Nikki Jihi Gall (Story in Punjabi) : Ismat Chughtai
ਨਿੱਕੀ-ਜਿਹੀ ਗੱਲ (ਕਹਾਣੀ) : ਇਸਮਤ ਚੁਗ਼ਤਾਈ
“ਕਿਉਂ ਬਈ ਸਮਝ ਗਿਆ ਏਂ ਨਾ? ਬਸ ਅਹਿ ਨਿੱਕੀ-ਜਿਹੀ ਗੱਲ ਏ ਸਾਰੀ।” ਵਕੀਲ ਸਾਹਬ ਨੇ ਰਤਾ ਅਗਾਂਹ ਵੱਲ ਝੁਕ ਕੇ ਉਸ ਪਤਲੂ ਜਿਹੇ ਮੁੰਡੇ ਨੂੰ ਪੁੱਛਿਆ ਸੀ। ...
...ਤੇ ਗੋਪਾਲ ਸਿੰਘ ਦਾ ਮੂਰਤ ਵਰਗਾ ਚਿਹਰਾ ਪੀਲਾ ਪੈ ਗਿਆ ਸੀ। ਪਸੀਨੇ ਦੀਆਂ ਧਾਰੀਆਂ ਜਿਹੀਆਂ, ਉਹਦੀਆਂ ਪੁੜਪੁੜੀਆਂ ਹੇਠ ਫੁੱਟ ਰਹੀ ਲਵੀ, ਭੂਰੀ-ਦਾੜ੍ਹੀ ਵਿਚ ਵਗ ਰਹੀਆਂ ਸਨ ਤੇ ਉਹ ਆਪਣੇ ਪੁੱਠੇ ਹੱਥ ਨਾਲ ਪਸੀਨਾ ਪੂੰਝ ਰਿਹਾ ਸੀ। ਫੇਰ ਉਸਨੇ ਆਪਣੀਆਂ ਉਨੀਂਦੀਆਂ ਅੱਖਾਂ ਦੀਆਂ ਮਣ-ਮਣ ਭਰੀਆਂ ਪਲਕਾਂ ਉਤਾਂਹ ਚੁੱਕੀਆਂ ਸਨ...ਤੇ ਉਸਦੀਆਂ ਅੱਖਾਂ ਵਿਚ ਦੇਖ ਕੇ ਵਕੀਲ ਸਾਹਬ ਸਹਿਮ ਗਏ ਸਨ...ਚਿੱਟੇ ਡੇਲਿਆਂ ਵਿਚਕਾਰ ਸੁਨਹਿਰੀ ਪੁਤਲੀਆਂ ਇੰਜ ਥਿਰਕ ਰਹੀਆਂ ਸਨ, ਜਿਵੇਂ ਦੁੱਧ ਦੇ ਭਰੇ ਕਟੋਰਿਆਂ ਵਿਚ ਸੁਨਹਿਰੇ ਫੁੱਲ ਦੀਆਂ ਪੱਤੀਆਂ...! ਅੱਲਾ ਪਾਕ ਨੇ ਇਹਨਾਂ ਅੱਖਾਂ ਨੂੰ ਪਤਾ ਨਹੀਂ ਕਿੰਨੀਆਂ ਰਾਤਾਂ ਜਾਗ ਕੇ ਬਣਾਇਆ ਹੋਏਗਾ!
“ਨਹੀਂ ਵਕੀਲ ਸਾਹਬ...” ਗੋਪਾਲ ਨੇ ਇਕ ਲੰਮਾਂ ਹਊਕਾ ਖਿੱਚਿਆ ਤੇ ਉਸਦੀ ਧੌਣ ਕੁਝ ਹੋਰ ਨੀਵੀਂ ਹੋ ਗਈ।
“ਓਇ ਯਾਰਾ, ਏਨੀ ਕੁ ਗੱਲ ਵੀ ਤੇਰੀ ਅਕਲ 'ਚ ਨਹੀਂ ਆ ਰਹੀ, ਬਈ ਰੱਖੀ ਨਾਲ ਤੇਰੇ ਨਾਜਾਇਜ਼ ਸਬੰਧ ਸਨ ਤੇ ਤੁਸੀਂ ਦੋਏ ਰਾਤ ਨੂੰ...”
“ਨ-ਨਹੀ...” ਗੋਪਾਲਾ ਝੱਲਿਆਂ ਵਾਂਗ ਸਿਰ ਮਾਰਨ ਲੱਗ ਪਿਆ ਸੀ, ਜਿਵੇਂ ਕਿਸੇ ਅਦਿੱਖ ਫਾਹੇ 'ਚੋਂ ਆਪਣੀ ਗਰਦਨ ਛੁੜਾਨ ਦੀ ਕੋਸ਼ਿਸ਼ ਕਰ ਰਿਹਾ ਹੋਏ, ਇੰਜ ਨਾ ਆਖੋ ਵਕੀਲ ਸਾਹਬ...ਇੰਜ, ਨਾ ਆਖੋ।”
“ਸਰਦਾਰ ਜੀ,” ਵਕੀਲ ਸਾਹਬ ਨੇ ਖਿਝ ਕੇ ਮੇਜ਼ ਉੱਤੇ ਮੁੱਕਾ ਮਾਰਿਆ, “ਮੇਰਾ ਵਕਤ ਕਿਉਂ ਬਰਬਾਦ ਕਰਦੇ ਓ? ਤੁਹਾਡਾ ਪੁੱਤਰ ਮਰਨਾ ਈ ਚਾਹੁੰਦਾ ਏ ਤਾਂ ਕੋਈ ਵੀ ਵਕੀਲ ਉਸਦੀ ਜਾਨ ਨਹੀਂ ਬਚਾਅ ਸਕਦਾ...”
“ਵਕੀਲ ਜੀ,” ਗੋਪਾਲ ਦਾ ਬੁੱਢਾ ਪਿਓ ਰੋਣ ਲੱਗ ਪਿਆ, “ਮੇਰਾ ਇਕੋ-ਇਕ ਪੁੱਤਰ ਏ ਵਕੀਲ ਜੀ...ਇਹਦੀ ਜਾਨ ਬਚਾਅ ਲਓ ਜੀ...”
“ਇਸ ਵਿਚ ਭਲਾਅ ਮੇਰਾ ਕੀ ਕਸੂਰ ਏ ਸਰਦਾਰ ਜੀ ਕਿ ਤੁਹਾਡਾ ਇੱਕੋ-ਇਕ ਪੁੱਤਰ ਏ ਤੇ ਉਹ ਵੀ ਫਾਹੇ ਲੱਗਣ 'ਤੇ ਤੁਲਿਆ ਹੋਇਆ ਏ!”
“ਜੇ ਇਸਨੂੰ ਫਾਂਸੀ ਹੋ ਗਈ ਤਾਂ...” ਤੇ ਬੁੱਢੇ ਸਰਦਾਰ ਦੀਆਂ ਭੁੱਬਾਂ ਨਿਕਲ ਗਈਆਂ, ਗੱਲ ਪੂਰੀ ਨਾ ਹੋ ਸਕੀ।
“ਜਿਵੇਂ ਮੈਂ ਕਹਿ ਰਿਹਾਂ, ਜੇ ਇਹ ਉਹੀ ਬਿਆਨ ਅਦਾਲਤ ਸਾਹਮਣੇ ਦਹੁਰਾਅ ਦੇਵੇ ਤਾਂ ਫਾਂਸੀ ਨਹੀਂ ਹੋਏਗੀ। ਏਨੀ ਕੁ ਗੱਲ ਇਹਦੀ ਸਮਝ 'ਚ ਨਹੀਂ ਆ ਰਹੀ...ਇਹਦੇ ਦਿਮਾਗ਼ 'ਚ ਗੋਹਾ ਭਰਿਆ ਹੋਇਆ ਏ। ਰੱਖੀ ਨਾਲ ਇਸਦੇ ਸਬੰਧ ਸਨ, ਜੋਗਿੰਦਰ ਨੇ ਇਹਨਾਂ ਨੂੰ ਰੰਗੇ-ਹੱਥੀਂ ਫੜ੍ਹ ਲਿਆ, ਉਸਦੇ ਸਿਰ ਉੱਤੇ ਖ਼ੂਨ ਸਵਾਰ ਹੋ ਗਿਆ, ਉਹ ਗੰਡਾਸਾ ਚੁੱਕ ਕੇ ਇਹਨਾਂ ਨੂੰ ਮਾਰਨ ਲਈ ਅਹੁਲਿਆ ਤੇ ਫੇਰ ਹੱਥੋ-ਪਾਈ ਹੁੰਦਿਆਂ ਗੰਡਾਸਾ, ਉਲਟਾ, ਉਸੇ ਨੂੰ ਵੱਜ ਗਿਆ ਤੇ ਉਹ ਥਾਵੇਂ ਡਿੱਗ ਪਿਆ।”
“ਇਹ ਝੂਠ ਏ। ਗੰਡਾਸਾ ਮੇਰੇ ਹੱਥ ਵਿਚ ਸੀ ਤੇ ਮੈਂ ਹੀ ਜੋਗਿੰਦਰ ਨੂੰ...”
“ਫੇਰ ਉਹੋ ਬਕਵਾਸ...ਬੱਚਿਆਂ ਵਾਲੀ ਜ਼ਿੱਦ, ਮੈਂ ਨਾ ਮਾਨੂੰ। ਸਰਦਾਰ ਜੀ ਤੁਹਾਡਾ ਮੁੰਡਾ ਅੱਵਲ ਦਰਜੇ ਦਾ ਉਹ ਏ...”
“ਗੋਪਾਲੇ, ਮੇਰੇ ਵੱਲ ਵੇਖ ਪੁੱਤਰਾ,” ਬੁੱਢੇ ਸਰਦਾਰ ਨੇ ਕਿਹਾ।
ਮੁੰਡਾ ਸਹਿਮ ਕੇ ਰਤਾ ਹੋਰ ਸੁੰਗੜ ਗਿਆ। ਉਸਨੂੰ ਪਤਾ ਸੀ ਕਿ ਬੁੱਢੇ ਪਿਓ ਦੀਆਂ ਅੱਖਾਂ ਗਾੜ੍ਹੀ ਦਲਦਲ ਵਰਗੀਆਂ ਹੁੰਦੀਆਂ ਨੇ...ਉਸਨੂੰ ਪਕੜ ਲੈਣਗੀਆਂ ਤੇ ਫੇਰ ਉਸ ਕਦੀ ਨਹੀਂ ਛੁੱਟ ਸਕਣਾ।
ਵਕੀਲ ਸਾਹਬ ਦੋਏ ਹੱਥਾਂ ਵਿਚ ਆਪਣਾ ਸਿਰ ਫੜੀ ਬੈਠੇ ਸਨ। ਏਨੇ ਮਾਯੂਸ ਉਹ ਕਦੀ ਨਹੀਂ ਸੀ ਹੋਏ! ਉਹ ਬੜੇ ਰੁੱਖੇ, ਨਿਰਮੋਹੀ ਤੇ ਕਾਰੋਬਾਰੀ ਜਿਹੇ ਆਦਮੀ ਸਨ। ਪਤਾ ਨਹੀਂ ਕਿੰਨੇ ਚੋਰਾਂ, ਡਾਕੂਆਂ, ਕਾਤਲਾਂ ਅਤੇ ਦਿਮਾਗ਼ੀ ਮਰੀਜ਼ਾਂ ਨੂੰ ਫਾਂਸੀ ਦੇ ਤਖ਼ਤੇ ਤੋਂ ਮੋੜ ਲਿਆਏ ਸਨ, ਉਹ। ਕਦੀ ਕਿਸੇ ਮੁਕੱਦਮੇਂ ਵਿਚ ਉਹਨਾਂ ਨੇ ਜਜ਼ਬਾਤ ਨੂੰ ਪਹਿਲ ਨਹੀਂ ਸੀ ਦਿੱਤੀ। ਪਰ ਇਸ ਬੁੱਢੇ ਸਰਦਾਰ ਤੇ ਇਸ ਪਤਲੂ ਜਿਹੇ ਮੁੰਡੇ ਨੂੰ ਦੇਖ ਕੇ ਪਤਾ ਨਹੀਂ ਕਿਹੜੀ ਗੁੱਝੀ ਸੱਟ ਦਿਲ ਉੱਤੇ ਲੱਗੀ ਕਿ ਉਹ ਬੇਵੱਸ ਜਿਹੇ ਹੋ ਗਏ ਸਨ। ਰੱਬ ਦੀ ਕੁਦਰਤ ਕਿੰਨੀ ਸੋਹਣੀ ਸੂਰਤ ਸੀ ਬਦਨਸੀਬ ਦੀ! ਜਾਪਦਾ ਸੀ ਚੰਨ ਦਾ ਬੂਟਾ, ਨਰਮ ਸਿੱਲ੍ਹੀ ਮਿੱਟੀ 'ਚੋਂ ਫੁੱਟ ਨਿਕਲਿਆ ਏ।
“ਗੋਪਾਲ ਸਿਆਂ, ਫਾਂਸੀ ਲੱਗਦੀ ਵੇਖੀ ਏ ਕਦੀ?”
“ਨਹੀਂ ਜੀ।”
“ਜਾਣਦਾ ਏਂ ਪੁੱਤਰ, ਫਾਂਸੀ ਕਿੱਡੀ ਭੈੜੀ ਚੀਜ਼ ਹੁੰਦੀ ਏ? ਅੱਖਾਂ ਦੇ ਡੇਲੇ ਗੱਲ੍ਹਾਂ ਤੀਕ ਲਮਕਣ ਲੱਗ ਪੈਂਦੇ ਨੇ, ਜੀਭ ਬਾਹਰ ਨਿਕਲ ਆਉਂਦੀ ਹੈ ਤੇ ਧੌਣ ਹੱਥ ਲੰਮੀ ਹੋ ਜਾਂਦੀ ਏ।” ਵਕੀਲ ਸਾਹਬ ਬੜੀ ਭਿਆਨਕ ਤੇ ਕੁਰਖ਼ਤ ਆਵਾਜ਼ ਵਿਚ ਬੋਲ ਰਹੇ ਸਨ, ਜਿਵੇਂ ਗੋਪਾਲ ਨੂੰ ਡਰਾ ਰਹੇ ਹੋਣ ਤੇ ਉਹਨਾਂ ਨੂੰ ਆਪਣੀ ਪਿੱਠ ਉੱਤੇ ਵੀ ਕੰਨ-ਖਜੂਰੇ ਤੁਰਦੇ ਹੋਏ ਮਹਿਸੂਸ ਹੋਏ। ਗੋਪਾਲ ਦੇ ਬੁੱਲ੍ਹ ਫਰਕੇ ਤੇ ਉਹ ਦੰਦਾਂ ਹੇਠ ਹਥੇਲੀ ਨੱਪ ਕੇ ਰੋਣ ਲੱਗ ਪਿਆ—ਦੁੱਧ ਦੇ ਕਟੋਰਿਆਂ ਵਿਚ ਤੈਰਦੀਆਂ, ਸੁਨਹਿਰੀ ਫੁੱਲ ਦੀਆਂ ਪੱਤੀਆਂ ਹਿੱਲਣ-ਡੋਲਣ ਲੱਗ ਪਈਆਂ ਸਨ।
“ਤੂੰ ਰੱਖੀ ਨੂੰ ਬਚਪਨ ਤੋਂ ਜਾਣਦਾ ਏਂ ਨਾ?” ਵਕੀਲ ਸਾਹਬ ਨੇ ਗੱਲ ਰਤਾ ਘੁਮਾਅ ਕੇ ਤੋਰੀ।
“ਆਹੋ ਜੀ। ਏਨੇ ਏਨੇ ਹੁੰਦੇ 'ਕੱਠੇ ਖੇਡਦੇ ਰਹੇ ਨੇ ਜੀ...” ਬੁੱਢੇ ਸਰਦਾਰ ਨੇ, ਧਰਤੀ ਨਾਲੋਂ ਡੇਢ ਕੁ ਫੁੱਟ ਉੱਚੀ ਹਥੇਲੀ ਰੱਖਦਿਆਂ ਜਿਵੇਂ ਮਿਣਤੀ ਵੀ ਦੱਸ ਦਿੱਤੀ ਹੋਏ।
ਗੋਪਾਲ ਦੇ ਚਿਹਰੇ ਉੱਤੇ ਨਰਮ-ਨਰਮ ਬਚਪਨ ਨਿੱਖਰ ਆਇਆ। ਇਕ ਵਾਰ ਫੇਰ ਵਕੀਲ ਸਾਹਬ ਨੂੰ ਖ਼ੁਦਾ ਦੀ ਕੁਦਰਤ ਯਾਦ ਆ ਗਈ...ਪਤਾ ਨਹੀਂ ਫਰਿਸ਼ਤਿਆਂ ਨੇ ਕਿੰਨੇ ਚਿਹਰਿਆਂ ਦੀ ਮਾਸੂਮੀਅਤ ਚੁਰਾਅ ਕੇ ਇਸ ਚਿਹਰੇ ਉੱਤੇ ਜਾਇਆ ਕਰ ਦਿੱਤੀ ਸੀ!
“ਇਸ ਦਾ ਮਤਲਬ ਇਹ ਵੇ ਕਿ ਤੁਸੀਂ ਇਕ ਦੂਜੇ ਨੂੰ ਬਚਪਨ ਤੋਂ ਹੀ ਜਾਣਦੇ ਹੋ?...ਚਾਹੁੰਦੇ ਹੋ?”
“ਓ ਜੀ, ਬਚਪਨ ਤਾਂ ਬਾਂਦਰ ਹੁੰਦਾ ਏ, ਚਾਹੁਣਾ ਨਾ ਚਾਹੁਣਾ ਕੀ ਜੀ...! ਘੜੀ 'ਚ ਮੇਲ ਤੇ ਪਲਾਂ 'ਚ ਝਗੜੇ। ਆਹ ਹੁਣੇ ਗਲਵੱਕੜੀਆਂ ਪਾਈਆਂ ਹੋਈਆਂ ਨੇ ਤੇ ਹੁਣੇ ਜੁੰਡਮ-ਜੁੰਡੀ। ਤੇ ਰੱਖੀ ਤਾਂ ਮਿਰਚ ਸੀ, ਮਿਰਚ! ਕਿਸੇ ਨਾਲ ਉਸਦੀ ਦੋ ਘੜੀਆਂ ਨਹੀਂ ਸੀ ਬਣਦੀ। ਇੱਕ ਗੋਪਾਲ ਸੀ ਵਿਚਾਰਾ ਜਿਹੜਾ ਉਸਦੀ ਨਾਦਰ ਸ਼ਾਹੀ ਝੱਲ ਲੈਂਦਾ ਸੀ...ਬੁੱਢਾਪੇ ਦੀ ਘਰੋੜ ਜੋ ਸੀ ਜੀ। ਇਹਦਾ ਦਿਲ ਵੀ ਬੁੱਢਾ ਸੀ। ਰੱਖੀ ਫਿਟਕਾਰ ਦੇਂਦੀ ਤਾਂ ਬੂਥੀ ਲਮਕਾਅ ਕੇ ਮਾਂ ਦੇ ਗੋਡੇ ਮੁੱਢ ਆ ਬੈਠਦਾ...ਤੇ ਜਦੋਂ ਫੇਰ ਉਸਦਾ ਚਿੱਤ ਕਰਦਾ, ਆਵਾਜ ਮਾਰ ਲੈਂਦੀ...ਤਾਂ ਨੱਠ ਕੇ ਉਸਦੇ ਕੋਲ ਜਾ ਪਹੁੰਚਦਾ।”
ਜ਼ਰਾ ਵੱਡੀ ਹੋਈ ਤਾਂ ਚਾਣਚੱਕ ਗੋਪਾਲੇ ਤੋਂ ਫਰੰਟ ਹੋ ਗਈ। ਹੋਰ ਕੁੜੀਆਂ ਦੀ ਟੋਲੀ ਵਿਚ ਸਿਰ ਜੋੜ ਕੇ ਬੈਠੀ, ਪਤਾ ਨਹੀਂ ਕੀ-ਕੀ ਗੱਲਾਂ ਕਰਦੀ ਰਹਿੰਦੀ।
“ਮੁੰਡੇ ਬੜੇ ਖਰਾਬ ਹੁੰਦੇ ਨੇ, ਉਹਨਾਂ ਦੇ ਮਨ 'ਚ ਖੋਟ ਹੁੰਦੀ ਏ।” ਰੱਖੀ ਨੇ ਗੋਪਾਲ ਨੂੰ ਸਮਝਾਇਆ ਤਾਂ ਉਹ ਸਮਝ ਗਿਆ। ਫੇਰ ਉਸਦੇ ਮਨ ਵਿਚ ਵੀ ਖੋਟ ਪੂੰਗਰਨ ਲੱਗ ਪਈ ਸੀ ਤੇ ਫੇਰ ਰੱਖੀ ਨੂੰ ਵੀ ਉਸ ਖੋਟ ਵਿਚ ਰੂਚੀ ਹੋ ਗਈ ਸੀ। ਕਦੇ ਰੁੱਸ ਜਾਂਦੀ, ਕਦੇ ਮੰਨ ਬਹਿੰਦੀ।
“ਸੋਚ ਲਵੀਂ ਗੋਪਾਲਿਆ...ਜੇ ਕਦੀ ਤੂੰ ਮੇਰੇ ਨਾਲ ਪਿਆਰ-ਪਿਊਰ ਦੀ ਗੱਲ ਕੀਤੀ ਤਾਂ ਚੰਗਾ ਨਹੀਂ ਹੋਣਾ। ਚਾਚੀ ਨੂੰ ਦਸ ਕੇ ਏਨੀਆਂ ਜੁੱਤੀਆਂ ਪੁਆਵਾਂਗੀ ਕਿ ਪੱਗ ਢਿਲਕ ਜੂ-ਗੀ ਤੇਰੀ।”
“ਚੱਲ ਪਰ੍ਹਾਂ, ਭੂਤਨੀ ਜੀ ਨਾ ਹੋਏ ਤਾਂ...ਮੈਨੂੰ ਹਲਕੇ ਕੁੱਤੇ ਨੇ ਵੱਢਿਐ ਕਿ ਤੈਨੂੰ ਪਿਆਰ ਕਰਾਂਗਾ?” ਗੋਪਾਲਾ ਹਿਰਖ ਗਿਆ ਸੀ।
“ਕਿਉਂ ਸ਼ੈਤਾਨਾਂ ਮੇਰੇ ਵਿਚ ਕੀ ਬਿੱਜ ਏ? ਕਾਲੀ-ਕੋਝੀ ਆਂ? ਲੰਗੜੀ-ਲੂਹਲੀ ਆਂ? ਕਾਣੀ ਆਂ? ਜੋ ਤੂੰ ਮੈਨੂੰ ਪਿਆਰ ਨਹੀਂ ਕਰ ਸਕਦਾ...ਬੋਲ?” ਤੇ ਉਹ ਲੜ ਪਈ ਸੀ।
“ਬਸ ਮੇਰੀ ਮਰਜ਼ੀ...ਚਿੱਤ ਕਰੂ, ਕਰੂੰਗਾ! ਨਾ ਕਰੂ, ਨਾ ਕਰੂੰਗਾ।” ਗੋਪਾਲਾ ਆਕੜ ਗਿਆ।
“ਆ ਹ-ਹ-ਹਾ! ਵੱਡਾ ਆਇਆ ਮਰਜ਼ੀਆਂ ਵਾਲਾ। ਚਲ, ਜਾਹ ਚੁੱਲ੍ਹੇ 'ਚ ਪੈ।” ਉਹ ਹਿਰਖ ਜਾਂਦੀ ਤੇ ਕਈ ਕਈ ਦਿਨ ਨੱਕ-ਬੁੱਲ੍ਹ ਵੱਟੀ ਫਿਰਦੀ ਰਹਿੰਦੀ। ਗੋਪਾਲੇ ਦੀ ਦੁਨੀਆਂ ਸੁੰਨੀ ਹੋ ਜਾਂਦੀ। ਉਹ ਵੀ ਕਮਲਿਆਂ ਵਾਂਗ ਐਧਰ-ਔਧਰ ਭੌਂਦਾ ਫਿਰਦਾ—ਤੇ ਫੇਰ ਪਤਾ ਨਹੀਂ ਰੱਖੀ ਦੀ ਕਿਹੜੀ ਰਗ ਫੜਕਦੀ ਤੇ ਉਹ ਢੈਲੀ ਪੈ ਜਾਂਦੀ।
“ਹਾਏ ਵੇ ਗੋਪਾਲਿਆ, ਤੇਰੇ ਬਗੈਰ ਕਿੰਜ ਜੀਵਾਂਗੀ ਮੈਂ! ਮੈਂ ਤੇ ਸੰਖੀਆ ਖਾ ਕੇ ਸੁੱਤੀ ਰਹਿ ਜਾਵਾਂਗੀ।”
ਗੋਪਾਲੇ ਦੇ ਮੂੰਹ ਉੱਤੇ ਵੀ ਰੌਣਕ ਆ ਜਾਂਦੀ। ਅੱਖਾਂ ਨਸ਼ਿਆ ਜਾਂਦੀਆਂ ਤੇ ਉਹ ਫੇਰ ਚਾਣਚਕ ਪਲਟ ਕੇ ਫਨ ਮਾਰਦੀ—''ਕਿਉਂ ਓਇ...ਤੂੰ ਸਮਝ ਕੀ ਰੱਖਿਆ ਏ? ਇਉਂ ਦੀਦੇ ਪਾੜ-ਪਾੜ ਕੇ ਝਾਕਦਾ ਏਂ? ਕਸਮ ਨਾਲ ਦੀਦੇ ਭੰਨ ਦਿਆਂਗੀ।” ਉਹ ਬਗ਼ੈਰ ਕਿਸੇ ਗੱਲ ਤੋਂ ਹੀ ਭੜਕ ਉਠਦੀ।
ਖ਼ੁਦਾ ਨੇ ਔਰਤ ਤੇ ਮਰਦ ਵਿਚਕਾਰ ਇਹ ਕਿਹੋ ਜਿਹਾ ਤੂਫ਼ਾਨ ਬੰਨ੍ਹਿਆਂ ਹੋਇਆ ਹੈ...ਇਕ ਘੁੱਟ ਅੰਮ੍ਰਿਤ; ਇਕ ਘੁੱਟ ਜ਼ਹਿਰ! ਕਦੀ ਗੁੱਸੇ ਵਿਚ ਪਿਆਰ; ਕਦੀ ਪਿਆਰ ਵਿਚ ਗੁੱਸਾ! ਦੋਹਾਂ ਵਿਚ ਸੁਖ ਹੀ ਸੁਖ; ਦੋਹਾਂ ਵਿਚ ਦੁਖ ਹੀ ਦੁਖ।
“ਵੇ ਗੋਪਾਲਿਆ...ਐਧਰ ਮੈਂ ਨਹਾਅ ਰਹੀ ਆਂ, ਤੂੰ ਪਰ੍ਹਾਂ ਮੂੰਹ ਭੂਆਂ ਕੇ ਬੈਠਾ ਰਵ੍ਹੀਂ। ਜੇ ਐਧਰ ਵੇਖਿਆ ਤਾਂ ਵਾਹਿਗੁਰੂ ਤੇਰੀਆਂ ਅੱਖਾਂ ਪੱਟਮ ਕਰ ਦੇਊ...”
ਗੋਪਾਲੇ ਨੇ ਸਿਰਫ ਮੂੰਹ ਹੀ ਪਰ੍ਹਾਂ ਨਹੀਂ ਸੀ ਕੀਤਾ ਬਲਕਿ ਉਠ ਕੇ ਪੱਥਰ ਦੀ ਓਟ ਵਿਚ ਵੀ ਚਲਾ ਗਿਆ ਸੀ...ਤੇ ਰੱਖੀ ਬੁਰਾ ਮੰਨ ਗਈ ਸੀ।
ਜਦੋਂ ਰੱਖੀ ਦੀਆਂ ਚੀਕਾਂ ਸੁਣਕੇ ਉਸਨੇ ਸਣੇ ਕੱਪੜੀਂ ਪਾਣੀ ਵਿਚ ਛਾਲ ਮਾਰ ਦਿੱਤੀ ਸੀ ਤਾਂ ਉਹ ਕੰਡਿਆਲੀ ਝਾੜੀ ਬਣ ਬੈਠੀ ਸੀ। ਉਹਦਾ ਮੂੰਹ ਵਲੂੰਧਰ ਛੱਡਿਆ ਸੀ ਤੇ ਬੜੀਆਂ ਹੀ ਗਾਲ੍ਹਾਂ ਦਿੱਤੀਆਂ ਸਨ। ਉਹ ਉਸਦੇ ਕੇਸਾਂ ਨਾਲ ਝੂਲ ਗਈ ਸੀ ਤੇ ਗਰੀਬ ਮਸਾਂ ਡੁੱਬਣੋਂ ਬਚਿਆ ਸੀ।
“ਤੈਨੂੰ ਕੀ ਚੱਟੀ ਪਈ ਸੀ? ਮੈਨੂੰ ਡੁੱਬ ਜਾਣ ਦੇਂਦਾ। ਦੱਸ ਸੂਰਾ, ਮੈਂ ਤੇਰੀ ਕੀ ਲੱਗਦੀ ਸਾਂ?” ਗੋਪਾਲੇ ਨੇ ਰੋਸ ਪ੍ਰਗਟ ਕੀਤਾ ਤਾਂ ਉਹ ਮਿਹਣੇ ਮਾਰਨ ਲੱਗ ਪਈ ਸੀ। ਜਦੋਂ ਉਹ ਵਿਚਾਰਾ ਸ਼ਰਮਿੰਦਾ ਜਿਹਾ ਹੋ ਕੇ ਪਾਣੀ ਵਿਚੋਂ ਬਾਹਰ ਆਉਣ ਲੱਗਾ ਤਾਂ ਉਹ ਢੈਲੀ ਪੈ ਗਈ। “ਚਲ ਕਰਮਾਂ ਸੜਿਆ ਹੁਣ ਤਾਂ ਤੂੰ ਮੈਨੂੰ ਵੇਖ ਈ ਲਿਆ ਏ, ਨਾਲੇ ਤੇਰੇ ਕੱਪੜੇ ਵੀ ਭਿੱਜ ਗਏ ਨੇ। ਔਧਰ ਪੱਥਰ 'ਤੇ ਸੁਕਣੇ ਪਾ ਆ, ਤੇ ਤੂੰ ਵੀ ਨਹਾਅ ਲੈ। ਮੁਸ਼ਕ ਪਈ ਮਾਰਦੀ ਏ ਤੇਰੇ 'ਚੋਂ। ਪਰ ਖਬਰਦਾਰ ਐਧਰ ਨਾ ਵੇਖੀਂ...ਪਰਲੇ ਪਾਸੇ ਈ ਨਹਾਵੀਂ, ਹਾਂ।”
ਤੇ ਪਰਲੇ ਪਾਸੇ ਕਿਸ ਨਹਾਉਣਾ ਸੀ...ਤੇ ਨਾਲੇ ਕਈ ਦੂਰੀਆਂ ਡਾਢੀਆਂ ਖਤਰਨਾਕ ਹੁੰਦੀਆਂ ਨੇ। ਨੇੜੇ ਰਹਿਣ ਵਾਲਿਆਂ ਦਾ ਬੇਪਰਦਾ ਹੋਣ ਦਾ ਖ਼ਤਰਾ ਮੁੱਕ ਜਾਂਦਾ ਹੈ।
ਸ਼ਰਬਤੀ ਨੇ ਦੂਰੋਂ ਹੀ ਵੇਖ ਲਿਆ ਸੀ ਤੇ ਰੌਲਾ ਪਾ ਦਿੱਤਾ ਸੀ; ਹਾਲਾਂਕਿ ਗੋਪਾਲਾ ਆਪਣੇ ਜੂੜੇ ਵਿਚ ਫਸੀ ਰੱਖੀ ਦੀ ਨੱਥ ਹੀ ਕੱਢ ਰਿਹਾ ਸੀ, ਪਰ ਸ਼ਰਬਤੀ ਨੇ ਬੜੀ ਹਾਹਾਕਾਰ ਮਚਾਈ ਸੀ ਤੇ ਰੱਖੀ ਦੇ ਪਿਓ ਨੂੰ ਜਾ ਦੱਸਿਆ ਸੀ। ਵਾਹਵਾ ਬੋਲ-ਬੁਲਾਰਾ ਹੋਇਆ ਤੇ ਮਸੀਂ ਰੱਖੀ ਦੀ ਨੱਕ ਕੱਟੀ ਜਾਣੋ ਬਚੀ। ਸਾਰੇ ਪਿੰਡ ਵਿਚ ਹਾਹਾਕਾਰ ਮੱਚ ਗਈ ਸੀ। ਰੱਖੀ ਦੇ ਸ਼ਰਾਬੀ ਪਿਓ ਨੇ ਉਸਨੂੰ ਕਾਫੀ ਕੁਟਾਪਾ ਚਾੜ੍ਹਿਆ, ਵਾਲਾਂ ਤੋਂ ਫੜ੍ਹ ਕੇ ਸਾਰੇ ਵਿਹੜੇ ਵਿਚ ਘੜੀਸਿਆ ਤੇ ਕਈ ਡੰਗ ਭੁੱਖੀ ਪਿਆਸੀ ਨੂੰ ਕੋਠੜੀ ਵਿਚ ਡੱਕੀ ਰੱਖਿਆ ਸੀ।
ਤੇ ਗੋਪਾਲ ਸਿੰਘ ਹੁਰੀਂ ਏਨਾ ਡਰ ਗਏ ਸਨ ਕਿ ਘਰੇ ਆਉਂਦਿਆਂ ਨੂੰ ਹੀ ਬੁਖ਼ਾਰ ਨੇ ਮਹਿੰ ਵਾਂਗੂੰ ਢਾਅ ਲਿਆ ਸੀ। ਤੇ ਦੂਸਰੇ ਦਿਨ ਜੇ ਓਸ ਟਾਈਫਾਈਡ ਬੁਖ਼ਾਰ ਸਦਕਾ ਘਰਦਿਆਂ ਨੂੰ ਉਸਦੀ ਜਾਨ ਦੀ ਫਿਕਰ ਨਾ ਪੈ ਗਈ ਹੁੰਦੀ ਤਾਂ ਭਾਨ ਸਿੰਘ ਨੇ ਗੰਡਾਸੀ ਨਾਲ ਉਸਦੀ ਧੌਣ ਹੀ ਲਾਹ ਛੱਡਨੀ ਸੀ।
ਦੋ ਮਹੀਨੇ ਤਾਂਈਂ ਉਹ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਗਾਤਾਰ ਝੂਲਦਾ ਰਿਹਾ। ਜਿਸ ਦਿਨ ਰੱਖੀ ਦਾ ਵਿਆਹ ਜੋਗਿੰਦਰ ਨਾਲ ਹੋਇਆ ਉਸੇ ਦਿਨ ਵੈਦ ਜੀ ਨੇ ਉਸਦੀ ਜ਼ਿੰਦਗੀ ਦੀ ਉਮੀਦ ਛੱਡ ਦਿੱਤੀ ਸੀ। ਤੇ ਫੇਰ ਜਦੋਂ ਉਹ ਹੌਲੀ-ਹੌਲੀ ਟੁਰ ਕੇ ਧੁੱਪ ਵਿਚ ਜਾ ਬੈਠਣ ਦੇ ਕਾਬਿਲ ਹੋਇਆ ਤਾਂ ਲੋਕੀਂ ਤਲਾਅ ਵਾਲੇ ਹਾਦਸੇ ਨੂੰ ਭੁੱਲ ਚੁੱਕੇ ਸਨ। ਉਂਜ ਪਿੰਡ ਦੇ ਇਤਿਹਾਸ ਵਿਚ ਇਹ ਕੋਈ ਖਾਸ ਜਾਂ ਬੇਮਿਸਾਲ ਘਟਨਾਂ ਵੀ ਨਹੀਂ ਸੀ।
“ਤਾਂ ਠੀਕ ਹੋ ਜਾਣ ਪਿੱਛੋਂ ਤੈਨੂੰ ਰੱਖੀ ਦੇ ਵਿਆਹੇ ਜਾਣ ਦਾ ਅਫ਼ਸੋਸ ਤਾਂ ਹੋਇਆ ਈ ਹੋਏਗਾ?” ਵਕੀਲ ਸਾਹਬ ਨੇ ਪੁੱਛਿਆ। ਗੋਪਾਲ ਸੋਚੀਂ ਪੈ ਗਿਆ।...ਠੀਕ ਹੋ ਕੇ ਤਾਂ ਉਹ ਕਈ ਦਿਨਾਂ ਤਾਂਈਂ ਰੋਟੀ ਨੂੰ ਹੀ ਤਰਸਦਾ ਰਿਹਾ ਸੀ। ਵੈਦ ਜੀ ਕਹਿੰਦੇ ਸਨ, ਸਿਰਫ ਪਤਲੀ-ਪਤਲੀ ਦਾਲ ਦਿਓ ਤੇ ਉਸਦਾ ਜੀਅ ਕਰਦਾ ਸੀ ਬਈ ਸਾਰੀ ਦੁਨੀਆਂ ਨੂੰ ਹੜਪ ਕਰ ਜਾਵਾਂ। ਫੇਰ ਜਦੋਂ ਮਾੜੀ-ਮੋਟੀ ਜਾਨ ਪਈ ਤਾਂ ਉਹ ਕੰਮ 'ਤੇ ਜਾਣ ਲੱਗ ਪਿਆ ਸੀ। ਰੱਖੀ ਸਜੀ ਸਜਾਈ ਸਹੇਲੀਆਂ ਨਾਲ ਟਪੂੰ-ਟਪੂੰ ਕਰਦੀ ਫਿਰਦੀ, ਗਹਿਣੇ ਕੱਪੜੇ ਵਿਖਾਉਂਦੀ। ਉਹ ਅੰਦਰੇ-ਅੰਦਰ ਕੁੜ੍ਹਦਾ, 'ਤੀਵੀਂ ਦੀ ਜਾਤ ਈ ਕਮੀਨੀ ਹੁੰਦੀ ਏ। ਗਹਿਣੇ ਕੱਪੜੇ ਪੁਆਓ ਤੇ ਦਾਸੀ ਬਣਾਅ ਲਓ।' ਇਉਂ ਸੋਚ ਕੇ ਉਸਦਾ ਕਾਲਜਾ ਠਰ ਜਾਂਦਾ।
'ਮੇਰੇ ਤੋ ਗਿਰਧਰ ਗੋਪਾਲ, ਦੂਸਰਾ ਨਾ ਕੋਈ।'
ਬੜੀ ਸੁਰ ਵਿਚ ਗਾਉਂਦੀ ਸੀ ਸਾਲੀ, 'ਹਾਏ ਵੇ ਗੋਪਾਲਿਆ ਤੇਰੇ ਬਿਨਾਂ ਕਿੰਜ ਜੀਵਾਂਗੀ ਮੈਂ?' ਤੇ ਨਾਮੁਰਾਦ, ਕਰਮਾਂ ਸੜੀ, ਚੰਗੀ ਭਲੀ ਜਿਊਂ ਰਹੀ ਸੀ।
“ਜਾਹ ਪਰ੍ਹਾਂ ਤੂੰ! ਤੂੰ ਕਿੱਧਰ ਦਾ ਵੱਡਾ ਗਿਰਧਰ ਬਣ ਗਿਆ ਵੇ? ਤੂੰ ਤਾਂ ਸਿਰਫ ਗੋਪਾਲਾ ਏਂ, ਗੋਪਾਲਾ। ਉਇ ਤੂੰ ਮੇਰਾ ਕੁਝ ਨਹੀਓਂ ਲੱਗਦਾ, ਹਾਂ।” ਇਕ ਦਿਨ ਉਹ ਦਾਲ ਮੰਗਣ ਆਈ ਸੀ ਤੇ ਗੋਪਾਲੇ ਨੂੰ ਚਿੜਾਉਣ ਲੱਗ ਪਈ ਸੀ। ਪਰ ਪਤਾ ਨਹੀਂ ਕਿਉਂ ਗੋਪਾਲੇ ਦਾ ਰੋਣ ਨਿਕਲ ਗਿਆ ਸੀ ਤੇ ਉਹ ਖਿੜਖਿੜਾ ਕੇ ਹੱਸ ਪਈ ਸੀ।
“ਹਾਏ ਮੈਂ ਮਰ ਜਾਵਾਂ! ਕਦੀ ਮਰਦ ਵੀ ਰੋਂਦੇ ਨੇ? ਮਰਦ ਤਾਂ ਰੁਆਉਂਦੇ ਨੇ...”
“ਜੋਗਿੰਦਰ ਤੈਨੂੰ ਜੀਅ ਖੋਹਲ ਕੇ ਰੁਆਊ।” ਉਸਨੇ ਖਿਝ ਕੇ ਆਖਿਆ ਸੀ।
“ਰੁਆਊ ਤਾਂ ਰੋਵਾਂਗੇ, ਹਸਾਊ ਤਾਂ ਹੱਸਾਂਗੇ—ਅਸਾਂ ਦਾ ਮਾਲਕ ਜੋ ਹੋਇਆ।”
ਗੋਪਾਲ ਦਾ ਜੀਅ ਕੀਤਾ ਸੀ ਰੱਖੀ ਦੇ ਮੂੰਹ ਉੱਤੇ ਚੰਡ ਮਾਰਕੇ ਉਸਦੇ ਨਿੱਕੇ-ਨਿੱਕੇ ਦੰਦ ਚੌਲਾਂ ਵਾਂਗ ਖਿਲਾਰ ਦਵੇ, ਪਰ ਉਸਨੇ ਔਰਤ ਉੱਤੇ ਹੱਥ ਚੁੱਕਣਾ ਨਹੀਂ ਸੀ ਸਿਖਿਆ। ਉਹ ਉਠ ਕੇ ਤੁਰਨ ਲੱਗਾ ਤਾਂ ਰੱਖੀ ਸਹਿਮ ਗਈ।
“ਕਿਉਂ ਗੋਪਾਲ ਸਿੰਘ ਜੀ ਨਾਰਾਜ਼ ਹੋ ਗਏ? ਨਾ ਜੀ, ਇੰਜ ਨਾਰਾਜ਼ ਨਾ ਹੋਵੋ।” ਉਸਨੇ ਉਸਦੇ ਹੱਥ ਫੜ੍ਹ ਲਏ ਸਨ। “ਹਾਏ ਜੇ ਤੁਸੀਂ ਸੱਚਮੁੱਚ ਰੁਸ ਕੇ ਚਲੇ ਗਏ ਤਾਂ ਮੇਰੇ ਪ੍ਰਾਣ ਈ ਨਿਕਲ ਜਾਣਗੇ।...ਸੱਚ ਪੁੱਛਦਾ ਏਂ ਗੋਪਾਲਿਆ, ਤਾਂ ਤੂੰ ਹੀ ਮੇਰਾ ਸਭ ਕੁਝ ਏਂ...ਦੋ ਚਾਰ ਧੋਲ-ਧੱਫੇ ਮਾਰ ਲੈ ਪਰ ਨਾਰਾਜ਼ ਨਾ ਹੋ।” ਤੇ ਫੇਰ ਉਸਦੀ ਆਵਾਜ਼ ਭਰੜਾਅ ਗਈ ਸੀ, “ਸੰਜੋਗਾਂ ਦੀ ਗੱਲ ਏ ਮੇਰੇ ਮਿੱਤਵਾ। ਤੇਰਾ ਤੇ ਮੇਰਾ ਤਾਂ ਕਈ ਜਨਮਾਂ ਦਾ ਨਾਤਾ ਏ...ਤੂੰ ਨਹੀਂਓਂ ਮੇਰਾ ਗਿਰਧਰ ਗੋਪਾਲ ਤਾਂ ਹੋਰ ਕੋਣ ਏਂ? ਵੇਖ ਗੋਪਾਲਾ ਕਦੀ ਭੀੜ-ਸੰਘੀੜ ਆ ਗਈ ਤਾਂ ਮੈਂ ਤੈਨੂੰ ਈ ਬੁਲਾਉਣਾ ਏਂ—ਮੇਰੀ ਰੱਛਿਆ ਖਾਤਰ ਆਪਣਾ ਚੱਕਰ ਘੁਮਾਉਂਦਾ ਆਵੀਂ। ਆਵੇਂਗਾ ਨਾ, ਵਚਨ ਦੇਅ।”
ਗੋਪਾਲ ਉਸਨੂੰ ਪਰ੍ਹਾਂ ਧਰੀਕ ਕੇ ਉੱਪਰ ਚੁਬਾਰੇ ਵਿਚ ਜਾ ਲੇਟਿਆ ਸੀ। ਉਸਨੇ ਰੱਖੀ ਨੂੰ ਕੋਈ ਵਚਨ ਨਹੀਂ ਸੀ ਦਿੱਤਾ। ਪਰ ਕੀ ਵਚਨ ਦੇਣਾ ਜਾਂ ਨਾ ਦੇਣਾ ਉਸਦੇ ਆਪਣੇ ਵੱਸ ਵਿਚ ਸੀ!
ਜਦੋਂ ਵੀ ਉਹ ਆਉਂਦੀ ਆਪਣੇ ਪਤੀ ਦੇ ਗੁਣ ਗਾਉਣ ਲੱਗ ਪੈਂਦੀ, “ਹਾਏ ਰਾਮ ਕੀ ਦੱਸਾਂ! ਮੈਨੂੰ ਬੜਾ ਈ ਪਿਆਰ ਕਰਦਾ ਏ।” ਉਸਦੀਆਂ ਅੱਖਾਂ ਵਿਚ ਪਰੀਆਂ ਦੇ ਨਾਚ ਹੋ ਰਹੇ ਹੁੰਦੇ ਤੇ ਗੋਪਾਲੇ ਦੀਆਂ ਨਾਸਾਂ ਫੜਕਨ ਲੱਗ ਪੈਂਦੀਆਂ; ਉਹ ਫੇਰ ਹੱਸ ਪੈਂਦੀ।
“ਗੋਪਾਲਿਆ ਤੂੰ ਮੇਰੇ ਗੱਭਰੂ 'ਤੇ ਸੜਦਾ ਏਂ।” ਉਹ ਚਿੜਾਉਂਦੀ।
“ਤੇ ਜੁੱਤੀਆਂ ਨਾਲ ਜਦੋਂ ਤੇਰੀ ਮੁਰੰਮਤ ਕਰ ਰਿਹਾ ਹੁੰਦੈ...ਉਦੋਂ?”
“ਹਾਂ ਕਰਦਾ ਏ, ਫੇਰ? ਪਿਆਰ ਵੀ ਤਾਂ ਡਾਢਾ ਕਰਦਾ ਏ ਨਾ,” ਉਹ ਬਦਕਾਰ ਤੀਵੀਂਆਂ ਵਾਂਗ ਡੇਲੇ ਨਚਾਅ ਕੇ ਆਖਦੀ, “ਸਾਰੇ ਖਾਵੰਦ (ਪਤੀ) ਈ ਆਪਣੀਆਂ ਤੀਵੀਂਆਂ ਦੀ ਮੁਰੰਮਤ ਕਰਦੇ ਨੇ। ਜੇ ਤੇਰੇ ਨਾਲ ਵਿਆਹੀ ਹੁੰਦੀ ਤਾਂ ਤੂੰ ਬਖ਼ਸ਼ ਦੇਂਦਾ? ਤੂੰ ਵੀ ਤਾਂ ਛਿੱਤਰ-ਪੌਲਾ ਕਰਦਾ...”
“ਨਾ ਕਦੀ ਨਹੀਂ।”
“ਸੱਚ! ਕਦੀ ਪਿਆਰ ਨਾਲ ਵੀ ਨਹੀਂ?”
ਪਰ ਰੱਖੀ ਦਾ ਇਹ ਹਾਸਾ-ਠੱਠਾ ਬੜੇ ਥੋੜ੍ਹੇ ਦਿਨ ਚੱਲਿਆ ਸੀ। ਅਜੇ ਪੂਰਾ ਸਾਲ ਵੀ ਨਹੀਂ ਸੀ ਹੋਇਆ ਕਿ ਜੋਗਿੰਦਰ ਕਈ ਕਈ ਦਿਨ ਘਰੋਂ ਗ਼ਾਇਬ ਰਹਿਣ ਲੱਗਾ। ਜਦੋਂ ਆਉਂਦਾ ਨਸ਼ੇ ਵਿਚ ਗੁੱਟ ਹੁੰਦਾ ਤੇ ਰੱਖੀ ਨੂੰ ਅਜਿਹਾ ਕੁਟਾਪਾ ਚਾੜ੍ਹਦਾ ਕਿ ਮੁਹੱਲੇ ਵਿਚ ਜਾਗ ਹੋ ਜਾਂਦੀ...ਸਭ ਪਾਸਿਓਂ ਗਾਲ੍ਹਾਂ ਦਾ ਬਰੜਾਹਟ ਹੁੰਦਾ ਤੇ ਫੇਰ ਚੁੱਪ ਵਰਤ ਜਾਂਦੀ। ਤੀਜੇ ਚੌਥੇ ਦਿਨ ਫੇਰ ਇਹੀ ਡਰਾਮਾ ਹੁੰਦਾ...ਤੇ ਫੇਰ ਤਾਂ ਇਹ ਨਿੱਤ-ਦਿਹਾੜੇ ਦਾ ਕੰਮ ਹੋ ਗਿਆ ਸੀ। ਰਾਤ ਅੱਧੀ ਹੋਈ ਨਹੀਂ ਤੇ ਰੱਖੀ ਦੇ ਚੀਕਾਟੇ ਪਏ ਨਹੀਂ...ਮੁਹੱਲੇ ਵਾਲੇ ਵੀ ਹੁਣ ਇਧਰ ਬਹੁਤਾ ਗੌਰ ਨਹੀਂ ਸੀ ਕਰਦੇ। ਕੋਈ ਜ਼ਿਆਦਾ ਹੀ ਆਫਤ ਮੱਚਦੀ ਤਾਂ ਮਾੜਾ ਮੋਟਾ ਧਿਆਨ ਦੇਂਦੇ। ਪਰ ਗੋਪਾਲੇ ਦੇ ਕੰਨਾਂ ਵਿਚ ਰੱਖੀ ਦੀਆਂ ਚੀਕਾਂ ਸੂਹੇ-ਤੋੜ ਬਣ ਕੇ ਪੂਰ ਜਾਂਦੀਆਂ। ਹੌਲੀ ਹੌਲੀ ਰੱਖੀ ਦੇ ਗਹਿਣੇ ਅਲੋਪ ਹੁੰਦੇ ਗਏ, ਜੋਗਿੰਦਰ ਕਈ ਕਈ ਹਫ਼ਤੇ ਘਰੋਂ ਬਾਹਰ ਰਹਿਣ ਲੱਗ ਪਿਆ। ਨੌਕਰੀਆਂ ਵੀ ਉਸਨੇ ਕਈ ਬਦਲੀਆਂ ਪਰ ਕਿਤੇ ਟਿਕ ਨਾ ਸਕਿਆ...। ਰੱਖੀ ਬੀਮਰ ਹੋ ਗਈ...ਗਰਭਪਾਤ ਪਿੱਛੋਂ, ਉਹਨੂੰ ਔਰਤਾਂ ਵਾਲੀਆਂ ਕਈ ਬਿਮਾਰੀਆਂ ਲੱਗ ਗਈਆਂ। ਹੁਣ ਉਹ ਘਰੋਂ ਬਾਹਰ ਵੀ ਘੱਟ ਹੀ ਨਿਕਲਦੀ ਸੀ।
ਜਦੋਂ ਪਤੀ, ਪਤਨੀ ਦਾ ਨਿਰਾਦਰ ਕਰੇ...ਉਹਨੂੰ ਕੁੱਟੇ ਮਾਰੇ ਤਾਂ ਲੋਕ ਵੀ ਪਤਨੀ ਨੂੰ ਹੀ ਕਸੂਰਵਾਰ ਦਸਦੇ ਨੇ। ਰੱਖੀ ਦੇ ਨਿੱਕੇ ਮੋਟੇ ਸਾਰੇ ਐਬ ਉੱਘੜ ਆਏ ਸਨ। ਲੋਕ ਮੂੰਹ ਉੱਤੇ ਹੀ ਕਹਿਣ ਲੱਗ ਪਏ ਸਨ।
ਇਕ ਦਿਨ ਉਹ ਤਲਾਅ 'ਚੋਂ ਪਾਣੀ ਭਰ ਕੇ ਲਿਆ ਰਹੀ ਸੀ ਤਾਂ ਰਾਹ ਵਿਚ ਗੋਪਾਲਾ ਮਿਲ ਪਿਆ। ਰੱਖੀ ਦੇ ਮੈਲੇ ਪੁਰਾਣੇ ਕੱਪੜੇ, ਖ਼ੁਸ਼ਕ-ਖਿੱਲਰੇ ਵਾਲ ਤੇ ਉੱਡਿਆ-ਉੱਡਿਆ ਪੀਲਾ ਚਿਹਰਾ ਵੇਖ ਕੇ ਬੜਾ ਹੀ ਦੁਖੀ ਹੋਇਆ ਸੀ ਉਹ। ਉਹ ਬੜੀ ਮੁਸ਼ਕਲ ਨਾਲ ਬਾਲਟੀਆਂ ਚੁੱਕ ਕੇ ਤੁਰ ਰਹੀ ਸੀ। ਗੋਪਾਲਾ ਉਸਦੇ ਸਾਹਮਣੇ ਜਾ ਖਲੋਤਾ।
“ਗੋਪਾਲਿਆ,” ਉਸਨੇ ਕਰੜੀ ਆਵਾਜ਼ ਵਿਚ ਕਿਹਾ, “ਮੇਰਾ ਰਸਤਾ ਛੱਡ ਦੇਅ।” ਉਹ ਸਾਹੋ-ਸਾਹੀ ਹੋਈ ਹੋਈ ਸੀ, ਪਰ ਬਾਲਟੀਆਂ ਭੁੰਜੇ ਨਹੀਂ ਸਨ ਰੱਖੀਆਂ।
“ਕੱਲ੍ਹ ਰਾਤ ਤੇਰੇ ਪਤੀ ਦੇ ਪ੍ਰੇਮ ਕਰਨ ਦੀਆਂ ਖਾਸੀਆਂ ਜ਼ੋਰਦਾਰ ਆਵਾਜ਼ਾਂ ਆ ਰਹੀਆਂ ਸੀ...”
ਗੋਪਾਲੇ ਨੇ ਮਿਹਣਾ ਜਿਹਾ ਮਾਰਿਆ ਸੀ।
“ਤੈਨੂੰ ਕੀ...ਤੂੰ ਕੋਣ ਹੁੰਦਾ ਏਂ ਪੁੱਛਣ ਵਾਲਾ?”
“ਮੈਂ ਤੇਰਾ ਕੋਈ ਨਹੀਂ ਰੱਖੀਏ?”
“ਨਹੀਂ।” ਰੱਖੀ ਨੇ ਅੱਖਾਂ ਵਿਚੋਂ ਵਹਿ ਚੱਲੇ ਹੁੰਝੂ ਲਕੋਣ ਖਾਤਰ ਮੂੰਹ ਭੁਆਂ ਲਿਆ।
“ਨਾ ਗਿਰਧਰ...ਨਾ ਗੋਪਾਲ?”
“ਮੈਨੂੰ ਜਾਣ ਦੇਅ ਗੋਪਾਲਿਆ...”
“ਮੈਥੋਂ ਲੁਕੋ ਰੱਖਦੀ ਪਈ ਏਂ?”
“ਦੱਸਣ ਦਾ ਕੀ ਫ਼ਾਇਦਾ? ਕੋਈ ਕੀ ਵਿਗਾੜ ਲਏਗਾ ਉਸਦਾ?”
“ਮੈਂ ਉਸ ਹਰਾਮੀ ਦੀ ਗਰਦਨ ਤੋੜ ਦਿਆਂਗਾ।”
“ਹਾਏ ਵੇ ਚੰਦਰਿਆ, ਤੂੰ ਮੈਨੂੰ ਬੇਵਾ ਕਰ ਦਏਂਗਾ!”
“ਹਾਂ, ਹੁਣ ਤੇਰੀਆਂ ਚੀਕਾਂ ਮੈਥੋਂ ਨਹੀਂ ਸੁਣੀਆਂ ਜਾਂਦੀਆਂ।”
“ਤੂੰ ਆਪਣੇ ਕੰਨਾਂ ਵਿਚ ਰੂੰ ਦੇ ਤੂੰਬੇ ਤੁੰਨ ਲਿਆ ਕਰ।”
“ਮੈਂ ਉਸਦੇ ਹਲਕ ਵਿਚ ਕਿਰਪਾਨ ਤੁੰਨ ਦਿਆਂਗਾ।” ਗੋਪਾਲਾ ਹਿਰਖ ਨਾਲ ਕੰਬ ਰਿਹਾ ਸੀ।
“ਹਾਏ ਰਾਮ! ਅੱਛਾ ਮੈਂ ਅਗਾਂਹ ਤੋਂ ਨਹੀਂ ਚੀਕਾਂਗੀ। ਮੂੰਹ ਸੀ ਲਵਾਂਗੀ।”
“ਮੈਨੂੰ ਫੇਰ ਵੀ ਤੇਰੀ ਪੁਕਾਰ ਸੁਣ ਜਾਏਗੀ।”
“ਯਾਨੀ ਮੈਂ ਬੁਲਾਵਾਂ ਜਾਂ ਨਾ ਬੁਲਾਵਾਂ, ਗੋਪਾਲ ਨੂੰ ਚੱਕਰ ਘੁਆਉਂਦੇ ਆਉਣਾ ਈ ਪਏਗਾ!” ਉਹ ਇਕ ਪੱਥਰ ਉੱਤੇ ਬੈਠ ਕੇ ਝੱਲਿਆਂ ਵਾਂਗ ਹੱਸਣ ਲੱਗ ਪਈ ਤੇ ਫੇਰ ਚਾਣਚੱਕ ਹੀ ਉਦਾਸ ਹੋ ਗਈ, “ਉਹ ਨਾਮੁਰਾਦ ਹੋਰ ਕੀ ਕਰੇ? ਉਹ ਰੰਡੀ ਬੜੀ ਦੁਸ਼ਟ ਏ। ਰੁੱਸ ਕੇ, ਪਤੰਦਰ ਨੂੰ ਬਾਹਰ ਕੱਢ ਕੇ ਕੁੰਡਾ ਲਾ ਲੈਂਦੀ ਏ... ਫੇਰ ਆਦਮੀ ਆਪਣਾ ਗੁੱਸਾ ਭਲਾ ਕਿੰਜ ਠੰਡਾ ਕਰੇ...”
“ਜੇ ਐਤਕੀਂ ਉਸਨੇ ਤੈਨੂੰ ਕੁੱਟਿਆ, ਮਾਰਿਆ ਤਾਂ ਮੈਂ ਉਸਨੂੰ ਮਾਰ ਮੁਕਾਵਾਂਗਾ।”
ਉਹ ਲੋਹਾ ਲਾਖਾ ਹੋਇਆ ਉੱਥੋਂ ਤੁਰ ਪਿਆ ਸੀ, ਪਰ ਰੱਖੀ ਨੇ ਉਸਦੇ ਪੈਰ ਫੜ੍ਹ ਲਏ ਸਨ ਤੇ ਉਸਦਾ ਸਾਰਾ ਗੁੱਸਾ ਪਾਣੀ ਹੋ ਗਿਆ ਸੀ।
“ਗੋਪੀ।” ਉਸਨੇ ਬੜੀ ਮੱਧਮ ਆਵਾਜ਼ ਵਿਚ ਕਿਹਾ ਸੀ ਤੇ ਗੋਪਾਲ ਦਾ ਚਿੱਤ ਗੋਤੇ ਖਾਣ ਲੱਗ ਪਿਆ ਸੀ।
“ਕੀ ਗੱਲ ਏ?” ਉਸਨੇ ਕਾਹਲਾ ਜਿਹਾ ਪੈਂਦਿਆਂ ਪੁੱਛਿਆ।
“ਤੇਰੀ ਸੂਰਤ ਵੇਖਿਆਂ ਜੀਅ ਨਹੀਂ ਭਰਦਾ,” ਉਹ ਭੁੱਖੀਆਂ ਨਜ਼ਰਾਂ ਨਾਲ ਉਸਦੇ ਚਿਹਰੇ ਵੱਲ ਤੱਕਦੀ ਰਹੀ।
“ਮੈਨੂੰ ਜਾਣ ਦੇ ਰੱਖੀਏ,” ਗੋਪਾਲ ਨੇ ਜਿਵੇਂ ਮਿੰਨਤ ਕੀਤੀ।
“ਹੁਣ ਨੱਠ ਕੇ ਕਿੱਥੇ ਜਾਏਂਗਾ ਗੋਪਾਲਿਆ?” ਉਸਦੇ ਪੈਰ ਛੱਡ ਕੇ ਹੱਥ ਆਪਣੀ ਗੋਦ ਵਿਚ ਰੱਖਦਿਆਂ; ਜਿਹੜੀ ਕੁਝ ਦਿਨ ਪਹਿਲਾਂ ਅੰਗਿਆਰਾਂ ਨਾਲ ਭਰ ਗਈ ਸੀ, ਰੱਖੀ ਬੋਲੀ, “ਮੇਰਾ ਤੇਰਾ ਨਾਤਾ ਕੋਈ ਹੱਥਾਂ ਪੈਰਾਂ ਦਾ ਤਾਂ ਨਹੀਂ? ਕਿੰਜ ਟੁੱਟੇਗਾ? ਉਂਜ ਚਲਾ ਜਾਹ ਲੱਖ ਵਾਰੀ ਪਰ, ਮੇਰੇ ਮਨ 'ਚੋਂ ਕਿੰਜ ਛੁੱਟੇਂਗਾ?”
ਗੋਪਾਲ ਸਿੰਘ ਰਤਾ ਹੋਰ ਅਗਾਂਹ ਵੱਲ ਝੁਕ ਗਿਆ ਸੀ ਤੇ ਇੰਜ ਸਿਰ ਮਾਰ ਰਿਹਾ ਸੀ ਜਿਵੇਂ ਕਿਸੇ ਭੀੜੇ ਸੁਰਾਖ਼ ਵਿਚ ਫਸ ਗਿਆ ਹੋਵੇ।
“ਮੁਨਸ਼ੀ ਜੀ। ਓ ਮੁਨਸ਼ੀ ਜੀ, ਜੇ ਕੰਨ 'ਚੋਂ ਮੈਲ ਕੱਢਣ ਤੋਂ ਫੁਰਸਤ ਮਿਲ ਜਾਏ ਤਾਂ ਇਹ ਪਿਛਲੀ ਪੇਸ਼ੀ ਵਾਲੀ ਫ਼ਾਇਲ ਰਤਾ ਏਧਰ ਖਿਸਕਾਅ ਦੇਣਾ।” ਵਕੀਲ ਸਾਹਬ ਨੇ ਇਕ ਲੰਮਾ-ਠੰਡਾ ਸਾਹ ਖਿੱਚਦਿਆਂ ਕਿਹਾ, “ਸਰਦਾਰ ਜੀ ਮੁੰਡਾ ਲਾਈਨ 'ਤੇ ਹੀ ਨਹੀਂ ਆ ਰਿਹਾ। ਏਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਰੱਖੀ ਨੇ ਉਸਨੂੰ ਫਾਹਿਆ ਹੋਇਆ ਸੀ।”
“ਨਹੀਂ, ਵਕੀਲ ਸਾਹਬ ਨਹੀਂ।” ਗੋਪਾਲਾ ਹਫੀ ਹੋਈ ਆਵਾਜ਼ ਵਿਚ ਬੋਲਿਆ।
“ਉਇ ਭਰਾਵਾ ਪਤਾ ਈ? ਕਿੰਨੇ ਮਰਦ ਏਸ ਦੁਨੀਆਂ 'ਚ ਸ਼ਰਾਬ ਪੀਂਦੇ ਨੇ ਤੇ ਕਿੰਨੀਆਂ ਔਰਤਾਂ ਨੂੰ ਰੋਜ ਕੁਟਾਪਾ ਚਾੜ੍ਹਿਆ ਜਾਂਦਾ ਏ? ਪਰ ਅਸਾਂ ਤਾਂ ਅੱਜ ਤਾਂਈਂ ਕਿਸੇ ਦੀ ਨੀਂਦ ਹਰਾਮ ਹੁੰਦੀ ਨਹੀਂ ਸੁਣੀ।”
“ਪਰ ਉਸਦੀਆਂ ਚੀਕਾਂ ਸੁਣ-ਸੁਣ ਕੇ ਮੈਂ ਪਾਗਲ ਹੋ ਗਿਆ ਸਾਂ ਵਕੀਲ ਸਾਹਬ...ਤੇ ਮੈਂ ਸੌਂਹ ਖਾਧੀ ਸੀ ਕਿ ਉਸਦਾ ਕਲੇਸ਼ ਹੀ ਮੁਕਾਅ ਦਿਆਂਗਾ। ਪਰ ਮੈਂ ਬੜਾ ਈ ਕਾਇਰ ਨਿਕਲਿਆ।”
ਚੀਕਾਂ ਹਨੇਰੀ ਰਾਤ ਦੀ ਹਿੱਕ ਵਿਚ ਛੇਕ ਪਾ ਰਹੀਆਂ ਸਨ। ਲੋਕ ਸਾਰੇ ਦਿਨ ਦੀ ਮਿਹਨਤ ਦੇ ਥਕਾਅ ਦੇਣ ਵਾਲੇ ਨਸ਼ੇ ਵਿਚ ਘੂਕ ਸੁੱਤੇ ਪਏ ਸਨ। ਪਰ ਇਕ ਬਦਨਸੀਬ ਜਾਗ ਰਿਹਾ ਸੀ।
ਉਸਨੇ ਬੂਹੇ ਦੀ ਕੁੰਡੀ ਖੜਕਾਈ, ਬੂਹਾ ਖੁੱਲ੍ਹਾ ਹੀ ਸੀ। ਅੰਦਰ ਵੇਖਿਆ, ਜੋਗਿੰਦਰ ਰੱਖੀ ਨੂੰ ਮੰਜੇ ਦੇ ਆਲੇ-ਦੁਆਲੇ ਭਜਾਈ ਫਿਰਦਾ ਹੈ—ਰੱਖੀ ਦੀ ਕੱਪੜਿਓਂ ਸੱਖਣੀ ਦੇਹ ਤੇ ਉਸਦੇ ਚੰਦਨ ਵਰਗੇ ਸਰੀਰ ਉੱਤੇ ਪਈਆਂ ਲਾਸਾਂ ਦੇ ਨਿਸ਼ਾਨ ਸਾਫ ਵੇਖੇ ਸਨ ਉਸਨੇ...ਜਿਵੇਂ ਸੱਪ ਭੱਜੇ ਜਾ ਰਹੇ ਹੋਣ! ਗੋਪਾਲੇ ਨੂੰ ਵੇਖ ਕੇ ਜੋਗਿੰਦਰ ਨੇ ਅੱਖਾਂ ਮਿਚ-ਮਿਚਾਈਆਂ, ਤੇ ਬੜੇ ਪਿਆਰ ਨਾਲ ਪੁੱਛਿਆ, “ਕਿਹੜਾ ਏਂ ਤੂੰ ਭਰਾਵਾ?”
“ਇਹਨੂੰ ਨਾ ਮਾਰ, ਬਾਈ ਓ-ਇ ।” ਗੋਪੀ ਨੇ ਜਿਵੇਂ ਮਿੰਨਤ ਜਿਹੀ ਕੀਤੀ।
“ਕਿਉਂ?” ਉਹ ਹਿਰਖ ਕੇ ਪਿਆ, “ਤੂੰ ਕੌਣ ਏਂ ਉਇ? ਇਹਦਾ ਯਾਰ?”
“ਨਹੀਂ-ਈਂ ।”
“ਉਇ ਤੂੰ ਇਹਦਾ ਯਾਰ ਨਹੀਂ? ਕਿਉਂ? ਤੂੰ ਕਿਉਂ ਇਹਦਾ ਯਾਰ ਨਹੀਂ, ਭਰਾਵਾ? ਊਂ...ਮੈਂ ਵੀ ਇਹਦਾ ਯਾਰ ਨਹੀਂ। ਮੂਤ ਵਰਗੀ ਬੋ ਆਉਂਦੀ ਆ ਸਾਲੀ 'ਚੋਂ। ਜ਼ਰਾ ਵੀ ਖ਼ੁਸ਼ਬੂ ਨਹੀਂ। ਆ ਸੁੰਘ ਕੇ ਵੇਖ, ਆ ਜਾ। ਉਇ ਮੈਂ ਕਿਹਾ ਆ ਵੀ ਜਾਅ।”
“ਤੂੰ ਨਸ਼ੇ 'ਚ ਏਂ ਜੋਗਿੰਦਰਾ।”
“ਚਲ ਚੰਗਾ...ਇਹਦੀ ਚੁੰਮੀ ਓ ਲੈ-ਲਾਅ। ਐਨ ਟੱਟੀ ਵਰਗੀ ਬਦਬੂ ਆਊ। ਉਇ ਤੂੰ ਮੇਰਾ ਬਾਈ ਏਂ ਨਾ! ਮੈਂ ਆਖਦਾਂ ਜਦੋਂ, ਚੁੰਮੀ ਤਾਂ ਲੈ ਕੇ ਵੇਖ...”
“ਬਕਵਾਸ ਬੰਦ ਕਰ ਉਇ,” ਤੇ ਫੇਰ ਗੋਪਾਲ ਤੋਂ ਜਰਿਆ ਨਾ ਗਿਆ। ਉਸਨੇ ਹਿਰਖ ਕੇ ਜੋਗਿੰਦਰ ਦਾ ਗਲਮਾਂ ਫੜ੍ਹ ਲਿਆ ਸੀ ਤੇ ਕਈ ਝੱਟਕੇ ਦਿੱਤੇ ਸਨ, ਪਰ ਉਹ ਟਸ ਤੋਂ ਮਸ ਨਹੀਂ ਸੀ ਹੋਇਆ...ਚਟਾਨ ਵਾਂਗ ਖੜ੍ਹਾ ਹੱਸਦਾ ਹੀ ਰਿਹਾ ਸੀ। ਗੋਪਾਲਾ ਮੱਖੀ ਵਾਂਗ ਭਿਨਭਿਣਾਉਂਦਾ ਰਿਹਾ। ਅਖੀਰ ਜੋਗਿੰਦਰ ਨੇ ਉਸਨੂੰ ਮੱਖੀ ਵਾਂਗ ਹੀ ਝਾੜ ਕੇ ਬਾਹਰ ਸੁੱਟਿਆ ਤੇ ਬੂਹਾ ਬੰਦ ਕਰ ਲਿਆ ਸੀ।...ਤੇ ਫੇਰ ਰੱਖੀ ਦੀਆਂ ਚੀਕਾਂ ਗੋਪਾਲੇ ਦੇ ਦਿਮਾਗ਼ ਉੱਪਰ ਹਥੌੜਿਆਂ ਵਾਂਗ ਵੱਜਦੀਆਂ ਰਹੀਆਂ...
ਉਹਨਾਂ ਦਿਨਾਂ ਵਿਚ ਹੀ ਗੋਪਾਲੇ ਲਈ ਇੰਦੌਰ ਤੋਂ ਇਕ ਰਿਸ਼ਤਾ ਆਇਆ ਸੀ ਤੇ ਉਹ ਆਪਣੇ ਬਾਪੂ ਨਾਲ ਆਪਣੀ ਹੋਣ ਵਾਲੀ ਘਰਵਾਲੀ ਨੂੰ ਵੇਖਣ ਗਿਆ ਸੀ। ਉੱਥੇ ਨਿਰਮਲ ਦੀਆਂ ਮੁਸਕੁਰਾਹਟਾਂ ਸਨ, ਰੱਖੀ ਦੀਆਂ ਚੀਕਾਂ ਨਹੀਂ। ਮੰਗਨੀ ਹੋਈ। ਸਾਰੇ ਵਧਾਈਆਂ ਦੇਣ ਆਏ। ਰੱਖੀ ਦੇ ਤਾਂ ਜਿਵੇਂ ਪੈਰ ਹੀ ਭੌਇੰ ਨਹੀਂ ਸਨ ਲੱਗਦੇ। ਉਸਨੂੰ ਖੁਸ਼ ਵੇਖ ਕੇ ਗੋਪਾਲਾ ਵੀ ਖੁਸ਼ ਸੀ।
“ਕਿਉਂ ਕਿਹੋ ਜਿਹੀ ਲੱਗੀ?” ਜਦੋਂ ਸਾਰੇ ਖਿੱਲਰ ਗਏ ਤਾਂ ਰੱਖੀ ਨੇ ਗੋਪਾਲੇ ਨੂੰ ਪੁੱਛਿਆ।
“ਚੰਗੀ ਏ।”
“ਅੱਛਾ! ਰਾਣੀ ਨਿਰਮਲ ਬਾਰੇ ਦੱਸ-ਬਹੁਤੀ ਮੋਟੀ ਤਾਂ ਨਹੀਂ?”
“ਨਹੀਂ ਠੀਕ ਈ ਏ।”
“ਲੰਮੀ ਏਂ ਕਿ ਮਧਰੀ?”
“ਮੇਰੀ ਠੋਡੀ ਤੀਕ ਆਉਂਦੀ ਏ।”
“ਉਇ-ਹੋਇ ! ਹੱਥ ਪੈਰ, ਨਿੱਕੇ ਨਿੱਕੇ। ਗੋਰੀ ਚਿੱਟੀ?”
“ਨਹੀਂ ਬਹੁਤੀ ਗੋਰੀ ਵੀ ਨਹੀਂ...ਹੱਥ ਪੈਰ, ਹਾਂ...ਨਿੱਕੇ ਨਿੱਕੇ ਨੇ।”
“ਤੇ ਲੱਕ? ਲੱਕ ਤਾਂ ਪਤਲਾ ਈ ਹੋਊ?”
“ਲੈ ਮੈਨੂੰ ਕੀ ਪਤੈ? ਪਤਲਾ ਕਿ ਮੋਟਾ...ਮੈਂ ਕੋਈ ਨਾਪਿਆ ਥੋੜ੍ਹਾ ਈ ਏ।”
“ਉਇ ਭੋਲੇ ਨਾਥਾ...ਲੱਕ ਦੀ ਤਾਂ ਸਾਰੀ ਖੇਡ ਹੁੰਦੀ ਏ। ਐਤਕੀਂ ਜਾਵੇਂ ਤਾਂ ਸਾਰੇ ਨਾਪ ਲੈ ਕੇ ਆਵੀਂ...ਸਮਝਿਆ?”
“ਤੂੰ ਆਪਣੇ ਪਤੀ ਨੂੰ ਨਾਪਿਆ ਸੀ?”
“ਲੈ ਐਸ ਵੇਲੇ ਉਸਦਾ ਕੀ ਜ਼ਿਕਰ,” ਉਹ ਹਿਰਖ ਗਈ। “ਤੂੰ ਆਪਣੀ ਗੱਲ ਕਰ...ਕੋਈ ਚੁੰਮੀਂ ਵਗ਼ੈਰਾ ਲਈ ਸੀ ਕਿ ਨਹੀਂ?”
ਗੋਪਾਲੇ ਨੇ ਧੌਣ ਹਿਲਾਅ ਦਿੱਤੀ ਤੇ ਮੁਸਕੁਰਾ ਪਿਆ।
“ਹਾਇ, ਮਜ਼ਾ ਆ ਗਿਆ ਹੋਊ! ਮੇਰਾ ਪਤੀ ਵੀ ਜਦੋਂ ਪਿਆਰ ਕਰਦਾ ਸੀ ਤਾਂ ਜਿੰਦ ਬੁੱਲ੍ਹਾਂ ਤੇ ਆ ਜਾਂਦੀ ਸੀ...ਸੱਚੀਂ!”
“ਹੁਣ ਪਿਆਰ ਨਹੀਂ ਕਰਦਾ ਕਿ?” ਗੋਪਾਲੇ ਨੇ ਕਿਹਾ।
“ਛੱਡ ਗੱਲਾਂ ਮੇਰੀਆਂ...ਜਨਮ-ਜਲੀ ਦੀਆਂ।” ਉਸਨੇ ਠੰਡਾ ਹਊਕਾ ਲਿਆ ਸੀ।
“ਗੋਪਾਲ ਸਿਆਂ, ਰੱਖੀ ਅਦਾਲਤ ਵਿਚ ਬਿਆਨ ਦੇ ਦੇਣ ਲਈ ਤਿਆਰ ਏ ਕਿ ਉਸਦੇ ਤੇਰੇ ਨਾਲ ਨਜਾਇਜ਼ ਸਬੰਧ ਸੀ।” ਵਕੀਲ ਸਾਹਬ ਦੀ ਆਵਾਜ਼ ਗੂੰਜੀ।
“ਕਮੀਨੀ, ਸੂਰ ਦੀ ਬੱਚੀ,” ਗੋਪਾਲੇ ਨੂੰ ਤਾਂ ਜਿਵੇਂ ਚੰਡ ਹੀ ਚੜ੍ਹ ਗਿਆ ਸੀ, “ਝੂਠੀ, ਹਰਾਮਜ਼ਾਦੀ।” ਉਹ ਉਸ ਰੱਖੀ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਜਿਹੜੀ ਉਸਦੀ ਆਪਣੀ ਰੱਖੀ ਉੱਤੇ ਏਡੇ ਵੱਡੇ ਪਾਪ ਦਾ ਦਾਗ਼ ਲਾ ਰਹੀ ਸੀ।
ਚੀਕਾਂ ਅਤਿ ਭਿਆਨਕ ਹੋ ਗਈਆਂ ਸਨ। ਉਹ ਰਾਤ ਦੀ ਸੰਘਣੀ ਚੁੱਪ ਵਿਚ ਪ੍ਰੇਤਾਂ ਦੀਆਂ ਚੀਕਾਂ ਵਾਂਗ ਚੀਰ ਪਾ ਜਾਂਦੀਆਂ ਤੇ ਫੇਰ ਸਿਸਕੀਆਂ ਵਿਚ ਡੁੱਬ ਜਾਂਦੀਆਂ। ਫੇਰ ਗੂੰਜਦੀਆਂ ਤੇ ਫੇਰ...ਗੋਪਾਲੇ ਨੂੰ ਨੀਂਦ ਤੋਂ ਵੀ ਭੈ ਆਉਂਣ ਲੱਗ ਪਿਆ—ਕਿ ਜੇ ਕਿਤੇ ਉਹਨੇ ਅੱਖ ਲਾਈ ਤਾਂ ਚੀਕਾਂ ਜਾਗ ਪੈਣਗੀਆਂ ਤੇ ਫੇਰ ਨੀਂਦ ਉੱਖੜ ਜਾਏਗੀ। ਕਈ ਵਾਰੀ ਤਾਂ ਉਹ ਉਹਨਾਂ ਚੀਕਾਂ ਦੀ ਉਡੀਕ ਵਿਚ ਹੀ ਸਵੇਰ ਤੱਕ ਜਾਗਦਾ ਰਹਿੰਦਾ ਸੀ। ਨਾ ਕੋਈ ਚੀਕ ਆਉਂਦੀ, ਨਾ ਨੀਂਦ!
ਉਸ ਰਾਤ ਉਸਨੇ ਬੜੇ ਠਰੰਮੇ ਨਾਲ ਮਣ੍ਹਾ ਤੋਂ ਗੰਡਾਸਾ ਲਹਿਆ ਸੀ ਤੇ ਪੁਲੀ ਦੇ ਪੱਥਰ ਨਾਲ ਘਿਸਾ-ਘਿਸਾ ਕੇ ਵਾਹਵਾ ਤਿੱਖਾ ਕਰ ਲਿਆ ਸੀ।
ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ ਪਰ ਹਾਲੇ ਤਾਈਂ ਚੀਕਾਂ ਦੀ ਆਵਾਜ਼ ਨਹੀਂ ਸੀ ਆਈ। ਸ਼ਇਦ ਜੋਗਿੰਦਰ ਦੀ ਰੰਡੀ ਮਿਹਰਬਾਨ ਸੀ। ਗੋਪਾਲ ਨੂੰ ਨੀਂਦ ਦੇ ਝੂਟੇ ਆਉਣ ਲੱਗ ਪਏ ਤੇ ਉਹ ਘਰੇ ਆ ਕੇ ਪੈ ਗਿਆ।
ਪਹਿਲੀ ਚੀਕ ਸੁਣ ਕੇ ਉਹ ਸਮਝਿਆ ਸੀ ਇਹ ਉਸਦਾ ਭਰਮ ਹੈ ਜਾਂ ਫੇਰ ਕਿਸੇ ਬੀਤੀ-ਪੁਰਾਣੀ ਚੀਕ ਦੀ ਗੂੰਜ। ਪਰ ਰੱਖੀ ਦੀਆਂ ਚੀਕਾਂ ਅੱਧਾ ਘੰਟਾ ਲਗਾਤਾਰ ਗੂੰਜਦੀਆਂ ਰਹੀਆਂ ਤੇ ਉਸਦੇ ਦਿਮਾਗ਼ ਵਿਚ ਆਰੀ ਵਾਂਗ ਚੀਰ ਪਾਉਂਦੀਆਂ ਰਹੀਆਂ। ਕਾਸ਼ ਕਿ ਉਹ ਗੰਡਾਸੇ ਨਾਲ ਆਪਣਾ ਸਿਰ ਵੱਢ ਸਕਦਾ ਤਾਂ ਚੀਕਾਂ ਤੋਂ ਤਾਂ ਮੁਕਤੀ ਹੋ ਜਾਂਦੀ।
ਫੇਰ ਕੀ ਵਾਪਰਿਆ ਉਸਨੂੰ ਕੁਝ ਯਾਦ ਨਹੀਂ ਸੀ। ਯਾਦ ਸੀ ਤਾਂ ਬਸ ਇਹੀ ਕਿ ਜੋਗਿੰਦਰ ਰੱਖੀ ਨੂੰ ਵਾਲਾਂ ਤੋਂ ਫੜ੍ਹੀ ਕਿਸੇ ਪਾਟੇ-ਪੁਰਾਣੇ ਲੀੜੇ ਵਾਂਗ ਛੰਡ ਰਿਹਾ ਸੀ। ਰੱਖੀ ਦੇ ਪਿੰਡੇ ਉੱਤੇ ਉਹਦੀ ਪਿੰਜੀ-ਤੂੰਬੀ ਖੱਲ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਨਕਸੀਰ ਫੁੱਟੀ ਹੋਈ ਸੀ ਤੇ ਗਾੜ੍ਹਾ ਲਹੂ ਉਸਦੀਆਂ ਛਾਤੀਆਂ ਦੀਆਂ ਉਚਾਣਾ-ਨਿਵਾਣਾ ਲੰਘ ਕੇ ਗੋਡਿਆਂ ਉੱਤੇ ਤ੍ਰਿਪ ਰਿਹਾ ਸੀ। ਉਸਦੇ ਸੁੰਦਰ ਚਿਹਰੇ ਦੀ ਥਾਂ, ਲਹੂ ਭਿੱਜਾ ਲਾਲ ਮਾਸ ਦਾ ਲੋਥੜਾ ਹੀ ਦਿਸ ਰਿਹਾ ਸੀ। ਜੋਗਿੰਦਰ ਉਸਦਾ ਮੱਥਾ ਪਾਵੇ ਨਾਲ ਮਾਰ ਰਿਹਾ ਸੀ।
ਰੱਖੀ ਦੀ ਸੱਜੀ ਬਾਂਹ ਦੀ ਹੱਡੀ ਟੁੱਟ ਕੇ ਮਾਸ ਵਿਚੋਂ ਬਾਹਰ ਦਿਸ ਰਹੀ ਸੀ। ਜਦੋਂ ਉਹ ਸਹਾਰਾ ਲੈਣ ਲਈ ਜ਼ਮੀਨ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੀ ਤਾਂ ਲਟਕਦਾ ਹੋਇਆ ਹੱਥ ਪਿਛਾਂਹ ਵੱਲ ਮੁੜ ਜਾਂਦਾ ਤੇ ਹੱਡੀ ਕੱਚੇ ਫ਼ਰਸ ਵਿਚ ਧਸ ਜਾਂਦੀ।
ਉਦੋਂ ਉਹ ਕੱਚੀ ਮਿੱਟੀ ਦਾ ਫ਼ਰਸ਼ ਗੋਪਾਲ ਨੂੰ ਆਪਣੀ ਧੱੜਕਦੀ ਹੋਈ ਹਿੱਕ ਜਾਪਿਆ ਸੀ।
ਇਹੀ ਆਖ਼ਰੀ ਤਸਵੀਰ ਉਸਦੀਆਂ ਅੱਖਾਂ ਵਿਚ ਅਟਕੀ ਹੋਈ ਸੀ। ਫਾਂਸੀ ਪਿੱਛੋਂ ਚਿਤਾ ਵੀ ਜਿਸਦੇ ਅਕਸ ਨੂੰ ਨਹੀਂ ਸੀ ਸੀ ਮਿਟਾਅ ਸਕਦੀ।
ਤੇ ਫੇਰ ਉਸਦੇ ਹੱਥਾਂ ਦੀਆਂ ਦਸੇ ਉਂਗਲਾਂ ਅਣਗਿਣਤ ਗੰਡਾਸੇ ਬਣ ਗਈਆਂ ਤੇ ਜੋਗਿੰਦਰ ਦਾ ਸਿਰ ਉਸਦੀ ਗੈਂਡੇ ਵਰਗੀ ਧੌਣ ਨਾਲੋਂ, ਕਿਸੇ ਸੜੇ ਹੋਏ ਅਮਰੂਦ ਵਾਂਗ, ਝੜਕੇ ਮੰਜੇ ਹੇਠ ਰਿੜ੍ਹ ਗਿਆ। ਗੋਪਾਲੇ ਨੇ ਠੇਡਾ ਮਾਰ ਕੇ ਉਸਨੂੰ ਮੰਜੇ ਹੇਠੋਂ ਕੱਢਿਆ ਸੀ ਤੇ ਉਸਦੀ ਮਿੱਝ ਕੱਢ ਦਿੱਤੀ ਸੀ।
ਗੋਪਾਲੇ ਦੇ ਸਾਹ ਉਸਦੇ ਫੇਫੜਿਆਂ ਵਿਚ ਉਲਝ ਗਏ ਜਾਪਦੇ ਸਨ। ਦੁੱਧ-ਭਰੇ ਕਟੋਰਿਆਂ ਵਿਚ ਕਾਲੀ-ਕਾਲੀ ਲੇਸ ਜਿਹੀ ਦਿਸ ਰਹੀ ਸੀ। ਸੁਨਹਿਰੀ ਪੱਤੀਆਂ ਦਾ ਰੰਗ ਰਤਾ ਫਿੱਕਾ ਪੈ ਗਿਆ ਸੀ।
“ਮੈਂ ਜੋਗਿੰਦਰ ਨੂੰ ਮਾਰਿਆ ਏ ਜੀ, ਤੇ ਹਰੇਕ ਜਨਮ ਵਿਚ ਮਾਰਦਾ ਰਵਾਂਗਾ...।”
ਵਕੀਲ ਸਾਹਬ ਦੀਆਂ ਅੱਖਾਂ ਫਰਕੀਆਂ ਤੇ ਪਲਕਾਂ ਝੁਕ ਗਈਆਂ।
ਬੁੱਢੇ ਸਰਦਾਰ ਦੀ ਉਮਰ ਦੇ ਵੀਹ ਸਾਲ ਸੁੱਕੇ ਪੱਤਿਆਂ ਵਾਂਗ ਝੜ ਗਏ, ਪਰ ਛਾਤੀ ਰਤਾ ਚੌੜੀ ਹੋ ਗਈ।
“ਵਕੀਲ ਸਾਹਬ,” ਉਸਦੀ ਆਵਾਜ਼ ਵਿਚ ਦਰਿੜ੍ਹਤਾ ਸੀ, “ਮੇਰੇ ਪੁੱਤਰ ਨੇ ਜਿਹੜਾ ਬਿਆਨ ਦਿੱਤਾ ਏ, ਉਸਨੂੰ ਬਦਲਣ ਦੀ ਕੋਈ ਲੋੜ ਨਹੀਂ।”
(ਅਨੁਵਾਦ: ਮਹਿੰਦਰ ਬੇਦੀ, ਜੈਤੋ)