Punjabi Stories/Kahanian
ਓ ਹੈਨਰੀ
O Henry
Punjabi Kavita
  

October And June O Henry

October Ate June
ਅਕਤੂਬਰ ਅਤੇ ਜੂਨ ਓ ਹੈਨਰੀ

ਕਪਤਾਨ ਨੇ ਕੰਧ ਉੱਤੇ ਟੰਗੀ ਆਪਣੀ ਤਲਵਾਰ ਨੂੰ ਉਦਾਸ ਨਿਗਾਹਾਂ ਨਾਲ ਵੇਖਿਆ । ਨੇੜੇ ਦੀ ਹੀ ਅਲਮਾਰੀ ਵਿੱਚ ਮੌਸਮ ਦੀ ਮਾਰ ਅਤੇ ਸੇਵਾ ਦੇ ਕਾਰਨ ਘਸੀ ਹੋਈ ਉਸਦੀ ਦਾਗਦਾਰ ਧੱਬੇਦਾਰ ਵਰਦੀ ਟੰਗੀ ਸੀ ।ਜੰਗ ਦੇ ਅਲਾਰਮਾਂ ਦੇ ਜ਼ਮਾਨੇ ਨੂੰ ਕਿੰਨਾ ਲੰਬਾ ਸਮਾਂ ਗੁਜ਼ਰ ਗਿਆ ਪ੍ਰਤੀਤ ਹੁੰਦਾ ਸੀ ।
ਅਤੇ ਹੁਣ ਜਦੋਂ ਉਹ ਆਪਣੇ ਦੇਸ਼ ਦੇ ਸੰਘਰਸ਼ ਦੇ ਸਮੇਂ ਤੋਂ ਸੇਵਾ ਨਵਿਰਤ ਹੋ ਚੁਕਿਆ ਸੀ, ਇੱਕ ਔਰਤ ਦੀਆਂ ਕੋਮਲ ਤਕਣੀਆਂ ਅਤੇ ਮੁਸਕਰਾਉਂਦੀਆਂ ਬੁੱਲ੍ਹੀਆਂ ਦੇ ਪ੍ਰਤੀ ਸਮਰਪਤ ਹੋ ਕੇ, ਸਿਮਟ ਕੇ ਰਹਿ ਗਿਆ ਸੀ । ਉਹ ਆਪਣੇ ਸ਼ਾਂਤ ਕਮਰੇ ਵਿੱਚ ਬੈਠਾ ਸੀ ਅਤੇ ਉਸਦੇ ਹੱਥ ਵਿੱਚ ਉਹ ਪੱਤਰ ਸੀ ਜੋ ਹੁਣੇ ਹੁਣੇ ਉਸਨੂੰ ਪ੍ਰਾਪਤ ਹੋਇਆ ਸੀ । ਪੱਤਰ ਜਿਸਨੇ ਉਸਨੂੰ ਉਦਾਸ ਦਿੱਤਾ ਸੀ । ਉਸਨੇ ਉਨ੍ਹਾਂ ਘਾਤਕ ਪੰਕਤੀਆਂ ਨੂੰ ਫੇਰ ਪੜ੍ਹਿਆ, ਜਿਨ੍ਹਾਂ ਨੇ ਉਸਦੀ ਆਸ ਦਾ ਖੂਨ ਕਰ ਦਿੱਤਾ ਸੀ ।
"ਆਪਣੀ ਪਤਨੀ ਬਣਨ ਲਈ ਪੁੱਛ ਕੇ ਜੋ ਮਾਣ ਤੁਸੀਂ ਮੈਨੂੰ ਬਖਸਿਆ ਉਸ ਨੂੰ ਠੁਕਰਾਉਂਦਿਆਂ ਮੈਨੂੰ ਲੱਗਦਾ ਹੈ ਕਿ ਮੈਨੂੰ ਸਾਫ਼ ਸਪੱਸ਼ਟ ਕਹਿਣਾ ਚਾਹੀਦਾ ਹੈ ਕਿ ਅਜਿਹਾ ਕਰਨ ਦਾ ਕਾਰਨ ਇਹ ਹੈ ਕਿ ਸਾਡੀ ਉਮਰ ਵਿੱਚ ਇੱਕ ਵੱਡਾ ਅੰਤਰ ਹੈ । ਮੈਂ ਤੁਹਾਨੂੰ ਬਹੁਤ, ਬਹੁਤ ਪਸੰਦ ਕਰਦੀ ਹਾਂ, ਪਰ ਮੇਰਾ ਵਿਸ਼ਵਾਸ਼ ਹੈ ਕਿ ਸਾਡਾ ਵਿਆਹ ਸਫਲ ਨਹੀਂ ਹੋਵੇਗਾ । ਮੈਨੂੰ ਦੁੱਖ ਹੈ ਮੈਂ ਇਹ ਗੱਲ ਕਹਿ ਰਹੀ ਹਾਂ, ਪਰ ਮੈਨੂੰ ਵਿਸ਼ਵਾਸ਼ ਹੈ ਕਿ ਤੁਸੀਂ ਇਮਾਨਦਾਰੀ ਨਾਲ ਸੱਚਾ ਕਾਰਨ ਦੱਸਣ ਦੀ ਪ੍ਰਸ਼ੰਸ਼ਾ ਕਰੋਗੇ ।
ਕਪਤਾਨ ਨੇ ਆਹ ਭਰੀ ਅਤੇ ਆਪਣੇ ਹੱਥਾਂ ਵਿੱਚ ਆਪਣਾ ਸਿਰ ਥੰਮ ਲਿਆ । ਹਾਂ ਉਨ੍ਹਾਂ ਦੀ ਉਮਰ ਦੇ ਵਿਚਕਾਰ ਕਈ ਸਾਲ ਸਨ । ਪਰ ਉਹ ਤਕੜਾ ਸੀ, ਉਸਦੀ ਵੁੱਕਤ ਸੀ ਅਤੇ ਉਸਦੇ ਕੋਲ ਦੌਲਤ ਸੀ । ਕੀ ਉਸਦਾ ਪ੍ਰੇਮ, ਉਸਦੀ ਕੋਮਲ ਦੇਖਭਾਲ ਅਤੇ ਉਸਨੂੰ ਉਸ ਕੋਲੋਂ ਹੋਣ ਵਾਲੇ ਫ਼ਾਇਦੇ, ਉਸਨੂੰ ਉਮਰ ਦਾ ਪ੍ਰਸ਼ਨ ਨਹੀਂ ਭੁਲਾ ਸਕਦੇ ਸਨ ? ਇਸਦੇ ਇਲਾਵਾ, ਉਹ ਨਿਸ਼ਚਿੰਤ ਸੀ ਕਿ ਉਹ ਵੀ ਉਸਦੀ ਪਰਵਾਹ ਕਰਦੀ ਹੈ ।
ਕਪਤਾਨ ਤੱਤਕਾਲ ਫ਼ੈਸਲਾ ਲੈਣ ਵਾਲਾ ਵਿਅਕਤੀ ਸੀ । ਉਹ ਯੁਧ ਖੇਤਰ ਵਿੱਚ ਆਪਣੇ ਫ਼ੈਸਲਿਆਂ ਅਤੇ ਤਾਕਤ ਲਈ ਜਾਣਿਆ ਜਾਂਦਾ ਸੀ । ਉਹ ਉਸਨੂੰ ਮਿਲੇਗਾ ਅਤੇ ਉਸਨੂੰ ਆਪਣੇ ਵਲੋਂ ਉਚੇਚਾ ਜੋਰ ਪਾਏਗਾ । ਉਮਰ ! – ਉਮਰ ਦਾ ਉਸਦੇ ਅਤੇ ਉਸਦੀ ਮਾਸ਼ੂਕ ਦੇ ਵਿਚਕਾਰ ਆਉਣ ਦਾ ਕੀ ਮਤਲਬ ਸੀ ?
ਦੋ ਘੰਟੇ ਵਿੱਚ ਉਹ ਆਪਣੀ ਮਹਾਨਤਮ ਲੜਾਈ ਲਈ ਤਿਆਰ ਹੋ ਗਿਆ । ਉਸਨੇ ਪੁਰਾਣੀ ਟੇਨਿਸੀ ਲਈ ਟ੍ਰੇਨ ਪਕੜੀ ਜਿੱਥੇ ਉਹ ਰਹਿੰਦੀ ਸੀ ।
ਥੀਓਡਰਾ ਡੈਮਿੰਗ ਇੱਕ ਪੁਰਾਣੀ ਇਮਾਰਤ ਦੀਆਂ ਪੌੜੀਆਂ ਤੇ ਖੜੀ ਸ਼ਾਮ ਦੀ ਧੁੱਪ ਦਾ ਆਨੰਦ ਲੈ ਰਹੀ ਸੀ ਜਦੋਂ ਕਪਤਾਨ ਨੇ ਪਰਵੇਸ਼ ਕੀਤਾ ਅਤੇ ਬੱਜਰੀ ਦੇ ਰਸਤੇ ਉੱਤੇ ਚੱਲਦਾ ਹੋਇਆ ਉੱਪਰ ਆਇਆ ।
ਉਹ ਉਸਨੂੰ ਬੇਬਾਕ ਮੁਸਕਰਾਹਟ ਦੇ ਨਾਲ ਮਿਲੀ । ਜਦੋਂ ਕਪਤਾਨ ਉਸਤੋਂ ਹੇਠਲੀ ਇੱਕ ਪੌੜੀ ਉੱਤੇ ਖੜਾ ਸੀ ਉਨ੍ਹਾਂ ਦੀ ਉਮਰ ਵਿੱਚ ਬਹੁਤਾ ਅੰਤਰ ਨਹੀਂ ਸੀ ਲੱਗਦਾ। ਉਹ ਲੰਬਾ, ਸਾਫ਼ – ਚਮਕਦਾਰ ਨੈਣਾਂ ਵਾਲਾ ਅਤੇ ਭੂਰੀ ਰੰਗਤ ਦਾ ਸੀ । ਤੇ ਉਹ ਵੀ ਆਪਣੇ ਠਾਠਾਂ ਮਾਰਦੇ ਇਸਤਰੀ ਜੋਬਨ ਦੇ ਸਿਖਰ ਤੇ ਸੀ ।
"ਮੈਨੂੰ ਤੁਹਾਡੇ ਆਉਣ ਕਿ ਆਸ ਨਹੀਂ ਸੀ ", ਥੀਓਡਰਾ ਨੇ ਕਿਹਾ, "ਪਰ ਆ ਹੀ ਗਏ ਹੋ ਚਲੋ ਇਥੇ ਪੌੜੀਆਂ ਉੱਤੇ ਹਿ ਬੈਠਦੇ ਹਾਂ । ਕੀ ਤੁਹਾਨੂੰ ਮੇਰਾ ਪੱਤਰ ਨਹੀਂ ਮਿਲਿਆ ?"
"ਮਿਲਿਆ", ਕਪਤਾਨ ਨੇ ਕਿਹਾ, " ਇਸ ਲਈ ਤਾਂ ਮੈਂ ਆਇਆ ਹਾਂ । ਮੈਂ ਕਹਿੰਦਾ ਹਾਂ ਥੀਉ ਕਿ ਆਪਣੇ ਜਵਾਬ ਉੱਤੇ ਫੇਰ ਵਿਚਾਰ ਕਰ, ਨਹੀਂ ਕਰੇਂਗੀ ਕੀ ?"
ਥਿਊਡਰਾ ਕੋਮਲਤਾ ਨਾਲ ਉਸਦੀ ਵੱਲ ਮੁਸਕਰਾਈ । ਉਹ ਵਾਸਤਵ ਵਿੱਚ ਉਸਦੀ ਸ਼ਕਤੀ, ਉਸਦੀ ਸਾਲਮ ਦਿੱਖ, ਉਸਦੀ ਮਰਦਾਨਗੀ ਨੂੰ ਬਹੁਤ ਪਿਆਰ ਕਰਦੀ ਸੀ – ਸ਼ਾਇਦ, ਜੇਕਰ …
ਨਹੀਂ, ਨਹੀਂ ਹਾਂਮੁਖੀ ਅੰਦਾਜ਼ ਵਿੱਚ ਆਪਣਾ ਸਿਰ ਹਿਲਾਂਦੇ ਹੋਏ ਉਹ ਬੋਲੀ, "ਸਵਾਲ ਹੀ ਨਹੀਂ ਪੈਦਾ ਹੁੰਦਾ । ਮੈਂ ਤੁਹਾਨੂੰ ਪੂਰੀ ਤਰ੍ਹਾਂ ਪਸੰਦ ਕਰਦੀ ਹਾਂ ਪਰ ਤੁਹਾਡੇ ਨਾਲ ਵਿਆਹ ਕਰਨਾ, ਨਹੀ ਚੱਲ ਸਕਣਾ । ਤੁਹਾਡੀ ਅਤੇ ਮੇਰੀ ਉਮਰ – ਮੇਰੇ ਤੋਂ ਫੇਰ ਮਤ ਕਹਾਓ – ਮੈਂ ਤੁਹਾਨੂੰ ਆਪਣੇ ਪੱਤਰ ਵਿੱਚ ਦੱਸਿਆ ਸੀ"।
ਕਪਤਾਨ ਦੇ ਤਾਂਬੇ ਰੰਗੇ ਚਿਹਰੇ ਉੱਤੇ ਹੱਲਕੀ ਲਾਲੀ ਛਾ ਗਈ । ਉਹ ਚੁੱਪ ਸੀ ਅਤੇ ਸ਼ਾਮ ਦੇ ਪ੍ਰਕਾਸ਼ ਵਿਚੀਂ ਉਦਾਸੀ ਦੇ ਨਾਲ ਘੂਰ ਰਿਹਾ ਸੀ । ਜੰਗਲ ਦੇ ਪਾਰ ਉਹ ਵੇਖ ਰਿਹਾ ਸੀ ਜਿਥੇ ਕਦੇ ਨੀਲੀ ਵਰਦੀ ਪਾਈ ਜਵਾਨ, ਸਮੁੰਦਰ ਦੇ ਵੱਲ ਮਾਰਚ ਕਰਦੇ ਹੁੰਦੇ ਸਨ । ਓਹ ! ਹੁਣ ਇਹ ਕਿੰਨੀ ਪੁਰਾਣੀ ਗੱਲ ਪ੍ਰਤੀਤ ਹੁੰਦੀ ਸੀ । ਵਾਸਤਵ ਵਿੱਚ ਕਿਸਮਤ ਅਤੇ ਕਾਲ ਮਹਾਰਾਜ ਨੇ ਉਸ ਨਾਲ ਬੇਰਹਿਮ ਖੇਡ ਖੇਡੀ ਸੀ । ਉਸਦੇ ਅਤੇ ਉਸਦੀ ਪ੍ਰਸੰਨਤਾ ਦੇ ਵਿਚਕਾਰ ਕੁੱਝ ਕੁ ਸਾਲ ਫਸ ਗਏ ਸਨ ।
ਥਿਊਡਰਾ ਦਾ ਹੱਥ ਰੀਂਗ ਕੇ ਕਪਤਾਨ ਦੇ ਭੂਰੇ, ਮਜਬੂਤ ਹੱਥ ਦੀ ਪਕੜ ਵਿੱਚ ਥੰਮ ਗਿਆ । ਕਮ ਅਜ ਕਮ ਉਹ ਉਹ ਅਹਿਸਾਸ ਤਾਂ ਹੰਢਾ ਰਹੀ ਸੀ ਜੋ ਮੁਹੱਬਤ ਵਰਗਾ ਹੁੰਦਾ ਹੈ ।
"ਮਿਹਰਬਾਨ, ਇੰਨਾ ਬੁਰਾ ਨਾ ਮਨਾਉ," ਉਹ ਸ਼ਿਸ਼ਟਤਾ ਨਾਲ ਬੋਲੀ । ਇਹ ਸਭ ਸਾਡੇ ਭਲੇ ਲਈ ਹੈ । ਮੈਂ ਆਪ ਇਸਦਾ ਨਿਚੋੜ ਸੋਚ ਸੋਚ ਕੇ ਅਕਲਮੰਦੀ ਨਾਲ ਕੱਢਿਆ ਹੈ । ਕਿਸੇ ਦਿਨ ਤੁਹਾਨੂੰ ਖੁਸ਼ੀ ਹੋਵੋਗੀ ਕਿ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾਇਆ । ਇਹ ਕੁਝ ਸਮੇਂ ਲਈ ਬਹੁਤ ਅੱਛਾ ਅਤੇ ਪ੍ਰੇਮਮਈ ਲੱਗੇਗਾ – ਪਰ ਜਰਾ ਸੋਚੋ ! ਥੋੜੇ ਹੀ ਸਾਲਾਂ ਵਿੱਚ ਇਸਦਾ ਸਵਾਦ ਕਿੰਨਾ ਭਿੰਨ ਹੋਵੇਗਾ । ਸਾਡੇ ਵਿੱਚੋਂ ਇੱਕ ਜਣਾ ਸ਼ਾਮ ਦੇ ਸਮੇਂ ਅੱਗ ਦੇ ਕੋਲ ਬੈਠ ਕੇ ਪੜ੍ਹਨਾ ਚਾਹੇਗਾ ਅਤੇ ਹੋ ਸਕਦਾ ਹੈ ਕਿ ਗਠੀਏ ਬਗੈਰਾ ਦੇ ਉਪਚਾਰ ਕਰ ਰਿਹਾ ਹੋਵੇਗਾ ਜਦੋਂ ਕਿ ਦੂਜਾ ਨਾਚ ਥਿਏਟਰ ਅਤੇ ਦੇਰ ਰਾਤ ਦੇ ਭੋਜਨ ਦੇ ਪ੍ਰਤੀ ਪਾਗਲ ਹੋ ਰਿਹਾ ਹੋਵੇਗਾ । ਨਹੀਂ, ਮੇਰੇ ਪਿਆਰੇ ਮਿੱਤਰ ! ਇਹ ਜਨਵਰੀ ਅਤੇ ਮਈ ਦਾ ਨਹੀਂ ਸਗੋਂ ਅਕਤੂਬਰ ਅਤੇ ਜੂਨ ਦਾ ਅਸਲੀ ਮਾਮਲਾ ਹੈ !"
"ਮੈਂ ਹਮੇਸ਼ਾਂ ਉਹੀ ਕਰਾਂਗਾ ਥੀਓ ਜਿਵੇਂ ਤੂੰ ਚਾਹੇਂਗੀ ਤੂੰ.."
"ਨਹੀਂ, ਤੁਸੀਂ ਨਹੀਂ ਕਰੋਗੇ । ਤੁਸੀਂ ਹੁਣੇ ਸੋਚਦੇ ਹੋ ਕਿ ਤੁਸੀਂ ਕਰੋਗੇ, ਪਰ ਤੁਸੀਂ ਨਹੀਂ ਕਰੋਗੇ । ਕ੍ਰਿਪਾ, ਮੇਰੇ ਕੋਲੋਂ ਜਿਆਦਾ ਨਾ ਪੁੱਛੋ ।"
ਕਪਤਾਨ ਆਪਣੀ ਲੜਾਈ ਹਾਰ ਗਿਆ ਸੀ । ਪਰ ਉਹ ਇੱਕ ਵੀਰ ਜੋਧਾ ਸੀ ਅਤੇ ਜਦੋਂ ਉਹ ਆਪਣੀ ਆਖਰੀ ਵਿਦਾ ਕਹਿਣ ਲਈ ਉੱਠਿਆ, ਉਸਦਾ ਮੂੰਹ ਚਿੱਬਾ ਜਿਹਾ ਹੋ ਗਿਆ ਸੀ ਅਤੇ ਮੋਢੇ ਢੈਲੇ ਜਿਹੇ ।
ਉਸ ਰਾਤ ਉਸਨੇ ਉੱਤਰ ਦਿਸ਼ਾ ਲਈ ਟ੍ਰੇਨ ਫੜੀ । ਅਗਲੀ ਸ਼ਾਮ ਉਹ ਆਪਣੇ ਕਮਰੇ ਵਿੱਚ ਵਾਪਸ ਸੀ, ਜਿੱਥੇ ਦੀਵਾਰ ਉੱਤੇ ਉਸਦੀ ਤਲਵਰ ਲਟਕ ਰਹੀ ਸੀ । ਉਹ ਭੋਜਨ ਲਈ ਤਿਆਰ ਹੋ ਰਿਹਾ ਸੀ ਅਤੇ ਆਪਣੀ ਸਫੇਦ ਟਾਈ ਸਾਵਧਾਨੀ ਨਾਲ ਬੰਨ੍ਹ ਰਿਹਾ ਸੀ ਅਤੇ ਉਸ ਸਮੇਂ ਉਹ ਆਪਣੇ ਆਪ ਨਾਲ ਗੱਲਾਂ ਵੀ ਕਰਦਾ ਜਾ ਰਿਹਾ ਸੀ ।
'ਮੇਰੇ ਵਿਚਾਰ ਵਿੱਚ, ਓੜਕ, ਥੀਓ ਠੀਕ ਹੀ ਕਹਿੰਦੀ ਸੀ । ਕੋਈ ਮੁੱਕਰ ਨਹੀਂ ਸਕਦਾ ਕਿ ਉਹ ਰੂਪਵਤੀ ਮਟਿਆਰ ਹੈ ਪਰ ਬਹੁਤ ਰਹਿਮਦਿਲੀ ਨਾਲ ਵੀ ਅਨੁਮਾਨ ਲਾਇਆ ਜਾਵੇ ਤਾਂ ਉਹ ਅਠਾਈਆਂ ਦੀ ਤਾਂ ਹੋਣੀ ਹੀ ਹੈ ।
ਕਿਉਂਕਿ ਤੁਸੀਂ ਜਾਣਦੇ ਹੀ ਹੋ, ਕਪਤਾਨ ਸਿਰਫ ਉਂਨੀ ਸਾਲ ਦਾ ਸੀ ਅਤੇ ਉਸਦੀ ਤਲਵਾਰ ਚੈਟਾਨੂਗਾ ਦੇ ਪਰੇਡ ਗਰਾਉਂਡ ਵਿੱਚ ਟ੍ਰੇਨਿੰਗ ਦੇ ਇਲਾਵਾ ਕਦੇ ਮਿਆਨੋਂ ਨਹੀਂ ਸੀ ਕਢੀ । ਯਾਨੀ ਉਹ ਸਪੇਨ – ਅਮਰੀਕਾ ਜੰਗ ਦੇ ਕਦੇ ਕਦੇ ਨੇੜੇ ਤੋਂ ਨਹੀਂ ਸੀ ਲੰਘਿਆ ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)