Navin Umeed : Gurjant Takipur

ਨਵੀਂ ਉਮੀਦ (ਲੇਖ) : ਗੁਰਜੰਟ ਤਕੀਪੁਰ

ਕਿਸੇ ਦਾ ਸਭ ਕੁਝ ਗੁਆਚ ਜਾਵੇ ਤਾਂ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਇਕ ਚੀਜ਼ ਜੋ ਉਸ ਕੋਲ ਹਾਲੇ ਵੀ ਬਚ ਜਾਂਦੀ ਹੈ, ਤੇ ਉਹ ਹੈ ਉਹਦਾ ਭਵਿੱਖ।
ਭਵਿੱਖ ਜੋ ਉਹਨੂੰ ਬੁਲਾ ਰਿਹਾ ਹੈ, ਬਸ ਇਨਸਾਨ ਨੂੰ ਜਰੂਰਤ ਹੈ ਇਕ ਨਵੇਂ ਹੌਂਸਲੇ ਤੇ ਨਵੀਂ ਉਮੀਦ ਦੀ ਜਿਸ ਨਾਲ ਉਹ ਇਕ ਨਵੀਂ ਜਿੰਦਗੀ ਦੀ ਫੇਰ ਤੋਂ ਸ਼ੁਰੂਆਤ ਕਰ ਸਕੇ।
ਸੰਸਾਰ ਅੰਦਰ ਬਹੁਤ ਕੁਝ ਵਾਪਰਦਾ ਰਹਿੰਦਾ ਹੈ, ਪਰ ਅਸੀਂ ਕਿਸੇ ਘਟਨਾ ਤੋਂ ਬਾਅਦ ਆਪਣੇ ਆਪ ਨੂੰ ਕਿਵੇਂ ਸੰਭਾਲਦੇ ਹਾਂ ਇਹ ਵੱਡੀ ਤੇ ਅਹਿਮ ਗੱਲ ਹੈ।
ਅਜੋਕੀ ਘਟਨਾ ਜੋ ਸਾਰੇ ਸੰਸਾਰ ਅੰਦਰ ਵਾਪਰ ਚੁੱਕੀ ਹੈ ਇਸ ਨਾਲ ਪੂਰਾ ਸੰਸਾਰ ਪ੍ਰਭਾਵਿਤ ਤਾਂ ਜਰੂਰ ਹੋਇਆ ਹੈ ਪਰ ਸਾਡੇ ਲਈ ਇਕ ਸਿੱਖਿਆ ਵੀ ਹੈ।

ਕੁਝ ਦਿਨਾਂ ਅੰਦਰ ਹੀ ਸਾਡਾ ਆਲਾ ਦੁਆਲੇ ਦਾ ਵਾਤਾਵਰਣ ਕਿਵੇਂ ਸਾਫ ਸੁਥਰਾ ਹੋ ਚੁੱਕਾ ਹੈ, ਹੁਣ ਅਸੀਂ ਹਰ ਰੋਜ ਆਪਣੇ ਆਲੇ ਸਾਫ ਹੋਏ ਅਕਾਸ਼ ਤੇ ਨਦੀਆਂ ਦੀਆਂ ਤਸਵੀਰਾਂ ਲੈ ਰਹੇ ਹਾਂ, ਸਾਨੂੰ ਕੁਦਰਤ ਨਾਲ ਇਕ ਵੱਖਰਾ ਜਿਹਾ ਅਨੁਭਵ ਮਹਿਸੂਸ ਹੋ ਰਿਹਾ ਹੈ।
ਜੋ ਪੰਛੀ ਪਹਿਲਾਂ ਸਿਰਫ ਅਕਾਸ਼ ਵਿਚ ਹੀ ਉੱਡ ਰਹੇ ਸਨ ਉਹ ਹੁਣ ਸਾਡੇ ਘਰਾਂ ਅੰਦਰ ਆ ਕੇ ਆਪਣੀ ਚਹਿਲ ਪਹਿਲ ਤੇ ਆਪਣੀ ਮਨਮੋਹਕ ਅਵਾਜ਼ ਨਾਲ ਸਾਨੂੰ ਇਕ ਨਵੇਂ ਸਕੂਨ ਨਾਲ ਭਰ ਰਹੇ ਹਨ। ਅਸੀਂ ਵੀ ਉਹਨਾਂ ਲਈ ਬਰਤਨਾਂ ਵਿਚ ਪਾਣੀ ਤੇ ਕੁਝ ਖਾਣ ਲਈ ਦਾਣੇ ਰੱਖ ਰਹੇ ਹਾਂ, ਹੁਣ ਸਾਡੇ ਘਰ ਉਹਨਾਂ ਲਈ ਘਰ ਨਹੀਂ ਤੀਰਥ ਸਥਾਨ ਬਣ ਚੁੱਕੇ ਹਨ।
ਪਰਿਵਾਰ ਜਿੰਨਾਂ ਕੋਲ ਪਹਿਲਾਂ ਇਕ ਦੂਜੇ ਨਾਲ ਗੱਲ ਕਰਨ ਦਾ ਵੀ ਸਮਾਂ ਨਹੀਂ ਸੀ ਉਹ ਹੁਣ ਆਪਸ ਵਿਚ ਬਹਿ ਕੇ ਗੱਲਾਂ ਕਰ ਰਹੇ ਹਨ, ਕਿਤਾਬਾਂ ਪੜ ਰਹੇ ਹਨ, ਸ਼ੋਸ਼ਲ ਮੀਡੀਆ ਤੇ ਆਪਣਾ ਸਮਾਂ ਬਤੀਤ ਕਰ ਰਹੇ ਹਨ, ਪੁਰਾਣੇ ਦੋਸਤਾਂ, ਮਿੱਤਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।
ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ ਦਿਹਾੜੀਦਾਰ ਲਈ ਇਕ ਵੱਡੀ ਮੁਸ਼ਕਲ ਖੜੀ ਹੋਈ ਹੈ ਉਹਦੇ ਲਈ ਆਪਣਾ ਘਰ ਚੁਲਾਉਣਾ ਮੁਸ਼ਕਿਲ ਹੋਇਆ ਹੈ, ਪਰ ਜਿੱਥੇ ਸਰਕਾਰ ਉਹਨਾਂ ਨੂੰ ਖੁਰਾਕ ਮੁਹੱਈਆ ਕਰਵਾ ਰਹੀ ਹੈ ਉੱਥੇ ਉਹਨਾਂ ਨੂੰ ਆਪਣੇ ਆਪ ਨੂੰ ਕਾਇਮ ਰੱਖਣਾ ਹੋਵੇਗਾ, ਇਸ ਮੁਸ਼ਕਲ ਦੀ ਘੜੀ ਚ ਮਿਲਵਰਤਨ ਬਣਾ ਕੇ ਚੱਲਣਾ ਹੋਵੇਗਾ ਤਾਂ ਕਿ ਸਾਰਿਆਂ ਦਾ ਪਿਆਰ ਪਹਿਲਾਂ ਵਾਂਗ ਹੀ ਬਣਿਆ ਰਹੇ।
ਜਿੰਨਾ ਦਾ ਵੀ ਰੁਜ਼ਗਾਰ ਖੁੱਸਿਆ ਹੈ ਉਹਨਾਂ ਲਈ ਕੱਲ ਇਕ ਨਵੀਂ ਉਮੀਦ ਲੈ ਕੇ ਆਵੇਗਾ ਬਸ ਲੋੜ ਹੈ ਸਾਨੂੰ ਹੌਂਸਲਾ ਬਣਾ ਕੇ ਰੱਖਣ ਦੀ।

ਇਸ ਵੱਡੀ ਮੁਸ਼ਕਲ ਦੀ ਘੜੀ ਵਿਚ ਇਹ ਵੀ ਦੇਖਣ ਨੂੰ ਆਇਆ ਹੈ ਕਿ ਬਹੁਤ ਸਾਰੇ ਲੋਕ ਇਕ ਦੂਜੇ ਦੀ ਮਦਦ ਕਰ ਰਹੇ ਹਨ ਜੋ ਬਹੁਤ ਹੀ ਚੰਗਾ ਉਪਰਾਲਾ ਹੈ ਇਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਇਕ ਵਧੀਆ ਸੁਨੇਹਾ ਮਿਲ ਰਿਹਾ ਹੈ ਇਹ ਸਭ ਦੇਖ ਕੇ ਉਹਨਾਂ ਅੰਦਰ ਵੀ ਇਹ ਮਦਦ ਵਾਲੀ ਭਾਵਨਾ ਪੈਦਾ ਹੋਵੇਗੀ।
ਇਕ ਵੱਡੀ ਗੱਲ ਇਹ ਵੀ ਸੀ ਕਿ ਇਸ ਭੱਜ ਦੌੜ ਦੀ ਜਿੰਦਗੀ ਵਿੱਚ ਅਸੀਂ ਇਕੱਲੇ ਬੈਠਣਾ ਹੀ ਭੁੱਲ ਗਏ ਸਾਂ, ਅਸੀਂ ਭੁੱਲ ਗਏ ਸਾਂ ਆਪਣੇ ਆਪ ਨਾਲ ਗੱਲ ਕਰਨੀ।
ਸਭ ਤੋਂ ਵੱਡੀ ਸਲਾਹ ਸਾਡੀ ਆਪਣੇ ਆਪ ਨਾਲ ਹੁੰਦੀ ਹੈ ਜੋ ਕਿ ਬਹੁਤ ਜਰੂਰੀ ਹੈ, ਸਾਨੂੰ ਚਾਹੀਦਾ ਹੈ ਕਿ ਇਸ ਮਿਲੇ ਹੋਏ ਸਮੇਂ ਵਿਚ ਅਸੀਂ ਦਿਨ ਦਾ ਕੁਝ ਸਮਾਂ ਇਕੱਲੇ ਬੈਠ ਕੇ ਵੀ ਗੁਜਾਰੀਏ ਤੇ ਆਪਣੇ ਬੱਚਿਆਂ ਨੂੰ ਕੁਝ ਸਮੇਂ ਲਈ ਇਕੱਲੇ ਬੈਠਣ ਦੀ ਆਦਤ ਪਾਈਏ ਇਸ ਨਾਲ ਸਾਡਾ ਤੇ ਸਾਡੇ ਬੱਚਿਆਂ ਦਾ ਮਨ ਮਜਬੂਤ ਹੋਵੇਗਾ, ਉਹ ਕਿਸੇ ਸਮੱਸਿਆ ਨੂੰ ਆਪਣੀ ਵਿਚਾਰ ਸ਼ਕਤੀ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਨਾਲ ਉਹਨਾਂ ਵਿਚ ਆਪਣੇ ਫੈਸਲੇ ਆਪ ਲੈਣ ਦੀ ਹਿੰਮਤ ਪੈਦਾ ਹੋਵੇਗੀ।
ਡੁੱਬ ਰਿਹਾ ਸੂਰਜ ਕੱਲ ਇਕ ਨਵੀਂ ਸਵੇਰ ਲੈ ਕੇ ਆਉਂਦਾ ਹੈ ਤੇ ਅਸੀਂ ਉਸ ਨਵੀਂ ਸਵੇਰ ਨੂੰ ਹੋਰ ਵਧੀਆ ਬਣਾਉਣਾ ਹੈ,
ਇਕ ਨਵੇਂ ਹੌਂਸਲੇ ਤੇ ਨਵੇਂ ਜ਼ਨੂੰਨ ਨਾਲ।
ਜਿੰਦਗੀ ਵਿੱਚ ਘਟਨਾਵਾਂ ਵਾਪਰ ਰਹੀਆਂ ਨੇ ਤੇ ਅੱਗੇ ਵੀ ਵਾਪਰਦੀਆਂ ਰਹਿਣਗੀਆਂ, ਪਰ ਸਾਡੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਘਟਨਾ ਤੋਂ ਕੀ ਸਿੱਖਦੇ ਹਾਂ।

ਸੱਟ ਵੱਜੇ ਤੋਂ ਹਾਰ ਜਾਈਏ
ਇਹ ਨਾ ਸਾਡੀ ਸੋਚ,
ਕੁਝ ਹੌਂਸਲਾ ਤੂੰ ਕਰ ਬੰਦਿਆ
ਬਾਕੀ ਰੱਬ ਦੀ ਓਟ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਜੰਟ ਤਕੀਪੁਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ