Nasoor (Punjabi Story) Chandan Negi

ਨਾਸੂਰ (ਕਹਾਣੀ) : ਚੰਦਨ ਨੇਗੀ

ਰਾਤ ਅੰਤਾਂ ਦੀ ਕਾਲੀ ਹੈ। ਕਾਲੇ ਘਨਘੋਰ ਬੱਦਲ ਘਿਰੇ ਹਨ। ਹਵਾ ਬੰਦ ਹੈ। ਤਾਰੇ ਛੁਪੇ ਹਨ। ਹੁੰਮਸ ਹੈ। ਚਿਪ-ਚਿਪ ਕਰਦਾ ਪਸੀਨਾ ਹੈ। ਸਰੀਰਾਂ ਦੀ ਗੰਧ ਹੈ। ਰੁੱਖ, ਪੌਦੇ, ਘਾਹ ਵੀ ਆਕਾਸ਼ ਵੱਲ ਨਜ਼ਰਾਂ ਟਿਕਾਈ ਮੌਨ ਖਲੋਤੇ ਹਨ। ਨਾ ਘਾਹ ਦੀ ਸਰਸਰਾਹਟ ਹੈ, ਨਾ ਪੱਤਿਆਂ ਦੀ ਖਹਿਬੜ-ਕਾਨਾਫ਼ੂਸੀ। ਰਾਤ ਅੱਧੀ ਬੀਤ ਗਈ ਹੈ।
ਚੁਤਰਫ਼ੀਂ ਪਸਰੀ ਚੁੱਪ ਨੂੰ ਪੌਸ਼ ਕਾਲੋਨੀ ਦੇ ਪਿਛਵਾੜੇ ਉਗੜ-ਦੁਗੜ ਜ਼ਮੀਨ ‘ਤੇ ਅਨਗਿਣਤ ਬਣੀਆਂ ਝੌਂਪੜੀਆਂ ਵਿਚ ਮਚੇ ਸ਼ੋਰ ਨੇ ਤ੍ਰੋੜਿਆ ਹੈ।
ਚੁੱਪ, ਇਕਾਂਤ, ਠਹਿਰੇ ਹੋਏ ਵਾਤਾਵਰਨ ਦੀ ਵੀ ਆਪਣੀ ਵਿਲੱਖਣ ਹੋਂਦ ਹੈ। ਥੋੜ੍ਹੀ ਜਿਹੀ ਹਿਲਜੁਲ ਦੀ ਆਵਾਜ਼ ਦੂਰ-ਦੂਰ ਤੀਕ ਪਹੁੰਚ ਜਾਂਦੀ ਹੈ। ਝੁੱਗੀਆਂ ਵਿਚ ਸ਼ੋਰ ਵਧ ਰਿਹਾ ਹੈ। ਆਵਾਜ਼ਾਂ ਨਾਲ ਹੋਰ ਆਵਾਜ਼ਾਂ ਰਲਗੱਡ ਹੋ ਗਈਆਂ ਹਨ। ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਵੀ ਹੋਰ ਉਚੀ ਹੋ ਗਈ ਹੈ। ਅਨੇਕਾਂ ਸਿਰ ਘਾਹ-ਫੂਸ ਦੀਆਂ ਛੱਤਾਂ ਵਾਲੀਆਂ ਝੁੱਗੀਆਂ ਦੇ ਨੀਵੇਂ-ਨੀਵੇਂ, ਨਿੱਕੇ-ਨਿੱਕੇ ਬੂਹਿਆਂ ਵਿਚੋਂ ਬਾਹਰ ਨਿਕਲ ਆਏ ਹਨ। ਸਾਰੇ ਹੈਰਾਨ ਹਨ। ਮੂੰਹਾਂ ਦੇ ਵਾਤ ਖੁੱਲ੍ਹੇ ਰਹਿ ਗਏ ਹਨ। ਅੱਖਾਂ ਅੱਡੀਆਂ ਗਈਆਂ ਹਨ।
ਸੁਖੀ ਰਾਮ ਦੀ ਔਰਤ ਰਾਮਕਲੀ ਝੁੱਗੀ ਵਿਚੋਂ ਧੰਨੀਆ ਨੂੰ ਵਾਲਾਂ ਤੋਂ ਫੜ ਕੇ ਘੜੀਸਦੀ ਬਾਹਰ ਲੈ ਆਈ ਹੈ ਅਤੇ ਉਹਨੂੰ ਪੁਰਾਣੀ ਲੀਰ ਵਾਂਗ ਝੁੱਗੀ ਵਿਚੋਂ ਬਾਹਰ ਸੁੱਟ ਦਿਤਾ ਹੈ। ਧੰਨੀਆ ਧਰਤੀ ਦੀ ਹਿੱਕ ਨਾਲ ਚਿਮੜੀ, ਲੋਕਾਂ ਦੀਆਂ ਆਵਾਜ਼ਾਂ ਸੁਣ ਰਹੀ ਹੈ। ਉਹ ਉਠਣਾ ਚਾਹੁੰਦੀ ਹੈ, ਆਪਣੇ ਆਪ ਨੂੰ ਸੰਭਾਲਣਾ ਚਾਹੁੰਦੀ ਹੈ, ਪਰ ਨਾ ਉਸ ਦੇ ਤਨ ਉਤਲਾ ਕੋਈ ਕੱਪੜਾ ਸਾਬਤ ਹੈ, ਨਾ ਹੱਡੀਆਂ ਵਿਚ ਉਠਣ ਦਾ ਜ਼ੋਰ ਹੈ। ਰਾਮਕਲੀ ਨੇ ਤਾਂ ਮਾਰ-ਮਾਰ ਉਸ ਦੀਆਂ ਹੱਡੀਆਂ ਕੜਕਾ ਦਿਤੀਆਂ ਹਨ। ਕੱਪੜੇ ਲੀਰੋ-ਲੀਰ ਕਰ ਦਿਤੇ ਹਨ। ਕੋਈ ਹੋਰ ਵੇਲਾ ਹੁੰਦਾ ਤਾਂ ਧੰਨੀਆ ਇਕ ਨੂੰ ਤਾਂ ਕੀ, ਕਈਆਂ ਨੂੰ ਧਰਤੀ ਉਤੇ ਡੇਗ ਲੈਂਦੀ, ਪਰ ਹੁਣ ਉਹ ਚੁੱਪ ਹੈ। ਭੱਜੇ-ਟੁੱਟੇ ਕੱਖ-ਕਾਨੇ ਵਾਂਗ ਧਰਤੀ ਦੀ ਹਿੱਕ ਨਾਲ ਚਿਮੜੀ ਲੋਕਾਂ ਦੀਆਂ ਗੱਲਾਂ ਸੁਣ ਰਹੀ ਹੈ।
ਕਿੰਨਾ ਕੋਸ ਰਹੇ ਹਨ ਇਸ ਬਸਤੀ ਦੇ ਸਾਰੇ ਮਰਦ। ਕਿੰਨਾ ਬੁਰਾ ਭਲਾ ਕਹਿ ਰਹੀਆਂ ਹਨ ਉਸ ਦੀਆਂ ਆਂਢਣਾਂ-ਗੁਆਂਢਣਾਂ। ਉਹ ਚੁੱਪ ਹੈ। ਲੋਕਾਂ ਦੀਆਂ ਗੱਲਾਂ ਸੁਣ ਰਹੀ ਹੈ। ਹਰ ਇਕ ਦੀ ਆਵਾਜ਼ ਪਛਾਣਦੀ ਹੈ। ਸਾਰਿਆਂ ਦੀਆਂ ਕਰਤੂਤਾਂ ਜਾਣਦੀ ਹੈ। ਉਹ ਸੋਚਦੀ ਹੈ, ਜੇ ਉਸ ਵਿਚ ਹਿੰਮਤ ਹੋਏ ਤਾਂ ਇਕ-ਇਕ ਨੂੰ ਨੰਗਾ ਕਰ ਦੇਵੇ। ਫਿਰ ਸਭ ਦੀਆਂ ਜ਼ੁਬਾਨਾਂ ਨੂੰ ਕਾਠ ਮਾਰ ਜਾਏਗਾ, ਨਜ਼ਰਾਂ ਪਥਰਾ ਜਾਣਗੀਆਂ, ਜਿਸਮਾਂ ਵਿਚੋਂ ਰੱਤ ਨੁਚੜ ਜਾਏਗੀ। ਇਹ ਸਾਰੀਆਂ ਔਰਤਾਂ, ਇਹ ਸਾਰੇ ਮਰਦ, ਆਪੋ-ਆਪਣੇ ਢਿੱਡ ਢਕਦੇ ਅੰਦਰ ਵੜ ਦੁਬਕ ਕੇ ਬੈਠ ਜਾਣਗੇ ਪਰ ਉਹ ਚੁੱਪ ਰਹੀ, ਧਰਤੀ ਦੀ ਹਿੱਕ ਨਾਲੋਂ ਵਿਛੜਨ ਦੀ ਉਸ ਵਿਚ ਸਮਰੱਥਾ ਨਹੀਂ ਸੀ।
ਧੰਨੀਆ ਤੇ ਰਾਮਕਲੀ ਦੀਆਂ ਝੁੱਗੀਆਂ ਦੀ ਕੰਧ ਸਾਂਝੀ ਹੈ।
ਝੁੱਗੀਆਂ ਝੌਪੜੀਆਂ ਦੀ ਇਹ ਬਸਤੀ ਧੰਨੀਆ ਦੀ ਝੌਪੜੀ ਨਾਲ ਹੀ ਵਸੀ ਹੈ। ਇਥੇ ਤਾਂ ਉਚੇ-ਉਚੇ ਅਬਰਕ ਦੇ ਟਿੱਲੇ, ਖਾਈਆਂ, ਉਗੜ-ਦੁਗੜ ਰਸਤੇ ਅਤੇ ਪੱਥਰ ਹੀ ਪੱਥਰ ਸਨ। ਦੁੱਧ ਧੋਤੀਆਂ ਚਾਨਣੀਆਂ ਰਾਤਾਂ ਵਿਚ ਹੀਰਿਆਂ ਵਾਂਗ ਚਮਕਦੇ ਸਨ ਪੱਥਰਾਂ ਵਿਚ ਜੜੇ ਅਬਰਕ ਦੇ ਟੋਟੇ। ਇਥੇ ਹੀ ਧੰਨੀਆ ਤੇ ਉਸ ਦਾ ਮਹਾਂਵੀਰ ਕੁਏਰੀ ਵਿਚ ਕੰਮ ਕਰਦੇ ਸਨ। ਮਹਾਂਵੀਰ ਬਰੂਦ ਲਾ ਕੇ ਪੱਥਰਾਂ ਦੇ ਸੀਨੇ ਪਾੜਦਾ ਸੀ। ਪੱਥਰਾਂ ਨੂੰ ਕੁੱਟ-ਕੁੱਟ ਧੰਨੀਆ ਅਤੇ ਸਾਥਣਾਂ ਰੋੜੀ ਬਣਾਂਦੀਆਂ ਸਨ। ‘ਟਕ-ਟਕ-ਟਕ’, ਸਾਰਾ ਦਿਨ ਹਥੌੜੀਆਂ ਚਲਦੀਆਂ, ਢੇਰ ਲਗਦੇ।
ਇਕ ਦਿਨ ਮਹਾਂਵੀਰ ਦੇ ਦੂਰ ਨੱਸਣ ਤੋਂ ਪਹਿਲਾਂ ਹੀ ਬਾਰੂਦ ਪਾਟ ਗਿਆ ਤੇ ਉਹ ਵੀ ਪੱਥਰ ਮਿੱਟੀ ਦੀ ਤਰ੍ਹਾਂ ਹਵਾ ਵਿਚ ਉਛਲ ਚੂਰ-ਚੂਰ ਦੂਰ ਜਾ ਡਿੱਗਿਆ ਸੀ। ਉਸ ਦੀ ਲੱਤ ਅਤੇ ਬਾਂਹ ਦੇ ਚੀਥੜੇ ਲਟਕ ਗਏ। ਮਹੀਨਿਆਂ ਬੱਧੀ ਉਹ ਹਸਪਤਾਲ ਪਿਆ ਰਿਹਾ। ਜਦੋਂ ਵਾਪਸ ਪਰਤਿਆ ਤਾਂ ਅੱਧਾ ਮਹਾਂਵੀਰ- ਇਕ ਲੱਤ, ਇੱਕ ਹੱਥ। ਉਦੋਂ ਉਸ ਦਾ ਪਹਿਲਾ ਬੱਚਾ ਕੁੱਝ ਮਹੀਨਿਆਂ ਦਾ ਸੀ।
ਕੋਠੀਆਂ ਦੇ ਪਿਛਵਾੜੇ ਧਰਤੀ ਸਾਵੀਂ-ਪੱਧਰੀ ਹੋ ਗਈ। ਟਿੱਬੇ, ਟੋਇਆਂ ਵਿਚ ਸਮਾ ਗਏ। ਪੱਥਰ-ਰੋੜੀ ਕੰਧਾਂ-ਸੜਕਾਂ ਵਿਚ ਚਿਣੇ ਗਏ। ਧੰਨੀਆ ਨੇ ਇਕ ਟੋਏ ਦੀ ਨੁੱਕਰ ਵਿਚ ਘਾਹ-ਫੂਸ ਦੀ ਛੱਤ ਬਣਾ ਲਈ। ਗਾਰੇ ਮਿੱਟੀ ਦੀਆਂ ਕੰਧਾਂ ਚਿਣ ਲਈਆਂ। ਅੱਧ-ਅਧੂਰਾ ਮਹਾਂਵੀਰ ਝੁੱਗੀ ਦੇ ਬਾਹਰ ਮੰਜੀ ਉਤੇ ਪਿਆ ਬੀੜੀਆਂ ਫੂਕਦਾ ਰਹਿੰਦਾ। ਕੁਝ ਹੀ ਦਿਨਾਂ ਵਿਚ ਹੋਰ ਝੁੱਗੀਆਂ ਵੀ ਬਣ ਗਈਆਂ।
ਹੁਣ ਧੰਨੀਆ ਦੇ ਚੇਤੇ ਦੀ ਇਕ ਘੜੀ ਨੂੰ ਕਾਠ ਮਾਰ ਗਿਆ ਹੈ ਕਿ ਪਹਿਲੀ ਵਾਰੀ ਉਸ ਔਰਤ ਨਾਲ ਮੁਲਾਕਾਤ ਕਿੰਜ ਹੋਈ ਜਿਹੜੀ ਉਸ ਦਾ ਬੱਚਾ ਲੈ ਗਈ ਸੀ। ਉਸ ਵੇਲੇ ਧੰਨੀਆ ਤੇ ਮਹਾਂਵੀਰ ਕਿੰਨੇ ਸੁਖੀ ਤੇ ਵਿਹਲੇ ਹੋ ਗਏ ਸਨ। ਤਾਰਿਆਂ ਦੀ ਛਾਂਵੇਂ ਉਹ ਔਰਤ ਬੱਚਾ ਲੈ ਜਾਂਦੀ ਸੀ ਤੇ ਦਿਨ ਡੁੱਬੇ ਤਾਰਿਆਂ ਦੀ ਛਾਂਵੇਂ ਕੁਝ ਪੈਸੇ ਤੇ ਬੱਚਾ ਵਾਪਸ ਦੇ ਜਾਂਦੀ ਸੀ। ਇਸ ਔਰਤ ਦਾ ਵੀ ਅਜੀਬ ਧੰਦਾ ਹੈ। ਮਜ਼ਦੂਰੀ ਕਰਦੀਆਂ ਔਰਤਾਂ ਦੇ ਬੱਚੇ ਕਿਰਾਏ ‘ਤੇ ਲੈ ਜਾਂਦੀ ਹੈ। ਜਿੰਨਾ ਛੋਟਾ ਬੱਚਾ, ਉਨਾ ਹੀ ਉਸ ਦਾ ਦਿਹਾੜੀ ਦਾ ਕਿਰਾਇਆ ਵੱਧ ਦਿੰਦੀ ਹੈ। ਧੰਨੀਆ ਨੂੰ ਬੜਾ ਸੁਖ ਮਿਲਿਆ ਸੀ। ਬੱਚੇ ਦਾ ਖਾਣਾ ਖੁਰਾਕ ਸਭੇ ਕੁਝ ਉਸ ਦੇ ਹੀ ਜ਼ਿੰਮੇ ਹੁੰਦਾ ਸੀ। ਫਿਰ ਪੂਰੇ ਦਿਨਾਂ ਉਤੇ ਧੰਨੀਆ ਸਾਰੀ ਦਿਹਾੜੀ ਵੀ ਤਾਂ ਨਹੀਂ ਸੀ ਲਾ ਸਕਦੀ। ਹਫ ਜਾਂਦੀ। ਪੱਸਲੀਆਂ ਤਰਿੜਨ ਲੱਗ ਪੈਂਦੀਆਂ। ਕਮਰ ਟੁੱਟਣ ਲੱਗਦੀ ਸੀ। ਅੱਧੀ ਦਿਹਾੜੀ ਅਤੇ ਬੱਚੇ ਦੇ ਪੈਸਿਆਂ ਨਾਲ ਦੋਵੇਂ ਵੇਲੇ ਠਿੱਲ੍ਹ ਜਾਂਦੇ।
ਹਾਲੀ ਤਾਂ ਮਸਾਂ ਪਹੁ ਵੀ ਨਹੀਂ ਫੁਟਦੀ। ਚਿੜੀਆਂ, ਕਾਂ, ਪੰਛੀ, ਆਪੋ-ਆਪਣੇ ਆਲ੍ਹਣਿਆਂ ਤੋਂ ਬਾਹਰ ਆ ‘ਸ਼ੁਭ ਸਵੇਰ’ ਦਾ ਗੀਤ ਵੀ ਨਹੀਂ ਅਲਾਪਦੇ, ਉਹ ਔਰਤ ਧੰਨੀਆ ਦੀ ਝੁੱਗੀ ਦੇ ਬਾਹਰ ਆ ਕੇ ਬੈਠ ਜਾਂਦੀ। ਮੈਲੇ-ਕੁਚੈਲੇ ਕੱਪੜੇ, ਬਿਆਈਆਂ-ਫੁੱਟੇ ਪੈਰ, ਗਿੱਟਿਓਂ ਉਚੀ ਧੋਤੀ, ਤੇ ਧੋਤੀ ਦੇ ਡੱਬ ਵਿਚ ਲਟਕਦੀ ਮੈਲੀ ਜਿਹੀ ਗੁੱਥੀ ਜਿਸ ਵਿਚੋਂ ਟੀਨ ਦੀ ਡੱਬੀ ਦਾ ਤੰਬਾਕੂ ਕੱਢ ਤਲੀ ‘ਤੇ ਮਸਲਦੀ ਹੈ ਤੇ ਫਿਰ ਹੇਠਾਂ ਇਕ ਪਾਸੇ ਰੱਖ ਲੈਂਦੀ ਹੈ। ਕਾਗ਼ਜ਼ ਦੀਆਂ ਪੁੜੀਆਂ ਖੋਲ੍ਹਦੀ ਹੈ, ਕੁਝ ਹਿਸਾਬ ਲਾਂਦੀ ਹੈ ਤੇ ਫਿਰ ਪੁੜੀ ਨੂੰ ਗੁੱਥੀ ਵਿਚ ਪਾ ਦਿੰਦੀ ਹੈ।
ਧੰਨੀਆ ਦਾ ਦੂਜਾ ਬੱਚਾ ਮਸਾਂ ਕੁਝ ਦਿਨਾਂ ਦਾ ਹੋਇਆ ਹੈ। ਉਹ ਦੂਜੇ ਬੱਚੇ ਨੂੰ ਵੀ ਲੈ ਗਈ ਹੈ। ਧੰਨੀਆ ਦਾ ਆਦਮੀ ਮਹਾਂਵੀਰ ਹੱਡੀਆਂ ਦੀ ਮੁੱਠ, ਸੁੱਕਾ ਮਰੀਅਲ, ਜਿਵੇਂ ਖੇਤਾਂ ਵਿਚ ਖਲੋਤਾ ਇਕ ਟੰਗਾ ਡਰਾਵਾ ਜਾਂ ਬਾਂਸ ਦਾ ਪੁਤਲਾ, ਸਾਰਾ ਦਿਨ ਬੈਠਾ ਰਹਿੰਦਾ ਹੈ। ਦੋ ਵਾਰੀ ਤਾਂ ਧੰਨੀਆ ਨੇ ਦੂਜੀ ਬਸਤੀ ਦੇ ਸਰਕਾਰੀ ਸਕੂਲ ਕੋਲ ਛਾਬਾ ਵੀ ਲਾ ਦਿੱਤਾ ਹੈ ਪਰ ਉਸ ਦੀ ਤਾਂ ਢਾਣੀ ਹੀ ਹੋਰ ਬਣ ਗਈ ਹੈ। ਕੰਮ ਕਰਨ, ਕਮਾਉਣ ਤੋਂ ਅਵੇਸਲਾ ਹੋ ਗਿਆ ਹੈ। ਦੋ ਪੈਸੇ ਕਮਾ ਲਏ ਤਾਂ ਜੂਏ ਜੁੰਡਲੀ ਵਿਚ ਜਾ ਬੈਠਾ। ਜਿੱਤ ਗਿਆ ਤਾਂ ਸ਼ਰਾਬ ਪੀ ਲਈ; ਹਾਰ ਗਿਆ ਤਾਂ ਧੰਨੀਆ ਦੀ ਖੈਰ ਨਾ ਹੁੰਦੀ। ਲੜਾਈ-ਝਗੜਾ, ਮਾਰ-ਕੁਟਾਈ। ਮਾਰ-ਮਾਰ ਧੰਨੀਆ ਦੀ ਬੋਟੀ-ਬੋਟੀ ਉਡਾ ਦਿੰਦਾ ਇਹ ਸੁੱਕਾ ਮਾੜਚੂ ਜਿਹਾ ਅੱਧਾ-ਅਧੂਰਾ ਮਰਦ। ਪਹਿਲੇ-ਪਹਿਲ ਤਾਂ ਝੁੱਗੀਆਂ ਵਾਲੇ ਬਚਾਂਦੇ ਰਹੇ, ਧੰਨੀਆ ਨੂੰ ਛੁਡਾਂਦੇ ਰਹੇ; ਫਿਰ ਰੋਜ਼ ਦਾ ਇਹੀ ਕਰਮ ਹੋ ਗਿਆ। ਉਸ ਔਰਤ ਦੇ ਆਂਦੇ ਹੀ ਉਹ ਝਪਟਾ ਮਾਰ ਪੈਸੇ ਖੋਹ ਲੈਂਦਾ ਅਤੇ ਉਸ ਦੀ ਬਿਸਾਖੀ ਦੀ ਟੱਕ-ਟੱਕ ਤੀਕ ਸੁਣੀਂਦੀ।
ਕਿੰਨੇ ਵਰ੍ਹਿਆਂ ਤੋਂ ਇਹੋ ਕਰਮ ਚਲਿਆ ਆ ਰਿਹਾ ਹੈ। ਕਈ ਵਾਰੀ ਧੰਨੀਆ ਬੱਚੇ ਲੈ ਕੇ ਜਾਣ ਵਾਲੀ ਔਰਤ ਦੇ ਪਿਛੇ-ਪਿਛੇ ਵੀ ਜਾਂਦੀ ਸੀ। ਬੱਚਾ ਉਸ ਔਰਤ ਦੀ ਝੋਲੀ ਵਿਚ ਰੋਂਦਾ-ਕੁਰਲਾਂਦਾ। ਦੂਰੋਂ ਵੇਖਦੀ ਧੰਨੀਆ ਦੇ ਜਿਸਮ ਵਿਚੋਂ ਸਾਰੀ ਰੱਤ ਨੁੱਚੜ ਜਾਂਦੀ ਸੀ। ਬੱਚਾ ਤੜਫ਼ਦਾ, ਜਿਵੇਂ ਉਸ ਦੀ ਗੋਦੜੀ ਵਿਚ ਕੰਡੇ, ਕਾਕਰੋਚ ਜਾਂ ਨੁਕੀਲੇ ਪੱਥਰ ਬੱਚੇ ਨੂੰ ਚੁਭਦੇ ਹੋਣ। ਬੱਚਾ ਜਿੰਨਾ ਜ਼ੋਰ ਨਾਲ ਰੋਂਦਾ-ਤੜਫਦਾ, ਉਨੇ ਹੀ ਔਰਤ ਤਰਲੇ ਪਾਂਦੀ, ਦੁਹਾਈ ਦਿੰਦੀ, ਪੈਸੇ ਮੰਗਦੀ, “ਮੇਰਾ ਬੱਚਾ ਭੂਖ ਸੇ ਮਰਾ ਰਹਾ ਹੈ, ਇਸ ਕੇ ਦੂਧ ਕੇ ਲੀਏ ਪੈਸੇ।” ਉਹ ਮੱਥੇ ਵੀ ਟੇਕਦੀ। ਲੋਕਾਂ ਦੇ ਪਿਛੇ ਵੀ ਦੌੜਦੀ। ਪੈਰੀਂ ਹੱਥ ਲਾਂਦੀ। ਕਦੇ ਇਕ ਚੁਰਾਹੇ ਵਿਚ ਖਲੋਂਦੀ, ਕਦੇ ਦੂਜੇ ਚੁਰਾਹੇ ਵਿਚ। ਬੱਚੇ ਨੂੰ ਗੋਦੀ ਵਿਚ ਲੈ ਕੇ ਮੰਗਣ ਨਾਲ ਉਸ ਦੀ ਦਿਹਾੜੀ ਚੰਗੀ ਬਣ ਜਾਂਦੀ। ਬੱਚੇ ਦੀਆਂ ਅੱਖਾਂ ਸੁੱਜ ਜਾਂਦੀਆਂ। ਆਵਾਜ਼ ਭਾਰੀ ਹੋ ਜਾਂਦੀ, ਤੇ ਸ਼ਾਮ ਨੂੰ ਆਪਣੀ ਮਾਂ ਕੋਲ ਬੱਚਾ ਬੇਸੁਰਤ ਜਿਹਾ ਪਿਆ ਰਹਿੰਦਾ।
ਉਹ ਔਰਤ ਧੰਨੀਆ ਦੇ ਬੱਚੇ ਹੋਰ ਮੰਗਤਿਆਂ ਨੂੰ ਕਿਰਾਏ ਉਤੇ ਦੇਣ ਲੱਗ ਪਈ ਸੀ। ਧੰਨੀਆ ਨੇ ਪੱਥਰ ਕੁੱਟਣੇ ਛੱਡ ਦਿੱਤੇ। ਨਾ ਪੂਰੀ ਦਿਹਾੜੀ ਲਾ ਸਕਦੀ ਸੀ, ਨਾ ਪੂਰੇ ਪੈਸੇ ਮਿਲਦੇ ਸਨ। ਹੁਣ ਉਸ ਤੋਂ ਸਾਰਾ ਦਿਨ ਹਥੌੜੀ ਨਹੀਂ ਸੀ ਵੱਜਦੀ। ਵਿਹਾਰ ਜਿਹਾ ਸ਼ੁਰੂ ਹੋ ਗਿਆ ਸੀ ਦੋਹਾਂ ਔਰਤਾਂ ਵਿਚ। ਕਿਹੋ ਜਿਹਾ ਸਮਝੌਤਾ ਸੀ ਤੇ ਕੇਹੀ ਸਾਂਝੇਦਾਰੀ! ਬੱਚਿਆਂ ਦੇ ਜਿਸਮਾਂ ਦਾ ਵਪਾਰ। ਧੰਨੀਆਂ ਦਾ ਪੈਰ ਜਦੋਂ ਵੀ ਭਾਰੀ ਹੁੰਦਾ ਹੈ, ਮਹਾਂਵੀਰ ਅਤੇ ਧੰਨੀਆ ਦੇ ਚਿਹਰੇ ਖਿੜ ਜਾਂਦੇ ਹਨ। ਹਸੂੰ-ਹਸੂੰ ਕਰਦੇ ਚਿਹਰੇ, ਘਰ ਵਿਚ ਇਕ ਹੋਰ ਨਵੇਂ ਜੀਅ ਦੀ ਆਮਦ ਦੇ ਵਾਧੇ ਦੀ ਖੁਸ਼ੀ ਹੁੰਦੀ ਹੈ। ਧੰਨੀਆ ਹੁਣ ਨਾ ਸ਼ਰਾਬ ਤੋਂ ਰੋਸ ਕਰਦੀ ਹੈ, ਨਾ ਮਾਰਾਂ ਤੋਂ ਆਪਣੇ ਆਪ ਨੂੰ ਬਚਾਉਂਦੀ ਹੈ। ਉਚੀ-ਲੰਮੀ, ਭਰਵੀਂ ਧੰਨੀਆ ਤਾਂ ਮਹਾਂਵੀਰ ਜਿਹੇ ਦੋ ਬੰਦਿਆਂ ਨੂੰ ਮੁੱਠੀਆਂ ਵਿਚ ਨਪੀੜ ਲਏ। ਉਸ ਅੱਧੇ-ਅਧੂਰੇ ਇਕ ਟੰਗ ਵਾਲੇ ਮਹਾਂਵੀਰ ਦੀ ਪਤਲੀ ਗਰਦਨ ਇਕੋ ਮਰੋੜੀ ਨਾਲ ਪਰ੍ਹਾਂ ਵਗਾਹ ਮਾਰੇ, ਪਰ ਉਹ ਥੋੜ੍ਹੀ ਦੇਰ ਬਾਅਦ ਹੀ ਮਹਾਂਵੀਰ ਕੋਲ ਲੰਮੀ ਪੈ ਜਾਂਦੀ ਹੈ। ਉਸ ਨੂੰ ਪਤਾ ਹੈ, ਫ਼ਿਰ ਉਹ ਉਸ ਨੂੰ ਅੰਤਾਂ ਦਾ ਪਿਆਰ ਕਰਦਾ ਹੈ ਅਤੇ ਉਸ ਦਾ ਪੈਰ ਭਾਰੀ ਹੋ ਜਾਂਦਾ ਹੈ। ਭਰੀ ਭਰਾਈ ਧੰਨੀਆ ਦੀ ਚਾਲ ਵਿਚ ਮਟਕ ਆ ਜਾਂਦੀ ਹੈ। ਕਦਮਾਂ ਹੇਠਲੀ ਧਰਤੀ ਨੂੰ ਕਾਂਬਾ ਛਿੜ ਜਾਂਦਾ ਹੈ। ਧੰਨੀਆ ਹਰ ਸਾਲ ਬੱਚਾ ਪੈਦਾ ਕਰਨ ਲੱਗ ਪਈ ਹੈ। ਇਹੀ ਸੀ ਉਸ ਦਾ ਧੰਦਾ। ਇਸ ਧੰਦੇ ਤੋਂ ਰੋਟੀ ਚਲਦੀ ਸੀ, ਮਹਾਂਵੀਰ ਦੀ ਸ਼ਰਾਬ, ਜੂਆ। ਤੇ ਧੰਨੀਆ ਜਿਵੇਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਬਣ ਗਈ ਹੋਵੇ। ਇਹੀ ਉਨ੍ਹਾਂ ਦੀ ਰੋਜ਼ੀ ਸੀ, ਇਹੀ ਕਮਾਈ, ਇਹੋ ਕੰਮ, ਇਹੋ ਵਿਹਾਰ।
ਕੀ ਦਿੰਦੀ ਸੀ ਉਹ ਔਰਤ ਬੱਚਿਆਂ ਨੂੰ? ਰਾਤ ਨੂੰ ਅੱਧ-ਬੇਹੋਸ਼ ਜਿਹੇ ਬੱਚੇ ਘਰ ਪਰਤਦੇ। ਬਾਂਹਵਾਂ ਲੱਤਾਂ ਉਤੇ ਰਿਸਦੇ ਜ਼ਖ਼ਮਾਂ ਦੀ ਉਨ੍ਹਾਂ ਨੂੰ ਨਾ ਪਰਵਾਹ ਹੁੰਦੀ, ਨਾ ਪੀੜ। ਅੱਧ ਨੰਗੇ, ਅੱਧ ਕੱਜੇ ਬੱਚੇ ਝੁੱਗੀ ਵਿਚ ਸਿਰਫ਼ ਰਾਤ ਕੱਟਦੇ। ਸੁੱਤੇ-ਸੁੱਤੇ ਨੰਗੇ ਢਿੱਡਾਂ ਉਤੇ ਹੱਥ ਮਾਰਦੇ, “ਭਗਵਾਨ ਕੇ ਨਾਮ ਕੋਈ ਪੈਸਾæææ ਹਮਾਰਾ ਮਾਂ-ਬਾਪ ਮਰ ਗਯਾæææ।” ਧੰਨੀਆ ਦੇ ਜਿਗਰ ਨੂੰ ਚੀਸਾਂ ਪੈਂਦੀਆਂ ਤਾਂ ਸਨ, ਪਰ ਰੋਜ਼ੀ-ਰੋਟੀ ਦਾ ਵੀ ਬੜਾ ਵੱਡਾ ਸਵਾਲ ਸੀ; ਢਿੱਡ ਦੀ ਭੁੱਖ ਦਾ, ਅੱਧੇ ਆਦਮੀ ਦੀਆਂ ਲੋੜਾਂ ਦਾ। ਧੰਨੀਆ ਨੂੰ ਮੋਹ ਵੀ ਤਾਂ ਨਹੀਂ ਸੀ ਉਪਜਦਾ, ਆਪਣੀ ਕੁੱਖ ਦੇ ਜਾਇਆਂ ਨਾਲ। ਪੈਸੇ ਖਾਤਰ ਹੀ ਉਸ ਬੱਚੇ ਜੰਮਾਏ। ਉਹ ਉਨ੍ਹਾਂ ਦੇ ਚਿਹਰੇ ਸਿਰਫ਼ ਰਾਤ ਦੇ ਹਨੇਰੇ ਵਿਚ ਹੀ ਦੇਖਦੀ ਜਿਵੇਂ ਕੋਈ ਮਹਿਮਾਨ ਸਿਰਫ਼ ਰਾਤ ਕੱਟਣ ਆਉਂਦੇ ਹੋਣ। ਝੁੱਗੀਆਂ ਦੇ ਹੋਰ ਬੱਚੇ ਬੇਫਿਕਰ ਖੇਡਦੇ, ਨੱਚਦੇ-ਕੁੱਦਦੇ ਵੇਖ ਉਹਦੀਆਂ ਆਂਦਰਾਂ ਵਿਚ ਕੜਵੱਲ ਵੀ ਪੈਂਦੇ, ਪਰ ਉਹ ਆਪੇ ਹੀ ਮੂੰਹ ਫੇਰ ਅਹਿਸਾਸ ਦਾ ਗਲਾ ਘੁੱਟ ਲੈਂਦੀ ਸੀ।
ਜਿਹੜੇ ਬੱਚੇ ਥੋੜ੍ਹੇ ਵੱਡੇ ਹੋ ਗਏ ਸਨ, ਉਸ ਔਰਤ ਨੇ ਹਸਪਤਾਲਾਂ, ਮੰਦਰਾਂ, ਚੁਰਾਹਿਆਂ ਉਤੇ ਉਨ੍ਹਾਂ ਨੂੰ ਥਾਂਵਾਂ ਮੱਲ ਦਿੱਤੀਆਂ ਸਨ। ਉਹ ਠੋਕਰਾਂ ਖਾਂਦੇ, ਨਸ਼ੀਲੀਆਂ ਗੋਲੀਆਂ ਫੱਕਦੇ, ਮੰਗਦੇ-ਮੰਗਦੇ, ਖੌਰੇ ਕਿਥੇ-ਕਿਥੇ ਧੱਕੇ ਖਾਂਦੇ ਚਲੇ ਗਏ। ਕਦੇ ਰਾਤ ਨੂੰ ਵੀ ਘਰ ਨਹੀਂ ਪਰਤਦੇ। ਉਨ੍ਹਾਂ ਦੇ ਚੇਤਿਆਂ ਤੋਂ ਮਾਂ-ਪਿਉ, ਝੁੱਗੀ, ਬਸਤੀ, ਕੱਖਾਂ-ਕਾਨਿਆਂ ਦੀਆਂ ਛੱਤਾਂ ਸਭ ਵਿਸਰ ਗਈਆਂ ਹਨ। ਉਨ੍ਹਾਂ ਦੇ ਆਪਣੇ ਹੀ ਅੱਡੇ ਬਣ ਗਏ ਹਨ। ਉਨ੍ਹਾਂ ਨੂੰ ਆਪਣੇ ਹੀ ਸਾਥੀ ਮਿਲ ਗਏ ਹਨ।
ਹੁਣ ਧੰਨੀਆ ਕੋਲ ਸਿਰਫ਼ ਦੋ ਹੀ ਬੱਚੇ ਰਹਿ ਗਏ ਹਨ। ਜਿੰਨੇ ਪੈਸੇ ਉਹ ਔਰਤ ਇਨ੍ਹਾਂ ਬੱਚਿਆਂ ਨੂੰ ਦਿੰਦੀ ਹੈ, ਉਸ ਨਾਲ ਤਾਂ ਉਨ੍ਹਾਂ ਦੇ ਪੇਟ ਦੀ ਭੱਠੀ ਨਹੀਂ ਝੁਲਸਦੀ। ਮਹਾਂਵੀਰ ਤਾਂ ਬੀੜੀਆਂ ਫੂਕਦਾ, ਸ਼ਰਾਬਾਂ ਪੀਂਦਾ ਸਾਹਸਤ-ਹੀਣ ਹੋ ਗਿਆ ਹੈ। ਕਦੇ ਉਹ ਰੋਂਦਾ ਹੈ, ਬੱਚਿਆਂ ਨੂੰ ਆਵਾਜ਼ਾਂ ਮਾਰਦਾ ਹੈ ਜਿਨ੍ਹਾਂ ਦੇ ਨਾਂ ਵੀ ਉਸ ਨੂੰ ਭੁੱਲ ਗਏ ਹਨ। ਧੰਨੀਆ ਵੀ ਸੋਚਦੀ ਹੈ, ਜੇ ਉਸ ਦੇ ਸਾਰੇ ਬੱਚੇ ਘਰ ਹੋਣ ਤਾਂ ਝੁੱਗੀ ਵਿਚ ਬੈਠ ਵੀ ਨਾ ਸਕਣ। ਉਸ ਨੂੰ ਆਪਣੀ ਹੀ ਕੁੱਖ ਦੇ ਜਾਇਆਂ ਦੀ ਗਿਣਤੀ ਭੁੱਲ ਜਾਂਦੀ ਹੈ। ਪੋਟਿਆਂ ਉਤੇ ਗਿਣਤੀ ਨੂੰ ਕਦੇ ਇਕ ਬੱਚਾ ਭੁੱਲ ਜਾਂਦਾ ਹੈ, ਕਦੇ ਦੂਜਾ। ਤੇ ਉਹ ਦੋਹਾਂ ਕੁੜੀਆਂ ਦੇ ਅੱਗੜ-ਪਿੱਛੜ ਹੋਏ ਮੁੰਡਿਆਂ ਨੂੰ ਪੋਟਿਆਂ ਉਤੇ ਗਿਣਦੀ ਹੈ, ਮੁੰਡੇ ਜਿਨ੍ਹਾਂ ਦੀਆਂ ਨੁਹਾਰਾਂ ਵੀ ਹੁਣ ਉਸ ਨੂੰ ਯਾਦ ਨਹੀਂ।
ਧੰਨੀਆ ਦਾ ਸਭ ਤੋਂ ਛੋਟਾ ਮੁੰਡਾ ਵੀ ਹੁਣ ਤਿੰਨ ਵਰ੍ਹਿਆਂ ਦਾ ਹੋ ਗਿਆ ਹੈ। ਅੱਠਾਂ ਕੁ ਵਰ੍ਹਿਆਂ ਦੀ ਬਾਲੜੀ ਨੂੰ ਕੁਏਰੀ ਪੱਥਰ ਢੋਣ-ਕੁੱਟਣ ਭੇਜ ਦਿੱਤਾ ਹੈ। ਬੱਚੇ ਦੀ ਸਾਰੇ ਦਿਨ ਦੀ ਮਿਹਨਤ ਦੇ ਪੈਸੇ ਤਾਂ ਬਹੁਤ ਘੱਟ ਮਿਲਦੇ ਹਨ, ਤੇ ਤਿੰਨ ਵਰ੍ਹਿਆਂ ਦੇ ਮੰਗਤੇ ਬੱਚੇ ਉਤੇ ਨਾ ਕੋਈ ਤਰਸ ਖਾਂਦਾ ਹੈ, ਨਾ ਉਹ ਖੁਦ ਮੰਗ ਸਕਦਾ ਹੈ। ਉਸ ਦਾ ਰੇਟ ਬਹੁਤ ਘੱਟ ਹੈ।
ਮਹਾਂਵੀਰ ਨੂੰ ਕਿੰਨੀ ਵਾਰੀ ਮਾਰਨ ਲਈ ਉਕਸਾਇਆ ਹੈ। ਸ਼ਰਾਬ ਦੀ ਬੋਤਲ ਤੋੜੀ, ਤਾਸ਼ ਅੱਗ ਵਿਚ ਤੇ ਬੀੜੀ ਦੀ ਡੱਬੀ ਚਿੱਕੜ ਵਿਚ ਸੁੱਟੀ, ਪਰ ਉਹ ਤਾਂ ਸਿਰਫ਼ ਗਾਲ੍ਹਾਂ ਹੀ ਬਕਦਾ, ਉਸ ਦੇ ਜਣਦੇ ਪੁਣਦਾ ਰਿਹਾ ਸੀ। ਨਾ ਮਾਰਨ ਲਈ ਉਲਰਿਆ, ਨਾ ਬਿਸਾਖੀ ਚੁੱਕ ਹੋਈ। ਉਸ ਦੇ ਤਾਂ ਹੱਥ ਵੀ ਕੰਬਦੇ ਹਨ, ਲੱਤ ਲੜਖੜਾਂਦੀ ਹੈ, ਬਿਸਾਖੀ ਡਗਮਗਾਂਦੀ ਹੈ, ਹੱਥਾਂ ਵਿਚ ਮੁੱਕਾ ਕੱਸਣ ਦੀ ਵੀ ਤਾਕਤ ਨਹੀਂ ਰਹੀ। ਜੋ ਹੱਥ ਲੱਗਾ, ਉਸ ਵਗਾਹ ਮਾਰਿਆ। ਧੰਨੀਆ ਦੇ ਮੱਥੇ ਉਤੇ ਫੱਟ ਪੈ ਗਿਆ। ਲਹੂ ਦੀ ਧਤੀਰੀ ਵਗ ਤੁਰੀ। ਹੁਣ ਉਹ ਕੀ ਕਰੇ? ਉਸ ਔਰਤ ਤੋਂ ਕਿੰਨਾ ਡਰ ਹੈ। ਉਹ ਰੋਜ਼ ਬੂਹਾ ਮੱਲ ਕੇ ਆ ਬੈਠਦੀ ਹੈ, “ਕਾਮ ਕਾ ਮੰਦਾ ਪੜ ਗਈ ਰੇ ਧੰਨੀਆ।” ਤੇ ਉਹ ਕਿੰਨੀਆਂ ਹੀ ਧਮਕੀਆਂ ਦੇ ਗਈ ਸੀ।
ਮੱਥੇ ਦੀ ਚੋਟ ਵਿਚੋਂ ਉਠਦੀਆਂ ਚੀਸਾਂ ਉਹ ‘ਸੀਅ-ਸੀਅ’ ਕਰਦੀ ਦਬਾਂਦੀ, ਚੁੱਪ ਪਈ ਉਸ ਔਰਤ ਦੀ ਸਿਰਫ਼ ਆਵਾਜ਼ ਸੁਣਦੀ ਰਹੀ, “ਧੰਨੀਆ, ਕੇ ਮੋਕਊ ਲਲਨਾ, ਮੰਦਰ ਕਾ ਬੇਲਾ ਬਿਹਾਈ ਜਾਵਤ।”
ਪਹਿਲਾਂ ਤਾਂ ਧੰਨੀਆ ਉਸ ਦੀ ਆਵਾਜ਼ ਨਾਲ ਹੀ ਉਠ ਬੈਠਦੀ ਸੀ। ਸੁੱਤੇ, ਜਾਗਦੇ, ਅੱਧ-ਸੁੱਤੇ, ਅੱਧ-ਜਾਗਦੇ ਰੀਂ-ਰੀਂ ਰੋਂਦੇ ਬੱਚਿਆਂ ਨੂੰ ਉਸ ਔਰਤ ਦੇ ਹੱਥ ਫੜਾ ਦਿੰਦੀ ਸੀ। ਤੇ ਉਹ ਧਰੀਕਦੀ-ਧਰੀਕਦੀ, ਮਾਰਦੀ, ਗਾਲ੍ਹਾਂ ਕੱਢਦੀ ਬੱਚਿਆਂ ਨੂੰ ਲੈ ਕੇ ਜਾਂਦੀ ਸੀ। ਅੱਜ ਧੰਨੀਆ ਦਾ ਜੀਅ ਕੀਤਾ ਕਿ ਉਸ ਔਰਤ ਦਾ ਗਿਰੇਵਾਨ ਪਕੜੇ, ਤੇ ਮਾਰ-ਮਾਰ ਝੁੱਗੀਆਂ ਤੋਂ ਦੂਰ ਨਾਲੇ ਦੇ ਪਾਰ ਧਰੀਕ ਕੇ ਲੈ ਜਾਏ, ਤੇ ਫਿਰ ਕਦੇ ਉਸ ਦਾ ਮੂੰਹ ਨਾ ਵੇਖੇ, ਪਰ ਉਹ ਕੁਝ ਵੀ ਨਹੀਂ ਕਰ ਸਕੀ। ਆਪਣੇ ਤਿੰਨਾਂ ਵਰ੍ਹਿਆਂ ਦੇ ਸੁੱਤੇ ਬੱਚੇ ਨੂੰ ਉਸ ਦੀ ਉਂਗਲੀ ਲਾ ਦਿੱਤਾ। ਰੋਂਦਾ ਬੱਚਾ, ਪੈਰੋਂ ਨੰਗਾ, ਤੇੜੋਂ ਨੰਗਾ।
ਅੱਜ ਧੰਨੀਆ ਦੇ ਜਿਸਮ ਵਿਚ ਅਜੀਬ ਤਰ੍ਹਾਂ ਦੀ ਅੱਚਵੀਂ ਮੱਚੀ ਹੈ। ਰਗ-ਰਗ ਵਿਚ ਸੂਈਆਂ ਦੀ ਚੋਭ ਹੈ। ਸਾਹ ਗਰਮ ਤੇ ਤੇਜ਼ ਹੈ। ਬਦਨ ਟੁੱਟਦਾ ਹੈ। ਹੋਠਾਂ ਉਤੇ ਪੇਪੜੀ ਜਿਹੀ ਜੰਮੀ ਹੈ। ਪਾਸੇ ਮਾਰ-ਮਾਰ ਹੰਭ ਗਈ ਹੈ। ਤਿੰਨਾਂ ਵਰ੍ਹਿਆਂ ਦਾ ਬੱਚਾ ਬੇਸੁਰਤ ਜਿਹਾ ਪਿਆ ਹੈ। ਕੁੜੀ ਥੱਕੀ-ਟੁੱਟੀ ਘੂਕ ਸੁੱਤੀ ਹੈ। ਮਹਾਂਵੀਰ ਨੇ ਆਪਣੀ ਇਕੋ-ਇਕ ਬਾਂਹ ਨੂੰ ਅੱਖਾਂ ਉਤੇ ਰੱਖਿਆ ਹੋਇਆ ਹੈ। ਉਸ ਦੀ ਦੂਜੇ ਬਾਂਹ ਤੇ ਲੱਤ ਦਾ ਟੁੰਡ ਕਦੇ-ਕਦੇ ਫ਼ਰਕਦੇ ਹਨ। ਅੱਧੀ ਰਾਤ ਹੋ ਗਈ ਹੈ। ਧੰਨੀਆ ਨੇ ਝੱਜਰੀ ਵਿਚੋਂ ਪਾਣੀ ਪੀਤਾ, ਤੇ ਗਲਾਸ ਵਿਚ ਕਿੰਨੀ ਦੇਰ ਹੋਂਠ ਡੁਬੋਈ ਰੱਖੇ। ਫਿਰ ਇਕ ਸੋਚ ਉਸ ਦੀਆਂ ਉਨੀਂਦਰੀਆਂ ਅੱਖਾਂ ਵਿਚ ਠਹਿਰ ਗਈ। ਉਹ ਉਠ ਕੇ ਬੈਠ ਗਈ। ਇੰਨੀ ਸਾਹ-ਸਤਹੀਣ ਤਾਂ ਉਹ ਪੱਥਰ ਢੋਂਦੀ ਵੀ ਨਹੀਂ ਸੀ ਹੋਈ। ਇੰਨੀ ਨਿਢਾਲ ਤਾਂ ਉਹ ਦਸ ਬੱਚੇ ਜੰਮ ਕੇ ਵੀ ਨਹੀਂ ਸੀ ਹੋਈ। ਪਹਿਲੀ ਵਾਰੀ ਅੱਧੀ ਰਾਤ ਨੂੰ ਜਦੋਂ ਧੰਨੀਆ ਨੇ ਆਪਣੀ ਝੌਂਪੜੀ ਦਾ ਤੰਗ ਜਿਹਾ ਬੂਹਾ ਉਕੜੂੰ ਹੋ ਕੇ ਉਲੰਘਿਆ, ਤਾਂ ਉਸ ਦੇ ਸਿਰ ਦੀ ਘਸਰਨ ਨਾਲ ਘਾਹ, ਫੂਸ, ਤੀਲੀਆਂ ਦੀ ਛੱਤ ਵਿਚੋਂ ਵੀ ਕੁਝ ਤਿੜਾਂ ਹੇਠਾਂ ਧਰਤੀ ਉਤੇ ਡਿੱਗੀਆਂ। ਉਹ ਮਲਕੜੇ ਜਿਹੇ ਟੁੱਟੇ-ਭੱਜੇ ਫੱਟਿਆਂ ਦੇ ਦਰ ਨੂੰ ਖੋਲ੍ਹ ਬਾਹਰ ਨਿਕਲ ਗਈ। ਤਖ਼ਤੇ ਕੰਬੇ, ਕੱਚੀਆਂ ਕੰਧਾਂ ਨਾਲੋਂ ਮਿੱਟੀ ਭੁਰੀ, ਧਰਤੀ ਦੀ ਹਿੱਕ ਕੰਬੀ। ਧੰਨੀਆ ਨੇ ਹੇਠਲਾ ਹੋਂਠ ਜ਼ੋਰ ਨਾਲ ਚਿਥਿਆ, ਤੇ ਝੌਂਪੜੀ ਦੇ ਟੀਨ ਨੂੰ ਸਰਕਾ ਕੇ ਅੰਦਰ ਵੜ ਗਈ। ਕੱਲ੍ਹ ਹੀ ਪਾਰਲੀ ਝੌਂਪੜੀ ਵਾਲੀ ਔਰਤ ਆਪਣੇ ਘਰ ਪਿੰਡ ਗਈ ਸੀ।
ਫਿਰ ਇਕ ਕਰਮ ਉਂਜ ਹੀ ਟੁਰ ਪਿਆ ਸੀ। ਦਰ-ਦਰ ਮੰਗਦੀ ਧੰਨੀਆ ਵੀ ਉਸੇ ਔਰਤ ਵਾਂਗ ਜਿਵੇਂ ਭਿਖਾਰਨ ਹੋਵੇ। ਝੁੱਗੀ-ਝੁੱਗੀ ਵਿਚੋਂ ਸੂਹਾਂ ਲੈਂਦੀ, ਮਰਦਾਂ ਪਿਛੇ ਪੈਂਦੀ, ਉਹ ਕੁੱਖ ਭਰਨ ਦੀ ਭੀਖ ਮੰਗਦੀ। ਉਸੇ ਔਰਤ ਦੀ ਤਰ੍ਹਾਂ ਜਿਹੜੀ ਭੁੱਖੇ ਪੇਟ ਲਈ ਝੂਠੇ ਅੱਥਰੂ ਵਗਾਂਦੀ, ਤਰਲੇ ਵਾਸਤੇ ਪਾਂਦੀ ਕਈ ਵਾਰੀ ਆਦਮੀਆਂ ਦੀਆਂ ਬਾਂਹਵਾਂ ਫੜ ਲੈਂਦੀ ਹੈ, ਕੱਪੜੇ ਫੜ ਲੈਂਦੀ ਹੈ, ਵਾਸਤੇ ਪਾਂਦੀ ਦੁਹਾਈ ਦਿੰਦੀ ਹੈ।
ਮਹਾਂਵੀਰ ਨੇ ਵੀ ਨੰਗੇ ਢਿੱਡ ਉਤੇ ਹੱਥ ਫੇਰ ਸਮਝੌਤਾ ਕਰ ਲਿਆ। ਉਹ ਨਾ ਧੰਨੀਆ ਨੂੰ ਮਾਰਦਾ, ਨਾ ਗਾਲ੍ਹਾਂ ਕੱਢਦਾ। ਦੋਹਾਂ ਵਿਚਾਲੇ ਠੰਢੀ ਚੁੱਪ ਪਸਰ ਗਈ। ਦੋਹੇਂ ਇਕ-ਦੂਜੇ ਤੋਂ ਅੱਖਾਂ ਚੁਰਾਂਦੇ। ਧੰਨੀਆ ਜਦੋਂ ਬੂਹੇ ਵਿਚੋਂ ਬਾਹਰ ਨਿਕਲਦੀ, ਮਹਾਂਵੀਰ ਦੀ ਲੱਤ ਤੇ ਬਾਂਹ ਦੇ ਟੁੰਡ ਕੰਬਣ ਲੱਗਦੇ। ਉਸ ਦੇ ਸੀਨੇ ਉਤੇ ਜਿਵੇਂ ਸੱਪ ਲੇਟ ਜਾਂਦਾ ਹੈ, ਤੇ ਅੱਖਾਂ ਮੀਚ ਮਚਲਾ ਬਣ ਜਾਂਦਾ ਹੈ।
ਬਹੁਤੀਆਂ ਝੁੱਗੀਆਂ ਵਿਚ ਉਹ ਬੱਚਾ ਮੰਗਦੀ ਜਿਸਮ ਫੈਲਾਂਦੀ ਰਹੀ। ਦਰ-ਦਰ ਭਟਕ ਕੇ ਵੀ ਆਪਣਾ-ਆਪ ਗੁਆ ਕੇ ਵੀ, ਤਨ ਚੁੰਡਿਆ ਕੇ ਵੀ ਕੁਝ ਹੱਥ ਨਾ ਆਇਆ।
ਅੱਜ ਸੁਖੀ ਰਾਮ ਦੀ ਔਰਤ ਰਾਮਕਲੀ ਨੇ ਗੁੱਤੋਂ ਫੜ ਧਰੀਕਿਆ ਹੈ। ਮਾਰ-ਮਾਰ ਉਸ ਦੀਆਂ ਹੱਡੀਆਂ ਕੜਕਾ ਦਿੱਤੀਆਂ ਹਨ। ਕੱਪੜੇ ਲੀਰੋ-ਲੀਰ ਕਰ ਦਿੱਤੇ ਹਨ। ਆਪਣੀ ਸਾਂਝੀ ਕੰਧ ਤੋਂ ਉਸ ਧੰਨੀਆ ਦੀ ਝੁੱਗੀ ਦਾ ਖਪਰੈਲ ਵੀ ਹੇਠਾਂ ਵਗਾਹ ਮਾਰਿਆ ਹੈ। ਆਪਣੇ ਆਦਮੀ ਨੂੰ ਵੀ ਘਸੀਟਦੀ-ਘਸੀਟਦੀ ਬਾਹਰ ਲੈ ਆਈ ਹੈ। ਚੁਤਰਫ਼ੀ ਰੌਲਾ ਮਚਿਆ ਹੈ। ਹਰ ਕੋਈ ਦੂਜੇ ਨੂੰ ਚੋਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਰਦ ਮੌਜੂ ਕੱਸਦੇ ਹਨ, ਔਰਤਾਂ ਲਾਹਣਤਾਂ ਪਾਂਦੀਆਂ ਹਨ, ਕੁੜੀਆਂ ਦੁਬਕ ਕੇ ਅੰਦਰ ਝੁੱਗੀਆਂ ਵਿਚ ਵੜ ਗਈਆਂ ਹਨ, ਮੁੰਡੇ ਸੁਖੀ ਰਾਮ ਨਾਲ ਮਸ਼ਕਰੀਆਂ ਕਰਦੇ ਹਨ। ਉਹ ਗੋਡਿਆਂ ਪਰਨੇ ਅੱਖਾਂ ਨਿਵਾਈ ਚੁੱਪ ਬੈਠਾ ਹੈ।
ਧੰਨੀਆ ਧਰਤੀ ਦੀ ਹਿੱਕ ਨਾਲ ਜੁੜੀ ਹੈ। ਕਿਸੇ ਉਠਾਇਆ ਨਾ, ਕਿਸੇ ਬਿਠਾਇਆ ਨਾ। ਨਾ ਕਿਸੇ ਹਮਦਰਦੀ ਜਤਾਈ, ਨਾ ਕਿਸੇ ਅਪਣੱਤ ਵਿਖਾਈ। ਧੰਨੀਆ ਨੂੰ ਹਰ ਬੰਦੇ, ਹਰ ਔਰਤ ਦਾ ਪਤਾ ਹੈ ਕੋਈ ਕਿੰਨਾ ਕੁ ਨੰਗਾ ਹੈ। ਕਿੰਨੇ ਕੁ ਕੱਪੜਿਆਂ ਦੀਆਂ ਤਹਿਆਂ ਹੇਠਾਂ ਉਸ ਆਪਣਾ-ਆਪ ਲੁਕਾਇਆ ਹੋਇਆ ਹੈ। ਉੁਹ ਇਕ-ਇਕ ਨੂੰ ਸ਼ਰ੍ਹੇਆਮ ਪਰਦੇ ਪਾੜ ਨੰਗਾ ਕਰ ਸਕਦੀ ਹੈ, ਪਰ ਉਸ ਇਕੋ ਵਾਰ ਚੁਤਰਫ਼ੀ ਆਪਣੇ ਵੱਲ ਘੂਰਦੀਆਂ ਅੱਖਾਂ ਵੱਲ ਵੇਖਿਆ। ਘੂਰਦੀਆਂ, ਜਿਵੇਂ ਬਿੱਲੀਆਂ ਦੀਆਂ ਹਨੇਰੇ ਵਿਚ ਲਿਸ਼ਕਦੀਆਂ ਅੱਖਾਂ। ਨਜ਼ਰਾਂ, ਜਿਵੇਂ ਦੋ ਧਾਰੀਆਂ ਤਿੱਖੀਆਂ ਕਟਾਰਾਂ ਉਸ ਦੇ ਜਿਸਮ ਦੀ ਬੋਟੀ-ਬੋਟੀ ਕਰਨ ਲੱਗੀਆਂ ਹੋਣ; ਪਰ ਨਹੀਂ ਨਹੀਂ, ਉਸ ਦੇ ਸੁੰਨ ਦਿਮਾਗ ਵਿਚੋਂ ਇਕ ਚਿਣਗ ਨਿਕਲੀ, “ਇਹ ਤਾਂ ਉਲੂਆਂ ਦੀਆਂ ਅੱਖਾਂ ਨੇ। ਅਜੀਬ ਕਿਸਮ ਦੇ ਉੱਲੂ ਨੇ। ਇਨ੍ਹਾਂ ਦੀ ਇਹ ਨਜ਼ਰ ਆਪਣੀਆਂ ਕਰਤੂਤਾਂ ਵਾਰੀ ਪਥਰਾ ਜਾਂਦੀ ਹੈ।”
ਉਹ ਇਕੋ ਝਟਕੇ ਨਾਲ ਉਠੀ। ਅਣਗਿਣਤ ਭੂੰਡਾਂ ਦੀ ਭਿਣਭਿਣਾਹਟ ਉਸ ਦੇ ਕੰਨਾਂ ਵਿਚ ਪਈ ਅਤੇ ਉਹ ਦੂਰ ਖਾਈਆਂ-ਟੋਟਿਆਂ ਵੱਲ ਨਿਕਲ ਗਈ, ਜਿਥੇ ਕਦੇ ਉਚੇ-ਉਚੇ ਟਿੱਲੇ ਸਿਰ ਚੁੱਕ ਆਕਾਸ਼ ਦੀ ਨੀਲੱਤਣ ਮਾਣਦੇ ਸਨ। ਚੰਨ ਤਾਰਿਆਂ ਦੀ ਚਾਨਣੀ ਵਿਚ ਧੁਰ ਤੀਕ ਨਹਾਂਦੇ ਸਨ।
ਹੁਣ ਉਹ ਸਾਰਾ ਦਿਨ ਭਟਕਦੀ ਰਹਿੰਦੀ ਹੈ। ਹਸਪਤਾਲ, ਧਾਰਮਿਕ ਅਸਥਾਨ, ਭੀੜ-ਭੜੱਕੇ, ਜਿਥੇ ਵੀ ਉਹ ਅੱਧ-ਨੰਗਾ, ਅੱਧ-ਕੱਜਿਆ, ਨੀਮ ਬੇਹੋਸ਼ ਬੱਚਾ ਮੰਗਦਾ ਵੇਖਦੀ ਹੈ, ਉਸ ਵੱਲ ਧਾਂਹਦੀ ਹੈ, ਜੱਫ਼ੀ ਵਿਚ ਲੈਣਾ ਚਾਹੁੰਦੀ ਹੈ, ਸੀਨੇ ਨਾਲ ਘੁੱਟਣਾ ਚਾਹੁੰਦੀ ਹੈ। ਉਸ ਨੂੰ ਮਹਿਸੂਸ ਹੁੰਦਾ ਹੈ- ਇਹ ਹਜ਼ਾਰਾਂ ਬੱਚੇ, ਹਜ਼ਾਰਾਂ ਹੀ ਨੰਗੇ-ਭੁੱਖੇ ਢਿੱਡ ਸਾਰੇ ਉਸ ਦੇ ਜਾਏ ਨੇ, ਉਸੇ ਦੀਆਂ ਆਪਣੀਆਂ ਉਂਗਲਾਂ ਦੇ ਨਾਖੂਨ ਨੇ ਜਿਨ੍ਹਾਂ ਦਾ ਦਰਦ ਅਸਹਿ ਹੈ। ਇਹ ਨਾਖੂਨ ਉਸ ਦੇ ਸਾਰੇ ਜਿਸਮ ਉਤੇ ਉਗ ਪਏ ਨੇ, ਤੇ ਨਾਖੂਨਾਂ ਦੇ ਨਾਸੂਰ ਬਣ ਕੇ ਰਿਸਣ ਲੱਗ ਪਏ ਹਨ। ਕਿੰਨੀ ਪਾਗਲ ਜਿਹੀ ਹੋ ਗਈ ਹੈ। ਇਕ ਵੀ ਬੱਚਾ ਆਪਣਾ ਨਹੀਂ ਲਗਦਾ। ਸਾਰੇ ਦੇ ਸਾਰੇ ਹੀ ਆਪਣੇ ਹਨ। ਉਹ ਕੀ ਕਰੇ? ਉਹ ਚੌਕਾਂ ਵਲ ਦੌੜ ਪੈਂਦੀ ਹੈ। ਚੌਕਾਂ ਵਿਚ ਲਾਲ ਬੱਤੀਆਂ ਕਾਰਨ ਖਲੋਤੀਆਂ ਮੋਟਰਾਂ, ਕਾਰਾਂ, ਸਕੂਟਰਾਂ ਵਾਲਿਆਂ ਅੱਗੇ ਬੱਚੇ ਕਰਦੀਆਂ, ਤਰਲੇ-ਵਾਸਤੇ ਪਾਂਦੀਆਂ, ਮੰਗਦੀਆਂ ਔਰਤਾਂ ਦੇ ਕੁੱਛੜ ਛੋਟੇ-ਛੋਟੇ ਬੱਚੇ ਦੇਖ ਉਸ ਦਾ ਸੀਨਾ ਚਰੀਂਦਾ ਹੈ। ਮੰਗਤੀਆਂ ਦੇ ਕੁੱਛੜੋਂ ਬੱਚੇ ਖੋਂਹਦੀ ਹੈ, ਨੱਸਦੀ ਹੈ, ਡਿਗਦੀ ਹੈ, ਮਾਰਾਂ ਖਾਂਦੀ ਹੈ, “ਇਹ ਬੱਚੇ ਮੇਰੇ ਨੇ, ਇਹ ਬੱਚੇ ਮੇਰੇ ਨੇ !” ਥੱਕ-ਟੁੱਟ ਕੇ ਝੁੱਗੀ ਦੀ ਛੱਤ ਹੇਠਾਂ ਲੰਮੀ ਪੈ ਜਾਂਦੀ ਹੈ। ਆਪਣੇ ਝੁਰੜਾਂਦੇ ਪੇਟ ਉਤੇ ਹੱਥ ਫ਼ੇਰਦੀ ਸਿਰਫ਼ ਘਾਹ-ਫੂਸ ਦੀ ਛੱਤ ਨੂੰ ਘੂਰਦੀ ਹੈ। ਡਰਦੀ ਹੈ, ਉਸ ਦੇ ਅੰਦਰਲੀ ਅੱਗ ਨਾਲ ਇਹ ਛੱਤ ਵੀ ਨਾ ਸੜ ਜਾਏ। ਉਹ ਨਹੁੰਆਂ ਨਾਲ ਧਰਤੀ ਖੁਰਚਦੀ ਹੈ। ਝੁੱਗੀ ਅੰਦਰਲੀ ਧਰਤੀ ਨੂੰ ਖੁਰਚ-ਖੁਰਚ ਉਸ ਇਵੇਂ ਬਣਾ ਦਿੱਤਾ ਹੈ, ਜਿਵੇਂ ਕਿਸੇ ਨਰਸਰੀ ਦੀ ਕਿਆਰੀ ਦੀ ਨਵੀਂ ਫੁੱਟੀ ਪੌਦ ਹੁਣੇ ਵਿਕੀ ਹੋਏ ਤੇ ਧਰਤੀ ਟੋਏ-ਟੋਏ, ਮੋਰੀਆਂ-ਮੋਰੀਆਂ, ਸੱਖਣੀ ਖਾਲੀ ਹੋ ਗਈ ਹੋਏ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਚੰਦਨ ਨੇਗੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ