Nikki Kahani : Mohinder Pal Kohli
ਨਿੱਕੀ ਕਹਾਣੀ : ਡਾ. ਮਹਿੰਦਰ ਪਾਲ ਕੋਹਲੀ
ਕਹਾਣੀ ਮੁੱਢ ਤੋਂ ਹੀ ਸਾਹਿੱਤ ਦਾ ਲੋਕ ਪ੍ਰਿਯ ਅੰਗ ਚਲਿਆ ਆ ਰਿਹਾ ਹੈ । ਇਸ ਦੀ ਪਰੰਪਰਾ ਅਤਿਅੰਤ ਪ੍ਰਾਚੀਨ ਹੈ । ਭਾਰਤੀ ਸਾਹਿੱਤ ਵਿਚ ਰਿਗਵੇਦ ਵਿਚ ਆਏ ਯਮ-ਯਮੀ, ਪੁਰੁਰਵਾ-ਉਰਵਸ਼ੀ, ਸਰਮਾ-ਪਣਿਗਣ ਆਦਿ ਸੰਵਾਦਾਂ ਵਿਚ, ਬ੍ਰਾਹਮਣਾਂ ਵਿਚ ਸੌਪਰਣੀ-ਕਾਦ੍ਰਬ ਵਰਗੇ ਰੂਪਾਤਮਕ ਵਿਆਖਿਆਨਾਂ ਵਿਚ, ਉਪਨਿਸ਼ਦਾਂ ਦੇ ਸਨਤਕੁਮਾਰ-ਨਾਰਦ ਵਰਗੇ ਭਾਵਪੂਰਣ ਅਧਿਆਤਮਕ ਵਿਆਖਿਆਨਾਂ ਵਿਚ, ਮਹਾਭਾਰਤ ਦੀਆਂ ਉਪਕਾਥਾਵਾਂ ਅਤੇ ਪੁਰਾਣਾਂ ਦੀਆਂ ਕਥਾਵਾਂ ਵਿਚ ਆਧੁਨਿਕ ਕਹਾਣੀ ਦੇ ਅੰਸ਼ ਲੱਭੇ ਜਾ ਸਕਦੇ ਹਨ । ਇਨ੍ਹਾਂ ਕਹਾਣੀਆਂ ਦੀ ਪ੍ਰੇਰਣਾ ਦਾ ਆਧਾਰ ਧਾਰਮਿਕ ਆਚਾਰ, ਅਧਿਆਤਮਕ ਤੱਤ, ਚਿੰਤਨ ਅਤੇ ਨੀਤੀ ਤੇ ਕਰਤੱਵ ਦੀ ਸਿੱਖਿਆ ਪ੍ਰਦਾਨ ਕਰਨਾ ਸੀ । ਘਟਨਾ-ਪ੍ਰਧਾਨ ਕਥਾਵਾਂ ਦਾ ਆਰੰਭ ਗੁਣਾਡੑਯ ਦੀ 'ਬਿਰਹ ਕਥਾ'ਤੋਂ ਹੋਇਆ ਹੈ । ਰਾਜਿਆਂ, ਰਾਜ ਕੁਮਾਰਾਂ ਅਤੇ ਪ੍ਰਾਕ੍ਰਮੀ ਵੀਰਾਂ ਦੀਆਂ ਘਟਨਾ-ਪ੍ਰਧਾਨ ਕਹਾਣੀਆਂ ਦਾ ਵਿਕਾਸ ਸਾਨੂੰ ਬੌਧ ਜਾਤਕ ਕਥਾਵਾਂ ਤੋਂ ਛੁੱਟ, ਵਿਸ਼ਣੂ ਸ਼ਰਮਾ ਦੀ 'ਪੰਚ ਤੰਤ੍ਰ', ਬੁੱਧ ਸੁਆਮੀ ਦੀ 'ਬ੍ਰਿਹਤ ਕਥਾ ਸ਼ਲੋਕ ਸੰਗ੍ਰਹਿ', ਕਸ਼ੇਮੇਂਦ੍ਰ ਦੀ 'ਬ੍ਰਿਹਤ ਕਥਾ ਮੰਜਰੀ', ਸੋਮ ਦੇਵ ਦੀ 'ਕਥਾਦਿ ਰਤਨਾਕਰ', ਦੰਡੀ ਦੀ 'ਦਸ਼ਕੁਮਾਰ ਚਰਿਤ', ਬਾਣਭੱਟ ਦੀ 'ਕਾਦੰਬਰੀ', ਸੰਬੰਧੂ ਦੀ 'ਵਾਸਵਦੱਤਾ', ਅਤੇ ਨਾਰਾਇਣ ਦੀ 'ਹਿਤੋਪਦੇਸ਼'ਵਿਚ ਮਿਲਦਾ ਹੈ । ਇਸੇ ਤਰ੍ਹਾਂ ਪ੍ਰਾਚੀਨ ਮਿਸਰ ਦੀਆਂ 'ਜਾਦੂ ਕਹਾਣੀਆਂ', ਬਾਈਬਲ ਵਿਚ ਅੰਕਿਤ ਯਹੂਦੀਆਂ ਦੀਆਂ ਕਹਾਣੀਆਂ, ਅਰਬ ਦੀਆਂ ਜਾਦੂ ਕਹਾਣੀਆਂ ਅਤੇ ਅਲਫ਼ ਲੈਲਾ, ਮੱਧ-ਕਾਲ ਦੀਆਂ ਈਸਪ ਦੀਆਂ ਪਸ਼ੂ ਕਹਾਣੀਆਂ, ਬੁਕਾਚੂ ਦੀਆਂ ਰੁਮਾਨੀ ਕਹਾਣੀਆਂ ਬੜੇ ਰੌਚਕ ਢੰਗ ਨਾਲ ਲਿਖੀਆਂ ਹੋਈਆਂ ਮਿਲਦੀਆਂ ਹਨ । ਮੱਧ-ਕਾਲ ਦੇ ਅੰਤ ਦੀਆਂ ਕਹਾਣੀਆਂ ਅੰਗ੍ਰੇਜ਼ੀ ਲੇਖਕ ਚੌਸਰ ਦੇ ਸੰਗ੍ਰਹਿ 'ਕੈਂਟਰਬਰੀ ਟੇਲਜ਼' ਵਿਚ ਮਿਲਦੀਆਂ ਹਨ । ਇਸ ਦੌਰ ਦੀਆਂ ਕਹਾਣੀਆਂ ਬਹਾਦਰਾਂ ਦੇ ਕਾਰਨਾਮਿਆਂ ਦੁਆਲੇ ਹੀ ਘੁੰਮਦੀਆਂ ਸਨ ਜਾਂ ਫਿਰ ਧਾਰਮਿਕ ਅਤੇ ਨੈਤਿਕ ਸਿੱਖਿਆ ਦੇਣਾ ਹੀ ਇਨ੍ਹਾਂ ਦਾ ਵਿਸ਼ੇਸ਼ ਉੱਦਮ ਸੀ । ਇਹ ਸਮੁੱਚੇ ਸਾਹਿੱਤ ਦਾ ਹੀ ਇਕ ਅੰਗ ਸੀ, ਵਿਸ਼ੇਸ਼ ਤਕਨੀਕੀ ਨਿਯਮਾਂ ਨੂੰ ਮੁੱਖ ਰੱਖ ਕੇ ਇਨ੍ਹਾਂ ਦੀ ਰਚਨਾ ਨਹੀਂ ਸੀ ਕੀਤੀ ਜਾਂਦੀ । ਨਵ-ਜਾਗ੍ਰਿਤੀ ਕਾਲ ਵਿਚ ਇਟਲੀ ਵਿਚ ਨੌਵੇਲਾ (novella) ਨਾਮ ਦੀਆਂ ਲੰਮੇਰੀਆਂ ਕਹਾਣੀਆਂ ਲਿਖੀਆਂ ਜਾਣ ਲੱਗੀਆਂ ਅਤੇ ਇਹ ਨਾਉਂ ਪਿਛਲੇਰੀ ਰਚਨਾ 'ਨਾਵਲ'ਨਾਲ ਲਗਾ ਦਿੱਤਾ ਗਿਆ ਭਾਵੇਂ ਨਾਵਲ ਦਾ ਵਿਕਾਸ ਨੌਵੇਲਾ ਦੀਆਂ ਲੀਹਾਂ ਉੱਤੇ ਨਹੀਂ ਹੋਇਆ ।
ਅਠਾਰ੍ਹਵੀਂ ਸਦੀ ਈ. ਵਿਚ ਯੂਰਪ ਵਿਚ ਗੱਦ ਸਾਹਿੱਤ ਦਾ ਵਿਕਾਸ ਬੜੇ ਜ਼ੋਰਾਂ ਨਾਲ ਹੋਇਆ । ਕੁਝ ਸਮਾਜੀ ਸ਼ਕਤੀਆਂ ਨੇ ਮਨੁੱਖੀ ਮਨ ਵਿਚ ਤਰਕ ਤੇ ਨਿਆਂ ਦੀਆਂ ਪ੍ਰਵ੍ਰਿਤੀਆਂ ਉਜਾਗਰ ਕੀਤੀਆਂ, ਜਿਸ ਦੇ ਪ੍ਰਗਟਾ ਲਈ ਗੱਦ ਇਕ ਸ਼ਕਤੀਸ਼ਾਲੀ ਸਾਧਨ ਹੈ । ਇਸੇ ਕਾਲ ਵਿਚ ਨਿਬੰਧ, ਆਰਟੀਕਲ, ਨਾਵਲ ਅਤੇ ਕਹਾਣੀਆਂ ਦਾ ਵਿਕਾਸ ਹੋਇਆ । ਫ਼੍ਰਾਂਸੀਸੀ ਸਾਹਿੱਤਕਾਰ ਅਤੇ ਦਾਰਸ਼ਨਿਕ ਵਾਲਟੇਅਰ ਨੇ ਨਾਵਲਾਂ ਤੋਂ ਛੁੱਟ ਕਈ ਕਹਾਣੀਆਂ ਲਿਖੀਆਂ । ਇਸ ਪਿੱਛੋਂ ਬਾਲਜ਼ਕ, ਫਲਾਬੇਅਰ, ਮੋਪਾਸਾਂ ਐਨੋਤੋਲ ਫ੍ਰਾਂ ਆਦਿ ਨੇ ਬੜੀਆਂ ਪ੍ਰਭਾਵਯੁਕਤ ਕਹਾਣੀਆਂ ਲਿਖੀਆਂ ਅਤੇ ਇਹ ਕਹਾਣੀਆਂ ਨਿੱਕੀ ਕਹਾਣੀ ਨੂੰ ਨਿਯਮਬੱਧ ਕਰਨ ਵਿਚ ਸਹਾਈ ਹੋਈਆਂ । ਰੂਸੀ ਲੇਖਕ ਤੁਰਗਨੀਫ਼, ਤਾਲਸਤਾਈ, ਚੈਖ਼ਵ, ਗੋਰਕੀ ਅਤੇ ਸ਼ੋਲੋਖੋਵ; ਜਰਮਨੀ ਵਿਚ ਗ੍ਰਿਮ (Grimm) ਦੀਆਂ ਪਰੀ ਕਹਾਣੀਆਂ (Fairy Tales) ਤੋਂ ਛੁੱਟ ਜਰਮਨੀ ਲੇਖਕ ਹੌਫ਼ਮਾਨ, ਹੈਰਮਨ ਸੁੰਡਰਮਾਨ ਅਤੇ ਟਾਮਸ ਮਾਨ, ਅੰਗ੍ਰੇਜ਼ ਲੇਖਕ ਸਕਾਟ, ਡਿਕਨਜ਼, ਥੈਕਰੇ, ਹਾਰਡੀ, ਕਾਨਰਡ, ਸਟੀਵਨਸਨ, ਕਿਪਲਿੰਗ, ਵੈਲਜ਼, ਗਾਲਜ਼ਵਰਦੀ, ਲਾਰੰਸ, ਕੈਥਰੀਨ ਮੈਨਸਫ਼ੀਲਡ ਅਤੇ ਹਕਸਲੇ; ਅਮਰੀਕੀ ਲੇਖਕ ਐਡਗਰ ਐਲਨ ਪੋ, ਵਾਸ਼ਿੰਗਟਨ ਇਰਵਿੰਗ, ਹਾਥੌਰਨ, ਬ੍ਰੈਟ ਹਾਰਟ ਅਤੇ ਓ'ਹੇਨਰੀ ਆਦਿ ਦੀਆਂ ਕਹਾਣੀਆਂ ਨੇ ਕਹਾਣੀ ਨੂੰ ਸਾਹਿੱਤ ਦੀ ਇਕ ਵੱਖਰੀ ਵੰਨਗੀ ਬਣਾ ਦਿੱਤਾ ਹੈ ਜਿਸ ਨੂੰ ਉਪਨਿਆਸ ਅਤੇ ਉਪਨਿਆਸਕਾ ਤੋਂ ਸਹਿਜੇ ਹੀ ਨਿਖੇੜਿਆ ਜਾ ਸਕਦਾ ਹੈ ।
ਹਾਥੌਰਨ (Hawthron) ਦੇ ਕਹਾਣੀ ਸੰਗ੍ਰਹਿ 'ਟੁਆਈਸ ਟੋਲਡ ਸਟੋਰੀਜ਼'( Twice Told Stories ) ਦਾ 1842 ਈ. ਵਿਚ ਰਿਵੀਊ ਕਰਦੇ ਹੋਏ ਐਡਗਰ ਐਲਨ ਪੋ ( Edgar Allen Poe ) ਨੇ ਸਭ ਤੋਂ ਪਹਿਲਾਂ ਨਿੱਕੀ ਕਹਾਣੀ ਦੇ ਕੁਝ ਤਕਨੀਕੀ ਨਿਯਮ ਨਿਰਧਾਰਤ ਕੀਤੇ ਸਨ ਅਤੇ ਇਸ ਨੂੰ ਲੰਮੀ ਬਿਆਨੀਆਂ ਕਹਾਣੀ ਤੋਂ ਨਿਖੇੜਿਆ ਸੀ । ਉਸ ਅਨੁਸਾਰ ਇਕ ਚੰਗੀ ਨਿੱਕੀ ਕਹਾਣੀ ਨੂੰ ਪੜ੍ਹਨ ਲਈ ਅੱਧ ਘੰਟੇ ਤੋਂ ਲੈ ਕੇ ਇਕ ਘੰਟਾ ਜਾਂ ਦੋ ਘੰਟੇ ਲੱਗਣੇ ਚਾਹੀਦੇ ਹਨ । ਇਸ ਸੰਖੇਪਤਾ ਵਿਚ ਹੀ ਇਸ ਦੀ ਬਣਤਰ ਦਾ ਰਾਜ਼ ਹੈ । ਲੇਖਕ ਇਕ ਵਿਸ਼ੇਸ਼ ਮਹੱਤਵਪੂਰਣ ਪ੍ਰਭਾਵ ਪ੍ਰਗਟ ਕਰਨ ਦੀ ਕਲਪਨਾ ਕਰਦਾ ਹੈ, ਜਿਸ ਲਈ ਉਹ ਵਿਸ਼ੇਸ਼ ਘਟਨਾਵਾਂ ਅਤੇ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ । ਉਸ ਦਾ ਮੰਤਵ ਕੇਵਲ ਇਕ ਸਮੁੱਚਾ ਪ੍ਰਭਾਵ ਪਾਉਣਾ ਹੀ ਹੁੰਦਾ ਹੈ । ਘਟਨਾਵਾਂ ਅਤੇ ਸ਼ੈਲੀ ਦਾ ਢੁੱਕਵਾਂਪਨ ਅਤੇ ਸੰਜਮ ਨਿੱਕੀ ਕਹਾਣੀ ਦੇ ਵਿਸ਼ੇਸ਼ ਤਕਨੀਕੀ ਗੁਣ ਹਨ । ਨਿੱਕੀ ਕਹਾਣੀ ਉਪਨਿਆਸ ਦੇ ਇਕ ਤੱਤ ਨੂੰ ਕੇਂਦਰ ਬਣਾਉਂਦੀ ਹੈ ਅਤੇ ਪਾਤਰ ਨੂੰ ਕੇਵਲ ਪ੍ਰਕਾਸ਼ਮਾਨ ਹੀ ਕੀਤਾ ਜਾਂਦਾ ਹੈ, ਉਪਨਿਆਸਿਕਾ ਦੇ ਪਾਤਰ ਵਾਂਗ ਉਸ ਦਾ ਵਿਕਾਸ ਨਹੀਂ ਕੀਤਾ ਜਾਂਦਾ । 1885 ਈ. ਵਿਚ ਬ੍ਰੈਂਡਰ ਮੈਥੀਉਜ਼ (Brander Matthews) ਨੇ ਨਿੱਕੀ ਕਹਾਣੀ ਦੇ ਵਿਸ਼ੇਸ਼ ਰੂਪ ਤੇ ਜ਼ੋਰ ਦਿੱਤਾ ਅਤੇ ਇਸ ਨੂੰ ਬਿਆਨੀਆ ਕਹਾਣੀਆਂ, ਖ਼ਾਕੇ ਅਤੇ ਨਿਬੰਧਾਂ ਤੋਂ ਵੱਖ ਮਹੱਤਵ ਪ੍ਰਦਾਨ ਕੀਤਾ । ਚੈਖ਼ਵ ਨੇ ਨਿੱਕੀ ਕਹਾਣੀ ਨੂੰ ਬਾਹਰਮੁਖਤਾ ਪ੍ਰਦਾਨ ਕੀਤੀ ਅਤੇ ਕਹਾਣੀ ਨੂੰ 'ਜੀਵਨ 'ਚੋਂ ਲਈ ਇਕ ਝਾਕੀ' (a slice of life) ਦਾ ਨਾਉਂ ਦਿੱਤਾ । ਕੈਥਰੀਨ ਮੈਨਸਫ਼ੀਲਡ ( Katherine Mansfield ) ਨੇ ਜੀਵਨ ਦੀ ਇਕ ਝਾਕੀ ਨੂੰ ਬੜੇ ਸੰਜਮ ਨਾਲ ਸਾਦੇ ਪਲਾਟਾਂ ਵਿਚ ਪ੍ਰਗਟ ਕੀਤਾ । ਘੱਟ ਤੋਂ ਘੱਟ ਘਟਨਾਵਾਂ ਅਤੇ ਘੱਟ ਤੋ ਘੱਟ ਸ਼ਬਦਾਂ ਰਾਹੀਂ ਜੀਵਨ ਦੇ ਵੱਧ ਤੋਂ ਵੱਧ ਹਿੱਸੇ ਨੂੰ ਵਿਅਕਤ ਕਰਨਾ ਇਨ੍ਹਾਂ ਕਹਾਣੀਆਂ ਦਾ ਵਿਸ਼ੇਸ਼ ਆਦਰਸ਼ ਹੈ ।
ਪੋ ਨੇ ਨਿੱਕੀ ਕਹਾਣੀ ਦੀ ਲੰਬਾਈ ਸਮੇਂ ਦੇ ਆਧਾਰ ਤੇ ਕੀਤੀ ਸੀ ਪਰੰਤੂ ਪਿਛਲੇਰੇ ਕਹਾਣੀਕਾਰਾਂ ਨੇ 2500 ਸ਼ਬਦਾਂ ਤੋਂ ਲੈ ਕੇ 10, 000 ਸ਼ਬਦਾਂ ਦੀਆਂ ਕਹਾਣੀਆਂ ਲਿਖਆਂ ਹਨ । 2500 ਤੋਂ ਘੱਟ ਸ਼ਬਦਾਂ ਵਾਲੀ ਕਹਾਣੀ ਨੂੰ 'ਨਿੱਕੀ ਨਿੱਕੀ ਕਹਾਣੀ'( short short story ) ਅਤੇ 10, 000 ਸ਼ਬਦਾਂ ਤੋਂ ਵੱਧ ਕਹਾਣੀ ਨੂੰ 'ਲੰਮੀ ਨਿੱਕੀ ਕਹਾਣੀ' (Long short story) ਦਾ ਨਾਉਂ ਦਿੱਤਾ ਜਾਂਦਾ ਹੈ । ਇਕਾਤਮਕਤਾ ਨਿੱਕੀ ਕਹਾਣੀ ਦਾ ਖ਼ਾਸ ਗੁਣ ਹੈ । ਨਿੱਕੀ ਕਹਾਣੀ ਦੀ ਇਕਾਤਮਕਤਾ ਪੁਰਾਤਨ ਯੂਨਾਨੀ ਨਾਟਕ ਦੀ ਤਿੰਨਏਕਤਾ ਨਾਲ ਮੇਲ ਨਹੀਂ ਖਾਂਦੀ । ਇਹ ਇਕਾਤਮਕਤਾ ਕੋਈ ਤਕਨੀਕੀ ਸੰਕਲਨ ਨਹੀਂ ਹੈ । ਇਸ ਦਾ ਅਰਥ ਕੇਵਲ ਇਤਨਾ ਹੈ ਕਿ ਨਿੱਕੀ ਕਹਾਣੀ ਕੋਈ ਅਜਿਹੀ ਬੋਰੀ ਨਹੀਂ ਜਿਸ ਵਿਚ ਹਰੇਕ ਭਾਂਤ ਦੀ ਚੀਜ਼ ਪਾਈ ਜਾ ਸਕਦੀ ਹੈ । ਨਿੱਕੀ ਕਹਾਣੀ ਵਿਚ ਇਕ ਸਮੁੱਚੀ ਸਥਿਤੀ, ਜਾਂ ਇਕ ਸਮੁੱਚਾ ਪ੍ਰਭਾਵ ਸੰਭਵ ਹੋ ਸਕੇ । ਜਿੱਥੇ ਉਪਨਿਆਸ ਵਿਚ ਅਣਗਿਣਤ ਘਟਨਾਵਾਂ, ਪਾਤਰ ਅਤੇ ਸਥਿਤੀਆਂ ਵਿਦਮਾਨ ਹੋ ਸਕਦੀਆਂ ਹਨ ਉੱਥੇ ਕਹਾਣੀ ਵਿਚੋਂ ਇਕ ਪ੍ਰਭਾਵ ਨੂੰ ਕਾਇਮ ਕਰਨ ਲਈ ਸਾਰੀਆਂ ਬੇਲੋੜੀਆਂ ਚੀਜ਼ਾਂ ਨੂੰ ਕੱਢ ਦਿੱਤਾ ਜਾਂਦਾ ਹੈ । ਨਿੱਕੀ ਕਹਾਣੀ ਦੇ ਪਲਾਟ ਵਿਚ ਨਾਵਲ ਵਾਂਗ ਵਿਸਤਾਰ ਨਹੀਂ ਹੋ ਸਕਦਾ । ਸਿੱਧਾ ਆਰੰਭ, ਸਿੱਖਰ, ਲਟਕਾ ਅਤੇ ਅੰਤ ਨਿੱਕੀ ਕਹਾਣੀ ਦੇ ਪਲਾਟ ਦੇ ਅੰਸ਼ ਹਨ । ਉਤਸੁਕਤਾ ਜਾਂ ਲਟਕਾ, ਹੈਰਾਨੀ ਜਾਂ ਅਸਚਰਜ ਉਤੇਜਿਤ ਕਰਨਾ ਨਿੱਕੀ ਕਹਾਣੀ ਦੇ ਗੁਣ ਹਨ । ਕਿਸੇ ਆਲੋਚਕ ਨੇ ਸਭ ਤੋਂ ਵਧੀਆ ਕਹਾਣੀ ਉਸ ਨੂੰ ਆਖਿਆ ਹੈ ਜਿਹੜੀ ਅਸਚਰਜ ਉਤੇਜਿਤ ਕਰਨਾ ਨਿੱਕੀ ਕਹਾਣੀ ਦੇ ਗੁਣ ਹਨ । ਕਿਸੇ ਆਲੋਚਕ ਨੇ ਸਭ ਤੋਂ ਵਧੀਆ ਕਹਾਣੀ ਉਸ ਨੂੰ ਆਖਿਆ ਹੈ ਜਿਹੜੀ ਅਸਚਰਜ ਨਾਲ ਪਾਠਕ ਦੇ ਰੌਂਗਟੇ ਖੜੇ ਕਰ ਦੇਵੇ । ਜਿਵੇਂ ਇਕ ਡੱਬੇ ਵਿਚ ਦੋ ਯਾਤਰੀ ਸਫ਼ਰ ਕਰ ਰਹੇ ਸਨ । 'ਉ' ਨੇ 'ਅ' ਨੂੰ ਪੁੱਛਿਆ 'ਕਿਉਂ ਭਾਈ ਤੈਨੂੰ ਭੂਤਾਂ ਵਿਚ ਵਿਸ਼ਵਾਸ ਹੈ ?' 'ਅ' ਨੇ ਉੱਤਰ ਦਿੱਤਾ 'ਨਹੀਂ'! 'ੳ' ਨੇ ਕਿਹਾ 'ਨਹੀਂ'? ਤੇ ਕਹਿੰਦੇ ਸਾਰ ਹੀ ਗ਼ਾਇਬ ਹੋ ਗਿਆ । ਇਹ ਹੈ ਕਿ ਇਕ ਆਦਰਸ਼ ਨਿੱਕੀ ਕਹਾਣੀ ਜਿਹੜੀ ਸਮੱਸਿਆ ਪੈਦਾ ਕਰਦੀ ਹੈ ਉਸ ਦੇ ਸੁਲਝਾਉ ਪਾਠਕ ਤੇ ਛੱਡ ਦਿੰਦੀ ਹੈ ।
ਪਤ੍ਰ-ਪਤ੍ਰਿਕਾਵਾਂ ਦੇ ਚਲਣ ਦੇ ਨਾਲ ਨਿੱਕੀ ਕਹਾਣੀ ਲੋਕ ਪ੍ਰਿਯ ਸਾਹਿੱਤ ਦਾ ਵਿਸ਼ੇਸ਼ ਅੰਗ ਬਣ ਗਈ । ਇਕ ਅੰਦਾਜ਼ੇ ਅਨੁਸਾਰ ਪਹਿਲੇ ਮਹਾਨ ਯੁੱਧ ਦੇ ਸਮੇਂ ਤੋਂ ਲੈ ਕੇ 1938 ਈ. ਤਕ ਪੱਛਮ ਵਿਚ ਲਗਭਗ ਇਕ ਲੱਖ ਕਹਾਣੀਆਂ ਲਿਖੀਆਂ ਗਈਆਂ । ਤਕਨੀਕੀ ਅਤੇ ਸਾਹਿਤਿਕ ਕਹਾਣੀ ਦੀ ਉਪਜ ਭਾਰਤ ਦੀਆਂ ਭਾਸ਼ਾਵਾਂ ਵਿਚ ਕਿਸੇ ਕਾਲ ਵਿਚ ਹੋਈ । ਲੇਖਕਾਂ ਨੇ ਕਹਾਣੀ ਨੂੰ ਵੱਖ ਵੱਖ ਰੂਪ ਪ੍ਰਦਾਨ ਕੀਤੇ ਹਨ । ਘਟਨਾ-ਪ੍ਰਧਾਨ ਕਹਾਣੀਆਂ ਵਿਚ ਲੇਖਕ ਇਕ ਘਟਨਾ ਨੂੰ ਹੀ ਮੁੱਖ ਰੱਖਦੇ ਹਨ । ਕਈ ਕਹਾਣੀਆਂ ਕੇਵਲ ਇਕੋ ਪਾਤਰ ਦੁਆਲੇ ਘੁੰਮਦੀਆਂ ਹਨ ਅਤੇ ਪਾਤਰ-ਪ੍ਰਧਾਨ ਕਹਾਣੀਆਂ ਅਖਵਾਉਂਦੀਆਂ ਹਨ । ਕਈ ਕਹਾਣੀਆਂ ਕਿਸੇ ਵਿਸ਼ੇਸ਼ ਭਾਵ ਨੂੰ ਵਿਅਕਤ ਕਰਦੀਆਂ ਹਨ ਅਤੇ ਭਾਵ-ਪ੍ਰਧਾਨ ਕਹਾਣੀਆਂ ਅਖਵਾਉਂਦੀਆਂ ਹਨ । ਵਾਤਾਵਰਣ-ਪ੍ਰਧਾਨ ਕਹਾਣੀ ਵਿਚ ਕੇਵਲ ਇਕ ਵਾਤਾਵਰਣ ਪੇਸ਼ ਕੀਤਾ ਜਾਂਦਾ ਹੈ । ਮਨੋਵਿਗਿਆਨਕ ਕਹਾਣੀਆਂ ਅਤੇ ਮਨੋਵਿਸ਼ਲੇਸ਼ਣ-ਪ੍ਰਧਾਨ ਕਹਾਣੀਆਂ ਵਿਚ ਪਾਤਰਾਂ ਦਾ ਮਨੋਵਿਗਿਆਨਕ ਅਧਿਐਨ ਹੁੰਦਾ ਹੈ । ਜਾਸੂਸੀ ਕਹਾਣੀਆਂ ਕਾਰਜ-ਪ੍ਰਧਾਨ ਅਤੇ ਕਲਪਨਾ-ਪ੍ਰਧਾਨ ਕਹਾਣੀਆਂ ਹੁੰਦੀਆਂ ਹਨ ।
ਪੰਜਾਬੀ ਦੀਆਂ ਲੋਕ-ਕਹਾਣੀਆਂ ਵਿਚੋਂ ਨਿੱਕੀ ਕਹਾਣੀ ਦੀ ਉਤਸੁਕਤਾ ਜਾਂ ਲਟਕਾ ਵਾਲੇ ਅੰਸ਼ ਲੱਭੇ ਜਾ ਸਕਦੇ ਹਨ । 'ਪੁਰਾਤਨ ਜਨਮਸਾਖੀ' ਦੀਆਂ ਕਈ ਸਾਖੀਆਂ ਜਿਵੇਂ ਸਾਖੀ ਨੰਬਰ ਇਕੱਤੀ ('ਪਿਤਾ ਜੀ ਨਾਲ ਮੇਲ') ਅਤੇ ਸਾਖੀ ਨੰਬਰ ਚਾਰ ('ਖੇਤ ਹਰਿਆ'), ਡਾ. ਮੋਹਨ ਸਿੰਘ ਅਨੁਸਾਰ ਨਿੱਕੀ ਕਹਾਣੀ ਦੇ ਵਧੀਆਂ ਨਮੂਨੇ ਹਨ । ਇਨ੍ਹਾਂ ਵਿਚ ਪਾਤਰਾਂ ਅਤੇ ਘਟਨਾਵਾਂ ਦੀ ਸੰਖੇਪਤਾ ਅਤੇ ਬਿਆਨ ਵਿਚ ਸੰਜਮ ਹੈ । ਈਸਾਈ ਮਿਸ਼ਨਰੀਆਂ ਨੇ 'ਦੋਪੱਤਰੇ'ਅਤੇ 'ਚੌਪੱਤਰੇ' ਨਾਉਂ ਦੇ ਟ੍ਰੈਕਟਾਂ ਵਿਚ ਛੋਟੀਆਂ ਛੋਟੀਆਂ ਕਹਾਣੀਆਂ ਰਾਹੀਂ ਪ੍ਰਚਾਰ ਆਰੰਭਿਆ । ਇਨ੍ਹਾਂ ਕਹਾਣੀਆਂ ਦੀ ਪਲਾਟ ਬਣਤਰ ਅਤੇ ਸਿੱਖਰ ਇਕ ਚੰਗੀ ਕਹਾਣੀ ਦੇ ਅੰਸ਼ ਮੰਨੇ ਜਾ ਸਕਦੇ ਹਨ । ਵੀਹਵੀਂ ਸਦੀ ਈ. ਦੇ ਪਹਿਲੇ ਦਹਾਕਿਆਂ ਵਿਚ 'ਅਕਾਲੀ', 'ਫੁਲਵਾੜੀ', 'ਹੰਸ', 'ਮੌਜੀ', 'ਪੰਜਾਬੀ ਦਰਬਾਰ', 'ਪ੍ਰੀਤਮ', 'ਲਿਖਾਰੀ', 'ਅਦਬੀ ਅਫ਼ਸਾਨੇ'ਆਦਿ ਪਤ੍ਰ-ਪਤ੍ਰਿਕਾਵਾਂ ਦੇ ਜਾਰੀ ਹੋਣ ਨਾਲ ਪੰਜਾਬੀ ਵਿਚ ਨਿੱਕੀ ਕਹਾਣੀ ਦਾ ਉਦਗਮ ਤੇ ਵਿਕਾਸ ਹੋਇਆ । ਹੀਰਾ ਸਿੰਘ ਦਰਦ ਦੇ ਕਥਨ ਅਨੁਸਾਰ ਲਾਲ ਸਿੰਘ ਕਮਲਾ ਅਕਾਲੀ ਦੀ 1926 ਈ. ਵਿਚ ਛਪੀ 'ਅਕਾਲੀ'ਵਿਚ ਕਹਾਣੀ 'ਸਰਬਲੋਹ ਦੀ ਵਹੁਟੀ' ਪੰਜਾਬੀ ਦੀ ਪਹਿਲੀ ਨਿੱਕੀ ਕਹਾਣੀ ਸੀ । ਮੋਹਨ ਸਿੰਘ ਵੈਦ ਨੇ 'ਹੀਰੇ ਦੀਆਂ ਕਹਾਣੀਆਂ' ਸੰਗ੍ਰਹਿ (1927 ਈ.) ਵਿਚ ਪੱਛਮੀ ਕਹਾਣੀਆਂ ਦੇ ਅਨੁਵਾਦ ਛਾਪੇ । ਚਰਨ ਸਿੰਘ ਸ਼ਹੀਦ ਆਪਣੇ ਕਹਾਣੀ-ਸੰਗ੍ਰਹਿ 'ਹਸਦੇ ਹੰਝੂ' (1929-30 ਈ.) ਦੇ ਮੁਖਬੰਧ ਵਿਚ ਪੱਛਮੀ ਕਹਾਣੀ ਨਾਲ ਜਾਣਕਾਰੀ ਪ੍ਰਗਟ ਕਰਦਾ ਹੈ । ਨਾਨਕ ਸਿੰਘ ਅਤੇ ਗੁਰਬਖ਼ਸ਼ ਸਿੰਘ ਨੇ ਸਮਾਜਕ ਵਿਸ਼ੈ ਆਪਣੀਆਂ ਕਹਾਣੀਆਂ ਲਈ ਚੁਣੇ । 'ਜੀਵਨ ਦੀ ਇਕ ਟੁਕੜੀ'ਤਕਨੀਕ ਵਾਲੀ ਸਾਹਿਤਿਕ ਨਿੱਕੀ ਕਾਹਣੀ ਸੰਤ ਸਿੰਘ ਸੇਖੋਂ ਦੇ ਕਹਾਣੀ ਸੰਗ੍ਰਹਿ 'ਸਮਾਚਾਰ'ਦੇ ਛਪਣ ਨਾਲ ਸ਼ੁਰੂ ਹੋਈ । ਸੇਖੋਂ, ਸੁਜਾਨ ਸਿੰਘ, ਜਸਵੰਤ ਸਿੰਘ, ਮੋਹਨ ਸਿੰਘ, ਕੁਲਵੰਘ ਸਿੰਘ ਵਿਰਕ, ਹਰੀ ਸਿੰਘ ਦਿਲਬਰ, ਮਹਿੰਦਰ ਸਿੰਘ ਸਰਨਾ, ਜਸਵੰਤ ਸਿੰਘ ਕੰਵਲ, ਬਲਵੰਤ ਗਾਰਗੀ ਆਦਿ ਨੇ ਸਮਾਜਕ ਵਿਸ਼ਿਆਂ ਨੂੰ ਆਪਣੀਆਂ ਕਹਾਣੀਆਂ ਵਿਚ ਮੁੱਖ ਰੱਖਿਆ ਹੈ । ਸੁਰਿੰਦਰ ਸਿੰਘ ਨਰੂਲਾ, ਕਰਤਾਰ ਸਿੰਘ ਦੁੱਗਲ ਨੇ ਪ੍ਰਾਕ੍ਰਿਤਿਕਵਾਦੀ ਅਤੇ ਮਨੋਵਿਗਆਨਕ ਵਿਸ਼ਿਆਂ ਨੂੰ ਕਹਾਣੀਆਂ ਦਾ ਆਧਾਰ ਬਣਾਇਆ ਹੈ । ਦੁੱਗਲ ਅਤੇ ਸੁਰਜੀਤ ਸਿੰਘ ਸੇਠੀ ਨੇ 'ਚੇਤਨਾ ਪ੍ਰਵਾਹ'ਤਕਨੀਕ ਵੀ ਆਪਣੀਆਂ ਕਹਾਣੀਆਂ ਵਿਚ ਵਰਤੀ ਹੈ । ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਵਿਚ ਸਥਾਨਕ ਰੰਗ ਹੈ । ਵੀਹਵੀਂ ਸਦੀ ਈ. ਵਿਚ ਸਾਹਿੱਤ ਦੇ ਨਵੇਂ ਪ੍ਰਯੋਗਾਂ ਦੇ ਨਾਲ ਨਾਲ ਪੰਜਾਬੀ ਕਹਾਣੀ ਵਿਚ ਨਿੱਤ ਨਵੇਂ ਪ੍ਰਯੋਗ ਹੋ ਰਹੇ ਹਨ । ਸ਼ਾਇਦ ਇਹ ਕਹਿਣਾ ਅਯੋਗ ਨਹੀਂ ਕਿ ਪੰਜਾਬੀ ਸਾਹਿੱਤ ਵਿਚ ਥੋੜੇ ਸਮੇਂ ਵਿਚ ਹੀ ਜਿੰਨਾ ਵਿਕਾਸ ਨਿੱਕੀ ਕਹਾਣੀ ਨੇ ਕੀਤਾ ਹੈ ਹੋਰ ਕਿਸੇ ਵੰਨਗੀ ਦਾ ਨਹੀਂ ਹੋਇਆ । ਇਸ ਦਾ ਭਵਿਸ਼ ਵੀ ਉਜਲਾ ਹੈ ।