Neend (Story in Punjabi) : Ismat Chughtai

ਨੀਂਦ (ਕਹਾਣੀ) : ਇਸਮਤ ਚੁਗ਼ਤਾਈ

ਯਕਦਮ ਰਾਤ ਹੱਦੋਂ ਵਧ ਸੁੰਨਸਾਨ ਤੇ ਥੱਕੀ-ਥੱਕੀ ਜਿਹੀ ਮਹਿਸੂਸ ਹੋਣ ਲੱਗ ਪਈ ਸੀ। ਉਹੀ ਰਾਤ ਜਿਹੜੀ ਕੁਝ ਘੰਟੇ ਪਹਿਲਾਂ ਨਸ਼ੇ ਵਿਚ ਚੂਰ, ਚੌਥੀ ਦੀ ਦੁਹਲਨ ਵਾਂਗ ਜਗਮਗਾ ਰਹੀ ਸੀ, ਹੁਣ ਅਚਾਨਕ ਹੀ ਬੁੱਢੀ ਤੇ ਬਿਮਾਰ ਹੋ ਗਈ ਜਾਪਦੀ ਸੀ—ਉਹਨੇ ਆਪਣੀ ਬਾਂਹ 'ਤੇ ਪਏ ਨੌਜਵਾਨ ਦੇ ਭਾਰੀ ਸਿਰ ਦੇ ਭਾਰ ਨੂੰ, ਖਿਸਕਾਅ ਕੇ, ਜ਼ਰਾ ਹੋਰ ਨੇੜੇ ਕਰ ਲਿਆ। ਉਹ ਘੂਕ ਸੁੱਤਾ ਹੋਇਆ ਸੀ। ਉਸਦੀਆਂ ਲੰਮੀਆਂ ਸੁਡੌਲ ਲੱਤਾਂ ਪਲੰਘ ਤੋਂ ਬਾਹਰਵਾਰ ਨਿਕਲੀਆਂ ਹੋਈਆਂ ਸਨ, ਇਕ ਬਾਂਹ ਪਾਸੇ ਹੇਠ ਆਈ ਹੋਈ ਸੀ ਤੇ ਦੂਜੀ ਕਿਸੇ ਭਾਰੀ ਸ਼ਹਿਤੀਰ ਵਾਂਗ ਉਹਦੀ ਹਿੱਕ ਉੱਤੇ ਪਈ ਸੀ।
ਕਿੰਨੀ ਗੂੜ੍ਹੀ ਨੀਂਦ ਸੁੱਤਾ ਹੋਇਆ ਸੀ ਭਲਾਮਾਣਸ! ਜੇ ਇਸ ਵੇਲੇ ਉਸਦੀਆਂ ਸੁਰਮਈ ਅੱਖਾਂ ਖੁੱਲ੍ਹੀਆਂ ਹੁੰਦੀਆਂ ਤਾਂ ਕਥਈ ਵਾਲਾਂ ਦੇ ਗੁੱਛੇ ਪੁਤਲੀਆਂ ਉੱਤੇ ਟਿਕੇ ਹੋਏ ਹੁੰਦੇ। ਉਸਦੀਆਂ ਸੰਦਲੀ ਗੱਲ੍ਹਾਂ ਉੱਤੇ ਅੱਧੀ ਰਾਤ ਦਾ ਹੁਸਨ ਖਿੱਲਰਿਆ ਹੋਇਆ ਸੀ, ਮੂੰਹ ਵਿਚੋਂ ਵਾਥੇ ਤੇ ਵਿਸਕੀ ਦੀ ਮਿੱਠੀ-ਮਿੱਠੀ ਮਹਿਕ ਆ ਰਹੀ ਸੀ।
ਜਵਾਨ ਸੁੱਤਾ ਪਿਆ ਸੀ ਤੇ ਉਹ ਜਾਗ ਰਹੀ ਸੀ। ਉਸਦੀ ਗੂੜ੍ਹੀ ਨੀਂਦ ਉੱਤੇ ਉਹਨੂੰ ਖਿਝ ਚੜ੍ਹਨ ਲੱਗ ਪਈ। ਕੰਬਖ਼ਤ, ਬਾਂਹ ਉੱਤੇ ਸਿਰ ਰੱਖਦਾ ਹੀ ਸੌਂ ਗਿਆ ਸੀ ਤੇ ਘੁਰਾੜੇ ਮਾਰਨ ਲੱਗ ਪਿਆ ਸੀ। ਉਸਦੇ ਘੁਰਾੜੇ ਕਿਸੇ ਮਾਸੂਮ ਬੱਚੇ ਦੇ ਘੁਰਾੜਿਆਂ ਵਾਂਗ ਨਰਮ, ਮੁਲਾਇਮ ਤੇ ਨੀਂਦ ਦੀਆਂ ਸੁਰਾਂ ਵਿਚ ਡੁੱਬੇ ਹੋਏ ਸਨ। ਉਸਦੇ ਮੋਢਿਆਂ ਉੱਤੇ ਲਗਾਤਾਰ ਪਰ ਇਕ ਖਾਸ ਵਕਫੇ ਪਿੱਛੋਂ, ਇਕ ਕੋਸੀ ਜਿਹੀ ਲਕੀਰ ਵਹਿ ਜਾਂਦੀ ਸੀ।
ਉਹ ਜਾਗ ਰਹੀ ਸੀ—ਕਿਉਂਕਿ ਉਹਦੇ ਜਿਸਮ ਦੇ ਏਨੀ ਨੇੜੇ ਹੁੰਦਾ ਹੋਇਆ ਵੀ ਉਹ ਕਿੰਨਾ ਦੂਰ ਸੀ; ਵਿਚਕਾਰ ਕਈ ਸਾਲ ਲੰਮਾ ਪਾੜਾ ਸੀ। ਉਹ ਜ਼ਿੰਦਗੀ ਦੀਆਂ ਰੌੜਾਂ ਵਿਚ ਭਟਕ ਰਹੀ ਸੀ ਤੇ ਨੌਜਵਾਨ ਸਿਪਾਹੀ ਉਸ ਤੋਂ ਦੂਰ ਸੁਪਨਿਆਂ ਦੀ ਵਾਦੀ ਵਿਚ ਆਪਣੀ ਡਾਰਲਿੰਗ ਸ਼ਹੀਨੋ ਨੂੰ ਕਲਾਵੇ ਵਿਚ ਭਰੀ ਉਹਦੇ ਹੋਂਠ ਚੁੰਮ ਰਿਹਾ ਸੀ...ਤੇ ਉਸਦੇ ਬਰਬਾਦ ਤੇ ਸੁੰਨਸਾਨ ਦਿਲ ਨੂੰ, ਉਸ ਨੀਂਦ ਦੀ ਦੁਨੀਆਂ ਤੋਂ ਦੂਰ, ਇਕੱਲਿਆਂ ਛੱਡ ਗਿਆ ਸੀ।
ਉਸਦੀ ਨੀਂਦ ਦਾ ਖ਼ਜ਼ਾਨਾ ਮੁੱਕ ਚੁੱਕਿਆ ਸੀ। ਵਰ੍ਹਿਆਂ ਤੋਂ ਉਹ ਲੋਥ ਹੋ ਕੇ ਸੌਣ ਦਾ ਮਜ਼ਾ ਵੀ ਭੁੱਲ ਚੁੱਕੀ ਸੀ—ਹੁਣ ਤਾਂ ਨੀਂਦ ਦੀਆਂ ਦਵਾਈਆਂ ਦਾ ਵੀ ਉਸ ਉੱਤੇ ਕੋਈ ਅਸਰ ਨਹੀਂ ਸੀ ਹੁੰਦਾ। ਡਾਕਟਰ ਨੇ ਬੜੀ ਸਖ਼ਤੀ ਨਾਲ ਗੋਲੀਆਂ ਦੀ ਮਿਕਦਾਰ ਘੱਟ ਕਰ ਦੇਣ ਦੀ ਹਦਾਇਤ ਕੀਤੀ ਸੀ। ਕਦੀ ਉਹ ਦਿਨ ਵੀ ਹੁੰਦੇ ਸਨ ਜਦੋਂ ਨੀਂਦ ਪਿੱਛਾ ਹੀ ਨਹੀਂ ਸੀ ਛੱਡਦੀ ਹੁੰਦੀ! ਗਿਆਰਾਂ ਦੇ ਆਸ-ਪਾਸ ਪਲਕਾਂ ਲੜਖੜਾਉਣ ਲੱਗ ਪੈਂਦੀਆਂ ਸਨ। ਇਕ ਵਾਰੀ ਤਾਂ ਉਹ ਨਾਚ ਦੇ ਦੌਰਾਨ ਆਪਣੇ ਪਾਰਟਨਰ ਦੀਆਂ ਬਾਹਾਂ ਵਿਚ ਹੀ ਸੌਂ ਗਈ ਸੀ। ਜੇ ਉਸਦਾ ਪਾਰਟਨਰ ਓਨਾਂ ਤਾਕਤਵਰ ਨਾ ਹੁੰਦਾ ਤਾਂ ਉਸਨੂੰ ਬਾਹਾਂ ਵਿਚ ਸੰਭਾਲ ਕੇ ਨੱਚ ਨਹੀਂ ਸੀ ਸਕਦਾ।...ਤੇ ਜੇ ਉਸਨੂੰ ਆਪਣੇ ਪਾਰਟਨਰ ਦੀ ਓਹੀ ਮਰਦਾਨਗੀ ਓਨੀਂ ਪਸੰਦ ਨਾ ਆਈ ਹੁੰਦੀ ਤਾਂ ਅੱਜ ਉਸਦੀ ਜ਼ਿੰਦਗੀ ਵੱਖਰੀ ਕਿਸਮ ਦੀ ਹੁੰਦੀ। ਇਹ ਉਦੋਂ ਦੀਆਂ ਗੱਲਾਂ ਸਨ ਜਦੋਂ ਉਸਦਾ ਵਿਆਹ ਹੋਇਆਂ ਕੁਝ ਵਰ੍ਹੇ ਹੀ ਹੋਏ ਸਨ ਤੇ ਉਦੋਂ ਤਕ ਉਸਦੇ ਪਤੀ ਅਜੇ ਏਨੇ ਬਾਸੀ ਤੇ ਪੁਰਾਣੇ ਵੀ ਨਹੀਂ ਸਨ ਹੋਏ। ਦੋਹੇਂ ਸੁਸਾਇਟੀ ਵਿਚ ਨਵੇਂ-ਨਵੇਂ ਆਏ ਸਨ ਤੇ ਉਚ-ਤਬਕੇ ਦੇ ਜਿੰਦਾ-ਦਿਲ ਲੋਕਾਂ ਨੇ ਖਿੜੇ-ਮੱਥੇ ਉਹਨਾਂ ਨੂੰ ਜੀ-ਆਇਆਂ ਆਖਿਆ ਸੀ। ਨਵ-ਵਿਆਹੇ ਸੁਲੇਮਾਨ ਤੇ ਸ਼ਹੀਨੋ ਦੀ ਜੋੜੀ ਵੀ ਖ਼ੂਬ ਸੀ। ਸੁਲੇਮਾਨ ਦਰਮਿਆਨੇ ਕੱਦ ਦੇ ਸੋਹਣੇ-ਸੁਨੱਖੇ ਨੌਜਵਾਨ ਸਨ। ਉਹਨਾਂ ਦੀਆਂ ਅੱਖਾਂ ਵਿਚ ਮਾਸੂਮੀਅਤ ਸੀ ਆਵਾਜ਼ ਵਿਚ ਅੰਤਾਂ ਦੀ ਮਿਠਾਸ। ਸੁਸਾਇਟੀ ਦੀਆਂ ਉਕਤਾਈਆਂ ਹੋਈਆਂ ਬੇਗ਼ਮਾਂ ਛੇਤੀ ਹੀ ਉਹਨਾਂ ਦੀ ਭੋਲੀ-ਭਾਲੀ ਸੂਰਤ ਉਤੇ ਡੁੱਲ੍ਹ ਗਈਆਂ ਸਨ। ਸ਼ਹਿਨਾਜ਼ ਜਿਸਨੂੰ ਸਾਰੇ ਪਿਆਰ ਨਾਲ ਸ਼ਹੀਨੋ ਆਖਦੇ ਸਨ, ਬੜੀ ਅਲਬੇਲੀ ਸਿੱਧ ਹੋਈ ਸੀ। ਜੇ ਉਸਦਾ ਨੱਕ-ਨਕਸ਼ਾ ਹੁਸਨ ਦੇ ਹਿਸਾਬ ਤੋਂ ਪਰਖਿਆ ਜਾਂਦਾ ਤਾਂ ਉਹ ਘਾਟੇ ਵਿਚ ਰਹਿੰਦੀ, ਪਰ ਦਿੱਖ ਉਸਦੀ ਗ਼ਜ਼ਬ ਦੀ ਸੀ—ਸਰਦਾਰਨੀਆਂ ਵਰਗੀ। ਲੰਮੇ ਕੱਦ-ਬੁੱਤ ਵਿਚ ਕਹਿਰ ਦੀ ਲਚਕ; ਠੋਸ ਜਿਸਮ ਦੇ ਉਤਾਰ-ਚੜਾਅ ਤੇ ਉਪਰੋਂ ਉਸਦਾ ਅਨੋਖਾ ਟੇਸਟ ਟਾਈਟ-ਫਿਟਿੰਗ ਲਿਬਾਸ...ਸੋਨੇ ਉੱਤੇ ਸੁਹਾਗਾ ਸਿੱਧ ਹੁੰਦਾ ਸੀ।
ਉਫ਼! ਕੀ ਦਿਨ ਹੁੰਦੇ ਸਨ ਉਹ, ਜਦੋਂ ਲੋਕਾਂ ਦੀਆਂ ਨਜ਼ਰਾਂ ਉਸ ਦੇ ਪਿੱਛੇ-ਪਿੱਛੇ ਭਟਕਦੀਆਂ ਰਹਿੰਦੀਆਂ ਸਨ। ਕੁਝ ਕੁ ਈਰਵਾਲੂ ਕਿਸਮ ਦੇ ਲੋਕਾਂ ਦਾ ਵਿਚਾਰ ਸੀ ਕਿ ਸੁਲੇਮਾਨ ਸਾਹਬ ਨੂੰ ਸ਼ਹੀਨੋ ਡਾਰਲਿੰਗ ਕਰਕੇ ਹੀ ਏਨਾ ਮਹੱਤਵ ਦਿੱਤਾ ਜਾਂਦਾ ਸੀ ਤੇ ਕੁਝ ਮੂਰਖ ਸਮਝਦੇ ਸੀ ਕਿ ਖੁਸ਼-ਮਜ਼ਾਜ ਜ਼ਨਾਨੀਆਂ ਸੁਲੇਮਾਨ ਕਰਕੇ ਸ਼ਹੀਨੋ ਦੀਆਂ ਧਰਮ-ਭੈਣਾ ਬਣੀਆਂ ਹੋਈਆਂ ਨੇ।
ਇਹ ਉਹ ਜ਼ਮਾਨਾ ਸੀ, ਜਦੋਂ ਨੀਂਦ ਟੁੱਟ ਕੇ ਆਉਂਦੀ ਹੁੰਦੀ ਸੀ। ਸ਼ਾਮ ਹੁੰਦਿਆਂ ਹੀ ਅੱਖਾਂ ਵਿਚ ਮੱਠੀ-ਮੱਠੀ ਰੜਕ ਪੈਣ ਲੱਗ ਪੈਂਦੀ ਤੇ ਉਸਦਾ ਰੂਪ ਦੁਗਣਾ ਹੋ ਜਾਂਦਾ—ਪਰ ਲੋਕ ਕਿਸੇ ਸ਼ਰਤ ਉੱਤੇ ਉਸਨੂੰ ਉਠਣ ਈ ਨਹੀਂ ਸੀ ਦੇਂਦੇ। ਪਾਰਟੀ ਵਿਚੋਂ ਆ ਕੇ ਕਿੰਨੀ ਧਾਕੜ ਕਿਸਮ ਦੀ ਨੀਂਦ ਆਉਂਦੀ ਹੁੰਦੀ ਸੀ। ਸੁਲੇਮਾਨ ਤਾਂ ਸਵੇਰੇ ਉਠ ਕੇ ਦਫ਼ਤਰ ਚਲੋ ਜਾਂਦੇ ਸਨ, ਪਰ ਉਹ ਨਰਮ-ਨਰਮ ਬਿਸਤਰੇ ਉੱਤੇ; ਪਾਸੇ ਪਰਤ-ਪਰਤ ਕੇ ਸੌਂਦੀ ਰਹਿੰਦੀ ਸੀ। ਬੜੀ ਮੁਸ਼ਕਲ ਨਾਲ ਖਾਣਾ ਖਾਣ ਸਮੇਂ ਉਠਦੀ, ਪਰ ਨੀਂਦ ਅੱਖਾਂ ਵਿਚ ਰੜਕ ਰਹੀ ਹੁੰਦੀ, ਨਹਾਅ-ਧੋ ਕੇ ਬਿੰਦ ਝੱਟ ਅੱਖਾਂ ਖੁੱਲ੍ਹਦੀਆਂ, ਖਾਣੇ ਨਾਲ ਥੋੜ੍ਹੀ ਜਿਹੀ ਬੀਅਰ ਪੀਣ ਪਿੱਛੋਂ ਤੁਰੰਤ ਨੀਂਦ ਜੋੜ-ਜੋੜ ਵਿਚ ਸਰਕ ਆਉਂਦੀ। ਕੁਝ ਪੜ੍ਹਨ ਦੀ ਕੋਸ਼ਿਸ਼ ਕਰਦੀ ਤਾਂ ਕਿਤਾਬ ਵਾਰ-ਵਾਰ ਚਿਹਰੇ 'ਤੇ ਆਣ ਡਿੱਗਦੀ।
ਪਰ ਹੁਣ ਤਾਂ ਜਿਵੇਂ ਨੀਂਦ ਦੀਆਂ ਥੈਲੀਆਂ ਹੀ ਸੁੱਕ ਗਈਆਂ ਸਨ। ਸਮਾਂ ਕੀੜੀ ਦੀ ਤੋਰ ਤੁਰਦਾ ਰਹਿੰਦਾ, ਪਰ ਨੀਂਦ ਨਾ ਆਉਂਦੀ। ਜੇ ਆਉਂਦੀ ਤਾਂ ਬੜੀ ਓਪਰੀ ਤੇ ਟੁੱਟਵੀਂ ਜਿਹੀ ਕਿ ਸੌਂ ਕੇ ਵੀ ਜਾਗਦੇ ਰਹਿਣ ਦਾ ਖਰ੍ਹਵਾ ਅਹਿਸਾਸ ਹੁੰਦਾ ਰਹਿੰਦਾ।
ਭਾਰ ਹੇਠ ਦੱਬੀ ਹੋਈ ਬਾਂਹ ਖ਼ੂਨ ਦਾ ਦੌਰਾ ਰੁਕ ਜਾਣ ਕਰਕੇ ਸੁੰਨ ਹੋ ਗਈ ਸੀ। ਉਸਨੇ ਹੌਲੀ-ਹੌਲੀ ਨੀਂਦ ਭਾਰੇ ਸਿਰ ਹੇਠੋਂ ਆਪਣੀ ਬਾਂਹ ਕੱਢੀ ਤੇ ਸ਼ਹਿਤੀਰ ਵਰਗੀ ਬਾਂਹ ਨੂੰ ਪੂਰਾ ਜੋਰ ਲਾ ਕੇ ਪਰ੍ਹਾਂ ਸਰਕਾਇਆ। ਫੇਰ ਕੁਹਨੀ ਭਾਰ ਹੋ ਕੇ ਮਿਲਟਰੀ ਦੇ ਉਸ ਨੌਜਵਾਨ ਵੱਲ ਤੱਕਣ ਲੱਗ ਪਈ। ਉਹਨਾਂ ਦੰਗਾ ਮਸਤੀ ਭਰੇ ਪਲਾਂ ਵਿਚ, ਚੱਜ ਨਾਲ ਉਹ ਉਸਦੀ ਸ਼ਕਲ ਵੀ ਨਹੀਂ ਸੀ ਦੇਖ ਸਕੀ। ਉਹ ਸੀ ਵੀ ਬੇਲਗ਼ਾਮ ਘੋੜੇ ਵਰਗਾ—ਜਵਾਨੀ ਉਸਦੀ ਰਗ-ਰਗ ਵਿਚ ਚੁੱਘੀਆਂ ਭਰਦੀ ਸੀ—ਨਿਚਲਾ ਬਹਿਣਾ ਤਾਂ ਜਿਵੇਂ ਉਸਨੇ ਸਿੱਖਿਆ ਹੀ ਨਹੀਂ ਸੀ। ਇਕ ਥਾਂ ਬੈਠੇ ਨੂੰ ਥਕਾਵਟ ਹੋਣ ਲੱਗ ਪੈਂਦੀ। ਉਸਨੇ ਆਪਣੀ ਜ਼ਿੰਦਗੀ ਵਿਚ ਅਣਗਿਣਤ ਸ਼ਰਾਬੀ ਦੇਖੇ ਸਨ—ਹੱਸਦੇ ਹੋਏ, ਰੋਂਦੇ ਹੋਏ, ਉਲਟੀਆਂ ਕਰਦੇ ਹੋਏ, ਕਈਆਂ ਦਾ ਟੱਟੀ-ਪਿਸ਼ਾਬ ਵਿੱਚੇ ਨਿੱਕਲ ਜਾਂਦਾ ਸੀ। ਪਰ ਅਜਿਹਾ ਸ਼ਰਾਬੀ ਉਸਨੇ ਕਦੀ ਨਹੀਂ ਸੀ ਦੇਖਿਆ—ਜਿੰਨੀ ਉਹ ਕੁਝ ਘੰਟਿਆਂ ਵਿਚ ਪੀ ਗਿਆ ਸੀ, ਦੂਜੇ ਕਈ ਦਿਨਾਂ 'ਚ ਨਹੀਂ ਸੀ ਪੀ ਸਕਦੇ। ਉਪਰੋਂ ਮਜ਼ੇ ਦੀ ਗੱਲ ਇਹ ਸੀ ਕਿ ਨਾ ਤਾਂ ਉਸਦੀ ਆਵਾਜ਼ ਵਿਗੜੀ ਸੀ ਤੇ ਨਾ ਹੀ ਪੈਰ ਲੜਖੜਾਏ ਸਨ। ਉਸਦਾ ਜੋੜ-ਜੋੜ ਚਸਕਣ ਲੱਗ ਪਿਆ ਸੀ, ਪਰ ਉਹ ਚਕਾ-ਚੌਬੰਦ ਨੱਚਦਾ ਰਿਹਾ ਸੀ। ਉਸ ਸ਼ਾਮ ਪਤਾ ਨਹੀਂ ਉਹ ਕਿੰਨੇ ਮੀਲ ਨੱਚਿਆ ਹੋਏਗਾ। ਸ਼ੁਰੂ ਵਿਚ ਹੀ ਉਸਨੇ ਏਨੀ ਪੀਤੀ ਹੋਈ ਸੀ ਕਿ ਉਸਨੇ ਮਿਸੇਜ ਦਾਰਾਬਜੀ ਨੂੰ ਕਹਿ ਕੇ ਇਸ ਜੰਗਲੀ ਤੋਂ ਖਹਿੜਾ ਛੁਡਾਉਣਾ ਚਾਹਿਆ ਸੀ। ਪਰ ਬਦਕਿਸਮਤੀ ਨਾਲ ਹੋਰ ਔਰਤਾਂ ਪਹਿਲਾਂ ਹੀ ਰੁੱਝੀਆਂ ਹੋਈਆਂ ਸਨ। ਨਹੀਂ ਤਾਂ ਮਿਸੇਜ ਦਾਰਾਬਜੀ ਦੇ ਕਹਿਣ ਅਨੁਸਾਰ 'ਇਸ ਛੋਕਰੇ ਦੇ ਤਾਂ ਉਲਟੇ ਦਾਮ ਦਿੱਤੇ ਜਾ ਸਕਦੇ ਸਨ।' ਫੇਰ ਕੁਝ ਚਿਰ ਜਬਰਦਸਤੀ ਭੁਗਤਣ ਤੋਂ ਬਾਅਦ ਉਸਨੂੰ ਉਸ ਉੱਤੇ ਪਿਆਰ ਆਉਣ ਲੱਗ ਪਿਆ ਸੀ—ਉਹ ਇਕੱਲਾ ਸੀ; ਬੜਾ ਹੀ ਇਕੱਲਾ। ਉਸਦੀ ਮਾਂ ਬਚਪਨ ਵਿਚ ਮਰ ਚੁੱਕੀ ਸੀ ਤੇ ਪਿਓ ਉੱਲੂ ਦਾ ਪੱਠਾ ਸੀ ਪੱਕਾ। ਨਾਲੇ ਉਸਨੂੰ ਸ਼ਹੀਨੋ ਨਾਲ ਪਿਆਰ ਹੋ ਗਿਆ ਸੀ। ਹੁਣ ਉਹ ਕਿਤੇ ਨਹੀਂ ਜਾਏਗਾ, ਨੌਕਰੀ ਨੂੰ ਲੱਤ ਮਾਰ ਦਏਗਾ ਤੇ ਸਾਰੀ ਦੁਨੀਆਂ ਨੂੰ ਗੋਲੀ—ਬਸ ਸ਼ਹੀਨੋ ਤੇ ਉਹ ਸਾਰੀ ਉਮਰ ਇਸੇ ਚੀਕਣੇ ਫ਼ਰਸ਼ ਉੱਤੇ ਨੱਚਦੇ-ਥਿਰਕਦੇ ਰਹਿਣਗੇ—ਇਹ ਫ਼ੈਸਲੇ ਉਸਨੇ ਕੁਝ ਘੰਟਿਆਂ ਵਿਚ ਹੀ ਕਰ ਲਏ ਸਨ।
ਖਿੜਕੀ ਵਿਚੋਂ ਆ ਰਹੀ ਸਵੇਰ ਦੀ ਦੂਧੀਆ ਰੋਸ਼ਨੀ ਵਿਚ ਉਸਨੇ ਜ਼ਰਾ ਗਹੁ ਨਾਲ, ਇਕ ਵਾਰੀ ਫੇਰ, ਘੂਕ ਸੁੱਤੇ ਹੋਏ ਫੌਜੀ ਜਵਾਨ ਵੱਲ ਤੱਕਿਆ, ਜਿਸਨੇ ਕਿਸੇ ਮਾਰ ਖਾ ਕੇ ਸੁੱਤੇ ਬੱਚੇ ਵਾਂਗ ਹੌਂਕਾ ਲਿਆ ਸੀ, ਜਿਵੇਂ ਕੋਈ ਭਿਆਨਕ ਸੁਪਨਾ ਦੇਖ ਰਿਹਾ ਹੋਏ—ਮੁਹਾਜ ਤੋਂ ਜਿਊਂਦੇ ਪਰਤ ਆਉਣ ਵਾਲੇ ਆਪਣੀ ਰੂਹ ਦਾ ਕੋਈ ਅਦਿੱਖ, ਅਣਜਾਣ ਟੁੱਕੜਾ ਉੱਥੋਂ ਦੀ ਮਿੱਟੀ ਤੇ ਖ਼ੂਨ ਵਿਚ ਤੜਫਦਾ ਹੋਇਆ ਛੱਡ ਆਉਂਦੇ ਨੇ ਤੇ ਜਦੋਂ ਨੀਂਦ ਦੀ ਰਾਣੀ ਉਹਨਾਂ ਨੂੰ ਸੁਪਨੇ ਵਿਚ ਮੁੜ ਉੱਥੇ ਘਸੀਟ ਕੇ ਲੈ ਜਾਂਦੀ ਹੈ ਤਾਂ ਉਹ ਕਿਸੇ ਮਾਸੂਮ ਬੱਚੇ ਵਾਂਗ ਹੀ ਹੌਂਕੇ ਲੈਣ ਲੱਗ ਪੈਂਦੇ ਨੇ।
'ਨੀਂਦ ਵਿਚ ਫ਼ਰੀਦ ਵੀ ਇੰਜ ਹੀ ਹੌਂਕੇ ਲੈਂਦਾ ਹੁੰਦਾ ਸੀ।' ਉਸ ਨੇ ਸੋਚਿਆ।
ਫਰੀਦ ਦੀ ਯਾਦ ਬਿਜਲੀ ਵਾਂਗ ਕੜਕੀ ਤੇ ਤਲਵਾਰ ਵਾਂਗ ਉਸਦੇ ਦਿਲ ਵਿਚੋਂ ਪਾਰ ਲੰਘ ਗਈ। ਜਦੋਂ ਫ਼ਰੀਦ ਜੰਮਿਆਂ ਸੀ, ਉਹ ਕਿੰਨੀ ਨਾਦਾਨ ਹੁੰਦੀ ਸੀ। ਕਿੰਨਾਂ ਗੰਦਾ ਜਿਹਾ ਹੁੰਦਾ ਸੀ ਉਹ, ਲਾਲ ਬੋਟ ਵਰਗਾ, ਦੇਖ ਕੇ ਜੀਅ ਕੱਚਾ ਹੋਣ ਲੱਗ ਪੈਂਦਾ ਸੀ—ਉਸ ਪਿਲਪਿਲੇ ਤਿੱਤਲੀ ਦੇ ਕੀੜੇ ਨੂੰ। ਨਾਲੇ ਫ਼ਰੀਦ ਦਾ ਆਉਣਾ, ਉਸਦੀ ਸੋਸ਼ਲ ਲਾਈਫ਼ ਖਾਤਰ ਮੌਤ ਦਾ ਸੁਨੇਹਾਂ ਸਿੱਧ ਹੋਇਆ ਸੀ—ਡਿਨਰ ਪਾਰਟੀਆਂ ਵਿਚ ਫੁੱਲਿਆ ਪੇਟ ਕਿੰਜ ਲਈ ਫਿਰਦੀ ਭਲਾਂ!
ਬੜੇ ਝੂਠ ਬੋਲਦੇ ਨੇ ਇਹ ਦੁਨੀਆਂ ਵਾਲੇ ਵੀ ਕਿ ਜਦੋਂ ਬੱਚਾ ਮਾਂ ਦੀ ਛਾਤੀ ਨੂੰ ਮੂੰਹ ਵਿਚ ਲੈਂਦਾ ਹੈ, ਰੋਮ-ਰੋਮ ਵਿਚ ਮਮਤਾ ਜਾਗ ਪੈਂਦੀ ਹੈ—ਪੀੜ ਨਾਲ ਉਸਦੀਆਂ ਤਾਂ ਚੀਕਾਂ ਹੀ ਨਿਕਲ ਗਈਆਂ ਸਨ। ਫੇਰ ਨਰਸਾਂ ਨੇ ਲੱਖ ਜਤਨ ਕੀਤੇ, ਪਰ ਉਸਨੇ ਬੱਚੇ ਨੂੰ ਆਪਣੇ ਜਿਸਮ ਨਾਲ ਨਹੀਂ ਸੀ ਛੁਹਣ ਦਿੱਤਾ। ਫ਼ਰਕ ਕੀ ਪੈਂਦਾ ਸੀ? ਉਸ ਸੀ ਵੀ ਆਪਣੇ ਪਿਓ ਵਰਗਾ ਮਾੜਚੂ ਜਿਹਾ।
ਫ਼ਰੂ ਉਸਦੇ ਪੈਰਾਂ ਦੀ ਬੇੜੀ ਨਹੀਂ ਬਣ ਸਕਿਆ ਸੀ। ਅੰਮੀ ਜਾਨ ਉਸਨੂੰ ਰਾਮਪੁਰ ਆਪਣੇ ਨਾਲ ਹੀ ਲੈ ਗਏ ਸਨ। ਸੱਚ ਪੁੱਛੋਂ ਤਾਂ ਉਹ ਉਹਨਾਂ ਦਾ ਹੀ ਪੁੱਤਰ ਜਾਪਦਾ ਸੀ। ਏਨੀ ਛੋਟੀ ਉਮਰ ਵਿਚ ਮਾਂ ਬਣ ਗਈ ਸੀ ਕਿ ਇਹ ਲੇਬਲ ਉਸ ਉੱਤੇ ਫ਼ੱਬਦਾ ਹੀ ਨਹੀਂ ਸੀ। ਉਸਨੂੰ, ਉਹ ਤੋਂ ਮਾਂ ਅਖਵਾਉਂਦੀ ਵੀ ਅਜੀਬ ਜਿਹਾ ਲੱਗਦਾ ਸੀ—ਤੇ ਜਦੋਂ ਉਹ ਉਸਨੂੰ ਸ਼ਹੀਨੋ ਆਖ ਕੇ ਬੁਲਾਂਦਾ ਤਾਂ ਆਪਣੇ ਪੁੱਤਰ ਦੇ ਮੂੰਹੋਂ ਆਪਣਾ ਪਿਆਰ ਦਾ ਨਾਂ ਸੁਣ ਕੇ ਉਸਨੂੰ, ਉਸ ਉੱਤੇ ਪਿਆਰ ਆਉਣ ਲੱਗ ਪੈਂਦਾ ਸੀ।
ਇਹ ਉਹੀ ਜ਼ਮਾਨਾ ਸੀ, ਜਦੋਂ ਅਜੇ ਨੀਂਦ ਉਸ ਨਾਲ ਰੁੱਸੀ ਨਹੀਂ ਸੀ। ਇਸ ਹਰਜਾਈ ਨੀਂਦ ਨੇ ਹੀ ਤਾਂ ਇਕ ਦਿਨ ਉਸਦੀਆਂ ਮਸਤਾਨੀਆਂ ਅੱਖਾਂ ਵਿਚ ਸਮਾਅ ਕੇ ਉਸਨੂੰ ਆਪਣੇ ਪਾਰਟਨਰ ਦੀ ਨਿਰੋਲ ਮਰਜ਼ੀ ਉੱਤੇ ਛੱਡ ਦਿੱਤਾ ਸੀ। ਇਹ ਉਹੀ ਮਜ਼ਬੂਤ ਬਾਹਾਂ ਵਾਲਾ ਪਾਰਟਨਰ ਸੀ, ਜਿਸਨੇ ਕਿਹਾ ਸੀ ਕਿ ਉਹ ਤਾਂ ਸਿਰਫ ਉਸਨੂੰ ਬਾਹਰ ਘਾਹ ਉੱਤੇ ਲਿਟਾਅ ਆਉਣ ਖਾਤਰ ਲੈ ਗਿਆ ਸੀ, ਵੈਸੇ ਉਸਦੀ ਨੀਅਤ ਜ਼ਿਆਦਾ ਬਦ ਨਹੀਂ ਸੀ। ਇਸ ਗੱਲ ਨੇ ਸੁਲੇਮਾਨ ਸਾਹਬ ਨੂੰ ਜਜ਼ਬਾਤੀ ਕਰ ਦਿੱਤਾ ਸੀ। ਪਰ ਉਹਨਾਂ ਉਸਦੇ ਪਾਰਟਨਰ ਦਾ ਜਬਾੜਾ ਨਹੀਂ ਸੀ ਤੋੜਿਆ—ਕਿਉਂਕਿ ਉਹ ਉਹਨਾਂ ਦਾ ਸੀਨੀਅਰ ਅਫ਼ਸਰ ਸੀ। ਜੇ ਕੋਈ ਸੀਨੀਅਰ ਅਫ਼ਸਰ ਆਪਣੇ ਕਿਸੇ ਮੁਲਾਜ਼ਮ ਦੀ ਪਤਨੀ ਨੂੰ, ਜਿਹੜੀ ਨਾਚ ਦੌਰਾਨ ਲੰਮੀ ਤਾਣ ਲਏ, ਮਿਹਰਬਾਨ ਹੋ ਕੇ ਬਾਹਰ ਘਾਹ ਉੱਤੇ ਲਿਟਾਉਣ ਲੈ ਜਾਏ ਤਾਂ ਉਹ ਜਬਾੜੇ ਤੁੜਵਾਉਣ ਦਾ ਹੱਕਦਾਰ ਨਹੀਂ ਹੁੰਦਾ। ...ਤੇ ਜੇ ਸੁਲੇਮਾਨ ਨੇ ਆਪਣੇ ਹੋਛੇਪਨ ਤੇ ਮੂਰਖਤਾ ਦਾ ਸਬੂਤ ਇੰਜ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਗੱਲ ਏਨੀ ਅਗਾਂਹ ਨਾ ਵਧਦੀ—ਤੇ ਫੇਰ ਉਸਨੂੰ ਬਾਸ ਦੀ ਹੱਦੋਂ ਵੱਧ ਦਿਲ ਜੋਈ ਨਾ ਕਰਨੀ ਪੈਂਦੀ।
ਬਾਸ, ਯਾਨੀਕਿ ਮਿਸਟਰ ਦੀਨ, ਹੱਟਾ-ਕੱਟਾ ਹੋਣ ਤੇ ਨਾਲ ਨਾਲ ਕਿਸੇ ਗੁਰੀਲੇ ਜਿੰਨਾ ਹੁਸੀਨ ਵੀ ਸੀ। ਕਾਲਾ-ਡੰਙ, ਇਨ-ਬਿਨ ਚੌਖੂੰਟੇ ਤਮਾਕੂ ਦੇ ਬੰਡਲ ਵਰਗਾ। ਉਸਨੂੰ ਦੇਖ ਕੇ ਇੰਜ ਜਾਪਦਾ ਹੁੰਦਾ ਸੀ ਕਿ ਮਨੁੱਖ ਦੇ ਵੱਡੇ-ਵਡੇਰੇ ਬਾਂਦਰ ਤਾਂ ਹੈ ਹੀ ਸਨ, ਉਹਨਾਂ ਦਾ ਕੋਈ ਨਾ ਕੋਈ ਸੰਬੰਧ ਗੈਂਡਿਆਂ ਨਾਲ ਵੀ ਜ਼ਰੂਰ ਹੁੰਦਾ ਹੋਏਗਾ—ਵੱਡੇ-ਵੱਡੇ ਕੰਨ ਤੇ ਕੱਦ ਸੁਲੇਮਾਨ ਨਾਲੋਂ ਇਕ ਦੋ ਇੰਚ ਛੋਟਾ, ਪਰ ਚੌੜਾਈ ਵਿਚ ਲਗਭਗ ਦੂਣੇ; ਢਾਈ ਗੁਣੇ।
ਸ਼ਹਿਨਾਜ ਨੂੰ ਬਦਸੂਰਤੀ ਨਾਲ ਬਚਪਣ ਤੋਂ ਹੀ ਚਿੜ ਸੀ, ਪਰ ਇਸ ਕਾਲੇ-ਦੈਂਤ ਉੱਪਰ ਪਤਾ ਨਹੀਂ ਇਹ ਸਬਜ-ਪਰੀ ਕਿੱਦਾਂ ਮਿਹਰਬਾਨ ਹੋ ਗਈ ਸੀ! ਵੈਸੇ ਸ਼ਹਿਨਾਜ ਦੇ ਖਰਚੇ ਸ਼ੁਰੂ ਤੋਂ ਹੀ ਜ਼ਿਆਦਾ ਸਨ ਤੇ ਆਮਦਨੀ ਘੱਟ ਸੀ। ਫ਼ਲੈਟ ਮਿਸਟਰ ਦੀਨ ਦੀਆਂ ਮਿਹਰਬਾਨੀਆਂ ਨਾਲ ਮਿਲ ਗਿਆ। ਸੁਸਾਇਟੀ ਵਿਚ ਚੜ੍ਹਤ ਬਣਾਈ ਰੱਖਣ ਲਈ ਪਾਰਟੀਆਂ ਵੀ ਕਰਨੀਆਂ ਪੈਂਦੀਆਂ ਸਨ। ਪੀਣ-ਪਿਆਉਣ ਦੇ ਖਰਚੇ ਵੀ ਘੱਟ ਨਹੀਂ ਹੁੰਦੇ। ਉਸ ਕੋਲ ਜ਼ਿਆਦਾ ਸਾੜ੍ਹੀਆਂ ਦਹੇਜ ਦੀਆਂ ਹੀ ਸਨ ਜਾਂ ਕਦੀ-ਕਦਾਈਂ ਅੰਮੀ ਜਾਨ ਭੇਜ ਦਿੰਦੇ ਸਨ—ਪਰ ਉਹ ਵਧੇਰੇ ਅੱਪ ਟੂ ਡੇਟ ਨਹੀਂ ਸਨ ਹੁੰਦੀਆਂ। ਦੂਜੇ ਮਿਸਟਰ ਦੀਨ ਦੇ ਹੱਥਾਂ ਵਿਚ ਪਤਾ ਨਹੀਂ ਕੀ ਜਾਦੂ ਸੀ ਕਿ ਉਹ ਹੱਥ ਲੱਗਦਿਆਂ ਹੀ ਮੋਮ ਵਾਂਗ ਪਿਘਲ ਜਾਂਦੀ ਸੀ ਉਹ! ਉਹਨਾਂ ਨੂੰ ਪਿਆਰ ਕਰਨ ਦੇ ਢੰਗ-ਤਰੀਕੇ ਆਉਂਦੇ ਸਨ ਸ਼ਾਇਦ!
ਜਦ ਫ਼ਰੂ ਪੈਦਾ ਹੋਣ ਵਾਲਾ ਸੀ, ਸੁਲੇਮਾਨ ਸਾਹਬ ਆਪਣੇ ਬਾਸ ਦੀ ਬੇਗ਼ਮ ਦੀਆਂ ਤਨਹਾਈਆਂ ਦੂਰ ਕਰਨ ਵਿਚ ਰੁੱਝੇ ਰਹਿੰਦੇ ਸਨ—ਕਿਉਂਕਿ ਦੀਨ ਸਾਹਬ ਯੂਰਪ ਦੇ ਦੌਰੇ ਉੱਤੇ ਗਏ ਹੋਏ ਸਨ। ਸ਼ਾਇਦ ਇਸ ਲਈ ਉਸਨੂੰ ਫ਼ਰੂ ਨਾਲ ਚਿੜ ਹੋ ਗਈ ਸੀ ਤੇ ਉਸਦੀ ਮਮਤਾ ਜਾਗ ਨਹੀਂ ਸੀ ਸਕੀ। ਜੇ ਉਹ ਪੇਟ ਵਿਚ ਨਾ ਹੁੰਦਾ ਤਾਂ ਹਲੀਮਾ ਦੀਨ ਸੁਲੇਮਾਨ ਨੂੰ ਹਿੱਲ ਸਟੇਸ਼ਨ ਉੱਤੇ ਨਹੀਂ ਸੀ ਲਿਜਾਅ ਸਕਦੀ। ਅਜੇ ਜੱਚਗੀ ਦੀ ਪਿਲਤਣ ਵੀ ਨਹੀਂ ਸੀ ਲੱਥੀ ਕਿ ਸੁਲੇਮਾਨ ਉਸਨੂੰ ਅੰਮੀ ਜਾਨ ਕੋਲ ਛੱਡ ਕੇ ਆਪ, ਆਪਣੇ ਬਾਸ ਦੀ ਗਰਮੀ ਤੋਂ ਉਕਤਾਈ ਹੋਈ ਬੇਗ਼ਮ ਨਾਲ ਪਹਾੜ 'ਤੇ ਚਲੇ ਗਏ ਸਨ।
“ਡਾਰਲਿੰਗ ਇਹ ਸਭ ਨੌਕਰੀ ਖਾਤਰ ਕਰਨਾ ਪੈ ਰਿਹੈ।” ਉਹਨਾਂ ਸਮਝਾਇਆ ਸੀ ਪਰ ਉਸਦੀ ਸਮਝ ਵਿਚ ਨਹੀਂ ਸੀ ਆਇਆ ਤੇ ਪ੍ਰਤੀਕਰਮ ਵਜੋਂ ਜਦੋਂ ਮਿਸਟਰ ਦੀਨ ਵਾਪਸ ਆਏ ਸਨ, ਉਹ ਉਹਨਾਂ ਵੱਲ ਝੁਕਦੀ ਚਲੀ ਗਈ ਸੀ।
ਅੰਮੀ ਜਾਨ ਨੂੰ ਮੁੱਢ ਤੋਂ ਹੀ ਸੁਲੇਮਾਨ ਨਾਲ ਚਿੜ ਸੀ—ਇਕ ਤਾਂ ਉਸਦੀ ਤਨਖ਼ਾਹ ਸ਼ਹਿਨਾਜ਼ ਵਰਗੀ ਕੁੜੀ ਦੇ ਸਟੈਂਡਰਡ ਦੀ ਨਹੀਂ ਸੀ, ਦੂਜਾ ਗਧੇ ਨੇ ਏਨੀ ਫੁਰਤੀ ਨਾਲ ਕੁੜੀ ਨੂੰ ਮਾਂ ਬਣਾਅ ਦਿੱਤਾ ਸੀ ਕਿ ਵਿਚਾਰੀ ਨੂੰ ਖਾਣ-ਖੇਡਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਲੈ ਦੇ ਕੇ ਉਹਨਾਂ ਦੀ ਇਕੋ ਇਕ ਧੀ ਸੀ ਤੇ ਉਹ ਵੀ ਏਨੀ ਬੁੱਧੂ ਕਿ ਸੁਲੇਮਾਨ ਦੀ ਖੋਖਲੀ ਚਾਪਲੂਸੀ ਵਿਚ ਆ ਕੇ ਰਾਜਿਆਂ-ਰਾਠਾਂ ਦੇ ਪੈਗ਼ਾਮ (ਰਿਸ਼ਤੇ) ਠੁਕਰਾਅ ਬੈਠੀ ਸੀ। ਗੱਲਾਂ-ਗੱਲਾਂ ਵਿਚ ਉਹਨਾਂ ਨੇ ਸ਼ਹਿਨਾਜ਼ ਨੂੰ ਵੀ ਸਮਝਾਇਆ ਸੀ ਕਿ ਹਲੀਮਾ ਤੇ ਦੀਨ ਦੀ ਉਂਜ ਵੀ ਘੱਟ ਬਣਦੀ ਹੈ, ਚੰਗਾ ਮੌਕਾ ਹੈ, ਜੇ ਗੱਲ ਬਣ ਜਾਏ ਤਾਂ ਸਾਰੇ ਦਲਿੱਦਰ ਦੂਰ ਹੋ ਸਕਦੇ ਨੇ। ਇਸ ਲਈ ਉਹ ਜਾਣ-ਬੁੱਝ ਕੇ ਫ਼ਰੂ ਨੂੰ ਆਪਣੇ ਨਾਲ ਹੀ ਲੈ ਗਏ ਸਨ। ਆਹ, ਫ਼ਰੂ—ਅੱਜ ਜੇ ਉਹ ਜਿਊਂਦਾ ਹੁੰਦਾ ਤਾਂ ਉਸਦੀਆਂ ਲੱਤਾਂ ਵੀ ਇਸ ਫੌਜੀ ਵਾਂਗ ਪਲੰਘ ਤੋਂ ਬਾਹਰਵਾਰ ਨਿਕਲਦੀਆਂ ਹੁੰਦੀਆਂ। ਪਰ ਫ਼ਰੂ ਦੀਆਂ ਲੱਤਾਂ ਦੇ ਨਸੀਬ ਵਿਚ ਪਲੰਘ ਨਹੀਂ, ਬਰਮਾ ਦੇ ਜੰਗਲਾਂ ਦੀ ਦਲਦਲ ਸੀ।
ਪਰ ਸ਼ਬਾਨਾ ਦੀ ਪੈਦਾਇਸ਼ ਉੱਤੇ ਯਕਦਮ ਉਸਦੀ ਮਮਤਾ ਜਾਗ ਪਈ ਸੀ। ਉਹਦਾ ਉਸਨੂੰ ਜ਼ਰਾ ਵੀ ਕਸ਼ਟ ਜਾਂ ਅਕੇਵਾਂ ਮਹਿਸੂਸ ਨਹੀਂ ਸੀ ਹੋਇਆ, ਹਾਲਾਂਕਿ ਫ਼ਰੂ ਦੇ ਮੁਕਾਬਲੇ ਵਿਚ ਉਹ ਵਧੇਰੇ ਭੱਦੀ ਤੇ ਬਦਸ਼ਕਲ ਜਿਹੀ ਸੀ। ਮਿਸਟਰ ਦੀਨ ਦੀ ਆਪਣੀ ਕੋਈ ਔਲਾਦ ਨਹੀਂ ਸੀ। ਅੰਮੀ ਜਾਨ ਦਾ ਖ਼ਿਆਲ ਸੀ—ਜੇ ਮੁੰਡਾ ਹੋ ਜਾਂਦਾ ਤਾਂ ਸ਼ਾਇਦ ਉਹ ਪਿਘਲ ਹੀ ਜਾਂਦੇ! ਪਰ ਉਹ ਤਾਂ ਦੌਲਤ ਕਮਾਉਣ ਵਿਚ ਰੁੱਝੇ ਹੋਏ ਸਨ। ਕਿਸੇ ਨਾਲ ਪ੍ਰੇਮ-ਪਿਆਰ ਪਾਉਣ ਦੀ ਵਿਹਲ ਹੀ ਨਹੀਂ ਸੀ ਉਹਨਾਂ ਨੂੰ।...ਸ਼ਹਿਨਾਜ਼ ਨੇ ਬੜਾ ਚਾਹਿਆ ਕਿ ਉਹ ਆਪਣੀ ਬੇਗ਼ਮ ਨੂੰ ਤਲਾਕ ਦੇ ਕੇ ਉਸ ਨਾਲ ਸ਼ਾਦੀ ਕਰ ਲੈਣ—ਪਰ ਉਹ ਇਸ ਸਕੈਂਡਲ ਲਈ ਤਿਆਰ ਨਹੀਂ ਹੋਏ। ਉਹਨਾਂ ਦੀ ਬੇਗ਼ਮ ਬਿਜਨੇਸ ਵਿਚ ਅੱਧ ਦੀ ਮਾਲਕਣ ਸੀ। ਸਾਰਾ ਹਿਸਾਬ ਕਿਤਾਬ ਹੀ ਉਸੇ ਦੇ ਹੱਥ ਸੀ। ਉਂਜ ਵੀ ਦੋਹਾਂ ਵਿਚਕਾਰ ਖਾਸੀ ਸੁਲਝੀ ਹੋਈ ਦੋਸਤੀ ਸੀ—ਇਕ ਦੂਜੇ ਦੇ ਨਿੱਜੀ ਮਾਮਲਿਆਂ ਵਿਚ ਦੋਹੇਂ ਦਖਲ ਨਹੀਂ ਸੀ ਦੇਂਦੇ ਤੇ ਸੋਸਾਇਟੀ ਵਿਚ ਵੀ ਪਤੀ-ਪਤਨੀ ਦੀ ਹੈਸੀਅਤ ਨਾਲ ਉਹਨਾਂ ਦਾ ਪੂਰਾ ਆਦਰ-ਮਾਣ ਸੀ। ਸਰਕਾਰੀ ਜਾਂ ਨੀਮ-ਸਰਕਾਰੀ ਪਾਰਟੀਆਂ ਵਿਚ ਦੀਨ ਕਦੀ ਸ਼ਹੀਨੋ ਨੂੰ ਨਾਲ ਨਹੀਂ ਸਨ ਲੈ ਕੇ ਗਏ। ਉਹ ਉਹਨਾਂ ਦਾ ਨਿੱਜੀ ਮਾਮਲਾ ਸੀ ਤੇ ਨਿੱਜੀ ਹੀ ਰਿਹਾ। ਸੁਲੇਮਾਨ ਨੂੰ ਤਾਂ ਭਾਵੇਂ ਕੋਈ ਇਤਰਾਜ਼ ਨਹੀਂ ਸੀ ਪਰ ਉਸਨੇ ਆਪ ਹੀ ਸ਼ਬਾਨਾ ਦਾ ਭਾਰ ਉਹਨਾਂ ਉੱਤੇ ਨਹੀਂ ਸੀ ਸੁੱਟਿਆ ਤੇ ਨਾ ਹੀ ਉਹ ਉਸਨੂੰ ਨਜ਼ਰਾਂ ਤੋਂ ਦੂਰ ਕਰ ਸਕੀ ਸੀ। ਉਸਨੇ ਉਸਦੀ ਦੇਖ-ਭਾਲ ਕਰਨ ਖਾਤਰ ਇਕ ਸੂਝਵਾਨ ਨਰਸ ਰੱਖ ਲਈ ਸੀ ਤੇ ਉਸਦੀ ਰਿਹਾਇਸ਼ ਦਾ ਪ੍ਰਬੰਧ ਇਕ ਸ਼ਾਨਦਾਰ ਹੋਸਟਲ ਵਿਚ ਕਰ ਛੱਡਿਆ ਸੀ—ਸਾਰੇ ਖਰਚ ਬੜੀ ਦਰਿਆ-ਦਿਲੀ ਨਾਲ ਮਿਸਟਰ ਦੀਨ ਹੀ ਝੱਲ ਰਹੇ ਸਨ। ਜਦੋਂ ਕਦੀ ਉਹ ਲੋਕਾਂ ਤੋਂ ਲੁਕ-ਛਿਪ ਕੇ ਆਪਣੇ ਕਲੇਜੇ ਦੀ ਬੋਟੀ ਨੂੰ ਹਿੱਕ ਨਾਲ ਲਾ ਲੈਣ ਵਾਸਤੇ ਚੋਰਾਂ ਵਾਂਗ ਹੋਸਟਲ ਪਹੁੰਚਦੀ ਤਾਂ ਉਸਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਉਹ ਕਿਸੇ ਸਨਸਨੀ ਭਰਪੂਰ ਨਾਵਲ ਦੀ ਰੋਮਾਂਟਿਕ ਪਾਤਰ ਹੋਏ। ਉਸ ਉਸਨੂੰ ਹਿੱਕ ਨਾਲ ਘੁੱਟ ਕੇ ਰੋਂਦੀ-ਸਿਸਕਦੀ ਰਹਿੰਦੀ। ਅਕਸਰ ਇਸ ਦਰਦਨਾਕ ਸੀਨ ਦਾ ਪਤਾ ਮਿਸਟਰ ਦੀਨ ਨੂੰ ਵੀ ਲੱਗ ਜਾਂਦਾ—ਤੇ ਉਹ ਉਸਦੇ ਹੰਝੂ ਪੂੰਝਣ ਵਾਸਤੇ ਸਾੜ੍ਹੀਆਂ ਦੇ ਪੈਕੇਟ ਭਿਜਵਾ ਦੇਂਦੇ। ਪਰ ਉਸਦੇ ਹੰਝੂ ਨਾ ਸੁੱਕਦੇ। ਹਾਏ ਜਾਲਮ ਸਮਾਜ ਨੇ ਉਸਨੂੰ ਆਪਣੀ ਬੱਚੀ ਤੋਂ ਵੱਖ ਕਰ ਰੱਖਿਆ ਹੈ—ਉਹ ਆਪਣੀ ਲਾਡਲੀ ਨੂੰ ਸ਼ਰੇਆਮ ਚੁੰਮ ਵੀ ਨਹੀਂ ਸਕਦੀ। ਉਹ ਉਸ ਦੁਆਲੇ ਇਕ ਦਰਦਨਾਕ ਮਾਹੌਲ ਸਿਰਜਦੀ ਰਹਿੰਦੀ, ਜਿਸਦੀ ਹੀਰੋਇਨ ਉਹ ਆਪ ਹੁੰਦੀ ਤੇ ਆਪਣੇ ਆਪ ਨੂੰ ਬੜੀ ਰੋਮਾਂਟਿਕ ਮਹਿਸੂਸ ਕਰਦੀ।
ਪਰ ਉਸ ਵਿਚ ਮੱਧ ਵਰਗ ਵਾਲੀਆਂ ਕਈ ਉਕਾਈਆਂ ਵੀ ਸਨ। ਮਿਸਟਰ ਤੇ ਮਿਸੇਜ ਦੀਨ ਵਾਂਗ ਉਹ ਆਪਣੇ ਪਤੀ ਨਾਲ ਸਹਿਜ-ਸੰਬੰਧ ਨਹੀਂ ਸੀ ਰੱਖ ਸਕੀ ਤੇ ਨਾ ਹੀ ਹਲੀਮਾ ਦੀਨ ਵਾਂਗ ਖਿੜੇ-ਮੱਥੇ ਰਹਿ ਸਕੀ ਸੀ। ਜਦੋਂ ਕਦੀ ਦੋਹੇਂ ਜੋੜੇ ਕਿਸੇ ਪੀਣ-ਪਿਲਾਣ ਵਾਲੀ ਮਹਿਫ਼ਿਲ ਵਿਚ ਇਕੱਠੇ ਹੋ ਜਾਂਦੇ, ਦੋ ਚਾਰ ਪੈਗਾਂ ਪਿੱਛੋਂ ਹੀ ਡੰਗ ਤੇ ਚੋਭਾਂ ਸ਼ੁਰੂ ਹੋ ਜਾਂਦੀਆਂ। ਹਾਲਾਂਕਿ ਉਸ ਸੁਸਾਇਟੀ ਵਿਚ ਇਹ ਕੋਈ ਬੁਰੀ ਗੱਲ ਨਹੀਂ ਸੀ—ਜਿਵੇਂ ਔਰਤਾਂ ਚੁੰਨੀਆਂ ਵਟਾਅ ਕੇ ਭੈਣਾ-ਭੈਣਾ ਬਣ ਜਾਂਦੀਆਂ ਨੇ, ਓਵੇਂ ਹੀ ਹਲੀਮਾ ਤੇ ਸ਼ਹਿਨਾਜ਼ ਮਰਦ-ਵਟ ਭੈਣਾ ਸਨ। ਸ਼ਰੀਫ ਜਨਾਨੀਆਂ ਅਜਿਹੇ ਮੌਕਿਆਂ ਉੱਪਰ ਜਜ਼ਬਾਤੀ ਹੋ ਕੇ ਪੂਰੇ ਮਾਹੌਲ ਵਿਚ ਜ਼ਹਿਰ ਨਹੀਂ ਘੋਲਦੀਆਂ। ਫੇਰ ਇਕ ਦਿਨ ਹਾਲਾਤ ਨੇ ਪਲਟਾ ਖਾਧਾ। ਮਿਸਟਰ ਤੇ ਮਿਸੇਜ ਦੀਨ ਦੀ ਸੀਟੀ ਰਲ ਗਈ ਤੇ ਉਹ ਇੰਲਿਸਤਾਨ ਰਵਾਨਾ ਹੋ ਗਏ। ਪਿੱਛੋਂ ਪਤਾ ਲੱਗਿਆ ਕਿ ਉਹਨਾਂ ਆਪਣਾ ਬਿਜਨੇਸ ਇਕ ਸਿੰਧੀ ਨੂੰ ਵੇਚ ਦਿੱਤਾ ਹੈ, ਜਿਸ ਦਾ ਐਕਾਊਂਟ ਇੰਗਲਿਸਤਾਨ ਵਿਚ ਹੀ ਸੀ ਤੇ ਕੁਝ ਉਲਟ ਫੇਰ ਤੋਂ ਬਾਅਦ ਫੈਮਿਲੀ ਪ੍ਰਵਾਸ ਕਰ ਗਈ ਸੀ...ਨਵੇਂ ਬਾਸ ਨੇ ਸੁਲੇਮਾਨ ਦੀ ਵਿਸ਼ੇਸ਼ਤਾ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਅੱਖ-ਪਲਕਾਰੇ ਵਿਚ ਉਹ ਤੇ ਸ਼ਹਿਨਾਜ਼, ਅਰਸ਼ ਤੋਂ ਫ਼ਰਸ਼ ਉੱਤੇ ਅੱਡੀਆਂ ਰਗੜਦੇ ਨਜ਼ਰ ਆਏ।
ਕਿਆਮਤ ਵਰਗੇ ਦਿਨ ਸਨ ਉਹ—ਛੇ ਮਹੀਨੇ ਦਾ ਫ਼ਲੈਟ ਦਾ ਕਿਰਾਇਆ ਸਿਰ ਚੜ੍ਹ ਗਿਆ ਸੀ। ਉਹ ਦੋਸਤ-ਮਿੱਤਰ ਮਿਸਟਰ ਦੀਨ ਦੀ ਦਿੱਤੀ ਨੌਕਰੀ ਦੀ ਦੇਣ ਸਨ—ਵਕਤ ਬਦਲਦਿਆਂ ਹੀ 'ਫੁੱਰ-ਰ' ਹੋ ਗਏ। ਜੇ ਉਦੋਂ ਮਿਸੇਜ ਦਾਰਾਬਜੀ ਨੇ—ਜਿਹੜੀ ਆਪਣੇ ਸਵਰਗਵਾਸੀ ਪਤੀ ਦੇ ਸ਼ਰਾਬ-ਖਾਨੇ ਨੂੰ ਬੜੀ ਹੁਸ਼ਿਆਰੀ ਨਾਲ ਚਲਾ ਰਹੀ ਸੀ—ਉਹਨਾਂ ਦੀ ਡੁੱਬਦੀ ਕਿਸ਼ਦੀ ਨੂੰ ਦੌਲਤ ਦੇ ਛਿੱਟਿਆਂ ਦਾ ਸਹਾਰਾ ਨਾ ਦਿੱਤਾ ਹੁੰਦਾ, ਤਾਂ ਕੀ ਬਣਦਾ? ਮਾਲਾਬਾਰ ਹਿੱਲ ਉੱਤੇ ਉਸਦਾ ਸ਼ਾਨਦਾਰ ਫ਼ਲੈਟ ਸੀ, ਜਿਸ ਉੱਤੇ ਪੁਲਿਸ ਨੂੰ ਕੁਝ ਸ਼ੱਕ ਹੋ ਗਿਆ ਸੀ। ਉਸ ਫ਼ਲੈਟ ਨੂੰ ਪਗੜੀ ਉੱਤੇ ਦੇ ਕੇ, ਉਹ ਸ਼ਹਿਨਾਜ਼ ਦੇ ਫ਼ਲੈਟ ਦਾ ਇਕ ਕਮਰਾ ਲੈ ਕੇ ਰਹਿਣ ਲੱਗ ਪਈ। ਜਦੋਂ ਉਸਨੂੰ ਉਹਨਾਂ ਦੀ ਹਾਲਤ ਦਾ ਪਤਾ ਲੱਗਾ ਤਾਂ ਛੇ ਮਹੀਨੇ ਦਾ ਕਿਰਾਇਆ ਦੇ ਕੇ ਉਸਨੇ ਪੂਰੇ ਫਲੈਟ ਉੱਤੇ ਕਬਜਾ ਕਰ ਲਿਆ ਤੇ ਇਕ ਕਮਰਾ ਉਹਨਾਂ ਨੂੰ ਦੇ ਦਿੱਤਾ। ਉਹਨੀਂ ਦਿਨੀ ਸੁਲੇਮਾਨ ਦੇ ਜਖ਼ਮੀਂ ਦਿਲ ਉੱਤੇ ਖ਼ੁਰਸ਼ੀਦ ਸਿਨਹਾਂ ਨੇ ਮਲ੍ਹਮ ਲਾਉਣੀ ਸ਼ੁਰੂ ਕਰ ਦਿੱਤੀ ਸੀ। ਸਿਨਹਾਂ ਇਕ ਹਵਾਈ ਹਾਦਸੇ ਵਿਚ ਇਕ ਬਹਾਦਰ ਹਵਾਬਾਜ਼ ਦੀ ਮੌਤ ਮਰ ਕੇ ਆਪਣੀ ਗ਼ਮਗ਼ੀਨ ਬੇਵਾ ਵਾਸਤੇ ਚੋਖੀ ਪੈਨਸ਼ਨ ਦਾ ਪ੍ਰਬੰਧ ਕਰ ਗਿਆ ਸੀ। ਮਿਸੇਜ ਦਾਰਾਬਜੀ ਨੇ ਫ਼ਲੈਟ ਦਾ ਇਕ ਕਮਰਾ ਉਸਨੂੰ ਵੀ ਦਿੱਤਾ ਹੋਇਆ ਸੀ। ਕਈ ਦਿਨ ਇਹ ਅਨੋਖਾ ਖਾਨਦਾਨ ਬੜੇ ਮਜ਼ੇ ਨਾਲ ਰਿਹਾ। ਸੁਲੇਮਾਨ ਤੇ ਖ਼ੁਰਸ਼ੀਦ ਦੀ ਜੋੜੀ ਬਣ ਗਈ—ਮਿਸੇਜ ਦਾਰਾਬਜੀ ਨੇ ਸ਼ਹਿਨਾਜ਼ ਨੂੰ ਕਈ ਦਿਲਚਸਪ ਹਸਤੀਆਂ ਨਾਲ ਮਿਲਵਾਇਆ। ਕਦੀ ਅਫ਼ਸਰਾਂ ਦੇ ਝੁੰਡ ਬੋਤਲਾਂ ਲੈ ਕੇ ਆ ਜਾਂਦੇ, ਕਈ ਜਹਾਜ਼ੀ ਠਹਾਕੇ ਲਾਉਂਦੇ ਆਣ ਵੜਦੇ—ਕਈਆਂ ਨਾਲ ਔਰਤਾਂ ਹੁੰਦੀਆਂ ਤੇ ਕਈਆਂ ਨੂੰ ਮਿਸੇਜ ਦਾਰਾਬਜੀ ਦੀਆਂ ਸਹੇਲੀਆਂ ਸੰਭਾਲ ਲੈਂਦੀਆਂ। ਖ਼ੂਬ ਹਾਸਾ-ਠੱਠਾ ਹੁੰਦਾ! ਰਿਕਾਰਡ ਲਾ ਕੇ ਡਾਂਸ ਕੀਤੇ ਜਾਂਦੇ, ਪਰ ਚੁੰਮਾਂ-ਚੱਟੀ ਤੋਂ ਅਗਾਂਹ ਗੱਲ ਨਾ ਵਧਦੀ—ਇਹ ਹੋਰ ਗੱਲ ਸੀ ਕਿ ਕਦੀ-ਕਦੀ ਕੋਈ ਜੋੜਾ ਉਠ ਕੇ ਕੁਝ ਦੇਰ ਲਈ ਗ਼ਾਇਬ ਹੋ ਜਾਂਦਾ ਹੁੰਦਾ ਸੀ।
ਤੇ ਦਿਨ ਬੀਤਦੇ ਰਹੇ; ਜ਼ਿੰਦਗੀ ਤੁਰਦੀ ਰਹੀ। ਖ਼ੁਰਸ਼ੀਦ ਤੇ ਸੁਲੇਮਾਨ ਦੀ ਦੋਸਤੀ ਹੁਣ ਕਿਸੇ ਤੋਂ ਗੁੱਝੀ ਨਹੀਂ ਸੀ ਰਹੀ। ਜੇ ਉਹ ਵਿਆਹ ਕਰ ਲੈਂਦੇ ਤਾਂ ਪੈਨਸ਼ਨ ਬੰਦ ਹੋ ਜਾਣੀ ਸੀ, ਜਿਸ ਦਾ ਇਕ ਬੜਾ ਵੱਡਾ ਸਹਾਰਾ ਸੀ। ...ਤੇ ਸੁਲੇਮਾਨ ਸਾਹਬ ਸਿਰਫ ਖਰਾ ਇਸ਼ਕ ਕਰਨਾ ਜਾਣਦੇ ਸਨ ...ਗ੍ਰਹਿਸਤੀ ਬਣਾਉਣਾ ਉਹਨਾਂ 'ਤੇ ਜੁਲਮ ਕਰਨ ਬਰਾਬਰ ਸੀ। ਜਦੋਂ ਦੀ ਨੌਕਰੀ ਖੁੱਸੀ ਸੀ, ਖ਼ਰਸ਼ੀਦ ਉਹਨਾਂ ਦੇ ਖਰਚੇ ਝੱਲ ਰਹੀ ਸੀ।
ਖ਼ੁਰਸ਼ੀਦ ਖ਼ੁਸ਼-ਕਿਸਮਤ ਸੀ ਕਿ ਉਸਦਾ ਪਤੀ ਉਸ ਖਾਤਰ ਚੋਖੀ ਪੈਨਸ਼ਨ ਦਾ ਪ੍ਰਬੰਧ ਕਰਕੇ ਮਰਿਆ ਸੀ, ਪਰ ਸ਼ਹਿਨਾਜ਼ ਦਾ ਤਾਂ ਕੋਈ ਸਹਾਰਾ ਵੀ ਨਹੀਂ ਸੀ। ਅੰਮੀ ਜਾਨ ਨੇ ਫ਼ਰੂ ਨੂੰ ਕਮਾਉਣ-ਖਾਣ ਜੋਗਾ ਕਰ ਦਿੱਤਾ ਸੀ। ਸ਼ਬਾਨਾ ਦੇ ਹੋਸਟਲ ਦੇ ਖਰਚੇ ਵੱਸ ਤੋਂ ਬਾਹਰ ਹੁੰਦੇ ਜਾ ਰਹੇ ਸਨ। ਉਹ ਦਰਦਨਾਕ ਕਹਾਣੀ ਵੀ ਹੁਣ ਬਾਸੀ ਹੁੰਦੀ ਜਾ ਰਹੀ ਸੀ। ਇਸ ਲਈ ਉਸਨੇ ਉਸਨੂੰ ਵੀ ਅੰਮੀ ਜਾਨ ਦੇ ਪੱਲੇ ਪਾ ਦਿੱਤਾ। ਉਹ ਰਕਮ ਜੋ ਮਿਸਟਰ ਦੀਨ ਜਾਂਦੇ-ਜਾਂਦੇ ਉਸਨੂੰ ਦੇ ਗਏ ਸਨ, ਗ਼ਮ-ਗ਼ਲਤ ਕਰਨ ਦੇ ਚੱਕਰ ਵਿਚ ਉੱਡ-ਪੁੱਡ ਗਈ ਸੀ—ਕੁਝ ਮਿਸੇਜ ਦਾਰਾਬਜੀ ਦੀਆਂ ਸ਼ਰਾਬ ਦੀਆਂ ਬੋਤਲਾਂ ਵਿਚ ਵੜ ਗਈ ਸੀ ਤੇ ਕੁਝ ਰੇਸ-ਕੋਰਸ ਵਿਚ। ਬੰਬਈ ਵਰਗੇ ਸ਼ਹਿਰ ਵਿਚ ਕੁਝ ਹਜ਼ਾਰ ਨੋਟਾਂ ਦੀ ਹੈਸੀਅਤ ਹੀ ਕੀ ਹੁੰਦੀ ਹੈ?
ਇਹ ਉਹ ਜ਼ਮਾਨਾ ਸੀ ਜਦੋਂ ਫ਼ਰੂ ਦੀ ਅਚਾਣਕ ਮੌਤ ਨੇ ਉਸਨੂੰ ਮੂਧੜੇ-ਮੂੰਹ ਸੁੱਟ ਦਿੱਤਾ ਸੀ। ਪਤਾ ਨਹੀਂ ਮੁੱਦਤਾਂ ਦੀ ਸੁੱਤੀ ਹੋਈ ਮਮਤਾ ਕਿੰਜ, ਇਕੋ ਝਟਕੇ ਵਿਚ, ਜਾਗ ਪਈ ਸੀ! ਫ਼ਰੂ ਦੇ ਜਾਣ ਵੇਲੇ ਉਹ ਆਪਣੇ ਇਕ ਦੋਸਤ ਨਾਲ ਅਜੰਤਾ-ਅਲੋਰਾ ਦੀ ਕਲਾ ਦੇਖਣ ਗਈ ਹੋਈ ਸੀ—ਜੁਦਾਈ ਦਾ ਅਹਿਸਾਸ ਹੀ ਨਹੀਂ ਸੀ ਹੋਇਆ। ਪਰ ਉਸਦੀ ਮੌਤ ਨੇ ਉਸਨੂੰ ਕੁਚਲ ਕੇ ਰੱਖ ਦਿੱਤਾ ਸੀ। ਕਈ ਮਹੀਨੇ ਗੁੰਮਸੁੰਮ ਰਹੀ। ਪਲ ਭਰ ਲਈ ਵੀ ਹੋਸ਼ ਆਉਂਦਾ ਤਾਂ ਇੰਜ ਜਾਪਦਾ ਹੁਣੇ ਪਾਗ਼ਲ ਹੋ ਜਾਏਗੀ।
ਫ਼ਰੂ ਦੀ ਯਾਦ ਨਾਲ ਉਹ ਇਕਦਮ ਬੀਤੇ ਦੇ ਦਮਘੋਟੂ ਮਾਹੌਲ ਵਿਚੋਂ ਬਾਹਰ ਨਿਕਲ ਆਈ। ਨਾਲ ਪਏ ਗੱਭਰੂ ਨੇ ਪਾਸਾ ਪਰਤਿਆ ਤੇ ਚਾਰੇ ਹੱਥ ਪੈਰ ਖਿਲਾਰ ਕੇ ਪੁਰੇ ਪਲੰਘ ਉੱਤੇ ਪਸਰ ਗਿਆ। ਖਿੜਕੀ ਵਿਚੋਂ ਆ ਰਹੀ ਰੋਸ਼ਨੀ ਕੁਝ ਵਧੇਰੇ ਦੁਧੀਆ ਹੋ ਗਈ ਸੀ। ਉਸਦਾ ਸੁਡੌਲ ਜਿਸਮ ਪੂਰੇ ਪਲੰਘ ਉੱਤੇ ਫ਼ੈਲਿਆ ਹੋਇਆ ਸੀ।
“ਸ਼ਹੀਨੋ ਡਾਰਲਿੰਗ-ਮਾਈ ਸਵੀਟ ਬੇਬੀ,” ਉਸਨੇ, ਉਸਦੇ ਕੰਨ ਦੀ ਲੌਲ ਬੁੱਲ੍ਹਾਂ ਵਿਚਕਾਰ ਘੁੱਟਦਿਆਂ ਸ਼ਾਦੀ ਦੀ ਦਰਖ਼ਵਾਸਤ ਕੀਤੀ ਸੀ। ਤੱਤੜੇ ਦੇ ਉਹ ਸ਼ਬਦ ਹੁਣ ਤਾਈਂ ਸੱਪ ਦੇ ਫੂਕਾਰਿਆਂ ਵਾਂਗ ਕੰਨਾਂ ਵਿਚ ਸਰਕ ਰਹੇ ਸਨ। “ਸ਼ਾਦੀ!”
ਇਕ ਇਕ ਕਰਕੇ ਪਤਾ ਨਹੀਂ ਕਿੰਨੇ ਸਾਲਾਂ ਦਾ ਭਾਰ ਲੱਥ ਗਿਆ ਸੀ, ਉਸਦੇ ਮੋਢਿਆਂ ਤੋਂ—ਉਸਨੇ ਲੰਮਾਂ ਹਊਕਾ ਲਿਆ ਤੇ ਆਪਣੇ ਆਪ ਨੂੰ ਉਸਦੀਆਂ ਮਜ਼ਬੂਤ ਬਾਹਾਂ ਵਿਚ ਢਿੱਲਿਆਂ ਛੱਡ ਦਿੱਤਾ। ਉਸ ਬਹੁਤ ਥੱਕ ਗਈ ਸੀ। ਜੇ ਕੁਝ ਦਿਨ ਹੋਰ ਨੀਂਦ ਨਾ ਆਈ ਤਾਂ ਇਹ ਹਸਤੀ ਬਾਰੂਦ ਦੇ ਢੇਰ ਵਾਂਗ ਫਟ ਜਾਏਗੀ। ਕਿੰਨੀ ਵਿਸ਼ਾਲਤਾ ਹੈ ਉਸ ਨੌਜਵਾਨ ਦੇ ਚੌੜੇ ਸੀਨੇ ਵਿਚ! ਜਿਸਦੀ ਤਾਜ਼ਗੀ ਦੀ ਛਾਂ ਹੇਠ ਉਸਦੀ ਕਰੰਡ ਹੋਈ ਪਈ ਹਸਤੀ ਮੁੜ ਲਹਿਰਾਉਣ ਲੱਗ ਪਈ ਹੈ। ਉਸਨੇ ਹੰਭੇ-ਹੁੱਟੇ ਮੁਸਾਫਿਰ ਵਾਂਗ ਨਿਢਾਲ-ਜਿਹੀ ਹੋ ਕੇ ਆਪਣਾ ਸਿਰ ਉਹਦੀ ਹਿੱਕ ਉੱਤੇ ਰੱਖ ਦਿੱਤਾ ਤੇ ਕਿਸੇ ਨਿੱਕੀ ਜਿਹੀ ਯਤੀਮ ਬੱਚੀ ਵਾਂਗ ਸਿਸਕਣ ਲੱਗ ਪਈ। ਫੌਜੀ ਜਵਾਨ ਨੇ ਸੁਪਨੇ ਵਿਚ ਪੁਚਕਾਰਿਆ, ਜਿਵੇਂ ਕੁੱਤੇ ਨੂੰ ਪੁਚਕਾਰਿਆ ਹੋਏ—
“...ਬੇਬੀ, ਬੇਬੀ-ਪੁੱਚ...ਮਾਈ ਸਵੀਟ-ਬੇਬੀ ਡਾਰਲਿੰਗ...”
ਉਹ ਫੇਰ ਬੁਰੜਾਇਆ ਤੇ ਦੂਜੇ ਪਲ ਹੀ ਸੁਪਨਿਆਂ ਦੀ ਵਾਦੀ ਵਿਚ ਚੁੱਘੀਆਂ ਭਰਨ ਲੱਗਾ।
ਉਸਦੀਆਂ ਪੁੜਪੁੜੀਆਂ ਵਿਚੋਂ ਸੇਕ ਨਿਕਲਣ ਲੱਗ ਪਿਆ; ਅੱਖਾਂ ਵਿਚ ਭੁੱਬਲ ਰੜਕਣ ਲੱਗੀ ਤੇ ਦਿਲ ਕਿਸੇ ਭਟਕੇ ਹੋਏ ਪੰਛੀ ਵਾਂਗ ਫੜਫੜਾਉਣ ਲੱਗ ਪਿਆ। ਉਹ ਉਹਦੇ ਜਿਸਮ ਉੱਤੇ ਹੌਲੀ ਹੌਲੀ ਹੱਥ ਫੇਰਦੀ ਤੇ ਹੰਝੂ ਕੇਰਦੀ ਰਹੀ।
ਇਹਨਾਂ ਰੌਣਕਾਂ ਵਿਚ ਰੜਕਦੀ ਚੁੱਪ ਤੋਂ ਉਹ ਉਕਤਾਅ ਗਈ ਸੀ। ਫ਼ਲੈਟ ਵਿਚ ਠਹਾਕੇ ਗੂੰਜ ਰਹੇ ਹੁੰਦੇ ਸਨ ਤੇ ਉਸਦੇ ਅੰਦਰਲੀ ਵੀਰਾਨੀ ਵਧ ਰਹੀ ਹੁੰਦੀ ਸੀ। ਮਿਸੇਜ ਦਾਰਾਬਜੀ ਪਤਾ ਨਹੀਂ ਕਿੱਧਰੋਂ ਪੱਛਮੀ ਸੈਲਾਨੀਆਂ ਦੇ ਇਕ ਝੁੰਡ ਨੂੰ ਘੇਰ ਕੇ ਲੈ ਆਈ ਸੀ—ਜਦੋਂ ਦੀ ਸ਼ਰਾਬ ਬੰਦੀ ਲਾਗੂ ਹੋਈ ਸੀ, ਇਹ ਫ਼ਲੈਟ ਅਤੀ ਸਭਿਅਕ ਕਿਸਮ ਦਾ ਰੰਡੀ-ਖਾਨਾ ਬਣਿਆ ਹੋਇਆ ਸੀ...ਗਾਹਕ ਬਿਨਾਂ ਰੋਕ ਟੋਕ ਆਉਂਦੇ, ਪਰਮਿਟ ਦੀ ਸ਼ਰਾਬ ਪਹਿਲੇ ਹੱਲੇ ਵਿਚ ਮੁੱਕ ਜਾਂਦੀ ਤੇ ਫੇਰ ਮਿਸੇਜ ਦਾਰਾਬਜੀ ਦੀਆਂ ਬੋਤਲਾਂ ਦੇ ਡੱਟ ਖੁੱਲ੍ਹਦੇ—ਐਸ਼ ਹੀ ਐਸ਼ ਹੁੰਦੀ!
ਕਈ ਵਾਰੀ ਅੱਕ ਕੇ ਉਸਨੇ ਵਿਆਹ ਕਰਵਾ ਲੈਣ ਦੀ ਸੋਚੀ—ਇਕ ਜਾਨ ਕੀ ਹਜ਼ਾਰਾਂ ਜਾਨਾਂ ਨਾਲ ਆਸ਼ਕ ਵੀ ਹੋਈ—ਆਪਣਾ ਤਨ, ਮਨ, ਧਨ ਸਭੋ ਕੁਝ ਲੁਟਾਅ ਦਿੱਤਾ ਪਰ ਸ਼ਿਕਾਰ ਹਮੇਸ਼ਾ ਰੱਸਾ ਤੁੜਾਅ ਦੇ ਨੱਸ ਗਿਆ। ਜਦੋਂ ਕੋਈ ਇੰਜ ਘਚਾਲੀ ਦੇ ਜਾਂਦਾ ਸੀ, ਉਸਨੂੰ ਫੇਰ ਗਸ਼ੀਆਂ ਪੈਣ ਲੱਗ ਪੈਂਦੀਆਂ—ਪੁਰਾਣੇ ਰੋਗ ਮੁੜ ਉਘੜ ਆਉਂਦੇ, ਹੌਲ ਪੈਣ ਲੱਗ ਪੈਂਦੇ, ਟੱਟੀਆਂ ਲੱਗ ਜਾਂਦੀਆਂ, ਖ਼ੂਨ ਦਾ ਦਬਾਅ ਘੱਟ ਜਾਂਦਾ ਤੇ ਆਪਣੇ ਟੁੱਟੇ ਹੋਏ ਦਿਲ ਨੂੰ ਜੋੜਨ ਖਾਤਰ ਉਹ ਮੁੜ ਸ਼ਰਾਬ ਦਾ ਸਹਾਰਾ ਲੈ ਲੈਂਦੀ। ਉਦੋਂ ਮਿਸੇਜ ਦਾਰਾਬਜੀ ਉਸਨੂੰ ਵਾਹਵਾ ਖਰੀਆਂ-ਖਰੀਆਂ ਸੁਣਾਉਂਦੀ। ਇਕ ਵਾਰੀ ਤਾਂ ਮਿਸੇਜ ਦਾਰਾਬਜੀ ਨੇ ਉਸਨੂੰ ਏਨਾ ਹਿਰਖਾ ਦਿੱਤਾ ਸੀ ਕਿ ਜੁੱਤੀ ਲੈ ਕੇ ਉਸਨੇ ਉਸਦੀ ਝੰਡ ਸੰਵਾਰ ਦਿੱਤੀ ਸੀ ਤੇ ਉਹ ਹਿਰਖ ਕੇ ਬੁੜਬੁੜ ਕਰਦੀ ਹੋਈ ਤੁਰ ਗਈ ਸੀ। ਇਸ ਘਟਨਾ ਤੋਂ ਬਾਅਦ ਸ਼ਹਿਨਾਜ਼ ਦੀ ਜ਼ਿੰਦਗੀ ਵਿਚ ਇਕ ਅਜੀਬ ਇਨਕਲਾਬ ਆਇਆ ਸੀ। ਉਸਦੀ ਮੁਲਾਕਾਤ ਇਕ ਧੱਕੜ ਕਿਸਮ ਦੇ ਇਨਕਲਾਬੀ ਸ਼ਾਇਰ ਨਾਲ ਹੋਈ। ਉਹ ਪੂਰੀ ਹਿੰਮਤ ਤੇ ਹੌਸਲੇ ਨਾਲ ਦੇਸ਼ ਵਿਚ ਇਨਕਲਾਬ ਲਿਆਉਣ ਲਈ ਅੜਿੰਗ ਸੀ। ਹਰਾਮ-ਬੱਚੀ ਦੀ ਮਾਂ ਦੀ ਹੈਸੀਅਤ ਨਾਲ ਉਹ ਆਪਣੇ ਆਪ ਨੂੰ ਚੋਟੀ ਦੀ ਇਨਕਲਾਬਣ ਸਮਝਦੀ ਸੀ। ਇੰਜ ਆਰਟ ਤੇ ਕਲਚਰ ਦੀ ਸੇਵਾ ਦੇ ਸਿਲਸਿਲੇ ਵਿਚ ਉਸਨੂੰ ਸਮੇਂ ਸਮੇਂ ਕਈ ਕਲਾਕਾਰਾਂ ਉੱਤੇ ਆਸ਼ਕ ਹੋਣ ਦਾ ਮੌਕਾ ਵੀ ਮਿਲਿਆ। ਮਿਸਟਰ ਦੀਨ ਦੀਆਂ ਬਖ਼ਸ਼ੀਆਂ ਹੋਈਆਂ ਸਾੜ੍ਹੀਆਂ ਬਿਲਕੁਲ ਬੇਕਾਰ ਹੋ ਚੁੱਕੀਆਂ ਸਨ। ਉਹਨੀਂ ਦਿਨੀ ਉਸਨੇ ਅਤਿ ਬਾਗੀਆਨਾ ਢੰਗ ਨਾਲ, ਮੈਲੀਆਂ ਪੁਰਾਣੀਆਂ ਸਾੜ੍ਹੀਆਂ ਵਿਚ ਮਜ਼ਦੂਰਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਮਾਹੌਲ ਵਿਚ ਅੰਗਰੇਜ਼ੀ ਸ਼ਰਾਬ ਫੱਬਦੀ ਵੀ ਨਹੀਂ ਸੀ ਤੇ ਨਾ ਹੀ ਆਸਾਨੀ ਨਾਲ ਮਿਲਦੀ ਸੀ—ਸੋ ਉਸਨੇ ਸਸਤੀ ਦਾਰੂ ਤੇ ਡੰਗਾ ਲਾਹੁਣਾ ਸ਼ੁਰੂ ਕਰ ਦਿੱਤਾ ਸੀ।
ਉਫ਼! ਕਿੰਨਾਂ ਹੂ-ਹੱਲਾ ਹੁੰਦਾ ਹੁੰਦਾ ਸੀ ਓਹਨੀਂ ਦਿਨੀ—ਰੁਲੇ-ਖੁਲੇ ਕਲਾਕਾਰਾਂ ਨਾਲ ਫ਼ਲੈਟ ਭਰਿਆ ਹੁੰਦਾ, ਵਾਤਾਵਰਣ ਵਿਚ ਠੱਰੇ (ਲਾਹਣ) ਦੀ ਬੂ ਭਰੀ ਹੁੰਦੀ—ਸੰਸਾਰ ਭਰ ਦੇ ਸਾਹਿਤ, ਫ਼ਲਸਫ਼ੇ ਤੇ ਸ਼ਾਇਰੀ ਉੱਤੇ ਗਰਮਾ-ਗਰਮ ਬਹਿਸਾਂ ਹੁੰਦੀਆਂ ਸਨ—ਜਿਹਨਾਂ ਦਾ ਅੰਤ ਅਕਸਰ ਛਿੱਤਰੋ-ਛਿੱਤਰੀ ਹੋ ਕੇ ਹੁੰਦਾ ਹੁੰਦਾ ਸੀ।
ਪਰ ਛੇਤੀ ਹੀ ਉਸਨੂੰ ਚਾਨਣ ਹੋ ਗਿਆ ਕਿ ਭੁੱਖੇ ਨੰਗੇ ਫਨਕਾਰਾਂ (ਕਲਾਕਾਰਾਂ) ਦੀ ਸੋਹਬਤ ਵਿਚ ਆਤਮਕ ਸ਼ਾਂਤੀ ਤਾਂ ਮਿਲ ਸਕਦੀ ਹੈ, ਪਰ ਮਕਾਨ ਦਾ ਕਿਰਾਇਆ ਤੇ ਹੋਰ ਘਰੇਲੂ ਖਰਚੇ, ਜੇ ਉਹਨਾਂ ਦੀ ਖੱਲ ਵੀ ਲਾਹ ਲਈ ਜਾਏ ਤਾਂ ਵੀ, ਪੂਰੇ ਨਹੀਂ ਹੋ ਸਕਦੇ। ਮਜ਼ਬੂਰਨ ਉਸ ਨੇ ਫੇਰ ਮਿਸੇਜ ਦਾਰਾਬਜੀ ਨਾਲ ਮੇਲ ਕਰ ਲਿਆ। ਉਹ ਵੀ ਸ਼ਾਇਦ ਉਡੀਕਦੀ ਹੀ ਪਈ ਸੀ, ਝੱਟ ਰਾਜ਼ੀ-ਬੰਦਾ ਹੋ ਗਿਆ। ਉਸਨੇ ਆਪਣੇ ਉੱਜੜੇ ਹੋਏ ਫ਼ਲੈਟ ਨੂੰ ਮੁੜ ਸਜਾਇਆ-ਸੰਵਾਰਿਆ ਤੇ ਦੁਬਾਰਾ ਉਹੀ ਸੂਫ਼ੀ ਕਿਸਮ ਦੀ ਦੋਸਤੀ ਤੇ ਵਲਾਇਤੀ ਸ਼ਰਾਬ ਦਾ ਦੌਰ ਸ਼ੁਰੂ ਹੋ ਗਿਆ। ਟੂਰਿਸਟਾਂ ਦੀ ਭੀੜ ਰਹਿਣ ਲੱਗੀ।
ਉਤਰੀ ਹਿੰਦ ਦਾ ਇਹ ਗੱਭਰੂ ਵੀ ਉਸੇ ਸਿਲਸਿਲੇ ਦੀ ਇਕ ਕੜੀ ਸੀ। ਸਿੱਲ੍ਹੀਆਂ ਅੱਖਾਂ ਨਾਲ ਉਸਨੇ ਨੀਂਦ ਵਿਚ ਮਸਤ ਨੌਜਵਾਨ ਵੱਲ ਤੱਕਿਆ। ਉਸਦੇ ਨੱਕ ਤੇ ਉਪਰਲੇ ਬੁੱਲ੍ਹ ਦੇ ਉੱਪਰ ਨਿੱਕੀਆਂ ਨਿੱਕੀਆਂ ਪਸੀਨੇ ਦੀਆਂ ਬੂੰਦਾਂ, ਹੀਰੇ ਦੀਆਂ ਕਣੀਆਂ ਵਾਂਗ ਲਿਸ਼ਕ ਰਹੀਆਂ ਸਨ। ਉਸਨੇ ਝੁਕ ਕੇ ਆਪਣੇ ਠੰਡੇ ਤੇ ਬਾਸੀ ਹੋਂਠ ਉਸਦੇ ਮੂੰਹ ਦੇ ਦਹਾਨੇ ਦੇ ਸਿਰੇ ਉਤੇ ਟਿਕਾਅ ਦਿੱਤੇ, ਜਿੱਥੇ ਜਾਗਦੇ ਸਮੇਂ ਨਿੱਕਾ ਜਿਹਾ ਟੋਇਆ ਮੁਸਕਰਾਉਂਦਾ ਰਹਿੰਦਾ ਸੀ।
ਪਹੁ ਫੁੱਟਣ ਲੱਗੀ—ਕੁਝ ਚਿਰ ਬਾਅਦ ਸੂਰਜ ਦੀਆਂ ਬੇਰਹਿਮ ਬਰਛੀਆਂ ਉਹਨਾਂ ਬੰਦਾ ਅੱਖਾਂ ਵਿਚ ਚੁਭਣ ਲੱਗ ਪੈਣਗੀਆਂ ਤੇ ਫੌਜੀ ਜਵਾਨ ਜਾਗ ਪਏਗਾ। ਉਸਨੇ ਇਕ ਵਾਰ ਫੇਰ ਜੀਅ ਭਰ ਕੇ ਲਾਡਲੇ ਨੂੰ ਤੱਕਿਆ ਤੇ ਉੱਤੇ ਚਾਦਰ ਦੇ ਦਿੱਤੀ।
ਅਗਲੇ ਪਲ ਉਹ ਬਗ਼ੈਰ ਅੱਖਾਂ ਝਪਕਾਏ, ਆਪਣੇ ਥੱਕੇ-ਟੁੱਟੇ ਸਰੀਰ ਨੂੰ ਘਸੀਟ ਕੇ ਬਿਸਤਰੇ ਤੋਂ ਉਠ ਖੜ੍ਹੀ ਹੋਈ।
ਸ਼ੀਸ਼ੇ ਵਿਚ ਆਪਣੇ ਵੀਰਾਨ ਖੰਡਰ ਵਰਗੇ ਚਿਹਰੇ ਨੂੰ ਦੇਖ ਕੇ ਤ੍ਰਬਕ ਗਈ। ਉਸਦੇ ਜਾਗਣ ਤੋਂ ਪਹਿਲਾਂ ਪਹਿਲਾਂ ਮੁਰੰਮਤ ਕਰਨੀ ਪਏਗੀ। ਉਹ ਅਛੋਪਲੇ ਹੀ ਕਮਰੇ ਅੰਦਰ ਆਈ ਤਾਂ ਉਹ ਜਾਗ ਰਿਹਾ ਸੀ। ਉਸਨੂੰ ਵਿੰਹਦਿਆਂ ਹੀ ਉਸਦੀ ਅੰਗੜਾਈ ਅੱਧ-ਵਿਚਾਲੇ ਰਹਿ ਗਈ ਤੇ ਘਬਰਾ ਕੇ ਚਾਦਰ ਆਪਣੇ ਦੁਆਲੇ ਲਪੇਟਦਿਆਂ ਤੇ ਆਪਣੀ ਕੱਚੀ ਜਿਹੀ ਮੁਸਕਾਨ ਨੂੰ ਸਿਗਰੇਟ ਦੇ ਧੁੰਏਂ ਪਿੱਛੇ ਛਿਪਾਉਂਦਿਆਂ, ਉਹ ਹਕਲਾਇਆ—
“ਬੇਬੀ...” ਉਹ ਪੱਥਰ ਦੇ ਬੁੱਤ ਵਾਂਗ ਥਾਵੇਂ ਖੜ੍ਹੀ ਰਹਿ ਗਈ।
“ਬੇਬੀ, ਕਿੱਥੇ ਐ?” ਉਹਨੇ ਸਿਗਰੇਟ ਦੇ ਸੁਲਗਦੇ ਹੋਏ ਹਿੱਸੇ ਉੱਤੇ ਨਜ਼ਰਾਂ ਟਿਕਾਅ ਕੇ ਪੁੱਛਿਆ।
“ਬੇ-ਬੀ?” ਆਵਾਜ਼ ਉਸਦੇ ਹਲਕ ਵਿਚ ਸਹਿਮ ਗਈ।
“ਹਾਂ...” ਉਹ ਗਹੁ ਨਾਲ ਉਸਦੇ ਵੱਲ ਤੱਕਦਾ ਹੋਇਆ ਬੋਲਿਆ, “ਉਹ ਤੁਹਾਡੀ ਬੇਟੀ ਏ ਨਾ?...ਕਿੰਨੀ ਮਿਲਦੀ ਏ ਸ਼ਕਲ ਤੁਸਾਂ ਦੋਹਾਂ ਦੀ!” ਉਸਨੇ ਅੰਗਰੇਜ਼ੀ ਵਿਚ ਕਿਹਾ ਸੀ। “ਹਾਓ, ਕਲੋਜ ਟੂ...”
“ਕੀ ਬਕ ਰਿਹਾ ਏਂ?” ਉਹ ਗੱਭਰੂ ਵੱਲ ਤਣ ਕੇ ਗੜ੍ਹਕੀ।
“ਮੈਂ ਏਨਾਂ ਕਮੀਨਾ ਨਹੀਂ ਮੈਡਮ! ਅਸੀਂ ਸ਼ਾਦੀ ਕਰ ਲਵਾਂਗੇ।”
ਉਹ ਪਾਟੀਆਂ ਜਿਹੀਆਂ ਅੱਖਾਂ ਨਾਲ ਕੁਝ ਚਿਰ ਉਸ ਵੱਲ ਤੱਕਦੀ ਰਹੀ, ਫੇਰ ਦੋਹਾਂ ਹੱਥਾਂ ਵਿਚ ਮੇਕਅੱਪ ਬਕਸ ਚੁੱਕਿਆ ਤੇ ਕਾਹਲ ਨਾਲ ਕਮਰੇ ਵਿਚੋਂ ਬਾਹਰ ਨਿਕਲ ਗਈ।
ਉਸਨੇ ਇਕ ਵਾਰੀ ਫੇਰ ਸ਼ੀਸ਼ੇ ਵਿਚ ਆਪਣੀ ਸ਼ਕਲ ਦੇਖੀ—ਤੇ ਉਸ ਸੁੰਨਸਾਨ ਖੰਡਰ ਵਿਚ ਉਸ ਮਾਸੂਮ ਹੁਸੀਨਾ ਨੂੰ ਲੱਭਣ ਲੱਗੀ, ਜਿਸਨੇ ਇਕ ਸ਼ਾਮ ਖਾਤਰ ਉਸ ਨੀਮ-ਹਨੇਰੇ, ਧੂੰਆਂ-ਭਰੇ ਕਮਰੇ ਵਿਚ, ਸ਼ਰਾਬ ਨਾਲ ਬਹਿਕੀਆਂ ਉਸ ਨੌਜਵਾਨ ਦੀਆਂ ਅੱਖਾਂ ਵਿਚ ਜਨਮ ਲਿਆ ਸੀ ਤੇ ਚੜ੍ਹਦੇ ਸੂਰਜ ਦੀਆਂ ਜਾਲਮ ਕਿਰਨਾਂ ਨੇ ਉਸਨੂੰ ਭਸਮ ਕਰ ਦਿੱਤਾ ਸੀ। ਉਹ ਸੁਪਨਿਆਂ ਦੀ ਸ਼ਹਿਜਾਦੀ, ਉਸ ਦੇ ਨਜ਼ਦੀਕ ਹੀ, ਇਸ ਖੰਡਰ ਵਿਚ ਕਿਤੇ ਦਫ਼ਨ ਸੀ ਤੇ ਅਜ਼ਲੀ ਨੀਂਦ ਸੁੱਤੀ ਹੋਈ ਸੀ। ਉਸਨੇ ਮੇਕਅੱਪ ਬਕਸ ਇਕ ਕੋਨੇ ਵਿਚ ਵਗਾਹ ਮਾਰਿਆ ਤੇ ਰੋਂਦੜ-ਜਿਹੇ ਠਹਾਕੇ ਲਾਉਣ ਲੱਗ ਪਈ।
ਨਾਸ਼ਤੇ ਦੀ ਮੇਜ਼ ਉੱਪਰ ਸੁੱਜੀਆਂ-ਸੁਰਖ਼ ਅੱਖਾਂ ਵਾਲਾ ਨੌਜਵਾਨ ਬੜੀ ਬੇਕਰਾਰੀ ਨਾਲ ਬੇਬੀ ਨੂੰ ਉਡੀਕ ਰਿਹਾ ਸੀ—ਵਾਰੀ ਵਾਰੀ ਉਸਦੀਆਂ ਅੱਖਾਂ ਉਹਦੇ ਚਿਹਰੇ ਵਿਚ ਆਪਣੇ ਗੁਆਚੇ ਹੋਏ ਸੁਪਨੇ ਨੂੰ ਲੱਭਣ ਲੱਗ ਪੈਂਦੀਆਂ ਸਨ ਤੇ ਫੇਰ ਸੰਗ ਕੇ ਨੀਵੀਂ ਪਾ ਲੈਂਦਾ ਸੀ ਉਹ।
“ਜਾਣ ਤੋਂ ਪਹਿਲਾਂ ਸਿਰਫ ਕੁਝ ਮਿੰਟ ਲਈ ਮੈਨੂੰ ਉਸ ਨਾਲ ਮਿਲਾਅ ਦਿਓ, ਉਸਦੇ ਲਹਿਜੇ ਦੀ ਮਿਠਾਸ ਨੇ ਉਸਦੇ ਕਾਲਜੇ ਵਿਚ ਠੰਡ ਪਾ ਦਿੱਤੀ, ਸ਼ਰਮਾਉਂਦਾ-ਸੰਗਦਾ ਹੋਇਆ ਵੀ ਬੜਾ ਪਿਆਰਾ ਲੱਗਦਾ ਸੀ ਉਹ।
“ਤੂੰ ਉਸਨੂੰ ਨਹੀਂ ਮਿਲ ਸਕਦਾ।” ਉਸਨੇ ਜਜ਼ਬਾਤ ਵੱਸ ਭਰੜਾਈ ਆਵਾਜ਼ ਵਿਚ ਬੱਸ ਏਨਾ ਹੀ ਕਿਹਾ।
“ਕਿਓਂ? ਪਰ—ਮੈਂ ਉਸਤੋਂ ਬਿਨਾਂ ਜਿਊਂਦਾ ਨਹੀਂ ਰਹਿ ਸਕਾਂਗਾ...।”
“ਪਲੀਜ਼ ਨਾਸ਼ਤਾ ਕਰੋ ਤੇ ਤਸ਼ਰੀਫ ਲੈ ਜਾਓ...” ਉਸਨੂੰ ਗੁੱਸਾ ਚੜ੍ਹਨ ਲੱਗਾ ਜਿਵੇਂ ਸੱਚਮੁੱਚ ਉਸਨੇ ਉਸਦੀ ਮਾਸੂਮ ਧੀ ਨੂੰ ਖਰਾਬ ਕਰ ਦਿੱਤਾ ਹੋਏ।
ਉਸਨੇ ਨਾਸ਼ਤਾ ਨਹੀਂ ਕੀਤਾ ਚੁੱਪਚਾਪ ਬੈਠਾ ਪਲੇਟਾਂ ਵੱਲ ਤੱਕਦਾ ਰਿਹਾ।
“ਥੋੜ੍ਹੀ ਕੁ ਵਿਸਕੀ ਮਿਲ ਸਕਦੀ ਏ?” ਉਸਨੇ ਦੋਹਾਂ ਹੱਥਾਂ ਵਿਚਕਾਰ ਪੁੜਪੁੜੀਆਂ ਘੁੱਟਦਿਆਂ ਕਿਹਾ।
“ਨਹੀਂ...” ਉਸਨੇ ਪੂਰੀ ਕਰੜਾਈ ਨਾਲ ਕਿਹਾ। ਜਾਣ ਸਮੇਂ ਉਸਨੇ ਤਰਲਾ ਜਿਹਾ ਮਾਰਿਆ—
“ਬੇਬੀ ਨੂੰ ਕਹਿਣਾ, ਮੇਰੀ ਉਡੀਕ ਕਰੇ—ਵਾਪਸੀ 'ਤੇ ਮੈਂ ਫੇਰ ਆਵਾਂਗਾ—ਸ਼ਾਦੀ ਤੋਂ ਬਾਅਦ ਉਸਨੂੰ ਲੁਧਿਆਣੇ ਲੈ ਜਾਵਾਂਗਾ।” ਉਹ ਮੂਰਖਾਂ ਵਾਂਗ ਅੱਖਾਂ ਫਰਕਾਉਂਦਿਆਂ ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ।
ਜਦੋਂ ਉਹ ਚਲਾ ਗਿਆ, ਉਹ ਬੜੀ ਦੇਰ ਤਕ, ਦੁਮੇਲ ਲਾਗੇ, ਬੇਬੀ ਨੂੰ ਉਸ ਨੌਜਵਾਨ ਦੀਆਂ ਮਜ਼ਬੂਤ ਬਾਹਾਂ ਵਿਚ ਸੁੱਤੀ ਦੇਖਦੀ ਰਹੀ...ਬੰਬਈ ਦੇ ਭੀੜ-ਭੜੱਕੇ ਤੋਂ ਦੂਰ; ਇਸ ਸਭਿਅ ਰੰਡੀ-ਖਾਨੇ ਤੇ ਮਿਸੇਜ ਦਾਰਾਬਜੀ ਦੇ ਪੰਜੇ ਤੋਂ ਆਜਾਦ; ਨਿੱਤ ਨਵੇਂ ਸੈਲਾਨੀਆਂ ਦੀ ਪਕੜ ਤੋਂ ਮੁਕਤ ਖੁੱਲ੍ਹੇ ਖੇਤਾਂ ਦੀ ਤਰੇਲ ਧੋਤੀ ਕੱਚੀ ਧਰਤੀ ਦੀ ਮਹਿਕ ਭਰੀ ਗੰਧ ਵਿਚ ਮਤਵਾਲੇ ਨੈਣਾ ਵਾਲੇ ਦੋ ਜਵਾਨ ਜਿਸਮ, ਗੇਂਦੇ ਤੇ ਚਮੇਲੀ ਦੇ ਤਾਜ਼ੇ ਗੁੰਦੇ ਦੋ ਗਜਰਿਆਂ ਵਾਂਗ ਹੀ ਉਲਝੇ ਹੋਏ ਸਨ—ਤੇ ਉਸਦੀਆਂ ਬੇਰੌਣਕ ਅੱਖਾਂ ਵਿਚ ਅਟਕੇ ਹੋਏ ਹੰਝੂਆਂ ਵਾਂਗ ਥਿਰਕ ਰਹੇ ਸਨ—ਤੇ ਨੀਂਦ ਉਸਦੀਆਂ ਬੁੱਢੀਆਂ ਅੱਖਾਂ ਵਿਚ ਜ਼ਹਿਰ ਘੋਲ ਕੇ ਪਤਾ ਨਹੀਂ ਕਿੱਥੇ ਉੱਜੜੀ ਹੋਈ ਸੀ...
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਇਸਮਤ ਚੁਗ਼ਤਾਈ : ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ