Naveen Rutt (Punjabi Story) : Navtej Singh

ਨਵੀਂ ਰੁੱਤ (ਕਹਾਣੀ) : ਨਵਤੇਜ ਸਿੰਘ

ਦੀਪੋ ਨੇ ਕੜਾਹ ਦਾ ਕੌਲ ਈਸ਼ਰ ਕੌਰ ਦੇ ਹੱਥ ਦੇਂਦਿਆਂ ਕਿਹਾ, “ਬੇਬੇ, ਅੱਜ ਸਾਡੇ ਫਲ੍ਹੇ ਮੁੱਕੇ ਨੇ, ਮੇਰੀ ਮਾਂ ਨੇ ਕੜਾਹ ਕੀਤਾ ਏ—ਅਹਿ ਤੇਰੇ ਲਈ ਓਨ ਘੱਲਿਆ ਵੇ।”

ਈਸ਼ਰ ਕੌਰ ਨੇ ਕੌਲ ਤੋਂ ਥਿੰਧਾ ਪੋਣਾ ਲਾਹਿਆ …ਤੇ ਉਹ ਠਠੰਬਰ ਗਈ—ਲੋਕਾਂ ਦੇ ਫਲ੍ਹੇ ਮੁੱਕੇ ਸਨ, ਪਰ ਉਨ੍ਹਾਂ ਦੀ ਕਣਕ ਨੂੰ ਫਲ੍ਹਿਆਂ ਦੀ ਸਿਕ ਹੀ ਨਹੀਂ ਸੀ ਰਹੀ। ਜਦੋਂ ਪਰੂੰ ਪੋਹ ਦੇ ਮਹੀਨੇ ਪੁਲਿਸ ਉਹਦੇ ਇਕੋਇਕ ਪੁੱਤਰ ਸੇਵਾ ਸਿੰਘ ਨੂੰ ਫੜ ਕੇ ਲੈ ਗਈ ਸੀ, ਓਦੋਂ ਤੋਂ ਉਨ੍ਹਾਂ ਦੀ ਕਣਕ ਪਲ ਨਾ ਸਕੀ, ਸੋਕੇ ਨਾਲ ਉਖੜ ਗਈ; ਤੇ ਉਨ੍ਹਾਂ ਦੀ ਪੈਲੀ ਹੁਣ ਵਢ ਦਾ ਵਢ ਸੀ, ਕਰੜੀ, ਅੱਪੜ ਦੀ ਅੱਪੜ...।

ਇਕ ਤਿੱਖੀ ਚੀਸ ਨਾਲ ਉਹਨੇ ਪੋਣਾ ਓਵੇਂ ਈ ਕੌਲ ਉੱਤੇ ਪਾਂਦਿਆਂ ਕਿਹਾ,
“ਚੁਲ੍ਹੇ ਕੋਲ ਤੇਰੀ ਚਾਚੀ ਬੈਠੀ ਏ, ਉਹਨੂੰ ਫੜਾ ਦੇ....”

ਚੁਲ੍ਹੇ ਕੋਲ ਈਸ਼ਰ ਕੌਰ ਦੀ ਨੂੰਹ ਬੈਠੀ ਸੀ।

ਦੀਪੋ ਨੇ ਕੌਲ ਫੜਾਂਦਿਆਂ ਤਕਿਆ, ਭਾਵੇਂ ਚੁਲ੍ਹਾ ਠੰਢਾ ਠਾਰ ਪਿਆ ਸੀ, ਫੇਰ ਵੀ ਚਾਚੀ ਬੰਤੀ ਦੀਆਂ ਅੱਖਾਂ ਕੁਝ ਇਸ ਤਰ੍ਹਾਂ ਦੀਆਂ ਸਨ, ਜਿਵੇਂ ਉਹਦੀ ਮਾਂ ਦੀਆਂ ਗਿੱਲੇ ਗੋਹਿਆਂ ਨੂੰ ਫੂਕਾਂ ਮਾਰ ਕੇ ਹੋ ਜਾਂਦੀਆਂ ਹੁੰਦੀਆਂ ਸਨ।

ਬੰਤੀ ਨੇ ਕੜਾਹ ਦੇ ਕੌਲ ਨੂੰ ਨਾ ਗੌਲਿਆ, ਤੇ ਜਾਗੋ-ਮੀਟੇ ਜਿਹੇ ਵਿਚ ਕੌਲ ਫੜ ਲਿਆ। ਕੜਾਹ ਕਿਸੇ ਬਾਟੀ ਵਿਚ ਪਾ ਦਿੱਤਾ—ਪਰ ਕੌਲ ਮੋੜਨ ਲਗਿਆਂ ਦੀਪੋ ਦੀਆਂ ਅੱਡੀਆਂ ਬਾਹਵਾਂ ਨੇ ਉਹਦੀ ਪੋਰੀ ਪੋਰੀ ਜਗਾ ਦਿੱਤੀ। ਬਾਲੜੀਆਂ ਬਾਹਵਾਂ, ਗੋਰੀਆਂ, ਕੱਚ ਦੀਆਂ ਵੰਗਾਂ ਪਾਈ, ਉਹਦੀਆਂ ਅੱਖਾਂ ਸਾਹਮਣੇ ਝੂਟ ਗਈਆਂ। ਸਖਣਾ ਕੌਲ ਫੜੀ ਉਹਦੇ ਹੱਥ ਜੱਕੋ ਤੱਕਿਆਂ ਵਿਚ ਪੈ ਗਏ।

ਤੇ ਫੇਰ ਕੌਲ ਉਹਦੇ ਹੱਥ ਵਿਚ ਨਹੀਂ ਸੀ—ਤੇ ਓਸ ਦੀਪੋ ਨੂੰ ਕਲੇਜੇ ਨਾਲ ਘੁਟ ਲਿਆ, ਇਕ ਹਾਬੜੀ ਡੂੰਘੀ ਘੁਟਣੀ, ਇਕ ਡੀਕ ਜਿਦ੍ਹੇ ਵਿਚ ਉਹਨੇ ਪਿਛਲੇ ਪੋਹ ਦੀਆਂ ਸਜ-ਵਿਆਹੀਆਂ ਰਾਤਾਂ ਦੀ ਤਪਦੀ ਇਕੱਲ ਨੂੰ ਠਾਰਨ ਦਾ ਤਰਲਾ ਕੀਤਾ। ਉਹਨੇ ਦੀਪੋ ਨੂੰ ਮੁੜ ਚੁੰਮਿਆ, ਮੁੜ ਮੁੜ ਆਪਣੀਆਂ ਬਾਲ-ਵਾਰ੍ਹੀਆਂ ਛਾਤੀਆਂ ਨਾਲ ਘੁਟਿਆ। ਕਿੰਨੀ ਸੁਖਾਵੀਂ ਸੀ ਇਸ ਬਾਲ-ਪਿੰਡੇ ਦੀ ਛੁਹ, ਇਸ ਬਾਲ-ਪਿੰਡੇ ਦੀ ਵਾਸ਼ਨਾਂ, ਇਨ੍ਹਾਂ ਰੁੱਖੇ ਕੱਕੇ ਵਾਲਾਂ ਦੀ ਜਲੂਣ…

ਪਰ ਰੁੱਖੇ ਕੱਕੇ ਵਾਲਾਂ ਉਹਲਿਓਂ ਚਾਨਚੱਕ ਉਹਦੇ ਮਨ ਵਿਚ ਸਿਪਾਹੀਆਂ ਦੇ ਲਾਲ ਪਟਕੇ ਕਿਤੋਂ ਉਭਰ ਪਏ, ਸਿਪਾਹੀ ਉਹਦੇ ਪਤੀ ਨੂੰ ਫੜ ਕੇ ਲਿਜਾ ਰਹੇ ਸਨ, ਦੂਰ ਜੇਲ੍ਹ ਵਿਚ...

ਤੇ ਬੰਤੀ ਦੀ ਕੱਸ ਢਿਲੀ ਪੈ ਗਈ, ਦੀਪੋ ਦੇ ਪਿੰਡੇ ਦੀ ਛੁਹ ਉਹਨੂੰ ਲੂੰਹਦੀ ਜਾਪੀ।

ਡਰੀ ਹੋਈ ਦੀਪੀ ਕੌਲ ਓਥੇ ਹੀ ਛੱਡ ਕੇ ਭੱਜ ਗਈ।

ਈਸ਼ਰ ਕੌਰ ਆਪਣੀਆਂ ਬਰੂਹਾਂ ਵਿਚ ਖੜੋਤੀ ਸਧਰਾਈਆਂ ਅੱਖਾਂ ਨਾਲ ਬਾਹਰਵਾਰ ਤੱਕਦੀ ਰਹੀ। ਦੂਰ ਪਿੰਡ ਦੀਆਂ ਪੈਲੀਆਂ ਦਿਸ ਰਹੀਆਂ ਸਨ। ਸਾਹਮਣੀ ਪੈਲੀ ਵਿਚ ਮਰਚਾਂ ਦੇ ਬੂਟੇ ਘੁਗੀ ਘੁਗੀ ਜਿੱਡੇ ਹੋ ਗਏ ਸਨ। ਉਜਾਗਰੇ ਹੋਰਾਂ ਦੀ ਕਪਾਹ ਦੇ ਦੋ ਦੋ ਤਿੰਨ ਤਿੰਨ ਪੱਤੇ ਨਿਕਲ ਆਏ ਸਨ।

ਜਿਨ੍ਹਾਂ ਦੀ ਥੋੜ੍ਹੀ ਭੌਂ ਸੀ, ਉਹ ਕਣਕ ਸਾਂਭ ਸੂਤ ਕੇ ਨਵੀਂ ਕਰ ਚੁੱਕੇ, ਤੇ ਹੁਣ ਝੋਨਿਆਂ ਲਈ ਪੈਲੀਆਂ ਤਿਆਰ ਕਰ ਰਹੇ ਸਨ। ਬਹੁਤੀਆਂ ਭਰੀਆਂ ਵਾਲਿਆਂ ਦੇ ਫਲ੍ਹੇ ਮੁੱਕ ਚੁੱਕੇ ਸਨ, ਤੇ ਧੜਾਂ ਵਿਛਾਈਆਂ ਜਾ ਰਹੀਆਂ ਸਨ। ਪਿੰਡ ਦਾ ਜੀਅ ਜੀਅ ਰੁੱਝਿਆ ਹੋਇਆ ਸੀ—ਤੀਵੀਆਂ ਭੜੋਲਿਆਂ ਨੂੰ ਮੁੱਠੀਆਂ ਲਾਂਦੀਆਂ, ਕੁੜਾਂ ਸਾਫ਼ ਕਰਦੀਆਂ, ਲੁਹਾਰਾਂ ਦੇ ਅੱਡੇ ਸਾਰੀ ਸਾਰੀ ਰਾਤ ਭਖਦੇ, ਚੂ…, ਮੋਚੀ, ਜੁਲਾਹੇ ਲਾਵੇ ਲੱਗਦੇ; ਬੁੱਢੇ, ਨਿਆਣਿਆਂ ਨੂੰ ਲੈ ਕੇ ਬੋਹੜਾਂ ਦੀ ਛਾਵੇਂ ਬਹਿ ਖੱਬੜ ਵੱਟਦੇ।... ਪਰ ਉਨ੍ਹਾਂ ਦੀ ਤਾਂ ਸੌਣੀ ਏਨੀ ਵੀ ਨਹੀਂ ਸੀ ਹੋਈ ਕਿ ਖੱਬੜ ਲਈ ਪਰਾਲੀ ਹੀ ਹੋਵੇ! ਤੇ ਹਾੜੀ ਪਾਲਣ ਵੇਲੇ ਉਹਦੇ ਪੁੱਤਰ ਨੂੰ ਉਹ ਫੜ ਕੇ ਲੈ ਗਏ ਸਨ; ਤੇ ਅੱਜ ਜਦੋਂ ਸਾਰਾ ਪਿੰਡ ਜੁਲਾਹਿਆਂ ਦੀ ਤਾਣੀ ਵਾਂਗ ਰੁੱਝਿਆ ਪਿਆ ਸੀ, ਉਹ ਦੋਵੇਂ—ਉਹਦੀ ਨੂੰਹ ਤੇ ਉਹ—ਸੱਖਣ-ਸੱਖਣੀਆਂ ਬੈਠੀਆਂ ਸਨ, ਤੀਲਾ ਭੰਨ ਕੇ ਦੂਹਰਾ ਕਰਨ ਜੋਗਾ ਵੀ ਨਹੀਂ ਸੀ ਉਨ੍ਹਾਂ ਕੋਲ!

ਸਿਰਫ਼ ਉਨ੍ਹਾਂ ਦੀ ਪੈਲੀ ਹੀ ਬੇ-ਫ਼ਸਲੀ ਨਹੀਂ ਸੀ—ਬੰਤੀ ਦੀ ਮੁਟਿਆਰ-ਮੂਰਤ ਉਹਦੀਆਂ ਅੱਖਾਂ ਸਾਹਮਣੇ ਆਣ ਖੜੋਤੀ। ਉਹਨੇ ਕਈ ਵਾਰ ਤਕਿਆ ਸੀ ਉਹਦੀ ਨੂੰਹ ਆਪਣੇ ਹਾਣ ਦੀਆਂ ਨਵੀਆਂ ਵਹੁਟੀਆਂ ਕੋਲੋਂ ਹੁਣ ਤ੍ਰਹਿਣ ਲੱਗ ਪਈ ਸੀ। ਕਈ ਵਾਰੀ ਉਹ ਨਿਆਣਿਆਂ ਕੋਲੋਂ ਕੰਨੀਂ ਕਤਰਾਂਦੀ ਸੀ। ਅੱਜ ਉਹ ਵਿਆਹੀ ਆਈ, ਤੇ ਦੂਜੇ ਦਿਨ ਹੀ ਸੇਵਾ ਸਿੰਘ ਨੂੰ ਮੋਰਚੇ ਉੱਤੇ ਜਾਣਾ ਪੈ ਗਿਆ ਸੀ, ਵੱਡੇ ਸਰਦਾਰ ਦੇ ਮੁਜ਼ਾਰਿਆਂ ਨੂੰ ਉਨ੍ਹਾਂ ਦੀ ਵਾਹੀ ਬੀਜੀ ਭੌਂ ਦਾ ਕਬਜ਼ਾ ਦਿਵਾਣ ਲਈ। ਹਾਲੀ ਉਹਨੇ ਨਵੀਂ ਵਹੁਟੀ ਦੇ ਰੱਤੇ ਚੂੜੇ ਦੀ ਛਣਕਾਰ ਵੀ ਰੱਜ ਨਹੀਂ ਸੀ ਸੁਣੀ ਕਿ ਮੋਰਚੇ ਤੇ ਗੋਲੀ ਚਲ ਗਈ, ਤੇ ਪੁਲਿਸ ਸੇਵਾ ਸਿੰਘ ਨੂੰ ਫੜ ਕੇ ਲੈ ਗਈ—ਈਸ਼ਰ ਕੌਰ ਦੇ ਸਾਹਮਣਿਓਂ, ਤੇ ਬੰਤੀ ਦੇ ਸਾਹਮਣਿਓਂ, ਤੇ ਉਹਦੀਆਂ ਨਿਆਣੀਆਂ ਫ਼ਸਲਾਂ ਦੇ ਸਾਹਮਣਿਓਂ…

ਪਹਿਲੀਆਂ ਵਿਚ ਈਸ਼ਰ ਕੌਰ ਆਪਣੇ ਪੁੱਤਰ ਨੂੰ ਕਈ ਵਾਰੀ ਕਹਿੰਦੀ ਹੁੰਦੀ ਸੀ, “ਪੁੱਤਰ, ਕਦੇ ਲਾਰੀ ’ਤੇ ਹੂਟਾ ਤਾਂ ਦਵਾ—ਮੈਂ ਤਾਂ ਏਸ ਚੰਦਰੀ ’ਤੇ ਚੜ੍ਹ ਕੇ ਵੀ ਨਹੀਂ ਤੱਕਿਆ।”

ਲਾਰੀ ਜਿਸ ਪਿੰਡੋਂ ਚੱਲਦੀ ਸੀ, ਉਹ ਉਨ੍ਹਾਂ ਕੋਲੋਂ ਸੱਤ ਅੱਠ ਕੋਹਾਂ ਦੀ ਵਾਟ ਉੱਤੇ ਸੀ।

ਜਦੋਂ ਵੀ ਮਾਂ ਲਾਰੀ ਦੇ ਹੂਟੇ ਲਈ ਕਹਿੰਦੀ ਤਾਂ ਸੇਵਾ ਸਿੰਘ ਉਹਨੂੰ ਜੱਫੀ ਵਿਚ ਲੈ ਕੇ ਬੜੇ ਲਾਡ ਨਾਲ ਆਖਦਾ ਹੁੰਦਾ ਸੀ, “ਮਾਂ, ਸਾਡਾ ਮੁਲਖ ਆਜ਼ਾਦ ਹੋ ਲਏ, ਮੈਂ ਤੈਨੂੰ ਲਾਰੀ ਤਾਂ ਕੀ ਵ੍ਹਾਈ ਜ਼੍ਹਾਜ ’ਚ ਹੂਟੇ ਦਵਾਊਂ—ਵਾਈ ਜ਼੍ਹਾਜ ਜਿਸ ਨੂੰ ਗਰੰਥਾਂ ਵਿਚ ਉਡਨ-ਖਟੋਲੇ ਕਹਿੰਦੇ ਨੇ।” ਤੇ ਅਜਿਹੇ ਵੇਲੇ ਸੇਵਾ ਸਿੰਘ ਦੀਆਂ ਅੱਖਾਂ ਵਿਚ ਕੂਲਾ ਚਾਨਣ ਨਿਤਰ ਆਂਦਾ ਹੁੰਦਾ ਸੀ...

ਫੇਰ ਉਨ੍ਹਾਂ ਦਾ ਮੁਲਕ ਆਜ਼ਾਦ ਹੋ ਗਿਆ। ਈਸ਼ਰ ਕੌਰ, ਸੇਵਾ ਸਿੰਘ ਦੀ ਵਹੁਟੀ ਨਾਲ ਲਾਰੀ ਦਾ ਹੂਟਾ ਵੀ ਲੈ ਆਈ। ਉਹ ਲਾਰੀ ਤੇ ਚੜ੍ਹ ਕੇ ਸੇਵਾ ਸਿੰਘ ਨੂੰ ਵੱਡੇ ਸ਼ਹਿਰ ਦੀ ਜੇਲ੍ਹ ਵਿਚ ਮਿਲਣ ਗਈਆਂ ਸਨ। ਸਾਰਾ ਦਿਨ ਜੇਲ੍ਹ ਦੀਆਂ ਵੱਡੀਆਂ ਵੱਡੀਆਂ ਸੀਖਾਂ ਵਾਲੇ ਬੰਦ ਦਰਵਾਜ਼ੇ ਦੇ ਬਾਹਰ ਉਹ ਬੈਠੀਆਂ ਰਹੀਆਂ ਸਨ, ਬੇੜੀਆਂ ਹਥਕੜੀਆਂ ਦੀ ਛਣਕਾਰ ਸੁਣਦੀਆਂ, ਤੇ ਸਾਰਾ ਦਿਨ ਅਸਮਾਨ ਤੇ ਘੁੰਮਕਾਰ ਮਚੌਂਦੇ ਹਵਾਈ ਜਹਾਜ਼ ਜੇਲ੍ਹ ਦੇ ਨਾਲ ਲੱਗਦੇ ਹਵਾਈ ਅੱਡੇ ਤੋਂ ਉੱਡਦੇ ਰਹੇ ਸਨ…ਉੱਡਣ-ਖਟੋਲੇ, ਸੇਵਾ ਸਿੰਘ ਕਹਿੰਦਾ ਹੁੰਦਾ ਸੀ।

ਆਥਣ ਹੋਣ ਤੇ ਇਕ ਅਫ਼ਸਰ ਨੇ ਉਨ੍ਹਾਂ ਨੂੰ ਦੱਸਿਆ, “ਤੁਸੀਂ ਉਹਨੂੰ ਨਹੀਂ ਮਿਲ ਸਕਦੀਆਂ। ਉਹ ਬੜਾ ਬਦਮਾਸ਼ ਏ। ਓਨੇ ਕਈਆਂ ਨਾਲ ਰਲ ਕੇ ਭੁੱਖ-ਹੜਤਾਲ ਕੀਤੀ ਹੋਈ ਏ।”

ਉਹ ਦੋਵੇਂ ਪਿੰਡ ਪਰਤ ਆਈਆਂ ਸਨ, ਉਸ ਪੋਟਲੀ ਸਣੇ ਜਿਦ੍ਹੇ ਵਿਚ ਸਾਗ ਤੇ ਮਕਈ ਦੀਆਂ ਰੋਟੀਆਂ ਸਨ, ਕੁਝ ਸ਼ੱਕਰ ਤੇ ਥੋੜ੍ਹਾ ਜਿਹਾ ਮੱਖਣ...

ਬਾਹਰੋਂ ਕਿਸੇ ਬੂਹਾ ਖੜਕਾਇਆ। ਬੰਤੀ ਬੂਹਾ ਖੋਲ੍ਹਦਿਆਂ ਸਾਰ ਕੰਬ ਗਈ।

ਈਸ਼ਰ ਕੌਰ ਨੇ ਪਛਾਣ ਲਿਆ, ਉਨ੍ਹਾਂ ਦੇ ਇਲਾਕੇ ਦਾ ਕਾਕੂ ਡਾਕੂ ਸੀ। ਬੜੀ ਦੇਰ ਹੋਈ ਇਕ ਵਾਰ ਕਿਸੇ ਮੇਲੇ ’ਤੇ ਈਸ਼ਰ ਕੌਰ ਨੇ ਇਹਨੂੰ ਤੱਕਿਆ ਸੀ।

ਕਾਕੂ ਨੇ ਕਿਹਾ, “ਮਾਈ, ਮੱਥਾ ਟੇਕਨਾਂ।”

ਈਸ਼ਰ ਕੌਰ ਹੈਰਾਨ ਸੀ, ਇਹ ਕਿਵੇਂ ਆਇਆ ਹੈ! ਉਹਨੂੰ ਰਹਿ ਰਹਿ ਕੇ ਬੰਤੀ ਦਾ ਖਿਆਲ ਆ ਰਿਹਾ ਸੀ। ਉਹ ਕੱਲੀਆਂ-ਕਾਰੀਆਂ ਤੀਵੀਆਂ ਸਨ। ਗੁਆਂਢੀਆਂ ਦੇ ਘਰ ਕੋਈ ਸੁਨੇਹਾ ਦੇਣ ਦਾ ਪੱਜ ਪਾ ਉਹਨੇ ਝੱਟ ਬੰਤੀ ਨੂੰ ਬਾਹਰ ਘੱਲ ਦਿੱਤਾ। ਕਾਕੂ ਨੂੰ ਬੜਾ ਔਖਾ ਔਖਾ ਲੱਗ ਰਿਹਾ ਸੀ, ਪਰ ਅਖੀਰ ਉਹਨੇ ਗੱਲ ਸ਼ੁਰੂ ਕੀਤੀ, “ਮਾਈ, ਤੇਰਾ ਪੁੱਤ ਸੇਵਾ ਸਿੰਘ ਰਾਜ਼ੀ ਆ। ਓਨੇ ਤੈਨੂੰ ਤੇ ਆਪਣੀ ਤੀਵੀਂ ਨੂੰ ਸਤਿ ਸ੍ਰੀ ਅਕਾਲ ਘੱਲੀ ਏ!”

ਈਸ਼ਰ ਕੌਰ ਦੇ ਸਾਹ ਵਿਚ ਸਾਹ ਆਇਆ, “ਤੇਰਾ ਕਿਵੇਂ ਮੇਲ ਹੋਇਆ ਉਸ ਨਾਲ?”

“ਸ਼ਹਿਰ ਦੀ ਵੱਡੀ ਜੇਲ੍ਹ ’ਚ—ਮੈਂ ਵੀ ਓਥੇ ਹੀ ਸਾਂ। ਹੁਣੇ ਛੁੱਟ ਕੇ ਈ ਆਇਆਂ। ਭਾਵੇਂ ਮਨਿਆਦ ਤਾਂ ਕਾਫ਼ੀ ਰਹਿੰਦੀ ਸੀ, ਪਰ ਰੱਬ ਭਲੀ ਕੀਤੀ ਏ, ਮੈਨੂੰ ਮਾਫ਼ੀ ਮਿਲ ਗਈ ਏ।”

“ਮਾਫ਼ੀ ਕਿਵੇਂ?”

“ਅਫ਼ਵਾਹਾਂ ਸੁਣੀਆਂ ਨੇ ਕਿ ਸੇਵਾ ਸਿੰਘ ਦੇ ਬੜੇ ਸਾਥੀ ਸਰਕਾਰ ਨੇ ਫੜੇ ਹੋਏ ਨੇ, ਉਨ੍ਹਾਂ ਲਈ ਜੇਲ੍ਹਾਂ ਵਿਚ ਥਾਂਵਾਂ ਵਿਹਲੀਆਂ ਕਰਨੀਆਂ ਨੇ—ਸੋ ਸਾਡੇ ਵਰਗੇ ਲੰਮੀਆਂ ਕੈਦਾਂ ਵਾਲਿਆਂ ਨੂੰ ਮਾਫ਼ੀਆਂ ਮਿਲ ਗਈਆਂ ਨੇ।”

ਈਸ਼ਰ ਕੌਰ ਨੇ ਫੇਰ ਪੱਕ ਕਰਨ ਲਈ ਪੁੱਛਿਆ, “ਮੇਰਾ ਪੁੱਤ ਬੜਾ ਰਾਜੀ ਸੀ?”

ਕਾਕੂ ਦੇ ਬੁਲ੍ਹਾਂ ਤੱਕ ਕੋਈ ਗੱਲ ਔਣ-ਔਣ ਕਰਦੀ ਸੀ, ਤੇ ਰੁਕ ਜਾਂਦੀ ਸੀ— ਅਖ਼ੀਰ ਹੌਲੀ ਜਿਹੀ ਉਹਨੇ ਦੱਸਿਆ, “ਹਾਂ ਮਾਈ, ਹੁਣ ਕਾਫ਼ੀ ਰਾਜੀ ਹੋ ਗਿਆ ਏ!”

“ਹੋ ਗਿਆ ਏ, ਮੇਰਾ ਲਾਲ! ...ਕੀ ਹੋਇਆ ਸੀ ਉਹਨੂੰ?”

“ਉਹਨੂੰ ਗੋਲੀ ਵੱਜੀ ਸੀ …ਪਰ ਹੁਣ ਉਹ ਜੇਲ੍ਹ ਦੇ ਹਸਪਤਾਲ ਵਿਚ ਏ—ਪੂਰਾ ਠੀਕ ਹੋ ਗਿਆ ਏ,” ਕਾਕੂ ਡਾਕੂ ਦੀਆਂ ਅੱਖਾਂ ਨੀਵੀਆਂ ਹੋ ਗਈਆਂ।

“ਗੋਲੀ…ਅੰਦਰ ਜੇਲ੍ਹ ਵਿਚ!” ਤੇ ਜਿਵੇਂ ਗੋਲੀਆਂ ਦੀ ਸ਼ੂਕਰ ਵਿਚ ਈਸ਼ਰ ਕੌਰ ਨੂੰ ਭੰਬਰ-ਤਾਰੇ ਦਿਸਣ ਲੱਗ ਪਏ।

ਕਾਕੂ ਅੱਖਾਂ ਨੀਵੀਆਂ ਪਾਈ ਬੋਲ ਰਿਹਾ ਸੀ, “ਚੱਰਜ ਏ! ਅਸੀਂ ਵੀ ਜੇ ਆਪਣੀਆਂ ਅੱਖਾਂ ਨਾਲ ਨਾ ਤੱਕਿਆ ਹੁੰਦਾ ਤਾਂ ਮੰਨਣ ਵਿਚ ਨਾ ਔਂਦਾ। ਏਨੇ ਵਰ੍ਹੇ ਜੇਲ੍ਹਾਂ ਵਿਚ ਕੱਟੇ ਨੇ, ਪਰ ਕਦੇ ਅੰਦਰ ਗੋਲੀ ਚੱਲੀ ਨਹੀਂ ਸੀ ਸੁਣੀ! ਸੇਵਾ ਸਿੰਘ ਹੁਰੀਂ ਜਕਾਰੇ ਮਾਰਦੇ ਸਨ ਤੇ…” ਕਾਕਾ ਆਪਣੇ ਡੱਕੇ ਅੱਥਰੂਆਂ ਵਿਚੋਂ ਡੋਬੂ ਖਾ ਕੇ ਚੁੱਪ ਕਰ ਗਿਆ।

ਈਸ਼ਰ ਕੌਰ ਰੋ ਰਹੀ ਸੀ—ਚੁੱਪ ਰੋਣ, ਬੁੱਲ੍ਹ ਅਡੋਲ ਪਰ ਕੁਖ ਚੀਸੋ-ਚੀਸ ਹਟਕੋਰਿਆਂ ਨਾਲ…ਸੇਵਾ ਸਿੰਘ ਨਿਆਣਾ ਹੁੰਦਾ ਸੀ, ਗਲੀ ਵਿਚ ਖੇਡਦਾ, ਤੇ ਇਕ ਭੂਤਰਿਆ ਸੰਢਾ ਉਹਨੂੰ ਲਤਾੜ ਕੇ ਲੰਘ ਗਿਆ ਸੀ...ਓਦੋਂ ਇੰਜ ਹੀ ਹੋਇਆ ਸੀ ਈਸ਼ਰ ਕੌਰ ਨੂੰ।

ਅਚਾਨਕ ਬੜੀ ਉੱਚੀ ਵਾਜ ਈਸ਼ਰ ਕੌਰ ਦੇ ਕੰਨਾਂ ਨਾਲ ਟਕਰਾਈ। ਚੜ੍ਹਦੇ ਵਲੋਂ ਭਰਾਈਆਂ ਦੇ ਡੱਗਿਆਂ ਦੀਆਂ ਵਾਜਾਂ ਆ ਰਹੀਆਂ ਸਨ। ਕਾਕੂ ਉੱਠ ਕੇ ਬੂਹੇ ਵਿਚ ਹੋਇਆ। ਵੀਹ ਪੰਝੀ ਬੰਦੇ ਦੂਰ ਉਹਨੂੰ ਦਿਸੇ। ਇਕ ਭਰਾਈ ਨਾਲ ਸੀ, ਤੇ ਤਿੰਨ ਕੁ ਜੋਗਾਂ ਧੂੜ ਉਹਲਿਓਂ ਲੱਭ ਰਹੀਆਂ ਸਨ।

ਬੰਤੀ ਬਾਹਰੋਂ ਭੱਜੀ ਭੱਜੀ ਆਈ।

ਈਸ਼ਰ ਕੌਰ ਨੇ ਅਗਾਂਹ ਹੋ ਕੇ ਤੱਕਿਆ, ਇਹ ਭੀੜ ਉਨ੍ਹਾਂ ਦੇ ਖੇਤ ਕੋਲ ਰੁਕ ਗਈ, ਤੇ ਢੋਲ ਓਥੇ ਪੁੱਜ ਕੇ ਹੋਰ ਉੱਚਾ ਹੁੰਦਾ ਗਿਆ।

ਕਾਕੂ ਬੋਲਿਆ, “ਪਤਾ ਨਹੀਂ ਕੌਣ ਨੇ?” ਉਹਨੂੰ ਡਰ ਸੀ ਕਿਤੇ ਕੁਰਕੀ ਵਾਲੇ ਨਾ ਹੋਣ।

ਈਸ਼ਰ ਕੌਰ ਅਚੇਤ ਹੀ ਬੰਤੀ ਨਾਲ ਘੁਟ ਕੇ ਲੱਗ ਗਈ, “ਮੇਰੀ ਭੌਂ ਖੋਹਣ ਆਏ ਨੇ। ਵੱਡੇ ਸਰਦਾਰ ਦੇ ਘੱਲੇ ਯਮ ਨੇ। ਮੇਰੀ ਕੱਲੀ ਤੀਵੀਂ ਦੀ ਭੌਂ…” ਉਹਨੇ ਬੜੀ ਡਰੌਣੀ ਝੱਲੀ ਚੀਕ ਵਿਚ ਕਿਹਾ।

ਕਾਕੂ ਉਨ੍ਹਾਂ ਦੋਵਾਂ ਤੀਵੀਆਂ ਨੂੰ ਹੌਂਸਲਾ ਦੇਣਾ ਚਾਂਹਦਾ ਸੀ, ਪਰ ਉਹਨੂੰ ਲਫ਼ਜ਼ ਨਹੀਂ ਸਨ ਔੜ੍ਹ ਰਹੇ—ਉਹ ਬੜੇ ਵਰ੍ਹਿਆਂ ਮਗਰੋਂ ਕਿਸੇ ਜ਼ਨਾਨੀ ਨਾਲ ਬੋਲ ਰਿਹਾ ਸੀ।

“ਮਾਈ ਧੀਰਜ ਕਰ। ਮੇਰੇ ਹੁੰਦਿਆਂ ਕੋਈ ਸੜਾ ਸਰਦਾਰ ਤੇਰੀ ’ਵਾ ਵੱਲ ਨਹੀਂ ਤਕ ਸਕਣ ਲੱਗਾ।” ਅਖੀਰ ਕਾਕੂ ਨੇ ਕਿਹਾ।

ਈਸ਼ਰ ਕੌਰ ਆਪਣੀ ਪੈਲੀ ਵੱਲ ਹੋ ਪਈ। ਉਹ ਇੰਜ ਸੀ ਜਿਵੇਂ ਉਹਨੂੰ ਕੁਝ ਚੰਬੜਿਆ ਹੋਇਆ ਹੋਵੇ। ਬੰਤੀ ਕੰਬ ਰਹੀ ਸੀ, ਪਰ ਈਸ਼ਰ ਕੌਰ ਵਿਚ ਅੰਤਾਂ ਦਾ ਵੇਗ ਸੀ। ਉਹ ਤੁਰ ਨਹੀਂ ਸੀ ਰਹੀ, ਇਕ ਕਾਂਗ ਵਾਂਗ ਵਹਿ ਰਹੀ ਸੀ, ਆਪਣੀ ਪੈਲੀ ਵੱਲ— ਜਿਸ ਪੈਲੀ ਵਿਚ ਉਹਦੇ ਮਰ ਚੁਕੇ ਪਤੀ ਨੇ ਹਲ ਵਾਹਿਆ ਸੀ, ਜਿਸ ਪੈਲੀ ਵਿਚ ਉਹ ਉਹਦੇ ਲਈ ਰੋਟੀ ਲੈ ਕੇ ਗਈ ਸੀ, ਜਿਸ ਪੈਲੀ ਨੂੰ ਉਹਦੇ ਪੁੱਤ ਨੇ ਕਦੇ ਬੀਜਿਆ ਸੀ।

“ਜਰਵਾਣਿਓਂ।” ਉਹ ਦੂਰੋਂ ਹੀ ਭਬਕੀ—ਇਕ ਭਬਕ ਜਿਨ੍ਹੇਂ ਕਾਕੂ ਡਾਕੂ ਦੇ ਵੀ ਕਾਂਬਾ ਛੇੜ ਦਿੱਤਾ।

ਉਹਦੀ ਪੈਲੀ ਵਿਚ ਢੋਲ ਉੱਚਾ ਹੁੰਦਾ ਜਾ ਰਿਹਾ ਸੀ ਤੇ ਭੀੜ ਵਧਦੀ ਜਾ ਰਹੀ ਸੀ। ਨੇੜੇ ਪੁੱਜ ਕੇ ਉਹਨੂੰ ਭੀੜ ਵਿਚੋਂ ਲਾਲ ਸਿੰਘ ਆਪਣੇ ਵੱਲ ਔਂਦਾ ਦਿਸਿਆ।

ਲਾਲ ਸਿੰਘ! ਇਹ ਵੀ ਇਨ੍ਹਾਂ ਕਲਮੂਹਿਆਂ ਵੱਲ ਹੋ ਗਿਆ ਹੈ! ਇਹ ਜਿਹੜਾ ਉਹਦੇ ਪੁੱਤ ਦਾ ਬੇਲੀ ਸੀ! ਇਕੱਠੇ ਹੀ ਮੀਟਿੰਗਾਂ ਤੋਂ ਮੁੜ ਕੇ ਉਹ ਔਂਦੇ ਹੁੰਦੇ ਸਨ। ਉਹਨੇ ਕਈ ਵਾਰ ਉਹਨੂੰ ਆਪ ਸੇਵਾ ਸਿੰਘ ਨਾਲ ਬਹਾ ਕੇ ਰੋਟੀ ਖੁਆਈ ਸੀ– “ਲਾਲ ਸਿੰਹਾਂ...ਤੂੰ ਵੀ...!”

ਲਾਲ ਸਿੰਘ ਦਾ ਮੂੰਹ ਅੰਤਾਂ ਦੀ ਖ਼ੁਸ਼ੀ ਨਾਲ ਦੱਗਦਾ ਪਿਆ ਸੀ, “ਮਾਂ...!”

ਢੋਲ ਦਾ ਰੌਲਾ ਈਸ਼ਰ ਕੌਰ ਦੇ ਕੰਨਾਂ ਦੇ ਡੱਕਰੇ ਡੱਕਰੇ ਕਰ ਰਿਹਾ ਸੀ। ਉਹਨੇ ਬੜੇ ਰੋਹ ਨਾਲ ਭੀੜ ਵੱਲ ਤੱਕਿਆ।

ਹੋਰ ਕੋਲ ਪੁੱਜ ਕੇ ਭੀੜ ਵਿਚੋਂ ਬੜੇ ਸਾਰਿਆਂ ਨੂੰ ਉਹਨੇ ਪਛਾਣ ਲਿਆ—ਉਹ ਹਾਜ਼ਰਾ ਸੀ, ਤੇ ਉਹ ਚੰਨਣ ਜਿਨ੍ਹੇਂ ਪਰੂੰ ਮੋਰਚੇ ਵਿਚ ਉਹਦੇ ਪੁੱਤ ਨਾਲ ਡਾਂਗਾਂ ਖਾਧੀਆਂ ਸਨ, ਤੇ ਉਹ ਪ੍ਰੇਮਾ ਜਿਹੜਾ ਉਨ੍ਹਾਂ ਦੇ ਜਲਸਿਆਂ ਵਿਚ ਗੌਂਦਾ ਹੁੰਦਾ ਸੀ।

ਹੁਣ ਢੋਲ ਚੁੱਪ ਹੋ ਚੁਕਿਆ ਸੀ, ਦਲੀਪਾ ਬੋਲ ਰਿਹਾ ਸੀ—ਜਿਦ੍ਹੇ ਬੋਲ ਵਿਚ ਲੋਕੀ ਆਖਦੇ ਸਨ, ਜਾਦੂ ਹੈ।

ਈਸ਼ਰ ਕੌਰ ਆਪਣੇ ਹੀ ਵੇਗ ਨਾਲ ਹੁੱਟੀ ਡਡਿਆ ਕੇ ਲਾਲ ਸਿੰਘ ਦੇ ਗਲ ਲਗ ਪਈ।

ਦਲੀਪਾ ਬੋਲ ਰਿਹਾ ਸੀ:

“ਅੱਪੜ ਦੀ ਅੱਪੜ ਪਈ ਏ ਇਹ ਪੈਲੀ—ਸਾਡੇ ਸਾਥੀ ਦੀ ਪੈਲੀ।

“ਉਹ ਸਾਡੇ ਸਭਨਾਂ ਲਈ ਲੜਦਾ ਸੀ—ਤੇ ਉਹ ਆਏ, ਬੰਦੂਕਾਂ ਨਾਲ ਰੌਲੀ ਪੌਂਦੇ, ਤੇ ਉਹਨੂੰ ਲੈ ਗਏ। ਪਰ ਕੋਈ ਵੀ ਜ਼ੁਲਮ ਜ਼ਿੰਦਗੀ ਦੀ ਰੀਤ ਨਹੀਂ ਡੱਕ ਸਕਦਾ।

“ਅੱਜ ਤੋਂ ਸਾਡੇ ਨਵੀਂ ਰੁੱਤ ਆਈ ਏ। ਅਸਾਂ ਨਵੀਂ ਪਿਰਤ ਪੌਣੀ ਏ। ਅੱਜ ਅਸਾਂ ਸਭਨਾਂ ਨੇ ਇਹ ਪੈਲੀ ਰਲ ਕੇ ਵਾਹੁਣੀ ਏਂ।

“ਇਸ ਪੈਲੀ ਵਿਚ ਕੱਢੇ ਇਕ ਇਕ ਸਿਆੜ ਨਾਲ ਅਸੀਂ ਸਮੇਂ ਦੇ ਹਾਕਮਾਂ ਨੂੰ ਵੰਗਾਰਾਂਗੇ : ਅੱਜ ਤੋਂ ਸਮੇਂ ਦੀ ਵਾਗ ਸਾਡੇ ਹੱਥ ਜੇ!

“ਸੇਵਾ ਸਿੰਘਾ! ਤੇਰੇ ਦਿਲ ਵਿਚ ਜਿਹੜਾ ਇਸ ਨਵੀਂ ਰੁੱਤ ਦਾ ਬੀਜ ਏ, ਉਹਨੂੰ ਕੋਈ ਗੋਲੀ ਨਹੀਂ ਮਾਰ ਸਕਦੀ। ਇਸ ਬੀਜ ਨੂੰ ਕਿਸੇ ਜ਼ੁਲਮ ਦੀ ਵਾਛੜ ਕਰੰਡ ਨਹੀਂ ਸਕਦੀ।

“ਇਹ ਤੇਰੀ, ਇਹ ਸਾਡੇ ਸਭਨਾਂ ਦੀ ਪੈਲੀ! ਆਓ ਸਾਥੀਓ…”

ਸੇਵਾ ਸਿੰਘ ਦੀ ਪੈਲੀ ਵਿਚ ਜੋਗਾਂ ਤੁਰ ਪਈਆਂ।

ਈਸ਼ਰ ਕੌਰ, ਲਾਲ ਸਿੰਘ ਨੂੰ ਚੁੰਮ ਰਹੀ ਸੀ।

ਅਛੋਪਲੇ ਹੀ ਪਤਾ ਨਹੀਂ ਕਿੱਥੋਂ ਦੀਪੋ, ਬੰਤੀ ਦੇ ਕੋਲ ਆ ਗਈ।

ਈਸ਼ਰ ਕੌਰ ਨੇ ਜਦੋਂ ਆਪਣੀ ਨੂੰਹ ਵੱਲ ਤੱਕਿਆ ਤਾਂ ਉਹਨੂੰ ਉਹਦੇ ਮੂੰਹ ਉੱਤੇ ਸਜ ਵਿਆਹਿਆ ਚਾਅ ਦਿਸਿਆ।

[1949]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •