ।
ਮੈਂ ਜਦ ਇਕ ਟੁਕ ਫ਼ੈਸਲੇ ਲਈ ਇਹ ਦੋਵੇਂ ਸ਼ਰਤਾਂ ਸਾਰਿਆਂ ਦੇ ਸਾਹਮਣੇ ਰਖੀਆਂ ਤਾਂ ਸਰਦਾਰ ਨਾਨਕ ਸਿੰਘ ਦੀ ਮਾਂ ਨੇ ਜਿਹੜੀ ਆਪਣੇ ਪੁਤਰ ਦੇ ਵਿਛੋੜੇ ਵਿਚ ਹਾਲੋਂ ਬੇਹਾਲ ਸੀ ਬਿਨਾਂ ਕੁਝ ਸੋਚੇ ਜਾਂ ਵਿਚਾਰ ਕੀਤੇ ਦੇ ਝਟ ਉਤਰ ਦਿੱਤਾ :
"ਮੈਨੂੰ ਰੁਪਏ ਦੀ ਲੋੜ ਨਹੀਂ, ਮੈਨੂੰ ਆਪਣੇ ਪੁਤਰ ਦੀ ਲੋੜ ਹੈ । ਮੈਂ ਰੁਪਿਆ ਨਹੀਂ ਚਾਹੁੰਦੀ ਤੁਸੀਂ ਕਾਗ਼ਜ਼ ਲੈ ਜਾਓ ਅਤੇ ਮੇਰੇ ਬਚੇ ਨੂੰ ਜੇਲ੍ਹ ਚੋਂ ਛੁਡਾਣ ਦਾ ਯਤਨ ਕਰੋ ।"
ਸਰਦਾਰ ਨਾਨਕ ਸਿੰਘ ਦੀ ਮਾਤਾ ਦਾ ਇਹ ਜਵਾਬ ਸੁਣ ਕੇ ਸਾਰੇ ਚੁਪ ਹੋ ਗਏ ਅਤੇ ਫ਼ੈਸਲਾ ਹੋਇਆ ਕਿ ਕਾਗਜ਼ ਬਿਨਾਂ ਰੁਪਿਆ ਲੀਤੇ ਮਹਾਰਾਜਾ ਨਾਭਾ ਦੇ ਹਵਾਲੇ ਕਰ ਦਿਤੇ ਜਾਣ । ਇਸ ਪਰਕਾਰ ਮੈਂ, ਸਰਦਾਰ ਲੋਕ ਸਿੰਘ ਅਤੇ ਸਰਦਾਰ ਜੈ ਸਿੰਘ ਨੂੰ ਨਾਲ ਲੈ ਕੇ ਨਾਭੇ ਵਾਪਸ ਆਇਆ । ਕਾਗ਼ਜ਼ ਇਕ ਟੀਨ ਦੀ ਨਲਕੀ ਵਿਚ ਬੰਦ ਸਨ ਅਤੇ ਇਹ ਨਲਕੀ ਸਰਦਾਰ ਤ੍ਰਿਲੋਕ ਸਿੰਘ ਦੇ ਕੋਟ ਦੇ ਅੰਦਰ ਹਿਕ ਅਤੇ ਧੌਣ ਦੇ ਨਾਲ ਬਝੀ ਹੋਈ ਸੀ।
ਤੀਜੇ ਦਿਨ ਰਾਤ ਨੂੰ ਅਸੀਂ ਨਾਭੇ ਪੁਜੇ । ਮੈਂ ਇਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਗੈਸਟ ਹਾਊਸ ਸਰਾਂ ਸ਼ਮਾਦੀਆਤ ਵਿਚ ਕੀਤਾ ਅਤੇ ਆਪ ਆਪਣੇ ਮਕਾਨ ਤੇ ਜਾ ਕੇ ਸੁਤਾ । ਸਵੇਰੇ ਉਠਿਆ ਅਠ ਵਜੇ ਦੇ ਲਗ ਪਗ ਸਰਦਾਰ ਗੁਰਦਿਆਲ ਸਿੰਘ ਪ੍ਰਾਈਵੇਟ ਸਕੱਤਰ ਦੇ ਮਕਾਨ ਤੇ ਪੁਜਾ । ਸਰਦਾਰ ਸਾਹਿਬ ਨੇ ਪੁਛਿਆ ਕਿ ਕਾਗ਼ਜ਼ਾਂ ਦਾ ਕੀ ਬਣਿਆ ? ਮੈਂ ਕਿਹਾ ਕਿ ਕਾਗ਼ਜ਼ ਲੈ ਆਇਆ ਹਾਂ। ਉਹ ਹੈਰਾਨ ਹੋਏ ਅਤੇ ਕਿਹਾ ਕਿ ਰੁਪਿਆ ਨਾਲ ਲੈ ਕੇ ਨਹੀਂ ਗਏ ਸਓ ਅਜੇ ਤਾਂ ਕੇਵਲ ਪਤਾ ਕਰਨ ਹੀ ਗਏ ਸਓ ਕਿ ਕਾਗ਼ਜ਼ ਕਿਥੇ ਹਨ ? ਕਾਗ਼ਜ਼ ਕਿਵੇਂ ਆ ਗਏ। ! ਇਹ ਹੋ ਹੀ ਕਿਵੇਂ ਸਕਦਾ ਹੈ ਕੀ ਮਖੌਲ ਕਰਦੇ ਹੋ ? ਮੈਂ ਸਾਰੀ ਕਹਾਣੀ ਸੁਣਾਈ । ਸਰਦਾਰ ਗੁਰਦਿਆਲ ਸਿੰਘ ਹੈਰਾਨ ਰਹਿ ਗਏ । ਉਹਨਾਂ ਨੇ ਹੀਰਾ ਮਹੱਲ ਜਾ ਕੇ ਮਹਾਰਾਜਾ ਨੂੰ ਸਾਰੀ ਗਲ ਦਸੀ । ਮਹਾਰਾਜਾ ਅਚੰਭਿਤ ਸਨ ਕਿ ਦੋ ਲਖ ਰੁਪਏ ਤਕ ਖ਼ਰਚ ਕਰਨ ਦੀ ਆਗਿਆ ਦਿਤੀ ਗਈ ਸੀ, ਪਰ ਇਕ ਪੈਸਾ ਖ਼ਰਚ ਕੀਤੇ ਬਿਨਾਂ ਕਾਗ਼ਜ਼ ਮਿਲ ਗਏ । ਮਹਾਰਾਜਾ ਅਸਲੀਅਤ ਨੂੰ ਜਾਣ ਕੇ ਬੇ-ਹਦ ਖ਼ੁਸ਼ ਹੋਏ।
ਰਾਤ ਨੂੰ ਨੌਂ ਵਜੇ ਦੇ ਲਗ ਪਗ ਮੈਂ ਸਰਦਾਰ ਤ੍ਰਿਲੋਕ ਸਿੰਘ ਅਤੇ ਸਰਦਾਰ ਜੈ ਸਿੰਘ ਨੂੰ ਨਾਲ ਲੈ ਕੇ ਕਿਲ੍ਹੇ ਅੰਦਰ ਗਿਆ ਦੋਹਾਂ ਨੂੰ ਮਹਾਰਾਜੇ ਨਾਲ ਮਿਲਾਇਆ । ਕਾਗ਼ਜ਼ਾਂ ਵਾਲੀ ਟੀਨ ਦੀ ਨਲਕੀ ਨੂੰ ਕੋਟ ਦੇ ਅੰਦਰੋਂ ਕਢਿਆ ਗਿਆ। ਸਾਰੇ ਕਾਗ਼ਜ਼ ਮਹਾਰਾਜਾ ਨੂੰ ਦੇ ਦਿਤੇ ਗਏ। ਮਹਾਰਾਜਾ ਨੇ ਇਹਨਾਂ ਨੂੰ ਵੇਖਿਆ। ਬਹੁਤ ਖ਼ੁਸ਼ ਹੋਏ ਅਤੇ ਇਕਰਾਰ ਕੀਤਾ ਕਿ ਉਹ ਸਰਦਾਰ ਨਾਨਕ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਆਪਣਾ ਨਿਜੀ ਮਾਮਲਾ ਸਮਝ ਕੇ ਕੋਸ਼ਸ਼ ਕਰਨਗੇ। ਇਸ ਪਰਕਾਰ ਇਹਨਾਂ ਆਦਮੀਆਂ ਰਾਹੀਂ ਸਰਦਾਰ ਨਾਨਕ ਸਿੰਘ ਦੀ ਮਾਤਾ ਨੂੰ ਮਹਾਰਾਜਾ ਨੇ ਦੋ ਹਜ਼ਾਰ ਰੁਪਿਆ ਨਕਦ ਭਿਜਵਾਇਆ ਅਤੇ ਇਕ ਸੌ ਰੁਪਿਆ ਮਹੀਨਾ ਪੈਨਸ਼ਨ ਜੀਊਂਦੇ ਜੀਅ ਤਕ ਨੀਅਤ ਕੀਤੀ — ਜੋ ਸ਼ਾਇਦ ਕੁਝ ਮਹੀਨੇ ਹੀ ਮਿਲੀ। ਇਸ ਪਿਛੋਂ ਮਹਾਰਾਜਾ ਗਦੀ ਤੋਂ ਉਤਰ ਗਏ - ਅਤੇ ਅਗਲੀ ਭਲਕ ਜਦ ਲੇਖਕ ਮਹਾਰਾਜਾ ਨੂੰ ਮਿਲਿਆ ਤਾਂ ਮਹਾਰਾਜਾ ਨੇ ਕਿਹਾ :
"ਮੈਂ ਅਤੇ ਦਰਬਾਰ ਨਾਭਾ ਤੁਹਾਡਾ ਇਹ ਅਹਿਸਾਨ ਕਦੇ ਵੀ ਨਹੀਂ ਭੁਲਾ ਸਕਾਂਗੇ।"
ਇਹ ਕਾਗ਼ਜ਼ ਭਾਵੇਂ ਮਹਾਰਾਜਾ ਪਟਿਆਲਾ ਦੇ ਵਿਰੁਧ ਕਤਲ ਦਾ ਦੂਸ਼ਨ ਸਾਬਤ ਕਰਨ ਦੇ ਲਿਹਾਜ਼ ਬਹੁਤ ਅਮੁਲ ਸਨ, ਪਰ ਅੰਗ੍ਰੇਜ਼ੀ ਸਰਕਾਰ ਮਹਾਰਾਜਾ ਪਟਿਆਲਾ ਦੇ ਹਕ ਵਿਚ ਸੀ ਅਤੇ ਮਹਾਰਾਜਾ ਨਾਭਾ ਦੇ ਵਿਰੁਧ ਅਤੇ ਕੇਵਲ ਸਰਕਾਰ ਹੀ ਕਤਲ ਬਾਰੇ ਕੋਈ ਕਾਰਵਾਈ ਕਰ ਸਕਦੀ ਸੀ। ਇਹ ਕਾਗ਼ਜ਼ ਵਰਤੋਂ 'ਚ ਨਾ ਆ ਸਕੇ ਅਤੇ ਇਹਨਾਂ ਕਾਗ਼ਜ਼ਾਂ ਦੀ ਪੁਜ਼ੀਸ਼ਨ ਬਿਲਕੁਲ ਇਕ ਅਜਿਹੇ ਚੈੱਕ ਵਰਗੀ ਸੀ ਜੋ ਮਿਆਦ ਲੰਘ ਜਾਣ ਪਿਛੋਂ ਬੈਂਕ ਚੋਂ ਕੈਸ਼ ਨਹੀਂ ਹੋ ਸਕਦਾ ।
ਸਰਦਾਰ ਨਾਨਕ ਸਿੰਘ ਕਾਫ਼ੀ ਚਿਰ ਪਿਛੋਂ ਪਟਿਆਲਾ ਜੇਲ੍ਹ ਤੋਂ ਰਿਹਾ ਹੋਏ ਅਤੇ ਉਹ ਅਜ ਕਲ ਸ਼ਾਇਦ ਡੇਹਰਾਦੂਨ ਵਿਚ ਕੋਈ ਵਿਹਾਰ ਕਰਦੇ ਹਨ ।
ਇਹਨਾਂ ਉਪਰਲਿਆਂ ਹਾਲਾਂ ਤੋਂ ਮਾਂ ਦੇ ਵਲਵਲਿਆਂ ਦਾ ਅਨੁਮਾਨ ਲਗ ਸਕਦਾ ਹੈ ਜਿਹੜੇ ਕਿ ਉਸ ਦੀ ਆਪਣੀ ਉਲਾਦ ਅਤੇ ਆਪਣੇ ਬਚੇ ਲਈ ਹੁੰਦੇ ਹਨ, ਭਾਵ ਇਹ ਆਪਣੀ ਉਲਾਦ ਦੇ ਮੁਕਾਬਲੇ ਤੇ ਲਖਾਂ ਰੁਪਿਆਂ ਦਾ ਕੋਈ ਮੁਲ ਨਹੀਂ ਸਮਝਦੀ ।