Navein Devte : Devinder Satyarthi

ਨਵੇਂ ਦੇਵਤੇ : ਦੇਵਿੰਦਰ ਸਤਿਆਰਥੀ

ਗਾਜਰ ਦੇ ਗਰਮ ਹਲਵੇ ਦੀ ਖੁਸ਼ਬੂ ਨਾਲ ਸਾਰਾ ਕਮਰਾ ਮਹਿਕ ਉਠਿਆ ਸੀ ਤੇ ਜੇ ਕਿਸੇ ਦਾਅਵਤ ਦੀ ਸਭ ਤੋਂ ਵੱਡੀ ਖ਼ੂਬੀ ਏਹੀ ਹੈ ਕਿ ਹਰ ਖਾਣਾ ਬੜੇ ਸਲੀਕੇ ਨਾਲ ਤਿਆਰ ਕੀਤਾ ਜਾਏ ਤੇ ਸਾਧਾਰਨ ਤੋਂ ਸਾਧਾਰਨ ਚੀਜ਼ ਵਿਚ ਵੀ ਇਕ ਨਵਾਂ ਹੀ ਸੁਆਦ ਪੈਦਾ ਕਰ ਦਿੱਤਾ ਜਾਏ ਤਾਂ ਨਿਰਸੰਦੇਹ ਦਿੱਲੀ ਦੀ ਉਹ ਦਾਅਵਤ ਮੈਨੂੰ ਰਹਿੰਦੀ ਦੁਨੀਆਂ ਤੀਕ ਯਾਦ ਰਹੇਗੀ।
ਇਤਨੀ ਵੀ ਕੀ ਖੁਸ਼ੀ ਹੈ? ਮੈਂ ਸੋਚ ਰਿਹਾ ਸਾਂ, ਇਤਨੀ ਤਾਂ ਨਫ਼ਾਸਤ ਹਸਨ ਪਹਿਲਾਂ ਵੀ ਕਮਾ ਲੈਂਦਾ ਹੋਵੇਗਾ। ਸਵਾ ਸੌ ਰੁਪਏ ਲਈ ਉਸ ਨੇ ਆਪਣੀ ਆਜ਼ਾਦੀ ਵੇਚ ਦਿੱਤੀ ਤੇ ਹੁਣ ਖੁਸ਼ ਹੋ ਰਿਹਾ ਹੈ। ਉਹ ਤਾਂ ਸ਼ੁਰੂ ਤੋਂ ਬਾਗੀ ਸੁਭਾ ਦਾ ਆਦਮੀ ਮਸ਼ਹੂਰ ਹੈ। ਉਸ ਦੀਆਂ ਕਹਾਣੀਆਂ ਅਗਾਂਹ-ਵਧੂ ਸਾਹਿਤ ਵਿਚ ਖ਼ਾਸ ਥਾਂ ਪਾਉਂਦੀਆਂ ਰਹੀਆਂ ਹਨ। ਫਿਰ ਇਹ ਨੌਕਰੀ ਉਸ ਨੇ ਕਿਵੇਂ ਕਰ ਲਈ? ਗਰੀਬਾਂ 'ਤੇ ਜ਼ੁਲਮ ਕੀਤੇ ਜਾਂਦੇ ਹਨ, ਜੀਵਨ ਦੀ ਹੱਤਕ ਕੀਤੀ ਜਾਂਦੀ ਹੈ, ਸਰਮਾਏਦਾਰੀ ਨਿਜ਼ਾਮ ਮੱਕੜੀ ਵਾਂਗ ਬਰਾਬਰ ਆਪਣਾ ਜਾਲ ਬੁਣਦਾ ਰਹਿੰਦਾ ਹੈ ਤੇ ਗਰੀਬ ਕਿਸਾਨ ਮਜ਼ਦੂਰ ਆਪਣੇ ਆਪ ਇਸ ਜਾਲ ਵਿਚ ਫਸਦੇ ਚਲੇ ਜਾਂਦੇ ਹਨ। ਇਨ੍ਹਾਂ ਖਿਆਲਾਂ ਦਾ ਮਾਲਕ ਅੱਜ ਆਪੇ ਮੱਖੀ ਵਾਂਗ ਇਸ ਜਾਲੇ ਵਿਚ ਫਸ ਗਿਆ ਤੇ ਇਸ ਖੁਸ਼ੀ ਵਿਚ ਯਾਰਾਂ ਦੋਸਤਾਂ ਨੂੰ ਦਾਅਵਤ ਦੇ ਰਿਹਾ ਹੈ! ਪਰ ਮੈਂ ਆਪਣੇ ਖ਼ਿਆਲਾਂ ਦਾ ਅਸਰ ਚਿਹਰੇ ਉਤੇ ਜ਼ਾਹਰ ਨਾ ਹੋਣ ਦਿੱਤਾ।
ਦਾਅਵਤ ਵਿਚ ਕਈ ਲਿਖਾਰੀ ਸ਼ਾਮਲ ਸਨ। ਹਿੰਦੁਸਤਾਨ ਦੀ ਆਜ਼ਾਦੀ ਬਾਰੇ ਇਨ੍ਹਾਂ ਹੈਟ ਪਹਿਨਣ ਵਾਲੇ ਲਿਖਾਰੀਆਂ ਕੋਲੋਂ ਜ਼ਿਆਦਾ ਮਦਦ ਦੀ ਉਮੀਦ ਨਹੀਂ ਰਖਣੀ ਚਾਹੀਦੀ, ਮੈਂ ਸੋਚਣ ਲੱਗਾ, ਤੇ ਬਰਾਊਨਿੰਗ ਦਾ ਖਿਆਲ, "ਕੁਝ ਚਾਂਦੀ ਦੇ ਸਿੱਕਿਆਂ ਪਿਛੇ ਸਾਨੂੰ ਉਹ ਛੱਡ ਗਿਆ!" ਮੇਰੇ ਮਨ ਵਿਚ ਫ਼ੈਲਦਾ ਚਲਾ ਗਿਆ। ਇਨ੍ਹਾਂ ਪਿਛਾਂਹ-ਖਿੱਚੂਆਂ ਨੂੰ ਇਹ ਗੁਮਾਨ ਕਿਵੇਂ ਹੋ ਗਿਆ ਕਿ ਉਹ ਅਗਾਂਹਵਧੂ ਸਾਹਿਤ ਦੀ ਚਰਚਾ ਕਰ ਕੇ ਸੁਣਨ ਵਾਲਿਆਂ ਦੀਆਂ ਅੱਖਾਂ ਵਿਚ ਘੱਟਾ ਪਾ ਸਕਦੇ ਹਨ? ਕਿਥੇ ਅਗਾਂਹ-ਵਧੂ ਸਾਹਿਤ ਤੇ ਆਜ਼ਾਦੀ ਦਾ ਅਸਲੀ ਆਦਰਸ਼ ਤੇ ਕਿਥੇ ਇਹ ਚਾਂਦੀ ਦੀ ਗੁਲਾਮੀ! ਨਫ਼ਾਸਤ ਹਸਨ ਦੇ ਗੋਰੇ ਚਿਹਰੇ 'ਤੇ ਹਾਸਾ ਨੱਚ ਰਿਹਾ ਸੀ। ਸੱਚ ਪੁਛੋ ਤਾਂ ਇਹ ਹਾਸਾ ਮੈਨੂੰ ਬੜਾ ਭਿਆਨਕ ਜਾਪਦਾ ਸੀ।
ਗਾਜਰ ਦਾ ਹਲਵਾ ਸੱਚੀ ਮੁੱਚੀਂ ਸੀ ਬਹੁਤ ਸੁਆਦਲਾ ਤੇ ਉਹ ਮੇਰੇ ਖ਼ਿਆਲਾਂ ਉਤੇ ਸਵਾਰ ਹੋ ਰਿਹਾ ਸੀ-ਮਿਕਨਾਤੀਸ ਇਤਨਾ ਕੋਲ ਹੋਵੇ ਤੇ ਲੋਹਚੂਨ ਦੇ ਪਰਮਾਣੂ ਖਿਚੇ ਨਾ ਚਲੇ ਆਉਣ, ਇਹ ਕਿਵੇਂ ਹੋ ਸਕਦਾ ਹੈ। ਭਾਵ ਇਹ ਕਿ ਜੇ ਹਲਵਾ ਨਾ ਹੁੰਦਾ ਤਾਂ ਮੈਂ ਨਫ਼ਾਸਤ ਹਸਨ ਨੂੰ ਹੋਰ ਵੀ ਪੜਚੋਲੀਆ ਨੁਕਤੇ ਤੋਂ ਵੇਖਦਾ।
ਬਹੁਤਿਆਂ ਦੇ ਨਾਂਵਾਂ ਤੋਂ ਮੈਂ ਜਾਣੂ ਨਹੀਂ ਸੀ। ਇਹ ਵੱਖਰੀ ਗੱਲ ਹੈ ਕਿ ਕਈ ਚਿਹਰੇ ਮੇਰੇ ਲਈ ਨਵੇਂ ਨਹੀਂ ਸਨ ਪਰ ਮੌਲਾਨਾ ਨੂਰ ਹਸਨ ਆਰਜ਼ੂ ਨੂੰ ਤਾਂ ਪਹਿਲਾਂ ਕਦੀ ਫੋਟੋ ਵਿਚ ਵੀ ਨਹੀਂ ਸੀ ਵੇਖਿਆ। ਉਨ੍ਹਾਂ ਦੀ ਆਵਾਜ਼ ਮੈਨੂੰ ਬਹੁਤ ਪਿਆਰੀ ਲੱਗੀ। ਬਹੁਤ ਛੇਤੀ ਮੈਂ ਉਨ੍ਹਾਂ ਦੀ ਖੁਸ਼ਬਿਆਨੀ ਦਾ ਸਿੱਕਾ ਮੰਨ ਲਿਆ। ਇਹ ਮਹਿਸੂਸ ਹੁੰਦਿਆਂ ਵੀ ਦੇਰ ਨਾ ਲੱਗੀ ਕਿ ਉਨ੍ਹਾਂ ਨੂੰ ਅਜਿਹੀਆਂ ਦਲੀਲਾਂ ਆਉਂਦੀਆਂ ਹਨ ਕਿ ਮੌਕਾ ਪੈਣ ਉਤੇ ਉਹ ਆਪਣੇ ਨਾਲ ਟੱਕਰ ਲੈਣ ਵਾਲੇ ਨੂੰ ਘਾਹ ਦੇ ਤਿਣਕੇ ਵਾਂਗ ਆਪਣੇ ਰਾਹ ਤੋਂ ਉਡਾ ਦੇਣ। ਉਮਰ ਵਿਚ ਉਹ ਕੋਈ ਬੁੱਢੇ ਨਹੀਂ ਸਨ, ਅਧਖੜ ਹੀ ਸਨ ਪਰ ਨਵੇਂ ਜ਼ਮਾਨੇ ਨਾਲ ਇਤਨਾ ਹੀ ਸੰਬੰਧ ਰਖਦੇ ਸਨ ਕਿ ਸਰਕਾਰੀ ਨੌਕਰੀ ਦੇ ਕਾਰਨ ਪਜਾਮੇ ਤੇ ਸ਼ੇਰਵਾਨੀ ਨੂੰ ਸਲਾਮ ਕਹਿ ਕੇ ਅੰਗਰੇਜ਼ੀ ਸੂਟ ਪਹਿਨਣਾ ਸ਼ੁਰੂ ਕਰ ਦਿੱਤਾ ਸੀ।
ਬਰਫ਼ ਵਿਚ ਲੱਗੀਆਂ ਗੰਡੇਰੀਆਂ ਦੇ ਢੇਰ ਉਤੇ ਸਾਰੇ ਲਿਖਾਰੀ ਮਿੱਤਰ ਵਧ ਵਧ ਕੇ ਹੱਥ ਮਾਰ ਰਹੇ ਸਨ। ਜਿਉਂ ਹੀ ਗੰਡੇਰੀ ਦਾ ਗੁਲਾਬ ਵਿਚ ਰਸਿਆ ਹੋਇਆ ਰਸ ਸੰਘੋਂ ਹੇਠਾਂ ਉਤਰਦਾ, ਮੌਲਾਨਾ ਆਰਜ਼ੂ ਦੀਆਂ ਅੱਖਾਂ ਵਿਚ ਇਕ ਨਵੀਂ ਹੀ ਚਮਕ ਆ ਜਾਂਦੀ।
ਨਫ਼ਾਸਤ ਹਸਨ ਆਖ ਰਿਹਾ ਸੀ, "ਇਹ ਗੰਡੇਰੀਆਂ ਤਾਂ ਖਾਸ ਤੌਰ 'ਤੇ ਮੌਲਾਨਾ ਲਈ ਮੰਗਵਾਈਆਂ ਗਈਆਂ ਹਨ।" "ਖੂਬ" ਮੌਲਾਨਾ ਬੋਲੇ, 'ਤੇ ਸ਼ਾਇਦ ਗਾਜਰ ਦਾ ਹਲਵਾ ਵੀ ਖਬਰੇ ਮੇਰੇ ਲਈ ਹੀ ਬਣਵਾਇਆ ਗਿਆ ਸੀ।" "ਜੀ ਹਾਂ।"
ਨਫ਼ਾਸਤ ਹਸਨ ਦੀਆਂ ਬੇਬਾਕ ਨਿਗਾਹਾਂ ਮੌਲਾਨਾ ਦੀਆਂ ਸ਼ੋਖ ਅੱਖਾਂ ਵਿਚ ਗਡੀਆਂ ਰਹਿ ਗਈਆਂ। ਕੁਝ ਲੋਕਾਂ ਦਾ ਖਿਆਲ ਸੀ ਕਿ ਆਪਣੇ ਮਹਿਕਮੇ ਵਿਚ ਇਹ ਨੌਕਰੀ ਦਿਵਾਉਣ ਵਿਚ ਮੌਲਾਨਾ ਦਾ ਬਹੁਤ ਹੱਥ ਸੀ ਪਰ ਆਪ ਨਫਾਸਤ ਹਸਨ ਅਜਿਹਾ ਆਦਮੀ ਨਹੀਂ ਸੀ ਜੋ ਕਿਸੇ ਦੀ ਅਹਿਸਾਨਮੰਦੀ ਦੀ ਕਲਪਨਾ ਵੀ ਕਰ ਸਕੇ। ਉਸ ਦਾ ਖਿਆਲ ਸੀ ਕਿ ਖੁਦ ਸਮੇਂ ਦੀ ਕਰਵਟ ਸਦਕਾ ਹੀ ਉਹ ਇਹ ਨੌਕਰੀ ਲਭ ਸਕਿਆ ਸੀ ਤੇ ਗਾਜਰ ਦਾ ਸੁਆਦਲਾ ਹਲਵਾ ਤੇ ਗੁਲਾਬ ਵਿਚ ਵਸੀਆਂ ਹੋਈਆਂ ਠੰਢੀਆਂ ਗੰਡੇਰੀਆਂ ਕਿਸੇ ਮੌਲਾਨਾ ਦਾ ਅਹਿਸਾਨ ਉਤਾਰਨ ਲਈ ਉਕੀਆਂ ਹੀ ਨਹੀਂ ਸਨ ਪਰੋਸੀਆਂ ਗਈਆਂ।
ਮੌਲਾਨਾ ਇਹਨੀਂ ਦਿਨੀਂ ਬਹੁਤ ਮੋਟੇ ਹੋ ਗਏ ਸਨ ਤੇ ਉਹ ਹੈਰਾਨ ਸਨ ਕਿ ਹਿੰਦੁਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਬੰਬਈ ਵਿਚ ਕੁਝ ਵਰ੍ਹੇ ਗੁਜ਼ਾਰਨ ਦੇ ਬਾਵਜੂਦ ਨਫ਼ਾਸਤ ਹਸਨ ਨੇ ਆਪਣੀ ਬੈਠਕ ਵਿਚ ਇਕ ਅੱਧੀ ਵੱਡੀ ਕੁਰਸੀ ਰੱਖਣ ਦੀ ਲੋੜ ਕਿਉਂ ਨਹੀਂ ਸੀ ਮਹਿਸੂਸ ਕੀਤੀ। ਹਾਲੇ ਤੀਕ ਤਰਖਾਣਾਂ ਪੁਰਾਣਾ ਮਾਖਿਓਂ ਨੇ ਵੱਡੀਆਂ ਕੁਰਸੀਆਂ ਬਣਾਉਣੀਆਂ ਛੱਡੀਆਂ ਤੇ ਨਹੀਂ। ਇਹ ਵੱਖਰੀ ਗੱਲ ਹੈ ਕਿ ਨਵੇਂ ਜ਼ਮਾਨੇ ਵਿਚ ਖ਼ਬਰੇ ਲੋਕ ਕਦੀ ਇਤਨੇ ਮੋਟੇ ਨਹੀਂ ਹੋਇਆ ਕਰਨਗੇ। ਆਪਣੀਆਂ ਗੋਲ ਘੁੰਮਦੀਆਂ ਹੋਈਆਂ ਅੱਖਾਂ ਉਨ੍ਹਾਂ ਨੇ ਮੇਰੇ ਵਲ ਫੇਰੀਆਂ। ਮੈਂ ਵੇਖਿਆ ਕਿ ਉਨ੍ਹਾਂ ਵਿਚ ਹੰਕਾਰ ਤੇ ਵੇਦਨਾ ਗਲੇ ਮਿਲ ਰਹੇ ਹਨ ਤੇ ਉਹ ਬੀਤੇ ਵੇਲਿਆਂ ਨੂੰ ਮੁੜ ਪਰਤਦਿਆਂ ਵੇਖਣ ਲਈ ਵਿਆਕੁਲ ਹੋ ਰਹੇ ਹਨ।
ਹੌਲੀ ਹੌਲੀ ਮਹਿਫਲ ਵਿਰਲੀ ਹੁੰਦੀ ਗਈ। ਨਵੇਂ ਮਿੱਤਰ ਇਹ ਖ਼ਿਆਲ ਲੈ ਕੇ ਪਰਤੇ ਕਿ ਨਫਾਸਤ ਹਸਨ ਇਕ ਐਸ਼ਪਸੰਦ ਆਦਮੀ ਹੈ, ਨਾਲੇ ਮਿੱਤਰਾਂ ਦਾ ਮਿੱਤਰ। ਇਹ ਵੱਖਰੀ ਗੱਲ ਹੈ ਕਿ ਉਹ ਪ੍ਰਾਹੁਣਚਾਰੀ ਦੀ ਰਸਮੀ ਪੁਛਗਿੱਛ ਦਾ ਕੋਈ ਵੱਡਾ ਪਾਬੰਦ ਨਹੀਂ ਦਿਸਦਾ। ਹੈ ਵੀ ਠੀਕ, ਮਿੱਤਰਤਾ ਹੋਣੀ ਚਾਹੀਦੀ ਹੈ ਆਜ਼ਾਦ ਕਵਿਤਾ ਜਹੀ-ਕਾਫ਼ੀਏ ਤੇ ਰਦੀਫ ਦੀ ਕੈਦ ਤੋਂ ਆਜ਼ਾਦ।
ਮੌਲਾਨਾ ਬਰਾਬਰ ਜੰਮੇ ਬੈਠੇ ਸਨ। ਮੈਨੂੰ ਸੰਬੋਧਨ ਕਰ ਕੇ ਬੋਲੇ, "ਕਿਉਂ ਜੀ, ਸਮਰਸੈਟ ਮਾਮ ਨੂੰ ਪੜ੍ਹਿਆ ਹੈ ਤੁਸਾਂ?" ਉਨ੍ਹਾਂ ਨੇ ਇਹ ਗੱਲ ਅਜਿਹੇ ਲਹਿਜੇ ਵਿਚ ਪੁੱਛੀ ਸੀ ਕਿ ਮੈਨੂੰ ਗੋਲ ਮੋਲ ਜੁਆਬ ਦੇਣਾ ਪਿਆ, "ਜੀ, ਕਿੱਥੋਂ ਤੀਕ ਪੜ੍ਹਿਆ ਜਾਏ? ਅਣਗਿਣਤ ਪੁਸਤਕਾਂ ਹਨ ਤੇ ਅਣਗਿਣਤ ਲਿਖਾਰੀ। ਹੁਣ ਮੈਂ ਸਮਰਸੈਟ ਮਾਮ ਦਾ ਖ਼ਾਸ ਧਿਆਨ ਰਖਾਂਗਾ।"
"ਤਾਂ ਇਹ ਆਖੋ ਨਾ ਕਿ ਤੁਸੀਂ ਸਮਰਸੈਟ ਮਾਮ ਦੀ ਕੋਈ ਕਿਤਾਬ ਨਹੀਂ ਪੜ੍ਹੀ।"
ਹੁਣ ਮੈਂ ਸਮਝਿਆ ਕਿ ਸਮਰਸੈਟ ਮਾਮ ਕੋਈ ਲਿਖਾਰੀ ਹੈ। ਮੈਂ ਛਿੱਥਾ ਜਿਹਾ ਪੈ ਕੇ ਆਖਿਆ, "ਜੀ ਹਾਂ, ਏਹੀ ਸਮਝ ਲਉ।"
"ਤਾਂ ਇਸ ਦਾ ਏਹੀ ਭਾਵ ਹੋਇਆ ਨਾ ਕਿ ਤੁਸੀਂ ਹੁਣ ਤੀਕ ਉਂਜ ਹੀ ਉਮਰਾ ਗੰਵਾ ਛੱਡੀ ਹੈ?"
ਇਹ ਸੁਣ ਕੇ ਨਫਾਸਤ ਹਸਨ ਵਿਗੜ ਪਿਆ।
ਗਰਮਾਗਰਮ ਬਹਿਸ ਛਿੜ ਪਈ। ਪਤਾ ਲੱਗਾ ਕਿ ਮੌਲਾਨਾ ਨੇ ਨਫਾਸਤ ਹਸਨ ਨੂੰ ਚਿੜਾਉਣ ਲਈ ਹੀ ਸਮਰਸੈਟ ਮਾਮ ਦਾ ਜ਼ਿਕਰ ਤੋਰਿਆ ਸੀ। ਇਕ ਦਿਨ ਆਪੇ ਨਫ਼ਾਸਤ ਹਸਨ ਨੇ ਇਹ ਸਵਾਲ ਮੌਲਾਨਾ ਨੂੰ ਕੀਤਾ ਸੀ ਤੇ ਜਦ ਉਨ੍ਹਾਂ ਨੇ ਮੇਰੀ ਤਰ੍ਹਾਂ ਗੱਲ ਟਾਲਣੀ ਚਾਹੀ ਤਾਂ ਉਸ ਨੇ ਆਖਿਆ ਸੀ, "ਤਾਂ ਇਸ ਦਾ ਇਹੀ ਭਾਵ ਹੋਇਆ ਨਾ ਕਿ ਤੁਸੀਂ ਹੁਣ ਤੀਕ ਉਂਜ ਹੀ ਉਮਰ ਗੰਵਾ ਛੱਡੀ ਹੈ?"
ਮੌਲਾਨਾ ਇਹਨੀਂ ਦਿਨੀਂ ਅੰਗਰੇਜ਼ੀ ਸਾਹਿਤ ਨਾਲ ਜਾਣ ਪਛਾਣ ਵਧਾ ਰਹੇ ਸਨ। ਪਰ ਨਫਾਸਤ ਹਸਨ ਪਹਿਲਾਂ ਵਾਂਗ ਇਹੀ ਸਮਝਦਾ ਸੀ ਕਿ ਇਹ ਕੇਵਲ ਇਕ ਵਿਖਾਵਾ ਹੈ ਤੇ ਅੰਗਰੇਜ਼ੀ ਸਾਹਿਤ ਦੀਆਂ ਨਵੀਆਂ ਰੁਚੀਆਂ ਨੂੰ ਉਹ ਉਕਾ ਹੀ ਨਹੀਂ ਜਾਣਦੇ। ਜਦ ਵੀ ਉਹ ਉਨ੍ਹਾਂ ਦੇ ਹੱਥ ਵਿਚ ਕੋਈ ਅੰਗਰੇਜ਼ੀ ਪੁਸਤਕ ਵੇਖਦਾ, ਉਸ ਦੇ ਮਨ ਵਿਚ ਵਿਅੰਗ ਜਾਗ ਪੈਂਦਾ ਜਿਵੇਂ ਸੱਪ ਦੇ ਸਿਰ ਵਿਚ ਜ਼ਹਿਰ ਜਾਗ ਪੈਂਦਾ ਹੈ। ਇਸ ਵਿਖਾਵੇ ਦੀ ਆਖਰ ਕੀ ਲੋੜ ਹੈ?... ਨਵਾਂ ਰੰਗ ਤਾਂ ਚਿੱਟੇ ਕੱਪੜੇ 'ਤੇ ਹੀ ਠੀਕ ਫੱਬਦਾ ਹੈ।
ਮੌਲਾਨਾ ਕਵੀ ਸਨ। ਉਨ੍ਹਾਂ ਦੀ ਬੋਲੀ ਬੜੀ ਸਾਦਾ ਤੇ ਅਸਰ-ਭਰੀ ਸੀ। ਉਹ ਲੇਖ ਵੀ ਲਿਖਦੇ ਸਨ। ਕਹਾਣੀਆਂ ਲਿਖਣ ਵਲ ਉਨ੍ਹਾਂ ਦਾ ਧਿਆਨ ਨਹੀਂ ਸੀ ਗਿਆ। ਹਾਂ, ਜਦ ਉਹ ਕੋਈ ਗੱਲ ਸੁਣਾਉਂਦੇ ਤਾਂ ਇੰਜ ਲਗਦਾ ਕਿ ਕੋਈ ਕਹਾਣੀ ਜਨਮ ਲੈ ਰਹੀ ਹੈ। ਜੇ ਉਸ ਵੇਲੇ ਕੋਈ ਉਨ੍ਹਾਂ ਦੀ ਪ੍ਰਸ਼ੰਸਾ ਕਰ ਦਿੰਦਾ ਤਾਂ ਉਹ ਆਦਮੀ ਸਹਿਜ ਸੁਭਾ ਹੀ ਉਨ੍ਹਾਂ ਦੀਆਂ ਨਿਗਾਹਾਂ ਵਿਚ ਬਹੁਤ ਉਚਾ ਉਠ ਜਾਂਦਾ। ਪ੍ਰਸ਼ੰਸਾ ਸੁਣ ਕੇ ਹੀ ਪ੍ਰਸ਼ੰਸਾ ਕਰ ਸਕਦੇ ਹੋਣ, ਇਹ ਗੱਲ ਨਹੀਂ ਸੀ। ਅਕਸਰ ਉਹ ਕਿਸੇ ਅਜਿਹੇ ਵਟਾਂਦਰੇ ਤੋਂ ਬਿਨਾਂ ਵੀ ਨੌਜਵਾਨ ਲਿਖਾਰੀਆਂ ਨੂੰ ਥਾਪੀਆਂ ਦਿੰਦੇ ਰਹਿੰਦੇ ਸਨ। ਉਨ੍ਹਾਂ ਦਾ ਇਹ ਸਰਪ੍ਰਸਤਾਨਾ ਸੁਭਾ ਹੀ ਨਫ਼ਾਸਤ ਹਸਨ ਦੀ ਨਿਗਾਹ ਵਿਚ ਉਹ ਐਬ ਸੀ ਜਿਸ ਕਰਕੇ, ਜਿਹਾ ਕਿ ਉਸ ਦਾ ਖਿਆਲ ਸੀ, ਨਾ ਉਹ ਪੁਰਾਣੇ ਯੁੱਗ ਦੇ ਪ੍ਰਤੀਨਿਧ ਬਣ ਸਕੇ ਸਨ ਤੇ ਨਾ ਨਵੇਂ ਯੁਗ ਨਾਲ ਹੀ ਸੰਬੰਧ ਜੋੜ ਸਕੇ ਸਨ।
ਜਦੋਂ ਵੀ ਨਫਾਸਤ ਹਸਨ ਮੌਲਾਨਾ ਦੇ ਵਿਰੁਧ ਜ਼ਹਿਰ ਘੋਲਦਾ, ਮੈਨੂੰ ਇੰਜ ਮਹਿਸੂਸ ਹੁੰਦਾ ਕਿ ਸਾਹਿਤ ਦਾ ਨਵਾਂ ਯੁੱਗ ਆਪਣੇ ਤੋਂ ਪਹਿਲੇ ਯੁੱਗ ਦੀ ਹੱਤਕ ਕਰ ਰਿਹਾ ਹੈ। ਇਹ ਤਾਂ ਆਪਣੀ ਹੀ ਹੱਤਕ ਹੈ। ਉਪਰੋਂ ਉਪਰੋਂ ਭਾਵੇਂ ਇਸ ਦਾ ਕੋਝਾ-ਪਣ ਅੱਖੋਂ ਉਹਲੇ ਰਹੇ ਪਰ ਜਦ ਇਹ ਗੱਲ ਸਮਝ ਵਿਚ ਆ ਜਾਂਦੀ ਹੈ ਕਿ ਸਾਹਿਤ ਇਕ ਵਿਕਾਸਵਾਨ ਚੀਜ਼ ਹੈ ਤਾਂ ਕੋਈ ਵੀ ਲਿਖਾਰੀ ਆਪਣਾ ਇਹ ਵਤੀਰਾ ਜਾਰੀ ਨਹੀਂ ਰਖ ਸਕਦਾ। ਹਾਂ, ਤਾਂ ਸਮਰਸੈਟ ਮਾਮ ਵਾਲਾ ਮਖੌਲ ਨਫਾਸਤ ਹਸਨ ਨਾ ਸਹਾਰ ਸਕਿਆ। ਤੇ ਮੌਲਾਨਾ ਆਰਜ਼ੂ ਬੋਲੇ, "ਇਤਨਾ ਕਿਉਂ ਗਰਮ ਹੁੰਨਾ ਏਂ ਮੀਆਂ? ਉਮਰ ਵਿਚ ਹੀ ਸਹੀ, ਮੈਂ ਤੇਰੇ ਪਿਉ ਬਰਾਬਰ ਹਾਂ!"
"ਬੱਸ ਬੱਸ, ਇਹ ਸ਼ਾਂਤੀ ਹੁਣ ਆਪਣੇ ਕੋਲ ਹੀ ਰਖੋ। ਮੈਨੂੰ ਨਹੀਂ ਚਾਹੀਦੀ ਇਹ ਕਮੀਨੀ ਸ਼ਾਂਤੀ... ਇਹ ਸਰਪ੍ਰਸਤਾਨਾ ਸ਼ਾਂਤੀ, ਵੱਡੇ ਆਏ ਹਨ ਮੇਰੇ ਪਿਉ...ਪਿਉ... ਇਤਨੀ ਜ਼ਬਾਨਦਰਾਜ਼ੀ!"
ਮੌਲਾਨਾ ਨੇ ਹੁਣ ਤੀਕ ਇਹੋ ਸਮਝਿਆ ਸੀ ਕਿ ਉਹ ਮਖੌਲ ਦੀ ਸਰਹੱਦ 'ਤੇ ਖੜ੍ਹੇ ਹਨ। ਗੱਲ ਤਾਂ ਹੋਰ ਹੀ ਰੰਗ ਪਕੜ ਚੁਕੀ ਸੀ। ਉਨ੍ਹਾਂ ਦੇ ਚਿਹਰੇ 'ਤੇ ਗੁੱਸੇ ਦੀ ਤਹਿ ਚੜ੍ਹ ਗਈ। ਬੋਲੇ, "ਇਹ ਸੌਹਰੇ ਸਮਰਸੈਟ ਮਾਮ ਦੀ ਖਾਤਰ ਕਿਉਂ ਮੇਰੀ ਹੱਤਕ ਕਰਨ ਤੇ ਤੁਲ ਪਿਆ ਏਂ, ਮੀਆਂ? ਸਾਲਾ ਸਮਰਸੈਟ ਮਾਮ!"
ਗੱਲ ਨੇ ਕੁਝ ਇਤਨੀ ਤੂੰ ਤੂੰ ਮੈਂ ਮੈਂ ਦੀ ਸ਼ਕਲ ਫੜ ਲਈ ਕਿ ਮੈਨੂੰ ਤਾਂ ਇਹੀ ਖਤਰਾ ਹੋ ਗਿਆ ਕਿ ਦੋਨੋਂ ਲਿਖਾਰੀ ਹੱਥੋਪਾਈ ਵਿਚ ਨਾ ਰੁਝ ਪੈਣ।
ਨਫ਼ਾਸਤ ਹਸਨ ਉਸ ਦਿਨ ਮੇਜ਼ਬਾਨ ਸੀ ਤੇ ਘਰ ਆਏ ਕਿਸੇ ਮਹਿਮਾਨ ਦੀ ਸ਼ਾਨ ਵਿਚ ਕਿਸੇ ਵੀ ਤਰ੍ਹਾਂ ਦੀ ਮੌਤ ਦਾ ਨਾਚ ਨੱਚਣ ਵਾਲਾ-ਨਟਰਾਜ! ਨਫ਼ਾਸਤ ਹਸਨ ਦਾ ਧਿਆਨ ਮੇਰੇ ਵਲ ਖਿਚਿਆ ਗਿਆ। ਮੌਲਾਨਾ ਦੀਆਂ ਅੱਖਾਂ ਵਿਚ ਵੀ ਕਰੋਧ ਮੱਠਾ ਪੈ ਗਿਆ ਸੀ। ਉਹ ਵੀ ਮੇਰੀ ਗੱਲ ਵਿਚ ਰਸ ਲੈ ਰਹੇ ਸਨ। ਮੈਂ ਦੱਸਿਆ ਕਿ ਹਰ ਲਿਖਾਰੀ ਵਖੋ-ਵੱਖ ਵੇਲਿਆਂ ਵਿਚ ਵਾਰੀ ਵਾਰੀ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਹੁੰਦਾ ਹੈ।
ਜਦ ਇਕ ਆਦਮੀ ਕੋਈ ਚੀਜ਼ ਲਿਖਣ ਵਿਚ ਸਫਲ ਹੋ ਜਾਂਦਾ ਹੈ, ਮੈਂ ਉਸ ਨੂੰ ਬ੍ਰਹਮਾ ਆਖਾਂਗਾ। ਉਹ ਉਸ ਨੂੰ ਸੰਭਾਲ ਸੰਭਾਲ ਕੇ ਰਖਦਾ ਹੈ, ਇਸ ਦੀ ਦਰੁਸਤੀ ਕਰਦਾ ਰਹਿੰਦਾ ਹੈ, ਉਸ ਵੇਲੇ ਉਹ ਵਿਸ਼ਨੂੰ ਦੇ ਸਮਾਨ ਹੁੰਦਾ ਹੈ। ਤੇ ਜਦ ਉਹ ਆਪਣੇ ਹੀ ਹੱਥ ਨਾਲ ਕਿਸੇ ਲਿਖਤ ਦੇ ਟੋਟੇ ਟੋਟੇ ਕਰ ਸੁਟਦਾ ਹੈ ਤਾਂ ਉਹ ਸੌ ਫੀਸਦੀ ਸ਼ਿਵ ਦਾ ਰੂਪ ਧਾਰ ਲੈਂਦਾ ਹੈ। ਮੌਲਾਨਾ ਬੋਲੇ, "ਬਹੁਤ ਖੂਬ! ਤੁਹਾਡੀ ਕਲਪਨਾ ਸ਼ਕਤੀ ਤਾਂ ਮਿਸਾਲ ਦੇ ਤੌਰ 'ਤੇ ਪੇਸ਼ ਕੀਤੀ ਜਾ ਸਕਦੀ ਹੈ।" ਮੈਂ ਝੱਟ ਆਖ ਦਿੱਤਾ, "ਮੇਰੀ ਕਲਪਨਾ ਸ਼ਕਤੀ! ਨਹੀਂ, ਮੌਲਾਨਾ, ਨਹੀਂ, ਇਹ ਮੇਰੀ ਕਲਪਨਾ ਨਹੀਂ, ਭਾਵ ਇਹ ਕਿ ਇਹ ਮੇਰਾ ਮੌਲਿਕ ਖਿਆਲ ਨਹੀਂ ਹੈ।"
"ਇਹ ਤਾਂ ਬੰਬਈ ਦੀ ਪੀ.ਈ.ਐਨ. ਸੁਸਾਇਟੀ ਵਿਚ ਬੁਲਬਲੇ-ਹਿੰਦ ਮਿਸਿਜ਼ ਸਰੋਜਨੀ ਨਾਈਡੋ ਨੇ ਮੇਰੇ ਇਸ ਲੈਕਚਰ ਤੇ ਪ੍ਰਧਾਨਗੀ ਕਰਦਿਆਂ ਇਹ ਖਿਆਲ ਪੇਸ਼ ਕੀਤਾ ਸੀ।"
"ਬਹੁਤ ਖੂਬ! ਬੁਲਬਲੇ ਹਿੰਦ ਨੇ ਤੁਹਾਡੇ ਲੈਕਚਰ ਉਤੇ ਪ੍ਰਧਾਨਗੀ ਕੀਤੀ ਸੀ! ਹਾਂ ਤਾਂ ਹੁਣ ਕੋਈ ਮੌਲਿਕ ਖਿਆਲ ਸੁਣਾਓ।"
"ਮੌਲਿਕ! ਮੌਲਿਕ ਦੀ ਵੀ ਖੂਬ ਆਖੀ। ਮੈਨੂੰ ਤਾਂ ਏਧਰ ਇਹੀ ਸ਼ੱਕ ਹੋ ਰਿਹਾ ਹੈ ਕਿ ਮੌਲਿਕ ਨਾਂ ਦੀ ਕੋਈ ਚੀਜ਼ ਹੁੰਦੀ ਵੀ ਹੈ ਯਾ ਨਹੀਂ।"
ਨਫ਼ਾਸਤ ਹਸਨ ਝੁੰਜਲਾਇਆ, "ਕੀ ਆਖ ਰਿਹਾ ਏਂ, ਮੀਆਂ! ਸੁਣੋ, ਮੈਂ ਇਕ ਖ਼ਿਆਲ ਪੇਸ਼ ਕਰਦਾ ਹਾਂ-ਜਿਉਂ ਹੀ ਜ਼ਬਾਨਦਰਾਜ਼ੀ ਕਰਨ ਤੋਂ ਉਸ ਨੂੰ ਸੰਕੋਚ ਕਰਨਾ ਚਾਹੀਦਾ ਸੀ ਤੇ ਫਿਰ ਇਹ ਮਹਿਮਾਨ ਕੋਈ ਸਧਾਰਨ ਆਦਮੀ ਨਹੀਂ ਸੀ, ਉਸ ਦਾ ਸਮਕਾਲੀ ਲਿਖਾਰੀ ਸੀ-ਉਮਰ ਵਿਚ ਉਸ ਤੋਂ ਕਿਤੇ ਵੱਡਾ ਤੇ ਜ਼ਬਾਨਦਾਨੀ ਵਿਚ ਉਸ ਤੋਂ ਕਿਤੇ ਸਿਆਣਾ। ਮੈਂ ਸੋਚਣ ਲੱਗਾ ਕਿ ਸਮਰਸੈਟ ਮਾਮ ਉਤੇ ਨਫਾਸਤ ਹਸਨ ਇਤਨਾ ਕਿਉਂ ਰੀਝ ਪਿਆ ਹੈ। ਉਹ ਵੀ ਮੌਲਾਨਾ ਆਰਜ਼ੂ ਨਫਾਸਤ ਹਸਨ ਦੇ ਕਮਰੇ ਵਿਚ ਪਈ ਹੋਈ ਕਿਸੇ ਵੀ ਹਲਕੇ ਭੂਰੇ ਰੰਗ ਦੀ ਕੁਰਸੀ ਨਾਲੋਂ ਕਿਤੇ ਕੀਮਤੀ ਸਨ। ਨਫਾਸਤ ਹਸਨ ਇਤਨਾ ਗਰਮ ਕਿਉਂ ਹੋ ਗਿਆ ਸੀ? ਉਹ ਖਬਰੇ ਆਪਣੇ ਮਹਿਮਾਨ ਨੂੰ ਕੁਰਸੀ ਤੋਂ ਉਠਾ ਦੇਣਾ ਚਾਹੁੰਦਾ ਸੀ। ਇਹ ਠੀਕ ਹੈ ਕਿ ਮੌਲਾਨਾ ਦਾ ਵਿਅੰਗ ਜ਼ਰਾ ਤਿੱਖਾ ਸੀ ਪਰ ਸੀ ਤੇ ਵਿਅੰਗ ਹੀ। ਇਸ ਦਾ ਜੁਆਬ ਵਿਅੰਗ ਵਿਚ ਦਿੱਤਾ ਜਾਂਦਾ ਤਾਂ ਇਤਨੀ ਦਿਲ ਦੁਖੀ ਕਰਨ ਵਾਲੀ ਝਾਕੀ ਤਾਂ ਨਾ ਵੇਖਣੀ ਪੈਂਦੀ।
ਸਮਰਸੈਟ ਮਾਮ ਆਖ਼ਰ ਕੀ ਲਿਖਦਾ ਹੋਵੇਗਾ? ਕੀ ਉਸ ਨੂੰ ਆਪਣੇ ਦੇਸ਼ ਇੰਗਲੈਂਡ ਵਿਚ ਵੀ ਨਫਾਸਤ ਹਸਨ ਜਿਹਾ ਕੋਈ ਗੂੜ੍ਹਾ ਆਸ਼ਕ ਮਿਲਿਆ ਹੋਵੇਗਾ? ਮੈਨੂੰ ਇਹ ਸ਼ੱਕ ਪਿਆ ਕਿ ਨਫਾਸਤ ਹਸਨ ਦੇ ਬਹੁਤ ਸਾਰੇ ਫਿਕਰੇ ਜਿਨ੍ਹਾਂ ਨੂੰ ਸਮੇਂ ਸਮੇਂ ਉਹ ਬੜੀ ਸ਼ਾਨ ਨਾਲ ਆਪਣੀ ਗੱਲਬਾਤ ਤੇ ਲਿਖਤ ਵਿਚ ਨਗੀਨਿਆਂ ਵਾਂਗ ਜੜਨ ਵਿਚ ਹੁਸ਼ਿਆਰ ਸੁਨਿਆਰਾ ਬਣ ਚੁਕਿਆ ਹੈ, ਜ਼ਰੂਰ ਵਲੈਤ ਦੀ ਕਿਸੇ ਫੈਕਟਰੀ ਤੋਂ ਬਣ ਕੇ ਆਏ ਹਨ, ਉਸ ਦੀ ਆਪਣੀ ਰਚਨਾ ਬਿਲਕੁਲ ਨਹੀਂ। ਪਹਿਲਾਂ ਪਹਿਲ ਕਦ ਸਮਰਸੈਟ ਮਾਮ ਦੀ ਕਲਮ ਨੇ ਉਸ ਉਤੇ ਜਾਦੂ ਜਿਹਾ ਕਰ ਦਿੱਤਾ ਸੀ ਤੇ ਕੀ ਕਦੀ ਇਹ ਜਾਦੂ ਮੁਕ ਵੀ ਜਾਵੇਗਾ? ਇਕ ਦਿਨ ਉਸ ਨੇ ਮੈਨੂੰ ਪੁਛਿਆ, "ਤੀਵੀਂ ਕਿਸ ਵੇਲੇ ਸੁੰਦਰ ਲਗਦੀ ਹੈ?"
ਮੈਨੂੰ ਕੁਝ ਜਵਾਬ ਨਾ ਸੁਝਿਆ। ਮੈਂ ਆਖਿਆ, "ਤੁਸੀਂ ਹੀ ਦਸੋ।"
ਉਸ ਨੇ ਆਖਿਆ, "ਹਾਂ ਤਾਂ ਸੁਣੋ... ਜਦ ਉਸ ਨੂੰ ਤਿੰਨ ਦਿਨ ਤੋਂ ਬੁਖਾਰ ਆਉਂਦਾ ਹੋਵੇ ਤੇ ਉਸ ਦੇ ਹੱਥ ਦੀਆਂ ਰਗਾਂ ਨੀਲੀਆਂ ਪੈ ਜਾਣ ਤਦ ਤੀਵੀਂ ਕਿਤਨੀ ਸੁੰਦਰ ਲਗਦੀ ਹੈ, ਕਿਤਨੀ ਸੁੰਦਰ!"
ਮੈਂ ਸੋਚਿਆ, ਸ਼ਾਇਦ ਇਹ ਨਗੀਨਾ ਵੀ ਸਮਰਸੈਟ ਮਾਮ ਦੀ ਫੈਕਟਰੀ ਤੋਂ ਆਇਆ ਹੋਵੇ।
ਮੈਂ ਨਫਾਸਤ ਹਸਨ ਨੂੰ ਸੰਬੋਧਨ ਕਰ ਕੇ ਆਖਿਆ,
"ਕਰੋਧ ਛਡ ਮੀਆਂ! ਸਮਰਸੈਟ ਮਾਮ ਤਾਂ ਇਕ ਦੇਵਤਾ ਹੈ।"
ਉਹ ਬੋਲਿਆ, "ਤੇ ਮੈਂ?"
"ਤੂੰ ਵੀ ਦੇਵਤਾ ਹੈਂ, ਮੀਆਂ!"
ਮੈਂ ਉਸ ਨੂੰ ਦੱਸਿਆ ਕਿ ਦੇਵਤਿਆਂ ਵਿਚ ਤਿੰਨ ਵੱਡੇ ਦੇਵਤੇ ਹਨ-ਬ੍ਰਹਮਾ, ਵਿਸ਼ਨੂੰ ਤੇ ਸ਼ਿਵ। ਆਪਣੇ ਵੱਖੋ-ਵੱਖ ਵਿਸ਼ੇਸ਼ਤਾ ਸਦਕਾ ਉਹ ਲੋਕਪ੍ਰਿਅ ਬਣ ਗਏ ਹਨ। ਬ੍ਰਹਮਾ ਜਨਮ ਦਿੰਦਾ ਹੈ, ਵਿਸ਼ਨੂੰ ਪਾਲਨਾ ਕਰਦਾ ਹੈ ਤੇ ਸ਼ਿਵ ਠਹਿਰਿਆ ਸਵੇਰ ਦੀ ਪਹਿਲੀ ਕਿਰਨ ਅੱਖਾਂ ਮਲਦੀ ਧਰਤੀ 'ਤੇ ਤੁਰੀ, ਕੋਲ ਦੀ ਕੱਚੀ ਕੰਧ ਅੰਗੜਾਈ ਲੈ ਰਹੀ ਸੀ।"
ਮੈਂ ਆਖਿਆ, "ਇਸ ਵੇਲੇ ਨਫਾਸਤ ਹਸਨ ਇਕ ਬ੍ਰਹਮਾ ਹੈ, ਮੌਲਾਨਾ!"
"ਬ੍ਰਹਮਾ?"
"ਜੀ ਹਾਂ, ਬ੍ਰਹਮਾ... ਤੇ ਪਤਾ ਨਹੀਂ ਕਦ ਤੀਕ ਉਹ ਵਿਸ਼ਨੂੰ ਬਣਿਆ ਇਹ ਖਿਆਲ ਸਾਂਭ ਸਾਂਭ ਕੇ ਰਖੇਗਾ। ਤੇ ਫਿਰ ਇਕ ਦਿਨ ਉਹ ਸ਼ਿਵ ਬਣ ਜਾਏਗਾ ਜਦੋਂ ਆਪੇ ਆਪਣੇ ਹੱਥੀਂ ਇਸ ਖਿਆਲ ਦਾ ਸੰਘ ਘੁਟ ਸੁਟੇਗਾ। ਉਸ ਨੂੰ ਆਪੇ ਆਪਣੀ ਰਚਨਾ ਉਤੇ ਹਾਸਾ ਆਵੇਗਾ-ਕੇਵਲ ਹਾਸਾ, ਤੇ ਇਹ ਖਿਆਲ ਉਸ ਦਾ ਸੌ ਫੀ ਸਦੀ ਮੌਲਿਕ ਖਿਆਲ ਨਹੀਂ ਹੈ ਤੇ ਪੂਰੀ ਪੂਰੀ ਸ਼ਰਮ ਜੇ ਇਹ ਸੱਚੀ ਮੁਚੀਂ ਉਸ ਦਾ ਸੌ ਫੀਸਦੀ ਮੌਲਿਕ ਖਿਆਲ ਹੈ।"
ਨਫਾਸਤ ਹਸਨ ਚਾਹੁੰਦਾ ਤਾਂ ਝੱਟ ਮੇਰੇ ਖਿਆਲ ਨੂੰ ਰੱਦ ਕਰ ਸੁਟਦਾ ਪਰ ਉਹ ਚੁੱਪ ਬੈਠਾ ਰਿਹਾ। ਖਬਰੇ ਉਹ ਕੁਝ ਕੁਝ ਛਿਥਾ ਪੈ ਗਿਆ ਸੀ ਤੇ ਆਪਣੇ ਘਟੀਆਪਣ ਦੇ ਜਜ਼ਬੇ ਨੂੰ ਲੁਕਾਣ ਦਾ ਯਤਨ ਕਰ ਰਿਹਾ ਸੀ।
ਮੌਲਾਨਾ ਬੋਲੇ, "ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਬਾਰੇ ਅੱਜ ਮੈਂ ਕੁਝ ਹੋਰ ਵੀ ਸੁਣਨਾ ਚਾਹੁੰਦਾ ਹਾਂ।"
ਮੈਂ ਆਖਿਆ, "ਸੁਣੋ, ਵਿਸ਼ਨੂੰ ਤੇ ਸ਼ਿਵ ਦੇ ਹਜ਼ਾਰਾਂ ਮੰਦਰ ਹਨ ਤੇ ਬ੍ਰਹਮਾ ਦਾ ਇਕ ਵੀ ਮੰਦਰ ਨਹੀਂ ਹੈ ਕਿਤੇ।"
"ਬ੍ਰਹਮਾ ਦਾ ਇਕ ਵੀ ਮੰਦਰ ਨਹੀਂ?"
"ਜੀ ਹਾਂ, ਸੁਣੋ ਤਾਂ ਸਹੀ। ਬੜੀ ਸੁਆਦਲੀ ਕਹਾਣੀ ਹੈ। ਇਕ ਵੇਰਾਂ ਵਿਸ਼ਨੂੰ ਤੇ ਬ੍ਰਹਮਾ ਵਿਚ ਮੁਕਾਬਲਾ ਹੋ ਗਿਆ ਕਿ ਕੌਣ ਪਹਿਲਾਂ ਸ਼ਿਵਲਿੰਗ ਦੀ ਡੂੰਘਾਈ ਤੇ ਉਚਾਈ ਦਾ ਪਤਾ ਕਰ ਸਕਦਾ ਹੈ। ਵਿਸ਼ਨੂੰ ਜੜ੍ਹ ਵਲ ਤੁਰ ਪਿਆ ਤੇ ਬ੍ਰਹਮਾ ਚੋਟੀ ਵਲ। ਬ੍ਰਹਮਾ ਉਪਰ ਚੜ੍ਹਦਾ ਗਿਆ ਪਰ ਸ਼ਿਵਲਿੰਗ ਦੀ ਚੋਟੀ ਕਿਧਰੇ ਨਜ਼ਰ ਨਹੀਂ ਸੀ ਆਉਂਦੀ। ਉਪਰੋਂ ਚੰਬੇਲੀ ਦਾ ਇਕ ਫੁੱਲ ਡਿਗਦਾ ਆ ਰਿਹਾ ਸੀ। ਬ੍ਰਹਮਾ ਨੇ ਪੁਛਿਆ, "ਕਿਧਰੋਂ ਆਉਣਾ ਹੋਇਆ?" ਫੁੱਲ ਬੋਲਿਆ, "ਸ਼ਿਵਲਿੰਗ ਦੀ ਚੋਟੀ ਤੋਂ।" ਬ੍ਰਹਮਾ ਨੇ ਪੁਛਿਆ, "ਕਿਤਨੀ ਦੂਰ ਹੈ ਉਹ ਚੋਟੀ?"
ਫੁੱਲ ਨੇ ਕਿਹਾ, "ਦੂਰ ਬਹੁਤ ਦੂਰ।" ਬ੍ਰਹਮਾ ਫੁੱਲ ਦੇ ਨਾਲ ਮੁੜ ਪਿਆ। ਰਾਹ ਵਿਚ ਉਸ ਨੇ ਇਸ ਫੁੱਲ ਨੂੰ ਇਤਨਾ ਝੂਠ ਬੋਲਣ ਲਈ ਰਾਜ਼ੀ ਕਰ ਲਿਆ ਕਿ ਉਹ ਵਿਸ਼ਨੂੰ ਦੇ ਸਾਹਮਣੇ ਆਖ ਦੇਵੇ ਕਿ ਉਹ ਦੋਵੇਂ ਖਾਸ ਸ਼ਿਵਲਿੰਗ ਦੀ ਚੋਟੀ ਤੋਂ ਹੁੰਦੇ ਆ ਰਹੇ ਹਨ ਪਰ ਸ਼ਿਵ ਤਾਂ ਠਹਿਰਿਆ ਅੰਤਰਜਾਮੀ। ਬ੍ਰਹਮਾ ਤੇ ਚੰਬੇਲੀ ਨੂੰ ਬੜੀ ਭਾਰੀ ਸਜ਼ਾ ਦਿੱਤੀ ਗਈ-ਰਹਿੰਦੀ ਦੁਨੀਆਂ ਤੀਕ ਬ੍ਰਹਮਾ ਦਾ ਕਿਤੇ ਮੰਦਰ ਨਹੀਂ ਬਣੇਗਾ, ਚੰਬੇਲੀ ਕਿਸੇ ਮੰਦਰ ਵਿਚ ਪੂਜਾ ਵਿਚ ਚੜ੍ਹਾਈ ਨਹੀਂ ਜਾ ਸਕੇਗੀ।" ਨਫ਼ਾਸਤ ਹਸਨ ਬੋਲਿਆ, "ਪਰ ਇਹ ਤਾਂ ਨਵਾਂ ਜ਼ਮਾਨਾ ਹੈ। ਹੁਣ ਤਾਂ ਬ੍ਰਹਮਾ ਦਾ ਵੀ ਮੰਦਰ ਬਣ ਜਾਵੇਗਾ ਕਿਤੇ। ਤੇ ਮੇਰਾ ਯਕੀਨ ਹੈ ਕਿ ਜੇ ਬ੍ਰਹਮਾ ਉਤੇ ਕੋਈ ਫੁੱਲ ਚੜ੍ਹੇਗਾ ਤਾਂ ਉਹ ਚੰਬੇਲੀ ਦਾ ਫੁੱਲ ਹੀ ਹੋਵੇਗਾ।"
ਨਫ਼ਾਸਤ ਹਸਨ ਨੇ ਉਸ ਵੇਲੇ ਇਹੀ ਸੋਚਿਆ ਹੋਵੇਗਾ ਕਿ ਭਾਵੇਂ ਹੁਣ ਤੀਕ ਉਹ ਆਪ ਇਕ ਬ੍ਰਹਮਾ ਹੀ ਹੈ ਕਿਉਂਕਿ ਢੇਰ ਚਿਰ ਦੀ ਇਸ਼ਤਿਹਾਰਬਾਜ਼ੀ ਦੇ ਬਾਵਜੂਦ ਉਸ ਦੇ ਪਬਲਿਸ਼ਰ ਨੇ ਉਸ ਦੀਆਂ ਕਹਾਣੀਆਂ ਦਾ ਵੱਡਾ ਸੰਗ੍ਰਿਹ ਛਾਪਣ ਤੋਂ ਹੁਣ ਤੀਕ ਸੰਕੋਚ ਹੀ ਕੀਤਾ ਹੈ, ਪਰ ਜਦੋਂ ਇਹ ਕਿਤਾਬ ਛਪੇਗੀ, ਉਸ ਦੀ ਮਸ਼ਹੂਰੀ ਦਾ ਅਸਲੀ ਮੰਦਰ ਬਣਦਿਆਂ ਦੇਰ ਨਾ ਲਗੇਗੀ ਤੇ ਇਸ ਮੰਦਰ ਵਿਚ ਚੰਬੇਲੀ ਦੇ ਫੁੱਲ ਹੀ ਚੜ੍ਹਾਏ ਜਾਇਆ ਕਰਨਗੇ।
ਆਪਣੇ ਬਾਰੇ ਇਤਨੀ ਗ਼ਲਤਫਹਿਮੀ ਰਖਣ ਵਿਚ ਉਸ ਦੇ ਦੋ ਚਾਰ ਨੇੜੇ-ਤੇੜੇ ਦੇ ਮਿੱਤਰਾਂ ਦਾ ਹੀ ਹੱਥ ਸੀ। ਉਨ੍ਹਾਂ ਦਾ ਖਿਆਲ ਸੀ ਕਿ ਊਸ਼ਾ ਦੇ ਘੁੰਡ ਲਾਹੁਣ ਤੋਂ ਪਹਿਲਾਂ ਦੀ ਸਾਰੀ ਸਿਆਹੀ ਤੇ ਲਾਲੀ-ਹਨੇਰੇ ਦੇ ਪ੍ਰਕਾਸ ਦੀਆਂ ਗੰਗਾ-ਜਮਨੀ ਘੁਸਰ ਮੁਸਰਾਂ-ਉਸ ਦੀ ਤਬੀਅਤ ਵਿਚ ਝਲਕਦੀਆਂ ਹਨ। ਜੇ ਉਸ ਨੇ ਸ਼ੁਰੂ ਵਿਚ ਰੂਸੀ ਕਹਾਣੀਆਂ ਦੇ ਅਨੁਵਾਦ ਵਿਚ ਆਪਣੀ ਉਠਦੀ ਜਵਾਨੀ ਦਾ ਜ਼ੋਰ ਲਗਾਉਣ ਦੀ ਥਾਂ ਮੌਲਿਕ ਕਹਾਣੀ ਲਿਖਣ ਵਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਉਸ ਦਾ ਨਾਂ ਨਿਰਸੰਦੇਹ ਪਹਿਲੀ ਕਤਾਰ ਦੇ ਅਗਾਂਹਵਧੂ ਕਹਾਣੀ ਲੇਖਕਾਂ ਵਿਚ ਗਿਣਿਆ ਜਾਂਦਾ। ਉਨ੍ਹਾਂ ਦਾ ਇਹ ਵੀ ਖਿਆਲ ਸੀ ਕਿ ਹੁਣ ਵੀ ਡੁੱਲ੍ਹੇ ਹੋਏ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜੇ ਇਹ ਸੌ ਫੀਸਦੀ ਅਗਾਂਹਵਧੂ ਕਹਾਣੀ ਲੇਖਕ ਸੌ ਫੀਸਦੀ ਵਸੀਲਾਸਾਜ਼ ਵੀ ਹੁੰਦਾ ਗਿਆ ਤਾਂ ਯਕੀਨਨ ਉਹ ਹਿੰਦੁਸਤਾਨ ਭਰ ਦੇ ਕਹਾਣੀ ਸਾਹਿਤ ਦੀ ਟੀਸੀ 'ਤੇ ਨਜ਼ਰ ਆਏਗਾ ਤੇ ਫਿਰ ਨੋਬਲ ਪ੍ਰਾਈਜ਼ ਮਿਲਣ ਦੀ ਪੂਰੀ ਆਸ ਬੱਝ ਜਾਏਗੀ-ਸੌ ਫੀਸਦੀ ਆਸ!
ਇਕ ਵੇਰ ਮਿੱਤਰਾਂ ਨੇ ਉਸ ਨੂੰ ਦਸਿਆ ਕਿ ਉਹ ਇਕ ਸਾਫ ਸਾਫ ਆਖ ਸੁਣਾਉਣ ਵਾਲਾ ਆਦਮੀ ਹੈ। ਸੁਫਨਿਆਂ ਵਿਚ ਵੀ ਇਹ ਖਿਆਲ ਉਸ ਦਾ ਪਿੱਛਾ ਕਰਨ ਲੱਗਾ। ਸੱਚੀ ਮੁਚੀਂ ਉਹ ਸਾਫ ਸਾਫ ਆਖ ਸੁਣਾਉਣ ਵਾਲਾ ਆਦਮੀ ਹੈ ਤੇ ਇਹੀ ਉਹ ਸਿਫਤ ਹੈ ਜੋ ਇਕ ਸੌ ਫੀਸਦੀ ਮੌਲਿਕ ਕਹਾਣੀ-ਲੇਖਕ ਨੂੰ ਜ਼ਿੰਦਗੀ ਦੇ ਮੁਤਾਲੇ ਵਿਚ ਸਹਾਇਤਾ ਦੇ ਸਕਦੀ ਹੈ।
ਜਦ ਇਸ ਨੌਕਰੀ ਲਈ ਉਸ ਨੇ ਦਰਖਾਸਤ ਭੇਜੀ ਤਾਂ ਉਸ ਨੂੰ ਪੁਛਿਆ ਗਿਆ ਕਿ ਉਸ ਨੇ ਕਿਸ ਮਜ਼ਮੂਨ ਵਿਚ ਆਪਣੀ ਵਿਦਿਆ ਸਿਰੇ ਚਾੜ੍ਹੀ ਹੈ।
ਬਿਨਾ ਕਿਸੇ ਝਿਜਕ ਦੇ ਉਸ ਨੇ ਲਿਖ ਘਲਿਆ ਕਿ ਉਸ ਨੇ ਆਪਣੀ ਬਹੁਤੀ ਉਮਰ ਵੇਸਵਾਵਾਂ ਦਾ ਮੁਤਾਲਾ ਕਰਨ ਵਿਚ ਲੰਘਾਈ ਹੈ। ਭਾਵੇਂ ਇਹ ਸਾਫਗੋਈ ਤੋਂ ਕਿਤੇ ਵਧੇਰੇ ਕਿਸੇ ਵੱਡੇ ਆਦਮੀ ਦੀ ਸਿਫਾਰਸ਼ ਨੇ ਹੀ ਉਸ ਨੂੰ ਇਹ ਨੌਕਰੀ ਦਿਲਾਣ ਵਿਚ ਮਦਦ ਦਿੱਤੀ ਸੀ ਪਰ ਉਹ ਬਰਾਬਰ ਨਵੇਂ ਮਿਲਣ ਵਾਲਿਆਂ ਦੇ ਰੂਬਰੂ ਇਸ ਦਾ ਜ਼ਿਕਰ ਬੜੇ ਮਾਣ ਨਾਲ ਕੀਤਾ ਕਰਦਾ ਹੈ। ਸਾਫਗੋਈ - ਸੌ ਫੀਸਦੀ ਸਾਫ਼ਗੋਈ! ਹਾਲੇ ਤੀਕ ਖਬਰੇ ਇਸ ਸਾਫਗੋਈ ਦੀ ਸਰਹੱਦ ਨੇ ਉਸ ਦੀ ਪਤਨੀ ਨੂੰ ਤਾਂ ਨਾ ਛੂਹਿਆ ਹੋਵੇਗਾ। ਘਰ ਵਿਚ ਆ ਕੇ ਤਾਂ ਅਕਸਰ ਵੱਡੇ ਵੱਡੇ ਅਗਾਂਹਵਧੂ ਲੇਖਕ ਵੀ ਮੀਸਣੇ ਬਣਨ ਲਈ ਮਜਬੂਰ ਹੋ ਜਾਂਦੇ ਹਨ।
ਇਹ ਠੀਕ ਹੈ ਕਿ ਉਸ ਦਾ ਅਗਾਂਹਵਧੂਪਣ ਬਹੁਤ ਹੱਦ ਤੀਕ ਨੰਗੇ ਵਲਵਲੇ ਨਾਲ ਘਿਰਿਆ ਰਹਿੰਦਾ ਸੀ ਪਰ ਕੁਝ ਚਿਰ ਤੋਂ ਉਸ ਦੇ ਮਨ ਵਿਚ ਇਹ ਵਹਿਮ ਆ ਗਿਆ ਸੀ ਕਿ ਉਹ ਕਿਸੇ ਵੀ ਸਜੀਵ ਯਾ ਨਿਰਜੀਵ ਚੀਜ਼ ਦੇ ਦੁਆਲੇ ਆਪਣੀ ਕਹਾਣੀ ਨੂੰ ਘੁਮਾ ਸਕਦਾ ਹੈ। ਆਪਣੀ ਇਕ ਕਹਾਣੀ ਵਿਚ ਉਸ ਨੇ ਇਕ ਪੱਥਰ ਦਾ ਹਾਲ ਲਿਖਿਆ ਸੀ ਜੋ ਅਚਾਨਕ ਕਿਸੇ ਕੁਆਰੀ ਦੀ ਉਠਦੀ ਮਚਲਦੀ ਹੋਈ ਛਾਤੀ ਨਾਲ ਟਕਰਾਣ ਲਈ ਵਿਆਕੁਲ ਹੋ ਉਠਿਆ ਸੀ। ਆਦਮੀ ਪਹਿਲਾਂ ਵਾਂਗ ਆਦਮੀ ਹੈ ਪਰ ਪੱਥਰ ਹੁਣ ਪੱਥਰ ਹੀ ਨਹੀਂ, ਇਹ ਗੱਲ ਉਸ ਨੇ ਬੜੇ ਵਿਚਾਰ ਨਾਲ ਲਿਖੀ ਸੀ। ਮਨੋਵਿਗਿਆਨ ਦੀਆਂ ਸਰਹੱਦਾਂ ਹੁਣ ਸੁਕੜੀਆਂ ਨਾ ਰਹਿਣਗੀਆਂ। ਪੱਥਰ ਹੁਣ ਪੱਥਰ ਹੀ ਨਹੀਂ ਹੈ, ਨਾ ਬਿਜਲੀ ਦਾ ਖੰਭਾ ਬਿਜਲੀ ਦਾ ਖੰਭਾ ਹੀ। ਉਹ ਚਾਹੁੰਦਾ ਤਾਂ ਆਪਣੇ ਸਿਗਰਟ ਕੇਸ ਵਿਚ ਵੀ ਦਿਲ ਪਾ ਦੇਂਦਾ ਤੇ ਉਸ ਦੇ ਦੁਆਲੇ ਭਾਵਾਂ ਦਾ ਇਕ ਬਾਰੀਕ ਜਾਲ ਬੁਣ ਦੇਂਦਾ। ਉਸ ਦੀ ਬੋਲੀ ਨਾ ਬਹੁਤੀ ਔਖੀ ਸੀ ਨਾ ਬਹੁਤੀ ਸੁਖਾਲੀ। ਇਥੇ ਉਥੇ ਨਵੀਆਂ ਨਵੀਆਂ ਤੁਲਨਾਵਾਂ ਰੋਹਬ ਪਾਉਣ ਲਈ ਹਾਜ਼ਰ ਰਹਿੰਦੀਆਂ ਸਨ। ਹੁਣੇ ਉਸ ਨੂੰ ਕਿਸੇ ਦਾ ਫੁਲਿਆ ਹੋਇਆ ਥੈਲਾ ਵੇਖ ਕੇ ਕਿਸੇ ਗਰਭਵਤੀ ਇਸਤਰੀ ਦੇ ਢਿੱਡ ਦਾ ਧਿਆਨ ਆ ਗਿਆ, ਹੁਣੇ ਕਿਸੇ ਦੀ ਕੋਈ ਮਾਨਸਿਕ ਕਮਜ਼ੋਰੀ ਉਸ ਮੁਟਿਆਰ ਜੇਹੀ ਨਜ਼ਰ ਆਈ ਜੋ ਹਨ੍ਹੇਰੀ ਵਿਚ ਆਪਣੀ ਸਾੜ੍ਹੀ ਸੰਭਾਲ ਕੇ ਨਾ ਰੱਖ ਸਕਦੀ ਹੋਵੇ। ਕਿਸੇ ਦੇ ਬੁਲ ਮੋਟੇ ਤੇ ਬੁਲਬੁਲੇ ਸਨ ਤੇ ਕਿਸੇ ਦਾ ਨੱਕ ਚੀਨੀ ਦੀ ਪਿਆਲੀ ਦੀ ਠੂੰਠਣੀ ਜਿਹਾ।
ਜਿਤਨੀ ਸ਼ਕਤੀ ਨਾਲ ਉਹ ਕਿਸੇ ਚੀਜ਼ ਦੇ ਹੱਕ ਵਿਚ ਬੋਲ ਜਾਂ ਲਿਖ ਸਕਦਾ ਸੀ, ਖ਼ਬਰੇ ਉਤਨੀ ਹੀ ਤਾਕਤ ਨਾਲ ਤੇ ਉਨੀ ਹੀ ਦਿਲਚਸਪੀ ਨਾਲ ਉਸ ਦੇ ਵਿਰੁਧ ਵੀ ਆਪਣਾ ਬਿਆਨ ਦੇ ਸਕਦਾ ਸੀ। ਇਸ ਨੂੰ ਕਹਿੰਦੇ ਹਨ-ਫਰਕ ਫਰਕ ਲਈ। ਸਾਹਿਤ ਸਾਹਿਤ ਲਈ ਤੇ ਮਸਲੇ ਦਾ ਵਿਰੋਧ ਤੇ ਫਰਕ ਫਰਕ ਲਈ ਦਾ ਪੱਖ-ਵਾਹ ਨੀ ਅਗਾਂਹ ਵਧੂ ਬਿਰਤੀ ਏ!
ਸ਼ਾਮ ਹੋ ਚੱਲੀ ਸੀ। ਨਫਾਸਤ ਹਸਨ ਉਠ ਕੇ ਖੜੋ ਗਿਆ ਤੇ ਹੱਥਾਂ ਦੀਆਂ ਉਂਗਲੀਆਂ ਨਾਲ ਵਾਲਾਂ ਵਿਚ ਕੰਘੀ ਕਰਦਾ ਹੋਇਆ ਛੱਜੇ 'ਤੇ ਆ ਗਿਆ। ਨਿਕਲਸਨ ਰੋਡ ਉਤੇ ਕੋਲ ਦੇ ਟੇਲਰ ਮਾਸਟਰ ਦੀ ਦੁਕਾਨ ਦੇ ਬਿਜਲੀ ਦੇ ਬਲਬ ਰੌਸ਼ਨ ਹੋ ਚੁੱਕੇ ਸਨ। ਛੱਜੇ 'ਤੇ ਖੜਾ ਖੜਾ ਨਫਾਸਤ ਹਸਨ ਪਲਟਦਾ ਹੋਇਆ ਬੋਲਿਆ, "ਮੌਲਾਨਾ! ਚਲੋ ਲਗਦੇ ਹੱਥ ਸਰਦਾਰ ਜੀ ਨੂੰ ਹੀ ਮਿਲਦੇ ਆਈਏ!"
ਮੈਂ ਹੈਰਾਨੀ ਨਾਲ ਆਪਣੀ ਸੀਟ ਉਤੇ ਦੁਬਕਿਆ ਬੈਠਾ ਸਾਂ। ਮੈਂ ਸੋਚਿਆ, ਇਹ ਸਰਦਾਰ ਜੀ ਕੌਣ ਹਨ ਜਿਨ੍ਹਾਂ ਨੂੰ ਮਿਲਣ ਲਈ ਨਫਾਸਤ ਹਸਨ ਇਤਨਾ ਮੁਸ਼ਤਾਕ ਨਜ਼ਰ ਆਉਂਦਾ ਹੈ? ਫਿਰ ਮੈਨੂੰ ਖ਼ਿਆਲ ਆਇਆ ਕਿ ਉਹ ਕੇਵਲ ਆਪਣੇ ਫਰਕ ਫਰਕ ਲਈ ਦੇ ਨਜ਼ਰੀਏ ਅਨੁਸਾਰ ਹੀ ਕਿਸੇ ਦਾਹੜੀ ਵਾਲੇ ਨੂੰ ਮਿਲਣਾ ਚਾਹੁੰਦਾ ਹੈ। ਹਾਲਾਂਕਿ ਖੁਦ ਉਹਦੇ ਮੂੰਹ ਤੇ ਦਾਹੜੀ ਮੁਛਾਂ ਤੀਕ ਦਾ ਨਾਂ ਨਿਸ਼ਾਨ ਵੀ ਦੂਜੇ ਤੀਸਰੇ ਦਿਨ ਮਿਟਾ ਸੁਟਿਆ ਜਾਂਦਾ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਇਕ ਜਲਸੇ ਵਿਚ ਇਕ ਲਿਖਾਰੀ ਦੀਆਂ ਮੁਛਾਂ ਨੂੰ ਕੇਵਲ ਇਸੇ ਲਈ ਪਸੰਦ ਕੀਤਾ ਸੀ ਕਿ ਉਹ ਮੁਛਾਂ ਕੇਵਲ ਮੌਲਾਨਾ ਨੂੰ ਨਹੀਂ ਸਨ ਭਾਈਆਂ। ਮੇਰਾ ਵਿਸ਼ਵਾਸ ਸੀ ਕਿ ਜੇ ਮੌਲਾਨਾ ਨੇ ਉਨ੍ਹਾਂ ਮੁਛਾਂ ਦੀ ਪ੍ਰਸੰਸਾ ਵਿਚ ਇਕ ਅੱਧ ਗੱਲ ਆਖੀ ਹੁੰਦੀ ਤਾਂ ਉਹ ਝੱਟ ਕਹਿ ਉਠਦਾ, "ਮੌਲਾਨਾ, ਤੁਹਾਡੀ ਅੰਨ੍ਹੇਵਾਹ ਪਸੰਦ ਦੀ ਤਾਂ ਹੱਦ ਹੋ ਚੁੱਕੀ ਹੈ। ਲਾਹੌਲ ਵਲਾ ਕੁਵੱਤ, ਤੁਸੀਂ ਖੂਬ ਆਦਮੀਆਂ ਵਿਚੋਂ ਆਦਮੀ ਚੁਣਿਆ।"
ਇਹ ਸਰਦਾਰ ਜੀ ਕੌਣ ਹਨ? ਇਹ ਸਵਾਲ ਮੇਰੇ ਮਨ ਵਿਚ ਫੈਲਦਾ ਗਿਆ। ਉਨ੍ਹਾਂ ਨਾਲ ਜਾਣ ਪਛਾਣ ਕਰਨ ਦੀ ਖਾਹਸ਼ ਵੇਖ ਕੇ ਨਫਾਸਤ ਹਸਨ ਨੇ ਮੈਨੂੰ ਵੀ ਆਪਣੇ ਨਾਲ ਲੈ ਲਿਆ। ਉਹ ਇਕ ਅਜਬ ਮਸਤੀ ਦੀ ਹਾਲਤ ਵਿਚ ਪੌੜੀਆਂ ਤੋਂ ਉਤਰ ਰਿਹਾ ਸੀ।
ਆਪਣੇ ਪੈਰਾਂ ਨੂੰ ਉਹ ਲੋੜ ਤੋਂ ਕਿਤੇ ਵਧੇਰੇ ਜ਼ਮੀਨ 'ਤੇ ਸੁਟਦਾ ਸੀ ਤੇ ਫਟ ਫਟ ਦੀ ਆਵਾਜ ਨਾਲ ਸ਼ੋਰ ਪੈਦਾ ਕਰਦਾ ਹੋਇਆ ਗਵਾਂਢੀਆਂ ਦੇ ਆਰਾਮ ਵਿਚ ਵਿਘਨ ਪਾ ਰਿਹਾ ਸੀ। ਇਕ ਕਿਸਮ ਦੀ ਬੇਹੂਦਗੀ ਨੂੰ ਉਹ ਸ਼ਖਸੀ ਆਜ਼ਾਦੀ ਖਿਆਲ ਕਰਦਾ ਸੀ ਤੇ ਉਸ ਨੂੰ ਕਿਸੇ ਕੀਮਤ 'ਤੇ ਵੀ ਛੱਡਣ ਨੂੰ ਤਿਆਰ ਨਹੀਂ ਸੀ। ਉਸ ਦੀ ਇਹ ਸ਼ਖਸੀ ਆਜ਼ਾਦੀ ਹਰ ਭਲੇਮਾਣਸ ਦੀ ਪਗੜੀ ਉਛਾਲ ਦੇਣ ਤੀਕ ਪਹੁੰਚ ਗਈ ਸੀ।
ਇਕ ਬੜੇ ਲੰਮੇ ਚੌੜੇ ਬਾਜ਼ਾਰ ਵਿਚ ਘੁੰਮਦੇ ਘੁਮਾਉਂਦੇ ਅਸੀਂ ਆਖਰ ਸਰਦਾਰ ਜੀ ਦੀ ਦੁਕਾਨ 'ਤੇ ਪਹੁੰਚ ਗਏ। ਪਤਾ ਲੱਗਾ ਕਿ ਨਫਾਸਤ ਹਸਨ ਦਾ ਨਾਂ ਉਸ ਦੇ ਆਪਣੇ ਜੀਵਨ ਦੇ ਨਾਲ ਨਾਲ ਤੁਰਦਾ ਸੀ ਕਿਉਂਕਿ ਸ਼ਰਾਬ ਦੀ ਦੁਕਾਨ ਜਿਥੇ ਉਸ ਨੇ ਸਰਦਾਰ ਜੀ ਨਾਲ ਮੁਲਾਕਾਤ ਦਾ ਵਕਤ ਤੈ ਕੀਤਾ ਸੀ, ਇਕ ਬਦਬੂਦਾਰ ਥਾਂ ਸੀ। ਮੇਜ਼ ਉਤੇ ਸੰਗਮਰਮਰ ਦੀਆਂ ਸਿਲਾਂ ਤੇ ਸੋਡਾ ਤੇ ਵਿਸਕੀ ਪਈ ਹੋਈ ਸੀ। ਸਾਡੀਆਂ ਸੀਟਾਂ ਦੇ ਕੋਲ ਹੀ ਟੁਟੇ ਹੋਏ ਕਸੋਰਿਆਂ ਦਾ ਢੇਰ ਲੱਗ ਰਿਹਾ ਸੀ। ਕੋਲ ਹੀ ਇਕ ਅਧਖੜ ਉਮਰ ਦਾ ਆਦਮੀ ਆਪਣੀਆਂ ਟੰਗਾਂ ਇਕ ਭੱਜੀ ਟੁੱਟੀ ਅਲਮਾਰੀ ਦੇ ਉਪਰ ਟਿਕਾਈ ਆਪਣਾ ਮੂੰਹ ਪੂਰੀ ਤਰ੍ਹਾਂ ਖੋਲ੍ਹੀ ਬੇਹੋਸ਼ ਪਿਆ ਸੀ। ਉਸ ਦਾ ਖੁਲ੍ਹਾ ਹੋਇਆ ਮੂੰਹ ਕਸੋਰਿਆਂ ਦੇ ਇਤਨਾ ਨੇੜੇ ਹੋਣ ਦੇ ਕਾਰਨ ਇਕ ਕਸੋਰਾ ਹੀ ਤਾਂ ਜਾਪਦਾ ਸੀ। ਇਸ ਆਦਮੀ ਦੀ ਵੀ ਦਾੜ੍ਹੀ ਸੀ, ਇਕ ਪਲ ਲਈ ਮੈਨੂੰ ਇੰਜ ਜਾਪਿਆ ਕਿ ਨਫਾਸਤ ਹਸਨ ਇਸੇ ਆਦਮੀ ਨੂੰ ਮਿਲਣ ਆਇਆ ਹੈ। ਭਾਵ ਆਪਣੇ ਆਪ ਨਾਲ, ਆਪਣੇ ਸੁੰਦਰ ਨਾਂ ਨਾਲ ਇਨਸਾਫ ਕਰਨ ਆਇਆ ਹੈ। ਥੋੜ੍ਹੇ ਚਿਰ ਪਿਛੋਂ ਆਪਣੀ ਖਰ੍ਹਵੀਂ ਆਵਾਜ਼ ਨਾਲ ਜਿਸ ਤੋਂ ਸਦਾ ਵਾਂਗ ਖ਼ਾਹ-ਮਖਾਹ ਰੰਦਾ ਚਲਣ ਦਾ ਝਾਵਲਾ ਪੈਦਾ ਸੀ, ਉਹ ਬੋਲਿਆ, "ਓ ਭਈ ਮੀਆਂ ਜੁੰਮਿਆਂ! ਲਿਆ ਤਾਂ ਜ਼ਰਾ ਸਰਦਾਰ ਜੀ ਨੂੰ।"
ਮੀਆਂ ਜੁੰਮਾ ਇਕ ਝਾੜਨ ਨਾਲ ਬੋਤਲ ਸਾਫ ਕਰ ਰਿਹਾ ਸੀ। ਦਿਨ ਵੇਲੇ ਉਹ ਇਸੇ ਝਾੜਨ ਨਾਲ ਸੜਕ ਤੋਂ ਉਡ ਕੇ ਆਉਣ ਵਾਲੀ ਮਿੱਟੀ ਨੂੰ ਸ਼ੀਸ਼ਿਆਂ ਵਿਚ ਪਈ ਹੋਈ ਪੇਸਟਰੀ ਤੋਂ ਝਾੜਿਆ ਕਰਦਾ ਸੀ ਯਾ ਕਸੋਰਿਆਂ ਦੇ ਵਿਚਕਾਰ ਤਣੇ ਹੋਏ ਜਾਲਿਆਂ ਨੂੰ ਸਾਫ ਕਰਦਾ ਰਹਿੰਦਾ ਸੀ। ਕੁਝ ਚਿਰ ਪਿਛੋਂ ਮੀਆਂ ਜੁੰਮੇ ਨੇ ਵਿਸਕੀ ਦੀ ਇਕ ਬੋਤਲ ਤੇ ਸੋਡੇ ਦੀਆਂ ਦੋ ਬੋਤਲਾਂ ਮੇਜ਼ ਉਤੇ ਲਿਆ ਰੱਖੀਆਂ। ਸਰਦਾਰ ਜੀ ਦੀ ਸ਼ਖਸੀਅਤ ਤੋਂ ਵਾਕਫ ਹੁੰਦਿਆਂ ਦੇਰ ਨਾ ਲੱਗੀ। ਪਰ ਮੈਂ ਪਹਿਲਾਂ ਵਾਂਗ ਕਹਾਣੀਆਂ ਦੀ ਦੁਨੀਆਂ ਵਿਚ ਘੁੰਮ ਰਿਹਾ ਸਾਂ। ਫਿਰ ਮੈਂ ਬੇਮੌਕਾ ਹੀ ਨਫਾਸਤ ਹਸਨ ਨੂੰ ਪੁਛਿਆ, "ਤੁਹਾਡੇ ਅਫਸਾਨੇ ਤਾਂ ਬਹੁਤ ਜਮ੍ਹਾਂ ਹੋ ਗਏ ਹੋਣਗੇ।"
ਤਦ ਤੀਕ ਉਹ ਸੋਡਾ ਤੇ ਵਿਸਕੀ ਨੂੰ ਮਿਲਾ ਚੁਕਿਆ ਸੀ। ਮੈਂ ਸਰਦਾਰ ਜੀ ਨਾਲ ਜਾਣ ਪਛਾਣ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਉਸ ਨੇ ਤੇ ਮੌਲਾਨਾ ਨੇ ਗਲਾਸ ਟਕਰਾਏ ਤੇ ਆਪਣੇ ਆਪਣੇ ਮੂੰਹ ਨਾਲ ਲਾ ਲਏ। ਇਕ ਘੁਟ ਨਫਾਸਤ ਹਸਨ ਆਪਣੇ ਸੰਘੋਂ ਹੇਠਾਂ ਉਤਾਰਦਿਆਂ ਹੋਇਆਂ ਬੋਲਿਆ, "ਮੈਂ ਅਫਸਾਨੇ ਕਦੀ ਇਕੱਠੇ ਨਹੀਂ ਕਰਦਾ। ਮੇਰੇ ਅਫਸਾਨੇ ਕਬੂਤਰ ਦੇ ਬੱਚੇ ਹਨ ਜਿਨ੍ਹਾਂ ਨੂੰ ਮੈਂ ਲਿਖਦਾ ਹਾਂ ਤੇ ਆਖਦਾ ਹਾਂਲਓ ਕਬੂਤਰ ਦਿਓ ਬੱਚਿਓ, ਉਡ ਜਾਓ-ਤੇ ਉਹ ਉਡ ਜਾਂਦੇ ਹਨ।"
ਇਸ ਤੁਲਨਾ ਦੇ ਢੰਗ ਦੀ ਮੈਂ ਬਹੁਤ ਪ੍ਰਸ਼ੰਸਾ ਕੀਤੀ। ਸੱਚ ਪੁਛੋ ਤਾਂ ਮੇਰੇ ਮਨ ਵਿਚ ਆਈਨਸਟਾਈਨ ਦਾ ਅਜ਼ਾਫੀਅਤ ਦਾ ਨਜ਼ਰੀਆ ਉਜਾਗਰ ਹੋ ਗਿਆ ਸੀ। ਹਰ ਕਿਸੇ ਚੀਜ਼ ਦਾ ਦੂਸਰੀ ਚੀਜ਼ ਨਾਲ ਸੰਬੰਧ ਹੈ, ਅਫਸਾਨੇ ਦਾ ਕਬੂਤਰ ਦੇ ਬੱਚੇ ਨਾਲ, ਵੇਸਵਾ ਦੀ ਮੁਸਕਰਾਹਟ ਦਾ ਗੰਦੇ ਨਾਲੇ ਵਿਚ ਫਟਦੇ ਹੋਏ ਬੁਲਬਲੇ ਨਾਲ, ਸਵੇਰ ਦੀ ਪਹਿਲੀ ਕਿਰਨ ਦਾ ਅੰਗੜਾਈ ਲੈਂਦੀ ਕੰਧ ਨਾਲ, ਨਫਾਸਤ ਹਸਨ ਦਾ ਚਰਖੇ ਨਾਲ਼..।
ਉਸ ਵੇਲੇ ਮੈਂ ਸੋਚਣ ਲੱਗਾ ਕਿ ਇਹ ਤੁਲਨਾਵਾਂ, ਅਨੋਖੀਆਂ ਤੇ ਦੁਰੇਡੀਆਂ ਤੁਲਨਾਵਾਂ ਇਸ ਵੱਡੀ ਸ਼ਾਨ ਵਾਲੇ ਲਿਖਾਰੀ ਦੇ ਦਿਮਾਗ ਵਿਚ ਪੈਦਾ ਕਿੱਥੋਂ ਹੁੰਦੀਆਂ ਹਨ। ਫਿਰ ਮੈਨੂੰ ਝਟ ਖਿਆਲ ਆਇਆ ਕਿ ਇਹ ਤਾਂ ਇਕ ਸਿੱਧੀ ਸਾਦੀ ਕਿਰਿਆ ਹੈ। ਖੁਦ ਨਫਾਸਤ ਹਸਨ ਨੇ ਇਕ ਵੇਰ ਮੈਨੂੰ ਦਸਿਆ ਸੀ ਕਿ ਉਸ ਨੂੰ ਕਬਜ਼ ਦੀ ਸ਼ਿਕਾਇਤ ਕਦੀ ਨਹੀਂ ਹੁੰਦੀ। ਕੁਝ ਲਿਖਾਰੀਆਂ ਨੂੰ ਤਾਂ ਸਖਤ ਕਬਜ਼ ਹੋਈ ਜਾਪਦੀ ਹੈ। ਵਿਚਾਰੇ ਬਹੁਤ ਜ਼ੋਰ ਲਾ ਕੇ ਲਿਖਦੇ ਹਨ। ਮੈਂ ਸੋਚਿਆ ਕਿ ਇਸ ਲਿਹਾਜ਼ ਨਾਲ ਤਾਂ ਨਫਾਸਤ ਹਸਨ ਹਰ ਰੋਜ਼ ਦੁੱਧ ਨਾਲ ਅਤਰੀਫਲ ਜ਼ਮਾਨੀ ਖਾਂਦਾ ਹੈ। ਇਹੀ ਕਾਰਨ ਹੈ ਕਿ ਉਹ ਪੱਥਰ, ਬੁਲਬਲ, ਰਘਬੀਰ ਪਹਿਲਵਾਨ, ਪੁਸਤਕ, ਮੇਜ਼ ਕੁਰਸੀ, ਕਲਮ ਦੁਆਤ, ਹਰ ਚੀਜ਼ ਬਾਰੇ ਲਿਖ ਕੇ ਉਨ੍ਹਾਂ ਦੇ ਸੰਗ੍ਰਿਹਾਂ ਦੇ ਨਾਂ ਦੌੜੇ, ਭੱਜੇ, ਰੋਵੋ, ਪਿੱਟੋ ਰਖ ਸਕਦਾ ਹੈ। ਮੈਂ ਸੋਚਿਆ, ਖਬਰੇ ਉਹ ਲੈਟਰੀਨ ਬਾਰੇ ਵੀ ਲਿਖਦਾ ਰਿਹਾ ਹੈ ਕਿਉਂਕਿ ਉਸ ਦੀਆਂ ਕਹਾਣੀਆਂ ਵਿਚੋਂ ਸਦਾ ਕੁਝ ਅਜਿਹੀ ਬੂ ਆਉਂਦੀ ਹੈ।
ਪਰ ਮੈਂ ਬਹੁਤ ਚਿਰ ਤੀਕ ਇਨ੍ਹਾਂ ਕਹਾਣੀਆਂ ਦੀ ਦੁਨੀਆਂ ਵਿਚ ਨਾ ਰਹਿ ਸਕਿਆ। ਉਸ ਵੇਲੇ ਤਕ ਦੋਵੇਂ ਲਿਖਾਰੀ ਵਿਸਕੀ ਦੀ ਬੋਤਲ ਅਧੀ ਦੇ ਲਗਪਗ ਮੁਕਾ ਚੁਕੇ ਸਨ। ਅਚਾਨਕ ਇਨ੍ਹਾਂ ਨੂੰ ਕਿਸਮ ਕਿਸਮ ਦੀ ਸ਼ਰਾਬ ਮਿਲਾ ਕੇ ਪੀਣ ਦੀ ਧੁਨ ਸਮਾਈ। ਜੁੰਮਨ ਮੀਆਂ ਨੇ ਬਹੁਤ ਸਾਰੀਆਂ ਬੋਤਲਾਂ ਵਿਚੋਂ ਇਕ ਇਕ ਪੈਗ ਕੱਢਿਆ ਤੇ ਫੇਰ ਸਾਰਿਆਂ ਨੂੰ ਵਿਸਕੀ ਵਿਚ ਪਾ ਦਿੱਤਾ। ਉਸ ਵੇਲੇ ਮੌਲਾਨਾ ਸ਼ਰਾਬ ਵਿਚ ਆਪਣੇ ਆਪ ਨੂੰ ਗਵਾ ਰਹੇ ਸਨ। ਸ਼ਾਇਦ ਉਨ੍ਹਾਂ ਨੇ ਇਸੇ ਲਈ ਨਫਾਸਤ ਹਸਨ ਦੀਆਂ ਸਾਹਿਤਕ ਖੂਬੀਆਂ ਨੂੰ ਸਲਾਹੁਣਾ ਚਾਹਿਆ ਤੇ ਪੈਗ ਸੰਘੋਂ ਹੇਠਾਂ ਉਤਾਰਦਿਆਂ ਉਨ੍ਹਾਂ ਨੇ ਨਫਾਸਤ ਹਸਨ ਨੂੰ ਇਕ ਥਾਪੀ ਦਿੱਤੀ ਤੇ ਕਿਹਾ, "ਸ਼ਾਬਾਸ਼, ਬਰਖੁਰਦਾਰ, ਲਿਖੀ ਜਾ।"
ਨਫਾਸਤ ਹਸਨ ਜੋ ਸਰਦਾਰ ਜੀ ਦੇ ਮਕਾਨ ਦੀ ਫਿਜ਼ਾ ਤੋਂ ਖੂਬ ਜਾਣੂ ਸੀ ਤੇ ਜੋ ਬਿਨਾਂ ਘਬਰਾਏ ਬਹੁਤ ਸਾਰੇ ਪੈਗ ਪੀ ਸਕਦਾ ਸੀ, ਬੋਲਿਆ, "ਬਸ ਬਸ! ਬਹੁਤ ਸੁਣ ਲਿਆ... ਹੁਣ ਇਸ ਤਰ੍ਹਾਂ ਮੂੰਹ ਨਾ ਖੋਲ੍ਹਣਾ... ਇਹੀ ਇਕ ਗੱਲ ਹੈ ਜੋ ਮੈਨੂੰ ਸਿਰੇ ਤੋਂ ਨਾਪਸੰਦ ਹੈ। ਇਹ ਬੇਹੂਦਾ ਸਰਪ੍ਰਸਤੀ ਦੀ ਮੈਨੂੰ ਉਕੀ ਲੋੜ ਨਹੀਂ। ਤੁਹਾਡੀ ਪ੍ਰਸ਼ੰਸਾ ਜਾਂ ਨਿੰਦਿਆਂ ਦੀ ਮੈਨੂੰ ਉਕੀ ਹੀ ਪ੍ਰਵਾਹ ਨਹੀਂ। ਸਮਝ ਲਿਆ ਜੇ! ਜੇ ਤੁਸਾਂ ਮੇਰੇ ਅਫਸਾਨੇ ਪੜ੍ਹੇ ਤਾਂ ਇਸ ਨਾਲ ਮੇਰਾ ਕੁਝ ਸੌਰ ਨਹੀਂ ਗਿਆ ਤੇ ਜੇ ਨਹੀਂ ਪੜ੍ਹੇ ਤਾਂ ਕੁਝ ਵਿਗੜਿਆ ਨਹੀਂ।"
ਮੌਲਾਨਾ ਨੂੰ ਇਹ ਅਯੋਗ ਗੱਲਾਂ ਸੁਣ ਕੇ ਬਹੁਤ ਹੈਰਾਨੀ ਹੋਈ। ਆਪਣੇ ਮੇਜ਼ਬਾਨ ਦੇ ਮੋਢਿਆਂ ਤੇ ਹੱਥ ਰੱਖ ਕੇ ਬੋਲੇ, "ਬਰਖੁਰਦਾਰ! ਜੇ ਤੂੰ ਅਫਸਾਨੇ ਲਿਖਣ ਦੀ ਥਾਂ ਮਿੱਟੀ ਦਾ ਤੇਲ ਵੀ ਵੇਚਦਾ ਹੁੰਦਾ ਤਾਂ ਵੀ ਮੇਰੇ ਦਿਲ ਵਿਚ ਤੇਰੀ ਇਹੋ ਇੱਜ਼ਤ ਹੁੰਦੀ।" ਇਹ ਦੋਵੇਂ ਲਿਖਾਰੀ ਆਪਸ ਵਿਚ ਬੜੀ ਸੰਜੀਦਗੀ ਨਾਲ ਗੱਲਬਾਤ ਕਰ ਰਹੇ ਸਨ। ਪਰ ਮੈਂ ਇਸ ਵਾਤਾਵਰਣ ਵਿਚ ਕੁਝ ਘਬਰਾ ਜਿਹਾ ਗਿਆ। ਫਿਰ ਮੈਨੂੰ ਇੰਜ ਲੱਗਾ ਕਿ ਇਹ ਲਿਖਾਰੀ ਮੇਰੇ ਵਾਂਗ ਪ੍ਰਹੇਜ਼ਗਾਰ ਹਨ ਤੇ ਸ਼ਰਾਬ ਅਸਲ ਵਿਚ ਮੈਂ ਪੀ ਰਿਹਾ ਹਾਂ।
ਇਕ ਹੋਰ ਪੈਗ ਸੰਘੋਂ ਹੇਠਾਂ ਲੰਘਾ ਕੇ ਨਫਾਸਤ ਹਸਨ ਨੇ ਪਾਪੜ ਦਾ ਇਕ ਟੁਕੜਾ ਮੂੰਹ ਵਿਚ ਪਾਇਆ ਤੇ ਬੋਲਿਆ, "ਮੌਲਾਨਾ! ਮੈਂ ਲਿਖਣਾ ਚਾਹੁੰਦਾ ਹਾਂ, ਬਹੁਤ ਕੁਝ ਲਿਖਣਾ ਚਾਹੁੰਦਾ ਹਾਂ। ਮੇਰੀ ਕਿਸੇ ਚੀਜ਼ ਤੋਂ ਤਸੱਲੀ ਨਹੀਂ ਹੁੰਦੀ।" ਤੇ ਹਾਲੇ ਨਫਾਸਤ ਹਸਨ ਨੇ ਆਪਣੀ ਗੱਲ ਮੁਕਾਈ ਵੀ ਨਹੀਂ ਸੀ ਕਿ ਮੈਨੂੰ ਖਿਆਲ ਆਇਆ ਕਿ ਤਸੱਲੀ ਹੋ ਵੀ ਕਿਵੇਂ ਸਕਦੀ ਹੈ ਕਿਉਂਕਿ ਉਸ ਦੇ ਅਫਸਾਨੇ ਤਾਂ ਕਬੂਤਰ ਦੇ ਬੱਚੇ ਹਨ। ਜਦ ਤੱਕ ਉਹ ਕਬੂਤਰ ਦੇ ਬੱਚੇ ਰਹਿਣਗੇ, ਉਹ ਫੁਰਰ ਕਰ ਕੇ ਨਫਾਸਤ ਹਸਨ ਕੋਲੋਂ ਉਡ ਜਾਣਗੇ।
ਆਖਰ ਨਫਾਸਤ ਹਸਨ ਨੇ ਕੋਈ ਸ਼ਤਨਾਰਾ ਵੀ ਤਾਂ ਕਾਇਮ ਨਹੀਂ ਕੀਤਾ ਤਾਂ ਜੋ ਵਿਚਾਰੇ ਕਦੀ ਕਦੀ ਉਸ ਉਤੇ ਹੀ ਆ ਬੈਠਿਆ ਕਰਨ ਤੇ ਆਪਣੇ ਪਹਿਲੇ ਮਾਲਕ ਨੂੰ ਵੇਖ ਲਿਆ ਕਰਨ। ਹੁਣ ਉਹ ਅਣਗਿਣਤ ਆਵਾਰਾ ਰੂਹਾਂ ਵਾਂਗ ਇਕ ਖਿਆਲੀ ਅਸਮਾਨ ਵਿਚ ਪੰਖ ਫੜਫੜਾਂਦੇ ਘੁੰਮ ਰਹੇ ਹਨ। ਨਫ਼ਾਸਤ ਹਸਨ ਆਪਣੀ ਬਾਤਚੀਤ ਨੂੰ ਜਾਰੀ ਰਖਦਿਆਂ ਹੋਇਆਂ ਬੋਲਿਆ, "ਬੱਸ ਇਕ ਚੀਜ਼ ਲਿਖ ਲਵਾਂਗਾ, ਇਕ ਚੀਜ਼, ਤਾਂ ਮੇਰੀ ਤਸੱਲੀ ਹੋ ਜਾਵੇਗੀ। ਫੇਰ ਭਾਵੇਂ ਮੈਂ ਮਰ ਜਾਵਾਂ, ਮੈਂ ਸਮਝਾਂਗਾ ਕਿ ਮੈਂ ਜ਼ਿੰਦਗੀ ਵਿਚ ਇਕ ਬਹੁਤ ਵੱਡਾ ਕੰਮ ਕੀਤਾ ਹੈ।"
ਮੌਲਾਨਾ ਦੇ ਤੇ ਮੇਰੇ ਅਸਲੀ ਤੇ ਖਿਆਲੀ ਨਸ਼ੇ ਉਡ ਪੁਡ ਗਏ। ਸਾਡੇ ਦੋਹਾਂ ਦਾ ਧਿਆਨ ਉਸ ਕਹਾਣੀ ਦਾ ਪਲਾਟ ਸੁਣਨ ਲਈ ਨਫਾਸਤ ਹਸਨ ਦੇ ਪਤਲੇ ਤੇ ਮਾੜਚੂ ਚਿਹਰੇ ਵਲ ਹੋ ਗਿਆ। ਨਫਾਸਤ ਹਸਨ ਬੋਲਿਆ, "ਮੈਂ ਉਨ੍ਹੀਂ ਦਿਨੀਂ ਬੰਬੀ ਵਿਚ ਰਹਿੰਦਾ ਸਾਂ। ਜਿਸ ਮਕਾਨ ਵਿਚ ਮੇਰੀ ਰਿਹਾਇਸ਼ ਸੀ, ਉਸ ਦਾ ਇਕ ਦਰਵਾਜ਼ਾ ਇਕ ਗੁਸਲਖਾਨੇ ਵਿਚ ਖੁਲ੍ਹਦਾ ਸੀ। ਇਸ ਗੁਸਲਖਾਨੇ ਵਿਚ ਇਕ ਦਰਜ ਸੀ। ਬਸ ਇਸ ਦਰਜ ਵਿਚ ਦੀ ਮੈਂ ਕਵਾਰੀਆਂ ਕੁੜੀਆਂ ਨੂੰ ਨਹਾਉਂਦਿਆਂ ਵੇਖਦਾ ਸਾਂ। ਅਧਖੜ ਉਮਰ ਦੀਆਂ ਤੇ ਬੁੱਢੀਆਂ ਔਰਤਾਂ ਨੂੰ ਵੀ। ਇਸ ਤੋਂ ਇਲਾਵਾ ਨੌਜਵਾਨ ਮਰਦ ਵੀ ਨਹਾਉਣ ਲਈ ਆਇਆ ਕਰਦੇ ਸਨ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਆਦਮੀ ਆਮ ਜੀਵਨ ਵਿਚ ਉਹ ਹਰਕਤਾਂ ਨਹੀਂ ਕਰਦਾ ਜੋ ਗੁਸਲਖਾਨੇ ਵਿਚ ਕਰਦਾ ਹੈ।"
ਮੈਂ ਇਸ ਗੱਲ ਨੂੰ ਸਮਝ ਨਾ ਸਕਿਆ ਪਰ ਮੇਰੇ ਸਾਹਮਣੇ ਆਈਨਸਟਾਈਨ ਦੀ ਅਜ਼ਾਫੀਅਤ ਦੀ ਫਲਾਸਫੀ ਸੀ। ਇਸ ਲਈ ਮੈਂ ਕੋਈ ਖਾਸ ਪਰਵਾਹ ਨਾ ਕੀਤੀ ਤੇ ਸੁਣਦਾ ਚਲਾ ਗਿਆ। ਨਫਾਸਤ ਹਸਨ ਬੋਲਿਆ, "ਬੱਸ, ਇਨ੍ਹਾਂ ਗੁਸਲਖਾਨੇ ਵਿਚ ਨਹਾਣ ਵਾਲੀਆਂ ਤੇ ਨਹਾਣ ਵਾਲਿਆਂ ਦੇ ਬਾਰੇ ਮੈਂ ਲਿਖ ਕੇ ਮਰ ਜਾਵਾਂ ਤੇ ਮੈਨੂੰ ਕੋਈ ਅਫਸੋਸ ਨਹੀਂ ਹੋਵੇਗਾ। ਇਸ ਕਹਾਣੀ ਦਾ ਨਾਂ ਰੱਖਾਂਗਾ, "ਇਕ ਦਰਜ ਵਿਚ ਦੀ'... ਤੇ ਮਰ ਜਾਵਾਂਗਾ।"
ਮੈਨੂੰ ਨਫਾਸਤ ਹਸਨ ਦੀ ਬੇਹੂਦਗੀ ਤੇ ਬਹੁਤ ਹਾਸਾ ਆਇਆ ਅਤੇ ਮੇਰਾ ਜੀ ਚਾਹੁਣ ਲੱਗਾ ਕਿ ਜੇ ਮੈਂ ਇਸ ਦੀ ਬੇਹੂਦਗੀ ਦਾ ਇਹ ਹਾਲ ਲਿਖ ਕੇ ਮਰ ਜਾਵਾਂ ਤਾਂ ਮੈਨੂੰ ਵੀ ਜੀਵਨ ਵਿਚ ਕੋਈ ਹਸਰਤ ਨਹੀਂ ਰਹੇਗੀ।
ਮੌਲਾਨਾ ਜੋ ਨਫਾਸਤ ਹਸਨ ਦੀਆਂ ਬੇਤੁਕੀਆਂ ਨੂੰ ਬੜੇ ਗਹੁ ਨਾਲ ਸੁਣ ਰਹੇ ਸਨ, ਕੁਝ ਨਾ ਬੋਲੇ। ਪਤਾ ਨਹੀਂ ਕਿਉਂ ਨਫਾਸਤ ਹਸਨ ਦੇ ਦਿਲ ਵਿਚ ਖੁਦ ਹੀ ਖਿਆਲ ਆਇਆ ਕਿ ਉਸ ਨੇ ਮੌਲਾਨਾ ਦੀ ਹੱਤਕ ਕੀਤੀ ਹੈ। ਉਹ ਆਪਣੀ ਜਗ੍ਹਾ ਤੋਂ ਉਠ ਖਲੌਤਾ ਤੇ ਬੋਸੇ ਲਈ ਉਸ ਨੇ ਆਪਣੀ ਸੱਜੀ ਗਲ੍ਹ ਮੌਲਾਨਾ ਦੇ ਪੇਸ਼ ਕੀਤੀ। ਮੌਲਾਨਾ ਨੇ ਤਵਰਕ ਵਜੋਂ ਇਕ ਬੋਸਾ ਲੈ ਲਿਆ। ਫਿਰ ਨਫਾਸਤ ਹਸਨ ਨੇ ਖੱਬੀ ਗਲ੍ਹ ਪੇਸ਼ ਕਰ ਦਿੱਤੀ। ਮੌਲਾਨਾ ਦੇ ਸਾਹਮਣੇ ਹੁਣ ਤਵਰਕ ਦਾ ਮਸਲਾ ਨਹੀਂ ਰਿਹਾ ਸੀ ਪਰ ਉਨ੍ਹਾਂ ਨੇ ਬੋਸਾ ਲੈ ਲਿਆ।
ਮੇਰਾ ਖ਼ਿਆਲ ਸੀ ਕਿ ਉਹ ਗੁੱਥਮ-ਗੁਥਾ ਹੋ ਪੈਣਗੇ ਪਰ ਅਚਾਨਕ ਮੌਲਾਨਾ ਨੇ ਉਠ ਕੇ ਬੜੇ ਖ਼ਲੂਸ ਨਾਲ ਛਾਤੀ 'ਤੇ ਹੱਥ ਰਖਦਿਆਂ ਹੋਇਆ ਕਿਹਾ, "ਵੇਖ ਬਈ, ਹੁਣ ਤੂੰ ਮੰਨੇਗਾ, ਮੈਂ ਸਮਰਸੈਟ ਮਾਮ ਹਾਂ।"
ਨਫਾਸਤ ਹਸਨ ਨੇ ਆਪਣੀ ਛਾਤੀ 'ਤੇ ਹੱਥ ਰਖਦਿਆਂ ਕਿਹਾ, "ਮੈਂ ਸਮਰਸੈਟ ਮਾਮ ਹਾਂ।" ਮੌਲਾਨਾ ਨੇ ਕੋਈ ਰੋਕ ਟੋਕ ਨਾ ਕੀਤੀ ਸਗੋਂ ਆਪਣੀ ਛਾਤੀ 'ਤੇ ਹੱਥ ਰੱਖਦੇ ਹੋਏ ਬੋਲੇ, "ਮੈਂ ਸਮਰਸੈਟ ਮਾਮ ਹਾਂ।"
ਫਿਰ ਨਫਾਸਤ ਹਸਨ ਵਲ ਇਸ਼ਾਰਾ ਕਰਦੇ ਹੋਏ ਉਹ ਬੋਲੇ, "ਤੂੰ ਸਮਰਸੈਟ ਮਾਮ ਹੈਂ-ਅਸੀਂ ਦੋਵੇਂ ਸਮਰਸੈਟ ਮਾਮ ਹਾਂ... ਜੋ ਹੈ, ਸਮਰਸੈਟ ਮਾਮ ਹੈ। ਜੋ ਨਹੀਂ ਹੈ, ਉਹ ਵੀ ਸਮਰਸੈਟ ਮਾਮ ਹੈ... ਸਮਰਸੈਟ ਮਾਮ ਵੀ ਸਮਰਸੈਟ ਮਾਮ ਹੈ!

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਦੇਵਿੰਦਰ ਸਤਿਆਰਥੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ