Nawab Kashmiri (Ikk Shabad Chitra) : Saadat Hasan Manto

ਨਵਾਬ ਕਸ਼ਮੀਰੀ (ਇੱਕ ਸ਼ਬਦ ਚਿੱਤਰ) : ਸਆਦਤ ਹਸਨ ਮੰਟੋ

ਉਂਝ ਕਹਿਣ ਨੂੰ ਤਾਂ ਇਕ ਐਕਟਰ ਸੀ ਜਿਸ ਦੀ ਇੱਜ਼ਤ ਅਕਸਰ ਲੋਕਾਂ ਦੀ ਨਜ਼ਰ ਵਿਚ ਕੁਝ ਨਹੀਂ ਹੁੰਦੀ, ਜਿਸ ਤਰ੍ਹਾਂ ਮੈਨੂੰ ਵੀ ਸਿਰਫ਼ ਇਕ ਕਹਾਣੀਕਾਰ ਹੀ ਸਮਝਿਆ ਜਾਂਦਾ ਹੈ। ਯਾਨੀ ਇਕ ਫ਼ਜ਼ੂਲ ਜਿਹਾ ਆਦਮੀ। ਪਰ ਇਹ ਫ਼ਜ਼ੂਲ ਜਿਹਾ ਆਦਮੀ ਇਸ ਫ਼ਜ਼ੂਲ ਜਿਹੇ ਆਦਮੀ ਦਾ ਜਿੰਨਾ ਸਤਿਕਾਰ ਕਰਦਾ ਸੀ ਏਨਾ ਸਤਿਕਾਰ ਕੋਈ ਬੇਫ਼ਜ਼ੂਲ ਸ਼ਖ਼ਸੀਅਤ ਕਿਸੇ ਬੇਫ਼ਜ਼ੂਲ ਸ਼ਖ਼ਸੀਅਤ ਦਾ ਨਹੀਂ ਕਰ ਸਕਦੀ। ਉਹ ਆਪਣੀ ਕਲਾ ਦਾ ਬਾਦਸ਼ਾਹ ਸੀ। ਇਸ ਕਲਾ ਦੇ ਬਾਰੇ ਤੁਹਾਨੂੰ ਇਥੋਂ ਦਾ ਕੋਈ ਮੰਤਰੀ ਕੁਝ ਨਹੀਂ ਦੱਸ ਸਕਦਾ ਪਰ ਕਿਸੇ ਫਟੇਹਾਲ ਮਜ਼ਦੂਰ ਤੋਂ ਪੁੱਛੋ ਜਿਸ ਨੇ ਚੁਆਨੀ ਦੇ ਕੇ ਨਵਾਬ ਕਸ਼ਮੀਰੀ ਨੂੰ ਕਿਸੇ ਫ਼ਿਲਮ ਵਿਚ ਵੇਖਿਆ ਹੈ, ਉਹ ਇਸ ਦੇ ਗੁਣ ਗਾਉਣ ਲੱਗੇਗਾ! ਉਹ ਤੁਹਾਨੂੰ ਦੱਸੇਗਾ (ਆਪਣੀ ਆਮ ਜ਼ਬਾਨ ਵਿਚ) ਕਿ ਇਸ ਨੇ ਕੀ ਕਮਾਲ ਦਿਖਾਏ।

ਇੰਗਲਿਸਤਾਨ ਦੀ ਇਹ ਰਸਮ ਹੈ ਕਿ ਜਦੋਂ ਉਹਨਾਂ ਦਾ ਕੋਈ ਬਾਦਸ਼ਾਹ ਮਰਦਾ ਹੈ ਤਾਂ ਝੱਟ ਹੀ ਐਲਾਨ ਕੀਤਾ ਜਾਂਦਾ ਹੈ “ਬਾਦਸ਼ਾਹ ਮਰ ਗਿਆ ਹੈ, ਬਾਦਸ਼ਾਹ ਦੀ ਉਮਰ ਲੰਬੀ ਹੋਵੇ”। ਨਵਾਬ ਕਸ਼ਮੀਰੀ ਮਰ ਗਿਆ ਹੈ। ਪਰ ਮੈਂ ਕਿਸ ਨਵਾਬ ਕਸ਼ਮੀਰੀ ਦੀ ਲੰਬੀ ਉਮਰ ਦੀ ਦੁਆ ਮੰਗਾਂ। ਮੈਨੂੰ ਤਾਂ ਇਸਦੇ ਮੁਕਾਬਲੇ ਸਾਰੇ ਕਲਾਕਾਰ ਪਿਆਦੇ ਨਜ਼ਰ ਆਉਂਦੇ ਹਨ।

ਨਵਾਬ ਨਾਲ ਮੇਰੀ ਮੁਲਾਕਾਤ ਬੰਬਈ ਵਿਚ ਹੋਈ। ਖ਼ਾਨ ਕਸ਼ਮੀਰੀ ਜੋ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਹਨ, ਨਾਲ ਸਨ। ਬੰਬਈ ਦੇ ਇਕ ਸਟੂਡੀਓ ਵਿਚ ਅਸੀਂ ਦੇਰ ਤੱਕ ਬੈਠੇ ਅਤੇ ਗੱਲਾਂ ਕਰਦੇ ਰਹੇ। ਇਸ ਤੋਂ ਬਾਅਦ ਮੈਂ ਉਸ ਨੂੰ ਆਪਣੀ ਫ਼ਿਲਮੀ ਕਹਾਣੀ ਸੁਣਾਈ ਪਰ ਉਸ ’ਤੇ ਕੁਝ ਅਸਰ ਨਾ ਹੋਇਆ। ਉਸ ਨੇ ਮੈਨੂੰ ਬੇਝਿਜਕ ਕਹਿ ਦਿੱਤਾ, “ਠੀਕ ਹੈ, ਪਰ ਮੈਨੂੰ ਪਸੰਦ ਨਹੀਂ।’’

ਮੈਂ ਉਸ ਦੀ ਇਸ ਬੇਬਾਕ ਟਿੱਪਣੀ ਤੋਂ ਬੇਹੱਦ ਪ੍ਰਭਾਵਿਤ ਹੋਇਆ। ਦੂਸਰੇ ਦਿਨ ਮੈਂ ਉਸ ਨੂੰ ਫਿਰ ਇਕ ਕਹਾਣੀ ਸੁਣਾਈ। ਕਹਾਣੀ ਸੁਣਨ ਦੇ ਦੌਰਾਨ ਉਸ ਦੀਆਂ ਅੱਖਾਂ ਵਿਚ ਹੰਝੂ ਚਮਕਣ ਲੱਗੇ। ਜਦੋਂ ਮੈਂ ਕਹਾਣੀ ਖ਼ਤਮ ਕੀਤੀ ਤਾਂ ਉਸ ਨੇ ਰੁਮਾਲ ਨਾਲ ਹੰਝੂ ਪੂੰਝ ਕੇ ਮੈਨੂੰ ਕਿਹਾ, “ਇਹ ਕਹਾਣੀ ਤੁਸੀਂ ਕਿਸ ਫ਼ਿਲਮ ਕੰਪਨੀ ਨੂੰ ਦੇ ਰਹੇ ਹੋ। ਭੜੂਏ ਦਾ ਰੋਲ ਮੈਨੂੰ ਬਹੁਤ ਪਸੰਦ ਹੈ।”

ਮੈਂ ਉਸ ਨੂੰ ਆਖਿਆ, “ਇਹ ਕਹਾਣੀ ਕੋਈ ਪ੍ਰੋਡਿਊਸਰ ਲੈਣ ਨੂੰ ਤਿਆਰ ਨਹੀਂ।’’ ਨਵਾਬ ਨੇ ਕਿਹਾ, “ਤਾਂ ਦੁਰ ਲਾਹਨਤ ਉਹਨਾਂ ਨੂੰ।”

ਨਵਾਬ ਮਰਹੂਮ ਨੂੰ ਪਹਿਲੀ ਵਾਰ ਮੈਂ “ਯਹੂਦੀ ਕੀ ਲੜਕੀ’ ਵਿਚ ਵੇਖਿਆ ਸੀ ਜਿਸ ਵਿਚ ਰਤਨ ਬਾਈ ਹੀਰੋਇਨ ਸੀ, ਨਵਾਬ ਅਜ਼ਰਾ ਯਹੂਦੀ ਦਾ ਰੋਲ ਕਰ ਰਿਹਾ ਸੀ। ਮੈਂ ਇਸ ਤੋਂ ਪਹਿਲਾਂ ਯਹੂਦੀਆਂ ਦੀ ਸ਼ਕਲ ਤਕ ਨਹੀਂ ਸੀ ਦੇਖੀ ਪਰ ਜਦੋਂ ਬੰਬਈ ਗਿਆ ਤਾਂ ਯਹੂਦੀਆਂ ਨੂੰ ਦੇਖ ਕੇ ਮੈਂ ਮਹਿਸੂਸ ਕੀਤਾ ਕਿ ਨਵਾਬ ਨੇ ਉਸ ਦੀ ਸਹੀ, ਸੌ ਫ਼ੀਸਦੀ ਸਹੀ ਨਕਲ ਉਤਾਰੀ ਹੈ। ਜਦੋਂ ਨਵਾਬ ਮਰਹੂਮ ਨਾਲ ਬੰਬਈ ਵਿਚ ਮੁਲਾਕਾਤ ਹੋਈ ਤਾਂ ਉਸ ਨੇ ਮੈਨੂੰ ਦੱਸਿਆ ਕਿ ਅਜ਼ਰਾ ਯਹੂਦੀ ਦਾ ਰੋਲ ਅਦਾ ਕਰਨ ਲਈ ਪਹਿਲਾਂ ਉਸ ਨੇ ਕਲਕੱਤਾ ਵਿਚ ਕਈ ਯਹੂਦੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਨਾਲ ਘੰਟਿਆਂ ਬੱਧੀ ਬੈਠਾ ਰਿਹਾ ਅਤੇ ਜਦੋਂ ਉਸ ਨੇ ਮਹਿਸੂਸ ਕੀਤਾ ਕਿ ਉਹ ਰੋਲ ਅਦਾ ਕਰਨ ਦੇ ਯੋਗ ਹੋ ਗਿਆ ਹੈ ਤਾਂ ਉਸ ਨੇ ਬੀ.ਐਨ. ਸਰਕਾਰ (ਮਾਲਿਕ ਨਿਊ ਥੀਏਟਰ) ਨੂੰ ਹਾਮੀ ਭਰ ਦਿੱਤੀ।

ਜਿਨ੍ਹਾਂ ਲੋਕਾਂ ਨੇ “ਯਹੂਦੀ ਕੀ ਲੜਕੀ” ਫ਼ਿਲਮ ਦੇਖੀ, ਉਨ੍ਹਾਂ ਨੂੰ ਨਵਾਬ ਕਸ਼ਮੀਰੀ ਕਦੀ ਨਹੀਂ ਭੁੱਲ ਸਕਦਾ। ਉਸ ਨੇ ਬੁੱਢਾ ਬਣਨ ਲਈ ਅਤੇ ਪੋਪਲੇ ਮੂੰਹ ਗੱਲਾਂ ਕਰਨ ਲਈ ਆਪਣੇ ਦੰਦ ਕਢਵਾਅ ਦਿੱਤੇ ਸਨ ਤਾਂ ਕਿ ਚਰਿੱਤਰ ਨੂੰ ਨਿਭਾਉਣ ਵਿਚ ਕੋਈ ਕਮੀ ਨਾ ਰਹਿ ਜਾਵੇ।

ਨਵਾਬ ਬਹੁਤ ਵੱਡਾ ਅਭਿਨੇਤਾ ਸੀ। ਉਹ ਕਿਸੇ ਅਜਿਹੀ ਫ਼ਿਲਮ ਵਿਚ ਹਿੱਸਾ ਲੈਣ ਲਈ ਤਿਆਰ ਨਹੀਂ ਸੀ ਜਿਸ ਵਿਚ ਕੋਈ ਅਜਿਹਾ ਰੋਲ ਨਾ ਹੋਵੇ ਜਿਸ ਵਿਚ ਉਹ ਸਮਾਅ ਨਾ ਸਕਦਾ ਹੋਵੇ। ਸੋ ਉਹ ਫ਼ਿਲਮ ਕੰਪਨੀਆਂ ਨਾਲ ਇਕਰਾਰ ਕਰਨ ਤੋਂ ਪਹਿਲਾਂ ਪੂਰੀ ਕਹਾਣੀ ਸੁਣਦਾ ਸੀ। ਉਸ ਤੋਂ ਬਾਅਦ ਘਰ ਜਾ ਕੇ ਉਸ ਉੱਪਰ ਕਈ ਦਿਨ ਗ਼ੌਰ ਕਰਦਾ ਸੀ। ਸ਼ੀਸ਼ੇ ਅੱਗੇ ਖੜੇ੍ਹ ਹੋ ਕੇ ਆਪਣੇ ਚਿਹਰੇ ‘ਤੇ ਵੱਖ-ਵੱਖ ਹਾਵਾਂ-ਭਾਵਾਂ ਨੂੰ ਪੈਦਾ ਕਰਦਾ ਸੀ। ਜਦੋਂ ਆਪਣੇ ਵਲੋਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਂਦਾ ਤਾਂ ਇਕਰਾਰ ’ਤੇ ਦਸਤਖ਼ਤ ਕਰ ਦਿੰਦਾ।

ਉਸ ਨੂੰ ਆਗ਼ਾ ਹਸ਼ਰ ਕਸ਼ਮੀਰੀ ਦੇ ਨਾਟਕਾਂ ਨਾਲ ਬਹੁਤ ਪਿਆਰ ਸੀ। ਪਰ ਹੈਰਾਨੀ ਦੀ ਗੱਲ ਕਿ ਇਹ ਸ਼ਖ਼ਸ ਜੋ ਅਰਸੇ ਤੱਕ ਇੰਪੀਰੀਅਲ ਥੀਏਟਰੀਕਲ ਕੰਪਨੀ ਦੇ ਨਾਟਕਾਂ ਵਿਚ ਮੰਚ ‘ਤੇ ਆਉਂਦਾ ਰਿਹਾ ਅਤੇ ਵਾਹ ਵਾਹ ਲੈਂਦਾ ਰਿਹਾ, ਫ਼ਿਲਮਾਂ ਵਿਚ ਆਉਂਦਿਆਂ ਹੀ ਇਕਦਮ ਬਦਲ ਗਿਆ। ਉਸ ਦੀ ਬੋਲਚਾਲ ਵਿਚ ਕੋਈ ਥੀਏਟਰੀਪਣ ਨਹੀਂ ਸੀ। ਉਹ ਆਪਣੇ ਡਾਇਲਾੱਗ ਉਸੇ ਤਰ੍ਹਾਂ ਅਦਾ ਕਰਦਾ ਜਿਸ ਤਰ੍ਹਾਂ ਕਿ ਲੋਕ ਗੱਲਬਾਤ ਕਰਦੇ ਹਨ।

ਜਿਸ ਥੀਏਟਰ ਕੰਪਨੀ ਦਾ ਮੈਂ ਜ਼ਿਕਰ ਕੀਤਾ ਹੈ, ਉਸ ਵਿਚ ਨਵਾਬ (ਮਰਹੂਮ) ਨੇ ‘ਖ਼ੂਬਸੂਰਤ ਬਲਾ’, ‘ਨੂਰੇ ਵਤਨ’ ਅਤੇ ‘ਬਾਗ਼ ਏ ਇਰਾਨ’ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦੇ ਅਜਿਹੇ ਜੌਹਰ ਵਿਖਾਏ ਕਿ ਉਸ ਦਾ ਦਬਦਬਾ ਬਣ ਗਿਆ।

ਨਵਾਬ ਕਸ਼ਮੀਰੀ ਲਖਨਊ ਦੇ ਵੱਡੇ ਇਮਾਮਬਾੜੇ ਦੇ ਸੱਯਦ ਮੁਫ਼ਤੀ ਆਜ਼ਮ ਦੇ ਇਕਲੌਤੇ ਬੇਟੇ ਸਨ। ਕੁਦਰਤ ਦਾ ਇਹ ਕਿੰਨਾ ਜ਼ੁਲਮ ਹੈ। ਕਿੱਥੇ ਇਮਾਮਬਾੜੇ ਦਾ ਮੁਫ਼ਤੀ ਆਜ਼ਮ ਅਤੇ ਕਿੱਥੇ ਮੰਡੂਆ। ਪਰ ਬਚਪਨ ਤੋਂ ਹੀ ਉਸ ਨੂੰ ਨਾਟਕ ਨਾਲ ਲਗਾਓ ਸੀ।

ਲਖਨਊ ਵਿਚ ਇਕ ਨਾਟਕ ਕੰਪਨੀ ਆਈ ਜਿਸ ਦਾ ਮਾਲਕ ਅਗਰਵਾਲ ਸੀ। ਉਸ ਕੰਪਨੀ ਦੇ ਖੇਲ੍ਹ ਨਵਾਬ ਬਕਾਇਦਾ ਦੇਖਦਾ ਰਿਹਾ ਅਤੇ ਉਸ ਨੇ ਮਹਿਸੂਸ ਕੀਤਾ ਕਿ ਉਹ ਇਸ ਸਿਲਸਿਲੇ ਲਈ ਪੈਦਾ ਕੀਤਾ ਗਿਆ ਹੈ। ਖੇਲ੍ਹ ਦੇਖ ਕੇ ਘਰ ਆਉਂਦਾ ਤਾਂ ਘੰਟਿਆਂ ਬੱਧੀ ਉਸ ਨਾਟਕ ਦੇ ਯਾਦ ਰਹਿ ਗਏ ਡਾਇਲਾੱਗ ਆਪਣੇ ਅੰਦਾਜ਼ ਵਿਚ ਬੋਲਦਾ ਰਹਿੰਦਾ।

ਉਸ ਨੇ ਉਸ ਨਾਟਕ ਕੰਪਨੀ ਵਿਚ ਇਕ ਵਾਰ ਖ਼ੁਦ ਨੂੰ ਪੇਸ਼ ਕੀਤਾ ਕਿ ਉਹ ਉਸ ਨੂੰ ਪਰਖਣ। ਡਾਇਰੈਕਟਰ ਨੇ ਜਦੋਂ ਨਵਾਬ ਦੀ ਅਦਾਕਾਰੀ ਦੇਖੀ ਅਤੇ ਡਾਇਲਾੱਗ ਅਦਾਇਗੀ ਸੁਣੀ ਤਾਂ ਹੈਰਾਨ ਰਹਿ ਗਿਆ। ਉਸ ਨੇ ਝੱਟ ਉਸ ਨੂੰ ਆਪਣੀ ਕੰਪਨੀ ਵਿਚ ਮੁਲਾਜ਼ਮ ਰੱਖ ਲਿਆ। ਮੈਨੂੰ ਇਹ ਨਹੀਂ ਪਤਾ ਕਿ ਉਸਦੀ ਤਨਖ਼ਾਹ ਕਿੰਨੀ ਤੈਅ ਹੋਈ ਸੀ।

ਉਸ ਕੰਪਨੀ ਨਾਲ ਨਵਾਬ ਕਲਕੱਤਾ ਪਹੁੰਚ ਗਿਆ ਅਤੇ ਆਪਣੇ ਵੱਖਰੇ ਹੀ ਜੌਹਰ ਦਿਖਾਏ। ਕਾਵਸਜੀ ਖਟਾਓਜੀ ਨੇ ਉਸ ਦੀ ਅਦਾਕਾਰੀ ਦੇਖੀ ਤਾਂ ਉਸ ਨੂੰ ‘ਐਲਫ਼ਰੈਡ ਥੀਏਟਰਜ਼ ਕੰਪਨੀ’ ਵਿਚ ਲੈ ਲਿਆ। ਉਹਨਾਂ ਦਿਨਾਂ ਵਿਚ ਉਹ ‘ਕਰੈਕਟਰ ਐਕਟਰ’ ਵਜ੍ਹੋਂ ਪ੍ਰਸਿੱਧ ਹੋ ਗਿਆ।

ਸੇਠ ਸੁਖ ਲਾਲ ਕਿਰਨਾਨੀ, ਜੋ ਐਲਫ਼ਰੈਡ ਥੀਏਟਰ ਦੇ ਮਾਲਕ ਸਨ ਅਤੇ ਅਤਿ ਦਰਜੇ ਦੇ ਗਧੇ ਅਤੇ ਮੂਰਖ ਸਨ, ਉਨ੍ਹਾਂ ਨੇ ਆਪਣੇ ਯਾਰਾਂ ਦੋਸਤਾਂ ਤੋਂ ਸੁਣਿਆ ਕਿ ਇਕ ਐਕਟਰ ਜਿਸ ਦਾ ਨਾਮ ਨਵਾਬ ਹੈ, ਕਮਾਲ ਕਰ ਰਿਹਾ ਹੈ; ਉਸ ਦਾ ਕੋਈ ਜਵਾਬ ਨਹੀਂ ਹੈ- ਤਾਂ ਉਹਨਾਂ ਆਪਣੇ ਠੇਠ ਗੱਲਬਾਤ ਦੇ ਅੰਦਾਜ਼ ਵਿਚ ਕਿਹਾ, “ਤਾਂ ਲੈ ਆਓ ਉਸ ਸੰਢੇ ਨੂੰ।’’ ਉਹ ਸੰਢਾ ਆ ਗਿਆ ਅਤੇ ਉਹ ਸੰਢਾ ਨਵਾਬ ਕਸ਼ਮੀਰੀ ਸੀ। ਉਸ ਨੂੰ ਜ਼ਿਆਦਾ ਤਨਖ਼ਾਹ ਦੇ ਕੇ ਆਪਣੇ ਕੋਲ ਮੁਲਾਜ਼ਮ ਰੱਖ ਲਿਆ। ਉਹ ਬੜਾ ਚਿਰ, ਮੇਰਾ ਮਤਲਬ ਹੈ ਦੋ ਸਾਲ ਤੱਕ ਕਿਰਨਾਨੀ ਸਾਹਿਬ ਦੀ ਕੰਪਨੀ ਦੇ ਨਾਟਕਾਂ ਵਿਚ ਕੰਮ ਕਰਦੇ ਰਹੇ।

ਮੈਨੂੰ ਯਾਦ ਨਹੀਂ ਕਿਹੜਾ ਸੰਨ ਸੀ, ਸ਼ਾਇਦ ਇਹ ਉਹ ਸਮਾਂ ਸੀ ਜਦੋਂ ਬੰਬਈ ਦੀ ‘ਇੰਪੀਰੀਅਲ ਫ਼ਿਲਮ ਕੰਪਨੀ’ ਨੇ ਹਿੰਦੁਸਤਾਨ ਦੀ ਪਹਿਲੀ ਬੋਲਦੀ ਫ਼ਿਲਮ ‘ਆਲਮਆਰਾ’ ਬਣਾਈ ਸੀ।

ਜਦੋਂ ਬੋਲਦੀਆਂ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਬੀ.ਐਨ. ਸਰਕਾਰ ਨੇ, ਜੋ ਬਹੁਤ ਪੜ੍ਹੇ ਲਿਖੇ ਅਤੇ ਸੂਝ ਬੂਝ ਦੇ ਮਾਲਿਕ ਸਨ, ਜਦੋਂ ਨਿਊ ਥੀਏਟਰਜ਼ ਦੀ ਨੀਂਹ ਰੱਖੀ ਤਾਂ ਨਵਾਬ ਕਸ਼ਮੀਰੀ ਨੂੰ, ਜਿਸ ਨਾਲ ਅਕਸਰ ਮਿਲਦੇ ਰਹਿੰਦੇ ਸਨ, ਇਸ ਗੱਲ ‘ਤੇ ਰਾਜ਼ੀ ਕਰ ਲਿਆ ਕਿ ਉਹ ਥੀਏਟਰ ਛੱਡ ਕੇ ਫ਼ਿਲਮੀ ਦੁਨੀਆਂ ਵਿਚ ਆ ਜਾਵੇ।

ਬੀ. ਐਨ. ਸਰਕਾਰ ਨਵਾਬ ਨੂੰ ਆਪਣਾ ਮੁਲਾਜ਼ਮ ਨਹੀਂ ਸਗੋਂ ਮਹਿਬੂਬ ਸਮਝਦੇ ਸਨ। ਉਨ੍ਹਾਂ ਦੀ ਦਿਲਚਸਪੀ ਆਹਲਾ ਅਤੇ ਸ਼੍ਰੇਸ਼ਠ ਵਿਚ ਸੀ। ਉਹ ਕਲਾ ਦੇ ਦੀਵਾਨੇ ਸਨ। ਨਵਾਬ (ਮਰਹੂਮ) ਦੀ ਪਹਿਲੀ ਫ਼ਿਲਮ “ਯਹੂਦੀ ਕੀ ਲੜਕੀ” ਸੀ। ਇਸ ਫ਼ਿਲਮ ਦੀ ਨਾਇਕਾ ‘ਰਤਨ ਬਾਈ’ ਸੀ ਜਿਸ ਦੇ ਸਿਰ ਦੇ ਵਾਲ ਉਸਦੇ ਗੋਡਿਆਂ ਤੱਕ ਪਹੁੰਚਦੇ ਸਨ। ਇਸ ਫ਼ਿਲਮ ਦੇ ਡਾਇਰੈਕਟਰ ਇਕ ਬੰਗਾਲੀ, ਮਿਸਟਰ ਅਠਾਰਥੀ, ਸਨ। ਉਹ ਹੁਣ ਇਸ ਦੁਨੀਆਂ ਤੋਂ ਜਾ ਚੁੱਕੇ ਹਨ। ਇਸ ਟੀਮ ਵਿਚ ਹਾਫ਼ਿਜ਼ ਜੀ ਅਤੇ ਸੰਗੀਤਕਾਰ ਬਾਲੀ ਸਨ। ਇਸ ਜੁੰਡਲੀ ਵਿਚ ਕੀ ਕੁਝ ਹੁੰਦਾ ਸੀ, ਮੇਰਾ ਖ਼ਿਆਲ ਹੈ, ਇਸ ਲੇਖ ਵਿਚ ਲਿਖਣਾ ਜ਼ਾਇਜ਼ ਨਹੀਂ।

ਮਿਸਟਰ ਅਠਾਰਥੀ ਨੇ, ਜੋ ਬਹੁਤ ਪੜ੍ਹੇ ਲਿਖੇ ਅਤੇ ਕਾਬਿਲ ਆਦਮੀ ਸਨ, ਮੈਨੂੰ ਕਿਹਾ, “ਨਵਾਬ ਜਿਹਾ ਅਦਾਕਾਰ ਕਦੇ ਨਹੀਂ ਪੈਦਾ ਹੋਵੇਗਾ। ਉਹ ਆਪਣੇ ਰੋਲ ਵਿਚ ਇਸ ਤਰ੍ਹਾਂ ਵੜ ਜਾਂਦਾ ਹੈ ਜਿਵੇਂ ਹੱਥ ‘ਤੇ ਦਸਤਾਨਾ। ਉਹ ਆਪਣੀ ਕਲਾ ਦਾ ਮਾਸਟਰ ਹੈ।”

ਹਾਫ਼ਿਜ਼ ਜੀ ਵੀ ਉਸ ਦੇ ਬਹੁਤ ਵੱਡੇ ਪ੍ਰਸੰਸਕ ਸਨ। ਉਹ ਕਹਿੰਦੇ ਸਨ ਕਿ ਮੈਂ ਆਪਣੀ ਜ਼ਿੰਦਗੀ ਵਿਚ ਅਜਿਹਾ ਚੰਗਾ ਅਦਾਕਾਰ ਕਦੇ ਨਹੀਂ ਵੇਖਿਆ।

ਖ਼ੈਰ! ਇਹਨਾਂ ਗੱਲਾਂ ਨੂੰ ਛੱਡੋ। ਮੈਂ ਹੁਣ (ਫੇਰ) ਨਵਾਬ ਵਲ ਆਉਂਦਾ ਹਾਂ। ਇਕ ਫ਼ਿਲਮ ਵਿਚ ਜਿਸ ਦਾ ਸਿਰਲੇਖ ਸ਼ਾਇਦ ‘ਮਾਇਆ’ ਸੀ, ਨਵਾਬ ਨੂੰ ਜੇਬ ਕਤਰੇ ਦਾ ਰੋਲ ਦਿੱਤਾ ਗਿਆ। ਉਸ ਨੇ ਜਦੋਂ ਸਾਰੀ ਕਹਾਣੀ ਸੁਣੀ ਤਾਂ ਇਨਕਾਰ ਕਰ ਦਿੱਤਾ ਕਿ ਮੈਂ ਇਹ ਰੋਲ ਅਦਾ ਨਹੀਂ ਕਰ ਸਕਦਾ; ਕਿEਂਕਿ ਮੈਂ ਜੇਬ ਕਤਰਾ ਨਹੀਂ ਹਾਂ; ਮੈਂ ਅੱਜ ਤੱਕ ਕਿਸੇ ਦੀ ਜੇਬ ਨਹੀਂ ਕੱਟੀ। ਪਰ ਉਹ ਕਲਕੱਤੇ ਦੇ ਇਕ ਘਟੀਆ ਹੋਟਲ ਵਿਚ ਹਰ ਰੋਜ਼ ਜਾਂਦਾ ਰਿਹਾ। ਉੱਥੇ ਉਸ ਦੀਆਂ ਕਈ ਜੇਬਕਤਰਿਆਂ ਅਤੇ ਚੋਰ ਉਚੱਕਿਆਂ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ। ਸੁਣਿਆ ਹੈ ਕਿ ਉਨ੍ਹਾਂ ਦੇ ਨਾਲ ਉਸ ਨੇ ਸ਼ਰਾਬ ਵੀ ਪੀਤੀ, ਹਾਲਾਂਕਿ ਉਸ ਨੂੰ ਇਸ ਦੀ ਆਦਤ ਨਹੀਂ ਸੀ। ਇਕ ਹਫ਼ਤੇ ਬਾਅਦ ਉਸ ਨੂੰ ਤਸੱਲੀ ਹੋ ਗਈ। ਸੋ ਉਸ ਨੇ ਫ਼ਿਲਮ ਕੰਪਨੀ ਦੇ ਮਾਲਿਕ ਨੂੰ ਕਹਿ ਦਿੱਤਾ ਕਿ ਉਹ ਜੇਬ ਕਤਰੇ ਦਾ ਰੋਲ ਅਦਾ ਕਰਨ ਦੇ ਲਈ ਰਾਜ਼ੀ ਹੈ।

ਉਸ ਨੇ ਇਸ ਦੌਰਾਨ ਕਈ ਬਦਮਾਸ਼ਾਂ-ਗੁੰਡਿਆਂ ਨਾਲ ਦੋਸਤੀ ਕਰ ਲਈ ਸੀ। ਉਨ੍ਹਾਂ ਦੀਆਂ ਸਾਰੀਆਂ ਖ਼ਾਸੀਅਤਾਂ ਉਸ ਨੇ ਗ੍ਰਹਿਣ ਕਰ ਲਈਆਂ। ਇਹੀ ਵਜ੍ਹਾ ਹੈ ਕਿ ਉਹ ਇਸ ਰੋਲ ਵਿਚ ਕਾਮਯਾਬ ਰਿਹਾ।

ਨਵਾਬ ਦੀ ਜ਼ਿੰਦਗੀ ਉਂਝ ਬੜੀ ਪਾਕ ਪਵਿੱਤਰ ਸੀ। ਉਸ ਦੇ ਇਕ ਅਜ਼ੀਜ਼ ਏ. ਐਸ. ਆਮਾਦ ਹਨ। ਉਹਨਾਂ ਨੇ ਮੈਨੂੰ ਦੱਸਿਆ ਕਿ ਨਵਾਬ ਬਹੁਤ ਸਫ਼ਾਈ-ਪਸੰਦ ਸੀ। ਸ਼ੀਆ ਸੀ। ਕੋਈ ਕੰਮ ਰੱਬ ਦੀ ਸਲਾਹ ਤੋਂ ਬਿਨਾਂ ਨਹੀਂ ਸੀ ਕਰਦਾ। ਸੁੰਨੀ ਅਤੇ ਸ਼ੀਆ ਹੋਣ ਵਿਚ ਕੀ ਅੰਤਰ ਹੈ। ਪਰ ਜਦੋਂ ਇਹਨਾਂ ਦੋਵ੍ਹਾਂ ਫ਼ਿਰਕਿਆਂ ਵਿਚ ਲੜਾਈ-ਝਗੜੇ ਹੁੰਦੇ ਹਨ ਤਾਂ ਏਨਾ ਸਮਝ ਵਿਚ ਆਉਂਦਾ ਹੈ ਕਿ ਉਨ੍ਹਾਂ ਦੇ ਦਿਮਾਗ਼ ਵਿਚ ਮਜ਼ਹਬੀ ਫਿ਼ਤੂਰ ਹੈ।

ਮੈਂ ਤਾਂ ਮਰਹੂਮ ਨਵਾਬ ਦੀ ਗੱਲ ਕਰ ਰਿਹਾ ਸੀ। ਮੈਂ ਉਹ ‘ਮੁਕਤੀ’ ਦਾ ਸੀਨ ਕਦੇ ਨਹੀਂ ਭੁੱਲ ਸਕਦਾ ਜਦੋਂ ਉਸ ਨੇ ਆਪਣੀ ਬਦਚਲਨ ਬੀਵੀ ਨੂੰ ਭੁੰਨੇ ਹੋਏ ਛੋਲੇ ਦਿੱਤੇ। ਇਸ ਦੇ ਵਧੇ ਹੋਏ ਹੱਥ ਵਿਚ ਏਨਾ ਦੁੱਖ ਅਤੇ ਗ਼ਮ ਸੀ ਜੋ ਚਿਹਰਾ ਵੀ ਜ਼ਾਹਿਰ ਨਹੀਂ ਕਰ ਸਕਦਾ।

‘ਦੇਵਦਾਸ’ ਵਿਚ ਜਦੋਂ ਸਹਿਗਲ ਉਸ ਦੇ ਮੂੰਹ ਉੱਤੇ ਥੱਪੜ ਮਾਰਦਾ ਹੈ ਤਾਂ ਉਹ ਕੁਝ ਦੇਰ ਤੱਕ ਆਪਣਾ ਚਿਹਰਾ ਸਹਿਲਾਉਂਦਾ ਰਹਿੰਦਾ ਹੈ, ਜਿੱਥੇ ਚੋਟ ਆਈ ਹੈ ਅਤੇ ਸਿਰਫ਼ ਏਨਾ ਹੀ ਕਹਿੰਦਾ ਹੈ, “ਤੂੰ, ਦੀਨੂ ਭਾਈ ਨੂੰ ਮਾਰਿਆ” ਅਤੇ ਜਾਂ ਫਿਰ “ਹੁਣ ਮੈਂ ਕੀ ਕਰਾਂ?” ਸਾਰੇ ਸੰਵੇਦਨਸ਼ੀਲ ਦਰਸ਼ਕ ਕੰਬ ਉਠਦੇ ਹਨ।

ਫ਼ਿਲਮ ‘ਜ਼ਿੱਦੀ’ ਵਿਚ ਜਦੋਂ ਉਸ ਦੇ ਭਤੀਜੇ ਦੀ ਬੀਵੀ (ਕੁਲਦੀਪ ਕੌਰ) ਉਸ ਦੇ ਕੋਲੋਂ ਲੰਘਦੀ ਹੈ, ਉਹ ਗ਼ੁੱਸੇ ਵਿਚ ਭਰੀ ਪੀਤੀ (ਪ੍ਰਾਣ ਐਕਟਰ ਨਾਲ) ਜਾ ਰਹੀ ਹੈ। ਨਵਾਬ ਕਸ਼ਮੀਰੀ ਵ੍ਹੀਲ ਚੇਅਰ ਵਿਚ ਬੈਠਾ ਹੋਇਆ ਹੈ, ਉਸ ਨੂੰ ਵੇਖਦਾ ਹੈ ਅਤੇ ਅਜੀਬ ਦਾਰਸ਼ਨਿਕ ਅੰਦਾਜ਼ ਵਿਚ ਆਪਣੇ ਆਪ ਨੂੰ ਕਹਿੰਦਾ ਹੈ, “ਫੁਰਰ ਚਲੀ ਗਈ।”

ਮੈਂ ਜ਼ਿਆਦਾ ਵਿਸਥਾਰ ਵਿਚ ਨਹੀਂ ਜਾਣਾ ਚਾਹੁੰਦਾ ਪਰ ਫ਼ਿਲਹਾਲ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ, ਜੋ ਸ਼ਾਇਦ ਹਾਲੇ ਤੱਕ ਕਿਸੇ ਪਰਚੇ ਵਿਚ ਨਹੀਂ ਛਪਿਆ, ਕਿ ਉਸਦੀ ਪਹਿਲੀ ਪਤਨੀ ਉਸਦੇ ਆਪਣੇ ਦੇਸ਼ ਦੀ ਸੀ। ਉਸ ਲੜਕੀ ਨਾਲ ਉਸ ਦਾ ਵਿਆਹ ਕਦੋਂ ਹੋਇਆ, ਇਸ ਦੇ ਬਾਰੇ ਵਿਚ ਮੈਂ ਕੁਝ ਨਹੀਂ ਜਾਣਦਾ।

ਉਸ ਪਤਨੀ ਤੋਂ ਉਸ ਦੇ ਕੋਈ ਸੰਤਾਨ ਨਹੀਂ ਸੀ ਹੋਈ। ਜਦੋਂ ਇਸ ਪਾਸੇ ਤੋਂ ਨਿਰਾਸ਼ਾ ਹੋ ਗਈ ਤਾਂ ਨਵਾਬ ਨੇ ਇਧਰ ਉਧਰ ਕਿਸੇ ਦੂਸਰੇ ਰਿਸ਼ਤੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅੰਤ ਪ੍ਰਿੰਸ ਮੇਹਰਕਦਰ (ਅਵਧ ਦੇ ਨਵਾਬ ਦੇ ਵੱਡੇ ਲੜਕੇ) ਦੀ ਬੇਟੀ ਨਾਲ ਵਿਆਹ ਕਰ ਲਿਆ।

ਜਦੋਂ ਇਹ ਵਿਆਹ ਹੋਇਆ ਤਾਂ ਘਰ ਵਿਚ ਇਕ ਭੂਚਾਲ ਆ ਗਿਆ। ਨਵਾਬ ਨੇ ਕੋਈ ਪਰਵਾਹ ਨਾ ਕੀਤੀ। ਇਸ ਦਾ ਨਤੀਜਾ ਇਹ ਹੋਇਆ ਕਿ ਉਸ ਦੀ ਪਹਿਲੀ ਪਤਨੀ ਨੇ ਖ਼ੁਦਕੁਸ਼ੀ ਕਰ ਲਈ। ਹੁਣ ਤੁਸੀਂ ਇਸ ਖ਼ੁਦਕਸ਼ੀ ਬਾਰੇ ਵੀ ਥੋੜ੍ਹੇ ਲਫ਼ਜਾਂ ਵਿਚ ਸੁਣ ਲਓ। ਜਦੋਂ ਉਸ ਦੀ ਪਹਿਲੀ ਘਰਵਾਲੀ ਨੂੰ ਪਤਾ ਲੱਗਾ ਕਿ ਉਸ ਦੇ ਘਰਵਾਲੇ ਨੇ ਦੂਜੀ ਸ਼ਾਦੀ ਕਰ ਲਈ ਹੈ ਤਾਂ ਉਸ ਨੇ ਨੌਕਰਾਣੀ ਤੋਂ ਗਦੈਲਾ ਮੰਗਵਾਇਆ। ਇਸ ਉੱਤੇ ਮਿੱਟੀ ਦਾ ਤੇਲ ਛਿੜਕ ਦਿੱਤਾ। ਉਸ ਤੋਂ ਬਾਅਦ ਆਪਣੇ ਸਰੀਰ ਉੱਪਰ ਵੀ ਇਹ ਤੇਲ ਪਾ ਲਿਆ। ਆਪਣੇ ਕਪੜਿਆਂ ਨੂੰ ਤੇਲ ਨਾਲ ਭਿEਂ ਲਿਆ। ਫਿਰ ਅਰਾਮ ਨਾਲ ਮੰਜੇ ਉੱਤੇ ਲੇਟ ਕੇ ਦੀਆ ਸਲਾਈ ਬਾਲੀ ਅਤੇ ਖ਼ੁਦ ਨੂੰ ਅੱਗ ਲਾ ਲਈ। ਉਹ ਮਰ ਗਈ। ਨਵਾਬ ਨੂੰ ਪਤਾ ਹੀ ਨਹੀਂ ਸੀ ਕਿ ਉਸ ਦੀ ਪਤਨੀ ਕੋਅਲਾ ਬਣ ਗਈ ਹੈ।

ਉਹ ਆਪਣੀ ਦੂਜੀ ਘਰਵਾਲੀ ਦੇ ਨਾਲ ਦੂਜੇ ਘਰ ਵਿਚ ਸੀ।

ਜਦੋਂ ਨਵਾਬ ਨੂੰ ਪਤਾ ਲੱਗਾ ਕਿ ਉਹ ਮਰ ਗਈ ਹੈ ਤਾਂ ਉਸ ਨੇ ਇਸ ਦੀਆਂ ਅਖੀਰੀ ਰਸਮਾਂ ਦਾ ਬੰਦੋਬਸਤ ਕੀਤਾ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਹ ਆਖਰੀ ਵੇਲੇ ਇਹ ਵਸੀਅਤ ਕਰ ਗਈ ਸੀ ਕਿ ‘ਆਪਣੇ ਦਸ ਹਜ਼ਾਰ ਦੀ ਬੀਮਾ ਪਾਲਿਸੀ ਮੈਂ ਆਪਣੇ ਪਤੀ ਦੇ ਨਾਮ ਕਰਦੀ ਹਾਂ। ਇਸ ਤੋਂ ਇਲਾਵਾ ਇਕ ਸੌ ਸੱਠ (160) ਤੋਲੇ ਸੋਨਾ ਵੀ ਮੈਂ ਉਸ ਦੇ ਹਵਾਲੇ ਕਰਦੀ ਹਾਂ’। ਨਵਾਬ ਇਹ ਵਸੀਅਤ ਸੁਣ ਕੇ ਬਹੁਤ ਹੈਰਾਨ ਹੋਇਆ। ਉਸ ਨੂੰ ਦੇਰ ਤੱਕ ਮਿੱਟੀ ਦੇ ਤੇਲ ਦੀ ਬੋਅ ਆਉਂਦੀ ਰਹੀ।

ਮੈਂ ਹੁਣ ਵੀ ਕਦੀ ਸੋਚਦਾ ਹਾਂ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਮੈਂ ਮਿੱਟੀ ਦਾ ਤੇਲ ਹਾਂ। ਕੈਰੋਸਿਨ ਹਾਂ। ਨਵਾਬ ਕਸ਼ਮੀਰੀ ਹਾਂ। ਕਸ਼ਮੀਰੀ ਮੈਂ ਵੀ ਹਾਂ ਪਰ ਏਨਾ ਜ਼ਾਲਮ ਨਹੀਂ ਜਿੰਨਾ ਉਹ ਸੀ। ਇਸ ਲਈ ਕਿ ਉਸਨੇ ਸਿਰਫ਼ ਸੰਤਾਨ ਦੀ ਖ਼ਾਤਿਰ ਆਪਣੀ ਪਹਿਲੀ ਘਰਵਾਲੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ।

ਮੈਂ ਵੀ ਕਸ਼ਮੀਰੀ ਹਾਂ। ਮੈਨੂੰ ਕਸ਼ਮੀਰੀਆਂ ਨਾਲ ਬਹੁਤ ਮੁਹੱਬਤ ਹੈ। ਪਰ ਮੈਂ ਅਜਿਹੇ ਕਸ਼ਮੀਰੀਆਂ ਨਾਲ ਨਫ਼ਰਤ ਕਰਦਾ ਹਾਂ ਜੋ ਆਪਣੀਆਂ ਘਰਵਾਲੀਆਂ ਨਾਲ ਬੁਰਾ ਸਲੂਕ ਕਰਦੇ ਹੋਣ।

ਮੈਂ ਮਰਹੂਮ ਨਵਾਬ ਦੀ ਕਲਾ ਦਾ ਦੀਵਾਨਾ ਹਾਂ। ਮੈਂ ਉਸ ਨੂੰ ਬਹੁਤ ਵੱਡਾ ਕਲਾਕਾਰ ਮੰਨਦਾ ਹਾਂ। ਪਰ ਜਦੋਂ ਵੀ ਮੈਂ ਉਸ ਨੂੰ ਸਕਰੀਨ ‘ਤੇ ਵੇਖਿਆ ਤਾਂ ਮੈਨੂੰ ਮਿੱਟੀ ਦੇ ਤੇਲ ਦੀ ਬੋਅ ਆਈ।

ਖ਼ੁਦਾ ਕਰੇ ਉਸ ਨੂੰ ਨਰਕ ਨਸੀਬ ਹੋਵੇ ਕਿਉਂਕਿ ਉਹ ਉੱਥੇ ਜ਼ਿਆਦਾ ਖੁਸ਼ ਰਹੇਗਾ।

(ਉਰਦੂ ਤੋਂ ਉਲਥਾਈ : ਪਵਨ ਟਿੱਬਾ)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ