Nikkian-Nikkian Akkhan Wali Nargis : Saadat Hasan Manto

ਨਿੱਕੀਆਂ-ਨਿੱਕੀਆਂ ਅੱਖਾਂ ਵਾਲੀ ਨਰਗਿਸ : ਸਆਦਤ ਹਸਨ ਮੰਟੋ

ਕੁਝ ਚਿਰ ਹੋਇਆ, ਨਵਾਬ ਛਤਾਰੀ ਦੀ ਧੀ ਤਸਨਾਮ (ਸ੍ਰੀਮਤੀ ਤਸਨੀਮ ਸਲੀਮ) ਨੇ ਮੈਨੂੰ ਇਕ ਖਤ ਲਿਖਿਆ ਸੀ, "ਆਪਣੇ ਭਣਵੱਈਏ ਦੇ ਬਾਰੇ ਤੁਹਾਡਾ ਕੀ ਵਿਚਾਰ ਏ? ਤੁਹਾਡੇ ਕੋਲੋਂ ਆਉਂਦੇ ਹੋਏ ਉਹ ਜੋ ਅੰਦਾਜ਼ਾ ਲਾ ਕੇ ਆਏ ਨੇ, ਮੈਨੂੰ ਡਰ ਏ ਕਿਧਰੇ ਮੈਂ ਖੁਸ਼ੀ ਨਾਲ ਮਰ ਈ ਨਾ ਜਾਵਾਂ! ਤੁਹਾਨੂੰ ਦੱਸ ਦਿਆਂ ਕਿ ਇਹ ਸੱਜਣ ਮੈਨੂੰ ਤੁਹਾਡਾ ਨਾਂ ਲੈ ਕੇ ਛੇੜਦੇ ਹੁੰਦੇ ਸਨ...ਉਨ੍ਹਾਂ ਨਰਗਿਸ ਦਾ ਜ਼ਿਕਰ ਜਾਣ ਬੁਝ ਕੇ ਗੋਲ ਕਰਕੇ ਬਾਕੀ ਸਭ ਕੁਝ ਤਫਸੀਲ ਨਾਲ ਦੱਸ ਦਿੱਤਾ...।"
ਜਦੋਂ ਸਲੀਮ ਮੇਰੇ ਕੋਲ ਆਇਆ ਤਾਂ ਮੈਂ ਬੜਾ ਮਸ਼ਰੂਫ ਸੀ। ਉਸ ਨਾਲ ਮੇਰੀ ਉਹਦੀ ਖਾਤਰਦਾਰੀ ਜ਼ਰੂਰੀ ਸੀ। ਘਰ ਵਿਚ ਜੋ ਕੁਝ ਹੈ ਸੀ ਉਹਦੇ ਅੱਗੇ ਅਤੇ ਉਹਦੇ ਸਾਥੀਆਂ ਅੱਗੇ ਪਰੋਸ ਦਿੱਤਾ। ਫ਼ਿਲਮਾਂ ਨਾਲ ਜੁੜੇ ਹੋਏ ਬੰਦੇ ਕੋਲ ਤੋਹਫ਼ੇ ਦੀ ਇਕ ਚੀਜ਼ 'ਸ਼ੂਟਿੰਗ' ਹੁੰਦੀ ਏ। ਇਸ ਲਈ ਉਨ੍ਹਾਂ ਨੂੰ ਸ੍ਰੀ ਸਾਊਂਡ ਸਟੂਡਿਓ ਵਿਚ 'ਫੂਲ' ਫ਼ਿਲਮ ਦੀ ਸ਼ੂਟਿੰਗ ਵਖਾ ਦਿੱਤੀ। ਸਲੀਮ ਅਤੇ ਉਹਦੇ ਸਾਥੀਆਂ ਨੂੰ ਖੁਸ਼ ਹੋ ਜਾਣਾ ਚਾਹੀਦਾ ਸੀ।
ਸਲੀਮ ਨੇ ਗੱਲਾਂ ਗੱਲਾਂ 'ਚ ਮੈਨੂੰ ਪੁੱਛਿਆ, "ਕਿਉਂ ਜੀ, ਅੱਜ ਕੱਲ੍ਹ ਨਰਗਿਸ ਕਿੱਥੇ ਹੁੰਦੀ ਏ?" ਮੈਂ ਮਖ਼ੌਲ ਨਾਲ ਕਿਹਾ, "ਆਪਣੀ ਮਾਂ ਕੋਲ।"
ਮੇਰਾ ਮਖ਼ੌਲ ਤਾਂ ਹਵਾ ਵਿਚ ਉੱਡ ਗਿਆ। ਜਦੋਂ ਮੇਰੇ ਮਹਿਮਾਨਾਂ 'ਚੋਂ ਇਕ ਨੇ ਨਵਾਬੀ ਅੰਦਾਜ਼ 'ਚ ਕਿਹਾ, 'ਜੱਦਨ ਬਾਈ ਕੋਲ?"
"ਜੀ ਹਾਂ।"
ਸਲੀਮ ਨੇ ਪੁੱਛਿਆ, "ਕੀ ਉਸ ਨਾਲ ਮੁਲਾਕਾਤ ਹੋ ਸਕਦੀ ਏ? ਮੇਰੇ ਇਹ ਦੋਸਤ ਉਹਨੂੰ ਵੇਖਣ ਦੇ ਬੜੇ ਚਾਹਵਾਨ ਨੇ...ਕੀ ਤੁਸੀਂ ਉਸਨੂੰ ਜਾਣਦੇ ਹੋ?"
ਮੈਂ ਕਿਹਾ, "ਜਾਣਦਾ ਹਾਂ...ਪਰ ਬਹੁਤ ਥੋੜ੍ਹਾ ਜਿਹਾ।" ਇਕ ਜਣੇ ਨੇ ਬੜੇ ਹੋਛੇ ਅੰਦਾਜ਼ 'ਚ ਕਿਹਾ, "ਕਿਉਂ?"
"ਇਸ ਲਈ ਕਿ ਸਾਨੂੰ ਦੋਹਾਂ ਨੂੰ ਹੁਣ ਤੱਕ ਕਿਸੇ ਫ਼ਿਲਮ 'ਚ ਇਕੱਠਿਆਂ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ।"
ਇਹ ਸੁਣ ਕੇ ਸਲੀਮ ਨੇ ਕਿਹਾ, "ਅਸੀਂ ਤੁਹਾਨੂੰ ਤਕਲੀਫ਼ ਨਹੀਂ ਦੇਣਾ ਚਾਹੁੰਦੇ।"
ਮੈਂ ਆਪ ਨਰਗਿਸ ਦੇ ਘਰ ਜਾਣਾ ਚਾਹੁੰਦਾ ਸੀ, ਪਰ ਇਕੱਲਿਆਂ ਜਾਣਾ ਮੈਨੂੰ ਪਸੰਦ ਨਹੀਂ ਸੀ। ਹੁਣ ਸਾਥ ਮਿਲਿਆ ਸੀ। ਇਸ ਲਈ ਮੈਂ ਸਲੀਮ ਨੂੰ ਕਿਹਾ, "ਤਕਲੀਫ ਦੀ ਕੋਈ ਗੱਲ ਨਹੀਂ। ਚੱਲਦੇ ਆਂ। ਹੋ ਸਕਦਾ ਏ ਮੁਲਾਕਾਤ ਹੋ ਜਾਏ।" ਮੈਂ ਨਰਗਿਸ ਨੂੰ ਕਿਉਂ ਮਿਲਣਾ ਚਾਹੁੰਦਾ ਸੀ? ਇਸ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇਕ ਦਿਲਚਸਪ ਕਿੱਸਾ ਸੁਣਾ ਦਿਆਂ।
ਮੈਂ ਫ਼ਿਲਮਸਤਾਨ ਸਟੂਡੀਓ 'ਚ ਨੌਕਰੀ ਕਰਦਾ ਸੀ। ਸਵੇਰੇ ਜਾਂਦਾ ਸੀ ਅਤੇ ਸ਼ਾਮ ਨੂੰ ਅੱਠ ਵਜੇ ਘਰ ਵਾਪਸ ਆਉਂਦਾ ਸੀ। ਇਕ ਦਿਨ ਮੈਂ ਅਚਾਨਕ ਦੁਪਹਿਰ ਵੇਲੇ ਘਰ ਆ ਗਿਆ। ਅੰਦਰ ਵੜਿਆ ਤਾਂ ਡਰੈਸਿੰਗ ਟੇਬਲ ਦੇ ਕੋਲ ਖਲੋਤੀਆਂ ਮੇਰੀਆਂ ਦੋ ਸਾਲੀਆਂ ਦੇਖਣ ਨੂੰ ਤਾਂ ਆਪਣੇ ਵਾਲ ਵਾਹ ਰਹੀਆਂ ਸਨ, ਪਰ ਉਹ ਘਬਰਾਈਆਂ ਹੋਈਆਂ ਸਨ। ਆਪਣੀ ਘਬਰਾਹਟ ਨੂੰ ਲੁਕੋਣ ਲਈ ਬਿਨਾ ਮਤਲਬ ਦੁਪੱਟਾ ਸਿਰ 'ਤੇ ਲੈਣ ਦਾ ਯਤਨ ਪਈਆਂ ਕਰਦੀਆਂ ਸਨ।
ਮੈਂ ਸੋਫੇ 'ਤੇ ਬਹਿ ਗਿਆ। ਦੋਹਾਂ ਭੈਣਾਂ ਨੇ ਇਕ ਦੂਜੇ ਵਲ ਕਸੂਰਵਾਰ ਨਜ਼ਰਾਂ ਨਾਲ ਵੇਖ ਕੇ ਹੌਲੀ ਹੌਲੀ ਘੁਸਰ-ਮੁਸਰ ਕੀਤੀ। ਫਿਰ ਦੋਹਾਂ ਨੇ ਕਿਹਾ, "ਭਾਈ ਜਾਨ ਸਲਾਮ।"
ਮੈਂ ਧਿਆਨ ਨਾਲ ਉਨ੍ਹਾਂ ਵਲ ਵੇਖਿਆ, "ਕੀ ਗੱਲ ਏ?" ਦੋਵੇਂ ਹੱਸ ਪਈਆਂ 'ਤੇ ਦੂਜੇ ਕਮਰੇ ਵਿਚ ਟੁਰ ਗਈਆਂ। ਮੈਂ ਸੋਚਿਆ, ਕਿਸੇ ਸਹੇਲੀ ਨੂੰ ਬੁਲਾਇਆ ਏ ਤੇ ਉਹ ਆਉਣ ਵਾਲੀ ਏ। ਮੈਂ ਅਚਾਨਕ ਛੇਤੀ ਆ ਗਿਆ ਹਾਂ। ਇਸ ਲਈ ਉਨ੍ਹਾਂ ਦੇ ਪ੍ਰੋਗਰਾਮ ਵਿਚ ਵਿਘਨ ਪੈ ਗਿਆ ਏ। ਦੂਜੇ ਕਮਰੇ 'ਚ ਤਿੰਨੋ ਭੈਣਾਂ 'ਚ ਘੁਸਰ-ਮੁਸਰ ਹੁੰਦੀ ਰਹੀ ਸੀ ਅਤੇ ਹਲਕੇ ਹਲਕੇ ਹਾਸੇ ਦੀਆਂ ਆਵਾਜ਼ਾਂ ਵੀ ਆਉਂਦੀਆਂ ਰਹੀਆਂ। ਫਿਰ ਮੇਰੀ ਪਤਨੀ ਆਪਣੀਆਂ ਭੈਣਾਂ ਨੂੰ ਸੰਬੋਧਨ ਕਰਕੇ ਪਰ ਮੈਨੂੰ ਸੁਣਾਉਣ ਲਈ ਇਹ ਕਹਿੰਦੀ ਹੋਈ ਬਾਹਰ ਨਿਕਲੀ, "ਮੈਨੂੰ ਕੀ ਕਹਿੰਦੀਆਂ ਹੋ, ਆਪ ਆ ਕੇ ਕਹੋ ਨਾ ਉਨ੍ਹਾਂ ਨੂੰ। ਸਆਦਤ ਸਾਹਿਬ, ਅੱਜ ਬੜੀ ਛੇਤੀ ਆ ਗਏ?"
ਮੈਂ ਦੱਸਿਆ ਕਿ ਸਟੂਡੀਉ ਵਿਚ ਕੋਈ ਕੰਮ ਨਹੀਂ ਸੀ, ਇਸ ਲਈ ਛੇਤੀ ਆ ਗਿਆ ਹਾਂ। ਫਿਰ ਮੈਂ ਆਪਣੀ ਪਤਨੀ ਨੂੰ ਪੁੱਛਿਆ, "ਮੇਰੀਆਂ ਸਾਲੀਆਂ ਕੀ ਪੁੱਛਣਾ ਚਾਹੁੰਦੀਆਂ ਨੇ?"
"ਇਹ ਕਹਿਣਾ ਚਾਹੁੰਦੀਆਂ ਨੇ ਕਿ ਨਰਗਿਸ ਆ ਰਹੀ ਏ।"

"ਤਾਂ ਕੀ ਹੋਇਆ,ਆਵੇ! ਕੀ ਉਹ ਪਹਿਲਾਂ ਕਦੀ ਨਹੀਂ ਆਈ?
ਮੈਂ ਸਮਝਿਆ ਕਿ ਉਹ ਉਸ ਪਾਰਸੀ ਕੁੜੀ ਦੀ ਗੱਲ ਕਰ ਰਹੀ ਏ, ਜਿਸ ਦੀ ਮਾਂ ਨੇ ਇਕ ਮੁਸਲਮਾਨ ਨਾਲ ਵਿਆਹ ਕਰ ਲਿਆ ਸੀ ਅਤੇ ਸਾਡੇ ਗਵਾਂਢ 'ਚ ਰਹਿੰਦੀ ਸੀ। ਪਰ ਮੇਰੀ ਪਤਨੀ ਨੇ ਕਿਹਾ, "ਹਾਏ! ਉਹ ਪਹਿਲਾਂ ਕਦੋਂ ਸਾਡੇ ਘਰ ਆਈ ਏ।"
"ਤਾਂ ਕੀ ਉਹ ਕੋਈ ਹੋਰ ਨਰਗਿਸ ਏ?"
"ਮੈਂ ਐਕਟਰਸ ਨਰਗਿਸ ਦੀ ਗੱਲ ਪਈ ਕਰਦੀ ਹਾਂ।"
ਮੈਂ ਹੈਰਾਨੀ ਨਾਲ ਪੁੱਛਿਆ, "ਉਹ ਏਥੇ ਕੀ ਕਰਨ ਆ ਰਹੀ ਏ?"
ਮੇਰੀ ਪਤਨੀ ਨੇ ਮੈਨੂੰ ਸਾਰੀ ਗੱਲ ਦੱਸੀ। ਘਰ 'ਚ ਟੈਲੀਫੋਨ ਸੀ। ਤਿੰਨੇ ਭੈਣਾਂ ਉਹਦੀ ਖੁੱਲ੍ਹਦਿਲੀ ਨਾਲ ਵਰਤੋਂ ਕਰਦੀਆਂ ਸਨ। ਜਦੋਂ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਥੱਕ ਜਾਂਦੀਆਂ ਤਾਂ ਕਿਸੇ ਐਕਟਰਸ ਦਾ ਨੰਬਰ ਘੁੰਮਾ ਦਿੰਦੀਆਂ। ਉਹ ਮਿਲ ਜਾਂਦੀ ਤਾਂ ਉਹਦੇ ਨਾਲ ਊਟਪਟਾਂਗ ਗੱਲਬਾਤ ਸ਼ੁਰੂ ਹੋ ਜਾਂਦੀ-ਅਸੀਂ ਤੁਹਾਡੀਆਂ ਬਹੁਤ ਫੈਨ ਹਾਂ। ਅੱਜ ਈ ਦਿੱਲੀ ਤੋਂ ਆਈਆਂ ਹਾਂ। ਬੜੀ ਮੁਸ਼ਕਲ ਨਾਲ ਤੁਹਾਡਾ ਨੰਬਰ ਮਿਲਿਆ ਏ। ਤੁਹਾਨੂੰ ਮਿਲਣ ਲਈ ਤੜਫ਼ ਰਹੀਆਂ ਹਾਂ। ਅਸੀਂ ਜ਼ਰੂਰ ਹਾਜ਼ਰ ਹੁੰਦੀਆਂ, ਪਰ ਪਰਦੇ ਦੀ ਪਾਬੰਦੀ ਏ-ਤੁਸੀਂ ਬਹੁਤ ਹੀ ਖੂਬਸੂਰਤ ਹੋ। ਤੁਹਾਡਾ ਮੁਖੜਾ ਚੰਨ ਵਰਗਾ ਏ। ਤੁਹਾਡਾ ਗਲਾ ਬਹੁਤ ਹੀ ਸੁਰੀਲਾ ਏ।
ਆਮ ਤੌਰ 'ਤੇ ਮਸ਼ਹੂਰ ਫਿਲਮ ਐਕਟਰਸਾਂ ਦੇ ਟੈਲੀਫੋਨ ਨੰਬਰ ਡਾਇਰੈਕਟਰੀ ਵਿਚ ਦਰਜ ਨਹੀਂ ਹੁੰਦੇ। ਉਹ ਆਪ ਈ ਨਹੀਂ ਦਰਜ ਕਰਵਾਉਂਦੀਆਂ ਤਾਂ ਜੋ ਉਨ੍ਹਾਂ ਦੇ ਪ੍ਰਸ਼ੰਸਕ ਐਵੇਂ ਤੰਗ ਨਾ ਕਰਨ। ਪਰ ਇਨ੍ਹਾਂ ਤਿੰਨਾਂ ਭੈਣਾਂ ਨੇ ਮੇਰੇ ਦੋਸਤ ਆਗਾ ਖ਼ਲਸ਼ ਕਾਸ਼ਮੀਰੀ ਰਾਹੀਂ ਲਗਭਗ ਉਨ੍ਹਾਂ ਸਾਰੀਆਂ ਐਕਟਰਸਾਂ ਦੇ ਫੋਨ ਨੰਬਰ ਪਤਾ ਕਰ ਲਏ ਸਨ, ਜਿਹੜੇ ਉਨ੍ਹਾਂ ਨੂੰ ਡਾਇਰੈਕਟਰੀ ਵਿਚ ਨਹੀਂ ਸਨ ਮਿਲੇ।
ਇਸ ਟੈਲੀਫੋਨ ਦੇ ਸ਼ੁਗਲ ਦੌਰਾਨ ਜਦੋਂ ਉਨ੍ਹਾਂ ਨੇ ਨਰਗਿਸ ਨੂੰ ਫੋਨ 'ਤੇ ਬੁਲਾਇਆ ਅਤੇ ਉਸ ਨਾਲ ਗੱਲਬਾਤ ਕੀਤੀ ਤਾਂ ਬਹੁਤ ਚੰਗੀ ਲੱਗੀ। ਇਸ ਗੱਲਬਾਤ ਵਿਚ ਉਨ੍ਹਾਂ ਨੂੰ ਆਪਣੀ ਉਮਰ ਦੀ ਆਵਾਜ਼ ਸੁਣਾਈ ਦਿੱਤੀ। ਇਸ ਤਰ੍ਹਾਂ ਇਕ ਦੋ ਵਾਰੀ ਗੱਲਾਂਬਾਤਾਂ ਕਰਨ ਨਾਲ ਇਹ ਨਰਗਿਸ ਨਾਲ ਬੇਝਿੱਜਕ ਜਿਹੀਆਂ ਹੋ ਗਈਆਂ, ਪਰ ਆਪਣੀ ਅਸਲੀਅਤ ਛੁਪਾਈ ਰੱਖੀ। ਇਕ ਕਹਿੰਦੀ ਮੈਂ ਅਫਰੀਕਾ ਦੀ ਰਹਿਣ ਵਾਲੀ ਹਾਂ। ਉਹੀ ਦੂਜੀ ਵੇਰ ਦੱਸਦੀ ਕਿ ਲਖਨਊ ਤੋਂ ਆਪਣੀ ਮਾਸੀ ਕੋਲ ਆਈ ਹਾਂ। ਦੂਜੀ ਇਹ ਜ਼ਾਹਰ ਕਰਦੀ ਕਿ ਉਹ ਰਾਵਲਪਿੰਡੀ ਦੀ ਰਹਿਣ ਵਾਲੀ ਏ ਅਤੇ ਬੰਬਈ ਕੇਵਲ ਇਸ ਲਈ ਆਈ ਏ ਕਿ ਉਹਨੇ ਨਰਗਿਸ ਨੂੰ ਇਕ ਵਾਰੀ ਵੇਖਣਾ ਏ। ਤੀਸਰੀ ਮੇਰੀ ਪਤਨੀ ਕਦੀ ਗੁਜਰਾਤਨ ਬਣ ਜਾਂਦੀ ਅਤੇ ਕਦੀ ਪਾਰਸਨ।
ਟੈਲੀਫੋਨ 'ਤੇ ਨਰਗਿਸ ਨੇ ਕਈ ਵਾਰੀ ਗੁੱਸੇ ਨਾਲ ਪੁੱਛਿਆ ਕਿ ਅਸਲ 'ਚ ਤੁਸੀਂ ਹੋ ਕੌਣ! ਆਪਣਾ ਨਾਂ ਪਤਾ ਕਿਉਂ ਛੁਪਾਉਂਦੀਆਂ ਹੋ। ਸਾਫ਼-ਸਾਫ਼ ਕਿਉਂ ਨਹੀਂ ਦੱਸਦੀਆਂ। ਰੋਜ਼ ਦਿਹਾੜੀ ਦੀ ਇਹ ਟਨਟਨ ਖਤਮ ਹੋਵੇ।
ਜ਼ਾਹਿਰ ਏ ਕਿ ਨਰਗਿਸ ਉਨ੍ਹਾਂ ਤੋਂ ਪ੍ਰਭਾਵਤ ਸੀ। ਉਹਨੂੰ ਆਪਣੇ ਅਨੇਕ ਪ੍ਰਸ਼ੰਸਕਾਂ ਦੇ ਫੋਨ ਆਉਂਦੇ ਹੋਣਗੇ, ਪਰ ਇਹ ਤਿੰਨ ਕੁੜੀਆਂ ਹੋਰਾਂ ਨਾਲੋਂ ਵੱਖਰੀਆਂ ਸਨ। ਇਸ ਲਈ ਉਹ ਇਨ੍ਹਾਂ ਦੀ ਅਸਲੀਅਤ ਜਾਨਣ ਅਤੇ ਮਿਲਣ ਲਈ ਬੜੀ ਬੇਚੈਨ ਸੀ। ਜਦੋਂ ਵੀ ਉਸ ਨੂੰ ਪਤਾ ਲੱਗਦਾ ਕਿ ਇਨ੍ਹਾਂ ਭੇਤ ਭਰੀਆਂ ਕੁੜੀਆਂ ਨੇ ਉਹਨੂੰ ਫੋਨ 'ਤੇ ਬੁਲਾਇਆ ਏ ਤਾਂ ਉਹ ਸੌ ਕੰਮ ਛੱਡ ਕੇ ਆ ਜਾਂਦੀ ਅਤੇ ਬੜਾ ਚਿਰ ਟੈਲੀਫੋਨ ਨੂੰ ਚੰਬੜੀ ਰਹਿੰਦੀ। ਅਖੀਰ ਨਰਗਿਸ ਦੇ ਘੜੀ ਮੁੜੀ ਕਹਿਣ 'ਤੇ ਇਕ ਦਿਨ ਇਹ ਨਿਰਣਾ ਹੋ ਗਿਆ ਕਿ ਉਨ੍ਹਾਂ ਦੀ ਮੁਲਾਕਾਤ ਹੋਵੇਗੀ।
ਮੇਰੀ ਪਤਨੀ ਨੇ ਆਪਣੇ ਘਰ ਦਾ ਪਤਾ ਚੰਗੀ ਤਰ੍ਹਾਂ ਸਮਝਾ ਦਿੱਤਾ ਅਤੇ ਕਿਹਾ ਜੇਕਰ ਫਿਰ ਵੀ ਮਕਾਨ ਲੱਭਣ 'ਚ ਮੁਸ਼ਕਲ ਹੋਵੇ ਤਾਂ ਬਾਈਖਲਾ ਦੇ ਪੁਲ ਕੋਲੋਂ ਕਿਸੇ ਹੋਟਲ 'ਤੋਂ ਫੋਨ ਕਰ ਦੇਣਾ, ਅਸੀਂ ਉਥੇ ਪਹੁੰਚ ਜਾਵਾਂਗੀਆਂ।
ਜਦੋਂ ਮੈਂ ਘਰ 'ਚ ਵੜਿਆ ਸੀ ਬਾਈਖਲਾ ਪੁਲ ਦੇ ਇਕ ਸਟੂਡੀਉ ਤੋਂ ਨਰਗਿਸ ਨੇ ਫੋਨ ਕੀਤਾ ਸੀ ਕਿ ਉਹ ਪਹੁੰਚ ਚੁੱਕੀ ਏ, ਪਰੰਤੂ ਮਕਾਨ ਨਹੀਂ ਪਿਆ ਲੱਭਦਾ। ਇਸ ਲਈ ਸਾਰੀਆਂ ਕਾਹਲੀ ਕਾਹਲੀ ਤਿਆਰ ਹੋ ਰਹੀਆਂ ਸਨ ਕਿ ਅਚਾਨਕ ਆਈ ਮੁਸੀਬਤ ਵਾਂਗ ਮੈਂ ਪਹੁੰਚ ਗਿਆ।
ਨਿੱਕੀਆਂ ਦੋਹਾਂ ਦਾ ਵਿਚਾਰ ਸੀ ਕਿ ਮੈਂ ਨਾਰਾਜ਼ ਹੋਵਾਂਗਾ। ਵੱਡੀ, ਮਤਲਬ ਮੇਰੀ ਪਤਨੀ, ਸਿਰਫ਼ ਘਬਰਾਈ ਹੋਈ ਸੀ ਕਿ ਇਹ ਸਭ ਕੀ ਹੋ ਗਿਆ-ਮੈਂ ਨਾਰਾਜ਼ ਹੋਣ ਦੀ ਕੋਸ਼ਿਸ਼ ਕੀਤੀ, ਪਰ ਨਾਰਾਜ਼ ਹੋਣ ਵਾਸਤੇ ਮੈਨੂੰ ਕੋਈ ਕਾਰਨ ਨਾ ਲੱਭਾ। ਸਾਰੀ ਘਟਨਾ ਕਾਫੀ ਦਿਲਚਸਪ ਅਤੇ ਚੋਖੀ ਮਾਸੂਮ ਸੀ। ਜੇਕਰ ਇਹ ਹਰਕਤ ਕੇਵਲ ਮੇਰੀ ਪਤਨੀ ਨੇ ਕੀਤੀ ਹੁੰਦੀ ਤਾਂ ਇਹ ਬਿਲਕੁਲ ਵੱਖਰੀ ਗੱਲ ਹੋਣੀ ਸੀ। ਇਕ ਸਾਲੀ ਅੱਧੀ ਘਰ ਵਾਲੀ ਹੁੰਦੀ ਏ ਅਤੇ ਇਥੇ ਤਾਂ ਦੋ ਸਾਲੀਆਂ ਸਨ। ਪੂਰਾ ਘਰ ਈ ਉਨ੍ਹਾਂ ਦਾ ਸੀ। ਜਦੋਂ ਮੈਂ ਉੱਠਿਆ ਤਾਂ ਦੂਜੇ ਕਮਰੇ 'ਚੋਂ ਖੁਸ਼ ਹੋਣ 'ਤੇ ਤਾੜੀਆਂ ਮਾਰਨ ਦੀਆਂ ਆਵਾਜ਼ਾਂ ਆਈਆਂ।
ਬਾਈਖਲਾ ਦੇ ਚੌਕ ਵਿਚ ਜੱਦਨ ਬਾਈ ਦੀ ਵੱਡੀ ਕਾਰ ਖਲੋਤੀ ਸੀ। ਮੈਂ ਸਲਾਮ ਕੀਤਾ ਤਾਂ ਉਸ ਨੇ ਆਪਣੀ ਆਦਤ ਅਨੁਸਾਰ ਬੜੀ ਉੱਚੀ ਆਵਾਜ਼ 'ਚ ਜਵਾਬ ਦਿੱਤਾ ਅਤੇ ਪੁੱਛਿਆ, "ਮੰਟੋ ਕੀ ਹਾਲ ਏ?"
ਮੈਂ ਕਿਹਾ, "ਰੱਬ ਦਾ ਸ਼ੁਕਰ ਏ-ਤੁਸੀਂ ਏਥੇ ਕੀ ਪਏ ਕਰਦੇ ਹੋ?"
ਜੱਦਨ ਬਾਈ ਨੇ ਪਿਛਲੀ ਸੀਟ 'ਤੇ ਬੈਠੀ ਨਰਗਿਸ ਵਲ ਵੇਖਿਆ, "ਕੁਝ ਨਹੀਂ। ਬੇਬੀ ਨੇ ਆਪਣੀਆਂ ਸਹੇਲੀਆਂ ਨੂੰ ਮਿਲਣਾ ਸੀ, ਪਰ ਉਨ੍ਹਾਂ ਦਾ ਘਰ ਈ ਨਹੀਂ ਮਿਲਦਾ ਪਿਆ।"
ਮੈਂ ਮੁਸਕਰਾ ਕੇ ਕਿਹਾ, "ਚਲੋ, ਮੈਂ ਤੁਹਾਨੂੰ ਲੈ ਚਲਦਾ ਹਾਂ।"
ਨਰਗਿਸ ਇਹ ਸੁਣ ਕੇ ਬਾਰੀ ਦੇ ਕੋਲ ਆ ਗਈ, "ਤੁਹਾਨੂੰ ਉਨ੍ਹਾਂ ਦੇ ਘਰ ਦਾ ਪਤਾ ਏ?"
ਮੈਂ ਹੱਸ ਕੇ ਕਿਹਾ, "ਕਿਉਂ ਨਹੀਂ-ਆਪਣਾ ਘਰ ਕੌਣ ਭੁਲ ਸਕਦਾ ਏ?"
ਜੱਦਨ ਬਾਈ ਦੇ ਗਲੇ 'ਚੋਂ ਅਜੀਬ ਜਿਹੀ ਆਵਾਜ਼ ਨਿਕਲੀ। ਉਹਨੇ ਪਾਨ ਦੇ ਬੀੜੇ ਨੂੰ ਮੂੰਹ ਵਿਚ ਦੂਜੇ ਪਾਸੇ ਕਰਦਿਆਂ ਕਿਹਾ, "ਇਹ ਤੂੰ ਕੀ ਅਫ਼ਸਾਨਾ ਨਿਗਾਰੀ ਕਰ ਰਿਹਾ ਏਂ?"
ਮੈਂ ਦਰਵਾਜ਼ਾ ਖੋਲ੍ਹ ਕੇ ਜੱਦਨ ਬਾਈ ਦੇ ਕੋਲ ਬਹਿ ਗਿਆ, "ਇਹ ਅਫਸਾਨਾ ਨਿਗਾਰੀ ਮੇਰੀ ਨਹੀਂ, ਮੇਰੀ ਪਤਨੀ ਅਤੇ ਉਸ ਦੀਆਂ ਭੈਣਾਂ ਦੀ ਏ।" ਇਸ ਤੋਂ ਮਗਰੋਂ ਮੈਂ ਸਾਰੀ ਵਾਰਤਾ ਸੰਖੇਪ 'ਚ ਦੱਸ ਦਿੱਤੀ। ਨਰਗਿਸ ਬੜੀ ਦਿਲਚਸਪੀ ਨਾਲ ਸੁਣਦੀ ਰਹੀ। ਜੱਦਨ ਬਾਈ ਨੂੰ ਬੜੀ ਤਕਲੀਫ ਹੋਈ। "ਹਾਏ ਰੱਬਾ!...ਇਹ ਕਿਸ ਤਰ੍ਹਾਂ ਦੀਆਂ ਕੁੜੀਆਂ ਨੇ। ਪਹਿਲੇ ਦਿਨ ਈ ਦਸ ਦਿੰਦੀਆਂ ਕਿ ਅਸੀਂ ਮੰਟੋ ਦੇ ਘਰ ਤੋਂ ਬੋਲ ਰਹੀਆਂ ਹਾਂ...ਰੱਬ ਦੀ ਸਹੁੰ ਮੈਂ ਤੁਰੰਤ ਬੇਬੀ ਨੂੰ ਘੱਲ ਦਿੰਦੀ। ਹੱਦ ਹੋ ਗਈ ਏ। ਇੰਨੇ ਦਿਨ ਪ੍ਰੇਸ਼ਾਨ ਕੀਤਾ। ਖ਼ੁਦਾ ਦੀ ਕਸਮ, ਵਿਚਾਰੀ ਬੇਬੀ ਨੂੰ ਏਨੀ ਉਲਝਣ ਹੁੰਦੀ ਸੀ ਕਿ ਮੈਂ ਤੈਨੂੰ ਕੀ ਦੱਸਾਂ। ਜਦੋਂ ਟੈਲੀਫੋਨ ਆਉਂਦਾ, ਭੱਜ ਕੇ ਜਾਂਦੀ। ਮੈਂ ਸੌ ਵਾਰੀ ਪੁੱਛਦੀ, ਇਹ ਕੌਣ ਏ, ਜਿਹਦੇ ਨਾਲ ਇਨ੍ਹਾਂ ਚਿਰ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਨੇ। ਮੈਨੂੰ ਕਹਿੰਦੀ, ਕੋਈ ਹੈਣ। ਕਹਿੰਦੀ, ਮੈਂ ਜਾਣਦੀ ਨਹੀਂ ਕੌਣ ਨੇ, ਪਰ ਹੈਣ ਬੜੀਆਂ ਚੰਗੀਆਂ। ਇਕ ਦੋ ਵੇਰਾਂ ਮੈਂ ਵੀ ਟੈਲੀਫੋਨ ਚੁੱਕਿਆ, ਗੱਲਬਾਤ ਬੜੀ ਸੁਘੜਤਾ ਵਾਲੀ ਸੀ। ਕਿਸੇ ਚੰਗੇ ਘਰ ਦੀਆਂ ਜਾਪਦੀਆਂ ਸਨ, ਪਰ ਮੁਆਫ ਕਰਨਾ ਕੰਮਬਖ਼ਤ ਆਪਣਾ ਨਾਂ ਪਤਾ ਠੀਕ ਨਹੀਂ ਸਨ ਦੱਸਦੀਆਂ। ਅੱਜ ਬੇਬੀ ਆਈ, ਖੁਸ਼ੀ ਨਾਲ ਪਾਗਲ ਹੋ ਰਹੀ ਸੀ, ਕਹਿਣ ਲੱਗੀ, ਬੀਬੀ! ਉਨ੍ਹਾਂ ਨੇ ਬੁਲਾਇਆ ਏ। ਆਪਣਾ ਪਤਾ ਵੀ ਦੇ ਦਿੱਤਾ ਏ। ਮੈਂ ਕਿਹਾ, ਪਾਗਲ ਹੋ ਗਈ ਏਂ। ਪਤਾ ਨਹੀਂ ਕੌਣ ਨੇ! ਪਰ ਇਸ ਨੇ ਮੇਰੀ ਇਕ ਨਾ ਮੰਨੀ, ਬਸ ਪਿੱਛੇ ਈ ਪੈ ਗਈ। ਇਸ ਲਈ ਮੈਨੂੰ ਨਾਲ ਆਉਣਾ ਪਿਆ-ਰੱਬ ਦੀ ਸਹੁੰ, ਜੇ ਪਤਾ ਹੁੰਦਾ ਕਿ ਇਹ ਆਫ਼ਤਾਂ ਤੇਰੇ ਘਰ ਦੀਆਂ ਨੇ...।"
ਮੈਂ ਗੱਲ ਟੋਕ ਕੇ ਕਿਹਾ, "ਤਾਂ ਤੁਸੀਂ ਵਿਚ ਨਾ ਟਪਕਦੇ।"
ਜੱਦਨ ਬਾਈ ਦੇ ਪਾਨ ਵਾਲੇ ਮੂੰਹ 'ਚੋਂ ਚੌੜੀ ਜਿਹੀ ਮੁਸਕਾਨ ਪੈਦਾ ਹੋਈ।
"ਇਹਦੀ ਫਿਰ ਲੋੜ ਈ ਕੀ ਸੀ-ਕੀ ਮੈਂ ਤੈਨੂੰ ਜਾਣਦੀ ਨਹੀਂ।"
ਮਰਹੂਮ ਜੱਦਨ ਬਾਈ ਨੂੰ ਉਰਦੂ ਅਦਬ ਨਾਲ ਲਗਾਓ ਸੀ। ਮੇਰੀਆਂ ਲਿਖਤਾਂ ਬੜੇ ਸ਼ੌਂਕ ਨਾਲ ਪੜ੍ਹਦੀ ਅਤੇ ਪਸੰਦ ਕਰਦੀ ਸੀ। ਉਨ੍ਹਾਂ ਦਿਨਾਂ 'ਚ ਮੇਰਾ ਇਕ ਲੇਖ 'ਸਾਕੀ' ਵਿਚ ਛਪਿਆ ਸੀ : 'ਤਰੱਕੀ-ਪਸੰਦ ਕਬਰਸਤਾਨ' ਪਤਾ ਨਹੀਂ ਉਸ ਦਾ ਦਿਮਾਗ ਕਿਉਂ ਉਸ ਵਲ ਚਲਾ ਗਿਆ, ਬੋਲੀ, "ਖੁਦਾ ਦੀ ਕਸਮ ਮੰਟੋ, ਬਹੁਤ ਵਧੀਆ ਲਿਖਦਾ ਏਂ। ਜ਼ਾਲਮਾ, ਕਿਆ ਵਿਅੰਗ ਕੀਤਾ ਏ ਉਸ ਲੇਖ ਵਿਚ - ਕਿਉਂ ਬੇਬੀ, ਉਸ ਦਿਨ ਮੇਰਾ ਕੀ ਹਾਲ ਹੋਇਆ ਸੀ ਇਹ ਲੇਖ ਪੜ੍ਹ ਕੇ।"
ਪਰ ਨਰਗਿਸ ਆਪਣੀਆਂ ਅਣਡਿੱਠੀਆਂ ਸਹੇਲੀਆਂ ਬਾਰੇ ਸੋਚ ਰਹੀ ਸੀ। ਬੇਚੈਨੀ ਭਰੇ ਲਹਿਜ਼ੇ 'ਚ ਉਸ ਆਪਣੀ ਮਾਂ ਨੂੰ ਕਿਹਾ, "ਚਲੋ ਬੀਬੀ।"
ਜੱਦਨ ਬਾਈ ਮੈਨੂੰ ਕਹਿੰਦੀ, "ਚਲੋ ਭਾਈ।"
ਘਰ ਨੇੜੇ ਈ ਸੀ। ਕਾਰ ਸਟਾਰਟ ਹੋਈ ਅਤੇ ਅਸੀਂ ਪਹੁੰਚ ਗਏ। ਬਾਲਕੋਨੀ ਤੋਂ ਤਿੰਨਾਂ ਭੈਣਾਂ ਨੇ ਸਾਨੂੰ ਵੇਖਿਆ। ਨਿੱਕੀਆਂ ਦੋਹਾਂ ਦਾ ਖੁਸ਼ੀ ਨਾਲ ਬੁਰਾ ਹਾਲ ਹੋ ਰਿਹਾ ਸੀ। ਰੱਬ ਜਾਣੇ ਆਪਸ ਵਿਚ ਕੀ ਘੁਸਰ-ਮੁਸਰ ਕਰ ਰਹੀਆਂ ਸਨ। ਜਦੋਂ ਅਸੀਂ ਉਪਰ ਪਹੁੰਚੇ ਤਾਂ ਅਜੀਬ ਢੰਗ ਨਾਲ ਸਾਰਿਆਂ ਨਾਲ ਮੁਲਾਕਾਤ ਹੋਈ। ਨਰਗਿਸ ਆਪਣੀ ਹਮ-ਉਮਰ ਕੁੜੀਆਂ ਨਾਲ ਦੂਜੇ ਕਮਰੇ ਵਿਚ ਚਲੀ ਗਈ। ਮੈਂ, ਮੇਰੀ ਪਤਨੀ ਅਤੇ ਜੱਦਨ ਬਾਈ ਉੱਥੇ ਈ ਬੈਠੇ ਰਹੇ।
ਬੜੀ ਦੇਰ ਤੱਕ ਏਧਰ ਉਧਰ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਮੇਰੀ ਪਤਨੀ ਦੀ ਬੌਖਲਾਹਟ ਜਦੋਂ ਕੁਝ ਘੱਟ ਹੋਈ ਤਾਂ ਉਸ ਨੇ ਪ੍ਰਾਹੁਣਾਚਾਰੀ ਦੇ ਫ਼ਰਜ਼ ਨਿਭਾਣੇ ਸ਼ੁਰੂ ਕਰ ਦਿੱਤੇ।
ਨਰਗਿਸ ਨੂੰ ਮੈਂ ਬੜੇ ਚਿਰ ਪਿਛੋਂ ਵੇਖਿਆ ਸੀ। ਦਸ ਗਿਆਰਾਂ ਸਾਲਾਂ ਦੀ ਬੱਚੀ ਸੀ, ਜਦੋਂ ਇਕ ਦੋ ਵੇਰ ਫਿਲਮਾਂ ਦੀ ਨੁਮਾਇਸ਼ 'ਚ ਇਸ ਨੂੰ ਆਪਣੀ ਮਾਂ ਦੀ ਉਂਗਲੀ ਫੜੀ ਵੇਖਿਆ ਸੀ : ਚੁਨ੍ਹੀਆਂ ਅੱਖਾਂ, ਲੰਮਾ ਚਿਹਰਾ, ਜਿਸਮ 'ਚ ਕੋਈ ਖਿੱਚ ਨਹੀਂ, ਸੁੱਕੀਆਂ ਸੁੱਕੀਆਂ ਲੱਤਾਂ। ਇਸ ਤਰ੍ਹਾਂ ਲੱਗਦੀ ਸੀ ਕਿ ਸੌਂ ਕੇ ਉੱਠੀ ਏ ਜਾਂ ਸੌਣ ਵਾਲੀ ਏ, ਪਰ ਹੁਣ ਉਹ ਇਕ ਜਵਾਨ ਕੁੜੀ ਸੀ। ਉਮਰ ਨੇ ਉਹਦੀਆਂ ਖਾਲੀ ਥਾਵਾਂ ਨੂੰ ਭਰ ਦਿੱਤਾ ਸੀ, ਪਰ ਅੱਖਾਂ ਉਸੇ ਤਰ੍ਹਾਂ ਈ ਸਨ, ਨਿੱਕੀਆਂ ਤੇ ਬਿਮਾਰ ਜਿਹੀਆਂ। ਮੈਂ ਸੋਚਿਆ, ਇਸ ਹਿਸਾਬ ਨਾਲ ਇਹਦਾ ਨਾਂ ਨਰਗਿਸ ਠੀਕ ਈ ਏ।
ਇਕ ਗੱਲ ਜਿਹੜੀ ਮੈਂ ਖਾਸ ਤੌਰ 'ਤੇ ਮਹਿਸੂਸ ਕੀਤੀ, ਉਹ ਇਹ ਸੀ ਕਿ ਨਰਗਿਸ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਉਹ ਇਕ ਦਿਨ ਬਹੁਤ ਵੱਡੀ ਸਟਾਰ ਬਣਨ ਵਾਲੀ ਏ। ਪਰ ਉਸ ਦਿਨ ਨੂੰ ਨੇੜੇ ਲਿਆਉਣ ਅਤੇ ਉਸ ਨੂੰ ਵੇਖ ਕੇ ਖੁਸ਼ ਹੋਣ 'ਚ ਉਹਨੂੰ ਕੋਈ ਕਾਹਲੀ ਨਹੀਂ ਸੀ।
ਤਿੰਨੇ ਹਮ-ਉਮਰ ਕੁੜੀਆਂ ਦੂਜੇ ਕਮਰੇ 'ਚ ਜਿਹੜੀਆਂ ਗੱਲਾਂ ਕਰ ਰਹੀਆਂ ਸਨ, ਉਨ੍ਹਾਂ ਦਾ ਘੇਰਾ ਘਰ ਦੀ ਚਾਰ ਦੀਵਾਰੀ ਤੱਕ ਸੀਮਤ ਸੀ। ਸਟੂਡੀਉ ਕੀ ਹੁੰਦੇ ਨੇ, ਇਸ ਨਾਲ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਸੀ।
ਮੇਰੀ ਪਤਨੀ ਜਿਹੜੀ ਨਰਗਿਸ ਨਾਲੋਂ ਉਮਰ 'ਚ ਵੱਡੀ ਸੀ। ਉਸ ਦੇ ਆਉਣ 'ਤੇ ਬਿਲਕੁਲ ਬਦਲ ਗਈ ਸੀ। ਉਸ ਦਾ ਉਹਦੇ ਨਾਲ ਸਲੂਕ ਨਿੱਕੀਆਂ ਭੈਣਾਂ ਵਰਗਾ ਸੀ। ਪਹਿਲਾਂ ਉਸ ਨੂੰ ਨਰਗਿਸ ਨਾਲ ਇਸ ਲਈ ਦਿਲਚਸਪੀ ਸੀ ਕਿ ਉਹ ਫਿਲਮ ਐਕਟਰਸ ਏ। ਹੁਣ ਉਹਦਾ ਖ਼ਿਆਲ ਸੀ ਕਿ ਉਹ ਖੱਟੀਆਂ ਚੀਜ਼ਾਂ ਨਾ ਖਾਏ। ਆਪਣੀ ਸਿਹਤ ਦਾ ਧਿਆਨ ਰੱਖੇ। ਹੁਣ ਉਹਦੇ ਲਈ ਨਰਗਿਸ ਦਾ ਫਿਲਮਾਂ 'ਚ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਸੀ।
ਮੈਂ, ਮੇਰੀ ਪਤਨੀ ਅਤੇ ਜੱਦਨ ਬਾਈ ਇਧਰ ਉਧਰ ਦੀਆਂ ਗੱਲਾਂ ਪਏ ਕਰਦੇ ਸੀ ਕਿ ਆਪਾ ਸਆਦਤ ਆ ਗਈ। ਮੇਰੀ ਹਮ-ਨਾਮ ਏ, ਬੜੀ ਦਿਲਚਸਪ ਚੀਜ਼ ਏ। ਉਹ ਕਾਠੀਆਵਾੜ ਦੀਆਂ ਸਾਰੀਆਂ ਰਿਆਸਤਾਂ ਅਤੇ ਉਨ੍ਹਾਂ ਦੇ ਨਵਾਬਾਂ ਨੂੰ ਚੰਗੀ ਤਰ੍ਹਾਂ ਜਾਣਦੀ ਏ।
ਜੱਦਨ ਬਾਈ ਵੀ ਆਪਣੇ ਪੇਸ਼ੇ ਕਰਕੇ ਸਾਰੀਆਂ ਰਿਆਸਤਾਂ ਦੇ ਨਵਾਬਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਗੱਲਾਂ-ਗੱਲਾਂ ਵਿਚ ਇਕ ਪ੍ਰਸਿੱਧ ਵੇਸਵਾ ਦਾ ਜ਼ਿਕਰ ਹੋਇਆ ਤਾਂ ਸਆਦਤ ਆਪਾ ਸ਼ੁਰੂ ਹੋ ਗਈ, "ਰੱਬ ਉਹਦੇ ਤੋਂ ਬਚਾਏ। ਜਿਹਦੇ ਨਾਲ ਨਾਤਾ ਜੋੜਦੀ ਏ, ਉਹਨੂੰ ਕਾਸੇ ਜੋਗਾ ਨਹੀਂ ਰਹਿਣ ਦਿੰਦੀ। ਸਿਹਤ ਬਰਬਾਦ, ਦੌਲਤ ਬਰਬਾਦ, ਇੱਜ਼ਤ ਬਰਬਾਦ। ਮੈਂ ਤੁਹਾਨੂੰ ਕੀ ਦੱਸਾਂ? ਸੌ ਬਿਮਾਰੀਆਂ ਦੀ ਇਕ ਬਿਮਾਰੀ ਏ, ਇਹ ਵੇਸਵਾ...।"
ਮੈਂ ਅਤੇ ਮੇਰੀ ਪਤਨੀ ਬੜੇ ਪ੍ਰੇਸ਼ਾਨ ਕਿ ਸਆਦਤ ਆਪਾ ਨੂੰ ਕਿਸ ਤਰ੍ਹਾਂ ਰੋਕੀਏ। ਜੱਦਨ ਬਾਈ ਉਸ ਦੀ ਹਾਂ 'ਚ ਹਾਂ ਮਿਲਾ ਰਹੀ ਸੀ ਅਤੇ ਅਸੀਂ ਦੋਵੇਂ ਪਸੀਨਾ ਪਸੀਨਾ ਹੁੰਦੇ ਜਾ ਰਹੇ ਸਾਂ। ਇਕ ਦੋ ਵਾਰੀ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੋਰ ਜ਼ਿਆਦਾ ਜੋਸ਼ 'ਚ ਆ ਗਈ ਅਤੇ ਗਾਲ੍ਹਾਂ ਕੱਢਣ ਲੱਗ ਪਈ। ਤਦ ਇਕ ਦਮ ਉਸ ਨੇ ਜੱਦਨ ਬਾਈ ਵਲ ਵੇਖਿਆ। ਆਪਣੇ ਪੱਟਾਂ 'ਤੇ ਦੋਹੱਥੜ ਮਾਰ ਕੇ ਉਹਨੇ ਤੁਤਲਾਏ ਹੋਏ ਲਹਿਜ਼ੇ 'ਚ ਜੱਦਨ ਬਾਈ ਨੂੰ ਕਿਹਾ... ਤੁਸੀਂ?... ਜੱਦਨ... ਤੁਸੀਂ ਜਦੱਨ ਬਾਈ ਹੋ ਨਾ?"
ਜੱਦਨ ਬਾਈ ਨੇ ਬੜੀ ਹਲੀਮੀ ਨਾਲ ਕਿਹਾ, "ਹਾਂ ਜੀ।"
ਆਪਾ ਸਆਦਤ ਦਾ ਮੂੰਹ ਹੋਰ ਖੁੱਲ੍ਹ ਗਿਆ... ਓਹੋ... ਤੁਸੀਂ ਤਾਂ... ਮੇਰਾ ਮਤਲਬ ਏ ਕਿ ਤੁਸੀਂ ਤਾਂ ਬੜੀ ਉੱਚੀ ਵੇਸਵਾ ਹੋ... ਕਿਉਂ ਸਫ਼ੋ ਜਾਨ?" (ਸਫ਼ੋ ਮੰਟੋ ਦੀ ਪਤਨੀ ਦਾ ਨਾਂ ਏ) ਸਫੋ ਜਾਨ ਬਰਫ਼ ਹੋ ਗਈ। ਮੈਂ ਜੱਦਨ ਬਾਈ ਵਲ ਵੇਖਿਆ ਤੇ ਮੁਸਕ੍ਰਾਇਆ।
ਜੱਦਨ ਬਾਈ ਨੇ ਇਸ ਤਰ੍ਹਾਂ ਜ਼ਾਹਿਰ ਕੀਤਾ ਜਿਵੇਂ ਕੋਈ ਗੱਲ ਈ ਨਹੀਂ ਹੋਈ ਅਤੇ ਉਸ ਵੱਡੀ ਵੇਸਵਾ ਦੇ ਬਾਕੀ ਹਾਲਾਤ ਦੱਸਣੇ ਸ਼ੁਰੂ ਕਰ ਦਿੱਤੇ, ਜਿਸ ਦਾ ਜ਼ਿਕਰ ਹੋਣ ਕਰਕੇ ਆਪਾ ਸਆਦਤ ਨੂੰ ਲੈਕਚਰ ਦੇਣਾ ਪਿਆ ਸੀ।
ਜੱਦਨ ਬਾਈ ਦੀ ਕੋਸ਼ਿਸ਼ ਦੇ ਬਾਵਜੂਦ ਗੱਲ ਜੰਮੀ ਨਾ। ਆਪਾ ਸਆਦਤ ਨੂੰ ਆਪਣੀ ਗਲਤੀ ਅਤੇ ਸਾਨੂੰ ਸ਼ਰਮਿੰਦਗੀ ਦਾ ਬਹੁਤ ਸਖ਼ਤ ਅਹਿਸਾਸ ਸੀ, ਪਰ ਜਦੋਂ ਕੁੜੀਆਂ ਆ ਗਈਆਂ ਤਾਂ ਵਾਤਾਵਰਣ ਬਦਲ ਗਿਆ। ਨਰਗਿਸ ਨੂੰ ਫਰਮਾਇਸ਼ ਕੀਤੀ ਗਈ ਕਿ ਉਹ ਗਾਣਾ ਸੁਣਾਏ। ਇਸ 'ਤੇ ਜੱਦਨ ਬਾਈ ਨੇ ਕਿਹਾ, "ਮੈਂ ਇਸ ਨੂੰ ਸੰਗੀਤ ਦੀ ਸਿੱਖਿਆ ਨਹੀਂ ਦਿੱਤੀ। ਮੋਹਨ ਬਾਬੂ (ਜੱਦਨ ਦਾ ਪਤੀ ਤੇ ਨਰਗਿਸ ਦਾ ਬਾਪ) ਇਸ ਦੇ ਖਿਲਾਫ ਸਨ ਅਤੇ ਸੱਚ ਪੁੱਛੋ ਤਾਂ ਮੈਨੂੰ ਵੀ ਪਸੰਦ ਨਹੀਂ ਸੀ... ਥੋੜ੍ਹੀ ਬਹੁਤ ਟੂੰ ਟਾਂ ਕਰ ਲੈਂਦੀ ਏ। ਇਸ ਤੋਂ ਮਗਰੋਂ ਉਸ ਨੇ ਆਪਣੀ ਧੀ ਨੂੰ ਕਿਹਾ, "ਸੁਣਾ ਦੇ ਬੇਬੀ... ਜਿਸ ਤਰ੍ਹਾਂ ਵੀ ਆਉਂਦਾ ਏ, ਸੁਣਾ ਦੇ।"
ਨਰਗਿਸ ਨੇ ਗਾਣਾ ਸ਼ੁਰੂ ਕਰ ਦਿੱਤਾ, ਪਰ ਉਹਦੀ ਆਵਾਜ਼ ਵਿਚ ਨਾ ਰਸ ਨਾ ਲੋਚ। ਮੇਰੀ ਨਿੱਕੀ ਸਾਲੀ ਉਸ ਤੋਂ ਕਿਤੇ ਚੰਗਾ ਗਾ ਲੈਂਦੀ ਸੀ। ਜਦੋਂ ਉਹਨੇ ਗਾਣਾ ਖ਼ਤਮ ਕੀਤਾ ਤਾਂ ਸਭ ਨੇ ਤਾਰੀਫ ਕੀਤੀ। ਮੈਂ ਅਤੇ ਆਪਾ ਸਆਦਤ ਚੁੱਪ ਰਹੇ। ਥੋੜ੍ਹੇ ਚਿਰ ਪਿਛੋਂ ਜੱਦਨ ਬਾਈ ਨੇ ਜਾਣ ਦੀ ਇਜਾਜ਼ਤ ਮੰਗੀ ਤਾਂ ਕੁੜੀਆਂ ਨਰਗਿਸ ਦੇ ਗਲੇ ਮਿਲੀਆਂ। ਦੋਬਾਰਾ ਮਿਲਣ ਦੇ ਇਕਰਾਰ ਹੋਏ ਅਤੇ ਸਾਡੇ ਮਹਿਮਾਨ ਚਲੇ ਗਏ।
ਨਰਗਿਸ ਨਾਲ ਮੇਰੀ ਇਹ ਪਹਿਲੀ ਮੁਲਾਕਾਤ ਸੀ।
ਇਸ ਤੋਂ ਮਗਰੋਂ ਕਈ ਮੁਲਾਕਾਤਾਂ ਹੋਈਆਂ। ਕੁੜੀਆਂ ਟੈਲੀਫੋਨ ਕਰਦੀਆਂ ਤੇ ਨਰਗਿਸ ਇਕੱਲੀ ਕਾਰ ਵਿਚ ਆ ਜਾਂਦੀ। ਇਸ ਤਰ੍ਹਾਂ ਆਉਣ ਜਾਣ ਵਿਚ ਉਹਦੇ ਐਕਟਰਸ ਹੋਣ ਦਾ ਅਹਿਸਾਸ ਲਗਭਗ ਖ਼ਤਮ ਹੋ ਗਿਆ। ਉਹ ਕੁੜੀਆਂ ਨਾਲ ਇਸ ਤਰ੍ਹਾਂ ਮਿਲਦੀ, ਜਿਵੇਂ ਉਨ੍ਹਾਂ ਦੀ ਬਹੁਤ ਪੁਰਾਣੀ ਸਹੇਲੀ ਜਾਂ ਰਿਸ਼ਤੇਦਾਰ ਹੋਵੇ। ਉਹਦੇ ਜਾਣ ਮਗਰੋਂ ਤਿੰਨੇ ਭੈਣਾਂ ਆਪਸ ਵਿਚ ਗੱਲਾਂ ਕਰਦੀਆਂ ਕਿ ਨਰਗਿਸ ਐਕਟਰੈਸ ਲੱਗਦੀ ਈ ਨਹੀਂ।
ਇਸੇ ਦੌਰਾਨ ਤਿੰਨਾਂ ਭੈਣਾਂ ਨੇ ਉਹਦੀ ਇਕ ਨਵੀਂ ਫਿਲਮ ਵੇਖੀ, ਜਿਸ 'ਚ ਜ਼ਾਹਿਰ ਏ ਕਿ ਉਹ ਆਪਣੇ ਹੀਰੋ ਦੀ ਪ੍ਰੇਮਿਕਾ ਸੀ, ਜਿਹਦੇ ਨਾਲ ਉਹ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੀ ਸੀ। ਮੇਰੀ ਬੀਵੀ ਆਖਦੀ, "ਕਮਬਖ਼ਤ, ਉਹਦੇ ਹਿਜਰ 'ਚ ਕਿੰਨਾ ਤੜਫ ਰਹੀ ਸੀ।"
ਨਰਗਿਸ ਦੀ ਅਦਾਕਾਰੀ ਬਾਰੇ ਮੇਰਾ ਵਿਚਾਰ ਬਿਲਕੁਲ ਵੱਖਰਾ ਸੀ। ਉਹ ਭਾਵਨਾਵਾਂ ਅਤੇ ਅਹਿਸਾਸਾਂ ਦਾ ਸਹੀ ਚਿਤਰਨ ਨਹੀਂ ਸੀ ਕਰਦੀ। ਉਸ ਦੀਆਂ ਸ਼ੁਰੂ ਦੀਆਂ ਫਿਲਮਾਂ ਵਿਚੋਂ ਸਾਫ ਪਤਾ ਲੱਗ ਸਕਦਾ ਏ ਕਿ ਉਸ ਦੀ ਅਦਾਕਾਰੀ ਬਨਾਵਟ ਤੋਂ ਕੋਰੀ ਸੀ।
ਬਨਾਵਟ ਦਾ ਕਮਾਲ ਇਹ ਵੇ ਕਿ ਉਹ ਬਨਾਵਟ ਨਾ ਜਾਪੇ। ਨਰਗਿਸ ਦੀ ਬਨਾਵਟ ਤਜ਼ਰਬੇ ਤੋਂ ਸੱਖਣੀ ਸੀ, ਇਸ ਲਈ ਉਸ ਵਿਚ ਇਹ ਗੁਣ ਨਹੀਂ ਸੀ। ਇਹ ਸਿਰਫ ਉਸ ਦਾ ਖਲੂਸ ਸੀ। ਉਹ ਖਲੂਸ ਜਿਹੜਾ ਉਹਨੂੰ ਆਪਣੇ ਸ਼ੌਕ ਨਾਲ ਸੀ, ਜਿਸ ਕਰਕੇ ਉਹ ਆਪਣਾ ਕੰਮ ਨਿਭਾਅ ਲੈਂਦੀ ਸੀ। ਉਮਰ ਅਤੇ ਤਜ਼ਰਬੇ ਨਾਲ ਹੁਣ ਉਹਦੇ ਕੰਮ ਵਿਚ ਪੁਖ਼ਤਗੀ ਆ ਚੁੱਕੀ ਏ।
ਇਹ ਬਹੁਤ ਚੰਗਾ ਹੋਇਆ ਕਿ ਉਸ ਨੇ ਦਾ ਅਦਾਕਾਰੀ ਦੀਆਂ ਮੰਜ਼ਲਾਂ ਹੌਲੀ ਹੌਲੀ ਤੈਅ ਕੀਤੀਆਂ। ਜੇਕਰ ਉਹ ਇਕੋ ਛਾਲ ਵਿਚ ਆਖ਼ਰੀ ਮੰਜ਼ਲ 'ਤੇ ਪੁੱਜ ਜਾਂਦੀ ਤਾਂ ਫਿਲਮਾਂ ਵੇਖਣ ਵਾਲੇ ਸੂਝਵਾਨਾਂ ਨੂੰ ਬੜਾ ਦੁੱਖ ਹੁੰਦਾ।
ਨਰਗਿਸ ਅਜਿਹੇ ਘਰਾਣੇ ਵਿਚ ਪੈਦਾ ਹੋਈ ਸੀ ਕਿ ਅਖੀਰ ਉਹਨੇ ਐਕਟਰਸ ਬਣਨਾ ਈ ਸੀ। ਜੱਦਨ ਬਾਈ ਬੁੱਢੀ ਹੋ ਰਹੀ ਸੀ। ਉਸ ਦੇ ਦੋ ਪੁੱਤਰ ਸਨ। ਪਰ ਉਸ ਦਾ ਸਾਰਾ ਧਿਆਨ ਬੇਬੀ ਨਰਗਿਸ 'ਤੇ ਲੱਗਾ ਰਹਿੰਦਾ। ਉਸ ਦੀ ਸ਼ਕਲ ਆਮ ਜਿਹੀ ਸੀ। ਗਲੇ ਵਿਚ ਸੁਰ ਦੇ ਪੈਦਾ ਹੋਣ ਦੀ ਵੀ ਕੋਈ ਸੰਭਾਵਨਾ ਨਹੀਂ ਸੀ। ਜੱਦਨ ਬਾਈ ਜਾਣਦੀ ਸੀ ਕਿ ਸੁਰ ਉਧਾਰ ਲਿਆ ਜਾ ਸਕਦਾ ਏ ਅਤੇ ਸਾਧਾਰਣ ਸ਼ਕਲ ਸੂਰਤ ਨਾਲ ਵੀ ਦਿਲਕਸ਼ੀ ਪੈਦਾ ਕੀਤੀ ਜਾ ਸਕਦੀ ਏ। ਇਹੀ ਕਾਰਨ ਏ ਕਿ ਉਸ ਨੇ ਜਾਨ ਮਾਰ ਕੇ ਇਸ ਨੂੰ ਪਾਲਿਆ ਪੋਸਿਆ ਅਤੇ ਕੱਚ ਦੇ ਨਾਜ਼ੁਕ ਤੇ ਮਹੀਨ ਮਹੀਨ ਟੁਕੜੇ ਜੋੜ ਕੇ ਆਪਣਾ ਸੁਪਨਾ ਪੂਰਾ ਕੀਤਾ।
ਜੱਦਨ ਬਾਈ ਉਹਦੀ ਮਾਂ ਸੀ। ਮੋਹਨ ਬਾਬੂ ਸੀ। ਬੇਬੀ ਨਰਗਿਸ ਸੀ। ਉਸ ਦੇ ਦੋ ਭਰਾ ਸਨ।
ਇੰਨੇ ਵੱਡੇ ਟੱਬਰ ਦੀ ਸਾਰੀ ਜ਼ਿੰਮੇਵਾਰੀ ਜੱਦਨ ਬਾਈ ਉਤੇ ਸੀ। ਮੋਹਨ ਬਾਬੂ ਇਕ ਬਹੁਤ ਵੱਡਾ ਰਈਸਜ਼ਾਦਾ ਸੀ। ਉਹ ਜੱਦਨ ਬਾਈ ਦੇ ਗਾਉਣ 'ਤੇ ਅਜਿਹਾ ਮੋਹਤ ਹੋਇਆ ਕਿ ਦੀਨ ਦੁਨੀਆਂ ਦੀ ਹੋਸ਼ ਈ ਨਾ ਰਹੀ। ਖੂਬਸੂਰਤ ਸੀ। ਧਨ-ਦੌਲਤ ਦੀ ਕੋਈ ਘਾਟ ਨਹੀਂ ਸੀ। ਪੜ੍ਹਿਆ ਲਿਖਿਆ ਤੇ ਸਿਹਤਮੰਦ ਸੀ ਪਰ ਉਸ ਦੀਆਂ ਇਹ ਸਾਰੀਆਂ ਦੌਲਤਾਂ ਜੱਦਨ ਬਾਈ ਦੇ ਦਰ ਦੀਆਂ ਫ਼ਕੀਰ ਬਣ ਗਈਆਂ। ਉਨ੍ਹਾਂ ਦਿਨਾਂ 'ਚ ਜੱਦਨ ਬਾਈ ਦੇ ਨਾਂ ਦਾ ਡੰਕਾ ਵੱਜਦਾ ਸੀ। ਬੜੇ ਬੜੇ ਰਾਜੇ, ਨਵਾਬ ਉਸ ਦੇ ਮੁਜਰਿਆਂ 'ਤੇ ਸੋਨੇ ਚਾਂਦੀ ਦੀ ਵਰਖਾ ਕਰਦੇ ਸਨ। ਜਦੋਂ ਇਹ ਸਭ ਕੁਝ ਖ਼ਤਮ ਹੁੰਦਾ ਤਾਂ ਜੱਦਨ ਬਾਈ ਆਪਣੇ ਮੋਹਨ ਨੂੰ ਛਾਤੀ ਨਾਲ ਲਾ ਲੈਂਦੀ। ਉਹਦੇ ਮੋਹਨ ਕੋਲ ਉਹਦਾ ਦਿਲ ਸੀ। ਮੋਹਨ ਬਾਬੂ ਮਰਦੇ ਦਮ ਤੱਕ ਜੱਦਨ ਬਾਈ ਕੋਲ ਈ ਰਿਹਾ। ਉਹ ਉਸ ਦੀ ਬੜੀ ਇੱਜ਼ਤ ਕਰਦੀ ਸੀ। ਉਹਨੇ ਰਾਜਿਆਂ ਤੇ ਨਵਾਬਾਂ ਦੀ ਦੌਲਤ 'ਚੋਂ ਗਰੀਬਾਂ ਦੇ ਲਹੂ ਦੀ ਬੋਅ ਸੁੰਘ ਲਈ ਸੀ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਦਾ ਇਸ਼ਕ ਇਕ-ਪਾਸੜ ਨਹੀਂ ਸੀ। ਉਹ ਮੋਹਨ ਬਾਬੂ ਨਾਲ ਮੁਹੱਬਤ ਕਰਦੀ ਸੀ। ਉਹ ਉਹਦੇ ਬੱਚਿਆਂ ਦਾ ਬਾਪ ਸੀ।
ਮੈਂ ਗੱਲ ਨੂੰ ਕਿਧਰ ਦਾ ਕਿਧਰ ਲੈ ਗਿਆਂ। ਨਰਗਿਸ ਨੇ ਹਰ ਹਾਲਤ 'ਚ ਐਕਟਰਸ ਬਣਨਾ ਸੀ, ਸੋ ਉਹ ਬਣ ਗਈ। ਕਾਮਯਾਬੀ ਦੀ ਸਿਖ਼ਰ ਤੱਕ ਪਹੁੰਚਣ ਦਾ ਰਾਜ਼ ਜਿਥੋਂ ਤਾਈਂ ਮੈਂ ਸਮਝਦਾਂ ਉਸ ਦਾ ਸਾਫ ਹਿਰਦੇ ਵਾਲੀ ਹੋਣਾ ਏ, ਜਿਹੜਾ ਪੈਰ ਪੈਰ 'ਤੇ ਉਹਦੇ ਨਾਲ ਰਿਹਾ।
ਇਕ ਗੱਲ ਜਿਹੜੀ ਮੈਂ ਉਨ੍ਹਾਂ ਮੁਲਾਕਾਤਾਂ ਤੋਂ ਖਾਸ ਤੌਰ 'ਤੇ ਮਹਿਸੂਸ ਕੀਤੀ ਉਹ ਇਹ ਵੇ ਕਿ ਨਰਗਿਸ ਨੂੰ ਇਸ ਗੱਲ ਦਾ ਅਹਿਸਾਸ ਸੀ, ਜਿਨ੍ਹਾਂ ਕੁੜੀਆਂ ਨੂੰ ਉਹ ਮਿਲਦੀ ਏ, ਉਹ ਵੱਖਰੀ ਕਿਸਮ ਦੀ ਮਿੱਟੀ ਦੀਆਂ ਬਣੀਆਂ ਹੋਈਆਂ ਨੇ। ਉਹ ਉਨ੍ਹਾਂ ਕੋਲ ਆਉਂਦੀ ਸੀ, ਘੰਟਿਆਂ ਬੱਧੀ ਉਨ੍ਹਾਂ ਨਾਲ ਬੜੀਆਂ ਮਾਸੂਮ ਗੱਲਾਂ ਕਰਦੀ ਸੀ, ਪਰ ਉਹਨਾਂ ਨੂੰ ਆਪਣੇ ਘਰ ਬੁਲਾਉਣ 'ਚ ਇਕ ਖਾਸ ਕਿਸਮ ਦੀ ਝਿਜਕ ਮਹਿਸੂਸ ਕਰਦੀ ਸੀ। ਸ਼ਾਇਦ ਉਹਨੂੰ ਇਹ ਡਰ ਸੀ ਕਿ ਕਿਧਰੇ ਉਹ ਉਸਦੇ ਸੱਦੇ ਨੂੰ ਠੁਕਰਾ ਨਾ ਦੇਣ। ਉਹ ਕਹਿਣਗੀਆਂ ਕਿ ਉਹ ਉਸ ਦੇ ਘਰ ਕਿਸ ਤਰ੍ਹਾਂ ਜਾ ਸਕਦੀਆਂ ਨੇ।
ਇਕ ਦਿਨ ਮੈਂ ਘਰ ਈ ਸੀ ਕਿ ਉਸ ਨੇ ਸਰਸਰੀ ਤੌਰ 'ਤੇ ਆਪਣੀਆਂ ਸਹੇਲੀਆਂ ਨੂੰ ਕਿਹਾ, "ਹੁਣ ਕਦੀ ਤੁਸੀਂ ਵੀ ਮੇਰੇ ਘਰ ਆਉ।" ਇਹ ਸੁਣ ਕੇ ਤਿੰਨੋ ਭੈਣਾਂ ਨੇ ਇਕ ਦੂਜੀ ਵਲ ਹੋਰ ਈ ਤਰ੍ਹਾਂ ਵੇਖਿਆ। ਸ਼ਾਇਦ ਉਹ ਸੋਚ ਰਹੀਆਂ ਸਨ ਕਿ ਅਸੀਂ ਨਰਗਿਸ ਦਾ ਇਹ ਸੱਦਾ ਕਿਸ ਤਰ੍ਹਾਂ ਕਬੂਲ ਕਰ ਸਕਦੀਆਂ ਹਾਂ। ਪ੍ਰੰਤੂ ਮੇਰੀ ਬੀਵੀ ਮੇਰੇ ਵਿਚਾਰਾਂ ਨੂੰ ਜਾਣਦੀ ਸੀ, ਇਸ ਲਈ ਨਰਗਿਸ ਦੇ ਵਾਰ ਵਾਰ ਕਹਿਣ 'ਤੇ ਉਹਦਾ ਸੱਦਾ ਮੰਨ ਲਿਆ ਗਿਆ ਅਤੇ ਮੈਨੂੰ ਦਸੇ ਬਿਨਾ ਉਹਦੇ ਘਰ ਟੁਰ ਗਈਆਂ।
ਨਰਗਿਸ ਨੇ ਆਪਣੀ ਕਾਰ ਭੇਜ ਦਿੱਤੀ ਸੀ। ਜਦੋਂ ਉਹ ਬੰਬਈ ਦੀ ਬਹੁਤ ਖੂਬਸੂਰਤ ਥਾਂ ਮੈਰਿਨ ਡਰਾਈਵ 'ਤੇ ਪਹੁੰਚੀਆਂ, ਜਿਥੇ ਨਰਗਿਸ ਰਹਿੰਦੀ ਸੀ, ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਆਉਣ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਮੋਹਨ ਬਾਬੂ ਅਤੇ ਉਸ ਦੇ ਦੋ ਜਵਾਨ ਪੁੱਤਰਾਂ ਨੂੰ ਘਰ ਦੇ ਅੰਦਰ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਕਿਉਂਕਿ ਨਰਗਿਸ ਦੀਆਂ ਸਹੇਲੀਆਂ ਆ ਰਹੀਆਂ ਸਨ। ਮਰਦ ਨੌਕਰਾਂ ਨੂੰ ਵੀ ਉਸ ਕਮਰੇ 'ਚ ਆਉਣ ਦੀ ਆਗਿਆ ਨਹੀਂ ਸੀ, ਜਿਥੇ ਇਹਨਾਂ ਇੱਜ਼ਤਦਾਰ ਮਹਿਮਾਨਾਂ ਨੂੰ ਬਿਠਾਇਆ ਗਿਆ ਸੀ। ਜੱਦਨ ਬਾਈ ਥੋੜ੍ਹਾ ਚਿਰ ਰਸਮੀ ਤੌਰ 'ਤੇ ਇਨ੍ਹਾਂ ਕੋਲ ਬੈਠ ਕੇ ਅੰਦਰ ਚਲੀ ਗਈ। ਉਹਨਾਂ ਦੀਆਂ ਮਾਸੂਮ ਗੱਲਾਂ ਵਿਚ ਰੁਕਾਵਟ ਨਹੀਂ ਸੀ ਬਣਨਾ ਚਾਹੁੰਦੀ।
ਤਿੰਨਾਂ ਭੈਣਾਂ ਦਾ ਕਹਿਣਾ ਏ ਕਿ ਨਰਗਿਸ ਉਹਨਾਂ ਦੇ ਆਉਣ 'ਤੇ ਏਨੀ ਖੁਸ਼ ਸੀ ਕਿ ਵਾਰ ਵਾਰ ਘਬਰਾ ਜਿਹੀ ਜਾਂਦੀ ਸੀ। ਆਪਣੀਆਂ ਸਹੇਲੀਆਂ ਦੀ ਖਾਤਰਦਾਰੀ ਵਿਚ ਉਹਨੇ ਬੜੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਸੀ। ਉਥੇ ਕੋਲ ਹੀ ਡੇਅਰੀ ਸੀ। ਉਸ ਦੇ 'ਮਿਲਕ ਸ਼ੇਕ' ਬਹੁਤ ਮਸ਼ਹੂਰ ਸਨ। ਕਾਰ 'ਚ ਜਾ ਕੇ ਨਰਗਿਸ ਆਪ ਇਹ ਮਿਲਕ ਸ਼ੇਕ ਤਿਆਰ ਕਰਵਾ ਕੇ ਲਿਆਈ। ਉਹ ਇਹ ਕੰਮ ਨੌਕਰਾਂ ਕੋਲੋਂ ਨਹੀਂ ਕਰਵਾਉਣਾ ਚਾਹੁੰਦੀ ਸੀ, ਕਿਉਂਕਿ ਇਸ ਤਰ੍ਹਾਂ ਉਹਨਾਂ ਦੇ ਅੰਦਰ ਆਉਣ ਦੀ ਸੰਭਾਵਨਾ ਸੀ।
ਆਓ-ਭਗਤ ਦੇ ਇਸ ਜੋਸ਼ ਵਿਚ ਨਰਗਿਸ ਨੇ ਆਪਣੇ ਨਵੇਂ ਸੈੱਟ ਦਾ ਗਲਾਸ ਤੋੜ ਦਿੱਤਾ। ਮਹਿਮਾਨਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਤਾਂ ਨਰਗਿਸ ਨੇ ਕਿਹਾ, "ਕੋਈ ਗੱਲ ਨਹੀਂ। ਬੀਬੀ ਗੁੱਸੇ ਹੋਵੇਗੀ ਤਾਂ ਡੈਡੀ ਉਸ ਨੂੰ ਚੁੱਪ ਕਰਾ ਦੇਣਗੇ ਅਤੇ ਗੱਲ ਰਫ਼ਾ ਦਫ਼ਾ ਹੋ ਜਾਵੇਗੀ।"
ਮੋਹਨ ਬਾਬੂ ਨੂੰ ਨਰਗਿਸ ਨਾਲ ਅਤੇ ਨਰਗਿਸ ਨੂੰ ਮੋਹਨ ਬਾਬੂ ਨਾਲ ਬਹੁਤ ਮੋਹ ਸੀ।
'ਮਿਲਕ ਸ਼ੇਕ' ਪਿਲਾਉਣ ਤੋਂ ਮਗਰੋਂ ਨਰਗਿਸ ਨੇ ਮਹਿਮਾਨਾਂ ਨੂੰ ਆਪਣੀ ਐਲਬਮ ਦਿਖਾਈ, ਜਿਸ ਵਿਚ ਵੱਖ ਵੱਖ ਫਿਲਮਾਂ ਦੇ ਉਹਦੇ ਪੋਜ਼ ਸਨ। ਉਸ ਨਰਗਿਸ ਵਿਚ, ਜਿਹੜੀ ਉਹਨਾਂ ਨੂੰ ਇਹ ਫੋਟੋ ਦਿਖਾ ਰਹੀ ਸੀ ਅਤੇ ਉਹ ਨਰਗਿਸ ਜਿਹੜੀ ਉਹਨਾਂ ਤਸਵੀਰਾਂ ਵਿਚ ਮੌਜੂਦ ਸੀ, ਕਿੰਨਾ ਫਰਕ ਸੀ। ਤਿੰਨੇ ਭੈਣਾਂ ਕਦੀ ਉਸ ਵਲ ਵੇਖਦੀਆਂ ਅਤੇ ਕਦੀ ਐਲਬਮ ਵਲ। ਉਹ ਆਪਣੀ ਹੈਰਾਨੀ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੀਆਂ, "ਨਰਗਿਸ-ਤੂੰ ਇਹ ਨਰਗਿਸ ਕਿਸ ਤਰ੍ਹਾਂ ਬਣ ਜਾਂਦੀ ਏ?"
ਇਹ ਸੁਣ ਕੇ ਨਰਗਿਸ ਮੁਸਕਰਾ ਪੈਂਦੀ।
ਮੇਰੀ ਬੀਵੀ ਨੇ ਦੱਸਿਆ ਕਿ ਘਰ 'ਚ ਨਰਗਿਸ ਦੀ ਹਰ ਹਰਕਤ, ਹਰ ਅਦਾ ਵਿਚ ਅੱਲ੍ਹੜਪਣ ਸੀ। ਉਸ ਵਿਚ ਸ਼ੋਖੀ ਤੇ ਤਿੱਖਾਪਣ ਨਹੀਂ ਸੀ, ਜਿਹੜਾ ਪਰਦੇ ਉਤੇ ਨਜ਼ਰ ਆਉਂਦਾ ਏ। ਉਹ ਬਹੁਤ ਈ ਘਰੇਲੂ ਕਿਸਮ ਦੀ ਕੁੜੀ ਸੀ। ਮੈਂ ਆਪ ਵੀ ਇਹੋ ਮਹਿਸੂਸ ਕੀਤਾ ਸੀ, ਪਰ ਪਤਾ ਨਹੀਂ ਕਿਉਂ ਮੈਨੂੰ ਉਸ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ 'ਚੋਂ ਇਕ ਅਜੀਬ ਕਿਸਮ ਦੀ ਅਦਾ ਨਜ਼ਰ ਆਉਂਦੀ ਸੀ।
ਇਹ ਗੱਲ ਤੈਅ ਸੀ ਕਿ ਪ੍ਰਸਿੱਧੀ ਦੀ ਜਿਹੜੀ ਮੰਜ਼ਲ 'ਤੇ ਨਰਗਿਸ ਨੇ ਪਹੁੰਚਣਾ ਸੀ, ਉਹ ਬਹੁਤ ਦੂਰ ਨਹੀਂ ਸੀ। ਤਕਦੀਰ ਆਪਣਾ ਫੈਸਲਾ ਉਹਦੇ ਹੱਕ 'ਚ ਕਰ ਚੁੱਕੀ ਸੀ, ਪਰ ਫਿਰ ਵੀ ਉਹ ਉਦਾਸ ਕਿਉਂ ਸੀ? ਕੀ ਉਹ ਆਪਣੇ ਮਨ ਵਿਚ ਇਹ ਮਹਿਸੂਸ ਤਾਂ ਨਹੀਂ ਸੀ ਕਰ ਰਹੀ ਕਿ ਇਸ਼ਕ-ਮੁਹੱਬਤ ਦਾ ਇਹ ਬਨਾਵਟੀ ਖੇਲ ਖੇਡਦੀ ਹੋਈ ਇਕ ਦਿਨ ਉਹ ਕਿਸੇ ਅਜਿਹੇ ਰੇਗਿਸਤਾਨ ਵਿਚ ਨਿਕਲ ਜਾਵੇਗੀ, ਜਿਥੇ ਭੁਲੇਖੇ ਹੀ ਭੁਲੇਖੇ ਹੋਣਗੇ।
ਇੰਨੇ ਸਾਲ ਬੀਤ ਜਾਣ ਮਗਰੋਂ ਹੁਣ ਮੈਂ ਉਸ ਨੂੰ ਪਰਦੇ 'ਤੇ ਦੇਖਦਾ ਹਾਂ ਤਾਂ ਮੈਨੂੰ ਉਹਦੀ ਉਦਾਸੀ ਕੁਝ ਸੁਸਤ ਨਜ਼ਰ ਆਉਂਦੀ ਏ। ਪਹਿਲਾਂ ਉਸ ਵਿਚ ਇਕ ਤਲਾਸ਼ ਸੀ। ਹੁਣ ਇਹ ਤਲਾਸ਼ ਵੀ ਉਦਾਸ ਏ। ਕਿਉਂ? ਇਹਦਾ ਜਵਾਬ ਨਰਗਿਸ ਈ ਦੇ ਸਕਦੀ ਏ।
ਤਿੰਨੇ ਭੈਣਾਂ ਚੋਰੀ ਚੋਰੀ ਨਰਗਿਸ ਦੇ ਘਰ ਗਈਆਂ ਸਨ। ਇਸ ਲਈ ਉਹ ਬਹੁਤਾ ਚਿਰ ਉਥੇ ਨਾ ਰਹਿ ਸਕੀਆਂ। ਨਿੱਕੀਆਂ ਦੋਹਾਂ ਨੂੰ ਇਹ ਡਰ ਸੀ ਕਿ ਕਿਧਰੇ ਮੈਨੂੰ ਇਸ ਦਾ ਪਤਾ ਨਾ ਲੱਗ ਜਾਏ। ਇਸ ਲਈ ਉਹ ਛੇਤੀ ਘਰ ਆ ਗਈਆਂ।
ਨਰਗਿਸ ਬਾਰੇ ਉਹ ਜਦੋਂ ਵੀ ਗੱਲ ਕਰਦੀਆਂ ਘੁੰਮਾ ਫਿਰਾ ਕੇ ਉਸ ਦੇ ਵਿਆਹ ਦੀ ਗੱਲ 'ਤੇ ਆ ਜਾਂਦੀਆਂ। ਨਿੱਕੀਆਂ ਦੋਹਾਂ ਨੂੰ ਇਹ ਜਾਣਨ ਦੀ ਇੱਛਾ ਸੀ ਕਿ ਉਹ ਕਦੋਂ ਅਤੇ ਕਿਥੇ ਵਿਆਹ ਕਰੇਗੀ? ਵੱਡੀ ਜਿਸ ਦੇ ਵਿਆਹ ਨੂੰ ਪੰਜ ਸਾਲ ਹੋ ਚੁੱਕੇ ਸਨ, ਇਹ ਸੋਚਦੀ ਸੀ ਕਿ ਵਿਆਹ ਤੋਂ ਮਗਰੋਂ ਉਹ ਮਾਂ ਕਿਸ ਤਰ੍ਹਾਂ ਬਣੇਗੀ।
ਕੁਝ ਚਿਰ ਤੱਕ ਮੇਰੀ ਪਤਨੀ ਨੇ ਨਰਗਿਸ ਨਾਲ ਇਸ ਲੁਕਵੀਂ ਮੁਲਾਕਾਤ ਦਾ ਹਾਲ ਛੁਪਾਈ ਰੱਖਿਆ। ਆਖਰ ਇਕ ਦਿਨ ਦੱਸ ਦਿੱਤਾ। ਮੈਂ ਬਨਾਉਟੀ ਗੁੱਸੇ ਦਾ ਇਜ਼ਹਾਰ ਕੀਤਾ ਤਾਂ ਉਸ ਨੇ ਸੱਚੀ-ਮੁੱਚੀ ਦਾ ਸਮਝ ਕੇ ਖਿਮਾਂ ਮੰਗੀ ਅਤੇ ਕਿਹਾ, "ਸੱਚੀਂ, ਸਾਡੇ ਕੋਲੋਂ ਗਲਤੀ ਹੋ ਗਈ, ਪਰ ਰੱਬ ਦਾ ਵਾਸਤਾ ਜੇ ਹੁਣ ਤੁਸੀਂ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਿਆ ਜੇ।"
ਉਹ ਚਾਹੁੰਦੀ ਸੀ ਕਿ ਇਹ ਗੱਲ ਮੇਰੇ ਤੱਕ ਹੀ ਸੀਮਤ ਰਹੇ। ਇਕ ਐਕਟਰਸ ਦੇ ਘਰ ਜਾਣਾ ਤਿੰਨਾਂ ਭੈਣਾਂ ਵਾਸਤੇ ਇਕ ਦੋਸ਼ ਵਾਲੀ ਘਟਨਾ ਸੀ। ਉਹ ਆਪਣੀ ਇਸ 'ਹਰਕਤ' ਨੂੰ ਛੁਪਾਉਣਾ ਚਾਹੁੰਦੀਆਂ ਸਨ। ਜਿਥੋਂ ਤੱਕ ਮੈਨੂੰ ਪਤਾ ਏ ਕਿ ਉਹਨਾਂ ਇਸ ਗੱਲ ਦਾ ਜ਼ਿਕਰ ਆਪਣੀ ਮਾਂ ਨਾਲ ਵੀ ਨਹੀਂ ਸੀ ਕੀਤਾ, ਭਾਵੇਂ ਉਹ ਪੁਰਾਣੇ ਖਿਆਲਾਂ ਦੀ ਨਹੀਂ ਸੀ। ਇਸ ਲੇਖ ਦੇ ਸ਼ੁਰੂ ਵਿਚ ਮੈਂ ਇਕ ਖਤ ਦਾ ਕੁਝ ਹਿੱਸਾ ਨਕਲ ਕੀਤਾ ਏ, ਜਿਹੜਾ ਮੈਨੂੰ ਤਸਨੀਮ ਸਲੀਮ ਨੇ ਲਿਖਿਆ ਸੀ, ਜਿਸ ਤੋਂ ਸਾਰੀ ਗੱਲ ਤੁਰੀ ਸੀ।
ਮੈਨੂੰ ਨਰਗਿਸ ਦੇ ਘਰ ਜਾ ਕੇ ਮਿਲਣ ਦੀ ਖਾਹਿਸ਼ ਸੀ। ਇਸ ਲਈ ਮੈਂ ਕੰਮ 'ਚ ਰੁੱਝਾ ਹੋਣ ਦੇ ਬਾਵਜੂਦ ਸਲੀਮ ਅਤੇ ਉਸ ਦੇ ਸਾਥੀਆਂ ਨੂੰ ਨਾਲ ਲੈ ਕੇ ਮੈਰਿਨ ਡਰਾਈਵ ਵਲ ਤੁਰ ਪਿਆ।
ਚਾਹੀਦਾ ਤਾਂ ਇਹ ਸੀ ਕਿ ਮੈਂ ਫੋਨ ਕਰਕੇ ਜੱਦਨ ਬਾਈ ਨੂੰ ਇਹਦੇ ਬਾਰੇ ਦੱਸਦਾ, ਪਰ ਮੈਂ ਆਮ ਜ਼ਿੰਦਗੀ ਵਿਚ ਅਜਿਹੇ ਉਚੇਚ ਦਾ ਕਾਇਲ ਨਹੀਂ, ਇਸ ਲਈ ਬਿਨਾ ਖ਼ਬਰ ਕੀਤੇ ਹੀ ਉਥੇ ਪਹੁੰਚ ਗਿਆ। ਜੱਦਨ ਬਾਈ ਵਰਾਂਡੇ 'ਚ ਬੈਠੀ ਸੁਪਾਰੀ ਕੁਤਰ ਰਹੀ ਸੀ। ਮੈਨੂੰ ਵੇਖ ਕੇ ਉੱਚੀ ਸਾਰੀ ਕਿਹਾ, "ਓ ਮੰਟੋ...ਆ ਬਈ ਆ।" ਫਿਰ ਨਰਗਿਸ ਨੂੰ 'ਵਾਜ ਮਾਰੀ, "ਬੇਬੀ, ਤੇਰੀਆਂ ਸਹੇਲੀਆਂ ਆਈਆਂ ਨੇ।"
ਮੈਂ ਉਹਦੇ ਨੇੜੇ ਹੋ ਕੇ ਉਹਨੂੰ ਦੱਸਿਆ ਕਿ ਮੇਰੇ ਨਾਲ ਸਹੇਲੀਆਂ ਨਹੀਂ, ਸਹੇਲੇ ਨੇ। ਜਦੋਂ ਮੈਂ ਨਵਾਬ ਛਤਾਰੀ ਦੇ ਦਾਮਾਦ ਦਾ ਜ਼ਿਕਰ ਕੀਤਾ ਤਾਂ ਉਹਦਾ ਲਹਿਜ਼ਾ ਬਦਲ ਗਿਆ, "ਬੁਲਾ ਲੈ ਉਨ੍ਹਾਂ ਨੂੰ।" ਨਰਗਿਸ ਦੌੜੀ ਦੌੜੀ ਆਈ ਤਾਂ ਉਸ ਕਿਹਾ, "ਤੂੰ ਅੰਦਰ ਜਾ ਬੇਬੀ। ਮੰਟੋ ਸਾਹਿਬ ਦੇ ਦੋਸਤ ਆਏ ਨੇ।"
ਜੱਦਨ ਬਾਈ ਨੇ ਮੇਰੇ ਦੋਸਤਾਂ ਦਾ ਸਵਾਗਤ ਕੁਝ ਇਸ ਤਰ੍ਹਾਂ ਕੀਤਾ, ਜਿਵੇਂ ਉਹ ਮਕਾਨ ਵੇਖਣ ਅਤੇ ਪਸੰਦ ਕਰਨ ਆਏ ਹੋਣ। ਮੇਰੇ ਨਾਲ ਜਿਹੜੀ ਖਾਸ ਬੇਤਕੁੱਲਫੀ ਸੀ, ਉਹ ਗਾਇਬ ਹੋ ਗਈ। 'ਬੈਠੋ' - 'ਤਸ਼ਰੀਫ਼ ਰੱਖੀਏ' ਵਿਚ ਬਦਲ ਗਈ। ਕੀ ਪੀਓਗੇ? 'ਤੂੰ' ਤੁਸੀਂ ਹੋ ਗਿਆ। ਮੈਂ ਆਪਣੇ ਆਪ ਨੂੰ ਉੱਲੂ ਬਣਿਆ ਮਹਿਸੂਸ ਕੀਤਾ।
ਮੈਂ ਆਪਣਾ ਅਤੇ ਆਪਣੇ ਦੋਸਤਾਂ ਦੇ ਆਉਣ ਦਾ ਕਾਰਨ ਦੱਸਿਆ ਤਾਂ ਜੱਦਨ ਬਾਈ ਨੇ ਬਨਾਉਟੀ ਅੰਦਾਜ਼ ਵਿਚ ਮੇਰੇ ਵਲ ਨਿਗ੍ਹਾ ਕਰਕੇ ਮੇਰੇ ਸਾਥੀਆਂ ਨੂੰ ਕਿਹਾ, "ਬੇਬੀ ਨੂੰ ਮਿਲਣਾ ਚਾਹੁੰਦੇ ਹੋ...ਕੀ ਦੱਸਾਂ, ਕਈ ਦਿਨਾਂ ਤੋਂ ਵਿਚਾਰੀ ਦੀ ਤਬੀਅਤ ਠੀਕ ਨਹੀਂ। ਦਿਨ ਰਾਤ ਦੀ ਸ਼ੂਟਿੰਗ ਨੇ ਉਹਨੂੰ ਸੁਸਤ ਕਰ ਦਿੱਤਾ ਏ। ਬਹੁਤ ਰੋਕਦੀ ਹਾਂ ਕਿ ਇਕ ਦਿਨ ਆਰਾਮ ਕਰ ਲੈ, ਪਰ ਮੇਰੀ ਗੱਲ ਸੁਣਦੀ ਈ ਨਹੀਂ। ਮਹਿਬੂਬ ਨੇ ਵੀ ਕਿਹਾ ਕਿ ਬੇਟਾ ਕੋਈ ਹਰਜ਼ ਨਹੀਂ ਤੂੰ ਰੈਸਟ ਕਰ ਲੈ, ਮੈਂ ਸ਼ੂਟਿੰਗ ਬੰਦ ਕਰ ਦਿੰਦਾ ਹਾਂ, ਪਰ ਨਹੀਂ ਮੰਨੀ... ਅੱਜ ਮੈਂ ਜ਼ਬਰਦਸਤੀ ਰੋਕ ਲਿਆ... ਜ਼ੁਕਾਮ ਨਾਲ ਵਿਚਾਰੀ ਦਾ ਬੁਰਾ ਹਾਲ ਏ।" ਇਹ ਸੁਣ ਕੇ ਮੇਰੇ ਦੋਸਤਾਂ ਨੂੰ ਨਿਰਾਸ਼ਾ ਹੋਈ। ਜੱਦਨ ਬਾਈ ਏਧਰ-ਉਧਰ ਦੀਆਂ ਗੱਲਾਂ ਕਰੀ ਜਾਂਦੀ ਸੀ। ਮੈਨੂੰ ਪਤਾ ਸੀ ਕਿ ਨਰਗਿਸ ਦੀ ਬਿਮਾਰੀ ਦਾ ਤਾਂ ਇਕ ਬਹਾਨਾ ਈ ਸੀ।
ਮੈਂ ਜੱਦਨ ਬਾਈ ਨੂੰ ਕਿਹਾ, "ਬੇਬੀ ਨੂੰ ਤਕਲੀਫ ਤਾਂ ਹੋਵੇਗੀ, ਪਰ ਇਹ ਇੰਨੀ ਦੂਰੋਂ ਆਏ ਨੇ, ਜ਼ਰਾ ਬੁਲਾ ਦਿਓ।" ਤਿੰਨ ਚਾਰ ਵਾਰੀ ਅੰਦਰ ਅਖਵਾਇਆ ਤਾਂ ਜਾ ਕੇ ਨਰਗਿਸ ਆਈ। ਸਾਰਿਆਂ ਨੇ ਉੱਠ ਕੇ ਆਦਰ ਨਾਲ ਉਹਨੂੰ ਸਲਾਮ ਕੀਤਾ। ਮੈਂ ਬੈਠਾ ਰਿਹਾ। ਨਰਗਿਸ ਦੇ ਆਉਣ ਦਾ ਅੰਦਾਜ਼ ਫਿਲਮੀ ਸੀ। ਸਲਾਮ ਦਾ ਜਵਾਬ ਦੇਣਾ ਵੀ ਫਿਲਮੀ ਸੀ। ਉਹਦਾ ਉੱਠਣਾ ਬੈਠਣਾ ਫਿਲਮੀ ਸੀ। ਉਹਦੀ ਗੱਲਬਾਤ ਦਾ ਲਹਿਜ਼ਾ ਵੀ ਫਿਲਮੀ ਸੀ, ਜਿਵੇਂ ਸੈੱਟ 'ਤੇ ਬੋਲ ਰਹੀ ਹੋਵੇ।
ਮੇਰੇ ਸਾਥੀਆਂ ਦੇ ਸਵਾਲ ਜਵਾਬ ਵੀ ਨਵਾਬੀ ਕਿਸਮ ਦੇ ਊਟ-ਪਟਾਂਗ ਸੀ। "ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ।" "ਹਾਂ ਜੀ, ਅੱਜ ਹੀ ਬੰਬਈ ਪਹੁੰਚੇ ਹਾਂ।" "ਕੱਲ੍ਹ ਪਰਸੋਂ ਵਾਪਸ ਚਲੇ ਜਾਵਾਂਗੇ।" "ਖੁਦਾ ਦੀ ਮਿਹਰ ਨਾਲ ਇਸ ਵੇਲੇ ਤੁਸੀਂ ਹਿੰਦੋਸਤਾਨ ਦੀ ਚੋਟੀ ਦੀ ਐਕਟਰਸ ਹੋ।" "ਤੁਹਾਡੀ ਹਰ ਫਿਲਮ ਦਾ ਅਸੀਂ ਪਹਿਲਾ ਸ਼ੋਅ ਵੇਖਿਆ ਏ।" "ਇਹ ਤਸਵੀਰ ਜਿਹੜੀ ਤੁਸੀਂ ਦਿੱਤੀ ਏ, ਇਹ ਮੈਂ ਆਪਣੀ ਐਲਬਮ ਵਿਚ ਲਗਾਵਾਂਗਾ।" ਇਸ ਦੌਰਾਨ ਮੋਹਨ ਬਾਬੂ ਵੀ ਆ ਗਏ, ਪਰ ਉਹ ਚੁੱਪ ਬੈਠੇ ਰਹੇ। ਆਪਣੀਆਂ ਖੂਬਸੂਰਤ ਅੱਖਾਂ ਘੁੰਮਾ ਕੇ ਕਦੀ ਕਦੀ ਸਾਨੂੰ ਸਾਰਿਆਂ ਨੂੰ ਵੇਖ ਲੈਂਦੇ ਅਤੇ ਫਿਰ ਰੱਬ ਜਾਣੇ ਕਿਹੜੀ ਸੋਚ 'ਚ ਡੁੱਬ ਜਾਂਦੇ। ਸਭ ਤੋਂ ਜ਼ਿਆਦਾ ਗੱਲਾਂ ਜੱਦਨ ਬਾਈ ਨੇ ਕੀਤੀਆਂ। ਉਸ ਨੇ ਮੁਲਾਕਾਤੀਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਹਿੰਦੋਸਤਾਨ ਦੇ ਹਰੇਕ ਰਾਜੇ, ਹਰੇਕ ਨਵਾਬ ਨੂੰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਜਾਣਦੀ ਏ। ਇਹ ਮੁਲਾਕਾਤ ਬੜੀ ਫਿਕੀ ਰਹੀ। ਮੇਰੇ ਸਾਥੀ ਮੇਰੀ ਮੌਜੂਦਗੀ ਵਿਚ ਖੁੱਲ੍ਹ ਕੇ ਮੂਰਖਾਂ ਵਰਗੀਆਂ ਗੱਲਾਂ ਨਹੀਂ ਕਰ ਸਕੇ ਸਨ। ਮੈਂ ਵੀ ਉਹਨਾਂ ਦੀ ਮੌਜੂਦਗੀ ਕਰਕੇ ਘੁਟਨ ਜਿਹੀ ਮਹਿਸੂਸ ਕਰਦਾ ਰਿਹਾ। ਪਰ ਨਰਗਿਸ ਦਾ ਦੂਜਾ ਰੂਪ ਵੇਖਣਾ ਵੀ ਦਿਲਚਸਪ ਸੀ। ਸਲੀਮ ਆਪਣੇ ਦੋਸਤਾਂ ਨਾਲ ਦੂਜੇ ਦਿਨ ਫਿਰ ਨਰਗਿਸ ਦੇ ਘਰ ਗਿਆ। ਉਹਨਾਂ ਨੇ ਇਸ ਬਾਰੇ ਮੈਨੂੰ ਨਾ ਦੱਸਿਆ। ਮੇਰਾ ਖਿਆਲ ਏ ਕਿ ਇਸ ਮੁਲਾਕਾਤ ਦਾ ਰੰਗ ਕੁਝ ਹੋਰ ਈ ਹੋਵੇਗਾ।
ਨਰਗਿਸ ਦਾ ਇਕ ਹੋਰ ਦਿਲਚਸਪ ਅੰਦਾਜ਼ ਮੈਂ ਉਸ ਵੇਲੇ ਵੇਖਿਆ, ਜਦੋਂ ਅਸ਼ੋਕ ਕੁਮਾਰ ਮੇਰੇ ਨਾਲ ਸੀ। ਜੱਦਨ ਬਾਈ ਕੋਈ ਫਿਲਮ ਬਣਾਉਣ ਦਾ ਵਿਚਾਰ ਬਣਾ ਰਹੀ ਸੀ। ਉਸ ਦੀ ਇੱਛਾ ਸੀ ਕਿ ਅਸ਼ੋਕ ਕੁਮਾਰ ਉਹਦਾ ਹੀਰੋ ਹੋਵੇ। ਅਸ਼ੋਕ ਕੁਮਾਰ ਇਕੱਲਾ ਜਾਣ ਤੋਂ ਘਬਰਾਉਂਦਾ ਸੀ, ਇਸ ਲਈ ਉਹ ਮੈਨੂੰ ਨਾਲ ਲੈ ਗਿਆ।
ਗੱਲਬਾਤ ਦੌਰਾਨ ਕਈ ਨੁਕਤੇ ਉਭਰੇ। ਕਾਰੋਬਾਰੀ ਨੁਕਤੇ, ਦੋਸਤਾਨਾ ਨੁਕਤੇ, ਖੁਸ਼ਾਮਦੀ ਨੁਕਤੇ। ਜੱਦਨ ਬਾਈ ਦਾ ਅੰਦਾਜ਼ ਕਦੀ ਬਜ਼ੁਰਗਾਂ ਵਰਗਾ ਹੁੰਦਾ, ਕਦੀ ਹਮ-ਉਮਰ ਵਾਲਾ। ਉਹ ਕਦੀ ਪ੍ਰੋਡਿਊਸਰ ਬਣ ਜਾਂਦੀ, ਕਦੀ ਨਰਗਿਸ ਦੀ ਮਾਂ। ਮੋਹਨ ਬਾਬੂ ਤੋਂ ਕਦੀ ਕਦੀ ਹਾਂ 'ਚ ਹਾਂ ਮਿਲ ਜਾਂਦੀ।
ਲੱਖਾਂ ਰੁਪਈਆਂ ਦਾ ਜ਼ਿਕਰ ਆਇਆ। ਸਭ ਦਾ ਹਿਸਾਬ ਉਂਗਲਾਂ 'ਤੇ ਗਿਣਾਇਆ ਗਿਆ। ਨਰਗਿਸ ਦਾ ਅੰਦਾਜ਼ ਇਹ ਸੀ ਕਿ ਵੇਖ ਅਸ਼ੋਕ, ਮੈਂ ਮੰਨਦੀ ਹਾਂ ਕਿ ਤੂੰ ਇਕ ਹੰਢਿਆ ਹੋਇਆ ਐਕਟਰ ਏਂ, ਤੇਰੀ ਧਾਂਕ ਬੈਠੀ ਹੋਈ ਏ, ਪਰ ਮੈਂ ਵੀ ਕਿਸੇ ਤਰ੍ਹਾਂ ਘੱਟ ਨਹੀਂ। ਤੂੰ ਮੰਨ ਜਾਏਂਗਾ ਕਿ ਅਦਾਕਾਰੀ 'ਚ ਮੈਂ ਤੇਰਾ ਮੁਕਾਬਲਾ ਕਰ ਸਕਦੀ ਹਾਂ। ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਇਸੇ ਨੁਕਤੇ 'ਤੇ ਖੜ੍ਹੀਆਂ ਸਨ। ਇਸ ਤੋਂ ਛੁੱਟ ਕਦੀ ਕਦੀ ਉਸ ਦੇ ਅੰਦਰ ਔਰਤ ਵੀ ਜਾਗ ਪੈਂਦੀ ਸੀ। ਉਸ ਵੇਲੇ ਉਹ ਅਸ਼ੋਕ ਨੂੰ ਇਹ ਕਹਿੰਦੀ, "ਤੇਰੇ 'ਤੇ ਹਜ਼ਾਰਾਂ ਕੁੜੀਆਂ ਮਰਦੀਆਂ ਨੇ, ਪਰ ਮੈਂ ਇਸ ਨੂੰ ਕੀ ਸਮਝਦੀ ਹਾਂ। ਮੇਰੇ ਵੀ ਹਜ਼ਾਰਾਂ ਚਾਹਣ ਵਾਲੇ ਮੌਜੂਦ ਨੇ। ਜੇਕਰ ਯਕੀਨ ਨਹੀਂ ਤਾਂ ਕਿਸੇ ਮਰਦ ਤੋਂ ਪੁੱਛ ਲਓ। ਹੋ ਸਕਦਾ ਏ ਤੂੰ ਈ ਮੇਰੇ 'ਤੇ ਮਰਨਾ ਸ਼ੁਰੂ ਕਰ ਦੇਵੇਂ।"
ਜੱਦਨ ਬਾਈ ਵਿਚਲਾ ਰਾਹ ਲੱਭਦੀ ਤੇ ਕਹਿੰਦੀ ਕਿ ਨਹੀਂ ਅਸ਼ੋਕ ਤੇਰੇ ਅਤੇ ਬੇਬੀ ਦੋਹਾਂ 'ਤੇ ਦੁਨੀਆਂ ਮਰਦੀ ਏ। ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਹਾਨੂੰ ਦੋਹਾਂ ਨੂੰ ਇਕੱਠਿਆਂ ਪੇਸ਼ ਕਰਾਂ ਤਾਂ ਕਿ ਇਕ ਕਤਲੇਆਮ ਹੋਵੇ ਅਤੇ ਅਸੀਂ ਸਭ ਉਸ ਦਾ ਲਾਭ ਉਠਾਈਏ।
ਕਦੀ ਉਹ ਇਕ ਹੋਰ ਅੰਦਾਜ਼ ਵਿਚ ਬੋਲਦੀ ਅਤੇ ਮੈਨੂੰ ਕਹਿੰਦੀ, "ਮੰਟੋ, ਅਸ਼ੋਕ ਇੰਨਾ ਵੱਡਾ ਐਕਟਰ ਬਣ ਗਿਆ ਏ, ਪਰ ਸਹੁੰ ਰੱਬ ਦੀ ਇਹ ਬਹੁਤ ਹੀ ਨੇਕ ਬੰਦਾ ਏ। ਬੜਾ ਘੱਟ ਬੋਲਦਾ ਏ, ਬਹੁਤ ਈ ਸ਼ਰਮਾਕਲ ਏ। ਮੈਂ ਜਿਹੜੀ ਫਿਲਮ ਸ਼ੁਰੂ ਕਰ ਰਹੀ ਹਾਂ, ਉਸ 'ਚ ਅਸ਼ੋਕ ਲਈ ਖਾਸ ਤੌਰ 'ਤੇ ਕਰੈਕਟਰ ਲਿਖਵਾਇਆ ਏ। ਤੂੰ ਸੁਣੇਗਾ ਤਾਂ ਖੁਸ਼ ਹੋ ਜਾਏਂਗਾ।"
ਮੈਂ ਇਹ ਕਰੈਕਟਰ ਸੁਣੇ ਬਿਨਾ ਈ ਖੁਸ਼ ਸੀ, ਕਿਉਂਕਿ ਜੱਦਨ ਬਾਈ ਦਾ ਆਪਣਾ ਕਰੈਕਟਰ ਬੜਾ ਰੌਚਕ ਸੀ ਅਤੇ ਨਰਗਿਸ ਜਿਹੜਾ ਰੋਲ ਅਦਾ ਕਰ ਰਹੀ ਸੀ, ਉਹ ਤਾਂ ਹੋਰ ਵੀ ਦਿਲਚਸਪ ਸੀ। ਗੱਲਾਂ ਗੱਲਾਂ ਵਿਚ ਸੁਰੱਈਆ ਦਾ ਜ਼ਿਕਰ ਆਇਆ ਤਾਂ ਜੱਦਨ ਬਾਈ ਨੱਕ ਚਾੜ੍ਹ ਕੇ ਉਹਦੇ ਸਾਰੇ ਖਾਨਦਾਨ ਦੀਆਂ ਬੁਰਾਈਆਂ ਦੱਸਣ ਲੱਗੀ। ਪਈ ਅਖੇ ਸੁਰੱਈਆ ਦਾ ਗਲਾ ਖਰਾਬ ਏ, ਬੇਸੁਰੀ ਏ। ਦੰਦ ਬੜੇ ਕੋਝੇ ਨੇ। ਓਧਰ ਸੁਰੱਈਆ ਦੇ ਜਾਓ ਤਾਂ ਸੁਰੱਈਆ ਦੀ ਨਾਨੀ, ਜਿਹੜੀ ਅਸਲ 'ਚ ਉਹਦੀ ਮਾਸੀ ਏ, ਹੁੱਕੇ ਦੇ ਧੂੰਏਂ ਦੇ ਬੱਦਲ ਉਡਾ ਉਡਾ ਕੇ ਦੋਹਾਂ ਮਾਵਾਂ-ਧੀਆਂ ਨੂੰ ਰੱਜ ਕੇ ਬੁਰਾ ਭਲਾ ਕਹਿੰਦੀ ਏ। ਨਰਗਿਸ ਦਾ ਜ਼ਿਕਰ ਜਦ ਆਉਂਦੈ ਤਾਂ ਉਹ ਭੈੜਾ ਜਿਹਾ ਮੂੰਹ ਬਣਾ ਕੇ ਮਰਾਸਣਾਂ ਦੇ ਅੰਦਾਜ਼ 'ਚ ਆਖਦੀ ਏ, "ਮੂੰਹ ਵੇਖੋ ਜਿਸ ਤਰ੍ਹਾਂ ਗਲਿਆ ਹੋਇਆ ਪਪੀਤਾ ਹੁੰਦਾ ਏ।"
ਮੋਹਨ ਬਾਬੂ ਦੀਆਂ ਖੂਬਸੂਰਤ ਅਤੇ ਵੱਡੀਆਂ ਵੱਡੀਆਂ ਅੱਖਾਂ ਸਦਾ ਲਈ ਬੰਦ ਹੋ ਚੁੱਕੀਆਂ ਨੇ। ਜੱਦਨ ਬਾਈ ਆਪਣੇ ਦਿਲ ਦੀਆਂ ਬਾਕੀ ਹਸਰਤਾਂ ਅਤੇ ਖਾਹਸ਼ਾਂ ਸਮੇਤ ਮਣਾਂ-ਮੂੰਹੀਂ ਮਿੱਟੀ ਹੇਠਾਂ ਦਫਨ ਏ। ਉਸ ਦੀ ਬੇਬੀ ਨਰਗਿਸ ਦਿਖਾਵੇ ਅਤੇ ਬਨਾਵਟ ਦੀ ਉਪਰਲੀ ਟੀਸੀ 'ਤੇ ਚੜ੍ਹ ਕੇ ਪਤਾ ਨਹੀਂ ਹੋਰ ਉਪਰ ਵੇਖ ਰਹੀ ਏ ਜਾਂ ਉਸ ਦੀਆਂ ਉਦਾਸ ਅੱਖਾਂ ਹੇਠਾਂ ਨੂੰ ਵੇਖ ਰਹੀਆਂ ਨੇ।
(ਅਨੁਵਾਦ: ਓਮ ਪ੍ਰਕਾਸ਼ ਪਨਾਹਗੀਰ)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ