Naseehat (Punjabi Story) : Omkar Sood Bahona
ਨਸੀਹਤ (ਕਹਾਣੀ) : ਓਮਕਾਰ ਸੂਦ ਬਹੋਨਾ
"ਤੂੰ ਰੋਜ਼ ਹੀ ਲੇਟ ਆਉਨੈਂ, ਰੋਜ਼ ਹੀ ਕੁੱਟ ਖਾਨੈ………ਤੂੰ ਸਕੂਲ ਵਕਤ ਨਾਲ ਆਇਆ ਕਰ
ਖਾਂ!" ਰਾਣੋ ਨੇ ਮੈਨੂੰ ਕਿਹਾ, ਕਿਉਂਕਿ ਮੇਰੇ ਸਕੂਲ ਦੇਰ ਨਾਲ ਜਾਣ ਕਰਕੇ ਹਰ ਰੋਜ਼ ਹੀ ਕੁਟਾਪਾ ਚੜ੍ਹਦਾ
ਸੀ । ਮੈਨੂੰ ਕਦੇ ਆਪਣੇ-ਆਪ 'ਤੇ ਤਰਸ ਨਹੀਂ ਸੀ ਆਇਆ । ਪਰ ਅੱਜ ਇਸ ਦੇ ਉਲਟ ਰਾਣੋ ਮੇਰੇ ਪ੍ਰਤੀ ਹਮਦਰਦੀ
ਜਿਤਾ ਰਹੀ ਸੀ । ਇਹ ਇੱਕ ਅਲੋਕਾਰ ਗੱਲ ਸੀ । ਰਾਣੋ ਮੇਰੇ ਨਾਲ ਹੀ ਤੀਜੀ ਜਮਾਤ ਵਿੱਚ ਪੜ੍ਹਦੀ ਸੀ । ਜਦੋਂ ਮੇਰੇ ਮਾਸਟਰ ਜੀ ਤੋਂ
ਪਸ਼ੂਆਂ ਵਾਂਗ ਕੁੱਟ ਪੈਂਦੀ ਤਾਂ ਸ਼ਾਇਦ ਕੋਮਲ ਭਾਵੀ ਰਾਣੋ ਤੋਂ ਸਹਿਣ ਨਹੀਂ ਹੁੰਦੀ ਹੋਣੀ । ਰਾਣੋ ਨੂੰ ਮੇਰੇ
'ਤੇ ਤਰਸ ਆ ਜਾਂਦਾ ਸੀ, ਤਾਂ ਹੀ ਰਾਣੋ ਮੇਰੇ 'ਤੇ ਪੂਰੀ ਦੀ ਪੂਰੀ ਮਿਹਰਵਾਨ ਸੀ । ਪਰ ਹੁਣ ਮੈਂ ਰਾਣੋ ਦੀ ਗੱਲ ਦਾ
ਕੋਈ ਜਵਾਬ ਨਹੀਂ ਸੀ ਦਿੱਤਾ । ਸਗੋਂ ਢੀਠਾਂ ਵਾਂਗ ਨੀਵੀਂ ਪਾਈ ਉਵੇਂ ਹੀ ਖੜ੍ਹਾ ਸਾਂ ਜਿਵੇਂ ਪੱਥਰ ਦਾ ਬੁੱਤ
ਹੋਵਾਂ ਤੇ ਰਾਣੋ ਦੀ ਨਸੀਹਤ ਜਾਰੀ ਸੀ, " ਮੈਂ ਰੋਜ਼ ਸੁਵੱਖਤੇ ਉੱਠ ਕੇ, ਨਹਾ ਕੇ ਸਕੂਲ ਆਉਂਦੀ ਹਾਂ । ਨਾਲੇ
ਸੁਵੱਖਤੇ ਉੱਠਣ ਨਾਲ ਸਕੂਲ ਦਾ ਕੰਮ ਮੁਕਾ ਲਈਦੈ । ਪਾਠ ਯਾਦ ਕਰ ਲਈਦੈ । ਸਵੇਰ ਵੇਲੇ ਦਾ ਪਾਠ ਯਾਦ ਕੀਤਾ ਪੱਕੀ
ਤਰ੍ਹਾਂ ਯਾਦ ਹੋ ਜਾਂਦਾ ਹੈ,ਕਦੇ ਭੁਲਦਾ ਨਹੀਂ!" ਰਾਣੋ ਬੋਲਦੀ ਜਾ ਰਹੀ ਸੀ ਤੇ ਮੈਂ ਡੁੰਨ-ਘਸੁੰਨ ਬਣਿਆ ਬੈਠਾ
ਆਪਣੇ ਬਾਰੇ ਸੋਚ ਰਿਹਾ ਸਾਂ । ਇੱਕ ਦਿਨ ਨਹੀਂ ਸਗੋਂ ਰੋਜ਼ ਹੀ ਬੀਬੀ ਅਵਾਜ਼ਾਂ ਮਾਰ-ਮਾਰ ਥੱਕ ਜਾਂਦੀ ਸੀ, 'ਵੇ
ਤੈਨੂੰ ਕੁਵੇਲਾ ਹੁੰਦੈ, ਸਕੂਲ ਕਦੋਂ ਜਾਣੈ ? ਉੱਠ ਪੌ ਦਿਨ ਚੜ੍ਹ ਆਇਆ ਗੋਡੇ-ਗੋਡੇ, ਤੂੰ ਅਜੇ ਪਿਐਂ!
ਔਹ ਵੇਖ ਜਵਾਕ ਨਹਾ-ਧੋ ਕੇ ਸਕੂਲ ਜਾਈ ਜਾਂਦੇ ਆ! ਇਹਨੇ ਨਹਾਉਣਾ ਤਾਂ ਕੀ ਆ ਦਲਿੱਦਰੀ ਨੇ, ਇਹ ਤਾਂ ਜੁੱਲ
'ਚੋਂ ਹੀ ਨਹੀਂ ਨਿਕਲਦਾ ਪਿਆ!' ਪਰ ਬੀਬੀ ਦੀਆਂ ਅਵਾਜ਼ਾਂ ਦਾ ਮੇਰੇ 'ਤੇ ਕੋਈ ਅਸਰ ਨਹੀਂ ਸੀ ਹੁੰਦਾ । ਮੈਂ
ਉਵੇਂ ਹੀ 'ਊਂ-ਆਂ' ਕਰਦਾ ਪਿਆ ਰਹਿੰਦਾ ਸਾਂ । ਫਿਰ ਜਦੋਂ ਸੂਰਜ ਦੀ ਧੁੱਪ ਦਾ ਸੇਕ ਮੇਰੇ ਪਿੰਡੇ ਨੂੰ ਲੂਹਣ
ਲੱਗਦਾ ਤਾਂ ਮੈਂ ਅੱਖਾਂ ਮਲਦਾ-ਮਲਦਾ ਉੱਠਦਾ । ਮੂੰਹ 'ਤੇ ਮਾੜੇ ਜਿਹੇ ਪਾਣੀ ਦੇ ਛਿੱਟੇ ਮਾਰਦਾ । ਚਾਹ ਦਾ
ਗਿਲਾਸ ਪੀ ਕੇ ਸਿਰ 'ਤੇ ਵਿੰਗੀ-ਟੇਢੀ ਜਿਹੀ ਪੱਗ ਵਲ੍ਹੇਟਦਾ ਤੇ ਬਸਤਾ ਮੋਢੇ ਪਾ ਸਕੂਲ ਵੱਲ ਨੂੰ ਤੁਰ ਜਾਂਦਾ ਪੜ੍ਹਨ
ਵਾਸਤੇ । ਅੱਗੋਂ ਮਾਸਟਰ ਜੀ ਹਾਜ਼ਰੀ-ਹੂਜ਼ਰੀ ਲਾ ਕੇ ਪੜ੍ਹਾਉਣ ਦੀਆਂ ਤਿਆਰੀਆਂ ਕਰ ਰਹੇ ਹੁੰਦੇ ਸਨ । ਮੇਰੇ ਜਾਂਦੇ
ਦੇ ਹੀ ਲੱਤਾਂ ਵਿਚਦੀ ਕੰਨ ਫੜਵਾ ਕੇ ਮੈਨੂੰ ਮੁਰਗਾ ਬਣਾ ਦਿੰਦੇ ਤੇ ਫਿਰ ਮੇਰੀ ਢੂਈ 'ਤੇ ਕੁਝ ਡੰਡੇ ਠੋਕਦੇ
ਤੇ ਕਦੇ-ਕਦੇ ਮੁੱਕਿਆਂ-ਠੁੱਡਿਆਂ ਨਾਲ ਹੀ ਕੰਮ ਚਲਾ ਲੈਂਦੇ ਸਨ । ਕਈ ਵਾਰ ਚਪੇੜਾਂ ਦਾ ਪ੍ਰਸ਼ਾਦ ਵੀ ਮਿਲ ਜਾਂਦਾ
ਸੀ । 'ਦੋ ਪਈਆਂ ਵਿੱਸਰ ਗਈਆਂ, ਸਦਕੇ ਮੇਰੀ ਢੂਈ ਦੇ' ਅਖਾਣ ਮੁਤਾਬਕ ਮੇਰਾ ਤਾਂ ਰੋਜ਼ ਦਾ ਕਿੱਤਾ ਹੀ ਬਣ ਗਿਆ
ਸੀ ਮਾਰ ਖਾਣ ਦਾ । ਮੇਰੇ ਲਈ ਮਾਰ ਇੱਕ ਨਸ਼ਾ ਸੀ ਤੇ ਮੈਂ ਨਸ਼ੇ ਦਾ ਆਦੀ ਪੱਕਾ ਅਮਲੀ ! ਤੇ ਅੱਜ ਮੇਰੇ ਮੂਹਰੇ
ਬੈਠੀ ਸੀ ਰਾਣੋ! ਨਹਾ-ਧੋ ਕੇ ਨਿੱਖਰੀ-ਪੁੱਖਰੀ ,ਲਾਲ ਫਰਾਕ ਪਾਈ ਪਰੀ ਵਰਗੀ! ਮੈਂ ਰਾਣੋਂ ਦੀਆਂ ਨਸੀਹਤ ਭਰੀਆਂ
ਗੱਲਾਂ ਸੁਣਦਾ-ਸੁਣਦਾ ਸੁੰਗੜਦਾ ਜਿਹਾ ਜਾ ਰਿਹਾ ਸਾਂ । ਮੈਨੂੰ ਆਪਣਾ-ਆਪ ਭੈੜਾ ਭੈੜਾ ਲੱਗ ਰਿਹਾ
ਸੀ । ਮੈਂ ਇੱਕ ਵਾਰ ਅੱਖਾਂ ਉਤਾਂਹ ਕਰਕੇ ਰਾਣੋ ਵੱਲ ਵੇਖਿਆ । ਰਾਣੋ ਮੈਨੂੰ ਰੱਬ ਦਾ ਰੂਪ ਜਾਪੀ, ਸੁਹਣੀ ਜਿਹੀ-
ਨਿੱਕੀ ਜਿਹੀ-ਪਿਆਰੀ ਜਿਹੀ! ਅਚਾਨਕ ਮੇਰੇ ਬੁੱਲ੍ਹ ਹਿੱਲੇ, "ਰਾਣੋ, ਤੂੰ ਮੈਨੂੰ ਘਰੋਂ ਨਾਲ ਹੀ ਲੈ ਆਇਆ ਕਰ,
ਹੈਂ !" ਮੇਰੀ ਅਵਾਜ਼ ਧੀਮੀ ਜਿਹੀ ਪਰ ਦਰਦ ਭਰੀ ਸੀ । ਅੱਜ ਵੱਜੀਆਂ ਚਪੇੜਾਂ ਦਾ ਸੇਕ ਅਜੇ ਵੀ ਮੈਂ ਮਹਿਸੂਸ ਕਰੀ ਜਾ ਰਿਹਾ
ਸਾਂ । ਰਾਣੋ ਮੇਰਾ ਰੋਂਦੂ ਜਿਹਾ ਚਿਹਰਾ ਵੇਖ ਕੇ ਮੁਸਕਰਾਈ ਤੇ ਫਿਰ "ਚੰਗਾ" ਕਹਿ ਕੇ ਆਪਣੀ ਕਤਾਰ ਵਿੱਚ ਜਾ ਬੈਠੀ,
ਕਿਉਂਕਿ ਮਾਸਟਰ ਜੀ ਜਮਾਤ ਵਿੱਚ ਆ ਗਏ ਸਨ । ਉਹ ਮੈਨੂੰ 'ਹਥੌਲਾ'ਪਾ ਕੇ ਅੰਦਰ ਕਿਸੇ ਕੰਮ ਚਲੇ ਗਏ
ਸਨ । ਸ਼ਾਇਦ ਹੈਡਮਾਸਟਰ ਜੀ ਦੇ ਕਮਰੇ ਵਿੱਚ……!
ਸੂਰਜ ਅਜੇ ਨਿਕਲਿਆ ਨਹੀਂ ਸੀ । ਪਹੁ ਫੁੱਟਣ ਹੀ ਵਾਲੀ ਸੀ, ਜਦੋਂ ਕਿਸੇ ਨੇ ਮੇਰੇ ਮੂੰਹ ਤੋਂ ਖੇਸ ਲਾਹ
ਮਾਰਿਆ । ਮੈਂ ਅੱਖਾਂ ਜਿਹੀਆਂ ਮਲ ਕੇ ਆਸੇ-ਪਾਸੇ ਝਾਕਿਆ । ਰਾਣੋ ਮੇਰੇ ਸਾਹਮਣੇ ਖੜ੍ਹੀ ਮੁਸਕਰਾ ਰਹੀ
ਸੀ । "ਉੱਠ ਪੌ!" ਰਾਣੋ ਨੇ ਚੁਟਕੀ ਵਜਾਉਂਦਿਆਂ ਕਿਹਾ । ਮੈਂ ਝੱਟ ਛਾਲ ਮਾਰ ਕੇ ਖੜ੍ਹਾ ਹੋ ਗਿਆ । ਅੱਜ ਮੈਨੂੰ
ਉੱਠਣ ਲੱਗਿਆਂ ਕੋਈ ਤਕਲੀਫ਼ ਨਹੀਂ ਸੀ ਹੋਈ । ਰਾਣੋ ਦੇ ਅਪਣੱਤ ਅਤੇ ਪਿਆਰ ਭਰੇ ਬੋਲਾਂ ਨੇ ਮੇਰੇ ਅੰਦਰ ਇੱਕ ਸ਼ਕਤੀ
ਪੈਦਾ ਕਰ ਦਿੱਤੀ ਸੀ, ਆਤਮ ਸ਼ਕਤੀ ! "ਸੈਰ ਕਰ ਆ, ਫਿਰ ਆ ਕੇ ਨਹਾ ਲਵੀਂ! ਮੈਂ ਵੀ ਤਿਆਰ ਹੋ ਕੇ ਆਈ ਸਮਝ!"
ਰਾਣੋ ਨੇ ਪਿਆਰ ਭਰੇ ਹੁਕਮੀਂ ਲਹਿਜੇ ਵਿੱਚ ਕਿਹਾ ਤੇ ਫਿਰ ਵਾਪਸ ਆਪਣੇ ਘਰ ਚਲੀ ਗਈ । ਰਾਣੋ ਦਾ ਘਰ ਸਾਡੇ ਘਰ ਤੋਂ
ਥੋੜ੍ਹੀ ਹੀ ਦੂਰੀ ਸੀ ।
ਮੈਂ ਨਹਾ ਕੇ ਧੋਤੇ ਹੋਏ ਕੱਪੜੇ ਪਹਿਨ ਕੇ, ਪੋਚਵੀਂ ਪੱਗ ਬੰਨ੍ਹ ਕੇ 'ਟੀ-ਟੀ' ਬਣਿਆਂ ਬੈਠਾ
ਪਾਠ ਯਾਦ ਕਰ ਰਿਹਾ ਸਾਂ, ਜਦੋਂ ਰਾਣੋ ਆ ਗਈ । ਕੱਲ੍ਹ ਵਾਂਗ ਗੁਲਾਬ ਦੇ ਫੁੱਲ ਵਾਂਗ ਖਿੜੀ ਪੁੜੀ, ਹੱਸਦੀ ਤੇ
ਮੁਸਕਰਾਉਂਦੀ! ਮੈਂ ਜਲਦੀ ਨਾਲ ਫੱਟੀ-ਬਸਤਾ ਚੁੱਕ ਕੇ ਤੁਰ ਪਿਆ । ਮੈਨੂੰ ਰੋਕਦਿਆਂ ਰਾਣੋ ਬੋਲੀ, "ਨਹੀਂ,
ਪਹਿਲਾਂ ਆਪਣਾ ਬਸਤਾ ਵੇਖ, ਸਭ ਚੀਜ਼ਾਂ ਹੈਗੀਆਂ! ਸ਼ਿਆਹੀ, ਕਲਮ ਤੇ ਹੋਰ ਸਭ ਕੁਝ ?" ਮੈਂ ਥਾਏਂ ਬਹਿ ਕੇ
ਬਸਤਾ ਵੇਖਿਆ । ਸਲੇਟੀ ਹੈ ਨਹੀਂ ਸੀ । ਮੈਂ ਸਲੇਟੀ ਖਰੀਦਣ ਬਾਰੇ ਸੋਚ ਹੀ ਰਿਹਾ ਸਾਂ ਕਿ "ਚੱਲ ਮੈਥੋਂ ਲੈ ਲਵੀਂ!" ਕਹਿ ਕੇ
ਰਾਣੋ ਨੇ ਮੈਨੂੰ ਆਪਣੇ ਨਾਲ ਤੋਰ ਲਿਆ । ਅਸੀਂ ਦੋਵੇਂ ਸਕੂਲ ਚਲੇ ਗਏ । ਅੱਜ ਨਾ ਤਾਂ ਮੈਨੂੰ ਬੀਬੀ ਤੋਂ ਹੀ
ਗਾਹਲਾਂ ਮਿਲੀਆਂ ਸਨ ਤੇ ਨਾ ਹੀ ਮਾਸਟਰ ਜੀ ਤੋਂ ਕੁਟਾਪਾ ਚੜ੍ਹਿਆ ਸੀ । ਘਰੇ ਬੀਬੀ ਖੁਸ਼ ਸੀ ਤੇ ਸਕੂਲੇ ਮਾਸਟਰ
ਜੀ । ਮੈਨੂੰ ਸੁਧਰਿਆ ਵੇਖ ਕੇ ਰਾਣੋ ਅੱਡ ਖੁਸ਼ੀ 'ਚ ਫੁੱਲੀ ਫਿਰ ਰਹੀ ਸੀ । ਅੱਜ ਮੈਨੂੰ ਪਾਠ ਵੀ ਯਾਦ ਸੀ । ਮੈਂ
ਆਪਣੇ ਆਪ ਨੂੰ ਚੁਸਤ-ਦਰੁਸਤ ਮਹਿਸੂਸ ਕਰ ਰਿਹਾ ਸਾਂ ਤਾਜਾ ਤੇ ਫੁਰਤੀਲਾ । ਜਦੋਂ ਛੁੱਟੀ ਹੋਈ ਤਾਂ ਮੈਂ ਤੇ
ਰਾਣੋ ਇਕੱਠੇ ਹੀ ਘਰ ਆਏ । ਰਾਣੋ ਮੈਨੂੰ ਚੰਗੀ-ਚੰਗੀ ਲੱਗ ਰਹੀ ਸੀ । ਮੇਰਾ ਉਹਦੇ ਪੈਰੀਂ ਹੱਥ ਲਾਉਣ ਨੂੰ ਜੀ
ਕਰਦਾ ਸੀ ।
ਬੱਸ, ਇੰਜ ਕੁਝ ਹੀ ਦਿਨ ਮੈਨੂੰ ਰਾਣੋ ਦੇ ਨਾਲ ਆਉਣਾ-ਜਾਣਾ ਪਿਆ ਤੇ ਫਿਰ ਮੇਰੀ ਆਦਤ ਹੀ ਬਣ
ਗਈ ਸੀ, ਸੁਵੱਖਤੇ ਉੱਠਣ, ਸੈਰ ਕਰਨ, ਨਹਾਉਣ ਤੇ ਪਾਠ ਯਾਦ ਕਰਕੇ ਸਕੂਲ ਜਾਣ ਦੀ । ਕਦੇ-ਕਦੇ ਤਾਂ ਮੈਂ ਰਾਣੋ
ਤੋਂ ਵੀ ਪਹਿਲਾਂ ਸਕੂਲ ਅੱਪੜ ਜਾਂਦਾ ਸਾਂ । ਰਾਣੋ ਦੀ ਨਸੀਹਤ ਮੈਂ ਲੜ ਬੰਨ੍ਹ ਲਈ ਸੀ ।