Navan Saal : Harishankar Parsai

ਨਵਾਂ ਸਾਲ (ਵਿਅੰਗ) : ਹਰੀਸ਼ੰਕਰ ਪਰਸਾਈ

ਸਾਧੋ, ਪਿਛਲਾ ਸਾਲ ਗੁਜ਼ਰ ਗਿਆ ਹੈ ਤੇ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ। ਨਵੇਂ ਸਾਲ ਦੇ ਸ਼ੁਰੂ ਵਿਚ ਸ਼ੁਭਕਾਮਨਾਵਾਂ ਦੇਣ ਦਾ ਰਿਵਾਜ਼ ਹੈ…ਪਰ, ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦੇਣ ਤੋਂ ਝਿਜਕ ਰਿਹਾ ਹਾਂ। ਗੱਲ ਇਹ ਹੈ ਸਾਧੋ ਕਿ ਕੋਈ ਸ਼ੁਭਕਾਮਨਾ ਹੁਣ ਕਾਰਗਰ ਨਹੀਂ ਹੁੰਦੀ। ਮੰਨ ਲਓ, ਮੈਂ ਆਖਾਂ, ਕਿ ਈਸ਼ਵਰ ਨਵਾਂ ਸਾਲ ਤੁਹਾਡੇ ਲਈ ਸੁਖਦਾਈ ਕਰੇ, ਤਾਂ ਤੁਹਾਨੂੰ ਦੁੱਖ ਦੇਣ ਵਾਲੇ ਈਸ਼ਵਰ ਨਾਲ ਹੀ ਭਿੜ ਜਾਣਗੇ। ਇਹ ਕਹਿਣਗੇ,'ਦੇਖਦੇ ਹਾਂ, ਈਸ਼ਵਰ ਤੈਨੂੰ ਕਿਵੇਂ ਸੁਖ ਦੇਂਦਾ ਹੈ…।' ਸਾਧੋ ਕੁਛ ਲੋਕ ਈਸ਼ਵਰ ਨਾਲੋਂ ਵੀ ਵੱਡੇ ਹੋ ਗਏ ਨੇ। ਈਸ਼ਵਰ ਤੁਹਾਨੂੰ ਸੁਖ ਦੇਣ ਦੀ ਯੋਜਨਾ ਅਜੇ ਉਲੀਕ ਹੀ ਰਿਹਾ ਹੁੰਦਾ ਹੈ, ਕਿ ਇਹ ਲੋਕ ਉਸਨੂੰ ਪਾੜ-ਪੂੜ ਕੇ ਦੁਖ ਦੇਣ ਦੀਆਂ ਯੋਜਨਾਵਾਂ ਬਣਾ ਲੈਂਦੇ ਨੇ।

ਸਾਧੋ, ਮੈਂ ਆਖਾਂ ਕਿ ਇਹ ਵਰ੍ਹਾ ਤੁਹਾਡੇ ਲਈ ਸੁਖਦਾਈ ਹੋਵੇ…ਸੁਖ ਦੇਣ ਵਾਲਾ ਨਾ ਵਰ੍ਹਾ ਹੈ, ਨਾ ਮੈਂ ਹਾਂ, ਨਾ ਈਸ਼ਵਰ। ਸੁਖ ਤੇ ਦੁਖ ਦੇਣ ਵਾਲੇ ਹੋਰ ਹੀ ਨੇ। ਮੈਂ ਕਹਾਂ ਕਿ ਤੁਹਾਨੂੰ ਸੁਖ ਮਿਲੇ, ਈਸ਼ਵਰ ਵੀ ਮੇਰੀ ਗੱਲ ਮੰਨ ਕੇ ਚੰਗੀ ਫਸਲ ਕਰ ਦੇਵੇ। ਪਰ ਫਸਲ ਆਉਂਦਿਆਂ ਹੀ ਵਪਾਰੀ ਅਨਾਜ ਨੱਪ ਲੈਣ ਤੇ ਕੀਮਤਾਂ ਵਧਾਅ ਦੇਣ ਤਾਂ ਤੁਹਾਨੂੰ ਸੁਖ ਕਿੰਜ ਮਿਲੇਗਾ ? ਇਸ ਲਈ ਤੁਹਾਡੇ ਲਈ ਸੁਖ ਦੀ ਕਾਮਨਾ ਵਿਅਰਥ ਹੈ।

ਸਾਧੋ, ਤੁਹਾਨੂੰ ਚੇਤਾ ਹੋਵੇਗਾ ਕਿ ਨਵੇਂ ਸਾਲ ਦੇ ਸ਼ੁਰੂ ਵਿਚ ਮੈਂ ਤੁਹਾਨੂੰ ਸ਼ੁਭਕਾਮਨਾ ਦਿੱਤੀ ਸੀ। ਪਰ ਪੂਰਾ ਸਾਲ ਤੁਹਾਡੇ ਲਈ ਦੁਖਾਂ ਭਰਿਆ ਬੀਤਿਆ ਹਰ ਮਹੀਨੇ ਕੀਮਤਾਂ ਵਧਦੀਆਂ ਗਈਆਂ। ਤੁਸੀਂ ਚਕੀ-ਪੂਕਾਰ ਕਰਦੇ ਸੀ ਤਾਂ ਸਰਕਾਰ ਵਪਾਰੀਆਂ ਨੂੰ ਧਮਦੀ ਦੇ ਦੇਂਦੀ ਸੀ। ਬਹੁਤਾ ਰੌਲਾ ਪਾਇਆ ਤਾਂ ਦੋ ਚਾਰ ਵਪਾਰੀ ਗ੍ਰਿਰਫ਼ਤਾਰ ਕਰ ਲਏ, ਹੁਣ ਤਾਂ ਤੁਹਾਡਾ ਢਿੱਡ ਭਰ ਗਿਆ ਹੋਵੇਗਾ। ਸਾਧੋ, ਇਹ ਪਤਾ ਨਹੀਂ ਕਿਹੜਾ ਅਰਥਿਕ ਨਿਯਮ ਹੈ ਕਿ ਜਿਵੇਂ ਜਿਵੇਂ ਵਾਪਰੀ ਗਿਰਫ਼ਤਾਰ ਹੁੰਦੇ ਗਏ, ਤਿਵੇਂ-ਤਿਵੇਂ ਕੀਮਾਂ ਵਧਦੀਆਂ ਗਈਆਂ। ਮੈਨੂੰ ਤਾਂ ਇੰਜ ਲੱਗਦਾ ਹੈ, ਮਨਾਫ਼ਾਖ਼ੋਰ ਨੂੰ ਗਿਰਫ਼ਤਾਰ ਕਰਨਾ ਇਕ ਪਾਪ ਹੈ। ਇਸੇ ਪਾਪ ਸਦਕਾ ਕੀਮਤਾਂ ਵਧਦੀਆਂ ਨੇ।

ਸਾਧੋ, ਮੇਰੀ ਕਾਮਨਾ ਅਕਸਰ ਪੁੱਠੀ ਪੈ ਜਾਂਦੀ ਹੈ। ਪਿੱਛਲੇ ਸਾਲ ਵਿਚ ਇਕ ਸਰਕਾਰੀ ਕਰਮਚਾਰੀ ਲਈ ਮੈਂ ਸੁਖ ਦੀ ਕਾਮਨਾ ਕੀਤੀ ਸੀ। ਸਿੱਟਾ ਇਹ ਹੋਇਆ ਕਿ ਉਹ ਰਿਸ਼ਵਤ ਖਾਣ ਲੱਗ ਪਿਆ…ਉਸਨੇ ਮੇਰੀ ਇੱਛਾ ਜੋ ਪੂਰੀ ਕਰਨੀ ਸੀ ਤੇ ਰਿਸ਼ਵਤ ਖਾਧੇ ਬਿਨਾਂ ਕੋਈ ਸਰਕਾਰੀ ਕਰਮਚਾਰੀ ਸੁਖੀ ਹੋ ਹੀ ਨਹੀਂ ਸਕਦਾ। ਸਾਧੋ, ਸਾਲ ਭਰ ਤਾਂ ਉਹ ਸੁਖੀ ਰਿਹਾ, ਪਰ ਦਸੰਬਰ ਵਿਚ ਗ੍ਰਿਫ਼ਤਾਰ ਹੋ ਗਿਆ। ਇਕ ਵਿਦਿਆਰਥੀ ਨੂੰ ਮੈਂ ਕਿਹਾ ਸੀ ਕਿ ਨਵਾਂ ਸਾਲ ਸੁਖਦਾਈ ਹੋਵੇ…ਤਾਂ ਉਸਨੇ ਫਸਟ ਕਲਾਸ ਲੈਣ ਖਾਤਰ ਇਮਤਿਹਾਨਾਂ ਵਿਚ ਨਕਲ ਮਾਰ ਲਈ। ਇਕ ਨੇਤਾ ਨੂੰ ਮੈਂ ਕਿਹਾ ਦਿੱਤਾ ਸੀ ਕਿ ਇਸ ਵਰ੍ਹੇ ਤੁਹਾਡਾ ਜੀਵਨ ਸੁਖਦਾਈਹੋਵੇ…ਤਾਂ ਉਹ ਸੰਸਦ ਦਾ ਪੈਸਾ ਖਾ ਗਿਆ ਸੀ।

ਸਾਧੋ, ਇਕ ਈਮਾਨਦਾਰ ਵਪਾਰੀ ਨੂੰ ਮੈਂ ਕਹਿ ਬੈਠਾ ਸਾਂ…ਕਿ ਨਵਾਂ ਵਰ੍ਹਾ ਸੁਖਦਾਈ ਹੋਵੇ ਤਾਂ ਉਹ ਉਸੇ ਦਿਨ ਤੋਂ ਮੁਨਾਫ਼ਾਖ਼ੋਰੀ ਕਰਨ ਲੱਗ ਪਿਆ ਸੀ। ਇਕ ਪੱਤਰਕਾਰ ਲਈ ਮੈਂ ਸ਼ੁਭਕਾਮਨਾਵਾਂ ਭਜੀਆਂ ਤਾਂ ਉਹ ਬਲੈਕ-ਮੇਲਿੰਗ ਕਰਨ ਲੱਗ ਪਿਆ। ਇਕ ਲੇਖਕ ਨੂੰ ਕਿਹਾ ਕਿ ਨਵਾਂ ਸਾਲ ਤੁਹਾਡੇ ਨਹੀ ਸੁਖਦਾਈ ਹੋਵੇ ਤਾਂ ਉਹ ਲਿਖਣਾ ਛੱਡ ਕੇ ਰੇਡੀਓ ਤੇ ਨੌਕਰ ਹੋ ਗਿਆ। ਇਕ ਪਹਿਲਵਾਨ ਨੂੰ ਮੈਂ ਦਿੱਤਾ ਕਿ ਬਹਾਦਰ ਤੇਰਾ ਨਵਾਂ ਸਾਲ ਸੁਖਦਾਈ ਹੋਵੇ ਤਾਂ ਉਹ ਜੂਏ ਦਾ ਅੱਡਾ ਲਾ ਕੇ ਬੈਠ ਗਿਆ। ਇਕ ਅਧਿਆਪਕ ਨੂੰ ਮੈਂ ਸ਼ੁਭਕਾਮਨਾ ਦਿੱਤੀ ਤਾਂ ਉਹ ਪੈਸੇ ਲੈ ਕੇ ਮੁੰਡਿਆਂ ਨੂੰ ਪਾਸ ਕਰਵਾਉਣ ਲੱਗ ਪਿਆ। ਇਕ ਮੁਟਿਆਰ ਲਈ ਸ਼ੁਭਕਾਮਨਾ ਕੀਤੀ ਤਾਂ ਉਹ ਪ੍ਰੇਮੀ ਨਾਲ ਨੱਠ ਗਈ। ਇਕ ਐਮ. ਐਲ. ਏ. ਲਈ ਸ਼ੁਭਕਾਮਨਾ ਕੀਤੀ ਤਾਂ ਉਹ ਪੁਲਿਸ ਨਾਲ ਰਲ ਕੇ ਰਿਸ਼ਵਤ ਖਾਣ ਲੱਗ ਪਿਆ।

ਸਾਧੋ, ਤੁਹਾਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣ ਤੋਂ ਮੈਂ ਇਸ ਲਈ ਡਰ ਰਿਹਾ ਹਾਂ ਕਿ ਇਕ ਤਾਂ ਈਮਾਨਦਾਰ ਆਦਮੀ ਨੂੰ ਸੁਖ ਦੇਣਾ ਕਿਸੇ ਦੇ ਵੱਸ ਦੀ ਗੱਲ ਨਹੀਂ : ਈਸ਼ਵਰ ਦੇ ਵੀ ਨਹੀਂ। ਮੇਰੇ ਕਹਿ ਦੇਣ ਨਾਲ ਕੁਛ ਨਹੀਂ ਹੋਵੇਗਾ। ਜੇ ਮੇਰੀ ਸ਼ੁਭਕਾਮਨਾ ਨੇ ਸਹੀ ਹੀ ਹੋਣਾ ਹੈ, ਤਾਂ ਤੁਸੀਂ ਸਾਧੂ ਸੁਭਾਅ ਛੱਡ ਕੇ ਪਤਾ ਨਹੀਂ ਕੀ ਕੀ ਕਰਨ ਲੱਗ ਪਓਂ ! ਤੁਸੀਂ ਗਾਂਜਾ-ਸ਼ਰਾਬ ਜਾਂ ਚੋਰ-ਬਾਜ਼ਾਰੀ ਕਰਨ ਲਗੋਂ। ਤੁਸੀਂ ਕੋਈ ਸੰਸਥਾ ਬਣਾ ਕੇ ਚੰਦਾ ਖਾਣ ਲੱਗੋਂ। ਸਾਧੋ, ਸਿੱਧੇ ਰਸਤੇ ਇਸ ਰਾਜਭਾਗ ਵਿਚ ਕੋਈ ਸੁਖ ਨਹੀਂ ਮਿਲਦਾ। ਸਾਧੋ, ਇਸੇ ਡਰ ਦਾ ਮਾਰਿਆ ਮੈਂ ਤੁਹਾਨੂੰ ਨਵੇਂ ਸਾਲ ਲਈ ਕੋਈ ਸ਼ੁਭਕਾਮਨਾ ਨਹੀਂ ਦੇਂਣਾ ਪਿਆ ਕਿ ਕਿੱਧਰੇ ਤੁਸੀਂ ਸੁਖੀ ਹੋਣ ਦੀਆਂ ਕੋਸ਼ਿਸ਼ਾਂ ਹੀ ਨਾ ਕਰਨ ਲੱਗ ਪਵੋਂ।… ਸੁਖੀ ਹੋਣ ਦੀਆਂ ਕੋਸ਼ਿਸ਼ਾਂ ਹੀ ਨਾ ਕਰਨ ਲੱਗ ਪਵੋਂ।…

(ਅਨੁਵਾਦ : ਮਹਿੰਦਰ ਬੇਦੀ ਜੈਤੋ)

  • ਮੁੱਖ ਪੰਨਾ : ਹਰੀਸ਼ੰਕਰ ਪਰਸਾਈ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ