No Time : K.L. Garg

ਨੋ ਟਾਈਮ : ਕੇ.ਐਲ. ਗਰਗ

ਬਾਬੂ ਕਿਸ਼ੋਰ ਸਹਾਏ ਤੇ ਉਸ ਦੀ ਪਤਨੀ ਨੇ ਅਮਰੀਕਾ ਪਹੁੰਚਦਿਆਂ ਹੀ ਆਪਣੇ ਪੁੱਤ-ਨੂੰਹ ਨੂੰ ਤਾੜਨਾ ਕਰਦਿਆਂ ਕਹਿ ਦਿੱਤਾ ਸੀ, ‘‘ਦੇਖੋ ਸਾਊ ਅਸੀਂ ਵਿਹਲੇ ਨਹੀਂ ਬਹਿ ਸਕਦੇ। ਸਾਨੂੰ ਕੋਈ ਨਾ ਕੋਈ ਆਹਰ ਚਾਹੀਦੈ। ਸਮਝਦੇ ਐਂ ਨਾ? ਕੋਈ ਨਾ ਕੋਈ ਬਿਜ਼ੀ ਰਹਿਣ ਦਾ ਆਹਰ।’’ਸੁਣਦਿਆਂ ਹੀ ਪੁੱਤ-ਨੂੰਹ ਤਾੜੀ ਮਾਰ ਕੇ ਹੱਸ ਪਏ ਸਨ। ਕਿਸ਼ੋਰ ਸਹਾਏ ਨੂੰ ਉਨ੍ਹਾਂ ਦਾ ਇਸ ਤਰ੍ਹਾਂ ਤਾੜੀ ਮਾਰ ਕੇ ਹੱਸਣਾ ਭਾਵੇਂ ਓਪਰਾ-ਓਪਰਾ ਜਿਹਾ ਲੱਗਿਆ ਸੀ ਪਰ ਉਭਾਸਰ ਕੇ ਉਨ੍ਹਾਂ ਕੁਝ ਨਹੀਂ ਸੀ ਆਖਿਆ। ਉਨ੍ਹਾਂ ਦਾ ਦਿਲ ਰੱਖਣ ਲਈ ਭਾਵੇਂ ਪੁੱਤ-ਨੂੰਹ ਨੇ ਉਪਰੋਂ-ਉਪਰੋਂ ਕਹਿ ਵੀ ਦਿੱਤਾ ਸੀ, ‘‘ਬਾਊ ਜੀ, ਤੁਸੀਂ ਵਿਜ਼ਟਰ ਵੀਜ਼ੇ ’ਤੇ ਆਏ ਐਂ। ਇਸ ਹਾਲਤ ’ਚ ਤੁਹਾਨੂੰ ਕਿਹੜਾ ਕੰਮ ਲੱਭ ਦੇਈਏ? ਪੱਕੇ ਆਉਂਗੇ ਤਾਂ ਹੋਰ ਗੱਲ ਆ। ਹਾਲ ਦੀ ਘੜੀ ਤਾਂ ਤੁਸੀਂ ਰੱਜ-ਰੱਜ ਆਰਾਮ ਕਰੋ। ਅਮਰੀਕਾ ਦੀ ਸੈਰ ਮਾਣੋ ਤੇ...’’‘‘ਤੁਰਦੇ ਲੱਗੋ’’ ਉਹ ਕਹਿੰਦੇ-ਕਹਿੰਦੇ ਝੇਂਪ ਖਾ ਗਏ। ਪਰ ਫੇਰ ਝੱਟ ਹੀ ਕਹਿਣ ਲੱਗੇ, ‘‘ਆਪਣੇ ਘਰ ਦੇ ਹੀ ਕੰਮ ਬਥੇਰੇ ਨੇ। ਉਹੀ ਨੀ ਮੁੱਕਣੇ ਤੁਹਾਥੋਂ। ਮੀਨਜ਼ ਹੂਵਰ ਕਰਨਾ, ਬਾਥਰੂਮਾਂ ਦੀ ਸਫ਼ਾਈ, ਝਾੜ-ਪੂੰਝ, ਕਿਚਨ ਗਾਰਡਨ ਦਾ ਕੰਮ ਵਗੈਰਾ-ਵਗੈਰਾ... ਹੁਣ ਆਏ ਆਂ ਤਾਂ ਕੁਸ਼ ਦਿਨ ਮੰਮੀ ਦੇ ਹੱਥਾਂ ਦੇ ਪਰੌਂਠੇ ਵੀ ਛਕ ਲਵਾਂਗੇ। ਤਾਜ਼ੀ ਸਬਜ਼ੀ ਭਾਜੀ ਮਿਲ ਜਾਇਆ ਕਰੂ ਖਾਣ ਨੂੰ। ਲਉ ਰਸੋਈ ਵੀ ਅੱਜ ਤੋਂ ਮੰਮੀ ਦੇ ਹਵਾਲੇ। ਉੱਨੀਂ ਕਰੋ ਵੀਹ ਕਰੋ। ਅਸੀਂ ਤਾਂ ਸਵੇਰ ਦੇ ਕੰਮ ’ਤੇ ਗਏ ਤ੍ਰਿਕਾਲਾਂ ਵੇਲੇ ਈ ਮੁੜਿਆ ਕਰਨਾ। ਬੱਚੇ ਵੀ ਦੁਪਹਿਰੋਂ ਬਾਅਦ ਹੀ ਸਕੂਲੋਂ ਮੁੜਿਆ ਕਰਨਗੇ।’’‘‘ਮੇਰੇ ਲਈ ਤਾਂ ਗਾਰਡਨ ਦਾ ਕੰਮ ਈ ਬਹੁਤ ਐ। ਨਾਲੇ ਮੇਰਾ ਸ਼ੌਕ ਪੂਰਾ ਹੁੰਦਾ ਰਹੂ।’’ ਕਿਸ਼ੋਰ ਬਾਬੂ ਨੇ ਵੀ ਝੱਟ ਸਹਿਮਤੀ ਪ੍ਰਗਟ ਕਰਦਿਆਂ ਕਹਿ ਦਿੱਤਾ ਸੀ।
ਦੋ-ਤਿੰਨ ਦਿਨ ਸਫ਼ਰ ਦਾ ਥਕੇਵਾਂ ਲਹਿ ਜਾਣ ’ਤੇ ਕਿਸ਼ੋਰ ਬਾਬੂ ਦੇ ਹੱਥਾਂ ’ਚ ਖੁਰਕ ਜਿਹੀ ਹੋਣ ਲੱਗ ਪਈ ਸੀ। ਉਸ ਗਾਰਡਨ ਦਾ ਚੱਕਰ ਲਗਾਇਆ। ਆਲਾ-ਦੁਆਲਾ ਵਾਚਿਆ। ਉਸ ਦੀ ਪਾਰਖੂ ਅੱਖ ਨੇ ਝੱਟ ਤਾੜ ਲਿਆ ਕਿ ਉਨ੍ਹਾਂ ਦੇ ਦੋ ਵੱਡੇ ਰੁੱਖਾਂ ਦੀਆਂ ਟਹਿਣੀਆਂ ਗੁਆਂਢੀ ਦੇ ਗਾਰਡਨ ਤੀਕ ਪੱਲਰੀਆਂ ਹੋਈਆਂ ਸਨ। ਉਸ ਸੋਚਿਆ ਕਿ ਕਿਉਂ ਨਾ ਇਨ੍ਹਾਂ ਨੂੰ ਛਾਂਗਣ ਤੋਂ ਹੀ ਗਾਰਡਨ ਦੇ ਕੰਮ ਦੀ ਸ਼ੁਰੂਆਤ ਕੀਤੀ ਜਾਵੇ। ਹਲਕੀ-ਹਲਕੀ ਧੁੱਪ ਨਿਕਲੀ ਹੋਈ ਸੀ।
ਕਿਸ਼ੋਰ ਬਾਬੂ ਦੇ ਰੁੱਖ ’ਤੇ ਚੜ੍ਹਦਿਆਂ ਹੀ ਧੁੱਪ ਗਾਇਬ ਹੋਣੀ ਸ਼ੁਰੂ ਹੋ ਗਈ ਸੀ। ਪਤਾ ਨਹੀਂ ਕਿਧਰੋਂ ਅਚਾਨਕ ਬੱਦਲ ਹੋਣੇ ਸ਼ੁਰੂ ਹੋ ਗਏ। ਦੇਖਦਿਆਂ-ਦੇਖਦਿਆਂ ਘੁੱਪ ਹਨੇਰਾ ਜਿਹਾ ਛਾ ਗਿਆ ਸੀ। ਕਿਸ਼ੋਰ ਬਾਬੂ ਨੇ ਹੱਥ ’ਚ ਫੜੀ ਆਰੀ ਨਾਲ ਟਹਿਣੀਆਂ ਛਾਂਗਣੀਆਂ ਸ਼ੁਰੂ ਕਰ ਦਿੱਤੀਆਂ। ਦੋ-ਚਾਰ ਟਹਿਣੀਆਂ ਹੀ ਵੱਢੀਆਂ ਸਨ ਕਿ ਗੁਆਂਢੀਆਂ ਦੇ ਬੱਚਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਪਤਲੇ ਜਿਹੇ ਹਨੇਰੇ ਵਿੱਚ ਕਿਸ਼ੋਰ ਬਾਬੂ ਨੇ ਦੇਖਿਆ ਕਿ ਸੱਤ-ਅੱਠ ਕੁ ਵਰ੍ਹਿਆਂ ਦੇ ਮੁੰਡਾ ਕੁੜੀ ਗੁਆਂਢੀ ਦੇ ਬਰਾਮਦੇ ’ਚ ਖਲੋਤੇ ਉੱਚੀ-ਉੱਚੀ ਬੋਲ ਰਹੇ ਸਨ, ‘‘ਡੈਡੀ, ਮੰਕੀ ਇਨ ਦਿ ਟਰੀ… ਡੈਡੀ ਕਮ ਸੂਨ ਐਂਡ ਸੀ ਏ ਮੰਕੀ ਇਨ ਦਿ ਟਰੀ। ਡੈ…ਅ…ਡੀ ਮੰਕੀ ਇਨ ਦਿ ਟਰੀ।’’
ਬੱਚਿਆਂ ਦੀਆਂ ਆਵਾਜ਼ਾਂ ਸੁਣ ਕੇ ਝੱਟ ਹੀ ਇੱਕ ਲੰਮਾ ਜਿਹਾ ਕਾਲਾ ਅਮਰੀਕੀ ਬਰਾਮਦੇ ’ਚ ਆਣ ਪ੍ਰਗਟ ਹੋ ਗਿਆ। ਉਸ ਦੇ ਆਉਂਦਿਆਂ ਹੀ ਬੱਚੇ ਫੇਰ ਕੂਕਣ ਲੱਗ ਪਏ ਸਨ, ‘‘ਸੀ ਦੇਅਰ… ਡੈਡੀ, ਮੰਕੀ ਇਨ ਦਿ ਟਰੀ…।’’
ਕਾਲੇ ਨੂੰ ਸਮਝਦਿਆਂ ਦੇਰ ਨਾ ਲੱਗੀ। ਉਸ ਝੱਟ ਹੀ ਕਹਿ ਦਿੱਤਾ, ‘‘ਨੋ, ਨੋ… ਦੇਅਰ ਇਜ਼ ਨੋ ਮੰਕੀ ਇਨ ਦਿ ਟਰੀ… ਨੋ ਮੰਕੀ…।’’
ਸੁਣ ਕੇ ਕਿਸ਼ੋਰ ਬਾਬੂ ਨੂੰ ਅੰਤਾਂ ਦਾ ਗੁੱਸਾ ਚੜ੍ਹਿਆ। ‘ਕੱਟੋ ਤਾਂ ਖ਼ੂਨ ਨਹੀਂ’ ਵਾਲੀ ਹਾਲਤ ਹੋਈ ਪਈ ਸੀ। ਉਹ ਗੁੱਸਾ ਵਿੱਚੇ-ਵਿੱਚ ਪੀਂਦਿਆਂ ਝੱਟ ਹੀ ਰੁੱਖ ਤੋਂ ਉਤਰ ਕੇ ਵਾੜ ਕੋਲ ਆ ਖਲੋਤਾ। ਦੋਵਾਂ ਘਰਾਂ ਦੇ ਗਾਰਡਨਾਂ ਨੂੰ ਵੰਡਣ ਵਾਲੀ ਚਾਰ ਕੁ ਫੁੱਟ ਉੱਚੀ ਵਾੜ ਸੀ। ਵਾੜ ਕੋਲ ਖਲੋਤੇ ਇੱਕ-ਦੂਜੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ। ਕਿਸ਼ੋਰ ਬਾਬੂ ਨੂੰ ਵਾੜ ਕੋਲ ਖਲੋਤਾ ਦੇਖ ਕੇ ਕਾਲਾ ਤੇ ਉਸ ਦੇ ਬੱਚੇ ਵੀ ਦੂਜੇ ਪਾਸੇ ਵਾੜ ਕੋਲ ਹੀ ਆ ਖਲੋਤੇ ਸਨ। ਇਸ ਤੋਂ ਪਹਿਲਾਂ ਕਿ ਕਾਲਾ ਕੁਝ ਕਹਿੰਦਾ, ਭਰਿਆ ਪੀਤਾ ਕਿਸ਼ੋਰ ਬਾਬੂ ਹੀ ਬੋਲਿਆ, ‘‘ਆਪਾਂ ਸਾਰੇ ਬਾਂਦਰਾਂ ਦੀ ਹੀ ਔਲਾਦ ਤਾਂ ਹਾਂ। ਮੈਨ ਹਿਮਸੈਲਫ਼ ਵਾਜ਼ ਏ ਮੰਕੀ ਵਨਸ। ਇਹ ਬੱਚੇ ਵੀ…।’’ ਬੋਲਦਿਆਂ ਉਸ ਦੇ ਮੂੰਹ ’ਚੋਂ ਥੁੱਕ ਡਿੱਗਣ ਲੱਗ ਪਿਆ ਸੀ। ‘‘ਬੱਚਿਆਂ ਦੀ ਤਮੀਜ਼, ਸ਼ਿਸ਼ਟਾਚਾਰ ਕਿੱਥੇ ਗਿਆ?’’ ਉਸ ਲੰਮਾ ਸਾਹ ਖਿੱਚ ਕੇ ਆਖਿਆ। ‘‘ਸੌਰੀ, ਇਹ ਬੱਚੇ ਆਜ਼ਾਦੀ ’ਚ ਸਾਹ ਲੈਣਾ ਗਿੱਝ ਗਏ ਹਨ। ਸਾਧਾਰਨ ਸ਼ਿਸ਼ਟਾਚਾਰ ਦੀ ਪਰਵਾਹ ਨਹੀਂ ਕਰਦੇ। ਮੁਫ਼ਤ ਮਿਲੀ ਆਜ਼ਾਦੀ ਦਾ ਲਾਹਾ ਲੈ ਲੈਂਦੇ ਹਨ। ਆਜ਼ਾਦੀ ਸਾਡੇ ਵਾਂਗ ਲਹੂ ਵੇਚ ਕੇ ਲਈ ਹੁੰਦੀ ਤਾਂ ਇਨ੍ਹਾਂ ਨੂੰ ਸਮਝ ਹੁੰਦੀ। ਸੌਰੀ… ਵੈਰੀ ਸੌਰੀ।’’
ਸੁਣਦਿਆਂ ਹੀ ਕਿਸ਼ੋਰ ਬਾਬੂ ਦਾ ਗੁੱਸਾ ਪਤਾ ਨਹੀਂ ਕਿੱਥੇ ਕਾਫ਼ੂਰ ਹੋ ਗਿਆ ਸੀ।
‘‘ਆਈ ਐਮ ਮਿਸਟਰ ਲਾਲਜ਼ ਫਾਦਰ ਫਰਾਮ ਇੰਡੀਆ।’’ ਉਸ ਝੱਟ ਹੀ ਆਪਣਾ ਤਾਅਰੁਫ਼ ਕਰਵਾ ਦਿੱਤਾ ਸੀ।
‘‘ਆਈ ਐਮ ਰਿਚਰਡ… ਐਂਡ ਦੀਜ਼ ਆਰ ਮਾਈ ਕਿਡਜ਼।’’ ਰਿਚਰਡ ਨੇ ਸਿਰ ਖੁਰਕਦਿਆਂ ਗੱਲ ਸ਼ੁਰੂ ਕੀਤੀ, ‘‘ਗੁਲਾਮ ਕੌਮਾਂ ਮਿਹਨਤੀ ਹੁੰਦੀਆਂ, ਸਗੋਂ ਗੁਲਾਮ ਕੌਮਾਂ ਹੀ ਮਿਹਨਤੀ ਹੁੰਦੀਆਂ। ਅਸੀਂ ਆਜ਼ਾਦੀ ਦੀ ਵੱਡੀ ਕੀਮਤ ਤਾਰੀ। ਇੰਡੀਆ ਨੇ ਵੀ ਤਾਰੀ। ਅਸੀਂ ਤੇ ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਕਿਹੜੇ ਜਫ਼ਰ ਜਾਲ ਕੇ ਆਜ਼ਾਦੀ ਲਈ। ਇਨ੍ਹਾਂ ਬੱਚਿਆਂ ਨੂੰ ਆਜ਼ਾਦੀ ਮੁਫ਼ਤ ’ਚ ਹੀ ਮਿਲ ਗਈ। ਇਸ ਉਮਰ ’ਚ ਵੀ ਤੁਸੀਂ ਏਨੀ ਮਿਹਨਤ ਕਰ ਲੈਂਦੇ ਹੋ?’’
ਕਾਲੇ ਦੀਆਂ ਗੱਲਾਂ ਤੋਂ ਉਹਦੀ ਸਿਆਣਪ ਝਰ-ਝਰ ਪੈਂਦੀ ਸੀ। ਕਿਸ਼ੋਰ ਬਾਬੂ ਨੇ ਝੱਟ ਹੀ ਪੁੱਛ ਲਿਆ, ‘‘ਕੀ ਕੰਮ-ਕਾਰ ਕਰਦੇ ਓਂ?’’ ਕੰਮ ਚਲਾਊ ਅੰਗਰੇਜ਼ੀ ਕਿਸ਼ੋਰ ਬਾਬੂ ਬੋਲ ਹੀ ਲੈਂਦਾ ਸੀ।
‘‘ਆਈ ਐਮ ਏ ਸੀਵਰੇਜ ਵਰਕਰ।’’ ਕਾਲੇ ਰਿਚਰਡ ਨੇ ਛਾਤੀ ਤਾਣ ਕੇ ਆਖਿਆ।
‘ਸੀਵਰੇਜ ਵਰਕਰ’ ਸੁਣਦਿਆਂ ਹੀ ਕਿਸ਼ੋਰ ਬਾਬੂ ਦਾ ਉਤਸ਼ਾਹ ਮੱਠਾ ਪੈ ਗਿਆ। ਝਟਪਟ ਹੀ ਉਸ ਦੇ ਮਨ ਦੀ ਸਕਰੀਨ ’ਤੇ ਇੰਡੀਆ ’ਚ ਸੀਵਰੇਜ ਸਾਫ਼ ਕਰਨ ਵਾਲੇ ਸਫ਼ਾਈ ਵਰਕਰਾਂ ਦੀ ਤਸਵੀਰ ਉਭਰਨੀ ਸ਼ੁਰੂ ਹੋ ਗਈ ਸੀ। ਫਟੀਆਂ ਖੁੱਥੀਆਂ ਪੈਂਟਾਂ, ਪੈਰੀਂ ਕੈਂਚੀ ਮਾਰਕਾ ਚੱਪਲਾਂ ਤੇ ਹੱਥਾਂ ’ਚ ਫੜੀਆਂ ਲੋਹੇ ਦੀਆਂ ਲੰਮੀਆਂ ਰਾਡਾਂ ਵਾਲੇ ਬੰਦੇ ਅਚਾਨਕ ਹੀ ਉਹਦੀਆਂ ਅੱਖਾਂ ਮੂਹਰੇ ਨਮੂਦਾਰ ਹੋਣੇ ਸ਼ੁਰੂ ਹੋ ਗਏ ਸਨ। ਪਲ ਦੀ ਪਲ ਉਸ ਨੂੰ ਉੱਥੇ ਖੜ੍ਹਾ ਹੋਣਾ ਔਖਾ-ਔਖਾ ਲੱਗਣ ਲੱਗ ਪਿਆ।
‘‘ਓ.ਕੇ. ਸੀ ਯੂ…’’ ਆਖ ਉਸ ਨੇ ਉਨ੍ਹਾਂ ਤੋਂ ਵਿਦਾ ਲਈ। ‘‘ਸੌਰੀ ਮੰਕੀ ਅੰਕਲ।’’ ਬੱਚਿਆਂ ਨੇ ਅੰਦਰ ਜਾਣ ਤੋਂ ਪਹਿਲਾਂ ਕਹਿ ਦਿੱਤਾ ਸੀ।
ਉਸ ਦਾ ਪਤਾ ਨਹੀਂ ਕਿਉਂ ਅਮਰੀਕਾ ਆਉਣ ਦਾ ਚਾਅ ਤੇ ਉਤਸ਼ਾਹ ਅਚਾਨਕ ਹੀ ਮੱਠਾ ਪੈਣ ਲੱਗ ਪਿਆ ਸੀ। ਘੜੀ-ਮੁੜੀ ਕਾਲਾ ਰਿਚਰਡ ਤੇ ਉਸ ਦੇ ਕਾਲੇ-ਕਾਲੇ ਬੱਚੇ ਉਸ ਦੀਆਂ ਅੱਖਾਂ ਮੂਹਰੇ ਘੁੰਮਣ ਲੱਗ ਪਏ ਸਨ। ਉਸ ਦੇ ਅੰਦਰ ਪਤਾ ਨਹੀਂ ਕਿਹੋ ਜਿਹਾ ਭਾਵ ਜਾਗਣ ਲੱਗ ਪਿਆ ਸੀ ਜੋ ਉਸ ਨੂੰ ਚੰਗਾ-ਚੰਗਾ ਨਹੀਂ ਸੀ ਲੱਗ ਰਿਹਾ। ਹਾਲੇ ਵੀ ਬੱਚੇ ਉਸ ਨੂੰ ‘ਮੰਕੀ ਅੰਕਲ’ ਕਹਿ ਕੇ ਗਏ ਸਨ। ਇਹ ਕਾਹਦੀ ਤੇ ਕਿਹੋ ਜਿਹੀ ਆਜ਼ਾਦੀ ਮਿਲੀ ਆ ਇੱਥੋਂ ਦੇ ਬੱਚਿਆਂ ਨੂੰ। ਸਾਡਾ ਕੋਈ ਜੁਆਕ ਇਹੋ ਜਿਹੀ ਗੱਲ ਕਰਦਾ ਤਾਂ ਮਾਰ-ਮਾਰ ਚਪੇੜਾਂ ਮੂੰਹ ’ਤੇ ਚਿੱਬ ਪਾ ਦਿੰਦੇ ਤੇ ਇਹ ਸੀਵਰੇਜ ਵਰਕਰ ਬੱਚਿਆਂ ਦੀ ਆਜ਼ਾਦੀ ਦੀਆਂ ਗੱਲਾਂ ਕਰੀ ਜਾਂਦਾ। ਬਾਬੂ ਕਿਸ਼ੋਰ ਸਹਾਇ ਪਤਾ ਨ੍ਹੀਂ ਕਿਹੜੀ ਉਧੇੜ-ਬੁਣ ਹੀ ਕਰਦਾ ਰਿਹਾ ਸ਼ਾਮ ਤਕ।
ਮੀਂਹ ਪੈਂਦੇ ’ਚ ਜਦੋਂ ਸ਼ਾਮੀਂ ਉਹਦੇ ਪੁੱਤ-ਨੂੰਹ ਘਰ ਮੁੜੇ ਤਾਂ ਉਸ ਤੋਂ ਪਹਿਲਾਂ ਉਸ ਦੇ ਦੋਵੇਂ ਪੋਤੇ ਸਕੂਲੋਂ ਵਾਪਸ ਆ ਚੁੱਕੇ ਸਨ। ਉਨ੍ਹਾਂ ਆਪਣੇ ਪੋਤਿਆਂ ਤੋਂ ਪੁੱਛਿਆ, ‘‘ਹੂ ਆ ਆਵਰ ਨੇਬਰਜ਼?’’
‘‘ਗਰੈਂਡ ਪਾ, ਦੇ ਆਰ ਵੈਰੀ ਨਾਟੀ ਪੀਪਲ। ਨਾਟੀ ਕਿਡਜ਼…।’’
ਸੁਣ ਕੇ ਉਸ ਨੂੰ ਕੁਝ ਕੁਝ ਤਸੱਲੀ ਹੋਈ।
ਉਸ ਘਰ ਵਾਪਸ ਆਏ ਆਪਣੇ ਪੁੱਤਰ ਨੂੰ ਪੁੱਛਿਆ, ‘‘ਆਪਣਾ ਗੁਆਂਢੀ ਕਾਲਾ ਸੀਵਰੇਜ ਵਰਕਰ ਆ? ਸੀਵਰੇਜ ਵਰਕਰ?’’ ਉਸ ਦੇ ਚਿਹਰੇ ’ਤੇ ਘਿਰਣਾ ਦੇ ਭਾਵ ਸਾਫ਼ ਝਲਕ ਰਹੇ ਸਨ।
‘‘ਸੋ ਵ੍ਹੱਟ ਡੈਡੀ? ਇੱਥੇ ਕੋਈ ਕੰਮ ਛੋਟਾ-ਵੱਡਾ ਨਈਂ। ਕੰਮ ਕੰਮ ਈ ਹੁੰਦੈ। ਨੋ ਬਿੱਗ, ਨੋ ਸਮਾਲ। ਹਰ ਕੰਮ ਦੀ ਕਦਰ ਐ। ਇੰਡੀਆ ਤਾਂਹੀ ਤਾਂ ਅੱਗੇ ਨੀ ਵਧ ਰਿਹਾ। ਅਸੀਂ ਅਜੇ ਵੀ ਵੱਡੇ-ਛੋਟੇ ਕੰਮ ਦੀ ਹੈਂਕੜ ਤੇ ਨਫ਼ਰਤ ਦੇ ਚਿੱਕੜਾਂ ’ਚ ਖੁੱਭੇ ਹੋਏ ਆਂ। ਨਿਕਲ ਹੀ ਨਹੀਂ ਰਹੇ। ਮਾੜੀ ਗੱਲ ਇਹ ਹੈ ਕਿ ਇਸ ’ਚੋਂ ਨਿਕਲਣ ਦਾ ਯਤਨ ਵੀ ਨਹੀਂ ਕਰ ਰਹੇ। ਰਿਚਰਡ ਮੇਰਾ ਮਿੱਤਰ ਐ, ਸਿਆਣਾ ਬੰਦਾ। ਅਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਆਂ।’’
ਆਪਣੇ ਪੁੱਤਰ ਦੀਆਂ ਗੱਲਾਂ ਸੁਣ ਕੇ ਕਿਸ਼ੋਰ ਸਹਾਏ ਨੂੰ ਮਨ ਹੀ ਮਨ ਕੋਫ਼ਤ ਜਿਹੀ ਹੋਣ ਲੱਗ ਪਈ ਸੀ।
ਇਸ ਤੋਂ ਝੱਟ ਹੀ ਬਾਅਦ ਰਿਚਰਡ ਪਰਿਵਾਰ ਵੱਲੋਂ ਕਿਸ਼ੋਰ ਸਹਾਏ ਦੇ ਪਰਿਵਾਰ ਨੂੰ ਸੰਡੇ ਦੇ ਡਿਨਰ ਦਾ ਸੱਦਾ ਆ ਗਿਆ। ਉਹ ਕਿਸ਼ੋਰ ਸਹਾਏ ਹੁਰਾਂ ਦੀ ਆਮਦ ਨੂੰ ਸੈਲੀਬਰੇਟ ਕਰਨਾ ਚਾਹੁੰਦੇ ਸਨ। ਕਿਸ਼ੋਰ ਸਹਾਏ ਬਹੁਤ ਹੀ ਅੜੌਣੀ ਸਥਿਤੀ ’ਚ ਸੀ। ਉਹ ਰਿਚਰਡ ਦੇ ਘਰ ਬਿਲਕੁਲ ਜਾਣਾ ਨਹੀਂ ਸੀ ਚਾਹੁੰਦਾ ਪਰ ਨੂੰਹ-ਪੁੱਤ ਨੂੰ ਖੁੱਲ੍ਹ ਕੇ ਜਵਾਬ ਵੀ ਨਹੀਂ ਸੀ ਦੇ ਸਕਦਾ। ਮੂੰਹ ਰੱਖਣ ਲਈ ਉਸ ਹਾਂ ਕਰ ਦਿੱਤੀ ਪਰ ਇੱਕ ਵਾਰ ਨਾ ਚਾਹੁੰਦਿਆਂ ਵੀ ਉਸ ਦੇ ਮੂੰਹੋਂ ਨਿਕਲ ਹੀ ਗਿਆ, ‘‘ਰਿਚਰਡ ਇਜ਼ ਏ ਸੀਵਰੇਜ ਵਰਕਰ।’’
‘‘ਡੈਡੀ, ਇਹ ਗੱਲਾਂ ਛੱਡੋ ਹੁਣ। ਅਮਰੀਕਾ ਆਉਣਾ ਹੋਵੇ ਤਾਂ ਇੰਡੀਆ ਵਾਲੀਆਂ ਗੱਲਾਂ ਉੱਥੇ ਹੀ ਛੱਡ ਕੇ ਆਇਆ ਕਰੋ। ਡੂ ਐਜ਼ ਦਿ ਰੋਮਨਜ਼ ਡੂ…।’’
ਰਿਚਰਡ ਪਰਿਵਾਰ ਨੇ ਉਨ੍ਹਾਂ ਦੀ ਚੰਗੀ ਆਉ ਭਗਤ ਕੀਤੀ। ਚੰਗਾ ਖਾਣਾ ਬਣਾਇਆ। ਬੀਅਰ-ਵਿਸਕੀ ਦਾ ਵੀ ਪ੍ਰਬੰਧ ਕੀਤਾ। ਰਿਚਰਡ ਦੇ ਬੱਚੇ ਹੁਣ ਵੀ ਉਸ ਨੂੰ ‘ਮੰਕੀ ਅੰਕਲ’ ਆਖ ਆਖ ਹੀ ਬੁਲਾਉਂਦੇ ਰਹੇ। ਪਲ ਦੀ ਪਲ ਉਹ ਔਖਾ ਮਹਿਸੂਸ ਕਰਦਾ ਪਰ ਫੇਰ ਜਲਦੀ ਹੀ ਸਹਿਜ ਹੋ ਜਾਂਦਾ। ਦੋ ਕੁ ਪੈੱਗ ਪੀ ਕੇ ਕਿਸ਼ੋਰ ਬਾਬੂ ਥੋੜ੍ਹਾ ਸੌਖਾ-ਸੌਖਾ ਮਹਿਸੂਸ ਕਰਨ ਲੱਗ ਪਿਆ।
‘‘ਤੁਸੀਂ ਤਾਂ ਸਲੇਵਰੀ ਬਹੁਤ ਇਨਜੁਆਏ ਕੀਤੀ ਹੋਣੀ?’’ ਅਚਾਨਕ ਉਸ ਦੇ ਮੂੰਹੋਂ ਨਿਕਲ ਗਿਆ।
ਰਿਚਰਡ ਨੇ ਉਸ ਦੀ ਗੱਲ ਦਾ ਬੁਰਾ ਨਹੀਂ ਮਨਾਇਆ। ਚੰਗੀ ਮਹਿਮਾਨਨਿਵਾਜ਼ੀ ਦਾ ਸਬੂਤ ਦਿੰਦਿਆਂ ਉਸ ਆਖਿਆ, ‘‘ਇਟਸ ਏ ਪਾਸਟ ਹਿਸਟਰੀ ਨਾਓ। ਅਸੀਂ ਸਭ ਕਾਲੇ ਇਸ ਨੂੰ ਭੁਲਾਉਣ ਦਾ ਯਤਨ ਕਰ ਰਹੇ ਹਾਂ। ਗੋਰੇ ਵੀ ਭੁੱਲਣਾ ਚਾਹੁੰਦੇ ਨੇ। ਇਸ ਤੋਂ ਇਲਾਵਾ ਸਲੇਵਰੀ ਸਾਡੇ ’ਤੇ ਥੋਪੀ ਗਈ ਸੀ। ਇਹ ਸਾਡੀ ਚੁਆਇਸ ਨਹੀਂ ਸੀ। ਇਟ ਵਾਜ਼ ਨਾਟ ਆਵਰ ਚੁਆਇਸ।’’
‘‘ਸਾਡੇ ’ਤੇ ਵੀ ਸਲੇਵਰੀ ਥੋਪੀ ਗਈ ਸੀ ਪਰ ਹੁਣ ਅਸੀਂ ਆਜ਼ਾਦ ਆਂ। ਵੀ ਆਰ ਏ ਫਰੀ ਕੰਟਰੀ ਨਾਓ। ਆਜ਼ਾਦੀ ਦਾ ਤਾਂ ਸੁਆਦ ਈ ਹੋਰ ਹੁੰਦੈ।’’
ਕਿਸ਼ੋਰ ਬਾਬੂ ਦੇ ਪੁੱਤਰ ਨੇ ਗ਼ੌਰ ਨਾਲ ਆਪਣੇ ਬਾਪ ਦੇ ਚਿਹਰੇ ਵੱਲ ਦੇਖਿਆ। ਦੋਵਾਂ ਦੀਆਂ ਅੱਖਾਂ ਮਿਲੀਆਂ। ਕਿਸ਼ੋਰ ਬਾਬੂ ਆਪਣੇ ਪੁੱਤਰ ਦੇ ਮਨੋਭਾਵ ਸਮਝ ਗਿਆ ਸੀ। ਉਹ ਜਾਣਦਾ ਸੀ ਕਿ ਉਸ ਦਾ ਪੁੱਤਰ ਜ਼ਰੂਰ ਬਰ ਜ਼ਰੂਰ ਉਸ ਨੂੰ ਲਾਹਨਤਾਂ ਪਾਉਂਦਿਆਂ ਮਨ ਹੀ ਮਨ ਆਖ ਰਿਹਾ ਹੋਵੇਗਾ, ‘‘ਤੁਸੀਂ ਸੁਆਹ ਤੇ ਖੇਹ ਆਜ਼ਾਦ ਹੋ ਗਏ ਆਂ। ਤੁਸੀਂ ਹਾਲੇ ਤਕ ਵੀ ਛੂਤ-ਛਾਤ ਦੇ ਪ੍ਰੇਤਾਂ ਤੋਂ ਤਾਂ ਆਜ਼ਾਦ ਹੋ ਨ੍ਹੀਂ ਸਕੇ। ਕਿਹੜੇ ਪਾਸਿਉਂ ਆਜ਼ਾਦ ਹੋਏ ਆਂ ਤੁਸੀਂ? ਹਾਲੇ ਵੀ ਛੋਟੇ-ਵੱਡੇ ਦਾ ਚਿੱਕੜ ਤੁਹਾਡੇ ਮਨਾਂ ’ਚ ਐ। ਵੱਡੇ ਆਏ…।’’
ਰਿਚਰਡ ਪਰਿਵਾਰ ਉਨ੍ਹਾਂ ਨੂੰ ਬਾਹਰਲੇ ਗੇਟ ਤਕ ਵਿਦਾ ਕਰਨ ਆਇਆ। ਉਨ੍ਹਾਂ ਦੇ ਬੱਚੇ ਹੱਸ-ਹੱਸ, ਹੱਥ ਚੁੱਕ-ਚੁੱਕ ਕਹਿ ਰਹੇ ਸਨ, ‘‘ਬਾਏ, ਮੰਕੀ ਅੰਕਲ, ਮੰਕੀ ਅੰਕਲ ਬਾਏ। ਕਮ ਅਗੇਨ ਮੰਕੀ ਅੰਕਲ।’’
ਕਿਸ਼ੋਰ ਸਹਾਏ ਚਲਾਕੀ ਨਾਲ ਉਨ੍ਹਾਂ ਦੇ ਘਰੋਂ ਦੋ ਪੈੱਗ ਤਾਂ ਜ਼ਰੂਰ ਪੀ ਆਇਆ ਸੀ ਪਰ ਕੁਝ ਖਾਣ ਤੋਂ ਉਸ ਪਰਹੇਜ਼ ਹੀ ਰੱਖਿਆ ਸੀ। ਉਸ ਦਾ ਮਨ ਹੀ ਨਹੀਂ ਸੀ ਕੀਤਾ ਕੁਝ ਖਾਣ ਨੂੰ। ਹਾਲੇ ਵੀ ਪਤਾ ਨਹੀਂ ਉਸ ਦੇ ਅੰਦਰ ਕੀ ਰੜਕੀ ਜਾਂਦਾ ਸੀ।
ਹੁਣ ਰਿਚਰਡ ਨਾਲ ਕਦੀ-ਕਦੀ ਉਸ ਦੀ ਸਾਹਬ ਸਲਾਮ ਵੀ ਹੋਣ ਲੱਗ ਪਈ ਸੀ। ਕਈ ਵਾਰੀ ਕੰਮ ਦੀ ਗੱਲ ਚੱਲਦੀ ਤਾਂ ਰਿਚਰਡ ਦੱਸਣ ਲੱਗ ਪੈਂਦਾ, ‘‘ਸਰ, ਕੰਮ ਵੇਲੇ ਅਸੀਂ ਡਰੈੱਸ ਬਦਲ ਲੈਂਦੇ ਹਾਂ। ਕੰਮ ਵਾਲੇ ਕੱਪੜੇ ਕਾਰ ’ਚ ਹੀ ਪਏ ਹੁੰਦੇ ਆ। ਕੰਮ ਤੋਂ ਵਿਹਲੇ ਹੋ ਕੇ ਦੂਜੇ ਕੱਪੜੇ ਪਹਿਨ ਲੈਂਦੇ ਹਾਂ।’’
‘‘ਕੰਮ ਗੰਦਾ ਨੀ ਲੱਗਦਾ ਤੁਹਾਨੂੰ?’’ ਇੱਕ ਦਿਨ ਉਸ ਨੇ ਸਹਿਜ ਹੀ ਪੁੱਛਿਆ ਤਾਂ ਰਿਚਰਡ ਤਿੜਕ ਕੇ ਬੋਲਿਆ, ‘‘ਡਰਟੀ ਜਾਬ? ਜਾਬ ਵੀ ਕਦੀ ਡਰਟੀ ਹੋਈ ਆ। ਇਹ ਜਾਬ ਮੇਰੀਆਂ ਤੇ ਮੇਰੇ ਟੱਬਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੀ ਆ। ਸਾਨੂੰ ਸਨਮਾਨ ਨਾਲ ਜਿਉਣ ਦੀ ਤਾਕਤ ਦਿੰਦੀ ਐ, ਫੇਰ ਜਾਬ ਡਰਟੀ ਕਿਵੇਂ ਰਹਿ ਗਈ ਭਲਾ?’’
ਉਸ ਦਾ ਜਵਾਬ ਸੁਣ ਕੇ ਕਿਸ਼ੋਰ ਬਾਬੂ ਦੀ ਹਾਲਤ ਉਸ ਸ਼ਰਾਬੀ ਜਿਹੀ ਹੋ ਗਈ ਜਿਸ ਨੂੰ ਪੀਤੀ ਤੋਂ ਝਿੜਕਾਂ ਪੈ ਕੇ ਹਟੀਆਂ ਹੋਣ ਤੇ ਉਸ ਦੀ ਪੀਤੀ ਲਹਿ ਗਈ ਹੋਵੇ।
‘‘ਓ ਕੇ ਬਾਏ…।’’ ਆਖ ਉਹ ਝੱਟ ਹੀ ਵਾੜ ਕੋਲੋਂ ਖਿਸਕ ਆਇਆ ਸੀ।
ਭਾਵੇਂ ਉਸ ਦੇ ਅੰਦਰ ਹਾਲੇ ਵੀ ਕੁਝ ਰੜਕੀ ਜਾ ਰਿਹਾ ਸੀ ਪਰ ਰਿਚਰਡ ਦੀਆਂ ਗੱਲਾਂ ਨਾਲ ਉਸ ਦੇ ਅੰਦਰ ਜੰਮੀ ਬਰਫ਼ ਕੁਝ ਕੁਝ ਪਿਘਲਣ ਜ਼ਰੂਰ ਲੱਗ ਗਈ ਸੀ। ਉਸ ਦੇ ਅੰਦਰਲੇ ਗੂੜ੍ਹੇ ਜੰਮੇ ਵਿਚਾਰ ਪਿਘਲਣੇ ਸ਼ੁਰੂ ਹੋ ਗਏ ਸਨ। ਉਸ ਨੂੰ ਉਸ ਦੇ ਬੱਚਿਆਂ ਦਾ ਉਸ ਨੂੰ ‘ਮੰਕੀ ਅੰਕਲ’ ਕਹਿਣਾ ਵੀ ਬੁਰਾ ਲੱਗਣੋਂ ਲਗਪਗ ਹਟ ਹੀ ਗਿਆ ਸੀ। ਲੱਗਦਾ ਸੀ ਕਿ ਜਿਵੇਂ ਉਸ ਨੇ ਵੀ ਅਮਰੀਕੀ ਬੱਚਿਆਂ ਦੀ ਆਜ਼ਾਦੀ ਤਸਲੀਮ ਕਰ ਲਈ ਸੀ।
ਕਈ ਦਿਨ ਉਸ ਨੂੰ ਰਿਚਰਡ ਦੇ ਦਰਸ਼ਨ ਨਾ ਹੋਏ। ਉਹ ਵਾਰ-ਵਾਰ ਗਾਰਡਨ ਦੀ ਵਾੜ ਵੱਲ ਝਾਕਦਾ ਪਰ ਉੱਥੇ ਸਭ ਕੁਝ ਖਾਲੀ-ਖਾਲੀ ਜਾਪਦਾ। ਉਸ ਨੇ ਆਨੇ-ਬਹਾਨੇ ਆਪਣੇ ਪੁੱਤਰ ਨੂੰ ਵੀ ਰਿਚਰਡ ਬਾਰੇ ਪੁੱਛਿਆ ਪਰ ਉਸ ਦਾ ਉੱਤਰ ਬਹੁਤ ਹੀ ਸੰਖੇਪ ਹੁੰਦਾ, ‘‘ਡੈਡ, ਕਿਤੇ ਕੰਮ ਗਏ ਹੋਣੇ ਆ। ਪਤਾ ਨਹੀਂ।’’
‘‘ਆਪਾਂ ਪਤਾ ਨਾ ਕਰੀਏ?’’ ਉਸ ਅਚਾਨਕ ਆਖਿਆ ਸੀ।
‘‘ਕੋਈ ਨਾ ਡੈਡੀ ਆ ਜਾਣਗੇ। ਐਡੀ ਚਿੰਤਾ ਕਰਨ ਦੀ ਲੋੜ ਨ੍ਹੀਂ।’’ ਉਸ ਸਰਸਰੀ ਜਿਹੀ ਆਖ ਛੱਡਿਆ ਸੀ।
ਅਚਾਨਕ ਇੱਕ ਦਿਨ ਰਿਚਰਡ ਵਾੜ ਕੋਲ ਆਣ ਪ੍ਰਗਟ ਹੋਇਆ ਸੀ। ਕਿਸ਼ੋਰ ਬਾਬੂ ਹਾਫਲਿਆਂ ਵਾਂਗ ਵਾੜ ਕੋਲ ਜਾ ਕੇ ਇੱਕੋ ਸਾਹੇ ਪੁੱਛਣ ਲੱਗਿਆ, ‘‘ਵੇਅਰ ਵਰ ਯੂ ਮਿਸਟਰ ਰਿਚਰਡ? ਸੋ ਮੈਨੀ ਡੇਜ਼?’’
‘‘ਮਾਈ ਮਦਰ ਵਾਜ਼ ਡੈੱਡ। ਮੈਂ ਉਹਦੇ ਫਿਊਨਰਲ ਲਈ ਗਿਆ ਸੀ।’’ ਰਿਚਰਡ ਨੇ ਅਫ਼ਸੋਸ ਤੇ ਦੁੱਖ ਜਿਹੇ ਨਾਲ ਆਖਿਆ।
‘‘ਓਹ! ਆਈ ਐਮ ਸੌਰੀ! ਹਾਓ ਓਲਡ ਸ਼ੀ ਵਾਜ਼?’’
‘‘ਸ਼ੀ ਵਾਜ਼ ਮੋਰ ਦੈਨ ਏਟੀ।’’ ਰਿਚਰਡ ਨੇ ਆਖਿਆ।
‘‘ਸ਼ੀ ਵਾਜ਼ ਲਿਵਿੰਗ ਆਲ ਐਲੋਨ ਦੇਅਰ…।’’ ਕਿਸ਼ੋਰ ਬਾਬੂ ਨੇ ਪੁੱਛਿਆ।
‘‘ਯੱਸ ਯੱਸ! ਵੀ ਬਿਲੀਵ ਇਨ ਪਰਸਨਲ ਫਰੀਡਮ ਆਲਸੋ। ਉਹ ਇਕੱਲੀ ਰਹਿ ਕੇ ਖ਼ੁਸ਼ ਸੀ।’’ ਰਿਚਰਡ ਨੇ ਦੱਸਿਆ।
‘‘ਪਰ ਸਾਡੇ ਇੰਡੀਆ ’ਚ ਅਸੀਂ ਬਜ਼ੁਰਗਾਂ ਨੂੰ ਇਕੱਲਿਆਂ ਨਹੀਂ ਰਹਿਣ ਦਿੰਦੇ। ਉਹ ਹਮੇਸ਼ਾਂ ਕਿਸੇ ਨਾ ਕਿਸੇ ਫੈਮਿਲੀ ’ਚ ਰਹਿੰਦੇ ਨੇ। ਬੁਢਾਪੇ ’ਚ ਪੁੱਤ ਉਨ੍ਹਾਂ ਦੀ ਬੱਚਿਆਂ ਵਾਂਗ ਦੇਖਭਾਲ ਕਰਦੇ ਨੇ।’’ ਕਿਸ਼ੋਰ ਬਾਬੂ ਨੇ ਲਾਚੜ ਕੇ ਆਖਿਆ।
‘‘ਪਰ ਉਨ੍ਹਾਂ ਦੀ ਸ਼ਖ਼ਸੀ ਆਜ਼ਾਦੀ?’’ ਰਿਚਰਡ ਨੇ ਹੈਰਾਨ ਹੋ ਕੇ ਪੁੱਛਿਆ।
‘‘ਆਸ਼ਰਿਤ ਜੀਵਨ ’ਤੇ ਪਹੁੰਚ ਕੇ ਸ਼ਾਇਦ ਸ਼ਖ਼ਸੀ ਆਜ਼ਾਦੀ ਦੀ ਲੋੜ ਈ ਨ੍ਹੀਂ ਰਹਿੰਦੀ। ਉਦੋਂ ਸੇਵਾ ਦੀ ਲੋੜ ਹੁੰਦੀ ਐ। ਆਜ਼ਾਦੀ ਦੀ ਨਹੀਂ।’’
‘‘ਹੂੰ।’’ ਕਹਿਣ ਤੋਂ ਇਲਾਵਾ ਰਿਚਰਡ ਕੋਲ ਕਹਿਣ ਲਈ ਕੁਝ ਨਹੀਂ ਸੀ।
‘‘ਮੈਂ ਤਾਂ ਸਮਝਿਆ ਸੀ ਕਿ ਤੁਸੀਂ ਕਿਤੇ ਬੀਮਾਰ ਹੋ ਗਏ ਹੋਵੋਗੇ ਜਿਹੜਾ ਇੰਨੇ ਦਿਨ ਦਰਸ਼ਨ ਨ੍ਹੀਂ ਹੋਏ। ਮੈਨੂੰ ਤੁਹਾਡੀ ਬੀਮਾਰੀ ਦੀ ਚਿੰਤਾ ਸੀ।’’ ਕਿਸ਼ੋਰ ਬਾਬੂ ਨੇ ਅਚਾਨਕ ਹੀ ਕਹਿ ਦਿੱਤਾ ਸੀ।
‘‘ਮਿਸਟਰ, ਆਈ ਹੈਵ ਨੋ ਟਾਈਮ ਟੂ ਫਾਲ ਇਲ। ਅਮਰੀਕਾ ਨੂੰ ਚੌਵੀ ਘੰਟੇ ਜਾਗਦਾ ਰੱਖਣ ਲਈ ਸਾਡੇ ਕੋਲ ਬੀਮਾਰ ਹੋਣ ਦਾ ਕੋਈ ਟੈਮ ਨਹੀਂ ਬਚਦਾ। ਵੀ ਹੈਵ ਨੋ ਟਾਈਮ ਟੂ ਫਾਲ ਇਲ।’’ ਉਸ ਹੱਸਦਿਆਂ ਆਖਿਆ।
ਇਹ ਸ਼ਬਦ ਬੋਲਦਿਆਂ ਉਸ ਦਾ ਚਿਹਰਾ ਫੁੱਲ ਵਾਂਗ ਖਿੜਿਆ ਨਜ਼ਰ ਆਉਣ ਲੱਗਿਆ ਸੀ। ਤ੍ਰੇਲ ਧੋਤੇ ਤਾਜ਼ਾ ਖਿੜੇ ਫੁੱਲ ਜਿਹਾ। ਉਸ ਦੇ ਖਿੜੇ ਚਿਹਰੇ ਨੂੰ ਦੇਖ ਕੇ ਬਾਬੂ ਕਿਸ਼ੋਰ ਸਹਾਏ ਦੇ ਮਨ ’ਚ ਜਮ੍ਹਾਂ ਹੋਈ ਗਰਦ ਝੜ ਗਈ ਜਾਪਦੀ ਸੀ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ