Nazar Da Dhokha (Punjabi Story) : Muhammad Mansa Yaad
ਨਜ਼ਰ ਦਾ ਧੋਖਾ (ਕਹਾਣੀ) : ਮੁਹੰਮਦ ਮਨਸ਼ਾ ਯਾਦ
ਕੁੜੀ ਘਰ ਦੀ ਸੀ। ਮੁਸ਼ਕਿਲ ਤਾਂ ਲੂੰਬੜੀ ਲੱਭਣ ਵਿੱਚ ਹੋ ਰਹੀ ਸੀ। ਖ਼ੈਰਦੀਨ ਕੋਸ਼ਿਸ਼ ‘ਚ ਸੀ ਕਿ ਕਿਰਾਏ ‘ਤੇ ਮਿਲ ਜਾਵੇ ਪਰ ਅਜੇ ਤਕ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਸੀ। ਨਾਉਮੀਦ ਹੋ ਕੇ ਉਸ ਨੇ ਇਹ ਕਹਿ ਦਿੱਤਾ ਕਿ ਲੂੰਬੜੀ ਨਾ ਮਿਲੀ ਤਾਂ ਇਸ ਵਾਰ ਮੇਲੇ ਨਹੀਂ ਜਾਵਾਂਗੇ।
”ਕਿਉਂ ਅੱਬਾ?” ਫੀਕੇ ਨੇ ਪੁੱਛਿਆ।
”ਪੁੱਤਰ, ਬੱਕਰੀ ‘ਚ ਹੁਣ ਲੋਕ ਦਿਲਚਸਪੀ ਨਹੀਂ ਲੈਂਦੇ। ਫਿਰ ਕਮਬਖਤ ਮਿਮਿਆਉਣ ਲੱਗ ਜਾਂਦੀ ਹੈ।”
”ਕੋਈ ਸੱਪ, ਸੱਪਣੀ, ਕੋਈ ਨਾਗ-ਨਾਗਿਨ ਅੱਬਾ?” ਫੀਕਾ ਮੇਲੇ ਜਾਣ ਲਈ ਬੇਚੈਨ ਹੋ ਰਿਹਾ ਸੀ।
”ਇਹ ਖੇਲ ਪੁਰਾਣਾ ਹੋ ਚੁੱਕਾ ਹੈ।” ਖ਼ੈਰਦੀਨ ਨੇ ਜਵਾਬ ਦਿੱਤਾ।
ਲੂੰਬੜੀ ਨਾ ਮਿਲਣ ਦੀ ਖ਼ਬਰ ਸੁਣ ਕੇ ਉਹ ਖ਼ੁਸ਼ ਹੋ ਰਹੀ ਸੀ। ਦਿਲ ਹੀ ਵਿੱਚ ਦੁਆਵਾਂ ਮੰਗਦੀ- ਅੱਲ੍ਹਾ ਕਰੇ ਅੱਬਾ ਨੂੰ ਲੂੰਬੜੀ ਨਾ ਮਿਲੇ। ਪਰ ਉਸ ਦੀ ਦੁਆ ਕਬੂਲ ਨਾ ਹੋਈ। ਜਦੋਂ ਮੇਲਾ ਸ਼ੁਰੂ ਹੋਣ ਵਿੱਚ ਤਿੰਨ-ਚਾਰ ਦਿਨ ਰਹਿ ਗਏ ਤਾਂ ਅੱਬਾ ਮੂੰਹ ਮੰਗੀ ਕੀਮਤ ‘ਤੇ ਲੂੰਬੜੀ ਖ਼ਰੀਦ ਲਿਆਇਆ ਅਤੇ ਇਸ ਤਰ੍ਹਾਂ ਬੋਲਿਆ ਜਿਵੇਂ ਲਾਊਡ ਸਪੀਕਰ ਤੋਂ ਜ਼ੋਰ ਨਾਲ ਚੀਕ ਰਿਹਾ ਹੋਵੇ, ”ਚੱਲੋ, ਚੱਲੋ ਤਿਆਰ ਹੋ ਜਾਉ, ਜਲਦੀ ਕਰੋ।”
ਅੱਬਾ ਦੀ ਉੱਚੀ ਆਵਾਜ਼ ਸੁਣ ਕੇ ਉਸ ਦਾ ਸਿਰ ਘੁੰਮਣ ਲੱਗਿਆ। ਮੇਲੇ ਦਾ ਰੌਲਾ-ਰੱਪਾ ਕੰਨਾਂ ‘ਚ ਗੂੰਜਣ ਲੱਗਿਆ। ਜਿਵੇਂ ਉਹ ਮੋਟਰਸਾਈਕਲ ‘ਤੇ ਸਵਾਰ ਮੌਤ ਦੇ ਖੂਹ ਵਿੱਚ ਹੇਠਾਂ ਹੀ ਹੇਠਾਂ ਡਿੱਗਦੀ ਜਾ ਰਹੀ ਸੀ।
ਉਹ ਕਈ ਸਾਲਾਂ ਤੋਂ ਤਮਾਸ਼ਾ ਬਣ ਰਹੀ ਸੀ। ਉਸ ਦੇ ਚਿਹਰੇ ਨਾਲ ਕਈ ਤਰ੍ਹਾਂ ਦੇ ਧੜ ਲੱਗਦੇ ਰਹੇ ਸਨ। ਕਦੇ ਨਾਗਿਨ, ਕਦੇ ਬੱਕਰੀ ਅਤੇ ਕਦੇ ਲੂੰਬੜੀ ਦਾ। ਇੱਕ ਹੀ ਪੋਜ਼ ‘ਚ ਪਹਿਰਾਂ ਬੈਠੇ-ਬੈਠੇ ਉਸ ਦੀ ਕਮਰ ਦੁਖਣ ਲੱਗ ਜਾਂਦੀ। ਲੱਤਾਂ ਸੌਂ ਜਾਂਦੀਆਂ। ਅਕਸਰ ਉਸ ਨੂੰ ਜਾਪਦਾ ਕਿ ਜਿਵੇਂ ਉਸ ਦਾ ਸਰੀਰ ਬੱਕਰੀ ਜਾਂ ਲੂੰਬੜੀ ਵਿੱਚ ਤਾਂ ਨਹੀਂ ਪਰ ਪੱਥਰ ਦਾ ਜ਼ਰੂਰ ਬਣ ਗਿਆ ਹੋਵੇ। ਆਪਣੇ ਚਿਹਰੇ ‘ਤੇ ਉਸ ਨੂੰ ਬੜਾ ਮਾਣ ਸੀ ਪਰ ਹੁਣ ਉਸੇ ਚਿਹਰੇ ਨਾਲ ਉਸ ਨੂੰ ਨਫ਼ਰਤ ਜਿਹੀ ਹੋ ਰਹੀ ਸੀ। ਇਸੇ ਕਰਕੇ ਉਸ ਦਾ ਬਾਕੀ ਧੜ ਬੇਕਾਰ ਹੋ ਗਿਆ ਸੀ। ਉਸ ਦਾ ਜੀਅ ਕਰਦਾ ਕਿ ਉਹ ਚਿਹਰੇ ਸਮੇਤ ਆਪਣੀ ਗਰਦਨ ਲਾਹ ਕੇ ਰੱਖ ਜਾਵੇ ਅਤੇ ਆਪ ਕਿਤੇ ਦੂਰ ਭੱਜ ਜਾਵੇ।
ਤਮਾਸ਼ਬੀਨਾਂ ਵਿੱਚ ਹਰ ਤਰ੍ਹਾਂ ਅਤੇ ਉਮਰ ਦੇ ਲੋਕ ਸ਼ਾਮਲ ਹੁੰਦੇ ਪਰ ਬੱਚੇ ਹੀ ਸਿਰਫ਼ ਹੈਰਾਨੀ ਅਤੇ ਦਿਲਚਸਪੀ ਨਾਲ ਦੇਖਦੇ। ਮੁੰਡੇ ਫ਼ਿਕਰੇ ਕੱਸਦੇ, ਕੋਈ ਅੱਖ ਮਾਰਦਾ, ਕੋਈ ਸੀਟੀ ਵਜਾਉਂਦਾ, ਕੋਈ ਫੂਹੜ ਇਸ਼ਾਰੇ ਕਰਦਾ। ਸਾਰਾ ਸਮਾਂ ਨਜ਼ਰਾਂ ਅਤੇ ਫ਼ਿਕਰਿਆਂ ਦੇ ਕੰਕਰ ਉਸ ਨੂੰ ਲਹੂ-ਲੁਹਾਣ ਕਰਦੇ ਰਹਿੰਦੇ। ਫਿਰ ਵੀ ਜਿਵੇਂ ਉਸ ਨੂੰ ਸਿਖਾਇਆ ਗਿਆ ਸੀ, ਮੁਸਕਰਾਉਂਦੀ ਰਹਿੰਦੀ ਅਤੇ ਖ਼ੁਸ਼ ਦਿਖਾਈ ਦੇਣ ਦੀ ਕੋਸ਼ਿਸ਼ ਕਰਦੀ। ਉਸ ਨੂੰ ਬੁੱਤ ਬਣ ਕੇ ਬੇਕਾਰ ਬੈਠਣਾ ਬਿਲਕੁਲ ਚੰਗਾ ਨਾ ਲੱਗਦਾ। ਉਸ ਨੂੰ ਸਿਨੇਮਿਆਂ ਅਤੇ ਸਰਕਸਾਂ ਵਾਲੀਆਂ ਕੁੜੀਆਂ ‘ਤੇ ਤਰਸ ਆਉਂਦਾ ਜੋ ਹਰ ਸਮੇਂ ਕੁਝ ਨਾ ਕੁਝ ਕਰਦੀਆਂ ਰਹਿੰਦੀਆਂ- ਗਾਉਂਦੀਆਂ, ਨੱਚਦੀਆਂ ਜਾਂ ਕਰਤਬ ਦਿਖਾਉਂਦੀਆਂ ਸਨ। ਹਰ ਮੇਲੇ ਵਿੱਚ, ਹਰ ਜਗ੍ਹਾ ਲੋਕ ਕੁਝ ਨਾ ਕੁਝ ਕਰਦੇ ਰਹਿੰਦੇ। ਸਿਰਫ਼ ਉਹੀ ਪੱਥਰ ਬਣੀ ਬੈਠੀ ਰਹਿੰਦੀ ਸੀ ਅਤੇ ਉਕਤਾਉਣ ਦੇ ਬਾਵਜੂਦ ਉਸ ਨੂੰ ਖ਼ੁਸ਼ ਦਿਖਾਈ ਦੇਣ ਦਾ ਸਵਾਂਗ ਰਚਣਾ ਪੈਂਦਾ। ਬੇਹੂਦਾ ਗੱਲਾਂ ਨੂੰ ਬਹੁਤ ਖ਼ੁਸ਼ੀ ਨਾਲ ਸਹਿਣਾ ਪੈਂਦਾ। ਭੱਦੇ ਚਿਹਰਿਆਂ ਨੂੰ ਇੱਕ ਹਲਕੀ ਮੁਸਕਾਨ ਨਾਲ ਧੰਨਵਾਦ ਕਰਨਾ ਪੈਂਦਾ ਅਤੇ ਇਹ ਸਿਲਸਿਲਾ ਦੇਰ ਰਾਤ ਤਕ ਚੱਲਦਾ ਰਹਿੰਦਾ। ਉਹ ਏਨੀ ਥੱਕ ਤੇ ਉਕਤਾ ਜਾਂਦੀ ਕਿ ਕਦੇ-ਕਦੇ ਉਹਦਾ ਜੀਅ ਕਰਦਾ ਕਿ ਜ਼ੋਰ-ਜ਼ੋਰ ਨਾਲ ਰੋਵੇ ਅਤੇ ਚੀਕਣ ਲੱਗੇ। ਮਾਨਸਿਕ ਤਕਲੀਫ਼ ਤੋਂ ਬਚਣ ਲਈ ਉਹ ਕਦੇ-ਕਦੇ ਆਲੇ-ਦੁਆਲੇ ਤੋਂ ਨਾਤਾ ਤੋੜ ਲੈਂਦੀ ਅਤੇ ਬਹੁਤ ਦੂਰ ਪਹੁੰਚ ਜਾਂਦੀ। ਫਿਰ ਨੇੜੇ ਹੀ ਵੱਜਦੇ ਫ਼ਿਲਮੀ ਗੀਤਾਂ ‘ਚ ਗੁਆਚ ਜਾਂਦੀ। ਜਾਗਦੇ ਹੀ ਮਿੱਠੇ-ਮਿੱਠੇ ਸੁਪਨੇ ਦੇਖਦੀ। ਲੋਕਾਂ ਦੀ ਭੀੜ ਤੋਂ ਵੱਖ ਜਾ ਕੇ ਆਪਣੀ ਪਸੰਦ ਦਾ ਚਿਹਰਾ ਲੱਭਦੀ। ਅਜਿਹੀ ਹਾਲਤ ‘ਚ ਉਸ ਨੂੰ ਪਤਾ ਨਾ ਲੱਗਦਾ ਕਿ ਕਿੰਨਾ ਸਮਾਂ ਬੀਤ ਗਿਆ? ਕਿੰਨੇ ਤੇ ਕਿਹੋ ਜਿਹੇ ਲੋਕ ਆਏ ਅਤੇ ਕੀ ਕੁਝ ਕਹਿ ਕੇ ਚਲੇ ਗਏ? ਜੇ ਸਮਾਂ ਬਿਤਾਉਣ ਦਾ ਇਹ ਮੌਕਾ ਉਸ ਦੇ ਹੱਥ ਨਾ ਆਉਂਦਾ ਤਾਂ ਉਹ ਹੁਣ ਤਕ ਜ਼ਰੂਰ ਘਬਰਾ ਕੇ ਕਿਤੇ ਭੱਜ ਗਈ ਹੁੰਦੀ ਜਾਂ ਪਾਗਲ ਹੋ ਚੁੱਕੀ ਹੁੰਦੀ।
”ਸ਼ੈਦਾ ਹੁਣ ਨਹੀਂ ਜਾਏਗੀ।” ਉਸ ਦੀ ਮਾਂ ਨੇ ਆਪਣਾ ਫ਼ੈਸਲਾ ਸੁਣਾਇਆ।
”ਕਿਉਂ ਨਹੀਂ ਜਾਏਗੀ?” ਖ਼ੈਰਦੀਨ ਨੇ ਗੁੱਸੇ ਨਾਲ ਪੁੱਛਿਆ।
”ਹੁਣ ਉਹ ਵੱਡੀ ਹੋ ਗਈ ਹੈ।”
”ਇੱਕ ਸਾਲ ਵਿੱਚ?”
”ਹਾਂ… ਪਿਛਲੇ ਸਾਲ ਉਹ ਛੋਟੀ ਹੀ ਸੀ। ਕੁੜੀਆਂ ਰੁੱਖਾਂ ਵਾਂਗ ਹੁੰਦੀਆਂ ਹਨ। ਉਨ੍ਹਾਂ ਨੂੰ ਵਧਦਿਆਂ ਕੋਈ ਦੇਰ ਨਹੀਂ ਲੱਗਦੀ।”
”ਅੱਛਾ, ਜ਼ਿਆਦਾ ਗੱਲਾਂ ਨਾ ਬਣਾ ਅਤੇ ਉਸ ਦੀ ਤਿਆਰੀ ਕਰ।”
”ਹੁਣ ਉਸ ਦਾ ਜਾਣਾ ਠੀਕ ਨਹੀਂ, ਕੁਝ ਤਾਂ ਖ਼ਿਆਲ ਕਰੋ।”
”ਕੁਝ ਨਹੀਂ ਹੁੰਦਾ। ਤੂੰ ਆਪਣੀ ਬਕ-ਬਕ ਬੰਦ ਕਰ।”
”ਮੈਂ ਉਸ ਨੂੰ ‘ਕੱਲੀ ਨਹੀਂ ਜਾਣ ਦੇਣਾ। ਨਾਲ ਜਾਵਾਂਗੀ।”
”ਤੂੰ ਉੱਥੇ ਕੀ ਕਰੇਂਗੀ?”
”ਉਸ ਦਾ ਖ਼ਿਆਲ ਰੱਖਾਂਗੀ।”
ਖ਼ੈਰਦੀਨ ਹੱਸ ਪਿਆ।
”ਸੁਣ ਰਿਹਾ ਏਂ ਫੀਕੇ, ਇਹ ਉਸ ਦਾ ਖ਼ਿਆਲ ਰੱਖੇਗੀ। ਕਿਉਂ ਅਸੀਂ ਇਸ ਦੇ ਕੁਝ ਨਹੀਂ ਲੱਗਦੇ? ਪਿਤਾ ਅਤੇ ਭਰਾ ਤੋਂ ਵੱਧ ਕੁੜੀ ਦੀ ਦੇਖਭਾਲ ਕੌਣ ਕਰ ਸਕਦਾ ਹੈ, ਬੇਵਕੂਫ਼?”
”ਜਵਾਨ ਧੀ ਦਾ ਖ਼ਿਆਲ ਸਿਰਫ਼ ਉਸ ਦੀ ਮਾਂ ਰੱਖ ਸਕਦੀ ਹੈ ਖ਼ੈਰਦੀਨ।”
”ਕਿਉਂ ਪਹਿਲਾਂ ਅਸੀਂ ਦੇਖਭਾਲ ਨਹੀਂ ਕਰਦੇ ਰਹੇ?” ਫੀਕਾ ਬੋਲਿਆ, ”ਕਿਸੇ ਨੇ ਉਸ ਦਾ ਕੁਝ ਲਾਹ ਲਿਆ ਹੈ ਕੀ?”
”ਤੂੰ ਚੁੱਪ ਰਹਿ ਫੀਕੇ।” ਮਾਂ ਚੀਕੀ।
”ਠੀਕ ਹੀ ਤਾਂ ਕਹਿੰਦਾ ਹੈ ਫੀਕਾ। ਪਹਿਲਾਂ ਕੀ ਤੂੰ ਨਾਲ ਜਾਂਦੀ ਸੀ?”
”ਉਦੋਂ ਹੋਰ ਗੱਲ ਸੀ, ਹੁਣ ਉਹ ਜਵਾਨ ਹੋ ਗਈ ਹੈ।”
”ਤਾਂ ਕੀ ਅਸੀਂ ਉਸ ਨਾਲ…?”
”ਬੱਸ-ਬੱਸ।” ਮਾਂ ਨੂੰ ਗੁੱਸਾ ਆ ਗਿਆ, ”ਜੋ ਮੂੰਹ ‘ਚ ਆਉਂਦਾ ਹੈ ਬਕ ਦਿੰਦੇ ਹੋ।”
”ਅੱਛਾ ਤੂੰ ਵੀ ਆਪਣੀ ਬਕਵਾਸ ਬੰਦ ਕਰ।”
”ਧੀ ਦੀ ਕਮਾਈ ਖਾਂਦੇ ਹੋ। ਕੁਝ ਤਾਂ ਸ਼ਰਮ ਕਰੋ।”
”ਸ਼ਰਮ ਕਿਸ ਗੱਲ ਦੀ? ਮਿਹਨਤ ਕਰਦੇ ਹਾਂ ਤਮਾਸ਼ਾ ਦਿਖਾਉਂਦੇ ਹਾਂ।”
”ਇਸ ਧੋਖੇ ਵਿੱਚ ਨਾ ਰਹਿਣਾ ਖ਼ੈਰਦੀਨ ਕਿ ਲੋਕ ਤਮਾਸ਼ਾ ਦੇਖਣ ਆਉਂਦੇ ਹਨ। ਉਹ ਤੇਰੀ ਬੱਕਰੀ ਜਾਂ ਲੂੰਬੜੀ ਨੂੰ ਦੇਖਣ ਨਹੀਂ, ਤੇਰੀ ਧੀ ਦਾ ਚੰਨ ਵਰਗਾ ਮੁਖੜਾ ਮੈਲਾ ਕਰਨ ਆਉਂਦੇ ਹਨ।”
”ਜੇ ਦੇਖਣ ਨਾਲ ਮੈਲਾ ਹੁੰਦਾ ਹੈ ਤਾਂ ਹੋਣ ਦੇ।”
”ਹਾਂ ਅੰਮਾ,” ਫੀਕਾ ਬੋਲਿਆ। ”ਲੋਕ ਆਉਂਦੇ ਹਨ ਦੇਖ ਕੇ ਚਲੇ ਜਾਂਦੇ ਹਨ। ਕੀ ਲੈਂਦੇ ਹਨ?”
”ਸ਼ਰਮ ਕਰ ਫੀਕੇ।”
”ਤੂੰ ਫ਼ਿਕਰ ਨਾ ਕਰ…” ਖ਼ੈਰਦੀਨ ਬੋਲਿਆ, ”ਜਿਹੋ ਜਿਹੀ ਭੇਜੇਂਗੀ ਵੈਸੀ ਹੀ ਵਾਪਸ ਲਿਆਵਾਂਗੇ।”
”ਹਾਂ ਅੰਮਾ ਬੇਸ਼ੱਕ ਜੋਖ ਲੈਣਾ।” ਫੀਕੇ ਨੇ ਮਸ਼ਕਰੀ ਕੀਤੀ।
”ਸ਼ਰਮ ਵੀ ਕੋਈ ਚੀਜ਼ ਹੈ ਬੇਸ਼ਰਮ।”
”ਇਸ ਵਿੱਚ ਬੇਸ਼ਰਮੀ ਦੀ ਕੀ ਗੱਲ ਹੈ ਅੰਮਾ? ਕੁੜੀ ਦਾ ਚਿਹਰਾ ਲੂੰਬੜੀ ਦਾ ਸਰੀਰ, ਨਜ਼ਰ ਦਾ ਧੋਖਾ।”
ਫੀਕੇ ਨੇ ਆਪਣੀ ਮਾਂ ਨੂੰ ਦੱਸਿਆ ਕਿ ਗ਼ਰੀਬ ਆਦਮੀ ਨੂੰ ਪੇਟ ਪਾਲਣ ਦੇ ਲਈ ਸੌ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ।
”ਤੁਸੀਂ ਹੁਣ ਹੋਰ ਧੰਦਾ ਕਿਉਂ ਨਹੀਂ ਸ਼ੁਰੂ ਕਰ ਲੈਂਦੇ?”
”ਅੱਛਾ-ਅੱਛਾ ਉਹ ਵੀ ਕਰ ਲਵਾਂਗੇ, ਚੱਲੋ ਫੀਕੇ ਤਿਆਰੀ ਕਰੋ।”
ਅਤੇ ਤਿਆਰੀ ਸ਼ੁਰੂ ਹੋ ਗਈ।
ਸ਼ੈਦਾ ਨੇ ਆਪਣੀ ਲੋੜ ਦੀਆਂ ਛੋਟੀਆਂ-ਮੋਟੀਆਂ ਚੀਜ਼ਾਂ, ਕੱਪੜੇ ਅਤੇ ਭਾਂਡੇ ਸੂਟਕੇਸ ਵਿੱਚ ਰੱਖਣੇ ਸ਼ੁਰੂ ਕਰ ਦਿੱਤੇ। ਗਰਮੀ ਅਤੇ ਹੁੰਮਸ ਦੇ ਦਿਨ ਸਨ। ਉਸ ਨੂੰ ਪਹਿਰਾਂ ਤਕ ਪਰਦੇ ਪਿੱਛੇ, ਜਿੱਥੇ ਹਵਾ ਨਹੀਂ ਪਹੁੰਚ ਸਕਦੀ, ਬੈਠਣਾ ਪਵੇਗਾ। ਇਸ ਖ਼ਿਆਲ ਨਾਲ ਮਾਂ ਨੇ ਸਾਰੇ ਕੰਮ ਛੱਡ ਕੇ ਉਸ ਨੂੰ ਕੱਪੜਿਆਂ ਦਾ ਨਵਾਂ ਜੋੜਾ ਸਿਉਂ ਦਿੱਤਾ।
ਫੀਕੇ ਨੇ ਕਨਾਤ, ਸ਼ਾਮਿਆਨਾ, ਮੇਜ਼, ਸਟੂਲ, ਪਰਦੇ ਅਤੇ ਬਾਕੀ ਸਾਮਾਨ ਬੰਨ੍ਹ ਦਿੱਤਾ। ਉਹ ਚਾਰੇ-ਖ਼ੈਰਦੀਨ, ਫੀਕਾ, ਕੁੜੀ ਅਤੇ ਲੂੰਬੜੀ ਸੁਬ੍ਹਾ ਮੇਲੇ ਲਈ ਚੱਲ ਪਏ।
ਮੇਲੇ ਦਾ ਪਹਿਲਾ ਦਿਨ ਔਰਤਾਂ ਅਤੇ ਬੱਚਿਆਂ ਲਈ ਖ਼ਾਸ ਸੀ। ਹਾਲਾਂਕਿ ਇਸ ਵਿੱਚ ਵੀ ਮਰਦਾਂ ਦੀ ਗਿਣਤੀ ਵੱਧ ਸੀ। ਗੱਲਾਂ ਕਰਨ ਵਾਲੀ ਲੂੰਬੜੀ ‘ਚ ਬੱਚੇ ਵੱਧ ਦਿਲਚਸਪੀ ਲੈਂਦੇ ਸਨ। ਇਸ ਲਈ ਖ਼ੂਬ ਵਿਕਰੀ ਹੋਈ। ਸਾਰਾ ਦਿਨ ਟਿਕਟ ਵਿਕਦੇ ਰਹੇ। ਖ਼ੈਰਦੀਨ ਬਹੁਤ ਖ਼ੁਸ਼ ਸੀ। ਉਸ ਨੇ ਦੋਵੇਂ ਵਕਤ ਬਹੁਤ ਵਧੀਆ ਖਾਣਾ ਮੰਗਵਾਇਆ। ਕੁੜੀ ਨੂੰ ਆਈਸਕਰੀਮ ਵੀ ਖਵਾਈ ਅਤੇ ਚੂੜੀਆਂ ਤੇ ਸੁਰਮੇ ਲਈ ਵੀ ਪੈਸੇ ਦਿੱਤੇ ਪਰ ਅਗਲੇ ਦਿਨ ਮੀਂਹ ਪੈਣ ਲੱਗ ਪਿਆ। ਦਿਨ ਭਰ ਥੋੜ੍ਹੇ-ਥੋੜ੍ਹੇ ਸਮੇਂ ‘ਤੇ ਬੂੰਦਾ-ਬਾਂਦੀ ਦਾ ਸਿਲਸਿਲਾ ਜਾਰੀ ਰਿਹਾ, ਧੰਦਾ ਬੰਦ ਰਿਹਾ ਪਰ ਉਸ ਨੂੰ ਕੁਝ ਆਰਾਮ ਦਾ ਮੌਕਾ ਮਿਲ ਗਿਆ। ਮੇਲੇ ਦਾ ਅੱਜ ਤੀਜਾ ਦਿਨ ਸੀ।
ਭਾਵੇਂ ਗਰਮੀ ਬਹੁਤ ਸੀ ਅਤੇ ਹਵਾ ਬਿਲਕੁਲ ਬੰਦ ਸੀ। ਇਸ ਦੇ ਬਾਵਜੂਦ ਸਵੇਰ ਤੋਂ ਹੀ ਲੋਕ ਛੋਟੀਆਂ-ਵੱਡੀਆਂ ਟੋਲੀਆਂ ਵਿੱਚ ਮੇਲੇ ‘ਚ ਪੁੱਜਣੇ ਸ਼ੁਰੂ ਹੋ ਗਏ ਸਨ। ਦੁਪਹਿਰ ਤਕ ਮੇਲਾ ਭਰ ਗਿਆ ਅਤੇ ਕਾਫ਼ੀ ਚਹਿਲ-ਪਹਿਲ ਹੋ ਗਈ। ਮੋਢੇ ਨਾਲ ਮੋਢਾ ਘਿਸਰਨ ਲੱਗਿਆ। ਦੁਕਾਨਾਂ ਅਤੇ ਖਾਣ-ਪੀਣ ਦੇ ਢਾਬਿਆਂ ‘ਤੇ ਭੀੜ ਹੋ ਗਈ। ਮਦਾਰੀਆਂ ਅਤੇ ਸਪੇਰਿਆਂ, ਜਾਦੂ ਦਾ ਖੇਡ ਦਿਖਾਉਣ ਵਾਲਿਆਂ, ਰਿੱਛਾਂ ਨਾਲ ਕੁਸ਼ਤੀ ਲੜਨ ਦੀਆਂ ਦਵਾਈਆਂ ਵੇਚਣ ਵਾਲਿਆਂ ਅਤੇ ਉਂਗਲੀ ਨਾਲ ਬਿਨਾਂ ਦਰਦ ਦੇ ਦੰਦ ਕੱਢਣ ਵਾਲਿਆਂ ਦੇ ਨੇੜੇ-ਤੇੜੇ ਤਮਾਸ਼ਾਬੀਨਾਂ ਨੇ ਘੇਰੇ ਬਣਾ ਲਏ ਸਨ। ਥੀਏਟਰ ਖਚਾਖਚ ਭਰੇ ਹੋਏ ਸਨ। ਗੀਤਾਂ ਅਤੇ ਸੰਵਾਦਾਂ ਦਾ ਰੌਲਾ ਬਾਹਰ ਵੀ ਸੁਣਾਈ ਦੇ ਰਿਹਾ ਸੀ। ਇੱਕ ਪਾਸੇ ਸਿਆਲਾਂ ਦੀ ਹੀਰ ਭੱਤਾ ਲੈ ਕੇ ਮੇਲੇ ਵੱਲ ਜਾ ਰਹੀ ਸੀ। ਦੂਜੇ ਪਾਸੇ ਮਜਨੂੰ ਝੱਲਾ ਬਣ ਕੇ ਲੈਲਾ-ਲੈਲਾ ਪੁਕਾਰਦੇ ਹੋਏ ਗਾਉਣ ਲੱਗਾ। ਸਰਕਸ ਵਿੱਚ ਤਮਾਸ਼ਾਬੀਨਾਂ ਲਈ ਕਰਤੱਬਾਂ ਤੋਂ ਬਿਨਾਂ ਵੀ ਦਿਲਚਸਪੀ ਦੀਆਂ ਚੀਜ਼ਾਂ ਸਨ। ਸੋਹਣੇ ਗੁਲਾਬੀ ਚਿਹਰੇ। ਟਿਕਟ ਨਾ ਖ਼ਰੀਦ ਸਕਣ ਜਾਂ ਖ਼ਰੀਦਣ ਦਾ ਫ਼ੈਸਲਾ ਨਾ ਕਰ ਸਕਣ ਵਾਲੇ ਲੋਕਾਂ ਲਈ ਥੀਏਟਰ ਅਤੇ ਸਰਕਸਾਂ ਦੇ ਬਾਹਰ ਵੀ ਦਿਲਚਸਪੀ ਦਾ ਸਾਮਾਨ ਮੌਜੂਦ ਸੀ। ਉੱਚੇ ਮੰਚਾਂ ‘ਤੇ ਜੋਕਰ ਅਤੇ ਔਰਤਾਂ ਦੇ ਲਿਬਾਸ ਵਿੱਚ ਹਿਜੜੇ ਫ਼ਿਲਮੀ ਗੀਤਾਂ ਦੀਆਂ ਧੁਨਾਂ ‘ਤੇ ਨੱਚਦੇ ਅਤੇ ਮੋਢੇ ਮਟਕਾਉਂਦੇ। ਮੌਤ ਦੇ ਖੂਹ ਵਿੱਚ ਚੱਲਣ ਵਾਲੀ ਮੋਟਰਸਾਈਕਲ ਦਾ ਰੌਲਾ ਦੂਰ-ਦੂਰ ਤਕ ਸੁਣਨ ਵਾਲਿਆਂ ਵਿੱਚ ਜੋਸ਼ ਪੈਦਾ ਕਰਦਾ। ਮਰਦਾਂ ਨਾਲ ਭਰੇ ਮੇਲੇ ਵਿੱਚ ਵਣਜਾਰਨਾਂ ਅਤੇ ਭਿਖਾਰਨਾਂ ਤੋਂ ਇਲਾਵਾ ਔਰਤਾਂ ਸਿਰਫ਼ ਸਰਕਸਾਂ ਅਤੇ ਥੀਏਟਰਾਂ ਦੇ ਅੰਦਰ ਸਨ। ਇਸੇ ਕਰਕੇ ਸਭ ਲੋਕਾਂ ਦਾ ਧਿਆਨ ਉਸੇ ਪਾਸੇ ਸੀ। ਘਰਾਂ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੀਆਂ ਮਾਮੂਲੀ ਅਤੇ ਮੈਲੀਆਂ-ਕੁਚੈਲੀਆਂ ਔਰਤਾਂ ਦੇ ਮੁਕਾਬਲੇ ਉਹ ਉਨ੍ਹਾਂ ਨੂੰ ਕਿਸੇ ਹੋਰ ਹੀ ਦੁਨੀਆਂ ਦੀਆਂ ਵਾਸੀ ਦਿਖਾਈ ਦਿੰਦੀਆਂ। ਖ਼ੈਰਦੀਨ ਨੇ ਸੋਚਿਆ ਕਿ ਅੱਜ ਖ਼ੂਬ ਟਿਕਟ ਵਿਕਣਗੇ ਪਰ ਹੁਣ ਉਹ ਪ੍ਰੇਸ਼ਾਨ ਸੀ। ਸਿਰਫ਼ ਇੱਕਾ-ਦੁੱਕਾ ਲੋਕ ਹੀ ਇਧਰ ਆਉਂਦੇ ਸਨ। ਲੂੰਬੜੀ ਅਤੇ ਔਰਤ ਦੇ ਵਿਚਕਾਰ ਦੀ ਥੋੜ੍ਹੀ ਜਿਹੀ ਜਗ੍ਹਾ ਛੱਡ ਕੇ ਭੀੜ ਦੇ ਸਾਰੇ ਬੱਦਲ ਮੇਲੇ ‘ਤੇ ਵਰ੍ਹ ਰਹੇ ਸਨ। ਲਾਊਡ ਸਪੀਕਰ ‘ਤੇ ਬੋਲ-ਬੋਲ ਕੇ ਅਤੇ ਲੋਕਾਂ ਨੂੰ ਪੁਕਾਰ-ਪੁਕਾਰ ਕੇ ਉਸ ਦਾ ਗਲਾ ਬੈਠ ਚੁੱਕਾ ਸੀ।
”ਲੋਕ ਇਧਰ ਕਿਉਂ ਨਹੀਂ ਆਉਂਦੇ?” ਖ਼ੈਰਦੀਨ ਨੇ ਸਵਾਲ ਕੀਤਾ।
”ਲੱਗਦਾ ਹੈ ਲੋਕਾਂ ਨੂੰ ਲੂੰਬੜੀ ਵਿੱਚ ਕੋਈ ਦਿਲਚਸਪੀ ਨਹੀਂ ਰਹੀ ਅੱਬਾ।” ਫੀਕੇ ਨੇ ਸਿਗਰਟ ਸੁਲਗਾਉਂਦਿਆਂ ਕਿਹਾ।
”ਕਿਉਂ ਫੀਕੇ?”
”ਹੁਣ ਹਰ ਆਦਮੀ ਅੰਦਰੋਂ ਲੂੰਬੜੀ ਬਣ ਗਿਆ ਹੈ ਅੱਬਾ।”
”ਉਹ ਕਿਵੇਂ ਫੀਕੇ?”
”ਬੱਕਰੀ ਅਤੇ ਲੂੰਬੜੀ ਦੀ ਕਹਾਣੀ ਤੁਹਾਨੂੰ ਯਾਦ ਹੈ ਅੱਬਾ? ਲੋਕ ਬਹੁਤ ਚਾਲਾਕ ਅਤੇ ਖ਼ੁਦਗਰਜ਼ ਹੋ ਗਏ ਹਨ। ਦੂਜਿਆਂ ਨੂੰ ਟੋਏ ਵਿੱਚ ਸੁੱਟ ਕੇ ਅਤੇ ਉਨ੍ਹਾਂ ਦੇ ਮੋਢਿਆਂ ‘ਤੇ ਸਵਾਰ ਹੋ ਕੇ ਆਪ ਬਾਹਰ ਆ ਜਾਂਦੇ ਹਨ।”
”ਪਰ ਪਰਸੋਂ ਤਾਂ ਬਹੁਤ ਚਹਿਲ-ਪਹਿਲ ਸੀ ਫੀਕੇ।”
”ਪਰਸੋਂ ਬੱਚਿਆਂ ਅਤੇ ਔਰਤਾਂ ਦਾ ਦਿਨ ਸੀ ਅੱਬਾ।”
”ਫਿਰ ਕੀ ਕਰੀਏ?”
”ਹੁਣ ਕੋਈ ਹੋਰ ਧੰਦਾ ਸੋਚ ਅੱਬਾ।”
”ਹਾਂ ਤੇਰੀ ਅੰਮਾ ਵੀ ਇਹੀ ਕਹਿੰਦੀ ਹੈ।”
ਖ਼ੈਰਦੀਨ ਨੂੰ ਲੂੰਬੜੀ ‘ਤੇ ਖ਼ਰਚ ਹੋਈ ਰਕਮ ਬਰਬਾਦ ਹੁੰਦੀ ਦਿਖਾਈ ਦੇਣ ਲੱਗੀ। ਉਹ ਕੋਈ ਹੋਰ ਧੰਦਾ ਸ਼ੁਰੂ ਕਰਨ ਲਈ ਪਹਿਲੀ ਵਾਰ ਸੋਚ ਰਿਹਾ ਸੀ ਕਿ ਇੱਕ ਅਜੀਬ ਗੱਲ ਹੋਈ। ਦੁਪਹਿਰ ਤੋਂ ਬਾਅਦ ਗਰਮੀ ਬਹੁਤ ਵਧ ਗਈ ਸੀ ਅਤੇ ਸੂਰਜ ਆਪਣੇ ਪੂਰੇ ਜਲੌਅ ਵਿੱਚ ਚਮਕ ਰਿਹਾ ਸੀ। ਟਿਕਟ ਤੇਜ਼ੀ ਨਾਲ ਵਿਕਣ ਲੱਗੇ ਅਤੇ ਹੋਰ ਵਾਧਾ ਹੁੰਦਾ ਗਿਆ। ਪਹਿਲਾਂ ਤਾਂ ਉਹ ਖ਼ੁਸ਼ ਹੋਇਆ। ਫਿਰ ਇਹ ਦੇਖ ਕੇ ਚੌਂਕਿਆ ਕਿ ਅੰਦਰ ਜਾਣ ਵਾਲੇ ਬਾਹਰ ਆਉਣ ਦਾ ਨਾਂ ਨਹੀਂ ਲੈਂਦੇ ਅਤੇ ਜਿਨ੍ਹਾਂ ਨੂੰ ਭੀੜ ਕਰਕੇ ਫੀਕਾ ਬਾਹਰ ਨਿਕਲਣ ਲਈ ਮਜਬੂਰ ਕਰ ਦਿੰਦਾ ਹੈ, ਉਹ ਨਵਾਂ ਟਿਕਟ ਖ਼ਰੀਦ ਕੇ ਦੁਬਾਰਾ ਅੰਦਰ ਆ ਜਾਂਦੇ ਹਨ। ਉਸ ਨੇ ਫੀਕੇ ਤੋਂ ਲੋਕਾਂ ਦੀ ਇਸ ਲਗਾਤਾਰ ਦਿਲਚਸਪੀ ਦੀ ਵਜ੍ਹਾ ਜਾਣਨੀ ਚਾਹੀ ਤਾਂ ਉਸ ਨੇ ਹੱਸ ਕੇ ਜਵਾਬ ਦਿੱਤਾ, ”ਬੱਸ ਭੇੜ ਚਾਲ ਹੈ ਅੱਬਾ। ਲੋਕ ਜਿਸ ਪਾਸੇ ਭੀੜ ਦੇਖਦੇ ਹਨ, ਦੇਖਾ-ਦੇਖੀ ਉਸੇ ਪਾਸੇ ਚੱਲ ਪੈਂਦੇ ਹਨ।
ਅਜਿਹਾ ਕਦੇ-ਕਦੇ ਪਹਿਲਾਂ ਵੀ ਹੋ ਜਾਂਦਾ ਸੀ। ਅਚਾਨਕ ਤਮਾਸ਼ਾਬੀਨਾਂ ਦਾ ਰੇਲਾ ਆ ਜਾਂਦਾ ਹੈ। ਫਿਰ ਮੌਤ ਅਤੇ ਗਾਹਕ ਦਾ ਕੀ ਪਤਾ, ਕਦੋਂ ਆ ਜਾਏ। ਇਸ ਖ਼ਿਆਲ ਨਾਲ ਉਹ ਸੰਤੁਸ਼ਟ ਹੋਇਆ ਅਤੇ ਖ਼ੁਸ਼ੀ ਨਾਲ ਟਿਕਟਾਂ ਵੇਚਣ ਲੱਗ ਗਿਆ।
ਤਮਾਸ਼ਾਬੀਨਾਂ ਦਾ ਜੋਸ਼-ਖਰੋਸ਼ ਹਰ ਪਲ ਵਧਦਾ ਗਿਆ। ਟਿਕਟ ਖ਼ਰੀਦਣ ਵਾਲਿਆਂ ਦੀ ਪਹਿਲੀ ਵਾਰ ਲੰਮੀ ਲਾਈਨ ਲੱਗ ਗਈ। ਉਸ ਦਾ ਮੱਥਾ ਠਣਕਿਆ। ਫਿਰ ਫੀਕੇ ਨੂੰ ਆਪਣੇ ਕੋਲ ਬੁਲਾਇਆ ਤੇ ਹੌਲੀ ਜਿਹੀ ਪੁੱਛਿਆ, ”ਖ਼ੈਰ ਤਾਂ ਹੈ ਆਖ਼ਰ ਅੱਜ ਕੀ ਗੱਲ ਹੋ ਗਈ?”
”ਸਭ ਠੀਕ ਹੈ ਅੱਬਾ।”
”ਕੋਈ ਗੱਲ ਤਾਂ ਹੈ?”
”ਬੱਸ ਅੱਬਾ ਗਰਮੀ ਬਹੁਤ ਹੈ…” ਫੀਕਾ ਹੱਸਣ ਲੱਗਾ।
”ਇੱਥੇ ਕਿਹੜਾ ਬਰਫ਼ ਪੈ ਰਹੀ ਹੈ ਫੀਕੇ?”
”ਤੁਸੀਂ ਟਿਕਟ ਵੇਚੋ ਅੱਬਾ।”
”ਫੀਕੇ ਇਹ ਅਚਾਨਕ!”
”ਕੁਝ ਨਹੀਂ ਅੱਬਾ… ਬੱਸ ਨਜ਼ਰ ਦਾ ਧੋਖਾ ਹੈ।” ਫੀਕਾ ਹੱਸਦਾ ਹੋਇਆ ਚਲਾ ਗਿਆ।
ਉਸ ਨੂੰ ਕੁਝ ਸਮਝ ਨਹੀਂ ਆਇਆ ਪਰ ਫਿਰ ਉਸ ਨੂੰ ਫੀਕੇ ਦੀ ਹਾਸੀ ਬਹੁਤ ਅਰਥਪੂਰਨ ਲੱਗੀ। ਉਸ ਨੇ ਥੋੜ੍ਹੀ ਦੇਰ ਲਈ ਟਿਕਟ ਵੇਚਣੇ ਬੰਦ ਕਰ ਦਿੱਤੇ। ਖ਼ੁਦ ਉੱਚੀ ਥਾਂ ਤੋਂ ਉਤਰ ਕੇ ਤਮਾਸ਼ਾਬੀਨਾਂ ਦੇ ਨੇੜੇ ਆਇਆ ਅਤੇ ਇਹ ਦੇਖ ਦੇ ਠਿਠਕ ਗਿਆ ਕਿ ਪਰਦਾ ਖਿਸਕ ਜਾਣ ਕਾਰਨ ਲੂੰਬੜੀ ਨਾਲ ਕੁੜੀ ਦਾ ਉਪਰ ਵਾਲਾ ਧੜ ਵੀ ਦਿਖਾਈ ਦੇ ਰਿਹਾ ਹੈ। ਪਹਿਲਾਂ ਤਾਂ ਉਸ ਨੂੰ ਸ਼ੱਕ ਹੋਇਆ ਕਿ ਉਹ ਤਮਾਸ਼ਾਬੀਨਾਂ ਤੋਂ ਹੀ ਨਹੀਂ, ਕੁੜਤੀ ਤੋਂ ਲਾਪਰਵਾਹ ਹੋ ਕੇ ਬੈਠੀ ਹੈ ਪਰ ਫਿਰ ਅੰਦਾਜ਼ਾ ਹੋ ਗਿਆ ਕਿ ਕੁੜਤੀ ਭਿੱਜ ਕੇ ਉਸ ਦੇ ਸਰੀਰ ਨਾਲ ਚਿਪਕ ਗਈ ਹੈ ਅਤੇ ਮਾਸ ਦੇ ਰੰਗ ਵਿੱਚ ਹੀ ਬਦਲ ਗਈ ਹੈ। ਉਸ ਨੂੰ ਫੀਕੇ ‘ਤੇ ਬਹੁਤ ਗੁੱਸਾ ਆਇਆ। ਉਹ ਕਾਹਲੀ ਨਾਲ ਆਪਣੀ ਥਾਂ ‘ਤੇ ਮੁੜ ਆਇਆ ਕਿ ਫੀਕੇ ਨੂੰ ਡਾਂਟ ਕੇ ਪਰਦਾ ਠੀਕ ਕਰਨ ਨੂੰ ਕਹੇ ਅਤੇ ਉਹ ਖ਼ੁਦ ਸ਼ੋਅ ਖ਼ਤਮ ਹੋਣ ਦਾ ਐਲਾਨ ਕਰੇ ਪਰ ਉਸ ਦੀ ਨਿਗ੍ਹਾ ਤਮਾਸ਼ਬੀਨਾਂ ਦੀ ਲੰਮੀ ਲਾਈਨ ‘ਤੇ ਪਈ ਅਤੇ ਉਹ ਛੇਤੀ-ਛੇਤੀ ਟਿਕਟ ਵੇਚਣ ਲੱਗ ਗਿਆ।
(ਅਨੁਵਾਦ: ਭੁਪਿੰਦਰਪਾਲ ਸਿੰਘ ਜੈਤੋ)